Posts Tagged ‘ਉਰਦੂ ਕਹਾਣੀਆਂ’

ਕੁੱਤੇ ਦੀ ਦੁਆ (ਕਹਾਣੀ) ~ ਸਆਦਤ ਹਸਨ ਮੰਟੋ

March 20, 2018

“ਤੁਸੀਂ ਯਕੀਨ ਨਹੀਂ ਕਰੋਗੇ। ਮਗਰ ਇਹ ਵਾਕਿਆ ਜੋ ਮੈਂ ਤੁਹਾਨੂੰ ਸੁਨਾਣ ਵਾਲਾ ਹਾਂ, ਬਿਲਕੁਲ ਠੀਕ ਹੈ।” ਇਹ ਕਹਿ ਕੇ ਸ਼ੇਖ ਸਾਹਿਬ ਨੇ ਬੀੜੀ ਸੁਲਗਾਈ। ਦੋ ਤਿੰਨ ਜ਼ੋਰ ਦੇ ਕਸ਼ ਲਾ ਕੇ ਉਸਨੂੰ ਸੁੱਟ ਦਿੱਤਾ ਅਤੇ ਆਪਣੀ ਦਾਸਤਾਨ ਸੁਣਾਉਣੀ ਸ਼ੁਰੂ ਕੀਤੀ। ਸ਼ੇਖ ਸਾਹਿਬ ਦੇ ਸੁਭਾ ਤੋਂ ਅਸੀਂ ਵਾਕਿਫ ਸਾਂ, ਇਸ ਲਈ ਅਸੀਂ ਖ਼ਾਮੋਸ਼ੀ ਨਾਲ ਸੁਣਦੇ ਰਹੇ। ਦਰਮਿਆਨ ਵਿੱਚ ਉਨ੍ਹਾਂ ਨੂੰ ਕਿਤੇ ਵੀ ਨਹੀਂ ਟੋਕਿਆ।

ਆਪ ਨੇ ਵਾਕਿਆ ਇਵੇਂ ਬਿਆਨ ਕਰਨਾ ਸ਼ੁਰੂ ਕੀਤਾ:
“ਗੋਲਡੀ ਮੇਰੇ ਕੋਲ ਪੰਦਰਾਂ ਬਰਸ ਤੋਂ ਸੀ। ਜਿਵੇਂ ਕਿਰ ਨਾਮ ਤੋਂ ਜ਼ਾਹਰ ਹੈ…..ਉਸ ਦਾ ਰੰਗ ਸੁਨਹਰੀ ਮਾਇਲ ਭੂਸਲਾ ਸੀ। ਬਹੁਤ ਹੀ ਹਸੀਨ ਕੁੱਤਾ ਸੀ। ਜਦੋਂ ਮੈਂ ਸਵੇਰੇ ਉਸ ਦੇ ਨਾਲ ਬਾਗ ਦੀ ਸੈਰ ਨੂੰ ਨਿਕਲਦਾ ਤਾਂ ਲੋਕ ਉਸਨੂੰ ਦੇਖਣ ਲਈ ਖੜੇ ਹੋ ਜਾਂਦੇ ਸਨ। ਲਾਰੈਂਸ ਗਾਰਡਨ ਦੇ ਬਾਹਰ ਮੈਂ ਉਸਨੂੰ ਖੜਾ ਕਰ ਦਿੰਦਾ। “ਗੋਲਡੀ ਖੜੇ ਰਹਿਣਾ ਇੱਥੇ। ਮੈਂ ਅਜੇਹੁਣੇ ਆਉਂਦਾ ਹਾਂ।” ਇਹ ਕਹਿ ਕੇ ਮੈਂ ਬਾਗ ਦੇ ਅੰਦਰ ਚਲਾ ਜਾਂਦਾ। ਘੁੰਮ ਫਿਰ ਕੇ ਅੱਧੇ ਘੰਟੇ ਦੇ ਬਾਅਦ ਵਾਪਸ ਆਉਂਦਾ ਤਾਂ ਗੋਲਡੀ ਉਥੇ ਹੀ ਆਪਣੇ ਲੰਬੇ ਲੰਬੇ ਕੰਨ ਲਟਕਾਈ ਖੜਾ ਹੁੰਦਾ।

ਸਪੇਨੀਅਲ ਜ਼ਾਤ ਦੇ ਕੁੱਤੇ ਆਮ ਤੌਰ ਉੱਤੇ ਵੱਡੇ ਵਫ਼ਾਦਾਰ ਅਤੇ ਫ਼ਰਮਾਂਬਰਦਾਰ ਹੁੰਦੇ ਹਨ। ਮਗਰ ਮੇਰੇ ਗੋਲਡੀ ਵਿੱਚ ਇਹ ਸਿਫ਼ਤਾਂ ਬਹੁਤ ਨੁਮਾਇਆਂ ਸਨ। ਜਦੋਂ ਤੱਕ ਉਹਨੂੰ ਆਪਣੇ ਹੱਥ ਨਾਲ ਖਾਣਾ ਨਾ ਦਿੰਦਾ ਨਹੀਂ ਖਾਂਦਾ ਸੀ। ਦੋਸਤ ਯਾਰਾਂ ਨੇ ਮੇਰਾ ਮਨ ਤੋੜਨ ਲਈ ਲੱਖਾਂ ਜਤਨ ਕੀਤੇ ਮਗਰ ਗੋਲਡੀ ਨੇ ਉਨ੍ਹਾਂ ਦੇ ਹੱਥੋਂ ਇੱਕ ਦਾਣਾ ਤੱਕ ਨਹੀਂ ਖਾਧਾ।

ਇੱਕ ਰੋਜ਼ ਇੱਤਫਾਕ ਦੀ ਗੱਲ ਹੈ ਕਿ ਮੈਂ ਲਾਰੈਂਸ ਦੇ ਬਾਹਰ ਉਸਨੂੰ ਛੱਡਕੇ ਅੰਦਰ ਗਿਆ ਤਾਂ ਇੱਕ ਦੋਸਤ ਮਿਲ ਗਿਆ। ਘੁੰਮਦੇ ਘੁੰਮਦੇ ਕਾਫ਼ੀ ਦੇਰ ਹੋ ਗਈ। ਇਸ ਦੇ ਬਾਅਦ ਉਹ ਮੈਨੂੰ ਆਪਣੀ ਕੋਠੀ ਲੈ ਗਿਆ। ਮੈਨੂੰ ਸ਼ਤਰੰਜ ਖੇਡਣ ਦੀ ਮਰਜ਼ ਸੀ। ਸ਼ੁਰੂ ਹੋਈ ਤਾਂ ਮੈਂ ਦੁਨੀਆ ਦਾ ਸਭ ਕੁਝ ਭੁੱਲ ਗਿਆ। ਕਈ ਘੰਟੇ ਗੁਜ਼ਰ ਗਏ। ਅਚਾਨਕ ਮੈਨੂੰ ਗੋਲਡੀ ਦਾ ਖਿਆਲ ਆਇਆ। ਬਾਜ਼ੀ ਛੱਡਕੇ ਲਾਰੈਂਸ ਦੇ ਗੇਟ ਦੀ ਤਰਫ਼ ਭੱਜਿਆ। ਗੋਲਡੀ ਉਥੇ ਹੀ ਆਪਣੇ ਲੰਬੇ ਲੰਬੇ ਕੰਨ ਲਟਕਾਏ ਖੜਾ ਸੀ। ਮੈਨੂੰ ਉਸ ਨੇ ਅਜੀਬ ਨਜਰਾਂ ਨਾਲ ਵੇਖਿਆ ਜਿਵੇਂ ਕਹਿ ਰਿਹਾ ਹੈ “ਦੋਸਤ, ਤੁਸੀਂ ਅੱਜ ਅੱਛਾ ਸੁਲੂਕ ਕੀਤਾ ਮੇਰੇ ਨਾਲ!”

ਮੈਂ ਬੇਹੱਦ ਪਛਤਾਇਆ। ਇਸਲਈ ਤੁਸੀਂ ਯਕੀਨ ਕਰਨਾ ਮੈਂ ਸ਼ਤਰੰਜ ਖੇਡਣੀ ਛੱਡ ਦਿੱਤੀ….. ਮੁਆਫ਼ ਕਰਨਾ। ਮੈਂ ਅਸਲ ਵਾਕੇ ਦੀ ਤਰਫ਼ ਅਜੇ ਤੱਕ ਨਹੀਂ ਆਇਆ। ਦਰਅਸਲ ਗੋਲਡੀ ਦੀ ਗੱਲ ਸ਼ੁਰੂ ਹੋਈ ਤਾਂ ਮੈਂ ਚਾਹੁੰਦਾ ਹਾਂ ਕਿ ਉਸਦੇ ਸੰਬੰਧ ਵਿੱਚ ਮੈਨੂੰ ਜਿੰਨੀਆਂ ਗੱਲਾਂ ਯਾਦ ਹਨ ਤੁਹਾਨੂੰ ਸੁਣਾ ਦੇਵਾਂ…. ਮੈਨੂੰ ਉਸ ਨਾਲ ਬੇਹੱਦ ਮੁਹੱਬਤ ਸੀ। ਮੇਰੇ ਮੁਜੱਰਦ ਰਹਿਣ ਦਾ ਇੱਕ ਸਬੱਬ ਉਸਦੀ ਮੁਹੱਬਤ ਵੀ ਸੀ ਜਦੋਂ ਮੈਂ ਵਿਆਹ ਨਾ ਕਰਨ ਦਾ ਤਹਈਆ ਕੀਤਾ ਤਾਂ ਉਸ ਨੂੰ ਖ਼ੱਸੀ ਕਰਾ ਦਿੱਤਾ….. ਤੁਸੀਂ ਸ਼ਾਇਦ ਕਹੋ ਕਿ ਮੈਂ ਜੁਲਮ ਕੀਤਾ, ਲੇਕਿਨ ਮੈਂ ਸਮਝਦਾ ਹਾਂ। ਮੁਹੱਬਤ ਵਿੱਚ ਹਰ ਚੀਜ਼ ਰਵਾ ਹੈ….. ਮੈਂ ਉਸਦੀ ਜ਼ਾਤ ਦੇ ਸਿਵਾ ਹੋਰ ਕਿਸੇ ਨੂੰ ਵਾਬਸਤਾ ਵੇਖਣਾ ਨਹੀਂ ਚਾਹੁੰਦਾ ਸੀ।

ਕਈ ਵਾਰ ਮੈਂ ਸੋਚਿਆ ਜੇਕਰ ਮੈਂ ਮਰ ਗਿਆ ਤਾਂ ਇਹ ਕਿਸੇ ਹੋਰ ਦੇ ਕੋਲ ਚਲਾ ਜਾਵੇਗਾ। ਕੁੱਝ ਦੇਰ ਮੇਰੀ ਮੌਤ ਦਾ ਅਸਰ ਇਸ ਉੱਤੇ ਰਹੇਗਾ। ਉਸ ਦੇ ਬਾਅਦ ਮੈਨੂੰ ਭੁੱਲ ਕੇ ਆਪਣੇ ਨਵੇਂ ਆਕਾ ਨਾਲ ਮੁਹੱਬਤ ਕਰਨਾ ਸ਼ੁਰੂ ਕਰ ਦੇਵੇਗਾ। ਜਦੋਂ ਮੈਂ ਇਹ ਸੋਚਦਾ ਤਾਂ ਮੈਨੂੰ ਬਹੁਤ ਦੁੱਖ ਹੁੰਦਾ। ਲੇਕਿਨ ਮੈਂ ਇਹ ਤਹਈਆ ਕਰ ਲਿਆ ਸੀ ਕਿ ਜੇਕਰ ਮੈਨੂੰ ਆਪਣੀ ਮੌਤ ਦੀ ਆਮਦ ਦਾ ਪੂਰਾ ਯਕੀਨ ਹੋ ਗਿਆ ਤਾਂ ਮੈਂ ਗੋਲਡੀ ਨੂੰ ਹਲਾਕ ਕਰ ਦੇਵਾਂਗਾ। ਅੱਖਾਂ ਬੰਦ ਕਰਕੇ ਉਸਨੂੰ ਗੋਲੀ ਦਾ ਨਿਸ਼ਾਨਾ ਬਣਾ ਦੇਵਾਂਗਾ।

ਗੋਲਡੀ ਕਦੇ ਇੱਕ ਪਲ ਲਈ ਮੈਥੋਂ ਜੁਦਾ ਨਹੀਂ ਹੋਇਆ ਸੀ। ਰਾਤ ਨੂੰ ਹਮੇਸ਼ਾ ਮੇਰੇ ਨਾਲ ਸੌਂਦਾ। ਮੇਰੀ ਤਨਹਾ ਜ਼ਿੰਦਗੀ ਵਿੱਚ ਉਹ ਇੱਕ ਰੋਸ਼ਨੀ ਸੀ। ਮੇਰੀ ਬੇਹੱਦ ਫਿੱਕੀ ਜ਼ਿੰਦਗੀ ਵਿੱਚ ਉਸਦਾ ਵਜੂਦ ਇੱਕ ਸ਼ੀਰਨੀ ਸੀ। ਉਸ ਨਾਲ ਮੇਰੀ ਗ਼ੈਰਮਾਮੂਲੀ ਮੁਹੱਬਤ ਵੇਖ ਕੇ ਕਈ ਦੋਸਤ ਮਜ਼ਾਕ ਉੜਾਂਦੇ ਸਨ। “ਸ਼ੇਖ ਸਾਹਿਬ ਗੋਲਡੀ ਕੁੱਤੀ ਹੁੰਦੀ ਤਾਂ ਤੁਸੀਂ ਜ਼ਰੂਰ ਉਸ ਨਾਲ ਸ਼ਾਦੀ ਕਰ ਲਈ ਹੁੰਦੀ।”

ਇੰਜ ਹੀ ਕਈ ਹੋਰ ਫ਼ਿਕਰੇ ਕਸੇ ਜਾਂਦੇ ਲੇਕਿਨ ਮੈਂ ਮੁਸਕਰਾ ਦਿੰਦਾ। ਗੋਲਡੀ ਬਹੁਤ ਜ਼ਹੀਨ ਸੀ ਉਸ ਦੇ ਸੰਬੰਧ ਵਿੱਚ ਜਦੋਂ ਕੋਈ ਗੱਲ ਹੋਈ ਹੁੰਦੀ ਤਾਂ ਫ਼ੌਰਨ ਉਸ ਦੇ ਕੰਨ ਖੜੇ ਹੋ ਜਾਂਦੇ ਸਨ। ਮੇਰੇ ਹਲਕੇ ਤੋਂ ਹਲਕੇ ਇਸ਼ਾਰੇ ਨੂੰ ਵੀ ਉਹ ਸਮਝ ਲੈਂਦਾ ਸੀ। ਮੇਰੇ ਮੂਡ ਦੇ ਸਾਰੇ ਉਤਾਰ ਚੜ੍ਹਾਓ ਉਸਨੂੰ ਪਤਾ ਹੁੰਦੇ। ਜੇਕਰ ਕਿਸੇ ਵਜ੍ਹਾ ਨਾਲ ਰੰਜੀਦਾ ਹੁੰਦਾ ਤਾਂ ਉਹ ਮੇਰੇ ਨਾਲ ਚੁਹਲਾਂ ਸ਼ੁਰੂ ਕਰ ਦਿੰਦਾ ਮੈਨੂੰ ਖ਼ੁਸ਼ ਕਰਨ ਲਈ ਹਰ ਮੁਮਕਿਨ ਕੋਸ਼ਿਸ਼ ਕਰਦਾ।

ਅਜੇ ਉਸ ਨੇ ਟੰਗ ਉਠਾ ਕੇ ਪੇਸ਼ਾਬ ਕਰਨਾ ਨਹੀਂ ਸਿੱਖਿਆ ਸੀ ਯਾਨੀ ਅਜੇ ਨਿਆਣਾ ਸੀ ਕਿ ਉਸ ਨੇ ਇੱਕ ਬਰਤਨ ਨੂੰ ਜੋ ਕਿ ਖ਼ਾਲੀ ਸੀ, ਥੂਥਨੀ ਵਧਾ ਕੇ ਸੁੰਘਿਆ। ਮੈਂ ਉਸਨੂੰ ਝਿੜਕਿਆ ਤਾਂ ਦੁਮ ਦਬਾ ਕੇ ਉਥੇ ਹੀ ਬੈਠ ਗਿਆ….. ਪਹਿਲਾਂ ਉਸ ਦੇ ਚਿਹਰੇ ਉੱਤੇ ਹੈਰਤ ਜਿਹੀ ਪੈਦਾ ਹੋਈ ਸੀ ਕਿ ਹਾਂ ਇਹ ਮੈਥੋਂ ਕੀ ਹੋ ਗਿਆ। ਦੇਰ ਤੱਕ ਗਰਦਨ ਸੁੱਟੀ ਬੈਠਾ ਰਿਹਾ, ਜਿਵੇਂ ਨਦਾਮਤ ਦੇ ਸਮੁੰਦਰ ਵਿੱਚ ਗਰਕ ਹੋਵੇ। ਮੈਂ ਉੱਠਿਆ। ਉਠ ਕੇ ਉਸਨੂੰ ਗੋਦ ਵਿੱਚ ਲਿਆ, ਪਿਆਰਿਆ ਪੁਚਕਾਰਿਆ। ਬੜੀ ਦੇਰ ਦੇ ਬਾਅਦ ਜਾ ਕੇ ਉਸਦੀ ਦੁਮ ਹਿਲੀ…. ਮੈਨੂੰ ਬਹੁਤ ਤਰਸ ਆਇਆ ਕਿ ਮੈਂ ਖ਼ਾਹ – ਮਖ਼ਾਹ ਉਸਨੂੰ ਡਾਂਟਿਆ ਕਿਉਂਕਿ ਉਸ ਰੋਜ਼ ਰਾਤ ਨੂੰ ਗਰੀਬ ਨੇ ਖਾਣ ਨੂੰ ਮੂੰਹ ਨਹੀਂ ਲਗਾਇਆ। ਉਹ ਬਹੁਤ ਸੰਵੇਦਨਸ਼ੀਲ ਕੁੱਤਾ ਸੀ।

ਮੈਂ ਬਹੁਤ ਬੇਪਰਵਾਹ ਆਦਮੀ ਹਾਂ। ਮੇਰੀ ਗ਼ਫ਼ਲਤ ਨਾਲ ਉਸ ਨੂੰ ਇੱਕ ਵਾਰ ਨਿਮੋਨੀਆ ਹੋ ਗਿਆ ਮੇਰੇ ਹੋਸ਼ ਉੱਡ ਗਏ। ਡਾਕਟਰਾਂ ਦੇ ਕੋਲ ਭੱਜਿਆ। ਇਲਾਜ ਸ਼ੁਰੂ ਹੋਇਆ। ਮਗਰ ਅਸਰ ਨਦਾਰਦ। ਲਗਾਤਾਰ ਸੱਤ ਰਾਤਾਂ ਜਾਗਦਾ ਰਿਹਾ। ਉਸਨੂੰ ਬਹੁਤ ਤਕਲੀਫ਼ ਸੀ। ਸਾਹ ਬੜੀ ਮੁਸ਼ਕਲ ਨਾਲ ਆਉਂਦਾ ਸੀ। ਜਦੋਂ ਸੀਨੇ ਵਿੱਚ ਦਰਦ ਉੱਠਦਾ ਤਾਂ ਉਹ ਮੇਰੀ ਤਰਫ਼ ਵੇਖਦਾ ਜਿਵੇਂ ਇਹ ਕਹਿ ਰਿਹਾ ਹੋਵੇ, “ਫ਼ਿਕਰ ਦੀ ਕੋਈ ਗੱਲ ਨਹੀਂ, ਮੈਂ ਠੀਕ ਹੋ ਜਾਵਾਂਗਾ।”

ਕਈ ਵਾਰ ਮੈਂ ਮਹਿਸੂਸ ਕੀਤਾ ਕਿ ਸਿਰਫ ਮੇਰੇ ਆਰਾਮ ਦੀ ਖ਼ਾਤਰ ਉਸ ਨੇ ਇਹ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿ ਉਸਦੀ ਤਕਲੀਫ ਕੁੱਝ ਘੱਟ ਹੈ ਉਹ ਅੱਖਾਂ ਮੀਚ ਲੈਂਦਾ, ਤਾਂਕਿ ਮੈਂ ਥੋੜ੍ਹੀ ਦੇਰ ਅੱਖ ਲਗਾ ਲਵਾਂ। ਅਠਵੀਂ ਰੋਜ਼ ਖ਼ੁਦਾ ਖ਼ੁਦਾ ਕਰਕੇ ਉਸ ਦਾ ਬੁਖਾਰ ਹਲਕਾ ਹੋਇਆ ਅਤੇ ਆਹਿਸਤਾ ਆਹਿਸਤਾ ਉੱਤਰ ਗਿਆ। ਮੈਂ ਪਿਆਰ ਨਾਲ ਉਸ ਦੇ ਸਿਰ ਉੱਤੇ ਹੱਥ ਫੇਰਿਆ ਤਾਂ ਮੈਨੂੰ ਇੱਕ ਥੱਕੀ ਥੱਕੀ ਜਿਹੀ ਮੁਸਕਾਣ ਉਸਦੀਆਂ ਅੱਖਾਂ ਵਿੱਚ ਤੈਰਦੀ ਨਜ਼ਰ ਆਈ।

ਨਮੋਨੀਏ ਦੇ ਜਾਲਿਮ ਹਮਲੇ ਦੇ ਬਾਅਦ ਦੇਰ ਤੱਕ ਉਸ ਨੂੰ ਕਮਜ਼ੋਰੀ ਰਹੀ। ਲੇਕਿਨ ਤਾਕਤਵਰ ਦਵਾਵਾਂ ਨੇ ਉਸਨੂੰ ਠੀਕ ਠਾਕ ਕਰ ਦਿੱਤਾ। ਇੱਕ ਲੰਮੀ ਗ਼ੈਰ ਹਾਜ਼ਰੀ ਦੇ ਬਾਅਦ ਲੋਕਾਂ ਨੇ ਮੈਨੂੰ ਉਸਦੇ ਨਾਲ ਵੇਖਿਆ ਤਾਂ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨੇ ਸ਼ੁਰੂ ਕੀਤੇ “ਆਸ਼ਿਕ ਮਾਸ਼ੂਕ ਕਿੱਥੇ ਗਾਇਬ ਸਨ ਇਤਨੇ ਦਿਨ?”

“ਆਪਸ ਵਿੱਚ ਕਿਤੇ ਲੜਾਈ ਤਾਂ ਨਹੀਂ ਹੋ ਗਈ ਸੀ?”

“ਕਿਸੇ ਹੋਰ ਨਾਲ ਤਾਂ ਨਜ਼ਰ ਨਹੀਂ ਲੜ ਗਈ ਸੀ ਗੋਲਡੀ ਦੀ?”

ਮੈਂ ਖ਼ਾਮੋਸ਼ ਰਿਹਾ। ਗੋਲਡੀ ਇਹ ਗੱਲਾਂ ਸੁਣਦਾ ਤਾਂ ਇੱਕ ਨਜ਼ਰ ਮੇਰੀ ਤਰਫ਼ ਵੇਖ ਕੇ ਖ਼ਾਮੋਸ਼ ਹੋ ਜਾਂਦਾ ਕਿ ਭੌਂਕਣ ਦਿਓ ਕੁੱਤਿਆਂ ਨੂੰ।

ਇਹ ਕਹਾਵਤ ਮਸ਼ਹੂਰ ਹੈ। ਕੁਨਦ ਹਮਜਿਨਸ ਬਾਹਮ ਜਿਨਸ ਪਰਵਾਜ਼। ਕਬੂਤਰ ਬਾ ਕਬੂਤਰ ਬਾਜ਼ ਬਾ ਬਾਜ਼।

ਲੇਕਿਨ ਗੋਲਡੀ ਨੂੰ ਆਪਣੇ ਹਮਜਿਨਸਾਂ ਨਾਲ ਕੋਈ ਦਿਲਚਸਪੀ ਨਹੀਂ ਸੀ। ਉਸਦੀ ਦੁਨੀਆ ਸਿਰਫ਼ ਮੇਰੀ ਜ਼ਾਤ ਸੀ। ਇਸ ਤੋਂ ਬਾਹਰ ਉਹ ਕਦੇ ਨਿਕਲਦਾ ਹੀ ਨਹੀਂ ਸੀ।

ਗੋਲਡੀ ਮੇਰੇ ਕੋਲ ਨਹੀਂ ਸੀ। ਜਦੋਂ ਇੱਕ ਦੋਸਤ ਨੇ ਮੈਨੂੰ ਅਖ਼ਬਾਰ ਪੜ੍ਹ ਕੇ ਸੁਣਾਇਆ। ਇਸ ਵਿੱਚ ਇੱਕ ਵਾਕਿਆ ਲਿਖਿਆ ਸੀ। ਤੁਸੀਂ ਸੁਣੋ ਬਹੁਤ ਦਿਲਚਸਪ ਹੈ। ਅਮਰੀਕਾ ਜਾਂ ਇੰਗਲਿਸਤਾਨ ਮੈਨੂੰ ਯਾਦ ਨਹੀਂ ਕਿੱਥੇ। ਇੱਕ ਸ਼ਖਸ ਦੇ ਕੋਲ ਕੁੱਤਾ ਸੀ। ਪਤਾ ਨਹੀਂ ਕਿਸ ਜ਼ਾਤ ਦਾ। ਉਸ ਸ਼ਖਸ ਦਾ ਆਪ੍ਰੇਸ਼ਨ ਹੋਣਾ ਸੀ। ਉਹਨੂੰ ਹਸਪਤਾਲ ਲੈ ਗਏ ਤਾਂ ਕੁੱਤਾ ਵੀ ਨਾਲ ਹੋ ਲਿਆ। ਸਟਰੈਚਰ ਉੱਤੇ ਪਾ ਕੇ ਉਸ ਨੂੰ ਆਪ੍ਰੇਸ਼ਨ ਰੁਮ ਵਿੱਚ ਲੈ ਜਾਣ ਲੱਗੇ ਤਾਂ ਕੁੱਤੇ ਨੇ ਅੰਦਰ ਜਾਣਾ ਚਾਹਿਆ। ਮਾਲਿਕ ਨੇ ਉਸ ਨੂੰ ਰੋਕਿਆ ਅਤੇ ਕਿਹਾ, ਬਾਹਰ ਖੜੇ ਰਹੋ। ਮੈਂ ਹੁਣੇ ਆਉਂਦਾ ਹਾਂ….. ਕੁੱਤਾ ਹੁਕਮ ਸੁਣ ਕੇ ਬਾਹਰ ਖੜਾ ਹੋ ਗਿਆ। ਅੰਦਰ ਮਾਲਿਕ ਦਾ ਆਪ੍ਰੇਸ਼ਨ ਹੋਇਆ। ਜੋ ਨਾਕਾਮ ਸਾਬਤ ਹੋਇਆ….. ਉਸਦੀ ਲਾਸ਼ ਦੂਜੇ ਦਰਵਾਜੇ ਤੋਂ ਬਾਹਰ ਕੱਢ ਦਿੱਤੀ ਗਈ….. ਕੁੱਤਾ ਬਾਰਾਂ ਬਰਸ ਤੱਕ ਉਥੇ ਹੀ ਖੜਾ ਆਪਣੇ ਮਾਲਿਕ ਦਾ ਇੰਤਜ਼ਾਰ ਕਰਦਾ ਰਿਹਾ। ਪੇਸ਼ਾਬ, ਪਾਖ਼ਾਨੇ ਲਈ ਕੁੱਝ ਉੱਥੇ ਵਲੋਂ ਹਟਦਾ….. ਫਿਰ ਉਥੇ ਹੀ ਖੜਾ ਹੋ ਜਾਂਦਾ….. ਆਖਿਰ ਇੱਕ ਰੋਜ਼ ਮੋਟਰ ਦੀ ਲਪੇਟ ਵਿੱਚ ਆ ਗਿਆ। ਅਤੇ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਮਗਰ ਇਸ ਹਾਲਤ ਵਿੱਚ ਵੀ ਉਹ ਖ਼ੁਦ ਨੂੰ ਘਸੀਟਦਾ ਹੋਇਆ ਉੱਥੇ ਪਹੁੰਚਿਆ, ਜਿੱਥੇ ਉਸ ਦੇ ਮਾਲਿਕ ਨੇ ਉਸਨੂੰ ਇੰਤਜ਼ਾਰ ਕਰਨ ਲਈ ਕਿਹਾ ਸੀ। ਆਖ਼ਰੀ ਸਾਹ ਉਸ ਨੇ ਉਸੇ ਜਗ੍ਹਾ ਲਿਆ….. ਇਹ ਵੀ ਲਿਖਿਆ ਸੀ….. ਕਿ ਹਸਪਤਾਲ ਵਾਲਿਆਂ ਨੇ ਉਸ ਦੀ ਲਾਸ਼ ਵਿੱਚ ਤੂੜੀ ਭਰ ਕੇ ਉਸਨੂੰ ਉਥੇ ਹੀ ਰੱਖ ਦਿੱਤਾ ਜਿਵੇਂ ਉਹ ਹੁਣ ਵੀ ਆਪਣੇ ਆਕਾ ਦੇ ਇੰਤਜ਼ਾਰ ਵਿੱਚ ਖੜਾ ਹੋਵੇ।

ਮੈਂ ਇਹ ਦਾਸਤਾਨ ਸੁਣੀ ਤਾਂ ਮੇਰੇ ਉੱਤੇ ਕੋਈ ਖ਼ਾਸ ਅਸਰ ਨਹੀਂ ਹੋਇਆ। ਅੱਵਲ ਤਾਂ ਮੈਨੂੰ ਉਸਦੀ ਸਿਹਤ ਹੀ ਦਾ ਯਕੀਨ ਨਹੀਂ ਆਇਆ, ਲੇਕਿਨ ਜਦੋਂ ਗੋਲਡੀ ਮੇਰੇ ਕੋਲ ਆਇਆ ਅਤੇ ਮੈਨੂੰ ਉਸਦੀਆਂ ਸਿਫ਼ਤਾਂ ਦਾ ਇਲਮ ਹੋਇਆ ਤਾਂ ਬਹੁਤ ਵਰ੍ਹਿਆਂ ਦੇ ਬਾਅਦ ਮੈਂ ਇਹ ਦਾਸਤਾਨ ਕਈ ਦੋਸਤਾਂ ਨੂੰ ਸੁਣਾਈ। ਸੁਣਾਉਂਦੇ ਵਕ਼ਤ ਮੇਰੇ ਉੱਤੇ ਇੱਕ ਤਰਲਤਾ ਤਾਰੀ ਹੋ ਜਾਂਦੀ ਸੀ ਅਤੇ ਮੈਂ ਸੋਚਣ ਲੱਗਦਾ ਸੀ, “ਮੇਰੇ ਗੋਲਡੀ ਨਾਲ ਵੀ ਕੋਈ ਅਜਿਹਾ ਕਾਰਨਾਮਾ ਵਾਬਸਤਾ ਹੋਣਾ ਚਾਹੀਦਾ ਹੈ….. ਗੋਲਡੀ ਮਾਮੂਲੀ ਹਸਤੀ ਨਹੀਂ ਹੈ।”

ਗੋਲਡੀ ਬਹੁਤ ਸਰਲ ਅਤੇ ਗੰਭੀਰ ਸੀ। ਬਚਪਨ ਵਿੱਚ ਉਸ ਨੇ ਥੋੜ੍ਹੀਆਂ ਸ਼ਰਾਰਤਾਂ ਕੀਤੀਆਂ ਮਗਰ ਜਦੋਂ ਉਸ ਨੇ ਵੇਖਿਆ ਕਿ ਮੈਨੂੰ ਪਸੰਦ ਨਹੀਂ ਤਾਂ ਉਨ੍ਹਾਂ ਨੂੰ ਤਰਕ ਕਰ ਦਿੱਤੀਆਂ। ਆਹਿਸਤਾ ਆਹਿਸਤਾ ਗੰਭੀਰਤਾ ਇਖ਼ਤਿਆਰ ਕਰ ਲਈ ਜੋ ਤਾ ਦਮ-ਏ-ਮਰਗ (ਮੌਤ ਦੇ ਦਮ ਤੱਕ) ਕਾਇਮ ਰਹੀ।

ਮੈਂ ‘ਤਾ ਦਮ-ਏ-ਮਰਗ’ ਕਿਹਾ ਹੈ ਤਾਂ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ ਹਨ।

ਸ਼ੇਖ ਸਾਹਿਬ ਰੁਕ ਗਏ ਉਨ੍ਹਾਂ ਦੀ ਅੱਖਾਂ ਗਿੱਲੀਆਂ ਹੋ ਗਈਆਂ ਸਨ। ਅਸੀਂ ਖ਼ਾਮੋਸ਼ ਰਹੇ ਥੋੜ੍ਹੇ ਅਰਸੇ ਦੇ ਬਾਅਦ ਉਨ੍ਹਾਂ ਨੇ ਰੂਮਾਲ ਕੱਢ ਕੇ ਆਪਣੇ ਅੱਥਰੂ ਪੂੰਝੇ ਅਤੇ ਕਹਿਣਾ ਸ਼ੁਰੂ ਕੀਤਾ।

“ਇਹੀ ਮੇਰੀ ਜ਼ਿਆਦਤੀ ਹੈ ਕਿ ਮੈਂ ਜ਼ਿੰਦਾ ਹਾਂ….. ਲੇਕਿਨ ਸ਼ਾਇਦ ਇਸ ਲਈ ਜ਼ਿੰਦਾ ਹਾਂ ਕਿ ਇਨਸਾਨ ਹਾਂ….. ਮਰ ਜਾਂਦਾ ਤਾਂ ਸ਼ਾਇਦ ਗੋਲਡੀ ਦੀ ਤੌਹੀਨ ਹੁੰਦੀ….. ਜਦੋਂ ਉਹ ਮਰਿਆ ਤਾਂ ਰੋ ਰੋ ਕੇ ਮੇਰਾ ਬੁਰਾ ਹਾਲ ਸੀ….. ਲੇਕਿਨ ਉਹ ਮਰਿਆ ਨਹੀਂ ਸੀ। ਮੈਂ ਉਸ ਨੂੰ ਮਰਵਾ ਦਿੱਤਾ ਸੀ। ਇਸ ਲਈ ਨਹੀਂ ਕਿ ਮੈਨੂੰ ਆਪਣੀ ਮੌਤ ਦੀ ਆਮਦ ਦਾ ਯਕੀਨ ਹੋ ਗਿਆ ਸੀ….. ਉਹ ਪਾਗਲ ਹੋ ਗਿਆ ਸੀ। ਅਜਿਹਾ ਪਾਗਲ ਨਹੀਂ ਜਿਵੇਂ ਕਿ ਆਮ ਪਾਗਲ ਕੁੱਤੇ ਹੁੰਦੇ ਹਨ। ਉਸਦੇ ਮਰਜ਼ ਦਾ ਕੁੱਝ ਪਤਾ ਹੀ ਨਹੀਂ ਚੱਲਦਾ ਸੀ। ਉਸ ਨੂੰ ਸਖ਼ਤ ਤਕਲੀਫ ਸੀ। ਜਾਂਕਨੀ (ਭਿਅੰਕਰ ਖੌਫ਼) ਵਰਗਾ ਆਲਮ ਉਸ ਉੱਤੇ ਤਾਰੀ ਸੀ। ਡਾਕਟਰਾਂ ਨੇ ਕਿਹਾ ਇਸ ਦਾ ਵਾਹਿਦ ਇਲਾਜ ਇਹੀ ਹੈ ਕਿ ਇਸਨੂੰ ਮਰਵਾ ਦਿਓ। ਮੈਂ ਪਹਿਲਾਂ ਸੋਚਿਆ ਨਹੀਂ। ਲੇਕਿਨ ਉਹ ਜਿਸ ਅਜ਼ੀਅਤ ਵਿੱਚ ਗਿਰਫਤਾਰ ਸੀ, ਮੈਥੋਂ ਵੇਖੀ ਨਹੀਂ ਜਾਂਦੀ ਸੀ। ਮੈਂ ਮੰਨ ਗਿਆ ਅਤੇ ਉਹ ਉਸਨੂੰ ਇੱਕ ਕਮਰਾ ਵਿੱਚ ਲੈ ਗਏ ਜਿੱਥੇ ਬਰਕੀ ਝੱਟਕਾ ਪਹੁੰਚਾ ਕੇ ਹਲਾਕ ਕਰਨ ਵਾਲੀ ਮਸ਼ੀਨ ਸੀ। ਮੈਂ ਅਜੇ ਆਪਣੇ ਤੁਛ ਜਿਹੇ ਦਿਮਾਗ਼ ਵਿੱਚ ਚੰਗੀ ਤਰ੍ਹਾਂ ਕੁੱਝ ਸੋਚ ਵੀ ਨਹੀਂ ਸਕਿਆ ਸੀ ਕਿ ਉਹ ਉਸਦੀ ਲਾਸ਼ ਲੈ ਆਏ….. ਮੇਰੇ ਗੋਲਡੀ ਦੀ ਲਾਸ਼। ਜਦੋਂ ਮੈਂ ਉਸਨੂੰ ਆਪਣੀਆਂ ਬਾਹਵਾਂ ਵਿੱਚ ਚੁੱਕਿਆ ਤਾਂ ਮੇਰੇ ਅੱਥਰੂ ਟਪ ਟਪ ਉਸ ਦੇ ਸੁਨਹਿਰੇ ਵਾਲਾਂ ਉੱਤੇ ਡਿੱਗਣ ਲੱਗੇ, ਜੋ ਪਹਿਲਾਂ ਕਦੇ ਗਰਦ ਆਲੂਦ ਨਹੀਂ ਹੋਏ ਸਨ….. ਟਾਂਗੇ ਵਿੱਚ ਉਸਨੂੰ ਘਰ ਲਿਆਇਆ। ਦੇਰ ਤੱਕ ਉਸ ਨੂੰ ਵੇਖਿਆ ਕੀ। ਪੰਦਰਾਂ ਸਾਲ ਦੀ ਦੋਸਤੀ ਦੀ ਲਾਸ਼ ਮੇਰੇ ਬਿਸਤਰ ਉੱਤੇ ਪਈ ਸੀ….. ਕੁਰਬਾਨੀ ਦਾ ਮੁਜੱਸਮਾ ਟੁੱਟ ਗਿਆ ਸੀ। ਮੈਂ ਉਸ ਨੂੰ ਨਹਾਇਆ….. ਕਫ਼ਨ ਪੁਆਇਆ। ਬਹੁਤ ਦੇਰ ਤੱਕ ਸੋਚਦਾ ਰਿਹਾ ਕਿ ਹੁਣ ਕੀ ਕਰਾਂ….. ਜ਼ਮੀਨ ਵਿੱਚ ਦਫਨ ਕਰਾਂ ਜਾਂ ਜਲਾ ਦੇਵਾਂ।

ਜ਼ਮੀਨ ਵਿੱਚ ਦਫਨ ਕਰਦਾ ਤਾਂ ਉਸਦੀ ਮੌਤ ਦਾ ਇੱਕ ਨਿਸ਼ਾਨ ਰਹਿ ਜਾਂਦਾ। ਇਹ ਮੈਨੂੰ ਪਸੰਦ ਨਹੀਂ ਸੀ। ਪਤਾ ਨਹੀਂ ਕਿਉਂ। ਇਹ ਵੀ ਪਤਾ ਨਹੀਂ ਕਿ ਮੈਂ ਕਿਉਂ ਉਸ ਨੂੰ ਦਰਿਆ ਵਿੱਚ ਗ਼ਰਕ ਕਰਨਾ ਚਾਹਿਆ। ਮੈਂ ਇਸ ਦੇ ਸੰਬੰਧ ਵਿੱਚ ਹੁਣ ਵੀ ਕਈ ਵਾਰ ਸੋਚਿਆ ਹੈ। ਮਗਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ….. ਖੈਰ ਮੈਂ ਇੱਕ ਨਵੀਂ ਬੋਰੀ ਵਿੱਚ ਉਸਦੀ ਕਫ਼ਨਾਈ ਹੋਈ ਲਾਸ਼ ਪਾਈ….. ਧੋ ਧਾ ਕੇ ਵੱਟੇ ਉਸ ਵਿੱਚ ਪਾਏ ਅਤੇ ਦਰਿਆ ਦੀ ਤਰਫ਼ ਰਵਾਨਾ ਹੋ ਗਿਆ।

ਜਦੋਂ ਬੇੜੀ ਦਰਿਆ ਦੇ ਦਰਮਿਆਨ ਪਹੁੰਚੀ। ਅਤੇ ਮੈਂ ਬੋਰੀ ਦੀ ਤਰਫ਼ ਵੇਖਿਆ ਤਾਂ ਗੋਲਡੀ ਨਾਲ ਪੰਦਰਾਂ ਬਰਸ ਦੀ ਦੋਸਤੀ ਅਤੇ ਮੁਹੱਬਤ ਇੱਕ ਬਹੁਤ ਹੀ ਤੇਜ਼ ਤਲਖੀ ਬਣ ਕੇ ਮੇਰੇ ਹਲਕ ਵਿੱਚ ਅਟਕ ਗਈ। ਮੈਂ ਹੁਣ ਜ਼ਿਆਦਾ ਦੇਰ ਕਰਨਾ ਮੁਨਾਸਿਬ ਨਾ ਸਮਝਿਆ। ਕੰਬਦੇ ਹੋਏ ਹੱਥਾਂ ਨਾਲ ਬੋਰੀ ਚੁੱਕੀ ਅਤੇ ਦਰਿਆ ਵਿੱਚ ਸੁੱਟ ਦਿੱਤੀ। ਵਗਦੇ ਹੋਏ ਪਾਣੀ ਦੀ ਚਾਦਰ ਉੱਤੇ ਕੁੱਝ ਬੁਲਬੁਲੇ ਉੱਠੇ ਅਤੇ ਹਵਾ ਵਿੱਚ ਹੱਲ ਹੋ ਗਏ।

ਬੇੜੀ ਵਾਪਸ ਸਾਹਲ ਉੱਤੇ ਆਈ। ਮੈਂ ਉੱਤਰ ਕੇ ਦੇਰ ਤੱਕ ਉਸ ਤਰਫ਼ ਵੇਖਦਾ ਰਿਹਾ ਜਿੱਥੇ ਮੈਂ ਗੋਲਡੀ ਨੂੰ ਪਾਣੀ ਵਿੱਚ ਗ਼ਰਕ ਕੀਤਾ ਸੀ….. ਸ਼ਾਮ ਦਾ ਧੁੰਦਲਕਾ ਛਾਇਆ ਹੋਇਆ ਸੀ। ਪਾਣੀ ਬੜੀ ਖ਼ਾਮੋਸ਼ੀ ਨਾਲ ਵਗ ਰਿਹਾ ਸੀ ਜਿਵੇਂ ਉਹ ਗੋਲਡੀ ਨੂੰ ਆਪਣੀ ਗੋਦ ਵਿੱਚ ਸੁਲਾ ਰਿਹਾ ਹੋਵੇ।”

ਇਹ ਕਹਿ ਕੇ ਸ਼ੇਖ ਸਾਹਿਬ ਖ਼ਾਮੋਸ਼ ਹੋ ਗਏ। ਕੁਝ ਲਮ੍ਹਿਆਂ ਦੇ ਬਾਅਦ ਸਾਡੇ ਵਿੱਚੋਂ ਇੱਕ ਨੇ ਉਨ੍ਹਾਂ ਕੋਲੋਂ ਪੁੱਛਿਆ। “ਲੇਕਿਨ ਸ਼ੇਖ ਸਾਹਿਬ ਤੁਸੀਂ ਤਾਂ ਖ਼ਾਸ ਵਾਕਿਆ ਸੁਨਾਣ ਵਾਲੇ ਸੋ।”

ਸ਼ੇਖ ਸਾਹਿਬ ਚੋਂਕੇ….. “ਓਹ ਮੁਆਫ਼ ਕਰਿਓਰਨਾ। ਮੈਂ ਆਪਣੀ ਰੌ ਵਿੱਚ ਪਤਾ ਨਹੀਂ ਕਿੱਥੋਂ ਕਿੱਥੇ ਪਹੁੰਚ ਗਿਆ….. ਵਾਕਿਆ ਇਹ ਸੀ ਕਿ….. ਮੈਂ ਹੁਣ ਅਰਜ ਕਰਦਾ ਹਾਂ….. ਪੰਦਰਾਂ ਬਰਸ ਹੋ ਗਏ ਸਨ ਸਾਡੀ ਦੋਸਤੀ ਨੂੰ। ਇਸ ਦੌਰਾਨ ਮੈਂ ਕਦੇ ਬੀਮਾਰ ਨਹੀਂ ਹੋਇਆ ਸੀ। ਮੇਰੀ ਸਿਹਤ ਮਾਸ਼ਾ ਅੱਲ੍ਹਾ ਬਹੁਤ ਚੰਗੀ ਸੀ, ਲੇਕਿਨ ਜਿਸ ਦਿਨ ਮੈਂ ਗੋਲਡੀ ਦੀ ਪੰਦਰਵੀਂ ਵਰ੍ਹੇਗੰਢ ਮਨਾਈ, ਉਸ ਦੇ ਦੂਜੇ ਦਿਨ ਮੈਂ ਹੱਡਭੰਨਣੀ ਮਹਿਸੂਸ ਕੀਤੀ। ਸ਼ਾਮ ਨੂੰ ਇਹ ਹੱਡਭੰਨਣੀ ਤੇਜ਼ ਬੁਖਾਰ ਵਿੱਚ ਤਬਦੀਲ ਹੋ ਗਈ। ਰਾਤ ਨੂੰ ਸਖ਼ਤ ਬੇਚੈਨ ਰਿਹਾ। ਗੋਲਡੀ ਜਾਗਦਾ ਰਿਹਾ। ਇੱਕ ਅੱਖ ਬੰਦ ਕਰਕੇ ਦੂਜੀ ਅੱਖ ਨਾਲ ਮੈਨੂੰ ਵੇਖਦਾ ਰਿਹਾ। ਪਲੰਗ ਤੋਂ ਉੱਤਰ ਕੇ ਹੇਠਾਂ ਜਾਂਦਾ। ਫਿਰ ਆਕੇ ਬੈਠ ਜਾਂਦਾ।

ਜ਼ਿਆਦਾ ਉਮਰ ਹੋ ਜਾਣ ਦੇ ਸਬੱਬ ਉਸ ਦੀ ਨਿਗਾਹ ਅਤੇ ਸੁਣਨ-ਸ਼ਕਤੀ ਕਮਜ਼ੋਰ ਹੋ ਗਈ ਸੀ ਲੇਕਿਨ ਜਰਾ ਜਿੰਨੀ ਆਹਟ ਹੁੰਦੀ ਤਾਂ ਉਹ ਚੌਂਕ ਪੈਂਦਾ ਅਤੇ ਆਪਣੀਆਂ ਧੁੰਦਲੀਆਂ ਅੱਖਾਂ ਨਾਲ ਮੇਰੀ ਤਰਫ਼ ਵੇਖਦਾ ਅਤੇ ਜਿਵੇਂ ਇਹ ਪੁੱਛਦਾ….. “ਇਹ ਕੀ ਹੋ ਗਿਆ ਹੈ ਤੈਨੂੰ?”

ਉਸ ਨੂੰ ਹੈਰਤ ਸੀ ਕਿ ਮੈਂ ਇੰਨੀ ਦੇਰ ਤੱਕ ਪਲੰਗ ਉੱਤੇ ਕਿਉਂ ਪਿਆ ਹਾਂ, ਲੇਕਿਨ ਉਹ ਜਲਦੀ ਹੀ ਸਾਰੀ ਗੱਲ ਸਮਝ ਗਿਆ। ਜਦੋਂ ਮੈਨੂੰ ਬਿਸਤਰ ਉੱਤੇ ਲਿਟੇ ਕਈ ਦਿਨ ਬੀਤ ਗਏ ਤਾਂ ਉਸ ਦੇ ਬੁਢੇ ਚਿਹਰੇ ਉੱਤੇ ਮਾਯੂਸੀ ਛਾ ਗਈ। ਮੈਂ ਉਸ ਨੂੰ ਆਪਣੇ ਹੱਥਾਂ ਖਿਲਾਇਆ ਕਰਦਾ ਸੀ। ਰੋਗ ਦੇ ਆਗਾਜ਼ ਵਿੱਚ ਤਾਂ ਮੈਂ ਉਸ ਨੂੰ ਖਾਣਾ ਦਿੰਦਾ ਰਿਹਾ। ਜਦੋਂ ਕਮਜ਼ੋਰੀ ਵੱਧ ਗਈ ਤਾਂ ਮੈਂ ਇੱਕ ਦੋਸਤ ਨੂੰ ਕਿਹਾ ਕਿ ਉਹ ਸਵੇਰੇ ਸ਼ਾਮ ਗੋਲਡੀ ਨੂੰ ਖਾਣਾ ਖਿਲਾਉਣ ਆ ਜਾਇਆ ਕਰੇ। ਉਹ ਆਉਂਦਾ ਰਿਹਾ। ਮਗਰ ਗੋਲਡੀ ਨੇ ਉਸ ਦੀ ਪਲੇਟ ਦੀ ਤਰਫ਼ ਮੂੰਹ ਨਹੀਂ ਕੀਤਾ। ਮੈਂ ਬਹੁਤ ਕਿਹਾ। ਲੇਕਿਨ ਉਹ ਨਹੀਂ ਮੰਨਿਆ। ਇੱਕ ਮੈਨੂੰ ਆਪਣੇ ਮਰਜ਼ ਦੀ ਤਕਲੀਫ ਸੀ ਜੋ ਦੂਰ ਹੋਣ ਹੀ ਵਿੱਚ ਨਹੀਂ ਆਉਂਦਾ ਸੀ। ਦੂਜੇ ਮੈਨੂੰ ਗੋਲਡੀ ਦੀ ਫ਼ਿਕਰ ਸੀ ਜਿਸ ਨੇ ਖਾਣਾ ਪੀਣਾ ਬਿਲਕੁਲ ਬੰਦ ਕਰ ਦਿੱਤਾ ਸੀ।

ਹੁਣ ਉਸ ਨੇ ਪਲੰਗ ਉੱਤੇ ਬੈਠਣਾ ਵੀ ਛੱਡ ਦਿੱਤਾ। ਸਾਹਮਣੇ ਦੀਵਾਰ ਦੇ ਕੋਲ ਸਾਰਾ ਦਿਨ ਅਤੇ ਸਾਰੀ ਰਾਤ ਖ਼ਾਮੋਸ਼ ਬੈਠਾ ਆਪਣੀ ਧੁੰਦਲੀਆਂ ਅੱਖਾਂ ਨਾਲ ਮੈਨੂੰ ਵੇਖਦਾ ਰਹਿੰਦਾ। ਇਸ ਨਾਲ ਮੈਨੂੰ ਹੋਰ ਵੀ ਦੁੱਖ ਹੋਇਆ। ਉਹ ਕਦੇ ਨੰਗੀ ਜ਼ਮੀਨ ਉੱਤੇ ਨਹੀਂ ਬੈਠਾ ਸੀ। ਮੈਂ ਉਸ ਨੂੰ ਬਹੁਤ ਕਿਹਾ। ਲੇਕਿਨ ਉਹ ਨਹੀਂ ਮੰਨਿਆ।

ਉਹ ਬਹੁਤ ਜ਼ਿਆਦਾ ਖ਼ਾਮੋਸ਼ ਹੋ ਗਿਆ ਸੀ। ਅਜਿਹਾ ਲੱਗਦਾ ਸੀ ਕਿ ਉਹ ਗ਼ਮ ਅਤੇ ਦੁੱਖ ਵਿੱਚ ਗਰਕ ਹੈ। ਕਦੇ ਕਦੇ ਉਠ ਕੇ ਪਲੰਗ ਦੇ ਕੋਲ ਆਉਂਦਾ। ਅਜੀਬ ਹਸਰਤ ਭਰੀਆਂ ਨਜਰਾਂ ਨਾਲ ਮੇਰੀ ਤਰਫ਼ ਵੇਖਦਾ ਅਤੇ ਗਰਦਨ ਝੁੱਕਾ ਕੇ ਵਾਪਸ ਦੀਵਾਰ ਦੇ ਕੋਲ ਚਲਾ ਜਾਂਦਾ।

ਇੱਕ ਰਾਤ ਲੈੰਪ ਦੀ ਰੋਸ਼ਨੀ ਵਿੱਚ ਮੈਂ ਵੇਖਿਆ, ਕਿ ਗੋਲਡੀ ਦੀਆਂ ਧੁੰਦਲੀਆਂ ਅੱਖਾਂ ਵਿੱਚ ਅੱਥਰੂ ਚਮਕ ਰਹੇ ਹਨ। ਉਸ ਦੇ ਚਿਹਰੇ ਤੋਂ ਦੁੱਖ ਅਤੇ ਦਰਦ ਬਰਸ ਰਿਹਾ ਸੀ। ਮੈਨੂੰ ਬਹੁਤ ਦੁੱਖ ਹੋਇਆ। ਮੈਂ ਉਸਨੂੰ ਹੱਥ ਦੇ ਇਸ਼ਾਰੇ ਨਾਲ ਬੁਲਾਇਆ। ਲੰਬੇ ਲੰਬੇ ਸੁਨਹਿਰੇ ਕੰਨ ਹਿਲਾਂਦਾ ਉਹ ਮੇਰੇ ਕੋਲ ਆਇਆ। ਮੈਂ ਬੜੇ ਪਿਆਰ ਨਾਲ ਕਿਹਾ। “ਗੋਲਡੀ ਮੈਂ ਅੱਛਾ ਹੋ ਜਾਵਾਂਗਾ। ਤੂੰ ਦੁਆ ਮੰਗ….. ਤੇਰੀ ਦੁਆ ਜ਼ਰੂਰ ਕਬੂਲ ਹੋਵੇਂਗੀ।”

ਇਹ ਸੁਣ ਕੇ ਉਸ ਨੇ ਬੜੀਆਂ ਉਦਾਸ ਅੱਖਾਂ ਨਾਲ ਮੈਨੂੰ ਵੇਖਿਆ, ਫਿਰ ਸਿਰ ਉੱਪਰ ਉਠਾ ਕੇ ਛੱਤ ਦੀ ਤਰਫ਼ ਦੇਖਣ ਲਗਾ, ਜਿਵੇਂ ਦੁਆ ਮੰਗ ਰਿਹਾ ਹੋਵੇ….. ਕੁੱਝ ਦੇਰ ਉਹ ਇਸ ਤਰ੍ਹਾਂ ਖੜਾ ਰਿਹਾ। ਮੇਰੇ ਜਿਸਮ ਉੱਤੇ ਕੰਬਣੀ ਸੀ ਤਾਰੀ ਹੋ ਗਈ। ਇੱਕ ਅਜੀਬੋ ਗਰੀਬ ਤਸਵੀਰ ਮੇਰੀਆਂ ਅੱਖਾਂ ਦੇ ਸਾਹਮਣੇ ਸੀ। ਗੋਲਡੀ ਸਚਮੁੱਚ ਦੁਆ ਮੰਗ ਰਿਹਾ ਸੀ….. ਮੈਂ ਸੱਚ ਅਰਜ ਕਰਦਾ ਹਾਂ ਉਹ ਸਿਰ ਤੋਂ ਪੈਰਾਂ ਤੱਕ ਦੁਆ ਸੀ। ਮੈਂ ਕਹਿਣਾ ਨਹੀਂ ਚਾਹੁੰਦਾ। ਲੇਕਿਨ ਉਸ ਵਕ਼ਤ ਮੈਂ ਮਹਿਸੂਸ ਕੀਤਾ ਕਿ ਉਸਦੀ ਰੂਹ ਖ਼ੁਦਾ ਦੇ ਹੁਜ਼ੂਰ ਪਹੁੰਚ ਕੇ ਗਿੜਗੜਾ ਰਹੀ ਹੈ।

ਮੈਂ ਕੁਝ ਹੀ ਦਿਨਾਂ ਵਿੱਚ ਅੱਛਾ ਹੋ ਗਿਆ। ਲੇਕਿਨ ਗੋਲਡੀ ਦੀ ਹਾਲਤ ਪਤਲੀ ਹੋ ਗਈ। ਜਦੋਂ ਤੱਕ ਮੈਂ ਬਿਸਤਰ ਉੱਤੇ ਸੀ ਉਹ ਅੱਖਾਂ ਬੰਦ ਕੀਤੇ ਦੀਵਾਰ ਦੇ ਨਾਲ ਖ਼ਾਮੋਸ਼ ਬੈਠਾ ਰਿਹਾ। ਮੈਂ ਹਿਲਣ ਜੁਲਣ ਦੇ ਕਾਬਿਲ ਹੋਇਆ ਤਾਂ ਮੈਂ ਉਹਨੂੰ ਖਿਲਾਉਣ ਪਿਲਾਣ ਦੀ ਕੋਸ਼ਿਸ਼ ਕੀਤੀ ਮਗਰ ਬੇਸੂਦ। ਉਸਨੂੰ ਹੁਣ ਕਿਸੇ ਚੀਜ਼ ਵਿੱਚ ਦਿਲਚਸਪੀ ਨਹੀਂ ਸੀ। ਦੁਆ ਮੰਗਣ ਦੇ ਬਾਅਦ ਜਿਵੇਂ ਉਸਦੀ ਸਾਰੀ ਤਾਕਤ ਚਲੀ ਗਈ ਸੀ।

ਮੈਂ ਉਸ ਨੂੰ ਕਹਿੰਦਾ, “ਮੇਰੀ ਤਰਫ਼ ਵੇਖ ਗੋਲਡੀ….. ਮੈਂ ਅੱਛਾ ਹੋ ਗਿਆ ਹਾਂ….. ਖ਼ੁਦਾ ਨੇ ਤੇਰੀ ਦੁਆ ਕਬੂਲ ਕਰ ਲਈ ਹੈ,” ਲੇਕਿਨ ਉਹ ਅੱਖਾਂ ਨਾ ਖੋਲ੍ਹਦਾ। ਮੈਂ ਦੋ ਤਿੰਨ ਦਫਾ ਡਾਕਟਰ ਬੁਲਾਇਆ। ਉਸ ਨੇ ਇੰਜੈਕਸ਼ਨ ਲਗਾਏ ਪਰ ਕੁੱਝ ਨਾ ਹੋਇਆ। ਇੱਕ ਦਿਨ ਮੈਂ ਡਾਕਟਰ ਲੈ ਕੇ ਆਇਆ ਤਾਂ ਉਸ ਦਾ ਦਿਮਾਗ਼ ਚੱਲ ਚੁੱਕਿਆ ਸੀ।

ਮੈਂ ਉਠਾ ਕੇ ਉਸਨੂੰ ਵੱਡੇ ਡਾਕਟਰ ਦੇ ਕੋਲ ਲੈ ਗਿਆ ਅਤੇ ਉਸ ਨੂੰ ਬਿਜਲੀ ਦੇ ਝਟਕੇ ਨਾਲ ਹਲਾਕ ਕਰਾ ਦਿੱਤਾ।

ਮੈਨੂੰ ਪਤਾ ਨਹੀਂ ਬਾਬਰ ਅਤੇ ਹੁਮਾਯੂੰ ਵਾਲਾ ਕ਼ਿੱਸਾ ਕਿੱਥੇ ਤੱਕ ਸਹੀ ਹੈ….. ਲੇਕਿਨ ਇਹ ਵਾਕਿਆ ਅੱਖਰ ਅੱਖਰ ਦੁਰੁਸਤ ਹੈ।

6 ਜੂਨ 1950

ਇਸ਼ਕ ਹਕੀਕੀ (ਕਹਾਣੀ) – ਸਆਦਤ ਹਸਨ ਮੰਟੋ

March 20, 2018

ਇਸ਼ਕ ਮੁਹੱਬਤ ਦੇ ਬਾਰੇ ਵਿੱਚ ਅਖ਼ਲਾਕ ਦਾ ਨਜ਼ਰੀਆ ਉਹੀ ਸੀ ਜੋ ਅਕਸਰ ਆਸ਼ਿਕਾਂ ਅਤੇ ਮੁਹੱਬਤ ਕਰਨ ਵਾਲਿਆਂ ਦਾ ਹੁੰਦਾ ਹੈ। ਉਹ ਰਾਂਝੇ ਪੀਰ ਦਾ ਚੇਲਾ ਸੀ। ਇਸ਼ਕ ਵਿੱਚ ਮਰ ਜਾਣਾ ਉਸਦੇ ਨਜ਼ਦੀਕ ਇੱਕ ਮਹਾਨ ਅਤੇ ਸ਼ਾਨ ਦੀ ਮੌਤ ਮਰਨਾ ਸੀ।

ਅਖ਼ਲਾਕ ਤੀਹ ਸਾਲ ਦਾ ਹੋ ਗਿਆ। ਮਗਰ ਬਾਵਜੂਦ ਕੋਸ਼ਿਸ਼ਾਂ ਦੇ ਉਸ ਨੂੰ ਕਿਸੇ ਨਾਲ ਇਸ਼ਕ ਨਹੀਂ ਹੋਇਆ ਲੇਕਿਨ ਇੱਕ ਦਿਨ ਇੰਗਰਿਡ ਬਰਗਮੈਨ ਦੀ ਪਿਕਚਰ “ਫ਼ੌਰ ਹੂਮ ਦ ਬੈੱਲ ਟੌਲਜ਼” ਦਾ ਮੈਟਨੀ (ਤੀਜੇ ਪਹਿਰ ਦਾ) ਸ਼ੋ ਦੇਖਣ ਦੇ ਦੌਰਾਨ ਉਸ ਨੇ ਮਹਿਸੂਸ ਕੀਤਾ ਕਿ ਉਸ ਦਾ ਦਿਲ ਉਸ ਬੁਰਕਾਪੋਸ਼ ਕੁੜੀ ਨਾਲ ਵਾਬਸਤਾ ਹੋ ਗਿਆ ਹੈ, ਜੋ ਉਸ ਦੇ ਨਾਲ ਵਾਲੀ ਸੀਟ ਉੱਤੇ ਬੈਠੀ ਸੀ ਅਤੇ ਸਾਰਾ ਵਕਤ ਆਪਣੀ ਲੱਤ ਹਿਲਾਂਦੀ ਰਹੀ ਸੀ।

ਪਰਦੇ ਉੱਤੇ ਜਦੋਂ ਸਿਆਹੀ ਘੱਟ ਅਤੇ ਰੋਸ਼ਨੀ ਜ਼ਿਆਦਾ ਹੋਈ ਤਾਂ ਅਖ਼ਲਾਕ ਨੇ ਉਸ ਕੁੜੀ ਨੂੰ ਇੱਕ ਨਜ਼ਰ ਵੇਖਿਆ। ਉਸ ਦੇ ਮੱਥੇ ਉੱਤੇ ਮੁੜ੍ਹਕੇ ਦੇ ਨੰਨ੍ਹੇ ਨੰਨ੍ਹੇ ਕਤਰੇ ਸਨ। ਨੱਕ ਦੀ ਫ਼ਿਨਿੰਗ ਉੱਤੇ ਕੁਝ ਬੂੰਦਾਂ ਸਨ ਜਦੋਂ ਅਖ਼ਲਾਕ ਨੇ ਉਸਦੀ ਤਰਫ਼ ਵੇਖਿਆ ਤਾਂ ਉਸਦੀ ਲੱਤ ਹਿਲਣੀ ਬੰਦ ਹੋ ਗਈ। ਇੱਕ ਅਦਾ ਦੇ ਨਾਲ ਉਸ ਨੇ ਆਪਣੇ ਸਿਆਹ ਬੁਰਕੇ ਦੀ ਜਾਲੀ ਨਾਲ ਆਪਣਾ ਚਿਹਰਾ ਢਕ ਲਿਆ। ਇਹ ਹਰਕਤ ਕੁੱਝ ਅਜਿਹੀ ਸੀ ਕਿ ਅਖ਼ਲਾਕ ਨੂੰ ਮੱਲੋਮੱਲੀ ਹਾਸੀ ਆ ਗਈ।

ਉਸ ਕੁੜੀ ਨੇ ਆਪਣੀ ਸਹੇਲੀ ਦੇ ਕੰਨ ਵਿੱਚ ਕੁੱਝ ਕਿਹਾ। ਦੋਨੋਂ ਹੌਲੀ ਹੌਲੀ ਹਸੀਆਂ। ਇਸ ਦੇ ਬਾਅਦ ਉਸ ਕੁੜੀ ਨੇ ਨਕਾਬ ਆਪਣੇ ਚਿਹਰੇ ਤੋਂ ਹਟਾ ਲਿਆ। ਅਖ਼ਲਾਕ ਦੀ ਤਰਫ਼ ਤਿੱਖੀਆਂ ਤਿੱਖੀਆਂ ਨਜ਼ਰਾਂ ਨਾਲ ਵੇਖਿਆ ਅਤੇ ਲੱਤ ਹਿੱਲਾ ਕੇ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਹੋ ਗਈ।

ਅਖ਼ਲਾਕ ਸਿਗਰਟ ਪੀ ਰਿਹਾ ਸੀ। ਇੰਗਰਿਡ ਬਰਗਮੈਨ ਉਸਦੀ ਮਹਿਬੂਬ ਐਕਟਰਸ ਸੀ। “ਫ਼ੌਰ ਹੂਮ ਦ ਬੈੱਲ ਟੌਲਜ਼” ਵਿੱਚ ਉਸ ਦੇ ਵਾਲ਼ ਕਟੇ ਹੋਏ ਸਨ। ਫ਼ਿਲਮ ਦੇ ਆਰੰਭ ਵਿੱਚ ਜਦੋਂ ਅਖ਼ਲਾਕ ਨੇ ਉਸਨੂੰ ਵੇਖਿਆ ਤਾਂ ਉਹ ਬਹੁਤ ਹੀ ਪਿਆਰੀ ਲੱਗੀ। ਲੇਕਿਨ ਨਾਲ ਵਾਲੀ ਸੀਟ ਉੱਤੇ ਬੈਠੀ ਹੋਈ ਕੁੜੀ ਦੇਖਣ ਦੇ ਬਾਅਦ ਉਹ ਇੰਗਰਿਡ ਬਰਗਮੈਨ ਨੂੰ ਭੁੱਲ ਗਿਆ। ਇਵੇਂ ਤਾਂ ਕਰੀਬ ਕਰੀਬ ਸਾਰੀ ਫ਼ਿਲਮ ਉਸ ਦੀਆਂ ਨਿਗਾਹਾਂ ਦੇ ਸਾਹਮਣੇ ਚਲੀ ਮਗਰ ਉਸ ਨੇ ਬਹੁਤ ਹੀ ਘੱਟ ਵੇਖੀ।

ਸਾਰਾ ਵਕਤ ਉਹ ਕੁੜੀ ਇਸ ਦੇ ਦਿਲ ਦਿਮਾਗ਼ ਉੱਤੇ ਛਾਈ ਰਹੀ।

ਅਖ਼ਲਾਕ ਸਿਗਰਟ ਤੇ ਸਿਗਰਟ ਪੀਂਦਾ ਰਿਹਾ। ਇੱਕ ਵਾਰ ਉਸ ਨੇ ਰਾਖ ਝਾੜੀ। ਤਾਂ ਉਸਦੀ ਸਿਗਰਟ ਉਂਗਲੀਆਂ ਵਿੱਚੋਂ ਨਿਕਲ ਕੇ ਉਸ ਕੁੜੀ ਦੀ ਗੋਦ ਵਿੱਚ ਜਾ ਪਈ। ਕੁੜੀ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਸੀ ਇਸ ਲਈ ਉਸ ਨੂੰ ਸਿਗਰਟ ਡਿੱਗਣ ਦਾ ਕੁੱਝ ਪਤਾ ਨਹੀਂ ਸੀ। ਅਖ਼ਲਾਕ ਬਹੁਤ ਘਬਰਾਇਆ। ਇਸ ਘਬਰਾਹਟ ਵਿੱਚ ਉਸ ਨੇ ਹੱਥ ਵਧਾ ਕੇ ਸਿਗਰਟ ਉਸ ਦੇ ਬੁਰਕੇ ਤੋਂ ਚੁੱਕਿਆ ਅਤੇ ਫ਼ਰਸ਼ ਉੱਤੇ ਸੁੱਟ ਦਿੱਤਾ। ਕੁੜੀ ਹੜਬੜਾ ਕੇ ਉਠ ਖੜੀ ਹੋਈ। ਅਖ਼ਲਾਕ ਨੇ ਫ਼ੌਰਨ ਕਿਹਾ, “ਮੁਆਫ਼ੀ ਚਾਹੁੰਦਾ ਹਾਂ ਤੁਹਾਡੇ ਉੱਤੇ ਸਿਗਰਟ ਡਿੱਗ ਗਈ ਸੀ। ”

ਕੁੜੀ ਨੇ ਤਿੱਖੀਆਂ ਤਿੱਖੀਆਂ ਨਜ਼ਰਾਂ ਨਾਲ ਅਖ਼ਲਾਕ ਦੀ ਤਰਫ਼ ਵੇਖਿਆ ਅਤੇ ਬੈਠ ਗਈ। ਬੈਠ ਕੇ ਉਸ ਨੇ ਆਪਣੀ ਸਹੇਲੀ ਦੇ ਕੰਨ ਵਿੱਚ ਕੁੱਝ ਕਿਹਾ। “ਦੋਨਾਂ ਹੌਲੇ ਹੌਲੇ ਹਸੀਆਂ ਅਤੇ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਹੋ ਗਈਆਂ। ”

ਫ਼ਿਲਮ ਦੇ ਖ਼ਾਤਮੇ ਉੱਤੇ ਜਦੋਂ ਕਾਇਦ-ਏ-ਆਜ਼ਮ ਦੀ ਤਸਵੀਰ ਨਮੂਦਾਰ ਹੋਈ ਤਾਂ ਅਖ਼ਲਾਕ ਉੱਠਿਆ। ਖ਼ੁਦਾ ਜਾਣੇ ਕੀ ਹੋਇਆ ਕਿ ਉਸ ਦਾ ਪੈਰ ਕੁੜੀ ਦੇ ਪੈਰ ਦੇ ਨਾਲ ਟਕਰਾਇਆ। ਅਖ਼ਲਾਕ ਇੱਕ ਵਾਰ ਫਿਰ ਸਿਰ ਤੋਂ ਪੈਰਾਂ ਤੱਕ ਸੁੰਨ ਹੋ ਗਿਆ। “ਮੁਆਫ਼ੀ ਚਾਹੁੰਦਾ ਹਾਂ ……ਪਤਾ ਨਹੀਂ ਅੱਜ ਕੀ ਹੋ ਗਿਆ ਹੈ।”

ਦੋਨੋਂ ਸਹੇਲੀਆਂ ਹੌਲੀ ਜਿਹੇ ਹੱਸੀਆਂ। ਜਦੋਂ ਭੀੜ ਦੇ ਨਾਲ ਬਾਹਰ ਨਿਕਲੀਆਂ ਤਾਂ ਅਖ਼ਲਾਕ ਉਨ੍ਹਾਂ ਦੇ ਪਿੱਛੇ ਪਿੱਛੇ ਹੋ ਲਿਆ। ਉਹ ਕੁੜੀ ਜਿਸ ਨਾਲ ਉਸ ਨੂੰ ਪਹਿਲੀ ਨਜ਼ਰ ਦਾ ਇਸ਼ਕ ਹੋਇਆ ਸੀ ਮੁੜ ਮੁੜ ਕੇ ਵੇਖਦੀ ਰਹੀ। ਅਖ਼ਲਾਕ ਨੇ ਇਸਦੀ ਪਰਵਾਹ ਨਹੀਂ ਕੀਤੀ। ਅਤੇ ਉਨ੍ਹਾਂ ਦੇ ਪਿੱਛੇ ਪਿੱਛੇ ਚੱਲਦਾ ਰਿਹਾ। ਉਸ ਨੇ ਤਹੱਈਆ ਕਰ ਲਿਆ ਸੀ ਕਿ ਉਹ ਉਸ ਕੁੜੀ ਦਾ ਘਰ ਵੇਖ ਕੇ ਰਹੇਗਾ।

ਮਾਲ ਰੋਡ ਦੇ ਫੁਟਪਾਥ ਉੱਤੇ ਵਾਈ ਐਮ ਸੀ ਏ ਦੇ ਸਾਹਮਣੇ ਉਸ ਕੁੜੀ ਨੇ ਮੁੜ ਕੇ ਅਖ਼ਲਾਕ ਦੀ ਤਰਫ਼ ਵੇਖਿਆ ਅਤੇ ਆਪਣੀ ਸਹੇਲੀ ਦਾ ਹੱਥ ਫੜ ਕੇ ਰੁਕ ਗਈ। ਅਖ਼ਲਾਕ ਨੇ ਅੱਗੇ ਨਿਕਲਣਾ ਚਾਹਿਆ ਤਾਂ ਉਹ ਕੁੜੀ ਇਸ ਨੂੰ ਮੁਖ਼ਾਤਬ ਹੋਈ, “ਤੁਸੀਂ ਸਾਡੇ ਪਿੱਛੇ ਪਿੱਛੇ ਕਿਉਂ ਆ ਰਹੇ ਹੋ?”

ਅਖ਼ਲਾਕ ਨੇ ਇੱਕ ਛਿਣ ਸੋਚ ਕੇ ਜਵਾਬ ਦਿੱਤਾ, “ਤੁਸੀਂ ਮੇਰੇ ਅੱਗੇ ਅੱਗੇ ਕਿਉਂ ਜਾ ਰਹੀਆਂ ਹੋ।”

ਕੁੜੀ ਖਿਲਖਲਾ ਕੇ ਹਸ ਪਈ। ਇਸ ਦੇ ਬਾਅਦ ਉਸ ਨੇ ਆਪਣੀ ਸਹੇਲੀ ਨੂੰ ਕੁੱਝ ਕਿਹਾ। ਫਿਰ ਦੋਨੋਂ ਚੱਲ ਪਈਆਂ। ਬਸ ਸਟੈਂਡ ਦੇ ਕੋਲ ਉਸ ਕੁੜੀ ਨੇ ਜਦੋਂ ਮੁੜ ਕੇ ਵੇਖਿਆ ਤਾਂ ਅਖ਼ਲਾਕ ਨੇ ਕਿਹਾ। “ਤੁਸੀਂ ਪਿੱਛੇ ਆ ਜਾਓ। ਮੈਂ ਅੱਗੇ ਵੱਧ ਜਾਂਦਾ ਹਾਂ। ”

ਕੁੜੀ ਨੇ ਮੂੰਹ ਮੋੜ ਲਿਆ।

ਅਨਾਰਕਲੀ ਦਾ ਮੋੜ ਆਇਆ ਤਾਂ ਦੋਨਾਂ ਸਹੇਲੀਆਂ ਰੁੱਕ ਗਈਆਂ। ਅਖ਼ਲਾਕ ਕੋਲੋਂ ਲੰਘਣ ਲੱਗਿਆ ਤਾਂ ਉਸ ਕੁੜੀ ਨੇ ਉਸ ਨੂੰ ਕਿਹਾ। “ਤੁਸੀਂ ਸਾਡੇ ਪਿੱਛੇ ਨਾ ਆਓ। ਇਹ ਬਹੁਤ ਬੁਰੀ ਗੱਲ ਹੈ। ”

ਲਹਿਜੇ ਵਿੱਚ ਬੜੀ ਗੰਭੀਰਤਾ ਸੀ। ਅਖ਼ਲਾਕ ਨੇ “ਬਹੁਤ ਬਿਹਤਰ” ਕਿਹਾ ਅਤੇ ਵਾਪਸ ਚੱਲ ਪਿਆ। ਉਸ ਨੇ ਮੁੜ ਕੇ ਵੀ ਉਨ੍ਹਾਂ ਨੂੰ ਨਹੀਂ ਵੇਖਿਆ। ਲੇਕਿਨ ਦਿਲ ਵਿੱਚ ਉਹਨੂੰ ਅਫ਼ਸੋਸ ਸੀ ਕਿ ਉਹ ਕਿਉਂ ਉਸ ਦੇ ਪਿੱਛੇ ਨਹੀਂ ਗਿਆ। ਇੰਨੀ ਦੇਰ ਦੇ ਬਾਅਦ ਉਸ ਨੂੰ ਇੰਨੀ ਸ਼ਿੱਦਤ ਨਾਲ ਮਹਿਸੂਸ ਹੋਇਆ ਸੀ ਕਿ ਉਸ ਨੂੰ ਕਿਸੇ ਨਾਲ ਮੁਹੱਬਤ ਹੋਈ ਹੈ। ਲੇਕਿਨ ਉਸ ਨੇ ਮੌਕਾ ਹੱਥੋਂ ਜਾਣ ਦਿੱਤਾ। ਹੁਣ ਖ਼ੁਦਾ ਜਾਣੇ ਫਿਰ ਉਸ ਕੁੜੀ ਨਾਲ ਮੁਲਾਕਾਤ ਹੋਵੇ ਜਾਂ ਨਾ ਹੋਵੇ।

ਜਦੋਂ ਵਾਈ ਐਮ ਸੀ ਦੇ ਕੋਲ ਪਹੁੰਚਿਆ ਤਾਂ ਰੁੱਕ ਕੇ ਉਸ ਨੇ ਅਨਾਰਕਲੀ ਦੇ ਮੋੜ ਦੀ ਤਰਫ਼ ਵੇਖਿਆ। ਮਗਰ ਹੁਣ ਉੱਥੇ ਕੀ ਸੀ। ਉਹ ਤਾਂ ਉਸੇ ਵਕਤ ਅਨਾਰਕਲੀ ਦੀ ਤਰਫ਼ ਚਲੀਆਂ ਗਈਆਂ ਸਨ।

ਕੁੜੀ ਦੇ ਨਕਸ਼ ਵੱਡੇ ਪਤਲੇ ਪਤਲੇ ਸਨ। ਬਰੀਕ ਨੱਕ, ਛੋਟੀ ਜਿਹੀ ਠੋਡੀ, ਫੁਲ ਦੀਆਂ ਪੱਤੀਆਂ ਵਰਗੇ ਹੋਠ। ਜਦੋਂ ਪਰਦੇ ਉੱਤੇ ਕਾਲਖ ਘੱਟ ਅਤੇ ਰੋਸ਼ਨੀ ਜ਼ਿਆਦਾ ਹੁੰਦੀ ਸੀ ਤਾਂ ਉਸ ਨੇ ਉਸਦੇ ਉਪਰਲੇ ਹੋਠ ਉੱਤੇ ਇੱਕ ਤਿਲ ਵੇਖਿਆ ਸੀ ਜੋ ਬੇਹੱਦ ਪਿਆਰਾ ਲੱਗਦਾ ਸੀ। ਅਖ਼ਲਾਕ ਨੇ ਸੋਚਿਆ ਸੀ ਕਿ ਜੇਕਰ ਇਹ ਤਿਲ ਨਾ ਹੁੰਦਾ ਤਾਂ ਸ਼ਾਇਦ ਉਹ ਕੁੜੀ ਨਾਮੁਕੰਮਲ ਰਹਿੰਦੀ। ਇਸ ਦਾ ਉੱਥੇ ਹੋਣਾ ਅਤਿ ਜ਼ਰੂਰੀ ਸੀ।

ਛੋਟੇ ਛੋਟੇ ਕਦਮ ਸਨ ਜਿਨ੍ਹਾਂ ਵਿੱਚ ਕੰਵਾਰਪਣ ਸੀ। ਹਾਲਾਂਕਿ ਉਸ ਨੂੰ ਪਤਾ ਸੀ ਕਿ ਇੱਕ ਮਰਦ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ। ਇਸ ਲਈ ਉस ਦੇ ਇਨ੍ਹਾਂ ਛੋਟੇ ਛੋਟੇ ਕਦਮਾਂ ਵਿੱਚ ਇੱਕ ਵੱਡੀ ਪਿਆਰੀ ਲੜਖੜਾਹਟ ਜਿਹੀ ਪੈਦਾ ਹੋ ਗਈ ਸੀ। ਉਸ ਦਾ ਮੁੜ ਮੁੜ ਕੇ ਵੇਖਣਾ ਤਾਂ ਗ਼ਜ਼ਬ ਸੀ। ਗਰਦਨ ਨੂੰ ਇੱਕ ਹਲਕਾ ਜਿਹਾ ਝੱਟਕਾ ਦੇਕੇ ਉਹ ਪਿੱਛੇ ਅਖ਼ਲਾਕ ਦੀ ਤਰਫ਼ ਵੇਖਦੀ ਅਤੇ ਤੇਜ਼ੀ ਨਾਲ ਮੂੰਹ ਮੋੜ ਲੈਂਦੀ।

ਦੂਜੇ ਦਿਨ ਉਹ ਇੰਗਰਿਡ ਬਰਗਮੈਨ ਦੀ ਫ਼ਿਲਮ ਫਿਰ ਦੇਖਣ ਗਿਆ। ਸ਼ੋ ਸ਼ੁਰੂ ਹੋ ਚੁੱਕਾ ਸੀ। ਵਾਲਟ ਡਿਜ਼ਨੀ ਦਾ ਕਾਰਟੂਨ ਚੱਲ ਰਿਹਾ ਸੀ ਕਿ ਉਹ ਅੰਦਰ ਹਾਲ ਵਿੱਚ ਦਾਖ਼ਲ ਹੋਇਆ। ਹੱਥ ਨੂੰ ਹੱਥ ਵਿਖਾਈ ਨਹੀਂ ਦਿੰਦਾ ਸੀ।

ਗੇਟ ਕੀਪਰ ਦੀ ਬੈਟਰੀ ਦੀ ਅੰਨ੍ਹੀ ਰੋਸ਼ਨੀ ਦੇ ਸਹਾਰੇ ਇਸ ਨੇ ਟਟੋਲ ਟਟੋਲ ਕੇ ਇੱਕ ਖ਼ਾਲੀ ਸੀਟ ਦੀ ਭਾਲ ਕੀਤੀ ਅਤੇ ਉਸ ਉੱਪਰ ਬੈਠ ਗਿਆ।

ਡਿਜ਼ਨੀ ਦਾ ਕਾਰਟੂਨ ਬਹੁਤ ਮਜ਼ਾਹੀਆ ਸੀ। ਏਧਰ ਏਧਰ ਕਈ ਤਮਾਸ਼ਾਈ ਹਸ ਰਹੇ ਸਨ। ਕਦੇ ਕਦੇ ਬਹੁਤ ਹੀ ਕਰੀਬ ਤੋਂ ਅਖ਼ਲਾਕ ਨੂੰ ਅਜਿਹੀ ਹਾਸੀ ਸੁਣਾਈ ਦਿੱਤੀ ਜਿਸ ਨੂੰ ਉਹ ਸਿਆਣਦਾ ਸੀ। ਮੁੜ ਕੇ ਉਸ ਨੇ ਪਿੱਛੇ ਵੇਖਿਆ ਤਾਂ ਉਹੀ ਕੁੜੀ ਬੈਠੀ ਸੀ।

ਅਖ਼ਲਾਕ ਦਾ ਦਿਲ ਧੱਕ ਧੱਕ ਕਰਨ ਲੱਗਿਆ। ਕੁੜੀ ਦੇ ਨਾਲ ਇੱਕ ਨੌਜਵਾਨ ਮੁੰਡਾ ਬੈਠਾ ਸੀ। ਸ਼ਕਲ ਸੂਰਤ ਦੇ ਪੱਖ ਤੋਂ ਉਹ ਇਸ ਦਾ ਭਾਈ ਲੱਗਦਾ ਸੀ। ਉਸਦੀ ਹਾਜ਼ਰੀ ਵਿੱਚ ਉਹ ਕਿਸ ਤਰ੍ਹਾਂ ਵਾਰ ਵਾਰ ਮੁੜ ਕੇ ਵੇਖ ਸਕਦਾ ਸੀ।

ਇੰਟਰਵਲ ਹੋ ਗਿਆ। ਅਖ਼ਲਾਕ ਕੋਸ਼ਿਸ਼ ਦੇ ਬਾਵਜੂਦ ਫ਼ਿਲਮ ਚੰਗੀ ਤਰ੍ਹਾਂ ਨਹੀਂ ਵੇਖ ਸਕਿਆ। ਰੋਸ਼ਨੀ ਹੋਈ ਤਾਂ ਉਹ ਉੱਠਿਆ। ਕੁੜੀ ਦੇ ਚਿਹਰੇ ਉੱਤੇ ਨਕਾਬ ਸੀ। ਮਗਰ ਉਸ ਮਹੀਨ ਪਰਦੇ ਦੇ ਪਿੱਛੇ ਉਸਦੀਆਂ ਅੱਖਾਂ ਅਖ਼ਲਾਕ ਨੂੰ ਨਜ਼ਰ ਆਈਆਂ ਜਿਨ੍ਹਾਂ ਵਿੱਚ ਮੁਸਕੁਰਾਹਟ ਦੀ ਚਮਕ ਸੀ।

ਕੁੜੀ ਦੇ ਭਰਾ ਨੇ ਸਿਗਰਟ ਕੱਢ ਕੇ ਸੁਲਗਾਈ। ਅਖ਼ਲਾਕ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਅਤੇ ਉਸ ਨੂੰ ਮੁਖ਼ਾਤਬ ਹੋਇਆ, “ਜਰਾ ਮਾਚਿਸ ਮਿਹਰ ਫ਼ਰਮਾਓ।”

ਕੁੜੀ ਦੇ ਭਰਾ ਨੇ ਉਸ ਨੂੰ ਮਾਚਿਸ ਦੇ ਦਿੱਤੀ। ਅਖ਼ਲਾਕ ਨੇ ਆਪਣੀ ਸਿਗਰਟ ਸੁਲਗਾਈ ਅਤੇ ਮਾਚਿਸ ਉਸ ਨੂੰ ਵਾਪਸ ਦੇ ਦਿੱਤੀ, “ਧੰਨਵਾਦ ! ”

ਕੁੜੀ ਦੀ ਲੱਤ ਹਿੱਲ ਰਹੀ ਸੀ। ਅਖ਼ਲਾਕ ਆਪਣੀ ਸੀਟ ਉੱਤੇ ਬੈਠ ਗਿਆ। ਫ਼ਿਲਮ ਦਾ ਬਕਾਇਆ ਹਿੱਸਾ ਸ਼ੁਰੂ ਹੋਇਆ। ਇੱਕ ਦੋ ਵਾਰ ਉਸ ਨੇ ਮੁੜ ਕੇ ਕੁੜੀ ਦੀ ਤਰਫ਼ ਵੇਖਿਆ। ਇਸ ਤੋਂ ਜ਼ਿਆਦਾ ਉਹ ਕੁੱਝ ਨਹੀਂ ਕਰ ਸਕਿਆ।

ਫ਼ਿਲਮ ਖ਼ਤਮ ਹੋਈ। ਲੋਕ ਬਾਹਰ ਨਿਕਲਣਾ ਸ਼ੁਰੂ ਹੋਏ। ਕੁੜੀ ਅਤੇ ਉਸ ਦਾ ਭਾਈ ਨਾਲ ਸਨ। ਅਖ਼ਲਾਕ ਉਨ੍ਹਾਂ ਤੋਂ ਹੱਟ ਕੇ ਪਿੱਛੇ ਪਿੱਛੇ ਚਲਣ ਲਗਾ।

ਸਟੈਂਡ ਦੇ ਕੋਲ ਭਰਾ ਨੇ ਆਪਣੀ ਭੈਣ ਨੂੰ ਕੁੱਝ ਕਿਹਾ। ਇੱਕ ਟਾਂਗੇ ਵਾਲੇ ਨੂੰ ਬੁਲਾਇਆ ਕੁੜੀ ਉਸ ਵਿੱਚ ਬੈਠ ਗਈ। ਮੁੰਡਾ ਸਟੈਂਡ ਵਿੱਚ ਚਲਾ ਗਿਆ। ਕੁੜੀ ਨੇ ਨਕਾਬ ਵਿੱਚੋਂ ਅਖ਼ਲਾਕ ਦੀ ਤਰਫ਼ ਵੇਖਿਆ। ਉਸ ਦਾ ਦਿਲ ਧੱਕ ਧੱਕ ਕਰਨ ਲਗਾ। ਟਾਂਗਾ ਚੱਲ ਪਿਆ। ਸਟੈਂਡ ਦੇ ਬਾਹਰ ਇਸ ਦੇ ਤਿੰਨ ਚਾਰ ਦੋਸਤ ਖੜੇ ਸਨ। ਇਹਨਾਂ ਵਿਚੋਂ ਇੱਕ ਦੀ ਸਾਈਕਲ ਉਸ ਨੇ ਜਲਦੀ ਜਲਦੀ ਫੜੀ ਅਤੇ ਟਾਂਗੇ ਦੇ ਪਿੱਛੇ ਰਵਾਨਾ ਹੋ ਗਿਆ।

ਇਹ ਪਿੱਛੇ ਜਾਣਾ ਬਹੁਤ ਦਿਲਚਸਪ ਰਿਹਾ। ਜ਼ੋਰ ਦੀ ਹਵਾ ਚੱਲ ਰਹੀ ਸੀ ਕੁੜੀ ਦੇ ਚਿਹਰੇ ਉੱਤੋਂ ਨਕਾਬ ਉਠ ਉਠ ਜਾਂਦਾ। ਸਿਆਹ ਜਾਰਜਤ ਦਾ ਪਰਦਾ ਫੜਫੜਾਕੇ ਉਸਦੇ ਸਫੈਦ ਚਿਹਰੇ ਦੀਆਂ ਝਲਕੀਆਂ ਦਿਖਾਂਦਾ ਸੀ। ਕੰਨਾਂ ਵਿੱਚ ਸੋਨੇ ਦੇ ਵੱਡੇ ਵੱਡੇ ਝੂਮਰ ਸਨ। ਪਤਲੇ ਪਤਲੇ ਹੋਠਾਂ ਉੱਤੇ ਮੱਸ ਮਾਇਲ ਸੁਰਖੀ ਸੀ ……ਅਤੇ ਉਪਰਲੇ ਹੋਠ ਉੱਤੇ ਤਿਲ ……ਉਹ ਅਤਿ ਜ਼ਰੂਰੀ ਤਿਲ।

ਬੜੇ ਜ਼ੋਰ ਦਾ ਬੁੱਲਾ ਆਇਆ ਤਾਂ ਅਖ਼ਲਾਕ ਦੇ ਸਿਰ ਉੱਤੋਂ ਹੈਟ ਉੱਤਰ ਗਿਆ ਅਤੇ ਸੜਕ ਤੇ ਦੌੜਨ ਲਗਾ। ਇੱਕ ਟਰੱਕ ਲੰਘ ਰਿਹਾ ਸੀ। ਉਸ ਦੇ ਵਜ਼ਨੀ ਪਹੀਏ ਦੇ ਹੇਠਾਂ ਆਇਆ ਅਤੇ ਉਥੇ ਹੀ ਚਿੱਤ ਗਿਆ।

ਕੁੜੀ ਹਸੀ ਅਖ਼ਲਾਕ ਨੇ ਮੁਸਕਰਾ ਦਿੱਤਾ। ਗਰਦਨ ਮੋੜ ਕੇ ਹੈਟ ਦੀ ਲਾਸ਼ ਵੇਖੀ ਜੋ ਬਹੁਤ ਪਿੱਛੇ ਰਹਿ ਗਈ ਸੀ ਅਤੇ ਕੁੜੀ ਨੂੰ ਮੁਖ਼ਾਤਬ ਹੋ ਕੇ ਕਿਹਾ। “ਉਸ ਨੂੰ ਤਾਂ ਸ਼ਹਾਦਤ ਦਾ ਰੁਤਬ ਮਿਲ ਗਿਆ।”

ਕੁੜੀ ਨੇ ਮੂੰਹ ਦੂਜੀ ਤਰਫ਼ ਮੋੜ ਲਿਆ।

ਅਖ਼ਲਾਕ ਥੋੜ੍ਹੀ ਦੇਰ ਦੇ ਬਾਅਦ ਫਿਰ ਉਸਨੂੰ ਮੁਖ਼ਾਤਬ ਹੋਇਆ। “ਤੁਹਾਨੂੰ ਇਤਰਾਜ਼ ਹੈ ਤਾਂ ਵਾਪਸ ਚਲੇ ਜਾਂਦਾ ਹਾਂ। ”

ਕੁੜੀ ਨੇ ਉਸ ਦੀ ਤਰਫ਼ ਵੇਖਿਆ ਮਗਰ ਕੋਈ ਜਵਾਬ ਨਹੀਂ ਦਿੱਤਾ।

ਅਨਾਰਕਲੀ ਦੀ ਇੱਕ ਗਲੀ ਵਿੱਚ ਟਾਂਗਾ ਰੁਕਿਆ ਅਤੇ ਉਹ ਕੁੜੀ ਉੱਤਰ ਕੇ ਅਖ਼ਲਾਕ ਦੀ ਤਰਫ਼ ਵਾਰ ਵਾਰ ਵੇਖਦੀ ਨਕਾਬ ਉਠਾ ਕੇ ਇੱਕ ਮਕਾਨ ਵਿੱਚ ਦਾਖ਼ਲ ਹੋ ਗਈ। ਅਖ਼ਲਾਕ ਇੱਕ ਪੈਰ ਸਾਈਕਲ ਦੇ ਪੈਡਲ ਉੱਤੇ ਅਤੇ ਦੂਜਾ ਪੈਰ ਦੁਕਾਨ ਦੇ ਥੜੇ ਉੱਤੇ ਰੱਖੇ ਥੋੜ੍ਹੀ ਦੇਰ ਖੜਾ ਰਿਹਾ। ਸਾਈਕਲ ਚਲਾਣ ਹੀ ਵਾਲਾ ਸੀ ਕਿ ਇਸ ਮਕਾਨ ਦੀ ਪਹਿਲੀ ਮੰਜ਼ਿਲ ਉੱਤੇ ਇੱਕ ਖਿੜਕੀ ਖੁੱਲੀ। ਕੁੜੀ ਨੇ ਝਾਕ ਕੇ ਅਖ਼ਲਾਕ ਨੂੰ ਵੇਖਿਆ। ਮਗਰ ਫ਼ੌਰਨ ਹੀ ਸ਼ਰਮਾ ਕੇ ਪਿੱਛੇ ਹੱਟ ਗਈ। ਅਖ਼ਲਾਕ ਤਕਰੀਬਨ ਅੱਧ ਘੰਟਾ ਉੱਥੇ ਖੜਾ ਰਿਹਾ। ਮਗਰ ਉਹ ਫਿਰ ਖਿੜਕੀ ਵਿੱਚ ਨਮੂਦਾਰ ਨਹੀਂ ਹੋਈ।

ਅਗਲੇ ਦਿਨ ਅਖ਼ਲਾਕ ਸਵੇਰੇ ਸਵੇਰੇ ਅਨਾਰਕਲੀ ਦੀ ਉਸ ਗਲੀ ਵਿੱਚ ਪਹੁੰਚਿਆ। ਪੰਦਰਾਂ ਵੀਹ ਮਿੰਟ ਤੱਕ ਏਧਰ ਉੱਧਰ ਘੁੰਮਦਾ ਰਿਹਾ। ਖਿੜਕੀ ਬੰਦ ਸੀ। ਮਾਯੂਸ ਹੋ ਕੇ ਪਰਤਣ ਵਾਲਾ ਸੀ ਕਿ ਇੱਕ ਫ਼ਾਲਸੇ ਵੇਚਣ ਵਾਲਾ ਆਵਾਜ਼ ਲਗਾਉਂਦਾ ਆਇਆ। ਖਿੜਕੀ ਖੁੱਲੀ, ਕੁੜੀ ਸਿਰ ਤੋਂ ਨੰਗੀ ਨਮੂਦਾਰ ਹੋਈ। ਇਸ ਨੇ ਫ਼ਾਲਸੇ ਵਾਲੇ ਨੂੰ ਆਵਾਜ਼ ਦਿੱਤੀ।

“ਭਾਈ ਫ਼ਾਲਸੇ ਵਾਲੇ, ਜਰਾ ਠਹਿਰਨਾ,” ਫਿਰ ਉਸਦੀਆਂ ਨਜ਼ਰਾਂ ਇੱਕ ਦਮ ਅਖ਼ਲਾਕ ਤੇ ਪਈਆਂ। ਚੌਂਕ ਕੇ ਉਹ ਪਿੱਛੇ ਹੱਟ ਗਈ। ਫ਼ਾਲਸੇ ਵਾਲੇ ਨੇ ਸਿਰ ਤੋਂ ਛਾਬੜੀ ਉਤਾਰੀ ਅਤੇ ਬੈਠ ਗਿਆ। ਥੋੜ੍ਹੀ ਦੇਰ ਦੇ ਬਾਅਦ ਉਹ ਕੁੜੀ ਸਿਰ ਉੱਤੇ ਦੁਪੱਟਾ ਲਈ ਹੇਠਾਂ ਆਈ। ਅਖ਼ਲਾਕ ਨੂੰ ਉਸ ਨੇ ਕਨਖੀਆਂ ਨਾਲ ਵੇਖਿਆ। ਸ਼ਰਮਾਈ ਅਤੇ ਫ਼ਾਲਸੇ ਲਏ ਬਿਨਾਂ ਵਾਪਸ ਚੱਲੀ ਗਈ।

ਅਖ਼ਲਾਕ ਨੂੰ ਇਹ ਅਦਾ ਬਹੁਤ ਪਸੰਦ ਆਈ। ਥੋੜ੍ਹਾ ਜਿਹਾ ਤਰਸ ਵੀ ਆਇਆ। ਫ਼ਾਲਸੇ ਵਾਲੇ ਨੇ ਜਦੋਂ ਉਸ ਨੂੰ ਘੂਰ ਕੇ ਵੇਖਿਆ ਤਾਂ ਉਹ ਉੱਥੋਂ ਚੱਲ ਪਿਆ। “ਚਲੋ ਅੱਜ ਇੰਨਾ ਹੀ ਕਾਫ਼ੀ ਹੈ।”

ਕੁਝ ਦਿਨ ਹੀ ਵਿੱਚ ਅਖ਼ਲਾਕ ਅਤੇ ਉਸ ਕੁੜੀ ਵਿੱਚ ਇਸ਼ਾਰੇ ਸ਼ੁਰੂ ਹੋ ਗਏ। ਹਰ ਰੋਜ ਸਵੇਰੇ ਨੌਂ ਵਜੇ ਉਹ ਅਨਾਰਕਲੀ ਦੀ ਇਸ ਗਲੀ ਵਿੱਚ ਪੁੱਜਦਾ। ਖਿੜਕੀ ਖੁਲਦੀ ਉਹ ਸਲਾਮ ਕਰਦਾ ਉਹ ਜਵਾਬ ਦਿੰਦੀ, ਮੁਸਕਰਾਉਂਦੀ। ਹੱਥ ਦੇ ਇਸ਼ਾਰਿਆਂ ਨਾਲ ਕੁੱਝ ਗੱਲਾਂ ਹੁੰਦੀਆਂ। ਇਸਦੇ ਬਾਅਦ ਉਹ ਚੱਲੀ ਜਾਂਦੀ।

ਇੱਕ ਰੋਜ ਉਂਗਲੀਆਂ ਘੁਮਾ ਕੇ ਉਸ ਨੇ ਅਖ਼ਲਾਕ ਨੂੰ ਦੱਸਿਆ ਕਿ ਉਹ ਸ਼ਾਮ ਦੇ ਛੇ ਵਜੇ ਦੇ ਸ਼ੋ ਸਿਨੇਮਾ ਦੇਖਣ ਜਾ ਰਹੀ ਹੈ। ਅਖ਼ਲਾਕ ਨੇ ਇਸ਼ਾਰਿਆਂ ਦੇ ਜ਼ਰੀਏ ਪੁੱਛਿਆ। “ਕਿਸ ਸਿਨੇਮਾ ਹਾਊਸ ਵਿੱਚ?”

ਉਸ ਨੇ ਜਵਾਬ ਵਿੱਚ ਕੁੱਝ ਇਸ਼ਾਰੇ ਕੀਤੇ। ਮਗਰ ਅਖ਼ਲਾਕ ਨਹੀਂ ਸਮਝਿਆ। ਆਖ਼ਰ ਵਿੱਚ ਉਸ ਨੇ ਇਸ਼ਾਰਿਆਂ ਵਿੱਚ ਕਿਹਾ। “ਕਾਗ਼ਜ਼ ਉੱਤੇ ਲਿਖ ਕੇ ਹੇਠਾਂ ਸੁੱਟ ਦੇ। ”

ਕੁੜੀ ਖਿੜਕੀ ਕੋਲੋਂ ਹੱਟ ਗਈ। ਕੁਝ ਲਮਹਿਆਂ ਦੇ ਬਾਅਦ ਉਸ ਨੇ ਏਧਰ ਉੱਧਰ ਵੇਖ ਕੇ ਕਾਗ਼ਜ਼ ਦੀ ਇੱਕ ਮੜੋਰੀ ਜਿਹੀ ਹੇਠਾਂ ਸੁੱਟ ਦਿੱਤੀ। ਅਖ਼ਲਾਕ ਨੇ ਉਸਨੂੰ ਖੋਲਿਆ, ਲਿਖਿਆ ਸੀ।

“ਪਲਾਜ਼ਾ ……ਪਰਵੀਣ। ”

ਸ਼ਾਮ ਨੂੰ ਪਲਾਜ਼ਾ ਵਿੱਚ ਉਸਦੀ ਮੁਲਾਕਾਤ ਪਰਵੀਣ ਨਾਲ ਹੋਈ। ਉਸ ਦੇ ਨਾਲ ਉਸਦੀ ਸਹੇਲੀ ਸੀ। ਅਖ਼ਲਾਕ ਉਸਦੇ ਨਾਲ ਵਾਲੀ ਸੀਟ ਉੱਤੇ ਬੈਠ ਗਿਆ। ਫ਼ਿਲਮ ਸ਼ੁਰੂ ਹੋਈ ਤਾਂ ਪਰਵੀਣ ਨੇ ਨਕਾਬ ਉਠਾ ਲਿਆ। ਅਖ਼ਲਾਕ ਸਾਰਾ ਵਕਤ ਉਸ ਨੂੰ ਵੇਖਦਾ ਰਿਹਾ। ਉਸ ਦਾ ਦਿਲ ਧੱਕ ਧੱਕ ਕਰਦਾ ਸੀ। ਇੰਟਰਵਲ ਤੋਂ ਕੁੱਝ ਪਹਿਲਾਂ ਉਸ ਨੇ ਆਹਿਸਤਾ ਜਿਹੇ ਆਪਣਾ ਹੱਥ ਵਧਾਇਆ ਅਤੇ ਉਸ ਦੇ ਹੱਥ ਉੱਤੇ ਰੱਖ ਦਿੱਤਾ। ਉਹ ਕੰਬ ਉੱਠੀ। ਅਖ਼ਲਾਕ ਨੇ ਫ਼ੌਰਨ ਹੱਥ ਉਠਾ ਲਿਆ।

ਦਰਅਸਲ ਉਹ ਉਸ ਨੂੰ ਅੰਗੂਠੀ ਦੇਣਾ ਚਾਹੁੰਦਾ ਸੀ, ਸਗੋਂ ਖ਼ੁਦ ਪਹਿਨਾਉਣਾ ਚਾਹੁੰਦਾ ਸੀ ਜੋ ਉਸ ਨੇ ਉਸੇ ਦਿਨ ਖ਼ਰੀਦੀ ਸੀ। ਇੰਟਰਵਲ ਖ਼ਤਮ ਹੋਇਆ ਤਾਂ ਉਸ ਨੇ ਫਿਰ ਆਪਣਾ ਹੱਥ ਵਧਾਇਆ ਅਤੇ ਉਸ ਦੇ ਹੱਥ ਉੱਤੇ ਰੱਖ ਦਿੱਤਾ। ਉਹ ਕੰਬੀ ਲੇਕਿਨ ਅਖ਼ਲਾਕ ਨੇ ਹੱਥ ਨਹੀਂ ਹਟਾਇਆ। ਥੋੜ੍ਹੀ ਦੇਰ ਦੇ ਬਾਅਦ ਉਸ ਨੇ ਅੰਗੂਠੀ ਕੱਢੀ ਅਤੇ ਉਸਦੀ ਇੱਕ ਉਂਗਲ ਵਿੱਚ ਚੜ੍ਹਾ ਦਿੱਤੀ ……ਉਹ ਬਿਲਕੁਲ ਖ਼ਾਮੋਸ਼ ਰਹੀ। ਅਖ਼ਲਾਕ ਨੇ ਉਸਦੀ ਤਰਫ਼ ਵੇਖਿਆ। ਮਥੇ ਅਤੇ ਨੱਕ ਉੱਤੇ ਮੁੜ੍ਹਕੇ ਦੇ ਨੰਨ੍ਹੇ ਨੰਨ੍ਹੇ ਕਤਰੇ ਥਰਥਰਾ ਰਹੇ ਸਨ।

ਫ਼ਿਲਮ ਖ਼ਤਮ ਹੋਈ ਤਾਂ ਅਖ਼ਲਾਕ ਅਤੇ ਪਰਵੀਣ ਦੀ ਇਹ ਮੁਲਾਕਾਤ ਵੀ ਖ਼ਤਮ ਹੋ ਗਈ। ਬਾਹਰ ਨਿਕਲ ਕੇ ਕੋਈ ਗੱਲ ਨਹੀਂ ਹੋ ਸਕੀ। ਦੋਨੋਂ ਸਹੇਲੀਆਂ ਟਾਂਗੇ ਵਿੱਚ ਬੈਠੀਆਂ। ਅਖ਼ਲਾਕ ਨੂੰ ਦੋਸਤ ਮਿਲ ਗਏ। ਉਨ੍ਹਾਂ ਨੇ ਉਸਨੂੰ ਰੋਕ ਲਿਆ ਲੇਕਿਨ ਉਹ ਬਹੁਤ ਖ਼ੁਸ਼ ਸੀ। ਇਸ ਲਈ ਕਿ ਪਰਵੀਣ ਨੇ ਉਸ ਦਾ ਤੋਹਫ਼ਾ ਕਬੂਲ ਕਰ ਲਿਆ ਸੀ।

ਦੂਜੇ ਦਿਨ ਮੁਕੱਰਰ ਵਕਤ ਤੇ ਜਦੋਂ ਅਖ਼ਲਾਕ ਪਰਵੀਣ ਦੇ ਘਰ ਦੇ ਕੋਲ ਪਹੁੰਚਿਆ ਤਾਂ ਖਿੜਕੀ ਖੁੱਲੀ ਸੀ। ਅਖ਼ਲਾਕ ਨੇ ਸਲਾਮ ਕੀਤਾ। ਪਰਵੀਣ ਨੇ ਜਵਾਬ ਦਿੱਤਾ। ਉਸ ਦੇ ਸੱਜੇ ਹੱਥ ਦੀ ਉਂਗਲ ਵਿੱਚ ਉਸਦੀ ਪਹਿਨਾਈ ਹੋਈ ਅੰਗੂਠੀ ਚਮਕ ਰਹੀ ਸੀ।

ਥੋੜ੍ਹੀ ਦੇਰ ਇਸ਼ਾਰੇ ਹੁੰਦੇ ਰਹੇ ਇਸ ਦੇ ਬਾਅਦ ਪਰਵੀਣ ਨੇ ਏਧਰ ਉੱਧਰ ਵੇਖ ਕੇ ਇੱਕ ਲਿਫਾਫਾ ਹੇਠਾਂ ਸੁੱਟ ਦਿੱਤਾ। ਅਖ਼ਲਾਕ ਨੇ ਚੁੱਕਿਆ। ਖੋਲ੍ਹਿਆ ਤਾਂ ਇਸ ਵਿੱਚ ਇੱਕ ਖ਼ਤ ਸੀ। ਅੰਗੂਠੀ ਦੇ ਸ਼ੁਕਰੀਏ ਦਾ।

ਘਰ ਪਹੁੰਚ ਕੇ ਅਖ਼ਲਾਕ ਨੇ ਇੱਕ ਲੰਮਾ ਜਵਾਬ ਲਿਖਿਆ। ਆਪਣਾ ਦਿਲ ਕੱਢ ਕੇ ਕਾਗਜ਼ਾਂ ਵਿੱਚ ਰੱਖ ਦਿੱਤਾ। ਇਸ ਖ਼ਤ ਨੂੰ ਉਸ ਨੇ ਫੁੱਲਦਾਰ ਲਿਫਾਫੇ ਵਿੱਚ ਬੰਦ ਕੀਤਾ। ਉਸ ਉੱਤੇ ਸੈਂਟ ਲਗਾਇਆ ਅਤੇ ਦੂਜੇ ਦਿਨ ਸਵੇਰੇ ਨੌਂ ਵਜੇ ਪਰਵੀਣ ਨੂੰ ਵਿਖਾ ਕੇ ਹੇਠਾਂ ਲੈਟਰ ਬਾਕਸ ਵਿੱਚ ਪਾ ਦਿੱਤਾ।

ਹੁਣ ਉਨ੍ਹਾਂ ਵਿੱਚ ਬਾਕਾਇਦਾ ਖ਼ਤੋ-ਕਿਤਾਬਤ ਸ਼ੁਰੂ ਹੋ ਗਈ। ਹਰ ਖ਼ਤ ਇਸ਼ਕ ਮੁਹੱਬਤ ਦਾ ਇੱਕ ਦਫਤਰ ਸੀ। ਇੱਕ ਖ਼ਤ ਅਖ਼ਲਾਕ ਨੇ ਆਪਣੇ ਖ਼ੂਨ ਨਾਲ ਲਿਖਿਆ ਜਿਸ ਵਿੱਚ ਉਸ ਨੇ ਕਸਮ ਖਾਈ ਕਿ ਉਹ ਹਮੇਸ਼ਾ ਆਪਣੀ ਮੁਹੱਬਤ ਵਿੱਚ ਸਾਬਤ ਕਦਮ ਰਹੇਗਾ। ਇਸ ਦੇ ਜਵਾਬ ਵਿੱਚ ਖ਼ੂਨੀ ਤਹਰੀਰ ਹੀ ਆਈ। ਪਰਵੀਣ ਨੇ ਵੀ ਹਲਫ ਚੁੱਕਿਆ ਕਿ ਉਹ ਮਰ ਜਾਵੇਗੀ ਲੇਕਿਨ ਅਖ਼ਲਾਕ ਦੇ ਸਿਵਾ ਹੋਰ ਕਿਸੇ ਨੂੰ ਸ਼ਰੀਕ-ਏ-ਹਯਾਤ ਨਹੀਂ ਬਣਾਏਗੀ।

ਮਹੀਨੇ ਬੀਤ ਗਏ। ਇਸ ਦੌਰਾਨ ਕਦੇ ਕਦੇ ਕਿਸੇ ਸਿਨੇਮਾ ਵਿੱਚ ਦੋਨਾਂ ਦੀ ਮੁਲਾਕਾਤ ਹੋ ਜਾਂਦੀ ਸੀ। ਮਿਲ ਕੇ ਬੈਠਣ ਦਾ ਮੌਕਾ ਉਨ੍ਹਾਂ ਨੂੰ ਨਹੀਂ ਮਿਲਦਾ ਸੀ। ਪਰਵੀਣ ਉੱਤੇ ਘਰ ਦੀ ਤਰਫ਼ ਤੋਂ ……ਬਹੁਤ ਕਰੜੀਆਂ ਪਾਬੰਦੀਆਂ ਆਇਦ ਸਨ। ਉਹ ਬਾਹਰ ਨਿਕਲਦੀ ਸੀ ਜਾਂ ਤਾਂ ਆਪਣੇ ਭਾਈ ਦੇ ਨਾਲ ਜਾਂ ਆਪਣੀ ਸਹੇਲੀ ਜ਼ੁਹਰਾ ਦੇ ਨਾਲ। ਇਨ੍ਹਾਂ ਦੋ ਦੇ ਇਲਾਵਾ ਉਸ ਨੂੰ ਹੋਰ ਕਿਸੇ ਦੇ ਨਾਲ ਬਾਹਰ ਜਾਣ ਦੀ ਇਜਾਜਤ ਨਹੀਂ ਸੀ। ਅਖ਼ਲਾਕ ਨੇ ਉਸਨੂੰ ਕਈ ਵਾਰ ਲਿਖਿਆ ਕਿ ਜ਼ੁਹਰਾ ਦੇ ਨਾਲ ਉਹ ਕਦੇ ਉਸਨੂੰ ਬਾਰਾਂਦਰੀ ਵਿੱਚ ਜਹਾਂਗੀਰ ਦੇ ਮਕਬਰੇ ਵਿੱਚ ਮਿਲੇ। ਮਗਰ ਉਹ ਨਹੀਂ ਮੰਨੀ। ਉਸਨ੍ਹੂੰ ਡਰ ਸੀ ਕਿ ਕੋਈ ਵੇਖ ਲਵੇਗਾ।

ਇਸ ਅਰਸੇ ਦੌਰਾਨ ਅਖ਼ਲਾਕ ਦੇ ਮਾਪਿਆਂ ਨੇ ਉਸਦੇ ਵਿਆਹ ਦੀ ਗੱਲਬਾਤ ਸ਼ੁਰੂ ਕਰਦੀ। ਅਖ਼ਲਾਕ ਟਾਲਦਾ ਰਿਹਾ ਜਦੋਂ ਉਨ੍ਹਾਂ ਨੇ ਤੰਗ ਆਕੇ ਇੱਕ ਜਗ੍ਹਾ ਗੱਲ ਕਰ ਦਿੱਤੀ ਤਾਂ ਅਖ਼ਲਾਕ ਵਿਗੜ ਗਿਆ, ਬਹੁਤ ਹੰਗਾਮਾ ਹੋਇਆ।

ਇੱਥੇ ਤੱਕ ਕਿ ਅਖ਼ਲਾਕ ਨੂੰ ਘਰ ਤੋਂ ਨਿਕਲ ਕੇ ਇੱਕ ਰਾਤ ਇਸਲਾਮੀਆ ਕਾਲਜ ਦੀ ਗਰਾਂਊਡ ਵਿੱਚ ਸੌਣਾ ਪਿਆ। ਏਧਰ ਪਰਵੀਣ ਰੋਦੀ ਰਹੀ। ਖਾਣੇ ਨੂੰ ਹੱਥ ਤੱਕ ਨਹੀਂ ਲਗਾਇਆ।

ਅਖ਼ਲਾਕ ਧੁਨ ਦਾ ਬਹੁਤ ਪੱਕਾ ਸੀ। ਜ਼ਿੱਦੀ ਵੀ ਪਰਲੇ ਦਰਜੇ ਦਾ ਸੀ। ਘਰ ਤੋਂ ਬਾਹਰ ਕਦਮ ਕੱਢਿਆ ਤਾਂ ਫਿਰ ਉੱਧਰ ਰੁਖ ਤੱਕ ਨਹੀਂ ਕੀਤਾ। ਉਸ ਦੇ ਬਾਪ ਨੇ ਉਸ ਨੂੰ ਬਹੁਤ ਸਮਝਾਇਆ ਮਗਰ ਉਹ ਨਹੀਂ ਮੰਨਿਆ। ਇੱਕ ਦਫਤਰ ਵਿੱਚ ਸੌ ਰੁਪਏ ਮਹੀਨਾਵਾਰ ਉੱਤੇ ਨੌਕਰੀ ਕਰ ਲਈ ਅਤੇ ਇੱਕ ਛੋਟਾ ਜਿਹਾ ਮਕਾਨ ਕਿਰਾਏ ਤੇ ਲੈ ਕੇ ਰਹਿਣ ਲੱਗਿਆ। ਜਿਸ ਵਿੱਚ ਨਲ ਸੀ ਨਾ ਬਿਜਲੀ।

ਏਧਰ ਪਰਵੀਣ ਅਖ਼ਲਾਕ ਦੀਆਂ ਤਕਲੀਫਾਂ ਦੇ ਦੁੱਖ ਵਿੱਚ ਘੁਲ ਰਹੀ ਸੀ। ਘਰ ਵਿੱਚ ਜਦੋਂ ਅਚਾਨਕ ਉਸ ਦੇ ਵਿਆਹ ਦੀ ਗੱਲਬਾਤ ਸ਼ੁਰੂ ਹੋਈ ਤਾਂ ਉਸ ਉੱਤੇ ਬਿਜਲੀ ਜਿਹੀ ਡਿੱਗੀ। ਉਸ ਨੇ ਅਖ਼ਲਾਕ ਨੂੰ ਲਿਖਿਆ। ਉਹ ਬਹੁਤ ਪਰੇਸ਼ਾਨ ਹੋਇਆ। ਲੇਕਿਨ ਪਰਵੀਣ ਨੂੰ ਉਸ ਨੇ ਤਸੱਲੀ ਦਿੱਤੀ ਕਿ ਉਹ ਘਬਰਾਏ ਨਹੀਂ। ਸਾਬਤ ਕਦਮ ਰਹੇ। ਇਸ਼ਕ ਉਨ੍ਹਾਂ ਦਾ ਇਮਤਿਹਾਨ ਲੈ ਰਿਹਾ ਹੈ।

ਬਾਰਾਂ ਦਿਨ ਬੀਤ ਗਏ। ਅਖ਼ਲਾਕ ਕਈ ਵਾਰ ਗਿਆ। ਮਗਰ ਪਰਵੀਣ ਖਿੜਕੀ ਵਿੱਚ ਨਜ਼ਰ ਨਹੀਂ ਆਈ। ਉਹ ਧੀਰਜ ਕਰਾਰ ਖੋਹ ਬੈਠਾ ਨੀਂਦ ਉਸਦੀ ਗਾਇਬ ਹੋ ਗਈ। ਉਸ ਨੇ ਦਫਤਰ ਜਾਣਾ ਛੱਡ ਦਿੱਤਾ। ਜ਼ਿਆਦਾ ਨਾਗੇ ਹੋਏ ਤਾਂ ਉਸ ਨੂੰ ਮੁਲਾਜ਼ਮਤ ਤੋਂ ਬਰਤਰਫ਼ ਕਰ ਦਿੱਤਾ ਗਿਆ। ਉਸ ਨੂੰ ਕੁੱਝ ਹੋਸ਼ ਨਹੀਂ ਸੀ। ਬਰਤਰਫ਼ੀ ਦਾ ਨੋਟਿਸ ਮਿਲਿਆ ਤਾਂ ਉਹ ਸਿੱਧਾ ਪਰਵੀਣ ਦੇ ਮਕਾਨ ਦੀ ਤਰਫ ਚੱਲ ਪਿਆ। ਪੰਦਰਾਂ ਦਿਨਾਂ ਦੇ ਲੰਮੇ ਅਰਸੇ ਦੇ ਬਾਅਦ ਉਸਨੂੰ ਪਰਵੀਣ ਨਜ਼ਰ ਆਈ ਉਹ ਵੀ ਇੱਕ ਛਿਣ ਦੇ ਲਈ। ਜਲਦੀ ਨਾਲ ਲਿਫਾਫਾ ਸੁੱਟ ਕੇ ਉਹ ਚੱਲੀ ਗਈ।

ਖ਼ਤ ਬਹੁਤ ਲੰਮਾ ਸੀ। ਪਰਵੀਣ ਦੀ ਗ਼ੈਰ ਹਾਜ਼ਰੀ ਦਾ ਸਬੱਬ ਇਹ ਸੀ ਕਿ ਉਸ ਦਾ ਬਾਪ ਉਹਨੂੰ ਨਾਲ ਗੁਜਰਾਂਵਾਲਾ ਲੈ ਗਿਆ ਸੀ ਜਿੱਥੇ ਉਸਦੀ ਵੱਡੀ ਭੈਣ ਰਹਿੰਦੀ ਸੀ। ਪੰਦਰਾਂ ਦਿਨ ਉਹ ਖ਼ੂਨ ਦੇ ਅੱਥਰੂ ਰੋਂਦੀ ਰਹੀ। ਉਸ ਦਾ ਦਹੇਜ ਤਿਆਰ ਕੀਤਾ ਜਾ ਰਿਹਾ ਸੀ ਲੇਕਿਨ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਸ ਲਈ ਰੰਗ ਬਿਰੰਗੇ ਕਫ਼ਨ ਬਣ ਰਹੇ ਹਨ। ਖ਼ਤ ਦੇ ਆਖਿਰ ਵਿੱਚ ਲਿਖਿਆ। ਤਾਰੀਖ ਮੁਕੱਰਰ ਹੋ ਚੁੱਕੀ ਹੈ ……ਮੇਰੀ ਮੌਤ ਦੀ ਤਾਰੀਖ ਮੁਕੱਰਰ ਹੋ ਚੁੱਕੀ ਹੈ। ਮੈਂ ਮਰ ਜਾਵਾਂਗੀ ……ਮੈਂ ਜ਼ਰੂਰ ਕੁੱਝ ਖਾ ਕੇ ਮਰ ਜਾਵਾਂਗੀ। ਇਸ ਦੇ ਸਿਵਾ ਹੋਰ ਕੋਈ ਰਸਤਾ ਮੈਨੂੰ ਵਿਖਾਈ ਨਹੀਂ ਦਿੰਦਾ ……ਨਹੀਂ ਨਹੀਂ ਇੱਕ ਹੋਰ ਰਸਤਾ ਵੀ ਹੈ ……ਲੇਕਿਨ ਮੈਂ ਕੀ ਇੰਨੀ ਹਿੰਮਤ ਕਰ ਸਕਾਂਗੀ। ਤੂੰ ਵੀ ਇੰਨੀ ਹਿੰਮਤ ਕਰ ਸਕੇਂਗਾ ……ਮੈਂ ਤੁਹਾਡੇ ਕੋਲ ਚੱਲੀ ਆਵਾਂਗੀ ……ਮੈਨੂੰ ਤੁਹਾਡੇ ਕੋਲ ਆਉਣਾ ਹੀ ਪਵੇਗਾ। ਤੁਸੀਂ ਮੇਰੇ ਲਈ ਘਰ ਵਾਰ ਛੱਡਿਆ। ਮੈਂ ਤੁਹਾਡੇ ਲਈ ਇਹ ਘਰ ਨਹੀਂ ਛੱਡ ਸਕਦੀ, ਜਿੱਥੇ ਮੇਰੀ ਮੌਤ ਦੇ ਸਾਮਾਨ ਹੋ ਰਹੇ ਹੋਣ ……ਲੇਕਿਨ ਮੈਂ ਪਤਨੀ ਬਣ ਕੇ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ। ਤੁਸੀਂ ਵਿਆਹ ਦਾ ਬੰਦੋਬਸਤ ਕਰ ਲਓ। ਮੈਂ ਸਿਰਫ ਤਿੰਨ ਕੱਪੜਿਆਂ ਵਿੱਚ ਆਵਾਂਗੀ। ਜੇਵਰ ਵਗ਼ੈਰਾ ਸਭ ਉਤਾਰ ਕੇ ਇੱਥੇ ਸੁੱਟ ਦੇਵਾਂਗੀ।

……ਜਵਾਬ ਜਲਦੀ ਦਿਓ, ਹਮੇਸ਼ਾ ਤੁਹਾਡੀ। ਪਰਵੀਣ।

ਅਖ਼ਲਾਕ ਨੇ ਕੁੱਝ ਨਹੀਂ ਸੋਚਿਆ, ਫ਼ੌਰਨ ਉਸ ਨੂੰ ਲਿਖਿਆ ਮੇਰੀ ਬਾਹਾਂ ਤੈਨੂੰ ਆਪਣੇ ਆਗ਼ੋਸ਼ ਵਿੱਚ ਲੈਣ ਲਈ ਤੜਫ਼ ਰਹੀਆਂ ਹਨ। ਮੈਂ ਤੁਹਾਡੀ ਇੱਜ਼ਤ ਇਸਮਤ ਉੱਤੇ ਕੋਈ ਹਰਫ ਨਹੀਂ ਆਉਣ ਦੇਵਾਂਗਾ। ਤੂੰ ਮੇਰੀ ਜੀਵਨ ਸਾਥਣ ਬਣ ਕੇ ਰਹੋਗੀ। ਜ਼ਿੰਦਗੀ ਭਰ ਮੈਂ ਤੈਨੂੰ ਖ਼ੁਸ਼ ਰੱਖਾਂਗਾ।

ਇੱਕ ਦੋ ਖ਼ਤ ਹੋਰ ਲਿਖੇ ਗਏ ਇਸ ਦੇ ਬਾਅਦ ਤੈਅ ਕੀਤਾ ਕਿ ਪਰਵੀਣ ਬੁੱਧ ਨੂੰ ਸਵੇਰੇ ਸਵੇਰੇ ਘਰ ਤੋਂ ਨਿਕਲੇਗੀ। ਅਖ਼ਲਾਕ ਟਾਂਗਾ ਲੈ ਕੇ ਗਲੀ ਦੀ ਨੁੱਕੜ ਉੱਤੇ ਉਸ ਦਾ ਇੰਤਜ਼ਾਰ ਕਰੇ।

ਬੁੱਧ ਨੂੰ ਮੂੰਹ ਹਨ੍ਹੇਰੇ ਅਖ਼ਲਾਕ ਟਾਂਗੇ ਵਿੱਚ ਉੱਥੇ ਪਹੁੰਚ ਕੇ ਪਰਵੀਣ ਦਾ ਇੰਤਜ਼ਾਰ ਕਰਨ ਲਗਾ। ਪੰਦਰਾਂ ਵੀਹ ਮਿੰਟ ਬੀਤ ਗਏ। ਅਖ਼ਲਾਕ ਦੀ ਬੇਚੈਨੀ ਵੱਧ ਗਈ। ਲੇਕਿਨ ਉਹ ਆ ਗਈ। ਛੋਟੇ ਛੋਟੇ ਕਦਮ ਚੁਕਦਿਆਂ ਉਹ ਗਲੀ ਵਿੱਚ ਨਮੂਦਾਰ ਹੋਈ। ਚਾਲ ਵਿੱਚ ਲੜਖੜਾਹਟ ਸੀ। ਜਦੋਂ ਉਹ ਟਾਂਗੇ ਵਿੱਚ ਅਖ਼ਲਾਕ ਦੇ ਨਾਲ ਬੈਠੀ ਤਾਂ ਸਿਰ ਤੋਂ ਪੈਰਾਂ ਤੱਕ ਕੰਬ ਰਹੀ ਸੀ। ਅਖ਼ਲਾਕ ਖ਼ੁਦ ਵੀ ਕੰਬਣ ਲਗਾ।

ਘਰ ਪੁੱਜੇ ਤਾਂ ਅਖ਼ਲਾਕ ਨੇ ਬੜੇ ਪਿਆਰ ਨਾਲ ਉਸ ਦੇ ਬੁਰਕੇ ਦਾ ਨਕਾਬ ਚੁੱਕਿਆ ਅਤੇ ਕਿਹਾ “ਮੇਰੀ ਦੁਲਹਨ ਕਦੋਂ ਤੱਕ ਮੇਰੇ ਤੋਂ ਪਰਦੇ ਕਰੇਗੀ। ”

ਪਰਵੀਣ ਨੇ ਸ਼ਰਮਾ ਕੇ ਅੱਖਾਂ ਝੁੱਕਾ ਲਿੱਤੀਆਂ। ਉਸ ਦਾ ਰੰਗ ਜ਼ਰਦ ਸੀ ਜਿਸਮ ਅਜੇ ਤੱਕ ਕੰਬ ਰਿਹਾ ਸੀ। ਅਖ਼ਲਾਕ ਨੇ ਉੱਪਰਲੇ ਹੋਠ ਦੇ ਤਿਲ ਦੀ ਤਰਫ਼ ਵੇਖਿਆ ਤਾਂ ਉਸ ਦੇ ਹੋਠਾਂ ਵਿੱਚ ਇੱਕ ਚੁੰਮਣ ਤੜਪਨ ਲੱਗਿਆ। ਉਸ ਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਥੰਮ ਕੇ ਉਸ ਨੇ ਤਿਲ ਵਾਲੀ ਜਗ੍ਹਾ ਨੂੰ ਚੁੰਮਿਆ। ਪਰਵੀਣ ਨੇ ਨਾਂਹ ਕੀਤੀ। ਉਸ ਦੇ ਹੋਠ ਖੁੱਲ੍ਹੇ। ਦੰਦਾਂ ਵਿੱਚ ਗੋਸ਼ਤ ਖ਼ੋਰਾ ਸੀ। ਮਸੂੜੇ ਡੂੰਘੇ ਨੀਲੇ ਰੰਗ ਦੇ ਸਨ। ਗਲ਼ੇ ਹੋਏ। ਸੜਾਂਦ ਦਾ ਇੱਕ ਭਬਕਾ ਅਖ਼ਲਾਕ ਦੀ ਨੱਕ ਵਿੱਚ ਵੜ ਗਿਆ। ਇੱਕ ਧੱਕਾ ਜਿਹਾ ਉਸ ਨੂੰ ਲੱਗਿਆ। ਇੱਕ ਹੋਰ ਭਬਕਾ ਪਰਵੀਣ ਦੇ ਮੂੰਹ ਵਿੱਚੋਂ ਨਿਕਲਿਆ ਤਾਂ ਉਹ ਇੱਕ ਦਮ ਪਿੱਛੇ ਹੱਟ ਗਿਆ।

ਪਰਵੀਣ ਨੇ ਹਿਆ ਭਿੱਜੀ ਆਵਾਜ ਵਿੱਚ ਕਿਹਾ, “ਵਿਆਹ ਤੋਂ ਪਹਿਲਾਂ ਤੁਹਾਨੂੰ ਅਜਿਹੀਆਂ ਗੱਲਾਂ ਦਾ ਹੱਕ ਨਹੀਂ ਪੁੱਜਦਾ।”

ਇਹ ਕਹਿੰਦੇ ਹੋਏ ਉਸਦੇ ਗਲ਼ੇ ਹੋਏ ਮਸੂੜੇ ਨੁਮਾਇਆਂ ਹੋਏ। ਅਖ਼ਲਾਕ ਦੇ ਹੋਸ਼ ਹਵਾਸ ਗਾਇਬ ਸਨ ਦਿਮਾਗ਼ ਸੁੰਨ ਹੋ ਗਿਆ। ਦੇਰ ਤੱਕ ਉਹ ਦੋਨੋਂ ਕੋਲ ਬੈਠੇ ਰਹੇ। ਅਖ਼ਲਾਕ ਨੂੰ ਕੋਈ ਗੱਲ ਨਹੀਂ ਸੁੱਝਦੀ ਸੀ। ਪਰਵੀਣ ਦੀਆਂ ਅੱਖਾਂ ਝੁਕੀਆਂ ਹੋਈਆਂ ਸਨ। ਜਦੋਂ ਉਸ ਨੇ ਉਂਗਲ ਦਾ ਨਹੁੰ ਕੱਟਣ ਲਈ ਹੋਠ ਖੋਲ੍ਹੇ ਤਾਂ ਫਿਰ ਉਨ੍ਹਾਂ ਗਲ਼ੇ ਹੋਏ ਮਸੂੜਿਆਂ ਦੀ ਨੁਮਾਇਸ਼ ਹੋਈ। ਬਦਬੂ ਦਾ ਇੱਕ ਭਬਕਾ ਨਿਕਲਿਆ। ਅਖ਼ਲਾਕ ਨੂੰ ਮਤਲੀ ਆਉਣ ਲੱਗੀ। ਉਠਿਆ ਅਤੇ “ਹੁਣੇ ਆਇਆ” ਕਹਿ ਕੇ ਬਾਹਰ ਨਿਕਲ ਗਿਆ। ਇੱਕ ਥੜੇ ਉੱਤੇ ਬੈਠ ਕੇ ਉਸ ਨੇ ਬਹੁਤ ਦੇਰ ਸੋਚਿਆ। ਜਦੋਂ ਕੁੱਝ ਸਮਝ ਵਿੱਚ ਨਹੀਂ ਆਇਆ ਤਾਂ ਲਾਇਲਪੁਰ ਰਵਾਨਾ ਹੋ ਗਿਆ। ਜਿੱਥੇ ਉਸ ਦਾ ਇੱਕ ਦੋਸਤ ਰਹਿੰਦਾ ਸੀ। ਅਖ਼ਲਾਕ ਨੇ ਸਾਰਾ ਵਾਪਰਿਆ ਸੁਣਾਇਆ ਤਾਂ ਉਸ ਨੇ ਬਹੁਤ ਲਾਨ ਤਾਨ ਕੀਤੀ ਅਤੇ ਇਸ ਨੂੰਕਿਹਾ। “ਫ਼ੌਰਨ ਵਾਪਸ ਜਾ। ਕਿਤੇ ਬੇਚਾਰੀ ਖੁਦਕੁਸ਼ੀ ਨਾ ਕਰ ਲਵੇ। ”

ਅਖ਼ਲਾਕ ਰਾਤ ਨੂੰ ਵਾਪਸ ਲਾਹੌਰ ਆਇਆ। ਘਰ ਵਿੱਚ ਦਾਖ਼ਲ ਹੋਇਆ ਤਾਂ ਪਰਵੀਣ ਮੌਜੂਦ ਨਹੀਂ ਸੀ ……ਪਲੰਗ ਉੱਤੇ ਤਕੀਆ ਪਿਆ ਸੀ। ਇਸ ਉੱਤੇ ਦੋ ਗੋਲ ਗੋਲ ਨਿਸ਼ਾਨ ਸਨ। ਗਿੱਲੇ !

ਇਸ ਦੇ ਬਾਅਦ ਅਖ਼ਲਾਕ ਨੂੰ ਪਰਵੀਣ ਕਿਤੇ ਨਜ਼ਰ ਨਹੀਂ ਆਈ।

(5 ਜੂਨ 1950)

ਇੱਕ ਤਵਾਇਫ਼ ਦਾ ਖ਼ਤ (ਕਹਾਣੀ) – ਕ੍ਰਿਸ਼ਨ ਚੰਦਰ

March 20, 2018

Image result for krishan chander

ਮੈਨੂੰ ਉਮੀਦ ਹੈ ਕਿ ਇਸ ਤੋਂ ਪਹਿਲਾਂ ਤੁਹਾਨੂੰ ਕਿਸੇ ਤਵਾਇਫ਼ ਦਾ ਖ਼ਤ ਨਹੀਂ ਮਿਲਿਆ ਹੋਵੇਗਾ। ਇਹ ਵੀ ਉਮੀਦ ਕਰਦੀ ਹਾਂ ਕਿ ਕਿ ਅੱਜ ਤੱਕ ਤੁਸੀਂ ਮੇਰੀ ਅਤੇ ਇਸ ਪੇਸ਼ੇ ਦੀਆਂ ਦੂਜੀਆਂ ਔਰਤਾਂ ਦੀ ਸੂਰਤ ਵੀ ਨਾ ਵੇਖੀ ਹੋਵੇਗੀ। ਇਹ ਵੀ ਜਾਣਦੀ ਹਾਂ ਕਿ ਤੁਹਾਨੂੰ ਮੇਰਾ ਇਹ ਖ਼ਤ ਲਿਖਣਾ ਕਿਸ ਕਦਰ ਅਭੱਦਰ ਹੈ ਅਤੇ ਉਹ ਵੀ ਅਜਿਹਾ ਖੁੱਲ੍ਹਾ ਖ਼ਤ। ਪਰ ਕੀ ਕਰਾਂ। ਹਾਲਾਤ ਕੁੱਝ ਅਜਿਹੇ ਹਨ ਅਤੇ ਇਨ੍ਹਾਂ ਦੋਨਾਂ ਕੁੜੀਆਂ ਦਾ ਤਕਾਜ਼ਾ ਇੰਨਾ ਤਕੜਾ ਹੈ ਕਿ ਮੈਂ ਇਹ ਖ਼ਤ ਲਿਖੇ ਬਿਨਾਂ ਨਹੀਂ ਰਹਿ ਸਕਦੀ। ਇਹ ਖ਼ਤ ਮੈਂ ਨਹੀਂ ਲਿਖ ਰਹੀ ਹਾਂ, ਇਹ ਖ਼ਤ ਮੇਰੇ ਤੋਂ ਬੇਲਾ ਅਤੇ ਬਤੋਲ ਲਿਖਵਾ ਰਹੀਆਂ ਹਨ। ਮੈਂ ਸਿਦਕ ਦਿਲੋਂ ਮੁਆਫ਼ੀ ਚਾਹੁੰਦੀ ਹਾਂ, ਜੇਕਰ ਮੇਰੇ ਖ਼ਤ ਵਿੱਚ ਕੋਈ ਫ਼ਿਕਰਾ ਤੁਹਾਨੂੰ ਚੰਗਾ ਨਾ ਲੱਗੇ। ਉਸਨੂੰ ਮੇਰੀ ਮਜਬੂਰੀ ਦਾ ਸੌਦਾ ਸਮਝਣਾ ਜੀ।

ਬੇਲਾ ਅਤੇ ਬਤੋਲ ਮੇਰੇ ਤੋਂ ਇਹ ਖ਼ਤ ਕਿਉਂ ਲਿਖਵਾ ਰਹੀਆਂ ਹਨ। ਇਹ ਦੋਨੋਂ ਕੁੜੀਆਂ ਕੌਣ ਹਨ ਅਤੇ ਉਨ੍ਹਾਂ ਦਾ ਤਕਾਜ਼ਾ ਇੰਨਾ ਜ਼ੋਰਦਾਰ ਕਿਉਂ ਹੈ। ਇਹ ਸਭ ਕੁੱਝ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਕੁੱਝ ਦੱਸਣਾ ਚਾਹੁੰਦੀ ਹਾਂ, ਘਬਰਾਓ ਨਾ। ਮੈਂ ਤੁਹਾਨੂੰ ਆਪਣੀ ਘਿਣਾਓਨੀ ਜ਼ਿੰਦਗੀ ਦੇ ਇਤਿਹਾਸ ਤੋਂ ਜਾਣੂੰ ਨਹੀਂ ਕਰਵਾਉਣਾ ਚਾਹੁੰਦੀ। ਮੈਂ ਇਹ ਵੀ ਨਹੀਂ ਦੱਸਾਂਗੀ ਕਿ ਮੈਂ ਕਦੋਂ ਅਤੇ ਕਿਸ ਹਾਲਾਤ ਵਿੱਚ ਤਵਾਇਫ਼ ਬਣੀ। ਮੈਂ ਕਿਸੇ ਸ਼ਰੀਫ਼ਾਨਾ ਜਜ਼ਬੇ ਦਾ ਸਹਾਰਾ ਲੈ ਕੇ ਤੁਹਾਨੂੰ ਕਿਸੇ ਝੂਠੇ ਰਹਿਮ ਦੀ ਦਰਖ਼ਾਸਤ ਕਰਨ ਨਹੀਂ ਆਈ ਹਾਂ। ਮੈਂ ਤੁਹਾਡੇ ਦਰਦਮੰਦ ਦਿਲ ਨੂੰ ਪਹਿਚਾਣ ਕੇ ਆਪਣੀ ਸਫਾਈ ਵਿੱਚ ਝੂਠਾ ਮੁਹੱਬਤ ਦਾ ਅਫ਼ਸਾਨਾ ਨਹੀਂ ਘੜਨਾ ਚਾਹੁੰਦੀ। ਇਸ ਖ਼ਤ ਦੇ ਲਿਖਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਤਵਾਇਫ਼ੀ ਦੇ ਧੰਦੇ ਦੇ ਭੇਤਾਂ ਤੋਂ ਜਾਣੂੰ ਕਰਾਵਾਂ। ਮੈਂ ਆਪਣੀ ਸਫਾਈ ਵਿੱਚ ਕੁੱਝ ਨਹੀਂ ਕਹਿਣਾ ਹੈ। ਮੈਂ ਸਿਰਫ ਆਪਣੇ ਬਾਰੇ ਕੁਝ ਅਜਿਹੀਆਂ ਗੱਲਾਂ ਦੱਸਣਾ ਚਾਹੁੰਦੀ ਹਾਂ ਜਿਨ੍ਹਾਂ ਦਾ ਅੱਗੇ ਚੱਲ ਕੇ ਬੇਲਾ ਅਤੇ ਬਤੋਲ ਦੀ ਜ਼ਿੰਦਗੀ ਉੱਤੇ ਅਸਰ ਪੈ ਸਕਦਾ ਹੈ।

ਤੁਸੀ ਲੋਕ ਕਈ ਵਾਰ ਬੰਬਈ ਆਏ ਹੋਵੋਗੇ। ਜਿਨਾਹ ਸਾਹਿਬ ਨੇ ਤਾਂ ਬੰਬਈ ਨੂੰ ਬਹੁਤ ਵੇਖਿਆ ਹੈ ਮਗਰ ਤੁਸੀਂ ਸਾਡਾ ਬਾਜ਼ਾਰ ਕਾਹੇ ਨੂੰ ਵੇਖਿਆ ਹੋਵੇਗਾ। ਜਿਸ ਬਾਜ਼ਾਰ ਵਿੱਚ ਮੈਂ ਰਹਿੰਦੀ ਹਾਂ ਉਹ ਫ਼ਾਰਸ ਰੋਡ ਕਹਾਂਦਾ ਹੈ। ਫ਼ਾਰਸ ਰੋਡ, ਗਰਾਂਟ ਰੋਡ ਅਤੇ ਮਦਨਪੁਰੇ ਦੇ ਵਿੱਚਕਾਰ ਸਥਿਤ ਹੈ। ਗਰਾਂਟ ਰੋਡ ਦੇ ਉਸ ਪਾਰ ਲਮੰਗਟਮ ਰੋਡ ਅਤੇ ਉਪੇਰਾ ਹਾਊਸ ਅਤੇ ਚੌਪਾਟੀ ਮੈਰੀਨ ਡਰਾਈਵ ਅਤੇ ਫ਼ੋਰਟ ਦੇ ਇਲਾਕ਼ੇ ਹਨ ਜਿੱਥੇ ਬੰਬਈ ਦੇ ਸ਼ਰੀਫ਼ ਲੋਕ ਰਹਿੰਦੇ ਹਨ। ਮਦਨਪੁਰਾ ਵਿੱਚ ਉਸ ਤਰਫ਼ ਗਰੀਬਾਂ ਦੀ ਬਸਤੀ ਹੈ। ਫ਼ਾਰਸ ਰੋਡ ਇਨ੍ਹਾਂ ਦੋਨਾਂ ਦੇ ਵਿੱਚਕਾਰ ਹੈ ਤਾਂਕਿ ਅਮੀਰ ਅਤੇ ਗ਼ਰੀਬ ਇਸ ਤੋਂ ਇੱਕੋ ਜਿੰਨਾ ਲਾਭ ਉਠਾ ਸਕਣ। ਗੁਰੂ ਫ਼ਾਰਸ ਰੋਡ ਫਿਰ ਵੀ ਮਦਨਪੁਰੇ ਦੇ ਜ਼ਿਆਦਾ ਕ਼ਰੀਬ ਹੈ ਕਿਉਂਕਿ ਤੰਗੀ ਵਿੱਚ ਅਤੇ ਤਵਾਇਫ਼ੀ ਵਿੱਚ ਹਮੇਸ਼ਾ ਬਹੁਤ ਘੱਟ ਫ਼ਾਸਲਾ ਰਹਿੰਦਾ ਹੈ। ਇਹ ਬਾਜ਼ਾਰ ਬਹੁਤ ਖ਼ੂਬਸੂਰਤ ਨਹੀਂ ਹੈ, ਇਸ ਦੇ ਮਕਾਨ ਵੀ ਖ਼ੂਬਸੂਰਤ ਨਹੀਂ ਹਨ। ਇਸ ਦੇ ਵਿੱਚੋ ਵਿੱਚ ਟਰਾਮ ਦੀ ਗੜਗੜਾਹਟ ਦਿਨ ਰਾਤ ਜਾਰੀ ਰਹਿੰਦੀ ਹੈ। ਜਹਾਨ ਭਰ ਦੇ ਅਵਾਰਾ ਕੁੱਤੇ ਅਤੇ ਲੌਂਡੇ ਅਤੇ ਸ਼ੋਹਦੇ ਅਤੇ ਬੇਕਾਰ ਅਤੇ ਜਰਾਇਮਪੇਸ਼ਾ ਲੋਕ ਇਸ ਦੀਆਂ ਗਲੀਆਂ ਦੇ ਗੇੜੇ ਲਾਉਂਦੇ ਨਜ਼ਰ ਆਉਂਦੇ ਹਨ। ਲੰਗੜੇ, ਲੂਲੇ, ਨਿਕੰਮੇ, ਦਿੱਕ ਦੇ ਮਾਰੇ ਤਮਾਸ਼ਬੀਨ। ਆਤਸ਼ਕ ਤੇ ਸੁਜ਼ਾਕ ਦੇ ਮਾਰੇ ਹੋਏ ਕਾਣੇ, ਲੁੰਜੇ, ਕੋਕੀਨਬਾਜ਼ ਅਤੇ ਜੇਬ ਕਤਰੇ ਇਸ ਬਾਜ਼ਾਰ ਵਿੱਚ ਹਿੱਕ ਤਾਣ ਕੇ ਚਲਦੇ ਹਨ। ਗ਼ਲੀਜ਼ ਹੋਟਲ, ਸਿੱਲ੍ਹੇ ਹੋਏ ਫ਼ੁਟ-ਪਾਥ ਉੱਤੇ ਮੈਲ਼ੇ ਦੇ ਢੇਰਾਂ ਉੱਤੇ ਭਿਣਭਿਣਾਉਂਦੀਆਂ ਹੋਈਆਂ ਲੱਖਾਂ ਮੱਖੀਆਂ, ਲੱਕੜੀਆਂ ਅਤੇ ਕੋਲੇ ਦੇ ਵੀਰਾਨ ਗੁਦਾਮ, ਪੇਸ਼ਾਵਰ ਦਲਾਲ ਅਤੇ ਬੇਹੇ ਹਾਰ ਵੇਚਣ ਵਾਲੇ, ਕੋਕ ਸ਼ਾਸਤਰ ਅਤੇ ਨੰਗੀਆਂ ਤਸਵੀਰਾਂ ਦੇ ਦੁਕਾਨਦਾਰ, ਚੀਨੀ ਨਾਈ ਅਤੇ ਇਸਲਾਮੀ ਨਾਈ ਅਤੇ ਲੰਗੋਟੇ ਕਸ ਕੇ ਗਾਲੀਆਂ ਬਕਣ ਵਾਲੇ ਪਹਿਲਵਾਨ, ਸਾਡੀ ਸਮਾਜੀ ਜ਼ਿੰਦਗੀ ਦਾ ਸਾਰਾ ਕੂੜ-ਕਬਾੜ ਤੁਹਾਨੂੰ ਫ਼ਾਰਸ ਰੋਡ ਉੱਤੇ ਮਿਲਦਾ ਹੈ। ਸਾਫ਼ ਹੈ ਤੁਸੀ ਇੱਥੇ ਕਿਉਂ ਆਓਗੇ। ਕੋਈ ਸ਼ਰੀਫ ਆਦਮੀ ਏਧਰ ਦਾ ਰੁਖ਼ ਨਹੀਂ ਕਰਦਾ, ਸ਼ਰੀਫ ਆਦਮੀ ਜਿੰਨੇ ਹਨ ਉਹ ਗਰਾਂਟ ਰੋਡ ਦੇ ਉਸ ਪਾਰ ਰਹਿੰਦੇ ਹਨ ਅਤੇ ਜੋ ਬਹੁਤ ਹੀ ਸ਼ਰੀਫ ਹਨ ਉਹ ਮਾਲਾਬਾਰ ਹਿੱਲ ਉੱਤੇ ਰਹਿੰਦੇ ਹਨ। ਮੈਂ ਇੱਕ ਵਾਰ ਜਿਨਾਹ ਸਾਹਿਬ ਦੀ ਕੋਠੀ ਦੇ ਸਾਹਮਣੇ ਤੋਂ ਲੰਘੀ ਸੀ ਅਤੇ ਉੱਥੇ ਮੈਂ ਝੁਕ ਕੇ ਸਲਾਮ ਵੀ ਕੀਤਾ ਸੀ। ਬਤੋਲ ਵੀ ਮੇਰੇ ਨਾਲ ਸੀ। ਬਤੋਲ ਨੂੰ ਤੁਹਾਡੇ (ਜਿਨਾਹ ਸਾਹਿਬ) ਨਾਲ ਜਿਸ ਕਦਰ ਸ਼ਰਧਾ ਹੈ ਉਸ ਨੂੰ ਮੈਂ ਕਦੇ ਠੀਕ ਤਰ੍ਹਾਂ ਬਿਆਨ ਨਾ ਕਰ ਸਕੂੰਗੀ। ਖ਼ੁਦਾ ਅਤੇ ਰਸੂਲ ਦੇ ਬਾਅਦ ਦੁਨੀਆ ਵਿੱਚ ਜੇਕਰ ਉਹ ਕਿਸੇ ਨੂੰ ਚਾਹੁੰਦੀ ਹੈ ਤਾਂ ਸਿਰਫ਼ ਉਹ ਤੁਸੀਂ ਹੋ। ਉਸਨੇ ਤੁਹਾਡੀ ਤਸਵੀਰ ਲਾਕੇਟ ਵਿੱਚ ਲਗਾ ਕੇ ਆਪਣੇ ਸੀਨੇ ਨਾਲ ਲਗਾ ਰੱਖੀ ਹੈ। ਕਿਸੇ ਬੁਰੀ ਨੀਅਤ ਨਾਲ ਨਹੀਂ। ਬਤੋਲ ਦੀ ਉਮਰ ਹੁਣ ਗਿਆਰਾਂ ਸਾਲ ਦੀ ਹੈ, ਛੋਟੀ ਜਿਹੀ ਕੁੜੀ ਹੀ ਤਾਂ ਹੈ ਉਹ। ਗੋ ਫ਼ਾਰਸ ਰੋਡ ਵਾਲੇ ਹੁਣੇ ਤੋਂ ਉਸ ਦੇ ਬਾਰੇ ਭੈੜੇ ਭੈੜੇ ਇਰਾਦੇ ਕਰ ਰਹੇ ਹਨ। ਚਲੋ ਖ਼ੈਰ ਉਹ ਕਦੇ ਫਿਰ ਤੁਹਾਨੂੰ ਦੱਸਾਂਗੀ। 
ਤਾਂ ਇਹ ਹੈ ਫ਼ਾਰਸ ਰੋਡ ਜਿੱਥੇ ਮੈਂ ਰਹਿੰਦੀ ਹਾਂ, ਫ਼ਾਰਸ ਰੋਡ ਦੇ ਪੱਛਮੀ ਸਿਰੇ ਉੱਤੇ ਜਿੱਥੇ ਚੀਨੀ ਨਾਈ ਦੀ ਦੁਕਾਨ ਹੈ ਇਸ ਦੇ ਕ਼ਰੀਬ ਇੱਕ ਹਨੇਰੀ ਗਲੀ ਦੇ ਮੋੜ ਉੱਤੇ ਮੇਰੀ ਦੁਕਾਨ ਹੈ। ਲੋਕ ਤਾਂ ਉਸਨੂੰ ਦੁਕਾਨ ਨਹੀਂ ਕਹਿੰਦੇ। ਖ਼ੈਰ ਤੁਸੀ ਸਿਆਣੇ ਹੋ ਤੁਹਾਥੋਂ ਕੀ ਛੁਪਾਊਂਗੀ। ਇਹੀ ਕਹੂੰਗੀ ਉੱਥੇ ਮੇਰੀ ਦੁਕਾਨ ਹੈ ਅਤੇ ਉੱਥੇ ਮੈਂ ਇਸ ਤਰ੍ਹਾਂ ਵਪਾਰ ਕਰਦੀ ਹਾਂ ਜਿਸ ਤਰ੍ਹਾਂ ਬਾਣੀਆ, ਸਬਜ਼ੀ ਵਾਲਾ, ਫਲ ਵਾਲਾ, ਹੋਟਲ ਵਾਲਾ, ਮੋਟਰ ਵਾਲਾ, ਸਿਨੇਮਾ ਵਾਲਾ, ਕੱਪੜੇ ਵਾਲਾ ਜਾਂ ਕੋਈ ਹੋਰ ਦੁਕਾਨਦਾਰ ਵਪਾਰ ਕਰਦਾ ਹੈ ਅਤੇ ਹਰ ਵਪਾਰ ਵਿੱਚ ਗਾਹਕ ਨੂੰ ਖ਼ੁਸ਼ ਕਰਨ ਦੇ ਇਲਾਵਾ ਆਪਣੇ ਲਾਭ ਦੀ ਵੀ ਸੋਚਦਾ ਹੈ। ਮੇਰਾ ਵਪਾਰ ਵੀ ਇਸੇ ਤਰ੍ਹਾਂ ਦਾ ਹੈ, ਫ਼ਰਕ ਸਿਰਫ ਇੰਨਾ ਹੈ ਕਿ ਮੈਂ ਬਲੈਕ ਮਾਰਕੀਟ ਨਹੀਂ ਕਰਦੀ ਅਤੇ ਮੇਰੇ ਵਿੱਚ ਅਤੇ ਦੂਜੇ ਵਪਾਰੀਆਂ ਵਿੱਚ ਕੋਈ ਫ਼ਰਕ ਨਹੀਂ। ਇਹ ਦੁਕਾਨ ਚੰਗੀ ਜਗ੍ਹਾ ਉੱਤੇ ਸਥਿਤ ਨਹੀਂ ਹੈ। ਇੱਥੇ ਰਾਤ ਤਾਂ ਕੀ ਦਿਨ ਵਿੱਚ ਵੀ ਲੋਕ ਠੋਕਰ ਖਾ ਜਾਂਦੇ ਹਨ। ਇਸ ਹਨੇਰੀ ਗਲੀ ਵਿੱਚ ਲੋਕ ਆਪਣੀਆਂ ਜੇਬਾਂ ਖ਼ਾਲੀ ਕਰਕੇ ਜਾਂਦੇ ਹਨ। ਸ਼ਰਾਬ ਪੀ ਕੇ ਜਾਂਦੇ ਹਨ। ਜਹਾਨ ਭਰ ਦੀਆਂ ਗਾਲੀਆਂ ਬਕਦੇ ਹਨ। ਇੱਥੇ ਗੱਲ ਗੱਲ ਉੱਤੇ ਛੁਰਾ ਜ਼ਨੀ ਹੁੰਦੀ ਹੈ। ਇੱਕ ਦੋ ਖ਼ੂਨ ਦੂਜੇ ਤੀਸਰੇ ਦਿਨ ਹੁੰਦੇ ਰਹਿੰਦੇ ਹਨ। ਮਤਲਬ ਇਹ ਕਿ ਹਰ ਵਕਤ ਜਾਨ ਮੁਸੀਬਤ ਵਿੱਚ ਰਹਿੰਦੀ ਹੈ ਅਤੇ ਫਿਰ ਮੈਂ ਕੋਈ ਚੰਗੀ ਤਵਾਇਫ਼ ਨਹੀਂ ਹਾਂ ਕਿ ਪੂਨ ਜਾ ਕੇ ਰਹਾਂ ਜਾਂ ਵਰਲੀ ਉੱਤੇ ਸਮੁੰਦਰ ਦੇ ਕੰਢੇ ਇੱਕ ਕੋਠੀ ਲੈ ਸਕਾਂ। ਮੈਂ ਇੱਕ ਬਹੁਤ ਹੀ ਮਾਮੂਲੀ ਦਰਜੇ ਦੀ ਤਵਾਇਫ਼ ਹਾਂ ਅਤੇ ਜੇਕਰ ਮੈਂ ਸਾਰਾ ਹਿੰਦੁਸਤਾਨ ਵੇਖਿਆ ਹੈ ਅਤੇ ਘਾਟ ਘਾਟ ਦਾ ਪਾਣੀ ਪੀਤਾ ਹੈ ਅਤੇ ਹਰ ਤਰ੍ਹਾਂ ਦੇ ਲੋਕਾਂ ਦੀ ਸੁਹਬਤ ਵਿੱਚ ਬੈਠੀ ਹਾਂ। ਪਰ ਹੁਣ ਦਸ ਸਾਲ ਤੋਂ ਇਸ ਸ਼ਹਿਰ ਬੰਬਈ ਵਿੱਚ। ਇਸ ਫ਼ਾਰਸ ਰੋਡ ਉੱਤੇ। ਇਸ ਦੁਕਾਨ ਵਿੱਚ ਬੈਠੀ ਹਾਂ ਅਤੇ ਹੁਣ ਤਾਂ ਮੈਨੂੰ ਇਸ ਦੁਕਾਨ ਦੀ ਪਗੜੀ ਵੀ ਛੇ ਹਜ਼ਾਰ ਰੁਪਏ ਤੱਕ ਮਿਲਦੀ ਹੈ। ਹਾਲਾਂਕਿ ਇਹ ਜਗ੍ਹਾ ਕੋਈ ਇੰਨੀ ਚੰਗੀ ਨਹੀਂ। ਫ਼ਿਜ਼ਾ ਗੰਦੀ ਹੈ ਚਿੱਕੜ ਚਾਰੇ ਪਾਸੇ ਫੈਲਿਆ ਹੋਇਆ ਹੈ। ਗੰਦਗੀ ਦੇ ਅੰਬਾਰ ਲੱਗੇ ਹੋਏ ਹਨ ਅਤੇ ਖ਼ੁਰਕ ਖਾਧੇ ਕੁੱਤੇ ਘਬਰਾਏ ਹੋਏ ਗਾਹਕਾਂ ਨੂੰ ਵੱਢ ਖਾਣ ਨੂੰ ਲਪਕਦੇ ਹਨ। ਫਿਰ ਵੀ ਮੈਨੂੰ ਇਸ ਜਗ੍ਹਾ ਦੀ ਪਗੜੀ ਛੇ ਹਜ਼ਾਰ ਰੁਪਏ ਤੱਕ ਮਿਲਦੀ ਹੈ। 
ਇਸ ਜਗ੍ਹਾ ਮੇਰੀ ਦੁਕਾਨ ਇੱਕ ਮੰਜ਼ਿਲਾ ਮਕਾਨ ਵਿੱਚ ਹੈ। ਇਸ ਦੇ ਦੋ ਕਮਰੇ ਹਨ। ਸਾਹਮਣੇ ਦਾ ਕਮਰਾ ਮੇਰੀ ਬੈਠਕ ਹੈ। ਇੱਥੇ ਮੈਂ ਗਾਉਂਦੀ ਹਾਂ, ਨੱਚਦੀ ਹਾਂ, ਗਾਹਕਾਂ ਨੂੰ ਰਿਝਾਉਂਦੀ ਹਾਂ, ਪਿੱਛੇ ਦਾ ਕਮਰਾ, ਰਸੋਈ ਅਤੇ ਗੁਸਲਖ਼ਾਨੇ ਅਤੇ ਸੌਣ ਦੇ ਕਮਰੇ ਦਾ ਕੰਮ ਦਿੰਦਾ ਹੈ। ਇੱਥੇ ਇੱਕ ਪਾਸੇ ਨਲ਼ਕਾ ਹੈ। ਇੱਕ ਪਾਸੇ ਹਾਂਡੀ ਹੈ ਅਤੇ ਇੱਕ ਪਾਸੇ ਇੱਕ ਵੱਡਾ ਜਿਹਾ ਪਲੰਘ ਹੈ ਅਤੇ ਇਸ ਦੇ ਹੇਠਾਂ ਇੱਕ ਹੋਰ ਛੋਟਾ ਜਿਹਾ ਪਲੰਘ ਹੈ ਅਤੇ ਇਸ ਦੇ ਹੇਠਾਂ ਮੇਰੇ ਕਪੜਿਆਂ ਦੇ ਸੰਦੂਕ ਹਨ, ਬਾਹਰ ਵਾਲੇ ਕਮਰੇ ਵਿੱਚ ਬਿਜਲੀ ਦੀ ਰੋਸ਼ਨੀ ਹੈ ਪਰ ਅੰਦਰ ਵਾਲੇ ਕਮਰੇ ਵਿੱਚ ਬਿਲਕੁਲ ਹਨੇਰਾ ਹੈ। ਮਾਲਿਕ ਮਕਾਨ ਨੇ ਵਰ੍ਹਿਆਂ ਤੋਂ ਕਲਈ ਨਹੀਂ ਕਰਾਈ ਨਾ ਉਹ ਕਰਾਏਗਾ। ਇੰਨੀ ਫੁਰਸਤ ਕਿਸ ਨੂੰ ਹੈ। ਮੈਂ ਤਾਂ ਰਾਤ ਭਰ ਨੱਚਦੀ ਹਾਂ, ਗਾਉਂਦੀ ਹਾਂ ਅਤੇ ਦਿਨ ਨੂੰ ਉਥੇ ਹੀ ਗਾਉਣ ਵਾਲੇ ਤਕੀਏ ਉੱਤੇ ਸਿਰ ਟੇਕ ਕੇ ਸੌਂ ਜਾਂਦੀ ਹਾਂ, ਬੇਲਾ ਅਤੇ ਬਤੋਲ ਨੂੰ ਪਿੱਛੇ ਦਾ ਕਮਰਾ ਦੇ ਰੱਖਿਆ ਹੈ। ਅਕਸਰ ਗਾਹਕ ਜਦੋਂ ਉੱਧਰ ਮੂੰਹ ਧੋਣ ਲਈ ਜਾਂਦੇ ਹਨ ਤਾਂ ਬੇਲਾ ਅਤੇ ਬਤੋਲ ਫਟੀਆਂ ਫਟੀਆਂ ਨਿਗਾਹਾਂ ਨਾਲ ਉਨ੍ਹਾਂ ਨੂੰ ਦੇਖਣ ਲੱਗ ਜਾਂਦੀਆਂ ਹਨ ਜੋ ਕੁੱਝ ਉਨ੍ਹਾਂ ਦੀ ਨਜ਼ਰਾਂ ਕਹਿੰਦੀਆਂ ਹਨ, ਮੇਰਾ ਇਹ ਖ਼ਤ ਵੀ ਉਹੀ ਕਹਿੰਦਾ ਹੈ। ਜੇਕਰ ਉਹ ਮੇਰੇ ਕੋਲ ਇਸ ਵਕ਼ਤ ਨਾ ਹੁੰਦੀਆਂ ਤਾਂ ਇਹ ਗੁਨਾਹਗਾਰ ਬੰਦੀ ਤੁਹਾਡੀ ਖਿਦਮਤ ਵਿੱਚ ਇਹ ਗੁਸਤਾਖ਼ੀ ਨਾ ਕਰਦੀ, ਜਾਣਦੀ ਹਾਂ ਦੁਨੀਆ ਮੇਰੇ ਉੱਤੇ ਥੂ ਥੂ ਕਰੇਗੀ। ਜਾਣਦੀ ਹਾਂ ਸ਼ਾਇਦ ਤੁਸਾਂ ਤੱਕ ਮੇਰਾ ਇਹ ਖ਼ਤ ਵੀ ਨਾ ਪਹੁੰਚੇ। ਫਿਰ ਵੀ ਮਜਬੂਰ ਹਾਂ ਇਹ ਖ਼ਤ ਲਿਖ ਕੇ ਰਹਾਂਗੀ ਕਿ ਬੇਲਾ ਅਤੇ ਬਤੋਲ ਦੀ ਮਰਜ਼ੀ ਇਹੀ ਹੈ।

ਸ਼ਾਇਦ ਤੁਸੀ ਕਿਆਸ ਕਰ ਰਹੇ ਹੋ ਕਿ ਬੇਲਾ ਅਤੇ ਬਤੋਲ ਮੇਰੀਆਂ ਕੁੜੀਆਂ ਹਨ। ਨਹੀਂ ਇਹ ਗ਼ਲਤ ਹੈ ਮੇਰੀ ਕੋਈ ਧੀ ਨਹੀਂ ਹੈ। ਇਨ੍ਹਾਂ ਦੋਨਾਂ ਕੁੜੀਆਂ ਨੂੰ ਮੈਂ ਬਾਜ਼ਾਰ ਵਿੱਚੋਂ ਖ਼ਰੀਦਿਆ ਹੈ। ਜਿਨ੍ਹਾਂ ਦਿਨਾਂ ਵਿੱਚ ਹਿੰਦੂ ਮੁਸਲਮਾਨ ਫ਼ਸਾਦ ਜੋਰਾਂ ਉੱਤੇ ਸੀ, ਅਤੇ ਗਰਾਂਟ ਰੋਡ, ਅਤੇ ਫ਼ਾਰਸ ਰੋਡ ਅਤੇ ਮਦਨਪੁਰਾ ਵਿੱਚ ਇਨਸਾਨੀ ਖ਼ੂਨ ਪਾਣੀ ਦੀ ਤਰ੍ਹਾਂ ਬਹਾਇਆ ਜਾ ਰਿਹਾ ਸੀ, ਉਨ੍ਹਾਂ ਦਿਨਾਂ ਚ ਮੈਂ ਬੇਲਾ ਨੂੰ ਇੱਕ ਮੁਸਲਮਾਨ ਦਲਾਲ ਕੋਲੋਂ ਤਿੰਨ ਸੌ ਰੁਪਏ ਦੇ ਇਵਜ ਖ਼ਰੀਦਿਆ ਸੀ। ਇਹ ਮੁਸਲਮਾਨ ਦਲਾਲ ਉਸ ਕੁੜੀ ਨੂੰ ਦਿੱਲੀ ਤੋਂ ਲਿਆਇਆ ਸੀ ਜਿੱਥੇ ਬੇਲੇ ਦੇ ਮਾਂ ਬਾਪ ਰਹਿੰਦੇ ਸਨ। ਬੇਲੇ ਦੇ ਮਾਂ ਬਾਪ ਰਾਵਲਪਿੰਡੀ ਵਿੱਚ ਰਾਜਾ ਬਾਜ਼ਾਰ ਦੇ ਪਿਛਵਾੜੇ ਵਿੱਚ ਪੁਣਛ ਹਾਊਸ ਦੇ ਸਾਹਮਣੇ ਦੀ ਗਲੀ ਵਿੱਚ ਰਹਿੰਦੇ ਸਨ, ਦਰਮਿਆਨੇ ਤਬਕੇ ਦਾ ਘਰਾਣਾ ਸੀ, ਸ਼ਰਾਫ਼ਤ ਅਤੇ ਸਾਦਗੀ ਗੁੜਤੀ ਵਿੱਚ ਮਿਲੀ ਸੀ। ਬੇਲਾ ਆਪਣੇ ਮਾਂ ਬਾਪ ਦੀ ਇਕਲੌਤੀ ਧੀ ਸੀ ਅਤੇ ਜਦੋਂ ਰਾਵਲਪਿੰਡੀ ਵਿੱਚ ਮੁਸਲਮਾਨਾਂ ਨੇ ਹਿੰਦੂਆਂ ਨੂੰ ਥੋੜਾ ਤੰਗ ਕਰਨਾ ਸ਼ੁਰੂ ਕੀਤਾ ਉਸ ਵਕ਼ਤ ਚੌਥੀ ਜਮਾਤ ਵਿੱਚ ਪੜ੍ਹਦੀ ਸੀ। ਇਹ ਬਾਰਾਂ ਜੁਲਾਈ ਦੀ ਘਟਨਾ ਹੈ। ਬੇਲਾ ਆਪਣੇ ਸਕੂਲੋਂ ਪੜ੍ਹ ਕੇ ਘਰ ਆ ਰਹੀ ਸੀ ਕਿ ਉਸਨੇ ਆਪਣੇ ਘਰ ਦੇ ਸਾਹਮਣੇ ਅਤੇ ਦੂਜੇ ਹਿੰਦੂਆਂ ਦੇ ਘਰਾਂ ਦੇ ਸਾਹਮਣੇ ਇੱਕ ਭੀੜ ਵੇਖਿਆ। ਇਹ ਲੋਕ ਹਥਿਆਰਬੰਦ ਸਨ ਅਤੇ ਘਰਾਂ ਨੂੰ ਅੱਗ ਲਗਾ ਰਹੇ ਸਨ ਅਤੇ ਲੋਕਾਂ ਨੂੰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਅਤੇ ਉਨ੍ਹਾਂ ਦੀ ਔਰਤਾਂ ਨੂੰ ਘਰ ਤੋਂ ਬਾਹਰ ਕੱਢਕੇ ਉਨ੍ਹਾਂ ਨੂੰ ਕਤਲ ਕਰ ਰਹੇ ਸਨ। ਨਾਲ ਨਾਲ ਅੱਲਾ-ਹੂ-ਅਕਬਰ ਦਾ ਨਾਰਾ ਵੀ ਬੁਲੰਦ ਕਰਦੇ ਜਾਂਦੇ ਸਨ। ਬੇਲਾ ਨੇ ਆਪਣੀਆਂ ਅੱਖਾਂ ਨਾਲ ਆਪਣੇ ਬਾਪ ਨੂੰ ਕਤਲ ਹੁੰਦੇ ਹੋਏ ਵੇਖਿਆ। ਫਿਰ ਉਸਨੇ ਆਪਣੀਆਂ ਅੱਖਾਂ ਨਾਲ ਆਪਣੀ ਮਾਂ ਨੂੰ ਦਮ ਤੋੜਦੇ ਹੋਏ ਵੇਖਿਆ। ਵਹਿਸ਼ੀ ਮੁਸਲਮਾਨਾਂ ਨੇ ਇਸ ਦੀਆਂ ਛਾਤੀਆਂ ਕੱਟ ਕੇ ਸੁੱਟ ਦਿੱਤੀਆਂ ਸਨ। ਉਹ ਛਾਤੀਆਂ ਜਿਨ੍ਹਾਂ ਤੋਂ ਇੱਕ ਮਾਂ, ਕੋਈ ਵੀ ਮਾਂ, ਹਿੰਦੂ ਮਾਂ ਜਾਂ ਮੁਸਲਮਾਨ ਮਾਂ, ਈਸਾਈ ਮਾਂ ਜਾਂ ਯਹੂਦੀ ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾਂਦੀ ਹੈ ਅਤੇ ਇਨਸਾਨਾਂ ਦੀ ਜ਼ਿੰਦਗੀ ਵਿੱਚ ਕਾਇਨਾਤ ਦੀ ਵਿਸ਼ਾਲਤਾ ਵਿੱਚ ਸਿਰਜਣਾ ਦਾ ਇੱਕ ਨਵਾਂ ਬਾਬ ਖੋਲ੍ਹਦੀ ਹੈ ਉਹ ਦੁੱਧ ਭਰੀਆਂ ਛਾਤੀਆਂ ਅੱਲਾ-ਹੂ-ਅਕਬਰ ਦੇ ਨਾਹਰਿਆਂ ਦੇ ਨਾਲ ਕੱਟ ਸੁੱਟੀਆਂ ਗਈਆਂ। ਕਿਸੇ ਨੇ ਸਿਰਜਣਾ ਦੇ ਨਾਲ ਇੰਨਾ ਜ਼ੁਲਮ ਕੀਤਾ ਸੀ। ਕਿਸੇ ਜ਼ਾਲਿਮ ਹਨੇਰੇ ਨੇ ਉਨ੍ਹਾਂ ਦੀ ਰੂਹਾਂ ਵਿੱਚ ਇਹ ਕਾਲਖ਼ ਭਰ ਦਿੱਤੀ ਸੀ। ਮੈਂ ਕੁਰਆਨ ਪੜ੍ਹਿਆ ਹੈ ਅਤੇ ਮੈਂ ਜਾਣਦੀ ਹਾਂ ਕਿ ਰਾਵਲਪਿੰਡੀ ਵਿੱਚ ਬੇਲੇ ਦੇ ਮਾਂ ਬਾਪ ਦੇ ਨਾਲ ਜੋ ਕੁੱਝ ਹੋਇਆ ਉਹ ਇਸਲਾਮ ਨਹੀਂ ਸੀ, ਉਹ ਮਨੁੱਖਤਾ ਨਹੀਂ ਸੀ, ਉਹ ਦੁਸ਼ਮਣੀ ਵੀ ਨਹੀਂ ਸੀ, ਉਹ ਬਦਲਾ ਵੀ ਨਹੀਂ ਸੀ, ਉਹ ਇੱਕ ਅਜਿਹੀ ਕਰੂਰਤਾ, ਬੇਰਹਿਮੀ, ਬੁਜ਼ਦਿਲੀ ਅਤੇ ਸ਼ੈਤਾਨੀਅਤ ਸੀ ਜੋ ਹਨੇਰ ਦੇ ਸੀਨੇ ਵਿੱਚੋਂ ਫੁੱਟਦੀ ਹੈ ਅਤੇ ਨੂਰ ਦੀ ਆਖ਼ਰੀ ਕਿਰਨ ਨੂੰ ਵੀ ਦਾਗਦਾਰ ਕਰ ਜਾਂਦੀ ਹੈ। ਬੇਲਾ ਹੁਣ ਮੇਰੇ ਕੋਲ ਹੈ। ਮੇਰੇ ਤੋਂ ਪਹਿਲਾਂ ਉਹ ਦਾੜ੍ਹੀ ਵਾਲੇ ਮੁਸਲਮਾਨ ਦਲਾਲ ਦੇ ਕੋਲ ਸੀ। ਬੇਲਾ ਦੀ ਉਮਰ ਬਾਰਾਂ ਸਾਲ ਤੋਂ ਜ਼ਿਆਦਾ ਨਹੀਂ ਸੀ ਜਦੋਂ ਉਹ ਚੌਥੀ ਜਮਾਤ ਵਿੱਚ ਪੜ੍ਹਦੀ ਸੀ। ਆਪਣੇ ਘਰ ਵਿੱਚ ਹੁੰਦੀ ਤਾਂ ਅੱਜ ਪੰਜਵੀਂ ਜਮਾਤ ਵਿੱਚ ਦਾਖ਼ਲ ਹੋ ਰਹੀ ਹੁੰਦੀ। ਫਿਰ ਵੱਡੀ ਹੁੰਦੀ ਤਾਂ ਉਸ ਦੇ ਮਾਂ ਬਾਪ ਉਸ ਦਾ ਵਿਆਹ ਕਿਸੇ ਸ਼ਰੀਫ ਘਰਾਣੇ ਦੇ ਗ਼ਰੀਬ ਜਿਹੇ ਮੁੰਡੇ ਨਾਲ ਕਰ ਦਿੰਦੇ, ਉਹ ਆਪਣਾ ਛੋਟਾ ਜਿਹਾ ਘਰ ਵਸਾਉਂਦੀ, ਆਪਣੇ ਖ਼ਾਵੰਦ ਨਾਲ, ਆਪਣੇ ਨੰਨ੍ਹੇ ਨੰਨ੍ਹੇ ਬੱਚਿਆਂ ਨਾਲ, ਆਪਣੀ ਘਰੇਲੂ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਖ਼ੁਸ਼ੀਆਂ ਨਾਲ। ਪਰ ਇਸ ਨਾਜ਼ੁਕ ਕਲੀ ਲਈ ਬੇਵਕਤ ਖ਼ਿਜ਼ਾਂ ਆ ਗਈ, ਹੁਣ ਬੇਲਾ ਬਾਰਾਂ ਸਾਲ ਦੀ ਨਹੀਂ ਲੱਗਦੀ। ਇਸ ਦੀ ਉਮਰ ਥੋੜ੍ਹੀ ਹੈ ਪਰ ਇਸ ਦੀ ਜ਼ਿੰਦਗੀ ਬਹੁਤ ਬੁਢੀ ਹੈ। ਇਸ ਦੀਆਂ ਅੱਖਾਂ ਵਿੱਚ ਜੋ ਡਰ ਹੈ। ਮਨੁੱਖਤਾ ਦੀ ਜੋ ਤਲਖੀ ਹੈ ਜਾਂ ਉਸ ਦਾ ਜੋ ਲਹੂ ਹੈ, ਮੌਤ ਦੀ ਜੋ ਪਿਆਸ ਹੈ, ਕ਼ੈਦ-ਏ-ਆਜ਼ਮ ਸਾਹਿਬ, ਸ਼ਾਇਦ ਜੇਕਰ ਤੁਸੀ ਉਸਨੂੰ ਵੇਖ ਸਕੋ ਤੇ ਇਸ ਦਾ ਅੰਦਾਜ਼ਾ ਕਰ ਸਕੋ। ਇਨ੍ਹਾਂ ਬੇਸਹਾਰਾ ਅੱਖਾਂ ਦੀਆਂ ਗਹਿਰਾਈਆਂ ਵਿੱਚ ਉੱਤਰ ਸਕੋ। ਤੁਸੀ ਤਾਂ ਸ਼ਰੀਫ ਆਦਮੀ ਹੋ। ਤੁਸੀਂ ਸ਼ਰੀਫ ਘਰਾਣੇ ਦੀਆਂ ਮਾਸੂਮ ਕੁੜੀਆਂ ਨੂੰ ਵੇਖਿਆ ਹੋਵੇਗਾ ਹਿੰਦੂ ਕੁੜੀਆਂ ਨੂੰ ਮੁਸਲਮਾਨ ਕੁੜੀਆਂ ਨੂੰ, ਸ਼ਾਇਦ ਤੁਸੀ ਸਮਝ ਜਾਂਦੇ ਕਿ ਮਾਸੂਮੀਅਤ ਦਾ ਕੋਈ ਮਜ਼ਹਬ ਨਹੀਂ ਹੁੰਦਾ, ਉਹ ਸਾਰੀ ਮਨੁੱਖਤਾ ਦੀ ਅਮਾਨਤ ਹੈ। ਸਾਰੀ ਦੁਨੀਆ ਦੀ ਵਿਰਾਸਤ ਹੈ। ਜੋ ਉਸਨੂੰ ਮਿਟਾਉਂਦਾ ਹੈ ਉਸਨੂੰ ਦੁਨੀਆ ਦੇ ਕਿਸੇ ਮਜ਼ਹਬ ਦਾ ਕੋਈ ਖ਼ੁਦਾ ਮੁਆਫ਼ ਨਹੀਂ ਕਰ ਸਕਦਾ। ਬਤੋਲ ਅਤੇ ਬੇਲਾ ਦੋਨੋਂ ਸਕੀਆਂ ਭੈਣਾਂ ਦੀ ਤਰ੍ਹਾਂ ਮੇਰੇ ਕੋਲ ਰਹਿੰਦੀਆਂ ਹਨ। ਬਤੋਲ ਅਤੇ ਬੇਲਾ ਸਕੀਆਂ ਭੈਣਾਂ ਨਹੀਂ ਹਨ। ਬਤੋਲ ਮੁਸਲਮਾਨ ਕੁੜੀ ਹੈ। ਬੇਲਾ ਨੇ ਹਿੰਦੂ ਘਰ ਵਿੱਚ ਜਨਮ ਲਿਆ। ਅੱਜ ਦੋਨੋਂ ਫ਼ਾਰਸ ਰੋਡ ਉੱਤੇ ਇੱਕ ਰੰਡੀ ਦੇ ਘਰ ਵਿੱਚ ਬੈਠੀਆਂ ਹਨ।

ਜੇਕਰ ਬੇਲਾ ਰਾਵਲਪਿੰਡੀ ਤੋਂ ਆਈ ਹੈ ਤਾਂ ਬਤੋਲ ਜਲੰਧਰ ਦੇ ਇੱਕ ਪਿੰਡ ਖੇਮ ਕਰਨ ਦੇ ਇੱਕ ਪਠਾਣ ਦੀ ਧੀ ਹੈ। ਬਤੋਲ ਦੇ ਬਾਪ ਦੀਆਂ ਸੱਤ ਬੇਟੀਆਂ ਸਨ, ਤਿੰਨ ਸ਼ਾਦੀਸ਼ੁਦਾ ਅਤੇ ਚਾਰ ਕੁਆਰੀਆਂ। ਬਤੋਲ ਦਾ ਬਾਪ ਖੇਮਕਰਨ ਵਿੱਚ ਇੱਕ ਮਾਮੂਲੀ ਵਾਹੀਕਾਰ ਸੀ। ਗ਼ਰੀਬ ਪਠਾਣ ਪਰ ਅਣਖੀ ਪਠਾਣ ਜੋ ਸਦੀਆਂ ਤੋਂ ਖੇਮ ਕਰਨ ਵਿੱਚ ਆ ਕੇ ਬਸ ਗਏ ਸੀ। ਜੱਟਾਂ ਦੇ ਇਸ ਪਿੰਡ ਵਿੱਚ ਇਹੀ ਤਿੰਨ ਚਾਰ ਘਰ ਪਠਾਣਾਂ ਦੇ ਸਨ, ਇਹ ਲੋਕ ਜਿਸ ਹਲੀਮੀ ਅਤੇ ਸ਼ਾਂਤੀ ਨਾਲ ਰਹਿੰਦੇ ਸਨ ਸ਼ਾਇਦ ਉਸ ਦਾ ਅੰਦਾਜ਼ਾ ਪੰਡਿਤ-ਜੀ, ਤੁਹਾਨੂੰ ਇਸ ਗੱਲ ਤੋਂ ਹੋਵੇਗਾ ਕਿ ਮੁਸਲਮਾਨ ਹੋਣ ਉੱਤੇ ਵੀ ਉਨ੍ਹਾਂ ਲੋਕਾਂ ਨੂੰ ਆਪਣੇ ਪਿੰਡ ਵਿੱਚ ਮਸਜਦ ਬਣਾਉਣ ਦੀ ਇਜਾਜਤ ਨਹੀਂ ਸੀ। ਇਹ ਲੋਕ ਘਰ ਵਿੱਚ ਚੁਪ-ਚਾਪ ਆਪਣੀ ਨਮਾਜ਼ ਅਦਾ ਕਰਦੇ, ਸਦੀਆਂ ਤੋਂ ਜਦੋਂ ਵਲੋਂ ਮਹਾਰਾਜਾ ਰਣਜੀਤ ਸਿੰਘ ਨੇ ਹੁਕੂਮਤ ਦੀ ਵਾਗਡੋਰ ਸਾਂਭੀ ਸੀ ਕਿਸੇ ਮੋਮਿਨ ਨੇ ਇਸ ਪਿੰਡ ਵਿੱਚ ਅਜ਼ਾਨ ਨਾ ਦਿੱਤੀ ਸੀ। ਉਨ੍ਹਾਂ ਦਾ ਦਿਲ ਰੂਹਾਨੀਅਤ ਨਾਲ ਰੋਸ਼ਨ ਸੀ ਪਰ ਦੁਨਿਆਵੀ ਮਜਬੂਰੀਆਂ ਇਸ ਕਦਰ ਤੀਖਣ ਸਨ ਅਤੇ ਫਿਰ ਰਵਾਦਾਰੀ ਦਾ ਖਿਆਲ ਇਸ ਕਦਰ ਗ਼ਾਲਿਬ ਸੀ ਕਿ ਮੂੰਹ ਖੋਲ੍ਹਣ ਦੀ ਹਿੰਮਤ ਨਹੀਂ ਹੁੰਦੀ ਸੀ। ਬਤੋਲ ਆਪਣੇ ਬਾਪ ਦੀ ਚਹੇਤੀ ਕੁੜੀ ਸੀ। ਸੱਤਾਂ ਵਿੱਚ ਸਭ ਤੋਂ ਛੋਟੀ, ਸਭ ਤੋਂ ਪਿਆਰੀ, ਸਭ ਤੋਂ ਹਸੀਨ, ਬਤੋਲ ਇਸ ਕਦਰ ਹਸੀਨ ਹੈ ਕਿ ਹੱਥ ਲਗਾਉਣ ਨਾਲ ਮੈਲ਼ੀ ਹੁੰਦੀ ਹੈ, ਪੰਡਿਤ-ਜੀ, ਤੁਸੀ ਤਾਂ ਖ਼ੁਦ ਕਸ਼ਮੀਰੀ ਮੂਲ ਦੇ ਹੋ ਅਤੇ ਕਲਾਕਾਰ ਹੋ ਕੇ ਇਹ ਵੀ ਜਾਣਦੇ ਹੋ ਕਿ ਖ਼ੂਬਸੂਰਤੀ ਕਿਸ ਨੂੰ ਕਹਿੰਦੇ ਹਨ। ਇਹ ਖ਼ੂਬਸੂਰਤੀ ਅੱਜ ਮੇਰੀ ਗੰਦਗੀ ਦੇ ਢੇਰ ਵਿੱਚ ਗਡ-ਮਡ ਹੋ ਕੇ ਇਸ ਤਰ੍ਹਾਂ ਪਈ ਹੈ ਕਿ ਇਸ ਦੀ ਪਰਖ ਕਰਨ ਵਾਲਾ ਕੋਈ ਸ਼ਰੀਫ ਆਦਮੀ ਹੁਣ ਮੁਸ਼ਕਲ ਨਾਲ ਮਿਲੇਗਾ, ਇਸ ਗੰਦਗੀ ਵਿੱਚ ਗਲੇ ਸੜੇ ਮਾਰਵਾੜੀ, ਘਿਨ, ਮੁੱਛਾਂ ਵਾਲੇ ਠੇਕੇਦਾਰ, ਨਾਪਾਕ ਨਿਗਾਹਾਂ ਵਾਲੇ ਚੋਰ ਬਜ਼ਾਰੂ ਹੀ ਨਜ਼ਰ ਆਉਂਦੇ ਹਨ। ਬਤੋਲ ਬਿਲਕੁਲ ਅਨਪੜ੍ਹ ਹੈ। ਉਸ ਨੇ ਸਿਰਫ ਜਿਨਾਹ ਸਾਹਿਬ ਦਾ ਨਾਮ ਸੁਣਿਆ ਸੀ, ਪਾਕਿਸਤਾਨ ਨੂੰ ਇੱਕ ਅੱਛਾ ਤਮਾਸ਼ਾ ਸਮਝ ਕੇ ਉਸ ਦੇ ਨਾਹਰੇ ਲਗਾਏ ਸਨ। ਜਿਵੇਂ ਤਿੰਨ ਚਾਰ ਬਰਸ ਦੇ ਨੰਨ੍ਹੇ ਬੱਚੇ ਘਰ ਵਿੱਚ ਇੰਨਕਲਾਬ ਜ਼ਿੰਦਾਬਾਦ, ਕਰਦੇ ਫਿਰਦੇ ਹਨ। 
ਗਿਆਰਾਂ ਬਰਸ ਹੀ ਦੀ ਤਾਂ ਉਹ ਹੈ, ਅਨਪੜ੍ਹ ਬਤੋਲ। ਉਹ ਕੁਝ ਦਿਨ ਹੀ ਹੋਏ ਮੇਰੇ ਕੋਲ ਆਈ ਹੈ। ਇੱਕ ਹਿੰਦੂ ਦਲਾਲ ਉਸਨੂੰ ਮੇਰੇ ਕੋਲ ਲਿਆਇਆ ਸੀ। ਮੈਂ ਉਸਨੂੰ ਪੰਜ ਸੌ ਰੁਪਏ ਵਿੱਚ ਖਰੀਦ ਲਿਆ। ਇਸ ਤੋਂ ਪਹਿਲਾਂ ਉਹ ਕਿੱਥੇ ਸੀ। ਇਹ ਮੈਂ ਨਹੀਂ ਕਹਿ ਸਕਦੀ। ਹਾਂ, ਲੇਡੀ ਡਾਕਟਰ ਨੇ ਮੈਨੂੰ ਬਹੁਤ ਕੁੱਝ ਦੱਸਿਆ ਹੈ, ਕਿ ਜੇਕਰ ਤੁਸੀ ਉਸਨੂੰ ਸੁਣ ਲਵੋ ਤਾਂ ਸ਼ਾਇਦ ਪਾਗਲ ਹੋ ਜਾਓ। ਬਤੋਲ ਵੀ ਹੁਣ ਨੀਮ ਪਾਗਲ ਹੈ। ਇਸ ਦੇ ਬਾਪ ਨੂੰ ਜੱਟਾਂ ਨੇ ਇਸ ਬੇਦਰਦੀ ਨਾਲ ਮਾਰਿਆ ਹੈ ਕਿ ਹਿੰਦੂ ਤਹਜੀਬ ਦੇ ਪਿਛਲੇ ਛੇ ਹਜ਼ਾਰ ਬਰਸ ਦੇ ਛਿਲਕੇ ਉੱਤਰ ਗਏ ਹਨ ਅਤੇ ਇਨਸਾਨੀ ਬਰਬਰੀਅਤ ਆਪਣੇ ਵਹਿਸ਼ੀ ਨੰਗੇ ਰੂਪ ਵਿੱਚ ਸਭ ਦੇ ਸਾਹਮਣੇ ਆ ਗਈ ਹੈ। ਪਹਿਲਾਂ ਤਾਂ ਜੱਟਾਂ ਨੇ ਇਸ ਦੀਆਂ ਅੱਖਾਂ ਕੱਢ ਲਈਆਂ। ਫਿਰ ਉਸ ਦੇ ਮੂੰਹ ਵਿੱਚ ਪੇਸ਼ਾਬ ਕੀਤਾ, ਫਿਰ ਉਸ ਦੇ ਹਲਕ ਨੂੰ ਚੀਰ ਕੇ ਉਸ ਦੀਆਂ ਇਹ ਆਂਤੜੀਆਂ ਤੱਕ ਕੱਢ ਮਾਰੀਆਂ। ਫਿਰ ਉਸ ਦੀਆਂ ਸ਼ਾਦੀਸ਼ੁਦਾ ਬੇਟੀਆਂ ਨਾਲ ਜ਼ਬਰਦਸਤੀ ਮੂੰਹ ਕਾਲ਼ਾ ਕੀਤਾ। ਇਸ ਵਕ਼ਤ ਉਨ੍ਹਾਂ ਦੇ ਬਾਪ ਦੀ ਲਾਸ਼ ਦੇ ਸਾਹਮਣੇ, ਰਿਹਾਨਾ, ਗੁੱਲ ਦਰਖ਼ਸ਼ਾਂ, ਮਰਜੀਨਾ, ਸੋਹਾਂ, ਬੇਗਮ, ਇੱਕ ਇੱਕ ਕਰਕੇ ਵਹਿਸ਼ੀ ਇਨਸਾਨ ਨੇ ਆਪਣੇ ਮੰਦਿਰ ਦੀਆਂ ਮੂਰਤੀਆਂ ਨੂੰ ਨਾਪਾਕ ਕੀਤਾ। ਜਿਸਨੇ ਉਨ੍ਹਾਂ ਨੂੰ ਜੀਵਨ ਬਖਸ਼ਿਆ ਸੀ, ਜਿਸਨੇ ਉਨ੍ਹਾਂ ਨੂੰ ਲੋਰੀਆਂ ਸੁਣਾਈਆਂ ਸਨ, ਜਿਸਨੇ ਉਨ੍ਹਾਂ ਦੇ ਸਾਹਮਣੇ ਸ਼ਰਮ ਅਤੇ ਹਯਾ ਨਾਲ ਅਤੇ ਪਾਕੀਜ਼ਗੀ ਨਾਲ ਸਿਰ ਝੁੱਕਾਇਆ ਸੀ, ਉਨ੍ਹਾਂ ਤਮਾਮ ਭੈਣਾਂ, ਬਹੂਆਂ ਅਤੇ ਮਾਵਾਂ ਦੇ ਨਾਲ ਜਨਾਹ ਕੀਤਾ। ਹਿੰਦੂ ਧਰਮ ਨੇ ਆਪਣੀ ਇੱਜ਼ਤ ਪੁੱਟੀ ਸੀ ਆਪਣੀ ਰਵਾਦਾਰੀ ਤਬਾਹ ਕਰ ਦਿੱਤੀ ਸੀ, ਆਪਣੀ ਅਜਮਤ ਮਿਟਾ ਲਈ ਸੀ, ਅੱਜ ਰਿਗ ਵੇਦ ਦਾ ਹਰ ਮੰਤਰ ਖ਼ਾਮੋਸ਼ ਸੀ। ਅੱਜ ਗਰੰਥ ਸਾਹਿਬ ਦਾ ਹਰ ਸ਼ਬਦ ਸ਼ਰਮਿੰਦਾ ਸੀ। ਅੱਜ ਗੀਤਾ ਦਾ ਹਰੇਕ ਸ਼ਲੋਕ ਜਖ਼ਮੀ ਸੀ। ਕੌਣ ਹੈ ਜੋ ਮੇਰੇ ਸਾਹਮਣੇ ਅਜੰਤਾ ਦੀ ਚਿੱਤਰਕਾਰੀ ਦਾ ਨਾਮ ਲੈ ਸਕਦਾ ਹੈ। ਅਸ਼ੋਕ ਦੇ ਸ਼ਿਲਾਲੇਖ ਸੁਣਾ ਸਕਦਾ ਹੈ, ਅਲੋਰਾ ਦੇ ਬੁੱਤ ਘਾੜਿਆਂ ਦੇ ਗੁਣ ਗਾ ਸਕਦਾ ਹੈ। ਬਤੋਲ ਦੇ ਬੇਬਸ ਮੀਚੇ ਹੋਏ ਹੋਠਾਂ, ਉਸ ਦੀਆਂ ਬਾਂਹਾਂ ਉੱਤੇ ਵਹਿਸ਼ੀ ਦਰਿੰਦਿਆਂ ਦੇ ਦੰਦਾਂ ਦੇ ਨਿਸ਼ਾਨ ਅਤੇ ਉਸ ਦੀਆਂ ਭਰਵੀਆਂ ਟੰਗਾਂ ਦੀ ਲੜਖੜਾਹਟ ਵਿੱਚ ਤੁਹਾਡੀ ਅਜੰਤਾ ਦੀ ਮੌਤ ਹੈ। ਤੁਹਾਡੇ ਅਲੋਰਾ ਦਾ ਜਨਾਜ਼ਾ ਹੈ। ਤੁਹਾਡੀ ਸਭਿਅਤਾ ਦਾ ਕਫ਼ਨ ਹੈ। ਆਓ ਆਓ ਮੈਂ ਤੁਹਾਨੂੰ ਉਸ ਖ਼ੂਬਸੂਰਤੀ ਨੂੰ ਦਿਖਾਵਾਂ ਜੋ ਕਦੇ ਬਤੋਲ ਸੀ, ਉਸ ਗਲੀ ਸੜੀ ਲਾਸ਼ ਨੂੰ ਦਿਖਾਵਾਂ ਜੋ ਅੱਜ ਬਤੋਲ ਹੈ।

ਭਾਵਨਾਵਾਂ ਦੇ ਵਹਿਣ ਵਿੱਚ ਮੈਂ ਬਹੁਤ ਕੁੱਝ ਕਹਿ ਗਈ। ਸ਼ਾਇਦ ਇਹ ਸਭ ਮੈਨੂੰ ਨਹੀਂ ਕਹਿਣਾ ਚਾਹੀਦਾ ਸੀ। ਸ਼ਾਇਦ ਇਸ ਵਿੱਚ ਤੁਹਾਡੀ ਹੁਬਕੀ ਹੈ। ਸ਼ਾਇਦ ਇਸ ਤੋਂ ਜ਼ਿਆਦਾ ਨਾਗਵਾਰ ਗੱਲਾਂ ਤੁਹਾਡੇ ਨਾਲ ਹੁਣ ਤੱਕ ਕਿਸੇ ਨੇ ਨਾ ਕੀਤੀਆਂ ਹੋਣ ਨਾ ਸੁਣਾਈਆਂ ਹੋਣ। ਸ਼ਾਇਦ ਤੁਸੀ ਇਹ ਸਭ ਕੁੱਝ ਨਹੀਂ ਕਰ ਸਕਦੇ। ਸ਼ਾਇਦ ਥੋੜ੍ਹਾ ਵੀ ਨਹੀਂ ਕਰ ਸਕਦੇ। ਫਿਰ ਵੀ ਸਾਡੇ ਮੁਲਕ ਵਿੱਚ ਆਜ਼ਾਦੀ ਆ ਗਈ ਹੈ। ਹਿੰਦੁਸਤਾਨ ਵਿੱਚ ਅਤੇ ਪਾਕਿਸਤਾਨ ਵਿੱਚ ਅਤੇ ਸ਼ਾਇਦ ਇੱਕ ਤਵਾਇਫ਼ ਨੂੰ ਵੀ ਆਪਣੇ ਆਗੂਆਂ ਕੋਲੋਂ ਪੁੱਛਣ ਦਾ ਇਹ ਹੱਕ ਜ਼ਰੂਰ ਹੈ ਕਿ ਹੁਣ ਬੇਲਾ ਅਤੇ ਬਤੋਲ ਦਾ ਕੀ ਹੋਵੇਗਾ। 
ਬੇਲਾ ਅਤੇ ਬਤੋਲ ਦੋ ਕੁੜੀਆਂ ਹਨ ਦੋ ਕੌਮਾਂ ਹਨ ਦੋ ਤਹਜ਼ੀਬਾਂ ਹਨ। ਦੋ ਮੰਦਿਰ ਅਤੇ ਮਸਜਦ ਹਨ। ਬੇਲਾ ਅਤੇ ਬਤੋਲ ਅੱਜਕੱਲ੍ਹ ਫ਼ਾਰਸ ਰੋਡ ਉੱਤੇ ਇੱਕ ਰੰਡੀ ਦੇ ਕੋਲ ਰਹਿੰਦੀਆਂ ਹਨ ਜੋ ਚੀਨੀ ਨਾਈ ਦੀ ਬਗ਼ਲ ਵਿੱਚ ਆਪਣੀ ਦੁਕਾਨ ਦਾ ਧੰਦਾ ਚਲਾਂਦੀ ਹੈ। ਬੇਲਾ ਅਤੇ ਬਤੋਲ ਨੂੰ ਇਹ ਧੰਦਾ ਪਸੰਦ ਨਹੀਂ। ਮੈਂ ਉਨ੍ਹਾਂ ਨੂੰ ਖ਼ਰੀਦਿਆ ਹੈ। ਮੈਂ ਚਾਹਾਂ ਤਾਂ ਉਨ੍ਹਾਂ ਤੋਂ ਇਹ ਕੰਮ ਲੈ ਸਕਦੀ ਹਾਂ। ਪਰ ਮੈਂ ਸੋਚਦੀ ਹਾਂ ਵਿੱਚ ਇਹ ਕੰਮ ਨਹੀਂ ਕਰਾਂਗੀ ਜੋ ਰਾਵਲਪਿੰਡੀ ਅਤੇ ਜਲੰਧਰ ਨੇ ਉਨ੍ਹਾਂ ਨਾਲ ਕੀਤਾ ਹੈ। ਮੈਂ ਉਨ੍ਹਾਂ ਨੂੰ ਹੁਣ ਤੱਕ ਫ਼ਾਰਸ ਰੋਡ ਦੀ ਦੁਨੀਆ ਤੋਂ ਅਲਗ-ਥਲਗ ਰੱਖਿਆ ਹੈ। ਫਿਰ ਵੀ ਜਦੋਂ ਮੇਰੇ ਗਾਹਕ ਪਿਛਲੇ ਕਮਰੇ ਵਿੱਚ ਜਾ ਕੇ ਆਪਣਾ ਮੂੰਹ ਹੱਥ ਧੋਣੇ ਲੱਗਦੇ ਹਨ, ਉਸ ਵਕ਼ਤ ਬੇਲਾ ਅਤੇ ਬਤੋਲ ਦੀਆਂ ਨਜ਼ਰਾਂ ਮੈਨੂੰ ਕੁਝ ਕਹਿਣ ਲੱਗਦੀਆਂ ਹਨ। ਮੈਨੂੰ ਉਨ੍ਹਾਂ ਨਿਗਾਹਾਂ ਦੀ ਤਾਬ ਨਹੀਂ। ਮੈਂ ਠੀਕ ਤਰ੍ਹਾਂ ਨਾਲ ਉਨ੍ਹਾਂ ਦਾ ਸੁਨੇਹਾ ਵੀ ਤੁਹਾਡੇ ਤੱਕ ਨਹੀਂ ਪਹੁੰਚਾ ਸਕਦੀ ਹਾਂ। ਤੁਸੀ ਕਿਉਂ ਨਾ ਖ਼ੁਦ ਉਨ੍ਹਾਂ ਨਿਗਾਹਾਂ ਦਾ ਸੁਨੇਹਾ ਪੜ ਲਓ। ਪੰਡਿਤ-ਜੀ ਮੈਂ ਚਾਹੁੰਦੀ ਹਾਂ ਕਿ ਤੁਸੀ ਬਤੋਲ ਨੂੰ ਆਪਣੀ ਧੀ ਬਣਾ ਲਓ। ਜਿਨਾਹ ਸਾਹਿਬ ਮੈਂ ਚਾਹੁੰਦੀ ਹਾਂ ਕਿ ਤੁਸੀ ਬੇਲਾ ਨੂੰ ਆਪਣੀ ਦੁਖ਼ਤਰ ਨੇਕ ਅਖ਼ਤਰ ਸਮਝੋ। ਜਰਾ ਇੱਕ ਦਫਾ ਉਨ੍ਹਾਂ ਨੂੰ ਇਸ ਫ਼ਾਰਸ ਰੋਡ ਦੇ ਚੰਗੁਲ ਤੋਂ ਛੁਡਾ ਕੇ ਆਪਣੇ ਘਰ ਵਿੱਚ ਰੱਖੋ ਅਤੇ ਉਨ੍ਹਾਂ ਲੱਖਾਂ ਰੂਹਾਂ ਦਾ ਵੈਣ ਸੁਣੋ। ਇਹ ਵੈਣ ਜੋ ਨਵਾਖਾਲੀ ਤੋਂ ਰਾਵਲਪਿੰਡੀ ਤੱਕ ਅਤੇ ਭਰਤਪੁਰ ਤੋਂ ਬੰਬਈ ਤੱਕ ਗੂੰਜ ਰਿਹਾ ਹੈ। ਕੀ ਸਿਰਫ ਗੌਰਮਿੰਟ ਹਾਊਸ ਵਿੱਚ ਇਸ ਦੀ ਆਵਾਜ਼ ਸੁਣਾਈ ਨਹੀਂ ਦਿੰਦੀ, ਇਹ ਆਵਾਜ਼ ਸੁਣੋਗੇ ਤੁਸੀਂ?
ਤੁਹਾਡੀ ਵਿਸ਼ਵਾਸਪਾਤਰ,
ਫ਼ਾਰਸ ਰੋਡ ਦੀ ਇੱਕ ਤਵਾਇਫ਼