Archive for the ‘Uncategorized’ Category

ਨੇਤਰਹੀਣ (ਕਹਾਣੀ) ਹੈਮਿੰਗਵੇ

January 17, 2018

ਨੇਤਰਹੀਣ ਆਦਮੀ ਸ਼ਰਾਬ-ਖ਼ਾਨੇ ਵਿੱਚ ਮੌਜੂਦ ਸਭ ਮਸ਼ੀਨਾਂ ਦੀਆਂ ਵੱਖ ਵੱਖ ਆਵਾਜ਼ਾਂ ਨੂੰ ਸਿਆਣਦਾ ਸੀ। ਮੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਉਸਨੂੰ ਇਨ੍ਹਾਂ ਆਵਾਜ਼ਾਂ ਦੀ ਪਛਾਣ ਦੀ ਮੁਹਾਰਤ ਹਾਸਲ ਕਰਨ ਵਿੱਚ ਕਿੰਨਾ ਵਕਤ ਲੱਗਿਆ, ਲੇਕਿਨ ਉਸਨੂੰ ਕਾਫ਼ੀ ਲੰਮਾ ਅਰਸਾ ਜ਼ਰੂਰ ਲੱਗਿਆ ਹੋਵੇਗਾ, ਕਿਉਂਕਿ ਉਹ ਇੱਕ ਵਕਤ ਵਿੱਚ ਸਿਰਫ ਇੱਕ ਹੀ ਸ਼ਰਾਬ-ਖ਼ਾਨੇ ਵਿੱਚ ਕੰਮ ਕਰਦਾ ਸੀ। ਉਹ ਦੋ ਕਸਬਿਆਂ ਵਿੱਚ ਕੰਮ ਕਰਦਾ ਸੀ ਅਤੇ ਜਦੋਂ ਸ਼ਾਮ ਦਾ ਘੁਸਮੁਸਾ ਅੰਧਕਾਰ ਵਿੱਚ ਢਲ ਜਾਂਦਾ, ਤਾਂ ਉਹ ਆਪਣੇ ਫਲੈਟ ਤੋਂ ਨਿਕਲਦਾ ਅਤੇ ਵੱਡੀ ਸੜਕ ਦੇ ਕੰਢੇ ਜੈੱਸਪ ਵੱਲ ਚੱਲਣਾ ਸ਼ੁਰੂ ਹੋ ਜਾਂਦਾ। ਜਦੋਂ ਉਸਨੂੰ ਆਪਣੇ ਪਿੱਛੇ ਵਲੋਂ ਕਿਸੇ ਕਾਰ ਦੀ ਆਵਾਜ਼ ਸੁਣਾਈ ਦਿੰਦੀ, ਤਾਂ ਉਹ ਸੜਕ ਦੇ ਕੰਢੇ ਰੁਕ ਜਾਂਦਾ ਅਤੇ ਕਾਰ ਦੀਆਂ ਰੋਸ਼ਨੀਆਂ ਨੇਤਰਹੀਣ ਉੱਤੇ ਪੈਂਦੀਆਂ, ਤਾਂ ਉਹ ਰੁਕ ਜਾਂਦੇ ਅਤੇ ਉਸਨੂੰ ਆਪਣੇ ਨਾਲ ਬਿਠਾ ਲੈਂਦੇ। ਜੇਕਰ ਉਹ ਨਾ ਰੁਕਦੇ, ਤਾਂ ਉਹ ਬਰਫ ਨਾਲ ਢਕੀ ਸੜਕ ਉੱਤੇ ਚੱਲਣਾ ਸ਼ੁਰੂ ਕਰ ਦਿੰਦਾ। ਅਕਸਰ ਉਸਨੂੰ ਸਵਾਰੀ ਦਾ ਮਿਲਣਾ ਇਸ ਗੱਲ ਉੱਤੇ ਨਿਰਭਰ ਹੁੰਦਾ ਕਿ ਕਾਰ ਵਿੱਚ ਕਿੰਨੇ ਜਣੇ ਸਵਾਰ ਸਨ ਜਾਂ ਕਾਰ ਵਿੱਚ ਕੋਈ ਔਰਤ ਬੈਠੀ ਹੋਈ ਸੀ, ਕਿਉਂਕਿ ਨੇਤਰਹੀਣ ਦੇ ਕੋਲੋਂ ਖ਼ਾਸ ਤੌਰ ਉੱਤੇ ਸਰਦੀਆਂ ਵਿੱਚ ਬਹੁਤ ਗੰਦੀ ਬਦਬੂ ਆਉਂਦੀ ਸੀ। ਲੇਕਿਨ ਹਮੇਸ਼ਾ ਉਸ ਲਈ ਕੋਈ ਨਾ ਕੋਈ ਰੁਕ ਹੀ ਜਾਂਦਾ ਸੀ, ਕਿਉਂਕਿ ਉਹ ਇੱਕ ਨਾਬੀਨਾ ਇਨਸਾਨ ਸੀ।

ਹਰ ਇੱਕ ਉਸਨੂੰ ਜਾਣਦਾ ਸੀ ਅਤੇ ਉਸਨੂੰ ਬਲਾਈਂਡੀ ਕਹਿੰਦੇ ਸਨ, ਜੋ ਕਿ ਦੇਸ਼ ਦੇ ਇਸ ਹਿੱਸੇ ਵਿੱਚ ਨੇਤਰਹੀਣ ਮਨੁੱਖ ਲਈ ਇੱਕ ਅੱਛਾ ਨਾਮ ਸੀ ਅਤੇ ਜਿਸ ਸ਼ਰਾਬ-ਖ਼ਾਨੇ ਵਿੱਚ ਉਹ ਕੰਮ ਕਰਦਾ ਸੀ, ਉਸ ਦਾ ਨਾਮ ਪਾਇਲਟ ਸੀ। ਉਸ ਦੇ ਬਿਲਕੁਲ ਅੱਗੇ ਇੱਕ ਹੋਰ ਸ਼ਰਾਬ-ਖ਼ਾਨਾ ਵੀ ਸੀ ਜਿਸ ਵਿੱਚ ਜੂਆ ਖੇਡਣ ਦੀਆਂ ਮਸ਼ੀਨਾਂ ਅਤੇ ਖਾਣੇ ਵਾਲਾ ਕਮਰਾ ਸੀ, ਉਸਨੂੰ ਇੰਡੈਕਸ ਕਿਹਾ ਜਾਂਦਾ ਸੀ। ਦੋਨੋਂ ਸ਼ਰਾਬ-ਖ਼ਾਨੇ ਮਿਆਰੀ ਸਨ ਅਤੇ ਦੋਨਾਂ ਵਿੱਚ ਪੁਰਾਣੇ ਦਿਨਾਂ ਦੇ ਪੱਬ ਸਨ ਅਤੇ ਦੋਨਾਂ ਵਿੱਚ ਤਕਰੀਬਨ ਇੱਕ ਹੀ ਤਰ੍ਹਾਂ ਦੀਆਂ ਜੂਆ ਖੇਡਣ ਵਾਲੀ ਮਸ਼ੀਨਾਂ ਸਨ। ਇਹ ਇੱਕ ਵੱਖਰੀ ਗੱਲ ਹੈ ਕਿ ਤੁਹਾਨੂੰ ਪਾਇਲਟ ਵਿੱਚ ਬਿਹਤਰ ਖਾਣਾ ਮਿਲਦਾ, ਤਾਂ ਇੰਡੈਕਸ ਵਿੱਚ ਤੇਲ ਵਿੱਚ ਤੜਕਿਆ ਹੋਇਆ ਗੋਸ਼ਤ ਮਿਲ ਸਕਦਾ ਸੀ। ਇੰਡੈਕਸ ਪੂਰੀ ਰਾਤ ਖੁੱਲ੍ਹਾ ਰਹਿੰਦਾ ਸੀ ਅਤੇ ਸਵੇਰੇ ਛੇਤੀ ਹੀ ਕੰਮ ਸ਼ੁਰੂ ਕਰ ਦਿੰਦਾ ਸੀ। ਦਿਨ ਦੇ ਦਸ ਵਜੇ ਤੱਕ ਉੱਥੇ ਸ਼ਰਾਬ ਮਿਲਦੀ ਸੀ। ਜੈੱਸਪ ਵਿੱਚ ਇਹ ਦੋ ਹੀ ਸ਼ਰਾਬ-ਖ਼ਾਨੇ ਸਨ ਅਤੇ ਇਸ ਲਈ ਇਨ੍ਹਾਂ ਨੂੰ ਇਵੇਂ ਕਰਨ ਦੀ ਲੋੜ ਨਹੀਂ ਸੀ, ਪਰ ਇਹ ਇਵੇਂ ਸਨ।

ਬਲਾਈਂਡੀ ਪਾਇਲਟ ਨੂੰ ਤਰਜੀਹ ਦਿੰਦਾ ਸੀ, ਕਿਉਂਕਿ ਇਸ ਵਿੱਚ ਜਿਵੇਂ ਹੀ ਤੁਸੀਂ ਵੜਦੇ ਸਾਹਮਣੇ ਬਾਰ ਸੀ, ਮਸ਼ੀਨਾਂ ਖੱਬੇ ਹੱਥ ਵਾਲੀ ਕੰਧ ਦੇ ਐਨ ਨਾਲ ਨਾਲ ਸਨ। ਇਸ ਕਰਕੇ ਉਹ ਉਨ੍ਹਾਂ ਉੱਤੇ ਬਿਹਤਰ ਤਰੀਕੇ ਨਾਲ ਕਾਬੂ ਪਾ ਸਕਦਾ ਸੀ ਜਦੋਂ ਕਿ ਉਸਨੂੰ ਇੰਡੈਕਸ ਵਿੱਚ ਮੁਸ਼ਕਲ ਪੇਸ਼ ਆਉਂਦੀ ਸੀ, ਕਿਉਂਕਿ ਉੱਥੇ ਜਗ੍ਹਾ ਜ਼ਿਆਦਾ ਸੀ ਅਤੇ ਮਸ਼ੀਨਾਂ ਥਾਂ ਥਾਂ ਖਿੰਡਰੀਆਂ ਹੋਈਆਂ ਸਨ।

ਉਸ ਰਾਤ ਬਾਹਰ ਗ਼ਜ਼ਬ ਦੀ ਸਰਦੀ ਪੈ ਰਹੀ ਸੀ ਅਤੇ ਜਦੋਂ ਉਹ ਅੰਦਰ ਆਇਆ, ਤਾਂ ਉਸ ਦੇ ਸਿਰ ਦੇ ਵਾਲ਼ਾਂ, ਭਵਾਂ ਅਤੇ ਮੁੱਛਾਂ ਉੱਤੇ ਬਰਫ ਜਮੀ ਹੋਈ ਸੀ ਅਤੇ ਉਸ ਦੀ ਹਾਲਤ ਬਿਹਤਰ ਨਹੀਂ ਲੱਗ ਰਹੀ ਸੀ। ਉਸ ਦੀ ਗੰਧ ਤੱਕ ਜੰਮੀ ਹੋਈ ਸੀ, ਲੇਕਿਨ ਇਹ ਜ਼ਿਆਦਾ ਵਕਤ ਤੱਕ ਨਾ ਰਹੀ ਅਤੇ ਜਿਵੇਂ ਹੀ ਇਸ ਬੂਹਾ ਬੰਦ ਕੀਤਾ, ਗੰਧ ਫੈਲਣੀ ਸ਼ੁਰੂ ਹੋ ਗਈ। ਉਸਨੂੰ ਵੇਖਣਾ ਮੇਰੇ ਲਈ ਹਮੇਸ਼ਾ ਬਹੁਤ ਮੁਸ਼ਕਲ ਰਿਹਾ ਸੀ, ਲੇਕਿਨ ਮੈਂ ਉਸਨੂੰ ਧਿਆਨ ਨਾਲ ਵੇਖ ਰਿਹਾ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਉਹ ਹਮੇਸ਼ਾ ਤੋਂ ਇਵੇਂ ਹੀ ਧੁੱਤ ਰਹਿੰਦਾ ਸੀ ਅਤੇ ਮੈਂਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਇੰਨਾ ਕਿਵੇਂ ਠਰ ਗਿਆ ਸੀ। ਆਖ਼ਰ ਮੈਂ ਉਸ ਨੂੰ ਪੁੱਛਿਆ:

“ਬਲਾਈਂਡੀ ਕਿੱਥੋ ਪੈਦਲ ਚੱਲ ਕਰ ਆ ਰਹੇ ਹੋ?”

“ਵਿੱਲੀ ਸਾਅਰ ਨੇ ਮੈਨੂੰ ਰੇਲਵੇ ਪੁੱਲ ਉੱਤੇ ਕਾਰ ਵਿੱਚੋਂ ਉਤਾਰ ਦਿੱਤਾ ਸੀ… ਕੋਈ ਹੋਰ ਕਾਰ ਨਹੀਂ ਆਈ ਜਿਸ ਉੱਤੇ ਮੈਂ ਸਵਾਰ ਹੋ ਸਕਦਾ।”

“ਉਸਨੇ ਤੈਨੂੰ ਕਿਉਂ ਉਤਾਰ ਦਿੱਤਾ ਸੀ?”  ਕਿਸੇ ਨੇ ਪੁੱਛਿਆ।

“ਉਸਨੇ ਕਿਹਾ ਕਿ ਤੇਰੇ ਕੋਲੋਂ ਬਦਬੂ ਆ ਰਹੀ ਹੈ।”

ਕਿਸੇ ਨੇ ਮਸ਼ੀਨ ਦਾ ਦਸਤਾ ਖਿੱਚਿਆ ਅਤੇ ਬਲਾਈਂਡੀ ਖੜਖੜਾਹਟ ਸੁਣਨ ਲਗਾ। ਕੁੱਝ ਨਹੀਂ ਆ ਰਿਹਾ ਸੀ।

“ਕੋਈ ਡਿਊਡ ਖੇਲ ਰਿਹਾ ਹੈ?” ਉਸਨੇ ਮੈਨੂੰ ਪੁੱਛਿਆ।

“ਕੀ ਤੈਨੂੰ ਸੁਣਿਆ ਨਹੀਂ?”

“ਅਜੇ ਨਹੀਂ ਸੁਣਿਆ।”

“ਡਿਊਡ ਨਹੀਂ, ਬਲਾਈਂਡੀ ਅਤੇ ਅੱਜ ਬੁੱਧਵਾਰ ਦਾ ਦਿਨ ਹੈ।”

“ਮੈਂ ਜਾਣਦਾ ਹਾਂ ਕਿ ਅੱਜ ਕੀ ਰਾਤ ਹੈ … ਮੈਨੂੰ ਇਸ ਰਾਤ ਦੇ ਬਾਰੇ ਵਿੱਚ ਦੱਸਣਾ ਸ਼ੁਰੂ ਨਾ ਕਰ।”

ਬਲਾਈਂਡੀ ਮਸ਼ੀਨਾਂ ਵਾਲੀ ਕਤਾਰ ਦੀ ਤਰਫ਼ ਵਧਿਆ ਅਤੇ ਉਨ੍ਹਾਂ ਉੱਤੇ ਹੱਥ ਫੇਰ ਕੇ ਇਹ ਦੇਖਣ ਦੀ ਕੋਸ਼ਿਸ਼ ਕਰਨ ਲਗਾ ਕਿ ਗ਼ਲਤੀ ਨਾਲ ਕੱਪਾਂ ਵਿੱਚ ਕੁੱਝ ਰਹਿ ਤਾਂ ਨਹੀਂ ਗਿਆ। ਉੱਥੇ ਕੁੱਝ ਵੀ ਨਹੀਂ ਸੀ, ਲੇਕਿਨ ਇਸ ਤਰ੍ਹਾਂ ਵੇਖਭਾਲ ਕਰਨਾ ਉਸ ਦੇ ਕੰਮ ਦਾ ਪਹਿਲਾ ਹਿੱਸਾ ਸੀ। ਉਹ ਵਾਪਸ ਮੁੜਿਆ ਅਤੇ ਇਧਰ ਆਇਆ, ਜਿੱਥੇ ਬਾਰ ਦੇ ਕੋਲ ਅਸੀਂ ਖੜੇ ਸਾਂ ਅਤੇ ਅਲ ਚੇਨੀ ਨੇ ਉਸ ਨੂੰ ਸ਼ਰਾਬ ਲੈਣ ਦੇ ਬਾਰੇ ਵਿੱਚ ਕਿਹਾ।

“ਨਹੀਂ।” ਬਲਾਈਂਡੀ ਨੇ ਕਿਹਾ। ‘ਮੈਨੂੰ ਸੜਕਾਂ ਉੱਤੇ ਚੌਕਸ ਰਹਿਣਾ ਪੈਂਦਾ ਹੈ।।”

“ਸੜਕਾਂ ਤੋਂ ਤੁਹਾਡਾ ਕੀ ਭਾਵ ਹੈ?” ਕਿਸੇ ਨੇ ਉਸ ਨੂੰ ਪੁੱਛਿਆ। “ਤੁਸੀਂ ਤਾਂ ਸਿਰਫ ਇੱਕ ਸੜਕ ਉੱਤੇ ਜਾਂਦੇ ਹੋ … ਇੱਥੋਂ ਤੁਹਾਡੇ ਫਲੈਟ ਦੇ ਦਰਮਿਆਨ ਵਾਲੀ।“

“ਮੈਂ ਬਹੁਤ ਸੜਕਾਂ ਉੱਤੇ ਚਲਦਾ ਹਾਂ,” ਬਲਾਈਂਡੀ ਨੇ ਜਵਾਬ ਦਿੱਤਾ। “ਅਤੇ ਕਿਸੇ ਵਕਤ ਮੈਂ ਇੱਥੋਂ ਜਾਣਾ ਹੋਵੇਗਾ ਅਤੇ ਹੋਰ ਸੜਕਾਂ ਉੱਤੇ ਚੱਲਣਾ ਹੋਵੇਗਾ।”

ਕਿਸੇ ਨੇ ਮਸ਼ੀਨ ਦਾ ਦਸਤਾ ਖਿੱਚਿਆ, ਲੇਕਿਨ ਜ਼ਿਆਦਾ ਜ਼ੋਰ ਨਾਲ ਨਹੀਂ। ਬਲਾਈਂਡੀ ਬਿਲਕੁਲ ਸਿੱਧਾ ਉਸੇ ਤਰਫ਼ ਵਧਿਆ। ਇਹ ਇੱਕ ਛੋਟੀ ਮਸ਼ੀਨ ਸੀ ਅਤੇ ਇਸ ਨਾਲ ਖੇਡਣ ਵਾਲੇ ਨੌਜਵਾਨ ਨੇ ਉਸਨੂੰ ਇੱਕ ਚੁਆਨੀ ਦਿੱਤੀ ਸੀ। ਉਸ ਦੇ ਜੇਬ ਵਿੱਚ ਪਾਉਣ ਤੋਂ ਪਹਿਲਾਂ ਬਲਾਈਂਡੀ ਨੂੰ ਪਤਾ ਚੱਲ ਗਿਆ ਸੀ।

“ਧੰਨਵਾਦ!” ਉਸਨੇ ਕਿਹਾ। “ਤੂੰ ਬਹੁਤ ਜ਼ਬਰਦਸਤ ਖੇਲ ਸਕੇਂਗਾ।”

ਨੌਜਵਾਨ ਮੁੰਡੇ ਨੇ ਕਿਹਾ, “ਇਹ ਜਾਣ ਕੇ ਬਹੁਤ ਅੱਛਾ ਲੱਗਿਆ।”

ਉਸਨੇ ਮਸ਼ੀਨ ਵਿੱਚ ਇੱਕ ਛੋਟਾ ਸਿੱਕਾ ਪਾਇਆ ਅਤੇ ਉਸਨੂੰ ਹੇਠਾਂ ਖਿੱਚਿਆ।

ਉਸਨੇ ਫਿਰ ਉੱਪਰ ਖਿੱਚਿਆ, ਲੇਕਿਨ ਇਸ ਵਾਰ ਬਹੁਤ ਅੱਛਾ ਹੋਇਆ ਅਤੇ ਕੱਪ ਸਿੱਕਿਆਂ ਨਾਲ ਭਰ ਗਿਆ ਅਤੇ ਉਸਨੇ ਇੱਕ ਸਿੱਕਾ ਬਲਾਈਂਡੀ ਨੂੰ ਦਿੱਤਾ।

“ਧੰਨਵਾਦ!” ਬਲਾਈਂਡੀ ਨੇ ਕਿਹਾ। “ਤੁਸੀਂ ਬਹੁਤ ਜ਼ਬਰਦਸਤ ਕਰ ਰਹੇ ਹੋ।”

“ਅੱਜ ਦੀ ਰਾਤ ਮੇਰੀ ਰਾਤ ਹੈ।” ਨੌਜਵਾਨ ਮੁੰਡੇ ਨੇ ਕਿਹਾ, ਜੋ ਖੇਲ ਰਿਹਾ ਸੀ।

“ਤੁਹਾਡੀ ਰਾਤ ਮੇਰੀ ਵੀ ਰਾਤ ਹੈ।” ਬਲਾਈਂਡੀ ਨੇ ਕਿਹਾ ਅਤੇ ਨੌਜਵਾਨ ਮੁੰਡਾ ਖੇਡਣ ਲੱਗਿਆ, ਲੇਕਿਨ ਫਿਰ ਉਹ ਚੰਗੀ ਤਰ੍ਹਾਂ ਨਾ ਖੇਲ ਸਕਿਆ ਅਤੇ ਹਾਰਦਾ ਚਲਾ ਗਿਆ। ਬਲਾਈਂਡੀ ਉਸ ਦੇ ਪਿੱਛੇ ਆਸ ਤੇ ਖੜਾ ਰਿਹਾ ਕਿ ਸ਼ਾਇਦ ਉਸਨੂੰ ਵੀ ਕੁੱਝ ਮਿਲ ਜਾਵੇ। ਨੌਜਵਾਨ ਬਹੁਤ ਗੁੱਸੇ ਵਿੱਚ ਵਿਖਾਈ ਦੇ ਰਿਹਾ ਸੀ ਅਤੇ ਆਖ਼ਰ ਉਸਨੇ ਖੇਡਣਾ ਬੰਦ ਕਰ ਦਿੱਤਾ ਅਤੇ ਬਾਰ ਦੀ ਤਰਫ਼ ਵੱਧ ਗਿਆ। ਬਲਾਈਂਡੀ ਉਸ ਦੇ ਪਿੱਛੇ ਗਿਆ, ਲੇਕਿਨ ਉਸਨੇ ਇਸ ਗੱਲ ਦੀ ਕੋਈ ਪਰਵਾਹ ਨਾ ਕੀਤੀ। ਜਦੋਂ ਨੌਜਵਾਨ ਨੇ ਕੋਈ ਧਿਆਨ ਨਾ ਦਿੱਤਾ, ਤਾਂ ਬਲਾਈਂਡੀ ਵਾਪਸ ਮੁੜਿਆ ਅਤੇ ਉਸਨੇ ਹੱਥ ਨਾਲ ਮਸ਼ੀਨਾਂ ਦਾ ਦੁਬਾਰਾ ਜਾਇਜ਼ਾ ਲਿਆ ਅਤੇ ਉਥੇ ਹੀ ਇਸ ਇੰਤਜ਼ਾਰ ਵਿੱਚ ਖੜਾ ਹੋ ਗਿਆ ਕਿ ਕੋਈ ਆਕੇ ਖੇਡੇ।

ਪਹੀਏ ਤੇ ਅਤੇ ਮੇਜ਼ ਤੇ ਕੋਈ ਖੇਡਣ ਵਾਲਾ ਨਹੀਂ ਸੀ। ਤਾਸ਼ ਵਾਲੀਆਂ ਮੇਜ਼ਾਂ ਤੇ ਕੁਝ ਜਵਾਰੀ ਬੈਠੇ ਇੱਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ। ਕਸਬੇ ਵਿੱਚ ਇਸ ਸ਼ਾਮ ਮੁਕੰਮਲ ਖ਼ਾਮੋਸ਼ੀ ਸੀ ਅਤੇ ਕੋਈ ਜੋਸ਼ ਨਹੀਂ ਸੀ। ਬਾਰ ਦੇ ਇਲਾਵਾ ਕਿਤੇ ਹੋਰ ਰੌਣਕ ਨਹੀਂ ਸੀ, ਲੇਕਿਨ ਬਾਰ ਦੇ ਕੋਲ ਉਸ ਵਕਤ ਤੱਕ ਖ਼ੂਬ ਰੌਣਕ ਅਤੇ ਜ਼ਬਰਦਸਤ ਮਾਹੌਲ ਸੀ ਜਦੋਂ ਤੱਕ ਬਲਾਈਂਡੀ ਉੱਥੇ ਨਹੀਂ ਸੀ ਆਇਆ। ਹੁਣ ਹਰ ਸ਼ਖਸ ਇਸ ਕੋਸ਼ਿਸ਼ ਵਿੱਚ ਸੀ ਕਿ ਉਹ ਇੰਡੈਕਸ ਵਿੱਚ ਚਲਾ ਜਾਵੇ ਜਾਂ ਫਿਰ ਆਪਣੇ ਘਰ ਪਰਤ ਜਾਵੇ।

“ਟਾਮ ਤੂੰ ਕੀ ਲਏਂਗਾ;” ਬਾਰਟੈਂਡਰ, ਫਰੈਂਕ ਨੇ ਮੈਥੋਂ ਪੁੱਛਿਆ। “ਇਹ ਮੇਰੇ ਵਲੋਂ ਸਹੀ।”

“ਮੈਂ ਪੀਣ ਦਾ ਮਨ ਬਣਾ ਰਿਹਾ ਹਾਂ।”

“ਪਹਿਲਾਂ ਇਹ ਇੱਕ ਲੈ ਲੈ।”

“ਮੈਂ ਵੀ ਇਹੀ ਸੋਚ ਰਿਹਾ ਹਾਂ,” ਮੈਂ ਕਿਹਾ।

ਫਰੈਂਕ ਉਸ ਅਜਨਬੀ ਨੌਜਵਾਨ ਦੀ ਤਰਫ਼ ਆਕਰਸ਼ਿਤ ਹੋਇਆ, ਜਿਸ ਨੇ ਭਾਰੀ ਭਰਕਮ ਕੱਪੜੇ ਪਹਿਨੇ ਹੋਏ ਸੀ ਅਤੇ ਸਿਰ ਉੱਤੇ ਕਾਲ਼ਾ ਹੈਟ ਧਰਿਆ ਸੀ। ਉਸਨੇ ਤਾਜ਼ਾ ਤਾਜ਼ਾ ਸ਼ੇਵ ਕਰ ਰੱਖੀ ਸੀ ਅਤੇ ਉਸ ਦੇ ਚਿਹਰੇ ਦੇ ਹਾਲ ਤੋਂ ਲੱਗ ਰਿਹਾ ਸੀ ਕਿ ਉਸਨੇ ਕਾਫ਼ੀ ਬਰਫ਼ਬਾਰੀਆਂ ਝੱਲੀਆਂ ਹਨ।

“ਤੂੰ ਕੀ ਲੈਣਾ ਪਸੰਦ ਕਰੇਂਗਾ?”

ਨੌਜਵਾਨ ਨੇ ਵੀ ਉਹੀ ਪਸੰਦ ਕੀਤੀ। ਵਿਸਕੀ ਓਲਡ ਫੋਰਸਟਰ ਸੀ।

ਮੈਂ ਉਸਨੂੰ ਇਸ਼ਾਰਾ ਕੀਤਾ ਅਤੇ ਆਪਣਾ ਪੈੱਗ ਉੱਪਰ ਚੁੱਕਿਆ ਅਤੇ ਅਸੀਂ ਦੋਨਾਂ ਨੇ ਚੁਸਕੀਆਂ ਨਾਲ ਪੀਣੀ ਸ਼ੁਰੂ ਕਰ ਦਿੱਤੀ। ਬਲਾਈਂਡੀ ਮਸ਼ੀਨਾਂ ਦੀ ਕਤਾਰ ਦੇ ਆਖ਼ਰ ਵਿੱਚ ਸੀ। ਮੈਂ ਸੋਚਿਆ ਕਿ ਉਹ ਸਮਝ ਗਿਆ ਸੀ ਅਤੇ ਉਸਨੂੰ ਬੂਹੇ ਤੇ ਵੇਖਕੇ ਕੋਈ ਅੰਦਰ ਨਹੀਂ ਆਵੇਗਾ। ਇਹ ਗੱਲ ਨਹੀਂ ਕਿ ਇਸ ਬਾਰੇ ਉਹ ਸੁਚੇਤ ਸੀ।

“ਇਸ ਆਦਮੀ ਦੀ ਨਿਗਾਹ ਕਿਵੇਂ ਚਲੀ ਗਈ?” ਨੌਜਵਾਨ ਨੇ ਮੈਨੂੰ ਪੁੱਛਿਆ।

“ਇੱਕ ਲੜਾਈ ਵਿੱਚ।” ਫਰੈਂਕ ਨੇ ਉਸਨੂੰ ਦੱਸਿਆ।

“ਮੈਂ ਨਹੀਂ ਜਾਣਦਾ।” ਮੈਂ ਉਸਨੂੰ ਦੱਸਿਆ।

“ਲੜਾਈ ਵਿੱਚ?” ਅਜਨਬੀ ਨੇ ਕਿਹਾ। ਉਹ ਆਪਣਾ ਸਿਰ ਹਿਲਾ ਰਿਹਾ ਸੀ।

“ਜੀ ਹਾਂ।” ਫਰੈਂਕ ਨੇ ਕਿਹਾ। “ਇਸਨੂੰ ਉਸੇ ਲੜਾਈ ਵਿੱਚ ਉੱਚੀ ਆਵਾਜ਼ ਵੀ ਮਿਲੀ ਸੀ। ਟਾਮ ਉਸਨੂੰ ਦੱਸ ਦੇ।”

“ਮੈਂ ਇਸ ਬਾਰੇ ਕਦੇ ਨਹੀਂ ਸੁਣਿਆ।”

“ਨਹੀਂ, ਤੂੰ ਨਹੀਂ ਜਾਣਦਾ,” ਫਰੈਂਕ ਨੇ ਕਿਹਾ। “ਯਕੀਨਨ ਨਹੀਂ … ਤੂੰ ਇਥੇ ਨਹੀਂ ਸੀ, ਮੈਂ ਜਾਣਦਾ ਹਾਂ … ਜਨਾਬ ਉਹ ਰਾਤ ਅੱਜ ਦੀ ਰਾਤ ਜਿੰਨੀ ਠੰਡੀ ਸੀ … ਹੋ ਸਕਦਾ ਹੈ ਕਿ ਅੱਜ ਨਾਲੋਂ ਜ਼ਿਆਦਾ ਠੰਡੀ ਹੋਵੇ … ਉਹ ਬਹੁਤ ਤੇਜ਼ ਲੜਾਈ ਸੀ … ਮੈਂ ਉਸ ਦਾ ਆਗਾਜ਼ ਨਹੀਂ ਵੇਖਿਆ ਸੀ … ਤੱਦ ਉਹ ਇੱਕ ਦੂਜੇ ਨਾਲ ਲੜਦੇ ਹੋਏ ਇੰਡੈਕਸ ਦੇ ਬੂਹੇ ਤੋਂ ਬਾਹਰ ਨਿਕਲੇ –  ਬਲੈਕੀ, ਜੋ ਹੁਣ ਬਲਾਈਂਡੀ ਹੈ ਅਤੇ ਦੂਜਾ ਮੁੰਡਾ ਵਿੱਲੀ ਸਾਅਰ … ਦੋਨੋਂ ਇੱਕ ਦੂਜੇ ਨੂੰ ਘਸੁੰਨ ਮਾਰ ਰਹੇ … ਗੋਡੇ ਮਾਰ ਰਹੇ ਸਨ … ਦੰਦੀਆਂ ਵੱਢ ਰਹੇ ਸਨ … ਨੋਚ ਰਹੇ ਸਨ ਅਤੇ ਮੈਂ ਵੇਖਿਆ ਕਿ ਬਲੈਕੀ ਦੀ ਇੱਕ ਅੱਖ ਦਾ ਡੇਲਾ ਉਹਦੀ ਗੱਲ੍ਹ ਉੱਤੇ ਲਟਕ ਰਿਹਾ ਸੀ … ਉਹ ਦੋਨੋਂ ਲੜਦੇ ਲੜਦੇ ਸੜਕ ਉੱਤੇ ਪਈ ਹੋਈ ਬਰਫ ਦੇ ਢੇਰ ਉੱਤੇ ਚਲੇ ਗਏ … ਇਨ੍ਹਾਂ ਉੱਤੇ ਇਸ ਬੂਹੇ ਅਤੇ ਇੰਡੈਕਸ ਦੇ ਬੂਹੇ ਦੀ ਰੋਸ਼ਨੀ ਪੈ ਰਹੀ ਸੀ … ਹੋਲਜ਼ ਸਾਂਡਜ਼, ਵਿੱਲੀ ਸਾਅਰ ਦੇ ਬਿਲਕੁਲ ਪਿੱਛੇ ਸੀ ਜੋ ਅੱਖ ਕਢ ਰਿਹਾ ਸੀ… ਉਹ ਅੱਖ ਨੋਚਣ ਦੇ ਬਾਰੇ ਵਿੱਚ ਕਹਿ ਰਿਹਾ ਸੀ … ਹੋਲਜ਼ ਚਿਲਾ ਰਿਹਾ ਸੀ।

“ਇਸਨੂੰ ਖਾ ਲੈ … ਇਸਨੂੰ ਅੰਗੂਰ ਦੀ ਤਰ੍ਹਾਂ ਖਾ ਲੈ ……”

ਬਲੈਕੀ ਉਸ ਵਕਤ ਵਿੱਲੀ ਸਾਅਰ ਦੇ ਚਿਹਰੇ ਨੂੰ ਨੋਚ ਰਿਹਾ ਸੀ … ਉਸਨੇ ਉਸ ਦੇ ਚਿਹਰੇ ਨੂੰ ਵਿਗਾੜ ਕੇ ਰੱਖ ਦਿੱਤਾ ਸੀ ਅਤੇ ਇਸ ਵਕਤ ਉਸਨੇ ਇੱਕ ਹੋਰ ਜ਼ਬਰਦਸਤ ਵਾਰ ਕੀਤਾ ਸੀ … ਫਿਰ ਉਹ ਦੋਨੋਂ ਬਰਫ ਉੱਤੇ ਡਿੱਗ ਗਏ ਸਨ ਅਤੇ ਵਿੱਲੀ ਸਾਅਰ ਉਸ ਦੀ ਅੱਖ ਕਢਣ ਵਿੱਚ ਕਾਮਯਾਬ ਹੋ ਗਿਆ … ਤੱਦ ਬਲੈਕੀ ਨੇ ਅਜਿਹੀ ਚੀਖ਼ ਮਾਰੀ ਕਿ ਤੁਸੀਂ ਕਦੇ ਨਹੀਂ ਸੁਣੀ ਹੋਣੀ…ਜੰਗਲੀ ਜਾਨਵਰ ਜਦੋਂ ਕਤਲ ਹੁੰਦੇ ਚੀਖ਼ ਮਾਰਦਾ ਹੈ, ਉਸ ਨਾਲੋਂ ਵੀ ਜ਼ਿਆਦਾ ਉੱਚੀ ਸੀ ……“

ਬਲਾਈਂਡੀ ਸਾਡੇ ਸਾਹਮਣੇ ਆ ਗਿਆ ਅਤੇ ਉਸ ਦੀ ਬਦਬੂ ਮਹਿਸੂਸ ਕਰਕੇ ਅਸੀਂ ਮੁੜ ਪਏ।

“ਅੰਗੂਰ ਦੀ ਤਰ੍ਹਾਂ ਚੱਬ ਜਾ ਇਸਨੂੰ।” ਉਸਨੇ ਉੱਚੀ ਆਵਾਜ਼ ਵਿੱਚ ਕਿਹਾ ਅਤੇ ਉਸਨੇ ਆਪਣਾ ਸਿਰ ਉੱਪਰ ਹੇਠਾਂ ਹਿਲਾਂਦੇ ਹੋਏ ਸਾਡੀ ਤਰਫ਼ ਵੇਖਿਆ। “ਇਹ ਖੱਬੀ ਅੱਖ ਸੀ … ਉਸਨੇ ਦੂਜੀ ਅੱਖ ਕਿਸੇ ਦੇ ਕਹਿਣ ਦੇ ਬਿਨਾਂ ਕੱਢ ਦਿੱਤੀ ਸੀ … ਉਸਨੇ ਮੈਨੂੰ ਇਸ ਹਾਲਤ ਵਿੱਚ ਲਤਾੜ ਦਿੱਤਾ ਜਦੋਂ ਮੈਂ ਉਸਨੂੰ ਵੇਖ ਨਹੀਂ ਸਕਦਾ ਸੀ … ਇਹ ਬਹੁਤ ਭੈੜਾ ਹੋਇਆ ਸੀ।” ਉਸਨੇ ਖ਼ੁਦ ਨੂੰ ਥਾਪੜਿਆ।

“ਮੈਂ ਉਸ ਵਕਤ ਅੱਛਾ ਲੜਾਕਾ ਸੀ,” ਉਸਨੇ ਕਿਹਾ। ਮੇਰੇ ਸੰਭਲਣ ਤੋਂ ਪਹਿਲਾਂ ਹੀ ਉਸਨੇ ਮੇਰੀ ਅੱਖ ਕਢ ਸੁੱਟੀ … ਇਹ ਉਸ ਦੀ ਖੁਸ਼ਕਿਸਮਤੀ ਸੀ … ਖੈਰ।” ਉਸਨੇ ਕਿਸੇ ਕੁੜੱਤਣ ਦੇ ਬਿਨਾਂ ਕਿਹਾ। “ਇਵੇਂ ਮੇਰੇ ਲੜਾਈ ਦੇ ਦਿਨ ਖ਼ਤਮ ਹੋ ਗਏ।”

“ਬਲੈਕੀ ਨੂੰ ਸ਼ਰਾਬ ਦਿਓ।” ਮੈਂ ਫਰੈਂਕ ਨੂੰ ਕਿਹਾ।

“ਟਾਮ, ਬਲਾਈਂਡੀ ਮੇਰਾ ਨਾਮ ਹੈ … ਮੈਂ ਇਹ ਨਾਮ ਕਮਾਇਆ ਹੈ … ਤੁਸੀਂ ਮੈਨੂੰ ਇਹ ਨਾਮ ਕਮਾਉਂਦੇ ਵੇਖਿਆ ਹੈ … ਇਹ ਉਹੀ ਵਿਅਕਤੀ ਹੈ ਜਿਸ ਨੇ ਅੱਜ ਮੈਨੂੰ ਸੜਕ ਤੇ ਲਾਹ ਦਿੱਤਾ ਸੀ… ਉਸੇ ਨੇ ਅੱਖ ਕਢ ਦਿੱਤੀ ਸੀ … ਅਸੀਂ ਦੋਸਤ ਕਦੇ ਨਹੀਂ ਸੀ ਬਣੇ।”

“ਤੁਸੀਂ ਉਸ ਦੇ ਨਾਲ ਕੀ ਕੀਤਾ ਸੀ?” ਅਜਨਬੀ ਨੇ ਪੁੱਛਿਆ।

“ਓਹ ਤੁਸੀਂ ਉਸਨੂੰ ਇੱਥੇ ਹੀ ਵੇਖ ਲਓਗੇ।” ਬਲਾਈਂਡੀ ਨੇ ਕਿਹਾ। “ਤੁਸੀਂ ਉਸਨੂੰ ਵੇਖਦੇ ਹੀ ਪਛਾਣ ਲਓਗੇ… ਮੈਂ ਇਸ ਨੂੰ ਤਾਜੁਬ ਰਹਿਣ ਦਵਾਂਗਾ।”

“ਤੁਸੀਂ ਉਸਨੂੰ ਵੇਖਣਾ ਨਹੀਂ ਚਾਹੋਗੇ,” ਮੈਂ ਅਜਨਬੀ ਨੂੰ ਦੱਸਿਆ।

“ਤੈਨੂੰ ਪਤਾ ਹੈ ਕਿ ਇਹ ਇੱਕ ਵਜ੍ਹਾ ਹੈ ਕਿ ਮੈਂ ਕੁੱਝ ਦੇਰ ਲਈ ਵੇਖਣਾ ਚਾਹੁੰਦਾ ਹਾਂ,” ਬਲਾਈਂਡੀ ਨੇ ਕਿਹਾ। “ਮੈਂ ਉਸਨੂੰ ਕੁੱਝ ਦੇਰ ਲਈ ਵੇਖਣਾ ਚਾਹੁੰਦਾ ਹਾਂ।”

“ਤੈਨੂੰ ਪਤਾ ਹੈ ਕਿ ਉਹ ਕਿਹੋ ਜਿਹਾ ਵਿਖਾਈ ਦਿੰਦਾ ਹੈ।” ਫਰੈਂਕ ਨੇ ਉਸਨੂੰ ਦੱਸਿਆ। “ਤੂੰ ਉਸ ਦੇ ਕੋਲ ਗਿਆ ਸੀ ਅਤੇ ਉਸ ਦੇ ਚਿਹਰਾ ਤੇ ਹੱਥ ਫੇਰੇ ਸੀ।”

“ਅੱਜ ਫਿਰ ਮੈਂ ਇਹੀ ਕੀਤਾ,” ਬਲਾਈਂਡੀ ਨੇ ਖੁਸ਼ੀ ਨੂੰ ਕਿਹਾ। “ਇਹੀ ਵਜ੍ਹਾ ਹੈ ਕਿ ਉਸਨੇ ਮੈਨੂੰ ਕਾਰ ਤੋਂ ਉਤਾਰ ਦਿੱਤਾ ਸੀ … ਉਹ ਉੱਕਾ ਮਜ਼ਾਹੀਆ ਨਹੀਂ ਹੈ … ਮੈਂ ਉਸਨੂੰ ਅਜਿਹੀ ਹੀ ਇੱਕ ਠੰਡੀ ਰਾਤ ਵਿੱਚ ਦੱਸ ਦਿੱਤਾ ਸੀ ਕਿ ਉਹ ਆਪਣੇ ਆਪ ਨੂੰ ਢੱਕ ਕੇ ਰੱਖੇ ਤਾਂ ਜੋ ਉਹਦੇ ਚਿਹਰੇ ਨੂੰ ਸਾਰੇ ਅੰਦਰ ਤੋਂ ਸਰਦੀ ਨਾ ਲੱਗ ਜਾਵੇ… ਉਸਨੇ ਉਸਨੂੰ ਮਜ਼ਾਕ ਨਹੀਂ ਸਮਝਿਆ ਸੀ …ਤੁਸੀਂ ਜਾਣਦੇ ਹੋ ਉਸ ਵਿੱਲੀ ਸਾਅਰ ਨੂੰ, ਉਹ ਕਦੇ ਹੰਢਿਆ ਵਰਤਿਆ ਆਦਮੀ ਨਹੀਂ ਬਣ ਸਕੇਗਾ।“

“ਬਲੈਕੀ ਇਹ ਮੇਰੇ ਵਲੋਂ ਪੀਓ,” ਫਰੈਂਕ ਨੇ ਕਿਹਾ। ਮੈਂ ਤੈਨੂੰ ਘਰ ਨਹੀਂ ਛੱਡ ਕੇ ਆ ਸਕਦਾ, ਕਿਉਂਕਿ ਮੈਂ ਇੱਥੇ ਨੇੜੇ ਹੀ ਰਹਿੰਦਾ ਹਾਂ ਅਤੇ ਤੈਨੂੰ ਪਿੱਛੇ ਸੌਣ ਲਈ ਜਗ੍ਹਾ ਮਿਲ ਜਾਵੇਗੀ।”

“ਫਰੈਂਕ ਤੁਹਾਡਾ ਬੇਹੱਦ ਧੰਨਵਾਦ …… ਤੁਸੀਂ ਮੈਨੂੰ ਬਲੈਕੀ ਨਾ ਕਿਹਾ ਕਰੋ … ਹੁਣ ਮੈਂ ਬਲੈਕੀ ਨਹੀਂ ਹਾਂ … ਮੇਰਾ ਨਾਮ ਬਲਾਈਂਡੀ ਹੈ।”

“ਬਲਾਈਂਡੀ, ਸ਼ਰਾਬ ਲੈ।”

“ਠੀਕ ਹੈ ਜਨਾਬ।” ਬਲਾਈਂਡੀ ਨੇ ਕਿਹਾ। ਉਸਨੇ ਅੱਗੇ ਹੱਥ ਵਧਾਇਆ ਅਤੇ ਗਲਾਸ ਫੜ ਲਿਆ। ਫਿਰ ਉਸਨੇ ਸਾਡੇ ਤਿੰਨਾਂ ਦੇ ਐਨ ਬਰਾਬਰ ਗਲਾਸ ਉੱਪਰ ਉਠਾਇਆ।

“ਵਿੱਲੀ ਸਾਅਰ ਦੇ ਨਾਮ,” ਉਸਨੇ ਕਿਹਾ। “ਉਹ ਯਕੀਨਨ ਇਸ ਵਕਤ ਆਪਣੇ ਘਰ ਵਿੱਚ ਤਨਹਾ ਬੈਠਾ ਹੋਵੇਗਾ … ਓਹ ਵਿੱਲੀ, ਭੋਰਾ ਨਹੀਂ ਪਤਾ ਉਸਨੂੰ ਮਜ਼ਾ ਕੀ ਹੁੰਦਾ ਹੈ।”

Advertisements

ਖ਼ੁਫ਼ੀਆ ਚਮਤਕਾਰ (ਕਹਾਣੀ) – ਹੋਰਹੇ ਲੂਈਸ ਬੋਰਹੇਸ

January 11, 2018

ਅਤੇ ਖ਼ੁਦਾ ਨੇ ਉਸਨੂੰ ਸੌ ਸਾਲ ਦੀ ਮੁੱਦਤ ਲਈ ਮੌਤ ਦੇ ਦਿੱਤੀ।
ਫਿਰ ਉਸਨੂੰ ਜ਼ਿੰਦਾ ਕੀਤਾ ਅਤੇ ਕਿਹਾ, ’’ਤੂੰ ਇੱਥੇ ਕਿੰਨੇ ਦਿਨ ਰਿਹਾ?”
’’ਇੱਕ ਦਿਨ ਜਾਂ ਉਸ ਦਾ ਕੁੱਝ ਹਿੱਸਾ,” ਉਸਨੇ ਜਵਾਬ ਦਿੱਤਾ
(ਅਲ-ਕੁਰਾਨ: ਅਲਬਕਰ, 259)

ਨਾ-ਮੁਕੰਮਲ ਦੁਖਾਂਤ ਨਾਟਕ ‘ਦੁਸ਼ਮਨ’ ਦੇ, ‘ਸਦੀਵਤਾ ਦੀ ਪੁਸ਼ਟੀ’ ਦੇ ਅਤੇ ‘ਜੈਕਬ ਬੋਹਮ ਦੇ ਅਪ੍ਰਤੱਖ ਯਹੂਦੀ ਸਰੋਤਾਂ ਉੱਤੇ ਅਧਾਰਿਤ ਇੱਕ ਪੜਚੋਲ’ ਦੇ ਲੇਖਕ ਜਾਰੋਮੀਰ ਹਲਾਦੀਕ ਨੇ 14 ਮਾਰਚ 1939 ਦੀ ਰਾਤ ਨੂੰ ਪਰਾਗ ਦੀ ਇੱਕ ਗਲੀ ਜ਼ੇਲਟਰਨਰਗਾਸੇ ਦੇ ਇੱਕ ਮਕਾਨ ਵਿੱਚ ਸੁਪਨੇ ਵਿੱਚ ਸ਼ਤਰੰਜ ਦੀ ਇੱਕ ਲੰਮੀ ਲਮਕ ਗਈ ਬਾਜ਼ੀ ਵੇਖੀ। ਖਿਡਾਰੀ ਦੋ ਵਿਅਕਤੀ ਨਹੀਂ ਸਗੋਂ ਦੋ ਮਸ਼ਹੂਰ ਖ਼ਾਨਦਾਨ ਸਨ, ਅਤੇ ਖੇਲ ਸਦੀਆਂ ਤੋਂ ਜਾਰੀ ਸੀ। ਕਿਸੇ ਨੂੰ ਨਹੀਂ ਯਾਦ ਕਿ ਕੀ ਸ਼ਰਤਾਂ ਬੰਨ੍ਹੀਆਂ ਗਈਆਂ, ਮਗਰ ਉਹ ਗ਼ੈਰਮਾਮੂਲੀ ਸਨ, ਸ਼ਾਇਦ ਅਨੰਤ। ਮੋਹਰੇ ਅਤੇ ਬਿਸਾਤ ਇੱਕ ਖ਼ੁਫ਼ੀਆ ਮੀਨਾਰ ਵਿੱਚ ਮੌਜੂਦ ਸਨ। ਜਾਰੋਮੀਰ (ਆਪਣੇ ਸੁਪਨੇ ਵਿੱਚ) ਮੁਕਾਬਲੇ ਵਿੱਚ ਮਸ਼ਗ਼ੂਲ ਖ਼ਾਨਦਾਨਾਂ ਵਿੱਚੋਂ ਇੱਕ ਦਾ ਜੇਠਾ ਪੁੱਤਰ ਸੀ। ਘੜੀ ਨੇ ਅਗਲੀ ਚਾਲ ਚਲਣ ਦੀ ਘੰਟੀ ਵਜਾਈ ਜਿਸਨੂੰ ਮੁਲਤਵੀ ਨਹੀਂ ਕੀਤਾ ਜਾ ਸਕਦਾ ਸੀ। ਸੁਪਨੇ ਦੇਖਣ ਵਾਲਾ ਇੱਕ ਬਰਸਾਤੀ ਮਾਰੂਥਲ ਵਿੱਚ ਸਰਪਟ ਭੱਜਦਾ ਚਲਾ ਜਾ ਰਿਹਾ ਸੀ ਅਤੇ ਸ਼ਤਰੰਜ ਦੇ ਮੋਹਰੇ ਅਤੇ ਖੇਲ ਦੇ ਕਾਨੂੰਨ ਭੁੱਲ ਚੁੱਕਿਆ ਸੀ। ਇਸ ਘੜੀ ਉਸ ਦੀ ਅੱਖ ਖੁੱਲ ਗਈ। ਮੀਂਹ ਅਤੇ ਹੌਲਨਾਕ ਘੜੀਆਂ ਦੀ ਝਨਕਾਰ ਥੰਮ ਗਈ। ਜ਼ੇਲਟਰਨਰਗਾਸੇ ਵਲੋਂ ਕਦਮ-ਤਾਲ ਸੁਣਾਈ ਦਿੱਤੀ ਜਿਸ ਵਿੱਚ ਟੁੱਟਵੀਆਂ ਹੁਕਮੀਆ ਆਵਾਜ਼ਾਂ ਵੀ ਸ਼ਾਮਿਲ ਸਨ। ਇਹ ਪਹੁ ਫੁੱਟਾਲਾ ਸੀ ਅਤੇ ਨਾਜ਼ੀ ਟੈਂਕਾਂ ਦਾ ਹਰਾਵਲ ਦਸਤਾ ਪਰਾਗ ਵਿੱਚ ਦਾਖਿਲ ਹੋ ਰਿਹਾ ਸੀ।

19 ਤਾਰੀਖ਼ ਨੂੰ ਸ਼ਹਿਰ ਦੇ ਹਾਕਮਾਂ ਨੂੰ ਜਾਰੋਮੀਰ ਹਲਾਦੀਕ ਦੇ ਦੋਸ਼ੀ ਹੋਣ ਦੀ ਇੱਤਲਾਹ ਦਿੱਤੀ ਗਈ, ਉਸੇ ਦਿਨ ਸ਼ਾਮ ਨੂੰ ਉਹਨੂੰ ਗਿਰਫਤਾਰ ਕਰ ਲਿਆ ਗਿਆ। ਉਸਨੂੰ ਇੱਕ ਰੋਗਾਣੂ-ਪਾਕ ਜਗ੍ਹਾ ਲੈ ਜਾਇਆ ਗਿਆ, ਇਹ ਦਰਿਆ ਵਲਟਾਵਾ ਦਰਿਆ ਦੇ ਪਰਲੇ ਕੰਢੇ ਉੱਤੇ ਸਥਿਤ ਸਫੈਦ ਬੈਰਕਾਂ ਸਨ। ਉਹ ਖ਼ੁਫ਼ੀਆ ਪੁਲਿਸ ਗੇਸਟਾਪੋ ਦੇ ਲਗਾਏ ਹੋਏ ਕਿਸੇ ਵੀ ਇਲਜ਼ਾਮ ਨੂੰ ਰੱਦ ਨਹੀਂ ਕਰ ਸਕਿਆ, ਉਸ ਦੀ ਮਾਂ ਦਾ ਖ਼ਾਨਦਾਨੀ ਨਾਮ ਜਾਰੋਸਲਾਵਸਕੀ ਸੀ, ਉਹ ਯਹੂਦੀ ਨਸਲ ਦਾ ਸੀ, ਉਸ ਦੇ ਬੋਹਮ ਦੇ ਅਧਿਅਨ ਸਦਕਾ ਉਸ ਉੱਤੇ ਸਪਸ਼ਟ ਯਹੂਦੀ ਪ੍ਰਭਾਵ ਸਨ, ਆਂਸ਼ਲੋਸ (ਯਾਨੀ ਆਸਟਰੀਆ ਦੇ ਨਾਜ਼ੀ ਜਰਮਨੀ ਦੇ ਨਾਲ ਜਬਰੀ ਏਕੀਕਰਨ) ਦੇ ਵਿਰੁੱਧ ਉਸ ਦੇ ਦਸਤਖ਼ਤ ਮੌਜੂਦ ਸਨ। 1928 ਵਿੱਚ ਉਸਨੇ ਹਰਮਨ ਬਾਰਸੀਡੋਰਫ਼ ਨਾਮੀ ਪ੍ਰਕਾਸ਼ਨ ਇਦਾਰੇ ਲਈ ਯਹੂਦੀ ਇਰਫ਼ਾਨੀ ਸਾਹਿਤ ਦੀ ਪਹਿਲੀ ਕਿਤਾਬ ‘ਸਫ਼ਰ ਯਤਜ਼ੀਰਾ’ ਦਾ ਅਨੁਵਾਦ ਕੀਤਾ ਸੀ। ਪ੍ਰਕਾਸ਼ਨ ਇਦਾਰੇ ਦੀ ਨਾਗਵਾਰ ਕੈਟਾਲਾਗ ਨੇ ਇਸ਼ਤਿਹਾਰੀ ਮਕਸਿਦਾਂ ਲਈ ਅਨੁਵਾਦਕ ਦੀ ਸ਼ੋਭਾ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ, ਅਤੇ ਕੈਟਾਲਾਗ ਦਾ ਮੁਆਇਨਾ ਜੂਲੀਅਸ ਰੂਥ ਨਾਮੀ ਇੱਕ ਅਧਿਕਾਰੀ ਨੇ ਕੀਤਾ ਜਿਸਦੇ ਹੱਥ ਵਿੱਚ ਹਲਾਦੀਕ ਦਾ ਮੁਕੱਦਰ ਸੀ। ਆਪਣੀ ਸਪੈਸ਼ਲਿਟੀ ਤੋਂ ਬਾਹਰ ਸ਼ਾਇਦ ਹੀ ਕੋਈ ਜਣਾ ਹੋਵੇਗਾ ਜੋ ਜਲਦ ਭਰੋਸਾ ਕਰਨ ਵਾਲਾ ਨਾ ਹੋਵੇ, ਬੱਸ ਦੋ ਜਾਂ ਤਿੰਨ ਵਿਸ਼ੇਸ਼ਣਾਂ ਦਾ ਗੌਥਿਕ ਸ਼ੈਲੀ ਵਿੱਚ ਇਸਤੇਮਾਲ ਹੀ ਜੂਲੀਅਸ ਰੂਥ ਨੂੰ ਹਲਾਦੀਕ ਦੀ ਅਹਮੀਅਤ ਜਤਾਉਣ ਲਈ ਕਾਫ਼ੀ ਸੀ, ਅਤੇ ਉਸਨੇ ਹੋਰਨਾਂ ਨੂੰ ਚੌਕੰਨੇ ਕਰਨ ਦੀ ਖਾਤਰ ਉਸਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। 29 ਮਾਰਚ ਨੂੰ ਸਵੇਰ ਦੇ ਨੌਂ ਵਜੇ ਸਜ਼ਾ ਨੂੰ ਅਮਲੀ ਜਾਮਾ ਪਹਿਨਾਉਣਾ ਸੀ। ਇਸ ਦੇਰੀ (ਜਿਸਦੀ ਅਹਮੀਅਤ ਪਾਠਕ ਨੂੰ ਬਾਅਦ ਵਿੱਚ ਸਮਝ ਆਵੇਗੀ) ਦੀ ਵਜ੍ਹਾ ਇਹ ਸੀ ਕਿ ਹਾਕਮ ਲੋਕ ਸਬਜੀਆਂ ਅਤੇ ਪੌਦਿਆਂ ਦੀ ਤਰ੍ਹਾਂ ਗ਼ੈਰ-ਸ਼ਖ਼ਸੀ ਅੰਦਾਜ਼ ਵਿੱਚ ਸਹਿਜ ਢੰਗ ਨਾਲ ਅੱਗੇ ਵਧਣਾ ਚਾਹੁੰਦੇ ਸਨ।
ਹਲਾਦੀਕ ਦਾ ਪਹਿਲਾ ਪ੍ਰਤੀਕਰਮ ਮਹਿਜ਼ ਦਹਿਸ਼ਤ ਸੀ। ਉਹ ਫ਼ਾਂਸੀ ਦੇ ਤਖ਼ਤੇ, ਪੱਥਰਾਂ ਜਾਂ ਖ਼ੰਜਰ ਤੋਂ ਇੰਨਾ ਜ਼ਿਆਦਾ ਖ਼ੌਫ਼ਜ਼ਦਾ ਨਹੀਂ ਸੀ ਪਰ ਬੰਦੂਕਾਂ ਨਾਲ ਲੈਸ ਦਸਤੇ ਦੀਆਂ ਗੋਲੀਆਂ ਦਾ ਸਾਹਮਣਾ ਕਰਨਾ ਅਸਹਿ ਸੀ। ਐਵੇਂ ਹੀ ਉਸਨੇ ਆਪਣੇ ਆਪ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦਹਿਲ ਦੀ ਵਜ੍ਹਾ ਮੌਤ ਦਾ ਘਟ ਜਾਣਾ ਸੀ ਉਸ ਦੀਆਂ ਠੋਸ ਹਾਲਤਾਂ ਨਹੀਂ। ਉਹ ਥੱਕਣ ਦੇ ਬਿਨਾਂ ਇਹ ਸਭ ਹਾਲਤਾਂ ਖ਼ਿਆਲਾਂ ਵਿੱਚ ਲਿਆਂਦਾ ਰਿਹਾ ਅਤੇ ਬੁੱਧੂਆਂ ਵਾਂਗ ਕੁੱਲ ਸੰਭਵ ਰੂਪਾਂਤਰਾਂ ਦੀ ਕਲਪਨਾ ਦੀ ਕੋਸ਼ਿਸ਼ ਕਰਦਾ ਰਿਹਾ। ਇਵੇਂ ਹੀ ਨੀਂਦ-ਰਹਿਤ ਸਵੇਰ ਤੋਂ ਲੈ ਕੇ ਰਹੱਸਮਈ ਗੋਲੀਆਂ ਚੱਲਣ ਤੱਕ ਆਪਣੇ ਮਰਨ ਦੇ ਅਮਲ ਦੇ ਸੰਬੰਧ ਵਿੱਚ ਉਹ ਅਨੰਤ ਤੌਰ ਤੇ ਸੋਚਦਾ ਰਿਹਾ। ਜੂਲੀਅਸ ਰੂਥ ਦੁਆਰਾ ਮਿਥੇ ਦਿਨ ਦੇ ਪਹਿਲਾਂ ਉਹ ਸੈਂਕੜੇ ਮੌਤਾਂ ਮਰ ਚੁੱਕਿਆ ਸੀ, ਜੁਮੈਟਰੀ ਨੂੰ ਲਲਕਾਰਦੀਆਂ ਸ਼ਕਲਾਂ ਅਤੇ ਕੋਣਾਂ ਵਾਲੇ ਅਹਾਤਿਆਂ ਵਿੱਚ, ਅਨੇਕ ਨਵੇਂ ਨਵੇਂ ਸਿਪਾਹੀਆਂ ਦੀਆਂ ਗੋਲੀਆਂ ਨਾਲ, ਕਦੇ ਉਸਨੂੰ ਕੁੱਝ ਫ਼ਾਸਲੇ ਤੋਂ ਮਾਰਿਆ ਗਿਆ ਸੀ ਅਤੇ ਕਦੇ ਐਨ ਨੇੜੇ ਤੋਂ। ਉਸਨੇ ਉਨ੍ਹਾਂ ਕਾਲਪਨਿਕ ਮੌਤਾਂ ਦਾ ਸਾਹਮਣਾ ਹਕੀਕੀ ਦਹਿਸ਼ਤ (ਸ਼ਾਇਦ ਹਕੀਕੀ ਦਲੇਰੀ) ਨਾਲ ਕੀਤਾ। ਹਰ ਵਹਿਮ ਦਾ ਸਮਾਂ ਕੁੱਝ ਹੀ ਸੈਕਿੰਡ ਸੀ। ਜਦੋਂ ਇਹ ਚੱਕਰ ਖਤਮ ਹੋਇਆ ਤਾਂ ਜਾਰੋਮੀਰ ਇੱਕ ਵਾਰ ਫਿਰ, ਅਤੇ ਇਸ ਵਾਰ ਅਨੰਤ ਤੌਰ ਤੇ, ਆਪਣੀ ਮੌਤ ਦੀ ਪੂਰਵ-ਸੰਧਿਆ ਦੀਆਂ ਘੜੀਆਂ ਵਿੱਚ ਪਰਤ ਆਇਆ। ਫਿਰ ਉਸਨੇ ਸੋਚਿਆ ਕਿ ਹਕੀਕਤ ਅਤੇ ਇਸ ਦੇ ਸੰਬੰਧ ਵਿੱਚ ਸਾਡੀਆਂ ਭਵਿੱਖਬਾਣੀਆਂ ਆਮ ਤੌਰ ਤੇ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀਆਂ। ਆਪਣੇ ਅਵੈੜ ਮੰਤਕ ਦੇ ਜ਼ਰੀਏ ਉਸਨੇ ਇਹ ਅਨੁਮਾਨ ਲਗਾਇਆ ਕਿ ਕਿਸੇ ਘਟਨਾ ਦੇ ਵੇਰਵੇ ਦਾ ਪੂਰਵ-ਅਨੁਮਾਨ ਲਾਉਣਾ ਉਸ ਨੂੰ ਘਟਣ ਤੋਂ ਰੋਕ ਸਕਦਾ ਹੈ। ਇਸ ਕਮਜ਼ੋਰ ਜਾਦੂ ਉੱਤੇ ਯਕੀਨ ਕਰਦੇ ਹੋਏ ਉਸ ਨੇ ਖ਼ੁਦ ਉਨ੍ਹਾਂ ਘਟਨਾਵਾਂ ਨੂੰ ਘਟਣ ਤੋਂ ਰੋਕਣ ਲਈ ਅਤਿ ਹੌਲਨਾਕ ਹੋਰ ਘਟਨਾਵਾਂ ਈਜਾਦ ਕੀਤੀਆਂ। ਆਖ਼ਰਕਾਰ ਕੁਦਰਤੀ ਤੌਰ ਤੇ ਉਸਨੂੰ ਇਹ ਖ਼ਦਸ਼ਾ ਤਾਂ ਹੋਣਾ ਹੀ ਸੀ ਕਿ ਇਹ ਪੇਸ਼ੀਨਗੋਈਆਂ ਪੈਗੰਬਰੀ ਹਨ। ਖ਼ਸਤਾ-ਹਾਲ ਰਾਤਾਂ ਵਿੱਚ ਉਹ ਵਕਤ ਦੇ ਭਗੌੜੇ ਸਾਰ ਨਾਲ ਚਿੰਬੜੇ ਰਹਿਣ ਲਈ ਸੰਘਰਸ਼ ਕਰਦਾ ਰਿਹਾ। ਉਸਨੂੰ ਪਤਾ ਸੀ ਕਿ ਵਕਤ ਉਨੱਤੀ ਤਰੀਕ ਦਾ ਸੂਰਜ ਚੜ੍ਹਨ ਵਾਲੇ ਪਾਸੇ ਤੇਜ਼ੀ ਨਾਲ ਵਧ ਰਿਹਾ ਹੈ। ਉਸਨੇ ਬੜੀ ਦਲੀਲਬਾਜ਼ੀ ਕੀਤੀ: ਮੈਂ ਇਸ ਵਕਤ ਬਾਈ ਦੀ ਰਾਤ ਗੁਜ਼ਾਰ ਰਿਹਾ ਹਾਂ, ਜਦੋਂ ਤੱਕ ਇਹ ਰਾਤ ਬਾਕੀ ਹੈ (ਅਤੇ ਛੇ ਹੋਰ ਰਾਤਾਂ) ਮੈਂ ਅਜਿੱਤ ਅਤੇ ਅਮਰ ਹਾਂ। ਨੀਦ ਦੀਆਂ ਆਪਣੀਆਂ ਰਾਤਾਂ ਉਸਨੂੰ ਅਜਿਹੇ ਡੂੰਘੇ ਕਾਲੇ ਤਾਲਾਬ ਲੱਗੀਆਂ, ਜਿਨ੍ਹਾਂ ਵਿੱਚ ਉਹ ਆਪਣਾ ਆਪ ਡੁਬੋ ਸਕਦਾ ਸੀ। ਅਜਿਹੀਆਂ ਘੜੀਆਂ ਵੀ ਬੀਤੀਆਂ ਜਦੋਂ ਉਹ ਗੋਲੀਆਂ ਦੀ ਉਸ ਆਖ਼ਰੀ ਬੁਛਾੜ ਦਾ ਸ਼ਿੱਦਤ ਨਾਲ ਚਾਹਵਾਨ ਸੀ, ਜੋ ਉਸਨੂੰ ਚੰਗੇ ਜਾਂ ਭੈੜੇ ਨਤੀਜਿਆਂ ਸਹਿਤ, ਆਪਣੇ ਖ਼ਿਆਲਾਂ ਦੇ ਵਿਅਰਥ ਜਬਰ ਤੋਂ ਆਜ਼ਾਦ ਕਰ ਦੇਵੇ। ਅਠਾਈ ਦੀ ਸ਼ਾਮ ਜਦੋਂ ਸੂਰਜ ਦਾ ਆਖ਼ਰੀ ਛਿਪਣ ਸਲਾਖਾਂ ਲੱਗੀਆਂ ਬਾਰੀਆਂ ਨਾਲ ਅਠਖੇਲੀਆਂ ਕਰ ਰਿਹਾ ਸੀ, ਆਪਣੇ ਨਾਟਕ ‘ਦੁਸ਼ਮਨ’ ਦੇ ਖ਼ਿਆਲ ਨੇ ਉਸ ਦਾ ਧਿਆਨ ਇਨ੍ਹਾਂ ਘੋਰ-ਘਟੀਆ ਖ਼ਿਆਲਾਂ ਤੋਂ ਹਟਾ ਦਿਤਾ।
ਹਲਾਦੀਕ ਆਪਣੀ ਉਮਰ ਦੇ ਚਾਲੀਵੇਂ ਸਾਲ ਨੂੰ ਪਾਰ ਕਰ ਚੁੱਕਾ ਸੀ। ਕੁੱਝ ਦੋਸਤੀਆਂ ਅਤੇ ਕਈ ਆਦਤਾਂ ਨੂੰ ਛੱਡ ਕੇ, ਉਸ ਦੀ ਜ਼ਿੰਦਗੀ ਦਾ ਹਾਸਲ ਸਾਹਿਤਕ ਸਰਗਰਮੀਆਂ ਸਨ। ਸਭਨਾਂ ਲਿਖਾਰੀਆਂ ਦੀ ਤਰ੍ਹਾਂ ਉਸ ਦੇ ਨਜ਼ਦੀਕ ਹੋਰਨਾਂ ਦੀਆਂ ਕਾਮਯਾਬੀਆਂ ਦਾ ਪੈਮਾਨਾ ਉਨ੍ਹਾਂ ਦੀ ਕਾਰਕਰਦਗੀ ਸੀ, ਜਦੋਂ ਕਿ ਆਪਣੇ ਸੰਬੰਧੀ ਉਸ ਦਾ ਕਹਿਣਾ ਸੀ ਕਿ ਉਸ ਦੀ ਕਾਮਯਾਬੀ ਦਾ ਪੈਮਾਨਾ ਉਸ ਦੇ ਰਚਣਈ ਟੀਚਿਆਂ ਅਤੇ ਮਨਸੂਬਿਆਂ ਨੂੰ ਮੰਨਿਆ ਜਾਵੇ। ਉਸ ਦੀਆਂ ਸਾਰੀਆਂ ਛਪੀਆਂ ਹੋਈਆਂ ਕਿਤਾਬਾਂ ਨੇ ਉਸਨੂੰ ਪਛਤਾਵੇ ਦੇ ਇੱਕ ਜਟਿਲ ਅਹਿਸਾਸ ਵੱਲ ਤੋਰਿਆ ਸੀ। ਉਸ ਦੁਆਰਾ ਬੋਹਮ ਦੀ, ਇਬਨ ਅਜ਼ਰਾ ਦੀ ਅਤੇ ਰਾਬਰਟ ਫਲੱਡ ਦੀ ਪੜਚੋਲ ਲਾਜਿਮੀ ਤੌਰ ਤੇ ਮਹਿਜ਼ ਐਪਲੀਕੇਸ਼ਨ ਦਾ ਇੱਕ ਉਤਪਾਦ ਸੀ, ਅਤੇ ਉਸ ਦਾ ਸਫ਼ਰ ਯਤਜ਼ੀਰਾ ਦਾ ਅਨੁਵਾਦ ਬੇਗੌਰੀ, ਥਕਾਵਟ ਅਤੇ ਅਟਕਲਬਾਜ਼ੀ ਦਾ ਲਖਾਇਕ ਸੀ। ਉਸਦੇ ਨਿਰਣੇ ਅਨੁਸਾਰ ‘ਸਦੀਵਤਾ ਦੀ ਪੁਸ਼ਟੀ’ ਦੇ ਵਿੱਚ ਸ਼ਾਇਦ ਕੁੱਝ ਘੱਟ ਖਾਮੀਆਂ ਸਨ। ਪਹਿਲੀ ਜਿਲਦ ਸਦੀਵਤਾ ਸੰਬੰਧੀ ਵੱਖ ਵੱਖ ਇਨਸਾਨੀ ਖ਼ਿਆਲਾਂ ਦਾ ਇਤਿਹਾਸ ਸੀ, ਅਤੇ ਇਹ ਪਾਰਮੇਨੀਡੀਜ ਦੇ ਸਥਿਰ ਪ੍ਰਾਣੀ ਤੋਂ ਸ਼ੁਰੂ ਹੋ ਕੇ ਜੇਮਜ਼ ਹਿੰਟਨ ਦੇ ਬਦਲਣਯੋਗ ਅਤੀਤ ਤੱਕ ਮੁੱਕਦੀ ਸੀ। ਦੂਜੀ ਜਿਲਦ (ਫਰਾਂਸਿਸ ਬਰੈਡਲੇ ਦੇ ਨਾਲ) ਇਸ ਧਾਰਨਾ ਨੂੰ ਰੱਦ ਕਰਨ ਉੱਤੇ ਅਧਾਰਿਤ ਸੀ ਕਿ ਕਾਇਨਾਤ ਦੀਆਂ ਕੁੱਲ ਘਟਨਾਵਾਂ ਸਮੇਂ ਦੇ ਸਿਲਸਿਲੇ ਨਾਲ ਬੱਝੀਆਂ ਹਨ, ਇਸ ਦਲੀਲ ਦੇ ਨਾਲ ਕਿ ਸੰਭਵ ਇਨਸਾਨੀ ਅਨੁਭਵਾਂ ਦੀ ਤਾਦਾਦ ਅਨੰਤ ਨਹੀਂ ਹੈ ਅਤੇ ਇੱਕ ਵਾਹਿਦ ਦੁਹਰਾਓ ਇਹ ਸਾਬਤ ਕਰਨ ਲਈ ਕਾਫ਼ੀ ਹੈ ਕਿ ਸਮਾਂ ਇੱਕ ਗ਼ਫ਼ਲਤ ਹੈ… ਬਦਕਿਸਮਤੀ ਨਾਲ ਉਹ ਦਲੀਲਾਂ ਜੋ ਇਸ ਗ਼ਫ਼ਲਤ ਦੀ ਵਿਆਖਿਆ ਕਰਦੀਆਂ ਹਨ ਉਹ ਵੀ ਘੱਟ ਗ਼ਲਤ ਨਹੀਂ ਹਨ। ਇਨ੍ਹਾਂ ਘਿਣਾਉਣੀਆਂ ਜਟਿਲ ਦਲੀਲਾਂ ਦਾ ਜਾਇਜ਼ਾ ਲੈਣਾ ਹਲਾਦੀਕ ਦੀ ਆਦਤ ਸੀ। ਉਸਨੇ ਕੁੱਝ ਅਭਿਵਿਅੰਜਨਾਵਾਦੀ ਕਵਿਤਾਵਾਂ ਵੀ ਲਿਖੀਆਂ ਸਨ, ਅਤੇ ਸ਼ਾਇਰ ਲਈ ਇਹ ਪਰੇਸ਼ਾਨੀ ਵਾਲੀ ਗੱਲ ਸੀ, 1924 ਵਿਚ ਇਹ ਇਕ ਸੰਗ੍ਰਹਿ ਵਿਚ ਸ਼ਾਮਲ ਕੀਤੀਆਂ ਗਈਆਂ ਸੀ, ਅਤੇ ਉਸ ਤਾਰੀਖ਼ ਦੇ ਬਾਅਦ ਦਾ ਕੋਈ ਸੰਗ੍ਰਿਹ ਨਹੀਂ ਸੀ ਜਿਸ ਨੇ ਉਨ੍ਹਾਂ ਨੂੰ ਵਿਰਸੇ ਵਿੱਚ ਪ੍ਰਾਪਤ ਨਹੀਂ ਕੀਤਾ ਸੀ। ਹਲਾਦੀਕ ਨੂੰ ਉਮੀਦ ਸੀ ਕਿ ਉਸ ਦਾ ਕਾਵਿ ਨਾਟਕ ‘ਦੁਸ਼ਮਨ’ ਇਸ ਕੁੱਲ ਗ਼ੈਰ-ਤਸੱਲੀਬਖ਼ਸ਼ ਅਤੇ ਨਿਸਤੇਜ਼ ਅਤੀਤ ਤੋਂ ਛੁਟਕਾਰਾ ਦਿਵਾ ਸਕੇਗਾ। (ਹਲਾਦੀਕ ਦੇ ਖ਼ਿਆਲ ਵਿੱਚ ਥੀਏਟਰ ਲਈ ਪਦ ਰੂਪ ਬਿਹਤਰ ਸੀ ਕਿਉਂਕਿ ਇਹ ਦਰਸ਼ਕਾਂ ਨੂੰ ਅਵਾਸਤਵਿਕਤਾ ਨੂੰ ਭੁੱਲ ਜਾਣ ਤੋਂ ਰੋਕਦੀ ਹੈ, ਜੋ ਕਿ ਕਲਾ ਦੀ ਜ਼ਰੂਰੀ ਸ਼ਰਤ ਹੈ।
ਇਸ ਰਚਨਾ ਨੇ ਨਾਟਕੀ (ਸਮਾਂ, ਸਥਾਨ ਅਤੇ ਕਾਰਜ ਦੀਆਂ) ਏਕਤਾਵਾਂ ਨੂੰ ਬਰਕਰਾਰ ਰੱਖਿਆ। ਨਾਟਕ ਦਾ ਕਾਰਜ ਹਰਾਦਸ਼ਾਨੀ ਵਿੱਚ ਬੈਰਨ ਰੋਮੇਰਸਟੈਡ ਦੀ ਲਾਇਬਰੇਰੀ ਵਿੱਚ ਉਨੀਵੀਂ ਸਦੀ ਦੀਆਂ ਆਖ਼ਰੀ ਸ਼ਾਮਾਂ ਵਿੱਚੋਂ ਇੱਕ ਸ਼ਾਮ ਨੂੰ ਵਾਪਰਦਾ ਹੈ। ਪਹਿਲੇ ਸੀਨ ਦੇ ਪਹਿਲੇ ਐਕਟ ਵਿੱਚ ਇੱਕ ਅਜਨਬੀ ਆਦਮੀ ਰੋਮੇਰਸਟੈਡ ਨਾਲ ਮੁਲਾਕਾਤ ਲਈ ਆਉਂਦਾ ਹੈ। (ਇੱਕ ਘੜੀ ਉੱਤੇ ਸੱਤ ਵੱਜਣ ਵਾਲੇ ਹਨ, ਡੁੱਬਦੇ ਹੋਏ ਸੂਰਜ ਦੀਆਂ ਕਿਰਨਾਂ ਪੂਰੀ ਸਰਗਰਮੀ ਨਾਲ ਬਾਰੀਆਂ ਨੂੰ ਆਪਣੇ ਨੂਰ ਨਾਲ ਰੁਸ਼ਨਾ ਰਹੀਆਂ ਹਨ, ਇੱਕ ਜਜ਼ਬਾਤੀ, ਜਾਣੀ ਪਛਾਣੀ ਹੰਗੇਰੀ ਸੰਗੀਤ ਦੀ ਧੁਨ ਸੁਣਾਈ ਦੇ ਰਹੀ ਹੈ।) ਇਸ ਮੁਲਾਕਾਤ ਦੇ ਬਾਅਦ ਹੋਰ ਮੁਲਾਕਾਤੀ ਆਉਣਾ ਸ਼ੁਰੂ ਹੋ ਜਾਂਦੇ ਹਨ। ਰੋਮੇਰਸਟੈਡ ਉਨ੍ਹਾਂ ਲੋਕਾਂ ਨੂੰ ਨਹੀਂ ਜਾਣਦਾ ਜੋ ਉਸ ਨੂੰ ਮਿਲਣ ਆ ਰਹੇ ਹਨ, ਮਗਰ ਉਸ ਨੂੰ ਇਹ ਬੇਚੈਨ ਕਰ ਦੇਣ ਵਾਲਾ ਅਹਿਸਾਸ ਹੈ ਕਿ ਉਸਨੇ ਉਨ੍ਹਾਂ ਨੂੰ ਪਹਿਲਾਂ ਕਿਤੇ ਵੇਖਿਆ ਹੈ, ਸ਼ਾਇਦ ਕਿਸੇ ਸੁਪਨੇ ਵਿੱਚ। ਉਂਜ ਤਾਂ ਉਹ ਉਸ ਦੇ ਸਾਹਮਣੇ ਟੋਡੀਪਣੇ ਦਾ ਮੁਜ਼ਾਹਰਾ ਕਰਦੇ ਹਨ, ਮਗਰ ਪਹਿਲਾਂ ਦਰਸ਼ਕਾਂ ਨੂੰ, ਅਤੇ ਬਾਅਦ ਵਿੱਚ ਬੈਰਨ ਨੂੰ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਖ਼ੁਫ਼ੀਆ ਦੁਸ਼ਮਨ ਹਨ ਜੋ ਉਸ ਦੀ ਤਬਾਹੀ ਲਈ ਜੁੜੇ ਹਨ। ਰੋਮੇਰਸਟੈਡ ਉਨ੍ਹਾਂ ਦੀਆਂ ਚਾਲਾਂ ਨੂੰ ਰੋਕਣ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ। ਸੰਵਾਦ ਦੇ ਦੌਰਾਨ ਉਸ ਦੀ ਮਹਿਬੂਬਾ ਜੂਲੀਆ ਡੀ ਵੀਡੀਨਾਓ ਅਤੇ ਇੱਕ ਆਦਮੀ ਜਾਰੋਸਲਾਵ ਕਿਊਬਿਨ ਦਾ ਜ਼ਿਕਰ ਆਉਂਦਾ ਹੈ, ਜੋ ਇਕ ਸਮੇਂ ਉਸ ਦਾ ਪ੍ਰੇਮੀ ਸੀ। ਕਿਊਬਿਨ ਹੁਣ ਆਪਣੀ ਯਾਦਾਸ਼ਤ ਖੋਹ ਚੁੱਕਿਆ ਹੈ ਅਤੇ ਆਪਣੇ ਆਪ ਨੂੰ ਰੋਮੇਰਸਟੈਡ ਸਮਝਦਾ ਹੈ। ਖ਼ਤਰੇ ਵਧਦੇ ਜਾਂਦੇ ਹਨ ਅਤੇ ਰੋਮੇਰਸਟੈਡ ਦੂਜੇ ਐਕਟ ਦੀ ਸਮਾਪਤੀ ਉੱਤੇ ਸਾਜ਼ਿਸ਼ੀਆਂ ਵਿੱਚੋਂ ਇੱਕ ਨੂੰ ਕਤਲ ਕਰਨ ਉੱਤੇ ਮਜਬੂਰ ਹੋ ਜਾਂਦਾ ਹੈ। ਤੀਸਰਾ ਅਤੇ ਆਖ਼ਰੀ ਐਕਟ ਸ਼ੁਰੂ ਹੁੰਦਾ ਹੈ। ਨਾਸਾਜ਼ਗਾਰੀਆਂ ਸਹਿਜੇ ਸਹਿਜੇ ਵਧਦੀਆਂ ਜਾਂਦੀਆਂ ਹਨ। ਐਕਟਰ ਜੋ ਖੇਲ ਤੋਂ ਖ਼ਾਰਜ ਹੋ ਚੁੱਕੇ ਲੱਗਦੇ ਸਨ ਇੱਕ ਵਾਰ ਫਿਰ ਪਰਗਟ ਹੋ ਜਾਂਦੇ ਹਨ, ਉਹ ਆਦਮੀ ਜਿਸਨੂੰ ਰੋਮੇਰਸਟੈਡ ਕਤਲ ਕਰ ਚੁੱਕਿਆ ਸੀ ਇੱਕ ਪਲ ਲਈ ਵਾਪਸ ਆ ਜਾਂਦਾ ਹੈ। ਕੋਈ ਨੋਟ ਕਰਦਾ ਹੈ ਕਿ ਸ਼ਾਮ ਅਜੇ ਨਹੀਂ ਢਲੀ, ਘੜੀ ਸੱਤਵਾਂ ਘੰਟਾ ਵਜਾਉਂਦੀ ਹੈ, ਉੱਚੀਆਂ ਬਾਰੀਆਂ ਦੀਆਂ ਚੌਗਾਠਾਂ ਵਿੱਚ ਪੱਛਮੀ ਸੂਰਜ ਲਿਸ਼ਕਾਂ ਮਾਰਦਾ ਹੈ, ਮਾਹੌਲ ਹੰਗੇਰੀਆਈ ਧੁਨਾਂ ਨਾਲ ਨਸ਼ਿਆਇਆ ਹੈ। ਪਹਿਲਾ ਐਕਟਰ ਮੁੜ ਸਾਕਾਰ ਹੁੰਦਾ ਹੈ ਅਤੇ ਪਹਿਲੇ ਸੀਨ ਦੇ ਪਹਿਲੇ ਐਕਟ ਦੀਆਂ ਅਦਾ ਕੀਤੀਆਂ ਗਈਆਂ ਸਤਰਾਂ ਦੁਹਰਾਉਂਦਾ ਹੈ। ਰੋਮੇਰਸਟੈਡ ਕਿਸੇ ਹੈਰਤ ਦੇ ਬਿਨਾਂ ਉਸ ਨਾਲ ਗੱਲ ਕਰਦਾ ਹੈ। ਦਰਸ਼ਕ ਸਮਝ ਜਾਂਦੇ ਹਨ ਕਿ ਰੋਮੇਰਸਟੈਡਤ ਅਸਲ ਵਿੱਚ ਵਿਚਾਰਾ ਜਾਰੋਸਲਾਵ ਕਿਊਬਿਨ ਹੈ। ਨਾਟਕ ਤਾਂ ਕਦੇ ਪੇਸ਼ ਹੀ ਨਹੀਂ ਕੀਤਾ ਗਿਆ, ਇਹ ਤਾਂ ਉਹ ਚੱਕਰੀ ਚੌਂਧੀ ਦਾ ਆਲਮ ਹੈ ਜਿਸ ਵਿੱਚ ਕਿਊਬਿਨ ਅਨੰਤ ਤੌਰ ਤੇ ਵਾਰ ਵਾਰ ਜ਼ਿੰਦਾ ਹੁੰਦਾ ਹੈ।
ਹਲਾਦੀਕ ਨੇ ਕਦੇ ਖ਼ੁਦ ਨੂੰ ਇਹ ਸਵਾਲ ਨਹੀਂ ਕੀਤਾ ਕਿ ਉਸ ਦੀਆਂ ਗ਼ਲਤੀਆਂ ਦੀ ਟ੍ਰੈਜੀਕਮੇਡੀ ਊਲਜਲੂਲ ਮਜ਼ਾਹੀਆ ਸੀ ਜਾਂ ਤਾਰੀਫ਼ਯੋਗ, ਸੋਚੀ ਸਮਝੀ ਸੀ ਜਾਂ ਬੇਸਿਰ ਪੈਰ। ਉਸਨੇ ਮਹਿਸੂਸ ਕੀਤਾ ਕਿ ਇਹ ਪਲਾਟ ਉਸ ਦੀਆਂ ਕੋਤਾਹੀਆਂ ਨੂੰ ਛਿਪਾਉਣ ਅਤੇ ਯੋਗਤਾਵਾਂ ਨੂੰ ਪਰਗਟ ਕਰਨ ਲਈ ਬਿਹਤਰੀਨ ਕਾਢ ਸੀ, ਅਤੇ ਸੰਭਾਵਨਾ ਸੀ ਕਿ ਉਹ ਆਪਣੀ ਜ਼ਿੰਦਗੀ ਦੇ ਅਰਥਾਂ ਨੂੰ (ਪ੍ਰਤੀਕ ਵਜੋਂ) ਦੁਬਾਰਾ ਹਾਸਲ ਕਰ ਸਕੇ। ਉਸਨੇ ਪਹਿਲੇ ਐਕਟ ਅਤੇ ਤੀਸਰੇ ਦੇ ਇੱਕ ਜਾਂ ਦੋ ਦ੍ਰਿਸ਼ਾਂ ਨੂੰ ਮੁਕੰਮਲ ਕੀਤਾ, ਕਾਵਿਕ ਬਹਿਰ ਦੇ ਸਦਕਾ ਉਸ ਲਈ ਇਹ ਸੰਭਵ ਸੀ ਕਿ ਉਹ ਖਰੜਾ ਸਾਹਮਣੇ ਰੱਖੇ ਬਿਨਾਂ ਹੈਕਸਾਮੀਟਰ ਵਿੱਚ ਰੱਦੋਬਦਲ ਦੀ ਮਦਦ ਨਾਲ ਆਪਣਾ ਕੰਮ ਦੁਹਰਾਉਂਦਾ ਰਹੇ। ਉਸਨੇ ਸੋਚਿਆ ਕਿ ਅਜੇ ਵੀ ਦੋ ਐਕਟ ਬਾਕੀ ਹਨ ਅਤੇ ਉਹ ਮੌਤ ਦੇ ਐਨ ਕਰੀਬ ਹੈ। ਉਸ ਨੇ ਹਨੇਰੇ ਵਿੱਚ ਖ਼ੁਦਾ ਨੂੰ ਇਵੇਂ ਸੰਬੋਧਨ ਕੀਤਾ: ਜੇਕਰ ਮੇਰਾ ਵਜੂਦ ਹੈ, ਜੇਕਰ ਮੈਂ ਤੁਹਾਡੀਆਂ ਦੁਹਰਾਈਆਂ ਜਾਂ ਗ਼ਲਤੀਆਂ ਵਿੱਚੋਂ ਇੱਕ ਨਹੀਂ ਹਾਂ, ਜੇ ‘ਦੁਸ਼ਮਨ’ ਦੇ ਲੇਖਕ ਦੀ ਹੈਸੀਅਤ ਵਿੱਚ ਮੇਰਾ ਵਜੂਦ ਹੈ, ਮੈਨੂੰ ਇਸ ਨਾਟਕ ਨੂੰ ਮੁਕੰਮਲ ਕਰਨ ਲਈ, ਜੋ ਤੁਹਾਨੂੰ ਸਹੀ ਠਹਿਰਾਉਣ ਲਈ, ਮੈਨੂੰ ਜਾਇਜ਼ ਠਹਿਰਾਉਣ ਲਈ ਲੋੜੀਂਦਾ ਹੈ, ਇੱਕ ਸਾਲ ਹੋਰ ਦਰਕਾਰ ਹੈ। ਤਾਂ ਤੁਸੀਂ ਜੋ ਸਦੀਆਂ ਅਤੇ ਜ਼ਮਾਨੇ ਦੇ ਮਾਲਕ ਹੋ, ਮੈਨੂੰ ਇਹ ਮੁੱਦਤ ਬਖ਼ਸ਼ ਦੇਵੋ। ਇਹ ਆਖ਼ਰੀ ਰਾਤ ਸੀ, ਸਭ ਤੋਂ ਜ਼ਿਆਦਾ ਦਹਿਸ਼ਤ ਭਰੀ, ਪਰ ਦਸ ਮਿੰਟ ਬਾਅਦ ਨੀਂਦ ਨੇ ਡੂੰਘੇ ਸਿਆਹ ਸਾਗਰ ਦੀ ਤਰ੍ਹਾਂ ਉਸਨੂੰ ਆਪਣੀ ਆਗ਼ੋਸ਼ ਵਿੱਚ ਲੈ ਲਿਆ ਸੀ।
ਸਵੇਰ ਹੋਣ ਦੇ ਕਰੀਬ ਉਸਨੇ ਸੁਪਨੇ ਵਿੱਚ ਵੇਖਿਆ ਕਿ ਉਹ ਕਲੇਮਨਟਾਈਨ ਲਾਇਬਰੇਰੀ ਦੇ ਨੇਵਾਂ ਵਿੱਚੋਂ ਇੱਕ ਵਿੱਚ ਲੁੱਕਿਆ ਬੈਠਾ ਹੈ। ਇੱਕ ਕਾਲੇ ਸ਼ੀਸ਼ਿਆਂ ਵਾਲੀ ਐਨਕ ਵਾਲਾ ਲਾਇਬਰੇਰੀਅਨ ਉਸ ਨੂੰ ਸਵਾਲ ਕਰਦਾ ਹੈ: ਤੁਸੀਂ ਕੀ ਤਲਾਸ਼ ਕਰ ਰਹੇ ਹੋ? ਹਲਾਦੀਕ ਜੁਆਬ ਦਿੰਦਾ ਹੈ: ਮੈਂ ਖ਼ੁਦਾ ਦੀ ਤਲਾਸ਼ ਵਿੱਚ ਹਾਂ। ਲਾਇਬਰੇਰੀਅਨ ਉਸ ਨੂੰ ਕਹਿੰਦਾ ਹੈ: ਖ਼ੁਦਾ ਕਲੇਮਨਟਾਈਨ ਵਿੱਚ ਮੌਜੂਦ ਚਾਰ ਲੱਖ ਜਿਲਦਾਂ ਦੇ ਕਿਸੇ ਇੱਕ ਸਫ਼ੇ ਉੱਤੇ ਲਿਖਿਆ ਕੋਈ ਇੱਕ ਅੱਖਰ ਹੈ। ਮੇਰੇ ਬਾਬੇ ਪੜਦਾਦੇ ਅਤੇ ਉਨ੍ਹਾਂ ਦੇ ਬਾਬੇ ਪੜਦਾਦੇ ਇਸ ਅੱਖਰ ਨੂੰ ਤਲਾਸ਼ ਕਰਦੇ ਰਹੇ ਹਨ, ਮੈਂ ਇਸ ਨੂੰ ਢੂੰਡਦੇ ਢੂੰਡਦੇ ਅੱਖਾਂ ਦੀ ਰੋਸ਼ਨੀ ਗੁਆ ਚੁੱਕਿਆ ਹਾਂ। ਉਹ ਆਪਣੀ ਐਨਕ ਉਤਾਰ ਦਿੰਦਾ ਹੈ ਅਤੇ ਹਲਾਦੀਕ ਵੇਖਦਾ ਹੈ ਕਿ ਉਸ ਦੀਆਂ ਬੁੱਝੀਆਂ ਹੋਈਆਂ ਅੱਖਾਂ ਮੁਰਦਾ ਹਨ। ਇੰਨੇ ਵਿੱਚ ਇੱਕ ਪਾਠਕ ਇੱਕ ਐਟਲਸ ਵਾਪਸ ਕਰਨ ਆਉਂਦਾ ਹੈ। ਇਹ ਐਟਲਸ ਕਿਸੇ ਕੰਮ ਦੀ ਨਹੀਂ, ਇਹ ਕਹਿੰਦੇ ਹੋਏ ਉਹ ਇਹ ਹਲਾਦੀਕ ਨੂੰ ਫੜਾ ਦਿੰਦਾ ਹੈ ਜੋ ਉਸਨੂੰ ਇੰਜ ਹੀ ਅਲਾਸੇਟ ਕਿਸੇ ਵੀ ਜਗ੍ਹਾ ਤੋਂ ਖੋਲ ਲੈਂਦਾ ਹੈ। ਉਸ ਦੇ ਸਾਹਮਣੇ ਭਾਰਤ ਦਾ ਨਕਸ਼ਾ ਹੈ। ਫਿਰ ਅਚਾਨਕ ਮਿਲੇ ਭਰੋਸੇ ਨਾਲ ਉਸ ਦੀ ਹਾਲਤ ਸੰਭਲਦੀ ਹੈ ਅਤੇ ਉਹ ਸਭ ਤੋਂ ਨਿੱਕੇ ਅੱਖਰਾਂ ਵਿੱਚੋਂ ਇੱਕ ਨੂੰ ਛੂੰਹਦਾ ਹੈ। ਸਾਰੇ ਮਾਹੌਲ ਵਿੱਚ ਛਾਈ ਹੋਈ ਇੱਕ ਆਵਾਜ਼ ਉਸ ਨੂੰ ਕਹਿੰਦੀ ਹੈ: ਤੁਹਾਡੀ ਮਿਹਨਤ ਲਈ ਮੁੱਦਤ ਤੁਹਾਨੂੰ ਦਿੱਤੀ ਜਾਂਦੀ ਹੈ। ਇਸ ਵਕਤ ਹਲਾਦੀਕ ਦੀ ਅੱਖ ਖੁੱਲ ਗਈ।
ਉਸਨੂੰ ਯਾਦ ਆਇਆ ਕਿ ਇਨਸਾਨਾਂ ਦੇ ਸੁਪਨੇ ਖ਼ੁਦਾ ਦੀ ਮਲਕੀਅਤ ਹੁੰਦੇ ਹਨ, ਅਤੇ ਇਹ ਕਿ ਮੈਮੂਨਾਈਡ ਨੇ ਲਿਖਿਆ ਹੈ ਕਿ ਸੁਪਨੇ ਵਿੱਚ ਸੁਣੇ ਗਏ ਸ਼ਬਦ, ਜੇਕਰ ਉਹ ਅੱਡ ਅੱਡ ਅਤੇ ਸਪਸ਼ਟ ਹਨ ਅਤੇ ਉਨ੍ਹਾਂ ਦਾ ਬੋਲਣ ਵਾਲਾ ਨਾ ਵੇਖਿਆ ਜਾ ਸਕੇ, ਤਾਂ ਉਹ ਦੈਵੀ ਹੁੰਦੇ ਹਨ। ਉਸਨੇ ਕੱਪੜੇ ਪਹਿਨੇ, ਦੋ ਸਿਪਾਹੀ ਉਸ ਦੀ ਕੋਠੜੀ ਵਿੱਚ ਦਾਖਿਲ ਹੋਏ ਅਤੇ ਉਸਨੂੰ ਆਪਣੇ ਨਾਲ ਚਲਣ ਦਾ ਹੁਕਮ ਦਿੱਤਾ।
ਦਰਵਾਜੇ ਦੇ ਪਿੱਛੇ ਤੋਂ ਹਲਾਦੀਕ ਲਾਂਘੇ, ਪੌੜੀਆਂ ਅਤੇ ਵੱਖ ਵੱਖ ਇਮਾਰਤਾਂ ਉੱਤੇ ਅਧਾਰਿਤ ਭੁੱਲ ਭੁਲਈਆਂ ਦੀਆਂ ਖ਼ਿਆਲੀ ਤਸਵੀਰਾਂ ਬੁਣਦਾ ਰਿਹਾ। ਮਗਰ ਹਕੀਕਤ ਘੱਟ ਸ਼ਾਨਦਾਰ ਸੀ। ਇਹ ਪਾਰਟੀ ਤੰਗ ਲੋਹੇ ਦੀਆਂ ਪੌੜੀਆਂ ਤੋਂ ਹੁੰਦੇ ਹੋਏ ਇੱਕ ਅੰਦਰੂਨੀ ਵਿਹੜੇ ਵਿੱਚ ਪੁੱਜੀ। ਕਈ ਸਿਪਾਹੀ, ਜਿਨ੍ਹਾਂ ਦੀਆਂ ਵਰਦੀਆਂ ਦੇ ਬਟਨ ਖੁੱਲੇ ਸਨ, ਇੱਕ ਮੋਟਰ ਸਾਈਕਲ ਦਾ ਮੁਆਇਨਾ ਕਰਦੇ ਹੋਏ ਆਪਸ ਵਿੱਚ ਗੱਲਬਾਤ ਕਰ ਰਹੇ ਸਨ। ਸਾਰਜੈਂਟ ਨੇ ਘੜੀ ਵੱਲ ਵੇਖਿਆ, ਅੱਠ ਵਜ ਕੇ ਚੁਤਾਲੀ ਮਿੰਟ ਹੋ ਰਹੇ ਸਨ। ਉਨ੍ਹਾਂ ਨੂੰ ਨੌਂ ਵਜੇ ਦਾ ਇੰਤਜ਼ਾਰ ਸੀ। ਹਲਾਦੀਕ ਜਿਸਦੀ ਹਾਲਤ ਤਰਸਯੋਗ ਹੋਣ ਨਾਲੋਂ ਜ਼ਿਆਦਾ ਤੁੱਛ ਜਿਹੀ ਸੀ ਖਲਪਾੜਾਂ ਦੇ ਇੱਕ ਢੇਰ ਉੱਤੇ ਬੈਠ ਗਿਆ। ਉਸਨੇ ਨੋਟ ਕੀਤਾ ਕਿ ਸਿਪਾਹੀ ਉਸ ਤੋਂ ਨਜ਼ਰਾਂ ਚੁਰਾ ਰਹੇ ਹਨ। ਇੰਤਜ਼ਾਰ ਦੀਆਂ ਘੜੀਆਂ ਆਸਾਨ ਕਰਨ ਲਈ ਸਾਰਜੈਂਟ ਨੇ ਉਸ ਨੂੰ ਇਕ ਸਿਗਰਟ ਪੇਸ਼ ਕੀਤੀ। ਹਲਾਦੀਕ ਸਿਗਰਟ ਨਹੀਂ ਪੀਂਦਾ ਸੀ ਉਸ ਨੇ ਨਿਮਰਤਾ ਵਜੋਂ ਸਿਗਰਟ ਲੈ ਲਈ। ਸਿਗਰਟ ਸੁਲਗਾਉਂਦੇ ਵਕਤ ਉਸਨੇ ਨੋਟ ਕੀਤਾ ਕਿ ਉਸ ਦੇ ਹੱਥ ਕੰਬ ਰਹੇ ਸਨ। ਅਸਮਾਨ ਉੱਤੇ ਬੱਦਲ ਛਾ ਰਹੇ ਸਨ, ਸਿਪਾਹੀ ਇਸ ਤਰ੍ਹਾਂ ਸਰਗੋਸ਼ੀਆਂ ਵਿੱਚ ਗੱਲ ਕਰ ਰਹੇ ਸਨ ਜਿਵੇਂ ਉਹ ਪਹਿਲਾਂ ਹੀ ਮਰ ਚੁੱਕਿਆ ਹੋਵੇ। ਐਵੇਂ ਹੀ ਉਸਨੇ ਉਸ ਔਰਤ ਨੂੰ ਯਾਦ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜੋ ਜੂਲਿਆ ਵੀਡੀਨਾਓ ਦੀ ਪ੍ਰਤੀਕ ਸੀ।
ਦਸਤਾ ਥਾਂ ਸਿਰ ਹੋਇਆ ਅਤੇ ਸਾਵਧਾਨ ਕਰ ਦਿੱਤਾ ਗਿਆ। ਬੈਰਕ ਦੀ ਦੀਵਾਰ ਦੇ ਨਾਲ ਲੱਗਿਆ ਹਲਾਦੀਕ ਗੋਲੀਆਂ ਦੀ ਬੋਛਾੜ ਦਾ ਇੰਤਜ਼ਾਰ ਕਰਦਾ ਰਿਹਾ। ਕਿਸੇ ਨੇ ਡਰ ਪਰਗਟ ਕੀਤਾ ਕਿ ਦੀਵਾਰ ਖ਼ੂਨ ਨਾਲ ਲਿੱਬੜ ਜਾਵੇਗੀ ਅਤੇ ਮੁਜ਼ਰਿਮ ਨੂੰ ਕੁਝ ਕਦਮ ਅੱਗੇ ਹੋਣ ਦਾ ਹੁਕਮ ਦੇ ਦਿੱਤਾ ਗਿਆ। ਇਸ ਸਾਰੀ ਹਲਚਲ ਤੋਂ ਹਲਾਦੀਕ ਨੂੰ ਫੋਟੋਗਰਾਫਰ ਦੀਆਂ ਤਿਆਰੀਆਂ ਯਾਦ ਆ ਗਈਆਂ। ਮੀਂਹ ਦੀ ਇੱਕ ਮੋਟੀ ਕਣੀ ਹਲਾਦੀਕ ਦੀ ਇੱਕ ਪੁੜਪੁੜੀ ਉੱਤੇ ਟਪਕੀ ਅਤੇ ਆਹਿਸਤਾ ਆਹਿਸਤਾ ਉਸਦੀ ਗੱਲ੍ਹ ਉੱਤੇ ਤਿਲਕਣ ਲੱਗ ਪਈ। ਸਾਰਜੈਂਟ ਨੇ ਚੀਖ ਕੇ ਆਖ਼ਰੀ ਹੁਕਮ ਦਿੱਤਾ।
ਭੌਤਿਕ ਕਾਇਨਾਤ ਅਹਿੱਲ ਖੜੀ ਹੋ ਗਈ।
ਬੰਦੂਕਾਂ ਦੀਆਂ ਨਾਲੀਆਂ ਹਲਾਦੀਕ ਵੱਲ ਸੇਧ ਦਿੱਤੀਆਂ ਗਈਆਂ, ਮਗਰ ਜਿਨ੍ਹਾਂ ਆਦਮੀਆਂ ਨੇ ਘੋੜੇ ਦੱਬਣੇ ਸਨ ਉਹ ਨਹੀਂ ਹਿੱਲੇ। ਸਾਰਜੈਂਟ ਦਾ ਬਾਜ਼ੂ ਸਦੀਵੀ ਤੌਰ ਤੇ ਹੁਕਮ ਦਾ ਸੰਕੇਤ ਮੁਕੰਮਲ ਕਰਨ ਤੋਂ ਪਹਿਲੀ ਸਥਿਤੀ ਰੁਕਿਆ ਹੋਇਆ ਸੀ। ਵਿਹੜੇ ਵਿੱਚ ਝੰਡੇ ਦੇ ਧੜੇ ਉੱਤੇ ਇੱਕ ਮੱਖੀ ਦਾ ਇੱਕ ਥਾਂ ਸਥਿਰ ਪਰਛਾਵਾਂ ਪੈ ਰਿਹਾ ਸੀ। ਹਵਾ ਥੰਮ ਚੁੱਕੀ ਸੀ ਜਿਵੇਂ ਕਿਸੇ ਚਿੱਤਰ ਵਿੱਚ ਹੋਵੇ। ਹਲਾਦੀਕ ਨੇ ਚੀਖਣ ਦੀ ਕੋਸ਼ਿਸ਼ ਕੀਤੀ, ਇੱਕ ਸ਼ਬਦ, ਹੱਥ ਦੀ ਇੱਕ ਹਰਕਤ। ਉਸ ਨੂੰ ਲੱਗਿਆ ਕਿ ਉਸ ਨੂੰ ਲਕਵਾ ਮਾਰ ਗਿਆ ਹੈ। ਅਹਿੱਲ ਕਾਇਨਾਤ ਤੋਂ ਕੋਈ ਆਵਾਜ਼ ਵੀ ਉਸ ਤੱਕ ਨਹੀਂ ਪਹੁੰਚ ਰਹੀ ਸੀ।
ਉਸਨੇ ਸੋਚਿਆ: ਮੈਂ ਨਰਕ ਵਿੱਚ ਹਾਂ, ਮੈਂ ਮਰ ਚੁੱਕਿਆ ਹਾਂ।
ਉਸਨੇ ਸੋਚਿਆ: ਮੈਂ ਪਾਗਲ ਹੋ ਚੁੱਕਿਆ ਹਾਂ।
ਉਸਨੇ ਸੋਚਿਆ : ਵਕਤ ਥੰਮ ਚੁੱਕਿਆ ਹੈ।
ਫਿਰ ਉਸਨੇ ਗ਼ੌਰ ਕੀਤਾ ਕਿ ਜੇਕਰ ਅਜਿਹਾ ਹੁੰਦਾ ਤਾਂ ਉਸ ਦਾ ਦਿਮਾਗ਼ ਵੀ ਕੰਮ ਕਰਨਾ ਛੱਡ ਦਿੰਦਾ। ਉਹ ਉਸਨੂੰ ਪਰਖਣਾ ਚਾਹੁੰਦਾ ਸੀ, ਉਸਨੇ ਵਰਜਿਲ ਦੇ ਚੌਥੇ ਐੱਕਲੋਗ (ਕਾਵਿ-ਵੰਨਗੀ) ਨੂੰ (ਬੁੱਲ੍ਹ ਹਿਲਾਏ ਬਿਨਾਂ) ਦੋਹਰਾਉਣਾ ਸ਼ੁਰੂ ਕੀਤਾ। ਉਸਨੇ ਤਸੱਵਰ ਕੀਤਾ ਕਿ ਹੁਣ ਦੂਰ ਖੜੇ ਸਿਪਾਹੀ ਵੀ ਉਸ ਦੀ ਪਰੇਸ਼ਾਨੀ ਵਿੱਚ ਸ਼ਾਮਿਲ ਹਨ, ਉਹ ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹੁੰਦਾ ਸੀ। ਥਕਾਵਟ ਦਾ ਕੋਈ ਅਹਿਸਾਸ, ਇੱਥੋਂ ਤੱਕ ਕਿ ਲੰਮੀ ਦੇਰ ਤੱਕ ਹਰਕਤ ਦੀ ਗ਼ੈਰਮੌਜੂਦਗੀ ਵਿੱਚ ਕੋਈ ਘੁਮੇਰ ਤੱਕ ਨਾ ਹੋਣਾ, ਉਸ ਲਈ ਹੈਰਾਨਕੁਨ ਸੀ। ਕੁੱਝ ਅਨਿਸਚਿਤ ਸਮੇਂ ਦੇ ਬਾਅਦ ਉਸ ਦੀ ਅੱਖ ਲੱਗ ਗਈ। ਜਦੋਂ ਉਹ ਉਠਿਆ ਤਾਂ ਕਾਇਨਾਤ ਅਜੇ ਵੀ ਗਤੀਹੀਣ ਅਤੇ ਸੁੰਨ ਸੀ। ਪਾਣੀ ਦੀ ਬੂੰਦ ਅਜੇ ਵੀ ਉਸ ਦੀ ਗੱਲ੍ਹ ਨਾਲ ਚਿਪਕੀ ਹੋਈ ਸੀ, ਅਤੇ ਮੱਖੀ ਦਾ ਪਰਛਾਵਾਂ ਵਿਹੜੇ ਵਿੱਚ ਉਵੇਂ ਅਟਕਿਆ ਹੋਇਆ ਸੀ। ਸਿਗਰਟ ਦਾ ਧੂੰਆਂ ਜੋ ਉਸਨੇ ਉਗਲਿਆ ਸੀ ਅਜੇ ਤੱਕ ਫ਼ਿਜ਼ਾ ਵਿੱਚ ਘੁਲਿਆ ਨਹੀਂ ਸੀ। ਹਲਾਦੀਕ ਦੇ ਸਮਝ ਲੈਣ ਤੋਂ ਪਹਿਲਾਂ ਹੀ ਇੱਕ ਹੋਰ ਦਿਨ ਲੰਘ ਗਿਆ।
ਉਸਨੇ ਖ਼ੁਦਾ ਨੂੰ ਬੇਨਤੀ ਕੀਤੀ ਸੀ ਕਿ ਆਪਣਾ ਕੰਮ ਖ਼ਤਮ ਕਰਨ ਲਈ ਇੱਕ ਸਾਲ ਦਿੱਤਾ ਜਾਵੇ, ਸਰਬਸ਼ਕਤੀਸ਼ਾਲੀ ਨੇ ਉਸਨੂੰ ਇਹ ਮੁੱਦਤ ਦੇ ਦਿੱਤੀ। ਖ਼ੁਦਾ ਨੇ ਉਸ ਦੇ ਵਾਸਤੇ ਇੱਕ ਖ਼ੁਫ਼ੀਆ ਚਮਤਕਾਰ ਦਾ ਢਾਣਸ ਕੀਤਾ, ਉਸਨੇ ਮੁਕੱਰਰ ਵਕਤ ਤੇ ਜਰਮਨ ਸਿੱਕੇ ਦੀਆਂ ਗੋਲੀਆਂ ਦੇ ਨਾਲ ਮਰਨਾ ਸੀ, ਮਗਰ ਉਸ ਦੇ ਮਨ ਵਿੱਚ ਹੁਕਮ ਅਤੇ ਇਸ ਦੀ ਤਾਮੀਲ ਦੇ ਦਰਮਿਆਨ ਇੱਕ ਸਾਲ ਨੇ ਬੀਤਣਾ ਸੀ। ਉਹ ਘਬਰਾਹਟ ਤੋਂ ਸਕਤੇ ਦੀ ਹਾਲਤ ਵਿੱਚ ਗਿਆ, ਸਕਤੇ ਤੋਂ ਭਾਣਾ ਮੰਨਣ, ਅਤੇ ਭਾਣਾ ਮੰਨਣ ਤੋਂ ਇੱਕ ਅਚਾਨਕ ਸ਼ੁਕਰਾਨੇ ਦੀ ਮਨੋਅਵਸਥਾ ਵਿੱਚ ਪਹੁੰਚ ਗਿਆ।

ਆਪਣੀ ਯਾਦਾਸ਼ਤ ਦੇ ਸਿਵਾ ਉਸ ਦੇ ਕੋਲ ਕੋਈ ਦਸਤਾਵੇਜ਼ ਨਹੀਂ ਸੀ। ਪੂਰੀ ਮੁਹਾਰਤ ਨਾਲ ਹਰ ਛੇ-ਸਤਰੀ ਛੰਦ ਦਾ ਵਾਧਾ ਕਰਦੇ ਹੋਏ ਉਸਨੂੰ ਇੱਕ ਅਜਿਹਾ ਕਾਵਿ-ਬੰਧੇਜ ਮਿਲ ਗਿਆ ਸੀ ਜੋ ਉਨ੍ਹਾਂ ਸ਼ੌਕੀਆ ਕਵੀਆਂ ਦੇ ਗੁਮਾਨ ਤੋਂ ਬਾਹਰ ਸੀ ਜੋ ਅਕਸਰ ਅਸਪਸ਼ਟ, ਵਕਤੀ ਪੈਰਿਆਂ ਨੂੰ ਭੁੱਲ ਜਾਂਦੇ ਹਨ। ਉਸ ਦੀ ਮਿਹਨਤ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਲਈ ਨਹੀਂ ਸੀ, ਨਾ ਹੀ ਖ਼ੁਦਾ ਲਈ, ਜਿਸਦੀਆਂ ਸਾਹਿਤਕ ਤਰਜੀਹਾਂ ਤੋਂ ਉਹ ਨਾਵਾਕਿਫ਼ ਸੀ। ਬਹੁਤ ਹੀ ਬਰੀਕੀ, ਬਾਕਾਇਦਗੀ ਅਤੇ ਖ਼ੁਫ਼ੀਆ ਤਰੀਕੇ ਨਾਲ ਉਸਨੇ ਸਮੇਂ ਵਿੱਚ ਆਪਣੀ ਬੁਲੰਦ ਅਤੇ ਅਦਿੱਖ ਭੂਲ-ਭੁਲਈਆ ਦੀ ਰਚਨਾ ਕੀਤੀ। ਤੀਸਰੇ ਐਕਟ ਉੱਤੇ ਉਸਨੇ ਦੋ ਵਾਰ ਕੰਮ ਕੀਤਾ। ਉਸਨੇ ਕੁੱਝ ਪ੍ਰਤੀਕਾਂ ਨੂੰ ਜ਼ਰੂਰਤ ਨਾਲੋਂ ਜ਼ਿਆਦਾ ਸਪਸ਼ਟ ਸਮਝਦੇ ਹੋਏ ਮਿਟਾ ਦਿੱਤਾ ਸੀ, ਜਿਵੇਂ ਘੜਿਆਲ ਦਾ ਵਾਰ-ਵਾਰ ਵਜਣਾ ਅਤੇ ਸੰਗੀਤ। ਉਸਨੂੰ ਥੰਮਣ ਵਾਲੀਆਂ ਕੋਈ ਹਾਲਤਾਂ ਨਹੀਂ ਸੀ। ਉਸਨੇ ਕਈ ਕੁਝ ਹਟਾ ਦਿੱਤਾ, ਕਈ ਕੁਝ ਨੂੰ ਸੰਖੇਪ ਕੀਤਾ ਅਤੇ ਕਈ ਥਾਵਾਂ ਤੇ ਵਿਆਖਿਆ ਕੀਤੀ। ਕੁੱਝ ਮਾਮਲਿਆਂ ਵਿੱਚ ਉਸਨੇ ਮੂਲ ਲਿਖਤ ਨੂੰ ਬਹਾਲ ਕਰ ਦਿੱਤਾ। ਉਹ ਵਿਹੜੇ ਅਤੇ ਬੈਰਕਾਂ ਵਿੱਚ ਅਪਣੱਤ ਮਹਿਸੂਸ ਕਰਨ ਲਗਾ, ਆਪਣੇ ਸਾਹਮਣੇ ਨਿਰੰਤਰ ਮੌਜੂਦ ਚੇਹਰਿਆਂ ਵਿੱਚੋਂ ਇੱਕ ਨੇ ਉਸ ਦੇ ਮਨ ਵਿੱਚ ਮੌਜੂਦ ਰੋਮੇਰਸਟੈਡਤ ਦੇ ਤਸੱਵਰ ਨੂੰ ਬਦਲ ਦਿੱਤਾ। ਉਸਨੇ ਖੋਜ ਕੀਤੀ ਕਿ ਉਹ ਕਣਤਾ ਦੇਣ ਵਾਲੇ ਰੌਲਾਰੱਪੇ ਜਿਨ੍ਹਾਂ ਨੇ ਫਲਾਬੇਅਰ ਨੂੰ ਇੰਨਾ ਪਰੇਸ਼ਾਨ ਕੀਤਾ ਸੀ ਸਿਰਫ਼ ਦਿੱਖ ਭਰਮ ਹਨ: ਟੁਣਕਾਰ ਤੇ ਆਵਾਜ਼ ਦੇ ਜ਼ਰੀਏ ਅਦਾ ਕੀਤੇ ਗਏ ਸ਼ਬਦ ਦੀ ਬਜਾਏ ਮਹਿਜ਼ ਲਿਖੇ ਹੋਏ ਸ਼ਬਦ ਦੀਆਂ ਕਮਜੋਰੀਆਂ ਅਤੇ ਝੁੰਜਲਾਹਟਾਂ ਹਨ… ਉਸਨੇ ਆਪਣਾ ਨਾਟਕ ਮੁਕੰਮਲ ਕਰ ਦਿੱਤਾ: ਹੁਣ ਉਸ ਦੇ ਸਾਹਮਣੇ ਸਿਰਫ ਇੱਕ ਵਿਸ਼ੇਸ਼ਣ ਦਾ ਮਸਲਾ ਸੀ। ਉਹ ਉਸਨੂੰ ਮਿਲ ਗਿਆ। ਪਾਣੀ ਦੀ ਬੂੰਦ ਉਸ ਦੀ ਗੱਲ੍ਹ ਤੋਂ ਹੇਠਾਂ ਤਿਲਕ ਗਿਆ। ਉਸਨੇ ਇੱਕ ਦਿਲ ਦਹਿਲਾ ਦੇਣ ਵਾਲੀ ਚੀਖ਼ ਮਾਰੀ ਅਤੇ ਮੂੰਹ ਖੋਲ੍ਹਿਆ, ਆਪਣੇ ਚਿਹਰੇ ਨੂੰ ਇੱਕ ਪਾਸੇ ਢਿਲਕ ਜਾਣ ਦਿੱਤਾ ਅਤੇ ਇੱਕ ਚੌਗੁਣੇ ਧਮਾਕੇ ਦੀ ਆਵਾਜ਼ ਦੇ ਨਾਲ ਹੀ ਜ਼ਮੀਨ ਉੱਤੇ ਡਿੱਗ ਪਿਆ।
ਜਾਰੋਮੀਰ ਹਲਾਦੀਕ ਦੀ ਮੌਤ ਉਨੱਤੀ ਮਾਰਚ ਦੀ ਸਵੇਰ ਦੇ ਨੌਂ ਵਜ ਕੇ ਦੋ ਮਿੰਟ ਉੱਤੇ ਹੋਈ।

ਐਸਤਰੀਓਨ ਦਾ ਘਰ – (ਕਹਾਣੀ) ਹੋਰਹੇ ਲੂਈਸ ਬੋਰਹੇਸ

January 11, 2018

ਅਤੇ ਰਾਣੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜੋ ਐਸਤਰੀਓਨ ਕਹਲਾਇਆ।
ਅਪੋਲੋਡੋਰਸ ਬਿਬਲੀਓਟੇਕਾ III, I

ਮੈਂ ਜਾਣਦਾ ਹਾਂ ਕਿ ਉਹ ਮੇਰੇ ਉੱਤੇ ਘਮੰਡ, ਸ਼ਾਇਦ ਮਾਨਵਦਵੈਖ, ਅਤੇ ਸ਼ਾਇਦ ਦੀਵਾਨਗੀ ਦਾ ਵੀ ਇਲਜ਼ਾਮ ਲਗਾਉਂਦੇ ਹਨ। ਇਹ ਇਲਜਾਮ (ਜਿਨ੍ਹਾਂ ਦੀ ਸਜ਼ਾ ਮੈਨੂੰ ਨਿਸਚਿਤ ਵਕਤ ਤੇ ਦੇ ਦਿੱਤੀ ਜਾਏਗੀ) ਹਾਸੋਹੀਣੇ ਹਨ। ਇਹ ਸੱਚ ਹੈ ਕਿ ਮੈਂ ਆਪਣਾ ਘਰੋਂ ਕਦੇ ਨਹੀਂ ਜਾਂਦਾ, ਮਗਰ ਇਹ ਵੀ ਸੱਚ ਹੈ ਕਿ ਇਸ ਦੇ ਦਰਵਾਜੇ (ਜਿਨ੍ਹਾਂ ਦੀ ਤਾਦਾਦ ਅਨੰਤ ਹੈ) (ਫੁੱਟਨੋਟ: ਮੂਲ ਦਾਸਤਾਨ ਦੇ ਮੁਤਾਬਕ ਇਹ ਤਾਦਾਦ ਚੌਦਾਂ ਹੈ ਮਗਰ ਐਸਤਰੀਓਨ ਦੇ ਇਸਤੇਮਾਲ ਤੋਂ ਇਹ ਪਰ ਅਨੁਮਾਨ ਲਾਉਣ ਲਈ ਕਾਫੀ ਕਾਰਨ ਹਨ ਕਿ ਇਹ ਅੰਕ ਅਨੰਤ ਲਈ ਵਰਤਿਆ ਗਿਆ ਹੈ।) ਦਿਨ ਰਾਤ ਇਨਸਾਨਾਂ ਅਤੇ ਜਾਨਵਰਾਂ ਲਈ ਖੁੱਲੇ ਰਹਿੰਦੇ ਹਨ। ਕੋਈ ਵੀ ਅੰਦਰ ਆ ਸਕਦਾ ਹੈ। ਉਹ ਇੱਥੇ ਕਿਸੇ ਔਰਤਾਂ ਵਾਲੇ ਅਡੰਬਰ ਜਾਂ ਸ਼ਾਨਦਾਰ ਦਰਬਾਰੀ ਠਾਠ ਦੀ ਥਾਂ ਖ਼ਾਮੋਸ਼ੀ ਅਤੇ ਸੁਕੂਨ ਮਿਲੇਗਾ। ਅਤੇ ਉਸ ਨੂੰ ਜ਼ਮੀਨ ਦੇ ਮੁੱਖੜੇ ਉੱਤੇ ਅਜਿਹਾ ਹੋਰ ਕੋਈ ਮਕਾਨ ਕੀਤੇ ਨਹੀਂ ਮਿਲੇਗਾ। (ਕੁੱਝ ਅਜਿਹੇ ਲੋਕ ਮੌਜੂਦ ਹਨ ਜਿਨ੍ਹਾਂ ਦਾ ਦਾਅਵਾ ਹੈ ਕਿ ਅਜਿਹਾ ਹੀ ਇੱਕ ਘਰ ਮਿਸਰ ਵਿੱਚ ਵੀ ਮੌਜੂਦ ਹੈ, ਮਗਰ ਉਹ ਝੂਠ ਬੋਲਦੇ ਹਨ)। ਮੇਰੇ ਵਿਰੋਧੀ ਤੱਕ ਇਹ ਤਸਲੀਮ ਕਰਦੇ ਹਨ ਕਿ ਮਕਾਨ ਵਿੱਚ ਫ਼ਰਨੀਚਰ ਦੇ ਨਾਮ ਉੱਤੇ ਇੱਕ ਚੀਜ਼ ਵੀ ਮੌਜੂਦ ਨਹੀਂ। ਇੱਕ ਹੋਰ ਹਾਸੋਹੀਣਾ ਝੂਠ ਇਹ ਹੈ ਕਿ ਮੈਂ, ਐਸਤਰੀਓਨ, ਇੱਕ ਕੈਦੀ ਹਾਂ। ਕੀ ਮੈਨੂੰ ਦੁਹਰਾਉਣਾ ਪਵੇਗਾ ਕਿ ਇੱਥੇ ਕੋਈ ਜੰਦਰੇ ਲੱਗੇ ਦਰਵਾਜੇ ਨਹੀਂ ਹਨ, ਕੀ ਮੈਂ ਇਹ ਵਾਧਾ ਕਰਾਂ ਕਿ ਕੋਈ ਜੰਦਰੇ ਨਹੀਂ ਹਨ? ਫਿਰ ਇੱਕ ਦੁਪਹਿਰ ਮੈਂ ਗਲੀ ਵਿੱਚ ਨਿਕਲ ਹੀ ਪਿਆ, ਜੇਕਰ ਮੈਂ ਰਾਤ ਹੋਣ ਤੋਂ ਪਹਿਲਾਂ ਵਾਪਸ ਆ ਗਿਆ ਤਾਂ ਇਸ ਦਾ ਕਰਨ ਉਹ ਡਰ ਸੀ ਜੋ ਆਮ ਆਦਮੀਆਂ ਦੇ ਚੇਹਰਿਆਂ ਨੇ ਮੇਰੇ ਦਿਲ ਵਿੱਚ ਪੈਦਾ ਕੀਤਾ, ਕਿਸੇ ਹਥੇਲੀ ਦੀ ਤਰ੍ਹਾਂ ਬੇਰੰਗ ਅਤੇ ਸਪਾਟ ਚਿਹਰੇ। ਸੂਰਜ ਪਹਿਲਾਂ ਹੀ ਡੁੱਬ ਚੁੱਕਿਆ ਸੀ ਮਗਰ ਕਿਸੇ ਬੱਚੇ ਦੀਆਂ ਲਾਚਾਰ ਚੀਖ਼ਾਂ ਅਤੇ ਕਿਸੇ ਈਮਾਨ ਵਾਲੇ ਦੀ ਰੁੱਖੀਆਂ ਦੁਆਵਾਂ ਨੇ ਮੈਨੂੰ ਦੱਸਿਆ ਕਿ ਮੈਂਨੂੰ ਪਛਾਣ ਲਿਆ ਗਿਆ ਹੈ। ਲੋਕਾਂ ਨੇ ਅਰਦਾਸ ਕੀਤੀ, ਭੱਜ ਨਿਕਲੇ, ਕੁਝ ਡੰਡਾਉਤ ਕਰਨ ਲੱਗੇ, ਕੁੱਝ ਲੋਕ ਕੁਹਾੜਿਆਂ ਵਾਲੇ ਵਾਲੇ ਮੰਦਿਰ ਦੇ ਫ਼ਰਸ਼ ਉੱਤੇ ਜਾ ਚੜ੍ਹੇ, ਦੂਜੇ ਪੱਥਰ ਜਮਾਂ ਕਰਨ ਲੱਗੇ। ਮੇਰਾ ਖ਼ਿਆਲ ਹੈ ਕਿ ਕੁਝ ਸਮੁੰਦਰ ਦੇ ਥੱਲੇ ਜਾ ਛੁਪੇ। ਐਵੇਂ ਹੀ ਨਹੀਂ ਸੀ ਕਿ ਮੇਰੀ ਮਾਂ ਇੱਕ ਰਾਣੀ ਸੀ, ਮੈਨੂੰ ਆਮ ਜਨਤਾ ਦੇ ਨਾਲ ਰਲਗੱਡ ਨਹੀਂ ਕੀਤਾ ਜਾ ਸਕਦਾ ਭਾਵੇਂ ਇਹ ਮੇਰੀ ਨਿਮਰ ਖਾਹਿਸ਼ ਹੋ ਸਕਦੀ ਹੈ।
ਸੱਚ ਇਹ ਹੈ ਕਿ ਮੈਂ ਅੱਡਰਾ ਹਾਂ। ਮੈਨੂੰ ਇਸ ਨਾਲ ਕੋਈ ਗ਼ਰਜ਼ ਨਹੀਂ ਕਿ ਇੱਕ ਇਨਸਾਨ, ਜਿਵੇਂ ਕਿ ਫ਼ਿਲਾਸਫ਼ਰ, ਕਿਸੇ ਦੂਜੇ ਨੂੰ ਕੀ ਭੇਜ ਸਕਦਾ ਹੈ, ਮੇਰਾ ਖਿਆਲ ਇਹ ਹੈ ਕਿ ਲਿਖਣ-ਕਲਾ ਦੇ ਜ਼ਰੀਏ ਕੁੱਝ ਵੀ ਸੰਚਾਰ ਸੰਭਵ ਨਹੀਂ। ਮੇਰੇ ਹਰ ਅਜ਼ੀਮ ਅਤੇ ਮਹਾਨ ਖ਼ਿਆਲ ਲਈ ਤਿਆਰ ਰੂਹ ਵਿੱਚ ਪਰੇਸ਼ਾਨ ਕਰਨ ਵਾਲੇ ਅਤੇ ਗ਼ੈਰ ਅਹਿਮ ਵੇਰਵਿਆਂ ਦੇ ਵਾਸਤੇ ਕੋਈ ਜਗ੍ਹਾ ਨਹੀਂ। ਮੈਂ ਕਦੇ ਦੋ ਅੱਖਰਾਂ ਦੇ ਦਰਮਿਆਨ ਫ਼ਰਕ ਨੂੰ ਨਹੀਂ ਸਾਂਭ ਸਕਿਆ। ਇੱਕ ਖ਼ਾਸ ਤਰ੍ਹਾਂ ਦੀ ਬੇਸਬਰੀ ਨੇ ਮੈਨੂੰ ਕਦੇ ਪੜ੍ਹਨਾ ਸਿੱਖਣ ਦੀ ਆਗਿਆ ਨਹੀਂ ਦਿੱਤੀ। ਕਦੇ-ਕਦੇ ਮੈਂ ਇਸ ਉੱਤੇ ਅਫ਼ਸੋਸ ਕਰਦਾ ਹਾਂ, ਕਿਉਂਕਿ ਰਾਤਾਂ ਅਤੇ ਦਿਨ ਲੰਬੇ ਹੁੰਦੇ ਹਨ।
ਯਕੀਨਨ ਮੈਂ ਭਟਕਣਾਂ ਦਾ ਸ਼ਿਕਾਰ ਵੀ ਹੁੰਦਾ ਹਾਂ। ਜਿਵੇਂ ਕੋਈ ਮੇਂਢਾ ਹਮਲਾ ਕਰਨ ਵਾਲਾ ਹੋਵੇ, ਮੈਂ ਪੱਥਰ ਦੀਆਂ ਗੈਲਰੀਆਂ ਵਿੱਚ ਭੱਜਦਾ ਫਿਰਦਾ ਹਾਂ ਜਦ ਤੱਕ ਕਿ ਬੇਹੋਸ਼ ਹੋ ਕੇ ਜ਼ਮੀਨ ਉੱਤੇ ਡਿੱਗ ਨਹੀਂ ਪੈਂਦਾ। ਕਿਸੇ ਤਾਲਾਬ ਦੀ ਛਾਵੇਂ ਜਾਂ ਕਿਸੇ ਕੋਨੇ ਵਿੱਚ ਦੁਬਕ ਜਾਂਦਾ ਹੈ ਅਤੇ ਇਵੇਂ ਬਣਦਾ ਹਾਂ ਜਿਵੇਂ ਮੇਰਾ ਪਿੱਛਾ ਕੀਤਾ ਜਾ ਰਿਹਾ ਹੋਵੇ। ਅਜਿਹੀ ਛੱਤਾਂ ਵੀ ਹਨ ਜਿਨ੍ਹਾਂ ਤੋਂ ਮੈਂ ਖ਼ੂਨ ਵਿੱਚ ਬੁਰੀ ਤਰ੍ਹਾਂ ਲੱਥਪਤ ਹੋਣ ਤੱਕ ਡਿੱਗਦਾ ਰਹਿੰਦਾ ਹਾਂ। ਮੈਂ ਅੱਖਾਂ ਬੰਦ ਕਰਕੇ ਅਤੇ ਭਾਰੀ ਸਾਹ ਲੈਂਦੇ ਹੋਏ ਕਿਸੇ ਵੀ ਵਕਤ ਸੌਣ ਦਾ ਨਾਟਕ ਕਰ ਸਕਦਾ ਹਾਂ। (ਬਹੁਤ-ਵਾਰ ਮੈਂ ਸੱਚਮੁਚ ਸੌਂ ਜਾਂਦਾ ਹਾਂ, ਕਈ ਵਾਰ ਜਦੋਂ ਮੈਂ ਅੱਖਾਂ ਖੋਲ੍ਹਦਾ ਹਾਂ ਤਾਂ ਦਿਨ ਦਾ ਰੰਗ ਬਦਲ ਚੁੱਕਿਆ ਹੁੰਦਾ ਹੈ)। ਮਗਰ ਇਨ੍ਹਾਂ ਸਭ ਖੇਡਾਂ ਵਿੱਚ, ਮੈਂ ਉਸਨੂੰ ਤਰਜੀਹ ਦਿੰਦਾ ਹਾਂ ਜੋ ਦੂਜੇ ਐਸਤਰੀਓਨ ਦੇ ਬਾਰੇ ਵਿੱਚ ਹੈ। ਮੈਂ ਇਵੇਂ ਵਿਖਾਵਾ ਕਰਦਾ ਹਾਂ ਜਿਵੇਂ ਉਹ ਮੇਰੇ ਨਾਲ ਮੁਲਾਕਾਤ ਲਈ ਆਇਆ ਹੋਵੇ ਅਤੇ ਮੈਂ ਉਸਨੂੰ ਆਪਣੇ ਮਕਾਨ ਦੀ ਸੈਰ ਕਰਵਾ ਰਿਹਾ ਹੋਵਾਂ। ਵੱਡੀ ਹਲੀਮੀ ਦੇ ਨਾਲ ਮੈਂ ਉਸਨੂੰ ਇਹ ਕਹਿੰਦਾ ਹਾਂ: ਹੁਣ ਅਸੀਂ ਪਹਿਲੇ ਮੋੜ ਦੀ ਤਰਫ਼ ਵਾਪਸ ਪਰਤਦੇ ਹਾਂ ਜਾਂ ਹੁਣ ਅਸੀਂ ਦੂਜੇ ਵਿਹੜੇ ਵਿੱਚ ਬਾਹਰ ਨਿਕਲਾਂਗੇ ਜਾਂ ਮੈਨੂੰ ਪਤਾ ਹੈ ਤੁਹਾਨੂੰ ਡਰੇਨ ਪਸੰਦ ਆਵੇਗੀ ਜਾਂ ਹੁਣ ਤੁਸੀਂ ਰੇਤ ਨਾਲ ਭਰਿਆ ਇੱਕ ਤਾਲਾਬ ਦੇਖੋਗੇ ਜਾਂ ਤੁਸੀਂ ਜਲਦੀ ਦੇਖੋਗੇ ਕਿ ਤਹਿਖ਼ਾਨਾ ਕਿੱਧਰ ਕਿੱਧਰ ਨਿਕਲਦਾ ਹੈ। ਕਈ ਵਾਰ ਮੇਰੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ ਅਤੇ ਅਸੀਂ ਦੋਨੋਂ ਖੁੱਲ੍ਹ ਕੇ ਹੱਸਦੇ ਹਾਂ।
ਨਾ ਸਿਰਫ ਇਹ ਕਿ ਮੈਂ ਉਨ੍ਹਾਂ ਖੇਡਾਂ ਦੀ ਕਲਪਨਾ ਕੀਤੀ ਹੈ, ਸਗੋਂ ਮਕਾਨ ਉੱਤੇ ਵੀ ਧਿਆਨ ਦਿੱਤਾ ਹੈ। ਮਕਾਨ ਦੇ ਸਭ ਹਿੱਸੇ ਕਈ ਵਾਰ ਦੁਹਰਾਏ ਜਾਂਦੇ ਹਨ, ਕੋਈ ਵੀ ਜਗ੍ਹਾ ਦੂਜੀ ਜਗ੍ਹਾ ਵੀ ਹੁੰਦੀ ਹੈ। ਕੋਈ ਇੱਕ ਤਾਲਾਬ, ਵਿਹੜਾ, ਖੇਲ਼ ਜਾਂ ਖੁਰਲੀ ਨਹੀਂ ਹੈ, ਖੁਰਲੀਆਂ, ਖੇਲ਼ਾਂ, ਵਿਹੜਿਆਂ ਅਤੇ ਤਾਲਾਬਾਂ ਦੀ ਤਾਦਾਦ ਚੌਦਾਂ (ਅਨੰਤ) ਹੈ। ਮਕਾਨ ਦਾ ਆਕਾਰ ਦੁਨੀਆਂ ਦੇ ਬਰਾਬਰ ਹੈ, ਸਗੋਂ ਇਹ ਦੁਨੀਆਂ ਹੀ ਹੈ। ਫਿਰ ਇਵੇਂ ਹੋਇਆ ਕਿ ਤਾਲਾਬਾਂ ਅਤੇ ਖ਼ਾਕਸਤਰੀ ਪੱਥਰ ਦੀਆਂ ਗੈਲਰੀਆਂ ਨਾਲ ਭਰੇ ਵਿਹੜਿਆਂ ਨੂੰ ਸਰ ਕਰਦੇ ਕਰਦੇ ਮੈਂ ਗਲੀ ਵਿੱਚ ਆ ਨਿਕਲਿਆ ਅਤੇ ਕੁਹਾੜਿਆਂ ਵਾਲੇ ਮੰਦਿਰ ਅਤੇ ਸਮੁੰਦਰ ਨੂੰ ਵੇਖ ਲਿਆ। ਮੈਂ ਇਹ ਉਸ ਵਕਤ ਤੱਕ ਨਾ ਸਮਝਿਆ ਜਦੋਂ ਤੱਕ ਇੱਕ ਸੁਪਨੇ ਦੇ ਦੌਰਾਨ ਮੈਨੂੰ ਇਹ ਗਿਆਨ ਨਹੀਂ ਹੋਇਆ ਕਿ ਸਮੁੰਦਰ ਅਤੇ ਮੰਦਿਰ ਵੀ ਤਾਦਾਦ ਵਿੱਚ ਚੌਦਾਂ (ਅਨੰਤ) ਹਨ। ਹਰ ਚੀਜ਼ ਕਈ ਵਾਰ ਦੁਹਰਾਈ ਜਾਂਦੀ ਹੈ, ਯਾਨੀ ਚੌਦਾਂ ਵਾਰ, ਮਗਰ ਇਸ ਕਾਇਨਾਤ ਵਿੱਚ ਸਿਰਫ ਦੋ ਚੀਜ਼ਾਂ ਸਿਰਫ ਇੱਕ ਵਾਰ ਦੁਹਰਾਈਆਂ ਜਾਪਦੀਆਂ ਹਨ: ਉੱਪਰ ਇੱਕ ਪੇਚੀਦਾ ਸੂਰਜ, ਹੇਠਾਂ ਐਸਤਰੀਓਨ। ਸ਼ਾਇਦ ਮੈਂ ਹੀ ਇਨ੍ਹਾਂ ਸਿਤਾਰਿਆਂ, ਸੂਰਜ ਅਤੇ ਇਸ ਆਲੀਸ਼ਾਨ ਮਕਾਨ ਦੀ ਰਚਨਾ ਕੀਤੀ ਹੋਵੇ, ਮਗਰ ਮੈਨੂੰ ਹੁਣ ਇਹ ਬਿਲਕੁਲ ਯਾਦ ਨਹੀਂ।
ਹਰ ਨੌਂ ਸਾਲ ਬਾਅਦ ਨੌਂ ਆਦਮੀ ਇਸ ਮਕਾਨ ਵਿੱਚ ਅੰਦਰ ਵੜਦੇ ਹਨ ਤਾਂਕਿ ਮੈਂ ਉਨ੍ਹਾਂ ਨੂੰ ਕੁੱਲ ਬੁਰਾਈਆਂ ਤੋਂ ਮੁਕਤ ਕਰ ਸਕਾਂ। ਮੈਂ ਉਨ੍ਹਾਂ ਦੇ ਕਦਮਾਂ ਦੀ ਆਹਟ ਜਾਂ ਉਨ੍ਹਾਂ ਦੀਆਂ ਆਵਾਜ਼ਾਂ ਪੱਥਰ ਦੀਆਂ ਗੈਲਰੀਆਂ ਦੀਆਂ ਗਹਿਰਾਈਆਂ ਵਿੱਚ ਸੁਣ ਸਕਦਾ ਹਾਂ ਅਤੇ ਖੁਸ਼ੀ ਖੁਸ਼ੀ ਉਨ੍ਹਾਂ ਦੀ ਤਰਫ਼ ਭੱਜਦਾ ਹਾਂ। ਰਸਮ ਕੁੱਝ ਮਿੰਟ ਹੀ ਜਾਰੀ ਰਹਿੰਦੀ ਹੈ। ਮੇਰੇ ਹੱਥਾਂ ਨੂੰ ਖ਼ੂਨ ਨਾਲ ਰੰਗੇ ਬਿਨਾਂ ਉਹ ਇੱਕ ਬਾਅਦ ਦੂਜੇ ਡਿੱਗ ਪੈਂਦੇ ਹਨ। ਡਿੱਗਣ ਦੇ ਬਾਅਦ ਉਹ ਉਸੀ ਜਗ੍ਹਾ ਪਏ ਰਹਿੰਦੇ ਹਨ ਅਤੇ ਉਨ੍ਹਾਂ ਦੇ ਜਿਸਮ ਇੱਕ ਗੈਲਰੀ ਨੂੰ ਦੂਜੀ ਨਾਲੋਂ ਫ਼ਰਕ ਕਰਨ ਵਿੱਚ ਮਦਦ ਕਰਦੇ ਹਨ। ਮੈਂ ਨਹੀਂ ਜਾਣਦਾ ਉਹ ਕੌਣ ਹਨ, ਮਗਰ ਮੈਨੂੰ ਇਹ ਪਤਾ ਹੈ ਕਿ ਉਨ੍ਹਾਂ ਵਿਚੋਂ ਇੱਕ ਨੇ ਆਪਣੀ ਮੌਤ ਦੇ ਵਕਤ ਪੇਸ਼ੀਨਗੋਈ ਕੀਤੀ ਸੀ ਕਿਸੇ ਦਿਨ ਮੇਰਾ ਨਜਾਤਕਾਰ ਜ਼ਰੂਰ ਆਵੇਗਾ। ਉਸ ਦਿਨ ਤੋਂ ਇਕੱਲ ਮੇਰੇ ਲਈ ਪੀੜ ਦਾ ਕਾਰਨ ਨਹੀਂ ਕਿਉਂ ਕਿ ਮੈਨੂੰ ਪਤਾ ਹੈ ਕਿ ਮੇਰਾ ਨਜਾਤਕਾਰ ਮੌਜੂਦ ਹੈ ਅਤੇ ਆਖ਼ਰ ਨੂੰ ਉਹ ਖ਼ਾਕ ਵਿੱਚੋਂ ਨਮੂਦਾਰ ਹੋਵੇਗਾ। ਜੇਕਰ ਮੇਰੇ ਕੰਨ ਕਾਇਨਾਤ ਦੀਆਂ ਸਭਨਾਂ ਆਵਾਜ਼ਾਂ ਨੂੰ ਫੜ ਸਕਦੇ ਤਾਂ ਮੈਂ ਜ਼ਰੂਰ ਉਸ ਦੇ ਕਦਮਾਂ ਦੀ ਆਹਟ ਸੁਣ ਸਕਦਾ। ਮੈਨੂੰ ਉਮੀਦ ਹੈ ਕਿ ਉਹ ਮੈਨੂੰ ਇੱਕ ਘੱਟ ਗੈਲਰੀਆਂ ਅਤੇ ਘੱਟ ਦਰਵਾਜਿਆਂ ਵਾਲੀ ਜਗ੍ਹਾ ਉੱਤੇ ਲੈ ਜਾਵੇਗਾ। ਮੇਰਾ ਨਜਾਤਕਾਰ ਕਿਵੇਂ ਦਾ ਹੋਵੇਗਾ? ਮੈਂ ਆਪਣੇ ਆਪ ਨੂੰ ਪੁੱਛਦਾ ਹਾਂ। ਕੀ ਉਹ ਬੈਲ ਹੋਵੇਗਾ ਜਾਂ ਬੰਦਾ? ਕੀ ਸੰਭਵ ਹੈ ਕਿ ਉਹ ਆਦਮੀ ਦੇ ਚਿਹਰੇ ਵਾਲਾ ਇੱਕ ਬੇਲ ਹੋਵੇ? ਜਾਂ ਕੀ ਉਹ ਮੇਰੇ ਵਰਗਾ ਹੋਵੇਗਾ?
ਸਵੇਰੇ ਦਾ ਸੂਰਜ ਕਹਿੰ ਦੀ ਤਲਵਾਰ ਵਿੱਚੋਂ ਲਿਸ਼ਕਿਆ। ਖ਼ੂਨ ਦਾ ਕੋਈ ਜ਼ਰਾ ਤੱਕ ਵੀ ਬਾਕੀ ਨਹੀਂ ਸੀ
“ਕੀ ਤੂੰ ਇਹ ਮੰਨੇਂਗੀ, ਅਰੀਯਾਦਨੇ?” ਥੀਸਿਅਸ ਨੇ ਕਿਹਾ। ਮਿਨੋਤੋਰ ਬੜੀ ਮੁਸ਼ਕਿਲ ਨਾਲ ਹੀ ਆਪਣਾ ਪੱਖ ਪੂਰ ਸਕਿਆ।

ਦੈਵੀ ਲਿਖਤ (ਕਹਾਣੀ) – ਹੋਰਹੇ ਲੂਈਸ ਬੋਰਹੇਸ

January 11, 2018

ਕੈਦਖ਼ਾਨਾ ਬਹੁਤ ਗਹਿਰਾ ਹੈ, ਅਤੇ ਪੱਥਰ ਦਾ ਬਣਿਆ ਹੈ। ਇਹ ਤੱਥ ਇੱਕ ਲਿਹਾਜ਼ ਨਾਲ ਅਤਿਆਚਾਰ ਅਤੇ ਵਿਸ਼ਾਲਤਾ ਦੇ ਅਹਿਸਾਸਾਂ ਨੂੰ ਹੋਰ ਉਭਾਰਦਾ ਹੈ ਕਿ ਕੈਦਖ਼ਾਨੇ ਦੀ ਸ਼ਕਲ ਤਕਰੀਬਨ ਇੱਕ ਮੁਕੰਮਲ ਅਰਧਗੋਲੇ ਵਰਗੀ ਸੀ ਜਦ ਕਿ ਫ਼ਰਸ਼ (ਜੋ ਪੱਥਰ ਦਾ ਹੀ ਬਣਿਆ ਹੈ) ਇੱਕ ਵੱਡੇ ਚੱਕਰ ਨਾਲੋਂ ਕੁੱਝ ਘੱਟ ਹੀ ਹੈ। ਇੱਕ ਕੰਧ ਉਸ ਦੇ ਕੇਂਦਰ ਨੂੰ ਅੱਧ ਵਿੱਚ ਤਕਸੀਮ ਕਰਦੀ ਹੈ, ਅਤੇ ਇਹ ਕੰਧ ਕਾਫ਼ੀ ਬੁਲੰਦ ਹੋਣ ਦੇ ਬਾਵਜੂਦ ਕੈਦਖ਼ਾਨੇ ਦੀ ਡਾਟ ਦੇ ਉੱਪਰੀ ਹਿੱਸੇ ਤੱਕ ਨਹੀਂ ਪੁੱਜਦੀ। ਇੱਥੇ ਇੱਕ ਕਾਲ ਕੋਠੜੀ ਦੇ ਅੰਦਰ, ਮੈਂ ਯਾਨੀ ਜ਼ਿਨਾਕਾਨ, ਕਾਹੋਲੋਮ ਦੇ ਪਿਰਾਮਿਡ – ਜਿਸਨੂੰ ਪੇਡਰੋ ਡੀ ਅਲਵਾਰਾਦੋ ਨੇ ਅੱਗ ਲਾ ਕੇ ਬਰਬਾਦ ਕਰ ਦਿੱਤਾ ਸੀ – ਦਾ ਜਾਦੂਗਰ ਕੈਦੀ ਹਾਂ, ਅਤੇ ਦੂਜੇ ਵਿੱਚ ਇੱਕ ਜਗੁਆਰ ਹੈ ਜੋ ਖ਼ੁਫ਼ੀਆ ਸਾਵੇਂ ਕਦਮਾਂ ਨਾਲ ਕੈਦ ਦੇ ਦੇਸ਼ਕਾਲ ਨੂੰ ਮਾਪ ਰਿਹਾ ਹੈ। ਕੇਂਦਰੀ ਕੰਧ ਦੇ ਅੱਧ ਵਿੱਚ ਇੱਕ ਲੰਮੀ ਖਿੜਕੀ ਹੈ ਜਿਸਦੀ ਸਲਾਖਾਂ ਜ਼ਮੀਨ ਨਾਲ ਲੱਗੀਆਂ ਹਨ। ਉਸ [ਦੁਪਹਿਰ] ਵਕਤ ਜਦੋਂ ਸਾਇਆ ਨਹੀਂ ਹੁੰਦਾ, ਉੱਪਰ ਛੱਤ ਵਿੱਚ ਇੱਕ ਕੁੜਿੱਕੀ ਖੁਲ੍ਹਦੀ ਹੈ ਅਤੇ ਜੇਲ੍ਹਰ, ਜਿਸਨੂੰ ਬੀਤ ਗਏ ਸਾਲ ਨਿਰੰਤਰ ਮਿਟਾ ਰਹੇ ਹਨ, ਇੱਕ ਫ਼ੌਲਾਦੀ ਭੌਣੀ ਘੁਮਾਉਂਦਾ ਹੈ ਅਤੇ ਸਾਡੇ ਲਈ ਲੱਜ ਦੇ ਜ਼ਰੀਏ ਪਾਣੀ ਦੇ ਜੱਗ ਅਤੇ ਗੋਸ਼ਤ ਦੇ ਟੁੱਕੜੇ ਉਤਾਰਦਾ ਹੈ। ਇਸ ਸਮੇਂ ਵਾਲਟ ਵਿੱਚ ਰੋਸ਼ਨੀ ਆਉਂਦੀ ਹੈ ਅਤੇ ਇਹੀ ਉਹ ਘੜੀ ਹੈ ਜਦੋਂ ਮੈਂ ਜਗੁਆਰ ਨੂੰ ਵੇਖ ਸਕਦਾ ਹਾਂ।

ਮੈਂ ਉਨ੍ਹਾਂ ਸਾਲਾਂ ਦੀ ਗਿਣਤੀ ਭੁੱਲ ਚੁੱਕਿਆ ਹਾਂ ਜੋ ਮੈਂ ਕਾਲ ਕੋਠੜੀ ਵਿੱਚ ਲਿਟੇ ਲਿਟੇ ਬਤੀਤ ਕੀਤੇ ਹਨ। ਮੈਂ ਜੋ ਕਦੇ ਜਵਾਨ ਸੀ ਅਤੇ ਕੈਦਖ਼ਾਨੇ ਵਿੱਚ ਚਹਿਲਕਦਮੀ ਕਰ ਸਕਦਾ ਸੀ, ਹੁਣ ਮੌਤ ਦੀ ਉਡੀਕ ਤੋਂ ਜ਼ਿਆਦਾ ਹੋਰ ਕੁੱਝ ਵੀ ਕਰਨ ਦੇ ਯੋਗ ਨਹੀਂ, ਯਾਨੀ ਉਹ ਹੋਣੀ ਜੋ ਦੇਵਤਿਆਂ ਨੇ ਮੇਰੇ ਮੁਕੱਦਰ ਵਿੱਚ ਲਿਖ ਦਿੱਤੀ ਹੈ। ਮੈਂ ਜੋ ਅਗਨੀ ਚੱਟਾਨ ਤੋਂ ਘੜੇ ਖ਼ੰਜਰ ਨਾਲ ਆਪਣੇ ਸ਼ਿਕਾਰਾਂ ਦੇ ਸੀਨੇ ਚਾਕ ਕਰ ਦਿੰਦਾ ਸੀ ਅੱਜ ਜਾਦੂ ਦਾ ਸਹਾਰਾ ਲਏ ਬਿਨਾਂ ਆਪਣਾ ਆਪ ਨੂੰ ਮਿੱਟੀ ਤੋਂ ਉੱਪਰ ਨਹੀਂ ਉਠਾ ਸਕਦਾ।

ਪਿਰਾਮਿਡ ਦੇ ਜਲਾਏ ਜਾਣ ਦੀ ਪੂਰਵ ਸੰਧਿਆ ਨੂੰ ਉਨ੍ਹਾਂ ਉੱਚੇ ਘੋੜਿਆਂ ਤੋਂ ਉੱਤਰਨ ਵਾਲੇ ਵਿਅਕਤੀਆਂ ਨੇ ਮੈਨੂੰ ਅਗਨ ਧਾਤਾਂ ਨਾਲ ਤਸੀਹੇ ਦੇ ਦੇ ਕੇ ਛਿਪੇ ਹੋਏ ਖਜਾਨੇ ਦਾ ਪਤਾ ਉਗਲਣ ਲਈ ਮਜਬੂਰ ਕੀਤਾ। ਉਨ੍ਹਾਂ ਨੇ ਦੇਵਤੇ ਦੇ ਬੁੱਤ ਨੂੰ ਮੇਰੀਆਂ ਨਿਗਾਹਾਂ ਦੇ ਸਾਹਮਣੇ ਜ਼ਮੀਨ ਉੱਤੇ ਗਿਰਾ ਦਿੱਤਾ ਮਗਰ ਉਸਨੇ ਮੈਨੂੰ ਇਕੱਲਾ ਨਹੀਂ ਛੱਡਿਆ ਅਤੇ ਮੈਂ ਚੁੱਪਚਾਪ ਤਸੀਹੇ ਬਰਦਾਸ਼ਤ ਕੀਤੇ। ਉਨ੍ਹਾਂ ਨੇ ਮੇਰੇ ਉੱਤੇ ਚਾਬੁਕ ਬਰਸਾਏ, ਮੈਨੂੰ ਤੋੜ ਭੰਨ ਦਿੱਤਾ ਅਤੇ ਮੇਰਾ ਹੁਲੀਆ ਵਿਗਾੜ ਦਿੱਤਾ, ਅਤੇ ਫਿਰ ਮੈਂ ਇਸ ਕੈਦਖ਼ਾਨੇ ਵਿੱਚ ਅੱਖ ਖੋਲੀ ਜਿਥੋਂ ਮੈਂ ਇਸ ਫ਼ਾਨੀ ਜ਼ਿੰਦਗੀ ਦੌਰਾਨ ਤਾਂ ਬਾਹਰ ਨਹੀਂ ਆ ਸਕਦਾ।

ਕਿਸੇ ਨਾ ਕਿਸੇ ਤਰ੍ਹਾਂ ਕੰਮ ਵਿੱਚ ਲੱਗੇ ਰਹਿਣ ਅਤੇ ਵਕਤ ਦਾ ਵਿਹੜਾ ਭਰਨ ਦੀ ਮਜਬੂਰੀ ਦੇ ਹੱਥੋਂ ਮੈਂ ਅੰਧਕਾਰ ਵਿੱਚ ਉਹ ਸਭ ਕੁੱਝ ਯਾਦ ਕਰਨ ਦੀ ਕੋਸ਼ਿਸ਼ ਕੀਤੀ ਜੋ ਮੈਂ ਜਾਣਦਾ ਸੀ। ਅੰਤਹੀਣ ਰਾਤਾਂ ਪੱਥਰਾਂ ਉੱਤੇ ਚਿਤਰੇ ਸੱਪਾਂ ਦੀ ਤਾਦਾਦ ਅਤੇ ਤਰਤੀਬ ਜਾਂ ਕਿਸੇ ਔਖਧੀ ਦਰਖ਼ਤ ਦੀ ਦਰੁਸਤ ਸ਼ਕਲ ਚੇਤੇ ਵਿੱਚ ਲਿਆਉਣ ਲਈ ਬਤੀਤ ਕਰ ਦਿੱਤੀਆਂ। ਇਸੇ ਤਰ੍ਹਾਂ ਸਹਿਜੇ ਸਹਿਜੇ, ਮੈਂ ਬੀਤ ਰਹੇ ਸਾਲਾਂ ਨੂੰ ਨਿਮਾਣਾ ਕਰ ਲਿਆ। ਇਸੇ ਤਰ੍ਹਾਂ ਸਹਿਜੇ ਸਹਿਜੇ ਮੈਂ ਉਸ ਚੀਜ਼ ਦਾ ਮਾਲਕ ਬਣ ਗਿਆ ਜੋ ਪਹਿਲਾਂ ਹੀ ਮੇਰੀ ਸੀ।
ਇੱਕ ਰਾਤ ਮੈਨੂੰ ਮਹਿਸੂਸ ਹੋਇਆ ਕਿ ਮੈਂ ਇੱਕ ਅਤਿਅੰਤ ਗੂੜ੍ਹ ਯਾਦਾਸ਼ਤ ਦੀ ਦਹਿਲੀਜ਼ ਨੇੜੇ ਆ ਗਿਆ ਸੀ। ਮੁਸਾਫ਼ਰ ਦੀ ਨਜ਼ਰ ਸਮੁੰਦਰ ਉੱਤੇ ਪੈਂਦੇ ਹੀ ਉਸਨੂੰ ਆਪਣੀਆਂ ਰਗਾਂ ਵਿੱਚ ਖ਼ੂਨ ਦਾ ਦੌਰਾ ਤੇਜ਼ ਹੁੰਦਾ ਮਹਿਸੂਸ ਹੁੰਦਾ ਹੈ। ਕਈ ਘੰਟਿਆਂ ਬਾਅਦ ਮੈਂ ਇਸ ਯਾਦਾਸ਼ਤ ਦੀ ਰੂਪਰੇਖਾ ਨੂੰ ਦੇਖਣ ਲੱਗਿਆ। ਉਹ ਦੇਵਤੇ ਨਾਲ ਜੁੜੀ ਇੱਕ ਰਿਵਾਇਤ ਸੀ। ਇਹ ਪੇਸ਼-ਬੀਨੀ ਕਰਦੇ ਹੋਏ ਕਿ ਆਖ਼ਰ ਦੇ ਸਮੇਂ ਵਿੱਚ ਤਬਾਹੀ ਤੇ ਬਰਬਾਦੀ ਹੋਵੇਗੀ ਦੇਵਤਾ ਨੇ ਸ੍ਰਿਸ਼ਟੀ ਦੇ ਪਹਿਲੇ ਹੀ ਦਿਨ ਇੱਕ ਜਾਦੂਈ ਵਾਕ ਦੀ ਰਚਨਾ ਕੀਤੀ, ਜਿਸ ਵਿੱਚ ਉਨ੍ਹਾਂ ਬੁਰਾਈਆਂ ਦਾ ਅਸਰ ਦੂਰ ਕਰਨ ਦੀ ਤਾਕਤ ਸੀ। ਉਸਨੇ ਇਹ ਵਾਕ ਕੁੱਝ ਇਸ ਤਰ੍ਹਾਂ ਲਿਖਿਆ ਕਿ ਉਹ ਸਭ ਤੋਂ ਦੂਰ ਦੀਆਂ ਨਸਲਾਂ ਤੱਕ ਪਹੁੰਚ ਜਾਵੇ ਅਤੇ ਸੰਯੋਗ ਉੱਤੇ ਨਿਰਭਰ ਨਾ ਹੋਵੇ। ਕੋਈ ਨਹੀਂ ਜਾਣਦਾ ਕਿ ਉਹ ਵਾਕ ਕਿੱਥੇ ਲਿਖਿਆ ਗਿਆ ਅਤੇ ਅੱਖਰ ਕੀ ਸਨ, ਮਗਰ ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਉਹ ਕਿਸੇ ਖ਼ੁਫ਼ੀਆ ਜਗ੍ਹਾ ਮੌਜੂਦ ਜ਼ਰੂਰ ਹੈ ਅਤੇ ਕੋਈ ਵਿਰਲਾ ਚੋਣਵਾਂ ਇਨਸਾਨ ਹੀ ਉਸਨੂੰ ਪੜ੍ਹ ਸਕੇਗਾ। ਮੈਂ ਸੋਚਿਆ ਕਿ ਅਸੀਂ ਹਮੇਸ਼ਾ ਦੀ ਤਰ੍ਹਾਂ ਉਸ ਵਕਤ ਦੇ ਅਖ਼ੀਰ ਵਿੱਚ ਹਾਂ ਅਤੇ ਦੇਵਤੇ ਦਾ ਆਖ਼ਰੀ ਪੁਜਾਰੀ ਹੋਣ ਦੇ ਨਾਤੇ ਮੇਰੀ ਇਹ ਹੋਣੀ ਹੈ ਕਿ ਮੈਂ ਉਸ ਲਿਖਤ ਨੂੰ ਦਿੱਬ ਦ੍ਰਿਸ਼ਟੀ ਨਾਲ ਜਾਣ ਲਵਾਂ। ਇਹ ਤੱਥ ਕਿ ਮੈਂ ਇੱਕ ਕੈਦਖ਼ਾਨੇ ਵਿੱਚ ਕੈਦ ਹਾਂ ਮੇਰੀ ਉਮੀਦ ਦੇ ਆੜੇ ਨਹੀਂ ਆਇਆ। ਸ਼ਾਇਦ ਕੋਹੋਲਮ ਦੀ ਲਿਖਤ ਹਜਾਰਾਂ ਵਾਰ ਮੇਰੀ ਨਜ਼ਰ ਹੇਠੋਂ ਲੰਘੀ ਹੋਵੇ ਅਤੇ ਮੈਂ ਮਹਿਜ਼ ਉਸ ਦੀ ਗਹਿਰਾਈ ਵਿੱਚ ਹੀ ਉਤਰਨਾ ਸੀ।

ਇਸ ਸੋਚ ਨੇ ਮੇਰੀ ਹਿੰਮਤ ਬੰਨ੍ਹਾਈ ਅਤੇ ਮੈਂ ਜਿਵੇਂ ਚਕਰਾ ਜਿਹਾ ਗਿਆ। ਪੂਰੀ ਜ਼ਮੀਨ ਉੱਤੇ ਪ੍ਰਾਚੀਨ ਸ਼ਕਲਾਂ ਮੌਜੂਦ ਹਨ, ਸ਼ਕਲਾਂ ਜੋ ਫ਼ਨਾ ਨਹੀਂ ਹੋ ਸਕਦੀਆਂ ਅਤੇ ਸਦੀਵੀ ਹਨ, ਅਤੇ ਉਨ੍ਹਾਂ ਵਿਚੋਂ ਕੋਈ ਵੀ ਉਹ ਪ੍ਰਤੀਕ ਹੋ ਸਕਦੀ ਹੈ ਜਿਸਦੀ ਮੈਨੂੰ ਤਲਾਸ਼ ਹੈ। ਇੱਕ ਪਹਾੜ ਦੈਵੀ ਬਿਆਨ ਹੋ ਸਕਦਾ ਹੈ, ਜਾਂ ਕੋਈ ਨਦੀ ਜਾਂ ਸਲਤਨਤ ਜਾਂ ਤਾਰਿਆਂ ਦੀ ਕੋਈ ਖਿੱਤੀ। ਮਗਰ ਸਦੀਆਂ ਬੀਤ ਜਾਣ ਦੇ ਬਾਅਦ ਪਹਾੜ ਪੱਧਰ ਹੋ ਜਾਂਦਾ ਹੈ ਅਤੇ ਦਰਿਆ ਆਪਣਾ ਵਹਿਣ ਬਦਲ ਲੈਂਦਾ ਹੈ, ਸਲਤਨਤਾਂ ਬਦਲ ਜਾਂਦੀਆਂ ਹਨ ਅਤੇ ਤਬਾਹ ਹੋ ਜਾਂਦੀਆਂ ਹਨ, ਅਤੇ ਤਾਰਿਆਂ ਦੀਆਂ ਖਿੱਤੀਆਂ ਦੀਆਂ ਸ਼ਕਲਾਂ ਬਦਲ ਜਾਂਦੀਆਂ ਹਨ। ਅਸਮਾਨ ਵਿੱਚ ਤਬਦੀਲੀ ਆਉਂਦੀ ਹੈ। ਪਹਾੜ ਅਤੇ ਤਾਰੇ ਅੱਡ ਅੱਡ ਹਨ ਅਤੇ ਅੱਡ ਅੱਡ ਚੀਜ਼ਾਂ ਮਿਟ ਜਾਂਦੀਆਂ ਹਨ। ਮੈਂ ਕਿਸੇ ਵਧੇਰੇ ਸਿਰੜੀ, ਵਧੇਰੇ ਦ੍ਰਿੜ ਚੀਜ਼ ਦੀ ਤਲਾਸ਼ ਵਿੱਚ ਸੀ। ਮੈਂ ਅਨਾਜਾਂ, ਘਾਹ-ਬੂਟੀਆਂ, ਪਰਿੰਦਿਆਂ ਅਤੇ ਇਨਸਾਨਾਂ ਦੀਆਂ ਪ੍ਰਜਾਤੀਆਂ ਦੇ ਬਾਰੇ ਵਿੱਚ ਸੋਚਦਾ ਰਿਹਾ। ਸ਼ਾਇਦ ਜਾਦੂ ਮੇਰੇ ਚਿਹਰੇ ਉੱਤੇ ਹੀ ਲਿਖਿਆ ਹੋਵੇ, ਸ਼ਾਇਦ ਮੈਂ ਖ਼ੁਦ ਹੀ ਆਪਣੀ ਤਲਾਸ਼ ਦਾ ਅੰਤ ਸੀ। ਚਿੰਤਾ ਮੈਨੂੰ ਖਾਂਦੀ ਜਾ ਰਹੀ ਸੀ, ਜਦੋਂ ਮੈਨੂੰ ਯਾਦ ਆਇਆ ਕਿ ਜਗੁਆਰ ਦੇਵਤੇ ਦੀਆਂ ਸਿਫ਼ਤਾਂ ਵਿੱਚੋਂ ਇੱਕ ਸਿਫ਼ਤ ਸੀ।

ਫਿਰ ਮੇਰੀ ਰੂਹ ਰਹਿਮ ਨਾਲ ਭਿੱਜ ਗਈ। ਮੈਂ ਸਮੇਂ ਦੀ ਪਹਿਲੀ ਸਵੇਰ ਦੀ ਕਲਪਨਾ ਕੀਤੀ, ਮੈਂ ਕਲਪਨਾ ਕੀਤੀ ਕਿ ਮੇਰਾ ਦੇਵਤਾ ਜਗੁਆਰਾਂ ਦੀ ਜ਼ਿੰਦਾ ਖੱਲ ਨੂੰ ਆਪਣਾ ਸੁਨੇਹਾ ਸਮਝਾ ਰਿਹਾ ਸੀ, ਜੋ ਗਾਰਾਂ, ਬਾਂਸ ਦੇ ਖੇਤਾਂ, ਟਾਪੂਆਂ ਉੱਤੇ ਅੰਤਹੀਣ ਮੁਹੱਬਤ ਕਰਨਗੇ ਅਤੇ ਨਸਲ ਅੱਗੇ ਤੋਰਨਗੇ ਤਾਂਕਿ ਆਖ਼ਿਰੀ ਇਨਸਾਨਾਂ ਤੱਕ ਇਹ ਸੁਨੇਹਾ ਪਹੁੰਚ ਸਕੇ। ਮੈਂ ਕਲਪਨਾ ਕੀਤੀ ਕਿ ਸ਼ੇਰਾਂ ਦੇ ਇਹ ਜਾਲ, ਸ਼ੇਰਾਂ ਦੇ ਇਹ ਪੇਚੀਦਾ ਵੱਡੇ ਵੱਡੇ ਝੁਰਮਟ ਚਰਾਗਾਹਾਂ ਅਤੇ ਇੱਜੜਾਂ ਵਿੱਚ ਇਸ ਵਾਸਤੇ ਦਹਿਸ਼ਤ ਪਾ ਰਹੇ ਸਨ ਕਿ ਇੱਕ ਮਨਸੂਬੇ ਨੂੰ ਜਾਰੀ ਰੱਖਿਆ ਜਾ ਸਕੇ। ਨਾਲ ਵਾਲੀ ਕੋਠੜੀ ਵਿੱਚ ਇੱਕ ਜਗੁਆਰ ਸੀ ਅਤੇ ਉਸ ਦੇ ਅਹਾਤੇ ਵਿੱਚ ਮੈਂ ਆਪਣੇ ਖ਼ਿਆਲ ਦੀ ਪੁਸ਼ਟੀ ਅਤੇ ਇੱਕ ਖ਼ੁਫ਼ੀਆ ਕਿਰਪਾ ਸਮਝਿਆ।

ਮੈਂ ਉਸ ਦੀ ਖੱਲ ਉੱਤੇ ਮੌਜੂਦ ਚਟਾਕਾਂ ਦੀ ਤਰਤੀਬ ਅਤੇ ਸੰਰਚਨਾ ਨੂੰ ਸਮਝਣ ਵਿੱਚ ਕਈ ਸਾਲ ਲਾ ਦਿੱਤੇ। ਅੰਧਕਾਰ ਦਾ ਹਰ ਅਰਸਾ ਰੋਸ਼ਨੀ ਦੀ ਇੱਕ ਘੜੀ ਦੇ ਅੱਗੇ ਹਾਰ ਮੰਨ ਲੈਂਦਾ ਅਤੇ ਇਸ ਤਰ੍ਹਾਂ ਮੈਨੂੰ ਮੌਕਾ ਮਿਲ ਜਾਂਦਾ ਕਿ ਮੈਂ ਜ਼ਰਦ ਜੱਤ ਵਿੱਚ ਚੱਲਦੀਆਂ ਸਿਆਹ ਸ਼ਕਲਾਂ ਉੱਤੇ ਆਪਣਾ ਧਿਆਨ ਟਿਕਾ ਸਕਾਂ। ਉਨ੍ਹਾਂ ਵਿਚੋਂ ਕੁੱਝ ਨੁਕਤਿਆਂ ਉੱਤੇ ਅਧਾਰਿਤ ਹੁੰਦੀਆਂ, ਦੂਜੀਆਂ ਲੱਤਾਂ ਦੇ ਅੰਦਰੂਨੀ ਹਿੱਸੇ ਉੱਤੇ ਇੱਕ ਦੂਜੇ ਨੂੰ ਕੱਟਦੀਆਂ, ਲਕੀਰਾਂ ਅਤੇ ਕੁੱਝ ਘੇਰਿਆਂ ਦੀ ਸ਼ਕਲ ਵਿੱਚ ਵਾਰ-ਵਾਰ ਆਪਣੇ ਆਪ ਨੂੰ ਦੁਹਰਾਉਂਦੀਆਂ ਰਹਿੰਦੀਆਂ। ਸ਼ਾਇਦ ਉਹ ਇੱਕੋ ਧੁਨੀ ਸਨ ਜਾਂ ਇੱਕੋ ਸ਼ਬਦ। ਉਨ੍ਹਾਂ ਵਿਚੋਂ ਕਈ ਦੇ ਕਿਨਾਰੇ ਲਾਲ ਸਨ।

ਮੈਂ ਆਪਣੀ ਮਸ਼ੱਕਤ ਦੀਆਂ ਤਕਲੀਫਾਂ ਦਾ ਜ਼ਿਕਰ ਨਹੀਂ ਕਰਾਂਗਾ। ਮੈਂ ਆਪਣੀ ਕੋਠੜੀ ਵਿੱਚ ਇੱਕ ਤੋਂ ਜ਼ਿਆਦਾ ਵਾਰ ਚੀਖ ਉਠਿਆ ਕਿ ਇਸ ਪਾਠ ਨੂੰ ਉਠਾਲਣਾ ਅਸੰਭਵ ਹੈ। ਸਹਿਜੇ ਸਹਿਜੇ ਇਹ ਠੋਸ ਬੁਝਾਰਤ ਜਿਸਨੂੰ ਸੁਲਝਾਣ ਲਈ ਮੈਂ ਜੋਸ਼ੀਲਾ ਸੀ ਮੇਰੇ ਲਈ ਉਸ ਆਮ ਬੁਝਾਰਤ ਨਾਲੋਂ ਘੱਟ ਪਰੇਸ਼ਾਨਕੁਨ ਸਾਬਤ ਹੋਣ ਲਗਾ ਜੋ ਦੇਵਤੇ ਦੇ ਲਿਖੇ ਵਾਕ ਦੇ ਕਾਰਨ ਸੀ। ਕਿਸ ਕਿਸਮ ਦਾ ਵਾਕ (ਮੈਂ ਆਪਣੇ ਆਪ ਨੂੰ ਪੁੱਛਿਆ) ਇੱਕ ਨਿਰਪੇਖ ਮਨ ਰਚੇਗਾ? ਮੈਂ ਸੋਚਿਆ ਕਿ ਇਨਸਾਨੀ ਜ਼ਬਾਨਾਂ ਤੱਕ ਵਿੱਚ ਅਜਿਹਾ ਕੋਈ ਪ੍ਰਸਤਾਵ ਨਹੀਂ ਜੋ ਮੁਕੰਮਲ ਕਾਇਨਾਤ ਦਾ ਹਵਾਲਾ ਨਾ ਹੋਵੇ; ਕਿਸੇ ਖ਼ਾਸ ਸ਼ੇਰ ਦੇ ਜਿਕਰ ਵਿੱਚ ਉਹ ਸ਼ੇਰ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਉਸਨੂੰ ਪੈਦਾ ਕੀਤਾ, ਉਹ ਮਿਰਗ ਅਤੇ ਕੱਛੂ ਵੀ ਜੋ ਉਸਨੇ ਨਿਗਲੇ, ਉਹ ਘਾਹ ਜੋ ਮਿਰਗਾਂ ਦੀ ਖ਼ੁਰਾਕ ਸੀ, ਜ਼ਮੀਨ ਜੋ ਉਸ ਘਾਹ ਦੀ ਮਾਂ ਸੀ, ਅਸਮਾਨ ਜਿਸਨੇ ਇਸ ਜ਼ਮੀਨ ਨੂੰ ਜਨਮ ਦਿੱਤਾ। ਮੈਂ ਸੋਚਿਆ ਕਿ ਦੈਵੀ ਭਾਸ਼ਾ ਵਿੱਚ ਹਰ ਸ਼ਬਦ ਤੱਥਾਂ ਦੀ ਇੱਕ ਅਨੰਤ ਲੜੀ ਨੂੰ ਪਰਗਟ ਕਰਦਾ ਹੈ, ਅਸਪਸ਼ਟ ਨਹੀਂ ਸਗੋਂ ਸਪਸ਼ਟ ਤੌਰ ਉੱਤੇ, ਸਹਿਜੇ ਸਹਿਜੇ ਨਹੀਂ ਸਗੋਂ ਇੱਕੋ-ਵਕਤ। ਫਿਰ ਕੁੱਝ ਸਮਾਂ ਬੀਤਣ ਦੇ ਬਾਅਦ ਦੈਵੀ ਵਾਕ ਦਾ ਖ਼ਿਆਲ ਹੀ ਬਚਗਾਨਾ ਜਾਂ ਗੁਸਤਾਖ਼ਾਨਾ ਲੱਗਣ ਲੱਗ ਪਿਆ। ਮੈਂ ਸੋਚਿਆ ਕਿ ਕਿਸੇ ਦੇਵਤਾ ਨੂੰ ਤਾਂ ਬਸ ਇੱਕ ਸ਼ਬਦ ਹੀ ਅਦਾ ਕਰਨ ਦੀ ਜ਼ਰੂਰਤ ਹੈ ਅਤੇ ਉਸ ਵਿੱਚ ਨਿਰਪੇਖ ਸੰਪੂਰਨਤਾ ਹੋਵੇਗੀ। ਉਸ ਦਾ ਅਦਾ ਕੀਤਾ ਹੋਇਆ ਕੋਈ ਵੀ ਸ਼ਬਦ ਕਾਇਨਾਤ ਨਾਲੋਂ ਜਾਂ ਸਮੇਂ ਦੇ ਕੁੱਲ ਜੋੜ ਨਾਲੋਂ ਘੱਟ ਨਹੀਂ ਹੋ ਸਕਦਾ। ਇਸ ਇੱਕ ਸ਼ਬਦ ਦੇ ਸਾਏ ਜਾਂ ਨਕਲਾਂ ਜੋ ਕਿਸੇ ਭਾਸ਼ਾ ਦੇ ਬਰਾਬਰ ਹੋਣ ਜਾਂ ਉਹ ਸਭ ਕੁੱਝ ਜਿਸਨੂੰ ਕੋਈ ਭਾਸ਼ਾ ਸਮੇਟ ਸਕੇ, ਗ਼ਰੀਬ ਅਤੇ ਅਭਿਲਾਸ਼ੀ ਇਨਸਾਨੀ ਸ਼ਬਦ ਕੁਲ, ਦੁਨੀਆ, ਕਾਇਨਾਤ ਹਨ।

ਇੱਕ ਦਿਨ ਜਾਂ ਇੱਕ ਰਾਤ ਮੇਰੇ ਦਿਨਾਂ ਅਤੇ ਰਾਤਾਂ ਵਿੱਚ ਕੀ ਫ਼ਰਕ ਹੋ ਸਕਦਾ ਹੈ? ਮੈਂ ਸੁਪਨਾ ਵੇਖਿਆ ਕਿ ਕੈਦਖ਼ਾਨੇ ਦੀ ਜ਼ਮੀਨ ਉੱਤੇ ਰੇਤ ਦਾ ਇੱਕ ਜ਼ੱਰਾ ਪਿਆ ਹੈ। ਕੋਈ ਪਰਵਾਹ ਕੀਤੇ ਬਿਨਾਂ ਮੈਂ ਦੁਬਾਰਾ ਸੌਂ ਗਿਆ। ਮੈਂ ਸੁਪਨਾ ਵੇਖਿਆ ਕਿ ਮੈਂ ਜਾਗ ਗਿਆ ਹਾਂ ਅਤੇ ਜ਼ਮੀਨ ਉੱਤੇ ਰੇਤ ਦੇ ਦੋ ਜ਼ੱਰੇ ਮੌਜੂਦ ਹਨ। ਹੁਣ ਇੱਕ-ਵਾਰ ਫਿਰ ਸੌਂ ਗਿਆ ਅਤੇ ਸੁਪਨੇ ਵਿੱਚ ਵੇਖਿਆ ਕਿ ਹੁਣ ਤਿੰਨ ਜ਼ੱਰੇ ਹਨ। ਉਹ ਇਸੇ ਤਰ੍ਹਾਂ ਵੱਧਦੇ ਰਹੇ ਇੱਥੇ ਤੱਕ ਕਿ ਕੈਦਖਾਨਾ ਉਨ੍ਹਾਂ ਨਾਲ ਭਰ ਗਿਆ ਅਤੇ ਮੈਂ ਰੇਤ ਦੇ ਇਸ ਅਰਧਗੋਲੇ ਦੇ ਹੇਠਾਂ ਮਰ ਰਿਹਾ ਸੀ। ਮੈਨੂੰ ਖ਼ਿਆਲ ਆਇਆ ਕਿ ਮੈਂ ਤਾਂ ਸੁਪਨਾ ਵੇਖ ਰਿਹਾ ਹਾਂ ਤਾਂ ਬਹੁਤ ਕੋਸ਼ਿਸ਼ ਦੇ ਬਾਅਦ ਮੈਂ ਆਪਣੇ ਆਪ ਨੂੰ ਜਗਾਇਆ ਅਤੇ ਉਠ ਬੈਠਾ। ਜਾਗਣਾ ਬੇਫ਼ਾਇਦਾ ਸੀ ਅਤੇ ਰੇਤ ਦੇ ਅਨਗਿਣਤ ਜ਼ੱਰਿਆਂ ਦੀ ਵਜ੍ਹਾ ਨਾਲ ਮੇਰਾ ਦਮ ਘੁੱਟ ਰਿਹਾ ਸੀ। ਕਿਸੇ ਨੇ ਮੈਨੂੰ ਕਿਹਾ: ਤੁਸੀਂ ਅਜੇ ਨੀਂਦ ਤੋਂ ਬਾਹਰ ਨਹੀਂ ਆਏ ਸਗੋਂ ਇੱਕ ਪਿੱਛਲੀ ਸੁਪਨ-ਅਵਸਥਾ ਵਿੱਚ ਹੋ। ਇਹ ਸੁਪਨਾ ਇੱਕ ਹੋਰ ਸੁਪਨੇ ਵਿੱਚ ਬੰਦ ਹੈ ਅਤੇ ਇਸੇ ਤਰ੍ਹਾਂ ਸੁਪਨਿਆਂ ਦੀ ਇੱਕ ਅਨੰਤ ਲੜੀ ਹੈ ਜੋ ਰੇਤ ਦੇ ਜ਼ੱਰਿਆਂ ਦੀ ਤਾਦਾਦ ਦੇ ਬਰਾਬਰ ਹੈ। ਇਹ ਰਾਹ ਜਿਸ ਉੱਤੇ ਉਲਟੇ ਕਦਮਾਂ ਵਾਪਸ ਜਾਣਾ ਤੁਹਾਡੇ ਲਈ ਜ਼ਰੂਰੀ ਹੈ ਨਾ ਖ਼ਤਮ ਹੋਣ ਵਾਲੀ ਹੈ ਅਤੇ ਇਸ ਤੋਂ ਪਹਿਲਾਂ ਕਿ ਤੁਸੀਂ ਜਾਗੋ ਤੁਹਾਡੀ ਮੌਤ ਹੋ ਚੁੱਕੀ ਹੋਵੇਗੀ।

ਮੈਨੂੰ ਅਜਿਹਾ ਮਹਿਸੂਸ ਹੋਇਆ ਕਿ ਮੈਂ ਗੁੰਮ ਚੁੱਕਿਆ ਹਾਂ। ਰੇਤ ਨਾਲ ਮੇਰਾ ਮੂੰਹ ਭਰ ਰਿਹਾ ਸੀ ਮਗਰ ਮੈਂ ਚਿੱਲਾਇਆ: ਸੁਪਨਿਆਂ ਦੀ ਰੇਤ ਮੈਨੂੰ ਕਤਲ ਨਹੀਂ ਕਰ ਸਕਦੀ ਅਤੇ ਨਾ ਹੀ ਸੁਪਨਿਆਂ ਦੇ ਅੰਦਰ ਸੁਪਨੇ ਵੱਸਦੇ ਹਨ। ਇੱਕ ਚੁੰਧਿਆ ਦੇਣ ਵਾਲੀ ਰੋਸ਼ਨੀ ਦੀ ਲਿਸ਼ਕੋਰ ਨੇ ਮੈਨੂੰ ਜਗਾ ਦਿੱਤਾ। ਉੱਪਰ ਅੰਧਕਾਰ ਵਿੱਚ ਰੋਸ਼ਨੀ ਦਾ ਇੱਕ ਦਾਇਰਾ ਬਣ ਚੁੱਕਿਆ ਸੀ। ਮੈਨੂੰ ਜੇਲ੍ਹਰ ਦਾ ਚਿਹਰਾ ਅਤੇ ਹੱਥ, ਭੌਣੀ, ਲੱਜ, ਗੋਸ਼ਤ ਦੀਆਂ ਬੋਟੀਆਂ ਅਤੇ ਪਾਣੀ ਦੇ ਜੱਗ ਨਜ਼ਰ ਆਏ।

ਇੱਕ ਇਨਸਾਨ ਆਪਣੀ ਤਕਦੀਰ ਦੇ ਬਾਰੇ ਵਿੱਚ ਸਹਿਜੇ ਸਹਿਜੇ ਵਹਿਮਾਂ ਦਾ ਸ਼ਿਕਾਰ ਹੁੰਦਾ ਜਾਂਦਾ ਹੈ। ਇਨਸਾਨ ਘੱਟ-ਵੱਧ ਆਪਣੇ ਹਾਲਾਤ ਹੀ ਦਾ ਬਣਿਆ ਹੁੰਦਾ ਹੈ। ਮੈਂ ਕਿਸੇ ਵੀ ਗੂੜ੍ਹ-ਵਾਚਕ ਜਾਂ ਬਦਲਾ ਲਊ, ਦੇਵਤੇ ਦੇ ਕਿਸੇ ਵੀ ਪਾਦਰੀ ਤੋਂ ਜ਼ਿਆਦਾ ਕੈਦੀ ਬੰਦਾ ਸੀ। ਸੁਪਨਿਆਂ ਦੀ ਇੱਕ ਅਣਥੱਕ ਭੂਲ-ਭੁਲਈਆਂ ਵਿੱਚੋਂ ਮੈਂ ਪਰਤ ਆਇਆ ਜਿਵੇਂ ਆਪਣੇ ਘਰ ਯਾਨੀ ਇਸ ਸਖ਼ਤ ਕੈਦਖ਼ਾਨੇ ਵਿੱਚ। ਮੈਂ ਇਸ ਦੀ ਕੈਦਖ਼ਾਨੇ ਦੀ ਸਿੱਲ੍ਹ ਨੂੰ ਦੁਆ ਦਿੱਤੀ, ਇਸ ਵਿੱਚ ਮੌਜੂਦ ਸ਼ੇਰ ਨੂੰ ਦੁਆ ਦਿੱਤੀ, ਰੋਸ਼ਨੀ ਦੀ ਝੀਥ ਨੂੰ ਦੁਆ ਦਿੱਤੀ, ਮੈਂ ਆਪਣੇ ਬੁੱਢੇ, ਪੀੜਤ ਜਿਸਮ ਨੂੰ ਦੁਆ ਦਿੱਤੀ, ਅੰਧਕਾਰ ਨੂੰ ਅਤੇ ਪੱਥਰ ਨੂੰ ਦੁਆ ਦਿੱਤੀ।
ਫਿਰ ਉਹ ਹੋਇਆ ਜੋ ਨਾ ਮੈਂ ਬਿਆਨ ਕਰ ਸਕਦਾ ਹਨ ਅਤੇ ਨਾ ਭੁੱਲ ਸਕਦਾ ਹਾਂ। ਬ੍ਰਹਮ ਦੇ ਨਾਲ, ਕਾਇਨਾਤ ਦੇ ਨਾਲ (ਮੈਂ ਨਹੀਂ ਜਾਣਦਾ ਕਿ ਕੀ ਇਹ ਦੋਨੋਂ ਸ਼ਬਦ ਅੱਡ ਅੱਡ ਅਰਥਾਂ ਦੇ ਧਾਰਨੀ ਹਨ) ਮਿਲਾਪ ਹੋ ਗਿਆ। ਵਿਸਮਾਦ ਆਪਣੀ ਅਲਾਮਤਾਂ ਨੂੰ ਨਹੀਂ ਦੁਹਰਾਉਂਦਾ। ਦੇਵਤੇ ਨੂੰ ਦਮਕਦੀ ਰੋਸ਼ਨੀ ਵਿੱਚ, ਕਿਸੀ ਤਲਵਾਰ ਵਿੱਚ ਜਾਂ ਕਿਸੇ ਗੁਲਾਬ ਉੱਤੇ ਮੌਜੂਦ ਘੁੰਮੇਰਾਂ ਵਿੱਚ ਵੇਖਿਆ ਗਿਆ ਹੈ। ਮੈਂ ਇੱਕ ਬਹੁਤ ਹੀ ਜ਼ਿਆਦਾ ਉੱਚਾ ਪਹੀਆ ਵੇਖਿਆ, ਜੋ ਮੇਰੀਆਂ ਨਿਗਾਹਾਂ ਦੇ ਸਾਹਮਣੇ ਨਹੀਂ ਸੀ, ਨਾ ਹੀ ਪਿਛੇ ਜਾਂ ਪਾਸਿਆਂ ਵੱਲ, ਸਗੋਂ ਹਰ ਜਗ੍ਹਾ ਇੱਕ ਹੀ ਵਕਤ ਮੌਜੂਦ ਸੀ। ਉਹ ਪਹੀਆ ਪਾਣੀ ਦਾ ਬਣਿਆ ਸੀ, ਮਗਰ ਅੱਗ ਦਾ ਵੀ, ਅਤੇ ਉਹ (ਭਾਵੇਂ ਉਸ ਦਾ ਕਿਨਾਰਾ ਵੇਖਿਆ ਜਾ ਸਕਦਾ ਸੀ) ਅਨੰਤ ਸੀ। ਸਾਰੀਆਂ ਚੀਜ਼ਾਂ ਜੋ ਮੌਜੂਦ ਹਨ, ਕਦੇ ਸਨ ਅਤੇ ਕਦੇ ਹੋਣਗੀਆਂ ਇਸ ਨਾਲ ਜੁੜੀਆਂ ਸਨ, ਅਤੇ ਮੈਂ ਇਸ ਮੁਕੰਮਲ ਬੁਣਤੀ ਦਾ ਇੱਕ ਰੇਸ਼ਾ ਸੀ, ਅਤੇ ਪੇਡਰੋ ਡੀ ਅਲਵਾਰਡੋ, ਜਿਸ ਨੇ ਮੈਨੂੰ ਤਸੀਹੇ ਦਿੱਤੇ ਦੂਜਾ ਰੇਸ਼ਾ ਸੀ। ਇਸ ਨੇ ਕਾਰਨ ਕਾਰਜ ਸਪਸ਼ਟ ਕਰ ਦਿੱਤੇ ਸਨ ਅਤੇ ਮੈਨੂੰ ਕਿਸੇ ਅੰਤ ਦੇ ਬਿਨਾਂ ਸਭ ਕੁੱਝ ਸਮਝਣ ਲਈ ਪਹੀਏ ਨੂੰ ਦੇਖਣਾ ਹੀ ਕਾਫ਼ੀ ਸੀ। ਆਹ ਕਿ ਸਮਝ ਦਾ ਅਨੰਦ, ਕਲਪਨਾ ਜਾਂ ਭਾਵਨਾ ਦੇ ਅਨੰਦ ਨਾਲੋਂ ਵੱਡਾ ਹੈ। ਮੈਂ ਕਾਇਨਾਤ ਨੂੰ ਵੇਖਿਆ ਅਤੇ ਇਸ ਵਿੱਚ ਲੁਕੇ ਡੂੰਘੇ ਡਿਜ਼ਾਇਨਾਂ ਨੂੰ ਵੇਖਿਆ। ਮੈਂ ਸਾਂਝੀ ਕਿਤਾਬ ਵਿੱਚ ਬਿਆਨ ਕੀਤੀਆਂ ਸ਼ੁਰੂਆਤਾਂ ਨੂੰ ਵੇਖਿਆ। ਮੈਂ ਉਹ ਪਹਾੜ ਵੇਖੇ ਜੋ ਪਾਣੀ ਵਿੱਚੋਂ ਨਮੂਦਾਰ ਹੋਏ ਸਨ, ਮੈਂ ਪਹਿਲੇ ਲੱਕੜਹਾਰਿਆਂ ਨੂੰ ਵੇਖਿਆ, ਉਨ੍ਹਾਂ ਚੁਬੱਚਿਆਂ ਨੂੰ ਜੋ ਇਨਸਾਨਾਂ ਦੇ ਖਿਲਾਫ ਛਲਕ ਉੱਠੇ, ਉਨ੍ਹਾਂ ਕੁੱਤਿਆਂ ਨੂੰ ਜਿਨ੍ਹਾਂ ਨੇ ਉਨ੍ਹਾਂ ਦੇ ਚੇਹਰੇ ਵਲੂੰਧਰ ਦਿੱਤੇ ਸਨ। ਮੈਂ ਬੇ-ਚਿਹਰਾ ਦੇਵਤੇ ਨੂੰ ਦੂਜੇ ਦੇਵਤਿਆਂ ਦੀ ਓਟ ਵਿੱਚ ਛੁਪੇ ਵੇਖਿਆ। ਮੈਂ ਉਹ ਅਨੰਤ ਪ੍ਰਕਿਰਿਆਵਾਂ ਵੇਖੀਆਂ ਜਿਨ੍ਹਾਂ ਨੇ ਇੱਕ ਅਨੰਦ ਨੂੰ ਜਨਮ ਦਿੱਤਾ, ਅਤੇ ਫਿਰ ਇਹ ਸਭ ਕੁੱਝ ਸਮਝਣ ਸਦਕਾ ਮੈਂ ਸ਼ੇਰ ਦੀ ਖੱਲ੍ਹ ਉੱਤੇ ਮੌਜੂਦ ਲਿਖਤ ਨੂੰ ਸਮਝਣ ਦੇ ਯੋਗ ਹੋਇਆ।

ਇਹ ਚੌਦਾਂ ਅਟਕਲ-ਪੱਚੂ (ਉਹ ਅਟਕਲ-ਪੱਚੂ ਨਜ਼ਰ ਆਉਂਦੇ ਹਨ) ਸ਼ਬਦਾਂ ਉੱਤੇ ਅਧਾਰਿਤ ਇੱਕ ਫ਼ਾਰਮੂਲਾ ਹੈ ਅਤੇ ਉਸਨੂੰ ਬੁਲੰਦ ਆਵਾਜ਼ ਵਿੱਚ ਅਦਾ ਕਰ ਦੇਣ ਨਾਲ ਵਿੱਚ ਇੱਕ ਅਜ਼ੀਮ ਤਾਕਤ ਹਾਸਲ ਕਰ ਲਵਾਂਗਾ। ਉਨ੍ਹਾਂ ਨੂੰ ਅਦਾ ਕਰਨਾ ਇਸ ਪੱਥਰ ਦੇ ਕੈਦਖ਼ਾਨੇ ਨੂੰ ਢਾਹ ਦੇਣ ਦੇ ਲਈ, ਮੇਰੀ ਰਾਤ ਨੂੰ ਦਿਨ ਦੀ ਰੋਸ਼ਨੀ ਨਾਲ ਰੁਸ਼ਨਾ ਦੇਣ ਲਈ, ਜਵਾਨ ਹੋਣ ਦੇ ਲਈ, ਅਮਰ ਹੋਣ ਦੇ ਲਈ, ਸ਼ੇਰ ਦੇ ਜਬਾੜਿਆਂ ਵਿੱਚ ਅਲਵਾਰਡੋ ਨੂੰ ਚਬਾ ਦੇਣ ਦੇ ਲਈ, ਪਵਿੱਤਰ ਖ਼ੰਜਰ ਸਪੇਨੀਆਂ ਦੀਆਂ ਹਿੱਕਾਂ ਵਿੱਚ ਘੋਪ ਦੇਣ ਦੇ ਲਈ, ਪਿਰਾਮਿਡ ਦੇ ਨਵ-ਨਿਰਮਾਣ ਲਈ ਅਤੇ ਸਲਤਨਤ ਦੇ ਨਵ-ਨਿਰਮਾਣ ਲਈ ਕਾਫ਼ੀ ਹੈ। ਸਿਰਫ ਚਾਲੀ ਹਿੱਜੇ, ਚੌਦਾਂ ਸ਼ਬਦ, ਅਤੇ ਮੈਂ ਜ਼ਿਨਾਕਾਨ ਇਨ੍ਹਾਂ ਸਭਨਾਂ ਇਲਾਕਿਆਂ ਉੱਤੇ ਹੁਕੂਮਤ ਕਰਾਂਗਾ ਜਿਨ੍ਹਾਂ ਉੱਤੇ ਮੋਕਦੇਜ਼ੂਮਾ ਹੁਕੂਮਤ ਕਰਦਾ ਸੀ। ਮਗਰ ਮੈਂ ਜਾਣਦਾ ਹਾਂ ਕਿ ਮੈਂ ਕਦੇ ਇਹ ਸ਼ਬਦ ਨਹੀਂ ਕਹਾਂਗਾ ਕਿਉਂਕਿ ਮੈਂ ਹੁਣ ਯਾਦ ਨਹੀਂ ਕਿ ਜ਼ਿਨਾਕਾਨ ਕੌਣ ਹੈ।

ਕਾਸ਼ ਕਿ ਸ਼ੇਰਾਂ ਉੱਤੇ ਮੌਜੂਦ ਲਿਖਤ ਮੇਰੇ ਨਾਲ ਹੀ ਮਰ ਜਾਵੇ। ਜਿਸ ਕਿਸੇ ਨੇ ਵੀ ਕਾਇਨਾਤ ਵੇਖੀ ਹੈ, ਜਿਸ ਕਿਸੇ ਨੇ ਵੀ ਕਾਇਨਾਤ ਦੇ ਅਗਨੀ ਡਿਜ਼ਾਇਨਾਂ ਨੂੰ ਵੇਖਿਆ ਹੈ, ਉਹ ਉਸ ਇਨਸਾਨ ਦੇ ਤੌਰ ਤੇ, ਉਸ ਇਨਸਾਨ ਦੀ ਮਾਮੂਲੀ ਖ਼ੁਸ਼ਨਸੀਬੀ ਜਾਂ ਬਦਨਸੀਬੀ ਦੇ ਤੌਰ ਤੇ ਨਹੀਂ ਸੋਚ ਸਕਦਾ, ਜਦੋਂ ਕਿ ਉਹ ਖ਼ੁਦ ਉਹੀ ਇਨਸਾਨ ਹੋਵੇ। ਉਹ ਇਨਸਾਨ ਉਹ ਖ਼ੁਦ ਹੀ ਹੈ ਅਤੇ ਹੁਣ ਉਸ ਲਈ ਕੋਈ ਅਰਥ ਨਹੀਂ ਰੱਖਦਾ। ਉਸ ਦੂਜੇ ਦੀ ਜਿੰਦਗੀ ਉਸ ਲਈ ਕੀ ਹੈ, ਉਸ ਦੂਜੇ ਦੀ ਕੌਮ ਉਸ ਲਈ ਕੀ ਹੈ, ਜਦੋਂ ਉਹ ਹੁਣ ਕੋਈ ਵੀ ਨਹੀਂ। ਇਹ ਹੈ ਉਹ ਵਜ੍ਹਾ ਕਿ ਮੈਂ ਫ਼ਾਰਮੂਲੇ ਦਾ ਉਚਾਰ ਨਹੀਂ ਕਰਦਾ, ਇਹ ਹੈ ਉਹ ਵਜ੍ਹਾ ਕਿ ਮੈਂ ਇੱਥੇ ਅੰਧਕਾਰ ਵਿੱਚ ਪਏ ਪਏ ਇੰਤਜ਼ਾਰ ਕਰ ਰਿਹਾ ਹਾਂ ਕਿ ਇਹ ਦਿਨ ਮੈਨੂੰ ਮਿਟਾ ਦੇਣ।

ਬਚਾਓ (ਕਹਾਣੀ) – ਸਾਮਰਸੈਟ ਮਾਮ

January 11, 2018

ਮੈਂ ਹਮੇਸ਼ਾ ਤੋਂ ਇਹ ਮੰਨਦਾ ਹਾਂ ਕਿ ਕੋਈ ਔਰਤ ਅਗਰ ਇੱਕ ਵਾਰ ਇਹ ਮਿਥ ਲਵੇ ਕਿ ਉਹ ਫੁਲਾਂ ਸ਼ਖਸ ਨਾਲ ਵਿਆਹ ਕਰੇਗੀ ਤਾਂ ਉਸ ਸ਼ਖਸ ਲਈ ਬਚਾਓ ਦਾ ਕੋਈ ਰਸਤਾ ਨਹੀਂ ਰਹਿੰਦਾ, ਸਿਵਾਏ ਇਸ ਦੇ ਕਿ ਉਹ ਅਚਾਨਕ ਬਿਨਾਂ ਕਿਸੇ ਨੂੰ ਭਿਣਕ ਦੇ ਭੱਜ ਜਾਵੇ। ਉਂਜ ਬਚਾਓ ਦਾ ਇਹ ਰਸਤਾ ਵੀ ਕਈ ਵਾਰ ਬੰਦ ਹੋ ਜਾਂਦਾ ਹੈ। ਇੱਕ ਵਾਰ ਮੇਰੇ ਇੱਕ ਦੋਸਤ ਨੇ ਜਦੋਂ ਇਸ ਨਾ ਟਲਣ ਵਾਲੀ ਬਦਕਿਸਮਤੀ ਨੂੰ ਆਪਣੇ ਉੱਤੇ ਮੰਡਲਾਉਂਦੇ ਵੇਖਿਆ ਤਾਂ ਉਹ ਇੱਕ ਰਾਤ ਚੁੱਪਚਾਪ ਸਮੁੰਦਰੀ ਜਹਾਜ਼ ਤੇ ਸਵਾਰ ਹੋ ਗਿਆ। ਉਹ ਇਸ ਖ਼ਤਰੇ ਤੋਂ ਇੰਨਾ ਡਰ ਗਿਆ ਸੀ ਕਿ ਉਸ ਦਾ ਕੁੱਲ ਸਾਮਾਨ ਸਿਰਫ ਅਤੇ ਸਿਰਫ ਟੂਥ ਬੁਰਸ਼ ਸੀ। ਇੱਕ ਸਾਲ ਤੱਕ ਦੁਨੀਆ ਦੀ ਸੈਰ ਦਾ ਅਨੰਦ ਲੈਣ ਦੇ ਬਾਅਦ ਉਸਨੇ ਸੋਚਿਆ ਔਰਤਾਂ ਜਲਦ ਬਦਲ ਜਾਇਆ ਕਰਦੀਆਂ ਹਨ ਅਤੇ ਇਨ੍ਹਾਂ ਬਾਰਾਂ ਮਹੀਨਿਆਂ ਵਿੱਚ ਉਹ ਮੈਨੂੰ ਭੁੱਲ ਚੁੱਕੀ ਹੋਵੇਗੀ। ਇਹ ਗ਼ਲਤਫ਼ਹਿਮੀ ਵਿੱਚ ਆਪਣੇ ਆਪ ਨੂੰ ਸੁਰਖਿਅਤ ਸਮਝਦੇ ਹੋਏ ਉਹ ਉਸੇ ਬੰਦਰਗਾਹ ਉੱਤੇ ਦੁਬਾਰਾ ਆ ਉੱਤਰਿਆ। ਮਗਰ ਮਧਰੇ ਕੱਦ ਦੀ ਔਰਤ ਜਿਸ ਤੋਂ ਉਹ ਡਰ ਕੇ ਭੱਜਿਆ ਸੀ ਉਹੀ ਸਭ ਤੋਂ ਪਹਿਲਾਂ ਉਸ ਦੇ ਸਾਹਮਣੇ ਆਈ। ਉਹ ਬੜੇ ਜੋਸ਼ ਦੇ ਨਾਲ ਆਪਣਾ ਰੁਮਾਲ ਹਿੱਲਾ ਹਿੱਲਾ ਕੇ ਉਸਨੂੰ ਜੀ ਆਇਆਂ ਕਹਿ ਰਹੀ ਸੀ।

ਵੈਸੇ ਮੇਰੀ ਜਾਣਕਾਰੀ ਵਿੱਚ ਇੱਕ ਅਜਿਹੀ ਮਿਸਾਲ ਵੀ ਹੈ ਜਿਸ ਨੇ ਅਜਿਹੀਆਂ ਹਾਲਤਾਂ ਵਿੱਚ ਵੀ ਆਪਣੀ ਜਾਨ ਬਚਾ ਲਈ ਸੀ। ਉਸ ਦਾ ਨਾਮ ਰੋਜਰ ਚਾਰੰਗ ਸੀ। ਉਹਦੇ ਜਵਾਨੀ ਦੇ ਦਿਨ ਬੀਤ ਚੁੱਕੇ ਸਨ ਜਦੋਂ ਉਸਨੂੰ ਰੂਥ ਬਾਰਲੋ ਨਾਲ ਮੁਹੱਬਤ ਹੋ ਗਈ। ਪ੍ਰੰਤੂ ਖੁਸ਼ਕਿਸਮਤੀ ਨਾਲ ਉਹ ਇੰਨਾ ਅਨੁਭਵੀ ਜਰੂਰ ਸੀ ਕਿ ਆਪਣਾ ਬਚਾਓ ਕਰ ਸਕਦਾ ਸੀ। ਫਿਰ ਵੀ ਕਿਸਮਤ ਲੋੜ ਤੋਂ ਜ਼ਿਆਦਾ ਦਿਆਲੂ ਸੀ ਕਿਉਂਕਿ ਕੋਈ ਵੀ ਮਰਦ ਜਿਸਦੀ ਤਰਫ਼ ਉਹ ਧਿਆਨ ਧਰ ਲੈਂਦੀ ਉਹ ਆਪਣਾ ਬਚਾਓ ਨਹੀਂ ਕਰ ਸਕਦਾ ਸੀ। ਇਹੀ ਵਜ੍ਹਾ ਸੀ ਜਿਸਨੇ ਰੋਜਰ ਨੂੰ ਉਸ ਦੀ ਅਕਲਮੰਦੀ, ਦੂਰ ਅੰਦੇਸ਼ੀ ਅਤੇ ਦੁਨਿਆਵੀ ਤਜਰਬੇ, ਸਭ ਕੁੱਝ ਤੋਂ ਮਹਿਰੂਮ ਕਰ ਦਿੱਤਾ। ਉਹ ਬਿਨਾਂ ਕਿਸੇ ਚੂੰ-ਚਰਾਂ ਦੇ ਇਸ਼ਕ ਦੇ ਚੁੰਗਲ ਵਿੱਚ ਫਸ ਗਿਆ ਸੀ। ਮੇਰਾ ਖ਼ਿਆਲ ਹੈ ਕਿ ਉਸ ਦੀ ਇਹ ਮੁਹੱਬਤ ਹਮਦਰਦੀ ਦੀ ਭਾਵਨਾ ਵਿੱਚੋਂ ਪੈਦਾ ਹੋਈ ਸੀ। ਮਿਸਿਜ ਬਾਰਲੋ ਦੋ ਵਾਰ ਵਿਧਵਾ ਹੋ ਚੁੱਕੀ ਸੀ ਫਿਰ ਵੀ ਉਸ ਦੇ ਕਾਲੇ ਨੈਣ ਅਜੇ ਵੀ ਦਿਲ ਮੋਹ ਲੈਣ ਵਾਲੇ ਸਨ। ਉਸ ਦੀਆਂ ਪਲਕਾਂ ਦੀ ਓਟ ਵਿੱਚ ਹਮੇਸ਼ਾ ਅੱਥਰੂ ਡਲਕਦੇ ਰਹਿੰਦੇ ਸਨ। ਉਨ੍ਹਾਂ ਤੋਂ ਅਜਿਹਾ ਲੱਗਦਾ ਸੀ ਜਿਵੇਂ ਉਸ ਨਾਲ ਦੁਨੀਆਂ ਨੇ ਜ਼ਿਆਦਾ ਹੀ ਜ਼ਿਆਦਤੀਆਂ ਕੀਤੀਆਂ ਸਨ ਅਤੇ ਉਹ ਵਿਚਾਰੀ ਬੁਰੀ ਤਰ੍ਹਾਂ ਦੀ ਗ਼ਮਾਂ ਦੀ ਮਾਰੀ ਹੋਈ ਸੀ। ਜੇ ਤੁਸੀਂ, ਰੋਜਰ ਚੈਰਿੰਗ ਵਾਂਗ ਇੱਕ ਮਜਬੂਤ, ਸ਼ਕਤੀਸ਼ਾਲੀ ਅਤੇ ਮਾਲਦਾਰ ਬੰਦੇ ਹੋ, ਇਹ ਲਗਭਗ ਅਟੱਲ ਸੀ ਕਿ ਤੁਸੀਂ ਆਪਣੇ ਆਪ ਨੂੰ ਕਹੋਗੇ: ਮੈਨੂੰ ਜ਼ਿੰਦਗੀ ਦੇ ਜੋਖਮਾਂ ਅਤੇ ਇਸ ਲਾਚਾਰ ਛੋਟੀ ਜਿਹੀ ਚੀਜ਼ ਦੇ ਵਿਚਕਾਰ ਖੜ੍ਹੇ ਹੋ ਜਾਣਾ ਚਾਹੀਦਾ ਹੈ, ਜਾਂ, ਇਹ ਕਿੰਨਾ ਵਧੀਆ ਹੋਵੇਗਾ ਇਨ੍ਹਾਂ ਵੱਡੇ ਅਤੇ ਸੁੰਦਰ ਨੈਣਾਂ ਵਿੱਚੋਂ ਉਦਾਸੀ ਨੂੰ ਚੁਗ ਲੈਣਾ!

ਰੋਜਰ ਨੇ ਮੈਨੂੰ ਦੱਸਿਆ ਸੀ ਕਿ ਮਿਸਿਜ ਬਾਰਲੋ ਨਾਲ ਕਿਸ ਤਰ੍ਹਾਂ ਹਰ ਕਿਸੇ ਨੇ ਭੈੜਾ ਸਲੂਕ ਕੀਤਾ ਸੀ ਅਤੇ ਉਸਨੂੰ ਬੇਹੱਦ ਤੰਗ ਕੀਤਾ ਸੀ। ਉਹ ਬਿਨਾਂ ਸ਼ੱਕ ਉਨ੍ਹਾਂ ਕੁਝ ਕੁ ਬਦਕ਼ਿਸਮਤ ਇਨਸਾਨਾਂ ਵਿੱਚੋਂ ਸੀ ਜਿਨ੍ਹਾਂ ਦੇ ਨਾਲ ਗ਼ਲਤੀ ਨਾਲ ਵੀ ਕੋਈ ਭਲਾਈ ਨਹੀਂ ਹੁੰਦੀ। ਉਸਨੇ ਜੇਕਰ ਵਿਆਹ ਕੀਤਾ ਤਾਂ ਪਤੀ ਕੋਲੋਂ ਕੁੱਟ ਖਾਧੀ, ਏਜੈਂਟ ਰੱਖਿਆ ਤਾਂ ਉਸਨੇ ਧੋਖਾ ਦਿੱਤਾ, ਬਾਵਰਚੀ ਰੱਖਿਆ ਤਾਂ ਉਸ ਦੇ ਨਾਲ ਖ਼ੁਦ ਪੀਣ ਦੀ ਆਦੀ ਹੋ ਗਈ ਅਤੇ ਜੇਕਰ ਲੇਲਾ ਪਾਲਿਆ ਤਾਂ ਉਹ ਵੀ ਮਰ ਗਿਆ। ਜਦੋਂ ਰੋਜਰ ਨੇ ਮੈਨੂੰ ਇਹ ਦੱਸਿਆ ਕਿ ਉਸਨੇ ਰੂਥ ਨੂੰ ਆਪਣੇ ਨਾਲ ਵਿਆਹ ਲਈ ਰਜ਼ਾਮੰਦ ਕਰ ਲਿਆ ਹੈ ਤਾਂ ਮੈਂ ਉਸਨੂੰ ਪੇਸ਼ਗੀ ਮੁਬਾਰਕਬਾਦ ਦੇ ਦਿੱਤੀ।

ਉਸਨੇ ਮੈਨੂੰ ਕਿਹਾ, “ਤੁਸੀਂ ਵੀ ਉਸ ਲਈ ਇੱਕ ਚੰਗੇ ਦੋਸਤ ਸਾਬਤ ਹੋਵੋਗੇ, ਮਗਰ ਉਹ ਤੁਹਾਡੇ ਤੋਂ ਡਰਦੀ ਵੀ ਬਹੁਤ ਹੈ, ਉਸ ਦਾ ਖ਼ਿਆਲ ਹੈ ਕਿ ਤੁਸੀਂ ਰੁੱਖੇ ਹੋ।”
“ਪਤਾ ਨਹੀਂ ਉਹ ਅਜਿਹਾ ਕਿਉਂ ਸੋਚਦੀ ਹੈ।”
“ਮੇਰਾ ਖ਼ਿਆਲ ਹੈ ਕਿ ਤੁਸੀਂ ਉਸਨੂੰ ਪਸੰਦ ਕਰਦੇ ਹੋ… ਹੈ ਨਾ?
‘ਹਾਂ, ਬਹੁਤ।”
“ਵਿਚਾਰੀ ਨੇ ਵੱਡੀ ਦੁੱਖਾਂ ਭਰੀ ਜ਼ਿੰਦਗੀ ਗੁਜ਼ਾਰੀ ਹੈ,” ਉਹ ਬੋਲਿਆ।
“ਹਾਂ,” ਮੈਂ ਕਿਹਾ।

ਮੈਂ ਹੋਰ ਕਹਿ ਵੀ ਕੀ ਸਕਦਾ ਸੀ! ਮੈਂ ਇਹ ਜਾਣਦਾ ਸੀ ਕਿ ਉਹ ਇੱਕ ਬੇਕਾਰ ਅਤੇ ਸਾਜ਼ਿਸ਼ੀ ਜਿਹੀ ਔਰਤ ਹੈ। ਮਗਰ ਮੈਨੂੰ ਇਹ ਵੀ ਭਰੋਸਾ ਸੀ ਕਿ ਉਹ ਇਸ ਤਰ੍ਹਾਂ ਕਠੋਰ ਹੈ ਜਿਸ ਤਰ੍ਹਾਂ ਇਨਸਾਨ ਦੇ ਨਹੁੰ ਹੁੰਦੇ ਹਨ। ਅਸੀਂ ਆਪਣੀ ਪਹਿਲੀ ਮੁਲਾਕ਼ਾਤ ਵਿੱਚ ਬੁਰਜ ਖੇਡੀ ਸੀ ਅਤੇ ਜਦੋਂ ਉਹ ਮੇਰੀ ਪਾਰਟਨਰ ਸੀ ਤਾਂ ਉਸਨੇ ਦੋ ਵਾਰ ਮੇਰੇ ਵਧੀਆ ਪੱਤੇ ਉੱਡਾ ਲਏ ਸਨ। ਮੈਂ ਫਿਰ ਵੀ ਉਸ ਨਾਲ ਵਧੀਆ ਸਲੂਕ ਕਰਨਾ ਹੀ ਜਾਰੀ ਰੱਖਿਆ। ਹਾਲਾਂਕਿ ਜੇਕਰ ਕਿਸੇ ਦੀਆਂ ਅੱਖਾਂ ਵਿੱਚ ਅੱਥਰੂ ਆਉਣੇ ਚਾਹੀਦੇ ਸਨ ਤਾਂ ਉਹ ਮੇਰੀਆਂ ਹੁੰਦੀਆਂ ਨਾ ਕਿ ਉਸ ਦੀਆਂ। ਸ਼ਾਮ ਤੱਕ ਉਹ ਮੇਰੇ ਅੱਗੇ ਕਾਫ਼ੀ ਰਕਮ ਹਾਰ ਚੁੱਕੀ ਸੀ। ਉਸਨੇ ਕਿਹਾ ਕਿ ਉਹ ਇਹ ਹਾਰੀ ਰਕਮ ਚੈੱਕ ਦੀ ਸੂਰਤ ਵਿੱਚ ਮੈਨੂੰ ਭੇਜ ਦੇਵੇਗੀ। ਮੈਂ ਉਦੋਂ ਤੋਂ ਉਸ ਚੈਕ ਦੀ ਉਡੀਕ ਕਰ ਰਿਹਾ ਹਾਂ।

ਰੋਜਰ ਨੇ ਉਸ ਦੀ ਜਾਣ-ਪਛਾਣ ਆਪਣੇ ਹੋਰ ਦੋਸਤਾਂ ਨਾਲ ਵੀ ਕਰਵਾਈ, ਉਸਨੂੰ ਕੀਮਤੀ ਹੀਰੇ ਅਤੇ ਜਵਾਹਰ ਖ਼ਰੀਦ ਕੇ ਦਿੱਤੇ। ਉਸਨੂੰ ਇੱਥੇ, ਉੱਥੇ, ਹਰ ਜਗ੍ਹਾ ਲਈ ਫਿਰਿਆ। ਉਨ੍ਹਾਂ ਦਾ ਵਿਆਹ ਵੀ ਨੇੜ ਭਵਿੱਖ ਵਿੱਚ ਨਿਸਚਿਤ ਕਰ ਲਿਆ ਗਿਆ। ਰੋਜਰ ਬਹੁਤ ਖ਼ੁਸ਼ ਸੀ। ਉਸ ਦਾ ਖ਼ਿਆਲ ਸੀ ਕਿ ਉਹ ਇੱਕ ਵਿਧਵਾ ਨਾਲ ਵਿਆਹ ਕਰਕੇ ਨੇਕ ਕੰਮ ਕਰ ਰਿਹਾ ਹੈ। ਸੋਨੇ ਉੱਤੇ ਸੁਹਾਗਾ ਇਹ ਗੱਲ ਵੀ ਸੀ ਕਿ ਇਸ ਨਾਲ ਉਸ ਦੀ ਆਪਣੀ ਦਿਲੀ ਤਮੰਨਾ ਵੀ ਪੂਰੀ ਹੋ ਰਹੀ ਸੀ। ਇਹ ਇੱਕ ਗ਼ੈਰਮਾਮੂਲੀ ਸਥਿਤੀ ਸੀ, ਜਿਸਨੂੰ ਸਿਰਫ ਉਹੀ ਮਹਿਸੂਸ ਕਰ ਸਕਦਾ ਸੀ। ਹੈਰਾਨੀ ਦੀ ਗੱਲ ਨਹੀਂ ਕਿ ਉਹ ਕੁੱਝ ਜ਼ਿਆਦਾ ਹੀ ਖ਼ੁਸ਼ ਸੀ।

ਅਚਾਨਕ ਇਹ ਹੋਇਆ ਕਿ ਉਹ ਮੁਹੱਬਤ ਦੇ ਇਸ ਵਲਵਲੇ ਤੋਂ ਬਾਹਰ ਆ ਪਿਆ। ਉਸ ਦੀ ਵਜ੍ਹਾ ਕੀ ਸੀ ਇਹ ਮੇਰੀ ਸਮਝ ਤੋਂ ਬਾਹਰ ਹੈ। ਇਹ ਤਾਂ ਹੋ ਨਹੀਂ ਸਕਦਾ ਕਿ ਉਹ ਉਸ ਦੀਆਂ ਗੱਲਾਂ ਤੋਂ ਉਕਤਾ ਗਿਆ ਹੋਵੇ ਕਿਉਂਕਿ ਉਹ ਗੱਲਾਂ ਤਾਂ ਕਰਦੀ ਹੀ ਨਹੀਂ ਸੀ। ਸ਼ਾਇਦ ਇਸ ਦੀ ਵਜ੍ਹਾ ਇਹ ਹੋਵੇ ਕਿ ਉਸ ਦੀਆਂ ਹਮਦਰਦ ਅਤੇ ਦਿਆਲੂ ਅੱਖਾਂ ਨੇ ਰੋਜਰ ਦੇ ਦਿਲ ਦੀਆਂ ਤਰਬਾਂ ਨੂੰ ਛੇੜਨਾ ਬੰਦ ਕਰ ਦਿੱਤਾ ਹੋਵੇ। ਹੁਣ ਰੋਜਰ ਦੀਆਂ ਅੱਖਾਂ ਖੁੱਲ ਚੁੱਕੀਆਂ ਸਨ ਅਤੇ ਉਹ ਪਹਿਲਾਂ ਦੀ ਤਰ੍ਹਾਂ ਚਲਾਕ ਹੋ ਚੁੱਕਿਆ ਸੀ। ਉਸਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਅਹਿਸਾਸ ਹੋ ਗਿਆ ਸੀ ਕਿ ਰੂਥ ਬਾਰਲੋ ਨੇ ਉਸ ਨਾਲ ਵਿਆਹ ਕਰਨ ਦੀ ਠਾਨ ਲਈ ਹੈ। ਮੋੜਵੇਂ ਤੌਰ ਤੇ ਉਸਨੇ ਵੀ ਬੜੀ ਗੰਭੀਰ ਕਿਸਮ ਦੀ ਕਸਮ ਖਾਧੀ ਕਿ ਉਹ ਕਿਸੇ ਕ਼ੀਮਤ ਤੇ ਵੀ ਇਹ ਵਿਆਹ ਨਹੀਂ ਕਰੇਗਾ। ਉਹ ਹੋਸ਼ ਵਿੱਚ ਆ ਚੁਕਾ ਸੀ ਅਤੇ ਸਾਫ਼ ਤੌਰ ਉੱਤੇ ਆਪਣੀਆਂ ਹੀ ਅੱਖਾਂ ਨਾਲ ਵੇਖ ਰਿਹਾ ਸੀ ਕਿ ਉਹ ਕਿਸ ਕਿਸਮ ਦੀ ਔਰਤ ਹੈ? ਮਗਰ ਫਿਰ ਵੀ ਉਸਨੇ ਰੂਥ ਨੂੰ ਇਹ ਨਹੀਂ ਕਿਹਾ ਕਿ ਉਹ ਉਸ ਦੀ ਜਾਨ ਛੱਡ ਦੇਵੇ। ਇਸ ਦੀ ਵਜ੍ਹਾ ਉਹ ਜਾਣਦਾ ਸੀ ਕਿ ਰੂਥ ਆਪਣੇ ਚਿਹਰੇ ਉੱਤੇ ਗ਼ਮ ਅਤੇ ਦਿਲਗੀਰੀ ਦੇ ਪਭਾਵ ਲਿਆ ਕੇ ਆਪਣੇ ਖ਼ਾਸ ਮਸਕੀਨ ਲਹਿਜੇ ਵਿੱਚ ਚੀਕਣੀਆਂ ਚੋਪੜੀਆਂ ਗੱਲਾਂ ਕਰਕੇ ਉਸ ਦੀ ਹਮਦਰਦੀ ਨੂੰ ਦੁਬਾਰਾ ਜ਼ਿੰਦਾ ਕਰ ਸਕਦੀ ਹੈ। ਫਿਰ ਕਿਸੇ ਮਰਦ ਲਈ ਔਰਤ ਨੂੰ ਇਸ ਤਰ੍ਹਾਂ ਛੱਡ ਦੇਣਾ ਕਿਹੜੀ ਚੰਗੀ ਗੱਲ ਹੈ।

ਰੋਜਰ ਆਪਣੇ ਆਪ ਵਿੱਚ ਹੀ ਰਿਹਾ ਅਤੇ ਉਸਨੇ ਨਾ ਤਾਂ ਆਪਣੀ ਬੋਲ-ਚਾਲ ਤੋਂ ਅਤੇ ਨਾ ਹੀ ਕਿਸੇ ਕਿਸਮ ਦੇ ਵਤੀਰੇ ਤੋਂ ਭਿਣਕ ਪੈਣ ਦਿੱਤੀ ਕਿ ਉਸ ਦੀ ਭਾਵਨਾ ਬਦਲ ਚੁੱਕੀ ਹੈ। ਉਹ ਉਸ ਦੀਆਂ ਸਭ ਖ਼ਾਹਿਸ਼ਾਂ ਖੁਸ਼ੀ ਖੁਸ਼ੀ ਪੂਰਦਾ ਰਿਹਾ, ਉਸਨੂੰ ਰੇਸਤਰਾਂ ਵਿੱਚ ਲੈ ਜਾ ਕੇ ਖਾਣਾ ਖੁਆਂਦਾ, ਖੇਡਣ ਲਈ ਲੈ ਜਾਂਦਾ, ਉਸਨੂੰ ਬਾਕਾਇਦਗੀ ਨਾਲ ਫੁੱਲ ਭੇਜਦਾ ਅਤੇ ਨਰਮਾਈ ਤੇ ਖੁਸ਼ਮਿਜ਼ਾਜੀ ਨਾਲ ਪੇਸ਼ ਆਉਂਦਾ ਰਿਹਾ।

ਉਨ੍ਹਾਂ ਨੇ ਫੈਸਲਾ ਕਰ ਲਿਆ ਸੀ ਕਿ ਜਿੰਨੀ ਜਲਦੀ ਸੰਭਵ ਹੋ ਸਕੇ ਉਹ ਵਿਆਹ ਕਰ ਲੈਣਗੇ। ਬਸ ਪਸੰਦ ਦਾ ਮਕਾਨ ਮਿਲਣ ਦੀ ਦੇਰ ਸੀ। ਲੇਕਿਨ ਮੁਸੀਬਤ ਇਹ ਸੀ ਕਿ ਮਕਾਨ ਦੇ ਮਾਮਲੇ ਵਿੱਚ ਇਨ੍ਹਾਂ ਦੋਨਾਂ ਖ਼ਿਆਲ ਇੱਕ ਦੂਜੇ ਨਾਲ,ਟਕਰਾਉਂਦੇ ਸੀ। ਉਨ੍ਹਾਂ ਨੇ ਮਕਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਕਈ ਏਜੈਂਟਾਂ ਨੂੰ ਕਿਹਾ ਜਿਨ੍ਹਾਂ ਨੇ ਕਈ ਮਕਾਨ ਦਿਖਾਏ। ਰੂਥ ਬਾਰਲੋ ਵੀ ਨਾਲ ਹੁੰਦੀ ਸੀ। ਮਗਰ ਉਨ੍ਹਾਂ ਨੂੰ ਪਸੰਦ ਦਾ ਮਕਾਨ ਨਾ ਮਿਲ ਸਕਿਆ। ਰੋਜਰ ਨੇ ਹੋਰ ਕੁੱਝ ਹੋਰ ਏਜੈਂਟਾਂ ਨਾਲ ਰਾਬਤਾ ਕੀਤਾ। ਉਹ ਉਨ੍ਹਾਂ ਦੇ ਦਿਖਾਏ ਮਕਾਨਾਂ ਵਿੱਚ ਵੀ ਜਦੋਂ ਦਾਖ਼ਲ ਹੁੰਦੇ, ਘੁੰਮ ਫਿਰ ਕੇ ਸਭ ਵੇਖਦੇ, ਮਕਾਨ ਦੀਆਂ ਨੀਹਾਂ ਤੋਂ ਲੈ ਕੇ ਛੱਤ ਉੱਤੇ ਬਣੇ ਚੁਬਾਰਿਆਂ ਤੱਕ ਨੂੰ ਉੱਚੇ ਮਿਆਰਾਂ ਉੱਤੇ ਪਰਖਦੇ। ਪਰ ਮਕਾਨ ਕਦੇ ਜਾਂ ਤਾਂ ਬਹੁਤ ਵੱਡੇ ਨਿਕਲਦੇ ਜਾਂ ਫਿਰ ਬਹੁਤ ਛੋਟੇ, ਕਦੇ ਸ਼ਹਿਰ ਦੇ ਕੇਂਦਰੀ ਹਿੱਸੇ ਤੋਂ ਬਹੁਤ ਦੂਰ ਹੁੰਦੇ ਜਾਂ ਬਹੁਤ ਨਜ਼ਦੀਕ, ਬਹੁਤ ਮਹਿੰਗੇ ਹੁੰਦੇ ਜਾਂ ਫਿਰ ਬਹੁਤ ਸਸਤੇ, ਅਤੇ ਕਈਆਂ ਵਿੱਚ ਤਾਂ ਮੁਰੰਮਤ ਦਾ ਕੰਮ ਬਹੁਤ ਜ਼ਿਆਦਾ ਹੁੰਦਾ। ਜੇਕਰ ਇਹ ਸਭ ਕੁੱਝ ਨਾ ਹੁੰਦਾ ਤਾਂ ਹਵਾ ਦੀ ਵਾਧ ਘਾਟ ਦਾ ਮਸਲਾ ਪੈਦਾ ਹੋ ਜਾਂਦਾ ਜਾਂ ਘੱਟ ਵੱਧ ਰੋਸ਼ਨੀ ਦਾ, ਗੱਲ ਕੀ ਰੋਜਰ ਹਮੇਸ਼ਾ ਕੋਈ ਨਾ ਕੋਈ ਅਜਿਹੀ ਗੱਲ ਖੋਜ ਹੀ ਲੈਂਦਾ ਕਿ ਉਹ ਘਰ ਨੂੰ ਨਾਪਸੰਦ ਕਰ ਸਕੇ। ਫਿਰ ਉਹ ਪੇਸ਼ ਇਵੇਂ ਕਰਦਾ ਜਿਵੇਂ ਉਹ ਆਪਣੀ ਪਿਆਰੀ ਰੂਥ ਨੂੰ ਹਰ ਪੱਖ ਤੋਂ ਸੰਪੂਰਨ ਘਰ ਵਿੱਚ ਰੱਖਣਾ ਚਾਹੁੰਦਾ ਸੀ ਅਤੇ ਅਜਿਹਾ ਘਰ ਸਿਰਫ ਮਿਹਨਤ ਮੁਸ਼ੱਕਤ ਨਾਲ ਹੀ ਮਿਲ ਸਕਦਾ ਸੀ। ਜਦੋਂ ਵੀ ਕੋਈ ਘਰ ਨਾਪਸੰਦ ਕੀਤਾ ਜਾਂਦਾ ਤਾਂ ਉਹ ਇਵੇਂ ਅਭਿਨੈ ਕਰਦਾ ਜਿਵੇਂ ਉਸਨੂੰ ਅਜਿਹਾ ਕਰਨ ਵਿੱਚ ਉੱਕਾ ਖੁਸ਼ੀ ਨਹੀਂ ਹੋ ਰਹੀ ਅਤੇ ਉਹ ਚਾਹੁੰਦਾ ਹੈ ਕਿ ਇਹ ਮਸ਼ਕ ਦਾ ਜਲਦ ਤੋਂ ਜਲਦ ਅੰਤ ਹੋਵੇ। ਮਕਾਨ ਦੀ ਤਲਾਸ਼ ਕੁਝ ਜ਼ਿਆਦਾ ਹੀ ਥਕਾ ਦੇਣ ਵਾਲੀ, ਇੱਕ ਤਰ੍ਹਾਂ ਦੀ ਜ਼ਹਿਮਤ ਸਾਬਤ ਹੋ ਰਹੀ ਸੀ। ਇੱਥੇ ਤੱਕ ਕਿ ਰੂਥ ਬਾਰਲੋ ਤਾਂ ਹਾਰ ਕੇ ਚਿੜਚਿੜੀ ਹੋਣ ਲੱਗ ਪਈ ਸੀ। ਰੋਜਰ ਨੇ ਉਸ ਦੀ ਮਿੰਨਤ ਕੀਤੀ, ਇਸ ਦੀ ਹਿੰਮਤ ਬੰਨ੍ਹਾਈ ਅਤੇ ਭਰੋਸਾ ਦਵਾਇਆ ਕਿ ਉਨ੍ਹਾਂ ਦੀ ਪਸੰਦ ਦਾ ਘਰ ਕਿਤੇ ਨਾ ਕਿਤੇ ਤਾਂ ਜ਼ਰੂਰ ਹੋਵੇਗਾ ਜਿਸਨੂੰ ਉਹ ਤਲਾਸ਼ ਕਰ ਹੀ ਲੈਣਗੇ। ਬੱਸ ਥੋੜਾ ਜਿਹਾ ਸਿਦਕ ਚਾਹੀਦਾ ਹੈ।

ਉਨ੍ਹਾਂ ਨੇ ਸੈਂਕੜੇ ਮਕਾਨ ਵੇਖੇ, ਹਜਾਰਾਂ ਪੌੜੀਆਂ ਚੜ੍ਹੇ ਉਤਰੇ, ਅਨਗਿਣਤ ਰਸੋਈਆਂ ਦਾ ਮੁਆਇਨਾ ਕੀਤਾ ਅਤੇ ਸੌਣ ਦੇ ਕਮਰੇ ਵੇਖੇ। ਰੂਥ ਇਸ ਥੱਕਾ ਦੇਣ ਵਾਲੇ ਸਿਲਸਿਲੇ ਤੋਂ ਤੰਗ ਆ ਗਈ ਅਤੇ ਕਈ ਵਾਰ ਆਪੇ ਤੋਂ ਬਾਹਰ ਹੋ ਜਾਂਦੀ।

“ਰੋਜਰ ਜੇਕਰ ਤੂੰ ਛੇਤੀ ਹੀ ਕੋਈ ਮਕਾਨ ਤਲਾਸ਼ ਨਾ ਕੀਤਾ ਤਾਂ ਮੈਨੂੰ ਆਪਣੇ ਫੈਸਲੇ ਉੱਤੇ ਮੁੜ-ਵਿਚਾਰ ਕਰਨੀ ਪਵੇਗੀ ਕਿਉਂਕਿ ਤੁਹਾਡੇ ਇਸ ਤਰੀਕਾਕਾਰ ਨਾਲ ਸਾਡਾ ਵਿਆਹ ਤਾਂ ਅਗਲੇ ਕਈ ਸਾਲ ਤੱਕ ਤਾਂ ਨਹੀਂ ਹੋ ਸਕੇਗਾ।”

ਰੋਜਰ ਨੇ ਜਵਾਬ ਵਿੱਚ ਕਿਹਾ, “ਅਜਿਹਾ ਮਤ ਕਹੋ। ਕੁੱਝ ਤਾਂ ਮੇਰੇ ਵਲਵਲਿਆਂ ਦਾ ਖ਼ਿਆਲ ਕਰੋ! ਮੈਂ ਇੱਕ-ਵਾਰ ਫਿਰ ਤੁਹਾਡੀ ਮਿੰਨਤ ਕਰਦਾ ਹਾਂ ਕਿ ਧੀਰਜ ਤੋਂ ਕੰਮ ਲਵੋ। ਮੈਨੂੰ ਕੁੱਝ ਦੇਰ ਪਹਿਲਾਂ ਹੀ ਸੱਠ ਨਵੇਂ ਮਕਾਨਾਂ ਦੀ ਸੂਚੀ ਉਨ੍ਹਾਂ ਏਜੈਂਟਾਂ ਕੋਲੋਂ ਮਿਲੀ ਹੈ ਜਿਨ੍ਹਾਂ ਨਾਲ ਮੈਂ ਕੱਲ ਹੀ ਗੱਲ ਕੀਤੀ ਸੀ। ਉਨ੍ਹਾਂ ਨੂੰ ਇੱਕ ਵਾਰ ਵੇਖ ਲੈਣ ਵਿੱਚ ਕੀ ਹਰਜ ਹੈ?”

ਇਸ ਨਵੀਂ ਸੂਚੀ ਨੇ ਰੂਥ ਬਾਰਲੋ ਦੇ ਤਲਾਸ਼ ਦੇ ਜਜ਼ਬੇ ਨੂੰ ਇੱਕ ਵਾਰ ਹੋਰ ਉਕਸਾਇਆ। ਉਹ ਮਕਾਨ ਦਰ ਮਕਾਨ ਵੇਖਦੇ ਰਹੇ ਲੇਕਿਨ ਦੋ ਸਾਲ ਗੁਜ਼ਰਨ ਦੇ ਬਾਵਜੂਦ ਵੀ ਰੋਜਰ ਨੂੰ ਕੋਈ ਪਸੰਦ ਨਾ ਆ ਸਕਿਆ। ਰੂਥ ਬੁਝ ਜਿਹੀ ਗਈ ਅਤੇ ਕਈ ਵਾਰ ਤਾਂ ਉਸ ਦੇ ਰਵਈਏ ਵਿੱਚੋਂ ਨਫਰਤ ਵੀ ਝਲਕਣ ਲੱਗੀ। ਉਸ ਦੇ ਖ਼ੂਬਸੂਰਤ ਨੈਣਾਂ ਵਿੱਚ ਨਰਮਾਈ ਅਤੇ ਦਇਆ ਉੱਤੇ ਨਾਰਾਜ਼ਗੀ ਚੜ੍ਹੀ ਵਿਖਾਈ ਦੇਣ ਲੱਗੀ।
ਮਿਸਿਜ ਬਾਰਲੋ ਵਿੱਚ ਧੀਰਜ ਦਾ ਜਜ਼ਬਾ ਬਹੁਤ ਜ਼ਿਆਦਾ ਸੀ ਮਗਰ ਬਰਦਾਸ਼ਤ ਦੀ ਵੀ ਇੱਕ ਹੱਦ ਹੁੰਦੀ ਹੈ। ਆਖ਼ਰਕਾਰ ਉਹ ਛਲਕ ਪਈ:
“ਤੁਸੀਂ ਮੇਰੇ ਨਾਲ ਵਿਆਹ ਕਰਨਾ ਚਾਹੁੰਦੇ ਹੋ ਜਾਂ ਨਹੀਂ?” ਉਸ ਦੀ ਆਵਾਜ਼ ਗ਼ੈਰਮਾਮੂਲੀ ਤੌਰ ਤੇ ਕਠੋਰ ਸੀ। ਮਗਰ ਰੋਜਰ ਨੇ ਇਸ ਦਾ ਕੋਈ ਜ਼ਿਆਦਾ ਅਸਰ ਨਾ ਕਬੂਲਿਆ ਅਤੇ ਬੋਲਿਆ:
“ਨਾ ਚਾਹੁਣ ਦਾ ਤਾਂ ਕੋਈ ਕਾਰਨ ਹੀ ਨਹੀਂ, ਜਦੋਂ ਹੀ ਆਪਾਂ ਨੂੰ ਮਕਾਨ ਮਿਲ ਗਿਆ, ਆਪਾਂ ਵਿਆਹ ਕਰਵਾ ਲਵਾਂਗੇ। ਮੈਨੂੰ ਹੁਣੇ ਹੁਣੇ ਇੱਕ ਅਜਿਹੇ ਮਕਾਨ ਦੇ ਸੂਚਨਾ ਮਿਲੀ ਹੈ ਜੋ ਸਾਡੇ ਮਤਲਬ ਦਾ ਹੋ ਸਕਦਾ ਹੈ।”

“ਮੇਰੇ ਵਿੱਚ ਹੁਣ ਹੋਰ ਮਕਾਨ ਦੇਖਣ ਦੀ ਹਿੰਮਤ ਨਹੀਂ ਹੈ,” ਬਾਰਲੋ ਨੇ ਕਿਹਾ।
“ਮੈਨੂੰ ਵੀ ਖ਼ਦਸ਼ਾ ਸੀ ਕਿ ਤੁਸੀਂ ਥੱਕ ਗਏ ਹੋ,” ਰੋਜਰ ਨੇ ਜਵਾਬ ਦਿੱਤਾ।
ਰੂਥ ਬਾਰਲੋ ਨੇ ਮੰਜਾ ਮੱਲ ਲਿਆ ਅਤੇ ਰੋਜਰ ਨਾਲ ਮਿਲਣਾ ਜੁਲਣਾ ਛੱਡ ਦਿੱਤਾ। ਹੁਣ ਰੋਜਰ ਨੂੰ ਉਸਨੂੰ ਫੁੱਲ ਭੇਜਣ ਅਤੇ ਉਸ ਦੀ ਖ਼ੈਰੀਅਤ ਦਾ ਪਤਾ ਲੈਣ ਜਾਣ ਤੇ ਹੀ ਸਬਰ ਕਰਨਾ ਪੈਂਦਾ।

ਉਹ ਪਹਿਲਾਂ ਵਾਂਗ ਹੀ ਸਿਰੜੀ ਅਤੇ ਸੂਰਮਾ ਬਣਿਆ ਰਿਹਾ। ਰੋਜ਼ਾਨਾ ਉਸਨੂੰ ਪੱਤਰ ਲਿੱਖ ਭੇਜਦਾ ਕਿ ਉਸਨੇ ਇੱਕ ਹੋਰ ਮਕਾਨ ਦੇ ਸੰਬੰਧ ਵਿੱਚ ਸੁਣਿਆ ਹੈ। ਇੱਕ ਹਫਤਾ ਇਵੇਂ ਹੀ ਬੀਤ ਗਿਆ। ਇੱਕ ਰੋਜ ਉਸਨੂੰ ਰੂਥ ਬਾਰਲੋ ਦਾ ਖ਼ਤ ਮਿਲਿਆ:

ਰੋਜਰ,
ਮੈਨੂੰ ਇਹ ਭਰੋਸਾ ਨਹੀਂ ਰਿਹਾ ਕਿ ਤੁਹਾਨੂੰ ਮੇਰੇ ਨਾਲ ਮੁਹੱਬਤ ਹੈ। ਮੈਨੂੰ ਇੱਕ ਅਜਿਹਾ ਸ਼ਖਸ ਮਿਲ ਗਿਆ ਹੈ ਜੋ ਮੈਨੂੰ ਹਿਫ਼ਾਜ਼ਤ ਅਤੇ ਆਰਾਮ ਨਾਲ ਰੱਖਣ ਦਾ ਦਿੱਲੀ ਖ਼ਾਹਿਸ਼ਮੰਦ ਹੈ ਇਸਲਈ ਮੈਂ ਉਸ ਨਾਲ ਅੱਜ ਵਿਆਹ ਕਰ ਰਹੀ ਹਾਂ….
ਰੂਥ।
ਰੋਜਰ ਨੇ ਤੁਰਤ ਇੱਕ ਖ਼ਾਸ ਏਲਚੀ ਦੇ ਹੱਥ ਜਵਾਬੀ ਖ਼ਤ ਭੇਜਿਆ:
ਰੂਥ,
ਇਹ ਸੂਚਨਾ ਮੇਰੇ ਲਈ ਤੋੜ ਦੇਣ ਵਾਲੀ ਹੈ….ਇਹ ਇੱਕ ਅਜਿਹਾ ਨਾਸੂਰ ਹੈ ਜੋ ਕਦੇ ਨਹੀਂ ਭਰੇਗਾ। ਮਗਰ ਮੇਰੀ ਪਿਆਰੀ ਤੁਹਾਡੀ ਖੁਸ਼ੀ ਹੀ ਤਾਂ ਮੇਰਾ ਪਹਿਲਾ ਫਿਕਰ ਹੈ। ਇਸੇ ਲਈ ਮੈਂ ਸੱਤ ਨਵੇਂ ਮਕਾਨਾਂਦੇ ਕਾਗ਼ਜ਼ ਭੇਜ ਰਿਹਾ ਹਾਂ ਜੋ ਮੈਨੂੰ ਅੱਜ ਸਵੇਰੇ ਹੀ ਡਾਕ ਰਾਹੀਂ ਮਿਲੇ ਹਨ। ਮੈਨੂੰ ਪੱਕੀ ਉਮੀਦ ਹੈ ਕਿ ਉਨ੍ਹਾਂ ਵਿਚੋਂ ਕੋਈ ਇੱਕ ਮਕਾਨ ਤੁਹਾਡੀ ਪਸੰਦ ਦਾ ਜ਼ਰੂਰ ਮਿਲ ਜਾਵੇਗਾ।
ਰੋਜਰ।

ਹੀਰਿਆਂ ਦਾ ਹਾਰ (ਕਹਾਣੀ) – ਮੁਪਾਸਾਂ

January 11, 2018

ਉਹ ਉਨ੍ਹਾਂ ਹੁਸੀਨ ਅਤੇ ਦਿਲਕਸ਼ ਲੜਕੀਆਂ ਵਿੱਚੋਂ ਸੀ ਜੋ ਸ਼ਾਇਦ ਕੁਦਰਤ ਦੀ ਗ਼ਲਤੀ ਨਾਲ ਕਿਸੇ ਹੇਠਲੇ ਤਬਕੇ ਦੇ ਮੁਲਾਜ਼ਮ ਪੇਸ਼ਾ ਘਰਾਣੇ ਵਿੱਚ ਜਨਮ ਲੈ ਲੈਂਦੀਆਂ ਹਨ। ਉਸ ਦੇ ਕੋਲ ਨਾ ਤਾਂ ਦਹੇਜ ਸੀ ਅਤੇ ਨਾ ਹੀ ਕੋਈ ਅਜਿਹੇ ਹੋਰ ਕਾਰਨ ਜਿਨ੍ਹਾਂ ਦੀ ਬਿਨਾ ਉੱਤੇ ਉਹ ਜਾਣੀ ਜਾਂਦੀ, ਸਮਝੀ ਜਾਂਦੀ, ਅਤੇ ਕਿਸੇ ਚਰਚਿਤ ਅਮੀਰਜ਼ਾਦੇ ਦੀ ਪ੍ਰੇਮਿਕਾ ਬਣਦੀ ਜਾਂ ਉਸ ਨਾਲ ਵਿਆਹੀ ਜਾਂਦੀ। ਇਸ ਲਈ ਉਸ ਨੇ ਆਪਣਾ ਵਿਆਹ ਸਿੱਖਿਆ ਵਿਭਾਗ ਦੇ ਇੱਕ ਕਲਰਕ ਨਾਲ ਹੋਣਾ ਚੁੱਪਚਾਪ ਮੰਨ ਲਿਆ।

ਆਪਣੀ ਆਰਥਿਕ ਹਾਲਤ ਦੀ ਬਿਨਾ ਤੇ ਉਹ ਹਮੇਸ਼ਾ ਸਾਦਾ ਹੀ ਵਿਖਾਈ ਦਿੰਦੀ ਸੀ। ਪਰ ਉਸ ਨੂੰ ਆਪਣੀ ਗ਼ਰੀਬੀ ਦਾ ਅਹਿਸਾਸ ਘੁਣ ਦੀ ਤਰ੍ਹਾਂ ਚੱਟਦਾ ਰਹਿੰਦਾ ਸੀ, ਜਿਵੇਂ ਉਹ ਪਹਿਲਾਂ ਅਮੀਰ ਰਹੀ ਹੋਵੇ। ਲੜਕੀਆਂ ਦਾ ਕੋਈ ਖ਼ਾਨਦਾਨ ਕੋਈ ਕਬੀਲਾ ਨਹੀਂ ਹੁੰਦਾ। ਉਨ੍ਹਾਂ ਦਾ ਹੁਸਨ, ਉਨ੍ਹਾਂ ਦੀ ਚਾਲ-ਢਾਲ ਅਤੇ ਉਨ੍ਹਾਂ ਦੀ ਕੁਦਰਤੀ ਦਿਲਕਸ਼ੀ ਹੀ ਉਨ੍ਹਾਂ ਦਾ ਘਰਾਣਾ ਹੁੰਦਾ ਹੈ। ਉਨ੍ਹਾਂ ਦੀ ਕੁਦਰਤੀ ਕੋਮਲਤਾ, ਸਹਿਜ ਸੁਹੱਪਣ ਅਤੇ ਸਮਝ ਬੂਝ ਹੀ ਉਨ੍ਹਾਂ ਦਾ ਸਮਾਜੀ ਰੁਤਬਾ ਹੁੰਦਾ ਹੈ। ਇਨ੍ਹਾਂ ਖ਼ੂਬੀਆਂ ਦੀ ਬਿਨਾਂ ਉੱਤੇ ਹੀ ਗ਼ਰੀਬ ਲੜਕੀਆਂ ਵੀ ਕਦੇ-ਕਦੇ ਅਮੀਰ ਘਰਾਂ ਦੀਆਂ ਚੋਟੀ ਦੀਆਂ ਔਰਤਾਂ ਵਰਗੀਆਂ ਵਿਖਾਈ ਦਿੰਦੀਆਂ ਹਨ।

ਉਹ ਆਪਣੀਆਂ ਮਹਰੂਮੀਆਂ ਅੰਦਰ ਹੀ ਅੰਦਰ ਝੱਲਦੀ ਰਹੀ। ਉਸਨੂੰ ਲੱਗਦਾ ਰਹਿੰਦਾ ਸੀ ਕਿ ਉਹ ਐਸ਼ ਆਰਾਮ ਦੀ ਜ਼ਿੰਦਗੀ ਲਈ ਪੈਦਾ ਹੋਈ ਹੈ। ਉਸਨੂੰ ਆਪਣਾ ਪੁਰਾਣਾ ਟੁੱਟਿਆ ਜਿਹਾ ਘਰ, ਬਿਨਾਂ ਸਜਾਵਟ ਨੰਗੀਆਂ ਕੰਧਾਂ, ਪੁਰਾਣੀਆਂ ਕੁਰਸੀਆਂ ਅਤੇ ਸਾਲਾਂ ਪੁਰਾਣੇ ਪਰਦੇ ਚੁਭਦੇ ਸਨ। ਇਹ ਸਾਰੀਆਂ ਚੀਜ਼ਾਂ, ਜੋ ਉਸ ਦੇ ਸਮਾਜੀ ਤਬਕੇ ਦੀ ਕਿਸੇ ਹੋਰ ਔਰਤ ਦੇ ਸੁਪਨਿਆਂ ਵਿੱਚ ਵੀ ਨਾ ਆਉਂਦੀਆਂ, ਉਸ ਦਾ ਮੂੰਹ ਚਿੜਾਉਂਦੀਆਂ, ਉਸਨੂੰ ਸਤਾਉਂਦੀਆਂ ਅਤੇ ਜ਼ਲੀਲ ਕਰਦੀਆਂ ਮਹਿਸੂਸ ਹੁੰਦੀਆਂ ਸਨ। ਉਸਦੇ ਘਰ ਵਿੱਚ ਕੰਮ ਕਰਨ ਵਾਲੀ; ਬ੍ਰਿਟੋਨ ਕੁੜੀ ਤੇ ਜਦੋਂ ਵੀ ਉਸ ਦੀ ਨਜ਼ਰ ਪੈਂਦੀ ਤਾਂ ਉਸ ਦੇ ਦਿਲ ਵਿੱਚ ਗ਼ੁਰਬਤ ਅਤੇ ਜ਼ਿੱਲਤ ਦਾ ਅਹਿਸਾਸ ਹੋਰ ਵੀ ਸ਼ਿੱਦਤ ਨਾਲ ਫੁੰਕਾਰੇ ਮਾਰਨ ਲੱਗਦਾ।

ਫਿਰ ਉਹ ਸੁਪਨਿਆਂ ਦੀ ਦੁਨੀਆ ਵਿੱਚ ਖੋਹ ਜਾਂਦੀ। ਜਿੱਥੇ ਪ੍ਰਾਚੀਨ ਪੂਰਬੀ ਤਰੀਕੇ ਨਾਲ ਕਲਾਕ੍ਰਿਤੀਆਂ ਨਾਲ ਸਜਾਈਆਂ ਕੰਧਾਂ ਵਾਲੇ ਕਮਰੇ ਹੋਣ ਅਤੇ ਇਨ੍ਹਾਂ ਨੂੰ ਕਾਂਸੀ ਦੇ ਵੱਡੇ ਵੱਡੇ ਸ਼ਮ੍ਹਾਦਾਨਾਂ ਵਿੱਚ ਬਲ਼ਦੀਆਂ ਮਸ਼ਾਲਾਂ ਦੀਆਂ ਨੀਮ ਨਸ਼ਿਆਈਆਂ ਰੌਸ਼ਨੀਆਂ ਨੇ ਜਗਮਗ ਕੀਤਾ ਹੋਵੇ। ਬਾਰੀਆਂ ਦੇ ਸਾਹਮਣੇ ਮਖਮਲੀ ਪਰਦੇ ਲੱਗੇ ਹੋਣ….. ਜਿੱਥੇ ਸ਼ਾਹੀ ਕੱਪੜੇ ਪਹਿਨ ਦੋ ਨੌਕਰ ਹੋਣ, ਜੋ ਅੰਗੀਠੀ ਦੀ ਗਰਮੀ ਵਿੱਚ ਊਂਘਦੇ ਵਿਖਾਈ ਦਿੰਦੇ ਹੋਣ… ਮਖਮਲ ਅਤੇ ਕੀਮਖ਼ਾਬ ਨਾਲ ਲੈਸ ਵੱਡੇ ਕਮਰੇ ਹੋਣ ਜਿਨ੍ਹਾਂ ਵਿੱਚ ਕੀਮਤੀ ਫਰਨੀਚਰ ਨੂੰ ਮਹਿੰਗੀ ਸਜਾਵਟ ਕੀਤੀ ਹੋਵੇ….. ਅਤੇ ਮਹਿਕਾਂ ਨਾਲ ਭਰਪੂਰ ਅੰਦਰੂਨੀ ਕਮਰੇ ਹੋਣ ਜਿੱਥੇ ਉਹ ਘੁਸਰ ਮੁਸਰ ਵਿੱਚ ਆਪਣੇ ਕਰੀਬੀ ਦੋਸਤਾਂ – ਉਨ੍ਹਾਂ ਖ਼ੂਬਸੂਰਤ ਅਤੇ ਨੌਜਵਾਨ ਦੋਸਤਾਂ ਨਾਲ ਗੱਲਾਂ ਕਰਿਆ ਕਰੇ, ਜਿਨ੍ਹਾਂ ਦੀ ਸੁਹਬਤ ਨੂੰ ਸਾਰੇ ਸ਼ਹਿਰ ਦੀ ਔਰਤਾਂ ਤਰਸਦੀਆਂ ਹੋਣ।

ਜਦੋਂ ਉਹ ਰਾਤ ਦੇ ਭੋਜਨ ਲਈ ਆਪਣੇ ਪਤੀ ਦੇ ਸਾਹਮਣੇ ਬੈਠਦੀ, ਮੇਜ਼ ਉੱਤੇ ਤਿੰਨ ਦਿਨ ਪੁਰਾਣਾ ਮੇਜ਼ਪੋਸ਼ ਵਿਛਿਆ ਹੁੰਦਾ ਅਤੇ ਉਸ ਦਾ ਪਤੀ ਡੌਂਗੇ ਦਾ ਢੱਕਣ ਚੁੱਕਦੇ ਹੋਏ ਹੁੱਬ ਕੇ ਕਹਿੰਦਾ, “ਆਹ ਬੀਫ਼ ਸਟਿਊ, ਬਈ ਇਹ ਤਾਂ ਦੁਨੀਆ ਦੀ ਸਭ ਤੋਂ ਸੁਆਦਲੀ ਚੀਜ਼ ਹੈ।” ਤਾਂ ਉਹ ਆਪਣੇ ਸੁਪਨਿਆਂ ਦੀ ਦੁਨੀਆ ਵਿੱਚ ਖੋ ਜਾਂਦੀ, ਆਲੀਸ਼ਾਨ ਖਾਣਿਆਂ ਬਾਰੇ ਸੋਚਦੀ ….. ਜਿੱਥੇ ਚਾਂਦੀ ਦੇ ਚਮਕਦਾਰ ਛੁਰੀ ਕਾਂਟੇ ਹੁੰਦੇ … ਜਿੱਥੇ ਦੀਵਾਰਾਂ ਉੱਤੇ ਵੱਡੀਆਂ ਵੱਡੀਆਂ ਤਸਵੀਰਾਂ ਜੜੀਆਂ ਹੁੰਦੀਆਂ, ਜਿਨ੍ਹਾਂ ਵਿੱਚ ਪੁਰਾਣੇ ਜ਼ਮਾਨੇ ਦੀਆਂ ਸਖਸ਼ੀਅਤਾਂ ਅਤੇ ਪਰੀ ਜਗਤ ਦੇ ਜੰਗਲ ਵਿੱਚਲੇ ਅਨੋਖੇ ਪੰਛੀਆਂ ਦੇ ਚਿੱਤਰ ਵਿਖਾਈ ਦਿੰਦੇ। ਉਸਨੂੰ ਅੱਖਾਂ ਨੂੰ ਚੁੰਧਿਆ ਦੇਣ ਵਾਲੇ ਭਾਂਡਿਆਂ ਵਿੱਚ ਪਰੋਸੇ ਗਏ ਭਾਂਤ ਸੁਭਾਂਤੇ ਮਹਿੰਗੇ ਖਾਣਿਆਂ ਤੇ ਸਜੀਆਂ ਮਹਿਫਲਾਂ ਦੇ ਖ਼ਿਆਲ ਆਏ ਜਿੱਥੇ ਮਹਿਮਾਨ ਇੱਕ ਦੂਸਰੇ ਨਾਲ ਬੀਰਤਾ ਦੀਆਂ ਬਾਤਾਂ ਪਾਉਂਦੇ ਹੋਣ ਅਤੇ ਉਹ ਸਫਿੰਕਸ ਨੁਮਾ ਮੁਸਕਰਾਹਟ ਨਾਲ ਸੁਣ ਰਹੀ ਹੋਵੇ ਅਤੇ ਉਹ ਸਾਰੇ ਨਾਲੋ ਨਾਲ ਟਰਾਊਟ ਮੱਛੀ ਦੀਆਂ ਗੁਲਾਬੀ ਸੰਖੀਆਂ ਦਾ ਜਾਂ ਬਟੇਰ ਦੇ ਪਰਾਂ ਦਾ ਜ਼ਾਇਕਾ ਲੈਣ ਰਹੇ ਹੋਣ।

ਉਸ ਦੇ ਕੋਲ ਕੋਈ ਕੀਮਤੀ ਸੂਟ ਨਹੀਂ ਸੀ ਅਤੇ ਨਾ ਹੀ ਕੋਈ ਜੇਵਰ। ਉਸਨੂੰ ਸਿਰਫ ਇਸੇ ਦਾ ਦੁੱਖ ਸੀ। ਉਹ ਤਾਂ ਸ਼ਾਇਦ ਪੈਦਾ ਹੀ ਇਨ੍ਹਾਂ ਚੀਜ਼ਾਂ ਲਈ ਹੋਈ ਸੀ। ਉਸ ਦਾ ਦਿਲ ਚਾਹੁੰਦਾ ਕਿ ਉਸਨੂੰ ਵੀ ਲੋਕ ਚਾਹੁਣ…ਉਸ ਦੀ ਇੱਕ ਝਲਕ ਲਈ ਬਿਹਬਲ ਹੋਣ… ਉਸ ਦੇ ਖ਼ਾਬ ਵੇਖਣ….. ਅਤੇ ਉਸ ਦਾ ਸਾਥ ਹਾਸਲ ਕਰਨ ਲਈ ਬੇਤਾਬ ਹੋਣ।
ਉਸ ਦੀ ਇੱਕ ਅਮੀਰ ਸਹੇਲੀ ਸੀ ਜੋ ਸਕੂਲ ਵਿੱਚ ਉਸ ਦੀ ਜਮਾਤਣ ਸੀ। ਪਰ ਆਪਣੀ ਉਸ ਸਹੇਲੀ ਨੂੰ ਮਿਲਣ ਦੇ ਬਾਅਦ ਉਹ ਆਪਣੇ ਹਾਲ ਤੇ ਇੰਨਾ ਕੁੜ੍ਹਦੀ ਸੀ ਕਿ ਹੁਣ ਉਸਨੇ ਉਸ ਸਹੇਲੀ ਨੂੰ ਮਿਲਣਾ ਵੀ ਛੱਡ ਦਿੱਤਾ ਸੀ। ਆਪਣੇ ਕਮਰੇ ਵਿੱਚ ਉਹ ਕਦੇ ਕਦੇ ਤਾਂ ਸਾਰਾ ਦਿਨ ਰੋਦੀ ਰਹਿੰਦੀ… ਆਪਣੀ ਬੇਬਸੀ ਉੱਤੇ….. ਆਪਣੀ ਨਾਉਮੀਦੀ ਉੱਤੇ… ਆਪਣੀ ਨਿਰਾਸ਼ਾ ਉੱਤੇ ਅਤੇ ਆਪਣੀ ਗ਼ਰੀਬੀ ਉੱਤੇ। ਫਿਰ ਇੱਕ ਸ਼ਾਮ ਉਸ ਦਾ ਪਤੀ ਜਦੋਂ ਦਫਤਰ ਤੋਂ ਪਰਤਿਆ ਤਾਂ ਉਸ ਦੇ ਚਿਹਰੇ ਉੱਤੇ ਇੱਕ ਜੇਤੂ ਚਮਕ ਅਤੇ ਹੱਥ ਵਿੱਚ ਇੱਕ ਵੱਡਾ ਸਾਰਾ ਲਿਫਾਫਾ ਸੀ।

“ਵੇਖ ਤਾਂ ਮੈਂ ਤੇਰੇ ਲਈ ਕੀ ਲਿਆਇਆ ਹਾਂ?”

ਉਸਨੇ ਉਹ ਲਿਫਾਫਾ ਖੋਲਿਆ.. ਵਿੱਚੋਂ ਇੱਕ ਕਾਰਡ ਨਿਕਲਿਆ ਜਿਸ ਉੱਤੇ ਛਪਿਆ ਸੀ, “ਸ਼੍ਰੀਮਾਨ ਸਿਖਿਆ ਮੰਤਰੀ ਅਤੇ ਮੈਡਮ ਜੋਰਜੇਸ ਰੈਮਪਾਨਿਓ, ਸੋਮਵਾਰ 18 ਜਨਵਰੀ ਦੀ ਸ਼ਾਮ ਨੂੰ ਸਿਖਿਆ ਮਹਿਕਮੇ ਦੇ ਦਫਤਰ ਵਿੱਚ ਮੈਡਮ ਲੋਇਜ਼ਲ ਨੂੰ ਸ਼ਾਮਲ ਹੋਣ ਲਈ ਸੱਦਾ ਦਿੰਦੇ ਹਨ।”

ਉਸ ਦਾ ਪਤੀ ਜਾਣਦਾ ਸੀ ਕਿ ਉਹ ਇਸ ਸੱਦਾ ਪੱਤਰ ਮਿਲਣ ਤੇ ਬਹੁਤ ਖ਼ੁਸ਼ ਹੋਵੇਗੀ ਪਰ ਉਸਨੇ ਕਾਰਡ ਗੁੱਸੇ ਨਾਲ ਮੇਜ਼ ਉੱਤੇ ਸੁੱਟ ਦਿੱਤਾ ਅਤੇ ਢਿਲਕੀ ਜਿਹੀ ਆਵਾਜ਼ ਵਿੱਚ ਬੋਲੀ, “ਤਾਂ ਫਿਰ? ਮੈਂ ਇਸ ਦਾ ਕੀ ਕਰਾਂ?”

“ਮਗਰ…?? ਮੇਰੀ ਜਾਨ ਮੈਂ ਤਾਂ ਸਮਝਿਆ ਸੀ ਕਿ ਤੂੰ ਖ਼ੁਸ਼ ਹੋਵੇਂਗੀ? ਤੂੰ ਉਂਜ ਤਾਂ ਕਦੇ ਬਾਹਰ ਨਹੀਂ ਜਾਂਦੀ। ਇਹ ਤਾਂ ਇੱਕ ਵਧੀਆ ਮੌਕ਼ਾ ਹੈ। ਅਤੇ ਇਹ ਸੱਦਾ ਪੱਤਰ ਮੈਂ ਬੜੀ ਮੁਸ਼ਕਲ ਨਾਲ ਹਾਸਲ ਕੀਤਾ ਹੈ। ਹਰ ਸ਼ਖਸ ਉਸ ਦਾਵਤ ਵਿੱਚ ਸੱਦੇ ਜਾਣ ਲਈ ਬੇਤਾਬ ਹੈ। ਬੜੇ ਲੋਕ ਉਸ ਦੇ ਚਾਹਵਾਨ ਹਨ ਅਤੇ ਵਜ਼ਾਰਤ ਦੇ ਸਿਰਫ ਕੁਝ ਹੀ ਕਲਰਕਾਂ ਨੂੰ ਸੱਦਾ ਦਿੱਤਾ ਗਿਆ ਹੈ। ਤੂੰ ਵੇਖਣਾ ਉੱਥੇ ਸਾਰੀ ਵਜ਼ਾਰਤ ਆਈ ਹੋਵੇਗੀ।”

ਉਹ ਭਰੀ ਪੀਤੀ ਉਸ ਨੂੰ ਵੇਖਦੀ ਰਹੀ ਅਤੇ ਫਿਰ ਬੇਸਬਰੀ ਨਾਲ ਬੋਲੀ, “ਤੇ ਉਸ ਦਾਵਤ ਤੇ ਮੈਂ ਪਹਿਨ ਕੇ ਕੀ ਜਾਵਾਂਗੀ?”

ਉਸ ਦੇ ਪਤੀ ਨੇ ਉਸ ਦੇ ਬਾਰੇ ਤਾਂ ਸੋਚਿਆ ਹੀ ਨਹੀਂ ਸੀ। ਉਹ ਹਕਲਾਂਦੇ ਹੋਏ ਬੋਲਿਆ, “ਉਹ … ਉਹੋ.. ਜੋ ਤੂੰ ਥੀਏਟਰ ਜਾਂਦੇ ਹੋਏ ਪਹਿਨਦੀ ਹੈਂ.. ਉਹ ਮੇਰੇ ਖਿਆਲ ਵਿੱਚ ਤਾਂ ਬਿਲਕੁਲ ਠੀਕ ਰਹੇਗਾ ਜਾਂ ਫਿਰ…”

ਉਹ ਚੁੱਪ ਹੋ ਗਿਆ। ਹੈਰਤ ਨਾਲ ਉਸ ਦੀ ਜ਼ਬਾਨ ਬੰਦ ਹੋ ਗਈ। ਉਸ ਦੀ ਪਤਨੀ ਦੀਆਂ ਝੁਕੀਆਂ ਹੋਈਆਂ ਪਲਕਾਂ ਵਿੱਚੋਂ ਦੋ ਮੋਟੇ ਮੋਟੇ ਅੱਥਰੂ ਉਸ ਦੀਆਂ ਗੱਲਾਂ ਉੱਤੇ ਗਿਰੇ ਅਤੇ ਹੌਲੀ ਹੌਲੀ ਉਸ ਦੀ ਠੋਡੀ ਵੱਲ ਤਿਲਕਣ ਲੱਗੇ। ਉਹ ਰੋ ਰਹੀ ਸੀ।

ਉਹ ਬੜੀ ਮੁਸ਼ਕਿਲ ਨਾਲ ਬੱਸ ਇਹੀ ਕਹਿ ਸਕਿਆ, “ਕ.. ਕ… ਕੀ ਹੋਇਆ? ਕੀ ਹੋਇਆ?”

ਫਿਰ ਉਸ ਦੀ ਪਤਨੀ ਨੇ ਹਿੰਮਤ ਕਰਕੇ ਖ਼ੁਦ ਉੱਤੇ ਕਾਬੂ ਪਾ ਲਿਆ ਅਤੇ ਆਪਣੀਆਂ ਗੱਲ੍ਹਾਂ ਤੋਂ ਅੱਥਰੂ ਪੂੰਝਦੇ ਹੋਏ ਬੇਹੱਦ ਸ਼ਾਂਤ ਅਤੇ ਸਪਾਟ ਆਵਾਜ਼ ਵਿੱਚ ਬੋਲੀ, “ਕੁੱਝ ਨਹੀਂ। ਗੱਲ ਸਿਰਫ ਇੰਨੀ ਹੈ ਕਿ ਮੇਰੇ ਕੋਲ ਕੱਪੜੇ ਨਹੀਂ ਹਨ, ਇਸਲਈ ਮੈਂ ਦਾਵਤ ਵਿੱਚ ਨਹੀਂ ਜਾ ਸਕਦੀ। ਇਹ ਕਾਰਡ ਆਪਣੇ ਕਿਸੇ ਦੋਸਤ ਨੂੰ ਦੇ ਦੇਣਾ ਜਿਸਦੀ ਪਤਨੀ ਦੇ ਕੋਲ ਮੇਰੇ ਨਾਲੋਂ ਵਧੀਆ ਕੱਪੜੇ ਹੋਣ।”

ਉਸ ਦੇ ਪਤੀ ਦਾ ਦਿਲ ਢੈਲਾ ਜਿਹਾ ਹੋ ਗਿਆ। ਉਹ ਬੋਲਿਆ, “ਅੱਛਾ ਮੈਥੀਲਡ, ਇਹ ਦੱਸ ਇੱਕ ਸੁਹਣਾ ਫੱਬਦਾ ਸੂਟ ਜੋ ਤੂੰ ਬਾਅਦ ਵਿੱਚ ਹੋਰ ਮੌਕਿਆਂ ਉੱਤੇ ਵੀ ਪਹਿਨ ਸਕੇਂ, ਕਿੰਨੇ ਵਿੱਚ ਆਵੇਗਾ?”

ਉਸਨੇ ਦਿਲ ਹੀ ਦਿਲ ਵਿੱਚ ਹਿਸਾਬ ਲਗਾਇਆ ਕਿ ਆਪਣੇ ਪਤੀ ਕੋਲੋਂ ਕਿੰਨੀ ਰਕਮ ਦੀ ਮੰਗ ਕਰੇ। ਉਸਨੂੰ ਇਹ ਵੀ ਖ਼ਦਸ਼ਾ ਸੀ ਕਿ ਕਿਤੇ ਉਸ ਦਾ ਸਰਫ਼ਾ ਪਸੰਦ ਪਤੀ ਸਾਫ਼ ਇਨਕਾਰ ਹੀ ਨਾ ਕਰ ਦੇਵੇ। ਫਿਰ ਉਹ ਹਿਚਕਿਚਾਉਂਦੇ ਹੋਏ ਬੋਲੀ, “ਮੈਨੂੰ ਠੀਕ ਅੰਦਾਜ਼ਾ ਤਾਂ ਨਹੀਂ ਲੇਕਿਨ ਮੇਰਾ ਖ਼ਿਆਲ ਹੈ ਕਿ ਚਾਰ ਸੌ ਫਰਾਂਕ ਵਿੱਚ ਅੱਛਾ ਸੂਟ ਤਿਆਰ ਹੋ ਸਕਦਾ ਹੈ।”

ਉਸ ਦੇ ਪਤੀ ਦੇ ਚਿਹਰੇ ਉੱਤੇ ਪਿਲੱਤਣ ਜਿਹੀ ਫਿਰ ਗਈ। ਉਸਨੇ ਕੁੱਝ ਅਰਸੇ ਤੋਂ ਸ਼ਿਕਾਰ ਲਈ ਨਵੀਂ ਬੰਦੂਕ ਖ਼ਰੀਦਣ ਅਤੇ ਅੱਗੇ ਗਰਮੀਆਂ ਵਿੱਚ ਐਤਵਾਰ ਦੇ ਦਿਨੀਂ ਆਪਣੇ ਦੋਸਤਾਂ ਦੇ ਨਾਲ ਚਿੜੀਆਂ ਦਾ ਸ਼ਿਕਾਰ ਖੇਡਣ ਲਈ ਨਾਂਤੇਆ ਦੇ ਮੈਦਾਨਾਂ ਵਿੱਚ ਜਾਣ ਦਾ ਲਈ ਚਾਰ ਸੌ ਫਰਾਂਕ ਹੀ ਬਚਾ ਰੱਖੇ ਸਨ। ਉਹ ਬੋਲਿਆ, “ਠੀਕ ਹੈ ਮੈਂ ਤੈਨੂੰ ਚਾਰ ਸੌ ਫਰਾਂਕ ਦਿੰਦਾ ਹਾਂ। ਤੂੰ ਆਪਣੇ ਲਈ ਇੱਕ ਉਮਦਾ ਸੂਟ ਤਿਆਰ ਕਰਾ ਲੈ।”

*

ਦਾਵਤ ਦਾ ਦਿਨ ਨੇੜੇ ਆ ਚੁੱਕਾ ਸੀ। ਲੇਕਿਨ ਮਿਸਿਜ ਲੋਆਏਜਲ ਪਰੇਸ਼ਾਨ ਅਤੇ ਫ਼ਿਕਰਮੰਦ ਵਿਖਾਈ ਦੇ ਰਹੀ ਸੀ। ਹਾਲਾਂਕਿ ਉਸ ਦਾ ਸੂਟ ਤਿਆਰ ਹੋ ਚੁੱਕਾ ਸੀ। ਇੱਕ ਸ਼ਾਮ ਉਸ ਦੇ ਪਤੀ ਨੇ ਪੁੱਛ ਹੀ ਲਿਆ, “ਕੀ ਗੱਲ ਹੈ? ਤੂੰ ਪਿਛਲੇ ਤਿੰਨ ਦਿਨਾਂ ਤੋਂ ਕੁੱਝ ਪਰੇਸ਼ਾਨ ਜਿਹੀ ਵਿਖਾਈ ਦੇ ਰਹੀ ਹੈਂ?”

ਉਹ ਬੋਲੀ, “ਮੈਂ ਇਸ ਕਾਰਨ ਪਰੇਸ਼ਾਨ ਹਾਂ ਕਿ ਮੇਰੇ ਕੋਲ ਕੋਈ ਜੇਵਰ ਨਹੀਂ ਹੈ। ਪਹਿਨਣ ਨੂੰ ਕੁੱਝ ਵੀ ਨਹੀਂ ਹੈ। ਜੇਵਰਾਂ ਦੇ ਬਿਨਾਂ ਤਾਂ ਉਸ ਦਾਵਤ ਉੱਤੇ ਜਾਣਾ ਬਹੁਤ ਅਜੀਬ ਲੱਗੇਗਾ। ਇਸ ਨਾਲੋਂ ਤਾਂ ਨਾ ਜਾਣਾ ਹੀ ਠੀਕ ਹੋਵੇਗਾ।”

ਉਹ ਬੋਲਿਆ, “ਤਾਂ ਫੁੱਲਾਂ ਦੇ ਗਜਰੇ ਪਹਿਨ ਲੈਣਾ। ਇਸ ਮੌਸਮ ਵਿੱਚ ਤਾਂ ਬਹੁਤ ਕਮਾਲ ਵਿਖਾਈ ਦਿੰਦੇ ਹਨ। ਪੰਜ ਦਸ ਫਰਾਂਕ ਵਿੱਚ ਤੈਨੂੰ ਦੋ ਤਿੰਨ ਬੜੇ ਸੁਹਣੇ ਗੁਲਾਬ ਦੇ ਗਜਰੇ ਮਿਲ ਜਾਣਗੇ।”

ਪਰ ਉਸ ਦੀ ਪਤਨੀ ਨਾ ਮੰਨੀ, “ਨਹੀਂ। ਇਸ ਤੋਂ ਵੱਧ ਬੇਇੱਜ਼ਤੀ ਦੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਕਿ ਏਨੀਆਂ ਸਾਰੀਆਂ ਅਮੀਰ ਔਰਤਾਂ ਦੇ ਦਰਮਿਆਨ ਮੈਂ ਗ਼ਰੀਬੜੀ ਲੱਗਾਂ।”

ਉਸ ਦਾ ਪਤੀ ਅਚਾਨਕ ਬੋਲ ਉੱਠਿਆ, “ਓ ਤੂੰ ਵੀ ਕਿੰਨੀ ਬੇਵਕੂਫ਼ ਹੈਂ, ਆਪਣੀ ਸਹੇਲੀ ਮਿਸਿਜ ਫ਼ੌਰੇਸਤੀਏ ਦੇ ਕੋਲ ਜਾ ਅਤੇ ਇੱਕ ਸ਼ਾਮ ਲਈ ਉਸ ਕੋਲੋਂ ਕੁੱਝ ਜੇਵਰ ਉਧਾਰ ਮੰਗ ਲਿਆ। ਉਹ ਤੇਰੀ ਬਹੁਤ ਪੁਰਾਣੀ ਸਹੇਲੀ ਹੈ… ਇੰਨਾ ਤਾਂ ਜ਼ਰੂਰ ਕਰ ਸਕਦੀ ਹੈ।”
ਉਸ ਦੀਆਂ ਅੱਖਾਂ ਚਮਕ ਉਠੀਆਂ। “ਓ ਹਾਂ.. ਇਹ ਠੀਕ ਹੈ। ਮੈਂ ਉਸ ਦੇ ਬਾਰੇ ਤਾਂ ਸੋਚਿਆ ਹੀ ਨਹੀਂ ਸੀ।”

ਉਹ ਦੂਜੇ ਹੀ ਦਿਨ ਆਪਣੀ ਸਹੇਲੀ ਦੇ ਘਰ ਜਾ ਪਹੁੰਚੀ ਅਤੇ ਉਸ ਨੂੰ ਆਪਣੀ ਮੁਸ਼ਕਲ ਦੱਸੀ।

ਮਿਸਿਜ ਫ਼ੌਰੇਸਤੀਏ ਉੱਠੀ, ਆਪਣੀ ਅਲਮਾਰੀ ਕੋਲ ਗਈ ਇਸ ਵਿੱਚੋਂ ਇੱਕ ਟਰੰਕੀ ਕੱਢ ਕਰ ਉਸ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ। ਢੱਕਣ ਉਠਾ ਕਿ ਮਿਸਿਜ ਲੋਆਏਜਲ ਨੂੰ ਬੋਲੀ, “ਜੋ ਪਸੰਦ ਆਏ ਚੁੱਕ ਲੈ।”

ਪਹਿਲਾਂ ਉਹ ਇੱਕ ਕੰਗਣ ਵੇਖਦੀ ਰਹੀ ਫਿਰ ਮੋਤੀਆਂ ਦਾ ਹਾਰ ਅਤੇ ਫਿਰ ਸਲੀਬ ਦੀ ਸ਼ਕਲ ਦਾ ਇੱਕ ਹੋਰ ਹਾਰ ਜਿਸ ਵਿੱਚ ਕਮਾਲ ਦੀ ਕਾਰੀਗਰੀ ਨਾਲ ਕੀਮਤੀ ਨਗ ਜੜੇ ਸਨ। ਇੱਕ ਇੱਕ ਕਰਕੇ ਉਹ ਜੇਵਰ ਪਹਿਨ ਕੇ ਸ਼ੀਸ਼ੇ ਦੇ ਸਾਹਮਣੇ ਖੜੀ ਹੁੰਦੀ। ਐਪਰ ਜੋ ਜੇਵਰ ਉਸ ਨੂੰ ਪਸੰਦ ਨਾ ਵੀ ਆਉਂਦਾ ਉਸ ਨੂੰ ਉਤਾਰਨਾ ਅਤੇ ਵਾਪਸ ਟਰੰਕੀ ਵਿੱਚ ਰੱਖਣਾ ਉਸ ਲਈ ਮੁਸ਼ਕਲ ਹੋ ਜਾਂਦਾ। ਫਿਰ ਉਸਨੇ ਪੁੱਛਿਆ, “ਹੋਰ ਕੁੱਝ ਨਹੀਂ ਹੈ?”
ਤੇ ਅਚਾਨਕ ਉਸ ਨੂੰ ਸਿਆਹ ਸਾਟਿਨ ਦੀ ਇੱਕ ਟਰੰਕੀ ਵਿਖਾਈ ਦਿੱਤੀ ਜਿਸ ਵਿੱਚ ਹੀਰਿਆਂ ਦਾ ਇੱਕ ਹਾਰ ਝਿਲਮਿਲਾ ਰਿਹਾ ਸੀ। ਇਸ ਹਾਰ ਉੱਤੇ ਨਜ਼ਰ ਪੈਂਦੇ ਹੀ ਉਸ ਦੇ ਦਿਲ ਦੀ ਧੜਕਨ ਤੇਜ਼ ਹੋ ਗਈ। ਇਸ ਨੂੰ ਡਿੱਬੀ ਵਿੱਚੋਂ ਕੱਢਦੇ ਹੋਏ ਉਸ ਦੀਆਂ ਉਂਗਲੀਆਂ ਕੰਬਣ ਲੱਗੀਆਂ। ਹਾਰ ਪਹਿਨ ਕੇ ਉਹ ਸ਼ੀਸ਼ੇ ਦੇ ਸਾਹਮਣੇ ਖੜੀ ਹੋਈ ਤਾਂ ਉਸ ਦੀਆਂ ਅੱਖਾਂ ਖ਼ੁਦ ਨੂੰ ਪਛਾਣ ਨਾ ਸਕੀਆਂ। ਧੜਕਦੇ ਦਿਲ ਦੇ ਨਾਲ ਉਹ ਮੁੜੀ ਅਤੇ ਬੜੀ ਰੀਝ ਨਾਲ ਪੁੱਛਿਆ, “ਕੀ ਮੈਂ ਇਹ ਲੈ ਸਕਦੀ ਹਾਂ… ਬੱਸ ਇਹੀ?’

“ਹਾਂ। ਕਿਉਂ ਨਹੀਂ!”
ਉਸਨੇ ਝੱਪਟ ਕੇ ਆਪਣੀਆਂ ਬਾਂਹਾਂ ਆਪਣੀ ਸਹੇਲੀ ਦੇ ਗਲ ਵਿੱਚ ਪਾ ਦਿੱਤੀਆਂ ਅਤੇ ਉਸ ਨੂੰ ਚੁੰਮ ਲਿਆ। ਹਾਰ ਲੈ ਕੇ ਘਰ ਵਾਪਸ ਆਉਂਦੇ ਹੋਏ ਉਸ ਦੇ ਪੱਬ ਜ਼ਮੀਨ ਉੱਤੇ ਨਹੀਂ ਲੱਗ ਰਹੇ ਸਨ।

*

ਦਾਵਤ ਦਾ ਦਿਨ ਆ ਗਿਆ। ਮਿਸਿਜ ਲੋਆਏਜਲ ਬੇਹੱਦ ਕਾਮਯਾਬ ਰਹੀ ਸੀ, ਉਹ ਸਭ ਲੋਕਾਂ ਦੀਆਂ ਨਿਗਾਹਾਂ ਦਾ ਕੇਂਦਰ ਸੀ। ਉਹ ਔਰਤਾਂ ਵਿੱਚ ਸਭ ਤੋਂ ਸੁਹਣੀ ਵਿਖਾਈ ਦੇ ਰਹੀ ਸੀ। ਹੱਸਦੀ, ਮੁਸਕਰਾਉਂਦੀ, ਉਸ ਦੀ ਖੁਸ਼ੀ ਡੁੱਲ੍ਹ ਡੁੱਲ੍ਹ ਪੈਂਦੀ ਸੀ। ਸਭ ਮਰਦ ਮੁੜ ਮੁੜ ਕੇ ਉਸ ਨੂੰ ਵੇਖਦੇ ਰਹੇ.. ਉਸ ਦਾ ਨਾਮ ਪੁੱਛਦੇ ਰਹੇ… ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਵਜ਼ਾਰਤ ਦੇ ਸਾਰੇ ਵੱਡੇ ਅਫ਼ਸਰ ਉਸ ਦੇ ਨਾਲ ਡਾਂਸ ਕਰਨਾ ਚਾਹੁੰਦੇ ਸਨ। ਸਿੱਖਿਆ ਮੰਤਰੀ ਨੇ ਵੀ ਉਸ ਦੇ ਬਾਰੇ ਪੁੱਛਿਆ।

ਉਹ ਦੀਵਾਨਗੀ ਦੇ ਆਲਮ ਵਿੱਚ ਨੱਚਦੀ ਰਹੀ। ਉਹ ਦੇਸ਼ਕਾਲ ਦੀਆਂ ਹੱਦਬੰਦੀਆਂ ਤੋਂ ਆਜ਼ਾਦ ਹੋ ਚੁੱਕੀ ਸੀ। ਉਸਨੂੰ ਅਹਿਸਾਸ ਸੀ ਕਿ ਅੱਜ ਉਸ ਦਾ ਹੁਸਨ ਨੇ ਬਾਜ਼ੀ ਲੈ ਗਿਆ ਹੈ। ਅੱਜ ਉਸ ਦੀ ਜਿੱਤ ਦਾ ਦਿਨ ਸੀ। ਉਸਨੂੰ ਇਵੇਂ ਲਗਾ ਕਿ ਜਿਵੇਂ ਉਹ ਬੱਦਲਾਂ ਵਿੱਚ ਤੈਰ ਰਹੀ ਹੋਵੇ – ਆਪਣੀਆਂ ਤਾਰੀਫ਼ਾਂ, ਆਪਣੇ ਆਦਰ ਮਾਣ, ਜਾਗ ਉਠੀਆਂ ਖ਼ਾਹਿਸ਼ਾਂ ਅਤੇ ਅਥਾਹ ਖੁਸ਼ੀ ਦੇ ਬੱਦਲਾਂ ਵਿੱਚ…। ਇਹੀ ਉਹ ਚੀਜ਼ਾਂ ਸਨ ਜਿਨ੍ਹਾਂ ਤੋਂ ਕਿਸੇ ਵੀ ਔਰਤ ਦੀ ਮੁਕੰਮਲ ਕਾਮਯਾਬੀ ਦਾ ਪਤਾ ਲੱਗਦਾ ਹੈ ਜੋ ਉਸਨੂੰ ਲੋਹੜੇ ਦੀ ਚੰਗੀ ਲੱਗਦੀ ਹੈ।

ਸਵੇਰੇ ਚਾਰ ਵਜੇ ਉਹ ਦਾਵਤ ਤੋਂ ਰਵਾਨਾ ਹੋਏ। ਉਸ ਦਾ ਪਤੀ ਤਾਂ ਬਾਰਾਂ ਵਜੇ ਰਾਤ ਤੋਂ ਹੀ ਇੱਕ ਛੋਟੇ ਕਮਰੇ ਵਿੱਚ ਤਿੰਨ ਹੋਰ ਮਰਦਾਂ ਦੇ ਨਾਲ ਸੁੱਤਾ ਹੋਇਆ ਸੀ ਜਿਨ੍ਹਾਂ ਦੀਆਂ ਬੀਵੀਆਂ ਵੀ ਦਾਵਤ ਦੇ ਮਜ਼ੇ ਲੁੱਟ ਰਹੀਆਂ ਸਨ। ਵਜ਼ਾਰਤ ਦੀ ਇਮਾਰਤ ਤੋਂ ਬਾਹਰ ਨਿਕਲਦੇ ਹੋਏ ਉਸ ਦੇ ਪਤੀ ਨੇ ਉਸਦਾ ਕੋਟ ਉਸਦੇ ਮੋਢਿਆਂ ਉੱਤੇ ਓੜ ਦਿੱਤਾ। ਇਹ ਕੋਟ ਪੁਰਾਣਾ ਅਤੇ ਬੋਦਾ ਸੀ ਅਤੇ ਦਾਵਤ ਲਈ ਬਣਾਏ ਗਏ ਨਵੇਂ ਸੂਟ ਉੱਤੇ ਇਵੇਂ ਵਿਖਾਈ ਦਿੰਦਾ ਸੀ ਜਿਵੇਂ ਕਿਸੇ ਨੇ ਰੇਸ਼ਮ ਉੱਤੇ ਬੋਰਾ ਰੱਖ ਦਿੱਤਾ ਹੋਵੇ। ਉਸਨੂੰ ਇਸ ਗੱਲ ਦਾ ਅਹਿਸਾਸ ਸੀ ਇਸ ਲਈ ਉਹ ਮੋਢੇ ਝਟਕ ਕੇ ਅੱਗੇ ਵੱਧ ਗਈ ਤਾਂਕਿ ਹੋਰ ਔਰਤਾਂ ਉਸ ਨੂੰ ਨਾ ਵੇਖ ਸਕਣ, ਜਿਨ੍ਹਾਂ ਦੇ ਮੋਢੇ ਮਖਮਲਾਂ ਪਸ਼ਮੀਨੇ ਦੀਆਂ ਸ਼ਾਲਾਂ ਅਤੇ ਕੋਟਾਂ ਵਿੱਚ ਲਿਪਟੇ ਹੋਏ ਸਨ। ਲੋਆਏਜਲ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, “ਓ ਰੁਕ ਤਾਂ ਸਹੀ, ਤੈਨੂੰ ਠੰਡ ਲੱਗ ਜਾਵੇਗੀ। ਮੈਂ ਹੁਣੇ ਕੋਈ ਬੱਘੀ ਤਲਾਸ਼ ਕਰ ਲਿਆਉਂਦਾ ਹਾਂ।”

ਪਰ ਉਹ ਉਸ ਦੀ ਗੱਲ ਅਨਸੁਣੀ ਕਰਦੇ ਹੋਏ ਤੇਜ਼ ਕਦਮਾਂ ਨਾਲ ਪੌੜੀਆਂ ਉਤਰਦੀ ਗਈ। ਸੜਕਾਂ ਉਜੜੀਆਂ ਪਈਆਂ ਸਨ। ਕਦੇ ਕਦੇ ਉਨ੍ਹਾਂ ਨੂੰ ਕੋਈ ਬੱਘੀ ਵਿਖਾਈ ਦਿੰਦੀ ਤਾਂ ਉਹ ਇਸ ਨੂੰ ਬੁਲਾਉਣ ਲਈ ਆਵਾਜ਼ਾਂ ਦਿੰਦਾ ਪਰ ਬੇਫ਼ਾਇਦਾ। ਸਰਦੀ ਨਾਲ ਠੁਰ ਠੁਰ ਕਰਦੇ ਹੋਏ ਉਹ ਸੇਨ ਦਰਿਆ ਦੇ ਕੰਢੇ ਤੱਕ ਆ ਪੁੱਜੇ। ਉੱਥੇ ਆਖ਼ਰ ਉਨ੍ਹਾਂ ਨੂੰ ਇੱਕ ਤਾਂਗਾ ਮਿਲ ਹੀ ਗਿਆ। ਅਜਿਹਾ ਤਾਂਗਾ ਕਦੇ ਦਿਨ ਦੇ ਵਕਤ ਵਿਖਾਈ ਨਹੀਂ ਦਿੰਦਾ ਸੀ। ਸ਼ਾਇਦ ਉਹ ਵੀ ਦਿਨ ਦੇ ਵਕਤ ਪੈਰਿਸ ਵਿੱਚ ਵਿਖਾਈ ਦੇਣ ਉੱਤੇ ਸ਼ਰਮਿੰਦਗੀ ਮੰਨਦਾ ਹੋਵੇ।

ਇਸ ਤਾਂਗੇ ਵਿੱਚ ਉਹ ‘ਹੂਏ ਦ ਮਾਰਤੇਆ’ ਵਿੱਚ ਆਪਣੇ ਘਰ ਆ ਗਏ। ਦੋਨੋਂ ਚੁੱਪਚਾਪ ਘਰ ਵਿੱਚ ਵੜ ਗਏ। ਉਹ ਸੋਚ ਰਹੀ ਸੀ ਕਿ ਅੱਜ ਦੀ ਦਾਵਤ ਦੇ ਬਾਅਦ ਉਸ ਦੀ ਜ਼ਿੰਦਗੀ ਵਿੱਚ ਕੀ ਰਹਿ ਗਿਆ ਹੈ। ਉਸ ਦਾ ਪਤੀ ਸੋਚ ਰਿਹਾ ਸੀ ਕਿ ਕੁਝ ਘੰਟਿਆਂ ਬਾਅਦ ਉਸ ਨੇ ਦਫਤਰ ਜਾਣਾ ਹੋਵੇਗਾ।

ਉਸਨੇ ਆਪਣਾ ਓਵਰ ਕੋਟ ਉਤਾਰ ਸੁੱਟਿਆ ਅਤੇ ਸ਼ੀਸ਼ੇ ਦੇ ਸਾਹਮਣੇ ਆਖ਼ਰੀ ਵਾਰ ਖ਼ੁਦ ਨੂੰ ਦੇਖਣ ਲਈ ਖੜੀ ਹੋਈ। ਅਚਾਨਕ ਉਸ ਦੀ ਚੀਖ਼ ਨਿਕਲ ਗਈ। ਉਸ ਦੀ ਗਰਦਨ ਦੇ ਗਿਰਦ ਹੀਰਿਆਂ ਦਾ ਹਾਰ ਮੌਜੂਦ ਨਹੀਂ ਸੀ।

ਉਸ ਦਾ ਪਤੀ ਜੋ ਕੱਪੜੇ ਉਤਾਰ ਰਿਹਾ ਸੀ, ਮੁੜਿਆ ਅਤੇ ਪੁੱਛਿਆ, “ਕੀ ਹੋਇਆ?”

ਉਹ ਆਪਣੇ ਪਤੀ ਦੀ ਤਰਫ਼ ਮੁੜੀ ਤਾਂ ਉਸ ਦਾ ਰੰਗ ਫ਼ਕ ਹੋ ਚੁੱਕਿਆ ਸੀ। “ਓਹ … ਉਹ….. ਮਿਸਜ਼ ਫ਼ੋਰੀਸਤੀਏ ਵਾਲਾ ਹੀਰਿਆਂ ਦਾ ਹਾਰ ਨਹੀਂ ਹੈ।”
ਉਹ ਸਿੱਧਾ ਖੜਾ ਹੋ ਗਿਆ, “ਕੀ? … ਕਿਵੇਂ? ….. ਇਹ ਕਿਵੇਂ ਹੋ ਸਕਦਾ ਹੈ?”

ਉਨ੍ਹਾਂ ਨੇ ਉਸ ਦੇ ਨਵੇਂ ਸੂਟ ਵਿੱਚ ਤਲਾਸ਼ ਕੀਤਾ। ਓਵਰਕੋਟ ਦੀਆਂ ਜੇਬਾਂ ਵਿੱਚ ਢੂੰਢਿਆ। ਹਰ ਜਗ੍ਹਾ ਵੇਖਿਆ, ਪਰ ਹਾਰ ਨਹੀਂ ਮਿਲਿਆ।

ਉਸ ਦਾ ਪਤੀ ਬੋਲਿਆ, “ਕੀ ਤੈਨੂੰ ਪੂਰਾ ਪੂਰਾ ਯਕੀਨ ਹੈ ਕਿ ਦਾਵਤ ਤੋਂ ਨਿਕਲਦੇ ਹੋਏ ਉਹ ਤੇਰੇ ਕੋਲ ਹੀ ਸੀ?”

“ਹਾਂ। ਹਾਂ। ਮੈਂ ਇਮਾਰਤ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਛੂਹ ਕੇ ਵੇਖਿਆ ਸੀ।”

“ਪਰ ਜੇਕਰ ਇਹ ਸੜਕ ਉੱਤੇ ਡਿੱਗਦਾ ਤਾਂ ਸਾਨੂੰ ਖੜਾਕ ਤਾਂ ਸੁਣਾਈ ਦਿੰਦੀ। ਇਹ ਜ਼ਰੂਰ ਬੱਘੀ ਵਿੱਚ ਹੀ ਡਿਗਿਆ ਹੋਵੇਗਾ।”

“ਹਾਂ। ਹੋ ਸਕਦਾ ਹੈ। ਤੂੰ ਨੰਬਰ ਨੋਟ ਕੀਤਾ ਸੀ?”
“ਨਹੀਂ। ਤੂੰ ਵੀ ਨਹੀਂ ਵੇਖਿਆ?”

“ਨਹੀਂ।”

ਉਹ ਦੋਨੋਂ ਸੁੰਨੀਆਂ ਨਿਗਾਹਾਂ ਨਾਲ ਇੱਕ ਦੂਜੇ ਨੂੰ ਵੇਖਦੇ ਰਹੇ। ਫਿਰ ਲੋਆਏਜਲ ਨੇ ਦੁਬਾਰਾ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ।

“ਅਸੀਂ ਜਿਸ ਰਸਤੇ ਆਏ ਹਾਂ ਮੈਂ ਉਸ ਰਸਤੇ ਦੁਬਾਰਾ ਜਾਂਦਾ ਹਾਂ। ਸ਼ਾਇਦ ਕਿਤੇ ਪਿਆ ਮਿਲ ਜਾਵੇ।” ਇਹ ਕਹਿ ਕੇ ਉਹ ਚਲਾ ਗਿਆ।

ਉਹ ਆਪਣੇ ਨਵੇਂ ਸੂਟ ਵਿੱਚ ਲਿਪਟੀ ਇੱਕ ਕੁਰਸੀ ਤੇ ਬੈਠੀ ਰਹੀ। ਉਸ ਵਿੱਚ ਇੰਨੀ ਹਿੰਮਤ ਵੀ ਨਹੀਂ ਸੀ ਕਿ ਉਹ ਸੌਂ ਹੀ ਜਾਂਦੀ। ਬਿਨਾਂ ਸੋਚੇ ਸਮਝੇ ਉਹ ਹਨੇਰੇ ਅਤੇ ਠੰਡੇ ਅੰਗੀਠੇ ਨੂੰ ਤਕਦੀ ਰਹੀ।

ਉਸ ਦਾ ਪਤੀ ਸਵੇਰੇ ਸੱਤ ਵਜੇ ਵਾਪਸ ਆਇਆ। ਉਹ ਖ਼ਾਲੀ ਹੱਥ ਸੀ।

ਫਿਰ ਉਹ ਪੁਲਿਸ ਵਿੱਚ ਰਿਪੋਰਟ ਕਰਾਉਣ ਗਿਆ। ਲਭਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਛਪਵਾਉਣ ਲਈ ਅਖ਼ਬਾਰ ਦੇ ਦਫਤਰ ਗਿਆ। ਬੱਘੀਆਂ ਵਾਲੀ ਕੰਪਨੀ ਦੇ ਦਫਤਰ ਗਿਆ। … ਹਰ ਉਸ ਜਗ੍ਹਾ ਗਿਆ ਜਿੱਥੋਂ ਉਮੀਦ ਦੀ ਕੋਈ ਹਲਕੀ ਜਿਹੀ ਟਿਮਟਿਮਾਉਂਦੀ ਹੋਈ ਲੋ ਵਿਖਾਈ ਦਿੰਦੀ ਸੀ।

ਅਤੇ ਉਹ ਇਸ ਹਾਲਤ ਵਿੱਚ ਇਸ ਕੁਰਸੀ ਤੇ ਸਾਰਾ ਦਿਨ ਬੈਠੀ ਰਹੀ। ਸਾਰਾ ਦਿਨ ਉਸ ਦੀਆਂ ਨਜ਼ਰਾਂ ਬੂਹੇ ਉੱਤੇ ਟਿੱਕੀਆਂ ਰਹੀਆਂ।

ਸ਼ਾਮ ਦੇ ਵਕਤ ਲੋਆਏਜਲ ਵਾਪਸ ਪਰਤਿਆ ਤਾਂ ਉਸ ਦੇ ਮੋਢੇ ਢਿਲਕੇ ਹੋਏ ਅਤੇ ਚਿਹਰੇ ਦਾ ਰੰਗ ਪੀਲਾ ਪਿਆ ਸੀ। ਉਸਨੂੰ ਕੁੱਝ ਨਹੀਂ ਮਿਲਿਆ ਸੀ।

“ਆਪਣੀ ਸਹੇਲੀ ਨੂੰ ਖ਼ਤ ਲਿੱਖ। ਉਸਨੂੰ ਕਹਿ ਕਿ ਹਾਰ ਦਾ ਕਾਂਟਾ ਟੁੱਟ ਗਿਆ ਹੈ ਅਤੇ ਤੂੰ ਮੁਰੰਮਤ ਲਈ ਸੁਨਿਆਰ ਨੂੰ ਦਿੱਤਾ ਹੈ। ਇਸ ਨਾਲ ਸਾਨੂੰ ਕੁੱਝ ਵਕਤ ਮਿਲ ਜਾਵੇਗਾ।”

ਇੱਕ ਹਫਤੇ ਦੇ ਬਾਅਦ ਆਸ ਉੱਕਾ ਮੁੱਕ ਚੁੱਕੀ ਸੀ। ਇਸ ਇੱਕ ਹਫਤੇ ਵਿੱਚ ਇਵੇਂ ਵਿਖਾਈ ਦਿੰਦਾ ਸੀ ਕਿ ਲੋਆਏਜਲ ਇੱਕ ਦਿਨ ਵਿੱਚ ਪੰਜ ਸਾਲ ਬੁੱਢਾ ਹੋ ਚੁੱਕਿਆ ਹੋਵੇ। ਫਿਰ ਉਹ ਬੋਲਿਆ। “ਹੁਣ ਸਾਨੂੰ ਨਵਾਂ ਹਾਰ ਬਣਵਾਉਣ ਦੇ ਬਾਰੇ ਸੋਚਣਾ ਪਵੇਗਾ।”

ਦੂਜੇ ਰੋਜ ਉਹ ਦੋਨੋਂ ਉਹ ਡਿੱਬੀ ਲੈ ਕੇ ਉਸ ਜੌਹਰੀ ਦੇ ਕੋਲ ਗਏ ਜਿਸਦਾ ਨਾਮ ਉਸ ਉੱਤੇ ਉਕਰਿਆ ਸੀ। ਉਸਨੇ ਆਪਣੇ ਖਾਤੇ ਵੇਖੇ ਅਤੇ ਬੋਲਿਆ, “ਮੈਡਮ , ਇਹ ਹਾਰ ਤਾਂ ਮੈਂ ਨਹੀਂ ਬਣਾਇਆ, ਬੇਸ਼ੱਕ ਡਿੱਬੀਸਾਡੀ ਦੁਕਾਨ ਹੀ ਦੀ ਹੈ।”

ਫਿਰ ਉਹ ਇੱਕ ਦੇ ਬਾਅਦ ਦੂਜੇ ਜੌਹਰੀ ਦੇ ਕੋਲ ਗਏ। ਹਰ ਦੁਕਾਨ ਉੱਤੇ ਉਸ ਵਰਗਾ ਹਾਰ ਤਲਾਸ਼ ਕਰਦੇ। ਹਰ ਹਾਰ ਨੂੰ ਵੇਖਕੇ ਆਪਣੀ ਯਾਦਾਸ਼ਤ ਉੱਤੇ ਜ਼ੋਰ ਦਿੰਦੇ। ਫਿਰ ਪਲਾ-ਰੋਏਆਲ ਦੇ ਨੇੜੇ ਇੱਕ ਆਲੀਸ਼ਾਨ ਦੁਕਾਨ ਵਿੱਚ ਉਨ੍ਹਾਂ ਨੂੰ ਇੱਕ ਅਜਿਹਾ ਹੀਰਿਆਂ ਦਾ ਹਾਰ ਵਿਖਾਈ ਦਿੱਤਾ ਜੋ ਉਨ੍ਹਾਂ ਦੋਨਾਂ ਦੀ ਅਟਕਲ ਦੇ ਮੁਤਾਬਕ ਐਨ ਉਸ ਹਾਰ ਵਰਗਾ ਸੀ ਜੋ ਉਹ ਤਲਾਸ਼ ਕਰ ਰਹੇ ਸਨ। ਉਸ ਦੀ ਕੀਮਤ ਚਾਲੀ ਹਜ਼ਾਰ ਫਰਾਂਕ ਸੀ। ਜੇਕਰ ਉਹ ਖ਼ਰੀਦਣਾ ਚਾਹੁੰਦੇ ਹਨ ਤਾਂ ਜੌਹਰੀ ਉਨ੍ਹਾਂ ਨੂੰ ਛੱਤੀ ਹਜ਼ਾਰ ਫਰਾਂਕ ਵਿੱਚ ਦੇਣ ਨੂੰ ਤਿਆਰ ਸੀ। ਉਨ੍ਹਾਂ ਨੇ ਜੌਹਰੀ ਨੂੰ ਬੇਨਤੀ ਕੀਤੀ ਕਿ ਉਹ ਤਿੰਨ ਦਿਨ ਤੱਕ ਇਸ ਹਾਰ ਨੂੰ ਰੱਖੀ ਰੱਖੇ। ਜੌਹਰੀ ਇਸ ਸ਼ਰਤ ਉੱਤੇ ਵੀ ਤਿਆਰ ਹੋ ਗਿਆ ਕਿ ਜੇਕਰ ਫਰਵਰੀ ਤੱਕ ਪਹਿਲਾ ਹਾਰ ਮਿਲ ਗਿਆ ਤਾਂ ਉਹ ਆਪਣਾ ਹਾਰ ਚੌਂਤੀ ਹਜ਼ਾਰ ਫਰਾਂਕ ਵਿੱਚ ਵਾਪਸ ਖ਼ਰੀਦ ਲਵੇਗਾ।
ਲੋਆਏਜਲ ਦੇ ਕੋਲ ਆਪਣੇ ਬਾਪ ਕੋਲੋਂ ਮਿਲੇ ਅਠਾਰਾਂ ਹਜ਼ਾਰ ਫਰਾਂਕ ਸਨ। ਬਾਕੀ ਰਕਮ ਉਸਨੇ ਉਧਾਰ ਲਈ। ਉਸ ਨੇ ਹਰ ਜਗ੍ਹਾ ਤੋਂ ਉਧਾਰ ਚੁੱਕਿਆ। … ਹਜ਼ਾਰ ਫਰਾਂਕ ਏਧਰ ਤੋਂ ਪੰਜ ਸੌ ਫਰਾਂਕ ਓਧਰ ਤੋਂ…. ਕੁੱਝ ਇਸ ਕੋਲੋਂ ਕੁੱਝ ਉਸ ਕੋਲੋਂ… ਸ਼ਹਿਰ ਦੇ ਸਾਰੇ ਸੂਦਖੋਰਾਂ ਕੋਲੋਂ ਉਧਾਰ ਚੁੱਕਿਆ। ਆਪਣਾ ਸਾਰਾ ਕੁਝ ਗਿਰਵੀ ਰੱਖ ਦਿੱਤਾ। ਆਪਣੀ ਸਾਰੀ ਇੱਜਤ ਹੀ ਦਾਅ ਤੇ ਲਾ ਦਿੱਤੀ। ਹਰ ਉਸ ਕਾਗ਼ਜ਼ ਉੱਤੇ ਦਸਤਖਤ ਕਰ ਦਿੱਤੇ ਜਿਸਦੇ ਨਾਲ ਉਸ ਨੂੰ ਕੁੱਝ ਰਕਮ ਉਧਾਰ ਮਿਲ ਸਕਦੀ ਸੀ ਇਹ ਜਾਣੇ ਬਿਨਾਂ ਕਿ ਉਹ ਇਹ ਉਧਾਰ ਅਦਾ ਵੀ ਕਰ ਸਕੇਗਾ ਜਾਂ ਨਹੀਂ। ਫਿਰ ਇੱਕ ਰੋਜ ਆਪਣੇ ਹਨੇਰੇ ਭਵਿੱਖ ਦੇ ਖਦਸ਼ਿਆਂ ਅਤੇ ਆਉਣ ਵਾਲੀਆਂ ਮਹਰੂਮੀਆਂ ਦੇ ਬੋਝ ਥੱਲੇ ਦਬੇ ਭਾਰੀ ਕਦਮਾਂ ਨਾਲ ਚਲਦੇ ਹੋਏ ਜੌਹਰੀ ਦੇ ਕਾਊਂਟਰ ਉੱਤੇ ਛੱਤੀ ਹਜ਼ਾਰ ਫਰਾਂਕ ਰੱਖਕੇ ਲੋਆਏਜਲ ਨੇ ਨਵਾਂ ਹੀਰਿਆਂ ਦਾ ਹਾਰ ਖ਼ਰੀਦ ਲਿਆ।

ਜਦੋਂ ਮਿਸਿਜ ਲੋਆਏਜਲ ਹੀਰਿਆਂ ਦਾ ਹਾਰ ਮਿਸਿਜ ਫ਼ੌਰੇਸਤਈਏ ਨੂੰ ਮੋੜਨ ਗਈ ਤਾਂ ਉਸਨੇ ਰੁੱਖਾਈ ਜਿਹੀ ਨਾਲ ਸਿਰਫ ਇੰਨਾ ਕਿਹਾ, “ਤੈਨੂੰ ਇਹ ਬਹੁਤ ਪਹਿਲਾਂ ਮੋੜ ਦੇਣਾ ਚਾਹੀਦਾ ਸੀ। ਮੈਨੂੰ ਇਸ ਦੀ ਜ਼ਰੂਰਤ ਪੈ ਸਕਦੀ ਸੀ।” ਲੇਕਿਨ ਉਸਨੇ ਡਿੱਬੀ ਖੋਲ੍ਹ ਕੇ ਵੀ ਨਾ ਵੇਖੀ। ਮਿਸਿਜ ਲੋਆਏਜਲ ਨੇ ਸੁਖ ਦਾ ਸਾਹ ਲਿਆ। ਜੇਕਰ ਉਸਨੂੰ ਸ਼ਕ ਹੋ ਜਾਂਦਾ ਕਿ ਹਾਰ ਤਬਦੀਲ ਕੀਤਾ ਗਿਆ ਹੈ? ਉਹ ਕੀ ਸੋਚਦੀ? ਕੀ ਕਹਿੰਦੀ? ਕੀ ਉਸ ਨੂੰ ਚੋਰ ਨਾ ਸਮਝਦੀ?
*
ਇਸ ਦਿਨ ਦੇ ਬਾਅਦ ਮਿਸਿਜ ਲੋਆਏਜਲ ਨੂੰ ਪਤਾ ਲੱਗਿਆ ਕਿ ਦਰਅਸਲ ਗ਼ਰੀਬ ਕਿਵੇਂ ਦੀ ਜ਼ਿੰਦਗੀ ਬਤੀਤ ਕਰਦੇ ਹਨ। ਉਸਨੇ ਬੜੀ ਬਹਾਦਰੀ ਨਾਲ ਸਥਿਤੀ ਦਾ ਸਾਹਮਣਾ ਕੀਤਾ। ਆਖ਼ਰ ਇਸ ਸਭ ਦੀ ਜ਼ਿੰਮੇਦਾਰ ਉਹੀ ਤਾਂ ਸੀ। ਇਹ ਪਹਾੜ ਵਰਗਾ ਉਧਾਰ ਵੀ ਤਾਂ ਉਤਾਰਨਾ ਸੀ। ਇਸ ਲਈ ਜੋ ਕੁੱਝ ਵੀ ਹੋ ਸਕਿਆ ਉਹ ਜ਼ਰੂਰ ਕਰੇਗੀ। ਆਪਣੇ ਹਿੱਸੇ ਦੀ ਸਲੀਬ ਉਠਾਵੇਗੀ। ਸਭ ਤੋਂ ਪਹਿਲਾਂ ਨੌਕਰਾਣੀ ਦੀ ਛੁੱਟੀ ਕਰ ਦਿੱਤੀ ਗਈ। ਫਲੈਟ ਛੱਡ ਦਿੱਤਾ ਗਿਆ ਅਤੇ ਇੱਕ ਕਮਰੇ ਵਾਲਾ ਇੱਕ ਸਸਤਾ ਜਿਹਾ ਚੁਬਾਰਾ ਕਿਰਾਏ ਉੱਤੇ ਲੈ ਲਿਆ ਗਿਆ।

ਘਰ ਦੇ….. ਰਸੋਈ ਦੇ… ਸਭ ਛੋਟੇ ਵੱਡੇ ਕੰਮ ਉਹ ਆਪਣੇ ਹੱਥੀਂ ਕਰਨ ਲੱਗੀ… ਬਰਤਨ ਤੱਕ ਖ਼ੁਦ ਧੋਣ ਲੱਗੀ। ਉਸ ਦੀਆਂ ਨਰਮ ਨਾਜ਼ੁਕ ਉਂਗਲੀਆਂ ਭਾਡਿਆਂ ਦੀ ਚਿਕਨਾਈ ਅਤੇ ਦੇਗਚੀਆਂ ਦੀ ਕਾਲਖ਼ ਉਤਾਰਦੇ ਉਤਾਰਦੇ ਖੁਰਦੁਰੀਆਂ ਹੋ ਗਈਆਂ। ਉਹ ਹੱਥਾਂ ਨਾਲ ਕੱਪੜੇ ਧੋਂਦੀ ਰਹੀ ਅਤੇ ਉਨ੍ਹਾਂ ਨੂੰ ਸੁਕਾਉਣ ਲਈ ਤਾਰ ਉੱਤੇ ਲਮਕਾਉਂਦੀ ਰਹੀ। ਹਰ ਰੋਜ ਸਵੇਰੇ ਉਹ ਕੂੜਾ ਚੁੱਕ ਗਲੀ ਤੱਕ ਜਾਂਦੀ ਅਤੇ ਪਾਣੀ ਦੀਆਂ ਬਾਲਟੀਆਂ ਭਰ ਕੇ ਉੱਪਰ ਲਿਜਾਂਦੀ। ਹਰ ਮੰਜ਼ਿਲ ਉੱਤੇ ਰੁਕ ਰੁਕ ਕੇ ਸਾਹ ਲੈਂਦੀ। ਕਿਰਤੀ ਔਰਤਾਂ ਵਾਲੇ ਕੱਪੜੇ ਪਹਿਨ ਉਹ ਬਾਜ਼ਾਰ ਸੌਦਾ ਲੈਣ ਜਾਂਦੀ। ਕੱਛ ਵਿੱਚ ਟੋਕਰੀ ਲੈ, ਸਬਜ਼ੀ ਵਾਲੇ, ਕਸਾਈ ਅਤੇ ਪੰਸਾਰੀ, ਸਭ ਦੇ ਕੋਲ ਜਾਂਦੀ ਅਤੇ ਇੱਕ ਇੱਕ ਪੈਸੇ ਲਈ ਘੰਟਿਆਂ ਤੱਕ ਸੌਦੇਬਾਜ਼ੀ ਕਰਦੀ।

ਹਰ ਮਹੀਨੇ ਕਰਜ ਦੀਆਂ ਕਿਸਤਾਂ ਅਦਾ ਕਰਨੀਆਂ ਸਨ। ਕੁੱਝ ਦੀ ਅਦਾਇਗੀ ਕੀਤੀ ਜਾਂਦੀ, ਕੁੱਝ ਲਈ ਹੋਰ ਮੁਹਲਤ ਮੰਗੀ ਜਾਂਦੀ। ਉਸ ਦਾ ਪਤੀ, ਸਰਕਾਰੀ ਨੌਕਰੀ ਦੇ ਬਾਅਦ ਸ਼ਾਮ ਨੂੰ ਇੱਕ ਦੁਕਾਨਦਾਰ ਦੇ ਖਾਤੇ ਲਿਖਦਾ। ਅਤੇ ਅੱਧੀ ਰਾਤ ਤੱਕ ਅੱਧ ਫਰਾਂਕ ਪ੍ਰਤੀ ਪੰਨੇ ਦੇ ਹਿਸਾਬ ਨਾਲ ਖਰੜਿਆਂ ਦੀਆਂ ਨਕਲਾਂ ਲਿਖਿਆ ਕਰਦਾ।

ਜ਼ਿੰਦਗੀ ਦੇ ਦਸ ਸਾਲ ਇੰਜ ਹੀ ਬੀਤ ਗਏ।

ਅਤੇ ਉਨ੍ਹਾਂ ਦਸ ਸਾਲਾਂ ਵਿੱਚ ਉਨ੍ਹਾਂ ਨੇ ਕਰਜ ਦੀ ਇੱਕ ਇੱਕ ਪਾਈ ਚੁੱਕਾ ਦਿੱਤੀ। ਮੂਲਧਨ, ਵਿਆਜ, ਚੱਕਰਵਰਤੀ ਵਿਆਜ, ਇੱਕ ਇੱਕ ਫਰਾਂਕ ਵਾਪਸ ਕਰ ਦਿੱਤਾ।

ਮਿਸਿਜ ਲੋਆਏਜਲ ਹੁਣ ਇੱਕ ਉਧੇੜ ਉਮਰ ਦੀ ਔਰਤ ਵਿਖਾਈ ਦਿੰਦੀ ਸੀ। ਸਭ ਗ਼ਰੀਬ ਔਰਤਾਂ ਦੀ ਤਰ੍ਹਾਂ ਹੁਣ ਉਹ ਹਟੀ ਕਟੀ, ਸਖ਼ਤ-ਜਾਨ ਅਤੇ ਤਲਖ ਜ਼ਬਾਨ ਹੋ ਚੁੱਕੀ ਸੀ। ਉਲਝੇ ਵਾਲ, ਪੁਰਾਣੇ ਕੱਪੜੇ ਅਤੇ ਸਖ਼ਤ ਖੁਰਦੁਰੇ ਹੱਥਾਂ ਦੇ ਨਾਲ ਉਹ ਸਰੇਆਮ ਕੱਪੜੇ ਧੋਂਦੀ ਅਤੇ ਉੱਚੀ ਕੁਰਖ਼ਤ ਆਵਾਜ਼ ਵਿੱਚ ਦੂਜੀਆਂ ਔਰਤਾਂ ਨਾਲ ਗੱਲਾਂ ਕਰਿਆ ਕਰਦੀ। ਪਰ ਕਦੇ ਕਦੇ ਜਦੋਂ ਉਸ ਦਾ ਪਤੀ ਦਫਤਰ ਹੁੰਦਾ ਅਤੇ ਉਹ ਘਰ ਦੇ ਕੰਮਾਂ ਤੋਂ ਵਿਹਲੀ ਹੁੰਦੀ ਤਾਂ ਖਿੜਕੀ ਦੇ ਕੋਲ ਬੈਠ ਜਾਂਦੀ ਅਤੇ ਉਸ ਸ਼ਾਮ ਦੇ ਬਾਰੇ ਵਿੱਚ ਸੋਚਣ ਲੱਗਦੀ ਜਦੋਂ ਉਹ ਇੰਨੀ ਹੁਸੀਨ ਅਤੇ ਇੰਨੀ ਮਕਬੂਲ ਸੀ।

ਜੇਕਰ ਉਹ ਹੀਰਿਆਂ ਦਾ ਹਾਰ ਨਾ ਗੁਆਚਦਾ ਤਾਂ ਕੀ ਹੁੰਦਾ? ਕੌਣ ਜਾਣੇ? ਕੌਣ ਜਾਣੇ? ਜ਼ਿੰਦਗੀ ਵੀ ਕਿੰਨੀ ਅਜੀਬ ਅਤੇ ਤਿਲਕਣ ਹੁੰਦੀ ਹੈ? ਇੱਕ ਹੀ ਲਮ੍ਹਾ ਕਿਵੇਂ ਜ਼ਿੰਦਗੀ ਨੂੰ ਤਬਾਹ ਕਰ ਸਕਦਾ ਹੈ ਅਤੇ ਇੱਕ ਹੀ ਲਮ੍ਹਾ ਕਿਵੇਂ ਇਸ ਨੂੰ ਸੰਵਾਰ ਵੀ ਸਕਦਾ ਹੈ!
ਕਈ ਵਾਰ ਐਤਵਾਰ ਨੂੰ ਉਹ ਆਪਣੇ ਘਰੇਲੂ ਕੰਮ ਕਾਜ ਤੋਂ ਵਿਹਲੀ ਹੋ ਕੇ ਸੌਂਜੇ ਲੀਜੇ ਚਲੀ ਜਾਂਦੀ ਅਤੇ ਉੱਥੇ ਕੁਝ ਲਮਹਿਆਂ ਲਈ ਆਪਣੇ ਹਾਲ ਨੂੰ ਭੁੱਲ ਜਾਣ ਦੀ ਕੋਸ਼ਿਸ਼ ਕਰਦੀ। ਇੱਕ ਐਤਵਾਰ ਉਸਨੂੰ ਅਚਾਨਕ ਇੱਕ ਔਰਤ ਵਿਖਾਈ ਦਿੱਤੀ ਜੋ ਆਪਣੇ ਬੱਚੇ ਦੇ ਨਾਲ ਜਾ ਰਹੀ ਸੀ। ਇਹ ਮਿਸਿਜ ਫ਼ੌਰੇਸਤੀਏ ਸੀ ਓਨੀ ਹੀ ਜਵਾਨ, ਓਨੀ ਹੀ ਖ਼ੂਬਸੂਰਤ ਅਤੇ ਓਨੀ ਹੀ ਦਿਲਫ਼ਰੇਬ।

ਮਿਸਿਜ ਲੋਆਏਜਲ ਭਾਵਕਤਾ ਦਾ ਸ਼ਿਕਾਰ ਹੋ ਗਈ। ਕੀ ਉਸ ਨੂੰ ਮਿਲਣਾ ਚਾਹੀਦਾ ਹੈ? ਹਾਂ … ਕਿਉਂ ਨਹੀਂ ਹੁਣ ਜਦੋਂ ਕਿ ਉਹ ਸਾਰੀ ਅਦਾਇਗੀ ਕਰ ਚੁੱਕੇ ਹਨ ਤਾਂ ਇਸ ਨੂੰ ਸਭ ਕੁੱਝ ਦੱਸ ਦੇਣ ਵਿੱਚ ਕੀ ਹਰਜ ਹੈ….. ਕਿਉਂ ਨਹੀਂ?
ਉਹ ਉਸ ਦੇ ਸਾਹਮਣੇ ਜਾ ਖੜੀ ਹੋਈ।
“ਸ਼ੁਭ ਸਵੇਰ, ਜ਼ੇਨ!”

ਉਹ ਇਸ ਨੂੰ ਪਛਾਣ ਨਾ ਸਕੀ। ਉਸ ਦੇ ਚਿਹਰੇ ਉੱਤੇ ਕੁੱਝ ਹੈਰਾਨਗੀ ਜਿਹੀ ਦੇ ਹਾਵ ਭਾਵ ਸੀ ….. ਇਹ ਗ਼ਰੀਬ ਔਰਤ ਉਸ ਨਾਲ ਇਵੇਂ ਬੇ-ਤਕੱਲੁਫੀ ਨਾਲ ਗੱਲ ਕਰ ਰਹੀ ਹੈ? ਉਹ ਕੁੱਝ ਤੁਤਲਾ ਜਿਹੇ ਗਈ। “ਪਰ ….. ਭੈਣੇ ۔۔۔۔ ਮੈਂ ਤਾਂ… ਤੁਹਾਨੂੰ ਕੋਈ ਗ਼ਲਤਫ਼ਹਮੀ ਹੋਈ ਹੋਵੇਗੀ?”

“ਨਹੀਂ … ਮੈਂ ਮੈਥੀਲਡ ਲੋਆਏਜਲ ਹਾਂ।”

ਉਸ ਦੀ ਸਹੇਲੀ ਦਾ ਮੂੰਹ ਹੈਰਾਨੀ ਨਾਲ ਅੱਡਿਆ ਰਹਿ ਗਿਆ।

“ਓਹ ۔۔۔۔ ਮੇਰੀ ਮੈਥੀਲਡ ۔۔۔ ਤੂੰ ਕਿੰਨੀ ਬਦਲ ਗਈ!”

“ਹਾਂ। ਜਿਸ ਦਿਨ ਅਸੀ ਆਖ਼ਰੀ ਵਾਰ ਮਿਲੇ ਸੀ ਉਸ ਦੇ ਬਾਅਦ ਅਸੀਂ ਬਹੁਤ ਭੈੜੇ ਦਿਨ ਵੇਖੇ ਹਨ ਅਤੇ ਬਹੁਤ ਭੈੜੇ ਹਾਲ ਅਤੇ ….. ਅਤੇ ਇਹ ਸਭ ਤੁਹਾਡੀ ਹੀ ਵਜ੍ਹਾ ਨਾਲ ਹੋਇਆ ਹੈ…”

“ਮੇਰੀ ਵਜ੍ਹਾ ਨਾਲ? ਪਰ ਕਿਵੇਂ?”

“ਤੈਨੂੰ ਯਾਦ ਹੈ ਮੈਂ ਸਿਖਿਆ ਵਜ਼ਾਰਤ ਦੀ ਦਾਵਤ ਉੱਤੇ ਜਾਣ ਲਈ ਤੁਹਾਡੇ ਤੋਂ ਹੀਰਿਆਂ ਦਾ ਇੱਕ ਹਾਰ ਪਹਿਨਣ ਲਈ ਉਧਾਰ ਲਿਆ ਸੀ?”

“ਹਾਂ। ਯਾਦ ਹੈ। ਤਾਂ ਫਿਰ?”

“ਉਹ ਹਾਰ ਮੇਰੇ ਕੋਲੋਂ ਗੁਆਚ ਗਿਆ ਸੀ।”

”ਕੀ ਮਤਲਬ ਗੁਆਚ ਗਿਆ ਸੀ? ….. ਉਹ ਤਾਂ ਤੂੰ ਮੈਨੂੰ ਮੋੜ ਦਿੱਤਾ ਸੀ।”

“ਪਰ ਮੈਂ ਤੈਨੂੰ ਇੱਕ ਹੋਰ ਐਨ ਉਸ ਵਰਗਾ ਨਵਾਂ ਹਾਰ ਖ਼ਰੀਦ ਕੇ ਮੋੜਿਆ ਸੀ। ਅਤੇ ਹੁਣ ਦਸ ਸਾਲ ਹੋ ਚੁੱਕੇ ਹਨ ਅਸੀਂ ਉਸ ਦੀ ਕ਼ੀਮਤ ਚੁੱਕਾ ਰਹੇ ਸਾਂ। ਦੇਖ ਨਾ ਇਹ ਕੋਈ ਆਸਾਨ ਗੱਲ ਨਹੀਂ ਸੀ। ਸਾਡੇ ਕੋਲ ਤਾਂ ਪਹਿਲਾਂ ਹੀ ਕੁੱਝ ਨਹੀਂ ਸੀ… ਖੈਰ ਹੁਣ ਸਭ ਖ਼ਤਮ ਹੋ ਗਿਆ ਅਤੇ ਮੈਂ ਬਿਲਕੁਲ ਖ਼ੁਸ਼ ਹਾਂ।”
ਮਿਸਿਜ ਫ਼ੌਰੇਸਤੀਏ ਖ਼ਾਮੋਸ਼ੀ ਨਾਲ ਉਸ ਦਾ ਚਿਹਰਾ ਤਕਦੀ ਰਹੀ।
“ਕੀ ਤੂੰ ਇਹ ਕਹਿ ਰਹੀ ਹੈਂ ਕਿ ਤੂੰ ਮੇਰੇ ਹਾਰ ਦੀ ਥਾਂ ਹੀਰਿਆਂ ਦਾ ਇੱਕ ਨਵਾਂ ਹਾਰ ਖ਼ਰੀਦ ਕੇ ਮੋੜਿਆ ਸੀ?”

“ਹਾਂ। ਅਤੇ ਤੈਨੂੰ ਪਤਾ ਹੀ ਨਹੀਂ ਸੀ ਲੱਗਿਆ। ਹੈ ਨਾ? ਦੋਨੋਂ ਬਿਲਕੁਲ ਇੱਕੋ ਜਿਹੇ ਸਨ।”

ਫਿਰ ਉਸ ਦੇ ਬੁੱਲ੍ਹਾਂ ਉੱਤੇ ਇੱਕ ਫ਼ਖ਼ਰ ਅਤੇ ਮਾਸੂਮ ਖੁਸ਼ੀ ਨਾਲ ਭਿੱਜੀ ਮੁਸਕਾਨ ਫੈਲ ਗਈ।

ਮਿਸਿਜ ਫ਼ੌਰੇਸਤੀਏ ਚਿਹਰੇ ਉੱਤੇ ਅਜੀਬ ਜਿਹੇ ਹਾਵ ਭਾਵ ਲਈ ਉਠ ਖੜੀ ਹੋਈ ਅਤੇ ਆਪਣੀ ਸਹੇਲੀ ਦੇ ਦੋਨੋਂ ਹੱਥ ਆਪਣੇ ਹੱਥਾਂ ਵਿੱਚ ਲੈ ਲਏ।
“ਓਹ ਮੈਥੀਲਡ ਮੇਰਾ ਹਾਰ ਤਾਂ ਨਕਲੀ ਸੀ। ਉਸ ਦੀ ਕ਼ੀਮਤ ਤਾਂ ਵੱਧ ਤੋਂ ਵੱਧ ਪੰਜ ਸੌ ਫਰਾਂਕ ਸੀ…..!”

ਅਨੁਵਾਦ – ਚਰਨ ਗਿੱਲ

ਪਾਲੀ – ਹਰਨਾਮ ਸਿੰਘ ਨਰੂਲਾ

December 18, 2017

ਬੜਾ ਹੀ ਢੀਠ ਬਣ ਕੇ, ਬੜੇ ਹੀ ਜ਼ਬਤ ਨਾਲ ਇਸ ਫੱਟ ਨੂੰ ਇਸ ਜਖ਼ਮ ਨੂੰ ਲੁਕਾਣ ਦਾ ਜਤਨ ਕੀਤਾ ਪਰ ਇਹ ਤਾਂ ਡੂੰਘਾ ਡੂੰਘਾ ਅਤੇ ਹੋਰ ਡੂੰਘਾ ਹੁੰਦਾ ਗਿਆ ਤੇ ਨਾਸੂਰ (ਜੜ੍ਹਾਂ ਵਾਲਾ ਫੋੜਾ) ਬਣ ਗਿਆ।
ਕਦੀਂ ਕਦੀਂ ਬਾਲਪਣ ਦੇ ਪਤਰੇ ਫੋਲਣ ਲਗਦਾ ਹਾਂ ਤਾਂ ਪੂਰੀ ਸੁਰਤੀ ਏਸੇ ਪੰਨੇ ਤੇ ਸੂਤੀ ਜਾਂਦੀ ਏ, ਦਿਲ ਦਿਮਾਗ ਬੇਹਿੱਸ, ਬੇਜਾਨ ਹੋ ਜਾਂਦਾ ਏ, ਸਾਹ ਸਤ ਸੂਤਿਆ ਜਾਂਦਾ ਏ, ਦੁਖ ਨਾਲ, ਪੀੜ ਨਾਲ ਪੂਰਾ ਸਰੀਰ ਪਾਟਣ ਵਾਲਾ ਹੋ ਜਾਂਦਾ ਏ। ਕਿਸੇ ਨੂੰ ਦੁਖ ਸੁਣਾਵਾਂ, ਕਿਸੇ ਨਾਲ ਦਰਦ, ਕਿਸੇ ਨਾਲ ਪੀੜ ਵੰਡਾਵਾਂ ਤੇ ਦਿਲ ਦਿਮਾਗ ਦਾ ਬੋਝ ਹੌਲਾ ਹੋ ਜਾਵੇ।
ਹਾਂ, ਪਾਲੀ-ਪੂਰਾ ਨਾਂ ਜਸਪਾਲ, ਜੂਹੀ ਦੇ ਫੁੱਲ ਵਰਗੀ, ਨਿਰੀ ਮੋਮ ਦੀ ਗੁੱਡੀ, ਗੋਰਾ ਚਿੱਟਾ ਰੰਗ, ਇਕਹਿਰਾ ਪਤਲਾ ਸਰੀਰ, ਮਦਮਸਤ ਬਲੌਰੀ ਅੱਖਾਂ, ਤਿੱਖੇ ਨੈਣ ਨਕਸ਼, ਅੰਤਾਂ ਦਾ ਸੁੰਦਰ ਮੁਖੜਾ, ਗੱਲ ਕਰੇ ਤਾਂ ਕੰਨਾਂ ਵਿਚ ਟੱਲੀ ਦੀ ਟੁਣਕਾਰ ਵਾਂਗ ਅਮਰਤ ਰਸ ਘੁਲ ਜਾਏ, ਮੂਹੋਂ ਮੋਤੀਏ ਚੰਬੇਲੀ ਦੇ ਫੁੱਲ ਕਿਰਨ, ਸੁੰਦਰ ਰੂਪ ਵਿਚ ਨਿਪੁੰਨ, ਗੁਲਾਬੀ (ਪਿਲਾਸਟਿਕ) ਫੋਮ ਦੀ ਗੁੱਡੀ ਜਾਂ ਕੁਦਰਤ ਦੀ ਨੀਝ ਲਾ ਕੇ ਤਰਾਸ਼ੀ ਸੰਗਮਰਮਰ ਦੀ ਸੋਹਣੀ ਮੂਰਤੀ।
ਪਾਲੀ ਨੂੰ ਮੈ ਪਹਿਲੀ ਵਾਰੀ ਉਸ ਦਿਨ ਵੇਖਿਆ ਜਿਸ ਦਿਨ ਤਾਈ ਪਾਰਬਤੀ ਨਾਲ ਉਹ ਸਾਡੇ ਪ੍ਰਾਇਮਰੀ ਸਕੂਲ ਵਿਚ ਦਾਖਲਾ ਲੈਣ ਆਈ।
ਤਾਈ ਪਾਰਬਤੀ, ਜੀਹਦੀ ਠੋਡੀ ਤੇ ਮਰਦਾਂ ਵਾਂਗ ਖੋਦੀ ਜੇਹੀ ਦਾੜ੍ਹੀ ਸੀ, ਵਿਧਵਾ ਸੀ ਤੇ ਘਰ ਵਿਚ ਇਕੱਲੀ ਸੀ। ਜਵਾਨੀ ਪਹਿਰੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਪਰ ਪਤੀ ਪਰਲੋਕ ਸੁਧਾਰ ਗਿਆ। ਪਾਰਬਤੀ ਪੁੱਤਰ ਦੇ ਆਸਰੇ ਬੈਠੀ ਰਹੀ। ਪਰ ਭਰ ਜਵਾਨੀ ਵਿਚ ਪੁੱਤਰ ਮਰ ਗਿਆ ਤੇ ਵਿਚਾਰੀ ਇਕੱਲੀ ਰਹਿ ਗਈ, ਦੁਖ ਤੇ ਸੰਤਾਪ ਝੱਲਣ ਲਾਈ। ਪਾਲੀ ਉਸ ਦੀ ਕੋਈ ਦੂਰੋਂ ਪਾਰੋਂ ਰਿਸ਼ਤੇਦਾਰ ਸੀ।
ਸਕੂਲ ਦੇ ਮੁਨਸ਼ੀ (ਉਹਨਾਂ ਦਿਨਾਂ ਵਿਚ ਮਾਸਟਰ ਨੂੰ ਲੋਕ ਮੁਨਸ਼ੀ ਹੀ ਕਹਿੰਦੇ ਸਨ) ਪੰਡਤ ਅਨੰਤ ਰਾਮ ਨੂੰ ਤਾਈ ਨੇ ਦੱਸਿਆ, “ਪਾਲੀ ਮਾਂ ਪਿਉ ਬਾਹਰੀ ਏ। ਦੋ ਭੈਣਾਂ ਸਨ, ਵੱਡੀ ਜਸਵੰਤ ਅਤੇ ਛੋਟੀ ਪਾਲੀ। ਜਸਵੰਤ ਵਿਆਹੀ ਹੋਈ ਏ – ਘਰ ਬਾਰੀ ਏ। ਉਹ ਝਨਾਂ ਦਰਿਆ ਤੋਂ ਪਾਰ ਖੋਜੀਆਂ ਵਾਲੇ ਪਿੰਡ ਵਿਆਹੀ ਹੋਈ ਏ। ਤੇ ਉਹ ਪਿੰਡ ਗੁਜਰਾਤ ਜਿਲ੍ਹੇ ਵਿਚ ਪੈਂਦਾ ਏ। ਪਾਲੀ ਨੂੰ ਕੋਈ ਕੋਲ ਰੱਖਣ ਨੂੰ ਤਿਆਰ ਨਹੀਂ। ਸੰਤੀ ਅਤੇ ਸੰਤੀ ਦੇ ਸਹੁਰੇ ਵੀ ਇਸ ਨੂੰ ਬੋਝ ਸਮਝਦੇ ਨੇ। ” ਤਾਈ ਨੇ ਮਾਸਟਰ ਨੂੰ ਦੱਸਿਆ ,”ਲੰਮਾ ਹੌਂਕਾ ਭਰਿਆ, “ ਕੱਲਾ ਤਾਂ ਮੁਨਸ਼ੀ ਜੀ, ਰੱਬ ਕਰਕੇ ਰੁੱਖ ਵੀ ਨਾ ਕੋਈ ਹੋਵੇ। ਮੈ ਇਸ ਮਾਂ ਪਿਉ ਬਾਹਰੀ ਵਿਚਾਰੀ ਮਾਸੂਮ ਨੂੰ ਲੈ ਆਈ। ਚਲੋ ਆਪਣੀ ਕਿਸਮਤ ਖਾਏਗੀ। ਨਾਲੇ ਮੇਰਾ ਦਿਲ ਲੱਗਾ ਰਹੇਗਾ। ਕੱਲੀ ਨੂੰ ਤਾਂ ਮੈਨੂੰ ਵੀ ਘਰ ਵੱਢ ਵੱਢ ਖਾਂਦਾ ਏ। ” ਬੋਲਦਿਆਂ ਬੋਲਦਿਆਂ ਉਹਦਾ ਗੱਚ ਭਰ ਗਿਆ ਸੀ। ਉਸ ਦੁਪੱਟੇ ਦੇ ਪਲੇ ਨਾਲ ਤਾਰਿਪਕਦੇ ਅਥਰੂ ਪੂੰਝੇ ਤੇ ਪਾਲੀ ਨੂੰ ਮਾਸਟਰ ਦੇ ਅਗੇ ਕਰ ਦਿੱਤਾ।
ਮਾਸਟਰ ਪੰਡਤ ਅਨੰਤ ਰਾਮ ਨੇ ਪਾਲੀ ਦਾ ਪਿਆਰ ਨਾਲ ਸਿਰ ਪਲੋਸਿਆ ਤੇ ਪਿਆਰ ਨਾਲ ਪੁਛਿਆ “ਬੀਬਾ, ਕੀ ਨਾਂ ਏ ਤੇਰਾ?”
“ਜਸਪਾਲ ਕੌਰ”, ਪਾਲੀ ਨੇ ਹੌਲੀ ਜੇਹੀ ਕਿਹਾ।
ਫਿਰ ਪਿੰਡ ਦਾ ਨਾਂ ਪੁਛਿਆ, ਪਿਤਾ ਦਾ ਨਾਂ ਪੁਛਿਆ।
“ਅੱਛਾ ਬੇਟੇ, ਤੁਹਾਡਾ ਪਿੰਡ ਝਨਾਂ ਨਦੀ ਦੇ ਪਾਰਲੇ ਕੰਢੇ ਸੀ। ” ਅਤੇ ਅਨੰਤ ਰਾਮ ਬੁਝਦੇ ਹੁੱਕੇ ਦਾ ਸੂਟਾ ਮਾਰਿਆ।
ਸਕੂਲ ਦੇ ਸਾਰੇ ਬੱਚੇ ਮੁੰਡੇ ਕੁੜੀਆਂ ਨਵੀਂ ਆਈ ਵਿਦਿਆਰਥਣ ਵੱਲ ਵੇਖ ਰਹੇ ਸਨ। ਮੈਂ ਸੋਚ ਰਿਹਾ ਸਾਂ ਇਸ ਝਨਾਂ ਨਦੀ ਦੇ ਕੰਢੇ ਲੋਕ ਕਿੰਨੇ ਸੋਹਣੇ ਹੁੰਦੇ ਹਨ ਅਤੇ ਪਾਲੀ ਵੀ ਕਿਸੇ ਜਲਾਲੀ, ਸੋਹਣੀ ਜਾਂ ਹੀਰ ਦੀ ਧੀ ਹੋਵੇਗੀ।
ਪਾਲੀ ਨੂੰ ਮਾਸਟਰ ਨੇ ਤੀਜੀ ਜਮਾਤ ਵਿਚ ਦਾਖਲ ਕੀਤਾ। ਜਿਨ੍ਹਾਂ ਦਿਨਾਂ ਵਿਚ ਪਾਲੀ ਨੇ ਸਕੂਲ ਵਿਚ ਦਾਖਲਾ ਲਿਆ ਉਹਨੀਂ ਦਿਨੀਂ ਮਦਰੱਸੇ ਵਿਚ ਚੰਗੀ ਗਰੁੱਪਬੰਦੀ ਸੀ। ਕੋਈ ਨਵਾਂ ਵਿਦਿਆਰਥੀ ਆਵੇ ਤਾਂ ਗਰੁੱਪਾਂ ਦੇ ਆਗੂ ਜਾਂ ਮੈਬਰ ਆਪੋ ਆਪਣੀ ਲਿਸਟ ਵਿਚ ਜੋੜਨ ਦੀ ਕੋਸ਼ਿਸ਼ ਕਰਦੇ – ਕੁੜ੍ਹੀ ਹੋਵੇ ਜਾਂ ਮੁੰਡਾ। ਭਾਵੇਂ ਇਹਨਾਂ ਗਰੁੱਪਾਂ ਦੀ ਆਪਸੀ ਖਿਚ ਖਿਚਾਈ ਜਾਂ ਲੜਾਈ ਵਿਚ ਕੁੜੀਆਂ ਨੇ ਕਦੇ ਹਿਸਾ ਨਹੀ ਸੀ ਲਿਆ। ਪਰ ਫੇਰ ਵੀ ਗੱਲੀਂ ਬਾਤੀਂ ਹਮਾਇਤ ਅਤੇ ਹਮਦਰਦੀ ਮਹੱਤਵਪੂਰਨ ਗਿਣੀ ਜਾਂਦੀ ਸੀ।
ਸਕੂਲ ਵਿਚ ਪਾਲੀ ਦੀ ਮੁਢਲੀ ਜਾਣ ਪਛਾਣ ਜੰਗੀਰਦਾਰ ਦੀ ਧੀ ਖਿਲਾ ਨਾਲ ਹੋਈ, ਜਿਹਦਾ ਪੂਰਾ ਨਾਂ ਲਖਵਿੰਦਰ ਕੌਰ ਸੀ। ਅਤੇ ਉਹ ਵੀ ਤੀਜੀ ਜਮਾਤ ਵਿਚ ਪੜ੍ਹਦੀ ਸੀ। ਪਾਲੀ ਨੇ ਚੋਖੇ ਲੰਮੇ ਸਮੇਂ ਤੱਕ ਸਕੂਲ ਵਿੱਚ ਹੋਰ ਕਿਸੇ ਮੁੰਡੇ ਜਾਨ ਕੁੜੀ ਨਾਲ ਜਾਣ ਪਹਿਚਾਣ ਨਾਂ ਬਣਾਈ।
ਵੇਲੇ ਕੁਵੇਲੇ ਮੁੰਡੇ ਕੁੜੀਆਂ ਇੱਕ ਦੂਜੇ ਤੋਂ ਲੋੜ ਮੂਜਬ, ਸਿਆਹੀ ਸਲੇਟੀ, ਕਲਮ-ਪੈਂਸਿਲ, ਗਾਚਣੀ, ਜਾਨ ਕਾਪੀ ਕਿਤਾਬ ਮੰਗ ਲੈਂਦੇ ਸਨ। ਪਰ ਖੌਰੇ ਸੰਗਦੀ ਜਾਨ ਮਾਣਮੱਤੀ ਹੋਣ ਕਰਕੇ ਪਾਲੀ ਕਦੀ ਕਿਸੇ ਕੋਲੋਂ ਕੋਈ ਚੀਜ਼ ਨਾਂ ਮੰਗਦੀ।
ਮਨ ਹੀ ਮਨ ਮੈਂ ਸਦਾ ਤਾਂਘਦਾ ਰਹਿੰਦਾ,’ਪਾਲੀ ਮੈਥੋਂ ਕੋਈ ਚੀਜ਼ ਮੰਗੇ। ਮੈਂ ਇਹਨੂੰ ਕੁਝ ਦਿਆਂ। ਮੈਂ ਇਹਦੇ ਕਿਸੇ ਕੰਮ ਆਵਾਂ। ਇਹਦੀ ਮੇਰੇ ਨਾਲ ਜਾਣ ਪਛਾਣ ਹੋਵੇ। ਮੈਂ ਇਹਦੇ ਨਾਲ ਗੱਲਾਂ ਕਰਾਂ। ’
ਖੌਰੇ ਮੇਰੇ ਵਾਂਗ ਹੋਰ ਵੀ ਕਈ ਮੁੰਡੇ ਏਹੋ ਸੋਚਦੇ ਹੋਣਗੇ, ਕਿਓਂਕਿ ਉਹਦਾ ਸੁਹਜ ਹੀ ਬੜਾ ਪਿਆਰ ਦਾ ਪਾਤਰ ਸੀ।
ਪੰਜ ਤੇ ਸੱਤ ਜਾਂ ਅੱਠ ਮਹੀਨੇ ਲੰਘ ਗਏ। ਹੋਰਾਂ ਵਾਂਗ ਮੈਂ ਵੀ ਉਹਨੂੰ ਬੁਲਾਣ ਕੁਆਂਣ ਜਾਂ ਵਾਕਫੀ ਗੰਡਣ ਜਾਨ ਕੋਈ ਚੀਜ਼ ਦੇਣ ਵਿਚ ਅਸਫਲ ਰਿਹਾ। ਇਸ ਲਈ ਕਿ ਉਹ ਛੁਟੀ ਮਿਲਣ ਤੇ ਚੁਪ ਚਾਪ ਬਸਤਾ ਵਲੇਟ, ਬਿਨਾਂ ਕਿਸੇ ਨਾਲ ਹੱਸੇ ਬੋਲੇ ਲਖਵਿੰਦਰ ਨਾਲ ਘਰ ਨੂੰ ਤੁਰ ਪੈਂਦੀ ਅਤੇ ਅਗਲੇ ਦਿਨ ਉਹਦੇ ਨਾਲ ਹੀ ਘਰੋਂ ਆਉਂਦੀ ਅਤੇ ਉਹਦੇ ਨਾਲ ਹੀ ਬਹਿੰਦੀ ਅਤੇ ਇੱਕ ਪਲ ਵੀ ਪਰ੍ਹਾਂ ਨਾ ਹੁੰਦੀ।
ਲੰਮੀ ਤਾਂਘ ਤੜਪ ਤੋਂ ਬਾਅਦ ਆਖਰ ਇਕ ਦਿਨ ਮੌਕਾ ਮਿਲ ਹੀ ਗਿਆ। ਸ਼ੁਭ ਸੰਧਿਆ ਦਾ ਵੇਲਾ ਸੀ। ਮੈਂ ਬਾਹਰੋਂ ਖੇਡ ਕੁੱਦ ਕੇ ਘਰ ਆਇਆ ਤਾਂ ਵੇਖਿਆ ਕੇ ਘਰ ਰਸੋਈ ਵਿਚ ਮੇਰੀ ਵੱਡੀ ਭਰਜਾਈ ਪ੍ਰੀਤਮ ਸਬਜੀ ਚੀਰ ਰਹੀ ਏ, ਅਤੇ ਪਾਲੀ ਕੋਲੇ ਬੈਠੀ ਉਹਦਾ ਹੱਥ ਵਟਾ ਰਹੀ ਏ। ਏਸ ਤੋਂ ਪੇਹ੍ਲਾਂ ਮੈਂ ਉਹਨੂੰ ਪਿੰਡ ਵਿਚ ਕਿਸੇ ਦੇ ਘਰ ਜਾਂਦਿਆਂ ਨਹੀ ਸੀ ਵੇਖਿਆ ਅਤੇ ਸਾਡੇ ਘਰ ਵੀ ਉਹ ਪਹਿਲੀ ਵਾਰ ਹੀ ਆਈ ਸੀ। ਉਹ ਵੀ ਤਾਈ ਦੇ ਨਾਲ ਜੇਹੜੀ ਅੰਦਰ ਪਸਾਰ ਵਿਚ ਮੇਰੇ ਮਾਂ ਜੀ ਕੋਲ ਬੈਠੀ ਦੁਖ ਸੁਖ ਫੋਲ ਰਹੀ ਸੀ। ਮੈਂ ਪਸਾਰ ਦੇ ਬੂਹੇ ਕੋਲ ਉਹਨਾਂ ਦੀਆਂ ਗੱਲਾਂ ਸੁਣੀਆਂ।
ਮੇਰੀ ਰਗ਼ ਰਗ਼ ਲੂੰ-ਲੂੰ ਖੁਸ਼ੀ ਖੇੜੇ ਨਾਲ ਭਰ ਗਈ। ਮਾਂ ਜੀ ਤੇ ਤਾਈ ਵਿਚਾਲੇ ਗੱਲ ਪਾਲੀ ਦੇ ਰਿਸ਼ਤੇ ਬਾਰੇ ਹੋਈ ਸੀ। ਰਿਸ਼ਤਾ ਮੇਰੇ ਵੱਡੇ ਭਰਾ ਨਾਲ।
ਮਾਂ ਜੀ ਨੇ ਤਾਈ ਜੀ ਨੂੰ ਦਿਲਾਸਾ ਦਿੱਤਾ ਤੇ ਕਿਹਾ ,”ਭੈਣੇ, ਜਸਪਾਲ ਸਾਡੇ ਸਿਰ ਮੱਥੇ , ਘਰ ਕੀਚ ਕਿਸੇ ਚੀਜ ਦੀ ਥੁੜ ਨਹੀਂ, ਦਾਜ ਦਹੇਜ ਕੁਜ ਨਹੀਂ ਚਾਹੀਦਾ। ਗੁਰੂ ਰਾਮਦਾਸ ਦਾ ਦਿੱਤਾ ਸਾਡੇ ਕੋਲ ਸਬ ਕੁਝ ਏ। ਜਸਪਾਲ ਵਰਗੀ ਕੁੜੀ ਭਾਗਾਂ ਵਾਲੇ ਘਰੀਂ। ਕੋਈ ਗੱਲ ਨਹੀਂ ਅਜੇ ਬਾਲੜੀ ਏ। ਸਾਨੂੰ ਵੀ ਅਜੇ ਵਿਆਹ ਦੀ ਕੋਈ ਕਾਹਲੀ ਨਹੀਂ। ਨਾਲੇ ਭੈਣੇ ਧੀਆਂ ਤੇ ਧਾਰੇਕਾਂ ਵਧਦੀਆਂ ਦੇਰ ਨਹੀਂ ਲਗਦੀ। ਵਾਹਿਗੁਰੂ ਤੰਦਰੁਸਤੀ ਤੇ ਹਯਾਤੀ ਦੇਵੇ। ” ਮਾਂ ਜੀ ਇਕੋ ਸਾਹੇ ਕਿੰਨਾਂ ਕੁਝ ਆਖ ਗਈ।
ਤਾਈ ਨੇ ਮਾਂ ਦੇ ਹਥ ਫੜ੍ਹ ਕੇ ਚੁਮੇ, ਅਖਾਂ ਅਤੇ ਫੇਰ ਮਾਥੇ ਨੂੰ ਲਾਂਦਿਆਂ ਆਖਿਆ.”ਮੇਰੇ ਧੰਨਭਾਗ ਭੈਣਾ, ਤੂੰ ਪਾਲੀ ਨੂੰ ਆਪਣਾ ਕੇ ਮੇਰੇ ਸਿਰ ਦਾ ਸਾਰਾ ਭਾਰ ਲਾਹ ਦਿੱਤਾ ਏ। ਮੇਰੀ ਅਰਦਾਸ ਪਰਮਾਤਮਾ ਦੀ ਦਰਗਾਹੇ ਮੰਜੂਰ ਹੋਈ। ਅੱਜ ਤੋਂ ਪਾਲੀ ਤੁਹਾਡੀ ਏ। ਮੇਰੀ ਤਾਂ ਵਾਹਿਗੁਰੂ ਨੇ ਨੇੜ੍ਹੇ ਹੋ ਕੇ ਸੁਣੀ ਏ। ”
ਤਾਈ ਗਦ ਗਦ ਹੋਈ ਅੱਖਾਂ ਵਿਚੋਂ ਖੁਸ਼ੀ ਦੇ ਫੁੱਟਦੇ ਸੋਮੇ ਸਮੇਟ ਰਹੀ ਸੀ ਕਿ ਮੈਂ ਉਹਨਾਂ ਦੇ ਕੋਲ ਜਾ ਖਲੋਤਾ-ਫੁੱਲ ਵਾਂਗ ਖਿੜਿਆ ਮਹਿਕਿਆ ਟਹਿਕਿਆ। ਮੇਰੇ ਨਾਲ ਹੀ ਪਾਲੀ ਤੇ ਭਾਬੀ ਪਰੀਤਮ ਵੀ ਅੰਦਰ ਆਈਆਂ।
ਮਾਂ ਜੀ ਨੇ ਕਿਹਾ,”ਪ੍ਰੀਤਮ ਕੌਰੇ, ਥਾਲੀ ਵਿਚ ਮਿਠਾ ਲਿਆ। ਅਸਾਂ ਜਸਪਾਲ ਆਪਣਾ ਲਈ ਏ। ” ਅਤੇ ਮਾਂ ਜੀ ਨੇ ਪਾਲੀ ਦਾ ਸਿਰ ਮੂੰਹ ਪਲੋਸ ਗੋਦੀ ਵਿਚ ਬਿਠਾ ਹਿੱਕ ਨਾਲ ਘੁੱਟ ਲਿਆ।
ਭਾਬੀ ਪ੍ਰੀਤਮ ਕੌਰ ਮਿਠਾ ਲਿਆਈ, ਬੜਾ ਚਾਈੰ ਚਾਈਂ ਪਾਲੀ ਦੇ ਮੁੰਹ ਵਿਚ ਚੁਟਕੀ ਪਾਈ ਤੇ ਗਦ ਗਦ ਹੋਈ ਨੇ ਪਾਲੀ ਦਾ ਮੂੰਹ ਚੁਮ ਲਿਆ ਅਤੇ ਮੇਨੂੰ ਕਿਹਾ,”ਅੱਜ ਤੋਂ ਪਾਲੀ ਸਾਡੀ ਏ। ਸਕੂਲ ਵਿਚ ਕਿਸੇ ਚੀਜ ਦੀ ਲੋੜ ਹੋਵੇ ਤਾਂ ਧਿਆਨ ਰਖੀਂ। ”
ਤਾਈ ਬੜੀ ਪਰਸੰਨ ਸੀ ਕਿਓਕਿ ਇਕ ਚੰਗੇ ਪਰਿਵਾਰ ਨਾਲ ਉਹਦੇ ਸਬੰਧ ਬਣ ਗਏ ਸਨ, ਸਾਂਝ ਬਣ ਗਈ ਸੀ।
ਉਸ ਦਿਨ ਤੋਂ ਹੀ ਪਾਲੀ ਨਾਲ ਮੇਰੀ ਸਾਂਝ ਅਪਣੱਤ ਬਣੀ। ਭਾਵੇਂ ਓਦੋਂ ਤੀਜੀ ਵਿਚ ਤਿੰਨ ਚਾਰ ਕਿਤਾਬਾਂ, ਦੋ ਕੁ ਕਾਪੀਆਂ, ਕੁਝ ਕਲਮਾਂ, ਗਾਚਨੀ, ਦਵਾਤ, ਸਲੇਟ ਤੇ ਤਖਤੀ ਹੀ ਹੁੰਦੀ ਸੀ ਪਰ ਫੇਰ ਵੀ ਮੈਂ ਛੁੱਟੀ ਵੇਲੇ ਅੱਖ ਬਚਾ ਕੇ ਉਹਦਾ ਬਸਤਾ ਚੁੱਕ ਲੈਣਾ ਅਤੇ ਉਹ ਮੇਰੇ ਮਗਰ ਖਿਝਦੀ, ਝਿੜਕਦੀ , ਕਦੀ ਹਸਦੀ ਤੁਰੀ ਆਉਂਦੀ ਤੇ ਕਹਿੰਦੀ, “ਲਿਆ ਮੇਰਾ ਬਸਤਾ। ਮੈ ਆਪੇ ਚੁੱਕ ਲਵਾਂਗੀ। ”
ਪਰ ਮੈਂ ਬਸਤਾ ਚੁੱਕਣਾ, ਉਹਦੇ ਕੰਮ ਆਉਣਾ ਆਪਣਾ ਫਰਜ਼ ਸਮਝਦਾ ਸਾਂ ਕਿਓਂਕਿ ਹੁਣ ਉਹ ਸਾਡੀ ਸੀ – ਵਾਦੇ ਭਰਾ ਦੀ ਮੰਗੇਤਰ, ਸਾਡੇ ਪਰਿਵਾਰ ਦੀ ਮੈਂਬਰ। ਜਦੋਂ ਅਸੀਂ ਅੱਗੇ ਪਿਛੇ ਤੁਰੇ ਬਾਜ਼ਾਰ ‘ਚੋਂ ਤਾਈ ਦੇ ਘਰ ਨੂੰ ਗਾਲੀ ਵਿਚ ਮੁੜ ਕੇ ਘਰ ਨੂੰ ਸਿਧੇ ਹੁੰਦੇ ਤਾਂ ਉਹ ਆਸੇ ਪਾਸੇ ਵੇਖ ਬਸਤਾ ਲੈਣ ਲੈ ਝਪਟ ਪੈਂਦੀ। ਮੈਂ ਨੱਠ ਕੇ ਅੱਗੇ ਹੋ ਜਾਂਦਾ, ਓਹ ਮੇਰੇ ਮਗਰ ਥੋੜਾ ਨੱਠਦੀ,ਘੁਰਕੀ ਦੇਂਦੀ, ਕਦੀਂ ਤਰਲਾ ਕਰਦੀ ਅਤੇ ਅੱਗੇ ਪਿਛੇ ਨੱਠੇ ਅਸੀਂ ਬਰੂਹਾਂ ਟੱਪ ਧੁਰ ਅੰਦਰ ਪਸਾਰ ਵਿਚ ਪਲੰਘ ਤੇ ਜਾ ਡਿਗਦੇ ਅਤੇ ਹਾਸਿਆਂ ਦੇ ਫੁਆਰੇ ਛੁੱਟ ਪੈਂਦੇ।
ਤਾਈ ਚਰਖਾ ਜਾਂ ਉਂਨ ਤੋਂਬਾਹਥੋਂ ਛੱਡ ਉਠਦੀ ਤੇ ਸਾਡੇ ਕੋਲ ਆ ਜਾਂਦੀ ਤੇ ਕਹਿੰਦੀ.”ਅੱਛਾ, ਮੂਹ ਹਥ ਧੋਵੋ ਤੇ ਆਰਾਮ ਨਾਲ ਬੈਠੋ। ਮੈਂ ਤੁਹਾਡੇ ਖਾਣ ਲਈ ਕੁਝ ਲਿਆਵਾਂ। ”
ਅਤੇ ਅਸੀਂ ਆਪੋ ਆਪਣੇ ਗਲਾਸਾਂ ਵਿਚ ਪਾਣੀ ਪਾ ਲੈਂਦੇ ਅਤੇ ਤਾਈ ਕੋਈ ਨਾ ਕੋਈ ਮਿਠੀ ਚੀਜ ਮਠਿਆਈ , ਲੱਡੂ ਜਾਨ ਪਿੰਨੀ ਪੰਜੀਰੀ ਜਾਨ ਚੂਰੀ ਸਾਡੇ ਅੱਗੇ ਲਿਆ ਰਖਦੀ, “ਲਾਓ ,ਖਾਓ। ” ਅਤੇ ਫਿਰ ਸਾਨੂੰ ਖਾਂਦੀਆਂ ਨੂੰ ਵੇਖ ਕੇ ਖੁਸੀ ਨਾਲ ਗਦ ਗਦ ਹੋ ਜਾਂਦੀ।
ਰੋਟੀ ਖਾਂਦੀਆਂ ਮੇਰਾ ਧਿਆਨ ਸਦਾ ਪਾਲੀ ਦੇ ਨੈਣ ਨਕਸ਼ਾਂ ਤੇ ਰਹਿੰਦਾ। ਓਹ ਮੈਨੂੰ ਅੰਗ ਅੰਗ ਤੋਂ ਸੁੰਦਰ ਲਗਦੀ। ਉਸ ਦੇ ਕੋਲੋਂ ਮੈਂਨੂੰ ਸਦਾ ਮੁਗਧ ਜੇਹੀ ਮਹਿਕ ਆਉਂਦੀ, ਸੁਚੇ ਗੁਲਾਬ ਜੇਹੀ, ਚੰਬੇ ਜਾਂ ਚਾਮੇਲੀ ਜੇਹੀ ਮਹਿਕ ਜੋ ਮੈਨੂ ਲੂ ਲੂ ਨਸ਼ਿਆਂਦੀ ਰਹਿੰਦੀ। ਰੋਟੀ ਖਾਂਦੇ ਵੀ ਅਸੀਂ ਕੋਈ ਖੇਡ ਕੱਢ ਲੈਂਦੇ। ਬੁਰਕੀ ਛੁਪਾਨ।
ਤੇ ਜੋ ਬੁਰਕੀ ਸ਼ੁਪਾ ਜਾਏ ਓਹ ਜੇਤੂ। ਤੇ ਫੇਰ ਉਸ ਦੂਜੇ ਦੀਆਂ ਅਖਾਂ ਬਾਂਹ ਭੁਆਟਨੀ ਦੇਣੀ, ਮਾਘਾ ਮਾਰਨਾ ਅਤੇ ਨਿਰਾ ਚਿਰ ਅਸੀਂ ਖੇਡੀ ਜਾਣਾ।
ਨੀਂਦ ਭਜੀ ਰਾਤ ਨੂੰ ਘਰ ਜਾਣਾ ਅਤੇ ਪਰਭਾਤੀ ਹੀ ਉਠ ਕੇ ਦੁਧ ਦੀ ਗੜਵੀ, ਦਹੀਂ ਮਖਣ ਲੈ ਉਹਨਾਂ ਦੇ ਕੋਲ ਪੁਹੁਚ ਜਾਣਾ। ਜਦੋਂ ਮੈ ਜਾਣਾ ਤਾਈ ਚਰਖਾ ਕੱਤ ਰਹੀ ਹੁੰਦੀ ਅਤੇ ਪਾਲੀ ਚੁਲ੍ਹੇ ਵਿਚ ਅੱਗ ਬਾਲ ਪੀੜ੍ਹੀ ਤੇ ਬੈਠੀ ਕਿਤਾਬ ਪੜ੍ਹ ਰਹੀ ਹੁੰਦੀ ਜਾਂ ਕਾਪੀ ਤੇ ਲਿਖ ਰਹੀ ਹੁੰਦੀ। ਮੈਂ ਤਾਜੇ ਮਖਣ ਦੀ ਅਖਰੋਟ ਜਿੱਡੀ ਗੋਲੀ ਬਣਾ ਓਹਦੇ ਮੂੰਹ ਵਿੱਚ ਪਾ ਦੇਂਦਾ ਜੋ ਓਹ ,”ਮੈਂ ਆਪੇ ਨਹੀਂ ਮੈਂ ਆਪੇ ” ਕਹ੍ਹਿਦੀ ਖਾ ਲੈਂਦੀ ਫਿਰ ਓਹ ਕਿਤਾਬ ਕਾਪੀ ਪਰਾਂ ਰਖ ਚਾਹ ਬਣਾਉਂਦੀ, ਅਸੀਂ ਤਿੰਨੇ ਚੁਸਕੀਆਂ ਲਾ ਲਾ ਪੀਂਦੇ , ਚਾਹ ਪੀ ਸਕੂਲ ਦਾ ਕੰਮ ਕਰਦੇ , ਤਾਈ ਪਰੌਂਠੇ ਪਕਾ ਦੇਂਦੀ, ਖਾਂਦੇ ਤੇ ਫੇਰ ਨਾਲੋ ਨਾਲ ਸਕੂਲ ਨੇ ਤੁਰ ਪੈਂਦੇ। ਮੈਨੇ ਓਹਦਾ ਬਸਤਾ ਚੁਕ ਓਹਦੇ ਨਾਲ ਤੁਰਦਿਆਂ ਬੜਾ ਹੀ ਸਵਾਦ, ਬੜਾ ਹੀ ਆਨੰਦ ਆਉਂਦਾ, ਬੜਾ ਹੀ ਚੰਗਾ ਲੱਗਦਾ। ਤੁਰਦਾ ਤੁਰਦਾ ਮੈਂ ਉਸਦੀ ਸੁਬਕ ਤੋਰ ਦੀ ਨਕਲ ਕਰਨ ਦਾ ਵਿਅਰਥ ਜਤਨ ਕਰਦਾ।
ਹੌਲੀ ਹੌਲੀ ਇਹ ਸੁਖਾਂਵੇੰ ਰਸਭਿੰਨੇ ਦਿਨ ਲੰਘਦੇ ਗਏ। ਅਤੇ ਫੇਰ ਇਕ ਦਿਨ ਓਹ ਵੀ ਆ ਗਿਆ ਜਦ ਪਾਲੀ ਦੀ ਤੇ ਮੇਰੀ ਹੋਰ ਨੇੜਤਾ ਹੋ ਗਈ। ਮੈਨੂੰ ਘਰ ਦਿਆਂ ਨੇਂ ਓਹਨਾਂ ਕੋਲ ਦਿਨ ਰਾਤ ਰਹਿਣ ਲੈ ਭੇਜ ਦਿੱਤਾ ਅਤੇ ਇਹ ਪਾਲੀ ਅਤੇ ਤਾਈ ਦੇ ਕਹਿਣ ਤੇ ਹੋਇਆ। ਮੇਰੇ ਇਸ ਘਰ ਪ੍ਰਵੇਸ਼ ਕਰਨ ਨਾਲ ਇਸ ਘਰ ਦੇ ਕੁਜ ਰੁਝੇਵੇ ਵਧ ਗਏ ਕਿਓਂ ਕਿ ਘਰ ਦਿਆਂ ਨੇ ਇਕ ਚੰਗੀ ਲਾਵੇਰੀ ਗਾਂ ਵੀ ਬੰਨ ਦਿੱਤੀ ਜਿਹੜੇ ਲਈ ਤੂੜੀ ਦਾਨਾ ਪੱਠਾ ਮੈਂ ਤੇ ਪਾਲੀ ਘਰੋਂ ਲਿਆਉਂਦੇ ਜਾਨ ਓਹ ਕਾਮੇ ਹੱਥ ਪਹੁਚਾ ਦੇਂਦੇ। ਮੈਂ ਤੇ ਪਾਲੀ ਵਾਰੋ ਵਾਰੀ ਗਾਂ ਦੀ ਧਾਰ ਕਢਦੇ। ਸਵੇਰ ਵੇਲੇ ਧੱਕੇ ਨਾਲ ਤਾਈ ਤੋਂ ਮਧਾਣੀ ਛੁਡਾ ਆਪ ਰਿੜਕਣ ਲੱਗ ਪੈਂਦੇ। ਘਰ ਦੇ ਹਰ ਜਰੂਰਤ ਦੀ ਚੀਜ ਆਪੇ ਭੇਜਦੇ ਰਹਿੰਦੇ।
ਰਾਤੀਂ ਮਿਠੇ ਦੁਧ ਦੇ ਗਲਾਸ ਫੜੀ ਅਸੀਂ ਤਾਈ ਨੂੰ ਅਧੂਰੀ ਕਹਾਣੀ ਪੂਰੀ ਕਰਨ ਦੀ ਸਿਪਾਰਾਸ਼ ਕਰਦੇ ਰਹਿੰਦੇ। ਤਾਈ ਦੀਆਂ ਕਹਾਣੀਆਂ ਲੰਮੀਆਂ ਸਨ ਤੇ ਇਕ ਸ਼ੋਹੀ ਕਹਾਣੀ ਕਈ ਕਈ ਰਾਤਾਂ ਨਹੀ ਸੀ ਮੁੱਕਦੀ। ਤਾਈ ਅਕਸਰ ਕਹਾਣੀ ਰਾਜਾ ਰਾਣੀ ਲੱਕੜਹਾਰਾ ਜਾਨ ਦਿਓ ਪਰੀ ਦੀ ਸੁਣਾਂਦੀ। ਕਹਾਣੀ ਵਿਚ ਰਾਣੀ ਸ਼ਹਿਜਾਦੀ ਜਾਂ ਪਰੀ ਦੇ ਰੂਪ ਦੀ ਤੁਲਨਾ ਸੂਰਜ ਦੀ ਧੁੱਪ, ਚੰਦਰਮਾਂ ਜਾਂ ਚੰਨ ਕਿਰਨਾਂ,ਨਰਮ ਕੋਮਲਤਾ ਪਲੱਛ ਜਾਂ ਮਖਮਲ ,ਖੁਸ਼ਬੋ ਚੰਦਨ ਜਾਂ ਕਸਤੂਰੀ ਨਾਲ ਕਰਦੀ। ਮੈਂ ਟੋਕ ਕੇ ਕਹਿਣਾ, “ਤਾਈ ਤੂੰ ਕਹਾਣੀ ਅੱਗੇ ਤੋਰ ਓਹ ਰਾਣੀ ਸ਼ਹਿਜਾਦੀ ਜਾਂ ਪਰੀ ਪਾਲੀ ਨਾਲੋਂ ਸੁੰਦਰ ਨਹੀ ਹੋਣੀ। ”
ਤਾਈ ਨੇ ਕਹਿਣਾ , “ਹਾਂ ਪੁੱਤਰ, ਨਿਰੀ ਪਾਲੀ ਵਰਗੀ”।
“ਮੈਂ ਨਹੀਂ ਸੁਣਦੀ। ” ਪਾਲੀ ਨੇ ਗੁਦਗੁਦਾ ਗੁੱਸਾ ਕਰਨਾ। ”
ਮੈਂ ਕਹਿਣਾ, “ਤਾਈ, ਤੂੰ ਅਗੇ ਸੁਣਾ। ਪਾਲੀ ਉੱਤੋਂ ਉੱਤੋਂ ਗੁੱਸੇ ਏ, ਅੰਦਰੋਂ ਨਹੀਂ। ”
ਅਤੇ ਉਸ ਮੈਨੂੰ ਖਿਝ ਕੇ ਚੂੰਢੀ ਵੱਡਣੀ।
ਇਸ ਤਰਾਂ ਅਸੀਂ ਨਿਰੀ ਰਾਤ ਤਕ ਜਾਗਣਾ,ਰਾਜੇ ਰਾਣੀ, ਦੇਵਾਂ ਪਾਰੀਆਂ ਦੀਆਂ ਕਹਾਣੀਆਂ ਸੁਣਦੇ ਰਹਿਣਾ। ਜਦੋਂ ਅਸੀੰ ਨੀਂਦ ਵਸ ਹੋ ਹੁੰਗਾਰਾ ਦੇਣੋ ਹਟ ਜਾਣਾ ਤਾਂ ਤਾਈ ਨੇ ਚਰਖੇ ਦੀ ਘੂਕਰ ਨਾਲ ਕੋਈ ਬੀਤੇ ਦੀ ਯਾਦ ਜੋੜ ਕੇ ਲੈ ਸੁਰ ਕਰ ਲੈਣੀ। ਅਤੇ ਸਵੇਰ ਤਕ ਕਿੰਨਾ ਹੀ ਸੂਟ ਕੱਤ ਲੈਣਾ।
ਏਸੇ ਤਰਾਂ ਇਹ ਰੰਗੀਨ ਰਾਤਾਂ, ਇਹ ਸੁੰਦਰ ਸੁਹਾਨੇ ਦਿਨ ਲੰਘਦੇ ਗਏ। ਅਤੇ ਇਹ ਬਾਲਪਨ ਦਾ ਮੋਹ ਅਤੇ ਆਪਸੀ ਪਿਆਰ ਇਹ ਅਪਣੱਤ ਵਧਦੀ ਗਈ ਅਤੇ ਅਨਿਖੜਵੇ ਪਿਆਰ ਦਾ ਰੂਪ ਧਾਰ ਗਈ।
ਕਦੀ ਕਦੀ ਮੈਂ ਸ਼ਾਮ ਵੇਲੇ ਹਾਨੀ ਮੁੰਡਿਆਂ ਨਾਲ ਖੇਡਦਿਆਂ ਕਵੇਲਾ ਕਰ ਦੇਣਾ। ਅਤੇ ਤਾਈ ਨੇ ਬੁਲਾਣ ਆ ਜਾਣਾ, “ਪੁੱਤ, ਘਰ ਚਲ ਕੁਵੇਲਾ ਹੋ ਗਿਆ ਰੋਟੀ ਨੂੰ। ”
ਮੈਂ ਅੱਗੇ ਤੁਰਦੇ ਨੇ ਕਹਿਣਾ , “ਤੁਸੀਂ ਖਾ ਲੈਂਦੇ। ”
ਓਹ ਕਹਿਣਾ , “ਮੈਂ ਕੀ ਕਰਾਂ। ਮਹਾਰਾਣੀ ਰੁੱਸੀ ਬੈਠੀ ਏ। ਨਾ ਖਾਂਦੀ ਏ ਜਾ ਖਾਂ ਦੇਂਦੀ ਏ। ”
ਮੈਂ ਘਰ ਆ ਕਾਹਲੀ ਕਾਹਲੀ ਮੂੰਹ ਹਥ ਧੋ ਥਾਲੀ ਵਿਚ ਰੋਟੀ ਪਾ ਪਾਲੀ ਦੇ ਅੱਗੇ ਜਾ ਬੈਠਣਾ। ਤਰਲੇ ਮਿਨਤਾਂ ਖੁਸ਼ਾਮਦਾਂ ਸਭ ਬੇਅਰਥ। ਨਾ ਹੂੰ ਨਾ ਹਾਂ। ਸੁੰਨ ਮਸੁੰਨ ਬੈਠੀ ਰਹਿਣਾ। ਮੈਂ ਰੋਟੀ ਦੀ ਬੁਰਕੀ ਵਿਚ ਸਬਜੀ ਰਖ ਉਹਦੇ ਮੂੰਹ ਕੋਲ ਲੈ ਜਾਣੀ ਅਤੇ ਅਖਾਣਾ , “ਪੇਟ ਨੂੰ ਭੁਖ ਏ। ਰੋਟੀ ਮੰਗਦਾ ਏ। ਜੀਭ ਤੇ ਦੰਦ ਵੀ ਤਿਆਰ ਨੇ ਪਰ ਬੁੱਲ (ਹੋਂਠ) ਜਿੰਦਰੇ ਲਾਈ ਬੈਠੇ ਨੇ। ”
ਅਤੇ ਉਸ ਹੱਸ ਪੈਣਾ ਅਤੇ ਮੈਂ ਬੁਰਕੀ ਉਸਦੇ ਮੂੰਹ ਵਿਚ ਪਾ ਦਿੰਦਾ।
ਅਸਾਂ ਚੌਥੀ ਜਮਾਤ ਪਾਸ ਕਰ ਲਈ। ਹੁਣ ਪੰਜਵੀਂ ਵਿਚ ਦਾਖਲ ਹੋਣਾ ਸੀ। ਪਿੰਡ ਦਾ ਸਕੂਲ ਪ੍ਰਾਇਮਰੀ ਸੀ ਯਾਨੀ ਚੌਥੀ ਤਕ ਹੀ। ਲੋਅਰ ਮਿਡਲ ਸਕੂਲ ਯਾਨੀ ਛੇਵੀਂ ਤਕ ਪਿੰਡ ਵਰ੍ਪਾਲਾਂ ਵਿਚ ਸੀ ਅਤੇ ਸਾਡੇ ਪਿੰਡ ਤੋਂ ਦੋ ਢਾਈ ਕੋਹ ਦੂਰ ਪੈਂਦਾ ਸੀ। ਚੌਥੀ ਜਮਾਤ ਵਿਚ ਮੈਂ ਤੇ ਪਾਲੀ ਹੀ ਪਾਸ ਹੋਏ ਸਾਂ। ਪਾਲੀ ਏਨੀ ਦੂਰ ਜਾ ਨਹੀ ਸਕਦੀ ਸੀ। ਰਾਹ ਭੈੜਾ ਹੋਣ ਕਰਕੇ ਮੈਨੂ ਵੀ ਸਾਲ ਮਾਰਨਾ ਪਿਆ ਕਿਓਂਕਿ ਇਕੱਲਾ ਮੈਂ ਵੀ ਨਹੀ ਜਾ ਸਕਦਾ ਸਾਂ। ਅਤੇ ਅਸੀਂ ਦੋਵੇਂ ਘਰ ਦੇ ਕੰਮਾਂ ਤੋਂ ਬਿਨਾ ਘਰ ਹੀ ਪੜ੍ਹਦੇ ਲਿਖਦੇ ਰਹੇ। ਅਗਲੇ ਸਾਲ ਕਈ ਹੋਰ ਮੁੰਡੇ ਚੌਥੀ ਪਾਸ ਕਰ ਗਏ। ਅਤੇ ਮੈਂ ਉਹਨਾਂ ਦੇ ਨਾਲ ਪੰਜਵੀਂ ਕੀਚ ਦਾਖਲ ਹੋਇਆ।
ਪਾਲੀ ਨੂੰ ਪੜ੍ਹਨ ਦਾ ਬੜਾ ਸ਼ੌਕ ਸੀ ਪਰ ਸਕੂਲ ਦੂਰ ਹੋਣ ਕਰਕੇ ਉਹਨੂੰ ਘਰ ਵਿਚ ਹੀ ਰਹਿਣਾ ਪਿਆ। ਪਰ ਉਹ ਘਰ ਵਿਚ ਹੀ ਪੜ੍ਹਦੀ ਰਹੀ। ਕਾਪੀਆਂ ਕਿਤਾਬਾਂ ਸਭ ਲੈ ਲਾਈਆਂ। ਮੈਂ ਜੋ ਕੁਝ ਪੜ੍ਹ ਕੇ ਆਉਂਦਾ ਇੰਨ ਬਿੰਨ ਉਹਨੂੰ ਪੜਾ ਲਿਖਾ ਦਿੰਦਾ। ਮੇਰਾ ਮਾਨੋ ਦੋਹਰਾ ਸਕੂਲ ਲਾਗ ਜਾਂਦਾ। ਕਦੀਂ ਕਦੀਂ ਮਖੌਲ ਨਾਲ ਓਹ ਮੈਨੂੰ ਮੁਨਸ਼ੀ ਜਾਂ ਮਾਸਟਰ ਕਹਿ ਦਿੰਦੀ ਤਾਂ ਮੈਂ ਵਿੱਟਰ ਬਹਿੰਦਾ, “ਮੈਥੋਂ ਨਹੀਂ ਪੜ੍ਹਾਈਦਾ,ਮੈਂ ਨਹੀਂ ਪੜ੍ਹਨਾ ਪੜ੍ਹਾਉਣਾ। ”
ਓਹ ਇਕ ਦਮ ਮਿਠੀ ਜੁਬਾਨ ਨਾਲ ਕਹਿੰਦੀ, “ ਅਛਾ ਅਛਾ ਮਾਫ਼ ਕਰੋ ਮਾਸਟਰ ਜੀ, ਹੁਣ ਨੀ ਮੁਨਸ਼ੀ ਮਾਸਟਰ ਕਹਿੰਦੀ। ” ਅਤੇ ਨਾਲ ਹੀ ਸੱਜਾ ਹਥ ਖੱਬੇ ਅਤੇ ਖੱਬਾ ਹਥ ਸੱਜੇ ਕੰਨ ਤੇ ਲੈ ਜਾਂਦੀ ,”ਤੌਬਾ। ”
ਅਤੇ ਇਹ ਅਦਾ ਉਹਦੀ ਮੈਨੂੰ ਬਹੁਤ ਪਿਆਰੀ ਲਗਦੀ। ਕਦੀਂ ਕਦੀਂ ਮੈਂ ਉਹਨੂੰ ਭਾਬੀ ਆਖ ਬਹਿੰਦਾ ਤਾਂ ਉਹ ਏਨੀ ਖਿਝ ਜਾਂਦੀ ਕਿ ਮਿਨਤਾਂ ਕਰਨ ਤੋਂ ਬਿਨਾਂ ਨੱਕ ਲਕੀਰਾਂ ਵੀ ਕੱਢਣੀਆਂ ਪੈਂਦੀਆਂ।
ਸਾਡੇ ਪੈਰ ਅੱਲੜ ਜਵਾਨੀ ਦੇ ਬੂਹੇ ਵਲ ਪੈਰੋ ਪੈਰ, ਪਲੋ ਪਲ ਵਧ ਰਹੇ ਸਨ ਅਤੇ ਆਪਸੀ ਮੋਹ ਪਿਆਰ ਪੈਰੋ ਪੈਰ ਡੂੰਘਾ ਹੋ ਰਿਹਾ ਸੀ।
ਮੈਂ ਪੰਜਵੀਂ ਜਮਾਤ ਪਾਸ ਕੀਤੀ ਅਤੇ ਛੇਵੀਂ ਕੀਚ ਦਾਖਲਾ ਲੈ ਲਿਆ। ਪਰ ਪਾਲੀ ਦਾ ਇਮਤਿਹਾਨ ਮਾਸਟਰ ਸ਼ਾਹ ਸਵਾਰ ਨੇ ਦੋ ਹੋਰ ਕੁੜੀਆਂ ਨਾਲ ਘਰ ਵਿਚ ਹੀ ਲਿਆ। ਹੁਣ ਮੈਂ ਛੇਵੀਂ ਵਿਚ ਹੋ ਕੁਝ ਪੜ੍ਹਦਾ ਘਰ ਆ ਕੇ ਪਾਲੀ ਨੂੰ ਵੀ ਪੜ੍ਹਾਂਦਾ। ਪਾਲੀ ਨੂੰ ਪੜ੍ਹਨ ਦਾ ਸ਼ੌਂਕ ਸੀ ਅਤੇ ਮੈਨੂ ਓਹਨੂੰ ਪੜ੍ਹਾਉਣ ਵਿਚ ਆਨੰਦ ਆਉਂਦਾ ਸੀ। ਛੇਵੀਂ ਦਾ ਤਮਾਹੀ ਅਤੇ ਫੇਰ ਨ੍ਮਾਹੀ ਦਾ ਇਮਤਿਹਾਨ ਮੈਂ ਚੰਗੇ ਨੰਬਰਾਂ ਵਿਚ ਦਿੱਤਾ।
ਇਸ ਵੇਲੇ ਅਸੀਂ ਦੋ ਬੁੱਤ ਇਕ ਰੂਹ ਹੋ ਚੁਕੇ ਸਾਂ ਅਤੇ ਇੱਕ ਦੂਜੇ ਦੇ ਸਾਹੀਂ ਜਿਓੰਦੇ ਸਾਂ ਕਿ ਦੁਖਾਂਤ ਹੋ ਗਿਆ ਜਾਂ ਪੀੜ੍ਹਾਂ ਤੇ ਕਰਬਾੰ ਦਾ ਦੌਰ ਸ਼ੁਰੂ ਹੋ ਗਿਆ।
ਮੈਂ ਚੋਥੇ ਪਹਿਰ ਸਕੂਲੋਂ ਪੜ੍ਹ ਕੇ ਆਇਆ ਗਲੀ ਦੇ ਮੋੜ ਤੇ ਪੰਡਤ ਮਨੋਹਰ ਨੇ ਮੈਨੂੰ ਸੁਨੇਹਾ ਦਿੱਤਾ.”ਪਹਿਲਾਂ ਆਪਣੇ ਘਰ ਜਾਈੰ। ਤੈਨੂੰ ਬੁਲਾਇਆ ਏ। ਕੋਈ ਜਰੂਰੀ ਕਾਮ ਏ। ”
ਮੈ ਘਰ ਗਿਆ। ਮਾਂ ਜੀ ਨੂੰ ਪੁਛਿਆ,”ਤੁਸੀਂ ਬੁਲਾਇਆ ਸੀ। ”
ਮਾਂ ਜੀ ਕੁਝ ਉਦਾਸੇ ਅਤੇ ਗਭੀਰ ਬੈਠੇ ਸਨ। ਉਹਨਾਂ ਦੁਖੀ ਜੇਹੀ ਪੀੜ ਭਾਰੀ ਆਵਾਜ ਵਿਚ ਆਖਿਆ,”ਭਾਬੀ ਕੋਲ ਜਾਹ। ”
ਮੈਂ ਭਾਬੀ ਪ੍ਰੀਤਮ ਕੋਲ ਰਸੋਈ ਵਿਚ ਗਿਆ। ਭਾਬੀ ਕੱਦੂ ਛਿੱਲ ਰਹੀ ਸੀ। ਅਤੇ ਉਦਾਸੀ ਉਹਦੇ ਉੱਤੇ ਵੀ ਭਾਰੁ ਸੀ।
“ਭਾਬੀ ਜੀ ਤੁਸੀਂ ਸੱਦਿਆ? ਕੀ ਕਮ ਸੀ?” ਮੈਂ ਪੁਛਿਆ।
ਉਸ ਛਿੱਲੇ ਹੋਏ ਕੱਦੂ ਦੇ ਲੱਕ ਵਿਚ ਕਰਦ ਰਖਕੇ ਦੋ ਟੁਕ ਕਰਦਿਆਂ ਕਿਹਾ.”ਅੱਜ ਤੋਂ ਤੂੰ ਪਾਲੀ ਹੋਰੀਂ ਦੇ ਘਰ ਨਹੀਂ ਜਾਣਾ, ਬਸ। ”
ਮੇਰਾ ਦਿਲ ਕੱਦੂ ਵਾਂਗ ਦੋ ਟੁਕ ਹੋ ਗਿਆ ਸੀ।
“ਕਿਓਂ?” ਮੈਂ ਹਕ੍ਲਾਂਦੇ ਨੇ ਪੁਛਿਆ।
“ਭਾਬੀ ਨੇ ਕੱਦੂ ਦੇ ਨਿੱਕੇ ਨਿੱਕੇ ਟੋਟੇ ਕਰਦਿਆਂ ਕੇਹਾ,”ਸਾਦ ਉਹਨਾਂ ਦਾ ਰਿਸ਼ਤਾ ਟੁੱਟ ਗਿਆ ਏ। ”
“ ਕਿਵੇਂ ? “ ਮੇਰੇ ਪੈਰਾਂ ਹੇਠਾਂ ਫ਼ਰਸ਼ ਸੜ ਰਿਹਾ ਸੀ। ਅਖਾਂ ਅੱਗੇ ਸੁਰਮਈ ਸਿਆਹੀ ਜਿਹੀ ਫਿਰ ਗਈ ਸੀ।
ਇਹ ਤਾਂ ਰੂਹਾਂ ਦਾ ਰਿਸ਼ਤਾ ਸੀ। ਦਿਲਾਂ ਦੀ ਸਾਂਝ ਸੀ। ਮੈਥੋਂ ਆਪ ਮੁਹਾਰੇ ਆਦਰਨੀਏ ਭਾਬੀ ਅਗੇ ਇਹ ਸ਼ਬਦ ਨਿਕਲੇ.”ਭਾਬੀ ਜੀ, ਇਹ ਰੂਹਾਂ ਦਾ ਰੂਹਾਨੀ ਰਿਸ਼ਤਾ ਕੌਣ ਤੋੜ ਸਕਦਾ ਏ? ” ਅਤੇ ਮੈਂ ਰੋਣ ਹਾਕਾ ਹੋ ਗਿਆ।
ਮੇਰੀ ਵਿਗੜਦੀ ਹਾਲਤ ਵੇਖ ਭਾਬੀ ਨੂੰ ਸ਼ਾਇਦ ਤਰਸ ਆਇਆ ਜਾਂ ਪਿਆਰ, ਉਸਨੇ ਸਬਜੀ ਵਾਲੀ ਥਾਲੀ ਪਰਾਂ ਕਰ ਮੈਨੂ ਗੋਦੀ ਲੈ ਛਾਤੀ ਨਾਲ ਘੁਟ ਲਿਆ। ਉਸਦੀਆਂ ਅੱਖਾਂ ਸਿਮ ਆਈਆਂ ਸਨ। ਉਸ ਨੇ ਮੈਨੂੰ ਚੁਮਿਆ ਪੁਚਕਾਰਿਆ, ਪਲੋਸਿਆ ਤੇ ਕੇਹਾ,”ਪਾਲੀ ਦੀ ਵੱਡੀ ਭੈਣ ਜਸਵੰਤੀ ਆਈ ਸੀ। ਚੰਦਰੀ ਕਿਸੇ ਦੀ ਚੁੱਕੀ ਚੁਕਾਈ ਕਹਿੰਦੀ. “ਮੁੰਡੇ ਤੇ ਕੁੜੀ ਦੀ ਉਮਰ ਦਾ ਫ਼ਰਕ ਏ। ਸਾਨੂੰ ਇਹ ਰਿਸ਼ਤਾ ਮਨਜੂਰ ਨਹੀਂ। ” ਅਤੇ ਸੰਤ ਸੁਭਾ ਪਿਤਾ ਜੀ ਨੇ ਆਖ ਦਿੱਤਾ,”ਜਾਹ ਬੀਬਾ ਰੋ ਨਾ, ਸਾਡੇ ਵੱਲੋਂ ਤੁਸੀਂ ਖ਼ੁਲਾਸ ਓ। ਜਿਥੇ ਮਰਜੀ ਜਾ ਕੇ ਕਰੋ ਰਿਸ਼ਤਾ। ” ਅਤੇ ਫੇਰ ਪਿਤਾ ਜੀ ਦਾ ਫੈਸਲਾ ਤਾਂ ਲੋਹੇ ਤੇ ਲਕੀਰ ਵਾਲੀ ਗਲ ਸੀ। ਹਾਂ ਸੀ ਤਾਂ ਹਾਂ ਅਤੇ ਜੇ ਨਾਂਹ ਹੋ ਗਈ ਤਾਂ ਫੇਰ ਕੋਈ ਨਹੀਂ ਸੀ ਹਾਂ ਕਰਾ ਸਕਦਾ। ”
ਮੈਂ ਖਾਨਦਾਨੀ ਰਵਾਇਤਾਂ ਣਾ ਸਮਝਦੇ ਹੋਏ ਭਾਬੀ ਨੂੰ ਆਖਿਆ,”ਭਾਬੀ ਜੀ ਮੇਰੀ ਤੇ ਪਾਲੀ ਦੀ ਉਮਰ ਇਕੋ ਜਿੰਨੀ ਏ। ਸਾਡਾ ਦੋਹਾਂ ਦਾ ਮੋਹ ਪਿਆਰ ਏ। ਮੈਂ ਹੁਣੇ ਪਾਲੀ ਨੂੰ ਲੈ ਆਉਂਦਾ ਹਾਂ। ਇਹ ਸੰਤੀ ਬਸੰਤੀ ਕੀ ਕਰੇਗੀ?” ਮੈਂ ਪ੍ਰਿਥਵੀ ਰਾਜ ਸੰਜੋਗਤਾ ਦਾ ਕਿੱਸਾ ਪੜ੍ਹਿਆ ਹੋਇਆ ਸੀ।
ਭਾਬੀ ਦਾ ਮੂੰਹ ਹੁਲਾਸਿਆ ਹੋਇਆ ਸੀ। ਪਰ ਉਸ ਤੇ ਮੇਰੇ ਫੱਟ ਤੇ ਮਲਮ ਲਾਣ ਲੈ ਪੀੜ ਭਰਿਆ ਖੇੜਾ ਮੂੰਹ ਲਿਆਂਦਾ ਤੇ ਦਿਲਾਸੇ ਦੇਣੇ ਸ਼ੁਰੂ ਕੀਤੇ,”ਕੋਈ ਰਿਸ਼ਤਿਆਂ ਦਾ ਘਟਾ ਏ, ਇੱਕ ਦਰ ਬੰਦ ਸੌ ਦਰ ਖੁੱਲੇ। ਮਨਚਾਹਿਆ ਰਿਸ਼ਤਾ ਲਵਾਂਗੇ। ਪਾਲੀ ਤੋਂ ਵੀ ਸੋਹਣੀ ਕੁੜੀ ਲੱਭ ਲਾਂਗੇ। ”
ਪਰ ਭਾਬੀ ਦੀ ਕੋਈ ਗਲ ਵੀ ਮੇਰੇ ਸੰਘੋੰ ਲੰਘ ਨਹੀਂ ਸੀ ਰਹੀ। ਮੈਂ ਪਲ ਪਲ ਡੁਬਦੇ ਦਿਲ ਨਾਲ ਸੋਚ ਰਿਹਾ ਸਾਂ ਕੀ ਕੋਈ ਪਾਲੀ ਨਾਲੋਂ ਵੀ ਸੋਹਣੀ, ਸਾਊ, ਮਲੂਕ ਤੇ ਪਿਆਰੀ ਕੁੜੀ ਹੋ ਸਕਦੀ ਏ। ਭਾਵੇਂ ਭਾਬੀ ਨੇ ਬੜੇ ਦਮ ਦਿਲਾਸੇ ਦਿਤ੍ਤੇਪ੍ਰ ਮੇਰੇ ਉਤੇ ਮਾਰੂ ਚੁੱਪ ਦਾ ਸਕਤਾ ਭਾਰੂ ਹੋ ਗਿਆ। ਖਾਣਾ ਪੀਣਾ ਛਡਿਆ। ਸਗੋਂ ਸਕੂਲ ਵੀਏ ਛੁਟ ਗਿਆ। ਮੌਤ ਵਰਗੀ ਮਾਰੂ ਉਦਾਸੀ ਨੇ ਕਸਵੀ ਬੁੱਕਲ ਮਾਰ ਲਈ। ਨਾ ਦਿਲ ਨੂੰ ਚੈਨ ਣਾ ਰਾਤ ਨੂੰ ਨੀਂਦ। ਪਾਲੀ ! ਪਾਲੀ !! ਮੈਨੂੰ ਹਰ ਕਣ ਵਿਚ ਉਹਦਾ ਚਿਹਰਾ ਦਿਸਦਾ।
ਰਾਤੀਂ ਵੱਡੇ ਤਾਇਆ ਜੀ, ਜੋ ਕੋਇਟਾ ਬਲੋਚਿਸਤਾਨ ਰਹਿੰਦੇ ਸਨ ਅਤੇ ਪੂਰੇ ਪਰਿਵਾਰ ਵਿਚ ਮੁਖੀ ਸਨ, ਆਏ ਅਤੇ ਨਿੱਕੇ ਪੱਧਰ ਤੇ ਗੱਲ ਬਾਤ ਛੇੜਨ ਲਈ ਪਿਤਾ ਜੀ ਨੂੰ ਮਨਾਇਆ। ਓਹ ਕੁਝ ਨਰਮ ਵੀ ਹੋਏ ਅਤੇ ਸਵੇਰੇ ਗੱਲ ਤੋਰਨ ਲੈ ਰਾਜੀ ਵੀ ਹੋ ਗਏ। ਪਰ ਸ਼ੈਤਾਨ ਭਾਨੀ ਮਾਰ ਪਿੰਡ ਵਿਚੋਂ ਹੀ ਸਨ। ਓਹਨਾਂ ਸਵੇਰੇ ਹੀ ਪਿਤਾ ਜੀ ਨੂੰ ਇਹ ਆਖ ਕੇ ਵਧਾਈ ਦਿੱਤੀ। “ਸੁਣਿਆ, ਤੁਸੀਂ ਰਿਸ਼ਤਾ ਛੱਡ ਦਿੱਤਾ ਏ। ” ਇਹ ਗੱਲ ਆਖਣ ਵਾਲਾ ਪਿੰਡ ਦਾ ਮੀਸਣਾ ਜਗੀਰਦਾਰ ਸੀ।
ਅਤੇ ਪਿਤਾ ਜੀ ਹੋਰ ਕਰੜੇ ਹੋ ਗਏ। ਅਤੇ ਰਾਤੀਂ ਕੀਤੇ ਫੈਸਲੇ ਨੂੰ ਦੱਬ ਦਿੱਤਾ।
ਇਹ ਸੱਟ ਕਰਾਰੀ ਸੀ ਜੋ ਮੈਨੂ ਲੱਗੀ ਅਤੇ ਮੈਂ ਡੋਰ ਭੌਰਾ ਨੀਮ ਪਾਗਲ ਜੇਹਾ ਹੋ ਗਿਆ।
ਬੌਂਦਲਿਆ ਜਿਹਾ ਮੈਂ ਗਾਲੀ ਮੁਹੱਲੇ ਫਿਰਨ ਲੱਗਾ। ਕੀਤੇ ਪਾਲੀ ਦਿਸੇ। ਇੱਕ ਦਿਨ ਦੋ ਦਿਨ ਅਤੇ ਫੇਰ ਤੀਜੇ ਦਿਨ ਮੈਂ ਰਹਿ ਨਾ ਸਕਿਆ। ਦਿਲ ਤੋਂ ਮਜਬੂਰ ਘਰ ਵਾਲਿਆਂ ਦੇ ਹੁਕਮ ਦੀ ਉਲੰਘਣਾ ਕੀਤੀ ਅਤੇ ਸਿਧਾ ਪਾਲੀ ਦੇ ਘਰ ਨੂੰ ਤੁਰ ਪਿਆ। ਜੋ ਹੋਵੇਗੀ ਵੇਖੀ ਜਾਵੇਗੀ। ਅਤੇ ਮੈਨੂ ਵਿਸ਼ਵਾਸ਼ ਸੀ ਅਤੇ ਪੂਰਾ ਭਰੋਸਾ ਸੀ ਕਿ ਮੈਂ ਪਾਲੀ ਨੂੰ ਆਪਣੇ ਨਾਲ ਘਰ ਲੈ ਆਵਾਂਗਾ। ਅਤੇ ਇਹ ਵੀ ਵਿਸ਼ਵਾਸ਼ ਸੀ ਕਿ ਤਾਇਆ ਜੀ ਤੇ ਵੱਡੀ ਭਰਜਾਈ ਪ੍ਰੀਤਮ ਮੇਰਾ ਸਾਥ ਦੇਣਗੇ, ਮੇਰਾ ਪਖ ਪੂਰਨਗੇ। ਮੈਂ ਪਿਆਰ ਦੇ ਮੰਦਿਰ ਦੇ ਬੂਹੇ ਧੜਕਦੇ ਦਿਲ ਨਾਲ ਪੈਰ ਪਾਇਆ।
ਤਾਈ ਵੇਹੜੇ ਵਿਚ ਉਂਨ ਤੂੰਬਣਾ ਅੱਗੇ ਰਖਕੇ ਬੈਠੀ ਸੀ- ਉਦਾਸ ਕਿਸੇ ਡੂੰਘੀ ਸੋਚ ਵਿਚ ਡੁੱਬੀ। ਤੂੰਬਨੇ ਦੇ ਤੀਖ਼ੇ ਸੂਈਆਂ ਵਿਚ ਇੱਕ ਉਂਨ ਦਾ ਫੰਬਾ ਪਰੋਤਾ ਹੋਇਆ ਸੀ।
“ਤਾਈ, ਪਾਲੀ?” ਮੈਂ ਕਣ ਕਣ ਵਿਚ ਓਹਨੂੰ ਲਭਦਿਆਂ ਪੁਛਿਆ।
ਤਾਈ ਨੇ ਬਿਨਾ ਮੂਹੋਂ ਬੋਲੇ ਮੇਰੇ ਵਲ ਵੇਖਿਆ। ਓਹਦੀਆਂ ਅਖਾਂ ਵਿਚੋਂ ਪਾਣੀ ਪਰਲ ਪਰਲ ਚਲ ਰਿਹਾ ਸੀ।
ਮੈ ਫੇਰ ਪੁਛਿਆ “ਤਾਈ, ਪਾਲੀ?”
ਓਹਦੇ ਹੋਂਠ ਫਰਕੇ ਤੇ ਚਿਬੀ ਜੇਹੀ ਸ਼ਕਲ ਧਰ ਗਏ ਅਤੇ ਓਹ ਫੁੱਟ ਫੁੱਟ ਰੋ ਪਈ ਤੇ ਆਖਿਆ “ਵੇ ਕਰਮਾਂ ਫੁੱਟਿਆ, ਤੂੰ ਕਿਥੇ ਰਿਹਾ? ਤੇਰੀ ਪਾਲੀ ਨੂੰ ਡਾਢੇ ਲੈ ਗਏ ਚੁਕ ਕੇ। ”
ਮੈਂ ਸੁੰਨ ਮੁਸਾਨ ਖਲੋਤਾ ਰਿਹਾ। ਮੇਰੀਆਂ ਲੱਤਾਂ ਕੰਬ ਰਹੀਆਂ ਸਨ। ਜੁੱਸਾ ਡਿਗਣ ਡਿਗਣ ਕਰਦਾ ਸੀ। ਤਾਈ ਦੀਆਂ ਅਖਾਂ ਵਿਚ ਜਿਵੇਂ ਕਾੰਗ ਆ ਗਈ ਹੋਵੇ। ਓਹ ਭੁਬੀੰ ਰੋ ਰਹੀ ਸੀ। ਮੇਰਾ ਦਿਲ ਪੀੜ ਨਾਲ ਪਾਟਣ ਨੂੰ ਸੀ।
ਕੁਝ ਪਾਲ ਰੋਣ ਤੋਂ ਬਾਅਦ ਤਾਈ ਦਾ ਮਨ ਕੁਝ ਹੋਲਾ ਹੋਇਆ। ਉਸ ਪੱਲੇ ਨਾਲ ਅਖਾਂ ਪੂੰਝੀਆਂ ਤੇ ਆਖਿਆ,”ਭੀ ਜਾ ਪੁੱਤਰ, ਮੈਂ ਤੇਨੂੰ ਦੁਖ ਸੁਖ ਦੱਸਾਂ। ਵੇ ਪੁੱਤਰ ਚੰਦਰੀ ਸੰਤੋ ਕਰ ਕਰ ਗਈ। ਜੇ ਤੂੰ ਆਉਂਦਾ ਤੇ ਖੌਰੇ ਇਹ ਅਨਰਥ ਨਾ ਹੁੰਦਾ। ਨਾ ਮੈਂ ਲੁੱਟ ਹੁੰਦੀ ਨਾਂ ਤੂੰ ਲੁੱਟਿਆ ਜਾਂਦਾ, ਨਾਂ ਪਾਲੀ ਦੀਆਂ ਖੁਸ਼ੀਆਂ ਖੁਸਦੀਆਂ। ”
ਮੈਂ ਉਡੇ ਹਵਾਸੀ ਟੁੱਟਾ ਜੇਹਾ ਖਲੋਤਾ ਸਾਂ। ਫੇਰ ਵੀ ਹੌਂਸਲਾ ਕਰ ਕੇ ਤਾਈ ਨੂੰ ਪੁਛਿਆ, “ਇਹ ਸਭ ਕੁਝ ਕਿਓਂ ਤੇ ਕਿਵੇ ਹੋਇਆ?”
ਤਾਈ ਨੇ ਸਿਸਕਦਿਆਂ ਆਖਿਆ, “ਵੇ ਪੁੱਤਰ ਘਰ ਦਾ ਭੇਤੀ ਲੰਕਾ ਢਾਹੇ। ਮੈਂ ਤਾਂ ਮੂਹੋਂ ਨਹੀਂ ਸਾਂ ਕਢਦੀ ਪਰ ਗੱਲ ਖ਼ਪ ਨਹੀ ਰਹੀ ਮੇਰੇ ਅੰਦਰ। ਤੇਰੇ ਚਾਚੇ ਕਿਰਪਾਲ ਨੇ ਤੇ ਚੰਦਰੇ ਜੰਗੀਰਦਾਰ ਨੇ ਰਲ ਕੇ ਮੇਰਾ ਵਸਦਾ ਘਰ ਉਜਾੜਿਆ ਏ। ਕਿਰਪਾਲ ਹੀ ਸੰਤੋ ਨੂੰ ਸਦ ਕੇ ਲਿਆਇਆ। ”
ਮੇਰਾ ਸਿਰ ਚਕਰਾ ਗਿਆ। ਚਾਚਾ ਕਿਰਪਾਲ ਕਿਵੇਂ ਜੰਗੀਰਦਾਰ ਦੇ ਧੜੇ ਚੜ ਗਿਆ? ਓਹ ਤਾਂ ਸਾਡੇ ਮੁਢ ਕਦੀਮੀ ਦੋਖੀ ਸੀ। ਮੈਨੂ ਧੱਕਾ ਜੇਹਾ ਲਗਿਆ ਤੇ ਪੁਛਿਆ, ਪਰ ਪਾਲੀ ਕਿਵੇਂ ਮੰਨ ਕੇ ਚਲੀ ਗਈ ਸੀ? “
ਉਸ ਲੰਮਾ ਹੌਂਕਾ ਭਰ ਕੇ ਕੇਹਾ, “ਵੇ ਪੁੱਤਰ ਓਹਨੂੰ ਚਾਰ ਦਿਨ ਮਿਲਣ ਦੇ ਬਹਾਨੇ ਲੈ ਗਈ ਚੰਦਰੀ। ਇਸ ਸ਼ੁੱਟ ਸ਼ੁਟਾ ਦਾ ਤਾਂ ਵਿਚਾਰੀ ਪਾਲੀ ਨੂੰ ਖੌਰੇ ਅਜੇ ਵੀ ਨਾ ਪਤਾ ਹੋਵੇ। ”
ਮੈਨੂੰ ਤਾਈ ਦੀ ਨੀਯਤ ਤੇ ਸ਼ੱਕ ਹੋਇਆ ਪੁਛਿਆ,” ਤਾਈ ਤੂੰ ਪਾਲੀ ਨੂੰ ਕਿਓਂ ਨਾ ਦੱਸਿਆ?”
“ਡੁੱਬੀ ਤਾਂ ਜੇ ਸਾਹ ਨਾ ਆਇਆ। ਵੇ ਪੁੱਤਰ ਸੰਤੋ ਨੇ ਤਾਂ ਮੈਨੂੰ ਵੀ ਨਾ ਦੱਸਿਆ। ਮੈਨੂੰ ਓਹਦੇ ਜਾਣ ਤੋਂ ਪਿਛੋਂ ਤੁਹਾਡੇ ਘਰੋਂ ਪਤਾ ਲੱਗਾ। ਚੰਦਰੀ ਚੋਰ ਚ੍ਲਾਕੋ ਰਾਨੀਂ ਨਾਹ ਕਰ ਆਈ। ਸਾਕ ਤੋੜ ਆਈ ਤੇ ਸਵੇਰੇ ਕੁੜੀ ਨੂੰ ਲੈ ਉੱਡੀ। ਹਾਏ ਤੱਤੀਏ ਤੂੰ ਮੇਰੇ ਨਾਲ ਗੱਲ ਭੰਨ, ਮੈਂ ਸੱਤ ਜਿੰਦਰੇ ਲਾ ਕੇ ਪਾਲੀ ਨਾਂ ਜਾਣ ਦੇਂਦੀ। ਛਨਾਰੇ, ਕਾਰੇ ਹਥ੍ਹੀਏ ਤੇਰਾ ਕਿਸ ਜੁਗ ਭਲਾ ਹੋਏਗਾ। ” ਤਾਈ ਸੰਤੀ ਨੂੰ ਬਦਅਸੀਸਾਂ ਦੇ ਰਹੀ ਸੀ।
ਤਾਈ ਦਾ ਘਰ ਜਿਹੜਾ ਕਲ ਤਕ ਸਵਰਗ ਧਾਮ ਸੀ ਅੱਜ ਨਰਕ ਲੱਗ ਰਿਹਾ ਸੀ। ਫੁੱਲ ਟੁੱਟ ਗਏ ਸਨ, ਬਾਗ ਉਜੜਿਆ ਪਿਆ ਸੀ। ਕੰਧਾਂ ਸੁੰਨੀਆਂ ਖਾਣ ਨੂੰ ਪੈ ਰਹੀਆਂ ਸਨ। ਮੈਂ ਪੁਛਿਆ, “ਪਰ ਤਾਈ, ਪਾਲੀ ਮੈਨੂੰ ਮਿਲੇ ਬਿਨਾ ਕਿਵੇਂ ਚਲੀ ਗਈ?”
“ਤਵੇ ਪੁੱਤਰ, ਨਿਰੀ ਰਾਤ ਤਕ ਤੈਨੂੰ ਉਡੀਕਦੀ ਰਹੀ। ਉਸ ਰੋਟੀ ਵੀ ਨਾ ਖਾਧੀ। ਸਵੇਰੇ ਓਹ ਜਾਂਦੀ ਨਹੀਂ ਸੀ। ਪਰ ਓਹ ਫੱਫ਼ੇ ਕੁੱਟਣੀ ਲੱਲੇ ਭਬੇ ਮਾਰ ਕੇ ਲੈ ਗਈ। ਆਖੇ ਚਾਰ ਦਿਨਾਂ ਦੀ ਤਾਂ ਗੱਲ ਏ। ਮਿਲ ਮਿਲਾ ਕੇ ਆ ਜਾਈਂ। ਪੁੱਤਰ, ਜੇ ਮੈਨੂੰ ਇਸ ਕਾਰੇ ਦਾ ਪਤਾ ਲਾਗ ਜਾਂਦਾ! ਕਿਤੇ ਤੂੰ ਹੀ ਰਾਤੀਂ ਆ ਜਾਂਦਾ, ਕਰਮਾਂ ਮਾਰਿਆ! ਮੈਨੂ ਭਿਣਕ ਪੈ ਜਾਂਦੀ ! ਪਾਲੀ ਨੂੰ ਪਤਾ ਲਾਗ ਜਾਂਦਾ। ਅਸੀਂ ਸੰਤੋ ਨੂੰ ਬਰੂਹਾਂ ਕਿਥੇ ਟੱਪਣ ਦੇਂਦੀਆਂ। ” ਕਰੋਧ ਨਾਲ ਤਾਈ ਦਾ ਮੂੰਹ ਰੱਤਾ ਹੋ ਗਿਆ ਸੀ।
ਮੈਂ ਗੱਲ ਸੁਣ ਕੇ ਪਛਤਾ ਰਿਹਾ ਸਾਂ ਅਤੇ ਅੰਦਰ ਹੀ ਅੰਦਰ ਆਪਣੇ ਆਪ ਨੂੰ ਕੋਸ ਰਿਹਾ ਸਾਂ ਅਤੇ ਦੋਸ਼ ਬਧ ਕਰ ਰਿਹਾ ਸਾਂ। ਘਰ ਦਿਆਂ ਦਾ ਬੰਧਨ ਜਿਹੜਾ ਮੈਂ ਅਜ ਤੋੜ ਕੇ ਏਸ ਘਰ ਆਇਆ ਸਾਂ ਓਹ ਮੈਨੂੰ ਉਸੇ ਦਿਨ ਤੋੜ ਆਉਣਾ ਚਾਹੀਦਾ ਸੀ। ਮੈਂ ਦਿਲ ਹੀ ਦਿਲ ਅਪਨੇ ਆਪ ਨੂੰ ਫਿਟਕਾਰ ਰਿਹਾ ਸਾਂ, ਲਾਅਨਤਾਂ ਪਾ ਰਿਹਾ ਸਾਂ।
ਸਾਡੇ ਵਿਰੋਧੀ, ਸਾਡੇ ਦੋਖੀ ਲੁਕਵੀਂ ਮਾਰ ਕਰਨ ਜੋਗੇ ਹੀ ਸਨ। ਉਘੜ ਕੇ ਵਾਰ ਕਰਨ ਦੀ ਹਿੰਮਤ ਨਹੀਂ ਸੀ। ਮਾੜੀ ਜੇਹੀ ਗੱਲ ਖਿੱਲਰ ਜਾਂਦੀ ਤਾਂ ਸਾਡੇ ਤਗੜੇ ਸੁਨੇਹੀ ਹਿਮਾਇਤੀਆਂ ਨੇ ਸਭ ਕੁਝ ਨਜਿਠ ਲੈਣਾ ਸੀ। ਮੈਂ ਟੁੱਟੇ ਦਿਲ, ਮਿੰਜੇ ਸਰੀਰ ਤੇ ਥੱਕੇ ਪੈਰੀਂ ਤਾਈ ਦੇ ਉਜੜੇ ਘਰੋਂ ਬਾਹਰ ਆਇਆ।
ਹੁਣ ਸਿਵਾਏ ਪੀੜ ਦੇ ਅਤੇ ਦਿਲ ਜਲਾਣ ਦੇ ਹੋਰ ਪੱਲੇ ਕੁਝ ਨਹੀਂ ਸੀ। ਸਕੂਲ ਛੁੱਟ ਗਿਆ, ਹਾਸੇ ਮੁੱਕ ਸੁੱਕ ਗਏ, ਖੇਡਾਂ ਛੁੱਟ ਗਾਈਆਂ। ਪੜ੍ਹਾਈ ਕੀ ਹੋਣੀ ਸੀ? ਧਿਆਨ ਕਿਸੇ ਪਾਸੇ ਸੁਰਤੀ ਕਿਸੇ ਪਾਸੇ। ਕੁਝ ਅਜੀਬ ਜੇਹੀ ਦਸ਼ਾ ਹੋ ਗਈ- ਪਾਗਲ ਪਾਗਲ, ਰੁੱਖੀ ਸੁੱਖੀ, ਬੌਂਦਲੀ ਜੇਹੀ ਤੇ ਘੋਰ ਉਦਾਸੀ।
ਮਾਸਟਰ ਨੇ ਮੋਢਾ ਫੜ ਕੇ ਝੰਜੋੜਿਆ . “ਤੂੰ ਸੁੱਤਾ ਪਿਆ ਏਂ? ਕੀ ਲਿਖ ਰਿਹਾ ਏਂ? ਇਹ ਕਾਪੀ ਨਹੀਂ ਕਿਤਾਬ ਏ। ਤੂੰ ਕਿਤਾਬ ਤੇ ਯਮਲਾ ਲਿਖ ਦਿੱਤਾ। ਤੇਰੀ ਸੁਰਤੀ ਕਿਥੇ ਹੈ? ਸਾਰੀ ਫੱਟੀ ਤੇ ਪਾਲੀ ਪਾਲੀ ! ਸਾਰੀ ਕਿਤਾਬ ਤੇ ਪਾਲੀ ਪਾਲੀ ! ਇਹ ਕੀ ਲਿਖਿਆ?”
ਮਾਸਟਰ ਦੀ ਸੋਟੀ ਹਥ ਤੇ ਨਿਸ਼ਾਨ ਪਾ ਗਈ ਪਰ ਆਖੋੰ ਅਥਰੂ ਨਾ ਕਢਾ ਸਕੀ। ਨਾਂ ਦਿਲ ਦੀ ਪੀੜ ਮਿਟਾ ਸਕੀ ਨਾਂ ਕੋਈ ਅਖਰ ਅੱਗੇ ਸਿਖਾ ਸਕੀ ਅਤੇ ਮੈਨੂੰ ਸਕੂਲ ਛਡਣਾ ਪਿਆ। ਅਤੇ ਮੇਰੀ ਜਿੰਦਗੀ ਵਿਚ ਇਹ ਦੋਹਰੀ ਸੱਟ ਵੱਜੀ। ਘਰ ਵਾਲੇ ਵੀ ਤੇ ਸਕੂਲ ਮਾਸਟਰ ਵੀ ਹੈਰਾਨ ਸਨ। “ਮੁੰਡਾ ਪੜ੍ਹਨ ਵਿਚ ਹੋਸ਼ਿਆਰ ਸੀ, ਏਹਨੂੰ ਹੋ ਕੀ ਗਿਆ?”
ਮਾਸਟਰ ਅਤੇ ਘਰ ਵਾਲਿਆਂ ਦੇ ਪੂਰੇ ਜਤਨ ਵੀ ਮੈਨੂੰ ਮੇਰੀ ਸੁਰਤੀ ਨੂੰ ਸਕੂਲ ਨਾਲ ਜੋੜ ਨਾ ਸਕੇ। ਇੱਕੋ ਤਾਂਘ ਸੀ : ਪਾਲੀ ਪਾਲੀ ਬਸ ਪਾਲੀ।
ਅਤੇ ਇੱਕ ਦਿਨ ਤਾਈ ਨੇ ਮੈਂਨੂੰ ਆਪਣੇ ਘਰ ਸਦਿਆ, “ਵੇ ਪੁੱਤਰ, ਤੂੰ ਕਿਓਂ ਮੂਹ ਮੋੜ ਲਿਆ ? ਮੈਂ ਤੇਰੀ ਪੀੜ੍ਹ ਸਮਝਦੀ ਆਂ। ਪਰ ਮੇਰਾ ਤਾਂ ਏਹਦੇ ਵਿਚ ਕੋਈ ਕਸੂਰ, ਕੋਈ ਦੋਸ਼ ਨਹੀਂ, ਕੋਈ ਗੁਨਾਹ ਨਹੀਂ। ”
ਗੱਲ ਤਾਈ ਦੀ ਠੀਕ ਸੀ ਅਤੇ ਸਾਡੇ ਘਰ ਵਾਲੇ ਵੀ ਤਾਈ ਦਾ ਉਸੇ ਤਰਾਂ ਆਦਰ ਕਰਦੇ ਸਨ, ਸਹਾਇਤਾ ਕਰਦੇ ਸਨ। ਬਿਨਾ ਮੱਥੇ ਵੱਟ ਪਾਏ।
ਪਰ ਕਈ ਸਾਡੇ ਹਿਮਾਇਤੀ ਬਾਈਕਾਟ ਤੇ ਅੜੇ ਹੋਏ ਸਨ। ਪਤਾ ਨਹੀਂ ਅੰਦਰ ਹੀ ਅੰਦਰ ਕੀ ਕੀ ਮਤੇ ਪਕਾਂਦੇ ਰਹੇ।
ਅਖੀਰ ਵਿਆਹ ਦਾ ਦਿਨ ਆਇਆ। ਚੌਥੇ ਪਹਿਰ ਬਰਾਤ ਪਿੰਡ ਵੜੀ। ਵਾਜੇ ਗਾਜੇ, ਢੋਲ ਢਮੱਕੇ, ਆਤਿਸ਼ਬਾਜੀ – ਬੜੀ ਸੋਹਣੀ ਛਾਬ ਸੀ ਬਰਾਤ ਦੀ। ਬਰਾਤ ਵੀ ਵਾਹਵਾ ਸੀ ਕੁਲ ਲਾਗੀ ਜੰਝੀ ਮਾੰਝੀ ਪਾ ਕੇ ਕੋਈ ਸੱਠ ਪੈਂਹਠ ਬੰਦੇ। ਬਰਾਤ ਤਾਂਗਿਆਂ ਅਤੇ ਘੋੜਿਆਂ ਤੇ ਆਈ ਸੀ। ਬਰਾਤ ਦਾ ਉਤਾਰਾ ਗੁਰਦੁਆਰੇ ਦੇ ਸਾਹਮਣੇ ਜੰਗੀਰਦਾਰਾਂ ਦੀ ਵੱਡੀ ਬੈਠਕ ਵਿਚ ਸੀ। ਪਾਲੀ ਨੂੰ ਵਿਆਉਣ ਆਏ ਬੰਦੇ ਚੰਗੇ ਰੱਜੇ ਪੁੱਜੇ ਸਨ ਅਤੇ ਉਨ੍ਹਾਂ ਜਾਹੋ ਜਲਾਲ ਦੀ ਕੋਈ ਕਸਰ ਨਹੀਂ ਸੀ ਛੱਡੀ।
ਪਿੰਡ ਦੇ ਕਈ ਬੰਦੇ ਅੰਦਰ ਹੀ ਅੰਦਰ ਵੱਟ ਖਾ ਰਹੇ ਸਨ। ਸਗੋਂ ਦੰਦ ਪੀ ਰਹੇ ਸਨ ਕਾਫੀ ਔਖੇ ਸਨ। ਉਹਨਾਂ ਦਾ ਵਿਚਾਰ ਸੀ ਕਿ ਜੰਗੀਰਦਾਰਾਂ ਇਥੇ ਵਿਆਹ ਰਚਾ ਕੇ ਬਰਾਤ ਮੰਗਾ ਕੇ ਸਾਰੇ ਪਿੰਡ ਦੀ ਛਾਤੀ ਉੱਤੇ ਮੂੰਗ ਦਲੀ ਏ।
ਰਾਤ ਹੋਈ, ਰੋਟੀ ਦਾ ਵੇਲਾ ਹੋਇਆ। ਬਰਾਤ ਤਾਈ ਦੇ ਘਰ ਵਲ ਰੋਟੀ ਖਾਨ ਲਈ ਤੁਰੀ- ਪੂਰੇ ਜਾਹੋ ਜਲਾਲ ਨਾਲ ਸਜ ਸੰਵਰ ਕੇ। ਬੈੰਡ ਬਾਜੇ, ਆਤਿਸ਼ਬਾਜੀ ਚੱਲੀ ਹਵਾਈਆਂ ਕੜਕਾਂ ਚੱਕਰ ਚਲੇ ਬੁਰਜ ਚੜੇ।
ਲਾਗੀਆਂ ਦੇ ਸਿਰਾਂ ਉੱਤੇ ਚੁੱਕੇ ਗੈਸਾਂ ਨੇ ਸਾਰਾ ਰਾਹ ਰੁਸ਼ਨਾ ਦਿੱਤਾ। ਬਰਾਤੀਆਂ ਦੇ ਪੈਂਦੇ ਭੰਗੜੇ ਵਿਚ ਮੁਸੱਲੀਆਂ ਦਿਆਂ ਮੁੰਡਿਆਂ ਕੁਝ ਖਰੂਦ ਕੀਤਾ ਕਿ ਜਗੀਰਦਾਰਾਂ ਦੇ ਕਾਕੇ ਬਿਫਰ ਗਏ। ਬਸ ਫੇਰ ਕੀ ਸੀ। ਦੋਹੀਂ ਪਾਸੀਂ ਖਿਚਾ ਹੋ ਗਿਆ। ਮੁਸੱਲੀਆਂ ਦੇ ਮੁੰਡੇ ਨੂੰ ਦੋ ਚਪੇੜਾਂ ਲਗੀਆਂ ਕਿ ਲਾਲਾ-ਲਾਲਾ ਹੋ ਗਈ। ਗੈਸ ਗੁਲ ਹੋ ਗਏ। ਹਾਫਲੀ ਜੇਹੀ ਬਰਾਤ ਚਖ਼ੁਰਿਆਂ ਭੱਜੀ ਤੇ ਪਿਛਾਂ ਉਤਾਰੇ ਵਾਲੀ ਥਾਂ ਤੇ ਆ ਗਈ। ਕਿਓਕਿ ਸਾਡੇ ਨਿਕਟ ਹਮਾਇਤੀ ਚੱਠਿਆਂ ਨੇ ਕੋਠੇ ਚੜ੍ਹ ਲਲਕਾਰਾ ਮਾਰਿਆ ਸੀ, “ ਖਬਰਦਾਰ ਕਿਸੇ ਵਾਜ ਕਢੀ, ਸਥਰ ਲਾਹ ਦਿਆਂਗੇ। ਲੜਕੀ ਪਿੰਡ ਦੀ ਮੰਗੇਤਰ ਏ , ਪਿੰਡ ਵਿਚ ਹੀ ਰਹੇਗੀ। ਪਿੰਡੋਂ ਡੋਲੀ ਨਹੀਂ ਨਿਕਲਣ ਦਿਆਂਗੇ। ”
ਹਰ ਪਾਸੇ ਮੌਤ ਵਰਗੀ ਚੁਪ ਛਾ ਗਈ। ਝਿਲਮਿਲਾਂਦੇ ਗੈਸਾਂ ਦੀ ਰੌਸ਼ਨੀ ਬੁਝ ਗਈ, ਵਾਜੇ ਬੰਦ ਹੋ ਗਏ। ਵਿਆਹ ਵਾਲੇ ਘਰ ਖੜਕਦੇ ਭਾਂਡੇ ਦੜ ਵੱਟ ਗਏ। ਸਾਰੇ ਪਿੰਡ ਤੇ ਸੁੰਨ ਮਸੁੰਨ ਛਾ ਗਈ, ਇੱਕ ਸਹਿਮ ਜਿਹਾ ਛਾ ਗਿਆ। ਕਈ ਲੋਕ ਦਬੇ ਪੈਰੀਂ ਇਧਰ ਉਧਰ ਭਜ ਰਹੇ ਸਨ। ਕਈ ਕੰਨਾਂ ਬਾਟੀੰ ਗੱਲਾਂ ਕਰ ਰਹੇ ਸਨ। “ਹੁਣ ਕੀ ਬਣੇਗਾ ? ਕੀ ਹੋਵੇਗਾ ? “
ਜੰਗੀਰਦਾਰਾਂ ਦੇ ਕਾਕਿਆਂ ਨੂੰ ਕਾਂਬਾ ਛਿੜ ਗਿਆ। ਥੜੇ ਥਾਣੇ ਅਤੇ ਗਾਂਡਵੀਂਆਂ ਧਾੜਾਂ ਨੇ ਕੁਝ ਨਹੀਂ ਸੀ ਕਰਨਾ। ਨਿੱਕੇ ਮੋਟੇ ਤਜਰਬੇ ਤਾਂ ਓਹ ਪਹਿਲਾਂ ਵੀ ਕਈ ਕਰ ਚੁੱਕੇ ਸਨ। ਪਿੰਡ ਵਿਚ ਇੱਕ ਖੂਨੀ ਲੜਾਈ ਦਾ ਮੁੱਢ ਬੱਝ ਗਿਆ ਸੀ।
ਚੱਠੇ ਚੌਧਰੀਆਂ ਨੇ ਇਕੱਠ ਕਰ ਫੈਸਲਾ ਲੈ ਕੇ ਉਚੀ ਸੁਰ ਵਿਚ ਸੁਨੇਹਾ ਦੇ ਦਿੱਤਾ ਸੀ, “ ਡੋਲੀ ਸਾਡੀਆਂ ਲਾਸ਼ਾਂ ਤੋਂ ਲੰਘ ਕੇ ਹੀ ਲਜਾਣੀ ਪਵੇਗੀ। ” ਨਾਲ ਹੀ ਪਿੰਡ ਦੇ ਚੁਫੇਰੇ ਠੀਕਰੀ ਪਹਿਰਾ ਬਿਠਾ ਦਿੱਤਾ ਸੀ। ਹਰ ਕੋਈ ਆਪਣਾ ਹਥਿਆਰ ਡਾਂਗ, ਸੋਟਾ, ਛਵੀ, ਭਾਲਾ ਲੈ ਲੜਾਈ ਲਈ ਮੰਡਾਸਾ ਬਨ ਖਲੋਤਾ ਸੀ।
ਮੁਹੰਮਦ ਹੁਸੈਨ ਚੌਧਰੀ ਨੇ ਸਭ ਨੂੰ ਪੱਕਾ ਕੀਤਾ ,”ਚੁਪ ਚਾਪ ਠੀਕਰੀ ਤੋਰੀ ਚਲੋ, ਮੂਹੋਂ ਅਵਾਜਾਂ ਨਾ ਕਢੋ ਅਤੇ ਚੌਕਸ ਰਹੋ। ਕੋਈ ਜੰਝੀ ਕੋਈ ਮੇਲੀ ਜਾਨ ਕੋਈ ਦੂਜੇ ਧੜੇ ਦਾ ਮੈਬਰ ਬੰਦਾ ਪਿੰਡੋਂ ਬਾਹਰ ਨਾ ਨਿਕਲ ਜਾਵੇ। ”
ਪਿੰਡ ਦੀ ਪੂਰੀ ਤਰਾਂ ਨਾਕਾਬੰਦੀ ਹੋ ਗਈ ਸੀ। ਹਰ ਗਲੀ ਦੇ ਨਾਕੇ ਤੇ ਪੰਜ-ਪੰਜ ਸੱਤ-ਸੱਤ ਗਭਰੂ ਹਥਿਆਰ ਲੈ ਬੈਠੇ ਸਨ।
ਚੌਧਰੀ ਮੁਹੰਮਦ ਹੁੱਸੈਨ ਦਾ ਵੱਡਾ ਭਰਾ ਚੌਧਰੀ ਰਹਿਮਤ ਖਾਂ ਸੱਥ ਵਿਚ ਮੰਜਾ ਡਾਹੀ ਬੈਠਾ ਸੀ ਜਿਥੋਂ ਠੀਕਰੀ ਪਾਹਿਰਾ ਚਲਦੀ ਸੀ।
ਇਧਰ ਖੁਸ਼ੀ ਵਿਚ ਆਏ ਬਰਾਤੀ ਤੇ ਮੇਲੀ ਸਹਿਮੇ ਬੈਠੇ ਸਨ ਉਧਰ ਪੱਕੇ ਪਾਲਾਓ ਤੇ ਸਬਜੀਆਂ ਠਰ ਰਹੀਆਂ ਸਨ। ਕਾਕਿਆਂ ਕੋਲ ਗਿਣੇ ਚੁਣੇ ਗਮਾਸਤੇ ਘਾਬਰੇ ਹੋਏ ਸਕੀਮਾਂ ਲਦਾ ਰਹੇ ਸਨ।
ਪੂਰੇ ਪਿੰਡ ਉੱਤੇ ਹਨੇਰਾ ਅਤੇ ਚੁਪ ਦਾ ਪੂਰਾ ਦਬਾ ਸੀ। ਕੀ ਬਣੇਗਾ? ਕੀ ਹੋਵੇਗਾ ? ਕੀ ਹੋ ਜਾਂਦਾ ?
ਕਿ ਜੰਗੀਰਦਾਰਾਂ ਨੂੰ ਔੜ ਗਈ। ਓਹਨਾਂ ਪੰਚਾਇਤ ਬਣਾ, ਹਨੇਰੇ ਤੇ ਸੁੰਨੀ ਗਲੀ ਦਾ ਫਾਇਦਾ ਉਠਾਇਆ ਅਤੇ ਪੋਲੇ ਪੈਰੀਂ ਅੰਦਰੋ ਹੀ ਅੰਦਰ ਸਾਡੇ ਘਰ ਆ ਬੂਹਾ ਖੜਕਾਇਆ। ਇਸ ਪੰਚਾਇਤ ਵਿਚ ਦੋਵੇਂ ਜੰਗੀਰਦਾਰ ਸਾਡੇ ਪੁਰਾਣੇ ਦੁਸ਼ਮਨ, ਸਾਡੇ ਦੋਸ਼ੀ, ਕੁਝ ਗੁਮਾਸ਼੍ਤੇ, ਕੁਝ ਉਹਨਾਂ ਦੇ ਚਮਚੇ, ਇਕ ਦੋ ਮੇਲੀ ਅਤੇ ਪਾਲੀ ਦਾ ਭਨੂਜਾ ਜਗਤ ਸਿੰਘ ਸੀ। ਸਾਡੇ ਬਜੁਰਗ ਤਾਇਆ ਜੀ ਨੇ ਉਹਨਾਂ ਨੂੰ ਬੈਠਣ ਲਈ ਆਖਿਆ ਪਰ ਉਹ ਖਲੋਤੇ ਰਹੇ।
“ਪਿੰਡ ਦੀ ਇਜਤ ਮਿੱਟੀ ਵਿਚ ਨਾ ਮਿਲ ਜਾਏ। ਕਿਵੇਂ ਇਸ ਹੋਣੀ ਨੂੰ ਟਾਲੋ। ”ਪਰਹ ਦੇ ਮੋਢੀ ਜਾਗੀਰਦਰ ਨੇ ਹਥ ਜੋੜ ਤਰਲਾ ਮਾਰਿਆ।
ਵਿਚੋਂ ਹੀ ਕਿਸੇ ਨੇ ਤਰਲੇ ਭਰੀ ਪਰ ਮਰੀ ਜੇਹੀ ਅਵਾਜ ਵਿਚ ਆਖਿਆ ,”ਜੇ ਕੋਈ ਨੀਵਾਂ ਹੋ ਘਰ ਚਲ ਕੇ ਆ ਜਾਏ ਤਾਂ ਸਮਝੋ ਮਨ ਮਿੱਧ ਕੇ ਮਰ ਕੇ ਹੀ ਆਉਂਦਾ ਏ। ਲਾਜੋ ਰਖੋ, ਆਈ ਪਰਹ ਨਾ ਧੱਕੋ। ”
ਫਿਰ ਹਰ ਕੋਈ ਆਪਣੀ ਆਪਣੀ ਬੋਲੀ ਵਿਚ ਤਰਲਾ ਮਾਰਨ ਲੱਗਾ। ਜਗਤ ਸਿੰਘ ਦੀਆਂ ਨਿਕੀਆਂ ਚੁੰਨੀਆਂ ਅਖਾਂ ਵਿਚੋਂ ਪਾਣੀ ਚਲ ਰਿਹਾ ਸੀ।
ਤਾਇਆ ਜੀ ਨੇ ਘਰ ਆਏ ਵਿਰੋਧੀਆਂ ਨੂੰ ਆਦਰ ਨਾਲ ਬੈਠ ਜਾਣ ਲਈ ਆਖਿਆ। ਸਾਰੇ ਜਕੜੇ ਜਕੜੇ ਬੈਠ ਗਏ।
“ਹਾਂ ਦੱਸੋ, ਅਸੀਂ ਤੁਹਾਡੀ ਕਿਵਾਂ ਤੇ ਕੀ ਮਦਦ ਕਰ ਸਕਦੇ ਹਾਂ?” ਤਾਇਆ ਜੀ ਨੇ ਪੁਛਿਆ।
ਜਾਗੀਰਦਾਰ ਨੇ ਲਿਲਕੜੀ ਲੈਂਦਿਆਂ ਆਖਿਆ, “ਲਾਲਾ ਜੀ (ਸਾਰੇ ਪਿੰਡ ਦੇ ਲੋਕ ਤਾਇਆ ਜੀ ਨੂੰ ਲਾਲਾ ਜੀ ਕਹਿੰਦੇ ਸਨ ) ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਡੋਲੀ ਉਠ ਜਾਣ ਦਿਓ ”
ਤਾਇਆ ਜੀ ਨੇ ਟੋਕ ਕੇ ਆਖਿਆ, “ਸਰਦਾਰਾ, ਪੁੱਤਰ ਵੀ ਸਭ ਦੇ ਸਾਂਝੇ ਹੁੰਦੇ ਨੇ, ਪਰ ਅਸਾਂ ਪੁੱਤਰ ਵਿਆਹ ਲਿਆ ਏ। ਅਤੇ ਸਾਡੇ ਇਸ ਵਿਚ ਕੋਈ ਹੱਥ ਨਹੀਂ। ਅਸਾਂ ਕੁਝ ਕਰਨਾ ਹੁੰਦਾ ਤਾਂ ਤੁਹਾਡੀ ਬਰਾਤ ਢੁੱਕਣ ਤੋਂ ਪਹਿਲਾਂ ਹੀ ਕਰ ਦੇਂਦੇ। ਨਾਲੇ ਚਿੱਟੇ ਦਿਨ ਕਰਦੇ। ਜਾਓ ਸਾਡੇ ਵੱਲੋਂ ਤੁਹਾਨੂੰ ਖੁੱਲਾਂ ਨੇ। ਸਾਡਾ ਰਿਸ਼ਤਾ ਤੁਸਾਂ ਛੱਡ ਕੇ ਘਟੋ ਘੱਟ ਵਿਆਹ ਸਾਨੂੰ ਨੀਵਾ ਵਿਖਾਉਣ ਲਈ ਨਹੀਂ ਸੀ ਰੱਖਣਾ। ਅਸਾਂ ਮੁੰਡਾ ਵਿਆਹ ਲਿਆ ਏ , ਨਾਂ ਵਿਆਹੁੰਦੇ ਫੇਰ ਸਭ ਕੁਝ ਕਰਦੇ। ਹੁਣ ਸਾਡੇ ਵੱਲੋਂ ਤੁਹਾਨੂੰ ਖੁੱਲਾਂ ਨੇ, ਸਾਡਾ ਕੋਈ ਵਿਘਨ ਪਾਣ ਦਾ ਇਰਾਦਾ ਨਹੀਂ। ”
ਫਿਰ ਤਰਲੇ ਮਿਨਤਾਂ, ਗਲਤੀ ਦਾ ਪਛਤਾਵਾ, ਮਾਫ਼ੀ। “ਜਿਵੇਂ ਕਿਵੇਂ ਪਿੰਡ ਦਵਾਲਿਓਂ ਘੇਰਾ ਚੁੱਕੋ ”
ਤਾਇਆ ਜੀ ਨੇ ਹੌਸਲਾ ਦਿੱਤਾ ਤੇ ਚਾਚਾ ਜੀ ਨੂੰ ਪਹਿਰੇ ਲਾਈ ਬੈਠੇ ਚੌਧਰੀ ਮੁਹੰਮਦ ਹੁੱਸੈਨ, ਰਹਿਮਤ ਖਾਂ ਕੋਲ ਭੇਜਿਆ ਅਤੇ ਪਹਿਰਾ ਚੁੱਕਣ ਲਈ ਕਿਹਾ।
ਪਰ ਓਹ ਅੜੇ ਰਹੇ, “ਨਹੀਂ ਪਿੰਡ ਦੀ ਮੰਗ ਪਿੰਡ ਵਿਚ ਹੀ ਰਹੇਗੀ। ਡੋਲੀ ਕਿਸੇ ਹਾਲਤ ਵਿਚ ਨਹੀਂ ਉਠਣ ਦਿਆਂਗੇ। ਡੋਲੀ ਸਡੀਆਂ ਲਾਸ਼ਾਂ ਤੋਂ ਹੀ ਲਿਜਾਣੀ ਪਵੇਗੀ। ”
ਰਾਤ ਅੱਧੀ ਹੋ ਗਈ ਸੀ ਅਤੇ ਦੜਿਆ ਹੋਇਆ ਪਿੰਡ ਸਿੱਸਕ ਰਿਹਾ ਸੀ। ਕੀ ਬਣੇਗਾ ? ਸਭ ਥਾਓ ਥਾਏਂ ਸੋਚ ਰਹੇ ਸਨ।
ਫਿਰ ਤਾਇਆ ਜੀ ਨੇ ਸਾਰੀਆਂ ਨੂੰ ਘਰ ਬੈਠਣ ਲਈ ਕਿਹਾ,” ਬੈਠੋ, ਮੈਂ ਜਾਂਦਾ ਹਾਂ। “ ਅਤੇ ਓਹ ਸੱਥ ਵਿੱਚ ਗਏ , ਜਿਥੇ ਪਿੰਡ ਨੂੰ ਘੇਰੇ ਦੇ ਮੁਖੀ ਬੈਠੇ ਸਨ। ਤਾਇਆ ਜੀ ਦਾ ਸਾਰੇ ਲੋਕ ਬੜਾ ਆਦਰ ਅਤੇ ਸਤਿਕਾਰ ਕਰਦੇ ਸਨ। ਉਹਨਾਂ ਦੋਹਾਂ ਆਗੂਆਂ ਮੁਹੰਮਦ ਤੇ ਰਹਿਮਤ ਖਾਂ ਨੂੰ ਟਾਲਾ ਕਰਨ ਲਈ ਆਖਿਆ ਤਾਂ ਮੁਹੰਮਦ ਹੁੱਸੈਨ ਨੇ ਕਿਹਾ, “ ਲਾਲਾ ਜੀ, ਅਸਾਂ ਸਦਾ ਅਣਖ ਲਈ ਲੜੇ ਹਾਂ। ਹੁਣ ਪੱਗ ਨੂੰ ਦਾਗ ਕਿਵੇ ਲਵਾਈਏ?”
ਤਾਇਆ ਜੀ ਨੇ ਕਿਹਾ.”ਮੁਹੰਮਦ ਹੁੱਸੈਨ, ਦੁਖ ਤੇ ਗੁੱਸਾ ਤਾਂ ਸਾਨੂੰ ਵੀ ਏ। ਤੁਸੀਂ ਮਰਨ ਮਾਰਨ ਤੇ ਸਾਡੇ ਲਈ ਉਤਰੇ ਓ। ਮੂਰਖਾਂ ਨੇ ਮੂਰਖਪੁਣਾ ਕੀਤਾ ਏ। ਵਿਆਹ ਵੀ ਕਿਤੇ ਉਧਰ ਹੀ ਕਰ ਲੈਂਦੇ। ਪਰ ਓਹ ਕੁੜੀ ਵਿਚਾਰੀ ਦਾ ਕੀ ਦੋਸ਼ ਏ? ਘਟੋ ਘਟ ਹੁਣ ਉਹਦੀ ਇੱਜ਼ਤ ਵਲ ਵੇਖੋ। ”
ਚੌਧਰੀ ਮੁਹੰਮਦ ਹੁੱਸੈਨ ਨੇ ਕਿਹਾ, “ਲਾਲਾ, ਉਸ ਕੁੜੀ ਦੀ ਇੱਜ਼ਤ ਵਾਸਤੇ ਹੀ ਤਾਂ ਕਰ ਰਹੇ ਆਂ। ਜਿੰਨੀ ਇੱਜਤ ਉਸ ਕੁੜੀ ਨੂੰ ਲਾਲਾ ਤੁਹਾਡੇ ਘਰ ਮਿਲ ਸਕਦੀ ਏ ਹੋਰ ਕਿਤੇ ਨਹੀਂ। ”
“ਪਰ ਮੁਹੰਮਦ ਹੁੱਸੈਨ, ਅਸਾਂ ਤਾਂ ਆਪਣਾ ਮੁੰਡਾ ਪਹਿਲਾਂ ਹੀ ਵਿਆਹ ਲਿਆ ਏ। ” ਤਾਇਆ ਜੀ ਨੇ ਸਮਝਾਂਦਿਆਂ ਕਿਹਾ।
ਮੁਹੰਮਦ ਹੁੱਸੈਨ ਨੇ ਟੋਕਦਿਆਂ ਕਿਹਾ, “ਹਾਂ ਲਾਲਾ ਮੈਂ ਜਾਣਦਾਂ ਮੁੰਡਾ ਵਿਆਹ ਲਿਆ ਏ ਅਤੇ ਇਹ ਵੀ ਜਾਣਦਾਂ ਮੁੰਡਾ ਛੋਟਾ ਹੋਰ ਵੀ ਹੈ। ਲਾਲਾ, ਇਹਨਾਂ ਦੁਸ਼ਮਨਾਂ ਸਾਡੇ ਕਦੇ ਵੀ ਕਿਸੇ ਗੱਲੋਂ ਲਿਹਾਜ ਨਹੀਂ ਕੀਤਾ ਅਤੇ ਕਰਨਾ ਅਸਾਂ ਵੀ ਨਹੀਂ। ਰਹੀ ਗੱਲ ਕੁੜੀ ਦੀ। ਤਾਂ…….. ਤਾਂ ਸਵਾਣੀਆਂ (ਜਨਾਨੀਆਂ) ਤੋਂ ਪੁਛੋ। ਉਹ ਉਧਰ ਨਹੀਂ ਇਧਰ ਤੁਹਾਡੇ ਘਰ ਆਉਣਾ ਪਸੰਦ ਕਰਦੀ ਏ। ਤੁਸੀਂ ਕਰੋ ਤਿਆਰੀ, ਕੁੜੀ ਅਸੀਂ ਲਿਆਵਾਂਗੇ। ਡੋਲੀ ਤੁਹਾਡੇ ਘਰ ਆਵੇਗੀ। ਨੂਹ ਤੁਹਾਡੇ ਘਰ ਆਵੇਗੀ। ”
ਅਤੇ ਰਾਤ ਦਾ ਤੀਜਾ ਪਹਿਰ ਮੁੱਕਣ ਤਕ ਇਹ ਬਹਿਸ ਚਲਦੀ ਰਹੀ। ਆਖਰ ਅੱਕ ਕੇ ਤਾਇਆ ਜੀ ਨੇ ਕਿਹਾ. “ਮੁਹੰਮਦ ਹੁੱਸੈਨ, ਜੇ ਤੁਸਾਂ ਆਪਦੀ ਜਿਦ ਨਹੀ ਛਡਨੀ ਤਾਂ ਸੁਣੋ, “ਮੈਂ ਕੋਲ ਬਹਿ ਕੇ ਉਹਨਾਂ ਦੇ ਫੇਰੇ ਕਰਾਵਾਂਗਾ, ਡੋਲੀ ਦੇ ਨਾਲ ਤੁਰਾਂਗਾ ਅਤੇ ਦਰਿਆ ਪਾਰ ਕਰਾ ਕੇ ਮੁੜਾਂਗਾ। ”
ਦੋਵੇ ਚੌਧਰੀ ਢਿੱਲੇ ਪੈ ਗਏ ਪਰ ਉਹਨਾਂ ਕੁਝ ਸ਼ਰਤਾਂ ਨਾਲ ਘੇਰਾ ਚੁੱਕਣਾ ਮੰਨਿਆ। ਸ਼ਰਤਾਂ ਸਨ : ਧੂਮ ਧੜਕਾ ਕੋਈ ਨਾ ਹੋਵੇ , ਢੋਲ ਢਮੱਕਾ, ਵਾਜਾ ਗਾਜਾ ਕੋਈ ਨਾ ਵੱਜੇ।
ਫਿਰ ਪਹਿਰ ਦੇ ਤੜਕੇ ਮਾੜੀ ਜੇਹੀ ਪ੍ਰਭਾਤੀ ਦੀ ਅਵਾਜ ਨਿਕਲੀ। ਬਰਾਤੀਆਂ ਤੇ ਮੇਲੀਆਂ ਦੇ ਅਟਕੇ ਸਾਹ ਸਰਕੇ। ਫੇਰ ਸੀਤ ਹੋਏ ਖਾਣਿਆਂ ਦੇ ਦੇਗਚੇ ਚੁੱਲੇ ਚੜ੍ਹੇ। ਭਠੀਆਂ ਵਿਚ ਅੱਗ ਮਘ ਪਈ। ਬੁਝੇ ਗੈਸ ਬਲੇ। ਬੁਝੇ ਬੁਝੇ ਬਰਾਤੀਆਂ ਰੋਟੀ ਖਾਧੀ। ਉਦੋਂ ਵੀ ਉਹਨਾਂ ਤੇ ਸਹਿਮ ਹਾਵੀ ਤੇ ਦਿਲ ਵਿਚ ਧੁੜਕੂ ਸੀ। ਡਰ ਸੀ ਮਤੇ ਬਣੀ ਗਲ ਫੇਰ ਉਲਝ ਜਾਏ।
ਸੰਜੋਗ ਹੀ ਸਮਝੋ। ਜੇ ਤਾਇਆ ਜੀ ਬਲੋਚਿਸਤਾਨੋਂ ਦੋ ਦਿਨ ਲੇਟ ਆਉਂਦੇ ਤਾਂ ਹੋ ਸਕਦਾ ਸੀ ਚੋਖਾ ਖਰਾਬਾ ਹੁੰਦਾ। ਚੋਖੀ ਗੱਲ ਵਿਗੜਦੀ। ਕਹਾਣੀ ਉਲਝਦੀ।
ਰਾਤ ਪੇਤਲੀ ਹੋ ਗਈ ਸੀ ਤੇ ਕੁੱਕੜ ਬਾਂਗਾਂ ਦੇਣ ਲਾਗ ਪਏ ਸਨ। ਪਰ ਦਰ ਦੇ ਪਿੰਜੇ ਜਾਗੀਰਦਾਰ ਤੇ ਉਹਨਾਂ ਦੇ ਪਿਠੂ ਗੁਮਾਸ਼੍ਤੇ ਜਾਂ ਚਮਚੇ ਅਜੇ ਈ ਸਾਡੇ ਘਰ ਮੰਜੀਆਂ ਦੀਆਂ ਪੈਂਦਾਂ ਮੱਲੀ ਬੈਠੇ ਸਨ ਬੜੇ ਸਾਓ ਮੀਸਣੇ ਅਤੇ ਸਾਡੇ ਰਿਣੀ ਬਣ ਕੇ।
“ਸਰਦਾਰੋ, ਜਾਓ ਆਪਣਾ ਕਾਮ ਕਾਜ ਕਰੋ। ਕੋਈ ਰੋਕ ਟੋਕ ਨਹੀਂ ਹੁੰਦੀ। ਜਾਓ ਆਪ ਡੋਲੀ ਦਰਿਆ ਪਾਰ ਕਰ ਆਵਾਂਗਾ। ” ਤਾਇਆ ਜੀ ਨੇ ਉਹਨਾਂ ਨੂੰ ਹੌਸਲਾ ਦਿੱਤਾ।
ਫੇਰੀਆਂ ਦਾ ਵੇਲਾ ਹੋਇਆ (ਅਧਿਓਂ ਵੱਧ ਬਰਾਤੀ ਤਾਂ ਰੋਟੀ ਖਾ ਕੇ ਜਾਂ ਬਿਨਾ ਰੋਟੀ ਖਾਧੇ ਹੀ ਪੱਤਰੇ ਵਾਚ ਗਏ ਸਨ। ) ਨਾ ਵਾਜਾ ਨਾ ਗਾਜਾ, ਨਾ ਸਿਹਰਾ ਨਾ ਸਿਖਿਆ, ਨਾ ਦੁਪਹਿਰ ਦੀ ਰੋਟੀ। ਬਰਾਤ ਤਾਂ ਜੇਹੜੀ ਰਹਿੰਦੀ ਸੀ ਭਜੂੰ ਭਜੂੰ ਕਰ ਰਹੀ ਸੀ। ਅਤੇ ਪਾਲੀ ਦੀ ਡੋਲੀ ਵਿਦਾ ਹੋ ਗਈ।
ਪੂਰੇ ਇੱਕ ਸਾਲ ਤੋਂ ਅਤੇ ਐਸ ਝੁਮੇਲੇ ਵਿਚ ਮੈਂ ਪਾਲੀ ਦੀ ਇਕ ਝਲਕ ਨਾ ਵੇਖ ਸਕਿਆ। ਇਸ ਲਈ ਮੇਰੀ ਬੜੀ ਹੀ ਦੁਰਦਸ਼ਾ ਹੋਈ। ਇਕ ਐਸੀ ਪੀੜ ਸੀ ਮੇਰੇ ਉੱਤੇ। ਮੇਰੀ ਰੂਹ ਫੂਕੀ ਗਈ, ਦਿਲ ਪਛਿਆ ਗਿਆ, ਦਿਮਾਗ ਉੱਜੜ ਜਿਹਾ ਗਿਆ। ਅੰਦਰੋਂ ਹੀ ਅੰਦਰ ਇੱਕ ਅੱਗ ਜੇਹੀ ਲੂਹਣ ਲੱਗ ਪਈ। ਇੱਕ ਜੜ ਫੋੜਾ ਜਿਹਾ ਬਣ ਗਿਆ ਤੇ ਜੜਾਂ ਪਸਾਰਨ ਲੱਗਾ। ਮੈਨੂੰ ਸਭ ਕੁਝ ਓਪਰਾ ਓਪਰਾ ਤੇ ਸੁੰਨ ਮਸਾਨ ਜਿਹਾ ਲਗਣ ਲੱਗ ਪਿਆ। ਬਸ ਇੱਕ ਭਾਬੀ ਪ੍ਰੀਤਮ ਹੀ ਸੀ ਜਿਹੜੀ ਕੁਝ ਪੀੜ ਪੜ੍ਹਦੀ ਤੇ ਕੁਝ ਧਰਵਾਸ ਦੇਂਦੀ।
ਮੇਰੀ ਨਿਘਰਦੀ ਹਾਲਤ ਵੇਖ ਕੇ ਮਾਂ ਜੀ ਨੇ ਮੇਰੇ ਮਾਮੇ ਨੂੰ ਬੁਲਾਇਆ ਅਤੇ ਦੱਸਿਆ, “ਮੁੰਡਾ ਤਾਂ ਪੈਰੋ ਪੈਰ ਹੇਠਾਂ ਹੀ ਜਾ ਰਿਹਾ ਏ ”
ਅਤੇ ਮਾਮਾ ਮੈਨੂੰ ਆਪਣੇ ਨਾਲ ਨਾਨਕੇ ਲੈ ਗਿਆ।
ਦੋ ਮਹੀਨੇ ਲੰਘ ਗਏ। ਤਪਦੇ ਜੇਠ ਦੀ ਲਹੂ ਸੂਤਣ ਵਾਲੀ ਗਰਮੀ। ਮੈਂ ਪਿੰਡ ਪਰਤਿਆ। ਪਤਾ ਲੱਗਾ ਪਾਲੀ ਆਈ ਹੋਏ ਏ। ਮੇਰੇ ਅੰਗ ਅੰਗ ਪਾਲੀ ਰਚੀ ਹੋਏ ਸੀ। ਅਖਾਂ ਵਿਚ ਇੱਕੋ ਚਿਤਰ ਪਾਲੀ ਦਾ ਰਚਿਆ ਹੋਇਆ ਸੀ। ਦਿਲ ਕਰੇ ਸਭ ਰੋਕਣ ਤੋੜ ਕੇ ਜਾ ਮਿਲਾਂ। ਰਾਤ ਸੂਲਾਂ ਤੇ ਸੌਂ ਕੇ ਲੰਘੀ।
ਅਗਲੇ ਦਿਨ ਸਿਖਰ ਦੁਪਹਿਰੇ ਮੈਂ ਸ਼ਾਹਾਂ ਦੇ ਪਿੱਪਲ ਕੋਲੋਂ ਲੰਘਣ ਲਗਾ, ਜਿਥੇ ਤ੍ਰਿਜਨ ਚਲ ਰਿਹਾ ਸੀ। ਉਹਨਾਂ ਸਵਾਣੀਆਂ ਵਿਚ ਬੈਠੀ ਪਾਲੀ ਤੇ ਮੇਰੀ ਨਜਰ ਪਈ। ਹਰੇ ਗੂਹੜੇ ਰੰਗ ਦੀ ਸਾੜ੍ਹੀ, ਸੋਨੇ ਦੇ ਗਹਿਣਿਆਂ ਨਾਲ ਲੱਦੀ ਹੋਈ ਸਬਜ ਪਰੀ; ਜਿਵੇਂ ਪਰੀ ਦੇਸ਼ ਦੀ ਸ਼ਹਿਜਾਦੀ ਹੋਵੇ।
ਮੈਂ ਸੰਗਦੇ ਝਿਜਕਦੇ ਚੋਰ ਅੱਖ ਉਹਦੇ ਵੱਲ ਤੱਕਿਆ।
ਓਹ ਕੁੜੀਆਂ ਨਾਲ ਗੱਲੀਂ ਲੱਗੀ ਹੋਏ ਸੀ। ਓਸ ਦਾ ਧਿਆਨ ਦੂਜੇ ਪਾਸੇ ਸੀ। ਅਥਾਹ ਰੂਪ ਖੁਮਾਰ ਅਤੇ ਅਥਾਹ ਮਿਠਾਸ ਦਾ ਸੋਮਾ।
ਇਕ ਭੀੜ ਭਰੀ ਕਸਕ ਮੇਰੇ ਦਿਲ ਵਿਚ ਹੋਈ। ਮੈ ਬੜੇ ਜਬਤ ਨਾਲ ਪੋਲੇ ਪੈਰੀਂ ਅੱਗੇ ਲੰਘ ਗਿਆ। ਪੂਰੇ ਖੁੱਲੇ ਡੁੱਲੇ ਅਤੇ ਹਸਮੁਖ ਸੁਭਾਅ ਵਾਲੀ ਮਾਸੀ ਪਟਵਾਰਨ ਨੇ ਪਿਠ ਪਿਛੋਂ ਵਾਜ ਮਾਰੀ, “ ਵੇ ਮੁੰਡਿਆ, ਕਦੋਂ ਆਈਆਂ ਨਾਨਕਿਆਂ ਤੋਂ? ਤੇਰੀ ਮਾਸੀ ਵੀ ਰਾਜੀ ਸੀ ?”
ਪਰ ਮੈ ਬਿਨਾ ਪਿਛਾਂਹ ਵੇਖੇ ਜਾਂ ਰੁਕੇ , “ ਹਾਂ , ਠੀਕ ਏ “ ਕਹਿ ਕੇ ਅੱਗੇ ਲੰਘ ਗਿਆ। ਅਜੇ ਮੈਂ ਘਰ ਦੇ ਬੂਹੇ ਅੱਗੇ ਪੈਰ ਧਰਿਆ ਈ ਸੀ ਕਿ ਮੇਰੇ ਪਿਛੇ ਪੈਰ ਚਾਪ ਹੋਏ। ਮੈ ਪਿਛਾਂਹ ਵੇਖਿਆ ਸੁਬਕ ਪੈਰ ਤਿਕੰਦੀ ਪਾਲੀ ਮੇਰੇ ਮਗਰ ਤੁਰੀ ਆ ਰਹੀ ਸੀ। ਰੂਪ ਲੱਦੀ ਅਪਸ੍ਰਾ ਨੂਰੋ ਨੂਰ ਸ਼ਹਿਜਾਦੀ , ਨਿਖਰੇ ਰੂਪ ਵਿਚ ਰੰਗ ਕੁਜ ਪੀਲਾ ਸੀ।
ਮੇਰੇ ਪੈਰ ਥਾਂ ਤੇ ਹੀ ਗੱਡੇ ਗਏ , ਸਗੋਂ ਜਕੜੇ ਗਏ, ਦਿਲ ਠਕ ਠਕ ਧੜਕਨ ਲੱਗਾ , ਜਿਵੇ ਪਾਟੇਗਾ। ਸਾਹ ਸੰਘੋੰ ਹੇਠਾਂ ਹੀ ਸੂਤਿਆ ਗਿਆ। ਗਲਾ ਖੁਸ਼ਕ , ਬੁੱਲਾਂ ਤੇ ਸਿੱਕਰੀ ਆ ਗਈ। ਓਹ ਨੂਰੋ ਨੂਰ ਮਹਿਕਾਂ ਖਿਡਾਂਦੀ ਛਮ ਛਮ ਕਰਦੀ , ਬਿਨਾ ਮੇਰੇ ਵਲ ਵੇਖੇ, ਬਿਨਾ ਬੋਲੇ, ਨੀਵੀ ਨਜਰ ਅੰਦਰ ਲੰਘ ਗਈ। ਮੇਰਾ ਰੁਕਿਆ ਸਾਹ ਹੌਕਣੀ ਵਿਚ ਬਦਲ ਗਿਆ। ਅੰਦਰ ਵੜਿਆ। ਪਾਲੀ ਭਾਬੀ ਪ੍ਰੀਤਮ ਦੇ ਗਲ ਲੱਗ ਕੇ ਰੋ ਰਹੀ ਸੀ। ਭਾਬੀ ਪਾਲੀ ਨੂੰ ਪਿਆਰ ਪੁਚਕਾਰ ਕੇ ਦਿਲਾਸੇ ਦੇ ਰਹੀ ਸੀ।
ਮੈ ਹੌਂਕਦਾ ਡਿਗਦਾ ਢਾਹਿੰਦਾ ਪਸਾਰ ਵਿਚ ਆਪਣੇ ਮੰਜੇ ਤੇ ਜਾ ਡਿੱਗਾ। ਮੰਜੇ ਉੱਤੇ ਮੇਰੇ ਆਸੇ ਪਾਸੇ ਚਾਰ ਚੁਫੇਰੇ ਕਿਤਾਬਾਂ ਈ ਕਿਤਾਬਾਂ ਖਿਲਰੀਆਂ ਪਾਈਆਂ ਸਨ ਮੇਰਾ ਦਿਲ ਡੁੱਬ ਰਿਹਾ ਸੀ, ਦਿਲ ਪੀੜ ਨਾਲ ਪਾਟਨ ਨੂੰ ਸੀ ਕਿ ਸਚ ਮੁਚ ਪਾਲੀ ਓਪਰੀ ਹੋ ਗਈ ਏ ?ਕਲਾਮ ਤਾਂ ਕੀ ਕਰਨਾ ਸੀ ਇਕ ਨਜਰ ਭਰ ਕੇ ਮੇਰੇ ਵਲ ਵੇਖਿਆ ਵੀ ਣਾ। ਮੇਰਾ ਖੂਨ ਦੇ ਹੰਜੂ ਰੋ ਰਿਹਾ ਸੀ। ਅਖਾਂ ਅੱਗੇ ਹਨੇਰਾ ਛਾ ਰਿਹਾ ਸੀ, ਸਿਰ ਚਕਰਾ ਰਿਹਾ ਸੀ,ਮੂਹ ਸਰ੍ਹਾਣੇ ਵਿਚ ਦੇ ਕੇ ਢਿਡ ਪਰ ਪਿਆ ਸਾਂ। ਕੰਨਾਂ ਵਿਚ ਟਰੀੰ ਟਰੀੰ ਜਿਹੀ ਅਵਾਜ ਅਤੇ ਪੇਡ ਚਾਪ ਹੋਈ। ਮੈਂ ਵੇਖਿਆ ਪਾਲੀ ਮੇਰੇ ਕੋਲ ਖੜ੍ਹੀ ਸੀ। ਮੈਂ ਮੰਜੇ ਤੇ ਲਿਟਿਆ ਉਸ ਵਾਲ ਵਿਹੰਦਾ ਰਿਹਾ। ਮੇਰੀ ਜੀਭ ਨੂੰ ਜਿਵੇ ਜਿੰਦਰਾ ਲੱਗਾ ਹੋਇਆ ਸੀ, ਜੀਭ ਜਿਵੇ ਸੀਟੀ ਹੋਈ ਸੀ।
ਓਹਦੀਆਂ ਖੁਮਾਰ ਭਰੀਆਂ ਅਖ੍ਹਾਂ ਵਿੱਚ ਹੰਝੂ ਤਰ ਰਹੇ ਸਨ। ਓਹ ਉਦਾਸ ਅਤੇ ਅਹਿਲ ਖਲੋਤੀ ਸੀ ਜਿਵੇ ਕੋਈ ਚਿੱਟੇ ਸੰਗਮਰਮਰ ਦਾ ਬੁੱਤ ਹੋਵੇ। ਚੁੱਪ ਮੋਨ ਧਾਰੀ। ਇੱਕ ਪਲ ਦੋ ਪਲ ਦਸ ਪਲ। ਫਿਰ ਓਹਦੇ ਹੋਂਠ ਕੰਬੇ ਬੁੱਲ ਫਰਕੇ “ ਬਸ ? ਮੇਰਾ ਆਈ ਦਾ ਕੋਈ ਆਦਰ ਨਹੀਂ ?” ਇਕ ਮੋਤੀ ਉਸ ਦੀ ਅਖ ਵਿਚੋਂ ਤਿਲਕ ਪਿਆ ਸੀ।
ਮੇਰੀ ਜੀਬ ਅਜੇ ਵੀ ਸੀਤੀ ਪਈ ਸੀ।
ਉਸ ਫੇਰ ਆਖਿਆ,” ਬੋਲਨਾ ਨਹੀਂ ? ਏਨਾ ਛੇਤੀ ਮੈਨੂੰ ਭੁਲਾ ਦਿੱਤਾ ?ਮੇਰਾ ਆਈ ਦਾ ਕੋਈ ਚਾ ਨਹੀਂ ਕੋਈ ਆਦਰ ਨਹੀਂ ?
ਮੈਂ ਉਠ ਕੇ ਖੜਾ ਹੋ ਗਿਆ ਪਰ ਮੇਰਾ ਜੁੱਸਾ ਕੰਬ ਰਿਹਾ ਸੀ ਜਿਵੇਂ ਮਲੇਰਿਆ ਬੁਖਾਰ ਹੋਵੇ। ਓਹ ਇੱਕ ਪੈਰ ਹੋਰ ਪੁੱਟ ਕੇ ਮੇਰੇ ਨੇੜੇ ਹੋ ਗਈ। ਮੈਂ ਕੰਬਦੇ ਹਥਾਂ ਨਾਲ ਓਹਦੇ ਦੋਵੇਂ ਮੋਢੇ ਫੜ ਮੰਜੇ ਤੇ ਬਿਠਾ ਦਿੱਤਾ ਅਤੇ ਗੁੰਮ ਸੁੰਮ ਖਲੋਤਾ ਉਸ ਵਲ ਵੇਖਦਾ ਰਿਹਾ।
ਉਸ ਫਿਰ ਕਿਹਾ,” ਤੂੰ ਤਾਂ ਮੈਨੂੰ ਭੁੱਲ ਗਿਆ ,ਮੈਂ ਇੱਕ ਛਿਨ ਵੀ ਤੈਨੂੰ ਭੁਲਾ ਨਾ ਸਕੀ ਅਤੇ ਨਾ ਹੀ ਅੰਤਮ ਸਾਹ ਤਕ ਭੁਲਾ ਸਕਾਂਗੀ। ਮੈਂ ਤੜਪੀ ਕੁਰਲਾਈ। ਮੇਰੀ ਕਿਸੇ ਨਾ ਸੁਣੀ। ਮੈਂ ਕਿੰਨੇ ਹੀ ਪੱਤਰ ਲਿਖ ਨਾਨੀ ਨੂੰ ਦਿਤੇ ਇਸ ਘਰ ਦੇ ਪਤੇ ਤੇ। ਕੋਈ ਮਿਲਣ ਕੋਈ ਲੈਣ ਨਾ ਆਇਆ। ਕਿਸੇ ਪੱਤਰ ਦਾ ਕੋਈ ਜਵਾਬ ਨਹੀਂ। ” ਅਤੇ ਓਹਦੇ ਸਬਰ ਦਾ ਕੜ ਟੁੱਟ ਗਿਆ ਅਤੇ ਓਹ ਫੁੱਟ ਫੁੱਟ ਰੋਣ ਲਾਗ ਪਈ।
ਮੈਂ ਓਹਨੂੰ ਧਰਵਾਸ ਦੇ ਰਿਹਾ ਸਾਂ,”ਪਾਲੀ , ਤੇਰੀ ਕੋਈ ਚਿਠੀ ਨਹੀਂ ਮਿਲੀ। ਤੇਰੇ ਦੋ ਮਹੀਨੇ ਜਾਣ ਤੋਂ ਬਾਅਦ ਇੱਕ ਚਿਠੀ ਮੈਨੂ ਤਾਈ ਨੇ ਪੜ੍ਹਾਈ ਸੀ। ਪਰ ਉਸ ਤੋਂ ਬਾਹਦ ਉਸ ਜਿੰਨੀਆਂ ਚਿਠੀਆਂ ਮੈਥੋਂ ਪੜ੍ਹਾਈਆਂ ਉਹ ਜਗਤ ਸਿੰਘ ਦੀਆਂ ਹੀ ਸਨ। ”
ਭਾਬੀ ਪ੍ਰੀਤਮ ਚਾਹ ਤੇ ਕੁਝ ਮੱਠੀਆਂ ਲੈ ਕੇ ਆ ਗਈ ਸੀ। ਉਸ ਨੇ ਤਿੰਨਾਂ ਪਿਆਲਿਆਂ ਵਿਚ ਚਾਹ ਪਾਈ। ਪਰ ਪਾਲੀ ਚਾਹ ਪੀਣ ਤੋਂ ਨਹ ਨੁੱਕਰ ਕਰਦੀ ਰਹੀ ਸ਼ਾਇਦ ਦਿਲ ਦੀ, ਮਨ ਦੀ ਪੀੜ ਕਾਰਨ। ਪਰ ਭਾਬੀ ਦੇ ਜੋਰ ਦੇਣ ਤੇ ਉਸ ਪਿਆਲੀ ਫੜੀ।
ਮੈਂ ਪੁਛਿਆ ,”ਭਾਬੀ ਜੀ, ਪਾਲੀ ਦੀ ਕਦੀਂ ਕੋਈ ਚਿਠੀ ਆਈ ?”
ਤਾਂ ਭਾਬੀ ਨੇ ਹੌਂਕਾ ਭਰ ਕੇ ਕਿਹਾ, “ਚਿਠੀਆਂ ਤਾਂ ਬਹੁਤ ਆਈਆਂ ਪਰ ਮਾਂ ਜੀ ਕਿਸੇ ਨੂੰ ਨਹੀਂ ਸਨ ਦਿੰਦੇ। ”
ਮੈਂ ਹੈਰਾਨ ਹੋਏ ਨੇ ਆਖਿਆ, “ਤੁਸੀਂ ਮੇਨੂੰ ਤਾਂ ਦੱਸਦੇ। ”
ਪਾਲੀ ਚਾਹ ਦੇ ਨਾਲ ਹੰਝੂਆਂ ਦਾ ਬੁੱਕ ਵੀ ਪੀ ਕੇ ਉਠ ਖਲੋਤੀ। ਇੱਕ ਲੰਬਾ ਹੌਕਾ ਭਰਿਆ ਤੇ ਕਿਹਾ, “ਹੁਣ ਕੀ ਹੋ ਸਕਦਾ ਏ ?”
ਭਾਬੀ ਪਾਲੀ ਨੂੰ ਬੂਹੇ ਤੋਂ ਬਾਹਰ ਤਕ ਛਡਣ ਗਈ। ਫੇਰ ਅੰਦਰ ਆਈ ਤੇ ਮੈਨੂ ਆਖਿਆ, “ਪਾਲੀ ਤੇਨੂੰ ਆਪਣੇ ਘਰ ਮਿਲਣ ਲਈ ਆਖ ਗਈ ਏ। ਕੋਈ ਜਰੂਰੀ ਗਲ ਕਰਨੀ ਏ। ”
ਮੈਂ ਗੂੰਮ ਸੁੰਮ ਤੇ ਉਦਾਸ ਬੈਠਾ ਰਿਹਾ। ਮਨ ਵਿਚ ਇਰਾਦਾ ਕੀਤਾ ਸ਼ਾਮੀ ਜਾ ਕੇ ਮਿਲਾਂਗਾ। ਪਰ ਸ਼ਾਮ ਨੂੰ ਤਾਂ ਉਸ ਦੀ ਸੱਸ ਤੇ ਉਸ ਦਾ ਪਤੀ ਉਸ ਨੂੰ ਲੈਣ ਆ ਗਏ। ਅਤੇ ਅਗਲੀ ਸਵੇਰ ਓਹ ਸਹੁਰੀਂ ਚਲੀ ਗਈ। ਮੈਂ ਮਨ ਹੀ ਮਨ ਤੜਫ ਕੇ ਰਹਿ ਗਿਆ। ਮੇਰੀ ਸਿੱਕ, ਮੇਰੀ ਤੜਪ, ਮੇਰੀ ਪੀੜ ਮੇਨੂੰ ਪਿੰਜਣ ਲੱਗੀ। ਦਿਲ ਬਗਾਵਤ ਤੇ ਉੱਤਰ ਆਇਆ। ਮਨ ਬਣਾ ਲਿਆ ਕਿ ਮਿਲਾਂਗਾ ਜਰੂਰ ਭਾਵੇਂ ਗੁੱਸੇ ਹੀ ਹੋਣ। ਪਾਲੀ ਤੇ ਤਾਈ ਦੇ ਘਰ ਹੁੰਦਿਆਂ ਮੈਂ ਇਕ ਵਾਰੀ ਉਸ ਪਿੰਡ ਗਿਆ ਸੀ ਜਸਵੰਤੀ ਦੇ ਘਰ।
ਸੱਤ ਕੋਹ ਪੈਂਦਾ ਸੀ ਅਤੇ ਰਾਹ ਮੇਰਾ ਵੇਖਿਆ ਹੋਇਆ ਸੀ। ਵਿਚਾਲੇ ਪੈਂਦੇ ਦਰਿਆ ਝਨਾਂ ਵੀ ਪਾਰ ਕੀਤਾ ਹੋਇਆ ਸੀ। ਅੱਜ ਕੱਲ ਕਰਦਿਆਂ ਤੇ ਸਮੇਂ ਦੀ ਤੰਗ ਮਹੀਨਾ ਚਾਲੀ ਦਿਨ ਲੰਘ ਗਏ ਕਿ ਦੇਸ਼ ਵੰਡ ਹੋ ਗਈ। ਚਾਰ ਚੁਫੇਰੇ ਅੱਗ ਦੇ ਭਾਂਬੜ ਬਲ ਉਠੇ। ਫਿਰਕੂ ਜਨੂਨੀ ਦੰਗਾਕਾਰੀ ਕਾਤਲ ਲਹੂ ਲਿੱਬੜੀਆਂ ਸ਼ੁਰੀਆਂ ਬ੍ਰਸ਼ੇ ਬ੍ਲਮਾਂ ਸ਼ਵੀਆਂ ਲਈ ਇਕ ਮਾਰ ਦੂਜੇ ਦੀ ਭਾਲ ਵਿਚ ਭਜਣ ਲੱਗੇ। ਬੱਚਾ, ਬੁਢਾ, ਔਰਤ, ਮਾਰਦ ਕਿਸੇ ਦਾ ਲਿਹਾਜ ਨਾ ਰਿਹਾ। ਪੁਸ਼ਤ ਦਰ ਪੁਸ਼ਤ ਵਸਦੇ ਇੱਕਠੇ ਰਹਿੰਦੇ ਲੋਕ ਅਖਾਂ ਫੇਰ ਪਰਾਏ ਹੋ ਗਏ। ਕੌਣ ਕਿਧਰ ਜਾਂ ਪ੍ਰਾਣ ਬਚਾ ਭਜ ਗਿਆ ਕਿਸੇ ਨੂੰ ਪਤਾ ਨਹੀਂ। ਅੰਧੇਰ ਮਚ ਗਿਆ।
ਅਸੀਂ ਮਿਲਟਰੀ ਦੀ ਮਦਤ ਨਾਲ ਕੈੰਪ ਦਰ ਕੈੰਪ ਸਰਹਦ ਟੱਪੇ ਅਤੇ ਅੰਮ੍ਰਿਤਸਰ ਆ ਗਏ। ਆਏ ਵੀ ਕੀ ਸਾਂ?ਅਧੇ ਨਾ ਪਾਉਨੇ !! ਪ੍ਰੀਵਾਰ ਦੇ ਪੰਦਰਾਂ ਜੀਆਂ ਵਿਚੋਂ ਨੌਂ ਮਾਰੇ ਗਏ। ਮੇਰਾ ਚਾਚਾ ਕਿਰਪਾਲ ਸਿੰਘ, ਵੱਡਾ ਭਰਾ ਬੁਧ ਸਿੰਘ , ਦੋ ਭਰਜਾਈਆਂ ਪ੍ਰੀਤਮ ਤੇ ਜੋਗਿੰਦਰ ਕੌਰ ; ਤਿੰਨ ਭਤੀਜੇ ਅਜੀਤ, ਬਲਬੀਰ, ਬਲਦੇਵ ਦੋ ਛੋਟੀਆਂ ਭਤੀਜੀਆਂ ਇਹਨਾਂ ਸਾਰੀਆਂ ਦੀ ਉਮਰ ਅਜੇ ਗਿਆਰਾਂ, ਨੌਂ, ਸੱਤ ਅਤੇ ਸਾਲ ਸ਼ਿਮਾਹੀਂ ਹੀ ਸੀ ਜੋ ਏਸ ਫਿਰਕੂ ਘਲੂਘਾਰੇ ਦੀ ਭੇਂਟ ਚੜ ਗਏ। ਮੇਰੇ ਅੰਦਰ ਪੀੜਾਂ ਹੀ ਪੀੜਾਂ ਭਰ ਗਾਈਆਂ।
ਪਰ ਪਾਲੀ ?ਉਹ ਕਿਥੇ ਹੈ? ਕਿਥੋਂ ਪਤਾ ਲੱਗੇ ?ਕਿਥੋਂ ਪਤਾ ਕਰਾਂ? ਮੈਂ ਮਨ ਹੀ ਮਨ ਪੀੜਾਂ ਭਰਿਆ ਸੁੰਨਾ ਸੁੰਨਾ ਫਿਰਨ ਲੱਗਾ। ਹੁਣ ਮਨ ਨੂੰ ਦਿਲ ਨੂੰ ਧਰਵਾਸ ਦੇਣ ਵਾਲੀ ਭਾਬੀ ਪ੍ਰੀਤਮ ਨਹੀਂ ਸੀ, ਭਾਬੀ ਜੋਗਿੰਦਰ ਨਹੀਂ ਸੀ। ਆਪਣਾ ਘਰ ਵੀ ਨਹੀਂ ਸੀ। ਸਬ ਓਪਰੀਆਂ ਥਾਵਾਂ ਸਨ ਅਤੇ ਦਿਲ ਵਿਚ ਅਸਿਹ ਪੀੜ ਸੀ। ਇੱਕ ਅਮੁੱਕ ਭਟਕਣ ਸੀ। ਸ਼ਾਇਦ ਭਟਕਦੇ ਮਨ ਨੂੰ ਸ਼ਾਂਤੀ ਮਿਲੈ ਮੈਂ ਰੋਜ,ਸਗੋਂ ਦੋ ਟਾਇਮ ਅਤੇ ਵੇਲੇ ਕੁਵੇਲੇ ਦਰਬਾਰ ਸਾਹਿਬ ਜਾਣ ਲੱਗ ਪਿਆ ਅਤੇ ਸ਼੍ਰੀ ਗੁਰੂ ਰਾਮ ਦਾਸ ਦੇ ਦਰਬਾਰ ਵਿਚੋਂ ਦੋ ਵੇਲੇ ਸਗੋੰ ਹਰ ਵੇਲੇ ਅਰਦਾਸ ਕਰਦਾ। ‘ਹੇ ਸਤਿਗੁਰ ਸਚ੍ਹੇ ਪਾਤਸ਼ਾਹ ,ਅਸੀਂ ਕੀ ਸੀ ਅਤੇ ਕੀ ਹੋ ਗਏ!’
ਅਸ਼ਾਂਤ ਤੇ ਪੀੜ ਭਰੇ ਮਨ ਨੂੰ ਕੁਝ ਮਹੀਨੇ ਪਹਿਲਾਂ ਜਗਤ ਸਿੰਘ ਘਰ ਨੂੰ ਜਿੰਦਰਾ ਲਾ ਆਪਣੇ ਨਾਲ ਲੈ ਗਿਆ ਸੀ। ਮੈਂ ਵੇਖਿਆ ਤਾਈ ਚੋਖੀ ਮੁਰਝਾਈ ਹੋਈ ਸੀ ਅਤੇ ਟੋਹ ਟੋਹ ਕੇ ਤੁਰੀ ਆ ਰਹਿ ਸੀ।
ਮੈਂ ਤਿੱਖ਼ੇ ਪੈਰੀਂ ਉਸ ਦੇ ਕੋਲ ਗਿਆ ਤਾਂ ਕਿ ਪਾਲੀ ਬਾਰੇ ਪੁਛਾਂ। ਪਾਲੀ ਕਿਥੇ ਏ ? ਕਿਵੇਂ ਏ? ਇੱਕ ਉਬਾਲ ਜਿਹਾ ਮੇਰੇ ਅੰਦਰ ਉਠ ਰਿਹਾ ਸੀ ਅਤੇ ਤਾਈ ਨੂੰ ਵੇਖ ਕੇ ਇੱਕ ਆਸ ਜੇਹੀ ਮੇਰੇ ਅੰਦਰ ਫੁੱਟੀ। ਮੈਂ ਨੇੜੇ ਹੋ ਤਾਈ ਨੂੰ ਸਤ ਸ਼੍ਰੀ ਅਕਾਲ ਬੁਲਾਈ। ਖਿਚਵੇਂ ਸਾਹ ਤੇ ਹੋੰਕਦੀ ਜੇਹੀ ਤਾਈ ਨੇ ਮੇਰੀ ਸਤ ਸ਼੍ਰੀ ਅਕਾਲ ਕਬੂਲੀ ਉਹਦੀ ਨਿਗਾਹ ਚੋਖੀ ਕਮਜੋਰ ਲਾਗ ਰਹਿ ਸੀ।
ਤਾਈ ਨੇ ਮੇਨੂ ਪੁਛਿਆ , “ ਪੁੱਤ, ਪਿੰਡ ਪਰਵਾਰ ਤਾਂ ਸੁਖੀ ਸਾਂਦੀ ਏ ਨਾਂ? ਠੀਕ ਤਾਂ ਆਏ ਓ?”
ਮੇਰੇ ਦਿਲ ਚੋਂ ਇਕ ਪੀੜ ਉਠੀ। ਮੈਂ ਤਾਈ ਨੂੰ ਦੱਸਿਆ, “ਪਰਵਾਰ ਦੇ ਪੰਦਰਾਂ ਜੀਆਂ ‘ਚੋਂ ਨੌਂ ਮਾਰੇ ਗਏ ਨੇ ਅਤੇ ਅਸੀਂ ਛੇ ਹੀ ਬਚ ਕੇ ਆਏ ਆਂ। ” ਮੈਂ ਉਹਨੂੰ ਮਾਰੇ ਗਏ ਅਤੇ ਬਚ ਕੇ ਆਏ ਜੀਆਂ ਬਾਰੇ ਦਸਿਆ।
ਓਹ ਅਫਸੋਸ ਕਰਦੀ, ਹੋਂਕੇ ਭਰਦੀ ਅਤੇ ਪਰਲ ਪਰਲ ਅਖਾਂ ‘ਚੋਂ ਕਰਦੀ ਰਹੀ। ਦਰਬਾਰ ਸਾਹਿਬ ਤੋਂ ਬਾਹਰ ਹੁੰਦੀ ਤਾਂ ਸ਼ਾਇਦ ਓਹ ਧਾਹਾਂ ਮਾਰ ਕੇ ਰੋ ਪੈਂਦੀ। ਫੇਰ ਰੋਂਦੀ ਰੋਂਦੀ ਦਸਿਆ ,”ਇਹ ਵੀ ਸਾਰੇ ਬਚ ਕੇ ਆ ਗਏ ਨੇ “ ਤੇ ਓਹਦਾ ਗਚ ਭਰ ਗਿਆ ਤੇ ਅਤੇ ਜੀਭ ਤਾਲੂ ਨਾਲ ਚਿਪ ਗਈ ਅਤੇ ਓਹ ਮੂੰਹ ਪੱਲੇ ਨਾਲ ਢਕ ਕੇ ਸਿਸਕਨ ਲਗ ਪਈ। ਕੁਝ ਪਲ ਹੁਬਕੀਆਂ ਲੈਂਦੀ ਰਹੀ ਅਤੇ ਫੇਰ ਸੰਭਲੀ ਅਤੇ ਫੇਰ ਛਾਤੀ ਤੇ ਪਈ ਪੀੜ ਤੇ ਗਮਾਂ ਦੇ ਭਾਰੀ ਪਥਰਾਂ ਹੇਠ ਮੁਸ਼ਕਲ ਨਾਲ ਆਵਾਜ ਕਢੀ ਤੇ ਕਿਹਾ , “ਵੇ ਨਕਰਮਿਆ , ਤੇਰੀ ਜਸਪਾਲ !”ਅਤੇ ਫੇਰ ਉਹਦੀ ਅਵਾਜ ਪੀੜ ਪੁੜਾਂ ਥੱਲੇ ਦੱਬੀ ਗਈ।
ਮੈਂ ਸੁੱਕ ਰਹੇ ਸੰਘ ‘ਚੋਂ ਕੰਬਦੀ ਆਵਾਜ ਵਿਚ ਪੁਛਿਆ , “ਪਾਲੀ? ਤ………ਤ…….ਤਾਈ ਕੀ ਹੋਇਆ ਪਾਲੀ ਨੂੰ ? ਪਾਲੀ ਹੁਣ ਕਿਥੇ ਐ?”
“ ਵੇ ਪਾਲੀ! ਵੇ ਪਾਲੀ !”ਉਸ ਰੁਕ ਕੇ ਫੇਰ ਕੁਝ ਹਿੰਮਤ ਨਾਲ ਕਿਹਾ, “ਵੇ ਜਸਪਾਲ ਤਾਂ ਧਾੜਵੀਆਂ ਦੇ ਹਥ ਚੜ੍ਹ ਗਈ। ਵੇ ਨਖੱਤੇ ਸਾਰੇ ਜਾਨਾਂ ਬਚਾ ਆਏ ਨੇ ਅਤੇ ਓਹ ਵਿਚਾਰੀ ਧਾੜਵੀਆਂ ਦੇ ਵਸ” ਅਤੇ ਉਹਦੀ ਜੀਭ ਗੂੰਗੀ ਹੋ ਗਈ।
ਮੇਰੇ ਪੂਰੇ ਸਰੀਰ ਵਿਚ ਲੰਬ ਜਿਹੀ ਨਿਕਲ ਗਈ। ਅਖਾਂ ਅਗੇ ਹ੍ਨੇਰਾ ਜਿਹਾ ਹੋ ਗਿਆ। ਕੰਨਾਂ ਵਿਚ ਸ਼ਾਂ ਸ਼ਾਂ ਦੀ ਅਵਾਜ ਆਉਣ ਲਾਗ ਪਈ। ਚਾਰ ਚੁਫੇਰੇ ਧਾੜਵੀਆਂ ਦੇ ਲਲਕਾਰੇ ਅਤੇ ਚੀਕਾਂ ਸੁਣ ਰਹੀਆਂ ਸਨ। ਪਾਲੀ ਇੱਕ ਚੰਬੇ ਦੀ ਕਲੀ, ਇੱਕ ਫੁੱਲ ਕੁਸ਼ੰਬੇ ਦਾ , ਇਕ ਮਹਿਕਦਾ ਮੌਲਸਰੀ ਦਾ ਦਹਿਕਦੇ ਕੋਲਿਆਂ ਦੀ ਭੱਠੀ ਵਿਚ ਜਾ ਡਿੱਗਾ ਸੀ। ਜੇ ਤਾਈ ਪਾਲੀ ਬਾਰੇ ਇਹ ਕਹਿੰਦੀ ਕਿ ਪਾਲੀ ਉਥੇ ਮਰ ਗਈ ਏ ਤਾਂ ਦੂਜੇ ਮਾਰੇ ਗਏ ਜੀਆਂ ਵਾਂਗ ਹੋਲੀ ਹੋਲੀ ਦਰਦ ਮਿਟ ਜਾਂਦਾ। ਪਰ ਇਹ ਤਾਂ ਉਮਰ ਭਰ ਦਾ ਦੁਖ ਅਤੇ ਅੰਤਮ ਸਾਹ ਤਕ ਰਹਿਣ ਜੋਗੀ ਪੀੜ ਸੀ।
ਮੈਂ ਤਾਈ ਤੋਂ ਹੋਰ ਕੁਝ ਨਾ ਪੁਛ ਸਕਿਆ। ਮੇਰੇ ਵਿਚ ਕੁਝ ਪੁਛਣ ਦੀ ਹਿੰਮਤ ਨਹੀ ਰਹੀ ਸੀ। ਮੇਰਾ ਲਹੂ ਜਾਨ ਤਾਂ ਸ਼ਾਕ ਨਾਲ ਸੁੱਕ ਗਿਆ ਸੀ ਜਾਂ ਨਾੜਾਂ ਵਿਚ ਹੀ ਜਮ ਗਿਆ ਸੀ। ਪਾਲੀ ਦੇ ਮਜਹਬੀ ਜਨੂਨੀ ਗੁੰਡਿਆਂ ਦੇ ਵਸ ਪੈ ਜਾਨ ਦੀ ਖਬਰ ਮੈਨੂ ਬਿਜਲੀ ਦੇ ਕਰੰਟ ਵਾਂਗ ਲੱਗੀ। ਇੱਕ ਸੇਲਾ,ਇੱਕ ਬਰਛੀ ਇੱਕ ਤਪਦੀ ਛੁਰੀ ਇੱਕ ਵਿਉਲਾ ਖੰਜਰ ਮੇਰੇ ਕਾਲਜੇ ਲਹਿ ਗਿਆ ਸੀ। ਮੈਂ ਬਿਨਾ ਕੁਝ ਹੋਰ ਬੋਲੇ ਦੱਸੇ ਤਾਈ ਕੋਲੋਂ ਘਰ ਨੂੰ ਤੁਰ ਪਿਆ। ਉਦੋਂ ਅਸੀਂ ਖਜਾਨੇ ਵਾਲੇ ਗੇਟ ਦੇ ਅੰਦਰ ਕਿਸੇ ਉਜੜ ਕੇ ਗਏ ਮੁਸਲਿਮ ਪਰਿਵਾਰ ਦੇ ਉਜਾੜ ਕੇ ਖੋਲਾ ਬਣ੍ਹੇ ਘਰ ਵਿਚ ਸਿਰ ਲੁਕਾਈ ਬੈਠੇ ਸਾਂ। ਬੇਕਾਰ, ਰੋਟੀ ਰੋਜ਼ੀ ਦੀ ਭਾਲ ਵਿਚ ਸਾਰਾ ਦਿਨ ਭਟਕਦਿਆਂ ਲੰਘ ਜਾਂਦਾ ਅਤੇ ਰਾਤ ਭੁੱਖੇ ਪੇਟ ਹੌੰਕਿਆਂ ਨਾਲ ਲੰਘ ਜਾਂਦੀ। ਚੁੱਲਾ ਤਾਂ ਕਦੇ ਹੀ ਤਪਦਾ।
ਮੈਂ ਲੱਤਾਂ ਧਰੁਂਦਾ ਸਾਹ-ਸਤਹੀਨ ਘਰ ਆਇਆ ਅਸਲੋਂ ਹੀ ਟੁੱਟਾ ਭੱਜਾ। ਮੇਰੀਆਂ ਅੱਖਾਂ ਅਗੇ ਭੰਬੂ ਤਾਰੇ ਜੇਹੇ ਨੱਚ ਰਹੇ ਸਨ। ਬਾਰ ਬਾਰ ਧਾੜਵੀਆਂ ਦੀਆਂ ਬ੍ਰ੍ਸ਼ੀਆਂ ਵਿਚ ਘਿਰੀ ਪਾਲੀ ਦੀ ਮੂਰਤ ਅਖਾਂ ਅਗੇ ਆ ਜਾਂਦੀ ਅਤੇ ਸਾਂ ਸਾਂ ਕਰਦੇ ਕੰਨਾਂ ਵਿਚ ਚੀਕਾਂ ਵਜਦੀਆਂ। ਘਰ ਵਾਲਿਆਂ ਨਾਲ ਗਲ ਕੀਤੀ ਪਰ ਉਹ ਵੀ ਕੀ ਕਰ ਸਕਦੇ ਸਨ। ਸਾਰੇ ਬੇਘਰ ਹੋਏ ਅਤੇ ਮਾਰੇ ਗਏ ਜੀਆਂ ਦੇ ਸੋਗ ਵਿਚ ਸਨ।
ਹੌਲੀ ਹੌਲੀ ਮਾਰੇ ਗਏ ਜੀਆਂ ਦਾ ਗਮ ਘਟਦਾ ਗਿਆ ਪਰ ਏਸ ਚੁੱਕੇ ਗਏ ਜੀਅ ਦਾ ਗਮ ਕਿਵੇਂ ਮਿਟੇ ਇਹ ਤਾਂ ਆਖਰੀ ਦਮ ਤੱਕ ਦੀ ਘੁਟਣ ਏ। ਘਰ ਤੋਂ ਉਜ੍ੜ ਕੇ ਅਸੀਂ ਗੁੱਜਰਾਂਵਾਲੇ ਦੇ ਕੈੰਪ ਵਿਚ ਆਏ ਅਤੇ ਫਿਰ ਲਹੋਰ ਦੇ ਡੀ.ਏ.ਵੀ. ਕਾਲਜ ਵਿਚ ਸਿਰਫ ਇੱਕ ਰਾਤ ਓਹ ਵੀ ਅੱਧੀ। ਉਥੇ ਇੱਕ ਬੰਦੇ ਨਾਲ ਮੇਰੀ ਮੁਲਾਕਾਤ ਹੋਈ। ਉਸ ਬੰਦੇ ਨੇ ਕੇਹਾ, “ਮੈਂ ਹਿੰਦੁਸਤਾਨ ਚੋਂ ਹੋ ਕੇ ਆਈਆਂ। ਉਥੇ ਕੀ ਏ? ਭੁਖ ਈ ਭੁਖ !” ਉਸ ਮੈਨੂੰ ਵਰਗਲਾਇਆ ਡੀ.ਏ.ਵੀ. ਕੈੰਪ ਵਿਚੋਂ ਭਜ ਨਿਕਲਨ ਲਈ ਪਰ ਮੈਂ ਮਾਨਿਆ ਨਾ। ਉਦੋਂ ਮੈਨੂ ਪਾਲੀ ਬਾਰੇ ਪਤਾ ਹੁੰਦਾ ਤਾਂ ਮੈ ਉਹਦੀ ਗੱਲ ਮਨ ਲੈਂਦਾ ਭਾਵੇਂ ਇਹਦਾ ਅੰਜਾਮ ਕੁਝ ਵੀ ਹੁੰਦਾ। ਪਰ ਹੁਣ ਤੇ ਹੱਦਾਂ ਮਜਬੂਤ ਸਨ ਅਤੇ ਪਰਮਟ ਪਾਸਪੋਰਟ ਹੋਰ ਵੀ ਅਤੇ ਇਹਨਾਂ ਕੰਮਾਂ ਲਈ ਪੈਸਾ ਵੀ ਕਿਥੇ ਸੀ ? ਕੋਈ ਉਪਾਅ ਨਾਂ ਹੋ ਸਕਿਆ। ਦਿਲ ਵਿਚ ਇੱਕ ਡੂੰਘਾ ਫੱਟ ਸੀ- ਕੂੰਜ ਕਸਾਈਆਂ ਵੱਸ ਪੈ ਜਾਣ ਦਾ।
ਤਿੰਨਾਂ ਚਾਰਾਂ ਸਾਲਾਂ ਬਾਅਦ ਜਦੋਂ ਕੁਝ ਹਾਲਤ ਸੁਧਰੇ ਅਸੀਂ ਪਟਿਆਲਾ ਜਿਲੇ ਦੇ ਇੱਕ ਪਿੰਡ ਮਵੀ ਵਿਚ ਸਾਂ। ਤਾਂ ਉਥੋਂ ਹਿਜਰਤ ਕਰ ਕੇ ਗਿਆ ਇੱਕ ਲੁਹਾਰ ਪਾਕਿਸਤਾਨੋਂ ਪਰਮਿਟ ਲੈ ਕੇ ਪਰਤਿਆ। ਉਹ ਇੱਕ ਮਹੀਨਾ ਉਥੇ ਰਿਹਾ। ਸੰਜੋਗ ਵੱਸ ਉਹ ਉਧਰ ਉਸੇ ਪਿੰਡ ਰਹਿੰਦਾ ਸੀ ਜਿਸ ਪਿੰਡ ਪਾਲੀ ਵਿਆਹੀ ਸੀ। ਮੇਰੀ ਓਹਦੇ ਨਾਲ ਚੰਗੀ ਯਾਰੀ ਪੈ ਗਈ। ਮੈਂ ਉਸ ਨਾਲ ਪਾਲੀ ਬਾਰੇ ਗੱਲ ਕੀਤੀ। ਉਸ ਜਾਣ ਲਾੱਗਿਆਂ ਮੇਰੇ ਨਾਲ ਵਾਦਾ ਕੀਤਾ ,”ਮੈਂ ਪੂਰੀ ਖੋਜ ਕਰਕੇ ਲਿਖਾਂਗਾ ”ਇੰਸ਼ਾ ਅੱਲਾ ਕਿਵੇ ਵੀ ਹੋਵੇ। ਤਿਨ ਮਹੀਨਿਆਂ ਬਾਅਦ ਮੈਨੂੰ ਉਸ ਇਕ ਪਾਰਸਲ ਭੇਜਿਆ ਜਿਸ ਵਿਚ ਦੋ ਰਸਾਲੇ ਅਤੇ ਇਕ ਨਾਵਲ ਸੀ। ਅਤੇ ਇਕ ਚਿਠੀ ਜਿਸ ਉੱਤੇ ਲਿਖਿਆ ਸੀ:’ਮੈਂ ਬੜੀ ਖੋਜ ਪੜਤਾਲ ਕੀਤੀ ਦੂਰ ਦੂਰ ਤਕ ਪਰ ਕਿਤੇ ਸੂਹ ਨਹੀਂ ਲੱਗੀ। ਹੋਰ ਭਾਲ ਕਰਦਾ ਰਹਾਂਗਾ। ਸੂਹ ਮਿਲੀ ਤਾਂ ਜਰੂਰ ਲਿਖਾਂਗਾ। ’
ਇਸ ਤੋਂ ਬਾਅਦ ਮੁਹੰਮਦ ਸਦੀਕ ਦੀ ਕੋਈ ਚਿਠੀ ਨਾ ਆਈ।
ਮੁੱਦਤਾਂ ਬੀਤ ਗਾਈਆਂ ਨੇ ਵਿਛੜਿਆਂ, ਪਰ ਅੱਜ ਵੀ ਉਸ ਦੀ ਪਿਆਰੀ ਜਿਹੀ ਮੂਰਤ ਉਹਦੀ ਕਾਮਨੀ ਜੇਹੀ ਸੂਰਤ ਮੇਰੇ ਖਿਆਲਾਂ ਮੇਰੇ ਖਾਬਾਂ ਵਿਚ ਫਿਰਦੀ ਰਹਿੰਦੀ ਏ- ਕਦੀਂ ਕਿਸੇ ਰੂਪ ਵਿਚ ਕਦੇ ਕਿਸੇ ਰੂਪ ਵਿਚ। ਉਹਦੀ ਮਿਠੀ ਜੇਹੀ ਆਵਾਜ ਅਚੇਤ ਮੇਰੇ ਕੰਨਾਂ ਨੂੰ ਟਕਰਾ ਜਾਂਦੀ ਏ। ਉਹਦਾ ਜਾਬਰਾਂ ਧਾੜਵੀਆਂ ਵੱਸ ਪੈਣਾ, ਫੇਰ ਕੋਈ ਥਹੁ ਪਤਾ ਨਾ ਲਗਨਾ –ਸੋਚਦਿਆਂ ਮੇਰਾ ਦਮ ਘੁਟਣ ਲੱਗ ਜਾਂਦਾ ਏ। ਇੱਕ ਪੀੜ ਇਕ ਦਰਦ, ਇਕ ਰਿਸਦਾ ਜਖਮ ਮੇਰੇ ਦਿਲ ਤੇ ਏ ਜੋ ਜੜ੍ਹਾਂ ਮਾਰ , ਜੜ੍ਹਾਂ ਵਾਲਾ ਫੋੜਾ ਬਣ ਜੜ੍ਹਾਂ ਪਸਾਰਦਾ ਰਹਿੰਦਾ ਏ। ਅਥਾਹ ਪੀੜ ਏ ਬੇਪਨਾਹ ਕਸਕ ਏ ਉਮਰ ਭਰ ਦੀ ਤੜਪ ਏ। ਨਾਲ ਚਲੇਗੀ ਆਖਿਰੀ ਸਾਹ ਤਕ ਅਤੇ ਇਹ ਜਖ਼ਮ ਰਿਸਦਾ ਰਹੇਗਾ ਆਖਿਰੀ ਦਮ ਤਕ।
ਪਾਲੀ ਕਿਸ ਹਾਲਤ ਵਿਚ ਏ ? ਮਰ ਗਈ ਤਾਂ ਕਿਹੜੀ ਮੌਤ ? ਜੇ ਜਿਉਂਦੀ ਹੈ ਤਾਂ ਕਿਸ ਹਾਲ ? ਦੁਖੀ ਜਾਂ ਅੱਤ ਦੁਖੀ ? ਅੰਤਕਾ ਬਾਲ ਵਰੇਸੀ ਪ੍ਰੇਮ ਮੇਰਾ ਜਵਾਨੀ ਦੀ ਦਹਿਲੀਜ ਤੇ ਪੈਰ ਪਾਂਦਿਆਂ ਮਧੋਲਿਆ ਗਿਆ – ਕੁਰਪਟ ਕਮੀਨੇ ਮਜਬੀ ਜਨੂਨੀ ਤੇ ਕੋਝੇ ਸਮਾਜ ਦੇ ਕਾਲੇ ਕੰਡਿਆਲੇ ਪੈਰਾਂ ਥੱਲੇ। ਅਫਸੋਸ!ਹਾਸੇ ਪਿਆਰ ਤੇ ਖੇੜਿਆਂ ਦੇ ਜਾਮ ਤਾਂ ਬਚਪਨ ਦੀਆਂ ਬੁਲੀਆਂ ਨਾਲ ਲੱਗੇ ਤੇ ਪਿਆਲੇ ਟੁੱਟ ਗਏ ਅਤੇ ਹੁਣ ਉਮਰ ਦੇ ਆਖਿਰੀ ਸਾਹ ਤੱਕ ਇੱਕਲਿਆਂ ਨੰਗੇ ਪੈਰੀਂ ਤੁਰਨਾ ਹੈ ਉਹ ਵੀ ਸਬਰ ਸਬੂਰੀ ਸੂਲਾਂ ਤੇ, ਜਹਿਰ ਭਰੇ ਵਿਸ਼ਮਿਲੇ ਪੀਣ੍ਹੇ ਹਨ। ਪਰ ਯਾਦ ਤੇਰੀ ਸਾਹ ਸਾਹ ਰਹੇਗੀ ਮਰਦੇ ਦਮ ਤੱਕ ! ਪੀੜ ਤੇਰੀ ਪੁੰਗਰਦੀ ਰਹੇਗੀ ਹਰ ਪਲ ਹਰ ਪਲ ਹਰ ਛਿੰਨ !! ਤੜਪ ਤੜਪ ਕੇ ਜੜ੍ਹਾਂ ਮਾਰਦਾ ਰਹੇਗਾ ਦਿਲ ਰੱਕੜ ਵਿਚ ਜੜਾਂ ਵਾਲਾ ਫੋੜਾ!!!

ਗਵਾਹ – ਹੋਰਹੇ ਲੂਈਸ ਬੋਰਹੇਸ

December 14, 2017

ਇੱਕ ਅਸਤਬਲ ਵਿੱਚ ਜੋ ਪੱਥਰ ਦੇ ਇੱਕ ਨਵੇਂ ਬਣੇ ਗਿਰਜੇ ਦੀ ਛਾਵੇਂ ਬੱਗੀਆਂ ਅੱਖਾਂ ਅਤੇ ਬੱਗੀ ਦਾੜ੍ਹੀ ਵਾਲਾ ਇੱਕ ਆਦਮੀ ਜਾਨਵਰਾਂ ਦੀ ਗੰਧ ਦੇ ਦਰਮਿਆਨ ਲਿਟਿਆ ਕੁੱਝ ਅਜਿਹੀ ਮਸਕੀਨੀ ਨਾਲ ਮੌਤ ਦੀ ਉਡੀਕ ਕਰ ਰਿਹਾ ਹੈ ਜਿਵੇਂ ਕੋਈ ਨੀਂਦ ਨੂੰ ਉਡੀਕ ਰਿਹਾ ਹੋਵੇ। ਵਿਸ਼ਾਲ ਅਤੇ ਗੁਪਤ ਕਾਨੂੰਨਾਂ ਲਈ ਵਫ਼ਾਦਾਰ ਦਿਨ ਬੀਤ ਰਿਹਾ ਹੈ ਅਤੇ ਵਿਚਾਰੇ ਅਸਤਬਲ ਵਿੱਚ ਮੌਜੂਦ ਪਰਛਾਈਆਂ ਦੇ ਦਰਮਿਆਨ ਹਲਚਲ ਪੈਦਾ ਕਰ ਰਿਹਾ ਹੈ ਅਤੇ ਇਸ ਨੂੰ ਇੱਕ ਪਾਸੇ ਢੱਕ ਰਿਹਾ ਹੈ। ਬਾਹਰ ਵਾਹੀ ਕੀਤੇ ਖੇਤ ਹਨ ਅਤੇ ਸੁੱਕੇ ਪੱਤਿਆਂ ਨਾਲ ਭਰਿਆ ਇੱਕ ਟੋਆ ਹੈ, ਅਤੇ ਸਿਆਹ ਚਿੱਕੜ ਵਿੱਚ ਕਿਸੇ ਬਘਿਆੜ ਦੇ ਕਦਮਾਂ ਦੇ ਨਿਸ਼ਾਨ ਐਨ ਉਸ ਜਗ੍ਹਾ ਮੌਜੂਦ ਹਨ ਜਿੱਥੋਂ ਜੰਗਲਾਂ ਦੀ ਸ਼ੁਰੂਆਤ ਹੁੰਦੀ ਹੈ। ਆਦਮੀ ਸੌਂ ਜਾਂਦਾ ਹੈ, ਸੁਪਨੇ ਦੇਖਦਾ ਹੈ, ਭੁੱਲ ਚੁੱਕਾ ਹੈ। ਇਸ ਦੀ ਨੀਂਦ ਐਂਜੇਲਸ ( ਇੱਕ ਦੁਆ ਜੋ ਰੋਮਨ ਕੈਥੋਲੀਕ ਦਿਨ ਵਿੱਚ ਤਿੰਨ ਵਾਰ ਕਰਦੇ ਹਨ) ਨਾਲ ਖੁੱਲ੍ਹਦੀ ਹੈ। ਇੰਗਲੈਂਡ ਦੀਆਂ ਬਾਦਸ਼ਾਹਤਾਂ ਵਿੱਚ ਘੰਟੀਆਂ ਦਾ ਵੱਜਣਾ ਹੁਣ ਸ਼ਾਮ ਦੀਆਂ ਰਸਮਾਂ ਵਿੱਚੋਂ ਇੱਕ ਹੈ। ਪਰ ਇਸ ਆਦਮੀ ਨੇ ਬਚਪਨ ਵਿੱਚ ਵੋਡਨ (ਜਰਮਨਿਕ ਮੁੱਖ ਦੇਵਤਾ, ਪ੍ਰਤਿਭਾ ਵੰਡਣ ਵਾਲਾ ਅਤੇ ਬੁੱਧੀ ਅਤੇ ਯੁੱਧ ਦਾ ਦੇਵਤਾ) ਦਾ ਚਿਹਰਾ, ਪਵਿੱਤਰ ਦਹਿਸ਼ਤ ਅਤੇ ਸ਼ਾਦਮਾਨੀ, ਰੋਮਨ ਸਿੱਕਿਆਂ ਅਤੇ ਭਾਰੀ ਪੋਸ਼ਾਕ ਨਾਲ ਲਮਕਦੀ ਅਨਘੜ ਲੱਕੜ ਦੀ ਮੂਰਤੀ, ਅਤੇ ਘੋੜਿਆਂ, ਕੁੱਤਿਆਂ ਅਤੇ ਕੈਦੀਆਂ ਦੀ ਕੁਰਬਾਨੀ ਦੇ ਦ੍ਰਿਸ਼ ਵੇਖੇ ਹਨ। ਪਹੁ ਫੱਟਣ ਤੋਂ ਪਹਿਲਾਂ ਹੀ ਉਹ ਮਰ ਜਾਵੇਗਾ ਅਤੇ ਉਸ ਦੇ ਨਾਲ ਹੀ ਇਨ੍ਹਾਂ ਪਾਗਾਨ ਰਸਮਾਂ ਦਾ ਆਖ਼ਰੀ ਚਸ਼ਮਦੀਦ ਗਵਾਹ ਵੀ ਕਦੇ ਵਾਪਸ ਨਾ ਆਉਣ ਲਈ ਦਮ ਤੋੜ ਦੇਵੇਗਾ: ਦੁਨੀਆ ਇਸ ਸੈਕਸਨ (ਇਹ ਲੋਕ ਜੋ ਪਹਿਲਾਂ ਜਰਮਨੀ ਦੇ ਉੱਤਰੀ ਇਲਾਕਿਆਂ ਵਿੱਚ ਰਹਿੰਦੇ ਸਨ ਅਤੇ ਪੰਜਵੀਂ ਅਤੇ ਛੇਵੀਂ ਸਦੀਆਂ ਵਿੱਚ ਇੰਗਲਿਸਤਾਨ ਉੱਤੇ ਚੜਾਈ ਕਰਕੇ ਜੇਤੂ ਬਣੇ, ਯਾਨੀ ਜਿਨ੍ਹਾਂ ਨੂੰ ਆਮ ਤੌਰ ਤੇ ਅੰਗਰੇਜ਼ ਕਿਹਾ ਜਾਂਦਾ ਹੈ) ਦੀ ਮੌਤ ਦੇ ਨਾਲ ਹੀ ਥੋੜੀ ਜਿਹੀ ਹੋਰ ਗ਼ਰੀਬ ਹੋ ਜਾਵੇਗੀ।

ਜਗ੍ਹਾ ਭਰਨ ਵਾਲੀਆਂ ਕਾਰਵਾਈਆਂ ਜੋ ਕਿਸੇ ਦੇ ਮਰਨ ਦੇ ਨਾਲ ਹੀ ਆਪਣੇ ਅੰਤ ਨੂੰ ਪਹੁੰਚ ਜਾਂਦੀਆਂ ਹਨ, ਸਾਡੇ ਲਈ ਭਲੇ ਹੀ ਹੈਰਤ ਦਾ ਸਬੱਬ ਹੋ ਸਕਦੀਆਂ ਹਨ, ਮਗਰ ਕੋਈ ਚੀਜ਼, ਜਾਂ ਅਨੰਤ ਚੀਜ਼ਾਂ ਹਰ ਮੌਤ ਦੇ ਨਾਲ ਮਰ ਜਾਂਦੀਆਂ ਹਨ – ਅਗਰ ਕਿਸੇ ਸਰਬਵਿਆਪੀ ਯਾਦਾਸ਼ਤ ਦਾ ਵਜੂਦ ਨਾ ਹੋਵੇ ਜਿਵੇਂ ਕਿ ਧਰਮ-ਸ਼ਾਸਤਰੀਆਂ ਦਾ ਕਿਆਸ ਹੈ। ਇੱਕ ਜ਼ਮਾਨਾ ਪਹਿਲਾਂ ਉਹ ਦਿਨ ਵੀ ਗੁਜ਼ਰਿਆ ਜਿਸਨੇ ਈਸ਼ਾ ਮਸੀਹ ਨੂੰ ਦੇਖਣ ਵਾਲੀ ਆਖ਼ਿਰੀ ਅੱਖ ਦੀ ਸ਼ਮ੍ਹਾ ਹਮੇਸ਼ਾ ਲਈ ਬੁਝਾ ਦਿੱਤੀ, ਜਨੀਨ ਦੀ ਲੜਾਈ (ਇਹ ਲੜਾਈ ਪੇਰੂ ਦੀ ਅਜ਼ਾਦੀ ਦੀ ਜੰਗ ਦੀ ਇੱਕ ਮਸ਼ਹੂਰ ਘਟਨਾ ਹੈ ਜੋ 6 ਅਗਸਤ 1824 ਨੂੰ ਵਾਪਰੀ) ਅਤੇ ਹੈਲਨ ਦੀ ਮੁਹੱਬਤ ਕਿਸੇ ਇੱਕ ਆਦਮੀ ਦੀ ਮੌਤ ਦੇ ਨਾਲ ਹੀ ਖ਼ਤਮ ਹੋ ਗਈ। ਮੈਂ ਮਰਾਂਗਾ ਤਾਂ ਮੇਰੇ ਨਾਲ ਕੀ ਕੁੱਝ ਮੌਤ ਦੇ ਮੂੰਹ ਵਿੱਚ ਚਲਾ ਜਾਵੇਗਾ, ਦੁਨੀਆ ਕਿਹੜੇ ਤਰਸਯੋਗ ਜਾਂ ਨਾਪਾਇਦਾਰ ਰੂਪ ਤੋਂ ਹੱਥ ਧੋ ਲਵੇਗੀ? ਕੀ ਮਾਸੇਡੋਨੀਓ ਫ਼ਰਨਾਂਡੇਜ਼ (ਇੱਕ ਮਸ਼ਹੂਰ ਅਰਜਨਟੀਨੀ ਮਜ਼ਾਹੀਆ ਲੇਖਕ ਅਤੇ ਫ਼ਿਲਾਸਫ਼ਰ ਜਿਸ ਦੀ ਮੌਤ 1952 ਵਿੱਚ ਹੋਈ। ਇਹ ਬੋਰਹੇਸ ਦੇ ਅਹਿਮ ਉਸਤਾਦਾਂ ਵਿੱਚੋਂ ਇੱਕ ਸੀ) ਦੀ ਆਵਾਜ, ਕੀ ਸਰਾਨੋ ਅਤੇ ਚਾਰਕਾਸ ਦੀ ਖ਼ਾਲੀ ਜਗ੍ਹਾ ਵਿੱਚ ਇੱਕ ਲਾਲ ਘੋੜੇ ਦਾ ਬਿੰਬ ਜਾਂ ਫਿਰ ਮਹੋਗਨੀ ਲੱਕੜੀ ਦੀ ਬਣੀ ਕਿਸੇ ਮੇਜ਼ ਦੇ ਦਰਾਜ਼ ਵਿੱਚ ਗੰਧਕ ਦੀ ਕੋਈ ਪੱਟੀ?

ਮੀਗੇਲ ਦੇ ਸਿਰਵਾਂਤਿਸ ਅਤੇ ਕੋਹੀਤੇ ਦੀ ਹਿਕਾਇਤ – ਹੋਰਹੇ ਲੂਈਸ ਬੋਰਹੇਸ

December 14, 2017

ਆਪਣੀ ਸਪੇਨੀ ਸਰਜ਼ਮੀਨ ਤੋਂ ਉਕਤਾ ਕੇ ਸੁਖ-ਸ਼ਾਂਤੀ ਦੀ ਭਾਲ ਦੀ ਖਾਤਰ ਸ਼ਾਹ ਦੇ ਇੱਕ ਬੁੱਢੇ ਸਿਪਾਹੀ ਨੇ ਆਰਿਸਤੋ ਦੇ ਖੁੱਲ੍ਹੇ ਡੁੱਲ੍ਹੇ ਇਲਾਕੇ ਵਿੱਚ, ਉਸ ਚੰਨ ਦੀ ਵਰੋਸਾਈ ਵਾਦੀ ਵਿੱਚ ਜੋ ਸੁਪਨਿਆਂ ਵਿੱਚ ਗੁਆਏ ਸਮੇਂ ਦਾ ਨਿਵਾਸ ਸੀ, ਅਤੇ ਮੁਹੰਮਦ ਦੇ ਇਸ ਸੁਨਹਿਰੇ ਬੁੱਤ ਵਿੱਚ ਜੋ ਮੋਂਟਲਬਾਨ ਨੇ ਚੋਰੀ ਕੀਤਾ ਸੀ, ਡੇਰਾ ਜਾ ਲਾਇਆ।
ਆਪਣੇ ਆਪ ਨਾਲ ਬਸ ਇੱਕ ਹਲਕੇ ਜਿਹੇ ਮਜ਼ਾਕ ਦੀ ਖਾਤਰ ਉਸਨੇ ਇੱਕ ਅਜਿਹੇ ਸੰਵੇਦਨਸ਼ੀਲ ਆਦਮੀ ਦੀ ਕਲਪਨਾ ਕੀਤੀ ਜੋ ਆਪਣੇ ਅਜੀਬ ਕਿਸਮ ਦੇ ਅਧਿਅਨ ਦੇ ਕਾਰਨ ਹਿੱਲ ਗਿਆ ਸੀ ਅਤੇ ਹਥਿਆਰਾਂ ਦੇ ਅਤੇ ਇਲਮ ਦੇ ਕਾਰਨਾਮੇ ਤਲਾਸ਼ ਕਰਨ ਦੀ ਖਾਤਰ ਉਸ ਨੇ ਅਲਤਬੋਸੋ ਅਤੇ ਮੋਂਟੀਅਲ ਨਾਮੀ ਆਮ ਇਲਾਕਿਆਂ ਨੂੰ ਨਿਕਲ ਤੁਰਿਆ।
ਹਕੀਕਤ ਯਾਨੀ ਸਪੇਨੀਆਂ ਦੇ ਹੱਥੋਂ ਹਾਰ ਕੇ ਡਾਨ ਕਿਓਟੇ ਦੀ 1614 ਈਸਵੀ ਦੇ ਲਾਗੇ ਉਸਦੇ ਜੱਦੀ ਪਿੰਡ ਵਿੱਚ ਮੌਤ ਹੋ ਗਈ। ਮੀਗੇਲ ਦੇ ਸਿਰਵਾਂਤਿਸ ਵੀ ਬਹੁਤ ਥੋੜ੍ਹੀ ਮੁੱਦਤ ਲਈ ਹੋਰ ਜ਼ਿੰਦਾ ਰਿਹਾ।
ਦੋਨਾਂ ਇਨਸਾਨਾਂ ਦੇ ਲਈ, ਯਾਨੀ ਕਿ ਖ਼ਾਬ ਦੇਖਣ ਵਾਲਾ ਅਤੇ ਜਿਸਨੂੰ ਖ਼ਾਬ ਵਿੱਚ ਵੇਖਿਆ ਜਾ ਰਿਹਾ ਸੀ, ਸਾਰੀ ਕਹਾਣੀ ਦੋ ਸੰਸਾਰਾਂ ਦੇ ਟਕਰਾ ਦੀ ਸੀ: ਮੱਧਕਾਲ ਦੀ ਰਵਾਇਤ ਸੂਰਬੀਰ ਸ਼ਾਹਸਵਾਰਾਂ ਦੇ ਕਿੱਸਿਆਂ ਉੱਤੇ ਅਧਾਰਿਤ ਕਿਤਾਬਾਂ ਦੀ ਗਲਪੀ ਕਲਪਨਾ ਦੀ ਦੁਨੀਆਂ, ਅਤੇ ਸਤਾਰਹਵੀਂ ਸਦੀ ਦੀ ਨਿੱਤ ਦਿਹਾੜੀ ਦੀ ਆਮ ਦੁਨੀਆ।
ਉਨ੍ਹਾਂ ਨੂੰ ਕਦੇ ਰੱਤੀ ਭਰ ਸ਼ਕ ਵੀ ਨਾ ਹੋਇਆ ਕਿ ਸਾਲਾਂ ਬਾਅਦ ਆਖ਼ਿਰਕਾਰ ਇਹ ਝਗੜਾ ਨਿੱਬੜ ਜਾਵੇਗਾ, ਰੱਤੀ ਭਰ ਸ਼ਕ ਵੀ ਨਾ ਹੋਇਆ ਕਿ ਆਉਣ ਵਾਲੀਆਂ ਨਸਲਾਂ ਲਈ ਲਾ ਮਾਂਚਾ, ਮੋਂਟੀਅਲ ਅਤੇ (ਨਾਈਟ) ਸੂਰਮੇ ਦਾ ਪਤਲਾ ਜਿਸਮ, ਸਿੰਦਬਾਦ ਦੇ ਕਿੱਸਿਆਂ ਅਤੇ ਆਰੀਓਸਤੋ ਦੇ ਖੁੱਲ੍ਹੇ ਡੁੱਲ੍ਹੇ ਇਲਾਕਿਆਂ ਨਾਲੋਂ ਕਿਸੇ ਸੂਰਤ ਘੱਟ ਸ਼ਾਇਰਾਨਾ ਨਹੀਂ ਹੋਵੇਗਾ।
ਕਿਉਂਕਿ ਸਾਹਿਤ ਦਾ ਆਰੰਭ ਵੀ ਮਿਥ ਹੈ ਅਤੇ ਇਸ ਦਾ ਆਖ਼ਰ ਵੀ।

ਬਾਬਲ ਦੀ ਲਾਇਬਰੇਰੀ – ਹੋਰਹੇ ਲੂਈਸ ਬੋਰਹੇਸ

December 14, 2017

 

ਇਸ ਆਰਟ ਦੇ ਜ਼ਰੀਏ ਤੁਸੀਂ ਤੇਈ ਅੱਖਰਾਂ ਦੇ ਵੇਰੀਏਸ਼ਨ ਉੱਤੇ ਗ਼ੌਰ ਕਰ ਸਕਦੇ ਹੋ …। ਐਨਾਟੋਮੀ ਆਫ਼ ਮੇਲਾਨਪਲੀ, ਪਾਰਟ 2, ਭਾਗ II, ਮੈਮ IV ਰਾਬਰਟ ਬਰਟਨ

ਕਾਇਨਾਤ (ਜਿਸਨੂੰ ਦੂਜੇ ਲੋਕ ਲਾਇਬਰੇਰੀ ਕਹਿੰਦੇ ਹਨ) ਅਨਿਸ਼ਚਿਤ ਸਗੋਂ ਸ਼ਾਇਦ ਅਨੰਤ ਛੇਭੁਜਾਵੀ ਗੈਲਰੀਆਂ ਉੱਤੇ ਅਧਾਰਿਤ ਹੈ। ਹਰ ਗੈਲਰੀ ਦੇ ਕੇਂਦਰ ਵਿੱਚ ਇੱਕ ਹਵਾਦਾਨ ਮਘੋਰਾ ਹੈ, ਜਿਸਦੇ ਆਲੇ ਦੁਆਲੇ ਰੇਲਿੰਗ ਹੈ। ਕਿਸੇ ਵੀ ਛੇਭੁਜਾ ਤੋਂ ਉੱਤੇ ਅਤੇ ਹੇਠਾਂ ਜਾਂਦੀ ਇੱਕ ਦੇ ਬਾਅਦ ਦੂਜੀ ਬੇਅੰਤ ਮੰਜ਼ਿਲਾਂ ਵੇਖੀਆਂ ਜਾ ਸਕਦੀਆਂ ਹਨ। ਗੈਲਰੀਆਂ ਦੀ ਤਰਤੀਬ ਹਮੇਸ਼ਾ ਤੋਂ ਇੱਕੋ ਹੀ ਹੈ ਕਿਤਾਬਾਂ ਦੀਆਂ ਵੀਹ ਸੈਲਫਾਂ, ਛੇਭੁਜਾ ਦੀਆਂ ਛੇ ਬਾਹੀਆਂ ਵਿੱਚੋਂ ਚਾਰ ਦੇ ਹਰ ਤਰਫ਼ ਪੰਜ ਕਤਾਰਾਂ; ਸੈਲਫਾਂ ਦੀ ਉਚਾਈ ਜ਼ਮੀਨ ਤੋਂ ਛੱਤ ਤੱਕ ਇੱਕ ਆਮ ਲਾਇਬਰੇਰੀਅਨ ਦੇ ਕੱਦ ਤੋਂ ਸ਼ਾਇਦ ਹੀ ਕੁੱਝ ਹੀ ਜ਼ਿਆਦਾ। ਛੇਭੁਜਾ ਦੀਆਂ ਵਿਹਲੀਆਂ ਬਾਹੀਆਂ ਵਿੱਚੋਂ ਇੱਕ ਤੰਗ ਜਿਹੀ ਡਿਓੜੀ ਵਿੱਚ ਖੁਲ੍ਹਦੀ ਹੈ, ਜੋ ਇੱਕ ਹੋਰ ਗੈਲਰੀ ਵਿੱਚ ਖੁਲ੍ਹਦੀ ਹੈ ਜੋ ਪਹਿਲੀ ਵਾਲੀ ਵਰਗੀ, ਸਗੋਂ ਹਰ ਇੱਕ ਵਰਗੀ ਹੈ। ਡਿਓੜੀ ਦੇ ਸੱਜੇ ਅਤੇ ਖੱਬੇ ਦੋ ਛੋਟੀਆਂ ਜਿਹੀਆਂ ਕੋਠੜੀਆਂ ਹਨ। ਇੱਕ ਸੌਣ ਦੇ ਲਈ, ਬਿਲਕੁਲ ਸਿੱਧੇ ਅਤੇ ਦੂਜੀ ਰਫ਼ਾ ਹਾਜਤ ਦੇ ਲਈ। ਇਥੋਂ ਵੀ ਇੱਕ ਵਲ਼ ਖਾਂਦੀ ਪੌੜੀ ਜਾਂਦੀ ਹੈ ਜੋ ਉੱਪਰ ਹੇਠਾਂ ਦੂਰ ਤੱਕ ਚੱਕਰ ਖਾਂਦੀ ਚਲੀ ਜਾਂਦੀ ਹੈ। ਡਿਓੜੀ ਵਿੱਚ ਇੱਕ ਸ਼ੀਸ਼ਾ ਵਫਾਦਾਰੀ ਨਾਲ ਸਾਰੇ ਦ੍ਰਿਸ਼ ਦੀ ਅੱਕਾਸੀ ਕਰਦਾ ਹੈ। ਇਨਸਾਨ ਅਕਸਰ ਇਸ ਸ਼ੀਸ਼ੇ ਤੋਂ ਇਹ ਨਤੀਜਾ ਕੱਢਦੇ ਹਨ ਕਿ ਲਾਇਬਰੇਰੀ ਅਨੰਤ ਨਹੀਂ ਕਿਉਂਕਿ ਜੇਕਰ ਉਹ ਅਜਿਹੀ ਹੁੰਦੀ ਤਾਂ ਇਸ ਦੀ ਰੀਪਲੀਕੇਸ਼ਨ ਦੀ ਕੀ ਜ਼ਰੂਰਤ? ਮੈਂ ਇਸ ਖ਼ਿਆਲ ਨੂੰ ਤਰਜੀਹ ਦਿੰਦਾ ਹਾਂ ਕਿ ਪਾਲਿਸ਼ ਕੀਤੇ ਧਰਾਤਲ ਅਨੰਤ ਦਾ ਖ਼ਾਕਾ ਅਤੇ ਉਮੀਦ ਹਨ… ਰੋਸ਼ਨੀ ਕੁੱਝ ਅਜਿਹੇ ਆਂਡਿਆਂ ਵਰਗੇ ਫਲਾਂ ਤੋਂ ਮਿਲਦੀ ਹੈ ਜਿਨ੍ਹਾਂ ਨੂੰ ਬੱਲਬ ਕਹਿੰਦੇ ਹਨ। ਹਰ ਛੇਭੁਜਾ ਵਿੱਚ ਅਜਿਹੇ ਦੋ ਬੱਲਬ ਆਰਪਾਰ ਆੜੇ ਰੁੱਖ ਹਨ। ਉਨ੍ਹਾਂ ਤੋਂ ਮਿਲਦੀ ਰੋਸ਼ਨੀ ਨਾਕਾਫ਼ੀ ਅਤੇ ਨਿਰੰਤਰ ਹੈ।

ਲਾਇਬਰੇਰੀ ਦੇ ਸਾਰੇ ਬਾਸ਼ਿੰਦਿਆਂ ਦੀ ਤਰ੍ਹਾਂ ਮੈਂ ਵੀ ਆਪਣੀ ਜਵਾਨੀ ਵਿੱਚ ਸਫ਼ਰ ਕੀਤਾ। ਮੈਂ ਕਿਤਾਬ, ਸ਼ਾਇਦ ਕੈਟਾਲਾਗਾਂ ਦੀ ਕੈਟਾਲਾਗ ਦੀ ਤਲਾਸ਼ ਵਿੱਚ ਮੰਜ਼ਿਲਾਂ ਦਰ ਮੰਜ਼ਿਲਾਂ ਪੰਧ ਮਾਰਿਆ। ਹੁਣ ਜਦੋਂ ਕਿ ਮੇਰੀਆਂ ਅੱਖਾਂ ਮੇਰੀ ਆਪਣੀ ਲਿਖਤ ਵੀ ਮੁਸ਼ਕਿਲ ਨਾਲ ਪੜ੍ਹ ਸਕਦੀਆਂ ਹਨ, ਮੈਂ ਇਸ ਛੇਭੁਜਾ ਤੋਂ, ਜਿਥੇ ਮੇਰਾ ਜਨਮ ਹੋਇਆ ਸੀ, ਕੁੱਝ ਹੀ ਲੀਗ (ਦੂਰੀ ਮਾਪ ਦਾ ਇੱਕ ਪੈਮਾਨਾ) ਦੂਰ ਮਰਨ ਦੀ ਤਿਆਰੀ ਕਰ ਰਿਹਾ ਹਾਂ। ਮੇਰੀ ਮੌਤ ਹੋਣ ਉੱਤੇ ਹਮਦਰਦ ਹੱਥ ਮੈਨੂੰ ਰੇਲੇ ਤੋਂ ਬਾਹਰ ਸੁੱਟ ਦੇਣਗੇ, ਅਥਾਹ ਹਵਾ ਮੇਰਾ ਮਕਬਰਾ ਹੋਵੇਗੀ, ਮੇਰਾ ਜਿਸਮ ਜੁੱਗੋ ਜੁੱਗ ਡੁੱਬਦਾ ਰਹੇਗਾ ਅਤੇ ਆਖ਼ਿਰਕਾਰ ਮੇਰੇ ਡਿੱਗਣ ਨਾਲ ਵਜੂਦ ਵਿੱਚ ਆਈ ਅਨੰਤ ਹਵਾ ਵਿੱਚ ਗਲ਼ ਸੜ ਕੇ ਘੁਲ ਜਾਵੇਗਾ। ਮੈਂ ਐਲਾਨ ਕਰਦਾ ਹਾਂ ਕਿ ਲਾਇਬਰੇਰੀ ਬੇਅੰਤ ਹੈ। ਆਦਰਸ਼ਵਾਦੀਆਂ ਦਾ ਦਾਹਵਾ ਹੈ ਕਿ ਛੇਭੁਜਾ ਕਮਰੇ ਨਿਰਪੇਖ ਪੁਲਾੜ ਦੀ ਜ਼ਰੂਰੀ ਸੂਰਤ ਹਨ ਜਾਂ ਘੱਟ ਤੋਂ ਘੱਟ ਸਾਡੇ ਪੁਲਾੜ ਦੇ ਅੰਤਰਗਿਆਨ ਦੀ। ਉਨ੍ਹਾਂ ਦਾ ਦਾਹਵਾ ਇਹ ਹੈ ਕਿ ਇੱਕ ਤ੍ਰਿਭੁਜ ਜਾਂ ਪੰਜਭੁਜੀ ਕਮਰਾ ਸੋਚਣ ਦੇ ਬਾਹਰ ਹੈ। (ਰਹੱਸਵਾਦੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਵਿਸਮਾਦ ਇੱਕ ਗੋਲ ਕਮਰੇ ਆਉਂਦਾ ਹੈ ਜਿਸ ਵਿੱਚ ਇੱਕ ਵੱਡੀ ਗੋਲ ਕਿਤਾਬ ਮੌਜੂਦ ਹੈ ਜੋ ਜਿਸ ਦੀ ਨਿਰੰਤਰ ਰੀੜ੍ਹ ਕੰਧਾਂ ਦਾ ਚੱਕਰ ਮੁਕੰਮਲ ਕਰਦੀ ਹੈ। ਮਗਰ ਉਨ੍ਹਾਂ ਦੀ ਸ਼ਹਾਦਤ ਸ਼ੱਕੀ ਹੈ ਅਤੇ ਉਨ੍ਹਾਂ ਦੇ ਲਫ਼ਜ਼ ਧੁੰਦਲੇ। ਇਹ ਗੋਲ ਕਿਤਾਬ ਰੱਬ ਹੈ।) ਇੱਕ ਪਲ ਲਈ ਇਹ ਕਾਫ਼ੀ ਹੈ ਕਿ ਮੈਂ ਦੁਹਰਾਉਂਦਾ ਹਾਂ ਲਾਇਬਰੇਰੀ ਇੱਕ ਗੋਲਾ ਹੈ ਜਿਸਦਾ ਕੇਂਦਰ ਕੋਈ ਵੀ ਛੇਭੁਜਾ ਹੈ ਅਤੇ ਜਿਸਦਾ ਘੇਰਾ ਪਹੁੰਚ ਦੇ ਬਾਹਰ।

ਹਰੇਕ ਛੇਭੁਜਾ ਦੀ ਹਰ ਦੀਵਾਰ ਵਿੱਚ ਪੰਜ ਕਿਤਾਬੀ ਸੈਲਫਾਂ ਹਨ, ਹਰ ਕਿਤਾਬੀ ਸੈਲਫ ਵਿੱਚ ਇੱਕੋ ਤਰਾਂ ਦੀਆਂ ਬੱਤੀ ਕਿਤਾਬਾਂ ਮੌਜੂਦ ਹਨ, ਹਰ ਕਿਤਾਬ ਦੇ ਚਾਰ ਸੌ ਦਸ ਪੰਨੇ ਹਨ, ਹਰ ਪੰਨੇ ਉੱਤੇ ਚਾਲ੍ਹੀ ਸਤਰਾਂ ਅਤੇ ਹਰ ਸਤਰ ਵਿੱਚ ਤਕਰੀਬਨ ਅੱਸੀ ਸਿਆਹ ਅੱਖਰ। ਹਰ ਕਿਤਾਬ ਦੇ ਸਰਵਰਕ ਉੱਤੇ ਵੀ ਅੱਖਰ ਉੱਕਰੇ ਹਨ। ਇਹ ਅੱਖਰ ਨਾ ਤਾਂ ਨਿਸ਼ਾਨਦੇਹੀ ਕਰਦੇ ਹਨ ਅਤੇ ਨਾ ਹੀ ਇਹ ਦੱਸਦੇ ਹਨ ਕਿ ਅੰਦਰ ਦੇ ਪੰਨਿਆਂ ਵਿੱਚ ਕੀ ਹੈ। ਮੈਨੂੰ ਇਲਮ ਹੈ ਕਿ ਪੱਤਰਾਚਾਰ ਦੀ ਘਾਟ ਕਦੇ ਇਨਸਾਨਾਂ ਨੂੰ ਰਹੱਸਮਈ ਲੱਗਦਾ ਸੀ। ਇਸ ਰਹੱਸ ਦੇ ਹੱਲ ਦਾ ਖੁਲਾਸਾ ਪੇਸ਼ ਕਰਨ ਤੋਂ ਪਹਿਲਾਂ (ਜਿਸਦੀ ਖੋਜ ਦੁਖਾਂਤਕ ਨਤੀਜਿਆਂ ਦੇ ਬਾਵਜੂਦ ਸ਼ਾਇਦ ਇਤਿਹਾਸ ਦੀ ਅਹਿਮਤਰੀਨ ਘਟਨਾ ਹੈ ),  ਮੈਂ ਕੁੱਝ ਸਵੈ-ਸਿੱਧੀਆਂ ਦੋਹਰਾਉਣਾ ਚਾਹੁੰਦਾ ਹਾਂ।

ਪਹਿਲੀ: ਲਾਇਬਰੇਰੀ ਅਜ਼ਲ ਤੋਂ ਮੌਜੂਦ ਹੈ। ਸੱਚ, ਜਿਸਦਾ ਤੁਰੰਤ ਨਤੀਜਾ ਸੰਸਾਰ ਦੀ ਸਦੀਵਤਾ ਹੈ, ਕੋਈ ਤਰਕਸ਼ੀਲ ਮਨ ਝੁਠਲਾ ਨਹੀਂ ਸਕਦਾ। ਇਨਸਾਨ, ਇੱਕ ਅਪੂਰਨ ਲਾਇਬਰੇਰੀਅਨ, ਜਾਂ ਤਾਂ ਸ਼ਾਇਦ ਸਬੱਬ ਦਾ ਹਾਸਲ ਹੈ ਜਾਂ ਫਿਰ ਬੁਰੇ ਦੇਵਤੇ (ਡੈਮੀਅਰਗ) ਦੀ ਸਿਰਜਨਾ ਹੋ ਸਕਦੀ ਹੈ, ਮਗਰ ਕਾਇਨਾਤ ਆਪਣੀ ਸ਼ਾਨਦਾਰ ਤਰਤੀਬ ਸਹਿਤ, ਯਾਨੀ ਆਪਣੀਆਂ ਕਿਤਾਬੀ ਸੈਲਫਾਂ, ਰਹੱਸਮਈ ਕਿਤਾਬਾਂ, ਮੁਸਾਫ਼ਰ ਲਈ ਅਣਥੱਕ ਪੌੜੀਆਂ, ਅਤੇ ਬਿਰਾਜਮਾਨ ਲਾਇਬਰੇਰੀਅਨ ਲਈ ਆਬਗਾਹੀ ਭੜੋਲਿਆਂ ਦੇ ਨਾਲ ਕਾਇਨਾਤ, ਕਿਸੇ ਖ਼ੁਦਾ ਦੇ ਹੱਥਾਂ ਦਾ ਹੀ ਕੰਮ ਹੋ ਸਕਦਾ ਹੈ। ਇਨਸਾਨ ਅਤੇ ਨਿਰਪੇਖ ਹਸਤੀ ਦੇ ਦਰਮਿਆਨ ਫ਼ਾਸਲੇ ਨੂੰ ਸਮਝਣ ਵਾਸਤੇ, ਇਨ੍ਹਾਂ ਥਰਥਰਾਉਂਦੀਆਂ ਹੋਈਆਂ ਖ਼ਾਮ ਅਲਾਮਤਾਂ, ਜੋ ਮੇਰਾ ਮਰਨਸ਼ੀਲ ਹੱਥ ਇੱਕ ਕਿਤਾਬ ਦੇ ਸਰਵਰਕ ਉੱਤੇ ਝਰੀਟ ਰਹੇ ਹਨ, ਦੀ ਤੁਲਨਾ ਉਸਦੇ ਅੰਦਰ ਮੌਜੂਦ ਸਾਫ਼ ਸੁਥਰੇ, ਨਾਜ਼ੁਕ, ਡੂੰਘੇ ਸਿਆਹ ਅਤੇ ਬੇਨਜ਼ੀਰ ਸਮਿਤਰੀ ਜੀਵੰਤ ਅੱਖਰਾਂ ਦੇ ਨਾਲ ਕਰਨੀ ਹੋਵੇਗੀ।

ਦੂਜੀ: ਅੱਖਰਮਾਲੀ ਅਲਾਮਤਾਂ ਪੰਝੀ ਹਨ (ਮੂਲ ਮੁਸੌਦੇ ਵਿੱਚ ਨਾ ਤਾਂ ਅੰਕ ਹਨ ਅਤੇ ਨਾ ਹੀ  ਵੱਡੇ ਅੱਖਰ, ਵਿਰਾਮ ਚਿੰਨ੍ਹ ਕਾਮੇ ਅਤੇ ਵਕਫ਼ਿਆਂ ਤੱਕ ਮਹਿਦੂਦ ਹਨ। ਇਹ ਦੋ ਨਿਸ਼ਾਨ, ਸਪੇਸ ਅਤੇ ਬਾਈ ਅੱਖਰ ਉਹ ਪੰਝੀ ਅਲਾਮਤਾਂ ਹਨ ਜਿਨ੍ਹਾਂ ਦੀ ਤਰਫ਼ ਸਾਡਾ ਅਗਿਆਤ ਲੇਖਕ ਇਸ਼ਾਰਾ ਕਰ ਰਿਹਾ ਹੈ। ਸੰਪਾਦਕ)। ਤਿੰਨ ਸੌ ਸਾਲ ਪਹਿਲਾਂ ਇਸ ਲੱਭਤ ਨੇ ਮਨੁੱਖਤਾ ਨੂੰ ਲਾਇਬਰੇਰੀ ਦਾ ਇੱਕ ਆਮ ਨਜ਼ਰੀਆ ਢਾਲਣ ਦੇ ਯੋਗ ਬਣਾਇਆ ਅਤੇ ਇਸ ਤਰ੍ਹਾਂ ਇਸ ਪਹੇਲੀ ਨੂੰ ਹੱਲ ਕਰ ਦਿੱਤਾ ਜਿਸਦਾ ਭੇਦ ਅੱਜ ਤੱਕ ਕੋਈ ਅਟਕਲ ਨਹੀਂ ਖੋਲ੍ਹ ਸਕੀ ਸੀ ਯਾਨੀ ਤਕਰੀਬਨ ਸਭ ਕਿਤਾਬਾਂ ਦੀ ਇੱਕ ਨਿਰੰਕਾਰ ਅਤੇ ਧੁੰਦੂਕਾਰ ਪ੍ਰਕਿਰਤੀ। ਇੱਕ ਕਿਤਾਬ ਜਿਸਨੂੰ ਇੱਕ ਦਫਾ ਮੇਰੇ ਬਾਪ  ਨੇ 15-94 ਨੰਬਰ ਗਰਦਸ਼ ਦੀ ਇੱਕ ਛੇਭੁਜਾ ਵਿੱਚ ਵੇਖਿਆ ਸੀ ਸਿਰਫ ਅੱਖਰ ਮ ਕ ਵ – ਉੱਤੇ ਅਧਾਰਿਤ ਸੀ ਜੋ ਪਹਿਲੀ ਤੋਂ ਆਖ਼ਿਰੀ ਸਤਰ ਤੱਕ ਅਵੈੜ ਤਰੀਕੇ ਨਾਲ ਦੋਹਰਾਏ ਗਏ ਸਨ। ਇੱਕ ਹੋਰ (ਜਿਸ ਤੋਂ ਇਸ ਹਲਕੇ ਵਿੱਚ ਕਾਫ਼ੀ ਅਗਵਾਈ ਲਈ ਜਾਂਦੀ ਹੈ ਫਕਤ ਅੱਖਰ ਦੀ ਭੁੱਲ ਭੁਲਈਆਂ ਉੱਤੇ ਅਧਾਰਿਤ ਹੈ ਜਿਸ ਦੇ ਆਖ਼ਿਰੀ ਤੋਂ ਪਹਿਲਾਂ ਸਫ਼ੇ ਉੱਤੇ ਇਹ ਇਬਾਰਤ ਦਰਜ ਹੈ ’’ਐ ਵਕਤ ਤੇਰੇ ਪਿਰਾਮਿਡ (O Tine tlry pyramlds)। ਇੰਨਾ ਪਤਾ ਹੈ ਕਿ ਹਰ ਤਾਰਕਿਕ ਸਤਰ ਜਾਂ ਬੇਬਾਕ ਬਿਆਨ ਦੇ ਇਵਜ ਬੇਮਾਨੀ ਖੱਪ, ਜ਼ਬਾਨੀ ਬਕਵਾਸ ਅਤੇ ਬੇਜੋੜਤਾਈ ਦੇ ਢੇਰ ਹਨ। (ਮੈਂ ਇੱਕ ਅਜਿਹੇ ਨੀਮ-ਵਹਿਸ਼ੀ ਖਿੱਤੇ ਨੂੰ ਜਾਣਦਾ ਹਾਂ ਜਿੱਥੇ ਦੇ ਲਾਇਬਰੇਰੀਅਨ ਕਿਤਾਬਾਂ ਵਿੱਚ ਅਰਥ ਤਲਾਸ਼ ਕਰਨ ਦੀ ਅਜਾਈਂ ਅਤੇ ਵਹਿਮੀ ਆਦਤ ਦੀ ਖਿੱਲੀ ਉਡਾਇਆ ਕਰਦੇ ਹਨ ਅਤੇ ਅਜਿਹੀ ਕਿਸੇ ਵੀ ਜੁਸਤਜੂ ਨੂੰ ਸੁਪਨਿਆਂ ਅਤੇ ਕਿਸੇ ਹੱਥ ਦੀ ਬੇਸਿਰਪੈਰ ਲਕੀਰਾਂ ਵਿੱਚ ਅਰਥ ੜੂੜਨ ਦੇ ਬਰਾਬਰ ਸਮਝਦੇ ਹਨ। ਉਹ ਇਹ ਤਾਂ ਮੰਨ ਲੈਂਦੇ ਹਨ ਕਿ ਤਹਰੀਰ ਦੇ ਕਾਢੀਆਂ ਨੇ ਪੰਝੀ ਕੁਦਰਤੀ ਅਲਾਮਤਾਂ ਦੀ ਨਕਲ ਕੀਤੀ ਮਗਰ ਉਨ੍ਹਾਂ ਦਾ ਦਾਹਵਾ ਹੈ ਕਿ ਅਪਨਾਉਣ ਦਾ ਇਹ ਅਮਲ ਅਕਾਰਨ ਅਤੇ ਇੱਤਫ਼ਾਕੀਆ ਸੀ ਅਤੇ ਇਹ ਕਿ ਕਿਤਾਬਾਂ ਵੀ ਆਪਣੇ ਆਪ ਵਿੱਚ ਕੋਈ ਅਰਥ ਨਹੀਂ ਰੱਖਦੀਆਂ। ਇਹ ਦਲੀਲ ਜਿਵੇਂ ਕ‌ਿ ਅਸੀ ਵੇਖਾਂਗੇ ਮੁਕੰਮਲ ਤੌਰ ਤੇ ਅਤਿਕਥਨੀ ਨਹੀਂ ਹੈ।

ਕਈ ਸਾਲ ਤੱਕ ਇਹ ਮੰਨਿਆ ਜਾਂਦਾ ਰਿਹਾ ਕਿ ਇਹ ਨਾਸਮਝਯੋਗ ਕਿਤਾਬਾਂ ਪ੍ਰਾਚੀਨ ਜਾਂ ਦੂਰਦੁਰਾਡੇ ਦੀਆਂ ਜ਼ਬਾਨਾਂ ਵਿੱਚ ਹਨ। ਇਹ ਸੱਚ ਹੈ ਕਿ ਬਹੁਤ ਕਦੀਮ ਲੋਕ ਯਾਨੀ ਕਿ ਉਹ ਪਹਿਲੇ ਲਾਇਬਰੇਰੀਅਨ ਸਾਡੀ ਪ੍ਰਚਲਿਤ ਬੋਲੀ ਨਾਲੋਂ ਬਹੁਤ ਵੱਖਰੀ ਭਾਸ਼ਾ ਇਸਤੇਮਾਲ ਕਰਦੇ ਸਨ, ਇਹ ਵੀ ਸੱਚ ਹੈ ਕਿ ਇੱਥੋਂ ਕੁੱਝ ਕੋਹ ਸੱਜੇ ਸਾਡੀ ਭਾਸ਼ਾ ਉੱਪਭਾਸ਼ਾ ਵਿੱਚ ਢਲਣਾ ਸ਼ੁਰੂ ਹੋ ਜਾਂਦੀ ਹੈ ਅਤੇ ਨੱਬੇ ਮੰਜ਼ਿਲਾਂ ਉੱਤੇ ਇਹ ਬਿਲਕੁਲ ਨਾਸਮਝਯੋਗ ਹੋ ਜਾਂਦੀ ਹੈ। ਮੈਂ ਇੱਕ ਫਿਰ ਕਹਿੰਦਾ ਹਾਂ ਕਿ ਇਹ ਸਭ ਸੱਚ ਹੈ ਲੇਕਿਨ ਚਾਰ ਸੌ ਦਸ ਅਬਦਲ  ਮ ਕ ਵ – ਪੰਨੇ ਕਿਸੇ ਵੀ ਭਾਸ਼ਾ ਨਾਲ ਤਾੱਲੁਕ ਨਹੀਂ ਰੱਖਦੇ, ਚਾਹੇ ਉਹ ਕਿੰਨੀ ਵੀ ਉਪਭਾਸ਼ਾਈ ਜਾਂ ਕਦੀਮ ਕਿਉਂ ਨਾ ਹੋਵੇ। ਕੁੱਝ ਲੋਕਾਂ ਦੀ ਤਜਵੀਜ਼ ਇਹ ਹੈ ਹਰ ਅੱਖਰ ਅਗਲੇ ਉੱਤੇ – ਅਸਰ ਪਾਉਂਦਾ ਹੈ ਅਤੇ ਮ ਕ ਵ – ਦੀ ਜੋ ਕ਼ੀਮਤ ਪੰਨਾ 71 ਦੀ ਸਤਰ 3 ਉੱਤੇ ਹੈ ਉਹ ਕਿਸੇ ਹੋਰ ਪੰਨੇ ਅਤੇ ਸਤਰ ਉੱਤੇ ਇਸ ਲੜੀ ਦੀ ਕ਼ੀਮਤ ਨਾਲੋਂ ਅੱਡਰੀ ਹੈ, ਮਗਰ ਇਹ ਵਹਿਮੀ ਭਰਮੀ ਨਜ਼ਰੀਆ ਕੁੱਝ ਜ਼ਿਆਦਾ ਮਕਬੂਲ ਨਹੀਂ ਹੋ ਸਕਿਆ। ਇਸ ਦੇ ਉਲਟ ਦੂਸਰਿਆਂ ਨੇ ਕਿਸੇ ਗੁਪਤ ਕੋਡ ਦੀ ਸੰਭਾਵਨਾ ਦਾ ਜ਼ਿਕਰ ਕੀਤਾ ਹੈ ਅਤੇ ਇਹ ਕਿ ਅਟਕਲ ਨੂੰ ਸਰਬਵਿਆਪੀ ਤੌਰ ਤੇ ਤਸਲੀਮ ਕਰ ਲਿਆ ਗਿਆ ਹੈ, ਭਾਵੇਂ ਉਸ ਅਰਥ ਵਿੱਚ ਨਹੀਂ ਜਿਸ ਵਿੱਚ ਉਸ ਦੇ ਬਾਨੀਆਂ ਨੇ ਸੂਤਰਬਧ ਕੀਤਾ ਸੀ।

ਲੱਗਪੱਗ ਪੰਜ ਸੌ ਸਾਲ ਪਹਿਲਾਂ ਉੱਪਰਲੀਆਂ ਵਿੱਚੋਂ ਕਿਸੇ ਛੇਭੁਜ ਦੇ ਮੁਖੀ (ਪ੍ਰਾਚੀਨ ਸਮਿਆਂ ਵਿੱਚ ਹਰ ਤਿੰਨ ਛੇਭੁਜਾਵਾਂ ਦੀ ਜਗ੍ਹਾ ਇੱਕ ਆਦਮੀ ਸੀ। ਖੁਦਕੁਸ਼ੀ ਅਤੇ ਫੇਫੜਿਆਂ ਦੀਆਂ  ਬੀਮਾਰੀਆਂ ਨੇ ਉਸ ਤਨਾਸੁਬ ਨੂੰ ਵਿਗਾੜ ਕੇ ਰੱਖ ਦਿੱਤਾ। ਇੱਕ ਨਾ-ਕਹਿਣਯੋਗ ਮੇਲਾਂਕਲੀ  ਯਾਦਾਸ਼ਤ: ਮੈਂ ਕਈ ਵਾਰ ਇੱਕ ਵੀ ਲਾਇਬਰੇਰੀਅਨ ਨਾਲ ਮੁੜਭੇੜ ਹੋਏ ਬਗੈਰ, ਥੱਲੇ ਗਲਿਆਰਿਆਂ ਅਤੇ ਪਾਲਿਸ਼ ਕੀਤੀਆਂ ਪੌੜੀਆਂ ਦੇ ਸਫ਼ਰ ਵਿੱਚ ਰਾਤਾਂ ਗੁਜ਼ਾਰੀਆਂ ਹਨ।) ਦੇ ਹੱਥ ਇੱਕ ਅਜਿਹੀ ਕਿਤਾਬ ਲੱਗੀ ਜੋ ਬਾਕੀਆਂ ਦੀ ਤਰ੍ਹਾਂ ਤੁੱਥਮੁੱਥ ਤਾਂ ਸੀ ਮਗਰ ਉਸ ਦੇ ਤਕਰੀਬਨ ਦੋ ਪੰਨੇ ਇੱਕੋ ਤਰ੍ਹਾਂ ਦੀਆਂ ਸਤਰਾਂ ਉੱਤੇ ਅਧਾਰਿਤ ਸਨ। ਉਸਨੇ ਆਪਣੀ ਇਹ ਖੋਜ ਇੱਕ ਅੱਖਰਾਂ ਦੀ ਸ਼ਨਾਖ਼ਤ ਕਰਨ ਵਾਲੇ ਮੁਸਾਫ਼ਰ ਨੂੰ ਦਿਖਾਈ ਜਿਸ ਦੀ ਰਾਏ ਵਿੱਚ ਉਹ ਸਤਰਾਂ ਪੁਰਤਗਾਲੀ ਭਾਸ਼ਾ ਵਿੱਚ ਲਿਖੀਆਂ ਸਨ, ਕੁੱਝ ਹੋਰਨਾਂ ਨੇ ਕਿਹਾ ਕਿ ਇਹ ਯਹੂਦੀ ਭਾਸ਼ਾ ਸੀ। ਇੱਕ ਸਦੀ ਦੇ ਅੰਦਰ ਹੀ ਮਾਹਿਰਾਂ ਨੇ ਇਹ ਨਿਸਚਿਤ ਕਰ ਦਿੱਤਾ ਕਿ ਉਹ ਭਾਸ਼ਾ ਅਸਲ ਵਿੱਚ ਕਿਹੜੀ ਸੀ: ਕਲਾਸਿਕੀ ਅਰਬੀ ਦੀ ਪੁੱਠ ਵਾਲੀ ਗਵਾਰਾਨੀ ਦੀ ਇੱਕ ਸਾਮੋਯਾਈ ਲਿਥੂਆਨੀ ਉਪਭਾਸ਼ਾ (ਅਰਜਨਟਾਈਨਾ ਦੇ ਇੱਕ ਸੂਬੇ ਵਿੱਚ ਬੋਲੀ ਜਾਣ ਵਾਲੀ ਇੱਕ ਦੱਖਣੀ ਅਮਰੀਕੀ ਭਾਸ਼ਾ।)। ਇਸ ਦੇ ਨਾਲ ਹੀ ਅੰਤਰਵਸਤੂ ਦਾ ਨਿਰਧਾਰਨ ਵੀ ਕਰ ਦਿੱਤਾ ਗਿਆ: ਅੰਤਹੀਣ ਦੁਹਰਾਵੀਆਂ ਭਿੰਨਰੂਪਤਾਵਾਂ ਦੀਆਂ ਮਿਸਾਲਾਂ ਨਾਲ ਦਰਸਾਏ ਸੰਯੋਗਸ਼ੀਲ ਵਿਸ਼ਲੇਸ਼ਣ ਦੇ ਮੁਢਲੇ ਸਿਧਾਂਤ। ਇਨ੍ਹਾਂ ਮਿਸਾਲਾਂ ਦੀ ਮਦਦ ਨਾਲ ਇੱਕ ਪ੍ਰਤਿਭਾਸ਼ੀਲ ਲਾਇਬਰੇਰੀਅਨ ਨੇ ਲਾਇਬਰੇਰੀ ਦਾ ਬੁਨਿਆਦੀ ਕਨੂੰਨ ਖੋਜ ਲਿਆ। ਇਸ ਫ਼ਿਲਾਸਫ਼ਰ ਨੇ ਨਿਰੀਖਣ ਕੀਤਾ ਕਿ ਸਾਰੀਆਂ ਕਿਤਾਬਾਂ ਚਾਹੇ ਉਹ ਇੱਕ ਦੂਜੇ ਨਾਲੋਂ ਕਿੰਨੀਆਂ ਹੀ ਅੱਡਰੀਆਂ ਕਿਉਂ ਨਾ ਹੋਣ ਸਮਰੂਪ ਤੱਤਾਂ ਉੱਤੇ ਅਧਾਰਿਤ ਹਨ: ਸਪੇਸ, ਪੀਰੀਅਡ, ਕੌਮਾ ਅਤੇ ਅੱਖਰਮਾਲਾ ਦੇ ਬਾਈ ਅੱਖਰ। ਉਸਨੇ ਇਹ ਤਥ ਵੀ ਪੇਸ਼ ਕੀਤਾ ਜਿਸਦੀ ਪੁਸ਼ਟੀ ਉਸ ਦਿਨ ਤੋਂ ਸਾਰੇ ਮੁਸਾਫ਼ਰ ਕਰਦੇ ਆਏ ਹਨ: ਸਾਰੀ ਲਾਇਬਰੇਰੀ ਵਿੱਚ ਕੋਈ ਦੋ ਕਿਤਾਬਾਂ ਇੱਕਰੂਪ ਨਹੀਂ ਹਨ। ਇਨ੍ਹਾਂ ਗ਼ੈਰ ਵਿਵਾਦੀ ਅਧਾਰਾਂ ਤੋਂ ਲਾਇਬਰੇਰੀਅਨ ਨੇ ਇਹ ਨਤੀਜਾ ਕੱਢਿਆ ਕਿ ਲਾਇਬਰੇਰੀ “ਕੁੱਲ”, ਪੂਰਨ, ਮੁਕੰਮਲ ਅਤੇ ਸਮੁੱਚ ਹੈ, ਅਤੇ ਇਸ ਦੀਆਂ ਕਿਤਾਬੀ ਸੈਲਫਾਂ ਬਾਈ (ਇੱਕ ਅਜਿਹਾ ਅੰਕ ਜੋ ਨਾ-ਸੋਚਣਯੋਗ ਹੋਣ ਦੇ ਬਾਵਜੂਦ ਅਨੰਤ ਨਹੀਂ ਹੈ) ਅੱਖਰੀ ਅਲਾਮਤਾਂ ਦੀਆਂ ਸਾਰੀਆਂ ਸੰਭਵ ਤਰਕੀਬਾਂ ਉੱਤੇ ਅਧਾਰਿਤ ਹਨ, ਯਾਨੀ ਉਹ ਸਭ ਕੁੱਝ ਜੋ ਹਰ ਇੱਕ ਭਾਸ਼ਾ ਵਿੱਚ ਬਿਆਨ ਕਰਨਾ ਸੰਭਵ ਹੈ। ਸਭ ਕੁੱਝ… ਭਵਿੱਖ ਦਾ ਵੇਰਵੇ ਸਹਿਤ   ਇਤਿਹਾਸ, ਮੁੱਖ ਫਰਿਸ਼ਤਿਆਂ ਦੀਆਂ ਸਵੈਜੀਵਨੀਆਂ, ਲਾਇਬਰੇਰੀ ਦੀ ਭਰੋਸੇਯੋਗ ਕੈਟਾਲੌਗ ਅਤੇ ਹਜ਼ਾਰਾਂ ਨਾ-ਭਰੋਸੇਯੋਗ ਕੈਟਾਲੌਗਾਂ, ਇਨ੍ਹਾਂ ਨਾ-ਭਰੋਸੇਯੋਗ ਕੈਟਾਲੌਗਾਂ ਦੇ ਝੂਠ ਦੇ ਪ੍ਰਮਾਣ, ਦਰੁਸਤ ਕੈਟਾਲੌਗ ਦੀ ਨਾ-ਭਰੋਸੇਯੋਗਤਾ ਦਾ ਇੱਕ ਪ੍ਰਮਾਣ,  ਬਾਸਿਲੀਡੀਜ਼ ਦੀ ਨੌਸਟਿਕ ਗਾਸਪਲ (ਅੰਜੀਲ),  ਇਸ ਗਾਸਪਲ ਦਾ ਟੀਕਾ, ਗਾਸਪਲ ਦੇ ਇਸ ਟੀਕੇ ਦਾ ਟੀਕਾ, ਤੁਹਾਡੀ ਮੌਤ ਦੀ ਸੱਚੀ ਕਹਾਣੀ, ਹਰ ਕਿਤਾਬ ਦਾ ਹਰ ਇੱਕ ਭਾਸ਼ਾ ਵਿੱਚ ਅਨੁਵਾਦ, ਹਰ ਇੱਕ ਕਿਤਾਬ ਦੀਆਂ ਬਾਕ਼ੀ ਸਾਰੀਆਂ ਕਿਤਾਬਾਂ ਵਿੱਚ ਵਿਆਖਿਆਵਾਂ, ਸੈਕਸਨ ਕੌਮਾਂ ਦੇ ਮਿਥਿਹਾਸ ਬਾਰੇ, ਟੈਸੀਟਸ ਦੀਆਂ ਗੁੰਮ ਹੋਈਆਂ ਰਚਨਾਵਾਂ ਬਾਰੇ ਇੱਕ ਗ੍ਰੰਥ ਜੋ ਸੇਂਟ ਬੇਡ ਲਿਖ ਸਕਦਾ ਸੀ (ਪਰ ਉਸਨੇ ਨਹੀਂ ਲਿਖਿਆ)।

ਜਦੋਂ ਇਹ ਐਲਾਨ ਕੀਤਾ ਗਿਆ ਕਿ ਲਾਇਬਰੇਰੀ ਵਿੱਚ ਹਰ ਕਿਤਾਬ ਮਿਲਦੀ ਹੈ ਤਾਂ ਪਹਿਲਾ ਪ੍ਰਤੀਕਰਮ  ਬੇਪਨਾਹ ਖੁਸ਼ੀ ਦਾ ਸੀ। ਲੋਕਾਂ ਨੇ ਆਪਣੇ ਆਪ ਨੂੰ ਇੱਕ ਸੁਰਖਿਅਤ ਅਤੇ ਗੁਪਤ ਖ਼ਜਾਨੇ ਦਾ ਮਾਲਿਕ ਸਮਝਿਆ। ਅਜਿਹਾ ਕੋਈ ਵਿਅਕਤੀਗਤ ਜਾਂ ਸਾਂਝਾ ਮਸਲਾ ਨਹੀਂ ਸੀ ਜਿਸਦਾ ਵਧੀਆ ਹੱਲ ਕਿਤੇ ਕਿਸੇ ਨਾ ਕਿਸੇ ਛੇਭੁਜਾ ਵਿੱਚ ਨਾ ਮਿਲਦਾ। ਕਾਇਨਾਤ ਦਾ ਹੁੰਗਾਰਾ ਮਿਲ ਗਿਆ, ਇਸਨੇ ਇੱਕਦਮ ਆਸ ਦੇ ਅਸੀਮ ਪਸਾਰਾਂ ਨੂੰ ਹੜੱਪ ਗਿਆ। ਇਸ ਵਕਤ ਪੁਸ਼ਟੀਆਂ ਦਾ ਜ਼ਿਕਰ ਆਮ ਸੀ ਯਾਨੀ ਗ਼ੈਬ ਦੀ ਬਾਤ ਪਾਉਂਦੀਆਂ ਅਤੇ ਮੁਆਫ਼ੀ ਦੀਆਂ ਉਹ ਕਿਤਾਬਾਂ ਜੋ ਆਉਣ ਵਾਲੇ ਹਰ ਜ਼ਮਾਨੇ ਲਈ ਕਾਇਨਾਤ ਦੇ ਹਰ ਇਨਸਾਨ ਨੂੰ ਬਰੀ ਕਰਾਰ ਦਿੰਦੀਆਂ। ਇਨਸਾਨਾਂ ਦੇ ਭਵਿੱਖ ਦੇ ਵਾਸਤੇ ਇਹ ਇੱਕ ਸ਼ਾਨਦਾਰ ਭੇਤ ਸੀ। ਹਜ਼ਾਰਾਂ ਲੋਭੀ ਪੇਟੂ ਆਪਣੀ ਆਪਣੀ ਪੁਸ਼ਟੀ ਦੀ ਕਿਤਾਬ ਨੂੰ ਤਲਾਸ਼ ਕਰਨ ਦੀ ਇੱਕ ਬੇਕਾਰ ਖਾਹਿਸ਼ ਤੇ ਸਵਾਰ ਹੋ ਆਪਣੀਆਂ ਸੁਖਦਾਈ ਛੇਭੁਜਾਵਾਂ ਛੱਡਕੇ ਉਪਰਲੀਆਂ ਅਤੇ ਹੇਠਲੀਆਂ ਮੰਜ਼ਿਲਾਂ ਦੀ ਤਰਫ਼ ਭੱਜੇ। ਇਹ ਤੀਰਥ ਯਾਤਰੀ ਤੰਗ ਗਲਿਆਰਿਆਂ ਵਿੱਚ ਇੱਕ ਦੂਜੇ ਨਾਲ ਝਗੜਦੇ, ਬਦਤਰੀਨ ਲਾਅਨਤਾਂ ਬੜਬੜਾਉਂਦੇ, ਪਵਿੱਤਰ ਪੌੜੀਆਂ ਵਿੱਚ ਇੱਕ ਦੂਜੇ ਦਾ ਗਲ਼ ਘੁੱਟਦੇ, ਫ਼ਰੇਬ ਭਰੀਆਂ ਕਿਤਾਬਾਂ ਨੂੰ ਹਵਾ ਦਾਨਾਂ ਵਿੱਚ ਸੁੱਟਦੇ, ਦੂਰ ਦੁਰਾਡੇ ਦੇ ਇਲਾਕਿਆਂ ਦੇ ਇਨਸਾਨਾਂ ਦੇ ਹੱਥੋਂ ਇਸੇ ਤਰ੍ਹਾਂ ਵਗਾਹ ਸੁੱਟੇ ਆਪਣੀ ਮੌਤ ਨੂੰ ਜਾ ਮਿਲੇ। ਦੂਜੇ ਆਪਣੇ ਹੋਸ਼ ਖੋਹ ਬੈਠੇ…। ਪੁਸ਼ਟੀ ਦੀਆਂ ਕਿਤਾਬਾਂ ਮੌਜੂਦ ਹਨ (ਮੈਂ ਇਸ ਵਿੱਚ ਸ਼ਾਮਿਲ ਦੋ ਕਿਤਾਬਾਂ ਵੇਖੀਆਂ ਹਨ ਜੋ ਭਵਿੱਖ ਦੇ ਅਜਿਹੇ ਵਿਅਕਤੀਆਂ ਦਾ ਜਿਕਰ ਕਰਦੀਆਂ ਹਨ ਜੋ ਸ਼ਾਇਦ ਫ਼ਰਜ਼ੀ ਨਹੀਂ ਹਨ।)  ਮਗਰ ਉਸ ਦੀ ਖੋਜ ਵਿੱਚ ਨਿਕਲਣ ਵਾਲੇ ਇਹ ਭੁਲ ਬੈਠੇ ਕਿ ਇਨਸਾਨ ਦੇ ਹੱਥ ਉਸ ਦੀ ਆਪਣੀ ਪੁਸ਼ਟੀ ਦੀ ਕਿਤਾਬ ਜਾਂ ਉਸ ਦੀ ਕਿਸੇ ਫ਼ਰੇਬੀ ਨਕਲ ਹਥ ਲੱਗ ਜਾਣ ਦੀਆਂ ਸੰਭਾਵਨਾਵਾਂ ਦਾ ਜਮ੍ਹਾਂਜੋੜ ਸਿਫ਼ਰ ਸੀ।

ਉਸ ਜ਼ਮਾਨੇ ਵਿੱਚ ਇਹ ਉਮੀਦ ਵੀ ਕਾਇਮ ਸੀ ਕਿ ਇਨਸਾਨ ਦੇ ਬੁਨਿਆਦੀ ਰਹੱਸ – ਯਾਨੀ ਲਾਇਬਰੇਰੀ ਅਤੇ ਸਮੇਂ ਦੀ ਸ਼ੁਰੂਆਤ – ਸ਼ਾਇਦ ਖੁੱਲ੍ਹ ਜਾਣ। ਇਹ ਸੰਭਵ ਹੈ

ਕਿ ਇਹ ਗੰਭੀਰ ਰਹੱਸ ਸ਼ਬਦਾਂ ਵਿਚ ਬਿਆਨ ਕੀਤੇ ਜਾ ਸਕਣ। ਜੇਕਰ ਉਸ ਲਈ ਫ਼ਿਲਾਸਫ਼ਰਾਂ ਦੀ ਭਾਸ਼ਾ ਕਾਫ਼ੀ ਨਾ ਹੋਵੇ ਤਾਂ ਬਹੁਰੂਪੀ ਲਾਇਬਰੇਰੀ ਨੇ ਯਕੀਨਨ ਅਜਿਹੀ ਕਿਸੇ ਗ਼ੈਰਮਾਮੂਲੀ ਭਾਸ਼ਾ ਨੂੰ ਉਸ ਦੀ ਡਿਕਸ਼ਨਰੀ ਅਤੇ ਗਰਾਮਰ ਸਹਿਤ ਦੇ ਜਨਮ ਜ਼ਰੂਰ ਦਿੱਤਾ ਹੋਵੇਗਾ। ਚਾਰ ਸਦੀਆਂ ਤੋਂ ਲੋਕ ਸਰਗਰਮੀ ਨਾਲ ਛੇਭੁਜਾਵਾਂ ਦੇ ਚੱਕਰ ਕੱਟਦੇ ਰਹੇ… ਸਰਕਾਰੀ ਤਫ਼ਤੀਸ਼ਕਾਰ ਅੱਜ ਵੀ ਮੌਜੂਦ ਹਨ। ਮੈਂ ਉਨ੍ਹਾਂ ਨੂੰ ਆਪਣੇ ਕੰਮ ਵਿੱਚ ਰੁਝੇ ਵੇਖਿਆ ਹੈ। ਉਹ ਹਮੇਸ਼ਾ ਆਪਣੇ ਸਫ਼ਰ ਤੇ ਬਹੁਤ ਥੱਕ ਜਾਂਦੇ ਹਨ; ਉਹ ਪੌੜੀਆਂ ਟੁੱਟੀਆਂ ਹੋਣ ਬਾਰੇ ਗੱਲ ਕਰਦੇ ਹਨ ਜਿਸ ਦੇ ਕਰਨ ਉਹ ਲੱਗਪੱਗ ਮਰ ਹੀ ਚੱਲੇ ਸੀ। ਕਿਸੇ ਛੇਭੁਜਾ ਉੱਤੇ ਪੁੱਜਦੇ ਹਨ, ਲਾਇਬਰੇਰੀਅਨ ਨਾਲ ਗੈਲਰੀਆਂ ਅਤੇ ਪੌੜੀਆਂ ਦੇ ਬਾਰੇ ਗੱਲਬਾਤ ਕਰਦੇ ਹਨ, ਅਤੇ ਕਦੇ ਕਦੇ ਕੋਈ ਨੇੜਲੀ ਕਿਤਾਬ ਉਠਾ ਕੇ ਸ਼ਰਮਨਾਕ ਅਤੇ ਜ਼ਿੱਲਤ ਭਰੀ ਲੱਫ਼ਾਜ਼ੀ ਟੋਲ੍ਹਣ ਦੀ ਨੀਤ ਨਾਲ ਵਰਕੇ ਪਰਤਦੇ ਹਨ। ਸਾਫ਼ ਹੈ ਉਨ੍ਹਾਂ ਨੂੰ ਕਿਸੇ ਖੋਜ ਦੀ ਕੋਈ ਉਮੀਦ ਨਹੀਂ ਹੁੰਦੀ।

ਕੁਦਰਤੀ ਤੌਰ ਉੱਤੇ ਇਸ ਬੇਲਗਾਮ ਉਮੀਦ ਦੇ ਬਾਅਦ ਇੱਕ ਉਵੇਂ ਦੀ ਹੀ ਬਹੁਤ ਜ਼ਿਆਦਾ ਨਿਰਾਸ਼ਾ ਫੈਲ ਗਈ। ਇਹ ਭਰੋਸਾ ਕਿ ਕਿਤੇ ਕਿਸੇ ਛੇਭੁਜਾ ਵਿੱਚ ਕੋਈ ਕਿਤਾਬੀ ਸੈਲਫ ਕੀਮਤੀ ਕਿਤਾਬਾਂ ਉੱਤੇ ਅਧਾਰਿਤ ਹੈ ਮਗਰ ਇਨ੍ਹਾਂ ਕੀਮਤੀ ਕਿਤਾਬਾਂ ਤੱਕ ਪਹੁੰਚ ਹਮੇਸ਼ਾ ਅਸੰਭਵ, ਤਕਰੀਬਨ ਬਰਦਾਸ਼ਤ ਤੋਂ ਪਰੇ ਸੀ। ਇੱਕ ਕੁਫ਼ਰਾਨਾ ਫ਼ਿਰਕੇ ਨੇ ਤਜਵੀਜ਼ ਦਿੱਤੀ ਕਿ ਤਲਾਸ਼ ਛੱਡ ਦਿੱਤੀ ਜਾਵੇ ਅਤੇ ਸਭ ਲੋਕ ਅੱਖਰ ਅਤੇ ਅਲਾਮਤਾਂ ਦੀ ਤਰਤੀਬ ਬਦਲਦੇ ਰਹਿਣ ਜਦ ਤੱਕ ਕਿ ਇਹ ਕਰਦਿਆਂ ਉਹ ਸਬੱਬੀ ਤੌਰ ਉੱਤੇ ਪ੍ਰਮਾਣਿਕ ਕਿਤਾਬਾਂ ਨੂੰ ਰੂਪ ਨਾ ਦੇ ਲੈਣ। ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ ਕਰਨੇ ਪਏ। ਫ਼ਿਰਕਾ ਤਾਂ ਲੋਪ ਹੋ ਗਿਆ ਮਗਰ ਮੈਂ ਆਪਣੇ ਬਚਪਨ ਵਿੱਚ ਨਰਦਾਂ ਦੀ ਵਰਜਿਤ ਡੱਬੀ ਵਿੱਚ ਕੁਝ ਧਾਤੀ ਡਿਸਕਾਂ ਲਈ ਕਈ ਬੁੱਢੇ ਆਦਮੀਆਂ ਨੂੰ ਬਹੁਤ ਲੰਮੇ ਸਮੇਂ ਲਈ ਲੈਟਰੀਨਾਂ ਵਿੱਚ ਛੁਪ ਕੇ, ਖ਼ੁਦਾਈ ਬੇਤਰਤੀਬੀ ਦੀ ਨਿਰਬਲਤਾ ਨਾਲ ਨਕਲ ਉਤਾਰਦੇ ਹੋਏ ਵੇਖਿਆ ਹੈ।

ਹੋਰਨਾਂ ਨੇ ਬਿਲਕੁਲ ਉਲਟ ਰੁਖ ਅਪਣਾਉਂਦੇ ਹੋਏ ਇਹ ਸੋਚਿਆ ਕਿ ਪਹਿਲਾ ਕਦਮ ਇਹ ਹੋਣਾ ਚਾਹੀਦਾ ਹੈ ਕਿ ਸਾਰੀਆਂ ਬੇਕਾਰ ਕਿਤਾਬਾਂ ਨੂੰ ਖ਼ਤਮ ਕਰ ਦਿੱਤੀਆਂ ਜਾਣ। ਉਹ ਛੇਭੁਜਾਵਾਂ ਉੱਤੇ ਆ ਧਮਕਦੇ, ਆਪਣੇ ਕ੍ਰੈਡੈਂਸ਼ੀਅਲ ਦਿਖਾਂਦੇ ਜੋ ਹਮੇਸ਼ਾ ਗ਼ਲਤ ਨਹੀਂ ਹੁੰਦੇ ਸਨ, ਨਫਰਤ ਨਾਲ ਇੱਕ ਜਿਲਦ ਦੇ ਸਫ਼ੇ ਪਲਟਦੇ ਅਤੇ ਕਿਤਾਬਾਂ ਦੀ ਪੂਰੀ ਦੀਵਾਰ ਦੇ ਖਿਲਾਫ਼ ਫੈਸਲਾ ਦੇ ਦਿੰਦੇ: ਉਨ੍ਹਾਂ ਦੇ ਸਾਫ਼-ਸੁਥਰੇ, ਤਪੱਸਵੀ ਹੰਗਾਮੇ ਨੇ ਲੱਖਾਂ ਕਿਤਾਬਾਂ ਦੀ ਅਹਿਮਕਾਨਾ ਬਰਬਾਦੀ ਕਰ ਦਿੱਤੀ ਗਈ। ਉਨ੍ਹਾਂ ਦਾ ਨਾਮ ਅੱਜ ਕਲੰਕਿਤ ਹੈ ਮਗਰ ਉਹ ਜੋ ਇਨ੍ਹਾਂ ਖ਼ਜਾਨਿਆਂ ਦੀ ਇਸ ਜੁਨੂੰਨੀ ਤਬਾਹੀ ਦੇ ਗ਼ਮ ਵਿੱਚ ਝੂਰਦੇ ਹਨ, ਦੋ ਜ਼ਿਕਰਯੋਗ ਤਥਾਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਇੱਕ: ਲਾਇਬਰੇਰੀ ਇੰਨੀ ਵਸੀਹ ਹੈ ਕਿ ਇਨਸਾਨੀ ਮੂਲ ਦੀ  ਕਿਸੇ ਵੀ ਕਿਸਮ ਦੀ ਕਮੀ ਦੀ ਕੋਈ ਵੁਕਤ ਨਹੀਂ ਹੈ। ਅਤੇ ਦੂਜੀ: ਇਹ ਕਿ ਹਰੇਕ ਕਿਤਾਬ ਅਨੋਖੀ ਅਤੇ ਅਬਦਲ ਹੈ, ਲੇਕਿਨ (ਕਿਉਂਕਿ ਲਾਇਬਰੇਰੀ ਕੁੱਲ ਹੈ) ਹਮੇਸ਼ਾ ਕੁੱਝ ਲੱਖ ਨਾਕਿਸ ਹੂ-ਬ-ਹੂ ਨਕਲਾਂ ਮੌਜੂਦ ਹੁੰਦੀਆਂ ਹਨ ਜੋ ਅਸਲ ਨਾਲੋਂ ਇੱਕ ਅੱਖਰ ਜਾਂ ਇੱਕ ਕੌਮੇ ਨਾਲੋਂ ਜ਼ਿਆਦਾ ਭਿੰਨ ਨਹੀਂ। ਆਮ ਰਾਏ ਦੇ ਬਾਵਜੂਦ ਮੈਂ ਇਹ ਕਹਿਣ ਦੀ ਦਲੇਰੀ ਕਰ ਸਕਦਾ ਹਾਂ ਕਿ ਸ਼ੁਧੀਕਰਤਿਆਂ ਦੀ ਗ਼ਾਰਤਗਰੀ ਦੇ ਅਸਰਾਂ ਵਿੱਚ ਵਾਧੇ ਦੀ ਵਜ੍ਹਾ ਉਹ ਦਹਿਸ਼ਤ ਹੈ ਜੋ ਇਨ੍ਹਾਂ ਜਨੂੰਨੀਆਂ ਨੇ ਪੈਦਾ ਕੀਤੀ ਹੈ। ਇੱਕ ਵਚਿੱਤਰ ਉਨਮਾਦ ਤੋਂ ਪ੍ਰੇਰਿਤ ਕਿ ਉਹ ਇਸ ਕੋਸ਼ਿਸ਼ ਵਿੱਚ ਲੱਗੇ ਸਨ ਕਿਸੇ ਦਿਨ ਉਹ ਕਿਰਮਚੀ ਛੇਭੁਜਾ ਦੀਆਂ ਕਿਤਾਬਾਂ ਤੱਕ ਪਹੁੰਚ ਜਾਣਗੇ: ਇਹ ਉਹ ਕਿਤਾਬਾਂ ਸਨ ਜੋ ਦਿੱਖ ਪੱਖੋਂ ਆਮ ਨਾਲੋਂ ਛੋਟੀਆਂ, ਸਰਬ-ਸ਼ਕਤੀਸ਼ਾਲੀ, ਸਚਿੱਤਰ ਅਤੇ ਜਾਦੂਮਈ ਸਨ।

ਸਾਨੂੰ ਇਸ ਜ਼ਮਾਨੇ ਦੇ ਇੱਕ ਹੋਰ ਵਹਿਮ ਦਾ ਵੀ ਪਤਾ ਹੈ: ਇੱਕ ਕਿਤਾਬੀ ਇਨਸਾਨ ਦਾ ਵਹਿਮ। ਇਹ ਦਲੀਲਾਂ ਪੇਸ਼ ਕੀਤੀਆਂ ਗਈਆਂ ਕਿ ਕਿਸੇ ਛੇਭੁਜਾ ਦੀ ਕਿਸੇ ਸੈਲਫ ਵਿੱਚ ਕਿਤੇ ਇੱਕ ਕਿਤਾਬ ਅਜਿਹੀ ਹੋਣੀ ਚਾਹੀਦੀ ਹੈ ਜੋ ਬਾਕੀ ਸਾਰੀਆਂ ਕਿਤਾਬਾਂ ਦੀ ਕੁੰਜੀ ਅਤੇ ਸੰਪੂਰਨ ਖ਼ੁਲਾਸਾ ਹੋਵੇ ਅਤੇ ਕਿਸੇ ਲਾਇਬਰੇਰੀਅਨ ਨੇ ਜ਼ਰੂਰ ਉਸ ਦਾ ਮੁਆਇਨਾ ਕੀਤਾ ਹੋਵੇਗਾ। ਇਹ ਲਾਇਬਰੇਰੀਅਨ ਖ਼ੁਦਾ ਦੇ ਸਮਾਨ ਮੰਨਿਆ ਜਾਂਦਾ ਸੀ। ਇਸ ਜ਼ੋਨ ਦੀ ਭਾਸ਼ਾ ਵਿੱਚ ਅੱਜ ਵੀ ਉਸ ਪੁਰਾਣੇ ਸਮੇਂ ਦੇ ਕਰਮਚਾਰੀ ਦੇ ਫ਼ਿਰਕੇ ਦੇ ਸੁਰਾਗ ਮਿਲਦੇ ਹਨ। ਕਈ ਲੋਕ ਉਸ ਦੀ ਤਲਾਸ਼ ਵਿੱਚ ਨਿਕਲੇ। ਇੱਕ ਪੂਰੀ ਸਦੀ ਲੋਕਾਂ ਨੇ ਨਿਹਫਲ ਤਲਾਸ਼ ਵਿੱਚ ਹਰ ਸੰਭਵ ਰਸਤੇ ਦੀ ਧੂੜ ਫੱਕੀ। ਕਿਸੇ ਅਜਿਹੀ ਪਵਿੱਤਰ ਖੁਫੀਆ ਛੇਭੁਜਾ ਨੂੰ ਕੋਈ ਕਿਵੇਂ ਤਲਾਸ਼ ਕਰ ਸਕਦਾ ਹੈ ਜਿਸ ਵਿੱਚ ਓਸ ਨੇ ਡੇਰਾ ਲਾ ਰੱਖਿਆ ਹੋਵੇ? ਕੁੱਝ ਨੇ ਤਲਾਸ਼ ਲਈ ਰੀਗਰੈਸ਼ਨ ਦਾ ਤਰੀਕਾ ਤਜਵੀਜ਼ ਕੀਤਾ ਕਿਤਾਬ ਕ ਤਲਾਸ਼ ਕਰਨ ਲਈ ਪਹਿਲਾਂ ਕਿਤਾਬ ਖ ਨੂੰ ਘੋਖਿਆ ਜਾਵੇ ਜੋ ਕਿਤਾਬ ਕ ਦੀ ਸਥਿਤੀ ਨੂੰ ਦਰਸਾਏ, ਕਿਤਾਬ ਖ ਦੀ ਤਲਾਸ਼ ਕਰਨ ਲਈ ਪਹਿਲਾਂ ਕਿਤਾਬ ਗ ਨੂੰ ਘੋਖਿਆ ਜਾਵੇ, ਅਤੇ ਇਸ ਤਰ੍ਹਾਂ ਅਨੰਤ ਤੱਕ ਇਹ ਅਮਲ ਜਾਰੀ ਰਹੇ…ਇਸ ਕਿਸਮ ਦੇ ਪਰਾਕਰਮਾਂ ਵਿੱਚ ਮੈਂ ਆਪਣੇ ਸਾਲਾਂ ਦੇ ਸਾਲ ਝੋਕ ਦਿੱਤੇ। ਮੈਂ ਇਸਨੂੰ ਕਿਆਸ ਦੇ ਖ਼ਿਲਾਫ ਨਹੀਂ ਸਮਝਦਾ ਕਿ ਅਜਿਹੀ ਕੋਈ ਕੁੱਲ ਕਿਤਾਬ (ਮੈਂ ਦੁਹਰਾਉਂਦਾ ਹਾਂ ਇੱਕ ਕਿਤਾਬ ਦੇ ਮੌਜੂਦ ਹੋਣ ਲਈ ਇਹ ਕਾਫ਼ੀ ਹੈ ਕਿ ਉਹ ਮੁਮਕਿਨ ਹੋਵੇ। ਸਿਰਫ ਨਾਮੁਮਕਿਨ ਹੀ ਹੈ ਜੋ ਮੌਜੂਦ ਨਹੀਂ। ਮਿਸਾਲ ਦੇ ਤੌਰ ਤੇ ਕੋਈ ਕਿਤਾਬ ਅਜਿਹੀ ਨਹੀਂ ਜੋ ਪੌੜੀ ਵੀ ਹੋਵੇ, ਭਾਵੇਂ ਬੇਸ਼ੱਕ ਅਜਿਹੀਆਂ ਕਿਤਾਬਾਂ ਮੌਜੂਦ ਹਨ ਜੋ ਇਸ ਇਮਕਾਨ ਦੇ ਬਾਰੇ ਵਿੱਚ ਬਹਿਸ ਕਰਦੀਆਂ ਹਨ ਅਤੇ ਇਸ ਦਾ ਨਿਖੇਧ ਅਤੇ ਇਜ਼ਹਾਰ ਕਰਦੀਆਂ ਹਨ, ਇਸਦੇ ਇਲਾਵਾ ਦੂਜੀਆਂ ਹਨ  ਜਿਨ੍ਹਾਂ ਦੀ ਸੰਰਚਨਾ ਇੱਕ ਪੌੜੀ ਨਾਲ ਮੇਲ ਖਾਂਦੀ ਹੈ।) ਕਾਇਨਾਤ ਵਿੱਚ ਕਿਸੇ ਸੈਲਫ ਵਿੱਚ ਮੌਜੂਦ ਹੋਵੇ। ਮੈਂ ਅਗਿਆਤ ਖ਼ੁਦਾਵਾਂ ਨੂੰ ਦੁਆ ਕਰਦਾ ਹਾਂ ਕਿ ਕੋਈ ਇਨਸਾਨ, ਬੇਸ਼ੱਕ ਸਿਰਫ ਇੱਕ ਇਨਸਾਨ ਅਜਿਹਾ ਹੋਵੇ ਜਿਸ ਨੇ ਹਜ਼ਾਰਾਂ ਸਾਲ ਪਹਿਲਾਂ ਸਾਵਧਾਨੀ ਨਾਲ ਜਾਂਚ ਕਰ ਕੇ ਇਸ ਕਿਤਾਬ ਦਾ ਅਧਿਅਨ ਕੀਤਾ ਹੋਵੇ। ਜੇਕਰ ਅਜਿਹੇ ਕਿਸੇ ਅਧਿਅਨ ਤੋਂ ਮਿਲਣ ਵਾਲੀ ਇੱਜ਼ਤ, ਸਿਆਣਪ ਅਤੇ ਖੁਸ਼ੀ ਮੇਰੀ ਕਿਸਮਤ ਵਿੱਚ ਨਹੀਂ ਤਾਂ ਹੋਰਨਾਂ ਲਈ ਤਾਂ ਹੋਵੇ। ਜੰਨਤ ਮੌਜੂਦ ਹੋਣੀ ਚਾਹੀਦੀ ਹੈ ਭਲੇ ਮੇਰਾ ਠਿਕਾਣਾ ਜਹੰਨੁਮ ਹੋਵੇ। ਚਾਹੇ ਨਾਰਾਜ਼ਗੀ ਦਾ ਸ਼ਿਕਾਰ ਹੋਣਾ ਅਤੇ ਬਰਬਾਦ ਹੋਣਾ ਮੇਰਾ ਮੁਕੱਦਰ ਹੋਵੇ ਪਰ ਬੱਸ ਇੱਕ ਪਲ ਲਈ ਹੀ ਸਹੀ, ਇੱਕ ਪ੍ਰਾਣੀ ਅਜਿਹਾ ਹੋਵੇ ਜਿਸ ਨਾਲ ਤੁਹਾਡੀ ਵੱਡੀ ਲਾਇਬਰੇਰੀ ਜਾਇਜ਼ ਹੋਵੇ।

ਬੇਈਮਾਨਾਂ ਦਾ ਦਾਹਵਾ ਹੈ ਕਿ ਲਾਇਬਰੇਰੀ ਦਾ ਕਾਇਦਾ ਤਰਕਸ਼ੀਲ ਨਹੀਂ ਸਗੋਂ ਬੇਮਾਨੀ ਹੈ ਅਤੇ ਤਰਕਸ਼ੀਲ (ਇੱਥੇ ਤੱਕ ਕਿ ਨਿਮਾਣਾ, ਖ਼ਾਲਸ ਸੰਗਤ ਵੀ) ਤਕਰੀਬਨ ਚਮਤਕਾਰੀ ਅਪਵਾਦ ਹੈ। ਮੈਨੂੰ ਪਤਾ ਹੈ ਕਿ ਉਹ ਇੱਕ ਬੇਚੈਨ ਲਾਇਬਰੇਰੀ ਦੇ ਸੰਬੰਧ ਵਿੱਚ ਗੱਲ ਕਰਦੇ ਹਨ ਜਿਸਦੀਆਂ ਬੇਕਾਇਦਾ ਜਿਲਦਾਂ ਨਿਰੰਤਰ ਦੂਜੀਆਂ ਜਿਲਦਾਂ ਦੇ ਰੂਪ ਵਿੱਚ ਢਲ ਜਾਣ ਦੀ ਧਮਕੀ ਦਿੰਦੀਆਂ ਰਹਿੰਦੀਆਂ ਹਨ “ਤਾਂ ਕਿ ਕੁੱਲ ਚੀਜ਼ਾਂ ਦੀ ਪੁਸ਼ਟੀ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਰੱਦ ਕੀਤਾ, ਉਲਝਾਇਆ ਜਾ ਸਕੇ, ਜਿਵੇਂ ਕੋਈ ਦੀਵਾਨੀ ਅਤੇ ਖਿੰਡਰੀ ਪੁੰਡਰੀ ਦੈਵੀ ਹਸਤੀ ਹੋਵੇ।” ਇਹ ਸ਼ਬਦ ਜੋ ਨਾ ਸਿਰਫ ਬੇ-ਤਰਤੀਬੀ ਦੀ ਨਿਖੇਧੀ ਕਰਦੇ ਸਗੋਂ ਉਸ ਦੀ ਉਦਾਹਰਨ ਵੀ ਪੇਸ਼ ਕਰਦੇ ਹਨ,  ਉਨ੍ਹਾਂ ਦੇ ਲੇਖਕਾਂ ਦੇ ਘਿਣਾਉਣੇ ਸੁਆਦ ਅਤੇ ਹਤਾਸ ਅਗਿਆਨਤਾ ਨੂੰ ਵੀ ਬੁਰੀ ਤਰ੍ਹਾਂ ਸਿੱਧ ਕਰਦੇ ਹਨ। ਅਸਲ ਵਿੱਚ ਲਾਇਬਰੇਰੀ ਵਿੱਚ ਉਹ  ਸਾਰੇ ਸ਼ਬਦੀ ਢਾਂਚੇ ਮੌਜੂਦ ਹਨ, ਯਾਨੀ ਪੰਝੀ ਅੱਖਰੀ ਅਲਾਮਤਾਂ ਦੇ ਕੁੱਲ ਸੰਭਵ ਰੂਪ, ਪਰ ਇਸ ਵਿੱਚ ਕੋਈ ਇੱਕ ਵੀ ਨਿਰਪੇਖ ਬਕਵਾਸ ਦਾ ਨਮੂਨਾ ਮੌਜੂਦ ਨਹੀਂ। ਇਹ ਸਾਫ਼ ਬੇਮਤਲਬ ਹੈ ਕਿ ਮੇਰੀ ਨਿਗਰਾਨੀ ਹੇਠ ਸਾਰੀਆਂ ਛੇਭੁਜਾਵਾਂ ਵਿੱਚ ਮੌਜੂਦ ਸਭ ਤੋਂ ਚੰਗੀ  ਕਿਤਾਬ ਦਾ ਸਿਰਲੇਖ ‘ਕੰਬਡ ਥੰਡਰਕਲੈਪ’ ਹੈ, ਜਾਂ ਇੱਕ ਹੋਰ ਦਾ “ਪਲਾਸਟਰ ਕਰੈਂਪ’ ਜਾਂ ਇੱਕ ਹੋਰ ਦਾ ‘ਐਕਸੈਕਸਸਾਸ ਮਲੋ’ ਹੈ। ਇਹ ਵਾਕੰਸ਼ ਜੋ ਕਿ ਪਹਿਲੀ ਨਜ਼ਰੇ ਘਲਾਮਾਲਾ ਜਿਹਾ ਲੱਗਦੇ ਹਨ ਬਿਨਾਂ ਸ਼ੱਕ ਕਿਸੇ ਕਰਿਪਟੋਗ੍ਰਾਫੀਕਲ ਜਾਂ ਰੂਪਕ ਦ੍ਰਿਸ਼ਟਾਂਤੀ ਢੰਗ ਨਾਲ ਸਹੀ ਠਹਿਰਾਏ ਜਾ ਸਕਦੇ ਹਨ। ਉਹ ਅਧਿਅਨ ਯਾਨੀ ਕਿ ਲਫਜਾਂ ਦੀ ਤਰਤੀਬ ਅਤੇ ਵਜੂਦ ਦਾ ਇਹ ਜਾਇਜ਼ ਠਹਿਰਾਇਆ ਜਾਣਾ,  ਮਹਿਜ਼ ਜ਼ਬਾਨੀ ਅਤੇ ਫ਼ਰਜ਼ੀ ਹੈ ਅਤੇ ਲਾਇਬਰੇਰੀ ਦੇ ਅੰਦਰ ਹੀ ਕਿਤੇ ਮੌਜੂਦ ਹੈ। ਮੈਂ ਕੁਝ ਅੱਖਰਾਂ ਨੂੰ ਜੋੜ ਨਹੀਂ ਸਕਦਾ

ਦਹਕਮਰਲਖਤਦਜ

ਜਿਸ ਨੂੰ ਦੈਵੀ ਲਾਇਬਰੇਰੀ ਨੇ ਪਹਿਲਾਂ ਨਾ ਦੇਖਿਆ ਹੋਵੇ ਅਤੇ ਜੋ ਇੱਕ ਜਾਂ ਇੱਕ ਤੋਂ ਜ਼ਿਆਦਾ ਖੁਫ਼ੀਆ ਜ਼ਬਾਨਾਂ ਵਿੱਚ ਕੋਈ ਹੋਲਨਾਕ ਅਰਥ ਨਾ ਰੱਖਦੀ ਹੋਵੇ। ਅਜਿਹਾ ਕੋਈ ਹਿੱਜਾ ਕੋਈ ਮੂੰਹ ਨਾਲ ਨਹੀਂ ਉਚਾਰ ਸਕਦਾ ਜੋ ਨਜ਼ਾਕਤ ਜਾਂ ਦਹਿਸ਼ਤ ਨਾਲ ਲਬਰੇਜ ਨਾ ਹੋਵੇ, ਜੋ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਵਿੱਚ ਰੱਬ ਦਾ ਵੱਡਾ ਨਾਮ ਨਾ ਹੋਵੇ। ਗੱਲ ਕਰਨਾ ਇੰਜ ਹੀ ਹੈ ਜਿਵੇਂ ਇੱਕੋ ਗੱਲ ਦੁਹਰਾਈ ਜਾਣਾ। ਇਹ ਲੱਫ਼ਾਜ਼ੀ ਅਤੇ ਬੇਅਰਥ ਸੁਨੇਹਾ ਪਹਿਲਾਂ ਹੀ ਅਨਗਿਨਤ ਛੇਭੁਜਾਵਾਂ ਵਿੱਚੋਂ ਕਿਸੇ ਇੱਕ ਦੀਆਂ ਪੰਜ ਸੈਲਫਾਂ ਵਿੱਚ ਚਿਣੀਆਂ ਤੀਹ ਵਿੱਚੋਂ ਕਿਸੇ ਇੱਕ ਕਿਤਾਬ ਵਿੱਚ ਮੌਜੂਦ ਹੈ – ਅਤੇ ਇਸਦਾ ਖੰਡਨ ਵੀ ਨਾਲ ਹੀ। (ਕੁੱਲ ਸੰਭਵ ਜ਼ਬਾਨਾਂ ਦੀ ਕੋਈ n  ਗਿਣਤੀ ਇੱਕੋ ਸ਼ਬਦਾਵਲੀ ਦੀ ਵਰਤੋਂ ਕਰਦੀ ਹੈ। ਉਨ੍ਹਾਂ ਵਿਚੋਂ ਕੁਝ ਦੇ ਅੰਦਰ ਚਿੰਨ੍ਹ ਲਾਇਬਰੇਰੀ ਦਰੁਸਤ ਪਰਿਭਾਸ਼ਾ ਰੱਖਦੀ ਹੈ ਯਾਨੀ ਇੱਕ ਹੀ ਵਕਤ ਵਿੱਚ ਹਰ ਜਗ੍ਹਾ ਮੌਜੂਦ ਛੇਭੁਜਾ ਗੈਲਰੀਆਂ ਦੀ ਇੱਕ ਲਾਜ਼ਵਾਲ ਪ੍ਰਣਾਲੀ, ਜਦੋਂ ਕਿ ਲਾਇਬਰੇਰੀ ਰੋਟੀ ਦਾ ਇੱਕ ਟੁਕੜਾ ਹੈ, ਜਾਂ ਕੋਈ ਪਿਰਾਮਿਡ ਜਾਂ ਕੁੱਝ ਹੋਰ, ਅਤੇ ਇਹ ਥੋੜੇ ਜਿਹੇ ਸ਼ਬਦ ਜੋ ਇਸ ਨੂੰ ਪਰਿਭਾਸ਼ਿਤ ਕਰਦੇ ਹਨ ਉਨ੍ਹਾਂ ਦਾ ਆਪਣਾ ਮੁੱਲ ਹੈ। ਤੁਸੀਂ ਜੋ ਮੇਰਾ ਲਿਖਿਆ ਪੜ੍ਹ ਰਹੇ ਹੋ, ਕੀ ਤੁਹਾਨੂੰ ਭਰੋਸਾ ਹੈ ਕਿ ਤੁਸੀਂ ਮੇਰੀ ਭਾਸ਼ਾ ਨੂੰ ਸਮਝਦੇ ਹੋ?

ਲਿਖਣ ਦਾ ਵਿਧੀਧਿਗਤ ਕਾਰਜ ਮੇਰਾ ਮੂੰਹ ਮਨੁੱਖਤਾ ਦੀ ਮੌਜੂਦਾ ਹਾਲਤ ਤੋਂ ਮੋੜ ਦਿੰਦਾ ਹੈ। ਇਹ ਭਰੋਸਾ ਕਿ ਹਰ ਚੀਜ਼ ਪਹਿਲਾਂ ਹੀ ਲਿਖਤ ਵਿੱਚ ਲਿਆਂਦੀ ਜਾ ਚੁੱਕੀ ਹੈ ਸਾਨੂੰ ਨਕਾਰ ਦਿੰਦਾ ਹੈ ਜਾਂ ਸਾਨੂੰ ਭੂਤਾਂ ਵਿੱਚ ਤਬਦੀਲ ਕਰ ਦਿੰਦਾ ਹੈ। ਮੈਂ ਅਜਿਹੇ ਜ਼ਿਲ੍ਹਿਆਂ ਬਾਰੇ ਜਾਣਦਾ ਹਾਂ ਜਿੱਥੇ ਜਵਾਨ ਲੋਕ ਕਿਤਾਬਾਂ ਦੇ ਅੱਗੇ ਮੱਥੇ ਰਗੜਦੇ ਹਨ ਅਤੇ ਵਹਿਸ਼ੀਆਂ ਦੀ ਤਰ੍ਹਾਂ  ਉਨ੍ਹਾਂ ਦੇ ਪੰਨੇ ਚੁੰਮਦੇ ਹਨ ਪਰ ਉਹ ਇੱਕ ਅੱਖਰ ਵੀ ਉਠਾਲਣਾ ਨਹੀਂ ਜਾਣਦੇ ਹੁੰਦੇ। ਵਬਾਵਾਂ, ਧਾਰਮਿਕ ਝਗੜੇ, ਅਤੇ ਅਟੱਲ ਤੌਰ ਤੇ ਵਿਗੜ ਕੇ ਗੁੰਡਾਗਰਦੀ ਵਿੱਚ ਢਲ ਚੁੱਕੀਆਂ ਧਾਰਮਿਕ ਚੜ੍ਹਾਈਆਂ, ਆਬਾਦੀ ਨੂੰ ਖ਼ਤਮ ਕਰ ਚੁੱਕੀਆਂ ਹਨ। ਮੈਨੂੰ ਯਾਦ ਆਉਂਦਾ ਹੈ ਕਿ ਮੈਂ ਖ਼ੁਦ ਕੁਸ਼ੀਆਂ ਦਾ ਜਿਕਰ ਕੀਤਾ ਹੈ ਜੋ ਹਰ ਸਾਲ ਪਹਿਲਾਂ ਨਾਲੋਂ ਜ਼ਿਆਦਾ ਹੁੰਦਾ ਰਿਹਾ। ਸ਼ਾਇਦ ਮੈਂ ਬੁਢੇਪੇ ਅਤੇ ਖੌਫ ਦੇ ਹੱਥੋਂ ਭਟਕ ਚੁੱਕਿਆ ਹਾਂ ਪਰ ਮੈਨੂੰ ਗੁਮਾਨ ਹੈ ਕਿ ਇਨਸਾਨ ਦੀ ਪ੍ਰਜਾਤੀ – ਦੁਰਲਭ ਜੂਨ – ਬੁਝੂੰ ਬੁਝੂੰ ਕਰ ਰਹੀ ਹੈ ਅਤੇ ਫ਼ਨਾ ਦੀ ਕਗ਼ਾਰ ਤੇ ਹੈ ਫਿਰ ਵੀ ਲਾਇਬਰੇਰੀ – ਰੋਸ਼ਨ ਖਿਆਲ, ਇਕੱਲੀ, ਅਨੰਤ, ਪੂਰਨ ਤੌਰ ਤੇ ਗਤੀਹੀਣ, ਕੀਮਤੀ ਜਿਲਦਾਂ ਨਾਲ ਲੈਸ, ਵਿਅਰਥ,  ਅਵਿਨਾਸ਼ੀ ਅਤੇ ਖੁਫੀਆ ਹਮੇਸ਼ਾ ਕਾਇਮ ਰਹੇਗੀ।

ਮੈਂ ਹੁਣੇ ਲਫਜ “ਅਨੰਤ” ਲਿਖਿਆ ਹੈ। ਮੈਂ ਇਹ ਵਿਸ਼ੇਸ਼ਣ ਮਹਿਜ਼ ਬਿਆਨੀਆ ਮਾਅਰਕੇ ਦੀ ਖ਼ਾਤਰ ਇਸਤੇਮਾਲ ਨਹੀਂ ਕੀਤਾ, ਸਗੋਂ ਮੈਂ ਇਹ ਐਲਾਨ ਕਰਦਾ ਹਾਂ ਕਿ ਜਗਤ ਨੂੰ ਅਨੰਤ ਸਮਝਣਾ ਗ਼ੈਰ ਮੰਤਕੀ ਨਹੀਂ ਹੈ। ਇਸ ਨੂੰ ਸੀਮਤ ਸਮਝਣ ਵਾਲੇ ਇਹ ਭਰਮ ਪਾਲ਼ਦੇ ਹਨ ਕਿ ਸ਼ਾਇਦ ਕਿਤੇ ਦੂਰ ਦੇ ਸਥਾਨਾਂ ਉੱਤੇ ਗਲਿਆਰਿਆਂ ਅਤੇ ਪੌੜੀਆਂ ਅਤੇ ਛੇਭੁਜਾਵਾਂ ਦਾ ਖ਼ਾਤਮਾ ਹੋ ਸਕਦਾ ਹੈ – ਜੋ ਕਿ ਊਲਜਲੂਲ ਖ਼ਿਆਲ ਹੈ। ਅਤੇ ਫਿਰ ਵੀ ਜਗਤ ਨੂੰ ਅਸੀਮ ਗਰਦਾਨਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਸੰਭਵ ਕਿਤਾਬਾਂ ਦੀ ਗਿਣਤੀ ਅਸੀਮ ਨਹੀਂ ਹੈ। ਮੈਂ ਦਲੇਰੀ ਤੋਂ  ਕੰਮ ਲੈਂਦੇ ਹੋਏ ਇਸ ਪ੍ਰਾਚੀਨ ਮਸਲੇ ਦਾ ਇਹ ਹੱਲ ਤਜਵੀਜ਼ ਕਰਾਂਗਾ: ਲਾਇਬਰੇਰੀ ਅਸੀਮ ਪਰ ਚੱਕਰੀ ਹੈ। ਜੇਕਰ ਕੋਈ ਸਦੀਵੀ ਮੁਸਾਫ਼ਰ ਇਸ ਅੰਦਰ ਕਿਸੇ ਵੀ ਦਿਸ਼ਾ ਵਿੱਚ ਸਫ਼ਰ ਕਰਦਾ ਰਹੇ ਤਾਂ ਉਹ ਸਦੀਆਂ ਦੇ ਬਾਅਦ ਉਨ੍ਹਾਂ ਹੀ ਜਿਲਦਾਂ ਨੂੰ ਉਸੇ ਬੇ-ਤਰਤੀਬੀ ਦੇ ਨਾਲ ਦੋਹਰਾਇਆ ਹੋਇਆ ਹੈ(ਜੋ ਇਸ ਵਾਰ ਵਾਰ ਦੁਹਰਾਈ ਦੇ ਕਾਰਨ, ਇੱਕ ਤਰਤੀਬ ਹੈ : ਤਰਤੀਬ)। ਮੇਰੀ ਇਕੱਲ ਇਸ ਹੁਸੀਨ ਉਮੀਦ ਸਦਕਾ ਖੇੜੇ ਵਿੱਚ ਹੈ। (ਲੇਟੀਜ਼ਿਆ ਅਲਵਾਰੇਜ਼ ਡੀ ਟੋਲੇਡੋ ਨੇ ਇਹ ਨਿਰੀਖਣ ਕੀਤਾ ਹੈ ਕਿ ਇਹ ਵਿਸ਼ਾਲ ਲਾਇਬਰੇਰੀ ਵਿਅਰਥ ਹੈ: ਸੰਕੋਚ ਕੇ ਗੱਲ ਕੀਤੀ ਜਾਵੇ ਤਾਂ ਆਮ ਦਿੱਖ ਦੀ, ਨੌਂ ਜਾਂ ਦਸ ਟਾਈਪ ਵਿੱਚ ਇੱਕ ਜਿਲਦ ਕਾਫ਼ੀ ਹੈ ਜਿਸ ਦੇ ਅਨੰਤ ਗਿਣਤੀ ਵਿੱਚ ਅਨੰਤ ਬਾਰੀਕੀ ਵਾਲੇ ਪੰਨੇ ਹੋਣ। (ਸਤਾਰਹਵੀਂ ਸਦੀ ਦੇ ਸ਼ੁਰੂ ਵਿੱਚ ਕੇਵੀਲੇਇਰੀ ਨੇ ਇਹ ਦਾਹਵਾ ਕੀਤਾ ਕਿ ਹਰ ਠੋਸ ਜਿਸਮ ਅਨੰਤ ਪਲੇਨਾਂ ਦਾ ਜਮਘਟਾ ਹੈ।) ਇਸ ਰੇਸ਼ਮੀ ਸੇਧ ਦਸਤਾਵੇਜ਼ ਦਾ ਇਸਤੇਮਾਲ ਆਸਾਨ ਨਹੀਂ ਹੈ: ਹਰ ਪ੍ਰਗਟ ਪੰਨਾ ਦੂਜੇ ਇਸੇ ਤਰ੍ਹਾਂ ਦੇ ਪੰਨਿਆਂ ਵਿੱਚ ਖਿੜੇਗਾ ਅਤੇ ਕਲਪਨਾਯੋਗ ਮਧਲੇ ਪੰਨੇ ਦਾ ਕੋਈ ਪੁੱਠਾ ਪਾਸਾ ਨਹੀਂ ਹੋਵੇਗਾ)