ਜਾ ਲਬੁ ਤਾਂ ਨੇਹੁ ਕਿਆ – ਬਲਜੀਤ ਬਾਸੀ

by

ਸਿਰਲੇਖ ਵਾਲੀ ਤੁਕ ਵਿਚ ਫ਼ਰੀਦ ਜੀ ਦਾ ਭਾਵ ਹੈ ਕਿ ਜਿਥੇ ਲਾਲਚ ਹੈ ਉਥੇ ਸੱਚਾ ਪਿਆਰ ਨਹੀਂ ਹੋ ਸਕਦਾ। ਇਸ ਦੇ ਅਧਿਆਤਮਕ ਅਰਥ ਹਨ ਕਿ ਜੇ ਕਿਸੇ ਇਵਜ਼ਾਨੇ ਦੇ ਲਾਲਚ ਵਿਚ ਭਜਨ ਬੰਦਗੀ ਕੀਤੀ ਜਾਂਦੀ ਹੈ ਤਾਂ ਇਹ ਅਸਲੀ ਪਿਆਰ ਨਹੀਂ ਹੈ। ਅਗਲੀ ਤੁਕ, ਲਬੁ ਤ ਕੂੜਾ ਨੇਹੁ, ਵਿਚ ਇਸੇ ਭਾਵ ਨੂੰ ਦ੍ਰਿੜਾਇਆ ਗਿਆ ਹੈ। ਏਥੇ ਲਬੁ ਦਾ ਭਾਵ ਲੋਭ, ਲਾਲਚ ਹੈ ਤੇ ਨੇਹੁ, ਜੋ ਆਪਣੇ ਪੂਰਨ ਰੂਪ ਸਨੇਹ ਦਾ ਟੁੱਟਵਾਂ ਰੂਪ ਹੈ, ਦਾ ਅਰਥ ਹੈ ਪਿਆਰ। ਅੱਜ ਅਸੀਂ ਲਬੁ ਸ਼ਬਦ ਦੀ ਥਾਹ ਪਾਉਣੀ ਹੈ ਤੇ ਫਿਰ ਹੋਰ ਕਿਸੇ ਦਿਨ ਨੇਹ ਸ਼ਬਦ ਦੀ। ਗੁਰਬਾਣੀ
ਵਿਚ ਇਹ ਸ਼ਬਦ ਅਨੇਕਾਂ ਵਾਰ ਵਰਤਿਆ ਗਿਆ ਹੈ, ਇਕੱਲਾ ਵੀ ਤੇ ਲਬੁ ਲੋਭ ਦੇ ਜੁੱਟ ਰੂਪ ਵਿਚ ਵੀ:
ਇਹ ਤਨ ਮਾਇਆ ਪਾਹਿਆ
ਪਿਆਰੇ ਲੀਤੜਾ ਲਬਿ ਰੰਗਾਏ॥ -ਗੁਰੂ ਨਾਨਕ ਦੇਵ
ਪੜਿਆ ਮੂਰਖੁ ਆਖੀਐ
ਜਿਸੁ ਲਬੁ ਲੋਭੁ ਅਹੰਕਾਰਾ॥ -ਗੁਰੂ ਨਾਨਕ ਦੇਵ
ਮਨਮੁਖ ਮੂਲਹੁ ਭੁਲਿਆ
ਵਿਚਿ ਲਬੁ ਲੋਭੁ ਅਹੰਕਾਰ॥ -ਗੁਰੂ ਰਾਮ ਦਾਸ
ਲਬੁ ਲੋਭ ਪਰਜਾਲੀਐ
ਨਾਮੁ ਮਿਲੈ ਆਧਾਰ॥ -ਗੁਰੂ ਨਾਨਕ ਦੇਵ
ਸਪਸ਼ਟ ਹੈ, ਗੁਰਬਾਣੀ ਅਨੁਸਾਰ ਲੋਭ ਦਾ ਲਾਭ ਥੋੜ-ਚਿਰਾ ਹੈ ਜਦ ਕਿ ਪਰਮਾਤਮਾ ਦਾ ਸਨੇਹ ਸਦੀਵੀ ਹੈ। ਥੋੜ-ਚਿਰੀ ਚੀਜ਼ ਅਧਿਆਤਮਕ ਅਰਥਾਂ ਵਿਚ ਕੂੜੀ ਅਰਥਾਤ ਝੂਠੀ, ਮਾਇਆਵੀ ਹੈ।
ਮਜ਼ੇ ਦੀ ਗੱਲ ਹੈ ਕਿ ਅਜੋਕੀ ਪੰਜਾਬੀ ਵਿਚ ਅਸੀਂ ਲਬ ਸ਼ਬਦ ਇਨ੍ਹਾਂ ਅਰਥਾਂ ਵਿਚ ਨਹੀਂ ਵਰਤਦੇ, ਹੋਠ ਦੇ ਅਰਥ ਵਾਲਾ ਲਬ ਹੋਰ ਹੈ ਜੋ ਫਾਰਸੀ ਤੋਂ ਆਇਆ ਹੈ। ਕਿਸੇ ਹੋਰ ਉਤਰ ਭਾਰਤੀ ਭਾਸ਼ਾ ਵਿਚ ਵੀ ਸ਼ਾਇਦ ਇਹ
ਸ਼ਬਦ ਇਸ ਅਰਥ ਵਿਚ ਨਹੀਂ ਮਿਲਦਾ। ਲਬ ਸ਼ਬਦ ਅਸਲ ਵਿਚ ਲੋਭ ਦਾ ਹੀ ਇਕ ਭੇਦ ਹੈ ਤੇ ਗੁਰਬਾਣੀ ਵਿਚ ਲਬ ਲੋਭ ਜੁੱਟ ਦਾ ਇਕੱਲੇ ਇਕੱਲੇ ਅਰਥ ਕਰਨ ਦਾ ਕੋਈ ਲਾਭ ਨਹੀਂ, ਲਬ ਲੋਭ ਦੇ ਅਰਥਾਂ ਨੂੰ ਹੀ ਹੋਰ ਪ੍ਰਗਾੜ ਕਰਦਾ ਹੈ। ਸੰਸਕ੍ਰਿਤ ਵਿਚ ਲੋਭ ਦੇ ਅਰਥ ਹਨ ਭੰਬਲਭੂਸਾ, ਬੌਂਦਲਾਹਟ; ਬੇਸਬਰੀ, ਤਾਂਘ, ਤੀਖਣ ਖਾਹਿਸ਼, ਤੜਫਣ, ਤੜਛ ਆਦਿ। ਇਸ ਤੋਂ ਅੱਗੇ ਹੋਰ ਵਿਕਾਸ ਕਰਕੇ ਇਸ ਦੇ ਅਰਥ ਬਣੇ, ਲਾਲਚ, ਲਾਲਸਾ ਆਦਿ। ਲੋਭ ਵੀ ਅਸਲ ਵਿਚ ਸੰਸਕ੍ਰਿਤ ਧਾਤੂ ਲੁਭ ਤੋਂ ਬਣਿਆ ਹੈ ਜਿਸ ਦੇ ਅਰਥ ਭੰਬਲਭੂਸੇ ਵਿਚ ਪੈਣਾ, ਬੌਂਦਲਾ ਜਾਣਾ, ਚਕਰਾ ਜਾਣਾ ਤੋਂ ਹੋ ਕੇ ਕਿਸੇ ਚੀਜ਼ ਦੀ ਤਾਂਘ ਕਰਨਾ, ਲਾਲਸਾ ਕਰਨਾ ਆਦਿ ਬਣ ਗਏ। ਇਸ ਦੇ ਹੋਰ ਵਿਕਸਿਤ ਅਰਥ ਕਿਸੇ ਨੂੰ ਫੁਸਲਾਉਣਾ, ਲਲਚਾਉਣਾ, ਲੁਭਾਉਣਾ, ਆਕ੍ਰਸ਼ਤ ਕਰਨਾ ਆਦਿ ਹਨ। ਜੇ ਅਸੀਂ ਲੁਭਾਵਣਾ ਸ਼ਬਦ ਵੱਲ ਧਿਆਨ ਦੇਈਏ ਤਾਂ ਸਮਝ ਵਿਚ ਆਉਂਦਾ ਹੈ ਕਿ ਇਸ ਦਾ ਮੁਢਲਾ ਅਰਥ ਚੰਗਾ ਲੱਗਣਾ, ਭਾ ਜਾਣਾ ਹੈ। ਇਕ ਸ੍ਰੋਤ ਅਨੁਸਾਰ ‘ਲੋਬੀਆ’ ਅਰਥਾਤ ਲੁਭਾਵਣੀ ਦਾਲ, ਇਸੇ ਧਾਤੂ ਤੋਂ ਬਣਿਆ ਸ਼ਬਦ ਹੈ। ਲੋਭ ਦੇ ਅੱਗੇ ‘ਪ੍ਰ’ ਅਗੇਤਰ ਲੱਗ ਕੇ ਪ੍ਰਲੋਭਨ ਸ਼ਬਦ ਬਣਿਆ ਜਿਸ ਦਾ ਅਰਥ ‘ਲਲਚਾਉਣਾ’ ਜਾਂ ‘ਝਾਂਸਾ’ ਹੈ।
ਪੰਜਾਬੀ ਦਾ ਜ਼ੁਲਮ, ਕਹਿਰ ਦੇ ਅਰਥਾਂ ਵਾਲਾ ‘ਲੋਹੜ’ ਸ਼ਬਦ ਵੀ ਇਸੇ ਦਾ ਵਿਕ੍ਰਿਤ ਰੂਪ ਹੈ। ਇਸ ਦਾ ਪ੍ਰਾਕ੍ਰਿਤ ਰੂਪ ਲੋਹ ਸੀ। ਖਾਸ ਨਾਂ ‘ਰਾਮ ਲਭਾਇਆ’ ਕੀ ਰਾਮ ਨੇ ਲਭ ਕੇ ਦਿੱਤਾ ਬੰਦਾ ਹੈ ਜਾਂ ਰਾਮ ਨੂੰ ਲੁਭਾਵਣਾ ਪੁਰਸ਼ ਹੈ? ਸੋਚਣ ਵਾਲੀ ਗੱਲ ਹੈ। ‘ਰਾਮ ਪਿਆਰੀ’ ਨਾਮ ਤੋਂ ਟੋਹ ਮਿਲਦੀ ਹੈ ਕਿ ਸ਼ਾਇਦ ਇਹ ਰਾਮ ਲਈ ਲੁਭਾਵਣਾ ਪੁਰਸ਼ ਹੀ ਹੈ।
ਐਪਰ ਸਮੇਂ ਨਾਲ ਸ਼ਬਦਾਂ ਵਿਚ ਚੰਗੀ ਮਾੜੀ ਕੀਮਤ ਭਰੀ ਜਾਂਦੀ ਹੈ। ਜੇ ਕੋਈ ਚੀਜ਼ ਏਨੀ ਲੁਭਾਵਣੀ ਲੱਗਣ ਲੱਗ ਜਾਵੇ ਕਿ ਬੰਦਾ ਉਸ ਵੱਲ ਖਚਿਤ ਹੋ ਕੇ ਉਸ ਨੂੰ ਪ੍ਰਾਪਤ ਕਰਨ ਦੀ ਲਾਲਸਾ ਰੱਖਣ ਲੱਗ ਪਵੇ ਤਾਂ ਇਸ ਵਿਚ ਲਲਚਾਉਣ ਦੇ ਭਾਵ ਆ ਜਾਂਦੇ ਹਨ। ਰਾਗ ਵਡਹੰਸ ਵਿਚ ਗੁਰੂ ਨਾਨਕ ਦੇਵ ਕੁਦਰਤ ਦੀ ਸੁੰਦਰਤਾ ਦਾ ਵਰਣਨ ਕਰਦੇ ਹੋਏ ਫਰਮਾਉਂਦੇ ਹਨ,
 “ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ॥”
ਅਰਥਾਤ ਪਰਮਾਤਮਾ ਦੀ ਸੁਹਣੀ ਕੁਦਰਤ ਜੀਵ ਇਸਤਰੀ ਵਾਸਤੇ ਮਾਨੋ ਕਟਾਰ ਹੈ ਜਿਸ ਨੂੰ ਉਸ ਨੇ ਮੋਹ ਲਿਆ ਹੈ। ਏਥੇ ਦੇਖਣ ਵਾਲੀ ਗੱਲ ਹੈ ਕਿ ਲੋਭ ਨਾਕਾਰਾਤਮਕ ਅਰਥਾਂ ਵਿਚ ਨਹੀਂ, ਇਕ ਤਰ੍ਹਾਂ ਮੋਹ ਦੇ ਅਰਥਾਂ ਵਿਚ ਹੈ ਪਰ ਇਹ ਪਿਆਰ ਦਾ ਪੂਰਾ ਆਕਾਰ ਗ੍ਰਹਿਣ ਨਹੀਂ ਕਰਦਾ। ਅਸਲ ਵਿਚ ਪੰਜ ਵਿਕਾਰਾਂ ਵਿਚ ਸ਼ੁਮਾਰ ਹੋ ਕੇ ਲੋਭ ਦਾ ਅਰਥ ਏਨਾ ਨਾਕਾਰਾਤਮਕ ਹੋ ਗਿਆ ਹੈ ਕਿ ਇਸ ਦਾ ਸੁਹਾਵਣਾ ਪੱਖ ਇਕ ਤਰ੍ਹਾਂ ਦੱਬਿਆ ਹੀ ਰਹਿ ਗਿਆ। ਪਰ ਦੂਰ ਦੁਰਾਡੀਆਂ ਸਕੀਆਂ ਭਾਸ਼ਾਵਾਂ ਵਿਚ ਇਸ ਦਾ ਰੂਪ ਪਿਆਰ ਦੇ ਮੁਕੰਮਲ ਅਰਥ ਗ੍ਰਹਿਣ ਕਰ ਗਿਆ ਹੈ। ਆਉ, ਦੇਖੀਏ ਕਿਵੇਂ?
ਨਵ-ਪੱਥਰ ਯੁਗ ਵਿਚ ਜ਼ਮੀਨ ਦੇ ਭੁਖੇ ਆਰਿਆਈ ਲੋਕਾਂ ਨੇ ਦੱਖਣੀ ਰੂਸ ਦੇ ਸਟੈਪੀ ਮੈਦਾਨਾਂ ‘ਚੋ ਚੱਲ ਕੇ ਜਦ ਉਤਰ ਪੱਛਮ ਤੇ ਦੱਖਣ ਪੂਰਬ ਦੀਆਂ ਭਿੰਨ-ਭਿੰਨ ਦਿਸ਼ਾਵਾਂ ਵੱਲ ਰਜੂਹ ਕੀਤਾ ਤਾਂ ਉਨ੍ਹਾਂ ਕੋਲ ਇਕ ਮੂਲ ਸੀ ਲੁਬਹ, ਜਿਸ ਦਾ ਅਰਥ ਸੀ, ‘ਪਰਵਾਹ ਕਰਨਾ, ਪ੍ਰਵਾਨਗੀ ਦੇਣਾ’ ਆਦਿ। ਜਿਧਰ ਜਿਧਰ ਵੀ ਇਹ ਲੋਕ ਗਏ,
ਇਸ ਸ਼ਬਦ ਦੀਆਂ ਅਰਥ-ਪਰਛਾਈਆਂ ਵਿਚ ਹਲਕੀ ਤਬਦੀਲੀ ਆਉਂਦੀ ਗਈ। ਇਹੀ ਮੂਲ ਸੰਸਕ੍ਰਿਤ ਲੁਭ ਧਾਤੂ ਦਾ ਸੁਜਾਤੀ ਵੀ ਹੈ। ਅਸਲ ਵਿਚ ਇਸੇ ਮੂਲ ਤੋਂ ਕੋਈ ਦੋ ਕੁ ਹਜ਼ਾਰ ਸਾਲ ਪਹਿਲਾਂ ਅੱਜ ਅੰਗਰੇਜ਼ੀ ਨਾਂ ਵਜੋਂ ਜਾਣੀ ਜਾਂਦੀ ਭਾਸ਼ਾ ਵਿਚ ਇਕ ਸ਼ਬਦ ਬਣਿਆ ਲੁ, ਜੋ ਬਦਲਦਾ ਬਦਲਦਾ ਲਵ (love) ਦਾ ਰੂਪ ਧਾਰ
ਗਿਆ। ਜਿਸ ਚੀਜ਼ ਦੀ ਮਨੁਖ ਪਰਵਾਹ ਕਰਦਾ ਹੈ, ਉਸ ਨੂੰ ਹੀ ਪਿਆਰ ਕਰਦਾ ਹੈ। ਅਸੀਂ ਦੇਖਿਆ ਹੈ ਕਿ ਪੰਜਾਬੀ ਵਿਚ ਇਸ ਦੇ ਅਰਥ ਪੂਰਨ ਭਾਂਤੀ ਪਿਆਰ ਦੇ ਅਰਥਾਂ ਤੋਂ ਉਰੇ ਉਰੇ ਰਹਿ ਗਏ ਜਾਂ ਕਹਿ ਸਕਦੇ ਹਾਂ ਕਿ ਬਹੁਤ ਹੀ ਅਗਾਂਹ ਲੰਘ ਗਏ, ਜਦ ਕਿ ਅੰਗਰੇਜ਼ੀ ਨੇ ਪੂਰਾ ਪਿਆਰ ਪਾ ਲਿਆ ਹੈ! ਹੌਲੀ ਹੌਲੀ ਲਵ ਸ਼ਬਦ
ਦੀ ਕਿਰਿਆ ਵਜੋਂ ਵੀ ਵਰਤੋਂ ਸ਼ੁਰੂ ਹੋ ਗਈ। ਅੰਗਰੇਜ਼ੀ ਵਿਚ ਕਰਤਾ ਕਰਮ ਨੂੰ ਲਵ ਕਰਦਾ ਹੈ ਪਰ ਪੰਜਾਬੀ ਵਿਚ (ਲੁਭਾਵਣਾ ਦੇ ਰੂਪ ਵਿਚ) ਕਰਮ ਕਰਤਾ ਨੂੰ ਲੁਭਾਉਂਦਾ ਹੈ। ਅੰਗਰੇਜ਼ੀ ਦਾ love ਇਕ ਹੋਰ ਸ਼ਬਦ ਦਾ ਵੀ ਜਨਮਦਾਤਾ ਬਣਿਆ, ਅਰਥਾਤ leave, ਜੋ ਦੇਖਣ ਨੂੰ ਬੜੀ ਅਣਹੋਣੀ ਗੱਲ ਜਾਪਦੀ ਹੈ। ਪਹਿਲਾਂ ਪਹਿਲਾਂ
leave ਦੇ ਅਰਥ ਵਿਦਾ ਹੋਣ ਦੇ ਨਹੀਂ ਬਲਕਿ ਛੋਟ, ਖੁਲ੍ਹ ਦੇਣ ਦੇ ਅਰਥਾਂ ਵਜੋਂ ਆਏ ਜਿਵੇਂ ਜੇ ਕਹੀਏ, “I give you leave to…,”  ਮੈਂ ਤੈਨੂੰ …. ਕਰਨ ਦੀ ਖੁਲ੍ਹ ਦਿੰਦਾ ਹਾਂ। ਦੂਜੇ ਅਰਥਾਂ ਵਿਚ ਇਸ ਦਾ ਭਾਵ ਹੈ, ਮੈਂ ਤੈਨੂੰ ਪ੍ਰਵਾਨਗੀ ਦੇਂਦਾ ਹਾਂ, ਤੇਰਾ ਜਿਵੇਂ ਰਾਂਝਾ ਰਾਜ਼ੀ ਹੁੰਦਾ ਹੈ। ਸੋ ਏਥੇ leave ਦੇ ਭਾਵ love ਤੋਂ ਏਨੇ ਦੂਰ ਨਹੀਂ ਜਾਂਦੇ।
ਇਹ leave ਸ਼ਬਦ ਹੀ believe ਵਿਚ ਵੀ ਝਾਕਦਾ ਹੈ। ਏਥੇ believe ਦਾ ਭਾਵ ਪ੍ਰਵਾਨਗੀ, ਸਵੀਕਾਰਤਾ,
ਕਿਸੇ ਵਿਚ ਵਿਸ਼ਵਾਸ ਹੀ ਹੈ। ਪਿਆਰ ਤੇ ਵਿਸ਼ਵਾਸ ਆਪਸ ਵਿਚ ਘਣੇ ਰੂਪ ਵਿਚ ਜੁੜੇ ਹੋਏ ਭਾਵ ਹਨ।
ਕੀਟਸ ਦੀ ਇਕ ਕਵਿਤਾ ਹੈ:
If thou didst ever anything

believe,

Believe how I love thee…..
ਹੈਰਾਨੀ ਵਾਲੀ ਗੱਲ ਹੈ ਕਿ believe ਸ਼ਬਦ belief ਤੋਂ ਬਣਿਆ, ਨਾ ਕਿ belief  believe ਤੋਂ। ਯੂਰਪ ਦੀਆਂ ਕਈ ਹੋਰ ਭਾਸ਼ਾਵਾਂ ਵਿਚ ਵੀ ਪਿਆਰ ਲਈ ਇਸੇ ਨਾਲ ਰਲਦੇ ਮਿਲਦੇ ਸ਼ਬਦ ਹਨ ਜਿਵੇਂ ਜਰਮਨ ਵਿਚ ਲੀਅਬ ਅਤੇ ਰੂਸੀ ਵਿਚ ਲੁਬੋਵ। ਅੰਗਰੇਜ਼ੀ love ਸ਼ਬਦ ਦਾ ਜ਼ਿਕਰ ਕਰਦਿਆਂ ਇਸ ਬਹਾਨੇ ਸਾਡੇ ਪੁਰਾਣੇ ਭਾਸ਼ਾ
ਵਿਦਵਾਨਾਂ ਦੀ ਭਾਸ਼ਾਵਾਂ ਬਾਰੇ ਸਾਂਝ ਸਬੰਧੀ ਓਪਰੀ ਤੇ ਪੇਤਲੀ ਜਾਣਕਾਰੀ ਬਾਰੇ ਕੁਝ ਕਹਿਣ ਲਈ ਮਨ ਕਰ ਆਇਆ ਹੈ। ਭਾਈ ਕਾਹਨ ਸਿੰਘ ਆਪਣੇ ਮਹਾਨ ਕੋਸ਼ ਵਿਚ ਲਿਵ (ਪ੍ਰੀਤ) ਸ਼ਬਦ ਦੇ ਇੰਦਰਾਜ ਅਧੀਨ ਇਸ ਨੂੰ ਇਕ ਪਾਸੇ ਦਰੁਸਤ ਤੌਰ ‘ਤੇ ਸੰਸਕ੍ਰਿਤ ਸ਼ਬਦ ‘ਲਿਪਸਾ’, ਜੋ ਇਕ ਹੋਰ ਧਾਤੂ ਲਭ ਨਾਲ ਜੁੜਿਆ ਹੋਇਆ ਹੈ, ਨਾਲ ਸਬੰਧਤ ਦਸਦੇ ਹਨ ਤੇ ਦੂਜੇ ਪਾਸੇ ਅੰਗਰੇਜ਼ੀ love ਨਾਲ, ਜਦ ਕਿ ਅੰਗਰੇਜ਼ੀ love ਅਤੇ ਲਿਪਸਾ ਦਾ
ਆਪਸ ਵਿਚ ਕੋਈ ਸਬੰਧ ਨਹੀਂ। ਸਪਸ਼ਟ ਹੈ ਕਿ ਭਾਈ ਸਾਹਿਬ ਪੰਜਾਬੀ ‘ਲਿਵ’ ਅਤੇ ਅੰਗਰੇਜ਼ੀ ‘ਲਵ’ ਦੀ ਧੁਨੀ-ਸਮਾਨਤਾ ਦੇ ਪ੍ਰਲੋਭਨ ਵਿਚ ਆਏ ਇਨ੍ਹਾਂ ਨੂੰ ਸਬੰਧਤ ਦੱਸ ਰਹੇ ਹਨ।
ਪ੍ਰਾਚੀਨ ਰੋਮਨਾਂ ਕੋਲ ਇਕ ਅਗੇਤਰ ਹੁੰਦਾ ਸੀ ‘ਸ’। ਇਹ ਅਗੇਤਰ ਕਿਸੇ ਸ਼ਬਦ ਦੇ ਅੱਗੇ ਲੱਗ ਕੇ ਉਸ ਦੇ ਅਰਥਾਂ ਵਿਚ ਸ਼ਕਤੀ ਭਰ ਦਿੰਦਾ ਸੀ। ਸੋ ਉਨ੍ਹਾਂ ਦੀ ਭਾਸ਼ਾ ਵਿਚ sleubmeant ਦਾ ਅਰਥ ਹੈ ਦਬੱਲ ਕੇ ਪਿਆਰ
ਕਰਨਾ। ਬਹੁਤ ਸਾਰੀਆਂ ਭਾਸ਼ਾਵਾਂ ਵਿਚ ‘ਲ’ ਧੁਨੀ ‘ਨ’ ਵਿਚ ਬਦਲ ਜਾਂਦੀ ਹੈ ਜਿਵੇਂ ਪੰਜਾਬੀ ਵਿਚ ਲੂਣ ਦਾ ਨੂਣ ਜਾਂ ਲੰਘਣਾ ਦਾ ਨੰਘਣਾ ਬਣ ਜਾਂਦਾ ਹੈ। ਲਾਤੀਨੀ/ਇਤਾਲਵੀ ਭਾਸ਼ਾ ਦੇ sleub ਦਾ sneub ਵਿਚ ਪਲਟ ਜਾਣਾ ਵੀ ਏਹੀ ਵਰਤਾਰਾ ਹੈ। ਇਤਾਲਵੀ ਵਿਚ ਇਸ ਸ਼ਬਦ ਦਾ ਮਤਲਬ ਦਬੱਲ ਕੇ ਪਿਆਰ ਕਰਨਾ, ਵਿਆਹ ਕਰਨਾ ਹੈ! ਕੁਝ ਸਮੇਂ ਬਾਅਦ ਲਾਤੀਨੀ sneub ‘ਚੋਂ ‘ਸ’ ਧੁਨੀ ਲੁੜ੍ਹਕ ਗਈ ਤੇ ਇਕ ਧਾਤੂ ਬਣ ਗਿਆ ‘nub’ ਜਿਸ ਤੋਂ ਅੱਗੇ ਹੋਰ ਸ਼ਬਦ ਬਣ ਗਏ, connubial ਤੇ   nuptial, ਦੋਨਾਂ ਦੇ ਅਰਥ
ਵਿਆਹ ਸਬੰਧੀ ਹੁੰਦੇ ਹਨ।
ਮਨੋਵਿਗਿਆਨੀਆਂ, ਖਾਸ ਤੌਰ ‘ਤੇ ਫਰਾਇਡਵਾਦੀਆਂ ਦਾ ਇਕ ਬੁਨਿਆਦੀ ਸੰਕਲਪ ਹੈ libido , ਅਰਥਾਤ ਕਾਮ-ਸ਼ਕਤੀ।
ਫਰਾਇਡਵਾਦੀਆਂ ਅਨੁਸਾਰ ਇਹ ਮਨੁਖੀ ਜੀਵਨ ਦਾ ਧੁਰਾ ਹੈ, ਇਕ ਤਰ੍ਹਾਂ ਨਾਲ ਸਾਡੇ ਜੀਵਨ ਦੀ ਚਾਲਕ ਸ਼ਕਤੀ। ਇਹ ਲਿਬੀਡੋ ਵੀ leubh ਧਾਤੂ ਤੋਂ ਹੀ ਵਿਕਸਿਤ ਹੋਇਆ ਹੈ। ਦਿਲਚਸਪ ਗੱਲ ਹੈ ਕਿ ਪੱਛਮ ਇਸ ਲਿਬੀਡੋ ਨੂੰ ਮਨੁਖ ਦੀ ਇਕ ਮੂਲ-ਰੁਚੀ ਮੰਨਦਾ ਹੋਇਆ ਇਸ ਦੀ ਮਹੱਤਤਾ ਸਵੀਕਾਰ ਕਰਦਾ ਹੈ ਜਦ ਕਿ ਪੂਰਬ ਨੇ ਇਸ ਨੂੰ ਪੰਜ ਵਿਕਾਰਾਂ ਵਿਚ ਰੱਖ ਕੇ ਇਸ ਦਾ ਦਮਨ ਕਰਨ ‘ਤੇ ਜ਼ੋਰ ਦਿੱਤਾ ਹੈ।

Leave a comment