Posts Tagged ‘ਕਹਾਣੀਆਂ’

ਕੁੱਤੇ ਦੀ ਦੁਆ (ਕਹਾਣੀ) ~ ਸਆਦਤ ਹਸਨ ਮੰਟੋ

March 20, 2018

“ਤੁਸੀਂ ਯਕੀਨ ਨਹੀਂ ਕਰੋਗੇ। ਮਗਰ ਇਹ ਵਾਕਿਆ ਜੋ ਮੈਂ ਤੁਹਾਨੂੰ ਸੁਨਾਣ ਵਾਲਾ ਹਾਂ, ਬਿਲਕੁਲ ਠੀਕ ਹੈ।” ਇਹ ਕਹਿ ਕੇ ਸ਼ੇਖ ਸਾਹਿਬ ਨੇ ਬੀੜੀ ਸੁਲਗਾਈ। ਦੋ ਤਿੰਨ ਜ਼ੋਰ ਦੇ ਕਸ਼ ਲਾ ਕੇ ਉਸਨੂੰ ਸੁੱਟ ਦਿੱਤਾ ਅਤੇ ਆਪਣੀ ਦਾਸਤਾਨ ਸੁਣਾਉਣੀ ਸ਼ੁਰੂ ਕੀਤੀ। ਸ਼ੇਖ ਸਾਹਿਬ ਦੇ ਸੁਭਾ ਤੋਂ ਅਸੀਂ ਵਾਕਿਫ ਸਾਂ, ਇਸ ਲਈ ਅਸੀਂ ਖ਼ਾਮੋਸ਼ੀ ਨਾਲ ਸੁਣਦੇ ਰਹੇ। ਦਰਮਿਆਨ ਵਿੱਚ ਉਨ੍ਹਾਂ ਨੂੰ ਕਿਤੇ ਵੀ ਨਹੀਂ ਟੋਕਿਆ।

ਆਪ ਨੇ ਵਾਕਿਆ ਇਵੇਂ ਬਿਆਨ ਕਰਨਾ ਸ਼ੁਰੂ ਕੀਤਾ:
“ਗੋਲਡੀ ਮੇਰੇ ਕੋਲ ਪੰਦਰਾਂ ਬਰਸ ਤੋਂ ਸੀ। ਜਿਵੇਂ ਕਿਰ ਨਾਮ ਤੋਂ ਜ਼ਾਹਰ ਹੈ…..ਉਸ ਦਾ ਰੰਗ ਸੁਨਹਰੀ ਮਾਇਲ ਭੂਸਲਾ ਸੀ। ਬਹੁਤ ਹੀ ਹਸੀਨ ਕੁੱਤਾ ਸੀ। ਜਦੋਂ ਮੈਂ ਸਵੇਰੇ ਉਸ ਦੇ ਨਾਲ ਬਾਗ ਦੀ ਸੈਰ ਨੂੰ ਨਿਕਲਦਾ ਤਾਂ ਲੋਕ ਉਸਨੂੰ ਦੇਖਣ ਲਈ ਖੜੇ ਹੋ ਜਾਂਦੇ ਸਨ। ਲਾਰੈਂਸ ਗਾਰਡਨ ਦੇ ਬਾਹਰ ਮੈਂ ਉਸਨੂੰ ਖੜਾ ਕਰ ਦਿੰਦਾ। “ਗੋਲਡੀ ਖੜੇ ਰਹਿਣਾ ਇੱਥੇ। ਮੈਂ ਅਜੇਹੁਣੇ ਆਉਂਦਾ ਹਾਂ।” ਇਹ ਕਹਿ ਕੇ ਮੈਂ ਬਾਗ ਦੇ ਅੰਦਰ ਚਲਾ ਜਾਂਦਾ। ਘੁੰਮ ਫਿਰ ਕੇ ਅੱਧੇ ਘੰਟੇ ਦੇ ਬਾਅਦ ਵਾਪਸ ਆਉਂਦਾ ਤਾਂ ਗੋਲਡੀ ਉਥੇ ਹੀ ਆਪਣੇ ਲੰਬੇ ਲੰਬੇ ਕੰਨ ਲਟਕਾਈ ਖੜਾ ਹੁੰਦਾ।

ਸਪੇਨੀਅਲ ਜ਼ਾਤ ਦੇ ਕੁੱਤੇ ਆਮ ਤੌਰ ਉੱਤੇ ਵੱਡੇ ਵਫ਼ਾਦਾਰ ਅਤੇ ਫ਼ਰਮਾਂਬਰਦਾਰ ਹੁੰਦੇ ਹਨ। ਮਗਰ ਮੇਰੇ ਗੋਲਡੀ ਵਿੱਚ ਇਹ ਸਿਫ਼ਤਾਂ ਬਹੁਤ ਨੁਮਾਇਆਂ ਸਨ। ਜਦੋਂ ਤੱਕ ਉਹਨੂੰ ਆਪਣੇ ਹੱਥ ਨਾਲ ਖਾਣਾ ਨਾ ਦਿੰਦਾ ਨਹੀਂ ਖਾਂਦਾ ਸੀ। ਦੋਸਤ ਯਾਰਾਂ ਨੇ ਮੇਰਾ ਮਨ ਤੋੜਨ ਲਈ ਲੱਖਾਂ ਜਤਨ ਕੀਤੇ ਮਗਰ ਗੋਲਡੀ ਨੇ ਉਨ੍ਹਾਂ ਦੇ ਹੱਥੋਂ ਇੱਕ ਦਾਣਾ ਤੱਕ ਨਹੀਂ ਖਾਧਾ।

ਇੱਕ ਰੋਜ਼ ਇੱਤਫਾਕ ਦੀ ਗੱਲ ਹੈ ਕਿ ਮੈਂ ਲਾਰੈਂਸ ਦੇ ਬਾਹਰ ਉਸਨੂੰ ਛੱਡਕੇ ਅੰਦਰ ਗਿਆ ਤਾਂ ਇੱਕ ਦੋਸਤ ਮਿਲ ਗਿਆ। ਘੁੰਮਦੇ ਘੁੰਮਦੇ ਕਾਫ਼ੀ ਦੇਰ ਹੋ ਗਈ। ਇਸ ਦੇ ਬਾਅਦ ਉਹ ਮੈਨੂੰ ਆਪਣੀ ਕੋਠੀ ਲੈ ਗਿਆ। ਮੈਨੂੰ ਸ਼ਤਰੰਜ ਖੇਡਣ ਦੀ ਮਰਜ਼ ਸੀ। ਸ਼ੁਰੂ ਹੋਈ ਤਾਂ ਮੈਂ ਦੁਨੀਆ ਦਾ ਸਭ ਕੁਝ ਭੁੱਲ ਗਿਆ। ਕਈ ਘੰਟੇ ਗੁਜ਼ਰ ਗਏ। ਅਚਾਨਕ ਮੈਨੂੰ ਗੋਲਡੀ ਦਾ ਖਿਆਲ ਆਇਆ। ਬਾਜ਼ੀ ਛੱਡਕੇ ਲਾਰੈਂਸ ਦੇ ਗੇਟ ਦੀ ਤਰਫ਼ ਭੱਜਿਆ। ਗੋਲਡੀ ਉਥੇ ਹੀ ਆਪਣੇ ਲੰਬੇ ਲੰਬੇ ਕੰਨ ਲਟਕਾਏ ਖੜਾ ਸੀ। ਮੈਨੂੰ ਉਸ ਨੇ ਅਜੀਬ ਨਜਰਾਂ ਨਾਲ ਵੇਖਿਆ ਜਿਵੇਂ ਕਹਿ ਰਿਹਾ ਹੈ “ਦੋਸਤ, ਤੁਸੀਂ ਅੱਜ ਅੱਛਾ ਸੁਲੂਕ ਕੀਤਾ ਮੇਰੇ ਨਾਲ!”

ਮੈਂ ਬੇਹੱਦ ਪਛਤਾਇਆ। ਇਸਲਈ ਤੁਸੀਂ ਯਕੀਨ ਕਰਨਾ ਮੈਂ ਸ਼ਤਰੰਜ ਖੇਡਣੀ ਛੱਡ ਦਿੱਤੀ….. ਮੁਆਫ਼ ਕਰਨਾ। ਮੈਂ ਅਸਲ ਵਾਕੇ ਦੀ ਤਰਫ਼ ਅਜੇ ਤੱਕ ਨਹੀਂ ਆਇਆ। ਦਰਅਸਲ ਗੋਲਡੀ ਦੀ ਗੱਲ ਸ਼ੁਰੂ ਹੋਈ ਤਾਂ ਮੈਂ ਚਾਹੁੰਦਾ ਹਾਂ ਕਿ ਉਸਦੇ ਸੰਬੰਧ ਵਿੱਚ ਮੈਨੂੰ ਜਿੰਨੀਆਂ ਗੱਲਾਂ ਯਾਦ ਹਨ ਤੁਹਾਨੂੰ ਸੁਣਾ ਦੇਵਾਂ…. ਮੈਨੂੰ ਉਸ ਨਾਲ ਬੇਹੱਦ ਮੁਹੱਬਤ ਸੀ। ਮੇਰੇ ਮੁਜੱਰਦ ਰਹਿਣ ਦਾ ਇੱਕ ਸਬੱਬ ਉਸਦੀ ਮੁਹੱਬਤ ਵੀ ਸੀ ਜਦੋਂ ਮੈਂ ਵਿਆਹ ਨਾ ਕਰਨ ਦਾ ਤਹਈਆ ਕੀਤਾ ਤਾਂ ਉਸ ਨੂੰ ਖ਼ੱਸੀ ਕਰਾ ਦਿੱਤਾ….. ਤੁਸੀਂ ਸ਼ਾਇਦ ਕਹੋ ਕਿ ਮੈਂ ਜੁਲਮ ਕੀਤਾ, ਲੇਕਿਨ ਮੈਂ ਸਮਝਦਾ ਹਾਂ। ਮੁਹੱਬਤ ਵਿੱਚ ਹਰ ਚੀਜ਼ ਰਵਾ ਹੈ….. ਮੈਂ ਉਸਦੀ ਜ਼ਾਤ ਦੇ ਸਿਵਾ ਹੋਰ ਕਿਸੇ ਨੂੰ ਵਾਬਸਤਾ ਵੇਖਣਾ ਨਹੀਂ ਚਾਹੁੰਦਾ ਸੀ।

ਕਈ ਵਾਰ ਮੈਂ ਸੋਚਿਆ ਜੇਕਰ ਮੈਂ ਮਰ ਗਿਆ ਤਾਂ ਇਹ ਕਿਸੇ ਹੋਰ ਦੇ ਕੋਲ ਚਲਾ ਜਾਵੇਗਾ। ਕੁੱਝ ਦੇਰ ਮੇਰੀ ਮੌਤ ਦਾ ਅਸਰ ਇਸ ਉੱਤੇ ਰਹੇਗਾ। ਉਸ ਦੇ ਬਾਅਦ ਮੈਨੂੰ ਭੁੱਲ ਕੇ ਆਪਣੇ ਨਵੇਂ ਆਕਾ ਨਾਲ ਮੁਹੱਬਤ ਕਰਨਾ ਸ਼ੁਰੂ ਕਰ ਦੇਵੇਗਾ। ਜਦੋਂ ਮੈਂ ਇਹ ਸੋਚਦਾ ਤਾਂ ਮੈਨੂੰ ਬਹੁਤ ਦੁੱਖ ਹੁੰਦਾ। ਲੇਕਿਨ ਮੈਂ ਇਹ ਤਹਈਆ ਕਰ ਲਿਆ ਸੀ ਕਿ ਜੇਕਰ ਮੈਨੂੰ ਆਪਣੀ ਮੌਤ ਦੀ ਆਮਦ ਦਾ ਪੂਰਾ ਯਕੀਨ ਹੋ ਗਿਆ ਤਾਂ ਮੈਂ ਗੋਲਡੀ ਨੂੰ ਹਲਾਕ ਕਰ ਦੇਵਾਂਗਾ। ਅੱਖਾਂ ਬੰਦ ਕਰਕੇ ਉਸਨੂੰ ਗੋਲੀ ਦਾ ਨਿਸ਼ਾਨਾ ਬਣਾ ਦੇਵਾਂਗਾ।

ਗੋਲਡੀ ਕਦੇ ਇੱਕ ਪਲ ਲਈ ਮੈਥੋਂ ਜੁਦਾ ਨਹੀਂ ਹੋਇਆ ਸੀ। ਰਾਤ ਨੂੰ ਹਮੇਸ਼ਾ ਮੇਰੇ ਨਾਲ ਸੌਂਦਾ। ਮੇਰੀ ਤਨਹਾ ਜ਼ਿੰਦਗੀ ਵਿੱਚ ਉਹ ਇੱਕ ਰੋਸ਼ਨੀ ਸੀ। ਮੇਰੀ ਬੇਹੱਦ ਫਿੱਕੀ ਜ਼ਿੰਦਗੀ ਵਿੱਚ ਉਸਦਾ ਵਜੂਦ ਇੱਕ ਸ਼ੀਰਨੀ ਸੀ। ਉਸ ਨਾਲ ਮੇਰੀ ਗ਼ੈਰਮਾਮੂਲੀ ਮੁਹੱਬਤ ਵੇਖ ਕੇ ਕਈ ਦੋਸਤ ਮਜ਼ਾਕ ਉੜਾਂਦੇ ਸਨ। “ਸ਼ੇਖ ਸਾਹਿਬ ਗੋਲਡੀ ਕੁੱਤੀ ਹੁੰਦੀ ਤਾਂ ਤੁਸੀਂ ਜ਼ਰੂਰ ਉਸ ਨਾਲ ਸ਼ਾਦੀ ਕਰ ਲਈ ਹੁੰਦੀ।”

ਇੰਜ ਹੀ ਕਈ ਹੋਰ ਫ਼ਿਕਰੇ ਕਸੇ ਜਾਂਦੇ ਲੇਕਿਨ ਮੈਂ ਮੁਸਕਰਾ ਦਿੰਦਾ। ਗੋਲਡੀ ਬਹੁਤ ਜ਼ਹੀਨ ਸੀ ਉਸ ਦੇ ਸੰਬੰਧ ਵਿੱਚ ਜਦੋਂ ਕੋਈ ਗੱਲ ਹੋਈ ਹੁੰਦੀ ਤਾਂ ਫ਼ੌਰਨ ਉਸ ਦੇ ਕੰਨ ਖੜੇ ਹੋ ਜਾਂਦੇ ਸਨ। ਮੇਰੇ ਹਲਕੇ ਤੋਂ ਹਲਕੇ ਇਸ਼ਾਰੇ ਨੂੰ ਵੀ ਉਹ ਸਮਝ ਲੈਂਦਾ ਸੀ। ਮੇਰੇ ਮੂਡ ਦੇ ਸਾਰੇ ਉਤਾਰ ਚੜ੍ਹਾਓ ਉਸਨੂੰ ਪਤਾ ਹੁੰਦੇ। ਜੇਕਰ ਕਿਸੇ ਵਜ੍ਹਾ ਨਾਲ ਰੰਜੀਦਾ ਹੁੰਦਾ ਤਾਂ ਉਹ ਮੇਰੇ ਨਾਲ ਚੁਹਲਾਂ ਸ਼ੁਰੂ ਕਰ ਦਿੰਦਾ ਮੈਨੂੰ ਖ਼ੁਸ਼ ਕਰਨ ਲਈ ਹਰ ਮੁਮਕਿਨ ਕੋਸ਼ਿਸ਼ ਕਰਦਾ।

ਅਜੇ ਉਸ ਨੇ ਟੰਗ ਉਠਾ ਕੇ ਪੇਸ਼ਾਬ ਕਰਨਾ ਨਹੀਂ ਸਿੱਖਿਆ ਸੀ ਯਾਨੀ ਅਜੇ ਨਿਆਣਾ ਸੀ ਕਿ ਉਸ ਨੇ ਇੱਕ ਬਰਤਨ ਨੂੰ ਜੋ ਕਿ ਖ਼ਾਲੀ ਸੀ, ਥੂਥਨੀ ਵਧਾ ਕੇ ਸੁੰਘਿਆ। ਮੈਂ ਉਸਨੂੰ ਝਿੜਕਿਆ ਤਾਂ ਦੁਮ ਦਬਾ ਕੇ ਉਥੇ ਹੀ ਬੈਠ ਗਿਆ….. ਪਹਿਲਾਂ ਉਸ ਦੇ ਚਿਹਰੇ ਉੱਤੇ ਹੈਰਤ ਜਿਹੀ ਪੈਦਾ ਹੋਈ ਸੀ ਕਿ ਹਾਂ ਇਹ ਮੈਥੋਂ ਕੀ ਹੋ ਗਿਆ। ਦੇਰ ਤੱਕ ਗਰਦਨ ਸੁੱਟੀ ਬੈਠਾ ਰਿਹਾ, ਜਿਵੇਂ ਨਦਾਮਤ ਦੇ ਸਮੁੰਦਰ ਵਿੱਚ ਗਰਕ ਹੋਵੇ। ਮੈਂ ਉੱਠਿਆ। ਉਠ ਕੇ ਉਸਨੂੰ ਗੋਦ ਵਿੱਚ ਲਿਆ, ਪਿਆਰਿਆ ਪੁਚਕਾਰਿਆ। ਬੜੀ ਦੇਰ ਦੇ ਬਾਅਦ ਜਾ ਕੇ ਉਸਦੀ ਦੁਮ ਹਿਲੀ…. ਮੈਨੂੰ ਬਹੁਤ ਤਰਸ ਆਇਆ ਕਿ ਮੈਂ ਖ਼ਾਹ – ਮਖ਼ਾਹ ਉਸਨੂੰ ਡਾਂਟਿਆ ਕਿਉਂਕਿ ਉਸ ਰੋਜ਼ ਰਾਤ ਨੂੰ ਗਰੀਬ ਨੇ ਖਾਣ ਨੂੰ ਮੂੰਹ ਨਹੀਂ ਲਗਾਇਆ। ਉਹ ਬਹੁਤ ਸੰਵੇਦਨਸ਼ੀਲ ਕੁੱਤਾ ਸੀ।

ਮੈਂ ਬਹੁਤ ਬੇਪਰਵਾਹ ਆਦਮੀ ਹਾਂ। ਮੇਰੀ ਗ਼ਫ਼ਲਤ ਨਾਲ ਉਸ ਨੂੰ ਇੱਕ ਵਾਰ ਨਿਮੋਨੀਆ ਹੋ ਗਿਆ ਮੇਰੇ ਹੋਸ਼ ਉੱਡ ਗਏ। ਡਾਕਟਰਾਂ ਦੇ ਕੋਲ ਭੱਜਿਆ। ਇਲਾਜ ਸ਼ੁਰੂ ਹੋਇਆ। ਮਗਰ ਅਸਰ ਨਦਾਰਦ। ਲਗਾਤਾਰ ਸੱਤ ਰਾਤਾਂ ਜਾਗਦਾ ਰਿਹਾ। ਉਸਨੂੰ ਬਹੁਤ ਤਕਲੀਫ਼ ਸੀ। ਸਾਹ ਬੜੀ ਮੁਸ਼ਕਲ ਨਾਲ ਆਉਂਦਾ ਸੀ। ਜਦੋਂ ਸੀਨੇ ਵਿੱਚ ਦਰਦ ਉੱਠਦਾ ਤਾਂ ਉਹ ਮੇਰੀ ਤਰਫ਼ ਵੇਖਦਾ ਜਿਵੇਂ ਇਹ ਕਹਿ ਰਿਹਾ ਹੋਵੇ, “ਫ਼ਿਕਰ ਦੀ ਕੋਈ ਗੱਲ ਨਹੀਂ, ਮੈਂ ਠੀਕ ਹੋ ਜਾਵਾਂਗਾ।”

ਕਈ ਵਾਰ ਮੈਂ ਮਹਿਸੂਸ ਕੀਤਾ ਕਿ ਸਿਰਫ ਮੇਰੇ ਆਰਾਮ ਦੀ ਖ਼ਾਤਰ ਉਸ ਨੇ ਇਹ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿ ਉਸਦੀ ਤਕਲੀਫ ਕੁੱਝ ਘੱਟ ਹੈ ਉਹ ਅੱਖਾਂ ਮੀਚ ਲੈਂਦਾ, ਤਾਂਕਿ ਮੈਂ ਥੋੜ੍ਹੀ ਦੇਰ ਅੱਖ ਲਗਾ ਲਵਾਂ। ਅਠਵੀਂ ਰੋਜ਼ ਖ਼ੁਦਾ ਖ਼ੁਦਾ ਕਰਕੇ ਉਸ ਦਾ ਬੁਖਾਰ ਹਲਕਾ ਹੋਇਆ ਅਤੇ ਆਹਿਸਤਾ ਆਹਿਸਤਾ ਉੱਤਰ ਗਿਆ। ਮੈਂ ਪਿਆਰ ਨਾਲ ਉਸ ਦੇ ਸਿਰ ਉੱਤੇ ਹੱਥ ਫੇਰਿਆ ਤਾਂ ਮੈਨੂੰ ਇੱਕ ਥੱਕੀ ਥੱਕੀ ਜਿਹੀ ਮੁਸਕਾਣ ਉਸਦੀਆਂ ਅੱਖਾਂ ਵਿੱਚ ਤੈਰਦੀ ਨਜ਼ਰ ਆਈ।

ਨਮੋਨੀਏ ਦੇ ਜਾਲਿਮ ਹਮਲੇ ਦੇ ਬਾਅਦ ਦੇਰ ਤੱਕ ਉਸ ਨੂੰ ਕਮਜ਼ੋਰੀ ਰਹੀ। ਲੇਕਿਨ ਤਾਕਤਵਰ ਦਵਾਵਾਂ ਨੇ ਉਸਨੂੰ ਠੀਕ ਠਾਕ ਕਰ ਦਿੱਤਾ। ਇੱਕ ਲੰਮੀ ਗ਼ੈਰ ਹਾਜ਼ਰੀ ਦੇ ਬਾਅਦ ਲੋਕਾਂ ਨੇ ਮੈਨੂੰ ਉਸਦੇ ਨਾਲ ਵੇਖਿਆ ਤਾਂ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨੇ ਸ਼ੁਰੂ ਕੀਤੇ “ਆਸ਼ਿਕ ਮਾਸ਼ੂਕ ਕਿੱਥੇ ਗਾਇਬ ਸਨ ਇਤਨੇ ਦਿਨ?”

“ਆਪਸ ਵਿੱਚ ਕਿਤੇ ਲੜਾਈ ਤਾਂ ਨਹੀਂ ਹੋ ਗਈ ਸੀ?”

“ਕਿਸੇ ਹੋਰ ਨਾਲ ਤਾਂ ਨਜ਼ਰ ਨਹੀਂ ਲੜ ਗਈ ਸੀ ਗੋਲਡੀ ਦੀ?”

ਮੈਂ ਖ਼ਾਮੋਸ਼ ਰਿਹਾ। ਗੋਲਡੀ ਇਹ ਗੱਲਾਂ ਸੁਣਦਾ ਤਾਂ ਇੱਕ ਨਜ਼ਰ ਮੇਰੀ ਤਰਫ਼ ਵੇਖ ਕੇ ਖ਼ਾਮੋਸ਼ ਹੋ ਜਾਂਦਾ ਕਿ ਭੌਂਕਣ ਦਿਓ ਕੁੱਤਿਆਂ ਨੂੰ।

ਇਹ ਕਹਾਵਤ ਮਸ਼ਹੂਰ ਹੈ। ਕੁਨਦ ਹਮਜਿਨਸ ਬਾਹਮ ਜਿਨਸ ਪਰਵਾਜ਼। ਕਬੂਤਰ ਬਾ ਕਬੂਤਰ ਬਾਜ਼ ਬਾ ਬਾਜ਼।

ਲੇਕਿਨ ਗੋਲਡੀ ਨੂੰ ਆਪਣੇ ਹਮਜਿਨਸਾਂ ਨਾਲ ਕੋਈ ਦਿਲਚਸਪੀ ਨਹੀਂ ਸੀ। ਉਸਦੀ ਦੁਨੀਆ ਸਿਰਫ਼ ਮੇਰੀ ਜ਼ਾਤ ਸੀ। ਇਸ ਤੋਂ ਬਾਹਰ ਉਹ ਕਦੇ ਨਿਕਲਦਾ ਹੀ ਨਹੀਂ ਸੀ।

ਗੋਲਡੀ ਮੇਰੇ ਕੋਲ ਨਹੀਂ ਸੀ। ਜਦੋਂ ਇੱਕ ਦੋਸਤ ਨੇ ਮੈਨੂੰ ਅਖ਼ਬਾਰ ਪੜ੍ਹ ਕੇ ਸੁਣਾਇਆ। ਇਸ ਵਿੱਚ ਇੱਕ ਵਾਕਿਆ ਲਿਖਿਆ ਸੀ। ਤੁਸੀਂ ਸੁਣੋ ਬਹੁਤ ਦਿਲਚਸਪ ਹੈ। ਅਮਰੀਕਾ ਜਾਂ ਇੰਗਲਿਸਤਾਨ ਮੈਨੂੰ ਯਾਦ ਨਹੀਂ ਕਿੱਥੇ। ਇੱਕ ਸ਼ਖਸ ਦੇ ਕੋਲ ਕੁੱਤਾ ਸੀ। ਪਤਾ ਨਹੀਂ ਕਿਸ ਜ਼ਾਤ ਦਾ। ਉਸ ਸ਼ਖਸ ਦਾ ਆਪ੍ਰੇਸ਼ਨ ਹੋਣਾ ਸੀ। ਉਹਨੂੰ ਹਸਪਤਾਲ ਲੈ ਗਏ ਤਾਂ ਕੁੱਤਾ ਵੀ ਨਾਲ ਹੋ ਲਿਆ। ਸਟਰੈਚਰ ਉੱਤੇ ਪਾ ਕੇ ਉਸ ਨੂੰ ਆਪ੍ਰੇਸ਼ਨ ਰੁਮ ਵਿੱਚ ਲੈ ਜਾਣ ਲੱਗੇ ਤਾਂ ਕੁੱਤੇ ਨੇ ਅੰਦਰ ਜਾਣਾ ਚਾਹਿਆ। ਮਾਲਿਕ ਨੇ ਉਸ ਨੂੰ ਰੋਕਿਆ ਅਤੇ ਕਿਹਾ, ਬਾਹਰ ਖੜੇ ਰਹੋ। ਮੈਂ ਹੁਣੇ ਆਉਂਦਾ ਹਾਂ….. ਕੁੱਤਾ ਹੁਕਮ ਸੁਣ ਕੇ ਬਾਹਰ ਖੜਾ ਹੋ ਗਿਆ। ਅੰਦਰ ਮਾਲਿਕ ਦਾ ਆਪ੍ਰੇਸ਼ਨ ਹੋਇਆ। ਜੋ ਨਾਕਾਮ ਸਾਬਤ ਹੋਇਆ….. ਉਸਦੀ ਲਾਸ਼ ਦੂਜੇ ਦਰਵਾਜੇ ਤੋਂ ਬਾਹਰ ਕੱਢ ਦਿੱਤੀ ਗਈ….. ਕੁੱਤਾ ਬਾਰਾਂ ਬਰਸ ਤੱਕ ਉਥੇ ਹੀ ਖੜਾ ਆਪਣੇ ਮਾਲਿਕ ਦਾ ਇੰਤਜ਼ਾਰ ਕਰਦਾ ਰਿਹਾ। ਪੇਸ਼ਾਬ, ਪਾਖ਼ਾਨੇ ਲਈ ਕੁੱਝ ਉੱਥੇ ਵਲੋਂ ਹਟਦਾ….. ਫਿਰ ਉਥੇ ਹੀ ਖੜਾ ਹੋ ਜਾਂਦਾ….. ਆਖਿਰ ਇੱਕ ਰੋਜ਼ ਮੋਟਰ ਦੀ ਲਪੇਟ ਵਿੱਚ ਆ ਗਿਆ। ਅਤੇ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਮਗਰ ਇਸ ਹਾਲਤ ਵਿੱਚ ਵੀ ਉਹ ਖ਼ੁਦ ਨੂੰ ਘਸੀਟਦਾ ਹੋਇਆ ਉੱਥੇ ਪਹੁੰਚਿਆ, ਜਿੱਥੇ ਉਸ ਦੇ ਮਾਲਿਕ ਨੇ ਉਸਨੂੰ ਇੰਤਜ਼ਾਰ ਕਰਨ ਲਈ ਕਿਹਾ ਸੀ। ਆਖ਼ਰੀ ਸਾਹ ਉਸ ਨੇ ਉਸੇ ਜਗ੍ਹਾ ਲਿਆ….. ਇਹ ਵੀ ਲਿਖਿਆ ਸੀ….. ਕਿ ਹਸਪਤਾਲ ਵਾਲਿਆਂ ਨੇ ਉਸ ਦੀ ਲਾਸ਼ ਵਿੱਚ ਤੂੜੀ ਭਰ ਕੇ ਉਸਨੂੰ ਉਥੇ ਹੀ ਰੱਖ ਦਿੱਤਾ ਜਿਵੇਂ ਉਹ ਹੁਣ ਵੀ ਆਪਣੇ ਆਕਾ ਦੇ ਇੰਤਜ਼ਾਰ ਵਿੱਚ ਖੜਾ ਹੋਵੇ।

ਮੈਂ ਇਹ ਦਾਸਤਾਨ ਸੁਣੀ ਤਾਂ ਮੇਰੇ ਉੱਤੇ ਕੋਈ ਖ਼ਾਸ ਅਸਰ ਨਹੀਂ ਹੋਇਆ। ਅੱਵਲ ਤਾਂ ਮੈਨੂੰ ਉਸਦੀ ਸਿਹਤ ਹੀ ਦਾ ਯਕੀਨ ਨਹੀਂ ਆਇਆ, ਲੇਕਿਨ ਜਦੋਂ ਗੋਲਡੀ ਮੇਰੇ ਕੋਲ ਆਇਆ ਅਤੇ ਮੈਨੂੰ ਉਸਦੀਆਂ ਸਿਫ਼ਤਾਂ ਦਾ ਇਲਮ ਹੋਇਆ ਤਾਂ ਬਹੁਤ ਵਰ੍ਹਿਆਂ ਦੇ ਬਾਅਦ ਮੈਂ ਇਹ ਦਾਸਤਾਨ ਕਈ ਦੋਸਤਾਂ ਨੂੰ ਸੁਣਾਈ। ਸੁਣਾਉਂਦੇ ਵਕ਼ਤ ਮੇਰੇ ਉੱਤੇ ਇੱਕ ਤਰਲਤਾ ਤਾਰੀ ਹੋ ਜਾਂਦੀ ਸੀ ਅਤੇ ਮੈਂ ਸੋਚਣ ਲੱਗਦਾ ਸੀ, “ਮੇਰੇ ਗੋਲਡੀ ਨਾਲ ਵੀ ਕੋਈ ਅਜਿਹਾ ਕਾਰਨਾਮਾ ਵਾਬਸਤਾ ਹੋਣਾ ਚਾਹੀਦਾ ਹੈ….. ਗੋਲਡੀ ਮਾਮੂਲੀ ਹਸਤੀ ਨਹੀਂ ਹੈ।”

ਗੋਲਡੀ ਬਹੁਤ ਸਰਲ ਅਤੇ ਗੰਭੀਰ ਸੀ। ਬਚਪਨ ਵਿੱਚ ਉਸ ਨੇ ਥੋੜ੍ਹੀਆਂ ਸ਼ਰਾਰਤਾਂ ਕੀਤੀਆਂ ਮਗਰ ਜਦੋਂ ਉਸ ਨੇ ਵੇਖਿਆ ਕਿ ਮੈਨੂੰ ਪਸੰਦ ਨਹੀਂ ਤਾਂ ਉਨ੍ਹਾਂ ਨੂੰ ਤਰਕ ਕਰ ਦਿੱਤੀਆਂ। ਆਹਿਸਤਾ ਆਹਿਸਤਾ ਗੰਭੀਰਤਾ ਇਖ਼ਤਿਆਰ ਕਰ ਲਈ ਜੋ ਤਾ ਦਮ-ਏ-ਮਰਗ (ਮੌਤ ਦੇ ਦਮ ਤੱਕ) ਕਾਇਮ ਰਹੀ।

ਮੈਂ ‘ਤਾ ਦਮ-ਏ-ਮਰਗ’ ਕਿਹਾ ਹੈ ਤਾਂ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ ਹਨ।

ਸ਼ੇਖ ਸਾਹਿਬ ਰੁਕ ਗਏ ਉਨ੍ਹਾਂ ਦੀ ਅੱਖਾਂ ਗਿੱਲੀਆਂ ਹੋ ਗਈਆਂ ਸਨ। ਅਸੀਂ ਖ਼ਾਮੋਸ਼ ਰਹੇ ਥੋੜ੍ਹੇ ਅਰਸੇ ਦੇ ਬਾਅਦ ਉਨ੍ਹਾਂ ਨੇ ਰੂਮਾਲ ਕੱਢ ਕੇ ਆਪਣੇ ਅੱਥਰੂ ਪੂੰਝੇ ਅਤੇ ਕਹਿਣਾ ਸ਼ੁਰੂ ਕੀਤਾ।

“ਇਹੀ ਮੇਰੀ ਜ਼ਿਆਦਤੀ ਹੈ ਕਿ ਮੈਂ ਜ਼ਿੰਦਾ ਹਾਂ….. ਲੇਕਿਨ ਸ਼ਾਇਦ ਇਸ ਲਈ ਜ਼ਿੰਦਾ ਹਾਂ ਕਿ ਇਨਸਾਨ ਹਾਂ….. ਮਰ ਜਾਂਦਾ ਤਾਂ ਸ਼ਾਇਦ ਗੋਲਡੀ ਦੀ ਤੌਹੀਨ ਹੁੰਦੀ….. ਜਦੋਂ ਉਹ ਮਰਿਆ ਤਾਂ ਰੋ ਰੋ ਕੇ ਮੇਰਾ ਬੁਰਾ ਹਾਲ ਸੀ….. ਲੇਕਿਨ ਉਹ ਮਰਿਆ ਨਹੀਂ ਸੀ। ਮੈਂ ਉਸ ਨੂੰ ਮਰਵਾ ਦਿੱਤਾ ਸੀ। ਇਸ ਲਈ ਨਹੀਂ ਕਿ ਮੈਨੂੰ ਆਪਣੀ ਮੌਤ ਦੀ ਆਮਦ ਦਾ ਯਕੀਨ ਹੋ ਗਿਆ ਸੀ….. ਉਹ ਪਾਗਲ ਹੋ ਗਿਆ ਸੀ। ਅਜਿਹਾ ਪਾਗਲ ਨਹੀਂ ਜਿਵੇਂ ਕਿ ਆਮ ਪਾਗਲ ਕੁੱਤੇ ਹੁੰਦੇ ਹਨ। ਉਸਦੇ ਮਰਜ਼ ਦਾ ਕੁੱਝ ਪਤਾ ਹੀ ਨਹੀਂ ਚੱਲਦਾ ਸੀ। ਉਸ ਨੂੰ ਸਖ਼ਤ ਤਕਲੀਫ ਸੀ। ਜਾਂਕਨੀ (ਭਿਅੰਕਰ ਖੌਫ਼) ਵਰਗਾ ਆਲਮ ਉਸ ਉੱਤੇ ਤਾਰੀ ਸੀ। ਡਾਕਟਰਾਂ ਨੇ ਕਿਹਾ ਇਸ ਦਾ ਵਾਹਿਦ ਇਲਾਜ ਇਹੀ ਹੈ ਕਿ ਇਸਨੂੰ ਮਰਵਾ ਦਿਓ। ਮੈਂ ਪਹਿਲਾਂ ਸੋਚਿਆ ਨਹੀਂ। ਲੇਕਿਨ ਉਹ ਜਿਸ ਅਜ਼ੀਅਤ ਵਿੱਚ ਗਿਰਫਤਾਰ ਸੀ, ਮੈਥੋਂ ਵੇਖੀ ਨਹੀਂ ਜਾਂਦੀ ਸੀ। ਮੈਂ ਮੰਨ ਗਿਆ ਅਤੇ ਉਹ ਉਸਨੂੰ ਇੱਕ ਕਮਰਾ ਵਿੱਚ ਲੈ ਗਏ ਜਿੱਥੇ ਬਰਕੀ ਝੱਟਕਾ ਪਹੁੰਚਾ ਕੇ ਹਲਾਕ ਕਰਨ ਵਾਲੀ ਮਸ਼ੀਨ ਸੀ। ਮੈਂ ਅਜੇ ਆਪਣੇ ਤੁਛ ਜਿਹੇ ਦਿਮਾਗ਼ ਵਿੱਚ ਚੰਗੀ ਤਰ੍ਹਾਂ ਕੁੱਝ ਸੋਚ ਵੀ ਨਹੀਂ ਸਕਿਆ ਸੀ ਕਿ ਉਹ ਉਸਦੀ ਲਾਸ਼ ਲੈ ਆਏ….. ਮੇਰੇ ਗੋਲਡੀ ਦੀ ਲਾਸ਼। ਜਦੋਂ ਮੈਂ ਉਸਨੂੰ ਆਪਣੀਆਂ ਬਾਹਵਾਂ ਵਿੱਚ ਚੁੱਕਿਆ ਤਾਂ ਮੇਰੇ ਅੱਥਰੂ ਟਪ ਟਪ ਉਸ ਦੇ ਸੁਨਹਿਰੇ ਵਾਲਾਂ ਉੱਤੇ ਡਿੱਗਣ ਲੱਗੇ, ਜੋ ਪਹਿਲਾਂ ਕਦੇ ਗਰਦ ਆਲੂਦ ਨਹੀਂ ਹੋਏ ਸਨ….. ਟਾਂਗੇ ਵਿੱਚ ਉਸਨੂੰ ਘਰ ਲਿਆਇਆ। ਦੇਰ ਤੱਕ ਉਸ ਨੂੰ ਵੇਖਿਆ ਕੀ। ਪੰਦਰਾਂ ਸਾਲ ਦੀ ਦੋਸਤੀ ਦੀ ਲਾਸ਼ ਮੇਰੇ ਬਿਸਤਰ ਉੱਤੇ ਪਈ ਸੀ….. ਕੁਰਬਾਨੀ ਦਾ ਮੁਜੱਸਮਾ ਟੁੱਟ ਗਿਆ ਸੀ। ਮੈਂ ਉਸ ਨੂੰ ਨਹਾਇਆ….. ਕਫ਼ਨ ਪੁਆਇਆ। ਬਹੁਤ ਦੇਰ ਤੱਕ ਸੋਚਦਾ ਰਿਹਾ ਕਿ ਹੁਣ ਕੀ ਕਰਾਂ….. ਜ਼ਮੀਨ ਵਿੱਚ ਦਫਨ ਕਰਾਂ ਜਾਂ ਜਲਾ ਦੇਵਾਂ।

ਜ਼ਮੀਨ ਵਿੱਚ ਦਫਨ ਕਰਦਾ ਤਾਂ ਉਸਦੀ ਮੌਤ ਦਾ ਇੱਕ ਨਿਸ਼ਾਨ ਰਹਿ ਜਾਂਦਾ। ਇਹ ਮੈਨੂੰ ਪਸੰਦ ਨਹੀਂ ਸੀ। ਪਤਾ ਨਹੀਂ ਕਿਉਂ। ਇਹ ਵੀ ਪਤਾ ਨਹੀਂ ਕਿ ਮੈਂ ਕਿਉਂ ਉਸ ਨੂੰ ਦਰਿਆ ਵਿੱਚ ਗ਼ਰਕ ਕਰਨਾ ਚਾਹਿਆ। ਮੈਂ ਇਸ ਦੇ ਸੰਬੰਧ ਵਿੱਚ ਹੁਣ ਵੀ ਕਈ ਵਾਰ ਸੋਚਿਆ ਹੈ। ਮਗਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ….. ਖੈਰ ਮੈਂ ਇੱਕ ਨਵੀਂ ਬੋਰੀ ਵਿੱਚ ਉਸਦੀ ਕਫ਼ਨਾਈ ਹੋਈ ਲਾਸ਼ ਪਾਈ….. ਧੋ ਧਾ ਕੇ ਵੱਟੇ ਉਸ ਵਿੱਚ ਪਾਏ ਅਤੇ ਦਰਿਆ ਦੀ ਤਰਫ਼ ਰਵਾਨਾ ਹੋ ਗਿਆ।

ਜਦੋਂ ਬੇੜੀ ਦਰਿਆ ਦੇ ਦਰਮਿਆਨ ਪਹੁੰਚੀ। ਅਤੇ ਮੈਂ ਬੋਰੀ ਦੀ ਤਰਫ਼ ਵੇਖਿਆ ਤਾਂ ਗੋਲਡੀ ਨਾਲ ਪੰਦਰਾਂ ਬਰਸ ਦੀ ਦੋਸਤੀ ਅਤੇ ਮੁਹੱਬਤ ਇੱਕ ਬਹੁਤ ਹੀ ਤੇਜ਼ ਤਲਖੀ ਬਣ ਕੇ ਮੇਰੇ ਹਲਕ ਵਿੱਚ ਅਟਕ ਗਈ। ਮੈਂ ਹੁਣ ਜ਼ਿਆਦਾ ਦੇਰ ਕਰਨਾ ਮੁਨਾਸਿਬ ਨਾ ਸਮਝਿਆ। ਕੰਬਦੇ ਹੋਏ ਹੱਥਾਂ ਨਾਲ ਬੋਰੀ ਚੁੱਕੀ ਅਤੇ ਦਰਿਆ ਵਿੱਚ ਸੁੱਟ ਦਿੱਤੀ। ਵਗਦੇ ਹੋਏ ਪਾਣੀ ਦੀ ਚਾਦਰ ਉੱਤੇ ਕੁੱਝ ਬੁਲਬੁਲੇ ਉੱਠੇ ਅਤੇ ਹਵਾ ਵਿੱਚ ਹੱਲ ਹੋ ਗਏ।

ਬੇੜੀ ਵਾਪਸ ਸਾਹਲ ਉੱਤੇ ਆਈ। ਮੈਂ ਉੱਤਰ ਕੇ ਦੇਰ ਤੱਕ ਉਸ ਤਰਫ਼ ਵੇਖਦਾ ਰਿਹਾ ਜਿੱਥੇ ਮੈਂ ਗੋਲਡੀ ਨੂੰ ਪਾਣੀ ਵਿੱਚ ਗ਼ਰਕ ਕੀਤਾ ਸੀ….. ਸ਼ਾਮ ਦਾ ਧੁੰਦਲਕਾ ਛਾਇਆ ਹੋਇਆ ਸੀ। ਪਾਣੀ ਬੜੀ ਖ਼ਾਮੋਸ਼ੀ ਨਾਲ ਵਗ ਰਿਹਾ ਸੀ ਜਿਵੇਂ ਉਹ ਗੋਲਡੀ ਨੂੰ ਆਪਣੀ ਗੋਦ ਵਿੱਚ ਸੁਲਾ ਰਿਹਾ ਹੋਵੇ।”

ਇਹ ਕਹਿ ਕੇ ਸ਼ੇਖ ਸਾਹਿਬ ਖ਼ਾਮੋਸ਼ ਹੋ ਗਏ। ਕੁਝ ਲਮ੍ਹਿਆਂ ਦੇ ਬਾਅਦ ਸਾਡੇ ਵਿੱਚੋਂ ਇੱਕ ਨੇ ਉਨ੍ਹਾਂ ਕੋਲੋਂ ਪੁੱਛਿਆ। “ਲੇਕਿਨ ਸ਼ੇਖ ਸਾਹਿਬ ਤੁਸੀਂ ਤਾਂ ਖ਼ਾਸ ਵਾਕਿਆ ਸੁਨਾਣ ਵਾਲੇ ਸੋ।”

ਸ਼ੇਖ ਸਾਹਿਬ ਚੋਂਕੇ….. “ਓਹ ਮੁਆਫ਼ ਕਰਿਓਰਨਾ। ਮੈਂ ਆਪਣੀ ਰੌ ਵਿੱਚ ਪਤਾ ਨਹੀਂ ਕਿੱਥੋਂ ਕਿੱਥੇ ਪਹੁੰਚ ਗਿਆ….. ਵਾਕਿਆ ਇਹ ਸੀ ਕਿ….. ਮੈਂ ਹੁਣ ਅਰਜ ਕਰਦਾ ਹਾਂ….. ਪੰਦਰਾਂ ਬਰਸ ਹੋ ਗਏ ਸਨ ਸਾਡੀ ਦੋਸਤੀ ਨੂੰ। ਇਸ ਦੌਰਾਨ ਮੈਂ ਕਦੇ ਬੀਮਾਰ ਨਹੀਂ ਹੋਇਆ ਸੀ। ਮੇਰੀ ਸਿਹਤ ਮਾਸ਼ਾ ਅੱਲ੍ਹਾ ਬਹੁਤ ਚੰਗੀ ਸੀ, ਲੇਕਿਨ ਜਿਸ ਦਿਨ ਮੈਂ ਗੋਲਡੀ ਦੀ ਪੰਦਰਵੀਂ ਵਰ੍ਹੇਗੰਢ ਮਨਾਈ, ਉਸ ਦੇ ਦੂਜੇ ਦਿਨ ਮੈਂ ਹੱਡਭੰਨਣੀ ਮਹਿਸੂਸ ਕੀਤੀ। ਸ਼ਾਮ ਨੂੰ ਇਹ ਹੱਡਭੰਨਣੀ ਤੇਜ਼ ਬੁਖਾਰ ਵਿੱਚ ਤਬਦੀਲ ਹੋ ਗਈ। ਰਾਤ ਨੂੰ ਸਖ਼ਤ ਬੇਚੈਨ ਰਿਹਾ। ਗੋਲਡੀ ਜਾਗਦਾ ਰਿਹਾ। ਇੱਕ ਅੱਖ ਬੰਦ ਕਰਕੇ ਦੂਜੀ ਅੱਖ ਨਾਲ ਮੈਨੂੰ ਵੇਖਦਾ ਰਿਹਾ। ਪਲੰਗ ਤੋਂ ਉੱਤਰ ਕੇ ਹੇਠਾਂ ਜਾਂਦਾ। ਫਿਰ ਆਕੇ ਬੈਠ ਜਾਂਦਾ।

ਜ਼ਿਆਦਾ ਉਮਰ ਹੋ ਜਾਣ ਦੇ ਸਬੱਬ ਉਸ ਦੀ ਨਿਗਾਹ ਅਤੇ ਸੁਣਨ-ਸ਼ਕਤੀ ਕਮਜ਼ੋਰ ਹੋ ਗਈ ਸੀ ਲੇਕਿਨ ਜਰਾ ਜਿੰਨੀ ਆਹਟ ਹੁੰਦੀ ਤਾਂ ਉਹ ਚੌਂਕ ਪੈਂਦਾ ਅਤੇ ਆਪਣੀਆਂ ਧੁੰਦਲੀਆਂ ਅੱਖਾਂ ਨਾਲ ਮੇਰੀ ਤਰਫ਼ ਵੇਖਦਾ ਅਤੇ ਜਿਵੇਂ ਇਹ ਪੁੱਛਦਾ….. “ਇਹ ਕੀ ਹੋ ਗਿਆ ਹੈ ਤੈਨੂੰ?”

ਉਸ ਨੂੰ ਹੈਰਤ ਸੀ ਕਿ ਮੈਂ ਇੰਨੀ ਦੇਰ ਤੱਕ ਪਲੰਗ ਉੱਤੇ ਕਿਉਂ ਪਿਆ ਹਾਂ, ਲੇਕਿਨ ਉਹ ਜਲਦੀ ਹੀ ਸਾਰੀ ਗੱਲ ਸਮਝ ਗਿਆ। ਜਦੋਂ ਮੈਨੂੰ ਬਿਸਤਰ ਉੱਤੇ ਲਿਟੇ ਕਈ ਦਿਨ ਬੀਤ ਗਏ ਤਾਂ ਉਸ ਦੇ ਬੁਢੇ ਚਿਹਰੇ ਉੱਤੇ ਮਾਯੂਸੀ ਛਾ ਗਈ। ਮੈਂ ਉਸ ਨੂੰ ਆਪਣੇ ਹੱਥਾਂ ਖਿਲਾਇਆ ਕਰਦਾ ਸੀ। ਰੋਗ ਦੇ ਆਗਾਜ਼ ਵਿੱਚ ਤਾਂ ਮੈਂ ਉਸ ਨੂੰ ਖਾਣਾ ਦਿੰਦਾ ਰਿਹਾ। ਜਦੋਂ ਕਮਜ਼ੋਰੀ ਵੱਧ ਗਈ ਤਾਂ ਮੈਂ ਇੱਕ ਦੋਸਤ ਨੂੰ ਕਿਹਾ ਕਿ ਉਹ ਸਵੇਰੇ ਸ਼ਾਮ ਗੋਲਡੀ ਨੂੰ ਖਾਣਾ ਖਿਲਾਉਣ ਆ ਜਾਇਆ ਕਰੇ। ਉਹ ਆਉਂਦਾ ਰਿਹਾ। ਮਗਰ ਗੋਲਡੀ ਨੇ ਉਸ ਦੀ ਪਲੇਟ ਦੀ ਤਰਫ਼ ਮੂੰਹ ਨਹੀਂ ਕੀਤਾ। ਮੈਂ ਬਹੁਤ ਕਿਹਾ। ਲੇਕਿਨ ਉਹ ਨਹੀਂ ਮੰਨਿਆ। ਇੱਕ ਮੈਨੂੰ ਆਪਣੇ ਮਰਜ਼ ਦੀ ਤਕਲੀਫ ਸੀ ਜੋ ਦੂਰ ਹੋਣ ਹੀ ਵਿੱਚ ਨਹੀਂ ਆਉਂਦਾ ਸੀ। ਦੂਜੇ ਮੈਨੂੰ ਗੋਲਡੀ ਦੀ ਫ਼ਿਕਰ ਸੀ ਜਿਸ ਨੇ ਖਾਣਾ ਪੀਣਾ ਬਿਲਕੁਲ ਬੰਦ ਕਰ ਦਿੱਤਾ ਸੀ।

ਹੁਣ ਉਸ ਨੇ ਪਲੰਗ ਉੱਤੇ ਬੈਠਣਾ ਵੀ ਛੱਡ ਦਿੱਤਾ। ਸਾਹਮਣੇ ਦੀਵਾਰ ਦੇ ਕੋਲ ਸਾਰਾ ਦਿਨ ਅਤੇ ਸਾਰੀ ਰਾਤ ਖ਼ਾਮੋਸ਼ ਬੈਠਾ ਆਪਣੀ ਧੁੰਦਲੀਆਂ ਅੱਖਾਂ ਨਾਲ ਮੈਨੂੰ ਵੇਖਦਾ ਰਹਿੰਦਾ। ਇਸ ਨਾਲ ਮੈਨੂੰ ਹੋਰ ਵੀ ਦੁੱਖ ਹੋਇਆ। ਉਹ ਕਦੇ ਨੰਗੀ ਜ਼ਮੀਨ ਉੱਤੇ ਨਹੀਂ ਬੈਠਾ ਸੀ। ਮੈਂ ਉਸ ਨੂੰ ਬਹੁਤ ਕਿਹਾ। ਲੇਕਿਨ ਉਹ ਨਹੀਂ ਮੰਨਿਆ।

ਉਹ ਬਹੁਤ ਜ਼ਿਆਦਾ ਖ਼ਾਮੋਸ਼ ਹੋ ਗਿਆ ਸੀ। ਅਜਿਹਾ ਲੱਗਦਾ ਸੀ ਕਿ ਉਹ ਗ਼ਮ ਅਤੇ ਦੁੱਖ ਵਿੱਚ ਗਰਕ ਹੈ। ਕਦੇ ਕਦੇ ਉਠ ਕੇ ਪਲੰਗ ਦੇ ਕੋਲ ਆਉਂਦਾ। ਅਜੀਬ ਹਸਰਤ ਭਰੀਆਂ ਨਜਰਾਂ ਨਾਲ ਮੇਰੀ ਤਰਫ਼ ਵੇਖਦਾ ਅਤੇ ਗਰਦਨ ਝੁੱਕਾ ਕੇ ਵਾਪਸ ਦੀਵਾਰ ਦੇ ਕੋਲ ਚਲਾ ਜਾਂਦਾ।

ਇੱਕ ਰਾਤ ਲੈੰਪ ਦੀ ਰੋਸ਼ਨੀ ਵਿੱਚ ਮੈਂ ਵੇਖਿਆ, ਕਿ ਗੋਲਡੀ ਦੀਆਂ ਧੁੰਦਲੀਆਂ ਅੱਖਾਂ ਵਿੱਚ ਅੱਥਰੂ ਚਮਕ ਰਹੇ ਹਨ। ਉਸ ਦੇ ਚਿਹਰੇ ਤੋਂ ਦੁੱਖ ਅਤੇ ਦਰਦ ਬਰਸ ਰਿਹਾ ਸੀ। ਮੈਨੂੰ ਬਹੁਤ ਦੁੱਖ ਹੋਇਆ। ਮੈਂ ਉਸਨੂੰ ਹੱਥ ਦੇ ਇਸ਼ਾਰੇ ਨਾਲ ਬੁਲਾਇਆ। ਲੰਬੇ ਲੰਬੇ ਸੁਨਹਿਰੇ ਕੰਨ ਹਿਲਾਂਦਾ ਉਹ ਮੇਰੇ ਕੋਲ ਆਇਆ। ਮੈਂ ਬੜੇ ਪਿਆਰ ਨਾਲ ਕਿਹਾ। “ਗੋਲਡੀ ਮੈਂ ਅੱਛਾ ਹੋ ਜਾਵਾਂਗਾ। ਤੂੰ ਦੁਆ ਮੰਗ….. ਤੇਰੀ ਦੁਆ ਜ਼ਰੂਰ ਕਬੂਲ ਹੋਵੇਂਗੀ।”

ਇਹ ਸੁਣ ਕੇ ਉਸ ਨੇ ਬੜੀਆਂ ਉਦਾਸ ਅੱਖਾਂ ਨਾਲ ਮੈਨੂੰ ਵੇਖਿਆ, ਫਿਰ ਸਿਰ ਉੱਪਰ ਉਠਾ ਕੇ ਛੱਤ ਦੀ ਤਰਫ਼ ਦੇਖਣ ਲਗਾ, ਜਿਵੇਂ ਦੁਆ ਮੰਗ ਰਿਹਾ ਹੋਵੇ….. ਕੁੱਝ ਦੇਰ ਉਹ ਇਸ ਤਰ੍ਹਾਂ ਖੜਾ ਰਿਹਾ। ਮੇਰੇ ਜਿਸਮ ਉੱਤੇ ਕੰਬਣੀ ਸੀ ਤਾਰੀ ਹੋ ਗਈ। ਇੱਕ ਅਜੀਬੋ ਗਰੀਬ ਤਸਵੀਰ ਮੇਰੀਆਂ ਅੱਖਾਂ ਦੇ ਸਾਹਮਣੇ ਸੀ। ਗੋਲਡੀ ਸਚਮੁੱਚ ਦੁਆ ਮੰਗ ਰਿਹਾ ਸੀ….. ਮੈਂ ਸੱਚ ਅਰਜ ਕਰਦਾ ਹਾਂ ਉਹ ਸਿਰ ਤੋਂ ਪੈਰਾਂ ਤੱਕ ਦੁਆ ਸੀ। ਮੈਂ ਕਹਿਣਾ ਨਹੀਂ ਚਾਹੁੰਦਾ। ਲੇਕਿਨ ਉਸ ਵਕ਼ਤ ਮੈਂ ਮਹਿਸੂਸ ਕੀਤਾ ਕਿ ਉਸਦੀ ਰੂਹ ਖ਼ੁਦਾ ਦੇ ਹੁਜ਼ੂਰ ਪਹੁੰਚ ਕੇ ਗਿੜਗੜਾ ਰਹੀ ਹੈ।

ਮੈਂ ਕੁਝ ਹੀ ਦਿਨਾਂ ਵਿੱਚ ਅੱਛਾ ਹੋ ਗਿਆ। ਲੇਕਿਨ ਗੋਲਡੀ ਦੀ ਹਾਲਤ ਪਤਲੀ ਹੋ ਗਈ। ਜਦੋਂ ਤੱਕ ਮੈਂ ਬਿਸਤਰ ਉੱਤੇ ਸੀ ਉਹ ਅੱਖਾਂ ਬੰਦ ਕੀਤੇ ਦੀਵਾਰ ਦੇ ਨਾਲ ਖ਼ਾਮੋਸ਼ ਬੈਠਾ ਰਿਹਾ। ਮੈਂ ਹਿਲਣ ਜੁਲਣ ਦੇ ਕਾਬਿਲ ਹੋਇਆ ਤਾਂ ਮੈਂ ਉਹਨੂੰ ਖਿਲਾਉਣ ਪਿਲਾਣ ਦੀ ਕੋਸ਼ਿਸ਼ ਕੀਤੀ ਮਗਰ ਬੇਸੂਦ। ਉਸਨੂੰ ਹੁਣ ਕਿਸੇ ਚੀਜ਼ ਵਿੱਚ ਦਿਲਚਸਪੀ ਨਹੀਂ ਸੀ। ਦੁਆ ਮੰਗਣ ਦੇ ਬਾਅਦ ਜਿਵੇਂ ਉਸਦੀ ਸਾਰੀ ਤਾਕਤ ਚਲੀ ਗਈ ਸੀ।

ਮੈਂ ਉਸ ਨੂੰ ਕਹਿੰਦਾ, “ਮੇਰੀ ਤਰਫ਼ ਵੇਖ ਗੋਲਡੀ….. ਮੈਂ ਅੱਛਾ ਹੋ ਗਿਆ ਹਾਂ….. ਖ਼ੁਦਾ ਨੇ ਤੇਰੀ ਦੁਆ ਕਬੂਲ ਕਰ ਲਈ ਹੈ,” ਲੇਕਿਨ ਉਹ ਅੱਖਾਂ ਨਾ ਖੋਲ੍ਹਦਾ। ਮੈਂ ਦੋ ਤਿੰਨ ਦਫਾ ਡਾਕਟਰ ਬੁਲਾਇਆ। ਉਸ ਨੇ ਇੰਜੈਕਸ਼ਨ ਲਗਾਏ ਪਰ ਕੁੱਝ ਨਾ ਹੋਇਆ। ਇੱਕ ਦਿਨ ਮੈਂ ਡਾਕਟਰ ਲੈ ਕੇ ਆਇਆ ਤਾਂ ਉਸ ਦਾ ਦਿਮਾਗ਼ ਚੱਲ ਚੁੱਕਿਆ ਸੀ।

ਮੈਂ ਉਠਾ ਕੇ ਉਸਨੂੰ ਵੱਡੇ ਡਾਕਟਰ ਦੇ ਕੋਲ ਲੈ ਗਿਆ ਅਤੇ ਉਸ ਨੂੰ ਬਿਜਲੀ ਦੇ ਝਟਕੇ ਨਾਲ ਹਲਾਕ ਕਰਾ ਦਿੱਤਾ।

ਮੈਨੂੰ ਪਤਾ ਨਹੀਂ ਬਾਬਰ ਅਤੇ ਹੁਮਾਯੂੰ ਵਾਲਾ ਕ਼ਿੱਸਾ ਕਿੱਥੇ ਤੱਕ ਸਹੀ ਹੈ….. ਲੇਕਿਨ ਇਹ ਵਾਕਿਆ ਅੱਖਰ ਅੱਖਰ ਦੁਰੁਸਤ ਹੈ।

6 ਜੂਨ 1950

ਇਸ਼ਕ ਹਕੀਕੀ (ਕਹਾਣੀ) – ਸਆਦਤ ਹਸਨ ਮੰਟੋ

March 20, 2018

ਇਸ਼ਕ ਮੁਹੱਬਤ ਦੇ ਬਾਰੇ ਵਿੱਚ ਅਖ਼ਲਾਕ ਦਾ ਨਜ਼ਰੀਆ ਉਹੀ ਸੀ ਜੋ ਅਕਸਰ ਆਸ਼ਿਕਾਂ ਅਤੇ ਮੁਹੱਬਤ ਕਰਨ ਵਾਲਿਆਂ ਦਾ ਹੁੰਦਾ ਹੈ। ਉਹ ਰਾਂਝੇ ਪੀਰ ਦਾ ਚੇਲਾ ਸੀ। ਇਸ਼ਕ ਵਿੱਚ ਮਰ ਜਾਣਾ ਉਸਦੇ ਨਜ਼ਦੀਕ ਇੱਕ ਮਹਾਨ ਅਤੇ ਸ਼ਾਨ ਦੀ ਮੌਤ ਮਰਨਾ ਸੀ।

ਅਖ਼ਲਾਕ ਤੀਹ ਸਾਲ ਦਾ ਹੋ ਗਿਆ। ਮਗਰ ਬਾਵਜੂਦ ਕੋਸ਼ਿਸ਼ਾਂ ਦੇ ਉਸ ਨੂੰ ਕਿਸੇ ਨਾਲ ਇਸ਼ਕ ਨਹੀਂ ਹੋਇਆ ਲੇਕਿਨ ਇੱਕ ਦਿਨ ਇੰਗਰਿਡ ਬਰਗਮੈਨ ਦੀ ਪਿਕਚਰ “ਫ਼ੌਰ ਹੂਮ ਦ ਬੈੱਲ ਟੌਲਜ਼” ਦਾ ਮੈਟਨੀ (ਤੀਜੇ ਪਹਿਰ ਦਾ) ਸ਼ੋ ਦੇਖਣ ਦੇ ਦੌਰਾਨ ਉਸ ਨੇ ਮਹਿਸੂਸ ਕੀਤਾ ਕਿ ਉਸ ਦਾ ਦਿਲ ਉਸ ਬੁਰਕਾਪੋਸ਼ ਕੁੜੀ ਨਾਲ ਵਾਬਸਤਾ ਹੋ ਗਿਆ ਹੈ, ਜੋ ਉਸ ਦੇ ਨਾਲ ਵਾਲੀ ਸੀਟ ਉੱਤੇ ਬੈਠੀ ਸੀ ਅਤੇ ਸਾਰਾ ਵਕਤ ਆਪਣੀ ਲੱਤ ਹਿਲਾਂਦੀ ਰਹੀ ਸੀ।

ਪਰਦੇ ਉੱਤੇ ਜਦੋਂ ਸਿਆਹੀ ਘੱਟ ਅਤੇ ਰੋਸ਼ਨੀ ਜ਼ਿਆਦਾ ਹੋਈ ਤਾਂ ਅਖ਼ਲਾਕ ਨੇ ਉਸ ਕੁੜੀ ਨੂੰ ਇੱਕ ਨਜ਼ਰ ਵੇਖਿਆ। ਉਸ ਦੇ ਮੱਥੇ ਉੱਤੇ ਮੁੜ੍ਹਕੇ ਦੇ ਨੰਨ੍ਹੇ ਨੰਨ੍ਹੇ ਕਤਰੇ ਸਨ। ਨੱਕ ਦੀ ਫ਼ਿਨਿੰਗ ਉੱਤੇ ਕੁਝ ਬੂੰਦਾਂ ਸਨ ਜਦੋਂ ਅਖ਼ਲਾਕ ਨੇ ਉਸਦੀ ਤਰਫ਼ ਵੇਖਿਆ ਤਾਂ ਉਸਦੀ ਲੱਤ ਹਿਲਣੀ ਬੰਦ ਹੋ ਗਈ। ਇੱਕ ਅਦਾ ਦੇ ਨਾਲ ਉਸ ਨੇ ਆਪਣੇ ਸਿਆਹ ਬੁਰਕੇ ਦੀ ਜਾਲੀ ਨਾਲ ਆਪਣਾ ਚਿਹਰਾ ਢਕ ਲਿਆ। ਇਹ ਹਰਕਤ ਕੁੱਝ ਅਜਿਹੀ ਸੀ ਕਿ ਅਖ਼ਲਾਕ ਨੂੰ ਮੱਲੋਮੱਲੀ ਹਾਸੀ ਆ ਗਈ।

ਉਸ ਕੁੜੀ ਨੇ ਆਪਣੀ ਸਹੇਲੀ ਦੇ ਕੰਨ ਵਿੱਚ ਕੁੱਝ ਕਿਹਾ। ਦੋਨੋਂ ਹੌਲੀ ਹੌਲੀ ਹਸੀਆਂ। ਇਸ ਦੇ ਬਾਅਦ ਉਸ ਕੁੜੀ ਨੇ ਨਕਾਬ ਆਪਣੇ ਚਿਹਰੇ ਤੋਂ ਹਟਾ ਲਿਆ। ਅਖ਼ਲਾਕ ਦੀ ਤਰਫ਼ ਤਿੱਖੀਆਂ ਤਿੱਖੀਆਂ ਨਜ਼ਰਾਂ ਨਾਲ ਵੇਖਿਆ ਅਤੇ ਲੱਤ ਹਿੱਲਾ ਕੇ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਹੋ ਗਈ।

ਅਖ਼ਲਾਕ ਸਿਗਰਟ ਪੀ ਰਿਹਾ ਸੀ। ਇੰਗਰਿਡ ਬਰਗਮੈਨ ਉਸਦੀ ਮਹਿਬੂਬ ਐਕਟਰਸ ਸੀ। “ਫ਼ੌਰ ਹੂਮ ਦ ਬੈੱਲ ਟੌਲਜ਼” ਵਿੱਚ ਉਸ ਦੇ ਵਾਲ਼ ਕਟੇ ਹੋਏ ਸਨ। ਫ਼ਿਲਮ ਦੇ ਆਰੰਭ ਵਿੱਚ ਜਦੋਂ ਅਖ਼ਲਾਕ ਨੇ ਉਸਨੂੰ ਵੇਖਿਆ ਤਾਂ ਉਹ ਬਹੁਤ ਹੀ ਪਿਆਰੀ ਲੱਗੀ। ਲੇਕਿਨ ਨਾਲ ਵਾਲੀ ਸੀਟ ਉੱਤੇ ਬੈਠੀ ਹੋਈ ਕੁੜੀ ਦੇਖਣ ਦੇ ਬਾਅਦ ਉਹ ਇੰਗਰਿਡ ਬਰਗਮੈਨ ਨੂੰ ਭੁੱਲ ਗਿਆ। ਇਵੇਂ ਤਾਂ ਕਰੀਬ ਕਰੀਬ ਸਾਰੀ ਫ਼ਿਲਮ ਉਸ ਦੀਆਂ ਨਿਗਾਹਾਂ ਦੇ ਸਾਹਮਣੇ ਚਲੀ ਮਗਰ ਉਸ ਨੇ ਬਹੁਤ ਹੀ ਘੱਟ ਵੇਖੀ।

ਸਾਰਾ ਵਕਤ ਉਹ ਕੁੜੀ ਇਸ ਦੇ ਦਿਲ ਦਿਮਾਗ਼ ਉੱਤੇ ਛਾਈ ਰਹੀ।

ਅਖ਼ਲਾਕ ਸਿਗਰਟ ਤੇ ਸਿਗਰਟ ਪੀਂਦਾ ਰਿਹਾ। ਇੱਕ ਵਾਰ ਉਸ ਨੇ ਰਾਖ ਝਾੜੀ। ਤਾਂ ਉਸਦੀ ਸਿਗਰਟ ਉਂਗਲੀਆਂ ਵਿੱਚੋਂ ਨਿਕਲ ਕੇ ਉਸ ਕੁੜੀ ਦੀ ਗੋਦ ਵਿੱਚ ਜਾ ਪਈ। ਕੁੜੀ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਸੀ ਇਸ ਲਈ ਉਸ ਨੂੰ ਸਿਗਰਟ ਡਿੱਗਣ ਦਾ ਕੁੱਝ ਪਤਾ ਨਹੀਂ ਸੀ। ਅਖ਼ਲਾਕ ਬਹੁਤ ਘਬਰਾਇਆ। ਇਸ ਘਬਰਾਹਟ ਵਿੱਚ ਉਸ ਨੇ ਹੱਥ ਵਧਾ ਕੇ ਸਿਗਰਟ ਉਸ ਦੇ ਬੁਰਕੇ ਤੋਂ ਚੁੱਕਿਆ ਅਤੇ ਫ਼ਰਸ਼ ਉੱਤੇ ਸੁੱਟ ਦਿੱਤਾ। ਕੁੜੀ ਹੜਬੜਾ ਕੇ ਉਠ ਖੜੀ ਹੋਈ। ਅਖ਼ਲਾਕ ਨੇ ਫ਼ੌਰਨ ਕਿਹਾ, “ਮੁਆਫ਼ੀ ਚਾਹੁੰਦਾ ਹਾਂ ਤੁਹਾਡੇ ਉੱਤੇ ਸਿਗਰਟ ਡਿੱਗ ਗਈ ਸੀ। ”

ਕੁੜੀ ਨੇ ਤਿੱਖੀਆਂ ਤਿੱਖੀਆਂ ਨਜ਼ਰਾਂ ਨਾਲ ਅਖ਼ਲਾਕ ਦੀ ਤਰਫ਼ ਵੇਖਿਆ ਅਤੇ ਬੈਠ ਗਈ। ਬੈਠ ਕੇ ਉਸ ਨੇ ਆਪਣੀ ਸਹੇਲੀ ਦੇ ਕੰਨ ਵਿੱਚ ਕੁੱਝ ਕਿਹਾ। “ਦੋਨਾਂ ਹੌਲੇ ਹੌਲੇ ਹਸੀਆਂ ਅਤੇ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਹੋ ਗਈਆਂ। ”

ਫ਼ਿਲਮ ਦੇ ਖ਼ਾਤਮੇ ਉੱਤੇ ਜਦੋਂ ਕਾਇਦ-ਏ-ਆਜ਼ਮ ਦੀ ਤਸਵੀਰ ਨਮੂਦਾਰ ਹੋਈ ਤਾਂ ਅਖ਼ਲਾਕ ਉੱਠਿਆ। ਖ਼ੁਦਾ ਜਾਣੇ ਕੀ ਹੋਇਆ ਕਿ ਉਸ ਦਾ ਪੈਰ ਕੁੜੀ ਦੇ ਪੈਰ ਦੇ ਨਾਲ ਟਕਰਾਇਆ। ਅਖ਼ਲਾਕ ਇੱਕ ਵਾਰ ਫਿਰ ਸਿਰ ਤੋਂ ਪੈਰਾਂ ਤੱਕ ਸੁੰਨ ਹੋ ਗਿਆ। “ਮੁਆਫ਼ੀ ਚਾਹੁੰਦਾ ਹਾਂ ……ਪਤਾ ਨਹੀਂ ਅੱਜ ਕੀ ਹੋ ਗਿਆ ਹੈ।”

ਦੋਨੋਂ ਸਹੇਲੀਆਂ ਹੌਲੀ ਜਿਹੇ ਹੱਸੀਆਂ। ਜਦੋਂ ਭੀੜ ਦੇ ਨਾਲ ਬਾਹਰ ਨਿਕਲੀਆਂ ਤਾਂ ਅਖ਼ਲਾਕ ਉਨ੍ਹਾਂ ਦੇ ਪਿੱਛੇ ਪਿੱਛੇ ਹੋ ਲਿਆ। ਉਹ ਕੁੜੀ ਜਿਸ ਨਾਲ ਉਸ ਨੂੰ ਪਹਿਲੀ ਨਜ਼ਰ ਦਾ ਇਸ਼ਕ ਹੋਇਆ ਸੀ ਮੁੜ ਮੁੜ ਕੇ ਵੇਖਦੀ ਰਹੀ। ਅਖ਼ਲਾਕ ਨੇ ਇਸਦੀ ਪਰਵਾਹ ਨਹੀਂ ਕੀਤੀ। ਅਤੇ ਉਨ੍ਹਾਂ ਦੇ ਪਿੱਛੇ ਪਿੱਛੇ ਚੱਲਦਾ ਰਿਹਾ। ਉਸ ਨੇ ਤਹੱਈਆ ਕਰ ਲਿਆ ਸੀ ਕਿ ਉਹ ਉਸ ਕੁੜੀ ਦਾ ਘਰ ਵੇਖ ਕੇ ਰਹੇਗਾ।

ਮਾਲ ਰੋਡ ਦੇ ਫੁਟਪਾਥ ਉੱਤੇ ਵਾਈ ਐਮ ਸੀ ਏ ਦੇ ਸਾਹਮਣੇ ਉਸ ਕੁੜੀ ਨੇ ਮੁੜ ਕੇ ਅਖ਼ਲਾਕ ਦੀ ਤਰਫ਼ ਵੇਖਿਆ ਅਤੇ ਆਪਣੀ ਸਹੇਲੀ ਦਾ ਹੱਥ ਫੜ ਕੇ ਰੁਕ ਗਈ। ਅਖ਼ਲਾਕ ਨੇ ਅੱਗੇ ਨਿਕਲਣਾ ਚਾਹਿਆ ਤਾਂ ਉਹ ਕੁੜੀ ਇਸ ਨੂੰ ਮੁਖ਼ਾਤਬ ਹੋਈ, “ਤੁਸੀਂ ਸਾਡੇ ਪਿੱਛੇ ਪਿੱਛੇ ਕਿਉਂ ਆ ਰਹੇ ਹੋ?”

ਅਖ਼ਲਾਕ ਨੇ ਇੱਕ ਛਿਣ ਸੋਚ ਕੇ ਜਵਾਬ ਦਿੱਤਾ, “ਤੁਸੀਂ ਮੇਰੇ ਅੱਗੇ ਅੱਗੇ ਕਿਉਂ ਜਾ ਰਹੀਆਂ ਹੋ।”

ਕੁੜੀ ਖਿਲਖਲਾ ਕੇ ਹਸ ਪਈ। ਇਸ ਦੇ ਬਾਅਦ ਉਸ ਨੇ ਆਪਣੀ ਸਹੇਲੀ ਨੂੰ ਕੁੱਝ ਕਿਹਾ। ਫਿਰ ਦੋਨੋਂ ਚੱਲ ਪਈਆਂ। ਬਸ ਸਟੈਂਡ ਦੇ ਕੋਲ ਉਸ ਕੁੜੀ ਨੇ ਜਦੋਂ ਮੁੜ ਕੇ ਵੇਖਿਆ ਤਾਂ ਅਖ਼ਲਾਕ ਨੇ ਕਿਹਾ। “ਤੁਸੀਂ ਪਿੱਛੇ ਆ ਜਾਓ। ਮੈਂ ਅੱਗੇ ਵੱਧ ਜਾਂਦਾ ਹਾਂ। ”

ਕੁੜੀ ਨੇ ਮੂੰਹ ਮੋੜ ਲਿਆ।

ਅਨਾਰਕਲੀ ਦਾ ਮੋੜ ਆਇਆ ਤਾਂ ਦੋਨਾਂ ਸਹੇਲੀਆਂ ਰੁੱਕ ਗਈਆਂ। ਅਖ਼ਲਾਕ ਕੋਲੋਂ ਲੰਘਣ ਲੱਗਿਆ ਤਾਂ ਉਸ ਕੁੜੀ ਨੇ ਉਸ ਨੂੰ ਕਿਹਾ। “ਤੁਸੀਂ ਸਾਡੇ ਪਿੱਛੇ ਨਾ ਆਓ। ਇਹ ਬਹੁਤ ਬੁਰੀ ਗੱਲ ਹੈ। ”

ਲਹਿਜੇ ਵਿੱਚ ਬੜੀ ਗੰਭੀਰਤਾ ਸੀ। ਅਖ਼ਲਾਕ ਨੇ “ਬਹੁਤ ਬਿਹਤਰ” ਕਿਹਾ ਅਤੇ ਵਾਪਸ ਚੱਲ ਪਿਆ। ਉਸ ਨੇ ਮੁੜ ਕੇ ਵੀ ਉਨ੍ਹਾਂ ਨੂੰ ਨਹੀਂ ਵੇਖਿਆ। ਲੇਕਿਨ ਦਿਲ ਵਿੱਚ ਉਹਨੂੰ ਅਫ਼ਸੋਸ ਸੀ ਕਿ ਉਹ ਕਿਉਂ ਉਸ ਦੇ ਪਿੱਛੇ ਨਹੀਂ ਗਿਆ। ਇੰਨੀ ਦੇਰ ਦੇ ਬਾਅਦ ਉਸ ਨੂੰ ਇੰਨੀ ਸ਼ਿੱਦਤ ਨਾਲ ਮਹਿਸੂਸ ਹੋਇਆ ਸੀ ਕਿ ਉਸ ਨੂੰ ਕਿਸੇ ਨਾਲ ਮੁਹੱਬਤ ਹੋਈ ਹੈ। ਲੇਕਿਨ ਉਸ ਨੇ ਮੌਕਾ ਹੱਥੋਂ ਜਾਣ ਦਿੱਤਾ। ਹੁਣ ਖ਼ੁਦਾ ਜਾਣੇ ਫਿਰ ਉਸ ਕੁੜੀ ਨਾਲ ਮੁਲਾਕਾਤ ਹੋਵੇ ਜਾਂ ਨਾ ਹੋਵੇ।

ਜਦੋਂ ਵਾਈ ਐਮ ਸੀ ਦੇ ਕੋਲ ਪਹੁੰਚਿਆ ਤਾਂ ਰੁੱਕ ਕੇ ਉਸ ਨੇ ਅਨਾਰਕਲੀ ਦੇ ਮੋੜ ਦੀ ਤਰਫ਼ ਵੇਖਿਆ। ਮਗਰ ਹੁਣ ਉੱਥੇ ਕੀ ਸੀ। ਉਹ ਤਾਂ ਉਸੇ ਵਕਤ ਅਨਾਰਕਲੀ ਦੀ ਤਰਫ਼ ਚਲੀਆਂ ਗਈਆਂ ਸਨ।

ਕੁੜੀ ਦੇ ਨਕਸ਼ ਵੱਡੇ ਪਤਲੇ ਪਤਲੇ ਸਨ। ਬਰੀਕ ਨੱਕ, ਛੋਟੀ ਜਿਹੀ ਠੋਡੀ, ਫੁਲ ਦੀਆਂ ਪੱਤੀਆਂ ਵਰਗੇ ਹੋਠ। ਜਦੋਂ ਪਰਦੇ ਉੱਤੇ ਕਾਲਖ ਘੱਟ ਅਤੇ ਰੋਸ਼ਨੀ ਜ਼ਿਆਦਾ ਹੁੰਦੀ ਸੀ ਤਾਂ ਉਸ ਨੇ ਉਸਦੇ ਉਪਰਲੇ ਹੋਠ ਉੱਤੇ ਇੱਕ ਤਿਲ ਵੇਖਿਆ ਸੀ ਜੋ ਬੇਹੱਦ ਪਿਆਰਾ ਲੱਗਦਾ ਸੀ। ਅਖ਼ਲਾਕ ਨੇ ਸੋਚਿਆ ਸੀ ਕਿ ਜੇਕਰ ਇਹ ਤਿਲ ਨਾ ਹੁੰਦਾ ਤਾਂ ਸ਼ਾਇਦ ਉਹ ਕੁੜੀ ਨਾਮੁਕੰਮਲ ਰਹਿੰਦੀ। ਇਸ ਦਾ ਉੱਥੇ ਹੋਣਾ ਅਤਿ ਜ਼ਰੂਰੀ ਸੀ।

ਛੋਟੇ ਛੋਟੇ ਕਦਮ ਸਨ ਜਿਨ੍ਹਾਂ ਵਿੱਚ ਕੰਵਾਰਪਣ ਸੀ। ਹਾਲਾਂਕਿ ਉਸ ਨੂੰ ਪਤਾ ਸੀ ਕਿ ਇੱਕ ਮਰਦ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ। ਇਸ ਲਈ ਉस ਦੇ ਇਨ੍ਹਾਂ ਛੋਟੇ ਛੋਟੇ ਕਦਮਾਂ ਵਿੱਚ ਇੱਕ ਵੱਡੀ ਪਿਆਰੀ ਲੜਖੜਾਹਟ ਜਿਹੀ ਪੈਦਾ ਹੋ ਗਈ ਸੀ। ਉਸ ਦਾ ਮੁੜ ਮੁੜ ਕੇ ਵੇਖਣਾ ਤਾਂ ਗ਼ਜ਼ਬ ਸੀ। ਗਰਦਨ ਨੂੰ ਇੱਕ ਹਲਕਾ ਜਿਹਾ ਝੱਟਕਾ ਦੇਕੇ ਉਹ ਪਿੱਛੇ ਅਖ਼ਲਾਕ ਦੀ ਤਰਫ਼ ਵੇਖਦੀ ਅਤੇ ਤੇਜ਼ੀ ਨਾਲ ਮੂੰਹ ਮੋੜ ਲੈਂਦੀ।

ਦੂਜੇ ਦਿਨ ਉਹ ਇੰਗਰਿਡ ਬਰਗਮੈਨ ਦੀ ਫ਼ਿਲਮ ਫਿਰ ਦੇਖਣ ਗਿਆ। ਸ਼ੋ ਸ਼ੁਰੂ ਹੋ ਚੁੱਕਾ ਸੀ। ਵਾਲਟ ਡਿਜ਼ਨੀ ਦਾ ਕਾਰਟੂਨ ਚੱਲ ਰਿਹਾ ਸੀ ਕਿ ਉਹ ਅੰਦਰ ਹਾਲ ਵਿੱਚ ਦਾਖ਼ਲ ਹੋਇਆ। ਹੱਥ ਨੂੰ ਹੱਥ ਵਿਖਾਈ ਨਹੀਂ ਦਿੰਦਾ ਸੀ।

ਗੇਟ ਕੀਪਰ ਦੀ ਬੈਟਰੀ ਦੀ ਅੰਨ੍ਹੀ ਰੋਸ਼ਨੀ ਦੇ ਸਹਾਰੇ ਇਸ ਨੇ ਟਟੋਲ ਟਟੋਲ ਕੇ ਇੱਕ ਖ਼ਾਲੀ ਸੀਟ ਦੀ ਭਾਲ ਕੀਤੀ ਅਤੇ ਉਸ ਉੱਪਰ ਬੈਠ ਗਿਆ।

ਡਿਜ਼ਨੀ ਦਾ ਕਾਰਟੂਨ ਬਹੁਤ ਮਜ਼ਾਹੀਆ ਸੀ। ਏਧਰ ਏਧਰ ਕਈ ਤਮਾਸ਼ਾਈ ਹਸ ਰਹੇ ਸਨ। ਕਦੇ ਕਦੇ ਬਹੁਤ ਹੀ ਕਰੀਬ ਤੋਂ ਅਖ਼ਲਾਕ ਨੂੰ ਅਜਿਹੀ ਹਾਸੀ ਸੁਣਾਈ ਦਿੱਤੀ ਜਿਸ ਨੂੰ ਉਹ ਸਿਆਣਦਾ ਸੀ। ਮੁੜ ਕੇ ਉਸ ਨੇ ਪਿੱਛੇ ਵੇਖਿਆ ਤਾਂ ਉਹੀ ਕੁੜੀ ਬੈਠੀ ਸੀ।

ਅਖ਼ਲਾਕ ਦਾ ਦਿਲ ਧੱਕ ਧੱਕ ਕਰਨ ਲੱਗਿਆ। ਕੁੜੀ ਦੇ ਨਾਲ ਇੱਕ ਨੌਜਵਾਨ ਮੁੰਡਾ ਬੈਠਾ ਸੀ। ਸ਼ਕਲ ਸੂਰਤ ਦੇ ਪੱਖ ਤੋਂ ਉਹ ਇਸ ਦਾ ਭਾਈ ਲੱਗਦਾ ਸੀ। ਉਸਦੀ ਹਾਜ਼ਰੀ ਵਿੱਚ ਉਹ ਕਿਸ ਤਰ੍ਹਾਂ ਵਾਰ ਵਾਰ ਮੁੜ ਕੇ ਵੇਖ ਸਕਦਾ ਸੀ।

ਇੰਟਰਵਲ ਹੋ ਗਿਆ। ਅਖ਼ਲਾਕ ਕੋਸ਼ਿਸ਼ ਦੇ ਬਾਵਜੂਦ ਫ਼ਿਲਮ ਚੰਗੀ ਤਰ੍ਹਾਂ ਨਹੀਂ ਵੇਖ ਸਕਿਆ। ਰੋਸ਼ਨੀ ਹੋਈ ਤਾਂ ਉਹ ਉੱਠਿਆ। ਕੁੜੀ ਦੇ ਚਿਹਰੇ ਉੱਤੇ ਨਕਾਬ ਸੀ। ਮਗਰ ਉਸ ਮਹੀਨ ਪਰਦੇ ਦੇ ਪਿੱਛੇ ਉਸਦੀਆਂ ਅੱਖਾਂ ਅਖ਼ਲਾਕ ਨੂੰ ਨਜ਼ਰ ਆਈਆਂ ਜਿਨ੍ਹਾਂ ਵਿੱਚ ਮੁਸਕੁਰਾਹਟ ਦੀ ਚਮਕ ਸੀ।

ਕੁੜੀ ਦੇ ਭਰਾ ਨੇ ਸਿਗਰਟ ਕੱਢ ਕੇ ਸੁਲਗਾਈ। ਅਖ਼ਲਾਕ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਅਤੇ ਉਸ ਨੂੰ ਮੁਖ਼ਾਤਬ ਹੋਇਆ, “ਜਰਾ ਮਾਚਿਸ ਮਿਹਰ ਫ਼ਰਮਾਓ।”

ਕੁੜੀ ਦੇ ਭਰਾ ਨੇ ਉਸ ਨੂੰ ਮਾਚਿਸ ਦੇ ਦਿੱਤੀ। ਅਖ਼ਲਾਕ ਨੇ ਆਪਣੀ ਸਿਗਰਟ ਸੁਲਗਾਈ ਅਤੇ ਮਾਚਿਸ ਉਸ ਨੂੰ ਵਾਪਸ ਦੇ ਦਿੱਤੀ, “ਧੰਨਵਾਦ ! ”

ਕੁੜੀ ਦੀ ਲੱਤ ਹਿੱਲ ਰਹੀ ਸੀ। ਅਖ਼ਲਾਕ ਆਪਣੀ ਸੀਟ ਉੱਤੇ ਬੈਠ ਗਿਆ। ਫ਼ਿਲਮ ਦਾ ਬਕਾਇਆ ਹਿੱਸਾ ਸ਼ੁਰੂ ਹੋਇਆ। ਇੱਕ ਦੋ ਵਾਰ ਉਸ ਨੇ ਮੁੜ ਕੇ ਕੁੜੀ ਦੀ ਤਰਫ਼ ਵੇਖਿਆ। ਇਸ ਤੋਂ ਜ਼ਿਆਦਾ ਉਹ ਕੁੱਝ ਨਹੀਂ ਕਰ ਸਕਿਆ।

ਫ਼ਿਲਮ ਖ਼ਤਮ ਹੋਈ। ਲੋਕ ਬਾਹਰ ਨਿਕਲਣਾ ਸ਼ੁਰੂ ਹੋਏ। ਕੁੜੀ ਅਤੇ ਉਸ ਦਾ ਭਾਈ ਨਾਲ ਸਨ। ਅਖ਼ਲਾਕ ਉਨ੍ਹਾਂ ਤੋਂ ਹੱਟ ਕੇ ਪਿੱਛੇ ਪਿੱਛੇ ਚਲਣ ਲਗਾ।

ਸਟੈਂਡ ਦੇ ਕੋਲ ਭਰਾ ਨੇ ਆਪਣੀ ਭੈਣ ਨੂੰ ਕੁੱਝ ਕਿਹਾ। ਇੱਕ ਟਾਂਗੇ ਵਾਲੇ ਨੂੰ ਬੁਲਾਇਆ ਕੁੜੀ ਉਸ ਵਿੱਚ ਬੈਠ ਗਈ। ਮੁੰਡਾ ਸਟੈਂਡ ਵਿੱਚ ਚਲਾ ਗਿਆ। ਕੁੜੀ ਨੇ ਨਕਾਬ ਵਿੱਚੋਂ ਅਖ਼ਲਾਕ ਦੀ ਤਰਫ਼ ਵੇਖਿਆ। ਉਸ ਦਾ ਦਿਲ ਧੱਕ ਧੱਕ ਕਰਨ ਲਗਾ। ਟਾਂਗਾ ਚੱਲ ਪਿਆ। ਸਟੈਂਡ ਦੇ ਬਾਹਰ ਇਸ ਦੇ ਤਿੰਨ ਚਾਰ ਦੋਸਤ ਖੜੇ ਸਨ। ਇਹਨਾਂ ਵਿਚੋਂ ਇੱਕ ਦੀ ਸਾਈਕਲ ਉਸ ਨੇ ਜਲਦੀ ਜਲਦੀ ਫੜੀ ਅਤੇ ਟਾਂਗੇ ਦੇ ਪਿੱਛੇ ਰਵਾਨਾ ਹੋ ਗਿਆ।

ਇਹ ਪਿੱਛੇ ਜਾਣਾ ਬਹੁਤ ਦਿਲਚਸਪ ਰਿਹਾ। ਜ਼ੋਰ ਦੀ ਹਵਾ ਚੱਲ ਰਹੀ ਸੀ ਕੁੜੀ ਦੇ ਚਿਹਰੇ ਉੱਤੋਂ ਨਕਾਬ ਉਠ ਉਠ ਜਾਂਦਾ। ਸਿਆਹ ਜਾਰਜਤ ਦਾ ਪਰਦਾ ਫੜਫੜਾਕੇ ਉਸਦੇ ਸਫੈਦ ਚਿਹਰੇ ਦੀਆਂ ਝਲਕੀਆਂ ਦਿਖਾਂਦਾ ਸੀ। ਕੰਨਾਂ ਵਿੱਚ ਸੋਨੇ ਦੇ ਵੱਡੇ ਵੱਡੇ ਝੂਮਰ ਸਨ। ਪਤਲੇ ਪਤਲੇ ਹੋਠਾਂ ਉੱਤੇ ਮੱਸ ਮਾਇਲ ਸੁਰਖੀ ਸੀ ……ਅਤੇ ਉਪਰਲੇ ਹੋਠ ਉੱਤੇ ਤਿਲ ……ਉਹ ਅਤਿ ਜ਼ਰੂਰੀ ਤਿਲ।

ਬੜੇ ਜ਼ੋਰ ਦਾ ਬੁੱਲਾ ਆਇਆ ਤਾਂ ਅਖ਼ਲਾਕ ਦੇ ਸਿਰ ਉੱਤੋਂ ਹੈਟ ਉੱਤਰ ਗਿਆ ਅਤੇ ਸੜਕ ਤੇ ਦੌੜਨ ਲਗਾ। ਇੱਕ ਟਰੱਕ ਲੰਘ ਰਿਹਾ ਸੀ। ਉਸ ਦੇ ਵਜ਼ਨੀ ਪਹੀਏ ਦੇ ਹੇਠਾਂ ਆਇਆ ਅਤੇ ਉਥੇ ਹੀ ਚਿੱਤ ਗਿਆ।

ਕੁੜੀ ਹਸੀ ਅਖ਼ਲਾਕ ਨੇ ਮੁਸਕਰਾ ਦਿੱਤਾ। ਗਰਦਨ ਮੋੜ ਕੇ ਹੈਟ ਦੀ ਲਾਸ਼ ਵੇਖੀ ਜੋ ਬਹੁਤ ਪਿੱਛੇ ਰਹਿ ਗਈ ਸੀ ਅਤੇ ਕੁੜੀ ਨੂੰ ਮੁਖ਼ਾਤਬ ਹੋ ਕੇ ਕਿਹਾ। “ਉਸ ਨੂੰ ਤਾਂ ਸ਼ਹਾਦਤ ਦਾ ਰੁਤਬ ਮਿਲ ਗਿਆ।”

ਕੁੜੀ ਨੇ ਮੂੰਹ ਦੂਜੀ ਤਰਫ਼ ਮੋੜ ਲਿਆ।

ਅਖ਼ਲਾਕ ਥੋੜ੍ਹੀ ਦੇਰ ਦੇ ਬਾਅਦ ਫਿਰ ਉਸਨੂੰ ਮੁਖ਼ਾਤਬ ਹੋਇਆ। “ਤੁਹਾਨੂੰ ਇਤਰਾਜ਼ ਹੈ ਤਾਂ ਵਾਪਸ ਚਲੇ ਜਾਂਦਾ ਹਾਂ। ”

ਕੁੜੀ ਨੇ ਉਸ ਦੀ ਤਰਫ਼ ਵੇਖਿਆ ਮਗਰ ਕੋਈ ਜਵਾਬ ਨਹੀਂ ਦਿੱਤਾ।

ਅਨਾਰਕਲੀ ਦੀ ਇੱਕ ਗਲੀ ਵਿੱਚ ਟਾਂਗਾ ਰੁਕਿਆ ਅਤੇ ਉਹ ਕੁੜੀ ਉੱਤਰ ਕੇ ਅਖ਼ਲਾਕ ਦੀ ਤਰਫ਼ ਵਾਰ ਵਾਰ ਵੇਖਦੀ ਨਕਾਬ ਉਠਾ ਕੇ ਇੱਕ ਮਕਾਨ ਵਿੱਚ ਦਾਖ਼ਲ ਹੋ ਗਈ। ਅਖ਼ਲਾਕ ਇੱਕ ਪੈਰ ਸਾਈਕਲ ਦੇ ਪੈਡਲ ਉੱਤੇ ਅਤੇ ਦੂਜਾ ਪੈਰ ਦੁਕਾਨ ਦੇ ਥੜੇ ਉੱਤੇ ਰੱਖੇ ਥੋੜ੍ਹੀ ਦੇਰ ਖੜਾ ਰਿਹਾ। ਸਾਈਕਲ ਚਲਾਣ ਹੀ ਵਾਲਾ ਸੀ ਕਿ ਇਸ ਮਕਾਨ ਦੀ ਪਹਿਲੀ ਮੰਜ਼ਿਲ ਉੱਤੇ ਇੱਕ ਖਿੜਕੀ ਖੁੱਲੀ। ਕੁੜੀ ਨੇ ਝਾਕ ਕੇ ਅਖ਼ਲਾਕ ਨੂੰ ਵੇਖਿਆ। ਮਗਰ ਫ਼ੌਰਨ ਹੀ ਸ਼ਰਮਾ ਕੇ ਪਿੱਛੇ ਹੱਟ ਗਈ। ਅਖ਼ਲਾਕ ਤਕਰੀਬਨ ਅੱਧ ਘੰਟਾ ਉੱਥੇ ਖੜਾ ਰਿਹਾ। ਮਗਰ ਉਹ ਫਿਰ ਖਿੜਕੀ ਵਿੱਚ ਨਮੂਦਾਰ ਨਹੀਂ ਹੋਈ।

ਅਗਲੇ ਦਿਨ ਅਖ਼ਲਾਕ ਸਵੇਰੇ ਸਵੇਰੇ ਅਨਾਰਕਲੀ ਦੀ ਉਸ ਗਲੀ ਵਿੱਚ ਪਹੁੰਚਿਆ। ਪੰਦਰਾਂ ਵੀਹ ਮਿੰਟ ਤੱਕ ਏਧਰ ਉੱਧਰ ਘੁੰਮਦਾ ਰਿਹਾ। ਖਿੜਕੀ ਬੰਦ ਸੀ। ਮਾਯੂਸ ਹੋ ਕੇ ਪਰਤਣ ਵਾਲਾ ਸੀ ਕਿ ਇੱਕ ਫ਼ਾਲਸੇ ਵੇਚਣ ਵਾਲਾ ਆਵਾਜ਼ ਲਗਾਉਂਦਾ ਆਇਆ। ਖਿੜਕੀ ਖੁੱਲੀ, ਕੁੜੀ ਸਿਰ ਤੋਂ ਨੰਗੀ ਨਮੂਦਾਰ ਹੋਈ। ਇਸ ਨੇ ਫ਼ਾਲਸੇ ਵਾਲੇ ਨੂੰ ਆਵਾਜ਼ ਦਿੱਤੀ।

“ਭਾਈ ਫ਼ਾਲਸੇ ਵਾਲੇ, ਜਰਾ ਠਹਿਰਨਾ,” ਫਿਰ ਉਸਦੀਆਂ ਨਜ਼ਰਾਂ ਇੱਕ ਦਮ ਅਖ਼ਲਾਕ ਤੇ ਪਈਆਂ। ਚੌਂਕ ਕੇ ਉਹ ਪਿੱਛੇ ਹੱਟ ਗਈ। ਫ਼ਾਲਸੇ ਵਾਲੇ ਨੇ ਸਿਰ ਤੋਂ ਛਾਬੜੀ ਉਤਾਰੀ ਅਤੇ ਬੈਠ ਗਿਆ। ਥੋੜ੍ਹੀ ਦੇਰ ਦੇ ਬਾਅਦ ਉਹ ਕੁੜੀ ਸਿਰ ਉੱਤੇ ਦੁਪੱਟਾ ਲਈ ਹੇਠਾਂ ਆਈ। ਅਖ਼ਲਾਕ ਨੂੰ ਉਸ ਨੇ ਕਨਖੀਆਂ ਨਾਲ ਵੇਖਿਆ। ਸ਼ਰਮਾਈ ਅਤੇ ਫ਼ਾਲਸੇ ਲਏ ਬਿਨਾਂ ਵਾਪਸ ਚੱਲੀ ਗਈ।

ਅਖ਼ਲਾਕ ਨੂੰ ਇਹ ਅਦਾ ਬਹੁਤ ਪਸੰਦ ਆਈ। ਥੋੜ੍ਹਾ ਜਿਹਾ ਤਰਸ ਵੀ ਆਇਆ। ਫ਼ਾਲਸੇ ਵਾਲੇ ਨੇ ਜਦੋਂ ਉਸ ਨੂੰ ਘੂਰ ਕੇ ਵੇਖਿਆ ਤਾਂ ਉਹ ਉੱਥੋਂ ਚੱਲ ਪਿਆ। “ਚਲੋ ਅੱਜ ਇੰਨਾ ਹੀ ਕਾਫ਼ੀ ਹੈ।”

ਕੁਝ ਦਿਨ ਹੀ ਵਿੱਚ ਅਖ਼ਲਾਕ ਅਤੇ ਉਸ ਕੁੜੀ ਵਿੱਚ ਇਸ਼ਾਰੇ ਸ਼ੁਰੂ ਹੋ ਗਏ। ਹਰ ਰੋਜ ਸਵੇਰੇ ਨੌਂ ਵਜੇ ਉਹ ਅਨਾਰਕਲੀ ਦੀ ਇਸ ਗਲੀ ਵਿੱਚ ਪੁੱਜਦਾ। ਖਿੜਕੀ ਖੁਲਦੀ ਉਹ ਸਲਾਮ ਕਰਦਾ ਉਹ ਜਵਾਬ ਦਿੰਦੀ, ਮੁਸਕਰਾਉਂਦੀ। ਹੱਥ ਦੇ ਇਸ਼ਾਰਿਆਂ ਨਾਲ ਕੁੱਝ ਗੱਲਾਂ ਹੁੰਦੀਆਂ। ਇਸਦੇ ਬਾਅਦ ਉਹ ਚੱਲੀ ਜਾਂਦੀ।

ਇੱਕ ਰੋਜ ਉਂਗਲੀਆਂ ਘੁਮਾ ਕੇ ਉਸ ਨੇ ਅਖ਼ਲਾਕ ਨੂੰ ਦੱਸਿਆ ਕਿ ਉਹ ਸ਼ਾਮ ਦੇ ਛੇ ਵਜੇ ਦੇ ਸ਼ੋ ਸਿਨੇਮਾ ਦੇਖਣ ਜਾ ਰਹੀ ਹੈ। ਅਖ਼ਲਾਕ ਨੇ ਇਸ਼ਾਰਿਆਂ ਦੇ ਜ਼ਰੀਏ ਪੁੱਛਿਆ। “ਕਿਸ ਸਿਨੇਮਾ ਹਾਊਸ ਵਿੱਚ?”

ਉਸ ਨੇ ਜਵਾਬ ਵਿੱਚ ਕੁੱਝ ਇਸ਼ਾਰੇ ਕੀਤੇ। ਮਗਰ ਅਖ਼ਲਾਕ ਨਹੀਂ ਸਮਝਿਆ। ਆਖ਼ਰ ਵਿੱਚ ਉਸ ਨੇ ਇਸ਼ਾਰਿਆਂ ਵਿੱਚ ਕਿਹਾ। “ਕਾਗ਼ਜ਼ ਉੱਤੇ ਲਿਖ ਕੇ ਹੇਠਾਂ ਸੁੱਟ ਦੇ। ”

ਕੁੜੀ ਖਿੜਕੀ ਕੋਲੋਂ ਹੱਟ ਗਈ। ਕੁਝ ਲਮਹਿਆਂ ਦੇ ਬਾਅਦ ਉਸ ਨੇ ਏਧਰ ਉੱਧਰ ਵੇਖ ਕੇ ਕਾਗ਼ਜ਼ ਦੀ ਇੱਕ ਮੜੋਰੀ ਜਿਹੀ ਹੇਠਾਂ ਸੁੱਟ ਦਿੱਤੀ। ਅਖ਼ਲਾਕ ਨੇ ਉਸਨੂੰ ਖੋਲਿਆ, ਲਿਖਿਆ ਸੀ।

“ਪਲਾਜ਼ਾ ……ਪਰਵੀਣ। ”

ਸ਼ਾਮ ਨੂੰ ਪਲਾਜ਼ਾ ਵਿੱਚ ਉਸਦੀ ਮੁਲਾਕਾਤ ਪਰਵੀਣ ਨਾਲ ਹੋਈ। ਉਸ ਦੇ ਨਾਲ ਉਸਦੀ ਸਹੇਲੀ ਸੀ। ਅਖ਼ਲਾਕ ਉਸਦੇ ਨਾਲ ਵਾਲੀ ਸੀਟ ਉੱਤੇ ਬੈਠ ਗਿਆ। ਫ਼ਿਲਮ ਸ਼ੁਰੂ ਹੋਈ ਤਾਂ ਪਰਵੀਣ ਨੇ ਨਕਾਬ ਉਠਾ ਲਿਆ। ਅਖ਼ਲਾਕ ਸਾਰਾ ਵਕਤ ਉਸ ਨੂੰ ਵੇਖਦਾ ਰਿਹਾ। ਉਸ ਦਾ ਦਿਲ ਧੱਕ ਧੱਕ ਕਰਦਾ ਸੀ। ਇੰਟਰਵਲ ਤੋਂ ਕੁੱਝ ਪਹਿਲਾਂ ਉਸ ਨੇ ਆਹਿਸਤਾ ਜਿਹੇ ਆਪਣਾ ਹੱਥ ਵਧਾਇਆ ਅਤੇ ਉਸ ਦੇ ਹੱਥ ਉੱਤੇ ਰੱਖ ਦਿੱਤਾ। ਉਹ ਕੰਬ ਉੱਠੀ। ਅਖ਼ਲਾਕ ਨੇ ਫ਼ੌਰਨ ਹੱਥ ਉਠਾ ਲਿਆ।

ਦਰਅਸਲ ਉਹ ਉਸ ਨੂੰ ਅੰਗੂਠੀ ਦੇਣਾ ਚਾਹੁੰਦਾ ਸੀ, ਸਗੋਂ ਖ਼ੁਦ ਪਹਿਨਾਉਣਾ ਚਾਹੁੰਦਾ ਸੀ ਜੋ ਉਸ ਨੇ ਉਸੇ ਦਿਨ ਖ਼ਰੀਦੀ ਸੀ। ਇੰਟਰਵਲ ਖ਼ਤਮ ਹੋਇਆ ਤਾਂ ਉਸ ਨੇ ਫਿਰ ਆਪਣਾ ਹੱਥ ਵਧਾਇਆ ਅਤੇ ਉਸ ਦੇ ਹੱਥ ਉੱਤੇ ਰੱਖ ਦਿੱਤਾ। ਉਹ ਕੰਬੀ ਲੇਕਿਨ ਅਖ਼ਲਾਕ ਨੇ ਹੱਥ ਨਹੀਂ ਹਟਾਇਆ। ਥੋੜ੍ਹੀ ਦੇਰ ਦੇ ਬਾਅਦ ਉਸ ਨੇ ਅੰਗੂਠੀ ਕੱਢੀ ਅਤੇ ਉਸਦੀ ਇੱਕ ਉਂਗਲ ਵਿੱਚ ਚੜ੍ਹਾ ਦਿੱਤੀ ……ਉਹ ਬਿਲਕੁਲ ਖ਼ਾਮੋਸ਼ ਰਹੀ। ਅਖ਼ਲਾਕ ਨੇ ਉਸਦੀ ਤਰਫ਼ ਵੇਖਿਆ। ਮਥੇ ਅਤੇ ਨੱਕ ਉੱਤੇ ਮੁੜ੍ਹਕੇ ਦੇ ਨੰਨ੍ਹੇ ਨੰਨ੍ਹੇ ਕਤਰੇ ਥਰਥਰਾ ਰਹੇ ਸਨ।

ਫ਼ਿਲਮ ਖ਼ਤਮ ਹੋਈ ਤਾਂ ਅਖ਼ਲਾਕ ਅਤੇ ਪਰਵੀਣ ਦੀ ਇਹ ਮੁਲਾਕਾਤ ਵੀ ਖ਼ਤਮ ਹੋ ਗਈ। ਬਾਹਰ ਨਿਕਲ ਕੇ ਕੋਈ ਗੱਲ ਨਹੀਂ ਹੋ ਸਕੀ। ਦੋਨੋਂ ਸਹੇਲੀਆਂ ਟਾਂਗੇ ਵਿੱਚ ਬੈਠੀਆਂ। ਅਖ਼ਲਾਕ ਨੂੰ ਦੋਸਤ ਮਿਲ ਗਏ। ਉਨ੍ਹਾਂ ਨੇ ਉਸਨੂੰ ਰੋਕ ਲਿਆ ਲੇਕਿਨ ਉਹ ਬਹੁਤ ਖ਼ੁਸ਼ ਸੀ। ਇਸ ਲਈ ਕਿ ਪਰਵੀਣ ਨੇ ਉਸ ਦਾ ਤੋਹਫ਼ਾ ਕਬੂਲ ਕਰ ਲਿਆ ਸੀ।

ਦੂਜੇ ਦਿਨ ਮੁਕੱਰਰ ਵਕਤ ਤੇ ਜਦੋਂ ਅਖ਼ਲਾਕ ਪਰਵੀਣ ਦੇ ਘਰ ਦੇ ਕੋਲ ਪਹੁੰਚਿਆ ਤਾਂ ਖਿੜਕੀ ਖੁੱਲੀ ਸੀ। ਅਖ਼ਲਾਕ ਨੇ ਸਲਾਮ ਕੀਤਾ। ਪਰਵੀਣ ਨੇ ਜਵਾਬ ਦਿੱਤਾ। ਉਸ ਦੇ ਸੱਜੇ ਹੱਥ ਦੀ ਉਂਗਲ ਵਿੱਚ ਉਸਦੀ ਪਹਿਨਾਈ ਹੋਈ ਅੰਗੂਠੀ ਚਮਕ ਰਹੀ ਸੀ।

ਥੋੜ੍ਹੀ ਦੇਰ ਇਸ਼ਾਰੇ ਹੁੰਦੇ ਰਹੇ ਇਸ ਦੇ ਬਾਅਦ ਪਰਵੀਣ ਨੇ ਏਧਰ ਉੱਧਰ ਵੇਖ ਕੇ ਇੱਕ ਲਿਫਾਫਾ ਹੇਠਾਂ ਸੁੱਟ ਦਿੱਤਾ। ਅਖ਼ਲਾਕ ਨੇ ਚੁੱਕਿਆ। ਖੋਲ੍ਹਿਆ ਤਾਂ ਇਸ ਵਿੱਚ ਇੱਕ ਖ਼ਤ ਸੀ। ਅੰਗੂਠੀ ਦੇ ਸ਼ੁਕਰੀਏ ਦਾ।

ਘਰ ਪਹੁੰਚ ਕੇ ਅਖ਼ਲਾਕ ਨੇ ਇੱਕ ਲੰਮਾ ਜਵਾਬ ਲਿਖਿਆ। ਆਪਣਾ ਦਿਲ ਕੱਢ ਕੇ ਕਾਗਜ਼ਾਂ ਵਿੱਚ ਰੱਖ ਦਿੱਤਾ। ਇਸ ਖ਼ਤ ਨੂੰ ਉਸ ਨੇ ਫੁੱਲਦਾਰ ਲਿਫਾਫੇ ਵਿੱਚ ਬੰਦ ਕੀਤਾ। ਉਸ ਉੱਤੇ ਸੈਂਟ ਲਗਾਇਆ ਅਤੇ ਦੂਜੇ ਦਿਨ ਸਵੇਰੇ ਨੌਂ ਵਜੇ ਪਰਵੀਣ ਨੂੰ ਵਿਖਾ ਕੇ ਹੇਠਾਂ ਲੈਟਰ ਬਾਕਸ ਵਿੱਚ ਪਾ ਦਿੱਤਾ।

ਹੁਣ ਉਨ੍ਹਾਂ ਵਿੱਚ ਬਾਕਾਇਦਾ ਖ਼ਤੋ-ਕਿਤਾਬਤ ਸ਼ੁਰੂ ਹੋ ਗਈ। ਹਰ ਖ਼ਤ ਇਸ਼ਕ ਮੁਹੱਬਤ ਦਾ ਇੱਕ ਦਫਤਰ ਸੀ। ਇੱਕ ਖ਼ਤ ਅਖ਼ਲਾਕ ਨੇ ਆਪਣੇ ਖ਼ੂਨ ਨਾਲ ਲਿਖਿਆ ਜਿਸ ਵਿੱਚ ਉਸ ਨੇ ਕਸਮ ਖਾਈ ਕਿ ਉਹ ਹਮੇਸ਼ਾ ਆਪਣੀ ਮੁਹੱਬਤ ਵਿੱਚ ਸਾਬਤ ਕਦਮ ਰਹੇਗਾ। ਇਸ ਦੇ ਜਵਾਬ ਵਿੱਚ ਖ਼ੂਨੀ ਤਹਰੀਰ ਹੀ ਆਈ। ਪਰਵੀਣ ਨੇ ਵੀ ਹਲਫ ਚੁੱਕਿਆ ਕਿ ਉਹ ਮਰ ਜਾਵੇਗੀ ਲੇਕਿਨ ਅਖ਼ਲਾਕ ਦੇ ਸਿਵਾ ਹੋਰ ਕਿਸੇ ਨੂੰ ਸ਼ਰੀਕ-ਏ-ਹਯਾਤ ਨਹੀਂ ਬਣਾਏਗੀ।

ਮਹੀਨੇ ਬੀਤ ਗਏ। ਇਸ ਦੌਰਾਨ ਕਦੇ ਕਦੇ ਕਿਸੇ ਸਿਨੇਮਾ ਵਿੱਚ ਦੋਨਾਂ ਦੀ ਮੁਲਾਕਾਤ ਹੋ ਜਾਂਦੀ ਸੀ। ਮਿਲ ਕੇ ਬੈਠਣ ਦਾ ਮੌਕਾ ਉਨ੍ਹਾਂ ਨੂੰ ਨਹੀਂ ਮਿਲਦਾ ਸੀ। ਪਰਵੀਣ ਉੱਤੇ ਘਰ ਦੀ ਤਰਫ਼ ਤੋਂ ……ਬਹੁਤ ਕਰੜੀਆਂ ਪਾਬੰਦੀਆਂ ਆਇਦ ਸਨ। ਉਹ ਬਾਹਰ ਨਿਕਲਦੀ ਸੀ ਜਾਂ ਤਾਂ ਆਪਣੇ ਭਾਈ ਦੇ ਨਾਲ ਜਾਂ ਆਪਣੀ ਸਹੇਲੀ ਜ਼ੁਹਰਾ ਦੇ ਨਾਲ। ਇਨ੍ਹਾਂ ਦੋ ਦੇ ਇਲਾਵਾ ਉਸ ਨੂੰ ਹੋਰ ਕਿਸੇ ਦੇ ਨਾਲ ਬਾਹਰ ਜਾਣ ਦੀ ਇਜਾਜਤ ਨਹੀਂ ਸੀ। ਅਖ਼ਲਾਕ ਨੇ ਉਸਨੂੰ ਕਈ ਵਾਰ ਲਿਖਿਆ ਕਿ ਜ਼ੁਹਰਾ ਦੇ ਨਾਲ ਉਹ ਕਦੇ ਉਸਨੂੰ ਬਾਰਾਂਦਰੀ ਵਿੱਚ ਜਹਾਂਗੀਰ ਦੇ ਮਕਬਰੇ ਵਿੱਚ ਮਿਲੇ। ਮਗਰ ਉਹ ਨਹੀਂ ਮੰਨੀ। ਉਸਨ੍ਹੂੰ ਡਰ ਸੀ ਕਿ ਕੋਈ ਵੇਖ ਲਵੇਗਾ।

ਇਸ ਅਰਸੇ ਦੌਰਾਨ ਅਖ਼ਲਾਕ ਦੇ ਮਾਪਿਆਂ ਨੇ ਉਸਦੇ ਵਿਆਹ ਦੀ ਗੱਲਬਾਤ ਸ਼ੁਰੂ ਕਰਦੀ। ਅਖ਼ਲਾਕ ਟਾਲਦਾ ਰਿਹਾ ਜਦੋਂ ਉਨ੍ਹਾਂ ਨੇ ਤੰਗ ਆਕੇ ਇੱਕ ਜਗ੍ਹਾ ਗੱਲ ਕਰ ਦਿੱਤੀ ਤਾਂ ਅਖ਼ਲਾਕ ਵਿਗੜ ਗਿਆ, ਬਹੁਤ ਹੰਗਾਮਾ ਹੋਇਆ।

ਇੱਥੇ ਤੱਕ ਕਿ ਅਖ਼ਲਾਕ ਨੂੰ ਘਰ ਤੋਂ ਨਿਕਲ ਕੇ ਇੱਕ ਰਾਤ ਇਸਲਾਮੀਆ ਕਾਲਜ ਦੀ ਗਰਾਂਊਡ ਵਿੱਚ ਸੌਣਾ ਪਿਆ। ਏਧਰ ਪਰਵੀਣ ਰੋਦੀ ਰਹੀ। ਖਾਣੇ ਨੂੰ ਹੱਥ ਤੱਕ ਨਹੀਂ ਲਗਾਇਆ।

ਅਖ਼ਲਾਕ ਧੁਨ ਦਾ ਬਹੁਤ ਪੱਕਾ ਸੀ। ਜ਼ਿੱਦੀ ਵੀ ਪਰਲੇ ਦਰਜੇ ਦਾ ਸੀ। ਘਰ ਤੋਂ ਬਾਹਰ ਕਦਮ ਕੱਢਿਆ ਤਾਂ ਫਿਰ ਉੱਧਰ ਰੁਖ ਤੱਕ ਨਹੀਂ ਕੀਤਾ। ਉਸ ਦੇ ਬਾਪ ਨੇ ਉਸ ਨੂੰ ਬਹੁਤ ਸਮਝਾਇਆ ਮਗਰ ਉਹ ਨਹੀਂ ਮੰਨਿਆ। ਇੱਕ ਦਫਤਰ ਵਿੱਚ ਸੌ ਰੁਪਏ ਮਹੀਨਾਵਾਰ ਉੱਤੇ ਨੌਕਰੀ ਕਰ ਲਈ ਅਤੇ ਇੱਕ ਛੋਟਾ ਜਿਹਾ ਮਕਾਨ ਕਿਰਾਏ ਤੇ ਲੈ ਕੇ ਰਹਿਣ ਲੱਗਿਆ। ਜਿਸ ਵਿੱਚ ਨਲ ਸੀ ਨਾ ਬਿਜਲੀ।

ਏਧਰ ਪਰਵੀਣ ਅਖ਼ਲਾਕ ਦੀਆਂ ਤਕਲੀਫਾਂ ਦੇ ਦੁੱਖ ਵਿੱਚ ਘੁਲ ਰਹੀ ਸੀ। ਘਰ ਵਿੱਚ ਜਦੋਂ ਅਚਾਨਕ ਉਸ ਦੇ ਵਿਆਹ ਦੀ ਗੱਲਬਾਤ ਸ਼ੁਰੂ ਹੋਈ ਤਾਂ ਉਸ ਉੱਤੇ ਬਿਜਲੀ ਜਿਹੀ ਡਿੱਗੀ। ਉਸ ਨੇ ਅਖ਼ਲਾਕ ਨੂੰ ਲਿਖਿਆ। ਉਹ ਬਹੁਤ ਪਰੇਸ਼ਾਨ ਹੋਇਆ। ਲੇਕਿਨ ਪਰਵੀਣ ਨੂੰ ਉਸ ਨੇ ਤਸੱਲੀ ਦਿੱਤੀ ਕਿ ਉਹ ਘਬਰਾਏ ਨਹੀਂ। ਸਾਬਤ ਕਦਮ ਰਹੇ। ਇਸ਼ਕ ਉਨ੍ਹਾਂ ਦਾ ਇਮਤਿਹਾਨ ਲੈ ਰਿਹਾ ਹੈ।

ਬਾਰਾਂ ਦਿਨ ਬੀਤ ਗਏ। ਅਖ਼ਲਾਕ ਕਈ ਵਾਰ ਗਿਆ। ਮਗਰ ਪਰਵੀਣ ਖਿੜਕੀ ਵਿੱਚ ਨਜ਼ਰ ਨਹੀਂ ਆਈ। ਉਹ ਧੀਰਜ ਕਰਾਰ ਖੋਹ ਬੈਠਾ ਨੀਂਦ ਉਸਦੀ ਗਾਇਬ ਹੋ ਗਈ। ਉਸ ਨੇ ਦਫਤਰ ਜਾਣਾ ਛੱਡ ਦਿੱਤਾ। ਜ਼ਿਆਦਾ ਨਾਗੇ ਹੋਏ ਤਾਂ ਉਸ ਨੂੰ ਮੁਲਾਜ਼ਮਤ ਤੋਂ ਬਰਤਰਫ਼ ਕਰ ਦਿੱਤਾ ਗਿਆ। ਉਸ ਨੂੰ ਕੁੱਝ ਹੋਸ਼ ਨਹੀਂ ਸੀ। ਬਰਤਰਫ਼ੀ ਦਾ ਨੋਟਿਸ ਮਿਲਿਆ ਤਾਂ ਉਹ ਸਿੱਧਾ ਪਰਵੀਣ ਦੇ ਮਕਾਨ ਦੀ ਤਰਫ ਚੱਲ ਪਿਆ। ਪੰਦਰਾਂ ਦਿਨਾਂ ਦੇ ਲੰਮੇ ਅਰਸੇ ਦੇ ਬਾਅਦ ਉਸਨੂੰ ਪਰਵੀਣ ਨਜ਼ਰ ਆਈ ਉਹ ਵੀ ਇੱਕ ਛਿਣ ਦੇ ਲਈ। ਜਲਦੀ ਨਾਲ ਲਿਫਾਫਾ ਸੁੱਟ ਕੇ ਉਹ ਚੱਲੀ ਗਈ।

ਖ਼ਤ ਬਹੁਤ ਲੰਮਾ ਸੀ। ਪਰਵੀਣ ਦੀ ਗ਼ੈਰ ਹਾਜ਼ਰੀ ਦਾ ਸਬੱਬ ਇਹ ਸੀ ਕਿ ਉਸ ਦਾ ਬਾਪ ਉਹਨੂੰ ਨਾਲ ਗੁਜਰਾਂਵਾਲਾ ਲੈ ਗਿਆ ਸੀ ਜਿੱਥੇ ਉਸਦੀ ਵੱਡੀ ਭੈਣ ਰਹਿੰਦੀ ਸੀ। ਪੰਦਰਾਂ ਦਿਨ ਉਹ ਖ਼ੂਨ ਦੇ ਅੱਥਰੂ ਰੋਂਦੀ ਰਹੀ। ਉਸ ਦਾ ਦਹੇਜ ਤਿਆਰ ਕੀਤਾ ਜਾ ਰਿਹਾ ਸੀ ਲੇਕਿਨ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਸ ਲਈ ਰੰਗ ਬਿਰੰਗੇ ਕਫ਼ਨ ਬਣ ਰਹੇ ਹਨ। ਖ਼ਤ ਦੇ ਆਖਿਰ ਵਿੱਚ ਲਿਖਿਆ। ਤਾਰੀਖ ਮੁਕੱਰਰ ਹੋ ਚੁੱਕੀ ਹੈ ……ਮੇਰੀ ਮੌਤ ਦੀ ਤਾਰੀਖ ਮੁਕੱਰਰ ਹੋ ਚੁੱਕੀ ਹੈ। ਮੈਂ ਮਰ ਜਾਵਾਂਗੀ ……ਮੈਂ ਜ਼ਰੂਰ ਕੁੱਝ ਖਾ ਕੇ ਮਰ ਜਾਵਾਂਗੀ। ਇਸ ਦੇ ਸਿਵਾ ਹੋਰ ਕੋਈ ਰਸਤਾ ਮੈਨੂੰ ਵਿਖਾਈ ਨਹੀਂ ਦਿੰਦਾ ……ਨਹੀਂ ਨਹੀਂ ਇੱਕ ਹੋਰ ਰਸਤਾ ਵੀ ਹੈ ……ਲੇਕਿਨ ਮੈਂ ਕੀ ਇੰਨੀ ਹਿੰਮਤ ਕਰ ਸਕਾਂਗੀ। ਤੂੰ ਵੀ ਇੰਨੀ ਹਿੰਮਤ ਕਰ ਸਕੇਂਗਾ ……ਮੈਂ ਤੁਹਾਡੇ ਕੋਲ ਚੱਲੀ ਆਵਾਂਗੀ ……ਮੈਨੂੰ ਤੁਹਾਡੇ ਕੋਲ ਆਉਣਾ ਹੀ ਪਵੇਗਾ। ਤੁਸੀਂ ਮੇਰੇ ਲਈ ਘਰ ਵਾਰ ਛੱਡਿਆ। ਮੈਂ ਤੁਹਾਡੇ ਲਈ ਇਹ ਘਰ ਨਹੀਂ ਛੱਡ ਸਕਦੀ, ਜਿੱਥੇ ਮੇਰੀ ਮੌਤ ਦੇ ਸਾਮਾਨ ਹੋ ਰਹੇ ਹੋਣ ……ਲੇਕਿਨ ਮੈਂ ਪਤਨੀ ਬਣ ਕੇ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ। ਤੁਸੀਂ ਵਿਆਹ ਦਾ ਬੰਦੋਬਸਤ ਕਰ ਲਓ। ਮੈਂ ਸਿਰਫ ਤਿੰਨ ਕੱਪੜਿਆਂ ਵਿੱਚ ਆਵਾਂਗੀ। ਜੇਵਰ ਵਗ਼ੈਰਾ ਸਭ ਉਤਾਰ ਕੇ ਇੱਥੇ ਸੁੱਟ ਦੇਵਾਂਗੀ।

……ਜਵਾਬ ਜਲਦੀ ਦਿਓ, ਹਮੇਸ਼ਾ ਤੁਹਾਡੀ। ਪਰਵੀਣ।

ਅਖ਼ਲਾਕ ਨੇ ਕੁੱਝ ਨਹੀਂ ਸੋਚਿਆ, ਫ਼ੌਰਨ ਉਸ ਨੂੰ ਲਿਖਿਆ ਮੇਰੀ ਬਾਹਾਂ ਤੈਨੂੰ ਆਪਣੇ ਆਗ਼ੋਸ਼ ਵਿੱਚ ਲੈਣ ਲਈ ਤੜਫ਼ ਰਹੀਆਂ ਹਨ। ਮੈਂ ਤੁਹਾਡੀ ਇੱਜ਼ਤ ਇਸਮਤ ਉੱਤੇ ਕੋਈ ਹਰਫ ਨਹੀਂ ਆਉਣ ਦੇਵਾਂਗਾ। ਤੂੰ ਮੇਰੀ ਜੀਵਨ ਸਾਥਣ ਬਣ ਕੇ ਰਹੋਗੀ। ਜ਼ਿੰਦਗੀ ਭਰ ਮੈਂ ਤੈਨੂੰ ਖ਼ੁਸ਼ ਰੱਖਾਂਗਾ।

ਇੱਕ ਦੋ ਖ਼ਤ ਹੋਰ ਲਿਖੇ ਗਏ ਇਸ ਦੇ ਬਾਅਦ ਤੈਅ ਕੀਤਾ ਕਿ ਪਰਵੀਣ ਬੁੱਧ ਨੂੰ ਸਵੇਰੇ ਸਵੇਰੇ ਘਰ ਤੋਂ ਨਿਕਲੇਗੀ। ਅਖ਼ਲਾਕ ਟਾਂਗਾ ਲੈ ਕੇ ਗਲੀ ਦੀ ਨੁੱਕੜ ਉੱਤੇ ਉਸ ਦਾ ਇੰਤਜ਼ਾਰ ਕਰੇ।

ਬੁੱਧ ਨੂੰ ਮੂੰਹ ਹਨ੍ਹੇਰੇ ਅਖ਼ਲਾਕ ਟਾਂਗੇ ਵਿੱਚ ਉੱਥੇ ਪਹੁੰਚ ਕੇ ਪਰਵੀਣ ਦਾ ਇੰਤਜ਼ਾਰ ਕਰਨ ਲਗਾ। ਪੰਦਰਾਂ ਵੀਹ ਮਿੰਟ ਬੀਤ ਗਏ। ਅਖ਼ਲਾਕ ਦੀ ਬੇਚੈਨੀ ਵੱਧ ਗਈ। ਲੇਕਿਨ ਉਹ ਆ ਗਈ। ਛੋਟੇ ਛੋਟੇ ਕਦਮ ਚੁਕਦਿਆਂ ਉਹ ਗਲੀ ਵਿੱਚ ਨਮੂਦਾਰ ਹੋਈ। ਚਾਲ ਵਿੱਚ ਲੜਖੜਾਹਟ ਸੀ। ਜਦੋਂ ਉਹ ਟਾਂਗੇ ਵਿੱਚ ਅਖ਼ਲਾਕ ਦੇ ਨਾਲ ਬੈਠੀ ਤਾਂ ਸਿਰ ਤੋਂ ਪੈਰਾਂ ਤੱਕ ਕੰਬ ਰਹੀ ਸੀ। ਅਖ਼ਲਾਕ ਖ਼ੁਦ ਵੀ ਕੰਬਣ ਲਗਾ।

ਘਰ ਪੁੱਜੇ ਤਾਂ ਅਖ਼ਲਾਕ ਨੇ ਬੜੇ ਪਿਆਰ ਨਾਲ ਉਸ ਦੇ ਬੁਰਕੇ ਦਾ ਨਕਾਬ ਚੁੱਕਿਆ ਅਤੇ ਕਿਹਾ “ਮੇਰੀ ਦੁਲਹਨ ਕਦੋਂ ਤੱਕ ਮੇਰੇ ਤੋਂ ਪਰਦੇ ਕਰੇਗੀ। ”

ਪਰਵੀਣ ਨੇ ਸ਼ਰਮਾ ਕੇ ਅੱਖਾਂ ਝੁੱਕਾ ਲਿੱਤੀਆਂ। ਉਸ ਦਾ ਰੰਗ ਜ਼ਰਦ ਸੀ ਜਿਸਮ ਅਜੇ ਤੱਕ ਕੰਬ ਰਿਹਾ ਸੀ। ਅਖ਼ਲਾਕ ਨੇ ਉੱਪਰਲੇ ਹੋਠ ਦੇ ਤਿਲ ਦੀ ਤਰਫ਼ ਵੇਖਿਆ ਤਾਂ ਉਸ ਦੇ ਹੋਠਾਂ ਵਿੱਚ ਇੱਕ ਚੁੰਮਣ ਤੜਪਨ ਲੱਗਿਆ। ਉਸ ਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਥੰਮ ਕੇ ਉਸ ਨੇ ਤਿਲ ਵਾਲੀ ਜਗ੍ਹਾ ਨੂੰ ਚੁੰਮਿਆ। ਪਰਵੀਣ ਨੇ ਨਾਂਹ ਕੀਤੀ। ਉਸ ਦੇ ਹੋਠ ਖੁੱਲ੍ਹੇ। ਦੰਦਾਂ ਵਿੱਚ ਗੋਸ਼ਤ ਖ਼ੋਰਾ ਸੀ। ਮਸੂੜੇ ਡੂੰਘੇ ਨੀਲੇ ਰੰਗ ਦੇ ਸਨ। ਗਲ਼ੇ ਹੋਏ। ਸੜਾਂਦ ਦਾ ਇੱਕ ਭਬਕਾ ਅਖ਼ਲਾਕ ਦੀ ਨੱਕ ਵਿੱਚ ਵੜ ਗਿਆ। ਇੱਕ ਧੱਕਾ ਜਿਹਾ ਉਸ ਨੂੰ ਲੱਗਿਆ। ਇੱਕ ਹੋਰ ਭਬਕਾ ਪਰਵੀਣ ਦੇ ਮੂੰਹ ਵਿੱਚੋਂ ਨਿਕਲਿਆ ਤਾਂ ਉਹ ਇੱਕ ਦਮ ਪਿੱਛੇ ਹੱਟ ਗਿਆ।

ਪਰਵੀਣ ਨੇ ਹਿਆ ਭਿੱਜੀ ਆਵਾਜ ਵਿੱਚ ਕਿਹਾ, “ਵਿਆਹ ਤੋਂ ਪਹਿਲਾਂ ਤੁਹਾਨੂੰ ਅਜਿਹੀਆਂ ਗੱਲਾਂ ਦਾ ਹੱਕ ਨਹੀਂ ਪੁੱਜਦਾ।”

ਇਹ ਕਹਿੰਦੇ ਹੋਏ ਉਸਦੇ ਗਲ਼ੇ ਹੋਏ ਮਸੂੜੇ ਨੁਮਾਇਆਂ ਹੋਏ। ਅਖ਼ਲਾਕ ਦੇ ਹੋਸ਼ ਹਵਾਸ ਗਾਇਬ ਸਨ ਦਿਮਾਗ਼ ਸੁੰਨ ਹੋ ਗਿਆ। ਦੇਰ ਤੱਕ ਉਹ ਦੋਨੋਂ ਕੋਲ ਬੈਠੇ ਰਹੇ। ਅਖ਼ਲਾਕ ਨੂੰ ਕੋਈ ਗੱਲ ਨਹੀਂ ਸੁੱਝਦੀ ਸੀ। ਪਰਵੀਣ ਦੀਆਂ ਅੱਖਾਂ ਝੁਕੀਆਂ ਹੋਈਆਂ ਸਨ। ਜਦੋਂ ਉਸ ਨੇ ਉਂਗਲ ਦਾ ਨਹੁੰ ਕੱਟਣ ਲਈ ਹੋਠ ਖੋਲ੍ਹੇ ਤਾਂ ਫਿਰ ਉਨ੍ਹਾਂ ਗਲ਼ੇ ਹੋਏ ਮਸੂੜਿਆਂ ਦੀ ਨੁਮਾਇਸ਼ ਹੋਈ। ਬਦਬੂ ਦਾ ਇੱਕ ਭਬਕਾ ਨਿਕਲਿਆ। ਅਖ਼ਲਾਕ ਨੂੰ ਮਤਲੀ ਆਉਣ ਲੱਗੀ। ਉਠਿਆ ਅਤੇ “ਹੁਣੇ ਆਇਆ” ਕਹਿ ਕੇ ਬਾਹਰ ਨਿਕਲ ਗਿਆ। ਇੱਕ ਥੜੇ ਉੱਤੇ ਬੈਠ ਕੇ ਉਸ ਨੇ ਬਹੁਤ ਦੇਰ ਸੋਚਿਆ। ਜਦੋਂ ਕੁੱਝ ਸਮਝ ਵਿੱਚ ਨਹੀਂ ਆਇਆ ਤਾਂ ਲਾਇਲਪੁਰ ਰਵਾਨਾ ਹੋ ਗਿਆ। ਜਿੱਥੇ ਉਸ ਦਾ ਇੱਕ ਦੋਸਤ ਰਹਿੰਦਾ ਸੀ। ਅਖ਼ਲਾਕ ਨੇ ਸਾਰਾ ਵਾਪਰਿਆ ਸੁਣਾਇਆ ਤਾਂ ਉਸ ਨੇ ਬਹੁਤ ਲਾਨ ਤਾਨ ਕੀਤੀ ਅਤੇ ਇਸ ਨੂੰਕਿਹਾ। “ਫ਼ੌਰਨ ਵਾਪਸ ਜਾ। ਕਿਤੇ ਬੇਚਾਰੀ ਖੁਦਕੁਸ਼ੀ ਨਾ ਕਰ ਲਵੇ। ”

ਅਖ਼ਲਾਕ ਰਾਤ ਨੂੰ ਵਾਪਸ ਲਾਹੌਰ ਆਇਆ। ਘਰ ਵਿੱਚ ਦਾਖ਼ਲ ਹੋਇਆ ਤਾਂ ਪਰਵੀਣ ਮੌਜੂਦ ਨਹੀਂ ਸੀ ……ਪਲੰਗ ਉੱਤੇ ਤਕੀਆ ਪਿਆ ਸੀ। ਇਸ ਉੱਤੇ ਦੋ ਗੋਲ ਗੋਲ ਨਿਸ਼ਾਨ ਸਨ। ਗਿੱਲੇ !

ਇਸ ਦੇ ਬਾਅਦ ਅਖ਼ਲਾਕ ਨੂੰ ਪਰਵੀਣ ਕਿਤੇ ਨਜ਼ਰ ਨਹੀਂ ਆਈ।

(5 ਜੂਨ 1950)

ਇੱਕ ਤਵਾਇਫ਼ ਦਾ ਖ਼ਤ (ਕਹਾਣੀ) – ਕ੍ਰਿਸ਼ਨ ਚੰਦਰ

March 20, 2018

Image result for krishan chander

ਮੈਨੂੰ ਉਮੀਦ ਹੈ ਕਿ ਇਸ ਤੋਂ ਪਹਿਲਾਂ ਤੁਹਾਨੂੰ ਕਿਸੇ ਤਵਾਇਫ਼ ਦਾ ਖ਼ਤ ਨਹੀਂ ਮਿਲਿਆ ਹੋਵੇਗਾ। ਇਹ ਵੀ ਉਮੀਦ ਕਰਦੀ ਹਾਂ ਕਿ ਕਿ ਅੱਜ ਤੱਕ ਤੁਸੀਂ ਮੇਰੀ ਅਤੇ ਇਸ ਪੇਸ਼ੇ ਦੀਆਂ ਦੂਜੀਆਂ ਔਰਤਾਂ ਦੀ ਸੂਰਤ ਵੀ ਨਾ ਵੇਖੀ ਹੋਵੇਗੀ। ਇਹ ਵੀ ਜਾਣਦੀ ਹਾਂ ਕਿ ਤੁਹਾਨੂੰ ਮੇਰਾ ਇਹ ਖ਼ਤ ਲਿਖਣਾ ਕਿਸ ਕਦਰ ਅਭੱਦਰ ਹੈ ਅਤੇ ਉਹ ਵੀ ਅਜਿਹਾ ਖੁੱਲ੍ਹਾ ਖ਼ਤ। ਪਰ ਕੀ ਕਰਾਂ। ਹਾਲਾਤ ਕੁੱਝ ਅਜਿਹੇ ਹਨ ਅਤੇ ਇਨ੍ਹਾਂ ਦੋਨਾਂ ਕੁੜੀਆਂ ਦਾ ਤਕਾਜ਼ਾ ਇੰਨਾ ਤਕੜਾ ਹੈ ਕਿ ਮੈਂ ਇਹ ਖ਼ਤ ਲਿਖੇ ਬਿਨਾਂ ਨਹੀਂ ਰਹਿ ਸਕਦੀ। ਇਹ ਖ਼ਤ ਮੈਂ ਨਹੀਂ ਲਿਖ ਰਹੀ ਹਾਂ, ਇਹ ਖ਼ਤ ਮੇਰੇ ਤੋਂ ਬੇਲਾ ਅਤੇ ਬਤੋਲ ਲਿਖਵਾ ਰਹੀਆਂ ਹਨ। ਮੈਂ ਸਿਦਕ ਦਿਲੋਂ ਮੁਆਫ਼ੀ ਚਾਹੁੰਦੀ ਹਾਂ, ਜੇਕਰ ਮੇਰੇ ਖ਼ਤ ਵਿੱਚ ਕੋਈ ਫ਼ਿਕਰਾ ਤੁਹਾਨੂੰ ਚੰਗਾ ਨਾ ਲੱਗੇ। ਉਸਨੂੰ ਮੇਰੀ ਮਜਬੂਰੀ ਦਾ ਸੌਦਾ ਸਮਝਣਾ ਜੀ।

ਬੇਲਾ ਅਤੇ ਬਤੋਲ ਮੇਰੇ ਤੋਂ ਇਹ ਖ਼ਤ ਕਿਉਂ ਲਿਖਵਾ ਰਹੀਆਂ ਹਨ। ਇਹ ਦੋਨੋਂ ਕੁੜੀਆਂ ਕੌਣ ਹਨ ਅਤੇ ਉਨ੍ਹਾਂ ਦਾ ਤਕਾਜ਼ਾ ਇੰਨਾ ਜ਼ੋਰਦਾਰ ਕਿਉਂ ਹੈ। ਇਹ ਸਭ ਕੁੱਝ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਕੁੱਝ ਦੱਸਣਾ ਚਾਹੁੰਦੀ ਹਾਂ, ਘਬਰਾਓ ਨਾ। ਮੈਂ ਤੁਹਾਨੂੰ ਆਪਣੀ ਘਿਣਾਓਨੀ ਜ਼ਿੰਦਗੀ ਦੇ ਇਤਿਹਾਸ ਤੋਂ ਜਾਣੂੰ ਨਹੀਂ ਕਰਵਾਉਣਾ ਚਾਹੁੰਦੀ। ਮੈਂ ਇਹ ਵੀ ਨਹੀਂ ਦੱਸਾਂਗੀ ਕਿ ਮੈਂ ਕਦੋਂ ਅਤੇ ਕਿਸ ਹਾਲਾਤ ਵਿੱਚ ਤਵਾਇਫ਼ ਬਣੀ। ਮੈਂ ਕਿਸੇ ਸ਼ਰੀਫ਼ਾਨਾ ਜਜ਼ਬੇ ਦਾ ਸਹਾਰਾ ਲੈ ਕੇ ਤੁਹਾਨੂੰ ਕਿਸੇ ਝੂਠੇ ਰਹਿਮ ਦੀ ਦਰਖ਼ਾਸਤ ਕਰਨ ਨਹੀਂ ਆਈ ਹਾਂ। ਮੈਂ ਤੁਹਾਡੇ ਦਰਦਮੰਦ ਦਿਲ ਨੂੰ ਪਹਿਚਾਣ ਕੇ ਆਪਣੀ ਸਫਾਈ ਵਿੱਚ ਝੂਠਾ ਮੁਹੱਬਤ ਦਾ ਅਫ਼ਸਾਨਾ ਨਹੀਂ ਘੜਨਾ ਚਾਹੁੰਦੀ। ਇਸ ਖ਼ਤ ਦੇ ਲਿਖਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਤਵਾਇਫ਼ੀ ਦੇ ਧੰਦੇ ਦੇ ਭੇਤਾਂ ਤੋਂ ਜਾਣੂੰ ਕਰਾਵਾਂ। ਮੈਂ ਆਪਣੀ ਸਫਾਈ ਵਿੱਚ ਕੁੱਝ ਨਹੀਂ ਕਹਿਣਾ ਹੈ। ਮੈਂ ਸਿਰਫ ਆਪਣੇ ਬਾਰੇ ਕੁਝ ਅਜਿਹੀਆਂ ਗੱਲਾਂ ਦੱਸਣਾ ਚਾਹੁੰਦੀ ਹਾਂ ਜਿਨ੍ਹਾਂ ਦਾ ਅੱਗੇ ਚੱਲ ਕੇ ਬੇਲਾ ਅਤੇ ਬਤੋਲ ਦੀ ਜ਼ਿੰਦਗੀ ਉੱਤੇ ਅਸਰ ਪੈ ਸਕਦਾ ਹੈ।

ਤੁਸੀ ਲੋਕ ਕਈ ਵਾਰ ਬੰਬਈ ਆਏ ਹੋਵੋਗੇ। ਜਿਨਾਹ ਸਾਹਿਬ ਨੇ ਤਾਂ ਬੰਬਈ ਨੂੰ ਬਹੁਤ ਵੇਖਿਆ ਹੈ ਮਗਰ ਤੁਸੀਂ ਸਾਡਾ ਬਾਜ਼ਾਰ ਕਾਹੇ ਨੂੰ ਵੇਖਿਆ ਹੋਵੇਗਾ। ਜਿਸ ਬਾਜ਼ਾਰ ਵਿੱਚ ਮੈਂ ਰਹਿੰਦੀ ਹਾਂ ਉਹ ਫ਼ਾਰਸ ਰੋਡ ਕਹਾਂਦਾ ਹੈ। ਫ਼ਾਰਸ ਰੋਡ, ਗਰਾਂਟ ਰੋਡ ਅਤੇ ਮਦਨਪੁਰੇ ਦੇ ਵਿੱਚਕਾਰ ਸਥਿਤ ਹੈ। ਗਰਾਂਟ ਰੋਡ ਦੇ ਉਸ ਪਾਰ ਲਮੰਗਟਮ ਰੋਡ ਅਤੇ ਉਪੇਰਾ ਹਾਊਸ ਅਤੇ ਚੌਪਾਟੀ ਮੈਰੀਨ ਡਰਾਈਵ ਅਤੇ ਫ਼ੋਰਟ ਦੇ ਇਲਾਕ਼ੇ ਹਨ ਜਿੱਥੇ ਬੰਬਈ ਦੇ ਸ਼ਰੀਫ਼ ਲੋਕ ਰਹਿੰਦੇ ਹਨ। ਮਦਨਪੁਰਾ ਵਿੱਚ ਉਸ ਤਰਫ਼ ਗਰੀਬਾਂ ਦੀ ਬਸਤੀ ਹੈ। ਫ਼ਾਰਸ ਰੋਡ ਇਨ੍ਹਾਂ ਦੋਨਾਂ ਦੇ ਵਿੱਚਕਾਰ ਹੈ ਤਾਂਕਿ ਅਮੀਰ ਅਤੇ ਗ਼ਰੀਬ ਇਸ ਤੋਂ ਇੱਕੋ ਜਿੰਨਾ ਲਾਭ ਉਠਾ ਸਕਣ। ਗੁਰੂ ਫ਼ਾਰਸ ਰੋਡ ਫਿਰ ਵੀ ਮਦਨਪੁਰੇ ਦੇ ਜ਼ਿਆਦਾ ਕ਼ਰੀਬ ਹੈ ਕਿਉਂਕਿ ਤੰਗੀ ਵਿੱਚ ਅਤੇ ਤਵਾਇਫ਼ੀ ਵਿੱਚ ਹਮੇਸ਼ਾ ਬਹੁਤ ਘੱਟ ਫ਼ਾਸਲਾ ਰਹਿੰਦਾ ਹੈ। ਇਹ ਬਾਜ਼ਾਰ ਬਹੁਤ ਖ਼ੂਬਸੂਰਤ ਨਹੀਂ ਹੈ, ਇਸ ਦੇ ਮਕਾਨ ਵੀ ਖ਼ੂਬਸੂਰਤ ਨਹੀਂ ਹਨ। ਇਸ ਦੇ ਵਿੱਚੋ ਵਿੱਚ ਟਰਾਮ ਦੀ ਗੜਗੜਾਹਟ ਦਿਨ ਰਾਤ ਜਾਰੀ ਰਹਿੰਦੀ ਹੈ। ਜਹਾਨ ਭਰ ਦੇ ਅਵਾਰਾ ਕੁੱਤੇ ਅਤੇ ਲੌਂਡੇ ਅਤੇ ਸ਼ੋਹਦੇ ਅਤੇ ਬੇਕਾਰ ਅਤੇ ਜਰਾਇਮਪੇਸ਼ਾ ਲੋਕ ਇਸ ਦੀਆਂ ਗਲੀਆਂ ਦੇ ਗੇੜੇ ਲਾਉਂਦੇ ਨਜ਼ਰ ਆਉਂਦੇ ਹਨ। ਲੰਗੜੇ, ਲੂਲੇ, ਨਿਕੰਮੇ, ਦਿੱਕ ਦੇ ਮਾਰੇ ਤਮਾਸ਼ਬੀਨ। ਆਤਸ਼ਕ ਤੇ ਸੁਜ਼ਾਕ ਦੇ ਮਾਰੇ ਹੋਏ ਕਾਣੇ, ਲੁੰਜੇ, ਕੋਕੀਨਬਾਜ਼ ਅਤੇ ਜੇਬ ਕਤਰੇ ਇਸ ਬਾਜ਼ਾਰ ਵਿੱਚ ਹਿੱਕ ਤਾਣ ਕੇ ਚਲਦੇ ਹਨ। ਗ਼ਲੀਜ਼ ਹੋਟਲ, ਸਿੱਲ੍ਹੇ ਹੋਏ ਫ਼ੁਟ-ਪਾਥ ਉੱਤੇ ਮੈਲ਼ੇ ਦੇ ਢੇਰਾਂ ਉੱਤੇ ਭਿਣਭਿਣਾਉਂਦੀਆਂ ਹੋਈਆਂ ਲੱਖਾਂ ਮੱਖੀਆਂ, ਲੱਕੜੀਆਂ ਅਤੇ ਕੋਲੇ ਦੇ ਵੀਰਾਨ ਗੁਦਾਮ, ਪੇਸ਼ਾਵਰ ਦਲਾਲ ਅਤੇ ਬੇਹੇ ਹਾਰ ਵੇਚਣ ਵਾਲੇ, ਕੋਕ ਸ਼ਾਸਤਰ ਅਤੇ ਨੰਗੀਆਂ ਤਸਵੀਰਾਂ ਦੇ ਦੁਕਾਨਦਾਰ, ਚੀਨੀ ਨਾਈ ਅਤੇ ਇਸਲਾਮੀ ਨਾਈ ਅਤੇ ਲੰਗੋਟੇ ਕਸ ਕੇ ਗਾਲੀਆਂ ਬਕਣ ਵਾਲੇ ਪਹਿਲਵਾਨ, ਸਾਡੀ ਸਮਾਜੀ ਜ਼ਿੰਦਗੀ ਦਾ ਸਾਰਾ ਕੂੜ-ਕਬਾੜ ਤੁਹਾਨੂੰ ਫ਼ਾਰਸ ਰੋਡ ਉੱਤੇ ਮਿਲਦਾ ਹੈ। ਸਾਫ਼ ਹੈ ਤੁਸੀ ਇੱਥੇ ਕਿਉਂ ਆਓਗੇ। ਕੋਈ ਸ਼ਰੀਫ ਆਦਮੀ ਏਧਰ ਦਾ ਰੁਖ਼ ਨਹੀਂ ਕਰਦਾ, ਸ਼ਰੀਫ ਆਦਮੀ ਜਿੰਨੇ ਹਨ ਉਹ ਗਰਾਂਟ ਰੋਡ ਦੇ ਉਸ ਪਾਰ ਰਹਿੰਦੇ ਹਨ ਅਤੇ ਜੋ ਬਹੁਤ ਹੀ ਸ਼ਰੀਫ ਹਨ ਉਹ ਮਾਲਾਬਾਰ ਹਿੱਲ ਉੱਤੇ ਰਹਿੰਦੇ ਹਨ। ਮੈਂ ਇੱਕ ਵਾਰ ਜਿਨਾਹ ਸਾਹਿਬ ਦੀ ਕੋਠੀ ਦੇ ਸਾਹਮਣੇ ਤੋਂ ਲੰਘੀ ਸੀ ਅਤੇ ਉੱਥੇ ਮੈਂ ਝੁਕ ਕੇ ਸਲਾਮ ਵੀ ਕੀਤਾ ਸੀ। ਬਤੋਲ ਵੀ ਮੇਰੇ ਨਾਲ ਸੀ। ਬਤੋਲ ਨੂੰ ਤੁਹਾਡੇ (ਜਿਨਾਹ ਸਾਹਿਬ) ਨਾਲ ਜਿਸ ਕਦਰ ਸ਼ਰਧਾ ਹੈ ਉਸ ਨੂੰ ਮੈਂ ਕਦੇ ਠੀਕ ਤਰ੍ਹਾਂ ਬਿਆਨ ਨਾ ਕਰ ਸਕੂੰਗੀ। ਖ਼ੁਦਾ ਅਤੇ ਰਸੂਲ ਦੇ ਬਾਅਦ ਦੁਨੀਆ ਵਿੱਚ ਜੇਕਰ ਉਹ ਕਿਸੇ ਨੂੰ ਚਾਹੁੰਦੀ ਹੈ ਤਾਂ ਸਿਰਫ਼ ਉਹ ਤੁਸੀਂ ਹੋ। ਉਸਨੇ ਤੁਹਾਡੀ ਤਸਵੀਰ ਲਾਕੇਟ ਵਿੱਚ ਲਗਾ ਕੇ ਆਪਣੇ ਸੀਨੇ ਨਾਲ ਲਗਾ ਰੱਖੀ ਹੈ। ਕਿਸੇ ਬੁਰੀ ਨੀਅਤ ਨਾਲ ਨਹੀਂ। ਬਤੋਲ ਦੀ ਉਮਰ ਹੁਣ ਗਿਆਰਾਂ ਸਾਲ ਦੀ ਹੈ, ਛੋਟੀ ਜਿਹੀ ਕੁੜੀ ਹੀ ਤਾਂ ਹੈ ਉਹ। ਗੋ ਫ਼ਾਰਸ ਰੋਡ ਵਾਲੇ ਹੁਣੇ ਤੋਂ ਉਸ ਦੇ ਬਾਰੇ ਭੈੜੇ ਭੈੜੇ ਇਰਾਦੇ ਕਰ ਰਹੇ ਹਨ। ਚਲੋ ਖ਼ੈਰ ਉਹ ਕਦੇ ਫਿਰ ਤੁਹਾਨੂੰ ਦੱਸਾਂਗੀ। 
ਤਾਂ ਇਹ ਹੈ ਫ਼ਾਰਸ ਰੋਡ ਜਿੱਥੇ ਮੈਂ ਰਹਿੰਦੀ ਹਾਂ, ਫ਼ਾਰਸ ਰੋਡ ਦੇ ਪੱਛਮੀ ਸਿਰੇ ਉੱਤੇ ਜਿੱਥੇ ਚੀਨੀ ਨਾਈ ਦੀ ਦੁਕਾਨ ਹੈ ਇਸ ਦੇ ਕ਼ਰੀਬ ਇੱਕ ਹਨੇਰੀ ਗਲੀ ਦੇ ਮੋੜ ਉੱਤੇ ਮੇਰੀ ਦੁਕਾਨ ਹੈ। ਲੋਕ ਤਾਂ ਉਸਨੂੰ ਦੁਕਾਨ ਨਹੀਂ ਕਹਿੰਦੇ। ਖ਼ੈਰ ਤੁਸੀ ਸਿਆਣੇ ਹੋ ਤੁਹਾਥੋਂ ਕੀ ਛੁਪਾਊਂਗੀ। ਇਹੀ ਕਹੂੰਗੀ ਉੱਥੇ ਮੇਰੀ ਦੁਕਾਨ ਹੈ ਅਤੇ ਉੱਥੇ ਮੈਂ ਇਸ ਤਰ੍ਹਾਂ ਵਪਾਰ ਕਰਦੀ ਹਾਂ ਜਿਸ ਤਰ੍ਹਾਂ ਬਾਣੀਆ, ਸਬਜ਼ੀ ਵਾਲਾ, ਫਲ ਵਾਲਾ, ਹੋਟਲ ਵਾਲਾ, ਮੋਟਰ ਵਾਲਾ, ਸਿਨੇਮਾ ਵਾਲਾ, ਕੱਪੜੇ ਵਾਲਾ ਜਾਂ ਕੋਈ ਹੋਰ ਦੁਕਾਨਦਾਰ ਵਪਾਰ ਕਰਦਾ ਹੈ ਅਤੇ ਹਰ ਵਪਾਰ ਵਿੱਚ ਗਾਹਕ ਨੂੰ ਖ਼ੁਸ਼ ਕਰਨ ਦੇ ਇਲਾਵਾ ਆਪਣੇ ਲਾਭ ਦੀ ਵੀ ਸੋਚਦਾ ਹੈ। ਮੇਰਾ ਵਪਾਰ ਵੀ ਇਸੇ ਤਰ੍ਹਾਂ ਦਾ ਹੈ, ਫ਼ਰਕ ਸਿਰਫ ਇੰਨਾ ਹੈ ਕਿ ਮੈਂ ਬਲੈਕ ਮਾਰਕੀਟ ਨਹੀਂ ਕਰਦੀ ਅਤੇ ਮੇਰੇ ਵਿੱਚ ਅਤੇ ਦੂਜੇ ਵਪਾਰੀਆਂ ਵਿੱਚ ਕੋਈ ਫ਼ਰਕ ਨਹੀਂ। ਇਹ ਦੁਕਾਨ ਚੰਗੀ ਜਗ੍ਹਾ ਉੱਤੇ ਸਥਿਤ ਨਹੀਂ ਹੈ। ਇੱਥੇ ਰਾਤ ਤਾਂ ਕੀ ਦਿਨ ਵਿੱਚ ਵੀ ਲੋਕ ਠੋਕਰ ਖਾ ਜਾਂਦੇ ਹਨ। ਇਸ ਹਨੇਰੀ ਗਲੀ ਵਿੱਚ ਲੋਕ ਆਪਣੀਆਂ ਜੇਬਾਂ ਖ਼ਾਲੀ ਕਰਕੇ ਜਾਂਦੇ ਹਨ। ਸ਼ਰਾਬ ਪੀ ਕੇ ਜਾਂਦੇ ਹਨ। ਜਹਾਨ ਭਰ ਦੀਆਂ ਗਾਲੀਆਂ ਬਕਦੇ ਹਨ। ਇੱਥੇ ਗੱਲ ਗੱਲ ਉੱਤੇ ਛੁਰਾ ਜ਼ਨੀ ਹੁੰਦੀ ਹੈ। ਇੱਕ ਦੋ ਖ਼ੂਨ ਦੂਜੇ ਤੀਸਰੇ ਦਿਨ ਹੁੰਦੇ ਰਹਿੰਦੇ ਹਨ। ਮਤਲਬ ਇਹ ਕਿ ਹਰ ਵਕਤ ਜਾਨ ਮੁਸੀਬਤ ਵਿੱਚ ਰਹਿੰਦੀ ਹੈ ਅਤੇ ਫਿਰ ਮੈਂ ਕੋਈ ਚੰਗੀ ਤਵਾਇਫ਼ ਨਹੀਂ ਹਾਂ ਕਿ ਪੂਨ ਜਾ ਕੇ ਰਹਾਂ ਜਾਂ ਵਰਲੀ ਉੱਤੇ ਸਮੁੰਦਰ ਦੇ ਕੰਢੇ ਇੱਕ ਕੋਠੀ ਲੈ ਸਕਾਂ। ਮੈਂ ਇੱਕ ਬਹੁਤ ਹੀ ਮਾਮੂਲੀ ਦਰਜੇ ਦੀ ਤਵਾਇਫ਼ ਹਾਂ ਅਤੇ ਜੇਕਰ ਮੈਂ ਸਾਰਾ ਹਿੰਦੁਸਤਾਨ ਵੇਖਿਆ ਹੈ ਅਤੇ ਘਾਟ ਘਾਟ ਦਾ ਪਾਣੀ ਪੀਤਾ ਹੈ ਅਤੇ ਹਰ ਤਰ੍ਹਾਂ ਦੇ ਲੋਕਾਂ ਦੀ ਸੁਹਬਤ ਵਿੱਚ ਬੈਠੀ ਹਾਂ। ਪਰ ਹੁਣ ਦਸ ਸਾਲ ਤੋਂ ਇਸ ਸ਼ਹਿਰ ਬੰਬਈ ਵਿੱਚ। ਇਸ ਫ਼ਾਰਸ ਰੋਡ ਉੱਤੇ। ਇਸ ਦੁਕਾਨ ਵਿੱਚ ਬੈਠੀ ਹਾਂ ਅਤੇ ਹੁਣ ਤਾਂ ਮੈਨੂੰ ਇਸ ਦੁਕਾਨ ਦੀ ਪਗੜੀ ਵੀ ਛੇ ਹਜ਼ਾਰ ਰੁਪਏ ਤੱਕ ਮਿਲਦੀ ਹੈ। ਹਾਲਾਂਕਿ ਇਹ ਜਗ੍ਹਾ ਕੋਈ ਇੰਨੀ ਚੰਗੀ ਨਹੀਂ। ਫ਼ਿਜ਼ਾ ਗੰਦੀ ਹੈ ਚਿੱਕੜ ਚਾਰੇ ਪਾਸੇ ਫੈਲਿਆ ਹੋਇਆ ਹੈ। ਗੰਦਗੀ ਦੇ ਅੰਬਾਰ ਲੱਗੇ ਹੋਏ ਹਨ ਅਤੇ ਖ਼ੁਰਕ ਖਾਧੇ ਕੁੱਤੇ ਘਬਰਾਏ ਹੋਏ ਗਾਹਕਾਂ ਨੂੰ ਵੱਢ ਖਾਣ ਨੂੰ ਲਪਕਦੇ ਹਨ। ਫਿਰ ਵੀ ਮੈਨੂੰ ਇਸ ਜਗ੍ਹਾ ਦੀ ਪਗੜੀ ਛੇ ਹਜ਼ਾਰ ਰੁਪਏ ਤੱਕ ਮਿਲਦੀ ਹੈ। 
ਇਸ ਜਗ੍ਹਾ ਮੇਰੀ ਦੁਕਾਨ ਇੱਕ ਮੰਜ਼ਿਲਾ ਮਕਾਨ ਵਿੱਚ ਹੈ। ਇਸ ਦੇ ਦੋ ਕਮਰੇ ਹਨ। ਸਾਹਮਣੇ ਦਾ ਕਮਰਾ ਮੇਰੀ ਬੈਠਕ ਹੈ। ਇੱਥੇ ਮੈਂ ਗਾਉਂਦੀ ਹਾਂ, ਨੱਚਦੀ ਹਾਂ, ਗਾਹਕਾਂ ਨੂੰ ਰਿਝਾਉਂਦੀ ਹਾਂ, ਪਿੱਛੇ ਦਾ ਕਮਰਾ, ਰਸੋਈ ਅਤੇ ਗੁਸਲਖ਼ਾਨੇ ਅਤੇ ਸੌਣ ਦੇ ਕਮਰੇ ਦਾ ਕੰਮ ਦਿੰਦਾ ਹੈ। ਇੱਥੇ ਇੱਕ ਪਾਸੇ ਨਲ਼ਕਾ ਹੈ। ਇੱਕ ਪਾਸੇ ਹਾਂਡੀ ਹੈ ਅਤੇ ਇੱਕ ਪਾਸੇ ਇੱਕ ਵੱਡਾ ਜਿਹਾ ਪਲੰਘ ਹੈ ਅਤੇ ਇਸ ਦੇ ਹੇਠਾਂ ਇੱਕ ਹੋਰ ਛੋਟਾ ਜਿਹਾ ਪਲੰਘ ਹੈ ਅਤੇ ਇਸ ਦੇ ਹੇਠਾਂ ਮੇਰੇ ਕਪੜਿਆਂ ਦੇ ਸੰਦੂਕ ਹਨ, ਬਾਹਰ ਵਾਲੇ ਕਮਰੇ ਵਿੱਚ ਬਿਜਲੀ ਦੀ ਰੋਸ਼ਨੀ ਹੈ ਪਰ ਅੰਦਰ ਵਾਲੇ ਕਮਰੇ ਵਿੱਚ ਬਿਲਕੁਲ ਹਨੇਰਾ ਹੈ। ਮਾਲਿਕ ਮਕਾਨ ਨੇ ਵਰ੍ਹਿਆਂ ਤੋਂ ਕਲਈ ਨਹੀਂ ਕਰਾਈ ਨਾ ਉਹ ਕਰਾਏਗਾ। ਇੰਨੀ ਫੁਰਸਤ ਕਿਸ ਨੂੰ ਹੈ। ਮੈਂ ਤਾਂ ਰਾਤ ਭਰ ਨੱਚਦੀ ਹਾਂ, ਗਾਉਂਦੀ ਹਾਂ ਅਤੇ ਦਿਨ ਨੂੰ ਉਥੇ ਹੀ ਗਾਉਣ ਵਾਲੇ ਤਕੀਏ ਉੱਤੇ ਸਿਰ ਟੇਕ ਕੇ ਸੌਂ ਜਾਂਦੀ ਹਾਂ, ਬੇਲਾ ਅਤੇ ਬਤੋਲ ਨੂੰ ਪਿੱਛੇ ਦਾ ਕਮਰਾ ਦੇ ਰੱਖਿਆ ਹੈ। ਅਕਸਰ ਗਾਹਕ ਜਦੋਂ ਉੱਧਰ ਮੂੰਹ ਧੋਣ ਲਈ ਜਾਂਦੇ ਹਨ ਤਾਂ ਬੇਲਾ ਅਤੇ ਬਤੋਲ ਫਟੀਆਂ ਫਟੀਆਂ ਨਿਗਾਹਾਂ ਨਾਲ ਉਨ੍ਹਾਂ ਨੂੰ ਦੇਖਣ ਲੱਗ ਜਾਂਦੀਆਂ ਹਨ ਜੋ ਕੁੱਝ ਉਨ੍ਹਾਂ ਦੀ ਨਜ਼ਰਾਂ ਕਹਿੰਦੀਆਂ ਹਨ, ਮੇਰਾ ਇਹ ਖ਼ਤ ਵੀ ਉਹੀ ਕਹਿੰਦਾ ਹੈ। ਜੇਕਰ ਉਹ ਮੇਰੇ ਕੋਲ ਇਸ ਵਕ਼ਤ ਨਾ ਹੁੰਦੀਆਂ ਤਾਂ ਇਹ ਗੁਨਾਹਗਾਰ ਬੰਦੀ ਤੁਹਾਡੀ ਖਿਦਮਤ ਵਿੱਚ ਇਹ ਗੁਸਤਾਖ਼ੀ ਨਾ ਕਰਦੀ, ਜਾਣਦੀ ਹਾਂ ਦੁਨੀਆ ਮੇਰੇ ਉੱਤੇ ਥੂ ਥੂ ਕਰੇਗੀ। ਜਾਣਦੀ ਹਾਂ ਸ਼ਾਇਦ ਤੁਸਾਂ ਤੱਕ ਮੇਰਾ ਇਹ ਖ਼ਤ ਵੀ ਨਾ ਪਹੁੰਚੇ। ਫਿਰ ਵੀ ਮਜਬੂਰ ਹਾਂ ਇਹ ਖ਼ਤ ਲਿਖ ਕੇ ਰਹਾਂਗੀ ਕਿ ਬੇਲਾ ਅਤੇ ਬਤੋਲ ਦੀ ਮਰਜ਼ੀ ਇਹੀ ਹੈ।

ਸ਼ਾਇਦ ਤੁਸੀ ਕਿਆਸ ਕਰ ਰਹੇ ਹੋ ਕਿ ਬੇਲਾ ਅਤੇ ਬਤੋਲ ਮੇਰੀਆਂ ਕੁੜੀਆਂ ਹਨ। ਨਹੀਂ ਇਹ ਗ਼ਲਤ ਹੈ ਮੇਰੀ ਕੋਈ ਧੀ ਨਹੀਂ ਹੈ। ਇਨ੍ਹਾਂ ਦੋਨਾਂ ਕੁੜੀਆਂ ਨੂੰ ਮੈਂ ਬਾਜ਼ਾਰ ਵਿੱਚੋਂ ਖ਼ਰੀਦਿਆ ਹੈ। ਜਿਨ੍ਹਾਂ ਦਿਨਾਂ ਵਿੱਚ ਹਿੰਦੂ ਮੁਸਲਮਾਨ ਫ਼ਸਾਦ ਜੋਰਾਂ ਉੱਤੇ ਸੀ, ਅਤੇ ਗਰਾਂਟ ਰੋਡ, ਅਤੇ ਫ਼ਾਰਸ ਰੋਡ ਅਤੇ ਮਦਨਪੁਰਾ ਵਿੱਚ ਇਨਸਾਨੀ ਖ਼ੂਨ ਪਾਣੀ ਦੀ ਤਰ੍ਹਾਂ ਬਹਾਇਆ ਜਾ ਰਿਹਾ ਸੀ, ਉਨ੍ਹਾਂ ਦਿਨਾਂ ਚ ਮੈਂ ਬੇਲਾ ਨੂੰ ਇੱਕ ਮੁਸਲਮਾਨ ਦਲਾਲ ਕੋਲੋਂ ਤਿੰਨ ਸੌ ਰੁਪਏ ਦੇ ਇਵਜ ਖ਼ਰੀਦਿਆ ਸੀ। ਇਹ ਮੁਸਲਮਾਨ ਦਲਾਲ ਉਸ ਕੁੜੀ ਨੂੰ ਦਿੱਲੀ ਤੋਂ ਲਿਆਇਆ ਸੀ ਜਿੱਥੇ ਬੇਲੇ ਦੇ ਮਾਂ ਬਾਪ ਰਹਿੰਦੇ ਸਨ। ਬੇਲੇ ਦੇ ਮਾਂ ਬਾਪ ਰਾਵਲਪਿੰਡੀ ਵਿੱਚ ਰਾਜਾ ਬਾਜ਼ਾਰ ਦੇ ਪਿਛਵਾੜੇ ਵਿੱਚ ਪੁਣਛ ਹਾਊਸ ਦੇ ਸਾਹਮਣੇ ਦੀ ਗਲੀ ਵਿੱਚ ਰਹਿੰਦੇ ਸਨ, ਦਰਮਿਆਨੇ ਤਬਕੇ ਦਾ ਘਰਾਣਾ ਸੀ, ਸ਼ਰਾਫ਼ਤ ਅਤੇ ਸਾਦਗੀ ਗੁੜਤੀ ਵਿੱਚ ਮਿਲੀ ਸੀ। ਬੇਲਾ ਆਪਣੇ ਮਾਂ ਬਾਪ ਦੀ ਇਕਲੌਤੀ ਧੀ ਸੀ ਅਤੇ ਜਦੋਂ ਰਾਵਲਪਿੰਡੀ ਵਿੱਚ ਮੁਸਲਮਾਨਾਂ ਨੇ ਹਿੰਦੂਆਂ ਨੂੰ ਥੋੜਾ ਤੰਗ ਕਰਨਾ ਸ਼ੁਰੂ ਕੀਤਾ ਉਸ ਵਕ਼ਤ ਚੌਥੀ ਜਮਾਤ ਵਿੱਚ ਪੜ੍ਹਦੀ ਸੀ। ਇਹ ਬਾਰਾਂ ਜੁਲਾਈ ਦੀ ਘਟਨਾ ਹੈ। ਬੇਲਾ ਆਪਣੇ ਸਕੂਲੋਂ ਪੜ੍ਹ ਕੇ ਘਰ ਆ ਰਹੀ ਸੀ ਕਿ ਉਸਨੇ ਆਪਣੇ ਘਰ ਦੇ ਸਾਹਮਣੇ ਅਤੇ ਦੂਜੇ ਹਿੰਦੂਆਂ ਦੇ ਘਰਾਂ ਦੇ ਸਾਹਮਣੇ ਇੱਕ ਭੀੜ ਵੇਖਿਆ। ਇਹ ਲੋਕ ਹਥਿਆਰਬੰਦ ਸਨ ਅਤੇ ਘਰਾਂ ਨੂੰ ਅੱਗ ਲਗਾ ਰਹੇ ਸਨ ਅਤੇ ਲੋਕਾਂ ਨੂੰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਅਤੇ ਉਨ੍ਹਾਂ ਦੀ ਔਰਤਾਂ ਨੂੰ ਘਰ ਤੋਂ ਬਾਹਰ ਕੱਢਕੇ ਉਨ੍ਹਾਂ ਨੂੰ ਕਤਲ ਕਰ ਰਹੇ ਸਨ। ਨਾਲ ਨਾਲ ਅੱਲਾ-ਹੂ-ਅਕਬਰ ਦਾ ਨਾਰਾ ਵੀ ਬੁਲੰਦ ਕਰਦੇ ਜਾਂਦੇ ਸਨ। ਬੇਲਾ ਨੇ ਆਪਣੀਆਂ ਅੱਖਾਂ ਨਾਲ ਆਪਣੇ ਬਾਪ ਨੂੰ ਕਤਲ ਹੁੰਦੇ ਹੋਏ ਵੇਖਿਆ। ਫਿਰ ਉਸਨੇ ਆਪਣੀਆਂ ਅੱਖਾਂ ਨਾਲ ਆਪਣੀ ਮਾਂ ਨੂੰ ਦਮ ਤੋੜਦੇ ਹੋਏ ਵੇਖਿਆ। ਵਹਿਸ਼ੀ ਮੁਸਲਮਾਨਾਂ ਨੇ ਇਸ ਦੀਆਂ ਛਾਤੀਆਂ ਕੱਟ ਕੇ ਸੁੱਟ ਦਿੱਤੀਆਂ ਸਨ। ਉਹ ਛਾਤੀਆਂ ਜਿਨ੍ਹਾਂ ਤੋਂ ਇੱਕ ਮਾਂ, ਕੋਈ ਵੀ ਮਾਂ, ਹਿੰਦੂ ਮਾਂ ਜਾਂ ਮੁਸਲਮਾਨ ਮਾਂ, ਈਸਾਈ ਮਾਂ ਜਾਂ ਯਹੂਦੀ ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾਂਦੀ ਹੈ ਅਤੇ ਇਨਸਾਨਾਂ ਦੀ ਜ਼ਿੰਦਗੀ ਵਿੱਚ ਕਾਇਨਾਤ ਦੀ ਵਿਸ਼ਾਲਤਾ ਵਿੱਚ ਸਿਰਜਣਾ ਦਾ ਇੱਕ ਨਵਾਂ ਬਾਬ ਖੋਲ੍ਹਦੀ ਹੈ ਉਹ ਦੁੱਧ ਭਰੀਆਂ ਛਾਤੀਆਂ ਅੱਲਾ-ਹੂ-ਅਕਬਰ ਦੇ ਨਾਹਰਿਆਂ ਦੇ ਨਾਲ ਕੱਟ ਸੁੱਟੀਆਂ ਗਈਆਂ। ਕਿਸੇ ਨੇ ਸਿਰਜਣਾ ਦੇ ਨਾਲ ਇੰਨਾ ਜ਼ੁਲਮ ਕੀਤਾ ਸੀ। ਕਿਸੇ ਜ਼ਾਲਿਮ ਹਨੇਰੇ ਨੇ ਉਨ੍ਹਾਂ ਦੀ ਰੂਹਾਂ ਵਿੱਚ ਇਹ ਕਾਲਖ਼ ਭਰ ਦਿੱਤੀ ਸੀ। ਮੈਂ ਕੁਰਆਨ ਪੜ੍ਹਿਆ ਹੈ ਅਤੇ ਮੈਂ ਜਾਣਦੀ ਹਾਂ ਕਿ ਰਾਵਲਪਿੰਡੀ ਵਿੱਚ ਬੇਲੇ ਦੇ ਮਾਂ ਬਾਪ ਦੇ ਨਾਲ ਜੋ ਕੁੱਝ ਹੋਇਆ ਉਹ ਇਸਲਾਮ ਨਹੀਂ ਸੀ, ਉਹ ਮਨੁੱਖਤਾ ਨਹੀਂ ਸੀ, ਉਹ ਦੁਸ਼ਮਣੀ ਵੀ ਨਹੀਂ ਸੀ, ਉਹ ਬਦਲਾ ਵੀ ਨਹੀਂ ਸੀ, ਉਹ ਇੱਕ ਅਜਿਹੀ ਕਰੂਰਤਾ, ਬੇਰਹਿਮੀ, ਬੁਜ਼ਦਿਲੀ ਅਤੇ ਸ਼ੈਤਾਨੀਅਤ ਸੀ ਜੋ ਹਨੇਰ ਦੇ ਸੀਨੇ ਵਿੱਚੋਂ ਫੁੱਟਦੀ ਹੈ ਅਤੇ ਨੂਰ ਦੀ ਆਖ਼ਰੀ ਕਿਰਨ ਨੂੰ ਵੀ ਦਾਗਦਾਰ ਕਰ ਜਾਂਦੀ ਹੈ। ਬੇਲਾ ਹੁਣ ਮੇਰੇ ਕੋਲ ਹੈ। ਮੇਰੇ ਤੋਂ ਪਹਿਲਾਂ ਉਹ ਦਾੜ੍ਹੀ ਵਾਲੇ ਮੁਸਲਮਾਨ ਦਲਾਲ ਦੇ ਕੋਲ ਸੀ। ਬੇਲਾ ਦੀ ਉਮਰ ਬਾਰਾਂ ਸਾਲ ਤੋਂ ਜ਼ਿਆਦਾ ਨਹੀਂ ਸੀ ਜਦੋਂ ਉਹ ਚੌਥੀ ਜਮਾਤ ਵਿੱਚ ਪੜ੍ਹਦੀ ਸੀ। ਆਪਣੇ ਘਰ ਵਿੱਚ ਹੁੰਦੀ ਤਾਂ ਅੱਜ ਪੰਜਵੀਂ ਜਮਾਤ ਵਿੱਚ ਦਾਖ਼ਲ ਹੋ ਰਹੀ ਹੁੰਦੀ। ਫਿਰ ਵੱਡੀ ਹੁੰਦੀ ਤਾਂ ਉਸ ਦੇ ਮਾਂ ਬਾਪ ਉਸ ਦਾ ਵਿਆਹ ਕਿਸੇ ਸ਼ਰੀਫ ਘਰਾਣੇ ਦੇ ਗ਼ਰੀਬ ਜਿਹੇ ਮੁੰਡੇ ਨਾਲ ਕਰ ਦਿੰਦੇ, ਉਹ ਆਪਣਾ ਛੋਟਾ ਜਿਹਾ ਘਰ ਵਸਾਉਂਦੀ, ਆਪਣੇ ਖ਼ਾਵੰਦ ਨਾਲ, ਆਪਣੇ ਨੰਨ੍ਹੇ ਨੰਨ੍ਹੇ ਬੱਚਿਆਂ ਨਾਲ, ਆਪਣੀ ਘਰੇਲੂ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਖ਼ੁਸ਼ੀਆਂ ਨਾਲ। ਪਰ ਇਸ ਨਾਜ਼ੁਕ ਕਲੀ ਲਈ ਬੇਵਕਤ ਖ਼ਿਜ਼ਾਂ ਆ ਗਈ, ਹੁਣ ਬੇਲਾ ਬਾਰਾਂ ਸਾਲ ਦੀ ਨਹੀਂ ਲੱਗਦੀ। ਇਸ ਦੀ ਉਮਰ ਥੋੜ੍ਹੀ ਹੈ ਪਰ ਇਸ ਦੀ ਜ਼ਿੰਦਗੀ ਬਹੁਤ ਬੁਢੀ ਹੈ। ਇਸ ਦੀਆਂ ਅੱਖਾਂ ਵਿੱਚ ਜੋ ਡਰ ਹੈ। ਮਨੁੱਖਤਾ ਦੀ ਜੋ ਤਲਖੀ ਹੈ ਜਾਂ ਉਸ ਦਾ ਜੋ ਲਹੂ ਹੈ, ਮੌਤ ਦੀ ਜੋ ਪਿਆਸ ਹੈ, ਕ਼ੈਦ-ਏ-ਆਜ਼ਮ ਸਾਹਿਬ, ਸ਼ਾਇਦ ਜੇਕਰ ਤੁਸੀ ਉਸਨੂੰ ਵੇਖ ਸਕੋ ਤੇ ਇਸ ਦਾ ਅੰਦਾਜ਼ਾ ਕਰ ਸਕੋ। ਇਨ੍ਹਾਂ ਬੇਸਹਾਰਾ ਅੱਖਾਂ ਦੀਆਂ ਗਹਿਰਾਈਆਂ ਵਿੱਚ ਉੱਤਰ ਸਕੋ। ਤੁਸੀ ਤਾਂ ਸ਼ਰੀਫ ਆਦਮੀ ਹੋ। ਤੁਸੀਂ ਸ਼ਰੀਫ ਘਰਾਣੇ ਦੀਆਂ ਮਾਸੂਮ ਕੁੜੀਆਂ ਨੂੰ ਵੇਖਿਆ ਹੋਵੇਗਾ ਹਿੰਦੂ ਕੁੜੀਆਂ ਨੂੰ ਮੁਸਲਮਾਨ ਕੁੜੀਆਂ ਨੂੰ, ਸ਼ਾਇਦ ਤੁਸੀ ਸਮਝ ਜਾਂਦੇ ਕਿ ਮਾਸੂਮੀਅਤ ਦਾ ਕੋਈ ਮਜ਼ਹਬ ਨਹੀਂ ਹੁੰਦਾ, ਉਹ ਸਾਰੀ ਮਨੁੱਖਤਾ ਦੀ ਅਮਾਨਤ ਹੈ। ਸਾਰੀ ਦੁਨੀਆ ਦੀ ਵਿਰਾਸਤ ਹੈ। ਜੋ ਉਸਨੂੰ ਮਿਟਾਉਂਦਾ ਹੈ ਉਸਨੂੰ ਦੁਨੀਆ ਦੇ ਕਿਸੇ ਮਜ਼ਹਬ ਦਾ ਕੋਈ ਖ਼ੁਦਾ ਮੁਆਫ਼ ਨਹੀਂ ਕਰ ਸਕਦਾ। ਬਤੋਲ ਅਤੇ ਬੇਲਾ ਦੋਨੋਂ ਸਕੀਆਂ ਭੈਣਾਂ ਦੀ ਤਰ੍ਹਾਂ ਮੇਰੇ ਕੋਲ ਰਹਿੰਦੀਆਂ ਹਨ। ਬਤੋਲ ਅਤੇ ਬੇਲਾ ਸਕੀਆਂ ਭੈਣਾਂ ਨਹੀਂ ਹਨ। ਬਤੋਲ ਮੁਸਲਮਾਨ ਕੁੜੀ ਹੈ। ਬੇਲਾ ਨੇ ਹਿੰਦੂ ਘਰ ਵਿੱਚ ਜਨਮ ਲਿਆ। ਅੱਜ ਦੋਨੋਂ ਫ਼ਾਰਸ ਰੋਡ ਉੱਤੇ ਇੱਕ ਰੰਡੀ ਦੇ ਘਰ ਵਿੱਚ ਬੈਠੀਆਂ ਹਨ।

ਜੇਕਰ ਬੇਲਾ ਰਾਵਲਪਿੰਡੀ ਤੋਂ ਆਈ ਹੈ ਤਾਂ ਬਤੋਲ ਜਲੰਧਰ ਦੇ ਇੱਕ ਪਿੰਡ ਖੇਮ ਕਰਨ ਦੇ ਇੱਕ ਪਠਾਣ ਦੀ ਧੀ ਹੈ। ਬਤੋਲ ਦੇ ਬਾਪ ਦੀਆਂ ਸੱਤ ਬੇਟੀਆਂ ਸਨ, ਤਿੰਨ ਸ਼ਾਦੀਸ਼ੁਦਾ ਅਤੇ ਚਾਰ ਕੁਆਰੀਆਂ। ਬਤੋਲ ਦਾ ਬਾਪ ਖੇਮਕਰਨ ਵਿੱਚ ਇੱਕ ਮਾਮੂਲੀ ਵਾਹੀਕਾਰ ਸੀ। ਗ਼ਰੀਬ ਪਠਾਣ ਪਰ ਅਣਖੀ ਪਠਾਣ ਜੋ ਸਦੀਆਂ ਤੋਂ ਖੇਮ ਕਰਨ ਵਿੱਚ ਆ ਕੇ ਬਸ ਗਏ ਸੀ। ਜੱਟਾਂ ਦੇ ਇਸ ਪਿੰਡ ਵਿੱਚ ਇਹੀ ਤਿੰਨ ਚਾਰ ਘਰ ਪਠਾਣਾਂ ਦੇ ਸਨ, ਇਹ ਲੋਕ ਜਿਸ ਹਲੀਮੀ ਅਤੇ ਸ਼ਾਂਤੀ ਨਾਲ ਰਹਿੰਦੇ ਸਨ ਸ਼ਾਇਦ ਉਸ ਦਾ ਅੰਦਾਜ਼ਾ ਪੰਡਿਤ-ਜੀ, ਤੁਹਾਨੂੰ ਇਸ ਗੱਲ ਤੋਂ ਹੋਵੇਗਾ ਕਿ ਮੁਸਲਮਾਨ ਹੋਣ ਉੱਤੇ ਵੀ ਉਨ੍ਹਾਂ ਲੋਕਾਂ ਨੂੰ ਆਪਣੇ ਪਿੰਡ ਵਿੱਚ ਮਸਜਦ ਬਣਾਉਣ ਦੀ ਇਜਾਜਤ ਨਹੀਂ ਸੀ। ਇਹ ਲੋਕ ਘਰ ਵਿੱਚ ਚੁਪ-ਚਾਪ ਆਪਣੀ ਨਮਾਜ਼ ਅਦਾ ਕਰਦੇ, ਸਦੀਆਂ ਤੋਂ ਜਦੋਂ ਵਲੋਂ ਮਹਾਰਾਜਾ ਰਣਜੀਤ ਸਿੰਘ ਨੇ ਹੁਕੂਮਤ ਦੀ ਵਾਗਡੋਰ ਸਾਂਭੀ ਸੀ ਕਿਸੇ ਮੋਮਿਨ ਨੇ ਇਸ ਪਿੰਡ ਵਿੱਚ ਅਜ਼ਾਨ ਨਾ ਦਿੱਤੀ ਸੀ। ਉਨ੍ਹਾਂ ਦਾ ਦਿਲ ਰੂਹਾਨੀਅਤ ਨਾਲ ਰੋਸ਼ਨ ਸੀ ਪਰ ਦੁਨਿਆਵੀ ਮਜਬੂਰੀਆਂ ਇਸ ਕਦਰ ਤੀਖਣ ਸਨ ਅਤੇ ਫਿਰ ਰਵਾਦਾਰੀ ਦਾ ਖਿਆਲ ਇਸ ਕਦਰ ਗ਼ਾਲਿਬ ਸੀ ਕਿ ਮੂੰਹ ਖੋਲ੍ਹਣ ਦੀ ਹਿੰਮਤ ਨਹੀਂ ਹੁੰਦੀ ਸੀ। ਬਤੋਲ ਆਪਣੇ ਬਾਪ ਦੀ ਚਹੇਤੀ ਕੁੜੀ ਸੀ। ਸੱਤਾਂ ਵਿੱਚ ਸਭ ਤੋਂ ਛੋਟੀ, ਸਭ ਤੋਂ ਪਿਆਰੀ, ਸਭ ਤੋਂ ਹਸੀਨ, ਬਤੋਲ ਇਸ ਕਦਰ ਹਸੀਨ ਹੈ ਕਿ ਹੱਥ ਲਗਾਉਣ ਨਾਲ ਮੈਲ਼ੀ ਹੁੰਦੀ ਹੈ, ਪੰਡਿਤ-ਜੀ, ਤੁਸੀ ਤਾਂ ਖ਼ੁਦ ਕਸ਼ਮੀਰੀ ਮੂਲ ਦੇ ਹੋ ਅਤੇ ਕਲਾਕਾਰ ਹੋ ਕੇ ਇਹ ਵੀ ਜਾਣਦੇ ਹੋ ਕਿ ਖ਼ੂਬਸੂਰਤੀ ਕਿਸ ਨੂੰ ਕਹਿੰਦੇ ਹਨ। ਇਹ ਖ਼ੂਬਸੂਰਤੀ ਅੱਜ ਮੇਰੀ ਗੰਦਗੀ ਦੇ ਢੇਰ ਵਿੱਚ ਗਡ-ਮਡ ਹੋ ਕੇ ਇਸ ਤਰ੍ਹਾਂ ਪਈ ਹੈ ਕਿ ਇਸ ਦੀ ਪਰਖ ਕਰਨ ਵਾਲਾ ਕੋਈ ਸ਼ਰੀਫ ਆਦਮੀ ਹੁਣ ਮੁਸ਼ਕਲ ਨਾਲ ਮਿਲੇਗਾ, ਇਸ ਗੰਦਗੀ ਵਿੱਚ ਗਲੇ ਸੜੇ ਮਾਰਵਾੜੀ, ਘਿਨ, ਮੁੱਛਾਂ ਵਾਲੇ ਠੇਕੇਦਾਰ, ਨਾਪਾਕ ਨਿਗਾਹਾਂ ਵਾਲੇ ਚੋਰ ਬਜ਼ਾਰੂ ਹੀ ਨਜ਼ਰ ਆਉਂਦੇ ਹਨ। ਬਤੋਲ ਬਿਲਕੁਲ ਅਨਪੜ੍ਹ ਹੈ। ਉਸ ਨੇ ਸਿਰਫ ਜਿਨਾਹ ਸਾਹਿਬ ਦਾ ਨਾਮ ਸੁਣਿਆ ਸੀ, ਪਾਕਿਸਤਾਨ ਨੂੰ ਇੱਕ ਅੱਛਾ ਤਮਾਸ਼ਾ ਸਮਝ ਕੇ ਉਸ ਦੇ ਨਾਹਰੇ ਲਗਾਏ ਸਨ। ਜਿਵੇਂ ਤਿੰਨ ਚਾਰ ਬਰਸ ਦੇ ਨੰਨ੍ਹੇ ਬੱਚੇ ਘਰ ਵਿੱਚ ਇੰਨਕਲਾਬ ਜ਼ਿੰਦਾਬਾਦ, ਕਰਦੇ ਫਿਰਦੇ ਹਨ। 
ਗਿਆਰਾਂ ਬਰਸ ਹੀ ਦੀ ਤਾਂ ਉਹ ਹੈ, ਅਨਪੜ੍ਹ ਬਤੋਲ। ਉਹ ਕੁਝ ਦਿਨ ਹੀ ਹੋਏ ਮੇਰੇ ਕੋਲ ਆਈ ਹੈ। ਇੱਕ ਹਿੰਦੂ ਦਲਾਲ ਉਸਨੂੰ ਮੇਰੇ ਕੋਲ ਲਿਆਇਆ ਸੀ। ਮੈਂ ਉਸਨੂੰ ਪੰਜ ਸੌ ਰੁਪਏ ਵਿੱਚ ਖਰੀਦ ਲਿਆ। ਇਸ ਤੋਂ ਪਹਿਲਾਂ ਉਹ ਕਿੱਥੇ ਸੀ। ਇਹ ਮੈਂ ਨਹੀਂ ਕਹਿ ਸਕਦੀ। ਹਾਂ, ਲੇਡੀ ਡਾਕਟਰ ਨੇ ਮੈਨੂੰ ਬਹੁਤ ਕੁੱਝ ਦੱਸਿਆ ਹੈ, ਕਿ ਜੇਕਰ ਤੁਸੀ ਉਸਨੂੰ ਸੁਣ ਲਵੋ ਤਾਂ ਸ਼ਾਇਦ ਪਾਗਲ ਹੋ ਜਾਓ। ਬਤੋਲ ਵੀ ਹੁਣ ਨੀਮ ਪਾਗਲ ਹੈ। ਇਸ ਦੇ ਬਾਪ ਨੂੰ ਜੱਟਾਂ ਨੇ ਇਸ ਬੇਦਰਦੀ ਨਾਲ ਮਾਰਿਆ ਹੈ ਕਿ ਹਿੰਦੂ ਤਹਜੀਬ ਦੇ ਪਿਛਲੇ ਛੇ ਹਜ਼ਾਰ ਬਰਸ ਦੇ ਛਿਲਕੇ ਉੱਤਰ ਗਏ ਹਨ ਅਤੇ ਇਨਸਾਨੀ ਬਰਬਰੀਅਤ ਆਪਣੇ ਵਹਿਸ਼ੀ ਨੰਗੇ ਰੂਪ ਵਿੱਚ ਸਭ ਦੇ ਸਾਹਮਣੇ ਆ ਗਈ ਹੈ। ਪਹਿਲਾਂ ਤਾਂ ਜੱਟਾਂ ਨੇ ਇਸ ਦੀਆਂ ਅੱਖਾਂ ਕੱਢ ਲਈਆਂ। ਫਿਰ ਉਸ ਦੇ ਮੂੰਹ ਵਿੱਚ ਪੇਸ਼ਾਬ ਕੀਤਾ, ਫਿਰ ਉਸ ਦੇ ਹਲਕ ਨੂੰ ਚੀਰ ਕੇ ਉਸ ਦੀਆਂ ਇਹ ਆਂਤੜੀਆਂ ਤੱਕ ਕੱਢ ਮਾਰੀਆਂ। ਫਿਰ ਉਸ ਦੀਆਂ ਸ਼ਾਦੀਸ਼ੁਦਾ ਬੇਟੀਆਂ ਨਾਲ ਜ਼ਬਰਦਸਤੀ ਮੂੰਹ ਕਾਲ਼ਾ ਕੀਤਾ। ਇਸ ਵਕ਼ਤ ਉਨ੍ਹਾਂ ਦੇ ਬਾਪ ਦੀ ਲਾਸ਼ ਦੇ ਸਾਹਮਣੇ, ਰਿਹਾਨਾ, ਗੁੱਲ ਦਰਖ਼ਸ਼ਾਂ, ਮਰਜੀਨਾ, ਸੋਹਾਂ, ਬੇਗਮ, ਇੱਕ ਇੱਕ ਕਰਕੇ ਵਹਿਸ਼ੀ ਇਨਸਾਨ ਨੇ ਆਪਣੇ ਮੰਦਿਰ ਦੀਆਂ ਮੂਰਤੀਆਂ ਨੂੰ ਨਾਪਾਕ ਕੀਤਾ। ਜਿਸਨੇ ਉਨ੍ਹਾਂ ਨੂੰ ਜੀਵਨ ਬਖਸ਼ਿਆ ਸੀ, ਜਿਸਨੇ ਉਨ੍ਹਾਂ ਨੂੰ ਲੋਰੀਆਂ ਸੁਣਾਈਆਂ ਸਨ, ਜਿਸਨੇ ਉਨ੍ਹਾਂ ਦੇ ਸਾਹਮਣੇ ਸ਼ਰਮ ਅਤੇ ਹਯਾ ਨਾਲ ਅਤੇ ਪਾਕੀਜ਼ਗੀ ਨਾਲ ਸਿਰ ਝੁੱਕਾਇਆ ਸੀ, ਉਨ੍ਹਾਂ ਤਮਾਮ ਭੈਣਾਂ, ਬਹੂਆਂ ਅਤੇ ਮਾਵਾਂ ਦੇ ਨਾਲ ਜਨਾਹ ਕੀਤਾ। ਹਿੰਦੂ ਧਰਮ ਨੇ ਆਪਣੀ ਇੱਜ਼ਤ ਪੁੱਟੀ ਸੀ ਆਪਣੀ ਰਵਾਦਾਰੀ ਤਬਾਹ ਕਰ ਦਿੱਤੀ ਸੀ, ਆਪਣੀ ਅਜਮਤ ਮਿਟਾ ਲਈ ਸੀ, ਅੱਜ ਰਿਗ ਵੇਦ ਦਾ ਹਰ ਮੰਤਰ ਖ਼ਾਮੋਸ਼ ਸੀ। ਅੱਜ ਗਰੰਥ ਸਾਹਿਬ ਦਾ ਹਰ ਸ਼ਬਦ ਸ਼ਰਮਿੰਦਾ ਸੀ। ਅੱਜ ਗੀਤਾ ਦਾ ਹਰੇਕ ਸ਼ਲੋਕ ਜਖ਼ਮੀ ਸੀ। ਕੌਣ ਹੈ ਜੋ ਮੇਰੇ ਸਾਹਮਣੇ ਅਜੰਤਾ ਦੀ ਚਿੱਤਰਕਾਰੀ ਦਾ ਨਾਮ ਲੈ ਸਕਦਾ ਹੈ। ਅਸ਼ੋਕ ਦੇ ਸ਼ਿਲਾਲੇਖ ਸੁਣਾ ਸਕਦਾ ਹੈ, ਅਲੋਰਾ ਦੇ ਬੁੱਤ ਘਾੜਿਆਂ ਦੇ ਗੁਣ ਗਾ ਸਕਦਾ ਹੈ। ਬਤੋਲ ਦੇ ਬੇਬਸ ਮੀਚੇ ਹੋਏ ਹੋਠਾਂ, ਉਸ ਦੀਆਂ ਬਾਂਹਾਂ ਉੱਤੇ ਵਹਿਸ਼ੀ ਦਰਿੰਦਿਆਂ ਦੇ ਦੰਦਾਂ ਦੇ ਨਿਸ਼ਾਨ ਅਤੇ ਉਸ ਦੀਆਂ ਭਰਵੀਆਂ ਟੰਗਾਂ ਦੀ ਲੜਖੜਾਹਟ ਵਿੱਚ ਤੁਹਾਡੀ ਅਜੰਤਾ ਦੀ ਮੌਤ ਹੈ। ਤੁਹਾਡੇ ਅਲੋਰਾ ਦਾ ਜਨਾਜ਼ਾ ਹੈ। ਤੁਹਾਡੀ ਸਭਿਅਤਾ ਦਾ ਕਫ਼ਨ ਹੈ। ਆਓ ਆਓ ਮੈਂ ਤੁਹਾਨੂੰ ਉਸ ਖ਼ੂਬਸੂਰਤੀ ਨੂੰ ਦਿਖਾਵਾਂ ਜੋ ਕਦੇ ਬਤੋਲ ਸੀ, ਉਸ ਗਲੀ ਸੜੀ ਲਾਸ਼ ਨੂੰ ਦਿਖਾਵਾਂ ਜੋ ਅੱਜ ਬਤੋਲ ਹੈ।

ਭਾਵਨਾਵਾਂ ਦੇ ਵਹਿਣ ਵਿੱਚ ਮੈਂ ਬਹੁਤ ਕੁੱਝ ਕਹਿ ਗਈ। ਸ਼ਾਇਦ ਇਹ ਸਭ ਮੈਨੂੰ ਨਹੀਂ ਕਹਿਣਾ ਚਾਹੀਦਾ ਸੀ। ਸ਼ਾਇਦ ਇਸ ਵਿੱਚ ਤੁਹਾਡੀ ਹੁਬਕੀ ਹੈ। ਸ਼ਾਇਦ ਇਸ ਤੋਂ ਜ਼ਿਆਦਾ ਨਾਗਵਾਰ ਗੱਲਾਂ ਤੁਹਾਡੇ ਨਾਲ ਹੁਣ ਤੱਕ ਕਿਸੇ ਨੇ ਨਾ ਕੀਤੀਆਂ ਹੋਣ ਨਾ ਸੁਣਾਈਆਂ ਹੋਣ। ਸ਼ਾਇਦ ਤੁਸੀ ਇਹ ਸਭ ਕੁੱਝ ਨਹੀਂ ਕਰ ਸਕਦੇ। ਸ਼ਾਇਦ ਥੋੜ੍ਹਾ ਵੀ ਨਹੀਂ ਕਰ ਸਕਦੇ। ਫਿਰ ਵੀ ਸਾਡੇ ਮੁਲਕ ਵਿੱਚ ਆਜ਼ਾਦੀ ਆ ਗਈ ਹੈ। ਹਿੰਦੁਸਤਾਨ ਵਿੱਚ ਅਤੇ ਪਾਕਿਸਤਾਨ ਵਿੱਚ ਅਤੇ ਸ਼ਾਇਦ ਇੱਕ ਤਵਾਇਫ਼ ਨੂੰ ਵੀ ਆਪਣੇ ਆਗੂਆਂ ਕੋਲੋਂ ਪੁੱਛਣ ਦਾ ਇਹ ਹੱਕ ਜ਼ਰੂਰ ਹੈ ਕਿ ਹੁਣ ਬੇਲਾ ਅਤੇ ਬਤੋਲ ਦਾ ਕੀ ਹੋਵੇਗਾ। 
ਬੇਲਾ ਅਤੇ ਬਤੋਲ ਦੋ ਕੁੜੀਆਂ ਹਨ ਦੋ ਕੌਮਾਂ ਹਨ ਦੋ ਤਹਜ਼ੀਬਾਂ ਹਨ। ਦੋ ਮੰਦਿਰ ਅਤੇ ਮਸਜਦ ਹਨ। ਬੇਲਾ ਅਤੇ ਬਤੋਲ ਅੱਜਕੱਲ੍ਹ ਫ਼ਾਰਸ ਰੋਡ ਉੱਤੇ ਇੱਕ ਰੰਡੀ ਦੇ ਕੋਲ ਰਹਿੰਦੀਆਂ ਹਨ ਜੋ ਚੀਨੀ ਨਾਈ ਦੀ ਬਗ਼ਲ ਵਿੱਚ ਆਪਣੀ ਦੁਕਾਨ ਦਾ ਧੰਦਾ ਚਲਾਂਦੀ ਹੈ। ਬੇਲਾ ਅਤੇ ਬਤੋਲ ਨੂੰ ਇਹ ਧੰਦਾ ਪਸੰਦ ਨਹੀਂ। ਮੈਂ ਉਨ੍ਹਾਂ ਨੂੰ ਖ਼ਰੀਦਿਆ ਹੈ। ਮੈਂ ਚਾਹਾਂ ਤਾਂ ਉਨ੍ਹਾਂ ਤੋਂ ਇਹ ਕੰਮ ਲੈ ਸਕਦੀ ਹਾਂ। ਪਰ ਮੈਂ ਸੋਚਦੀ ਹਾਂ ਵਿੱਚ ਇਹ ਕੰਮ ਨਹੀਂ ਕਰਾਂਗੀ ਜੋ ਰਾਵਲਪਿੰਡੀ ਅਤੇ ਜਲੰਧਰ ਨੇ ਉਨ੍ਹਾਂ ਨਾਲ ਕੀਤਾ ਹੈ। ਮੈਂ ਉਨ੍ਹਾਂ ਨੂੰ ਹੁਣ ਤੱਕ ਫ਼ਾਰਸ ਰੋਡ ਦੀ ਦੁਨੀਆ ਤੋਂ ਅਲਗ-ਥਲਗ ਰੱਖਿਆ ਹੈ। ਫਿਰ ਵੀ ਜਦੋਂ ਮੇਰੇ ਗਾਹਕ ਪਿਛਲੇ ਕਮਰੇ ਵਿੱਚ ਜਾ ਕੇ ਆਪਣਾ ਮੂੰਹ ਹੱਥ ਧੋਣੇ ਲੱਗਦੇ ਹਨ, ਉਸ ਵਕ਼ਤ ਬੇਲਾ ਅਤੇ ਬਤੋਲ ਦੀਆਂ ਨਜ਼ਰਾਂ ਮੈਨੂੰ ਕੁਝ ਕਹਿਣ ਲੱਗਦੀਆਂ ਹਨ। ਮੈਨੂੰ ਉਨ੍ਹਾਂ ਨਿਗਾਹਾਂ ਦੀ ਤਾਬ ਨਹੀਂ। ਮੈਂ ਠੀਕ ਤਰ੍ਹਾਂ ਨਾਲ ਉਨ੍ਹਾਂ ਦਾ ਸੁਨੇਹਾ ਵੀ ਤੁਹਾਡੇ ਤੱਕ ਨਹੀਂ ਪਹੁੰਚਾ ਸਕਦੀ ਹਾਂ। ਤੁਸੀ ਕਿਉਂ ਨਾ ਖ਼ੁਦ ਉਨ੍ਹਾਂ ਨਿਗਾਹਾਂ ਦਾ ਸੁਨੇਹਾ ਪੜ ਲਓ। ਪੰਡਿਤ-ਜੀ ਮੈਂ ਚਾਹੁੰਦੀ ਹਾਂ ਕਿ ਤੁਸੀ ਬਤੋਲ ਨੂੰ ਆਪਣੀ ਧੀ ਬਣਾ ਲਓ। ਜਿਨਾਹ ਸਾਹਿਬ ਮੈਂ ਚਾਹੁੰਦੀ ਹਾਂ ਕਿ ਤੁਸੀ ਬੇਲਾ ਨੂੰ ਆਪਣੀ ਦੁਖ਼ਤਰ ਨੇਕ ਅਖ਼ਤਰ ਸਮਝੋ। ਜਰਾ ਇੱਕ ਦਫਾ ਉਨ੍ਹਾਂ ਨੂੰ ਇਸ ਫ਼ਾਰਸ ਰੋਡ ਦੇ ਚੰਗੁਲ ਤੋਂ ਛੁਡਾ ਕੇ ਆਪਣੇ ਘਰ ਵਿੱਚ ਰੱਖੋ ਅਤੇ ਉਨ੍ਹਾਂ ਲੱਖਾਂ ਰੂਹਾਂ ਦਾ ਵੈਣ ਸੁਣੋ। ਇਹ ਵੈਣ ਜੋ ਨਵਾਖਾਲੀ ਤੋਂ ਰਾਵਲਪਿੰਡੀ ਤੱਕ ਅਤੇ ਭਰਤਪੁਰ ਤੋਂ ਬੰਬਈ ਤੱਕ ਗੂੰਜ ਰਿਹਾ ਹੈ। ਕੀ ਸਿਰਫ ਗੌਰਮਿੰਟ ਹਾਊਸ ਵਿੱਚ ਇਸ ਦੀ ਆਵਾਜ਼ ਸੁਣਾਈ ਨਹੀਂ ਦਿੰਦੀ, ਇਹ ਆਵਾਜ਼ ਸੁਣੋਗੇ ਤੁਸੀਂ?
ਤੁਹਾਡੀ ਵਿਸ਼ਵਾਸਪਾਤਰ,
ਫ਼ਾਰਸ ਰੋਡ ਦੀ ਇੱਕ ਤਵਾਇਫ਼

ਕਾਲੂ ਭੰਗੀ (ਕਹਾਣੀ) – ਕ੍ਰਿਸ਼ਨ ਚੰਦਰ

March 20, 2018
(ਉਰਦੂ ਦੇ ਮਹਾਨ ਕਹਾਣੀਕਾਰ ਕ੍ਰਿਸ਼ਨ ਚੰਦਰ ਦੀ ਇੱਕ ਯਾਦਗਾਰੀ ਕਹਾਣੀ)
ਮੈਂ ਇਸਤੋਂ ਪਹਿਲਾਂ ਹਜ਼ਾਰ ਵਾਰ ਕਾਲੂ ਭੰਗੀ ਦੇ ਬਾਰੇ ਵਿੱਚ ਲਿਖਣਾ ਚਾਹਿਆ ਹੈ। ਪਰ ਮੇਰੀ ਕਲਮ ਹਰ ਵਾਰ ਇਹ ਸੋਚਕੇ ਰੁੱਕ ਗਈ ਹੈ ਕਿ ਕਾਲੂ ਭੰਗੀ ਦੇ ਬਾਰੇ ਲਿਖ਼ਿਆ ਹੀ ਕੀ ਜਾ ਸਕਦਾ ਹੈ। ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਮੈਂ ਉਸਦੀ ਜ਼ਿੰਦਗੀ ਨੂੰ ਦੇਖਣ ਪਰਖਣ ਸਮਝਣ ਦੀ ਕੋਸ਼ਿਸ਼ ਕੀਤੀ ਹੈ ਪਰ ਕਿਤੇ ਉਹ ਟੇਢੀ ਲਕੀਰ ਵਿਖਾਈ ਨਹੀਂ ਦਿੰਦੀ ਜਿਸਦੇ ਨਾਲ ਦਿਲਚਸਪ ਕਹਾਣੀ ਘੜੀ ਜਾ ਸਕਦੀ ਹੈ। ਦਿਲਚਸਪ ਹੋਣਾ ਤਾਂ ਦਰ ਕਿਨਾਰ, ਕੋਈ ਸਿੱਧੀ ਸਾਧੀ ਕਹਾਣੀ, ਫ਼ੋਕੀ ਅਤੇ ਬੇ ਰੰਗ, ਬੇ ਜਾਨ ਟੋਟਾ ਵੀ ਤਾਂ ਨਹੀਂ ਲਿਖਿਆ ਜਾ ਸਕਦਾ, ਕਾਲੂ ਭੰਗੀ ਦੇ ਬਾਰੇ ਫਿਰ ਪਤਾ ਨਹੀਂ ਕੀ ਗੱਲ ਹੈ, ਹਰ ਕਹਾਣੀ ਦੇ ਸ਼ੁਰੂ ਵਿੱਚ ਮੇਰੇ ਜ਼ਿਹਨ ਵਿੱਚ ਕਾਲੂ ਭੰਗੀ ਆਣ ਖੜਾ ਹੁੰਦਾ ਹੈ ਅਤੇ ਮੈਨੂੰ ਮੁਸਕਰਾ ਕੇ ਪੁੱਛਦਾ ਹੈ:
“ਛੋਟੇ ਸਾਹਿਬ! ਮੇਰੇ ਤੇ ਕਹਾਣੀ ਨਹੀਂ ਲਿਖੋਗੇ? ਕਿੰਨੇ ਸਾਲ ਹੋ ਗਏ ਤੁਹਾਨੂੰ ਲਿਖਦੇ ਹੋਏ?”
“ਅੱਠ ਸਾਲ।”
“ਕਿੰਨੀ ਕਹਾਣੀਆਂ ਲਿਖੀਆਂ ਤੁਸੀਂ?”
“ਸੱਠ ਤੇ ਦੋ ਬਾਹਠ।”
“ਮੇਰੇ ਵਿੱਚ ਕੀ ਬੁਰਾਈ ਹੈ ਛੋਟੇ ਸਾਹਿਬ। ਤੁਸੀਂ ਮੇਰੇ ਬਾਰੇ ਕਿਉਂ ਨਹੀਂ ਲਿਖਦੇ? ਵੇਖੋ ਕਦੋਂ ਤੋਂ ਮੈਂ ਇਸ ਕਹਾਣੀ ਦੀ ਉਡੀਕ ਵਿੱਚ ਖੜਾ ਹਾਂ। ਤੁਹਾਡੇ ਜ਼ਿਹਨ ਦੇ ਇੱਕ ਕੋਨੇ ਵਿੱਚ ਵਿੱਚ ਮੁੱਦਤ ਤੋਂ ਹੱਥ ਬੰਨ੍ਹੇ ਖੜਾ ਹਾਂ, ਛੋਟੇ ਸਾਹਿਬ, ਮੈਂ ਤਾਂ ਤੁਹਾਡਾ ਪੁਰਾਣਾ ਹਲਾਲਖ਼ੋਰ ਹਾਂ, ਕਾਲੂ ਭੰਗੀ ਆਖ਼ਰ ਤੁਸੀਂ ਮੇਰੇ ਬਾਰੇ ਕਿਉਂ ਨਹੀਂ ਲਿਖਦੇ?”
ਅਤੇ ਮੈਂ ਕੋਈ ਜਵਾਬ ਨਹੀਂ ਦੇ ਸਕਦਾ। ਏਨੀ ਸਿੱਧੀ ਸਪਾਟ ਜ਼ਿੰਦਗੀ ਰਹੀ ਹੈ ਕਾਲੂ ਭੰਗੀ ਦੀ ਕਿ ਮੈਂ ਕੁੱਝ ਵੀ ਤਾਂ ਨਹੀਂ ਲਿਖ ਸਕਦਾ ਉਸਦੇ ਬਾਰੇ। ਇਹ ਨਹੀਂ ਕਿ ਮੈਂ ਉਸਦੇ ਬਾਰੇ ਕੁੱਝ ਲਿਖਣਾ ਹੀ ਨਹੀਂ ਚਾਹੁੰਦਾ, ਦਰ ਅਸਲ ਮੈਂ ਕਾਲੂ ਭੰਗੀ ਦੇ ਬਾਰੇ ਲਿਖਣ ਦਾ ਇਰਾਦਾ ਇੱਕ ਮੁੱਦਤ ਤੋਂ ਬਣਾ ਰਿਹਾ ਹਾਂ ਪਰ ਕਦੇ ਲਿਖ ਨਹੀਂ ਸਕਿਆ। ਇਸ ਲਈ ਅੱਜ ਤੱਕ ਕਾਲੂ ਭੰਗੀ ਆਪਣੀ ਪੁਰਾਣੀ ਝਾੜੂ ਲਈ, ਆਪਣੇ ਵੱਡੇ ਵੱਡੇ ਨੰਗੇ ਗੋਡੇ ਲਈ, ਆਪਣੇ ਬਿਆਈਆਂ ਫਟੇ ਖੁਰਦਰੇ ਬਦ ਕਿਸਮਤ ਪੈਰ ਲਈ, ਆਪਣੀਆਂ ਸੁੱਕੀਆਂ ਟੰਗਾਂ ਉੱਤੇ ਉਭਰੀਆਂ ਦਰਾੜਾਂ, ਆਪਣੇ ਕੁੱਲ੍ਹਿਆਂ ਦੀਆਂ ਉਭਰੀਆਂ-ਉਭਰੀਆਂ ਹੱਡੀਆਂ ਲਈ, ਭੁੱਖੇ ਢਿੱਡ ਅਤੇ ਆਪਣੀ ਖੁਸ਼ਕ ਚਮੜੀ ਦੀਆਂ ਸਿਆਹ ਝੁਰੜੀਆਂ ਲਈ, ਆਪਣੇ ਮੁਰਝਾਏ ਹੋਏ ਸੀਨੇ ਉੱਤੇ ਗਰਦ ਅੱਟੀਆਂ ਵਾਲਾਂ ਦੀਆਂ ਝਾੜੀਆਂ ਲਈ, ਆਪਣੇ ਸੁੰਗੜੇ ਸੁੰਗੜੇ ਹੋਂਠਾਂ, ਫੈਲੀਆਂ ਫੈਲੀਆਂ ਨਾਸਾਂ, ਝੁਰੜੀਆਂ ਵਾਲੀਆਂ ਗੱਲ੍ਹਾਂ ਅਤੇ ਆਪਣੀਆਂ ਅੱਖਾਂ ਦੇ ਅੱਧ-ਕਾਲੇ ਖੱਡਿਆਂ ਦੇ ਉਪਰ ਗੰਜਾ ਟੋਟਣ ਉਭਾਰੇ ਮੇਰੇ ਜ਼ਿਹਨ ਦੇ ਕੋਨੇ ਵਿੱਚ ਖੜਾ ਹੈ, ਹੁਣ ਤੱਕ। ਕਈ ਕਿਰਦਾਰ ਆਏ ਅਤੇ ਆਪਣੀ ਜ਼ਿੰਦਗੀ ਦੱਸਕੇ, ਆਪਣੀ ਅਹਮੀਅਤ ਜਤਾ ਕੇ, ਆਪਣੀ ਨਾਟਕੀਅਤਾ ਜ਼ਿਹਨ ਵਿੱਚ ਬਿਠਾ ਕੇ ਚਲੇ ਗਏ। ਹਸੀਨ ਔਰਤਾਂ, ਦਿਲਕਸ਼ ਖ਼ਿਆਲ, ਸ਼ੈਤਾਨ ਦੇ ਚਿਹਰੇ ਉਸ ਦੇ ਜ਼ਿਹਨ ਦੇ ਰੰਗ ਰੋਗ਼ਨ ਨਾਲ ਸਾਕਾਰ ਹੋਏ, ਉਸਦੀ ਚਾਰ ਦੀਵਾਰੀ ਵਿੱਚ ਆਪਣੇ ਦੀਵੇ ਜਲਾ ਕੇ ਚਲੇ ਗਏ ਪਰ ਕਾਲੂ ਭੰਗੀ ਬਦਸਤੂਰ ਆਪਣੀ ਝਾੜੂ ਸੰਭਾਲੀਂ ਇਸੇ ਤਰ੍ਹਾਂ ਖੜਾ ਹੈ। ਉਸਨੇ ਇਸ ਘਰ ਦੇ ਅੰਦਰ ਆਉਣ ਵਾਲੇ ਹਰ ਕਿਰਦਾਰ ਨੂੰ ਵੇਖਿਆ ਹੈ, ਉਸਨੂੰ ਰੋਂਦੇ ਹੋਏ, ਗਿੜਗੜਾਉਦੇ ਹੋਏ, ਮੁਹੱਬਤ ਕਰਦੇ ਹੋਏ, ਨਫਰਤ ਕਰਦੇ ਹੋਏ, ਸੌਂਦੇ ਹੋਏ, ਜਾਗਦੇ ਹੋਏ, ਕਹਿਕਹੇ ਲਗਾਉਂਦੇ ਹੋਏ, ਤਕਰੀਰ ਕਰਦੇ ਹੋਏ, ਜ਼ਿੰਦਗੀ ਦੇ ਹਰ ਰੰਗ ਵਿੱਚ, ਹਰ ਤਰੀਕੇ ਨਾਲ, ਹਰ ਮੰਜ਼ਲ ਵਿੱਚ ਵੇਖਿਆ ਹੈ। ਬਚਪਨ ਤੋਂ ਬੁਢੇਪੇ ਤੋਂ ਮੌਤ ਤੱਕ ਉਸਨੇ ਹਰ ਅਜਨਬੀ ਨੂੰ ਉਸਦੇ ਘਰ ਦੇ ਦਰਵਾਜ਼ੇ ਦੇ ਅੰਦਰ ਝਾਕਦੇ ਵੇਖਿਆ ਹੈ। ਅਤੇ ਉਸਨੂੰ ਅੰਦਰ ਆਉਂਦੇ ਹੋਏ ਵੇਖਕੇ ਉਸਦੇ ਲਈ ਰਸਤਾ ਸਾਫ਼ ਕੀਤਾ ਹੈ। ਉਹ ਆਪ ਪਰੇ ਹੱਟ ਗਿਆ ਹੈ। ਇੱਕ ਭੰਗੀ ਦੀ ਤਰ੍ਹਾਂ ਹਟਕੇ ਖੜਾ ਹੋ ਗਿਆ ਹੈ, ਕਿ ਦਾਸਤਾਨ ਸ਼ੁਰੂ ਹੋਕੇ ਖ਼ਤਮ ਵੀ ਹੋ ਗਈ ਹੈ, ਕਿ ਕਿਰਦਾਰ ਅਤੇ ਤਮਾਸ਼ਾਈ ਦੋਨੋਂ ਚਲੇ ਗਏ ਹਨ ਪਰ ਕਾਲੂ ਭੰਗੀ ਉਸਦੇ ਬਾਅਦ ਵੀ ਉਹੀ ਖੜਾ ਹੈ। ਹੁਣ ਸਿਰਫ ਇੱਕ ਕਦਮ ਉਸਨੇ ਅੱਗੇ ਵਧਾ ਲਿਆ ਹੈ ਅਤੇ ਜ਼ਿਹਨ ਦੇ ਕੇਂਦਰ ਵਿੱਚ ਆ ਗਿਆ ਹੈ ਤਾਂਕਿ ਮੈਂ ਚੰਗੀ ਤਰ੍ਹਾਂ ਵੇਖ ਲਵਾਂ। ਉਸਦਾ ਨੰਗਾ ਟੋਟਣ ਚਮਕ ਰਿਹਾ ਹੈ ਅਤੇ ਹੋਠਾਂ ਉੱਤੇ ਇੱਕ ਖ਼ਾਮੋਸ਼ ਸਵਾਲ ਹੈ। ਇੱਕ ਅਰਸੇ ਤੋਂ ਮੈਂ ਇਸਨੂੰ ਵੇਖ ਰਿਹਾ ਹਾਂ, ਸਮਝ ਵਿੱਚ ਨਹੀ ਆਉਂਦਾ ਕੀ ਲਿਖਾਂਗਾ ਇਸਦੇ ਬਾਰੇ ਵਿੱਚ, ਪਰ ਅੱਜ ਇਹ ਭੂਤ ਅਜਿਹੇ ਮੰਨੇਗਾ ਨਹੀਂ, ਇਸਨੂੰ ਕਈ ਸਾਲਾਂ ਤੱਕ ਟਾਲਿਆ ਹੈ, ਅੱਜ ਇਸਨੂੰ ਵੀ ਅਲਵਿਦਾ ਕਹਿ ਦੇਈਏ।
ਮੈਂ ਸੱਤ ਸਾਲ ਦਾ ਸੀ ਜਦੋਂ ਮੈਂ ਕਾਲੂ ਭੰਗੀ ਨੂੰ ਪਹਿਲੀ ਵਾਰ ਵੇਖਿਆ। ਉਸਦੇ ਵੀਹ ਸਾਲ ਬਾਅਦ ਜਦੋਂ ਉਹ ਮਰਿਆ, ਮੈਂ ਉਸਨੂੰ ਉਸੇ ਹਾਲਤ ਵਿੱਚ ਵੇਖਿਆ। ਕੋਈ ਫ਼ਰਕ ਨਹੀਂ ਸੀ। ਉਹੀ ਗੋਡੇ, ਉਹੀ ਪੈਰ ਉਹੀ ਰੰਗਤ, ਉਹੀ ਚਿਹਰਾ, ਉਹੀ ਟੋਟਣ, ਉਹੀ ਟੁੱਟੇ ਹੋਏ ਦੰਦ ਤੇ, ਉਹੀ ਝਾੜੂ ਜੋ ਇਉਂ ਲਗਦਾ ਸੀ ਮਾਂ ਦੇ ਢਿੱਡ ਤੋਂ ਚੁੱਕੀ ਚਲਾ ਆ ਰਿਹਾ ਹੈ। ਕਾਲੂ ਭੰਗੀ ਦਾ ਝਾੜੂ ਉਸਦੇ ਜਿਸਮ ਦਾ ਇੱਕ ਅੰਗ ਹੀ ਲੱਗਦਾ ਸੀ। ਉਹ ਹਰ ਰੋਜ਼ ਮਰੀਜ਼ਾਂ ਦਾ ਮਲ਼ ਮੂਤਰ ਸਾਫ਼ ਕਰਦਾ ਸੀ। ਫਿਰ ਡਾਕਟਰ ਸਾਹਿਬ ਅਤੇ ਕੰਪਾਊਂਡਰ ਸਾਹਿਬ ਦੇ ਬੰਗਲਿਆਂ ਵਿੱਚ ਸਫਾਈ ਦਾ ਕੰਮ ਕਰਦਾ ਸੀ। ਡਿਸਪੈਂਸਰੀ ਵਿੱਚ ਫ਼ਿਨਾਇਲ ਛਿੜਕਦਾ ਸੀ, ਫਿਰ ਕੰਪਾਊਂਡਰ ਸਾਹਿਬ ਦੀ ਬੱਕਰੀ ਅਤੇ ਡਾਕਟਰ ਸਾਹਿਬ ਦੀ ਗਾਂ ਨੂੰ ਚਰਾਣ ਲਈ ਜੰਗਲ ਲੈ ਜਾਣ ਅਤੇ ਦਿਨ ਢਲਦੇ ਹੀ ਉਨ੍ਹਾਂ ਨੂੰ ਵਾਪਸ ਹਸਪਤਾਲ ਵਿੱਚ ਲੈ ਆਉਂਦਾ ਅਤੇ ਪਸ਼ੂਆਂ ਦੇ ਵਾੜੇ ਵਿੱਚ ਬੰਨ੍ਹ ਕੇ ਆਪਣਾ ਖਾਣਾ ਤਿਆਰ ਕਰਦਾ ਅਤੇ ਉਸਨੂੰ ਖਾਕੇ ਸੌਂ ਜਾਂਦਾ। ਵੀਹ ਸਾਲ ਤੋਂ ਉਸਨੂੰ ਮੈਂ ਇਹੀ ਕੰਮ ਕਰਦੇ ਹੋਏ ਵੇਖ ਰਿਹਾ ਸੀ – ਹਰ ਰੋਜ਼ ਬਿਲਾ ਨਾਗ਼ਾ। ਇਸ ਅਰਸੇ ਵਿੱਚ ਉਹ ਕਦੇ ਇੱਕ ਦਿਨ ਲਈ ਵੀ ਬੀਮਾਰ ਨਹੀਂ ਹੋਇਆ। ਇਹ ਮਾਮਲਾ ਹੈਰਾਨੀ ਭਰਿਆ ਜ਼ਰੂਰ ਸੀ ਪਰ ਇੰਨਾ ਵੀ ਨਹੀਂ ਕਿ ਮਹਿਜ਼ ਇਸ ਲਈ ਕਹਾਣੀ ਲਿਖੀ ਜਾਵੇ, ਖੈਰ ਇਹ ਕਹਾਣੀ ਤਾਂ ਜ਼ਬਰਦਸਤੀ ਲਿਖਵਾਈ ਜਾ ਰਹੀ ਹੈ। ਅੱਠ ਸਾਲ ਤੋਂ ਮੈਂ ਉਸਨੂੰ ਟਾਲਦਾ ਆਇਆ ਹਾਂ ਪਰ ਇਹ ਬੰਦਾ ਨਹੀਂ ਮੰਨਿਆ। ਜਬਰਦਸਤੀ ਕੰਮ ਲੈ ਰਿਹਾ ਹੈ। ਇਹ ਜੁਲਮ ਮੇਰੇ ਉੱਤੇ ਵੀ ਹੈ ਅਤੇ ਤੁਹਾਡੇ ਉੱਤੇ ਵੀ। ਮੇਰੇ ਉੱਤੇ ਇਸਲਈ ਕਿ ਮੈਨੂੰ ਲਿਖਣਾ ਪੈ ਰਿਹਾ ਹੈ ਅਤੇ ਤੁਹਾਡੇ ਉੱਤੇ ਇਸ ਲਈ ਕਿ ਤੁਹਾਨੂੰ ਇਸਨੂੰ ਪੜ੍ਹਨਾ ਪੈ ਰਿਹਾ ਹੈ। ਹਾਲਾਂਕਿ ਇਸ ਵਿੱਚ ਕੋਈ ਅਜਿਹੀ ਗੱਲ ਹੀ ਨਹੀਂ ਜਿਸ ਦੇ ਲਈ ਇਸਦੇ ਬਾਰੇ ਇਤਨੀ ਸਿਰਦਰਦੀ ਮੁੱਲ ਲਈ ਜਾਵੇ। ਮਗਰ ਕੀ ਕੀਤਾ ਜਾਵੇ ਕਾਲੂ ਭੰਗੀ ਦੀਆਂ ਖ਼ਾਮੋਸ਼ ਨਿਗਾਹਾਂ ਦੇ ਅੰਦਰ ਇੱਕ ਅਜਿਹੀ ਖਿੱਚੀ ਖਿੱਚੀ ਜਿਹੀ ਮਿੰਨਤ ਭਰੀ ਪੀੜ ਹੈ। ਇੱਕ ਮਜਬੂਰ ਬੇ-ਜ਼ਬਾਨੀ ਹੈ, ਇੱਕ ਅਜਿਹੀ ਮਹਿਬੂਸ ਗਹਿਰਾਈ ਹੈ ਕਿ ਮੈਨੂੰ ਉਸਦੇ ਬਾਰੇ ਲਿਖਣਾ ਪੈ ਰਿਹਾ ਹੈ ਅਤੇ ਲਿਖਦੇ ਲਿਖਦੇ ਇਹ ਵੀ ਸੋਚਦਾ ਹਾਂ ਕਿ ਉਸਦੀ ਜ਼ਿੰਦਗੀ ਦੇ ਬਾਰੇ ਕੀ ਲਿਖਾਂਗਾ ਮੈਂ। ਕੋਈ ਪਹਿਲੂ ਵੀ ਤਾਂ ਅਜਿਹਾ ਨਹੀਂ ਜੋ ਦਿਲਚਸਪ ਹੋਵੇ। ਕੋਈ ਕੋਨਾ ਅਜਿਹਾ ਨਹੀਂ ਜੋ ਹਨੇਰਾ ਹੋਵੇ, ਕੋਈ ਜ਼ਾਵੀਆ ਅਜਿਹਾ ਨਹੀਂ ਜਿਸ ਵਿੱਚ ਮਿਕਨਾਤੀਸੀ ਕਸ਼ਿਸ਼ ਹੋਵੇ। ਹਾਂ ਅੱਠ ਸਾਲ ਤੋਂ ਨਿਰੰਤਰ ਮੇਰੇ ਜ਼ਿਹਨ ਵਿੱਚ ਖੜਾ ਹੈ, ਖ਼ਬਰ ਨਹੀਂ ਕਿਉਂ? ਉਸ ਵਿੱਚ ਉਸਦੀ ਹਠਧਰਮੀ ਦੇ ਸਿਵਾ ਹੋਰ ਤਾਂ ਮੈਨੂੰ ਕੁੱਝ ਨਜ਼ਰ ਨਹੀਂ ਆਉਂਦਾ। ਜਦੋਂ ਮੈਂ ਰੋਮਾਨੀਅਤ ਤੋਂ ਅੱਗੇ ਸਫ਼ਰ ਅਖਤਿਆਰ ਕੀਤਾ ਅਤੇ ਹੁਸ਼ਨ ਅਤੇ ਹੈਵਾਨ ਦੀਆਂ ਵਭਿੰਨ ਕੈਫ਼ੀਅਤਾਂ ਵੇਖਦਾ ਹੋਇਆ ਟੁੱਟੇ ਹੋਏ ਤਾਰਿਆਂ ਨੂੰ ਛੂਹਣ ਲਗਾ, ਉਸ ਵਕਤ ਵੀ ਇਹ ਉਹੀ ਸੀ। ਜਦੋਂ ਮੈਂ ਬਾਲਕੋਨੀ ਤੋਂ ਝਾਕ ਕੇ ਉਨ੍ਹਾਂ ਦਾਤਾਵਾਂ ਦੀ ਗ਼ੁਰਬਤ ਵੇਖੀ ਅਤੇ ਪੰਜਾਬ ਦੀ ਸਰਜ਼ਮੀਨ ਉੱਤੇ ਖ਼ੂਨ ਦੀਆਂ ਨਦੀਆਂ ਵਗਦੀਆਂ ਵੇਖਕੇ ਆਪਣੇ ਵਹਿਸ਼ੀ ਹੋਣ ਦਾ ਇਲਮ ਹਾਸਲ ਕੀਤਾ ਉਸ ਵਕਤ ਵੀ ਇਹ ਉਥੇ ਹੀ ਮੇਰੇ ਜ਼ਿਹਨ ਦੇ ਦਰਵਾਜ਼ੇ ਉੱਤੇ ਖੜਾ ਸੀ। ਸੁਮਬਕੁਮ, ਮਗਰ ਹੁਣ ਇਹ ਜਾਵੇਗਾ ਜ਼ਰੂਰ ਹੁਣ ਤੇ ਇਸਨੂੰ ਜਾਣਾ ਹੀ ਪਵੇਗਾ। ਹੁਣ ਮੈਂ ਇਸਦੇ ਬਾਰੇ ਵਿੱਚ ਲਿਖ ਰਿਹਾ ਹਾਂ। ਅੱਲ੍ਹਾ ਇਸਦੀ ਬੇਕੈਫ਼, ਬੇਰੰਗ, ਫਿੱਕੀ, ਮਿੱਠੀ ਕਹਾਣੀ ਵੀ ਸੁਣ ਲਵੋ ਤਾਂਕਿ ਇਹ ਇੱਥੋਂ ਦੂਰ ਦਫ਼ਾ ਹੋ ਜਾਵੇ ਅਤੇ ਮੈਨੂੰ ਇਸਦੀ ਗ਼ਲੀਜ਼ ਨੇੜਤਾ ਤੋਂ ਨਜਾਤ ਮਿਲੇ। ਤੇ ਜੇਕਰ ਅੱਜ ਵੀ ਮੈਂ ਇਸਦੇ ਬਾਰੇ ਵਿੱਚ ਨਾ ਲਿਖਿਆ ਅਤੇ ਨਾ ਤੁਸੀਂ ਉਸਨੂੰ ਪੜ੍ਹਿਆ ਤਾਂ ਇਹ ਅੱਠ ਸਾਲ ਬਾਅਦ ਵੀ ਇਥੇ ਹੀ ਜਮਿਆ ਰਹੇਗਾ ਅਤੇ ਸੰਭਵ ਹੈ ਜ਼ਿੰਦਗੀ ਭਰ ਇੱਥੇ ਖੜਾ ਰਹੇ।
ਪਰ ਪਰੇਸ਼ਾਨੀ ਇਹ ਹੈ ਕਿ ਇਸਦੇ ਬਾਰੇ ਕੀ ਲਿਖਿਆ ਜਾ ਸਕਦਾ ਹੈ। ਕਾਲੂ ਭੰਗੀ ਦੇ ਮਾਂ ਬਾਪ ਭੰਗੀ ਸਨ ਅਤੇ ਜਿਥੋਂ ਤੱਕ ਮੇਰਾ ਖਿਆਲ ਹੈ ਉਸਦੇ ਸਾਰੇ ਦਾਦੇ-ਪੜਦਾਦੇ ਭੰਗੀ ਸਨ ਅਤੇ ਅਣਗਿਣਤ ਸਾਲਾਂ ਤੋਂ ਇੱਥੇ ਹੀ ਰਹਿੰਦੇ ਚਲੇ ਆਏ ਸਨ। ਇਸੇ ਤਰ੍ਹਾਂ ਇਸ ਹਾਲਾਤ ਵਿੱਚ। ਫਿਰ ਕਾਲੂ ਭੰਗੀ ਨੇ ਸ਼ਾਦੀ ਨਹੀਂ ਕੀਤੀ ਸੀ, ਉਸਨੇ ਕਦੇ ਇਸ਼ਕ ਨਹੀਂ ਕੀਤਾ ਸੀ, ਉਸਨੇ ਕਦੇ ਦੂਰ ਦਰਾਜ਼ ਦਾ ਸਫ਼ਰ ਨਹੀਂ ਕੀਤਾ ਸੀ। ਹੱਦ ਤਾਂ ਇਹ ਹੈ ਕਿ ਉਹ ਕਦੇ ਆਪਣੇ ਪਿੰਡ ਤੋਂ ਬਾਹਰ ਨਹੀਂ ਗਿਆ ਸੀ। ਉਹ ਦਿਨ ਭਰ ਆਪਣਾ ਕੰਮ ਕਰਦਾ ਅਤੇ ਰਾਤ ਨੂੰ ਸੌਂ ਜਾਂਦਾ ਅਤੇ ਸਵੇਰੇ ਉੱਠਕੇ ਫਿਰ ਆਪਣੇ ਕੰਮ ਵਿੱਚ ਮਸਰੂਫ਼ ਹੋ ਜਾਂਦਾ। ਬਚਪਨ ਤੋਂ ਹੀ ਉਹ ਇਸੇ ਤਰ੍ਹਾਂ ਕਰਦਾ ਚਲਾ ਆਇਆ ਸੀ। ਹਾਂ ਕਾਲੂ ਭੰਗੀ ਵਿੱਚ ਇੱਕ ਗੱਲ ਜ਼ਰੂਰ ਦਿਲਚਸਪ ਸੀ ਅਤੇ ਉਹ ਇਹ ਕਿ ਉਸਨੂੰ ਆਪਣੇ ਗੰਜੇ ਟੋਟਣ ਉੱਤੇ ਕਿਸੇ ਜਾਨਵਰ ਜਿਵੇਂ ਗਾਂ ਜਾਂ ਮੱਝ ਦੀ ਜੀਭ ਫਿਰਾਉਣ ਨਾਲ ਬਹੁਤ ਲੁਤਫ਼ ਮਿਲਦਾ ਸੀ। ਅਕਸਰ ਦੁਪਹਿਰ ਦੇ ਵਕਤ ਮੈਂ ਉਸਨੂੰ ਵੇਖਿਆ ਹੈ ਕਿ ਨੀਲੇ ਅਸਮਾਨ ਹੇਠ, ਹਰੀ ਘਾਹ ਦੇ ਮਖਮਲੀ ਫਰਸ਼ ਉੱਤੇ ਖਿੜੀ ਧੁੱਪੇ ਉਹ ਹਸਪਤਾਲ ਦੇ ਕਰੀਬ ਇੱਕ ਖੇਤ ਦੀ ਵੱਟ ਉੱਤੇ ਪੱਬਾਂ ਭਾਰ ਬੈਠਾ ਹੈ ਅਤੇ ਇੱਕ ਗਾਂ ਉਸਦਾ ਸਿਰ ਚੱਟ ਰਹੀ ਹੈ। ਵਾਰ-ਵਾਰ – ਅਤੇ ਇਹ ਉਥੇ ਹੀ ਆਪਣਾ ਸਿਰ ਚਟਵਾਉਂਦਾ ਊਂਘ ਊਂਘ ਕੇ ਸੌਂ ਗਿਆ ਹੈ। ਇਸਨੂੰ ਇਸ ਤਰ੍ਹਾਂ ਸੌਂਦੇ ਵੇਖਕੇ ਮੇਰੇ ਦਿਲ ਵਿੱਚ ਗੁਦਗੁਦੀ ਦਾ ਇੱਕ ਅਜੀਬ ਜਿਹਾ ਅਹਿਸਾਸ ਉਜਾਗਰ ਹੋਣ ਲੱਗਦਾ ਸੀ ਅਤੇ ਕਾਇਨਾਤ ਦੇ ਥਕੇ ਥਕੇ, ਸਰਬਵਿਆਪੀ ਹੁਸਨ ਦਾ ਗੁਮਾਨ ਹੋਣ ਲੱਗਦਾ ਸੀ ਮੈਂ ਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ਦੁਨੀਆਂ ਦੀਆਂ ਸਭ ਤੋਂ ਹਸੀਨ ਔਰਤਾਂ, ਫੁੱਲਾਂ ਦੀਆਂ ਤਾਜ਼ਾ-ਤਰੀਨ ਕਲੀਆਂ, ਕਾਇਨਾਤ ਦੇ ਅਤਿ ਖ਼ੂਬਸੂਰਤ ਦ੍ਰਿਸ਼ ਵੇਖੇ ਹਨ ਪਤਾ ਨਹੀਂ ਕਿਉਂ ਅਜਿਹੀ ਮਾਸੂਮੀਅਤ, ਅਜਿਹਾ ਹੁਸਨ, ਅਜਿਹਾ ਸਕੂਨ ਕਿਸੇ ਦ੍ਰਿਸ਼ ਵਿੱਚ ਨਹੀਂ ਵੇਖਿਆ ਜਿੰਨਾ ਇਸ ਦ੍ਰਿਸ਼ ਵਿੱਚ ਕਿ ਜਦੋਂ ਮੈਂ ਸੱਤ ਸਾਲ ਦਾ ਸੀ ਅਤੇ ਉਹ ਖੇਤ ਵਿਸ਼ਾਲ ਅਤੇ ਵਸੀਹ ਵਿਖਾਈ ਦਿੰਦਾ ਸੀ ਅਤੇ ਅਸਮਾਨ ਬਹੁਤ ਨੀਲਾ ਤੇ ਸਾਫ਼ ਅਤੇ ਕਾਲੂ ਭੰਗੀ ਦਾ ਟੋਟਣ ਸ਼ੀਸ਼ੇ ਦੀ ਤਰ੍ਹਾਂ ਚਮਕਦਾ ਸੀ ਅਤੇ ਗਾਂ ਦੀ ਜੀਭ ਆਹਿਸਤਾ ਆਹਿਸਤਾ ਉਸਦਾ ਟੋਟਣ ਚੱਟਦੀ ਹੋਈ, ਉਸਨੂੰ ਸਹਲਾਉਂਦੀ ਹੋਈ, ਕੁਸੁਰ ਕੁਸੁਰ ਦੀ ਸੁਲਾ ਦੇਣ ਵਾਲੀ ਆਵਾਜ਼ ਪੈਦਾ ਕਰਦੀ ਜਾਂਦੀ ਸੀ। ਜੀ ਚਾਹੁੰਦਾ ਸੀ ਮੈਂ ਵੀ ਇਸੇ ਤਰ੍ਹਾਂ ਆਪਣਾ ਸਿਰ ਘੁਟਾ ਕੇ ਉਸ ਗਾਂ ਦੇ ਹੇਠਾਂ ਬੈਠ ਜਾਉਂ ਅਤੇ ਊਂਘਦਾ ਊਂਘਦਾ ਸੌਂ ਜਾਉਂ। ਇੱਕ ਦਫ਼ਾ ਮੈਂ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਬਾਪ ਸਾਹਿਬ ਨੇ ਮੈਨੂੰ ਉਹ ਝੰਬਿਆ, ਅਤੇ ਮੈਥੋਂ ਜ਼ਿਆਦਾ ਗਰੀਬ ਕਾਲੂ ਭੰਗੀ ਨੂੰ ਉਹ ਝੰਬਿਆ ਕਿ ਮੈਂ ਆਪਣੇ ਆਪ ਡਰ ਦੇ ਬਹਾਨੇ ਚੀਖ਼ਣ ਲਗਾ ਕਿ ਕਾਲੂ ਭੰਗੀ ਕਿਤੇ ਉਨ੍ਹਾਂ ਦੀਆਂ ਠੋਕਰਾਂ ਨਾਲ ਮਰ ਨਾ ਜਾਵੇ, ਪਰ ਕਾਲੂ ਭੰਗੀ ਨੂੰ ਇੰਨੀ ਮਾਰ ਖਾਕੇ ਵੀ ਕੁੱਝ ਨਹੀਂ ਹੋਇਆ। ਦੂਜੇ ਦਿਨ ਉਹ ਬਦਸਤੂਰ ਝਾੜੂ ਦੇਣ ਲਈ ਸਾਡੇ ਬੰਗਲੇ ਵਿੱਚ ਮੌਜੂਦ ਸੀ।
ਕਾਲੂ ਭੰਗੀ ਨੂੰ ਜਾਨਵਰਾਂ ਨਾਲ ਬਹੁਤ ਲਗਾਉ ਸੀ। ਸਾਡੀ ਗਾਂ ਤਾਂ ਉਸ ਉੱਤੇ ਜਾਨ ਦਿੰਦੀ ਸੀ ਅਤੇ ਕੰਪਾਊਂਡਰ ਸਾਹਿਬ ਦੀ ਬੱਕਰੀ ਵੀ। ਹਾਲਾਂਕਿ ਬੱਕਰੀ ਬੜੀ ਬੇਵਫ਼ਾ ਹੁੰਦੀ ਹੈ। ਔਰਤ ਨਾਲੋਂ ਵੀ ਵਧ ਕੇ, ਪਰ ਕਾਲੂ ਭੰਗੀ ਦੀ ਗੱਲ ਹੋਰ ਸੀ। ਇਨ੍ਹਾਂ ਦੋਨਾਂ ਜਾਨਵਰਾਂ ਨੂੰ ਪਾਣੀ ਪਿਲਾਉਂਦਾ ਤਾਂ ਕਾਲੂ ਭੰਗੀ, ਚਾਰਾ ਖਿਲਾਉਂਦਾ ਤਾਂ ਕਾਲੂ ਭੰਗੀ, ਜੰਗਲ ਵਿੱਚ ਚਰਾਉਂਦਾ ਤਾਂ ਕਾਲੂ ਭੰਗੀ – ਅਤੇ ਰਾਤ ਨੂੰ ਡੰਗਰਾਂ ਵਾਲੇ ਵਾੜੇ ਵਿੱਚ ਬੰਨ੍ਹੇ ਤਾਂ ਕਾਲੂ ਭੰਗੀ। ਉਹ ਇਸਦੇ ਇੱਕ ਇੱਕ ਇਸ਼ਾਰੇ ਨੂੰ ਸਮਝ ਜਾਂਦੀਆਂ ਜਿਸ ਤਰ੍ਹਾਂ ਕੋਈ ਇਨਸਾਨ ਕਿਸੇ ਇਨਸਾਨ ਦੇ ਬੱਚੇ ਦੀ ਬਾਤਾਂ ਸਮਝਦਾ ਹੈ। ਮੈਂ ਕਈ ਵਾਰ ਕਾਲੂ ਭੰਗੀ ਦੇ ਪਿੱਛੇ ਗਿਆ ਹਾਂ, ਜੰਗਲ ਵਿੱਚ, ਰਸਤੇ ਵਿੱਚ ਇਹ ਉਨ੍ਹਾਂ ਨੂੰ ਬਿਲਕੁੱਲ ਖੁੱਲ੍ਹਾ ਛੱਡ ਦਿੰਦਾ ਸੀ ਪਰ ਫਿਰ ਵੀ ਗਾਂ ਅਤੇ ਬੱਕਰੀ ਦੋਨੋਂ ਇਸਦੇ ਕਦਮ ਨਾਲ ਕਦਮ ਮਿਲਾਉਂਦੇ ਚਲੇ ਆਉਂਦੇ ਸਨ। ਰਸਤੇ ਵਿੱਚ ਗਾਂ ਨੇ ਹਰਾ ਘਾਹ ਵੇਖ ਕੇ ਮੂੰਹ ਮਾਰਿਆ ਤਾਂ ਬੱਕਰੀ ਵੀ ਝਾੜੀ ਤੋਂ ਪੱਤੇ ਖਾਣ ਲੱਗਦੀ ਅਤੇ ਕਾਲੂ ਭੰਗੀ ਹੈ ਕਿ ਸੰਬਲੂ ਤੋੜ ਤੋੜ ਕੇ ਖਾ ਰਿਹਾ ਹੈ ਅਤੇ ਬੱਕਰੀ ਦੇ ਮੂੰਹ ਵਿੱਚ ਪਾ ਰਿਹਾ ਹੈ ਅਤੇ ਖ਼ੁਦ ਆਪ ਵੀ ਖਾ ਰਿਹਾ ਹੈ ਅਤੇ ਆਪ ਹੀ ਆਪ ਗੱਲਾਂ ਕਰ ਰਿਹਾ ਹੈ ਅਤੇ ਉਨ੍ਹਾਂ ਨਾਲ ਬਰਾਬਰ ਗੱਲਾਂ ਵੀ ਕਰੀ ਜਾ ਰਿਹਾ ਹੈ ਅਤੇ ਉਹ ਦੋਨੋਂ ਜਾਨਵਰ ਵੀ, ਕਦੇ ਗੁਰਗੁਰਾ ਕੇ ਕੰਨ ਫੜਫੜਾ ਕੇ ਕਦੇ ਪੈਰ ਹਿਲਾ ਕੇ, ਕਦੇ ਦੁਮ ਦਬਾ ਕੇ ਕਦੇ ਨੱਚ ਕੇ, ਕਦੇ ਗਾ ਕੇ, ਹਰ ਤਰ੍ਹਾਂ ਨਾਲ ਉਸਦੀ ਗੁਫਤਗੂ ਵਿੱਚ ਸ਼ਰੀਕ ਹੋ ਰਹੇ ਹਨ। ਆਪਣੀ ਸਮਝ ਵਿੱਚ ਤਾਂ ਕੁੱਝ ਨਹੀਂ ਆਉਂਦਾ ਸੀ ਕਿ ਇਹ ਲੋਕ ਕੀ ਗੱਲਾਂ ਕਰਦੇ ਸਨ, ਫਿਰ ਕੁਝ ਪਲਾਂ ਦੇ ਬਾਅਦ ਕਾਲੂ ਭੰਗੀ ਅੱਗੇ ਚਲਣ ਲੱਗਦਾ ਤਾਂ ਗਾਂ ਵੀ ਚਰਨਾ ਛੱਡ ਦਿੰਦੀ ਅਤੇ ਬੱਕਰੀ ਵੀ ਝਾੜੀ ਕੋਲੋਂ ਪਰੇ ਹੱਟ ਜਾਂਦੀ ਅਤੇ ਕਾਲੂ ਭੰਗੀ ਦੇ ਨਾਲ-ਨਾਲ ਚਲਣ ਲੱਗਦੀ। ਅੱਗੇ ਕਿਤੇ ਛੋਟੀ ਜਿਹੀ ਨਦੀ ਆਉਂਦੀ ਜਾਂ ਕੋਈ ਨੰਨ੍ਹਾ ਮੁੰਨਾ ਚਸ਼ਮਾ, ਤਾਂ ਕਾਲੂ ਭੰਗੀ ਉਥੇ ਹੀ ਬੈਠ ਜਾਂਦਾ ਸਗੋਂ ਲਿਟ ਕੇ ਚਸ਼ਮੇ ਦੀ ਸਤ੍ਹਾ ਨਾਲ ਆਪਣੇ ਹੋਠ ਮਿਲਾ ਦਿੰਦਾ ਅਤੇ ਜਾਨਵਰਾਂ ਦੀ ਤਰ੍ਹਾਂ ਪਾਣੀ ਪੀਣ ਲੱਗਦਾ ਅਤੇ ਇਸੇ ਤਰ੍ਹਾਂ ਉਹ ਦੋਨ੍ਹੋਂ ਜਾਨਵਰ ਵੀ ਪਾਣੀ ਪੀਣ ਲੱਗਦੇ ਕਿਉਂਕਿ ਬੇਚਾਰੇ ਇਨਸਾਨ ਤਾਂ ਨਹੀਂ ਸਨ ਕਿ ਓਕ ਨਾਲ ਪੀ ਸਕਦੇ। ਇਸਦੇ ਬਾਅਦ ਜੇਕਰ ਕਾਲੂ ਭੰਗੀ ਘਾਹ ਉੱਤੇ ਲਿਟ ਜਾਂਦਾ ਤਾਂ ਬੱਕਰੀ ਵੀ ਉਸਦੀਆਂ ਲੱਤਾਂ ਦੇ ਕੋਲ ਆਪਣੀਆਂ ਲੱਤਾਂ ਜੋੜ ਕੇ ਦੁਆ ਦੇ ਅੰਦਾਜ਼ ਵਿੱਚ ਬੈਠ ਜਾਂਦੀ ਅਤੇ ਗਾਂ ਤਾਂ ਇਸ ਅੰਦਾਜ਼ ਨਾਲ ਉਸਦੇ ਕਰੀਬ ਹੋਕੇ ਬੈਠਦੀ ਕਿ ਮੈਨੂੰ ਇਵੇਂ ਲਗਦਾ ਕਿ ਉਹ ਕਾਲੂ ਭੰਗੀ ਦੀ ਪਤਨੀ ਹੈ ਅਤੇ ਹੁਣੇ-ਹੁਣੇ ਖਾਣਾ ਪਕਾ ਕੇ ਫ਼ਾਰਿਗ਼ ਹੋਈ ਹੈ। ਉਸਦੀ ਹਰ ਨਜ਼ਰ ਵਿੱਚ ਅਤੇ ਚਿਹਰੇ ਦੇ ਉਤਾਰ ਚੜ੍ਹਾਓ ਵਿੱਚ ਇੱਕ ਸ਼ਾਂਤਮਈ ਗ੍ਰਹਿਸਤੀ ਅੰਦਾਜ਼ ਝਲਕਣ ਲੱਗਦਾ ਅਤੇ ਜਦੋਂ ਉਹ ਜੁਗਾਲੀ ਕਰਨ ਲੱਗਦੀ ਦਾ ਤਾਂ ਮੈਨੂੰ ਲਗਦਾ ਜਿਵੇਂ ਕੋਈ ਬੜੀ ਸੁਘੜ ਪਤਨੀ ਕਰੋਸ਼ੀਆ ਲਈ ਕਢਾਈ ਵਿੱਚ ਮਸਰੂਫ ਹੈ ਅਤੇ ਜਾਂ ਕਾਲੂ ਭੰਗੀ ਦਾ ਸਵੈਟਰ ਬੁਣ ਰਹੀ ਹੈ। ਇਸ ਗਾਂ ਅਤੇ ਬੱਕਰੀ ਦੇ ਇਲਾਵਾ ਇੱਕ ਲੰਗੜਾ ਕੁੱਤਾ ਸੀ, ਜੋ ਕਾਲੂ ਭੰਗੀ ਦਾ ਪੱਕਾ ਦੋਸਤ ਸੀ, ਉਹ ਲੰਗੜਾ ਸੀ ਇਸਲਈ ਦੂਜੇ ਕੁੱਤਿਆਂ ਦੇ ਨਾਲ ਜ਼ਿਆਦਾ ਚੱਲ ਫਿਰ ਨਹੀਂ ਸਕਦਾ ਸੀ ਅਤੇ ਅਕਸਰ ਆਪਣੇ ਲੰਗੜੇ ਹੋਣ ਦੀ ਵਜ੍ਹਾ ਨਾਲ ਦੂਜੇ ਕੁੱਤਿਆਂ ਕੋਲੋਂ ਕੁੱਟ ਖਾਂਦਾ, ਭੁੱਖਾ ਅਤੇ ਜ਼ਖਮੀ ਰਹਿੰਦਾ। ਕਾਲੂ ਭੰਗੀ ਅਕਸਰ ਉਸਦੀ ਤੀਮਾਰਦਾਰੀ ਅਤੇ ਚਿਚੜੀਆਂ ਦੂਰ ਕਰਦਾ, ਉਸਦੇ ਜ਼ਖਮਾਂ ਉੱਤੇ ਮਲ੍ਹਮ ਲਗਾਉਂਦਾ, ਉਸਨੂੰ ਮਕਈ ਦੀ ਰੋਟੀ ਦਾ ਸੁੱਕਾ ਟੁਕੜਾ ਦਿੰਦਾ ਪਰ ਇਹ ਕੁੱਤਾ ਬਹੁਤ ਖੁਦਗ਼ਰਜ਼ ਜਾਨਵਰ ਸੀ। ਦਿਲ ਵਿੱਚ ਸਿਰਫ਼ ਦੋ ਵਾਰ ਕਾਲੂ ਭੰਗੀ ਨੂੰ ਮਿਲਦਾ। ਦੁਪਹਿਰ ਨੂੰ ਅਤੇ ਸ਼ਾਮ ਨੂੰ ਅਤੇ ਖਾਣਾ ਖਾਕੇ ਅਤੇ ਜ਼ਖਮਾਂ ਉੱਤੇ ਮਲ੍ਹਮ ਲਵਾ ਕੇ ਫਿਰ ਘੁੱਮਣ ਲਈ ਚਲਾ ਜਾਂਦਾ। ਕਾਲੂ ਭੰਗੀ ਅਤੇ ਉਸ ਲੰਗੜੇ ਕੁੱਤੇ ਦੀ ਮੁਲਾਕਾਤ ਬੜੀ ਸੰਖੇਪ ਹੁੰਦੀ ਸੀ ਅਤੇ ਬੜੀ ਦਿਲਚਸਪ। ਮੈਨੂੰ ਤਾਂ ਉਹ ਕੁੱਤਾ ਇੱਕ ਅੱਖ ਨਹੀਂ ਭਾਉਂਦਾ ਸੀ ਪਰ ਕਾਲੂ ਭੰਗੀ ਉਸਨੂੰ ਹਮੇਸ਼ਾ ਬੜੇ ਤਪਾਕ ਨਾਲ ਮਿਲਦਾ ਸੀ।
ਇਸਦੇ ਇਲਾਵਾ ਕਾਲੂ ਭੰਗੀ ਦੀ ਜੰਗਲ ਦੇ ਹਰ ਜਾਨਵਰ ਚਰਿੰਦ ਅਤੇ ਪਰਿੰਦ ਨਾਲ ਦੋਸਤੀ ਸੀ, ਰਸਤੇ ਵਿੱਚ ਉਸਦੇ ਪੈਰ ਵਿੱਚ ਕੋਈ ਕੀੜਾ ਆ ਜਾਂਦਾ ਤਾਂ ਉਹ ਉਸਨੂੰ ਚੁੱਕ ਕੇ ਝਾੜੀ ਉੱਤੇ ਰੱਖ ਦਿੰਦਾ ਸੀ, ਕਿਤੇ ਕੋਈ ਨਿਉਲਾ ਬੋਲਣ ਲੱਗਦਾ ਤਾਂ ਇਹ ਉਸਦੀ ਬੋਲੀ ਵਿੱਚ ਉਸਦਾ ਜਵਾਬ ਦਿੰਦਾ, ਤਿਤਰ ਰੱਤਗਲਾ, ਲਾਲ ਚਿੜਾ, ਹਰ ਪਰਿੰਦੇ ਦੀ ਜ਼ਬਾਨ ਉਹ ਜਾਣਦਾ ਸੀ। ਇਸ ਲਿਹਾਜ਼ ਨਾਲ ਉਹ ਰਾਹੁਲ ਸੰਕਰਤਾਇਣ ਨਾਲੋਂ ਵੀ ਵੱਡਾ ਪੰਡਤ ਸੀ। ਘੱਟ ਤੋਂ ਘੱਟ ਮੇਰੇ ਵਰਗੇ ਸੱਤ ਸਾਲ ਦੇ ਬੱਚੇ ਦੀਆਂ ਨਜ਼ਰਾਂ ਵਿੱਚ ਤਾਂ ਉਹ ਮੈਨੂੰ ਆਪਣੇ ਮਾਂ ਬਾਪ ਨਾਲੋਂ ਵੀ ਅੱਛਾ ਲਗਦਾ ਸੀ ਅਤੇ ਫਿਰ ਉਹ ਮੱਕੀ ਦਾ ਭੁੱਟਾ ਇਸ ਤਰ੍ਹਾਂ ਮਜ਼ੇ ਨਾਲ ਤਿਆਰ ਕਰਦਾ ਸੀ, ਅਤੇ ਅੱਗ ਤੇ ਇਸਨੂੰ ਇਸ ਤਰ੍ਹਾਂ ਮੱਠੇ ਮੱਠੇ ਸੇਕ ਨਾਲ ਭੁੰਨਦਾ ਸੀ ਕਿ ਮੱਕੀ ਦਾ ਹਰ ਦਾਣਾ ਕੁੰਦਨ ਬਣ ਜਾਂਦਾ ਅਤੇ ਜ਼ਾਇਕੇ ਵਿੱਚ ਸ਼ਹਿਦ ਦਾ ਮਜ਼ਾ ਦਿੰਦਾ ਅਤੇ ਖੁਸ਼ਬੂ ਵੀ ਅਜਿਹੀ ਸੌਂਧੀ ਸੌਂਧੀ, ਮਿੱਠੀ ਮਿੱਠੀ, ਜਿਵੇਂ ਧਰਤੀ ਦਾ ਸਾਹ! ਨਿਹਾਇਤ ਆਹਿਸਤਾ-ਆਹਿਸਤਾ, ਬੜੇ ਸੁਕੂਨ ਨਾਲ ਬੜੀ ਮੁਹਾਰਤ ਨਾਲ ਉਹ ਭੁੱਟੇ ਨੂੰ ਹਰ ਪਾਸੇ ਤੋਂ ਵੇਖ ਵੇਖਕੇ ਉਸਨੂੰ ਭੁੰਨਦਾ ਸੀ ਜਿਵੇਂ ਉਹ ਵਰ੍ਹਿਆਂ ਤੋਂ ਉਸ ਭੁੱਟੇ ਨੂੰ ਜਾਣਦਾ ਸੀ। ਇੱਕ ਦੋਸਤ ਦੀ ਤਰ੍ਹਾਂ ਉਹ ਭੁੱਟੇ ਨਾਲ ਗੱਲਾਂ ਕਰਦਾ, ਇੰਨੀ ਨਰਮਾਈ ਅਤੇ ਮੇਹਰਬਾਨੀ ਅਤੇ ਸ਼ਫ਼ਕਤ ਨਾਲ ਉਸ ਨਾਲ ਪੇਸ਼ ਆਉਂਦਾ ਜਿਵੇਂ ਉਹ ਭੁੱਟੇ ਉਸਦਾ ਆਪਣਾ ਰਿਸ਼ਤੇਦਾਰ ਜਾਂ ਸਕਾ ਭਾਈ ਸੀ। ਹੋਰ ਲੋਕ ਵੀ ਭੁੱਟਾ ਭੁੰਨਦੇ ਸਨ ਮਗਰ ਉਹ ਗੱਲ ਕਿੱਥੇ। ਇੰਨੇ ਕੱਚੇ, ਬਦ ਜ਼ਾਇਕਾ ਅਤੇ ਮਾਮੂਲੀ ਜਿਹੇ ਭੁੱਟੇ ਹੁੰਦੇ ਸਨ ਉਹ ਕਿ ਉਨ੍ਹਾਂ ਨੂੰ ਬਸ ਮੱਕੀ ਦਾ ਭੁੱਟਾ ਹੀ ਕਿਹਾ ਜਾ ਸਕਦਾ ਹੈ ਪਰ ਕਾਲੂ ਭੰਗੀ ਦੇ ਹੱਥਾਂ ਵਿੱਚ ਪਹੁੰਚ ਕੇ ਉਹੀ ਭੁੱਟਾ ਕੁੱਝ ਦਾ ਕੁੱਝ ਹੋ ਜਾਂਦਾ ਅਤੇ ਜਦੋਂ ਉਹ ਅੱਗ ਉੱਤੇ ਸੇਕ ਕੇ ਬਿਲਕੁੱਲ ਤਿਆਰ ਹੋ ਜਾਂਦਾ ਸੀ ਤਾਂ ਬਿਲਕੁੱਲ ਇੱਕ ਨਵੀਂ ਨਵੇਲੀ ਦੁਲਹਨ ਦੀ ਤਰ੍ਹਾਂ ਵਿਆਹ ਵਾਲੇ ਕੱਪੜੇ ਪਹਿਨ ਸੁਨਹਿਰਾ ਸੁਨਹਿਰਾ ਚਮਕਦਾ ਨਜ਼ਰ ਆਉਂਦਾ। ਮੇਰੇ ਖਿਆਲ ਵਿੱਚ ਖ਼ੁਦ ਭੁੱਟੇ ਨੂੰ ਇਹ ਅੰਦਾਜ਼ਾ ਹੋ ਜਾਂਦਾ ਸੀ ਕਿ ਕਾਲੂ ਭੰਗੀ ਉਸ ਨਾਲ ਕਿੰਨੀ ਮੁਹੱਬਤ ਕਰਦਾ ਹੈ ਵਰਨਾ ਮੁਹੱਬਤ ਦੇ ਬਿਨਾਂ ਇਸ ਬੇਜਾਨ ਸ਼ੈ ਵਿੱਚ ਇਤਨਾ ਹੁਸਨ ਕਿਵੇਂ ਪੈਦਾ ਹੋ ਸਕਦਾ ਸੀ। ਮੈਨੂੰ ਕਾਲੂ ਭੰਗੀ ਦੇ ਹੱਥ ਦੇ ਸੇਕੇ ਹੋਏ ਭੁੱਟੇ ਖਾਣ ਵਿੱਚ ਬਹੁਤ ਮਜ਼ਾ ਆਉਂਦਾ ਸੀ ਅਤੇ ਮੈਂ ਉਨ੍ਹਾਂ ਨੂੰ ਬੜੇ ਮਜ਼ੇ ਨਾਲ ਛੁਪ ਛੁਪ ਕੇ ਖਾਂਦਾ ਸੀ। ਇੱਕ ਦਫ਼ਾ ਫੜਿਆ ਗਿਆ ਤਾਂ ਬਹੁਤ ਕੁਟਾਈ ਹੋਈ, ਬੁਰੀ ਤਰ੍ਹਾਂ। ਸਿੱਧਾ ਸਾਦਾ ਕਾਲੂ ਭੰਗੀ ਵੀ ਕੁੱਟਿਆ ਗਿਆ, ਮਗਰ ਦੂਜੇ ਦਿਨ ਉਹ ਫਿਰ ਬੰਗਲੇ ਕਾਂ ਝਾੜੂ ਲਈ ਉਸੀ ਤਰ੍ਹਾਂ ਹਾਜ਼ਰ ਸੀ। ਅਤੇ ਜਿਸ ਕਾਲੂ ਭੰਗੀ ਦੇ ਬਾਰੇ ਹੋਰ ਕੋਈ ਦਿਲਚਸਪ ਗੱਲ ਯਾਦ ਨਹੀਂ ਆ ਰਹੀ, ਮੈਂ ਬਚਪਨ ਤੋਂ ਜਵਾਨੀ ਵਿੱਚ ਆਇਆ ਅਤੇ ਕਾਲੂ ਭੰਗੀ ਉਸੇ ਤਰ੍ਹਾਂ ਰਿਹਾ। ਮੇਰੇ ਲਈ ਹੁਣ ਉਹ ਘੱਟ ਦਿਲਚਸਪ ਹੋ ਗਿਆ ਸੀ ਸਗੋਂ ਇਵੇਂ ਕਹੋ ਕਿ ਮੈਨੂੰ ਉਸ ਨਾਲ ਕਿਸੇ ਤਰ੍ਹਾਂ ਦੀ ਦਿਲਚਸਪੀ ਨਹੀਂ ਰਹੀ ਸੀ। ਹਾਂ ਕਦੇ ਕਦੇ ਉਸਦਾ ਕਿਰਦਾਰ ਮੈਨੂੰ ਆਪਣੀ ਵੱਲ ਖਿੱਚਦਾ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਮੈਂ ਨਵਾਂ ਨਵਾਂ ਲਿਖਣਾ ਸ਼ੁਰੂ ਕੀਤਾ ਸੀ। ਮੈਂ ਅਧਿਅਨ ਲਈ ਉਸ ਨੂੰ ਸਵਾਲ ਪੁੱਛਦਾ ਅਤੇ ਨੋਟ ਲੈਣ ਲਈ ਫ਼ਾਊਂਨਟੇਨ ਪੈੱਨ ਅਤੇ ਪੈਡ ਨਾਲ ਰੱਖ ਦਿੰਦਾ।
“ਕਾਲੂ ਭੰਗੀ ਤੇਰੀ ਜ਼ਿੰਦਗੀ ਵਿੱਚ ਕੋਈ ਖਾਸ ਗੱਲ ਹੈ?”
“ਕਿਵੇਂ ਦੀ ਛੋਟੇ ਸਾਹਿਬ?”
“ਕੋਈ ਖਾਸ ਗੱਲ, ਅਜੀਬ, ਅਨੋਖੀ, ਨਵੀਂ!”
“ਨਹੀਂ ਛੋਟੇ ਸਾਹਿਬ।” (ਇੱਥੇ ਤੱਕ ਤਾਂ ਮੁਸ਼ਾਹਿਦਾ ਸਿਫਰ ਰਿਹਾ, ਹੁਣ ਅੱਗੇ ਚਲੀਏ। ਮੁਮਕਿਨ ਹੈੱ…..”)
“ਅੱਛਾ, ਤੂੰ ਇਹ ਦੱਸ ਤੂੰ ਤਨਖ਼ਾਹ ਲੈ ਕੇ ਕੀ ਕਰਦਾ ਹੈਂ?” ਅਸੀਂ ਦੂਜਾ ਸਵਾਲ ਪੁੱਛਿਆ।
ਤਨਖ਼ਾਹ ਲੈ ਕੇ ਕੀ ਕਰਦਾ ਹਾਂ। ਉਹ ਸੋਚਣ ਲੱਗਿਆ, “ਅੱਠ ਰੁਪਏ ਮਿਲਦੇ ਨੇ ਮੈਨੂੰ, ਉਹ ਉਂਗਲੀਆਂ ਤੇ ਗਿਣਨ ਲੱਗਦਾ ਹੈ – ਚਾਰ ਰੁਪਏ ਦਾ ਆਟਾ ਲਿਆਂਉਂਦਾ ਹਾਂ। ਇੱਕ ਰੁਪਏ ਦਾ ਲੂਣ, ਇੱਕ ਰੁਪਏ ਦਾ ਤੰਬਾਕੂ, ਅੱਠ ਆਨੇ ਦੀ ਚਾਹ, ਚਾਰ ਆਨੇ ਦਾ ਗੁੜ, ਚਾਰ ਆਨੇ ਦਾ ਮਸਾਲਾ, ਕਿੰਨੇ ਰੁਪਏ ਹੋ ਗਏ ਛੋਟੇ ਸਾਹਿਬ?”
“ਸੱਤ ਰੁਪਏ।”
“ਹਾਂ ਸੱਤ ਰੁਪਏ, ਹਰ ਮਹੀਨੇ ਇੱਕ ਰੁਪਿਆ ਬਾਣੀਏ ਨੂੰ ਦਿੰਦਾ ਹਾਂ, ਉਸਤੋਂ ਕੱਪੜੇ ਸਿਲਵਾਉਣ ਲਈ ਰੁਪਏ ਕਰਜ ਲੈਂਦਾ ਹਾਂ ਨਾ। ਸਾਲ ਵਿੱਚ ਦੋ ਜੋੜੇ ਤਾਂ ਚਾਹੀਦੇ ਨੇ, ਕੰਬਲ ਤਾਂ ਮੇਰੇ ਕੋਲ ਹੈ, ਖੈਰ, ਪਰ ਦੋ ਜੋੜੇ ਤਾਂ ਚਾਹੀਦੇ ਨੇ ਅਤੇ ਛੋਟੇ ਸਾਹਿਬ ! ਕਿਤੇ ਵੱਡੇ ਸਾਹਿਬ ਇੱਕ ਰੁਪਿਆ ਤਨਖ਼ਾਹ ਵਧਾ ਦੇਣ ਤਾਂ ਮਜ਼ਾ ਆ ਜਾਵੇ!”
“ਉਹ ਕਿਵੇਂ?”
“ਘੀ ਲਾਵਾਂਗਾ ਇੱਕ ਰੁਪਏ ਦਾ, ਅਤੇ ਮਕਈ ਦੇ ਪਰੌਂਠੇ ਖਾਵਾਂਗਾ, ਕਦੇ ਪਰੌਂਠੇ ਨਹੀਂ ਖਾਧੇ ਮਾਲਿਕ। ਬੜਾ ਜੀ ਚਾਹੁੰਦਾ ਹੈ।”
ਹੁਣ ਬੋਲੋ ਇਨ੍ਹਾਂ ਅੱਠ ਰੁਪਿਆਂ ਉੱਤੇ ਕੋਈ ਕੀ ਅਫ਼ਸਾਨਾ ਲਿਖੇ। ਫਿਰ ਜਦੋਂ ਮੇਰਾ ਵਿਆਹ ਹੋ ਗਿਆ, ਜਦੋਂ ਰਾਤਾਂ ਜਵਾਨ ਅਤੇ ਚਮਕਦਾਰ ਹੋਣ ਲੱਗਦੀਆਂ ਅਤੇ ਕਰੀਬ ਦੇ ਜੰਗਲ ਤੋਂ ਸ਼ਾਹਦ ਅਤੇ ਕਸਤੂਰੀ ਅਤੇ ਜੰਗਲੀ ਗੁਲਾਬ ਦੀਆਂ ਖ਼ੁਸ਼ਬੂਆਂ ਆਉਣ ਲੱਗਦੀਆਂ ਅਤੇ ਮਿਰਗ ਚੁੰਗੀਆਂ ਭਰਦੇ ਹੋਏ ਵਿਖਾਈ ਦਿੰਦੇ ਅਤੇ ਤਾਰੇ ਝੁਕਦੇ ਝੁਕਦੇ ਕੰਨਾਂ ਵਿੱਚ ਸਰਗੋਸ਼ੀਆਂ ਕਰਨ ਲੱਗਦੇ ਅਤੇ ਕਿਸੇ ਦੇ ਰਸੀਲੇ ਹੋਂਠ ਆਉਣ ਵਾਲੇ ਚੁੰਮਣਾ ਦਾ ਖ਼ਿਆਲ ਕਰਕੇ ਕੰਬਣ ਲੱਗਦੇ, ਉਸ ਵਕਤ ਵੀ ਮੈਂ ਕਾਲੂ ਭੰਗੀ ਦੇ ਬਾਰੇ ਕੁੱਝ ਲਿਖਣਾ ਚਾਹੁੰਦਾ ਅਤੇ ਪੈਨਸਿਲ ਕਾਗ਼ਜ਼ ਲੈਕੇ ਉਸਦੇ ਕੋਲ ਚਲਾ ਜਾਂਦਾ –
“ਕਾਲੂ ਭੰਗੀ, ਤੂੰ ਵਿਆਹ ਨਹੀਂ ਕਰਵਾਇਆ?”
“ਨਹੀਂ ਛੋਟੇ ਸਾਹਿਬ!”
“ਕਿਉਂ?”
“ਇਸ ਇਲਾਕੇ ਵਿੱਚ ਮੈਂ ਹੀ ਇੱਕ ਭੰਗੀ ਹਾਂ ਅਤੇ ਦੂਰ ਦੂਰ ਤੱਕ ਕੋਈ ਭੰਗੀ ਨਹੀਂ ਹੈ, ਛੋਟੇ ਸਾਹਿਬ। ਫਿਰ ਸਾਡਾ ਵਿਆਹ ਕਿਵੇਂ ਹੋ ਸਕਦਾ ਹੈ?”
ਲਓ ਇਹ ਰਸਤਾ ਵੀ ਬੰਦ ਹੋਇਆ।
“ਤੇਰਾ ਜੀ ਨਹੀਂ ਚਾਹੁੰਦਾ ਕਾਲੂ ਭੰਗੀ?” ਮੈਂ ਦੁਬਾਰਾ ਕੋਸ਼ਿਸ਼ ਕਰਕੇ ਕੁੱਝ ਖੁਰਚਣਾ ਚਾਹਿਆ।
“ਕੀ ਸਾਹਿਬ?”
“ਇਸ਼ਕ ਕਰਨ ਲਈ ਜੀ ਚਾਹੁੰਦਾ ਹੈ ਤੇਰਾ? ਸ਼ਾਇਦ ਕਿਸੇ ਨੂੰ ਮੁਹੱਬਤ ਕੀਤੀ ਹੋਵੇਗੀ ਤਾਂ ਹੀ ਤੂੰ ਹੁਣ ਤੱਕ ਸ਼ਾਦੀ ਨਹੀਂ ਕੀਤੀ।”
“ਇਸ਼ਕ ਕੀ ਹੁੰਦਾ ਹੈ ਛੋਟੇ ਸਾਹਿਬ?”
“ਔਰਤ ਨਾਲ ਇਸ਼ਕ ਕਰਦੇ ਨੇ ਲੋਕ।”
“ਇਸ਼ਕ ਕਿਵੇਂ ਕਰਦੇ ਨੇ ਸਾਹਿਬ? ਸ਼ਾਦੀ ਤਾਂ ਜ਼ਰੂਰ ਕਰਦੇ ਨੇ ਸਭ ਲੋਕ। ਵੱਡੇ ਲੋਕ ਇਸ਼ਕ ਵੀ ਕਰਦੇ ਹੋਣਗੇ, ਛੋਟੇ ਸਾਹਿਬ। ਮਗਰ ਅਸੀਂ ਨਹੀਂ ਸੁਣਿਆ ਉਹ ਜੋ ਕੁੱਝ ਤੁਸੀਂ ਕਹਿ ਰਹੇ ਹੋ। ਰਹੀ ਸ਼ਾਦੀ ਦੀ ਗੱਲ, ਉਹ ਮੈਂ ਤੁਹਾਨੂੰ ਦੱਸ ਦਿੱਤੀ। ਸ਼ਾਦੀ ਕਿਉਂ ਨਹੀਂ ਕੀਤੀ ਮੈਂ, ਕਿਵੇਂ ਹੁੰਦਾ ਵਿਆਹ ਮੇਰਾ, ਤੁਸੀਂ ਦੱਸੋ”;….. …..” ਅਸੀਂ ਕੀ ਦੱਸੀਏ, ਖ਼ਾਕ”
“ਤੈਨੂੰ ਅਫ਼ਸੋਸ ਨਹੀਂ ਹੈ ਕਾਲੂ ਭੰਗੀ?”
“ਕਿਸ ਗੱਲ ਦਾ ਅਫ਼ਸੋਸ? ਛੋਟੇ ਸਾਹਿਬ।”
ਮੈਂ ਹਾਰ ਕੇ, ਉਸਦੇ ਬਾਰੇ ਲਿਖਣ ਦਾ ਖ਼ਿਆਲ ਛੱਡ ਦਿੱਤਾ। ਅੱਠ ਸਾਲ ਹੋਏ ਕਾਲੂ ਭੰਗੀ ਮਰ ਗਿਆ। ਉਹ ਜੋ ਕਦੇ ਬੀਮਾਰ ਨਹੀਂ ਹੋਇਆ ਸੀ ਅਚਾਨਕ ਅਜਿਹਾ ਬੀਮਾਰ ਪਿਆ ਕਿ ਫਿਰ ਕਦੇ ਬੀਮਾਰੀ ਦੇ ਬਿਸਤਰ ਤੋਂ ਨਹੀਂ ਉੱਠਿਆ। ਉਸਨੂੰ ਹਸਪਤਾਲ ਵਿੱਚ ਮਰੀਜ਼ ਰਖਵਾਇਆ ਸੀ। ਉਹ ਵੱਖ ਵਾਰਡ ਵਿੱਚ ਰਹਿੰਦਾ ਸੀ। ਕੰਪਾਊਂਡਰ ਦੂਰੋਂ ਉਸਦੇ ਹਲਕ ਵਿੱਚ ਦਵਾਈ ਉਲਟ ਦਿੰਦਾ ਅਤੇ ਇੱਕ ਚਪੜਾਸੀ ਉਸਦੇ ਲਈ ਖਾਣਾ ਰੱਖ ਆਉਂਦਾ। ਉਹ ਆਪਣੇ ਬਰਤਨ ਆਪਣੇ ਆਪ ਸਾਫ਼ ਕਰਦਾ, ਆਪਣਾ ਬਿਸਤਰਾ ਆਪਣੇ ਆਪ ਕਰਦਾ ਅਤੇ ਆਪਣਾ ਮਲ ਮੂਤਰ ਆਪ ਸਾਫ਼ ਕਰਦਾ। ਜਦੋਂ ਉਹ ਮਰ ਗਿਆ ਤਾਂ ਉਸਦੀ ਲਾਸ਼ ਨੂੰ ਪੁਲਿਸ ਵਾਲਿਆਂ ਨੇ ਠਿਕਾਣੇ ਲਾ ਦਿੱਤਾ ਕਿਉਂਕਿ ਉਸਦਾ ਕੋਈ ਵਾਰਿਸ ਨਹੀਂ ਸੀ। ਉਹ ਸਾਡੇ ਇੱਥੇ ਵੀਹ ਸਾਲ ਤੋਂ ਰਹਿੰਦਾ ਸੀ ਪਰ ਅਸੀਂ ਕੋਈ ਉਸਦੇ ਰਿਸ਼ਤੇਦਾਰ ਥੋੜ੍ਹੀ ਸੀ। ਇਸਲਈ ਉਸਦੀ ਆਖ਼ਰੀ ਤਨਖ਼ਾਹ ਵੀ ਹੱਕ ਮੁਤਾਬਕ ਸਰਕਾਰ ਕੋਲ ਜ਼ਬਤ ਹੋ ਗਈ ਕਿਉਂਕਿ ਉਸਦਾ ਕੋਈ ਵਾਰਿਸ ਨਹੀਂ ਸੀ। ਤੇ ਜਦੋਂ ਮਰਿਆ ਉਸ ਦਿਨ ਵੀ ਕੋਈ ਖ਼ਾਸ ਗੱਲ ਨਹੀਂ ਹੋਈ। ਰੋਜ਼ ਦੀ ਤਰ੍ਹਾਂ ਉਸ ਦਿਨ ਵੀ ਹਸਪਤਾਲ ਖੁੱਲ੍ਹਿਆ, ਡਾਕਟਰ ਸਾਹਿਬ ਨੇ ਨੁਸਖ਼ੇ ਲਿਖੇ, ਕੰਪਾਊਂਡਰ ਨੇ ਤਿਆਰ ਕੀਤੇ, ਮਰੀਜ਼ਾਂ ਨੇ ਦਵਾਈ ਲਈ ਅਤੇ ਘਰ ਪਰਤ ਗਏ। ਫਿਰ ਰੋਜ਼ ਦੀ ਤਰ੍ਹਾਂ ਹਸਪਤਾਲ ਬੰਦ ਹੋਇਆ ਅਤੇ ਘਰ ਆ ਕੇ ਸਭ ਨੇ ਆਰਾਮ ਨਾਲ ਖਾਣਾ ਖਾਧਾ। ਰੇਡੀਓ ਸੁਣਿਆ ਅਤੇ ਲਿਹਾਫ਼ ਲੈ ਕੇ ਸੌਂ ਗਏ। ਸਵੇਰੇ ਉੱਠੇ ਤਾਂ ਪਤਾ ਚੱਲਿਆ ਕਿ ਪੁਲਿਸ ਵਾਲਿਆਂ ਨੇ ਕਾਲੂ ਭੰਗੀ ਦੀ ਲਾਸ਼ ਠਿਕਾਣੇ ਲਗਵਾ ਦਿੱਤੀ। ਇਸ ਤੇ ਡਾਕਟਰ ਸਾਹਿਬ ਦੀ ਗਾਂ ਨੇ ਅਤੇ ਕੰਪਾਊਂਡਰ ਸਾਹਿਬ ਦੀ ਬੱਕਰੀ ਨੇ ਦੋ ਦਿਨ ਨਾ ਕੁੱਝ ਖਾਧਾ ਨਾ ਪੀਤਾ ਅਤੇ ਵਾਰਡ ਦੇ ਬਾਹਰ ਖੜੇ ਖੜੇ ਬੇਕਾਰ ਚੀਖਦੀਆਂ ਰਹੀਆਂ। ਜਾਨਵਰਾਂ ਦੀ ਜ਼ਾਤ ਹੈ ਨਾ ਆਖ਼ਰ।
*****
ਓਏ ਤੂੰ ਫਿਰ ਝਾੜੂ ਲੈ ਕੇ ਆ ਗਿਆ। ਆਖ਼ਰ ਕੀ ਚਾਹੁੰਦਾ ਹੈਂ? ਦੱਸ ਦੇ? ਕਾਲੂ ਭੰਗੀ ਅਜੇ ਤੱਕ ਉਥੇ ਹੀ ਖੜਾ ਹੈ। ਕਿਉਂ ਭਈ, ਹੁਣ ਤਾਂ ਮੈਂ ਸਭ ਕੁੱਝ ਲਿਖ ਦਿੱਤਾ ਉਹ ਸਭ ਕੁੱਝ ਜੋ ਮੈਂ ਤੇਰੇ ਸੰਬੰਧ ਵਿੱਚ ਜਾਣਦਾ ਹਾਂ। ਓਏ ਰੱਬਾ, ਚਲੇ ਜਾਓ ਕੀ ਮੈਥੋਂ ਕੁੱਝ ਛੁਟ ਗਿਆ ਹੈ? ਕੋਈ ਭੁੱਲ ਹੋ ਗਈ ਹੈ, ਤੁਹਾਡਾ ਨਾਮ ਕਾਲੂ ਭੰਗੀ- – ਕੰਮ ਭੰਗੀ; ਇਸ ਇਲਾਕੇ ਤੋਂ ਕਦੇ ਬਾਹਰ ਨਹੀਂ ਗਏ, ਵਿਆਹ ਨਹੀਂ ਕੀਤਾ, ਇਸ਼ਕ ਨਹੀਂ ਲੜਾਇਆ। ਜ਼ਿੰਦਗੀ ਵਿੱਚ ਕੋਈ ਹੰਗਾਮੀ ਗੱਲ ਨਹੀਂ ਹੋਈ। ਕੋਈ ਅਚੰਭਾ ਨਹੀਂ ਹੋਇਆ – ਜਿਵੇਂ ਮਹਿਬੂਬਾ ਦੇ ਹੋਠਾਂ ਵਿੱਚ ਹੁੰਦਾ ਹੈ; ਆਪਣੇ ਬੱਚੇ ਦੇ ਪਿਆਰ ਵਿੱਚ ਹੁੰਦਾ ਹੈ; ਗ਼ਾਲਿਬ ਦੇ ਕਲਾਮ ਵਿੱਚ ਹੁੰਦਾ ਹੈ। ਕੁੱਝ ਵੀ ਤਾਂ ਨਹੀਂ ਹੋਇਆ। ਤੁਹਾਡੀ ਤਨਖ਼ਾਹ ਅੱਠ ਰੁਪਏ – ਚਾਰ ਰੁਪਏ ਦਾ ਆਟਾ, ਇੱਕ ਰੁਪਏ ਦਾ ਲੂਣ, ਇੱਕ ਰੁਪਏ ਦਾ ਤੰਬਾਕੂ, ਅੱਠ ਆਨੇ ਦੀ ਚਾਹ, ਚਾਰ ਆਨੇ ਦਾ ਗੁੜ, ਚਾਰ ਆਨੇ ਦਾ ਮਸਾਲਾ.. ਸੱਤ ਰੁਪਏ ਅਤੇ ਇੱਕ ਰੁਪਿਆ ਬਾਣੀਏ ਦਾ ਅੱਠ ਰੁਪਏ ਹੋ ਗਏ, ਮਗਰ ਅੱਠ ਰੁਪਿਆਂ ਵਿੱਚ ਕਹਾਣੀ ਨਹੀਂ ਆਉਂਦੀ, ਅੱਜਕੱਲ੍ਹ ਤਾਂ ਪੰਝੀ ਪੰਜਾਹ ਸੌ ਵਿੱਚ ਨਹੀ ਹੁੰਦੀ, ਮਗਰ ਅੱਠ ਰੁਪਿਆਂ ਵਿੱਚ ਕਹਾਣੀ ਨਹੀਂ ਹੁੰਦੀ। ਫਿਰ ਮੈਂ ਕੀ ਲਿਖ ਸਕਦਾ ਹਾਂ। ਤੇਰੇ ਬਾਰੇ ਵਿੱਚ ਹੁਣ ਖ਼ਿਲਜੀ ਹੀ ਨੂੰ ਲਓ, ਹਸਪਤਾਲ ਵਿੱਚ ਕੰਪਾਊਂਡਰ ਹੈ, ਬੱਤੀ ਰੁਪਏ ਤਨਖ਼ਾਹ ਲੈਂਦਾ ਹੈ। ਵਿਰਾਸਤ ਵਿੱਚ ਹੇਠਲੇ ਦਰਮਿਆਨੇ ਤਬਕੇ ਦੇ ਮਾਂ ਬਾਪ ਮਿਲੇ ਸਨ ਜਿਨ੍ਹਾਂ ਨੇ ਮਿਡਲ ਤੱਕ ਪੜ੍ਹਾ ਦਿੱਤਾ। ਫਿਰ ਖਿਲਜੀ ਨੇ ਕੰਪਾਊਂਡਰੀ ਦਾ ਇਮਤਿਹਾਨ ਪਾਸ ਕਰ ਲਿਆ। ਉਹ ਜਵਾਨ ਹੈ, ਉਸਦੇ ਚਿਹਰੇ ਉੱਤੇ ਰੰਗਤ ਹੈ। ਇਹ ਜਵਾਨੀ, ਇਹ ਰੰਗਤ ਕੁੱਝ ਚਾਹੁੰਦੀ ਹੈ। ਉਹ ਚਿੱਟੇ ਲੱਠੇ ਦੀ ਸ਼ਲਵਾਰ ਪਹਿਨ ਸਕਦਾ ਹੈ। ਕਮੀਜ਼ ਨੂੰ ਕਲਫ਼ ਲਗਾ ਸਕਦਾ ਹੈ। ਵਾਲਾਂ ਵਿੱਚ ਖੁਸ਼ਬੂਦਾਰ ਤੇਲ ਲਗਾਕੇ ਕੰਘੀ ਕਰ ਸਕਦਾ ਹੈ। ਸਰਕਾਰ ਨੇ ਉਸਨੂੰ ਰਹਿਣ ਲਈ ਇੱਕ ਛੋਟਾ ਜਿਹਾ ਬੰਗਲਾ-ਨੁਮਾ ਕੁਆਟਰ ਵੀ ਦੇ ਰੱਖਿਆ ਹੈ। ਡਾਕਟਰ ਚੁੱਕ ਜਾਵੇ ਤਾਂ ਫ਼ੀਸ ਵੀ ਝਾੜ ਲੈਂਦਾ ਹੈ ਅਤੇ ਖ਼ੂਬਸੂਰਤ ਮਰੀਜ਼ਾਂ ਨਾਲ ਇਸ਼ਕ ਵੀ ਲੜਾ ਲੈਂਦਾ ਹੈ। ਉਹ ਨੂਰਾਂ ਅਤੇ ਖ਼ਿਲਜੀ ਦਾ ਵਾਕਿਆ ਤੈਨੂੰ ਯਾਦ ਹੋਵੇਗਾ। ਨੂਰਾਂ ਭੇਤਾ ਪਿੰਡ ਤੋਂ ਆਈ ਸੀ, ਸੋਲ੍ਹਾਂ ਸਤਾਰਾਂ ਸਾਲ ਦੀ ਅੱਲ੍ਹੜ ਜਵਾਨੀ। ਚਾਰ ਕੋਹ ਤੋਂ ਸਿਨਮੇ ਦੇ ਰੰਗੀਨ ਇਸ਼ਤਿਹਾਰ ਦੀ ਤਰ੍ਹਾਂ ਨਜ਼ਰ ਆ ਜਾਂਦੀ ਸੀ। ਬੜੀ ਬੇਵਕੂਫ ਸੀ ਉਹ ਆਪਣੇ ਪਿੰਡ ਦੇ ਦੋ ਨੌਜਵਾਨਾਂ ਦਾ ਇਸ਼ਕ ਕਬੂਲ ਕਰੀ ਬੈਠੀ ਸੀ। ਜਦੋਂ ਨੰਬਰਦਾਰ ਦਾ ਮੁੰਡਾ ਸਾਹਮਣੇ ਆ ਜਾਂਦਾ ਤਾਂ ਉਸਦੀ ਹੋ ਜਾਂਦੀ ਅਤੇ ਜਦੋਂ ਪਟਵਾਰੀ ਦਾ ਮੁੰਡਾ ਵਿਖਾਈ ਦਿੰਦਾ ਤਾਂ ਉਸਦਾ ਦਿਲ ਉਸਦੀ ਤਰਫ਼ ਮਾਇਲ ਹੋਣ ਲੱਗਦਾ ਅਤੇ ਉਹ ਕੋਈ ਫੈਸਲਾ ਹੀ ਨਹੀਂ ਕਰ ਸਕਦੀ ਸੀ। ਇਸ਼ਕ ਨੂੰ ਲੋਕ ਬਿਲਕੁਲ ਪਵਿਤਰ, ਦੀਵਾਨਾ, ਯਕੀਨਨ ਅਮਰ ਸਮਝਦੇ ਹਨ। ਹਾਲਾਂਕਿ ਇਹ ਇਸ਼ਕ ਗ਼ੈਰ ਯਕੀਨੀ, ਲੁਕੇ ਛਿਪੇ ਹਾਲਾਤ ਦਾ ਹਾਸਲ ਹੁੰਦਾ ਹੈ। ਯਾਨੀ ਇਸ਼ਕ ਉਸ ਨਾਲ ਵੀ ਹੈ, ਇਸ ਨਾਲ ਵੀ ਹੈ ਅਤੇ ਫਿਰ ਸ਼ਾਇਦ ਕਿਤੇ ਨਹੀਂ ਹੈ ਅਤੇ ਹੈ ਵੀ ਤਾਂ ਏਨਾ ਵਕਤੀ, ਗ਼ਿਰਗਿਟੀ, ਹੰਗਾਮੀ ਕਿ ਏਧਰ ਨਜ਼ਰ ਚੁੱਕੀ ਇਸ਼ਕ ਗ਼ਾਇਬ। ਸੱਚਾਈ ਜ਼ਰੂਰ ਹੁੰਦੀ ਹੈ ਪਰ ਸਦੀਵਤਾ ਮਨਕੂਦ ਹੁੰਦੀ ਹੈ, ਇਸੇ ਲਈ ਤਾਂ ਨੂਰਾਂ ਕੋਈ ਫ਼ੈਸਲਾ ਨਹੀਂ ਕਰ ਸਕਦੀ। ਉਸਦਾ ਦਿਲ ਨੰਬਰਦਾਰ ਦੇ ਬੇਟੇ ਦੇ ਹੋਠਾਂ ਨਾਲ ਮਿਲ ਜਾਣ ਲਈ ਬੇਤਾਬ ਹੋ ਉੱਠਦਾ ਅਤੇ ਪਟਵਾਰੀ ਦੇ ਬੇਟਾ ਦੀਆਂ ਅੱਖਾਂ ਵਿੱਚ ਅੱਖਾਂ ਪਾਉਂਦੇ ਹੀ ਉਸਦੇ ਦਿਲ ਇਉਂ ਕੰਬਣ ਲੱਗਦਾ ਜਿਵੇਂ ਚਾਰੇ ਪਾਸੇ ਸਮੁੰਦਰ ਹੋਵੇ, ਚਾਰੇ ਪਾਸੇ ਲਹਿਰਾਂ ਹੋਣ ਅਤੇ ਇੱਕ ਇਕੱਲੀ ਕਿਸ਼ਤੀ ਹੋਵੇ ਅਤੇ ਨਾਜ਼ਕ ਜਿਹੀ ਪਤਵਾਰ ਹੋਵੇ ਅਤੇ ਚਾਰੇ ਪਾਸੇ ਕੋਈ ਨਾ ਹੋਵੇ ਅਤੇ ਕਿਸ਼ਤੀ ਡੋਲਣ ਲੱਗੇ, ਸਹਿਜੇ ਸਹਿਜੇ ਡੋਲਦੀ ਜਾਵੇ ਅਤੇ ਨਾਜ਼ਕ ਜਿਹੀ ਪਤਵਾਰ ਨਾਜ਼ਕ ਜਿਹੇ ਹੱਥਾਂ ਨਾਲ ਚੱਲਦੀ ਚੱਲਦੀ ਥੰਮ ਜਾਵੇ ਅਤੇ ਸਾਹ ਰੁੱਕਦੇ ਰੁੱਕਦੇ ਰੁੱਕ ਜਾਏੇ, ਅੱਖਾਂ ਝੁਕਦੀਆਂ ਝੁਕਦੀਆਂ ਝੁਕ ਜਿਹਾ ਜਾਣ ਅਤੇ ਜ਼ੁਲਫ਼ਾਂ ਬਿਖਰਦੀਆਂ ਬਿਖਰਦੀਆਂ ਬਿਖਰ ਜਾਣ ਅਤੇ ਲਹਿਰਾਂ ਘੁੰਮ ਘੁੰਮ ਕੇ ਘੁੰਮਦੀਆਂ ਹੋਈਆਂ ਲੱਗਣ ਅਤੇ ਬੜੇ ਬੜੇ ਦਾਇਰੇ ਫੈਲਦੇ ਫੈਲਦੇ ਫੈਲ ਜਾਣ ਅਤੇ ਫਿਰ ਚਾਰੇ ਪਾਸੇ ਸੱਨਾਟਾ ਪਸਰ ਜਾਵੇ ਅਤੇ ਦਿਲ ਇੱਕ ਦਮ ਧੱਕ ਕਰਕੇ ਰਹਿ ਜਾਵੇ ਅਤੇ ਕੋਈ ਆਪਣੀਆਂ ਬਾਹਾਂ ਵਿੱਚ ਘੁੱਟ ਲਵੇ। ਹਾਏ, ਪਟਵਾਰੀ ਦੇ ਬੇਟੇ ਨੂੰ ਦੇਖਣ ਨਾਲ ਅਜਿਹੀ ਹਾਲਤ ਹੁੰਦੀ ਸੀ ਨੂਰਾਂ ਦੀ, ਅਤੇ ਉਹ ਕੋਈ ਫੈਸਲਾ ਨਹੀਂ ਕਰ ਸਕਦੀ ਸੀ। ਨੰਬਰਦਾਰ ਦਾ ਬੇਟਾ, ਪਟਵਾਰੀ ਦਾ ਬੇਟਾ, ਪਟਵਾਰੀ ਦਾ ਬੇਟਾ, ਨੰਬਰਦਾਰ ਦਾ ਬੇਟਾ, ਉਹ ਦੋਨਾਂ ਨੂੰ ਜ਼ਬਾਨ ਦੇ ਚੁੱਕੀ ਸੀ ਦੋਨਾਂ ਨਾਲ ਵਿਆਹ ਕਰਨ ਦਾ ਇਕਰਾਰ ਕਰ ਚੁੱਕੀ ਸੀ। ਦੋਨਾਂ ਤੇ ਮਰ ਮਿੱਟੀ ਸੀ। ਨਤੀਜਾ ਇਹ ਹੋਇਆ ਕਿ ਉਹ ਆਪਸ ਵਿੱਚ ਲੜਦੇ ਲੜਦੇ ਲਹੂ ਲੁਹਾਨ ਹੋ ਗਏ ਅਤੇ ਜਦੋਂ ਜਵਾਨੀ ਦਾ ਬਹੁਤ ਸਾਰਾ ਲਹੂ ਰਗਾਂ ਵਿੱਚੋਂ ਨਿਕਲ ਗਿਆ ਤਾਂ ਉਨ੍ਹਾਂ ਨੂੰ ਆਪਣੀ ਬੇਵਕੂਫ਼ੀ ਤੇ ਬੜਾ ਗੁੱਸਾ ਆਇਆ ਅਤੇ ਪਹਿਲਾਂ ਨੰਬਰਦਾਰ ਦਾ ਬੇਟਾ ਨੂਰਾਂ ਦੇ ਕੋਲ ਪਹੁੰਚਿਆ ਅਤੇ ਆਪਣੀ ਛੁਰੀ ਨਾਲ ਉਸਨੂੰ ਹਲਾਲ ਕਰਨਾ ਚਾਹਿਆ ਅਤੇ ਨੂਰਾਂ ਦੀ ਬਾਹਾਂ ਉੱਤੇ ਜ਼ਖਮ ਆ ਗਏ। ਅਤੇ ਫਿਰ ਪਟਵਾਰੀ ਦਾ ਬੇਟਾ ਆਇਆ ਅਤੇ ਉਸਨੇ ਉਸਦੀ ਜਾਨ ਲੈਣੀ ਚਾਹੀ ਅਤੇ ਨੂਰਾਂ ਦੇ ਪੈਰਾਂ ਉੱਤੇ ਜ਼ਖਮ ਆ ਗਏ। ਮਗਰ ਉਹ ਬੱਚ ਗਈ ਕਿਉਂਕਿ ਉਹ ਵਕਤ ਸਿਰ ਹਸਪਤਾਲ ਲਿਆਈ ਗਈ ਸੀ ਅਤੇ ਉਥੇ ਉਸਦਾ ਇਲਾਜ ਸ਼ੁਰੂ ਹੋ ਗਿਆ। ਆਖ਼ਰ ਹਸਪਤਾਲ ਵਾਲੇ ਵੀ ਇਨਸਾਨ ਹੁੰਦੇ ਹਨ – ਖ਼ੂਬਸੂਰਤੀ ਦਿਲਾਂ ਉੱਤੇ ਅਸਰ ਕਰਦੀ ਹੈ, ਇੰਜੈਕਸ਼ਨ ਦੀ ਤਰ੍ਹਾਂ। ਥੋੜ੍ਹਾ ਬਹੁਤ ਉਸਦਾ ਅਸਰ ਜ਼ਰੂਰ ਹੁੰਦਾ ਹੈ, ਕਿਸੇ ਉੱਤੇ ਘੱਟ ਕਿਸੇ ਉੱਤੇ ਜ਼ਿਆਦਾ। ਡਾਕਟਰ ਸਾਹਿਬ ਤੇ ਘੱਟ ਸੀ, ਕੰਪਾਊਂਡਰ ਤੇ ਜ਼ਿਆਦਾ ਸੀ। ਨੂਰਾਂ ਦੀ ਤੀਮਾਰਦਾਰੀ ਵਿੱਚ ਖ਼ਿਲਜੀ ਦਿਲ ਜਾਨ ਨਾਲ ਲੱਗਿਆ ਰਿਹਾ। ਨੂਰਾਂ ਤੋਂ ਪਹਿਲਾਂ ਬੇਗਮਾਂ, ਬੇਗਮਾਂ ਤੋਂ ਪਹਿਲਾਂ ਰੇਸ਼ਮਾਂ ਅਤੇ ਰੇਸ਼ਮਾਂ ਤੋਂ ਪਹਿਲਾਂ ਜਾਨਕੀ ਦੇ ਨਾਲ ਵੀ ਅਜਿਹਾ ਹੀ ਹੋਇਆ ਸੀ। ਮਗਰ ਉਹ ਖਿਲਜੀ ਦੇ ਨਾਕਾਮ ਮੁਆਸ਼ਕੇ ਸਨ ਕਿਉਂਕਿ ਉਹ ਔਰਤਾਂ ਵਿਆਹੀਆਂ ਹੋਈਆਂ ਸਨ। ਰੇਸ਼ਮਾਂ ਦਾ ਤਾਂ ਇੱਕ ਬੱਚਾ ਵੀ ਸੀ। ਬੱਚਿਆਂ ਦੇ ਇਲਾਵਾ ਮਾਂ ਬਾਪ ਸਨ ਅਤੇ ਖ਼ਾਵੰਦ ਸਨ ਅਤੇ ਖ਼ਾਵੰਦਾਂ ਦੀਆਂ ਦੁਸ਼ਮਨ ਨਜਰਾਂ ਸਨ ਜੋ ਖਿਲਜੀ ਦੇ ਸੀਨੇ ਦੇ ਅੰਦਰ ਵੜ ਕੇ ਉਸਦੀਆਂ ਖ਼ਾਹਿਸ਼ਾਂ ਦੇ ਆਖ਼ਰੀ ਕੋਨੇ ਤੱਕ ਪਹੁੰਚ ਜਾਣਾ ਚਾਹੁੰਦੀਆਂ ਸਨ। ਖ਼ਿਲਜੀ ਕੀ ਕਰ ਸਕਦਾ ਸੀ ਮਜਬੂਰ ਹੋਕੇ ਰਹਿ ਜਾਂਦਾ। ਉਸਨੇ ਬੇਗਮਾਂ ਨਾਲ ਪ੍ਰੇਮ ਕੀਤਾ ਰੇਸ਼ਮਾਂ ਅਤੇ ਜਾਨਕੀ ਨਾਲ ਵੀ। ਉਹ ਹਰ ਰੋਜ਼ ਬੇਗਮਾਂ ਦੇ ਭਾਈ ਨੂੰ ਮਠਿਆਈ ਖਿਡਾਉਂਦਾ ਸੀ। ਰੇਸ਼ਮਾਂ ਦੇ ਨਿੱਕੇ ਬੇਟੇ ਨੂੰ ਦਿਨ ਭਰ ਚੁੱਕੀ ਫਿਰਦਾ ਸੀ। ਜਾਨਕੀ ਨੂੰ ਫੁੱਲਾਂ ਨਾਲ ਬੜੀ ਮੁਹੱਬਤ ਸੀ। ਉਹ ਹਰ ਰੋਜ਼ ਸਵੇਰੇ ਉੱਠਕੇ ਮੂੰਹ ਹਨੇਰੇ ਜੰਗਲ ਦੀ ਤਰਫ ਚਲਾ ਜਾਂਦਾ ਅਤੇ ਖ਼ੂਬਸੂਰਤ ਲਾਲਾ ਦੇ ਗੁੱਛੇ ਤੋੜ ਕੇ ਉਸਦੇ ਲਈ ਲਿਆਂਦਾ, ਬਿਹਤਰੀਨ ਦਵਾਈਆਂ, ਬਿਹਤਰੀਨ ਖਾਣ-ਪੀਣ ਦੀਆਂ ਚੀਜ਼ਾਂ, ਬਿਹਤਰੀਨ ਤੀਮਾਰਦਾਰੀ ਅਤੇ ਵਕਤ ਔਨ ਤੇ ਜਦੋਂ ਬੇਗਮਾਂ ਚੰਗੀ ਹੋਈ ਤਾਂ ਰੋਂਦੇ ਰੋਂਦੇ ਆਪਣੇ ਪਤੀ ਦੇ ਨਾਲ ਚਲੀ ਗਈ। ਤਾਂ ਉਸਨੇ ਚਲਦੇ ਵਕਤ ਖ਼ਿਲਜੀ ਦੇ ਦਿੱਤੇ ਹੋਏ ਫੁੱਲ ਆਪਣੇ ਸੀਨੇ ਨਾਲ ਲਗਾਏ। ਉਸਦੀਆਂ ਅੱਖਾਂ ਡਬਡਬਾ ਗਈਆਂ ਅਤੇ ਉਸਨੇ ਆਪਣੇ ਪਤੀ ਦਾ ਹੱਥ ਫੜ ਲਿਆ ਅਤੇ ਚਲਦੇ ਚਲਦੇ ਘਾਟੀ ਦੀ ਓਟ ਵਿੱਚ ਗ਼ਾਇਬ ਹੋ ਗਈ। ਘਾਟੀ ਦੇ ਆਖ਼ਰੀ ਕਿਨਾਰੇ ਉੱਤੇ ਪਹੁੰਚਕੇ ਉਸਨੇ ਮੁੜ ਕੇ ਖ਼ਿਲਜੀ ਦੀ ਤਰਫ਼ ਵੇਖਿਆ ਅਤੇ ਖ਼ਿਲਜੀ ਮੂੰਹ ਫੇਰ ਕੇ ਵਾਰਡ ਦੀ ਦੀਵਾਰ ਨਾਲ ਲਗਕੇ ਰੋਣ ਲਗਾ। ਰੇਸ਼ਮਾਂ ਦੇ ਛੁਟੀ ਹੁੰਦੇ ਵਕਤ ਵੀ ਉਹ ਇਸੇ ਤਰ੍ਹਾਂ ਰੋਇਆ ਸੀ, ਬੇਗਮਾਂ ਦੇ ਜਾਂਦੇ ਵਕਤ ਵੀ ਉਸੇ ਸ਼ਿੱਦਤ, ਉਸੇ ਖੁਲੂਸ ਨਾਲ ਰੋਇਆ ਸੀ ਪਰ ਖ਼ਿਲਜੀ ਲਈ ਨਾ ਰੇਸ਼ਮਾਂ ਰੁਕੀ, ਨਾ ਬੇਗਮਾਂ, ਨਾ ਜਾਨਕੀ ਅਤੇ ਫਿਰ ਹੁਣ ਕਿੰਨੇ ਸਾਲਾਂ ਦੇ ਬਾਅਦ ਨੂਰਾਂ ਆਈ ਸੀ ਅਤੇ ਉਸਦਾ ਦਿਲ ਉਸੇ ਤਰ੍ਹਾਂ ਧੜਕਣ ਲੱਗਿਆ ਸੀ ਅਤੇ ਇਹ ਧੜਕਨ ਰੋਜ਼ ਬਰੋਜ਼ ਵੱਧਦੀ ਚੱਲੀ ਜਾਂਦੀ ਸੀ। ਸ਼ੁਰੂ ਸ਼ੁਰੂ ਵਿੱਚ ਨੂਰਾਂ ਦੀ ਹਾਲਤ ਖ਼ਰਾਬ ਸੀ ਉਸਦਾ ਬਚਣਾ ਮੁਸ਼ਕਲ ਸੀ ਮਗਰ ਖ਼ਿਲਜੀ ਦੇ ਅਣਥਕ ਉਪਰਾਲਿਆਂ ਨਾਲ ਜਖ਼ਮ ਭਰਦੇ ਚਲੇ ਗਏ, ਮਵਾਦ ਘੱਟ ਹੁੰਦਾ ਗਿਆ, ਸੜਾਂਦ ਦੂਰ ਹੁੰਦੀ ਗਈ, ਸੋਜ ਗ਼ਾਇਬ ਹੁੰਦੀ ਗਈ, ਨੂਰਾਂ ਦੀਆਂ ਅੱਖਾਂ ਵਿੱਚ ਚਮਕ ਅਤੇ ਉਸਦੇ ਸਫ਼ੈਦ ਚਿਹਰੇ ਉੱਤੇ ਸਿਹਤ ਦੀ ਲਾਲੀ ਆ ਗਈ ਅਤੇ ਜਿਸ ਰੋਜ਼ ਖ਼ਿਲਜੀ ਨੇ ਉਸਦੀਆਂ ਬਾਂਹਾਂ ਦੀ ਪੱਟੀ ਉਤਾਰੀ ਤਾਂ ਨੂਰਾਂ ਇੱਕਦਮ ਸ਼ੁਕਰਾਨੇ ਦੇ ਪ੍ਰਗਟਾ ਵਜੋਂ ਉਸਦੇ ਸੀਨੇ ਨਾਲ ਚਿੰਮੜ ਕੇ ਰੋਣ ਲੱਗੀ ਅਤੇ ਜਦੋਂ ਉਸਦੇ ਪੈਰ ਦੀ ਪੱਟੀ ਉਤਰੀ ਤਾਂ ਉਸਨੇ ਪੈਰਾਂ ਤੇ ਅਤੇ ਹੱਥਾਂ ਤੇ ਮਹਿੰਦੀ ਰਚਾਈ ਅਤੇ ਅੱਖਾਂ ਵਿੱਚ ਕੱਜਲ ਲਗਾਇਆ ਅਤੇ ਵਾਲਾਂ ਦੀਆਂ ਜ਼ੁਲਫਾਂ ਸਵਾਰੀਆਂ ਤਾਂ ਖ਼ਿਲਜੀ ਦਾ ਦਿਲ ਮਾਰੇ ਖੁਸ਼ੀ ਦੇ ਨੱਚਣ ਲੱਗ ਪਿਆ। ਨੂਰਾਂ ਖ਼ਿਲਜੀ ਨੂੰ ਦਿਲ ਦੇ ਬੈਠੀ ਸੀ। ਉਸਨੇ ਖ਼ਿਲਜੀ ਨਾਲ ਵਿਆਹ ਦਾ ਬਚਨ ਕਰ ਲਿਆ ਸੀ। ਨੰਬਰਦਾਰ ਦਾ ਬੇਟਾ ਅਤੇ ਪਟਵਾਰੀ ਦਾ ਬੇਟਾ ਦੋਨੋਂ ਵਾਰੀ ਵਾਰੀ ਕਈ ਵਾਰ ਉਸਨੂੰ ਦੇਖਣ ਦੇ ਲਈ, ਉਸਤੋਂ ਮੁਆਫ਼ੀ ਮੰਗਣ ਦੇ ਲਈ, ਉਸ ਨਾਲ ਵਿਆਹ ਕਰਨ ਲਈ ਹਸਪਤਾਲ ਆਏ ਸਨ ਅਤੇ ਨੂਰਾਂ ਉਨ੍ਹਾਂ ਨੂੰ ਵੇਖਕੇ ਹਰ ਵਾਰ ਘਬਰਾ ਜਾਂਦੀ, ਕੰਬਣ ਲੱਗਦੀ, ਮੁੜ ਮੁੜ ਕੇ ਦੇਖਣ ਲੱਗਦੀ ਅਤੇ ਉਸ ਵਕਤ ਤੱਕ ਉਸਨੂੰ ਚੈਨ ਨਹੀਂ ਸੀ ਆਉਂਦਾ ਜਦੋਂ ਤੱਕ ਉਹ ਲੋਕ ਚਲੇ ਨਾ ਜਾਂਦੇ ਅਤੇ ਖ਼ਿਲਜੀ ਉਸਦੇ ਹੱਥ ਨੂੰ ਆਪਣੇ ਹੱਥ ਵਿੱਚ ਨਾ ਲੈ ਲੈਂਦਾ ਅਤੇ ਜਦੋਂ ਉਹ ਬਿਲਕੁੱਲ ਚੰਗੀ ਹੋ ਗਈ ਤਾਂ ਸਾਰਾ ਪਿੰਡ, ਉਸਦਾ ਆਪਣਾ ਪਿੰਡ ਉਸਨੂੰ ਦੇਖਣ ਲਈ ਉਮੜ ਪਿਆ। ਪਿੰਡ ਦੀ ਛੋਰੀ ਚੰਗੀ ਹੋ ਗਈ ਸੀ ਡਾਕਟਰ ਸਾਹਿਬ ਅਤੇ ਕੰਪਾਊਂਡਰ ਸਾਹਿਬ ਦੀ ਦਇਆ ਨਾਲ ਅਤੇ ਨੂਰਾਂ ਦੇ ਮਾਂ ਬਾਪ ਵਿਛੇ ਜਾਂਦੇ ਸਨ ਅਤੇ ਅੱਜ ਤਾਂ ਨੰਬਰਦਾਰ ਵੀ ਆਇਆ ਸੀ ਅਤੇ ਪਟਵਾਰੀ ਵੀ। ਅਤੇ ਦੋਨੋਂ ਪਾਗਲ ਮੁੰਡੇ ਵੀ ਜੋ ਹੁਣ ਨੂਰਾਂ ਨੂੰ ਵੇਖ ਵੇਖ ਕੇ ਆਪਣੀਆਂ ਹਰਕਤਾਂ ਉੱਤੇ ਸ਼ਰਮਿੰਦਾ ਹੋ ਰਹੇ ਸਨ ਅਤੇ ਫਿਰ ਨੂਰਾਂ ਨੇ ਆਪਣੀ ਮਾਂ ਦਾ ਸਹਾਰਾ ਲਿਆ ਅਤੇ ਕੱਜਲ ਵਿੱਚ ਤੈਰਦੀਆਂ ਹੋਈਆਂ ਡਬਡਬਾਈਆਂ ਅੱਖਾਂ ਨਾਲ ਖ਼ਿਲਜੀ ਦੀ ਤਰਫ਼ ਵੇਖਿਆ ਅਤੇ ਚੁਪਚਾਪ ਆਪਣੇ ਪਿੰਡ ਚੱਲੀ ਗਈ – ਸਾਰਾ ਪਿੰਡ ਉਸਨੂੰ ਲੈਣ ਲਈ ਆਇਆ ਸੀ ਅਤੇ ਉਸਦੇ ਕਦਮਾਂ ਦੇ ਪਿੱਛੇ-ਪਿੱਛੇ ਨੰਬਰਦਾਰ ਦੇ ਬੇਟੇ ਅਤੇ ਪਟਵਾਰੀ ਦੇ ਕਦਮ ਅਤੇ ਦੂਜੇ ਕਦਮ ਅਤੇ ਅਣਗਿਣਤ ਕਦਮ ਜੋ ਨੂਰਾਂ ਦੇ ਨਾਲ ਚੱਲ ਰਹੇ ਸਨ, ਖ਼ਿਲਜੀ ਦੇ ਸੀਨੇ ਦੀ ਘਾਟੀ ਉੱਤੋਂ ਗੁਜ਼ਰਦੇ ਗਏ ਅਤੇ ਪਿੱਛੇ ਇੱਕ ਧੁੰਦਲੀ ਗਰਦ ਗੁਬਾਰ ਨਾਲ ਅੱਟੀ ਪਗਡੰਡੀ ਛੱਡ ਗਏ।
ਤੇ ਕੋਈ ਵਾਰਡ ਦੀ ਦੀਵਾਰ ਦੇ ਨਾਲ ਲੱਗ ਕਰ ਸਿਸਕੀਆਂ ਲੈਣ ਲਗਾ। ਵੱਡੀ ਖ਼ੂਬਸੂਰਤ ਰੋਮਾਂਚਿਕ ਜ਼ਿੰਦਗੀ ਸੀ ਖ਼ਿਲਜੀ ਦੀ, ਖ਼ਿਲਜੀ ਜੋ ਮਿਡਲ ਪਾਸ ਸੀ। ਬੱਤੀ ਰੁਪਏ ਤਨਖ਼ਾਹ ਲੈਂਦਾ ਸੀ, ਪੰਦਰਾਂ ਵੀਹ ਉਪਰ ਤੋਂ ਕਮਾ ਲੈਂਦਾ ਸੀ। ਖ਼ਿਲਜੀ ਜੋ ਜਵਾਨ ਸੀ, ਜੋ ਮੁਹੱਬਤ ਕਰਦਾ ਸੀ, ਜੋ ਇੱਕ ਛੋਟੇ ਜਿਹੇ ਬੰਗਲੇ ਵਿੱਚ ਰਹਿੰਦਾ ਸੀ, ਜੋ ਚੰਗੇ ਕਹਾਣੀਕਾਰਾਂ ਦੀਆਂ ਕਹਾਣੀਆਂ ਪੜ੍ਹਦਾ ਸੀ ਅਤੇ ਇਸ਼ਕ ਵਿੱਚ ਰੋਂਦਾ ਸੀ, ਕਿੰਨੀ ਦਿਲਚਸਪ ਅਤੇ ਰੋਮਾਂਚਿਕ ਜ਼ਿੰਦਗੀ ਸੀ ਖ਼ਿਲਜੀ ਦੀ। ਪਰ ਕਾਲੂ ਭੰਗੀ ਦੇ ਬਾਰੇ ਵਿੱਚ ਮੈਂ ਕੀ ਕਹਿ ਸਕਦਾ ਹਾਂ ਸਿਵਾਏ ਇਸਦੇ ਕਿ :-
 
1. ਕਾਲੂ ਭੰਗੀ ਨੇ ਬੇਗਮਾਂ ਦੇ ਲਹੂ ਅਤੇ ਮਵਾਦ ਨਾਲ ਭਰੀਆਂ ਪੱਟੀਆਂ ਧੋਈਆਂ।
2. ਕਾਲੂ ਭੰਗੀ ਨੇ ਬੇਗਮਾਂ ਦੇ ਗੰਦੇ ਕੱਪੜੇ ਸਾਫ਼ ਕੀਤੇ।
3. ਕਾਲੂ ਭੰਗੀ ਨੇ ਰੇਸ਼ਮਾਂ ਦੀਆਂ ਗੰਦੀਆਂ ਪੱਟੀਆਂ ਸਾਫ਼ ਕੀਤੀਆਂ।
4. ਕਾਲੂ ਭੰਗੀ ਰੇਸ਼ਮਾਂ ਦੇ ਬੇਟੇ ਨੂੰ ਭੁੱਟੇ ਖਿਲਾਉਂਦਾ ਸੀ।
5. ਕਾਲੂ ਭੰਗੀ ਨੇ ਜਾਨਕੀ ਦੀਆਂ ਗੰਦੀਆਂ ਪੱਟੀਆਂ ਧੋਈਆਂ ਅਤੇ ਹਰ ਰੋਜ਼ ਉਸਦੇ ਕਮਰੇ ਵਿੱਚ ਫਿਨਾਇਲ ਛਿੜਕਦਾ ਰਿਹਾ। ਅਤੇ ਸ਼ਾਮ ਤੋਂ ਪਹਿਲਾਂ ਵਾਰਡ ਦੀਆਂ ਖਿੜਕੀਆਂ ਬੰਦ ਕਰਦਾ ਰਿਹਾ, ਅਤੇ ਆਤਿਸ਼ਦਾਨ ਵਿੱਚ ਲਕੜੀਆਂ ਜਲਾਉਂਦਾ ਰਿਹਾ ਤਾਂ ਜੋ ਜਾਨਕੀ ਨੂੰ ਠੰਡ ਨਾ ਲੱਗੇ।
6. ਕਾਲੂ ਭੰਗੀ ਨੂਰਾਂ ਦਾ ਮਲਮੂਤਰ ਚੁੱਕਦਾ ਰਿਹਾ, ਤਿੰਨ ਮਹੀਨੇ ਦਸ ਰੋਜ਼ ਤੱਕ।
 
ਕਾਲੂ ਭੰਗੀ ਨੇ ਰੇਸ਼ਮਾਂ ਨੂੰ ਜਾਂਦੇ ਹੋਏ ਵੇਖਿਆ, ਉਸਨੇ ਨੇ ਬੇਗਮਾਂ ਨੂੰ ਜਾਂਦੇ ਹੋਏ ਵੇਖਿਆ, ਉਸਨੇ ਨੇ ਜਾਨਕੀ ਨੂੰ ਜਾਂਦੇ ਹੋਏ ਵੇਖਿਆ, ਉਸਨੇ ਨੂਰਾਂ ਨੂੰ ਜਾਂਦੇ ਹੋਏ ਵੇਖਿਆ ਸੀ। ਪਰ ਉਹ ਕਦੇ ਦੀਵਾਰ ਨਾਲ ਲੱਗਕੇ ਰੋਇਆ ਨਹੀਂ ਸੀ। ਉਹ ਪਹਿਲਾਂ ਤਾਂ ਦੋ ਇੱਕ ਪਲਾਂ ਲਈ ਹੈਰਾਨ ਹੋ ਜਾਂਦਾ ਫਿਰ ਉਸੇ ਹੈਰਤ ਨਾਲ ਆਪਣਾ ਸਿਰ ਖੁਰਕਣ ਲੱਗਦਾ ਅਤੇ ਜਦੋਂ ਕੋਈ ਗੱਲ ਉਸਦੀ ਸਮਝ ਵਿੱਚ ਨਾ ਆਉਂਦੀ ਤਾਂ ਉਹ ਹਸਪਤਾਲ ਦੇ ਹੇਠਾਂ ਖੇਤਾਂ ਵਿੱਚ ਚਲਾ ਜਾਂਦਾ ਅਤੇ ਗਾਂ ਨੂੰ ਆਪਣਾ ਟੋਟਣ ਚਟਵਾਉਣ ਲੱਗਦਾ ਪਰ ਇਸਦਾ ਜ਼ਿਕਰ ਤਾਂ ਮੈਂ ਪਹਿਲਾਂ ਕਰ ਚੁੱਕਿਆ ਹਾਂ। ਫਿਰ ਹੋਰ ਕੀ ਲਿਖਾਂ ਤੇਰੇ ਬਾਰੇ ਵਿੱਚ ਕਾਲੂ ਭੰਗੀ, ਸਭ ਕੁੱਝ ਤਾਂ ਕਹਿ ਦਿੱਤਾ ਜੋ ਕੁਛ ਕਹਿਣਾ ਸੀ, ਜੋ ਕੁੱਝ ਤੂੰ ਰਿਹਾ ਹੈਂ। ਤੇਰੀ ਤਨਖ਼ਾਹ ਬੱਤੀ ਰੁਪਏ ਹੁੰਦੀ, ਤੂੰ ਮਿਡਲ ਪਾਸ ਜਾਂ ਫ਼ੇਲ੍ਹ ਹੁੰਦਾ, ਤੈਨੂੰ ਵਿਰਾਸਤ ਵਿੱਚ ਕੁੱਝ ਕਲਚਰ, ਤਹਜ਼ੀਬ, ਕੁੱਝ ਥੋੜ੍ਹੀ ਸੀ ਇਨਸਾਨੀ ਖੁਸ਼ੀ ਅਤੇ ਇਸ ਖੁਸ਼ੀ ਦੀ ਬੁਲੰਦੀ ਮਿਲੀ ਹੁੰਦੀ ਤਾਂ ਮੈਂ ਤੇਰੇ ਬਾਰੇ ਕੋਈ ਕਹਾਣੀ ਲਿਖਦਾ। ਹੁਣ ਤੇਰੇ ਅੱਠ ਰੁਪਏ ਵਿੱਚ ਮੈਂ ਕੀ ਕਹਾਣੀ ਲਿਖਾਂ। ਹਰ ਵਾਰ ਇਨ੍ਹਾਂ ਅੱਠ ਰੁਪਈਆਂ ਨੂੰ ਉਲਟ ਫੇਰ ਕੇ ਵੇਖਦਾ ਹਾਂ। ਚਾਰ ਰੁਪਏ ਦਾ ਆਟਾ, ਇੱਕ ਰੁਪਏ ਦਾ ਲੂਣ, ਇੱਕ ਰੁਪਏ ਦਾ ਤੰਬਾਕੂ, ਅੱਠ ਆਨੇ ਦੀ ਚਾਹ, ਚਾਰ ਆਨੇ ਦਾ ਗੁੜ, ਚਾਰ ਆਨੇ ਦਾ ਮਸਾਲਾ, ਸੱਤ ਰੁਪਏ ਅਤੇ ਇੱਕ ਰੁਪਿਆ ਬਾਣੀਏ ਦਾ, ਅੱਠ ਰੁਪਏ ਹੋ ਗਏ। ਕਿਵੇਂ ਕਹਾਣੀ ਬਣੇਗੀ ਤੇਰੀ ਕਾਲੂ ਭੰਗੀ, ਤੇਰਾ ਅਫ਼ਸਾਨਾ ਮੈਥੋਂ ਨਹੀਂ ਲਿਖਿਆ ਜਾ ਸਕੇਗਾ। ਚਲੇ ਜਾ, ਦੇਖ ਮੈਂ ਤੇਰੇ ਸਾਹਮਣੇ ਹੱਥ ਜੋੜਦਾ ਹਾਂ।
***** 
ਮਗਰ ਇਹ ਮਨਹੂਸ ਅਜੇ ਤੱਕ ਇੱਥੇ ਖੜਾ ਹੈ। ਆਪਣੇ ਉਖੜੇ ਪੀਲੇ ਪੀਲੇ ਗੰਦੇ ਦੰਦ ਕੱਢ ਆਪਣੀ ਫੁੱਟੀ ਹਾਸੀ ਹਸ ਰਿਹਾ ਹੈ। ਤੂੰ ਐਵੇਂ ਨਹੀਂ ਜਾਏਗਾ। ਅੱਛਾ ਭਈ ਹੁਣ ਮੈਂ ਫਿਰ ਆਪਣੀ ਯਾਦਾਂ ਦੀ ਰਾਖ ਕੁਰੇਦਦਾ ਹਾਂ। ਸ਼ਾਇਦ ਹੁਣ ਤੇਰੇ ਲਈ ਮੈਨੂੰ ਬੱਤੀ ਰੁਪਈਆਂ ਤੋਂ ਹੇਠਾਂ ਉਤਰਨਾ ਪਵੇਗਾ ਅਤੇ ਬਖਤਿਆਰ ਚਪੜਾਸੀ ਦਾ ਆਸਰਾ ਲੈਣਾ ਪਵੇਗਾ। ਬਖਤਿਆਰ ਚਪੜਾਸੀ ਨੂੰ ਪੰਦਰਾਂ ਰੁਪਏ ਤਨਖ਼ਾਹ ਮਿਲਦੀ ਹੈ ਅਤੇ ਜਦੋਂ ਕਦੇ ਉਹ ਡਾਕਟਰ ਜਾਂ ਕੰਪਾਊਂਡਰ ਜਾਂ ਬੈਕਸੀਨੇਟਰ ਦੇ ਨਾਲ ਦੌਰੇ ਉੱਤੇ ਜਾਂਦਾ ਹੈ ਤਾਂ ਉਸਨੂੰ ਡਬਲ ਭੱਤਾ ਅਤੇ ਸਫ਼ਰ ਖ਼ਰਚਾ ਵੀ ਮਿਲਦਾ ਹੈ। ਫਿਰ ਪਿੰਡ ਵਿੱਚ ਉਸਦੀ ਆਪਣੀ ਜ਼ਮੀਨ ਵੀ ਹੈ ਅਤੇ ਇੱਕ ਛੋਟਾ ਜਿਹਾ ਮਕਾਨ ਵੀ ਹੈ। ਜਿਸਦੇ ਤਿੰਨ ਤਰਫ਼ ਚੀੜ ਦੇ ਉਚੇ ਅਤੇ ਵੱਡੇ ਦਰਖਤ ਹਨ ਅਤੇ ਚੌਥੀ ਤਰਫ਼ ਇੱਕ ਖ਼ੂਬਸੂਰਤ ਜਿਹਾ ਬਗ਼ੀਚਾ ਹੈ ਜੋ ਉਸਦੀ ਬੀਵੀ ਨੇ ਲਗਾਇਆ ਹੈ। ਉਸ ਵਿੱਚ ਉਸਨੇ ਕੜਮ ਦਾ ਸਾਗ ਬੀਜਿਆ ਹੈ ਅਤੇ ਪਾਲਕ ਅਤੇ ਮੂਲੀਆਂ ਅਤੇ ਸ਼ਲਗਮ ਅਤੇ ਹਰੀ ਮਿਰਚ ਅਤੇ ਕਦੂ ਜੋ ਗਰਮੀਆਂ ਦੀ ਧੁੱਪੇ ਸੁਕਾਏ ਜਾਂਦੇ ਹਨ ਅਤੇ ਸਰਦੀਆਂ ਵਿੱਚ ਜਦੋਂ ਬਰਫ਼ ਪੈਂਦੀ ਹੈ ਅਤੇ ਸਬਜ਼ਾ ਮਰ ਜਾਂਦਾ ਹੈ ਤਾਂ ਖਾਧੇ ਜਾਂਦੇ ਹਨ। ਬਖਤਿਆਰ ਦੀ ਪਤਨੀ ਇਹ ਸਭ ਕੁੱਝ ਜਾਣਦੀ ਹੈ। ਬਖਤਿਆਰ ਦੇ ਤਿੰਨ ਬੱਚੇ ਹਨ, ਉਸਦੀ ਬੁਢੀ ਮਾਂ ਹੈ ਜੋ ਹਮੇਸ਼ਾ ਆਪਣੀ ਬਹੂ ਨਾਲ ਲੜਾਈ ਕਰਦੀ ਰਹਿੰਦੀ ਹੈ। ਇੱਕ ਦਫ਼ਾ ਬਖਤਿਆਰ ਦੀ ਮਾਂ ਆਪਣੀ ਬਹੂ ਨਾਲ ਝਗੜਾ ਕਰਕੇ ਘਰੋਂ ਚਲੀ ਗਈ ਸੀ। ਉਸ ਰੋਜ਼ ਗਹਿਰੇ ਬੱਦਲ ਅਸਮਾਨ ਉੱਤੇ ਛਾਏ ਹੋਏ ਸੀ ਅਤੇ ਪਾਲੇ ਦੇ ਮਾਰੇ ਦੰਦ ਬੱਜ ਰਹੇ ਸਨ। ਅਤੇ ਘਰੋਂ ਬਖਤਿਆਰ ਦਾ ਵੱਡਾ ਲੜਕਾ ਭੱਜਦਾ ਹਸਪਤਾਲ ਆਇਆ ਸੀ ਅਤੇ ਬਖਤਿਆਰ ਉਸੇ ਵਕਤ ਆਪਣੀ ਮਾਂ ਨੂੰ ਵਾਪਸ ਲਿਆਉਣ ਲਈ ਕਾਲੂ ਭੰਗੀ ਨੂੰ ਨਾਲ ਲੈ ਕੇ ਚੱਲ ਪਿਆ ਸੀ। ਉਹ ਦਿਨ ਭਰ ਜੰਗਲ ਵਿੱਚ ਉਸਨੂੰ ਤਲਾਸ਼ ਕਰਦੇ ਰਹੇ। ਉਹ ਅਤੇ ਕਾਲੂ ਭੰਗੀ ਅਤੇ ਬਖਤਿਆਰ ਦੀ ਪਤਨੀ ਜੋ ਹੁਣ ਆਪਣੇ ਕੀਤੇ ਉੱਤੇ ਸ਼ਰਮਿੰਦਾ ਸੀ ਆਪਣੀ ਸੱਸ ਨੂੰ ਉਚੀ ਉਚੀ ਆਵਾਜ਼ਾਂ ਦੇ ਦੇ ਕੇ ਰੋਦੀ ਜਾਂਦੀ ਸੀ। ਅਸਮਾਨ ਤੇ ਘੋਰ ਬੱਦਲ ਸੀ ਅਤੇ ਸਰਦੀ ਨਾਲ ਪੈਰ ਸੁੰਨ ਹੋਏ ਜਾਂਦੇ ਸਨ ਅਤੇ ਪੈਰਾਂ ਥੱਲੇ ਚੀਲ ਦੇ ਸੁੱਕੇ ਝੂਮਰ ਫਿਸਲੇ ਜਾਂਦੇ ਸਨ, ਫਿਰ ਮੀਂਹ ਸ਼ੁਰੂ ਹੋ ਗਿਆ, ਫਿਰ ਕਰੇੜੀ ਪੈਣ ਲੱਗੀ ਅਤੇ ਫਿਰ ਚਾਰੇ ਪਾਸੇ ਗਹਿਰੀ ਖਾਮੋਸ਼ੀ ਛਾ ਗਈ ਅਤੇ ਜਿਵੇਂ ਇੱਕ ਗਹਿਰੀ ਮੌਤ ਨੇ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹੋਣ ਅਤੇ ਬਰਫ਼ ਦੀਆਂ ਪਰੀਆਂ ਦੀ ਕਤਾਰ ਅੰਦਰ ਬਾਹਰ ਜ਼ਮੀਨ ਉੱਤੇ ਭੇਜ ਦਿੱਤੀ ਹੋਵੇ, ਬਰਫ਼ ਦੇ ਗੋਲੇ ਜ਼ਮੀਨ ਉੱਤੇ ਡਿੱਗਦੇ ਗਏ, ਖਾਮੋਸ਼, ਬੇਆਵਾਜ਼ ਸਫ਼ੈਦ, ਮਖਮਲ, ਘਾਟੀਆਂ, ਵਾਦੀਆਂ, ਸਿਖਰਾਂ ਉੱਤੇ ਫੈਲ ਗਈ।
“ਅੰਮਾਂ”, ਬਖਤਿਆਰ ਦੀ ਪਤਨੀ ਜ਼ੋਰ ਨਾਲ ਚਿੱਲਾਈ।
“ਅੰਮਾਂ”, ਬਖਤਿਆਰ ਚੀਖਿਆ।
“ਅੰਮਾਂ”, ਕਾਲੂ ਭੰਗੀ ਨੇ ਆਵਾਜ਼ ਦਿੱਤੀ।
ਜੰਗਲ ਗੂੰਜ ਕੇ ਖ਼ਾਮੋਸ਼ ਹੋ ਗਿਆ।
ਫਿਰ ਕਾਲੂ ਭੰਗੀ ਨੇ ਕਿਹਾ, “ਮੇਰਾ ਖਿਆਲ ਕਿ ਉਹ ਨਕੂਰ ਗਈ ਹੋਵੇਗੀ ਤੁਹਾਡੇ ਮਾਮੂ ਦੇ ਕੋਲ।”
ਨਕੂਰ ਦੇ ਦੋ ਕੋਹ ਇਧਰ ਉਨ੍ਹਾਂ ਨੂੰ ਬਖਤਿਆਰ ਦੀਆਂ ਮਾਂ ਮਿਲੀ। ਬਰਫ਼ ਡਿੱਗ ਰਹੀ ਸੀ ਅਤੇ ਉਹ ਚਲੀ ਜਾ ਰਹੀ ਸੀ। ਡਿੱਗਦੀ ਢਹਿੰਦੀ, ਲੁੜਕਦੀ ਖੜਦੀ, ਹਫ਼ਦੀ ਕੰਬਦੀ, ਅੱਗੇ ਵੱਧਦੀ ਚਲੀ ਜਾ ਰਹੀ ਸੀ। ਅਤੇ ਜਦੋਂ ਬਖਤਿਆਰ ਨੇ ਫੜਿਆ ਤਾਂ ਉਸਨੇ ਇੱਕ ਪਲ ਲਈ ਹੱਥ ਪੈਰ ਚਲਾਏ ਪਰ ਫਿਰ ਉਹ ਉਸਦੀਆਂ ਬਾਹਾਂ ਵਿੱਚ ਡਿੱਗ ਕੇ ਬੇਹੋਸ਼ ਹੋ ਗਈ। ਅਤੇ ਬਖਤਿਆਰ ਦੀ ਪਤਨੀ ਨੇ ਉਸਨੂੰ ਬੋਚ ਲਿਆ ਅਤੇ ਰਸਤੇ ਵਿੱਚ ਉਹ ਉਸਨੂੰ ਵਾਰੀ ਵਾਰੀ ਚੁੱਕਦੇ ਚਲੇ ਆਏ। ਬਖਤਿਆਰ ਅਤੇ ਕਾਲੂ ਭੰਗੀ ਅਤੇ ਜਦੋਂ ਉਹ ਲੋਕ ਵਾਪਸ ਘਰ ਪੁੱਜੇ ਤਾਂ ਬਿਲਕੁੱਲ ਹਨੇਰਾ ਹੋ ਚਲਿਆ ਸੀ। ਅਤੇ ਉਨ੍ਹਾਂ ਨੂੰ ਵਾਪਸ ਆਉਂਦੇ ਵੇਖਕੇ ਬੱਚੇ ਰੋਣ ਲੱਗੇ। ਅਤੇ ਕਾਲੂ ਭੰਗੀ ਇੱਕ ਪਾਸੇ ਹੋਕੇ ਖੜਾ ਹੋ ਗਿਆ ਅਤੇ ਆਪਣਾ ਸਿਰ ਖੁਰਕਣ ਲਗਾ ਅਤੇ ਏਧਰ ਉੱਧਰ ਦੇਖਣ ਲਗਾ। ਫਿਰ ਉਸਨੇ ਹੌਲੀ-ਹੌਲੀ ਬੂਹਾ ਖੋਲਿਆ ਅਤੇ ਉੱਥੋਂ ਚਲਾ ਆਇਆ। ਹਾਂ ਬਖਤਿਆਰ ਦੀ ਜ਼ਿੰਦਗੀ ਵਿੱਚ ਅਫ਼ਸਾਨੇ ਹਨ, ਛੋਟੇ-ਛੋਟੇ ਖ਼ੂਬਸੂਰਤ ਅਫਸਾਨੇ। ਕਾਲੂ ਭੰਗੀ ਮੈਂ ਤੇਰੇ ਬਾਰੇ ਹੋਰ ਕੀ ਲਿਖਾਂ? ਹਸਪਤਾਲ ਦੇ ਹਰ ਆਦਮੀ ਦੇ ਬਾਰੇ ਵਿੱਚ ਕੁੱਝ ਨਾ ਕੁੱਝ ਲਿਖ ਸਕਦਾ ਹਾਂ ਮੈਂ ਲੇਕਿਨ ਤੇਰੇ ਬਾਰੇ ਇੰਨਾ ਕੁੱਝ ਕੁਰੇਦਣ ਦੇ ਬਾਅਦ ਵੀ ਸਮਝ ਨਹੀ ਆਉਂਦਾ ਕਿ ਤੇਰਾ ਕੀ ਕੀਤਾ ਜਾਵੇ। ਖ਼ੁਦਾ ਦੇ ਵਾਸਤੇ ਹੁਣ ਤੂੰ ਚਲੇ ਜਾ ਬਹੁਤ ਸਤਾ ਲਿਆ ਤੂੰ।
ਪਰ ਮੈਨੂੰ ਪਤਾ ਹੈ ਇਹ ਨਹੀਂ ਜਾਵੇਗਾ ਇਸ ਤਰ੍ਹਾਂ ਜ਼ਿਹਨ ਉੱਤੇ ਸਵਾਰ ਰਹੇਗਾ ਅਤੇ ਮੇਰੇ ਅਫ਼ਸਾਨਿਆਂ ਵਿੱਚ ਆਪਣੀ ਗੰਦੀ ਝਾੜੂ ਲਈ ਖੜਾ ਰਹੇਗਾ। ਹੁਣ ਮੈਂ ਸਮਝਦਾ ਹਾਂ ਤੂੰ ਕੀ ਚਾਹੁੰਦਾ ਹੈਂ। ਤੂੰ ਉਹ ਕਹਾਣੀ ਸੁਣਾਉਣਾ ਚਾਹੁੰਦਾ ਹੈ ਜੋ ਹੋਈ ਨਹੀ ਪਰ ਹੋ ਸਕਦੀ ਸੀ। ਮੈਂ ਤੇਰੇ ਪੈਰਾਂ ਤੋਂ ਸ਼ੁਰੂ ਕਰਦਾ ਹਾਂ। ਸੁਣ, ਤੂੰ ਚਾਹੁੰਦਾ ਹੈਂ ਕਿ ਕੋਈ ਤੇਰੇ ਗੰਦੇ ਖੁਰਦੁਰੇ ਪੈਰ ਧੋ ਧੋ ਕੇ ਉਨ੍ਹਾਂ ਦੀ ਗੰਦਗੀ ਦੂਰ ਕਰੇ। ਤੂੰ ਚਾਹੁੰਦਾ ਹੈਂ ਕਿ ਤੇਰੇ ਗੋਡਿਆਂ ਦੀਆਂ ਉਭਰੀਆਂ ਹੋਈਆਂ ਚੱਪਣੀਆਂ ਗੋਸ਼ਤ ਵਿੱਚ ਛੁਪ ਜਾਣ। ਤੇਰੇ ਪੱਟਾਂ ਵਿੱਚ ਤਾਕਤ ਅਤੇ ਸਖਤੀ ਆ ਜਾਵੇ, ਤੇਰੇ ਪੇਟ ਦੀਆਂ ਕੁਮਲਾਈਆਂ ਹੋਈਆਂ ਸਿਲਵਟਾਂ ਗਾਇਬ ਹੋ ਜਾਣ। ਤੇਰੇ ਕਮਜ਼ੋਰ ਜਿਹੇ ਸੀਨੇ ਦੇ ਗ਼ਰਦ ਗ਼ੁਬਾਰ ਨਾਲ ਅੱਟੇ ਹੋਏ ਵਾਲ਼ ਗਾਇਬ ਹੋ ਜਾਣ। ਤੂੰ ਚਾਹੁੰਦਾ ਹੈਂ ਕਿ ਕੋਈ ਤੇਰੇ ਹੋਠਾਂ ਵਿੱਚ ਰਸ ਪਾ ਦੇਵੇ, ਉਨ੍ਹਾਂ ਨੂੰ ਗੋਆਈ ਬਖਸ਼ ਦੇਵੇ। ਤੇਰੀਆਂ ਅੱਖਾਂ ਵਿੱਚ ਚਮਕ ਪਾ ਦੇਵੇ। ਤੂੰ ਚਾਹੁੰਦਾ ਹੈਂ ਕਿ ਤੇਰੀਆਂ ਗੱਲ੍ਹਾਂ ਵਿੱਚ ਲਹੂ ਭਰ ਦੇਵੇ ਅਤੇ ਤੇਰੇ ਟੋਟਣ ਨੂੰ ਘਣੇ ਵਾਲਾਂ ਦੀਆਂ ਜ਼ੁਲਫ਼ਾਂ ਅਤਾ ਕਰੇ। ਤੈਨੂੰ ਇੱਕ ਸਾਫ਼ ਸੁਹਣਾ ਲਿਬਾਸ ਦੇ ਦੇਵੇ। ਤੇਰੇ ਇਰਦ ਗਿਰਦ ਛੋਟੀ ਜਿਹੀ ਚਾਰ ਦੀਵਾਰੀ ਖੜੀ ਕਰ ਦੇਵੇ, ਹੁਸੀਨ, ਸਾਫ਼, ਪਾਕੀਜ਼ਾ। ਉਸ ਵਿੱਚ ਤੇਰੀ ਪਤਨੀ ਰਾਜ ਕਰੇ, ਤੇਰੇ ਬੱਚੇ ਕਹਿਕਹੇ ਲਗਾਉਂਦੇ ਫਿਰਨ। ਜੋ ਕੁੱਝ ਤੂੰ ਚਾਹੁੰਦਾ ਹੈਂ ਮੈਂ ਨਹੀ ਕਰ ਸਕਦਾ। ਮੈਂ ਤੇਰੇ ਟੁੱਟੇ ਫੁੱਟੇ ਦੰਦਾਂ ਵਿੱਚੋਂ ਰੋਦੀ ਹੋਈ ਹਾਸੀ ਸਿਆਣਦਾ ਹਾਂ। ਜਦੋਂ ਤੂੰ ਗਾਂ ਕੋਲੋਂ ਆਪਣਾ ਗੰਜ ਚਟਵਾਉਂਦਾ ਹੈ ਤਾਂ ਮੈਨੂੰ ਪਤਾ ਹੈ ਕਿ ਤੂੰ ਆਪਣੀ ਕਲਪਨਾ ਵਿੱਚ ਆਪਣੀ ਪਤਨੀ ਨੂੰ ਵੇਖਦਾ ਹੈ ਜੋ ਤੇਰੇ ਵਾਲਾਂ ਵਿੱਚ ਆਪਣੀਆਂ ਉਂਗਲੀਆਂ ਫੇਰ ਕੇ ਤੇਰਾ ਸਿਰ ਸਹਿਲਾ ਰਹੀ ਹੈ। ਇਥੋਂ ਤੱਕ ਕਿ ਤੇਰੀਆਂ ਅੱਖਾਂ ਵੀ ਬੰਦ ਹੋ ਜਾਂਦੀਆਂ ਹਨ। ਤੇਰਾ ਸਿਰ ਝੁਕ ਜਾਂਦਾ ਹੈ ਅਤੇ ਤੂੰ ਉਸਦੀ ਮਿਹਰਬਾਨ ਆਗੋਸ਼ ਵਿੱਚ ਸੌਂ ਜਾਂਦਾ ਹੈਂ। ਅਤੇ ਜਦੋਂ ਤੂੰ ਆਹਿਸਤਾ ਆਹਿਸਤਾ ਅੱਗ ਉੱਤੇ ਮੇਰੇ ਲਈ ਮੱਕੀ ਦਾ ਭੁੱਟਾ ਸੇਕਦਾ ਹੈਂ ਅਤੇ ਮੈਨੂੰ ਜਿਸ ਪ੍ਰੇਮ ਨਾਲ ਕਹਿਲਾਉਂਦਾ ਹੈ ਤੁਸੀਂ ਆਪਣੇ ਜ਼ਿਹਨ ਦੀ ਗਹਿਰਾਈ ਵਿੱਚ ਉਸ ਨੰਨ੍ਹੇ ਬੱਚੇ ਨੂੰ ਵੇਖ ਰਿਹਾ ਹੁੰਦਾ ਹੈਂ ਜੋ ਤੇਰਾ ਬੇਟਾ ਨਹੀ ਹੈ ਜੋ ਅਜੇ ਨਹੀਂ ਆਇਆ ਜੋ ਤੇਰੀ ਜ਼ਿੰਦਗੀ ਵਿੱਚ ਕਦੇ ਨਹੀਂ ਆਵੇਗਾ। ਜਿਸ ਨੂੰ ਤੂੰ ਇੱਕ ਦਇਆਵਾਨ ਬਾਪ ਦੀ ਤਰ੍ਹਾਂ ਪਿਆਰ ਕੀਤਾ ਹੈ, ਗੋਦੀ ਵਿੱਚ ਖਿਡਾਇਆ ਹੈ, ਉਸਦਾ ਮੂੰਹ ਚੁੰਮਿਆ ਹੈ, ਉਸਨੂੰ ਆਪਣੇ ਘਨੇੜੇ ਬਿਠਾ ਕੇ ਦੁਨੀਆ ਭਰ ਵਿੱਚ ਘੁਮਾਇਆ ਹੈ। ਵੇਖ ਲਓ ਇਹ ਹੈ ਮੇਰਾ ਬੇਟਾ – ਇਹ ਹੈ ਮੇਰਾ ਬੇਟਾ ਅਤੇ ਜਦੋਂ ਇਹ ਸਭ ਕੁੱਝ ਤੈਨੂੰ ਨਹੀਂ ਮਿਲਿਆ ਤਾਂ ਤੂੰ ਸਭ ਤੋਂ ਵੱਖ ਹੋਕੇ ਖੜਾ ਹੋ ਗਿਆ ਅਤੇ ਹੈਰਤ ਨਾਲ ਆਪਣਾ ਸਿਰ ਖੁਰਕਣ ਲਗਾ। ਅਤੇ ਤੇਰੀਆਂ ਉਂਗਲੀਆਂ ਅਚੇਤ ਤੌਰ ਉੱਤੇ ਗਿਣਨ ਲੱਗੀਆਂ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ – ਅੱਠ ਰੁਪਏ ਵਿੱਚ ਤੇਰੀ ਇਹ ਕਹਾਣੀ ਜਾਣਦਾ ਹਾਂ ਜੋ ਹੋ ਸਕਦੀ ਸੀ ਪਰ ਹੋ ਨਹੀਂ ਸਕੀ। ਕਿਉਂਕਿ ਮੈਂ ਕਹਾਣੀ ਲੇਖਕ ਹਾਂ ਮੈਂ ਇੱਕ ਨਵੀਂ ਕਹਾਣੀ ਘੜ ਸਕਦਾ ਹਾਂ, ਇੱਕ ਨਵਾਂ ਇਨਸਾਨ ਨਹੀਂ ਘੜ ਸਕਦਾ। ਇਸਦੇ ਲਈ ਮੈਂ ਇਕੱਲਾ ਕਾਫ਼ੀ ਨਹੀਂ ਹਾਂ। ਇਸਦੇ ਲਈ ਕਹਾਣੀਕਾਰ ਅਤੇ ਉਸਦਾ ਪਾਠਕ ਅਤੇ ਡਾਕਟਰ, ਅਤੇ ਕੰਪਾਊਂਡਰ ਅਤੇ ਬਖਤਿਆਰ ਅਤੇ ਪਿੰਡ ਦੇ ਪਟਵਾਰੀ ਅਤੇ ਨੰਬਰਦਾਰ ਅਤੇ ਦੁਕਾਨਦਾਰ ਅਤੇ ਹਾਕਮ ਅਤੇ ਸਿਆਸਤਦਾਨ ਅਤੇ ਮਜ਼ਦੂਰ ਅਤੇ ਖੇਤ ਵਿੱਚ ਲੱਖਾਂ ਕਰੋੜਾਂ ਅਰਬਾਂ ਬੰਦਿਆਂ ਦੀ ਇਕੱਠੀ ਮੱਦਦ ਚਾਹੀਦੀ ਹੈ। ਮੈਂ ਇਕੱਲਾ ਲਾਚਾਰ ਹਾਂ, ਕੁੱਝ ਨਹੀ ਕਰ ਸਕਾਂਗਾ ਜਦੋਂ ਤੱਕ ਅਸੀ ਸਭ ਮਿਲਕੇ ਇੱਕ ਦੂਜੇ ਦੀ ਮਦਦ ਨਹੀਂ ਕਰਾਂਗੇ, ਇਹ ਕੰਮ ਨਹੀਂ ਹੋਵੇਗਾ ਅਤੇ ਤੂੰ ਇਸੇ ਤਰ੍ਹਾਂ ਆਪਣਾ ਝਾੜੂ ਲਈ ਮੇਰੇ ਜ਼ਿਹਨ ਦੇ ਦਰਵਾਜ਼ੇ ਉੱਤੇ ਖੜਾ ਰਹੇਗਾ ਅਤੇ ਮੈਂ ਕੋਈ ਅਜ਼ੀਮ ਅਫ਼ਸਾਨਾ ਨਹੀਂ ਲਿਖ ਸਕਾਂਗਾ। ਜਿਸ ਵਿੱਚ ਇਨਸਾਨੀ ਰੂਹ ਦੀ ਮੁਕੰਮਲ ਖੁਸ਼ੀ ਝਲਕ ਉੱਠੇ ਅਤੇ ਕੋਈ ਆਰਕੀਟੈਕਟ ਅਜ਼ੀਮ ਇਮਾਰਤ ਨਹੀਂ ਉਸਾਰ ਸਕੇਗਾ ਜਿਸ ਵਿੱਚ ਸਾਡੀ ਕੌਮ ਦੀ ਅਜ਼ਮਤ ਆਪਣੀਆਂ ਬੁਲੰਦੀਆਂ ਛੂਹ ਲਵੇ ਅਤੇ ਕੋਈ ਅਜਿਹਾ ਗੀਤ ਨਹੀਂ ਗਾ ਸਕੇਗਾ ਜਿਸਦੀ ਵਿਸ਼ਾਲਤਾ ਵਿੱਚ ਕਾਇਨਾਤ ਦੀ ਸਰਬਵਿਆਪਕਤਾ ਝਲਕ ਪਵੇ। ਇਹ ਭਰਪੂਰ ਜ਼ਿੰਦਗੀ ਸੰਭਵ ਨਹੀਂ ਜਦ ਤੱਕ ਤੂੰ ਝਾੜੂ ਲਈ ਇੱਥੇ ਖੜਾ ਹੈਂ।
ਅੱਛਾ ਹੈ ਖੜਾ ਰਹਿ। ਫਿਰ ਸ਼ਾਇਦ ਉਹ ਦਿਨ ਆ ਜਾਵੇ ਕਿ ਤੈਥੋਂ ਤੇਰੀ ਝਾੜੂ ਛੁਡਾ ਦੇਵੇ ਅਤੇ ਤੇਰੇ ਹੱਥਾਂ ਨੂੰ ਨਰਮੀ ਨਾਲ ਫੜ ਕੇ ਤੈਨੂੰ ਸਤਰੰਗੀ ਪੀਂਘ ਦੇ ਉਸ ਪਾਰ ਲੈ ਜਾਵੇ।

ਨੇਤਰਹੀਣ (ਕਹਾਣੀ) ਹੈਮਿੰਗਵੇ

January 17, 2018

ਨੇਤਰਹੀਣ ਆਦਮੀ ਸ਼ਰਾਬ-ਖ਼ਾਨੇ ਵਿੱਚ ਮੌਜੂਦ ਸਭ ਮਸ਼ੀਨਾਂ ਦੀਆਂ ਵੱਖ ਵੱਖ ਆਵਾਜ਼ਾਂ ਨੂੰ ਸਿਆਣਦਾ ਸੀ। ਮੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਉਸਨੂੰ ਇਨ੍ਹਾਂ ਆਵਾਜ਼ਾਂ ਦੀ ਪਛਾਣ ਦੀ ਮੁਹਾਰਤ ਹਾਸਲ ਕਰਨ ਵਿੱਚ ਕਿੰਨਾ ਵਕਤ ਲੱਗਿਆ, ਲੇਕਿਨ ਉਸਨੂੰ ਕਾਫ਼ੀ ਲੰਮਾ ਅਰਸਾ ਜ਼ਰੂਰ ਲੱਗਿਆ ਹੋਵੇਗਾ, ਕਿਉਂਕਿ ਉਹ ਇੱਕ ਵਕਤ ਵਿੱਚ ਸਿਰਫ ਇੱਕ ਹੀ ਸ਼ਰਾਬ-ਖ਼ਾਨੇ ਵਿੱਚ ਕੰਮ ਕਰਦਾ ਸੀ। ਉਹ ਦੋ ਕਸਬਿਆਂ ਵਿੱਚ ਕੰਮ ਕਰਦਾ ਸੀ ਅਤੇ ਜਦੋਂ ਸ਼ਾਮ ਦਾ ਘੁਸਮੁਸਾ ਅੰਧਕਾਰ ਵਿੱਚ ਢਲ ਜਾਂਦਾ, ਤਾਂ ਉਹ ਆਪਣੇ ਫਲੈਟ ਤੋਂ ਨਿਕਲਦਾ ਅਤੇ ਵੱਡੀ ਸੜਕ ਦੇ ਕੰਢੇ ਜੈੱਸਪ ਵੱਲ ਚੱਲਣਾ ਸ਼ੁਰੂ ਹੋ ਜਾਂਦਾ। ਜਦੋਂ ਉਸਨੂੰ ਆਪਣੇ ਪਿੱਛੇ ਵਲੋਂ ਕਿਸੇ ਕਾਰ ਦੀ ਆਵਾਜ਼ ਸੁਣਾਈ ਦਿੰਦੀ, ਤਾਂ ਉਹ ਸੜਕ ਦੇ ਕੰਢੇ ਰੁਕ ਜਾਂਦਾ ਅਤੇ ਕਾਰ ਦੀਆਂ ਰੋਸ਼ਨੀਆਂ ਨੇਤਰਹੀਣ ਉੱਤੇ ਪੈਂਦੀਆਂ, ਤਾਂ ਉਹ ਰੁਕ ਜਾਂਦੇ ਅਤੇ ਉਸਨੂੰ ਆਪਣੇ ਨਾਲ ਬਿਠਾ ਲੈਂਦੇ। ਜੇਕਰ ਉਹ ਨਾ ਰੁਕਦੇ, ਤਾਂ ਉਹ ਬਰਫ ਨਾਲ ਢਕੀ ਸੜਕ ਉੱਤੇ ਚੱਲਣਾ ਸ਼ੁਰੂ ਕਰ ਦਿੰਦਾ। ਅਕਸਰ ਉਸਨੂੰ ਸਵਾਰੀ ਦਾ ਮਿਲਣਾ ਇਸ ਗੱਲ ਉੱਤੇ ਨਿਰਭਰ ਹੁੰਦਾ ਕਿ ਕਾਰ ਵਿੱਚ ਕਿੰਨੇ ਜਣੇ ਸਵਾਰ ਸਨ ਜਾਂ ਕਾਰ ਵਿੱਚ ਕੋਈ ਔਰਤ ਬੈਠੀ ਹੋਈ ਸੀ, ਕਿਉਂਕਿ ਨੇਤਰਹੀਣ ਦੇ ਕੋਲੋਂ ਖ਼ਾਸ ਤੌਰ ਉੱਤੇ ਸਰਦੀਆਂ ਵਿੱਚ ਬਹੁਤ ਗੰਦੀ ਬਦਬੂ ਆਉਂਦੀ ਸੀ। ਲੇਕਿਨ ਹਮੇਸ਼ਾ ਉਸ ਲਈ ਕੋਈ ਨਾ ਕੋਈ ਰੁਕ ਹੀ ਜਾਂਦਾ ਸੀ, ਕਿਉਂਕਿ ਉਹ ਇੱਕ ਨਾਬੀਨਾ ਇਨਸਾਨ ਸੀ।

ਹਰ ਇੱਕ ਉਸਨੂੰ ਜਾਣਦਾ ਸੀ ਅਤੇ ਉਸਨੂੰ ਬਲਾਈਂਡੀ ਕਹਿੰਦੇ ਸਨ, ਜੋ ਕਿ ਦੇਸ਼ ਦੇ ਇਸ ਹਿੱਸੇ ਵਿੱਚ ਨੇਤਰਹੀਣ ਮਨੁੱਖ ਲਈ ਇੱਕ ਅੱਛਾ ਨਾਮ ਸੀ ਅਤੇ ਜਿਸ ਸ਼ਰਾਬ-ਖ਼ਾਨੇ ਵਿੱਚ ਉਹ ਕੰਮ ਕਰਦਾ ਸੀ, ਉਸ ਦਾ ਨਾਮ ਪਾਇਲਟ ਸੀ। ਉਸ ਦੇ ਬਿਲਕੁਲ ਅੱਗੇ ਇੱਕ ਹੋਰ ਸ਼ਰਾਬ-ਖ਼ਾਨਾ ਵੀ ਸੀ ਜਿਸ ਵਿੱਚ ਜੂਆ ਖੇਡਣ ਦੀਆਂ ਮਸ਼ੀਨਾਂ ਅਤੇ ਖਾਣੇ ਵਾਲਾ ਕਮਰਾ ਸੀ, ਉਸਨੂੰ ਇੰਡੈਕਸ ਕਿਹਾ ਜਾਂਦਾ ਸੀ। ਦੋਨੋਂ ਸ਼ਰਾਬ-ਖ਼ਾਨੇ ਮਿਆਰੀ ਸਨ ਅਤੇ ਦੋਨਾਂ ਵਿੱਚ ਪੁਰਾਣੇ ਦਿਨਾਂ ਦੇ ਪੱਬ ਸਨ ਅਤੇ ਦੋਨਾਂ ਵਿੱਚ ਤਕਰੀਬਨ ਇੱਕ ਹੀ ਤਰ੍ਹਾਂ ਦੀਆਂ ਜੂਆ ਖੇਡਣ ਵਾਲੀ ਮਸ਼ੀਨਾਂ ਸਨ। ਇਹ ਇੱਕ ਵੱਖਰੀ ਗੱਲ ਹੈ ਕਿ ਤੁਹਾਨੂੰ ਪਾਇਲਟ ਵਿੱਚ ਬਿਹਤਰ ਖਾਣਾ ਮਿਲਦਾ, ਤਾਂ ਇੰਡੈਕਸ ਵਿੱਚ ਤੇਲ ਵਿੱਚ ਤੜਕਿਆ ਹੋਇਆ ਗੋਸ਼ਤ ਮਿਲ ਸਕਦਾ ਸੀ। ਇੰਡੈਕਸ ਪੂਰੀ ਰਾਤ ਖੁੱਲ੍ਹਾ ਰਹਿੰਦਾ ਸੀ ਅਤੇ ਸਵੇਰੇ ਛੇਤੀ ਹੀ ਕੰਮ ਸ਼ੁਰੂ ਕਰ ਦਿੰਦਾ ਸੀ। ਦਿਨ ਦੇ ਦਸ ਵਜੇ ਤੱਕ ਉੱਥੇ ਸ਼ਰਾਬ ਮਿਲਦੀ ਸੀ। ਜੈੱਸਪ ਵਿੱਚ ਇਹ ਦੋ ਹੀ ਸ਼ਰਾਬ-ਖ਼ਾਨੇ ਸਨ ਅਤੇ ਇਸ ਲਈ ਇਨ੍ਹਾਂ ਨੂੰ ਇਵੇਂ ਕਰਨ ਦੀ ਲੋੜ ਨਹੀਂ ਸੀ, ਪਰ ਇਹ ਇਵੇਂ ਸਨ।

ਬਲਾਈਂਡੀ ਪਾਇਲਟ ਨੂੰ ਤਰਜੀਹ ਦਿੰਦਾ ਸੀ, ਕਿਉਂਕਿ ਇਸ ਵਿੱਚ ਜਿਵੇਂ ਹੀ ਤੁਸੀਂ ਵੜਦੇ ਸਾਹਮਣੇ ਬਾਰ ਸੀ, ਮਸ਼ੀਨਾਂ ਖੱਬੇ ਹੱਥ ਵਾਲੀ ਕੰਧ ਦੇ ਐਨ ਨਾਲ ਨਾਲ ਸਨ। ਇਸ ਕਰਕੇ ਉਹ ਉਨ੍ਹਾਂ ਉੱਤੇ ਬਿਹਤਰ ਤਰੀਕੇ ਨਾਲ ਕਾਬੂ ਪਾ ਸਕਦਾ ਸੀ ਜਦੋਂ ਕਿ ਉਸਨੂੰ ਇੰਡੈਕਸ ਵਿੱਚ ਮੁਸ਼ਕਲ ਪੇਸ਼ ਆਉਂਦੀ ਸੀ, ਕਿਉਂਕਿ ਉੱਥੇ ਜਗ੍ਹਾ ਜ਼ਿਆਦਾ ਸੀ ਅਤੇ ਮਸ਼ੀਨਾਂ ਥਾਂ ਥਾਂ ਖਿੰਡਰੀਆਂ ਹੋਈਆਂ ਸਨ।

ਉਸ ਰਾਤ ਬਾਹਰ ਗ਼ਜ਼ਬ ਦੀ ਸਰਦੀ ਪੈ ਰਹੀ ਸੀ ਅਤੇ ਜਦੋਂ ਉਹ ਅੰਦਰ ਆਇਆ, ਤਾਂ ਉਸ ਦੇ ਸਿਰ ਦੇ ਵਾਲ਼ਾਂ, ਭਵਾਂ ਅਤੇ ਮੁੱਛਾਂ ਉੱਤੇ ਬਰਫ ਜਮੀ ਹੋਈ ਸੀ ਅਤੇ ਉਸ ਦੀ ਹਾਲਤ ਬਿਹਤਰ ਨਹੀਂ ਲੱਗ ਰਹੀ ਸੀ। ਉਸ ਦੀ ਗੰਧ ਤੱਕ ਜੰਮੀ ਹੋਈ ਸੀ, ਲੇਕਿਨ ਇਹ ਜ਼ਿਆਦਾ ਵਕਤ ਤੱਕ ਨਾ ਰਹੀ ਅਤੇ ਜਿਵੇਂ ਹੀ ਇਸ ਬੂਹਾ ਬੰਦ ਕੀਤਾ, ਗੰਧ ਫੈਲਣੀ ਸ਼ੁਰੂ ਹੋ ਗਈ। ਉਸਨੂੰ ਵੇਖਣਾ ਮੇਰੇ ਲਈ ਹਮੇਸ਼ਾ ਬਹੁਤ ਮੁਸ਼ਕਲ ਰਿਹਾ ਸੀ, ਲੇਕਿਨ ਮੈਂ ਉਸਨੂੰ ਧਿਆਨ ਨਾਲ ਵੇਖ ਰਿਹਾ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਉਹ ਹਮੇਸ਼ਾ ਤੋਂ ਇਵੇਂ ਹੀ ਧੁੱਤ ਰਹਿੰਦਾ ਸੀ ਅਤੇ ਮੈਂਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਇੰਨਾ ਕਿਵੇਂ ਠਰ ਗਿਆ ਸੀ। ਆਖ਼ਰ ਮੈਂ ਉਸ ਨੂੰ ਪੁੱਛਿਆ:

“ਬਲਾਈਂਡੀ ਕਿੱਥੋ ਪੈਦਲ ਚੱਲ ਕਰ ਆ ਰਹੇ ਹੋ?”

“ਵਿੱਲੀ ਸਾਅਰ ਨੇ ਮੈਨੂੰ ਰੇਲਵੇ ਪੁੱਲ ਉੱਤੇ ਕਾਰ ਵਿੱਚੋਂ ਉਤਾਰ ਦਿੱਤਾ ਸੀ… ਕੋਈ ਹੋਰ ਕਾਰ ਨਹੀਂ ਆਈ ਜਿਸ ਉੱਤੇ ਮੈਂ ਸਵਾਰ ਹੋ ਸਕਦਾ।”

“ਉਸਨੇ ਤੈਨੂੰ ਕਿਉਂ ਉਤਾਰ ਦਿੱਤਾ ਸੀ?”  ਕਿਸੇ ਨੇ ਪੁੱਛਿਆ।

“ਉਸਨੇ ਕਿਹਾ ਕਿ ਤੇਰੇ ਕੋਲੋਂ ਬਦਬੂ ਆ ਰਹੀ ਹੈ।”

ਕਿਸੇ ਨੇ ਮਸ਼ੀਨ ਦਾ ਦਸਤਾ ਖਿੱਚਿਆ ਅਤੇ ਬਲਾਈਂਡੀ ਖੜਖੜਾਹਟ ਸੁਣਨ ਲਗਾ। ਕੁੱਝ ਨਹੀਂ ਆ ਰਿਹਾ ਸੀ।

“ਕੋਈ ਡਿਊਡ ਖੇਲ ਰਿਹਾ ਹੈ?” ਉਸਨੇ ਮੈਨੂੰ ਪੁੱਛਿਆ।

“ਕੀ ਤੈਨੂੰ ਸੁਣਿਆ ਨਹੀਂ?”

“ਅਜੇ ਨਹੀਂ ਸੁਣਿਆ।”

“ਡਿਊਡ ਨਹੀਂ, ਬਲਾਈਂਡੀ ਅਤੇ ਅੱਜ ਬੁੱਧਵਾਰ ਦਾ ਦਿਨ ਹੈ।”

“ਮੈਂ ਜਾਣਦਾ ਹਾਂ ਕਿ ਅੱਜ ਕੀ ਰਾਤ ਹੈ … ਮੈਨੂੰ ਇਸ ਰਾਤ ਦੇ ਬਾਰੇ ਵਿੱਚ ਦੱਸਣਾ ਸ਼ੁਰੂ ਨਾ ਕਰ।”

ਬਲਾਈਂਡੀ ਮਸ਼ੀਨਾਂ ਵਾਲੀ ਕਤਾਰ ਦੀ ਤਰਫ਼ ਵਧਿਆ ਅਤੇ ਉਨ੍ਹਾਂ ਉੱਤੇ ਹੱਥ ਫੇਰ ਕੇ ਇਹ ਦੇਖਣ ਦੀ ਕੋਸ਼ਿਸ਼ ਕਰਨ ਲਗਾ ਕਿ ਗ਼ਲਤੀ ਨਾਲ ਕੱਪਾਂ ਵਿੱਚ ਕੁੱਝ ਰਹਿ ਤਾਂ ਨਹੀਂ ਗਿਆ। ਉੱਥੇ ਕੁੱਝ ਵੀ ਨਹੀਂ ਸੀ, ਲੇਕਿਨ ਇਸ ਤਰ੍ਹਾਂ ਵੇਖਭਾਲ ਕਰਨਾ ਉਸ ਦੇ ਕੰਮ ਦਾ ਪਹਿਲਾ ਹਿੱਸਾ ਸੀ। ਉਹ ਵਾਪਸ ਮੁੜਿਆ ਅਤੇ ਇਧਰ ਆਇਆ, ਜਿੱਥੇ ਬਾਰ ਦੇ ਕੋਲ ਅਸੀਂ ਖੜੇ ਸਾਂ ਅਤੇ ਅਲ ਚੇਨੀ ਨੇ ਉਸ ਨੂੰ ਸ਼ਰਾਬ ਲੈਣ ਦੇ ਬਾਰੇ ਵਿੱਚ ਕਿਹਾ।

“ਨਹੀਂ।” ਬਲਾਈਂਡੀ ਨੇ ਕਿਹਾ। ‘ਮੈਨੂੰ ਸੜਕਾਂ ਉੱਤੇ ਚੌਕਸ ਰਹਿਣਾ ਪੈਂਦਾ ਹੈ।।”

“ਸੜਕਾਂ ਤੋਂ ਤੁਹਾਡਾ ਕੀ ਭਾਵ ਹੈ?” ਕਿਸੇ ਨੇ ਉਸ ਨੂੰ ਪੁੱਛਿਆ। “ਤੁਸੀਂ ਤਾਂ ਸਿਰਫ ਇੱਕ ਸੜਕ ਉੱਤੇ ਜਾਂਦੇ ਹੋ … ਇੱਥੋਂ ਤੁਹਾਡੇ ਫਲੈਟ ਦੇ ਦਰਮਿਆਨ ਵਾਲੀ।“

“ਮੈਂ ਬਹੁਤ ਸੜਕਾਂ ਉੱਤੇ ਚਲਦਾ ਹਾਂ,” ਬਲਾਈਂਡੀ ਨੇ ਜਵਾਬ ਦਿੱਤਾ। “ਅਤੇ ਕਿਸੇ ਵਕਤ ਮੈਂ ਇੱਥੋਂ ਜਾਣਾ ਹੋਵੇਗਾ ਅਤੇ ਹੋਰ ਸੜਕਾਂ ਉੱਤੇ ਚੱਲਣਾ ਹੋਵੇਗਾ।”

ਕਿਸੇ ਨੇ ਮਸ਼ੀਨ ਦਾ ਦਸਤਾ ਖਿੱਚਿਆ, ਲੇਕਿਨ ਜ਼ਿਆਦਾ ਜ਼ੋਰ ਨਾਲ ਨਹੀਂ। ਬਲਾਈਂਡੀ ਬਿਲਕੁਲ ਸਿੱਧਾ ਉਸੇ ਤਰਫ਼ ਵਧਿਆ। ਇਹ ਇੱਕ ਛੋਟੀ ਮਸ਼ੀਨ ਸੀ ਅਤੇ ਇਸ ਨਾਲ ਖੇਡਣ ਵਾਲੇ ਨੌਜਵਾਨ ਨੇ ਉਸਨੂੰ ਇੱਕ ਚੁਆਨੀ ਦਿੱਤੀ ਸੀ। ਉਸ ਦੇ ਜੇਬ ਵਿੱਚ ਪਾਉਣ ਤੋਂ ਪਹਿਲਾਂ ਬਲਾਈਂਡੀ ਨੂੰ ਪਤਾ ਚੱਲ ਗਿਆ ਸੀ।

“ਧੰਨਵਾਦ!” ਉਸਨੇ ਕਿਹਾ। “ਤੂੰ ਬਹੁਤ ਜ਼ਬਰਦਸਤ ਖੇਲ ਸਕੇਂਗਾ।”

ਨੌਜਵਾਨ ਮੁੰਡੇ ਨੇ ਕਿਹਾ, “ਇਹ ਜਾਣ ਕੇ ਬਹੁਤ ਅੱਛਾ ਲੱਗਿਆ।”

ਉਸਨੇ ਮਸ਼ੀਨ ਵਿੱਚ ਇੱਕ ਛੋਟਾ ਸਿੱਕਾ ਪਾਇਆ ਅਤੇ ਉਸਨੂੰ ਹੇਠਾਂ ਖਿੱਚਿਆ।

ਉਸਨੇ ਫਿਰ ਉੱਪਰ ਖਿੱਚਿਆ, ਲੇਕਿਨ ਇਸ ਵਾਰ ਬਹੁਤ ਅੱਛਾ ਹੋਇਆ ਅਤੇ ਕੱਪ ਸਿੱਕਿਆਂ ਨਾਲ ਭਰ ਗਿਆ ਅਤੇ ਉਸਨੇ ਇੱਕ ਸਿੱਕਾ ਬਲਾਈਂਡੀ ਨੂੰ ਦਿੱਤਾ।

“ਧੰਨਵਾਦ!” ਬਲਾਈਂਡੀ ਨੇ ਕਿਹਾ। “ਤੁਸੀਂ ਬਹੁਤ ਜ਼ਬਰਦਸਤ ਕਰ ਰਹੇ ਹੋ।”

“ਅੱਜ ਦੀ ਰਾਤ ਮੇਰੀ ਰਾਤ ਹੈ।” ਨੌਜਵਾਨ ਮੁੰਡੇ ਨੇ ਕਿਹਾ, ਜੋ ਖੇਲ ਰਿਹਾ ਸੀ।

“ਤੁਹਾਡੀ ਰਾਤ ਮੇਰੀ ਵੀ ਰਾਤ ਹੈ।” ਬਲਾਈਂਡੀ ਨੇ ਕਿਹਾ ਅਤੇ ਨੌਜਵਾਨ ਮੁੰਡਾ ਖੇਡਣ ਲੱਗਿਆ, ਲੇਕਿਨ ਫਿਰ ਉਹ ਚੰਗੀ ਤਰ੍ਹਾਂ ਨਾ ਖੇਲ ਸਕਿਆ ਅਤੇ ਹਾਰਦਾ ਚਲਾ ਗਿਆ। ਬਲਾਈਂਡੀ ਉਸ ਦੇ ਪਿੱਛੇ ਆਸ ਤੇ ਖੜਾ ਰਿਹਾ ਕਿ ਸ਼ਾਇਦ ਉਸਨੂੰ ਵੀ ਕੁੱਝ ਮਿਲ ਜਾਵੇ। ਨੌਜਵਾਨ ਬਹੁਤ ਗੁੱਸੇ ਵਿੱਚ ਵਿਖਾਈ ਦੇ ਰਿਹਾ ਸੀ ਅਤੇ ਆਖ਼ਰ ਉਸਨੇ ਖੇਡਣਾ ਬੰਦ ਕਰ ਦਿੱਤਾ ਅਤੇ ਬਾਰ ਦੀ ਤਰਫ਼ ਵੱਧ ਗਿਆ। ਬਲਾਈਂਡੀ ਉਸ ਦੇ ਪਿੱਛੇ ਗਿਆ, ਲੇਕਿਨ ਉਸਨੇ ਇਸ ਗੱਲ ਦੀ ਕੋਈ ਪਰਵਾਹ ਨਾ ਕੀਤੀ। ਜਦੋਂ ਨੌਜਵਾਨ ਨੇ ਕੋਈ ਧਿਆਨ ਨਾ ਦਿੱਤਾ, ਤਾਂ ਬਲਾਈਂਡੀ ਵਾਪਸ ਮੁੜਿਆ ਅਤੇ ਉਸਨੇ ਹੱਥ ਨਾਲ ਮਸ਼ੀਨਾਂ ਦਾ ਦੁਬਾਰਾ ਜਾਇਜ਼ਾ ਲਿਆ ਅਤੇ ਉਥੇ ਹੀ ਇਸ ਇੰਤਜ਼ਾਰ ਵਿੱਚ ਖੜਾ ਹੋ ਗਿਆ ਕਿ ਕੋਈ ਆਕੇ ਖੇਡੇ।

ਪਹੀਏ ਤੇ ਅਤੇ ਮੇਜ਼ ਤੇ ਕੋਈ ਖੇਡਣ ਵਾਲਾ ਨਹੀਂ ਸੀ। ਤਾਸ਼ ਵਾਲੀਆਂ ਮੇਜ਼ਾਂ ਤੇ ਕੁਝ ਜਵਾਰੀ ਬੈਠੇ ਇੱਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ। ਕਸਬੇ ਵਿੱਚ ਇਸ ਸ਼ਾਮ ਮੁਕੰਮਲ ਖ਼ਾਮੋਸ਼ੀ ਸੀ ਅਤੇ ਕੋਈ ਜੋਸ਼ ਨਹੀਂ ਸੀ। ਬਾਰ ਦੇ ਇਲਾਵਾ ਕਿਤੇ ਹੋਰ ਰੌਣਕ ਨਹੀਂ ਸੀ, ਲੇਕਿਨ ਬਾਰ ਦੇ ਕੋਲ ਉਸ ਵਕਤ ਤੱਕ ਖ਼ੂਬ ਰੌਣਕ ਅਤੇ ਜ਼ਬਰਦਸਤ ਮਾਹੌਲ ਸੀ ਜਦੋਂ ਤੱਕ ਬਲਾਈਂਡੀ ਉੱਥੇ ਨਹੀਂ ਸੀ ਆਇਆ। ਹੁਣ ਹਰ ਸ਼ਖਸ ਇਸ ਕੋਸ਼ਿਸ਼ ਵਿੱਚ ਸੀ ਕਿ ਉਹ ਇੰਡੈਕਸ ਵਿੱਚ ਚਲਾ ਜਾਵੇ ਜਾਂ ਫਿਰ ਆਪਣੇ ਘਰ ਪਰਤ ਜਾਵੇ।

“ਟਾਮ ਤੂੰ ਕੀ ਲਏਂਗਾ;” ਬਾਰਟੈਂਡਰ, ਫਰੈਂਕ ਨੇ ਮੈਥੋਂ ਪੁੱਛਿਆ। “ਇਹ ਮੇਰੇ ਵਲੋਂ ਸਹੀ।”

“ਮੈਂ ਪੀਣ ਦਾ ਮਨ ਬਣਾ ਰਿਹਾ ਹਾਂ।”

“ਪਹਿਲਾਂ ਇਹ ਇੱਕ ਲੈ ਲੈ।”

“ਮੈਂ ਵੀ ਇਹੀ ਸੋਚ ਰਿਹਾ ਹਾਂ,” ਮੈਂ ਕਿਹਾ।

ਫਰੈਂਕ ਉਸ ਅਜਨਬੀ ਨੌਜਵਾਨ ਦੀ ਤਰਫ਼ ਆਕਰਸ਼ਿਤ ਹੋਇਆ, ਜਿਸ ਨੇ ਭਾਰੀ ਭਰਕਮ ਕੱਪੜੇ ਪਹਿਨੇ ਹੋਏ ਸੀ ਅਤੇ ਸਿਰ ਉੱਤੇ ਕਾਲ਼ਾ ਹੈਟ ਧਰਿਆ ਸੀ। ਉਸਨੇ ਤਾਜ਼ਾ ਤਾਜ਼ਾ ਸ਼ੇਵ ਕਰ ਰੱਖੀ ਸੀ ਅਤੇ ਉਸ ਦੇ ਚਿਹਰੇ ਦੇ ਹਾਲ ਤੋਂ ਲੱਗ ਰਿਹਾ ਸੀ ਕਿ ਉਸਨੇ ਕਾਫ਼ੀ ਬਰਫ਼ਬਾਰੀਆਂ ਝੱਲੀਆਂ ਹਨ।

“ਤੂੰ ਕੀ ਲੈਣਾ ਪਸੰਦ ਕਰੇਂਗਾ?”

ਨੌਜਵਾਨ ਨੇ ਵੀ ਉਹੀ ਪਸੰਦ ਕੀਤੀ। ਵਿਸਕੀ ਓਲਡ ਫੋਰਸਟਰ ਸੀ।

ਮੈਂ ਉਸਨੂੰ ਇਸ਼ਾਰਾ ਕੀਤਾ ਅਤੇ ਆਪਣਾ ਪੈੱਗ ਉੱਪਰ ਚੁੱਕਿਆ ਅਤੇ ਅਸੀਂ ਦੋਨਾਂ ਨੇ ਚੁਸਕੀਆਂ ਨਾਲ ਪੀਣੀ ਸ਼ੁਰੂ ਕਰ ਦਿੱਤੀ। ਬਲਾਈਂਡੀ ਮਸ਼ੀਨਾਂ ਦੀ ਕਤਾਰ ਦੇ ਆਖ਼ਰ ਵਿੱਚ ਸੀ। ਮੈਂ ਸੋਚਿਆ ਕਿ ਉਹ ਸਮਝ ਗਿਆ ਸੀ ਅਤੇ ਉਸਨੂੰ ਬੂਹੇ ਤੇ ਵੇਖਕੇ ਕੋਈ ਅੰਦਰ ਨਹੀਂ ਆਵੇਗਾ। ਇਹ ਗੱਲ ਨਹੀਂ ਕਿ ਇਸ ਬਾਰੇ ਉਹ ਸੁਚੇਤ ਸੀ।

“ਇਸ ਆਦਮੀ ਦੀ ਨਿਗਾਹ ਕਿਵੇਂ ਚਲੀ ਗਈ?” ਨੌਜਵਾਨ ਨੇ ਮੈਨੂੰ ਪੁੱਛਿਆ।

“ਇੱਕ ਲੜਾਈ ਵਿੱਚ।” ਫਰੈਂਕ ਨੇ ਉਸਨੂੰ ਦੱਸਿਆ।

“ਮੈਂ ਨਹੀਂ ਜਾਣਦਾ।” ਮੈਂ ਉਸਨੂੰ ਦੱਸਿਆ।

“ਲੜਾਈ ਵਿੱਚ?” ਅਜਨਬੀ ਨੇ ਕਿਹਾ। ਉਹ ਆਪਣਾ ਸਿਰ ਹਿਲਾ ਰਿਹਾ ਸੀ।

“ਜੀ ਹਾਂ।” ਫਰੈਂਕ ਨੇ ਕਿਹਾ। “ਇਸਨੂੰ ਉਸੇ ਲੜਾਈ ਵਿੱਚ ਉੱਚੀ ਆਵਾਜ਼ ਵੀ ਮਿਲੀ ਸੀ। ਟਾਮ ਉਸਨੂੰ ਦੱਸ ਦੇ।”

“ਮੈਂ ਇਸ ਬਾਰੇ ਕਦੇ ਨਹੀਂ ਸੁਣਿਆ।”

“ਨਹੀਂ, ਤੂੰ ਨਹੀਂ ਜਾਣਦਾ,” ਫਰੈਂਕ ਨੇ ਕਿਹਾ। “ਯਕੀਨਨ ਨਹੀਂ … ਤੂੰ ਇਥੇ ਨਹੀਂ ਸੀ, ਮੈਂ ਜਾਣਦਾ ਹਾਂ … ਜਨਾਬ ਉਹ ਰਾਤ ਅੱਜ ਦੀ ਰਾਤ ਜਿੰਨੀ ਠੰਡੀ ਸੀ … ਹੋ ਸਕਦਾ ਹੈ ਕਿ ਅੱਜ ਨਾਲੋਂ ਜ਼ਿਆਦਾ ਠੰਡੀ ਹੋਵੇ … ਉਹ ਬਹੁਤ ਤੇਜ਼ ਲੜਾਈ ਸੀ … ਮੈਂ ਉਸ ਦਾ ਆਗਾਜ਼ ਨਹੀਂ ਵੇਖਿਆ ਸੀ … ਤੱਦ ਉਹ ਇੱਕ ਦੂਜੇ ਨਾਲ ਲੜਦੇ ਹੋਏ ਇੰਡੈਕਸ ਦੇ ਬੂਹੇ ਤੋਂ ਬਾਹਰ ਨਿਕਲੇ –  ਬਲੈਕੀ, ਜੋ ਹੁਣ ਬਲਾਈਂਡੀ ਹੈ ਅਤੇ ਦੂਜਾ ਮੁੰਡਾ ਵਿੱਲੀ ਸਾਅਰ … ਦੋਨੋਂ ਇੱਕ ਦੂਜੇ ਨੂੰ ਘਸੁੰਨ ਮਾਰ ਰਹੇ … ਗੋਡੇ ਮਾਰ ਰਹੇ ਸਨ … ਦੰਦੀਆਂ ਵੱਢ ਰਹੇ ਸਨ … ਨੋਚ ਰਹੇ ਸਨ ਅਤੇ ਮੈਂ ਵੇਖਿਆ ਕਿ ਬਲੈਕੀ ਦੀ ਇੱਕ ਅੱਖ ਦਾ ਡੇਲਾ ਉਹਦੀ ਗੱਲ੍ਹ ਉੱਤੇ ਲਟਕ ਰਿਹਾ ਸੀ … ਉਹ ਦੋਨੋਂ ਲੜਦੇ ਲੜਦੇ ਸੜਕ ਉੱਤੇ ਪਈ ਹੋਈ ਬਰਫ ਦੇ ਢੇਰ ਉੱਤੇ ਚਲੇ ਗਏ … ਇਨ੍ਹਾਂ ਉੱਤੇ ਇਸ ਬੂਹੇ ਅਤੇ ਇੰਡੈਕਸ ਦੇ ਬੂਹੇ ਦੀ ਰੋਸ਼ਨੀ ਪੈ ਰਹੀ ਸੀ … ਹੋਲਜ਼ ਸਾਂਡਜ਼, ਵਿੱਲੀ ਸਾਅਰ ਦੇ ਬਿਲਕੁਲ ਪਿੱਛੇ ਸੀ ਜੋ ਅੱਖ ਕਢ ਰਿਹਾ ਸੀ… ਉਹ ਅੱਖ ਨੋਚਣ ਦੇ ਬਾਰੇ ਵਿੱਚ ਕਹਿ ਰਿਹਾ ਸੀ … ਹੋਲਜ਼ ਚਿਲਾ ਰਿਹਾ ਸੀ।

“ਇਸਨੂੰ ਖਾ ਲੈ … ਇਸਨੂੰ ਅੰਗੂਰ ਦੀ ਤਰ੍ਹਾਂ ਖਾ ਲੈ ……”

ਬਲੈਕੀ ਉਸ ਵਕਤ ਵਿੱਲੀ ਸਾਅਰ ਦੇ ਚਿਹਰੇ ਨੂੰ ਨੋਚ ਰਿਹਾ ਸੀ … ਉਸਨੇ ਉਸ ਦੇ ਚਿਹਰੇ ਨੂੰ ਵਿਗਾੜ ਕੇ ਰੱਖ ਦਿੱਤਾ ਸੀ ਅਤੇ ਇਸ ਵਕਤ ਉਸਨੇ ਇੱਕ ਹੋਰ ਜ਼ਬਰਦਸਤ ਵਾਰ ਕੀਤਾ ਸੀ … ਫਿਰ ਉਹ ਦੋਨੋਂ ਬਰਫ ਉੱਤੇ ਡਿੱਗ ਗਏ ਸਨ ਅਤੇ ਵਿੱਲੀ ਸਾਅਰ ਉਸ ਦੀ ਅੱਖ ਕਢਣ ਵਿੱਚ ਕਾਮਯਾਬ ਹੋ ਗਿਆ … ਤੱਦ ਬਲੈਕੀ ਨੇ ਅਜਿਹੀ ਚੀਖ਼ ਮਾਰੀ ਕਿ ਤੁਸੀਂ ਕਦੇ ਨਹੀਂ ਸੁਣੀ ਹੋਣੀ…ਜੰਗਲੀ ਜਾਨਵਰ ਜਦੋਂ ਕਤਲ ਹੁੰਦੇ ਚੀਖ਼ ਮਾਰਦਾ ਹੈ, ਉਸ ਨਾਲੋਂ ਵੀ ਜ਼ਿਆਦਾ ਉੱਚੀ ਸੀ ……“

ਬਲਾਈਂਡੀ ਸਾਡੇ ਸਾਹਮਣੇ ਆ ਗਿਆ ਅਤੇ ਉਸ ਦੀ ਬਦਬੂ ਮਹਿਸੂਸ ਕਰਕੇ ਅਸੀਂ ਮੁੜ ਪਏ।

“ਅੰਗੂਰ ਦੀ ਤਰ੍ਹਾਂ ਚੱਬ ਜਾ ਇਸਨੂੰ।” ਉਸਨੇ ਉੱਚੀ ਆਵਾਜ਼ ਵਿੱਚ ਕਿਹਾ ਅਤੇ ਉਸਨੇ ਆਪਣਾ ਸਿਰ ਉੱਪਰ ਹੇਠਾਂ ਹਿਲਾਂਦੇ ਹੋਏ ਸਾਡੀ ਤਰਫ਼ ਵੇਖਿਆ। “ਇਹ ਖੱਬੀ ਅੱਖ ਸੀ … ਉਸਨੇ ਦੂਜੀ ਅੱਖ ਕਿਸੇ ਦੇ ਕਹਿਣ ਦੇ ਬਿਨਾਂ ਕੱਢ ਦਿੱਤੀ ਸੀ … ਉਸਨੇ ਮੈਨੂੰ ਇਸ ਹਾਲਤ ਵਿੱਚ ਲਤਾੜ ਦਿੱਤਾ ਜਦੋਂ ਮੈਂ ਉਸਨੂੰ ਵੇਖ ਨਹੀਂ ਸਕਦਾ ਸੀ … ਇਹ ਬਹੁਤ ਭੈੜਾ ਹੋਇਆ ਸੀ।” ਉਸਨੇ ਖ਼ੁਦ ਨੂੰ ਥਾਪੜਿਆ।

“ਮੈਂ ਉਸ ਵਕਤ ਅੱਛਾ ਲੜਾਕਾ ਸੀ,” ਉਸਨੇ ਕਿਹਾ। ਮੇਰੇ ਸੰਭਲਣ ਤੋਂ ਪਹਿਲਾਂ ਹੀ ਉਸਨੇ ਮੇਰੀ ਅੱਖ ਕਢ ਸੁੱਟੀ … ਇਹ ਉਸ ਦੀ ਖੁਸ਼ਕਿਸਮਤੀ ਸੀ … ਖੈਰ।” ਉਸਨੇ ਕਿਸੇ ਕੁੜੱਤਣ ਦੇ ਬਿਨਾਂ ਕਿਹਾ। “ਇਵੇਂ ਮੇਰੇ ਲੜਾਈ ਦੇ ਦਿਨ ਖ਼ਤਮ ਹੋ ਗਏ।”

“ਬਲੈਕੀ ਨੂੰ ਸ਼ਰਾਬ ਦਿਓ।” ਮੈਂ ਫਰੈਂਕ ਨੂੰ ਕਿਹਾ।

“ਟਾਮ, ਬਲਾਈਂਡੀ ਮੇਰਾ ਨਾਮ ਹੈ … ਮੈਂ ਇਹ ਨਾਮ ਕਮਾਇਆ ਹੈ … ਤੁਸੀਂ ਮੈਨੂੰ ਇਹ ਨਾਮ ਕਮਾਉਂਦੇ ਵੇਖਿਆ ਹੈ … ਇਹ ਉਹੀ ਵਿਅਕਤੀ ਹੈ ਜਿਸ ਨੇ ਅੱਜ ਮੈਨੂੰ ਸੜਕ ਤੇ ਲਾਹ ਦਿੱਤਾ ਸੀ… ਉਸੇ ਨੇ ਅੱਖ ਕਢ ਦਿੱਤੀ ਸੀ … ਅਸੀਂ ਦੋਸਤ ਕਦੇ ਨਹੀਂ ਸੀ ਬਣੇ।”

“ਤੁਸੀਂ ਉਸ ਦੇ ਨਾਲ ਕੀ ਕੀਤਾ ਸੀ?” ਅਜਨਬੀ ਨੇ ਪੁੱਛਿਆ।

“ਓਹ ਤੁਸੀਂ ਉਸਨੂੰ ਇੱਥੇ ਹੀ ਵੇਖ ਲਓਗੇ।” ਬਲਾਈਂਡੀ ਨੇ ਕਿਹਾ। “ਤੁਸੀਂ ਉਸਨੂੰ ਵੇਖਦੇ ਹੀ ਪਛਾਣ ਲਓਗੇ… ਮੈਂ ਇਸ ਨੂੰ ਤਾਜੁਬ ਰਹਿਣ ਦਵਾਂਗਾ।”

“ਤੁਸੀਂ ਉਸਨੂੰ ਵੇਖਣਾ ਨਹੀਂ ਚਾਹੋਗੇ,” ਮੈਂ ਅਜਨਬੀ ਨੂੰ ਦੱਸਿਆ।

“ਤੈਨੂੰ ਪਤਾ ਹੈ ਕਿ ਇਹ ਇੱਕ ਵਜ੍ਹਾ ਹੈ ਕਿ ਮੈਂ ਕੁੱਝ ਦੇਰ ਲਈ ਵੇਖਣਾ ਚਾਹੁੰਦਾ ਹਾਂ,” ਬਲਾਈਂਡੀ ਨੇ ਕਿਹਾ। “ਮੈਂ ਉਸਨੂੰ ਕੁੱਝ ਦੇਰ ਲਈ ਵੇਖਣਾ ਚਾਹੁੰਦਾ ਹਾਂ।”

“ਤੈਨੂੰ ਪਤਾ ਹੈ ਕਿ ਉਹ ਕਿਹੋ ਜਿਹਾ ਵਿਖਾਈ ਦਿੰਦਾ ਹੈ।” ਫਰੈਂਕ ਨੇ ਉਸਨੂੰ ਦੱਸਿਆ। “ਤੂੰ ਉਸ ਦੇ ਕੋਲ ਗਿਆ ਸੀ ਅਤੇ ਉਸ ਦੇ ਚਿਹਰਾ ਤੇ ਹੱਥ ਫੇਰੇ ਸੀ।”

“ਅੱਜ ਫਿਰ ਮੈਂ ਇਹੀ ਕੀਤਾ,” ਬਲਾਈਂਡੀ ਨੇ ਖੁਸ਼ੀ ਨੂੰ ਕਿਹਾ। “ਇਹੀ ਵਜ੍ਹਾ ਹੈ ਕਿ ਉਸਨੇ ਮੈਨੂੰ ਕਾਰ ਤੋਂ ਉਤਾਰ ਦਿੱਤਾ ਸੀ … ਉਹ ਉੱਕਾ ਮਜ਼ਾਹੀਆ ਨਹੀਂ ਹੈ … ਮੈਂ ਉਸਨੂੰ ਅਜਿਹੀ ਹੀ ਇੱਕ ਠੰਡੀ ਰਾਤ ਵਿੱਚ ਦੱਸ ਦਿੱਤਾ ਸੀ ਕਿ ਉਹ ਆਪਣੇ ਆਪ ਨੂੰ ਢੱਕ ਕੇ ਰੱਖੇ ਤਾਂ ਜੋ ਉਹਦੇ ਚਿਹਰੇ ਨੂੰ ਸਾਰੇ ਅੰਦਰ ਤੋਂ ਸਰਦੀ ਨਾ ਲੱਗ ਜਾਵੇ… ਉਸਨੇ ਉਸਨੂੰ ਮਜ਼ਾਕ ਨਹੀਂ ਸਮਝਿਆ ਸੀ …ਤੁਸੀਂ ਜਾਣਦੇ ਹੋ ਉਸ ਵਿੱਲੀ ਸਾਅਰ ਨੂੰ, ਉਹ ਕਦੇ ਹੰਢਿਆ ਵਰਤਿਆ ਆਦਮੀ ਨਹੀਂ ਬਣ ਸਕੇਗਾ।“

“ਬਲੈਕੀ ਇਹ ਮੇਰੇ ਵਲੋਂ ਪੀਓ,” ਫਰੈਂਕ ਨੇ ਕਿਹਾ। ਮੈਂ ਤੈਨੂੰ ਘਰ ਨਹੀਂ ਛੱਡ ਕੇ ਆ ਸਕਦਾ, ਕਿਉਂਕਿ ਮੈਂ ਇੱਥੇ ਨੇੜੇ ਹੀ ਰਹਿੰਦਾ ਹਾਂ ਅਤੇ ਤੈਨੂੰ ਪਿੱਛੇ ਸੌਣ ਲਈ ਜਗ੍ਹਾ ਮਿਲ ਜਾਵੇਗੀ।”

“ਫਰੈਂਕ ਤੁਹਾਡਾ ਬੇਹੱਦ ਧੰਨਵਾਦ …… ਤੁਸੀਂ ਮੈਨੂੰ ਬਲੈਕੀ ਨਾ ਕਿਹਾ ਕਰੋ … ਹੁਣ ਮੈਂ ਬਲੈਕੀ ਨਹੀਂ ਹਾਂ … ਮੇਰਾ ਨਾਮ ਬਲਾਈਂਡੀ ਹੈ।”

“ਬਲਾਈਂਡੀ, ਸ਼ਰਾਬ ਲੈ।”

“ਠੀਕ ਹੈ ਜਨਾਬ।” ਬਲਾਈਂਡੀ ਨੇ ਕਿਹਾ। ਉਸਨੇ ਅੱਗੇ ਹੱਥ ਵਧਾਇਆ ਅਤੇ ਗਲਾਸ ਫੜ ਲਿਆ। ਫਿਰ ਉਸਨੇ ਸਾਡੇ ਤਿੰਨਾਂ ਦੇ ਐਨ ਬਰਾਬਰ ਗਲਾਸ ਉੱਪਰ ਉਠਾਇਆ।

“ਵਿੱਲੀ ਸਾਅਰ ਦੇ ਨਾਮ,” ਉਸਨੇ ਕਿਹਾ। “ਉਹ ਯਕੀਨਨ ਇਸ ਵਕਤ ਆਪਣੇ ਘਰ ਵਿੱਚ ਤਨਹਾ ਬੈਠਾ ਹੋਵੇਗਾ … ਓਹ ਵਿੱਲੀ, ਭੋਰਾ ਨਹੀਂ ਪਤਾ ਉਸਨੂੰ ਮਜ਼ਾ ਕੀ ਹੁੰਦਾ ਹੈ।”

ਖ਼ੁਫ਼ੀਆ ਚਮਤਕਾਰ (ਕਹਾਣੀ) – ਹੋਰਹੇ ਲੂਈਸ ਬੋਰਹੇਸ

January 11, 2018

ਅਤੇ ਖ਼ੁਦਾ ਨੇ ਉਸਨੂੰ ਸੌ ਸਾਲ ਦੀ ਮੁੱਦਤ ਲਈ ਮੌਤ ਦੇ ਦਿੱਤੀ।
ਫਿਰ ਉਸਨੂੰ ਜ਼ਿੰਦਾ ਕੀਤਾ ਅਤੇ ਕਿਹਾ, ’’ਤੂੰ ਇੱਥੇ ਕਿੰਨੇ ਦਿਨ ਰਿਹਾ?”
’’ਇੱਕ ਦਿਨ ਜਾਂ ਉਸ ਦਾ ਕੁੱਝ ਹਿੱਸਾ,” ਉਸਨੇ ਜਵਾਬ ਦਿੱਤਾ
(ਅਲ-ਕੁਰਾਨ: ਅਲਬਕਰ, 259)

ਨਾ-ਮੁਕੰਮਲ ਦੁਖਾਂਤ ਨਾਟਕ ‘ਦੁਸ਼ਮਨ’ ਦੇ, ‘ਸਦੀਵਤਾ ਦੀ ਪੁਸ਼ਟੀ’ ਦੇ ਅਤੇ ‘ਜੈਕਬ ਬੋਹਮ ਦੇ ਅਪ੍ਰਤੱਖ ਯਹੂਦੀ ਸਰੋਤਾਂ ਉੱਤੇ ਅਧਾਰਿਤ ਇੱਕ ਪੜਚੋਲ’ ਦੇ ਲੇਖਕ ਜਾਰੋਮੀਰ ਹਲਾਦੀਕ ਨੇ 14 ਮਾਰਚ 1939 ਦੀ ਰਾਤ ਨੂੰ ਪਰਾਗ ਦੀ ਇੱਕ ਗਲੀ ਜ਼ੇਲਟਰਨਰਗਾਸੇ ਦੇ ਇੱਕ ਮਕਾਨ ਵਿੱਚ ਸੁਪਨੇ ਵਿੱਚ ਸ਼ਤਰੰਜ ਦੀ ਇੱਕ ਲੰਮੀ ਲਮਕ ਗਈ ਬਾਜ਼ੀ ਵੇਖੀ। ਖਿਡਾਰੀ ਦੋ ਵਿਅਕਤੀ ਨਹੀਂ ਸਗੋਂ ਦੋ ਮਸ਼ਹੂਰ ਖ਼ਾਨਦਾਨ ਸਨ, ਅਤੇ ਖੇਲ ਸਦੀਆਂ ਤੋਂ ਜਾਰੀ ਸੀ। ਕਿਸੇ ਨੂੰ ਨਹੀਂ ਯਾਦ ਕਿ ਕੀ ਸ਼ਰਤਾਂ ਬੰਨ੍ਹੀਆਂ ਗਈਆਂ, ਮਗਰ ਉਹ ਗ਼ੈਰਮਾਮੂਲੀ ਸਨ, ਸ਼ਾਇਦ ਅਨੰਤ। ਮੋਹਰੇ ਅਤੇ ਬਿਸਾਤ ਇੱਕ ਖ਼ੁਫ਼ੀਆ ਮੀਨਾਰ ਵਿੱਚ ਮੌਜੂਦ ਸਨ। ਜਾਰੋਮੀਰ (ਆਪਣੇ ਸੁਪਨੇ ਵਿੱਚ) ਮੁਕਾਬਲੇ ਵਿੱਚ ਮਸ਼ਗ਼ੂਲ ਖ਼ਾਨਦਾਨਾਂ ਵਿੱਚੋਂ ਇੱਕ ਦਾ ਜੇਠਾ ਪੁੱਤਰ ਸੀ। ਘੜੀ ਨੇ ਅਗਲੀ ਚਾਲ ਚਲਣ ਦੀ ਘੰਟੀ ਵਜਾਈ ਜਿਸਨੂੰ ਮੁਲਤਵੀ ਨਹੀਂ ਕੀਤਾ ਜਾ ਸਕਦਾ ਸੀ। ਸੁਪਨੇ ਦੇਖਣ ਵਾਲਾ ਇੱਕ ਬਰਸਾਤੀ ਮਾਰੂਥਲ ਵਿੱਚ ਸਰਪਟ ਭੱਜਦਾ ਚਲਾ ਜਾ ਰਿਹਾ ਸੀ ਅਤੇ ਸ਼ਤਰੰਜ ਦੇ ਮੋਹਰੇ ਅਤੇ ਖੇਲ ਦੇ ਕਾਨੂੰਨ ਭੁੱਲ ਚੁੱਕਿਆ ਸੀ। ਇਸ ਘੜੀ ਉਸ ਦੀ ਅੱਖ ਖੁੱਲ ਗਈ। ਮੀਂਹ ਅਤੇ ਹੌਲਨਾਕ ਘੜੀਆਂ ਦੀ ਝਨਕਾਰ ਥੰਮ ਗਈ। ਜ਼ੇਲਟਰਨਰਗਾਸੇ ਵਲੋਂ ਕਦਮ-ਤਾਲ ਸੁਣਾਈ ਦਿੱਤੀ ਜਿਸ ਵਿੱਚ ਟੁੱਟਵੀਆਂ ਹੁਕਮੀਆ ਆਵਾਜ਼ਾਂ ਵੀ ਸ਼ਾਮਿਲ ਸਨ। ਇਹ ਪਹੁ ਫੁੱਟਾਲਾ ਸੀ ਅਤੇ ਨਾਜ਼ੀ ਟੈਂਕਾਂ ਦਾ ਹਰਾਵਲ ਦਸਤਾ ਪਰਾਗ ਵਿੱਚ ਦਾਖਿਲ ਹੋ ਰਿਹਾ ਸੀ।

19 ਤਾਰੀਖ਼ ਨੂੰ ਸ਼ਹਿਰ ਦੇ ਹਾਕਮਾਂ ਨੂੰ ਜਾਰੋਮੀਰ ਹਲਾਦੀਕ ਦੇ ਦੋਸ਼ੀ ਹੋਣ ਦੀ ਇੱਤਲਾਹ ਦਿੱਤੀ ਗਈ, ਉਸੇ ਦਿਨ ਸ਼ਾਮ ਨੂੰ ਉਹਨੂੰ ਗਿਰਫਤਾਰ ਕਰ ਲਿਆ ਗਿਆ। ਉਸਨੂੰ ਇੱਕ ਰੋਗਾਣੂ-ਪਾਕ ਜਗ੍ਹਾ ਲੈ ਜਾਇਆ ਗਿਆ, ਇਹ ਦਰਿਆ ਵਲਟਾਵਾ ਦਰਿਆ ਦੇ ਪਰਲੇ ਕੰਢੇ ਉੱਤੇ ਸਥਿਤ ਸਫੈਦ ਬੈਰਕਾਂ ਸਨ। ਉਹ ਖ਼ੁਫ਼ੀਆ ਪੁਲਿਸ ਗੇਸਟਾਪੋ ਦੇ ਲਗਾਏ ਹੋਏ ਕਿਸੇ ਵੀ ਇਲਜ਼ਾਮ ਨੂੰ ਰੱਦ ਨਹੀਂ ਕਰ ਸਕਿਆ, ਉਸ ਦੀ ਮਾਂ ਦਾ ਖ਼ਾਨਦਾਨੀ ਨਾਮ ਜਾਰੋਸਲਾਵਸਕੀ ਸੀ, ਉਹ ਯਹੂਦੀ ਨਸਲ ਦਾ ਸੀ, ਉਸ ਦੇ ਬੋਹਮ ਦੇ ਅਧਿਅਨ ਸਦਕਾ ਉਸ ਉੱਤੇ ਸਪਸ਼ਟ ਯਹੂਦੀ ਪ੍ਰਭਾਵ ਸਨ, ਆਂਸ਼ਲੋਸ (ਯਾਨੀ ਆਸਟਰੀਆ ਦੇ ਨਾਜ਼ੀ ਜਰਮਨੀ ਦੇ ਨਾਲ ਜਬਰੀ ਏਕੀਕਰਨ) ਦੇ ਵਿਰੁੱਧ ਉਸ ਦੇ ਦਸਤਖ਼ਤ ਮੌਜੂਦ ਸਨ। 1928 ਵਿੱਚ ਉਸਨੇ ਹਰਮਨ ਬਾਰਸੀਡੋਰਫ਼ ਨਾਮੀ ਪ੍ਰਕਾਸ਼ਨ ਇਦਾਰੇ ਲਈ ਯਹੂਦੀ ਇਰਫ਼ਾਨੀ ਸਾਹਿਤ ਦੀ ਪਹਿਲੀ ਕਿਤਾਬ ‘ਸਫ਼ਰ ਯਤਜ਼ੀਰਾ’ ਦਾ ਅਨੁਵਾਦ ਕੀਤਾ ਸੀ। ਪ੍ਰਕਾਸ਼ਨ ਇਦਾਰੇ ਦੀ ਨਾਗਵਾਰ ਕੈਟਾਲਾਗ ਨੇ ਇਸ਼ਤਿਹਾਰੀ ਮਕਸਿਦਾਂ ਲਈ ਅਨੁਵਾਦਕ ਦੀ ਸ਼ੋਭਾ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ, ਅਤੇ ਕੈਟਾਲਾਗ ਦਾ ਮੁਆਇਨਾ ਜੂਲੀਅਸ ਰੂਥ ਨਾਮੀ ਇੱਕ ਅਧਿਕਾਰੀ ਨੇ ਕੀਤਾ ਜਿਸਦੇ ਹੱਥ ਵਿੱਚ ਹਲਾਦੀਕ ਦਾ ਮੁਕੱਦਰ ਸੀ। ਆਪਣੀ ਸਪੈਸ਼ਲਿਟੀ ਤੋਂ ਬਾਹਰ ਸ਼ਾਇਦ ਹੀ ਕੋਈ ਜਣਾ ਹੋਵੇਗਾ ਜੋ ਜਲਦ ਭਰੋਸਾ ਕਰਨ ਵਾਲਾ ਨਾ ਹੋਵੇ, ਬੱਸ ਦੋ ਜਾਂ ਤਿੰਨ ਵਿਸ਼ੇਸ਼ਣਾਂ ਦਾ ਗੌਥਿਕ ਸ਼ੈਲੀ ਵਿੱਚ ਇਸਤੇਮਾਲ ਹੀ ਜੂਲੀਅਸ ਰੂਥ ਨੂੰ ਹਲਾਦੀਕ ਦੀ ਅਹਮੀਅਤ ਜਤਾਉਣ ਲਈ ਕਾਫ਼ੀ ਸੀ, ਅਤੇ ਉਸਨੇ ਹੋਰਨਾਂ ਨੂੰ ਚੌਕੰਨੇ ਕਰਨ ਦੀ ਖਾਤਰ ਉਸਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। 29 ਮਾਰਚ ਨੂੰ ਸਵੇਰ ਦੇ ਨੌਂ ਵਜੇ ਸਜ਼ਾ ਨੂੰ ਅਮਲੀ ਜਾਮਾ ਪਹਿਨਾਉਣਾ ਸੀ। ਇਸ ਦੇਰੀ (ਜਿਸਦੀ ਅਹਮੀਅਤ ਪਾਠਕ ਨੂੰ ਬਾਅਦ ਵਿੱਚ ਸਮਝ ਆਵੇਗੀ) ਦੀ ਵਜ੍ਹਾ ਇਹ ਸੀ ਕਿ ਹਾਕਮ ਲੋਕ ਸਬਜੀਆਂ ਅਤੇ ਪੌਦਿਆਂ ਦੀ ਤਰ੍ਹਾਂ ਗ਼ੈਰ-ਸ਼ਖ਼ਸੀ ਅੰਦਾਜ਼ ਵਿੱਚ ਸਹਿਜ ਢੰਗ ਨਾਲ ਅੱਗੇ ਵਧਣਾ ਚਾਹੁੰਦੇ ਸਨ।
ਹਲਾਦੀਕ ਦਾ ਪਹਿਲਾ ਪ੍ਰਤੀਕਰਮ ਮਹਿਜ਼ ਦਹਿਸ਼ਤ ਸੀ। ਉਹ ਫ਼ਾਂਸੀ ਦੇ ਤਖ਼ਤੇ, ਪੱਥਰਾਂ ਜਾਂ ਖ਼ੰਜਰ ਤੋਂ ਇੰਨਾ ਜ਼ਿਆਦਾ ਖ਼ੌਫ਼ਜ਼ਦਾ ਨਹੀਂ ਸੀ ਪਰ ਬੰਦੂਕਾਂ ਨਾਲ ਲੈਸ ਦਸਤੇ ਦੀਆਂ ਗੋਲੀਆਂ ਦਾ ਸਾਹਮਣਾ ਕਰਨਾ ਅਸਹਿ ਸੀ। ਐਵੇਂ ਹੀ ਉਸਨੇ ਆਪਣੇ ਆਪ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦਹਿਲ ਦੀ ਵਜ੍ਹਾ ਮੌਤ ਦਾ ਘਟ ਜਾਣਾ ਸੀ ਉਸ ਦੀਆਂ ਠੋਸ ਹਾਲਤਾਂ ਨਹੀਂ। ਉਹ ਥੱਕਣ ਦੇ ਬਿਨਾਂ ਇਹ ਸਭ ਹਾਲਤਾਂ ਖ਼ਿਆਲਾਂ ਵਿੱਚ ਲਿਆਂਦਾ ਰਿਹਾ ਅਤੇ ਬੁੱਧੂਆਂ ਵਾਂਗ ਕੁੱਲ ਸੰਭਵ ਰੂਪਾਂਤਰਾਂ ਦੀ ਕਲਪਨਾ ਦੀ ਕੋਸ਼ਿਸ਼ ਕਰਦਾ ਰਿਹਾ। ਇਵੇਂ ਹੀ ਨੀਂਦ-ਰਹਿਤ ਸਵੇਰ ਤੋਂ ਲੈ ਕੇ ਰਹੱਸਮਈ ਗੋਲੀਆਂ ਚੱਲਣ ਤੱਕ ਆਪਣੇ ਮਰਨ ਦੇ ਅਮਲ ਦੇ ਸੰਬੰਧ ਵਿੱਚ ਉਹ ਅਨੰਤ ਤੌਰ ਤੇ ਸੋਚਦਾ ਰਿਹਾ। ਜੂਲੀਅਸ ਰੂਥ ਦੁਆਰਾ ਮਿਥੇ ਦਿਨ ਦੇ ਪਹਿਲਾਂ ਉਹ ਸੈਂਕੜੇ ਮੌਤਾਂ ਮਰ ਚੁੱਕਿਆ ਸੀ, ਜੁਮੈਟਰੀ ਨੂੰ ਲਲਕਾਰਦੀਆਂ ਸ਼ਕਲਾਂ ਅਤੇ ਕੋਣਾਂ ਵਾਲੇ ਅਹਾਤਿਆਂ ਵਿੱਚ, ਅਨੇਕ ਨਵੇਂ ਨਵੇਂ ਸਿਪਾਹੀਆਂ ਦੀਆਂ ਗੋਲੀਆਂ ਨਾਲ, ਕਦੇ ਉਸਨੂੰ ਕੁੱਝ ਫ਼ਾਸਲੇ ਤੋਂ ਮਾਰਿਆ ਗਿਆ ਸੀ ਅਤੇ ਕਦੇ ਐਨ ਨੇੜੇ ਤੋਂ। ਉਸਨੇ ਉਨ੍ਹਾਂ ਕਾਲਪਨਿਕ ਮੌਤਾਂ ਦਾ ਸਾਹਮਣਾ ਹਕੀਕੀ ਦਹਿਸ਼ਤ (ਸ਼ਾਇਦ ਹਕੀਕੀ ਦਲੇਰੀ) ਨਾਲ ਕੀਤਾ। ਹਰ ਵਹਿਮ ਦਾ ਸਮਾਂ ਕੁੱਝ ਹੀ ਸੈਕਿੰਡ ਸੀ। ਜਦੋਂ ਇਹ ਚੱਕਰ ਖਤਮ ਹੋਇਆ ਤਾਂ ਜਾਰੋਮੀਰ ਇੱਕ ਵਾਰ ਫਿਰ, ਅਤੇ ਇਸ ਵਾਰ ਅਨੰਤ ਤੌਰ ਤੇ, ਆਪਣੀ ਮੌਤ ਦੀ ਪੂਰਵ-ਸੰਧਿਆ ਦੀਆਂ ਘੜੀਆਂ ਵਿੱਚ ਪਰਤ ਆਇਆ। ਫਿਰ ਉਸਨੇ ਸੋਚਿਆ ਕਿ ਹਕੀਕਤ ਅਤੇ ਇਸ ਦੇ ਸੰਬੰਧ ਵਿੱਚ ਸਾਡੀਆਂ ਭਵਿੱਖਬਾਣੀਆਂ ਆਮ ਤੌਰ ਤੇ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀਆਂ। ਆਪਣੇ ਅਵੈੜ ਮੰਤਕ ਦੇ ਜ਼ਰੀਏ ਉਸਨੇ ਇਹ ਅਨੁਮਾਨ ਲਗਾਇਆ ਕਿ ਕਿਸੇ ਘਟਨਾ ਦੇ ਵੇਰਵੇ ਦਾ ਪੂਰਵ-ਅਨੁਮਾਨ ਲਾਉਣਾ ਉਸ ਨੂੰ ਘਟਣ ਤੋਂ ਰੋਕ ਸਕਦਾ ਹੈ। ਇਸ ਕਮਜ਼ੋਰ ਜਾਦੂ ਉੱਤੇ ਯਕੀਨ ਕਰਦੇ ਹੋਏ ਉਸ ਨੇ ਖ਼ੁਦ ਉਨ੍ਹਾਂ ਘਟਨਾਵਾਂ ਨੂੰ ਘਟਣ ਤੋਂ ਰੋਕਣ ਲਈ ਅਤਿ ਹੌਲਨਾਕ ਹੋਰ ਘਟਨਾਵਾਂ ਈਜਾਦ ਕੀਤੀਆਂ। ਆਖ਼ਰਕਾਰ ਕੁਦਰਤੀ ਤੌਰ ਤੇ ਉਸਨੂੰ ਇਹ ਖ਼ਦਸ਼ਾ ਤਾਂ ਹੋਣਾ ਹੀ ਸੀ ਕਿ ਇਹ ਪੇਸ਼ੀਨਗੋਈਆਂ ਪੈਗੰਬਰੀ ਹਨ। ਖ਼ਸਤਾ-ਹਾਲ ਰਾਤਾਂ ਵਿੱਚ ਉਹ ਵਕਤ ਦੇ ਭਗੌੜੇ ਸਾਰ ਨਾਲ ਚਿੰਬੜੇ ਰਹਿਣ ਲਈ ਸੰਘਰਸ਼ ਕਰਦਾ ਰਿਹਾ। ਉਸਨੂੰ ਪਤਾ ਸੀ ਕਿ ਵਕਤ ਉਨੱਤੀ ਤਰੀਕ ਦਾ ਸੂਰਜ ਚੜ੍ਹਨ ਵਾਲੇ ਪਾਸੇ ਤੇਜ਼ੀ ਨਾਲ ਵਧ ਰਿਹਾ ਹੈ। ਉਸਨੇ ਬੜੀ ਦਲੀਲਬਾਜ਼ੀ ਕੀਤੀ: ਮੈਂ ਇਸ ਵਕਤ ਬਾਈ ਦੀ ਰਾਤ ਗੁਜ਼ਾਰ ਰਿਹਾ ਹਾਂ, ਜਦੋਂ ਤੱਕ ਇਹ ਰਾਤ ਬਾਕੀ ਹੈ (ਅਤੇ ਛੇ ਹੋਰ ਰਾਤਾਂ) ਮੈਂ ਅਜਿੱਤ ਅਤੇ ਅਮਰ ਹਾਂ। ਨੀਦ ਦੀਆਂ ਆਪਣੀਆਂ ਰਾਤਾਂ ਉਸਨੂੰ ਅਜਿਹੇ ਡੂੰਘੇ ਕਾਲੇ ਤਾਲਾਬ ਲੱਗੀਆਂ, ਜਿਨ੍ਹਾਂ ਵਿੱਚ ਉਹ ਆਪਣਾ ਆਪ ਡੁਬੋ ਸਕਦਾ ਸੀ। ਅਜਿਹੀਆਂ ਘੜੀਆਂ ਵੀ ਬੀਤੀਆਂ ਜਦੋਂ ਉਹ ਗੋਲੀਆਂ ਦੀ ਉਸ ਆਖ਼ਰੀ ਬੁਛਾੜ ਦਾ ਸ਼ਿੱਦਤ ਨਾਲ ਚਾਹਵਾਨ ਸੀ, ਜੋ ਉਸਨੂੰ ਚੰਗੇ ਜਾਂ ਭੈੜੇ ਨਤੀਜਿਆਂ ਸਹਿਤ, ਆਪਣੇ ਖ਼ਿਆਲਾਂ ਦੇ ਵਿਅਰਥ ਜਬਰ ਤੋਂ ਆਜ਼ਾਦ ਕਰ ਦੇਵੇ। ਅਠਾਈ ਦੀ ਸ਼ਾਮ ਜਦੋਂ ਸੂਰਜ ਦਾ ਆਖ਼ਰੀ ਛਿਪਣ ਸਲਾਖਾਂ ਲੱਗੀਆਂ ਬਾਰੀਆਂ ਨਾਲ ਅਠਖੇਲੀਆਂ ਕਰ ਰਿਹਾ ਸੀ, ਆਪਣੇ ਨਾਟਕ ‘ਦੁਸ਼ਮਨ’ ਦੇ ਖ਼ਿਆਲ ਨੇ ਉਸ ਦਾ ਧਿਆਨ ਇਨ੍ਹਾਂ ਘੋਰ-ਘਟੀਆ ਖ਼ਿਆਲਾਂ ਤੋਂ ਹਟਾ ਦਿਤਾ।
ਹਲਾਦੀਕ ਆਪਣੀ ਉਮਰ ਦੇ ਚਾਲੀਵੇਂ ਸਾਲ ਨੂੰ ਪਾਰ ਕਰ ਚੁੱਕਾ ਸੀ। ਕੁੱਝ ਦੋਸਤੀਆਂ ਅਤੇ ਕਈ ਆਦਤਾਂ ਨੂੰ ਛੱਡ ਕੇ, ਉਸ ਦੀ ਜ਼ਿੰਦਗੀ ਦਾ ਹਾਸਲ ਸਾਹਿਤਕ ਸਰਗਰਮੀਆਂ ਸਨ। ਸਭਨਾਂ ਲਿਖਾਰੀਆਂ ਦੀ ਤਰ੍ਹਾਂ ਉਸ ਦੇ ਨਜ਼ਦੀਕ ਹੋਰਨਾਂ ਦੀਆਂ ਕਾਮਯਾਬੀਆਂ ਦਾ ਪੈਮਾਨਾ ਉਨ੍ਹਾਂ ਦੀ ਕਾਰਕਰਦਗੀ ਸੀ, ਜਦੋਂ ਕਿ ਆਪਣੇ ਸੰਬੰਧੀ ਉਸ ਦਾ ਕਹਿਣਾ ਸੀ ਕਿ ਉਸ ਦੀ ਕਾਮਯਾਬੀ ਦਾ ਪੈਮਾਨਾ ਉਸ ਦੇ ਰਚਣਈ ਟੀਚਿਆਂ ਅਤੇ ਮਨਸੂਬਿਆਂ ਨੂੰ ਮੰਨਿਆ ਜਾਵੇ। ਉਸ ਦੀਆਂ ਸਾਰੀਆਂ ਛਪੀਆਂ ਹੋਈਆਂ ਕਿਤਾਬਾਂ ਨੇ ਉਸਨੂੰ ਪਛਤਾਵੇ ਦੇ ਇੱਕ ਜਟਿਲ ਅਹਿਸਾਸ ਵੱਲ ਤੋਰਿਆ ਸੀ। ਉਸ ਦੁਆਰਾ ਬੋਹਮ ਦੀ, ਇਬਨ ਅਜ਼ਰਾ ਦੀ ਅਤੇ ਰਾਬਰਟ ਫਲੱਡ ਦੀ ਪੜਚੋਲ ਲਾਜਿਮੀ ਤੌਰ ਤੇ ਮਹਿਜ਼ ਐਪਲੀਕੇਸ਼ਨ ਦਾ ਇੱਕ ਉਤਪਾਦ ਸੀ, ਅਤੇ ਉਸ ਦਾ ਸਫ਼ਰ ਯਤਜ਼ੀਰਾ ਦਾ ਅਨੁਵਾਦ ਬੇਗੌਰੀ, ਥਕਾਵਟ ਅਤੇ ਅਟਕਲਬਾਜ਼ੀ ਦਾ ਲਖਾਇਕ ਸੀ। ਉਸਦੇ ਨਿਰਣੇ ਅਨੁਸਾਰ ‘ਸਦੀਵਤਾ ਦੀ ਪੁਸ਼ਟੀ’ ਦੇ ਵਿੱਚ ਸ਼ਾਇਦ ਕੁੱਝ ਘੱਟ ਖਾਮੀਆਂ ਸਨ। ਪਹਿਲੀ ਜਿਲਦ ਸਦੀਵਤਾ ਸੰਬੰਧੀ ਵੱਖ ਵੱਖ ਇਨਸਾਨੀ ਖ਼ਿਆਲਾਂ ਦਾ ਇਤਿਹਾਸ ਸੀ, ਅਤੇ ਇਹ ਪਾਰਮੇਨੀਡੀਜ ਦੇ ਸਥਿਰ ਪ੍ਰਾਣੀ ਤੋਂ ਸ਼ੁਰੂ ਹੋ ਕੇ ਜੇਮਜ਼ ਹਿੰਟਨ ਦੇ ਬਦਲਣਯੋਗ ਅਤੀਤ ਤੱਕ ਮੁੱਕਦੀ ਸੀ। ਦੂਜੀ ਜਿਲਦ (ਫਰਾਂਸਿਸ ਬਰੈਡਲੇ ਦੇ ਨਾਲ) ਇਸ ਧਾਰਨਾ ਨੂੰ ਰੱਦ ਕਰਨ ਉੱਤੇ ਅਧਾਰਿਤ ਸੀ ਕਿ ਕਾਇਨਾਤ ਦੀਆਂ ਕੁੱਲ ਘਟਨਾਵਾਂ ਸਮੇਂ ਦੇ ਸਿਲਸਿਲੇ ਨਾਲ ਬੱਝੀਆਂ ਹਨ, ਇਸ ਦਲੀਲ ਦੇ ਨਾਲ ਕਿ ਸੰਭਵ ਇਨਸਾਨੀ ਅਨੁਭਵਾਂ ਦੀ ਤਾਦਾਦ ਅਨੰਤ ਨਹੀਂ ਹੈ ਅਤੇ ਇੱਕ ਵਾਹਿਦ ਦੁਹਰਾਓ ਇਹ ਸਾਬਤ ਕਰਨ ਲਈ ਕਾਫ਼ੀ ਹੈ ਕਿ ਸਮਾਂ ਇੱਕ ਗ਼ਫ਼ਲਤ ਹੈ… ਬਦਕਿਸਮਤੀ ਨਾਲ ਉਹ ਦਲੀਲਾਂ ਜੋ ਇਸ ਗ਼ਫ਼ਲਤ ਦੀ ਵਿਆਖਿਆ ਕਰਦੀਆਂ ਹਨ ਉਹ ਵੀ ਘੱਟ ਗ਼ਲਤ ਨਹੀਂ ਹਨ। ਇਨ੍ਹਾਂ ਘਿਣਾਉਣੀਆਂ ਜਟਿਲ ਦਲੀਲਾਂ ਦਾ ਜਾਇਜ਼ਾ ਲੈਣਾ ਹਲਾਦੀਕ ਦੀ ਆਦਤ ਸੀ। ਉਸਨੇ ਕੁੱਝ ਅਭਿਵਿਅੰਜਨਾਵਾਦੀ ਕਵਿਤਾਵਾਂ ਵੀ ਲਿਖੀਆਂ ਸਨ, ਅਤੇ ਸ਼ਾਇਰ ਲਈ ਇਹ ਪਰੇਸ਼ਾਨੀ ਵਾਲੀ ਗੱਲ ਸੀ, 1924 ਵਿਚ ਇਹ ਇਕ ਸੰਗ੍ਰਹਿ ਵਿਚ ਸ਼ਾਮਲ ਕੀਤੀਆਂ ਗਈਆਂ ਸੀ, ਅਤੇ ਉਸ ਤਾਰੀਖ਼ ਦੇ ਬਾਅਦ ਦਾ ਕੋਈ ਸੰਗ੍ਰਿਹ ਨਹੀਂ ਸੀ ਜਿਸ ਨੇ ਉਨ੍ਹਾਂ ਨੂੰ ਵਿਰਸੇ ਵਿੱਚ ਪ੍ਰਾਪਤ ਨਹੀਂ ਕੀਤਾ ਸੀ। ਹਲਾਦੀਕ ਨੂੰ ਉਮੀਦ ਸੀ ਕਿ ਉਸ ਦਾ ਕਾਵਿ ਨਾਟਕ ‘ਦੁਸ਼ਮਨ’ ਇਸ ਕੁੱਲ ਗ਼ੈਰ-ਤਸੱਲੀਬਖ਼ਸ਼ ਅਤੇ ਨਿਸਤੇਜ਼ ਅਤੀਤ ਤੋਂ ਛੁਟਕਾਰਾ ਦਿਵਾ ਸਕੇਗਾ। (ਹਲਾਦੀਕ ਦੇ ਖ਼ਿਆਲ ਵਿੱਚ ਥੀਏਟਰ ਲਈ ਪਦ ਰੂਪ ਬਿਹਤਰ ਸੀ ਕਿਉਂਕਿ ਇਹ ਦਰਸ਼ਕਾਂ ਨੂੰ ਅਵਾਸਤਵਿਕਤਾ ਨੂੰ ਭੁੱਲ ਜਾਣ ਤੋਂ ਰੋਕਦੀ ਹੈ, ਜੋ ਕਿ ਕਲਾ ਦੀ ਜ਼ਰੂਰੀ ਸ਼ਰਤ ਹੈ।
ਇਸ ਰਚਨਾ ਨੇ ਨਾਟਕੀ (ਸਮਾਂ, ਸਥਾਨ ਅਤੇ ਕਾਰਜ ਦੀਆਂ) ਏਕਤਾਵਾਂ ਨੂੰ ਬਰਕਰਾਰ ਰੱਖਿਆ। ਨਾਟਕ ਦਾ ਕਾਰਜ ਹਰਾਦਸ਼ਾਨੀ ਵਿੱਚ ਬੈਰਨ ਰੋਮੇਰਸਟੈਡ ਦੀ ਲਾਇਬਰੇਰੀ ਵਿੱਚ ਉਨੀਵੀਂ ਸਦੀ ਦੀਆਂ ਆਖ਼ਰੀ ਸ਼ਾਮਾਂ ਵਿੱਚੋਂ ਇੱਕ ਸ਼ਾਮ ਨੂੰ ਵਾਪਰਦਾ ਹੈ। ਪਹਿਲੇ ਸੀਨ ਦੇ ਪਹਿਲੇ ਐਕਟ ਵਿੱਚ ਇੱਕ ਅਜਨਬੀ ਆਦਮੀ ਰੋਮੇਰਸਟੈਡ ਨਾਲ ਮੁਲਾਕਾਤ ਲਈ ਆਉਂਦਾ ਹੈ। (ਇੱਕ ਘੜੀ ਉੱਤੇ ਸੱਤ ਵੱਜਣ ਵਾਲੇ ਹਨ, ਡੁੱਬਦੇ ਹੋਏ ਸੂਰਜ ਦੀਆਂ ਕਿਰਨਾਂ ਪੂਰੀ ਸਰਗਰਮੀ ਨਾਲ ਬਾਰੀਆਂ ਨੂੰ ਆਪਣੇ ਨੂਰ ਨਾਲ ਰੁਸ਼ਨਾ ਰਹੀਆਂ ਹਨ, ਇੱਕ ਜਜ਼ਬਾਤੀ, ਜਾਣੀ ਪਛਾਣੀ ਹੰਗੇਰੀ ਸੰਗੀਤ ਦੀ ਧੁਨ ਸੁਣਾਈ ਦੇ ਰਹੀ ਹੈ।) ਇਸ ਮੁਲਾਕਾਤ ਦੇ ਬਾਅਦ ਹੋਰ ਮੁਲਾਕਾਤੀ ਆਉਣਾ ਸ਼ੁਰੂ ਹੋ ਜਾਂਦੇ ਹਨ। ਰੋਮੇਰਸਟੈਡ ਉਨ੍ਹਾਂ ਲੋਕਾਂ ਨੂੰ ਨਹੀਂ ਜਾਣਦਾ ਜੋ ਉਸ ਨੂੰ ਮਿਲਣ ਆ ਰਹੇ ਹਨ, ਮਗਰ ਉਸ ਨੂੰ ਇਹ ਬੇਚੈਨ ਕਰ ਦੇਣ ਵਾਲਾ ਅਹਿਸਾਸ ਹੈ ਕਿ ਉਸਨੇ ਉਨ੍ਹਾਂ ਨੂੰ ਪਹਿਲਾਂ ਕਿਤੇ ਵੇਖਿਆ ਹੈ, ਸ਼ਾਇਦ ਕਿਸੇ ਸੁਪਨੇ ਵਿੱਚ। ਉਂਜ ਤਾਂ ਉਹ ਉਸ ਦੇ ਸਾਹਮਣੇ ਟੋਡੀਪਣੇ ਦਾ ਮੁਜ਼ਾਹਰਾ ਕਰਦੇ ਹਨ, ਮਗਰ ਪਹਿਲਾਂ ਦਰਸ਼ਕਾਂ ਨੂੰ, ਅਤੇ ਬਾਅਦ ਵਿੱਚ ਬੈਰਨ ਨੂੰ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਖ਼ੁਫ਼ੀਆ ਦੁਸ਼ਮਨ ਹਨ ਜੋ ਉਸ ਦੀ ਤਬਾਹੀ ਲਈ ਜੁੜੇ ਹਨ। ਰੋਮੇਰਸਟੈਡ ਉਨ੍ਹਾਂ ਦੀਆਂ ਚਾਲਾਂ ਨੂੰ ਰੋਕਣ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ। ਸੰਵਾਦ ਦੇ ਦੌਰਾਨ ਉਸ ਦੀ ਮਹਿਬੂਬਾ ਜੂਲੀਆ ਡੀ ਵੀਡੀਨਾਓ ਅਤੇ ਇੱਕ ਆਦਮੀ ਜਾਰੋਸਲਾਵ ਕਿਊਬਿਨ ਦਾ ਜ਼ਿਕਰ ਆਉਂਦਾ ਹੈ, ਜੋ ਇਕ ਸਮੇਂ ਉਸ ਦਾ ਪ੍ਰੇਮੀ ਸੀ। ਕਿਊਬਿਨ ਹੁਣ ਆਪਣੀ ਯਾਦਾਸ਼ਤ ਖੋਹ ਚੁੱਕਿਆ ਹੈ ਅਤੇ ਆਪਣੇ ਆਪ ਨੂੰ ਰੋਮੇਰਸਟੈਡ ਸਮਝਦਾ ਹੈ। ਖ਼ਤਰੇ ਵਧਦੇ ਜਾਂਦੇ ਹਨ ਅਤੇ ਰੋਮੇਰਸਟੈਡ ਦੂਜੇ ਐਕਟ ਦੀ ਸਮਾਪਤੀ ਉੱਤੇ ਸਾਜ਼ਿਸ਼ੀਆਂ ਵਿੱਚੋਂ ਇੱਕ ਨੂੰ ਕਤਲ ਕਰਨ ਉੱਤੇ ਮਜਬੂਰ ਹੋ ਜਾਂਦਾ ਹੈ। ਤੀਸਰਾ ਅਤੇ ਆਖ਼ਰੀ ਐਕਟ ਸ਼ੁਰੂ ਹੁੰਦਾ ਹੈ। ਨਾਸਾਜ਼ਗਾਰੀਆਂ ਸਹਿਜੇ ਸਹਿਜੇ ਵਧਦੀਆਂ ਜਾਂਦੀਆਂ ਹਨ। ਐਕਟਰ ਜੋ ਖੇਲ ਤੋਂ ਖ਼ਾਰਜ ਹੋ ਚੁੱਕੇ ਲੱਗਦੇ ਸਨ ਇੱਕ ਵਾਰ ਫਿਰ ਪਰਗਟ ਹੋ ਜਾਂਦੇ ਹਨ, ਉਹ ਆਦਮੀ ਜਿਸਨੂੰ ਰੋਮੇਰਸਟੈਡ ਕਤਲ ਕਰ ਚੁੱਕਿਆ ਸੀ ਇੱਕ ਪਲ ਲਈ ਵਾਪਸ ਆ ਜਾਂਦਾ ਹੈ। ਕੋਈ ਨੋਟ ਕਰਦਾ ਹੈ ਕਿ ਸ਼ਾਮ ਅਜੇ ਨਹੀਂ ਢਲੀ, ਘੜੀ ਸੱਤਵਾਂ ਘੰਟਾ ਵਜਾਉਂਦੀ ਹੈ, ਉੱਚੀਆਂ ਬਾਰੀਆਂ ਦੀਆਂ ਚੌਗਾਠਾਂ ਵਿੱਚ ਪੱਛਮੀ ਸੂਰਜ ਲਿਸ਼ਕਾਂ ਮਾਰਦਾ ਹੈ, ਮਾਹੌਲ ਹੰਗੇਰੀਆਈ ਧੁਨਾਂ ਨਾਲ ਨਸ਼ਿਆਇਆ ਹੈ। ਪਹਿਲਾ ਐਕਟਰ ਮੁੜ ਸਾਕਾਰ ਹੁੰਦਾ ਹੈ ਅਤੇ ਪਹਿਲੇ ਸੀਨ ਦੇ ਪਹਿਲੇ ਐਕਟ ਦੀਆਂ ਅਦਾ ਕੀਤੀਆਂ ਗਈਆਂ ਸਤਰਾਂ ਦੁਹਰਾਉਂਦਾ ਹੈ। ਰੋਮੇਰਸਟੈਡ ਕਿਸੇ ਹੈਰਤ ਦੇ ਬਿਨਾਂ ਉਸ ਨਾਲ ਗੱਲ ਕਰਦਾ ਹੈ। ਦਰਸ਼ਕ ਸਮਝ ਜਾਂਦੇ ਹਨ ਕਿ ਰੋਮੇਰਸਟੈਡਤ ਅਸਲ ਵਿੱਚ ਵਿਚਾਰਾ ਜਾਰੋਸਲਾਵ ਕਿਊਬਿਨ ਹੈ। ਨਾਟਕ ਤਾਂ ਕਦੇ ਪੇਸ਼ ਹੀ ਨਹੀਂ ਕੀਤਾ ਗਿਆ, ਇਹ ਤਾਂ ਉਹ ਚੱਕਰੀ ਚੌਂਧੀ ਦਾ ਆਲਮ ਹੈ ਜਿਸ ਵਿੱਚ ਕਿਊਬਿਨ ਅਨੰਤ ਤੌਰ ਤੇ ਵਾਰ ਵਾਰ ਜ਼ਿੰਦਾ ਹੁੰਦਾ ਹੈ।
ਹਲਾਦੀਕ ਨੇ ਕਦੇ ਖ਼ੁਦ ਨੂੰ ਇਹ ਸਵਾਲ ਨਹੀਂ ਕੀਤਾ ਕਿ ਉਸ ਦੀਆਂ ਗ਼ਲਤੀਆਂ ਦੀ ਟ੍ਰੈਜੀਕਮੇਡੀ ਊਲਜਲੂਲ ਮਜ਼ਾਹੀਆ ਸੀ ਜਾਂ ਤਾਰੀਫ਼ਯੋਗ, ਸੋਚੀ ਸਮਝੀ ਸੀ ਜਾਂ ਬੇਸਿਰ ਪੈਰ। ਉਸਨੇ ਮਹਿਸੂਸ ਕੀਤਾ ਕਿ ਇਹ ਪਲਾਟ ਉਸ ਦੀਆਂ ਕੋਤਾਹੀਆਂ ਨੂੰ ਛਿਪਾਉਣ ਅਤੇ ਯੋਗਤਾਵਾਂ ਨੂੰ ਪਰਗਟ ਕਰਨ ਲਈ ਬਿਹਤਰੀਨ ਕਾਢ ਸੀ, ਅਤੇ ਸੰਭਾਵਨਾ ਸੀ ਕਿ ਉਹ ਆਪਣੀ ਜ਼ਿੰਦਗੀ ਦੇ ਅਰਥਾਂ ਨੂੰ (ਪ੍ਰਤੀਕ ਵਜੋਂ) ਦੁਬਾਰਾ ਹਾਸਲ ਕਰ ਸਕੇ। ਉਸਨੇ ਪਹਿਲੇ ਐਕਟ ਅਤੇ ਤੀਸਰੇ ਦੇ ਇੱਕ ਜਾਂ ਦੋ ਦ੍ਰਿਸ਼ਾਂ ਨੂੰ ਮੁਕੰਮਲ ਕੀਤਾ, ਕਾਵਿਕ ਬਹਿਰ ਦੇ ਸਦਕਾ ਉਸ ਲਈ ਇਹ ਸੰਭਵ ਸੀ ਕਿ ਉਹ ਖਰੜਾ ਸਾਹਮਣੇ ਰੱਖੇ ਬਿਨਾਂ ਹੈਕਸਾਮੀਟਰ ਵਿੱਚ ਰੱਦੋਬਦਲ ਦੀ ਮਦਦ ਨਾਲ ਆਪਣਾ ਕੰਮ ਦੁਹਰਾਉਂਦਾ ਰਹੇ। ਉਸਨੇ ਸੋਚਿਆ ਕਿ ਅਜੇ ਵੀ ਦੋ ਐਕਟ ਬਾਕੀ ਹਨ ਅਤੇ ਉਹ ਮੌਤ ਦੇ ਐਨ ਕਰੀਬ ਹੈ। ਉਸ ਨੇ ਹਨੇਰੇ ਵਿੱਚ ਖ਼ੁਦਾ ਨੂੰ ਇਵੇਂ ਸੰਬੋਧਨ ਕੀਤਾ: ਜੇਕਰ ਮੇਰਾ ਵਜੂਦ ਹੈ, ਜੇਕਰ ਮੈਂ ਤੁਹਾਡੀਆਂ ਦੁਹਰਾਈਆਂ ਜਾਂ ਗ਼ਲਤੀਆਂ ਵਿੱਚੋਂ ਇੱਕ ਨਹੀਂ ਹਾਂ, ਜੇ ‘ਦੁਸ਼ਮਨ’ ਦੇ ਲੇਖਕ ਦੀ ਹੈਸੀਅਤ ਵਿੱਚ ਮੇਰਾ ਵਜੂਦ ਹੈ, ਮੈਨੂੰ ਇਸ ਨਾਟਕ ਨੂੰ ਮੁਕੰਮਲ ਕਰਨ ਲਈ, ਜੋ ਤੁਹਾਨੂੰ ਸਹੀ ਠਹਿਰਾਉਣ ਲਈ, ਮੈਨੂੰ ਜਾਇਜ਼ ਠਹਿਰਾਉਣ ਲਈ ਲੋੜੀਂਦਾ ਹੈ, ਇੱਕ ਸਾਲ ਹੋਰ ਦਰਕਾਰ ਹੈ। ਤਾਂ ਤੁਸੀਂ ਜੋ ਸਦੀਆਂ ਅਤੇ ਜ਼ਮਾਨੇ ਦੇ ਮਾਲਕ ਹੋ, ਮੈਨੂੰ ਇਹ ਮੁੱਦਤ ਬਖ਼ਸ਼ ਦੇਵੋ। ਇਹ ਆਖ਼ਰੀ ਰਾਤ ਸੀ, ਸਭ ਤੋਂ ਜ਼ਿਆਦਾ ਦਹਿਸ਼ਤ ਭਰੀ, ਪਰ ਦਸ ਮਿੰਟ ਬਾਅਦ ਨੀਂਦ ਨੇ ਡੂੰਘੇ ਸਿਆਹ ਸਾਗਰ ਦੀ ਤਰ੍ਹਾਂ ਉਸਨੂੰ ਆਪਣੀ ਆਗ਼ੋਸ਼ ਵਿੱਚ ਲੈ ਲਿਆ ਸੀ।
ਸਵੇਰ ਹੋਣ ਦੇ ਕਰੀਬ ਉਸਨੇ ਸੁਪਨੇ ਵਿੱਚ ਵੇਖਿਆ ਕਿ ਉਹ ਕਲੇਮਨਟਾਈਨ ਲਾਇਬਰੇਰੀ ਦੇ ਨੇਵਾਂ ਵਿੱਚੋਂ ਇੱਕ ਵਿੱਚ ਲੁੱਕਿਆ ਬੈਠਾ ਹੈ। ਇੱਕ ਕਾਲੇ ਸ਼ੀਸ਼ਿਆਂ ਵਾਲੀ ਐਨਕ ਵਾਲਾ ਲਾਇਬਰੇਰੀਅਨ ਉਸ ਨੂੰ ਸਵਾਲ ਕਰਦਾ ਹੈ: ਤੁਸੀਂ ਕੀ ਤਲਾਸ਼ ਕਰ ਰਹੇ ਹੋ? ਹਲਾਦੀਕ ਜੁਆਬ ਦਿੰਦਾ ਹੈ: ਮੈਂ ਖ਼ੁਦਾ ਦੀ ਤਲਾਸ਼ ਵਿੱਚ ਹਾਂ। ਲਾਇਬਰੇਰੀਅਨ ਉਸ ਨੂੰ ਕਹਿੰਦਾ ਹੈ: ਖ਼ੁਦਾ ਕਲੇਮਨਟਾਈਨ ਵਿੱਚ ਮੌਜੂਦ ਚਾਰ ਲੱਖ ਜਿਲਦਾਂ ਦੇ ਕਿਸੇ ਇੱਕ ਸਫ਼ੇ ਉੱਤੇ ਲਿਖਿਆ ਕੋਈ ਇੱਕ ਅੱਖਰ ਹੈ। ਮੇਰੇ ਬਾਬੇ ਪੜਦਾਦੇ ਅਤੇ ਉਨ੍ਹਾਂ ਦੇ ਬਾਬੇ ਪੜਦਾਦੇ ਇਸ ਅੱਖਰ ਨੂੰ ਤਲਾਸ਼ ਕਰਦੇ ਰਹੇ ਹਨ, ਮੈਂ ਇਸ ਨੂੰ ਢੂੰਡਦੇ ਢੂੰਡਦੇ ਅੱਖਾਂ ਦੀ ਰੋਸ਼ਨੀ ਗੁਆ ਚੁੱਕਿਆ ਹਾਂ। ਉਹ ਆਪਣੀ ਐਨਕ ਉਤਾਰ ਦਿੰਦਾ ਹੈ ਅਤੇ ਹਲਾਦੀਕ ਵੇਖਦਾ ਹੈ ਕਿ ਉਸ ਦੀਆਂ ਬੁੱਝੀਆਂ ਹੋਈਆਂ ਅੱਖਾਂ ਮੁਰਦਾ ਹਨ। ਇੰਨੇ ਵਿੱਚ ਇੱਕ ਪਾਠਕ ਇੱਕ ਐਟਲਸ ਵਾਪਸ ਕਰਨ ਆਉਂਦਾ ਹੈ। ਇਹ ਐਟਲਸ ਕਿਸੇ ਕੰਮ ਦੀ ਨਹੀਂ, ਇਹ ਕਹਿੰਦੇ ਹੋਏ ਉਹ ਇਹ ਹਲਾਦੀਕ ਨੂੰ ਫੜਾ ਦਿੰਦਾ ਹੈ ਜੋ ਉਸਨੂੰ ਇੰਜ ਹੀ ਅਲਾਸੇਟ ਕਿਸੇ ਵੀ ਜਗ੍ਹਾ ਤੋਂ ਖੋਲ ਲੈਂਦਾ ਹੈ। ਉਸ ਦੇ ਸਾਹਮਣੇ ਭਾਰਤ ਦਾ ਨਕਸ਼ਾ ਹੈ। ਫਿਰ ਅਚਾਨਕ ਮਿਲੇ ਭਰੋਸੇ ਨਾਲ ਉਸ ਦੀ ਹਾਲਤ ਸੰਭਲਦੀ ਹੈ ਅਤੇ ਉਹ ਸਭ ਤੋਂ ਨਿੱਕੇ ਅੱਖਰਾਂ ਵਿੱਚੋਂ ਇੱਕ ਨੂੰ ਛੂੰਹਦਾ ਹੈ। ਸਾਰੇ ਮਾਹੌਲ ਵਿੱਚ ਛਾਈ ਹੋਈ ਇੱਕ ਆਵਾਜ਼ ਉਸ ਨੂੰ ਕਹਿੰਦੀ ਹੈ: ਤੁਹਾਡੀ ਮਿਹਨਤ ਲਈ ਮੁੱਦਤ ਤੁਹਾਨੂੰ ਦਿੱਤੀ ਜਾਂਦੀ ਹੈ। ਇਸ ਵਕਤ ਹਲਾਦੀਕ ਦੀ ਅੱਖ ਖੁੱਲ ਗਈ।
ਉਸਨੂੰ ਯਾਦ ਆਇਆ ਕਿ ਇਨਸਾਨਾਂ ਦੇ ਸੁਪਨੇ ਖ਼ੁਦਾ ਦੀ ਮਲਕੀਅਤ ਹੁੰਦੇ ਹਨ, ਅਤੇ ਇਹ ਕਿ ਮੈਮੂਨਾਈਡ ਨੇ ਲਿਖਿਆ ਹੈ ਕਿ ਸੁਪਨੇ ਵਿੱਚ ਸੁਣੇ ਗਏ ਸ਼ਬਦ, ਜੇਕਰ ਉਹ ਅੱਡ ਅੱਡ ਅਤੇ ਸਪਸ਼ਟ ਹਨ ਅਤੇ ਉਨ੍ਹਾਂ ਦਾ ਬੋਲਣ ਵਾਲਾ ਨਾ ਵੇਖਿਆ ਜਾ ਸਕੇ, ਤਾਂ ਉਹ ਦੈਵੀ ਹੁੰਦੇ ਹਨ। ਉਸਨੇ ਕੱਪੜੇ ਪਹਿਨੇ, ਦੋ ਸਿਪਾਹੀ ਉਸ ਦੀ ਕੋਠੜੀ ਵਿੱਚ ਦਾਖਿਲ ਹੋਏ ਅਤੇ ਉਸਨੂੰ ਆਪਣੇ ਨਾਲ ਚਲਣ ਦਾ ਹੁਕਮ ਦਿੱਤਾ।
ਦਰਵਾਜੇ ਦੇ ਪਿੱਛੇ ਤੋਂ ਹਲਾਦੀਕ ਲਾਂਘੇ, ਪੌੜੀਆਂ ਅਤੇ ਵੱਖ ਵੱਖ ਇਮਾਰਤਾਂ ਉੱਤੇ ਅਧਾਰਿਤ ਭੁੱਲ ਭੁਲਈਆਂ ਦੀਆਂ ਖ਼ਿਆਲੀ ਤਸਵੀਰਾਂ ਬੁਣਦਾ ਰਿਹਾ। ਮਗਰ ਹਕੀਕਤ ਘੱਟ ਸ਼ਾਨਦਾਰ ਸੀ। ਇਹ ਪਾਰਟੀ ਤੰਗ ਲੋਹੇ ਦੀਆਂ ਪੌੜੀਆਂ ਤੋਂ ਹੁੰਦੇ ਹੋਏ ਇੱਕ ਅੰਦਰੂਨੀ ਵਿਹੜੇ ਵਿੱਚ ਪੁੱਜੀ। ਕਈ ਸਿਪਾਹੀ, ਜਿਨ੍ਹਾਂ ਦੀਆਂ ਵਰਦੀਆਂ ਦੇ ਬਟਨ ਖੁੱਲੇ ਸਨ, ਇੱਕ ਮੋਟਰ ਸਾਈਕਲ ਦਾ ਮੁਆਇਨਾ ਕਰਦੇ ਹੋਏ ਆਪਸ ਵਿੱਚ ਗੱਲਬਾਤ ਕਰ ਰਹੇ ਸਨ। ਸਾਰਜੈਂਟ ਨੇ ਘੜੀ ਵੱਲ ਵੇਖਿਆ, ਅੱਠ ਵਜ ਕੇ ਚੁਤਾਲੀ ਮਿੰਟ ਹੋ ਰਹੇ ਸਨ। ਉਨ੍ਹਾਂ ਨੂੰ ਨੌਂ ਵਜੇ ਦਾ ਇੰਤਜ਼ਾਰ ਸੀ। ਹਲਾਦੀਕ ਜਿਸਦੀ ਹਾਲਤ ਤਰਸਯੋਗ ਹੋਣ ਨਾਲੋਂ ਜ਼ਿਆਦਾ ਤੁੱਛ ਜਿਹੀ ਸੀ ਖਲਪਾੜਾਂ ਦੇ ਇੱਕ ਢੇਰ ਉੱਤੇ ਬੈਠ ਗਿਆ। ਉਸਨੇ ਨੋਟ ਕੀਤਾ ਕਿ ਸਿਪਾਹੀ ਉਸ ਤੋਂ ਨਜ਼ਰਾਂ ਚੁਰਾ ਰਹੇ ਹਨ। ਇੰਤਜ਼ਾਰ ਦੀਆਂ ਘੜੀਆਂ ਆਸਾਨ ਕਰਨ ਲਈ ਸਾਰਜੈਂਟ ਨੇ ਉਸ ਨੂੰ ਇਕ ਸਿਗਰਟ ਪੇਸ਼ ਕੀਤੀ। ਹਲਾਦੀਕ ਸਿਗਰਟ ਨਹੀਂ ਪੀਂਦਾ ਸੀ ਉਸ ਨੇ ਨਿਮਰਤਾ ਵਜੋਂ ਸਿਗਰਟ ਲੈ ਲਈ। ਸਿਗਰਟ ਸੁਲਗਾਉਂਦੇ ਵਕਤ ਉਸਨੇ ਨੋਟ ਕੀਤਾ ਕਿ ਉਸ ਦੇ ਹੱਥ ਕੰਬ ਰਹੇ ਸਨ। ਅਸਮਾਨ ਉੱਤੇ ਬੱਦਲ ਛਾ ਰਹੇ ਸਨ, ਸਿਪਾਹੀ ਇਸ ਤਰ੍ਹਾਂ ਸਰਗੋਸ਼ੀਆਂ ਵਿੱਚ ਗੱਲ ਕਰ ਰਹੇ ਸਨ ਜਿਵੇਂ ਉਹ ਪਹਿਲਾਂ ਹੀ ਮਰ ਚੁੱਕਿਆ ਹੋਵੇ। ਐਵੇਂ ਹੀ ਉਸਨੇ ਉਸ ਔਰਤ ਨੂੰ ਯਾਦ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜੋ ਜੂਲਿਆ ਵੀਡੀਨਾਓ ਦੀ ਪ੍ਰਤੀਕ ਸੀ।
ਦਸਤਾ ਥਾਂ ਸਿਰ ਹੋਇਆ ਅਤੇ ਸਾਵਧਾਨ ਕਰ ਦਿੱਤਾ ਗਿਆ। ਬੈਰਕ ਦੀ ਦੀਵਾਰ ਦੇ ਨਾਲ ਲੱਗਿਆ ਹਲਾਦੀਕ ਗੋਲੀਆਂ ਦੀ ਬੋਛਾੜ ਦਾ ਇੰਤਜ਼ਾਰ ਕਰਦਾ ਰਿਹਾ। ਕਿਸੇ ਨੇ ਡਰ ਪਰਗਟ ਕੀਤਾ ਕਿ ਦੀਵਾਰ ਖ਼ੂਨ ਨਾਲ ਲਿੱਬੜ ਜਾਵੇਗੀ ਅਤੇ ਮੁਜ਼ਰਿਮ ਨੂੰ ਕੁਝ ਕਦਮ ਅੱਗੇ ਹੋਣ ਦਾ ਹੁਕਮ ਦੇ ਦਿੱਤਾ ਗਿਆ। ਇਸ ਸਾਰੀ ਹਲਚਲ ਤੋਂ ਹਲਾਦੀਕ ਨੂੰ ਫੋਟੋਗਰਾਫਰ ਦੀਆਂ ਤਿਆਰੀਆਂ ਯਾਦ ਆ ਗਈਆਂ। ਮੀਂਹ ਦੀ ਇੱਕ ਮੋਟੀ ਕਣੀ ਹਲਾਦੀਕ ਦੀ ਇੱਕ ਪੁੜਪੁੜੀ ਉੱਤੇ ਟਪਕੀ ਅਤੇ ਆਹਿਸਤਾ ਆਹਿਸਤਾ ਉਸਦੀ ਗੱਲ੍ਹ ਉੱਤੇ ਤਿਲਕਣ ਲੱਗ ਪਈ। ਸਾਰਜੈਂਟ ਨੇ ਚੀਖ ਕੇ ਆਖ਼ਰੀ ਹੁਕਮ ਦਿੱਤਾ।
ਭੌਤਿਕ ਕਾਇਨਾਤ ਅਹਿੱਲ ਖੜੀ ਹੋ ਗਈ।
ਬੰਦੂਕਾਂ ਦੀਆਂ ਨਾਲੀਆਂ ਹਲਾਦੀਕ ਵੱਲ ਸੇਧ ਦਿੱਤੀਆਂ ਗਈਆਂ, ਮਗਰ ਜਿਨ੍ਹਾਂ ਆਦਮੀਆਂ ਨੇ ਘੋੜੇ ਦੱਬਣੇ ਸਨ ਉਹ ਨਹੀਂ ਹਿੱਲੇ। ਸਾਰਜੈਂਟ ਦਾ ਬਾਜ਼ੂ ਸਦੀਵੀ ਤੌਰ ਤੇ ਹੁਕਮ ਦਾ ਸੰਕੇਤ ਮੁਕੰਮਲ ਕਰਨ ਤੋਂ ਪਹਿਲੀ ਸਥਿਤੀ ਰੁਕਿਆ ਹੋਇਆ ਸੀ। ਵਿਹੜੇ ਵਿੱਚ ਝੰਡੇ ਦੇ ਧੜੇ ਉੱਤੇ ਇੱਕ ਮੱਖੀ ਦਾ ਇੱਕ ਥਾਂ ਸਥਿਰ ਪਰਛਾਵਾਂ ਪੈ ਰਿਹਾ ਸੀ। ਹਵਾ ਥੰਮ ਚੁੱਕੀ ਸੀ ਜਿਵੇਂ ਕਿਸੇ ਚਿੱਤਰ ਵਿੱਚ ਹੋਵੇ। ਹਲਾਦੀਕ ਨੇ ਚੀਖਣ ਦੀ ਕੋਸ਼ਿਸ਼ ਕੀਤੀ, ਇੱਕ ਸ਼ਬਦ, ਹੱਥ ਦੀ ਇੱਕ ਹਰਕਤ। ਉਸ ਨੂੰ ਲੱਗਿਆ ਕਿ ਉਸ ਨੂੰ ਲਕਵਾ ਮਾਰ ਗਿਆ ਹੈ। ਅਹਿੱਲ ਕਾਇਨਾਤ ਤੋਂ ਕੋਈ ਆਵਾਜ਼ ਵੀ ਉਸ ਤੱਕ ਨਹੀਂ ਪਹੁੰਚ ਰਹੀ ਸੀ।
ਉਸਨੇ ਸੋਚਿਆ: ਮੈਂ ਨਰਕ ਵਿੱਚ ਹਾਂ, ਮੈਂ ਮਰ ਚੁੱਕਿਆ ਹਾਂ।
ਉਸਨੇ ਸੋਚਿਆ: ਮੈਂ ਪਾਗਲ ਹੋ ਚੁੱਕਿਆ ਹਾਂ।
ਉਸਨੇ ਸੋਚਿਆ : ਵਕਤ ਥੰਮ ਚੁੱਕਿਆ ਹੈ।
ਫਿਰ ਉਸਨੇ ਗ਼ੌਰ ਕੀਤਾ ਕਿ ਜੇਕਰ ਅਜਿਹਾ ਹੁੰਦਾ ਤਾਂ ਉਸ ਦਾ ਦਿਮਾਗ਼ ਵੀ ਕੰਮ ਕਰਨਾ ਛੱਡ ਦਿੰਦਾ। ਉਹ ਉਸਨੂੰ ਪਰਖਣਾ ਚਾਹੁੰਦਾ ਸੀ, ਉਸਨੇ ਵਰਜਿਲ ਦੇ ਚੌਥੇ ਐੱਕਲੋਗ (ਕਾਵਿ-ਵੰਨਗੀ) ਨੂੰ (ਬੁੱਲ੍ਹ ਹਿਲਾਏ ਬਿਨਾਂ) ਦੋਹਰਾਉਣਾ ਸ਼ੁਰੂ ਕੀਤਾ। ਉਸਨੇ ਤਸੱਵਰ ਕੀਤਾ ਕਿ ਹੁਣ ਦੂਰ ਖੜੇ ਸਿਪਾਹੀ ਵੀ ਉਸ ਦੀ ਪਰੇਸ਼ਾਨੀ ਵਿੱਚ ਸ਼ਾਮਿਲ ਹਨ, ਉਹ ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹੁੰਦਾ ਸੀ। ਥਕਾਵਟ ਦਾ ਕੋਈ ਅਹਿਸਾਸ, ਇੱਥੋਂ ਤੱਕ ਕਿ ਲੰਮੀ ਦੇਰ ਤੱਕ ਹਰਕਤ ਦੀ ਗ਼ੈਰਮੌਜੂਦਗੀ ਵਿੱਚ ਕੋਈ ਘੁਮੇਰ ਤੱਕ ਨਾ ਹੋਣਾ, ਉਸ ਲਈ ਹੈਰਾਨਕੁਨ ਸੀ। ਕੁੱਝ ਅਨਿਸਚਿਤ ਸਮੇਂ ਦੇ ਬਾਅਦ ਉਸ ਦੀ ਅੱਖ ਲੱਗ ਗਈ। ਜਦੋਂ ਉਹ ਉਠਿਆ ਤਾਂ ਕਾਇਨਾਤ ਅਜੇ ਵੀ ਗਤੀਹੀਣ ਅਤੇ ਸੁੰਨ ਸੀ। ਪਾਣੀ ਦੀ ਬੂੰਦ ਅਜੇ ਵੀ ਉਸ ਦੀ ਗੱਲ੍ਹ ਨਾਲ ਚਿਪਕੀ ਹੋਈ ਸੀ, ਅਤੇ ਮੱਖੀ ਦਾ ਪਰਛਾਵਾਂ ਵਿਹੜੇ ਵਿੱਚ ਉਵੇਂ ਅਟਕਿਆ ਹੋਇਆ ਸੀ। ਸਿਗਰਟ ਦਾ ਧੂੰਆਂ ਜੋ ਉਸਨੇ ਉਗਲਿਆ ਸੀ ਅਜੇ ਤੱਕ ਫ਼ਿਜ਼ਾ ਵਿੱਚ ਘੁਲਿਆ ਨਹੀਂ ਸੀ। ਹਲਾਦੀਕ ਦੇ ਸਮਝ ਲੈਣ ਤੋਂ ਪਹਿਲਾਂ ਹੀ ਇੱਕ ਹੋਰ ਦਿਨ ਲੰਘ ਗਿਆ।
ਉਸਨੇ ਖ਼ੁਦਾ ਨੂੰ ਬੇਨਤੀ ਕੀਤੀ ਸੀ ਕਿ ਆਪਣਾ ਕੰਮ ਖ਼ਤਮ ਕਰਨ ਲਈ ਇੱਕ ਸਾਲ ਦਿੱਤਾ ਜਾਵੇ, ਸਰਬਸ਼ਕਤੀਸ਼ਾਲੀ ਨੇ ਉਸਨੂੰ ਇਹ ਮੁੱਦਤ ਦੇ ਦਿੱਤੀ। ਖ਼ੁਦਾ ਨੇ ਉਸ ਦੇ ਵਾਸਤੇ ਇੱਕ ਖ਼ੁਫ਼ੀਆ ਚਮਤਕਾਰ ਦਾ ਢਾਣਸ ਕੀਤਾ, ਉਸਨੇ ਮੁਕੱਰਰ ਵਕਤ ਤੇ ਜਰਮਨ ਸਿੱਕੇ ਦੀਆਂ ਗੋਲੀਆਂ ਦੇ ਨਾਲ ਮਰਨਾ ਸੀ, ਮਗਰ ਉਸ ਦੇ ਮਨ ਵਿੱਚ ਹੁਕਮ ਅਤੇ ਇਸ ਦੀ ਤਾਮੀਲ ਦੇ ਦਰਮਿਆਨ ਇੱਕ ਸਾਲ ਨੇ ਬੀਤਣਾ ਸੀ। ਉਹ ਘਬਰਾਹਟ ਤੋਂ ਸਕਤੇ ਦੀ ਹਾਲਤ ਵਿੱਚ ਗਿਆ, ਸਕਤੇ ਤੋਂ ਭਾਣਾ ਮੰਨਣ, ਅਤੇ ਭਾਣਾ ਮੰਨਣ ਤੋਂ ਇੱਕ ਅਚਾਨਕ ਸ਼ੁਕਰਾਨੇ ਦੀ ਮਨੋਅਵਸਥਾ ਵਿੱਚ ਪਹੁੰਚ ਗਿਆ।

ਆਪਣੀ ਯਾਦਾਸ਼ਤ ਦੇ ਸਿਵਾ ਉਸ ਦੇ ਕੋਲ ਕੋਈ ਦਸਤਾਵੇਜ਼ ਨਹੀਂ ਸੀ। ਪੂਰੀ ਮੁਹਾਰਤ ਨਾਲ ਹਰ ਛੇ-ਸਤਰੀ ਛੰਦ ਦਾ ਵਾਧਾ ਕਰਦੇ ਹੋਏ ਉਸਨੂੰ ਇੱਕ ਅਜਿਹਾ ਕਾਵਿ-ਬੰਧੇਜ ਮਿਲ ਗਿਆ ਸੀ ਜੋ ਉਨ੍ਹਾਂ ਸ਼ੌਕੀਆ ਕਵੀਆਂ ਦੇ ਗੁਮਾਨ ਤੋਂ ਬਾਹਰ ਸੀ ਜੋ ਅਕਸਰ ਅਸਪਸ਼ਟ, ਵਕਤੀ ਪੈਰਿਆਂ ਨੂੰ ਭੁੱਲ ਜਾਂਦੇ ਹਨ। ਉਸ ਦੀ ਮਿਹਨਤ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਲਈ ਨਹੀਂ ਸੀ, ਨਾ ਹੀ ਖ਼ੁਦਾ ਲਈ, ਜਿਸਦੀਆਂ ਸਾਹਿਤਕ ਤਰਜੀਹਾਂ ਤੋਂ ਉਹ ਨਾਵਾਕਿਫ਼ ਸੀ। ਬਹੁਤ ਹੀ ਬਰੀਕੀ, ਬਾਕਾਇਦਗੀ ਅਤੇ ਖ਼ੁਫ਼ੀਆ ਤਰੀਕੇ ਨਾਲ ਉਸਨੇ ਸਮੇਂ ਵਿੱਚ ਆਪਣੀ ਬੁਲੰਦ ਅਤੇ ਅਦਿੱਖ ਭੂਲ-ਭੁਲਈਆ ਦੀ ਰਚਨਾ ਕੀਤੀ। ਤੀਸਰੇ ਐਕਟ ਉੱਤੇ ਉਸਨੇ ਦੋ ਵਾਰ ਕੰਮ ਕੀਤਾ। ਉਸਨੇ ਕੁੱਝ ਪ੍ਰਤੀਕਾਂ ਨੂੰ ਜ਼ਰੂਰਤ ਨਾਲੋਂ ਜ਼ਿਆਦਾ ਸਪਸ਼ਟ ਸਮਝਦੇ ਹੋਏ ਮਿਟਾ ਦਿੱਤਾ ਸੀ, ਜਿਵੇਂ ਘੜਿਆਲ ਦਾ ਵਾਰ-ਵਾਰ ਵਜਣਾ ਅਤੇ ਸੰਗੀਤ। ਉਸਨੂੰ ਥੰਮਣ ਵਾਲੀਆਂ ਕੋਈ ਹਾਲਤਾਂ ਨਹੀਂ ਸੀ। ਉਸਨੇ ਕਈ ਕੁਝ ਹਟਾ ਦਿੱਤਾ, ਕਈ ਕੁਝ ਨੂੰ ਸੰਖੇਪ ਕੀਤਾ ਅਤੇ ਕਈ ਥਾਵਾਂ ਤੇ ਵਿਆਖਿਆ ਕੀਤੀ। ਕੁੱਝ ਮਾਮਲਿਆਂ ਵਿੱਚ ਉਸਨੇ ਮੂਲ ਲਿਖਤ ਨੂੰ ਬਹਾਲ ਕਰ ਦਿੱਤਾ। ਉਹ ਵਿਹੜੇ ਅਤੇ ਬੈਰਕਾਂ ਵਿੱਚ ਅਪਣੱਤ ਮਹਿਸੂਸ ਕਰਨ ਲਗਾ, ਆਪਣੇ ਸਾਹਮਣੇ ਨਿਰੰਤਰ ਮੌਜੂਦ ਚੇਹਰਿਆਂ ਵਿੱਚੋਂ ਇੱਕ ਨੇ ਉਸ ਦੇ ਮਨ ਵਿੱਚ ਮੌਜੂਦ ਰੋਮੇਰਸਟੈਡਤ ਦੇ ਤਸੱਵਰ ਨੂੰ ਬਦਲ ਦਿੱਤਾ। ਉਸਨੇ ਖੋਜ ਕੀਤੀ ਕਿ ਉਹ ਕਣਤਾ ਦੇਣ ਵਾਲੇ ਰੌਲਾਰੱਪੇ ਜਿਨ੍ਹਾਂ ਨੇ ਫਲਾਬੇਅਰ ਨੂੰ ਇੰਨਾ ਪਰੇਸ਼ਾਨ ਕੀਤਾ ਸੀ ਸਿਰਫ਼ ਦਿੱਖ ਭਰਮ ਹਨ: ਟੁਣਕਾਰ ਤੇ ਆਵਾਜ਼ ਦੇ ਜ਼ਰੀਏ ਅਦਾ ਕੀਤੇ ਗਏ ਸ਼ਬਦ ਦੀ ਬਜਾਏ ਮਹਿਜ਼ ਲਿਖੇ ਹੋਏ ਸ਼ਬਦ ਦੀਆਂ ਕਮਜੋਰੀਆਂ ਅਤੇ ਝੁੰਜਲਾਹਟਾਂ ਹਨ… ਉਸਨੇ ਆਪਣਾ ਨਾਟਕ ਮੁਕੰਮਲ ਕਰ ਦਿੱਤਾ: ਹੁਣ ਉਸ ਦੇ ਸਾਹਮਣੇ ਸਿਰਫ ਇੱਕ ਵਿਸ਼ੇਸ਼ਣ ਦਾ ਮਸਲਾ ਸੀ। ਉਹ ਉਸਨੂੰ ਮਿਲ ਗਿਆ। ਪਾਣੀ ਦੀ ਬੂੰਦ ਉਸ ਦੀ ਗੱਲ੍ਹ ਤੋਂ ਹੇਠਾਂ ਤਿਲਕ ਗਿਆ। ਉਸਨੇ ਇੱਕ ਦਿਲ ਦਹਿਲਾ ਦੇਣ ਵਾਲੀ ਚੀਖ਼ ਮਾਰੀ ਅਤੇ ਮੂੰਹ ਖੋਲ੍ਹਿਆ, ਆਪਣੇ ਚਿਹਰੇ ਨੂੰ ਇੱਕ ਪਾਸੇ ਢਿਲਕ ਜਾਣ ਦਿੱਤਾ ਅਤੇ ਇੱਕ ਚੌਗੁਣੇ ਧਮਾਕੇ ਦੀ ਆਵਾਜ਼ ਦੇ ਨਾਲ ਹੀ ਜ਼ਮੀਨ ਉੱਤੇ ਡਿੱਗ ਪਿਆ।
ਜਾਰੋਮੀਰ ਹਲਾਦੀਕ ਦੀ ਮੌਤ ਉਨੱਤੀ ਮਾਰਚ ਦੀ ਸਵੇਰ ਦੇ ਨੌਂ ਵਜ ਕੇ ਦੋ ਮਿੰਟ ਉੱਤੇ ਹੋਈ।

ਐਸਤਰੀਓਨ ਦਾ ਘਰ – (ਕਹਾਣੀ) ਹੋਰਹੇ ਲੂਈਸ ਬੋਰਹੇਸ

January 11, 2018

ਅਤੇ ਰਾਣੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜੋ ਐਸਤਰੀਓਨ ਕਹਲਾਇਆ।
ਅਪੋਲੋਡੋਰਸ ਬਿਬਲੀਓਟੇਕਾ III, I

ਮੈਂ ਜਾਣਦਾ ਹਾਂ ਕਿ ਉਹ ਮੇਰੇ ਉੱਤੇ ਘਮੰਡ, ਸ਼ਾਇਦ ਮਾਨਵਦਵੈਖ, ਅਤੇ ਸ਼ਾਇਦ ਦੀਵਾਨਗੀ ਦਾ ਵੀ ਇਲਜ਼ਾਮ ਲਗਾਉਂਦੇ ਹਨ। ਇਹ ਇਲਜਾਮ (ਜਿਨ੍ਹਾਂ ਦੀ ਸਜ਼ਾ ਮੈਨੂੰ ਨਿਸਚਿਤ ਵਕਤ ਤੇ ਦੇ ਦਿੱਤੀ ਜਾਏਗੀ) ਹਾਸੋਹੀਣੇ ਹਨ। ਇਹ ਸੱਚ ਹੈ ਕਿ ਮੈਂ ਆਪਣਾ ਘਰੋਂ ਕਦੇ ਨਹੀਂ ਜਾਂਦਾ, ਮਗਰ ਇਹ ਵੀ ਸੱਚ ਹੈ ਕਿ ਇਸ ਦੇ ਦਰਵਾਜੇ (ਜਿਨ੍ਹਾਂ ਦੀ ਤਾਦਾਦ ਅਨੰਤ ਹੈ) (ਫੁੱਟਨੋਟ: ਮੂਲ ਦਾਸਤਾਨ ਦੇ ਮੁਤਾਬਕ ਇਹ ਤਾਦਾਦ ਚੌਦਾਂ ਹੈ ਮਗਰ ਐਸਤਰੀਓਨ ਦੇ ਇਸਤੇਮਾਲ ਤੋਂ ਇਹ ਪਰ ਅਨੁਮਾਨ ਲਾਉਣ ਲਈ ਕਾਫੀ ਕਾਰਨ ਹਨ ਕਿ ਇਹ ਅੰਕ ਅਨੰਤ ਲਈ ਵਰਤਿਆ ਗਿਆ ਹੈ।) ਦਿਨ ਰਾਤ ਇਨਸਾਨਾਂ ਅਤੇ ਜਾਨਵਰਾਂ ਲਈ ਖੁੱਲੇ ਰਹਿੰਦੇ ਹਨ। ਕੋਈ ਵੀ ਅੰਦਰ ਆ ਸਕਦਾ ਹੈ। ਉਹ ਇੱਥੇ ਕਿਸੇ ਔਰਤਾਂ ਵਾਲੇ ਅਡੰਬਰ ਜਾਂ ਸ਼ਾਨਦਾਰ ਦਰਬਾਰੀ ਠਾਠ ਦੀ ਥਾਂ ਖ਼ਾਮੋਸ਼ੀ ਅਤੇ ਸੁਕੂਨ ਮਿਲੇਗਾ। ਅਤੇ ਉਸ ਨੂੰ ਜ਼ਮੀਨ ਦੇ ਮੁੱਖੜੇ ਉੱਤੇ ਅਜਿਹਾ ਹੋਰ ਕੋਈ ਮਕਾਨ ਕੀਤੇ ਨਹੀਂ ਮਿਲੇਗਾ। (ਕੁੱਝ ਅਜਿਹੇ ਲੋਕ ਮੌਜੂਦ ਹਨ ਜਿਨ੍ਹਾਂ ਦਾ ਦਾਅਵਾ ਹੈ ਕਿ ਅਜਿਹਾ ਹੀ ਇੱਕ ਘਰ ਮਿਸਰ ਵਿੱਚ ਵੀ ਮੌਜੂਦ ਹੈ, ਮਗਰ ਉਹ ਝੂਠ ਬੋਲਦੇ ਹਨ)। ਮੇਰੇ ਵਿਰੋਧੀ ਤੱਕ ਇਹ ਤਸਲੀਮ ਕਰਦੇ ਹਨ ਕਿ ਮਕਾਨ ਵਿੱਚ ਫ਼ਰਨੀਚਰ ਦੇ ਨਾਮ ਉੱਤੇ ਇੱਕ ਚੀਜ਼ ਵੀ ਮੌਜੂਦ ਨਹੀਂ। ਇੱਕ ਹੋਰ ਹਾਸੋਹੀਣਾ ਝੂਠ ਇਹ ਹੈ ਕਿ ਮੈਂ, ਐਸਤਰੀਓਨ, ਇੱਕ ਕੈਦੀ ਹਾਂ। ਕੀ ਮੈਨੂੰ ਦੁਹਰਾਉਣਾ ਪਵੇਗਾ ਕਿ ਇੱਥੇ ਕੋਈ ਜੰਦਰੇ ਲੱਗੇ ਦਰਵਾਜੇ ਨਹੀਂ ਹਨ, ਕੀ ਮੈਂ ਇਹ ਵਾਧਾ ਕਰਾਂ ਕਿ ਕੋਈ ਜੰਦਰੇ ਨਹੀਂ ਹਨ? ਫਿਰ ਇੱਕ ਦੁਪਹਿਰ ਮੈਂ ਗਲੀ ਵਿੱਚ ਨਿਕਲ ਹੀ ਪਿਆ, ਜੇਕਰ ਮੈਂ ਰਾਤ ਹੋਣ ਤੋਂ ਪਹਿਲਾਂ ਵਾਪਸ ਆ ਗਿਆ ਤਾਂ ਇਸ ਦਾ ਕਰਨ ਉਹ ਡਰ ਸੀ ਜੋ ਆਮ ਆਦਮੀਆਂ ਦੇ ਚੇਹਰਿਆਂ ਨੇ ਮੇਰੇ ਦਿਲ ਵਿੱਚ ਪੈਦਾ ਕੀਤਾ, ਕਿਸੇ ਹਥੇਲੀ ਦੀ ਤਰ੍ਹਾਂ ਬੇਰੰਗ ਅਤੇ ਸਪਾਟ ਚਿਹਰੇ। ਸੂਰਜ ਪਹਿਲਾਂ ਹੀ ਡੁੱਬ ਚੁੱਕਿਆ ਸੀ ਮਗਰ ਕਿਸੇ ਬੱਚੇ ਦੀਆਂ ਲਾਚਾਰ ਚੀਖ਼ਾਂ ਅਤੇ ਕਿਸੇ ਈਮਾਨ ਵਾਲੇ ਦੀ ਰੁੱਖੀਆਂ ਦੁਆਵਾਂ ਨੇ ਮੈਨੂੰ ਦੱਸਿਆ ਕਿ ਮੈਂਨੂੰ ਪਛਾਣ ਲਿਆ ਗਿਆ ਹੈ। ਲੋਕਾਂ ਨੇ ਅਰਦਾਸ ਕੀਤੀ, ਭੱਜ ਨਿਕਲੇ, ਕੁਝ ਡੰਡਾਉਤ ਕਰਨ ਲੱਗੇ, ਕੁੱਝ ਲੋਕ ਕੁਹਾੜਿਆਂ ਵਾਲੇ ਵਾਲੇ ਮੰਦਿਰ ਦੇ ਫ਼ਰਸ਼ ਉੱਤੇ ਜਾ ਚੜ੍ਹੇ, ਦੂਜੇ ਪੱਥਰ ਜਮਾਂ ਕਰਨ ਲੱਗੇ। ਮੇਰਾ ਖ਼ਿਆਲ ਹੈ ਕਿ ਕੁਝ ਸਮੁੰਦਰ ਦੇ ਥੱਲੇ ਜਾ ਛੁਪੇ। ਐਵੇਂ ਹੀ ਨਹੀਂ ਸੀ ਕਿ ਮੇਰੀ ਮਾਂ ਇੱਕ ਰਾਣੀ ਸੀ, ਮੈਨੂੰ ਆਮ ਜਨਤਾ ਦੇ ਨਾਲ ਰਲਗੱਡ ਨਹੀਂ ਕੀਤਾ ਜਾ ਸਕਦਾ ਭਾਵੇਂ ਇਹ ਮੇਰੀ ਨਿਮਰ ਖਾਹਿਸ਼ ਹੋ ਸਕਦੀ ਹੈ।
ਸੱਚ ਇਹ ਹੈ ਕਿ ਮੈਂ ਅੱਡਰਾ ਹਾਂ। ਮੈਨੂੰ ਇਸ ਨਾਲ ਕੋਈ ਗ਼ਰਜ਼ ਨਹੀਂ ਕਿ ਇੱਕ ਇਨਸਾਨ, ਜਿਵੇਂ ਕਿ ਫ਼ਿਲਾਸਫ਼ਰ, ਕਿਸੇ ਦੂਜੇ ਨੂੰ ਕੀ ਭੇਜ ਸਕਦਾ ਹੈ, ਮੇਰਾ ਖਿਆਲ ਇਹ ਹੈ ਕਿ ਲਿਖਣ-ਕਲਾ ਦੇ ਜ਼ਰੀਏ ਕੁੱਝ ਵੀ ਸੰਚਾਰ ਸੰਭਵ ਨਹੀਂ। ਮੇਰੇ ਹਰ ਅਜ਼ੀਮ ਅਤੇ ਮਹਾਨ ਖ਼ਿਆਲ ਲਈ ਤਿਆਰ ਰੂਹ ਵਿੱਚ ਪਰੇਸ਼ਾਨ ਕਰਨ ਵਾਲੇ ਅਤੇ ਗ਼ੈਰ ਅਹਿਮ ਵੇਰਵਿਆਂ ਦੇ ਵਾਸਤੇ ਕੋਈ ਜਗ੍ਹਾ ਨਹੀਂ। ਮੈਂ ਕਦੇ ਦੋ ਅੱਖਰਾਂ ਦੇ ਦਰਮਿਆਨ ਫ਼ਰਕ ਨੂੰ ਨਹੀਂ ਸਾਂਭ ਸਕਿਆ। ਇੱਕ ਖ਼ਾਸ ਤਰ੍ਹਾਂ ਦੀ ਬੇਸਬਰੀ ਨੇ ਮੈਨੂੰ ਕਦੇ ਪੜ੍ਹਨਾ ਸਿੱਖਣ ਦੀ ਆਗਿਆ ਨਹੀਂ ਦਿੱਤੀ। ਕਦੇ-ਕਦੇ ਮੈਂ ਇਸ ਉੱਤੇ ਅਫ਼ਸੋਸ ਕਰਦਾ ਹਾਂ, ਕਿਉਂਕਿ ਰਾਤਾਂ ਅਤੇ ਦਿਨ ਲੰਬੇ ਹੁੰਦੇ ਹਨ।
ਯਕੀਨਨ ਮੈਂ ਭਟਕਣਾਂ ਦਾ ਸ਼ਿਕਾਰ ਵੀ ਹੁੰਦਾ ਹਾਂ। ਜਿਵੇਂ ਕੋਈ ਮੇਂਢਾ ਹਮਲਾ ਕਰਨ ਵਾਲਾ ਹੋਵੇ, ਮੈਂ ਪੱਥਰ ਦੀਆਂ ਗੈਲਰੀਆਂ ਵਿੱਚ ਭੱਜਦਾ ਫਿਰਦਾ ਹਾਂ ਜਦ ਤੱਕ ਕਿ ਬੇਹੋਸ਼ ਹੋ ਕੇ ਜ਼ਮੀਨ ਉੱਤੇ ਡਿੱਗ ਨਹੀਂ ਪੈਂਦਾ। ਕਿਸੇ ਤਾਲਾਬ ਦੀ ਛਾਵੇਂ ਜਾਂ ਕਿਸੇ ਕੋਨੇ ਵਿੱਚ ਦੁਬਕ ਜਾਂਦਾ ਹੈ ਅਤੇ ਇਵੇਂ ਬਣਦਾ ਹਾਂ ਜਿਵੇਂ ਮੇਰਾ ਪਿੱਛਾ ਕੀਤਾ ਜਾ ਰਿਹਾ ਹੋਵੇ। ਅਜਿਹੀ ਛੱਤਾਂ ਵੀ ਹਨ ਜਿਨ੍ਹਾਂ ਤੋਂ ਮੈਂ ਖ਼ੂਨ ਵਿੱਚ ਬੁਰੀ ਤਰ੍ਹਾਂ ਲੱਥਪਤ ਹੋਣ ਤੱਕ ਡਿੱਗਦਾ ਰਹਿੰਦਾ ਹਾਂ। ਮੈਂ ਅੱਖਾਂ ਬੰਦ ਕਰਕੇ ਅਤੇ ਭਾਰੀ ਸਾਹ ਲੈਂਦੇ ਹੋਏ ਕਿਸੇ ਵੀ ਵਕਤ ਸੌਣ ਦਾ ਨਾਟਕ ਕਰ ਸਕਦਾ ਹਾਂ। (ਬਹੁਤ-ਵਾਰ ਮੈਂ ਸੱਚਮੁਚ ਸੌਂ ਜਾਂਦਾ ਹਾਂ, ਕਈ ਵਾਰ ਜਦੋਂ ਮੈਂ ਅੱਖਾਂ ਖੋਲ੍ਹਦਾ ਹਾਂ ਤਾਂ ਦਿਨ ਦਾ ਰੰਗ ਬਦਲ ਚੁੱਕਿਆ ਹੁੰਦਾ ਹੈ)। ਮਗਰ ਇਨ੍ਹਾਂ ਸਭ ਖੇਡਾਂ ਵਿੱਚ, ਮੈਂ ਉਸਨੂੰ ਤਰਜੀਹ ਦਿੰਦਾ ਹਾਂ ਜੋ ਦੂਜੇ ਐਸਤਰੀਓਨ ਦੇ ਬਾਰੇ ਵਿੱਚ ਹੈ। ਮੈਂ ਇਵੇਂ ਵਿਖਾਵਾ ਕਰਦਾ ਹਾਂ ਜਿਵੇਂ ਉਹ ਮੇਰੇ ਨਾਲ ਮੁਲਾਕਾਤ ਲਈ ਆਇਆ ਹੋਵੇ ਅਤੇ ਮੈਂ ਉਸਨੂੰ ਆਪਣੇ ਮਕਾਨ ਦੀ ਸੈਰ ਕਰਵਾ ਰਿਹਾ ਹੋਵਾਂ। ਵੱਡੀ ਹਲੀਮੀ ਦੇ ਨਾਲ ਮੈਂ ਉਸਨੂੰ ਇਹ ਕਹਿੰਦਾ ਹਾਂ: ਹੁਣ ਅਸੀਂ ਪਹਿਲੇ ਮੋੜ ਦੀ ਤਰਫ਼ ਵਾਪਸ ਪਰਤਦੇ ਹਾਂ ਜਾਂ ਹੁਣ ਅਸੀਂ ਦੂਜੇ ਵਿਹੜੇ ਵਿੱਚ ਬਾਹਰ ਨਿਕਲਾਂਗੇ ਜਾਂ ਮੈਨੂੰ ਪਤਾ ਹੈ ਤੁਹਾਨੂੰ ਡਰੇਨ ਪਸੰਦ ਆਵੇਗੀ ਜਾਂ ਹੁਣ ਤੁਸੀਂ ਰੇਤ ਨਾਲ ਭਰਿਆ ਇੱਕ ਤਾਲਾਬ ਦੇਖੋਗੇ ਜਾਂ ਤੁਸੀਂ ਜਲਦੀ ਦੇਖੋਗੇ ਕਿ ਤਹਿਖ਼ਾਨਾ ਕਿੱਧਰ ਕਿੱਧਰ ਨਿਕਲਦਾ ਹੈ। ਕਈ ਵਾਰ ਮੇਰੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ ਅਤੇ ਅਸੀਂ ਦੋਨੋਂ ਖੁੱਲ੍ਹ ਕੇ ਹੱਸਦੇ ਹਾਂ।
ਨਾ ਸਿਰਫ ਇਹ ਕਿ ਮੈਂ ਉਨ੍ਹਾਂ ਖੇਡਾਂ ਦੀ ਕਲਪਨਾ ਕੀਤੀ ਹੈ, ਸਗੋਂ ਮਕਾਨ ਉੱਤੇ ਵੀ ਧਿਆਨ ਦਿੱਤਾ ਹੈ। ਮਕਾਨ ਦੇ ਸਭ ਹਿੱਸੇ ਕਈ ਵਾਰ ਦੁਹਰਾਏ ਜਾਂਦੇ ਹਨ, ਕੋਈ ਵੀ ਜਗ੍ਹਾ ਦੂਜੀ ਜਗ੍ਹਾ ਵੀ ਹੁੰਦੀ ਹੈ। ਕੋਈ ਇੱਕ ਤਾਲਾਬ, ਵਿਹੜਾ, ਖੇਲ਼ ਜਾਂ ਖੁਰਲੀ ਨਹੀਂ ਹੈ, ਖੁਰਲੀਆਂ, ਖੇਲ਼ਾਂ, ਵਿਹੜਿਆਂ ਅਤੇ ਤਾਲਾਬਾਂ ਦੀ ਤਾਦਾਦ ਚੌਦਾਂ (ਅਨੰਤ) ਹੈ। ਮਕਾਨ ਦਾ ਆਕਾਰ ਦੁਨੀਆਂ ਦੇ ਬਰਾਬਰ ਹੈ, ਸਗੋਂ ਇਹ ਦੁਨੀਆਂ ਹੀ ਹੈ। ਫਿਰ ਇਵੇਂ ਹੋਇਆ ਕਿ ਤਾਲਾਬਾਂ ਅਤੇ ਖ਼ਾਕਸਤਰੀ ਪੱਥਰ ਦੀਆਂ ਗੈਲਰੀਆਂ ਨਾਲ ਭਰੇ ਵਿਹੜਿਆਂ ਨੂੰ ਸਰ ਕਰਦੇ ਕਰਦੇ ਮੈਂ ਗਲੀ ਵਿੱਚ ਆ ਨਿਕਲਿਆ ਅਤੇ ਕੁਹਾੜਿਆਂ ਵਾਲੇ ਮੰਦਿਰ ਅਤੇ ਸਮੁੰਦਰ ਨੂੰ ਵੇਖ ਲਿਆ। ਮੈਂ ਇਹ ਉਸ ਵਕਤ ਤੱਕ ਨਾ ਸਮਝਿਆ ਜਦੋਂ ਤੱਕ ਇੱਕ ਸੁਪਨੇ ਦੇ ਦੌਰਾਨ ਮੈਨੂੰ ਇਹ ਗਿਆਨ ਨਹੀਂ ਹੋਇਆ ਕਿ ਸਮੁੰਦਰ ਅਤੇ ਮੰਦਿਰ ਵੀ ਤਾਦਾਦ ਵਿੱਚ ਚੌਦਾਂ (ਅਨੰਤ) ਹਨ। ਹਰ ਚੀਜ਼ ਕਈ ਵਾਰ ਦੁਹਰਾਈ ਜਾਂਦੀ ਹੈ, ਯਾਨੀ ਚੌਦਾਂ ਵਾਰ, ਮਗਰ ਇਸ ਕਾਇਨਾਤ ਵਿੱਚ ਸਿਰਫ ਦੋ ਚੀਜ਼ਾਂ ਸਿਰਫ ਇੱਕ ਵਾਰ ਦੁਹਰਾਈਆਂ ਜਾਪਦੀਆਂ ਹਨ: ਉੱਪਰ ਇੱਕ ਪੇਚੀਦਾ ਸੂਰਜ, ਹੇਠਾਂ ਐਸਤਰੀਓਨ। ਸ਼ਾਇਦ ਮੈਂ ਹੀ ਇਨ੍ਹਾਂ ਸਿਤਾਰਿਆਂ, ਸੂਰਜ ਅਤੇ ਇਸ ਆਲੀਸ਼ਾਨ ਮਕਾਨ ਦੀ ਰਚਨਾ ਕੀਤੀ ਹੋਵੇ, ਮਗਰ ਮੈਨੂੰ ਹੁਣ ਇਹ ਬਿਲਕੁਲ ਯਾਦ ਨਹੀਂ।
ਹਰ ਨੌਂ ਸਾਲ ਬਾਅਦ ਨੌਂ ਆਦਮੀ ਇਸ ਮਕਾਨ ਵਿੱਚ ਅੰਦਰ ਵੜਦੇ ਹਨ ਤਾਂਕਿ ਮੈਂ ਉਨ੍ਹਾਂ ਨੂੰ ਕੁੱਲ ਬੁਰਾਈਆਂ ਤੋਂ ਮੁਕਤ ਕਰ ਸਕਾਂ। ਮੈਂ ਉਨ੍ਹਾਂ ਦੇ ਕਦਮਾਂ ਦੀ ਆਹਟ ਜਾਂ ਉਨ੍ਹਾਂ ਦੀਆਂ ਆਵਾਜ਼ਾਂ ਪੱਥਰ ਦੀਆਂ ਗੈਲਰੀਆਂ ਦੀਆਂ ਗਹਿਰਾਈਆਂ ਵਿੱਚ ਸੁਣ ਸਕਦਾ ਹਾਂ ਅਤੇ ਖੁਸ਼ੀ ਖੁਸ਼ੀ ਉਨ੍ਹਾਂ ਦੀ ਤਰਫ਼ ਭੱਜਦਾ ਹਾਂ। ਰਸਮ ਕੁੱਝ ਮਿੰਟ ਹੀ ਜਾਰੀ ਰਹਿੰਦੀ ਹੈ। ਮੇਰੇ ਹੱਥਾਂ ਨੂੰ ਖ਼ੂਨ ਨਾਲ ਰੰਗੇ ਬਿਨਾਂ ਉਹ ਇੱਕ ਬਾਅਦ ਦੂਜੇ ਡਿੱਗ ਪੈਂਦੇ ਹਨ। ਡਿੱਗਣ ਦੇ ਬਾਅਦ ਉਹ ਉਸੀ ਜਗ੍ਹਾ ਪਏ ਰਹਿੰਦੇ ਹਨ ਅਤੇ ਉਨ੍ਹਾਂ ਦੇ ਜਿਸਮ ਇੱਕ ਗੈਲਰੀ ਨੂੰ ਦੂਜੀ ਨਾਲੋਂ ਫ਼ਰਕ ਕਰਨ ਵਿੱਚ ਮਦਦ ਕਰਦੇ ਹਨ। ਮੈਂ ਨਹੀਂ ਜਾਣਦਾ ਉਹ ਕੌਣ ਹਨ, ਮਗਰ ਮੈਨੂੰ ਇਹ ਪਤਾ ਹੈ ਕਿ ਉਨ੍ਹਾਂ ਵਿਚੋਂ ਇੱਕ ਨੇ ਆਪਣੀ ਮੌਤ ਦੇ ਵਕਤ ਪੇਸ਼ੀਨਗੋਈ ਕੀਤੀ ਸੀ ਕਿਸੇ ਦਿਨ ਮੇਰਾ ਨਜਾਤਕਾਰ ਜ਼ਰੂਰ ਆਵੇਗਾ। ਉਸ ਦਿਨ ਤੋਂ ਇਕੱਲ ਮੇਰੇ ਲਈ ਪੀੜ ਦਾ ਕਾਰਨ ਨਹੀਂ ਕਿਉਂ ਕਿ ਮੈਨੂੰ ਪਤਾ ਹੈ ਕਿ ਮੇਰਾ ਨਜਾਤਕਾਰ ਮੌਜੂਦ ਹੈ ਅਤੇ ਆਖ਼ਰ ਨੂੰ ਉਹ ਖ਼ਾਕ ਵਿੱਚੋਂ ਨਮੂਦਾਰ ਹੋਵੇਗਾ। ਜੇਕਰ ਮੇਰੇ ਕੰਨ ਕਾਇਨਾਤ ਦੀਆਂ ਸਭਨਾਂ ਆਵਾਜ਼ਾਂ ਨੂੰ ਫੜ ਸਕਦੇ ਤਾਂ ਮੈਂ ਜ਼ਰੂਰ ਉਸ ਦੇ ਕਦਮਾਂ ਦੀ ਆਹਟ ਸੁਣ ਸਕਦਾ। ਮੈਨੂੰ ਉਮੀਦ ਹੈ ਕਿ ਉਹ ਮੈਨੂੰ ਇੱਕ ਘੱਟ ਗੈਲਰੀਆਂ ਅਤੇ ਘੱਟ ਦਰਵਾਜਿਆਂ ਵਾਲੀ ਜਗ੍ਹਾ ਉੱਤੇ ਲੈ ਜਾਵੇਗਾ। ਮੇਰਾ ਨਜਾਤਕਾਰ ਕਿਵੇਂ ਦਾ ਹੋਵੇਗਾ? ਮੈਂ ਆਪਣੇ ਆਪ ਨੂੰ ਪੁੱਛਦਾ ਹਾਂ। ਕੀ ਉਹ ਬੈਲ ਹੋਵੇਗਾ ਜਾਂ ਬੰਦਾ? ਕੀ ਸੰਭਵ ਹੈ ਕਿ ਉਹ ਆਦਮੀ ਦੇ ਚਿਹਰੇ ਵਾਲਾ ਇੱਕ ਬੇਲ ਹੋਵੇ? ਜਾਂ ਕੀ ਉਹ ਮੇਰੇ ਵਰਗਾ ਹੋਵੇਗਾ?
ਸਵੇਰੇ ਦਾ ਸੂਰਜ ਕਹਿੰ ਦੀ ਤਲਵਾਰ ਵਿੱਚੋਂ ਲਿਸ਼ਕਿਆ। ਖ਼ੂਨ ਦਾ ਕੋਈ ਜ਼ਰਾ ਤੱਕ ਵੀ ਬਾਕੀ ਨਹੀਂ ਸੀ
“ਕੀ ਤੂੰ ਇਹ ਮੰਨੇਂਗੀ, ਅਰੀਯਾਦਨੇ?” ਥੀਸਿਅਸ ਨੇ ਕਿਹਾ। ਮਿਨੋਤੋਰ ਬੜੀ ਮੁਸ਼ਕਿਲ ਨਾਲ ਹੀ ਆਪਣਾ ਪੱਖ ਪੂਰ ਸਕਿਆ।

ਦੈਵੀ ਲਿਖਤ (ਕਹਾਣੀ) – ਹੋਰਹੇ ਲੂਈਸ ਬੋਰਹੇਸ

January 11, 2018

ਕੈਦਖ਼ਾਨਾ ਬਹੁਤ ਗਹਿਰਾ ਹੈ, ਅਤੇ ਪੱਥਰ ਦਾ ਬਣਿਆ ਹੈ। ਇਹ ਤੱਥ ਇੱਕ ਲਿਹਾਜ਼ ਨਾਲ ਅਤਿਆਚਾਰ ਅਤੇ ਵਿਸ਼ਾਲਤਾ ਦੇ ਅਹਿਸਾਸਾਂ ਨੂੰ ਹੋਰ ਉਭਾਰਦਾ ਹੈ ਕਿ ਕੈਦਖ਼ਾਨੇ ਦੀ ਸ਼ਕਲ ਤਕਰੀਬਨ ਇੱਕ ਮੁਕੰਮਲ ਅਰਧਗੋਲੇ ਵਰਗੀ ਸੀ ਜਦ ਕਿ ਫ਼ਰਸ਼ (ਜੋ ਪੱਥਰ ਦਾ ਹੀ ਬਣਿਆ ਹੈ) ਇੱਕ ਵੱਡੇ ਚੱਕਰ ਨਾਲੋਂ ਕੁੱਝ ਘੱਟ ਹੀ ਹੈ। ਇੱਕ ਕੰਧ ਉਸ ਦੇ ਕੇਂਦਰ ਨੂੰ ਅੱਧ ਵਿੱਚ ਤਕਸੀਮ ਕਰਦੀ ਹੈ, ਅਤੇ ਇਹ ਕੰਧ ਕਾਫ਼ੀ ਬੁਲੰਦ ਹੋਣ ਦੇ ਬਾਵਜੂਦ ਕੈਦਖ਼ਾਨੇ ਦੀ ਡਾਟ ਦੇ ਉੱਪਰੀ ਹਿੱਸੇ ਤੱਕ ਨਹੀਂ ਪੁੱਜਦੀ। ਇੱਥੇ ਇੱਕ ਕਾਲ ਕੋਠੜੀ ਦੇ ਅੰਦਰ, ਮੈਂ ਯਾਨੀ ਜ਼ਿਨਾਕਾਨ, ਕਾਹੋਲੋਮ ਦੇ ਪਿਰਾਮਿਡ – ਜਿਸਨੂੰ ਪੇਡਰੋ ਡੀ ਅਲਵਾਰਾਦੋ ਨੇ ਅੱਗ ਲਾ ਕੇ ਬਰਬਾਦ ਕਰ ਦਿੱਤਾ ਸੀ – ਦਾ ਜਾਦੂਗਰ ਕੈਦੀ ਹਾਂ, ਅਤੇ ਦੂਜੇ ਵਿੱਚ ਇੱਕ ਜਗੁਆਰ ਹੈ ਜੋ ਖ਼ੁਫ਼ੀਆ ਸਾਵੇਂ ਕਦਮਾਂ ਨਾਲ ਕੈਦ ਦੇ ਦੇਸ਼ਕਾਲ ਨੂੰ ਮਾਪ ਰਿਹਾ ਹੈ। ਕੇਂਦਰੀ ਕੰਧ ਦੇ ਅੱਧ ਵਿੱਚ ਇੱਕ ਲੰਮੀ ਖਿੜਕੀ ਹੈ ਜਿਸਦੀ ਸਲਾਖਾਂ ਜ਼ਮੀਨ ਨਾਲ ਲੱਗੀਆਂ ਹਨ। ਉਸ [ਦੁਪਹਿਰ] ਵਕਤ ਜਦੋਂ ਸਾਇਆ ਨਹੀਂ ਹੁੰਦਾ, ਉੱਪਰ ਛੱਤ ਵਿੱਚ ਇੱਕ ਕੁੜਿੱਕੀ ਖੁਲ੍ਹਦੀ ਹੈ ਅਤੇ ਜੇਲ੍ਹਰ, ਜਿਸਨੂੰ ਬੀਤ ਗਏ ਸਾਲ ਨਿਰੰਤਰ ਮਿਟਾ ਰਹੇ ਹਨ, ਇੱਕ ਫ਼ੌਲਾਦੀ ਭੌਣੀ ਘੁਮਾਉਂਦਾ ਹੈ ਅਤੇ ਸਾਡੇ ਲਈ ਲੱਜ ਦੇ ਜ਼ਰੀਏ ਪਾਣੀ ਦੇ ਜੱਗ ਅਤੇ ਗੋਸ਼ਤ ਦੇ ਟੁੱਕੜੇ ਉਤਾਰਦਾ ਹੈ। ਇਸ ਸਮੇਂ ਵਾਲਟ ਵਿੱਚ ਰੋਸ਼ਨੀ ਆਉਂਦੀ ਹੈ ਅਤੇ ਇਹੀ ਉਹ ਘੜੀ ਹੈ ਜਦੋਂ ਮੈਂ ਜਗੁਆਰ ਨੂੰ ਵੇਖ ਸਕਦਾ ਹਾਂ।

ਮੈਂ ਉਨ੍ਹਾਂ ਸਾਲਾਂ ਦੀ ਗਿਣਤੀ ਭੁੱਲ ਚੁੱਕਿਆ ਹਾਂ ਜੋ ਮੈਂ ਕਾਲ ਕੋਠੜੀ ਵਿੱਚ ਲਿਟੇ ਲਿਟੇ ਬਤੀਤ ਕੀਤੇ ਹਨ। ਮੈਂ ਜੋ ਕਦੇ ਜਵਾਨ ਸੀ ਅਤੇ ਕੈਦਖ਼ਾਨੇ ਵਿੱਚ ਚਹਿਲਕਦਮੀ ਕਰ ਸਕਦਾ ਸੀ, ਹੁਣ ਮੌਤ ਦੀ ਉਡੀਕ ਤੋਂ ਜ਼ਿਆਦਾ ਹੋਰ ਕੁੱਝ ਵੀ ਕਰਨ ਦੇ ਯੋਗ ਨਹੀਂ, ਯਾਨੀ ਉਹ ਹੋਣੀ ਜੋ ਦੇਵਤਿਆਂ ਨੇ ਮੇਰੇ ਮੁਕੱਦਰ ਵਿੱਚ ਲਿਖ ਦਿੱਤੀ ਹੈ। ਮੈਂ ਜੋ ਅਗਨੀ ਚੱਟਾਨ ਤੋਂ ਘੜੇ ਖ਼ੰਜਰ ਨਾਲ ਆਪਣੇ ਸ਼ਿਕਾਰਾਂ ਦੇ ਸੀਨੇ ਚਾਕ ਕਰ ਦਿੰਦਾ ਸੀ ਅੱਜ ਜਾਦੂ ਦਾ ਸਹਾਰਾ ਲਏ ਬਿਨਾਂ ਆਪਣਾ ਆਪ ਨੂੰ ਮਿੱਟੀ ਤੋਂ ਉੱਪਰ ਨਹੀਂ ਉਠਾ ਸਕਦਾ।

ਪਿਰਾਮਿਡ ਦੇ ਜਲਾਏ ਜਾਣ ਦੀ ਪੂਰਵ ਸੰਧਿਆ ਨੂੰ ਉਨ੍ਹਾਂ ਉੱਚੇ ਘੋੜਿਆਂ ਤੋਂ ਉੱਤਰਨ ਵਾਲੇ ਵਿਅਕਤੀਆਂ ਨੇ ਮੈਨੂੰ ਅਗਨ ਧਾਤਾਂ ਨਾਲ ਤਸੀਹੇ ਦੇ ਦੇ ਕੇ ਛਿਪੇ ਹੋਏ ਖਜਾਨੇ ਦਾ ਪਤਾ ਉਗਲਣ ਲਈ ਮਜਬੂਰ ਕੀਤਾ। ਉਨ੍ਹਾਂ ਨੇ ਦੇਵਤੇ ਦੇ ਬੁੱਤ ਨੂੰ ਮੇਰੀਆਂ ਨਿਗਾਹਾਂ ਦੇ ਸਾਹਮਣੇ ਜ਼ਮੀਨ ਉੱਤੇ ਗਿਰਾ ਦਿੱਤਾ ਮਗਰ ਉਸਨੇ ਮੈਨੂੰ ਇਕੱਲਾ ਨਹੀਂ ਛੱਡਿਆ ਅਤੇ ਮੈਂ ਚੁੱਪਚਾਪ ਤਸੀਹੇ ਬਰਦਾਸ਼ਤ ਕੀਤੇ। ਉਨ੍ਹਾਂ ਨੇ ਮੇਰੇ ਉੱਤੇ ਚਾਬੁਕ ਬਰਸਾਏ, ਮੈਨੂੰ ਤੋੜ ਭੰਨ ਦਿੱਤਾ ਅਤੇ ਮੇਰਾ ਹੁਲੀਆ ਵਿਗਾੜ ਦਿੱਤਾ, ਅਤੇ ਫਿਰ ਮੈਂ ਇਸ ਕੈਦਖ਼ਾਨੇ ਵਿੱਚ ਅੱਖ ਖੋਲੀ ਜਿਥੋਂ ਮੈਂ ਇਸ ਫ਼ਾਨੀ ਜ਼ਿੰਦਗੀ ਦੌਰਾਨ ਤਾਂ ਬਾਹਰ ਨਹੀਂ ਆ ਸਕਦਾ।

ਕਿਸੇ ਨਾ ਕਿਸੇ ਤਰ੍ਹਾਂ ਕੰਮ ਵਿੱਚ ਲੱਗੇ ਰਹਿਣ ਅਤੇ ਵਕਤ ਦਾ ਵਿਹੜਾ ਭਰਨ ਦੀ ਮਜਬੂਰੀ ਦੇ ਹੱਥੋਂ ਮੈਂ ਅੰਧਕਾਰ ਵਿੱਚ ਉਹ ਸਭ ਕੁੱਝ ਯਾਦ ਕਰਨ ਦੀ ਕੋਸ਼ਿਸ਼ ਕੀਤੀ ਜੋ ਮੈਂ ਜਾਣਦਾ ਸੀ। ਅੰਤਹੀਣ ਰਾਤਾਂ ਪੱਥਰਾਂ ਉੱਤੇ ਚਿਤਰੇ ਸੱਪਾਂ ਦੀ ਤਾਦਾਦ ਅਤੇ ਤਰਤੀਬ ਜਾਂ ਕਿਸੇ ਔਖਧੀ ਦਰਖ਼ਤ ਦੀ ਦਰੁਸਤ ਸ਼ਕਲ ਚੇਤੇ ਵਿੱਚ ਲਿਆਉਣ ਲਈ ਬਤੀਤ ਕਰ ਦਿੱਤੀਆਂ। ਇਸੇ ਤਰ੍ਹਾਂ ਸਹਿਜੇ ਸਹਿਜੇ, ਮੈਂ ਬੀਤ ਰਹੇ ਸਾਲਾਂ ਨੂੰ ਨਿਮਾਣਾ ਕਰ ਲਿਆ। ਇਸੇ ਤਰ੍ਹਾਂ ਸਹਿਜੇ ਸਹਿਜੇ ਮੈਂ ਉਸ ਚੀਜ਼ ਦਾ ਮਾਲਕ ਬਣ ਗਿਆ ਜੋ ਪਹਿਲਾਂ ਹੀ ਮੇਰੀ ਸੀ।
ਇੱਕ ਰਾਤ ਮੈਨੂੰ ਮਹਿਸੂਸ ਹੋਇਆ ਕਿ ਮੈਂ ਇੱਕ ਅਤਿਅੰਤ ਗੂੜ੍ਹ ਯਾਦਾਸ਼ਤ ਦੀ ਦਹਿਲੀਜ਼ ਨੇੜੇ ਆ ਗਿਆ ਸੀ। ਮੁਸਾਫ਼ਰ ਦੀ ਨਜ਼ਰ ਸਮੁੰਦਰ ਉੱਤੇ ਪੈਂਦੇ ਹੀ ਉਸਨੂੰ ਆਪਣੀਆਂ ਰਗਾਂ ਵਿੱਚ ਖ਼ੂਨ ਦਾ ਦੌਰਾ ਤੇਜ਼ ਹੁੰਦਾ ਮਹਿਸੂਸ ਹੁੰਦਾ ਹੈ। ਕਈ ਘੰਟਿਆਂ ਬਾਅਦ ਮੈਂ ਇਸ ਯਾਦਾਸ਼ਤ ਦੀ ਰੂਪਰੇਖਾ ਨੂੰ ਦੇਖਣ ਲੱਗਿਆ। ਉਹ ਦੇਵਤੇ ਨਾਲ ਜੁੜੀ ਇੱਕ ਰਿਵਾਇਤ ਸੀ। ਇਹ ਪੇਸ਼-ਬੀਨੀ ਕਰਦੇ ਹੋਏ ਕਿ ਆਖ਼ਰ ਦੇ ਸਮੇਂ ਵਿੱਚ ਤਬਾਹੀ ਤੇ ਬਰਬਾਦੀ ਹੋਵੇਗੀ ਦੇਵਤਾ ਨੇ ਸ੍ਰਿਸ਼ਟੀ ਦੇ ਪਹਿਲੇ ਹੀ ਦਿਨ ਇੱਕ ਜਾਦੂਈ ਵਾਕ ਦੀ ਰਚਨਾ ਕੀਤੀ, ਜਿਸ ਵਿੱਚ ਉਨ੍ਹਾਂ ਬੁਰਾਈਆਂ ਦਾ ਅਸਰ ਦੂਰ ਕਰਨ ਦੀ ਤਾਕਤ ਸੀ। ਉਸਨੇ ਇਹ ਵਾਕ ਕੁੱਝ ਇਸ ਤਰ੍ਹਾਂ ਲਿਖਿਆ ਕਿ ਉਹ ਸਭ ਤੋਂ ਦੂਰ ਦੀਆਂ ਨਸਲਾਂ ਤੱਕ ਪਹੁੰਚ ਜਾਵੇ ਅਤੇ ਸੰਯੋਗ ਉੱਤੇ ਨਿਰਭਰ ਨਾ ਹੋਵੇ। ਕੋਈ ਨਹੀਂ ਜਾਣਦਾ ਕਿ ਉਹ ਵਾਕ ਕਿੱਥੇ ਲਿਖਿਆ ਗਿਆ ਅਤੇ ਅੱਖਰ ਕੀ ਸਨ, ਮਗਰ ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਉਹ ਕਿਸੇ ਖ਼ੁਫ਼ੀਆ ਜਗ੍ਹਾ ਮੌਜੂਦ ਜ਼ਰੂਰ ਹੈ ਅਤੇ ਕੋਈ ਵਿਰਲਾ ਚੋਣਵਾਂ ਇਨਸਾਨ ਹੀ ਉਸਨੂੰ ਪੜ੍ਹ ਸਕੇਗਾ। ਮੈਂ ਸੋਚਿਆ ਕਿ ਅਸੀਂ ਹਮੇਸ਼ਾ ਦੀ ਤਰ੍ਹਾਂ ਉਸ ਵਕਤ ਦੇ ਅਖ਼ੀਰ ਵਿੱਚ ਹਾਂ ਅਤੇ ਦੇਵਤੇ ਦਾ ਆਖ਼ਰੀ ਪੁਜਾਰੀ ਹੋਣ ਦੇ ਨਾਤੇ ਮੇਰੀ ਇਹ ਹੋਣੀ ਹੈ ਕਿ ਮੈਂ ਉਸ ਲਿਖਤ ਨੂੰ ਦਿੱਬ ਦ੍ਰਿਸ਼ਟੀ ਨਾਲ ਜਾਣ ਲਵਾਂ। ਇਹ ਤੱਥ ਕਿ ਮੈਂ ਇੱਕ ਕੈਦਖ਼ਾਨੇ ਵਿੱਚ ਕੈਦ ਹਾਂ ਮੇਰੀ ਉਮੀਦ ਦੇ ਆੜੇ ਨਹੀਂ ਆਇਆ। ਸ਼ਾਇਦ ਕੋਹੋਲਮ ਦੀ ਲਿਖਤ ਹਜਾਰਾਂ ਵਾਰ ਮੇਰੀ ਨਜ਼ਰ ਹੇਠੋਂ ਲੰਘੀ ਹੋਵੇ ਅਤੇ ਮੈਂ ਮਹਿਜ਼ ਉਸ ਦੀ ਗਹਿਰਾਈ ਵਿੱਚ ਹੀ ਉਤਰਨਾ ਸੀ।

ਇਸ ਸੋਚ ਨੇ ਮੇਰੀ ਹਿੰਮਤ ਬੰਨ੍ਹਾਈ ਅਤੇ ਮੈਂ ਜਿਵੇਂ ਚਕਰਾ ਜਿਹਾ ਗਿਆ। ਪੂਰੀ ਜ਼ਮੀਨ ਉੱਤੇ ਪ੍ਰਾਚੀਨ ਸ਼ਕਲਾਂ ਮੌਜੂਦ ਹਨ, ਸ਼ਕਲਾਂ ਜੋ ਫ਼ਨਾ ਨਹੀਂ ਹੋ ਸਕਦੀਆਂ ਅਤੇ ਸਦੀਵੀ ਹਨ, ਅਤੇ ਉਨ੍ਹਾਂ ਵਿਚੋਂ ਕੋਈ ਵੀ ਉਹ ਪ੍ਰਤੀਕ ਹੋ ਸਕਦੀ ਹੈ ਜਿਸਦੀ ਮੈਨੂੰ ਤਲਾਸ਼ ਹੈ। ਇੱਕ ਪਹਾੜ ਦੈਵੀ ਬਿਆਨ ਹੋ ਸਕਦਾ ਹੈ, ਜਾਂ ਕੋਈ ਨਦੀ ਜਾਂ ਸਲਤਨਤ ਜਾਂ ਤਾਰਿਆਂ ਦੀ ਕੋਈ ਖਿੱਤੀ। ਮਗਰ ਸਦੀਆਂ ਬੀਤ ਜਾਣ ਦੇ ਬਾਅਦ ਪਹਾੜ ਪੱਧਰ ਹੋ ਜਾਂਦਾ ਹੈ ਅਤੇ ਦਰਿਆ ਆਪਣਾ ਵਹਿਣ ਬਦਲ ਲੈਂਦਾ ਹੈ, ਸਲਤਨਤਾਂ ਬਦਲ ਜਾਂਦੀਆਂ ਹਨ ਅਤੇ ਤਬਾਹ ਹੋ ਜਾਂਦੀਆਂ ਹਨ, ਅਤੇ ਤਾਰਿਆਂ ਦੀਆਂ ਖਿੱਤੀਆਂ ਦੀਆਂ ਸ਼ਕਲਾਂ ਬਦਲ ਜਾਂਦੀਆਂ ਹਨ। ਅਸਮਾਨ ਵਿੱਚ ਤਬਦੀਲੀ ਆਉਂਦੀ ਹੈ। ਪਹਾੜ ਅਤੇ ਤਾਰੇ ਅੱਡ ਅੱਡ ਹਨ ਅਤੇ ਅੱਡ ਅੱਡ ਚੀਜ਼ਾਂ ਮਿਟ ਜਾਂਦੀਆਂ ਹਨ। ਮੈਂ ਕਿਸੇ ਵਧੇਰੇ ਸਿਰੜੀ, ਵਧੇਰੇ ਦ੍ਰਿੜ ਚੀਜ਼ ਦੀ ਤਲਾਸ਼ ਵਿੱਚ ਸੀ। ਮੈਂ ਅਨਾਜਾਂ, ਘਾਹ-ਬੂਟੀਆਂ, ਪਰਿੰਦਿਆਂ ਅਤੇ ਇਨਸਾਨਾਂ ਦੀਆਂ ਪ੍ਰਜਾਤੀਆਂ ਦੇ ਬਾਰੇ ਵਿੱਚ ਸੋਚਦਾ ਰਿਹਾ। ਸ਼ਾਇਦ ਜਾਦੂ ਮੇਰੇ ਚਿਹਰੇ ਉੱਤੇ ਹੀ ਲਿਖਿਆ ਹੋਵੇ, ਸ਼ਾਇਦ ਮੈਂ ਖ਼ੁਦ ਹੀ ਆਪਣੀ ਤਲਾਸ਼ ਦਾ ਅੰਤ ਸੀ। ਚਿੰਤਾ ਮੈਨੂੰ ਖਾਂਦੀ ਜਾ ਰਹੀ ਸੀ, ਜਦੋਂ ਮੈਨੂੰ ਯਾਦ ਆਇਆ ਕਿ ਜਗੁਆਰ ਦੇਵਤੇ ਦੀਆਂ ਸਿਫ਼ਤਾਂ ਵਿੱਚੋਂ ਇੱਕ ਸਿਫ਼ਤ ਸੀ।

ਫਿਰ ਮੇਰੀ ਰੂਹ ਰਹਿਮ ਨਾਲ ਭਿੱਜ ਗਈ। ਮੈਂ ਸਮੇਂ ਦੀ ਪਹਿਲੀ ਸਵੇਰ ਦੀ ਕਲਪਨਾ ਕੀਤੀ, ਮੈਂ ਕਲਪਨਾ ਕੀਤੀ ਕਿ ਮੇਰਾ ਦੇਵਤਾ ਜਗੁਆਰਾਂ ਦੀ ਜ਼ਿੰਦਾ ਖੱਲ ਨੂੰ ਆਪਣਾ ਸੁਨੇਹਾ ਸਮਝਾ ਰਿਹਾ ਸੀ, ਜੋ ਗਾਰਾਂ, ਬਾਂਸ ਦੇ ਖੇਤਾਂ, ਟਾਪੂਆਂ ਉੱਤੇ ਅੰਤਹੀਣ ਮੁਹੱਬਤ ਕਰਨਗੇ ਅਤੇ ਨਸਲ ਅੱਗੇ ਤੋਰਨਗੇ ਤਾਂਕਿ ਆਖ਼ਿਰੀ ਇਨਸਾਨਾਂ ਤੱਕ ਇਹ ਸੁਨੇਹਾ ਪਹੁੰਚ ਸਕੇ। ਮੈਂ ਕਲਪਨਾ ਕੀਤੀ ਕਿ ਸ਼ੇਰਾਂ ਦੇ ਇਹ ਜਾਲ, ਸ਼ੇਰਾਂ ਦੇ ਇਹ ਪੇਚੀਦਾ ਵੱਡੇ ਵੱਡੇ ਝੁਰਮਟ ਚਰਾਗਾਹਾਂ ਅਤੇ ਇੱਜੜਾਂ ਵਿੱਚ ਇਸ ਵਾਸਤੇ ਦਹਿਸ਼ਤ ਪਾ ਰਹੇ ਸਨ ਕਿ ਇੱਕ ਮਨਸੂਬੇ ਨੂੰ ਜਾਰੀ ਰੱਖਿਆ ਜਾ ਸਕੇ। ਨਾਲ ਵਾਲੀ ਕੋਠੜੀ ਵਿੱਚ ਇੱਕ ਜਗੁਆਰ ਸੀ ਅਤੇ ਉਸ ਦੇ ਅਹਾਤੇ ਵਿੱਚ ਮੈਂ ਆਪਣੇ ਖ਼ਿਆਲ ਦੀ ਪੁਸ਼ਟੀ ਅਤੇ ਇੱਕ ਖ਼ੁਫ਼ੀਆ ਕਿਰਪਾ ਸਮਝਿਆ।

ਮੈਂ ਉਸ ਦੀ ਖੱਲ ਉੱਤੇ ਮੌਜੂਦ ਚਟਾਕਾਂ ਦੀ ਤਰਤੀਬ ਅਤੇ ਸੰਰਚਨਾ ਨੂੰ ਸਮਝਣ ਵਿੱਚ ਕਈ ਸਾਲ ਲਾ ਦਿੱਤੇ। ਅੰਧਕਾਰ ਦਾ ਹਰ ਅਰਸਾ ਰੋਸ਼ਨੀ ਦੀ ਇੱਕ ਘੜੀ ਦੇ ਅੱਗੇ ਹਾਰ ਮੰਨ ਲੈਂਦਾ ਅਤੇ ਇਸ ਤਰ੍ਹਾਂ ਮੈਨੂੰ ਮੌਕਾ ਮਿਲ ਜਾਂਦਾ ਕਿ ਮੈਂ ਜ਼ਰਦ ਜੱਤ ਵਿੱਚ ਚੱਲਦੀਆਂ ਸਿਆਹ ਸ਼ਕਲਾਂ ਉੱਤੇ ਆਪਣਾ ਧਿਆਨ ਟਿਕਾ ਸਕਾਂ। ਉਨ੍ਹਾਂ ਵਿਚੋਂ ਕੁੱਝ ਨੁਕਤਿਆਂ ਉੱਤੇ ਅਧਾਰਿਤ ਹੁੰਦੀਆਂ, ਦੂਜੀਆਂ ਲੱਤਾਂ ਦੇ ਅੰਦਰੂਨੀ ਹਿੱਸੇ ਉੱਤੇ ਇੱਕ ਦੂਜੇ ਨੂੰ ਕੱਟਦੀਆਂ, ਲਕੀਰਾਂ ਅਤੇ ਕੁੱਝ ਘੇਰਿਆਂ ਦੀ ਸ਼ਕਲ ਵਿੱਚ ਵਾਰ-ਵਾਰ ਆਪਣੇ ਆਪ ਨੂੰ ਦੁਹਰਾਉਂਦੀਆਂ ਰਹਿੰਦੀਆਂ। ਸ਼ਾਇਦ ਉਹ ਇੱਕੋ ਧੁਨੀ ਸਨ ਜਾਂ ਇੱਕੋ ਸ਼ਬਦ। ਉਨ੍ਹਾਂ ਵਿਚੋਂ ਕਈ ਦੇ ਕਿਨਾਰੇ ਲਾਲ ਸਨ।

ਮੈਂ ਆਪਣੀ ਮਸ਼ੱਕਤ ਦੀਆਂ ਤਕਲੀਫਾਂ ਦਾ ਜ਼ਿਕਰ ਨਹੀਂ ਕਰਾਂਗਾ। ਮੈਂ ਆਪਣੀ ਕੋਠੜੀ ਵਿੱਚ ਇੱਕ ਤੋਂ ਜ਼ਿਆਦਾ ਵਾਰ ਚੀਖ ਉਠਿਆ ਕਿ ਇਸ ਪਾਠ ਨੂੰ ਉਠਾਲਣਾ ਅਸੰਭਵ ਹੈ। ਸਹਿਜੇ ਸਹਿਜੇ ਇਹ ਠੋਸ ਬੁਝਾਰਤ ਜਿਸਨੂੰ ਸੁਲਝਾਣ ਲਈ ਮੈਂ ਜੋਸ਼ੀਲਾ ਸੀ ਮੇਰੇ ਲਈ ਉਸ ਆਮ ਬੁਝਾਰਤ ਨਾਲੋਂ ਘੱਟ ਪਰੇਸ਼ਾਨਕੁਨ ਸਾਬਤ ਹੋਣ ਲਗਾ ਜੋ ਦੇਵਤੇ ਦੇ ਲਿਖੇ ਵਾਕ ਦੇ ਕਾਰਨ ਸੀ। ਕਿਸ ਕਿਸਮ ਦਾ ਵਾਕ (ਮੈਂ ਆਪਣੇ ਆਪ ਨੂੰ ਪੁੱਛਿਆ) ਇੱਕ ਨਿਰਪੇਖ ਮਨ ਰਚੇਗਾ? ਮੈਂ ਸੋਚਿਆ ਕਿ ਇਨਸਾਨੀ ਜ਼ਬਾਨਾਂ ਤੱਕ ਵਿੱਚ ਅਜਿਹਾ ਕੋਈ ਪ੍ਰਸਤਾਵ ਨਹੀਂ ਜੋ ਮੁਕੰਮਲ ਕਾਇਨਾਤ ਦਾ ਹਵਾਲਾ ਨਾ ਹੋਵੇ; ਕਿਸੇ ਖ਼ਾਸ ਸ਼ੇਰ ਦੇ ਜਿਕਰ ਵਿੱਚ ਉਹ ਸ਼ੇਰ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਉਸਨੂੰ ਪੈਦਾ ਕੀਤਾ, ਉਹ ਮਿਰਗ ਅਤੇ ਕੱਛੂ ਵੀ ਜੋ ਉਸਨੇ ਨਿਗਲੇ, ਉਹ ਘਾਹ ਜੋ ਮਿਰਗਾਂ ਦੀ ਖ਼ੁਰਾਕ ਸੀ, ਜ਼ਮੀਨ ਜੋ ਉਸ ਘਾਹ ਦੀ ਮਾਂ ਸੀ, ਅਸਮਾਨ ਜਿਸਨੇ ਇਸ ਜ਼ਮੀਨ ਨੂੰ ਜਨਮ ਦਿੱਤਾ। ਮੈਂ ਸੋਚਿਆ ਕਿ ਦੈਵੀ ਭਾਸ਼ਾ ਵਿੱਚ ਹਰ ਸ਼ਬਦ ਤੱਥਾਂ ਦੀ ਇੱਕ ਅਨੰਤ ਲੜੀ ਨੂੰ ਪਰਗਟ ਕਰਦਾ ਹੈ, ਅਸਪਸ਼ਟ ਨਹੀਂ ਸਗੋਂ ਸਪਸ਼ਟ ਤੌਰ ਉੱਤੇ, ਸਹਿਜੇ ਸਹਿਜੇ ਨਹੀਂ ਸਗੋਂ ਇੱਕੋ-ਵਕਤ। ਫਿਰ ਕੁੱਝ ਸਮਾਂ ਬੀਤਣ ਦੇ ਬਾਅਦ ਦੈਵੀ ਵਾਕ ਦਾ ਖ਼ਿਆਲ ਹੀ ਬਚਗਾਨਾ ਜਾਂ ਗੁਸਤਾਖ਼ਾਨਾ ਲੱਗਣ ਲੱਗ ਪਿਆ। ਮੈਂ ਸੋਚਿਆ ਕਿ ਕਿਸੇ ਦੇਵਤਾ ਨੂੰ ਤਾਂ ਬਸ ਇੱਕ ਸ਼ਬਦ ਹੀ ਅਦਾ ਕਰਨ ਦੀ ਜ਼ਰੂਰਤ ਹੈ ਅਤੇ ਉਸ ਵਿੱਚ ਨਿਰਪੇਖ ਸੰਪੂਰਨਤਾ ਹੋਵੇਗੀ। ਉਸ ਦਾ ਅਦਾ ਕੀਤਾ ਹੋਇਆ ਕੋਈ ਵੀ ਸ਼ਬਦ ਕਾਇਨਾਤ ਨਾਲੋਂ ਜਾਂ ਸਮੇਂ ਦੇ ਕੁੱਲ ਜੋੜ ਨਾਲੋਂ ਘੱਟ ਨਹੀਂ ਹੋ ਸਕਦਾ। ਇਸ ਇੱਕ ਸ਼ਬਦ ਦੇ ਸਾਏ ਜਾਂ ਨਕਲਾਂ ਜੋ ਕਿਸੇ ਭਾਸ਼ਾ ਦੇ ਬਰਾਬਰ ਹੋਣ ਜਾਂ ਉਹ ਸਭ ਕੁੱਝ ਜਿਸਨੂੰ ਕੋਈ ਭਾਸ਼ਾ ਸਮੇਟ ਸਕੇ, ਗ਼ਰੀਬ ਅਤੇ ਅਭਿਲਾਸ਼ੀ ਇਨਸਾਨੀ ਸ਼ਬਦ ਕੁਲ, ਦੁਨੀਆ, ਕਾਇਨਾਤ ਹਨ।

ਇੱਕ ਦਿਨ ਜਾਂ ਇੱਕ ਰਾਤ ਮੇਰੇ ਦਿਨਾਂ ਅਤੇ ਰਾਤਾਂ ਵਿੱਚ ਕੀ ਫ਼ਰਕ ਹੋ ਸਕਦਾ ਹੈ? ਮੈਂ ਸੁਪਨਾ ਵੇਖਿਆ ਕਿ ਕੈਦਖ਼ਾਨੇ ਦੀ ਜ਼ਮੀਨ ਉੱਤੇ ਰੇਤ ਦਾ ਇੱਕ ਜ਼ੱਰਾ ਪਿਆ ਹੈ। ਕੋਈ ਪਰਵਾਹ ਕੀਤੇ ਬਿਨਾਂ ਮੈਂ ਦੁਬਾਰਾ ਸੌਂ ਗਿਆ। ਮੈਂ ਸੁਪਨਾ ਵੇਖਿਆ ਕਿ ਮੈਂ ਜਾਗ ਗਿਆ ਹਾਂ ਅਤੇ ਜ਼ਮੀਨ ਉੱਤੇ ਰੇਤ ਦੇ ਦੋ ਜ਼ੱਰੇ ਮੌਜੂਦ ਹਨ। ਹੁਣ ਇੱਕ-ਵਾਰ ਫਿਰ ਸੌਂ ਗਿਆ ਅਤੇ ਸੁਪਨੇ ਵਿੱਚ ਵੇਖਿਆ ਕਿ ਹੁਣ ਤਿੰਨ ਜ਼ੱਰੇ ਹਨ। ਉਹ ਇਸੇ ਤਰ੍ਹਾਂ ਵੱਧਦੇ ਰਹੇ ਇੱਥੇ ਤੱਕ ਕਿ ਕੈਦਖਾਨਾ ਉਨ੍ਹਾਂ ਨਾਲ ਭਰ ਗਿਆ ਅਤੇ ਮੈਂ ਰੇਤ ਦੇ ਇਸ ਅਰਧਗੋਲੇ ਦੇ ਹੇਠਾਂ ਮਰ ਰਿਹਾ ਸੀ। ਮੈਨੂੰ ਖ਼ਿਆਲ ਆਇਆ ਕਿ ਮੈਂ ਤਾਂ ਸੁਪਨਾ ਵੇਖ ਰਿਹਾ ਹਾਂ ਤਾਂ ਬਹੁਤ ਕੋਸ਼ਿਸ਼ ਦੇ ਬਾਅਦ ਮੈਂ ਆਪਣੇ ਆਪ ਨੂੰ ਜਗਾਇਆ ਅਤੇ ਉਠ ਬੈਠਾ। ਜਾਗਣਾ ਬੇਫ਼ਾਇਦਾ ਸੀ ਅਤੇ ਰੇਤ ਦੇ ਅਨਗਿਣਤ ਜ਼ੱਰਿਆਂ ਦੀ ਵਜ੍ਹਾ ਨਾਲ ਮੇਰਾ ਦਮ ਘੁੱਟ ਰਿਹਾ ਸੀ। ਕਿਸੇ ਨੇ ਮੈਨੂੰ ਕਿਹਾ: ਤੁਸੀਂ ਅਜੇ ਨੀਂਦ ਤੋਂ ਬਾਹਰ ਨਹੀਂ ਆਏ ਸਗੋਂ ਇੱਕ ਪਿੱਛਲੀ ਸੁਪਨ-ਅਵਸਥਾ ਵਿੱਚ ਹੋ। ਇਹ ਸੁਪਨਾ ਇੱਕ ਹੋਰ ਸੁਪਨੇ ਵਿੱਚ ਬੰਦ ਹੈ ਅਤੇ ਇਸੇ ਤਰ੍ਹਾਂ ਸੁਪਨਿਆਂ ਦੀ ਇੱਕ ਅਨੰਤ ਲੜੀ ਹੈ ਜੋ ਰੇਤ ਦੇ ਜ਼ੱਰਿਆਂ ਦੀ ਤਾਦਾਦ ਦੇ ਬਰਾਬਰ ਹੈ। ਇਹ ਰਾਹ ਜਿਸ ਉੱਤੇ ਉਲਟੇ ਕਦਮਾਂ ਵਾਪਸ ਜਾਣਾ ਤੁਹਾਡੇ ਲਈ ਜ਼ਰੂਰੀ ਹੈ ਨਾ ਖ਼ਤਮ ਹੋਣ ਵਾਲੀ ਹੈ ਅਤੇ ਇਸ ਤੋਂ ਪਹਿਲਾਂ ਕਿ ਤੁਸੀਂ ਜਾਗੋ ਤੁਹਾਡੀ ਮੌਤ ਹੋ ਚੁੱਕੀ ਹੋਵੇਗੀ।

ਮੈਨੂੰ ਅਜਿਹਾ ਮਹਿਸੂਸ ਹੋਇਆ ਕਿ ਮੈਂ ਗੁੰਮ ਚੁੱਕਿਆ ਹਾਂ। ਰੇਤ ਨਾਲ ਮੇਰਾ ਮੂੰਹ ਭਰ ਰਿਹਾ ਸੀ ਮਗਰ ਮੈਂ ਚਿੱਲਾਇਆ: ਸੁਪਨਿਆਂ ਦੀ ਰੇਤ ਮੈਨੂੰ ਕਤਲ ਨਹੀਂ ਕਰ ਸਕਦੀ ਅਤੇ ਨਾ ਹੀ ਸੁਪਨਿਆਂ ਦੇ ਅੰਦਰ ਸੁਪਨੇ ਵੱਸਦੇ ਹਨ। ਇੱਕ ਚੁੰਧਿਆ ਦੇਣ ਵਾਲੀ ਰੋਸ਼ਨੀ ਦੀ ਲਿਸ਼ਕੋਰ ਨੇ ਮੈਨੂੰ ਜਗਾ ਦਿੱਤਾ। ਉੱਪਰ ਅੰਧਕਾਰ ਵਿੱਚ ਰੋਸ਼ਨੀ ਦਾ ਇੱਕ ਦਾਇਰਾ ਬਣ ਚੁੱਕਿਆ ਸੀ। ਮੈਨੂੰ ਜੇਲ੍ਹਰ ਦਾ ਚਿਹਰਾ ਅਤੇ ਹੱਥ, ਭੌਣੀ, ਲੱਜ, ਗੋਸ਼ਤ ਦੀਆਂ ਬੋਟੀਆਂ ਅਤੇ ਪਾਣੀ ਦੇ ਜੱਗ ਨਜ਼ਰ ਆਏ।

ਇੱਕ ਇਨਸਾਨ ਆਪਣੀ ਤਕਦੀਰ ਦੇ ਬਾਰੇ ਵਿੱਚ ਸਹਿਜੇ ਸਹਿਜੇ ਵਹਿਮਾਂ ਦਾ ਸ਼ਿਕਾਰ ਹੁੰਦਾ ਜਾਂਦਾ ਹੈ। ਇਨਸਾਨ ਘੱਟ-ਵੱਧ ਆਪਣੇ ਹਾਲਾਤ ਹੀ ਦਾ ਬਣਿਆ ਹੁੰਦਾ ਹੈ। ਮੈਂ ਕਿਸੇ ਵੀ ਗੂੜ੍ਹ-ਵਾਚਕ ਜਾਂ ਬਦਲਾ ਲਊ, ਦੇਵਤੇ ਦੇ ਕਿਸੇ ਵੀ ਪਾਦਰੀ ਤੋਂ ਜ਼ਿਆਦਾ ਕੈਦੀ ਬੰਦਾ ਸੀ। ਸੁਪਨਿਆਂ ਦੀ ਇੱਕ ਅਣਥੱਕ ਭੂਲ-ਭੁਲਈਆਂ ਵਿੱਚੋਂ ਮੈਂ ਪਰਤ ਆਇਆ ਜਿਵੇਂ ਆਪਣੇ ਘਰ ਯਾਨੀ ਇਸ ਸਖ਼ਤ ਕੈਦਖ਼ਾਨੇ ਵਿੱਚ। ਮੈਂ ਇਸ ਦੀ ਕੈਦਖ਼ਾਨੇ ਦੀ ਸਿੱਲ੍ਹ ਨੂੰ ਦੁਆ ਦਿੱਤੀ, ਇਸ ਵਿੱਚ ਮੌਜੂਦ ਸ਼ੇਰ ਨੂੰ ਦੁਆ ਦਿੱਤੀ, ਰੋਸ਼ਨੀ ਦੀ ਝੀਥ ਨੂੰ ਦੁਆ ਦਿੱਤੀ, ਮੈਂ ਆਪਣੇ ਬੁੱਢੇ, ਪੀੜਤ ਜਿਸਮ ਨੂੰ ਦੁਆ ਦਿੱਤੀ, ਅੰਧਕਾਰ ਨੂੰ ਅਤੇ ਪੱਥਰ ਨੂੰ ਦੁਆ ਦਿੱਤੀ।
ਫਿਰ ਉਹ ਹੋਇਆ ਜੋ ਨਾ ਮੈਂ ਬਿਆਨ ਕਰ ਸਕਦਾ ਹਨ ਅਤੇ ਨਾ ਭੁੱਲ ਸਕਦਾ ਹਾਂ। ਬ੍ਰਹਮ ਦੇ ਨਾਲ, ਕਾਇਨਾਤ ਦੇ ਨਾਲ (ਮੈਂ ਨਹੀਂ ਜਾਣਦਾ ਕਿ ਕੀ ਇਹ ਦੋਨੋਂ ਸ਼ਬਦ ਅੱਡ ਅੱਡ ਅਰਥਾਂ ਦੇ ਧਾਰਨੀ ਹਨ) ਮਿਲਾਪ ਹੋ ਗਿਆ। ਵਿਸਮਾਦ ਆਪਣੀ ਅਲਾਮਤਾਂ ਨੂੰ ਨਹੀਂ ਦੁਹਰਾਉਂਦਾ। ਦੇਵਤੇ ਨੂੰ ਦਮਕਦੀ ਰੋਸ਼ਨੀ ਵਿੱਚ, ਕਿਸੀ ਤਲਵਾਰ ਵਿੱਚ ਜਾਂ ਕਿਸੇ ਗੁਲਾਬ ਉੱਤੇ ਮੌਜੂਦ ਘੁੰਮੇਰਾਂ ਵਿੱਚ ਵੇਖਿਆ ਗਿਆ ਹੈ। ਮੈਂ ਇੱਕ ਬਹੁਤ ਹੀ ਜ਼ਿਆਦਾ ਉੱਚਾ ਪਹੀਆ ਵੇਖਿਆ, ਜੋ ਮੇਰੀਆਂ ਨਿਗਾਹਾਂ ਦੇ ਸਾਹਮਣੇ ਨਹੀਂ ਸੀ, ਨਾ ਹੀ ਪਿਛੇ ਜਾਂ ਪਾਸਿਆਂ ਵੱਲ, ਸਗੋਂ ਹਰ ਜਗ੍ਹਾ ਇੱਕ ਹੀ ਵਕਤ ਮੌਜੂਦ ਸੀ। ਉਹ ਪਹੀਆ ਪਾਣੀ ਦਾ ਬਣਿਆ ਸੀ, ਮਗਰ ਅੱਗ ਦਾ ਵੀ, ਅਤੇ ਉਹ (ਭਾਵੇਂ ਉਸ ਦਾ ਕਿਨਾਰਾ ਵੇਖਿਆ ਜਾ ਸਕਦਾ ਸੀ) ਅਨੰਤ ਸੀ। ਸਾਰੀਆਂ ਚੀਜ਼ਾਂ ਜੋ ਮੌਜੂਦ ਹਨ, ਕਦੇ ਸਨ ਅਤੇ ਕਦੇ ਹੋਣਗੀਆਂ ਇਸ ਨਾਲ ਜੁੜੀਆਂ ਸਨ, ਅਤੇ ਮੈਂ ਇਸ ਮੁਕੰਮਲ ਬੁਣਤੀ ਦਾ ਇੱਕ ਰੇਸ਼ਾ ਸੀ, ਅਤੇ ਪੇਡਰੋ ਡੀ ਅਲਵਾਰਡੋ, ਜਿਸ ਨੇ ਮੈਨੂੰ ਤਸੀਹੇ ਦਿੱਤੇ ਦੂਜਾ ਰੇਸ਼ਾ ਸੀ। ਇਸ ਨੇ ਕਾਰਨ ਕਾਰਜ ਸਪਸ਼ਟ ਕਰ ਦਿੱਤੇ ਸਨ ਅਤੇ ਮੈਨੂੰ ਕਿਸੇ ਅੰਤ ਦੇ ਬਿਨਾਂ ਸਭ ਕੁੱਝ ਸਮਝਣ ਲਈ ਪਹੀਏ ਨੂੰ ਦੇਖਣਾ ਹੀ ਕਾਫ਼ੀ ਸੀ। ਆਹ ਕਿ ਸਮਝ ਦਾ ਅਨੰਦ, ਕਲਪਨਾ ਜਾਂ ਭਾਵਨਾ ਦੇ ਅਨੰਦ ਨਾਲੋਂ ਵੱਡਾ ਹੈ। ਮੈਂ ਕਾਇਨਾਤ ਨੂੰ ਵੇਖਿਆ ਅਤੇ ਇਸ ਵਿੱਚ ਲੁਕੇ ਡੂੰਘੇ ਡਿਜ਼ਾਇਨਾਂ ਨੂੰ ਵੇਖਿਆ। ਮੈਂ ਸਾਂਝੀ ਕਿਤਾਬ ਵਿੱਚ ਬਿਆਨ ਕੀਤੀਆਂ ਸ਼ੁਰੂਆਤਾਂ ਨੂੰ ਵੇਖਿਆ। ਮੈਂ ਉਹ ਪਹਾੜ ਵੇਖੇ ਜੋ ਪਾਣੀ ਵਿੱਚੋਂ ਨਮੂਦਾਰ ਹੋਏ ਸਨ, ਮੈਂ ਪਹਿਲੇ ਲੱਕੜਹਾਰਿਆਂ ਨੂੰ ਵੇਖਿਆ, ਉਨ੍ਹਾਂ ਚੁਬੱਚਿਆਂ ਨੂੰ ਜੋ ਇਨਸਾਨਾਂ ਦੇ ਖਿਲਾਫ ਛਲਕ ਉੱਠੇ, ਉਨ੍ਹਾਂ ਕੁੱਤਿਆਂ ਨੂੰ ਜਿਨ੍ਹਾਂ ਨੇ ਉਨ੍ਹਾਂ ਦੇ ਚੇਹਰੇ ਵਲੂੰਧਰ ਦਿੱਤੇ ਸਨ। ਮੈਂ ਬੇ-ਚਿਹਰਾ ਦੇਵਤੇ ਨੂੰ ਦੂਜੇ ਦੇਵਤਿਆਂ ਦੀ ਓਟ ਵਿੱਚ ਛੁਪੇ ਵੇਖਿਆ। ਮੈਂ ਉਹ ਅਨੰਤ ਪ੍ਰਕਿਰਿਆਵਾਂ ਵੇਖੀਆਂ ਜਿਨ੍ਹਾਂ ਨੇ ਇੱਕ ਅਨੰਦ ਨੂੰ ਜਨਮ ਦਿੱਤਾ, ਅਤੇ ਫਿਰ ਇਹ ਸਭ ਕੁੱਝ ਸਮਝਣ ਸਦਕਾ ਮੈਂ ਸ਼ੇਰ ਦੀ ਖੱਲ੍ਹ ਉੱਤੇ ਮੌਜੂਦ ਲਿਖਤ ਨੂੰ ਸਮਝਣ ਦੇ ਯੋਗ ਹੋਇਆ।

ਇਹ ਚੌਦਾਂ ਅਟਕਲ-ਪੱਚੂ (ਉਹ ਅਟਕਲ-ਪੱਚੂ ਨਜ਼ਰ ਆਉਂਦੇ ਹਨ) ਸ਼ਬਦਾਂ ਉੱਤੇ ਅਧਾਰਿਤ ਇੱਕ ਫ਼ਾਰਮੂਲਾ ਹੈ ਅਤੇ ਉਸਨੂੰ ਬੁਲੰਦ ਆਵਾਜ਼ ਵਿੱਚ ਅਦਾ ਕਰ ਦੇਣ ਨਾਲ ਵਿੱਚ ਇੱਕ ਅਜ਼ੀਮ ਤਾਕਤ ਹਾਸਲ ਕਰ ਲਵਾਂਗਾ। ਉਨ੍ਹਾਂ ਨੂੰ ਅਦਾ ਕਰਨਾ ਇਸ ਪੱਥਰ ਦੇ ਕੈਦਖ਼ਾਨੇ ਨੂੰ ਢਾਹ ਦੇਣ ਦੇ ਲਈ, ਮੇਰੀ ਰਾਤ ਨੂੰ ਦਿਨ ਦੀ ਰੋਸ਼ਨੀ ਨਾਲ ਰੁਸ਼ਨਾ ਦੇਣ ਲਈ, ਜਵਾਨ ਹੋਣ ਦੇ ਲਈ, ਅਮਰ ਹੋਣ ਦੇ ਲਈ, ਸ਼ੇਰ ਦੇ ਜਬਾੜਿਆਂ ਵਿੱਚ ਅਲਵਾਰਡੋ ਨੂੰ ਚਬਾ ਦੇਣ ਦੇ ਲਈ, ਪਵਿੱਤਰ ਖ਼ੰਜਰ ਸਪੇਨੀਆਂ ਦੀਆਂ ਹਿੱਕਾਂ ਵਿੱਚ ਘੋਪ ਦੇਣ ਦੇ ਲਈ, ਪਿਰਾਮਿਡ ਦੇ ਨਵ-ਨਿਰਮਾਣ ਲਈ ਅਤੇ ਸਲਤਨਤ ਦੇ ਨਵ-ਨਿਰਮਾਣ ਲਈ ਕਾਫ਼ੀ ਹੈ। ਸਿਰਫ ਚਾਲੀ ਹਿੱਜੇ, ਚੌਦਾਂ ਸ਼ਬਦ, ਅਤੇ ਮੈਂ ਜ਼ਿਨਾਕਾਨ ਇਨ੍ਹਾਂ ਸਭਨਾਂ ਇਲਾਕਿਆਂ ਉੱਤੇ ਹੁਕੂਮਤ ਕਰਾਂਗਾ ਜਿਨ੍ਹਾਂ ਉੱਤੇ ਮੋਕਦੇਜ਼ੂਮਾ ਹੁਕੂਮਤ ਕਰਦਾ ਸੀ। ਮਗਰ ਮੈਂ ਜਾਣਦਾ ਹਾਂ ਕਿ ਮੈਂ ਕਦੇ ਇਹ ਸ਼ਬਦ ਨਹੀਂ ਕਹਾਂਗਾ ਕਿਉਂਕਿ ਮੈਂ ਹੁਣ ਯਾਦ ਨਹੀਂ ਕਿ ਜ਼ਿਨਾਕਾਨ ਕੌਣ ਹੈ।

ਕਾਸ਼ ਕਿ ਸ਼ੇਰਾਂ ਉੱਤੇ ਮੌਜੂਦ ਲਿਖਤ ਮੇਰੇ ਨਾਲ ਹੀ ਮਰ ਜਾਵੇ। ਜਿਸ ਕਿਸੇ ਨੇ ਵੀ ਕਾਇਨਾਤ ਵੇਖੀ ਹੈ, ਜਿਸ ਕਿਸੇ ਨੇ ਵੀ ਕਾਇਨਾਤ ਦੇ ਅਗਨੀ ਡਿਜ਼ਾਇਨਾਂ ਨੂੰ ਵੇਖਿਆ ਹੈ, ਉਹ ਉਸ ਇਨਸਾਨ ਦੇ ਤੌਰ ਤੇ, ਉਸ ਇਨਸਾਨ ਦੀ ਮਾਮੂਲੀ ਖ਼ੁਸ਼ਨਸੀਬੀ ਜਾਂ ਬਦਨਸੀਬੀ ਦੇ ਤੌਰ ਤੇ ਨਹੀਂ ਸੋਚ ਸਕਦਾ, ਜਦੋਂ ਕਿ ਉਹ ਖ਼ੁਦ ਉਹੀ ਇਨਸਾਨ ਹੋਵੇ। ਉਹ ਇਨਸਾਨ ਉਹ ਖ਼ੁਦ ਹੀ ਹੈ ਅਤੇ ਹੁਣ ਉਸ ਲਈ ਕੋਈ ਅਰਥ ਨਹੀਂ ਰੱਖਦਾ। ਉਸ ਦੂਜੇ ਦੀ ਜਿੰਦਗੀ ਉਸ ਲਈ ਕੀ ਹੈ, ਉਸ ਦੂਜੇ ਦੀ ਕੌਮ ਉਸ ਲਈ ਕੀ ਹੈ, ਜਦੋਂ ਉਹ ਹੁਣ ਕੋਈ ਵੀ ਨਹੀਂ। ਇਹ ਹੈ ਉਹ ਵਜ੍ਹਾ ਕਿ ਮੈਂ ਫ਼ਾਰਮੂਲੇ ਦਾ ਉਚਾਰ ਨਹੀਂ ਕਰਦਾ, ਇਹ ਹੈ ਉਹ ਵਜ੍ਹਾ ਕਿ ਮੈਂ ਇੱਥੇ ਅੰਧਕਾਰ ਵਿੱਚ ਪਏ ਪਏ ਇੰਤਜ਼ਾਰ ਕਰ ਰਿਹਾ ਹਾਂ ਕਿ ਇਹ ਦਿਨ ਮੈਨੂੰ ਮਿਟਾ ਦੇਣ।

ਬਚਾਓ (ਕਹਾਣੀ) – ਸਾਮਰਸੈਟ ਮਾਮ

January 11, 2018

ਮੈਂ ਹਮੇਸ਼ਾ ਤੋਂ ਇਹ ਮੰਨਦਾ ਹਾਂ ਕਿ ਕੋਈ ਔਰਤ ਅਗਰ ਇੱਕ ਵਾਰ ਇਹ ਮਿਥ ਲਵੇ ਕਿ ਉਹ ਫਲਾਂ ਸ਼ਖਸ ਨਾਲ ਵਿਆਹ ਕਰੇਗੀ ਤਾਂ ਉਸ ਸ਼ਖਸ ਲਈ ਬਚਾਓ ਦਾ ਕੋਈ ਰਸਤਾ ਨਹੀਂ ਰਹਿੰਦਾ, ਸਿਵਾਏ ਇਸ ਦੇ ਕਿ ਉਹ ਅਚਾਨਕ ਬਿਨਾਂ ਕਿਸੇ ਨੂੰ ਭਿਣਕ ਪੈਣ ਦੇ ਭੱਜ ਜਾਵੇ। ਉਂਜ ਬਚਾਓ ਦਾ ਇਹ ਰਸਤਾ ਵੀ ਕਈ ਵਾਰ ਬੰਦ ਹੋ ਜਾਂਦਾ ਹੈ। ਇੱਕ ਵਾਰ ਮੇਰੇ ਇੱਕ ਦੋਸਤ ਨੇ ਜਦੋਂ ਇਸ ਨਾ ਟਲਣ ਵਾਲੀ ਬਦਕਿਸਮਤੀ ਨੂੰ ਆਪਣੇ ਉੱਤੇ ਮੰਡਲਾਉਂਦੇ ਵੇਖਿਆ ਤਾਂ ਉਹ ਇੱਕ ਰਾਤ ਚੁੱਪਚਾਪ ਸਮੁੰਦਰੀ ਜਹਾਜ਼ ਤੇ ਸਵਾਰ ਹੋ ਗਿਆ। ਉਹ ਇਸ ਖ਼ਤਰੇ ਤੋਂ ਇੰਨਾ ਡਰ ਗਿਆ ਸੀ ਕਿ ਉਸ ਦਾ ਕੁੱਲ ਸਾਮਾਨ ਸਿਰਫ ਅਤੇ ਸਿਰਫ ਟੂਥ ਬੁਰਸ਼ ਸੀ। ਇੱਕ ਸਾਲ ਤੱਕ ਦੁਨੀਆ ਦੀ ਸੈਰ ਦਾ ਅਨੰਦ ਲੈਣ ਦੇ ਬਾਅਦ ਉਸਨੇ ਸੋਚਿਆ ਔਰਤਾਂ ਜਲਦ ਬਦਲ ਜਾਇਆ ਕਰਦੀਆਂ ਹਨ ਅਤੇ ਇਨ੍ਹਾਂ ਬਾਰਾਂ ਮਹੀਨਿਆਂ ਵਿੱਚ ਉਹ ਮੈਨੂੰ ਭੁੱਲ ਚੁੱਕੀ ਹੋਵੇਗੀ। ਇਹ ਗ਼ਲਤਫ਼ਹਿਮੀ ਵਿੱਚ ਆਪਣੇ ਆਪ ਨੂੰ ਸੁਰਖਿਅਤ ਸਮਝਦੇ ਹੋਏ ਉਹ ਉਸੇ ਬੰਦਰਗਾਹ ਉੱਤੇ ਦੁਬਾਰਾ ਆ ਉੱਤਰਿਆ। ਮਗਰ ਮਧਰੇ ਕੱਦ ਦੀ ਔਰਤ ਜਿਸ ਤੋਂ ਉਹ ਡਰ ਕੇ ਭੱਜਿਆ ਸੀ ਉਹੀ ਸਭ ਤੋਂ ਪਹਿਲਾਂ ਉਸ ਦੇ ਸਾਹਮਣੇ ਆਈ। ਉਹ ਬੜੇ ਜੋਸ਼ ਦੇ ਨਾਲ ਆਪਣਾ ਰੁਮਾਲ ਹਿੱਲਾ ਹਿੱਲਾ ਕੇ ਉਸਨੂੰ ਜੀ ਆਇਆਂ ਕਹਿ ਰਹੀ ਸੀ।

ਵੈਸੇ ਮੇਰੀ ਜਾਣਕਾਰੀ ਵਿੱਚ ਇੱਕ ਅਜਿਹੀ ਮਿਸਾਲ ਵੀ ਹੈ ਜਿਸ ਨੇ ਅਜਿਹੀਆਂ ਹਾਲਤਾਂ ਵਿੱਚ ਵੀ ਆਪਣੀ ਜਾਨ ਬਚਾ ਲਈ ਸੀ। ਉਸ ਦਾ ਨਾਮ ਰੋਜਰ ਚਾਰੰਗ ਸੀ। ਉਹਦੇ ਜਵਾਨੀ ਦੇ ਦਿਨ ਬੀਤ ਚੁੱਕੇ ਸਨ ਜਦੋਂ ਉਸਨੂੰ ਰੂਥ ਬਾਰਲੋ ਨਾਲ ਮੁਹੱਬਤ ਹੋ ਗਈ। ਪ੍ਰੰਤੂ ਖੁਸ਼ਕਿਸਮਤੀ ਨਾਲ ਉਹ ਇੰਨਾ ਅਨੁਭਵੀ ਜਰੂਰ ਸੀ ਕਿ ਆਪਣਾ ਬਚਾਓ ਕਰ ਸਕਦਾ ਸੀ। ਫਿਰ ਵੀ ਕਿਸਮਤ ਲੋੜ ਤੋਂ ਜ਼ਿਆਦਾ ਦਿਆਲੂ ਸੀ ਕਿਉਂਕਿ ਕੋਈ ਵੀ ਮਰਦ ਜਿਸਦੀ ਤਰਫ਼ ਉਹ ਧਿਆਨ ਧਰ ਲੈਂਦੀ ਉਹ ਆਪਣਾ ਬਚਾਓ ਨਹੀਂ ਕਰ ਸਕਦਾ ਸੀ। ਇਹੀ ਵਜ੍ਹਾ ਸੀ ਜਿਸਨੇ ਰੋਜਰ ਨੂੰ ਉਸ ਦੀ ਅਕਲਮੰਦੀ, ਦੂਰ ਅੰਦੇਸ਼ੀ ਅਤੇ ਦੁਨਿਆਵੀ ਤਜਰਬੇ, ਸਭ ਕੁੱਝ ਤੋਂ ਮਹਿਰੂਮ ਕਰ ਦਿੱਤਾ। ਉਹ ਬਿਨਾਂ ਕਿਸੇ ਚੂੰ-ਚਰਾਂ ਦੇ ਇਸ਼ਕ ਦੇ ਚੁੰਗਲ ਵਿੱਚ ਫਸ ਗਿਆ ਸੀ। ਮੇਰਾ ਖ਼ਿਆਲ ਹੈ ਕਿ ਉਸ ਦੀ ਇਹ ਮੁਹੱਬਤ ਹਮਦਰਦੀ ਦੀ ਭਾਵਨਾ ਵਿੱਚੋਂ ਪੈਦਾ ਹੋਈ ਸੀ। ਮਿਸਿਜ ਬਾਰਲੋ ਦੋ ਵਾਰ ਵਿਧਵਾ ਹੋ ਚੁੱਕੀ ਸੀ ਫਿਰ ਵੀ ਉਸ ਦੇ ਕਾਲੇ ਨੈਣ ਅਜੇ ਵੀ ਦਿਲ ਮੋਹ ਲੈਣ ਵਾਲੇ ਸਨ। ਉਸ ਦੀਆਂ ਪਲਕਾਂ ਦੀ ਓਟ ਵਿੱਚ ਹਮੇਸ਼ਾ ਅੱਥਰੂ ਡਲਕਦੇ ਰਹਿੰਦੇ ਸਨ। ਉਨ੍ਹਾਂ ਤੋਂ ਅਜਿਹਾ ਲੱਗਦਾ ਸੀ ਜਿਵੇਂ ਉਸ ਨਾਲ ਦੁਨੀਆਂ ਨੇ ਜ਼ਿਆਦਾ ਹੀ ਜ਼ਿਆਦਤੀਆਂ ਕੀਤੀਆਂ ਸਨ ਅਤੇ ਉਹ ਵਿਚਾਰੀ ਬੁਰੀ ਤਰ੍ਹਾਂ ਦੀ ਗ਼ਮਾਂ ਦੀ ਮਾਰੀ ਹੋਈ ਸੀ। ਜੇ ਤੁਸੀਂ, ਰੋਜਰ ਚੈਰਿੰਗ ਵਾਂਗ ਇੱਕ ਮਜਬੂਤ, ਸ਼ਕਤੀਸ਼ਾਲੀ ਅਤੇ ਮਾਲਦਾਰ ਬੰਦੇ ਹੋ, ਇਹ ਲਗਭਗ ਅਟੱਲ ਸੀ ਕਿ ਤੁਸੀਂ ਆਪਣੇ ਆਪ ਨੂੰ ਕਹੋਗੇ: ਮੈਨੂੰ ਜ਼ਿੰਦਗੀ ਦੇ ਜੋਖਮਾਂ ਅਤੇ ਇਸ ਲਾਚਾਰ ਛੋਟੀ ਜਿਹੀ ਚੀਜ਼ ਦੇ ਵਿਚਕਾਰ ਖੜ੍ਹੇ ਹੋ ਜਾਣਾ ਚਾਹੀਦਾ ਹੈ, ਜਾਂ, ਇਹ ਕਿੰਨਾ ਵਧੀਆ ਹੋਵੇਗਾ ਇਨ੍ਹਾਂ ਵੱਡੇ ਅਤੇ ਸੁੰਦਰ ਨੈਣਾਂ ਵਿੱਚੋਂ ਉਦਾਸੀ ਨੂੰ ਚੁਗ ਲੈਣਾ!

ਰੋਜਰ ਨੇ ਮੈਨੂੰ ਦੱਸਿਆ ਸੀ ਕਿ ਮਿਸਿਜ ਬਾਰਲੋ ਨਾਲ ਕਿਸ ਤਰ੍ਹਾਂ ਹਰ ਕਿਸੇ ਨੇ ਭੈੜਾ ਸਲੂਕ ਕੀਤਾ ਸੀ ਅਤੇ ਉਸਨੂੰ ਬੇਹੱਦ ਤੰਗ ਕੀਤਾ ਸੀ। ਉਹ ਬਿਨਾਂ ਸ਼ੱਕ ਉਨ੍ਹਾਂ ਕੁਝ ਕੁ ਬਦਕ਼ਿਸਮਤ ਇਨਸਾਨਾਂ ਵਿੱਚੋਂ ਸੀ ਜਿਨ੍ਹਾਂ ਦੇ ਨਾਲ ਗ਼ਲਤੀ ਨਾਲ ਵੀ ਕੋਈ ਭਲਾਈ ਨਹੀਂ ਹੁੰਦੀ। ਉਸਨੇ ਜੇਕਰ ਵਿਆਹ ਕੀਤਾ ਤਾਂ ਪਤੀ ਕੋਲੋਂ ਕੁੱਟ ਖਾਧੀ, ਏਜੈਂਟ ਰੱਖਿਆ ਤਾਂ ਉਸਨੇ ਧੋਖਾ ਦਿੱਤਾ, ਬਾਵਰਚੀ ਰੱਖਿਆ ਤਾਂ ਉਸ ਦੇ ਨਾਲ ਖ਼ੁਦ ਪੀਣ ਦੀ ਆਦੀ ਹੋ ਗਈ ਅਤੇ ਜੇਕਰ ਲੇਲਾ ਪਾਲਿਆ ਤਾਂ ਉਹ ਵੀ ਮਰ ਗਿਆ। ਜਦੋਂ ਰੋਜਰ ਨੇ ਮੈਨੂੰ ਇਹ ਦੱਸਿਆ ਕਿ ਉਸਨੇ ਰੂਥ ਨੂੰ ਆਪਣੇ ਨਾਲ ਵਿਆਹ ਲਈ ਰਜ਼ਾਮੰਦ ਕਰ ਲਿਆ ਹੈ ਤਾਂ ਮੈਂ ਉਸਨੂੰ ਪੇਸ਼ਗੀ ਮੁਬਾਰਕਬਾਦ ਦੇ ਦਿੱਤੀ।

ਉਸਨੇ ਮੈਨੂੰ ਕਿਹਾ, “ਤੁਸੀਂ ਵੀ ਉਸ ਲਈ ਇੱਕ ਚੰਗੇ ਦੋਸਤ ਸਾਬਤ ਹੋਵੋਗੇ, ਮਗਰ ਉਹ ਤੁਹਾਡੇ ਤੋਂ ਡਰਦੀ ਵੀ ਬਹੁਤ ਹੈ, ਉਸ ਦਾ ਖ਼ਿਆਲ ਹੈ ਕਿ ਤੁਸੀਂ ਰੁੱਖੇ ਹੋ।”
“ਪਤਾ ਨਹੀਂ ਉਹ ਅਜਿਹਾ ਕਿਉਂ ਸੋਚਦੀ ਹੈ।”
“ਮੇਰਾ ਖ਼ਿਆਲ ਹੈ ਕਿ ਤੁਸੀਂ ਉਸਨੂੰ ਪਸੰਦ ਕਰਦੇ ਹੋ… ਹੈ ਨਾ?
‘ਹਾਂ, ਬਹੁਤ।”
“ਵਿਚਾਰੀ ਨੇ ਵੱਡੀ ਦੁੱਖਾਂ ਭਰੀ ਜ਼ਿੰਦਗੀ ਗੁਜ਼ਾਰੀ ਹੈ,” ਉਹ ਬੋਲਿਆ।
“ਹਾਂ,” ਮੈਂ ਕਿਹਾ।

ਮੈਂ ਹੋਰ ਕਹਿ ਵੀ ਕੀ ਸਕਦਾ ਸੀ! ਮੈਂ ਇਹ ਜਾਣਦਾ ਸੀ ਕਿ ਉਹ ਇੱਕ ਬੇਕਾਰ ਅਤੇ ਸਾਜ਼ਿਸ਼ੀ ਜਿਹੀ ਔਰਤ ਹੈ। ਮਗਰ ਮੈਨੂੰ ਇਹ ਵੀ ਭਰੋਸਾ ਸੀ ਕਿ ਉਹ ਇਸ ਤਰ੍ਹਾਂ ਕਠੋਰ ਹੈ ਜਿਸ ਤਰ੍ਹਾਂ ਇਨਸਾਨ ਦੇ ਨਹੁੰ ਹੁੰਦੇ ਹਨ। ਅਸੀਂ ਆਪਣੀ ਪਹਿਲੀ ਮੁਲਾਕ਼ਾਤ ਵਿੱਚ ਬੁਰਜ ਖੇਡੀ ਸੀ ਅਤੇ ਜਦੋਂ ਉਹ ਮੇਰੀ ਪਾਰਟਨਰ ਸੀ ਤਾਂ ਉਸਨੇ ਦੋ ਵਾਰ ਮੇਰੇ ਵਧੀਆ ਪੱਤੇ ਉੱਡਾ ਲਏ ਸਨ। ਮੈਂ ਫਿਰ ਵੀ ਉਸ ਨਾਲ ਵਧੀਆ ਸਲੂਕ ਕਰਨਾ ਹੀ ਜਾਰੀ ਰੱਖਿਆ। ਹਾਲਾਂਕਿ ਜੇਕਰ ਕਿਸੇ ਦੀਆਂ ਅੱਖਾਂ ਵਿੱਚ ਅੱਥਰੂ ਆਉਣੇ ਚਾਹੀਦੇ ਸਨ ਤਾਂ ਉਹ ਮੇਰੀਆਂ ਹੁੰਦੀਆਂ ਨਾ ਕਿ ਉਸ ਦੀਆਂ। ਸ਼ਾਮ ਤੱਕ ਉਹ ਮੇਰੇ ਅੱਗੇ ਕਾਫ਼ੀ ਰਕਮ ਹਾਰ ਚੁੱਕੀ ਸੀ। ਉਸਨੇ ਕਿਹਾ ਕਿ ਉਹ ਇਹ ਹਾਰੀ ਰਕਮ ਚੈੱਕ ਦੀ ਸੂਰਤ ਵਿੱਚ ਮੈਨੂੰ ਭੇਜ ਦੇਵੇਗੀ। ਮੈਂ ਉਦੋਂ ਤੋਂ ਉਸ ਚੈਕ ਦੀ ਉਡੀਕ ਕਰ ਰਿਹਾ ਹਾਂ।

ਰੋਜਰ ਨੇ ਉਸ ਦੀ ਜਾਣ-ਪਛਾਣ ਆਪਣੇ ਹੋਰ ਦੋਸਤਾਂ ਨਾਲ ਵੀ ਕਰਵਾਈ, ਉਸਨੂੰ ਕੀਮਤੀ ਹੀਰੇ ਅਤੇ ਜਵਾਹਰ ਖ਼ਰੀਦ ਕੇ ਦਿੱਤੇ। ਉਸਨੂੰ ਇੱਥੇ, ਉੱਥੇ, ਹਰ ਜਗ੍ਹਾ ਲਈ ਫਿਰਿਆ। ਉਨ੍ਹਾਂ ਦਾ ਵਿਆਹ ਵੀ ਨੇੜ ਭਵਿੱਖ ਵਿੱਚ ਨਿਸਚਿਤ ਕਰ ਲਿਆ ਗਿਆ। ਰੋਜਰ ਬਹੁਤ ਖ਼ੁਸ਼ ਸੀ। ਉਸ ਦਾ ਖ਼ਿਆਲ ਸੀ ਕਿ ਉਹ ਇੱਕ ਵਿਧਵਾ ਨਾਲ ਵਿਆਹ ਕਰਕੇ ਨੇਕ ਕੰਮ ਕਰ ਰਿਹਾ ਹੈ। ਸੋਨੇ ਉੱਤੇ ਸੁਹਾਗਾ ਇਹ ਗੱਲ ਵੀ ਸੀ ਕਿ ਇਸ ਨਾਲ ਉਸ ਦੀ ਆਪਣੀ ਦਿਲੀ ਤਮੰਨਾ ਵੀ ਪੂਰੀ ਹੋ ਰਹੀ ਸੀ। ਇਹ ਇੱਕ ਗ਼ੈਰਮਾਮੂਲੀ ਸਥਿਤੀ ਸੀ, ਜਿਸਨੂੰ ਸਿਰਫ ਉਹੀ ਮਹਿਸੂਸ ਕਰ ਸਕਦਾ ਸੀ। ਹੈਰਾਨੀ ਦੀ ਗੱਲ ਨਹੀਂ ਕਿ ਉਹ ਕੁੱਝ ਜ਼ਿਆਦਾ ਹੀ ਖ਼ੁਸ਼ ਸੀ।

ਅਚਾਨਕ ਇਹ ਹੋਇਆ ਕਿ ਉਹ ਮੁਹੱਬਤ ਦੇ ਇਸ ਵਲਵਲੇ ਤੋਂ ਬਾਹਰ ਆ ਪਿਆ। ਉਸ ਦੀ ਵਜ੍ਹਾ ਕੀ ਸੀ ਇਹ ਮੇਰੀ ਸਮਝ ਤੋਂ ਬਾਹਰ ਹੈ। ਇਹ ਤਾਂ ਹੋ ਨਹੀਂ ਸਕਦਾ ਕਿ ਉਹ ਉਸ ਦੀਆਂ ਗੱਲਾਂ ਤੋਂ ਉਕਤਾ ਗਿਆ ਹੋਵੇ ਕਿਉਂਕਿ ਉਹ ਗੱਲਾਂ ਤਾਂ ਕਰਦੀ ਹੀ ਨਹੀਂ ਸੀ। ਸ਼ਾਇਦ ਇਸ ਦੀ ਵਜ੍ਹਾ ਇਹ ਹੋਵੇ ਕਿ ਉਸ ਦੀਆਂ ਹਮਦਰਦ ਅਤੇ ਦਿਆਲੂ ਅੱਖਾਂ ਨੇ ਰੋਜਰ ਦੇ ਦਿਲ ਦੀਆਂ ਤਰਬਾਂ ਨੂੰ ਛੇੜਨਾ ਬੰਦ ਕਰ ਦਿੱਤਾ ਹੋਵੇ। ਹੁਣ ਰੋਜਰ ਦੀਆਂ ਅੱਖਾਂ ਖੁੱਲ ਚੁੱਕੀਆਂ ਸਨ ਅਤੇ ਉਹ ਪਹਿਲਾਂ ਦੀ ਤਰ੍ਹਾਂ ਚਲਾਕ ਹੋ ਚੁੱਕਿਆ ਸੀ। ਉਸਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਅਹਿਸਾਸ ਹੋ ਗਿਆ ਸੀ ਕਿ ਰੂਥ ਬਾਰਲੋ ਨੇ ਉਸ ਨਾਲ ਵਿਆਹ ਕਰਨ ਦੀ ਠਾਨ ਲਈ ਹੈ। ਮੋੜਵੇਂ ਤੌਰ ਤੇ ਉਸਨੇ ਵੀ ਬੜੀ ਗੰਭੀਰ ਕਿਸਮ ਦੀ ਕਸਮ ਖਾਧੀ ਕਿ ਉਹ ਕਿਸੇ ਕ਼ੀਮਤ ਤੇ ਵੀ ਇਹ ਵਿਆਹ ਨਹੀਂ ਕਰੇਗਾ। ਉਹ ਹੋਸ਼ ਵਿੱਚ ਆ ਚੁਕਾ ਸੀ ਅਤੇ ਸਾਫ਼ ਤੌਰ ਉੱਤੇ ਆਪਣੀਆਂ ਹੀ ਅੱਖਾਂ ਨਾਲ ਵੇਖ ਰਿਹਾ ਸੀ ਕਿ ਉਹ ਕਿਸ ਕਿਸਮ ਦੀ ਔਰਤ ਹੈ? ਮਗਰ ਫਿਰ ਵੀ ਉਸਨੇ ਰੂਥ ਨੂੰ ਇਹ ਨਹੀਂ ਕਿਹਾ ਕਿ ਉਹ ਉਸ ਦੀ ਜਾਨ ਛੱਡ ਦੇਵੇ। ਇਸ ਦੀ ਵਜ੍ਹਾ ਉਹ ਜਾਣਦਾ ਸੀ ਕਿ ਰੂਥ ਆਪਣੇ ਚਿਹਰੇ ਉੱਤੇ ਗ਼ਮ ਅਤੇ ਦਿਲਗੀਰੀ ਦੇ ਪਭਾਵ ਲਿਆ ਕੇ ਆਪਣੇ ਖ਼ਾਸ ਮਸਕੀਨ ਲਹਿਜੇ ਵਿੱਚ ਚੀਕਣੀਆਂ ਚੋਪੜੀਆਂ ਗੱਲਾਂ ਕਰਕੇ ਉਸ ਦੀ ਹਮਦਰਦੀ ਨੂੰ ਦੁਬਾਰਾ ਜ਼ਿੰਦਾ ਕਰ ਸਕਦੀ ਹੈ। ਫਿਰ ਕਿਸੇ ਮਰਦ ਲਈ ਔਰਤ ਨੂੰ ਇਸ ਤਰ੍ਹਾਂ ਛੱਡ ਦੇਣਾ ਕਿਹੜੀ ਚੰਗੀ ਗੱਲ ਹੈ।

ਰੋਜਰ ਆਪਣੇ ਆਪ ਵਿੱਚ ਹੀ ਰਿਹਾ ਅਤੇ ਉਸਨੇ ਨਾ ਤਾਂ ਆਪਣੀ ਬੋਲ-ਚਾਲ ਤੋਂ ਅਤੇ ਨਾ ਹੀ ਕਿਸੇ ਕਿਸਮ ਦੇ ਵਤੀਰੇ ਤੋਂ ਭਿਣਕ ਪੈਣ ਦਿੱਤੀ ਕਿ ਉਸ ਦੀ ਭਾਵਨਾ ਬਦਲ ਚੁੱਕੀ ਹੈ। ਉਹ ਉਸ ਦੀਆਂ ਸਭ ਖ਼ਾਹਿਸ਼ਾਂ ਖੁਸ਼ੀ ਖੁਸ਼ੀ ਪੂਰਦਾ ਰਿਹਾ, ਉਸਨੂੰ ਰੇਸਤਰਾਂ ਵਿੱਚ ਲੈ ਜਾ ਕੇ ਖਾਣਾ ਖੁਆਂਦਾ, ਖੇਡਣ ਲਈ ਲੈ ਜਾਂਦਾ, ਉਸਨੂੰ ਬਾਕਾਇਦਗੀ ਨਾਲ ਫੁੱਲ ਭੇਜਦਾ ਅਤੇ ਨਰਮਾਈ ਤੇ ਖੁਸ਼ਮਿਜ਼ਾਜੀ ਨਾਲ ਪੇਸ਼ ਆਉਂਦਾ ਰਿਹਾ।

ਉਨ੍ਹਾਂ ਨੇ ਫੈਸਲਾ ਕਰ ਲਿਆ ਸੀ ਕਿ ਜਿੰਨੀ ਜਲਦੀ ਸੰਭਵ ਹੋ ਸਕੇ ਉਹ ਵਿਆਹ ਕਰ ਲੈਣਗੇ। ਬਸ ਪਸੰਦ ਦਾ ਮਕਾਨ ਮਿਲਣ ਦੀ ਦੇਰ ਸੀ। ਲੇਕਿਨ ਮੁਸੀਬਤ ਇਹ ਸੀ ਕਿ ਮਕਾਨ ਦੇ ਮਾਮਲੇ ਵਿੱਚ ਇਨ੍ਹਾਂ ਦੋਨਾਂ ਖ਼ਿਆਲ ਇੱਕ ਦੂਜੇ ਨਾਲ,ਟਕਰਾਉਂਦੇ ਸੀ। ਉਨ੍ਹਾਂ ਨੇ ਮਕਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਕਈ ਏਜੈਂਟਾਂ ਨੂੰ ਕਿਹਾ ਜਿਨ੍ਹਾਂ ਨੇ ਕਈ ਮਕਾਨ ਦਿਖਾਏ। ਰੂਥ ਬਾਰਲੋ ਵੀ ਨਾਲ ਹੁੰਦੀ ਸੀ। ਮਗਰ ਉਨ੍ਹਾਂ ਨੂੰ ਪਸੰਦ ਦਾ ਮਕਾਨ ਨਾ ਮਿਲ ਸਕਿਆ। ਰੋਜਰ ਨੇ ਹੋਰ ਕੁੱਝ ਹੋਰ ਏਜੈਂਟਾਂ ਨਾਲ ਰਾਬਤਾ ਕੀਤਾ। ਉਹ ਉਨ੍ਹਾਂ ਦੇ ਦਿਖਾਏ ਮਕਾਨਾਂ ਵਿੱਚ ਵੀ ਜਦੋਂ ਦਾਖ਼ਲ ਹੁੰਦੇ, ਘੁੰਮ ਫਿਰ ਕੇ ਸਭ ਵੇਖਦੇ, ਮਕਾਨ ਦੀਆਂ ਨੀਹਾਂ ਤੋਂ ਲੈ ਕੇ ਛੱਤ ਉੱਤੇ ਬਣੇ ਚੁਬਾਰਿਆਂ ਤੱਕ ਨੂੰ ਉੱਚੇ ਮਿਆਰਾਂ ਉੱਤੇ ਪਰਖਦੇ। ਪਰ ਮਕਾਨ ਕਦੇ ਜਾਂ ਤਾਂ ਬਹੁਤ ਵੱਡੇ ਨਿਕਲਦੇ ਜਾਂ ਫਿਰ ਬਹੁਤ ਛੋਟੇ, ਕਦੇ ਸ਼ਹਿਰ ਦੇ ਕੇਂਦਰੀ ਹਿੱਸੇ ਤੋਂ ਬਹੁਤ ਦੂਰ ਹੁੰਦੇ ਜਾਂ ਬਹੁਤ ਨਜ਼ਦੀਕ, ਬਹੁਤ ਮਹਿੰਗੇ ਹੁੰਦੇ ਜਾਂ ਫਿਰ ਬਹੁਤ ਸਸਤੇ, ਅਤੇ ਕਈਆਂ ਵਿੱਚ ਤਾਂ ਮੁਰੰਮਤ ਦਾ ਕੰਮ ਬਹੁਤ ਜ਼ਿਆਦਾ ਹੁੰਦਾ। ਜੇਕਰ ਇਹ ਸਭ ਕੁੱਝ ਨਾ ਹੁੰਦਾ ਤਾਂ ਹਵਾ ਦੀ ਵਾਧ ਘਾਟ ਦਾ ਮਸਲਾ ਪੈਦਾ ਹੋ ਜਾਂਦਾ ਜਾਂ ਘੱਟ ਵੱਧ ਰੋਸ਼ਨੀ ਦਾ, ਗੱਲ ਕੀ ਰੋਜਰ ਹਮੇਸ਼ਾ ਕੋਈ ਨਾ ਕੋਈ ਅਜਿਹੀ ਗੱਲ ਖੋਜ ਹੀ ਲੈਂਦਾ ਕਿ ਉਹ ਘਰ ਨੂੰ ਨਾਪਸੰਦ ਕਰ ਸਕੇ। ਫਿਰ ਉਹ ਪੇਸ਼ ਇਵੇਂ ਕਰਦਾ ਜਿਵੇਂ ਉਹ ਆਪਣੀ ਪਿਆਰੀ ਰੂਥ ਨੂੰ ਹਰ ਪੱਖ ਤੋਂ ਸੰਪੂਰਨ ਘਰ ਵਿੱਚ ਰੱਖਣਾ ਚਾਹੁੰਦਾ ਸੀ ਅਤੇ ਅਜਿਹਾ ਘਰ ਸਿਰਫ ਮਿਹਨਤ ਮੁਸ਼ੱਕਤ ਨਾਲ ਹੀ ਮਿਲ ਸਕਦਾ ਸੀ। ਜਦੋਂ ਵੀ ਕੋਈ ਘਰ ਨਾਪਸੰਦ ਕੀਤਾ ਜਾਂਦਾ ਤਾਂ ਉਹ ਇਵੇਂ ਅਭਿਨੈ ਕਰਦਾ ਜਿਵੇਂ ਉਸਨੂੰ ਅਜਿਹਾ ਕਰਨ ਵਿੱਚ ਉੱਕਾ ਖੁਸ਼ੀ ਨਹੀਂ ਹੋ ਰਹੀ ਅਤੇ ਉਹ ਚਾਹੁੰਦਾ ਹੈ ਕਿ ਇਹ ਮਸ਼ਕ ਦਾ ਜਲਦ ਤੋਂ ਜਲਦ ਅੰਤ ਹੋਵੇ। ਮਕਾਨ ਦੀ ਤਲਾਸ਼ ਕੁਝ ਜ਼ਿਆਦਾ ਹੀ ਥਕਾ ਦੇਣ ਵਾਲੀ, ਇੱਕ ਤਰ੍ਹਾਂ ਦੀ ਜ਼ਹਿਮਤ ਸਾਬਤ ਹੋ ਰਹੀ ਸੀ। ਇੱਥੇ ਤੱਕ ਕਿ ਰੂਥ ਬਾਰਲੋ ਤਾਂ ਹਾਰ ਕੇ ਚਿੜਚਿੜੀ ਹੋਣ ਲੱਗ ਪਈ ਸੀ। ਰੋਜਰ ਨੇ ਉਸ ਦੀ ਮਿੰਨਤ ਕੀਤੀ, ਇਸ ਦੀ ਹਿੰਮਤ ਬੰਨ੍ਹਾਈ ਅਤੇ ਭਰੋਸਾ ਦਵਾਇਆ ਕਿ ਉਨ੍ਹਾਂ ਦੀ ਪਸੰਦ ਦਾ ਘਰ ਕਿਤੇ ਨਾ ਕਿਤੇ ਤਾਂ ਜ਼ਰੂਰ ਹੋਵੇਗਾ ਜਿਸਨੂੰ ਉਹ ਤਲਾਸ਼ ਕਰ ਹੀ ਲੈਣਗੇ। ਬੱਸ ਥੋੜਾ ਜਿਹਾ ਸਿਦਕ ਚਾਹੀਦਾ ਹੈ।

ਉਨ੍ਹਾਂ ਨੇ ਸੈਂਕੜੇ ਮਕਾਨ ਵੇਖੇ, ਹਜਾਰਾਂ ਪੌੜੀਆਂ ਚੜ੍ਹੇ ਉਤਰੇ, ਅਨਗਿਣਤ ਰਸੋਈਆਂ ਦਾ ਮੁਆਇਨਾ ਕੀਤਾ ਅਤੇ ਸੌਣ ਦੇ ਕਮਰੇ ਵੇਖੇ। ਰੂਥ ਇਸ ਥੱਕਾ ਦੇਣ ਵਾਲੇ ਸਿਲਸਿਲੇ ਤੋਂ ਤੰਗ ਆ ਗਈ ਅਤੇ ਕਈ ਵਾਰ ਆਪੇ ਤੋਂ ਬਾਹਰ ਹੋ ਜਾਂਦੀ।

“ਰੋਜਰ ਜੇਕਰ ਤੂੰ ਛੇਤੀ ਹੀ ਕੋਈ ਮਕਾਨ ਤਲਾਸ਼ ਨਾ ਕੀਤਾ ਤਾਂ ਮੈਨੂੰ ਆਪਣੇ ਫੈਸਲੇ ਉੱਤੇ ਮੁੜ-ਵਿਚਾਰ ਕਰਨੀ ਪਵੇਗੀ ਕਿਉਂਕਿ ਤੁਹਾਡੇ ਇਸ ਤਰੀਕਾਕਾਰ ਨਾਲ ਸਾਡਾ ਵਿਆਹ ਤਾਂ ਅਗਲੇ ਕਈ ਸਾਲ ਤੱਕ ਤਾਂ ਨਹੀਂ ਹੋ ਸਕੇਗਾ।”

ਰੋਜਰ ਨੇ ਜਵਾਬ ਵਿੱਚ ਕਿਹਾ, “ਅਜਿਹਾ ਮਤ ਕਹੋ। ਕੁੱਝ ਤਾਂ ਮੇਰੇ ਵਲਵਲਿਆਂ ਦਾ ਖ਼ਿਆਲ ਕਰੋ! ਮੈਂ ਇੱਕ-ਵਾਰ ਫਿਰ ਤੁਹਾਡੀ ਮਿੰਨਤ ਕਰਦਾ ਹਾਂ ਕਿ ਧੀਰਜ ਤੋਂ ਕੰਮ ਲਵੋ। ਮੈਨੂੰ ਕੁੱਝ ਦੇਰ ਪਹਿਲਾਂ ਹੀ ਸੱਠ ਨਵੇਂ ਮਕਾਨਾਂ ਦੀ ਸੂਚੀ ਉਨ੍ਹਾਂ ਏਜੈਂਟਾਂ ਕੋਲੋਂ ਮਿਲੀ ਹੈ ਜਿਨ੍ਹਾਂ ਨਾਲ ਮੈਂ ਕੱਲ ਹੀ ਗੱਲ ਕੀਤੀ ਸੀ। ਉਨ੍ਹਾਂ ਨੂੰ ਇੱਕ ਵਾਰ ਵੇਖ ਲੈਣ ਵਿੱਚ ਕੀ ਹਰਜ ਹੈ?”

ਇਸ ਨਵੀਂ ਸੂਚੀ ਨੇ ਰੂਥ ਬਾਰਲੋ ਦੇ ਤਲਾਸ਼ ਦੇ ਜਜ਼ਬੇ ਨੂੰ ਇੱਕ ਵਾਰ ਹੋਰ ਉਕਸਾਇਆ। ਉਹ ਮਕਾਨ ਦਰ ਮਕਾਨ ਵੇਖਦੇ ਰਹੇ ਲੇਕਿਨ ਦੋ ਸਾਲ ਗੁਜ਼ਰਨ ਦੇ ਬਾਵਜੂਦ ਵੀ ਰੋਜਰ ਨੂੰ ਕੋਈ ਪਸੰਦ ਨਾ ਆ ਸਕਿਆ। ਰੂਥ ਬੁਝ ਜਿਹੀ ਗਈ ਅਤੇ ਕਈ ਵਾਰ ਤਾਂ ਉਸ ਦੇ ਰਵਈਏ ਵਿੱਚੋਂ ਨਫਰਤ ਵੀ ਝਲਕਣ ਲੱਗੀ। ਉਸ ਦੇ ਖ਼ੂਬਸੂਰਤ ਨੈਣਾਂ ਵਿੱਚ ਨਰਮਾਈ ਅਤੇ ਦਇਆ ਉੱਤੇ ਨਾਰਾਜ਼ਗੀ ਚੜ੍ਹੀ ਵਿਖਾਈ ਦੇਣ ਲੱਗੀ।
ਮਿਸਿਜ ਬਾਰਲੋ ਵਿੱਚ ਧੀਰਜ ਦਾ ਜਜ਼ਬਾ ਬਹੁਤ ਜ਼ਿਆਦਾ ਸੀ ਮਗਰ ਬਰਦਾਸ਼ਤ ਦੀ ਵੀ ਇੱਕ ਹੱਦ ਹੁੰਦੀ ਹੈ। ਆਖ਼ਰਕਾਰ ਉਹ ਛਲਕ ਪਈ:
“ਤੁਸੀਂ ਮੇਰੇ ਨਾਲ ਵਿਆਹ ਕਰਨਾ ਚਾਹੁੰਦੇ ਹੋ ਜਾਂ ਨਹੀਂ?” ਉਸ ਦੀ ਆਵਾਜ਼ ਗ਼ੈਰਮਾਮੂਲੀ ਤੌਰ ਤੇ ਕਠੋਰ ਸੀ। ਮਗਰ ਰੋਜਰ ਨੇ ਇਸ ਦਾ ਕੋਈ ਜ਼ਿਆਦਾ ਅਸਰ ਨਾ ਕਬੂਲਿਆ ਅਤੇ ਬੋਲਿਆ:
“ਨਾ ਚਾਹੁਣ ਦਾ ਤਾਂ ਕੋਈ ਕਾਰਨ ਹੀ ਨਹੀਂ, ਜਦੋਂ ਹੀ ਆਪਾਂ ਨੂੰ ਮਕਾਨ ਮਿਲ ਗਿਆ, ਆਪਾਂ ਵਿਆਹ ਕਰਵਾ ਲਵਾਂਗੇ। ਮੈਨੂੰ ਹੁਣੇ ਹੁਣੇ ਇੱਕ ਅਜਿਹੇ ਮਕਾਨ ਦੇ ਸੂਚਨਾ ਮਿਲੀ ਹੈ ਜੋ ਸਾਡੇ ਮਤਲਬ ਦਾ ਹੋ ਸਕਦਾ ਹੈ।”

“ਮੇਰੇ ਵਿੱਚ ਹੁਣ ਹੋਰ ਮਕਾਨ ਦੇਖਣ ਦੀ ਹਿੰਮਤ ਨਹੀਂ ਹੈ,” ਬਾਰਲੋ ਨੇ ਕਿਹਾ।
“ਮੈਨੂੰ ਵੀ ਖ਼ਦਸ਼ਾ ਸੀ ਕਿ ਤੁਸੀਂ ਥੱਕ ਗਏ ਹੋ,” ਰੋਜਰ ਨੇ ਜਵਾਬ ਦਿੱਤਾ।
ਰੂਥ ਬਾਰਲੋ ਨੇ ਮੰਜਾ ਮੱਲ ਲਿਆ ਅਤੇ ਰੋਜਰ ਨਾਲ ਮਿਲਣਾ ਜੁਲਣਾ ਛੱਡ ਦਿੱਤਾ। ਹੁਣ ਰੋਜਰ ਨੂੰ ਉਸਨੂੰ ਫੁੱਲ ਭੇਜਣ ਅਤੇ ਉਸ ਦੀ ਖ਼ੈਰੀਅਤ ਦਾ ਪਤਾ ਲੈਣ ਜਾਣ ਤੇ ਹੀ ਸਬਰ ਕਰਨਾ ਪੈਂਦਾ।

ਉਹ ਪਹਿਲਾਂ ਵਾਂਗ ਹੀ ਸਿਰੜੀ ਅਤੇ ਸੂਰਮਾ ਬਣਿਆ ਰਿਹਾ। ਰੋਜ਼ਾਨਾ ਉਸਨੂੰ ਪੱਤਰ ਲਿੱਖ ਭੇਜਦਾ ਕਿ ਉਸਨੇ ਇੱਕ ਹੋਰ ਮਕਾਨ ਦੇ ਸੰਬੰਧ ਵਿੱਚ ਸੁਣਿਆ ਹੈ। ਇੱਕ ਹਫਤਾ ਇਵੇਂ ਹੀ ਬੀਤ ਗਿਆ। ਇੱਕ ਰੋਜ ਉਸਨੂੰ ਰੂਥ ਬਾਰਲੋ ਦਾ ਖ਼ਤ ਮਿਲਿਆ:

ਰੋਜਰ,
ਮੈਨੂੰ ਇਹ ਭਰੋਸਾ ਨਹੀਂ ਰਿਹਾ ਕਿ ਤੁਹਾਨੂੰ ਮੇਰੇ ਨਾਲ ਮੁਹੱਬਤ ਹੈ। ਮੈਨੂੰ ਇੱਕ ਅਜਿਹਾ ਸ਼ਖਸ ਮਿਲ ਗਿਆ ਹੈ ਜੋ ਮੈਨੂੰ ਹਿਫ਼ਾਜ਼ਤ ਅਤੇ ਆਰਾਮ ਨਾਲ ਰੱਖਣ ਦਾ ਦਿੱਲੀ ਖ਼ਾਹਿਸ਼ਮੰਦ ਹੈ ਇਸਲਈ ਮੈਂ ਉਸ ਨਾਲ ਅੱਜ ਵਿਆਹ ਕਰ ਰਹੀ ਹਾਂ….
ਰੂਥ।
ਰੋਜਰ ਨੇ ਤੁਰਤ ਇੱਕ ਖ਼ਾਸ ਏਲਚੀ ਦੇ ਹੱਥ ਜਵਾਬੀ ਖ਼ਤ ਭੇਜਿਆ:
ਰੂਥ,
ਇਹ ਸੂਚਨਾ ਮੇਰੇ ਲਈ ਤੋੜ ਦੇਣ ਵਾਲੀ ਹੈ….ਇਹ ਇੱਕ ਅਜਿਹਾ ਨਾਸੂਰ ਹੈ ਜੋ ਕਦੇ ਨਹੀਂ ਭਰੇਗਾ। ਮਗਰ ਮੇਰੀ ਪਿਆਰੀ ਤੁਹਾਡੀ ਖੁਸ਼ੀ ਹੀ ਤਾਂ ਮੇਰਾ ਪਹਿਲਾ ਫਿਕਰ ਹੈ। ਇਸੇ ਲਈ ਮੈਂ ਸੱਤ ਨਵੇਂ ਮਕਾਨਾਂਦੇ ਕਾਗ਼ਜ਼ ਭੇਜ ਰਿਹਾ ਹਾਂ ਜੋ ਮੈਨੂੰ ਅੱਜ ਸਵੇਰੇ ਹੀ ਡਾਕ ਰਾਹੀਂ ਮਿਲੇ ਹਨ। ਮੈਨੂੰ ਪੱਕੀ ਉਮੀਦ ਹੈ ਕਿ ਉਨ੍ਹਾਂ ਵਿਚੋਂ ਕੋਈ ਇੱਕ ਮਕਾਨ ਤੁਹਾਡੀ ਪਸੰਦ ਦਾ ਜ਼ਰੂਰ ਮਿਲ ਜਾਵੇਗਾ।
ਰੋਜਰ।

ਹੀਰਿਆਂ ਦਾ ਹਾਰ (ਕਹਾਣੀ) – ਮੁਪਾਸਾਂ

January 11, 2018

ਉਹ ਉਨ੍ਹਾਂ ਹੁਸੀਨ ਅਤੇ ਦਿਲਕਸ਼ ਲੜਕੀਆਂ ਵਿੱਚੋਂ ਸੀ ਜੋ ਸ਼ਾਇਦ ਕੁਦਰਤ ਦੀ ਗ਼ਲਤੀ ਨਾਲ ਕਿਸੇ ਹੇਠਲੇ ਤਬਕੇ ਦੇ ਮੁਲਾਜ਼ਮ ਪੇਸ਼ਾ ਘਰਾਣੇ ਵਿੱਚ ਜਨਮ ਲੈ ਲੈਂਦੀਆਂ ਹਨ। ਉਸ ਦੇ ਕੋਲ ਨਾ ਤਾਂ ਦਹੇਜ ਸੀ ਅਤੇ ਨਾ ਹੀ ਕੋਈ ਅਜਿਹੇ ਹੋਰ ਕਾਰਨ ਜਿਨ੍ਹਾਂ ਦੀ ਬਿਨਾ ਉੱਤੇ ਉਹ ਜਾਣੀ ਜਾਂਦੀ, ਸਮਝੀ ਜਾਂਦੀ, ਅਤੇ ਕਿਸੇ ਚਰਚਿਤ ਅਮੀਰਜ਼ਾਦੇ ਦੀ ਪ੍ਰੇਮਿਕਾ ਬਣਦੀ ਜਾਂ ਉਸ ਨਾਲ ਵਿਆਹੀ ਜਾਂਦੀ। ਇਸ ਲਈ ਉਸ ਨੇ ਆਪਣਾ ਵਿਆਹ ਸਿੱਖਿਆ ਵਿਭਾਗ ਦੇ ਇੱਕ ਕਲਰਕ ਨਾਲ ਹੋਣਾ ਚੁੱਪਚਾਪ ਮੰਨ ਲਿਆ।

ਆਪਣੀ ਆਰਥਿਕ ਹਾਲਤ ਦੀ ਬਿਨਾ ਤੇ ਉਹ ਹਮੇਸ਼ਾ ਸਾਦਾ ਹੀ ਵਿਖਾਈ ਦਿੰਦੀ ਸੀ। ਪਰ ਉਸ ਨੂੰ ਆਪਣੀ ਗ਼ਰੀਬੀ ਦਾ ਅਹਿਸਾਸ ਘੁਣ ਦੀ ਤਰ੍ਹਾਂ ਚੱਟਦਾ ਰਹਿੰਦਾ ਸੀ, ਜਿਵੇਂ ਉਹ ਪਹਿਲਾਂ ਅਮੀਰ ਰਹੀ ਹੋਵੇ। ਲੜਕੀਆਂ ਦਾ ਕੋਈ ਖ਼ਾਨਦਾਨ ਕੋਈ ਕਬੀਲਾ ਨਹੀਂ ਹੁੰਦਾ। ਉਨ੍ਹਾਂ ਦਾ ਹੁਸਨ, ਉਨ੍ਹਾਂ ਦੀ ਚਾਲ-ਢਾਲ ਅਤੇ ਉਨ੍ਹਾਂ ਦੀ ਕੁਦਰਤੀ ਦਿਲਕਸ਼ੀ ਹੀ ਉਨ੍ਹਾਂ ਦਾ ਘਰਾਣਾ ਹੁੰਦਾ ਹੈ। ਉਨ੍ਹਾਂ ਦੀ ਕੁਦਰਤੀ ਕੋਮਲਤਾ, ਸਹਿਜ ਸੁਹੱਪਣ ਅਤੇ ਸਮਝ ਬੂਝ ਹੀ ਉਨ੍ਹਾਂ ਦਾ ਸਮਾਜੀ ਰੁਤਬਾ ਹੁੰਦਾ ਹੈ। ਇਨ੍ਹਾਂ ਖ਼ੂਬੀਆਂ ਦੀ ਬਿਨਾਂ ਉੱਤੇ ਹੀ ਗ਼ਰੀਬ ਲੜਕੀਆਂ ਵੀ ਕਦੇ-ਕਦੇ ਅਮੀਰ ਘਰਾਂ ਦੀਆਂ ਚੋਟੀ ਦੀਆਂ ਔਰਤਾਂ ਵਰਗੀਆਂ ਵਿਖਾਈ ਦਿੰਦੀਆਂ ਹਨ।

ਉਹ ਆਪਣੀਆਂ ਮਹਰੂਮੀਆਂ ਅੰਦਰ ਹੀ ਅੰਦਰ ਝੱਲਦੀ ਰਹੀ। ਉਸਨੂੰ ਲੱਗਦਾ ਰਹਿੰਦਾ ਸੀ ਕਿ ਉਹ ਐਸ਼ ਆਰਾਮ ਦੀ ਜ਼ਿੰਦਗੀ ਲਈ ਪੈਦਾ ਹੋਈ ਹੈ। ਉਸਨੂੰ ਆਪਣਾ ਪੁਰਾਣਾ ਟੁੱਟਿਆ ਜਿਹਾ ਘਰ, ਬਿਨਾਂ ਸਜਾਵਟ ਨੰਗੀਆਂ ਕੰਧਾਂ, ਪੁਰਾਣੀਆਂ ਕੁਰਸੀਆਂ ਅਤੇ ਸਾਲਾਂ ਪੁਰਾਣੇ ਪਰਦੇ ਚੁਭਦੇ ਸਨ। ਇਹ ਸਾਰੀਆਂ ਚੀਜ਼ਾਂ, ਜੋ ਉਸ ਦੇ ਸਮਾਜੀ ਤਬਕੇ ਦੀ ਕਿਸੇ ਹੋਰ ਔਰਤ ਦੇ ਸੁਪਨਿਆਂ ਵਿੱਚ ਵੀ ਨਾ ਆਉਂਦੀਆਂ, ਉਸ ਦਾ ਮੂੰਹ ਚਿੜਾਉਂਦੀਆਂ, ਉਸਨੂੰ ਸਤਾਉਂਦੀਆਂ ਅਤੇ ਜ਼ਲੀਲ ਕਰਦੀਆਂ ਮਹਿਸੂਸ ਹੁੰਦੀਆਂ ਸਨ। ਉਸਦੇ ਘਰ ਵਿੱਚ ਕੰਮ ਕਰਨ ਵਾਲੀ; ਬ੍ਰਿਟੋਨ ਕੁੜੀ ਤੇ ਜਦੋਂ ਵੀ ਉਸ ਦੀ ਨਜ਼ਰ ਪੈਂਦੀ ਤਾਂ ਉਸ ਦੇ ਦਿਲ ਵਿੱਚ ਗ਼ੁਰਬਤ ਅਤੇ ਜ਼ਿੱਲਤ ਦਾ ਅਹਿਸਾਸ ਹੋਰ ਵੀ ਸ਼ਿੱਦਤ ਨਾਲ ਫੁੰਕਾਰੇ ਮਾਰਨ ਲੱਗਦਾ।

ਫਿਰ ਉਹ ਸੁਪਨਿਆਂ ਦੀ ਦੁਨੀਆ ਵਿੱਚ ਖੋਹ ਜਾਂਦੀ। ਜਿੱਥੇ ਪ੍ਰਾਚੀਨ ਪੂਰਬੀ ਤਰੀਕੇ ਨਾਲ ਕਲਾਕ੍ਰਿਤੀਆਂ ਨਾਲ ਸਜਾਈਆਂ ਕੰਧਾਂ ਵਾਲੇ ਕਮਰੇ ਹੋਣ ਅਤੇ ਇਨ੍ਹਾਂ ਨੂੰ ਕਾਂਸੀ ਦੇ ਵੱਡੇ ਵੱਡੇ ਸ਼ਮ੍ਹਾਦਾਨਾਂ ਵਿੱਚ ਬਲ਼ਦੀਆਂ ਮਸ਼ਾਲਾਂ ਦੀਆਂ ਨੀਮ ਨਸ਼ਿਆਈਆਂ ਰੌਸ਼ਨੀਆਂ ਨੇ ਜਗਮਗ ਕੀਤਾ ਹੋਵੇ। ਬਾਰੀਆਂ ਦੇ ਸਾਹਮਣੇ ਮਖਮਲੀ ਪਰਦੇ ਲੱਗੇ ਹੋਣ….. ਜਿੱਥੇ ਸ਼ਾਹੀ ਕੱਪੜੇ ਪਹਿਨ ਦੋ ਨੌਕਰ ਹੋਣ, ਜੋ ਅੰਗੀਠੀ ਦੀ ਗਰਮੀ ਵਿੱਚ ਊਂਘਦੇ ਵਿਖਾਈ ਦਿੰਦੇ ਹੋਣ… ਮਖਮਲ ਅਤੇ ਕੀਮਖ਼ਾਬ ਨਾਲ ਲੈਸ ਵੱਡੇ ਕਮਰੇ ਹੋਣ ਜਿਨ੍ਹਾਂ ਵਿੱਚ ਕੀਮਤੀ ਫਰਨੀਚਰ ਨੂੰ ਮਹਿੰਗੀ ਸਜਾਵਟ ਕੀਤੀ ਹੋਵੇ….. ਅਤੇ ਮਹਿਕਾਂ ਨਾਲ ਭਰਪੂਰ ਅੰਦਰੂਨੀ ਕਮਰੇ ਹੋਣ ਜਿੱਥੇ ਉਹ ਘੁਸਰ ਮੁਸਰ ਵਿੱਚ ਆਪਣੇ ਕਰੀਬੀ ਦੋਸਤਾਂ – ਉਨ੍ਹਾਂ ਖ਼ੂਬਸੂਰਤ ਅਤੇ ਨੌਜਵਾਨ ਦੋਸਤਾਂ ਨਾਲ ਗੱਲਾਂ ਕਰਿਆ ਕਰੇ, ਜਿਨ੍ਹਾਂ ਦੀ ਸੁਹਬਤ ਨੂੰ ਸਾਰੇ ਸ਼ਹਿਰ ਦੀ ਔਰਤਾਂ ਤਰਸਦੀਆਂ ਹੋਣ।

ਜਦੋਂ ਉਹ ਰਾਤ ਦੇ ਭੋਜਨ ਲਈ ਆਪਣੇ ਪਤੀ ਦੇ ਸਾਹਮਣੇ ਬੈਠਦੀ, ਮੇਜ਼ ਉੱਤੇ ਤਿੰਨ ਦਿਨ ਪੁਰਾਣਾ ਮੇਜ਼ਪੋਸ਼ ਵਿਛਿਆ ਹੁੰਦਾ ਅਤੇ ਉਸ ਦਾ ਪਤੀ ਡੌਂਗੇ ਦਾ ਢੱਕਣ ਚੁੱਕਦੇ ਹੋਏ ਹੁੱਬ ਕੇ ਕਹਿੰਦਾ, “ਆਹ ਬੀਫ਼ ਸਟਿਊ, ਬਈ ਇਹ ਤਾਂ ਦੁਨੀਆ ਦੀ ਸਭ ਤੋਂ ਸੁਆਦਲੀ ਚੀਜ਼ ਹੈ।” ਤਾਂ ਉਹ ਆਪਣੇ ਸੁਪਨਿਆਂ ਦੀ ਦੁਨੀਆ ਵਿੱਚ ਖੋ ਜਾਂਦੀ, ਆਲੀਸ਼ਾਨ ਖਾਣਿਆਂ ਬਾਰੇ ਸੋਚਦੀ ….. ਜਿੱਥੇ ਚਾਂਦੀ ਦੇ ਚਮਕਦਾਰ ਛੁਰੀ ਕਾਂਟੇ ਹੁੰਦੇ … ਜਿੱਥੇ ਦੀਵਾਰਾਂ ਉੱਤੇ ਵੱਡੀਆਂ ਵੱਡੀਆਂ ਤਸਵੀਰਾਂ ਜੜੀਆਂ ਹੁੰਦੀਆਂ, ਜਿਨ੍ਹਾਂ ਵਿੱਚ ਪੁਰਾਣੇ ਜ਼ਮਾਨੇ ਦੀਆਂ ਸਖਸ਼ੀਅਤਾਂ ਅਤੇ ਪਰੀ ਜਗਤ ਦੇ ਜੰਗਲ ਵਿੱਚਲੇ ਅਨੋਖੇ ਪੰਛੀਆਂ ਦੇ ਚਿੱਤਰ ਵਿਖਾਈ ਦਿੰਦੇ। ਉਸਨੂੰ ਅੱਖਾਂ ਨੂੰ ਚੁੰਧਿਆ ਦੇਣ ਵਾਲੇ ਭਾਂਡਿਆਂ ਵਿੱਚ ਪਰੋਸੇ ਗਏ ਭਾਂਤ ਸੁਭਾਂਤੇ ਮਹਿੰਗੇ ਖਾਣਿਆਂ ਤੇ ਸਜੀਆਂ ਮਹਿਫਲਾਂ ਦੇ ਖ਼ਿਆਲ ਆਏ ਜਿੱਥੇ ਮਹਿਮਾਨ ਇੱਕ ਦੂਸਰੇ ਨਾਲ ਬੀਰਤਾ ਦੀਆਂ ਬਾਤਾਂ ਪਾਉਂਦੇ ਹੋਣ ਅਤੇ ਉਹ ਸਫਿੰਕਸ ਨੁਮਾ ਮੁਸਕਰਾਹਟ ਨਾਲ ਸੁਣ ਰਹੀ ਹੋਵੇ ਅਤੇ ਉਹ ਸਾਰੇ ਨਾਲੋ ਨਾਲ ਟਰਾਊਟ ਮੱਛੀ ਦੀਆਂ ਗੁਲਾਬੀ ਸੰਖੀਆਂ ਦਾ ਜਾਂ ਬਟੇਰ ਦੇ ਪਰਾਂ ਦਾ ਜ਼ਾਇਕਾ ਲੈਣ ਰਹੇ ਹੋਣ।

ਉਸ ਦੇ ਕੋਲ ਕੋਈ ਕੀਮਤੀ ਸੂਟ ਨਹੀਂ ਸੀ ਅਤੇ ਨਾ ਹੀ ਕੋਈ ਜੇਵਰ। ਉਸਨੂੰ ਸਿਰਫ ਇਸੇ ਦਾ ਦੁੱਖ ਸੀ। ਉਹ ਤਾਂ ਸ਼ਾਇਦ ਪੈਦਾ ਹੀ ਇਨ੍ਹਾਂ ਚੀਜ਼ਾਂ ਲਈ ਹੋਈ ਸੀ। ਉਸ ਦਾ ਦਿਲ ਚਾਹੁੰਦਾ ਕਿ ਉਸਨੂੰ ਵੀ ਲੋਕ ਚਾਹੁਣ…ਉਸ ਦੀ ਇੱਕ ਝਲਕ ਲਈ ਬਿਹਬਲ ਹੋਣ… ਉਸ ਦੇ ਖ਼ਾਬ ਵੇਖਣ….. ਅਤੇ ਉਸ ਦਾ ਸਾਥ ਹਾਸਲ ਕਰਨ ਲਈ ਬੇਤਾਬ ਹੋਣ।
ਉਸ ਦੀ ਇੱਕ ਅਮੀਰ ਸਹੇਲੀ ਸੀ ਜੋ ਸਕੂਲ ਵਿੱਚ ਉਸ ਦੀ ਜਮਾਤਣ ਸੀ। ਪਰ ਆਪਣੀ ਉਸ ਸਹੇਲੀ ਨੂੰ ਮਿਲਣ ਦੇ ਬਾਅਦ ਉਹ ਆਪਣੇ ਹਾਲ ਤੇ ਇੰਨਾ ਕੁੜ੍ਹਦੀ ਸੀ ਕਿ ਹੁਣ ਉਸਨੇ ਉਸ ਸਹੇਲੀ ਨੂੰ ਮਿਲਣਾ ਵੀ ਛੱਡ ਦਿੱਤਾ ਸੀ। ਆਪਣੇ ਕਮਰੇ ਵਿੱਚ ਉਹ ਕਦੇ ਕਦੇ ਤਾਂ ਸਾਰਾ ਦਿਨ ਰੋਦੀ ਰਹਿੰਦੀ… ਆਪਣੀ ਬੇਬਸੀ ਉੱਤੇ….. ਆਪਣੀ ਨਾਉਮੀਦੀ ਉੱਤੇ… ਆਪਣੀ ਨਿਰਾਸ਼ਾ ਉੱਤੇ ਅਤੇ ਆਪਣੀ ਗ਼ਰੀਬੀ ਉੱਤੇ। ਫਿਰ ਇੱਕ ਸ਼ਾਮ ਉਸ ਦਾ ਪਤੀ ਜਦੋਂ ਦਫਤਰ ਤੋਂ ਪਰਤਿਆ ਤਾਂ ਉਸ ਦੇ ਚਿਹਰੇ ਉੱਤੇ ਇੱਕ ਜੇਤੂ ਚਮਕ ਅਤੇ ਹੱਥ ਵਿੱਚ ਇੱਕ ਵੱਡਾ ਸਾਰਾ ਲਿਫਾਫਾ ਸੀ।

“ਵੇਖ ਤਾਂ ਮੈਂ ਤੇਰੇ ਲਈ ਕੀ ਲਿਆਇਆ ਹਾਂ?”

ਉਸਨੇ ਉਹ ਲਿਫਾਫਾ ਖੋਲਿਆ.. ਵਿੱਚੋਂ ਇੱਕ ਕਾਰਡ ਨਿਕਲਿਆ ਜਿਸ ਉੱਤੇ ਛਪਿਆ ਸੀ, “ਸ਼੍ਰੀਮਾਨ ਸਿਖਿਆ ਮੰਤਰੀ ਅਤੇ ਮੈਡਮ ਜੋਰਜੇਸ ਰੈਮਪਾਨਿਓ, ਸੋਮਵਾਰ 18 ਜਨਵਰੀ ਦੀ ਸ਼ਾਮ ਨੂੰ ਸਿਖਿਆ ਮਹਿਕਮੇ ਦੇ ਦਫਤਰ ਵਿੱਚ ਮੈਡਮ ਲੋਇਜ਼ਲ ਨੂੰ ਸ਼ਾਮਲ ਹੋਣ ਲਈ ਸੱਦਾ ਦਿੰਦੇ ਹਨ।”

ਉਸ ਦਾ ਪਤੀ ਜਾਣਦਾ ਸੀ ਕਿ ਉਹ ਇਸ ਸੱਦਾ ਪੱਤਰ ਮਿਲਣ ਤੇ ਬਹੁਤ ਖ਼ੁਸ਼ ਹੋਵੇਗੀ ਪਰ ਉਸਨੇ ਕਾਰਡ ਗੁੱਸੇ ਨਾਲ ਮੇਜ਼ ਉੱਤੇ ਸੁੱਟ ਦਿੱਤਾ ਅਤੇ ਢਿਲਕੀ ਜਿਹੀ ਆਵਾਜ਼ ਵਿੱਚ ਬੋਲੀ, “ਤਾਂ ਫਿਰ? ਮੈਂ ਇਸ ਦਾ ਕੀ ਕਰਾਂ?”

“ਮਗਰ…?? ਮੇਰੀ ਜਾਨ ਮੈਂ ਤਾਂ ਸਮਝਿਆ ਸੀ ਕਿ ਤੂੰ ਖ਼ੁਸ਼ ਹੋਵੇਂਗੀ? ਤੂੰ ਉਂਜ ਤਾਂ ਕਦੇ ਬਾਹਰ ਨਹੀਂ ਜਾਂਦੀ। ਇਹ ਤਾਂ ਇੱਕ ਵਧੀਆ ਮੌਕ਼ਾ ਹੈ। ਅਤੇ ਇਹ ਸੱਦਾ ਪੱਤਰ ਮੈਂ ਬੜੀ ਮੁਸ਼ਕਲ ਨਾਲ ਹਾਸਲ ਕੀਤਾ ਹੈ। ਹਰ ਸ਼ਖਸ ਉਸ ਦਾਵਤ ਵਿੱਚ ਸੱਦੇ ਜਾਣ ਲਈ ਬੇਤਾਬ ਹੈ। ਬੜੇ ਲੋਕ ਉਸ ਦੇ ਚਾਹਵਾਨ ਹਨ ਅਤੇ ਵਜ਼ਾਰਤ ਦੇ ਸਿਰਫ ਕੁਝ ਹੀ ਕਲਰਕਾਂ ਨੂੰ ਸੱਦਾ ਦਿੱਤਾ ਗਿਆ ਹੈ। ਤੂੰ ਵੇਖਣਾ ਉੱਥੇ ਸਾਰੀ ਵਜ਼ਾਰਤ ਆਈ ਹੋਵੇਗੀ।”

ਉਹ ਭਰੀ ਪੀਤੀ ਉਸ ਨੂੰ ਵੇਖਦੀ ਰਹੀ ਅਤੇ ਫਿਰ ਬੇਸਬਰੀ ਨਾਲ ਬੋਲੀ, “ਤੇ ਉਸ ਦਾਵਤ ਤੇ ਮੈਂ ਪਹਿਨ ਕੇ ਕੀ ਜਾਵਾਂਗੀ?”

ਉਸ ਦੇ ਪਤੀ ਨੇ ਉਸ ਦੇ ਬਾਰੇ ਤਾਂ ਸੋਚਿਆ ਹੀ ਨਹੀਂ ਸੀ। ਉਹ ਹਕਲਾਂਦੇ ਹੋਏ ਬੋਲਿਆ, “ਉਹ … ਉਹੋ.. ਜੋ ਤੂੰ ਥੀਏਟਰ ਜਾਂਦੇ ਹੋਏ ਪਹਿਨਦੀ ਹੈਂ.. ਉਹ ਮੇਰੇ ਖਿਆਲ ਵਿੱਚ ਤਾਂ ਬਿਲਕੁਲ ਠੀਕ ਰਹੇਗਾ ਜਾਂ ਫਿਰ…”

ਉਹ ਚੁੱਪ ਹੋ ਗਿਆ। ਹੈਰਤ ਨਾਲ ਉਸ ਦੀ ਜ਼ਬਾਨ ਬੰਦ ਹੋ ਗਈ। ਉਸ ਦੀ ਪਤਨੀ ਦੀਆਂ ਝੁਕੀਆਂ ਹੋਈਆਂ ਪਲਕਾਂ ਵਿੱਚੋਂ ਦੋ ਮੋਟੇ ਮੋਟੇ ਅੱਥਰੂ ਉਸ ਦੀਆਂ ਗੱਲਾਂ ਉੱਤੇ ਗਿਰੇ ਅਤੇ ਹੌਲੀ ਹੌਲੀ ਉਸ ਦੀ ਠੋਡੀ ਵੱਲ ਤਿਲਕਣ ਲੱਗੇ। ਉਹ ਰੋ ਰਹੀ ਸੀ।

ਉਹ ਬੜੀ ਮੁਸ਼ਕਿਲ ਨਾਲ ਬੱਸ ਇਹੀ ਕਹਿ ਸਕਿਆ, “ਕ.. ਕ… ਕੀ ਹੋਇਆ? ਕੀ ਹੋਇਆ?”

ਫਿਰ ਉਸ ਦੀ ਪਤਨੀ ਨੇ ਹਿੰਮਤ ਕਰਕੇ ਖ਼ੁਦ ਉੱਤੇ ਕਾਬੂ ਪਾ ਲਿਆ ਅਤੇ ਆਪਣੀਆਂ ਗੱਲ੍ਹਾਂ ਤੋਂ ਅੱਥਰੂ ਪੂੰਝਦੇ ਹੋਏ ਬੇਹੱਦ ਸ਼ਾਂਤ ਅਤੇ ਸਪਾਟ ਆਵਾਜ਼ ਵਿੱਚ ਬੋਲੀ, “ਕੁੱਝ ਨਹੀਂ। ਗੱਲ ਸਿਰਫ ਇੰਨੀ ਹੈ ਕਿ ਮੇਰੇ ਕੋਲ ਕੱਪੜੇ ਨਹੀਂ ਹਨ, ਇਸਲਈ ਮੈਂ ਦਾਵਤ ਵਿੱਚ ਨਹੀਂ ਜਾ ਸਕਦੀ। ਇਹ ਕਾਰਡ ਆਪਣੇ ਕਿਸੇ ਦੋਸਤ ਨੂੰ ਦੇ ਦੇਣਾ ਜਿਸਦੀ ਪਤਨੀ ਦੇ ਕੋਲ ਮੇਰੇ ਨਾਲੋਂ ਵਧੀਆ ਕੱਪੜੇ ਹੋਣ।”

ਉਸ ਦੇ ਪਤੀ ਦਾ ਦਿਲ ਢੈਲਾ ਜਿਹਾ ਹੋ ਗਿਆ। ਉਹ ਬੋਲਿਆ, “ਅੱਛਾ ਮੈਥੀਲਡ, ਇਹ ਦੱਸ ਇੱਕ ਸੁਹਣਾ ਫੱਬਦਾ ਸੂਟ ਜੋ ਤੂੰ ਬਾਅਦ ਵਿੱਚ ਹੋਰ ਮੌਕਿਆਂ ਉੱਤੇ ਵੀ ਪਹਿਨ ਸਕੇਂ, ਕਿੰਨੇ ਵਿੱਚ ਆਵੇਗਾ?”

ਉਸਨੇ ਦਿਲ ਹੀ ਦਿਲ ਵਿੱਚ ਹਿਸਾਬ ਲਗਾਇਆ ਕਿ ਆਪਣੇ ਪਤੀ ਕੋਲੋਂ ਕਿੰਨੀ ਰਕਮ ਦੀ ਮੰਗ ਕਰੇ। ਉਸਨੂੰ ਇਹ ਵੀ ਖ਼ਦਸ਼ਾ ਸੀ ਕਿ ਕਿਤੇ ਉਸ ਦਾ ਸਰਫ਼ਾ ਪਸੰਦ ਪਤੀ ਸਾਫ਼ ਇਨਕਾਰ ਹੀ ਨਾ ਕਰ ਦੇਵੇ। ਫਿਰ ਉਹ ਹਿਚਕਿਚਾਉਂਦੇ ਹੋਏ ਬੋਲੀ, “ਮੈਨੂੰ ਠੀਕ ਅੰਦਾਜ਼ਾ ਤਾਂ ਨਹੀਂ ਲੇਕਿਨ ਮੇਰਾ ਖ਼ਿਆਲ ਹੈ ਕਿ ਚਾਰ ਸੌ ਫਰਾਂਕ ਵਿੱਚ ਅੱਛਾ ਸੂਟ ਤਿਆਰ ਹੋ ਸਕਦਾ ਹੈ।”

ਉਸ ਦੇ ਪਤੀ ਦੇ ਚਿਹਰੇ ਉੱਤੇ ਪਿਲੱਤਣ ਜਿਹੀ ਫਿਰ ਗਈ। ਉਸਨੇ ਕੁੱਝ ਅਰਸੇ ਤੋਂ ਸ਼ਿਕਾਰ ਲਈ ਨਵੀਂ ਬੰਦੂਕ ਖ਼ਰੀਦਣ ਅਤੇ ਅੱਗੇ ਗਰਮੀਆਂ ਵਿੱਚ ਐਤਵਾਰ ਦੇ ਦਿਨੀਂ ਆਪਣੇ ਦੋਸਤਾਂ ਦੇ ਨਾਲ ਚਿੜੀਆਂ ਦਾ ਸ਼ਿਕਾਰ ਖੇਡਣ ਲਈ ਨਾਂਤੇਆ ਦੇ ਮੈਦਾਨਾਂ ਵਿੱਚ ਜਾਣ ਦਾ ਲਈ ਚਾਰ ਸੌ ਫਰਾਂਕ ਹੀ ਬਚਾ ਰੱਖੇ ਸਨ। ਉਹ ਬੋਲਿਆ, “ਠੀਕ ਹੈ ਮੈਂ ਤੈਨੂੰ ਚਾਰ ਸੌ ਫਰਾਂਕ ਦਿੰਦਾ ਹਾਂ। ਤੂੰ ਆਪਣੇ ਲਈ ਇੱਕ ਉਮਦਾ ਸੂਟ ਤਿਆਰ ਕਰਾ ਲੈ।”

*

ਦਾਵਤ ਦਾ ਦਿਨ ਨੇੜੇ ਆ ਚੁੱਕਾ ਸੀ। ਲੇਕਿਨ ਮਿਸਿਜ ਲੋਆਏਜਲ ਪਰੇਸ਼ਾਨ ਅਤੇ ਫ਼ਿਕਰਮੰਦ ਵਿਖਾਈ ਦੇ ਰਹੀ ਸੀ। ਹਾਲਾਂਕਿ ਉਸ ਦਾ ਸੂਟ ਤਿਆਰ ਹੋ ਚੁੱਕਾ ਸੀ। ਇੱਕ ਸ਼ਾਮ ਉਸ ਦੇ ਪਤੀ ਨੇ ਪੁੱਛ ਹੀ ਲਿਆ, “ਕੀ ਗੱਲ ਹੈ? ਤੂੰ ਪਿਛਲੇ ਤਿੰਨ ਦਿਨਾਂ ਤੋਂ ਕੁੱਝ ਪਰੇਸ਼ਾਨ ਜਿਹੀ ਵਿਖਾਈ ਦੇ ਰਹੀ ਹੈਂ?”

ਉਹ ਬੋਲੀ, “ਮੈਂ ਇਸ ਕਾਰਨ ਪਰੇਸ਼ਾਨ ਹਾਂ ਕਿ ਮੇਰੇ ਕੋਲ ਕੋਈ ਜੇਵਰ ਨਹੀਂ ਹੈ। ਪਹਿਨਣ ਨੂੰ ਕੁੱਝ ਵੀ ਨਹੀਂ ਹੈ। ਜੇਵਰਾਂ ਦੇ ਬਿਨਾਂ ਤਾਂ ਉਸ ਦਾਵਤ ਉੱਤੇ ਜਾਣਾ ਬਹੁਤ ਅਜੀਬ ਲੱਗੇਗਾ। ਇਸ ਨਾਲੋਂ ਤਾਂ ਨਾ ਜਾਣਾ ਹੀ ਠੀਕ ਹੋਵੇਗਾ।”

ਉਹ ਬੋਲਿਆ, “ਤਾਂ ਫੁੱਲਾਂ ਦੇ ਗਜਰੇ ਪਹਿਨ ਲੈਣਾ। ਇਸ ਮੌਸਮ ਵਿੱਚ ਤਾਂ ਬਹੁਤ ਕਮਾਲ ਵਿਖਾਈ ਦਿੰਦੇ ਹਨ। ਪੰਜ ਦਸ ਫਰਾਂਕ ਵਿੱਚ ਤੈਨੂੰ ਦੋ ਤਿੰਨ ਬੜੇ ਸੁਹਣੇ ਗੁਲਾਬ ਦੇ ਗਜਰੇ ਮਿਲ ਜਾਣਗੇ।”

ਪਰ ਉਸ ਦੀ ਪਤਨੀ ਨਾ ਮੰਨੀ, “ਨਹੀਂ। ਇਸ ਤੋਂ ਵੱਧ ਬੇਇੱਜ਼ਤੀ ਦੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਕਿ ਏਨੀਆਂ ਸਾਰੀਆਂ ਅਮੀਰ ਔਰਤਾਂ ਦੇ ਦਰਮਿਆਨ ਮੈਂ ਗ਼ਰੀਬੜੀ ਲੱਗਾਂ।”

ਉਸ ਦਾ ਪਤੀ ਅਚਾਨਕ ਬੋਲ ਉੱਠਿਆ, “ਓ ਤੂੰ ਵੀ ਕਿੰਨੀ ਬੇਵਕੂਫ਼ ਹੈਂ, ਆਪਣੀ ਸਹੇਲੀ ਮਿਸਿਜ ਫ਼ੌਰੇਸਤੀਏ ਦੇ ਕੋਲ ਜਾ ਅਤੇ ਇੱਕ ਸ਼ਾਮ ਲਈ ਉਸ ਕੋਲੋਂ ਕੁੱਝ ਜੇਵਰ ਉਧਾਰ ਮੰਗ ਲਿਆ। ਉਹ ਤੇਰੀ ਬਹੁਤ ਪੁਰਾਣੀ ਸਹੇਲੀ ਹੈ… ਇੰਨਾ ਤਾਂ ਜ਼ਰੂਰ ਕਰ ਸਕਦੀ ਹੈ।”
ਉਸ ਦੀਆਂ ਅੱਖਾਂ ਚਮਕ ਉਠੀਆਂ। “ਓ ਹਾਂ.. ਇਹ ਠੀਕ ਹੈ। ਮੈਂ ਉਸ ਦੇ ਬਾਰੇ ਤਾਂ ਸੋਚਿਆ ਹੀ ਨਹੀਂ ਸੀ।”

ਉਹ ਦੂਜੇ ਹੀ ਦਿਨ ਆਪਣੀ ਸਹੇਲੀ ਦੇ ਘਰ ਜਾ ਪਹੁੰਚੀ ਅਤੇ ਉਸ ਨੂੰ ਆਪਣੀ ਮੁਸ਼ਕਲ ਦੱਸੀ।

ਮਿਸਿਜ ਫ਼ੌਰੇਸਤੀਏ ਉੱਠੀ, ਆਪਣੀ ਅਲਮਾਰੀ ਕੋਲ ਗਈ ਇਸ ਵਿੱਚੋਂ ਇੱਕ ਟਰੰਕੀ ਕੱਢ ਕਰ ਉਸ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ। ਢੱਕਣ ਉਠਾ ਕਿ ਮਿਸਿਜ ਲੋਆਏਜਲ ਨੂੰ ਬੋਲੀ, “ਜੋ ਪਸੰਦ ਆਏ ਚੁੱਕ ਲੈ।”

ਪਹਿਲਾਂ ਉਹ ਇੱਕ ਕੰਗਣ ਵੇਖਦੀ ਰਹੀ ਫਿਰ ਮੋਤੀਆਂ ਦਾ ਹਾਰ ਅਤੇ ਫਿਰ ਸਲੀਬ ਦੀ ਸ਼ਕਲ ਦਾ ਇੱਕ ਹੋਰ ਹਾਰ ਜਿਸ ਵਿੱਚ ਕਮਾਲ ਦੀ ਕਾਰੀਗਰੀ ਨਾਲ ਕੀਮਤੀ ਨਗ ਜੜੇ ਸਨ। ਇੱਕ ਇੱਕ ਕਰਕੇ ਉਹ ਜੇਵਰ ਪਹਿਨ ਕੇ ਸ਼ੀਸ਼ੇ ਦੇ ਸਾਹਮਣੇ ਖੜੀ ਹੁੰਦੀ। ਐਪਰ ਜੋ ਜੇਵਰ ਉਸ ਨੂੰ ਪਸੰਦ ਨਾ ਵੀ ਆਉਂਦਾ ਉਸ ਨੂੰ ਉਤਾਰਨਾ ਅਤੇ ਵਾਪਸ ਟਰੰਕੀ ਵਿੱਚ ਰੱਖਣਾ ਉਸ ਲਈ ਮੁਸ਼ਕਲ ਹੋ ਜਾਂਦਾ। ਫਿਰ ਉਸਨੇ ਪੁੱਛਿਆ, “ਹੋਰ ਕੁੱਝ ਨਹੀਂ ਹੈ?”
ਤੇ ਅਚਾਨਕ ਉਸ ਨੂੰ ਸਿਆਹ ਸਾਟਿਨ ਦੀ ਇੱਕ ਟਰੰਕੀ ਵਿਖਾਈ ਦਿੱਤੀ ਜਿਸ ਵਿੱਚ ਹੀਰਿਆਂ ਦਾ ਇੱਕ ਹਾਰ ਝਿਲਮਿਲਾ ਰਿਹਾ ਸੀ। ਇਸ ਹਾਰ ਉੱਤੇ ਨਜ਼ਰ ਪੈਂਦੇ ਹੀ ਉਸ ਦੇ ਦਿਲ ਦੀ ਧੜਕਨ ਤੇਜ਼ ਹੋ ਗਈ। ਇਸ ਨੂੰ ਡਿੱਬੀ ਵਿੱਚੋਂ ਕੱਢਦੇ ਹੋਏ ਉਸ ਦੀਆਂ ਉਂਗਲੀਆਂ ਕੰਬਣ ਲੱਗੀਆਂ। ਹਾਰ ਪਹਿਨ ਕੇ ਉਹ ਸ਼ੀਸ਼ੇ ਦੇ ਸਾਹਮਣੇ ਖੜੀ ਹੋਈ ਤਾਂ ਉਸ ਦੀਆਂ ਅੱਖਾਂ ਖ਼ੁਦ ਨੂੰ ਪਛਾਣ ਨਾ ਸਕੀਆਂ। ਧੜਕਦੇ ਦਿਲ ਦੇ ਨਾਲ ਉਹ ਮੁੜੀ ਅਤੇ ਬੜੀ ਰੀਝ ਨਾਲ ਪੁੱਛਿਆ, “ਕੀ ਮੈਂ ਇਹ ਲੈ ਸਕਦੀ ਹਾਂ… ਬੱਸ ਇਹੀ?’

“ਹਾਂ। ਕਿਉਂ ਨਹੀਂ!”
ਉਸਨੇ ਝੱਪਟ ਕੇ ਆਪਣੀਆਂ ਬਾਂਹਾਂ ਆਪਣੀ ਸਹੇਲੀ ਦੇ ਗਲ ਵਿੱਚ ਪਾ ਦਿੱਤੀਆਂ ਅਤੇ ਉਸ ਨੂੰ ਚੁੰਮ ਲਿਆ। ਹਾਰ ਲੈ ਕੇ ਘਰ ਵਾਪਸ ਆਉਂਦੇ ਹੋਏ ਉਸ ਦੇ ਪੱਬ ਜ਼ਮੀਨ ਉੱਤੇ ਨਹੀਂ ਲੱਗ ਰਹੇ ਸਨ।

*

ਦਾਵਤ ਦਾ ਦਿਨ ਆ ਗਿਆ। ਮਿਸਿਜ ਲੋਆਏਜਲ ਬੇਹੱਦ ਕਾਮਯਾਬ ਰਹੀ ਸੀ, ਉਹ ਸਭ ਲੋਕਾਂ ਦੀਆਂ ਨਿਗਾਹਾਂ ਦਾ ਕੇਂਦਰ ਸੀ। ਉਹ ਔਰਤਾਂ ਵਿੱਚ ਸਭ ਤੋਂ ਸੁਹਣੀ ਵਿਖਾਈ ਦੇ ਰਹੀ ਸੀ। ਹੱਸਦੀ, ਮੁਸਕਰਾਉਂਦੀ, ਉਸ ਦੀ ਖੁਸ਼ੀ ਡੁੱਲ੍ਹ ਡੁੱਲ੍ਹ ਪੈਂਦੀ ਸੀ। ਸਭ ਮਰਦ ਮੁੜ ਮੁੜ ਕੇ ਉਸ ਨੂੰ ਵੇਖਦੇ ਰਹੇ.. ਉਸ ਦਾ ਨਾਮ ਪੁੱਛਦੇ ਰਹੇ… ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਵਜ਼ਾਰਤ ਦੇ ਸਾਰੇ ਵੱਡੇ ਅਫ਼ਸਰ ਉਸ ਦੇ ਨਾਲ ਡਾਂਸ ਕਰਨਾ ਚਾਹੁੰਦੇ ਸਨ। ਸਿੱਖਿਆ ਮੰਤਰੀ ਨੇ ਵੀ ਉਸ ਦੇ ਬਾਰੇ ਪੁੱਛਿਆ।

ਉਹ ਦੀਵਾਨਗੀ ਦੇ ਆਲਮ ਵਿੱਚ ਨੱਚਦੀ ਰਹੀ। ਉਹ ਦੇਸ਼ਕਾਲ ਦੀਆਂ ਹੱਦਬੰਦੀਆਂ ਤੋਂ ਆਜ਼ਾਦ ਹੋ ਚੁੱਕੀ ਸੀ। ਉਸਨੂੰ ਅਹਿਸਾਸ ਸੀ ਕਿ ਅੱਜ ਉਸ ਦਾ ਹੁਸਨ ਨੇ ਬਾਜ਼ੀ ਲੈ ਗਿਆ ਹੈ। ਅੱਜ ਉਸ ਦੀ ਜਿੱਤ ਦਾ ਦਿਨ ਸੀ। ਉਸਨੂੰ ਇਵੇਂ ਲਗਾ ਕਿ ਜਿਵੇਂ ਉਹ ਬੱਦਲਾਂ ਵਿੱਚ ਤੈਰ ਰਹੀ ਹੋਵੇ – ਆਪਣੀਆਂ ਤਾਰੀਫ਼ਾਂ, ਆਪਣੇ ਆਦਰ ਮਾਣ, ਜਾਗ ਉਠੀਆਂ ਖ਼ਾਹਿਸ਼ਾਂ ਅਤੇ ਅਥਾਹ ਖੁਸ਼ੀ ਦੇ ਬੱਦਲਾਂ ਵਿੱਚ…। ਇਹੀ ਉਹ ਚੀਜ਼ਾਂ ਸਨ ਜਿਨ੍ਹਾਂ ਤੋਂ ਕਿਸੇ ਵੀ ਔਰਤ ਦੀ ਮੁਕੰਮਲ ਕਾਮਯਾਬੀ ਦਾ ਪਤਾ ਲੱਗਦਾ ਹੈ ਜੋ ਉਸਨੂੰ ਲੋਹੜੇ ਦੀ ਚੰਗੀ ਲੱਗਦੀ ਹੈ।

ਸਵੇਰੇ ਚਾਰ ਵਜੇ ਉਹ ਦਾਵਤ ਤੋਂ ਰਵਾਨਾ ਹੋਏ। ਉਸ ਦਾ ਪਤੀ ਤਾਂ ਬਾਰਾਂ ਵਜੇ ਰਾਤ ਤੋਂ ਹੀ ਇੱਕ ਛੋਟੇ ਕਮਰੇ ਵਿੱਚ ਤਿੰਨ ਹੋਰ ਮਰਦਾਂ ਦੇ ਨਾਲ ਸੁੱਤਾ ਹੋਇਆ ਸੀ ਜਿਨ੍ਹਾਂ ਦੀਆਂ ਬੀਵੀਆਂ ਵੀ ਦਾਵਤ ਦੇ ਮਜ਼ੇ ਲੁੱਟ ਰਹੀਆਂ ਸਨ। ਵਜ਼ਾਰਤ ਦੀ ਇਮਾਰਤ ਤੋਂ ਬਾਹਰ ਨਿਕਲਦੇ ਹੋਏ ਉਸ ਦੇ ਪਤੀ ਨੇ ਉਸਦਾ ਕੋਟ ਉਸਦੇ ਮੋਢਿਆਂ ਉੱਤੇ ਓੜ ਦਿੱਤਾ। ਇਹ ਕੋਟ ਪੁਰਾਣਾ ਅਤੇ ਬੋਦਾ ਸੀ ਅਤੇ ਦਾਵਤ ਲਈ ਬਣਾਏ ਗਏ ਨਵੇਂ ਸੂਟ ਉੱਤੇ ਇਵੇਂ ਵਿਖਾਈ ਦਿੰਦਾ ਸੀ ਜਿਵੇਂ ਕਿਸੇ ਨੇ ਰੇਸ਼ਮ ਉੱਤੇ ਬੋਰਾ ਰੱਖ ਦਿੱਤਾ ਹੋਵੇ। ਉਸਨੂੰ ਇਸ ਗੱਲ ਦਾ ਅਹਿਸਾਸ ਸੀ ਇਸ ਲਈ ਉਹ ਮੋਢੇ ਝਟਕ ਕੇ ਅੱਗੇ ਵੱਧ ਗਈ ਤਾਂਕਿ ਹੋਰ ਔਰਤਾਂ ਉਸ ਨੂੰ ਨਾ ਵੇਖ ਸਕਣ, ਜਿਨ੍ਹਾਂ ਦੇ ਮੋਢੇ ਮਖਮਲਾਂ ਪਸ਼ਮੀਨੇ ਦੀਆਂ ਸ਼ਾਲਾਂ ਅਤੇ ਕੋਟਾਂ ਵਿੱਚ ਲਿਪਟੇ ਹੋਏ ਸਨ। ਲੋਆਏਜਲ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, “ਓ ਰੁਕ ਤਾਂ ਸਹੀ, ਤੈਨੂੰ ਠੰਡ ਲੱਗ ਜਾਵੇਗੀ। ਮੈਂ ਹੁਣੇ ਕੋਈ ਬੱਘੀ ਤਲਾਸ਼ ਕਰ ਲਿਆਉਂਦਾ ਹਾਂ।”

ਪਰ ਉਹ ਉਸ ਦੀ ਗੱਲ ਅਨਸੁਣੀ ਕਰਦੇ ਹੋਏ ਤੇਜ਼ ਕਦਮਾਂ ਨਾਲ ਪੌੜੀਆਂ ਉਤਰਦੀ ਗਈ। ਸੜਕਾਂ ਉਜੜੀਆਂ ਪਈਆਂ ਸਨ। ਕਦੇ ਕਦੇ ਉਨ੍ਹਾਂ ਨੂੰ ਕੋਈ ਬੱਘੀ ਵਿਖਾਈ ਦਿੰਦੀ ਤਾਂ ਉਹ ਇਸ ਨੂੰ ਬੁਲਾਉਣ ਲਈ ਆਵਾਜ਼ਾਂ ਦਿੰਦਾ ਪਰ ਬੇਫ਼ਾਇਦਾ। ਸਰਦੀ ਨਾਲ ਠੁਰ ਠੁਰ ਕਰਦੇ ਹੋਏ ਉਹ ਸੇਨ ਦਰਿਆ ਦੇ ਕੰਢੇ ਤੱਕ ਆ ਪੁੱਜੇ। ਉੱਥੇ ਆਖ਼ਰ ਉਨ੍ਹਾਂ ਨੂੰ ਇੱਕ ਤਾਂਗਾ ਮਿਲ ਹੀ ਗਿਆ। ਅਜਿਹਾ ਤਾਂਗਾ ਕਦੇ ਦਿਨ ਦੇ ਵਕਤ ਵਿਖਾਈ ਨਹੀਂ ਦਿੰਦਾ ਸੀ। ਸ਼ਾਇਦ ਉਹ ਵੀ ਦਿਨ ਦੇ ਵਕਤ ਪੈਰਿਸ ਵਿੱਚ ਵਿਖਾਈ ਦੇਣ ਉੱਤੇ ਸ਼ਰਮਿੰਦਗੀ ਮੰਨਦਾ ਹੋਵੇ।

ਇਸ ਤਾਂਗੇ ਵਿੱਚ ਉਹ ‘ਹੂਏ ਦ ਮਾਰਤੇਆ’ ਵਿੱਚ ਆਪਣੇ ਘਰ ਆ ਗਏ। ਦੋਨੋਂ ਚੁੱਪਚਾਪ ਘਰ ਵਿੱਚ ਵੜ ਗਏ। ਉਹ ਸੋਚ ਰਹੀ ਸੀ ਕਿ ਅੱਜ ਦੀ ਦਾਵਤ ਦੇ ਬਾਅਦ ਉਸ ਦੀ ਜ਼ਿੰਦਗੀ ਵਿੱਚ ਕੀ ਰਹਿ ਗਿਆ ਹੈ। ਉਸ ਦਾ ਪਤੀ ਸੋਚ ਰਿਹਾ ਸੀ ਕਿ ਕੁਝ ਘੰਟਿਆਂ ਬਾਅਦ ਉਸ ਨੇ ਦਫਤਰ ਜਾਣਾ ਹੋਵੇਗਾ।

ਉਸਨੇ ਆਪਣਾ ਓਵਰ ਕੋਟ ਉਤਾਰ ਸੁੱਟਿਆ ਅਤੇ ਸ਼ੀਸ਼ੇ ਦੇ ਸਾਹਮਣੇ ਆਖ਼ਰੀ ਵਾਰ ਖ਼ੁਦ ਨੂੰ ਦੇਖਣ ਲਈ ਖੜੀ ਹੋਈ। ਅਚਾਨਕ ਉਸ ਦੀ ਚੀਖ਼ ਨਿਕਲ ਗਈ। ਉਸ ਦੀ ਗਰਦਨ ਦੇ ਗਿਰਦ ਹੀਰਿਆਂ ਦਾ ਹਾਰ ਮੌਜੂਦ ਨਹੀਂ ਸੀ।

ਉਸ ਦਾ ਪਤੀ ਜੋ ਕੱਪੜੇ ਉਤਾਰ ਰਿਹਾ ਸੀ, ਮੁੜਿਆ ਅਤੇ ਪੁੱਛਿਆ, “ਕੀ ਹੋਇਆ?”

ਉਹ ਆਪਣੇ ਪਤੀ ਦੀ ਤਰਫ਼ ਮੁੜੀ ਤਾਂ ਉਸ ਦਾ ਰੰਗ ਫ਼ਕ ਹੋ ਚੁੱਕਿਆ ਸੀ। “ਓਹ … ਉਹ….. ਮਿਸਜ਼ ਫ਼ੋਰੀਸਤੀਏ ਵਾਲਾ ਹੀਰਿਆਂ ਦਾ ਹਾਰ ਨਹੀਂ ਹੈ।”
ਉਹ ਸਿੱਧਾ ਖੜਾ ਹੋ ਗਿਆ, “ਕੀ? … ਕਿਵੇਂ? ….. ਇਹ ਕਿਵੇਂ ਹੋ ਸਕਦਾ ਹੈ?”

ਉਨ੍ਹਾਂ ਨੇ ਉਸ ਦੇ ਨਵੇਂ ਸੂਟ ਵਿੱਚ ਤਲਾਸ਼ ਕੀਤਾ। ਓਵਰਕੋਟ ਦੀਆਂ ਜੇਬਾਂ ਵਿੱਚ ਢੂੰਢਿਆ। ਹਰ ਜਗ੍ਹਾ ਵੇਖਿਆ, ਪਰ ਹਾਰ ਨਹੀਂ ਮਿਲਿਆ।

ਉਸ ਦਾ ਪਤੀ ਬੋਲਿਆ, “ਕੀ ਤੈਨੂੰ ਪੂਰਾ ਪੂਰਾ ਯਕੀਨ ਹੈ ਕਿ ਦਾਵਤ ਤੋਂ ਨਿਕਲਦੇ ਹੋਏ ਉਹ ਤੇਰੇ ਕੋਲ ਹੀ ਸੀ?”

“ਹਾਂ। ਹਾਂ। ਮੈਂ ਇਮਾਰਤ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਛੂਹ ਕੇ ਵੇਖਿਆ ਸੀ।”

“ਪਰ ਜੇਕਰ ਇਹ ਸੜਕ ਉੱਤੇ ਡਿੱਗਦਾ ਤਾਂ ਸਾਨੂੰ ਖੜਾਕ ਤਾਂ ਸੁਣਾਈ ਦਿੰਦੀ। ਇਹ ਜ਼ਰੂਰ ਬੱਘੀ ਵਿੱਚ ਹੀ ਡਿਗਿਆ ਹੋਵੇਗਾ।”

“ਹਾਂ। ਹੋ ਸਕਦਾ ਹੈ। ਤੂੰ ਨੰਬਰ ਨੋਟ ਕੀਤਾ ਸੀ?”
“ਨਹੀਂ। ਤੂੰ ਵੀ ਨਹੀਂ ਵੇਖਿਆ?”

“ਨਹੀਂ।”

ਉਹ ਦੋਨੋਂ ਸੁੰਨੀਆਂ ਨਿਗਾਹਾਂ ਨਾਲ ਇੱਕ ਦੂਜੇ ਨੂੰ ਵੇਖਦੇ ਰਹੇ। ਫਿਰ ਲੋਆਏਜਲ ਨੇ ਦੁਬਾਰਾ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ।

“ਅਸੀਂ ਜਿਸ ਰਸਤੇ ਆਏ ਹਾਂ ਮੈਂ ਉਸ ਰਸਤੇ ਦੁਬਾਰਾ ਜਾਂਦਾ ਹਾਂ। ਸ਼ਾਇਦ ਕਿਤੇ ਪਿਆ ਮਿਲ ਜਾਵੇ।” ਇਹ ਕਹਿ ਕੇ ਉਹ ਚਲਾ ਗਿਆ।

ਉਹ ਆਪਣੇ ਨਵੇਂ ਸੂਟ ਵਿੱਚ ਲਿਪਟੀ ਇੱਕ ਕੁਰਸੀ ਤੇ ਬੈਠੀ ਰਹੀ। ਉਸ ਵਿੱਚ ਇੰਨੀ ਹਿੰਮਤ ਵੀ ਨਹੀਂ ਸੀ ਕਿ ਉਹ ਸੌਂ ਹੀ ਜਾਂਦੀ। ਬਿਨਾਂ ਸੋਚੇ ਸਮਝੇ ਉਹ ਹਨੇਰੇ ਅਤੇ ਠੰਡੇ ਅੰਗੀਠੇ ਨੂੰ ਤਕਦੀ ਰਹੀ।

ਉਸ ਦਾ ਪਤੀ ਸਵੇਰੇ ਸੱਤ ਵਜੇ ਵਾਪਸ ਆਇਆ। ਉਹ ਖ਼ਾਲੀ ਹੱਥ ਸੀ।

ਫਿਰ ਉਹ ਪੁਲਿਸ ਵਿੱਚ ਰਿਪੋਰਟ ਕਰਾਉਣ ਗਿਆ। ਲਭਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਛਪਵਾਉਣ ਲਈ ਅਖ਼ਬਾਰ ਦੇ ਦਫਤਰ ਗਿਆ। ਬੱਘੀਆਂ ਵਾਲੀ ਕੰਪਨੀ ਦੇ ਦਫਤਰ ਗਿਆ। … ਹਰ ਉਸ ਜਗ੍ਹਾ ਗਿਆ ਜਿੱਥੋਂ ਉਮੀਦ ਦੀ ਕੋਈ ਹਲਕੀ ਜਿਹੀ ਟਿਮਟਿਮਾਉਂਦੀ ਹੋਈ ਲੋ ਵਿਖਾਈ ਦਿੰਦੀ ਸੀ।

ਅਤੇ ਉਹ ਇਸ ਹਾਲਤ ਵਿੱਚ ਇਸ ਕੁਰਸੀ ਤੇ ਸਾਰਾ ਦਿਨ ਬੈਠੀ ਰਹੀ। ਸਾਰਾ ਦਿਨ ਉਸ ਦੀਆਂ ਨਜ਼ਰਾਂ ਬੂਹੇ ਉੱਤੇ ਟਿੱਕੀਆਂ ਰਹੀਆਂ।

ਸ਼ਾਮ ਦੇ ਵਕਤ ਲੋਆਏਜਲ ਵਾਪਸ ਪਰਤਿਆ ਤਾਂ ਉਸ ਦੇ ਮੋਢੇ ਢਿਲਕੇ ਹੋਏ ਅਤੇ ਚਿਹਰੇ ਦਾ ਰੰਗ ਪੀਲਾ ਪਿਆ ਸੀ। ਉਸਨੂੰ ਕੁੱਝ ਨਹੀਂ ਮਿਲਿਆ ਸੀ।

“ਆਪਣੀ ਸਹੇਲੀ ਨੂੰ ਖ਼ਤ ਲਿੱਖ। ਉਸਨੂੰ ਕਹਿ ਕਿ ਹਾਰ ਦਾ ਕਾਂਟਾ ਟੁੱਟ ਗਿਆ ਹੈ ਅਤੇ ਤੂੰ ਮੁਰੰਮਤ ਲਈ ਸੁਨਿਆਰ ਨੂੰ ਦਿੱਤਾ ਹੈ। ਇਸ ਨਾਲ ਸਾਨੂੰ ਕੁੱਝ ਵਕਤ ਮਿਲ ਜਾਵੇਗਾ।”

ਇੱਕ ਹਫਤੇ ਦੇ ਬਾਅਦ ਆਸ ਉੱਕਾ ਮੁੱਕ ਚੁੱਕੀ ਸੀ। ਇਸ ਇੱਕ ਹਫਤੇ ਵਿੱਚ ਇਵੇਂ ਵਿਖਾਈ ਦਿੰਦਾ ਸੀ ਕਿ ਲੋਆਏਜਲ ਇੱਕ ਦਿਨ ਵਿੱਚ ਪੰਜ ਸਾਲ ਬੁੱਢਾ ਹੋ ਚੁੱਕਿਆ ਹੋਵੇ। ਫਿਰ ਉਹ ਬੋਲਿਆ। “ਹੁਣ ਸਾਨੂੰ ਨਵਾਂ ਹਾਰ ਬਣਵਾਉਣ ਦੇ ਬਾਰੇ ਸੋਚਣਾ ਪਵੇਗਾ।”

ਦੂਜੇ ਰੋਜ ਉਹ ਦੋਨੋਂ ਉਹ ਡਿੱਬੀ ਲੈ ਕੇ ਉਸ ਜੌਹਰੀ ਦੇ ਕੋਲ ਗਏ ਜਿਸਦਾ ਨਾਮ ਉਸ ਉੱਤੇ ਉਕਰਿਆ ਸੀ। ਉਸਨੇ ਆਪਣੇ ਖਾਤੇ ਵੇਖੇ ਅਤੇ ਬੋਲਿਆ, “ਮੈਡਮ , ਇਹ ਹਾਰ ਤਾਂ ਮੈਂ ਨਹੀਂ ਬਣਾਇਆ, ਬੇਸ਼ੱਕ ਡਿੱਬੀਸਾਡੀ ਦੁਕਾਨ ਹੀ ਦੀ ਹੈ।”

ਫਿਰ ਉਹ ਇੱਕ ਦੇ ਬਾਅਦ ਦੂਜੇ ਜੌਹਰੀ ਦੇ ਕੋਲ ਗਏ। ਹਰ ਦੁਕਾਨ ਉੱਤੇ ਉਸ ਵਰਗਾ ਹਾਰ ਤਲਾਸ਼ ਕਰਦੇ। ਹਰ ਹਾਰ ਨੂੰ ਵੇਖਕੇ ਆਪਣੀ ਯਾਦਾਸ਼ਤ ਉੱਤੇ ਜ਼ੋਰ ਦਿੰਦੇ। ਫਿਰ ਪਲਾ-ਰੋਏਆਲ ਦੇ ਨੇੜੇ ਇੱਕ ਆਲੀਸ਼ਾਨ ਦੁਕਾਨ ਵਿੱਚ ਉਨ੍ਹਾਂ ਨੂੰ ਇੱਕ ਅਜਿਹਾ ਹੀਰਿਆਂ ਦਾ ਹਾਰ ਵਿਖਾਈ ਦਿੱਤਾ ਜੋ ਉਨ੍ਹਾਂ ਦੋਨਾਂ ਦੀ ਅਟਕਲ ਦੇ ਮੁਤਾਬਕ ਐਨ ਉਸ ਹਾਰ ਵਰਗਾ ਸੀ ਜੋ ਉਹ ਤਲਾਸ਼ ਕਰ ਰਹੇ ਸਨ। ਉਸ ਦੀ ਕੀਮਤ ਚਾਲੀ ਹਜ਼ਾਰ ਫਰਾਂਕ ਸੀ। ਜੇਕਰ ਉਹ ਖ਼ਰੀਦਣਾ ਚਾਹੁੰਦੇ ਹਨ ਤਾਂ ਜੌਹਰੀ ਉਨ੍ਹਾਂ ਨੂੰ ਛੱਤੀ ਹਜ਼ਾਰ ਫਰਾਂਕ ਵਿੱਚ ਦੇਣ ਨੂੰ ਤਿਆਰ ਸੀ। ਉਨ੍ਹਾਂ ਨੇ ਜੌਹਰੀ ਨੂੰ ਬੇਨਤੀ ਕੀਤੀ ਕਿ ਉਹ ਤਿੰਨ ਦਿਨ ਤੱਕ ਇਸ ਹਾਰ ਨੂੰ ਰੱਖੀ ਰੱਖੇ। ਜੌਹਰੀ ਇਸ ਸ਼ਰਤ ਉੱਤੇ ਵੀ ਤਿਆਰ ਹੋ ਗਿਆ ਕਿ ਜੇਕਰ ਫਰਵਰੀ ਤੱਕ ਪਹਿਲਾ ਹਾਰ ਮਿਲ ਗਿਆ ਤਾਂ ਉਹ ਆਪਣਾ ਹਾਰ ਚੌਂਤੀ ਹਜ਼ਾਰ ਫਰਾਂਕ ਵਿੱਚ ਵਾਪਸ ਖ਼ਰੀਦ ਲਵੇਗਾ।
ਲੋਆਏਜਲ ਦੇ ਕੋਲ ਆਪਣੇ ਬਾਪ ਕੋਲੋਂ ਮਿਲੇ ਅਠਾਰਾਂ ਹਜ਼ਾਰ ਫਰਾਂਕ ਸਨ। ਬਾਕੀ ਰਕਮ ਉਸਨੇ ਉਧਾਰ ਲਈ। ਉਸ ਨੇ ਹਰ ਜਗ੍ਹਾ ਤੋਂ ਉਧਾਰ ਚੁੱਕਿਆ। … ਹਜ਼ਾਰ ਫਰਾਂਕ ਏਧਰ ਤੋਂ ਪੰਜ ਸੌ ਫਰਾਂਕ ਓਧਰ ਤੋਂ…. ਕੁੱਝ ਇਸ ਕੋਲੋਂ ਕੁੱਝ ਉਸ ਕੋਲੋਂ… ਸ਼ਹਿਰ ਦੇ ਸਾਰੇ ਸੂਦਖੋਰਾਂ ਕੋਲੋਂ ਉਧਾਰ ਚੁੱਕਿਆ। ਆਪਣਾ ਸਾਰਾ ਕੁਝ ਗਿਰਵੀ ਰੱਖ ਦਿੱਤਾ। ਆਪਣੀ ਸਾਰੀ ਇੱਜਤ ਹੀ ਦਾਅ ਤੇ ਲਾ ਦਿੱਤੀ। ਹਰ ਉਸ ਕਾਗ਼ਜ਼ ਉੱਤੇ ਦਸਤਖਤ ਕਰ ਦਿੱਤੇ ਜਿਸਦੇ ਨਾਲ ਉਸ ਨੂੰ ਕੁੱਝ ਰਕਮ ਉਧਾਰ ਮਿਲ ਸਕਦੀ ਸੀ ਇਹ ਜਾਣੇ ਬਿਨਾਂ ਕਿ ਉਹ ਇਹ ਉਧਾਰ ਅਦਾ ਵੀ ਕਰ ਸਕੇਗਾ ਜਾਂ ਨਹੀਂ। ਫਿਰ ਇੱਕ ਰੋਜ ਆਪਣੇ ਹਨੇਰੇ ਭਵਿੱਖ ਦੇ ਖਦਸ਼ਿਆਂ ਅਤੇ ਆਉਣ ਵਾਲੀਆਂ ਮਹਰੂਮੀਆਂ ਦੇ ਬੋਝ ਥੱਲੇ ਦਬੇ ਭਾਰੀ ਕਦਮਾਂ ਨਾਲ ਚਲਦੇ ਹੋਏ ਜੌਹਰੀ ਦੇ ਕਾਊਂਟਰ ਉੱਤੇ ਛੱਤੀ ਹਜ਼ਾਰ ਫਰਾਂਕ ਰੱਖਕੇ ਲੋਆਏਜਲ ਨੇ ਨਵਾਂ ਹੀਰਿਆਂ ਦਾ ਹਾਰ ਖ਼ਰੀਦ ਲਿਆ।

ਜਦੋਂ ਮਿਸਿਜ ਲੋਆਏਜਲ ਹੀਰਿਆਂ ਦਾ ਹਾਰ ਮਿਸਿਜ ਫ਼ੌਰੇਸਤਈਏ ਨੂੰ ਮੋੜਨ ਗਈ ਤਾਂ ਉਸਨੇ ਰੁੱਖਾਈ ਜਿਹੀ ਨਾਲ ਸਿਰਫ ਇੰਨਾ ਕਿਹਾ, “ਤੈਨੂੰ ਇਹ ਬਹੁਤ ਪਹਿਲਾਂ ਮੋੜ ਦੇਣਾ ਚਾਹੀਦਾ ਸੀ। ਮੈਨੂੰ ਇਸ ਦੀ ਜ਼ਰੂਰਤ ਪੈ ਸਕਦੀ ਸੀ।” ਲੇਕਿਨ ਉਸਨੇ ਡਿੱਬੀ ਖੋਲ੍ਹ ਕੇ ਵੀ ਨਾ ਵੇਖੀ। ਮਿਸਿਜ ਲੋਆਏਜਲ ਨੇ ਸੁਖ ਦਾ ਸਾਹ ਲਿਆ। ਜੇਕਰ ਉਸਨੂੰ ਸ਼ਕ ਹੋ ਜਾਂਦਾ ਕਿ ਹਾਰ ਤਬਦੀਲ ਕੀਤਾ ਗਿਆ ਹੈ? ਉਹ ਕੀ ਸੋਚਦੀ? ਕੀ ਕਹਿੰਦੀ? ਕੀ ਉਸ ਨੂੰ ਚੋਰ ਨਾ ਸਮਝਦੀ?
*
ਇਸ ਦਿਨ ਦੇ ਬਾਅਦ ਮਿਸਿਜ ਲੋਆਏਜਲ ਨੂੰ ਪਤਾ ਲੱਗਿਆ ਕਿ ਦਰਅਸਲ ਗ਼ਰੀਬ ਕਿਵੇਂ ਦੀ ਜ਼ਿੰਦਗੀ ਬਤੀਤ ਕਰਦੇ ਹਨ। ਉਸਨੇ ਬੜੀ ਬਹਾਦਰੀ ਨਾਲ ਸਥਿਤੀ ਦਾ ਸਾਹਮਣਾ ਕੀਤਾ। ਆਖ਼ਰ ਇਸ ਸਭ ਦੀ ਜ਼ਿੰਮੇਦਾਰ ਉਹੀ ਤਾਂ ਸੀ। ਇਹ ਪਹਾੜ ਵਰਗਾ ਉਧਾਰ ਵੀ ਤਾਂ ਉਤਾਰਨਾ ਸੀ। ਇਸ ਲਈ ਜੋ ਕੁੱਝ ਵੀ ਹੋ ਸਕਿਆ ਉਹ ਜ਼ਰੂਰ ਕਰੇਗੀ। ਆਪਣੇ ਹਿੱਸੇ ਦੀ ਸਲੀਬ ਉਠਾਵੇਗੀ। ਸਭ ਤੋਂ ਪਹਿਲਾਂ ਨੌਕਰਾਣੀ ਦੀ ਛੁੱਟੀ ਕਰ ਦਿੱਤੀ ਗਈ। ਫਲੈਟ ਛੱਡ ਦਿੱਤਾ ਗਿਆ ਅਤੇ ਇੱਕ ਕਮਰੇ ਵਾਲਾ ਇੱਕ ਸਸਤਾ ਜਿਹਾ ਚੁਬਾਰਾ ਕਿਰਾਏ ਉੱਤੇ ਲੈ ਲਿਆ ਗਿਆ।

ਘਰ ਦੇ….. ਰਸੋਈ ਦੇ… ਸਭ ਛੋਟੇ ਵੱਡੇ ਕੰਮ ਉਹ ਆਪਣੇ ਹੱਥੀਂ ਕਰਨ ਲੱਗੀ… ਬਰਤਨ ਤੱਕ ਖ਼ੁਦ ਧੋਣ ਲੱਗੀ। ਉਸ ਦੀਆਂ ਨਰਮ ਨਾਜ਼ੁਕ ਉਂਗਲੀਆਂ ਭਾਡਿਆਂ ਦੀ ਚਿਕਨਾਈ ਅਤੇ ਦੇਗਚੀਆਂ ਦੀ ਕਾਲਖ਼ ਉਤਾਰਦੇ ਉਤਾਰਦੇ ਖੁਰਦੁਰੀਆਂ ਹੋ ਗਈਆਂ। ਉਹ ਹੱਥਾਂ ਨਾਲ ਕੱਪੜੇ ਧੋਂਦੀ ਰਹੀ ਅਤੇ ਉਨ੍ਹਾਂ ਨੂੰ ਸੁਕਾਉਣ ਲਈ ਤਾਰ ਉੱਤੇ ਲਮਕਾਉਂਦੀ ਰਹੀ। ਹਰ ਰੋਜ ਸਵੇਰੇ ਉਹ ਕੂੜਾ ਚੁੱਕ ਗਲੀ ਤੱਕ ਜਾਂਦੀ ਅਤੇ ਪਾਣੀ ਦੀਆਂ ਬਾਲਟੀਆਂ ਭਰ ਕੇ ਉੱਪਰ ਲਿਜਾਂਦੀ। ਹਰ ਮੰਜ਼ਿਲ ਉੱਤੇ ਰੁਕ ਰੁਕ ਕੇ ਸਾਹ ਲੈਂਦੀ। ਕਿਰਤੀ ਔਰਤਾਂ ਵਾਲੇ ਕੱਪੜੇ ਪਹਿਨ ਉਹ ਬਾਜ਼ਾਰ ਸੌਦਾ ਲੈਣ ਜਾਂਦੀ। ਕੱਛ ਵਿੱਚ ਟੋਕਰੀ ਲੈ, ਸਬਜ਼ੀ ਵਾਲੇ, ਕਸਾਈ ਅਤੇ ਪੰਸਾਰੀ, ਸਭ ਦੇ ਕੋਲ ਜਾਂਦੀ ਅਤੇ ਇੱਕ ਇੱਕ ਪੈਸੇ ਲਈ ਘੰਟਿਆਂ ਤੱਕ ਸੌਦੇਬਾਜ਼ੀ ਕਰਦੀ।

ਹਰ ਮਹੀਨੇ ਕਰਜ ਦੀਆਂ ਕਿਸਤਾਂ ਅਦਾ ਕਰਨੀਆਂ ਸਨ। ਕੁੱਝ ਦੀ ਅਦਾਇਗੀ ਕੀਤੀ ਜਾਂਦੀ, ਕੁੱਝ ਲਈ ਹੋਰ ਮੁਹਲਤ ਮੰਗੀ ਜਾਂਦੀ। ਉਸ ਦਾ ਪਤੀ, ਸਰਕਾਰੀ ਨੌਕਰੀ ਦੇ ਬਾਅਦ ਸ਼ਾਮ ਨੂੰ ਇੱਕ ਦੁਕਾਨਦਾਰ ਦੇ ਖਾਤੇ ਲਿਖਦਾ। ਅਤੇ ਅੱਧੀ ਰਾਤ ਤੱਕ ਅੱਧ ਫਰਾਂਕ ਪ੍ਰਤੀ ਪੰਨੇ ਦੇ ਹਿਸਾਬ ਨਾਲ ਖਰੜਿਆਂ ਦੀਆਂ ਨਕਲਾਂ ਲਿਖਿਆ ਕਰਦਾ।

ਜ਼ਿੰਦਗੀ ਦੇ ਦਸ ਸਾਲ ਇੰਜ ਹੀ ਬੀਤ ਗਏ।

ਅਤੇ ਉਨ੍ਹਾਂ ਦਸ ਸਾਲਾਂ ਵਿੱਚ ਉਨ੍ਹਾਂ ਨੇ ਕਰਜ ਦੀ ਇੱਕ ਇੱਕ ਪਾਈ ਚੁੱਕਾ ਦਿੱਤੀ। ਮੂਲਧਨ, ਵਿਆਜ, ਚੱਕਰਵਰਤੀ ਵਿਆਜ, ਇੱਕ ਇੱਕ ਫਰਾਂਕ ਵਾਪਸ ਕਰ ਦਿੱਤਾ।

ਮਿਸਿਜ ਲੋਆਏਜਲ ਹੁਣ ਇੱਕ ਉਧੇੜ ਉਮਰ ਦੀ ਔਰਤ ਵਿਖਾਈ ਦਿੰਦੀ ਸੀ। ਸਭ ਗ਼ਰੀਬ ਔਰਤਾਂ ਦੀ ਤਰ੍ਹਾਂ ਹੁਣ ਉਹ ਹਟੀ ਕਟੀ, ਸਖ਼ਤ-ਜਾਨ ਅਤੇ ਤਲਖ ਜ਼ਬਾਨ ਹੋ ਚੁੱਕੀ ਸੀ। ਉਲਝੇ ਵਾਲ, ਪੁਰਾਣੇ ਕੱਪੜੇ ਅਤੇ ਸਖ਼ਤ ਖੁਰਦੁਰੇ ਹੱਥਾਂ ਦੇ ਨਾਲ ਉਹ ਸਰੇਆਮ ਕੱਪੜੇ ਧੋਂਦੀ ਅਤੇ ਉੱਚੀ ਕੁਰਖ਼ਤ ਆਵਾਜ਼ ਵਿੱਚ ਦੂਜੀਆਂ ਔਰਤਾਂ ਨਾਲ ਗੱਲਾਂ ਕਰਿਆ ਕਰਦੀ। ਪਰ ਕਦੇ ਕਦੇ ਜਦੋਂ ਉਸ ਦਾ ਪਤੀ ਦਫਤਰ ਹੁੰਦਾ ਅਤੇ ਉਹ ਘਰ ਦੇ ਕੰਮਾਂ ਤੋਂ ਵਿਹਲੀ ਹੁੰਦੀ ਤਾਂ ਖਿੜਕੀ ਦੇ ਕੋਲ ਬੈਠ ਜਾਂਦੀ ਅਤੇ ਉਸ ਸ਼ਾਮ ਦੇ ਬਾਰੇ ਵਿੱਚ ਸੋਚਣ ਲੱਗਦੀ ਜਦੋਂ ਉਹ ਇੰਨੀ ਹੁਸੀਨ ਅਤੇ ਇੰਨੀ ਮਕਬੂਲ ਸੀ।

ਜੇਕਰ ਉਹ ਹੀਰਿਆਂ ਦਾ ਹਾਰ ਨਾ ਗੁਆਚਦਾ ਤਾਂ ਕੀ ਹੁੰਦਾ? ਕੌਣ ਜਾਣੇ? ਕੌਣ ਜਾਣੇ? ਜ਼ਿੰਦਗੀ ਵੀ ਕਿੰਨੀ ਅਜੀਬ ਅਤੇ ਤਿਲਕਣ ਹੁੰਦੀ ਹੈ? ਇੱਕ ਹੀ ਲਮ੍ਹਾ ਕਿਵੇਂ ਜ਼ਿੰਦਗੀ ਨੂੰ ਤਬਾਹ ਕਰ ਸਕਦਾ ਹੈ ਅਤੇ ਇੱਕ ਹੀ ਲਮ੍ਹਾ ਕਿਵੇਂ ਇਸ ਨੂੰ ਸੰਵਾਰ ਵੀ ਸਕਦਾ ਹੈ!
ਕਈ ਵਾਰ ਐਤਵਾਰ ਨੂੰ ਉਹ ਆਪਣੇ ਘਰੇਲੂ ਕੰਮ ਕਾਜ ਤੋਂ ਵਿਹਲੀ ਹੋ ਕੇ ਸੌਂਜੇ ਲੀਜੇ ਚਲੀ ਜਾਂਦੀ ਅਤੇ ਉੱਥੇ ਕੁਝ ਲਮਹਿਆਂ ਲਈ ਆਪਣੇ ਹਾਲ ਨੂੰ ਭੁੱਲ ਜਾਣ ਦੀ ਕੋਸ਼ਿਸ਼ ਕਰਦੀ। ਇੱਕ ਐਤਵਾਰ ਉਸਨੂੰ ਅਚਾਨਕ ਇੱਕ ਔਰਤ ਵਿਖਾਈ ਦਿੱਤੀ ਜੋ ਆਪਣੇ ਬੱਚੇ ਦੇ ਨਾਲ ਜਾ ਰਹੀ ਸੀ। ਇਹ ਮਿਸਿਜ ਫ਼ੌਰੇਸਤੀਏ ਸੀ ਓਨੀ ਹੀ ਜਵਾਨ, ਓਨੀ ਹੀ ਖ਼ੂਬਸੂਰਤ ਅਤੇ ਓਨੀ ਹੀ ਦਿਲਫ਼ਰੇਬ।

ਮਿਸਿਜ ਲੋਆਏਜਲ ਭਾਵਕਤਾ ਦਾ ਸ਼ਿਕਾਰ ਹੋ ਗਈ। ਕੀ ਉਸ ਨੂੰ ਮਿਲਣਾ ਚਾਹੀਦਾ ਹੈ? ਹਾਂ … ਕਿਉਂ ਨਹੀਂ ਹੁਣ ਜਦੋਂ ਕਿ ਉਹ ਸਾਰੀ ਅਦਾਇਗੀ ਕਰ ਚੁੱਕੇ ਹਨ ਤਾਂ ਇਸ ਨੂੰ ਸਭ ਕੁੱਝ ਦੱਸ ਦੇਣ ਵਿੱਚ ਕੀ ਹਰਜ ਹੈ….. ਕਿਉਂ ਨਹੀਂ?
ਉਹ ਉਸ ਦੇ ਸਾਹਮਣੇ ਜਾ ਖੜੀ ਹੋਈ।
“ਸ਼ੁਭ ਸਵੇਰ, ਜ਼ੇਨ!”

ਉਹ ਇਸ ਨੂੰ ਪਛਾਣ ਨਾ ਸਕੀ। ਉਸ ਦੇ ਚਿਹਰੇ ਉੱਤੇ ਕੁੱਝ ਹੈਰਾਨਗੀ ਜਿਹੀ ਦੇ ਹਾਵ ਭਾਵ ਸੀ ….. ਇਹ ਗ਼ਰੀਬ ਔਰਤ ਉਸ ਨਾਲ ਇਵੇਂ ਬੇ-ਤਕੱਲੁਫੀ ਨਾਲ ਗੱਲ ਕਰ ਰਹੀ ਹੈ? ਉਹ ਕੁੱਝ ਤੁਤਲਾ ਜਿਹੇ ਗਈ। “ਪਰ ….. ਭੈਣੇ ۔۔۔۔ ਮੈਂ ਤਾਂ… ਤੁਹਾਨੂੰ ਕੋਈ ਗ਼ਲਤਫ਼ਹਮੀ ਹੋਈ ਹੋਵੇਗੀ?”

“ਨਹੀਂ … ਮੈਂ ਮੈਥੀਲਡ ਲੋਆਏਜਲ ਹਾਂ।”

ਉਸ ਦੀ ਸਹੇਲੀ ਦਾ ਮੂੰਹ ਹੈਰਾਨੀ ਨਾਲ ਅੱਡਿਆ ਰਹਿ ਗਿਆ।

“ਓਹ ۔۔۔۔ ਮੇਰੀ ਮੈਥੀਲਡ ۔۔۔ ਤੂੰ ਕਿੰਨੀ ਬਦਲ ਗਈ!”

“ਹਾਂ। ਜਿਸ ਦਿਨ ਅਸੀ ਆਖ਼ਰੀ ਵਾਰ ਮਿਲੇ ਸੀ ਉਸ ਦੇ ਬਾਅਦ ਅਸੀਂ ਬਹੁਤ ਭੈੜੇ ਦਿਨ ਵੇਖੇ ਹਨ ਅਤੇ ਬਹੁਤ ਭੈੜੇ ਹਾਲ ਅਤੇ ….. ਅਤੇ ਇਹ ਸਭ ਤੁਹਾਡੀ ਹੀ ਵਜ੍ਹਾ ਨਾਲ ਹੋਇਆ ਹੈ…”

“ਮੇਰੀ ਵਜ੍ਹਾ ਨਾਲ? ਪਰ ਕਿਵੇਂ?”

“ਤੈਨੂੰ ਯਾਦ ਹੈ ਮੈਂ ਸਿਖਿਆ ਵਜ਼ਾਰਤ ਦੀ ਦਾਵਤ ਉੱਤੇ ਜਾਣ ਲਈ ਤੁਹਾਡੇ ਤੋਂ ਹੀਰਿਆਂ ਦਾ ਇੱਕ ਹਾਰ ਪਹਿਨਣ ਲਈ ਉਧਾਰ ਲਿਆ ਸੀ?”

“ਹਾਂ। ਯਾਦ ਹੈ। ਤਾਂ ਫਿਰ?”

“ਉਹ ਹਾਰ ਮੇਰੇ ਕੋਲੋਂ ਗੁਆਚ ਗਿਆ ਸੀ।”

”ਕੀ ਮਤਲਬ ਗੁਆਚ ਗਿਆ ਸੀ? ….. ਉਹ ਤਾਂ ਤੂੰ ਮੈਨੂੰ ਮੋੜ ਦਿੱਤਾ ਸੀ।”

“ਪਰ ਮੈਂ ਤੈਨੂੰ ਇੱਕ ਹੋਰ ਐਨ ਉਸ ਵਰਗਾ ਨਵਾਂ ਹਾਰ ਖ਼ਰੀਦ ਕੇ ਮੋੜਿਆ ਸੀ। ਅਤੇ ਹੁਣ ਦਸ ਸਾਲ ਹੋ ਚੁੱਕੇ ਹਨ ਅਸੀਂ ਉਸ ਦੀ ਕ਼ੀਮਤ ਚੁੱਕਾ ਰਹੇ ਸਾਂ। ਦੇਖ ਨਾ ਇਹ ਕੋਈ ਆਸਾਨ ਗੱਲ ਨਹੀਂ ਸੀ। ਸਾਡੇ ਕੋਲ ਤਾਂ ਪਹਿਲਾਂ ਹੀ ਕੁੱਝ ਨਹੀਂ ਸੀ… ਖੈਰ ਹੁਣ ਸਭ ਖ਼ਤਮ ਹੋ ਗਿਆ ਅਤੇ ਮੈਂ ਬਿਲਕੁਲ ਖ਼ੁਸ਼ ਹਾਂ।”
ਮਿਸਿਜ ਫ਼ੌਰੇਸਤੀਏ ਖ਼ਾਮੋਸ਼ੀ ਨਾਲ ਉਸ ਦਾ ਚਿਹਰਾ ਤਕਦੀ ਰਹੀ।
“ਕੀ ਤੂੰ ਇਹ ਕਹਿ ਰਹੀ ਹੈਂ ਕਿ ਤੂੰ ਮੇਰੇ ਹਾਰ ਦੀ ਥਾਂ ਹੀਰਿਆਂ ਦਾ ਇੱਕ ਨਵਾਂ ਹਾਰ ਖ਼ਰੀਦ ਕੇ ਮੋੜਿਆ ਸੀ?”

“ਹਾਂ। ਅਤੇ ਤੈਨੂੰ ਪਤਾ ਹੀ ਨਹੀਂ ਸੀ ਲੱਗਿਆ। ਹੈ ਨਾ? ਦੋਨੋਂ ਬਿਲਕੁਲ ਇੱਕੋ ਜਿਹੇ ਸਨ।”

ਫਿਰ ਉਸ ਦੇ ਬੁੱਲ੍ਹਾਂ ਉੱਤੇ ਇੱਕ ਫ਼ਖ਼ਰ ਅਤੇ ਮਾਸੂਮ ਖੁਸ਼ੀ ਨਾਲ ਭਿੱਜੀ ਮੁਸਕਾਨ ਫੈਲ ਗਈ।

ਮਿਸਿਜ ਫ਼ੌਰੇਸਤੀਏ ਚਿਹਰੇ ਉੱਤੇ ਅਜੀਬ ਜਿਹੇ ਹਾਵ ਭਾਵ ਲਈ ਉਠ ਖੜੀ ਹੋਈ ਅਤੇ ਆਪਣੀ ਸਹੇਲੀ ਦੇ ਦੋਨੋਂ ਹੱਥ ਆਪਣੇ ਹੱਥਾਂ ਵਿੱਚ ਲੈ ਲਏ।
“ਓਹ ਮੈਥੀਲਡ ਮੇਰਾ ਹਾਰ ਤਾਂ ਨਕਲੀ ਸੀ। ਉਸ ਦੀ ਕ਼ੀਮਤ ਤਾਂ ਵੱਧ ਤੋਂ ਵੱਧ ਪੰਜ ਸੌ ਫਰਾਂਕ ਸੀ…..!”

ਅਨੁਵਾਦ – ਚਰਨ ਗਿੱਲ