ਡਾ.ਜਸਵਿੰਦਰ ਦੇ ਨਾਵਲ ‘ਮਾਤ ਲੋਕ’ ਵਿੱਚੋਂ ਕੁਝ ਅੰਸ਼

by

ਕਾਫੀ ਸੰਕੇਤ ਮਿਲਦੇ ਹਨ ਕਿ ਡਾ.ਜਸਵਿੰਦਰ ਦਾ ਨਾਵਲ’ਮਾਤ ਲੋਕ’ ਭਰਵੀਂ ਚਰਚਾ ਦਾ ਵਿਸ਼ਾ ਬਣੇਗਾ . ਮੁਖਬੰਦ ਅਨੁਸਾਰ ‘ਨਵੇਂ ਪ੍ਰਤਿਮਾਨ ‘ ਸਥਾਪਤ ਕਰੇਗਾ.’ਦੇਹ ਤੇ ਆਤਮਾ ਨੂੰ ਟੁੰਬਣ ਵਾਲੀ ਬਿਰਤਾਂਤਕਾਰੀ’ ਰਾਹੀਂ ਲੇਖਕ ਪਾਠਕ ਨੂੰ ‘ਕਾਮਨਾਵਾਂ  ਦੀ ਰਣਭੂਮੀ ਵਿੱਚ ਲੈ ਵੜਦਾ ਹੈ ‘. ਅਮਰਜੀਤ ਕਹਿੰਦਾ ਹੈ ,”ਭਾਂਵੇ ਬਿਰਤਾਂਤਕਾਰੀ ਦਾ ਇਤਿਹਾਸ ਕਾਮਨਾ ਦਾ ਹੀ ਇਤਿਹਾਸ ਹੈ,ਪਰ ਬਿਰਤਾਂਤਕਾਰੀ ਨੂੰ ਕਾਮਨਾ ਦੀ ਸਿਆਸਤ ਵਜੋਂ ਸਿਰਜਣਾ ਡਾ.ਜਸਵਿੰਦਰ ਦੇ ਇਸ ਨਾਵਲ.. ਦੀ ਵੱਡੀ ਪ੍ਰਾਪਤੀ ਹੈ.’ ਅਤੇ ‘ਇਸ ਤੋਂ ਪਹਿਲਾਂ ਨਾਵਲ ਨੂੰ ਅਜਿਹੇ ਕਰੀਏਟਿਵ ਢੰਗ ਨਾਲ ਕਦੀ ਵੀ ਸੰਪੰਨ ਨਹੀਂ ਕੀਤਾ ਗਿਆ.’ ਮੁਖਬੰਦ ਵਿੱਚ ਦਰਜ਼ ਸਿਫਤਾਂ ਵਿੱਚੋਂ ਇਹ ਕੁਝ ਕੁ ਹਨ.  ਬਿਰਤਾਂਤਕ ਨਵੀਨਤਾ ਦੀਆਂ ਝਲਕਾਂ ਹੇਠ ਦਰਜ਼ ਅੰਸ਼ਾਂ ਵਿੱਚੋਂ ਵੀ ਦੇਖੀਆਂ ਜਾ ਸਕਦੀਆਂ ਹਨ.

________________

________________

ਚੋਰੀਂ ਛਿਪੇ ਨਜ਼ਰਾਂ ਘੁੰਮਾਅ-ਫਿਰਾਅ ਕੇ ਦੋਹਾਂ ਨੇ ਇੱਕ ਦੂਜੇ ਨੂੰ ਤਾੜਿਆ ਹਾੜਿਆ.ਬੈਠਕ ਵਿੱਚ ਹੁੰਮਸ ਭਰੀ ਬੇਚੈਨ ਸਾਂਤੀ ਤਣੀ ਰਹੀ.

ਆਸਾ ਸਿੰਘ ਮੰਜੇ ਦੀ ਇੱਕ ਲਟਕ ਗਈ ਰੱਸੀ ਨੂੰ ਪਕੜ ਉਣਾਈ ਵਿੱਚ ਉਂਗਲਾਂ ਫਸਾ ਫਸਾ ,ਖਿਚ ਖਿਚ ਕੇ , ਥਾਂ ਸਿਰ ਕਰਦਾ ਰਿਹਾ.ਮਾਨੋ ਉਲਝੀ ਖਿੰਡੀ ਜੀਵਨ ਤਾਣੀ ਨੂੰ ਸਾਂਭ ਸਮੇਤ ਰਿਹਾ ਹੋਵੇ.

ਬਲਦੇਵ ਬੈਠਕ ਵਿੱਚ ਵਧਰੇ ਤੇ ਸਜੇ ਸੰਵਰੇ ਮੋਮੈਂਟੋਆਂ,ਪਰਿਵਾਰਕ ਤਸਵੀਰਾਂ ਵੱਲ ਝਾਕਦਾ ਆਸਾ ਸਿੰਘ ਦੇ ਮਨ ਦਾ ਜਾਇਜ਼ਾ ਲੈਂਦਾ ਰਿਹਾ.ਅੰਦਰੋਂ ਤਿਆਰੀ ਕਰਦਾ ਰਿਹਾ. ਲੰਮੀ ਉਡੀਕ ਪਿੱਛੋਂ ਦੋ ਤਿੰਨ ਮਲ੍ਵੇਂ ਖੰਘੂਰੇ ਜਿਹੇ ਮਾਰ,ਗਲੇ ਨੂੰ ਰਵਾਂ ਕਰਦਿਆਂ ,ਆਖਰ ਉਸ ਗੱਲ ਤੋਰਨੀ ਚਾਹੀ.

“ ਅੰਕਲ ਜੀ!ਮੈਂ…ਮੈਨੂੰ ਬਾਊ-ਜੀ ਨੇ ਕਿਹਾ ਸੀ…ਆਪ..”

“ਹੱਥ ਤਾਂ ਪੇ ਪੁੱਤ ਨੇ ਸਲਾਹ ਨਾਲ ਹੀ ਪਾਇਐ …,” ਆਸਾ ਸਿੰਘ ਨੇ ਘੋਰ ਨਫਰਤ ਨਾਲ  ਬਲਦੇਵ ਨੂੰ ਫਿਟਕਾਰਿਆ.

“ਅੰਕਲ,ਮੈਂ ਸਮਝਿਆ ਨਈਂ ?”

“ਸਮਝ ਜਾਏਂਗਾ ..ਛੇਤੀ…ਹੋਰ ਸੁਣਾ ..ਕਿਵੇਂ ਚੱਕਰ ਮਾਰਿਐ ?”ਸ਼ਾਇਦ ਆਸਾ ਸਿੰਘ ਅੰਦਰੋਂ ਬਾਹਲਾ ਈ ਤਹੂ ਹੋਇਆ ਬੈਠਾ ਸੀ.

“ਸਰ! ਸੌਰੀ…ਸੌਰੀ ਅੰਕਲ ਜੀ !ਥੋਨੂੰ ਪਤਾ ਈ ਆ ..ਰਾਜ ਤੇ ਮੈਂ …,” ਉਲਝੇ ਮਾਮਲੇ ਦੀ ਕੰਨੀ ਪਕੜਨ ਦੇ ਆਹਰ ਵਿੱਚ ਘਾਬਰੇ ਫਸੇ ਬਲਦੇਵ ਨੇ ਆਜ਼ਜੀ ਨਾਲ ਗੱਲ ਸ਼ੁਰੂ ਕਰਨੀ ਚਾਹੀ.

“ ਤੂੰ ਆਪਣੀ ਗੱਲ ਕਰ …ਮਨਰਾਜ ਨੂੰ ਵਿੱਚ ਨਾ ਘਸੀਟ ,” ਆਸਾ ਸਿੰਘ ਨੇ ਅੱਗਾ ਵਲਿਆ .ਪੀਲੀ ਭੂਕ ਠਠੰਬਰੀ ਹਰ ਕੌਰ ਬਿਆਤ੍ਹਕ ਦੇ ਬਰੂਹੀਂ ਆਣ ਖੜ੍ਹੀ.

ਇੱਕ ਕਾਫਰ ਸਾਹ ਸੂਤਵੀਂ ਚੁੱਪ ਪਸਰਦੀ ਚਲੀ ਗਈ.

‘ਗਰਮੀ’ ਕਰਕੇ, ਤਿੰਨਾਂ ਦੇ ਚਿਹਰੇ ਪਸੀਨੇ ਨਾਲ ਤਰ ਬਤਰ ਹੋਏ ਪਏ ਸਨ.ਕਿਸੇ ਨੇ ਪੱਖਾ ਚਲਾਉਣਾ ਵੀ ਠੀਕ ਨਾ ਸਮਝਿਆ .

ਹਰ ਕੌਰ ਨੇ ਚਾਹਿਆ ਉਹ ਕੋਈ ਵਿੱਚ ਵਿਚਾਲਾ ਕਰੇ , ਗੱਲ ਵਿਗੜੇ ਨਾ.

“ ਵੇਖ ਪੁੱਤ! ਵੱਸਦੇ ਘਰਾਂ ‘ਚ ਇਉਂ ਪੁਆੜੇ ਨਈਂ ਪਾਈਦੇ. ਹੈਡਮਾਸਟਰ ਜੀ ਤਾਂ ਏਨੇ ਸਿਆਣੇ ਬਿਆਣੇ ਬੰਦੇ ਨੇ!ਜੇ ਸਾਨੂੰ ਮਨਜ਼ੂਰ ਨਈਂ ਕੋਈ ਜਬਰਦਸਤੀ ਆ …”

ਹਰ ਕੌਰ ਔਖੀ ਭਾਰੀ ਹੁੰਦੀ ਹੋਈ ਵੀ ਬਲਦੇਵ ਨੂੰ ਨਰਮ ਸਮਝੌਤੀਆਂ  ਦਿੰਦੀ ਰਹੀ.

“ਆਂਟੀ ਜੀ !ਤੁਸਾਂ ਰਾਜ ਨੂੰ ਪੁੱਛਿਆ ? ਕੀ ਉਹ ..?”

“ਤੂੰ ਸਾਲਾ ਲਗਦੈਂ ਰਾਜ ਦਾ ?…ਤੂੰ ਹੁੰਨੈਂ ਕੌਣ …?ਰਾਜ ਰਾਜ ਲਾ ਰੱਖੀ ਆ,” ਆਸਾ ਸਿੰਘ ਰਾਜ ਦਾ ਨਾਂ ਸੁਣਦਿਆਂ ਆਪੇ ਤੋਂ ਬਾਹਰ ਹੋ ਗਿਆ .ਪਤਾ ਨਹੀਂ ਬਲਦੇਵ ਮੂੰਹੋਂ ਰਾਜ ਦਾ ਨਾਂ ਸੁਣਕੇ ,ਖਬਰੇ ਰਾਜ ਤੇ ਵੀ ਅੰਦਰੋਂ ਭਰਿਆ ਪੀਤਾ ਹੋਣ ਕਰਕੇ,”ਤੇਰੇ ਬਾਪ ਨੂੰ ਬੰਦਿਆਂ ਵਾਂਗ ਦੱਸ ਤਾ ਸੀ . ਤੈਨੂੰ ਹੋਰ ਤਰ੍ਹਾਂ ਸਮਝਾਉਣਾ ਪਊ ?”

ਬਲਦੇਵ ਗੁੱਸੇ ਤੇ ਹੱਤਕ ਨਾਲ ਭਰਿਆ ਪੀਤਾ ਹੋਰ ਰਾਹ ਟੋਲਣ ਲੱਗਾ. ਪਰ ਮੌਕੇ ਦੀ ਨਜਾਕਤ , ਰਿਸਤੇ ਦੇ ਕਸੂਤੇਪਣ ਨੂੰ ਭਾਂਪਦਿਆਂ ਉਸਨੇ ਰੁਖ ਨਰਮ ਰੱਖਣਾ ਹੀ ਬਿਹਤਰ ਸਮਝਿਆ. ਉਂਝ ਵੀ ਉਸਨੇ ਸੁਣ ਰੱਖਿਆ ਸੀ , ‘ਜੰਗ ਵਿੱਚ ਜਿਹੜੀ ਧਿਰ ਦਾ ਸਬਰ ਪਹਿਲਾਂ ਮੁੱਕੇ,ਉਹੀ ਹਾਰਦੀ ਆ.’ਅੰਦਰਲੀ ਪਕਿਆਈ ਨੂੰ ਬਰਕਰਾਰ ਰੱਖਦਿਆਂ ,ਉਸ ਬੇਨਤੀਨੁਮਾ ਗੱਲ ਮੋੜੀ, “ ਖੈਰ ਅੰਕਲ! ਜਿਵੇਂ ਧੋਡੀ ਸਲਾਹ ਐ .ਮੈਂ ਤਾਂ ਅਰਜ਼ ਕਰਨ ਆਇਆ ਸੀ ….ਮੇਰੀ ਤਾਂ ਚਲੋ ਖੈਰ ! ਰਾਜ ਦੀ ਜ਼ਿੰਦਗੀ ਦਾ ਤਾਂ ਵੀ ਸਵਾਲ ਆ .ਆਖਰ ਤੁਸੀਂ ਮਾਂ ਬਾਪ ਓ ..”

“ਵੇਖ ਵੱਡਿਆ ਰਾਂਝਿਆ ! ਸਾਨੂੰ ਨਾ ਤੇਰੀਆਂ ਸਲਾਹਾਂ ਡੀ ਲੋੜ ਆ …ਨਾ ਤੇਰੇ ਖਣਵਾਦੇ ਦੀ ! ਤੂੰ ਹਿੰਮਤ ਕਿਵੇਂ ਕੀਤੀ , ਏਸ ਘਰ ਦੀਆਂ ਦਲੀਜਾਂ ਟੱਪਣ ਦੀ ..”ਤੇ ਅੱਗ ਬਗੂਲਾ ਹੋਇਆ  ਆਸਾ ਸਿੰਘ ਮੰਜੇ ਤੋਂ ਉਠ ਖੜ੍ਹਾ ਹੋਇਆ .

ਬਲਦੇਵ ਨੇ ਪਹਿਲਾਂ ਤਾਂ ਕੁਰਸੀ ਤੋਂ ਉਠਣ ਦਾ ਮਨ ਬਣਾਇਆ . ਪਰ ਪਤਾ ਨੀ, ਗੱਲ ਨਿਬੇੜਨ ਜਾਂ ਖੌਰੇ ਤਲਖੀ ਦੇ ਵਧਣ ਤੋਂ …ਉਹ ਬੈਠਾ ਰਿਹਾ .

ਉਸਦੀ ਇਸ ‘ਆਸ਼ਕਾਨਾ ਢੀਠਤਾਈ’ ਤੋਂ ਹੱਤਕ ਭਰੇ ਰੋਹ ਵਿੱਚ ਆਉਂਦਿਆਂ ਆਸ਼ਾ ਸਿੰਘ ਬਾਹਾਂ ਉਘਾਰਦਾ ਉਹਦੇ ਵੱਲ ਵਧਿਆ . ਹਰ ਕੌਰ ਠਠੰਬਰੀ ਭਵੰਤਰੀ ਬੁੜ ਬੁੜ ਕਰਦੀ ,ਪਤੀ ਨੂੰ ਰੋਕਣ ਲਈ ਅੱਗੇ ਵਧੀ . ਰੋਕਦਿਆਂ ਖਿਚਦਿਆਂ ਆਸਾ ਸਿੰਘ ਨੇ ਆਪੇ ਜਵਾਈ ਬਣੇ ਬੈਠੇ ਬਲਦੇਵ ਦਿ ਕਮੀਜ਼ ਦਾ ਗਲਮਾ ਜਾ ਪਕੜਿਆ . ਪਤਾ ਨਹੀਂ ਬਲਦੇਵ ਹੁਚਕਾ ਮਾਰ ਕੇ ਉਠ ਖੜ੍ਹਿਆ ਜਾਂ ਖਬਰੇ ਆਸਾ ਸਿੰਘ ਨੇ ਕਾਲਰੋਂ ਪਕੜ ਉਤਾਂਹ ਧੂਹ ਖੜਾਇਆ!

ਬਲਦੇਵ ਨੇ ਕਿਆਸੋੰ ਬਾਹਰਾ ਫਸਿਆ ਭਾਂਪ ,ਪੂਰੇ ਜੋਰ ਨਾਲ ਬਜੁਰਗ ਦੀ ਛਾਤੀ ਤੇ ਦੋਹੱਥੜਾ ਦੇ ਮਾਰਿਆ.ਕਮੀਜ਼ ਦੀ ਚਿਰੜ ਚਿਰੜ ਹੋਈ ਅਤੇ ਮੰਜੇ ਦੇ ਪਾਵੇ ਨਾਲ ਟਕਰਾਅ ਕੇ ਡਿਗਦੇ ਸਾਰ ਆਸਾ ਸਿੰਘ ਤੋਂ ਗਲਮਾ ਛੁੱਟ ਗਿਆ.

______________

______________


 

_____________

_____________

ਏਹਨੀਂ ਦਿਨੀਂ ਬਲਦੇਵ ਹੇਮਾ ਦੀ ਪਿਆਰ-ਪਰਵਾਜ਼ ਅਣਜਾਣੇ-ਅਣਚਾਹੇ  ਝਟਕਿਆਂ ਵਿੱਚੋਂ ਗੁਜ਼ਰ ਰਹੀ ਸੀ। ਆਪਣੇ ਵੱਲੋਂ ਉੱਚੀ ਉਕਾਬੀ ਪਰਵਾਜ਼ ਭਰੀ ਬੈਠਾ ਉਨ੍ਹਾਂ ਦਾ ਪਿਆਰ ਅਚਾਨਕ ਅੰਨ੍ਹੇ ਤੂਫ਼ਾਨਾਂ ਦੀ ਮਾਰ ਹੇਠ ਆ ਗਿਆ। ਸਾਰਾ ਕੁਝ ਗੜਬੜਾ ਗਿਆ! ਸਾਕ ਭਿੜਨ-ਝਗੜਨ ਲੱਗੇ। ਉਨ੍ਹਾਂ ਦੀ ਪਿਆਰ-ਪਰਵਾਜ਼ ਨੂੰ ਅਜੇ ‘ਸੇਫ਼ ਲੈਂਡਿਗ’ ਨਹੀਂ ਸੀ ਮਿਲ ਰਹੀ।
ਬਲਦੇਵ ਦੇ ਪਿਆਰ-ਪਰਵਾਜ਼ ਸਿਧਾਂਤ ਵਿੱਚ ਤੇਜ਼-ਤਰਾਰ ਕਾਮਨਾਵਾਂ ਸਨ ਤੇ ਇਨ੍ਹਾਂ ਦੀ ਪੂਰਤੀ ਦਾ ਕਲਾਤਮਕ ਵੇਗ ਸੀ!  ਪਰ ਮਾਤ ਲੋਕੀ ਦੀਵਾਰਾਂ   ਗ਼ੈਰ-ਹਾਜ਼ਰ ਸਨ। ਆਹ ਮੰਜ਼ਰ ਤਾਂ ਉਸ ਕਿਆਸੇ ਤੱਕ ਨਹੀਂ ਸਨ।
ਪਰਵਾਜ਼ੀ-ਸਿਧਾਂਤ ਘੜਨ ਵੇਲੇ ਉਹ ਇਹ ਭੁੱਲ ਗਿਆ ਜਾਂ ਸ਼ਾਇਦ ਆਪਣੀ ਕਾਮਨਾ ਦੇ ਵੇਗ ਵਿੱਚ ਉਸ ਨੇ ਸੋਚਣਾ ਮੁਨਾਸਬ ਹੀ ਨਾ ਸਮਝਿਆ ਕਿ ਪਰਵਾਜ਼ ਭਰਨ ਤੇ ‘ਸੇਫ਼ ਲੈਂਡਿੰਗ’ ਲਈ ‘ਖਾਲੀ ਰਨ ਵੇਅ’ ਦੀ ਲੋੜ ਹੁੰਦੀ ਹੈ। ਸਾਫ਼ ਆਸਮਾਨ ਤੇ ਸਾਜ਼ਗਾਰ ਮੌਸਮ ਜ਼ਰੂਰੀ ਹੈ। ਉਸ ਦੇ ਪਿਆਰ-ਸਿਧਾਂਤ ਵਿੱਚੋਂ ਜ਼ਮੀਨ, ਸਮਾਜ, ਸਾਕਾਚਾਰੀ, ਲੋਕਾਚਾਰ ਸਭ ‘ਫ਼ਜੂਲ ਚੀਜ਼ਾਂ’ ਗ਼ਾਇਬ ਸਨ। ਉਹ ਆਪਣੇ ‘ਉÎੱਤਮ ਪਿਆਰ’ ਨੂੰ ਏਹਨਾਂ ਤੋਂ ਬਹੁਤ ਉਪਰ ਸਮਝਦਾ ਸੀ। ਸਗੋਂ ਉਹ ਏਸ ਸਾਰੇ ਪ੍ਰਪੰਚ ਨੂੰ ‘ਵਾਹਯਾਤ’ ਮੰਨਦਾ ਸੀ ਪਰ ਉਹ ਅੰਦਾਜ਼ਾ ਲਾਉਣੋਂ ਉÎੱਕ ਗਿਆ ਕਿ ਮੰਨਣੋਂ ਇਨਕਾਰੀ ਹੋਣ ਦਾ ਮਤਲਬ ਏਹ ਨਹੀਂ ਕਿ ਇਨ੍ਹਾਂ ਦਾ ਵਜੂਦ ਨਹੀਂ! ਏਹਨਾਂ ਵਿੱਚ ਤਾਕਤ ਨਹੀਂ! ਅੱਗੋਂ ਹੋਣੀ ਦਾ ਸਿਤਮ ਇਹ ਕਿ ਅਸਲ ਵਜੂਦ ਦਿਸਦੇ ਤੋਂ ਵੀ ਕਈ ਗੁਣਾਂ ਹਾਵੀ ਹੋ ਟੱਕਰਿਆ।
ਮੁਹੱਬਤੀ ਮਿਲਣੀ ਦੀਆਂ ਚੁਲਬਲੀਆਂ, ਅਠਖੇਲੀਆਂ, ਮਚਦੇ ਆਨੰਦ ਤੇ ਰੰਗੀਨ ਸੁਪਨੇ ਹੁਣ ਵੀ ਦੋਨਾਂ ਦੇ ਦਿਲਾਂ ਵਿੱਚ ਮਚਲਦੇ ਜ਼ਰੂਰ ਸਨ ਪਰ ਮਿਲਣੀਆਂ ਹੁਣ ਦੁਸ਼ਮਣ ਤਾਕਤਾਂ ਦੀਆਂ ਹਰਕਤਾਂ, ਸਕੀਮਾਂ ਤੇ ਸਾਜ਼ਿਸ਼ਾਂ ਦੀ ਚਿੰਤਾ, ਸੰਭਾਵੀ ਖ਼ਤਰਿਆਂ ਤੇ ਮਕਸਦ ਪੂਰਤੀ ਵਿਚਲੇ ਅੜਿੱਕਿਆਂ ਦੁਆਲੇ ਵਧੇਰੇ ਘੁੰਮਦੀਆਂ।
ਹੇਮਾ ਰੋਜ਼ ਬਲਦੇਵ ਨੂੰ ਘਰ ਵਿੱਚ ਵਾਪਰਦੀਆਂ ਬੇਸੁਆਦੀਆਂ ਦੇ ਚਿੱਠੇ ਸੁਣਾਉਂਦੀ। ਦੁਖੀ ਹੁੰਦੀ ਉਸਨੂੰ ਇਸ ਭੈੜੇ ਰੱਟੇ ਨੂੰ ਜਲਦੀ ਨਿਪਟਾ, ਫੌਰਨ ਵਿਆਹ ਲਈ ਹੁੱਜਾਂ ਮਾਰਦੀ। ਹਰ ਬੀਤਦੇ ਦਿਨ ਹੇਮਾ ਨੂੰ ‘ਕਿਆਮਤ’ ਹੋਰ ਨੇੜੇ ਆਣ ਢੁੱਕੀ ਜਾਪਦੀ। ਬਲਦੇਵ ਮਨਰਾਜ ਦੇ ਵਰਤ-ਵਿਹਾਰ, ਉਸਦੀਆਂ ਮੂਕ ਬੇਹੂਦਾ ਹਰਕਤਾਂ, ਉਸਦੇ ਪੁੱਠੇ ਮਨਸੂਬਿਆਂ ਤੋਂ ਦੁਖੀ ਹੋ ਗੁੱਸੇ ਵਿੱਚ ਉਬਲਦਾ-ਕ੍ਰਿਝਦਾ।
ਸ਼ਾਮੀ ਦਫ਼ਤਰੋਂ ਨਿਕਲ ਘਰਾਂ ਨੂੰ ਪਰਤਣ ਦੀ ਬਜਾਏ ਬਲਦੇਵ-ਹੇਮਾ ਕੰਪਨੀ ਬਾਗ਼ ਜਾ ਬੈਠੇ। ਅਕਤੂਬਰ ਮਹੀਨੇ ਦੇ ਸੁਹਾਵਣੇ ਮੌਸਮ ਦੀ ਪਿਆਰੀ ਸ਼ਾਮ ਵਿੱਚ ਸਾਥ ਦੇ ਬਾਵਜੂਦ ਹੇਮਾ ਦਾ ਬੁਝਿਆ ਮੁਖੜਾ ਟਹਿਕਿਆ ਨਾ। ਲਏ ਸਤਰੰਗੀ ਝੂਟੇ ਅੱਜਕਲ੍ਹ ਗਲ਼ੇ ਦੀ ਫਾਂਸੀ ਬਣੇ ਪਏ ਸਨ। ਕਿਸੇ ਅੰਦਰਲੀ ਭਿਆਨਕ ਤਰਬ ਦੇ ਹਿਲਣ ‘ਤੇ ਹੇਮਾ ਤਿਲਮਿਲਾਈ, “ਡਾਰਲਿੰਗ! ਇਸ਼ਕ ਦਾ ਫਲ ਮਿੱਠਾ ਹੁੰਦਾ ਏ ਕਿ ਕੌੜਾ?”
“ਮਿੱਠਾ ਈ ਨਈਂ, ਹਮੀਂ! ਅੰਮ੍ਰਿਤ ਹੁੰਦਾ ਏ…”
ਪੀਂਦੀ-ਪੀਂਦੀ ਬੇਸਬਰੀ ਹੋ ਹੇਮਾ ਤਿਲਮਿਲਾਈ ,”ਤਾਂ ਛੇਤੀ ਕਰੋ ਨਾ ਪਿਆਰੇ! ਵਕਤ ਹੱਥੋਂ ਨਿਕਲਦਾ ਜਾਂਦਾ ਏ। ਦਿਨ ਗਿਣ-ਗਿਣ ਕਮਲ਼ੀ ਹੋਈ ਪਈ ਆਂ,”  ਹੇਮਾ ਫਿਸ ਪਈ।
ਹੇਮਾ ਦੀਆਂ ਅਰਜੋਈਆਂ ਦੇ ਜਵਾਬ ਦੇਣ ਦੀ ਥਾਂ ਉਹ ਮਨਰਾਜ ਦੇ ਤੇਵਰਾਂ ਨੂੰ ਵਿਚਾਰਦਾ ਰਿਹਾ।
ਸਾਰੇ ਮਾਮਲੇ ਉਤੇ ਬੇਚੈਨੀ ਭਰੀ ਚੁੱਪ ਧਾਰ ਉਹ ਹੇਮਾ ਦਾ ਮਨ ਟਿਕਾਉਣ ਦੀਆਂ ਤਰਕੀਬਾਂ ਸੋਚਦਾ ਰਿਹਾ। ਹਾਰ ਕੇ ਹਲਕੇ ਅੰਦਾਜ਼ ਵਿੱਚ ਦਿਲ ਰੱਖਣੀਆਂ ਕਰਨ ਲੱਗਾ,
“ਯਾਰ! ਤੂੰ ਈ ਰੋਕ ਦਿੰਦੀ ਓਸ ਰਾਤ?”  ਨਵਾਂ ਸਾਲ ਚਾੜ੍ਹਨ ਵਾਲਾ ‘ਕਾਂਡ’ ਯਾਦ ਕਰਦਿਆਂ, ਉਸਨੇ ਹੇਮਾ ਦੇ ਮਿੱਠੀ ਚੂੰਢੀ ਭਰੀ। ਇਸੇ ਕਾਂਡ ਨੇ ਦੋਹਾਂ ਲਈ ਘਰ ਵਿੱਚ ਡਾਢੀ ਨਮੋਸ਼ੀ ਤੇ ਟੇਢੇ ਮਾਮਲੇ ਪੈਦਾ ਕਰ ਮਾਰੇ ਸਨ। ਖ਼ਬਰਨੀ ਕਿੱਥੇ ਪਹੰੁਚੀ, ਹੇਮਾ ਨੇ ਤਤਫੱਟ ਕੋਈ ਜਵਾਬ ਨਾ ਦਿੱਤਾ।  ਲੰਮੀ ਖ਼ਾਮੋਸ਼ੀ ਮਗਰੋਂ ਹੇਮਾ ਹੋਰ ਦੇ ਹੋਰ ਰੋਣੇ ਲੈ ਬੈਠੀ,
“ਘਰੇ ਜਿੱਥੇ ਤੁਸੀਂ ਛਾਏ ਹੋਏ ਸਉ, ਹੁਣ ਕੋਈ ਨਾਂ ਨਈਂ ਲੈਣ ਦਿੰਦਾ,” ਹੇਮਾ ਨੇ ਬਲਦੇਵ ਦੀਆਂ ਅੱਖਾਂ ਵਿੱਚ ਝਾਕਦਿਆਂ, ਥੱਲਿਉਂ ਪੈਰ ਨਾਲ ਪੈਰ ਨੱਪਿਆ, “ਮੰਮੀ ਪਾਪਾ ਜੋ ਹਰ ਵੇਲੇ ਤੁਆਡਾ ਨਾਂ ਜਪਦੇ ਥੱਕਦੇ ਨੀਂ ਸੀ, ਹੁਣ… ਹੁਣ ਰਾਜੇਸ਼ ਛਾਇਆ ਵਿਐ… ਕੋਈ ਗੱਲ ਹੋਵੇ, ਮੰਮਾ ਉਸੇ ਦਾ ਨਾਂ ਲੈਣਗੇ… ‘ਮੈਂ ਰਾਜੇਸ਼ ਨੂੰ ਕਹੂੰ…,’ ‘ਮੈਂ ਰਾਜੇਸ਼ ਨੂੰ ਪੁੱਛੂੰ…’ ‘ਰਾਜੇਸ਼ ਕਹਿੰਦਾ ਸੀ…।’ ਡਾਰਲਿੰਗ! ਤੰਗ ਆ ਗਈ ਆਂ ਮੈਂ… ਉÎੱਤੋਂ ਆਹ…। ਪਲੀਜ਼! ਬਰਦਾਸ਼ਤ ਨੀ ਹੁੰਦਾ! ਲੈ ਚੱਲੋ ਮੈਨੂੰ ਕਿਧਰੇ… ਪਲੀਜ਼। ਹਰੀ ਅੱਪ…!” ਕੁਝ ਪਲਾਂ ਦੀ ਖਾਮੋਸ਼ੀ ਮਗਰੋਂ ਹੇਮਾ ਹੋਰ ਫਿਸਦੀ ਗਈ,
“ਮੰਮੀ ਪਾਪਾ ਨੇ ਕਦੇ ਮੇਰੀ ਗੱਲ ਨਈਂ ਸੀ ਮੋੜੀ… ਓਸ ਦਿਨ ਤੋਂ ਪਹਿਲਾਂ… ਕਦੇ ਵੀ… ਜੋ ਚਾਹਾਂ ਕਰਾਂ, ‘ਬੇਟਾ’ ‘ਬੇਟਾ’ ਆਖਦੇ ਥੱਕਦੇ ਨਈਂ ਸੀ… ਤੇ ਹੁਣ ਮੰਮਾ ਨਾਲ ਹਰ ਗੱਲੇ ਤਕਰਾਰ, ਹਰ ਪਲ ਕਲੇਸ਼… ਮੈਂ ਕਰਾਂ ਤਾਂ ਕੀ ਕਰਾਂ? ਤੁਸੀਂ ਦੱਸੋ…!”
“ਫ਼ਿਲਹਾਲ ਤੂੰ ਚਾਹ ਪੀ! ਠੰਢੀ ਹੋ ਰਹੀ ਆ।… ਕਰਦੇ ਆਂ ਕੋਈ ਜੁਗਾੜ,” ਕੰਟੀਨ ਦਾ ਮੁੰਡੂ ਆਮ ਵਾਂਗ ਚਾਹ ਬੈਂਚ ‘ਤੇ ਧਰ ਗਿਆ ਸੀ। ਪਰ ਪੀਵੇ ਕੌਣ? ਲੰਘੇ ਕਿਸਦੇ! “ਮੰਮੀ ਪਾਪਾ ਨੂੰ…,”
ਉਸ ਮਸੀਂ ਜੀਭ ਰੋਕੀ, ਉਹ ਕਹਿ ਹੀ ਚੱਲਿਆ ਸੀ, ‘ਮਾਰ ਝਾੜੂ’!
ਪਰ ਉਸ ਅਗਲੀ ਸਕੀਮ ਸਮਝਾਈ, “… ਮੰਮੀ ਪਾਪਾ ਨੂੰ ਮਨਾ ਲਾਂ-ਗੇ… ਪਹਿਲਾਂ ਮਨਰਾਜ ਨੂੰ ਰਾਹ ‘ਤੇ ਲਿਆਉਣ ਦੇ।”
ਬਲਦੇਵ ਦੀਆਂ ਨਸਾਂ ਤਣਦੀਆਂ ਗਈਆਂ।
ਮਨਰਾਜ ਦੇ ਜ਼ਿਕਰ ਤੋਂ ਹੇਮਾ ਅਚਾਨਕ ਤ੍ਰਭਕੀ, ਕੁਝ ਯਾਦ ਆਉਣ ‘ਤੇ, “ਓਹ ਸੱਚ, ਰਾਤੀਂ ਸੁਨੀਤਾ-ਰਾਜੇਸ਼ ਮੰਮੀ ਨਾਲ ਰਸੋਈ ‘ਚ ਲੁਕ ਕੇ ਮਤੇ ਪਕਾ ਰਹੇ ਸੀ। ਰਾਜੇਸ਼ ਮੰਮੀ ਨੂੰ ਕਹਿ ਰਿਹਾ ਸੀ ਕਿ ਮਨਰਾਜ ਦੁਚਿੱਤੀ ਵਿੱਚ ਆ। ਜ਼ਰੂਰ ਉਨ੍ਹਾਂ ਰਾਬਤਾ ਬਣਾ ਲਿਆ ਏ। ਮਿਲਣ ਬਾਰੇ ਕਹਿ ਰਿਆ ਸੀ… ਸ਼ਾਇਦ ਘਰੇ…। ਸਰ! ਬੜਾ ਡਰ ਲੱਗਦੈ! ਖਵਨੀ ਕੀ ਹੋਊ?”
‘ਦੁਸ਼ਮਣ ਤਾਕਤਾਂ ਦੀ ਏਹ ਮਜਾਲ! ਮਨਰਾਜ ਵੀ ਰਲਗੀ ਨਾਲ!’ ਬਲਦੇਵ ਦੇ ਦਿਲ ਦੀ ਧੜਕਣ ਬੇਕਾਬੂ ਹੁੰਦੀ ਗਈ। ਛਾਤੀ ਫੁਲਾ-ਫੁਲਾ ਕੇ ਇਉਂ ਸਾਹ ਲੈਣ ਲੱਗਾ, ਜਿਉਂ ਲੁਹਾਰ ਦੀ ਧੌਂਕਣੀ…। ਇਹ ਤਾਂ ਉਸ ਕਿਆਸਿਆ ਤੱਕ ਨਈਂ ਸੀ! ਐਸੀਆਂ-ਐਸੀਆਂ ਦੁਸ਼ਮਣ ਤਾਕਤਾਂ ਓਹਲੇ ‘ਚ ਹੱਥ ਮਿਲਾ ਲੈਣਗੀਆਂ।  ਬਿਲਕੁਲ ਉਵੇਂ-ਜਿਵੇਂ ਦੂਸਰੇ ਸੰਸਾਰ ਯੁੱਧ ਦੇ ਅੰਤ ਵੇਲੇ ਸਮਾਜਵਾਦੀ… ਰੂਸ ਵਿਰੁੱਧ… ਫਾਸ਼ੀ ਤਾਕਤਾਂ ਨਾਲ ਅੰਗਰੇਜ਼ਾਂ-ਅਮਰੀਕੀਆਂ ਨੇ ਨਾਪਾਕ ਗਠਜੋੜ ਕਰ ਲਿਆ ਸੀ।
ਏਨੀ ‘ਸੁੱਚੀ’ ਪਿਆਰ-ਪਰਵਾਜ਼ ਦੇ ਏਨੇ ਦੁਸ਼ਮਣ ਉਸਨੇ ਕਿਆਸੇ ਨਹੀਂ ਸਨ। ਸੰਕਟ ਦੇ ਇਉਂ ਗਹਿਰਾਅ ਜਾਣ ‘ਤੇ, ਉਸਨੇ ਮਨ ਵਿੱਚ ਦੋਖ਼ੀਆਂ ਦੀ ਸੂਚੀ ਮੁੜ ਚਿਤਾਰਨੀ ਸ਼ੁਰੂ ਕੀਤੀ। ਅੱਡ-ਅੱਡ ਧਿਰਾਂ ਦੀਆਂ ਬਣਾਈਆਂ ਤਿੰਨਾਂ ਸੂਚੀਆਂ ਵਿੱਚ ਬਲਦੇਵ ਨੇ ਸੁਨੀਤਾ-ਰਾਜੇਸ਼ ਸ਼ਾਮਲ ਨਹੀਂ ਸੀ ਕੀਤੇ। ਪਿਆਰ ਦੋਖ਼ੀ ਤਾਕਤਾਂ ਭੈੜੀ ਤਰ੍ਹਾਂ ‘ਕੱਠੀਆਂ ਹੋ ਰਹੀਆਂ ਸਨ। ਜੇ ਹੇਮਾ ਘਰੇ ਵੀ ਏਹੀ ਧਿਰ ਤਕੜੀ ਹੋ ਗਈ ਤਾਂ ਖ਼ਤਰੇ ਬੜੇ ਵਧ ਜਾਣੇ ਸਨ।
ਮਨਰਾਜ ਦੇ ਅੰਗ-ਸਾਕ ਤਾਂ ਉਸ ਮੱਖਣ ‘ਚੋਂ ਵਾਲ ਵਾਂਗ ਚੱਕ ਪਰੇ ਸੁੱਟੇ। ‘ਮਨਰਾਜ ਦੇ ਕੁਲੀਗ ਪੈਣ ਢੱਠੇ ਖੂਹ ‘ਚ, ਉਨ੍ਹਾਂ ਦੀ ਕੋਈ ਪਰਵਾਹ ਨਈਂ ਸੀ। ਕੁਝ ਨਈਂ ਸਨ ਵਿਗਾੜ ਸਕਦੇ ਉਹ, ਮਾਸਟਰ ਲੋਗ! ਪਰ ਆਹ ਸੁਨੀਤਾ-ਰਾਜੇਸ਼! ਤੇ ਓਧਰ ਮਨਰਾਜ… ਨਾਪਾਕ ਗਠਜੋੜ! ਘਰੇ ਲੱਗੀ ਏਸ ਸੰਨ੍ਹ ਨੂੰ ਉਹ ਕਿਵੇਂ ਸਾਂਭੇ?’
& & & & & & &
ਅਗਲੇ ਦਿਨ ਟੀ ਬਰੇਕ ਵੇਲੇ ਹੇਮਾ ਬਲਦੇਵ ਦੇ ਕੈਬਿਨ ਵਿੱਚ ਚਾਹ ਦੀਆਂ ਚੁਸਕੀਆਂ ਲੈਂਦੀ ‘ਪਿਆਰ ਪਾਠ’ ਪੜ੍ਹਦੀ ਰਹੀ।
‘ਮੁਹੱਬਤ ਵਾਲੋਂ ਕਾ…,’ ਹੇਮਾ ਦੀਆਂ ਅੱਖਾਂ ‘ਚ ਅੱਖਾਂ ਪਾ, ਗੁਣਗੁਣਾਉਂਦਿਆਂ ਬਲਦੇਵ ਨੇ ਉਸ ਅੰਦਰਲੇ ਵੇਗ ਨੂੰ ਜੁੰਬਸ਼ ਦੇਣੀ ਚਾਹੀ, “ਤੂੰ ਵੇਖੀਂ ਸਈਂ…।”
“ਰੱਬ ਜੇਡਾ ਯਕੀਨ ਏ ਮੈਨੂੰ ਸਰ!” ਗੁਜ਼ਾਰੇ ਮੁਹੱਬਤੀ ਪਲਾਂ ਦੀ ਉਤੇਜਨਾ ਨੂੰ ਮਾਣਦੀ, ਉਹ ਮੁੜ ਉਡਾਣ ਭਰ ਤੁਰੀ।
ਬਲਦੇਵ ਨੇ ਘਰੇ ਫ਼ੋਨ ਘੁੰਮਾਇਆ… ਫੇਰ ਘੁੰਮਾਇਆ… ਦਸ-ਦਸ ਮਿੰਟਾਂ ਮਗਰੋਂ ਘੁੰਮਾਉਂਦਾ ਰਿਹਾ ਤੇ ਆਖ਼ਰ ਸਾਢੇ ਕੁ ਤਿੰਨ ਵਜੇ ਜਦੋਂ ਕਿਸੇ ਨੇ ਅੱਗੋਂ ਚੋਂਗਾ ਚੁੱਕਿਆ, ਉਸ ਫ਼ੋਨ ਬੰਦ ਕੀਤਾ ਤੇ ਫੌਰਨ ਸਕੂਟਰ ਚੁੱਕ ‘ਸਾਝਰੇ ਈ’ ਘਰ ਨੂੰ ਤੁਰ ਪਿਆ।
ਮਨਰਾਜ ਨੂੰ ਰਾਜੇਸ਼ ਦੇ ਉਪਰੋ-ਥੱਲੀ ਸਕੂਲੇ ਕਈ ਫੋਨ ਆਏ। ਉਹ ਟਾਈਮ ਫਿਕਸ ਕਰਨਾ ਚਾਹ ਰਿਹਾ ਸੀ। ਮਨਰਾਜ ਨੇ ਵਾਰ-ਵਾਰ ਮਨ੍ਹਾ ਕੀਤਾ ਪਰ ਉਹ ਘਰੇ ਮਿਲਣ ਦੀ ਜ਼ਿੱਦ ਕਰਦਾ ਰਿਹਾ। ‘ਹਰ ਬੰਦਾ ਆਪਣੀ ਸਤਰੰਜ਼ ਵਿਛਾਈ ਬੈਠੈ,’ ਮਨਰਾਜ ਦੇ ਦੁਖੀ ਮਨ ਨੇ ਦੁਹਾਈ ਦਿੱਤੀ।
ਸੁਨੀਤਾ-ਰਾਜੇਸ਼ ਤੇ ਰਾਜੇਸ਼ ਦਾ ਗੂੜ੍ਹਾ ਦੋਸਤ ਸ਼ਿਵ ਨਾਥ, ਮਨਰਾਜ ਘਰੇ ਉਸਦੇ ਸਕੂਲੋਂ ਪਹੁੰਚਣ ਤੋਂ ਵੀਹਾਂ ਮਿੰਟਾਂ ਦੇ ਵਿੱਚ-ਵਿੱਚ ਪਹੁੰਚ ਗਏ। ਉਹ, ਪੰਜ ਵੱਜਣ ਤੋਂ ਪਹਿਲਾਂ-ਪਹਿਲਾਂ ਮੁੜ ਜਾਣਾ ਚਾਹੁੰਦੇ ਸਨ।
“ਮੈਮ! ਦੁਬਾਰਾ ਤਕਲੀਫ਼ ਦਿੱਤੀ ਆਪ ਜੀ ਨੂੰ,” ਪਾਣੀ ਪੀ ਖਾਲੀ ਗਲਾਸ ਮੇਜ਼ ‘ਤੇ ਰੱਖਦਿਆਂ ਰਾਜੇਸ਼ ਨੇ ਅਹਿਸਾਨਮੰਦੀ ਨਾਲ, ਬਿਨਾਂ ਵਕਤ ਜ਼ਾਇਆ ਕੀਤੇ ਗੱਲ ਤੋਰੀ, “ਅਸਲ ਵਿੱਚ ਮੈਂ ਸੋਚਦਾਂ-ਏਸ ਮਾਮਲੇ ਵਿੱਚ ਤੁਸੀਂ ਸਾਡੀ ਤੇ ਅਸੀਂ ਤੁਹਾਡੀ ਬੜੀ ਹੈਲਪ ਕਰ ਸਕਨੇ ਆਂ…। ਮੈਮ ਦੱਸਾਂ… ਆਪਾਂ ਰਲ ਕੇ ਦੋ ਘਰ ਤਬਾਹ ਹੋਣੋਂ ਬਚਾ ਸਕਨੇ ਆਂ… ਤੇ ਨਾਲੇ ਸਮਾਜ ਲਈ ਮਾੜੀ ਮਿਸਾਲ ਬਣਨੋਂ! ਮੈਮ ਮੈਨੂੰ ਗਲਤ ਨਾ ਸਮਝਣਾ। ਮੈਂ ਮੁਹੱਬਤ ਦਾ ਦੋਖੀ ਨਈਂ… ਮੈਂ ਆਪ…,” ਉਸ ਨੇ ਸੁਨੀਤਾ ਵੱਲ ਮਿੱਠੀ ਮੁਹੱਬਤੀ ਤੱਕਣੀ ਸੁੱਟੀ, ” ‘ਤੇ ਮੈਮ ਤੁਸਾਂ ਵੀ…,” ਉਸ ਘੁਮਾਅ-ਭਵਾਂ ਕੇ ਮਨਰਾਜ ਦੇ ਰਿਸਦੇ ਜ਼ਖ਼ਮ ‘ਤੇ ਸੱਟ ਮਾਰੀ, “ਪਰ ਏਹ ਜੋ ਪਿਆਰ ਦੇ ਨਾਂ ‘ਤੇ ਕਰ ਰਹੇ ਨੇ… ਮੈਮ ਏਹ ਪਿਆਰ ਥੋੜੋ ਆ… ਏਹ ਤਾਂ… ਏਹ ਤਾਂ, ਕੁਛ ਹੋਰ ਈ ਆ ਮੈਮ!” ਰਾਜੇਸ਼ ਨੂੰ ਏਹ ਟੋਹ ਨਹੀਂ ਸੀ ਲੱਗ ਰਹੀ, ਮੈਮ ਆਪਣੇ ਪਤੀ ਦੀ ਕਠੋਰ ਨਿੰਦਿਆ ਨੂੰ ਕਿਵੇਂ ਲਵੇਗੀ? ਉਹ ਗੱਲ ਹੋਰ ਪਾਸੇ ਲੈ ਗਿਆ। ਸ਼ਿਵ ਨਾਥ ਨੇ ਆਪਣਾ ਬਣਦਾ ਹਿੱਸਾ ਪਾਇਆ,
“ਲੋਲੀਆਂ-ਪੋਪੀਆਂ ਮਾਰ ਉਸ ਨਾਸਮਝ ਨੂੰ… ਉਲਝਾ ਲਿਆ…, ਸ਼ਰਮਾ ਜੀ ਦੀ ਉਮਰ ਆ ਕੋਈ ਐਸੇ… ਨਾ ਏਹ ਕੋਈ ਬੰਦਿਆਂ ਆਲ਼ੀ ਗੱਲ ਆ…,” ਸ਼ਿਵ ਨਾਥ ਨੂੰ ਹੇਮਾ ਦੀ ਕੁਆਰੀ ਮਾਸੂਮਤਾ ਦਾ ਵਾਹਵਾ ਫ਼ਿਕਰ ਸੀ। ਉਸ ਵਿਆਹੇ-ਵਰ੍ਹੇ ਬਲਦੇਵ ਦੀ ਸਵਾਰਥੀ ਚੁਸਤੀ ਨੂੰ ਤਕੜੇ ਰਗੜੇ ਲਾਏ।
ਮਨਰਾਜ ਕੋਲੋਂ ਰਹਿ ਨਾ ਹੋਇਆ। ਨਾ ਚਾਹੁੰਦਿਆਂ ਵੀ ਔਰਤ ਹੱਥੋਂ ਹੋਈ ਔਰਤ ਦੀ ਬੇਹੁਰਮਤੀ ਸਿਰ ਚੜ੍ਹ ਬੋਲੀ, “ਹੇਮਾ ਕੋਈ ਦੁੱਧ ਚੁੰਘਦੀ ਬੱਚੀ ਆ! ਉਸਨੇ ਸਭ ਸੋਚ ਸਮਝ ਕੇ ਕੀਤਾ ਹੋਊ! ਉਹਨੂੰ ਕੇਹੜਾ ਪਤਾ ਨੀ…।”
“ਖ਼ੈਰ ਮੈਮ ਜੀ! ਜੋ ਹੋਇਆ-ਮਾੜਾ ਹੋਇਆ… ਆਪਾਂ ਅੱਗਾ ਵਿਚਾਰੀਏ।… ਜੋ ਮਰਜ਼ੀ ਹੋ-ਜੇ, ਮੈਮ ਅਸੀਂ ਏਹ ਵਿਆਹ ਨਈਂ ਹੋਣ ਦੇਣਾ… ਚਾਹੇ ਬੁਰੇ ਦੇ…,” ਭੜਕਿਆ ਰਾਜੇਸ਼ ਆਪਣੇ ਸੱਜਰੇ ਪਿਆਰ-ਵਿਆਹ ਦੀ ਠੁੱਕ ਬੰਨ੍ਹਣ ਲਈ ਤਿੱਖੀ ਕਾਰਵਾਈ ਪਾਉਣ ਲੱਗਾ, “ਬੁਰੇ ਦੇ ਘਰ ਤੀਕ ਜਾਣਾ ਪਵੇ,” ਗੱਲ ਕੱਟਦਿਆਂ ਮਨਰਾਜ ਨੇ ਗੁੱਸੇ ਭਰਿਆ ਸਵਾਲ ਕੀਤਾ,”ਕੀ ਮਤਲਬ?”
“ਮੈਮ! ਮੇਰਾ ਮਤਲਬ… ਮੈਂ ਕਹਿਣਾ ਚਾਹੁਨਾ ਵਾਂ, ਅਸੀਂ ਹੇਮਾ ਨੂੰ ਜਿਵੇਂ ਸਮਝੂ… ਉਵੇਂ ਸਮਝਾਵਾਂਗੇ! ਤੇ ਜੇ ਸ਼ਰਮਾ ਜੀ ਬਾਜ ਨਾ ਆਏ ਤਾਂ… ਤਾਂ ਉਨ੍ਹਾਂ ਨਾਲ ਵੀ ਬੁਰੀ ਕਰਾਂਗੇ। ਯਾਦ ਰੱਖਣਗੇ ਵਾਹ ਪਿਆ ਸੀ ਕਿਸੇ ਨਾਲ?”
“ਕੰਨ ਖੋਲ੍ਹ ਕੇ ਸੁਣ ਲੋ… ਇੱਕੋ ਵੇਰਾਂ… ਖ਼ਬਰਦਾਰ! ਜੇ ਸ਼ਰਮਾ ਜੀ ਦੀ ਵਾਅ ਵੱਲ ਵੀ ਕਿਸੇ ਵੇਖਿਆ। ਉਹ ਮੇਰਾ ਘਰ ਵਾਲਾ ਆ, ਸਮਝੇ! ਤੁਆਡੀ ਹਿੰਮਤ ਕਿਵੇਂ ਪਈ?… ਹੱਥ ਲਾ ਕੇ ਵੇਖਣਾ, ਮੈਂ ਦਸੂੰ ਤੁਆਨੂੰ? ਮੈਥੋਂ ਬੁਰਾ ਨੀ… ਆਪਣਾ ਘਰ ਸਾਂਭੋ… ਓਸ ਰੰਡੀ ਨੂੰ ਸਮਝਾਓ ਜਾ ਕੇ। ਆਈ ਸਮਝ!”
ਗੱਲ ਪੁੱਠੀ ਪੈਂਦੀ ਕਿਆਸ ਰਾਜੇਸ਼ ਨੇ ਮੋੜ ਕੱਟਿਆ, “ਮੈਮ! ਅਸੀਂ ਦੱਸ ਨੀ ਸਕਦੇ, ਜੋ ਕੁੱਤੇ-ਖਾਣੀ ਘਰੇ ਹੁੰਦੀ ਪਈ ਆ ਹੇਮਾ ਦੀ… ਤੁਸੀਂ ਤਕੜੇ ਹੋ ਕੇ ਸਟੈਂਡ ਲਉ… ਸਭ ਠੀਕ ਹੋ ਜੂ…।”
ਬਾਹਰ ਜਾਣੇ-ਪਛਾਣੇ ਸਕੂਟਰ ਦੇ ਰੁਕਣ ਦੀ ਬਿੜਕ ਨੇ ਮਨਰਾਜ ਨੂੰ ਅਚਾਨਕ ਤਕੜਾ ਝਟਕਾ ਲਾਇਆ। ਪਟਾਕ ਦਰਵਾਜ਼ਾ ਖੁਲ੍ਹਣ ਦਾ ਧਮਾਕਾ ਹੋਇਆ। ਫੈਸਲਾਕੁੰਨ ਫਿਲਮੀ ਸੀਨ ਵਿੱਚ ਹੀਰੋ ਦੀ ਐਂਟਰੀ ਵਾਂਗ ਬਲਦੇਵ ਹੱਥ ‘ਚ ਚਾਬੀ ਘੁੰਮਾਉਂਦਾ, ਡਰਾਇੰਗ ਰੂਮ ਵਿੱਚ ਧੌਣ ਅਕੜਾਅ, ਲੱਤਾਂ ਪਾਸਾਰ, ‘ਦੁਸ਼ਮਣ ਕੈਂਪ’ ਵਿਚਕਾਰ ਆਣ ਖੜ੍ਹਾ ਹੋਇਆ। ਤਪਿਆ, ਹਰਖ਼ਿਆ, ਲਾਲੋ-ਲਾਲ! ਮੁਜਰਮਾਂ ਯਾਨਿ ਕਿ ਜਾਨੀ ਵੈਰੀਆਂ ਨੂੰ ਰੰਗੇ ਹੱਥੀਂ ਫੜ ਲੈਣ ਦੇ ਜੇਤੂ ਭਾਵ ਨਾਲ। ਉਸਨੇ ਸਾੜ ਸੁੱਟਣ ਵਾਲੀ ਨਜ਼ਰੇ ਚਾਰਾਂ ਨੂੰ ਟਿਕਾਅ-ਟਿਕਾਅ ਤੱਕਿਆ। ਬਿਨ ਬੋਲੇ, ਬਿਨ ਹਿਲੇ। ਤੇ ਫੇਰ ਸੰਭਾਵੀ ਪੈਂਤੜੇ ਦੀ ਪੁਣ-ਛਾਣ ਕਰਦਾ, ‘ਹੀਰੋ’ ਦੁਸ਼ਮਣਾਂ ਦੀ ਚਾਲ ਦਾ ਖੁਰਾ ਨੱਪਣ ਲੱਗਾ।
ਮਨਰਾਜ ਉਠੀ। ਦੋਨੋਂ ਧਿਰਾਂ ਇੱਕ-ਦੂਜੇ ਵੱਲ ਵੇਖਣੋਂ ਕਤਰਾਉਂਦੀਆਂ, ਆਪੋ-ਆਪਣੀ ਨਮੋਸ਼ੀ ਸਾਂਭੀ, ਆਪਣੇ-ਆਪਣੇ ਮੋਰਚੇ ਸਾਂਭਣ ਵਿੱਚ ਰੁਝ ਗਈਆਂ। ਹਰ ਕੋਈ ਏਹੀ ਚਾਹ ਰਿਹਾ ਸੀ, ‘ਫਾਇਰਿੰਗ’ ਦੂਸਰਾ ਸ਼ੁਰੂ ਕਰੇ।
ਬਲਦੇਵ ਨੇ ਤਰਕੀਬ ਲਾਈ, ‘ਏਨਾਂ ਸਾਮ੍ਹਣੇ ਮਨਰਾਜ ਨਾਲ ਕੋਈ ਗੱਲ ਨੀਂ ਕਰਨੀ। ਮਾਮਲਾ ਵਿਗੜ-ਜੂ! ਉਹਦੇ ਨਾਲ ਸਿੱਝਣ ਦਾ ਵਾਧੂ ਵਕਤ ਹੋਊ ਪਿੱਛੋਂ! ਨਾਲੇ ਹੇਮਾ ਦੋਖੀ ਏਹ ਫ਼ੌਜ ਸ਼ੈਤ ਮੁੜ ਕਾਬੂ ਆਵੇ, ਨਾ ਆਵੇ।  ਪਹਿਲਾਂ ਏਨ੍ਹਾਂ ਦੀ ਖੁੰਬ ਠੱਪੀ ਜਾਵੇ।’
“ਹਾਂ ਬਈ, ਸ਼ਿਵ ਨਾਥ! ਕਿਵੇਂ ਚੱਕਰ ਲੱਗਾ?” ਬਲਦੇਵ ਨੇ ਰਾਜੇਸ਼, ਸੁਨੀਤਾ ਨੂੰ ਛੱਡ, ‘ਅਖੇ ਤੂੰ ਕੌਣ? ਮੈਂ ਖਾਹ-ਮਖਾਹ’, ਨੂੰ ਪੈਰੋਂ ਕੱਢਿਆ। ਬਲਦੇਵ ਤੇ ਸ਼ਿਵ ਨਾਥ ਇੱਕ ਦੂਜੇ ਨੂੰ ਜਾਣਦੇ ਸਨ। ਸ਼ਿਵ ਨਾਥ ਐਕਟਿੰਗ ਦਾ ਸ਼ੌਂਕ ਰੱਖਦਾ ਸੀ।  ਉਸ ਬਲਦੇਵ ਦੇ ਨਿਰਦੇਸ਼ਤ ਨਾਟਕਾਂ ਵਿੱਚ ਸੋਹਣੇ ਰੋਲ ਕੀਤੇ ਸਨ, ਖੁੱਭ ਕੇ। ਉਸ ਖ਼ੁਦ ਨਾਟਕ ਵੀ ਲਿਖੇ ਸਨ ਪਰ ਅਜੇ ਛਪੇ ਨਹੀਂ ਸਨ। ਨਾ ਖੇਡੇ ਗਏ ਸਨ। ਉਹ ਅਵਾਰਾਗਰਦ ਜਿਹਾ ਪਰ ਵਧੀਆ ਨਾਟਕੀ ਰੁਚੀਆਂ ਵਾਲਾ ਬੇਰੁਜ਼ਗਾਰ ਨੌਜਵਾਨ ਸੀ।
“ਸਰ! ਲਾਇਬ੍ਰੇਰੀ ਚੱਲੇ ਸਾਂ। ਰਾਜੇਸ਼ ਜੀ ਆਖਣ ਲੱਗੇ, ”ਭੈਣ ਜੀ ਨਾਲ ਕੰਮ ਆ… ਦੋ ਮਿੰਟ… ਲੰਘਦੇ ਚੱਲੀਏ’,” ਸ਼ਿਵ ਨਾਥ ਨੇ ਨਾਟਕੀ ਜੁਗਤ ਦੀ ਵਰਤੋਂ ਕੀਤੀ।
ਰਾਜੇਸ਼ ਦੀ ਕਸੂਤੀ ਹਾਲਤ ਭਾਂਪ ਸੁਨੀਤਾ ਨੇ ਪਾਰੀ ਸਾਂਭੀ,
“ਅੰਕਲ ਜੀ! ਥੋਨੂੰ ਪਤਾ ਤਾਂ ਹੈਗਾ… ਸਬੱਬ ਨਾਲ ‘ਕੱਠੇ ਹੋ ਗੇ ਆਂ… ਆਪਾਂ ਰਲ-ਮਿਲ ਗੱਲ ਸਾਂਭ ਲਈਏ… ਅਜੇ ਕੀ ਵਿਗੜਿਐ?”
ਮਨਰਾਜ, ਅਜਬ ਮਾਮਲੇ ‘ਤੇ ਇਉਂ ਅਚਾਨਕ ਜੁੜੀ ਏਸ ਨਿਆਰੀ ਸੰਗਤ ਨੂੰ ਵੇਖ ਅੰਦਰੋਂ ਡਰੀ ਪਈ ਸੀ। ਏਸ ਮਿਲਣੀ ਦੇ ਨਿਕਲਣ ਵਾਲੇ ਪੁੱਠੇ ਨਤੀਜਿਆਂ ਤੋਂ ਘਬਰਾ ਰਹੀ ਸੀ। ਉਸਦਾ ਘਿਰਿਆ ਮਨ ਏਸ ਮਾਜਰੇ ਤੋਂ ਵਿਆਕੁਲ ਹੋਇਆ ਪਿਆ ਸੀ।  ‘ਹਰ ਬੰਦਾ ਦੂਸਰੇ ਨੂੰ ਮੋਹਰਾ ਬਣਾਉਣ ਦੀ ਤਾਕ ਵਿੱਚ ਆ। ਮਾਤ ਪਾਉਣ ਦੀ ਤਰਕੀਬ ਪਿੱਛੇ ਭੱਜਾ ਫਿਰਦਾ ਏ। ਖੌਰੇ ਤਦੇ ਏਸਨੂੰ ‘ਮਾਤ ਲੋਕ’ ਆਖਦੇ ਨੇ। ਦੂਜੇ ਨੂੰ ਮਾਤ ਪਾਉਣ ਵਾਲਾ ਲੋਕ! ਨਾ ਆਪ ਚੈਨ ਨਾ ਜੀਊਂਦੇ ਨੇ, ਨਾ ਦੂਸਰੇ ਨੂੰ ਜੀਣ ਦੇਂਦੇ ਨੇ!’
‘ਅੰਕਲ ਜੀ’ ਨੇ ਸੁਨੀਤਾ ਨੂੰ ਫ਼ੌਰਨ ਕੋਈ ਜਵਾਬ ਨਾ ਦਿੱਤਾ। ਹੋਰ ਕਿਸੇ ਨੇ ਬੋਲਣਾ ਮੁਨਾਸਬ ਨਾ ਸਮਝਿਆ।
ਬਲਦੇਵ ਆਪਣੇ ਹੀ ਘਰ ਵਿੱਚ ਹੋ ਰਹੀ ਏਸ ਸਾਜਿਸ਼ੀ-ਸਭਾ ਤੋਂ ਬੇਪੱਤ ਮਹਿਸੂਸ ਕਰ ਰਿਹਾ ਸੀ ਪਰ ਜੁਗਤ ਤੋਂ ਕੰਮ ਲੈਣਾ ਚਾਹ ਰਿਹਾ ਸੀ।
ਪੁੱਠੇ ਫਸੇ ਰਾਜੇਸ਼ ਨੇ ਹਿੰਮਤ ਜੁਟਾਈ, “ਸ਼ਰਮਾ ਜੀ! ਆਪਾਂ ਏਹ ਝੰਜਟ ਮੁਕਾ ਨਈਂ ਸਕਦੇ?”
ਭਰੇ ਪੀਤੇ ਬਲਦੇਵ ਦੀਆਂ ਸੋਚੀਆਂ ਜੁਗਤਾਂ ਧਰੀਆਂ-ਧਰਾਈਆਂ ਰਹਿ ਗਈਆਂ, ਉਹ ਫਟ ਪਿਆ,
“ਤੁਸੀਂ ਬਿਨਾ ਮਤਲਬੋਂ ਬਾਤ ਦਾ ਬਤੰਗੜ ਕਿਉਂ ਬਣਾਈ ਜਾਂਦੇ ਓ? ਕਿਸੇ ਨੂੰ ਕੀ ਢਿੱਡ ਪੀੜ ਹੁੰਦੀ ਆ-ਜੇ ਅਸੀਂ ਵਿਆਹ ਕਰਵਾ ਲਈਏ… ਸਾਰੇ ਪੜ੍ਹੇ ਲਿਖੇ ਓ… ਸਭ ਆਜ਼ਾਦੀਆਂ, ਮੁਹੱਬਤਾਂ, ਮਰਜ਼ੀ ਦੇ ਸਾਕਾਂ ਦੇ ਸਿਧਾਂਤ ਘੋਟਦੇ ਓ… ਤੇ ਜੇ ਕੋਈ ਮਰਜ਼ੀ ਦੀ ਦੁਨੀਆਂ ਵਸਾਵੇ… ਸਾਰੇ ਕੈਦੋਂ ਬਣ ਜਾਂਦੇ ਓ,” ਉਹ ਰਾਜੇਸ਼, ਸੁਨੀਤਾ, ਸ਼ਿਵ ਨਾਥ ਜਾਂ ਮਨਰਾਜ ਨੂੰ ਹੀ ਨਹੀਂ, ਸਾਰੀ ਦੁਨੀਆਂ ਦੇ ‘ਮੁਹੱਬਤ ਦੁਸ਼ਮਣਾਂ’ ਨੂੰ ਫਿਟਕਾਰ ਪਾ ਰਿਹਾ ਸੀ। ਪਿਆਰ-ਪਰਵਾਜ਼ ਉÎੱਤੇ ਨਿਸ਼ਾਨੇ ਸੇਧ ਰਹੇ ਦੁਸ਼ਟ ਲੋਕਾਂ ‘ਤੇ ਭੜਕਿਆ ਪਿਆ ਸੀ।
ਸਭੋ ਆਪੋ ਆਪਣੇ ਰੋਲਾਂ ਨੂੰ ਟਟੋਲਣ ਲੱਗੇ ਰਹੇ।
“ਪਰ ਸਰ! ਤੁਸਾਂ ਪਹਿਲਾਂ ਵੀ ਤਾਂ ਪਿਆਰ ਕੀਤਾ ਸੀ-ਤੇ ਪਿਆਰ-ਵਿਆਹ ਵੀ।  ਕੋਰਟ-ਮੈਰਿਜ! ਤੇ ਫੇਰ ਹੁਣ… ਹੁਣ ਕੀ ਗਰੰਟੀ ਆ?”
ਰਾਜੇਸ਼ ਦੀ ਬਕਵਾਸ ਵਿੱਚੋਂ ਟੋਕ, ਉਹ ਭਬਕਿਆ, “ਮੈਂ ਦੇਵਾਂ ਤੈਨੂੰ ਅਸ਼ਟਾਮ ਲਿਖ ਕੇ… ਆਇਆ ਵੱਡਾ…। ਏਹ ਮੇਰਾ ਜ਼ਾਤੀ ਮਾਮਲੈ… ਤੂੰ ਕੌਣ ਹੁੰਨੈ ਟੰਗ ਅੜਾਉਣ ਆਲਾ…,” ਬਲਦੇਵ ਰਾਜੇਸ਼ ਸਮੇਤ ਸਭ ਨੂੰ ਸਿੱਧਾ ਹੋ ਤੁਰਿਆ, ‘ਏਹ ਸਾਲੇ, ਸਮਝਦੇ ਕੀ ਆ… ਮੇਰੇ ਘਰੇ ਆ ਕੇ…।’
ਸੁਨੀਤਾ ਨੇ ਮਨਰਾਜ ਨੂੰ ਤਕਰਾਰ ਵਿੱਚ ਸ਼ਾਮਲ ਕਰਨ ਤੇ ਮਾੜੀ ਘਟਨਾ ਟਾਲਣ ਦੇ ਇਰਾਦੇ ਨਾਲ ਗੱਲ ਘੁੰਮਾਈ, “ਮੈਮ! ਸਭ ਤੋਂ ਵੱਧ ਕਸ਼ਟ ਤੁਆਡੇ ‘ਤੇ ਨੇ। ਤੁਸੀਂ ਦੱਸੋ, ਕੀ ਚਾਹੁੰਦੇ ਓ। ਅਸੀਂ ਤਾਂ ਅਰਜ਼ ਕਰਨ ਆ-ਗੇ… ਸੌਰੀ!”
ਸੁਨੀਤਾ ਦੀ ਨਿਮਰਤਾ ਭਰੀ ਬੋਲ-ਬਾਣੀ ਤੋਂ, ਪਤਾ ਨਈਂ ਮਨਰਾਜ ਨੂੰ ਕੀ ਫੁਰਿਆ,
“ਮੈਂ ਹੇਮਾ ਤੇ ਉਸਦੇ ਮੰਮੀ-ਪਾਪਾ ਨੂੰ ਮਿਲਣਾ ਚਾਹਾਂਗੀ, ‘ਕੱਲਿਆਂ,” ਲੰਮੇਂ ਸਰੀਰਕ ਮਾਨਸਿਕ ਕਸ਼ਟ ਭੋਗਣ ਮਗਰੋਂ ਪਹਿਲੀ ਵਾਰੀ ਮਨਰਾਜ ਨੇ ਜੁਅੱਰਤ ਵਿਖਾਈ।
“ਠੀਕ ਮੈਮ! ਮੈਂ ਏਹ ਮਿਲਣੀ ਕਰਾਊਂ।  ਜਦੋਂ ਚਾਹੋਂ?”
ਰਾਜੇਸ਼ ਵੱਲੋਂ ਸਾਲਸੀ ਦੀ ਬਕਵਾਸ ਆਫ਼ਰ ਨੂੰ ਵਿੱਚੋਂ ਕੱਟਦਿਆਂ ਬਲਦੇਵ ਬਿਫ਼ਰਿਆ,
“ਤੂੰ ਕਿਉਂ ਕਰਾਏਂਗਾ ਮੁਲਾਕਾਤ?… ਇਹ ਨਈਂ ਹੋ ਸਕਦਾ… ਮੈਂ ਇਹ ਹਰਗਿਜ਼ ਨਈਂ ਹੋਣ ਦਿਆਂਗਾ… ਏਹਦੇ ਨਾਲ ਮੇਰਾ ਕੇਸ ਵੀਕ ਹੁੰਦੈ… ਮੈਂ ਵੇਖੂੰਗਾ ਕੌਣ…।”
ਪਾਪਾ ਦਾ ਗੜਕਵਾਂ ਲਲਕਾਰਾ ਸੁਣ ਦੂਜੇ ਕਮਰੇ ਵਿੱਚ ਟੀ.ਵੀ. ਦੇਖਦਾ ਮਾਨਵ ਤ੍ਰਹਿ ਉÎੱਠਿਆ। ਢਿਲਕੇ-ਜੂੜੇ ਨੂੰ ਖੱਬੇ ਹੱਥ ਵਿੱਚ ਸਾਂਭੀ, ਉਹ ਸਹਿਮਿਆ ਜਿਹਾ ਡਰਾਇੰਗ ਰੂਮ ਵਿੱਚ ਆਣ ਵੜਿਆ, ਡੋਲਦੇ ਕਦਮੀਂ!
ਮਨਰਾਜ ਘਾਬਰੀ-ਘਾਬਰੀ ਉੱਠੀ। ਮਾਨਵ ਨੂੰ ਬੁੱਕਲ ਜਹੀ ਵਿੱਚ ਲੈਂਦੀ ਵਾਪਸ ਲੈ ਗਈ। ਜੂੜਾ ਕਸ ਕੇ ਕਰਦੀ ਦਾ, ਏਨਾ ਦਿਲ ਭਰ ਆਇਆ, ਏਨਾ ਮਨ ਉਛਲਿਆ ਕਿ…!
ਹੋਰ ਬੇਥਵੇ ਤਕਰਾਰ ਤੋਂ ਟਾਲ਼ਾ ਲਾਉਂਦੇ, ਆਏ ‘ਮਹਿਮਾਨ’ ਪੱਤਰਾ ਵਾਚ ਗਏ।
‘ਬਾਹਰਲੀ ਦੁਸ਼ਮਣ ਫ਼ੌਜ’ ਨੂੰ ਮੋਰਚੇ ਤੋਂ ਭਜਾ, ਬਲਦੇਵ ਨੇ ਆ ਮਨਰਾਜ ‘ਤੇ ਚੜ੍ਹਾਈ ਕੀਤੀ। ਏਨੀ ਚੰਡ ਚਾੜ੍ਹੀ ਉਸਨੂੰ ਕਿ ਉਸਨੇ ਮਾਨਵ ਦੀ ਵੀ ਭੋਰਾ ਪਰਵਾਹ ਨਾ ਕੀਤੀ।
“ਆਹੀ ਕਸਰ ਰਹਿ ਗੀ ਸੀ? ਹੈਂ, ਆਹੀ! ਮੇਰੇ ਦੋਖ਼ੀਆਂ ਨੂੰ, ਮੇਰੇ ਘਰੇ, ਬੁਲਾ-ਬੁਲਾ ਕੇ ਸਾਜ਼ਸ਼ਾਂ ਰਚੇਂ… ਮੇਰੇ ਖਿਲਾਫ਼!”
“ਬਲਦੇਵ ਮੈਂ ਨੀ ਬੁਲਾਇਆ ਕਿਸੇ ਨੂੰ?” ਮਨਰਾਜ ਨੇ ਸਫ਼ਾਈ ਦੇਣੀ ਚਾਹੀ।
“ਤੂੰ ਮੈਨੂੰ ਖਲਨਾਇਕ ਪੇਸ਼ ਕਰ ਰਹੀ ਏਂ… ਬਦਨਾਮੀ ਕਰ ਰਹੀ ਏਂ! ਪਹਿਲਾਂ ਭੈਣਾਂ ਦੀ ਪਲਟਣ ਬੁਲਾਈ… ਹੁਣ ਏਹਨਾਂ ਨੂੰ ਘਰੇ…,” ਬਲਦੇਵ ਕੋਲੋਂ ਆਪਣਾ ਆਪ ਸਾਂਭ ਨਹੀਂ ਸੀ ਹੋ ਰਿਹਾ।
“ਮੈਂ ਨੀ ਬੁਲਾਇਆ।”
ਮਨਰਾਜ ਨੂੰ ਵਿੱਚੋਂ ਟੋਕਦਾ ਉਹ ਝਈ ਲੈ ਕੇ ਪਿਆ,
“ਹੋਰ ਤੇਰੇ ਪੇਅ ਨੇ ਬੁਲਾਇਆ… ਮੈਂ ਤੇਰੇ ਮੂੰਹ ਵੱਲ ਵੇਖਦਾ ਰਿਆਂ। ਹੁਣ ਵੇਖੀਂ ਮੇਰੇ ਹੱਥ। ਸਵੇਰੇ ਹੋਊ ਕੇਸ ਫਾਈਲ… ਭੱਜ ਲਾ ਜਿੱਥੇ ਭੱਜਣਾ ਈ। ਬੁਲਾ ਲੀਂ…,” ਝੱਖੜ ਵਾਂਗੂ ਝੁਲਦਾ, ਸਾਹਮਣੇ ਆਉਂਦੇ ਸਭ ਨੂੰ ਤਹਿਸ-ਨਹਿਸ ਕਰਨ ਦੀ ਠਾਣੀ, ਬਲਦੇਵ ਗਰਜਦਾ ਰਿਹਾ।
ਮਾਂ ਨਾਲ ਲਿਪਟੇ, ਡਰੇ ਚੀਕਦੇ ਮਾਨਵ ਦੀਆਂ ਲੇਰਾਂ ਬਲਦੇਵ ਦੀਆਂ ਲਲਕਾਰਾਂ-ਵੰਗਾਰਾਂ ਅੱਗੇ ਦਮ ਤੋੜਦੀਆਂ ਰਹੀਆਂ।
ਬਿਫ਼ਰਿਆ-ਹਰਖਿਆ ਉਹ ਵਾਵਰੋਲੇ ਵਾਂਗ ਘਰੋਂ ਬਾਹਰ ਭੱਜਿਆ।
ਸਾਹ-ਸਤਹੀਣ ਮਾਂ-ਪੁੱਤ ਇੱਕ ਦੂਜੇ ਨੂੰ ਸਾਂਭਦੇ ਰਹੇ। ਅੱਜ ਮਨਰਾਜ ਨੂੰ ਆਪਣੀ ਤੇ ਇਸ ਘਰ ਦੀ ਅਸਲ ਹੋਣੀ ਦੀ ਝਾਕੀ ਦਿਖੀ।
ਬਲਦੇਵ ਆਪਣੀ ਨਾਕਾਮੀ, ਬਦਨਾਮੀ ਤੇ ਨਮੋਸ਼ੀ ਦਾ ਅਜਬ ਬਦਲਾ ਲੈ ਰਿਹਾ ਸੀ।
ਮਨਰਾਜ ਨੂੰ ਏਹ ਚੌਥੀ ਧਮਕੀ ਮਿਲੀ ਸੀ। ਪਹਿਲੀ ਧਮਕੀ ਨਕੋਦਰ ਸਕੂਲੇ ਚਿੱਠੀ ਰਾਹੀਂ ਮਿਲੀ ਸੀ, ਬਲਦੇਵ ਨਾਲ ਵਿਆਹ ਨਾ ਕਰਾਉਣ ਦੀ। ਦੂਸਰੀ ਬਾਪ ਵੱਲੋਂ ਬਲਦੇਵ ਨਾਲ ਵਿਆਹ ਨਾ ਕਰਾਉਣ ਦੀ। ਤੀਸਰੀ ਗੁਲਮੋਹਰ ਦੇ ਰੁੱਖ  ਹੇਠ ਬਲਦੇਵ ਵੱਲੋਂ ਕੋਰਟ-ਵਿਆਹ ਕਰਵਾਉਣ ਦੀ, ਪਿਆਰ ਧਮਕੀ ਹੀ ਤਾਂ ਸੀ ਉਹ! ਤੇ ਇਹ ਉਸੇ ਮਹਿਬੂਬ-ਪਤੀ ਬਲਦੇਵ ਵੱਲੋਂ, ਵਿਆਹ ਤੋੜਨ ਦੀ, ਤਲਾਕ ਦੇਣ ਦੀ।
‘ਅਜਬ ਹੈ ਏਹ … ਵਿਆਹ ਕਰਵਾਉਣ ਵਾਸਤੇ ਵੀ ਧਮਕੀਆਂ, ਵਿਆਹ ਤੋੜਨ ਵਾਸਤੇ ਵੀ ਧਮਕੀਆਂ…,’ ਮਨਰਾਜ ਦਾ ਵਿਆਕੁਲ ਮਨ ਤੜਫ਼ਦਾ ਰਿਹਾ।

*****************


_________________________

_________________________

ਬਲਦੇਵ ਘਰੇ ਹੋਈ ਤਲਾਕ-ਤਕਰਾਰ ਜੱਗੇ ਨੂੰ ਸੌਂਦੇ-ਜਾਗਦੇ ਘੇਰੀ ਰੱਖਦੀ। ਉਹ ਏਡੇ ਪੱਕੇ-ਪੀਡੇ ਸਾਕਾਂ ਦੇ ਇਉਂ ਵੈਰੀ ਬਣ ਖਲੋਣ ‘ਤੇ ਡਾਹਢਾ ਬੇਚੈਨ ਸੀ। ਇਨ੍ਹਾਂ ਦਾ ਕੋਈ ਸਿਰਾ ਭਾਲਣ ਲਈ ਹੱਥ-ਪੈਰ ਮਾਰਦਾ ਰਹਿੰਦਾ। ਉਸ ਦਾ ਦੇਸੀ ਮਨ ਇਨ੍ਹਾਂ ਅਜਬ ਝਮੇਲਿਆਂ ਦੇ ਆਸ-ਪਾਸ ਹੱਕਾ-ਬੱਕਾ ਮਨੋਮਨੀ ਗੇੜੇ ਕੱਢਦਾ ਰਹਿੰਦਾ। ਭੈਣ ਸੁਰਿੰਦਰ ਦੇ ਰੱਫ਼ੜ ਵੇਲੇ ਵੀ ਉਹ ਅਧੀਰ ਹੁੰਦਾ ਰਿਹਾ ਸੀ। ਉਸ ਦਾ ਪ੍ਰੇਸ਼ਾਨ ਮਨ ਉਸ ਨੂੰ ਕੌੜੀਆਂ ਸਮਝੌਤੀਆਂ ਦਿੰਦਾ ਰਹਿੰਦਾ, ‘ਉਲਝੇ ਸਾਕਾਂ, ਵਿਗੜੇ ਘਰੇਲੂ ਮਾਮਲਿਆਂ ਨੂੰ ਰੁਖ਼ਸਿਰ ਕਰਨ ਵਾਸਤੇ ਮੌਕੇ ਮੁਤਾਬਕ ਗਰਮੀ-ਨਰਮੀ ਬਹੁਤ ਜ਼ਰੂਰੀ ਹੈ। ‘ਕੱਲੀ ਗਰਮੀ ਤੇ ਨਿਰੀ ਨਰਮੀ ਕੰਮ ਵਿਗਾੜ ਦਿੰਦੀ ਹੈ।’
ਬਲਦੇਵ ਤੇ ਮਨਰਾਜ ਉਸ ਦੇ ਸਨੇਹ-ਸਤਿਕਾਰ ਦੇ ਸਾਕ ਸਨ। ਉਹ ਦੋਨਾਂ ਦੇ ਚੰਗੇ ਗੁਣਾਂ ਦੀ ਕਦਰ ਕਰਦਾ ਸੀ। ਪਰ ਘਰ ਟੁੱਟਣ ਦਾ ਇਹ ਰੱਫ਼ੜ ਉਸ ਨੂੰ ਤੜਫਾਈ ਰੱਖਦਾ। ਉਸ ਨੂੰ ਇਉਂ ਜਾਪਦਾ, ਜਿਉਂ ਦੋ ਸੱਚੇ-ਸੁੱਚੇ ਇਨਸਾਨ ਅਜਾਈਂ ਉਲਝ ਬੈਠੇ ਹੋਣ। ਸਭ ਕੁਝ ਬਰਬਾਦ ਕਰ ਰਹੇ ਹੋਣ। ਉਹ ਮਾਮਲੇ ਨੂੰ ਵਿਚਾਰ-ਵਿਚਾਰ ਥੱਕ ਗਿਆ, ਉਸ ਨੂੰ ਸਾਫ-ਸਾਫ ਕਾਰਣ ਸਮਝ ਨਾ ਆਉਂਦੇ। ਕੀਹਦਾ ਕੀ ਕਸੂਰ ਹੈ? ਇਹ ਵੀ ਪਤਾ ਨਾ ਲੱਗਦਾ।
‘ਕੀ ਐਸੇ ਮਾਮਲੇ ਬਹਿਸਾਂ, ਇਲਜ਼ਾਮਾਂ, ਤਕਰਾਰਾਂ ਨਾਲ ਨਜਿੱਠੇ ਜਾਣਗੇ’! ਉਸ ਦਿਨ ਬੱਲੀ ਤੇ ਬਲਦੇਵ ਦੀ ਤਿੱਖੀ ਦੂਸ਼ਣਬਾਜ਼ੀ ਚਿਤਾਰਦਾ ਉਹ ਹੋਰ ਉਦਾਸ ਹੋ ਜਾਂਦਾ। ਏਡੇ ਭਾਵਕ ਰਿਸ਼ਤਿਆਂ ਵਿਚ ਅੱਡ-ਅੱਡ ਮੋਰਚੇ ਬਣਾ, ਦੁਸ਼ਮਣ ਫ਼ੌਜ ਵਾਂਗ ਵਾਰ ਕਰ-ਕਰ ਤਬਾਹ ਕਰਨ ਦੀ ਏਹ ਨੀਤੀ ਜੱਗੇ ਨੂੰ ਮੂਲੋਂ ਚੰਗੀ ਨਾ ਲੱਗਦੀ। ਉਸ ਕਿਹਾ ਤਾਂ ਨਾ, ਪਰ ਬੱਲੀ ਦੇ ਇਉਂ ਇਕਤਰਫ਼ਾ ਮਨਰਾਜ ਦੇ ਪੱਖ ਵਿਚ ਡੱਟਣ ਤੇ ਬਲਦੇਵ ਨੂੰ ਦਬੱਲਣ ਤੋਂ ਉਹ ਖੁਸ਼ ਨਹੀਂ ਸੀ। ਊਂ ਉਹ ਮਨਰਾਜ ਦੀਦੀ ਦੇ ਦੁਖ ਤੋਂ ਬੱਲੀ ਨਾਲੋਂ ਘੱਟ ਦੁਖੀ ਨਹੀਂ ਸੀ। ਅੰਦਰੋਂ ਉਹ ਏਸ ਲੀਹੋਂ ਲੱਥੀ ਗੱਡੀ ਨੂੰ ਲੀਹੇ ਲੈ ਆਉਣ ਦੀ ਆਸ ਲਾਈ ਬੈਠਾ ਸੀ! ਉਹ ਬਲਦੇਵ ਨੂੰ ਮਿਲ ਕੇ ਸਾਰੇ ਮਾਮਲੇ ਦੀ ਤਹਿ ਤਕ ਪਹੁੰਚ, ਸੁਲਹ-ਸਫਾਈ ਦਾ ਰਾਹ ਤਲਾਸ਼ਣਾ ਚਾਹੁੰਦਾ ਸੀ। ਉਸ ਦਾ ਮਨ ਆਖਦਾ, ਏਹੀ ਸਹੀ ਰਾਹ ਹੈ।
ਆਖ਼ਰ ਉਸ ਕੋਲੋਂ ਰਿਹਾ ਨਾ ਗਿਆ। ਉਸ ਬਲਦੇਵ ਨੂੰ ਫੋਨ ਕੀਤਾ। ਬੱਲੀ ਕਾਲਜ ਗਈ ਹੋਈ ਸੀ। ਉਸ ਦੀ ਬੇਨਤੀ ਸੁਣ ਬਲਦੇਵ ਨੇ ਸਖਤ ਲਹਿਜ਼ੇ ਵਿਚ, ਝਾੜ ਜਹੀ ਪਾਈ, ‘ਜੱਗੇ ਯਾਰ ਔਣ ਦਾ ਹੁਣ ਕੋਈ ਫੈਦਾ ਨੀ ਹੋਣਾ। ਗੱਲ ਬੜੀ ਅੱਗੇ ਲੰਘ-ਗੀ’, ਪਰ ਜਦੋਂ ਜੱਗੇ ਨੇ ਜ਼ਿੱਦ ਕੀਤੀ ਤਾਂ ਉਸ ਸਾਫ ਤਾੜਨਾ ਕੀਤੀ, ‘ਆ ਜਾ ਜੇ ਤੈਨੂੰ ਲੱਗਦੈ, ਤੂੰ ਬਿਲ ‘ਚੋਂ ਸੱਪ ਕੱਢ ਲੈਂ ਗਾ? ਸਾਲੀ ਸਾਹਿਬਾ ਦਾ ਵਕੀਲ ਬਣ ਕੇ ਨਾ ਆਵੀਂ!’
ਜੱਗੇ ਨੇ ਜ਼ਿਦ ਕਰਕੇ ਸਨਿਚਰਵਾਰ ਸਵੇਰੇ ਬਲਦੇਵ ਨਾਲ ਸਮਾਂ ਤਹਿ ਕਰ ਹੀ ਲਿਆ। ਉਸ ਨੇ ਜਲੰਧਰੋਂ ਆਪਣੇ ਜਮਾਤੀ ਮਿੱਤਰ ਡਾ: ਰੰਧਾਵਾ ਦੇ ਘਰੋਂ ਕਣਕ ਦੇ ਨਵੇਂ ਆਏ ਤਿੰਨ ਸੌ ਤਰਤਾਲੀ ਬੀ ਦੀ ਥੈਲੀ ਲੈਣ ਵੀ ਜਾਣਾ ਸੀ।
‘ਸਾਲੀ ਸਾਹਿਬਾਂ ਦਾ ਵਕੀਲ’ ਦੀ ਆਰ ਤੇ ‘ਬਿਲ ‘ਚੋਂ ਸੱਪ ਕੱਢਣ’ ਦੀ ਚੁਣੌਤੀ ਲੰਮਾ ਸਮਾਂ ਜੱਗੇ ਦੇ ਵਿਆਕੁਲ ਮਨ ਵਿਚ ਤਰਥੱਲੀ ਪਾਉਂਦੇ ਰਹੇ। ਬਿੱਲ ‘ਚੋਂ ਸੱਪ ਕੱਢਣ ਦੇ ਅਖਾਣ ਨੂੰ ਜੋੜਦਾ ਜੱਗਾ ਹੋਰ ਪਰੇਸ਼ਾਨ ਹੁੰਦਾ ਗਿਆ।
ਬੱਲੀ ਨੂੰ ਕਾਲਜ ਦੇ ਗੇਟ ਉਤਾਰ, ਕਾਰ ਭਜਾਉਂਦਾ ਸਵੇਰੇ ਦਸ ਕੁ ਵਜੇ ਉਹ ਬਲਦੇਵ ਕੋਲ ਘਰੇ ਪਹੁੰਚਿਆ। ਲਾਂਬੜੇ ਪੀ ਸੀ ਓ ਤੋਂ ਫੋਨ ਕਰ, ਉਸ ‘ਭਾਅ ਜੀ’ ਦੇ ਘਰੇ ਹੋਣ ਦਾ ਪੱਕ ਕਰ ਲਿਆ।
ਬਲਦੇਵ ਨੇ ਜੱਗੇ ਦਾ ਚਲਵਾਂ ਜਿਆ ਸਵਾਗਤ ਕੀਤਾ। ਸਾਕਾਂ ਦੀ ਸ਼ਤਰੰਜ ਵਿਚ ਬਲਦੇਵ ਮੁਤਾਬਕ ਜੱਗਾ ਵਿਰੋਧੀ ਖੇਮੇ ਦਾ ਸਾਕ ਸੀ। ਉਸ ਦੇ ਮਨ ਵਿਚ ਤਰ੍ਹਾਂ-ਤਰ੍ਹਾਂ ਦੇ ਸ਼ੰਕੇ ਤੇ ਤੌਖ਼ਲੇ ਸਨ। ਊਂ ਹੁਣ ਤਕ ਦੇ ਵਰਤ-ਵਿਹਾਰ ਤੋਂ ਉਸ ਦੀ ਜੱਗੇ ਬਾਰੇ ਰਾਏ ਚੰਗੀ ਸੀ। ਉਸ ਨੂੰ ਮਨੋਮਨੀ ਪਸੰਦ ਕਰਦਾ ਸੀ। ‘ਪਰ ਹੈ ਤਾਂ ਉਹ ਰਾਜ ਦੇ ਕੋੜਮੇ ਦਾ ਹੀ ਨਾ!’
ਬਲਦੇਵ ਨੂੰ ਪਹਿਲਾਂ-ਪਹਿਲ ਜਾਪਿਆ, ਹੇਮਾ ਨਾਲੋਂ ਮਨਰਾਜ ਦੇ ਰਿਸ਼ਤੇਦਾਰ ਵੱਧ ਦੁਸ਼ਮਣੀ ਪੁਗਾ ਰਹੇ ਸਨ। ਹਾਲਾਂ ਕਿ ਉਸ ਦੀ ਇਹ ਰਾਏ ਗਲਤ ਸਾਬਤ ਹੋਈ। ਉਹ ਬਹੁਤ ਤੜਫਿਆ, ਉਨ੍ਹਾਂ ‘ਮੂਰਖ ਲੋਕਾਂ’ ‘ਤੇ ਜੋ ਉਸ ਨੂੰ ਕੋਸਦੇ, ਰੋਕਦੇ, ਖਾਹਮਖਾਹ ਟੰਗਾਂ ਅੜਾ ਰਹੇ ਸਨ। ਬਲਦੇਵ ਬਜ਼ਿੱਦ ਸੀ ਕਿ ਏਹ ਉਸ ਦਾ ਨਿਜੀ ਮਾਮਲਾ ਹੈ। ਉਹ ਗੁੱਸੇ ਵਿਚ ਉਬਲਦਾ। ਇਹ ਅੰਨ੍ਹੇ ਲੋਕ ਨਾ ਕੁਝ ਚੰਗਾ ਕਰਦੇ ਸਨ, ਨਾ ਕਰਨ ਦਿੰਦੇ ਸਨ! ਬਲਦੇਵ ਨੂੰ ਰੱਬ ਜਿੱਡਾ ਯਕੀਨ ਸੀ ਆਪਣੇ ਸਹੀ ਹੋਣ ਦਾ। ਉਹ ਤਾਂ ਸਗੋਂ ਉਮੀਦ ਕਰਦਾ ਸੀ, ਹਰੇਕ ਅਗਾਂਹਵਧੂ ਖਿਆਲਾਂ ਵਾਲਾ ਉਸ ਦੀ ਮਦਦ ਕਰੇ! ਉਸ ਦੀ ਲੀਹ ਪਾੜਵੀਂ ਦਲੇਰੀ ਦੀ ਦਾਦ ਦੇਵੇ! ਜੱਗਾ ਮਨਰਾਜ ਤੇ ਬਲਦੇਵ ਦਾ ਘਰ ਵੱਸਦਾ ਵੇਖਣਾ ਚਾਹੁੰਦਾ ਸੀ। ਦੋਹਾਂ ਦਾ ਸਤਿਕਾਰ ਕਰਦਾ ਸੀ। ਉਸ ਦੀ ਪੱਕੀ ਰਾਏ ਸੀ, ‘ਦੋਵੇਂ ਸ਼ੁਧ ਸੋਨਾ ਨੇ, ਜੇ ਥੋੜਾ ਤਾਂਬਾ ਰਲ਼ਾ ਲੈਣ, ਵਿਹਾਰਕ ਹੋ ਜਾਣ ਤਾਂ ਸ਼ਾਨਦਾਰ ਜੋੜੀ ਬਣ ਸਕਦੀ ਸੀ! ਕਿਤੇ ਕੋਈ ਕੁਤਾਹੀ ਹੋਈ ਸੀ ਕਿ ਇਹ ਦੋਵੇਂ ਆਪਸ ਵਿਚ ਇਕ ਸੋਹਣਾ ਰਿਦਮ, ਸੁਖਾਵਾਂ ਸੰਤੁਲਨ ਨਹੀਂ ਸਨ ਬਣਾ ਸਕੇ। ਐਸ ਵੇਲੇ ਉਨ੍ਹਾਂ ਦੋਹਾਂ ਦੇ ਸ਼ੁਭਚਿੰਤਕਾਂ ਦਾ ਫਰਜ਼ ਬਣਦਾ ਸੀ। ਪਰ ਇਹ ਜ਼ਮਾਨਾ ਤਾਂ ਅਧਿਕਾਰ ਜਮਾਉਣ ਵਾਲਿਆਂ ਦਾ ਹੈ!
ਅੱਸੂ ਮਹੀਨੇ ਦੀ ਮਿੱਠੀ-ਮਿੱਠੀ ਰੁੱਤ ਸੀ। ਨਾ ਠੰਢ ਸੀ ਨਾ ਗਰਮੀ। ਸਵੇਰ ਦੁਪਹਿਰ ਦਾ ਚੋਲਾ ਪਹਿਨ ਰਹੀ ਸੀ। ਦਰਵਾਜ਼ਾ ਖੋਲ੍ਹਦੇ ਬਲਦੇਵ ਦੇ ਮੱਥੇ ਉਪਰ ਚਿੱਟੇ ਵਾਲਾਂ ਦੀ ਭਾਅ ਜੱਗੇ ਨੂੰ ਉਸ ਦੀ ਜਵਾਨੀ ਦੇ ਖਿਸਕਣ ਦੀ ਸੈਨਤ ਕਰਦੀ ਜਾਪੀ। ਜੱਗੇ ਨੂੰ ਡਰਾਇੰਗ ਰੂਮ ਵਿਚ ਬਿਠਾਅ, ਬਲਦੇਵ ਅਖ਼ਬਾਰਾਂ ਸਮੇਟ, ਚਾਹ ਦਾ ਪਾਣੀ ਧਰ, ਹੱਥ ਵਿਚ ਕਾਰਡਲੈਸ ਫੋਨ ਸੈੱਟ ਲਈ ਮੁੜਿਆ।
ਨਾ ਚਾਹ ਕੇ ਵੀ ਬਲਦੇਵ ਨੂੰ ਬੱਲੀ ਤੇ ਬੱਚਿਆਂ ਦਾ ਹਾਲ-ਚਾਲ ਪੁੱਛਣਾ ਪਿਆ।
ਚਾਹ ਦੇ ਕੱਪ ਸੈਂਟਰ ਟੇਬਲ ‘ਤੇ ਰੱਖ ਬਲਦੇਵ ਨੇ ਨਾਸ਼ਤੇ ਬਾਰੇ ਪੁੱਛਣ ਲਈ ਪੁੱਛਿਆ। ਜੱਗਾ ਮਿੰਨਾ-ਮਿੰਨਾ ਹੱਸਿਆ, ‘ਭਾਅ ਜੀ! ਹੁਣ ਦੁਪਹਿਰ ਵੇਲੇ ਦਾ ਫਿਕਰ ਕਰੋ!’ ਬਲਦੇਵ ਨੇ ਟੋਣਾ ਮੋੜਿਆ, ‘ਬਾਈ ਜੱਗਾ ਸਿੰਆਂ! ਆਹੀ ਤਾਂ ਪੇਂਡੂਆਂ ਤੇ ਸ਼ਹਿਰੀਆਂ ‘ਚ ਫਰਕ ਆ। ਪੇਂਡੂ ਰਸਮੀ ਲੋਕਾਚਾਰ ‘ਚ ਬੱਝੇ ਜੀਂਦੇ ਆ-ਸ਼ਹਿਰੀ ਹਰ ਪਲ ਨੂੰ ਮਾਣਦੇ ਆ-ਖੁਲ੍ਹ ਕੇ-ਅੱਜ ਵੀਕ-ਐਂਡ ਆ… ਮਜ਼ੇ ਨਾ ਸੁੱਤੇ-ਮਜ਼ੇ ਨਾ ਉਠੇ-ਮਜ਼ੇ ਨਾ… ਖੁੱਲ੍ਹ ਕੇ ਜੀਨੇ ਆਂ…!’
‘ਹਾਅ ਗੱਲ ਤਾਂ ਠੀਕ ਆ ਭਾਅ ਜੀ! ਪਿੰਡੀ ਥਾਈਂ ਕੋਈ ਹੱਜ ਨੀ ਜੀਣ ਦਾ। ਕੋਹਲੂ ਦੇ ਬੈਲ ਆਂਗੂ ਘੁੰਮਦੇ ਆ ਸਾਰੇ। ਬੜਾ ਮਾੜਾ ਹਾਲ ਆ। ਇਕ ਦੂਜੇ ਦੇ ਕੰਮਾਂ ‘ਚ ਊਈਂ ਟੰਗਾਂ ਫਸੌਣਗੇ, ਸ਼ੈਹਰਾਂ ਦੀ ਕਯਾ ਬਾਤ …।’
ਬਲਦੇਵ ਨੂੰ ਲੱਗਾ ਜੱਗਾ ਸ਼ਹਿਰੀਆਂ ਦੇ ਨਾਂ ‘ਤੇ ਉਸੇ ‘ਤੇ ਸੂਈ ਨਾ ਟਿਕਾਅ ਬੈਠੇ। ਉਸ ਮੋੜਵਾਂ ਵਾਰ ਕੀਤਾ,
‘ਐਸੀ ਗੱਲ ਨੀਂ। ਉਹ ਸ਼ਹਿਰ ਵੀ ਆ ਜਾਂਦੇ ਨੇ ਟੰਗ ਅੜਾਉਣ…,’ ਬਲਦੇਵ ਆਪਣੀ ਹਾਜ਼ਰ-ਜਵਾਬੀ ‘ਤੇ ਖਿੜ-ਖਿੜਾ ਕੇ ਹੱਸਿਆ। ਸੱਚੀਂ, ਜੱਗੇ ਦਾ ਕੁੱਤਾ ਜਿਆ ਨਿਕਲ ਗਿਆ। ਕਿੰਨੇ ਚਿਰ ਦੀ ਚੁੱਪ ਮਗਰੋਂ ਉਸ ਲੜੀ ਜੋੜਨੀ ਚਾਹੀ,”ਨਈਂ ਭਾਅ ਜੀ, ਟੰਗ ਆਲੀ ਗੱਲ ਨੀ… ਮੇਰਾ ਮਨ ਚਾਹੁੰਦਾ… ਤੁਸੀਂ ਬੜੇ ਸਿਆਣੇ ਓਂ… ਤਦ ਵੀ ਏਵੇਂ ਕਿਵੇਂ ਹੋਈ ਜਾ ਰਿਹਾ ਏ?…। ਭਾਅ ਜੀ! ਸੱਚੋ-ਸੱਚ ਦੱਸਿਓ! ਤੁਆਨੂੰ ਕਾਅਦਾ ਘਾਟੈ। ਕੀ ਦੁੱਖ ਆ?’
‘ਜੱਗਾ ਸਿਆਂ! ਬੰਦੇ ਦੀ ਜੂਨ ਦੁਰਲੱਭ ਆ ਭਾਈ। ਇਹ ਕੋਈ ਲਾਲੇ ਦੀ ਹੱਟੀ ਨੀ! ਚੀਜ਼ਾਂ ਪੈਸਿਆਂ ‘ਚ ਏਹਦੇ ਘਾਟੇ-ਵਾਧੇ ਨੀ ਮਿਣੇ ਜਾ ਸਕਦੇ। ਜੇ ਬੰਦੇ ਦੇ ਜੀਵਨ ‘ਚ ਕੋਈ ਚਾਅ ਈ ਨਈਂ, ਕੋਈ ਖੇੜਾ-ਖੁਸ਼ੀ ਨਈਂ… ਕੋਈ ਪਰਵਾਜ਼ ਨਈਂ-ਪਤੀ ਪਤਨੀ ਦੀ ਕੋਈ ਸਾਂਝ ਈ ਨਈਂ, ਅਸਲੀ ਪਿਆਰ ਨਈਂ… ਕੋਈ ਉਤੇਜਨਾ… ਕੋਈ ਉਤਸ਼ਾਹ ਨਈਂ… ਕੋਈ ਸ਼ਾਬਾਸ਼ੇ ਨਈਂ- ਤਾਰੀਫ਼ ਨਈਂ। ਸਾਰਾ ਦਿਨ ਨੀਰਸ ਭੱਜ-ਨੱਠ, ਕੰਮ ਈ ਕੰਮ। ਭੱਠ ‘ਚ ਪਵੇ ਐਹੋ ਜੀ ਲਾਈਫ਼…।’
ਭਰਿਆ-ਪੀਤਾ ਬਲਦੇਵ ਬੇਮੁਹਾਰਾ ਵਹਿ ਤੁਰਿਆ। ਜੱਗਾ ਅਵਾਕ-ਪਰੇਸ਼ਾਨ ਸੁਣਦਾ ਰਿਹਾ! ਆਖ਼ਰ ਉਸ ਹਾਜ਼ਰੀ ਲੁਆਈ।
‘ਪਰ ਭਾਅ ਜੀ! ਏਨੀ ਸ਼ਾਨਦਾਰ ਤੁਆਡੀ ਲਾਈਫ਼ ਆ! ਏਡੀ ਸਿਆਣੀ ਤੁਹਾਡੀ ਵਾਈਫ਼ ਆ। ਤੀਵੀਆਂ ਆਲੇ ਫੈਸ਼ਨ ਨੀ-ਵਿਖਾਵਾ ਨੀ-ਕਪੜੇ-ਗੈਹਣੇ-ਨੀ…।’
ਬਲਦੇਵ ‘ਵਾਈਫ਼ ਦੇ ਸਿਆਣੀ’ ਆਖਣ ਤੋਂ ਹੋਰ ਚਿੜ੍ਹ ਗਿਆ। ਉਹ ਜੱਗੇ ਨੂੰ ਬੁੜਕ ਕੇ ਪਿਆ,
‘ਸਵਾਹ ਸਿਆਣੀ ਆ। ਊਂ ਕਵਿਤਾ ਦੀ ਤੁਕਬੰਦੀ ਲਈ ਤੇਰਾ ਟੋਟਕਾ ਵਧੀਆ ਆ। ਤੁਕਾਂਤ ਮਿਲਦੈ। ਮੇਰੀ ਲਾਈਫ਼… ਮੇਰੀ ਲਾਈਫ਼ ਨਿਰਾ ਨਰਕ ਆ, ਨਿਰਾ ਨਰਕ ਜੱਗਾ ਸਿਆਂ! ਬੀਕਾਜ਼ ਆਫ਼ ਦਿਸ ਬਲੱਡੀ ਵਾਈਫ਼, ਤੈਨੂੰ ਪਤਾ ਮੈਂ ਕਿਵੇਂ ਜੀਅ ਰਿਆਂ? ਤੂੰ ਈ ਦੱਸ, ਬੰਦਾ ਪਿਆਰ ਕਿਉਂ ਕਰਦਾ? ਬੰਦਾ ਪਿਆਰ-ਵਿਆਹ ਕਿਉਂ ਕਰੌਂਦਾ? ਫਜ਼ੂਲ ਧੰਦੇ ਪਿੱਟਣ ਨੂੰ? ਏਥੇ ਨਾ ਸੁਰ ਆ, ਨਾ ਸਵਾਦ ਆ! ਛੋਟੇ ਭਾਈ… ਮੈਂ ਇਕ ਕੁੜੀ ਨੂੰ ਪਿਆਰ ਕੀਤਾ ਸੀ! ਅਫ਼ਸਰ ਤੀਵੀਂ ਨੂੰ ਨਈਂ… ਬੇਸਿਕ ਫੀਲਿੰਗ ਮਿਸਿੰਗ ਏ ਏਹਦੇ ਰਿਸ਼ਤੇ ‘ਚੋਂ! ਇਹ ਉਹ ਮਨਰਾਜ ਨਈਂ, ਜੀਹਨੂੰ ਮੈਂ ਪਿਆਰ ਕੀਤਾ ਸੀ …। ਇਹ ਸਫ਼ਲ ਪ੍ਰਬੰਧਕ ਹੋ ਸਕਦੀ ਏ… ਚੰਗੀ ਅਧਿਆਪਕਾ ਹੋ ਸਕਦੀ ਏ… ਪਰ…। ਅਫ਼ਸਰ ਤੀਵੀਂ ਨਾਲ ਰਹਿਣਾ-ਸੌਣਾ,’ ਉਹ ਥੋੜ੍ਹਾ ਝੇਂਪਿਆ। ਪਰ ਅੰਦਰਲੇ ਅਵੇਗ ਸਦਕਾ, ”ਤੌਬਾ-ਤੌਬਾ! ਇਹ ਸਭ ਨੂੰ ਮੁਲਜ਼ਿਮ ਸਮਝਦੀ ਏ… ਆਡਰ… ਆਡਰ… ਆਡਰ…। ਕੋਈ ਰਿਸ਼ਤਾ ਨੀ। ਰਿਸ਼ਤੇ ਦੀ ਕਦਰ ਨੀ। ਤੈਨੂੰ ਪਤਾ ਈ ਆ, ਦਾਰ ਜੀ-ਝਾਈ ਜੀ ਰੁੱਸ ਕੇ ਤੁਰ-ਗੇ। ਕੋਈ ਪਰਵਾਹ ਨੀ।… ਕੀ-ਕੀ ਦਸਾਂ? ਸੁੱਕੀ ਅਫ਼ਸਰੀ ਨੂੰ ਕੋਈ ਚੱਟੂ ਜੱਗਾ ਸਿੰਆਂ। ਆਹ ਕੋਈ ਜੀਣਾਂ? ਕੋਈ ਚਾਅ ਨਈਂ… ਕੋਈ ਰਿਦਮ ਨਈਂ…।’
ਬੇਹੱਦ ਗੁੱਸੇ ਵਿਚ ਉਹ ਹੋਰ ਚਿੜਚਿੜਾ ਹੁੰਦਾ ਗਿਆ… ਹੋਰ ਬੇਬਾਕ! ਤੇ ਜੱਗਾ ਹੋਰ ਬੌਂਦਲ ਗਿਆ। ਇਕ ਪੁੱਠਾ ਸੱਚ ਉਸ ਦੇ ਹਿਰਦੇ ਨੂੰ ਹੋਰ ਪਰੇਸ਼ਾਨ ਕਰਦਾ ਰਿਹਾ,’ਬੀਵੀ ਆਪਣੇ ਤੋਂ ‘ਵੱਡੇ ਬੰਦੇ’ ਨਾਲ ਖ਼ੁਸ਼ ਰਹਿੰਦੀ ਆ। ਪਰ ਬੰਦਾ ਆਪਣੇ ਤੋਂ ‘ਵੱਡੀ ਬੀਵੀ’ ਨੂੰ ਝੱਲਦਾ ਨਈਂ। ਕਿਉਂ?’
ਬਲਦੇਵ ਆਪਣੇ ਨਵੇਂ ਇਸ਼ਕ ਦੀ ਬੁਲੰਦੀ ਤੇ ਜਿਸਮਾਨੀ ਜ਼ਰੂਰਤਾਂ ਬਾਰੇ ਹੋਰ ਗਰਮ ਤੇ ਉਤੇਜਤ ਦਲੀਲਾਂ ਦੇਣ ਲੱਗਾ। ਉਹ ਹਰ ਤਰ੍ਹਾਂ ਆਪਣੇ ਨਵੇਂ ਇਸ਼ਕ ਨੂੰ ਸਹੀ ਤੇ ਹੱਕੀ ਸਾਬਤ ਕਰਨਾ ਚਾਹੁੰਦਾ ਸੀ।
‘ਹਰੇਕ ਰਿਸ਼ਤੇਦਾਰ ਵਾਹਯਾਤ ਨੈਤਿਕਤਾ ਦਾ ਪਾਠ ਪੜ੍ਹਾਉਂਦਾ ਫਿਰਦੈ। ਲੋਕਾਚਾਰ ਦਾ ਡੰਡਾ ਮੇਰੇ ਸਿਰ ‘ਚ ਮਾਰਨਾ ਚਾਹੁੰਦਾ ਏ। ਬੰਦਾ ਪਹਿਲਾਂ ਕਿ ਲੋਕਾਚਾਰ? ਤੁਸੀਂ ਪਿਆਸੇ ਮਰ ਜਾਉ ਤਾਂ ਖੁਸ਼ ਏ ਜ਼ਮਾਨਾ! ਦੋ ਘੁੱਟ ਭਰੋ, ਸ਼ੋਰ-ਸ਼ਰਾਬਾ…। ਏਹ ਫਜ਼ੂਲ ਮਰਯਾਦਾ ਬਣਾਈ ਕੀਹਨੇ ਏ? ਜੇ ਬੰਦੇ ਨੇ ਚੱਜ ਨਾ ਜੀਣਾ ਈ ਨਈਂ ਤਾਂ… ਤਾਂ…।’

‘ਪਰ ਭਾਅ ਜੀ! ਤੁਸਾਂ ਤਾਂ ਪਿਆਰ-ਵਿਆਹ ਕਰਵਾਇਐ…।’
ਵਿਚੋਂ ਟੋਕਦਿਆਂ ਬਲਦੇਵ ਤਮਕਿਆ,
‘ਮੈਂ ਪਿਆਰ-ਵਿਆਹ ਕਰਵਾਇਆ ਸੀ, ਕੋਈ ਫਾਹਾ ਤਾਂ ਨੀ ਸੀ ਲਿਆ? ਮੈਨੂੰ ਮਰਜ਼ੀ ਨਾ ਜੀਣ ਦਾ ਹੱਕ ਨਈਂ? ਕਿਥੇ ਲਿਖਿਆ ਪਿਆਰ-ਵਿਆਹ ਕਰਕੇ ਤਲਾਕ ਨਈਂ ਹੋ ਸਕਦਾ? ਸੂਡੋ ਸੋਚ ਨੇ ਤਬਾਹ ਕਰ ਮਾਰਿਆ ਸਾਨੂੰ…,’ ਲੰਮੀ ਝਾੜ ਪਾ, ਮਸੀਂ ਬਲਦੇਵ ਦਾ ਪਾਰਾ ਉਤਰਿਆ। ਥੋੜਾ ਸਾਹ ਲੈ ਉਹ ਜੱਗੇ ਨੂੰ ਨਵੇਂ ਸਿਰਿਉਂ ਮੁਖਾਤਬ ਹੋਇਆ, ‘ਪਿਆਰੇ ਜੱਗੇ! ਪਿਆਰ ਤੇ ਪਿਆਰ-ਵਿਆਹ ਦੋ ਸਰੀਰਾਂ ਦਾ ਮੇਲ ਆ-ਦੋ ਰੂਹਾਂ ਦਾ! ਬਿਨਾਂ ਸਾਂਝ ਤੋਂ, ਬਿਨਾਂ ਤਰੰਗ ਤੋਂ ਖਾਈ-ਪੀਵੀ-ਸੌਂਈਂ ਜਾਣਾ-ਫਜੂਲ ਲੋਕਾਚਾਰੀ ਨਿਭਾਈ ਜਾਣੀ…। ਏਹੋ ਜਿਆਂ ਲਈ ਹਾਸ਼ਮ ਨੇ ਲਿਖਿਆ, ‘ਮੂਰਖ ਲੋਕ ਸਦਾ ਸੁਖ ਸੌਂਦੇ, ਖੂਬ ਕਮਾਵਣ ਪੈਸਾ’ (ਪਰ ਅਜੇ ਬਲਦੇਵ ‘ਹਾਸ਼ਮ ਇਸ਼ਕ ਰੁਲਾਏ ਗਲੀਆਂ’ ਨੂੰ ਪ੍ਰਵਾਨ ਨਹੀਂ ਸੀ ਕਰਦਾ)। ਸਾਡੇ ਆਦਮੀ ਕੀ ਤੇ ਤੀਵੀਂਆਂ ਕੀ ਜਾਗਦਾ ਪਿਆਰ ਨਈਂ ਕਰਦੇ… ਘਰ-ਗ੍ਰਹਿਸਤੀ ਤੋਰਦੇ ਆ। ਸਿਰਫ਼ ਵਿਖਾਵਾ! ਸੌਣੋਂ ਪਹਿਲਾਂ ਸੈਕਸ ਦੀ ਬੇਜਾਨ ਆਦਤ ਨਿਭਾਉਂਦੇ ਆ। ਸਾਰੀ ਊਰਜਾ-ਸਾਰਾ ਧਿਆਨ ਅੰਨ੍ਹੀ ਮਾਇਆਪ੍ਰਸਤੀ ਵਿਚ ਲਾਈ ਰੱਖਦੇ ਆ। ਇਹ ਸੋਚੇ ਬਿਨਾ ਉਹ ਜੀਂਦੇ ਕਾਹਦੇ ਲਈ ਨੇ? ਸੋਕਾਲਡ ਅਮੀਰ ਬਣਨ ਲਈ ਸੱਚੀਆਂ ਕਾਮਨਾਵਾਂ ਭੁੱਲੇ ਪਏ ਨੇ। …’, ਹਰਖੇ ਬਲਦੇਵ ਦਾ ਵਖਿਆਨ ਖਵਰੇ ਅਜੇ ਕਿੰਨਾ ਚਿਰ ਹੋਰ ਚਲਦਾ, ਫੋਨ ਦੀ ਰਿੰਗ ਨੇ ਰੁਕਾਵਟ ਪਾ ਦਿਤੀ।
ਕਾਰਡਲੈਸ ਸੈੱਟ ਮੇਜ਼ ਤੋਂ ਉਠਾਅ, ਨੰਬਰ ਪੜ੍ਹਦਾ, ਬਲਦੇਵ ਇਹ ਕਹਿੰਦਾ ਡਰਾਇੰਗ ਰੂਮ ‘ਚੋਂ ਬਾਹਰ ਨਿਕਲਿਆ, ‘ਜੱਗੇ ਯਾਰ! ਘੁੱਟ-ਘੁੱਟ ਚਾਹ ਹੋਰ ਪੀਨੇ ਆਂ।’
ਬਲਦੇਵ ਦੇ ਪਲੋਸਵੇਂ-ਪੁਚਕਾਰਵੇਂ ਮਧੁਰ ਬੋਲ ਦੱਸ ਰਹੇ ਸਨ, ‘ਫੋਨ ਕਿਸਦਾ ਹੈ?’ ਉਹ ਪਹਿਲੀ ਮਿਸ ਕਾਲ ਦਾ ਰੋਸਾ ਝੱਲਦਾ, ਬਿਜਲੀ ਕੱਟ ‘ਤੇ ਖ਼ਫ਼ਾ, ਕਾਰਡਲੈਸ ਦੀ ਰਿੰਗ ਨਾ ਵੱਜਣ ਦੀ ਅਨੋਖੀ ਜਵਾਬਤਲਬੀ ਦਿੰਦਾ, ਰਸੋਈ ‘ਚ ਜਾ ਵੜਿਆ।
ਚਾਹ ਤੇ ਬਿਸਕੁਟਾਂ ਵਾਲੀ ਟਰੇਅ ਰੱਖਦਾ, ਬਲਦੇਵ ਮੁੜ ਨਾਸ਼ਤੇ ਦੀ ਸੁਲਾਹ ਮਾਰਦਾ ਰਿਹਾ, ‘ਪਰੌਂਠੇ ਗਰਮ ਈ ਕਰਨੇ ਆਂ… ਫਾਰਮੈਲਿਟੀ ਨਈਂ…’, ਪਰ ਜੱਗੇ ਨੇ ਹਾਮੀ ਨਾ ਭਰੀ।
ਚਾਹ ਪੀਂਦਿਆਂ, ਜੱਗਾ ਕਾਰਨਸ ‘ਤੇ ਪਏ ਘੱਟੇ ਨਾਲ ਅੱਟੇ ਤਾਜ ਮਹੱਲ ਤੇ ਹੋਰ ਸ਼ੋਅਪੀਸਾਂ ਨੂੰ ਹਰਾਸੇ ਮਨ ਨਾਲ ਨਿਹਾਰਦਾ ਰਿਹਾ। ਬਲਦੇਵ ਸ਼ਾਇਦ ਹੇਮਾ ਨਾਲ ਫੋਨ ‘ਤੇ ਹੋਈ ਗੱਲਬਾਤ ਕਰਕੇ ਹੋਰ ਉਖੜਿਆ ਪਿਆ ਸੀ ਜਾਂ ਕੁਝ ਹੋਰ। ਉਹ ਖ਼ਾਮੋਸ਼ ਚਾਹ ਸਿਪ ਕਰਦਾ, ਬੈਠਾ ਰਿਹਾ। ਆਖ਼ਰ ਨੂੰ ਜੱਗੇ ਨੇ ਗੱਲ ਤੋਰੀ,
‘ਭਾਅ ਜੀ! ਕਢੋ ਕੋਈ ਤਰਕੀਬ! ਤੁਸੀਂ ਦੋਵੇਂ ਏਡੇ ਸਿਆਣੇ ਓਂ, ਏਡੇ ਗੁਣੀ-ਗਿਆਨੀ! ਆਹ ਰੱਟਾ ਮੁਕਾਓ ਕਿਸੇ ਤਰ੍ਹਾਂ… ਮੈਂ ਕਰਾਂ ਮਨਰਾਜ ਦੀਦੀ ਨਾ ਗੱਲ?’
‘ਤੇ ਹੁਣ ਬਿਨ ਗੱਲ ਕੀਤਿਆਂ ਆਏ ਓ ਜਨਾਬ! ਮੈਨੂੰ ਮੂਰਖ ਨਾ ਬਣਾਓ। ਜਾਬਾਂ ਦਾ ਭੇੜ ਬਹੁਤ ਹੋ ਗਿਆ, ਫੈਸਲਾ ਕਰਾਓ।’
‘ਜੀ ਭਾਅ ਜੀ! ਏਹੀ ਤਾਂ ਮੈਂ ਕਹਿਨਾ ਵਾਂ… ਰਲ-ਮਿਲ ਕੇ…।’
‘ਵੇਖ ਜੱਗਾ ਸਿਆਂ! ਐਵੇਂ ਕੱਟੀਆਂ-ਵੱਛੀਆਂ ਨਾ ਬੰਨ੍ਹੀ ਜਾਹ! ਸੌ ਹੱਥ ਰੱਸਾ, ਸਿਰੇ ‘ਤੇ ਗੰਢ! ਜੇ ਮੇਰੀ ਮਦਦ ਕਰ ਸਕਨੈਂ ਤੇ ਮਨਰਾਜ ਦੀ ਵੀ… ਉਸ ਨੂੰ ਤਲਾਕ ਲਈ ਮੰਨਾਅ, ਰੇੜਕਾ ਮੁਕਾਅ… ਮੈਂ ਆਪਣੇ ਘਰੇ, ਓਹ ਆਪਣੇ ਘਰੇ!’
‘ਕੀ ਕਹਿੰਦੇ ਓ ਭਾਅ ਜੀ! ਸੋਚੋ ਜ਼ਰਾ! ਮਨਰਾਜ ਦੀਦੀ ਤੁਆਡੀ ਏਡੀ ਇੱਜ਼ਤ ਕਰਦੀ ਆ… ਤੇ ਮਾਨਵ…! ਜੇ ਉਹਦੇ ਘਰ ਵਾਲੇ ਨੇ ਤਲਾਕ ਨਾ ਦਿਤਾ-ਫੇ ਕੀ ਬਣੂੰ?’
‘ਏਹ ਮੈਂ ਜਾਣਾਂ, ਮੇਰਾ ਕੰਮ… ਨਈਂ ਨਬੇੜ ਸਕਦੇ, ਪਾਸੇ ਹੋ ਜੋ। ਮੈਂ ਜਾਣਾਂ ਮਨਰਾਜ ਜਾਣੇਂ। ਊਈਂ ਮੈਨੂੰ ਪੁੱਠੇ ਪਾਠ ਨਾ ਪੜਾਓ!’
ਖ਼ਾਲੀ ਕੱਪ ਟਰੇਅ ਵਿਚ ਰੱਖਦਿਆਂ, ਉਠਦੇ ਬਲਦੇਵ ਨੇ ਤੀਲਾ-ਤੋੜ ਕੀਤੀ। ਖਵਰੇ ਹੇਮਾ ਉਡੀਕ ਰਹੀ ਸੀ! ਵੀਕ ਐਂਡ ਜੋ ਸੀ। ਬਲਦੇਵ ਦਾ ਇਹ ਦਿਨ ਹੇਮਾ ਲਈ ਰਾਖਵਾਂ ਸੀ, ਕਈ ਵਰ੍ਹਿਆਂ ਤੋਂ!
ਜੱਗੇ ਦਾ ਉਦਾਸ-ਦੁਖੀ ਮਨ ਤੜਪਿਆ,
‘ਭਾਅ ਜੀ! ਸਾਰੀ ਉਮਰ ਹਵਾ ‘ਚ ਲਟਕੋਗੇ। ਬਾਕੀਆਂ ਨੂੰ ਲਟਕਾਉਗੇ। ਸੱਚ ਕਹਾਂ-ਤੁਸੀਂ ਏਹ ਜਜ਼ਬਾਤੀ ਮੂਰਖਤਾ ਕਰ ਰਹੇ ਓ। ਖਤਰਨਾਕ ਦਲੇਰੀ ਵਿਖਾ ਰਹੇ ਓ। ਮੈਂ ਤੁਹਾਡੀ ਬੜੀ ਕਦਰ ਕਰਦਾ ਵਾਂ-ਰੂਹ ਤੋਂ। ਮੇਰੀ ਮੰਨੋਂ…।’
‘ਸੱਚ ਦੱਸ ਜੱਗਾ ਸਿਆਂ! ਤੂੰ ਮੇਰੇ ਵੱਲ ਏਂ ਕਿ ਆਪਣੀ ਸਾਲੀ ਸਾਹਿਬਾ ਵੱਲ?’
ਜੱਗਾ ਬਿਜਲੀ ਦਾ ਕਰੰਟ ਲੱਗਣ ਵਾਂਗ ਛਟਪਟਾਇਆ। ਅਵਾਕ! ਨਾਤੇ ਬਣਨ-ਵਿਗੜਨ ਦੇ ਆਰ-ਪਾਰ ਪਸਰੇ ਸੰਸਾਰ ਨੂੰ ਉਹ ਡੁੱਬਦੇ ਬੰਦੇ ਵਾਂਗ ਪਛਾਣ ਤੋਂ ਬੇਪਛਾਣ ਹੁੰਦਿਆਂ ਮਹਿਸੂਸ ਕਰਦਾ ਰਿਹਾ। ਪਤਾ ਨਾ ਲੱਗਾ ਕਦੋਂ ਕਾਲਜ ਵਿਚ ਹੋਏ ਇਕ ਕਵੀ ਦਰਬਾਰ ਮੌਕੇ ਸ਼ਾਇਰ ਮੀਸ਼ਾ ਦੀ ਸੁਣਾਈ ਨਜ਼ਮ ਦੇ ਬੋਲ ਮਨ ਵਿਚ ਜਾਗ ਉਠੇ, ‘ਤੂੰ ਲੀਕੋਂ ਕਿਹੜੇ ਪਾਸੇ ਦਾ…।’
ਲੰਮੀ ਚੁੱਪ ਮਗਰੋਂ ਮਰਨਊ ਬੋਲੀਂ, ਉਹ ਏਨਾ ਹੀ ਆਖ ਸਕਿਆ,
‘ਦੋਵਾਂ ਵੱਲ ਭਾਅ ਜੀ! ਮੈਥੋਂ ਵੱਡੇ ਓ ਤੁਸੀਂ! ਮੈਂ ਦੋਵਾਂ ਦੀ ਕਦਰ ਕਰਦਾ ਵਾਂ। ਪਾਕ ਰੂਹਾਂ ਓ ਤੁਸੀਂ-ਪਰ ਆਹ ਕਲੇਸ਼… ਸਮਝ ਨੀ ਔਂਦੀ…।’
‘ਇਕੋ ਵੇਲੇ ਤੂੰ ਸਹੇ ਵੱਲ ਵੀ ਏਂ ਤੇ ਸ਼ਿਕਾਰੀ ਕੁੱਤੇ ਵੱਲ ਵੀ, ਨਈਂ ਰੀਸਾਂ ਪਿਆਰੇ!’
ਲੰਮਾ ਸਮਾਂ ਘੁੱਟਵੀਂ ਚੁੱਪ ‘ਚ ਘਿਰਿਆ ਜੱਗਾ ਸਹੇ, ਸ਼ਿਕਾਰੀ ਤੇ ਸ਼ਿਕਾਰੀ ਕੁੱਤੇ ਦੀ ਸ਼ਨਾਖ਼ਤ ਵਿਚ ਉਲਝਿਆ ਰਿਹਾ।
‘ਏਹ ਤੇਰੇ ਵੱਸ ਦਾ ਰੋਗ ਨੀ ਜੱਗਾ ਸਿਆਂ… ਸੱਚਾ ਪਿਆਰ ਮਾਤ ਲੋਕੀਆਂ ਦੇ ਗੇੜ ਦੀ ਗੱਲ ਨੀ। ਰੂਹ ਜਾਗਦੀ ਹੋਵੇ… ਜੀਣ ਦੀ ਮਘਦੀ ਕਾਮਨਾ ਹੋਵੇ… ਸੱਚ ਨਾਲ ਖੜਨ ਦੀ ਜੁਅੱਰਤ ਹੋਵੇ… ਤਾਂ…।’
ਮਿੱਠੀ-ਮਿੱਠੀ ਰੁੱਤ ਦੇ ਬਾਵਜੂਦ ਜੱਗੇ ਨੂੰ ਤ੍ਰੇਲੀਆਂ ਛੁੱਟ ਪਈਆਂ।
ਸੱਚੇ ਤੇ ਸੁੱਚੇ ਪਿਆਰ ਦੀ ਤਕੜੀ ਤਫ਼ਸੀਲ ਦੇ ਕੇ ਬਲਦੇਵ ਨੇ ਜੱਗੇ ਨੂੰ ਸਾਡੇ ਪ੍ਰਪੰਚਾਂ ਦੀ ਅਸਲ ਫਿਤਰਤ ਸੁਣਾਈ-ਸਮਝਾਈ!
ਵਿਛੜਨ ਵੇਲੇ ਦੋਵੇਂ ਹੋਰ ਉਖੜੇ-ਉਖੜੇ ਸਨ। ਦੋਹਾਂ ਦੇ ਚਿਹਰਿਆਂ ‘ਤੇ ਡੂੰਘੀ ਪਰੇਸ਼ਾਨੀ ਸੀ। ਊਂ ਕਾਰਣ ਵੱਖ-ਵੱਖ ਸਨ।

Leave a comment