ਤੀਜਾ ਵਾਹਗਾ-ਹਿੰਦਾਬੀ / ਉਰਦਾਬੀ–ਜਸਟਿਸ ਆਸਿਫ਼ ਸ਼ਾਹਕਾਰ

by

ਜੇ ਅਸੀਂ ਫ਼ਰਜ਼ ਕਰ ਲਈਏ ਕਿ ਵਾਹਗਾ ਬਾਡਰ ਪੁੱਟਿਆ ਗਿਆ ਏ  ਨਾਲ਼ ਪੰਜਾਬੀਆਂ ਲਿਪੀਆਂ ਦਾ ਮਸਲਾ ਵੀ ਹੱਲ ਕਰ ਲਿਆ  ਪਰ ਫ਼ਰ ਵੀ ਵਾਹਗਾ ਬਾਡਰ ਕਾਇਮ ਰਹਿਣਾ ਏ ਤੇ ਇਹ ਬਾਡਰ ਸਿਰਫ਼ ਇਕ ਬਾਡਰ ਨਹੀਂ ਸਗੋਂ ਇਹਦੀਆਂ ਅੱਗੋਂ ਹਜ਼ਾਰਾਂ ਬਾਡਰੀਆਂ  ਨੇ ਤੇ ਇਹ ਬਾਡਰ  ਢਾਉਣਾਂ ਸ਼ਾਇਦ  ਸਭ ਤੋਂ ਔਖਾ ਏ  ਇਹ ਬਾਡਰ ਏ ਹਿੰਦਾਬੀ ਤੇ ਉਰਦਾਬੀ ਵਾਲਾ ।

ਇਹ ਬਾਡਰ  ਨਾ ਕਿਸੇ ਬਾਹਰੋਂ ਆ ਕੇ  ਉਸਾਰਿਆ  ਏ ਤੇ  ਨਾ ਈ ਇਹ ਬਾਡਰ ਬਣਾਉਣ ਦਾ ਮਨਸੂਬਾ ਅੰਗਰੇਜ਼ ਬਣਾਇਆ ਸੀ  ਸਗੋਂ ਏਸ ਬਾਡਰ ਨੂੰ ਉਸਾਰਨ ਵਾਲੇ ਪੰਜਾਬੀ ਘਰਾਂ ਵਿਚ ਜੰਮੇ ਤੇ  ਪੰਜਾਬ ਦੀ ਧਰਤੀ ਦਾ ਅੰਨ ਖ਼ਾ ਕੇ ਪਲੇ ਤੇ ਵੱਡੇ ਹੋਏ ਤੇ ਅੱਜ ਵੀ ਉਹੋ ਅੰਨ ਖਾ ਰਹੇ ਨੇ ।   ਇਹ ਅੰਗਰੇਜ਼ੀ ਸਾਮਰਾਜ ਦੇ ਉਹ ਚੇਲੇ ਨੇ ਜੋ ਅੰਗਰੇਜ਼ਾਂ ਦੇ ਹਿੰਦੁਸਤਾਨ ਚੋਂ ਬੋਰੀਆ ਬਿਸਤਰ ਸਮੇਟ ਕੇ ਤੁਰ ਜਾਣ ਮਗਰੋਂ ਵੀ  ਅੰਗਰੇਜ਼ ਦੀਆਂ ਪੰਜਾਬ  ਤੇ ਪੰਜਾਬੀ ਕੌਮ ਦੁਸ਼ਮਣ ਪਾਲੀਸੀਆਂ ਨੂੰ ਵਫ਼ਾਦਾਰੀ ਨਾਲ਼ ਚਲਾ ਰਹੇ ਨੇ । ਸਾਨੂੰ ਪੰਜਾਬ ਦੀ ਤਾਰੀਖ਼ ਏਸ ਗੱਲ ਦਾ ਠੋਸ ਸਬੂਤ ਦਿੰਦੀ ਏ ਕਿ ਪੰਜਾਬੀ ਕੌਮ ਨੂੰ ਇਤਨਾ ਨੁਕਸਾਨ ਬਾਹਰੋਂ ਆਏ ਧਾੜਵੀਆਂ ਨਹੀਂ ਦਿੱਤਾ ਜਿੰਨਾ ਖ਼ੁਦ ਪੰਜਾਬੀਆਂ ਦਿੱਤਾ  ਅਜਿਹੇ ਪੰਜਾਬੀਆਂ ਨਾਲ਼ ਤਾਰੀਖ਼ ਭਰੀ ਪਈ  ਏ ਜੋ ਪੰਜਾਬ ਦੁਸ਼ਮਣ ਤਾਕਤਾਂ ਦੇ ਬਾਂਹ ਬੈਲੀ ਬਣੇ ਤੇ “ਘਰ  ਦਾ ਭੇਤੀ ਲੰਕਾ ਢਾਏ ” ਦੀ ਮਿਸਾਲ ਵਾਂਗੂੰ ਪੰਜਾਬ ਨੂੰ ਬਾਰ ਬਾਰ ਢਾਉਂਦੇ ਰਹੇ ।

ਹਿੰਦਾਬੀ

ਏਸ ਬਾਡਰ ਨਾਲ਼ ਮੇਰਾ ਪਹਿਲੀ ਵਾਰੀ ਵਾਹ 1980   ਵਿਚ ਪਿਆ  । ਮੈਨੂੰ ਪਾਕਿਸਤਾਨ ਛੱਡ ਕੇ ਸਵੀਡਨ ਆਇਆਂ  ਤਿੰਨ ਸਾਲ ਹੋ ਗਏ ਸਨ  ਤੇ ਇਨ੍ਹਾਂ ਤਿੰਨਾਂ ਸਾਲਾਂ ਵਿਚ  ਮੈਨੂੰ ਇਕ ਵਾਰ  ਵੀ  ਕੋਈ ਸੁਫ਼ਨਾ ਪਾਕਿਸਤਾਨ ਤੋਂ ਬਾਹਰ ਦਾ ਨਹੀਂ ਸੀ ਆਇਆ । ਦਿਨੇ ਮੈਂ ਸਵੀਡਨ ਵਿਚ ਹੁੰਦਾ ਸਾਂ ਤੇ ਰਾਤ  ਨੂੰ ਸੁਫ਼ਨਿਆਂ ਵਿਚ ਪਾਕਿਸਤਾਨ।  ਉਦੋਂ ਪਾਕਿਸਤਾਨ ਵਿਚ ਜ਼ਿਆ ਉਲਹਾੱਕ ਦਾ ਰਾਜ ਸੀ  ।  ਇਹ ਰਾਜ ਪਾਕਿਸਤਾਨ ਦੀ ਤਾਰੀਖ਼ ਦਾ ਸ਼ਾਇਦ  ਸਭ ਤੋਂ ਭੈੜਾ ਰਾਜ ਸੀ ।  ਉਹਨੇ ਅਮਰੀਕਾ ਦੀ  ਖ਼ੁਸ਼ਾਮਦ ਤੇ ਗ਼ੁਲਾਮੀ ਕਰਨ ਲਈ ਪਾਕਿਸਤਾਨ ਵਿਚ ਨਾਮ ਨਿਹਾਦ ਇਸਲਾਮੀ ਨਿਜ਼ਾਮ ਲਾਗੂ ਕੀਤਾ ਸੀ ।  ਏਸ ਨਿਜ਼ਾਮ ਬੰਦੇ ਦੀ ਜੂਨ ਬਦਲ ਦਿੱਤੀ ਸੀ  ਤੇ ਉਹ ਪਸੂਆਂ ਤੋਂ ਵੀ ਭੈੜਾ ਹੋ ਗਿਆ ਸੀ ।  ਏਸ ਦੇ ਰਾਜ ਵਿਚ ਪਾਕਿਸਤਾਨ ਜਾਣਾ  ਇਕ ਤੇ ਖ਼ਤਰੇ  ਤੋਂ ਖ਼ਾਲੀ ਨਹੀਂ ਸੀ  ਦੂਜਾ ਮੇਰਾ ਆਪਣਾ ਵੀ ਦਿਲ ਨਹੀਂ ਸੀ ਕਰਦਾ ।   ਇਨ੍ਹਾਂ ਦਿਨਾਂ ਵਿਚ  ਮੇਰੀ ਮੁਲਾਕਾਤ ਮੇਰੀ ਹਾਲ ਘੜੀ ਦੀ ਪਤਨੀ ਨਾਲ਼ ਹੋਈ । ਇਹ ਮੁਲਾਕਾਤ ਝੱਟ ਮੰਗਣੀ ਤੇ ਪਟ ਵਿਆਹ ਵਾਂਗੂੰ ਬਣੀ ।  ਝੱਟ ਇਸ਼ਕ ਹੋਇਆ ਤੇ ਪੱਟ ਅਸੀਂ ਇਕੱਠੇ ਰਹਿਣ ਲੱਗ ਪਏ। ਹਨੀਮੂਨ ਦੀ ਰਸਮ  ਪੂਰੀ  ਕਰਨ ਲਈ ਉਹ ਮੈਨੂੰ ਰੋਜ਼ ਕਹਿੰਦੀ  ਕਿ ਕਿਧਰੇ ਚਲੀਏ।  ਮੈਂ ਏਸ ਤੋਂ ਪਹਿਲਾਂ ਯੂਰਪ ਦੇ ਕਈ ਦੇਸ ਦੇਖ ਚੁੱਕਿਆ ਸਾਂ ਤੇ ਮੇਰਾ ਕਿਸੇ ਹੋਰ ਗੋਰੇ ਦੇਸ ਜਾਣ ਨੂੰ ਦਿਲ ਨਹੀਂ ਸੀ ਕਰਦਾ।    ਪਾਕਿਸਤਾਨ ਦੀ ਤੇਹ  ਨੂੰ ਬੁਝਾਉਣ ਲਈ ਮੈਂ ਉਹਨੂੰ ਹਿੰਦੁਸਤਾਨ ਜਾਣ ਦੀ ਸਲਾਹ ਦਿੱਤੀ  ਤੇ ਉਹ  ਝੱਟ ਮੰਨ ਗਈ।   ਏਸ ਤੋਂ ਪਹਿਲਾਂ  ਪੂਰਬੀ ਪੰਜਾਬ ਦੇ ਦੋ ਬੰਦਿਆਂ ਨਾਲ਼ ਮੇਰਾ  ਰਾਬਤਾ ਸੀ । ਇਕ ਸਵਰਗਵਾਸੀ ਡਾਕਟਰ ਵਿਸ਼ਵਾ  ਨਾਥ ਤਿਵਾੜੀ ਸਨ  ਜਿਨ੍ਹਾਂ ਨਾਲ਼ ਮੇਰੀ ਸਵੀਡਨ ਵਿਚ ਮੁਲਾਕਾਤ ਹੋਈ ਸੀ ਤੇ ਦੂਜੇ ਡਾਕਟਰ ਜਗਤਾਰ ਸਨ  ਜਿਨ੍ਹਾਂ ਨਾਲ਼ ਮੇਰਾ ਰਾਬਤਾ ਸੰਤੋਖ ਸਿੰਘ ਸੰਤੋਖ ਕਰਵਾਇਆ ਸੀ ਤੇ ਉਹਦੇ ਨਾਲ਼  ਮੇਰੀ ਮੁਲਾਕਾਤ   ਖ਼ਤ ਪੱਤਰ ਰਾਹੀਂ ਸੀ। ਅਸੀਂ ਤਿਆਰੀ ਕਰ ਲਈ।  ਜਾਣ ਤੋਂ  ਪਹਿਲਾਂ ਸਟਾਕ ਹਾਲਮ  ਵਿਚ  ਕੁਦਰਤੀ ਮੇਰੀ ਮੁਲਾਕਾਤ ਕੇਵਲ ਨਾਲ਼ ਹੋਈ । ਕੇਵਲ  ਦੇ ਬਜ਼ੁਰਗ  ਹੜਪੇ ਦੇ ਰਹਿਣ ਵਾਲੇ ਸਨ ਤੇ ਵੰਡ ਮਗਰੋਂ ਉਜੜ ਪੁੱਜੜ   ਕੇ  ਦਿੱਲੀ ਜਾ  ਵਸੇ । ਕੇਵਲ ਦੇ  ਘਰ ਵਿਚ ਹੜਪੇ ਦੀ   ਜਾਂਗਲ਼ੀ ਬੋਲੀ ਬੋਲੀ ਜਾਂਦੀ ਸੀ।   ਭਾਂਵੇਂ ਉਹ ਦਿੱਲੀ ਵਿਚ ਜੰਮਿਆ ਸੀ ਪਰ ਉਹਦੀ ਪੰਜਾਬੀ ਬੋਲੀ  ਜਾਂਗਲ਼ੀ ਈ ਸੀ।   ਮੇਰੀ ਉਹਦੇ ਨਾਲ਼ ਮੁਲਾਕਾਤ ਇਸੇ ਜਾਂਗਲ਼ੀ ਬੋਲੀ ਰਾਹੀਂ ਈ ਹੋਈ ।  ਮੈਂ  ਜਦ ਉਹਨੂੰ ਦੱਸਿਆ ਕਿ ਮੈਂ ਹਿੰਦੁਸਤਾਨ ਚਲਿਆ ਆਂ ਤੇ ਕਹਿਣ ਲੱਗਾ  : ” ਦਿੱਲੀ ਤੁਹਾਡਾ ਆਪਣਾ ਘਰ ਏ  ਮੈਂ ਆਪਣੇ ਭਰਾਂਵਾਂ ਨੂੰ ਫ਼ੋਨ ਕਰ ਦੇਵਾਂਗਾ ਉਹ ਤੁਹਾਨੂੰ ਏਅਰਪੋਰਟ ਤੋਂ ਆ ਕੇ ਲੈ ਜਾਣਗੇ ” ।

ਉਹੋ ਈ ਹੋਇਆ ।  ਅਸੀਂ ਏਅਰਪੋਰਟ ਤੋਂ ਬਾਹਰ ਨਿਕਲੇ ਤੇ ਅੱਗੇ ਕੇਵਲ ਦੇ ਭਰਾ ਖਲੋਤੇ ਸਨ ।  ਦਿੱਲੀ ਵਿਚ ਭਾਂਵੇਂ  ਇਨ੍ਹਾਂ ਸਾਡੀ ਰੱਜ ਕੇ ਸੇਵਾ ਕੀਤੀ ਪਰ  ਦਿੱਲੀ ਇਕ ਓਪਰਾ ਜਿਹਾ ਸ਼ਹਿਰ ਲੱਗਿਆ  ਅਸੀਂ ਕੁੱਝ  ਦਿਨ ਇਥੇ ਰਹਿ ਕੇ ਪੰਜਾਬ ਚਲੇ ਗਏ   ।  ਰਾਤ ਨੂੰ ਚੰਡੀਗੜ੍ਹ ਪਹੁੰਚੇ ਤੇ ਇਕ ਹੋਟਲ ਵਿਚ  ਡੇਰਾ ਲਾਇਆ  ਸਵੇਰੇ ਉੱਠ ਕੇ ਅਸੀਂ ਪੰਜਾਬ ਯੂਨੀਵਰਸਿਟੀ ਚਲੇ ਗਏ  । ਪੰਜਾਬੀ ਡਿਪਾਰਟਮੈਂਟ ਦੇ ਉਸਤਾਦਾਂ ਤੇ ਸਟੂਡੈਂਟਸ ਨੂੰ ਚਾ ਚੜ੍ਹ ਗਏ   ਮੇਰੀ ਸਵੀਡਿਸ਼ ਪਤਨੀ ਇਹ ਦੇਖ ਕੇ ਹੈਰਾਨੀ ਨਾਲ਼ ਕਮਲੀ ਹੋ ਗਈ  ਪਈ ਅਸੀਂ ਇਨ੍ਹਾਂ ਲੋਕਾਂ ਦੇ ਜਾਣੂ ਨਾ ਬੁੱਝੂ ਤੇ ਇਨ੍ਹਾਂ ਸਾਨੂੰ ਸਿਰ ਤੇ ਚੁੱਕ ਲਿਆ । ਹਿੰਦੁਸਤਾਨ ਆਉਣ ਤੋਂ ਪਹਿਲਾਂ ਮੇਰੀਆਂ ਕੁੱਝ ਨਜ਼ਮਾਂ ਆਰਸੀ ਵਿਚ ਛਪੀਆਂ ਸਨ  ਨਾਲ਼ ਮੇਰੀ  ਪਹਿਲੀ ਕਿਤਾਬ ਵਰਕੇ ਜੋ ਲਾਹੌਰੋਂ ਛਪੀ ਸੀ  ਉਥੇ ਪਹੁੰਚੀ ਹੋਈ ਸੀ ਏਸ ਤੋਂ ਵੱਖ ਮੇਰੀ ਡਾਕਟਰ ਅੱਤਰ  ਸਿੰਘ ਨਾਲ਼  ਵੀ ਮੁਲਾਕਾਤ  ਲਾਹੌਰ ਹੋਈ ਸੀ  ਤੇ ਉਹ ਮੇਰੇ ਬਾਰੇ ਕੁੱਝ ਕੁੱਝ ਜਾਣਦੇ ਵੀ ਸਨ ।  ਪੰਜਾਬੀ ਡਿਪਾਰਟਮੈਂਟ ਮੈਨੂੰ ਆਦਰ ਮਾਣ ਦੇਣ ਲਈ ਇਕ ਇਕੱਠ ਦਾ ਆਹਰ ਕੀਤਾ ਜਿਹਦੀ ਪ੍ਰਧਾਨਗੀ ਡਾਕਟਰ ਅਤਰ  ਸਿੰਘ ਹੋਰਾਂ ਕੀਤੀ।   ਮੇਰੇ ਲਈ ਇਹ ਬੜੇ ਮਾਣ ਦੀ ਗੱਲ ਸੀ ਕਿ ਮੈਂ ਕੱਲ੍ਹ ਦਾ  ਛੋਕਰਾ ਤੇ ਮੇਰੇ ਬਾਰੇ ਪੰਜਾਬੀ ਦਾ ਏਡਾ ਵਿਦਵਾਨ ਤੇ ਆਲਮ ਗੱਲ ਕਰੇਗਾ ।  ਜਦ ਉਨ੍ਹਾਂ  ਉੱਠ ਕੇ ਪ੍ਰਧਾਨਗੀ  ਦੀ ਤਕਰੀਰ  ਕਰਨੀ ਸ਼ੁਰੂ ਕੀਤੀ ਤੇ ਸ਼ੁਰੂ ਦੀਆਂ ਕੁੱਝ ਗੱਲਾਂ ਛੱਡ ਕੇ  ਉਨ੍ਹਾਂ ਬਾਕੀ  ਦੀਆਂ  ਗੱਲਾਂ   ਕਿਸੇ ਅਜਿਹੀ ਜ਼ਬਾਨ ਵਿਚ ਕੀਤੀਆਂ  ਜਿਸ ਤੋਂ ਮੈਂ ਮੁਕੰਮਲ ਤੌਰ ਤੇ ਨਵਾਕਫ਼ ਸਾਂ।   ਮੈਂ ਘੁੱਗੂ ਬਣ ਕੇ ਉਨ੍ਹਾਂ ਦੀਆਂ ਗੱਲਾਂ ਸੁਣਦਾ ਰਿਹਾ  ਤੇ ਉਨ੍ਹਾਂ ਦੀ ਇਕ ਗੱਲ ਵੀ ਮੇਰੇ ਪੱਲੇ ਨਾ ਪਈ।   ਇਕੱਠ ਮੁੱਕਿਆ ਤੇ ਰਸਮ ਪੂਰੀ ਕਰਨ ਲਈ ਮੈਂ  ਪਖੰਡੀ ਬਣ ਕੇ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ ਪਰ ਮੇਰੇ ਅੰਦਰ ਇਕ ਖੁਤਖੁਤੀ ਜਿਹੀ ਲੱਗੀ ਰਹੀ ਕਿ  ਕਾਸ਼ ਮੈਨੂੰ ਉਨ੍ਹਾਂ ਦੀਆਂ ਇਹ ਗੱਲਾਂ ਸਮਝ ਲਗਦੀਆਂ ।    ਚੰਡੀਗੜ੍ਹ  ਤੋਂ ਮਗਰੋਂ ਅਸੀਂ ਅੰਮ੍ਰਿਤਸਰ ਗਏ  ਗੁਰੂਨਾਨਕ ਦੇਵ ਯੂਨੀਵਰਸਿਟੀ ਵਾਲਿਆਂ  ਸਾਡੀ ਆਓ ਭਗਤ  ਚੰਡੀਗੜ੍ਹ ਤੋਂ ਵੀ ਵੱਧ ਕੀਤੀ।    ਇਥੇ ਵੀ ਉਹੋ ਈ ਨਾਟਕ ਹੋਇਆ।    ਪੰਜਾਬੀ ਡਿਪਾਰਟਮੈਂਟ  ਦੇ ਏਸ ਇਕੱਠ ਵਿਚ ਕਈ ਪ੍ਰੋਫ਼ੈਸਰਾਂ ਮੇਰੇ ਬਾਰੇ ਗੱਲ ਕੀਤੀ   ਪਰ ਸਭ ਦੀਆਂ ਗੱਲਾਂ   ਜਿਸ ਬੋਲੀ ਵਿਚ  ਸਨ ਉਹ   ਡਾਕਟਰ ਅਤਰ  ਸਿੰਘ ਦੀ ਬੋਲੀ ਦੀ ਫ਼ੋਟੋਕਾਪੀ ਸੀ ।   ਮੈਂ ਹੈਰਾਨ ਸਾਂ ਕਿ  ਇਕ  ਵਿਦਵਾਨ  ਦੇ ਦੋ ਰੂਪ  ਸਨ ।   ਇਕ ਵਿਦਵਾਨ ਜਦ ਮੇਰੇ ਨਾਲ਼ ਗੱਲ ਕਰਦਾ ਤੇ   ਉਹਦੀ ਬੋਲੀ ਹੋਰ ਹੁੰਦੀ ਸੀ  ਜੋ ਮੈਨੂੰ ਆਪਣੀ ਬੋਲੀ  ਲਗਦੀ  ਸੀ  ਜਦ ਉਹ ਡਾਈਸ ਅੱਗੇ ਖਲੋ ਜਾਂਦਾ ਤੇ  ਉਹਦਾ ਰੂਪ ਬਦਲ ਜਾਂਦਾ  ਤੇ ਉਹਦੀ ਬੋਲੀ ਵੀ ਹੋਰ ਹੋ ਜਾਂਦੀ  ਤੇ ਇਹ ਬੋਲੀ ਮੇਰੇ ਲਈ ਇੰਜ ਓਪਰੀ ਸੀ ਜਿਵੇਂ ਇਹ ਪੰਜਾਬੀ ਨਹੀਂ ਸਗੋਂ ਚੀਨੀ ਜਾਂ ਜਾਪਾਨੀ ਹੋਵੇ  ।  ਮੈਂ ਜਦ ਸਟਾਕ ਹਾਲਮ ਵਾਪਸ ਮੁੜ ਕੇ ਆਇਆ ਤੇ  ਜਿਥੇ  ਪੰਜਾਬ ਚੋਂ  ਪਿਆਰ ਮੁਹੱਬਤ ਤੇ ਵੈਰਾਗ  ਦਾ ਖ਼ਜ਼ਾਨਾ ਲੈ ਕੇ ਆਇਆ ਤੇ  ਨਾਲ਼ ਇਕ ਕੁੜੱਤਣ ਵੀ ਲੈ ਕੇ ਆਇਆ ਤੇ ਇਹ ਪੰਜਾਬੀ ਸੀ  ਜਿਹਨੂੰ ਪੰਜਾਬੀ  ਕਹਿਣਾ   ਗ਼ਲਤ ਏ ਤੇ ਇਹਨੂੰ  ਹਿੰਦਾਬੀ ਕਹਿਣਾ ਸਹੀ   ਏ ।

ਏਸ ਬੋਲੀ ਨਾਲ਼ ਦੂਜੀ ਵਾਰ ਮੇਰਾ ਵਾਹ   ੧੯੮੪  ਵਿਚ ਬੇਂਕਾਕ  ਵਿਚ ਹੋਈ ਇੰਟਰਨੈਸ਼ਨਲ ਪੰਜਾਬੀ ਕਾਨਫ਼ਰੰਸ  ਵਿਚ ਪਿਆ ।  ਏਸ ਕਾਨਫ਼ਰੰਸ ਦਾ ਆਹਰ ਨਾਮਧਾਰੀ ਸੰਗਤ ਕੀਤਾ ਸੀ ਮੈਨੂੰ ਵੀ ਸੱਦਾ ਮਿਲਿਆ ।  ਏਸ ਕਾਨਫ਼ਰੰਸ ਵਿਚ ਇਕੱਲਾ ਪੱਛਮੀ ਪੰਜਾਬੀ ਹੋਣ ਪਾਰੋਂ ਮੈਂ ਸਾਰੀ ਕਾਨਫ਼ਰੰਸ ਦਾ ਹੀਰੋ ਬਣ ਗਿਆ ।   ਏਸ ਕਾਨਫ਼ਰੰਸ  ਵਿਚ ਮੈਂ ਦੋ ਦਿਨ ਘੁੱਗੂ ਬਣ ਕੇ ਬੈਠਾ  ਪੰਜਾਬੀ ਵਿਦਵਾਨਾਂ ਦੇ ਹਿੰਦਾਬੀ  ਵਿਚ ਪੜ੍ਹੇ ਗਏ ਪਰਚੇ ਸੁਣਦਾ ਰਿਹਾ   ਜਦ ਮੇਰੀ ਵਾਰੀ ਆਈ ਤੇ ਮੈਂ ਆਪਣੇ ਲੇਖ ਵਿਚ  ਏਸ ਬੋਲੀ ਦੀ ਰੱਜ ਕੇ ਨਿੰਦਿਆ ਕੀਤੀ ਤੇ ਕਿਹਾ ਕਿ  ਕੱਲ੍ਹ ਵਾਹਗੇ ਵਾਲੀ ਜੋ ਕੰਧ ਸਿਆਸਤਦਾਨਾਂ ਖੜੀ ਕੀਤੀ ਸੀ ਉਸ ਨੂੰ ਹੋਰ ਪੱਕਾ ਕਰਨ ਲਈ ਇਹ ਵਿਦਵਾਨ   ਹਿੰਦਾਬੀ  ਲੈ ਕੇ ਆ ਗਏ  ਨੇ।   ਏਸ ਲੇਖ ਵਿਚ ਮੈਂ  ਚੰਡੀਗੜ੍ਹ ਵਾਲੇ ਇਕੱਠ ਦਾ ਜ਼ਿਕਰ ਕਰਦਿਆਂ  ਹੋਇਆਂ  ਡਾਕਟਰ ਅੱਤਰ  ਸਿੰਘ  ਦੇ ਭਾਸ਼ਣ ਦੀ  ਗੱਲ ਕੀਤੀ  ।  ਮੇਰਾ ਇਹ ਲੇਖ  ਹਾਲੇ ਮੱਸਾ  ਮੁੱਕਿਆ ਸੀ  ਜੇ  ਇਹ ਹਿੰਦਾਬੀ ਵਾਲੇ ਵਿਦਵਾਨ ਉੱਠ  ਕੇ ਮੇਰੇ ਵੱਲ ਇੰਜ ਝਪਟੇ ਜਿਵੇਂ  ਭੁੱਖੇ ਬਗਿਆੜਾਂ ਦਾ  ਇਕ ਵੱਗ  ਇਕ ਲੇਲੇ ਵੱਲ ਝਪਟਦਾ ਏ  ਉਹ ਤੇ ਮੇਰੀ ਕਿਸਮਤ ਚੰਗੀ ਸੀ ਜੇ  ਉਸ ਵੇਲੇ ਮੰਚ ਤੇ ਸਵਰਗਵਾਸੀ ਮਹਿੰਦਰ ਸਿੰਘ ਰੰਧਾਵਾ ਪ੍ਰਧਾਨਗੀ ਕਰ ਰਹੇ ਸਨ  ਉਨ੍ਹਾਂ ਦਾ ਭਲਾ ਹੋਵੇ ਉਨ੍ਹਾਂ ਦਬਕਾ ਮਾਰਕੇ ਸਾਰਿਆਂ ਨੂੰ ਬਿਠਾ ਦਿੱਤਾ ।  ਏਸ ਮਗਰੋਂ ਮੇਰੇ ਏਸ ਲੇਖ ਦੀ ਹਿੰਦੁਸਤਾਨ ਵਿਚ ਬਹੁਤ ਚਰਚਾ ਹੋਈ  । ਅਜੀਤ  ਜਲੰਧਰ ਦੇ ਸਾਧੂ ਸਿੰਘ ਹਮਦਰਦ ਹੋਰਾਂ  ਐਡੀਟੋਰੀਲ ਲਿਖਿਆ  । ਸੰਪਰਕ ਜਲੰਧਰ ਨੇ ਇਕ ਖ਼ਾਸ ਨੰਬਰ ਛਾਪਿਆ  । ਵਰਿਆਮ ਜਲੰਧਰ ਵਿਚ ਇਹਦੇ ਤੇ ਬਹਿਸ ਚਲੀ ।    ਏਸ ਲੇਖ  ਰਾਹੀਂ ਮੈਨੂੰ ਚੜ੍ਹਦੇ ਪੰਜਾਬ ਵਿਚ ਇੰਨੀ  ਸ਼ੋਹਰਤ ਮਿਲੀ ਕਿ ਸ਼ਾਇਦ  ਈ ਕੋਈ ਅਜਿਹਾ   ਪੜ੍ਹਨ ਲਿਖਣ ਵਾਲਾ ਪੰਜਾਬੀ ਹੋਵੇਗਾ ਜਿਹਨੂੰ ਮੇਰੇ ਨਾਂ ਦਾ ਪਤਾ ਨਾ ਲੱਗਾ ਹੋਵੇਗਾ ।  ਇੰਨੀ  ਸ਼ੋਹਰਤ ਮਿਲਣ ਦੇ ਨਾਲ਼  ਕੁੱਝ ਲੋਕ ਮੇਰੇ ਦੁਸ਼ਮਣ ਵੀ ਹੋ ਗਏ ।   ਮੈਨੂੰ ਯਾਦ ਏ ਕਿ  ਦਿੱਲੀ ਵਾਲੀ ਇੰਟਰਨੈਸ਼ਨਲ ਪੰਜਾਬੀ ਕਾਨਫ਼ਰੰਸ ਵਿਚ  ਭਰੇ ਹਾਲ ਵਿਚ ਸਵਰਗਵਾਸੀ ਡਾਕਟਰ ਅੱਤਰ  ਸਿੰਘ  ਮੇਰੀ ਨਿੰਦਿਆ ਦਾ ਬਦਲਾ ਲੈਣ   ਲਈ ਮੇਰੇ ਨਾਲ਼ ਉੱਚਾ ਉੱਚਾ ਲੜੇ, ਉਹ ਏਨੇ ਗ਼ੁੱਸੇ ਵਿਚ ਸਨ ਕਿ ਉਨ੍ਹਾਂ ਮੈਨੂੰ ਮਾਂ ਭੈਣ ਦੀਆਂ ਗਾਹਲਾਂ ਨਹੀਂ ਕੱਢੀਆਂ, ਬਾਕੀ ਕੋਈ ਕਸਰ ਨਾ ਛੱਡੀ ।

ਹਿੰਦਾਬੀ  ਬਣਾਉਣ ਵਾਲਿਆਂ  ਵਿਚ ਸਿਰਫ਼ ਸੱਜੇ ਪਾਸੇ ਦੇ ਧਾਰਮਿਕ ਸਿੱਖਾਂ ਦਾ ਹੱਥ ਨਹੀਂ ਏ ਸਗੋਂ ਕਮਿਉਨਿਸਟਾਂ  ਵੀ ਰੱਜ ਕੇ ਹਿੱਸਾ ਪਾਇਆ  ਮੈਨੂੰ ਯਾਦ ਏ ਇਕ ਵਾਰ ਜਗਰਾਓਂ  ਵਿਚ ਮੇਰੀ ਮੁਲਾਕਾਤ ਸਵਰਗਵਾਸੀ ਸੰਤ ਸਿੰਘ ਸੇਖੋਂ  ਨਾਲ਼  ਹੋਈ  ਉਹ  ਬਹੁਤ ਠੇਠ ਤੇ ਜੱਟਾਂ ਵਾਲੀ ਪੰਜਾਬੀ ਬੋਲਦੇ ਸਨ।  ਮੈਨੂੰ ਮਿਲ ਕੇ ਬਹੁਤ ਖ਼ੁਸ਼ ਹੋਏ ਤੇ  ਮੈਨੂੰ  ਬਜ਼ੁਰਗਾਂ ਵਾਲਾ ਸਾਰਾ ਪਿਆਰ ਦਿੱਤਾ ।   ਜਦ ਹਿੰਦਾਬੀ ਦੀ ਗੱਲ ਹੋਈ ਤੇ ਕਹਿਣ ਲੱਗੇ : “ਹਿੰਦਾਬੀ ਬਣਾਉਣ ਵਿਚ ਮੇਰਾ ਵੀ  ਹਿੱਸਾ ਏ ।”

ਸਾਡੀ ਏਸ ਗੱਲ ਤੇ ਬਹਿਸ  ਹੋ ਗਈ  ਪਰ ਸੇਖੋਂ ਸਾਹਿਬ ਕੋਈ ਗੱਲ ਮੰਨਣ ਤੇ ਨਾ ਆਉਣ ।  ਆਖ਼ਿਰ ਮੈਂ ਤੰਗ ਆ ਕੇ ਗ਼ੁੱਸੇ ਵਿਚ ਕਿਹਾ  : ” ਸਰਦਾਰ ਸੰਤ ਸਿੰਘ ਸੇਖੋਂ ਤੂੰ ਹਿੰਦੀ  ਤੇ  ਯੂ.ਪੀ.  ਦੀ ਹਿੰਦੂਆਂ ਦੀ ਖ਼ੁਸ਼ਾਮਦ ਕਰਨ ਲਈ  ਭਾਂਵੇਂ ਪੰਜਾਬੀ  ਵਿਚ ਜਿੰਨੀ  ਮਰਜ਼ੀ ਹਿੰਦੀ  ਵਾੜ ਲੈ ਪਰ ਜਦ  ਤੂੰ ਮਰੇਂਗਾ ਤੇ  ਤੈਨੂੰ ਰੋਣਗੇ  ਪੰਜਾਬੀ ਈ  ਕਿਸੇ ਯੂ.ਪੀ. ਵਾਲੇ  ਤੇਰੇ ਮਰਨ ਤੇ ਕੀਰਨੇ ਨਹੀਂ ਪਾਉਣੇ  ਵੱਧ ਤੋਂ ਵੱਧ ਪੰਜਾਬ ਦੇ ਹਿੰਦੀ ਦੇ ਕਿਸੇ ਭੱਜੇ ਟੁੱਟੇ ਅਖ਼ਬਾਰ ਵਿਚ ਤੇਰੀ ਇਕ ਕਾਲਮੀ ਖ਼ਬਰ ਲੱਗ ਜਾਵੇਗੀ ।”

ਏਸ ਗੱਲ  ਦੇ ਬਾਦ  ਬਹੁਤ ਵਰ੍ਹਿਆਂ ਮਗਰੋਂ ਮੈਂ ਫਿਰ ਜਗਰਾਓਂ  ਗਿਆ ਤੇ  ਮੇਰੀ ਮੁਲਾਕਾਤ ਕੁਲਵੰਤ ਜਗਰਾਓਂ  ਨਾਲ਼ ਹੋਈ   ਉਹਨੇ  ਮੈਨੂੰ ਮੇਰੀ ਇਹ ਗੱਲ ਯਾਦ ਕਰਾਈ ਤੇ ਕਹਿਣ ਲੱਗਾ :  “ਆਸਿਫ਼ ਸਾਹਿਬ ਤੁਸੀਂ ਬਿਲਕੁਲ ਠੀਕ ਕਿਹਾ ਸੀ  ਸੰਤ ਸਿੰਘ ਸੇਖੋਂ ਜਦ  ਆਖ਼ਰੀ ਦਿਨਾਂ ਵਿਚ ਬਹੁਤ ਬਿਮਾਰ ਹੋ ਗਿਆ ਤੇ ਉਹਨੂੰ ਸਾਂਭਣ  ਵਾਲਾ ਮਹਾਨ ਪੰਜਾਬੀ ਸੱਤ ਗੁਰੂ ਜਗਜੀਤ  ਸਿੰਘ  ਜੀ  ਸੀ  ਤੇ ਉਹਦੇ ਮਰਨ ਮਗਰੋਂ  ਉਹਨੂੰ ਰੋਣ ਵਾਲੇ ਵੀ ਪੰਜਾਬੀ ਸਨ”।

ਹਿੰਦਾਬੀ  ਦੇ ਸਿਲਸਿਲੇ ਵਿਚ ਮੇਰੀ ਜ਼ਿੰਦਗੀ ਦਾ ਸਭ ਤੋਂ ਦਿਲਚਸਪ ਵਾਕਿਆ  ਇੰਟਰਨੈਸ਼ਨਲ ਪੰਜਾਬੀ ਕਾਨਫ਼ਰੰਸ  ਪ੍ਰਿੰਸ ਜਾਰਜ ਕੈਨੇਡਾ   ਦੇ ਮੌਕੇ ਤੇ ਹੋਇਆ। ਅਤੇ ਮੇਰੀ ਮੁਲਾਕਾਤ ਕਾਮਰੇਡ ਡਾਕਟਰ ਰੌਣਕੀ ਰਾਮ ਹੋਰਾਂ ਨਾਲ਼ ਹੋਈ  ਇਹ  ਆਪਣੇ ਨਾਂ ਤੋਂ ਵੀ ਵੱਧ  ਰੌਣਕੀ ਸਨ  ਨਾਲ਼ ਪੱਛਮੀ ਪੰਜਾਬ ਦੇ ਪੰਜਾਬੀਆਂ ਦੇ ਆਸ਼ਿਕ ਸਨ ।  ਏਸ ਕਾਨਫ਼ਰੰਸ ਵਿਚ ਪੱਛਮੀ  ਪੰਜਾਬ ਦੇ ਮੇਰੇ ਇਕ ਪੁਰਾਣੇ ਦੋਸਤ ਵੀ ਆਏ ਹੋਏ ਸਨ । ਮੇਰਾ ਇਹ ਦੋਸਤ ਤੇ ਡਾਕਟਰ ਰੌਣਕੀ ਰਾਮ ਪਲਾਂ ਵਿਚ ਗੂਹੜੇ ਯਾਰ ਬਣ ਗਏ ਤੇ ਹਰ ਵੇਲੇ ਇਕੱਠੇ ਰਹਿਣ ਲੱਗ ਪਏ ।  ਡਾਕਟਰ ਰੌਣਕੀ ਰਾਮ ਇਕਨਾਮਿਕਸ ਦੇ ਵਿਦਵਾਨ ਸਨ  ਤੇ ਏਸ ਕਾਨਫ਼ਰੰਸ  ਵਿਚ  ਪੜ੍ਹਨ ਲਈ ਇਕਨਾਮਿਕਸ  ਤੇ  ਈ ਆਪਣਾ  ਪਰਚਾ ਲਿਖ ਕੇ ਲਿਆਏ ਸਨ ।  ਕਾਨਫ਼ਰੰਸ ਵਿਚ ਇਹ ਪਰਚਾ ਪੜ੍ਹਨ ਤੋਂ ਪਹਿਲਾਂ ਉਨ੍ਹਾਂ ਸਾਡੇ ਤੋਂ ਸਲਾਹ ਲੈਣ  ਲਈ  ਬੜੇ ਚਾ  ਨਾਲ਼ ਆਪਣਾ ਇਹ ਪਰਚਾ  ਪੜ੍ਹ ਕੇ ਸੁਣਾਉਣ ਦੀ ਖ਼ਵਾਹਿਸ਼ ਜ਼ਾਹਰ ਕੀਤੀ । ਭਲਾ  ਸਾਨੂੰ ਕੀ ਇਤਰਾਜ਼ ਹੋ ਸਕਦਾ ਸੀ ।  ਹਾਲੇ ਉਨ੍ਹਾਂ ਦੋ ਈ ਸਤਰਾਂ ਪੜ੍ਹੀਆਂ ਸਨ ਜੇ ਮੇਰੇ ਦੋਸਤ ਉਨ੍ਹਾਂ ਨੂੰ ਬਰੇਕ ਲਵਾ ਦਿੱਤੀ ਤੇ ਕਹਿਣ ਲੱਗਾ  : ”  ਕਾਮਰੇਡ  ਜੰਮ ਜੰਮ  ਆਪਣਾ ਪਰਚਾ ਪੜ੍ਹ ਕੇ ਸੁਣਾ ਪਰ  ਪੜ੍ਹਨ ਦੇ ਨਾਲ਼ ਨਾਲ਼ ਇਕ ਕੰਮ ਵੀ ਕਰੀ ਜਾਂਵੀਂ  ।  ਅਸੀਂ ਤੈਨੂੰ ਜਿਸ ਸ਼ਬਦ ਬਾਰੇ  ਕਹੀਏ ਉਸ ਦੇ  ਥੱਲੇ ਨਿਸ਼ਾਨ ਲਾਉਂਦਾ ਜਾਂਵੀਂ “।  ਡਾਕਟਰ ਸਾਹਿਬ ਇੰਜ ਈ ਕੀਤਾ ਉਹ ਪੜ੍ਹਦੇ ਗਏ ਤੇ ਅਸੀਂ ਸ਼ਬਦਾਂ ਥੱਲੇ ਨਿਸ਼ਾਨ ਲੁਵਾਂਦੇ ਗਏ।  ਜਦ ਪਰਚਾ ਮੁੱਕ ਗਿਆ ਤੇ  ਉਨ੍ਹਾਂ  ਸਾਡੇ ਕੋਲੋਂ  ਪਰਚੇ ਬਾਰੇ ਸਾਡੀ ਰਾਏ ਪੁੱਛੀ ਤੇ ਅਸੀਂ ਕਿਹਾ  : “ਸਾਡੀ ਰਾਏ ਸੁਣਨ ਤੋਂ ਪਹਿਲਾਂ ਇਕ ਕੰਮ ਕਰੋ “।

ਕਹਿਣ ਲੱਗੇ : ”  ਹੁਕਮ ਕਰੋ”।

ਅਸੀਂ ਕਿਹਾ ਕਿ   ਇਹ ਪਰਚਾ ਫ਼ਿਰ ਪੜ੍ਹੋ ਪਰ  ਐਤਕੀ ਤੁਸੀਂ ਸਿਰਫ਼ ਉਹ ਸ਼ਬਦ ਪੜ੍ਹਨੇ ਨੇ  ਜਿਨ੍ਹਾਂ  ਥੱਲੇ ਨਿਸ਼ਾਨ ਨਹੀਂ ਲੱਗੇ ਹੋਏ  ਬਾਕੀ  ਨਿਸ਼ਾਨ ਲੱਗੇ ਸ਼ਬਦ  ਤੁਸੀਂ ਛੱਡੀ ਜਾਣੇ ਨੇ । ਉਨ੍ਹਾਂ ਇੰਜ ਈ ਕੀਤਾ।  ਏਸ ਵਾਰ ਉਨ੍ਹਾਂ ਦੇ ਪਰਚੇ ਵਿਚ ਜੋ ਸ਼ਬਦ ਸਨ  ਉਹ ਸਨ  ” ਇਹ ” ” ਉਹ” ” ਇਥੇ” ” ਓਥੇ”  ”  ਉੱਪਰ ”  ”ਥੱਲੇ” ”  ਦਾ”  ” ਦੀ” ” ਦੇ ” ”  ਮੈਂ” ” ਤੂੰ ਵਗ਼ੈਰਾ ਵਗ਼ੈਰਾ ।   ਪੜ੍ਹ ਕੇ ਹਟੇ ਤੇ  ਅਸੀਂ ਕਿਹਾ ਸਾਨੂੰ ਤੁਹਾਡਾ ਇਹ ਪਰਚਾ  ਏਨਾ ਈ ਸਮਝ ਲੱਗਾ ਏ  ਜੇ ਏਸ ਬਾਰੇ ਤੁਸੀਂ ਸਾਡੀ ਰਾਏ ਚਾਹੁੰਦੇ ਉਹ ਤੇ ਅਸੀਂ ਹਾਜ਼ਰ ਹਾਂ। ਅਸੀਂ ਉਨ੍ਹਾਂ ਨੂੰ ਮਖ਼ੌਲ ਕਰਦਿਆਂ  ਕਿਹਾ : ” ਡਾਕਟਰ ਸਾਹਿਬ  ਇਹ ਪਰਚਾ ਇਕ ਵਾਰ ਫ਼ਿਰ  ਪੜ੍ਹੋ  ਪਰ ਏਸ ਵਾਰ ਤੁਸੀਂ ਉਹ ਸ਼ਬਦ ਜਿਨ੍ਹਾਂ ਥੱਲੇ ਨਿਸ਼ਾਨ ਨਹੀਂ ਲੱਗੇ ਉਨ੍ਹਾਂ ਨੂੰ ਹਿੰਦੀ ਬਣਾ ਦੇਣਾ  ਏ ਤੇ ਬਾਕੀ ਨਿਸ਼ਾਨ ਲੱਗੇ ਸ਼ਬਦਾਂ ਨੂੰ  ਉਸੇ  ਦਾ ਉਸੇ ਤਰਾਂ ਪੜ੍ਹੀ ਜਾਣਾ । ਜਦ ਉਹ ਪੜ੍ਹ ਕੇ ਹਟੇ ਤੇ ਉਨ੍ਹਾਂ ਦਾ ਇਹ ਪਰਚਾ ਸੌ ਫ਼ੀਸਦੀ  ਸੰਸਕ੍ਰਿਤ ਨਾਲ਼ ਭਰੀ ਹਿੰਦੀ ਸੀ।

ਵੰਡ ਤੋਂ ਪਹਿਲਾਂ ਹਿੰਦੀ ਤੇ ਉਰਦੂ ਵਿਚ ਕੋਈ ਫ਼ਰਕ ਨਹੀਂ ਸੀ  ਏਸ ਦਾ ਸਬੂਤ  ਉਰਦੂ ਤੇ ਹਿੰਦੀ ਫ਼ਿਲਮਾਂ ਤੇ ਟੀ ਵੀ ਡਰਾਮੇ ਨੇ।   ਅੱਜ ਵੀ ਇਨ੍ਹਾਂ ਵਿਚ ਕੋਈ ਫ਼ਰਕ  ਨਹੀਂ ਏ  ਪਾਕਿਸਤਾਨ ਵਿਚ ਉਰਦੂ ਜਾਨਣ ਵਾਲੇ ਨੂੰ ਹਿੰਦੀ ਫ਼ਿਲਮ ਤੇ ਡਰਾਮਾ  ਉਰਦੂ ਦਾ  ਲਗਦਾ  ਏ ਤੇ ਹਿੰਦੁਸਤਾਨ ਵਿਚ ਰਹਿੰਦੇ ਬੰਦੇ  ਨੂੰ   ਪਾਕਿਸਤਾਨੀ ਉਰਦੂ ਫ਼ਿਲਮ  ਤੇ ਟੀ ਵੀ  ਡਰਾਮਾ  ਉਰਦੂ ਨਹੀਂ ਹਿੰਦੀ  ਲਗਦੇ ਨੇਂ ।  ਵੰਡ ਮਗਰੋਂ  ਹਿੰਦੀ  ਕੱਟੜ  ਹਿੰਦੂਆਂ ਦੇ ਢਾਏ ਚੜ੍ਹ ਗਈ ਤੇ ਉਨ੍ਹਾਂ ਇਹਦੇ ਚੋਂ ਛਾਨਣੀ ਫੇਰ ਕੇ ਫ਼ਾਰਸੀ ਤੇ ਅਰਬੀ ਦੇ ਸ਼ਬਦ ਕੱਢ ਦਿੱਤੇ  ਤੇ ਸੰਸਕ੍ਰਿਤ   ਦੇ ਸ਼ਬਦ ਪਾ ਦਿੱਤੇ ।   ਇਹੋ ਕੰਮ ਕੱਟੜ  ਮੁਸਲਮਾਨਾਂ  ਉਰਦੂ  ਨਾਲ਼  ਕੀਤਾ  ਉਨ੍ਹਾਂ ਉਰਦੂ ਵਿਚੋਂ ਪੁਰਾਣੀ ਹਿੰਦੁਸਤਾਨੀ ਦੇ ਸ਼ਬਦ ਕੱਢ ਕੇ ਅਰਬੀ ਤੇ ਫ਼ਾਰਸੀ ਲਫ਼ਜ਼ ਪਾ ਦਿੱਤੇ।   ਇੰਜ  ਇਹ ਦੋ ਓਪਰੀਆਂ ਜ਼ਬਾਨਾਂ ਬਣ ਗਈਆਂ।  ਹਿੰਦੀ ਵਿਗਾੜਨ ਮਗਰੋਂ  ਪੰਜਾਬੀ ਦੀ ਵਾਰੀ ਆ ਗਈ   ਸੰਸਕ੍ਰਿਤ  ਦੇ ਉਹ ਤਮਾਮ ਸ਼ਬਦ ਜੋ ਹਿੰਦੀ ਵਿਚ ਵਾੜੇ ਗਏ  ਉਹ ਪੰਜਾਬੀ ਵਿਚ  ਆ ਵੜੇ ਗੱਲ ਸਿਰਫ਼ ਉਥੇ ਈ ਨਹੀਂ ਮੁੱਕੀ   ਸਾਈ ਦੇ ਪੰਜਾਬੀ ਵਿਦਵਾਨਾਂ ਨੂੰ ਨਵੀਂ ਪੰਜਾਬੀ ਸ਼ਬਦ ਬਣਾਉਣ ਦਾ ਠੇਕਾ ਦੇ ਦਿੱਤਾ ਗਿਆ  ਤੇ ਨਾਲ਼ ਹਰ ਸ਼ਬਦ  ਬਣਾਉਣ ਦੀ ਉਜਰਤ  ( ਮਜ਼ਦੂਰੀ) ਰੱਖ ਦਿੱਤੀ ਗਈ  ਏਸ ਮਨਸੂਬੇ ਲਈ ਸਰਕਾਰ ਲੱਖਾਂ ਦਾ ਬਜਟ  ਦੇ ਦਿੱਤਾ  । ਹੁਣ   ਸਾਈ  ਦਾ ਪੰਜਾਬੀ ਵਿਦਵਾਨ  ਸ਼ਬਦ ਘੜਨ ਲੱਗ ਪਿਆ ।   ਅਸਲ  ਵਿਚ  ਤੇ ਸ਼ਬਦ   ਲੋਕ ਬਣਾਂਦੇ  ਨੇ  ਤੇ ਇੰਜ ਈ ਦੁਨੀਆ ਦੀ ਹਰ ਜ਼ਬਾਨ ਦੇ  ਸ਼ਬਦ ਬਣੇ  ਨੇ। ਸ਼ਬਦ ਬਣਾਉਣਾ  ਕੋਈ ਲੋਹਾਰਾ ਤਰਖਾਣਾ ਤੇ   ਹੈ ਨਹੀਂ  ਜੇ ਵਿਦਵਾਨ ਬਹਿ ਕੇ ਸ਼ਬਦ ਘੜੀ ਜਾਣ । ਇਨ੍ਹਾਂ ਵਿਦਵਾਨਾਂ ਪੈਸੇ ਬਣਾਉਣ  ਲਈ ਕੁਝ ਤੇ ਸ਼ਬਦ ਘੜੇ  ਬਾਕੀ ਇਨ੍ਹਾਂ ਪੁਰਾਣੇ ਪੰਜਾਬੀ ਸ਼ਬਦਾਂ ਨੂੰ  ਹਿੰਦੀ  ਬਣਾਉਣ ਲਈ  ਵਿਗਾੜਨਾ ਸ਼ੁਰੂ ਕਰ ਦਿੱਤਾ ਤੇ  ਏਸ ਕੰਮ ਲਈ ਕਈ ਫ਼ਾਰਮੂਲੇ ਬਣਾ ਲਏ ਜਿਨ੍ਹਾਂ ਵਿਚੋਂ ਇਕ  ” ਤਾ” ਫ਼ਾਰਮੂਲਾ ਸੀ  ਪਈ ਕਿਸੇ ਪੁਰਾਣੇ ਪੰਜਾਬੀ ਸ਼ਬਦ ਪਿਛੇ   “ਤਾ” ਲਾ ਦਿੱਤਾ ਜਿਵੇਂ ਨੇੜ  ਪਿਛੇ   “ਤਾ”  ਲਾਕੇ ਨੇੜਤਾ ਬਣਾ ਦਿੱਤਾ  ਇਕਲਾਪਾ  ਨੂੰ ਵਿਗਾੜ ਕੇ ਇਕੱਲਤਾ ਬਣਾ ਦਿੱਤਾ  ਇਕ ਹੋਰ ਫ਼ਾਰਮੂਲਾ  ”ਅ ” ਵਾਲਾ ਏ  ਕਿਸੇ ਸ਼ਬਦ ਦਾ ਉਲਟ ਮਤਲਬ  ਬਣਾਉਣ ਲਈ ਅੱਗੇ  ”ਅ”  ਲਾ ਦਿੱਤਾ   ਅਸਲੀ ਪੰਜਾਬੀ ਵਿਚ   ਕੁੱਝ ਸ਼ਬਦਾਂ  ਦਾ ਪੁੱਠਾ ਮਤਲਬ  ਬਣਾਉਣ ਲਈ ਅੱਗੇ ” ਅਣ”  ਲਾ ਦਿੱਤਾ  ਜਾਂਦਾ ਏ  ਜਿਵੇਂ  ” ਅਣਡਿੱਠਾ ”  ਯਾਂ “ਅਣਭਾਉਂਦਾ  ” ਇਨ੍ਹਾਂ  ਵਿਦਵਾਨਾਂ ਵਿਚੋਂ ” ਣ” ਕੱਢ  ਕੇ ਸਿਰਫ਼  ”ਅ” ਰਹਿਣ ਦਿੱਤਾ  ਏਸ ਤਰਾਂ ਦੇ ਕਈ ਹੋਰ ਵੀ ਫ਼ਾਰਮੂਲੇ  ਇਨ੍ਹਾਂ ਕੱਢੇ ਤੇ  ਫ਼ਰ ਚੱਲ ਸੋ ਚੱਲ ਇੰਜ    ਇਨ੍ਹਾਂ   ਭਾੜੇ ਦੇ ਵਿਦਵਾਨਾਂ  ਸ਼ਬਦਾਂ ਦੇ ਢੇਰ  ਲਾ ਦਿੱਤੇ  ਤੇ ਇਹ ਸ਼ਬਦ ਕੋਈ ਸੈਂਕੜਿਆਂ ਜਾਂ ਹਜ਼ਾਰਾਂ ਵਿਚ ਨਹੀਂ ਹਨ ਸਗੋਂ ਇਨ੍ਹਾਂ ਦੀ ਗਿਣਤੀ ਲੱਖਾਂ ਵਿਚ ਏ ।  ਨਵੀਂ ਪੰਜਾਬੀ ਸ਼ਬਦ ਘੜਨ  ਲਈ  ਸਰਕਾਰ  ਦਾ ਲੱਖਾਂ ਰੁਪਈਆਂ ਦਾ ਸਰਕਾਰੀ ਬਜਟ ਮੁਕਾਉਣ ਲਈ ਕੁੱਝ ਨਾ ਕੁੱਝ ਕਾਰਵਾਈ ਤੇ ਪਾਉਣੀ ਹੀ  ਪੈਣੀ ਸੀ।   ਗਿਣਤੀ ਤੋਂ ਮੈਨੂੰ ਯਾਦ ਆਇਆ ।  ਸਵਰਗਵਾਸੀ ਸਤਿੰਦਰ ਸਿੰਘ ਨੂਰ  ਮੇਰੇ ਬਹੁਤ ਪੁਰਾਣੇ ਦੋਸਤ  ਸਨ ਉਨ੍ਹਾਂ ਇਕ ਵਾਰ ਟੋਰੰਟੋ ਦੀ ਪੰਜਾਬੀ ਕਾਨਫ਼ਰੰਸ ਵਿਚ ਫੁੰਡ  ਕੇ ਕਿਹਾ  ਕਿ  ਪੰਜਾਬੀ ਵਿਚ ਅੱਠ ਲੱਖ ਸ਼ਬਦ ਨੇ  ਮੈਨੂੰ ਇਕੱਲੇ ਮਿਲੇ ਤੇ ਮੈਂ ਪੁੱਛਿਆ  : ” ਮਹਾਰਾਜ ਜ਼ਰਾ ਦੱਸਣਾ ਇਨ੍ਹਾਂ ਅੱਠ  ਲੱਖ  ਲਫ਼ਜ਼ਾਂ ਵਿਚੋਂ ਪੰਜਾਬੀ ਦੇ ਅਸਲੀ ਸ਼ਬਦ ਕਿੰਨੇ ਨੇ ਤੇ  ਹਿੰਦੀ ਦੇ ਕਿੰਨੇ ਨੇ ਤੇ ਘੜੇ  ਹੋਏ  ਕਿੰਨੇ ਨੇ?”। ਮੇਰੀ ਗੱਲ ਸੁਣ ਕੇ ਉਨ੍ਹਾਂ ਹੱਸ ਕੇ ਮੂੰਹ ਦੂਜੇ ਪਾਸੇ ਕਰ ਲਿਆ ਕਿਉਂ ਜੇ ਵਿਚਲੀ ਗੱਲ ਇਹ ਸੀ ਕਿ ਇਨ੍ਹਾਂ ਅੱਠ ਲੱਖ ਲਫ਼ਜ਼ਾਂ ਵਿਚੋਂ ਪੰਜਾਬੀ ਦੇ ਅਸਲੀ ਲਫ਼ਜ਼ ਤੇ ਚੌਥਾ ਹਿੱਸਾ ਵੀ ਨਹੀਂ ਬਾਕੀ ਤੇ ਭਰਤੀ ਕੀਤੇ ਗਏ  ਨੇ । ਅਸਲ ਵਿਚ ਤੇ ਇਹ ਸ਼ਬਦ   ਹਿੰਦਾਬੀ  ਵਾਲੇ  ਵੱਡੇ ਵਾਹਗੇ ਬਾਡਰ ਦੀਆਂ ਬਾਡਰੀਆਂ ਨੇ।

ਜਿਥੇ ਵੀ ਕੋਈ ਪੰਜਾਬੀ ਕਾਨਫ਼ਰੰਸ ਹੋਵੇ ਜਾਂ ਕੋਈ ਹੋਰ ਇਕੱਠ ਹੋਵੇ  ਮੈਂ ਇਕ   ਮਜ਼੍ਹਬੀ ਡਿਊਟੀ ਵਾਂਗੂੰ  ਹਿੰਦਾਬੀ ਦੇ ਖ਼ਿਲਾਫ਼ ਰੌਲ਼ਾ ਪਾਉਂਦਾ ਹਾਂ  ਕਦੇ ਕਦੇ  ਕੋਈ ਮੇਰੀ ਗੱਲ ਸੁਣ ਲੈਂਦਾ ਏ ਤੇ ਕਈ ਵਾਰ  ਮੈਨੂੰ ਇਹਦੀ ਸਜ਼ਾ ਦਿੱਤੀ ਜਾਂਦੀ  ਏ ਤੇ ਮੇਰੇ ਮੂੰਹ ਤੇ ਛਿੱਕੂ  ਚਾੜ੍ਹਨ ਦੀ ਕੋਸ਼ਿਸ਼ ਕੀਤੀ ਜਾਂਦੀ । ਮੈਂ ਇਕ ਵਾਰ ਪੂਰਬੀ ਪੰਜਾਬ ਗਿਆ ਹੋਇਆ ਸਾਂ।  ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇਕ ਪੰਜਾਬੀ ਲਿਖਾਰਿਨ ਦੀ    ਨਵੀਂ  ਛਪੀ  ਕਿਤਾਬ  ਦਾ ਇਕੱਠ  ਸੀ।  ਇਹ ਕਿਤਾਬ  ਫ਼ਿਲਾਸਫ਼ੀ   ਤੇ ਸੀ।   ਮੇਰਾ ਪਹਿਲਾ ਐਮ. ਏ. ਫ਼ਿਲਾਸਫ਼ੀ ਵਿਚ ਏ ਮੈਨੂੰ ਬਹੁਤ ਖ਼ੁਸ਼ੀ ਹੋਈ  ਕਿ ਪੰਜਾਬੀ ਵਿਚ ਫ਼ਿਲਾਸਫ਼ੀ ਤੇ ਕੋਈ ਕਿਤਾਬ ਛਪੀ ਸੀ  । ਇਕੱਠ ਤੋਂ ਪਹਿਲਾਂ  ਮੈਂ ਏਸ ਕਿਤਾਬ ਦੇ ਕੁੱਝ ਹਿੱਸੇ ਪੜ੍ਹੇ  ਬਦਕਿਸਮਤੀ ਨਾਲ਼ ਇਹ ਕਿਤਾਬ  ਹਿੰਦਾਬੀ  ਵਿਚ ਸੀ  ਮੇਰੇ ਕੋਲੋਂ ਗ਼ਲਤੀ ਇਹ ਹੋਈ ਕਿ  ਮੈਂ  ਇਕੱਠ ਤੋਂ ਪਹਿਲਾਂ ਹਿੰਦਾਬੀ  ਬਾਰੇ  ਥੋੜੀ ਜਿਹੀ ਗੱਲ ਕਰ ਬੈਠਾ ਕਿਸੇ ਜਾ ਕੇ ਉਸ ਵੇਲੇ ਦੇ ਵੀ. ਸੀ.  ਦੇ ਕੰਨ  ਵਿਚ ਫੂਕ ਮਾਰ ਦਿੱਤੀ  ।  ਇਕੱਠ ਦੀ ਪ੍ਰਧਾਨਗੀ  ਇਹ ਵੀ. ਸੀ. ਸਾਹਿਬ  ਹੀ  ਕਰ ਰਹੇ ਸਨ ਤੇ ਮੈਂ ਚੀਫ਼ ਗੈਸਟ ਸਾਂ । ਇਕੱਠ ਦੇ ਅਖ਼ੀਰ ਵਿਚ ਵੀ. ਸੀ. ਸਾਹਿਬ ਆਪਣਾ ਪ੍ਰਧਾਨਗੀ ਭਾਸ਼ਣ ਦੇ ਕੇ  ਇਕੱਠ ਮੁਕਾ ਦਿੱਤਾ  ਮੈਂ ਆਪਣੀ ਵਾਰੀ ਉਡੀਕਦਾ ਈ ਰਿਹਾ।  ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਦੇਖਿਆ  ਕਿ ਇਕ ਬੰਦੇ ਨੂੰ ਚੀਫ਼ ਗੈਸਟ ਬਣਾ ਕੇ ਸਟੇਜ ਤੇ ਵੀ ਬਿਠਾਇਆ ਗਿਆ  ਪਰ ਜਦ ਉਹਦੇ ਬੋਲਣ ਦੀ ਵਾਰੀ ਆਈ ਤੇ ਉਹਦੇ ਮੂੰਹ ਤੇ ਛਿੱਕੂ  ਚਾੜ੍ਹ ਦਿੱਤਾ ਗਿਆ । ਪੂਰਬੀ ਪੰਜਾਬ ਦਾ  ਪੰਜਾਬੀ ਜਦ ਮੇਰੀਆਂ ਇਹ ਗੱਲਾਂ ਪੜ੍ਹੇਗਾ  ਤੇ ਉਹਨੂੰ ਇਨ੍ਹਾਂ ਗੱਲਾਂ ਤੇ ਇਤਬਾਰ ਨਹੀਂ ਆਵੇਗਾ ਕਿ ਹਿੰਦਾਬੀ   ਬਣਾਉਣ ਤੇ ਇਹਦੀ ਰਾਖੀ ਕਰਨ ਵਾਲੀਆਂ ਤਾਕਤਾਂ ਕਿੰਨੀਆਂ ਮਜ਼ਬੂਤ  ਨੇ ਤੇ ਇਹ ਕਿਸ ਕਿਸ ਤਰ੍ਹਾਂ ਦੇ ਹੱਥਕੰਡੇ ਵਰਤਦੀਆਂ  ਨੇ ।  ਹਿੰਦਾਬੀ  ਲਈ  ਬਲੈਕਮੇਲਿੰਗ ਦੀ ਮੈਨੂੰ ਇਕ ਕਹਾਣੀ ਹੋਰ ਯਾਦ ਆ ਗਈ।   ੧੯੮੪ ਵਾਲੀ ਬੇਂਕਾਕ ਦੀ ਪੰਜਾਬੀ ਕਾਨਫ਼ਰੰਸ ਵਿਚ  ਮੇਰੀ  ਗੁਰੂ ਨਾਨਕ  ਦੇਵ ਯੂਨੀਵਰਸਿਟੀ ਦੇ ਉਸ ਵੇਲੇ ਦੇ ਵੀ. ਸੀ.   ਜੇ. ਐੱਸ ਗਰੇਵਾਲ ਨਾਲ਼ ਮੁਲਾਕਾਤ ਹੋਈ  ਉਨ੍ਹਾਂ ਮੈਨੂੰ ਤਜ਼ਵੀਜ਼ ਦਿੱਤੀ ਕਿ  ਮੈਂ  ਉਨ੍ਹਾਂ ਦੀ ਯੂਨੀਵਰਸਿਟੀ ਤੋਂ ਪੰਜਾਬੀ ਵਿਚ  ਪੀ. ਐਚ. ਡੀ. ਕਰ ਲਵਾਂ । ਮੈਨੂੰ ਉਨ੍ਹਾਂ ਦੀ ਗੱਲ ਚੰਗੀ ਲੱਗੀ  ਏਸ ਪਿੱਛੇ ਇਕ ਗੱਲ ਇਹ ਵੀ ਸੀ  ਕਿ ਪੱਛਮੀ ਪੰਜਾਬ ਦਾ ਪਹਿਲਾ ਬੰਦਾ  ਪੂਰਬੀ ਪੰਜਾਬ ਤੋਂ ਪੀ. ਐਚ. ਡੀ. ਕਰੇਗਾ  ਇਹ ਵੀ ਇਕ ਸੈਂਤੀ (ਸਿੰਬਾਲੱਕ) ਵਾਹਗਾ ਢਾਉਣ ਵਾਲੀ ਗੱਲ ਹੋਣੀ ਸੀ ।   ਕਹਿਣ ਨੂੰ ਤੇ ਇਹ  ਸੌਖੀ  ਗੱਲ ਸੀ ਪਰ ਅਮਲੀ ਤੌਰ ਤੇ ਇਹ ਇਕ ਪੂਰਾ ਪ੍ਰੋਜੈਕਟ ਸੀ ਮੇਰੀ ਐਮ.  ਏ. ਦੀ ਡਿਗਰੀ  ਵਾਹਗੇ ਦੇ ਇਕ ਪਾਸੇ ਦੀ ਤੇ ਪੀ. ਐਚ. ਡੀ. ਵਾਹਗੇ ਦੇ ਦੂਜੇ ਪਾਸਿਓਂ ਕਰਨੀ ਸੀ । ਰਜਿਸਟ੍ਰੇਸ਼ਨ  ਕਰਵਾਣ ਲਈ ਯੂਨੀਵਰਸਿਟੀਆਂ ਦੇ ਏਸ ਵਾਹਗੇ ਬਾਡਰ ਨੂੰ ਪਾਰ ਕਰਨ ਲਈ ਮੈਨੂੰ ਕਈ ਸਾਲ ਲੱਗ ਗਏ।  ਜਦ ਕਾਗ਼ਜ਼ ਮੁਕੰਮਲ ਹੋ ਗਏ ਤੇ ਮੇਰੀ  ਇਕ ਬੋਰਡ ਸਾਮ੍ਹਣੇ ਪੇਸ਼ੀ ਹੋਈ  ਜਿਨ੍ਹਾਂ ਮੇਰੀ ਰਜਿਸਟ੍ਰੇਸ਼ਨ ਦਾ ਫ਼ੈਸਲਾ ਕਰਨਾ ਸੀ ।  ਬੋਰਡ  ਦੇ ਕੁੱਝ ਮੈਂਬਰਾਂ ਪੰਗਾ ਪਾ ਦਿੱਤਾ,  ਉਨ੍ਹਾਂ ਨੂੰ ਵੱਡਾ ਇਤਰਾਜ਼ ਇਹ ਸੀ ਕਿ ਰਜਿਸਟ੍ਰੇਸ਼ਨ ਲਈ   ਮੇਰੇ ਕਾਗ਼ਜ਼ਾਂ ਵਿਚ ਵਰਤੀ ਗਈ ਪੰਜਾਬੀ ਅਕੈਡਮਿਕ ਨਹੀਂ ਸੀ। ਮੈਂ ਬੋਰਡ ਵਾਲਿਆਂ ਨੂੰ ਬਥੇਰਾ ਕਿਹਾ ਕਿ ਮੈਨੂੰ ਏਸ ਡਿਗਰੀ  ਲੈਣ  ਦਾ ਨਾ ਤੇ ਕੋਈ ਸ਼ੌਕ ਏ ਤੇ ਨਾ ਈ ਕੋਈ ਮਾਲੀ ਫ਼ਾਇਦਾ  ਏ ।  ਮੈਂ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਫ਼ਿਲਾਸਫ਼ੀ ਡਿਪਾਰਟਮੈਂਟ  ਵੱਲੋਂ ਪੀ. ਐਚ. ਡੀ. ਦਾ ਅਗਜ਼ੀਮੀਨਰ ਹਾਂ ਏਸ ਤੋਂ ਵੱਖ  ਮੈਂ  ਨਾ ਤੇ ਕਦੇ ਆਪਣੇ ਨਾਂ ਨਾਲ਼ ਡਾਕਟਰ ਲਿਖਣਾ ਏ  ਤੇ ਨਾ ਈ ਕੋਈ ਨੌਕਰੀ ਲੈਣੀ  ਏ । ਤੁਹਾਡੀਆਂ ਕਈ ਯੂਨੀਵਰਸਿਟੀਆਂ ਵਿਚ ਮੇਰੀਆਂ ਕਿਤਾਬਾਂ ਐਮ. ਏ. ਦੇ ਕੋਰਸ ਵਿਚ ਲੱਗੀਆਂ ਹੋਈਆਂ  ਨੇ ਮੇਰੇ ਤੇ ਤੁਹਾਡੀ ਇਸੇ ਯੂਨੀਵਰਸਿਟੀ  ਵਿਚ ਐਮ. ਫ਼ਿਲ ਦਾ ਥੀਸਿਸ  ਲਿਖਿਆ ਗਿਆ ਏ । ਉਹ ਨਾ ਮੰਨੇ  ਤੇ ਆਪਣੀ ਜ਼ਿੱਦ ਤੇ ਅੜੇ ਰਹੇ ਕਿ ਮੈਂ  ਹਿੰਦਾਬੀ  ਲਿਖਾਂ । ਹੁਣ ਮੈਂ ਕਿਸ ਤਰਾਂ ਹਿੰਦਾਬੀ  ਲਿਖਾਂ ,   ਥੁੱਕਿਆ  ਚੱਟਣਾ ਔਖਾ ਕੰਮ ਏ ਸਾਰੀ ਜ਼ਿੰਦਗੀ ਮੈਂ ਹਿੰਦਾਬੀ  ਨੂੰ ਪੰਜਾਬੀ ਕੌਮ ਦਾ ਦੁਸ਼ਮਣ ਕਿਹਾ ਸੀ । ਇਹ ਬੋਰਡ ਦੇ ਮੈਂਬਰ ਵੀ ਇਹੋ ਚਾਹੁੰਦੇ ਸਨ  ਕਿ ਮੈਨੂੰ ਰਜਿਸਟ੍ਰੇਸ਼ਨ ਦੇ ਸਿਲਸਿਲੇ ਵਿਚ ਬਲੈਕ ਮੇਲ ਕਰਕੇ ਮੈਥੋਂ ਹਿੰਦਾਬੀ  ਲਿਖਵਾ ਲੈਣ  ਤੇ ਮਗਰੋਂ ਮੇਰੇ ਪਿੱਛੇ ਗੁੱਡਾ  ਬੰਨ੍ਹ ਦੇਣ  ਪਈ  : “ਬੜਾ ਆਇਆ ਸੀ  ਹਿੰਦਾਬੀ  ਨੂੰ ਗਾਹਲਾਂ ਕੱਢਣ ਵਾਲਾ  ਦੇਖੋ ਅਸੀਂ ਲਿਖਵਾਈ ਏ ਨਾ ਹਿੰਦਾਬੀ  ਇਹਦੇ ਕੋਲੋਂ”।

ਏਸ ਗੱਲ ਨੂੰ ਅੱਜ ਪੰਦਰਾਂ ਸਾਲ ਹੋ ਗਏ ਨੇ ਕਈ ਵੀ. ਸੀ. ਆਏ ਤੇ  ਤੁਰ ਗਏ ਕਈ  ਬੋਰਡ ਮੈਂਬਰ ਬਦਲੇ  ਪਰ ਮੇਰੀ ਰਜਿਸਟ੍ਰੇਸ਼ਨ ਦੀ  ਅਰਜ਼ੀ ਓਥੇ ਦੀ ਓਥੇ ਪਈ ਏ ਤੇ ਉਹਨੂੰ ਉੱਲੀ ਲੱਗ ਗਈ ਏ।  ਮੈਂ ਜਿਵੇਂ ਪਹਿਲੇ ਕਿਹਾ ਏ  ਜਿੱਥੇ ਵੀ ਕੋਈ ਅਜਿਹੀ ਇੰਟਰਨੈਸ਼ਨਲ ਪੰਜਾਬੀ ਕਾਨਫ਼ਰੰਸ ਹੁੰਦੀ ਸੀ ਜਿਹਦਾ ਆਹਰ ਕਰਨ ਵਾਲੇ ਪੂਰਬੀ ਪੰਜਾਬੀ ਹੁੰਦੇ ਸਨ ਓਥੇ ਆ ਕੇ ਹਿੰਦਾਬੀ ਕਬਜ਼ਾ ਕਰ ਲੈਂਦੀ ਸੀ  ਤੇ ਮੈਂ ਰੌਲ਼ਾ ਪਾਉਂਦਾ ਸਾਂ  ਪਈ  ਮੈਂ ਜਦ  ਕਿਸੇ ਹੋਰ  ਇੰਟਰਨੈਸ਼ਨਲ ਕਾਨਫ਼ਰੰਸ ਵਿਚ ਜਾਂਦਾ ਹਾਂ ਜੋ ਕਿਸੇ ਓਪਰੀ ਬੋਲੀ ਵਿਚ ਹੁੰਦੀ ਏ ਤੇ ਮੈਨੂੰ   ਤਰਜੁਮਾ ਦਿੱਤਾ ਜਾਂਦਾ ਏ  ਹਿੰਦਾਬੀ  ਮੇਰੇ ਲਈ ਇਕ ਓਪਰੀ ਬੋਲੀ ਏ  ਮੈਨੂੰ ਤਰਜੁਮਾ ਦਿੱਤਾ ਜਾਵੇ। ਇਸੇ ਤਰਾਂ ਦਾ ਰੌਲ਼ਾ ਮੈਂ ਕੈਨੇਡਾ ਵਿਚ ਹੋਈ ਇਕ ਇੰਟਰਨੈਸ਼ਨਲ ਪੰਜਾਬੀ ਕਾਨਫ਼ਰੰਸ ਵਿਚ ਪਾਇਆ  ਮੇਰਾ ਰੌਲ਼ਾ ਸੁਣ ਕੇ ਇਕ ਬਜ਼ੁਰਗ  ਖਿਸਕਦੇ ਖਿਸਕਦੇ  ਮੇਰੇ ਕੋਲ਼ ਆ ਗਏ  ਤੇ ਮੈਨੂੰ ਕਹਿਣ ਲੱਗੇ : ” ਮੈਂ ਪੰਜਾਬੀ ਸਿੱਖ ਹਾਂ । ਭਾਂਵੇਂ ਵੰਡ ਤੋਂ ਪਹਿਲਾਂ ਮੈਂ  ਪੱਛਮੀ   ਪੰਜਾਬ ਵਿਚ ਜੰਮਿਆ ਸਾਂ ਪਰ ਮੈਂ ਪਲ਼ਿਆ ਤੇ ਪੜ੍ਹਿਆ ਪੂਰਬੀ ਪੰਜਾਬ ਵਿਚ ਹਾਂ ਮੇਰੇ ਕੋਲ਼  ਪੱਛਮ ਦੀ ਡਾਕਟਰੇਟ ਦੀ ਡਿਗਰੀ ਏ ਤੇ ਮੈਂ ਏਥੋਂ  ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਾਇਆ ਏ ਮੈਨੂੰ ਇਹ ਪੰਜਾਬੀ ਆਪ ਸਮਝ ਨਹੀਂ ਲਗਦੀ ਤੇ ਤੂੰ ਕਿਹੜੇ ਬਾਗ਼ ਦੀ ਮੂਲ਼ੀ ਐਂ।  ਤੂੰ  ਪੱਛਮੀ ਪੰਜਾਬ ਦੇ ਪੰਜਾਬੀ ਦੀ ਗੱਲ ਕਰਦਾ ਐਂ  ਇਹ ਤੇ ਪੂਰਬੀ ਪੰਜਾਬ ਦੇ ਪੰਜਾਬੀ ਲਈ ਵੀ ਨਹੀਂ ਲਿਖਦੇ ।  ਇਹ ਆਪਣੇ ਆਪ ਲਈ ਲਿਖਦੇ ਨੇ ਇਨ੍ਹਾਂ ਦਾ ਆਪਸ ਵਿਚ ਮੁਕਾਬਲਾ ਲੱਗਾ ਹੋਇਆ  ਪਈ ਕਿਹੜਾ  ਪੰਜਾਬੀ ਵਿਚ ਵੱਧ ਤੋਂ ਵੱਧ  ਹਿੰਦੀ ਤੇ ਸੰਸਕ੍ਰਿਤ ਵਾੜਦਾ ਏ । ਇਨ੍ਹਾਂ ਗੱਡਿਆਂ ਦੇ ਗੱਡੇ ਜੋ ਕਿਤਾਬਾਂ ਲਿਖੀਆਂ ਨੇ ਉਹ  ਕੋਈ ਇਲਮ ਦੇ ਖ਼ਜ਼ਾਨੇ ਨਹੀਂ ਹਨ  ਸਗੋਂ ਸੱਪ ਨੇ ਜੋ  ਪੰਜਾਬੀ ਨੂੰ ਲੜ ਰਹੇ ਨੇ”।

ਉਰਦਾਬੀ

ਹਿੰਦਾਬੀ  ਦੀ ਦੂਜੀ ਭੈਣ ਉਰਦਾਬੀ  ਏ  ਏਸ ਨੂੰ ਜੰਮਣ , ਪਾਲਣ, ਵਧਾਉਣ ਤੇ ਫੈਲਾਉਣ ਵਿਚ ਉਨ੍ਹਾਂ ਹੀ ਤਾਕਤਾਂ ਦਾ ਹੱਥ ਏ ਜਿਨ੍ਹਾਂ ਹਿੰਦਾਬੀ  ਜੰਮੀ ਤੇ ਪਾਲ਼ੀ ।  ਇਹਦਾ ਵੀ ਪੰਜਾਬੀ ਬੋਲੀ ਨੂੰ ਮਾਰਨ ਵਿਚ ਕੋਈ ਘੱਟ ਰੋਲ਼ ਨਹੀਂ ਏ  ਜਿਥੋਂ ਤੀਕ ਹਿੰਦਾਬੀ  ਰਾਹੀਂ  ਵਾਹਗੇ ਬਾਡਰ  ਉਸਾਰਨ ਦਾ  ਤਾਅਲੁੱਕ ਏ ਏਸ ਕੰਮ ਵਿਚ ਉਰਦਾਬੀ ਵੀ ਕੋਈ ਘੱਟ ਨਹੀਂ ਕੀਤਾ ।  ਪੱਛਮੀ ਪੰਜਾਬ ਵਿਚ  ਪੜ੍ਹਾਈ ਦੀ ਜ਼ਬਾਨ  ਉਰਦੂ ਹੋਣ ਪਾਰੋਂ  ਕੁਦਰਤੀ ਤੌਰ ਤੇ ਹਰ ਲਿਖਾਰੀ ਉਰਦੂ ਵਿਚ ਲਿਖਣਾ ਸ਼ੁਰੂ ਕਰਦਾ ਏ  ਏਸ ਪਾਰੋਂ  ਪੱਛਮੀ ਪੰਜਾਬ ਦਾ ਸ਼ਾਇਦ  ਈ ਕੋਈ  ਲਿਖਾਰੀ ਅਜਿਹਾ  ਹੋਵੇਗਾ ਜਿਹਨੇ ਸਿੱਧਾ ਸਿੱਧਾ ਪੰਜਾਬੀ ਵਿਚ ਲਿਖਣਾ ਸ਼ੁਰੂ ਕੀਤਾ।   ਪੱਛਮੀ ਪੰਜਾਬ ਦਾ ਹਰ ਪੰਜਾਬੀ ਲਿਖਾਰੀ ਪਹਿਲੇ ਉਰਦੂ ਦਾ ਲਿਖਾਰੀ ਸੀ ਤੇ ਫ਼ਿਰ  ਕਿਸੇ ਹਾਦਸੇ ਦੇ ਨਤੀਜੇ ਵਿਚ ਪੰਜਾਬੀ ਲਿਖਣ ਲੱਗ ਪਿਆ ਤੇ ਇਨ੍ਹਾਂ ਪੰਜਾਬੀ ਲਿਖਾਰੀਆਂ ਵਿਚੋਂ ਬਹੁਤ ਸਾਰੇ  ਅਜਿਹੇ ਨੇ ਜੋ  ਹਾਲੇ ਵੀ  ਉਰਦੂ ਵਿਚ ਲਿਖਦੇ ਨੇ । ਥੋੜ੍ਹੇ  ਜਿਹੇ ਅਜਿਹੇ ਨੇ ਜੋ ਸਿਰਫ਼ ਪੰਜਾਬੀ ਵਿਚ ਲਿਖਦੇ ਨੇ ।   ਇਨ੍ਹਾਂ ਹਾਦਸੇ ਨਾਲ਼ ਬਣਨ ਵਾਲੇ ਪੰਜਾਬੀ ਲਿਖਾਰੀਆਂ ਤੋਂ ਵੱਖ  ਪੰਜਾਬੀ ਲਿਖਾਰੀਆਂ ਦੀ ਇਕ ਵੱਡੀ ਗਿਣਤੀ ਸਾਈ ਤੇ ਬਣਾਏ ਗਏ ਪੰਜਾਬੀ ਲਿਖਾਰੀਆਂ ਦੀ ਏ ।  ਹੋਇਆ ਇੰਜ ਜੇ  ਪੱਛਮੀ ਪੰਜਾਬ ਵਿਚ  ਪੰਜਾਬੀ ਨਾ ਤੇ ਸਕੂਲਾਂ  ਵਿਚ ਪੜ੍ਹਾਈ ਜਾਂਦੀ ਸੀ ਤੇ ਨਾ ਈ ਕਾਲਜਾਂ ਯੂਨੀਵਰਸਿਟੀਆਂ ਵਿਚ ।  ਭੁੱਟੋ ਸਿੰਧੀ ਸੀ ਜਦ  ਉਹ ਰਾਜ ਵਿਚ ਆਇਆ ਤੇ ਸਿੰਧੀਆਂ  ਉਹਦੇ ਤੇ ਦਬਾ ਪਾ ਕੇ  ਉਹਦੇ ਕੋਲੋਂ ਸਿੰਧੀ ਦੇ ਵਾਧੇ ਲਈ ਕਈ ਕੰਮ ਕਰਾਏ ।  ਹੁਣ ਭੁੱਟੋ ਪੰਜਾਬੀਆਂ  ਲਈ  ਗੋਂਗਲੂਆਂ ਤੋਂ ਮਿੱਟੀ ਲਾਹੁਣ ਲਈ  ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਪੰਜਾਬੀ ਡਿਪਾਰਟਮੈਂਟ ਖੋਲਣ ਦੀ ਇਜ਼ਾਜ਼ਤ ਦੇ ਦਿੱਤੀ  ਨਾਲ਼ ਕਾਲਜਾਂ ਵਿਚ ਵੀ  ਪੰਜਾਬੀ ਬਤੌਰ ਇਖ਼ਤਿਆਰੀ ਮਜ਼ਮੂਨ ਪੜ੍ਹਨ ਦੀ  ਇਜ਼ਾਜ਼ਤ ਦੇ ਦਿੱਤੀ ।   ਹੁਣ ਕਾਲਜਾਂ ਵਿਚ ਪੰਜਾਬੀ ਪੜ੍ਹਾਉਣ ਵਾਲਿਆਂ ਦੀ ਲੋੜ ਪੈ  ਗਈ।  ਇਹਦੇ ਲਈ ਬੰਦੇ ਦਾ ਐਮ. ਏ. ਪੰਜਾਬੀ ਹੋਣਾ ਜ਼ਰੂਰੀ ਸੀ  ਪਰ ਇਹ ਐਮ. ਏ. ਪੰਜਾਬੀ ਤੇ ਪੂਰੇ ਪੰਜਾਬ ਵਿਚ ਕੋਈ ਹੈ ਈ ਨਹੀਂ ਸੀ ।  ਕਿਧਰੇ ਪੰਜਾਬੀ ਪੜ੍ਹਨ ਦਾ ਕੋਈ ਪ੍ਰਬੰਧ ਹੁੰਦਾ ਤੇ ਕੋਈ ਐਮ. ਏ. ਦੀ ਡਿਗਰੀ ਲੈਂਦਾ ।   ਜਦ ਯੂਨੀਵਰਸਿਟੀ  ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਤੇ  ਸਾਰੇ ਸਟੂਡੈਂਟ  ਉਹ ਸਨ ਜਿਨ੍ਹਾਂ ਏਸ ਤੋਂ ਪਹਿਲਾਂ ਪੰਜਾਬੀ ਪੜ੍ਹੀ ਈ ਨਹੀਂ ਸੀ ਹੋਈ। ਇਹ ਸਾਰੇ ਦੇ ਸਾਰੇ ਉਰਦੂ ਰਾਹੀਂ ਬੀ. ਏ. ਕਰ ਕੇ ਆਏ ਸਨ।   ਜਦ ਇਹ ਕਲਾਸਾਂ ਸ਼ੁਰੂ ਹੋਈਆਂ  ਤੇ  ਕੋਰਸ ਦੀਆਂ ਕਿਤਾਬਾਂ ਦੀ ਲੋੜ ਪੈ  ਗਈ  ਇਹ  ਕਿਤਾਬਾਂ ਮੌਜੂਦ ਈ ਨਹੀਂ ਸਨ ।   ਇਹ ਕਿਤਾਬਾਂ ਲਿਖਣ ਲਈ ਉਹ ਵਿਦਵਾਨ ਮੈਦਾਨ  ਵਿਚ ਆ ਗਏ ਜਿਨ੍ਹਾਂ ਏਸ ਤੋਂ ਪਹਿਲਾਂ ਪੂਰੀ ਜ਼ਿੰਦਗੀ ਵਿਚ ਪੰਜਾਬੀ ਦਾ  ਇਕ ਸ਼ਬਦ ਨਹੀਂ ਸੀ ਲਿਖਿਆ ।  ਇਨ੍ਹਾਂ ਉਰਦੂ ਦੀਆਂ ਕਿਤਾਬਾਂ ਫੜੀਆਂ ਤੇ ਨਕਲ ਮਾਰਕੇ  ਪੰਜਾਬੀ ਦੀਆਂ ਇਹ ਕਿਤਾਬਾਂ ਲਿਖਣ  ਲੱਗ ਪਏ।   ਇਨ੍ਹਾਂ  ਹਿੰਦਾਬੀ  ਵਾਲਾ ਕੰਮ ਕੀਤਾ।   ਕੁੱਝ ਮੁੱਢਲੇ ਸ਼ਬਦ ਛੱਡ ਕੇ ਇਨ੍ਹਾਂ ਬਾਕੀ  ਸਭ ਉਰਦੂ ਦੇ  ਪਾ ਦਿੱਤੇ ।   ਇਨ੍ਹਾਂ ਕਿਤਾਬਾਂ ਵਿਚ ਕੋਈ ਇਕ ਅੱਧ ਅਜਿਹੀ ਕਿਤਾਬ ਸੀ  ਜੋ ਖ਼ਾਲਸ ਪੰਜਾਬੀ ਦੀ ਸੀ  ਪਰ ਏਸ ਦਾ ਲਿਖਾਰੀ ਖੱਬੇ ਪਾਸੇ ਦੇ ਖ਼ਿਆਲ ਰੱਖਣ ਵਾਲਾ ਸੀ ।  ਭੁੱਟੋ ਦੇ ਜਾਣ ਮਗਰੋਂ ਜ਼ਿਆ ਉੱਲਹੱਕ ਦੀ ਹਕੂਮਤ ਆ ਗਈ ਇਹਨੇ ਆ ਕੇ ਇਸਲਾਮੀ  ਨਿਜ਼ਾਮ ਲਾਗੂ ਕਰ ਦਿੱਤਾ ਤੇ ਖੱਬੇ ਪਾਸੇ ਦੇ ਸਭ ਬੰਦੇ ਖੁੱਡੇ ਲਾਈਨ ਲਾ ਦਿੱਤੇ  ।  ਇਕ ਕੱਟੜ ਇਸਲਾਮੀ ਸਿਆਸੀ ਪਾਰਟੀ ਜੋ ਜ਼ਿਆ ਉੱਲਹੱਕ ਦੀ ਚਹੇਤੀ ਪਾਰਟੀ  ਉਹਨੇ  ਆ ਕੇ ਪੰਜਾਬੀ ਡਿਪਾਰਟਮੈਂਟ ਤੇ ਕਬਜ਼ਾ ਕਰ ਲਿਆ । ਏਸ  ਪਾਰਟੀ  ਦੇ  ਬੰਦਿਆਂ ਆਕੇ ਝਾੜੂ  ਫੇਰ ਕੇ  ਖੱਬੇ ਪਾਸੇ ਦੇ ਖ਼ਿਆਲ  ਰੱਖਣ ਵਾਲੇ ਟੀਚਰਾਂ ਦੇ ਨਾਲ਼ ਇਨ੍ਹਾਂ ਦੀਆਂ ਲਿਖੀਆਂ ਹੋਈਆਂ ਖ਼ਾਲਸ ਪੰਜਾਬੀ ਕਿਤਾਬਾਂ ਵੀ ਬਾਹਰ ਸੁੱਟ ਦਿੱਤੀਆਂ ਤੇ ਇਸਲਾਮੀ  ਪੰਜਾਬੀ ਵਿਦਵਾਨ ਭਰਤੀ ਕਰ ਲਏ ।  ਇਨ੍ਹਾਂ ਵਿਦਵਾਨਾਂ ਨੂੰ  ਦੋ ਕੰਮ ਦਿੱਤੇ ਗਏ। ਪਹਿਲਾ ਪੰਜਾਬੀ ਵਿਚ  ਰੱਜ ਕੇ ਇਸਲਾਮ  ਵਾੜਨਾ ਤੇ ਦੂਜਾ  ਉਰਦਾਬੀ  ਨੂੰ ਵਧਾਉਣਾ ਫੈਲਾਉਣਾ। ਇਨ੍ਹਾਂ ਪੂਰਬੀ ਪੰਜਾਬ  ਦੀ ਪੂਰੀ ਨਕਲ ਮਾਰੀ ਸ਼ੁਰੂ ਕਰ ਦਿੱਤੀ  ਜਿਵੇਂ ਸਿੱਖਾਂ ਪੰਜਾਬੀ ਨੂੰ ਸਿੱਖ ਬਣਾਇਆ  ਇੰਜ ਈ ਇਹ ਪੰਜਾਬੀ ਨੂੰ ਇਸਲਾਮੀ ਬਣਾਉਣ ਲੱਗ ਪਏ ।   ਹਿੰਦਾਬੀ ਤਰਾਂ ਇਨ੍ਹਾਂ ਪੰਜਾਬੀ ਵਿਚ ਉਰਦੂ ਫ਼ਾਰਸੀ ਤੇ ਅਰਬੀ ਦੇ ਸ਼ਬਦ  ਪਾਉਣੇ ਸ਼ੁਰੂ ਕਰ ਦਿਤੇ ।  ਉਰਦਾਬੀ  ਤੇ ਹਿੰਦਾਬੀ  ਦੀ ਏਸ ਸਾਂਝ ਬਾਰੇ ਮੈਨੂੰ ਇਕ ਦਿਲਚਸਪ ਗੱਲ ਯਾਦ ਆਈ।   ਮੈਂ ਇਕ ਵਾਰ ਹਿੰਦੁਸਤਾਨ ਗਿਆ ਹੋਇਆ ਸਾਂ ਤੇ ਐੱਸ  ਐੱਸ ਮੀਸ਼ਾ ਦੇ ਘਰ ਠਹਿਰਿਆ ਹੋਇਆ ਸਾਂ । ਐੱਸ ਐੱਸ ਮੀਸ਼ਾ  ਪੰਜਾਬੀ ਦਾ ਮਹਾਨ ਸ਼ਾਇਰ ਹੋਣ ਤੋਂ ਵੱਖ  ਆਕਾਸ਼ਵਾਣੀ ਦਾ   ਸਭ  ਤੋਂ ਪੁਰਾਣਾ ਪ੍ਰੋਗਰਾਮ ਪ੍ਰੋਡਿਊਸਰ ਵੀ ਸੀ ।  ਅਸੀਂ ਇਕੱਠੇ ਬੈਠੇ ਸਾਂ ਜੇ ਭੂਚਾਲ ਆਇਆ । ਸ਼ਾਮ ਨੂੰ  ਏਸ ਭੂਚਾਲ ਦੀ ਖ਼ਬਰ  ਆਕਾਸ਼ਵਾਣੀ ਹਿੰਦਾਬੀ  ਵਿਚ ਦਿੱਤੀ ਤੇ ਰੇਡੀਓ ਪਾਕਿਸਤਾਨ ਉਰਦਾਬੀ ਵਿਚ  । ਮੈਂ  ਇਹ ਖ਼ਬਰਾਂ ਸੁਣ ਕੇ ਹੱਸ ਪਿਆ  । ਮੀਸ਼ਾ ਮੇਰੇ ਕੋਲੋਂ ਹੱਸਣ ਦੀ ਵਜ੍ਹਾ ਪੁੱਛੀ  ਤੇ ਮੈਂ ਉਹਨੂੰ ਇਕ ਕਹਾਣੀ ਸੁਣਾਈ  ।

ਮੈਂ ਉਨ੍ਹਾਂ ਦਿਨਾਂ ਵਿਚ ਲਾਹੌਰ ਟੀ ਵੀ ਤੇ ਪ੍ਰੋਗਰਾਮ ਪ੍ਰੋਡਿਊਸਰ ਸਾਂ । ਪਾਕਿਸਤਾਨ ਦੀ ਤਾਰੀਖ਼ ਵਿਚ ਪਹਿਲੀ ਵਾਰੀ ਰੇਡੀਓ ਤੇ ਟੀ. ਵੀ. ਤੇ ਪੰਜਾਬੀ ਵਿਚ ਖ਼ਬਰਾਂ ਪੜ੍ਹੀਆਂ ਜਾਣ ਲੱਗ ਪਈਆਂ  ਪਰ ਇਹ ਖ਼ਬਰਾਂ ਪੰਜਾਬੀ ਘੱਟ ਤੇ ਉਰਦੂ ਦੀਆਂ ਬਹੁਤੀਆਂ ਲਗਦੀਆਂ ਸਨ । ਹਰ ਵਾਰ ਇਹ ਖ਼ਬਰਾਂ ਸੁਣ ਕੇ ਮੈਨੂੰ ਚਿੜ੍ਹ  ਚੜ੍ਹਦੀ ਸੀ । ਇਕ ਦਿਨ ਮੈਂ ਖ਼ਬਰਾਂ ਪੜ੍ਹਨ ਵਾਲੇ ਸਟੂਡਿਓ ਵਿਚ ਚਲਾ ਗਿਆ।   ਜਦ ਪੰਜਾਬੀ ਦੀਆਂ ਖ਼ਬਰਾਂ  ਪੜ੍ਹਨ ਵਾਲਾ ਆਇਆ ਤੇ ਮੈਂ  ਉਹਦੇ ਨਾਲ਼  ਖ਼ਬਰਾਂ ਦੀ ਪੰਜਾਬੀ ਦੀ ਗੱਲ ਕੀਤੀ । ਉਹਨੇ ਮੇਰੀ ਗੱਲ ਸੁਣ ਕੇ ਖ਼ਬਰਾਂ ਦੇ ਬੁਲਿਟਨ ਵਾਲਾ ਕਾਗ਼ਜ਼ ਮੇਰੇ ਅੱਗੇ ਕਰ ਦਿੱਤਾ । ਮੈਂ ਦੇਖ ਕੇ ਹੈਰਾਨ ਰਹਿ ਗਿਆ ਕਿ ਇਹ ਬੁਲਿਟਨ ਪੰਜਾਬੀ ਵਿਚ ਹੈ ਈ ਨਹੀਂ ਸੀ ਸਗੋਂ ਉਰਦੂ ਵਿਚ ਸੀ। ਕਹਿਣ ਲੱਗਾ  : “ਮੈਨੂੰ ਨਿਊਜ਼ ਐਡੀਟਰ ਰੋਜ਼ ਇਹੋ ਜਿਹਾ ਕਾਗ਼ਜ਼ ਦਿੰਦਾ ਏ ਮੈਂ ਵਿਚ ਕੁਝ ਲਫ਼ਜ਼ ਬਦਲ ਦਿੰਦਾ ਹਾਂ”।ਮੈਂ ਗ਼ੁੱਸੇ ਨਾਲ਼ ਨਿਊਜ਼ ਐਡੀਟਰ ਕੋਲ਼ ਗਿਆ  ਤੇ ਗੱਲ ਕੀਤੀ ਤੇ ਕਹਿਣ ਲੱਗਾ: ” ਤੁਸੀਂ ਮੇਰੇ ਕੁਲੀਗ ਓ  ਤੁਹਾਨੂੰ ਤੇ ਪਤਾ ਏ  ਅਸੀਂ ਸਰਕਾਰ ਦੇ ਮੁਲਾਜ਼ਮ ਹਾਂ ਸਾਨੂੰ ਜੋ ਹੁਕਮ ਉੱਤੋਂ ਆਉਂਦਾ ਏ ਅਸੀਂ ਉਹੋ ਕਰਦੇ ਹਾਂ  ਉੱਤੋਂ ਇਹੋ ਈ ਹੁਕਮ ਆਇਆ ਏ । ਅਸੀਂ ਨਿਊਜ਼ ਕਾਸਟਰ ਨੂੰ ਕਾਗ਼ਜ਼ ਦੇ  ਕੇ ਕਿਹੰਦੇ ਹਾਂ  ਤੂੰ  ਵਿਚ  ”ਤੋਂ” “ਮੈਂ”  ”ਦਾ”  ”ਦੀ”  ਵਾਲੇ ਲਫ਼ਜ਼  ਬਦਲ ਲਿਆ ਕਰ” ।

ਆਕਾਸ਼ਵਾਣੀ ਦਾ   ਪ੍ਰੋਗਰਾਮ ਪ੍ਰੋਡਿਊਸਰ ਹੋਣ ਪਾਰੋਂ ਮੀਸ਼ਾ  ਅੰਦਰਖ਼ਾਨੇ ਦੀ ਗੱਲ ਜਾਣਦਾ ਸੀ  ਮੇਰੀ ਗੱਲ ਸੁਣ ਕੇ  ਹੱਸ ਕੇ ਕਹਿਣ ਲੱਗਾ : ” ਇਥੇ ਵੀ ਪੰਜਾਬੀ ਖ਼ਬਰਾਂ ਲਈ  ਉੱਤੋਂ ਦਾ ਇਹੋ ਹੁਕਮ ਏ”।

ਹੁਣ ਜੇ  ਗੌਹ ਨਾਲ਼ ਸੋਚੀਏ   ਪਈ ” ਉੱਤੋਂ ਦਾ ਹੁਕਮ ”  ਦੇਣ ਵਾਲਿਆਂ ਦਾ ਮਕਸਦ ਕੀ ਏ  ਤਾਂ ਇਹ ਸਵਾਲ ਕੋਈ ਮੁਸ਼ਕਿਲ ਨਹੀਂ  ਏ ।  ਇਹ  “ਉੱਤੋਂ ਦਾ ਹੁਕਮ” ਦੇਣ ਵਾਲੇ ਉਹੋ ਈ ਨੇ ਜੋ  ਅੰਗਰੇਜ਼ ਦੇ ਪੰਜਾਬ ਤੇ ਪੰਜਾਬੀ ਕੌਮ  ਦਾ ਮੂਲ ਮੁਕਾਉਣ  ਦੇ ਮਨਸੂਬੇ ਨੂੰ ਅੱਗੇ ਤੋਰੀ ਜਾ ਰਹੇ ਨੇ  ਅਸਲ ਵਿਚ ਹਿੰਦਾਬੀ  ਤੇ ਉਰਦਾਬੀ   ਬਨਾਉਣ  ਦਾ  ਇਕ ਮਕਸਦ ਇਹ ਹੈ ਕਿ  ਅੰਗਰੇਜ਼ ਦੇ ਪੰਜਾਬ ਵਿਚ ਪੰਜਾਬੀ ਉੱਤੇ  ਉਰਦੂ ਤੇ ਹਿੰਦੀ ਰਾਹੀਂ ਹਮਲੇ ਮਗਰੋਂ   ਜੋ ਪੰਜਾਬੀ ਬਚ ਗਈ ਏ ਉਹਦੇ ਵਿਚ ਉਰਦੂ ਤੇ ਹਿੰਦੀ ਦੀ ਵਾਇਰਸ ਵਾੜ ਕੇ ਇਹਨੂੰ ਮਾਰ ਦਿੱਤਾ  ਜਾਵੇ ।  ਦੂਜਾ ਮਕਸਦ ਇਹ ਹੈ ਕਿ  ਪੱਛਮੀ ਪੰਜਾਬ ਤੇ ਪੂਰਬੀ ਪੰਜਾਬ ਵਿਚਕਾਰ ਪੰਜਾਬੀ ਬੋਲੀ ਦੀ ਜੋ ਸਾਂਝ ਏ ਉਹਨੂੰ ਮੁਕਾ ਦਿੱਤਾ ਜਾਵੇ  ਤੇ ਇਕ ਪੰਜਾਬੀ ਦੀ ਥਾਂ ਦੋ ਪੰਜਾਬੀਆਂ ਬਣਾ ਦਿੱਤੀਆਂ ਜਾਣ  ਤੇ ਹਰ ਪੰਜਾਬੀ ਵੱਲ ਰਸਤਾ ਉਰਦੂ ਤੇ ਹਿੰਦੀ ਰਾਹੀਂ  ਹੋ ਕੇ ਜਾਵੇ ਜਿਹਨੇ ਹਿੰਦਾਬੀ  ਸਿਖਣੀ  ਏ ਉਹਨੂੰ ਪਹਿਲੇ ਹਿੰਦੀ ਸਿਖਣੀ  ਪਵੇ  ਤੇ ਜਿਹਨੇ ਉਰਦਾਬੀ  ਸਿਖਣੀ ਏ ਉਹਨੂੰ ਪਹਿਲੇ ਉਰਦੂ ਸਿਖਣੀ  ਪਵੇ ।  ਵੰਡ ਮਗਰੋਂ ਹਿੰਦੁਸਤਾਨ ਤੇ ਪਾਕਿਸਤਾਨ ਦੇ ਲੋਕਾਂ ਵਿਚਕਾਰ  ਇਕ ਪੂਰੇ ਮਨਸੂਬੇ ਤੇ ਨਿਜ਼ਾਮ   ਦੇ ਤਹਿਤ ਜੋ ਨਫ਼ਰਤ ਬੀਜੀ ਗਈ ਏ  ਉਸ ਦੇ ਹੁੰਦਿਆਂ  ਕਿਹੜਾ ਪਾਕਿਸਤਾਨੀ ਹਿੰਦੀ  ਸਿੱਖੇਗਾ।

ਤੀਜਾ ਮਕਸਦ ਇਹ ਹੈ ਕਿ  ਉਹ ਪੰਜਾਬੀ ਜਿਨ੍ਹਾਂ ਦੇ ਘਰਾਂ ਵਿਚ  ਅਜੇ ਉਰਦੂ ਤੇ ਹਿੰਦੀ ਵੜਨ ਵਿਚ ਕਾਮਯਾਬ ਨਹੀਂ ਹੋਈ ਓਥੇ  ਹਿੰਦਾਬੀ  ਤੇ ਉਰਦਾਬੀ  ਨੂੰ ਵਾੜ ਕੇ ਪੰਜਾਬੀ ਨੂੰ ਬਾਹਰ ਕੱਢ ਦਿੱਤਾ ਜਾਵੇ ।    ਚੌਥਾ  ਮਕਸਦ ਇਹ ਹੈ ਕਿ  ਪੰਜਾਬੀ ਦੀ ਸੋਚਣੀ ਬਦਲ ਦਿੱਤੀ ਜਾਵੇ  ਪਈ ਉਹ ਪੰਜਾਬੀ ਵਿਚ ਸੋਚੇ  ਈ ਨਾ  ਸਗੋਂ ਹਿੰਦੀ ਤੇ ਉਰਦੂ ਵਿਚ ਸੋਚੇ  ।  ਜਦ ਇਕ ਬੰਦੇ ਦੀ ਸੋਚਣੀ ਈ ਬਦਲ ਗਈ ਤੇ ਉਹਦੀ ਕਲਚਰਲ ਪਹਿਚਾਣ ਈ ਬਦਲ ਗਈ  ਏਸ ਗੱਲ ਦਾ ਵਿਖਾਲਾ  ਪਾਕਿਸਤਾਨੀ ਪੰਜਾਬ ਵਿਚ ਆਮ ਮਿਲਦਾ  ਜਿਥੇ ਉਰਦੂਜ਼ਦਾ   ਪੰਜਾਬੀ ਆਪਣੇ ਆਪ ਨੂੰ ਪੰਜਾਬੀ ਈ  ਨਹੀਂ ਮੰਨਦਾ ਉਹਦੀ ਕੌਮੀਅਤ  ਪੰਜਾਬੀ ਹੈ ਈ ਨਹੀਂ ਸਗੋਂ ਪਾਕਿਸਤਾਨੀ ਏ  ਤੇ ਇਹ ਗੱਲ ਹੁਣ ਪੂਰਬੀ ਪੰਜਾਬ ਵਿਚ ਵੀ ਸ਼ੁਰੂ ਹੋ ਗਈ ਏ।   ਪੰਜਾਬੀ ਹਿੰਦੂਆਂ ਮਗਰੋਂ ਹੁਣ ਸਿੱਖ ਦਾ ਵੀ ਝਾਕਾ ਲਹਿ ਗਿਆ ਏ ਤੇ  ਉਹਨੇ ਆਪਣੇ ਘਰੋਂ ਪੰਜਾਬੀ ਨੂੰ ਕੱਢ ਕੇ ਹਿੰਦੀ  ਨੂੰ ਵਾੜ ਲਿਆ ਏ ।   ਹਿੰਦਾਬੀ  ਤੇ ਉਰਦਾਬੀ ਰਾਹੀਂ  ਪੰਜਾਬੀ ਦੀ ਸੋਚਣੀ  ਬਦਲਣ ਦਾ ਸਬੂਤ ਦੋਨਾਂ ਪੰਜਾਬਾਂ ਵਿਚ ਲਿਖੀ ਜਾ ਰਹੀ  ਪੰਜਾਬੀ ਏ ।   ਉਰਦਾਬੀ  ਰਾਹੀਂ ਸੁਧਾਇਆ  ਪੰਜਾਬੀ ਪਹਿਲੇ ਉਰਦੂ ਵਿਚ ਸੋਚਦਾ ਏ ਤੇ ਫਿਰ ਇਹਨੂੰ ਪੰਜਾਬੀ ਵਿਚ ਤਰਜਮਾ (ਅਨੁਵਾਦ) ਕਰ ਦਿੰਦਾ ਏ ਇਸੇ ਤਰਾਂ ਹਿੰਦਾਬੀ  ਰਾਹੀਂ ਸੁਧਾਇਆ   ਬੰਦਾ  ਹਿੰਦੀ ਦੀ ਨਕਲ ਮਾਰ ਕੇ ਲਿਖਦਾ ਏ ।

ਸੋਚਣ ਵਾਲੀ ਇਹ ਗੱਲ ਏ ਕਿ ਜਰਮਨੀ ਨੂੰ ਵੀ ਪੰਜਾਬ ਵਾਂਗ ਟੋਟੇ ਕਰ ਕੇ ਵੰਡਿਆ ਗਿਆ  ਸੀ ਤੇ ਵਿਚ ਬਰਲਿਨ ਦੀ ਕੰਧ ਖੜੀ ਕਰ ਦਿੱਤੀ ਗਈ  ਇਕ ਪਾਸਾ ਰੂਸੀਆਂ ਦੀ ਕਾਲੋਨੀ ਬਣ ਗਿਆ ਤੇ ਦੂਜਾ ਪਾਸਾ ਅਮਰੀਕਨਾਂ ਦੀ  ਪਰ ਜਦ ਇਹ ਕੰਧ ਡਿੱਗੀ  ਤੇ ਜਰਮਨ ਬੋਲੀ ਉਂਝ ਦੀ ਉਂਝ  ਸੀ  ਨਾ ਪੂਰਬੀ ਜਰਮਨੀ ਦੀ ਜਰਮਨ ਰੂਸੀ ਜਰਮਨ ਬਣੀ ਤੇ ਨਾ ਈ ਪੱਛਮੀ  ਜਰਮਨੀ ਦੀ  ਜਰਮਨ ਅਮਰੀਕਨ ਜਰਮਨ ਬਣੀ । ਇਨ੍ਹਾਂ ਸਾਲਾਂ ਵਿਚ ਦੋਨਾਂ ਜਰਮਨੀਆਂ ਵਿਚ ਲਿਖੀਆਂ ਗਈਆਂ ਕਿਤਾਬਾਂ ਕਿਸੇ ਪਾਸੇ ਦੇ ਜਰਮਨ ਲਈ ਓਪਰੀਆਂ ਨਹੀਂ ਸਨ।  ਅਰਬ ਮੁਲਕਾਂ ਤੇ ਸੈਂਕੜੇ ਸਾਲ  ਅੰਗਰੇਜ਼ਾਂ , ਫ਼ਰਾਂਸੀਸੀਆਂ ਤੇ ਇਤਾਲਵੀਆਂ  ਹਕੂਮਤ ਕੀਤੀ  ਨਾਲ਼ ਇਨ੍ਹਾਂ ਦੇਸਾਂ ਵਿਚਕਾਰ ਹਜ਼ਾਰਾਂ ਮੀਲਾਂ ਦੀ ਵਿੱਥ ਏ  ਪਰ ਤਿਊਨਸ ਵਿਚ ਛਪੀ  ਅਰਬੀ ਦੀ ਕਿਤਾਬ ਮਿਸਰ ਦੇ ਬੰਦੇ ਲਈ ਓਪਰੀ ਨਹੀਂ।   ਸਪੈਨਿਸ਼ ਬੋਲੀ ਬੇਸ਼ੁਮਾਰ ਦੇਸਾਂ ਵਿਚ ਵੰਡੀ ਹੋਈ ਏ  ਤੇ ਵਿਚਕਾਰ ਹਜ਼ਾਰਾਂ ਮੀਲਾਂ ਦਾ ਫ਼ਾਸਲਾ ਏ ਤੇ  ਇਹ ਏਨਾ ਫ਼ਾਸਲਾ ਏ  ਕਿ  ਸਪੇਨ ਤੇ ਚਿਲੀ  ਵਿਚਕਾਰ ਟੀਮ ਦਾ ਦਿਨ ਰਾਤ ਦਾ ਫ਼ਰਕ ਏ  ਪਰ  ਸਪੈਨਿਸ਼  ਬੋਲੀ ਇਕੋ ਏ ।  ਇਹੋ ਹਾਲ ਅੰਗਰੇਜ਼ੀ ਦਾ ਏ ।  ਅੱਜ ਜੇ ਵਾਹਗੇ ਵਾਲੀ ਵਾੜ ਨਾ ਹੋਵੇ ਤੇ ਲਾਹੌਰ ਤੇ ਅੰਮ੍ਰਿਤਸਰ  ਇਕ ਸ਼ਹਿਰ ਹੋਵੇ ।  ਇਕ ਸ਼ਹਿਰ ਚੋਂ ਪਟਾਕਾ ਚਲਾਓ ਤੇ ਦੂਜੇ ਸ਼ਹਿਰ ਇਹਦੀ ਆਵਾਜ਼ ਪਹੁੰਚਦੀ ਏ  ਪਰ ਲਾਹੌਰ ਵਿਚ ਛਪੀ (ਉਰਦਾਬੀ ) ਕਿਤਾਬ   ਅੰਮ੍ਰਿਤਸਰ ਦਾ ਬੰਦਾ  ਨਾ  ਪੜ੍ਹ ਸਕਦਾ ਏ ਤੇ ਨਾ ਈ ਸਮਝ ਸਕਦਾ ਏ  ਇਹੋ ਹਾਲ ਅੰਮ੍ਰਿਤਸਰ  ਵਿਚ  ਛਪੀ (ਹਿੰਦਾਬੀ ) ਕਿਤਾਬ ਦਾ  ਏ । ਇਕ ਪਾਸੇ ਦੀਆਂ ਕਿਤਾਬਾਂ  ਦੂਜੇ ਪਾਸੇ ਲਈ ਗੁਦੜ ਤੋਂ ਵੱਧ ਕੁੱਝ ਨਹੀਂ ਹਨ ।

ਏਸ ਧਰਤੀ ਤੇ ਜਦੋਂ ਦਾ ਇਨਸਾਨੀ ਜ਼ਿੰਦਗੀ ਦਾ ਮੁੱਢ ਬੁਝਿਆ ਏ  ਉਹਨੇ ਇਲਮ ਨੂੰ ਹਮੇਸ਼ ਚਾਨਣ ਕਿਹਾ ਏ ਪਰ  ਉਰਦਾਬੀ  ਤੇ ਹਿੰਦਾਬੀ   ਰਾਹੀਂ ਇਲਮ ਦੇਣ ਵਾਲਿਆਂ  ਹਨੇਰੇ ਵਿਚ ਬੱਤੀਆਂ ਨਹੀਂ ਬਾਲੀਆਂ ਸਗੋਂ ਹਨੇਰੇ ਨੂੰ ਹੋਰ ਗੂਹੜਾ ਕੀਤਾ ਏ ।

ਜਦ ਮੈਂ ਇਨ੍ਹਾਂ ਵਾਹਗਿਆਂ ਅੱਗੇ  ਖਲੋ ਕੇ ਰੌਲ਼ਾ ਪਾਉਂਦਾ ਹਾਂ ਤੇ ਕਈ ਵਾਰ ਮੈਨੂੰ ਇੰਝ  ਲਗਦਾ ਏ ਜਿਵੇਂ ਇਕ ਗਿਠਮੁਠੀਆ ਇਕ ਦਿਓ ਅੱਗੇ ਖਲੋ ਕੇ ਰੌਲ਼ਾ ਪਾ ਰਿਹਾ ਏ  ਇਹ ਸੋਚ ਕੇ ਇਕ ਪਲ ਲਈ ਮੇਰੇ ਅੰਦਰੋਂ ਇਕ ਸਵਾਲ ਉਠਦਾ  ਏ : ” ਆਸਿਫ਼ ਸ਼ਾਹਕਾਰ ਤੂੰ  ਪੰਜਾਬ  ਤੇ ਪੰਜਾਬੀਅਤ ਦੇ ਇਸ਼ਕ ਵਿਚ ਪਾਗਲ ਹੋ ਗਿਆ ਐਂ । ਕੀ ਤੂੰ ਇਹ ਦਿਓ  ਵਰਗੀਆਂ ਕੰਧਾਂ ਢਾਹ ਸਕਦਾ ਐਂ ?”।

ਏਸ ਸਵਾਲ ਦਾ ਜਵਾਬ ਲੱਭਦਿਆਂ ਹੋਇਆਂ  ਦੁੱਖ ਤੇ ਮਾਯੂਸੀ ਦੀ  ਇਕ ਲਹਿਰ ਮੈਨੂੰ ਆ ਕੇ ਰੋੜ੍ਹ ਲੈ ਜਾਂਦੀ ਏ ਪਰ ਫ਼ਿਰ  ਤਾਰੀਖ਼ ਆ ਕੇ ਮੇਰੀ ਬਾਂਹ ਫੜਦੀ ਏ ਤੇ ਮੈਨੂੰ ਦੁੱਖ ਤੇ ਮਾਯੂਸੀ ਦੇ ਸਮੁੰਦਰ ਵਿਚੋਂ ਕੱਢ ਕੇ ਕਹਿੰਦੀ  ਏ : “ ਦੇਖ ਇਤਿਹਾਸ ਵਿਚ  ਇਹ ਪਹਿਲੀ ਵਾਰ ਨਹੀਂ ਹੋਇਆ ਸਾਰੀ ਇਨਸਾਨੀ ਤਾਰੀਖ਼  ਗ਼ੁਲਾਮਾਂ ਤੇ ਗ਼ੁਲਾਮ ਬਣਾਉਣ ਵਾਲੀਆਂ ਸ਼ਕਤੀਆਂ ਵਿਚਕਾਰ ਯੁੱਧ ਨਾਲ਼ ਭਰੀ ਪਈ ਏ । ਇਨ੍ਹਾਂ ਗ਼ੁਲਾਮ ਬਣਾਉਣ ਵਾਲੀਆਂ ਸ਼ੈਤਾਨੀ ਤਾਕਤਾਂ ਦੇ ਖ਼ਿਲਾਫ਼  ਜੰਗ ਦਾ ਮੁੱਢ ਹਮੇਸ਼ ਕਿਸੇ ਗਿੱਠਮੁਠੀਏ  ਬੰਨਿਆ   ਫ਼ਿਰ  ਏਸ ਜੰਗ ਵਿਚ ਹੋਰ ਗਿੱਠਮੁਠੀਏ   ਰਲਦੇ ਗਏ ਤੇ ਇਕ ਦਿਨ ਇਨ੍ਹਾਂ ਦੀ ਗਿਣਤੀ ਏਨੀ ਹੋ ਗਈ ਕਿ  ਇਨ੍ਹਾਂ ਨੇ  ਦਿਓ  ਵਰਗੀਆਂ ਸ਼ੈਤਾਨੀ  ਤਾਕਤਾਂ ਨੂੰ ਰੇਤ ਦੀ ਕੰਧ ਵਾਂਗ ਢਾ ਦਿੱਤਾ ”।

ਇਹ ਜਾਣ ਕੇ ਮੇਰੀਆਂ ਨਜ਼ਰਾਂ ਪੰਜਾਬੀਆਂ ਦੀ ਨਵੀਂ ਪੀੜ੍ਹੀ ਵੱਲ ਜਾਂਦੀਆਂ  ਨੇ  ਜਿੰਨਾਂ ਵਿਚੋਂ  ਕੋਈ   ਮੀਂਹ ਦੀ ਪਹਿਲੀ ਕਣੀ  ਬਣੇਗਾ  ਤੇ ਫ਼ਿਰ ਇਹ ਕਣੀਆਂ  ਇਕ  ਅਜਿਹਾ  ਤੂਫ਼ਾਨੀ ਮੀਂਹ  ਬਣ ਜਾਣ ਗਈਆਂ   ਜੋ ਹੜ੍ਹ ਲੈ ਆਵੇਗਾ  ਤੇ ਇਹ ਹੜ੍ਹ ਇਹ  ਸਾਰੇ ਵਾਹਗੇ ਰੋੜ੍ਹ ਕੇ ਲੈ ਜਾਵੇਗਾ।

ਇਕ ਬੇਨਤੀ

ਜੇ ਤਹਾਨੂੰ  ਇਹ ਗੱਲਾਂ ਚੰਗੀਆਂ  ਲੱਗੀਆਂ  ਯਾਂ ਤੁਸੀਂ ਇਨ੍ਹਾਂ ਗੱਲਾਂ  ਨਾਲ਼ ਮੁਤਫ਼ਿਕ (ਸਹਿਮਤ ) ਓ ਤਾਂ ਇਹ ਤੁਹਾਡਾ ਫ਼ਰਜ਼ ਹੈ ਕਿ ਇਕ ਤੇ ਆਪਣੀ ਰਾਏ ਜ਼ਰੂਰ ਲਿਖ ਕੇ ਜਾਇਉ  ਦੂਜਾ  ਇਹ ਗੱਲਾਂ ਦੂਜੇ ਪੰਜਾਬੀਆਂ ਤੱਕ ਪਹੁੰਚਾਓ ।  ਆਪਣੇ ਦੋਸਤਾਂ ਤੇ ਜਾਨਣ ਵਾਲਿਆਂ ਨੂੰ ਇਹਦਾ ਲਿੰਕ ਭੇਜੋ,  ਇਹਨੂੰ  ਪ੍ਰਿੰਟ ਕਰ ਕੇ  ਉਨ੍ਹਾਂ ਨੂੰ ਦਿਓ,  ਜ਼ਬਾਨੀ ਦੱਸੋ ।

Leave a comment