ਰਿਮ ਝਿਮ ਪਰਬਤ ਵਰਿਆਮ ਸਿੰਘ ਸੰਧੂ

by

ਤਿੰਨੋਂ ਮੁੰਡੇ ਸੜਕੋਂ ਉੱਤਰ ਕੇ ਕਮਾਦਾਂ ਦੇ ਓਹਲੇ ਵਿਚੋਂ ਲੰਘ ਕੇ ਅੱਗੇ ਹੋਏ ਤਾਂ ਵੇਖਿਆ ਅਰਜਨ ਸਿੰਘ ਗੋਭੀ ਦੀ ਪਨੀਰੀ ਗੋਡ ਰਿਹਾ ਸੀ। ਮਸਾਂ ਪੰਜਾਹ ਗਜ਼ ‘ਤੇ ਉਹਨਾਂ ਦੀ ਬੰਬੀ ਚੱਲ ਰਹੀ ਸੀ। ਬੰਬੀ ਦੀ ਕੰਧ ਵਿਚ ਗੱਡੀ ਲੋਹੇ ਦੀ ਨਿੱਕੀ ਜਿਹੀ ਕਿੱਲੀ ਨਾਲ ਉਹਨੇ ਆਪਣੀ ਤਿੰਨ ਫੁੱਟੀ ਕਿਰਪਾਨ ਟੰਗੀ ਹੋਈ ਸੀ। ਮੁੰਡਿਆਂ ਵੱਲ ਉਹਦੀ ਪਿੱਠ ਸੀ।

“ਚੜ੍ਹਾ ਦਾਂ ਗੱਡੀ ਬੁੱਢੇ ਨੂੰ?”

ਉਹਨਾਂ ਦੇ ਆਗੂ ‘ਲੈਫ਼ਟੀਨੈਂਟ ਜਨਰਲ’ ਗੁਰਜੀਤ ਸਿੰਘ ਨੇ ਪਤਾ ਨਹੀਂ ਇਸ਼ਾਰੇ ਨਾਲ ਕੀ ਸਮਝਾਇਆ ਕਿ ਬਿੱਲੂ ਨੇ ਸਟੇਨ ਦੀ ਨਾਲੀ ਹਾਲ ਦੀ ਘੜੀ ਨੀਵੀਂ ਕਰ ਲਈ। ਉਹ ਬੰਬੀ ਦੇ ਚੁਬੱਚੇ ਕੋਲ ਆ ਕੇ ਰੁਕੇ। ਆਗੂ ਮੂੰਹ ਹੱਥ ਧੋਣ ਲੱਗਾ। ਬਿੱਲੂ ਨੇ ਸਟੇਨ ਨਾਲ ਦੇ ਮੁੰਡੇ ਨੂੰ ਫੜਾਈ ਤੇ ਆਪ ਮਨ-ਪਸੰਦ ਗੰਨਾ ਭੰਨਣ ਲਈ ਕਮਾਦ ਵਿਚ ਵੜ ਗਿਆ।

ਕਮਾਦ ਦੇ ਓਹਲੇ ਵਿਚ ਡੁੱਬਣ ਲਈ ਹੇਠਾਂ ਨੂੰ ਜਾਂਦੇ ਸੂਰਜ ਦੀ ਲਾਲੀ ਅਸਮਾਨ ‘ਤੇ ਫ਼ੈਲੀ ਹੋਈ ਸੀ, ਜਿਸ ਨਾਲ ਚਾਰ-ਚੁਫ਼ੇਰੇ ਵਿਛੀਆਂ ਨਿੱਕੀਆਂ-ਨਿੱਕੀਆਂ ਹਰੀਆਂ ਕਣਕਾਂ ਵੀ ਲਿਸ਼ਕ ਉੱਠੀਆਂ ਸਨ।

ਅਰਜਨ ਸਿੰਘ ਆਪਣੀ ਮਸਤੀ ਵਿਚ ਪਨੀਰੀ ਵਿਚੋਂ ਘਾਹ-ਬੂਟ ਪੁੱਟ ਰਿਹਾ ਸੀ। ਉਹਨੂੰ ਮੁੰਡਿਆਂ ਦੇ ਆਉਣ ਦੀ ਕੋਈ ਖ਼ਬਰ-ਸੁਰਤ ਨਹੀਂ ਸੀ। ਕਮਾਦ ਵਿਚੋਂ ਗੰਨਾਂ ਭੱਜਣ ਦਾ ਖੜਾਕ ਆਇਆ ਤਾਂ ਉਸਨੇ ਚੌਕੰਨਾਂ ਹੋ ਕੇ ਓਧਰ ਵੇਖਿਆ। ਬਿੱਲੂ ਆਗ ਦਾ ਸਿਰਾ ਭੰਨਦਾ ਕਮਾਦ ਵਿਚੋਂ ਬਾਹਰ ਆ ਰਿਹਾ ਸੀ। ਦੂਜੇ ਮੁੰਡੇ ਨੇ ਉਸਨੂੰ ਸਟੇਨ ਫੜਾ ਕੇ ਮੂੰਹ-ਹੱਥ ਧੋਣਾ ਚਾਹਿਆ ਤਾਂ ਗੰਨਾਂ ਚੂਪਦੇ ਬਿੱਲੂ ਨੇ ਸਿਰ ਹਿਲਾ ਕੇ ਉਸਨੂੰ ਕਿੱਲੀ ਉੱਤੇ ਸਟੇਨ ਟੰਗਣ ਦਾ ਇਸ਼ਾਰਾ ਕੀਤਾ। ਉਸਦੇ ਹੱਥ ਵਿਹਲੇ ਨਹੀਂ ਸਨ।

ਅਰਜਨ ਸਿੰਘ ਨੇ ਆਪਣੀ ਕਿਰਪਾਨ ਉੱਤੇ ਸਟੇਨ ਟੰਗਦਾ ਵੇਖ ਕੇ ਮੁੰਡੇ ਨੂੰ ਲਲਕਾਰਨਾ ਚਾਹਿਆ, “ਨਾ ਉਏ! ਮੇਰੀ ਕਿਰਪਾਨ ਨੂੰ ਆਪਣੀ ਸਟੇਨ ਦੇ ਹੇਠਾਂ ਨਾ ਦੱਬੀਂ।”

ਉਹਦੇ ਲਈ ਤਾਂ ਇਹ ਕਿਰਪਾਨ ਪਵਿੱਤਰ ਯਾਦ ਵਰਗੀ ਸੀ! ਕਿਸੇ ਅਜਾਇਬ ਘਰ ਵਿਚ ਸਾਂਭਣ ਵਾਲੀ ਯਾਦ-ਯੋਗ ਵਸਤ!
ਤੇ ਉਹਨਾਂ ਮੁੰਡਿਆਂ ਨੇ ਇਸਨੂੰ ‘ਆਪਣੀ ਸਟੇਨ ਹੇਠਾਂ ਲੈ ਲਿਆ ਸੀ!’

ਪਰ ਉਹ ਮੌਕਾ ਵੇਖ ਕੇ ਚੁੱਪ ਕਰ ਰਿਹਾ। ਉਹਦਾ ਰੰਬਾ ਘਾਹ ਦੀ ਤਿੜ੍ਹ ਨੂੰ ਪੁੱਟਦਾ-ਪੁੱਟਦਾ ਗੋਭੀ ਦੇ ਬੂਟੇ ਦੀਆਂ ਜੜ੍ਹਾਂ ਵਿਚ ਖੁਭ ਗਿਆ। ਕੱਟਿਆ ਬੂਟਾ ਧੌਣ ਸੁੱਟ ਕੇ ਇਕ ਪਾਸੇ ਲੁੜਕ ਗਿਆ। ਉਸਨੇ ਕੱਟੇ ਬੂਟੇ ਨੂੰ ਹੱਥ ਵਿਚ ਫੜ੍ਹ ਕੇ ਪਲੋਸਿਆ। ਇਕ ਪਲ ਲਈ ਉਸਦਾ ਮਨ ਭਿੱਜ ਗਿਆ। ਫਿਰ ਉਸਨੂੰ ਮੁੰਡਾ ਵੀ ਤੇ ਆਪਣਾ ਆਪ ਵੀ ਮੂਰਖ਼ ਲੱਗੇ। ਦੋਵਾਂ ਦੇ ਹਥਿਆਰ ਇਸ ਵੇਲੇ ਦੋਵਾਂ ਦੇ ਹੱਥਾਂ ਵਿਚ ਨਹੀਂ ਸਨ!

ਉਹਦੀ ਯਾਦਦਾਸ਼ਤ ਹਰੀ ਸਿੰਘ ਨਲੂਏ ਦੀ ਵਾਰ ਵਿਚੋਂ ਕੁਝ ਸਤਰਾਂ ਕੱਢ ਲਿਆਈ:
“ਮੇਰੇ ਹੱਥੀਂ ਖੰਡਾ ਪਰਖਿਆ ਮੇਰੇ ਨਾਲ ਟਿਕਾਉਣਾ।”
“ਸ਼ਸ਼ਤਰ ਬਾਝੋਂ ਸੂਰਮਾ ਕਿਹੜੇ ਕੰਮ ਆਉਣਾ।”

ਜੇ ਲੋੜ ਵੇਲੇ ਹਥਿਆਰ ਕੋਲ ਨਹੀਂ ਹੋਣਾ ਤਾਂ ਅੱਗੋਂ ਪਿੱਛੋਂ ਐਵੇਂ ਭਾਰ ਚੁੱਕੀ ਫਿਰਨ ਦਾ ਕੀ ਫ਼ਾਇਦਾ!
ਕਿਰਪਾਨ ਉੱਤੇ ਸਟੇਨ ਟੰਗੀ ਵੇਖ ਕੇ ਉਹਦਾ ਦਮ ਘੁੱਟਣ ਲੱਗਾ।
ਭਾਰ ਹੇਠਾਂ ਦੱਬਿਆ ਗਿਆ ਸੀ ਉਹ!

ਮਸਾਂ ਅੱਠ-ਨੌਂ ਸਾਲ ਦਾ ਬਾਲ। ਕਿਸੇ ਵਿਆਹ ਦੀ ਗੱਲ ਸੀ ਸ਼ਾਇਦ! ਉਹ ਰਾਤ ਨੂੰ ਛੇਤੀ ਬਿਸਤਰਾ ਮੱਲ ਕੇ ਉੱਤੇ ਰਜਾਈ ਲਈ ਪਿਆ ਸੀ। ਇੱਕ ਮੋਟਾ ਮਦ-ਮਸਤ ਸ਼ਰਾਬੀ ਆਇਆ ਤੇ ਮੰਜਾ ਖਾਲੀ ਸਮਝ ਕੇ ਉਸ ਉੱਤੇ ਢੇਰੀ ਹੋ ਗਿਆ। ਉਹ ਪਹਾੜ ਹੇਠਾਂ ਆ ਗਿਆ ਸੀ। ਸਾਹ ਘੁੱਟਿਆ ਗਿਆ। ਮਰਨ-ਹਾਕਾ। ਉਹਦੀ ਤਾਂ ਚੀਕ ਵੀ ਗਲ਼ੇ ਵਿਚ ਭਰੜਾ ਗਈ। ਸ਼ਾਇਦ ਉਹ ਤਾਂ ਉਦੋਂ ਹੀ ‘ਗੱਡੀ ਚੜ੍ਹ ਜਾਂਦਾ’ ਜੇ ਉਸਦੀ ਮਾਂ ਕਾਹਲੀ ਨਾਲ ਆ ਕੇ ਸ਼ਰਾਬੀ ਨੂੰ ਨਾ ਹਲੂਣਦੀ, “ਹੈ ਹਾਇ! ਸਿੰਘ ਜੀ! ਮੁੰਡਾ ਹੇਠਾਂ ਲੈ ਕੇ ਮਾਰਨਾ ਜੇ!”

ਅੱਗੇ

Leave a comment