ਅਮਨ ਜਦੋਂ ਦਾ ‘ਸੈਮੀਨਾਰ’ ਲਗਾ ਕੇ ਆਇਆ ਸੀ ਬਦਲਿਆ-ਬਦਲਿਆ ਲਗ ਰਿਹਾ ਸੀ।
ਸਵੇਰੇ ਜਦੋਂ ਬਾਪੂ ਗੜਵੀ ਵਿਚੋਂ ਵਡੇ ਕੱਪ ਵਿਚ ਚਾਹ-ਪਾ ਕੇ ਪੀ ਰਿਹਾ ਸੀ, ਉਹਦੇ ਪੈਰੀਂ ਹੱਥ ਲਾ ਕੇ ਅਮਨ ਨੇ ਕਿਹਾ, ”ਹੇ ਈਸ਼ਵਰ! ਈਸ਼ਵਰ ਤੇਰਾ ਧੰਨਵਾਦ ਕਰਨਾ ਚਾਹੁੰਦਾ ਹੈ।” ਹੈਰਾਨੀ ਨਾਲ ਫੌਜੀ ਦੇ ਹੱਥੋਂ ਚਾਹ ਵਾਲਾ ਕੱਪ ਛੁੱਟਦਾ-ਛੁੱਟਦਾ ਬਚਿਆ। ਉਹਦੇ ਪੁੱਤ ਨੇ ਪਹਿਲੀ ਵਾਰ ਉਹਦੇ ਪੈਰੀਂ ਹੱਥ ਲਾਏ ਸੀ। ‘ਈਸ਼ਵਰ’ ਵਾਲੀ ਗਲ ਉਹਦੇ ਪੱਲੇ ਨਾ ਪਈ। ਈਸ਼ਵਰ ਸਿੰਘ ਤਾਂ ਉਹਦੇ ਬਾਪ ਦਾ ਨਾਂ ਸੀ। ਉਹ ਤਾਂ ਫੌਜੀ ਜੰਗ ਸਿੰਘ ਸੀ। ਗੱਲ-ਗੱਲ ‘ਤੇ ‘ਕਲਯੁਗ ਐ ਮਦਰ ਚੋ।’ ਕਹਿਣ ਵਾਲੇ ਫੌਜੀ ਨੂੰ ਪਤਾ ਨਾ ਲਗੇ, ਇਹ ਸਤਯੁਗ ਕਿਧਰੋਂ ਸ਼ੁਰੂ ਹੋ ਗਿਆ ਤੇ ਪੈਰੀਂ ਹੱਥ ਲਾਉਣ ‘ਤੇ ਕਿਹੜੀਆਂ ਅਸੀਸਾਂ ਦੇਈਦੀਆਂ ਨੇ।
ਫੌਜੀ ਦੇ ਪੈਰੀਂ ਹਥ ਲਾ ਕੇ ਅਮਨ ਰਸੋਈ `ਚ ਜਾ ਵੜਿਆ। ਆਪਣੀ ਪਤਨੀ ਰਾਜੀ ਦੈ ਪੈਰਾਂ ‘ਤੇ ਝੁਕਿਆ। ਉਹ ਡਰ ਕੇ ਪਿਛਾਂਹ ਨੂੰ ਡਿੱਗਣ ਲੱਗੀ ਸੀ ਪਰ ਪਿਛੇ ਕੰਧ ਸੀ ਤੇ ਦੂਜੇ ਪਾਸੇ ਫਰਿਜ ਪਈ ਸੀ ਨਹੀਂ ਤਾਂ ਉਹ ਛਾਲ ਮਾਰ ਕੇ ਇਕ ਪਾਸੇ ਨਿਕਲ ਜਾਂਦੀ ਆਖਦੀ, “ਸ਼ਰਮ ਤਾਂ ਨੀਂ ਆਉਂਦੀ, ਬਾਪੂ ਜੀ ਵਿਹੜੇ ‘ਚ ਬੈਠੇ ਨੇ।” ਅਮਨ ਰਾਜੀ ਦੇ ਪੈਰਾਂ ਵਲ ਹੱਥ ਉਦੋਂ ਹੀ ਵਧਾਉਂਦਾ ਜਦੋਂ ਉਹਦੇ ਦਿਮਾਗ ਨੂੰ ਕੁਝ ਚੜ੍ਹਿਆ ਹੋਵੇ। ਰਾਜੀ ਦੇ ਦਿਮਾਗ
‘ਚ ਆਈ…ਰਾਤ ਤਾਂ ਚੰਗਾ ਭਲਾ ਸੀ…ਹੁਣ ਇਹਦੇ ਦਿਮਾਗ ਨੂੰ ਕੀ ਚੜ੍ਹ ਗਿਆ।…ਕੀ ਕਰਾਂ, ਕੀ ਨਾ ਕਰਾਂ?” ਉਹਨੇ ਵਾਪਰਨ ਵਾਲੇ ‘ਭਾਣੇ’ ਤੋਂ ਡਰਦੀ ਨੇ ਅੱਖਾਂ ਮੀਚ ਲਈਆਂ। ਉਹਦਾ ਦਿਲ ਤੇਜ਼-ਤੇਜ਼ ਧੜਕਣ ਲਗਿਆ। ਜਦੋਂ ਕੁਝ ਨਾ ਵਾਪਰਿਆ ਤੇ ਉਹਨੇ ਅੱਖਾਂ ਖੋਹਲ ਲਈਆਂ। ਅਮਨ ਉਹਦੇ ਪੈਰਾਂ ‘ਚ ਸਿਰ ਰੱਖ ਕੇ ਬੋਲੀ ਜਾ ਰਿਹਾ ਸੀ,
“ਹੇ ਈਸ਼ਵਰ! ਇਹ ਈਸ਼ਵਰ ਤੇਰਾ ਧੰਨਵਾਦ ਕਰਨਾ ਚਾਹੁੰਦਾ ਹੈ।”
ਰਾਜੀ ਉਸ ਵਾਪਰਨ ਵਾਲੇ ‘ਭਾਣੇ’, ਜਿਸ ਦੀ ਉਹ ਆਦੀ ਸੀ ਨਾਲੋਂ ਇਸ ਵਾਪਰੇ ‘ਭਾਣੇ’ ਕਰਕੇ ਹੋਰ ਵੀ ਡਰ ਗਈ। ਉਹ ਬੁੜਬੁੜਾਈ, ”…ਈਸ਼ਵਰ?…ਧੰਨਵਾਦ?” ਉਹ ਬਾਹੋਂ ਫੜ ਕੇ ਖੜਾ ਕਰਦੀ ਬੋਲੀ, ”ਕੀ ਹੋ ਗਿਆ ਤੁਹਾਨੂੰ…?” ਅਮਨ ਨੇ ਸੱਜਾ ਹੱਥ ਖੱਬੀ ਛਾਤੀ ‘ਤੇ ਰਖ ਕੇ ਸਿਰ ਝੁਕਾਇਆ।
ਫੌਜੀ ਜਿਹੜਾ ਪੈਰੀਂ ਹਥ ਲੱਗਣ ਦੀ ਖੁਸ਼ੀ ‘ਚ ਖੀਵਾ ਹੋਇਆ ਬੈਠਾ ਸੀ, ਜਿਸ ਨੂੰ ਹੁਣੇ ਸਤਯੁਗ ਆਉਣ ਦਾ ਅਹਿਸਾਸ ਜਿਹਾ ਹੋਇਆ ਸੀ, ਪੁੱਤ ਨੂੰ ਨੂੰਹ ਦੇ ਪੈਰੀਂ ਡਿਗੇ ਦੇਖਦਿਆਂ ਉਹਦੀ ਸਾਰੀ ਖੁਸ਼ੀ ਜਾਂਦੀ ਰਹੀ। ”ਕਲਯੁਗ ਆ ਮਦਰ ਚੋ…ਆਪਣੀ ਹੀ ਤੀਵੀਂ ਦੇ ਪੈਰਾਂ `ਚ …ਕਿਤੇ ਇਹ ਹਿੱਲ ਤਾਂ ਨ੍ਹੀਂ ਗਿਆ..।” ਬੁੜਬੁੜਾਉਂਦਾ
ਉਹ ਚਾਹ ਉਥੇ ਹੀ ਛਡ ਕੇ ਬਾਹਰ ਨੂੰ ਨਿਕਲ ਗਿਆ।
ਫੌਜੀ ਨੂੰ ‘ਰਣਤੱਤੇ’ `ਚ ਪਿੱਠ ਦਿਖਾਉਣ ਦੀ ਆਦਤ ਸੀ। ਉਹ ਤਾਂ ਉਸ ਸਮੇਂ ਵੀ, ‘ਕਲਯੁਗ ਐ ਮਦਰ `ਚੋ’ ਕਹਿ ਕੇ ਬਾਹਰ ਨੂੰ ਤੁਰ ਜਾਂਦਾ ਜਦੋਂ ਘਰ ‘ਮੈਦਾਨ ਏ ਜੰਗ’ ਬਣਿਆ ਹੁੰਦਾ। ਫੌਜੀ ਉਸ ਲੜਾਈ ਨੂੰ ‘ਤਮਾਸ਼ਾ’ ਆਖਦਾ। ਉਹ ਬੁੜਬੁੜਾਉਂਦਾ ਹਮੇਸ਼ਾ ਬਹੂ ਨੂੰ ਹੀ ਮਾੜੀ ਆਖਦਾ। ਕਹਿੰਦਾ, “ਮਦਰ `ਚੋ ਨਿੱਤ ਦਾ ਤਮਾਸ਼ਾ…ਗਿਠ ਦੀ ਜ਼ੁਬਾਨ ਆ ਬਹੂ ਦੀ…ਗਿਚੀ ਪਿਛੇ ਮਤ ਹੁੰਦੀ ਆ ਤੀਵੀਆਂ ਦੀ।”
ਉਹ ‘ਤਮਾਸ਼ਾ’ ਲਗਭਗ ਹਰ ਰੋਜ਼ ਹੀ ਹੁੰਦਾ। ਅਮਨ ਰਾਜੀ ਨੂੰ ਕੁਟਦਾ ਉਹ ਕੁਟ ਖਾਂਦੀ ਰੋਂਦੀ, ਚੀਕਦੀ ਤੇ ਅਗੋਂ ਕਹਿੰਦੀ, ”ਹੁਣ ਮਾਰ ਕੇ ਦਿਖਾ ਕੰਜਰਾ, ਜੇ ਪਿਉ ਦਾ ਪੁਤ ਏਂ।”
ਅਮਨ ਕੁਟਣੋਂ ਨਾ ਹਟਦਾ ਤੇ ਰਾਜੀ, ‘ਹੁਣ ਮਾਰ ਕੇ ਦਿਖਾ ਜੇ ਪਿਉ ਦਾ ਪੁਤ ਏਂ।’ ਕਹਿਣੋ ਨਾ ਹਟਦੀ। ਨਿਤ ਦਾ ‘ਤਮਾਸ਼ਾ’ ਹੋਣ ਕਰਕੇ ਹੁਣ ਤਾਂ ਉਨ੍ਹਾਂ ਨੂੰ ਕੋਈ ਛੁਡਾਉਣ ਵੀ ਨਾ ਆਉਂਦਾ ਨਾ ਹੀ ਝੀਥਾਂ ਵਿਚੀਂ ਕੋਈ ਦੇਖਦਾ। ਕਿਸੇ ਨੂੰ ਪਤਾ ਨਹੀਂ ਸੀ ਇਹ ਨਿਤ ਦਾ ‘ਤਮਾਸ਼ਾ’ ਕਿਉਂ ਹੁੰਦਾ ਹੈ। ਸਾਰੇ ਆਪੋ ਆਪਣੇ ਕਿਆਸੇ ਲਾਉਂਦੇ।
ਕੋਈ ਕਹਿੰਦਾ, ”ਮਾਸਟਰ ਦਾ ਵਿਚਾਰ ਆ, ਔਰਤ ਤੇ ਖੁਰਪਾ ਜਿੰਨਾ ਚੰਡੋ ਓਨਾ ਠੀਕ ਰਹਿੰਦੇ ਨੇ।”
ਕੋਈ ਕਹਿੰਦਾ, ”ਮਾਸਟਰ ਦੀ ਤੀਵੀਂ ਠੰਢੀ ਆ। ਜਦੋਂ ਮਾਸਟਰ ਦੇ ਦਿਮਾਗ ਨੂੰ ਕੁਝ ਚੜ੍ਹਿਆ ਹੁੰਦਾ ਉਹ ਖੂੰਖਾਰ ਬਣ ਜਾਂਦਾ,” ਜਿੰਨੇ ਮੂੰਹ ਉਨੀਆਂ ਹੀ ਗੱਲਾਂ।
ਰਬ ਜਾਣੇ ਇਹ ਲੜਾਈ ਕਿਹੜੇ ਸਮਝੌਤੇ ਨਾਲ ਖਤਮ ਹੁੰਦੀ। ਸਵੇਰੇ ਦੋਵੇਂ ਪਤੀ-ਪਤਨੀ ਆਮ ਵਾਂਗ ਵਿਚਰਨ ਲਗਦੇ।
ਅਮਨ ਜਦੋਂ ਦਾ ਸੈਮੀਨਾਰ ਲਗਾ ਕੇ ਆਇਆ ਸੀ। ਉਹ ਅਜੀਬ ਕਿਸਮ ਦੀਆਂ ਗੱਲਾਂ ਤੇ ਹਰਕਤਾਂ ਕਰਨ ਲੱਗਿਆ। ਘੰਟੇ ਕੁ ਬਾਅਦ ਅੱਖਾਂ ਬੰਦ ਕਰਕੇ ਸਮਾਧੀ ਜਿਹੀ ਲਗਾ ਕੇ ਬੈਠ ਜਾਂਦਾ।
ਕਦੀ ਆਖਦਾ, ”ਮੈਂ ਅਜੇ ਵੀ ਸ਼ਿਵਰ `ਚ ਹਾਂ…ਜੋ ਹੋਵੇਗਾ ਦੇਖਿਆ ਜਾਵੇਗਾ…ਜੋ ਵਾਪਰ ਰਿਹਾ ਹੈ ਸਭ ਸਵੀਕਾਰ ਹੈ…।”
ਰਾਜੀ ਨੂੰ ਸਭ ਤੋਂ ਅਜੀਬ ਗੱਲ ਉਦੋਂ ਲਗਦੀ ਜਦੋਂ ਉਹ ਕਹਿੰਦਾ, “ਮੈਂ ਈਸ਼ਵਰ ਹਾਂ।”
ਉਹ ਬੋਲਦੀ, ”ਤੁਸੀਂ ਈਸ਼ਵਰ ਨਹੀਂ ਜਨਾਬ ਈਸ਼ਵਰ ਸਿੰਘ ਦੇ ਪੋਤੇ ਹੋ।”
ਕਦੀ ਬਿੰਦੀ ਦੀ ਘਰਵਾਲੀ ਬਾਰੇ ਸੋਚਦੀ, “ਕੰਜਰੀ ਤੀਵੀਂ ਪਿਛੇ ਮੜ੍ਹੀਆਂ-ਮਸਾਣਾਂ ‘ਚ ਘੁੰਮਦਾ ਫਿਰਦਾ ਹੁੰਦਾ ਸੀ। ਹੋ ਸਕਦਾ ਉਥੋਂ ਇਲ ਬਲਾ ਚਿੰਬੜ ਗਈ ਹੋਵੇ। ਸ਼ਾਇਦ ਇਹਦਾ ਦਾਦਾ ਚਿੰਬੜ ਗਿਆ ਹੋਵੇ ਤਾਹੀਓਂ ਆਪਣੇ ਆਪ ਨੂੰ ਈਸ਼ਵਰ ਕਹਿੰਦਾ…ਸ਼ਾਇਦ…।”
ਅਮਨ ਜਦੋਂ ਬਾਥਰੂਮ ਜਾਂਦਾ ਤਾਂ ਆਖਦਾ, ”ਈਸ਼ਵਰ ਹੁਣ ਨਹਾਉਣ ਜਾਵੇਗਾ।” ਤਿਆਰ ਹੋ ਕੇ ਸਕੂਲ ਜਾਣ ਲਗਿਆ ਕਹਿਣ ਲੱਗਾ, ”ਈਸ਼ਵਰ ਹੁਣ ਸਕੂਲ ਜਾਵੇਗਾ।” ਉਹਨੇ ਹੀਰੋ ਹੌਂਡਾ ਨੂੰ ਕਿੱਕ ਮਾਰੀ ਤੇ ਸਕੂਲ ਚਲਿਆ ਗਿਆ।
”ਦਿੱਲੀ ਤਾਂ ਸੌ ਵਾਰ ਲੁਟੀ ਗਈ ਆ, ਜਿਹਦੇ ਕਰਕੇ ਸੋਨੇ ਦੀ ਚਿੜੀ ਭਾਰਤ ਦਾ ਇਹ ਹਾਲ ਆ। ਵਿਚਾਰੇ ਅਮਨ ਦਾ ਕੀ ਹਾਲ ਹੋਣਾ ਜਿਹੜਾ ਹਰ ਰੋਜ਼ ਹਜ਼ਾਰ ਵਾਰ ਲੁੱਟ ਹੁੰਦਾ।”
ਅਮਨ ਦਾ ਸਾਥੀ ਮਾਸਟਰ ਜਸਵੀਰ ਇਹ ਅਕਸਰ ਆਖਦਾ। ਤੇ ਇਹ ਗੱਲ ਅਮਨ ‘ਤੇ ਪੂਰੀ ਢੁਕਦੀ ਸੀ। ਹਰ ਲੰਡੀ-ਮੀਣੀ ਔਰਤ ਉਹਦਾ ਦਿਲ ਲੁੱਟ ਲਿਜਾਂਦੀ। ਸਭ ਤੋਂ ਜ਼ਿਆਦਾ ਡਾਕੇ ਮੈਡਮ ਮੋਨਿਕਾ ਮਾਰਦੀ। ਉਹ ਹਮੇਸ਼ਾ ਚਾਹੁੰਦਾ ਜਦੋਂ ਉਹ ਸਕੂਲ ਵੜੇ ਉਹਦੇ ਮੱਥੇ ਮੈਡਮ ਮੋਨਿਕਾ ਲੱਗੇ, ਦਿਨ ਚੰਗਾ ਲੰਘਦੈ। ਜਸਵੀਰ ਵਰਗਾ ਲੱਗੇ ਤਾਂ ਐਵੇਂ ਬੱਚੇ ਕੁੱਟਣ ਤੇ ਹਰ ਇਕ ਨਾਲ ਲੜਨ ਨੂੰ ਦਿਲ ਕਰਦਾ ਰਹਿੰਦਾ। ਉਹ ਜਦੋਂ ਮੋਨਿਕਾ ਨੂੰ ‘ਗੁਡ ਮਾਰਨਿੰਗ’ ਆਖਦਾ ਉਹ ਅੱਗੋਂ ‘ਵੈਰੀ ਗੁਡ ਮਾਰਨਿੰਗ ਸਰ’ ਕਹਿ ਕੇ ਲੁੱਟ ਪੁੱਟ ਲਿਜਾਂਦੀ।
ਅਮਨ ਦਾ ਦਿਲ ਕਰਦਾ ਉਹ ਮੋਨਿਕਾ ਨੂੰ ਮਿੰਟ ਮਿੰਟ ਬਾਅਦ ‘ਗੁਡ ਮਾਰਨਿੰਗ’ ਆਖਦਾ ਰਹੇ।
ਮੋਨਿਕਾ ਬਹੁਤ ਸੁਲਝੀ ਹੋਈ ਔਰਤ ਸੀ। ਉਸ ਕੋਲ ਕੋਈ ਅਜਿਹੀ ਚੀਜ਼ ਸੀ ਜਿਸ ਨਾਲ ਔਰਤਾਂ ਮਰਦ ਨੂੰ ਖੜ੍ਹੇ ਨੂੰ ਹੀ ਖਰੀਦ ਵੇਚ ਲੈਂਦੀਆਂ ਨੇ। ਉਹ ਇਹ ਜਾਣਦੀ ਸੀ ਕਿ ਕਿਸ ਤੋਂ ਕਿੰਨੀ ਕੁ ਦੂਰੀ ਬਣਾ ਕੇ ਰੱਖਣੀ ਹੈ। ਉਹਦਾ ਪੜ੍ਹਾਉਣ ਦਾ ਢੰਗ ਵੀ ਅਜਿਹਾ ਸੀ ਕਿ ਬੱਚੇ ਉਹਦੇ ਹੀ ਗੁਣ ਗਾਇਨ ਕਰਦੇ ਰਹਿੰਦੇ।
ਅੱਜ ‘ਗੁਡ ਮਾਰਨਿੰਗ’ ਕਹਿਣ ਦੀ ਥਾਂ ਕੁਰਸੀ ‘ਤੇ ਬੈਠੀ ਮੋਨਿਕਾ ਦੇ ਪੈਰਾਂ ‘ਚ ਇਸ ਤਰ੍ਹਾਂ ਡਿਗ ਪਿਆ, ਜਿਵੇਂ ਕਿਸੇ ‘ਤੇ ਅਚਾਨਕ ਹਮਲਾ ਕਰੀਦਾ,”ਈਸ਼ਵਰ, ਈਸ਼ਵਰ ਦਾ ਧੰਨਵਾਦ ਕਰਦਾ ਹੈ।”
ਮੋਨਿਕਾ ਨੂੰ ਕੁਰਸੀ ਤੋਂ ਉਠਣਾ ਔਖਾ ਹੋ ਗਿਆ। ਉਹਨੇ ਔਖੀ ਹੁੰਦੀ ਨੇ ਕੁਰਸੀ ਪਿਛਾਂਹ ਖਿਚ ਕੇ ਕਿਹਾ, ”ਸਰ ਜੀ, ਕਿਉ ਮੇਰੇ `ਤੇ ਪਾਪ ਚੜ੍ਹਾਉਣ ਲਗੇ ਓ, ਪੈਰੀਂ ਹੱਥ ਤਾਂ ਬਜ਼ੁਰਗਾਂ ਦੇ ਲਾਈਦੇ ਨੇ…ਮੈਂ ਤਾਂ ਤੁਹਾਥੋਂ ਬਹੁਤ ਛੋਟੀ ਆਂ…।” ਉਹ ਥੋੜਾ ਡਰ ਵੀ ਗਈ ਸੀ। ਕਿਸੇ ਹੋਰ ਅਧਿਆਪਕ ਨੇ ਇਹ ਸੀਨ ਦੇਖ ਲਿਆ ਤਾਂ ਹੁਣੇ ਖੰਭਾਂ ਦੀਆਂ ਡਾਰਾਂ ਬਣਨਗੀਆਂ। ਉਹਨੇ ਆਪਣੇ ਆਪ `ਤੇ ਕਾਬੂ ਰੱਖਿਆ ਅਮਨ ਨੂੰ ਕੁਝ ਬੋਲਣਾ ਉਹਨੂੰ ਆਪਣੀ ਇਜ਼ਤ ਆਪ ਖ਼ਰਾਬ ਕਰਨ ਵਾਲੀ ਗੱਲ ਲੱਗੀ।
ਮੋਨਿਕਾ ਦੇ ਮੱਥੇ ਦੀ ਤਿਊੜੀ ਦੇਖ ਅਮਨ ਕਹਿਣ ਲੱਗਾ, “ਮੈਂ ਤਾਂ ਤੁਹਾਡਾ ਧੰਨਵਾਦ ਕਰਨਾ ਚਾਹੁੰਨਾ।”
ਮੋਨਿਕਾ ਹੁਣ ਸੰਭਲ ਗਈ ਸੀ। ਉਹਨੇ ਵਿਅੰਗਮਈ ਮੁਸਕਰਾਹਟ ਬਖੇਰੀ। ਆਪਣੇ ਵਾਹੇ ਸੰਵਾਰੇ ਵਾਲਾਂ ਉਤੇ ਹੱਥ ਫੇਰ ਕੇ ਸੁਆਰਦੀ ਬੋਲੀ, “ਧੰਨਵਾਦ ਲਈ ਧੰਨਵਾਦ ਸਰ ਜੀ, ਮੈਂ ਤਾਂ ਡਰ ਹੀ ਗਈ ਸਾਂ। ਗੁਡ ਮਾਰਨਿੰਗ ਕਹਿਣ ਵਾਲੇ ਸਰ ਇਕਦਮ ਪੈਰਾਂ ‘ਚ…ਪਰ ਧੰਨਵਾਦ ਕਰ ਕਿਉਂ ਰਹੇ ਓ।”
”ਸਭ ਈਸ਼ਵਰ ਕਰ ਰਿਹਾ ਹੈ।” ਉਹਨੇ ਖੱਬੀ ਛਾਤੀ ਜਿੱਥੇ ਦਿਲ ਹੁੰਦਾ ਹੈ, `ਤੇ ਹੱਥ ਰੱਖ ਕੇ ਸਿਰ ਝੁਕਾਂਦਿਆਂ ਕਿਹਾ।
ਮੋਨਿਕਾ ਨੂੰ ਲੱਗਿਆ ਅਮਨ ਬੁਰੀ ਤਰ੍ਹਾਂ ਹਿੱਲ ਗਿਆ ਹੈ। ਉਹ ਸੋਚਣ ਲੱਗੀ, ‘ਜਸਵੀਰ ਸਰ ਇਹਨੂੰ ‘ਕਰੈਕ’ ਕਹਿੰਦੇ ਹੁੰਦੇ ਸੀ ਪਰ ਇਹ ਤਾਂ ਪੂਰੀ ਤਰ੍ਹਾਂ ‘ਤਿੜਕ’ ਗਿਆ ਹੈ। ਛੇਤੀ ਹੀ ਕਿਸੇ ਪਾਗਲਖਾਨੇ…।’
”ਸਰ, ਤੁਸੀਂ ਪੂਨੇ ਗਏ ਸੀ ਕਿਸੇ ਸੈਮੀਨਾਰ `ਚ। ਉਥੇ ਦੀ ਕੋਈ ਗੱਲ ਸੁਣਾਓ।” ਮੋਨਿਕਾ ਨੇ ਛੇੜਿਆ।
ਅਮਨ ਚਾਹੁੰਦਾ ਹੁੰਦਾ ਸੀ ਕਿ ਮੋਨਿਕਾ ਨਾਲ ਗੱਲਾਂ ਕਰਦਾ ਰਹੇ, ਕਰਦਾ ਰਹੇ, ਉਹ ਗੱਲਾਂ ਕਦੀ ਨਾ ਮੁੱਕਣ। ਹਾਜ਼ਰੀ ਰਜਿਸਟਰ ‘ਤੇ ਹਾਜ਼ਰੀ ਲਗਾਉਂਦਾ ਕਹਿਣ ਲਗਾ, ”ਨਹੀਂ ਮੋਨਿਕਾ ਜੀ, ਉਹ ਗੱਲਾਂ ਨਹੀਂ ਦਸ ਸਕਦਾ।” ਉਹਨੇ ਆਪਣਾ ਸੱਜਾ ਹੱਥ ਖੱਬੀ ਛਾਤੀ `ਤੇ ਰਖ ਕੇ ਅੱਖਾਂ ਮੀਚ ਕੇ ਕਿਹਾ, “ਮੈਂ ਅਜੇ ਵੀ ਸ਼ਿਵਰ ‘ਚ ਹਾਂ।”
ਮੋਨਿਕਾ ਸੋਚਣ ਲਗੀ, “ਸੈਮੀਨਾਰ ‘ਚ ਅਜਿਹਾ ਕੀ ਵਾਪਰਿਆ ਜਿਸ ਨੇ ਇਸ ਕਰੈਕ ਬੰਦੇ ਨੂੰ ਅਜਿਹਾ ਬਣਾ ਦਿਤਾ। ਇਹ ਤਾਂ ਘਰ ਦੀਆਂ ਸਾਰੀਆਂ ਉਸ ਅਗੇ ਦਸ ਦਿਆ ਕਰਦਾ ਸੀ। ਸੈਮੀਨਾਰ ‘ਚ ਅਜਿਹਾ ਕੀ ਵਾਪਰਿਆ ਜਿਹੜਾ ਅਗੇ ਨਹੀਂ ਦਸਿਆ ਜਾ ਸਕਦਾ?”
***
ਸਿਖਿਆ ਮਹਿਕਮਾ ਪੰਜਾਬ ‘ਚ ਸਿੱਖਿਆ ਦੇ ਪੱਧਰ ਤੋਂ ਚਿੰਤਤ ਸੀ। ਅਧਿਆਪਕਾਂ ਨੂੰ ਨਵੇਂ ਨਵੇਂ ਪ੍ਰੋਗਰਾਮਾਂ ਅਧੀਨ ਟਰੇਂਡ ਕੀਤਾ ਜਾਂਦਾ। ‘ਦਫਤਰ’ ਵਲੋਂ ਮਹਿਕਮੇ ਨੂੰ ਚਿੱਠੀ ਆਈ ਸੀ, ਜਿਸ ਅਧੀਨ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਇਕ ਇਕ ਅਧਿਆਪਕ ਟ੍ਰੇਨਿੰਗ ਲਈ ਪੂਨੇ ਭੇਜਣਾ ਸੀ। ਲੁਧਿਆਣੇ ਜ਼ਿਲ੍ਹੇ ਵਿਚੋਂ ਰਾਕੇਸ਼ ਸ਼ਰਮਾ ਦੀ ਡਿਊਟੀ ਲੱਗੀ। ਉਹਨੂੰ ਅਚਾਨਕ ਕੋਈ ਅਜਿਹਾ ਕੰਮ ਆ ਪਿਆ ਇਸ ਲਈ ਉਹਨੇ ਅਮਨ ਦੀ ਡਿਊਟੀ ਲਗਾ ਦਿਤੀ, “ਜਾ ਆ ਯਾਰ, ਸਕੂਲ ਦੇ ਗਧੀ ਗੇੜੇ ਕਢਦਿਆਂ ਹੀ ਮਰ ਜਾਣਾ…ਨਾਲੇ ਪੂਨੇ ਘੁੰਮ ਫਿਰ ਆਈਂ, ਅਜਿਹੇ ਮੌਕੇ ਵਾਰ ਵਾਰ ਥੋੜੇ ਮਿਲਦੇ ਨੇ। ਇਕ ਤੇਰੇ ਕੰਮ ਦੀ ਗਲ ਦਸਾਂ ਉਥੇ ਕੋਠੇ ਵਾਲੀਆਂ ਦਾ ‘ਬੁੱਧਵਾਰ ਪੇਠ’ ਬਾਜ਼ਾਰ ਆ। ਹਫਤਾ ਮੌਜਾਂ ਲੁਟੀਂ। ਦਿਨੇ ਸੈਮੀਨਾਰ ਲਗਾਇਆ ਰਾਤੀਂ ਬੁੱਧਵਾਰ ਪੇਠ ‘ਚ ਸੈਮੀਨਾਰ ਲਾ ਲਿਆ…।” ਉਹਨੇ ਸਬਜ਼ਬਾਗ ਦਿਖਾਏ। ਨਾਲ ‘ਦਫਤਰ’ ਦਾ ਡਰਾਵਾ ਵੀ ਦੇ ਦਿੱਤਾ ਅਖੇ, ”ਅਫ਼ਸਰ ਬੜੇ ਸਖਤ ਨੇ।”
ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਅੱਠ ਅਧਿਆਪਕ ਜਾ ਰਹੇ ਸਨ। ਸਾਰੇ ਅਧਿਆਪਕ ਫਿਰੋਜ਼ਪੁਰ ਇਕੱਠੇ ਹੋ ਗਏ ਉਥੋਂ ਪੂਨੇ ਨੂੰ ਰੇਲ ਗੱਡੀ ਚੜ੍ਹਨਾ ਸੀ। ਅੱਠ ਅਧਿਆਪਕਾਂ ਵਿਚੋਂ ਸਤਪਾਲ, ਤਰਸੇਮ, ਜਗਤਾਰ, ਜਸਵੀਰ ਸ਼ਾਇਰ ਸਨ। ਉਨ੍ਹਾਂ ਦੀਆਂ ਕਿਤਾਬਾਂ ਛਪੀਆਂ ਸਨ। ਉਹ ਆਪਸ ਵਿਚ ਇਕ ਦੂਸਰੇ ਨੂੰ ਪਹਿਲਾਂ ਹੀ ਜਾਣਦੇ ਸਨ। ਸਤਪਾਲ ਗਰੁੱਪ ਦਾ ਲੀਡਰ ਸੀ। ਅਮਨ ਰੇਲ ਗੱਡੀ ਵਿਚ ਬੈਠ ਕੇ ਵੀ ਦੋਚਿਤੀ ਵਿਚ ਸੀ ‘ਜਾਵੇ ਜਾਂ ਨਾ ਜਾਵੇ’ ਪਰ ਉਹਨੂੰ ‘ਬੁਧਵਾਰ ਪੇਠ’ ਬੁਲਾ ਰਿਹਾ ਸੀ। ਰੇਲ ਗੱਡੀ ਦੇ ਡਬੇ ‘ਚ ਬੈਠਿਆਂ ਸਾਰੇ ਰਾਹ ਸ਼ਾਇਰਾਂ ਦੀ ਸ਼ਾਇਰੀ, ਚੁਟਕਲੇ ਤੇ ਸਾਹਿਤਕ ਚੁਗਲੀਆਂ ਚਲਦੀਆਂ ਹਨ।
ਗੱਡੀ ਵਿਚੋਂ ਉਤਰ ਕੇ “ਸਵੈ ਸੰਵਾਦ” ਪ੍ਰੋਗਰਾਮ ਵਾਲਿਆਂ ਦੀ ਜੀਪ ਵਿਚ ਚੜ੍ਹ ਗਏ। ਜਿਹੜੀ ਉਨ੍ਹਾਂ ਨੂੰ ਲੈਣ ਆਈ ਹੋਈ ਸੀ। ਉਹ ਜੀਪ ਉਨ੍ਹਾਂ ਨੂੰ ‘ਆਸ਼ਰਮ’ ਲੈ ਗਈ। ਆਸ਼ਰਮ ਸ਼ਹਿਰ ਤੋਂ ਕਾਫੀ ਦੂਰ ਤਿੰਨ ਪਾਸਿਆਂ ਤੋਂ ਪਹਾੜਾਂ ਨਾਲ ਘਿਰਿਆ ਬਹੁਤ ਹੀ ਮਨਮੋਹਕ ਥਾਂ ਸੀ। ਉਹ ਅਜੇ ਆਬਾਦ ਹੋ ਰਿਹਾ ਸੀ। ਉਥੇ ਰਹਿਣ ਲਈ ਦੋ ਵੱਡੇ ਹਾਲ ਬਣੇ ਹੋਏ ਸਨ। ਜਿਨ੍ਹਾਂ ਵਿਚ 500 ਦੇ ਕਰੀਬ ਬੰਦੇ ਬੈਠ ਸਕਦੇ ਸੀ। ਇਕ ਵੱਡਾ ਰਸੋਈ ਘਰ ਸੀ ਤੇ ਪੰਜਾਹ ਕੁ ਬੰਦਿਆਂ ਦੇ ਨਹਾਉਣ ਆਦਿ ਦਾ ਪ੍ਰਬੰਧ ਵੀ ਸੀ। ਕਿਉਂਕਿ ਉਹ ਇਕ ਰਾਤ ਪਹਿਲਾਂ ਪਹੁੰਚ ਗਏ ਸਨ, ਕੁਝ ਕੁ ਪ੍ਰਬੰਧਕਾਂ ਤੋਂ ਬਿਨਾ ਉਥੇ ਕੋਈ ਨਹੀਂ ਸੀ।
ਅਧਿਆਪਕ ਹੋਰ ਕਿਸਮ ਦੇ ਸੈਮੀਨਾਰ ਲਗਾਉਣ ਗਿਝੇ ਹੋਏ ਸਨ। ਉਨ੍ਹਾਂ ਘੁਸਰ-ਮੁਸਰ ਕੀਤੀ, ”ਯਾਰ ਇਹ ਤਾਂ ਕਿਸੇ ਸਾਧ ਦੇ ਡੇਰੇ ਵਰਗਾ ਲਗਦਾ, ‘ਨਾਂ ਹੀ ਆਸ਼ਰਮ ਰਖਿਆ।”
ਅਮਨ ਸੋਚ ਰਿਹਾ ਸੀ, “ਕਿਥੇ ਰੋਹੀ ਬੀਆਬਾਨ `ਚ ਲਿਆ ਮਾਰਿਆ। ਏਥੋਂ ਤਾਂ ਬਹਾਨਾ ਬਣਾ ਕੇ ‘ਬੁੱਧਵਾਰ ਪੇਠ’ ਵੀ ਨਹੀਂ ਜਾ ਸਕਦੇ। ਕੋਈ ਹੀਲਾ ਤਾਂ ਕਰਨਾ ਹੀ ਪੈਣਾ…।”
***
ਪਹਿਲਾ ਦਿਨ
ਅਧਿਆਪਕਾਂ ਦਾ ਸ਼ੱਕ ਸਹੀ ਨਿਕਲਿਆ। ਇਹ ਵੱਖਰੀ ਕਿਸਮ ਦਾ ਸੈਮੀਨਾਰ ਸੀ। ਵੱਖ ਵੱਖ ਥਾਵਾਂ ਤੋਂ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਗਏ। ਬਹੁਤੇ ਅਨਪੜ੍ਹ-ਅੱਧਖੜ੍ਹ ਕਿਸਮ ਦੇ ਲੋਕ ਸਨ। ਸਭ ਤੋਂ ਪਹਿਲਾਂ ਰਜਿਸਟਰੇਸ਼ਨ ਹੋਈ। ਹਰ ਬੰਦੇ ਨੂੰ ਖੋਜੀ ਕਿਹਾ ਜਾਂਦਾ। ਉਹਨੂੰ ਉਹਦਾ ਖੋਜੀ ਨੰਬਰ ਮਿਲਿਆ ਜਿਹੜਾ ਉਨ੍ਹਾਂ ਛਾਤੀ `ਤੇ ਲਗਾ ਕੇ ਰਖਣਾ ਸੀ। ਉਸ ਉਤੇ ਖੋਜੀ ਦਾ ਪੂਰਾ ਅਡਰੈਸ ਸੀ।
ਸਾਰੇ ਖੋਜੀ ਹਾਲ ਵਿਚ ਕੁਰਸੀਆਂ ‘ਤੇ ਬੈਠ ਗਏ। ਖੱਬੇ ਪਾਸੇ ਬੀਬੀਆਂ ਤੇ ਸੱਜੇ ਪਾਸੇ ਆਦਮੀ ਬੈਠੇ ਸਨ। ‘ਅਧਿਆਪਕ ਖੋਜੀ ਵੀ ਉਨ੍ਹਾਂ ਵਿਚ ਬੈਠ ਗਏ।’
ਅਚਾਰੀਆ ਸੀਤਾ ਜੀ ਨੇ ਮਾਇਕ ‘ਤੇ ਆ ਕੇ ਕਿਹਾ, ”ਆਸ਼ਰਮ ਵਿਚ ਤੁਹਾਡਾ ਸੁਆਗਤ ਹੈ। ਤੁਸੀਂ ਵਡਭਾਗੇ ਹੋ ਤੁਹਾਨੂੰ ਉਹ ਕੁਝ ਮਿਲਣ ਵਾਲਾ ਹੈ ਜੋ ਬਹੁਤ ਤਪੱਸਿਆ ਤੋਂ ਬਾਅਦ ਮਿਲਦਾ ਹੈ। ਤੁਸੀਂ ਖੋਜੀ ਹੋ। ਖੋਜੀ ਉਹ ਹੁੰਦਾ ਹੈ ਜੋ ਸੱਚ ਦੀ ਖੋਜ ਕਰ ਰਿਹਾ ਹੈ। ਈਸ਼ਵਰ ਦੀ ਖੋਜ ਕਰ ਰਿਹਾ ਹੈ। ਤੁਸੀਂ ਏਥੋਂ ਬਹੁਤ ਕੁਝ ਪ੍ਰਾਪਤ ਕਰਕੇ ਜਾਵੋਗੇ।
ਕੁਝ ਨਿਯਮ ਹਨ ਜਿਨ੍ਹਾਂ ਦਾ ਤੁਸੀਂ ਪਾਲਣ ਕਰਨਾ ਹੈ। ਸਭ ਤੋਂ ਪਹਿਲੀ ਗੱਲ ਜੋ ਗਿਆਨ ਤੁਹਾਨੂੰ ਏਥੋਂ ਪ੍ਰਾਪਤ ਹੋਵੇਗਾ। ਉਹ ਬਾਹਰ ਜਾ ਕੇ ਕਿਸੇ ਨੂੰ ਦੱਸਣਾ ਨਹੀਂ। ਦੂਜੀ ਗੱਲ ਮੋਬਾਇਲ ਫੋਨ ਬੰਦ ਕਰ ਦੇਵੋ। ਪੰਜ ਦਿਨ ਤੁਸੀਂ ਬਾਹਰਲੀ ਦੁਨੀਆਂ ਨਾਲ ਕੋਈ ਸੰਬੰਧ ਨਹੀਂ ਰਖੋਗੇ, ਤੀਜੀ ਤੇ ਸਭ ਤੋਂ ਮਹਤਵਪੂਰਨ ਗੱਲ ਤੁਸੀਂ ਪੂਰੀ ਤਰ੍ਹਾਂ ਮੌਨ ਦਾ ਪਾਲਣ ਕਰੋਗੇ।
ਅਚਾਰੀਆ ਸੀਤਾ ਜੀ ਦੇ ਪ੍ਰਵਚਨਾਂ ਤੋਂ ਬਾਅਦ ਸੀ.ਡੀ. ਚਲਾ ਦਿਤੀ ਗਈ। ਪ੍ਰੋਜੈਕਟਰ ਦੀ ਸਹਾਇਤਾ ਨਾਲ ਪਰਦੇ ‘ਤੇ ਪਿਤਾ ਸ਼੍ਰੀ ਦੀ ਤਸਵੀਰ ਮੁਸਕਰਾਉਂਦੀ ਹੋਈ ਨਜ਼ਰ ਆਈ। ਜਦੋਂ ਪਿਤਾ ਸ਼੍ਰੀ ਪਰਦੇ ਉਤੇ ਆਉਂਦੇ ਪੰਡਾਲ ਵਿਚ ਬੈਠੇ ‘ਖੋਜੀ’ ਖੜ੍ਹੇ ਹੋ ਜਾਂਦੇ। ਪਿਤਾ ਸ਼੍ਰੀ ਬਹੁਤ ਵਧੀਆ ਕੁਰਸੀ ‘ਤੇ ਬੈਠ ਕੇ ਪ੍ਰਵਚਨ ਕਰਨ ਲਗੇ।
ਉਨ੍ਹਾਂ ਦੇ ਪ੍ਰਵਚਨਾਂ ਦੇ ਮੁੱਖ ਵਿਚਾਰ ਸਨ, ”ਆਉ ਦੇਖੀਏ ਕੀ ਹੁੰਦਾ ਹੈ। ਸਾਨੂੰ ਕੁਝ ਕਰਨ
ਦੀ ਲੋੜ ਨਹੀਂ ਸਭ ਕੁਝ ਆਪਣੇ ਆਪ ਵਾਪਰਦਾ ਹੈ। ਜੋ ਹੋ ਰਿਹਾ, ਉਹ ਚੰਗਾ ਹੋ ਰਿਹਾ। ਉਹਨੂੰ ਸਵੀਕਾਰ ਕਰੋ। ਮਨ ਦੀਆਂ ਸੱਤ ਟੰਗਾਂ ਨੇ ਉਹ ਅਸੀਂ ਤੋੜਨੀਆਂ ਨੇ। ਸਭ ਤੋਂ ਪਹਿਲਾਂ ਮੈਂ ਨੂੰ ਮਾਰੋ। ਮਨ ਦੀਆਂ ਕਲਾਬਾਜ਼ੀਆਂ ਰੋਕੋ। ਛਲਕਪਟ ਨਹੀਂ ਕਰਨਾ…।”
ਘੰਟੇ ਕੁ ਲੰਮੇ ਪ੍ਰਵਚਨ ਬਾਅਦ ਅਚਾਰੀਆ ਸੀਤਾ ਜੀ ਪੰਜ ਸੱਤ ਮਿਟਾਂ ਦੀ ਪਾਣੀ ਪੀਣ, ਚਾਹ ਪੀਣ, ਖਾਣਾ ਖਾਣ ਦੀ ਬਰੇਕ ਦਾ ਐਲਾਨ ਕਰਦੀ। ਪੰਜ ਸੌ ਦੇ ਕਰੀਬ ‘ਖੋਜੀ’ ਚੁਪ ਚਾਪ ਲਾਸ਼ਾਂ ਵਾਂਗ ਫਿਰਦੇ। ਉਨ੍ਹਾਂ ਦੇ ਹੁਕਮਾਂ ਦਾ ਪਾਲਣਾ ਕਰਦੇ। ਜੇ ਕਿਸੇ ਦਾ ਮੂੰਹ ਹਿੱਲਦਾ ਦਿਸਦਾ ਤਾਂ ਚੱਪੇ ਚੱਪੇ ‘ਤੇ ਖੜ੍ਹੇ ‘ਸੇਵਕ’ ਮੁਸਕਰਾਹਟਾਂ ਬਖੇਰਦੇ। ‘ਕਿਰਪਾ ਮੌਨ ਰਹੀਏ’ ਕਹਿ ਕੇ ਚੁਪ ਕਰਾ ਦਿੰਦੇ। ਜਦੋਂ ਹਾਲ ਵਿਚ ਭਜਨ ਦੀ ਕੈਸਿਟ ਵੱਜਦੀ ਖੋਜੀ ਝੱਟ ਕੁਰਸੀਆਂ ‘ਤੇ ਆ ਕੇ ਬੈਠ ਜਾਂਦੇ। ਉਹ ਜਿਵੇਂ ਕਠਪੁਤਲੀਆਂ ਹੋਣ। ਉਨ੍ਹਾਂ ਉਤੇ ਕੋਈ ਜਾਦੂ ਹੋ ਗਿਆ ਹੋਵੇ। ਅਮਨ ਨੂੰ ਫੌਜੀ ਲਾਈਲਗ ਆਖਦਾ ਹੁੰਦਾ ਪਰ ਅਜੇ ਉਸ ਤੇ ਪ੍ਰਵਚਨਾਂ ਦਾ ਬਹੁਤਾ ਅਸਰ ਨਹੀਂ ਸੀ ਹੋਇਆ। ਉਹਦਾ ਬਹੁਤ ਧਿਆਨ ਖੱਬੇ ਪਾਸੇ ਬੈਠੀਆਂ ‘ਖੋਜਣਾਂ’ ਵਲ ਸੀ। ਉਹਨੇ ਪੰਜਾਬ ਵਿਚ ਇਕ ‘ਡੇਰੇ’ ਬਾਰੇ ਸੁਣ ਰਖਿਆ ਸੀ ਜਿਥੇ ਪ੍ਰਵਚਨਾਂ ਤੋਂ ਬਾਅਦ ਲਾਈਟ ਬੰਦ ਕਰਕੇ ਖੁੱਲ੍ਹ ਦਿਤੀ ਜਾਂਦੀ ਹੈ। ਅਮਨ ਨੂੰ ਸਾਹਮਣੇ ਬੈਠੀ ਤਿਖੇ ਨੈਣ ਨਕਸ਼ਾਂ ਵਾਲੀ ਕੁੜੀ ਚੰਗੀ ਲਗ ਰਹੀ ਸੀ। ਉਹਦੀ ਛਾਤੀ ‘ਤੇ ‘ਖੋਜੀ ਨੰਬਰ 307’ ਲਿਖਿਆ ਹੋਇਆ ਸੀ। 307 ਦਾ ਮਤਲਬ ਇਰਾਦਾ ਕਤਲ। ਉਹ ਅਮਨ ਨੂੰ ਵਾਰ ਵਾਰ ਕਤਲ ਕਰ ਰਹੀ ਸੀ। ਉਹ ਇਸ ਸਭ ਕਾਸੇ ਤੋਂ ਬੇਖਬਰ ਸੀ। ਉਹਦਾ ਧਿਆਨ ਤਾਂ ਪਿਤਾ ਸ਼੍ਰੀ ਦੇ ਪ੍ਰਵਚਨਾਂ ਵਲ ਸੀ। ਅਮਨ ਸੋਚਦਾ ਜਦੋਂ ਲਾਈਟ ਬੰਦ ਕਰਕੇ ਖੁਲ੍ਹ ਮਿਲੀ ਤਾਂ ਇਹਦੇ ਨੇੜੇ ਹੀ ਬੈਠਾਂਗਾ।
ਪਿਤਾ ਸ਼੍ਰੀ ਦੱਸ ਰਹੇ ਸੀ, ‘ਮਨ ਦੀਆਂ ਟੰਗਾਂ’ ਜਿਹੜੀਆਂ ਸਾਡੇ ਜੀਵਨ ‘ਚ ਜ਼ਹਿਰ ਘੋਲ ਰਹੀਆਂ ਨੇ ਉਹ ਕਿਵੇਂ ਤੋੜਨੀਆਂ ਨੇ। ਉਹ ਨਿੱਕੀਆਂ ਨਿੱਕੀਆਂ ਕਹਾਣੀਆਂ ਸੁਣਾ ਕੇ ਰੰਗ ਬੰਨ੍ਹ ਰਹੇ ਸਨ। ਉਨ੍ਹਾਂ ਸਾਰੇ ਖੋਜੀਆਂ ਨੂੰ ਕਿਹਾ ਜੋ ਅੱਜ ਤੱਕ ‘ਛਲ-ਕਪਟ’ ਕੀਤੇ ਨੇ ਉਹ ਯਾਦ ਕਰੋ।
ਅਮਨ ਛਲ-ਕਪਟ ਸੋਚਣ ਲਗਾ, “ਪਾਪਾ ਨੂੰ ਫੌਜ ਵਿਚੋਂ ਪੈਨਸ਼ਨ ਲੈ ਕੇ ਆਏ ਨੂੰ ਕਈ ਸਾਲ ਹੋ ਗਏ ਸਨ। ਮੰਮੀ ਨੇ ਉਸੇ ਸਾਲ ਰਿਟਾਇਰ ਹੋ ਜਾਣਾ ਸੀ। ਮੰਮੀ ਨੂੰ ਉਹਦੇ ਬੀਐਡ ਕਰਕੇ ਵਿਹਲੇ ਫਿਰਨ ਦਾ ਬਹੁਤ ਦੁੱਖ ਸੀ। ਹਰ ਰੋਜ਼ ਉਲਾਂਭਾ ਵੀ ਕੋਈ ਨਾ ਕੋਈ ਖੱਟ ਲਿਆਉਂਦਾ। ਇਕ ਦਿਨ ਦੁਖੀ ਮੰਮੀ ਕਿਸੇ ਸਹੇਲੀ ਕੋਲ ਰੋਣੇ ਰੋ ਰਹੀ ਸੀ, ”ਅਮਨ ਨੇ ਤਾਂ ਮੈਨੂੰ ਖਾ ਲਿਆ। ਅੰਗਰੇਜ਼ੀ ਸਕੂਲ ‘ਚ ਪੜ੍ਹਾਇਆ? ਪੜ੍ਹੀ ਵੀ ਇਹਦੀ ਥਾਂ ਮੈਂ ਹੀ ਆਂ। ਹਰ ਸਾਲ ਫਰਮਾਇਸ਼ਾਂ ਪਵਾ-ਪਵਾ ਪਾਸ ਕਰਵਾਇਆ। ਹੁਣ ਇਹਨੂੰ ਨੌਕਰੀ ‘ਤੇ ਲਗਵਾਉਣ ਲਈ ਵੀ ਮੈਨੂੰ ਮਰਨਾ ਪੈਣਾ ਖਬਰੈ ਤਰਸ ਦੇ ਆਧਾਰ `ਤੇ ਨੌਕਰੀ ਮਿਲ ਜੇ…।”
ਮੰਮੀ ਦਾ ਹਾਸੇ ਮਜ਼ਾਕ `ਚ ‘ਮਰਨਾ ਪੈਣਾ’ ਕਿਹਾ, ਅਮਨ ਦਿਲ `ਤੇ ਲਾ ਬੈਠਾ। ਉਹ ਰਿਟਾਇਰਮੈਂਟ ਦੀਆਂ ਤਿਆਰੀਆਂ ਕਰ ਰਹੀ ਸੀ ਕਿ ਭਾਣਾ ਵਰਤ ਗਿਆ। ਵਿਚਾਰੀ ਮੰਜੇ `ਤੇ ਪਈ ਹੀ ਰਹਿ ਗਈ। ਅਮਨ ਗੁਨਾਹ ਭਾਵ ਨਾਲ ਕੁਰਸੀ `ਤੇ ਅੱਖਾਂ ਮੀਚੀ ਬੈਠਾ ਰਿਹਾ ਸੀ। ਸੇਵਕ ਨੇ ਉਹਦਾ ਮੋਢਾ ਹਲੂਣਿਆ। ਸੇਵਕ ਕਿਸੇ ਨੂੰ ਸੌਣ ਨਹੀਂ ਦਿੰਦੇ, ਕਿਤੇ ਪਿਤਾ ਸ਼੍ਰੀ ਦੇ ਕੀਮਤੀ ਪ੍ਰਵਚਨ ਸੁਣਨ ਤੋਂ ਰਹਿ ਨਾ ਜਾਣ।
ਪਿਤਾ ਸ਼੍ਰੀ ਦੇ ਪ੍ਰਵਚਨਾਂ ਦੀ ਸੀਡੀ ਚਲ ਰਹੀ ਸੀ, “ਮੈਂ ਨਹੀਂ ਕਰਤਾ। ਭਾਵ ਮੈਂ ਕੁਝ ਨਹੀਂ ਕਰਦਾ। ਸਭ ਕੁਝ ਆਪਣੇ ਆਪ ਹੋ ਰਿਹਾ ਹੈ। ਕੋਈ ਸ਼ਕਤੀ ਕਰ ਰਹੀ ਹੈ…।” ਪਿਤਾ ਸ਼੍ਰੀ ਦੇ ਪ੍ਰਵਚਨ ਸੁਣ ਕੇ ਅਮਨ ਜਿਵੇਂ ਗੁਨਾਹ ਭਾਵ ਤੋਂ ਮੁਕਤ ਹੋ ਗਿਆ ਹੋਵੇ। ਉਸ ਦਿਨ ਜੋ ਕੁਝ ਹੋਇਆ ਸੀ ਕਿਸੇ ਹੋਰ ਸ਼ਕਤੀ ਨੇ ਕੀਤਾ ਸੀ। ਹੁਣ ਉਹ ਪ੍ਰਵਚਨਾਂ ਵਲ ਵੱਧ ਧਿਆਨ ਦੇਣ ਲੱਗਿਆ।
***
ਸਵੇਰੇ ਅੱਠ ਵਜੇ ਤੋਂ ਸ਼ਾਮ ਦੇ 9 ਵਜੇ ਤੱਕ ਪਿਤਾ ਸ੍ਰੀ ਦੇ ਪ੍ਰਵਚਨਾਂ ਦੀਆਂ ਸੀਡੀਆਂ ਚੱਲਦੀਆਂ ਰਹੀਆਂ। ਸਭ ਨੇ ਰਾਤ ਦਾ ਖਾਣਾ ਖਾਧਾ। ਬਾਰਾਂ ਘੰਟਿਆਂ ਦੇ ਪ੍ਰਵਚਨ ਅਤੇ ਚੁੱਪ ਨੇ ਸਾਰਿਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਥਕਾ ਦਿੱਤਾ ਸੀ। ਖਾਣਾ ਖਾਂਦਿਆਂ ਅਧਿਆਪਕਾਂ ਨੂੰ ਸੰਗੀਤਾ ਸ਼ਰਮਾ ਮਿਲ ਗਈ। ਸੰਗੀਤਾ ਸ਼ਰਮਾ ਨੇ ਹੀ ਦਫ਼ਤਰ ਨਾਲ ਰਾਬਤਾ ਕਾਇਮ ਕਰਕੇ ਅਧਿਆਪਕਾਂ ਨੂੰ ਉਥੇ ਬੁਲਾਇਆ ਸੀ। ਸਤਪਾਲ ਉਹਦੇ ਗਲ ਪੈ ਗਿਆ ਕਹਿਣ ਲੱਗਾ, “ਤੁਸੀਂ ‘ਦਫਤਰ’ ਨੂੰ ਝੂਠ ਬੋਲ ਕੇ ਸਾਨੂੰ ਏਥੇ ਬੁਲਾਇਆ।”
ਦਨੇਸ਼ ਸਿੰਘ ਕਹਿਣ ਲੱਗਾ, “ਏਥੇ ਸਿੱਖਿਆ ਨਾਲ ਸੰਬੰਧਿਤ ਕੋਈ ਗੱਲ ਨਹੀਂ ਅਸੀਂ ਸਰਕਾਰੀ ਡਿਊਟੀ `ਤੇ ਆਂ, ਇਹ ਧਾਰਮਿਕ ਪ੍ਰੋਗਰਾਮ ਆ।” ਸੰਗੀਤਾ ਸ਼ਰਮਾ ਵਾਰ-ਵਾਰ
ਕਹੀ ਜਾ ਰਹੀ ਸੀ, “ਤੁਹਾਨੂੰ ਬਹੁਤ ਕੁਝ ਮਿਲਣ ਵਾਲਾ ਹੈ। ਤੁਸੀਂ ਭਾਗਾਂ ਵਾਲੇ ਹੋ, ਤੁਹਾਨੂੰ ਮੌਕਾ ਮਿਲਿਆ ਹੈ। ਇਨ੍ਹਾਂ ਪੰਜ ਦਿਨਾਂ ਵਿਚ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੁਸੀਂ ਵਧੀਆ ਅਧਿਆਪਕ ਬਣੋਗੇ।”
ਅਮਨ ਤੋਂ ਬਿਨਾ ਬਾਕੀ ਦੇ ਅਧਿਆਪਕ ਜੇ ‘ਦਫਤਰ’ ਵਲੋਂ ਨਾ ਭੇਜੇ ਹੁੰਦੇ ਤਾਂ ਵਾਪਸ ਮੁੜ ਆਉਂਦੇ। ਖਾਣੇ ਤੋਂ ਬਾਅਦ ਜਿਹੜੇ ਹਾਲ ਵਿਚ ਕੁਰਸੀਆਂ `ਤੇ ਬੈਠੇ ਪ੍ਰਵਚਨ ਸੁਣ ਰਹੇ ਸਨ ਉਥੇ ਦਰੀਆਂ ਵਿਛਾ ਦਿੱਤੀਆਂ, ਉਥੇ ਆਦਮੀਆਂ ਨੇ ਸੌਣਾ ਸੀ। ਔਰਤਾਂ ਨੇ ਨਾਲ ਲੱਗਦੇ ਹਾਲ ਵਿਚ ਸੌਣਾ ਸੀ। ਤਰਸੇਮ ਸ਼ਾਇਰ ਦੁਖੀ ਹੋਇਆ ਬੋਲਿਆ, “ਯਾਰ ਇਹ ਪ੍ਰੋਗਰਾਮ ਆਪਣੇ ਕੰਮ ਦੀ ਚੀਜ਼ ਨੀ।”
ਸਤਪਾਲ ਉਹਤੋਂ ਵੀ ਵੱਧ ਦੁਖੀ ਸੀ। ਉਹਦੇ ਅੰਦਰਲਾ ਕਾਮਰੇਡ ਹੁਣੇ ਹੀ ਉਥੋਂ ਤੁਰ ਜਾਣ ਲਈ ਜ਼ੋਰ ਪਾਉਂਦਾ ਪਰ ਬਚਪਨ ਦੀ ਹੰਢਾਈ ਗਰੀਬੀ ਅਤੇ ਮਸੀਂ-ਮਸੀਂ ਮਿਲੀ ਨੌਕਰੀ ਉਹਨੂੰ ਸਖ਼ਤ ਕਦਮ ਚੁੱਕਣ ਤੋਂ ਰੋਕਦੀ। ਬੋਲਿਆ; ”ਮਰਦੀ ਨੂੰ ਅੱਕ ਚੱਬਣਾ ਪੈਣਾ।”
“ਮਨ ਜੀਤੇ ਜਗਿ ਜੀਤ” ਤਾਂ ਬਾਬਾ ਨਾਨਕ ਕਈ ਸੌ ਸਾਲ ਪਹਿਲਾਂ ਦੱਸ ਗਿਆ ਇਹ ਹੋਰ ਡੇਰਿਆਂ ਵਾਲਿਆਂ ਵਾਂਗੂੰ ਬਾਬੇ ਦੀ ਬਾਣੀ ਚੋਰੀ ਕਰ ਕਰ ਦੁਕਾਨਾਂ ਚਲਾਉਂਦੇ ਨੇ।” ਦਨੇਸ਼ ਸਿੰਘ ਦਾ ਸਿੱਖ ਮਨ ਤੜਫ ਰਿਹਾ ਸੀ।
“ਇਹ ਕਾਂ ਦੇ ਪਿੱਛੇ ਮੋਰ ਦਾ ਖੰਭ ਫਸਾ ਕੇ ਉਹਨੂੰ ਮੋਰ ਬਣਾਉਣ ਲੱਗੇ ਨੇ…।” ਜਗਤਾਰ ਪਿਤਾ ਸ਼੍ਰੀ ਦੇ ਪ੍ਰਵਚਨਾਂ ਨੇ ਭੰਨਿਆ ਪਿਆ ਸੀ। ਸੇਵਕ ਨੇ ਆ ਕੇ ਉਨ੍ਹਾਂ ਨੂੰ ਚੁੱਪ ਕਰਾਉਂਦਿਆਂ ਕਿਹਾ, “ਕਿਰਪਾ ਮੌਨ ਰਹੀਏ।”
“ਹੁਣ ਤਾਂ ਬੋਲ ਲੈਣ ਦਿਓ ਯਾਰ।” ਤਰਸੇਮ ਨੇ ਉਲਾਂਭੇ ਵਾਂਗ ਕਿਹਾ।
ਅਮਨ ਬਾਕੀ ਅਧਿਆਪਕਾਂ ਤੋਂ ਦੂਰ ਪਿਆ ਆਪਣੇ ਛਲ ਕਪਟ ਯਾਦ ਕਰ ਰਿਹਾ ਸੀ।
”ਨੀਵੇਂ ਹੋ ਕੇ ਕੱਟ ਲਵੋ ਬਾਕੀ ਦੇ ਦਿਨ? ਇਹ ਲੋਕ ਬੜੇ ਜਨੂੰਨੀ ਹੁੰਦੇ ਨੇ।” ਤਰਸੇਮ
ਬੋਲਿਆ ਤੇ ਸਾਰੇ ਅੱਖਾਂ ਮੀਚ ਕੇ ਪੈ ਗਏ।
ਦੂਜਾ ਦਿਨ
ਦੂਜੇ ਦਿਨ ਸਾਰੇ ਤਿੰਨ ਕੁ ਵਜੇ ਉਠਣੇ ਸ਼ੁਰੂ ਹੋ ਗਏ ਸਨ। ਦੇਰ ਨਾਲ ਉਠਣ ਵਾਲਾ ਨਹਾਣ ਧੋਣ ਤੋਂ ਰਹਿ ਸਕਦਾ ਸੀ। ਪਹਾੜੀ ਇਲਾਕਾ ਸੀ, ਪਾਣੀ ਦੇ ਟੈਂਕਰ ਸ਼ਹਿਰ ਤੋਂ ਆਉਂਦੇ ਸਨ। ਤਰਸੇਮ ਜਗਤਾਰ, ਦਨੇਸ਼ ਸਿੰਘ ਨਹਾ ਕੇ ਘੁੰਮਣ ਲੱਗੇ। ਖੋਜੀ ਕੁਝ ਕੁ ਮੀਟਰ ਦੇ ਦਾਇਰੇ ਵਿਚ ਹੀ ਘੁੰਮ ਸਕਦੇ ਸਨ। ਜੋ ਦਾਇਰੇ ਤੋਂ ਬਾਹਰ ਨਿਕਲਦਾ
ਸਕਿਉਰਿਟੀ ਵਾਲਾ ਝੱਟ ਸੀਟੀ ਮਾਰ ਕੇ ਆਲੇ ਦੁਆਲੇ ਜਾਣ ਤੋਂ ਰੋਕ ਦਿੰਦਾ। ਸਵੇਰੇ-ਸਵੇਰੇ ਪਹਾੜੀਆਂ ਦਾ ਦ੍ਰਿਸ਼ ਬਹੁਤ ਮਨਮੋਹਕ ਸੀ। ਹਾਲ ਅੰਦਰ 7.45 `ਤੇ ਹੀ ਸ਼ਬਦਾਂ ਵਾਲੀ ਰੀਲ ਵੱਜਣ ਲੱਗੀ। ਜਿਸ ਦਾ ਮਤਲਬ ਸੀ ਸਾਰੇ ਖੋਜੀ ਹਾਲ ‘ਚ ਪਿਤਾ ਸ਼੍ਰੀ ਦੇ ਪ੍ਰਵਚਨ ਸੁਣਨ ਆ ਜਾਣ। ਜੇ ਕਿਸੇ ਮੋਟੀ ਬੁੱਧੀ ਨੂੰ ਇਹ ਗੱਲ ਸਮਝ ਨਾ ਲੱਗਣੀ ਤਾਂ ਥਾਂ-ਥਾਂ ਖੜੇ ਸੇਵਕ ‘ਨਿਮਰਤਾ ਸਾਹਿਤ’ ਮੁਸਕਰਾਹਟਾਂ ਬਖੇਰਦੇ ਬਾਹਰ ਫਿਰ ਰਹੇ ਖੋਜੀਆਂ ਨੂੰ ਸ਼ਿਵਰ `ਚ ਜਾਣ ਦੇ ਆਦੇਸ਼ ਦਿੰਦੇ ਸਨ।
ਖੋਜੀ ਦਾਜ ਕੁਰਸੀਆਂ ‘ਤੇ ਆ ਬੈਠੇ। ਅਚਾਰੀਆਂ ਸੀਤਾ ਜੀ ਨੇ ‘ਸ਼ੁਭ ਸਵੇਰ’ ਕਿਹਾ ਕਿ ਸ਼ਿਵਰ ਦੀਆਂ ਗੱਲਾਂ ਬਾਹਰ ਨਹੀਂ ਦੱਸਣੀਆਂ ‘ਮੌਨ’ ਰਹਿਣਾ ਹੈ। ਤੁਹਾਨੂੰ ਸ਼ਿਵਰ ‘ਚੋਂ ਸ਼ਕਤੀਆਂ ਮਿਲਣ ਵਾਲੀਆਂ ਨੇ ਜਿਹੜੀਆਂ ਤੁਹਾਡੀ ਜ਼ਿੰਦਗੀ ਬਦਲ ਦੇਣਗੀਆਂ ਆਦਿ ਸ਼ਬਦ ਦੁਹਰਾਏ।
ਪਿਤਾ ਸ਼੍ਰੀ ਦੇ ਪ੍ਰਵਚਨਾਂ ਦੀ ਸੀਡੀ ਚਲਾ ਦਿੱਤੀ। ਉਹ ਅੱਜ ਵੀ ਪ੍ਰਵਚਨ ਮਨ `ਤੇ ਕਾਬੂ ਪਾਉਣ ਬਾਰੇ ਹੀ ਕਰ ਰਹੇ ਸੀ, “…ਜਿਹੜਾ ਮਨ ਹੈ ਉਹ ਤੋਲੂ ਮਨ ਹੈ ਜੋ ਹਰ ਗੱਲ ਦੀ ਤੁਲਨਾ ਕਰਦਾ ਹੈ। ‘ਉਹ ਤੋਂ ਬਚੋ’ ਹਰ ਪਲ ਦਾ ਆਨੰਦ ਲਉ। ਅਸੀਂ ਕੁਝ ਨਹੀਂ ਕਰ ਰਹੇ। ਗਲਤ ਠੀਕ ਸਭ ਆਪੇ ਹੋ ਰਿਹਾ ਹੈ।” ਜੋ ਤੁਹਾਡਾ ਸਹਿਜ ਮਨ ਹੈ ਉਹ ਤੁਹਾਡਾ ਅਸਲੀ ਸਾਥੀ ਹੈ। ਉਹਨੂੰ ਆਪਣੇ ਕੋਲ ਰੱਖੋ।”
ਸੇਵਕ ਨੇ ਸਾਰੇ ਖੋਜੀਆਂ ਨੂੰ ਕਾਗਜ਼ ਵੰਡ ਦਿੱਤੇ ਜਿਨ੍ਹਾਂ ਕੋਲ ਪੈਨ ਨਹੀਂ ਸਨ ਉਨ੍ਹਾਂ ਨੂੰ ਪੈਨ ਵੀ ਵੰਡ ਦਿੱਤੇ।
ਅਮਨ ਨੇ ‘ਤੋਲੂ ਮਨ’ ਦੀ ਪਾਨ ਦੇ ਪੱਤੇ ਵਰਗੀ ਤਸਵੀਰ ਬਣਾ ਕੇ ਉਸ ਵਿਚੀਂ ਤੀਰ ਕੱਢ ਕੇ ਦਿੱਤੀ। ਇਹੋ ਜਿਹੀ ਤਸਵੀਰ ਦਿਲ ਜਲੇ ਆਸ਼ਕ ਆਪਣੀ ਮਾਸੂਕਾ ਨੂੰ ਭੇਟ ਕਰਦੇ ਹਨ।
ਅਮਨ ਨੂੰ ਯਾਦ ਆਇਆ ਇਸੇ ਤਰ੍ਹਾਂ ਪਾਨ ਦੇ ਪੱਤੇ ਵਰਗਾ ਦਿਲ ਬਣਾ ਕੇ ਉਸ ਵਿਚੀਂ ਤੀਰ ਕੱਢ ਕੇ ਉਤੇ ਆਈ ਲਵ ਯੂ ਲਿਖ ਕੇ ਉਹਨੇ ਰਾਜੀ ਨੂੰ ਵੀ ਦਿੱਤਾ ਸੀ ਮਰ ਤਾਂ ਉਹ ਹਰ ਕੁੜੀ ‘ਤੇ ਹੀ ਜਾਂਦਾ ਪਰ ਰਾਜੀ ਨੂੰ ਦੇਖ ਕੇ ਉਹਦੇ ਦਿਮਾਗ ਨੂੰ ਕੁਝ ਚੜ੍ਹ ਜਾਂਦਾ। ਰਾਜੀ ਉਹਦੇ ਮਾਮੇ ਦੇ ਮੁੰਡੇ ਦੀ ਸਾਲੀ ਸੀ। ਜੋ ਆਪਣੀ ਭੈਣ ਦਾ ਸਿਲਾ ਕਟਵਾਉਣ ਆਈ ਹੋਈ ਸੀ। ਜਦੋਂ ਅਮਨ ਨੇ ਉਹ ਆਈ ਲਵ ਯੂ ਵਾਲਾ ਕਾਗਜ਼ ਰਾਜੀ ਨੂੰ ਫੜਾਇਆ ਤਾਂ ਉਹਨੇ ਦੇਖ ਕੇ ਉਹਦੇ ਟੁਕੜੇ ਕਰਕੇ ਚੁੱਲ੍ਹੇ ਵਿਚ ਸੁੱਟ ਦਿੱਤੇ। ਉਹਦੇ ਮਨ ਵਿਚ ਤਾਂ ਉਹਦੇ ਨਾਲ ਪੜ੍ਹਦਾ ਮੁੰਡਾ ਸੀ। ਉਹ ਇਸੇ ਲਈ ਭੈਣ ਦਾ ਜਣੇਪਾ ਕਟਵਾਉਣ ਆਈ ਸੀ ਤਾਂ ਜੋ ਉਸ ਬਾਰੇ ਉਸ ਨਾਲ ਗੱਲ ਕਰ ਸਕੇ। ਭੈਣ ਆਪੇ ਮੰਮੀ-ਡੈਡੀ ਨੂੰ ਮਨਾ ਲਵੇਗੀ। ਅਮਨ ਆਪਣਾ ਰੇੜਕਾ ਪਾ ਬੈਠਾ। ਰਾਜੀ ਮੰਨ ਨਹੀਂ ਸੀ, ਰਹੀ। ਗੱਲ ਏਨੀ ਵਧ ਗਈ ਕਿ ਅਮਨ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਜਾਂ ਪੀਣ ਦਾ ਢੌਂਗ ਰਚ ਲਿਆ। ਭੈਣ-ਜੀਜਾ ਤੇ ਹੋਰ ਰਿਸ਼ਤੇਦਾਰਾਂ ਨੇ ਰਾਜੀ ਨੂੰ ਮਨਾ ਲਿਆ। ਵਿਆਹ ਤੋਂ ਬਾਅਦ ਵੀ ਨਿੱਤ ਹੀ ਕਲੇਸ਼ ਰਹਿੰਦਾ। ਰਾਜੀ ਨੂੰ ਦੇਖਦਿਆਂ ਹੀ ਅਮਨ ਦੇ ਸਿਰ ਨੂੰ ਕੁਝ ਚੜ੍ਹ ਜਾਂਦਾ। ਸਾਰੇ ਖੋਜੀ ਕੁਰਸੀਆਂ `ਤੇ ਨਿਢਾਲ ਹੋਏ ਬੈਠੇ ਸਨ। ਪਿਤਾ ਸ਼੍ਰੀ ਪ੍ਰਵਚਨ ਕਰੀ ਜਾ ਰਹੇ ਸੀ। ਸਾਰੇ ਚੁੱਪ ਚਾਪ ਸੁਣੀ ਜਾ ਰਹੇ ਸਨ। ਜੇ ਕਿਸੇ ਥੱਕੇ-ਟੁੱਟੇ ਦੀ ਅੱਖ ਲੱਗ ਜਾਂਦੀ ਤਾਂ ਸੇਵਕ ਉਹਨੂੰ ਝੱਟ ਜਗਾ ਦਿੰਦੇ।
ਬਾਰਾਂ ਘੰਟੇ ਪ੍ਰਵਚਨ ਸੁਣ ਕੇ ਸਾਰੇ ਅਧਿਆਪਕ ਸਰੀਰਕ ਅਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਗਏ ਸਨ। ਅਮਨ ਨੂੰ ਲੱਗਿਆ ਉਹ ਸਾਰੇ ਅੱਜ ਬਗਾਵਤ ਕਰ ਦੇਣਗੇ। ਪਰ ਉਹ ਉਨ੍ਹਾਂ ਨਾਲ ਨਹੀਂ ਰਲੇਗਾ ਪਿਤਾ ਸ਼੍ਰੀ ਦੇ ਦੱਸੇ ਰਾਹ ‘ਤੇ ਚੱਲੇਗਾ ਜਿਹੜਾ ਈਸ਼ਵਰ ਤੱਕ ਜਾਂਦਾ ਹੈ ਇਨ੍ਹਾਂ ਅਧਿਆਪਕਾਂ ਦੀ ਚੇਤਨਾ ਦਾ ਸਤਰ ਨੀਵਾਂ ਹੈ।
***
ਜਿਸ ਦਾ ਅਮਨ ਨੂੰ ਡਰ ਸੀ ਉਹੀ ਹੋਇਆ। ਉਹ ਸੱਤੇ ਜਣੇ ਸੰਗੀਤਾ ਸ਼ਰਮਾ ਨੂੰ ਘੇਰੀਂ ਖੜ੍ਹੇ ਸਨ। ਅੱਜ ਸੰਗੀਤਾ ਨਾਲ ਇੱਕ ਹੋਰ ਕੁੜੀ ਸੀ ਜਿਹੜੀ ਇੰਜੀਨੀਅਰ ਸੀ, ਕਿਸੇ ਫੌਜੀ ਅਫ਼ਸਰ ਦੀ ਕੁੜੀ ਸੀ ਜੋ ਕਿਸੇ ਕੰਪਨੀ ‘ਚ ਪੰਜਾਹ ਹਜ਼ਾਰ ਮਹੀਨਾ ਦੀ ਤਨਖਾਹ ਛੱਡ ਕੇ ਸਾਧਣੀ ਬਣ ਗਈ ਸੀ। ਆਸ਼ਰਮ ਵਿਚ ਹੋਰ ਵੀ ਸਾਧਣੀਆਂ ਸਨ। ਅੱਜ ਜਦੋਂ ਸਤਪਾਲ ਨੇ ਸੰਗੀਤਾ ਸ਼ਰਮਾ ਨੂੰ ਕਿਹਾ, “ਤੁਸੀਂ ਦਫ਼ਤਰ ਨੂੰ ਗੁੰਮਰਾਹ ਕੀਤਾ ਹੈ।” ਤਾਂ ਉਹ ਇੰਜੀਨੀਅਰ ਸਾਧਣੀ ਸਮਝਾਉਂਦੀ ”ਤੁਹਾਨੂੰ ਨਹੀਂ ਪਤਾ ਤੁਹਾਨੂੰ ਕੀ ਮਿਲਣ ਵਾਲਾ ਹੈ, ਇਕ ਵਾਰ ਇਹ ਸ਼ਿਵਰ ਪੂਰਾ ਕਰ ਲਵੋ।”
***
ਸਾਰੇ ਥੱਕੇ ਟੁੱਟੇ ਦਰੀਆਂ ‘ਤੇ ਪਏ ਸਨ। ਦਨੇਸ਼ ਸਿੰਘ ਕਹਿਣ ਲੱਗਾ, ”ਯਾਰ ਤਿੰਨ ਕੁ ਘੰਟੇ ਤਾਂ ਕੁਰਸੀਆਂ `ਤੇ ਬੈਠੇ ਹੁੰਦੇ ਆਂ ਫਿਰ ਕੁਰਸੀਆਂ ਸਾਡੇ `ਤੇ ਬੈਠ ਜਾਂਦੀਆਂ ਨੇ।
“ਇਹ ਇਲਾਹੀ ਸੱਤਾ ਦਾ ਪ੍ਰਵਚਨ ਤਿੰਨ ਦਿਨ ਹੋਰ ਸੁਣਨਾ ਪੈਣਾ।” ਸੱਤਪਾਲ ਬੋਲਿਆ।
“ਉਹ ਇੰਜੀਨੀਅਰ ਕੁੜੀ ਜਿਹੜੀ ਸੰਗੀਤਾ ਸ਼ਰਮਾ ਨਾਲ ਫਿਰ ਰਹੀ ਸੀ ਮੈਨੂੰ ਬੜੀ ਪਿਆਰੀ ਲੱਗੀ। ਮੈਂ ਤਾਂ ਉਹਨੂੰ ਭੈਣ ਬਣਾ ਲਿਆ।” ਤਰਸੇਮ ਬੋਲਿਆ।
”ਅਸੀਂ ਉਸ ਕੁੜੀ ਨੂੰ ਕਿਹਾ ਕੁੜੀਏ ਤੂੰ ਇੱਥੇ ਕਿਉਂ ਰੁਲਦੀ ਫਿਰਦੀ ਏਂ, ਵਿਆਹ ਕਰਵਾ ਲੈ।”
ਉਹ ਕਹਿੰਦੀ, “ਮੇਰਾ ਵਿਆਹ ਤਾਂ ਪਿਤਾ ਸ਼੍ਰੀ ਨਾਲ ਹੋਇਆ। ਇਸ ਹਿਸਾਬ ਨਾਲ ਪਿਤਾ ਸ਼੍ਰੀ ਤਰਸੇਮ ਦਾ ਰਿਸ਼ਤੇਦਾਰ ਬਣ ਗਿਆ।”
ਜਗਤਾਰ ਹੱਸਣ ਲੱਗਾ ਤੇ ਤਰਸੇਮ ਗਾਲ੍ਹਾਂ ਕੱਢਣ ਲੱਗਾ।
”ਇਹ ਸਾਲਾ ਸਿਸਟਮ ਹੀ ਏਦਾਂ ਦਾ ਉਤੋਂ ਸਰਕਾਰੀ ਨੌਕਰੀ ਬੰਦੇ ਨੂੰ ਨਿਪੁੰਸ਼ਕ ਬਣਾ ਦਿੰਦੀ ਆ। ਅਸੀਂ ਕੁਝ ਬੋਲ ਵੀ ਨਹੀਂ ਸਕਦੇ।” ਸਤਪਾਲ ਅੰਦਰਲਾ ਕਾਮਰੇਡ ਤੜਫਦਾ।
”ਕਿਰਪਾ ਮੌਨ ਦਾ ਪਾਲਣ ਕਰੋ।” ਸੇਵਕ ਨੇ ਆ ਕੇ ਚੁੱਪ ਕਰਾਇਆ।
ਅਮਨ ਨੂੰ ਅਧਿਆਪਕਾਂ ਦੀਆਂ ਗੱਲਾਂ ਛੁਰੀਆਂ ਲੱਗ ਰਹੀਆਂ ਸਨ। ਉਹ ਉਠ ਕੇ ਉਨ੍ਹਾਂ ਤੋਂ ਦੂਰ ਦੂਜੇ ਖੋਜੀਆਂ ਵਿਚ ਪੈ ਗਿਆ।
ਤੀਜਾ ਦਿਨ
ਅੱਜ ਫਿਰ ਖੋਜੀ ਤਿੰਨ ਕੁ ਵਜੇ ਹੀ ਉਠਣੇ ਸ਼ੁਰੂ ਹੋ ਗਏ ਤਾਂ ਜੋ ਪਾਣੀ ਮੁੱਕਣ ਤੋਂ ਪਹਿਲਾਂ ਨਹਾ ਲੈਣ। ਪਹਾੜੀ ਇਲਾਕਾ ਕਰਕੇ ਪਾਣੀ ਦੀ ਕਿੱਲਤ ਸੀ। ਪਾਣੀ ਦੇ ਟੈਂਕਰ ਸ਼ਹਿਰ ਤੋਂ ਆਉਂਦੇ ਸੀ। ਅਚਾਰੀਆ ਸੀਤਾ ਜੀ ਨੇ ਪ੍ਰਵਚਨ ਵਿਚ ਉਹੀ ਗੱਲਾਂ ਦੁਹਰਾਈਆਂ, ਫਿਰ ਪਿਤਾ ਸ਼੍ਰੀ ਦੇ ਪ੍ਰਵਚਨ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਸਕਰੀਨ ਉੱਤੇ ਪਿਤਾ ਸ਼੍ਰੀ ਆਏ। ਸਾਰੇ ਖੋਜੀ ਸਤਿਕਾਰ ਨਾਲ ਖੜ੍ਹੇ ਹੋ ਗਏ। ਪਿਤਾ ਸ਼੍ਰੀ ਪ੍ਰਵਚਨ ਕਰਨ ਲੱਗੇ, ”ਮੈਂ ਨਹੀਂ ਉਪਭੋਗਤਾ, ਭੋਗਣ ਵਾਲਾ ਮੈਂ ਨਹੀਂ ਹਾਂ, ਜੋ ਕੁਝ ਅਸੀਂ ਭੋਗ ਰਹੇ ਹਾਂ ਅਸਲ ਵਿਚ ਭੋਗ ਨਹੀਂ ਰਹੇ ਹੁੰਦੇ। ਪਿਤਾ ਸ਼੍ਰੀ ਮੈਡੀਟੇਸ਼ਨ ਕਰਨ ਲਈ ਕਹਿ ਰਹੇ ਸੀ। ਸਾਹ ਅੰਦਰ ਨੂੰ ਖਿੱਚਣਾ ਹੈ ਅੰਗਰੇਜ਼ੀ ਦੇ ਬਾਵਲ ਅੱਖਰਾਂ ਏ.ਈ.ਆਈ.ਓ.ਯੂ. ਦਾ ਵਾਰੀ-ਵਾਰੀ ਉਚਾਰਨ ਕਰਦਿਆਂ ਸਾਹ ਬਾਹਰ ਨੂੰ ਛੱਡਣਾ ਹੈ। ਘੰਟੇ- ਘੰਟੇ ਬਾਅਦ ਅੱਖਾਂ ਬੰਦ ਕਰਕੇ ਮੌਨ ਧਾਰਨ ਕਰਨਾ ਹੈ ਇਹ ਸੋਚਣਾ ਹੈ, ਮੈਂ ਕੌਣ ਹਾਂ? ਮੈਂ ਕਿੱਥੇ ਹਾਂ? ਮੈਂ ਕਿਉਂ ਹਾਂ? ਮੈਂ ਕੀ ਹਾਂ?
ਮੈਂ ਕੌਣ ਹਾਂ? ਕੀਹਨਾ ਦਾ ਹਾਂ? ਇਹ ਸਵਾਲ ਤਾਂ ਅਮਨ ਦੇ ਮਨ ਵਿਚ ਉਦੋਂ ਵੀ ਆਏ ਸੀ ਜਦੋਂ ਉਹ ਛੋਟਾ ਸੀ, ਫੌਜੀ ਛੁੱਟੀ ਆਇਆ ਹੋਇਆ ਸੀ। ਐਤਵਾਰ ਸੀ, ਅਮਨ ਨੂੰ ਛੁੱਟੀ ਸੀ, ਉਹਦੀ ਮੰਮੀ ਨੂੰ ਵੀ ਛੁੱਟੀ ਸੀ। ਅਮਨ ਸਿਖ਼ਰ ਦੁਪਹਿਰੇ ਖੇਡ ਕੇ ਮੁੜਿਆ। ਦਰਵਾਜ਼ਾ ਖੜਕਾਇਆ। ਫੌਜੀ ਨੇ ਦਰਵਾਜ਼ਾ ਖੋਹਲਿਆ। ਸਾਹਮਣੇ ਅਮਨ ਨੂੰ ਦੇਖ ਕੇ ਬੋਲਿਆ, ”ਕਿਥੋਂ ਆਇਆ ਮਦਰ ‘ਚੋ।”
”ਖੇਡ ਕੇ…।” ਉਹਨੇ ਡਰੇ ਸਹਿਮੇ ਨੇ ਕਿਹਾ।
”ਜਾਹ ਹੋਰ ਖੇਡ ਆ।” ਕਹਿ ਕੇ ਉਹਨੇ ਦਰ ਬੰਦ ਕਰ ਲਿਆ।
ਖੇਡਣ ਕਿੱਥੇ ਜਾਂਦਾ ਉਹਦੇ ਯਾਰ ਦੋਸਤ ਤਾਂ ਘਰਾਂ ਨੂੰ ਚਲੇ ਗਏ ਸੀ। ਜਿੰਨਾ ਚਿਰ ਦਰਵਾਜ਼ਾ ਨਹੀਂ ਖੁੱਲ੍ਹਿਆ ਉਹ ਬੀਹੀ ‘ਚ ਧੁੱਪੇ ਹੀ ਘੁੰਮਦਾ ਰਿਹਾ। ਮੈਂ ਕੌਣ ਹਾਂ। ਕੀ ਮੈਂ ਇਨ੍ਹਾਂ ਦਾ ਹੀ ਹਾਂ। ਉਹਦੇ ਮਨ ‘ਚ ਬਿਗਾਨੇਪਣ ਦੀ ਭਾਵਨਾ ਜਾਗਣ ਲੱਗੀ ਸੀ। ਜਦੋਂ ਮੰਮੀ ਨੂੰ ਪਤਾ ਲੱਗਿਆ ਉਹ ਫੌਜੀ ਨਾਲ ਬਹੁਤ ਲੜੀ ਸੀ।
ਸਾਰੇ ਕੁਰਸੀਆਂ ‘ਤੇ ਨਿਢਾਲ ਹੋਏ ਬੈਠੇ ਸਨ। ਪਿਤਾ ਸ਼੍ਰੀ ਪ੍ਰਵਚਨ ‘ਤੇ ਪ੍ਰਵਚਨ ਕਰੀ ਜਾ ਰਹੇ ਸਨ, ”ਤੁਸੀਂ ਮਹਾਂਬਲੀ ਬਣਨਾ ਹੈ ਜਾਂ ਮਤਲਬੀ। ਆਪਣੇ ਅੰਦਰ ਝਾਤੀ ਮਾਰੋ ਕਿਉਂ ਤੇ ਕਿਵੇਂ ਮਤਲਬੀ ਬਣ ਜਾਂਦੇ ਹਾਂ ਅਸੀਂ। ਕਿਸੇ ਗੱਲ ਦਾ ਮਤਲਬ ਨਾ ਕੱਢੋ ਖੁਸ਼ ਰਹੋਗੇ। ਇਹ ਨਾ ਸੋਚੋ ਜਦੋਂ ਸਤਯੁੱਗ ਆਵੇਗਾ ਅਸੀਂ ਖੁਸ਼ ਹੋਵਾਂਗੇ। ਸਾਡਾ ਸਤਯੁੱਗ ਅੱਜ ਹੀ ਹੈ…।” ਰਾਤੀ ਨੌਂ ਵਜੇ ਤੱਕ ਪ੍ਰਵਚਨ ਚੱਲਦੇ ਰਹੇ।
***
ਖਾਣਾ ਖਾਣ ਬਾਅਦ ਹਾਲ ‘ਚ ਦਰੀਆਂ ‘ਤੇ ਆ ਡਿੱਗੇ। ਅਗਲੇ ਦੋ ਦਿਨ ਮਹਾ-ਅਸਮਾਨੀ ਸ਼ਿਵਰ ਦੇ ਸਨ। ਉਸ ਵਿਚ ਉਹ ਭਾਗ ਲੈ ਸਕਦੇ ਸਨ ਜਿਨ੍ਹਾਂ ਨੇ ਪਹਿਲੇ ਤਿੰਨ ਦਿਨ ਸਫਲਤਾ ਪੂਰਵਕ ਲਗਾ ਲਏ ਸਨ। ਜਿਨ੍ਹਾਂ ਉਤੇ ਪਿਤਾ ਸ਼੍ਰੀ ਦੀ ਮਿਹਰ ਦੀ ਨਜ਼ਰ ਹੋਵੇ। ਬਾਕੀ ਸੱਤਾਂ ਨੂੰ ਯਕੀਨ ਸੀ ਉਨ੍ਹਾਂ ਨੂੰ ਅਗਲੇ ਦੋ ਦਿਨਾਂ ਵਿਚ ਸ਼ਿਵਰ ਚੋਂ ਫਾਰਗ ਕਰ ਦਿੱਤਾ ਜਾਵੇਗਾ, ਕਿਉਂਕਿ ਉਨ੍ਹਾਂ ਨੇ ਪਹਿਲੇ ਤਿੰਨ ਦਿਨ ਰੋਂਦਿਆ ਕੁਰਲਾਉਂਦਿਆਂ ਲਗਾਏ ਸੀ। ਇਸ ਲਈ ਸਾਰੇ ਮੌਨ ਦਾ ਪਾਲਣ ਕਰਦੇ ਹੋਏ ਸੌਂ ਗਏ। ਅਮਨ ਨੂੰ ਲੱਗ ਰਿਹਾ ਸੀ ਉਹਨੂੰ ਈਸ਼ਵਰ ਦੀ ਪ੍ਰਾਪਤੀ ਹੋ ਜਾਵੇਗੀ।
ਚੌਥਾ ਦਿਨ
ਅਚਾਰੀਆ ਸੀਤਾ ਜੀ ਨੇ ਕਿਹਾ, ”ਤੁਸੀਂ ਭਾਗਾਂ ਵਾਲੇ ਹੋ ਤੁਹਾਨੂੰ ਮਹਾਅਸਮਾਨੀ ਸ਼ਿਵਰ `ਚ ਭਾਗ ਲੈਣ ਦਾ ਮੌਕਾ ਮਿਲਿਆ ਹੈ। ਤੁਸੀਂ ਗਿਆਨ ਪ੍ਰਾਪਤ ਕਰਨ ਜਾ ਰਹੇ ਹੋ ਜਿਵੇਂ ਮਹਾਵੀਰ ਗਿਆਨ ਪ੍ਰਾਪਤ ਕਰਕੇ ਬੁੱਧ ਹੋ ਗਿਆ ਸੀ…।
“ਤੁਸੀਂ ਮੌਨ ਦਾ ਪਾਲਣ ਕਰਨਾ ਹੈ ਇਹ ਗਿਆਨ ਦੀਆਂ ਗੱਲਾਂ ਸ਼ਿਵਰ ‘ਚੋਂ ਬਾਹਰ ਜਾ ਕੇ ਆਮ ਲੋਕਾਂ ਨੂੰ ਨਹੀਂ ਦੱਸਣੀਆਂ…।”
ਪਰਦੇ ਉੱਤੇ ਪਿਤਾ ਸ਼੍ਰੀ ਦੇ ਪ੍ਰਵਚਨ ਚੱਲਣ ਲੱਗ ਪਏ। ਉਹ ਵਿਅਕਤੀ ਦੇ ਪਾਗਲਪਣ ਬਾਰੇ ਪ੍ਰਵਚਨ ਕਰ ਰਹੇ ਸਨ।…ਵਿਸ਼ੇ ਵਿਕਾਰ ਵਿਅਕਤੀ ਦਾ ਪਾਗਲਪਣ ਹੁੰਦਾ ਹੈ, ਵਿਸ਼ੇ ਵਿਕਾਰਾਂ ਤੋਂ ਛੁਟਕਾਰਾ ਪਾਉਣਾ ਹੈ। ਅਸੀਂ ਸੁਰੰਗ ਕੱਢਣੀ ਹੈ ਸਿਰ ਤੋਂ ਦਿਲ ਤੱਕ, ਸਿਰ ਕਲਯੁਗ ਹੈ ਕਲਾਬਾਜ਼ੀਆਂ ਲਗਾਉਣ ਵਾਲਾ ਭਟਕਾਉਣ ਵਾਲਾ, ਦਿਲ ਸਤਯੁਗ ਹੈ ਤੇਜ ਸਥਾਨ ਸਾਡੇ ਦਿਲ ਵਿਚ ਹੈ, ਜਿਥੇ ਈਸ਼ਵਰ ਦਾ ਵਾਸਾ ਹੈ। ਸਿਰ ਮੇਰਾ ਹੈ, ਦਿਲ ਤੇਰਾ ਹੈ। ਸਿਰਫ ਤੇਰਾਂ ਇੰਚ ਦੀ ਸੁਰੰਗ ਹੈ ਕਿਉਂਕਿ ਸਿਰ ਤੋਂ ਦਿਲ ਦਾ ਰਸਤਾ ਸਿਰਫ਼ ਤੇਰਾ ਇੰਚ ਹੈ…।”
ਅਚਾਰੀਆ ਸੀਤਾ ਜੀ ਸਟੇਜ ਉਤੇ ਆਏ। ਉਨ੍ਹਾਂ ਐਲਾਨ ਕੀਤਾ ਅੱਜ ਤੁਸੀਂ ਪਿਤਾ ਸ਼੍ਰੀ ਨੂੰ ਤਨ ਮਨ ਅਤੇ ਧਨ ਅਰਪਣ ਕਰਨਾ ਹੈ। ਤੁਹਾਨੂੰ ਗੁਰਮੰਤਰ ਦਿੱਤਾ ਜਾ ਰਿਹਾ ਹੈ ਜਿਸ ਦਾ ਤੁਸੀਂ ਜਾਪ ਕਰਿਆ ਕਰਨਾ ਹੈ ਉਹ ਗੁਰਮੰਤਰ ਹੈ, “ਮੈਨੂੰ ਤੇਜ਼ ਸੱਤਿਆ ਚਾਹੀਏ।” ਜਦੋਂ ਮਨ ਵਿਸ਼ੇ ਵਿਕਾਰਾਂ ਵਿਚ ਘਿਰਦਾ ਹੈ ਤਾਂ ਇਹਦਾ ਜਾਪ ਕਰਨਾ ਹੈ। ਲਗਭਗ ਸਾਰੇ ਖੋਜੀਆਂ ਵਾਂਗ ਅਮਨ ਨੇ ਵੀ ਤਨ-ਮਨ-ਧਨ ਪਿਤਾ ਸ਼੍ਰੀ ਨੂੰ ਅਰਪਣ ਕਰ ਦਿੱਤਾ।
”ਧੰਨਵਾਦ-ਧੰਨਵਾਦ” ਦਾ ਸੰਗੀਤ ਚੱਲਣ ਲੱਗਾ। ਪਰਦੇ ਉਤੇ ਪਿਤਾ ਸ਼੍ਰੀ ਨ੍ਰਿਤ ਕਰ
ਕਰ ਰਹੇ ਸਨ। ਸਾਰੇ ਖੋਜੀ ਵੀ ਨੱਚਣ ਲੱਗੇ। ਸਾਰੇ ਗਿੱਧਾ ਜਿਹਾ ਪਾ ਕੇ ਨੱਚ ਰਹੇ ਸਨ ਆਖ ਰਹੇ ਸਨ। ‘ਧੰਨਵਾਦ- ਧੰਨਵਾਦ।’
ਪਿਤਾ ਸ਼੍ਰੀ ਹੋਰ ਪ੍ਰਵਚਨ ਕਰਨ ਲੱਗੇ, “ਪਲਕ ਝਪਕ ਕੇ ਜੀਵਨ ਯਾਤਰਾ ਪੂਰੀ ਹੋ ਜਾਂਦੀ ਹੈ। ਤੁਹਾਡੀ ਜੀਵਨ ਯਾਤਰਾ ਪੂਰੀ ਹੋ ਗਈ। ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਹੈ। ਤੁਸੀਂ ਸੋਚਣਾ ਹੈ ਮੈਂ ਹਾਂ ਹੀ ਨਹੀਂ। ਸਾਡੇ ਹਿਰਦੇ ਵਿਚ ਤੇਜ਼ ਸਥਾਨ `ਤੇ ਈਸ਼ਵਰ ਦਾ ਵਾਸਾ ਹੈ। ਤੁਸੀਂ ਆਪਣੇ ਆਪ ਨੂੰ ਮਾਰਨਾ ਹੈ, ਆਪਣੀ ਮੈਂ ਨੂੰ ਮਾਰਨਾ ਹੈ। ਸਭ ਕੁਝ ਈਸ਼ਵਰ ਹੈ। ਤੁਸੀਂ ਹੀ ਈਸ਼ਵਰ ਹੋ। ਜੋ ਕੁਝ ਕਰ ਰਿਹਾ ਹੈ ਉਹ ਈਸ਼ਵਰ ਕਰ ਰਿਹਾ ਹੈ ਤੁਸੀਂ ਹੀ ਈਸ਼ਵਰ ਹੋ। ਤੁਹਾਡੀਆਂ ਸਾਰੀਆਂ ਕਿਰਿਆਵਾਂ ਈਸ਼ਵਰ ਨੂੰ ਸਮਰਪਤ ਹੋਣਗੀਆਂ।”
ਸਾਰੇ ਖੋਜੀਆਂ ਦੀਆਂ ਜੋੜੀਆਂ ਬਣਾਈਆਂ ਗਈਆਂ। ਦੋ-ਦੋ ਬੰਦੇ ਆਹਮੋ-ਸਾਹਮਣੇ ਕੁਰਸੀਆਂ `ਤੇ ਬਿਠਾ ਦਿੱਤੇ ਗਏ। ਇੱਕ ਖੋਜੀ ਨੇ ਦੂਸਰੇ ਖੋਜੀ ਨੂੰ ਪੰਦਰਾਂ ਮਿੰਟ ਸੁਆਲ ਪੁੱਛਣੇ ਸਨ। ਸਰੀਰਕ ਤੇ ਮਾਨਸਿਕ ਤੌਰ `ਤੇ ਥੱਕੇ ਪਏ ਅਮਨ ਦੇ ਸਾਹਮਣੇ ਪੂਨੇ ਦਾ ਹੀ ਖੋਜੀ ਬੈਠਾ ਸੀ। ਉਹ ਅਮਨ ਨੂੰ ਸਵਾਲ ਪੁੱਛਣ ਲੱਗਾ।
-ਕਿਰਪਾ ਦੱਸੋ ਤੁਸੀਂ ਕੌਣ ਹੋ?
-ਮੈਂ ਅਮਨ ਹਾਂ।
ਕਿਰਪਾ ਦੱਸੋ ਤੁਸੀਂ ਕੌਣ ਹੋ?
-ਮੈਂ ਅਧਿਆਪਕ ਹਾਂ।
ਕਿਰਪਾ ਦੱਸੋ ਤੁਸੀਂ ਕੌਣ ਹੋ?
-ਮੈਂ ਆਦਮੀ ਹਾਂ?
ਕਿਰਪਾ ਦੱਸੋ ਤੁਹਾਨੂੰ ਆਦਮੀ ਹੋਣ ਦਾ ਕੀ ਅਨੁਭਵ ਹੈ?
-ਹਾਂ ਮੈਨੂੰ ਅਨੁਭਵ ਹੈ।
ਇਸ ਤਰ੍ਹਾਂ ਉਹ ਲਗਾਤਾਰ ਸੁਆਲ ਪੁੱਛੀ ਜਾ ਰਿਹਾ ਸੀ। ਦਸ ਕੁ ਮਿੰਟ ਬਾਅਦ ਅਮਨ ਦੇ ਜੁਆਬ ਬਦਲ ਗਏ ਸੀ।
ਕਿਰਪਾ ਦੱਸੋ ਤੁਸੀਂ ਕੌਣ ਹੋ?
-ਮੈਂ ਈਸ਼ਵਰ ਹਾਂ
ਕਿਰਪਾ ਦੱਸੋ ਤੁਸੀਂ ਕੌਣ ਹੋ?
-ਮੈਂ ਈਸ਼ਵਰ ਹਾਂ
ਕਿਰਪਾ ਕਰਕੇ ਦੱਸੋ ਤੁਸੀਂ ਕੌਣ ਹੋ?
-ਮੈਂ ਈਸ਼ਵਰ ਹਾਂ
ਕੀ ਤੁਹਾਨੂੰ ਆਦਮੀ ਹੋਣ ਦਾ ਅਨੁਭਵ ਹੈ?
-ਨਹੀਂ ਮੈਂ ਈਸ਼ਵਰ ਹਾਂ
ਇਸ ਤਰ੍ਹਾਂ ਦੇ ਅਭਿਆਸ ਤੋਂ ਬਾਅਦ ਉਹ ਫਿਰ ਕੁਰਸੀਆਂ ‘ਤੇ ਬੈਠ ਗਏ। ਅਮਨ ਨੂੰ ‘ਈਸ਼ਵਰ ਆਏ ਦਲਿਦਰ ਜਾਏ।’ ਗਾਉਂਦੀ ਮੰਮੀ ਯਾਦ ਆਈ। ਲੋਹੜੀ ਵਾਲੇ ਦਿਨ ਅਮਨ ਦਾ ਜਨਮ ਹੋਇਆ ਸੀ। ਮੰਮੀ ਉਹਨੂੰ ਧੂਮਧਾਮ ਨਾਲ ਮਨਾਉਂਦੀ। ਦਿਨੇ ਕੇਕ ਕੱਟਿਆ ਜਾਂਦਾ। ਰਾਤ ਨੂੰ ਧੂਣੀ ਧੁਖਾ ਕੇ ਉਸ ਉਤੇ ਤਿਲ, ਗੁੜ ਤੇ ਰਿਉੜੀਆਂ ਸੁੱਟਦੀ ਗਾਉਂਦੀ ਰਹਿੰਦੀ।
“ਈਸ਼ਵਰ ਆਏ ਦਲਿੱਦਰ ਜਾਏ
ਦਲਿਦਰ ਦੀ ਜੜ੍ਹ ਚੁੱਲ੍ਹੇ ਪਾਏ।”
ਫੌਜੀ ਦਾ ਰੰਮ ਦਾ ਪੈਗ ਲਗਾਇਆ ਹੁੰਦਾ ਉਹ ਆਖਦਾ, ਜਨਮ ਦਿਨ ਮਨਾਉਂਦੀ ਆਂ ਲਾਟ ਸਾਹਬ ਦਾ। ਮੈਂ ਤਾਂ ਮਦਰ ਚੋ.. ਕਲਯੁਗ ਦੇ ਉਲਾਂਭੇ ਸੁਣਦਾ ਥੱਕ ਗਿਆ, ਜੀਹਦਾ ਜਨਮ ਦਿਨ ਮਨਾਉਂਦੀ ਏ, ਇਹੀ ਦਲਿੱਦਰ ਆ। ਇਹਨੇ ਕਿੱਥੇ ਜਾਣਾ ਲਾਈਲੱਗ ਨੇ। ਆਪਣਾ ਹੀ ਖੂਨ ਪੀਣਾ ਏ।
“ਬਾਪੂ ਈਸ਼ਵਰ ਸਿਉਂ ਰੱਬ ਕੋਲ ਪਹੁੰਚਿਆ ਕਿੰਨੇ ਸਾਲ ਹੋ ਗਏ। ਉਹਨੇ ਕਿੱਥੇ ਮੁੜਨਾ।” ਕਹਿੰਦਾ ਉਹ ਬਾਹਰ ਨਿਕਲ ਜਾਂਦਾ।
ਅਮਨ ਸੋਚਣ ਲੱਗਾ ਹੁਣ ਮੈਂ ਬਾਪੂ ਨੂੰ ਜਾ ਕੇ ਦੱਸ ਦੇਵਾਂਗਾ ਮੈਂ ਈਸ਼ਵਰ ਹਾਂ ਦਲਿੱਦਰ ਨਹੀਂ।
***
ਮੌਨਧਾਰ ਕੇ ਤੇ ਕੁਰਸੀਆਂ ਦੀ ਬੈਠਕ ਦੇ ਥਕਾਏ ਸਾਰੇ ਮੁਰਦਿਆਂ ਵਾਂਗ ਚਾਰ ਦਿਨਾਂ ਤੋਂ ਕਠਪੁਤਲੀਆਂ ਵਾਂਗ ਨੱਚਦੇ। ਰਾਤ ਨੂੰ ਦਰੀਆਂ ‘ਤੇ ਸੌਣ ਜਾ ਰਹੇ ਸਨ। ਦਨੇਸ਼ ਸਿੰਘ ਦਾ ਗੁੱਸਾ ਦੇਖਣ ਵਾਲਾ ਸੀ, ਬੋਲਿਆ, ”ਮਾਮੇ ਤੇਜ਼ ਗਿਆਨ ਦੇ, ਅਸੀਂ ਕੀ ਜਾਣੀਏ ਤੇਜ਼ ਗਿਆਨ ਨੂੰ, ਅਸੀਂ ਪੰਜਾਬੀ ਮਿਰਚ ਨੂੰ ਤੇਜ਼ ਕੌਰ ਤੇ ਰੇਲ ਦੇ ਇੰਜਣ ਨੂੰ ਤੇਜਾ ਸਿੰਘ ਕਹਿੰਦੇ ਆਂ। ਜੇ ਇਨ੍ਹਾਂ ਨੂੰ ਇਸ ਗੱਲ ਦਾ ਨਹੀਂ ਪਤਾ ਫਿਰ ਅਸੀਂ ਵੀ ਤੇਜ਼ ਗਿਆਨ ਤੋਂ ਕੀ ਲੈਣਾ।”
ਸਤਪਾਲ ਬੋਲਿਆ, ”ਏਨੇ ਦਿਨ ਹੋ ਗਏ ਮੈਂ ਘਰੇ ਫੋਨ ਨਹੀਂ ਕੀਤਾ। ਸਾਈਲੈਂਟ ‘ਤੇ ਲਾਇਆ ਹੋਇਆ ਸੀ। ਘਰੋਂ ਪੰਜਾਹ ਮਿਸ ਕਾਲਾਂ ਆਈਆਂ ਹੋਈਆਂ ਸੀ ਜਦੋਂ ਫੋਨ ਇਨ੍ਹਾਂ ਤੋਂ ਚੋਰੀ ਕੀਤਾ ਘਰ ਆਲੀ ਗੁੱਸੇ ‘ਚ ਕਹਿੰਦੀ, ਮੈਂ ਪੇਕੇ ਚਲੀ ਜਾਣਾ। ਮੈਂ ਉਹਨੂੰ ਕਿਹਾ, ”ਈਸ਼ਵਰ ਦੀ ਪਤਨੀ ਰੁਸ ਕੇ ਪੇਕੇ ਜਾ ਰਹੀ ਆ” ਤਾਂ ਉਹ ਹੋਰ ਗੁੱਸੋ ਹੋ ਗਈ। ਤਰਸੇਮ ਬਾਗੀ ਸੁਰ ਵਾਲੀ ਕਵਿਤਾ ਸੁਣਾਉਣਾ ਚਾਹੁੰਦਾ ਸੀ।
ਜਗਤਾਰ ਹੱਸਣ ਲੱਗਾ, ”ਜਦੋਂ ਸਾਰੇ ਖੋਜੀ ਜਾਪ ਕਰ ਰਹੇ ਸੀ। ਮੈਨੂੰ ਤੇਜ ਸੱਤਿਆ ਚਾਹੀਏ।”
ਤਾਂ ਮੈਂ ਜਾਪ ਕਰ ਰਿਹਾ ਸੀ, ”ਮੈਨੂੰ ਮਿਰਚ ਵਰਗੀ ਤੇਜ ਕੁੜੀ ਚਾਹੀਏ।”
”ਕਿਰਪਾ ਮੌਨ ਰਹੀਏ” ਕਹਿਣ ਸੇਵਕ ਆ ਪਹੁੰਚਿਆ।
ਅਮਨ ਉਨ੍ਹਾਂ ਤੋਂ ਦੂਰ ਪਿਆ ਸੀ। ਉਸਨੂੰ ਲੱਗ ਰਿਹਾ ਸੀ ਇਨ੍ਹਾਂ ਸੱਤਾ ਬੰਦਿਆਂ ਦੀ ਚੇਤਨਾ ਦਾ ਸਤਰ ਨੀਵਾਂ ਹੈ। ਇਸੇ ਲਈ ਇਨ੍ਹਾਂ ਨੂੰ ਪਿਤਾ ਸ਼੍ਰੀ ਦੇ ਪਰਵਚਨਾਂ ਦੀ ਸਮਝ ਨਹੀਂ ਆ ਰਹੀ।
ਪੰਜਵਾਂ ਦਿਨ
ਸਾਰੇ ਹਾਲ ਵਿਚ ਕੁਰਸੀਆਂ ‘ਤੇ ਬੈਠੇ ਸਨ। ਅਚਾਰੀਆ ਸੀਤਾ ਜੀ ਨੇ ਉਹੀ ਪੁਰਾਣੀਆਂ ਗੱਲਾਂ, ਜਿਵੇਂ ਸ਼ਿਵਰ ਦੀਆਂ ਗੱਲਾਂ ਬਾਹਰ ਨਹੀਂ ਦੱਸਣੀਆਂ। ਮੌਨ ਦਾ ਪਾਲਣ ਕਰਨਾ ਆਦਿ ਕਿਹਾ।
ਪਿਤਾ ਸ਼੍ਰੀ ਦੇ ਪ੍ਰਵਚਨ ਦੀ ਸੀਡੀ ਚੱਲ ਪਈ, ”…ਇੱਕ ਬੰਦਾ ਕਹਿੰਦਾ ਮੇਰੇ ਕੋਲ ਕੋਈ ਪੈਸਾ ਨਹੀਂ ਪਰ ਮੈਂ ਮੰਦਰ ਬਣਾਉਣਾ ਚਾਹੁੰਦਾ ਹਾਂ। ਉਹ ਬਿਨਾ ਪੈਸੇ ਖਰਚਿਆਂ ਮੰਦਰ ਬਣਾ ਸਕਦਾ ਹੈ। ਆਪਣੇ ਸਰੀਰ ਦਾ ਮੰਦਰ ਬਣਾਓ। ਮਨੁੱਖ ਦੇ ਅੰਦਰ ਤੇਜ਼-ਮਨ ਵਿਚ ਈਸ਼ਵਰ ਦਾ ਵਾਸਾ ਹੁੰਦੈ। ਤੁਹਾਡਾ ਸਰੀਰ ਮੰਦਰ ਹੈ, ਤੁਸੀਂ ਈਸ਼ਵਰ ਹੋ ਜੋ ਇਸ ਵਿਚ ਵਸ ਰਹੇ ਹੋ…।”
ਪਿਤਾ ਸ਼੍ਰੀ ਨੇ ਕਿਹਾ, ਹੁਣ ਫੈਂਸੀ ਡਰੈਸ ਮੁਕਾਬਲੇ ਹੋਣਗੇ। ਇਹ ਆਮ ਫੈਂਸੀ ਡਰੈਸ ਮੁਕਾਬਲੇ ਨਹੀਂ ਹਨ। ਤੁਸੀਂ ਆਪਣਾ ਸਰੀਰ ਛੱਡ ਕੇ ਦੂਜੇ ਦੇ ਸਰੀਰ ‘ਚ ਦਾਖਲ ਹੋਣਾ ਹੈ ਹੋਰ ਦੇ ਸਰੀਰ ਨੂੰ ਕਿਸੇ ਹੋਰ ਦਾ ਸਰੀਰ ਸਮਝਣਾ ਹੈ। ਕਿਸੇ ਜਾਨਵਰ ਦਾ, ਪੰਛੀ ਦਾ ਸਰੀਰ ਵੀ ਸਮਝ ਸਕਦੇ ਹੋ। ਸਾਰੇ ਖੋਜੀ ਹਾਲ ‘ਚੋਂ ਬਾਹਰ ਚਲੇ ਗਏ। ਕਿਸੇ ਨੇ ਪਾਣੀ ਪੀਤਾ। ਕੋਈ ਬਾਥਰੂਮ ਗਿਆ।
ਅਮਨ ਨੂੰ ਫੈਂਸੀ ਡਰੈਸ ਵਿਚ ਦਿਖਣ ਦੀ ਥਾਂ ਨੰਗੇ ਦਿਖਾਈ ਦੇ ਰਹੇ ਸਨ। ਉਹ ਆਦਮੀਆਂ ਵਲੋਂ ਧਿਆਨ ਹਟਾ ਕੇ ਔਰਤਾਂ ਵੱਲ ਧਿਆਨ ਦੇਣ ਲੱਗਿਆ। ਉਹਨੂੰ ਇਹ ਗੱਲ ਮਾੜੀ ਲੱਗੀ ਪਿਤਾ ਸ਼੍ਰੀ ਨਾਲ ਛਲ ਕਪਟ ਕਰਨ ਵਾਂਗ ਲੱਗੀ। ਅਮਨ ਨੂੰ ਬਿੰਦੀ ਦੀ ਘਰਵਾਲੀ ਯਾਦ ਆਈ। ਮੜ੍ਹੀਆਂ ‘ਚ ਨੰਗਿਆਂ ਘੁੰਮਦੀ। ਬਿੰਦੀ ਉਹਦਾ ਜਿਗਰੀ ਯਾਰ ਸੀ। ਸਮੈਕ ਦਾ ਆਦੀ ਹੋ ਗਿਆ। ਨਸ਼ੇ ਦੀ ਵਾਧ-ਘਾਟ ਕਾਰਨ ਸੜਕ ਹਾਦਸੇ ‘ਚ ਮਾਰਿਆ ਗਿਆ। ਬੜੀ ਕਹਿਰ ਦੀ ਮੌਤ ਸੀ ਉਹ ਜਵਾਨ ਜਹਾਨ ਪਤਨੀ ਤੇ ਛੋਟਾ ਜਿਹਾ ਬੱਚਾ ਰੋਂਦੇ ਵਿਲਕਦੇ ਛੱਡ ਗਿਆ ਸੀ। ਪਿਉ ਦਾ ਇਕਲੌਤਾ ਪੁੱਤਰ ਸੀ। ਜਵਾਨ ਜਹਾਨ ਪਤਨੀ ਅੱਗੇ ਸਾਰੀ ਉਮਰ ਰੋਣ ਲਈ ਪਈ ਸੀ। ਸਾਰੇ ਕਹਿ ਰਹੇ ਸੀ, ”ਹੁਣ ਇਸ ਵਿਚਾਰੀ ਨੇ ਰੁਲ ਜਾਣਾ।’
ਮਹੀਨੇ ਕੁ ਬਾਅਦ ਸਾਰੇ ਪਿੰਡ ‘ਚ ਦਹਿਸ਼ਤ ਫੈਲ ਗਈ। ਰਾਤ ਨੂੰ ਪਿੰਡ ਦੀਆਂ ਗਲੀਆਂ `ਚ ਭੂਤਨੀ ਫਿਰਦੀ ਸੀ। ਚਿੱਟਾ ਲਿਬਾਸ ਹੁੰਦਾ। ਜਦੋਂ ਉਹ ਤੁਰਦੀ, ਜਿਵੇਂ ਝਾਂਜਰਾ ਦੀ ਛਣ-ਛਣ ਹੋ ਰਹੀ ਹੋਵੇ। ਹੱਥ ਵਿਚ ਡਾਂਗ ਹੁੰਦੀ। ਕਮ ਦਿਲੇ ਰਾਤ ਬਰਾਤੇ ਘਰਾਂ ‘ਚੋਂ ਬਾਹਰ ਜਾਣੇ ਬੰਦ ਹੋ ਗਏ। ਉਹ ਭੂਤਨੀ ਕਿਸੇ ਨੂੰ ਕਹਿੰਦੀ ਕੁਝ ਨਹੀਂ ਸੀ। ਮੂੰਹ ਸਿਰ ਲਪੇਟਿਆ ਹੁੰਦਾ। ਲੰਮੀ ਬੀਹੀ `ਚੋਂ ਹੁੰਦੀ ਹੋਈ ਮੜੀਆਂ ਵਲ ਚਲੀ ਜਾਂਦੀ। ਜਦੋਂ ਗੱਲ ਦਾ ਪੋਲ ਖੁੱਲ੍ਹਿਆ ਤਾਂ ਅਮਨ ਦੇ ਘਰੇ ਲੜਾਈ ਪੈਣ ਲੱਗੀ। ਅਮਨ ਕਹਿਣ ਲੱਗਾ, ”ਲੋਕ ਸਾਲੇ ਦੋ-ਮੂੰਹੇ ਨੇ ਪਹਿਲਾਂ ਕਹਿੰਦੇ ਸੀ ਇਹਨੇ ਵਿਚਾਰੀ ਨੇ ਰੁਲ ਜਾਣਾ। ਹੁਣ ਮੈਂ ਸਹਾਰਾ ਦੇਣ ਲੱਗਿਆ ਤਾਂ ਉਲਟ ਬੋਲਦੇ ਨੇ…।”
ਅਮਨ ਨੇ ਸਾਰੇ ਪਾਸਿਆਂ ਤੋਂ ਮਨ ਮੋੜ ਕੇ ਤੇਜ ਸਥਾਨ ਤੋਂ ਜਿਥੇ ਈਸ਼ਵਰ ਦਾ ਵਾਸਾ ਹੈ, ਲਗਾ ਲਿਆ। ਹੁਣ ਸਭ ਨੇ ਧੰਨਵਾਦ ਕਰਨਾ ਸੀ। ਜਿਹੜੀ ਜ਼ਰੂਰੀ ਰਸਮ ਸੀ। ਪਹਿਲਾਂ ਪਿਤਾ ਸ਼੍ਰੀ ਦਾ ਧੰਨਵਾਦ ਕਰਨਾ ਸੀ ਜਿਹੜਾ ਗਿਆਨ ਦਿੱਤਾ ਸੀ ਫਿਰ ਉਥੇ ਹਰ ਸਾਥੀ ਦਾ ਪੈਰੀਂ ਹੱਥ ਲਗਾ ਕੇ ਧੰਨਵਾਦ ਕਰਨਾ ਸੀ ਭਾਵੇਂ ਉਮਰ ਵਿਚ ਵੱਡਾ ਹੋਵੇ ਜਾਂ ਛੋਟਾ। ਅਮਨ ਸਭ ਦਾ ਧੰਨਵਾਦ ਕਰ ਰਿਹਾ ਸੀ।
ਅਮਨ ਨੂੰ ਵਿਸ਼ਵਾਸ ਹੋ ਗਿਆ ਸੀ। ਉਹਦੇ ਤੇਜ ਸਥਾਨ ‘ਤੇ ਈਸ਼ਵਰ ਦਾ ਵਾਸਾ ਹੈ। ਉਹ ਆਪ ਹੀ ਈਸ਼ਵਰ ਹੈ। ਜਿਵੇਂ ਮਹਾਂਵੀਰ ਗਿਆਨ ਪ੍ਰਾਪਤ ਕਰਕੇ ਬੁੱਧ ਬਣ ਗਿਆ ਸੀ। ਉਹ ਵੀ ਤੇਜ਼ ਗਿਆਨ ਪ੍ਰਾਪਤ ਕਰਕੇ ਬੁੱਧ ਬਣ ਗਿਆ। ਦੂਜੇ ਅਧਿਆਪਕਾਂ ਬਾਰੇ ਸੋਚਦਾ ਇਹ ਬੁੱਧੂ ਦੇ ਬੁੱਧੂ ਹੀ ਰਹੇ। ਸ਼ਿਵਰ ਪੂਰਾ ਹੋ ਗਿਆ ਸੀ ਪਰ ਪਿਤਾ ਸ਼੍ਰੀ ਨੇ ਕਿਹਾ ਸੀ ਤੁਸੀਂ ਸਦਾ ਹੀ ਸ਼ਿਵਰ ‘ਚ ਰਹਿਣਾ ਹੈ।
***
ਉਪਰੋਕਤ ਗੱਲਾਂ ਨੂੰ ਮਹੀਨੇ ਬੀਤ ਗਏ। ਅਮਨ ਘੰਟੇ ਕੁ ਬਾਅਦ ਸਮਾਧੀ ਲਗਾ ਕੇ ਬੈਠ ਜਾਂਦਾ। ਹਰ ਗੱਲ ਨਾਲ ਆਪਣੇ ਆਪ ਨੂੰ ਈਸ਼ਵਰ ਆਖਦਾ। ਫੌਜੀ, ਰਾਜੀ, ਪਿੰਡ ਦੇ ਲੋਕ ਤੇ ਸਕੂਲ ਦਾ ਸਟਾਫ ਉਹਦੀਆਂ ਇਨ੍ਹਾਂ ਹਰਕਤਾਂ ਨੂੰ ਅਚੰਭੇ ਨਾਲ ਦੇਖਦੇ। ਇਕ ਦਿਨ ਰਾਜੀ ਨੂੰ ਪਤਾ ਨਹੀਂ ਕੀ ਸੁਝੀ। ਉਹਨੇ ਝਾਂਵਾਂ ਫੜ ਕੇ ਅੱਡੀਆਂ ਕੂਚ ਲਈਆਂ ਨਹਾ ਕੇ ਕੇਸ ਸੁਕਾ ਡੋਰੀ ਪਾ ਕੇ ਚੀਰਮੀ ‘ਚ ਸੰਧੂਰ ਦੀ ਚੁਟਕੀ ਪਾਈ। ਮੱਥੇ ‘ਤੇ ਸੂਟ ਦੇ ਰੰਗ
ਵਰਗੀ ਬਿੰਦੀ ਲਗਾ। ਲਿਪ ਲਾਇਨ ਲਗਾ ਕੇ, ਸੁਰਖੀ ਲਗਾ, ਸੈਂਟ ਛਿੜਕਾਇਆ। ਸ਼ੀਸ਼ੇ ਅੱਗੇ ਖੜ੍ਹ ਕੇ ਆਪਣੇ ਆਪ ਨਾਲ ਗੱਲਾਂ ਕੀਤੀਆਂ। ਅਮਨ ਕੋਲ ਗਈ। ਚੁੰਨੀ ਨੂੰ ਉਂਗਲ ਤੇ ਲਪੇਟਦੀ ਕਹਿਣ ਲੱਗੀ ”ਦੇਖਿਓ ਮੇਰਾ ਸੂਟ ਕਿਹੋ ਜਿਹਾ ਲੱਗਦਾ?” ਉਹ ਕੁਝ ਨਹੀਂ ਬੋਲਦਾ। ਸ਼ਾਇਦ ਸਮਾਧੀ ਲਗਾਈ ਬੈਠਾ ਸੀ।
”ਮੈਂ ਕਿਹਾ ਜੀ…।”
”……।”
ਰਾਜੀ ਨੇ ਮੋਢੇ ਤੋਂ ਫੜ ਕੇ ਹਲੂਣਿਆ ”ਮੈਂ ਕਿਹਾ ਜੀ…।”
ਉਹ ਉਸੇ ਤਰ੍ਹਾਂ ਅੱਖਾਂ ਮੀਚੀ ਸ਼ਾਂਤ ਚਿੱਤ ਬੈਠਾ ਰਿਹਾ। ਰਾਜੀ ਦਾ ਦਿਲ ਕਰ ਰਿਹਾ ਸੀ ਉਹ ਮਾਰੇ ਕੁੱਟੇ ਹੱਡ-ਹੱਡ ਪੋਲਾ ਕਰ ਦੇਵੇ। ਉਹਨੇ ਉਹਦਾ ਮੋਢਾ ਥੋੜ੍ਹਾ ਜ਼ੋਰ ਨਾਲ ਹਲੂਣ ਕੇ ਕਿਹਾ, ”ਮੈਂ ਕਿਹਾ ਜੀ ਗੱਲ ਤਾਂ ਸੁਣੋ…।”
ਉਹਨੂੰ ਪੱਥਰ ਬਣਿਆ ਦੇਖ ਰਾਜੀ ਨੂੰ ਜਿਵੇਂ ਕੁਝ ਹੋ ਗਿਆ। ਉਹਨੇ ਅਮਨ ਦੀ ਛਾਤੀ ਦੇ ਦੁਹੱਥੜਾ ਮਾਰਿਆ। ”ਅੱਗ ਲੱਗ ਜੇ ਤੇਰੇ ਈਸ਼ਵਰ ਨੂੰ, ਨਾਲ ਤੈਨੂੰ…। ਸਾਨੂੰ ਤਾਂ ਤੇਰਾ ਬੋਲਣ ਦਾ ਭਾਅ ਨੀ…ਚੋਦਿਆ ਸ਼ਿਵਰ ਦਾ…।”
ਅਮਨ ਨੂੰ ਗੁੱਸਾ ਆ ਗਿਆ। ਉਹਨੇ ਹੱਥ ਉਤਾਂਹ ਚੁੱਕਿਆ। “ਜਮ੍ਹਾਂ ਕੁੱਤੀਆਂ ਆਲੇ ਕੰਮ
ਨੇ ਤੇਰੇ…” ਫਿਰ ਉਹਨੇ ਆਪਣੇ-ਆਪ ‘ਤੇ ਕਾਬੂ ਪਾ ਲਿਆ। ਮਾਰਨ ਲਈ ਚੁੱਕਿਆ ਹੱਥ ਨੀਵਾਂ ਕਰ ਲਿਆ। ਰਾਜੀ ਕਹਿ ਰਹੀ ਸੀ, “ਨਾ ਮਾਰ ਕੇ ਦਿਖਾ ਜੇ ਪਿਉ ਦਾ ਪੁੱਤ ਏਂ…।”
ਉਹ ਬੋਲੀ ਜਾ ਰਹੀ ਸੀ। ਫੌਜੀ ਨੂੰ ਅੱਜ ਪਹਿਲੀ ਵਾਰ ਬਹੂ ਦੀ ਥਾਂ ਅਮਨ ‘ਤੇ ਗੁੱਸਾ ਆਇਆ ਸੀ, ਬੋਲਿਆ, “ਮਦਰ ਚੋ ਕਲਯੁਗ਼..ਲਾਈਲੱਗ ਮਦਰ ‘ਚੋ। ਬਿੰਦੀ ਦੀ ਤੀਵੀਂ ਤਾਂ ਬਿੰਦੀ ਮਰੇ ਤੇ ਰੁਲੀ ਸੀ, ਮਦਰ ‘ਚੋ ਤੇਰੀ…।”
ਅੱਜ ਉਹ ਅੰਦਰ ਬੈਠਾ ਹੀ ਬੁੜ-ਬੁੜ ਕਰੀ ਜਾ ਰਿਹਾ ਸੀ।
ਅਮਨ ਬੈਠਕ ‘ਚ ਵੜ ਗਿਆ। ਅੰਦਰੋਂ ਕੁੰਡਾ ਬੰਦ ਕਰ ਲਿਆ, ਕਹਿਣ ਲੱਗਾ,
“ਮੈਂ ਸ਼ਿਵਰ ‘ਚ ਹਾਂ।”
Leave a Reply