ਗਾਉਣ ਵਾਲੀ ਕੁੜੀ (ਕਹਾਣੀ) – ਐਂਤਨ ਚੈਖ਼ਵ

November 20, 2017 by

ਜਿਸ ਜ਼ਮਾਨੇ ਵਿੱਚ ਉਹ ਜਵਾਨ ਅਤੇ ਸੁਹਣੀ ਅਤੇ ਉਸ ਦੀ ਆਵਾਜ਼ ਚੰਗੀ ਦਮਦਾਰ ਸੀ, ਇੱਕ ਦਿਨ ਉਸਦੀ ਗਰਮੀਆਂ ਵਾਲੀ ਕੋਠੀ ਦੇ ਬਾਹਰੀ ਬਰਾਂਡੇ ਵਿੱਚ ਉਸ ਕੋਲ ਉਸ ਦਾ ਦੀਵਾਨਾ ਨਿਕੋਲਾਈ ਪੇਤਰੋਵਿਚ ਕੋਲਪਾਕੋਵ ਬੈਠਾ ਸੀ। ਲੋਹੜੇ ਦੀ ਗਰਮੀ ਅਤੇ ਘੁਟਣ ਸੀ ਕੋਲਪਾਕੋਵ ਖਾਣਾ ਖਾ ਕੇ ਹੱਟਿਆ ਸੀ ਅਤੇ ਉਸਨੇ ਘਟੀਆ ਸ਼ਰਾਬ ਦੀ ਇੱਕ ਪੂਰੀ ਬੋਤਲ ਚਾੜ੍ਹੀ  ਹੋਈ ਸੀ ਉਸ ਦਾ ਮੂਡ ਖਰਾਬ ਸੀ ਅਤੇ ਤਬੀਅਤ ਕੁੱਝ ਪਸਤ ਸੀ ਦੋਨੋਂ ਅੱਕੇ ਬੈਠੇ ਸਨ ਅਤੇ ਉਡੀਕ ਕਰ ਰਹੇ ਸਨ, ਕਿ ਗਰਮੀ ਘੱਟ ਹੋਵੇ ਤਾਂ ਹਵਾਖ਼ੋਰੀ ਲਈ ਨਿਕਲਣ।

ਅਚਾਨਕ ਦਰਵਾਜੇ ਤੇ ਘੰਟੀ ਬਜੀ, ਕੋਲਪਾਕੋਵ, ਜੋ ਕੋਟ ਉਤਾਰ ਕੇ, ਸਲੀਪਰ ਪਹਿਨ ਬੈਠਾ ਸੀ, ਉਛਲ ਪਿਆ ਅਤੇ ਸਵਾਲੀਆ ਲਹਿਜੇ ਵਿੱਚ ਪਾਸ਼ਾ ਵੱਲ ਵੇਖਣ ਲੱਗਿਆ

“ਡਾਕੀਆ ਹੋਵੇਗਾ ਜਾਂ ਮੇਰੇ ਨਾਲ ਦੀਆਂ ਲੜਕੀਆਂ ਵਿੱਚੋਂ ਕੋਈ ਹੋਵੇਗੀ,” ਗਾਉਣ ਵਾਲੀ ਨੇ ਕਿਹਾ

ਕੋਲਪਾਕੋਵ ਨੂੰ ਇਸ ਗੱਲ ਦੀ ਪਰਵਾਹ ਨਹੀਂ ਸੀ, ਕਿ ਡਾਕੀਆ ਜਾਂ ਪਾਸ਼ਾ ਦੀ ਮੰਡਲੀ ਦੀਆਂ ਲੜਕੀਆਂ ਉਸਨੂੰ ਉੱਥੇ ਵੇਖ ਲੈਣ ਤਾਂ ਵੀ ਇਹਤਿਆਤ ਵਜੋਂ ਉਸਨੇ ਆਪਣੇ ਕੱਪੜੇ ਸਮੇਟੇ ਅਤੇ ਨਾਲ ਦੇ ਕਮਰੇ ਵਿੱਚ ਚਲਾ ਗਿਆਪਾਸ਼ਾ ਦਰਵਾਜਾ ਖੋਲ੍ਹਣ ਲਈ ਦੌੜੀ ਉਹ ਬੜੀ ਹੈਰਾਨ ਹੋਈ ਕਿ ਦਰਵਾਜੇ ਤੇ ਨਾ ਡਾਕੀਆ ਸੀ ਨਾ ਕੋਈ ਮੰਡਲੀ ਦੀ ਲੜਕੀ, ਸਗੋਂ ਇੱਕ ਅਜਨਬੀ ਜਵਾਨ ਅਤੇ ਹੁਸੀਨ ਔਰਤ ਖੜੀ ਸੀ, ਜੋ ਆਪਣੇ ਲਿਬਾਸ ਅਤੇ ਦੇਖਣ ਪਾਖਣ ਤੋਂ ਕੋਈ ਸ਼ਰੀਫ ਔਰਤ ਲੱਗਦੀ ਸੀ

ਪੀਲਾ ਜਿਹਾ ਰੰਗ ਅਤੇ ਸਾਹ ਚੜ੍ਹਿਆ ਹੋਇਆ ਸੀ ਜਿਵੇਂ ਕੋਈ ਖੜਵੀਂ ਪੌੜੀ ਤੇਜ਼ੀ ਨਾਲ ਚੜ੍ਹ ਕੇ ਆਇਆ ਹੋਵੇ।

ਕੀ ਹੈ?ਪਾਸ਼ਾ ਨੇ ਪੁੱਛਿਆ

ਅਜਨਬੀ ਔਰਤ ਨੇ ਜਵਾਬ ਦੇਣ ਦੀ ਬਜਾਏ ਇੱਕ ਕਦਮ ਅੱਗੇ ਵਧਾਇਆ ਤਸੱਲੀ ਨਾਲ ਕਮਰੇ ਦਾ ਜਾਇਜ਼ਾ ਲਿਆ ਅਤੇ ਇਸ ਅੰਦਾਜ਼ ਨਾਲ ਬੈਠ ਗਈ, ਜਿਵੇਂ ਥਕਾਣ ਜਾਂ ਸ਼ਾਇਦ ਬਿਮਾਰੀ ਦੀ ਵਜ੍ਹਾ ਨਾਲ ਖੜੀ ਨਾ ਰਹਿ ਸਕਦੀ ਹੋਵੇ ਫਿਰ ਦੇਰ ਤੱਕ ਬੋਲਣ ਦੀ ਨਾਕਾਮ ਕੋਸ਼ਿਸ਼ ਵਿੱਚ ਉਸ ਦੇ ਜ਼ਰਦ ਹੋਠ ਕੰਬਦੇ ਰਹੇ

ਆਖਿਰ ਉਸ ਨੇ ਪਾਸ਼ਾ ਦੀ ਤਰਫ਼ ਆਪਣੀਆਂ ਵੱਡੀਆਂ ਵੱਡੀਆਂ ਲਾਲ ਅਥਰੂ-ਭਿੱਜੀਆਂ ਪਲਕਾਂ ਉਠਾ ਕੇ ਪੁੱਛਿਆ

“ਮੇਰਾ ਪਤੀ ਇੱਥੇ ਹੈ?

“ਪਤੀ?ਪਾਸ਼ਾ ਨੇ ਆਹਿਸਤਾ ਜਿਹੇ ਕਿਹਾ ਅਤੇ ਅਚਾਨਕ ਏਨਾ ਡਰ ਗਈ ਕਿ ਹੱਥ ਪੈਰ ਠੰਡੇ ਪੈ ਗਏ ਅਤੇ ਕੰਬਦੇ ਹੋਏ ਉਸਨੇ ਦੁਹਰਾਇਆ, “ਕੌਣ ਪਤੀ?

ਮੇਰਾ ਪਤੀ, … ਨਿਕੋਲਾਈ ਪੇਤਰੋਵਿਚ ਕੋਲਪਾਕੋਵ

“ਨ ..ਨ … ਨਹੀਂ ਮੈਡਮ … ਮੈਂ … ਮੈਂ ਕਿਸੇ ਪਤੀ ਨੂੰ ਨਹੀਂ ਜਾਣਦੀ

ਇੱਕ ਪਲ ਖ਼ਾਮੋਸ਼ੀ ਵਿੱਚ ਗੁਜ਼ਰਿਆ ਅਜਨਬੀ ਔਰਤ ਨੇ ਕਈ ਵਾਰ ਆਪਣੇ ਪੀਲੇ ਬੁੱਲ੍ਹਾਂ ਉੱਤੇ ਰੁਮਾਲ ਫੇਰਿਆ ਅਤੇ ਅੰਦਰਲਾ ਕਾਂਬਾ ਦਬਾਉਣ ਲਈ ਸਾਹ ਰੋਕੀ ਰੱਖਿਆ ਪਾਸ਼ਾ ਉਸ ਦੇ ਸਾਹਮਣੇ ਬੁੱਤ ਦੀ ਤਰ੍ਹਾਂ ਅਹਿੱਲ ਖੜੀ ਹੈਰਤ ਅਤੇ ਦਹਿਸ਼ਤ ਨਾਲ ਉਸ ਦਾ ਮੂੰਹ ਦੇਖ ਰਹੀ ਸੀ

“ਤਾਂ ਤੇਰਾ ਕਹਿਣਾ ਹੈ ਕਿ ਉਹ ਇੱਥੇ ਨਹੀਂ ਹੈ?”  ਔਰਤ ਨੇ ਸਖ਼ਤ ਆਵਾਜ਼ ਨਾਲ ਇੱਕ ਖਾਸ ਤਰ੍ਹਾਂ ਮੁਸਕਰਾ ਕੇ ਪੁੱਛਿਆ।

“ਮੈਂ …ਮੈਂ ਨਹੀਂ ਜਾਣਦੀ ਤੂੰ ਕਿਸ ਨੂੰ ਪੁੱਛ ਰਹੀ ਹੈਂ

“ਤੂੰ ਘਿਣਾਉਣੀ, ਘਟੀਆ, ਨੀਚ ਹੈਂ ….” ਅਜਨਬੀ ਪਾਸ਼ਾ ਵੱਲ ਨਫਰਤ ਅਤੇ ਹਿਕਾਰਤ ਦੀ ਨਜ਼ਰ ਨਾਲ ਦੇਖਦੀ ਹੋਈ ਬੜਬੜਾਈ, “ਹਾਂ, ਹਾਂ … ਤੂੰ ਘਿਣਾਉਣੀ ਹੈਂ ਸ਼ੁਕਰ ਹੈ ਕਿ ਆਖਿਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ

ਇਹ ਮਹਿਸੂਸ ਕਰਕੇ ਕਿ ਇਸ ਗੁੱਸੇ ਨਾਲ ਅੱਖਾਂ, ਗੋਰੀਆਂ ਨਾਜ਼ੁਕ ਉਂਗਲਾਂ ਵਾਲੀ ਸਿਆਹਪੋਸ਼ ਔਰਤ ਨੂੰ ਮੈਂ ਘਿਣਾਉਣੀ ਅਤੇ ਭੈੜੀ ਨਜ਼ਰ ਆਉਂਦੀ ਹਾਂ, ਪਾਸ਼ਾ ਨੂੰ ਆਪਣੀਆਂ ਭਰੀਆਂ ਭਰੀਆਂ ਲਾਲ ਗੱਲ੍ਹਾਂ, ਨੱਕ ਦੇ ਦਾਗ, ਅਤੇ ਮੱਥੇ ਤੇ ਬਿਖਰੀਆਂ ਹੋਈਆਂ ਲਿਟਾਂ, ਜੋ ਕੰਘੀ ਨਾਲ ਵੀ ਕਾਬੂ ਵਿੱਚ ਨਹੀਂ ਆਉਂਦੀਆਂ ਸਨ, ਤੇ ਸ਼ਰਮ ਆਉਣ ਲੱਗੀ ਉਸਨੂੰ ਖ਼ਿਆਲ ਆਇਆ ਕਿ ਜੇਕਰ ਮੈਂ ਪਤਲੀ ਹੁੰਦੀ ਅਤੇ ਮੇਰੇ ਚਿਹਰੇ ਤੇ ਪਾਊਡਰ ਅਤੇ ਮੱਥੇ ਤੇ ਵਾਲਾਂ ਦੀ ਝਾਲਰ ਨਾ ਹੁੰਦੀ, ਤਾਂ ਇਹ ਗੱਲ ਲੁੱਕ ਜਾਂਦੀ, ਕਿ ਮੈਂ ਸ਼ਰੀਫ ਨਹੀਂ ਹਾਂ, ਅਤੇ ਇਸ ਅਜਨਬੀ, ਰਹੱਸਮਈ ਔਰਤ ਦੇ ਸਾਹਮਣੇ ਇੰਨੀ ਡਰੀ ਡਰੀ ਅਤੇ ਸ਼ਰਮਸਾਰ ਨਾ ਹੁੰਦੀ

ਔਰਤ ਨੇ ਅੱਗੇ ਕਿਹਾ, “ਮੇਰਾ ਪਤੀ ਕਿੱਥੇ ਹੈ? ਉਹ ਇੱਥੇ ਹੋਵੇ ਨਾ ਹੋਵੇ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ ਕਿ ਗ਼ਬਨ ਦਾ ਪਤਾ ਚੱਲ ਗਿਆ ਅਤੇ ਉਸ ਦੀ ਤਲਾਸ਼ ਹੋ ਰਹੀ ਹੈ ਪੁਲਿਸ ਉਸਨੂੰ ਗਿਰਫਤਾਰ ਕਰਨਾ ਚਾਹੁੰਦੀ ਹੈ ਇਹ ਸਭ ਤੇਰੀ ਕਾਰਸਤਾਨੀ ਹੈ!”

ਔਰਤ ਉੱਠੀ ਅਤੇ ਬੇਚੈਨੀ ਦੇ ਮਾਰੇ ਕਮਰੇ ਵਿੱਚ ਟਹਿਲਣ ਲੱਗੀ ਪਾਸ਼ਾ ਉਸਨੂੰ ਦੇਖ ਰਹੀ ਸੀ ਅਤੇ ਇਸ ਕਦਰ ਡਰੀ ਹੋਈ ਸੀ ਕਿ ਇਸ ਦੀ ਸਮਝ ਵਿੱਚ ਕੁੱਝ ਨਹੀਂ ਆ ਰਿਹਾ ਸੀ।

“ਉਸ ਦੀ ਉਘ-ਸੁਘ ਮਿਲ ਜਾਵੇਗੀ ਅਤੇ ਉਹ ਅੱਜ ਗਿਰਫਤਾਰ ਹੋ ਜਾਵੇਗਾ, ”ਔਰਤ ਨੇ ਹਿਚਕੀ ਲੈ ਕੇ ਕਿਹਾ ਜਿਸ ਵਿੱਚੋਂ ਗ਼ਮ ਅਤੇ ਗੁੱਸਾ ਟਪਕਦਾ ਸੀ “ਮੈਂ ਖ਼ੂਬ ਜਾਣਦੀ ਹਾਂ ਇਹ ਸਭ ਕਿਸ ਦੇ ਲੱਛਣ ਨੇ ਕਮੀਨੀ, ਗੰਦ, ਕਮਜ਼ਾਤ, ਵੇਸਵਾ !” ਔਰਤ ਦੇ ਬੁੱਲ੍ਹਾਂ ਤੇ ਤਣਾਉ ਸੀ ਅਤੇ ਉਸ ਦਾ ਨੱਕ ਹਿਕਾਰਤ ਨਾਲ ਚੜ੍ਹਿਆ ਹੋਇਆ ਸੀ “ਮੈਂ ਬੇਬਸ ਹਾਂ ਐ ਬੇਸ਼ਰਮ ਔਰਤ, ਸੁਣਦੀ ਹੈਂ? … ਮੈਂ ਬੇਬਸ ਹਾਂ ਤੂੰ ਮੇਰੇ ਨਾਲੋਂ ਤਕੜੀ ਹੈਂ, ਪਰ ਮੇਰੀ ਅਤੇ ਬੱਚਿਆਂ ਦੀ ਹਿਫ਼ਾਜ਼ਤ ਕਰਨ ਵਾਲਾ ਹੈ, ਉੱਪਰ ਵਾਲਾ, ਖ਼ੁਦਾ ਸਭ ਕੁੱਝ ਵੇਖਦਾ ਹੈ ਉਹ ਇਨਸਾਫ਼-ਪਸੰਦ ਹੈ, ਇੱਕ ਇੱਕ ਜੋ ਅੱਥਰੂ ਮੈਂ ਬਹਾਇਆ ਹੈ,  ਰਾਤਾਂ ਜੋ ਮੈਂ ਜਾਗ ਜਾਗ ਕੇ ਕੱਟੀਆਂ ਹਨ, ਉਹ ਇਸ ਸਭ ਦਾ ਹਿਸਾਬ ਤੇਰੇ ਕੋਲੋਂ ਲਵੇਗਾ? ਵਕ਼ਤ ਆਵੇਗਾ ਕਿ ਤੂੰ ਮੈਨੂੰ ਯਾਦ ਕਰੇਂਗੀ।”

ਫਿਰ ਉਹ ਚੁੱਪ ਹੋ ਗਈ ਅਤੇ ਕਮਰੇ ਵਿੱਚ ਟਹਿਲ ਟਹਿਲ ਕੇ ਹੱਥ ਮਲ਼ ਰਹੀ ਸੀ ਪਾਸ਼ਾ ਹੈਰਾਨ ਪਰੇਸ਼ਾਨ ਉਸ ਦਾ ਮੂੰਹ ਦੇਖ ਰਹੀ ਸੀ ਉਸਨੂੰ ਧੁੜਕੂ ਸੀ ਕਿ ਜ਼ਰੂਰ ਕੋਈ ਮੁਸੀਬਤ ਢਹਿਣ ਵਾਲੀ ਹੈ

“ਮੈਡਮ, ਮੈਨੂੰ ਕੁੱਝ ਨਹੀਂ ਪਤਾ,” ਇਹ ਕਹਿੰਦੇ ਵਕ਼ਤ ਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਵਹਿਣ ਲੱਗ ਪਏ

ਔਰਤ ਨੇ ਚੀਖ਼ ਕੇ ਜਵਾਬ ਦਿੱਤਾ, “ਤੂੰ ਝੂਠ ਬੋਲਦੀ ਹੈਂ!” ਉਸ ਦੀਆਂ ਅੱਖਾਂ ਪਾਸ਼ਾ ਉੱਤੇ ਚੰਗਿਆੜੇ ਬਰਸਾ ਰਹੀਆਂ ਸਨ “ਮੈਨੂੰ ਸਭ ਪਤਾ ਹੈ, ਮੈਂ ਤੈਨੂੰ ਬਹੁਤ ਚਿਰਾਂ ਤੋਂ ਜਾਣਦੀ ਹਾਂ ਮੈਨੂੰ ਪਤਾ ਹੈ, ਉਹ ਮਹੀਨਾ ਭਰ ਤੋਂ ਰੋਜ਼ਾਨਾ ਤੇਰੇ ਕੋਲ ਆਉਂਦਾ ਹੈ

“ਅੱਛਾ ਚੱਲ ਠੀਕ ਫਿਰ ਦੱਸ? ਮੇਰੇ ਕੋਲ ਤਾਂ ਬਹੁਤ ਸਾਰੇ ਮੁਲਾਕਾਤੀ ਆਉਂਦੇ ਹਨ ਪਰ ਮੈਂ ਕਿਸੇ ਨੂੰ ਮਜਬੂਰ ਨਹੀਂ ਕਰਦੀ ਉਹ ਵੀ ਆਪਣੀ ਮਰਜ਼ੀ ਦਾ ਮਾਲਕ ਹੈ

“ਮੈਂ ਕਹਿੰਦੀ ਹਾਂ ਗ਼ਬਨ ਦਾ ਪਤਾ ਚੱਲ ਗਿਆ ਉਸਨੇ ਦਫਤਰ ਵਿੱਚ ਗ਼ਬਨ ਕੀਤਾ ਤੇਰੇ ਵਰਗੀ ਗਈ ਗੁਜ਼ਰੀ ਹੋਈ ਚੀਜ਼ ਦੀ ਖਾਤਰ, ਤੇਰੇ ਕਾਰਨ ਉਸਨੇ ਇਹ ਜੁਰਮ ਕੀਤਾ ਔਰਤ ਇੱਕਲਖਤ ਰੁਕ ਗਈ ਫਿਰ ਕੜਕ ਕੇ ਬੋਲੀ, “ਜਾਣਦੀ ਹਾਂ ਕਿ ਤੈਨੂੰ ਅਸੂਲਾਂ ਨਾਲ ਕੀ ਸਰੋਕਾਰ, ਤੇਰਾ ਕੰਮ ਤਾਂ ਮੇਰੇ ਤੇ ਆਫ਼ਤ ਢਾਹੁਣਾ ਹੈ, ਪਰ ਫਿਰ ਸੋਚਦੀ ਹਾਂ ਕਿ ਤੂੰ ਏਨੀ ਗਿਰੀ ਹੋਈ ਕਿਵੇਂ ਹੋ ਸਕਦੀ ਹੈ ਕਿ ਤੇਰੇ ਕੋਲ ਮਾਨਵੀ ਭਾਵਨਾ ਉੱਕਾ ਕੋਈ ਨਾ ਬਚੀ ਹੋਵੇ ! ਉਸਦੀ ਪਤਨੀ ਹੈ, ਬੱਚੇ ਹਨ … ਜੇਕਰ ਉਸਨੂੰ ਸਜ਼ਾ ਹੋ ਗਈ ਅਤੇ ਜਲਾਵਤਨ ਕਰ ਦਿੱਤਾ ਗਿਆ ਤਾਂ ਅਸੀਂ  ਭੁੱਖੇ ਮਰਾਂਗੇ, ਬੱਚੇ ਅਤੇ ਮੈਂ … ਸਮਝ ਪਈ, ਅਜੇ ਵੀ ਮੌਕਾ ਹੈ ਕਿ ਉਹ ਅਤੇ ਅਸੀਂ ਕੰਗਾਲੀ ਅਤੇ ਜ਼ਿੱਲਤ ਤੋਂ ਬਚ ਜਾਈਏ। ਜੇਕਰ ਉਨ੍ਹਾਂ ਨੂੰ ਨੌਂ ਸੌ ਰੂਬਲ ਦੇ ਦਿੱਤੇ ਜਾਣ, ਤਾਂ ਉਹ ਇਸ ਦਾ ਪਿੱਛਾ ਛੱਡ ਦੇਣਗੇ ਸਿਰਫ ਨੌਂ ਸੌ ਰੂਬਲ ਦੀ ਗੱਲ ਹੈ!”

ਪਾਸ਼ਾ ਨੇ ਨਰਮਾਈ ਨਾਲ ਪੁੱਛਿਆ, “ਕਿਹੜੇ ਨੌਂ ਸੌ ਰੂਬਲ ? ਮੈਂ ਨਹੀਂ ਜਾਣਦੀ … ਮੈਂ ਨਹੀਂ ਲਏ

“ਮੈਂ ਤੇਰੇ ਤੋਂ ਨੌਂ ਸੌ ਰੂਬਲ ਕਦੋਂ ਮੰਗਦੀ ਹਾਂ? … ਨਾ ਤੇਰੇ ਕੋਲ ਇੰਨੀ ਰਕਮ ਹੈ, ਨਾ ਮੈਨੂੰ ਤੇਰੇ ਰੁਪਿਆਂ ਦੀ ਜ਼ਰੂਰਤ ਹੈ ਮੈਂ ਤੇਰੇ ਤੋਂ ਕੁੱਝ ਹੋਰ ਮੰਗਦੀ ਹਾਂ … ਮਰਦ ਆਮ ਤੌਰ ਤੇ ਤੇਰੇ ਵਰਗੀਆਂ ਔਰਤਾਂ ਨੂੰ ਬਹੁਤ ਕੀਮਤੀ ਤੋਹਫ਼ੇ ਦਿੰਦੇ ਹਨ ਮੈਨੂੰ ਸਿਰਫ ਉਹ ਚੀਜ਼ਾਂ ਦੇ ਦੋ ਜੋ ਮੇਰੇ ਪਤੀ ਨੇ ਤੈਨੂੰ ਦਿੱਤੀਆਂ ਹਨ

“ਮੈਡਮ, ਉਸਨੇ ਮੈਨੂੰ ਕਦੇ ਕੁੱਝ ਨਹੀਂ ਦਿੱਤਾ!” ਹੌਲੀ ਹੌਲੀ ਔਰਤ ਦਾ ਮਤਲਬ ਸਮਝ ਕੇ ਪਾਸ਼ਾ ਨੇ ਵਾਵੇਲਾ ਕਰਨਾ ਸ਼ੁਰੂ ਕੀਤਾ

ਆਖ਼ਰ ਰੁਪਿਆ ਗਿਆ ਕਿੱਥੇ?ਉਸਨੇ ਜੋ ਆਪਣੀ ਅਤੇ ਮੇਰੀ ਅਤੇ ਦੂਸਰਿਆਂ ਦੀ ਦੌਲਤ ਲੁਟਾਈ … ਉਹ ਸਭ ਕਿਥੇ ਗਈ? ਸੁਣ, ਮੈਂ ਬੇਨਤੀ ਕਰਦੀ ਹਾਂ ਮੈਂ ਗੁੱਸੇ ਚ ਬੇਕਾਬੂ ਹੋ ਕੇ ਤੈਨੂੰ ਬਹੁਤ ਗੰਦੀਆਂ ਗੱਲਾਂ ਕਹੀਆਂ, ਉਨ੍ਹਾਂ ਦੀ ਮੁਆਫ਼ੀ ਮੰਗਦੀ ਹਾਂ ਮੈਂ ਜਾਣਦੀ ਹਾਂ, ਤੈਨੂੰ ਮੇਰੇ ਨਾਲ ਨਫ਼ਰਤ ਹੋਵੇਗੀ, ਲੇਕਿਨ ਜੇਕਰ ਤੇਰੇ ਵਿੱਚ ਹਮਦਰਦੀ ਦੀ ਥੋੜੀ ਜਿਹੀ ਵੀ ਸਮਰੱਥਾ ਹੈ ਤਾਂ ਮੇਰੀ ਹਾਲਤ ਦੀ ਕਲਪਨਾ ਕਰ, ਮੈਂ ਮਿੰਨਤ ਕਰਦੀ ਹਾਂ, ਉਹ ਸਭ ਚੀਜ਼ਾਂ ਮੈਨੂੰ ਵਾਪਸ ਦੇ ਦੇ

ਕੁੱਝ ਸੋਚ ਕੇ ਪਾਸ਼ਾ ਨੇ ਮੋਢੇ ਹਿਲਾਏ ਤੇ ਕਿਹਾ, “ਮੈਂ ਖ਼ੁਸ਼ੀ ਖ਼ੁਸ਼ੀ ਦੇ ਦਿੰਦੀ, ਪਰ ਖ਼ੁਦਾ ਗਵਾਹ ਹੈ, ਉਸ ਨੇ ਮੈਨੂੰ ਕਦੇ ਕੁੱਝ ਨਹੀਂ ਦਿੱਤਾ ਸਹੁੰ ਖਾ ਕੇ ਕਹਿੰਦੀ ਹਾਂ ਮੇਰਾ ਯਕੀਨ ਮੰਨ ਬੇਸ਼ੱਕ, ਤੂੰ ਸੱਚ ਕਹਿੰਦੀ ਹੈਂ, ਮੈਨੂੰ ਹੁਣੇ ਖ਼ਿਆਲ ਆਇਆ,” ਗਾਉਣ ਵਾਲੀ ਨੇ ਘਬਰਾ ਕੇ ਕਿਹਾ“ਉਸਨੇ ਮੈਨੂੰ ਦੋ ਮਾਮੂਲੀ ਚੀਜ਼ਾਂ ਦਿੱਤੀਆਂ ਸਨ, ਕਹੇਂ  ਤਾਂ ਉਹ ਦੇ ਦੇਵਾਂ?

ਪਾਸ਼ਾ ਨੇ ਸ਼ਿੰਗਾਰ ਮੇਜ਼ ਦਾ ਇੱਕ ਖ਼ਾਨਾ ਖੋਲ੍ਹਿਆ ਅਤੇ ਇਸ ਵਿੱਚੋਂ ਇੱਕ ਖੋਖਲੀ ਸੋਨੇ ਦੀ ਚੂੜੀ ਅਤੇ ਇੱਕ ਹਲਕੀ ਯਾਕੂਤੀ ਅੰਗੂਠੀ ਕੱਢੀ

“ਆਹ ਲੈ ਲਾ, ਮੈਡਮ!”

ਔਰਤ ਦਾ ਚਿਹਰਾ ਤਮਤਮਾ ਉਠਿਆ ਅਤੇ ਗੁੱਸੇ ਨਾਲ ਕੰਬਣ ਲੱਗਿਆ ਉਸਨੂੰ ਇਹ ਹਰਕਤ ਚੰਗੀ ਨਾ ਲੱਗੀ।

“ਇਹ ਕੀ ਦੇ ਰਹੀ ਹੈਂ? ਮੈਂ ਖ਼ੈਰਾਤ ਨਹੀਂ ਮੰਗਦੀ, ਉਹ ਚੀਜ਼ਾਂ ਮੰਗਦੀ ਹਾਂ, ਜੋ ਤੇਰੀਆਂ ਨਹੀਂ… ਜੋ ਤੂੰ ਮੇਰੇ ਕਮਜ਼ੋਰ, ਨਾਖ਼ੁਸ਼ ਪਤੀ ਨੂੰ ਬੇਵਕੂਫ਼ ਬਣਾ ਕੇ ਹਥਿਆਈਆਂ ਨੇ … ਵੀਰਵਾਰ ਦੀ ਰਾਤ ਨੂੰ ਮੈਂ ਤੈਨੂੰ ਬੰਦਰਗਾਹ ਤੇ ਉਸ ਦੇ ਨਾਲ ਵੇਖਿਆ ਸੀ, ਤਾਂ ਤੂੰ ਕੀਮਤੀ ਬਰੋਸ਼ ਅਤੇ ਚੂੜੀਆਂ ਪਹਿਨੀਆਂ ਹੋਈਆਂ ਸਨ ਮਾਸੂਮ ਬਣਨ ਦਾ ਕੋਈ ਫ਼ਾਇਦਾ ਨਹੀਂ ਆਖ਼ਿਰੀ ਵਾਰ ਪੁੱਛਦੀ ਹਾਂ ‘ਚੀਜ਼ਾਂ ਦੇਵੇਂਗੀ ਕਿ ਨਹੀਂ’?

ਪਾਸ਼ਾ ਨੇ ਨਾਰਾਜ਼ਗੀ ਮਹਿਸੂਸ ਕਰਦਿਆਂ ਕਿਹਾ, “ਤੂੰ ਵੀ ਕਮਾਲ ਕਰਦੀ ਹੈਂ, ਮੈਂ ਤੈਨੂੰ ਭਰੋਸਾ ਦਵਾਉਂਦੀ ਹਾਂ ਇਸ ਚੂੜੀ ਅਤੇ ਅੰਗੂਠੀ ਦੇ ਇਲਾਵਾ ਮੈਂ ਤੇਰੇ ਨਿਕੋਲਾਈ ਪੇਤਰੋਵਿਚ ਦੀ ਕਿਸੇ ਚੀਜ਼ ਦੀ ਸ਼ਕਲ ਨਹੀਂ ਵੇਖੀ, ਮੇਰੇ ਲਈ ਉਹ ਸਿਰਫ ਮਿੱਠੇ ਕੇਕ ਲਿਆਇਆ ਕਰਦਾ ਹੈ

ਅਜਨਬੀ ਔਰਤ ਹੱਸੀ, “ਮਿੱਠੇ ਕੇਕ! ਘਰ ਬੱਚੇ ਰੋਟੀ ਦੀ ਬੁਰਕੀ ਨੂੰ ਤਰਸਦੇ ਨੇ ਅਤੇ ਤੇਰੇ ਲਈ ਮਿੱਠੇ ਕੇਕ ਲਿਆਏ ਜਾਂਦੇ ਨੇ। ਤਾਂ ਚੀਜ਼ਾਂ ਵਾਪਸ ਕਰਨ ਤੋਂ ਇਨਕਾਰ ਕਰਦੀ ਹੈਂ ਤੂੰ?

ਜਵਾਬ ਨਾ ਮਿਲਣ ਤੇ ਔਰਤ ਬੈਠ ਗਈ ਅਤੇ ਹਵਾ ਵਿੱਚ ਨਜ਼ਰ ਗੱਡ ਕੇ ਸੋਚਣ ਲੱਗੀ

“ਹੁਣ ਕੀ – ਕੀਤਾ ਜਾਵੇ? ਜੇਕਰ ਨੌਂ ਸੌ ਰੂਬਲ ਨਾ ਮਿਲੇ, ਤਾਂ ਉਹ ਬਰਬਾਦ ਹੋ ਜਾਵੇਗਾ ਅਤੇ ਬੱਚੇ ਅਤੇ ਮੈਂ ਵੀ ਬਰਬਾਦ ਹੋ ਜਾਵਾਂਗੀ ਇਸ ਜ਼ਲੀਲ ਔਰਤ ਨੂੰ ਮਾਰ ਸੁੱਟਾਂ ਜਾਂ ਇਸ ਦੇ ਅੱਗੇ ਗੋਡੇ ਟੇਕ ਦਵਾਂ?

ਔਰਤ ਨੇ ਰੁਮਾਲ ਮੂੰਹ ਤੇ ਰੱਖਿਆ ਅਤੇ ਹੌਕੇ ਲੈਣ ਲੱਗੀ|

“ਮੈਂ ਮਿੰਨਤ ਕਰਦੀ ਹਾਂ !” ਉਹ ਹੌਕੇ ਲੈਂਦੀ ਕਹਿ ਰਹੀ ਸੀ “ਤੂੰ ਮੇਰੇ ਪਤੀ ਨੂੰ ਲੁੱਟਿਆ, ਬਰਬਾਦ ਕੀਤਾ, ਹੁਣ ਉਸ ਦਾ ਬਚਾਓ ਕਰ…. ਚੱਲ ਉਸ ਦਾ ਖ਼ਿਆਲ ਨਹੀਂ ਕਰਨਾ ਨਾ ਕਰ ਪਰ ਬੱਚੇ … ਬੱਚੇ … ਬੱਚਿਆਂ ਨੇ ਤੇਰਾ ਕੀ ਬਿਗਾੜਿਆ ਹੈ?

ਪਾਸ਼ਾ ਦੀਆਂ ਨਜ਼ਰਾਂ ਵਿੱਚ ਭੁੱਖ ਨਾਲ ਬੇਹਾਲ, ਸੜਕ ਉੱਤੇ ਖੜੇ ਹੋਏ ਬੱਚਿਆਂ ਦੀ ਤਸਵੀਰ ਘੁੰਮ ਗਈ, ਅਤੇ ਉਸ ਦਾ ਵੀ ਮਨ ਭਰ ਆਇਆ

ਮੈਡਮ, ਦੱਸ, ਮੈਂ ਕੀ ਕਰਾਂ?  ਤੂੰ ਕਹਿੰਦੀਆਂ ਹੈਂ, ਤੂੰ ਜ਼ਲੀਲ ਹੈਂ, ਤੂੰ ਪੇਤਰੋਵਿਚ ਨੂੰ ਬਰਬਾਦ ਕੀਤਾ, ਪਰ ਮੈਂ  ਭਰੋਸਾ ਦਿਵਾਉਂਦੀ ਹਾਂ ਕਿ …. ਰੱਬ ਦੀ ਸਹੁੰ, ਮੈਨੂੰ ਉਸ ਕੋਲੋਂ ਕਦੇ ਕੁੱਝ ਨਹੀਂ ਮਿਲਿਆ … ਸਾਡੇ ਵਿੱਚ ਸਿਰਫ ਇੱਕ ਕੁੜੀ ਹੈ ਜਿਸਦਾ ਚਾਹੁਣ ਵਾਲਾ ਮਾਲਦਾਰ ਹੈ, ਬਾਕੀ ਸਭ ਰੋਟੀ ਅਤੇ ਕਵਾਸ ਉੱਤੇ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦੀਆਂ ਹਨ, ਨਿਕੋਲਾਈ ਪੇਤਰੋਵਿਚ ਬੜਾ ਵਿਦਵਾਨ ਅਤੇ ਵਧੀਆ ਆਦਮੀ ਹੈ, ਇਸ ਲਈ ਮੈਂ ਉਸ ਦੀ ਆਓਭਗਤ ਕੀਤੀ ਸ਼ਰੀਫ ਆਦਮੀਆਂ ਦੀ ਖ਼ਾਤਰਦਾਰੀ ਕਰਨਾ ਸਾਡਾ ਫ਼ਰਜ਼ ਹੈ

ਮੈਂ ਉਹ ਚੀਜ਼ਾਂ ਮੰਗਦੀ ਹਾਂ, ਚੀਜ਼ਾਂ ਮੇਰੇ ਹਵਾਲੇ ਕਰ ਦੇ। ਮੈਂ ਰੋ ਰੋ ਤਰਲੇ ਪਾ ਰਹੀ ਹਾਂ … ਆਪਣੇ ਤਾਈਂ ਜ਼ਲੀਲ  ਕਰ ਰਹੀ ਹਾਂ … ਕਹੇਂ ਤਾਂ ਗੋਡਿਆਂ ਪਰਨੇ ਹੋ ਝੁੱਕ ਜਾਵਾਂ, ਜੇਕਰ ਤੇਰਾ ਇਹੀ ਜੀ ਕਰਦਾ ਹੈ!”

ਪਾਸ਼ਾ ਨੇ ਹੌਲ ਕੇ ਚੀਖ਼ ਮਾਰੀ ਅਤੇ ਹੱਥ ਹਿਲਾਏ ਉਸਨੂੰ ਖ਼ਿਆਲ ਆਇਆ ਕਿ ਕੀ ਸਚਮੁਚ ਇਹ ਪੀਲੀ ਰੰਗਤ ਵਾਲੀ ਹੁਸੀਨ ਔਰਤ ਜੋ ਅਜਿਹੇ ਉੱਤਮ ਅੰਦਾਜ਼ ਨਾਲ ਗੱਲਾਂ ਕਰ ਰਹੀ ਹੈ, ਜਿਵੇਂ ਸਟੇਜ ਤੇ ਅਦਾਕਾਰੀ ਕਰ ਰਹੀ ਹੋਵੇ, ਦਰਅਸਲ ਸ਼ਾਨ ਵਿਖਾਉਣ, ਆਪਣੇ ਤਾਈਂ ਉਚਾ ਕਰਨ, ਤਵਾਇਫ਼ ਕੁੜੀ ਨੂੰ ਜ਼ਲੀਲ ਕਰਨ ਦੀ ਨੀਅਤ ਨਾਲ ਉਸ ਦੇ ਅੱਗੇ ਗੋਡਿਆਂ ਪਰਨੇ ਝੁੱਕ ਜਾਏਗੀ

ਪਾਸ਼ਾ ਨੇ ਅੱਖਾਂ ਪੂੰਝ ਕੇ ਕਿਹਾ, “ਬਹੁਤ ਅੱਛਾ, ਚੀਜ਼ਾਂ ਦੇ ਦਿੰਦੀ ਹਾਂ, ਸ਼ੌਕ ਨਾਲ ਲੈ ਪਰ ਇਹ ਨਿਕੋਲਾਈ ਪੇਤਰੋਵਿਚ ਦੀਆਂ ਦਿੱਤੀਆਂ ਹੋਈਆਂ ਨਹੀਂ ਹਨ … ਹੋਰ ਸਾਹਿਬਾਨ ਨੇ ਦਿੱਤੀਆਂ ਸਨ ਜਿਵੇਂ ਤੇਰਾ ਜੀਅ ਚਾਹੇ ….”

ਫਿਰ ਅਲਮਾਰੀ ਦਾ ਉੱਪਰਲਾ ਖ਼ਾਨਾ ਖੋਲ੍ਹਿਆ, ਇੱਕ ਹੀਰੇ ਦਾ ਬਰੋਸ਼, ਇੱਕ ਮੂੰਗਿਆਂ ਦਾ ਹਾਰ, ਕੁੱਝ ਅੰਗੂਠੀਆਂ ਅਤੇ ਚੂੜੀਆਂ ਕੱਢੀਆਂ ਅਤੇ ਸਭ ਔਰਤ ਦੇ ਹਵਾਲੇ ਕਰ ਦਿੱਤੀਆਂ।

ਜੀ ਚਾਹੇ ਤਾਂ ਇਨ੍ਹਾਂ ਨੂੰ ਲੈ ਲੈ, ਮਗਰ ਤੇਰੇ ਪਤੀ ਨੇ ਮੈਨੂੰ ਕਦੇ ਕੁੱਝ ਨਹੀਂ ਦਿੱਤਾ, ਇਨ੍ਹਾਂ ਨੂੰ ਲੈ ਕੇ ਅਮੀਰ ਬਣ ਜਾ” ਗੋਡਿਆਂ ਪਰਨੇ ਝੁੱਕਣ ਦੀ ਧਮਕੀ ਤੋਂ ਪੀੜਿਤ ਪਾਸ਼ਾ ਕਹਿੰਦੀ ਰਹੀ ਜੇਕਰ ਤੂੰ ਸਚਮੁਚ ਕੋਈ ਸ਼ਰੀਫ ਔਰਤ … ਉਸ ਦੀ ਪਤਨੀ ਹੈਂ, ਤਾਂ ਉਸਨੂੰ ਆਪਣੇ ਕੋਲ ਰੱਖ, ਜੀ ਹਾਂ ਮੈਂ ਉਸਨੂੰ ਬੁਲਾਣ ਨਹੀਂ ਸੀ ਗਈ ਉਹ ਆਪਣੇ ਆਪ ਆਇਆ ਸੀ

ਅੱਥਰੂਆਂ ਵਿੱਚੋਂ ਸਭ ਚੀਜ਼ਾਂ ਦਾ ਜਾਇਜ਼ਾ ਲੈ ਕੇ ਉਹ ਔਰਤ ਬੋਲੀ:

“ਇਹ ਕਾਫ਼ੀ ਨਹੀਂ ਹਨ … ਇਨ੍ਹਾਂ ਦੇ ਤਾਂ ਪੰਜ ਸੌ ਰੂਬਲ ਵੀ ਨਹੀਂ ਮਿਲਣੇ

ਪਾਸ਼ਾ ਨੇ ਜੋਸ਼ ਵਿੱਚ ਆਕੇ ਖ਼ਾਨੇ ਵਿੱਚੋਂ ਇੱਕ ਸੋਨੇ ਦੀ ਘੜੀ, ਇੱਕ ਸਿਗਾਰ ਕੇਸ ਅਤੇ ਹੱਥ ਦੇ ਬਟਨ ਕੱਢ ਕੇ ਸੁੱਟ ਦਿੱਤੇ ਅਤੇ ਫਿਰ ਹੱਥ ਉਠਾ ਕੇ ਕਿਹਾ:

“ਹੁਣ ਮੇਰੇ ਕੋਲ ਕੁੱਝ ਨਹੀਂ ਰਿਹਾ … ਚਾਹੇਂ, ਤਾਂ ਤਲਾਸ਼ੀ ਲੈ ਲਾ!”

ਔਰਤ ਨੇ ਠੰਡਾ ਸਾਹ ਭਰਿਆ ਕੰਬਦੇ ਹੋਏ ਹੱਥਾਂ ਨਾਲ ਸਭ ਚੀਜ਼ਾਂ ਇੱਕ ਰੁਮਾਲ ਵਿੱਚ ਬੰਨ੍ਹੀਆਂ ਅਤੇ ਚੁਪ-ਚਾਪ ਉੱਠਕੇ ਚੱਲੀ ਗਈ, ਸ਼ੁਕਰਾਨੇ ਦਾ ਕੋਈ ਸੰਕੇਤ ਤੱਕ ਵੀ ਨਾ ਕਰਦੀ ਹੋਈ।

ਨਾਲ ਦੇ ਕਮਰੇ ਦਾ ਦਰਵਾਜਾ ਖੁਲ੍ਹਿਆ ਅਤੇ ਕੋਲਪਾਕੋਵ ਦਾਖ਼ਲ ਹੋਇਆ ਉਸ ਦਾ ਚਿਹਰਾ ਉਤਰਿਆ ਹੋਇਆ ਸੀ ਅਤੇ ਸਿਰ ਘਬਰਾਹਟ ਨਾਲ ਹਿਲ ਰਿਹਾ ਸੀ, ਜਿਵੇਂ ਉਸਨੇ ਕੋਈ ਬਹੁਤ ਕੌੜੀ ਚੀਜ਼ ਖਾ ਲਈ ਹੋਵੇ, ਅੱਖਾਂ ਵਿੱਚ ਅੱਥਰੂ ਝਲਕ ਰਹੇ ਸਨ

ਪਾਸ਼ਾ ਨੇ ਉਸ ਵੱਲ ਝਪਟ ਕੇ ਪੁੱਛਿਆ, “ਤੁਸੀਂ ਮੈਨੂੰ ਕਿਹੜੇ ਤੋਹਫ਼ੇ ਦਿੱਤੇ? ਕਦੋਂ ਦਿੱਤੇ, ਜਰਾ ਦੱਸੋ ਤਾਂ ਸਹੀ?

ਕੋਲਪਾਕੋਵ ਨੇ ਸਿਰ ਹਿਲਾ ਕੇ ਜਵਾਬ ਦਿੱਤਾ, “ਤੋਹਫ਼ੇ … ਇਨ੍ਹਾਂ ਦੀ  ਗੱਲ ਛੱਡ।  ਅੱਲ੍ਹਾ ਅੱਲ੍ਹਾ ਉਹ ਤੇਰੇ ਅੱਗੇ ਰੋਈ, ਆਪਣੇ ਤਾਈਂ ਜ਼ਲੀਲ ਕੀਤਾ ….”

ਪਾਸ਼ਾ ਨੇ ਫਿਰ ਚੀਖ਼ ਕੇ ਕਿਹਾ, “ਮੈਂ ਪੁੱਛਦੀ ਹਾਂ ਤੁਸੀਂ ਮੈਨੂੰ ਕਿਹੜੇ ਤੋਹਫ਼ੇ ਦਿੱਤੇ ਸੀ?

ਗ਼ਜ਼ਬ ਖ਼ੁਦਾ ਦਾ, ਉਹ, ਇੱਕ ਸ਼ਰੀਫ ਔਰਤ, ਇੰਨੀ ਖ਼ੁਦਦਾਰ, ਅਜਿਹੀ ਪਾਕ … ਉਹ ਇਸ ਕੋਠੇ ਦੀ ਔਰਤ ਦੇ ਅੱਗੇ ਗੋਡਿਆਂ ਪਰਨੇ ਝੁਕਣ ਤੇ ਉਤਾਰੂ ਸੀ ਅਤੇ ਇਹ ਸਭ ਮੇਰੇ ਕਰਕੇ ਤੇ ਉਸ ਦਾ ਇਹ ਹਾਲ ਮੈਂ ਕੀਤਾ!”

ਆਪਣਾ ਸਿਰ ਹੱਥ ਵਿੱਚ ਲੈ ਕੇ ਉਹ ਬੂਕਣ ਲੱਗ ਪਿਆ।

ਆਪਣਾ ਇਹ ਕਸੂਰ ਕਦੇ ਨਹੀਂ ਭੁੱਲ ਸਕਾਂਗਾ ਆਪਣੀ ਇਹ ਖ਼ਤਾ ਕਦੇ ਮੁਆਫ਼ ਨਹੀਂ ਕਰ ਸਕਾਂਗਾਮੇਰੇ ਕੋਲੋਂ ਦੂਰ ਹੋ ਜਾ.. ਨੀਚ ਜਾਤ! ਉਸਨੇ ਨਫਰਤ ਭਰੇ ਤਰੀਕੇ ਨਾਲ, ਪਾਸ਼ਾ ਦੇ ਕੋਲੋਂ ਹੱਟ ਕੇ, ਅਤੇ ਕੰਬਦੇ ਹੋਏ ਹੱਥਾਂ ਨਾਲ ਉਸਨੂੰ ਧੱਕਾ ਦੇਕੇ ਕਿਹਾ, “ਗ਼ਜ਼ਬ ਖ਼ੁਦਾ ਦਾ, ਉਹ ਗੋਡਿਆਂ ਪਰਨੇ ਝੁਕਣ ਨੂੰ ਉਤਾਰੂ ਸੀ, ਅਤੇ … ਅਤੇ ਤੇਰੇ ਅੱਗੇ

ਉਸਨੇ ਜਲਦੀ ਨਾਲ ਕੱਪੜੇ ਪਹਿਨੇ ਅਤੇ ਹਿਕਾਰਤ ਨਾਲ ਪਾਸ਼ਾ ਨੂੰ ਧੱਕਾ ਦੇ ਕੇ ਦਰਵਾਜੇ ਵੱਲ ਵਧਿਆ ਅਤੇ ਬਾਹਰ ਨਿਕਲ ਗਿਆ

ਪਾਸ਼ਾ ਲੇਟ ਗਈ ਅਤੇ ਜ਼ੋਰ ਜ਼ੋਰ ਨਾਲ ਵਿਰਲਾਪ ਕਰਨ ਲੱਗੀ ਉਸਨੂੰ ਅਫ਼ਸੋਸ ਹੋ ਰਿਹਾ ਸੀ ਕਿ ਉਸਨੇ ਜੋਸ਼ ਵਿੱਚ ਆਕੇ ਆਪਣੀਆਂ ਚੀਜ਼ਾਂ ਕਿਉਂ ਦੇ ਦਿੱਤੀਆਂ ਅਤੇ ਉਸ ਦੀਆਂ ਜਖ਼ਮੀ ਭਾਵਨਾਵਾਂ ਤੜਪ ਰਹੀਆਂ ਸਨ ਉਸਨੂੰ ਖ਼ਿਆਲ ਆਇਆ ਕਿ ਕਿਸ ਤਰ੍ਹਾਂ ਤਿੰਨ ਸਾਲ ਹੋਏ ਇੱਕ ਸੌਦਾਗਰ ਨੇ ਉਸਨੂੰ ਅਕਾਰਨ ਕੁੱਟਿਆ ਸੀ, ਅਤੇ ਉਹ ਅੱਜ ਤੱਕ ਪਹਿਲਾਂ ਕਦੇ ਵੀ ਨਾਲੋਂ ਵੱਧ ਫੁੱਟ ਫੁੱਟ ਕੇ ਰੋਣ ਲੱਗੀ   

Advertisements

ਮੁਖੌਟਾ (ਕਹਾਣੀ, ਐਂਤਨ ਚੈਖਵ)

November 12, 2017 by

ਕੱਕਾ ਸੋਸ਼ਲ ਕਲਬ ਵਿੱਚ ਚੈਰਿਟੀ ਕੰਮਾਂ ਲਈ ਫੈਂਸੀ ਡਰੈਸ ਨਾਚ ਜਾਂ ਜਿਵੇਂ ਕ‌ਿ ਉੱਚੇ ਘਰਾਣਿਆਂ ਦੀਆਂ ਨੌਜਵਾਨ ਔਰਤਾਂ ਇਸਨੂੰ ਕਹਿਣਾ ਪਸੰਦ ਕਰਦੀਆਂ ਸਨ, ਬਾਲ-ਪਾਰੇ ਹੋ ਰਿਹਾ ਸੀ।

ਅੱਧੀ ਰਾਤ ਗੁਜ਼ਰ ਚੁੱਕੀ ਸੀ। ਡਾਂਸ ਵਿੱਚ ਦਿਲਚਸਪੀ ਨਾ ਰੱਖਣ ਵਾਲੇ ਦਾਨਿਸ਼ਵਰ, ਜਿਨ੍ਹਾਂ ਨੇ ਮੁਖੌਟੇ ਨਹੀਂ ਲਗਾ ਰੱਖੇ ਸਨ, ਪੰਜ ਜਣੇ, ਰੀਡਿੰਗ ਰੂਮ ਵਿੱਚ ਵੱਡੀ ਸਾਰੀ ਮੇਜ਼ ਦੇ ਦੁਆਲੇ ਬੈਠੇ ਆਪਣੇ ਨੱਕ ਅਤੇ ਦਾੜ੍ਹੀਆਂ ਨੂੰ ਅਖਬਾਰਾਂ ਦੇ ਵਰਕਿਆਂ ਵਿੱਚ ਘਸੋੜੀ ਪੜ੍ਹ ਰਹੇ ਸਨ, ਊਂਘ ਰਹੇ ਸਨ ਅਤੇ ਮਾਸਕੋ ਅਤੇ ਪੀਟਰਸਬਰਗ ਦੇ ਅਖ਼ਬਾਰਾਂ ਦੇ ਸਥਾਨਿਕ ਪੱਤਰਕਾਰਾਂ ਦੇ ਲਫ਼ਜ਼ਾਂ ਵਿੱਚ ਨਿਹਾਇਤ ਹੀ ਆਜ਼ਾਦ ਖਿਆਲੀ ਵਿੱਚ ਮਗਨ ਸਨ।

ਹਾਲ ਕਮਰੇ ਵਲੋਂ ਚਾਰ ਚਾਰ ਜੋੜਿਆਂ ਦੇ ਇਕ ਵਕਤ ਨਾਚ ਵਾਲੇ ਸੰਗੀਤ ਦੀਆਂ ਲਹਿਰਾਂ ਅੰਦਰ ਆ ਰਹੀਆਂ ਸਨ। ਦਰਵਾਜੇ ਦੇ ਸਾਹਮਣੇ ਤੋਂ ਵੇਟਰ ਪਲੇਟਾਂ ਖੜਖੜਾਉਂਦੇ ਹੋਏ ਵਾਰ ਵਾਰ ਤੇਜ਼ੀ ਨਾਲ ਲੰਘ ਰਹੇ ਸਨ। ਲੇਕਿਨ ਰੀਡਿੰਗ ਰੂਮ ਦੇ ਅੰਦਰ ਗਹਿਰੀ ਖ਼ਾਮੋਸ਼ੀ ਛਾਈ ਹੋਈ ਸੀ।

ਇੱਕ ਹੌਲੀ, ਦੱਬੀ ਦੱਬੀ ਜਿਹੀ ਆਵਾਜ਼ ਨੇ, ਜੋ ਸਟੋਵ ਵਿੱਚੋਂ ਨਿਕਲਦੀ ਹੋਈ ਲੱਗਦੀ ਸੀ ਇਸ ਖ਼ਾਮੋਸ਼ੀ ਨੂੰ ਤੋੜ ਦਿੱਤਾ।

“ਮੇਰਾ ਖਿਆਲ ਹੈ ਕਿ ਇਹ ਜਗ੍ਹਾ ਸਾਨੂੰ ਜ਼ਿਆਦਾ ਚੰਗਾ ਰਹੇਗੀ ਆਓ ਇੱਥੇ ਆਓ ਸਾਰੇ ਜਣੇ!”

ਦਰਵਾਜਾ ਖੁੱਲ੍ਹਿਆ ਅਤੇ ਮੋਰ ਦੇ ਖੰਭਾਂ ਨਾਲ ਜੜੇ ਹੈਟ ਅਤੇ ਕੋਚਵਾਨ ਦੀ ਵਰਦੀ ਵਿੱਚ ਚੌੜੇ ਮੋਢਿਆਂ ਅਤੇ ਗਠੇ ਹੋਏ ਜਿਸਮ ਵਾਲਾ ਇੱਕ ਆਦਮੀ, ਜਿਸਨੇ ਮੁਖੌਟਾ ਪਹਿਨ ਰੱਖਿਆ ਸੀ, ਰੀਡਿੰਗ ਰੂਮ ਵਿੱਚ ਦਾਖਿਲ ਹੋਇਆ। ਮੁਖੌਟਾਧਾਰੀ ਦੋ ਔਰਤਾਂ ਅਤੇ ਟਰੇ ਸੰਭਾਲੀਂ ਇੱਕ ਵੇਟਰ ਉਸ ਦੇ ਪਿੱਛੇ ਪਿੱਛੇ ਅੰਦਰ ਆਏ। ਟਰੇ ਵਿੱਚ ਇੱਕ ਛੋਟੀ ਲੇਕਿਨ ਕਾਫ਼ੀ ਮੋਟੀ ਢਿੱਡਲ ਜਿਹੀ ਬੋਤਲ ਤੇਜ਼ ਸ਼ਰਾਬ ਦੀ, ਤਿੰਨ ਬੋਤਲਾਂ ਸੁਰਖ਼ ਹਲਕੀ ਸ਼ਰਾਬ ਦੀਆਂ ਅਤੇ ਕਈ ਗਲਾਸ ਰੱਖੇ ਹੋਏ ਸਨ।

“ਹਾਂ, ਇੱਥੇ ਜਰਾ ਠੰਢਕ ਰਹੇਗੀ,” ਆਦਮੀ ਨੇ ਕਿਹਾ। “ਟਰੇ ਨੂੰ ਮੇਜ਼ ਉੱਤੇ ਰੱਖ ਦੇ …ਤੂੰ ਕੁੜੀਏ, ਬੈਠ ਜਾ ਮੇਰੇ ਕੋਲ ਮਿਹਰਬਾਨੀ ਕਰਕੇ ਅਤੇ ਤੁਸੀਂ ਭਲਿਓ ਲੋਕੋ, ਜਗ੍ਹਾ ਖ਼ਾਲੀ ਕਰੋ …ਐਥੇ ਕੁਛ ਨਹੀਂ ਰੱਖਿਆ!”

ਉਹ ਕੁੱਝ ਲੜਖੜਾਇਆ ਅਤੇ ਹੱਥ ਮਾਰ ਕੇ ਮੇਜ਼ ਤੇ ਪਏ ਕਈ ਰਸਾਲੇ ਹੇਠਾਂ ਵਗਾਹ ਮਾਰੇ।

“ਇੱਥੇ ਉੱਪਰ ਰੱਖ ਦੇ। ਅਤੇ ਤੁਸੀਂ ਪੜ੍ਹਨ ਦੇ ਸ਼ੌਕੀਨ ਸਾਹਿਬਾਨੋ, ਇੱਥੋਂ ਚਲਦੇ ਫਿਰਦੇ ਨਜ਼ਰ ਆਓ। ਇਹ ਅਖ਼ਬਾਰ-ਪੜ੍ਹਨ ਅਤੇ ਸਿਆਸਤ ਲੜਾਉਣ ਦਾ ਵਕ਼ਤ ਥੋੜ੍ਹੀ ਹੈ… ਸੁੱਟੋ ਵੀ ਇਨ੍ਹਾਂ ਨੂੰ!”

“ਮੈਂ ਤੁਹਾਨੂੰ ਚੁੱਪ ਰਹਿਣ ਲਈ ਕਹਾਂਗਾ,” ਦਾਨਿਸ਼ਵਰਾਂ ਵਿੱਚੋਂ ਇੱਕ ਨੇ ਆਪਣੀ ਐਨਕ ਦੇ ਜ਼ਰੀਏ ਮੁਖੌਟੇ ਵਾਲੇ ਆਦਮੀ ਦਾ ਜਾਇਜ਼ਾ ਲੈਂਦੇ ਹੋਏ ਕਿਹਾ। “ਇਹ ਰੀਡਿੰਗ ਰੂਮ ਹੈ, ਅਹਾਤਾ ਨਹੀਂ …ਇਹ ਦਾਰੂ ਪੀਣ ਦੀ ਜਗ੍ਹਾ ਨਹੀਂ ਹੈ।”

“ਕਿਉਂ ਨਹੀਂ ਹੈ? ਕੀ ਇਹ ਮੇਜ਼ ਮਜ਼ਬੂਤ ਨਹੀਂ ਹੈ ਜਾਂ ਇਹ ਕਿ ਸਾਡੇ ਉੱਤੇ ਛੱਤ ਢਹਿ ਪਵੇਗੀ? ਅਜੀਬ ਗੱਲ ਹੈ ਖੈਰ…ਮੇਰੇ ਕੋਲ ਬਹਿਸ ਕਰਨ ਦਾ ਵਕ਼ਤ ਨਹੀਂ। ਅਖਬਾਰ ਰੱਖ ਦਿਓ …ਰੱਜ ਕੇ ਪੜ੍ਹ ਚੁੱਕੇ ਹੋ ਅਤੇ ਤੁਸੀਂ ਲੋਕਾਂ ਨੂੰ ਏਨੇ ਤੇ ਹੀ ਸਬਰ ਕਰਨਾ ਹੋਵੋਗਾ। ਉਂਜ ਵੀ ਤੁਹਾਡੀ ਸਾਹਿਬ  ਲੋਕਾਂ ਦੀ ਕਾਬਲੀਅਤ ਦੀ ਕੋਈ ਥਾਹ ਨਹੀਂ, ਜ਼ਿਆਦਾ ਪੜ੍ਹ ਕੇ ਅੱਖਾਂ ਵੀ ਚੌਪਟ ਕਰ ਲਵੋਗੇ ਅਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਮੈਂ ਇਸ ਸਭ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਇਹ ਹੈ ਸਾਰਾ ਕ਼ਿੱਸਾ।”

ਵੇਟਰ ਨੇ ਟਰੇ ਮੇਜ਼ ਉੱਤੇ ਰੱਖ ਦਿੱਤੀ ਅਤੇ ਬਾਂਹ ਤੇ ਨੈਪਕਿਨ ਰੱਖ ਦਰਵਾਜੇ ਦੇ ਕੋਲ ਖੜਾ ਹੋ ਗਿਆ। ਨੌਜਵਾਨ ਔਰਤਾਂ ਫ਼ੌਰਨ ਸੁਰਖ਼ ਸ਼ਰਾਬ ਉੱਤੇ ਟੁੱਟ ਪਈਆਂ।

“ਸੋਚਣ ਦੀ ਗੱਲ ਹੈ, ਅਜਿਹੇ ਵੀ ਕਾਬਲ ਲੋਕ ਮਿਲਦੇ ਹਨ ਜੋ ਅਖਬਾਰਾਂ ਨੂੰ ਇਸ ਕਿਸਮ ਦੀਆਂ ਸ਼ਰਾਬਾਂ ਨਾਲੋਂ ਤਰਜੀਹ ਦਿੰਦੇ ਹਨ।” ਮੋਰ ਦੇ ਖੰਭਾਂ ਵਾਲੇ ਆਦਮੀ ਨੇ ਆਪਣੇ ਲਈ ਗਲਾਸ ਵਿੱਚ ਤੇਜ਼ ਸ਼ਰਾਬ ਪਾਉਂਦੇ ਹੋਏ ਕਿਹਾ, “ਮੈਨੂੰ ਭਰੋਸਾ ਹੈ, ਮਾਣਯੋਗ ਮਿੱਤਰੋ ਕਿ ਤੁਹਾਨੂੰ ਅਖ਼ਬਾਰਾਂ ਨਾਲ ਇਹ ਜੋ ਇਸ਼ਕ ਹੈ ਨਾ, ਇਸ ਦਾ ਕਾਰਨ ਇਹ ਹੈ ਕਿ ਪੀਣ ਲਈ ਤੁਹਾਡੀ ਜੇਬ ਵਿੱਚ ਪੈਸੇ ਨਹੀਂ। ਠੀਕ ਕਹਿ ਰਿਹਾ ਹਾਂ ਨਾ? ਹਾ… ਹਾ ਜਰਾ ਉਨ੍ਹਾਂ ਲੋਕਾਂ ਨੂੰ ਪੜ੍ਹਦੇ ਹੋਏ ਤਾਂ ਵੇਖੋ! …ਅਤੇ ਤੁਹਾਡੇ ਇਨ੍ਹਾਂ ਅਖ਼ਬਾਰਾਂ ਵਿੱਚ ਭਲਾ ਲਿਖਿਆ ਕੀ ਹੈ? ਓਏ ਐਨਕੂ, ਮੈਂ ਤੈਨੂੰ ਮੁਖ਼ਾਤਬ ਹਾਂ। ਸਾਨੂੰ ਵੀ ਕੁੱਝ ਦੱਸ ਨਾ। ਹੁਣ ਖ਼ਤਮ ਵੀ ਕਰੋ ਇਹ ਸਿਲਸਿਲਾ। ਇਹ ਝੂਠ-ਮੂਠ ਦੀ ਸ਼ਾਨ ਕਿਸੇ ਹੋਰ ਨੂੰ ਦਿਖਾਉਣਾ। ਲਓ, ਇਸ ਨਾਲੋਂ ਤਾਂ ਬਿਹਤਰ ਹੈ ਕਿ ਜਾਮ ਉੱਠਾਓ!”

ਇਹ ਕਹਿ ਕੇ ਮੋਰ ਦੇ ਖੰਭਾਂ ਵਾਲੇ ਨੇ ਐਨਕ ਵਾਲੇ ਦਾਨਿਸ਼ਵਰ ਦੇ ਹੱਥਾਂ `ਚੋਂ ਅਖ਼ਬਾਰ ਖੋਹ ਲਿਆ। ਮਗਰ ਵਾਲੇ ਦੇ ਚਿਹਰੇ ਉੱਤੇ ਲਾਲੀ ਅਤੇ ਫਿਰ ਪੀਲੱਤਣ ਛਾ ਗਈ ਅਤੇ ਉਸਨੇ ਸਖ਼ਤ ਹੈਰਤ ਨਾਲ ਦੂਜੇ ਦਾਨਿਸ਼ਵਰਾਂ ਦੀ ਤਰਫ਼ ਵੇਖਿਆ ਜੋ ਅੱਗੋਂ ਉਸ ਦੀ ਤਰਫ਼ ਦੇਖਣ ਲੱਗੇ।

“ਤੁਸੀਂ ਆਪੇ ਤੋਂ ਬਾਹਰ ਹੁੰਦੇ ਜਾ ਰਹੇ ਹੋ, ਜਨਾਬ,” ਉਹ ਚੀਖ਼ ਉੱਠਿਆ। ਤੁਸੀਂ ਰੀਡਿੰਗ ਰੂਮ ਨੂੰ ਘਟੀਆ ਸ਼ਰਾਬ-ਖ਼ਾਨੇ ਵਿੱਚ ਤਬਦੀਲ ਕਰ ਰਹੇ ਹੋ। ਤੁਸੀਂ ਹੁੱਲੜ ਹੰਗਾਮੇ ਨੂੰ, ਲੋਕਾਂ ਦੇ ਹੱਥਾਂ ਵਿੱਚੋਂ ਅਖਬਾਰਾਂ ਖੋਹ ਲੈਣ ਨੂੰ ਸਭਿਅਕ ਹਰਕਤ ਸਮਝ ਰਹੇ ਹੋ। ਮੈਂ ਇਸਨੂੰ ਬਰਦਾਸ਼ਤ ਨਹੀਂ ਕਰ ਸਕਦਾ। ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਿਸ ਨੂੰ ਮੁਖ਼ਾਤਬ ਹੋ, ਜਨਾਬ, ਮੈਂ ਬੈਂਕ ਮੈਨੇਜਰ ਹਾਂ! ਜ਼ੇਸਤੀਆਕੋਵ ….”

“ਮੈਨੂੰ ਖ਼ਾਕ ਵੀ ਪਰਵਾਹ ਨਹੀਂ ਕਿ ਤੂੰ ਜ਼ੇਸਤੀਆਕੋਵ ਹੈਂ ਅਤੇ ਜਿੱਥੇ ਤੱਕ ਤੁਹਾਡੇ ਅਖਬਾਰਾਂ ਦਾ ਸੰਬੰਧ ਹੈ ਉਨ੍ਹਾਂ ਦੀ ਮੇਰੀ ਨਜ਼ਰ ਵਿੱਚ ਕਿੰਨੀ ਵੁੱਕਤ ਹੈ ਇਸ ਦਾ ਅੰਦਾਜ਼ਾ ਤੁਹਾਨੂੰ ਇਸ ਤੋਂ ਹੋ ਜਾਵੇਗਾ,” ਇਹ ਕਹਿ ਕੇ ਉਸਨੇ ਅਖ਼ਬਾਰ ਦੇ ਟੁਕੜੇ ਟੁਕੜੇ ਕਰ ਦਿੱਤਾ।

“ਆਖ਼ਰ ਇਸ ਸਭ ਦਾ ਮਤਲਬ ਕੀ ਹੈ, ਸ਼ਰੀਫ ਲੋਕੋ?” ਜ਼ੇਸਤੀਆਕੋਵ ਤੀਖਣ ਗੁੱਸੇ ਨਾਲ ਤਕਰੀਬਨ ਬਦਹਵਾਸ ਹੋ ਕੇ ਬੜਬੜਾਇਆ। ”ਇਹ ਬੇਹੱਦ ਅਜੀਬ ਗੱਲ ਹੈ, ਇਹ …ਇਹ ਤਾਂ ਹੱਦ ਹੀ ਹੋ ਗਈ ਹੈ! … ”

ਉਸ ਨੂੰ ਗੁੱਸਾ ਆ ਗਿਆ! ਉਹ ਸ਼ਖ਼ਸ ਹਸ ਪਿਆ। “ਹਾਏ ਹਾਏ, ਖੌਫ ਨਾਲ ਮੇਰੀ ਜਾਨ ਹੀ ਤਾਂ ਨਿਕਲ ਗਈ। ਵੇਖੋ ਨਾ, ਮੇਰੇ ਗੋਡੇ ਕਿਵੇਂ ਥਰਥਰ ਕੰਬ ਰਹੇ ਹਨ। ਖੈਰ, ਮਾਣਯੋਗ ਮਿੱਤਰੋ, ਜਰਾ ਮੇਰੀ ਗੱਲ ਸੁਣੋ। ਮੇਰਾ ਤੁਹਾਡੇ ਨਾਲ ਗੱਲਾਂ ਕਰਨ ਨੂੰ ਬਿਲਕੁਲ ਜੀ ਨਹੀਂ ਕਰ ਰਿਹਾ…ਮੈਂ ਇਨ੍ਹਾਂ ਕੁੜੀਆਂ ਦੇ ਨਾਲ ਇਕੱਲਾ ਰਹਿਣਾ ਚਾਹੁੰਦਾ ਹਾਂ, ਲੁਤਫ ਲੈਣਾ ਚਾਹੁੰਦਾ ਹਾਂ। ਇਸਲਈ ਮਿਹਰਬਾਨੀ ਕਰਕੇ ਕੋਈ ਬਖੇੜਾ ਨਾ ਖੜਾ ਕਰੋ, ਸ਼ਰਾਫਤ ਨਾਲ ਚਲੇ ਜਾਓ … ਔਹ ਰਿਹਾ ਦਰਵਾਜਾ। ਓਏ ਬੇਲੇਬੋਖ਼ੀਨ ਬਾਹਰ ਨਿਕਲ ਜਾ! ਆਖਿਰ ਇਹ ਤਿਊੜੀਆਂ ਕਿਉਂ? ਮੈਂ ਕਹਿ ਰਿਹਾ ਹਾਂ ਕਿ ਜਾਓ ਤਾਂ ਚਲੇ ਜਾਓ! ਤੇਜ਼ੀ ਨਾਲ ਖਿਸਕ ਲਓ ਵਰਨਾ ਉਠਾ ਕੇ ਬਾਹਰ ਸੁੱਟ ਦਿੱਤੇ ਜਾਉਗੇ!”

“ਕੀ ਕਿਹਾ?” ਯਤੀਮਾਂ ਦੀ ਅਦਾਲਤ ਦੇ ਖ਼ਜ਼ਾਨਚੀ ਬੇਲੇਬੋਖ਼ੀਨ ਨੇ ਜਿਸਦਾ ਚਿਹਰਾ ਤਮਤਮਾ ਉਠਿਆ ਸੀ, ਮੋਢੇ ਉਚਕਾਉਂਦੇ ਹੋਏ ਪੁੱਛਿਆ। ”ਮੈਂਨੂੰ ਸਮਝ ਨਹੀਂ ਆ ਰਹੀ। ਇੱਕ ਬਦਤਮੀਜ਼ ਸ਼ਖਸ ਕਮਰੇ ਵਿੱਚ ਵੜ ਆਉਂਦਾ ਹੈ ਅਤੇ ਅਚਾਨਕ ਜੋ ਉਸ ਦੇ ਮੂੰਹ ਵਿੱਚ ਆਉਂਦਾ ਹੈ, ਬਕਣਾ ਸ਼ੁਰੂ ਕਰ ਦਿੰਦਾ ਹੈ।”

“ਕੀ ਕਿਹਾ ਤੂੰ, ਬਦਤਮੀਜ਼ ਸ਼ਖਸ?” ਮੋਰ ਦੇ ਖੰਭਾਂ ਵਾਲਾ ਆਦਮੀ ਅੱਗ ਬਬੂਲਾ ਹੋ ਕੇ ਕੂਕਿਆ ਅਤੇ ਉਸਨੇ ਮੇਜ਼ ਉੱਤੇ ਇੰਨੇ ਜ਼ੋਰ ਨਾਲ ਮੁੱਕਾ ਮਾਰਿਆ ਕਿ ਟਰੇ ਵਿੱਚ ਰੱਖੇ ਹੋਏ ਗਲਾਸ ਉਛਲ ਪਏ। “ਕੁੱਝ ਖ਼ਬਰ ਹੈ ਕਿ ਤੂੰ ਕਿਸ ਨਾਲ ਗੱਲ ਕਰ ਰਿਹਾ ਹੈਂ? ਸਮਝਦਾ ਹੈਂ ਕਿ ਮਹਿਜ਼ ਇਸ ਕਰਕੇ ਕਿ ਮੈਂ ਮੁਖੌਟਾ ਲਗਾ ਰੱਖਿਆ ਹੈ, ਤੂੰ ਮੈਨੂੰ ਜੋ ਕੁੱਝ ਵੀ ਚਾਹੋ ਕਹਿ ਸਕਦਾ ਹੈਂ? ਕਿੰਨਾ ਤੇਜ਼ ਤਰਾਰ ਹੈਂ ਤੂੰ ਵੀ! ਮੈਂ ਤੈਨੂੰ ਕਹਿ ਰਿਹਾ ਹਾਂ ਤਾਂ ਇਸ ਦਾ ਮਤਲਬ ਹੈ ਕਿ ਬਾਹਰ ਨਿਕਲ ਜਾਓ! ਤੇ ਇਹ ਜੋ ਬੈਂਕ ਮੈਨੇਜਰ ਹੈ ਨਾ ਇਹ ਵੀ ਦਫ਼ਾ ਹੋ ਜਾਵੇ। ਤੁਸੀਂ ਸਭ ਦੇ ਸਭ ਬਾਹਰ ਨਿਕਲ ਜਾਓ। ਮੈਂ ਨਹੀਂ ਚਾਹੁੰਦਾ ਕਿ ਇੱਕ ਵੀ ਬਦਮਾਸ਼ ਕਮਰੇ ਵਿੱਚ ਬਾਕ਼ੀ ਰਹਿ ਜਾਵੇ ਜਾਵੇ, ਦਫ਼ਾ ਹੋ ਜਾਓ!”

“ਉਹ ਤਾਂ ਅਸੀ ਹੁਣੇ ਵੇਖਾਂਗੇ” ਜ਼ੇਸਤੀਆਕੋਵ ਨੇ ਕਿਹਾ ਜਿਸਦੀ ਐਨਕ ਤੋਂ ਲੱਗਦਾ ਸੀ ਕਿ ਬੇਚੈਨੀ ਨਾਲ ਮੁੜ੍ਹਕਾ ਮੁੜ੍ਹਕਾ ਹੋਈ ਜਾ ਰਿਹਾ ਹੈ। ਮੈਂ ਤੁਹਾਨੂੰ ਮਜ਼ਾ ਚਖਾ ਦੇਵਾਂਗਾ। ਓਏ ਸੁਣ, ਜਰਾ ਮੁਖੀ ਸਾਰਜੈਂਟ ਨੂੰ ਤਾਂ ਬੁਲਾਉਣਾ!”

ਕੁਝ ਹੀ ਪਲਾਂ ਵਿੱਚ ਸੁਰਖ਼ ਵਾਲਾਂ ਵਾਲਾ ਇੱਕ ਮਧਰੇ ਕੱਦ ਦਾ ਸਾਰਜੈਂਟ ਜਿਸਦੇ ਕੋਟ ਦੇ ਗਲਾਮੇਂ ਦੀ ਗੋਟ ਉੱਤੇ ਨੀਲੇ ਰਿਬਨ ਦਾ ਇੱਕ ਟੁਕੜਾ ਲੱਗਿਆ ਹੋਇਆ ਸੀ, ਨੱਚਦੇ ਨੱਚਦੇ ਥੱਕ ਜਾਣ ਨਾਲ ਹਫ਼ਦਾ ਹੋਇਆ ਰੀਡਿੰਗ ਰੂਮ ਵਿੱਚ ਦਾਖਿਲ ਹੋਇਆ।

“ਕਿਰਪਾ ਕਰਕੇ, ਇਸ ਕਮਰੇ ਵਿੱਚੋਂ ਚਲੇ ਜਾਓ,” ਉਸਨੇ ਕਹਿਣਾ ਸ਼ੁਰੂ ਕੀਤਾ। “ਇਹ ਪੀਣ ਦੀ ਜਗ੍ਹਾ ਨਹੀਂ ਹੈ। ਕਿਰਪਾ ਕਰਕੇ ਮੈੱਸ ਵਿੱਚ ਚਲੇ ਜਾਓ।”

“ਤੇ ਇਹ ਤੂੰ ਕਿੱਥੋਂ ਆ ਟਪਕਿਆ?” ਮੁਖੌਟੇ ਵਾਲੇ ਨੇ ਪੁੱਛਿਆ। ਮੈਂ ਤਾਂ ਤੈਨੂੰ ਨਹੀਂ ਬੁਲਾਇਆ ਸੀ। ਬੁਲਾਇਆ ਸੀ ਕੀ?

“ਕਿਰਪਾ ਕਰਕੇ ਬਦਤਮੀਜ਼ੀ ਨਾ ਕਰੋ ਅਤੇ ਇੱਥੋਂ ਚਲੇ ਜਾਓ।”

“ਤਾਂ ਸੁਣ ਭਲੇ ਆਦਮੀ …ਮੈਂ ਤੈਨੂੰ ਸਿਰਫ ਇੱਕ ਮਿੰਟ ਦਾ ਵਕ਼ਤ ਦੇ ਰਿਹਾ ਹਾਂ …ਤੂੰ ਮੁੱਖ ਸਾਰਜੈਂਟ ਹੈਂ, ਇੱਥੇ ਚੰਗੀ ਖ਼ਾਸੀ ਅਹਮੀਅਤ ਰੱਖਦਾ ਹੈਂ। ਇਸ ਲਈ ਇਨ੍ਹਾਂ ਮਸਖ਼ਰਿਆਂ ਨੂੰ ਕੱਢ ਬਾਹਰ ਕਰ। ਇਹ ਮੇਰੇ ਨਾਲ ਜੋ ਸੰਗਣੀਆਂ ਹਨ ਨਾ ਇਨ੍ਹਾਂ ਨੂੰ ਐਰਿਆਂ ਗੈਰਿਆਂ ਦੀ ਹਾਜ਼ਰੀ ਬਹੁਤ ਰੜਕਦੀ ਹੈ …ਬੇਚਾਰੀਆਂ ਬਹੁਤ ਸ਼ਰਮੀਲੀਆਂ ਹਨ ਅਤੇ ਮੈਨੂੰ ਓਨਾ ਹਾਸਲ ਕਰਨ ਦੀ ਪਈ ਹੈ ਜਿੰਨਾ ਉਨ੍ਹਾਂ ਤੇ ਖ਼ਰਚ ਕੀਤਾ ਹੈ, ਇਨ੍ਹਾਂ ਨੂੰ ਮੈਂ ਇਨ੍ਹਾਂ ਦੀ ਪੈਦਾਇਸ਼ੀ ਹਾਲਤ ਵਿੱਚ ਵੇਖਣਾ ਚਾਹੁੰਦਾ ਹਾਂ।”

“ਲੱਗਦਾ ਹੈ ਇਹ ਉਜੱਡ ਇੰਨਾ ਵੀ ਨਹੀਂ ਸਮਝ ਪਾ ਰਿਹਾ ਹੈ ਕਿ ਉਹ ਕਿਸੇ ਅਹਾਤੇ ਵਿੱਚ ਨਹੀਂ ਹੈ,” ਜ਼ੇਸਤੀਆਕੋਵ ਗੁੱਸੇ ਨਾਲ ਚੀਖ਼ ਕੇ ਬੋਲਿਆ, ”ਯੇਵਸਰਾਤ ਸਪਿਰੀਦੋਨਿਚ ਨੂੰ ਸੱਦੋ!”

“ਯੇਵਸਰਾਤ ਸਪਿਰੀਦੋਨਿਚ!” ਸਾਰੇ ਕਲਬ ਵਿੱਚ ਆਵਾਜਾਂ ਗੂੰਜ ਉਠੀਆਂ।

“ਯੇਵਸਰਾਤ ਸਪਿਰੀਦੋਨਿਚ ਕਿੱਥੇ ਹੈ?” ਪੁਲਿਸ ਯੂਨੀਫਾਰਮ ਵਿੱਚ ਫੱਬੇ ਬੁਢੇ ਯੇਵਸਰਾਤ ਸਪਿਰੀਦੋਨਿਚ ਨੇ ਉੱਥੇ ਪੁੱਜਣ ਵਿੱਚ ਦੇਰੀ ਨਹੀਂ ਕੀਤੀ।

“ਕਿਰਪਾ ਕਰਕੇ ਇਸ ਕਮਰੇ ਵਿੱਚੋਂ ਚਲੇ ਜਾਓ,” ਉਸਨੇ ਤੁਰਸ਼ ਲਹਿਜੇ ਵਿੱਚ ਕਿਹਾ। ਉਸ ਦੀਆਂ ਵੱਡੀਆਂ ਵੱਡੀਆਂ ਡਰਾਉਣੀਆਂ ਅੱਖਾਂ ਬਾਹਰ ਆ ਰਹੀਆਂ ਸਨ ਅਤੇ ਖ਼ਿਜ਼ਾਬ ਲੱਗੀਆਂ ਮੁੱਛਾਂ ਦੀਆਂ ਨੋਕਾਂ ਫਰਕ ਰਹੀਆਂ ਸਨ।

“ਓਏ ਤੂੰ ਤਾਂ ਮੈਨੂੰ ਡਰਾ ਦਿੱਤਾ!” ਇਸ ਆਦਮੀ ਨੇ ਖੁਸ਼ੀ ਨਾਲ ਹੱਸਦੇ ਹੋਏ ਕਿਹਾ। “ਖ਼ੁਦਾ ਦੀ ਕਸਮ ਤੂੰ ਮੈਨੂੰ ਬੁਰੀ ਤਰ੍ਹਾਂ ਡਰਾ ਦਿੱਤਾ। ਕਿਹੋ ਜਿਹੀ ਹਾਸੋਹੀਣੀ ਸੂਰਤ ਹੈ, ਰੱਬ ਮੈਨੂੰ ਚੁੱਕ ਲਵੇ! ਬਿੱਲੇ ਵਰਗੀਆਂ ਮੁੱਛਾਂ, ਅੱਖਾਂ ਹਨ ਕਿ ਬਾਹਰ ਡਿਗੂੰ ਡਿਗੂੰ ਕਰ ਰਹੀਆਂ ਹਨ …ਹਾਅ… ਹਾਅ… ਹਾ!”

“ਬਹਿਸ ਕਰਨ ਦੀ ਜ਼ਰੂਰਤ ਨਹੀਂ! ”ਯੇਵਸਰਾਤ ਸਪਿਰੀਦੋਨਿਚ ਗੁੱਸੇ ਦੀ ਸ਼ਿੱਦਤ ਨਾਲ ਕੰਬਦੇ ਹੋਏ ਦਹਾੜਿਆ। ਚਲੇ ਜਾ ਵਰਨਾ ਧੱਕੇ ਦੇ ਕੇ ਬਾਹਰ ਕੱਢ ਦਿੱਤਾ ਜਾਊਗਾ!”

ਰੀਡਿੰਗ ਰੂਮ ਵਿੱਚ ਭਿਅੰਕਰ ਰੌਲਾ ਗੂੰਜ ਉੱਠਿਆ। ਯੇਵਸਰਾਤ ਸਪਿਰੀਦੋਨਿਚ ਆਪਣੇ ਲਾਲ ਭਬੂਕਾ ਚਿਹਰੇ ਦੇ ਨਾਲ ਚੀਖ਼ ਚੀਖ਼ ਕੇ ਜ਼ਮੀਨ ਉੱਤੇ ਪੈਰ ਪਟਕ ਰਿਹਾ ਸੀ। ਜ਼ੇਸਤੀਆਕੋਵ ਚਿਲਾ ਰਿਹਾ ਸੀ। ਬੇਲੇਬੋਖ਼ੀਨ ਚਿਲਾ ਰਿਹਾ ਸੀ। ਸਾਰੇ ਦਾਨਿਸ਼ਵਰ ਚੀਖ਼ ਚਿਲਾ ਰਹੇ ਸਨ ਲੇਕਿਨ ਇਨ੍ਹਾਂ ਸਭ ਦੀਆਂ ਆਵਾਜਾਂ ਮਖੌਟੇ ਵਾਲੇ ਦੀ ਦੱਬੀ ਦੱਬੀ, ਹਲਕ ਵਿੱਚੋਂ ਨਿਕਲਦੀ ਹੋਈ ਗਹਿਰੀ ਆਵਾਜ ਵਿੱਚ ਡੁੱਬੀਆਂ ਜਾ ਰਹੀਆਂ ਸਨ। ਇਸ ਆਮ ਅਫਰਾਤਫਰੀ ਦੇ ਮਾਹੌਲ ਵਿੱਚ ਨਾਚ ਬੰਦ ਹੋ ਗਿਆ ਅਤੇ ਮਹਿਮਾਨ ਬਾਲ ਰੁਮ ਤੋਂ ਨਿਕਲ ਦੇ ਰੀਡਿੰਗ ਰੂਮ ਵਿੱਚ ਆ ਗਏ।

ਯੇਵਸਰਾਤ ਸਪਿਰੀਦੋਨਿਚ ਨੇ ਜਰਾ ਰੋਹਬ ਜਮਾਉਣ ਲਈ ਕਲਬ ਵਿੱਚ ਇਸ ਵਕ਼ਤ ਮੌਜੂਦ ਦੂਜੇ ਪੁਲਿਸ ਵਾਲਿਆਂ ਨੂੰ ਵੀ ਉਥੇ ਹੀ ਬੁਲਾ ਲਿਆ ਅਤੇ ਖ਼ੁਦ ਰਿਪੋਰਟ ਲਿਖਣ ਲਈ ਬੈਠ ਗਿਆ।

“ਲਿੱਖੋ, ਜਰੂਰ ਲਿੱਖੋ!” ਮੁਖੌਟੇ ਵਾਲੇ ਨੇ ਆਪਣੀ ਉਂਗਲ ਕਲਮ ਦੇ ਹੇਠਾਂ ਰੱਖਦੇ ਹੋਏ ਕਿਹਾ। ਹੁਣ ਮੇਰਾ ਮਾੜੀ ਕਿਸਮਤ ਵਾਲੇ ਦਾ ਅੰਜਾਮ ਕੀ ਹੋਵੇਗਾ? ਹਾਏ ਹਾਏ, ਕੀ ਬਣੂ ਮੇਰਾ ਗਰੀਬ ਦਾ… ਤੁਸੀਂ ਇਸ ਬੇਸਹਾਰਾ ਯਤੀਮ ਨੂੰ ਬਰਬਾਦ ਕਰਨ ਉੱਤੇ ਕਿਉਂ ਤੁਲੇ ਹੋਏ ਹੋ? ਹਾਅ.. ਹਾ! ਚੰਗੀ ਗੱਲ ਹੈ, ਲਿਖੋ ਰਿਪੋਰਟ.. ਤਿਆਰ ਹੋ ਗਈ? ਸਭ ਨੇ ਦਸਤਖਤ ਕਰ ਦਿੱਤੇ? ਹੁਣ ਦੇਖੋ ਇਧਰ… ਇੱਕ, ਦੋ, ਤਿੰਨ!”

ਉਹ ਉਠ ਕੇ ਸਿੱਧਾ ਖੜਾ ਹੋਇਆ ਅਤੇ ਆਪਣੇ ਮਖੌਟੇ ਨੂੰ ਪਾੜ ਕੇ ਵਗਾਹ ਮਾਰਿਆ। ਉਸਨੇ ਆਪਣੇ ਨਸ਼ੇ ਵਿੱਚ ਧੁਤ ਚਿਹਰੇ ਨੂੰ ਬੇ – ਨਕਾਬ ਕਰਨ ਅਤੇ ਇਸ ਤਰ੍ਹਾਂ ਪੈਦਾ ਹੋਣ ਵਾਲੇ ਅਸਰ ਦਾ ਮਜ਼ਾ ਲੈਣ ਲਈ ਲੋਕਾਂ ਦੇ ਚੇਹਰਿਆਂ ਉੱਤੇ ਨਜਰਾਂ ਦੌੜਾਈਆਂ ਅਤੇ ਫਿਰ ਆਪਣੀ ਕੁਰਸੀ ਉੱਤੇ ਤਕਰੀਬਨ ਡਿੱਗਦੇ ਹੋਏ ਜੋਰਦਾਰ ਕਹਿਕਹਾ ਛੱਡਿਆ ਅਤੇ ਅਸਰ ਸਚੀਂ ਦੇਖਣ ਲਾਇਕ ਸੀ। ਦਾਨਿਸ਼ਵਰਾਂ ਨੇ ਇੰਤਹਾ ਬਦਹਵਾਸੀ ਦੇ ਨਾਲ ਇੱਕ ਦੂਜੇ ਵੱਲ ਵੇਖਿਆ, ਉਨ੍ਹਾਂ ਦੇ ਚੇਹਰਿਆਂ ਤੇ ਹਵਾਈਆਂ ਉੱਡਣ ਲੱਗੀਆਂ ਅਤੇ ਉਨ੍ਹਾਂ ਵਿਚੋਂ ਕਈ ਆਪਣੇ ਸਿਰ ਖੁਰਕਦੇ ਨਜ਼ਰ ਆਏ। ਯੇਵਸਰਾਤ ਸਪਿਰੀਦੋਨਿਚ ਨੇ ਖੰਗਾਰ ਕੇ ਕਿਸੇ ਅਜਿਹੇ ਸ਼ਖਸ ਦੀ ਤਰ੍ਹਾਂ ਆਪਣਾ ਗਲ਼ਾ ਸਾਫ਼ ਕੀਤਾ ਜਿਸਦੇ ਨਾਲ ਅਨਜਾਣੇ ਵਿੱਚ ਕੋਈ ਨਿਹਾਇਤ ਹੀ ਭਿਆਨਕ ਗੱਲ ਵਾਪਰ ਹੋ ਗਈ ਹੋਵੇ।

ਇਸ ਸਾਰੇ ਹੰਗਾਮੇ ਵਿੱਚ, ਖ਼ਾਨਦਾਨੀ ਰਈਸ, ਮੁਕਾਮੀ ਕਰੋੜਪਤੀ ਅਤੇ ਉਦਯੋਗਪਤੀ ਪਿਆਤੀਗੋਰੋਵ ਨੂੰ ਸਾਰਿਆਂ ਨੇ ਪਛਾਣ ਲਿਆ ਸੀ…ਪਿਆਤੀਗੋਰੋਵ ਜੋ ਆਪਣੇ ਘੁਟਾਲਿਆਂ, ਇਨਸਾਨੀ ਹਮਦਰਦੀ ਅਤੇ ਜਿਵੇਂ ਕ‌ਿ ਮੁਕਾਮੀ ਅਖਬਾਰ ਮਸੈਂਜ਼ਰ ਨਿੱਤ ਢੰਡੋਰਾ ਪਿੱਟਦਾ ਸੀ, ਗਿਆਨ ਨਾਲ ਆਪਣੇ ਪ੍ਰੇਮ ਕਰਕੇ ਮਸ਼ਹੂਰ ਸੀ।

“ਅੱਛਾ ਤਾਂ ਹੁਣ ਤੁਸੀਂ ਲੋਕ ਜਾ ਰਹੇ ਹੋ ਕਿ ਨਹੀਂ?” ਪਿਆਤੀਗੋਰੋਵ ਨੇ ਪਲ ਭਰ ਦੀ ਖ਼ਾਮੋਸ਼ੀ ਦੇ ਬਾਅਦ ਪੁੱਛਿਆ।

ਦਾਨਿਸ਼ਵਰ ਮੂੰਹੋਂ ਇੱਕ ਲਫਜ ਵੀ ਕੱਢੇ ਬਿਨਾਂ ਪੰਜਿਆਂ ਦੇ ਭਾਰ ਚਲਦੇ ਹੋਏ ਰੀਡਿੰਗ ਰੂਮ ਵਿੱਚੋਂ ਨਿਕਲ ਗਏ ਅਤੇ ਪਿਆਤੀਗੋਰੋਵ ਨੇ ਦਰਵਾਜਾ ਅੰਦਰੋਂ ਬੰਦ ਕਰ ਲਿਆ।

“ਤੈਨੂੰ ਪਤਾ ਸੀ ਕਿ ਇਹ ਪਿਆਤੀਗੋਰੋਵ ਹਨ! ਕੁੱਝ ਦੇਰ ਦੇ ਬਾਅਦ ਯੇਵਸਰਾਤ ਸਪਿਰੀਦੋਨਿਚ ਨੇ ਰੀਡਿੰਗ ਰੂਮ ਵਿੱਚ ਸ਼ਰਾਬ ਲੈ ਜਾਣ ਵਾਲੇ ਵੇਟਰ ਦਾ ਮੋਢਾ ਫੜ ਕੇ ਉਸਨੂੰ ਝੰਜੋੜਦੇ ਹੋਏ ਦੱਬੀ ਦੱਬੀ ਤੁਰਸ਼ ਆਵਾਜ ਵਿੱਚ ਕਿਹਾ। “ਤੂੰ ਕੁੱਝ ਦੱਸਿਆ ਕਿਉਂ ਨਹੀਂ ਸੀ?”

“ਮੈਨੂੰ ਨਾ ਦੱਸਣ ਨੂੰ ਕਿਹਾ ਗਿਆ ਸੀ!”

“ਨਾ ਦੱਸਣ ਨੂੰ ਕਿਹਾ ਗਿਆ ਸੀ! …ਖੜ ਜਾ, ਬਦਮਾਸ਼, ਤੈਨੂੰ ਮਹੀਨੇ ਭਰ ਲਈ ਜੇਲ੍ਹ ਭੇਜ ਦੇਵਾਂਗਾ ਤੇ ਫਿਰ ਇਸ ‘ਨਾ ਦੱਸਣ ਨੂੰ ਕਿਹਾ ਗਿਆ ਸੀ’ ਦਾ ਮਤਲਬ ਤੇਰੀ ਸਮਝ ਵਿੱਚ ਆ ਜਾਵੇਗਾ। ਬਾਹਰ ਨਿਕਲ ਜਾ,  ਤੁਸੀਂ ਲੋਕਾਂ ਦਾ ਵੀ ਕੋਈ ਜਵਾਬ ਨਹੀਂ ਹੈ। ਸਾਹਿਬਾਨ,” ਉਸ ਨੇ ਦਾਨਿਸ਼ਵਰਾਂ ਵੱਲ ਮੁੜਦੇ ਹੋਏ ਆਪਣੀ ਗੱਲ ਜਾਰੀ ਰੱਖੀ। “ਖ਼ਾਹਮਖ਼ਾਹ ਹੰਗਾਮਾ ਖੜਾ ਕਰ ਦਿੱਤਾ। ਭਾਵ ਕਿ ਤੁਸੀਂ ਲੋਕ ਰੀਡਿੰਗ ਰੂਮ ਤੋਂ ਦਸ ਮਿੰਟ ਲਈ ਵੀ ਨਹੀਂ ਹਟ ਸਕਦੇ ਸੀ। ਇਹ ਗੜਬੜੀ ਤੁਹਾਡੀ ਪੈਦਾ ਕੀਤੀ ਹੋਈ ਹੈ ਅਤੇ ਇਸ ਤੋਂ ਖ਼ੁਦ ਹੀ ਜਾਨ ਛੁਡਾਓ। ਓ ਸਾਹਿਬਾਨ, ਸਾਹਿਬਾਨ …ਤੁਹਾਡੇ ਤੌਰ-ਤਰੀਕੇ ਮੈਨੂੰ ਫੁੱਟੀ ਅੱਖ ਵੀ ਨਹੀਂ ਭਾਉਂਦੇ, ਰੱਬ ਦੀ ਸਹੁੰ ਜਰਾ ਵੀ ਪਸੰਦ ਨਹੀਂ!”

ਦਾਨਿਸ਼ਵਰ ਉਦਾਸ, ਸੁਸਤ ਅਤੇ ਅਪਰਾਧੀ ਜਿਹੇ ਹੋ ਕੇ ਕਲੱਬ ਵਿੱਚ ਏਧਰ ਉੱਧਰ ਟਹਿਲਣ ਲੱਗੇ ਅਤੇ ਉਨ੍ਹਾਂ ਲੋਕਾਂ ਦੀ ਤਰ੍ਹਾਂ ਆਪਸ ਵਿੱਚ ਸਰਗੋਸ਼ੀਆਂ ਕਰਨ ਲੱਗੇ ਜਿਨ੍ਹਾਂ ਨੂੰ ਅਹਿਸਾਸ ਹੋਵੇ ਕਿ ਬਲਾ ਸਿਰ ਤੇ ਮੰਡਲਾ ਰਹੀ ਹੈ …ਉਨ੍ਹਾਂ ਦੀਆਂ ਬੀਵੀਆਂ ਅਤੇ ਬੇਟੀਆਂ ਇਹ ਸੁਣਕੇ ਕਿ ਪਿਆਤੀਗੋਰੋਵ ਦੀ ਤੌਹੀਨ ਕੀਤੀ ਗਈ ਹੈ ਅਤੇ ਉਹ ਬੁਰਾ ਮੰਨ ਗਿਆ ਹੈ, ਚੁੱਪ ਹੋ ਗਈਆਂ ਅਤੇ ਆਪਣੇ ਆਪਣੇ ਘਰਾਂ ਨੂੰ ਰਵਾਨਾ ਹੋਣ ਲੱਗੀਆਂ। ਨਾਚ ਰੁਕ ਗਿਆ।

ਦੋ ਵਜੇ ਰਾਤ ਨੂੰ ਪਿਆਤੀਗੋਰੋਵ ਰੀਡਿੰਗ ਰੂਮ ਵਿੱਚੋਂ ਨਸ਼ੇ ਵਿੱਚ ਝੂਮਦਾ, ਲੜਖੜਾਉਂਦਾ ਬਾਹਰ ਨਿਕਲਿਆ। ਬਾਲ ਰੂਮ ਵਿੱਚ ਪਹੁੰਚ ਕੇ ਉਹ ਬੈਂਡ ਦੇ ਕੋਲ ਬੈਠ ਗਿਆ, ਸੰਗੀਤ ਦੀ ਆਵਾਜ ਤੇ ਊਂਘਣ ਲੱਗਾ ਅਤੇ ਕੁੱਝ ਹੀ ਦੇਰ ਬਾਅਦ ਸਿਰ ਲਟਕਾ ਕੇ ਘੁਰਾੜੇ ਮਾਰਨ ਲੱਗਿਆ।

“ਬੰਦ ਕਰੋ, ਬੰਦ ਕਰੋ!” ਮੁੱਖ ਸਾਰਜੈਂਟ ਨੇ ਸੰਗੀਤਕਾਰਾਂ ਦੀ ਤਰਫ਼ ਹੱਥ ਲਹਿਰਾਉਂਦੇ ਹੋਏ ਕਿਹਾ। “ਖ਼ਾਮੋਸ਼ …. ਯੇਗੋਰ ਨਿਲਿਚ ਦੀ ਅੱਖ ਲੱਗ ਗਈ ਹੈ ….”

“ਯੇਗੋਰ ਨਿਲਿਚ, ਕੀ ਤੁਹਾਨੂੰ ਤੁਹਾਡਾ ਇਹ ਖ਼ਾਦਿਮ ਤੁਹਾਡੇ ਦੌਲਤਖ਼ਾਨੇ ਤੱਕ ਛੱਡ ਆਏ?” ਬੇਲੇਬੋਖ਼ੀਨ ਨੇ ਕਰੋੜਪਤੀ ਦੇ ਕੰਨ ਦੇ ਨੇੜੇ ਝੁਕ ਕੇ ਪੁਛਿਆ।

ਪਿਆਤੀਗੋਰੋਵ ਨੇ ਆਪਣੇ ਬੁੱਲ੍ਹ ਇਵੇਂ ਫਰਕਾਏ ਜਿਵੇਂ ਗੱਲ੍ਹ ਤੋਂ ਕਿਸੇ ਮੱਖੀ ਨੂੰ ਉਡਾਉਣ ਦੀ ਕੋਸ਼ਿਸ਼ ਕੇ ਰਿਹਾ ਹੋਵੇ।

“ਕੀ ਤੁਹਾਨੂੰ ਤੁਹਾਡਾ ਇਹ ਖ਼ਾਦਿਮ ਤੁਹਾਡੇ ਦੌਲਤਖ਼ਾਨੇ ਤੱਕ ਛੱਡ ਆਏ?” ਬੇਲੇਬੋਖ਼ੀਨ ਨੇ ਇੱਕ ਵਾਰ ਫਿਰ ਪੁੱਛਿਆ।

“ਕੀ ਮੈਂ ਨੌਕਰਾਂ ਨੂੰ ਤੁਹਾਡੀ ਬੱਘੀ ਲਿਆਉਣ ਲਈ ਕਹਿ ਦੇਵਾਂ?”

“ਹਾਵੋ ਕੀ? ਹਾਂ ਤਾਂ ਇਹ ਤੂੰ ਹੈਂ …ਕੀ ਗੱਲ ਹੈ?”

“ਤੁਹਾਨੂੰ ਘਰ ਪੰਹੁਚਾਉਣਾ ਚਾਹੁੰਦਾ ਹਾਂ …ਤੁਹਾਡੇ ਆਰਾਮ ਦਾ ਵਕ਼ਤ ਹੋ ਰਿਹਾ ਹੈ ਨਾ ….”

“ਘਰ.. ਹਾਂ, ਮੈਂ ਘਰ ਜਾਣਾ ਚਾਹੁੰਦਾ ਹਾਂ …ਮੈਨੂੰ ਘਰ ਲੈ ਚਲੋ!”

ਬੇਲੇਬੋਖ਼ੀਨ ਦਾ ਚਿਹਰਾ ਚਮਕ ਉਠਿਆ ਅਤੇ ਉਹ ਸਹਾਰਾ ਦੇਕੇ ਪਿਆਤੀਗੋਰੋਵ ਨੂੰ ਖੜਾ ਕਰਨ ਲੱਗਿਆ। ਦੂਜੇ ਦਾਨਿਸ਼ਵਰ ਵੀ ਆਪਣੇ ਚੇਹਰਿਆਂ ਉੱਤੇ ਮੁਸਕੁਰਾਹਟਾਂ ਪਹਿਨਦੇ ਹੋਏ ਭੱਜੇ ਭੱਜੇ ਆਏ। ਸਭਨਾਂ ਨੇ ਮਿਲਕੇ ਉਸ ਖ਼ਾਨਦਾਨੀ ਰਈਸ ਨੂੰ ਮਸਾਂ ਖੜਾ ਕੀਤਾ ਅਤੇ ਅਤਿਅੰਤ ਸਾਵਧਾਨੀ ਨਾਲ ਸੰਭਾਲਦੇ ਹੋਏ ਉਸ ਨੂੰ ਬੱਘੀ ਦੇ ਕੋਲ ਲਿਆਏ।

“ਸਿਰਫ ਕੋਈ ਕਲਾਕਾਰ, ਕੋਈ ਬਹੁਤ ਹੀ ਪ੍ਰਤਿਭਾਵਾਨ ਸ਼ਖਸ ਹੀ ਭਰੀ ਮਹਿਫ਼ਲ ਨੂੰ ਇਸ ਤਰ੍ਹਾਂ ਚਕਮਾ ਦੇ ਸਕਦਾ ਸੀ।” ਜ਼ੇਸਤੀਆਕੋਵ ਨੇ ਕਰੋੜਪਤੀ ਨੂੰ ਬੱਘੀ ਉੱਤੇ ਚੜ੍ਹਾਉਂਦੇ ਹੋਏ ਬੜੇ ਖਿੜੇ ਹੋਏ ਲਹਿਜੇ ਵਿੱਚ ਕਿਹਾ। ਮੇਰੀ ਹੈਰਾਨੀ ਦਾ ਆਲਮ ਨਾ ਪੁੱਛੋ, ਯੇਗੋਰ ਨਿਲਿਚ ਮੈਥੋਂ ਤਾਂ ਹੁਣ ਤੱਕ ਹਾਸੀ ਕਾਬੂ ਨਹੀਂ ਹੋ ਰਹੀ ਹੈ …ਹਾ …ਹਾ …ਅਤੇ ਅਸੀ ਸਭ ਦੇ ਸਭ ਕਿੰਨਾ ਭੜਕ ਉੱਠੇ ਸੀ, ਗੱਲ ਦਾ ਕਿਵੇਂ ਕਿਵੇਂ ਬਤੰਗੜ ਬਣਾਇਆ ਯਕੀਨ ਜਾਣੋ, ਮੈਂ ਤਾਂ ਕਦੇ ਥੀਏਟਰ ਵਿੱਚ ਵੀ ਇਵੇਂ ਜੀ ਖੋਲ੍ਹ ਕੇ ਨਹੀਂ ਹੱਸਿਆ ਸੀ। … ਹਾਸਰਸ ਦਾ ਅਥਾਹ ਸਾਗਰ। ਇਹ ਨਾਭੁੱਲਣਯੋਗ ਸ਼ਾਮ ਮੈਨੂੰ ਜ਼ਿੰਦਗੀ ਭਰ ਯਾਦ ਰਹੇਗੀ।

ਪਿਆਤੀਗੋਰੋਵ ਨੂੰ ਭੇਜ ਦੇਣ ਦੇ ਬਾਅਦ ਦਾਨਿਸ਼ਵਰਾਂ ਨੇ ਸੁੱਖ ਦਾ ਸਾਹ ਲਿਆ ਅਤੇ ਪ੍ਰਸ਼ੰਨ ਹੋ ਗਏ।

“ਓ ਜਨਾਬ, ਉਸ ਨੇ ਚਲਦੇ ਚਲਦੇ ਮੇਰੇ ਨਾਲ ਹਥ ਵੀ ਮਿਲਾਇਆ” ਜ਼ੇਸਤੀਆਕੋਵ ਨੇ ਬੜੇ ਫ਼ਖ਼ਰ ਨਾਲ ਕਿਹਾ। ਇਸ ਦਾ ਮਤਲਬ ਹੈ ਕਿ ਸਭ ਕੁੱਝ ਠੀਕ ਹੈ, ਉਹ ਨਾਰਾਜ਼ ਨਹੀਂ ਹੈ।

“ਸਾਨੂੰ ਉਂਮੀਦ ਤਾਂ ਇਹੀ ਕਰਨੀ ਚਾਹੀਦੀ ਹੈ!” ਯੇਵਸਰਾਤ ਸਪਿਰੀਦੋਨਿਚ ਨੇ ਠੰਡੀ ਸਾਹ ਭਰੀ। “ਉਹ ਤਾਂ ਬਦਮਾਸ਼ ਅਤੇ ਘਟੀਆ ਆਦਮੀ ਹੈ ਪਰ ਕੀਤਾ ਕੀ ਜਾਵੇ.. ਆਖ਼ਰ ਉਹ ਸਾਡਾ ਖ਼ੈਰ ਖ਼ਵਾਹ ਹੈ! …ਤੁਸੀਂ ਕੁਛ ਨਹੀਂ ਕਰ ਸਕਦੇ!”

ਪਹਾੜਾਂ ਤੇ ਰਵਾਨਾ ਆਦਮੀ – ਪੀਰ ਮੁਹੰਮਦ ਕਾਰਵਾਨ

October 20, 2017 by

ਪਸ਼ਤੋ ਕਹਾਣੀ

ਉਹ ਗਲੀ ਦੇ ਰਾਹ ਤੇਜ਼ ਤੇਜ਼ ਜਾ ਰਿਹਾ ਸੀ ਉਸ ਦੀਆਂ ਅੱਖਾਂ ਖੁੱਲ੍ਹੀਆਂ ਸਨ ਅਤੇ ਉਸ ਨੇ ਆਪਣੇ ਸਾਹਮਣੇ ਸਿੱਧਾ ਦੇਖਿਆ। ਲੋਕਾਂ ਦੇ ਇਕ ਸਮੂਹ ਨੇ ਰਾਹ ਦੇ ਵਿਚਾਲੇ ਕੇਲੇ ਦੇ ਛਿੱਲਕੇ ਸੁੱਟੇ ਹੋਏ ਸਨ। ਰਾਹਗੀਰ ਛਿੱਲਕਿਆਂ ਦੇ ਕੋਲੋਂ ਕਾਹਲੀ ਨਾਲ ਲੰਘ ਗਿਆ, ਫਿਰ ਅਚਾਨਕ ਫਿਸਲ ਕੇ ਡਿੱਗ ਪਿਆ। ਭੀੜ ਉਸ ਤੇ ਹੱਸਣ ਲੱਗੀ। ਗੁੱਸੇ ਵਿਚ, ਉਹ ਆਦਮੀ ਉੱਠਿਆ ਅਤੇ ਉਸ ਮੂੜ੍ਹ, ਹੱਸਦੀ ਭੀੜ ਨੂੰ ਕੋਸਣ ਲੱਗਿਆ, “ਓਏ, ਤੁਸੀਂ ਸਾਰੇ ਆਪਣੇ ਆਪ ਨੂੰ ਦੇਖੋ! ਸਾਡੇ ਦੇਸ਼ ਵਿੱਚ ਖ਼ੂਨ ਵਹਿ ਰਿਹਾ ਹੈ ਅਤੇ ਤੁਸੀਂ ਹਿੜਹਿੜ ਲਾ ਰੱਖੀ ਹੈ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।”
ਉਹ ਜਲਦੀ ਉੱਠ ਕੇ ਦੌੜ ਪਿਆ ਅਤੇ ਆਪਣੇ-ਆਪ ਨੂੰ ਆਖਣ ਲੱਗਾ, “ਹਾਏ ਓਏ ਮੇਰਿਆ ਰੱਬਾ! ਕੀ ਮੈਂ ਕਦੇ ਇਸ ਬੰਦ ਗਲੀ ਚੋਂ ਸੁਰੱਖਿਅਤ ਬਾਹਰ ਨਿੱਕਲ ਸਕਾਂਗਾ? ਅਤੇ ਹੁਣ ਫਿਰ ਰੇਡੀਓ ਚਾਲੂ ਕਰ ਦਿੱਤੇ ਜਾਣਗੇ। ਮੇਰਿਆ ਰੱਬਾ! ਅਤੇ ਫਿਰ ਖ਼ਬਰਾਂ ਦੇ ਪ੍ਰਸਾਰਣ ਸ਼ੁਰੂ ਹੋ ਜਾਣਗੇ।”
ਉਸ ਨੇ ਸਿਰਫ ਕੁਝ ਕੁ ਕਦਮ ਹੀ ਪੁੱਟੇ ਸਨ ਜਦੋਂ ਰੇਡੀਉ, ਗਲੀ ਦੇ ਦੋਵਾਂ ਪਾਸਿਆਂ ਦੇ ਸਟੋਰਾਂ ਵਿੱਚ ਵੱਜਣ ਲੱਗ ਪਏ ਸਨ।ਜ਼ਖ਼ਮੀਆਂ ਅਤੇ ਮੋਏ ਲੋਕਾਂ ਦੀਆਂ ਖ਼ਬਰਾਂ ਆਉਣ ਲੱਗੀਆਂ। ਸਭ ਰੇਡੀਉ ਦੇਸ਼ ਬਾਰੇ ਭਿਆਨਕ ਖ਼ਬਰਾਂ ਫੈਲਾਉਂਦੇ ਹਨ। ਸਾਰੇ ਕੋਨਿਆਂ ਤੋਂ ਆਉਣ ਵਾਲੀਆਂ ਖ਼ਬਰਾਂ ਇੱਕ ਤਿੱਖੀ ਛੁਰੀ ਵਾਂਗ ਉਸਦੇ ਦਿਲ ਨੂੰ ਚੀਰ ਗਈਆਂ ਅਤੇ ਇਸ ਨੂੰ ਦੋਫਾੜ ਕਰ ਗਈਆਂ। ਰਾਹਗੀਰ ਚੀਕਿਆ, “ਇਹ ਸਾਰੇ ਝੂਠ ਬੋਲ ਰਹੇ ਹਨ। ਵਿੱਕ ਗਏ ਨੇ ਸਾਰੇ। ਇਨ੍ਹਾਂ ਨੇ ਰਿਸ਼ਵਤ ਖਾ ਲਈ ਹੈ।”
ਉਸਨੇ ਆਪਣੀਆਂ ਉਂਗਲਾਂ ਆਪਣੇ ਕੰਨਾਂ ਵਿੱਚ ਪਾ ਲਈਆਂ ਅਤੇ ਦੌੜਨਾ ਸ਼ੁਰੂ ਕਰ ਦਿੱਤਾ। ਉਸਦੇ ਚਿੱਟੇ ਕੱਪੜੇ ਮੈਲ਼ੇ ਹੋ ਗਏ। ਲੋਕ ਇਕ ਵਾਰ ਫਿਰ ਉਸ ਤੇ ਹੱਸਣ ਲੱਗੇ। ਰਾਹਗੀਰ ਭੀੜ ਭਰੀ ਬੰਦ ਗਲੀ ਚੋਂ ਜਲਦੀ ਜਲਦੀ ਬਾਹਰ ਆ ਗਿਆ। ਚੌਕ ਵਿੱਚ ਉਹ ਉਸੇ ਚਾਲ ਚਲਦਾ ਗਿਆ। ਅਖ਼ਬਾਰ ਵਿਕਰੇਤਾ ਚੀਕ ਰਹੇ ਸਨ, “ਖ਼ਬਰਾਂ, ਖ਼ਬਰਾਂ ਆ ਗਈਆਂ ਨੇ ਅਤੇ ਖ਼ਬਰਾਂ ਖ਼ਰੀਦ ਲਓ। ਤਾਜ਼ਾ ਖ਼ਬਰਾਂ ਪੜ੍ਹੋ।” ਹਰ ਅਖ਼ਬਾਰ ਮੋਏ ਅਤੇ ਜ਼ਖ਼ਮੀ ਲੋਕਾਂ ਦੀ ਖ਼ਬਰਾਂ ਨਾਲ ਰੰਗਿਆ ਹੋਇਆ ਸੀ। ਹਰ ਅਖ਼ਬਾਰ ਦੇ ਪਹਿਲੇ ਪੰਨੇ ਤੇ ਦੇਸ਼ ਦਾ ਨਕਸ਼ਾ ਸੀ ਜੋ ਇਕ ਵੱਡੀ ਮੱਛੀ ਨਾਲ ਮਿਲਦਾ ਸੀ। ਇਹ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਿਸੇ ਹਿੰਸਕ ਤੂਫਾਨ ਨੇ ਇਸ ਨੂੰ ਦਰਿਆ ਦੇ ਕੰਢੇ ਬਰੇਤੀ ਤੇ ਲਿਆ ਸੁੱਟਿਆ ਹੋਵੇ। ਨਕਸ਼ਾ ਵਿੱਚਕਾਰੋਂ ਕੱਟਿਆ ਹੋਇਆ ਸੀ ਅਤੇ ਦੋ ਟੋਟਿਆਂ ਵਿੱਚ ਵੰਡਿਆ ਹੋਇਆ ਸੀ। ਰਾਹਗੀਰ ਨੇ ਅਖ਼ਬਾਰਾਂ ਵਾਲਿਆਂ ਵੱਲ ਵੀ ਨਹੀਂ ਦੇਖਿਆ ਪਰ ਉਸੇ ਰਫਤਾਰ ਨਾਲ ਅਤੇ ਓਹੀ ਡੌਰਭੌਰ ਨਜ਼ਰਾਂ ਨਾਲ ਅੱਗੇ ਵੱਧਦਾ ਰਿਹਾ। ਅਚਾਨਕ ਇਕ ਅਖ਼ਬਾਰ ਵਾਲਾ ਉਸ ਦੇ ਸਾਹਮਣੇ ਆਇਆ। “ਐ ਲਓ, ਤਾਜ਼ਾਤਰੀਨ ਖ਼ਬਰਾਂ।” ਦਿਲ ਵਿੰਨ੍ਹ ਦੇਣ ਵਾਲੀ ਆਵਾਜ਼ ਨਾਲ ਉਸ ਨੇ ਅਖ਼ਬਾਰ ਰਾਹਗੀਰ ਦੇ ਚਿਹਰੇ ਦੇ ਮੂਹਰੇ ਕਰ ਦਿੱਤਾ।
ਰਾਹਗੀਰ ਨੇ ਮੂਹਰਲੇ ਸਫ਼ੇ ਤੇ ਦੋਫਾੜ ਨਕਸ਼ੇ ਵੱਲ ਦੇਖਿਆ। ਇਹ ਸਾਰਾ ਹੀ ਵਿੰਨ੍ਹਿਆ ਪਿਆ ਸੀ। ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ, ਉਸ ਨੇ ਚੀਕ ਕੇ ਕਿਹਾ, “ਹਾਏ ਓਏ ਮੇਰਿਆ ਰੱਬਾ! ਕਿਹੜੇ ਜ਼ਾਲਮ ਨੇ ਇਸ ਮੱਛੀ ਨੂੰ ਟੋਟੇ ਟੋਟੇ ਕਰ ਦਿੱਤਾ ਹੈ? ਐਹ ਦੇਖੋ, ਇਸਦਾ ਅੱਧਾ ਲੰਗਾਰ ਇੱਕ ਦਿਸ਼ਾ ਵੱਲ ਲਮਕ ਰਿਹਾ ਹੈ ਅਤੇ ਦੂਜਾ ਅੱਧਾ ਲੰਗਾਰ ਦੂਜੀ ਦਿਸ਼ਾ ਵਿੱਚ। “ਅਖ਼ਬਾਰ ਵਾਲਾ ਹੱਸਦਾ ਹੋਇਆ ਕਹਿੰਦਾ ਹੈ, “ਤੁਸੀਂ ਪਾਗਲ ਹੋ, ਇਹ ਮੱਛੀ ਨਹੀਂ ਹੈ, ਇਹ ਸਾਡੇ ਦੇਸ਼ ਦਾ ਨਕਸ਼ਾ ਹੈ।” ਆਦਮੀ ਅਵਾ-ਤਵਾ ਬੋਲਦਾ ਕਾਹਲੀ ਕਾਹਲੀ ਅੱਗੇ ਵਧਿਆ, “ਇਹ ਸਾਰੇ ਅਖ਼ਬਾਰ ਪੈਸੇ ਦੇ ਗ਼ੁਲਾਮ ਹੋ ਗਏ ਹਨ। ਇਹ ਸਭ ਝੂਠ ਬੋਲ ਰਹੇ ਹਨ। ਇਨ੍ਹਾਂ ਦੇ ਹਰੇਕ ਸ਼ਬਦ ਵਿੱਚ ਜ਼ਹਿਰ ਭਰੀ ਹੋਈ ਹੈ। ਓਏ, ਲੋਕੋ, ਇਸ ਨੂੰ ਨਾ ਪੜ੍ਹਨਾ, ਇਹ ਸਾਨੂੰ ਮਾਰ ਮੁਕਾਏਗਾ, ਸਾਨੂੰ ਪਾਗਲ ਕਰ ਦੇਵੇਗਾ, ਸਾਨੂੰ ਇੱਕ ਦੂਜੇ ਤੋਂ ਦੂਰ ਕਰ ਦੇਵੇਗਾ। ਓਏ, ਲੋਕੋ, ਇਹ ਝੂਠੇ ਤਬਾਹੀ ਵਰਤਾ ਦੇਣਗੇ, ਸਾਨੂੰ ਰਾਸ਼ਟਰ ਤੋਂ ਮਹਿਰੂਮ ਕਰ ਦੇਣਗੇ। ਓਏ, ਲੋਕੋ …!” ਲੋਕ ਇਕ ਵਾਰ ਫਿਰ ਹੱਸਣ ਲੱਗ ਪਏ ਅਤੇ ਰਾਹਗੀਰ ਤੇਜ਼ ਤੇਜ਼ ਦੌੜ ਪਿਆ।
ਉਹ ਭੀੜ ਨੂੰ ਪਿੱਛੇ ਛੱਡ ਗਿਆ ਅਤੇ ਸਿੱਧਾ ਘਰ, ਆਪਣੇ ਕਮਰੇ ਵਿਚ ਚਲਾ ਗਿਆ। ਕਮਰੇ ਨੂੰ ਜੰਦਰਾ ਲੱਗਿਆ ਸੀ। ਉਸ ਨੇ ਕੁੰਜੀ ਕੱਢਣ ਲਈ ਆਪਣੇ ਖੀਸੇ ਵਿਚ ਹਥ ਪਾਇਆ। ਖੀਸੇ ਵਿਚ ਇਕ ਮੋਰੀ ਸੀ ਅਤੇ ਉਸ ਦਾ ਹੱਥ ਆਰ ਪਾਰ ਹੋ ਗਿਆ। ਉਹ ਕਰੋਧ ਨਾਲ ਭਰਿਆ ਸੀ ਅਤੇ ਉਸ ਨੇ ਪਾਗਲਾਂ ਵਾਂਗ ਆਲੇ-ਦੁਆਲੇ ਵੇਖਿਆ। ਉਸ ਨੂੰ ਇੱਕ ਲੋਹੇ ਦਾ ਡੰਡਾ ਲੱਭ ਗਿਆ, ਜਿਸ ਨਾਲ ਉਸ ਨੇ ਜੰਦਰਾ ਤੋੜ ਲਿਆ। ਜਦੋਂ ਉਹ ਬੈਠ ਗਿਆ, ਹਾਸੇ ਦੀ ਇੱਕ ਕੋਮਲ ਜਿਹੀ ਤਰੰਗ ਉਸ ਦੇ ਗੁੱਸੇ ਭਰੇ ਚਿਹਰੇ ਤੇ ਫੈਲ ਗਈ। ਕਮਰੇ ਵਿੱਚ ਹਰ ਚੀਜ਼ ਉੱਗੜ-ਦੁਗੜੀ ਪਈ ਸੀ। ਉਸ ਨੇ ਆਪਣੀਆਂ ਸਾਰੀਆਂ ਪਿਆਰੀਆਂ ਕਿਤਾਬਾਂ ਇਕੱਠੀਆਂ ਕੀਤੀਆਂ, ਇਕ ਚਾਦਰ ਵਿਛਾਈ ਅਤੇ ਇਸ ਵਿਚ ਕਿਤਾਬਾਂ ਪਾ ਦਿੱਤੀਆਂ। ਕੁਝ ਅਖ਼ਬਾਰ ਕਮਰੇ ਦੇ ਕੋਨੇ ਵਿਚ ਪਏ ਸਨ। “ਇਹ ਸਾਰੇ ਪੈਸੇ ਨਾਲ ਖਰੀਦੇ ਗਏ ਨੇ,” ਉਸਨੇ ਗੁੱਸੇ ਨਾਲ ਕਿਹਾ। ਉਸ ਨੇ ਆਪਣੇ ਦੰਦ ਕਰੀਚੇ ਅਤੇ ਕਿਹਾ, “ਮੈਂ ਇੱਕ ਨੂੰ ਵੀ ਨਹੀਂ ਬਖ਼ਸ਼ਾਂਗਾ,” ਅਤੇ ਅਖ਼ਬਾਰ ਪਾੜਨੇ ਸ਼ੁਰੂ ਕਰ ਦਿੱਤੇ। ਉਸ ਨੇ ਕਿਸੇ ਦੇ ਪੈਰਾਂ ਦੀ ਆਵਾਜ਼ ਸੁਣੀ ਅਤੇ ਚੀਕਿਆ, “ਤੇ ਇਹ ਕੌਣ ਹੋ ਸਕਦਾ ਹੈ? ਇੱਥੇ ਵੀ ਉਹ ਮੈਨੂੰ ਚੈਨ ਨਹੀਂ ਲੈਣ ਦੇਣਗੇ। ਜੇ ਮੈਂ ਸ਼ਹਿਰ ਵਿਚ ਕਿਸੇ ਦੇ ਅਖ਼ਬਾਰਾਂ ਨੂੰ ਨਸ਼ਟ ਨਹੀਂ ਕਰ ਸਕਿਆ, ਤਾਂ ਦੂਜਿਆਂ ਨੂੰ ਕੀ ਮਤਲਬ ਕਿ ਮੈਂ ਆਪਣੇ ਅਖ਼ਬਾਰਾਂ ਨਾਲ ਕੀ ਸਲੂਕ ਕਰਦਾ ਹਾਂ? ਮੈਂ ਆਪਣੇ ਟੈਲੀਵਿਜ਼ਨ ਨੂੰ ਤਬਾਹ ਕਰ ਦਿਆਂਗਾ ਅਤੇ ਆਪਣੇ ਰੇਡੀਓ ਨੂੰ ਵੀ ਤੋੜ ਦਿਆਂਗਾ। ਇਸ ਸਭ ਕੁਝ ਨੂੰ ਪੈਸੇ ਨਾਲ ਖਰੀਦਿਆ ਗਿਆ ਹੈ। ਇਨ੍ਹਾਂ ਝੂਠ ਦੇ ਸੰਦਾਂ ਵਿੱਚੋਂ ਕੋਈ ਇੱਕ ਵੀ ਨਹੀਂ ਬਚਾਇਆ ਜਾਵੇਗਾ, ਮੈਂ ਇਨ੍ਹਾਂ ਸਾਰਿਆਂ ਤੋਂ ਆਪਣਾ ਬਦਲਾ ਲਵਾਂਗਾ। ਮੈਂ ਪਹਾੜਾਂ ਤੇ ਚਲਾ ਜਾਵਾਂਗਾ। ਇਸ ਤਰ੍ਹਾਂ ਦਾ ਕੋਈ ਸ਼ਹਿਰ ਮੇਰੇ ਕਿਸੇ ਕੰਮ ਦਾ ਨਹੀਂ, ਜਿੱਥੇ ਇੱਕ ਇੱਕ ਬੰਦ ਗਲੀ ਵਿਚ ਝੂਠ ਵੇਚੇ ਜਾਂਦੇ ਹਨ; ਝੂਠ, ਜਿਨ੍ਹਾਂ ਵਿੱਚ ਓਨੀ ਹੀ ਸੱਚਾਈ ਹੁੰਦੀ ਹੈ, ਜਿੰਨੀ ਕੁਕੜੀ ਦੇ ਦੁੱਧ ਦੇਣ ਵਿੱਚ। ”
ਜਦੋਂ ਉਸ ਨੇ ਡੰਡਾ ਮਾਰਿਆ, ਟੈਲੀਵਿਜ਼ਨ ਦੀ ਸਕ੍ਰੀਨ ਟੁੱਟ ਗਈ। ਦੋਸਤਾਂ ਦਾ ਇਕ ਸਮੂਹ ਉਸ ਦੇ ਘਰ ਪਹੁੰਚਿਆ:
—ਤੁਸੀਂ ਕੀ ਕਰ ਰਹੇ ਹੋ? ਤੁਸੀਂ ਟੈਲੀਵਿਜ਼ਨ ਨੂੰ ਭੰਨ ਦਿੱਤਾ ਹੈ।
—ਇਹ ਸਹੀ ਹੈ, ਇਹ ਬਹੁਤ ਮਹਿੰਗਾ ਹੈ, ਇਹ ਉਹ ਅਖ਼ਬਾਰ ਵੀ ਹਨ ਜੋ ਤੂੰ ਪਾੜ ਦਿੱਤੇ ਹਨ। ਜੇ ਅਜਿਹਾ ਨਾ ਕਰਦਾ, ਤਾਂ ਤੂੰ ਉਨ੍ਹਾਂ ਨੂੰ ਆਪਣੀਆਂ ਕਿਤਾਬਾਂ ਲਈ ਕਵਰ ਦੇ ਰੂਪ ਵਿਚ ਵਰਤ ਸਕਦਾ ਸੀ, ਉਸ ਦੇ ਇਕ ਹੋਰ ਮਿੱਤਰ ਨੇ ਕਿਹਾ।
ਰਾਹਗੀਰ ਗੁੱਸੇ ਹੋ ਗਿਆ ਅਤੇ ਕਹਿਣ ਲੱਗਾ, “ਮੈਂ ਆਪਣੀਆਂ ਕਿਤਾਬਾਂ ਨੂੰ ਝੂਠ ਨਾਲ ਨਹੀਂ ਢੱਕਾਂਗਾ। ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਬਰਬਾਦ ਕਰ ਦਿਆਂਗਾ। ਇਨ੍ਹਾਂ ਸਾਰਿਆਂ ਨੂੰ ਪੈਸੇ ਨਾਲ ਖਰੀਦਿਆ ਗਿਆ ਹੈ ਮੈਂ ਆਪਣਾ ਰੇਡੀਓ ਵੀ ਤੋੜ ਦਿਆਂਗਾ।” ਰੇਡੀਓ ਨੂੰ ਤਬਾਹ ਕਰ ਦਿੱਤਾ ਗਿਆ, ਇਸ ਨੇ ਚਿਰ ਚਿਰ ਕੀਤੀ। “ਇਹ ਸਭ ਕੁਝ ਪੈਸੇ ਦੇ ਨਾਲ ਖਰੀਦਿਆ ਗਿਆ ਹੈ। ਮੈਂ ਇਕ ਚੀਜ਼ ਨਹੀਂ ਛੱਡਾਂਗਾ। ਇਹ ਸਾਰੇ ਅਖ਼ਬਾਰ ਕਾਲਸ਼ਿਨਕੋਵ ਦੀਆਂ ਜ਼ਹਿਰੀ ਗੋਲੀਆਂ ਨਾਲ, ਸਾਡੇ ਸਿਰਾਂ ਤੇ ਮਾਰੀਆਂ ਗੋਲੀਆਂ ਨਾਲ ਲਿੱਬੜੇ ਹਨ। ਅਤੇ ਇਨ੍ਹਾਂ ਰੇਡੀਓ ਅਤੇ ਟੈਲੀਵਿਜ਼ਨਾਂ ਦੀਆਂ ਖਬਰਾਂ ਦਾ ਇੱਕ ਇੱਕ ਸ਼ਬਦ ਇਕ ਜ਼ਹਿਰੀਲਾ ਚਾਕੂ ਹੈ ਜੋ ਕਿ ਸਾਡੇ ਦਿਲਾਂ ਨੂੰ ਚੀਰ ਦੋ ਟੋਟੇ ਕਰ ਸੁੱਟਦਾ ਹੈ, ਉਸ ਮੱਛੀ ਦੀ ਤਰ੍ਹਾਂ। ਇਹ ਸਭ, ਅਖ਼ਬਾਰਾਂ, ਰੇਡੀਓ, ਟੈਲੀਵਿਜ਼ਨ ਪੈਸੇ ਨਾਲ ਖਰੀਦੇ ਗਏ ਹਨ ਅਤੇ ਮੈਂ ਇਨ੍ਹਾਂ ਵਿੱਚੋਂ ਕਿਸੇ ਨੂੰ ਨਹੀਂ ਰੱਖਾਂਗਾ।”
ਉਸ ਦੇ ਦੋਸਤ ਨੇ ਉਸਨੂੰ ਗਲੇ ਲਗਾ ਕੇ ਉਸ ਨੂੰ ਚੁੰਮ ਲਿਆ। “ਤੂੰ ਪੂਰੀ ਤਰ੍ਹਾਂ ਪਾਗਲ ਹੋ ਗਿਆ ਹੈਂ। ਅਸੀਂ ਇਹ ਵੀ ਮੰਨਦੇ ਹਾਂ ਕਿ ਇਹ ਚੀਜ਼ਾਂ ਪੈਸੇ ਨਾਲ ਖਰੀਦੀਆਂ ਗਈਆਂ ਹਨ ਪਰ ਤੂੰ ਸਭ ਕੁਝ ਪਾਗਲਾਂ ਵਾਂਗ ਲਾਠੀ ਨਾਲ ਬਰਬਾਦ ਕਿਉਂ ਕਰਨਾ ਸੀ। ਉਹ ਸਭ ਚੀਜ਼ਾਂ ਭੰਨ ਦਿੱਤੀਆਂ ਜਿਹੜੀਆਂ ਪੈਸੇ ਨਾਲ ਖਰੀਦੀਆਂ ਗਈਆਂ ਸੀ; ਇਹ ਆਪਣੇ ਪੈਸਿਆਂ ਨੂੰ ਅੱਗ ਲਾਉਣ ਦੀ ਤਰ੍ਹਾਂ ਹੈ।” ਗੁੱਸੇ ਨਾਲ ਭਰੇ ਹੋਏ ਰਾਹਗੀਰ ਨੇ ਹੱਸ ਕੇ ਕਿਹਾ, “ਤੁਸੀਂ ਕੁਝ ਨਹੀਂ ਜਾਣਦੇ. ਤੁਸੀਂ ਪਾਗਲ ਹੋ। ਰੱਬਾ ਇਨ੍ਹਾਂ ਦੀ ਮਦਦ ਕਰ, ਇਹ ਹਨ ਉਹ ਲੋਕ ਜਿਹੜੇ ਆਪ ਪਾਗਲ ਹਨ, ਅਤੇ ਮੈਨੂੰ ਪਾਗਲ ਦੱਸਦੇ ਹਨ। ਜੋ ਕੁਝ ਤੁਸੀਂ ਕਹਿ ਰਹੇ ਹੋ ਉਸ ਦੀ ਸਮੱਸਿਆ ਦੀ ਵਿਆਖਿਆ ਕਰਨ ਲਈ ਮੇਰੇ ਕੋਲ ਧੀਰਜ ਨਹੀਂ ਹੈ। ਤੁਸੀਂ ਇਨ੍ਹਾਂ ਸਾਰੇ ਜ਼ਹਿਰੀਲੇ ਝੂਠਾਂ ਦੇ ਪਾਗਲ ਕੀਤੇ ਹੋਏ ਹੋ। ਸਾਡੀ ਚਰਚਾ ਖ਼ਤਮ ਹੋ ਗਈ ਹੈ। ਮੇਰਾ ਸਬਰ ਮੁੱਕ ਗਿਆ ਹੈ ਅਤੇ ਦੁਬਾਰਾ ਇਸ ਬਾਰੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰਾਂਗਾ।”
ਰਾਹਗੀਰ ਨੇ ਆਪਣੀਆਂ ਪੋਥੀਆਂ ਨੂੰ ਕੱਪੜੇ ਵਿਚ ਲਪੇਟ ਕੇ ਉੱਚੀ ਆਵਾਜ਼ ਵਿਚ ਕਿਹਾ, “ਮੇਰੀਓ ਮਿੱਤਰੋ, ਹੁਣ ਮੈਂ ਤੁਹਾਡੇ ਕੋਲੋਂ ਦੂਰ ਚਲਾ ਜਾਵਾਂਗਾ ਅਤੇ ਇਸ ਸ਼ਹਿਰ ਨੂੰ ਤੁਹਾਡੀ ਹਿਰਾਸਤ ਵਿੱਚ ਛੱਡ ਜਾਵਾਂਗਾ।”
(28 ਅਗਸਤ 2000)
(ਅਨੁਵਾਦ ਚਰਨ ਗਿੱਲ)

ਸ਼ੀਸ਼ਾ (ਜਾਪਾਨੀ ਕਹਾਣੀ) / ਹਾਰੂਕੀ ਮੁਰਾਕਾਮੀ

October 20, 2017 by

 

ਠੀਕ ਹੈ, ਅੱਜ ਰਾਤ ਤੁਸੀਂਂ ਸਭ ਜੋ ਕਹਾਣੀਆਂ ਸੁਣਾ ਰਹੇ ਹੋ ਮੈਂ ਇਹ ਸ਼ੁਰੂ ਤੋਂ ਸੁਣ ਰਿਹਾ ਹਾਂ। ਇਨ੍ਹਾਂ ਨੂੰ ਦੋ ਸ਼ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਤਾਂ ਉਹ ਕਹਾਣੀਆਂ ਹਨ ਜਿਨ੍ਹਾਂ ਵਿੱਚ ਇੱਕ ਤਰਫ ਜਿੰਦਾ ਲੋਕਾਂ ਦੀ ਦੁਨੀਆ ਹੈ, ਦੂਜੇ ਪਾਸੇ ਮੌਤ ਦੀ ਦੁਨੀਆ ਹੈ, ਅਤੇ ਕੋਈ ਸ਼ਕਤੀ ਹੈ ਜੋ ਇੱਕ ਦੁਨੀਆ ਤੋਂ ਦੂਜੀ ਦੁਨੀਆ ਵਿੱਚ ਆਉਣਾ-ਜਾਣਾ ਸੰਭਵ ਬਣਾ ਰਹੀ ਹੈ। ਭੂਤ-ਪ੍ਰੇਤ ਆਦਿ ਵੀ ਇਸ ਸ਼੍ਰੇਣੀ ਵਿੱਚ ਆਉਂਦੇ ਹਨ। ਦੂਜੀ ਤਰ੍ਹਾਂ ਦੀਆਂ ਕਹਾਣੀਆਂ ਵਿੱਚ ਨਿੱਤ ਦੇ ਤਿੰਨ-ਪਾਸਾਰੀ ਅਨੁਭਵ ਤੋਂ ਪਾਰ ਜਾਣ ਦੇ ਪਰਾਭੌਤਿਕੀ ਵਰਤਾਰੇ ਅਤੇ ਸਮਰੱਥਾਵਾਂ ਮੌਜੂਦ ਹਨ। ਪਾਰ-ਇੰਦਰਿਆਵੀ ਬੋਧ ਅਤੇ ਭਵਿੱਖਵਾਣੀਆਂ ਬਗੈਰਾ। ਜੇ ਤੁਸੀਂ ਉਹਨਾਂ ਨੂੰ ਵਿਆਪਕ ਤੌਰ ਤੇ ਵੰਡਣਾ ਚਾਹੋ, ਤਾਂ ਮੈਂ ਸਮਝਦਾ ਹਾਂ ਕਿ ਤੁਸੀਂ ਉਨ੍ਹਾਂ ਨੂੰ ਇਨ੍ਹਾਂ ਦੋਹਾਂ ਗਰੁੱਪਾਂ ਵਿਚ ਵੰਡ ਸਕਦੇ ਹੋ।

ਅਸਲ ਵਿੱਚ ਆਪਾਂ ਲੋਕਾਂ ਦੇ ਸਾਰੇ ਅਨੁਭਵ ਵੀ ਲੱਗਪੱਗ ਇਨ੍ਹਾਂ ਦੋ ਸ਼ਰੇਣੀਆਂ ਵਿੱਚ ਰੱਖੇ ਜਾ ਸਕਦੇ ਹਨ। ਮੇਰੇ ਕਹਿਣ ਦਾ ਮਤਲਬ ਹੈ, ਜਿਨ੍ਹਾਂ ਲੋਕਾਂ ਨੂੰ ਭੂਤ ਦਿਖਦੇ ਹਨ, ਉਨ੍ਹਾਂ ਨੂੰ ਕੇਵਲ ਭੂਤ ਹੀ ਦਿਖਦੇ ਹਨ, ਭਵਿੱਖ ਦੀਆਂ ਕਨਸੋਆਂ ਨਹੀਂ ਮਿਲਦੀਆਂ। ਉਨ੍ਹਾਂ ਨੂੰ ਕਦੇ ਕਿਸੇ ਅਨਹੋਣੀ ਦਾ ਅਨੁਮਾਨ ਨਹੀਂ ਹੁੰਦਾ। ਦੂਜੇ ਪਾਸੇ ਜਿਨ੍ਹਾਂ ਨੂੰ ਭਵਿੱਖ ਦੀਆਂ ਕਨਸੋਆਂ ਮਿਲਦੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਕਦੇ ਭੂਤ ਨਹੀਂ ਦਿਖਦੇ। ਮੈਨੂੰ ਨਹੀਂ ਪਤਾ, ਇਹ ਕਿਉਂ ਹੁੰਦਾ ਹੈ, ਕਾਰਣ ਭਾਵੇਂ ਕੋਈ ਹੋਵੇ, ਇਸ ਤਰ੍ਹਾਂ ਹੁੰਦਾ ਹੈ। ਜਾਂ ਘੱਟੋ ਘੱਟ ਮੈਨੂੰ ਇਸ ਤਰ੍ਹਾਂ ਲੱਗਦਾ ਹੈ।

ਪਰ ਕੁੱਝ ਲੋਕ ਇਨ੍ਹਾਂ ਦੋਨਾਂ ਵਿੱਚੋਂ ਕਿਸੇ ਸ਼੍ਰੇਣੀ ਵਿੱਚ ਵੀ ਨਹੀਂ ਆਉਂਦੇ। ਉਦਾਹਰਣ ਲਈ ਮੈਨੂੰ ਹੀ ਲੈ ਲਓ। ਆਪਣੀ ਤੀਹ ਸਾਲਾਂ ਦੀ ਉਮਰ ਵਿੱਚ ਮੈਂ ਕਦੇ ਕੋਈ ਭੂਤ ਨਹੀਂ ਵੇਖਿਆ, ਨਾ ਹੀ ਮੈਨੂੰ ਕਦੇ ਕੋਈ ਭਵਿੱਖਵਾਣੀ ਹੋਈ, ਜਾਂ ਭਵਿੱਖਵਾਣੀ ਵਾਲਾ ਕੋਈ ਸੁਫ਼ਨਾ ਹੀ ਆਇਆ। ਇੱਕ ਵਾਰ ਮੈਂ ਇੱਕ ਐਲੀਵੇਟਰ ਵਿੱਚ ਕੁੱਝ ਦੋਸਤਾਂ ਦੇ ਨਾਲ ਉਪਰ ਚੜ੍ਹ ਰਿਹਾ ਸੀ। ਉਨ੍ਹਾਂ ਦੋਨਾਂ ਨੇ ਦੱਸਿਆ ਕਿ ਐਲੀਵੇਟਰ ਵਿੱਚ ਸਾਡੇ ਨਾਲ ਇੱਕ ਭੁਤ ਵੀ ਸੀ। ਪਰ ਮੈਨੂੰ ਕੁੱਝ ਵੀ ਨਹੀਂ ਵਿਖਾਈ ਦਿੱਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੇਰੇ ਠੀਕ ਬਗਲ ਵਿੱਚ ਸਲੇਟੀ ਬਸਤਰ ਪਹਿਨੇ ਇੱਕ ਤੀਵੀਂ ਦੀ ਧੁੰਧਲੀ ਸ਼ਕਲ ਮੌਜੂਦ ਸੀ। ਪਰ ਸਾਡੇ ਨਾਲ ਕੋਈ ਤੀਵੀਂ ਉਸ ਐਲੀਵੇਟਰ ਵਿੱਚ ਸੀ ਹੀ ਨਹੀਂ। ਘੱਟੋ ਘੱਟ ਮੈਨੂੰ ਤਾਂ ਕੋਈ ਸ਼ਕਲ ਨਹੀਂ ਦਿਖੀ। ਮੈਂ, ਅਤੇ ਮੇਰੇ ਦੋ ਹੋਰ ਮਿੱਤਰ – ਅਸੀਂ ਤਿੰਨ ਹੀ ਉਸ ਲਿਫਟ ਵਿੱਚ ਸਾਂ। ਮੈਂ ਮਜ਼ਾਕ ਨਹੀਂ ਕਰ ਰਿਹਾ। ਅਤੇ ਮੇਰੇ ਇਹ ਦੋਨੋਂ ਮਿੱਤਰ ਐਸੇ ਬੰਦੇ ਨਹੀਂ ਸਨ ਜੋ ਮੈਨੂੰ ਡਰਾ ਕੇ ਮੂਰਖ ਬਣਾਉਣ ਲਈ ਝੂਠ ਬੋਲਦੇ ਹੋਣ। ਤਾਂ ਇਹ ਸਾਰਾ ਮਾਮਲਾ ਬੇਹੱਦ ਅਸਾਧਾਰਣ ਸੀ, ਪਰ ਅਸਲੀ ਗੱਲ ਇਹੀ ਹੈ ਕਿ ਮੈਨੂੰ ਅੱਜ ਤੱਕ ਕੋਈ ਭੂਤ ਵਿਖਾਈ ਹੀ ਨਹੀਂ ਦਿੱਤਾ।

ਪਰ ਇੱਕ ਵਾਰ ਦੀ ਗੱਲ ਹੈ – ਕੇਵਲ ਇੱਕ ਵਾਰ – ਜਦੋਂ ਮੈਨੂੰ ਅਜਿਹਾ ਡਰਾਉਣਾ ਅਨੁਭਵ ਹੋਇਆ ਸੀ ਕਿ ਮੇਰੀ ਘਿੱਗੀ ਬੱਝ ਗਈ ਸੀ। ਇਸ ਭਿਆਨਕ ਘਟਨਾ ਨੂੰ ਵਾਪਰੇ ਦਸ ਸਾਲ ਤੋਂ ਵੀ ਜ਼ਿਆਦਾ ਅਰਸਾ ਹੋ ਗਿਆ, ਪਰ ਮੈਂ ਕਦੇ ਕਿਸੇ ਨੂੰ ਇਸ ਬਾਰੇ ਕੁੱਝ ਨਹੀਂ ਦੱਸਿਆ। ਮੈਂ ਇਸ ਘਟਨਾ ਦਾ ਜ਼ਿਕਰ ਕਰਨ ਦੇ ਖਿਆਲ ਤੋਂ ਵੀ ਡਰਦਾ ਸੀ। ਮੈਨੂੰ ਲੱਗਦਾ ਸੀ ਕਿ ਚਰਚਾ ਮਾਤਰ ਨਾਲ ਇਹ ਘਟਨਾ ਦੁਬਾਰਾ ਬੀਤਣ ਲੱਗੇਗੀ। ਇਸ ਲਈ ਮੈਂ ਇੰਨੇ ਸਾਲ ਚੁਪ ਰਿਹਾ। ਲੇਕਿਨ ਅੱਜ ਰਾਤ ਤੁਸੀਂਂ ਸਾਰਿਆਂ ਨੇ ਆਪਣਾ-ਆਪਣਾ ਕੋਈ ਭਿਆਨਕ ਅਨੁਭਵ ਸੁਣਾਇਆ ਹੈ, ਅਤੇ ਮੇਜ਼ਬਾਨ ਹੋਣ ਦੇ ਨਾਤੇ ਮੇਰਾ ਵੀ ਇਹ ਹੱਕ ਬਣਦਾ ਹੈ ਕਿ ਮੈਂ ਆਪਣਾ ਅਜਿਹਾ ਹੀ ਕੋਈ ਅਨੁਭਵ ਤੁਹਾਨੂੰ ਸੁਣਾਵਾਂ। ਤਾਂ ਪੇਸ਼ ਹੈ ਮੇਰੇ ਉਸ ਡਰਾਵਣੇ ਅਨੁਭਵ ਦੀ ਕਹਾਣੀ:

1960 ਦੇ ਦਹਾਕੇ ਦੇ ਅੰਤ ਵਿੱਚ ਵਿਦਿਆਰਥੀ – ਅੰਦੋਲਨ ਆਪਣੇ ਪੂਰੇ ਸ਼ਬਾਬ ਉੱਤੇ ਸੀ। ਇਹੀ ਉਹ ਸਮਾਂ ਸੀ ਜਦੋਂ ਮੈਂ ਸਕੂਲੀ ਪੜ੍ਹਾਈ ਪੂਰੀ ਕਰ ਲਈ। ਮੈਂ ਹਿੱਪੀ ਪੀੜ੍ਹੀ ਦਾ ਹਿੱਸਾ ਸੀ, ਇਸ ਲਈ ਮੈਂ ਅੱਗੇ ਦੀ ਪੜ੍ਹਾਈ ਲਈ ਯੂਨੀਵਰਸਿਟੀ ਵਿੱਚ ਦਾਖਿਲਾ ਲੈਣ ਤੋਂ ਵਿੱਟਰ ਗਿਆ ਸੀ। ਇਸਦੀ ਬਜਾਏ ਮੈਂ ਜਾਪਾਨ ਭਰ ਵਿੱਚ ਘੁੰਮ-ਘੁੰਮ ਕੇ ਜਗ੍ਹਾ ਜਗ੍ਹਾ ਮਜ਼ਦੂਰਾਂ ਲਈ ਢੁਕਵੀਆਂ ਨੌਕਰੀਆਂ ਕਰਦਾ ਰਿਹਾ। ਮੈਨੂੰ ਪੱਕਾ ਭਰੋਸਾ ਹੋ ਗਿਆ ਸੀ ਕਿ ਜੀਵਨ ਜੀਣ ਦਾ ਸਭ ਤੋਂ ਠੀਕ ਤਰੀਕਾ ਮਿਹਨਤ-ਮਜ਼ਦੂਰੀ ਕਰਨਾ ਹੀ ਸੀ। ਮੇਰੇ ਖਿਆਲ ਨਾਲ ਤੁਸੀਂਂ ਮੈਨੂੰ ਜਵਾਨ ਅਤੇ ਬੇਵਕੂਫ਼ ਕਹੋਗੇ। ਅੱਜ ਪਿੱਛੇ ਮੁੜ ਕੇ ਦੇਖਣ ਤੇ ਮੈਨੂੰ ਲੱਗਦਾ ਹੈ ਕਿ ਉਸ ਸਮੇਂ ਮੈਂ ਇੱਕ ਮਜ਼ੇਦਾਰ ਜੀਵਨ ਜੀ ਰਿਹਾ ਸੀ। ਅਜਿਹੇ ਜੀਵਨ ਦੀ ਮੇਰੀ ਚੋਣ ਚਾਹੇ ਠੀਕ ਸੀ ਜਾਂ ਗਲਤ, ਜੇਕਰ ਮੈਨੂੰ ਫਿਰ ਤੋਂ ਚੋਣ ਦਾ ਮੌਕਾ ਮਿਲਦਾ ਤਾਂ ਮੈਨੂੰ ਪੂਰਾ ਭਰੋਸਾ ਹੈ ਕਿ ਮੈਂ ਦੁਬਾਰਾ ਉਹੀ ਜੀਵਨ ਚੁਣਦਾ।

ਪੂਰੇ ਦੇਸ਼ ਵਿੱਚ ਘੁੰਮਦੇ ਰਹਿਣ ਦੇ ਮੇਰੇ ਦੂਜੇ ਸਾਲ ਦੀ ਪਤਝੜ ਦੇ ਦੌਰਾਨ ਮੈਨੂੰ ਦੋ ਕੁ ਮਹੀਨਿਆਂ ਲਈ ਇੱਕ ਮਿਡਲ ਸਕੂਲ ਵਿੱਚ ਰਾਤ ਦੇ ਚੌਂਕੀਦਾਰ ਦੀ ਨੌਕਰੀ ਮਿਲੀ। ਇਹ ਸਕੂਲ ਨਿਗਾਤਾ ਖੇਤਰ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਸੀ। ਗਰਮੀਆਂ ਵਿੱਚ ਲਗਾਤਾਰ ਮਿਹਨਤ-ਮਜ਼ਦੂਰੀ ਵਾਲਾ ਕੰਮ ਕਰਨ ਦੀ ਵਜ੍ਹਾ ਮੈਂ ਬੇਹੱਦ ਥਕਾਵਟ ਮਹਿਸੂਸ ਕਰ ਰਿਹਾ ਸੀ। ਇਸ ਲਈ ਮੈਂ ਕੁੱਝ ਸਮੇਂ ਲਈ ਥੋੜ੍ਹੀ ਆਸਾਨ ਜਿਹੀ ਨੌਕਰੀ ਚਾਹੁੰਦਾ ਸੀ। ਰਾਤ ਦੇ ਸਮੇਂ ਚੌਂਕੀਦਾਰੀ ਦਾ ਕੰਮ ਕਰਨ ਲਈ ਵਿਸ਼ੇਸ਼ ਕੁੱਝ ਨਹੀਂ ਕਰਨਾ ਪੈਂਦਾ। ਦਿਨ ਦੇ ਸਮੇਂ ਮੈਂ ਸਕੂਲ ਦੇ ਚਪੜਾਸੀ ਦੇ ਇੱਕ ਕਮਰੇ ਵਿੱਚ ਸੌਂ ਜਾਂਦਾ ਸੀ। ਰਾਤ ਵਕਤ ਮੈਨੂੰ ਕੇਵਲ ਦੋ ਵਾਰ ਪੂਰੇ ਸਕੂਲ ਦਾ ਚੱਕਰ ਲਾ ਕਰ ਇਹ ਯਕੀਨੀ ਕਰਨਾ ਹੁੰਦਾ ਸੀ ਕਿ ਸਭ ਕੁੱਝ ਠੀਕ ਹੈ। ਬਾਕੀ ਬਚੇ ਸਮੇਂ ਵਿੱਚ ਮੈਂ ਸੰਗੀਤ ਸੁਣਦਾ, ਲਾਇਬ੍ਰੇਰੀ ਵਿੱਚ ਜਾ ਕੇ ਕਿਤਾਬਾਂ ਪੜ੍ਹਦਾ ਅਤੇ ਜਿਮ ਵਿੱਚ ਜਾ ਕੇ ਇਕੱਲੇ ਹੀ ਬਾਸਕਟਬਾਲ ਖੇਡਦਾ। ਕਿਸੇ ਸਕੂਲ ਵਿੱਚ ਪੂਰੀ ਰਾਤ ਇਕੱਲੇ ਰਹਿਣਾ ਇੰਨਾ ਭੈੜਾ ਵੀ ਨਹੀਂ ਹੁੰਦਾ। ਕੀ ਮੈਂ ਭੈਭੀਤ ਸੀ? ਬਿਲਕੁਲ ਨਹੀਂ। ਜਦੋਂ ਤੁਸੀਂਂ ਅਠਾਰਾਂ ਜਾਂ ਉਂਨ੍ਹੀ ਸਾਲ ਦੇ ਹੁੰਦੇ ਹੋ ਤਾਂ ਤੁਹਾਨੂੰ ਕਿਸੇ ਚੀਜ ਦੀ ਪਰਵਾਹ ਨਹੀਂ ਹੁੰਦੀ।
ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਵਿੱਚੋਂ ਕਿਸੇ ਨੇ ਮਿਡਲ ਸਕੂਲ ਵਿੱਚ ਰਾਤ ਦੇ ਚੌਂਕੀਦਾਰ ਵਜੋਂ ਕੰਮ ਕੀਤਾ ਹੋਵੇ, ਇਸ ਲਈ ਮੈਂ ਤੁਹਾਨੂੰ ਚੌਂਕੀਦਾਰ ਦੇ ਕੰਮ-ਕਾਜ ਦੇ ਬਾਰੇ ਵਿੱਚ ਸੰਖੇਪ ਦੱਸ ਦਿੰਦਾ ਹਨ। ਤੁਸੀਂ ਰਾਤ ਨੂੰ ਰਾਖੀ ਕਰਦੇ ਹੋਏ ਦੋ ਚੱਕਰ ਲਗਾਉਣ ਹੁੰਦੇ ਹਨ – ਇੱਕ ਨੌਂ ਵਜੇ ਅਤੇ ਦੂਜਾ ਤਿੰਨ ਵਜੇ। ਇਹੀ ਤੁਹਾਡਾ ਪਰੋਗਰਾਮ ਹੁੰਦਾ ਹੈ। ਜਿਸ ਸਕੂਲ ਵਿੱਚ ਮੈਨੂੰ ਨੌਕਰੀ ਮਿਲੀ ਸੀ, ਉਸਦੀ ਇੱਕ ਮੁਕਾਬਲਤਨ ਨਵੀਂ ਤਿੰਨ ਮੰਜਲੀ ਕੰਕਰੀਟ ਦੀ ਇਮਾਰਤ ਸੀ। ਉਸ ਵਿੱਚ ਲੱਗਪੱਗ ਵੀਹ ਕਲਾਸਰੂਮ ਸਨ। ਇਹ ਕੋਈ ਬਹੁਤ ਵੱਡਾ ਸਕੂਲ ਨਹੀਂ ਸੀ। ਕਲਾਸਰੂਮਾਂ ਦੇ ਇਲਾਵਾ ਸੰਗੀਤ-ਵਿਦਿਆ ਲਈ ਇੱਕ ਕਮਰਾ ਸੀ, ਕਲਾ-ਵਿਦਿਆ ਲਈ ਇੱਕ ਸਟੂਡੀਓ ਸੀ ਅਤੇ ਇੱਕ ਵਿਗਿਆਨ-ਪ੍ਰਯੋਗਸ਼ਾਲਾ ਅਤੇ ਘਰੇਲੂ-ਅਰਥਚਾਰਾ ਹਾਲ ਸੀ। ਇਸਦੇ ਇਲਾਵਾ ਸਟਾਫ਼ ਦੇ ਬੈਠਣ ਲਈ ਇੱਕ ਵੱਡਾ ਕਮਰਾ ਸੀ ਅਤੇ ਮੁੱਖ-ਅਧਿਆਪਕ ਦਾ ਦਫਤਰ ਸੀ। ਕੈਫੇਟੇਰੀਆ, ਇੱਕ ਤੈਰਨ ਲਈ ਤਲਾ, ਇੱਕ ਜਿੰਮ ਸੀ ਅਤੇ ਇੱਕ ਆਡੀਟੋਰੀਅਮ ਵੀ ਸਕੂਲ ਦਾ ਹਿੱਸਾ ਸੀ। ਰਾਤ ਵਿੱਚ ਦੋ ਵਾਰ ਇਸ ਸਭ ਦਾ ਚੱਕਰ ਲਗਾਉਣਾ ਮੇਰੇ ਕੰਮ ਵਿੱਚ ਸ਼ਾਮਿਲ ਸੀ।

ਜਦੋਂ ਮੈਂ ਰਾਤ ਨੂੰ ਰਾਖੀ ਕਰਦੇ ਹੋਏ ਸਕੂਲ ਵਿੱਚ ਚੱਕਰ ਲਗਾ ਰਿਹਾ ਹੁੰਦਾ, ਤਾਂ ਮੈਂ ਨਾਲ-ਨਾਲ ਇੱਕ ਵੀਹ-ਸੂਤਰੀ ਜਾਂਚ-ਸੂਚੀ ਉੱਤੇ ਵੀ ਨਿਸ਼ਾਨ ਲਗਾਉਂਦਾ ਜਾਂਦਾ। ਸਟਾਫ਼ ਦੇ ਬੈਠਣ ਦਾ ਕਮਰਾ – ਓਕੇ… ਵਿਗਿਆਨ-ਪ੍ਰਯੋਗਸ਼ਾਲਾ – ਓਕੇ…ਮੈਨੂੰ ਲੱਗਦਾ ਹੈ, ਮੈਂ ਚਪੜਾਸੀ ਦੇ ਕਮਰੇ ਦੇ ਬਿਸਤਰੇ ਤੇ ਬੈਠੇ-ਬੈਠੇ ਵੀ ਓਕੇ ਦੇ ਨਿਸ਼ਾਨ ਲਗਾ ਸਕਦਾ ਸੀ। ਇਵੇਂ ਮੈਂ ਰਾਤ ਵਿੱਚ ਸਕੂਲ ਦਾ ਚੱਕਰ ਲਗਾਉਣ ਦੀ ਜਹਿਮਤ ਤੋਂ ਬੱਚ ਜਾਂਦਾ। ਲੇਕਿਨ ਮੈਂ ਇੰਨਾ ਗੈਰ-ਜ਼ਿੰਮੇਦਾਰ ਵਿਅਕਤੀ ਨਹੀਂ ਸੀ। ਉਂਜ ਵੀ ਸਕੂਲ ਦਾ ਚੱਕਰ ਲਾਉਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ ਸੀ। ਇਸਦੇ ਇਲਾਵਾ, ਜੇਕਰ ਕੋਈ ਰਾਤ ਵਿੱਚ ਚੋਰੀ ਦੇ ਇਰਾਦੇ ਨਾਲ ਸਕੂਲ ਵਿੱਚ ਵੜ ਆਉਂਦਾ ਤਾਂ ਜਵਾਬਦੇਹੀ ਤਾਂ ਮੇਰੀ ਹੀ ਬਣਦੀ।

ਜੋ ਵੀ ਹੋਵੇ, ਹਰ ਰਾਤ ਮੈਂ ਦੋ ਵਾਰ – ਨੌਂ ਵਜੇ ਅਤੇ ਤਿੰਨ ਵਜੇ, ਰਾਖੀ ਕਰਦੇ ਹੋਏ ਪੂਰੇ ਸਕੂਲ ਦਾ ਚੱਕਰ ਲਾਉਂਦਾ ਸੀ। ਮੇਰੇ ਖੱਬੇ ਪਾਸੇ ਹੱਥ ਵਿੱਚ ਟਾਰਚ ਹੁੰਦੀ, ਜਦੋਂ ਕਿ ਸੱਜੇ ਹੱਥ ਵਿੱਚ ਲੱਕੜੀ ਦੀ ਇੱਕ ਰਵਾਇਤੀ ਤਲਵਾਰ ਹੁੰਦੀ। ਮੈਂ ਆਪਣੇ ਸਕੂਲ ਦੇ ਦਿਨਾਂ ਵਿੱਚ ਰਵਾਇਤੀ ਤਲਵਾਰਬਾਜੀ ਸਿੱਖੀ ਸੀ, ਇਸ ਲਈ ਮੈਨੂੰ ਕਿਸੇ ਵੀ ਹਮਲਾਵਰ ਨੂੰ ਭਜਾ ਦੇਣ ਦੀ ਆਪਣੀ ਯੋਗਤਾ ਉੱਤੇ ਪੂਰਾ ਭਰੋਸਾ ਸੀ। ਜੇਕਰ ਕੋਈ ਹਮਲਾਵਰ ਪੇਸ਼ੇਵਰ ਨਾ ਹੁੰਦਾ ਅਤੇ ਉਸਦੇ ਕੋਲ ਅਸਲੀ ਤਲਵਾਰ ਹੁੰਦੀ, ਤਾਂ ਵੀ ਮੈਂ ਉਸਤੋਂ ਨਹੀਂ ਘਬਰਾਉਂਦਾ। ਯਾਦ ਰੱਖੋ, ਉਸ ਸਮੇਂ ਮੈਂ ਜਵਾਨ ਸੀ। ਜੇਕਰ ਅੱਜ ਦੀ ਤਾਰੀਖ ਵਿੱਚ ਅਜਿਹੀ ਕੋਈ ਗੱਲ ਹੋ ਜਾਵੇ, ਤਾਂ ਮੈਂ ਜਰੂਰ ਉੱਥੋਂ ਭੱਜ ਜਾਵਾਂਗਾ।

ਖੈਰ! ਇਹ ਘਟਨਾ ਅਕਤੂਬਰ ਮਹੀਨੇ ਦੀ ਇੱਕ ਤੂਫਾਨੀ ਰਾਤ ਨੂੰ ਘਟੀ। ਅਸਲ ਵਿੱਚ, ਸਾਲ ਦੇ ਇਸ ਮਹੀਨੇ ਦੇ ਹਿਸਾਬ ਨਾਲ ਮੌਸਮ ਬੇਹੱਦ ਹੁੰਮਸ ਭਰਿਆ ਸੀ। ਸ਼ਾਮ ਤੋਂ ਹੀ ਮੱਛਰਾਂ ਦੇ ਝੁੰਡ ਮੰਡਰਾਉਣ ਲੱਗੇ। ਮੈਨੂੰ ਯਾਦ ਹੈ, ਮੈਂ ਮੱਛਰਾਂ ਨੂੰ ਭਜਾਉਣ ਵਾਲੀਆਂ ਕਈ ਟਿੱਕੀਆਂ ਬਾਲੀਆਂ ਤਾਂ ਕਿ ਇਨ੍ਹਾਂ ਬਦਮਾਸ਼ਾਂ ਨੂੰ ਦੂਰ ਰੱਖਿਆ ਜਾ ਸਕੇ। ਬਾਹਰ ਝੱਖੜ ਦਾ ਕੰਨ-ਪਾੜ ਰੌਲਾ ਸੀ। ਤਲਾ ਦਾ ਦਰਵਾਜਾ ਟੁੱਟਿਆ ਹੋਇਆ ਸੀ ਅਤੇ ਤੇਜ ਹਵਾ ਵਿੱਚ ਖੜਖੜ ਵਜ ਰਿਹਾ ਸੀ। ਮੈਂ ਸੋਚਿਆ ਕਿ ਕੀਲ ਠੋਕ ਕੇ ਦਰਵਾਜੇ ਨੂੰ ਦੁਰੁਸਤ ਕਰ ਦੇਵਾਂ, ਲੇਕਿਨ ਬਾਹਰ ਘੁੱਪ ਹਨੇਰਾ ਸੀ। ਇਸ ਲਈ ਉਹ ਦਰਵਾਜਾ ਸਾਰੀ ਰਾਤ ਇਵੇਂ ਹੀ ਵੱਜਦਾ ਰਿਹਾ।

ਉਸ ਰਾਤ ਨੌਂ ਵਜੇ ਰਾਖੀ ਲਈ ਲਾਏ ਗਏ ਸਕੂਲ ਦੇ ਚੱਕਰ ਵਿੱਚ ਸਭ ਠੀਕ-ਠਾਕ ਰਿਹਾ। ਮੈਂ ਜਾਂਚ-ਸੂਚੀ ਦੀਆਂ ਸਾਰੀਆਂ ਵੀਹ ਮੱਦਾਂ ਉੱਤੇ ਓਕੇ ਦਾ ਨਿਸ਼ਾਨ ਲਗਾ ਦਿੱਤਾ। ਸਾਰੇ ਕਮਰਿਆਂ ਦੇ ਦਰਵਾਜਿਆਂ ਉੱਤੇ ਜੰਦਰੇ ਲੱਗੇ ਸੀ ਅਤੇ ਹਰ ਚੀਜ ਆਪਣੀ ਜਗ੍ਹਾ ਤੇ ਸੀ। ਕਿਤੇ ਕੁੱਝ ਵੀ ਅਜੀਬ ਨਹੀਂ ਲੱਗਿਆ। ਮੈਂ ਵਾਪਸ ਚਪੜਾਸੀ ਦੇ ਕਮਰੇ ਵਿੱਚ ਆ ਗਿਆ, ਜਿੱਥੇ ਮੈਂ ਘੜੀ ਵਿੱਚ ਤਿੰਨ ਵਜੇ ਉੱਠਣ ਲਈ ਅਲਾਰਮ ਲਾਇਆ। ਬਿਸਤਰ ਤੇ ਪੈਣ ਮੈਨੂੰ ਨੀਂਦ ਆ ਗਈ।

ਤਿੰਨ ਵਜੇ ਅਲਾਰਮ ਵੱਜਣ ਉੱਤੇ ਮੈਂ ਜਾਗ ਤਾਂ ਪਿਆ ਲੇਕਿਨ ਮੈਨੂੰ ਕੁੱਝ ਅਜੀਬ ਮਹਿਸੂਸ ਹੋ ਰਿਹਾ ਸੀ। ਮੈਂ ਤੁਹਾਨੂੰ ਠੀਕ ਤਰ੍ਹਾਂ ਇਹ ਸਮਝਾ ਨਹੀਂ ਸਕਦਾ, ਲੇਕਿਨ ਮੈਨੂੰ ਕਿਤੇ ਕੁੱਝ ਵੱਖਰਾ-ਜਿਹਾ ਲੱਗਿਆ। ਮੇਰਾ ਉੱਠਣ ਨੂੰ ਮਨ ਵੀ ਨਹੀਂ ਸੀ ਕਰਦਾ। ਇੰਜ ਲੱਗ ਰਿਹਾ ਸੀ ਜਿਵੇਂ ਕੋਈ ਚੀਜ ਬਿਸਤਰ ਤੋਂ ਉੱਠਣ ਦੀ ਮੇਰੀ ਇੱਛਾ ਨੂੰ ਦਬਾ ਰਹੀ ਸੀ। ਆਮ ਤੌਰ ਉੱਤੇ ਮੈਂ ਉਛਲ ਕੇ ਬਿਸਤਰ ਤੋਂ ਉਠ ਖੜਾ ਹੁੰਦਾ ਹਾਂ, ਇਸ ਲਈ ਮੈਂ ਵੀ ਕੁੱਝ ਨਹੀਂ ਸਮਝ ਪਾ ਰਿਹਾ ਸੀ। ਮੈਨੂੰ ਜਿਵੇਂ ਆਪਣੇ ਆਪ ਨੂੰ ਧੱਕੇ ਦੇ ਕੇ ਬਿਸਤਰ ਤੋਂ ਉਠਾਉਣਾ ਪਿਆ, ਤਾਂ ਕਿ ਮੈਂ ਸਕੂਲ ਦੀ ਰਾਖੀ ਵਾਲਾ ਤਿੰਨ ਵਜੇ ਦਾ ਚੱਕਰ ਲਾਉਣ ਜਾ ਸਕਾਂ। ਬਾਹਰ ਤਲਾ ਦਾ ਟੁੱਟਿਆ ਦਰਵਾਜਾ ਹੁਣ ਵੀ ਤੇਜ ਹਵਾ ਵਿੱਚ ਵਜ ਰਿਹਾ ਸੀ, ਪਰ ਉਸਦੇ ਵੱਜਣ ਦੀ ਆਵਾਜ਼ ਹੁਣ ਪਹਿਲਾਂ ਨਾਲੋਂ ਵੱਖ ਲੱਗ ਰਹੀ ਸੀ। ਕਿਤੇ-ਨਾ-ਕਿਤੇ ਕੁੱਝ ਤਾਂ ਜ਼ਰੂਰ ਅਜੀਬ ਹੈ – ਬਾਹਰ ਜਾਣ ਤੋਂ ਟਾਲ ਜਿਹੀ ਵੱਟ ਦੇ ਹੋਏ ਮੈਂ ਸੋਚਿਆ। ਪਰ ਫਿਰ ਮੈਂ ਆਪਣਾ ਮਨ ਬਣਾ ਲਿਆ ਕਿ ਚਾਹੇ ਕੁੱਝ ਵੀ ਹੋ ਜਾਵੇ, ਮੈਂ ਆਪਣਾ ਕੰਮ ਕਰਨ ਜਾਣਾ ਹੀ ਹੈ। ਜੇਕਰ ਤੁਸੀਂਂ ਇੱਕ ਵਾਰ ਆਪਣੇ ਫ਼ਰਜ਼ ਤੋਂ ਟਲ ਗਏ, ਤਾਂ ਤੁਸੀਂਂ ਵਾਰ ਵਾਰ ਆਪਣੇ ਫ਼ਰਜ਼ ਤੋਂ ਟਲੋਗੇ, ਅਤੇ ਮੈਂ ਇਸ ਝਮੇਲੇ ਵਿੱਚ ਨਹੀਂ ਪੈਣਾ ਚਾਹੁੰਦਾ ਸੀ। ਇਸ ਲਈ ਮੈਂ ਆਪਣੀ ਟਾਰਚ ਅਤੇ ਆਪਣੀ ਲੱਕੜੀ ਦੀ ਤਲਵਾਰ ਚੁੱਕੀ ਅਤੇ ਸਕੂਲ ਦਾ ਚੱਕਰ ਲਾਉਣ ਲਈ ਨਿਕਲ ਪਿਆ।
ਇਹ ਸਚਮੁਚ ਬਹੁਤ ਅਜੀਬ ਜਿਹੀ ਰਾਤ ਸੀ। ਜਿਵੇਂ ਜਿਵੇਂ ਰਾਤ ਡੂੰਘੀ ਹੋ ਰਹੀ ਸੀ, ਹਵਾ ਦੀ ਰਫਤਾਰ ਬੇਹੱਦ ਤੂਫਾਨੀ ਹੁੰਦੀ ਜਾ ਰਹੀ ਸੀ, ਅਤੇ ਹਵਾ ਵਿੱਚ ਨਮੀ ਵੀ ਵੱਧਦੀ ਜਾ ਰਹੀ ਸੀ। ਮੇਰੇ ਸਰੀਰ ਵਿੱਚ ਜਗ੍ਹਾ-ਜਗ੍ਹਾ ਖੁਰਕ ਹੋਣ ਲੱਗੀ, ਅਤੇ ਕਿਸੇ ਵੀ ਚੀਜ ਤੇ ਆਪਣਾ ਧਿਆਨ ਕੇਂਦਰਿਤ ਕਰਨਾ ਮੇਰੇ ਲਈ ਮੁਸ਼ਕਲ ਹੋਣ ਲਗਾ। ਮੈਂ ਪਹਿਲਾਂ ਜਿੰਮ, ਆਡੀਟੋਰੀਅਮ ਅਤੇ ਤਲਾ ਦਾ ਚੱਕਰ ਲਾਉਣ ਦਾ ਮਨ ਬਣਾਇਆ। ਉੱਥੇ ਸਭ ਕੁੱਝ ਠੀਕ-ਠਾਕ ਸੀ। ਤਲਾ ਦਾ ਅਧ-ਟੁੱਟਿਆ ਦਰਵਾਜਾ ਤੂਫਾਨੀ ਹਵਾ ਵਿੱਚ ਇਸ ਤਰ੍ਹਾਂ ਬੇਸੁਰਾ ਜਿਹਾ ਵਜ ਰਿਹਾ ਸੀ ਜਿਵੇਂ ਉਸਨੂੰ ਪਾਗਲਪਣ ਦਾ ਦੌਰਾ ਪਿਆ ਹੋਵੇ। ਉਸਦੇ ਵੱਜਣ ਦੀ ਅਵਾਜ ਡਰਾਉਣੀ ਅਤੇ ਅਜੀਬ ਜਿਹੀ ਲੱਗ ਰਹੀ ਸੀ।

ਸਕੂਲ ਦੀ ਇਮਾਰਤ ਦੇ ਅੰਦਰ ਹਾਲਤ ਆਮ ਵਰਗੀ ਸੀ। ਮੈਂ ਹਰ ਪਾਸੇ ਵੇਖਦੇ ਹੋਏ ਆਪਣੀ ਵੀਹ-ਸੂਤਰੀ ਜਾਂਚ-ਸੂਚੀ ਉੱਤੇ ਓਕੇ ਦਾ ਨਿਸ਼ਾਨ ਲਾਉਂਦਾ ਜਾ ਰਿਹਾ ਸੀ। ਹਾਲਾਂਕਿ ਮੈਨੂੰ ਕਿਤੇ ਕੁੱਝ ਅਜੀਬ ਲੱਗ ਰਿਹਾ ਸੀ, ਲੇਕਿਨ ਵਾਸਤਵ ਵਿੱਚ ਹੁਣ ਤੱਕ ਅਜਿਹਾ ਕੁੱਝ ਵੀ ਨਹੀਂ ਹੋਇਆ ਸੀ ਜਿਸਨੂੰ ਅਜੀਬ ਕਿਹਾ ਜਾਂਦਾ। ਚੈਨ ਦੀ ਸਾਹ ਲੈ ਕੇ ਮੈਂ ਚਪੜਾਸੀ ਦੇ ਕਮਰੇ ਦੇ ਵੱਲ ਪਰਤਣ ਲੱਗਿਆ। ਮੇਰੀ ਜਾਂਚ-ਸੂਚੀ ਵਿੱਚ ਹੁਣ ਕੇਵਲ ਅੰਤਮ ਜਗ੍ਹਾ ਵਿਗਿਆਨ-ਪ੍ਰਯੋਗਸ਼ਾਲਾ ਬੱਚ ਗਈ ਸੀ। ਇਹ ਪ੍ਰਯੋਗਸ਼ਾਲਾ ਇਮਾਰਤ ਦੇ ਪੂਰਬੀ ਹਿੱਸੇ ਵਿੱਚ ਕੈਫੇਟੇਰੀਆ ਦੇ ਬਗਲ ਵਿੱਚ ਸਥਿਤ ਸੀ। ਚਪੜਾਸੀ ਦਾ ਕਮਰਾ ਇੱਥੋਂ ਠੀਕ ਉਲਟੀ ਦਿਸ਼ਾ ਵਿੱਚ ਪੈਂਦਾ ਸੀ। ਇਸਦਾ ਮਤਲਬ ਸੀ ਕਿ ਪਰਤਦੇ ਹੋਏ ਮੈਂ ਪਹਿਲੀ ਮੰਜਲ ਦੇ ਲੰਬੇ ਗਲਿਆਰੇ ਨੂੰ ਪਾਰ ਕਰਨਾ ਸੀ। ਉੱਥੇ ਘੁੱਪ ਹਨ੍ਹੇਰਾ ਸੀ। ਜਦੋਂ ਅਕਾਸ਼ ਵਿੱਚ ਚੰਨ ਨਿਕਲਿਆ ਹੁੰਦਾ, ਤਾਂ ਉਸ ਗਲਿਆਰੇ ਵਿੱਚ ਹਲਕੀ ਰੋਸ਼ਨੀ ਹੁੰਦੀ ਸੀ। ਪਰ ਜਦੋਂ ਅਜਿਹਾ ਨਹੀਂ ਹੁੰਦਾ, ਤਾਂ ਉੱਥੇ ਕੁੱਝ ਵੀ ਵਿਖਾਈ ਨਹੀਂ ਦਿੰਦਾ। ਉਸ ਰਾਤ ਵੀ ਘੁੱਪ ਹਨੇਰੇ ਵਿੱਚ ਅੱਗੇ ਦਾ ਰਸਤਾ ਦੇਖਣ ਲਈ ਮੈਨੂੰ ਟਾਰਚ ਦੀ ਰੋਸ਼ਨੀ ਦਾ ਸਹਾਰਾ ਲੈਣਾ ਪੈ ਰਿਹਾ ਸੀ। ਦਰਅਸਲ ਮੌਸਮ ਵਿਭਾਗ ਦੇ ਅਨੁਸਾਰ ਉਸ ਇਲਾਕੇ ਵਿੱਚ ਵਾਵਰੋਲੇ ਦੇ ਆਉਣ ਦਾ ਅੰਦੇਸ਼ਾ ਸੀ। ਇਸ ਲਈ ਚੰਨ ਵਿਖਾਈ ਨਹੀਂ ਦੇ ਰਿਹਾ ਸੀ। ਬਾਹਰ ਅਕਾਸ਼ ਵਿੱਚ ਕੇਵਲ ਬੱਦਲਾਂ ਦੀ ਭਾਰੀ ਗੜਗੜਾਹਟ ਸੀ ਅਤੇ ਹੇਠਾਂ ਜ਼ਮੀਨ ਉੱਤੇ ਤੂਫਾਨੀ ਹਵਾ ਦਾ ਭਿਆਨਕ ਰੌਲਾ ਸੀ।

ਮੈਂ ਹੋਰ ਦਿਨਾਂ ਦੇ ਮੁਕਾਬਲੇ ਤੇਜੀ ਨਾਲ ਉਸ ਗਲਿਆਰੇ ਨੂੰ ਪਾਰ ਕਰਨ ਲਗਾ। ਮੇਰੇ ਬਾਸਕਟਬਾਲ ਵਾਲੇ ਜੁੱਤਿਆਂ ਵਿੱਚ ਲੱਗੇ ਰਬੜ ਦੇ ਤਲਿਆਂ ਦੀ ਲੀਨੋ ਦੇ ਫ਼ਰਸ ਨਾਲ ਹੋ ਰਹੀ ਰਗੜ ਨਾਲ ਉਸ ਸੰਨਾਟੇ ਵਿੱਚ ਇੱਕ ਅਜੀਬ ਜਿਹੀ ਆਵਾਜ਼ ਪੈਦਾ ਹੋ ਰਹੀ ਸੀ।ਗਲਿਆਰੇ ਨੂੰ ਹਰੇ ਲੀਨੋ ਵਿੱਚ ਕਵਰ ਕੀਤਾ ਹੋਇਆ ਸੀ। ਮੈਨੂੰ ਅੱਜ ਵੀ ਯਾਦ ਹੈ।
ਸਕੂਲ ਦਾ ਐਂਟਰੀ-ਗੇਟ ਅੱਧਾ ਗਲਿਆਰਾ ਪਾਰ ਕਰਨ ਦੇ ਬਾਅਦ ਆਉਂਦਾ ਸੀ, ਅਤੇ ਜਦੋਂ ਮੈਂ ਉੱਥੋਂ ਲੰਘਿਆ ਤਾਂ ਮੈਨੂੰ ਲੱਗਿਆ…’ਉਹ ਇਹ ਕੀ…?!?’ ਮੈਨੂੰ ਲੱਗਿਆ ਜਿਵੇਂ ਮੈਨੂੰ ਹਨੇਰੇ ਵਿੱਚ ਕੋਈ ਚੀਜ ਦਿਖੀ ਸੀ। ਬਸ ਮੇਰੀ ਅੱਖ ਦੇ ਕੋਨੇ ਵਿੱਚੋਂ। ਤਲਵਾਰ ਦੇ ਮੁੱਠੇ ਉੱਤੇ ਆਪਣੀ ਪਕੜ ਮਜਬੂਤ ਕਰਦੇ ਹੋਏ ਮੈਂ ਉਸ ਵੱਲ ਮੁੜਿਆ ਜਿਧਰ ਮੈਨੂੰ ਕੁੱਝ ਵਿਖਿਆ ਸੀ। ਮੇਰਾ ਦਿਲ ਜੋਰ ਜੋਰ ਨਾਲ ਧੜਕ ਰਿਹਾ ਸੀ ਅਤੇ ਮੈਂ ਆਪਣੀ ਟਾਰਚ ਦੀ ਰੋਸ਼ਨੀ ਜੁੱਤੀਆਂ ਰੱਖਣ ਦੇ ਖਾਨੇ ਦੇ ਬਗਲ ਵਾਲੀ ਦੀਵਾਰ ਉੱਤੇ ਮਾਰੀ।

ਓਹ ! ਤਾਂ ਇਹ ਗੱਲ ਸੀ। ਦਰਅਸਲ ਉੱਥੇ ਇੱਕ ਆਦਮਕਦ ਸ਼ੀਸ਼ਾ ਰੱਖਿਆ ਸੀ, ਜਿਸ ਵਿੱਚ ਮੇਰਾ ਅਕਸ਼ ਨਜ਼ਰ ਆ ਰਿਹਾ ਸੀ। ਲੇਕਿਨ ਪਿੱਛਲੀ ਰਾਤ ਤਾਂ ਇੱਥੇ ਕੋਈ ਸ਼ੀਸ਼ਾ ਨਹੀਂ ਸੀ। ਯਾਨੀ ਕੱਲ ਦਿਨ ਵਿੱਚ ਹੀ ਕਿਸੇ ਨੇ ਇਹ ਸ਼ੀਸ਼ਾ ਇੱਥੇ ਰੱਖ ਦਿੱਤਾ ਹੋਵੇਗਾ। ਇਸੇ ਕਰਕੇ ਇਸਨੇ ਮੈਨੂੰ ਲਪੇਟ ਲਿਆ ਹੈ।

ਜਿਵੇਂ ਕ‌ਿ ਮੈਂ ਦੱਸਿਆ, ਉਹ ਇੱਕ ਆਦਮਕੱਦ ਸ਼ੀਸ਼ਾ ਸੀ। ਇਸ ਵਿੱਚ ਉਹ ਸਿਰਫ਼ ਮੇਰਾ ਪ੍ਰਤੀਬਿੰਬ ਸੀ, ਇਹ ਵੇਖ ਕੇ ਮੈਨੂੰ ਵੱਡੀ ਰਾਹਤ ਮਹਿਸੂਸ ਹੋਈ। ਲੇਕਿਨ ਨਾਲ ਹੀ ਮੈਨੂੰ ਆਪਣੇ ਬੁਰੀ ਤਰ੍ਹਾਂ ਘਬਰਾ ਜਾਣ ਦੀ ਗੱਲ ਬੇਹੱਦ ਬੇਵਕੂਫ਼ਾਨਾ ਲੱਗੀ। ਤਾਂ ਸਿਰਫ ਇਹ ਗੱਲ ਸੀ – ਮੈਂ ਆਪਣੇ ਆਪ ਨੂੰ ਕਿਹਾ। ਕੀ ਬੇਵਕੂਫ਼ੀ ਹੈ ! ਮੈਂ ਆਪਣੀ ਟਾਰਚ ਹੇਠਾਂ ਰੱਖ ਕੇ ਜੇਬ ਵਿੱਚੋਂ ਇੱਕ ਸਿਗਰਟ ਕੱਢੀ ਅਤੇ ਸੁਲਗਾ ਲਈ। ਮੈਂ ਇੱਕ ਗਹਿਰਾ ਕਸ਼ ਖਿਚ ਕੇ ਉਸ ਸ਼ੀਸ਼ੇ ਵਿੱਚ ਆਪਣੇ ਪ੍ਰਤੀਬਿੰਬ ਦੇ ਵੱਲ ਨਜ਼ਰ ਸੁੱਟੀ। ਬਾਹਰ ਸੜਕ ਵਲੋਂ ਇੱਕ ਮੱਧਮ ਰੋਸ਼ਨੀ ਖਿੜਕੀ ਦੇ ਰਸਤੇ ਉਸ ਸ਼ੀਸ਼ੇ ਤੱਕ ਪਹੁੰਚ ਰਹੀ ਸੀ। ਮੇਰੇ ਪਿੱਛੇ ਸਥਿਤ ਤਲਾਬ ਦਾ ਅਧ-ਟੁੱਟਿਆ ਦਰਵਾਜਾ ਤੂਫਾਨੀ ਹਵਾ ਵਿੱਚ ਹੁਣ ਵੀ ਬੇਸੁਰਾ-ਜਿਹਾ ਵਜ ਰਿਹਾ ਸੀ।
ਸਿਗਰਟ ਦੇ ਤਿੰਨ ਡੂੰਘੇ ਕਸ਼ ਲੈਣ ਦੇ ਬਾਅਦ ਮੈਨੂੰ ਅਚਾਨਕ ਇੱਕ ਅਜੀਬ ਗੱਲ ਨਜ਼ਰ ਆਈ – ਸ਼ੀਸ਼ੇ ਵਿੱਚ ਵਿੱਖ ਰਿਹਾ ਮੇਰਾ ਪ੍ਰਤੀਬਿੰਬ ਦਰਅਸਲ ਮੈਂ ਨਹੀਂ ਸੀ। ਬਾਹਰ ਤੋਂ ਉਹ ਬਿਲਕੁਲ ਮੇਰੀ ਤਰ੍ਹਾਂ ਲੱਗ ਰਿਹਾ ਸੀ, ਲੇਕਿਨ ਯਕੀਨਨ ਉਹ ਮੈਂ ਨਹੀਂ ਸੀ। ਨਹੀਂ, ਇਹ ਗੱਲ ਨਹੀਂ ਸੀ। ਉਹ ਮੈਂ ਤਾਂ ਸੀ ਲੇਕਿਨ ਕੋਈ ਦੂਜਾ ਹੀ ਮੈਂ ਸੀ। ਕੋਈ ਦੂਜਾ ਮੈਂ, ਜਿਸਨੂੰ ਨਹੀਂ ਹੋਣਾ ਚਾਹੀਦਾ ਹੈ ਸੀ। ਮੈਨੂੰ ਨਹੀਂ ਪਤਾ, ਮੈਂ ਇਸ ਗੱਲ ਨੂੰ ਤੁਹਾਨੂੰ ਕਿਵੇਂ ਸਮਝਾਵਾਂ। ਮੈਨੂੰ ਉਸ ਸਮੇਂ ਕਿਵੇਂ ਮਹਿਸੂਸ ਹੋ ਰਿਹਾ ਸੀ, ਇਹ ਬਿਆਨ ਕਰ ਸਕਣਾ ਔਖਾ ਹੈ।

ਜੋ ਗੱਲ ਮੈਂ ਸਮਝ ਸਕਿਆ ਉਹ ਇਹ ਸੀ ਕਿ ਸ਼ੀਸ਼ੇ ਵਿੱਚ ਮੌਜੂਦ ਉਹ ਪ੍ਰਤੀਬਿੰਬ ਮੈਨੂੰ ਬੇਇੰਤਹਾ ਨਫਰਤ ਕਰਦਾ ਸੀ। ਉਸਦੇ ਅੰਦਰ ਭਰੀ ਨਫ਼ਰਤ ਹਨੇਰੇ ਸਮੁੰਦਰ ਵਿੱਚ ਤੈਰ ਰਹੇ ਕਿਸੇ ਗਲੇਸ਼ੀਅਰ ਵਰਗੀ ਸੀ। ਇੱਕ ਅਜਿਹੀ ਨਫਰਤ ਜਿਸਨੂੰ ਕੋਈ ਕਦੇ ਮਿਟਾ ਨਾ ਸਕੇ।
ਮੈਂ ਕੁੱਝ ਦੇਰ ਉੱਥੇ ਹੱਕਾ-ਬੱਕਾ ਜਿਹਾ ਖੜਾ ਰਹਿ ਗਿਆ। ਮੇਰੀ ਸਿਗਰਟ ਮੇਰੀਆਂ ਉਂਗਲਾਂ ਵਿੱਚੋਂ ਨਿਕਲ ਕੇ ਫਰਸ਼ ਉੱਤੇ ਡਿੱਗ ਪਈ। ਸ਼ੀਸ਼ੇ ਵਿੱਚ ਮੌਜੂਦ ਸਿਗਰਟ ਵੀ ਫਰਸ਼ ਉੱਤੇ ਡਿੱਗ ਪਈ। ਇੱਕ ਦੂਜੇ ਨੂੰ ਘੂਰਦੇ ਹੋਏ ਅਸੀ ਉੱਥੇ ਖੜੇ ਰਹੇ। ਮੈਨੂੰ ਲੱਗਿਆ ਜਿਵੇਂ ਕਿਸੇ ਨੇ ਮੇਰੇ ਹੱਥ-ਪੈਰ ਬੰਨ੍ਹ ਦਿੱਤੇ ਹੋਣ। ਮੈਥੋਂ ਹਿੱਲ ਵੀ ਨਹੀਂ ਹੋ ਰਿਹਾ ਸੀ।

ਅਖੀਰ ਉਸਦਾ ਹੱਥ ਹਿੱਲਿਆ। ਉਸਦੇ ਸੱਜੇ ਹੱਥ ਦੀਆਂ ਉਂਗਲਾਂ ਨੇ ਉਸਦੀ ਠੋਡੀ ਨੂੰ ਛੂਇਆ, ਅਤੇ ਫਿਰ ਹੌਲੀ-ਹੌਲੀ ਉਹ ਉਂਗਲਾਂ ਉਸਦੇ ਚਿਹਰੇ ਤੇ ਫਿਰਨ ਲੱਗੀਆਂ। ਅਚਾਨਕ ਮੈਂ ਮਹਿਸੂਸ ਕੀਤਾ ਕਿ ਮੇਰੀਆਂ ਉਂਗਲਾਂ ਵੀ ਠੀਕ ਉਵੇਂ ਹੀ ਹਰਕਤਾਂ ਕਰ ਰਹੀਆਂ ਸਨ। ਭਾਵ ਮੈਂ ਸ਼ੀਸ਼ੇ ਵਿੱਚ ਬੈਠੇ ਵਿਅਕਤੀ ਦਾ ਪ੍ਰਤੀਬਿੰਬ ਸੀ ਅਤੇ ਮੇਰੀਆਂ ਹਰਕਤਾਂ ਨੂੰ ਉਹ ਕੰਟਰੋਲ ਕਰ ਰਿਹਾ ਸੀ।

ਅੰਦਰੋਂ ਆਪਣੀ ਅੰਤਮ ਸ਼ਕਤੀ ਇਕੱਤਰ ਕਰਕੇ ਮੈਂ ਜ਼ੋਰ ਨਾਲ ਚੀਕਿਆ, ਅਤੇ ਮੈਨੂੰ ਆਪਣੀ ਜਗ੍ਹਾ ਉੱਤੇ ਜਕੜ ਕੇ ਰੱਖਣ ਵਾਲੇ ਬੰਧਨ ਜਿਵੇਂ ਟੁੱਟ ਗਏ। ਮੈਂ ਆਪਣੇ ਹੱਥ ਵਿੱਚ ਫੜੀ ਲੱਕੜੀ ਦੀ ਤਲਵਾਰ ਉੱਪਰ ਚੁੱਕੀ ਅਤੇ ਉਸ ਆਦਮਕਦ ਸ਼ੀਸ਼ੇ ਉੱਤੇ ਜ਼ੋਰ ਨਾਲ ਦੇ ਮਾਰੀ। ਮੈਂ ਕੱਚ ਦੇ ਚਟਖ ਕੇ ਚੂਰ-ਚੂਰ ਹੋਣ ਦੀ ਆਵਾਜ਼ ਸੁਣੀ, ਤੇ ਆਪਣੇ ਕਮਰੇ ਦੇ ਵੱਲ ਬੇਤਹਾਸ਼ਾ ਭੱਜਦੇ ਹੋਏ ਮੈਂ ਪਿੱਛੇ ਮੁੜ ਕੇ ਨਹੀਂ ਵੇਖਿਆ। ਕਮਰੇ ਵਿੱਚ ਪਹੁੰਚਦੇ ਹੀ ਮੈਂ ਦਰਵਾਜਾ ਅੰਦਰੋਂ ਬੰਦ ਕੀਤਾ ਅਤੇ ਬਿਸਤਰ ਉੱਤੇ ਪਈ ਰਜਾਈ ਵਿੱਚ ਵੜ ਗਿਆ। ਹਾਲਾਂਕਿ ਮੈਨੂੰ ਆਪਣੀ ਬਲਦੀ ਸਿਗਰਟ ਦੇ ਉੱਥੇ ਫਰਸ਼ ਉੱਤੇ ਡਿੱਗ ਜਾਣ ਦੀ ਚਿੰਤਾ ਹੋਈ, ਪਰ ਹੁਣ ਮੈਂ ਉੱਥੇ ਵਾਪਸ ਤਾਂ ਕਿਸੇ ਹਾਲਤ ਵਿੱਚ ਨਹੀਂ ਜਾਣ ਵਾਲਾ ਸੀ। ਬਾਹਰ ਤੂਫਾਨੀ ਹਵਾ ਪ੍ਰਚੰਡ ਵੇਗ ਨਾਲ ਰੌਲਾ ਪਾਉਂਦੀ ਰਹੀ। ਤਲਾ ਦਾ ਅਧ-ਟੁੱਟਿਆ ਦਰਵਾਜਾ ਵੀ ਸਵੇਰੇ ਤੱਕ ਬੇਸੁਰਾ-ਜਿਹਾ ਉਸੇ ਤਰ੍ਹਾਂ ਵੱਜਦਾ ਰਿਹਾ।
ਹਾਂ, ਹਾਂ, ਨਹੀਂ, ਹਾਂ, ਨਹੀਂ, ਨਹੀਂ, ਨਹੀਂ … ਅਤੇ ਇਹ ਅਮਲ ਜਾਰੀ ਰਿਹਾ।

ਮੈਨੂੰ ਪੂਰਾ ਵਿਸ਼ਵਾਸ ਹੈ, ਤੁਸੀਂਂ ਮੇਰੀ ਕਹਾਣੀ ਦਾ ਅੰਤ ਜਾਣ ਲਿਆ ਹੋਵੇਗਾ। ਦਰਅਸਲ ਉੱਥੇ ਕਦੇ ਕੋਈ ਸ਼ੀਸ਼ਾ ਸੀ ਹੀ ਨਹੀਂ। ਬਾਅਦ ਵਿੱਚ ਪੁੱਛਗਿਛ ਕਰਨ ਉੱਤੇ ਮੈਨੂੰ ਪਤਾ ਚਲਿਆ ਕਿ ਉੱਥੇ ਕਦੇ ਕਿਸੇ ਨੇ ਕੋਈ ਸ਼ੀਸ਼ਾ ਰੱਖਿਆ ਹੀ ਨਹੀਂ ਸੀ।
ਮੁੱਕਦੀ ਗੱਲ, ਇਹ ਕੋਈ ਭੂਤ ਨਹੀਂ ਸੀ ਜੋ ਮੈਂ ਵੇਖਿਆ। ਮੈਂ ਜੋ ਵੀ ਦੇਖਿਆ ਉਹ ਮੈਂ ਆਪ ਹੀ ਸੀ। ਮੈਂ ਕਦੇ ਵੀ ਇਸ ਡਰ ਨੂੰ ਨਹੀਂ ਭੁਲਾ ਸਕਿਆ ਜੋ ਮੈਂ ਉਸ ਰਾਤ ਨੂੰ ਮਹਿਸੂਸ ਕੀਤਾ। ਸ਼ਾਇਦ ਤੁਸੀਂ ਦੇਖਿਆ ਹੈ ਕਿ ਇਸ ਘਰ ਵਿਚ ਇਕ ਵੀ ਸ਼ੀਸ਼ਾ ਨਹੀਂ ਹੈ। ਮੈਂ ਸ਼ੇਵ ਕਰਨ ਲਈ ਵੀ ਸ਼ੀਸ਼ੇ ਦੀ ਵਰਤੋਂ ਵੀ ਨਹੀਂ ਕਰਦਾ, ਹਾਲਾਂਕਿ ਇਸ ਤਰ੍ਹਾਂ ਬਹੁਤ ਵੱਧ ਸਮਾਂ ਲੱਗਦਾ ਹੈ। ਇਹ ਇੱਕ ਸੱਚੀ ਕਹਾਣੀ ਹੈ।
– ਅਨੁਵਾਦ ਚਰਨ ਗਿੱਲ

ਸ਼ਹੀਦ-ਸਾਜ਼ (ਸਆਦਤ ਹਸਨ ਮੰਟੋ)

October 20, 2017 by

(ਸਆਦਤ ਹਸਨ ਮੰਟੋ ਦੀ ਉਰਦੂ ਕਹਾਣੀ ਸ਼ਹੀਦ-ਸਾਜ਼ ਦਾ ਪੰਜਾਬੀ ਅਨੁਵਾਦ)

ਮੈਂ ਗੁਜਰਾਤ ਕਾਠੀਆਵਾੜ ਦਾ ਰਹਿਣ ਵਾਲਾ ਹਾਂ ਅਤੇ ਜ਼ਾਤ ਦਾ ਬਾਣੀਆ ਹਾਂ। ਪਿਛਲੇ ਸਾਲ ਜਦੋਂ ਹਿੰਦੁਸਤਾਨ ਦੀ ਤਕਸੀਮ ਦਾ ਟੰਟਾ ਹੋਇਆ ਤਾਂ ਮੈਂ ਬਿਲਕੁਲ ਬੇਕਾਰ ਸੀ। ਮੁਆਫ਼ ਕਰਨਾ ਮੈਂ ਲਫਜ ਟੰਟਾ ਇਸਤੇਮਾਲ ਕੀਤਾ। ਮਗਰ ਇਸ ਦਾ ਕੋਈ ਹਰਜ ਨਹੀਂ। ਇਸਲਈ ਕਿ ਉਰਦੂ ਜ਼ਬਾਨ ਵਿੱਚ ਬਾਹਰ ਦੇ ਲਫ਼ਜ਼ ਆਉਣੇ ਹੀ ਚਾਹੀਦੇ ਨੇ। ਚਾਹੇ ਉਹ ਗੁਜਰਾਤੀ ਹੀ ਕਿਉਂ ਨਾ ਹੋਣ।

ਜੀ ਹਾਂ, ਮੈਂ ਬਿਲਕੁਲ ਬੇਕਾਰ ਸੀ। ਲੇਕਿਨ ਕੋਕੀਨ ਦਾ ਥੋੜ੍ਹਾ ਜਿਹਾ ਕੰਮ-ਕਾਜ ਚੱਲ ਰਿਹਾ ਸੀ। ਜਿਸਦੇ ਨਾਲ ਕੁੱਝ ਆਮਦਨ ਦੀ ਸੂਰਤ ਹੋ ਹੀ ਜਾਂਦੀ ਸੀ। ਜਦੋਂ ਬਟਵਾਰਾ ਹੋਇਆ ਅਤੇ ਇਧਰ ਦੇ ਆਦਮੀ ਉਧਰ ਅਤੇ ਉਧਰ ਦੇ ਇਧਰ ਹਜ਼ਾਰਾਂ ਦੀ ਤਾਦਾਦ ਵਿੱਚ ਆਉਣ ਜਾਣ ਲੱਗੇ ਤਾਂ ਮੈਂ ਸੋਚਿਆ ਚਲੋ ਪਾਕਿਸਤਾਨ ਚੱਲੀਏ। ਕੋਕੀਨ ਦਾ ਨਾ ਸਹੀ ਕੋਈ ਹੋਰ ਕੰਮ-ਕਾਜ ਸ਼ੁਰੂ ਕਰ ਦੇਵਾਂਗਾ। ਇਸਲਈ ਉੱਥੋਂ ਚੱਲ ਪਿਆ ਅਤੇ ਰਸਤੇ ਵਿੱਚ ਤਰ੍ਹਾਂ ਤਰ੍ਹਾਂ ਦੇ ਛੋਟੇ ਛੋਟੇ ਧੰਦੇ ਕਰਦਾ ਪਾਕਿਸਤਾਨ ਪਹੁੰਚ ਗਿਆ।

ਮੈਂ ਤਾਂ ਚਲਿਆ ਹੀ ਇਸ ਨੀਅਤ ਨਾਲ ਸੀ ਕਿ ਕੋਈ ਮੋਟਾ ਕੰਮ-ਕਾਜ ਕਰਾਂਗਾ। ਇਸਲਈ ਪਾਕਿਸਤਾਨ ਪੁੱਜਦੇ ਹੀ ਮੈਂ ਹਾਲਾਤ ਨੂੰ ਚੰਗੀ ਤਰ੍ਹਾਂ ਜਾਂਚਿਆ ਅਤੇ ਅਲਾਟਮੈਂਟਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਮਸਕਾ ਪਾਲਿਸ਼ ਮੈਨੂੰ ਆਉਂਦਾ ਹੀ ਸੀ। ਚੀਕਣੀਆਂ ਚੋਪੜੀਆਂ ਗੱਲਾਂ ਕੀਤੀਆਂ। ਇੱਕ ਦੋ ਆਦਮੀਆਂ ਦੇ ਨਾਲ ਯਰਾਨਾ ਗੰਢਿਆ ਅਤੇ ਇੱਕ ਛੋਟਾ ਜਿਹਾ ਮਕਾਨ ਅਲਾਟ ਕਰਾ ਲਿਆ। ਇਸ ਨਾਲ ਕਾਫ਼ੀ ਮੁਨਾਫਾ ਹੋਇਆ ਤਾਂ ਮੈਂ ਅੱਡ ਅੱਡ ਸ਼ਹਿਰਾਂ ਵਿੱਚ ਫਿਰ ਕੇ ਮਕਾਨ ਅਤੇ ਦੁਕਾਨਾਂ ਅਲਾਟ ਕਰਾਉਣ ਦਾ ਧੰਦਾ ਕਰਨ ਲੱਗਿਆ।

ਕੰਮ ਕੋਈ ਵੀ ਹੋਵੇ ਇਨਸਾਨ ਨੂੰ ਮਿਹਨਤ ਕਰਨੀ ਪੈਂਦੀ ਹੈ। ਮੈਨੂੰ ਵੀ ਇਸਲਈ ਅਲਾਟਮੈਂਟਾਂ ਦੇ ਸਿਲਸਿਲੇ ਵਿੱਚ ਕਾਫ਼ੀ ਮਿਹਨਤ ਕਰਨੀ ਪਈ। ਕਿਸੇ ਦੇ ਮਸਕਾ ਲਗਾਇਆ। ਕਿਸੇ ਦੀ ਮੁਠੀ ਗਰਮ ਕੀਤੀ, ਕਿਸੇ ਨੂੰ ਖਾਣੇ ਦੀ ਦਾਵਤ ਦਿੱਤੀ, ਕਿਸੇ ਨੂੰ ਨਾਚ-ਗਾਣੇ ਦੀ ਮਹਿਫਲ। ਗੱਲ ਕੀ ਬੇਸ਼ੁਮਾਰ ਬਖੇੜੇ ਸਨ। ਦਿਨ-ਭਰ ਖ਼ਾਕ ਛਾਣਦਾ, ਵੱਡੀਆਂ ਵੱਡੀਆਂ ਕੋਠੀਆਂ ਦੇ ਫੇਰੇ ਮਾਰਦਾ ਅਤੇ ਸ਼ਹਿਰ ਦਾ ਚੱਪਾ ਚੱਪਾ ਵੇਖਕੇ ਅੱਛਾ ਜਿਹਾ ਮਕਾਨ ਤਲਾਸ਼ ਕਰਦਾ ਜਿਸਦੇ ਅਲਾਟ ਕਰਾਉਣ ਨਾਲ ਜ਼ਿਆਦਾ ਮੁਨਾਫ਼ਾ ਹੋਵੇ।

ਇਨਸਾਨ ਦੀ ਮਿਹਨਤ ਕਦੇ ਖ਼ਾਲੀ ਨਹੀਂ ਜਾਂਦੀ। ਇਸਲਈ ਇੱਕ ਸਾਲ ਦੇ ਅੰਦਰ ਅੰਦਰ ਮੈਂ ਲੱਖਾਂ ਰੁਪਏ ਕਮਾ ਲਏ। ਹੁਣ ਖ਼ੁਦਾ ਦਾ ਦਿੱਤਾ ਸਭ ਕੁੱਝ ਸੀ। ਰਹਿਣ ਨੂੰ ਬਿਹਤਰੀਨ ਕੋਠੀ। ਬੈਂਕ ਵਿੱਚ ਬੇ-ਅੰਦਾਜ਼ਾ ਮਾਲ ਪਾਨੀ… ਮੁਆਫ਼ ਕਰਨਾ ਮੈਂ ਕਾਠੀਆਵਾੜ ਗੁਜਰਾਤ ਦਾ ਰੋਜ਼ਮਰਾ ਇਸਤੇਮਾਲ ਕਰ ਗਿਆ। ਮਗਰ ਕੋਈ ਡਰ ਨਹੀਂ। ਉਰਦੂ ਜ਼ਬਾਨ ਵਿੱਚ ਬਾਹਰ ਦੇ ਅਲਫ਼ਾਜ਼ ਵੀ ਸ਼ਾਮਿਲ ਹੋਣ ਚਾਹੀਦੇ ਹਨ…ਜੀ ਹਾਂ, ਅੱਲਾ ਦਾ ਦਿੱਤਾ ਸਭ ਕੁੱਝ ਸੀ। ਰਹਿਣ ਨੂੰ ਬਿਹਤਰੀਨ ਕੋਠੀ, ਨੌਕਰ-ਚਾਕਰ, ਪੇਕਾਰਡ ਮੋਟਰ, ਬੈਂਕ ਵਿੱਚ ਢਾਈ ਲੱਖ ਰੁਪਏ। ਕਾਰਖਾਨੇ ਅਤੇ ਦੁਕਾਨਾਂ ਵੱਖ…ਇਹ ਸਭ ਸੀ। ਲੇਕਿਨ ਮੇਰੇ ਦਿਲ ਦਾ ਚੈਨ ਪਤਾ ਨਹੀਂ ਕਿੱਥੇ ਉੱਡ ਗਿਆ। ਇਵੇਂ ਤਾਂ ਕੋਕੀਨ ਦਾ ਧੰਦਾ ਕਰਦੇ ਹੋਏ ਵੀ ਦਿਲ ਤੇ ਕਦੇ ਕਦੇ ਬੋਝ ਮਹਿਸੂਸ ਹੁੰਦਾ ਸੀ ਲੇਕਿਨ ਹੁਣ ਤਾਂ ਜਿਵੇਂ ਦਿਲ ਰਿਹਾ ਹੀ ਨਹੀਂ ਸੀ। ਜਾਂ ਫਿਰ ਇਵੇਂ ਕਹੀਏ ਕਿ ਬੋਝ ਇੰਨਾ ਆ ਪਿਆ ਕਿ ਦਿਲ ਉਸ ਦੇ ਹੇਠਾਂ ਦਬ ਗਿਆ। ਪਰ ਇਹ ਬੋਝ ਕਿਸ ਗੱਲ ਦਾ ਸੀ?

ਆਦਮੀ ਮੈਂ ਜ਼ਹੀਨ ਹਾਂ, ਦਿਮਾਗ਼ ਵਿੱਚ ਕੋਈ ਸਵਾਲ ਪੈਦਾ ਹੋ ਜਾਵੇ ਤਾਂ ਮੈਂ ਉਸ ਦਾ ਜਵਾਬ ਖੋਜ ਹੀ ਕੱਢਦਾ ਹਾਂ। ਠੰਡੇ ਦਿਲੋਂ (ਹਾਲਾਂਕਿ ਦਿਲ ਦਾ ਕੁੱਝ ਪਤਾ ਹੀ ਨਹੀਂ ਸੀ) ਮੈਂ ਗ਼ੌਰ ਕਰਨਾ ਸ਼ੁਰੂ ਕੀਤਾ ਕਿ ਇਸ ਗੜਬੜ ਘੋਟਾਲੇ ਦੀ ਵਜ੍ਹਾ ਕੀ ਹੈ?

ਔਰਤ?……ਹੋ ਸਕਦੀ ਹੈ। ਮੇਰੀ ਆਪਣੀ ਤਾਂ ਕੋਈ ਸੀ ਨਹੀਂ। ਜੋ ਸੀ ਉਹ ਕਾਠੀਆਵਾੜ ਗੁਜਰਾਤ ਹੀ ਵਿੱਚ ਅੱਲਾ ਮੀਆਂ ਨੂੰ ਪਿਆਰੀ ਹੋ ਗਈ ਸੀ। ਲੇਕਿਨ ਦੂਸਰਿਆਂ ਦੀਆਂ ਔਰਤਾਂ ਮੌਜੂਦ ਸਨ। ਮਿਸਾਲ ਦੇ ਤੌਰ ਉੱਤੇ ਆਪਣੇ ਮਾਲੀ ਵਾਲੀ ਹੀ ਸੀ। ਆਪਣਾ ਆਪਣਾ ਟੈਸਟ ਹੈ। ਸੱਚ ਪੁੱਛੋ ਤਾਂ ਔਰਤ ਜਵਾਨ ਹੋਣੀ ਚਾਹੀਦੀ ਹੈ ਅਤੇ ਇਹ ਜ਼ਰੂਰੀ ਨਹੀਂ ਕਿ ਪੜ੍ਹੀ ਲਿਖੀ ਹੋਵੇ, ਡਾਂਸ ਕਰਨਾ ਜਾਣਦੀ ਹੋਵੇ। ਆਪਾਂ ਨੂੰ ਤਾਂ ਸਾਰੀਆਂ ਜਵਾਨ ਔਰਤਾਂ ਚੱਲਦੀਆਂ ਹਨ। (ਕਾਠੀਆਵਾੜ ਗੁਜਰਾਤ ਦਾ ਮੁਹਾਵਰਾ ਹੈ ਜਿਸਦਾ ਉਰਦੂ ਵਿੱਚ ਹੂਬਹੂ ਬਦਲ ਮੌਜੂਦ ਨਹੀਂ)।

ਔਰਤ ਦਾ ਤਾਂ ਸਵਾਲ ਹੀ ਉਠ ਗਿਆ ਅਤੇ ਦੌਲਤ ਦਾ ਪੈਦਾ ਹੀ ਨਹੀਂ ਹੋ ਸਕਦਾ। ਇਸਲਈ ਕਿ ਬੰਦਾ ਜ਼ਿਆਦਾ ਲਾਲਚੀ ਨਹੀਂ ਜੋ ਕੁੱਝ ਹੈ ਉਸੇ ਤੇ ਸੰਤੁਸ਼ਟ ਹੈ ਲੇਕਿਨ ਫਿਰ ਇਹ ਦਿਲ ਵਾਲੀ ਗੱਲ ਕਿਉਂ ਪੈਦਾ ਹੋ ਗਈ ਸੀ?

ਆਦਮੀ ਜ਼ਹੀਨ ਹਾਂ, ਕੋਈ ਮਸਲਾ ਸਾਹਮਣੇ ਆ ਜਾਏ ਤਾਂ ਇਸ ਦੀ ਤਹਿ ਤੱਕ ਪੁੱਜਣ ਦੀ ਕੋਸ਼ਿਸ਼ ਕਰਦਾ ਹਾਂ। ਕਾਰਖਾਨੇ ਚੱਲ ਰਹੇ ਸਨ। ਦੁਕਾਨਾਂ ਵੀ ਚੱਲ ਰਹੀਆਂ ਸਨ। ਰੁਪਿਆ ਆਪਣੇ ਆਪ ਪੈਦਾ ਹੋ ਰਿਹਾ ਸੀ। ਮੈਂ ਅਲਗ-ਥਲਗ ਹੋ ਕੇ ਸੋਚਣਾ ਸ਼ੁਰੂ ਕੀਤਾ ਅਤੇ ਬਹੁਤ ਦੇਰ ਦੇ ਬਾਅਦ ਇਸ ਨਤੀਜੇ ਉੱਤੇ ਪੁੱਜਾ ਕਿ ਦਿਲ ਦੀ ਗੜਬੜ ਸਿਰਫ ਇਸਲਈ ਹੈ ਕਿ ਮੈਂ ਕੋਈ ਨੇਕ ਕੰਮ ਨਹੀਂ ਕੀਤਾ।

ਕਾਠੀਆਵਾੜ ਗੁਜਰਾਤ ਵਿੱਚ ਤਾਂ ਵੀਹਾਂ ਨੇਕ ਕੰਮ ਕੀਤੇ ਸਨ। ਮਿਸਾਲ ਦੇ ਤੌਰ ਤੇ ਜਦੋਂ ਮੇਰਾ ਦੋਸਤ ਪਾਂਡੂਰੰਗ ਮਰ ਗਿਆ ਤਾਂ ਮੈਂ ਉਸ ਦੀ ਵਿਧਵਾ ਨੂੰ ਆਪਣੇ ਘਰ ਪਾ ਲਿਆ ਅਤੇ ਦੋ ਸਾਲ ਤੱਕ ਉਸ ਨੂੰ ਧੰਦਾ ਕਰਨ ਤੋਂ ਰੋਕੀ ਰੱਖਿਆ। ਵਨਾਇਕ ਦੀ ਲੱਕੜੀ ਦੀ ਟੰਗ ਟੁੱਟ ਗਈ ਤਾਂ ਉਸਨੂੰ ਨਵੀਂ ਖ਼ਰੀਦ ਦਿੱਤੀ। ਤਕਰੀਬਨ ਚਾਲ੍ਹੀ ਰੁਪਏ ਇਸ ਤੇ ਉਠ ਗਏ ਸਨ। ਜਮਨਾ ਬਾਈ ਨੂੰ ਗਰਮੀ ਹੋ ਗਈ ਸਾਲੀ ਨੂੰ (ਮੁਆਫ਼ ਕਰਨਾ ਕੁੱਝ ਪਤਾ ਹੀ ਨਹੀਂ ਸੀ। ਮੈਂ ਉਸਨੂੰ ਡਾਕਟਰ ਦੇ ਕੋਲ ਲੈ ਗਿਆ। ਛੇ ਮਹੀਨੇ ਬਰਾਬਰ ਉਸ ਦਾ ਇਲਾਜ ਕਰਾਂਦਾ ਰਿਹਾ…ਲੇਕਿਨ ਪਾਕਿਸਤਾਨ ਆਕੇ ਮੈਂ ਕੋਈ ਨੇਕ ਕੰਮ ਨਹੀਂ ਕੀਤਾ ਸੀ ਅਤੇ ਦਿਲ ਦੀ ਗੜਬੜ ਦੀ ਵਜ੍ਹਾ ਇਹੀ ਸੀ। ਵਰਨਾ ਹੋਰ ਸਭ ਠੀਕ ਸੀ ਮੈਂ ਸੋਚਿਆ ਕੀ ਕਰਾਂ?…ਖ਼ੈਰਾਤ ਦੇਣ ਦਾ ਖਿਆਲ ਆਇਆ। ਲੇਕਿਨ ਇੱਕ ਰੋਜ ਸ਼ਹਿਰ ਵਿੱਚ ਘੁੰਮਿਆ ਤਾਂ ਵੇਖਿਆ ਕਿ ਕਰੀਬ ਕਰੀਬ ਹਰ ਸ਼ਖਸ ਭਿਖਾਰੀ ਹੈ। ਕੋਈ ਭੁੱਖਾ ਹੈ, ਕੋਈ ਨੰਗਾ। ਕਿਸ-ਕਿਸ ਦਾ ਢਿੱਡ ਭਰਾਂ, ਕਿਸ ਕਿਸ ਦਾ ਅੰਗ ਢਕਾਂ?…ਸੋਚਿਆ ਇੱਕ ਲੰਗਰ ਖਾਨਾ ਖੋਲ ਦੇਵਾਂ, ਲੇਕਿਨ ਇੱਕ ਲੰਗਰ ਖ਼ਾਨੇ ਨਾਲ ਕੀ ਹੁੰਦਾ ਅਤੇ ਫਿਰ ਅੰਨ ਕਿੱਥੋਂ ਲਿਆਉਂਦਾ? ਬਲੈਕ ਮਾਰਕੀਟ ਚੋਂ ਖ਼ਰੀਦਣ ਦਾ ਖਿਆਲ ਪੈਦਾ ਹੋਇਆ ਤਾਂ ਇਹ ਸਵਾਲ ਵੀ ਨਾਲ ਹੀ ਪੈਦਾ ਹੋ ਗਿਆ ਕਿ ਇੱਕ ਤਰਫ਼ ਗੁਨਾਹ ਕਰਕੇ ਦੂਜੀ ਤਰਫ਼ ਭਲੇ ਦੇ ਕੰਮ ਦਾ ਮਤਲਬ ਹੀ ਕੀ ਹੈ।

ਘੰਟਿਆਂ ਬੈਠ ਬੈਠ ਕੇ ਮੈਂ ਲੋਕਾਂ ਦੇ ਦੁੱਖ ਦਰਦ ਸੁਣੇ। ਸੱਚ ਪੁੱਛੋ ਤਾਂ ਹਰ ਸ਼ਖਸ ਦੁਖੀ ਸੀ। ਉਹ ਵੀ ਜੋ ਦੁਕਾਨਾਂ ਦੇ ਧੜਿਆਂ ਉੱਤੇ ਸੋਂਦਾ ਹੈ ਅਤੇ ਉਹ ਵੀ ਜੋ ਉਚੀਆਂ ਉਚੀਆਂ ਹਵੇਲੀਆਂ ਵਿੱਚ ਰਹਿੰਦੇ ਹਨ। ਪੈਦਲ ਚਲਣ ਵਾਲੇ ਨੂੰ ਇਹ ਦੁੱਖ ਸੀ ਕਿ ਇਸ ਦੇ ਕੋਲ ਕੰਮ ਦਾ ਕੋਈ ਜੁੱਤਾ ਨਹੀਂ। ਮੋਟਰ ਵਿੱਚ ਬੈਠਣ ਵਾਲੇ ਨੂੰ ਇਹ ਦੁੱਖ ਸੀ ਕਿ ਇਸ ਦੇ ਕੋਲ ਕਾਰ ਦਾ ਨਵਾਂ ਮਾਡਲ ਨਹੀਂ। ਹਰ ਸ਼ਖਸ ਦੀ ਸ਼ਿਕਾਇਤ ਆਪਣੀ ਆਪਣੀ ਜਗ੍ਹਾ ਦਰੁਸਤ ਸੀ। ਹਰ ਸ਼ਖਸ ਦੀ ਹਾਜਤ ਆਪਣੀ ਆਪਣੀ ਜਗ੍ਹਾ ਮਾਕੂਲ ਸੀ।

ਮੈਂ ਗ਼ਾਲਿਬ ਦੀ ਇੱਕ ਗ਼ਜ਼ਲ, ਅੱਲਾ ਬਖ਼ਸ਼ੇ ਸ਼ੋਲਾਪੁਰੀ ਦੀ ਅਮੀਨਾ ਬਾਈ ਚਿਤਲੇਕਰ ਕੋਲੋਂ ਸੁਣੀ ਸੀ, ਇੱਕ ਸ਼ੇਅਰ ਯਾਦ ਰਹਿ ਗਿਆ ਹੈ।

‘ਕਿਸ ਦੀ ਹਾਜਤ-ਰਵਾ ਕਰੇ ਕੋਈ’

ਮੁਆਫ਼ ਕਰਨਾ ਇਹ ਉਸ ਦਾ ਦੂਜਾ ਮਿਸਰਾ ਹੈ ਅਤੇ ਹੋ ਸਕਦਾ ਹੈ ਪਹਿਲਾ ਹੀ ਹੋਵੇ।
ਜੀ ਹਾਂ, ਮੈਂ ਕਿਸ ਕਿਸ ਦੀ ਹਾਜਤ ਰਵਾ ਕਰਦਾ ਜਦੋਂ ਸੌ ਵਿੱਚੋਂ ਸੌ ਹੀ ਹਾਜਤਮੰਦ ਸਨ। ਮੈਂ ਫਿਰ ਇਹ ਵੀ ਸੋਚਿਆ ਕਿ ਖ਼ੈਰਾਤ ਦੇਣਾ ਕੋਈ ਅੱਛਾ ਕੰਮ ਨਹੀਂ। ਮੁਮਕਿਨ ਹੈ ਤੁਸੀ ਮੇਰੇ ਨਾਲ ਇੱਤਫਾਕ ਨਾ ਕਰੋ। ਲੇਕਿਨ ਮੈਂ ਮੁਹਾਜਿਰਾਂ ਦੇ ਕੈਂਪਾਂ ਵਿੱਚ ਜਾ ਜਾ ਕੇ ਜਦੋਂ ਹਾਲਾਤ ਦਾ ਚੰਗੀ ਤਰ੍ਹਾਂ ਜਾਇਜ਼ਾ ਲਿਆ ਤਾਂ ਮੈਨੂੰ ਪਤਾ ਚੱਲਿਆ ਕਿ ਖ਼ੈਰਾਤ ਨੇ ਬਹੁਤ ਸਾਰੇ ਮੁਹਾਜਿਰਾਂ ਨੂੰ ਬਿਲਕੁਲ ਹੀ ਨਾਕਾਮ ਬਣਾ ਦਿੱਤਾ ਹੈ। ਦਿਨ-ਭਰ ਹੱਥ ਤੇ ਹੱਥ ਧਰੀ ਬੈਠੇ ਹਨ। ਤਾਸ਼ ਖੇਲ ਰਹੇ ਹਨ। ਜੁਗਾ ਹੋ ਰਹੀ ਹੈ। (ਮੁਆਫ਼ ਕਰਨਾ ਜੁਗਾ ਦਾ ਮਤਲਬ ਹੈ ਜੁਵਾ ਯਾਨੀ ਕੁਮਾਰ ਬਾਜ਼ੀ) ਗਾਲਾਂ ਬਕ ਰਹੇ ਹਨ ਅਤੇ ਫ਼ੋਗਟ ਯਾਨੀ ਮੁਫ਼ਤ ਦੀਆਂ ਰੋਟੀਆਂ ਤੋੜ ਰਹੇ ਹਨ…..ਅਜਿਹੇ ਲੋਕ ਭਲਾ ਪਾਕਿਸਤਾਨ ਨੂੰ ਮਜ਼ਬੂਤ ਬਣਾਉਣ ਵਿੱਚ ਕੀ ਮਦਦ ਦੇ ਸਕਦੇ ਨੇ। ਇਸਲਈ ਮੈਂ ਇਸ ਨਤੀਜੇ ਉੱਤੇ ਪੁੱਜਾ ਕਿ ਭਿੱਖ ਦੇਣਾ ਹਰਗਿਜ਼ ਹਰਗਿਜ਼ ਨੇਕੀ ਦਾ ਕੰਮ ਨਹੀਂ। ਲੇਕਿਨ ਫਿਰ ਨੇਕੀ ਦੇ ਕੰਮ ਲਈ ਹੋਰ ਕਿਹੜਾ ਰਸਤਾ ਹੈ?

ਕੈਂਪਾਂ ਵਿੱਚ ਧੜਾ ਧੜ ਆਦਮੀ ਮਰ ਰਹੇ ਸਨ। ਕਦੇ ਹੈਜ਼ਾ ਫੁੱਟਦਾ ਸੀ ਕਦੇ ਪਲੇਗ। ਹਸਪਤਾਲਾਂ ਵਿੱਚ ਤਿਲ ਧਰਨ ਦੀ ਜਗ੍ਹਾ ਨਹੀਂ ਸੀ। ਮੈਨੂੰ ਬਹੁਤ ਤਰਸ ਆਇਆ। ਕਰੀਬ ਸੀ ਕਿ ਇੱਕ ਹਸਪਤਾਲ ਬਣਵਾ ਦੇਵਾਂ ਮਗਰ ਸੋਚਣ ਤੇ ਇਰਾਦਾ ਤਰਕ ਕਰ ਦਿੱਤਾ। ਪੂਰੀ ਸਕੀਮ ਤਿਆਰ ਕਰ ਚੁੱਕਿਆ ਸੀ। ਇਮਾਰਤ ਲਈ ਟੈਂਡਰ ਤਲਬ ਕਰਦਾ। ਦਾਖ਼ਲੇ ਦੀਆਂ ਫੀਸਾਂ ਦਾ ਰੁਪਿਆ ਜਮਾਂ ਹੋ ਜਾਂਦਾ। ਆਪਣੀ ਹੀ ਇੱਕ ਕੰਪਨੀ ਖੜੀ ਕਰ ਦਿੰਦਾ ਅਤੇ ਟੈਂਡਰ ਉਸ ਦੇ ਨਾਮ ਕੱਢ ਦਿੰਦਾ। ਖ਼ਿਆਲ ਸੀ ਇੱਕ ਲੱਖ ਰੁਪਏ ਇਮਾਰਤ ਤੇ ਲਾਵਾਂਗਾ। ਸਾਫ਼ ਹੈ ਕਿ ਸੱਤਰ ਹਜ਼ਾਰ ਰੁਪਏ ਵਿੱਚ ਬਿਲਡਿੰਗ ਖੜੀ ਕਰ ਦਿੰਦਾ ਅਤੇ ਪੂਰੇ ਤੀਹ ਹਜ਼ਾਰ ਰੁਪਏ ਬਚਾ ਲੈਂਦਾ। ਮਗਰ ਇਹ ਸਾਰੀ ਸਕੀਮ ਧਰੀ ਦੀ ਧਰੀ ਰਹਿ ਗਈ। ਜਦੋਂ ਮੈਂ ਸੋਚਿਆ ਕਿ ਜੇਕਰ ਮਰਨ ਵਾਲਿਆਂ ਨੂੰ ਬਚਾ ਲਿਆ ਗਿਆ ਤਾਂ ਇਹ ਜੋ ਵੱਧ ਆਬਾਦੀ ਹੈ ਇਹ ਕਿਵੇਂ ਘੱਟ ਹੋਵੇਗੀ?

ਗ਼ੌਰ ਕੀਤਾ ਜਾਵੇ ਤਾਂ ਇਹ ਸਾਰਾ ਲਫ਼ੜਾ ਹੀ ਫ਼ਾਲਤੂ ਆਬਾਦੀ ਦਾ ਹੈ। ਲਫ਼ੜਾ ਦਾ ਮਤਲਬ ਹੈ ਝਗੜਾ, ਉਹ ਝਗੜਾ ਜਿਸ ਵਿੱਚ ਦੰਗਾ ਫ਼ਸਾਦ ਵੀ ਹੋਵੇ। ਲੇਕਿਨ ਇਸ ਤੋਂ ਵੀ ਇਸ ਲਫ਼ਜ਼ ਦੇ ਪੂਰੇ ਮਾਅਨੇ ਮੈਂ ਬਿਆਨ ਨਹੀਂ ਕਰ ਸਕਿਆ।

ਜੀ ਹਾਂ ਗ਼ੌਰ ਕੀਤਾ ਜਾਵੇ ਤਾਂ ਇਹ ਸਾਰਾ ਲਫ਼ੜਾ ਹੀ ਇਸ ਫ਼ਾਲਤੂ ਆਬਾਦੀ ਦੇ ਕਾਰਨ ਹੈ। ਹੁਣ ਲੋਕ ਵੱਧਦੇ ਜਾਣਗੇ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਜ਼ਮੀਨਾਂ ਵੀ ਨਾਲ ਨਾਲ ਵਧਦੀਆਂ ਜਾਣਗੀਆਂ। ਅਸਮਾਨ ਵੀ ਨਾਲ ਨਾਲ ਫੈਲਦਾ ਜਾਵੇਗਾ। ਮੀਂਹ ਜ਼ਿਆਦਾ ਪੈਣਗੇ। ਅਨਾਜ ਜ਼ਿਆਦਾ ਉੱਗੇਗਾ। ਇਸਲਈ ਮੈਂ ਇਸ ਨਤੀਜੇ ਤੇ ਪਹੁੰਚਿਆ…ਕਿ ਹਸਪਤਾਲ ਬਣਾਉਣਾ ਹਰਗਿਜ਼ ਹਰਗਿਜ਼ ਨੇਕ ਕੰਮ ਨਹੀਂ
ਫਿਰ ਸੋਚਿਆ ਮਸਜਦ ਬਣਵਾ ਦੇਵਾਂ। ਲੇਕਿਨ ਅੱਲਾ ਬਖ਼ਸ਼ੇ ਸ਼ੋਲਾਪੁਰੀ ਦੀ ਅਮੀਨਾ ਬਾਈ ਚਿਤਲੇਕਰ ਦਾ ਗਾਇਆ ਹੋਇਆ ਇੱਕ ਸ਼ੇਅਰ ਯਾਦ ਆ ਗਿਆ
‘ਨਾਮ ਮਨਜੂਰ ਹੈ ਤੋ ਫ਼ੈਜ ਕੇ ਅਸਬਾਬ ਬਨਾ’

ਉਹ ਮਨਜ਼ੂਰ ਨੂੰ ਮਨਜੂਰ ਅਤੇ ਫ਼ੈਜ਼ ਨੂੰ ਫ਼ੈਜ ਕਿਹਾ ਕਰਦੀ ਸੀ। ‘ਨਾਮ ਮਨਜ਼ੂਰ ਹੈ ਤੋ ਫ਼ੈਜ਼ ਕੇ ਅਸਬਾਬ ਬਨਾ’। ਪੁਲ ਬਣਾ ਚਾਹੇ ਬਣਾ ਮਸਜਦ-ਓ-ਤਾਲਾਬ ਬਣਾ।

ਕਿਸੇ ਕਮਬਖ਼ਤ ਨੂੰ ਨਾਮ-ਓ-ਨਮੂਦ ਦੀ ਖਾਹਿਸ਼ ਹੈ। ਉਹ ਜੋ ਨਾਮ ਉਛਾਲਣ ਲਈ ਪੁਲ ਬਣਾਉਂਦੇ ਹਨ, ਨੇਕੀ ਦਾ ਕੀ ਕੰਮ ਕਰਦੇ ਹਨ? ਖ਼ਾਕ ਮੈਂ ਕਿਹਾ ਨਾ ਇਹ ਮਸਜਦ ਬਣਵਾਉਣ ਦਾ ਖ਼ਿਆਲ ਬਿਲਕੁਲ ਗ਼ਲਤ ਹੈ। ਬਹੁਤ ਸਾਰੀਆਂ ਵੱਖ ਵੱਖ ਮਸਜਦਾਂ ਦਾ ਹੋਣਾ ਵੀ ਕੌਮ ਦੇ ਹੱਕ ਵਿੱਚ ਹਰਗਿਜ਼ ਮੁਫ਼ੀਦ ਨਹੀਂ ਹੋ ਸਕਦਾ। ਇਸਲਈ ਕਿ ਅਵਾਮ ਬਟ ਜਾਂਦੇ ਹਨ।

ਥੱਕ-ਹਾਰ ਮੈਂ ਹੱਜ ਦੀਆਂ ਤਿਆਰੀਆਂ ਕਰ ਰਿਹਾ ਸੀ ਕਿ ਅੱਲਾ ਮੀਆਂ ਨੇ ਮੈਨੂੰ ਖ਼ੁਦ ਹੀ ਇੱਕ ਰਸਤਾ ਦੱਸ ਦਿੱਤਾ। ਸ਼ਹਿਰ ਵਿੱਚ ਇੱਕ ਜਲਸਾ ਹੋਇਆ। ਜਦੋਂ ਖ਼ਤਮ ਹੋਇਆ ਤਾਂ ਲੋਕਾਂ ਵਿੱਚ ਬਦਹਜ਼ਮੀ ਫੈਲ ਗਈ। ਇੰਨੀ ਭਗਦੜ ਮੱਚੀ ਕਿ ਤੀਹ ਆਦਮੀ ਹਲਾਕ ਹੋ ਗਏ। ਇਸ ਹਾਦਸੇ ਦੀ ਖ਼ਬਰ ਦੂਜੇ ਰੋਜ ਅਖ਼ਬਾਰਾਂ ਵਿੱਚ ਛਪੀ ਤਾਂ ਪਤਾ ਲੱਗਿਆ ਕਿ ਉਹ ਹਲਾਕ ਨਹੀਂ ਸਗੋਂ ਸ਼ਹੀਦ ਹੋਏ ਸਨ।

ਮੈਂ ਸੋਚਣਾ ਸ਼ੁਰੂ ਕੀਤਾ। ਸੋਚਣ ਦੇ ਇਲਾਵਾ ਮੈਂ ਕਈ ਮੌਲਵੀਆਂ ਨੂੰ ਮਿਲਿਆ। ਪਤਾ ਲੱਗਿਆ ਕਿ ਉਹ ਲੋਕ ਜੋ ਅਚਾਨਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਉਨ੍ਹਾਂ ਨੂੰ ਸ਼ਹਾਦਤ ਦਾ ਰੁਤਬਾ ਮਿਲਦਾ ਹੈ। ਯਾਨੀ ਉਹ ਰੁਤਬਾ ਜਿਸ ਨਾਲੋਂ ਵੱਡਾ ਕੋਈ ਹੋਰ ਰੁਤਬਾ ਹੀ ਨਹੀਂ। ਮੈਂ ਸੋਚਿਆ ਕਿ ਜੇਕਰ ਲੋਕ ਮਰਨ ਦੀ ਬਜਾਏ ਸ਼ਹੀਦ ਹੋਇਆ ਕਰਨ ਤਾਂ ਕਿੰਨਾ ਅੱਛਾ ਹੈ। ਉਹ ਜੋ ਆਮ ਮੌਤ ਮਰਦੇ ਹਨ। ਸਾਫ਼ ਹੈ ਕਿ ਉਨ੍ਹਾਂ ਦੀ ਮੌਤ ਬਿਲਕੁਲ ਅਕਾਰਥ ਜਾਂਦੀ ਹੈ। ਜੇਕਰ ਉਹ ਸ਼ਹੀਦ ਹੋ ਜਾਂਦੇ ਤਾਂ ਕੋਈ ਗੱਲ ਬਣਦੀ।
ਮੈਂ ਇਸ ਬਰੀਕੀ ਤੇ ਹੋਰ ਗ਼ੌਰ ਕਰਨਾ ਸ਼ੁਰੂ ਕੀਤਾ।

ਚਾਰੋਂ ਤਰਫ਼ ਜਿਧਰ ਵੇਖੋ ਖ਼ਸਤਾ-ਹਾਲ ਇਨਸਾਨ ਸਨ। ਚਿਹਰੇ ਜ਼ਰਦ, ਫ਼ਿਕਰ-ਓ-ਤਰੱਦੁਦ ਅਤੇ ਗ਼ਮ-ਏ-ਰੋਜ਼ਗਾਰ ਦੇ ਬੋਝ ਥਲੇ ਪਿਸੇ ਹੋਏ, ਧਸੀਆਂ ਹੋਈਆਂ ਅੱਖਾਂ ਬੇ-ਜਾਨ ਚਾਲ, ਕੱਪੜੇ ਤਾਰਤਾਰ। ਰੇਲ-ਗੱਡੀ ਦੇ ਕੰਡਮ ਮਾਲ ਦੀ ਤਰ੍ਹਾਂ ਜਾਂ ਤਾਂ ਕਿਸੇ ਟੁੱਟੇ ਫੁੱਟੇ ਝੋਂਪੜੇ ਵਿੱਚ ਪਏ ਹਨ ਜਾਂ ਬਜ਼ਾਰਾਂ ਵਿੱਚ ਬੇ ਮਾਲਿਕ ਮਵੇਸ਼ੀਆਂ ਦੀ ਤਰ੍ਹਾਂ ਮੂੰਹ ਚੁੱਕ ਬੇਮਤਲਬ ਘੁੰਮ ਰਹੇ ਹਨ। ਕਿਓਂ ਜੀ ਰਹੇ ਹਨ? ਕਿਸ ਲਈ ਜੀ ਰਹੇ ਹਨ ਅਤੇ ਕੈਸੇ ਜੀ ਰਹੇ ਹਨ? ਇਸ ਦਾ ਕੁੱਝ ਪਤਾ ਹੀ ਨਹੀਂ। ਕੋਈ ਛੂਤ ਦਾ ਰੋਗ ਫੈਲ ਜਾਵੇ। ਹਜ਼ਾਰਾਂ ਮਰ ਗਏ ਹੋਰ ਕੁੱਝ ਨਹੀਂ ਤਾਂ ਭੁੱਖ ਅਤੇ ਪਿਆਸ ਨਾਲ ਹੀ ਘੁਲ ਘੁਲ ਕੇ ਮਰੇ। ਸਰਦੀਆਂ ਵਿੱਚ ਆਕੜ ਗਏ, ਗਰਮੀਆਂ ਵਿੱਚ ਸੁੱਕ ਗਏ। ਕਿਸੇ ਦੀ ਮੌਤ ਤੇ ਕਿਸੇ ਨੇ ਦੋ ਅੱਥਰੂ ਵਗਾ ਦਿੱਤੇ। ਬਹੁਤਿਆਂ ਦੀ ਮੌਤ ਖੁਸ਼ਕ ਹੀ ਰਹੀ।

ਜ਼ਿੰਦਗੀ ਸਮਝ ਵਿੱਚ ਨਾ ਆਈ, ਠੀਕ ਹੈ। ਇਸ ਨੂੰ ਗੌਲਣ ਦੀ ਲੋੜ ਨਹੀਂ, ਇਹ ਵੀ ਠੀਕ ਹੈ…ਉਹ ਕਿਸ ਦਾ ਸ਼ੇਅਰ ਹੈ। ਅੱਲਾ ਬਖ਼ਸ਼ੇ ਸ਼ੋਲਾਪੁਰੀ ਦੀ ਅਮੀਨਾ ਬਾਈ ਚਿਤਲੇਕਰ ਦੀ ਦਰਦ-ਭਰੀ ਆਵਾਜ਼ ਵਿੱਚ ਗਾਇਆ ਕਰਦੀ ਸੀ
ਮਰ ਕੇ ਭੀ ਚੈਨ ਨਾ ਪਾਇਆ ਤੋ ਕਿਧਰ ਜਾਏਗੇ
ਮੇਰਾ ਮਤਲਬ ਹੈ ਜੇਕਰ ਮਰਨ ਦੇ ਬਾਅਦ ਵੀ ਜ਼ਿੰਦਗੀ ਨਾ ਸੁਧਰੀ ਤਾਂ ਲਾਹਨਤ ਹੈ ਸੁਸਰੀ ਤੇ।

ਮੈਂ ਸੋਚਿਆ ਕਿਉਂ ਨਾ ਇਹ ਬੇਚਾਰੇ, ਇਹ ਕਿਸਮਤ ਦੇ ਮਾਰੇ, ਦਰਦ ਦੇ ਠੁਕਰਾਏ ਹੋਏ ਇਨਸਾਨ ਜੋ ਇਸ ਦੁਨੀਆ ਵਿੱਚ ਹਰ ਚੰਗੀ ਚੀਜ਼ ਲਈ ਤਰਸਦੇ ਹਨ, ਉਸ ਦੁਨੀਆ ਵਿੱਚ ਅਜਿਹਾ ਰੁਤਬਾ ਹਾਸਲ ਕਰਨ ਕਿ ਉਹ ਜੋ ਇੱਥੇ ਉਨ੍ਹਾਂ ਦੀ ਤਰਫ਼ ਨਜ਼ਰ ਚੁੱਕ ਦੇਖਣਾ ਪਸੰਦ ਨਹੀਂ ਕਰਦੇ ਉੱਥੇ ਉਨ੍ਹਾਂ ਨੂੰ ਵੇਖਣ ਅਤੇ ਸ਼ਕ ਕਰਨ। ਇਸ ਦੀ ਇੱਕ ਹੀ ਸੂਰਤ ਸੀ ਕਿ ਉਹ ਆਮ ਮੌਤ ਨਾ ਮਰਨ ਸਗੋਂ ਸ਼ਹੀਦ ਹੋਣ।

ਹੁਣ ਸਵਾਲ ਇਹ ਸੀ ਕਿ ਇਹ ਲੋਕ ਸ਼ਹੀਦ ਹੋਣ ਲਈ ਰਾਜੀ ਹੋਣਗੇ? ਮੈਂ ਸੋਚਿਆ , ਕਿਉਂ ਨਹੀਂ। ਉਹ ਕੌਣ ਮੁਸਲਮਾਨ ਹੈ ਜਿਸ ਵਿੱਚ ਜ਼ੌਕ-ਏ-ਸ਼ਹਾਦਤ ਨਹੀਂ। ਮੁਸਲਮਾਨਾਂ ਦੀ ਵੇਖਾ ਵੇਖੀ ਤਾਂ ਹਿੰਦੂ ਅਤੇ ਸਿੱਖਾਂ ਵਿੱਚ ਵੀ ਇਹ ਰੁਤਬਾ ਪੈਦਾ ਕਰ ਦਿੱਤਾ ਗਿਆ ਹੈ। ਲੇਕਿਨ ਮੈਨੂੰ ਸਖ਼ਤ ਨਾਉਮੀਦੀ ਹੋਈ ਜਦੋਂ ਮੈਂ ਇੱਕ ਮਰੀਅਲ ਜਿਹੇ ਆਦਮੀ ਨੂੰ ਪੁੱਛਿਆ। ਕੀ ਤੂੰ ਸ਼ਹੀਦ ਹੋਣਾ ਚਾਹੁੰਦਾ ਹੈਂ? ਤਾਂ ਉਸ ਨੇ ਜਵਾਬ ਦਿੱਤਾ ਨਹੀਂ।

ਸਮਝ ਵਿੱਚ ਨਾ ਆਇਆ ਕਿ ਉਹ ਆਦਮੀ ਜੀ ਕੇ ਕੀ ਕਰੇਗਾ। ਮੈਂ ਉਸਨੂੰ ਬਹੁਤ ਸਮਝਾਇਆ ਕਿ ਵੇਖੋ ਬੜੇ ਮੀਆਂ ਜ਼ਿਆਦਾ ਤੋਂ ਜ਼ਿਆਦਾ ਤੂੰ ਡੇਢ ਮਹੀਨਾ ਹੋਰ ਜੀ ਲਏਂਗਾ। ਚਲਣ ਦੀ ਤੇਰੇ ਵਿੱਚ ਸ਼ਕਤੀ ਨਹੀਂ। ਖੰਘਦੇ ਖੰਘਦੇ ਗ਼ੋਤੇ ਵਿੱਚ ਜਾਂਦੇ ਹੋ ਤਾਂ ਇਵੇਂ ਲੱਗਦਾ ਹੈ ਕਿ ਬਸ ਦਮ ਨਿਕਲ ਗਿਆ। ਫੁੱਟੀ ਕੌਡੀ ਤੱਕ ਤੇਰੇ ਕੋਲ ਨਹੀਂ। ਜ਼ਿੰਦਗੀ-ਭਰ ਤੂੰ ਸੁਖ ਨਹੀਂ ਵੇਖਿਆ। ਭਵਿੱਖ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਫਿਰ ਹੋਰ ਜੀ ਕੇ ਕੀ ਕਰੇਂਗਾ। ਫ਼ੌਜ ਵਿੱਚ ਤੂੰ ਭਰਤੀ ਨਹੀਂ ਹੋ ਸਕਦਾ। ਇਸਲਈ ਮਹਾਜ਼ ਉੱਤੇ ਆਪਣੇ ਵਤਨ ਦੀ ਖਾਤਰ ਲੜਦੇ ਲੜਦੇ ਜਾਨ ਦੇਣ ਦਾ ਖਿਆਲ ਵੀ ਅਨਰਥ ਹੈ। ਇਸਲਈ ਕੀ ਇਹ ਬਿਹਤਰ ਨਹੀਂ ਕਿ ਤੂੰ ਕੋਸ਼ਿਸ਼ ਕਰਕੇ ਇੱਥੇ ਬਾਜ਼ਾਰ ਵਿੱਚ ਜਾਂ ਡੇਰੇ ਵਿੱਚ ਜਿੱਥੇ ਤੂੰ ਰਾਤ ਨੂੰ ਸੋਂਦਾ ਹੈਂ, ਆਪਣੀ ਸ਼ਹਾਦਤ ਦਾ ਬੰਦੋਬਸਤ ਕਰ ਲਵੇਂ। ਉਸਨੇ ਪੁੱਛਿਆ ਇਹ ਕਿਵੇਂ ਹੋ ਸਕਦਾ ਹੈ?

ਮੈਂ ਜਵਾਬ ਦਿੱਤਾ। ਇਹ ਸਾਹਮਣੇ ਕੇਲੇ ਦਾ ਛਿਲਕਾ ਪਿਆ ਹੈ। ਫ਼ਰਜ਼ ਕਰ ਲਿਆ ਜਾਵੇ ਕਿ ਤੂੰ ਇਸ ਤੋਂ ਫਿਸਲ ਗਿਆ…ਸਾਫ਼ ਹੈ ਕਿ ਤੂੰ ਮਰ ਜਾਏਂਗਾ ਅਤੇ ਸ਼ਹਾਦਤ ਦਾ ਰੁਤਬਾ ਪਾ ਲਏਂਗਾ। ਪਰ ਇਹ ਗੱਲ ਉਸ ਦੀ ਸਮਝ ਵਿੱਚ ਨਾ ਆਈ ਕਹਿਣ ਲਗਾ ਮੈਂ ਕਿਉਂ ਅੱਖੀਂ ਵੇਖੇ ਕੇਲੇ ਦੇ ਛਿਲਕੇ ਉੱਤੇ ਪੈਰ ਧਰਾਂਗਾ…ਕੀ ਮੈਨੂੰ ਆਪਣੀ ਜਾਨ ਪਿਆਰੀ ਨਹੀਂ…ਅੱਲਾ ਅੱਲਾ ਕੀ ਜਾਨ ਸੀ। ਹੱਡੀਆਂ ਦਾ ਢਾਂਚਾ। ਝੁਰੜੀਆਂ ਦੀ ਗਠੜੀ!
ਮੈਨੂੰ ਬਹੁਤ ਅਫ਼ਸੋਸ ਹੋਇਆ ਅਤੇ ਇਸ ਵਕਤ ਹੋਰ ਵੀ ਜ਼ਿਆਦਾ ਹੋਇਆ। ਜਦੋਂ ਮੈਂ ਸੁਣਿਆ ਕਿ ਉਹ ਕਮਬਖਤ ਜੋ ਬੜੀ ਸੌਖ ਨਾਲ ਸ਼ਹਾਦਤ ਦਾ ਰੁਤਬਾ ਇਖ਼ਤਿਆਰ ਕਰ ਸਕਦਾ ਸੀ। ਖ਼ੈਰਾਤੀ ਹਸਪਤਾਲ ਵਿੱਚ ਲੋਹੇ ਦੀ ਚਾਰਪਾਈ ਉੱਤੇ ਖੰਘਦਾ ਖੰਗਾਰਦਾ ਮਰ ਗਿਆ।

ਇੱਕ ਬੁੜੀ ਸੀ ਮੂੰਹ ਵਿੱਚ ਦੰਦ ਨਾ ਢਿੱਡ ਵਿੱਚ ਆਂਤ। ਆਖ਼ਿਰੀ ਸਾਹ ਲੈ ਰਹੀ ਸੀ। ਮੈਨੂੰ ਬਹੁਤ ਤਰਸ ਆਇਆ। ਸਾਰੀ ਉਮਰ ਗਰੀਬ ਦੀ ਮੁਫਲਿਸੀ ਅਤੇ ਰੰਜੋ ਗ਼ਮ ਵਿੱਚ ਬੀਤੀ ਸੀ। ਮੈਂ ਉਸਨੂੰ ਉਠਾ ਕੇ ਰੇਲ ਦੇ ਪਾਟੇ ਉੱਤੇ ਲੈ ਗਿਆ। ਮੁਆਫ਼ ਕਰਨਾ। ਸਾਡੇ ਇੱਥੇ ਪਟੜੀ ਨੂੰ ਪਾਟਾ ਕਹਿੰਦੇ ਹਨ। ਲੇਕਿਨ ਜਨਾਬ ਜਿਓਂ ਹੀ ਉਸਨੂੰ ਟ੍ਰੇਨ ਦੀ ਆਵਾਜ਼ ਸੁਣੀ ਉਹ ਹੋਸ਼ ਵਿੱਚ ਆ ਗਈ ਅਤੇ ਫੂਕ ਭਰੇ ਖਿਡੌਣੇ ਦੀ ਤਰ੍ਹਾਂ ਉਠ ਕੇ ਭੱਜ ਗਈ।

ਮੇਰਾ ਦਿਲ ਟੁੱਟ ਗਿਆ। ਲੇਕਿਨ ਫਿਰ ਵੀ ਮੈਂ ਹਿੰਮਤ ਨਾ ਹਾਰੀ। ਬਾਣੀਏ ਦਾ ਪੁੱਤਰ ਆਪਣੀ ਧੁਨ ਦਾ ਪੱਕਾ ਹੁੰਦਾ ਹੈ। ਨੇਕੀ ਦਾ ਜੋ ਸਾਫ਼ ਅਤੇ ਸਿੱਧਾ ਰਸਤਾ ਮੈਨੂੰ ਨਜ਼ਰ ਆਇਆ ਸੀ, ਮੈਂ ਉਸ ਨੂੰ ਆਪਣੀਆਂ ਅੱਖਾਂ ਤੋਂ ਓਝਲ ਨਾ ਹੋਣ ਦਿੱਤਾ।

ਮੁਗ਼ਲਾਂ ਦੇ ਵਕ਼ਤ ਦਾ ਇੱਕ ਵਿਸ਼ਾਲ ਅਹਾਤਾ ਖ਼ਾਲੀ ਪਿਆ ਸੀ। ਇਸ ਵਿੱਚ ਇੱਕ ਪਾਸੇ ਛੋਟੇ ਛੋਟੇ ਕਮਰੇ ਸਨ। ਬਹੁਤ ਹੀ ਖ਼ਸਤਾ ਹਾਲਤ ਵਿੱਚ। ਮੇਰੀਆਂ ਤਜਰਬਾਕਾਰ ਅੱਖਾਂ ਨੇ ਅੰਦਾਜ਼ਾ ਲਗਾ ਲਿਆ ਕਿ ਪਹਿਲੇ ਹੀ ਭਾਰੀ ਮੀਂਹ ਵਿੱਚ ਸਭ ਦੀਆਂ ਛੱਤਾਂ ਢਹਿ ਜਾਣਗੀਆਂ। ਇਸਲਈ ਮੈਂ ਇਸ ਅਹਾਤੇ ਨੂੰ ਸਾਢੇ ਦਸ ਹਜ਼ਾਰ ਰੁਪਏ ਵਿੱਚ ਖ਼ਰੀਦ ਲਿਆ ਅਤੇ ਇਸ ਵਿੱਚ ਇੱਕ ਹਜ਼ਾਰ ਮੰਦੇ-ਹਾਲ ਆਦਮੀ ਬਸਾ ਦਿੱਤੇ। ਦੋ ਮਹੀਨੇ ਦਾ ਕਿਰਾਇਆ ਵਸੂਲ ਕੀਤਾ, ਇੱਕ ਰੁਪਿਆ ਮਹੀਨਾਵਾਰ ਦੇ ਹਿਸਾਬ ਨਾਲ। ਤੀਸਰੇ ਮਹੀਨੇ ਜਿਵੇਂ ਕ‌ਿ ਮੇਰਾ ਅੰਦਾਜ਼ਾ ਸੀ, ਪਹਿਲੇ ਹੀ ਵੱਡੇ ਮੀਂਹ ਵਿੱਚ ਸਭ ਕਮਰਿਆਂ ਦੀਆਂ ਛੱਤਾਂ ਹੇਠਾਂ ਆ ਗਿਰੀਆਂ ਅਤੇ ਸੱਤ ਸੌ ਆਦਮੀ ਜਿਨ੍ਹਾਂ ਵਿੱਚ ਬੱਚੇ ਬੁਢੇ ਸਾਰੇ ਸ਼ਾਮਿਲ ਸਨ…ਸ਼ਹੀਦ ਹੋ ਗਏ।

ਉਹ ਜੋ ਮੇਰੇ ਦਿਲ ਤੇ ਬੋਝ ਜਿਹਾ ਸੀ ਕਿਸੇ ਹੱਦ ਤੱਕ ਹਲਕਾ ਹੋ ਗਿਆ। ਆਬਾਦੀ ਵਿੱਚੋਂ ਸੱਤ ਸੌ ਆਦਮੀ ਘੱਟ ਵੀ ਹੋ ਗਏ। ਲੇਕਿਨ ਉਨ੍ਹਾਂ ਨੂੰ ਸ਼ਹਾਦਤ ਦਾ ਰੁਤਬਾ ਵੀ ਮਿਲ ਗਿਆ…ਉੱਧਰ ਦਾ ਪੱਖ ਭਾਰੀ ਹੀ ਰਿਹਾ।

ਉਦੋਂ ਤੋਂ ਮੈਂ ਇਹੀ ਕੰਮ ਕਰ ਰਿਹਾ ਹਾਂ। ਹਰ ਰੋਜ ਆਪਣੀ ਸਮਰਥਾ ਮੁਤਾਬਕ ਦੋ ਤਿੰਨ ਆਦਮੀਆਂ ਨੂੰ ਸ਼ਹਾਦਤ ਦਾ ਜਾਮ ਪਿਆਲ ਦਿੰਦਾ ਹਾਂ। ਜਿਵੇਂ ਕ‌ਿ ਮੈਂ ਅਰਜ ਕਰ ਚੁੱਕਿਆ ਹਾਂ, ਕੰਮ ਕੋਈ ਵੀ ਹੋਵੇ ਇਨਸਾਨ ਨੂੰ ਮਿਹਨਤ ਕਰਨੀ ਹੀ ਪੈਂਦੀ ਹੈ। ਅੱਲਾ ਬਖ਼ਸ਼ੇ ਸ਼ੋਲਾਪੁਰੀ ਦੀ ਅਮੀਨਾ ਬਾਈ ਚਿਤਲੇਕਰ ਇੱਕ ਸ਼ੇਅਰ ਗਾਇਆ ਕਰਦੀ ਸੀ। ਲੇਕਿਨ ਮੁਆਫ਼ ਕਰਨਾ ਉਹ ਸ਼ੇਅਰ ਇੱਥੇ ਠੀਕ ਨਹੀਂ ਬੈਠਦਾ। ਕੁੱਝ ਵੀ ਹੋਵੇ, ਕਹਿਣਾ ਇਹ ਹੈ ਕਿ ਮੈਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਮਿਸਾਲ ਦੇ ਤੌਰ ਤੇ ਇੱਕ ਆਦਮੀ ਨੂੰ ਜਿਸਦਾ ਵਜੂਦ ਛਕੜੇ ਦੇ ਪੰਜਵੇਂ ਪਹੀਏ ਦੀ ਤਰ੍ਹਾਂ ਬੇਮਾਅਨਾ ਅਤੇ ਬੇਕਾਰ ਸੀ। ਸ਼ਹਾਦਤ ਦਾ ਜਾਮ ਪਿਲਾਣ ਲਈ ਮੈਨੂੰ ਪੂਰੇ ਦਸ ਦਿਨ ਜਗ੍ਹਾ ਜਗ੍ਹਾ ਕੇਲੇ ਦੇ ਛਿਲਕੇ ਸੁੱਟਣੇ ਪਏ। ਲੇਕਿਨ ਮੌਤ ਦੀ ਤਰ੍ਹਾਂ ਜਿੱਥੇ ਤੱਕ ਮੈਂ ਸਮਝਦਾ ਹਾਂ ਸ਼ਹਾਦਤ ਦਾ ਵੀ ਇੱਕ ਦਿਨ ਮੁਕੱਰਰ ਹੈ। ਦਸਵੇਂ ਰੋਜ ਜਾ ਕੇ ਉਹ ਪਥਰੀਲੇ ਫ਼ਰਸ਼ ਉੱਤੇ ਕੇਲੇ ਦੇ ਛਿਲਕੇ ਤੋਂ ਫਿਸਲਿਆ ਅਤੇ ਸ਼ਹੀਦ ਹੋਇਆ।

ਅੱਜਕੱਲ੍ਹ ਮੈਂ ਇੱਕ ਬਹੁਤ ਵੱਡੀ ਇਮਾਰਤ ਬਣਵਾ ਰਿਹਾ ਹਾਂ। ਠੇਕਾ ਮੇਰੀ ਹੀ ਕੰਪਨੀ ਦੇ ਕੋਲ ਹੈ। ਦੋ ਲੱਖ ਦਾ ਹੈ। ਇਸ ਵਿੱਚੋਂ ਪਛੱਤਰ ਹਜ਼ਾਰ ਤਾਂ ਮੈਂ ਸਾਫ਼ ਆਪਣੀ ਜੇਬ ਵਿੱਚ ਪਾ ਲਵਾਂਗਾ। ਬੀਮਾ ਵੀ ਕਰਾ ਲਿਆ ਹੈ। ਮੇਰਾ ਅੰਦਾਜ਼ਾ ਹੈ ਕਿ ਜਦੋਂ ਤੀਜੀ ਮੰਜ਼ਿਲ ਖੜੀ ਕੀਤੀ ਜਾਵੇਗੀ ਤਾਂ ਸਾਰੀ ਬਿਲਡਿੰਗ ਧੜੰਮ ਡਿੱਗ ਪਵੇਗੀ। ਕਿਉਂਕਿ ਮਸਾਲਾ ਹੀ ਮੈਂ ਅਜਿਹਾ ਲਗਵਾਇਆ ਹੈ। ਇਸ ਵਕ਼ਤ ਤਿੰਨ ਸੌ ਮਜ਼ਦੂਰ ਕੰਮ ਤੇ ਲੱਗੇ ਹੋਣਗੇ। ਖ਼ੁਦਾ ਦੇ ਘਰ ਤੋਂ ਮੈਨੂੰ ਪੂਰੀ ਪੂਰੀ ਉਮੀਦ ਹੈ ਕਿ ਇਹ ਸਭ ਦੇ ਸਭ ਸ਼ਹੀਦ ਹੋ ਜਾਣਗੇ। ਲੇਕਿਨ ਜੇਕਰ ਕੋਈ ਬੱਚ ਗਿਆ ਤਾਂ ਇਸ ਦਾ ਇਹ ਮਤਲਬ ਹੋਵੇਗਾ ਕਿ ਉਹ ਪਰਲੇ ਦਰਜੇ ਦਾ ਗੁਨਾਹਗਾਰ ਹੈ, ਜਿਸਦੀ ਸ਼ਹਾਦਤ ਅੱਲਾ-ਤਾਲਾ ਨੂੰ ਮਨਜ਼ੂਰ ਨਹੀਂ ਸੀ।
(ਅਨੁਵਾਦ ਚਰਨ ਗਿੱਲ)

ਪਹਾੜ ਅਤੇ ਗਿਲਹਰੀ

October 20, 2017 by

[ਅਮਰੀਕੀ ਕਵੀ ਰਾਲਫ਼ ਵਾਲਡੋ ਐਮਰਸਨ ਦੀ ਬਾਲ ਕਵਿਤਾ ‘ਮਾਊਂਟੇਨ ਐਂਡ ਸਕਿਰਲ‘ ਦਾ ‘ਪਹਾੜ ਅਤੇ ਗਿਲਹਰੀ‘ ਨਾਮ ਤੇ ਅੱਲਾਮਾ ਇਕਬਾਲ ਨੇ ਉਰਦੂ ਅਨੁਵਾਦ ਕੀਤਾ ਸੀ। ਪੜ੍ਹੋ ਉਰਦੂ ਤੋਂ ਪੰਜਾਬੀ ਅਨੁਵਾਦ]

ਕੋਈ ਪਹਾੜ ਇਹ ਕਹਿੰਦਾ ਸੀ ਇੱਕ ਗਿਲਹਰੀ ਨੂੰ

ਤੈਨੂੰ ਹੋਏ ਸ਼ਰਮ ਤਾਂ ਪਾਣੀ ਵਿੱਚ ਜਾ ਡੁੱਬ ਮਰੇਂ

ਜ਼ਰਾ-ਸੀ ਚੀਜ਼ ਹੈ, ਇਸ ਦੇ ਗਰੂਰ ਦਾ ਕੀ ਕਹਿਣਾ

ਇਹ ਅਕਲ ਤੇ ਇਹ ਸਮਝ, ਇਹ ਸ਼ਹੂਰ ਦਾ ਕੀ ਕਹਿਣਾ

ਖ਼ੁਦਾ ਦੀ ਸ਼ਾਨ ਹੈ ਨਚੀਜ਼ ਚੀਜ਼ ਬਣ ਬੈਠੀ

ਜਾ ਬੇਸ਼ਊਰ ਹੈਂ, ਐਵੇਂ ਬਾਤਮੀਜ਼ ਬਣ ਬੈਠੀ

ਤੇਰੀ ਹੈਸੀਅਤ ਹੀ ਕੀ ਮੇਰੀ ਇਸ ਸ਼ਾਨ ਦੇ ਅੱਗੇ

ਜ਼ਮੀਂ ਹੈ ਪਸਤ ਮੇਰੀ ਆਨ ਬਾਨ ਦੇ ਅੱਗੇ

ਜੋ ਗੱਲ ਮੇਰੇ ਵਿੱਚ ਹੈ, ਤੇਰਾ ਉਹ ਹੈ ਨਸੀਬ ਕਿੱਥੇ

ਭਲਾ ਪਹਾੜ ਕਿੱਥੇ, ਜਾਨਵਰ ਗ਼ਰੀਬ ਕਿੱਥੇ

ਕਿਹਾ ਇਹ ਸੁਣਕੇ ਗਿਲਹਰੀ ਨੇ, ਮੂੰਹ ਸੰਭਾਲ ਜ਼ਰਾ

ਇਹ ਕੱਚੀਆਂ ਗੱਲਾਂ ਨੇ, ਦਿਲੋਂ ਇਨ੍ਹਾਂ ਨੂੰ ਕੱਢ ਜ਼ਰਾ

ਜੋ ਮੈਂ ਵੱਡੀ ਨਹੀਂ ਤੇਰੀ ਤਰ੍ਹਾਂ ਤਾਂ ਕੀ ਪਰਵਾਹ

ਨਹੀਂ ਹੈ ਤੂੰ ਵੀ ਤਾਂ ਆਖ਼ਰ ਮੇਰੀ ਤਰ੍ਹਾਂ ਛੋਟਾ

ਹਰ ਇੱਕ ਚੀਜ਼ ਤੋਂ ਪੈਦਾ ਖ਼ੁਦਾ ਦੀ ਕੁਦਰਤ ਹੈ

ਕੋਈ ਵੱਡਾ, ਕੋਈ ਛੋਟਾ ਇਹ ਉਸਦੀ ਹਿਕਮਤ ਹੈ

ਵੱਡਾ ਜਹਾਨ ਵਿੱਚ ਤੈਨੂੰ ਬਣਾ ਦਿੱਤਾ ਉਸਨੇ

ਮੈਨੂੰ ਦਰਖ਼ਤ ਤੇ ਚੜ੍ਹਨਾ ਸਿਖਾ ਦਿੱਤਾ ਉਸਨੇ

ਕਦਮ ਚੁੱਕਣ ਦੀ ਤਾਕ਼ਤ ਨਹੀਂ ਜ਼ਰਾ ਤੇਰੇ ਵਿੱਚ

ਨਿਰੀ ਬੜਾਈ ਹੈ, ਖ਼ੂਬੀ ਹੈ ਹੋਰ ਕੀ ਤੇਰੇ ਵਿੱਚ

ਜੇ ਤੂੰ ਵੱਡਾ ਹੈਂ ਤਾਂ ਮੇਰੇ ਜੇਹਾ ਹੁਨਰ ਵਿਖਾ ਮੈਨੂੰ

ਇਹ ਗੱਠੀ ਹੀ ਜ਼ਰਾ ਭੰਨ ਕੇ ਵਿਖਾ ਮੈਨੂੰ

ਨਹੀਂ ਹੈ ਚੀਜ਼ ਨਿਕੰਮੀ ਕੋਈ ਜ਼ਮਾਨੇ ਵਿੱਚ

ਕੋਈ ਬੁਰਾ ਨਹੀਂ ਕੁਦਰਤ ਦੇ ਕਾਰਖ਼ਾਨੇ ਵਿੱਚ

ਧੂਣੀ ਦਾ ਬਾਲਣ ( ਜੈਕ ਲੰਡਨ ਦੀ ਕਹਾਣੀ )

October 1, 2012 by

 (ਜਿਉਣ ਦੀ ਮਨੁੱਖੀ ਲਾਲਸਾ ਦੀ ਅਜਿਹੀ ਕਮਾਲ ਕਹਾਣੀ ਸਾਹਿਤ ਦੇ ਇਤਹਾਸ ਵਿੱਚ ਸ਼ਾਇਦ ਹੋਰ ਕਿਸੇ ਨੇ ਨਹੀਂ ਲਿਖੀ ਜੀਵਨ ਦਾ ਅਜਿਹਾ ਗਬਜ਼ ਬਿਰਤਾਂਤ, ਅਜਿਹਾ ਤੀਖਣ ਅਨੁਭਵ ਅਤੇ ਅਜਿਹਾ ਹਿਲਾ ਦੇਣ ਵਾਲਾ ਬਿਆਨ !!! ਜੈਕ ਲੰਡਨ ਦੀਆਂ ਕਹਾਣੀਆਂ ਹੋਕਾ ਦੇ ਰਹੀਆਂ ਹਨ – ਜੀਵਨ, ਜੀਵਨ ਅਤੇ ਜੀਵਨ …। ਮੌਤ ਦੀ ਮੰਜੀ ਤੇ ਪਿਆ ਲੈਨਿਨ ਆਪਣੀ ਪਤਨੀ ਕੋਲੋਂ ਜੈਕ ਲੰਡਨ ਦੀਆਂ ਕਹਾਣੀਆਂ ਸੁਣਦਾ ਹੁੰਦਾ ਸੀ ਅਤੇ ਮੌਤ ਦੇ ਵਿਰੁੱਧ ਤਾਕਤ ਜਮ੍ਹਾਂ ਕਰਦਾ ਸੀ ਕਰੁਪਸਕਾਇਆ ਜਾਣਦੀ ਸੀ ਕਿ ਇਨ੍ਹਾਂ ਵਿੱਚੋਂ ਉਸ ਨੂੰ ਕੀ ਉਤੇਜਿਤ ਕਰਦਾ ਸੀ ਇਹ ਸੀ ਸਾਹਸ, ਦ੍ਰਿੜਤਾ, ਜਿਉਣ ਦੀ ਲਾਲਸਾ, ਹਾਰ ਨਾ ਮੰਨਣ ਦਾ ਸੰਕਲਪ ਇੱਕ ਪ੍ਰਬੀਨ ਕਥਾ-ਸ਼ਿਲਪੀ ਦੇ ਤੌਰ ਜੈਕ ਲੰਡਨ ਨੇ ਭਾਸ਼ਾ ਅਤੇ ਸੰਵੇਦਨਾ ਦੀ ਲੋਹੜੇ ਦੀ ਸਮਰੱਥਾ ਦੇ ਨਾਲ ਉਸ ਮਾਹੌਲ ਦੀ ਸਿਰਜਨਾ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੇ ਪਾਤਰ ਜਿੱਤਦੇ ਹਨ, ਅਤੇ ਜ਼ਿੰਦਗੀ ਦੇ ਗੌਰਵ ਦੀ, ਉਸਦੀ ਅਜ਼ੀਮਤ ਦੀ, ਉਸਦੇ ਸਾਰਤੱਤ ਦੀ ਮਿਸਾਲ ਬਣ ਜਾਂਦੇ ਹਨ)

ਉਹ ਸਵੇਰ ਠਰੀ ਤੇ ਕੋਹਰੇ ਭਰੀ ਸੀ ਸੀਤ ਅਤੇ ਕੋਹਰਾ ਆਪਣੀ ਸਿਖਰ ਤੇ ਸੀ ਜਦੋਂ ਉਸ ਆਦਮੀ ਨੇ ਮੁੱਖ ਯੂਕੋਨਨ ਪਗਡੰਡੀ ਨੂੰ ਛੱਡ ਪਹਾੜੀ ਉੱਤੇ ਚੜ੍ਹਨਾ ਸ਼ੁਰੂ ਕੀਤਾ ਜਿੱਥੋਂ ਬਾਂਸ ਦੇ ਇਲਾਕੇ ਨੂੰ ਜਾਣ ਵਾਲੀ ਕਦੇ ਕਦਾਈਂ ਵਰਤੋਂ ਵਿੱਚ ਆਉਣ ਵਾਲੀ ਪਗਡੰਡੀ ਦੇ ਹਲਕੇ ਜਿਹੇ ਨਿਸ਼ਾਨ ਸਨ ਖੜੀ ਅਤੇ ਸਿੱਧੀ ਚੜ੍ਹਾਈ ਸੀ ਉੱਪਰ ਪਹੁੰਚ ਉਸਨੇ ਆਪਣਾ ਸਾਹ ਨਾਰਮਲ ਕਰਨ ਲਈ ਹੱਥ ਘੜੀ ਨੂੰ ਦੇਖਣ ਦਾ ਬਹਾਨਾ ਬਣਾਇਆ ਸਵੇਰ ਦੇ ਨੌਂ ਵਜ ਚੁੱਕੇ ਸਨ ਸੂਰਜ ਦਾ ਕੋਈ ਅਤਾ ਪਤਾ ਨਹੀਂ ਸੀ, ਹਲਕੀ ਜਿਹੀ ਪਰਤੀਤੀ ਵੀ ਨਹੀਂ, ਜਦੋਂ ਕਿ ਅਕਾਸ਼ ਵਿੱਚ ਇੱਕ ਬੱਦਲ ਤੱਕ ਨਹੀਂ ਸੀ ਪੂਰਾ ਸਾਫ਼ ਦਿਨ ਹੋਣ ਦੇ ਬਾਵਜੂਦ ਚੁਫੇਰੇ ਹਰ ਚੀਜ਼ ਢਕੀ ਹੋਈ ਲਗਦੀ ਸੀ ਇੱਕ ਅਜਿਹੀ ਸੰਘਣੀ ਚਾਦਰ ਜਿਸ ਨਾਲ ਦਿਨੇ ਹਨੇਰੇ ਭਰਿਆ ਸੀ ਅਤੇ ਇਹ ਸੂਰਜ ਦੀ ਗੈਰਹਾਜ਼ਰੀ ਦੇ ਕਾਰਨ ਸੀ ਇਸ ਤਥ ਤੋਂ ਆਦਮੀ ਕਦੇ ਵੀ ਪ੍ਰੇਸ਼ਾਨ ਨਹੀਂ ਸੀ ਸੂਰਜ ਦੀ ਗੈਰਹਾਜ਼ਰੀ ਦਾ ਉਹ ਆਦੀ ਸੀ ਉਸਨੇ ਪਿਛਲੇ ਕਈ ਦਿਨਾਂ ਤੋਂ ਸੂਰਜ ਨਹੀਂ ਵੇਖਿਆ ਸੀ ਉਹ ਅੱ‍ਛੀ ਤਰ੍ਹਾਂ ਜਾਣਦਾ ਸੀ ਕਿ ਅਜੇ ਹੋਰ ਵੀ ਕਈ ਦਿਨ ਇਸੇ ਤਰ੍ਹਾਂ ਬੀਤਣਗੇ ਜਦੋਂ ਦੱਖਣ ਵਿੱਚ ਸੂਰਜ ਕੁੱਝ ਦੇਰ ਲਈ ਨਿਕਲ ਕੇ ਫਿਰ ਓਝਲ ਹੋ ਜਾਵੇਗਾ

ਆਦਮੀ ਨੇ ਮੁੜ ਕੇ ਪਾਰ ਕੀਤੇ ਰਸ‍ਤੇ ਨੂੰ ਵੇਖਿਆ ਕਰੀਬ ਇੱਕ ਮੀਲ ਪਿੱਛੇ, ਤਿੰਨ ਫੁੱਟ ਬਰਫ਼ ਦੇ ਹੇਠਾਂ ਯੂਕੋਨ ਲੁੱਕਿਆ ਦਬਿਆ ਪਿਆ ਸੀ ਜੰਮੀ ਬਰਫ਼ ਦੇ ਉੱਤੇ ਕਈ ਫੁੱਟ ਹਲਕੀ ਜਿਹੀ ਬਰਫ਼ ਦੀ ਤਹਿ ਪਈ ਸੀ ਚਾਰੇ ਤਰਫ ਚਿੱਟੇ ਸ਼ੁੱਧ ਬਰਫ਼ ਦੇ ਫੰਬਿਆਂ ਨੇ ਜੰਮੀ ਬਰਫ਼ ਨੂੰ ਢਕਿਆ ਹੋਇਆ ਸੀ ਉਤਰ ਅਤੇ ਦੱਖਣ, ਜਿੱਥੇ ਤੱਕ ਉਸਦੀ ਨਿਗਾਹ ਜਾ ਰਹੀ ਸੀ, ਸਭ ਪਾਸੇ ਚਟਿਆਈ ਸੀ, ਬਸ ਦੂਰ ਦੱਖਣ ਵਿੱਚ ਉਸ ਬਰਫ਼ ਲੱਦੇ ਸਪ੍ਰੂਸਾਂ ਨਾਲ ਢਕੇ ਪ੍ਰਦੇਸ਼ ਦੀ ਬਰੀਕ ਚਾਪਨੁਮਾ ਟੇਢੀ ਮੇਢੀ ਕਾਲੀ ਲਕੀਰ ਨੂੰ ਛੱਡਕੇ ਜੋ ਉਤਰ ਤੱਕ ਟੇਢੀ ਮੇਢੀ ਚਲੀ ਜਾ ਰਹੀ ਸੀ ਅਤੇ ਆਖ਼ਰ ਇੱਕ ਹੋਰ ਬਰਫ਼ ਲੱਦੇ ਸਪ੍ਰੂਸਾਂ ਨਾਲ ਢਕੇ ਪ੍ਰਦੇਸ਼ ਦੇ ਪਿੱਛੇ ਜਾ ਮੁਕਦੀ ਸੀ ਇਹ ਵਾਸਤਵ ਵਿੱਚ ਮੁਖ‍ ਪਗਡੰਡੀ ਸੀ, ਜੋ ਦੱਖਣ ਤੋਂ ਪੰਜ ਸੌ ਮੀਲ ਦੂਰ ਚਿਲਕੂਟ ਘਾਟੀ ਤੋਂ ਹੁੰਦੇ ਸਮੁੰਦਰ ਤੱਕ ਅਤੇ ਫਿਰ ਸੱਤਰ ਮੀਲ ਉਤਰ ਵਿੱਚ ਦਾਸਨ ਅਤੇ ਫਿਰ ਇੱਕ ਹਜਾਰ ਮੀਲ ਦੂਰ ਚੁਲਾਟੋ ਤੋਂ ਹੁੰਦੇ ਅੰਤ ਡੇਢ ਹਜਾਰ ਮੀਲ ਦੂਰ ਬੇਰਿੰਗ ਸਮੁੰਦਰ ਦੇ ਤਟ ਉੱਤੇ ਬਸੇ ਸੇਂਟ ਮਿਚੇਲ ਸ਼ਹਿਰ ਤੱਕ ਜਾਂਦੀ ਸੀ

ਵਾਲ ਵਰਗੀ ਬਰੀਕ ਰਹਸ‍ਮਈ ਬਹੁਤ ਦੂਰ ਤੱਕ ਜਾਣ ਵਾਲੀ ਪਗਡੰਡੀ, ਆਕਾਸ਼ ਤੇ ਗੈਰ ਮੌਜੂਦ ਸੂਰਜ, ਭਿਆਨਕ ਸੀਤ, ਇਕੱਲ ਅਤੇ ਅਲੌਕਿਕਤਾ ਦਾ ਆਦਮੀ ਤੇ ਕੋਈ ਪ੍ਰਭਾਵ ਨਹੀਂ ਪਿਆ ਸੀ, ਇਸ ਲਈ ਨਹੀਂ ਕਿ ਉਹ ਇਸ ਸਭ ਦਾ ਆਦੀ ਸੀ ਸੱਚ ਇਹ ਸੀ ਕਿ ਉਹ ਇਸ ਇਲਾਕੇ ਲਈ ਅਜਨਬੀ ਸੀ ਇੱਥੋਂ ਦੀ ਹੱਡ ਜਮਾ ਦੇਣ ਵਾਲੇ ਸੀਤ ਦਾ ਉਸਦਾ ਇਹ ਪਹਿਲਾ ਅਨੁਭਵ ਸੀ ਉਸਦੀ ਸਮਸਿਆ ਇਹ ਸੀ ਕਿ ਉਹ ਪੂਰਨ ਤੌਰ ਤੇ ਕਲ‍ਪਨਾ ਤੋਂ ਕੋਰਾ ਸੀ ਜੀਵਨ ਦੇ ਦੈਨਿਕ ਕੰਮਾਂ ਵਿੱਚ ਉਹ ਤੇਜ਼ ਤੱਰਾਰ ਸੀ ਲੇਕਿਨ ਕੇਵਲ ਵਸ‍ਤੂਆਂ ਨੂੰ ਲੈ ਕੇ, ਉਨ੍ਹਾਂ ਦੇ ਮਹੱਤਵ ਨੂੰ ਲੈ ਕੇ ਨਹੀਂ ਜ਼ੀਰੋ ਤੋਂ ਪੰਜਾਹ ਡਿਗਰੀ ਥੱਲੇ ਦਾ ਭਾਵ ਅੱਸੀ ਡਿਗਰੀ ਜੰਮੀ ਬਰਫ਼ ਹੁੰਦਾ ਹੈ, ਇਸ ਸੱਚ ਦਾ ਉਸਦੇ ਲਈ ਸਿਰਫ ਇੰਨਾ ਭਾਵ ਸੀ ਕਿ ਕੜਕਦੀ ਠੰਡ ਹੈ, ਕੁੱਝ ਜਿਆਦਾ ਹੀ ਹੈ ਅਤੇ ਪ੍ਰੇਸ਼ਾਨ ਕਰਨ ਵਾਲੀ ਹੈ, ਬਸ ਇਸਦੇ ਅੱਗੇ ਉਹ ਇਹ ਨਹੀਂ ਸੋਚ ਪਾਉਂਦਾ ਕਿ ਤਾਪਮਾਨ ਉੱਤੇ ਨਿਰਭਰ ਕਮਜ਼ੋਰ ਪ੍ਰਾਣੀ ਹੋਣ ਦੇ ਕਾਰਨ ਮਨੁੱਖ‍ ਤਾਪ ਅਤੇ ਸੀਤ ਦੇ ਹਲਕੇ ਜਿਹੇ ਅੰਤਰਾਲ ਦੇ ਵਿੱਚ ਹੀ ਜਿੰਦਾ ਰਹਿਣ ਦੇ ਸਮਰਥ ਹੁੰਦਾ ਹੈ ਇਸ ਨਾਲ ਜੁੜੀ ਮਨੁੱਖ‍ ਦੀ ਮਰਣਸ਼ੀਲਤਾ ਅਤੇ ਸ੍ਰਿਸ਼ਟੀ ਵਿੱਚ ਮਨੁੱਖ‍ ਦੇ ਸ‍ਥਾਨ ਵਰਗੀਆਂ ਵੱਡੀਆਂ ਗੱਲ੍ਹਾਂ ਸੋਚਣਾ ਉਸਦੀ ਸੀਮਾ ਦੇ ਬਾਹਰ ਸੀ ਜ਼ੀਰੋ ਤੋਂ ਪੰਜਾਹ ਡਿਗਰੀ ਹੇਠਾਂ ਦਾ ਮਤਲਬ ਬਰਫ਼ ਨਾਲ ਖ਼ੂਨ ਜੰਮਣ ਤੋਂ ਬਚਣ ਲਈ ਮੇਕੋਸਿਨ, ਚਮੜੇ ਦੀ ਜੈਕੇਟ, ਕੰਨ‍ਟੋਪੇ ਅਤੇ ਮੋਟੇ ਕੰਬਲ ਦੀ ਆਵਸ਼‍ਕਤਾ ਹੁੰਦੀ ਹੈ ਪੰਜਾਹ ਡਿਗਰੀ ਸੁੰਨ‍ ਤੋਂ ਥੱਲੇ ਦਾ ਭਾਵ ਉਸਦੇ ਲਈ ਸਿਰਫ ਪੰਜਾਹ ਡਿਗਰੀ ਸੁੰਨ‍ ਹੈ ਬਸ ਤਾਪਮਾਨ ਦੀ ਇਸ ਗਿਰਾਵਟ ਨਾਲ ਜੁੜੇ ਜੋ ਵੀ ਹੋਰ ਅਰਥ ਹੁੰਦੇ ਹਨ ਉਸਦੇ ਜ਼ਿਹਨ ਵਿੱਚ ਇਸ ਵਿਸ਼ੇ ਬਾਰੇ ਕੋਈ ਵਿਚਾਰ ਹੀ ਨਹੀਂ ਸੀ

ਜਿਵੇਂ ਹੀ ਅੱਗੇ ਵਧਣ ਲਈ ਉਹ ਮੁੜਿਆ, ਉਸਨੇ ਜਾਣ ਬੁੱਝ ਕੇ ਜ਼ੋਰ ਨਾਲ ਥੁੱਕਿਆ ਥੁੱਕਣ ਦੇ ਬਾਅਦ ਜੋ ਜ਼ੋਰ ਦੀ ਆਵਾਜ਼ ਹੋਈ, ਉਸ ਤੋਂ ਉਹ ਚੌਂਕ ਗਿਆ ਉਸਨੇ ਦੁਬਾਰਾ ਥੁੱਕਿਆ ਅਤੇ ਉਸਨੇ ਦੇਖਿਆ ਕਿ ਬਰਫ਼ ਤੇ ਡਿੱਗਣ ਤੋਂ ਪਹਿਲਾਂ ਹਵਾ ਵਿੱਚ ਜ਼ੋਰ ਦੀ ਚਿੜਚਿੜ ਫੈਲ ਗਈ ਜ਼ੀਰੋ ਤੋਂ ਪੰਜਾਹ ਡਿਗਰੀ ਹੇਠਾਂ, ਥੁੱਕਣ ਉੱਤੇ ਚਿੜਚਿੜ ਹੁੰਦੀ ਹੈ, ਉਹ ਜਾਣਦਾ ਸੀ ਲੇਕਿਨ ਇੱਥੇ ਤਾਂ ਥੁੱਕ ਹਵਾ ਵਿੱਚ ਹੀ ਚਿੜਚਿੜ ਕਰ ਰਿਹਾ ਸੀ ਇਸ ਵਿੱਚ ਕੋਈ ਸੰਦੇਹ ਨਹੀਂ ਸੀ ਕਿ ਤਾਪਮਾਨ ਪੰਜਾਹ ਡਿਗਰੀ ਜ਼ੀਰੋ ਤੋਂ ਜਿਆਦਾ ਹੀ ਹੇਠਾਂ ਸੀ, ਕਿੰਨਾ ਜਿਆਦਾ, ਇਸਦਾ ਉਸਨੂੰ ਕੋਈ ਅੰਦਾਜ਼ਾ ਨਹੀਂ ਸੀ ਤਾਪਮਾਨ ਦੇ ਉੱਪਰ ਹੇਠਾਂ ਨਾਲ ਉਸਦਾ ਕੋਈ ਲੈਣਾ ਦੇਣਾ ਨਹੀਂ ਸੀ ਉਸਨੇ ਹੇਂਡਰਸਨ ਕ੍ਰੀਕ ਦੇ ਖੱਬੇ ਪਾਸੇ ਪਹੁੰਚਣਾ ਸੀ, ਜਿੱਥੇ ਮੁੰਡੇ ਉਹਦਾ ਰਾਹ ਵੇਖ ਰਹੇ ਹੋਣਗੇ ਉਹ ਇੰਡੀਅਨ ਕਰੀਕ ਕੰਟਰੀ ਨੂੰ ਵੱਖ ਕਰਨ ਵਾਲੀ ਲੀਕ ਤੋਂ ਹੁੰਦੇ ਹੋਏ ਗਏ ਸਨ, ਜਦੋਂ ਕਿ ਉਹ ਚੱਕਰ ਲਗਾਕੇ ਜਾ ਰਿਹਾ ਸੀ ਕਿਉਂਕਿ ਉਹ ਕੱਟੀ ਹੋਈ ਲੱਕੜੀ ਦੀਆਂ ਗੇਲੀਆਂ ਨੂੰ ਯੂਕੋਨ ਦੇ ਝਰਨਿਆਂ ਤੋਂ ਲਿਜਾਣ ਦੇ ਰਸਤੇ ਦੀ ਤਲਾਸ਼ ਵਿੱਚ ਨਿਕਲਿਆ ਸੀ ਉਹ ਸ਼ਾਮ ਦੇ ਛੇ ਵਜੇ ਤੱਕ ਕੈਂਪ ਪਹੁੰਚ ਜਾਵੇਗਾ, ਤੱਦ ਤੱਕ ਮੁੰਡੇ ਉੱਥੇ ਪਹੁੰਚ ਚੁੱਕੇ ਹੋਣਗੇ, ਉਹ ਧੂਣੀ ਬਾਲ ਕੇ ਰੱਖਣਗੇ, ਸੇਕਣ ਦੇ ਲਈ, ਨਾਲ ਹੀ ਗਰਮਾ ਗਰਮ ਖਾਣਾ ਉਸਦੀ ਉਡੀਕ ਵਿੱਚ ਤਿਆਰ ਹੋਵੇਗਾ ਦੁਪਹਿਰ ਦੇ ਭੋਜਨ ਲਈ ਉਸਨੇ ਆਪਣੀ ਜੈਕੇਟ ਵਿੱਚੋਂ ਉਭਰੇ ਬੰਡਲ ਨੂੰ ਹੱਥਾਂ ਨਾਲ ਥਪਥਪਾਇਆ ਰੁਮਾਲ ਨਾਲ ਬੰਨ੍ਹਕੇ ਉਸਨੇ ਪੈਕਿਟ ਨੂੰ ਸ਼ਰਟ ਦੇ ਹੇਠਾਂ ਆਪਣੀ ਦੇਹ ਨਾਲ ਲਗਾਕੇ ਰੱਖਿਆ ਸੀ ਬਰੈੱਡ ਨੂੰ ਜੰਮਣ ਤੋਂ ਬਚਾਉਣ ਦਾ ਇਹੀ ਇੱਕ ਸੁਖਾਲਾ ਢੰਗ ਸੀ ਮੋਟੀ ਤਲੀ ਹੋਈ ਸੈਂਡਵਿਚ ਨੂੰ ਯਾਦ ਕਰਕੇ ਉਹ ਮੁਸ‍ਕਰਾ ਪਿਆ

 

ਉੱਚੇ ਸੰਕੂਕਾਰ ਰੁੱਖਾਂ ਦੇ ਵਿੱਚੀਂ ਉਹ ਚੱਲ ਪਿਆ ਪਗਡੰਡੀ ਉੱਤੇ ਬਹੁਤ ਸਾਰੇ ਹਲਕੇ ਹਲਕੇ ਨਿਸ਼ਾਨ ਸਨ ਆਖਰੀ ਬਰਫ਼-ਗੱਡੀ ਨਿਕਲਣ ਦੇ ਬਾਅਦ ਇੱਕ ਫੁੱਟ ਬਰਫ਼ ਡਿੱਗ ਚੁੱਕੀ ਸੀ ਉਹ ਪ੍ਰਸੰਨ ਸੀ ਕਿ ਉਸਦੇ ਕੋਲ ਬਰਫ਼ ਗੱਡੀ ਦਾ ਬੋਝ ਨਹੀਂ ਸੀ ਸੱਚ ਇਹ ਸੀ ਕਿ ਉਸਦੇ ਕੋਲ ਰੁਮਾਲ ਨਾਲ ਲਪੇਟੇ ਭੋਜਨ ਦੇ ਇਲਾਵਾ ਕੁੱਝ ਵੀ ਨਹੀਂ ਸੀ ਹਾਲਾਂਕਿ ਸੀਤ ਦੇ ਡਰਾਉਣੇਪਣ ਤੋਂ ਉਸਨੂੰ ਆਚਰਜ ਹੋ ਰਿਹਾ ਸੀ ਠੰਡ ਦਰਅਸਲ ਬਹੁਤ ਜਿਆਦਾ ਹੈ, ਇਹ ਨਤੀਜਾ ਕੱਢਦੇ ਹੋਏ ਉਸਨੇ ਠਰਦੇ ਹੱਥਾਂ ਨਾਲ ਆਪਣੀਆਂ ਗੱਲ੍ਹਾਂ ਅਤੇ ਸੁੰਨ ਹੋਈ ਨੱਕ ਨੂੰ ਜ਼ੋਰ ਨਾਲ ਰਗੜਿਆ। ਉਹ ਸੰਘਣੀਆਂ ਦਾੜ੍ਹੀ ਮੁੱਛਾਂ ਵਾਲਾ ਆਦਮੀ ਸੀ, ਪਰ ਉਸਦੀ ਵੱਡੀ ਵੱਡੀ ਦਾੜ੍ਹੀ ਉਸਦੀਆਂ ਗੱਲ੍ਹਾਂ ਅਤੇ ਸੁੰਨ ਹੋ ਰਹੀ ਲੰ‍ਬੀ ਨੱਕ ਦੀ ਬਰਫ਼ੀਲੀ ਹਵਾ ਤੋਂ ਰੱਖਿਆ ਕਰਨ ਵਿੱਚ ਅਸਮਰਥ ਸੀ

ਆਦਮੀ ਦੇ ਠੀਕ ਪਿੱਛੇ ਇੱਕ ਵਿਸ਼ਾਲਾਕਾਰ ਵੱਡੇ ਵੱਡੇ ਜੱਤਲ ਵਾਲਾਂ ਵਾਲਾ ਕੁੱਤਾ ਚੱਲ ਰਿਹਾ ਸੀ ਜੋ ਆਪਣੇ ਜੰਗਲੀ ਭਰਾ ਬਘਿਆੜ ਨਾਲ ਐਨ ਮਿਲਦਾ ਜੁਲਦਾ ਸੀ ਕੁੱਤਾ ਭਿਆਨਕ ਸਰਦੀ ਤੋਂ ਪ੍ਰੇਸ਼ਾਨ ਸੀ ਉਹ ਜਾਣਦਾ ਸੀ ਕਿ ਇਹ ਯਾਤਰਾ ਦਾ ਸਮਾਂ ਕਦਾਚਿਤ ਨਹੀਂ ਸੀ ਆਦਮੀ ਦੀ ਬੁਧੀ ਤੋਂ ਜਿਆਦਾ ਉਸਦੀ ਕੁਦਰਤੀ ਬਿਰਤੀ ਵਿਪਰੀਤ ਮੌਸਮ ਬਾਰੇ ਉਸਨੂੰ ਸੁਚੇਤ ਕਰ ਰਹੀ ਸੀ ਸੱਚ ਇਹ ਸੀ ਕਿ ਤਾਪਮਾਨ ਜ਼ੀਰੋ ਤੋਂ ਪੰਜਾਹ ਡਿਗਰੀ ਤੋਂ ਕਿਤੇ ਹੇਠਾਂ ਸੀ, ਸੱਠ ਡਿਗਰੀ ਤੋਂ ਜਿਆਦਾ ਬਲ‍ਕਿ ਸੱਤਰ ਤੋਂ ਵੀ ਜਿਆਦਾ ਹੇਠਾਂ ਸੀ ਵਾਸਤਵ ਵਿੱਚ ਉਸ ਸਮੇਂ ਤਾਪਮਾਨ ਪੰਝੱਤਰ ਡਿਗਰੀ ਤੋਂ ਹੇਠਾਂ ਸੀ ਨਾਰਮਲ ਤੌਰ ਤੇ ਜ਼ੀਰੋ ਤੋਂ ਬੱਤੀ ਡਿਗਰੀ ਉਪਰ ਪਾਣੀ ਜੰਮਣਾ ਸ਼ੁਰੂ ਹੋ ਜਾਂਦਾ ਹੈ ਇਸਦਾ ਭਾਵ ਇਹ ਸੀ ਕਿ ਇੱਕ ਸੌ ਸੱਤ ਡਿਗਰੀ ਬਰਫ਼ ਉਸ ਸਮੇਂ ਜੰਮ ਚੁੱਕੀ ਸੀ ਕੁੱਤੇ ਨੂੰ ਥਰਮਾਮੀਟਰ ਬਾਰੇ ਕੋਈ ਗਿਆਨ ਨਹੀਂ ਸੀ ਸੰਭਵ ਹੈ ਉਸਦੇ ਜਿਹਨ ਵਿੱਚ ਸੀਤ ਦੀ ਬਹੁਤ ਜਿਆਦਾ ਤੀਬਰਤਾ ਨੂੰ ਲੈ ਕੇ ਮਨੁੱਖ‍ ਵਾਂਗ ਚੇਤਨਾ ਨਹੀਂ ਸੀ, ਕਿੰਤੂ ਪਸ਼ੂ ਦੀ ਆਪਣੀ ਅੰਤਰੀਵ ਸਹਿਜ ਸੰਵੇਦਨਾ ਹੁੰਦੀ ਹੈ ਉਸ ਵਿੱਚ ਇੰਨੀ ਸਮਝ ਅਵਸ਼‍ ਸੀ ਕਿ ਆਦਮੀ ਦੇ ਪਿੱਛੇ ਚਲਣ ਵਿੱਚ ਹੀ ਉਸਦੀ ਭਲਾਈ ਸੀ ਥੋੜੀ ਥੋੜੀ ਦੇਰ ਬਾਅਦ ਉਹ ਆਦਮੀ ਨੂੰ ਪ੍ਰਸ਼‍ਨ ਭਰੀਆਂ ਨਜਰਾਂ ਨਾਲ ਟੋਹ ਲੈਂਦਾ ਸੀ ਕਿ ਕਦੋਂ ਕਿਸੇ ਕੈਂਪ ਵਿੱਚ ਉਹ ਪਹੁੰਚੇਗਾ ਅਤੇ ਅੱਗ ਜਲਾਵੇਗਾ ਉਹ ਇਸ ਉਂਮੀਦ ਵਿੱਚ ਉਸਦੇ ਪਿੱਛੇ ਚੱਲ ਰਿਹਾ ਸੀ ਕੁੱਤਾ ਅੱਗ ਤੋਂ ਮਿਲਣ ਵਾਲੀ ਸੁੱਖਦਾਈ ਸੇਕ ਬਾਰੇ ਅੱ‍ਛੀ ਤਰ੍ਹਾਂ ਜਾਣਦਾ ਸੀ ਜੇਕਰ ਉਸਨੂੰ ਅੱਗ ਨਹੀਂ ਮਿਲਦੀ, ਤਾਂ ਉਹ ਬਰਫ਼ ਦੇ ਢੇਰ ਦੇ ਹੇਠਾਂ ਹਵਾ ਤੋਂ ਬਚਣ ਲਈ ਦੁਬਕ ਕੇ ਰਹਿਣਾ ਪਸੰਦ ਕਰੇਗਾ

 

ਕੁੱਤੇ ਦੀ ਸਾਹ ਰਾਹੀਂ ਨਿਕਲੀ ਹਵਾ, ਉਸਦੇ ਵਾਲਾਂ ਉੱਤੇ ਡਿੱਗੀ ਬਰਫ਼ ਦੇ ਨਾਲ ਮਿਲਕੇ ਜੰਮ ਰਹੀ ਸੀ ਉਸਦੇ ਜਬਾੜੇ, ਨਾਸਾਂ ਅਤੇ ਉਸਦੀਆਂ ਭਵਾਂ ਹਵਾ ਵਿੱਚ ਮਿਲ ਪੂਰੀ ਤਰ੍ਹਾਂ ਚਿੱਟੇ ਹੋ ਚੁੱਕੇ ਸਨ ਆਦਮੀ ਦੀ ਦਾੜ੍ਹੀ ਅਤੇ ਮੁੱਛਾਂ ਦੇ ਲਾਲ ਬਾਲ ਠੀਕ ਕੁੱਤੇ ਦੀ ਤਰ੍ਹਾਂ ਚਿੱਟੇ ਸਨ, ਹਾਲਾਂਕਿ ਉਸਦੇ ਚਿਹਰੇ ਉੱਤੇ ਕੁੱਤੇ ਦੀ ਬਰਫ਼ ਤੋਂ ਜਿਆਦਾ ਬਰਫ਼ ਜੰਮ ਚੁੱਕੀ ਸੀ, ਜੋ ਹਰ ਸਾਹ ਦੇ ਨਾਲ ਵੱਧਦੀ ਜਾ ਰਹੀ ਸੀ ਆਦਮੀ ਤਮਾਖੂ ਚਬਾ ਰਿਹਾ ਸੀ ਠੰਡੇ ਬੁੱਲਾਂ ਉੱਤੇ ਜੰਮੀ ਬਰਫ਼ ਵਿੱਚੋਂ ਤਮਾਖੂ ਦੀ ਪੀਕ ਛੱਡਦੇ ਸਮੇਂ ਉਸਦੀ ਠੋਡੀ ਉੱਤੇ ਅਟਕ ਜਾਂਦੀ ਸੀ ਉਸ ਨਾਲ ਉਸਦੀ ਦਾੜ੍ਹੀ ਹੋਰ ਵੱਧਦੀ ਚੱਲੀ ਜਾ ਰਹੀ ਸੀ ਜੇਕਰ ਉਹ ਡਿੱਗ ਪੈਂਦਾ ਤਾਂ ਉਹ ਕੱਚ ਦੇ ਟੁਕੜਿਆਂ ਦੀ ਤਰ੍ਹਾਂ ਆਪਣੇ ਆਪ ਟੁੱਟ ਕੇ ਬਿਖਰ ਜਾਂਦੀ ਉਸਨੂੰ ਇਸਦੀ ਪਰਵਾਹ ਨਹੀਂ ਸੀ, ਕਿਉਂਕਿ ਇਹ ਤਾਂ ਦੇਸ਼ ਦੇ ਹਰ ਤਮਾਖੂ ਖਾਣ ਵਾਲੇ ਨੂੰ ਭੁਗਤਣਾ ਹੀ ਪੈਂਦਾ ਹੈ ਉਹ ਇਸਦੇ ਪਹਿਲਾਂ ਦੋ ਵਾਰ ਅਜਿਹੀ ਠੰਡ ਵਿੱਚ ਨਿਕਲ ਚੁੱਕਿਆ ਸੀ ਲੇਕਿਨ ਉਹ ਜਾਣਦਾ ਸੀ ਕਿ ਉਹ ਸਫਰ ਇੰਨੇ ਠੰਡੇ ਨਹੀਂ ਸਨ ਜਿਵੇਂ ਅੱਜ ਹੈ ਉਸਨੂੰ ਪਤਾ ਸੀ ਕਿ ਥਰਮਾਮੀਟਰ ਦਾ ਪਾਰਾ ਸੱਠ ਦੇ ਆਸਪਾਸ ਸੀ, ਜਦੋਂ ਕਿ ਉਨ੍ਹਾਂ ਯਾਤਰਾਵਾਂ ਦੇ ਸਮੇਂ ਪੰਜਾਹ ਪਚਵੰਜਾ ਦੇ ਆਸਪਾਸ ਸੀ

ਉਹ ਬਰਫ਼ੀਲੇ ਜੰਗਲ ਵਿੱਚ ਮੀਲਾਂ ਮੀਲ ਚੱਲਦਾ ਜਾ ਰਿਹਾ ਸੀ ਉਸਨੇ ਨੀਗਰੋ ਸਿਰਾਂ ਦੇ ਇੱਕ ਚੌੜੇ ਟੋਟੇ ਨੂੰ ਪਾਰ ਕੀਤਾ, ਉਸਦੇ ਬਾਅਦ ਬਰਫ਼ ਦੇ ਜੰਮੇ ਹੋਏ ਨਹਿਰੀ ਪੱਤਣ ਤੇ ਉਤਰ ਗਿਆ ਉਹ ਹੇਂਡਰਸਨ ਦੀ ਕ੍ਰੀਕ ਸੀ ਉਸਨੂੰ ਅਨੁਮਾਨ ਸੀ ਕਿ ਉਸਨੂੰ ਅਜੇ ਦਸ ਮੀਲ ਹੋਰ ਚੱਲਣਾ ਹੈ ਉਸਨੇ ਘੜੀ ਵੇਖੀ ਦਸ ਵਜੇ ਸਨ ਉਹ ਇੱਕ ਘੰਟੇ ਵਿੱਚ ਚਾਰ ਮੀਲ ਦੀ ਰਫ‍ਤਾਰ ਨਾਲ ਚੱਲ ਰਿਹਾ ਸੀ ਉਸਨੇ ਹਿਸਾਬ ਲਗਾਇਆ ਕਿ ਉਹ ਸਾਢੇ ਬਾਰਾਂ ਦੇ ਨੇੜੇ ਵਾਲੇ ਦੋਰਾਹੇ ਉੱਤੇ ਪਹੁੰਚ ਜਾਵੇਗਾ ਆਪਣੀ ਇਸ ਸਫਲਤਾ ਦਾ ਜਸ਼ਨ ਲੰਚ ਕਰਕੇ ਮਨਾਉਣ ਦਾ ਉਸਨੇ ਨਿਸ਼‍ਚਾ ਕੀਤਾ

 ਆਪਣੀ ਪੂਛ ਨੂੰ ਨਿਰਾਸ਼ਾ ਵਿੱਚ ਦਬਾਈਂ ਕੁੱਤਾ ਉਸਦੇ ਪਿੱਛੇ ਪਿੱਛੇ ਜਾ ਰਿਹਾ ਸੀ, ਉਸ ਸਮੇਂ ਆਦਮੀ ਛੋਟੀ ਸੁੱਕੀ ਨਦੀ ਦੇ ਨਾਲ ਨਾਲ ਮੁੜ ਰਿਹਾ ਸੀ ਪਹਿਲਾਂ ਨਿਕਲੀ ਬਰਫ਼ ਗੱਡੀ ਦੀ ਲੀਹ ਸਾਫ਼ ਸਾਫ਼ ਵਿਖਾਈ ਦੇ ਰਹੀ ਸੀ, ਲੇਕਿਨ ਬਰਫ਼ ਗੱਡੀ ਦੇ ਨਾਲ ਦੌੜਨ ਵਾਲਿਆਂ ਦੇ ਪੈਰਾਂ ਦੇ ਚਿੰਨਾਂ ਉੱਤੇ ਬਰਫ਼ ਦੀ ਕਈ ਇੰਚ ਤੈਹ ਜੰਮ ਚੁੱਕੀ ਸੀ ਇਹ ਸ‍ਪਸ਼‍ਟ ਸੀ ਕਿ ਉਸ ਸ਼ਾਂਤ ਟਾਪੂ ਦੇ ਇਲਾਕੇ ਵਿੱਚ ਮਹੀਨੇ ਭਰ ਤੋਂ ਕੋਈ ਵੀ ਨਹੀਂ ਆਇਆ ਸੀ ਆਦਮੀ ਰਵਾਂ ਚਾਲ ਚੱਲਦਾ ਜਾ ਰਿਹਾ ਸੀ ਉਹ ਸੋਚਣ ਵਿਚਾਰਨ ਵਾਲੇ ਲੋਕਾਂ ਵਿੱਚ ਨਹੀਂ ਸੀ ਅਤੇ ਫਿਰ ਉਸਦੇ ਕੋਲ ਸੋਚਣ ਨੂੰ ਕੁੱਝ ਸੀ ਵੀ ਨਹੀਂ, ਇਲਾਵਾ ਇਸਦੇ ਕਿ ਉਹ ਦੋਰਾਹੇ ਉੱਤੇ ਲੰਚ ਲਵੇਗਾ ਅਤੇ ਸ਼ਾਮ ਦੇ ਛੇ ਵਜੇ ਤੱਕ ਮੁੰਡਿਆਂ ਦੇ ਕੋਲ ਕੈਂਪ ਵਿੱਚ ਹੋਵੇਗਾ ਅਜੇ ਕੋਈ ਗੱਲ ਕਰਨ ਵਾਲਾ ਕੋਈ ਹਮਰਾਹੀ ਵੀ ਨਹੀਂ ਸੀ ਅਤੇ ਜੇਕਰ ਹੁੰਦਾ ਵੀ ਤਾਂ ਮੂੰਹ ਉੱਤੇ ਜੰਮੀ ਬਰਫ਼ ਦੀ ਛਿੱਕਲੀ ਕਾਰਨ ਗੱਲ ਕਰਨਾ ਸੰਭਵ ਹੋਣਾ ਵੀ ਨਹੀਂ ਸੀ ਇਸ ਲਈ ਉਹ ਲਗਾਤਾਰ ਤਮਾਖੂ ਚਬਾਈਂ ਜਾ ਰਿਹਾ ਸੀ ਅਤੇ ਆਪਣੀ ਭੂਰੀ ਹੁੰਦੀ ਦਾੜ੍ਹੀ ਨੂੰ ਪੀਕ ਥੁੱਕ ਥੁੱਕ ਕੇ ਵਧਾ ਰਿਹਾ ਸੀ

ਉਸਦੇ ਮਨ ਵਿੱਚ ਇੱਕ ਵਿਚਾਰ ਵਾਰ ਵਾਰ ਉਠ ਰਿਹਾ ਸੀ ਕਿ ਅੱਜ ਠੰਡ ਕੁੱਝ ਜਿਆਦਾ ਹੀ ਹੈ ਇਸਦੇ ਪਹਿਲਾਂ ਉਸਨੇ ਅਜਿਹੀ ਹੱਡ ਸੁੰਨ ਕਰ ਦੇਣ ਵਾਲੀ ਠੰਡ ਕਦੇ ਮਹਿਸੂਸ ਨਹੀਂ ਕੀਤੀ ਸੀ ਚਲਦੇ ਚਲਦੇ ਉਹਨੇ ਆਪਣੇ ਦਸਤਾਨਾ ਪਹਿਨੇ ਹਥ ਦੇ ਪੁੱਠੇ ਪਾਸੇ ਨਾਲ ਆਪਣੀਆਂ ਗੱਲ੍ਹਾਂ ਦੀਆਂ ਹੱਡੀਆਂ ਨੂੰ ਅਤੇ ਨੱਕ ਨੂੰ ਰਗੜਿਆ ਉਹ ਅਜਿਹਾ ਅਣਜਾਣੇ ਹੀ ਕਰੀ ਜਾ ਰਿਹਾ ਸੀ, ਕਦੇ ਇੱਕ ਹੱਥ ਨਾਲ ਕਦੇ ਦੂਜੇ ਨਾਲ। ਲੇਕਿਨ ਜਿਉਂ ਹੀ ਰਗੜਨਾ ਬੰਦ ਕਰ ਹੱਥ ਹੇਠਾਂ ਕਰਦਾ ਉਂਜ ਹੀ ਉਸਦੀਆਂ ਗੱਲ੍ਹਾਂ ਫਿਰ ਸੁੰਨ ਹੋ ਜਾਂਦੀਆਂ ਅਤੇ ਦੂਜੇ ਹੀ ਪਲ ਨੱਕ ਦੀ ਨੋਕ ਫਿਰ ਸੁੰਨ ਹੋ ਜਾਂਦੀ ਉਸਨੂੰ ਪੂਰਨ ਵਿਸ਼ਵਾਸ ਸੀ ਕਿ ਉਸਦੀਆਂ ਗੱਲ੍ਹਾਂ ਜੰਮ ਜਾਣਗੀਆਂ ਅਤੇ ਇਹ ਵਿਚਾਰ ਆਉਂਦੇ ਹੀ ਉਸਨੂੰ ਪਸ਼‍ਚਾਤਾਪ ਹੋਣ ਲੱਗਦਾ ਕਿ ਉਸਨੇ ਨੱਕ ਰਖਿਅਕ ਪੱਟੀ ਦਾ ਕੋਈ ਨਾ ਕੋਈ ਇੰਤਜਾਮ ਕਿਉਂ ਨਹੀਂ ਕੀਤਾ। ਉਹ ਪੱਟੀ ਨੱਕ ਅਤੇ ਦੋਨੋਂ ਗੱਲ੍ਹਾਂ ਦਾ ਆਰਾਮ ਨਾਲ ਬਚਾ ਕਰ ਲੈਂਦੀ ਕਿੰਤੂ ਹੁਣ ਸੋਚਣ ਦਾ ਕੀ ਫ਼ਾਇਦਾ ਸੀ ਭਲਾ ਅਖੀਰ ਬਰਫ਼ੀਲੀਆਂ ਗੱਲ੍ਹਾਂ ਹੁੰਦੀਆਂ ਕੀ ਹਨ? ਬਸ ਇੰਨਾ ਹੀ ਨਾ ਕਿ ਉਨ੍ਹਾਂ ਵਿੱਚ ਰਹਿ ਰਹਿ ਕੇ ਦਰਦ ਹੋਣ ਲੱਗਦਾ ਹੈ ਇਹ ਕੋਈ ਵਿਸ਼ੇਸ਼ ਚਿੰਤਾ ਦੀ ਗੱਲ ਨਹੀਂ ਸੀ

ਹਾਲਾਂਕਿ ਆਦਮੀ ਦਾ ਜਿਹਨ ਵਿਚਾਰ ਸੁੰਨ‍ ਸੀ, ਫਿਰ ਵੀ ਉਹ ਚਲਦੇ ਚਲਦੇ ਜੰਮੀ ਨਦੀ ਵਿੱਚ ਹੁੰਦੀ ਤਬਦੀਲੀ ਨੂੰ ਵੇਖ ਰਿਹਾ ਸੀ – ਮੋੜ, ਗੋਲਾਈ, ਵਿੱਚ ਵਿੱਚ ਪਈਆਂ ਲੱਕੜ ਦੀਆਂ ਲੱਠਾਂ, ਖਾਸ ਤੌਰ ਤੇ ਜਿਥੇ ਉਹ ਪੈਰ ਰੱਖਦਾ ਸੀ ਇੱਕ ਮੋੜ ਤੇ ਉਹ ਘੋੜੇ ਦੀ ਤਰ੍ਹਾਂ ਬਿਦਕਿਆ ਅਤੇ ਉਹ ਆਪਣੇ ਪੈਰਾਂ ਦੇ ਨਿਸ਼ਾਨਾਂ ਨੂੰ ਰੌਂਦਦਾ ਤੇਜ਼ੀ ਨਾਲ ਪਿੱਛੇ ਪਰਤਿਆ ਉਹ ਜਿਸ ਨਦੀ ਨੂੰ ਜਾਣਦਾ ਸੀ ਉਹ ਤਲ ਤੱਕ ਜੰਮੀ ਸੀ ਧਰੁਵੀ ਸੀਤ ਵਿੱਚ ਕਿਸੇ ਵੀ ਨਦੀ ਵਿੱਚ ਪਾਣੀ ਹੋਣ ਦਾ ਪ੍ਰਸ਼‍ਨ ਹੀ ਨਹੀਂ ਸੀ, ਲੇਕਿਨ ਉਹ ਇਹ ਵੀ ਜਾਣਦਾ ਸੀ ਕਿ ਪਹਾੜੀ ਦੇ ਕੰਢੇ ਕੰਢੇ ਝਰਨਿਆਂ ਵਲੋਂ ਬਰਫ਼ ਦੀ ਨੋਕ ਉੱਤੇ ਪਾਣੀ ਵਗਦਾ ਰਹਿੰਦਾ ਹੈ ਉਸਨੂੰ ਭਲੀ ਭਾਂਤੀ ਪਤਾ ਸੀ ਕਿ ਕਿੰਨੀ ਵੀ ਭਿਆਨਕ ਠੰਡ ਕਿਉਂ ਨਾ ਪਏ, ਇਹ ਝਰਨੇ ਕਦੇ ਬੰਦ ਨਹੀਂ ਹੁੰਦੇ, ਇਹ ਹਮੇਸ਼ਾ ਵਗਦੇ ਰਹਿੰਦੇ ਹਨ। ਉਹ ਇਨ੍ਹਾਂ ਤੋਂ ਹੋਣ ਵਾਲੇ ਖ਼ਤਰੇ ਤੋਂ ਵੀ ਪੂਰੀ ਤਰ੍ਹਾਂ ਵਾਕਫ਼ ਸੀ ਇਹ ਫੰਦਾ ਹੈ ਬਰਫ਼ ਦੇ ਹੇਠਾਂ ਟੋਆ ਹੋ ਸਕਦਾ ਹੈ ਤਿੰਨ ਇੰਚ ਗਹਿਰਾ ਵੀ ਅਤੇ ਤਿੰਨ ਫੁੱਟ ਵੀ ਕਦੇ – ਕਦਾਈਂ ਸਿਰਫ ਅੱਧੇ ਇੰਚ ਦੀ ਬਰਫ਼ ਦੀ ਤਹਿ ਹੀ ਰਹਿੰਦੀ ਹੈ, ਇਸ ਉੱਤੇ ਕਦੇ – ਕਦੇ ਤਾਂ ਬਰਫ਼ ਦੇ ਹੇਠਾਂ ਪਾਣੀ, ਫਿਰ ਬਰਫ਼ ਅਤੇ ਫਿਰ ਪਾਣੀ ਭਰਿਆ ਹੁੰਦਾ ਹੈ ਅਤੇ ਆਦਮੀ ਕੁੱਝ ਹੀ ਪਲਾਂ ਵਿੱਚ ਕਮਰ ਤੱਕ ਆਪਣੇ ਆਪ ਨੂੰ ਪਾਣੀ ਵਿੱਚ ਡੁੱਬਿਆ ਪਾਉਂਦਾ ਹੈ

ਉਸਦੇ ਬਿਦਕਣ ਦਾ ਇਹੀ ਕਾਰਨ ਸੀ ਉਸਨੇ ਪੈਰਾਂ ਦੇ ਹੇਠਾਂ ਟੁੱਟਦੀ ਬਰਫ਼ ਨੂੰ ਟੁੱਟਦੇ ਸੁਣ ਲਿਆ ਸੀ ਭਿਆਨਕ ਸੀਤ ਅਤੇ ਤਾਪਮਾਨ ਵਿੱਚ ਪੈਰਾਂ ਦੇ ਭਿੱਜਣ ਤੋਂ ਉਤ‍ਪੰਨ ਸਮਸਿਆ ਤੋਂ ਉਹ ਬਖ਼ੂਬੀ ਵਾਕਫ਼ ਸੀ ਜਿਆਦਾ ਤੋਂ ਜਿਆਦਾ ਉਸਨੂੰ ਪਹੁੰਚਣ ਵਿੱਚ ਦੇਰੀ ਹੀ ਤਾਂ ਹੋਵੇਗੀ ਰੁਕ ਕੇ ਅੱਗ ਜਲਾਉਣਾ ਜਿਆਦਾ ਅਵਸ਼‍ਕ ਸੀ ਅੱਗ ਵਿੱਚ ਆਪਣੇ ਮੋਜੇ, ਮੇਕੋਸਿਨ ਜੈਕਿਟ ਸੁਕਾਉਣਾ ਜਰੂਰੀ ਸੀ ਕੁੱਝ ਦੂਰ ਤੱਕ ਵਾਪਸ ਪਰਤ, ਉਹ ਰੁਕਿਆ, ਨਦੀ ਅਤੇ ਉਸਦੇ ਤਟ ਨੂੰ ਗੌਰ ਨਾਲ ਦੇਖਣ ਦੇ ਬਾਅਦ ਉਸਨੇ ਨਿਸ਼‍ਚਾ ਕੀਤਾ ਕਿ ਪਾਣੀ ਦਾ ਵਹਾਅ ਸੱਜੇ ਵੱਲ ਹੈ ਕੁੱਝ ਦੇਰ ਨੱਕ ਅਤੇ ਗੱਲ੍ਹਾਂ ਨੂੰ ਰਗੜਦਾ ਉਹ ਸੋਚਦਾ ਰਿਹਾ ਫਿਰ ਖੱਬੇ ਵੱਲ ਮੁੜ ਗਿਆ ਉਹ ਹੌਲੀ ਹੌਲੀ ਸੰਭਲ ਸੰਭਲ ਕੇ ਅੱਗੇ ਵੱਧ ਰਿਹਾ ਸੀ, ਹਰ ਕਦਮ ਰੱਖਣ ਦੇ ਬਾਅਦ, ਉਹ ਹੋਣ ਵਾਲੀ ਤਬਦੀਲੀ ਨੂੰ ਵੀ ਵੇਖ ਰਿਹਾ ਸੀ ਜਿਉਂ ਹੀ ਉਹ ਖ਼ਤਰੇ ਤੋਂ ਬਾਹਰ ਹੋਇਆ, ਤਮਾਖੂ ਦੇ ਨਵੇਂ ਟੁਕੜੇ ਨੂੰ ਉਸਨੇ ਦੰਦਾਂ ਨਾਲ ਤੋੜ ਮੂੰਹ ਵਿੱਚ ਰੱਖਿਆ ਅਤੇ ਆਪਣੀ ਚਾਰ ਮੀਲ ਪ੍ਰਤੀ ਘੰਟੇ ਦੀ ਰਫ‍ਤਾਰ ਨਾਲ ਅੱਗੇ ਚੱਲ ਪਿਆ

ਅਗਲੇ ਦੋ ਘੰਟਿਆਂ ਵਿੱਚ ਉਸਨੂੰ ਕਈ ਵਾਰ ਇਸ ਪ੍ਰਕਾਰ ਦੇ ਪਾਣੀ ਦੇ ਫੰਦੇ ਮਿਲੇ ਅਕਸਰ ਇਨ੍ਹਾਂ ਬਰਫ਼ ਢਕੇ ਟੋਇਆਂ ਉੱਤੇ ਜੰਮੀ ਬਰਫ਼ ਦੀ ਪਰਤ ਪਤਲੀ ਹਲਕੀ ਝੋਲ ਭਰੀ ਹੁੰਦੀ, ਜੋ ਖ਼ਤਰੇ ਦਾ ਐਲਾਨ ਕਰਦੀ ਸੀ ਇੱਕ ਵਾਰ ਤਾਂ ਉਹ ਬਾਲ ਬਾਲ ਬਚਿਆ ਅਤੇ ਅਗਲੀ ਵਾਰ ਖ਼ਤਰੇ ਦੀ ਗੰਭੀਰਤਾ ਨੂੰ ਸਮਝਣ ਲਈ ਕੁੱਤੇ ਨੂੰ ਜਬਰਦਸ‍ਤੀ ਅੱਗੇ ਚਲਣ ਨੂੰ ਮਜਬੂਰ ਕੀਤਾ, ਹਾਲਾਂਕਿ ਕੁੱਤਾ ਜਾਣਾ ਨਹੀਂ ਚਾਹੁੰਦਾ ਸੀ ਉਹ ਵਾਰ ਵਾਰ ਪਿੱਛੇ ਮੁੜ ਰਿਹਾ ਸੀ, ਲੇਕਿਨ ਜਦੋਂ ਆਦਮੀ ਨੇ ਉਸਨੂੰ ਮਜਬੂਰ ਕੀਤਾ ਤਾਂ ਸਾਹਮਣੇ ਦੇ ਚਿੱਟੇ ਟੁਕੜੇ ਨੂੰ ਪਾਰ ਕਰਨ ਉਹ ਤੇਜ਼ੀ ਨਾਲ ਵਧਿਆ ਅਤੇ ਜਿਉਂ ਹੀ ਬਰਫ਼ ਟੁੱਟੀ ਉਹ ਬੜੀ ਮੁਸ਼‍ਕਿਲ ਤੇਜ਼ੀ ਨਾਲ ਕੁੱਦਕੇ ਬਰਫ਼ ਉੱਤੇ ਆ ਗਿਆ ਉਸਦੇ ਅਗਲੇ ਦੋ ਪੈਰ ਭਿੱਜ ਗਏ ਸਨ ਅਤੇ ਪੈਰਾਂ ਉੱਤੇ ਲੱਗਿਆ ਪਾਣੀ ਕੁੱਝ ਹੀ ਪਲਾਂ ਵਿੱਚ ਬਰਫ਼ ਵਿੱਚ ਬਦਲ ਗਿਆ ਕੁੱਤੇ ਨੇ ਤੇਜ਼ੀ ਨਾਲ ਆਪਣੇ ਪੈਰਾਂ ਅਤੇ ਪੰਜਿਆਂ ਨੂੰ ਜ਼ੁਬਾਨ ਨਾਲ ਚੱਟਣਾ ਸ਼ੁਰੂ ਕਰ ਦਿੱਤਾ ਕਿਉਂਕਿ ਪੰਜਿਆਂ ਵਿੱਚ ਜੰਮੀ ਬਰਫ਼ ਉਸਨੂੰ ਜ਼ੋਰਾਂ ਨਾਲ ਚੁਭ ਰਹੀ ਸੀ ਆਤ‍ਮਰੱਖਿਆ ਦੀ ਇਹ ਇੱਕ ਸਹਿਜ ਬਿਰਤੀ ਸੀ ਬਸ ਜੰਮੀ ਬਰਫ਼ ਪੰਜਿਆਂ ਵਿੱਚ ਜਖ਼ਮ ਕਰ ਦਿੰਦੀ, ਹਾਲਾਂਕਿ ਕੁੱਤੇ ਨੂੰ ਇਸਦਾ ਗਿਆਨ ਨਹੀਂ ਸੀ ਉਸਨੇ ਤਾਂ ਸਿਰਫ ਆਪਣੀ ਮੂਲ ਪ੍ਰਵਿਰਤੀ ਤੋਂ ਪ੍ਰੇਰਿਤ ਹੋ ਬਰਫ਼ ਨੂੰ ਜੀਭ ਨਾਲ ਚੱਟਿਆ ਸੀ, ਲੇਕਿਨ ਆਦਮੀ ਨੂੰ ਇਸਦਾ ਗਿਆਨ ਸੀ ਇਸ ਲਈ ਉਸਨੇ ਆਪਣੇ ਸੱਜੇ ਹੱਥ ਦਾ ਦਸ‍ਤਾਨਾ ਉਤਾਰਿਆ ਅਤੇ ਕੁੱਤੇ ਦੇ ਪੰਜੇ ਉੱਤੇ ਜੰਮੇ ਬਰਫ਼ ਦੇ ਕਣ ਸਾਫ਼ ਕਰਨ ਲਗਾ ਉਸਨੇ ਆਪਣੀਆਂ ਉਂਗਲੀਆਂ ਨੂੰ ਇੱਕ ਮਿੰਟ ਤੋਂ ਜਿਆਦਾ ਬਾਹਰ ਰੱਖਣਾ ਉਚਿਤ ਨਾ ਸਮਝਿਆ, ਲੇਕਿਨ ਇੰਨੀ ਹੀ ਦੇਰ ਵਿੱਚ ਸੁੰਨ‍ ਹੁੰਦੀਆਂ ਉਂਗਲੀਆਂ ਉੱਤੇ ਉਸਨੂੰ ਆਚਰਜ ਹੋਇਆ ਠੰਡ ਵਾਸਤਵ ਵਿੱਚ ਬਹੁਤ ਤਿੱਖੀ ਅਤੇ ਤੇਜ਼ ਸੀ ਹੱਥ ਜਲਦੀ ਨਾਲ ਦਾਸ‍ਤਾਨੇ ਵਿੱਚ ਪਾ ਛਾਤੀ ਉੱਤੇ ਜ਼ੋਰ ਜ਼ੋਰ ਨਾਲ ਹੱਥ ਮਾਰਨ ਲਗਾ, ਤਾਂ ਕਿ ਹਥੇਲੀ ਵਿੱਚ ਜਮਿਆ ਖੂਨ ਤੇਜ਼ੀ ਨਾਲ ਦੌੜਨ ਲੱਗੇ

ਬਾਰਾਂ ਵਜੇ, ਦਿਨ ਆਪਣੇ ਪੂਰੇ ਜਲਾਲ ਤੇ ਸੀ ਫਿਰ ਵੀ ਆਪਣੀ ਸ਼ੀਤਕਾਲੀਨ ਯਾਤਰਾ ਵਿੱਚ ਸੂਰਜ ਦੂਰ ਦੱਖਣ ਵਿੱਚ ਦੁਮੇਲ ਨੂੰ ਪ੍ਰਕਾਸ਼ਿਤ ਕਰਨ ਵਿੱਚ ਅਸਮਰਥ ਸੀ ਹੇਂਡਰਸਨ ਕ੍ਰੀਕ ਅਤੇ ਉਸਦੇ ਵਿੱਚ ਧਰਤੀ ਦਾ ਬਹੁਤ ਵੱਡਾ ਟੁਕੜਾ ਸੀ ਜਿੱਥੇ ਆਦਮੀ ਭਰੀ ਦੁਪਹਿਰ ਵਿੱਚ ਖੁੱਲੇ ਸਾਫ਼ ਅਸਮਾਨ ਦੇ ਹੇਠਾਂ ਬਿਨਾਂ ਪਰਛਾਈਆਂ ਦੇ ਚੱਲ ਰਿਹਾ ਸੀ ਠੀਕ ਸਾਢੇ ਬਾਰਾਂ ਵਜੇ ਦੋਰਾਹੇ ਉੱਤੇ ਜਦੋਂ ਉਹ ਪਹੁੰਚ ਗਿਆ ਤਾਂ ਆਦਮੀ ਨੂੰ ਆਪਣੀ ਸ‍ਪੀਡ ਉੱਤੇ ਪ੍ਰਸੰਨ‍ਤਾ ਹੋਈ ਜੇਕਰ ਉਹ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਛੇ ਵਜੇ ਤੱਕ ਉਹ ਮੁੰਡਿਆਂ ਦੇ ਕੋਲ ਹਰ ਹਾਲ ਪਹੁੰਚ ਜਾਵੇਗਾ ਉਸਨੇ ਪਹਿਲਾਂ ਜੈਕਿਟ ਅਤੇ ਫਿਰ ਕਮੀਜ ਦੇ ਬਟਨ ਖੋਲ੍ਹੇ ਅਤੇ ਅੰਦਰੋਂ ਆਪਣਾ ਲੰਚ ਪੈਕਿਟ ਬਾਹਰ ਕੱਢ ਲਿਆ ਹਾਲਾਂਕਿ ਮਿੰਟ ਦੇ ਚੌਥਾਈ ਭਾਗ ਵਿੱਚ ਉਸਨੇ ਇਹ ਸਭ ਕਰ ਲਿਆ ਸੀ ਲੇਕਿਨ ਉਨ੍ਹਾਂ ਪੰ‍ਝੀ ਸੇਕਿੰਡਾਂ ਵਿੱਚ ਹੀ ਉਸਦੀਆਂ ਖੁੱਲੀਆਂ ਉਂਗਲੀਆਂ ਠਰ ਗਈਆਂ ਦਸ‍ਤਾਨੇ ਨਾ ਪਹਿਨ ਕੇ ਖੂਨ ਦੇ ਵਹਾਅ ਨੂੰ ਬਣਾਈ ਰੱਖਣ ਲਈ ਉਂਗਲੀਆਂ ਨੂੰ ਪੈਰ ਉੱਤੇ ਜ਼ੋਰ ਜ਼ੋਰ ਨਾਲ ਮਾਰਨ ਲਗਾ ਉਥੇ ਹੀ ਪਏ ਬਰਫ਼ ਜੰਮੇ ਲੱਕੜੀ ਦੇ ਲੱਠੇ ਉੱਤੇ ਉਹ ਖਾਣਾ ਖਾਣ ਬੈਠ ਗਿਆ ਪੈਰ ਉੱਤੇ ਹੱਥ ਮਾਰਨ ਨਾਲ ਉਠਿਆ ਦਰਦ ਇੰਨੀ ਜਲਦੀ ਸਮਾਪ‍ਤ ਹੋ ਗਿਆ ਕਿ ਉਸਨੂੰ ਆਚਰਜ ਹੋਣ ਲਗਾ ਖਾਣ ਦਾ ਉਸਨੂੰ ਸਮਾਂ ਹੀ ਨਹੀਂ ਮਿਲ ਪਾਇਆ ਉਸਨੇ ਇੱਕ ਹਥੇਲੀ ਨੂੰ ਜਲਦੀ ਨਾਲ ਦਸ‍ਤਾਨੇ ਵਿੱਚ ਪਾਇਆ ਅਤੇ ਦੂਜੇ ਹੱਥ ਨੂੰ ਖਾਣ ਲਈ ਖੁੱਲ੍ਹਾ ਛੱਡ ਦਿੱਤਾ ਜਦੋਂ ਉਸਨੇ ਖਾਣ ਦੀ ਕੋਸ਼ਿਸ਼ ਕੀਤੀ ਤਾਂ ਬਰਫ਼ ਨਾਲ ਜਮੇ ਬੁਲ੍ਹ ਅਤੇ ਮੂੰਹ ਨੇ ਉਸਦਾ ਸਾਥ ਦੇਣ ਤੋਂ ਇਨ‍ਕਾਰ ਕਰ ਦਿੱਤਾ

ਅੱਗ ਜਲਾਕੇ ਬਰਫ਼ ਪਿਘਲਾਣ ਦੀ ਉਸਨੂੰ ਯਾਦ ਹੀ ਨਹੀਂ ਰਹੀ ਸੀ ਉਸਨੂੰ ਆਪਣੀ ਮੂਰਖਤਾ ਉੱਤੇ ਹਾਸੀ ਆਈ ਹੱਸਦੇ ਹੱਸਦੇ ਹੀ ਠੰਡ ਨਾਲ ਸੁੰਨ ਹੁੰਦੀਆਂ ਉਂਗਲੀਆਂ ਤੇ ਉਸਦਾ ਧਿਆਨ ਗਿਆ ਨਾਲ ਹੀ ਬੈਠਦੇ ਸਮੇਂ ਉਸਦੇ ਪੈਰਾਂ ਦੀਆਂ ਉਂਗਲੀਆਂ ਵਿੱਚ ਜੋ ਦਰਦ ਸ਼ੁਰੂ ਹੋਇਆ ਸੀ, ਹੌਲੀ ਹੌਲੀ ਘੱਟ ਹੋ ਰਿਹਾ ਸੀ ਉਸਦੇ ਪੰਜੇ ਸੁੰਨ ਸਨ ਜਾਂ ਗਰਮ, ਉਸਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਉਸਨੇ ਉਨ੍ਹਾਂ ਨੂੰ ਮੇਕੋਸਿਨ ਨਾਲ ਢਕ ਲਿਆ, ਇਹ ਸੋਚਦੇ ਹੋਏ ਕਿ ਉਹ ਵਾਸਤਵ ਵਿੱਚ ਸੁੰਨ ਸਨ

ਉਸਨੇ ਜਲਦੀ ਨਾਲ ਦੂਜਾ ਦਸ‍ਤਾਨਾ ਵੀ ਪਾਇਆ ਅਤੇ ਖੜਾ ਹੋ ਗਿਆ ਉਸਨੂੰ ਥੋੜ੍ਹਾ – ਥੋੜ੍ਹਾ ਡਰ ਲੱਗਣ ਲਗਾ ਸੀ ਜ਼ੋਰ ਜ਼ੋਰ ਨਾਲ ਉਹ ਖੜੇ ਖੜੇ ਕਦਮਤਾਲ ਕਰਨ ਲਗਾ ਤਾਂ ਜੋ ਪੈਰਾਂ ਵਿੱਚ ਹਲਕਾ ਜਿਹਾ ਦਰਦ ਵਾਪਸ ਆ ਜਾਵੇ ‘‘ਬੜੀ ਭਿਆਨਕ ਠੰਡ ਹੈ, ਉਸਦੇ ਮਨ ਵਿੱਚ ਤੇਜ਼ੀ ਨਾਲ ਵਿਚਾਰ ਚਮਕਿਆ ਸਲ‍ਫਰ ਕ੍ਰੀਕ ਵਿੱਚ ਮਿਲਿਆ ਆਦਮੀ ਵਾਸਤਵ ਵਿੱਚ ਸੱਚ ਕਹਿ ਰਿਹਾ ਸੀ ਕਿ ਇਸ ਸਮੇਂ ਜੰਗਲ ਵਿੱਚ ਬਹੁਤ ਜਿਆਦਾ ਠੰਡ ਪੈਂਦੀ ਹੈ ਉਸ ਸਮੇਂ ਤਾਂ ਜ਼ੋਰ ਨਾਲ ਹੱਸ ਕੇ ਉਸਨੇ ਉਤਰ ਦਿੱਤਾ ਸੀ ਸੱਚ ਇਹ ਹੈ ਕਿ ਆਦਮੀ ਨੂੰ ਕਿਸੇ ਨੂੰ ਵੀ ਹਲਕੇ ਤੌਰ ਤੇ ਨਹੀਂ ਲੈਣਾ ਚਾਹੀਦਾ ਇਸ ਵਿੱਚ ਕੋਈ ਸ਼ਕ ਹੀ ਨਹੀਂ ਕਿ ਠੰਡ ਭਿਆਨਕ ਹੈ ਤੇਜ਼ੀ ਨਾਲ ਕਦਮਤਾਲ ਦੇ ਨਾਲ ਉਹ ਗਰਮੀ ਲਿਆਉਣ ਲਈ ਹੱਥ ਵੀ ਤੇਜ਼ੀ ਨਾਲ ਚਲਾਂਦਾ ਰਿਹਾ ਕੁੱਝ ਅਰਸੇ ਦੇ ਬਾਅਦ ਉਸਨੇ ਜੇਬ ਵਿੱਚੋਂ ਅੱਗ ਜਲਾਣ ਲਈ ਮਾਚਿਸ ਕੱਢੀ ਇੱਕ ਗੁਫ਼ਾ ਵਿੱਚੋਂ ਉਸਨੇ ਲਕੜੀਆਂ ਇਕੱਠੀਆਂ ਕੀਤੀਆਂ, ਜਿੱਥੇ ਪਿੱਛਲੀ ਬਸੰਤ ਵਿੱਚ ਨਦੀ ਵਲੋਂ ਰੁੜ੍ਹਕੇ ਆਈਆਂ ਸੁੱਕੀਆਂ ਲਕੜੀਆਂ ਪਈਆਂ ਸਨ ਸਾਵਧਾਨੀ ਦੇ ਨਾਲ ਉਸਨੇ ਹੌਲੀ – ਹੌਲੀ ਲਕੜੀਆਂ ਜਲਾਕੇ ਫੂਕਾਂ ਮਾਰ ਮਾਰ ਅੱਗ ਮਘਾਉਣ ਦੀ ਕੋਸ਼ਿਸ਼ ਕੀਤੀ ਕੁੱਝ ਹੀ ਦੇਰ ਵਿੱਚ ਲਕੜੀਆਂ ਨੇ ਅੱ‍ਛੀ ਤਕੜੀ ਅੱਗ ਫੜ ਲਈ ਸੇਕ ਨਾਲ ਉਸਨੇ ਆਪਣੇ ਚਿਹਰੇ, ਹੱਥਾਂ ਅਤੇ ਕੱਪੜਿਆਂ ਉੱਤੇ ਜੰਮੀ ਬਰਫ਼ ਨੂੰ ਪਿਘਲਾਉਣਾ ਸ਼ੁਰੂ ਕੀਤਾ ਅੱਗ ਦੀ ਗਰਮੀ ਦੇ ਵਿੱਚ ਹੀ ਉਸਨੇ ਆਪਣਾ ਲੰਚ ਖਾਧਾ ਕੁੱਝ ਦੇਰ ਲਈ ਹੀ ਸਹੀ, ਉਸਨੇ ਠੰਡ ਨੂੰ ਮਾਤ ਕਰ ਦਿੱਤਾ ਸੀ ਅੱਗ ਨਾਲ ਕੁੱਤਾ ਵੀ ਰਾਹਤ ਮਹਿਸੂਸ ਕਰ ਰਿਹਾ ਸੀ ਉਹ ਅੱਗ ਦੇ ਬਿਲ‍ਕੁਲ ਕੋਲ, ਲੇਕਿਨ ਜਲਣ ਤੋਂ ਬਚ ਕੇ ਆਰਾਮ ਨਾਲ ਬੈਠਾ ਸੀ

ਲੰਚ ਖਾਣ ਦੇ ਬਾਅਦ, ਆਦਮੀ ਨੇ ਪਾਈਪ ਕੱਢਿਆ ਉਸਨੂੰ ਤਮਾਖੂ ਨਾਲ ਭਰਿਆ ਅਤੇ ਆਰਾਮ ਨਾਲ ਪਾਈਪ ਦਾ ਆਨੰਦ ਲੈਣ ਲਗਾ ਕੁੱਝ ਦੇਰ ਬਾਅਦ ਉਸਨੇ ਬਿਨਾਂ ਉਂਗਲ ਵਾਲੇ ਦਸ‍ਤਾਨਿਆਂ ਨੂੰ ਪਹਿਨਿਆ, ਆਪਣੇ ਕਨਟੋਪੇ ਦੇ ਦੋਨਾਂ ਸਿਰੀਆਂ ਨਾਲ ਕੰਨਾਂ ਨੂੰ ਢਕਿਆ ਅਤੇ ਦੋਰਾਹੇ ਦੇ ਖੱਬੇ ਪਾਸੇ ਜਾਣ ਵਾਲੀ ਪਗਡੰਡੀ ਉੱਤੇ ਚੱਲ ਪਿਆ ਕੁੱਤਾ ਅੱਗ ਨੂੰ ਛੱਡਕੇ ਨਹੀਂ ਜਾਣਾ ਚਾਹੁੰਦਾ ਸੀ, ਇਸ ਲਈ ਕਿਕਿਆ ਕੇ ਵਾਪਸ ਚਲਣ ਦੀ ਜਿਦ ਕਰ ਰਿਹਾ ਸੀ ਆਦਮੀ ਸ਼ਾਇਦ ਭਿਆਨਕ ਸੀਤ ਤੋਂ ਵਾਕਫ਼ ਨਹੀਂ ਸੀ, ਸ਼ਾਇਦ ਉਸਦੇ ਪੂਰਵਜ ਵੀ ਵਾਸ‍ਤਵਿਕ ਸੀਤ ਨਾਲੋਂ ਵਧ, ਜ਼ੀਰੋ ਤੋਂ ਇੱਕ ਸੌ ਸੱਤ ਡਿਗਰੀ ਤੋਂ ਥੱਲੇ ਸੀਤ ਦੇ ਡਰਾਉਣੇਪਣ ਬਾਰੇ ਨਾਵਾਕਿਫ਼ ਸਨ, ਕਿੰਤੂ ਕੁੱਤਾ ਜਾਣਦਾ ਸੀ ਉਸਦੇ ਪੂਰਵਜਾਂ ਨੂੰ ਅਨੁਭਵਮੂਲਿਕ ਗਿਆਨ ਸੀ ਜਿਸਨੂੰ ਕੁੱਤੇ ਨੇ ਖ਼ਾਨਦਾਨੀ ਪਰੰ‍ਪਰਾ ਤੋਂ ਪ੍ਰਾਪ‍ਤ ਕੀਤਾ ਸੀ ਉਹ ਭਲੀਭਾਂਤ ਜਾਣਦਾ ਸੀ ਕਿ ਇਸ ਖ਼ੂਨ ਜਮਾ ਦੇਣ ਵਾਲੀ ਸੀਤ ਵਿੱਚ ਚੱਲਣਾ ਖ਼ਤਰੇ ਨੂੰ ‍ਨਿਉਤਾ ਦੇਣਾ ਸੀ ਉਸਦੇ ਅਨੁਸਾਰ ਇਹ ਸਮਾਂ ਕਿਸੇ ਵੀ ਖੱਡ ਵਿੱਚ ਦੁਬਕ ਕੇ ਬੈਠੇ ਰਹਿਣ ਅਤੇ ਅਕਾਸ਼ ਤੋਂ ਬੱਦਲਾਂ ਦੇ ਸਾਫ਼ ਹੋਣ ਦੀ ਉਡੀਕ ਦਾ ਸੀ, ਕਿਉਂਕਿ ਬੱਦਲ ਹੀ ਹਨ ਜੋ ਠੰਡ ਲਿਆਂਦੇ ਹਨ ਸੱਚਾਈ ਇਹ ਸੀ ਕਿ ਕੁੱਤੇ ਅਤੇ ਆਦਮੀ ਵਿਚਕਾਰ ਵਿਸ਼ੇਸ਼ ਰੂਹਾਨੀ ਸੰਬੰਧ ਨਹੀਂ ਸਨ ਉਨ੍ਹਾਂ ਵਿੱਚ ਮਾਲਿਕ ਅਤੇ ਗ਼ੁਲਾਮ ਦਾ ਸੰਬੰਧ ਸੀ ਕੁੱਤੇ ਨੇ ਸਿਰਫ ਮਾਲਿਕ ਦੇ ਕੋਰੜੇ ਦੀ ਥਪਥਪਾਹਟ ਹੀ ਜਾਣੀ ਸੀ ਕੋਰੜੇ ਦੀ ਸਪਾਕ – ਸਪਾਕ … ਜਿਸ ਨੂੰ ਸੁਣ ਉਹ ਕਾਏਂ … ਕਾਏਂ … ਕਰ ਉੱਠਦਾ ਸੀ ਅਜਿਹੇ ਸੰਬੰਧ ਹੋਣ ਦੇ ਕਾਰਨ ਕੁੱਤੇ ਨੇ ਆਦਮੀ ਨੂੰ ਸੀਤ ਦੀ ਗੰਭੀਰਤਾ ਬਾਰੇ ਦੱਸਣ ਦੀ ਕੋਈ ਵਿਸ਼ੇਸ਼ ਕੋਸ਼ਿਸ਼ ਨਹੀਂ ਕੀਤੀ ਆਦਮੀ ਦੀ ਭਲਾਈ ਨਾਲ ਉਸਨੂੰ ਕੋਈ ਲੈਣਾ ਦੇਣਾ ਨਹੀਂ ਸੀ, ਉਹ ਤਾਂ ਆਪਣੀ ਦੀ ਰੱਖਿਆ ਲਈ ਬਲਦੀ ਅੱਗ ਦੇ ਕੋਲ ਜਾਣਾ ਚਾਹੁੰਦਾ ਸੀ ਆਦਮੀ ਨੇ ਜ਼ੋਰ ਨਾਲ ਸੀਟੀ ਵਜਾਈ ਅਤੇ ਹੱਥ ਨੂੰ ਕੋਰੜੇ ਦੀ ਤਰ੍ਹਾਂ ਲਹਿਰਾ ਕੇ ਸਪਾਕ … ਸਪਾਕ .. ਆਵਾਜ਼ ਕੱਢੀ, ਨਤੀਜੇ ਵਜੋਂ  ਕੁੱਤਾ ਤੇਜ਼ੀ ਨਾਲ ਘੁੰਮਿਆ ਅਤੇ ਆਦਮੀ ਦੇ ਪਿੱਛੇ ਚਲਣ ਲਗਾ

ਆਦਮੀ ਨੇ ਤਮਾਖੂ ਦਾ ਇੱਕ ਟੁਕੜਾ ਮੂੰਹ ਵਿੱਚ ਰੱਖਿਆ ਅਤੇ ਆਪਣੀ ਦਾੜ੍ਹੀ ਨੂੰ ਫਿਰ ਤੋਂ ਜੰਮੀ ਬਰਫ਼ ਨਾਲ ਵਧਾਉਣ ਦਾ ਕੰਮ ਸ਼ੁਰੂ ਕੀਤਾ ਇਸਦੇ ਨਾਲ ਹੀ ਉਸਦੇ ਛੱਡੇ ਸਾਹ ਨੇ ਉਸਦੀਆਂ ਮੁੱਛਾਂ, ਭੌਂਹਾਂ ਅਤੇ ਬਰੌਨੀਆਂ ਉੱਤੇ ਬਰਫ਼ੀਲੀ ਚਾਦਰ ਤਾਣਨਾ ਸ਼ੁਰੂ ਕਰ ਦਿੱਤਾ ਹੇਂਡਰਸਨ ਦੇ ਖੱਬੇ ਵੱਲ ਝਰਨਿਆਂ ਦੀ ਅਣਹੋਂਦ ਸੀ, ਕਰੀਬ ਅੱਧ ਘੰਟੇ ਤੱਕ ਚਲਦੇ ਰਹਿਣ ਦੇ ਬਾਅਦ ਵੀ ਉਸਨੂੰ ਇੱਕ ਵੀ ਝਰਨਾ ਨਹੀਂ ਮਿਲਿਆ ਅਤੇ ਫਿਰ … ਉੱਥੇ, ਜਿੱਥੇ ਇੱਕ ਵੀ ਨਿਸ਼ਾਨ ਨਹੀਂ ਸੀ, ਜਿੱਥੇ ਠੋਸ ਜੰਮੀ ਬਰਫ਼ ਵਿੱਖ ਰਹੀ ਸੀ, ਆਦਮੀ ਦਾ ਪੈਰ ਟੋਏ ਵਿੱਚ ਪਿਆ ਟੋਆ ਗਹਿਰਾ ਨਹੀਂ ਸੀ, ਫਿਰ ਵੀ ਗੋਡਿਆਂ ਤੱਕ ਉਹ ਭਿੱਜ ਗਿਆ ਮੁਸ਼‍ਕਿਲ ਨਾਲ ਉਹ ਉਸ ਇਸ ਵਿੱਚੋਂ ਨਿਕਲ ਪਾਇਆ

 ਆਪਣੇ ਆਪ ਨਾਲ ਉਹ ਬੇਹੱਦ ਨਾਰਾਜ਼ ਸੀ ਉਸਨੇ ਆਪਣੇ ਭਾਗਾਂ ਨੂੰ ਕੋਸਿਆ ਉਸਨੇ ਛੇ ਵਜੇ ਤੱਕ ਕੈਂਪ ਪਹੁੰਚਣ ਦਾ ਨਿਸ਼‍ਚਾ ਕੀਤਾ ਸੀ ਅਤੇ ਹੁਣ ਇਸ ਦੁਰਘਟਨਾ ਦੇ ਨਤੀਜੇ ਵਜੋਂ ਉਹ ਇੱਕ ਘੰਟਾ ਦੇਰ ਨਾਲ ਪਹੁੰਚ ਸਕੇਗਾ, ਕਿਉਂਕਿ ਉਸਨੂੰ ਫਿਰ ਤੋਂ ਅੱਗ ਜਲਾਕੇ ਆਪਣੀ ਜੁੱਤੀ ਅਤੇ ਪੈਂਟ ਨੂੰ ਸੁਕਾਉਣਾ ਪਵੇਗਾ ਇਸ ਤਾਪਮਾਨ ਵਿੱਚ ਇਹ ਅਤਿ ਆਵਸ਼‍ਕ ਸੀ, ਇੰਨਾ ਤਾਂ ਉਸਨੂੰ ਅੱ‍ਛੀ ਤਰ੍ਹਾਂ ਪਤਾ ਹੀ ਸੀ ਉਹ ਕੰਢੇ ਦੇ ਵੱਲ ਮੁੜਿਆ ਅਤੇ ਬਰਫ਼ ਪਾਰ ਕਰ ਜੰਮੀ ਨਦੀ ਦੇ ਤਟ ਤੇ ਚੜ੍ਹ ਗਿਆ ਛੋਟੇ ਛੋਟੇ ਸੰਕੂਕਾਰ ਝਾੜਾਂ ਦੇ ਹੇਠਾਂ ਉੱਗੀਆਂ ਝਾੜੀਆਂ ਦੇ ਕੋਲ ਸੁੱਕੀਆਂ ਲਕੜੀਆਂ ਨਾਲ ਬਰਫ਼ ਉੱਤੇ ਇੱਕ ਚਬੂਤਰਾ ਜਿਹਾ ਬਣਾ ਲਿਆ, ਤਾਂਕਿ ਬਰਫ਼ ਦਾ ਪ੍ਰਭਾਵ ਬਲਦੀ ਅੱਗ ਉੱਤੇ ਨਾ ਪਏ, ਲਕੜੀਆਂ ਦੇ ਉੱਤੇ ਉਸਨੇ ਛੋਟੀਆਂ ਛੋਟੀਆਂ ਲਕੜੀਆਂ ਅਤੇ ਟਾਹਣੀਆਂ, ਫਿਰ ਬਰਚ ਦੀ ਛਿਲ ਦੇ ਇੱਕ ਟੁਕੜੇ ਨੂੰ ਉਸਨੇ ਜੇਬ ਵਿੱਚੋਂ ਕੱਢ ਕੇ ਮਾਚਿਸ ਦੀ ਤੀਲੀ ਨਾਲ ਜਲਾਇਆ ਬਰਚ (ਜੋ ਕਾਗਜ ਤੋਂ ਵੀ ਜਲਦੀ ਅੱਗ ਫੜਦਾ ਹੈ) ਨੂੰ ਲਕੜੀਆਂ ਉੱਤੇ ਰੱਖ ਉਸ ਉੱਤੇ ਸੁੱਕਾ ਘਾਹ ਅਤੇ ਛੋਟੀਆਂ ਛੋਟੀਆਂ ਲਕੜੀਆਂ ਰੱਖ ਦਿੱਤੀਆਂ

ਸਾਰਾ ਕੰਮ ਉਹ ਪੂਰੀ ਸਾਵਧਾਨੀ ਨਾਲ ਕਰ ਰਿਹਾ ਸੀ, ਕਿਉਂ ਕਿ ਅੱਗ ਬੁੱਝਣ ਦਾ ਪੂਰਾ ਸੰਦੇਹ ਉਸਨੂੰ ਸੀ ਹੌਲੀ ਹੌਲੀ ਅੱਗ ਦੀ ਲੋ ਜਿਵੇਂ ਜਿਵੇਂ ਵਧਣ ਲੱਗੀ, ਉਵੇਂ ਉਵੇਂ ਉਸਨੇ ਵੱਡੀਆਂ ਅਤੇ ਮੋਟੀਆਂ ਲਕੜੀਆਂ ਅੱਗ ਉੱਤੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਉਹ ਅੱ‍ਛੀ ਤਰ੍ਹਾਂ ਜਾਣਦਾ ਸੀ ਕਿ ਉਸਨੇ ਅਸਫਲ ਨਹੀਂ ਹੋਣਾ ਜੇਕਰ ਆਦਮੀ ਦੇ ਪੈਰ ਗਿੱਲੇ ਹੋਣ ਅਤੇ ਤਾਪਮਾਨ ਪੰਝੱਤਰ ਡਿਗਰੀ ਤੋਂ ਹੇਠਾਂ ਹੋਵੇ ਤਾਂ ਪਹਿਲੀ ਵਾਰ ਵਿੱਚ ਹੀ ਆਦਮੀ ਨੂੰ ਅੱਗ ਜਲਾਣ ਵਿੱਚ ਸਫਲਤਾ ਮਿਲਣੀ ਚਾਹੀਦੀ ਹੈ ਅੱਗ ਨਾ ਜਲ ਸਕੇ ਅਤੇ ਪੈਰ ਸੁੱਕੇ ਹੋਣ ਤਾਂ ਅਧਾ ਮੀਲ ਭੱਜ ਕੇ ਆਦਮੀ ਖ਼ੂਨ ਦੇ ਦੌਰੇ ਨੂੰ ਵਧਾਕੇ ਠੀਕ ਕਰ ਸਕਦਾ ਹੈ ਗਿੱਲੇ ਅਤੇ ਬਰਫ਼ ਨਾਲ ਜਮਦੇ ਪੈਰਾਂ ਦੀ ਗਰਮੀ ਜ਼ੀਰੋ ਤੋਂ ਪੰਝੱਤਰ ਡਿਗਰੀ ਹੇਠਾਂ ਦੇ ਤਾਪਮਾਨ ਵਿੱਚ ਦੌੜਨ ਨਾਲ ਵਾਪਸ ਨਹੀਂ ਪਰਤ ਸਕਦੀ ਭਲੇ ਹੀ ਕਿੰਨੀ ਹੀ ਤੇਜ਼ੀ ਨਾਲ ਭੱਜਿਆ ਜਾਵੇ, ਗਿੱਲੇ ਪੈਰ ਬਜਾਏ ਗਰਮ ਹੋਣ ਦੇ ਅਤੇ ਜਲਦੀ ਬਰਫ਼ ਨਾਲ ਜੰਮ ਜਾਣਗੇ

ਆਦਮੀ ਨੂੰ ਇਹ ਅੱ‍ਛੀ ਤਰ੍ਹਾਂ ਪਤਾ ਸੀ ਕਿ ਪਿਛਲੇ ਮੌਸਮ ਵਿੱਚ ਸਲ‍ਫਰ ਕ੍ਰੀਕ ਵਿੱਚ ਮਿਲੇ ਬੁਢੇ ਤੋਂ ਉਸਨੇ ਇਹ ਸੁਣ ਰੱਖਿਆ ਸੀ ਅੱਜ ਉਸਦੀ ਦਿੱਤੀ ਸਲਾਹ ਉਸਦੇ ਕੰਮ ਆ ਰਹੀ ਸੀ ਮਨ ਹੀ ਮਨ ਉਸਨੇ ਉਸ ਬੁਢੇ ਦਾ  ਧੰਨ‍ਵਾਦ ਕੀਤਾ ਉਸਦੇ ਪੈਰਾਂ ਦੇ ਪੰਜੇ ਪੂਰੀ ਤਰ੍ਹਾਂ ਬੇਜਾਨ ਹੋ ਚੁੱਕੇ ਸਨ ਅੱਗ ਜਲਾਣ ਲਈ ਉਸਨੂੰ ਦਸ‍ਤਾਨੇ ਉਤਾਰਨੇ ਪਏ ਸਨ, ਜਿਸ ਨਾਲ ਉਸਦੀਆਂ ਉਂਗਲੀਆਂ ਤਤ‍ਕਾਲ ਸੁੰਨ ਹੋ ਗਈਆਂ ਸਨ ਪ੍ਰਤੀ ਘੰਟੇ ਚਾਰ ਮੀਲ ਚਲਣ ਨਾਲ ਉਸਦੇ ਫੇਫੜੇ ਤੇਜ਼ੀ ਨਾਲ ਖ਼ੂਨ ਨੂੰ ਬਾਹਰ ਵੱਲ ਤੇਜ਼ੀ ਨਾਲ ਸੁੱਟ ਰਹੇ ਸੀ, ਲੇਕਿਨ ਜਿਵੇਂ ਹੀ ਉਹ ਰੁਕਦਾ, ਫੇਫੜਿਆਂ ਦੀ ਰਫ਼ਤਾਰ ਵੀ ਹੌਲੀ ਹੋ ਜਾਂਦੀ ਭਿਆਨਕ ਸੀਤ ਦਾ ਸਾਹਮਣਾ ਉਸਦੇ ਸਰੀਰ ਦਾ ਖ਼ੂਨ ਨਹੀਂ ਕਰ ਪਾ ਰਿਹਾ ਸੀ ਖ਼ੂਨ ਵੀ ਜਿੰਦਾ ਸੀ, ਕੁੱਤੇ ਦੀ ਤਰ੍ਹਾਂ ਜੋ ਆਪਣੇ ਨੂੰ ਸੀਤ ਤੋਂ ਬਚਾਉਣ ਕਿਤੇ ਲੁਕ ਜਾਣਾ ਚਾਹੁੰਦਾ ਸੀ ਜਦੋਂ ਤੱਕ ਉਹ ਚਾਰ ਮੀਲ ਪ੍ਰਤੀ ਘੰਟੇ ਦੀ ਸ‍ਪੀਡ ਨਾਲ ਚੱਲ ਰਿਹਾ ਸੀ ਤੱਦ ਤੱਕ ਫੇਫੜੇ ਕਿਸੇ ਤਰ੍ਹਾਂ ਨਾਂਹ ਨੁੱਕਰ ਕਰਦੇ ਹੋਏ ਵੀ ਖ਼ੂਨ ਨੂੰ ਬਾਹਰਲੀਆਂ ਨਸਾਂ ਵਿੱਚ ਸੁੱਟ ਰਹੇ ਸੀ, ਲੇਕਿਨ ਹੁਣ ਉਹ ਵੀ ਉਪਰੀ ਸਰੀਰ ਵਿੱਚ ਆਉਣ ਤੋਂ ਬਚਣ ਲਈ ਸੁੰਗੜਨ ਲੱਗੇ ਸੀ ਸਰੀਰ ਦੇ ਬਾਹਰਲੇ ਹਿੱਸੇ ਇਸਨੂੰ ਅੱ‍ਛੀ ਤਰ੍ਹਾਂ ਸਮਝ ਰਹੇ ਸਨ ਉਸਦੇ ਗਿੱਲੇ ਪੈਰ ਸਭ ਤੋਂ ਪਹਿਲਾਂ ਸੁੰਨ ਹੋ ਗਏ ਫਿਰ ਉਸਦੀਆਂ ਖੁੱਲੀਆਂ ਉਂਗਲੀਆਂ ਵੀ ਤੇਜ਼ੀ ਨਾਲ ਸੁੰਨ ਹੋ ਗਈਆਂ ਹਾਲਾਂਕਿ ਉਹ ਅਜੇ ਜੰਮੀਆਂ ਨਹੀਂ ਸਨ ਨੱਕ ਅਤੇ ਗੱਲ੍ਹਾਂ ਤਾਂ ਪਹਿਲਾਂ ਹੀ ਜੰਮ ਚੁੱਕੀਆਂ ਸਨ ਪੂਰੀ ਤ‍ਵਚਾ ਵੀ ਹੌਲੀ ਹੌਲੀ ਖ਼ੂਨ ਦੀ ਕਮੀ ਨਾਲ ਠੰਡੀ ਹੋਣੀ ਸ਼ੁਰੂ ਹੋ ਗਈ ਸੀ

 

ਕਿੰਤੂ ਉਹ ਸੁਰੱਖਿਅਤ ਸੀ ਪੈਰ ਦੀ ਉਂਗਲੀਆਂ, ਨੱਕ ਅਤੇ ਗੱਲ੍ਹ ਬਰਫ਼ ਨਾਲ ਜਮਣੇ ਸ਼ੁਰੂ ਹੀ ਹੋਏ ਸਨ ਕਿ ਏਨੇ ਵਿੱਚ ਅੱਗ ਦੀਆਂ ਲਪਟਾਂ ਤੇਜ਼ ਹੋਣ ਲੱਗੀਆਂ ਸਨ ਉਹ ਅੱਗ ਵਿੱਚ ਲਗਾਤਾਰ ਉਂਗਲੀਆਂ ਦੀ ਮੋਟਾਈ ਦੀਆਂ ਲਕੜੀਆਂ ਪਾਉਂਦਾ ਜਾ ਰਿਹਾ ਸੀ ਅਗਲੇ ਹੀ ਮਿੰਟ ਵਿੱਚ ਉਹ ਕਲਾਈ ਜਿੰਨੀਆਂ ਮੋਟੀਆਂ ਲਕੜੀਆਂ ਪਾਉਣ ਲੱਗੇਗਾ ਅਤੇ ਤੱਦ ਉਹ ਆਪਣਾ ਗਿੱਲਾ ਪੇਟ ਅਤੇ ਗਿੱਲੇ ਜੁੱਤੇ ਉਤਾਰ ਸਕੇਗਾ ਅਤੇ ਜਦੋਂ ਤੱਕ ਉਹ ਅੱਗ ਵਿੱਚ ਸੁੱਕਣਗੇ, ਉਹ ਆਪਣੇ ਨੰਗੇ ਪੈਰਾਂ ਵਿੱਚ ਜੰਮੀ ਬਰਫ਼ ਨੂੰ ਕੱਢਣ ਦੇ ਬਾਅਦ ਆਰਾਮ ਨਾਲ ਸੇਕੇਗਾ ਉਹ ਅੱਗ ਜਲਾਣ ਵਿੱਚ ਸਫਲ ਹੋ ਗਿਆ ਸੀ ਉਹ ਹੁਣ ਸੁਰੱਖਿਅਤ ਸੀ ਉਸਨੂੰ ਫਿਰ ਸਲ‍ਫਰ ਕ੍ਰੀਕ ਦੇ ਉਸ ਬੁਢੇ ਦੀ ਸਲਾਹ ਚੇਤੇ ਆ ਆਈ ਅਤੇ ਉਹ ਸੋਚ ਸੋਚਕੇ ਮੁਸ‍ਕੁਰਾਣ ਲਗਾ ਉਸ ਖ਼ਰਾਂਟ ਬੁਢੇ ਨੇ ਪੰਜਾਹ ਡਿਗਰੀ ਦੇ ਹੇਠਾਂ ਤਾਪਮਾਨ ਵਿੱਚ ਕ‍ਲੂਣ, ਸੁੰਦਰਤਾ ਡਾਇਕ ਪ੍ਰਦੇਸ਼ ਵਿੱਚ ਇਕੱਲੇ ਯਾਤਰਾ ਪੂਰੀ ਕੀਤੀ ਸੀ ਪਰ ਉਹ ਇੱਥੇ ਸੀ ਇਕੱਲਾ ਸੀ ਦੁਰਘਟਨਾ-ਗਰਸ‍ਤ ਵੀ ਹੋਇਆ ਲੇਕਿਨ ਉਸਨੇ ਆਪਣੇ ਆਪ ਨੂੰ ਬਚਾ ਲਿਆ ਸੀ ਕੁੱਝ ਬੁਢੇ ਖੂਸਟ ਬੁਢੀਆਂ ਔਰਤਾਂ ਦੀ ਤਰ੍ਹਾਂ ਹੋ ਜਾਂਦੇ ਹਨ – ਉਸਨੇ ਸੋਚਿਆ ਸੱਚ ਇਹ ਹੈ ਕਿ ਆਦਮੀ ਨੂੰ ਹੋਸ਼ ਟਿਕਾਣੇ ਰੱਖਣਾ ਚਾਹੀਦੇ ਨੇ ਬਸ, ਫਿਰ ਸਭ ਠੀਕ ਹੁੰਦਾ ਹੈ ਕੋਈ ਵੀ ਆਦਮੀ ਜੋ ਵਾਸਤਵ ਵਿੱਚ ਆਦਮੀ ਹੈ, ਬਿਲਕੁਲ ਇਕੱਲੇ ਯਾਤਰਾ ਕਰ ਸਕਦਾ ਹੈ ਉਸਨੂੰ ਆਚਰਜ ਹੋਇਆ ਕਿ ਉਸਦਾ ਨੱਕ ਅਤੇ ਦੋਨੋਂ ਗੱਲ੍ਹਾਂ ਬਹੁਤ ਤੇਜ਼ੀ ਨਾਲ ਸੁੰਨ ਹੋ ਰਹੀਆਂ ਸਨ ਉਸਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਸਦੀਆਂ ਉਂਗਲੀਆਂ ਇੰਨੀ ਤੇਜ਼ੀ ਨਾਲ ਸੁੰਨ ਹੋਣਗੀਆਂ ਉਹ ਬੇਜਾਨ ਸਨ ਬਮੁਸ਼‍ਕਿਲ ਉਹ ਲੱਕੜੀ ਨੂੰ ਫੜ ਪਾ ਰਿਹਾ ਸੀ ਉਂਗਲੀਆਂ ਉਸਨੂੰ ਆਪਣੇ ਸਰੀਰ ਤੋਂ ਵੱਖ ਲੱਗ ਰਹੀਆਂ ਸਨ ਕਿਉਂਕਿ ਉਹ ਉਸਦੀ ਆਗਿਆ ਮੰਨਣ ਵਿੱਚ ਅਸਫ਼ਲ ਸਨ ਜਦੋਂ ਵੀ ਉਹ ਲੱਕੜੀ ਨੂੰ ਫੜਨ ਦੀ ਕੋਸ਼ਿਸ਼ ਕਰਦਾ ਤਾਂ ਉਹ ਗੌਰ ਨਾਲ ਵੇਖਦਾ ਸੀ ਕਿ ਉਂਗਲੀਆਂ ਨੇ ਲੱਕੜੀ ਨੂੰ ਫੜਿਆ ਸੀ ਜਾਂ ਨਹੀਂ ਉਸਦੇ ਪੋਟਿਆਂ ਅਤੇ ਉਂਗਲੀਆਂ ਦੇ ਵਿੱਚਕਾਰ ਨਸਾਂ ਬਹੁਤ ਕਮਜ਼ੋਰ ਹੋ ਗਈਆਂ ਸਨ

 

ਫਿਲਹਾਲ ਉਸਨੂੰ ਇਸ ਸਭ ਦੀ ਵਿਸ਼ੇਸ਼ ਚਿੰਤਾ ਨਹੀਂ ਸੀ ਸਾਹਮਣੇ ਅੱ‍ਛੀ ਖਾਸੀ ਬਲਦੀ ਅੱਗ ਸੀ, ਚਟਕਦੀ, ਲਪਕਦੀ ਲੋਅ ਸੀ ਜੀਵਨ ਨੂੰ ਆਸ਼‍ਵੰਤ ਕਰਦੀ ਉਸਨੇ ਆਪਣੀਆਂ ਚਮੜੇ ਦੀਆਂ ਜੁੱਤੀਆਂ ਦੇ ਫ਼ੀਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਫ਼ੀਤੇ ਬਰਫ਼ ਨਾਲ ਜਕੜੇ ਸਨ ਮੋਟੇ ਜਰਮਨ ਮੌਜੇ ਲੋਹੇ ਦੀ ਮਿਆਨ ਦੀ ਤਰ੍ਹਾਂ ਉਸਦੇ ਗੋਡਿਆਂ ਤੱਕ ਚੜ੍ਹੇ ਸਨ ਜੁੱਤੇ ਦੇ ਫ਼ੀਤੇ ਲੋਹੇ ਦੀਆਂ ਛੜੀਆਂ ਦੀ ਤਰ੍ਹਾਂ ਕਠੋਰ ਅਤੇ ਉਨ੍ਹਾਂ ਦੀ ਗੰਢ ਅਗ‍ਨੀ ਦਾਹ ਵਿੱਚ ਜਲਣ ਦੇ ਬਾਅਦ ਬਚੇ ਲੋਹੇ ਦੀ ਤਰ੍ਹਾਂ ਸੀ ਕੁੱਝ ਦੇਰ ਬਾਅਦ ਉਸਨੇ ਆਪਣੀਆਂ ਸੁੰਨ ਉਂਗਲੀਆਂ ਨਾਲ ਉਸਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤਾ ਅਸਫਲ ਹੋਣ ਉੱਤੇ ਆਪਣੀ ਮੂਰਖਤਾ ਤੇ ਆਪਣੇ ਆਪ ਨੂੰ ਝਿੜਕਦੇ ਹੋਏ ਉਸਨੇ ਚਾਕੂ ਕੱਢਿਆ

ਇਸਦੇ ਪਹਿਲਾਂ ਕਿ ਉਹ ਫ਼ੀਤਿਆਂ ਨੂੰ ਕੱਟਣਾ ਸ਼ੁਰੂ ਕਰਦਾ, ਉਹ ਘਟਨਾ ਹੋ ਗਈ ਉਸਦੀ ਆਪਣੀ ਗਲ‍ਤੀ ਸੀ ਜਾਂ ਬੁਧੀ ਦੀ ਅਣਹੋਂਦ ਉਸਨੂੰ ਸੰਕੂਕਾਰ ਰੁੱਖ ਦੇ ਹੇਠਾਂ ਅੱਗ ਨਹੀਂ ਜਲਾਉਣੀ ਚਾਹੀਦੀ ਸੀ ਖੁੱਲੇ ਮੈਦਾਨ ਵਿੱਚ ਜਲਾਉਣੀ ਸੀ ਲੇਕਿਨ ਰੁੱਖ ਦੇ ਹੇਠਾਂ ਲੱਗੀਆਂ ਝਾੜੀਆਂ ਤੋਂ ਟਾਹਣੀਆਂ ਤੋੜ ਤੋੜ ਅੱਗ ਵਿੱਚ ਪਾਉਣਾ ਆਸਾਨ ਸੀ ਇਹੀ ਸੋਚਕੇ ਉਸਨੇ ਉੱਥੇ ਅੱਗ ਬਾਲੀ ਸੀ ਆਦਮੀ ਨੇ ਇਹ ਨਹੀਂ ਵੇਖਿਆ ਕਿ ਜਿੱਥੇ ਉਹ ਅੱਗ ਬਾਲ ਰਿਹਾ ਸੀ ਠੀਕ ਉਸ ਸ‍ਥਾਨ ਦੇ ਉੱਤੇ ਰੁੱਖ ਦੀਆਂ ਬਰਫ਼ ਲੱਦੀਆਂ ਟਾਹਣੀਆਂ ਸਨ ਹਫ‍ਤਿਆਂ ਤੋਂ ਠੰਡੀ ਹਵਾ ਨਹੀਂ ਚੱਲੀ ਸੀ ਹਰ ਟਾਹਣੀ ਬਰਫ਼ ਦੇ ਬੋਝ ਨਾਲ ਦੱਬੀ ਹੋਈ ਸੀ ਡੱਕੇ ਤੋੜਦੇ ਹੋਏ ਹਰ ਵਾਰ ਉਸਨੇ ਝਾੜ ਨੂੰ ਥੋੜਾ ਬਹੁਤ ਹਿਲਾਇਆ ਸੀ, ਹਾਲਾਂਕਿ ਉਸਦੇ ਅਨੁਸਾਰ ਇਸ ਨਾਲ ਕੋਈ ਖਾਸ ਫਰਕ ਨਹੀਂ ਸੀ ਪੈਂਦਾ ਲੇਕਿਨ ਰੁੱਖ ਨੂੰ ਤਾਂ ਪੈ ਹੀ ਰਿਹਾ ਸੀ, ਜੋ ਆਫ਼ਤ ਦੇ ਜਨ‍ਮ ਲਈ ਕਾਫੀ ਸੀ ਉੱਤੇ ਦੀ ਇੱਕ ਟਾਹਣੀ ਨੇ ਹਿਲਣ ਨਾਲ ਆਪਣੀ ਸਾਰੀ ਬਰਫ਼ ਹੇਠਾਂ ਡੇਗ ਦਿੱਤੀ ਬਰਫ਼ ਹੇਠਾਂ ਦੀ ਟਾਹਣੀ ਉੱਤੇ ਡਿੱਗੀ ਅਤੇ ਇਸ ਪ੍ਰਕਾਰ ਟਾਹਣੀਉਂ ਟਾਹਣੀ ਹੁੰਦੀ ਹੁੰਦੀ ਪੂਰੇ ਰੁੱਖ ਦੀ ਬਰਫ਼ ਬਿਨਾਂ ਕਿਸੇ ਪੂਰਵ ਸੂਚਨਾ ਦੇ ਜ‍ਵਾਲਾਮੁਖੀ ਦੀ ਤਰ੍ਹਾਂ ਆਦਮੀ ਅਤੇ ਅੱਗ ਉੱਤੇ ਡਿੱਗ ਪਈ ਅੱਗ ਬੁਝ ਗਈ ਜਿੱਥੇ ਕੁੱਝ ਦੇਰ ਪਹਿਲਾਂ ਅੱਗ ਸੀ ਹੁਣ ਉੱਥੇ ਖਿੰਡਰੀ ਬਰਫ਼ ਪਈ ਸੀ

 

ਆਦਮੀ ਇਸ ਠੋਕਰ ਨਾਲ ਹੜਬੜਾ ਗਿਆ, ਜਿਵੇਂ ਉਸਨੇ ਹੁਣੇ ਹੁਣੇ ਮੌਤ ਦੀ ਸਜ਼ਾ ਸੁਣੀ ਹੋਵੇ ਕੁੱਝ ਪਲ ਤੱਕ ਉਥੇ ਹੀ ਬੈਠਾ ਰਿਹਾ ਉਸ ਸ‍ਥਾਨ ਨੂੰ ਘੂਰਦਾ ਜਿੱਥੇ ਕੁੱਝ ਦੇਰ ਪਹਿਲਾਂ ਅੱਗ ਬਲ ਰਹੀ ਸੀ ਫਿਰ ਉਸਨੇ ਬੇਚੈਨੀ ਉੱਤੇ ਕਾਬੂ ਪਾਇਆ ਸ਼ਾਇਦ ਸਲ‍ਫਰ ਕ੍ਰੀਕ ਦਾ ਉਹ ਖੂਸਟ ਬੁੱਢਾ ਖੂਸਟ ਨਹੀਂ ਸੀ, ਉਹ ਪੂਰੀ ਤਰ੍ਹਾਂ ਠੀਕ ਸੀ ਜੇਕਰ ਉਸਦੇ ਨਾਲ ਕੋਈ ਸਾਥੀ ਹੁੰਦਾ, ਤਾਂ ਉਹ ਅਜੇ ਵੀ ਖ਼ਤਰੇ ਤੋਂ ਬਾਹਰ ਹੁੰਦਾ ਉਸਦੇ ਸਾਥੀ ਨੇ ਉਸਦੇ ਸ‍ਥਾਨ ਤੇ ਅੱਗ ਬਾਲ ਲਈ ਹੁੰਦੀ ਪਰ ਅਜਿਹਾ ਹੋਣਾ ਸੰਭਵ ਨਹੀਂ ਸੀ, ਉਸਨੇ ਹੀ ਫਿਰ ਅੱਗ ਜਲਾਉਣੀ ਹੋਵੇਗੀ ਅਤੇ ਇਸ ਵਾਰ ਕਿਸੇ ਵੀ ਪ੍ਰਕਾਰ ਦੀ ਗਲਤੀ ਦੀ ਸੰਭਾਵਨਾ ਨਹੀਂ ਹੋਣੀ ਚਾਹੀਦੀ ਆਪਣੀ ਕੋਸ਼ਿਸ਼ ਵਿੱਚ ਉਹ ਸਫਲ ਹੋ ਵੀ ਜਾਵੇ ਫਿਰ ਵੀ ਇਹ ਤਾਂ ਨਿਸ਼‍ਚਿਤ ਸੀ ਕਿ ਉਸਦੇ ਪੈਰਾਂ ਦੀ ਕੁੱਝ ਉਂਗਲੀਆਂ ਨਹੀਂ ਬਚਣਗੀਆਂ ਉਸਦੇ ਪੰਜੇ ਉਦੋਂ ਤੱਕ ਬੁਰੀ ਤਰ੍ਹਾਂ ਸੁੰਨ ਹੋ ਚੁੱਕੇ ਹੋਣਗੇ ਦੂਜੀ ਵਾਰ ਅੱਗ ਪੂਰੀ ਤਰ੍ਹਾਂ ਜਲਾਣ ਵਿੱਚ ਕੁੱਝ ਸਮਾਂ ਲਗਣਾ ਤਾਂ ਤੈਅ ਹੀ ਸੀ

 ਇਹ ਵਿਚਾਰ ਸਨ ਜੋ ਉਸਦੇ ਮਨ ਵਿੱਚ ਉਠ ਰਹੇ ਸਨ ਲੇਕਿਨ ਇਸ ਉੱਤੇ ਸੋਚਣ ਵਿਚਾਰਨ ਲਈ ਉਹ ਬੈਠਾ ਨਹੀਂ, ਬਲ‍ਕਿ ਆਪਣੇ ਨੂੰ ਕੰਮ ਲਾਈ ਰੱਖਣ ਦੀ ਸੋਚ ਰਿਹਾ ਸੀ ਅੱਗ ਜਲਾਣ ਲਈ ਉਸਨੇ ਜ਼ਮੀਨ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ ਸੰਕੂਕਾਰ ਤੋਂ ਦੂਰ ਖੁੱਲੇ ਵਿੱਚ ਜਿੱਥੇ ਧੋਖੇਬਾਜ਼ ਰੁੱਖ ਅੱਗ ਨੂੰ ਬੁਝਾ ਨਾ ਸਕੇ ਜ਼ਮੀਨ ਤਿਆਰ ਹੋਣ ਤੇ ਉਸਨੇ ਘੁੰਮ ਘੁੰਮਕੇ ਟਾਹਣੀਆਂ ਅਤੇ ਸੁੱਕਾ ਘਾਹ ਇਕਠਾ ਕਰਨਾ ਸ਼ੁਰੂ ਕੀਤਾ ਉਸਦੀਆਂ ਉਂਗਲੀਆਂ ਇੰਨੀਆਂ ਆਕੜ ਚੁੱਕੀਆਂ ਸਨ ਕਿ ਉਹ ਉਖਾੜ ਨਹੀਂ ਸਕਦਾ ਸੀ ਬਸ ਟੁੱਟੀਆਂ ਪਈਆਂ ਲਕੜੀਆਂ ਨੂੰ ਮੁੱਠੀ ਭਰ ਕਰ ਇਕੱਠੇ ਅਵਸ਼‍ ਕਰ ਸਕਦਾ ਸੀ ਹਾਲਾਂਕਿ ਅਜਿਹਾ ਕਰਨ ਨਾਲ ਉਸਦੇ ਹੱਥ ਵਿੱਚ ਹਰੀ ਘਾਹ ਅਤੇ ਸੜੀਆਂ ਗਲੀਆਂ ਟਾਹਣੀਆਂ ਵੀ ਉਠ ਕਰ ਆ ਰਹੀਆਂ ਸਨ, ਲੇਕਿਨ ਫਿਲਹਾਲ ਉਹ ਇਹੀ ਕਰ ਸਕਦਾ ਸੀ ਉਹ ਦੂਰੰਦੇਸ਼ੀ ਨਾਲ ਕੰਮ ਕਰ ਰਿਹਾ ਸੀ ਅੱਗ ਜਲ ਜਾਣ ਉੱਤੇ ਬਾਲਣ ਲਈ ਮੋਟੀਆਂ ਮੋਟੀਆਂ ਟਾਹਣੀਆਂ ਵੀ ਇਕੱਠੀਆਂ ਕਰ ਲਈਆਂ ਸਨ ਇਸ ਦੌਰਾਨ ਕੁੱਤਾ ਸ਼ਾਂਤ ਬੈਠਾ ਆਸ ਭਰੀਆਂ ਨਿਗਾਹਾਂ ਨਾਲ ਉਸਨੂੰ ਕੰਮ ਕਰਦਾ ਵੇਖ ਰਿਹਾ ਸੀ, ਕਿਉਂਕਿ ਉੱਥੇ ਉਹੀ ਸੀ ਜੋ ਉਸਦੇ ਲਈ ਅੱਗ ਦੀ ਇੰਤਜਾਮ ਕਰ ਸਕਦਾ ਸੀ, ਹਾਲਾਂਕਿ ਅੱਗ ਜਲਣ ਵਿੱਚ ਅਜੇ ਦੇਰ ਸੀ

ਜਦੋਂ ਪੂਰੀ ਤਿਆਰੀ ਹੋ ਗਈ ਤਾਂ ਆਦਮੀ ਨੇ ਆਪਣੀ ਜੇਬ ਵਿੱਚੋਂ ਬਰਚ ਦੀ ਛਿਲ ਦੇ ਟੁਕੜੇ ਨੂੰ ਕੱਢਣ ਲਈ ਹੱਥ ਪਾਇਆ ਉਹ ਜਾਣਦਾ ਸੀ ਛਿਲ ਉੱਥੇ ਹੈ ਉਹ ਉਸਨੂੰ ਉਂਗਲੀਆਂ ਨਾਲ ਮਹਿਸੂਸ ਨਹੀਂ ਕਰ ਪਾ ਰਿਹਾ ਸੀ ਲੇਕਿਨ ਉਸਦੀ ਖਰਖਰਾਹਟ ਨੂੰ ਸੁਣ ਪਾ ਰਿਹਾ ਸੀ ਉਸਨੇ ਬਹੁਤ ਕੋਸ਼ਿਸ਼ ਕੀਤੀ ਕਿੰਤੂ ਉਹ ਉਸਨੂੰ ਫੜਨ ਵਿੱਚ ਅਸਫਲ ਹੋ ਰਿਹਾ ਸੀ ਇਸ ਵਿੱਚ ਉਸਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਸੀ ਕਿ ਤੇਜ਼ੀ ਨਾਲ ਗੁਜ਼ਰਦੇ ਪਲਾਂ ਦੇ ਵਿੱਚ ਉਸਦੇ ਪੰਜੇ ਸੁੰਨ ਹੁੰਦੇ ਜਾ ਰਹੇ ਸਨ ਇਸ ਵਿਚਾਰ ਨਾਲ ਉਸਦੀ ਘਬਰਾਹਟ ਵੱਧ ਰਹੀ ਸੀ ਸੰਦੇਹ ਭਰੇ ਡਰ ਨਾਲ ਲੜਦੇ ਹੋਏ ਉਸਨੇ ਆਪਣੇ ਆਪ ਨੂੰ ਸ਼ਾਂ‍ਤ ਰੱਖਿਆ ਸੀ ਉਸਨੇ ਦਸ‍ਤਾਨੇ ਦੰਦਾਂ ਨਾਲ ਫੜ ਖਿੱਚ ਕੇ ਕੱਢੇ ਅਤੇ ਦੋਨਾਂ ਹਥੇਲੀਆਂ ਨੂੰ ਜ਼ੋਰ ਜ਼ੋਰ ਨਾਲ ਪਿੱਠ ਉੱਤੇ ਮਾਰਨ ਲਗਾ ਇਹ ਉਸਨੇ ਬੈਠੇ ਬੈਠੇ ਕੀਤਾ ਅਤੇ ਫਿਰ ਖੜੇ ਹੋਕੇ ਪੂਰੀ ਤਾਕਤ ਨਾਲ ਹੱਥਾਂ ਨੂੰ ਚਲਾਉਣਾ ਜਾਰੀ ਰੱਖਿਆ ਇਸ ਵਿੱਚ ਕੁੱਤਾ ਬਰਫ਼ ਉੱਤੇ ਆਪਣੀ ਬਘਿਆੜਾਂ ਵਰਗੀ ਪੂਛ ਨਾਲ ਆਪਣੇ ਅਗਲੇ ਪੰਜਿਆਂ ਨੂੰ ਢਕੀ ਬੈਠਾ ਸੀ ਉਸਦੇ ਤੇਜ਼ ਕੰਨ ਸਿੱਧੇ ਖੜੇ ਸਨ ਅਤੇ ਉਹ ਆਦਮੀ ਨੂੰ ਇੱਕਟਕ ਵੇਖੀ ਜਾ ਰਿਹਾ ਸੀ, ਜੋ ਪੂਰੀ ਤਾਕਤ ਨਾਲ ਆਪਣੇ ਹੱਥਾਂ ਵਿੱਚ ਗਰਮੀ ਲਿਆਉਣ ਦੀ ਕੋਸ਼ਿਸ਼ ਵਿੱਚ ਲਗਾ ਸੀ ਉਸਨੂੰ ਕੁੱਤੇ ਨਾਲ ਈਰਖਾ ਹੋ ਰਹੀ ਸੀ ਜੋ ਸੁਭਾਵਿਕ ਜਤਿਆਲੇ ਵਾਲਾਂ ਵਿੱਚ ਸੁਰੱਖਿਅਤ ਬੈਠਾ ਸੀ

ਕੁੱਝ ਦੇਰ ਬਾਅਦ ਉਸਨੂੰ ਉਂਗਲੀਆਂ ਵਿੱਚ ਸੰਵੇਦਨਾ ਦੇ ਸੰਕੇਤ ਮਿਲਣ ਲੱਗੇ ਉਂਗਲੀਆਂ ਵਿੱਚ ਉੱਠਦਾ ਹਲਕਾ ਦਰਦ ਹੌਲੀ ਹੌਲੀ ਵੱਧ ਰਿਹਾ ਸੀ ਅਤੇ ਫਿਰ ਅਸਹਿ ਹੋ ਉੱਠਿਆ, ਲੇਕਿਨ ਦਰਦ ਵਧਣ ਦੇ ਬਾਵਜੂਦ ਉਹ ਸੰਤੂਸ਼ਟੀ ਦਾ ਅਨੁਭਵ ਕਰ ਰਿਹਾ ਸੀ ਸੱਜੇ ਹੱਥ ਦਾ ਦਸ‍ਤਾਨਾ ਉਤਾਰ ਉਸਨੇ ਜੇਬ ਵਿੱਚੋਂ ਬਰਚ ਦੀ ਛਿਲ ਕੱਢੀ ਨੰਗੀਆਂ ਉਂਗਲੀਆਂ ਇੱਕ ਵਾਰ ਫਿਰ ਸੁੰਨ ਹੋਣੀਆਂ ਸ਼ੁਰੂ ਹੋ ਗਈਆਂ ਸਨ, ਫਿਰ ਵੀ ਉਸਨੇ ਹੱਥ ਨਾਲ ਜੇਬ ਵਿੱਚੋਂ ਮਾਚਿਸ ਕੱਢੀ, ਲੇਕਿਨ ਭਿਆਨਕ ਸੀਤ ਨੇ ਉਂਗਲੀਆਂ ਦੀ ਤਾਕਤ ਸਮਾਪ‍ਤ ਕਰ ਦਿੱਤੀ ਸੀ ਮਾਚਿਸ ਦੀ ਤੀਲੀ ਨੂੰ ਦੂਜੀਆਂ ਤੀਲੀਆਂ ਨਾਲੋਂ ਵੱਖ ਕਰਨ ਦੀ ਕੋਸ਼ਿਸ਼ ਵਿੱਚ ਸਾਰੀਆਂ ਤੀਲੀਆਂ ਉਸਦੇ ਹੱਥੋਂ ਬਰਫ਼ ਉੱਤੇ ਡਿੱਗ ਗਈਆਂ ਉਸ ਨੇ ਜਦੋਂ ਬਰਫ਼ ਤੋਂ ਉਨ੍ਹਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪਾਇਆ ਕਿ ਇਹ ਉਸਦੇ ਵਸ ਵਿੱਚ ਨਹੀਂ ਸੀ ਉਂਗਲੀਆਂ ਤੀਲੀਆਂ ਨੂੰ ਛੂ ਤੱਕ ਨਹੀਂ ਪਾ ਰਹੀਆਂ ਸਨ, ਫੜਨ ਦੀ ਗੱਲ ਤਾਂ ਦੂਰ ਉਹ ਬੇਹੱਦ ਸੁਚੇਤ ਸੀ ਸੁੰਨ‍ ਹੁੰਦੇ ਪੈਰਾਂ, ਨੱਕ ਅਤੇ ਗੱਲ੍ਹਾਂਬਾਰੇ ਨਾ ਸੋਚਕੇ ਉਸਨੇ ਪੂਰੀ ਤਾਕਤ ਮਾਚਿਸ ਦੀਆਂ ਤੀਲੀਆਂ ਨੂੰ ਚੁੱਕਣ ਵਿੱਚ ਲਗਾ ਦਿੱਤੀ ਸ‍ਪਰਸ਼ ਦੇ ਸ‍ਥਾਨ ਉੱਤੇ ਉਸਨੇ ਨਿਗਾਹ ਦਾ ਪ੍ਰਯੋਗ ਕਰਨਾ ਬਿਹਤਰ ਸਮਝਿਆ ਜਦੋਂ ਉਸਨੇ ਵੇਖਿਆ ਕਿ ਉਸਦੀਆਂ ਉਂਗਲੀਆਂ ਤੀਲੀਆਂ ਦੇ ਬਿਲ‍ਕੁਲ ਕੋਲ ਹਨ ਤਾਂ ਉਸਨੇ ਪੂਰੀ ਤਾਕਤ ਨਾਲ ਉਨ੍ਹਾਂ ਨੂੰ ਫੜਿਆ ਅਰਥਾਤ‌ ਉਸਨੇ ਉਨ੍ਹਾਂ ਨੂੰ ਫੜਨ ਦੀ ਪ੍ਰਬਲ ਇੱਛਾ ਕੀਤੀ, ਕਿਉਂਕਿ ਉਸਦੇ ਹੱਥ ਦੀਆਂ ਨਸਾਂ ਕਮਜ਼ੋਰ ਸਨ ਅਤੇ ਉਂਗਲੀਆਂ ਉਸਦੀ ਆਗਿਆ ਨਹੀਂ ਮੰਨ ਰਹੀਆਂ ਸਨ ਉਸਨੇ ਸੱਜੇ ਹੱਥ ਵਿੱਚ ਦਸਤਾਨਾ ਪਾਇਆ ਅਤੇ ਹੱਥ ਨੂੰ ਗੋਡੇ ਉੱਤੇ ਜ਼ੋਰ ਜ਼ੋਰ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਫਿਰ ਉਸਨੇ ਦਸ‍ਤਾਨੇ ਪਹਿਨੇ ਹੀ ਦੋਨਾਂ ਹੱਥਾਂ ਨਾਲ ਤੀਲੀਆਂ ਬਰਫ਼ ਸਹਿਤ ਉਠਾ ਕੇ ਆਪਣੀ ਗੋਦ ਵਿੱਚ ਰੱਖ ਲਈਆਂ ਬਹੁਤ ਕੋਸ਼ਸ਼ਾਂ ਦੇ ਬਾਅਦ ਉਹ ਤੀਲੀਆਂ ਨੂੰ ਦਸ‍ਤਾਨੇ ਪਹਿਨੇ ਹੱਥਾਂ ਦੇ ਹੇਠਾਂ ਕਲਾਈ ਤੱਕ ਲੈ ਗਿਆ ਅਤੇ ਫਿਰ ਹੱਥਾਂ ਨੂੰ ਮੂੰਹ ਦੇ ਕੋਲ ਲੈ ਆਇਆ ਜਿਵੇਂ ਹੀ ਉਸਨੇ ਮੂੰਹ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਮੂੰਹ ਉੱਤੇ ਜੰਮੀ ਬਰਫ਼ ਸਰਕੀ, ਲੇਕਿਨ ਮੂੰਹ ਨਹੀਂ ਖੁੱਲ੍ਹਿਆ ਤੱਦ ਉਸਨੇ ਪੂਰੀ ਇੱ‍ਛਾ ਸ਼ਕਤੀ ਇਕੱਠੀ ਕਰਕੇ ਪੂਰੀ ਤਾਕਤ ਲਗਾਕੇ ਆਪਣਾ ਮੂੰਹ ਖੋਲ੍ਹ ਹੀ ਲਿਆ ਉਸਨੇ ਹੇਠਲੇ ਹੋਂਠ ਨੂੰ ਖੋਲ੍ਹਿਆ ਅਤੇ ਉਪਰਲੇ ਹੋਂਠ ਨੂੰ ਉੱਪਰ ਵੱਲ ਮੋੜਕੇ ਤੀਲੀਆਂ ਵਿੱਚੋਂ ਇੱਕ ਤੀਲੀ ਨੂੰ ਦੰਦਾਂ ਨਾਲ ਫੜਨ ਦੀ ਕੋਸ਼ਿਸ਼ ਕੀਤੀ ਬੜੀ ਮੁਸ਼‍ਕਿਲ ਉਹ ਇੱਕ ਤੀਲੀ ਕੱਢਣ ਵਿੱਚ ਸਫਲ ਹੋਇਆ, ਜਿਸ ਨੂੰ ਉਸਨੇ ਗੋਦ ਵਿੱਚ ਸੁੱਟ ਲਿਆ ਉਸਦੀ ਹਾਲਤ ਅੱ‍ਛੀ ਨਹੀਂ ਸੀ ਤੀਲੀ ਚੁੱਕਣ ਵਿੱਚ ਉਹ ਅਸਮਰਥ ਸੀ ਕੁੱਝ ਦੇਰ ਵਿੱਚ ਉਸਨੂੰ ਉਪਾਅ ਸੁੱਝਿਆ ਤੀਲੀ ਨੂੰ ਇੱਕ ਵਾਰ ਫਿਰ ਉਸਨੇ ਦੰਦਾਂ ਨਾਲ ਫੜਿਆ ਅਤੇ ਪੈਰ ਉੱਤੇ ਘਿਸਾਉਣਾ ਸ਼ੁਰੂ ਕੀਤਾ ਲਗਾਤਾਰ ਉਹ ਪੈਰ ਉੱਤੇ ਘਿਸਾਉਂਦਾ ਰਿਹਾ, ਤੱਦ ਕਿਤੇ ਜਾਕੇ ਉਹ ਤੀਲੀ ਨੂੰ ਬਾਲ ਪਾਇਆ ਤੀਲੀ ਦੇ ਬਲਦੇ ਹੀ, ਦੰਦਾਂ ਨਾਲ ਫੜੇ – ਫੜੇ ਹੀ ਉਸਨੇ ਬਰਚ ਦੀ ਛਿੱਲ ਨੂੰ ਜਲਾਣ ਦੀ ਕੋਸ਼ਿਸ਼ ਕੀਤੀ ਤੀਲੀ ਵਲੋਂ ਨਿਕਲਦੀ ਲੋਅ ਵਿੱਚੋਂ ਬਾਹਰ ਆਉਂਦੀ ਗੰਧਕ ਉਸਦੀ ਨੱਕ ਰਾਹੀਂ ਹੁੰਦੀ ਉਸਦੇ ਫੇਫੜਿਆਂ ਤੱਕ ਪਹੁੰਚੀ, ਫਲਸਰੂਪ ਉਹ ਜ਼ੋਰ – ਜ਼ੋਰ ਵਲੋਂ ਖੰਘਣ ਲਗਾ ਨਤੀਜੇ ਵਜੋਂ ਜਲੀ ਤੀਲੀ ਬਰਫ਼ ਉੱਤੇ ਡਿੱਗ ਕੇ ਬੁਝ ਗਈ

ਸਲ‍ਫਰ ਕ੍ਰੀਕ ਦਾ ਖ਼ੁਰਾਂਟ ਬੁੱਢਾ ਠੀਕ ਸੀ, ਉਸਨੂੰ ਉਸ ਨਿਰਾਸ਼ਾ ਭਰੇ ਪਲ ਯਾਦ ਆਇਆ ਕਿ ਪੰਜਾਹ ਦੇ ਹੇਠਾਂ ਤਾਪਮਾਨ ਉੱਤੇ ਸਹਿਯਾਤਰੀ ਦਾ ਹੋਣਾ ਹਿਤਕਰ ਰਹਿੰਦਾ ਹੈ ਉਸਨੇ ਆਪਣੇ ਹੱਥਾਂ ਨੂੰ ਪੂਰੀ ਤਾਕਤ ਨਾਲ ਫਿਰ ਚਲਾਉਣਾ ਸ਼ੁਰੂ ਕੀਤਾ ਲੇਕਿਨ ਉਹ ਸੁੰਨ ਪਏ ਸਨ ਇਹ ਵੇਖ ਉਸਨੇ ਦੰਦਾਂ ਨਾਲ ਦੋਨੋਂ ਦਸਤਾਨੇ ਖਿੱਚ ਕੇ ਉਤਾਰੇ ਹਥੇਲੀਆਂ ਦੇ ਪਿਛਲੇ ਭਾਗ ਨਾਲ ਉਸਨੇ ਬਰਫ਼ ਵਿੱਚ ਪਈ ਮਾਚਿਸ ਦੀ ਸ‍ਟਰਿਪ ਨੂੰ ਫੜਿਆ ਉਸਦੇ ਹੱਥਾਂ ਦੀ ਮਾਸਪੇਸ਼ੀਆਂ ਅਜੇ ਹਿਮਾਘਾਤ ਤੋਂ ਬਚੀਆਂ ਸਨ, ਇਸ ਲਈ ਉਸਦੇ ਹੱਥ ਸ‍ਟਰਿਪ ਨੂੰ ਫੜੇ ਰੱਖਣ ਵਿੱਚ ਸਫਲ ਰਹੇ ਫਿਰ ਉਸਨੇ ਤੀਲੀਆਂ ਦੀ ਪੂਰੀ ਸ‍ਟਰਿਪ ਨੂੰ ਪੈਰਾਂ ਉੱਤੇ ਘਿਸਾਉਣਾ ਸ਼ੁਰੂ ਕਰ ਦਿੱਤਾ ਉਹ ਜਲ ਉਠੀਆਂ ਸੱਤਰ ਦੀਆਂ ਸੱਤਰ ਗੰਧਕ ਭਰੀਆਂ ਤੀਲੀਆਂ ਇੱਕੋ ਵਕਤ ਲੋਅ ਨੂੰ ਬੁਝਾਣ ਜੋਗੀ ਉੱਥੇ ਹਵਾ ਸੀ ਹੀ ਨਹੀਂ ਬਲਦੀ ਗੰਧਕ ਤੋਂ ਬਚਣ ਲਈ ਉਸਨੇ ਆਪਣੇ ਸਿਰ ਨੂੰ ਦੂਜੇ ਪਾਸੇ ਘੁਮਾ ਲਿਆ ਅਤੇ ਬਲਦੀਆਂ ਤੀਲੀਆਂ ਨੂੰ ਛਿੱਲ ਦੇ ਕੋਲ ਲੈ ਗਿਆ ਜਦੋਂ ਉਹ ਇਹ ਕਰ ਰਿਹਾ ਸੀ ਤੱਦ ਉਸਨੇ ਆਪਣੇ ਹੱਥਾਂ ਵਿੱਚ ਜਾਨ ਦੀ ਸਨਸਨੀ ਪਰਤਦੀ ਮਹਿਸੂਸ ਕੀਤੀ ਉਸਦਾ ਮਾਸ ਜਲ ਰਿਹਾ ਸੀ, ਉਹ ਸੁੰਘ ਸਕਦਾ ਸੀ ਆਪਣੇ ਅੰਦਰ ਉਹ ਕਿਤੇ ਅਨੁਭਵ ਕਰ ਰਿਹਾ ਸੀ ਜਾਨ ਦਰਦ ਵਿੱਚ ਬਦਲੀ ਅਤੇ ਫਿਰ ਦਰਦ ਅਸਹਿ ਹੋਣ ਲਗਾ ਦਰਦ ਦੇ ਬਾਅਦ ਵੀ ਉਹ ਉਸਨੂੰ ਸਹਿੰਦਾ ਰਿਹਾ ਕਿਉਂਕਿ ਬਲਦੀਆਂ ਤੀਲੀਆਂ ਤੋਂ ਅਜੇ ਬਰਚ ਦੀ ਛਿੱਲ ਨੇ ਅੱਗ ਨਹੀਂ ਫੜੀ ਸੀ, ਕਿਉਂਕਿ ਛਿੱਲ ਅਤੇ ਅੱਗ ਦੀ ਲੋਅ ਦੇ ਵਿੱਚ ਉਸਦਾ ਆਪਣਾ ਜਲਦਾ ਹੱਥ ਸੀ, ਜਿਸ ਨੇ ਸਾਰੀ ਲੋਅ ਨੂੰ ਘੇਰਿਆ ਸੀ

ਜਦੋਂ ਦਰਦ ਉਸਦੀ ਸਹਿਣ ਸ਼ਕਤੀ ਦੇ ਬਾਹਰ ਹੋ ਗਿਆ ਤਾਂ ਉਸਨੇ ਆਪਣੇ ਜੁੜੇ ਹੱਥਾਂ ਨੂੰ ਵੱਖ ਕਰ ਲਿਆ ਬਲਦੀਆਂ ਤੀਲੀਆਂ ਬਰਫ਼ ਵਿੱਚ ਸਿਸਕਦੀਆਂ ਹੋਈਆਂ ਗਿਰੀਆਂ, ਲੇਕਿਨ ਇਸ ਦੌਰਾਨ ਬਰਚ ਦੀ ਛਿੱਲ ਨੇ ਅੱਗ ਫੜ ਲਈ ਸੀ ਸੁੱਕਾ ਘਾਹ ਅਤੇ ਛੋਟੀਆਂ ਲਕੜੀਆਂ ਨੂੰ ਉਸਨੇ ਉਸ ਉੱਤੇ ਰੱਖਣਾ ਸ਼ੁਰੂ ਕਰ ਦਿੱਤਾ ਚੁਣ – ਚੁਣ ਕੇ ਚੁੱਕ ਕੇ ਰੱਖਣ ਦੀ ਸਥਿਤੀ ਵਿੱਚ ਉਹ ਨਹੀਂ ਸੀ, ਕਿਉਂਕਿ ਉਹ ਹਥੇਲੀਆਂ ਨਾਲ ਹੀ ਚੁੱਕਣ ਦੀ ਸਥਿਤੀ ਵਿੱਚ ਸੀ ਟਾਹਣੀਆਂ ਦੇ ਨਾਲ ਹਰੀ ਘਾਹ ਅਤੇ ਕਾਈ ਲੱਗੀ ਲੱਕੜੀ ਵੀ ਚਿਪਕੀ ਸੀ, ਜਿਸ ਨੂੰ ਉਹ ਦੰਦਾਂ ਨਾਲ ਖਿੱਚਕੇ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਅਨਾੜੀਪਣ ਮਿਲੀ ਸਾਵਧਾਨੀ ਨਾਲ ਉਹ ਅੱਗ ਨੂੰ ਸੁਰੱਖਿਅਤ ਰੱਖਣ ਵਿੱਚ ਲੀਨ ਸੀ ਉਹ ਜੀਵਨ ਜ‍ਯੋਤੀ ਸੀ ਅਤੇ ਕਿਸੇ ਵੀ ਕੀਮਤ ਤੇ ਉਸਨੂੰ ਬੁਝਣਾ ਨਹੀਂ ਚਾਹੀਦਾ ਸੀ ਇਸ ਦੌਰਾਨ ਸਰੀਰ ਦੀ ਉਪਰੀ ਸਤ੍ਹਾ ਵਿੱਚ ਖ਼ੂਨ ਪਰਵਾਹ ਦੇ ਘੱਟ ਹੋ ਜਾਣ ਨਾਲ ਉਹ ਕੰਬਣ ਲਗਾ ਸੀ ਬਲਦੀ ਹੋਈ ਉਸ ਛੋਟੀ ਜਿਹੀ ਧੂਣੀ ਵਿੱਚ ਅਚਾਨਕ ਹਰੀ ਕਾਈ ਦਾ ਵੱਡਾ ਥੱਬਾ ਡਿਗਿਆ ਉਸਨੇ ਉਂਗਲੀਆਂ ਨਾਲ ਉਸਨੂੰ ਦੂਰ ਕਰਨ ਦਾ ਲਗਦੀ ਵਾਹ ਯਤਨ ਕੀਤਾ, ਲੇਕਿਨ ਉਸਦੇ ਕੰਬਦੇ ਸਰੀਰ ਨੇ ਹੱਥਾਂ ਨੂੰ ਕੁੱਝ ਜਿਆਦਾ ਹੀ ਧੱਕਾ ਦੇ ਦਿੱਤਾ, ਜਿਸਦੇ ਨਾਲ ਅੱਗ ਦੀ ਲੋਅ ਦਾ ਕੇਂ‍ਦਰ ਬਿਖਰ ਗਿਆ ਬਲਦਾ ਘਾਹ ਅਤੇ ਬਲਦੀਆਂ ਛੋਟੀਆਂ ਲਕੜੀਆਂ ਬਿਖਰ ਗਈਆਂ ਉਸ ਨੇ ਉਨ੍ਹਾਂ ਨੂੰ ਕੋਲ ਲਿਆਉਣ ਦੀ ਜੀਤੋੜ ਕੋਸ਼ਿਸ਼ ਕੀਤੀ ਲੇਕਿਨ ਕੰਬਦੀ ਦੇਹ ਨੇ ਬਿਖਰੀਆਂ ਬਲਦੀਆਂ ਲਕੜੀਆਂ ਨੂੰ ਹੋਰ ਬਿਖਰਾ ਦਿੱਤਾ ਇਹ ਹੌਲੀ ਹੌਲੀ ਬੁੱਝਣ ਲੱਗੀਆਂ ਅਤੇ ਕੁੱਝ ਹੀ ਪਲਾਂ ਵਿੱਚ ਉਨ੍ਹਾਂ ਵਿਚੋਂ ਲੋਅ ਦੀ ਜਗ੍ਹਾ ਧੂੰਆਂ ਨਿਕਲਣ ਲਗਾ ਅਤੇ ਉਹ ਬੁਝ ਗਈਆਂ ਅਗ‍ਨੀ ਪ੍ਰਬੰਧਕ ਅਸਫਲ ਹੋ ਚੁੱਕਿਆ ਸੀ ਉਸਨੇ ਚਾਰੇ ਪਾਸੇ ਘੋਰ ਨਿਰਾਸ਼ਾ ਵਿੱਚ ਡੁੱਬਦੇ ਹੋਏ ਤਿਣਕੇ ਦੀ ਆਸ ਵਿੱਚ ਵੇਖਿਆ ਉਸਦੀ ਨਿਗਾਹ ਕੁੱਤੇ ਉੱਤੇ ਪਈ ਜੋ ਬਿਖਰੀ ਅੱਗ ਦੇ ਕੋਲ ਬਰਫ਼ ਵਿੱਚ ਪਰੇਸ਼ਾਨ ਹਾਲ ਪਿੱਠ ਚੁੱਕੀ ਆਪਣੇ ਸਾਹਮਣੇ ਦੇ ਦੋਨਾਂ ਪੰਜਿਆਂ ਨੂੰ ਇੱਕ ਦੇ ਬਾਅਦ ਦੂਜੇ ਨੂੰ ਉਠਾ ਰਿਹਾ ਸੀ ਇੱਕ ਪੈਰ ਨਾਲ ਦੂਜੇ ਉੱਤੇ ਭਾਰ ਪਾਉਂਦਾ ਉਹ ਉ‍ਮੀਦ ਲਗਾਈ ਬੈਠਾ ਸੀ

ਕੁੱਤੇ ਨੂੰ ਵੇਖ ਉਸਦੇ ਮਨ ਵਿੱਚ ਇੱਕ ਅਨਾਰਮਲ ਵਿਚਾਰ ਚਮਕਿਆ ਉਸਨੂੰ ਅਚਾਨਕ ਬਰਫ਼ੀਲੇ ਤੂਫ਼ਾਨ ਵਿੱਚ ਫਸੇ ਉਸ ਆਦਮੀ ਦੀ ਕਹਾਣੀ ਯਾਦ ਆਈ, ਜਿਨ੍ਹੇ ਇੱਕ ਮਿਰਗ ਨੂੰ ਮਾਰਕੇ ਉਸਦੀ ਖੱਲ ਦੀ ਬੁੱਕਲ ਮਾਰ ਕੇ ਆਪਣੇ ਪ੍ਰਾਣ ਬਚਾਏ ਸਨ ਉਹ ਵੀ ਤਾਂ ਕੁੱਤੇ ਨੂੰ ਮਾਰਕੇ ਉਸਦੀ ਗਰਮ ਮੋਈ ਦੇਹ ਵਿੱਚ ਆਪਣੇ ਹੱਥ ਪਾਕੇ ਉਨ੍ਹਾਂ ਵਿੱਚ ਫੇਰ ਖ਼ੂਨ ਸੰਚਾਰ ਕਰ ਸਕਦਾ ਹੈ ਜੇਕਰ ਇੱਕ ਵਾਰ ਹੱਥ ਗਰਮ ਹੋ ਜਾਣ ਤਾਂ ਦੁਬਾਰਾ ਅੱਗ ਜਲਾਉਣਾ ਬਹੁਤ ਆਸਾਨ ਹੋ ਜਾਵੇਗਾ ਉਸਨੇ ਕੁੱਤੇ ਨੂੰ ਆਵਾਜ਼ ਦਿੱਤੀ, ਲੇਕਿਨ ਉਸਦੀ ਆਵਾਜ਼ ਵਿੱਚ ਕੁੱਝ ਅਜਿਹਾ ਡਰ ਵਿਆਪ‍ਤ ਸੀ ਜਿਸਦੇ ਨਾਲ ਕੁੱਤਾ ਡਰ ਕੇ ਸਹਿਮ ਗਿਆ ਕਿਉਂਕਿ ਉਸਨੇ ਆਦਮੀ ਦੀ ਅਜਿਹੀ ਆਵਾਜ਼ ਕਦੇ ਨਹੀਂ ਸੁਣੀ ਸੀ ਕਿਤੇ ਨਾ ਕਿਤੇ ਕੁੱਝ ਗੜਬੜ ਹੈ, ਉਸਦੀ ਸੰਦੇਹ ਬਿਰਤੀ ਨੂੰ ਖ਼ਤਰੇ ਦਾ ਅਹਿਸਾਸ ਹੋਣ ਲਗਾ ਉਹ ਇਹ ਨਹੀਂ ਜਾਣਦਾ ਸੀ ਕਿ ਉਸਨੇ ਕਿਸ ਤੋਂ ਡਰਨਾ ਹੈ, ਲੇਕਿਨ ਉਸਦੇ ਜਿਹਨ ਵਿੱਚ ਆਦਮੀ ਦੇ ਪ੍ਰਤੀ ਸੰ‍ਦੇਹ ਨੂੰ ਜਨ‍ਮ ਦੇ ਦਿੱਤਾ ਉਸਨੇ ਆਦਮੀ ਦੀ ਆਵਾਜ਼ ਤੇ ਆਪਣੇ ਦੋਨਾਂ ਕੰਨ ਸਿੱਧੇ ਖੜੇ ਕਰ ਲਏ ਉਸਦਾ ਹਿਲਣਾ  ਡੁਲਣਾ, ਅਗਲੇ ਪੰਜਿਆਂ ਨੂੰ ਵਾਰੀ – ਵਾਰੀ ਚੁੱਕਣਾ ਗਿਰਾਉਣਾ ਤੇਜ਼ੀ ਨਾਲ ਹੋਣ ਲਗਾ ਕਿੰਤੂ ਆਦਮੀ ਦੇ ਕੋਲ ਜਾਣ ਦੀ ਉਸਨੇ ਕੋਈ ਕੋਸ਼ਿਸ਼ ਨਹੀਂ ਕੀਤੀ ਆਦਮੀ ਗੋਡਿਆਂ ਅਤੇ ਹੱਥਾਂ ਦੇ ਬਲ ਬੈਠ ਗਿਆ ਅਤੇ ਹੌਲੀ ਹੌਲੀ ਉਸਨੇ ਕੁੱਤੇ ਦੇ ਵੱਲ ਚੱਲਣਾ ਸ਼ੁਰੂ ਕਰ ਦਿੱਤਾ ਆਦਮੀ ਦੀ ਇਸ ਵਚਿੱਤਰ ਚਾਲ ਤੋਂ ਕੁੱਤੇ ਦਾ ਸੰਦੇਹ ਹੋਰ ਵੱਧ ਗਿਆ ਉਹ ਆਦਮੀ ਕੋਲੋਂ ਹੌਲੀ ਹੌਲੀ ਦੂਰ ਖਿਸਕਣ ਲਗਾ

ਆਦਮੀ ਨੇ ਕੁੱਝ ਦੇਰ ਤੱਕ ਬਰਫ਼ ਵਿੱਚ ਬੈਠ ਆਪਣੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਦੰਦਾਂ ਨਾਲ ਇੱਕ ਵਾਰ ਫਿਰ ਉਸਨੇ ਦਸਤਾਨੇ ਪਹਿਨੇ ਅਤੇ ਖੜਾ ਹੋ ਗਿਆ ਖੜੇ ਹੋ ਉਸਨੇ ਇਹ ਦੇਖਣ ਦੀ ਕੋਸ਼ਿਸ਼ ਕੀਤੀ, ਕਿ ਕੀ ਉਹ ਵਾਸਤਵ ਵਿੱਚ ਖੜਾ ਹੈ, ਕਿਉਂਕਿ ਉਸਦੇ ਪੈਰਾਂ ਦੀ ਨਿਰਜੀਵਤਾ ਨੇ ਉਸਨੂੰ ਧਰਤੀ ਤੋਂ ਦੂਰ ਕਰ ਦਿੱਤਾ ਸੀ ਆਦਮੀ ਦੇ ਖੜੇ ਹੋ ਜਾਣ ਨਾਲ ਕੁੱਤੇ ਦੇ ਮਨ ਵਿੱਚ ਉਠ ਰਹੀਆਂ ਸੰ‍ਦੇਹ ਦੀਆਂ ਤਰੰਗਾਂ ਸ਼ਾਂਤ ਹੋ ਗਈਆਂ ਅਤੇ ਜਦੋਂ ਉਸਨੇ ਹੰਟਰ ਤੋਂ ਨਿਕਲਦੀ ਸਪਾਕ … ਸਪਾਕ … ਦੀ ਆਵਾਜ਼ ਸੁਣੀ ਤਾਂ ਉਹ ਨਿਸ਼‍ਚਿੰਤ ਹੋ ਗਿਆ ਅਤੇ ਉਸਦੇ ਕੋਲ ਆ ਗਿਆ ਜਿਵੇਂ ਹੀ ਕੁੱਤਾ ਉਸਦੀ ਜਦ ਵਿੱਚ ਆਇਆ, ਆਦਮੀ ਦੇ ਪੈਰਾਂ ਨੇ ਸਾਥ ਛੱਡ ਦਿੱਤਾ ਡਿੱਗਦੇ – ਡਿੱਗਦੇ ਉਸਦੇ ਹੱਥਾਂ ਨੇ ਕੁੱਤੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਸਨੂੰ ਇਹ ਵੇਖਕੇ ਆਚਰਜ ਹੋਇਆ ਕਿ ਉਸਦੇ ਹੱਥ ਫੜਨ ਵਿੱਚ ਪੂਰੀ ਤਰ੍ਹਾਂ ਅਸਮਰਥ ਹਨ ਉਸਦੇ ਦੋਨੋਂ ਹੱਥ ਅਤੇ ਉਂਗਲੀਆਂ ਪੂਰੀ ਤਰ੍ਹਾਂ ਸੁੰਨ ਸਨ ਇੱਕ ਪਲ ਉਹ ਭੁੱਲ ਗਿਆ ਕਿ ਉਹ ਬਰਫ਼ ਨਾਲ ਪੂਰੀ ਤਰ੍ਹਾਂ ਜੰਮ ਚੁੱਕੀਆਂ ਹਨ ਇਹੀ ਨਹੀਂ ਉਨ੍ਹਾਂ ਦਾ ਭਾਰ ਵੀ ਹੌਲੀ ਹੌਲੀ ਵਧਦਾ ਜਾ ਰਿਹਾ ਹੈ ਜੋ ਲਗਾਤਾਰ ਮੋਏ ਹੁੰਦੇ ਜਾਣ ਦਾ ਸੂਚਕ ਹੈਇਹ ਸਭ ਕੁੱਝ ਹੀ ਪਲ ਵਿੱਚ ਹੋ ਗਿਆ ਅਤੇ ਇਸਦੇ ਪਹਿਲਾਂ ਕਿ ਕੁੱਤਾ ਉਸਦੀ ਜਦ ਤੋਂ ਬਾਹਰ ਭੱਜੇ, ਉਸਨੇ ਉਸਨੂੰ ਆਪਣੀ ਬਾਹਾਂ ਵਿੱਚ ਭਰ ਲਿਆ ਉਹ ਉਥੇ ਹੀ ਬਰਫ਼ ਉੱਤੇ ਕੁੱਤੇ ਨੂੰ ਫੜ ਕੇ ਬੈਠ ਗਿਆ, ਜਦੋਂ ਕਿ ਕੁੱਤਾ ਉਸ ਤੋਂ ਕਾਏਂ … ਕਾਏਂ … ਕਰ ਛੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ

 

ਫਿਲਹਾਲ ਉਹ ਇਹੀ ਕਰ ਸਕਦਾ ਸੀ ਕਿ ਉਸਦੇ ਸਰੀਰ ਨੂੰ ਆਪਣੇ ਹੱਥਾਂ ਵਿੱਚ ਘੇਰ ਕੇ ਉਥੇ ਹੀ ਬੈਠਾ ਰਹੇ ਉਹਨੂੰ ਵਿਸ਼ਵਾਸ ਹੋ ਚੁੱਕਿਆ ਸੀ ਕਿ ਉਹ ਕੁੱਤੇ ਨੂੰ ਮਾਰ ਨਹੀਂ ਸਕਦਾ ਮਾਰਨ ਦਾ ਕੋਈ ਵੀ ਤਰੀਕਾ ਉਸਦੇ ਕੋਲ ਨਹੀਂ ਸੀ ਉਹ ਆਪਣੇ ਖ਼ੂਨ-ਰਹਿਤ, ਬੇਜਾਨ ਹੱਥਾਂ ਨਾਲ ਨਾ ਤਾਂ ਚਾਕੂ ਫੜ ਸਕਦਾ ਸੀ ਨਾ ਹੀ ਉਸਨੂੰ ਬੈਂਟ ਨਾਲ ਖੋਲ੍ਹ ਹੀ ਸਕਦਾ ਸੀ ਅਤੇ ਨਾ ਹੀ ਆਪਣੇ ਹੱਥਾਂ ਨਾਲ ਕੁੱਤੇ ਦਾ ਗਲਾ ਹੀ ਘੁੱਟ ਸਕਦਾ ਸੀ ਉਸਨੇ ਉਸਨੂੰ ਛੱਡ ਦਿੱਤਾ ਹੱਥਾਂ ਦਾ ਘੇਰਾ ਹਟਦੇ ਹੀ ਕੁੱਤਾ ਤੇਜ਼ੀ ਨਾਲ ਕੁੱਦਕੇ ਦੁਮ ਦਬਾਕੇ ਕਾਏਂ … ਕਾਏਂ … ਕਰਦਾ ਭੱਜਿਆ ਚਾਲ੍ਹੀ ਫੁੱਟ ਦੂਰ ਜਾਕੇ ਉਸਨੇ ਆਦਮੀ ਨੂੰ ਆਚਰਜ ਨਾਲ ਵੇਖਿਆ ਉਸਦੇ ਕੰਨ ਸਿੱਧੇ ਖੜੇ ਸਨ

ਆਦਮੀ ਨੇ ਆਪਣੇ ਹੱਥਾਂ ਨੂੰ ਲੱਭਣ ਲਈ ਹੇਠਾਂ ਵੇਖਿਆ ਉਸਨੇ ਉਨ੍ਹਾਂ ਨੂੰ ਮੋਢਿਆਂ ਨਾਲ ਲਟਕਦੇ ਪਾਇਆ ਉਸਨੂੰ ਆਚਰਜ ਹੋਇਆ ਕਿ ਆਪਣੇ ਹੱਥਾਂ ਦੇ ਹੋਣ ਨੂੰ ਦੇਖਣ ਲਈ ਅੱਖਾਂ ਦੀ ਵਰਤੋਂ ਕਰਨੀ ਪੈ ਰਹੀ ਸੀ ਹੱਥਾਂ ਨੂੰ ਉਸਨੇ ਤੇਜ਼ੀ ਨਾਲ ਹਿਲਾਉਣਾ ਸ਼ੁਰੂ ਕਰ ਦਿੱਤਾ, ਨਾਲ ਹੀ ਦਸਤਾਨੇ ਵਿੱਚ ਫਸੀਆਂ ਹਥੇਲੀਆਂ ਨੂੰ ਜ਼ੋਰ ਜ਼ੋਰ ਨਾਲ ਪਿੱਠ ਉੱਤੇ ਮਾਰਨ ਲਗਾ ਉਹ ਪੰਜ ਕੁ ਮਿੰਟ ਤੱਕ ਪੂਰੀ ਤਾਕਤ ਨਾਲ ਤੱਦ ਤੱਕ ਇਹ ਕਰਦਾ ਰਿਹਾ, ਜਦੋਂ ਤੱਕ ਉਸਦੇ ਫੇਫੜਿਆਂ ਨੇ ਖ਼ੂਨ ਪਰਵਾਹ ਵਧਾ ਕੇ ਸਰੀਰ ਦਾ ਕੰਬਣਾ ਬੰਦ ਨਹੀਂ ਕੀਤਾ ਇਸਦੇ ਬਾਅਦ ਵੀ ਉਸਦੇ ਹੱਥਾਂ ਵਿੱਚ ਜਾਨ ਦਾ ਜਰਾ ਜਿੰਨਾ ਵੀ ਆਭਾਸ ਨਹੀਂ ਹੋਇਆ ਉਸਨੂੰ ਲਗਾ ਜਿਵੇਂ ਉਸਦੇ ਮੋਢਿਆਂ ਨਾਲ ਭਾਰ ਲਟਕਿਆ ਹੈ ਇਸ ਅਹਿਸਾਸ ਨੂੰ ਉਸਨੇ ਆਪਣੇ ਅੰਦਰ ਤੋਂ ਦੂਰ ਕਰਨਾ ਚਾਹਿਆ, ਲੇਕਿਨ ਉਹ ਇਸ ਵਿੱਚ ਸਫਲ ਨਹੀਂ ਹੋਇਆ

ਇੱਕ ਧੁੰਦਲਾ ਜਿਹਾ ਮੌਤ ਦਾ ਡਰ ਉਸਦੇ ਅੰ‍ਦਰ ਅਚਾਨਕ ਜਾਗ ਗਿਆ ਇਹ ਡਰ ਉਂਗਲੀਆਂ ਅਤੇ ਪੰਜੇ ਸੀਤ ਨਾਲ ਜਮਣ ਦਾ ਨਹੀਂ, ਹੱਥ ਅਤੇ ਪੈਰ ਗੁਆਚਣ ਦਾ ਹੀ ਨਹੀਂ, ਬਲਕਿ‌ ਜੀਵਨ ਅਤੇ ਮੌਤ ਦੇ ਵਿੱਚ ਵਾਪਰਦੇ ਫ਼ਾਸਲੇ ਦਾ ਸੀ ਉਸਦੇ ਕੋਲ ਬਚਣ ਦੇ ਮੌਕੇ ਬਿਲ‍ਕੁਲ ਵੀ ਨਹੀਂ ਸਨ ਆਤੰਕਿਤ ਹੋ ਉਹ ਤੇਜ਼ੀ ਨਾਲ ਮੁੜਿਆ ਅਤੇ ਧੁੰਧਲੀ ਪਗਡੰਡੀ ਤੇ ਦੌੜਨ ਲਗਾ ਉਸਨੂੰ ਭੱਜਦੇ ਵੇਖ ਕੁੱਤਾ ਵੀ ਉਠਿਆ ਅਤੇ ਉਸਦੇ ਪਿੱਛੇ ਪਿੱਛੇ ਦੌੜਨ ਲਗਾ ਆਦਮੀ ਆਤੰਕਿਤ ਹੋ ਅੰਨ੍ਹਿਆਂ ਦੀ ਤਰ੍ਹਾਂ ਤੇਜ਼ੀ ਨਾਲ ਦੌੜ ਰਿਹਾ ਸੀ ਜੀਵਨ ਵਿੱਚ ਇਸਦੇ ਪੂਰਵ ਉਹ ਕਦੇ ਇੰਨਾ ਭੈਭੀਤ ਨਹੀਂ ਹੋਇਆ ਸੀ ਬਰਫ਼ ਉੱਤੇ ਭੱਜਦੇ ਹੋਏ ਜਦੋਂ ਉਸਦਾ ਡਰ ਕੁੱਝ ਘੱਟ ਹੋਇਆ ਤਾਂ ਉਸਨੂੰ ਆਪਣੇ ਆਸਪਾਸ ਸਭ ਕੁੱਝ ਵਿੱਖਣ ਲਗਾ – ਬਰਫ਼ੀਲੀ ਨਦੀ ਦਾ ਤਟ, ਵਿੱਚ ਵਿੱਚ ਪਏ ਲੱਕੜੀ ਦੇ ਡੂੰਡੇ, ਪੱਤਰਹੀਣ ਏਸ‍ਪਨ ਰੁੱਖ ਅਤੇ ਅਕਾਸ਼ ਦੌੜਨ ਨਾਲ ਉਸ ਵਿੱਚ ਕੁੱਝ ਵਿਸ਼ਵਾਸ ਪਰਤਿਆ ਹੁਣ ਉਹ ਕੰਬ ਨਹੀਂ ਰਿਹਾ ਸੀ ਉਸਨੂੰ ਲਗਾ ਜੇਕਰ ਉਹ ਲਗਾਤਾਰ ਭੱਜਦਾ ਰਹੇ ਤਾਂ ਹੋ ਸਕਦਾ ਹੈ ਉਸਦੇ ਬਰਫ਼ੀਲੇ ਪੈਰਾਂ ਤੋਂ ਬਰਫ਼ ਪਿਘਲ ਕੇ ਵਗ ਜਾਵੇ, ਅਤੇ ਫਿਰ ਭੱਜ ਕੇ ਉਹ ਮੁੰਡਿਆਂ ਦੇ ਕੋਲ ਕੈਂਪ ਵੀ ਤਾਂ ਪਹੁੰਚ ਸਕਦਾ ਹੈ ਉਸਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਹੱਥਾਂ ਪੈਰਾਂ ਦੀ ਕੁੱਝ ਉਂਗਲੀਆਂ ਦੇ ਨਾਲ ਆਪਣੇ ਚਿਹਰੇ ਦਾ ਵੀ ਕੁੱਝ ਹਿੱਸਾ ਖੋਹ ਦੇਵੇਗਾ, ਲੇਕਿਨ ਕੈਂਪ ਵਿੱਚ ਮੁੰਡੇ ਉਸਨੂੰ ਬਚਾ ਲੈਣਗੇ ਇਸ ਵਿਚਾਰ ਦੇ ਨਾਲ ਹੀ ਇੱਕ ਦੂਜਾ ਵਿਰੋਧੀ ਵਿਚਾਰ ਉਸਦੇ ਮਨ ਵਿੱਚ ਉਠ ਰਿਹਾ ਸੀ, ਉਹ ਕਦੇ ਵੀ, ਕਿਸੇ ਵੀ ਹਾਲਤ ਵਿੱਚ ਕੈਂਪ ਵਿੱਚ ਮੁੰਡਿਆਂ ਦੇ ਕੋਲ ਨਹੀਂ ਪਹੁੰਚ ਸਕੇਗਾ ਕੈਂਪ ਮੀਲਾਂ ਦੂਰ ਸੀ ਅਤੇ ਦੇਹ ਦਾ ਜਮਣਾ ਸ਼ੁਰੂ ਹੋ ਚੁੱਕਿਆ ਸੀ ਅਤੇ ਥੋੜ੍ਹੀ ਦੇਰ ਵਿੱਚ ਉਹ ਪੂਰੀ ਤਰ੍ਹਾਂ ਪਥਰ ਹੋ ਜਾਵੇਗਾ ਅਤੇ ਮਰ ਜਾਵੇਗਾ ਇਸ ਦੂਜੇ ਵਿਚਾਰ ਨੂੰ ਉਹ ਫਿਲਹਾਲ ਪਿੱਛੇ ਰੱਖਿਆ ਸੀ ਅਤੇ ਇਸ ਉੱਤੇ ਜਿਆਦਾ ਸੋਚਣਾ ਨਹੀਂ ਚਾਹੁੰਦਾ ਸੀ ਲੇਕਿਨ ਇਹ ਵਿਚਾਰ ਪੂਰੀ ਤਾਕਤ ਨਾਲ ਅੱਗੇ ਆਉਣਾ ਚਾਹੁੰਦਾ ਸੀ, ਲੇਕਿਨ ਹਰ ਵਾਰ ਉਹ ਉਸਨੂੰ ਪਿੱਛੇ ਧਕੇਲ ਕੇ ਕੁੱਝ ਹੋਰ ਸੋਚਣ ਲੱਗਦਾ ਸੀ

ਉਸਨੂੰ ਆਪਣੇ ਲਗਾਤਾਰ ਭੱਜਦੇ ਰਹਿਣ ਉੱਤੇ ਆਚਰਜ ਹੋ ਰਿਹਾ ਸੀ ਅਖੀਰ ਇਹ ਉਹੀ ਪੈਰ ਸਨ ਜੋ ਇੰਨੇ ਬੇਜਾਨ ਹੋ ਚੁੱਕੇ ਸਨ ਕਿ ਜਿਨ੍ਹਾਂ ਉੱਤੇ ਖੜੇ ਹੋਣਾ ਵੀ ਉਸਦੇ ਵਸ ਵਿੱਚ ਨਹੀਂ ਸੀ ਅਤੇ ਉਹ ਬਰਫ਼ ਉੱਤੇ ਡਿੱਗ ਗਿਆ ਸੀ ਭੱਜਦੇ ਹੋਏ ਵੀ ਉਸਨੂੰ ਇਹੀ ਲੱਗ ਰਿਹਾ ਸੀ ਕਿ ਉਹ ਵਾਸਤਵ ਵਿੱਚ ਹਵਾ ਵਿੱਚ ਚੱਲ ਰਿਹਾ ਹੈ ਅਤੇ ਉਸਦਾ ਧਰਤੀ ਨਾਲ ਕੋਈ ਸੰਬੰਧ ਨਹੀਂ ਹੈ ਉਸਨੇ ਕਦੇ ਵਗਦੇ ਪਾਰੇ ਨੂੰ ਵੇਖਿਆ ਸੀ ਉਸਨੂੰ ਆਚਰਜ ਹੋਇਆ ਕਿ ਪਾਰੇ ਨੂੰ ਧਰਤੀ ਉੱਤੇ ਵਗਦੇ ਹੋਏ ਕੁੱਝ ਅਜਿਹਾ ਹੀ ਅਨੁਭਵ ਹੋਇਆ ਹੋਵੇਗਾ ਜਿਹੋ ਜਿਹਾ ਉਹ ਕਰ ਰਿਹਾ ਹੈ

ਕੈਂਪ ਵਿੱਚ ਮੁੰਡਿਆਂ ਦੇ ਕੋਲ, ਭੱਜ ਕੇ ਪਹੁੰਚਣ ਦੇ ਉਸਦੇ ਸਿੱਧਾਂ‍ਤ ਵਿੱਚ ਸਭ ਤੋਂ ਵੱਡਾ ਦੋਸ਼ ਇਹ ਸੀ ਕਿ ਉਸਦੇ ਕੋਲ ਓਨੀ ਸਹਿਣ ਸ਼ਕਤੀ ਬਾਕੀ ਨਹੀਂ ਸੀ ਕਈ ਵਾਰ ਉਹ ਡਗਮਗਾਇਆ, ਲੜਖੜਾਇਆ ਅਤੇ ਫਿਰ ਅੰਤ ਡਿੱਗ ਗਿਆ ਉਸਨੇ ਜਦੋਂ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਉਸਤੋਂ ਉਠ ਨਹੀਂ ਹੋਇਆ ਉਸਨੂੰ ਕੁੱਝ ਦੇਰ ਬੈਠਕੇ ਆਰਾਮ ਕਰਨਾ ਚਾਹੀਦਾ ਹੈ ਉਸਨੇ ਨਿਸ਼‍ਚਾ ਕੀਤਾ ਕਿ ਅਗਲੀ ਵਾਰ ਬਜਾਏ ਦੌੜਨ ਦੇ ਉਹ ਕੇਵਲ ਚੱਲੇਗਾ, ਬਿਨਾਂ ਰੁਕੇ ਚੱਲਦਾ ਰਹੇਗਾ ਬੈਠੇ – ਬੈਠੇ ਜਦੋਂ ਉਸਦਾ ਸਾਹ ਬਰਾਬਰ ਹੋਇਆ ਤਾਂ ਉਸਨੇ ਆਪਣੇ ਆਪ ਨੂੰ ਤਰੋਤਾਜਾ ਅਤੇ ਊਰਜਾ ਨਾਲ ਭਰਿਆ ਪਾਇਆ ਹੁਣ ਉਹ ਕੰਬ ਨਹੀਂ ਰਿਹਾ ਸੀ ਉਸਨੂੰ ਆਪਣੀ ਸੀਨੇ ਅਤੇ ਢਿੱਡ ਵਿੱਚ ਲੋੜੀਂਦੀ ਗਰਮੀ ਵੀ ਲੱਗ ਰਹੀ ਸੀ ਇਸਦੇ ਬਾਅਦ ਵੀ ਜਦੋਂ ਉਸਨੇ ਗੱਲ੍ਹਾਂ ਅਤੇ ਨੱਕ ਨੂੰ ਛੂਇਆ ਤਾਂ ਉਹ ਪੂਰੀ ਤਰ੍ਹਾਂ ਜੰਮੇ ਅਤੇ ਬੇਜਾਨ ਸਨ ਦੌੜਨ ਮਾਤਰ ਨਾਲ ਉਨ੍ਹਾਂ ਵਿੱਚ ਖ਼ੂਨ ਸੰਚਾਰ ਨਹੀਂ ਹੋਣ ਵਾਲਾ ਅਤੇ ਨਾ ਹੀ ਹੱਥ ਪੈਰਾਂ ਦੀ ਹਰਕਤ ਮੁੜ ਆਉਣ ਵਾਲੀ ਹੈ ਉਦੋਂ ਉਸਦੇ ਮਨ ਵਿੱਚ ਵਿਚਾਰ ਚਮਕਿਆ – ਕਿਤੇ ਸਰੀਰ ਦੇ ਗਲਣ ਦੀ ਮਾਤਰਾ ਵੱਧ ਤਾਂ ਨਹੀਂ ਰਹੀ ਹੈ ਉਸਨੇ ਇਸ ਵਿਚਾਰ ਨੂੰ ਦਬਾਣ ਲਈ ਕੁੱਝ ਹੋਰ ਸੋਚਣਾ ਸ਼ੁਰੂ ਕੀਤਾ ਉਹ ਆਤੰਕਿਤ ਹੋਣ ਤੋਂ ਬਚਣਾ ਚਾਹੁੰਦਾ ਸੀ, ਕਿਉਂਕਿ ਸੰਤਾਪ ਦਾ ਨਤੀਜਾ ਉਹ ਵੇਖ ਚੁੱਕਿਆ ਸੀ ਕਿੰਤੂ ਇਹ ਵਿਚਾਰ ਬਣਿਆ ਰਿਹਾ,  ਉਦੋਂ ਤੱਕ ਜਦੋਂ ਤੱਕ ਉਸਦੇ ਸਾਹਮਣੇ ਆਪਣੀ ਬਰਫ਼ ਨਾਲ ਪੂਰੀ ਤਰ੍ਹਾਂ ਜੰਮ ਚੁੱਕੀ ਦੇਹ ਦੀ ਕਲ‍ਪਨਾ ਨੂੰ ਉਸਨੇ ਸਾਕਾਰ ਨਹੀਂ ਕਰ ਦਿੱਤਾ ਇਹ ਬਕਵਾਸ ਹੈ! ਪੂਰੀ ਤਰ੍ਹਾਂ ਬੇਵਕੂਫ਼ੀ ਭਰੀ ਬਕਵਾਸ ਇਸ ਪਗਲਾਉਣ ਵਾਲੇ ਵਿਚਾਰ ਤੋਂ ਬਚਣ ਲਈ ਬਦਹਵਾਸੀ ਵਿੱਚ ਉਹ ਪਗਡੰਡੀ ਉੱਤੇ ਫਿਰ ਦੌੜਨ ਲਗਾ ਵਿੱਚ ਵਿੱਚ ਥੱਕ ਜਾਣ ਤੇ ਉਹ ਰੁਕਿਆ, ਲੇਕਿਨ ਫਿਰ ਉਹੀ ਬਰਫ਼ੀਲੀ ਦੇਹ ਅੱਖਾਂ ਦੇ ਅੱਗੇ ਆ ਜਾਂਦੀ ਉਹ ਫਿਰ ਦੌੜਨ ਲੱਗਦਾ

ਉਸਦੀ ਇਸ ਸਾਰੀ ਭੱਜ ਦੌੜ ਵਿੱਚ ਕੁੱਤਾ ਉਸਦੇ ਪਿੱਛੇ ਪਿੱਛੇ ਚੱਲ ਰਿਹਾ ਸੀ, ਦੌੜ ਰਿਹਾ ਸੀ ਜਦੋਂ ਉਹ ਦੂਜੀ ਵਾਰ ਡਿਗਿਆ ਤਾਂ ਕੁੱਤਾ ਉਸਦੇ ਸਾਹਮਣੇ ਆਪਣੀ ਪੂਛ ਨਾਲ ਅਗਲੇ ਪੰਜਿਆਂ ਨੂੰ ਢੱਕ ਕੇ ਉਸਨੂੰ ਉਤ‍ਸੁਕਤਾ ਨਾਲ ਵੇਖਦਾ ਬੈਠਾ ਰਿਹਾ ਕੁੱਤੇ ਨੂੰ ਨਿਸ਼‍ਚਿੰਤ ਅਤੇ ਸੁਰੱਖਿਅਤ ਵੇਖ ਉਹ ਕ੍ਰੋਧ ਨਾਲ ਉਬਲ ਪਿਆ ਅਤੇ ਕੁੱਤੇ ਨੂੰ ਉਦੋਂ ਤੱਕ ਗਾਲਾਂ ਬਕਦਾ ਰਿਹਾ, ਜਦੋਂ ਤੱਕ ਕੁੱਤੇ ਨੇ ਆਪਣਾ ਸਿਰ ਬਰਫ਼ ਨਾਲ ਸਟਾ ਕੇ ਆਪਣੇ ਦੋਨੋਂ ਕੰਨ ਫੈਲਾ ਨਹੀਂ ਦਿੱਤੇ ਇਸ ਵਾਰ ਆਦਮੀ ਠੰਡ ਨਾਲ ਕੰਬਣਾ ਜਲਦੀ ਸ਼ੁਰੂ ਹੋ ਗਿਆ ਬਰਫ਼ ਨਾਲ ਚੱਲ ਰਹੀ ਇਸ ਲੜਾਈ ਵਿੱਚ ਉਹ ਹਾਰ ਰਿਹਾ ਸੀ ਸੀਤ ਆਪਣੇ ਹਿਮ ਬਾਣਾਂ ਨਾਲ ਉਸਦੇ ਪੂਰੇ ਸਰੀਰ ਉੱਤੇ ਲਗਾਤਾਰ ਹਮਲਾ ਕਰ ਰਹੀ ਸੀ ਹਾਰ ਦਾ ਵਿਚਾਰ ਆਉਂਦੇ ਹੀ ਉਹ ਡਗਮਗਾ ਕੇ ਉਠਿਆ ਅਤੇ ਦੌੜਨ ਲਗਾ ਬਮੁਸ਼‍ਕਿਲ ਉਹ ਸੌ ਫੁੱਟ ਹੀ ਦੌੜ ਸਕਿਆ ਹੋਵੇਗਾ ਕਿ ਉਹ ਫਿਰ ਲੜਖੜਾਇਆ ਅਤੇ ਸਿਰ ਪਰਨੇ ਡਿੱਗ ਗਿਆ ਇਹ ਉਸਦੀ ਅੰਤਮ ਕੋਸ਼ਿਸ਼ ਸੀ ਜਦੋਂ ਉਸਦਾ ਸਾਹ ਬਰਾਬਰ ਹੋਇਆ ਅਤੇ ਉਸਨੇ ਆਪਣੇ ਉੱਤੇ ਕਾਬੂ ਪਾ ਲਿਆ ਤਾਂ ਉਹ ਕਿਸੇ ਤਰ੍ਹਾਂ ਬੈਠ ਗਿਆ ਅਤੇ ਉਸਨੇ ਪੂਰੀ ਗਰਿਮਾ ਦੇ ਨਾਲ ਮੌਤ ਦਾ ਸਾਮਣਾ ਕਰਨ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਗੌਰਵ ਪੂਰਵ ਮੌਤ ਦਾ ਵਿਚਾਰ ਸਰਲਤਾ ਨਾਲ ਮਨ ਵਿੱਚ ਨਾ ਤਾਂ ਉਠਿਆ ਅਤੇ ਨਾ ਹੀ ਉਸਨੂੰ ਸਹਿਜਤਾ ਨਾਲ ਉਸਨੇ ਸ‍ਵੀਕਾਰਿਆ ਉਸਦੇ ਮਨ ਵਿੱਚ ਦਰਅਸਲ ਇਹ ਵਿਚਾਰ ਆਇਆ ਕਿ ਸਿਰ ਕਟੇ ਕੁੱਕੜ ਦੀ ਤਰ੍ਹਾਂ ਵਿਅ‍ਰਥ ਭੱਜ ਕੇ ਉਹ ਆਪਣੇ ਨੂੰ ਕੇਵਲ ਮੂਰਖ ਬਣਾ ਰਿਹਾ ਹੈ ਬਿਨਾਂ ਸਿਰ ਦੇ ਕੁੱਕੜ ਦੀ ਉਪਮਾ ਹੀ ਉਸਨੂੰ ਆਪਣੇ ਭੱਜਣ ਬਾਰੇ ਠੀਕ ਲੱਗੀ ਬਹਰਹਾਲ ਸੱਚ ਇਹੀ ਸੀ ਕਿ ਉਸਨੇ ਪੱਕਾ ਬਰਫ਼ ਦਾ ਸ਼ਿਲਾਖੰਡ ਹੋ ਜਾਣਾ ਹੈ ਸੋ ਇਸ ਹਿਮਾਨੀ ਮੌਤ ਨੂੰ ਢੰਗ ਨਾਲ ਹੀ ਸ‍ਵੀਕਾਰਨਾ ਚਾਹੀਦਾ ਹੈ ਮਨ ਵਿੱਚ ਉੱਠੇ ਇਸ ਸ਼ਾਂਤੀਭਰੇ ਵਿਚਾਰ ਦੇ ਨਾਲ ਹੀ ਉਸਨੂੰ ਨੀਂਦ ਦਾ ਹਲਕਾ ਜਿਹਾ ਝੋਂਕਾ ਆਇਆ ਨੀਂਦ ਵਿੱਚ ਮੌਤ ਉਸਨੂੰ ਇੱਕ ਸ਼ਾਨਦਾਰ ‌ਵਿਚਾਰ ਲਗਾ ਇਹ ਇੱਕ ਤਰ੍ਹਾਂ ਨਾਲ ਐਨਾਸ‍ਥੇਸ਼ੀਆ (ਬੇਹੋਸ਼ੀ ਦਾ ਇੰਜੈਕ‍ਸ਼ਨ) ਲੈਣਾ ਸੀ ਬਰਫ਼ ਵਿੱਚ ਜੰਮ ਜਾਣਾ ਓਨਾ ਕਸ਼‍ਟਦਾਇਕ ਅਤੇ ਭੈੜਾ ਨਹੀਂ ਹੈ, ਜਿੰਨਾ ਲੋਕ ਕਹਿੰਦੇ ਹਨ, ਉਸਨੇ ਸੋਚਿਆ ਇਸ ਤੋਂ ਕਿਤੇ ਜਿਆਦਾ ਘਟੀਆ ਅਤੇ ਦੁਖਦਾਈ ਰਸਤੇ ਹਨ ਮੌਤ ਦੇ ਕੋਲ ਜਾਣ ਦੇ

ਉਸਨੇ ਆਪਣੀ ਮੋਈ ਦੇਹ ਨੂੰ ਢੂੰਢਦੇ ਮੁੰਡਿਆਂ ਨੂੰ ਵੇਖਿਆ ਉਸਨੇ ਆਪਣੇ ਨੂੰ ਅਚਾਨਕ ਉਨ੍ਹਾਂ ਦੇ ਵਿੱਚ ਪਾਇਆ, ਜੋ ਪਗਡੰਡੀ ਤੇ ਉਸਨੂੰ ਖੋਜਦੇ ਚਲੇ ਆ ਰਹੇ ਸਨ ਉਨ੍ਹਾਂ ਦੇ ਨਾਲ ਉਹ ਵੀ ਆਪਣੇ ਅਰਥੀ ਦੀ ਖੋਜ ਵਿੱਚ ਸ਼ਾਮਿਲ ਸੀ ਚਲਦੇ ਚਲਦੇ ਉਨ੍ਹਾਂ ਨੂੰ ਇੱਕ ਮੋੜ ਮਿਲਿਆ ਅਤੇ ਉਥੇ ਹੀ ਮੋੜ ਦੇ ਬਾਅਦ ਉਸਨੇ ਆਪਣੇ ਨੂੰ ਬਰਫ਼ ਉੱਤੇ ਪਏ ਵੇਖਿਆ ਉਹ ਆਪਣੀ ਦੇਹ ਦੇ ਨਾਲ ਨਹੀਂ ਸੀ ਉਸਦੀ ਦੇਹ ਉਸਦੀ ਨਹੀਂ ਸੀ ਉਹ ਦੇਹ ਤੋਂ ਵੱਖ ਉਨ੍ਹਾਂ ਮੁੰਡਿਆਂ ਦੇ ਨਾਲ ਖੜਾ ਆਪਣੀ ਦੇਹ ਨੂੰ ਬਰਫ਼ ਵਿੱਚ ਪਿਆ ਵੇਖ ਰਿਹਾ ਸੀਠੰਡ ਬਹੁਤ ਜਿਆਦਾ ਹੈ,’ ਦਾ ਵਿਚਾਰ ਉਸਦੇ ਮਨ ਵਿੱਚ ਉਸ ਪਲ ਸੀ ਜਦੋਂ ਉਹ ਪਰਤ ਕੇ ਆਪਣੇ ਘਰ ਜਾਵੇਗਾ ਤਾਂ ਲੋਕਾਂ ਨੂੰ ਦੱਸੇਗਾ ਵਾਸ‍ਤਵਿਕ ਠੰਡ ਕੀ ਹੁੰਦੀ ਹੈ ਉੱਥੋਂ ਵਗਦੇ ਹੋਏ ਉਹ ਸਲ‍ਫਰ ਕ੍ਰੀਕ ਦੇ ਖ਼ਰਾਂਟ ਬੁਢੇ ਦੇ ਸਾਹਮਣੇ ਪਹੁੰਚ ਗਿਆ ਉਹ ਉਸਨੂੰ ਸ‍ਪਸ਼‍ਟ ਵੇਖ ਰਿਹਾ ਸੀ ਬੁੱਢਾ ਆਰਾਮ ਨਾਲ ਪਾਈਪ ਪੀਂਦਾ, ਗਰਮ ਕੱਪੜਿਆਂ ਦੀ ਗਰਮਾਹਟ ਵਿੱਚ ਆਰਾਮ ਫਰਮਾ ਰਿਹਾ ਸੀ

‘‘ਤੂੰ ਬਿਲ‍ਕੁਲ ਠੀਕ ਸੀ, ਬੁਢੇ, ਤੂੰ ਦਰਅਸਲ ਠੀਕ ਸੀ’, ਉਸਨੇ ਫੁਸਫੁਸਾਕਰ ਸਲ‍ਫਰ ਕ੍ਰੀਕ ਦੇ ਬੁਢੇ ਨੂੰ ਕਿਹਾ

ਅਤੇ ਫਿਰ ਆਦਮੀ ਨੂੰ ਜ਼ੋਰ ਨਾਲ ਨੀਂਦ ਦਾ ਝੋਂਕਾ ਆਇਆ, ਜੋ ਉਸਦੇ ਜੀਵਨ ਦੀ ਸਭ ਤੋਂ ਜਿਆਦਾ ਸੰਤੋਖਜਨਕ ਅਤੇ ਆਰਾਮਦਾਇਕ ਨੀਂਦ ਸੀ ਕੁੱਤਾ ਉਸਦੇ ਸਾਹਮਣੇ ਉਡੀਕ ਵਿੱਚ ਬੈਠਾ ਸੀ ਹੌਲੀ ਹੌਲੀ ਬਚਿਆ ਖੁਚਿਆ ਬਾਕੀ ਦਿਨ ਸ਼ਾਮ ਵਿੱਚ ਬਦਲ ਗਿਆ ਅੱਗ ਜਲਾਣ ਦੀ ਉੱਥੇ ਕੋਈ ਕੋਸ਼ਿਸ਼ ਨਹੀਂ ਹੋ ਰਹੀ ਸੀ ਕੁੱਤੇ ਨੇ ਕਿਸੇ ਵੀ ਆਦਮੀ ਨੂੰ ਇੰਨੀ ਦੇਰ ਤੱਕ, ਇਸ ਤਰ੍ਹਾਂ ਬਰਫ਼ ਉੱਤੇ ਬੈਠੇ ਨਹੀਂ ਵੇਖਿਆ ਸੀ, ਜੋ ਅੱਗ ਜਲਾਣ ਦਾ ਕੋਈ ਕੋਸ਼ਿਸ਼ ਨਾ ਕਰ ਰਿਹਾ ਹੋਵੇ ਸ਼ਾਮ ਜਦੋਂ ਗਹਿਰਾਉਣ ਲੱਗੀ, ਤੱਦ ਅੱਗ ਦੀ ਜ਼ਰੂਰਤ ਮਹਿਸੂਸ ਕਰਦੇ ਕੁੱਤਾ ਆਪਣੇ ਅਗਲੇ ਪੈਰਾਂ ਨੂੰ ਚੁੱਕ ਚੁੱਕ ਕੇ ਗੁੱਰਾਉਣ ਲਗਾ ਆਦਮੀ ਉਸਨੂੰ ਡਾਂਟੇਗਾ ਇਸ ਉ‍ਮੀਦ ਵਿੱਚ ਉਸਨੇ ਆਪਣੇ ਕੰਨ ਧਰਤੀ ਨਾਲ ਲਗਾ ਦਿੱਤੇ, ਲੇਕਿਨ ਆਦਮੀ ਸ਼ਾਂਤ ਰਿਹਾ ਕੁੱਝ ਦੇਰ ਬਾਅਦ ਕੁੱਤੇ ਨੇ ਜ਼ੋਰ ਜ਼ੋਰ ਨਾਲ ਭੌਂਕਣਾ ਸ਼ੁਰੂ ਕਰ ਦਿੱਤਾ ਕੁੱਝ ਸਮੇਂ ਬਾਅਦ ਉਹ ਆਦਮੀ ਦੇ ਕੋਲ ਪੁੱਜਿਆ ਅਤੇ ਤੱਦ ਉਸਨੂੰ ਮੌਤ ਦੀ ਦੁਰਗੰਧ ਆਈ ਮੌਤ ਨੂੰ ਵੇਖ ਉਹ ਉਲ‍ਟੇ ਪੈਰੀਂ ਪਿੱਛੇ ਪਰਤਿਆ ਕੁੱਝ ਦੇਰ ਬਾਅਦ ਚਮਕਦੇ ਤਾਰਿਆਂ ਭਰੇ ਠੰਡੇ ਅਕਾਸ਼ ਦੇ ਹੇਠਾਂ ਉਸ ਨੇ ਅਕਾਸ਼ ਦੇ ਵੱਲ ਮੂੰਹ ਕਰਕੇ ਜ਼ੋਰ ਜ਼ੋਰ ਨਾਲ ਰੋਣਾ ਸ਼ੁਰੂ ਕਰ ਦਿੱਤਾ ਫਿਰ ਉਹ ਮੁੜਿਆ ਅਤੇ ਕੈਂਪ ਵੱਲ ਜਾਣ ਵਾਲੀ ਪਗਡੰਡੀ ਉੱਤੇ ਚਲਣ ਲਗਾ ਜਿੱਥੇ ਉਸਨੂੰ ਅੱਗ ਅਤੇ ਭੋਜਨ ਦੇਣ ਵਾਲੇ ਮੌਜੂਦ ਸਨ

ਤਿੰਨ ਦਰਵੇਸ਼ ( ਕਹਾਣੀ ) –ਲਿਉ ਤਾਲਸਤਾਏ

September 29, 2012 by

(ਲਿਉ ਤਾਲਸਤਾਏ ਦੀ ਕਹਾਣੀ ‘ਥ੍ਰੀ ਹਰਮਿਟਸ,Three Hermits’ ਦਾ ਪੰਜਾਬੀ ਅਨੁਵਾਦ )

” ਅਤੇ ਦੁਆ ਵਿੱਚ ਵਾਰ ਵਾਰ ਗੱਲਾਂ ਮਤ ਦੁਹਰਾਇਆ ਕਰੋ , ਹੋਰਨਾਂ ਪੰਥਾਂ ਦੀ ਤਰ੍ਹਾਂ । ਕਿਉਂਕਿ ਉਹ ਸਮਝਦੇ ਹਨ ਬਹੁਤਾ ਬੋਲਣ ਨਾਲ ਉਨ੍ਹਾਂ ਦੀ ਸੁਣੀ ਜਾਵੇਗੀ । ਲਿਹਾਜ਼ਾ ਉਨ੍ਹਾਂ ਵਰਗੇ ਮਤ ਬਣ ਜਾਣਾ । ਕਿਉਂਕਿ ਤੁਹਾਡਾ ਰਬ ਤੁਹਾਡੀਆਂ ਜਰੂਰਤਾਂ ਜਾਣਦਾ ਹੈ , ਤੁਹਾਡੇ ਮੰਗਣ ਤੋਂ ਵੀ ਪਹਿਲਾਂ ।” ਮੈਥਿਊ , ਛੇ – 7 , 8 ।
ਵੋਲਗਾ ਦੇ ਇਲਾਕ਼ੇ ਦੀ ਇੱਕ ਲੋਕ ਕਥਾ ।

ਇੱਕ ਪਾਦਰੀ ਅਰਖਾਂਗੇਲਸਕ ਤੋਂ ਸਮੁੰਦਰ ਦੇ ਰਸਤੇ ਸਲੋਵੇਸਤੀਕ ਮਠ ਦੀ ਤਰਫ਼ ਸਫ਼ਰ ਕਰ ਰਿਹਾ ਸੀ , ਉਸੇ ਜਹਾਜ਼ ਵਿੱਚ ਹੋਰ ਵੀ ਤੀਰਥਯਾਤਰੀ ਸਵਾਰ ਸਨ । ਸਫ਼ਰ ਆਸਾਨ ਸੀ , ਹਵਾ ਸਾਥ ਦੇ ਰਹੀ ਸੀ , ਅਤੇ ਮੌਸਮ ਖ਼ੁਸ਼ਗਵਾਰ । ਮੁਸਾਫ਼ਰ ਡੈੱਕ ਉੱਤੇ ਲਿਟੇ ਰਹਿੰਦੇ , ਖਾਂਦੇ ਪੀਂਦੇ ਜਾਂ ਗਰੋਹਾਂ ਵਿੱਚ ਬੈਠ ਕੇ ਗੱਪਸ਼ੱਪ ਲਗਾਉਂਦੇ । ਪਾਦਰੀ ਵੀ ਡੈੱਕ ਉੱਤੇ ਆ ਗਿਆ , ਅਤੇ ਏਧਰ ਉੱਧਰ ਚੱਕਰ ਲਗਾਉਣ ਲਗਾ , ਤੱਦ ਉਸਦਾ ਧਿਆਨ ਜਹਾਜ਼ ਦੇ ਬਾਦਬਾਨ ਦੇ ਕੋਲ ਖੜੇ ਕੁਝ ਲੋਕਾਂ ਉੱਤੇ ਪਿਆ ਜੋ ਇੱਕ ਮਛੇਰੇ ਦੀ ਗੱਲ ਬੜੀ ਗ਼ੌਰ ਨਾਲ ਸੁਣ ਰਹੇ ਸਨ , ਮਛੇਰਾ ਸਮੰਦਰ ਦੀ ਤਰਫ਼ ਉਂਗਲ ਨਾਲ ਇਸ਼ਾਰਾ ਕਰਕੇ ਲੋਕਾਂ ਨੂੰ ਕੁੱਝ ਦੱਸ ਰਿਹਾ ਸੀ । ਪਾਦਰੀ ਨੇ ਰੁਕ ਕੇ ਉਸ ਸੇਧ ਵੇਖਿਆ ਜਿਧਰ ਮਛੇਰਾ ਇਸ਼ਾਰਾ ਕਰ ਰਿਹਾ ਸੀ । ਲੇਕਿਨ ਇਸਨ੍ਹੂੰ ਲਸ਼ਕਾਂ ਮਾਰਦੇ ਸਮੁੰਦਰ ਦੇ ਸਿਵਾ ਕੁੱਝ ਵਿਖਾਈ ਨਾ ਦਿੱਤਾ । ਗੱਲਬਾਤ ਸੁਣਨ ਲਈ ਪਾਦਰੀ ਉਨ੍ਹਾਂ ਲੋਕਾਂ ਦੇ ਥੋੜ੍ਹਾ ਹੋਰ ਨਜ਼ਦੀਕ ਹੋ ਗਿਆ , ਲੇਕਿਨ ਮਛੇਰੇ ਨੇ ਉਸਨੂੰ ਵੇਖਦੇ ਹੀ ਆਦਰ ਨਾਲ ਟੋਪੀ ਉਤਾਰੀ ਅਤੇ ਖ਼ਾਮੋਸ਼ ਹੋ ਗਿਆ । ਬਾਕ਼ੀ ਲੋਕਾਂ ਨੇ ਵੀ ਆਪਣੀਆਂ ਟੋਪੀਆਂ ਉਤਾਰੀਆਂ ਅਤੇ ਸਿਰ ਨਿਵਾਏ ।
“ਮੈਂ ਤੁਸੀਂ ਲੋਕਾਂ ਨੂੰ ਤੰਗ ਨਹੀਂ ਕਰਨ ਆਇਆ ਦੋਸਤੋ,” ਪਾਦਰੀ ਬੋਲਿਆ , “ ਸਗੋਂ ਮੈਂ ਤਾਂ ਉਨ੍ਹਾਂ ਭਾਈ ਸਾਹਿਬ ਦੀ ਗੱਲ ਸੁਣਨ ਆਇਆ ਹਾਂ ।”
“ਮਛੇਰਾ ਸਾਨੂੰ ਦਰਵੇਸ਼ਾਂ ਦੇ ਬਾਰੇ ਵਿੱਚ ਦੱਸ ਰਿਹਾ ਸੀ ।” ਦੂਸਰਿਆਂ ਦੀ ਨਿਸਬਤ ਤੇਜ਼ ਤਰਾਜ਼ ਇੱਕ ਸੁਦਾਗਰ ਬੋਲਿਆ ।
“ਕਿਹੜੇ ਦਰਵੇਸ਼ ?” ਪਾਦਰੀ ਨੇ ਜਹਾਜ਼ ਦੇ ਕੋਨੇ ਉੱਤੇ ਪਏ ਇੱਕ ਡਿੱਬੇ ਉੱਤੇ ਬੈਠਦੇ ਹੋਏ ਪੁੱਛਿਆ । “ਮੈਨੂੰ ਵੀ ਦੱਸੋ ਯਾਰ , ਮੈਨੂੰ ਵੀ ਪਤਾ ਚਲੇ ਤੁਸੀਂ ਕਿਸ ਚੀਜ਼ ਦੀ ਤਰਫ਼ ਇਸ਼ਾਰਾ ਕਰ ਰਹੇ ਸੋ ।”
“ ਉਹ ਟਾਪੂ ਨਜ਼ਰ ਆ ਰਿਹਾ ਹੈ ,” ਬੰਦੇ ਨੇ ਜਵਾਬ ਵਿੱਚ ਅੱਗੇ ਦੀ ਤਰਫ਼ ਥੋੜ੍ਹਾ ਜਿਹਾ ਸੱਜੇ ਇਸ਼ਾਰਾ ਕਰਦੇ ਹੋਏ ਕਿਹਾ , “ ਉਹ ਟਾਪੂ ਹੈ ਜਿੱਥੇ ਦਰਵੇਸ਼ ਰਹਿੰਦੇ ਹਨ , ਰੁਹਾਨੀ ਨਜਾਤ ਦੀ ਖਾਤਰ ।”
“ ਕਿੱਧਰ ਹੈ ਟਾਪੂ , ਮੈਨੂੰ ਤਾਂ ਕੁੱਝ ਨਜ਼ਰ ਨਹੀਂ ਆ ਰਿਹਾ ?” ਪਾਦਰੀ ਨੇ ਜਵਾਬ ਦਿੱਤਾ ।
“ਉੱਧਰ , ਥੋੜ੍ਹੇ ਫ਼ਾਸਲੇ ਉੱਤੇ , ਜੇਕਰ ਤੁਸੀ ਮੇਰੇ ਹੱਥ ਦੀ ਸੇਧ ਵੇਖੋ ਤਾਂ ਛੋਟਾ ਜਿਹਾ ਬੱਦਲ ਨਜ਼ਰ ਆਵੇਗਾ ਉਸਦੇ ਹੇਠਾਂ ਜਰਾ ਖੱਬੇ , ਮਧਮ ਜਿਹੀ ਪੱਟੀ ਹੈ । ਉਹੀ ਟਾਪੂ ਹੈ ।”
ਪਾਦਰੀ ਨੇ ਗ਼ੌਰ ਨਾਲ ਵੇਖਿਆ , ਲੇਕਿਨ ਉਸਦੀ ਸਮੁੰਦਰ ਤੋਂ ਅਨਜਾਣ ਨਿਗਾਹਾਂ ਨੂੰ ਸਿਵਾਏ ਚਮਕਦੇ ਪਾਣੀ ਦੇ ਹੋਰ ਕੁੱਝ ਨਾ ਵਿਖਾਈ ਦਿੱਤਾ ।
“ਮੈਨੂੰ ਨਹੀਂ ਨਜ਼ਰ ਆਇਆ , ਲੇਕਿਨ । ਕੀ ਦਰਵੇਸ਼ ਇੱਥੇ ਰਹਿੰਦੇ ਹਨ ?” ਪਾਦਰੀ ਬੋਲਿਆ ।
“ਉਹ ਵੱਡੇ ਪੁੱਜੇ ਹੋਏ ਬੰਦੇ ਹਨ ,” ਮਛੇਰੇ ਨੇ ਜਵਾਬ ਦਿੱਤਾ , “ਮੈਂ ਉਨ੍ਹਾਂ ਬਾਰੇ ਬੜੇ ਅਰਸੇ ਤੋਂ ਸੁਣ ਰੱਖਿਆ ਸੀ ਲੇਕਿਨ ਪਿਛਲੇ ਸਾਲ ਹੀ ਉਨ੍ਹਾਂ ਨੂੰ ਵੇਖ ਪਾਇਆ ਹਾਂ ।”
ਫਿਰ ਮਛੇਰੇ ਨੇ ਦੱਸਿਆ ਕਿ ਕਿਵੇਂ ਉਹ ਮਛਲੀਆਂ ਫੜਦੇ ਫੜਦੇ ਰਾਤ ਦੇ ਵਕ਼ਤ ਟਾਪੂ ਵਿੱਚ ਫਸ ਗਿਆ , ਅਤੇ ਉਸਨੂੰ ਪਤਾ ਵੀ ਨਹੀਂ ਸੀ ਕਿ ਉਹ ਕਿੱਥੇ ਹੈ । ਸਵੇਰ ਦੇ ਵਕ਼ਤ ਜਦੋਂ ਉਹ ਟਾਪੂ ਵਿੱਚ ਮਾਰਿਆ ਮਾਰਿਆ ਫਿਰ ਰਿਹਾ ਸੀ , ਉਹਨੂੰ ਮਿੱਟੀ ਦੀ ਇੱਕ ਝੁੱਗੀ ਅਤੇ ਉਸਦੇ ਨਾਲ ਖੜਾ ਇੱਕ ਬੁੱਢਾ ਆਦਮੀ ਵਿਖਾਈ ਦਿੱਤਾ । ਫਿਰ ਦੋ ਹੋਰ ਵੀ ਆ ਗਏ , ਖਾਣਾ ਖਿਲਾਉਣ ਅਤੇ ਉਸਦਾ ਸਾਮਾਨ ਸੁਕਾਉਣ ਦੇ ਬਾਅਦ ਉਨ੍ਹਾਂ ਨੇ ਕਿਸ਼ਤੀ ਮੁਰੰਮਤ ਕਰਨ ਵਿੱਚ ਉਸਦੀ ਮਦਦ ਵੀ ਕੀਤੀ ।
“ ਅੱਛਾ . . . ਦੇਖਣ ਵਿੱਚ ਕਿਵੇਂ ਹਨ ?” ਪਾਦਰੀ ਨੇ ਪੁੱਛਿਆ ।
“ਇੱਕ ਛੋਟੇ ਕਦ ਦਾ ਹੈ , ਉਸਦੀ ਕਮਰ ਝੁਕੀ ਹੋਈ ਹੈ । ਬਹੁਤ ਬਜੁਰਗ ਹੈ , ਅਤੇ ਪਾਦਰੀਆਂ ਵਾਲਾ ਚੋਲਾ ਪਹਿਨਦਾ ਹੈ ; ਲੱਗਪਗ ਸੌ ਸਾਲ ਦਾ ਤਾਂ ਹੋਵੇਗਾ ਮੇਰੇ ਹਿਸਾਬ ਵਿੱਚ । ਇੰਨਾ ਬੁੱਢਾ ਹੈ ! ਕਿ ਉਸਦੀ ਦਾੜ੍ਹੀ ਦੀ ਸਫੈਦੀ ਵੀ ਹੁਣ ਹਰੀ ਜਿਹੀ ਹੋਈ ਜਾਂਦੀ ਹੈ , ਲੇਕਿਨ ਹਰ ਵਕਤ ਮੁਸਕੁਰਾਉਂਦਾ ਰਹਿੰਦਾ ਹੈ , ਅਤੇ ਉਸਦਾ ਚਿਹਰਾ ਤਾਂ ਜਿਵੇਂ ਕਿਸੇ ਅਰਸ਼ੋਂ ਉਤਰੇ ਫ਼ਰਿਸ਼ਤੇ ਦੀ ਤਰ੍ਹਾਂ ਰੋਸ਼ਨ ਹੈ । ਦੂਜਾ ਮੁਕਾਬਲਤਨ ਲੰਮਾ ਹੈ , ਲੇਕਿਨ ਉਹ ਵੀ ਬਹੁਤ ਬੁੱਢਾ ਹੈ । ਫੱਟਿਆ ਪੁਰਾਣਾ ਕਿਸਾਨਾਂ ਵਾਲੀ ਝੱਗਾ ਪਹਿਨਦਾ ਹੈ । ਉਸਦੀ ਦਾੜ੍ਹੀ ਚੌੜੀ ਅਤੇ ਜ਼ਰਦ ਮਾਇਲ ਸਲੇਟੀ ਰੰਗ ਦੀ ਹੈ , ਉਹ ਮਜ਼ਬੂਤ ਆਦਮੀ ਹੈ । ਉਸ ਤੋਂ ਪਹਿਲਾਂ ਕਿ ਮੈਂ ਉਸਦੀ ਮਦਦ ਕਰਦਾ , ਉਸ ਨੇ ਮੇਰੀ ਕਿਸ਼ਤੀ ਨੂੰ ਖਿਡੌਣੇ ਦੀ ਤਰ੍ਹਾਂ ਉਲਟਾ ਵੀ ਦਿੱਤਾ । ਉਹ ਵੀ , ਹਲੀਮ ਅਤੇ ਖੁਸ਼ਮਿਜ਼ਾਜ ਹੈ । ਤੀਸਰੇ ਵਾਲਾ ਲੰਮਾ ਹੈ , ਦਾੜ੍ਹੀ ਉਸਦੀ ਬਰਫ ਚਿੱਟੀ ਅਤੇ ਗੋਡਿਆਂ ਤੱਕ ਆਉਂਦੀ ਹੈ । ਉਹ ਗੰਭੀਰ ਹੈ , ਵੱਡੀਆਂ ਵੱਡੀਆਂ ਭਵਾਂ ਵਾਲਾ ; ਉਸ ਨੇ ਬਸ ਕਮਰ ਦੇ ਗਰਦ ਇੱਕ ਲੁੰਗੀ ਜਿਹੀ ਬੰਨ੍ਹ ਰੱਖੀ ਸੀ ।”
“ ਉਨ੍ਹਾਂ ਨੇ ਤੇਰੇ ਨਾਲ ਕੋਈ ਗੱਲ ਕੀਤੀ ?” ਪਾਦਰੀ ਨੇ ਪੁੱਛਿਆ ।
“ਜ਼ਿਆਦਾ ਤਰ ਕੰਮ ਉਨ੍ਹਾਂ ਨੇ ਖ਼ਾਮੋਸ਼ੀ ਨਾਲ ਕੀਤੇ ਅਤੇ ਹਾਂ , ਆਪਸ ਵਿੱਚ ਵੀ ਬਹੁਤ ਘੱਟ ਗੱਲ ਕੀਤੀ । ਕੋਈ ਇੱਕ ਬਸ ਨਜ਼ਰ ਮਾਰਦਾ ਅਤੇ ਦੂਜਾ ਉਸਦੀ ਗੱਲ ਸਮਝ ਜਾਂਦਾ । ਮੈਂ ਲੰਬੇ ਵਾਲੇ ਤੋਂ ਪੁੱਛਿਆ ਕਿ ਕਾਫ਼ੀ ਅਰਸੇ ਤੋਂ ਇੱਥੇ ਰਹਿ ਰਹੇ ਹੋ ? ਉਸ ਨੇ ਜਵਾਬ ਵਿੱਚ ਮੈਨੂੰ ਘੂਰ ਕੇ ਵੇਖਿਆ ਅਤੇ ਬੜਬੜਾਉਣ ਲੱਗ ਪਿਆ , ਜਿਵੇਂ ਕਿ ਗੁੱਸੇ ਵਿੱਚ ਹੋਵੇ । ਲੇਕਿਨ ਸਭ ਤੋਂ ਬੁਢੇ ਨੇ ਉਸਦਾ ਹੱਥ ਫੜਿਆ ਅਤੇ ਮੁਸਕੁਰਾਇਆ , ਤਾਂ ਲੰਬੇ ਵਾਲਾ ਖ਼ਾਮੋਸ਼ ਹੋ ਗਿਆ । ਫਿਰ ਬਾਬੇ ਨੇ ਮੇਰੇ ਵੱਲ ਮੁਸਕੁਰਾ ਕੇ ਕਿਹਾ , “ ਸਾਡੇ ਉੱਤੇ ਰਹਿਮ ਕਰੋ ।”
ਮਛੇਰੇ ਦੀ ਗੱਲਬਾਤ ਦੇ ਦੌਰਾਨ ਜਹਾਜ਼ ਕੰਢੇ ਦੇ ਕਾਫ਼ੀ ਨਜ਼ਦੀਕ ਜਾ ਪਹੁੰਚਿਆ ਸੀ ।
“ ਔਹ ਵੇਖੋ , ਹੁਣ ਸਾਫ਼ ਨਜ਼ਰ ਆ ਰਿਹਾ ਹੈ , ਜੇਕਰ ਸਰਕਾਰ ਵੇਖਣਾ ਪਸੰਦ ਫ਼ਰਮਾਉਣ ਤਾਂ ,” ਸੁਦਾਗਰ ਹੱਥ ਨਾਲ ਉਸ ਤਰਫ਼ ਇਸ਼ਾਰਾ ਕਰਕੇ ਬੋਲਿਆ ।
ਪਾਦਰੀ ਨੇ ਵੇਖਿਆ , ਅਤੇ ਹੁਣ ਦੇ ਉਸਨੂੰ ਸਹੀ ਵਿੱਚ ਹੀ ਸਿਆਹ ਪੱਟੀ ਦੀ ਸ਼ਕਲ ਵਿੱਚ ਟਾਪੂ ਵਿਖਾਈ ਦਿੱਤਾ । ਥੋੜ੍ਹੀ ਦੇਰ ਉਸ ਪੱਟੀ ਦੀ ਤਰਫ਼ ਦੇਖਣ ਦੇ ਬਾਅਦ ਉਹ ਜਹਾਜ਼ ਦੇ ਕੰਢੇ ਕੋਲੋਂ ਹੱਟ ਗਿਆ ਅਤੇ ਡੈੱਕ ਉੱਤੇ ਜਾ ਕੇ ਜਹਾਜ਼ੀ ਤੋਂ ਪੁੱਛਿਆ:
“ਇਹ ਕਿਹੜਾ ਟਾਪੂ ਹੈ ?”
“ਔਹ ਵਾਲਾ , ਮਲਾਹ ਬੋਲਿਆ , ਬੇਨਾਮ ਹੈ । ਇਸ ਵਰਗੇ ਬੇਸ਼ੁਮਾਰ ਨੇ ਸਮੁੰਦਰ ਵਿੱਚ ।“
“ਕੀ ਇਹ ਸੱਚ ਹੈ ਕਿ ਇੱਥੇ ਦਰਵੇਸ਼ ਰੂਹ ਦੀ ਮੁਕਤੀ ਦੀ ਖਾਤਰ ਰਹਿ ਰਹੇ ਹਨ ?
“ਅਜਿਹਾ ਹੀ ਕਹਿੰਦੇ ਹਨ ਸਰਕਾਰ , ਸੱਚ ਝੂਠ ਦਾ ਮੈਨੂੰ ਨਹੀਂ ਪਤਾ । ਮਛੇਰੇ ਦਾਹਵਾ ਕਰਦੇ ਹਨ ਕਿ ਉਨ੍ਹਾਂ ਨੇ ਵੇਖੇ ਹਨ , ਲੇਕਿਨ ਉਹ ਤੁਹਾਨੂੰ ਪਤਾ ਹੈ ਉਹ ਅਕਸਰ ਵੱਡੀ ਗੱਪ ਮਾਰਦੇ ਹਨ ।”
“ਮੇਰਾ ਦਿਲ ਹੈ ਕਿ ਟਾਪੂ ਉੱਤੇ ਰੁਕ ਕੇ ਉਨ੍ਹਾਂ ਬੰਦਿਆਂ ਨੂੰ ਮਿਲਾਂ ।” ਪਾਦਰੀ ਨੇ ਕਿਹਾ , “ ਲੇਕਿਨ ਕਿਵੇਂ ?”
“ਜਹਾਜ਼ ਟਾਪੂ ਦੇ ਬਿਲਕੁਲ ਕੋਲ ਨਹੀਂ ਜਾ ਸਕੇਗਾ , ਪਰ ਤੁਹਾਨੂੰ ਛੋਟੀ ਕਿਸ਼ਤੀ ਵਿੱਚ ਉੱਥੇ ਪਹੁੰਚਾਇਆ ਜਾ ਸਕਦਾ ਹੈ । ਬਿਹਤਰ ਹੋਵੇਗਾ ਤੁਸੀ ਕਪਤਾਨ ਨਾਲ ਗੱਲ ਕਰੋ ।”
ਕਪਤਾਨ ਨੂੰ ਬੁਲਾਵਾ ਭੇਜਿਆ ਗਿਆ ਤਾਂ ਉਹ ਫ਼ੌਰਨ ਆ ਗਿਆ ।
“ ਮੈਂ ਇਨ੍ਹਾਂ ਦਰਵੇਸ਼ਾਂ ਨੂੰ ਮਿਲਣਾ ਚਾਹੁੰਦਾ ਹਾਂ , ਪਾਦਰੀ ਨੇ ਕਿਹਾ , ਮੈਨੂੰ ਤੱਟ ਤੱਕ ਪਹੁੰਚਾ ਸਕਦੇ ਹੋ ?”
ਕਪਤਾਨ ਨੇ ਜਾਨ ਛਡਾਉਣ ਦੀ ਕੋਸ਼ਿਸ਼ ਕੀਤੀ ।
“ ਹਾਂ ਜੀ ਬਿਲਕੁਲ ਜਾ ਸਕਦੇ ਹਾਂ , ਉਹ ਬੋਲਿਆ ਲੇਕਿਨ ਵਕ਼ਤ ਬਹੁਤ ਜ਼ਾਇਆ ਹੋ ਜਾਵੇਗਾ । ਅਤੇ ਗੁਸਤਾਖ਼ੀ ਮਾਫ ਬੁਢੇ ਇਸ ਕਾਬਿਲ ਨਹੀਂ ਕਿ ਸਰਕਾਰ ਉਨ੍ਹਾਂ ਨੂੰ ਮਿਲਣ ਲਈ ਤਕਲੀਫ ਕਰੋ । ਬਹੁਤ ਲੋਕ ਕਹਿੰਦੇ ਹਨ ਕਿ ਇਹ ਪਾਗਲ ਬੁਢੇ ਹਨ , ਜਿਨ੍ਹਾਂ ਨੂੰ ਕਿਸੇ ਗੱਲ ਦੀ ਸਮਝ ਹੀ ਨਹੀਂ ਆਉਂਦੀ , ਅਤੇ ਕੁੱਝ ਬੋਲਦੇ ਵੀ ਨਹੀਂ , ਇੰਜ ਹੀ ਹੈ ਜਿਵੇਂ ਸਮੁੰਦਰ ਦੀਆਂ ਮਛਲੀਆਂ ।”
“ਮੈਂ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹਾਂ ,” ਪਾਦਰੀ ਬੋਲਿਆ । “ਤੁਹਾਡੇ ਵਕ਼ਤ ਅਤੇ ਤਕਲੀਫ ਉਠਾਉਣ ਦਾ ਮੈਂ ਮੁਆਵਜ਼ਾ ਅਦਾ ਕਰਾਂਗਾ । ਮਿਹਰਬਾਨੀ ਕਰਕੇ ਕਿਸ਼ਤੀ ਦਾ ਬੰਦੋਬਸਤ ਕਰਵਾ ਦੋ ।”
“ਕੋਈ ਚਾਰਾ ਨਾ ਚਲਿਆ ਤਾਂ ਕਪਤਾਨ ਨੇ ਕਿਸ਼ਤੀ ਤਿਆਰ ਕਰਨ ਦਾ ਹੁਕਮ ਜਾਰੀ ਕਰ ਦਿੱਤਾ । ਮਲਾਹਾਂ ਨੇ ਚੱਪੂ ਅਤੇ ਪਤਵਾਰ ਤਿਆਰ ਕੀਤੇ , ਅਤੇ ਕਿਸ਼ਤੀ ਟਾਪੂ ਦੀ ਤਰਫ਼ ਚੱਲ ਨਿਕਲੀ ।”
ਪਾਦਰੀ ਲਈ ਕਿਸ਼ਤੀ ਵਿੱਚ ਇੱਕ ਕੁਰਸੀ ਰੱਖੀ ਗਈ ਸੀ , ਸਾਰੇ ਮੁਸਾਫ਼ਰ ਜਹਾਜ਼ ਦੇ ਕੰਢੇ ਉੱਤੇ ਟਿਕੇ ਟਾਪੂ ਦੀ ਤਰਫ਼ ਵੇਖ ਰਹੇ ਸਨ । ਤੇਜ਼ ਨਜ਼ਰ ਵਾਲਿਆਂ ਨੂੰ ਉੱਥੇ ਪਏ ਪਥਰ ਵਿਖਾਈ ਦੇ ਰਹੇ ਸਨ , ਫਿਰ ਮਿੱਟੀ ਦੀ ਇੱਕ ਝੁੱਗੀ ਨਜ਼ਰ ਆਈ । ਆਖ਼ਿਰ ਇੱਕ ਬੰਦੇ ਨੂੰ ਦਰਵੇਸ਼ ਵੀ ਨਜ਼ਰ ਆ ਗਏ । ਕਪਤਾਨ ਨੇ ਦੂਰਬੀਨ ਕੱਢੀ ਅਤੇ ਇਸ ਨਾਲ ਇੱਕ ਨਜ਼ਰ ਵੇਖ ਕੇ ਪਾਦਰੀ ਦੀ ਤਰਫ਼ ਵਧਾ ਦਿੱਤੀ ।
ਗੱਲ ਤਾਂ ਸੱਚ ਲੱਗਦੀ ਹੈ , ਤਿੰਨ ਬੰਦੇ ਖੜੇ ਹਨ ਤੱਟ ਉੱਤੇ । ਉਹ , ਉਸ ਵੱਡੀ ਚੱਟਾਨ ਤੋਂ ਥੋੜ੍ਹਾ ਸੱਜੇ ।
ਪਾਦਰੀ ਨੇ ਦੂਰਬੀਨ ਫੜੀ , ਸਿੱਧੀ ਕੀਤੀ ਅਤੇ ਤਿੰਨ ਬੰਦਿਆਂ ਨੂੰ ਵੇਖਿਆ : ਇੱਕ ਲੰਮਾ , ਇੱਕ ਦਰਮਿਆਨਾ , ਅਤੇ ਇੱਕ ਬਹੁਤ ਛੋਟਾ ਕੁਬੜਾ ਜਿਹਾ , ਤੱਟ ਉੱਤੇ ਇੱਕ ਦੂਜੇ ਦੇ ਹੱਥ ਫੜੀਂ ਖੜੇ ।
ਕਪਤਾਨ ਪਾਦਰੀ ਦੀ ਤਰਫ਼ ਮੁੜਿਆ ।
“ਸਰਕਾਰ ਜਹਾਜ਼ ਹੋਰ ਅੱਗੇ ਨਹੀਂ ਜਾ ਸਕਦਾ , ਤੁਸੀ ਤੱਟ ਉੱਤੇ ਜਾਣਾ ਹੀ ਚਾਹੁੰਦੇ ਹੋ ਤਾਂ ਗੁਜਾਰਿਸ਼ ਹੈ ਕਿਸ਼ਤੀ ਵਿੱਚ ਤਸ਼ਰੀਫ ਲੈ ਜਾਓ ਤੱਦ ਤੱਕ ਅਸੀਂ ਇੱਥੇ ਲੰਗਰ ਪਾ ਕੇ ਇੰਤਜ਼ਾਰ ਕਰਦੇ ਹਾਂ ।”
ਰੱਸਾ ਸੁੱਟਿਆ ਲੰਗਰ ਪਾਇਆ ਗਿਆ , ਬਾਦਬਾਨ ਫੜਫੜਾਏ । ਇੱਕ ਝੱਟਕਾ ਲਗਾ , ਜਹਾਜ਼ ਹਿੱਲ ਗਿਆ । ਫਿਰ ਕਿਸ਼ਤੀ ਨੂੰ ਪਾਣੀ ਵਿੱਚ ਉਤਾਰਿਆ ਗਿਆ , ਇੱਕ ਮਲਾਹ ਛਲਾਂਗ ਮਾਰ ਕੇ ਕਿਸ਼ਤੀ ਵਿੱਚ ਉਤਰਿਆ ਉਸਦੇ ਬਾਅਦ ਪਾਦਰੀ ਪੌੜੀ ਨਾਲ ਹੇਠਾਂ ਉੱਤਰ ਕੇ ਕੁਰਸੀ ਉੱਤੇ ਬੈਠ ਗਿਆ । ਬੰਦਿਆਂ ਨੇ ਚੱਪੂ ਚਲਾ ਕੇ ਕਿਸ਼ਤੀ ਨੂੰ ਤੇਜ਼ੀ ਨਾਲ ਟਾਪੂ ਦੀ ਤਰਫ਼ ਲੈ ਜਾਣਾ ਸ਼ੁਰੂ ਕਰ ਦਿੱਤਾ । ਜਦੋਂ ਉਹ ਬਹੁਤ ਕ਼ਰੀਬ ਆ ਗਏ ਤਾਂ ਉਨ੍ਹਾਂ ਨੂੰ ਤਿੰਨ ਬੰਦੇ ਵਿਖਾਈ ਦਿੱਤੇ : ਇੱਕ ਲੁੰਗੀ ਪੋਸ਼ ਲੰਮਾ , ਇੱਕ ਮਧਰਾ ਜਿਸ ਨੇ ਚੀਥੜੇ ਜਿਹਾ ਕੋਟ ਪਹਿਨ ਰੱਖਿਆ ਸੀ , ਅਤੇ ਇੱਕ ਬਹੁਤ ਬੁੱਢਾ …ਬੁਢਾਪੇ ਦੀ ਵਜ੍ਹਾ ਨਾਲ ਝੁੱਕਿਆ ਹੋਇਆ , ਪੁਰਾਣੀ ਪੋਸ਼ਾਕ ਪਹਿਨੇ ਹੋਏ । ਹੱਥਾਂ ਵਿੱਚ ਹੱਥ ਫੜੀਂ ਖੜੇ ।
ਮਲਾਹਾਂ ਨੇ ਸਾਵਧਾਨੀ ਨਾਲ ਕਿਸ਼ਤੀ ਨੂੰ ਤੱਟ ਦੇ ਨਾਲ ਲਗਾਇਆ , ਅਤੇ ਪਾਦਰੀ ਦੇ ਉੱਤਰ ਜਾਣ ਤੱਕ ਕਿਸ਼ਤੀ ਨੂੰ ਰੋਕ ਰੱਖਿਆ ।
ਬੁਢੇ ਉਸਨੂੰ ਵੇਖ ਕਰ ਅਦਬ ਨਾਲ ਝੁਕੇ , ਇਸ ਨੇ ਉਨ੍ਹਾਂ ਨੂੰ ਦੁਆ ਦਿੱਤੀ , ਜਿਸਨੂੰ ਸੁਣ ਕੇ ਉਹ ਹੋਰ ਵੀ ਝੁਕ ਗਏ । ਫਿਰ ਪਾਦਰੀ ਉਨ੍ਹਾਂ ਨੂੰ ਮੁਖ਼ਾਤਬ ਹੋਇਆ ।
“ ਅੱਲ੍ਹਾ ਦੇ ਬੰਦਿਉ ਮੈਂ ਸੁਣਿਆ ਹੈ ਕਿ ਤੁਸੀਂ ਇੱਥੇ ਰਹਿੰਦੇ ਹੋ , ਆਪਣੀ ਰੂਹ ਦੀ ਹਿਫ਼ਾਜ਼ਤ ਦੀ ਖਾਤਰ ਅਤੇ ਤੁਸੀਂ ਖ਼ੁਦਾ ਕੋਲੋਂ ਸਰਬੱਤ ਦੀ ਖੈਰ ਵੀ ਮੰਗਦੇ ਹੋ । ਮੈਂ ਵੀ ਮਸੀਹ ਦਾ ਅਦਨਾ ਖ਼ਾਦਿਮ ਹਾਂ , ਖ਼ੁਦਾ ਦੀ ਦਇਆ ਨਾਲ ਉਸਦੀ ਰਿਆਇਆ ਦਾ ਧਿਆਨ ਰੱਖਣਾ ਅਤੇ ਉਨ੍ਹਾਂ ਦੀ ਤਰਬੀਅਤ ਕਰਨਾ ਮੇਰੀ ਜਿੰਮੇਦਾਰੀ ਹੈ । ਅੱਲ੍ਹਾ ਵਾਲਿਉ ਮੇਰੀ ਖਾਹਿਸ਼ ਹੈ ਸੀ ਕਿ ਤੁਹਾਨੂੰ ਮਿਲਾਂ ਅਤੇ ਕੁੱਝ ਤੁਹਾਨੂੰ ਵੀ ਸਿਖਾਵਾਂ।”
ਬੁਢੇ ਇੱਕ ਦੂਜੇ ਦੀ ਤਰਫ਼ ਵੇਖ ਕੇ ਮੁਸਕੁਰਾਏ , ਲੇਕਿਨ ਖ਼ਾਮੋਸ਼ ਰਹੇ ।

“ਮੈਨੂੰ ਦੱਸੋ ,” ਪਾਦਰੀ ਬੋਲਿਆ । “.. ਤੁਸੀਂ ਆਪਣੀ ਰੂਹ ਦੀ ਹਿਫ਼ਾਜ਼ਤ ਦੀ ਖਾਤਰ ਕੀ ਕਰ ਰਹੇ ਹੋ , ਅਤੇ ਤੁਸੀਂ ਉਸ ਟਾਪੂ ਵਿੱਚ ਰਹਿ ਕੇ ਖ਼ੁਦਾ ਦਾ ਕਿਹੜਾ ਕੰਮ ਕਰ ਰਹੇ ਹੋ ?”
ਦੂਜੇ ਦਰਵੇਸ਼ ਨੇ ਆਹ ਭਰੀ , ਅਤੇ. . . ਸਭ ਤੋਂ ਬਜ਼ੁਰਗ ਬਾਬੇ ਦੀ ਤਰਫ਼ ਵੇਖਿਆ । ਬਾਬਾ ਮੁਸਕੁਰਾਇਆ ਅਤੇ ਬੋਲਿਆ :
“ਖ਼ੁਦਾ ਦੇ ਬੰਦੇ , ਸਾਨੂੰ ਨਹੀਂ ਪਤਾ ਖ਼ੁਦਾ ਦੀ ਖਿਦਮਤ ਕਿਵੇਂ ਕਰਨੀ ਹੈ । ਅਸੀਂ ਤਾਂ ਬਸ ਆਪਣਾ ਕੰਮ ਕਾਜ ਕਰਕੇ ਗੁਜ਼ਰ ਬਸਰ ਕਰਦੇ ਹਾਂ ।”
“ਲੇਕਿਨ ਤੁਸੀਂ ਖ਼ੁਦਾ ਦੀ ਇਬਾਦਤ ਕਿਵੇਂ ਕਰਦੇ ਹੋ ?” ਪਾਦਰੀ ਨੇ ਪੁੱਛਿਆ ।
“ ਅਸੀਂ ਤਾਂ ਇਸ ਤਰ੍ਹਾਂ ਦੁਆ ਕਰਦੇ ਹਾਂ ,” ਦਰਵੇਸ਼ ਬੋਲਿਆ
“ਤੁਸੀਂ ਤਿੰਨ ਹੋ , ਅਸੀਂ ਵੀ ਤਿੰਨ , ਸਾਡੇ ਤੇ ਰਹਿਮ ਕਰੋ ।”
ਜਦੋਂ ਬੁੱਢਾ ਇਹ ਅਲਫ਼ਾਜ਼ ਕਹਿ ਰਿਹਾ ਸੀ , ਤਿੰਨਾਂ ਦਰਵੇਸ਼ਾਂ ਨੇ ਨਜਰਾਂ ਅਸਮਾਨ ਦੀ ਸੇਧ ਉਠਾ ਲਈਆਂ ਅਤੇ ਬੋਲੇ:
“ਤੁਸੀਂ ਤਿੰਨ ਹੋ , ਅਸੀਂ ਵੀ ਤਿੰਨ , ਸਾਡੇ ਤੇ ਰਹਿਮ ਕਰੋ ।”
ਪਾਦਰੀ ਮੁਸਕੁਰਾਇਆ ।
“ਤੁਸੀਂ ਲੋਕਾਂ ਨੂੰ ਮੁਕੱਦਸ ਤਕੱਵੁਨ (Holy Trinity) ਦਾ ਤਾਂ ਪਤਾ ਹੈ , ਲੇਕਿਨ ਤੁਹਾਡਾ ਇਬਾਦਤ ਦਾ ਤਰੀਕਾ ਦਰੁਸਤ ਨਹੀਂ ਹੈ । ਅੱਲ੍ਹਾ ਵਾਲਿਉ ਮੈਨੂੰ ਤੁਹਾਡੇ ਨਾਲ ਹਮਦਰਦੀ ਹੋ ਗਈ ਹੈ । ਸਾਫ਼ ਸਾਫ਼ ਹੈ ਕਿ ਤੁਸੀਂ ਖ਼ੁਦਾ ਨੂੰ ਖ਼ੁਸ਼ ਕਰਨਾ ਚਾਹੁੰਦੇ ਹੋ , ਲੇਕਿਨ ਤੁਹਾਨੂੰ ਤਰੀਕਾ ਨਹੀਂ ਪਤਾ ।
“ਇਵੇਂ ਨਹੀਂ ਕਰਦੇ ਇਬਾਦਤ … ਮੈਂ ਤੁਹਾਨੂੰ ਸਿਖਾ ਦੇਵਾਂਗਾ , ਤੁਸੀਂ ਸੁਣਦੇ ਜਾਓ । ਜੋ ਤਰੀਕਾ ਮੈਂ ਤੁਹਾਨੂੰ ਦੱਸਾਂਗਾ ਉਹ ਮੇਰਾ ਆਪਣਾ ਘੜਿਆ ਹੋਇਆ ਨਹੀਂ ਹੈ , ਸਗੋਂ ਖੁਦਾਵੰਦ ਨੇ ਮੁਕੱਦਸ ਸੰਤਾਂ ਰਾਹੀਂ ਬੰਦਿਆਂ ਨੂੰ ਇਸ ਤਰੀਕੇ ਨਾਲ ਉਸਦੀ ਇਬਾਦਤ ਕਰਨ ਦਾ ਹੁਕਮ ਦਿੱਤਾ ਹੈ ।”
ਫਿਰ ਪਾਦਰੀ ਨੇ ਉਨ੍ਹਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਕਿਸ ਤਰ੍ਹਾਂ ਖ਼ੁਦਾ ਨੇ ਖ਼ੁਦ ਨੂੰ ਲੋਕਾਂ ਉੱਤੇ ਪਾਕ ਕੀਤਾ । ਉਸ ਨੇ ਉਨ੍ਹਾਂ ਨੂੰ ਬਾਪ ਖ਼ੁਦਾ , ਬੇਟੇ ਖ਼ੁਦਾ , ਅਤੇ ਮੁਕੱਦਸ ਰੂਹ ਖ਼ੁਦਾ ਦੇ ਬਾਰੇ ਵਿੱਚ ਦੱਸਿਆ ।
ਖ਼ੁਦਾ ਦਾ ਪੁੱਤਰ ਇਨਸਾਨਾਂ ਦੀ ਜਾਨ ਬਖ਼ਸ਼ੀ ਕਰਵਾਉਣ ਜ਼ਮੀਨ ਉੱਤੇ ਆਇਆ । ਅਤੇ ਉਸ ਨੇ ਸਾਨੂੰ ਇਬਾਦਤ ਦਾ ਇਹ ਤਰੀਕਾ ਸਿਖਾਇਆ …
“ਸਾਡਾ ਬਾਪ ”
ਪਹਿਲੇ ਬੁਢੇ ਨੇ ਪਾਦਰੀ ਦੇ ਪਿੱਛੇ ਦੁਹਰਾਇਆ , “ਸਾਡਾ ਬਾਪ” ਉਸਦੇ ਪਿੱਛੇ ਦੂਜਾ ਬੋਲਿਆ , “ਸਾਡਾ ਬਾਪ” ਅਤੇ ਫਿਰ ਤੀਜਾ ਬੋਲਿਆ , “ਸਾਡਾ ਬਾਪ”
”ਜੋ ਉੱਪਰ ਸੁਰਗ ਵਿੱਚ ਹੈ ,” ਪਾਦਰੀ ਬੋਲਿਆ
ਪਹਿਲਾਂ ਬੁਢੇ ਨੇ ਦੁਹਰਾਇਆ “ਜੋ ਉੱਪਰ ਸੁਰਗ ਵਿੱਚ ਹੈ,” ਲੇਕਿਨ ਦੂਜੇ ਵਾਲੇ ਕੋਲੋਂ ਅਲਫ਼ਾਜ਼ ਖ਼ਲਤ – ਮਲਤ ਹੋ ਗਏ । ਉਸਦੇ ਵਧੇ ਹੋਏ ਬਾਲ ਉਸਦੇ ਮੂੰਹ ਵਿੱਚ ਆ ਰਹੇ ਸਨ , ਇਸ ਲਈ ਉਸ ਕੋਲੋਂ ਠੀਕ ਬੋਲਿਆ ਨਹੀਂ ਜਾਂਦਾ ਸੀ । ਸਭ ਤੋਂ ਬੁਢੇ ਬਾਬੇ ਦੇ ਦੰਦ ਨਹੀਂ ਸਨ , ਉਸ ਨੇ ਵੀ ਪੋਪਲੇ ਮੂੰਹ ਵਲੋਂ ਕੁੱਝ ਅੰਟ ਸ਼ੰਟ ਬੋਲ ਦਿੱਤਾ ।
ਪਾਦਰੀ ਨੇ ਦੁਬਾਰਾ ਅਲਫ਼ਾਜ਼ ਦੁਹਰਾਏ , ਇਸਦੇ ਪਿੱਛੇ ਪਿੱਛੇ ਬੁਢੇ ਵੀ ਦੁਹਰਾਉਣ ਲੱਗੇ । ਪਾਦਰੀ ਇੱਕ ਪਥਰ ਉੱਤੇ ਬੈਠ ਗਿਆ ਅਤੇ ਬੁਢੇ ਉਸਦੇ ਸਾਹਮਣੇ ਬੈਠ ਗਏ , ਜਿਵੇਂ ਜਿਵੇਂ ਉਹ ਬੋਲਦਾ ਬੁਢੇ ਵੀ ਉਸਦੇ ਮੂੰਹ ਦੀ ਤਰਫ਼ ਵੇਖ ਕੇ ਦੁਹਰਾਉਂਦੇ ਜਾਂਦੇ । ਸਾਰਾ ਦਿਨ ਪਾਦਰੀ ਜਾਨ ਮਾਰਦਾ ਰਿਹਾ , ਇੱਕ ਇੱਕ ਲਫਜ ਨੂੰ ਵੀਹ ਵੀਹ , ਤੀਹ ਤੀਹ , ਸੌ ਸੌ ਮਰਤਬਾ ਤੱਕ ਦੁਹਰਾਉਂਦਾ ਰਿਹਾ , ਅਤੇ ਬੁਢੇ … ਇਸਦੇ ਪਿੱਛੇ ਪਿੱਛੇ ਦੁਹਰਾਉਂਦੇ ਰਹੇ । ਉਹ ਗਲਤੀ ਕਰਦੇ , ਉਹ ਸਹੀ ਕਰਦਾ , ਅਤੇ ਫਿਰ ਸ਼ੁਰੂ ਤੋਂ ਸ਼ੁਰੂ ਕਰਾ ਦਿੰਦਾ ।
ਪਾਦਰੀ ਉਥੇ ਹੀ ਰਿਹਾ , ਯਦ ਤੱਕ ਕਿ ਉਸ ਨੇ ਉਨ੍ਹਾਂ ਨੂੰ ਪੂਰੀ ਦੁਆ ਜਬਾਨੀ ਯਾਦ ਨਾ ਕਰਵਾ ਦਿੱਤੀ , ਉਹ ਨਾ ਸਿਰਫ ਉਸਦੇ ਪਿੱਛੇ ਦੁਹਰਾਉਣ ਜੋਗੇ ਹੋ ਗਏ ਸਗੋਂ ਉਸਦੇ ਬਗੈਰ ਵੀ ਪੂਰੀ ਦੁਆ ਉਨ੍ਹਾਂ ਨੂੰ ਯਾਦ ਹੋ ਗਈ ।
ਦਰਮਿਆਨ ਵਾਲੇ ਨੇ ਸਭ ਤੋਂ ਪਹਿਲਾਂ ਦੁਆ ਯਾਦ ਕਰਕੇ ਜਬਾਨੀ ਸੁਣਾਈ । ਪਾਦਰੀ ਦੇ ਕਹਿਣ ਉੱਤੇ ਉਸ ਨੇ ਦੂਸਰਿਆਂ ਦੀ ਵਾਰ ਵਾਰ ਦੁਹਰਾਈ ਕਰਵਾਈ , ਆਖ਼ਿਰਕਾਰ ਦੂਸਰਿਆਂ ਨੂੰ ਵੀ ਦੁਆ ਚੇਤੇ ਹੋ ਗਈ ।
ਅੰਧਕਾਰ ਛਾ ਰਿਹਾ ਸੀ , ਅਤੇ ਪਾਣੀਆਂ ਦੇ ਪਿੱਛਿਉਂ ਚੰਨ ਚੜ੍ਹ ਰਿਹਾ ਸੀ , ਤੱਦ ਪਾਦਰੀ ਜਹਾਜ਼ ਉੱਤੇ ਵਾਪਸ ਜਾਣ ਲਈ ਉਠ ਖੜਾ ਹੋਇਆ । ਉਸ ਨੇ ਬੁੱਢਿਆਂ ਤੋਂ ਜਾਣ ਦੀ ਇਜਾਜਤ ਮੰਗੀ , ਉਹ ਸਾਰੇ ਉਸਦੇ ਸਾਹਮਣੇ ਆਦਰ ਨਾਲ ਝੁਕ ਗਏ । ਉਸ ਨੇ ਉਨ੍ਹਾਂ ਨੂੰ ਉਠਾਇਆ , ਅਤੇ ਇੱਕ ਇੱਕ ਨੂੰ ਚੁੰਮਿਆ , ਅਤੇ ਉਨ੍ਹਾਂ ਨੂੰ ਉਸਦੇ ਦੱਸੇ ਹੋਏ ਤਰੀਕੇ ਉੱਤੇ ਇਬਾਦਤ ਕਰਨ ਦੀ ਹਿਦਾਇਤ ਕੀਤੀ ।
ਕਿਸ਼ਤੀ ਵਿੱਚ ਬੈਠ ਕੇ ਵਾਪਸ ਜਾਂਦੇ ਹੋਏ ਉਸਨੂੰ ਬੁੱਢਿਆਂ ਦੀਆਂ ਆਵਾਜਾਂ ਆ ਰਹੀਆਂ ਸਨ , ਉਹ ਉੱਚੀ ਉੱਚੀ ਦੁਆ ਪੜ੍ਹ ਰਹੇ ਸਨ । ਜਿਵੇਂ ਜਿਵੇਂ ਕਿਸ਼ਤੀ ਜਹਾਜ਼ ਦੇ ਨਜ਼ਦੀਕ ਹੁੰਦੀ ਗਈ , ਉਨ੍ਹਾਂ ਦੀ ਆਵਾਜਾਂ ਮੱਧਮ ਹੁੰਦੀਆਂ ਚੱਲੀਆਂ ਗਈਆਂ , ਲੇਕਿਨ ਚੰਨ ਦੀ ਚਾਂਦਨੀ ਵਿੱਚ ਉਨ੍ਹਾਂ ਦੇ ਝਹੁਲੇ ਫਿਰ ਵੀ ਵਿਖਾਈ
ਦੇ ਰਹੇ ਸਨ , ਜਿੱਥੇ ਉਹ ਉਨ੍ਹਾਂ ਨੂੰ ਛੱਡਕੇ ਆਇਆ ਸੀ ਉਸੀ ਜਗ੍ਹਾ ਉੱਤੇ ਖੜੇ ਸਭ ਤੋਂ ਛੋਟਾ ਦਰਮਿਆਨ ਵਿੱਚ , ਬਹੁਤ ਸੱਜੇ , ਅਤੇ ਦਰਮਿਆਨਾ ਵਾਲਾ ਖੱਬੇ । ਪਾਦਰੀ ਦੇ ਜਹਾਜ਼ ਉੱਤੇ ਪੁੱਜਦੇ ਹੀ ਲੰਗਰ ਉਠਾ ਕੇ ਬਾਦਬਾਨ ਖੋਲ ਦਿੱਤੇ ਗਏ । ਹਵਾ ਨੇ ਬਾਦਬਾਨਾਂ ਨੂੰ ਭਰ ਦਿੱਤਾ , ਅਤੇ ਜਹਾਜ਼ ਟਾਪੂ ਤੋਂ
ਦੂਰ ਧੱਕੇ ਜਾਣ ਲਗਾ । ਪਾਦਰੀ ਡੈੱਕ ਉੱਤੇ ਇੱਕ ਜਗ੍ਹਾ ਬੈਠ ਗਿਆ ਅਤੇ ਉਸ ਟਾਪੂ ਦੀ ਤਰਫ਼ ਦੇਖਣ ਲੱਗ ਪਿਆ ਜਿਸਨੂੰ ਉਹ ਪਿੱਛੇ ਛੱਡ ਆਇਆ ਸੀ । ਥੋੜ੍ਹੀ ਦੇਰ ਤੱਕ ਦਰਵੇਸ਼ ਨਜ਼ਰ ਆਉਂਦੇ ਰਹੇ , ਲੇਕਿਨ ਫਿਰ ਉਹ ਨਜ਼ਰ ਤੋਂ ਓਝਲ ਹੋ ਗਏ , ਟਾਪੂ ਬਹਰਹਾਲ ਨਜ਼ਰ ਆਉਂਦਾ ਰਿਹਾ । ਆਖਿਰਕਾਰ ਉਹ ਵੀ ਗਾਇਬ ਹੋ ਗਿਆ , ਨਜ਼ਰ ਦੇ ਅੱਗੇ ਸਮੁੰਦਰ ਹੀ ਸਮੁੰਦਰ ਰਹਿ ਗਿਆ … ਚਾਂਦਨੀ ਵਿੱਚ ਕਰਵਟਾਂ ਲੈਂਦਾ ਸਮੁੰਦਰ ।
ਯਾਤਰੀ ਸੌਂ ਗਏ , ਡੈੱਕ ਉੱਤੇ ਖ਼ਾਮੋਸ਼ੀ ਛਾ ਗਈ । ਪਾਦਰੀ ਸੌਣਾ ਨਹੀਂ ਚਾਹੁੰਦਾ ਸੀ , ਲੇਕਿਨ ਡੈੱਕ ਉੱਤੇ ਇਕੱਲਾ ਹੀ ਬੈਠਾ ਰਿਹਾ , ਅਤੇ ਸਮੁੰਦਰ ਵਿੱਚ ਉਸ ਸੇਧ ਵੇਖਦਾ ਰਿਹਾ ਜਿੱਥੇ ਹੁਣ ਟਾਪੂ ਨਜ਼ਰ ਨਹੀਂ ਆ ਰਿਹਾ ਸੀ , ਭਲੇਮਾਣਸ ਦਰਵੇਸ਼ਾਂ ਦੇ ਬਾਰੇ ਸੋਚਦੇ ਹੋਏ । ਉਸ ਨੇ ਸੋਚਿਆ ਕਿ ਉਹ ਲੋਕ ਦੁਆ ਯਾਦ ਕਰਕੇ ਕਿੰਨੇ ਖ਼ੁਸ਼ ਹੋਏ ਸਨ ; ਅਤੇ ਖ਼ੁਦਾ ਦਾ ਸ਼ੁਕਰ ਅਦਾ ਕੀਤਾ ਕਿ ਉਸ ਨੇ ਉਸਨੂੰ ਇੰਨੇ ਖ਼ੁਦਾ ਪਰਸਤ ਲੋਕਾਂ ਨੂੰ ਕੁੱਝ ਸਿਖਾਣ ਅਤੇ ਉਨ੍ਹਾਂ ਦੀ ਮਦਦ ਕਰਨ ਦਾ ਮੌਕ਼ਾ ਦਿੱਤਾ ।
ਬਸ ਜੀ ਪਾਦਰੀ ਬੈਠਾ ਰਿਹਾ , ਸੋਚਦਾ ਰਿਹਾ ਅਤੇ ਸਮੁੰਦਰ ਦੀ ਤਰਫ਼ ਵੇਖਦਾ ਰਿਹਾ ਜਿੱਥੇ ਟਾਪੂ ਓਝਲ ਹੋਇਆ ਸੀ । ਚਾਂਦਨੀ ਉਸਦੀ ਨਜਰਾਂ ਦੇ ਸਾਹਮਣੇ ਟਿਮਟਿਮਾਉਂਦੀ ਰਹੀ , ਜਲਹਮਲਾਤੀ ਰਹੀ , ਹੁਣੇ ਇੱਥੇ ਹੁਣੇ ਉੱਥੇ ਲਹਿਰਾਂ ਦੇ ਦੋਸ਼ ਉੱਤੇ ।
ਅਚਾਨਕ ਉਸਨੂੰ ਕੋਈ ਸਫੈਦ ਅਤੇ ਚਮਕਦੀ ਹੋਈ ਚੀਜ਼ ਵਿਖਾਈ ਦਿੱਤੀ , ਸਮੁੰਦਰ ਉੱਤੇ ਫੈਲੀ ਚਾਂਦਨੀ ਵਿੱਚ । ਪਤਾ ਨਹੀਂ ਕੋਈ ਬਗਲਾ ਸੀ , ਜਾਂ ਕਿਸੇ ਕਿਸ਼ਤੀ ਦਾ ਛੋਟਾ ਜਿਹਾ ਚਮਕਦਾਰ ਬਾਦਬਾਨ ? ਪਾਦਰੀ ਨੇ ਸੋਚਦੇ ਸੋਚਦੇ ਉਸ ਉੱਤੇ ਨਜ਼ਰ ਟਿਕਾ ਦਿੱਤੀ ।
ਇਹ ਕੋਈ ਕਿਸ਼ਤੀ ਹੀ ਲੱਗਦੀ ਹੈ , ਜੋ ਸਾਡੇ ਪਿੱਛੇ ਪਿੱਛੇ ਚੱਲੀ ਆ ਰਹੀ ਹੈ । ਲੇਕਿਨ ਕ਼ਰੀਬ ਵੱਡੀ ਤੇਜ਼ੀ ਨਾਲ ਆ ਰਹੀ ਹੈ । ਹੁਣੇ ਕੁਝ ਪਲ ਪਹਿਲਾਂ ਤਾਂ ਬਹੁਤ ਦੂਰ ਸੀ , ਲੇਕਿਨ ਹੁਣ ਬਹੁਤ ਨਜ਼ਦੀਕ । ਕਿਸ਼ਤੀ ਤਾਂ ਨਹੀਂ ਹੋ ਸਕਦੀ , ਕਿਉਂਕਿ ਬਾਦਬਾਨ ਕੋਈ ਨਹੀਂ ਨਜ਼ਰ ਆ ਰਿਹਾ । ਖੈਰ ਜੋ ਕੁੱਝ ਵੀ ਹੈ , ਸਾਡਾ ਪਿੱਛਾ ਕਰ ਰਿਹਾ ਹੈ ਅਤੇ ਅਸੀਂ ਤੱਕ ਪੁੱਜਣ ਹੀ ਵਾਲਾ ਹੈ ।
ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਆਖਿਰ ਚੀਜ਼ ਸੀ ਕੀ ? ਕਿਸ਼ਤੀ ਨਹੀਂ ਹੈ , ਪਰਿੰਦਾ ਨਹੀਂ ਹੈ , ਮੱਛੀ ਵੀ ਨਹੀਂ ਹੈ । ਆਦਮੀ ਤੋਂ ਤਾਂ ਉਹ ਬਹੁਤ ਹੀ ਵੱਡੀ ਚੀਜ਼ ਸੀ , ਅਤੇ ਉਂਜ ਵੀ ਬੰਦਾ ਸਮੁੰਦਰ ਦੇ ਵਿੱਚੋ ਵਿੱਚ ਤਾਂ ਆ ਹੀ ਨਹੀਂ ਸਕਦਾ । ਪਾਦਰੀ ਉੱਠਿਆ , ਅਤੇ ਮਲਾਹ ਨੂੰ ਬੋਲਿਆ:
“ਔਹ ਵੇਖੋ ਯਾਰ , ਉਹ ਪਤਾ ਨਹੀਂ ਕੀ ਚੀਜ਼ ਹੈ ? ਪਤਾ ਨਹੀਂ ਕੀ ਚੀਜ਼ ਹੈ ? ” ਪਾਦਰੀ ਨੇ ਕਹਿਣ ਲੱਗਾ , ਹਾਲਾਂਕਿ ਹੁਣ ਉਸਨੂੰ ਸਾਫ਼ ਵਿਖਾਈ ਦੇ ਰਿਹਾ ਸੀ ਕਿ ਕੀ ਚੀਜ਼ ਹੈ …
ਪਾਣੀ ਉੱਤੇ ਭੱਜੇ ਚਲੇ ਆਉਂਦੇ ਹੋਏ , ਤਿੰਨੋਂ ਦਰਵੇਸ਼ , ਨਿਰੇ ਚਿੱਟੇ ਸਫੈਦ , ਉਨ੍ਹਾਂ ਦੀਆਂ ਭੂਰੀਆਂ ਦਾੜ੍ਹੀਆਂ ਚਮਕ ਰਹੀਆਂ ਸਨ , ਅਤੇ ਉਹ ਇੰਨੀ ਤੇਜ਼ੀ ਨਾਲ ਜਹਾਜ਼ ਦੇ ਕ਼ਰੀਬ ਆ ਰਹੇ ਸਨ ਜਿਵੇਂ ਕਿ ਜਹਾਜ਼ ਰੁਕਿਆ ਹੋਇਆ ਹੋਵੇ ।
ਇਸ ਉੱਤੇ ਨਜ਼ਰ ਪੈਂਦੇ ਹੀ ਪਤਵਾਰ ਉੱਤੇ ਬੈਠੇ ਮਲਾਹ ਨੇ ਖੌਫ ਦੇ ਮਾਰੇ ਪਤਵਾਰ ਛੱਡ ਦਿੱਤਾ ।
ਓਹ ਮੇਰੇ ਖ਼ੁਦਾ ! ਦਰਵੇਸ਼ ਸਾਡੇ ਪਿੱਛੇ ਪਾਣੀ ਉੱਤੇ ਅਜਿਹੇ ਭੱਜੇ ਚਲੇ ਆ ਰਹੇ ਹਨ ਜਿਵੇਂ ਖੁਸ਼ਕ ਜ਼ਮੀਨ ਉੱਤੇ ਭੱਜ ਰਹੇ ਹੋਣ ।
ਦੂਜੇ ਮੁਸਾਫ਼ਰ ਉਸਦੀ ਇਹ ਗੱਲ ਸੁਣਦੇ ਹੀ ਉਠ ਖੜੇ ਹੋਏ , ਅਤੇ ਜਹਾਜ਼ ਦੇ ਕੰਢੇ ਉਨ੍ਹਾਂ ਦਾ ਮਜਮਾ ਲੱਗ ਗਿਆ । ਉਨ੍ਹਾਂ ਨੇ ਵੇਖਿਆ ਕਿ ਦਰਵੇਸ਼ ਹੱਥਾਂ ਵਿੱਚ ਹੱਥ ਪਾਈਂ ਉਨ੍ਹਾਂ ਦੀ ਤਰਫ਼ ਚਲੇ ਆ ਰਹੇ ਹਨ , ਸੱਜੇ ਖੱਬੇ ਵਾਲੇ ਦਰਵੇਸ਼ ਜਹਾਜ਼ ਨੂੰ ਰੁਕਣ ਲਈ ਇਸ਼ਾਰੇ ਕਰ ਰਹੇ ਸਨ । ਪਾਣੀ ਦੇ ਉੱਤੇ ਤਿੰਨੋਂ ਬਿਨਾਂ ਪੈਰ ਹਿਲਾਏ ਹੱਥਾਂ ਵਿੱਚ ਹੱਥ ਪਾਈਂ ਚਲੇ ਆ ਰਹੇ ਸਨ । ਜਹਾਜ਼ ਦੇ ਰੁਕਣ ਤੋਂ ਪਹਿਲਾਂ ਦਰਵੇਸ਼ ਉਸ ਤੱਕ ਆਣ ਪੁੱਜੇ , ਸਿਰ ਝੁਕਾਈ ਤਿੰਨੋਂ ਇੱਕ ਆਵਾਜ ਕਹਿਣ ਲੱਗੇ
“ਅੱਲ੍ਹਾ ਦੇ ਬੰਦੇ , ਸਾਨੂੰ ਤੁਹਾਡੀ ਦੱਸੀਆਂ ਹੋਈਆਂ ਸਿਖਿਆਵਾਂ ਭੁੱਲ ਗਈਆਂ ਹਨ । ਜਿੰਨੀ ਦੇਰ ਅਸੀਂ ਦੁਹਰਾਉਂਦੇ ਰਹੇ , ਸਾਨੂੰ ਯਾਰ ਰਹੀਆਂ , ਲੇਕਿਨ ਜਿਉਂ ਹੀ ਅਸਾਂ ਜਰਾ ਦੁਹਰਾਈ ਰੋਕੀ ਇੱਕ ਹਰਫ ਭੁੱਲ ਗਿਆ । ਅਤੇ ਹੁਣ ਹਰਫ ਹਰਫ ਕਰਕੇ ਸਾਰੀ ਦੁਆ ਹੀ ਭੁੱਲ ਗਈ ਹੈ । ਸਾਨੂੰ ਕੁੱਝ ਯਾਦ ਨਹੀਂ ਰਿਹਾ । ਸਾਨੂੰ ਦੁਬਾਰਾ ਸਿਖਾ ਦੋ ।
ਪਾਦਰੀ ਨੇ ਸੀਨੇ ਉੱਤੇ ਸਲੀਬ ਬਣਾਈ , ਅਤੇ ਜਹਾਜ਼ ਦੇ ਕੰਢੇ ਉੱਤੇ ਝੁਕ ਕੇ ਬੋਲਿਆ
“ ਅੱਲ੍ਹਾ ਦੇ ਬੰਦਿਉ , ਤੁਹਾਡੀ ਖ਼ੁਦ ਦੀ ਦੁਆ ਖ਼ੁਦਾ ਨੂੰ ਪਹੁੰਚ ਜਾਵੇਗੀ , ਮੈਂ ਤੈਨੂੰ ਕੁੱਝ ਨਹੀਂ ਪੜ੍ਹਾ ਸਕਦਾ , ਬਸ ਅਸੀਂ ਗੁਨਹਗਾਰਾਂ ਲਈ ਦੁਆ ਕਰ ਦੇਣਾ ।
ਫਿਰ ਪਾਦਰੀ ਉਨ੍ਹਾਂ ਬੁੱਢਿਆਂ ਦੇ ਸਾਹਮਣੇ ਬਹੁਤ ਅਦਬ ਨਾਲ ਝੁਕ ਗਿਆ , ਉਹ ਮੁੜੇ ਅਤੇ ਸਮੁੰਦਰ ਉੱਤੇ ਉੱਡਦੇ ਹੋਏ ਨਿਗਾਹਾਂ ਤੋਂ ਓਝਲ ਹੋ ਗਏ । ਜਿਸ ਜਗ੍ਹਾ ਉਹ ਨਜਰਾਂ ਤੋਂ ਓਝਲ ਹੋਏ ਸਨ ਇੱਕ ਨੂਰ ਸਹਰ ਹੋ ਜਾਣ ਤੱਕ ਉਸ ਜਗ੍ਹਾ ਲਸ਼ਕਾਰੇ ਮਾਰਦਾ ਰਿਹਾ ।

ਛੱਬੀ ਆਦਮੀ ਅਤੇ ਇੱਕ ਕੁੜੀ(ਕਹਾਣੀ)-ਮੈਕਸਿਮ ਗੋਰਕੀ

August 10, 2012 by

ਅਸੀਂ ਗਿਣਤੀ ਵਿੱਚ ਛੱਬੀ ਸਾਂ ।ਛੱਬੀ ਜਿਉਂਦੀਆਂ ਮਸ਼ੀਨਾਂ ਇੱਕ ਮਕਾਨ ਵਿੱਚ ਕੈਦ ਜਿਥੇ ਅਸੀਂ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਬਿਸਕੁਟਾਂ ਦੇ ਲਈ ਮੈਦਾ ਤਿਆਰ ਕਰਦੇ।

ਸਾਡੀ ਜੇਲ ਨੁਮਾ ਕੋਠੜੀ ਦੀ ਖਿੜਕੀ ਇੱਟਾਂ ਅਤੇ ਕੂੜਾ ਕਰਕਟ ਨਾਲ ਭਰੀ ਹੋਈ ਖਾਈ ਵੱਲ ਖੁਲਦੀ ਸੀ। ਖਿੜਕੀ ਨੂੰ ਲੋਹੇ ਦੀਆਂ ਸਲਾਖਾਂ ਲੱਗੀਆਂ ਹੋਈਆਂ ਸਨ ਅਤੇ ਸ਼ੀਸ਼ੇ ਮਿੱਟੀ ਘੱਟੇ ਨਾਲ ਅੱਟੇ ਹੋਏ ਸਨ ਇਸ ਲਈ ਸੂਰਜ ਦੀ ਰੌਸ਼ਨੀ ਸਾਡੇ ਤੱਕ ਨਾ ਪਹੁੰਚ ਸਕਦੀ।
ਸਾਡੇ ਮਾਲਕ ਨੇ ਖਿੜਕੀ ਦਾ ਸਾਹਮਣੇ ਵਾਲਾ ਹਿੱਸਾ ਇਸ ਲਈ ਬੰਦ ਕਰਵਾ ਦਿੱਤਾ ਸੀ ਕਿ ਸਾਡੇ ਹੱਥ ਉਸ ਦੀ ਰੋਟੀ ਵਿੱਚੋਂ ਇੱਕ ਬੁਰਕੀ ਵੀ ਗ਼ਰੀਬਾਂ ਨੂੰ ਦੇਣ ਦੇ ਲਈ ਬਾਹਰ ਨਾ ਨਿਕਲ ਸਕਣ ਜਾਂ ਅਸੀਂ ਉਨ੍ਹਾਂ ਭਾਈਆਂ ਦੀ ਮਦਦ ਨਾ ਕਰ ਸਕੀਏ ਜੋ ਕੰਮ ਦੀ ਕਿੱਲਤ ਦੀ ਵਜ੍ਹਾ ਨਾਲ ਫ਼ਾਕਾਕਸ਼ੀ ਵਿੱਚੋਂ ਗੁਜਰ ਰਹੇ ਸਨ।
ਸਾਡਾ ਮਾਲਿਕ ਸਾਨੂੰ ਬਦਮਾਸ ਗੁੰਡੇ .. ਵਗੈਰਾ ਸ਼ਬਦਾਂ ਨਾਲ ਪੁਕਾਰਦਾ ਅਤੇ ਖਾਣ ਦੇ ਲਈ ਗੋਸ਼ਤ ਦੀ ਬਜਾਏ ਅੰਤੜੀਆਂ ਦਿੰਦਾ।
ਉਸ ਭਾਰੀ ਜੇਲ ਦੀ ਛੱਤ ਥੱਲੇ ਜੋ ਧੂੰਏਂ ਦੀ ਸਿਆਹੀ ਅਤੇ ਮਕੜੀਆਂ ਦੇ ਜਾਲੇ ਨਾਲ ਭਰੀ ਪਈ ਸੀ ਅਸੀਂ ਬੇਹੱਦ ਤਕਲੀਫ਼ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਾਂ ।ਉਸ ਚਾਰ ਦੀਵਾਰੀ ਵਿੱਚ ਜੋ ਚਿੱਕੜ ਅਤੇ ਮੈਦੇ ਦੇ ਖ਼ਮੀਰ ਨਾਲ ਅੱਟੀ ਹੋਈ ਸੀ ਸਾਡੀ ਜ਼ਿੰਦਗੀ ਗ਼ਮ ਤੇ ਫਿਕਰ ਨਾਲ ਭਰੀ ਜ਼ਿੰਦਗੀ ਸੀ…. ਪੂਰੀ ਨੀਂਦ ਅਤੇ ਆਰਾਮ ਕੀਤੇ ਬਗ਼ੈਰ ਅਸੀਂ ਹਰ ਦਿਨ ਸਵੇਰੇ ਪੰਜ ਬਜੇ ਜਾਗ ਸੁਤ ਨੀਂਦਰੇ ਦੀ ਹਾਲਤ ਵਿੱਚ ਹੀ ਉਸ ਮੈਦੇ ਨਾਲ ਬਿਸਕੁਟ ਤਿਆਰ ਕਰਨ ਲੱਗ ਜਾਂਦੇ ਜੋ ਸਾਡੇ ਸੌਣ ਵਕਤ ਤਿਆਰ ਕੀਤਾ ਗਿਆ ਹੁੰਦਾ।ਇਸ ਤਰ੍ਹਾਂ ਸਵੇਰੇ ਤੋਂ ਲੈ ਕੇ ਰਾਤ ਦੇ ਦਸ ਬਜੇ ਤੱਕ ਸਾਡੇ ਵਿੱਚੋਂ ਕੁਛ ਤਾਂ ਬਿਸਕੁਟਾਂ ਦੇ ਲਈ ਖ਼ਮੀਰ ਤਿਆਰ ਕਰਦੇ ਅਤੇ ਕੁਛ ਮੈਦਾ ਗੁੰਨ੍ਹਦੇ ।ਸਾਰਾ ਦਿਨ ਹੀ ਉਬਲਦੇ ਹੋਏ ਪਾਣੀ ਦੀ ਆਵਾਜ਼ ਅਤੇ ਭੱਠੀ ਵਿੱਚ ਨਾਨਬਾਈ ਦੇ ਖੁਰਚਨੇ ਦਾ ਸ਼ੋਰ ਸਾਡੇ ਕੰਨਾਂ ਵਿੱਚ ਗੂੰਜਦਾ ਰਹਿੰਦਾ।
ਸਵੇਰੇ ਤੋਂ ਲੈ ਕੇ ਸ਼ਾਮ ਤੱਕ ਭੱਠੀ ਅਗਨ ਕੁੰਡ ਦੀ ਤਰ੍ਹਾਂ ਦਹਿਕਦੀ ਰਹਿੰਦੀ ਜਿਸ ਦੀ ਸੁਰਖ਼ ਰੌਸ਼ਨੀ ਦਾ ਅਕਸ ਦੀਵਾਰ ਤੇ ਇਸ ਤਰ੍ਹਾਂ ਨਾਚ ਕਰਦਾ ਲੱਗਦਾ ਜਿਵੇਂ ਉਹ ਸਾਨੂੰ ਬਦ ਨਸੀਬਾਂ ਨੂੰ ਦੇਖ ਕੇ ਮੂਕ ਹਾਸੀ ਹੱਸ ਰਿਹਾ ਹੋਵੇ।
ਉਹ ਬੜੀ ਭੱਠੀ ਕਿਸੇ ਦਿਉ ਦੇ ਬਦਸੂਰਤ ਸਿਰ ਦੇ ਸਮਰੂਪ ਸੀ ਜੋ ਆਪਣੇ ਬੜੇ ਹਲ਼ਕ ਵਿੱਚੋਂ ਅੱਗ ਉਗਲ ਰਿਹਾ ਹੋਵੇ ; ਸਾਡੇ ਤੇ ਜਹੰਨਮ ਦੀ ਝੁਲਸਾ ਦੇਣ ਵਾਲੀ ਗਰਮੀ ਭਰੇ ਸਾਹ ਛੱਡ ਰਿਹਾ ਹੋਵੇ ਅਤੇ ਸਾਡੇ ਅਮੁੱਕ ਕੰਮ ਦਾ ਆਪਣੀਆਂ ਦੋ ਸਿਆਹ ਨਾਸਾਂ ਰਾਹੀਂ ਅਧਿਅਨ ਕਰ ਰਿਹਾ ਹੋਵੇ। ਇਹ ਦੋ ਡੂੰਘੇ ਸੁਰਾਖ਼ ਅੱਖਾਂ ਦੇ ਸਮਰੂਪ ਸਨ…. ਅੱਖਾਂ ਜੋ ਕਿਸੇ ਦਿਓ ਦੀਆਂ ਅੱਖਾਂ ਦੀ ਤਰ੍ਹਾਂ ਹਮਦਰਦੀ ਅਤੇ ਰਹਿਮ ਦਿਲੀ ਦੇ ਜਜ਼ਬੇ ਤੋਂ ਖਾਲੀ ਹੋਣ । ਇਹ ਸਾਨੂੰ ਹਮੇਸ਼ਾ ਰੁੱਖੀਆਂ ਨਜ਼ਰਾਂ ਨਾਲ ਦੇਖਦੀਆਂ, ਜਿਵੇਂ ਉਹ ਆਪਣੇ ਗੁਲਾਮਾਂ ਨੂੰ ਦੇਖਦੇ ਦੇਖਦੇ ਤੰਗ ਆ ਗਈਆਂ ਹੋਣ ਅਤੇ ਇਸ ਗੱਲ ਦੀ ਤਵੱਕੋ ਛੱਡ ਦਿੱਤੀ ਹੋਵੇ ਕਿ ਉਹ ਵੀ ਆਦਮ ਜਾਤ ਵਿੱਚੋਂ ਹਨ। ਅਸੀਂ ਹਰ ਦਿਨ ਬਰਦਾਸ਼ਤ ਤੋਂ ਪਰੇ ਮਿੱਟੀ ਘੱਟੇ ਅਤੇ ਝੁਲਸਾ ਦੇਣ ਵਾਲੀ ਭਾਫ ਦੇ ਦਰਮਿਆਨ ਆਪਣੇ ਹੀ ਪਸੀਨੇ ਨਾਲ ਤਰ ਕੀਤਾ ਮੈਦਾ ਗੁੰਨ੍ਹਦੇ ਅਤੇ ਬਿਸਕੁਟ ਤਿਆਰ ਕਰਦੇ। ਸਾਨੂੰ ਉਸ ਕੰਮ ਨਾਲ ਸਖ਼ਤ ਨਫ਼ਰਤ ਸੀ ਅਤੇ ਇਹੀ ਵਜ੍ਹਾ ਸੀ ਕਿ ਅਸੀਂ ਤਿਆਰ ਕੀਤੇ ਬਿਸਕੁਟਾਂ ਨਾਲੋਂ ਸਿਆਹ ਕਾਲੀ ਰੋਟੀ ਨੂੰ ਤਰਜੀਹ ਦਿੰਦੇ ਸਾਂ।ਅਸੀਂ ਇੱਕ ਲੰਮੇ ਮੇਜ ਦੇ ਆਹਮੋ ਸਾਹਮਣੇ ਬੈਠੇ ਹੁੰਦੇ ਅਤੇ ਦਿਨਭਰ ਦੇ ਕੰਮ ਨਾਲ ਸਾਡੇ ਅੰਗ ਮਸ਼ੀਨਾਂ ਦੀ ਤਰ੍ਹਾਂ ਖ਼ੁਦ ਬਖ਼ੁਦ ਕੰਮ ਕਰਨ ਦੇ ਆਦੀ ਹੋ ਗਏ ਸਨ ਅਤੇ ਅਖੀਰ ਉਨ੍ਹਾਂ ਦੀ ਹਰਕਤ ਦਿਲੋ ਦਿਮਾਗ਼ ਲਈ ਬੇਗਾਨੀ ਹੋ ਗਈ ਸੀ। ਕੰਮ ਦੇ ਦੌਰਾਨ ਅਸੀਂ ਇੱਕ ਦੂਸਰੇ ਨਾਲ ਬਿਲਕੁਲ ਹਮ ਕਲਾਮ ਨਾ ਹੁੰਦੇ ਕਿਉਂਕਿ ਸਾਡੇ ਪਾਸ ਚਰਚਾ ਦੇ ਲਈ ਕੋਈ ਵਿਸ਼ਾ ਹੀ ਨਹੀਂ ਸੀ।ਬਸ ਅਸੀਂ ਇੱਕ ਦੂਜੇ ਨੂੰ ਦੇਖਦੇ ਰਹਿੰਦੇ ਤੇ ਅਸੀਂ ਇੱਕ ਦੂਜੇ ਦੀ ਇੱਕ ਇੱਕ ਝੁਰੜੀ ਦੇ ਵਾਕਫ ਹੋ ਗਏ ਸਾਂ । ਇਸ ਤਰ੍ਹਾਂ ਸਾਡਾ ਸਾਰਾ ਵਕਤ ਚੁੱਪ ਵਿੱਚ ਗੁਜ਼ਰਦਾ, ਬਸ਼ਰਤੇ ਕਿ ਸਾਡੇ ਵਿੱਚੋਂ ਕੋਈ ਕਿਸੇ ਨਾਲ ਲੜ ਨਾ ਪੈਂਦਾ। ਮਗਰ ਲੜਨ ਦਾ ਬਹੁਤ ਘੱਟ ਮੌਕਾ ਆਉਂਦਾ। ਅਤੇ ਆਉਂਦਾ ਵੀ ਕਿਵੇਂ ਸਾਥੀ ਹੀ ਤਾਂ ਸੀ ?ਇੱਕ ਦੂਜੇ ਦੇ ਨੁਕਸ ਵੀ ਨਹੀਂ ਕਢਦੇ ਸੀ ।ਸਾਡੀ ਏਨੀ ਹੈਸੀਅਤ ਹੀ ਕਿਥੇ ਸੀ। ਜਦੋਂ ਕਿ ਇਨਸਾਨ ਇਨਸਾਨ ਨਾ ਹੋ ਕੇ ਅਰਧ ਮੁਰਦਾ ਹੋਣ, ਬੁੱਤ ਦੀ ਭਾਂਤੀ । ਜਿਵੇਂ ਦਿਨ ਦੀ ਅਮੁੱਕ ਮਿਹਨਤ ਨਾਲ ਉਹ ਕੁੰਦ ਅਤੇ ਮੁਰਦਾ ਕਰ ਦਿੱਤੇ ਗਏ ਹੋਣ । ਚੁੱਪ ਉਨ੍ਹਾਂ ਬੰਦਿਆਂ ਦੇ ਲਈ ਜੋ ਸਭ ਕੁਛ ਕਹਿ ਚੁੱਕੇ ਹੋਣ ਅਤੇ ਕੁਛ ਕਹਿਣ ਦੇ ਲਈ ਬਾਕੀ ਨਾ ਰਖਦੇ ਹੋਣ, ਖ਼ੌਫ਼ਨਾਕ ਅਤੇ ਡਰਾਉਣੀ ਹੈ…. ਮਗਰ ਉਨ੍ਹਾਂ ਦੇ ਲਈ ਜੋ ਅਜੇ ਆਪਣੀ ਆਵਾਜ਼ ਤੋਂ ਹੀ ਅਜਨਬੀ ਹੋਣ, ਅਜੇ ਗੱਲਬਾਤ ਸ਼ੁਰੂ ਹੀ ਨਾ ਹੋਈ ਹੋਵੇ ਚੁੱਪ ਬਜਾਏ ਤਕਲੀਫ਼ ਦੇਹ ਹੋਣ ਦੇ ਆਸਾਨ ਅਤੇ ਰਾਹਤ ਭਰੀ ਹੁੰਦੀ ਹੈ।
ਇਸ ਚੁੱਪ ਨੂੰ ਕਦੇ ਕਦਾਈਂ ਸਾਡਾ ਰਾਗ ਤੋੜ ਦਿੰਦਾ….ਉਹ ਰਾਗ ਇਸ ਤਰ੍ਹਾਂ ਪ੍ਰਗਟ ਹੁੰਦਾ …. ਸਾਡੇ ਵਿੱਚੋਂ ਕਦੇ ਕਦੇ ਕੋਈ ਜਣਾ ਥੱਕੇ ਹੋਏ ਘੋੜੇ ਦੇ ਹਿਣਕਣ ਦੀ ਤਰ੍ਹਾਂ ਕੋਈ ਐਸਾ ਰਾਗ ਅਲਾਪਣਾ ਸ਼ੁਰੂ ਕਰ ਦਿੰਦਾ ਜੋ ਆਮ ਤੌਰ ਤੇ ਐਸੇ ਮੌਕਿਆਂ ਤੇ ਰੂਹ ਦੇ ਬੋਝ ਨੂੰ ਹਲ਼ਕਾ ਕਰਨ ਵਿੱਚ ਮਦਦ ਦਿੰਦਾ ਹੈ। ਪਹਿਲੇ ਪਹਿਲ ਤਾਂ ਉਸ ਉਦਾਸ ਰਾਗ ਵਿੱਚ ਕੋਈ ਸ਼ਾਮਿਲ ਨਾ ਹੁੰਦਾ। ਅਤੇ ਉਹ ਰਾਗ ਸਾਡੀ ਜੇਲ ਨੁਮਾ ਕੋਠੜੀ ਦੀ ਛੱਤ ਦੇ ਥੱਲੇ ਸਹਿਜੇ ਸਹਿਜੇ ਬੁਝ ਜਾਂਦਾ ਜਿਵੇਂ ਸਟੈਪੀ ਵਿੱਚ ਇੱਕ ਗਿੱਲੀ ਸਰਦ ਰਾਤ ਨੂੰ ਕੋਈ ਛੋਟੀ ਜਿਹੀ ਧੂਣੀ ਬੁਝ ਜਾਂਦੀ ਹੈ ਜਦੋਂ ਧਰਤੀ ਦੇ ਉਤੇ ਆਕਾਸ਼ ਦਾ ਭਾਰੀ ਪੁੰਜ ਲਟਕ ਰਿਹਾ ਹੁੰਦਾ ਹੈ । ਮਗਰ ਥੋੜੀ ਦੇਰ ਦੇ ਬਾਦ ਉਸ ਗਾਉਣ ਵਾਲੇ ਦੇ ਨਾਲ ਸਾਡੇ ਵਿੱਚੋਂ ਕੋਈ ਹੋਰ ਸ਼ਾਮਿਲ ਹੋ ਜਾਂਦਾ…. ਹੁਣ ਦੋ ਹੋਰ ਗ਼ਮਗ਼ੀਨ ਕੋਮਲ ਆਵਾਜਾਂ ਸਾਡੀ ਕਬਰ ਨੁਮਾ ਕੋਠੜੀ ਦੇ ਤੰਗ ਮਾਹੌਲ ਵਿੱਚ ਤੈਰਦੀਆਂ ਨਜ਼ਰ ਆਉਂਦੀਆਂ…. ਥੋੜੀ ਦੇਰ ਬਾਦ ਅਸੀਂ ਸਭ ਉਸ ਰਾਗ ਵਿੱਚ ਸ਼ਾਮਿਲ ਹੋ ਜਾਂਦੇ । ਹੁਣ ਬਹੁਤ ਸਾਰੀਆਂ ਆਵਾਜਾਂ ਜਮ੍ਹਾਂ ਹੋ ਕੇ ਸਮੁੰਦਰ ਦੀਆਂ ਲਹਿਰਾਂ ਦੀ ਤਰ੍ਹਾਂ ਭਾਰੀ ਪਿੰਜਰੇ ਦੀਆਂ ਕਾਲੀਆਂ ਦੀਵਾਰਾਂ ਨਾਲ ਟਕਰਾ ਟਕਰਾ ਕੇ ਗੂੰਜਣਾ ਸ਼ੁਰੂ ਕਰ ਦਿੰਦੀਆਂ । ਇਸ ਤਰ੍ਹਾਂ ਅਸੀਂ ਸਭ ਆਪਣਾ ਰਾਗ ਅਲਾਪਣ ਵਿੱਚ ਮਸਤ ਹੋ ਜਾਂਦੇ ।
ਸਾਡੇ ਬੁਲੰਦ ਰਾਗ ਦੇ ਸੁਰ ਜੋ ਕੋਠੜੀ ਵਿੱਚ ਆਜ਼ਾਦਾਨਾ ਤੌਰ ਤੇ ਸਮਾ ਨਹੀਂ ਸਕਦੇ ਸਨ ਪੱਥਰ ਦੀਆਂ ਕਾਲੀਆਂ ਦੀਵਾਰਾਂ ਦੇ ਨਾਲ ਟਕਰਾ ਟਕਰਾ ਕੇ ਆਹੋ ਜ਼ਾਰੀ, ਚੀਖ ਪੁਕਾਰ ਕਰਦੇ ਅਤੇ ਸਾਡੇ ਬੇਹਿਸ ਦਿਲਾਂ ਵਿੱਚ ਇੱਕ ਜਾਨ, ਇੱਕ ਮਿਠਾ ਜਿਹਾ ਦਰਦ ਪੈਦਾ ਕਰ ਦਿੰਦੇ ਜੋ ਪੁਰਾਣੇ ਜ਼ਖ਼ਮਾਂ ਨੂੰ ਫਿਰ ਹਰਾ ਕਰ ਦਿੰਦਾ ਅਤੇ ਇੱਕ ਨਵੀਂ ਚਾਹਤ ਦੇ ਲਈ ਸੁਚੇਤ ਕਰ ਦਿੰਦਾ।
ਆਮ ਤੌਰ ਤੇ ਗਾਉਣ ਵਾਲਾ ਸਰਦ ਆਹ ਭਰਦੇ ਹੋਏ ਆਪ ਗਾਉਣਾ ਬੰਦ ਕਰ ਦਿੰਦਾ ਅਤੇ ਅੱਖਾਂ ਮੀਚ ਆਪਣੇ ਸਾਥੀਆਂ ਦੇ ਰਾਗ ਨੂੰ ਚੁੱਪ ਚਾਪ ਸੁਣਦਾ। ਮਗਰ ਥੋੜੀ ਦੇਰ ਦੇ ਬਾਦ ਉਹ ਫਿਰ ਉਨ੍ਹਾਂ ਨਾਲ ਸ਼ਾਮਿਲ ਹੋ ਜਾਂਦਾ।
ਉਸ ਦੀਆਂ ਨਿਗਾਹਾਂ ਵਿੱਚ ਰਾਗ ਦੀ ਉਭਰਦੀ ਹੋਈ ਲਹਿਰ ਇੱਕ ਦੂਰ ਜਾਂਦੀ ਸੜਕ ਸੀ। ਦੂਰ ਬਹੁਤ ਦੂਰ ਇੱਕ ਖੁਲ੍ਹੀ ਚੌੜੀ ਸੜਕ ਸੂਰਜ ਦੀ ਰੌਸ਼ਨੀ ਨਾਲ ਚਮਕਦੀ ਜਿਸ ਤੇ ਉਹ ਆਪਣੇ ਖਿਆਲਾਂ ਵਿੱਚ ਜਾ ਰਿਹਾ ਹੁੰਦਾ …. ਇਸੇ ਦੌਰਾਨ ਅੱਗ ਦੇ ਸ਼ੋਅਲੇ, ਭੱਠੀ ਵਿੱਚੋਂ ਲਾਲ ਜੀਭਾਂ ਕੱਢ ਰਹੇ ਹੁੰਦੇ। ਨਾਨਬਾਈ ਦੀ ਲੋਹੇ ਦੀ ਸਲਾਖ਼ ਭੱਠੀ ਦੀਆਂ ਜ਼ਰਦ ਇੱਟਾਂ ਤੇ ਤੇਜ਼ ਆਵਾਜ਼ ਵਿੱਚ ਖੇਲ ਰਹੀ ਹੁੰਦੀ। ਉਬਲਦੇ ਹੋਏ ਪਾਣੀ ਦਾ ਸ਼ੋਰ ਨਿਰੰਤਰ ਜਾਰੀ ਰਹਿੰਦਾ ਅਤੇ ਸ਼ੋਹਲਿਆਂ ਦਾ ਅਕਸ ਦੀਵਾਰ ਤੇ ਨਚਦਾ ਮੂਕ ਹਾਸੀ ਹੱਸ ਰਿਹਾ ਹੁੰਦਾ।
ਅਤੇ ਅਸੀਂ ਕਿਸੇ ਗ਼ੈਰ ਦੇ ਲਫ਼ਜ਼ਾਂ ਵਿੱਚ ਉਨ੍ਹਾਂ ਇਨਸਾਨਾਂ ਦਾ ਦੁੱਖ ਦਰਦ ਬਿਆਨ ਕਰਨ ਵਿੱਚ ਰੁਝੇ ਹੁੰਦੇ ਜਿਨ੍ਹਾਂ ਕੋਲੋਂ ਸੂਰਜ ਦੀ ਰੌਸ਼ਨੀ ਖੋਹ ਲਈ ਗਈ ਹੋਵੇ, ਜੋ ਗ਼ੁਲਾਮ ਹੋਣ।
ਇਹ ਸੀ ਸਾਡੀ ਜ਼ਿੰਦਗੀ…. ਛੱਬੀ ਗੁਲਾਮਾਂ ਦੀ ਜ਼ਿੰਦਗੀ ਉਸ ਪਿੰਜਰੇ ਵਿੱਚ ਜਿਸ ਵਿੱਚ ਜ਼ਿੰਦਗੀ ਇਸ ਤਰ੍ਹਾਂ ਤਲਖ਼ ਬੀਤ ਰਹੀ ਸੀ ਕਿ ਲੱਗ ਰਿਹਾ ਸੀ ਜਿਵੇਂ ਇਸ ਵੱਡੀ ਇਮਾਰਤ ਦੀਆਂ ਤਿੰਨ ਮੰਜ਼ਲਾਂ ਸਾਡੇ ਮੌਰਾਂ ਤੇ ਉਸਾਰੀਆਂ ਗਈਆਂ ਹਨ।
ਗਾਉਣ ਦੇ ਇਲਾਵਾ ਸਾਡੇ ਪਾਸ ਇੱਕ ਹੋਰ ਰੁਝੇਵਾਂ ਸੀ ਜਿਸ ਦੀ ਸਾਡੀ ਨਜ਼ਰਾਂ ਵਿੱਚ ਵੈਸੀ ਹੀ ਕਦਰ ਸੀ ਜਿਵੇਂ ਸੂਰਜ ਦੀ ਦਿਲਫ਼ਰੇਬ ਧੁੱਪ ਦੀ।
ਸਾਡੇ ਮਕਾਨ ਦੀ ਦੂਸਰੀ ਮੰਜ਼ਿਲ ਵਿੱਚ ਜ਼ਰੀ ਦਾ ਕਾਰਖ਼ਾਨਾ ਸੀ ਜਿਸ ਵਿੱਚ ਬਹੁਤ ਲੜਕੀਆਂ ਮੁਲਾਜ਼ਮ ਸਨ। ਉਨ੍ਹਾਂ ਲੜਕੀਆਂ ਵਿੱਚ ਇੱਕ ਸੋਲ੍ਹਾਂ ਬਰਸ ਦੀ ਕੁੜੀ ਤਾਨੀਆ ਸੀ ਜੋ ਸਾਡੇ ਸਾਹਮਣੇ ਵਾਲੀ ਦੀਵਾਰ ਦੀ ਛੋਟੀ ਖਿੜਕੀ ਦੇ ਪਾਸ ਹਰ ਰੋਜ ਆਉਂਦੀ ਅਤੇ ਸਲਾਖਾਂ ਦੇ ਨਾਲ ਆਪਣਾ ਗੁਲਾਬ ਵਰਗਾ ਚਿਹਰਾ ਲਗਾ ਕੇ ਸੁਰੀਲੀ ਆਵਾਜ਼ ਵਿੱਚ ਪੁਕਾਰਦੀ:
“ਮਜ਼ਲੂਮ ਕੈਦੀਓ! ਮੈਨੂੰ ਥੋੜੇ ਜਿਹੇ ਬਿਸਕੁਟ ਦਿਉਗੇ”।
ਉਸ ਆਵਾਜ਼ ਨੂੰ ਸੁਣਦੇ ਹੀ ਅਸੀਂ ਸਭ ਖਿੜਕੀ ਦੇ ਪਾਸ ਦੌੜੇ ਚਲੇ ਜਾਂਦੇ ਅਤੇ ਉਸ ਖ਼ੂਬਸੂਰਤ ਅਤੇ ਮਾਸੂਮ ਚਿਹਰੇ ਵੱਲ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਦੇ। ਉਸ ਦੀ ਆਮਦ ਸਾਡੇ ਲਈ ਖ਼ੁਸ਼ਗਵਾਰ ਹੁੰਦੀ। ਉਸ ਦੀ ਤਿੱਖੀ ਨੱਕ ਨੂੰ ਖਿੜਕੀ ਦੇ ਸ਼ੀਸ਼ੇ ਦੇ ਨਾਲ ਚਿਮਟੇ ਹੋਏ ਅਤੇ ਅਧ ਮੀਟੇ ਮੁਸਕਰਾਉਂਦੇ ਸੁਰਖ਼ ਹੋਠਾਂ ਵਿੱਚ ਚਮਕਦੇ ਸਫੈਦ ਦੰਦਾਂ ਨੂੰ ਦੇਖਣ ਨਾਲ ਸਾਡੇ ਦਿਲ ਨੂੰ ਰਾਹਤ ਪਹੁੰਚਦੀ ਸੀ ਉਸ ਨੂੰ ਖਿੜਕੀ ਦੇ ਪਾਸ ਦੇਖ ਕੇ ਅਸੀਂ ਸਭ ਦਰਵਾਜ਼ੇ ਵੱਲ ਵਧਦੇ ਅਤੇ ਇੱਕ ਦੂਸਰੇ ਨੂੰ ਰੇਲਦੇ ਹੋਏ ਦਰਵਾਜ਼ਾ ਖੋਲ੍ਹ ਦਿੰਦੇ, ਦਰਵਾਜ਼ਾ ਖੁਲ੍ਹਣ ਤੇ ਉਹ ਅੰਦਰ ਆ ਜਾਂਦੀ। ਹਮੇਸ਼ਾ ਇਸੇ ਅੰਦਾਜ਼ ਨਾਲ ਮੁਸਕਰਾਉਂਦੀ ਹੋਈ, ਆਪਣਾ ਖ਼ੂਬਸੂਰਤ ਸਿਰ ਇੱਕ ਤਰਫ਼ ਲਟਕਾਈਂ ਜਿਸ ਨਾਲ ਭੂਰੇ ਵਾਲਾਂ ਦੀਆਂ ਖ਼ੂਬਸੂਰਤ ਮੀਢੀਆਂ ਅਜਬ ਦਿਲਕਸ਼ ਅੰਦਾਜ਼ ਵਿੱਚ ਉਸ ਦੀਆਂ ਛਾਤੀਆਂ ਤੇ ਲਟਕ ਰਹੀਆਂ ਹੁੰਦੀਆਂ।
ਅਸੀਂ ਗ਼ਲੀਜ਼, ਭੱਦੇ ਅਤੇ ਹਿਰਸੀ ਭਿਖਾਰੀਆਂ ਦੀ ਤਰ੍ਹਾਂ ਖੜੇ ਉਸ ਦੀ ਸ਼ਕਲ ਵੱਲ ਦੇਖਿਆ ਕਰਦੇ ਜੋ ਦਰਵਾਜ਼ੇ ਦੀ ਦਹਿਲੀਜ਼ ਤੇ ਖੜੀ ਹਲਕੇ ਹਲਕੇ ਮੁਸਕਰਾ ਰਹੀ ਹੁੰਦੀ। ਅਸੀਂ ਸਭ ਉਸ ਨੂੰ ਸ਼ੁਭ ਸਵੇਰ ਕਹਿੰਦੇ ਅਤੇ ਉਸ ਦੇ ਨਾਲ ਗੱਲਬਾਤ ਕਰਦੇ ਵਕਤ ਖ਼ਾਸ ਸ਼ਬਦ ਵਰਤਦੇ । ਉਹ ਸ਼ਬਦ ਸਾਡੀ ਜ਼ਬਾਨ ਤੋਂ ਖ਼ਾਸ ਉਸੇ ਲਈ ਨਿਕਲਦੇ…. ਖ਼ਾਸ ਉਸੇ ਲਈ ।
ਜਦੋਂ ਅਸੀਂ ਉਸ ਨਾਲ ਗੱਲ ਕਰਦੇ ਹੁੰਦੇ ਤਾਂ ਸਾਡੀ ਆਵਾਜ਼ ਆਮ ਦੇ ਉਲਟ ਮੁਲਾਇਮ ਅਤੇ ਨਰਮ ਹੁੰਦੀ ਅਤੇ ਸਾਡੀ ਬਦ ਸਲੂਕੀ ਉਸ ਵਕਤ ਬਿਲਕੁਲ ਗ਼ਾਇਬ ਹੋ ਜਾਂਦੀ…. ਇਹ ਮਾਣ ਸਤਿਕਾਰ ਸਿਰਫ਼ ਉਸੇ ਦੇ ਲਈ ਰਾਖਵੇਂ ਸਨ।ਨਾਨਬਾਈ ਸੁਰਖ਼ ਅਤੇ ਖ਼ਸਤਾ ਬਿਸਕੁਟ ਕੱਢ ਕੇ ਉਸ ਦੀ ਝੋਲ਼ੀ ਵਿੱਚ ਅਜਬ ਫੁਰਤੀ ਨਾਲ ਸੁੱਟ ਦਿਆ ਕਰਦਾ।
“ਦੇਖ ! ਦੌੜ ਜਾ ਹੁਣ ,ਖ਼ਿਆਲ ਰਹੇ। ਕਿਤੇ ਮਾਲਕ ਦੇ ਹਥ ਨਾ ਆ ਜਾਈਂ ”। ਅਸੀਂ ਹਮੇਸ਼ਾ ਉਸ ਨੂੰ ਇਸ ਖ਼ਤਰੇ ਤੋਂ ਸੁਚੇਤ ਕਰਦੇ ਰਹਿੰਦੇ।
ਇਸ ਤੇ ਉਹ ਦਿਲਕਸ਼ ਹਾਸੀ ਹੱਸਦੀ ਹੋਈ ਇਹ ਜਵਾਬ ਦਿੰਦੀ, “ਰੱਬ ਰਾਖਾ, ਮੇਰੇ ਨੰਨ੍ਹੇ ਕੈਦੀਓ!” _ਅਤੇ ਇਹ ਕਹਿੰਦੇ ਹੀ ਉਹ ਸਾਡੀਆਂ ਨਜ਼ਰਾਂ ਤੋਂ ਓਹਲੇ ਹੋ ਜਾਇਆ ਕਰਦੀ।
ਉਸ ਦੀ ਰਵਾਨਗੀ ਦੇ ਬਾਦ ਅਸੀਂ ਦੇਰ ਤੱਕ ਉਸ ਬਾਰੇ ਗੱਲਬਾਤ ਕਰਦੇ …. ਸਾਡੇ ਖ਼ਿਆਲ ਹਮੇਸ਼ਾ ਇੱਕ ਹੀ ਹੁੰਦੇ ਕਿਉਂਕਿ ਉਹ , ਅਸੀਂ ਅਤੇ ਸਾਡੇ ਹਾਲਾਤ ਹਮੇਸ਼ਾ ਉਹੀ ਹੁੰਦੇ ਕੱਲ੍ਹ ਵਾਲੇ. ਉਸ ਇਨਸਾਨ ਦੇ ਲਈ ਜ਼ਿੰਦਗੀ ਇੱਕ ਅਜ਼ਾਬ ਹੈ ਜਿਸ ਦਾ ਮਾਹੌਲ ਉਹੀ ਰਹੇ । ਜਿਤਨਾ ਸਮਾਂ ਉਹ ਉਸ ਮਾਹੌਲ ਵਿੱਚ ਬਤੀਤ ਕਰੇਗਾ, ਉਸੇ ਨਿਸਬਤ ਉਸ ਮਾਹੌਲ ਦਾ ਸੁੱਖ ਉਸ ਲਈ ਨਾਕਾਬਲੇ ਬਰਦਾਸ਼ਤ ਹੁੰਦਾ ਜਾਏਗਾ।
ਅਸੀਂ ਔਰਤਾਂ ਬਾਰੇ ਐਸੀ ਭਾਸ਼ਾ ਵਿੱਚ ਗੱਲਬਾਤ ਕਰਿਆ ਕਰਦੇ ਕਿ ਕਈ ਵਾਰ ਅਸੀਂ ਖੁਦ ਆਪ ਉਸ ਗੱਲਬਾਤ ਦੀ ਲਚਰਤਾ ਤੋਂ ਕਣਤਾ ਜਾਂਦੇ …. ਇਸ ਤੋਂ ਇਹ ਨਤੀਜਾ ਨਾ ਕਢ ਲਿਆ ਜਾਵੇ ਕਿ ਔਰਤਾਂ ਬਾਰੇ ਸਾਡੇ ਖ਼ਿਆਲ ਬਹੁਤ ਬੁਰੇ ਸਨ। ਉਹ ਕਿਸਮ ਜਿਸ ਬਾਰੇ ਅਸੀਂ ਖ਼ਿਆਲ ਪ੍ਰਗਟ ਕਰਿਆ ਕਰਦੇ ਸਾਂ ,ਔਰਤ ਕਹਿਲਾਏ ਜਾਣ ਦੀ ਹੱਕਦਾਰ ਹੀ ਨਹੀਂ ।
ਤਾਨੀਆ ਦੀ ਸ਼ਾਨ ਵਿੱਚ ਸਾਡੇ ਮੂੰਹੋਂ ਕੋਈ ਗੁਸਤਾਖ਼ ਗੱਲ ਨਾ ਨਿਕਲ ਸਕਦੀ …. ਸ਼ਾਇਦ ਉਸ ਦੀ ਵਜ੍ਹਾ ਇਹ ਹੋਵੇ ਕਿ ਉਹ ਸਾਡੇ ਪਾਸ ਬਹੁਤ ਘੱਟ ਸਮਾਂ ਠਹਿਰਦੀ ਸੀ…. ਉਹ ਸਾਡੀਆਂ ਨਜ਼ਰਾਂ ਦੇ ਸਾਹਮਣੇ ਆਕਾਸ਼ ਤੋਂ ਟੁੱਟਦੇ ਹੋਏ ਤਾਰੇ ਦੀ ਤਰ੍ਹਾਂ ਰੌਸ਼ਨੀ ਦੀ ਝਲਕ ਦਿਖਾ ਕੇ ਫਿਰ ਓਝਲ ਹੋ ਜਾਂਦੀ।
ਅਤੇ ਜਾਂ ਉਸ ਦੀ ਵਜ੍ਹਾ ਉਸ ਦਾ ਸੁਹਪਣ ਹੋਵੇ ਕਿਉਂਕਿ ਹਰ ਸੁਹਣੀ ਚੀਜ਼ ਇਨਸਾਨ ਦੇ ਦਿਲ ਵਿੱਚ ਆਪਣੀ ਵੁੱਕਤ ਅਤੇ ਇੱਜ਼ਤ ਪੈਦਾ ਕਰ ਦਿੰਦੀ ਹੈ…. ਚਾਹੇ ਉਹ ਇਨਸਾਨ ਤਰਬੀਅਤ ਜਾਫ਼ਤਾ ਨਾ ਵੀ ਹੋਵੇ।
ਇਸ ਦੇ ਇਲਾਵਾ ਇੱਕ ਹੋਰ ਵਜ੍ਹਾ ਵੀ ਸੀ। ਚਾਹੇ ਜੇਲ ਦੀ ਮੁਸ਼ੱਕਤ ਨੇ ਸਾਨੂੰ ਸਭ ਨੂੰ ਵਹਿਸ਼ੀ ਦਰਿੰਦਿਆਂ ਨਾਲੋਂ ਵੀ ਬਦਤਰ ਬਣਾ ਦਿਤਾ ਸੀ , ਮਗਰ ਅਸੀਂ ਫਿਰ ਵੀ ਇਨਸਾਨ ਸਾਂ ਅਤੇ ਸਭਨਾਂ ਇਨਸਾਨਾਂ ਦੀ ਤਰ੍ਹਾਂ ਅਸੀਂ ਵੀ ਬਗ਼ੈਰ ਕਿਸੇ ਦੀ ਪੂਜਾ ਕੀਤੇ ਜ਼ਿੰਦਾ ਨਹੀਂ ਰਹਿ ਸਕਦੇ ਸਾਂ। ਸਾਡੇ ਲਈ ਉਸ ਦੀ ਜ਼ਾਤ ਨਾਲੋਂ ਵਧ ਕੇ ਦੁਨੀਆਂ ਵਿੱਚ ਕੋਈ ਹੋਰ ਸ਼ੈ ਨਹੀਂ ਸੀ। ਇਸ ਲਈ ਕਿ ਦਰਜਨਾਂ ਇਨਸਾਨਾਂ ਵਿੱਚੋਂ ਜੋ ਉਸ ਇਮਾਰਤ ਵਿੱਚ ਰਹਿੰਦੇ ਸਨ , ਇੱਕ ਸਿਰਫ਼ ਉਹੀ ਸੀ ਜੋ ਸਾਡੀ ਪ੍ਰਵਾਹ ਕਰਿਆ ਕਰਦੀ ਸੀ…. ਸਭ ਤੋਂ ਬੜੀ ਵਜ੍ਹਾ ਇਹੀ ਸੀ।
ਹਰ ਦਿਨ ਉਸ ਦੇ ਲਈ ਬਿਸਕੁਟ ਮੁਹਈਆ ਕਰਨਾ ਅਸੀਂ ਆਪਣਾ ਫ਼ਰਜ਼ ਸਮਝਦੇ ਸਾਂ।
ਇਹ ਨਜ਼ਰਾਨਾ ਹੁੰਦਾ ਜੋ ਅਸੀਂ ਹਰ ਦਿਨ ਆਪਣੇ ਦੇਵਤੇ ਨੂੰ ਪੇਸ਼ ਕਰਿਆ ਕਰਦੇ ਸਾਂ। ਆਹਿਸਤਾ ਆਹਿਸਤਾ ਇਹ ਰਸਮ ਇੱਕ ਪਵਿੱਤਰ ਫ਼ਰਜ਼ ਵਿੱਚ ਤਬਦੀਲ ਹੋ ਗਈ । ਸਾਡਾ ਅਤੇ ਉਸ ਦਾ ਰਿਸ਼ਤਾ ਹੋਰ ਮਜ਼ਬੂਤ ਹੋ ਗਿਆ।
ਬਿਸਕੁਟਾਂ ਦੇ ਇਲਾਵਾ ਅਸੀਂ ਤਾਨੀਆ ਨੂੰ ਨਸੀਹਤਾਂ ਵੀ ਕਰਿਆ ਕਰਦੇ, ਇਹੀ ਕਿ ਉਹ ਏਨੀ ਸਰਦੀ ਵਿੱਚ ਗਰਮ ਕੱਪੜੇ ਪਹਿਨਿਆ ਕਰੇ ਅਤੇ ਪੌੜੀਆਂ ਆਰਾਮ ਨਾਲ ਉਤਰਿਆ ਕਰੇ।
ਸਾਡੀਆਂ ਉਨ੍ਹਾਂ ਨਸੀਹਤਾਂ ਉਹ ਮੁਸਕਰਾਉਂਦੀ ਹੋਈ ਸੁਣਿਆ ਕਰਦੀ ਅਤੇ ਉਨ੍ਹਾਂ ਤੇ ਕਦੇ ਅਮਲ ਨਾ ਕਰਦੀ।
ਉਸ ਦਾ ਇਹ ਤਰਜ਼ੇ ਅਮਲ ਸਾਨੂੰ ਕਦੇ ਕਿਰਕਰਾ ਨਾ ਲਗਦਾ ਕਿਉਂਕਿ ਨਸੀਹਤਾਂ ਦੇ ਪਿਛੇ ਲੁਕੀ ਸਾਡੀ ਸਿਰਫ਼ ਇਹੀ ਖ਼ਾਹਿਸ਼ ਹੁੰਦੀ ਸੀ ਕਿ ਉਸ ਨੂੰ ਇਸ ਗੱਲ ਦਾ ਪਤਾ ਚੱਲ ਜਾਏ ਕਿ ਅਸੀਂ ਉਸ ਦੀ ਹਿਫ਼ਾਜ਼ਤ ਕਰ ਰਹੇ ਹਾਂ।
ਅਕਸਰ ਉਹ ਸਾਨੂੰ ਕੁਛ ਕੰਮ ਕਰਨ (ਸਟੋਰ ਦਾ ਭਾਰੀ ਦਰਵਾਜਾ ਖੋਲ੍ਹਣ ਜਾਂ ਫਿਰ ਲਕੜਾਂ ਪਾੜਨ) ਦੇ ਲਈ ਕਹਿੰਦੀ ਜਿਸ ਨੂੰ ਅਸੀਂ ਖ਼ੁਸ਼ੀ ਹੀ ਨਹੀਂ ਬਲਕਿ ਫ਼ਖ਼ਰ ਦੇ ਨਾਲ ਕਰਿਆ ਕਰਦੇ।
ਐਪਰ ਜਦੋਂ ਇੱਕ ਦਫ਼ਾ ਸਾਡੇ ਵਿੱਚੋਂ ਇੱਕ ਜਣੇ ਨੇ ਆਪਣੀ ਕਮੀਜ਼ ਦੇ ਕੁਝ ਤੋਪੇ ਲਗਾਉਣ ਲਈ ਉਸ ਨੂੰ ਕਿਹਾ ਤਾਂ ਉਸ ਨੇ ਨੱਕ ਭੋਂ ਚੜ੍ਹਾਉਂਦੇ ਹੋਏ ਜਵਾਬ ਦਿੱਤਾ, “ਕੀ ਨਗੋੜਾ ਇਹੀ ਕੰਮ ਰਹਿ ਗਿਆ ਹੈ ਮੇਰੇ ਲਈ । ਮੈਂ ਹੋਰ ਬਹੁਤ ਕੰਮ ਕਰਨੇ ਨੇ ”।
ਅਸੀਂ ਆਪਣੇ ਬੇਵਕੂਫ਼ ਸਾਥੀ ਦੀ ਉਸ ਹਰਕਤ ਤੇ ਖ਼ੂਬ ਹੱਸੇ ਅਤੇ ਫਿਰ ਉਸ ਨੂੰ ਕਿਸੇ ਨੇ ਕਦੇ ਕੁਝ ਕਰਨ ਨੂੰ ਨਾ ਕਿਹਾ। ਸਾਨੂੰ ਉਸ ਨਾਲ ਮੁਹੱਬਤ ਸੀ। ਅਗਰ ਮੁਹੱਬਤ ਕਿਹਾ ਜਾਏ ਤਾਂ ਸਮਝ ਲਉ ਕਿ ਕੁੱਲ ਜਜ਼ਬਾਤ ਇਸੇ ਲਫ਼ਜ਼ ਵਿੱਚ ਆ ਗਏ ਹਨ ।
ਇਨਸਾਨ ਦੀ ਹਮੇਸ਼ਾ ਇਹੀ ਖ਼ਾਹਿਸ਼ ਰਹੀ ਹੈ ਕਿ ਉਹ ਕਿਸੇ ਨਾ ਕਿਸੇ ਨੂੰ ਆਪਣੀ ਮੁਹੱਬਤ ਦਾ ਕੇਂਦਰ ਬਣਾਏ। ਚਾਹੇ ਉਸ ਦਾ ਮਹਿਬੂਬ ਉਸ ਦੀ ਮੁਹੱਬਤ ਦੇ ਬੋਝ ਥੱਲੇ ਪਿਸ ਹੀ ਕਿਉਂ ਨਾ ਜਾਏ। ਉਸਦੀ ਕੁੱਲ ਵਜ੍ਹਾ ਇਹ ਹੈ ਕਿ ਮੁਹੱਬਤ ਕਰਦੇ ਵਕਤ ਉਹ ਆਪਣੇ ਮਹਿਬੂਬ ਦਾ ਸਤਿਕਾਰ ਨਹੀਂ ਕਰਦਾ। ਅਸੀਂ ਅਗਰ ਤਾਨੀਆ ਨੂੰ ਮੁਹੱਬਤ ਕਰਦੇ ਸਾਂ ਤਾਂ ਮਜਬੂਰੀ ਨਾਲ, ਇਸ ਲਈ ਕਿ ਸਾਡੇ ਪਾਸ ਕੋਈ ਹੋਰ ਸ਼ੈ ਮੌਜੂਦ ਨਹੀਂ ਸੀ ਜਿਸ ਨਾਲ ਅਸੀਂ ਮੁਹੱਬਤ ਕਰ ਸਕਦੇ। ਕਦੇ ਕਦੇ ਸਾਡੇ ਵਿੱਚੋਂ ਕੋਈ ਇਹ ਸੋਚਣ ਲੱਗ ਜਾਂਦਾ ਕਿ ਅਸੀਂ ਸਭ ਉਸ ਲੜਕੀ ਦੇ ਬਾਰੇ ਬੇਫ਼ਾਇਦਾ ਸਿਰ ਖਪਾਈ ਕਿਉਂ ਕਰ ਰਹੇ ਹਾਂ ? ਉਸ ਛੋਕਰੀ ਦੀ ਮੁਹੱਬਤ ਵਿੱਚ ਆਖ਼ਿਰ ਸਾਨੂੰ ਕੀ ਮਿਲੇਗਾ? ਉਸ ਸ਼ਖ਼ਸ ਦੀ ਜੋ ਤਾਨੀਆ ਦੀ ਸ਼ਾਨ ਵਿੱਚ ਅਜਿਹੀ ਘਟੀਆ ਗੱਲ ਕਹਿਣ ਦੀ ਜੁਰਅਤ ਕਰਦਾ, ਉਹਨੂੰ ਤੁਰਤ ਧਰ ਲਿਆ ਜਾਂਦਾ ਅਤੇ ਬਹੁਤ ਬੁਰੀ ਹਾਲਤ ਕੀਤੀ ਜਾਂਦੀ ।
ਅਸੀਂ ਚਾਹੰਦੇ ਸਾਂ ਕਿ ਕਿਸੇ ਨਾਲ ਮੁਹੱਬਤ ਕਰੀਏ ਅਤੇ ਹੁਣ ਕਿਉਂਜੋ ਸਾਨੂੰ ਉਹ ਚੀਜ਼ ਜਿਸ ਦੇ ਅਸੀਂ ਅਭਿਲਾਸ਼ੀ ਸਾਂ ਮਿਲ ਗਈ ਸੀ ਇਸ ਲਈ ਅਸੀਂ ਉਸ ਨਾਲ ਮੁਹੱਬਤ ਕਰਦੇ। ਅਤੇ ਉਹ ਚੀਜ਼ ਜਿਸ ਨੂੰ ਅਸੀਂ ਛੱਬੀ ਸ਼ਖ਼ਸ ਮੁਹੱਬਤ ਦੀਆਂ ਨਿਗਾਹਾਂ ਨਾਲ ਦੇਖਦੇ ਸਾਂ , ਲਾਜ਼ਮੀ ਸੀ ਕਿ ਦੂਸਰੇ ਉਸ ਦਾ ਸਤਿਕਾਰ ਕਰਨ। ਇਸ ਲਈ ਕਿ ਉਹ ਸਾਡੀ ਪਵਿੱਤਰ ਇਬਾਦਤ ਗਾਹ ਸੀ ਅਤੇ ਅਗਰ ਕੋਈ ਸ਼ਖ਼ਸ ਸਾਡੇ ਨਜ਼ਰੀਏ ਦੇ ਖ਼ਿਲਾਫ਼ ਚਲਦਾ ਤਾਂ ਉਹ ਸਾਡਾ ਦੁਸ਼ਮਣ ਸੀ।
ਇਸ ਵਿੱਚ ਕੋਈ ਸ਼ੱਕ ਨਹੀਂ, ਲੋਕ ਅਕਸਰ ਉਸ ਚੀਜ਼ ਨਾਲ ਮੁਹੱਬਤ ਕਰਦੇ ਹਨ ਜੋ ਹਕੀਕਤ ਵਿੱਚ ਮੁਹੱਬਤ ਕੀਤੇ ਜਾਣ ਦੇ ਕਾਬਲ ਨਹੀਂ ਹੁੰਦੀ…. ਮਗਰ ਇੱਥੇ ਅਸੀਂ ਛੱਬੀ ਸ਼ਖ਼ਸ ਇੱਕ ਹੀ ਕਸ਼ਤੀ ਵਿੱਚ ਸਵਾਰ ਸਾਂ। ਇਸ ਲਈ ਅਸੀਂ ਚਾਹੰਦੇ ਸਾਂ ਕਿ ਉਸ ਚੀਜ਼ ਨੂੰ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ , ਦੂਸਰੇ ਪਵਿੱਤਰ ਖ਼ਿਆਲ ਕਰਨ। ਸਾਡੀ ਮੁਹੱਬਤ ਸਾਡੀ ਨਫਰਤ ਨਾਲੋਂ ਘੱਟ ਜਹਿਮਤ ਨਹੀਂ ਹੁੰਦੀ। ਹੋ ਸਕਦਾ ਹੈ ਇਹੀ ਕਾਰਨ ਹੋਵੇ ਕਿ ਕੁਝ ਮਾਣਮੱਤੀਆਂ ਰੂਹਾਂ ਮੁਹੱਬਤ ਨਾਲੋਂ ਆਪਣੀਆਂ ਨਫਰਤਾਂ ਤੇ ਜਿਆਦਾ ਗੁਮਾਨ ਕਰਦੀਆਂ ਹਨ ।ਪਰ ਜੇ ਇਹ ਗੱਲ ਹੈ ਤਾਂ ਉਹ ਸਾਥੋਂ ਦੂਰ ਕਿਉਂ ਨਹੀਂ ਭੱਜ ਜਾਂਦੀਆਂ।
*****
ਬਿਸਕੁਟ ਦੇ ਕਾਰਖ਼ਾਨੇ ਦੇ ਇਲਾਵਾ ਸਾਡਾ ਮਾਲਕ ਇੱਕ ਕੇਕ ਬਣਾਉਣ ਵਾਲੀ ਫ਼ੈਕਟਰੀ ਦਾ ਮਾਲਿਕ ਸੀ ਜੋ ਇਸੇ ਇਮਾਰਤ ਵਿੱਚ ਸਥਿੱਤ ਸੀ। ਸਾਡੀ ਕਬਰ ਨੁਮਾ ਕੋਠੜੀ ਨੂੰ ਉਸ ਨਾਲੋਂ ਵੱਖ ਕਰਨ ਲਈ ਸਿਰਫ਼ ਇੱਕ ਦੀਵਾਰ ਸੀ।ਉਸ ਫ਼ੈਕਟਰੀ ਦੇ ਮੁਲਾਜ਼ਮ-ਚਾਰ ਜਣੇ – ਆਪਣੇ ਕੰਮ ਨੂੰ ਸਾਡੇ ਕੰਮ ਨਾਲੋਂ ਬਹੁਤ ਵਧੀਆ ਖ਼ਿਆਲ ਕਰਦੇ । ਸਾਨੂੰ ਨਫ਼ਰਤ ਦੀਆਂ ਨਿਗਾਹਾਂ ਨਾਲ ਦੇਖਦੇ ਅਤੇ ਇਹੀ ਵਜ੍ਹਾ ਸੀ ਕਿ ਸਾਨੂੰ ਬਹੁਤ ਘੱਟ ਮਿਲਣ ਦੀ ਕੋਸ਼ਿਸ਼ ਕਰਦੇ ਬਲਕਿ ਜਦੋਂ ਕਦੇ ਉਨ੍ਹਾਂ ਨੂੰ ਵਿਹੜੇ ਵਿੱਚ ਸਾਡੇ ਨਾਲ ਦੋ ਚਾਰ ਹੋਣ ਦਾ ਇਤਫ਼ਾਕ ਹੁੰਦਾ ਤਾਂ ਉਹ ਸਾਨੂੰ ਦੇਖ ਕੇ ਹੱਸਿਆ ਕਰਦੇ ਸਨ।
ਸਾਨੂੰ ਉਨ੍ਹਾਂ ਦੇ ਕਾਰਖ਼ਾਨੇ ਵਿੱਚ ਦਾਖ਼ਲ ਹੋਣ ਦੀ ਇਜ਼ਾਜ਼ਤ ਨਹੀਂ ਸੀ ਸਿਰਫ਼ ਇਸ ਲਈ ਕਿ ਸਾਡੇ ਮਾਲਕ ਨੂੰ ਸ਼ੱਕ ਸੀ ਕਿ ਅਸੀਂ ਉੱਥੋਂ ਮੱਖਣ ਦੇ ਕੇਕ ਚੁਰਾ ਲਵਾਂਗੇ।
ਸਾਨੂੰ ਵੀ ਉਨ੍ਹਾਂ ਨਾਲ ਨਫ਼ਰਤ ਸੀ, ਰਸ਼ਕ ਸੀ ਇਸ ਲਈ ਕਿ ਉਨ੍ਹਾਂ ਦਾ ਕੰਮ ਮੁਕਾਬਲਤਨ ਘੱਟ ਅਤੇ ਮਜ਼ਦੂਰੀ ਕਿਤੇ ਜਿਆਦਾ ਸੀ। ਉਨ੍ਹਾਂ ਦੇ ਲਈ ਖਾਣ ਪੀਣ ਦਾ ਸਾਮਾਨ ਸਾਡੇ ਤੋਂ ਬੇਹੱਦ ਅੱਛਾ ਸੀ। ਉਨ੍ਹਾਂ ਦੇ ਕੰਮ ਕਰਨ ਦੀ ਜਗ੍ਹਾ ਰੌਸ਼ਨ ਤੇ ਸਾਫ਼ ਅਤੇ ਉਹ ਸਾਡੇ ਉਲਟ ਤੰਦਰੁਸਤ ਅਤੇ ਸਾਫ਼ ਸੁਥਰੇ ਸਨ। ਉਨ੍ਹਾਂ ਦੇ ਮੁਕਾਬਲੇ ਵਿੱਚ ਅਸੀਂ ਸਭ ਜ਼ਰਦ ਅਤੇ ਲਿਬੜੇ ਸਾਂ । ਸਾਡੇ ਵਿੱਚੋਂ ਤਿੰਨ ਜਣਿਆਂ ਨੂੰ ਸਿਫ਼ਲਿਸ ਦੀ ਨਾਮੁਰਾਦ ਬਿਮਾਰੀ ਸੀ ਅਤੇ ਕਈਆਂ ਨੂੰ ਚਰਮ ਰੋਗ ਦੀ ਸਿਕਾਇਤ ਸੀ ।ਸਾਡੇ ਵਿੱਚੋਂ ਇੱਕ ਬੇਚਾਰਾ ਤਾਂ ਗਠੀਏ ਨਾਲ ਕਰੀਬ ਕਰੀਬ ਅਪਾਹਜ ਹੋ ਰਿਹਾ ਸੀ।
ਵਿਹਲ ਦੇ ਦਿਨਾਂ ਵਿੱਚ ਉਹ ਖ਼ੂਬਸੂਰਤ ਲਿਬਾਸ ਅਤੇ ਨਵੇਂ ਲਿਸ਼ਕਾਏ ਬੂਟ ਪਹਿਨ ਕੇ ਬਾਗ਼ ਵਿੱਚ ਚਹਿਲਕਦਮੀ ਲਈ ਨਿਕਲਦੇ ਅਤੇ ਅਸੀਂ ਚੀਥੜਿਆਂ ਨਾਲ ਫੱਟੇ ਹੋਏ ਬੂਟ ਪਹਿਨ ਬਾਗ਼ ਵੱਲ ਜਾਂਦੇ ਮਗਰ ਪੁਲਿਸ ਸਾਨੂੰ ਅੰਦਰ ਦਾਖ਼ਲ ਹੋਣ ਦੀ ਇਜ਼ਾਜ਼ਤ ਨਾ ਦਿੰਦੀ। ਇਨ੍ਹਾਂ ਹਾਲਤਾਂ ਦੀ ਮੌਜੂਦਗੀ ਵਿੱਚ ਇਹ ਕਦੋਂ ਮੁਮਕਿਨ ਹੋ ਸਕਦਾ ਸੀ ਕਿ ਅਸੀਂ ਉਨ੍ਹਾਂ ਕੇਕ ਬਣਾਉਣ ਵਾਲਿਆਂ ਨੂੰ ਮੁਹੱਬਤ ਦੀਆਂ ਨਜ਼ਰਾਂ ਨਾਲ ਦੇਖਦੇ ?
ਕੁਝ ਦਿਨ ਹੋਏ ਅਸੀਂ ਇਹ ਅਫ਼ਵਾਹ ਸੁਣੀ ਕਿ ਉਨ੍ਹਾਂ ਦਾ ਚੀਫ਼ ਬੇਕਰ ਸ਼ਰਾਬ ਨੋਸ਼ੀ ਦੀ ਵਜ੍ਹਾ ਨਾਲ ਕੱਢ ਦਿੱਤਾ ਗਿਆ ਹੈ ਅਤੇ ਉਸ ਦੀ ਜਗ੍ਹਾ ਇੱਕ ਹੋਰ ਸ਼ਖ਼ਸ ਦੀਆਂ ਸੇਵਾਵਾਂ ਹਾਸਲ ਕੀਤੀਆਂ ਗਈਆਂ ਹਨ ਜੋ ਕਿਸੇ ਜ਼ਮਾਨੇ ਵਿੱਚ ਫੌਜੀ ਰਹਿ ਚੁੱਕਿਆ ਸੀ।
ਉਸ ਫੌਜੀ ਬਾਰੇ ਰਵਾਇਤ ਸੀ ਕਿ ਉਹ ਸ਼ੋਖ਼ ਰੰਗ ਅਤੇ ਵਾਸਕਟ ਪਹਿਨ ਇੱਕ ਵੱਡੀ ਜਿਹੀ ਸੁਨਿਹਿਰੀ ਜ਼ੰਜ਼ੀਰ ਲਟਕਾਈਂ ਵਿਹੜੇ ਵਿੱਚ ਘੁੰਮਿਆ ਕਰਦਾ ਹੈ।
ਅਸੀਂ ਉਸ ਨਵੇਂ ਚੀਫ਼ ਬੇਕਰ ਨੂੰ ਦੇਖਣ ਦੇ ਬਹੁਤ ਇੱਛਕ ਸਾਂ ਅਤੇ ਉਸ ਨਾਲ ਮੁਲਾਕਾਤ ਦੀ ਉਮੀਦ ਵਿੱਚ ਅਸੀਂ ਸਭ ਨੇ ਬਾਰੀ ਬਾਰੀ ਵਿਹੜੇ ਵਿੱਚ ਚੱਕਰ ਕੱਟੇ ਮਗਰ ਬੇ ਫਾਇਦਾ ।
ਇੱਕ ਦਿਨ ਉਹ ਖ਼ੁਦ ਹੀ ਸਾਡੇ ਕਾਰਖ਼ਾਨੇ ਵਿੱਚ ਚਲਾ ਆਇਆ।
ਬੂਟ ਦੀ ਠੋਹਕਰ ਨਾਲ ਦਰਵਾਜ਼ੇ ਨੂੰ ਖੋਲ੍ਹ ਕੇ ਉਹ ਦਹਿਲੀਜ਼ ਤੇ ਖੜ੍ਹਾ ਹੋ ਗਿਆ ਅਤੇ ਮੁਸਕਰਾਉਂਦੇ ਹੋਏ ਕਹਿਣ ਲੱਗਾ।
“ਖ਼ੁਦਾ ਤੁਹਾਡੇ ਅੰਗ ਸੰਗ ਹੋਵੇ । ਮੇਰੇ ਸਾਥੀਓ, ਗੁਡ ਮਾਰਨਿੰਗ !”
ਭੱਠੀ ਦਾ ਧੂੰਆਂ ਸਿਆਹ ਬੱਦਲਾਂ ਦੀ ਤਰ੍ਹਾਂ ਚੱਕਰ ਲਗਾਉਂਦਾ ਹੋਇਆ ਦਰਵਾਜ਼ੇ ਵਿੱਚੀਂ ਗੁਜ਼ਰ ਰਿਹਾ ਸੀ ਜਿਥੇ ਫੌਜੀ ਰੋਬੀਲੇ ਅੰਦਾਜ਼ ਵਿੱਚ ਖੜ੍ਹਾ ਸਾਡੇ ਵੱਲ ਦੇਖ ਰਿਹਾ ਸੀ। ਉਸ ਨੇ ਆਪਣੀਆਂ ਮੁੱਛਾਂ ਨੂੰ ਕਮਾਲ ਸਫ਼ਾਈ ਨਾਲ ਤਾਉ ਦੇ ਰੱਖਿਆ ਸੀ ਜਿਸ ਵਿੱਚੋਂ ਜ਼ਰਦ ਦੰਦਾਂ ਦੀਆਂ ਲੜੀਆਂ ਜ਼ਾਹਰ ਹੋ ਰਹੀਆਂ ਸਨ।
ਉਹ ਅੱਜ ਨੀਲੇ ਰੰਗ ਦੀ ਇੱਕ ਭੜਕੀਲੀ ਵਾਸਕਟ ਪਹਿਨੀ ਹੋਈ ਸੀ ਜਿਸ ਤੇ ਸੁਨਿਹਿਰੀ ਬਟਨ ਥਾਂ ਥਾਂ ਚਮਕ ਰਹੇ ਸਨ…. ਸੋਨੇ ਦੀ ਉਹ ਜ਼ੰਜ਼ੀਰ ਜਿਸ ਬਾਰੇ ਅਸੀਂ ਸੁਣਿਆ ਸੀ ਬਿਲ਼ਾ ਸ਼ੱਕ ਸ਼ੁਬ੍ਹਾ ਆਪਣੀ ਜਗ੍ਹਾ ਮੌਜੂਦ ਸੀ।
ਇਹ ਫੌਜੀ ਮਜ਼ਬੂਤ, ਲੰਮਾ ਕੱਦ ਅਤੇ ਖ਼ੂਬਸੂਰਤ ਸੀ…. ਉਸ ਦੀਆਂ ਬੜੀਆਂ ਬੜੀਆਂ ਅਤੇ ਰੌਸ਼ਨ ਅੱਖਾਂ ਵਿੱਚ ਤੰਦਰੁਸਤੀ ਦੀ ਝਲਕ ਉਘੜਵੇਂ ਤੌਰ ਤੇ ਦਿਖਾਈ ਦੇ ਰਹੀ ਸੀ। ਇੱਕ ਰਸਮੀ ਸਫੈਦ ਟੋਪੀ ਉਸ ਦੇ ਸਿਰ ਤੇ ਜਚੀ ਹੋਈ ਸੀ ਅਤੇ ਉਸ ਦੇ ਪਾਜਾਮੇ ਦੇ ਪੌਂਹਚਿਆਂ ਦੇ ਥੱਲੇ ਤਾਜ਼ਾ ਪਾਲਿਸ਼ ਕੀਤੇ ਬੂਟ ਚਮਕ ਰਹੇ ਸਨ।
ਸਾਡੇ ਨਾਨਬਾਈ ਨੇ ਉਸ ਨੂੰ ਨਰਮਾਈ ਨਾਲ ਬੇਨਤੀ ਕੀਤੀ ਕਿ ਉਹ ਦਰਵਾਜ਼ੇ ਬੰਦ ਕਰ ਦੇਵੇ । ਦਰਵਾਜ਼ੇ ਬੰਦ ਕਰਨ ਦੇ ਬਾਦ ਉਸ ਨੇ ਮਾਲਕ ਬਾਰੇ ਸਾਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ। ਅਸੀਂ ਉਨ੍ਹਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਸ ਨੂੰ ਦੱਸਿਆ ਕਿ ਸਾਡਾ ਮਾਲਕ ਖੂਨ ਚੂਸਣ ਵਾਲਾ ਚਿੱਚੜ, ਗੁਲਾਮਾਂ ਦਾ ਤਾਜਰ, ਇਨਸਾਨੀ ਮਾਲ ਫ਼ਰੋਖ਼ਤ ਕਰਨ ਵਾਲਾ ਗੁਮਾਸ਼ਤਾ ਅਤੇ ਗੁੰਡਾ ਬਦਮਾਸ ਹੈ…. ਅਸੀਂ ਇਨ੍ਹਾਂ ਖ਼ਿਆਲਾਂ ਦਾ ਖੁੱਲ੍ਹ ਕੇ ਜਿਕਰ ਵੀ ਕੀਤਾ, ਮਗਰ ਉਨ੍ਹਾਂ ਨੂੰ ਇਥੇ ਲਿਖਤ ਤੇ ਲਿਆਉਣਾ ਨਾ ਮੁਮਕਿਨ ਹੈ।
ਫੌਜੀ ਆਪਣੇ ਸਵਾਲਾਂ ਦਾ ਜਵਾਬ ਬੜੇ ਗ਼ੌਰ ਨਾਲ ਸੁਣਦਾ ਰਿਹਾ। ਮਗਰ ਇਕ ਲਖ਼ਤ ਜਿਵੇਂ ਉਹ ਕਿਸੇ ਗਹਿਰੇ ਖ਼ਾਬ ਵਿੱਚੋਂ ਚੌਂਕ ਪਿਆ ਹੋਵੇ, ਕਹਿਣ ਲੱਗਾ ਤੁਸੀਂ ਲੋਕਾਂ ਦੇ ਪਾਸ ਛੋਕਰੀਆਂ ਤਾਂ ਬਹੁਤ ਹੋਣਗੀਆਂ ।
ਇਸ ਤੇ ਸਾਡੇ ਵਿੱਚੋਂ ਕੁਝ ਹੱਸ ਪਏ ਅਤੇ ਕੁਝ ਨੇ ਗੰਭੀਰ ਮੂੰਹ ਬਣਾ ਲਿਆ ਆਖ਼ਰਕਾਰ ਸਾਡੇ ਵਿੱਚੋਂ ਇੱਕ ਨੇ ਫੌਜੀ ਨੂੰ ਸਾਫ਼ ਕਰ ਦਿੱਤਾ ਕਿ ਸਾਡੇ ਆਸ ਪਾਸ ਨੌਂ ਛੋਕਰੀਆਂ ਜ਼ਰੂਰ ਮੌਜੂਦ ਸਨ…. !
ਉਸ ਤੇ ਫੌਜੀ ਨੇ ਅੱਖਾਂ ਝਪਕਦੇ ਹੋਏ ਪੁਛਿਆ ਕਿ ਕੀ ਉਨ੍ਹਾਂ ਨਾਲ ਤਫ਼ਰੀਹ ਵੀ ਹੋਇਆ ਕਰਦੀ ਹੈ?_
ਅਸੀਂ ਫਿਰ ਹੱਸ ਪਏ…. ਸਾਡੇ ਵਿੱਚੋਂ ਬਹੁਤੇ ਚਾਹੁੰਦੇ ਸਨ ਕਿ ਫੌਜੀ ਨੂੰ ਸਪਸ਼ਟ ਕਰ ਦੇਣ ਕਿ ਉਹ ਛੋਕਰੀਆਂ ਜਿਨ੍ਹਾਂ ਬਾਰੇ ਉਹ ਇਸ ਕਿਸਮ ਦੀ ਗੱਲਬਾਤ ਕਰ ਰਿਹਾ ਹੈ ਉਹ ਉਸੇ ਵਾਂਗ ਤੇਜ਼ ਤਰਾਰ ਹਨ …. ਮਗਰ ਇਹ ਗੱਲ ਕਹਿਣ ਦੀ ਸਾਡੇ ਵਿੱਚੋਂ ਕਿਸੇ ਕੋਲ ਜੁਰਅਤ ਨਹੀਂ ਸੀ। ਫਿਰ ਵੀ ਸਾਡੇ ਵਿੱਚੋਂ ਇੱਕ ਨੇ ਦੱਬੀ ਜ਼ਬਾਨ ਵਿੱਚ ਇਹ ਕਹਿ ਹੀ ਦਿੱਤਾ :
“ਇਸ ਹਾਲਤ ਵਿੱਚ ਜਿਸ ਵਿੱਚ ਅਸੀਂ ਹਾਂ ਇਸ ਕਿਸਮ ਦੀ ਕੋਈ ਗੱਲ ਸਾਡੇ ਜੀਵਨ ਵਿੱਚ ਨਹੀਂ ….!”
“ਦਰੁਸਤ ਹੈ! ਇਸ ਹਾਲਤ ਵਿੱਚ ਉਸ ਕਿਸਮ ਦੀ ਤਫ਼ਰੀਹ ਤੁਹਾਡੇ ਲਈ ਨਾ ਮੁਮਕਿਨ ਹੈ, ਦਰਅਸਲ ਤੁਹਾਡੀ ਇਸ ਮੌਜੂਦਾ ਸਥਿਤੀ ਵਿੱਚ ਕਮੀਆਂ ਹਨ । ਇਸ ਵਿੱਚ ਤੁਹਾਡਾ ਕੋਈ ਕਸੂਰ ਨਹੀਂ। ਤੁਹਾਡੀ ਸ਼ਕਲ ਭੈੜੀ ਹੈ…. ਮੇਰਾ ਮਤਲਬ ਸਮਝਦੇ ਹੋ ਨਾ?…. ਅਤੇ ਔਰਤਾਂ! ਤੁਸੀਂ ਜਾਣਦੇ ਹੋ ਉਸ ਮਰਦ ਨੂੰ ਪਸੰਦ ਕਰਦੀਆਂ ਹਨ ਜੋ ਰੋਹਬ ਦਾਬ ਵਾਲਾ , ਜਵਾਨ ਅਤੇ ਖ਼ੂਬਸੂਰਤ ਹੋਵੇ। ਉਸ ਦੇ ਇਲਾਵਾ ਮਰਦ ਵਿੱਚ ਤਾਕਤ ਅਤੇ ਕੁੱਵਤ ਦੀ ਵੀ ਇੱਜ਼ਤ ਕਰਦੀਆਂ ਹਨ…. ਇਸ ਬਾਹ ਬਾਰੇ ਤੁਹਾਡਾ ਕੀ ਖ਼ਿਆਲ ਹੈ।”
ਫੌਜੀ ਨੇ ਕਮੀਜ਼ ਦੀ ਬਾਂਹ ਚੜ੍ਹਾ ਕੇ ਕੂਹਣੀ ਤੱਕ ਨੰਗਾ ਕਰਦੇ ਹੋਏ ਕਿਹਾ। ਬਾਂਹ ਮਜ਼ਬੂਤ ਅਤੇ ਸਫੈਦ ਰੰਗ ਦੀ ਸੀ ਜਿਸ ਤੇ ਸੁਨਿਹਿਰੀ ਵਾਲ ਚਮਕ ਰਹੇ ਸਨ।
“ਟੰਗਾਂ ਅਤੇ ਛਾਤੀ ਸਭ ਕੁਝ ਇਸੇ ਤਰ੍ਹਾਂ ਮਜ਼ਬੂਤ ਹੈ…. ਮਾਸ ਨਾਲ ਭਰਿਆ ਹੋਇਆ ….ਹੁਣ ਤਾਕਤ ਦੇ ਇਲਾਵਾ ਮਰਦ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਬਿਹਤਰੀਨ ਲਿਬਾਸ ਪਹਿਨ ਬਣ ਠਣ ਕੇ ਰਹੇ ….ਮੇਰੀ ਤਰਫ਼ ਦੇਖੋ। ਸਭ ਔਰਤਾਂ ਮੇਰੇ ਨਾਲ ਮੁਹੱਬਤ ਕਰਦੀਆਂ ਹਨ ਹਾਲਾਂਕਿ ਮੈਂ ਉਨ੍ਹਾਂ ਵਾਸਤੇ ਕਦੇ ਕੋਸ਼ਿਸ਼ ਕੀਤੀ ਹੀ ਨਹੀਂ…. ਐਸੀਆਂ ਦਰਜਨਾਂ ਹਨ।”
ਇਹ ਕਹਿ ਕੇ ਉਹ ਇੱਕ ਟੋਕਰੀ ਤੇ ਬੈਠ ਗਿਆ ਅਤੇ ਸਾਨੂੰ ਇਹ ਸੁਣਾਉਣਾ ਸ਼ੁਰੂ ਕੀਤਾ ਕਿ ਔਰਤਾਂ ਉਸ ਦੀ ਮੁਹੱਬਤ ਵਿੱਚ ਕਿਸ ਤਰ੍ਹਾਂ ਗ੍ਰਿਫ਼ਤਾਰ ਹੁੰਦੀਆਂ ਹਨ ਅਤੇ ਉਹ ਉਨ੍ਹਾਂ ਦੇ ਨਾਲ ਕਿਸ ਕਿਸਮ ਦਾ ਸਲੂਕ ਕਰਦਾ ਹੈ।
ਉਸ ਦੀ ਰਵਾਨਗੀ ਦੇ ਬਾਦ ਅਸੀਂ ਕਾਫੀ ਅਰਸੇ ਤੱਕ ਚੁੱਪ ਰਹੇ ਅਤੇ ਉਸ ਅਰਸੇ ਦੌਰਾਨ ਉਸ ਦੇ ਇਸ਼ਕ ਦੇ ਅਫ਼ਸਾਨਿਆਂ ਬਾਬਤ ਸੋਚਦੇ ਰਹੇ।
ਉਸ ਚੁੱਪ ਦੇ ਬਾਦ ਅਚਾਨਕ ਅਸੀਂ ਗੱਲਬਾਤ ਵਿੱਚ ਮਗਨ ਹੋ ਗਏ ਜਿਸ ਵਿੱਚ ਇੱਕ ਰਾਏ ਨਾਲ ਫੌਜੀ ਨੂੰ ਖ਼ੁਸ਼ ਤਬੀਅਤ ਅਤੇ ਮਿਲਣਸਾਰ ਕਰਾਰ ਦਿੱਤਾ ਗਿਆ।
ਉਹ ਬਹੁਤ ਹਲੀਮ ਅਤੇ ਖ਼ੁਸ਼ ਤਬੀਅਤ ਸੀ ਜਦੋਂ ਕਿ ਉਸ ਨੇ ਸਾਡੇ ਨਾਲ ਇਸ ਤਰ੍ਹਾਂ ਗੱਲਬਾਤ ਕੀਤੀ ਜਿਵੇਂ ਉਹ ਸਾਡੇ ਵਰਗਾ ਹੋਵੇ …. ਸਾਡੇ ਪਾਸ ਅੱਜ ਤੱਕ ਕੋਈ ਐਸਾ ਸ਼ਖ਼ਸ ਨਹੀਂ ਆਇਆ ਸੀ ਜਿਸ ਨੇ ਸਾਡੇ ਨਾਲ ਇਸ ਕਿਸਮ ਦੀ ਦੋਸਤਾਨਾ ਗੱਲਬਾਤ ਕੀਤੀ ਹੋਵੇ ।
ਅਸੀਂ ਲੰਮੇ ਅਰਸੇ ਤੱਕ ਉਸ ਦੀਆਂ ਕਰੀਬੀ ਭਵਿੱਖ ਵਿੱਚ ਉਨ੍ਹਾਂ ਕਾਮਯਾਬੀਆਂ ਬਾਰੇ ਵਿਚਾਰ ਵਟਾਂਦਰਾ ਕਰਦੇ ਰਹੇ ਜੋ ਉਸ ਨੂੰ ਫ਼ੈਕਟਰੀ ਵਿੱਚ ਲੜਕੀਆਂ ਦੀ ਮੁਹੱਬਤ ਜਿੱਤਣ ਵਿੱਚ ਹਾਸਲ ਹੋਣੀਆਂ ਸਨ …. ਉਨ੍ਹਾਂ ਲੜਕੀਆਂ ਦੀ ਮੁਹੱਬਤ ਜੋ ਸਾਡੀ ਤਰਫ਼ ਦੇਖ ਕੇ ਨਫ਼ਰਤ ਨਾਲ ਮੂੰਹ ਫੇਰ ਲੈਂਦੀਆਂ ਜਿਵੇਂ ਉਨ੍ਹਾਂ ਨੂੰ ਸਾਡੇ ਨਾਲ ਕੋਈ ਗ਼ਰਜ਼ ਹੀ ਨਾ ਹੋਵੇ , ਅਤੇ ਜਾਂ ਜਿਨ੍ਹਾਂ ਨੂੰ ਅਸੀਂ ਲਲਚਾਈਆਂ ਲਲਚਾਈਆਂ ਨਜ਼ਰਾਂ ਨਾਲ ਦੇਖਦੇ ਜਦੋਂ ਕਿ ਉਹ ਵਿਹੜੇ ਵਿੱਚ ਭਾਂਤ ਭਾਂਤ ਦੇ ਖ਼ੂਬਸੂਰਤ ਲਿਬਾਸ ਪਹਿਨ ਕੇ ਗੁਜ਼ਰ ਰਹੀਆਂ ਹੁੰਦੀਆਂ। ਤਾਨੀਆ ਬਾਰੇ ਤੁਹਾਡਾ ਕੀ ਖਿਆਲ ਹੈ! ਕਿਤੇ ਉਹ ਫੌਜੀ ਦੀ ਗ੍ਰਿਫ਼ਤ ਵਿੱਚ ਨਾ ਆ ਜਾਏ। ਨਾਨਬਾਈ ਨੇ ਅਚਾਨਕ ਦਿਲਗੀਰ ਆਵਾਜ਼ ਵਿੱਚ ਕਿਹਾ।
ਇਨ੍ਹਾਂ ਸ਼ਬਦਾਂ ਨੇ ਸਾਡੇ ਤੇ ਬਹੁਤ ਅਸਰ ਕੀਤਾ। ਇਸ ਲਈ ਅਸੀਂ ਚੁੱਪ ਰਹੇ।
ਤਾਨੀਆ ਦਾ ਖ਼ਿਆਲ ਸਾਡੇ ਦਿਮਾਗ਼ਾਂ ਵਿੱਚੋਂ ਤਕਰੀਬਨ ਤਕਰੀਬਨ ਨਿਕਲ ਚੁੱਕਾ ਸੀ…. ਫੌਜੀ ਦੇ ਖ਼ੂਬਸੂਰਤ ਅਤੇ ਮਜ਼ਬੂਤ ਜਿਸਮ ਨੇ ਜਿਵੇਂ ਸਾਡੀਆਂ ਨਜ਼ਰਾਂ ਤੋਂ ਓਹਲੇ ਕਰ ਦਿੱਤਾ ਸੀ। ਥੋੜੇ ਵਕਫ਼ੇ ਦੇ ਬਾਦ ਬਹਿਸ ਸ਼ੁਰੂ ਹੋ ਗਈ…. ਸਾਡੇ ਵਿੱਚੋਂ ਕੁਝ ਨੂੰ ਯਕੀਨ ਸੀ ਕਿ ਤਾਨੀਆ ਇੱਕ ਮਾਮੂਲੀ ਫੌਜੀ ਦੀ ਖ਼ਾਤਿਰ ਆਪਣੀ ਇੱਜਤ ਨੂੰ ਹਰਗਿਜ਼ ਹੱਥੋਂ ਜਾਣ ਨਹੀਂ ਦੇਵੇਗੀ। ਮਗਰ ਕੁਝ ਦਾ ਇਹ ਖ਼ਿਆਲ ਸੀ ਕਿ ਉਹ ਫੌਜੀ ਦੇ ਹਥ ਕੰਡਿਆਂ ਦਾ ਮੁਕਾਬਲਾ ਨਹੀਂ ਕਰ ਸਕੇਗੀ।
ਸਾਡੇ ਵਿੱਚੋਂ ਕੁਝ ਇੱਕ ਨੇ ਰਾਏ ਦਿੱਤੀ ਕਿ ਅਗਰ ਫੌਜੀ ਆਪਣੀਆਂ ਖ਼ਾਹਿਸ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰੇ ਤਾਂ ਉਸ ਦੀ ਪਸਲੀਆਂ ਤੋੜ ਦਿੱਤੀਆਂ ਜਾਣ ।
ਉਸ ਬਹਿਸ ਦੇ ਅੰਤ ਤੇ ਇਹ ਫ਼ੈਸਲਾ ਹੋਇਆ ਕਿ ਅਸੀਂ ਸਭ ਤਾਨੀਆ ਦੀ ਹਿਫ਼ਾਜ਼ਤ ਕਰੀਏ ਅਤੇ ਉਸ ਨੂੰ ਆਉਣ ਵਾਲੇ ਖ਼ਤਰੇ ਤੋਂ ਖਬਰਦਾਰ ਕਰ ਦੇਈਏ,
ਇੱਕ ਮਹੀਨਾ ਗੁਜ਼ਰ ਗਿਆ।
ਫੌਜੀ ਆਮ ਵਾਂਗ ਆਪਣੇ ਕੰਮ ਵਿੱਚ ਮਗਨ ਰਿਹਾ। ਇਸ ਦੌਰਾਨ ਉਹ ਸਾਡੇ ਕਾਰਖ਼ਾਨੇ ਵਿੱਚ ਕਈ ਦਫ਼ਾ ਆਇਆ। ਮਗਰ ਛੋਕਰੀਆਂ ਤੇ ਫ਼ਤਿਹ ਪਾਉਣ ਦੇ ਕਿਸਿਆਂ ਦੀ ਬਾਬਤ ਇੱਕ ਹਰਫ਼ ਤੱਕ ਜ਼ਬਾਨ ਤੇ ਨਾ ਲਿਆਇਆ।ਬਸ ਮੁੱਛਾਂ ਨੂੰ ਵੱਟ ਦਿੰਦਾ ਰਹਿੰਦਾ ਅਤੇ ਕਾਮੁਕ ਅੰਦਾਜ ਵਿੱਚ ਆਪਣੇ ਬੁੱਲਾਂ ਤੇ ਜੀਭ ਫੇਰਦਾ ਰਹਿੰਦਾ।
ਤਾਨੀਆ ਵੀ ਹਰ ਦਿਨ ਸਵੇਰੇ ਆਪਣੇ ਬਿਸਕੁਟਾਂ ਦੀ ਖ਼ਾਤਿਰ ਆਉਂਦੀ।ਉਸ ਦਾ ਰਵਈਆ ਵੀ ਹਮੇਸ਼ਾ ਵਾਂਗ ਵੈਸਾ ਹੀ ਦੋਸਤਾਨਾ ਸੀ। ਅਸੀਂ ਉਸ ਨੂੰ ਫੌਜੀ ਬਾਰੇ ਸੁਚੇਤ ਕਰਨਾ ਚਾਹਿਆ , ਮਗਰ ਉਨ੍ਹਾਂ ਨਾਮਾਂ ਨਾਲ ਜਿਸ ਨਾਲ ਉਹ ਉਸ ਨੂੰ ਪੁਕਾਰਦੀ ਸਾਨੂੰ ਯਕੀਨ ਹੋ ਗਿਆ ਕਿ ਉਹ ਉਸ ਦੇ ਹੱਥ ਨਹੀਂ ਚੜ੍ਹ ਸਕਦੀ।
ਸਾਨੂੰ ਆਪਣੀ ਨੰਨ੍ਹੀ ਲੜਕੀ ਤਾਨੀਆ ਤੇ ਨਾਜ਼ ਸੀ ਜਦੋਂ ਕਿ ਅਸੀਂ ਹਰ ਦਿਨ ਫੌਜੀ ਦੇ ਨਾਲ ਕੋਈ ਨਾ ਕੋਈ ਲੜਕੀ ਦੇਖਦੇ ਸਾਂ। ਤਾਨੀਆ ਦੇ ਉਸ ਬਾਵਕਾਰ ਰਵਈਏ ਨੇ ਸਾਡਾ ਹੌਸਲਾ ਵਧਾ ਦਿੱਤਾ ਹੁਣ ਅਸੀਂ …. ਉਸ ਦੀ ਇੱਜਤ ਦੇ ਰਖਵਾਲੇ , ਫੌਜੀ ਨੂੰ ਹਿਕਾਰਤ ਦੀਆਂ ਨਜ਼ਰਾਂ ਨਾਲ ਦੇਖਣ ਲੱਗੇ। ਉਸ ਦੇ ਉਲਟ ਉਸ ਦੀ ਅਜ਼ਮਤ ਸਾਡੇ ਦਿਲਾਂ ਵਿੱਚ ਦਿਨ ਬ ਦਿਨ ਵਧਦੀ ਗਈ।
ਇੱਕ ਦਿਨ ਫੌਜੀ ਸ਼ਰਾਬ ਵਿੱਚ ਮਖ਼ਮੂਰ, ਹੱਸਦਾ ਹੋਇਆ ਸਾਡੇ ਕਮਰੇ ਵਿੱਚ ਦਾਖ਼ਲ ਹੋਇਆ ਜਦੋਂ ਅਸੀਂ ਉਸ ਦੇ ਹੱਸਣ ਦੀ ਵਜ੍ਹਾ ਪੁੱਛੀ ਤਾਂ ਉਸ ਨੇ ਜਵਾਬ ਦਿਤਾ। ਦੋ ਛੋਕਰੀਆਂ ਮੇਰੇ ਲਈ ਆਪਸ ਵਿੱਚ ਲੜ ਰਹੀਆਂ ਹਨ…. ਉਨ੍ਹਾਂ ਨੇ ਕਿਸ ਤਰ੍ਹਾਂ ਇੱਕ ਦੂਸਰੇ ਨੂੰ ਜ਼ਲੀਲ ਕੀਤਾ। ਹਾ ਹਾ ਹਾ…. ਇੱਕ ਦੂਸਰੀ ਦੇ ਵਾਲ ਫੜ ਕੇ ਉਹ ਜ਼ਮੀਨ ਤੇ ਗਿਰ ਪਈਆਂ…. ਹਾ ਹਾ ਹਾ…. ਅਤੇ ਦਿਵਾਨਿਆਂ ਦੀ ਤਰ੍ਹਾਂ ਨਚਣਾ ਸ਼ੁਰੂ ਕਰ ਦਿੱਤਾ…. ਅਤੇ ਮੇਰਾ ਹਾਸੀ ਦੇ ਮਾਰੇ ਬੁਰਾ ਹਾਲ ਹੋਇਆ ਜਾ ਰਿਹਾ ਸੀ…. ਮੈਨੂੰ ਹੈਰਾਨੀ ਹੈ ਕਿ ਔਰਤਾਂ ਸਾਫ਼ ਲੜਾਈ ਨਹੀਂ ਲੜਦੀਆਂ…. ਘਰੂਟਾਂ ਨਾਲ ਨੋਚਣ ਦਾ ਫ਼ਾਇਦਾ ?
ਮੈਂ ਉਸ ਮਾਮਲੇ ਨੂੰ ਹੱਲ ਕਰਨ ਵਿੱਚ ਨਾਕਾਮ ਹਾਂ …. ਖ਼ੁਦਾ ਜਾਣੇ ਔਰਤਾਂ ਮੇਰੇ ਤੇ ਕਿਉਂ ਮਰਦੀਆਂ ਹਨ …. ਬੱਸ ਅੱਖ ਝਪਕਣ ਦੀ ਦੇਰ ਹੈ ਅਤੇ…._ ਇਹ ਕਹਿੰਦੇ ਹੋਏ ਫੌਜੀ ਆਪਣੀਆਂ ਗੋਰੀਆਂ ਬਾਹਾਂ ਹਵਾ ਵਿੱਚ ਲਹਿਰਾ ਰਿਹਾ ਸੀ ਅਤੇ ਸਾਡੀ ਤਰਫ਼ ਦੋਸਤਾਨਾ ਨਿਗਾਹਾਂ ਨਾਲ ਦੇਖ ਰਿਹਾ ਸੀ।
ਨਿੱਕੇ ਪੌਦਿਆਂ ਨੂੰ ਉਖਾੜ ਲੈਣਾ ਕੋਈ ਜਵਾਂ ਮਰਦੀ ਨਹੀਂ, ਮਜ਼ਾ ਤਾਂ ਤਦ ਹੈ ਕਿ ਕਿਸੇ ਮਜ਼ਬੂਤ ਦਰਖ਼ਤ ਨੂੰ ਗਿਰਾਇਆ ਜਾਏ। ਸਾਡੇ ਨਾਨਬਾਈ ਨੇ ਗ਼ੁੱਸੇ ਦੀ ਵਜ੍ਹਾ ਨਾਲ ਲੋਹੇ ਦੀ ਸਲਾਖ਼ ਨੂੰ ਭੱਠੀ ਵਿੱਚ ਤੇਜ਼ੀ ਨਾਲ ਹਿਲਾਉਂਦੇ ਹੋਏ ਕਿਹਾ:
“ਤਾਂ ਮੈਨੂੰ ਮੁਖ਼ਾਤਿਬ ਹੈਂ ਕੀ?” ਫੌਜੀ ਨੇ ਦਰਿਆਫ਼ਤ ਕੀਤੀ।
“ਹਾਂ! ਤੈਨੂੰ ਹੀ ਮੁਖ਼ਾਤਿਬ ਹਾਂ ।”
“ਇਸ ਤੋਂ ਤੇਰਾ ਮਤਲਬ?”
“ਕੁਛ ਵੀ ਨਹੀਂ…. ਕੁਛ ਵੀ ਨਹੀਂ”।
“ਠਹਿਰ, ਠਹਿਰ। ਉਹ ਕਿਹੜਾ ਮਜ਼ਬੂਤ ਦਰਖ਼ਤ ਹੈ ਜਿਸ ਦਾ ਤੂੰ ਜ਼ਿਕਰ ਕਰ ਰਿਹਾ ਹੈਂ ”।
ਨਾਨਬਾਈ ਨੇ ਉਸ ਦਾ ਜਵਾਬ ਨਹੀਂ ਦਿੱਤਾ ਅਤੇ ਭੱਠੀ ਵਿੱਚੋਂ ਪੱਕੇ ਹੋਏ ਬਿਸਕੁਟ ਕਢਣ ਵਿੱਚ ਮਗਨ ਰਿਹਾ। ਉਸ ਤੋਂ ਲੱਗ ਰਿਹਾ ਸੀ ਕਿ ਉਹ ਫੌਜੀ ਅਤੇ ਉਸ ਦੀ ਗੱਲਬਾਤ ਨੂੰ ਬਿਲਕੁਲ ਭੁੱਲ ਚੁੱਕਾ ਹੈ ਮਗਰ ਫੌਜੀ ਬਹੁਤ ਬੇਚੈਨ ਹੋਇਆ ਅਤੇ ਆਪਣੀਆਂ ਜਗ੍ਹਾ ਤੋਂ ਉਠ ਕੇ ਭੱਠੀ ਦੇ ਕਰੀਬ ਆਇਆ ਅਤੇ ਕਿਹਾ:
“ਦੱਸ ਤਾਂ ਸਹੀ !…. ਕਿਸ ਔਰਤ ਦਾ ਜ਼ਿਕਰ ਕਰ ਰਿਹਾ ਸੀ ?….ਤੂੰ ਤਾਂ ਮੇਰੀ ਹੱਤਕ ਕੀਤੀ ਹੈ। ਕੋਈ ਔਰਤ ਮੇਰੇ ਅੱਗੇ ਅੜ ਨਹੀਂ ਸਕਦੀ।““
ਉਸ ਦੀ ਗੱਲਬਾਤ ਤੋਂ ਲੱਗ ਰਿਹਾ ਸੀ ਕਿ ਉਹ ਨਾਨਬਾਈ ਦੀ ਗੱਲਬਾਤ ਤੋਂ ਸਖ਼ਤ ਨਾਰਾਜ਼ ਹੋ ਗਿਆ ਹੈ। ਗ਼ਾਲਿਬਨ ਉਸ ਨੂੰ ਇਸ ਗੱਲ ਤੇ ਬਹੁਤ ਫ਼ਖ਼ਰ ਸੀ ਕਿ ਉਸ ਵਿੱਚ ਔਰਤਾਂ ਨੂੰ ਚਿੱਤ ਕਰਨ ਦਾ ਹੁਨਰ ਮੌਜੂਦ ਹੈ। ਵਰਨਾ ਹਕੀਕਤ ਵਿੱਚ ਸਿਵਾਏ ਉਸ ਹੁਨਰ ਦੇ ਉਸ ਸ਼ਖ਼ਸ ਵਿੱਚ ਜ਼ਿੰਦਗੀ ਬਾਰੇ ਕੋਈ ਚੀਜ਼ ਵੀ ਮੌਜੂਦ ਨਹੀਂ ਸੀ। ਇਸ ਇੱਕੋ ਰਹੇ ਸਹੇ ਹੁਨਰ ਦੀ ਬਦੌਲਤ ਤਾਂ ਉਹ ਆਪਣੇ ਆਪ ਨੂੰ ਜ਼ਿੰਦਾ ਇਨਸਾਨ ਕਹਾਉਣ ਦਾ ਹੱਕਦਾਰ ਹੋ ਸਕਦਾ ਸੀ।
ਦੁਨੀਆਂ ਵਿੱਚ ਐਸੇ ਵਿਅਕਤੀ ਮੌਜੂਦ ਹਨ ਜੋ ਬਿਮਾਰੀ ਨੂੰ ਚਾਹੇ ਉਹ ਰੂਹਾਨੀ ਹੋਵੇ ਜਾਂ ਜਿਸਮਾਨੀ ਜ਼ਿੰਦਗੀ ਦਾ ਇੱਕ ਬੇਸ਼ ਕੀਮਤ ਜ਼ੁਜ਼ ਸਮਝਦੇ ਹੋਏ ਉਸ ਦੀ ਜ਼ਿੰਦਗੀ ਭਰ ਪਰਵਰਿਸ਼ ਕਰਦੇ ਰਹਿੰਦੇ ਹਨ ਅਤੇ ਇਸੇ ਵਿੱਚ ਆਪਣੀ ਜ਼ਿੰਦਗੀ ਦਾ ਰਾਜ਼ ਸਮਝਦੇ ਹਨ । ਹਾਲਾਂਕਿ ਐਸੀ ਜ਼ਿੰਦਗੀ ਆਮ ਤੌਰ ਤੇ ਤਕਲੀਫ਼ਦੇਹ ਹੁੰਦੀ ਹੈ ਮਗਰ ਉਹ ਉਸ ਜ਼ਿੰਦਗੀ ਦੇ ਸਹਾਰੇ ਬਾਰੇ ਦੂਸਰਿਆਂ ਕੋਲ ਸ਼ਿਕਾਇਤ ਜ਼ਰੂਰ ਕਰਦੇ ਹਨ। ਸਿਰਫ਼ ਇਸ ਲਈ ਕਿ ਆਪਣੇ ਹਮਸਾਇਆ ਇਨਸਾਨਾਂ ਦਾ ਧਿਆਨ ਆਪਣੀ ਤਰਫ਼ ਖਿਚ ਸਕਣ ਅਤੇ ਇਸ ਤਰ੍ਹਾਂ ਉਹ ਉਨ੍ਹਾਂ ਨੂੰ ਤਰਸ ਭਰੀਆਂ ਨਿਗਾਹਾਂ ਨਾਲ ਦੇਖਣ । ਅਗਰ ਐਸੇ ਵਿਅਕਤੀਆਂ ਤੋਂ ਇਹ ਬੇਚੈਨੀ , ਪੀੜ ਅਤੇ ਤਕਲੀਫ਼ ਖੋਹ ਲਈ ਜਾਏ ਉਨ੍ਹਾਂ ਦੇ ਦਰਦ ਦੀ ਦਵਾ ਕਰ ਦਿੱਤੀ ਜਾਏ ਤਾਂ ਉਹ ਪਹਿਲੇ ਦੀ ਤਰ੍ਹਾਂ ਖੁਸ਼ ਨਹੀਂ ਰਹਿਣਗੇ ਇਸ ਲਈ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਆਖ਼ਰੀ ਸਹਾਰਾ ਉਨ੍ਹਾਂ ਤੋਂ ਜੁਦਾ ਕਰ ਦਿੱਤਾ ਗਿਆ ਹੈ। ਹੁਣ ਉਹ ਖੋਖਲੇ ਬਰਤਨ ਵਾਂਗ ਹੋਣਗੇ। ਕਈ ਵਾਰ ਇੱਕ ਇਨਸਾਨ ਦੀ ਜ਼ਿੰਦਗੀ ਇਸ ਕਦਰ ਤੰਗ ਅਤੇ ਗ਼ੁਰਬਤ ਮਾਰੀ ਹੁੰਦੀ ਹੈ ਕਿ ਉਹ ਸੁਭਾਵਿਕ ਹੀ ਕਿਸੇ ਭੈੜੀ ਚੀਜ਼ ਨੂੰ ਮੁਹੱਬਤ ਕਰਨ ਲੱਗ ਜਾਂਦਾ ਹੈ ਅਤੇ ਉਸੇ ਤੇ ਜ਼ਿੰਦਾ ਰਹਿਣਾ ਚਾਹੁੰਦਾ ਹੈ। ਸਾਫ਼ ਲਫ਼ਜ਼ਾਂ ਵਿੱਚ ਅਕਸਰ ਲੋਕ ਸਿਰਫ਼ ਦਿਮਾਗ਼ੀ ਬੇਕਾਰੀ ਦੀ ਵਜ੍ਹਾ ਗੁਨਾਹ ਕਰਨ ਵੱਲ ਚਲੇ ਜਾਂਦੇ ਹਨ।
ਫੌਜੀ ਸਖ਼ਤ ਨਾਰਾਜ਼ ਹੋ ਗਿਆ ਸੀ।ਉਹ ਨਾਨਬਾਈ ਵੱਲ ਲਪਕਿਆ ਅਤੇ ਕੁਰੱਖ਼ਤ ਲਹਿਜੇ ਵਿੱਚ ਬੋਲਿਆ , “ ਮੈਂ ਜੋ ਬਾਰ ਬਾਰ ਕਹਿ ਰਿਹਾ ਹਾਂ ਕਿ ਬੋਲ …. ਕਿਸ ਲੜਕੀ ਦੀ ਬਾਬਤ ਜ਼ਿਕਰ ਕਰ ਰਿਹਾ ਹੈਂ ”।
“ਕਹਾਂ .. ਫਿਰ”।ਨਾਨਬਾਈ ਨੇ ਫੌਜੀ ਵੱਲ ਅਚਾਨਕ ਮੁੜਦੇ ਹੋਏ ਕਿਹਾ।
“ਹਾਂ, ਹਾਂ ।”
“ਕੀ ਤੁਸੀਂ ਤਾਨੀਆ ਨੂੰ ਜਾਣਦੇ ਹੋ ?”
“ਕਿਉਂ?”
“ਬੱਸ ਉਹੀ ਲੜਕੀ ਹੈ…. ਕਾਬੂ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋ”।
“ਮੈਂ ?”
“ਹਾਂ, ਹਾਂ! ਤੁਸੀਂ ।”
“ਇਹ ਤਾਂ ਬਿਲਕੁਲ ਮਾਮੂਲੀ ਗੱਲ ਹੈ”।
“ਅਸੀਂ ਵੀ ਦੇਖੀਏ ਕਿਵੇਂ?”
“ਤਾਂ ਫਿਰ ਦੇਖ ਲੈਣਾ ….ਹਾ ਹਾ ਹਾ!”
“ਉਹ ਤੁਹਾਡੀ ਤਰਫ਼ ਅੱਖ ਉਠਾ ਕੇ ਨਹੀਂ ਦੇਖੇਗੀ।”
”ਸਿਰਫ਼ ਇੱਕ ਮਹੀਨੇ ਦੀ ਮੋਹਲਤ ਚਾਹੁੰਦਾ ਹਾਂ ।”
“ਸ਼ੇਖ਼ ਚਿਲੀ ਮੱਤ ਬਣ…. ਮੀਆਂ ਫੌਜੀ ।”
“ਅੱਛਾ ਚੌਦਾਂ ਦਿਨ ਸਹੀ…. ਉਸ ਦੇ ਬਾਦ ਤੁਸੀਂ ਦੇਖ ਲੈਣਾ…. ਕੀ ਨਾਮ ਲਿਆ ਸੀ ਤੁਸੀਂ ?…. ਤਾਨੀਆ?”
“ਹੁਣ ਜਾਓ…. ਤੁਹਾਡੇ ਕੰਮ ਦਾ ਹਰਜਾ ਹੋ ਰਿਹਾ ਹੈ”।
“ਬੱਸ ਚੌਦਾਂ ਦਿਨ…. ਅਤੇ ਉਹ ਮੇਰੇ ਕਾਬੂ ਵਿੱਚ ਹੋਵੇਗੀ….ਤੁਹਾਡੀ ਕਿਸਮਤ!!”
“ਮੈਂ ਕਹਿੰਦਾ ਹਾਂ ਇੱਥੋਂ ਦੂਰ ਹੋ ਜਾ ।”
ਇਹ ਕਹਿ ਕੇ ਨਾਨਬਾਈ ਵਹਿਸ਼ੀਆਂ ਦੀ ਤਰ੍ਹਾਂ ਗ਼ਜ਼ਬਨਾਕ ਹੋ ਗਿਆ।ਇਹ ਦੇਖ ਕੇ ਫੌਜੀ ਸਖ਼ਤ ਹੈਰਾਨ ਹੋਇਆ ਅਤੇ ਚੁੱਪ ਨਾਲ ਇਹ ਕਹਿੰਦਾ ਹੋਇਆ ਉੱਥੋਂ ਚਲਾ ਗਿਆ ,”ਬਹੁਤ ਅੱਛਾ”।
ਉਸ ਬਹਿਸ ਦੇ ਦੌਰਾਨ ਅਸੀਂ ਸਭ ਚੁੱਪ ਰਹੇ। ਇਸ ਲਈ ਕਿ ਅਸੀਂ ਉਨ੍ਹਾਂ ਦੀ ਆਪਸੀ ਗੱਲਬਾਤ ਨੂੰ ਬਹੁਤ ਗ਼ੌਰ ਨਾਲ ਸੁਣ ਰਹੇ ਸਾਂ ਐਪਰ ਜਿਉਂ ਹੀ ਫੌਜੀ ਰੁਖ਼ਸਤ ਹੋਇਆ ਸਾਡੇ ਦਰਮਿਆਨ ਗੱਲਬਾਤ ਦਾ ਇੱਕ ਹੰਗਾਮਾ ਜਿਹਾ ਬਰਪਾ ਹੋ ਗਿਆ। ਸਾਡੇ ਵਿੱਚੋਂ ਇੱਕ ਨੇ ਨਾਨਬਾਈ ਨੂੰ ਚਿਲਾਉਂਦੇ ਹੋਏ ਕਿਹਾ,”ਤੈਨੂੰ ਕੀ ਸ਼ਰਾਰਤ ਸੁਝੀ ਹੈ”।
“ਕੰਮ ਕਰੀ ਜਾਓ ਆਪਣਾ…. ਸੁਣਿਆ ਹੈ ਜਾਂ ਨਹੀਂ”। ਨਾਨਬਾਈ ਨੇ ਖੂੰਖਾਰ ਲਹਿਜੇ ਵਿੱਚ ਜਵਾਬ ਦਿੱਤਾ।
ਸਾਨੂੰ ਦਰਅਸਲ ਉਸ ਦੀ ਫ਼ਿਕਰ ਹੋ ਰਹੀ ਸੀ ਕਿਉਂਜੋ ਫੱਟੜ ਫੌਜੀ ਆਪਣੇ ਸ਼ਬਦ ਨੂੰ ਪੂਰਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰੇਗਾ। ਇਸ ਲਈ ਤਾਨੀਆ ਦੀ ਇੱਜਤ ਖ਼ਤਰੇ ਵਿੱਚ ਸੀ ।
ਮਗਰ ਬਾਵਜੂਦ ਇਸ ਦੇ ਅਸੀਂ ਉਸ ਬਹਿਸ ਦਾ ਨਤੀਜਾ ਦੇਖਣ ਦੇ ਲਈ ਸਖ਼ਤ ਬੇਕਰਾਰ ਸਾਂ…. ਉਸ ਬਹਿਸ ਦਾ ਨਤੀਜਾ ਜੋ ਕਿਸੇ ਹਾਲਤ ਵਿੱਚ ਵੀ ਖ਼ੁਸ਼ਗਵਾਰ ਨਹੀਂ ਸੀ।
ਕੀ ਤਾਨੀਆ ਫੌਜੀ ਦੀ ਤਾਬ ਝੱਲ ਸਕੇਗੀ?_ ਇਸ ਸਵਾਲ ਤੇ ਅਸੀਂ ਇੱਕ ਜ਼ਬਾਨ ਚਿਲਾ ਉਠੇ। ਜਿਵੇਂ ਸਾਨੂੰ ਤਾਨੀਆ ਤੇ ਪੂਰੀ ਤਰ੍ਹਾਂ ਭਰੋਸਾ ਹੋਵੇ ।
“ਨੰਨ੍ਹੀ ਤਾਨੀਆ ਜ਼ਰੂਰ ਸਾਬਤ ਕਦਮ ਰਹੇਗੀ”।
ਸਾਨੂੰ ਆਪਣੀ ਨੰਨ੍ਹੀ ਦੇਵੀ ਦੀ ਸਾਬਤ ਕਦਮੀ ਅਤੇ ਸ਼ਕਤੀ ਦਾ ਇਮਤਿਹਾਨ ਲੈਣ ਦੀ ਅਰਸੇ ਤੋਂ ਖ਼ਹਿਸ਼ ਸੀ ਐਪਰ ਹੁਣ ਅਸੀਂ ਆਪਸ ਵਿੱਚ ਇਹ ਸਾਬਤ ਕਰ ਦਿੱਤਾ ਕਿ ਤਾਨੀਆ ਉਸ ਇਮਤਿਹਾਨ ਵਿੱਚ ਜ਼ਰੂਰ ਸੁਰਖ਼ਰੂ ਹੋਵੇਗੀ। ਉਸ ਦਿਨ ਤੋਂ ਸਾਡੀ ਜ਼ਿੰਦਗੀ ਇੱਕ ਅਜਬ ਕਿਸਮ ਦੀ ਜ਼ਿੰਦਗੀ ਹੋ ਗਈ ਜਿਸ ਤੋਂ ਅਸੀਂ ਬਿਲਕੁਲ ਅਨਜਾਣ ਸਾਂ । ਅਸੀਂ ਆਪਸ ਵਿੱਚ ਘੰਟਿਆਂ ਬਹਿਸ ਕਰਦੇ ਰਹਿੰਦੇ ਸਾਂ, ਜਿਵੇਂ ਅਸੀਂ ਪਹਿਲੇ ਦੀ ਨਿਸਬਤ ਜਿਆਦਾ ਅਕਲਮੰਦ ਅਤੇ ਤੇਜ ਤਰਾਰ ਬਣ ਗਏ ਹੋਈਏ ਅਤੇ ਸਾਡੀ ਗੱਲਬਾਤ ਕੁਛ ਮਾਅਨੇ ਰੱਖਦੀ ਹੋਵੇ ।
ਹੁਣ ਸਾਨੂੰ ਐਸਾ ਲੱਗ ਰਿਹਾ ਸੀ ਕਿ ਅਸੀਂ ਸ਼ੈਤਾਨ ਨਾਲ ਬਾਜ਼ੀ ਲਗਾ ਰਹੇ ਹਾਂ ਅਤੇ ਤਾਨੀਆ ਦੀ ਇੱਜਤ ਸਾਡੇ ਵਲੋਂ ਦਾਓ ਤੇ ਹੈ ।
ਜਦੋਂ ਅਸੀਂ ਕੇਕ ਬਣਾਉਣ ਵਾਲੇ ਨਾਨਬਾਈ ਤੋਂ ਇਹ ਖ਼ਬਰ ਸੁਣੀ ਕਿ ਫੌਜੀ ਨੇ ਤਾਨੀਆ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਤਾਂ ਸਾਨੂੰ ਸਖ਼ਤ ਰੰਜ ਪਹੁੰਚਿਆ ਅਤੇ ਅਸੀਂ ਉਸ ਰੰਜ ਨੂੰ ਮਿਟਾਉਣ ਦੇ ਲਈ ਇਸ ਕਦਰ ਮਗਨ ਸਾਂ ਕਿ ਸਾਨੂੰ ਇਹ ਮਲੂਮ ਹੀ ਨਾ ਹੋਇਆ ਕਿ ਮਾਲਕ ਨੇ ਸਾਡੀ ਬੇਚੈਨੀ ਅਤੇ ਮਸਤੀ ਦਾ ਫ਼ਾਇਦਾ ਉਠਾਉਂਦੇ ਹੋਏ ਮੈਦੇ ਵਿੱਚ ਚੌਦਾਂ ਪੌਂਡ ਦਾ ਇਜ਼ਾਫ਼ਾ ਕਰ ਦਿੱਤਾ।
ਇਸ ਭਿਆਨਕ ਮਸਤੀ ਦੇ ਦੌਰਾਨ ਕੰਮ ਕਰਦੇ ਹੋਏ ਤਾਨੀਆ ਦਾ ਨਾਮ ਹਰ ਵਕਤ ਸਾਡੀ ਜ਼ਬਾਨ ਤੇ ਹੁੰਦਾ ਅਤੇ ਅਸੀਂ ਹਰ ਦਿਨ ਸਵੇਰੇ ਉਸ ਦਾ ਇੰਤਜ਼ਾਰ ਕਰਿਆ ਕਰਦੇ…. ਗ਼ੈਰ ਮਾਮੂਲੀ ਬੇਸਬਰੀ ਦੇ ਨਾਲ।
ਉਹ ਹਰ ਦਿਨ ਸਾਡੇ ਪਾਸ ਆਉਂਦੀ। ਮਗਰ ਅਸੀਂ ਫੌਜੀ ਨਾਲ ਹੋਏ ਤਕਰਾਰ ਦਾ ਉਸ ਦੇ ਨਾਲ ਜ਼ਿਕਰ ਤੱਕ ਨਾ ਕੀਤਾ ਅਤੇ ਨਾ ਹੀ ਉਸ ਨੇ ਕਿਸੇ ਕਿਸਮ ਦੇ ਸਵਾਲ ਕੀਤੇ ਬਲਕਿ ਆਮ ਵਾਂਗ ਪਿਆਰ ਦੇ ਜਜ਼ਬੇ ਨਾਲ ਮਿਲਦੇ ਰਹੇ। ਮਗਰ ਉਸ ਪਿਆਰ ਦੇ ਜਜ਼ਬੇ ਵਿੱਚ ਕਿਸੇ ਨਵੀਂ ਚੀਜ਼ ਦੀ ਝਲਕ ਸੀ…. ਡੂੰਘੀ ਉਤਸੁਕਤਾ ਦੀ ਝਲਕ…. ਖ਼ੰਜਰ ਦੇ ਫਲ ਦੀ ਮਾਨਿੰਦ ਤੇਜ਼ ਅਤੇ ਸਰਦ।
”ਦੋਸਤੋ ! ਮਿਆਦ ਦਾ ਵਕਤ ਅੱਜ ਦੇ ਦਿਨ ਖਤਮ ਹੋ ਜਾਏਗਾ”। ਨਾਨਬਾਈ ਨੇ ਸਵੇਰੇ ਦੇ ਵਕਤ ਕੰਮ ਸ਼ੁਰੂ ਕਰਦੇ ਹੋਏ ਕਿਹਾ।
ਸਾਨੂੰ ਚੇਤਾ ਕਰਾਉਣ ਤੋਂ ਪਹਿਲਾਂ ਹੀ ਸਾਨੂੰ ਇਸ ਗੱਲ ਦਾ ਇਲਮ ਸੀ। ਮਗਰ ਫਿਰ ਵੀ ਇਹ ਸੁਣ ਕੇ ਅਸੀਂ ਸਿਰ ਤੋਂ ਪੈਰਾਂ ਤੱਕ ਕੰਬ ਗਏ।
“ਉਹ ਅੱਜ ਆਏਗੀ…. ਜ਼ਰਾ ਗ਼ੌਰ ਨਾਲ ਦੇਖਣਾ ਉਸ ਨੂੰ ।” ਨਾਨਬਾਈ ਨੇ ਗੱਲਬਾਤ ਜਾਰੀ ਰਖਦੇ ਹੋਏ ਕਿਹਾ।
“ਜਿਵੇਂ…. ਅੱਖਾਂ ਕੁਛ ਦੱਸ ਸਕਣਗੀਆਂ ।” ਸਾਡੇ ਵਿੱਚੋਂ ਇੱਕ ਨੇ ਪੁਰ ਸੋਜ਼ ਲਹਿਜੇ ਵਿੱਚ ਕਿਹਾ।
ਇਸ ਤੇ ਬਹਿਸ ਛਿੜ ਪਈ।ਅੱਜ ਦੇ ਦਿਨ ਸਾਨੂੰ ਮਲੂਮ ਹੋ ਜਾਣ ਵਾਲਾ ਸੀ ਕਿ ਉਹ ਬਰਤਨ ਜਿਸ ਵਿੱਚ ਅਸੀਂ ਸਭ ਨੇ ਆਪਣੇ ਦਿਲ ਰੱਖੇ ਹੋਏ ਹਨ , ਕਿਤਨਾ ਸਾਫ਼ ਤੇ ਬੇਦਾਗ ਹੈ। ਸਿਰਫ਼ ਅੱਜ ਸਵੇਰੇ ਸਾਨੂੰ ਐਸਾ ਪਤਾ ਲੱਗਿਆ ਹੋਵੇ ਕਿ ਜਿਵੇਂ ਅਸੀਂ ਕੋਈ ਬੜਾ ਖੇਲ ਖੇਲ ਰਹੇ ਹੋਈਏ ਜਿਸ ਵਿੱਚ ਸਾਨੂੰ ਆਪਣੀ ਦੇਵੀ ਦੇ ਖੋ ਜਾਣ ਦਾ ਅੰਦੇਸ਼ਾ ਹੋਵੇ ।
ਬੀਤੇ ਕੁਝ ਦਿਨਾਂ ਤੋਂ ਅਸੀਂ ਸੁਣ ਰਹੇ ਸਾਂ ਕਿ ਫੌਜੀ ਤਾਨੀਆ ਦੇ ਪਿੱਛੇ ਸਾਏ ਦੀ ਤਰ੍ਹਾਂ ਲੱਗਾ ਹੋਇਆ ਹੈ। ਤਾਨੀਆ ਆਮ ਵਾਂਗ ਬਿਸਕੁਟਾਂ ਦੇ ਲਈ ਹਰ ਦਿਨ ਆਉਂਦੀ । ਮਗਰ ਅਸੀਂ ਉਸ ਨਾਲ ਫੌਜੀ ਬਾਰੇ ਕਿਸੇ ਕਿਸਮ ਦਾ ਜ਼ਿਕਰ ਨਾ ਕਰਦੇ।
ਅਸੀਂ ਖ਼ੁਦ ਹੈਰਾਨ ਸਾਂ ਕਿ ਕਿਉਂ? ਅੱਜ ਦੇ ਦਿਨ ਵੀ ਅਸੀਂ ਜਿਵੇਂ ਹੀ ਉਸਨੂੰ ਇਹ ਕਹਿੰਦੇ ਹੋਏ ਸੁਣਿਆ
“ਨੰਨ੍ਹੇ ਕੈਦੀਓ_…. ਮੈਂ ਆ ਗਈ ਹਾਂ …”. ਅਸੀਂ ਦਰਵਾਜਾ ਖੋਲ੍ਹ ਦਿੱਤਾ ਅਤੇ ਜਦੋਂ ਉਹ ਅੰਦਰ ਆ ਗਈ, ਤਾਂ ਅਸੀਂ ਆਮ ਦੇ ਉਲਟ ਜਿਵੇਂ ਚੁੱਪ ਨਾਲ ਮਿਲੇ। ਚਾਹੇ ਸਾਡੀਆਂ ਅੱਖਾਂ
ਉਸ ਤੇ ਜੰਮੀਆਂ ਹੋਈਆਂ ਸਨ ਮਗਰ ਸਾਨੂੰ ਪਤਾ ਨਹੀਂ ਸੀ ਕਿ ਗੱਲਬਾਤ ਦਾ ਸਿਲਸਿਲਾ ਕਿਵੇਂ ਸ਼ੁਰੂ ਕਰੀਏ …. ਅਸੀਂ ਖ਼ਾਮੋਸ਼ ਅਤੇ ਹੈਰਤ ਦੀ ਤਸਵੀਰ ਬਣੇ ਉਸ ਦੇ ਸਾਹਮਣੇ ਖੜੇ ਸਾਂ ।
ਸਾਡੇ ਅਜੀਬ ਅਤੇ ਆਮ ਦੇ ਉਲਟ ਸਵਾਗਤ ਨੂੰ ਦੇਖ ਕੇ ਉਹ ਸਖ਼ਤ ਹੈਰਾਨ ਹੋ ਗਈ…. ਅਚਾਨਕ ਉਸ ਦੇ ਚਿਹਰੇ ਦਾ ਰੰਗ ਜ਼ਰਦ ਪੈ ਗਿਆ।
ਬੇਚੈਨ ਅਤੇ ਘੁੱਟਵੀਂ ਜਿਹੀ ਆਵਾਜ਼ ਵਿੱਚ ਕਹਿਣ ਲੱਗੀ:
“ਤੁਹਾਨੂੰ ਅੱਜ ਕੀ ਹੋ ਗਿਆ ਹੈ?”
“ਤੇ ਤੈਨੂੰ ..”। ਨਾਨਬਾਈ ਨੇ ਦਰਦ ਭਰੇ ਲਹਿਜੇ ਵਿੱਚ ਕਿਹਾ।
“ਮੈਨੂੰ ?….ਕੀ ਮਤਲਬ ਹੈ ਤੇਰਾ ?”
“ ਕੁਛ ਵੀ ਨਹੀਂ…. ਕੁਛ ਵੀ ਨਹੀਂ”।
“ਤਾਂ ਚਲੋ ਮੈਨੂੰ ਬਿਸਕੁਟ ਦਿਓ…. ਜ਼ਰਾ ਜਲਦੀ ਕਰੋ”।
ਇਸ ਤੋਂ ਪਹਿਲਾਂ ਉਸ ਨੇ ਅੱਜ ਤੱਕ ਏਨੀ ਫੁਰਤੀ ਕਦੇ ਨਹੀਂ ਦਿਖਾਈ ਸੀ।
“ਤੂੰ ਜਲਦੀ ਕਰ ਰਹੀ ਹੈਂ ”। ਨਾਨਬਾਈ ਨੇ ਤਾਨੀਆ ਤੋਂ ਅੱਖਾਂ ਅਲਗ ਨਾ ਕਰਦੇ ਹੋਏ ਕਿਹਾ। ਉਹ ਅਚਾਨਕ ਮੁੜੀ ਅਤੇ ਦਰਵਾਜ਼ੇ ਤੋਂ ਬਾਹਰ ਭੱਜ ਗਈ।
ਨਾਨਬਾਈ ਨੇ ਆਪਣੀ ਸਲਾਖ਼ ਫ਼ੜੀ ਅਤੇ ਭੱਠੀ ਵੱਲ ਜਾਂਦੇ ਹੋਏ ਦੱਬੀ ਜ਼ਬਾਨ ਵਿੱਚ ਕਹਿਣ ਲੱਗਾ:
“ਇਸ ਦਾ ਮਤਲਬ ਹੈ…. ਕਿ ਇਹ ਹੁਣ ਉਸ ਦੀ ਹੈ….ਆਹ ! ਇਹ ਫੌਜੀ …. ਹਰਾਮਜ਼ਾਦਾ…. ਬਦਮਾਸ਼। ”
ਇਸ ਤੇ ਅਸੀਂ ਭੇਡਾਂ ਦੇ ਇੱਜੜ ਦੀ ਤਰ੍ਹਾਂ ਆਪਣੇ ਮੋਢੇ ਹਿਲਾਉਂਦੇ ਹੋਏ ਮੇਜ਼ ਵੱਲ ਵਧੇ ਅਤੇ ਖ਼ਾਮੋਸ਼ੀ ਨਾਲ ਆਪਣਾ ਕੰਮ ਕਰਨ ਲੱਗ ਗਏ।
“ਪਰ ਕੀ ਇਹ ਸੰਭਵ ਹੋ ਸਕਦਾ ਹੈ….?” ਸਾਡੇ ਵਿੱਚੋਂ ਕਿਸੇ ਨੇ ਆਪਣੇ ਆਪ ਨੂੰ ਧਰਵਾਸ ਦਿੰਦੇ ਹੋਏ ਕਿਹਾ।
“ਬੱਸ! ਬੱਸ…. ਬੋਲਣ ਦੀ ਕੋਈ ਲੋੜ ਨਹੀਂ ”। ਨਾਨਬਾਈ ਨੇ ਚੀਖ਼ਦੇ ਹੋਏ ਜਵਾਬ ਦਿੱਤਾ। ਸਾਨੂੰ ਪਤਾ ਸੀ ਕਿ ਨਾਨਬਾਈ ਅਕਲਮੰਦ ਹੈ।
ਸਾਡੇ ਨਾਲੋਂ ਕਿਤੇ ਜਿਆਦਾ ਅਕਲਮੰਦ। ਇਸ ਲਈ ਉਸ ਦੇ ਚਿਲਾਉਣ ਤੋਂ ਅਸੀਂ ਅੰਦਾਜ਼ਾ ਲਾ ਲਿਆ ਕਿ ਉਹ ਫੌਜੀ ਦੀ ਫ਼ਤਿਹ ਤੇ ਕਾਮਯਾਬੀ ਦਾ ਐਲਾਨ ਕਰ ਰਿਹਾ ਹੈ।
ਇਹ ਖ਼ਿਆਲ ਕਰਦੇ ਹੋਏ ਅਸੀਂ ਦੁਖੀ ਅਤੇ ਬੇਚੈਨ ਹੋ ਗਏ।
ਬਾਰਾਂ ਬਜੇ ਯਾਨੀ ਦੁਪਹਿਰ ਦੇ ਖਾਣੇ ਦੇ ਵਕਤ ਫੌਜੀ ਆਇਆ ਅਤੇ ਆਮ ਵਾਂਗ ਬਾਗੋ ਬਾਗ ਸਾਡੀਆਂ ਨਜ਼ਰਾਂ ਨਾਲ ਨਜ਼ਰਾਂ ਮਿਲਾ ਕੇ ਵੇਖਣ ਲੱਗਾ, “ ਪਿਆਰੇ ਦੋਸਤੋ ! ਅਗਰ ਚਾਹੁੰਦੇ ਹੋ ਕਿ ਮੈਂ ਤੈਨੂੰ ਅੱਜ ਆਪਣੀ ਕਾਮਯਾਬੀ ਦਾ ਨਮੂਨਾ ਦਿਖਾਵਾਂ …. ਤਾਂ ਵਿਹੜੇ ਨਾਲ ਜੁੜਦੇ ਕਮਰੇ ਵਿੱਚ ਜਾ ਕੇ ਖਿੜਕੀਆਂ ਵਿੱਚੋਂ ਝਾਕ ਕੇ ਦੇਖੋ। ਸਮਝ ਗਏ।” ਫੌਜੀ ਨੇ ਜੇਤੂ ਲਹਿਜੇ ਵਿੱਚ ਹੱਸਦੇ ਹੋਏ ਕਿਹਾ।
ਫੌਜੀ ਦੇ ਕਹਿਣ ਤੇ ਅਸੀਂ ਵਿਹੜੇ ਨਾਲ ਜੁੜਦੇ ਕਮਰੇ ਵਿੱਚ ਚਲੇ ਗਏ ਅਤੇ ਆਪਣੇ ਚਿਹਰੇ ਖਿੜਕੀਆਂ ਦੀਆਂ ਝੀਥਾਂ ਦੇ ਨਾਲ ਜੋੜ ਦਿਤੇ।ਸਾਨੂੰ ਬਹੁਤ ਅਰਸੇ ਤੱਕ ਇੰਤਜ਼ਾਰ ਨਾ ਕਰਨਾ ਪਿਆ ਕਿਉਂਕਿ ਜਲਦੀ ਹੀ ਤਾਨੀਆ ਤੇਜ਼ ਕਦਮ ਉਠਾਉਂਦੀ ਹੋਈ ਵਿਹੜੇ ਦੇ ਛਪਰਾਂ ਦੇ ਕੋਲੋਂ ਜੋ ਚਿੱਕੜ ਅਤੇ ਬਰਫ਼ ਨਾਲ ਭਰੇ ਹੋਏ ਸਨ ਗੁਜ਼ਰੀ…. ਉਸ ਦੇ ਕੁਝ ਮਿੰਟਾਂ ਬਾਦ ਫੌਜੀ ਹਾਜਰ ਹੋਇਆ ਜਿਸ ਦਾ ਰੁਖ਼ ਤਾਨੀਆ ਵੱਲ ਸੀ। ਬੜੇ ਕੋਟ ਦੀਆਂ ਜੇਬਾਂ ਵਿੱਚ ਹੱਥ ਪਾਈ , ਸੀਟੀ ਮਾਰਦਾ ਹੋਇਆ ਉਹ ਵੀ ਤਾਨੀਆ ਦੀ ਤਰ੍ਹਾਂ ਸਾਡੀਆਂ ਅੱਖਾਂ ਤੋਂ ਓਹਲੇ ਹੋ ਗਿਆ…. ਇਸੇ ਅਰਸੇ ਵਿੱਚ ਬਾਰਿਸ਼ ਸ਼ੁਰੂ ਹੋ ਗਈ ਅਤੇ ਅਸੀਂ ਬਾਰਿਸ਼ ਦੀਆਂ ਬੂੰਦਾਂ ਨੂੰ ਜੋ ਛਪਰਾਂ ਤੇ ਗਿਰ ਕੇ ਅਜਬ ਸ਼ੋਰ ਪੈਦਾ ਕਰ ਰਹੀਆਂ ਸਨ, ਖ਼ਾਮੋਸ਼ੀ ਨਾਲ ਦੇਖਣ ਲੱਗੇ।
ਬਾਰਿਸ਼ ਦੀ ਵਜ੍ਹਾ ਨਾਲ ਅੱਜ ਦਾ ਦਿਨ ਬਹੁਤ ਉਦਾਸ ਅਤੇ ਰੁੱਖਾ ਸੀ। ਇਮਾਰਤ ਦੀਆਂ ਛੱਤਾਂ ਤੇ ਬਰਫ਼ ਦੀ ਤੈਹਾਂ ਜੰਮੀਆਂ ਹੋਈਆਂ ਸਨ ਅਤੇ ਜ਼ਮੀਨ ਚਿੱਕੜ ਨਾਲ ਲੱਤ ਪਤ ਹੋ ਰਹੀ ਸੀ। ਕਣੀਆਂ ਸਿਸਕੀਆਂ ਭਰਦੀਆਂ ਜ਼ਮੀਨ ਤੇ ਗਿਰ ਰਹੀਆਂ ਸਨ।
ਭਾਵੇਂ ਸਾਨੂੰ ਇਸ ਸਰਦੀ ਵਿੱਚ ਇਸ ਤਰ੍ਹਾਂ ਖੜੇ ਰਹਿਣਾ ਨਾਗਵਾਰ ਗੁਜ਼ਰ ਰਿਹਾ ਸੀ ਮਗਰ ਕਿਉਂਕਿ ਅਸੀਂ ਤਾਨੀਆ ਦੀ ਬੇਵਫ਼ਾਈ ਕਰਕੇ ਬੁਰੀ ਤਰ੍ਹਾਂ ਟੁੱਟੇ ਹੋਏ ਸਾਂ ਕਿ ਉਸ ਨੇ ਇੱਕ ਮਾਮੂਲੀ ਫੌਜੀ ਦੀ ਖ਼ਾਤਿਰ ਸਾਨੂੰ ਸਭ ਨੂੰ ਛੱਡ ਦਿੱਤਾ। ਇਸ ਲਈ ਅਸੀਂ ਜਲਾਦਾਂ ਵਰਗੀ ਹੌਲ਼ਨਾਕ ਖ਼ੁਸ਼ੀ ਨਾਲ ਉਸ ਦਾ ਇੰਤਜ਼ਾਰ ਕਰਨ ਲੱਗੇ।
ਥੋੜੇ ਅਰਸੇ ਬਾਦ ਤਾਨੀਆ ਨਿਕਲੀ …. ਉਸ ਦੀਆਂ ਅੱਖਾਂ…. ਹਾਂ ਉਸ ਦੀਆਂ ਅੱਖਾਂ ਕਿਸੇ ਅਜੀਬ ਖ਼ੁਸ਼ੀ ਨਾਲ ਚਮਕ ਰਹੀਆਂ ਸਨ…. ਉਸ ਦੇ ਹੋਠ ਮੁਸਕਰਾ ਰਹੇ ਸਨ । ਉਹ ਝੂਲਦੀ ਚਲੀ ਆ ਰਹੀ ਸੀ – ਜਿਵੇਂ ਕਿਸੇ ਖ਼ਾਬ ਵਿੱਚ ਗੜੂੰਦ ਹੋਵੇ ।
ਅਸੀਂ ਇਹ ਦ੍ਰਿਸ਼ ਖ਼ਾਮੋਸ਼ੀ ਨਾਲ ਨਾ ਦੇਖ ਸਕੇ। ਇਸ ਲਈ ਦਰਵਾਜ਼ੇ ਵਿੱਚੋਂ ਨਿਕਲ ਕੇ ਵਿਹੜੇ ਵੱਲ ਦੀਵਾਨਿਆਂ ਵਾਰ ਭੱਜਦੇ ਹੋਏ ਗਏ ਅਤੇ ਉਸ ਤੇ ਤਾਅਨਿਆਂ ਦੀ ਬੋਛਾੜ ਕਰ ਦਿੱਤੀ। ਸਾਨੂੰ ਉਸ ਹਾਲਤ ਵਿੱਚ ਦੇਖ ਕੇ ਉਹ ਕੰਬੀ ਅਤੇ ਰੁਕ ਗਈ ਜਿਵੇਂ ਚਿੱਕੜ ਵਿੱਚ ਗੱਡੀ ਗਈ ਹੋਵੇ । ਅਸੀਂ ਸਭ ਉਸ ਦੁਆਲੇ ਜਮ੍ਹਾਂ ਹੋ ਗਏ ਅਤੇ ਨਿਰਲੱਜ ਹੋਕੇ ਜੀ ਭਰਵੀਂ ਲਾਹ ਪਾਹ ਕੀਤੀ ਅਤੇ ਗੰਦੀਆਂ ਤੋਂ ਗੰਦੀਆਂ ਗਾਲਾਂ ਸੁਣਾਈਆਂ। ਅਸੀਂ ਇਉਂ ਕਰਦੇ ਵਕਤ ਆਪਣੀਆਂ ਆਵਾਜ਼ਾਂ ਦਾ ਬਹੁਤਾ ਸ਼ੋਰ ਨਾ ਪੈਣ ਦਿੱਤਾ ਤੇ ਨਾ ਹੀ ਕਾਹਲੀ ਕੀਤੀ ਬਲਕਿ ਉਸ ਮੌਕੇ ਦਾ ਅੱਛੀ ਤਰ੍ਹਾਂ ਫ਼ਾਇਦਾ ਉਠਾਉਂਦੇ ਰਹੇ ਕਿਉਂਕਿ ਸਾਨੂੰ ਯਕੀਨ ਸੀ ਕਿ ਸਾਡੇ ਵਿੱਚ ਘਿਰੀ ਉਹ ਕਿਤੇ ਨਹੀਂ ਜਾ ਸਕਦੀ ਅਤੇ ਅਸੀਂ ਜਿਨਾ ਚਿਰ ਚਾਹੀਏ ਆਪਣੇ ਦਿਲ ਦਾ ਬੁਖ਼ਾਰ ਕੱਢ ਸਕਦੇ ਹਾਂ। ਅਗਰ ਹੈਰਾਨੀ ਹੈ ਤਾਂ ਇਸ ਗੱਲ ਦੀ ਕਿ ਅਸੀਂ ਉਸ ਨੂੰ ਕੁਟਾਪਾ ਕਿਉਂ ਨਾ ਚਾੜਿਆ ।
ਉਹ ਸਾਡੇ ਦਰਮਿਆਨ ਘਿਰੀ ਖ਼ਾਮੋਸ਼ੀ ਨਾਲ ਗਾਲਾਂ ਸੁਣ ਰਹੀ ਸੀ ਅਤੇ ਕਦੇ ਇਧਰ ਕਦੇ ਉਧਰ ਆਪਣਾ ਸਿਰ ਫੇਰਦੀ ਅਤੇ ਅਸੀਂ ਗਾਲਾਂ ਅਤੇ ਤਾਅਨਿਆਂ ਰਾਹੀਂ ਆਪਣੀ ਅੱਗ ਉਗਲ ਰਹੇ ਸਾਂ।
ਥੋੜੀ ਦੇਰ ਬਾਦ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ…. ਉਸ ਦੀਆਂ ਨੀਲੀਆਂ ਅੱਖਾਂ ਜੋ ਕੁਛ ਸਮਾਂ ਪਹਿਲੇ ਮਜੇ ਨਾਲ ਚਮਕ ਰਹੀਆਂ ਸਨ, ਹੁਣ ਫਟੀਆਂ ਹੋਈਆਂ ਲੱਗ ਰਹੀਆਂ ਸਨ। ਉਸ ਦੀ ਛਾਤੀ ਬੜੇ ਜ਼ੋਰ ਨਾਲ ਧੜਕ ਰਹੀ ਸੀ ਅਤੇ ਉਸ ਦੇ ਹੋਠ ਥਰਥਰਾ ਰਹੇ ਸਨ…. ਅਤੇ ਅਸੀਂ ਉਸ ਦੇ ਗਿਰਦ ਘੇਰਾ ਬਣਾਈਂ ਆਪਣੀ ਬਦਲੇ ਦੀ ਅੱਗ ਬੁਝਾ ਰਹੇ ਸਾਂ। ਜਿਵੇਂ ਉਸ ਨੇ ਸਾਨੂੰ ਠੱਗ ਲਿਆ ਹੋਵੇ ।
ਉਹ ਸਾਡੀ ਸੀ ਕਿਉਂਜੋ ਅਸੀਂ ਉਸ ਦੀ ਖ਼ਿਦਮਤ ਵਿੱਚ ਆਪਣੇ ਆਪਣੇ ਦਿਲ ਪੇਸ਼ ਕੀਤੇ…. ਚਾਹੇ ਉਹ ਭਿਖਾਰੀ ਦੇ ਟੁਕੜਿਆਂ ਤੋਂ ਜਿਆਦਾ ਕੀਮਤੀ ਨਹੀਂ ਸੀ, ਮਗਰ ਉਸ ਨੇ ਛੱਬੀ ਦਿਲਾਂ ਨੂੰ ਇੱਕ ਫੌਜੀ ਦੀ ਖ਼ਾਤਰ ਠੁਕਰਾ ਦਿੱਤਾ। ਅਸੀਂ ਜਿਵੇਂ ਬੁਰਾ ਭਲਾ ਕਹਿ ਰਹੇ ਸਾਂ ਅਤੇ ਉਹ ਖ਼ਾਮੋਸ਼ …. ਹੱਕੀਆਂ ਬੱਕੀਆਂ ਤੇ ਫਟੀਆਂ ਅੱਖਾਂ ਨਾਲ ਸਾਡੀ ਤਰਫ਼ ਦੇਖ ਰਹੀ ਸੀ।
ਇਸ ਮੌਕੇ ਤੇ ਹੋਰ ਲੋਕ ਵੀ ਜਮ੍ਹਾਂ ਹੋ ਗਏ। ਸਾਡੇ ਵਿੱਚੋਂ ਇੱਕ ਨੇ ਤਾਨੀਆ ਦੀ ਆਸਤੀਨ ਪਕੜ ਕੇ ਖਿਚ ਲਈ ਜਿਸ ਤੇ ਉਸ ਦੀਆਂ ਅੱਖਾਂ ਵਿੱਚ ਇੱਕ ਚਮਕ ਪੈਦਾ ਹੋ ਗਈ ਅਤੇ ਆਪਣੇ ਸਿਰ ਨੂੰ ਜ਼ਰਾ ਉਤੇ ਉੱਠਾ ਕੇ ਵਾਲਾਂ ਨੂੰ ਸੰਵਾਰਦੇ ਅਤੇ ਸਾਡੀ ਤਰਫ਼ ਘੂਰਦੇ ਹੋਏ ਅਚਾਨਕ ਬੋਲੀ।
“ ਆਹ! ਜੇਲ੍ਹ ਦੇ ਜ਼ਲੀਲ ਪਰਿੰਦਿਓ।”
ਇਹ ਕਹਿੰਦੀ ਹੋਈ ਉਹ ਸਾਡੇ ਕੋਲੋਂ ਬਗ਼ੈਰ ਕਿਸੇ ਝਿਜਕ ਦੇ ਗੁਜ਼ਰ ਗਈ, ਜਿਵੇਂ ਅਸੀਂ ਉਸ ਦੇ ਰਸਤੇ ਵਿੱਚ ਹੈ ਹੀ ਨਹੀਂ ਸਾਂ …. ਉਸ ਦੀ ਏਸ ਦਲੇਰੀ ਨੇ ਸਾਨੂੰ ਜੁਰਅਤ ਨਾ ਕਰਨ ਦਿੱਤੀ ਕਿ ਅਸੀਂ ਉਸ ਨੂੰ ਰੋਕ ਲਈਏ ।
ਸਾਡੇ ਕੋਲੋਂ ਲੰਘਦੀ ਹੋਈ ਉਹ ਹਿਕਾਰਤ ਭਰੇ ਲਹਿਜੇ ਵਿੱਚ ਬੋਲੀ , “ਕਮੀਨੇ ਅਤੇ ਨਾਪਾਕ ਬੰਦੇ ।”
ਇਹ ਕਹਿੰਦੇ ਹੋਏ ਉਹ ਸਾਡੀਆਂ ਨਜ਼ਰਾਂ ਤੋਂ ਓਹਲੇ ਹੋ ਗਈ ਅਤੇ ਅਸੀਂ ਵਿਹੜੇ ਵਿੱਚ ਚਿੱਕੜ ਅਤੇ ਬਰਫ਼ ਦੇ ਤੋਦਿਆਂ ਦੇ ਦਰਮਿਆਨ, ਪੈਂਦੀ ਬਾਰਿਸ਼ ਵਿੱਚ , ਸੂਰਜ ਰਹਿਤ ਆਸਮਾਨ ਥੱਲੇ ਖੜੇ ਰਹੇ।
ਥੋੜੀ ਦੇਰ ਦੇ ਬਾਦ ਅਸੀਂ ਖ਼ਾਮੋਸ਼ੀ ਨਾਲ ਆਪਣੇ ਸੰਗੀਨ ਕਫ਼ਸ ਵਿੱਚ ਚਲੇ ਆਏ। ਜਿਥੇ ਸੂਰਜ ਦੀ ਜਾਂ ਬਖ਼ਸ਼ ਧੁੱਪ ਆਮ ਵਾਂਗ ਸਾਡੇ ਤੱਕ ਕਦੇ ਨਾ ਪਹੁੰਚੀ…. ਤਾਨੀਆ ਫਿਰ ਕਦੇ ਨਾ ਆਈ।

ਸ਼ਾਇਰਾਂ ਦੇ ਵੀ ਸ਼ਾਇਰ ਸਨ ਸ਼ਹਰਯਾਰ ਸਾਹਿਬ – ਏਕਾਂਤ ਸ਼ਰਮਾ

February 15, 2012 by

 

ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ, ਕਹੀਂ ਜਮੀਂ, ਤੋ ਕਹੀਂ ਆਸਮਾਂ ਨਹੀਂ ਮਿਲਤਾ। ਇਨ੍ਹਾਂ ਪੰਕਤੀਆਂ ਸਮੇਤ ਦਿਲ ਚੀਜ ਕ੍ਯਾ ਹੈ ਆਪ ਮੇਰੀ ਜਾਨ ਲੀਜਿਏ (ਉਮਰਾਵ ਜਾਨ) ਔਰ ਸੀਨੇ ਮੇਂ ਜਲਨ, ਆਂਖੋਂ ਮੇਂ ਤੂਫਾਨ ਕ੍ਯੋਂ ਹੈ, ਇਸ ਸ਼ਹਰ ਮੇਂ ਹਰ ਸ਼ਖਸ  ਪਰੇਸ਼ਾਨ-ਸਾ ਕ੍ਯੋਂ ਹੈ (ਗਮਨ) ਵਰਗੇ ਗੀਤਾਂ  ਦੇ ਰਚਣਹਾਰ ਅਤੇ ਮੰਨੇ ਪ੍ਰਮੰਨੇ ਸ਼ਾਇਰ ਸ਼ਹਰਯਾਰ ਸਾਹਿਬ ਨਹੀਂ ਰਹੇ ।  ਇਹ ਖਬਰ ਸਾਹਿਤ ਜਗਤ ਲਈ ਸਦਮੇ ਤੋਂ  ਘੱਟ ਨਹੀਂ ।  ਉਰਦੂ ਸ਼ਾਇਰੀ ਦੀ ਦੁਨੀਆਂ ਵਿੱਚ ਗਾਲਿਬ ,  ਫਿਰਾਕ ਅਤੇ ਫੈਜ ਵਰਗੇ ਦਿੱਗਜਾਂ  ਦੇ ਨਾਲ ਖੜੇ ਨਜ਼ਰ  ਆਉਣ ਵਾਲੇ ਗਜਲਕਾਰ ,  ਸ਼ਾਇਰ ਅਤੇ ਗੀਤਕਾਰ ਸ਼ਹਰਯਾਰ ਦਾ ਅਲੀਗੜ ਵਿੱਚ ਸੋਮਵਾਰ ਨੂੰ ਨਿਧਨ ਹੋ ਗਿਆ ।  ਉਹ 76 ਸਾਲ  ਦੇ ਸਨ ।

 

ਦੇਸ਼ ਦੀ ਬਿਹਤਰੀ  ਦੇ ਸਮਰਥਕ ,  ਡੂੰਘੀ  ਸਭਿਆਚਾਰਕ ਸੋਚ  ਦੇ ਧਨੀ ਅਤੇ ਗਿਆਨਪੀਠ ਇਨਾਮ ਨਾਲ ਸਨਮਾਨਿਤ ਸ਼ਹਰਯਾਰ ਲੰਬੇ ਵਕਤ ਵਲੋਂ ਬੀਮਾਰ ਸਨ ।  ਉਨ੍ਹਾਂ ਨੇ ਕਈ ਫਿਲਮਾਂ ਵਿੱਚ ਗੀਤ ਲਿਖੇ ,  ਜਿਨ੍ਹਾਂ ਵਿੱਚ ਉਮਰਾਉ  ਜਾਨ ਅਤੇ ਗਮਨ  ਦੇ ਗੀਤ ਅੱਜ ਵੀ ਚਾਅ ਵਲੋਂ ਸੁਣੇ ਅਤੇ ਸਰਾਹੇ ਜਾਂਦੇ ਹਨ ।  ਉਹ ਕਾਫ਼ੀ ਸਮਾਂ ਤੋਂ  ਫੇਫੜਿਆਂ  ਦੇ ਕੈਂਸਰ ਤੋਂ ਪੀੜਤ ਸਨ ।  ਉਨ੍ਹਾਂ  ਦੇ  ਪਰਵਾਰ ਵਿੱਚ ਪਤਨੀ ,  ਦੋ ਬੇਟੇ ਅਤੇ ਇੱਕ ਧੀ ਹੈ ।  ਪਿਛਲੇ ਸਾਲ ਉਨ੍ਹਾਂ ਨੂੰ 2008  ਦੇ ਸਾਹਿਤ  ਦੇ ਗਿਆਨਪੀਠ ਇਨਾਮ ਨਾਲ  ਨਵਾਜਿਆ ਗਿਆ ਸੀ ।

 

ਪ੍ਰੋ .  ਸ਼ਹਰਯਾਰ ਅਲੀਗੜ ਮੁਸਲਮਾਨ ਯੂਨੀਵਰਸਿਟੀ  ਦੇ ਉਰਦੂ ਵਿਭਾਗ  ਦੇ ਚੇਇਰਮੈਨ ਵੀ ਰਹੇ ।  16 ਜੂਨ – 1936 ਨੂੰ ਉੱਤਰ ਪ੍ਰਦੇਸ਼  ਦੇ ਆਂਵਲਾ ,  ਬਰੇਲੀ ਵਿੱਚ ਜਨਮੇ ਸ਼ਹਰਯਾਰ ਦਾ ਪੂਰਾ ਨਾਮ ਰਾਜ ਕੁਮਾਰ ਅਖਲਾਕ ਮੋਹੰਮਦ  ਖਾਨ ਸੀ ,  ਉੱਤੇ ਇਹਨਾਂ ਦੀ ਪਹਿਚਾਣ ਸ਼ਹਰਯਾਰ  ਦੇ ਤੌਰ ਤੇ ਹੀ ਸੀ ।  60 ਦੇ ਦਸ਼ਕ ਵਿੱਚ ਸ਼ਹਰਯਾਰ ਨੇ ਉਰਦੂ ਵਿੱਚ ਐਮ ਏ ਕੀਤੀ  ਅਤੇ ਫਿਰ ਅਲੀਗੜ ਮੁਸਲਮਾਨ ਯੂਨੀਵਰਸਿਟੀ ਨਾਲ ਜੁੜ ਗਏ ।  ਪੇਸ਼ੇ ਤੋਂ ਅਧਿਆਪਕ ਸ਼ਹਰਯਾਰ ਨੂੰ ਸਾਲ – 1981 ਵਿੱਚ ਬਣੀ ਫਿਲਮ ਉਮਰਾਉ ਜਾਨ ਨੇ ਨਵੀਂ ਪਹਿਚਾਣ ਦਿੱਤੀ ਸੀ ।  ਦੇਸ਼ ,  ਸਮਾਜ ,  ਸਿਆਸਤ ,  ਪ੍ਰੇਮ ,  ਦਰਸ਼ਨ ,  ਇਸ ਸਾਰੇ ਮਜ਼ਮੂਨਾਂ ਉੱਤੇ ਉਨ੍ਹਾਂ  ਦੇ  ਨਗਮੇ ਦਿਲ ਨੂੰ ਛੂੰਹਦੇ ਹਨ ।  ਉਨ੍ਹਾਂ ਨੂੰ ਅਮੀਤਾਭ ਬੱਚਨ  ਦੇ ਹੱਥੋਂ  ਗਿਆਨਪੀਠ ਇਨਾਮ ਦਿੱਤਾ ਗਿਆ ,  ਤਾਂ ਗਜਲਕਾਰ ਜੈਕ੍ਰਿਸ਼ਣ ਰਾਏ  ‘ਤੁਸ਼ਾਰ’ ਨੇ ਕਿਹਾ – ‘ਤੱਦ ਜੇਕਰ ਮੀਰ ,  ਗਾਲਿਬ ਸਨ ,  ਅੱਜ ਦੇ ਦੌਰ ਵਿੱਚ ਵੀ ਸ਼ਹਰਯਾਰ ਹੈ । ’ ਸ਼ੈਲੇਸ਼ ਗੌਤਮ ਮੰਨਦੇ ਹਨ – ‘ਇਸ ਲਈ ਗਜਲਾਂ ਦੀ ਫਿਜਾ ਖੁਸ਼ਗਵਾਰ ਹੈ ,  ਇਸ ਮੁਲਕ ਦੀ ਤਾਰੀਖ ਵਿੱਚ ਇਕ ਸ਼ਹਰਯਾਰ ਹੈ । ’ ਸ਼ਹਰਯਾਰ ਦੀਆਂ ਰਚਨਾਵਾਂ ਕਾਫ਼ੀ ਪੜ੍ਹੀ ਜਾਂਦੀਆਂ ਹਨ – ਕਹੀਂ ਜਰਾ-ਸਾ ਅੰਧੇਰਾ ਭੀ ਕਲ ਕੀ ਰਾਤ ਨ ਥਾ, ਗਵਾਹ ਕੋਈ ਮਗਰ ਰੋਸ਼ਨੀ ਕੇ ਸਾਥ ਨ ਥਾ। ..ਜਿਸੇ ਭੀ ਦੇਖਿਏ, ਵੋ ਅਪਨੇ ਆਪ ਮੇਂ ਗੁੰਮ ਹੈ, ਜੁਬਾਂ ਮਿਲੀ ਹੈ, ਮਗਰ ਹਮਜੁਬਾਂ ਨਹੀਂ ਮਿਲਤਾ। ..ਫਿਰ ਬੁਲਾਯਾ ਹੈ ਹਮੇਂ ਦਸ਼ਤੇ -ਫਰਾਮੋਸ਼ੀ ਨੇ, ਕੋਈ ਆਮਾਦਾ ਹੈ ਕ੍ਯਾ ਸਾਥ ਮੇਂ ਚਲਨੇ ਕੇ ਲਿਏ, ਚਲੋ ਜੰਗਲੋਂ ਕੀ ਤਰਫ ਫਿਰ ਚਲੋ, ਬੁਲਾਤੇ ਹੈਂ ਫਿਰ ਲੋਗ ਬਿਛੜੇ ਹੁਏ।

ਉਨ੍ਹਾਂ  ਦੇ  ਬਾਰੇ ਵਿੱਚ ਇਹ ਲਿਖਿਆ ਗਿਆ ਹੈ – ਉਨ੍ਹਾਂ ਦੀ ਸ਼ਾਇਰੀ  ਦੇ ਕਿਰਦਾਰ ਦਾ ‘ਮੈਂ’ ਨਿਖਾਲਿਸ ‘ਇੰਡਿਵਿਜੁਇਲ’ ਦਿਖਦੇ ਹੋਏ ਵੀ ਆਪਣੇ ਪ੍ਰੋਗਰੇਸਿਵ ਸਰੋਕਾਰਾਂ ਤੋਂ ਮੁੰਹ ਨਹੀਂ ਮੋੜਦਾ ।  ਉਹ ਆਪਣੇ ਦਰਦ ਵਿੱਚ ਸਭ  ਦੇ ਦਰਦ ਨੂੰ ਸਮੋ ਲੈਣ ਦੀ ਤਾਕਤ ਰੱਖਦਾ ਹੈ ।  ਮੌਤ ਬਾਰੇ ਉਨ੍ਹਾਂ ਨੇ ਲਿਖਿਆ ਹੈ – ਵੋ ਕੌਨ ਥਾ, ਵੋ ਕਹਾਂ ਕਾ ਥਾ, ਕ੍ਯਾ ਹੁਆ ਥਾ ਉਸੇ, ਸੁਨਾ ਹੈ ਆਜ ਕੋਈ ਸ਼ਖਸ ਮਰ ਗਯਾ ਯਾਰੋ।  ਸ਼ਹਰਯਾਰ ਸਾਹਿਬ ਆਪਣੇ ਇਸ ਸ਼ੇਅਰ ਵਿੱਚ ਜਿਸਦੀ ਗੱਲ ਕਰਦੇ ਹਨ  ,  ਉਹ ਤਾਂ ਕੋਈ ਗੁੰਮਨਾਮ ਵਿਅਕਤੀ ਸੀ ,  ਪਰ ਉਹ ਆਪ ਗੁੰਮਨਾਮ ਨਹੀਂ ਸਨ ।  ਉਨ੍ਹਾਂ ਦਾ ਨਿਧਨ ਸਾਹਿਤ – ਪ੍ਰੇਮੀਆਂ ਨੂੰ ਗਮਗੀਨ ਕਰ ਗਿਆ ਹੈ ।  ਸਾਹਿਤ  ਦੇ ਅਕਾਸ਼ ਵਿੱਚ ਹੁਣ ਉਨ੍ਹਾਂ ਵਰਗਾ ਕੋਈ ਨਹੀਂ ।