ਮੁੱਦਤਾਂ ਪੁਰਾਣੀ ਉਹ ਮੁਹੱਬਤ – ਮੁਪਾਸਾਂ ਦੀ ਕਹਾਣੀ

December 20, 2018 by

ਰੁੱਖਾਂ ਨਾਲ ਹਰੀ ਭਰੀ ਪਹਾੜੀ ਉੱਤੇ ਪੁਰਾਣੇ ਫ਼ੈਸ਼ਨ ਦੀ ਇੱਕ ਹਵੇਲੀ ਸੀ। ਉੱਚੇ ਅਤੇ ਲੰਬੇ ਛਾਂਦਾਰ ਰੁੱਖਾਂ ਦੀ ਹਰਿਆਲੀ ਨੇ ਉਸਨੂੰ ਵਗਲਿਆ ਹੋਇਆ ਸੀ। ਇੱਕ ਵਿਸ਼ਾਲ ਬਾਗ ਸੀ, ਜਿਸਦੇ ਅੱਗੇ ਸੰਘਣਾ ਜੰਗਲ ਅਤੇ ਫਿਰ ਇੱਕ ਖੁੱਲ੍ਹਾ ਮੈਦਾਨ ਸੀ। ਹਵੇਲੀ ਦੇ ਸਾਹਮਣੇ ਪੱਥਰ ਦਾ ਇੱਕ ਵੱਡਾ ਜਲਕੁੰਡ ਸੀ, ਜਿਸ ਵਿੱਚ ਸੰਗਮਰਮਰ ਵਿੱਚੋਂ ਤਰਾਸ਼ੀਆਂ ਪਰੀਆਂ ਨਹਾ ਰਹੀਆਂ ਸਨ। ਢਲਾਨ ਤੇ ਇੱਕ ਦੇ ਬਾਅਦ ਇੱਕ ਕਈ ਕੁੰਡ ਸਨ, ਜਿਨ੍ਹਾਂ ਵਿਚੋਂ ਪਾਣੀ ਦੀ ਇੱਕ ਧਾਰਾ ਅਦਿੱਖ ਫੱਵਾਰੇ ਦੀ ਤਰ੍ਹਾਂ ਨੱਚਦੀ ਹੋਈ ਇੱਕ ਝਰਨੇ ਦੀ ਪਰਤੀਤੀ ਦਿੰਦੀ ਸੀ।

ਇਸ ਸਾਮੰਤੀ ਦੌਰ ਦੇ ਇਸ ਮੈਨੋਰ ਹਾਊਸ ਵਿੱਚ ਨਜਾਕਤ ਅਤੇ ਨਫਾਸਤ ਨੂੰ, ਸ਼ੰਖ ਅਤੇ ਸਿੱਪੀਆਂ ਨਾਲ ਸਜੀਆਂ ਗੁਫਾਵਾਂ ਤੱਕ ਨੂੰ ਕਰੀਨੇ ਨਾਲ ਸੰਭਾਲਿਆ ਗਿਆ ਸੀ। ਇਸ ਵਿੱਚ ਪੁਰਾਣੇ ਸਮਿਆਂ ਦੀਆਂ ਪ੍ਰੇਮ-ਕਥਾਵਾਂ ਸੁੱਤੀਆਂ ਪਈਆਂ ਸਨ। ਕਹਿ ਲਓ ਤਾਂ ਇਸ ਪ੍ਰਾਚੀਨ ਟਿਕਾਣੇ ਵਿੱਚ ਪੁਰਾਣੇ ਵਕਤਾਂ ਦੇ ਨੈਣ ਨਕਸ਼ ਸਾਂਭ ਕੇ ਰੱਖੇ ਹੋਏ ਸੀ। ਹਰ ਚੀਜ਼ ਅਜੇ ਵੀ ਪ੍ਰਾਚੀਨ ਰੀਤੀ-ਰਿਵਾਜਾਂ, ਪੁਰਾਣੀ ਰਹਿਤਲ, ਭੁੱਲੀਆਂ ਵਿਸਰੀਆਂ ਸੂਰਮੇ ਆਸ਼ਕਾਂ ਦੀਆਂ ਗਾਥਾਵਾਂ, ਅਤੇ ਸਾਡੀਆਂ ਦਾਦੀਆਂ ਨੂੰ ਬਹੁਤ ਪਿਆਰੀਆਂ ਨਿੱਕੀਆਂ ਨਿੱਕੀਆਂ ਸੁਹਣੀਆਂ ਚੀਜ਼ਾਂ ਦੀ ਗੱਲ ਕਰਦੀ ਜਾਪਦੀ ਸੀ। 
ਇਕ ਪਾਰਲਰ ਦੀਆਂ ਦੀਵਾਰਾਂ ਉੱਤੇ ਪੁਰਾਤਨ ਸ਼ੈਲੀ ਦੀਆਂ ਪੇਂਟਿੰਗਾਂ ਸਨ, ਜਿਨ੍ਹਾਂ ਵਿੱਚ ਸਮਰਾਟ ਲੂਈ ਪੰਦਰਵੇਂ ਦੀ ਸ਼ੈਲੀ ਵਿੱਚ ਚਰਵਾਹਾ ਸੁੰਦਰੀਆਂ ਤੋਂ ਮੁਹੱਬਤ ਦੀ ਖੈਰ ਮੰਗਦੇ ਚਰਵਾਹੇ ਅਤੇ ਹੂਪ-ਪੇਟੀਕੋਟਾਂ ਵਿੱਚ ਹੁਸੀਨ ਔਰਤਾਂ, ਵਿਗ ਪਹਿਨੇ ਜਾਂਬਾਜ ਭੱਦਰਪੁਰਸ਼ ਚਿਤਰੇ ਗਏ ਸਨ। ਇੱਕ ਲੰਮੀ ਆਰਾਮ ਕੁਰਸੀ ਤੇ ਬੈਠੀ ਇੱਕ ਬਹੁਤ ਹੀ ਬੁੱਢੀ ਔਰਤ ਸੀ, ਜੇਕਰ ਉਹ ਹਿਲਦੀ-ਜੁਲਦੀ ਨਾ ਹੁੰਦੀ ਤਾਂ ਉਸਦੇ ਮੋਈ ਹੋਣ ਦਾ ਭਰਮ ਹੁੰਦਾ ਅਤੇ ਉਸਦੇ ਦੋਨੋਂ ਪਾਸੇ ਲਮਕਦੇ ਪਤਲੇ ਹੱਥਾਂ ਦੀ ਚਮੜੀ ਬਿਲਕੁਲ ਮਿਸਰ ਦੀਆਂ ਮੰਮੀਆਂ ਵਰਗੀ ਲੱਗਦੀ ਸੀ। 
ਉਸਦੀਆਂ ਨਿਗਾਹਾਂ ਦੂਰ ਦੁਮੇਲ ਤੇ ਟਿਕੀਆਂ ਹੋਈਆਂ ਸਨ ਜਿਵੇਂ ਕਿ ਉਹ ਆਪਣੀ ਜਵਾਨੀ ਦੇ ਰੰਗੀਨ ਦ੍ਰਿਸ਼ਾਂ ਵਿੱਚ ਟਹਿਲਣ ਲਈ ਬਿਹਬਲ ਹੋਣ। ਖੁੱਲ੍ਹੀਆਂ ਬਾਰੀਆਂ ਵਿੱਚੋਂ ਕਦੇ ਕਦੇ ਹਰਿਆਲੀ ਅਤੇ ਫੁੱਲਾਂ ਵਿੱਚ ਨਹਾ ਕੇ ਆਉਂਦੀ ਖ਼ੁਸ਼ਬੂਦਾਰ ਹਵਾ ਦਾ ਬੁੱਲਾ ਉਸਦੇ ਝੁੱਰੜੀਆਂ ਭਰੇ ਮੱਥੇ ਉੱਪਰ ਲਟਕਦੀ ਇੱਕ ਧੌਲੀ ਲਿਟ ਨੂੰ ਸਹਿਲਾ ਦਿੰਦਾ ਅਤੇ ਉਸਦੇ ਜ਼ਿਹਨ ਵਿੱਚ ਪੁਰਾਣੀਆਂ ਯਾਦਾਂ ਦੀ ਕੋਈ ਤਰੰਗ ਛੇੜ ਦਿੰਦਾ। 
ਉਸਦੇ ਕੋਲ ਹੀ ਸੁੰਦਰ ਕਢਾਈ ਕੀਤੇ ਕੱਪੜੇ ਨਾਲ ਢਕੀ ਸਟੂਲ ਉੱਤੇ ਇੱਕ ਮੁਟਿਆਰ ਬੈਠੀ ਸੀ ਜਿਸਦੀ ਧੌਣ ਤੇ ਮੀਢੀਆਂ ਕੀਤੀਆਂ ਲੰਮੀਆਂ ਸੁਹਣੀਆਂ ਜੁਲਫਾਂ ਕਲੋਲਾਂ ਕਰ ਰਹੀਆਂ ਸਨ। ਉਹ ਇੱਕ ਰੁਮਾਲੇ ਤੇ ਕਢਾਈ ਕਰ ਰਹੀ ਸੀ। ਉਸਦੀਆਂ ਅੱਖਾਂ ਵਿੱਚ ਕੁੱਝ ਤਣਾਓ ਅਤੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਵਿੱਖ ਰਹੀਆਂ ਸਨ। ਲੱਗ ਰਿਹਾ ਸੀ ਉਹ ਕਢਾਈ ਤਾਂ ਕਰ ਰਹੀ ਹੈ ਪ੍ਰੰਤੂ ਉਸਦਾ ਦਿਲ ਦਿਮਾਗ ਕਿਤੇ ਹੋਰ ਖੋਇਆ ਹੋਇਆ ਹੈ। 
ਬੁਢੀ ਨੇ ਅਚਾਨਕ ਆਪਣਾ ਸਿਰ ਪਿੱਛੇ ਮੋੜਿਆ ਅਤੇ ਕਿਹਾ, “ਬੇਰਥੇ, ਅਖਬਾਰ ਵਿੱਚੋਂ ਕੁੱਝ ਪੜ੍ਹਕੇ ਸੁਣਾ ਨਾ। ਤਾਂਕਿ ਮੈਨੂੰ ਵੀ ਤਾਂ ਪਤਾ ਚੱਲੇ ਕਿ ਦੁਨੀਆ ਵਿੱਚ ਕੀ ਹੋ ਰਿਹਾ ਹੈ?” 
ਕੁੜੀ ਨੇ ਅਖਬਾਰ ਚੁੱਕਿਆ ਅਤੇ ਕਾਹਲੀ ਕਾਹਲੀ ਇਸ ਦਾ ਮੁਆਇਨਾ ਕਰਦੇ ਹੋਏ ਕਿਹਾ, “ਇਸ ਵਿੱਚ ਰਾਜਨੀਤੀ ਦੀਆਂ ਬੜੀਆਂ ਖ਼ਬਰਾਂ ਨੇ,ਇਨ੍ਹਾਂ ਨੂੰ ਤਾਂ ਛੱਡ ਦੇਵਾਂ ਨਾ ਦਾਦੀ ਮਾਂ?” 
“ਹਾਂ ਧੀਏ, ਹਾਂ। ਕੀ ਕਿਤੇ ਕੋਈ ਪ੍ਰੇਮ-ਪ੍ਰਸੰਗ ਦੀ ਖਬਰ ਨਹੀਂ ਹੈ? ਕੀ ਫ਼ਰਾਂਸ ਵਿੱਚ ਆਸ਼ਿਕੀ ਅਤੇ ਪਿਆਰ-ਮੁਹੱਬਤ ਮਰ ਚੁੱਕੀ ਹੈ, ਕਿ ਹੁਣ ਸਾਡੇ ਸਮਿਆਂ ਵਰਗੀ ਪ੍ਰੇਮ-ਪ੍ਰਸੰਗਾਂ ਦੀ, ਉਧਾਲਿਆਂ ਜਾਂ ਸਾਹਸੀ ਕੰਮਾਂ ਚਰਚਾ ਹੀ ਬੰਦ ਹੋ ਗਈ ਹੈ?”
ਕੁੜੀ ਦੇਰ ਤੱਕ ਅਖਬਾਰ ਦੇ ਪੰਨਿਆਂ ਦਾ ਕੋਨਾ ਕੋਨਾ ਤਲਾਸ਼ ਕਰਨ ਦੇ ਬਾਅਦ ਬੋਲੀ, ਆਹ ਮਿਲ ਗਈ ਇੱਕ ਖਬਰ। ਇਸਦਾ ਹੈਡਿੰਗ ਹੈ ‘ਮੁਹੱਬਤ ਦਾ ਇੱਕ ਡਰਾਮਾ’। 
ਬੁਢੀ ਦੇ ਝੁੱਰੜੀਆਂ ਭਰੇ ਚਿਹਰੇ ਉੱਤੇ ਮੁਸਕਾਨ ਖੇਡਣ ਲੱਗੀ, “ਹਾਂ, ਮੈਨੂੰ ਇਹ ਖਬਰ ਸੁਣਾ।” 
ਇਹ ਤੇਜਾਬ ਸੁੱਟਣ ਦੀ ਇੱਕ ਘਟਨਾ ਸੀ, ਜਿਸ ਵਿੱਚ ਇੱਕ ਇਸਤਰੀ ਨੇ ਆਪਣੇ ਪਤੀ ਦੀ ਪ੍ਰੇਮਿਕਾ ਕੋਲੋਂ ਬਦਲਾ ਲੈਣ ਲਈ ਉਸ ਉੱਤੇ ਤੇਜਾਬ ਸੁੱਟ ਦਿੱਤਾ ਸੀ। ਪ੍ਰੇਮਿਕਾ ਦੀਆਂ ਅੱਖਾਂ ਜਲ ਗਈਆਂ ਸਨ। ਅਦਾਲਤ ਨੇ ਉਸ ਇਸਤਰੀ ਨੂੰ ਬਾਇੱਜਤ ਬਰੀ ਕਰ ਦਿੱਤਾ ਸੀ ਅਤੇ ਲੋਕਾਂ ਨੇ ਫੈਸਲੇ ਦੀ ਵਾਹਵਾ ਕੀਤੀ ਸੀ। 
ਸੁਣਕੇ ਦਾਦੀ ਮਾਂ ਉਤੇਜਨਾ ਵਿੱਚ ਚਿੱਲਾਈ, “ਇਹ ਤਾਂ ਭਿਆਨਕ ਹੈ, ਬੇਹੱਦ ਖੌਫਨਾਕ !” “ਵੇਖ ਧੀਏ, ਸ਼ਾਇਦ ਤੈਨੂੰ ਮੇਰੇ ਮਤਲਬ ਦੀ ਕੋਈ ਹੋਰ ਖ਼ਬਰ ਮਿਲ ਜਾਵੇ?” 
ਕੁੜੀ ਨੇ ਵਾਪਸ ਅਖਬਾਰ ਨੂੰ ਖੰਗਾਲਿਆ ਤਾਂ ਜੁਰਮ ਦੀਆਂ ਖਬਰਾਂ ਵਾਲੇ ਪੰਨੇ ਵਿੱਚੋਂ ਪੜ੍ਹਕੇ ਸੁਨਾਣ ਲੱਗੀ। 
“ਉਦਾਸ ਡਰਾਮਾ – ਦੁਕਾਨ ਤੇ ਕੰਮ ਕਰਦੀ ਇੱਕ ਕੁੜੀ ਨੇ, ਜੋ ਜ਼ਿਆਦਾ ਜਵਾਨ ਨਹੀਂ ਸੀ, ਇੱਕ ਨੌਜਵਾਨ ਦੇ ਪਿਆਰ ਵਿੱਚ ਡੁੱਬ ਕੇ ਆਪਣੇ ਆਪ ਨੂੰ ਸਮਰਪਤ ਕਰ ਦਿੱਤਾ। ਲੇਕਿਨ ਪ੍ਰੇਮੀ ਬੇਵਫ਼ਾ ਨਿਕਲਿਆ। ਕੁੜੀ ਨੇ ਬਦਲਾ ਲੈਣ ਲਈ ਆਪਣੇ ਪ੍ਰੇਮੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਮੁੰਡਾ ਜਿੰਦਗੀ ਭਰ ਲਈ ਅਪਾਹਿਜ ਹੋ ਗਿਆ। ਅਦਾਲਤ ਨੇ ਕੁੜੀ ਨੂੰ ਬਰੀ ਕਰ ਦਿੱਤਾ ਅਤੇ ਜਨਤਾ ਨੇ ਫੈਸਲੇ ਦੀ ਵਾਹਵਾ ਕੀਤੀ।
ਖ਼ਬਰ ਸੁਣਕੇ ਦਾਦੀ ਮਾਂ ਨੂੰ ਗਹਿਰਾ ਸਦਮਾ ਪਹੁੰਚਿਆ ਅਤੇ ਉਹ ਕੰਬਦੇ ਹੋਏ ਕਹਿਣ ਲੱਗੀ, ਕਿਉਂ ਅੱਜਕੱਲ੍ਹ ਦੇ ਲੋਕ ਪਾਗਲ ਹੋ ਗਏ? ਤੁਸੀਂ ਲੋਕ ਪਾਗਲ ਹੋ ਗਏ! ਰੱਬ ਨੇ ਜੀਵਨ ਲਈ ਸਭ ਤੋਂ ਵੱਡਾ ਵਰਦਾਨ ਇਨਸਾਨ ਨੂੰ ਪ੍ਰੇਮ ਦੇ ਰੂਪ ਵਿੱਚ ਦਿੱਤਾ ਹੈ। ਮਨੁੱਖ ਨੇ ਇਸ ਵਿੱਚ ਸ਼ਿਸ਼ਟਤਾ ਅਤੇ ਰਸਿਕਤਾ ਜੋੜੀ ਹੈ। ਸਾਡੇ ਨੀਰਸ ਪਲਾਂ ਨੂੰ ਆਨੰਦਿਤ ਕਰਨ ਵਾਲੀ ਚੀਜ ਹੈ ਪ੍ਰੇਮ, ਜਿਸਨੂੰ ਤੁਹਾਡੀ ਪੀੜ੍ਹੀ ਦੇ ਲੋਕ ਤੇਜਾਬ ਅਤੇ ਬੰਦੂਕਾਂ ਨਾਲ ਇਸ ਤਰ੍ਹਾਂ ਖ਼ਰਾਬ ਕਰ ਰਹੇ ਹਨ, ਜਿਵੇਂ ਵਧੀਆ ਸ਼ਰਾਬ ਵਿੱਚ ਮਿੱਟੀ ਮਿਲਾ ਦਿੱਤੀ ਜਾਵੇ। 
ਕੁੜੀ ਦਾਦੀ ਦੇ ਕ੍ਰੋਧ ਅਤੇ ਝੁੰਝਲਾਹਟ ਨੂੰ ਨਹੀਂ ਸਮਝ ਸਕੀ। ਕਹਿਣ ਲੱਗੀ, “ਦਾਦੀ ਮਾਂ ਉਸ ਔਰਤ ਨੇ ਬਿਲਕੁਲ ਠੀਕ ਕੀਤਾ। ਉਹ ਸ਼ਾਦੀਸ਼ੁਦਾ ਸੀ ਅਤੇ ਉਸਦਾ ਪਤੀ ਉਸਨੂੰ ਧੋਖਾ ਦੇ ਰਿਹਾ ਸੀ।” 
ਦਾਦੀ ਮਾਂ ਬੋਲੀ, “ਪਤਾ ਨਹੀਂ ਇਹ ਲੋਕ ਤੁਹਾਡੇ, ਅੱਜਕੱਲ੍ਹ ਦੀਆਂ ਕੁੜੀਆਂ ਦੇ ਦਿਮਾਗ਼ਾਂ ਵਿੱਚ ਕਿਵੇਂ ਕਿਵੇਂ ਦੇ ਵਿਚਾਰ ਤੂਸੀ ਜਾ ਰਹੇ ਹਨ?” 
ਕੁੜੀ ਨੇ ਜਵਾਬ ਦਿੱਤਾ, “ਪਰ ਦਾਦੀ ਮਾਂ, ਵਿਆਹ ਇੱਕ ਪਵਿਤਰ ਬੰਧਨ ਹੈ।” 
ਦਾਦੀ ਮਾਂ ਦਾ ਜਨਮ ਸੂਰਮੇ ਆਸ਼ਿਕਾਂ ਦੇ ਦੌਰ ਵਿੱਚ ਹੋਇਆ ਸੀ। ਉਹ ਆਪਣੇ ਦੌਰ ਵਿੱਚ ਡੁੱਬ ਕੇ ਦਿਲੋਂ ਕਹਿਣ ਲੱਗੀ, “ਸੁਣ ਪੁੱਤਰ, ਮੈਂ ਤਿੰਨ ਪੀੜੀਆਂ ਵੇਖੀਆਂ ਹਨ। ਵਿਆਹ ਅਤੇ ਪਿਆਰ ਵਿੱਚ ਕੋਈ ਸਮਾਨਤਾ ਨਹੀਂ ਹੈ। ਅਸੀਂ ਪਰਵਾਰ ਦੀ ਬੁਨਿਆਦ ਧਰਨ ਲਈ ਵਿਆਹ ਕਰਦੇ ਹਾਂ ਅਤੇ ਸਮਾਜ ਦੀ ਰਚਨਾ ਲਈ ਅਸੀਂ ਪਰਿਵਾਰ ਬਣਾਉਂਦੇ ਹਾਂ। ਅਸੀਂ ਵਿਆਹ ਨੂੰ ਰੱਦ ਨਹੀਂ ਕਰ ਸਕਦੇ। ਜੇਕਰ ਸਮਾਜ ਇੱਕ ਸੰਗਲੀ ਹੈ ਤਾਂ ਹਰ ਪਰਵਾਰ ਉਸਦੀ ਇੱਕ ਕੜੀ ਹੈ। ਇਨ੍ਹਾਂ ਕੜੀਆਂ ਨੂੰ ਜੋੜਨ ਲਈ ਅਸੀਂ ਉਵੇਂ ਹੀ ਵਸਤਾਂ ਲਭਦੇ ਹਾਂ ਜਿਨ੍ਹਾਂ ਨਾਲ ਇਹ ਸੰਗਲੀ ਬਣੀ ਰਹੇ। ਅਸੀਂ ਵਿਆਹ ਕਰਦੇ ਹਾਂ ਤਾਂ ਕਈ ਚੀਜਾਂ ਮਿਲਾਂਦੇ ਹਾਂ ਜਾਤੀ, ਸਮਾਜ, ਧਨ-ਦੌਲਤ, ਭਵਿੱਖ, ਰੁਚੀਆਂ ਆਦਿ-ਆਦਿ। ਦੁਨੀਆ ਸਾਨੂੰ ਮਜਬੂਰ ਕਰਦੀ ਹੈ ਇਸ ਲਈ ਅਸੀਂ ਇੱਕ ਵਾਰ ਵਿਆਹ ਕਰਦੇ ਹਾਂ ਲੇਕਿਨ ਜ਼ਿੰਦਗੀ ਵਿੱਚ ਅਸੀਂ ਵੀਹਾਂ ਵਾਰ ਪ੍ਰੇਮ ਕਰ ਸਕਦੇ ਹਾਂ, ਕਿਉਂਜੋ ਕੁਦਰਤ ਨੇ ਸਾਨੂੰ ਅਜਿਹਾ ਹੀ ਬਣਾਇਆ ਹੈ। ਤੂੰ ਜਾਣਦੀ ਹੈਂ ਧੀਏ, ਵਿਆਹ ਇੱਕ ਕਨੂੰਨ ਹੈ ਅਤੇ ਪਿਆਰ ਕਰਨਾ ਇਨਸਾਨ ਦੀ ਫ਼ਿਤਰਤ। ਇਹ ਫ਼ਿਤਰਤ ਹੀ ਸਾਨੂੰ ਕਦੇ ਸਿੱਧੇ, ਕਦੇ ਟੇਢੇ-ਮੇਢੇ ਰਸਤਿਆਂ ਤੇ ਚਲਣ ਲਈ ਮਜਬੂਰ ਕਰਦੀ ਹੈ। ਦੁਨੀਆ ਨੇ ਕਨੂੰਨ ਇਸ ਲਈ ਬਣਾਏ ਹਨ ਕਿ ਇਨ੍ਹਾਂ ਨਾਲ ਇਨਸਾਨ ਦੀਆਂ ਮੂਲ ਪ੍ਰਵਿਰਤੀਆਂ ਨੂੰ ਕਾਬੂ ਵਿੱਚ ਕੀਤਾ ਜਾ ਸਕੇ। ਅਜਿਹਾ ਕਰਨਾ ਲੋੜੀਂਦਾ ਵੀ ਸੀ ਲੇਕਿਨ ਸਾਡੀਆਂ ਮੂਲ ਪ੍ਰਵਿਰਤੀਆਂ ਜ਼ਿਆਦਾ ਸ਼ਕਤੀਸ਼ਾਲੀ ਹਨ, ਸਾਨੂੰ ਇਨ੍ਹਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਾਨੂੰ ਰੱਬ ਨੇ ਦਿੱਤੀਆਂ ਹਨ ਜਦੋਂ ਕਿ ਕਨੂੰਨ ਇਨਸਾਨ ਨੇ ਬਣਾਏ ਹਨ। ਜੇਕਰ ਅਸੀਂ ਜੀਵਨ ਵਿੱਚ ਪਿਆਰ ਦੀ ਖੁਸ਼ਬੂ ਨਹੀਂ ਭਰਾਂਗੇ ਤਾਂ ਜ਼ਿੰਦਗੀ ਬੇਕਾਰ ਹੋ ਜਾਵੇਗੀ। ਇਹ ਉਸੇ ਤਰ੍ਹਾਂ ਹੈ ਜਿਵੇਂ ਬੱਚੇ ਦੀ ਦਵਾਈ ਵਿੱਚ ਚੀਨੀ ਮਿਲਾਕੇ ਦੇਣਾ। 
ਬੇਰਥੇ ਦੀਆਂ ਅੱਖਾਂ ਹੈਰਾਨੀ ਨਾਲ ਟੱਡੀਆਂ ਰਹਿ ਗਈਆਂ। ਉਹ ਬੜਬੜਾਈ, “ਓਹ, ਦਾਦੀ ਮਾਂ, ਅਸੀਂ ਪਿਆਰ ਸਿਰਫ ਇੱਕ ਵਾਰ ਕਰ ਸਕਦੇ ਹਾਂ।” 
ਦਾਦੀ ਮਾਂ ਨੇ ਅਸਮਾਨ ਦੇ ਵੱਲ ਆਪਣੇ ਕੰਬਦੇ ਹੱਥਾਂ ਨੂੰ ਇਸ ਤਰ੍ਹਾਂ ਚੁੱਕਿਆ ਜਿਵੇਂ ਕਾਮਦੇਵ ਦਾ ਆਵਾਹਨ ਕਰ ਰਹੇ ਹੋਣ। ਫਿਰ ਉਤੇਜਿਤ ਹੋ ਕਹਿਣ ਲੱਗੀ, “ਤੁਸੀਂ ਲੋਕ ਬਿਲਕੁਲ ਗੁਲਾਮਾਂ ਵਰਗੇ ਹੋ ਗਏ ਹੋ, ਬਿਲਕੁੱਲ ਇੱਕੋ ਜਿਹੇ। ਤੁਸੀਂ ਲੋਕਾਂ ਨੇ ਹਰ ਕੰਮ ਨੂੰ ਭਾਰੀ-ਭਰਕਮ ਸ਼ਬਦਾਂ ਵਿੱਚ ਬੰਨ੍ਹ ਦਿੱਤਾ ਹੈ ਅਤੇ ਹਰ ਜਗ੍ਹਾ ਕਠਿਨ ਕਰਤੱਵਾਂ ਦੇ ਬਾਨਣੂ ਬੰਨ੍ਹ ਦਿੱਤੇ ਹਨ। ਤੁਸੀਂ ਲੋਕ ਸਮਤਾ ਅਤੇ ਸਦੀਵੀ ਲਗਾਉ ਵਿੱਚ ਭਰੋਸਾ ਰੱਖਦੇ ਹੋ। ਤੁਹਾਨੂੰ ਇਹ ਦੱਸਣ ਲਈ ਕਿ ਕਈਆਂ ਨੇ ਪਿਆਰ ਵਿੱਚ ਜਾਨ ਕੁਰਬਾਨ ਕੀਤੀ ਹੈ, ਅਨੇਕ ਕਵੀਆਂ ਨੇ ਕਵਿਤਾਵਾਂ ਲਿਖੀਆਂ ਹਨ। ਸਾਡੇ ਸਮਿਆਂ ਵਿੱਚ ਕਵਿਤਾ ਦਾ ਮਤਲਬ ਹੁੰਦਾ ਸੀ ਪੁਰਖ ਨੂੰ ਇਸਤਰੀ ਨਾਲ ਪ੍ਰੇਮ ਕਰਨਾ ਸਿਖਾਣਾ। ਹਰ ਇੱਕ ਇਸਤਰੀ ਨੂੰ ਪ੍ਰੇਮ ਕਰਨਾ ਅਤੇ ਅਸੀਂ! ਜਦੋਂ ਸਾਨੂੰ ਕੋਈ ਭਾ ਜਾਂਦਾ ਸੀ ਤਾਂ ਅਸੀਂ ਉਸਨੂੰ ਸੁਨੇਹਾ ਪਹੁੰਚਾਂਦੀਆਂ ਸੀ। ਜਦੋਂ ਨਵੇਂ ਪ੍ਰੇਮ ਦੀ ਉਮੰਗ ਸਾਡੇ ਮਨ ਵਿੱਚ ਜਾਗਦੀ ਸੀ ਤਾਂ ਅਸੀਂ ਪਿਛਲੇ ਪ੍ਰੇਮੀ ਕੋਲੋਂ ਕਿਨਾਰਾ ਕਰਨ ਵਿੱਚ ਵੀ ਦੇਰ ਨਹੀਂ ਲਾਉਂਦੀਆਂ ਸੀ। ਅਸੀਂ ਦੋਨਾਂ ਨਾਲ ਵੀ ਪ੍ਰੇਮ ਕਰ ਸਕਦੀਆਂ ਸੀ।” 
ਬੁਢੀ ਇੱਕ ਰਹੱਸਮਈ ਢੰਗ ਨਾਲ ਮੁਸਕੁਰਾਈ। ਉਸਦੀਆਂ ਬੁਢੀਆਂ-ਮਟਮੈਲੀਆਂ ਅੱਖਾਂ ਵਿੱਚ ਇੱਕ ਅਜਿਹੀ ਚਮਕ ਸੀ ਅਤੇ ਚਿਹਰੇ ਉੱਤੇ ਅਜਿਹੇ ਭਾਵ ਸਨ ਜਿਵੇਂ ਉਹ ਕਿਸੇ ਹੋਰ ਹੀ ਮਿੱਟੀ ਦੀ ਬਣੀ ਹੋਵੇ। ਜਿਵੇਂ ਉਹ ਕੋਈ ਹਾਕਮ ਹੋਵੇ, ਸਾਰੇ ਨਿਯਮਾਂ ਅਤੇ ਕਾਇਦੇ-ਕਾਨੂੰਨਾਂ ਤੋਂ ਉੱਪਰ। ਕੁੜੀ ਦੀ ਰੰਗ ਪੀਲਾ ਪੈ ਗਿਆ ਸੀ। ਉਹ ਬੜਬੜਾਉਂਦੇ ਹੋਏ ਬੋਲੀ, “ਇਸਦਾ ਮਤਲਬ ਉਸ ਜ਼ਮਾਨੇ ਵਿੱਚ ਔਰਤਾਂ ਭੈੜੇ ਚਾਲ ਚਲਣ ਦੀਆਂ ਸਨ?” 
ਦਾਦੀ ਮਾਂ ਨੇ ਮੁਸਕੁਰਾਣਾ ਬੰਦ ਕਰ ਦਿੱਤਾ। ਅਜਿਹਾ ਲੱਗਦਾ ਸੀ ਜਿਵੇਂ ਉਸਦੇ ਦਿਲ ਵਿੱਚ ਵਾਲ‍ਤੇਅਰ ਦਾ ਵਿਅੰਗ ਅਤੇ ਰੂਸੋ ਦੀ ਰੋਸ਼ਨ ਫ਼ਿਲਾਸਫ਼ੀ ਡੂੰਘੇ ਸਮਾਈ ਹੋਈ ਹੋਵੇ। ਇਸ ਲਈ ਕਿ ਅਸੀਂ ਪਿਆਰ ਕਰਕੇ ਉਸਨੂੰ ਅਪਨਾਉਣ ਦੀ ਹਿੰਮਤ ਰੱਖਦੀਆਂ ਸੀ, ਇੱਥੋਂ ਤੱਕ ਕਿ ਗਰਵ ਨਾਲ ਦੱਸਦੀਆਂ ਸੀ। ਮੇਰੀ ਬੱਚੀ ਜੇਕਰ ਉਸ ਜ਼ਮਾਨੇ ਵਿੱਚ ਕਿਸੇ ਇਸਤਰੀ ਦਾ ਪ੍ਰੇਮੀ ਨਹੀਂ ਹੁੰਦਾ ਸੀ ਤਾਂ ਲੋਕ ਉਸਦਾ ਮਖੌਲ ਉੜਾਂਦੇ ਸਨ। ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪਤੀ ਜ਼ਿੰਦਗੀ ਭਰ ਸਿਰਫ ਤੁਹਾਡੇ ਨਾਲ ਹੀ ਪਿਆਰ ਕਰਦੇ ਰਹਿਣਗੇ, ਜਿਵੇਂ ਸਚਮੁਚ ਇਵੇਂ ਵਾਪਰਨਾ ਸੰਭਵ ਹੋਵੇ। ਮੈਂ ਤੁਹਾਨੂੰ ਕਹਿੰਦੀ ਹਾਂ ਕਿ ਵਿਆਹ ਸਮਾਜ ਦੀ ਹੋਂਦ ਲਈ ਬਹੁਤ ਲੋੜੀਂਦਾ ਹੈ ਲੇਕਿਨ ਇਹ ਮਨੁੱਖ ਜਾਤੀ ਦੀ ਮੂਲ ਪ੍ਰਵ੍ਰਤੀ ਨਹੀਂ ਹੈ। ਕੁੱਝ ਸਮਝ ਆਇਆ ਕੀ ਤੈਨੂੰ? ਜੀਵਨ ਵਿੱਚ ਇੱਕੋ ਇੱਕ ਖ਼ੂਬਸੂਰਤ ਚੀਜ ਹੈ ਪ੍ਰੇਮ ਅਤੇ ਸਿਰਫ ਪ੍ਰੇਮ। ਤੁਸੀਂ ਇਸਨੂੰ ਕਿਵੇਂ ਗਲਤ ਸਮਝ ਸਕਦੀਆਂ ਹੋ? ਕਿਵੇਂ ਖ਼ਰਾਬ ਕਰ ਅਤੇ ਕਹਿ ਦੀਆਂ ਹੋ? ਤੁਸੀਂ ਇਸਨੂੰ ਕਿਸੇ ਰਸਮ-ਰਿਵਾਜ ਜਾਂ ਸੰਸਕਾਰ ਦੀ ਤਰ੍ਹਾਂ ਕਿਉਂ ਸਮਝਦੀਆਂ ਹੋ? ਜਿਵੇਂ ਕਿ ਕੋਈ ਕੱਪੜਾ ਖਰੀਦਕੇ ਲਿਆਉਣਾ ਹੋਵੇ। 
ਕੁੜੀ ਨੇ ਬੁਢੀ ਦੇ ਕੰਬਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਥੰਮਦੇ ਹੋਏ ਕਿਹਾ, “ਚੁਪ ਕਰੋ ਦਾਦੀ ਮਾਂ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਹੁਣ ਹੋਰ ਨਹੀਂ . . . ਬਸ ਕਰੋ।” 
ਉਹ ਆਪਣੇ ਗੋਡਿਆਂ ਦੇ ਬਲ ਝੁਕ ਕੇ, ਅੱਖਾਂ ਵਿੱਚ ਹੰਝੂ ਭਰ ਕੇ ਅਰਦਾਸ ਕਰਨ ਲੱਗੀ ਕਿ ਰੱਬ ਉਸਨੂੰ ਇੱਕ ਸੰਘਣਾ, ਗਹਿਰਾ ਅਤੇ ਅਮਰ ਪ੍ਰੇਮ ਦਾ ਅਸ਼ੀਰਵਾਦ ਦੇਵੇ। ਇੱਕ ਅਜਿਹਾ ਪ੍ਰੇਮ ਜੋ ਆਧੁਨਿਕ ਕਵੀਆਂ ਦਾ ਸੁਪਨਾ ਹੈ। ਜਦੋਂ ਕਿ ਦਾਦੀ ਮਾਂ ਨੇ ਬੜੇ ਪਿਆਰ ਨਾਲ ਉਸਦਾ ਮੱਥਾ ਚੁੰਮਿਆ। ਅਠਾਰਵੀਂ ਸਦੀ ਦੇ ਦਾਰਸ਼ਨਿਕਾਂ ਦੀ ਉਸ ਦਲੀਲ਼ ਉੱਤੇ ਵਿਸ਼ਵਾਸ ਅਤੇ ਸ਼ਰਧਾ ਜਤਾਉਂਦੇ ਹੋਏ, ਜਿਸ ਨੇ ਜ਼ਿੰਦਗੀ ਨੂੰ ਆਪਣੇ ਵਕਤ ਵਿੱਚ ਇਸ਼ਕ ਦੇ ਲੂਣ ਨਾਲ ਜਾਇਕੇਦਾਰ ਬਣਾ ਦਿੱਤਾ ਸੀ, ਦਾਦੀ ਮਾਂ ਨੇ ਕਿਹਾ, “ਖ਼ਬਰਦਾਰ! ਮੇਰੀ ਪਿਆਰੀ ਬੱਚੀ। ਜੇਕਰ ਤੂੰ ਇਨ੍ਹਾਂ ਮੂਰਖਤਾਪੂਰਣ ਗੱਲਾਂ ਉੱਤੇ ਵਿਸ਼ਵਾਸ ਕਰੇਂਗੀ ਤਾਂ ਜ਼ਿੰਦਗੀ ਵਿੱਚ ਕਦੇ ਸੁਖੀ ਨਹੀਂ ਰਹਿ ਸਕੋਗੀ।”

ਅਨੁਵਾਦ – ਚਰਨ ਗਿੱਲ

ਹਤਿਆਰੇ (ਕਹਾਣੀ) – ਅਰਨੈਸਟ ਹੈਮਿੰਗਵੇ-

December 1, 2018 by

ਹੈਨਰੀ ਲੰਚਰੂਮ ਦਾ ਬੂਹਾ ਖੁੱਲ੍ਹਿਆ ਅਤੇ ਦੋ ਵਿਅਕਤੀ ਅੰਦਰ ਆਏ। ਉਹ ਇੱਕ ਮੇਜ਼ ਦੇ ਨਾਲ ਲੱਗੀਆਂ ਕੁਰਸੀਆਂ ਤੇ ਬੈਠ ਗਏ।

“ਤੁਸੀਂ ਕੀ ਲਓਗੇ?” ਜਾਰਜ ਨੇ ਉਨ੍ਹਾਂ ਨੂੰ ਪੁੱਛਿਆ।

“ਪਤਾ ਨਹੀਂ,” ਉਨ੍ਹਾਂ ਵਿਚੋਂ ਇੱਕ ਨੇ ਕਿਹਾ। “ਅਲ, ਤੂੰ ਕੀ ਲੈਣਾ ਚਾਹੇਂਗਾ?”

“ਪਤਾ ਨਹੀਂ,” ਅਲ ਨੇ ਕਿਹਾ। “ਮੈਂ ਨਹੀਂ ਜਾਣਦਾ, ਮੈਂ ਕੀ ਲਵਾਂਗਾ।”

ਬਾਹਰ ਹਨੇਰਾ ਹੋਣ ਲੱਗਾ ਸੀ। ਖਿੜਕੀ ਦੇ ਉਸ ਪਾਰ ਸੜਕ ਦੀਆਂ ਬੱਤੀਆਂ ਜਲ ਪਈਆਂ ਸਨ। ਕਾਊਂਟਰ ਤੇ ਬੈਠੇ ਦੋਨੋਂ ਆਦਮੀਆਂ ਨੇ ਮੇਨੂ ਪੜ੍ਹਿਆ। ਹਾਲ ਦੇ ਦੂਜੇ ਪਾਸੇ ਤੋਂ ਨਿੱਕ ਐਡਮਸ ਉਨ੍ਹਾਂ ਨੂੰ ਵੇਖ ਰਿਹਾ ਸੀ। ਜਦੋਂ ਉਹ ਦੋਨੋਂ ਅੰਦਰ ਆਏ, ਉਸ ਸਮੇਂ ਉਹ ਜਾਰਜ ਨਾਲ ਗੱਲਾਂ ਕਰ ਰਿਹਾ ਸੀ।

“ਮੈਂ ਸੂਰ ਦਾ ਨਰਮ ਭੁੰਨਿਆ ਹੋਇਆ ਗੋਸ਼ਤ, ਸੇਬ ਦੀ ਚਟਨੀ ਅਤੇ ਆਲੂ ਦਾ ਭਰਥਾ ਲਵਾਂਗਾ,” ਪਹਿਲੇ ਆਦਮੀ ਨੇ ਕਿਹਾ।

“ਇਹ ਸਭ ਅਜੇ ਤਿਆਰ ਨਹੀਂ ਹੈ।”

“ਤਾਂ ਫਿਰ ਤੁਸੀਂ ਇਸਨੂੰ ਮੇਨੂ ਵਿੱਚ ਕਿਉਂ ਲਿਖ ਰੱਖਿਆ ਹੈ?”

“ਇਹ ਰਾਤ ਦਾ ਖਾਣਾ ਹੈ,” ਜਾਰਜ ਨੇ ਦੱਸਿਆ। “ਇਹ ਸਭ ਤੁਹਾਨੂੰ ਛੇ ਵਜੇ ਦੇ ਬਾਅਦ ਮਿਲੇਗਾ।”

ਜਾਰਜ ਨੇ ਪਿੱਛੇ ਕੰਧ ਤੇ ਲੱਗੇ ਕਲਾਕ ਦੇ ਵੱਲ ਵੇਖਿਆ।

“ਅਜੇ ਪੰਜ ਵਜੇ ਹਨ।”

“ਪਰ ਘੜੀ ਤੇ ਤਾਂ ਪੰਜ ਵਜ ਕੇ ਵੀਹ ਮਿੰਟ ਹੋ ਰਹੇ ਹਨ,” ਦੂਜੇ ਆਦਮੀ ਨੇ ਕਿਹਾ।

“ਘੜੀ ਵੀਹ ਮਿੰਟ ਅੱਗੇ ਚੱਲ ਰਹੀ ਹੈ।”

“ਭਾੜ ਵਿੱਚ ਜਾਵੇ ਤੁਹਾਡੀ ਘੜੀ,” ਪਹਿਲਾ ਆਦਮੀ ਬੋਲਿਆ। “ਖਾਣ ਲਈ ਕੀ ਮਿਲੇਗਾ?”

“ਮੈਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਸੈਂਡਵਿਚ ਦੇ ਸਕਦਾ ਹਾਂ,” ਜਾਰਜ ਨੇ ਕਿਹਾ। “ਮੈਂ ਤੁਹਾਨੂੰ ਹੈਮ ਅਤੇ ਆਂਡੇ, ਬੇਕਨ ਅਤੇ ਆਂਡੇ, ਕਲੇਜੀ ਅਤੇ ਬੇਕਨ, ਜਾਂ ਇੱਕ ਸਟੀਕ ਦੇ ਸਕਦਾ ਹਾਂ”

“ਮੈਨੂੰ ਚਿਕਨ ਕਰੋਕੈੱਟ, ਹਰੇ ਮਟਰ ਅਤੇ ਕਰੀਮ ਸਾਸ ਅਤੇ ਆਲੂ ਭੜਥਾ ਦੇ ਦਿਓ।”

“ਇਹ ਸਭ ਰਾਤ ਦਾ ਖਾਣਾ ਹੈ।”

“ਸਾਨੂੰ ਜੋ ਵੀ ਚੀਜ਼ ਚਾਹੀਦੀ ਹੈ, ਉਹ ਰਾਤ ਦਾ ਖਾਣਾ ਹੋ ਜਾਂਦਾ ਹੈ? ਇਹ ਗੱਲ ਹੈ!”

“ਮੈਂ ਤੁਹਾਨੂੰ ਹੈਮ ਅਤੇ ਆਂਡੇ, ਬੇਕਨ ਅਤੇ ਆਂਡੇ, ਕਲੇਜੀ…।”

“ਮੈਂ ਹੈਮ ਅਤੇ ਅੰਡੇ ਲਵਾਂਗਾ,” ਅਲ ਨਾਮ ਦੇ ਆਦਮੀ ਨੇ ਕਿਹਾ। ਉਸਨੇ ਇੱਕ ਟੋਪੀ ਅਤੇ ਲੰਬਾ ਕੋਟ ਪਾਇਆ ਹੋਇਆ ਸੀ ਜਿਸਦੇ ਬਟਨ ਉਸਦੀ ਛਾਤੀ ਉੱਤੇ ਲੱਗੇ ਹੋਏ ਸਨ। ਉਸਦਾ ਚਿਹਰਾ ਛੋਟਾ ਅਤੇ ਬੱਗਾ ਸੀ ਅਤੇ ਉਸਦੇ ਬੁਲ੍ਹ ਆਠਰੇ ਹੋਏ ਸਨ। ਉਸਨੇ ਰੇਸ਼ਮੀ ਮਫਲਰ ਅਤੇ ਦਸਤਾਨੇ ਪਾਏ ਹੋਏ ਸਨ।

“ਮੈਨੂੰ ਬੇਕਨ ਅਤੇ ਆਂਡੇ ਲਿਆ ਦਿਓ”, ਦੂਜੇ ਆਦਮੀ ਨੇ ਕਿਹਾ। ਕੱਦ ਵਿੱਚ ਉਹ ਵੀ ਅਲ ਜਿੰਨਾ ਹੀ ਸੀ। ਹਾਲਾਂਕਿ ਉਨ੍ਹਾਂ ਦੇ ਚਿਹਰੇ-ਮੋਹਰੇ ਵੱਖ ਸਨ ਪਰ ਦੋਨੋਂ ਨੇ ਇੱਕੋ ਜਿਹੇ ਕੱਪੜੇ ਪਹਿਨ ਰੱਖੇ ਸਨ, ਜਿਵੇਂ ਉਹ ਜੁੜਵੇਂ ਭਰਾ ਹੋਣ। ਦੋਨਾਂ ਨੇ ਬੇਹਦ ਭੀੜੇ ਓਵਰਕੋਟ ਪਾਏ ਹੋਏ ਸੀ ਅਤੇ ਦੋਨੋਂ ਮੇਜ਼ ਉੱਤੇ ਆਪਣੀਆਂ ਕੂਹਣੀਆਂ ਟਿਕਾਈਂ, ਅੱਗੇ ਦੇ ਵੱਲ ਝੁਕ ਕੇ ਬੈਠੇ ਹੋਏ ਸਨ।

“ਪੀਣ ਲਈ ਕੀ ਹੈ?” ਅਲ ਨੇ ਪੁੱਛਿਆ।

“ਸਿਲਵਰ ਬੀਅਰ, ਬੇਵੋ, ਜਿੰਜਰ-ਏਲ,” ਜਾਰਜ ਨੇ ਕਿਹਾ।

“ਮੈਂ ਦਰਅਸਲ ਪੀਣ ਲਈ ਕੁੱਝ ਮੰਗ ਰਿਹਾ ਹਾਂ।”

“ਜੋ ਮੈਂ ਕਿਹਾ, ਉਹੀ ਹੈ।”

“ਇਹ ਬਹੁਤ ਗਰਮ ਸ਼ਹਿਰ ਹੈ,” ਦੂਜਾ ਆਦਮੀ ਬੋਲਿਆ। “ਇਸ ਸ਼ਹਿਰ ਦਾ ਨਾਮ ਕੀ ਹੈ?”

“ਸੁਮਿਟ।”

“ਕੀ ਕਦੇ ਇਹ ਨਾਮ ਸੁਣਿਆ ਹੈ?” ਅਲ ਨੇ ਆਪਣੇ ਸਾਥੀ ਨੂੰ ਪੁੱਛਿਆ।

“ਕਦੇ ਨਹੀਂ।”

“ਰਾਤ ਨੂੰ ਇੱਥੇ ਤੁਸੀਂ ਲੋਕ ਕੀ ਕਰਦੇ ਹੋ?” ਅਲ ਨੇ ਪੁੱਛਿਆ।

“ਉਹ ਇੱਥੇ ਆ ਕੇ ਰਾਤ ਦਾ ਖਾਣਾ ਖਾਂਦੇ ਹਨ,” ਉਸਦੇ ਸਾਥੀ ਨੇ ਕਿਹਾ। “ਉਹ ਸਭ ਇੱਥੇ ਆ ਕੇ ਧੂਮ-ਧਾਮ ਨਾਲ ਰਾਤ ਦਾ ਖਾਣਾ ਖਾਂਦੇ ਹਨ!”

“ਹਾਂ, ਤੁਸੀਂ ਠੀਕ ਕਿਹਾ,” ਜਾਰਜ ਬੋਲਿਆ।

“ਤਾਂ ਤੈਨੂੰ ਲੱਗਦਾ ਹੈ ਕਿ ਇਹ ਠੀਕ ਹੈ?” ਅਲ ਨੇ ਜਾਰਜ ਤੋਂ ਪੁੱਛਿਆ।

“ਬੇਸ਼ੱਕ।”

“ਤੂੰ ਬਹੁਤ ਹੀ ਹੁਸ਼ਿਆਰ ਮੁੰਡਾ ਹੈਂ, ਹੈ ਨਾ?”

ਜਾਰਜ ਨੇ ਕਿਹਾ, “ਯਕੀਨਨ।”

“ਪਰ ਤੂੰ ਹੁਸ਼ਿਆਰ ਨਹੀਂ, ਸਮਝਿਆ?” ਛੋਟੇ ਕੱਦ ਦੇ ਦੂਜੇ ਆਦਮੀ ਨੇ ਕਿਹਾ। “ਤੇਰਾ ਕੀ ਖ਼ਿਆਲ ਹੈ, ਅਲ?”

“ਇਹ ਬੋਲ਼ਾ ਹੈ,” ਅਲ ਬੋਲਿਆ। ਫਿਰ ਉਹ ਨਿੱਕ ਦੇ ਵੱਲ ਮੁੜਿਆ। “ਤੇਰਾ ਨਾਮ ਕੀ ਹੈ?”

“ਐਡਮਸ।”

“ਇੱਕ ਹੋਰ ਹੁਸ਼ਿਆਰ ਮੁੰਡਾ,” ਅਲ ਬੋਲਿਆ। “ਕੀ ਇਹ ਹੁਸ਼ਿਆਰ ਨਹੀਂ ਹੈ, ਮੈਕਸ?”

“ਇਹ ਪੂਰਾ ਸ਼ਹਿਰ ਹੀ ਅਕਲਮੰਦਾਂ ਨਾਲ ਭਰਿਆ ਹੋਇਆ ਹੈ,” ਮੈਕਸ ਨੇ ਕਿਹਾ।

ਜਾਰਜ ਖਾਣਾ ਲੈ ਕੇ ਆਇਆ ਅਤੇ ਉਨ੍ਹਾਂ ਦੀ ਮੇਜ਼ ਉੱਤੇ ਰੱਖ ਦਿੱਤਾ।

“ਤੇਰਾ ਕਿਹੜਾ ਹੈ?” ਅਲ ਨੇ ਪੁੱਛਿਆ।

“ਕੀ ਤੈਨੂੰ ਯਾਦ ਨਹੀਂ?”

“ਹੈਮ ਅਤੇ ਆਂਡੇ।

“ਵਾਹ, ਹੁਸ਼ਿਆਰ ਮੁੰਡੇ!” ਮੈਕਸ ਬੋਲਿਆ। ਉਹ ਅੱਗੇ ਦੇ ਵੱਲ ਝੁੱਕਿਆ ਅਤੇ ਉਸਨੇ ਆਪਣਾ ਖਾਣਾ ਲੈ ਲਿਆ। ਦੋਨੋਂ ਬਿਨਾਂ ਆਪਣੇ ਦਸਤਾਨੇ ਉਤਾਰੇ ਹੀ ਖਾਣਾ ਖਾਣ ਲੱਗੇ। ਜਾਰਜ ਉਨ੍ਹਾਂ ਨੂੰ ਖਾਂਦੇ ਹੋਏ ਵੇਖਦਾ ਰਿਹਾ।

“ਤੂੰ ਏਧਰ ਕੀ ਵੇਖ ਰਿਹਾ ਹੈਂ?” ਮੈਕਸ ਨੇ ਜਾਰਜ ਨੂੰ ਪੁੱਛਿਆ।

“ਕੁੱਝ ਨਹੀਂ।”

“ਝੂਠੇ, ਤੂੰ ਮੈਨੂੰ ਵੇਖ ਰਿਹਾ ਸੈਂ।”

“ਸ਼ਾਇਦ ਮੁੰਡੇ ਨੇ ਮਜ਼ਾਕ ਵਿੱਚ ਅਜਿਹਾ ਕੀਤਾ ਹੋਵੇਗਾ,” ਅਲ ਨੇ ਕਿਹਾ। ਜਾਰਜ ਹਸ ਛੱਡਿਆ।

“ਤੈਨੂੰ ਹਸਣਾ ਨਹੀਂ ਚਾਹੀਦਾ। ਤੈਨੂੰ ਉੱਕਾ ਹਸਣਾ ਨਹੀਂ ਚਾਹੀਦਾ, ਸਮਝਿਆ?”

“ਠੀਕ ਹੈ,” ਜਾਰਜ ਬੋਲਿਆ।

“ਤਾਂ ਇਹ ਸਮਝਦਾ ਹੈ ਕਿ ਇਹ ਠੀਕ ਹੈ,” ਮੈਕਸ ਅਲ ਦੇ ਵੱਲ ਮੁੜਿਆ। “ਇਹ ਸਮਝਦਾ ਹੈ ਕਿ ਇਹ ਠੀਕ ਹੈ। ਵਾਹ, ਇਹ ਚੰਗੀ ਸਮਝ ਹੈ!”

“ਓਏ, ਇਹ ਚਿੰਤਕ ਹੈ,” ਅਲ ਨੇ ਕਿਹਾ। ਉਹ ਦੋਨੋਂ ਖਾਣਾ ਖਾਂਦੇ ਰਹੇ।

“ਕਾਊਂਟਰ ਤੇ ਬੈਠੇ ਉਸ ਮੁੰਡੇ ਦਾ ਕੀ ਨਾਮ ਹੈ?” ਅਲ ਨੇ ਮੈਕਸ ਨੂੰ ਪੁੱਛਿਆ।

“ਸੁਣ, ਹੁਸ਼ਿਆਰ ਮੁੰਡੇ,” ਮੈਕਸ ਨਿੱਕ ਨੂੰ ਬੋਲਿਆ, “ਤੂੰ ਆਪਣੇ ਦੋਸਤ ਦੇ ਨਾਲ ਉੱਧਰ ਦੂਜੇ ਕੋਨੇ ਵਿੱਚ ਚਲੇ ਜਾ।”

“ਕੀ ਮਤਲਬ?”

“ਕੋਈ ਮਤਲਬ ਨਹੀਂ।”

“ਤੁਰਤ ਉਸ ਪਾਸੇ ਚਲੇ ਜਾ, ਹੁਸ਼ਿਆਰ ਮੁੰਡੇ,” ਅਲ ਬੋਲਿਆ। ਨਿੱਕ ਨੇ ਉਵੇਂ ਹੀ ਕੀਤਾ ਜਿਵੇਂ ਉਸਨੂੰ ਕਿਹਾ ਗਿਆ ਸੀ।

“ਤੁਸੀਂ ਚਾਹੁੰਦੇ ਕੀ ਹੋ?” ਜਾਰਜ ਨੇ ਪੁੱਛਿਆ।

“ਤੂੰ ਆਪਣੇ ਕੰਮ ਨਾਲ ਕੰਮ ਰੱਖ,” ਅਲ ਬੋਲਿਆ। “ਰਸੋਈ ਵਿੱਚ ਕੌਣ ਹੈ?”

“ਹਬਸ਼ੀ ਹੈ।”

“ਹਬਸ਼ੀ ਤੋਂ ਤੇਰਾ ਕੀ ਮਤਲਬ ਹੈ?”

“ਹਬਸ਼ੀ ਰਸੋਈਆ।”

“ਉਸਨੂੰ ਇੱਥੇ ਆਉਣ ਲਈ ਕਹਿ।”

“ਤੁਸੀਂ ਕਰਨਾ ਕੀ ਚਾਹੁੰਦੇ ਹੋ?”

“ਉਸਨੂੰ ਇੱਥੇ ਆਉਣ ਵਾਲੇ ਲਈ ਕਹਿ।”

“ਤੁਹਾਨੂੰ ਕੀ ਲੱਗ ਰਿਹਾ ਹੈ, ਤੁਸੀਂ ਕਿੱਥੇ ਹੋ?”

“ਅਬੇ ਸਾਲੇ, ਸਾਨੂੰ ਚੰਗੀ ਤਰ੍ਹਾਂ ਪਤਾ ਹੈ, ਅਸੀਂ ਕਿੱਥੇ ਹਾਂ,” ਮੈਕਸ ਨਾਮ ਦੇ ਆਦਮੀ ਨੇ ਕਿਹਾ। “ਕੀ ਅਸੀਂ ਬੇਵਕੂਫ ਦਿਖਦੇ ਹਾਂ?”

ਤੂੰ ਮੂਰਖਾਂ ਵਾਲੀਆਂ ਗੱਲਾਂ ਕਰ ਰਿਹਾ ਹੈਂ,” ਅਲ ਨੇ ਉਸਨੂੰ ਕਿਹਾ। ਤੂੰ ਇਸ ਮੁੰਡੇ ਨਾਲ ਬਹਿਸ ਕਿਉਂ ਕਰ ਰਿਹਾ ਹੈਂ? ਸੁਣ, ” ਉਸਨੇ ਜਾਰਜ ਨੂੰ ਕਿਹਾ, “ਹਬਸ਼ੀ ਨੂੰ ਇੱਥੇ ਆਉਣ ਲਈ ਕਹਿ।”

“ਤੁਸੀਂ ਉਸ ਨਾਲ ਕੀ ਕਰਨ ਵਾਲੇ ਹੋ?”

“ਕੁੱਝ ਨਹੀਂ। ਆਪਣਾ ਦਿਮਾਗ ਇਸਤੇਮਾਲ ਕਰ, ਹੁਸ਼ਿਆਰ ਮੁੰਡੇ। ਅਸੀਂ ਇੱਕ ਹਬਸ਼ੀ ਦਾ ਕੀ ਕਰਾਂਗੇ?”

ਜਾਰਜ ਨੇ ਹਾਲ ਅਤੇ ਰਸੋਈ ਦੇ ਵਿੱਚ ਦੀ ਖਿੜਕੀ ਖੋਲ੍ਹ ਲਈ। “ਸੈਮ,” ਉਸਨੇ ਅਵਾਜ਼ ਲਗਾਈ, “ਇੱਕ ਮਿੰਟ ਇੱਥੇ ਆਣਾ।”

ਰਸੋਈ ਦਾ ਬੂਹਾ ਖੁਲ੍ਹਿਆ ਅਤੇ ਹਬਸ਼ੀ ਰਸੋਈਆ ਹਾਲ ਵਿੱਚ ਦਾਖਿਲ ਹੋਇਆ।

“ਕੀ ਗੱਲ ਸੀ?” ਉਸਨੇ ਪੁੱਛਿਆ। ਉੱਥੇ ਬੈਠੇ ਦੋਨੋਂ ਅਜਨਬੀਆਂ ਨੇ ਉਸ ਉੱਤੇ ਨਜ਼ਰ ਮਾਰੀ।

“ਠੀਕ ਹੈ, ਹਬਸ਼ੀ। ਤੂੰ ਇਥੇ ਹੀ ਖੜਾ ਰਹਿ,” ਅਲ ਨੇ ਕਿਹਾ। ਆਪਣੇ ਢਿੱਡ ਉੱਤੇ ਕੱਪੜਾ ਲਪੇਟੇ ਹੋਏ ਸੈਮ ਨਾਮ ਦੇ ਉਸ ਹਬਸ਼ੀ ਰਸੋਈਆ ਨੇ ਉਨ੍ਹਾਂ ਦੋਨਾਂ ਦੇ ਵੱਲ ਵੇਖਿਆ। “ਜੀ ਸ਼ਰੀਮਾਨ,” ਉਹ ਬੋਲਿਆ। ਅਲ ਆਪਣੀ ਕੁਰਸੀ ਤੋਂ ਉੱਠਿਆ।

“ਮੈਂ ਹਬਸ਼ੀ ਅਤੇ ਇਸ ਹੁਸ਼ਿਆਰ ਮੁੰਡੇ ਦੇ ਨਾਲ ਰਸੋਈ ਵਿੱਚ ਜਾ ਰਿਹਾ ਹਾਂ,” ਉਸਨੇ ਕਿਹਾ। “ਚੱਲ, ਵਾਪਸ ਰਸੋਈ ਵਿੱਚ ਚੱਲ, ਹਬਸ਼ੀ। ਹੁਸ਼ਿਆਰ ਮੁੰਡੇ, ਤੂੰ ਵੀ ਇਸਦੇ ਨਾਲ ਜਾ।” ਅਲ ਉਸ ਮੁੰਡੇ ਅਤੇ ਸੈਮ ਨਾਮ ਦੇ ਹਬਸ਼ੀ ਦੇ ਪਿੱਛੇ ਪਿੱਛੇ ਰਸੋਈ ਵਿੱਚ ਚਲਾ ਗਿਆ। ਵਿੱਚਕਾਰਲਾ ਬੂਹਾ ਬੰਦ ਹੋ ਗਿਆ। ਮੈਕਸ ਨਾਮ ਦਾ ਆਦਮੀ ਉਥੇ ਹੀ ਜਾਰਜ ਦੇ ਕੋਲ ਬੈਂਠਾ ਰਿਹਾ। ਉਹ ਜਾਰਜ ਦੇ ਵੱਲ ਨਹੀਂ ਪਿੱਛੇ ਕੰਧ ਤੇ ਲੱਗੇ ਆਦਮਕਦ ਸ਼ੀਸ਼ੇ ਦੇ ਵੱਲ ਵੇਖਦਾ ਰਿਹਾ। ਹੈਨਰੀ ਲੰਚਰੂਮ ਪਹਿਲਾਂ ਇੱਕ ਸੈਲੂਨ ਸੀ, ਜਿਸਨੂੰ ਬਾਅਦ ਵਿੱਚ ਲੰਚ ਕਾਊਂਟਰ ਵਿੱਚ ਬਦਲ ਦਿੱਤਾ ਗਿਆ ਸੀ।

“ਹਾਂ, ਹੁਸ਼ਿਆਰ ਮੁੰਡੇ, ਮੈਕਸ ਨੇ ਸ਼ੀਸ਼ੇ ਵਿੱਚ ਵੇਖਦੇ ਹੋਏ ਕਿਹਾ, “ਤੂੰ ਕੁੱਝ ਕਹਿੰਦਾ ਕਿਉਂ ਨਹੀਂ?”

“ਤੁਸੀਂ ਲੋਕ ਆਖਿਰ ਚਾਹੁੰਦੇ ਕੀ ਹੋ?”

“ਓਏ, ਅਲ,” ਮੈਕਸ ਨੇ ਅਵਾਜ਼ ਲਗਾਈ, ਇਹ ਹੁਸ਼ਿਆਰ ਮੁੰਡਾ ਜਾਨਣਾ ਚਾਹੁੰਦਾ ਹੈ ਕਿ ਅਸੀਂ ਲੋਕ ਆਖਿਰ ਚਾਹੁੰਦੇ ਕੀ ਹਾਂ?”

ਤਾਂ ਫਿਰ ਤੂੰ ਇਸਨੂੰ ਦੱਸ ਕਿਉਂ ਨਹੀਂ ਦਿੰਦਾ,” ਅਲ ਦੀ ਅਵਾਜ਼ ਰਸੋਈ ਵਿੱਚੋਂ ਆਈ।

“ਤੈਨੂੰ ਕੀ ਲੱਗਦਾ ਹੈ, ਅਸੀਂ ਲੋਕ ਕੀ ਚਾਹੁੰਦੇ ਹਾਂ?”

“ਮੈਨੂੰ ਨਹੀਂ ਪਤਾ।”

“ਤੇਰਾ ਖ਼ਿਆਲ ਕੀ ਕਹਿੰਦਾ ਹੈ?”

ਬੋਲਦੇ ਹੋਏ ਮੈਕਸ ਸਾਰਾ ਸਮਾਂ ਸ਼ੀਸ਼ੇ ਵਿੱਚ ਵੇਖਦਾ ਰਿਹਾ।

“ਮੈਂ ਨਹੀਂ ਕਹਿ ਸਕਦਾ।”

“ਓਏ ਅਲ, ਇਹ ਹੁਸ਼ਿਆਰ ਮੁੰਡਾ ਕਹਿ ਰਿਹਾ ਹੈ ਕਿ ਇਹ ਨਹੀਂ ਕਹਿ ਸਕਦਾ ਕਿ ਅਸੀਂ ਲੋਕ ਕੀ ਚਾਹੁੰਦੇ ਹਾਂ।”

“ਹਾਂ, ਮੈਂ ਤੁਹਾਡੀਆਂ ਗੱਲਾਂ ਸੁਣ ਸਕਦਾ ਹਾਂ,” ਅਲ ਨੇ ਰਸੋਈ ਵਿੱਚੋਂ ਕਿਹਾ। ਉਸਨੇ ਰਸੋਈ ਅਤੇ ਹਾਲ ਦੇ ਵਿੱਚ ਦੀ ਖਿੜਕੀ ਖੋਲ੍ਹ ਦਿੱਤੀ ਸੀ। “ਸੁਣ, ਹੁਸ਼ਿਆਰ ਮੁੰਡੇ,” ਉਸਨੇ ਰਸੋਈ ਵਿੱਚੋਂ ਜਾਰਜ ਨੂੰ ਕਿਹਾ, “ ਤੂੰ ਔਸ ਤਰਫ ਥੋੜ੍ਹਾ ਹੋਰ ਹਟ ਕੇ ਖੜਾ ਹੋ ਜਾ। ਮੈਕਸ, ਤੂੰ ਥੋੜ੍ਹਾ ਖੱਬੇ ਵੱਲ ਆ ਜਾ।” ਉਹ ਕਿਸੇ ਗਰੁੱਪ ਫੋਟੋ ਲੈ ਰਹੇ ਫੋਟੋਗਰਾਫਰ ਵਰਗਾ ਲੱਗ ਰਿਹਾ ਸੀ।

“ਇਧਰ ਮੇਰੇ ਨਾਲ ਗੱਲ ਕਰ, ਹੁਸ਼ਿਆਰ ਮੁੰਡੇ,” ਮੈਕਸ ਨੇ ਕਿਹਾ, “ਤੈਨੂੰ ਕੀ ਲੱਗਦਾ ਹੈ, ਇੱਥੇ ਕੀ ਹੋਣ ਵਾਲਾ ਹੈ?”

ਜਾਰਜ ਨੇ ਕੁੱਝ ਨਹੀਂ ਕਿਹਾ।

“ਮੈਂ ਤੈਨੂੰ ਦੱਸਦਾ ਹਾਂ,” ਮੈਕਸ ਬੋਲਿਆ। “ਅਸੀਂ ਇੱਕ ਸਵੀਡਨ-ਵਾਸੀ ਦੀ ਹੱਤਿਆ ਕਰਨ ਵਾਲੇ ਹਾਂ। ਕੀ ਤੂੰ ਉਸ ਹੱਟੇ-ਕੱਟੇ ਸਵੀਡਨ-ਵਾਸੀ ਓਲ ਐਂਡਰਸਨ ਨੂੰ ਜਾਣਦਾ ਹੈਂ?”

“ਹਾਂ।”

“ਉਹ ਹਰ ਰੋਜ ਰਾਤ ਦਾ ਖਾਣਾ ਖਾਣ ਇੱਥੇ ਆਉਂਦਾ ਹੈ, ਹੈ ਨਹੀਂ?”

“ਹਾਂ, ਉਹ ਕਦੇ ਕਦੇ ਇੱਥੇ ਆਉਂਦਾ ਹੈ।”

“ਉਹ ਇੱਥੇ ਸ਼ਾਮ ਛੇ ਵਜੇ ਆਉਂਦਾ ਹੈ, ਹੈ ਨਹੀਂ?”

“ਹਾਂ, ਜਦੋਂ ਕਦੇ ਉਹ ਆਉਂਦਾ ਹੈ।”

“ਇਹ ਸਭ ਸਾਨੂੰ ਪਤਾ ਹੈ, ਹੁਸ਼ਿਆਰ ਮੁੰਡੇ,” ਮੈਕਸ ਬੋਲਿਆ। “ਕਿਸੇ ਹੋਰ ਚੀਜ਼ ਬਾਰੇ ਗੱਲ ਕਰ। ਕੀ ਤੂੰ ਕਦੇ ਫ਼ਿਲਮਾਂ ਦੇਖਣ ਜਾਂਦਾ ਹੈਂ?”

“ਕਦੇ ਕਦੇ।”

“ਤੈਨੂੰ ਜ਼ਿਆਦਾ ਫ਼ਿਲਮਾਂ ਵੇਖਣੀਆਂ ਚਾਹੀਦੀਆਂ ਹਨ। ਤੇਰੇ ਵਰਗੇ ਹੁਸ਼ਿਆਰ ਮੁੰਡੇ ਲਈ ਫ਼ਿਲਮਾਂ ਵੇਖਣਾ ਅੱਛਾ ਰਹੇਗਾ।”

“ਤੁਸੀਂ ਓਲ ਐਂਡਰਸਨ ਦੀ ਹੱਤਿਆ ਕਿਉਂ ਕਰਨਾ ਚਾਹੁੰਦੇ ਹੋ?” ਉਸਨੇ ਤੁਹਾਡਾ ਕੀ ਬਿਗਾੜਿਆ ਹੈ?”

“ਉਸਨੂੰ ਇਸਦਾ ਮੌਕਾ ਹੀ ਨਹੀਂ ਮਿਲਿਆ। ਉਸਨੇ ਤਾਂ ਸਾਨੂੰ ਵੇਖਿਆ ਵੀ ਨਹੀਂ ਹੈ।”

“ਤੇ ਉਹ ਸਾਨੂੰ ਕੇਵਲ ਇੱਕ ਵਾਰ ਹੀ ਵੇਖ ਸਕੇਗਾ,” ਰਸੋਈ ਵਿੱਚੋਂ ਅਲ ਨੇ ਕਿਹਾ।

“ਤਾਂ ਫਿਰ ਤੁਸੀਂ ਉਸਨੂੰ ਜਾਨੋਂ ਕਿਉਂ ਮਾਰਨਾ ਚਾਹੁੰਦੇ ਹੋ?” ਜਾਰਜ ਨੇ ਪੁੱਛਿਆ।

“ਅਸੀਂ ਇੱਕ ਮਿੱਤਰ ਲਈ ਉਸਦੀ ਹੱਤਿਆ ਕਰਨੀ ਹੈ। ਕੇਵਲ ਇੱਕ ਮਿੱਤਰ ਤੇ ਉਪਕਾਰ ਕਰਨ ਲਈ, ਹੁਸ਼ਿਆਰ ਮੁੰਡੇ।”

“ਚੁੱਪ ਰਹਿ,” ਅਲ ਨੇ ਰਸੋਈ ਵਿੱਚੋਂ ਕਿਹਾ। “ਤੂੰ ਉੱਲੂਆ ਬਹੁਤ ਬੋਲਦਾ ਹੈਂ।”

“ਵੇਖ, ਮੈਂ ਇਸ ਹੁਸ਼ਿਆਰ ਮੁੰਡੇ ਦਾ ਦਿਲ ਲਗਾਈ ਰੱਖਣਾ ਹੈ। ਹੈ ਕਿ ਨਹੀਂ, ਹੁਸ਼ਿਆਰ ਮੁੰਡੇ?”

“ਤੂੰ ਉੱਲੂਆ ਬਹੁਤ ਜ਼ਿਆਦਾ ਬੋਲਦਾ ਹੈਂ,” ਅਲ ਨੇ ਕਿਹਾ। ਇੱਥੇ ਹਬਸ਼ੀ ਅਤੇ ਮੇਰੇ ਵਾਲੇ ਹੁਸ਼ਿਆਰ ਮੁੰਡੇ ਨੇ ਖ਼ੁਦ ਆਪਣੇ ਨਾਲ ਹੀ ਆਪਣਾ ਦਿਲ ਲਗਾਇਆ ਹੋਇਆ ਹੈ। ਮੈਂ ਇਨ੍ਹਾਂ ਦੋਨੋਂ ਨੂੰ ਕਿਸੇ ਕਾਨਵੈਂਟ ਦੀਆਂ ਦੋ ਸਹੇਲੀਆਂ ਦੀ ਤਰ੍ਹਾਂ ਪਿੱਠਾਂ ਜੋੜ ਕੇ ਬੰਨ੍ਹ ਦਿੱਤਾ ਹੈ।”

“ਮੈਨੂੰ ਲੱਗਦਾ ਹੈ, ਤੂੰ ਵੀ ਕਿਸੇ ਕਾਨਵੈਂਟ ਵਿੱਚ ਰਹਿ ਚੁੱਕਿਆ ਹੈਂ।”

“ਕੀ ਪਤਾ।”

“ਤੂੰ ਜ਼ਰੂਰ ਯਹੂਦੀਆਂ ਦੇ ਕਾਨਵੈਂਟ ਵਿੱਚ ਰਿਹਾ ਹੋਵੇਂਗਾ। ਹਾਂ, ਉਥੇ ਹੀ ਸੀ ਤੂੰ।”

ਜਾਰਜ ਨੇ ਘੜੀ ਦੇ ਵੱਲ ਵੇਖਿਆ।

“ਜੇ ਕੋਈ ਖਾਣਾ ਖਾਣ ਇੱਥੇ ਆਏ ਤਾਂ ਤੂੰ ਉਸਨੂੰ ਕਹਿਣਾ ਕਿ ਰਸੋਈਆ ਛੁੱਟੀ ਉੱਤੇ ਹੈ। ਜੇਕਰ ਉਹ ਫਿਰ ਵੀ ਨਾ ਮੰਨੇ ਤਾਂ ਤਾਂ ਤੂੰ ਉਸਨੂੰ ਕਹਿਣਾ ਕਿ ਤੂੰ ਅੰਦਰ ਰਸੋਈ ਵਿੱਚ ਜਾ ਕੇ ਉਸਦੇ ਲਈ ਬਣਾ ਕੇ ਕੁੱਝ ਲੈ ਆਏਂਗਾ। ਸਮਝਿਆ, ਹੁਸ਼ਿਆਰ ਮੁੰਡੇ?”

“ਠੀਕ ਹੈ,” ਜਾਰਜ ਨੇ ਕਿਹਾ। “ਬਾਅਦ ਵਿੱਚ ਤੁਸੀਂ ਲੋਕ ਸਾਡੇ ਨਾਲ ਕੀ ਕਰੋਗੇ?”

“ਉਹ ਕਈ ਗੱਲਾਂ ਉੱਤੇ ਨਿਰਭਰ ਕਰੇਗਾ,” ਮੈਕਸ ਬੋਲਿਆ। “ਇਹ ਉਨ੍ਹਾਂ ਗੱਲਾਂ ਵਿਚੋਂ ਇੱਕ ਹੈ ਜਿਸਦੇ ਬਾਰੇ ਵਿੱਚ ਤੁਸੀਂ ਪਹਿਲਾਂ ਤੋਂ ਨਹੀਂ ਜਾਣ ਸਕਦੇ।”

ਜਾਰਜ ਨੇ ਘੜੀ ਵੱਲ ਵੇਖਿਆ। ਸਵਾ ਛੇ ਬੱਜ ਚੁੱਕੇ ਸਨ। ਉਦੋਂ ਲੰਚਰੂਮ ਦਾ ਬਾਹਰੀ ਬੂਹਾ ਖੁੱਲ੍ਹਿਆ। ਇੱਕ ਕਾਰ ਡਰਾਇਵਰ ਅੰਦਰ ਆਇਆ।

“ਹੈਲੋ, ਜਾਰਜ,” ਉਸਨੇ ਕਿਹਾ। “ਕੀ ਮੈਨੂੰ ਖਾਣਾ ਮਿਲੇਗਾ?”

“ਰਸੋਈਆ ਸੈਮ ਬਾਹਰ ਗਿਆ ਹੈ,” ਜਾਰਜ ਬੋਲਿਆ। “ਉਹ ਲੱਗਪੱਗ ਅੱਧੇ ਘੰਟੇ ਵਿੱਚ ਪਰਤ ਆਵੇਗਾ।”

“ਓਹ, ਤਾਂ ਤੇ ਮੈਨੂੰ ਅੱਗੇ ਕਿਸੇ ਦੂਜੇ ਲੰਚਰੂਮ ਵਿੱਚ ਜਾਣਾ ਚਾਹੀਦਾ ਹੈ,” ਕਾਰ ਡਰਾਇਵਰ ਨੇ ਕਿਹਾ। ਜਾਰਜ ਨੇ ਘੜੀ ਦੇ ਵੱਲ ਵੇਖਿਆ। ਛੇ ਵਜ ਕੇ ਵੀਹ ਮਿੰਟ ਹੋ ਰਹੇ ਸਨ।

“ਇਹ ਤੂੰ ਅੱਛਾ ਕੀਤਾ, ਹੁਸ਼ਿਆਰ ਮੁੰਡੇ,” ਮੈਕਸ ਬੋਲਿਆ। “ਤੂੰ ਤਾਂ ਬੜਾ ਭਲਾ-ਆਦਮੀ ਨਿਕਲਿਆ।”

“ਓਏ, ਉਸਨੂੰ ਪਤਾ ਸੀ ਕਿ ਜੇ ਉਹ ਕੁੱਝ ਹੋਰ ਕਰਦਾ ਤਾਂ ਮੈਂ ਉਸਦੀ ਖੋਪੜੀ ਉੱਡਾ ਦਿੰਦਾ,” ਰਸੋਈ ਵਿੱਚੋਂ ਅਲ ਨੇ ਕਿਹਾ।

“ਨਹੀਂ, ਨਹੀਂ,” ਮੈਕਸ ਬੋਲਿਆ। “ਇਹ ਗੱਲ ਨਹੀਂ ਹੈ। ਇਹ ਹੁਸ਼ਿਆਰ ਮੁੰਡਾ ਚੰਗਾ ਹੈ। ਇਹ ਮੁੰਡਾ ਚੰਗਾ ਹੈ। ਮੈਨੂੰ ਇਹ ਪਸੰਦ ਹੈ।”

“ਛੇ ਬੱਜ ਕੇ ਪਚਵੰਜਾ ਮਿੰਟ,” ਜਾਰਜ ਨੇ ਕਿਹਾ, “ਓਹ ਨਹੀਂ ਆਵੇਗਾ।”

ਉਦੋਂ ਤੱਕ ਲੰਚਰੂਮ ਵਿੱਚ ਬਾਹਰੋਂ ਦੋ ਹੋਰ ਲੋਕ ਆਏ ਸਨ। ਇੱਕ ਵਾਰ ਜਾਰਜ ਰਸੋਈ ਵਿੱਚ ਗਿਆ ਸੀ ਅਤੇ ਉਸਨੇ ਸੂਰ ਦੇ ਸੁੱਕੇ ਮਾਸ ਅਤੇ ਆਂਡੇ ਦਾ ਸੈਂਡਵਿਚ ਬਣਾ ਕੇ ਉਸਨੂੰ ਕਾਗਜ਼ ਵਿੱਚ ਲਪੇਟ ਕੇ ਉਸ ਗਾਹਕ ਨੂੰ ਦੇ ਦਿੱਤੇ ਸੀ ਜੋ ਖਾਣਾ ਆਪਣੇ ਨਾਲ ਲੈ ਜਾਣਾ ਚਾਹੁੰਦਾ ਸੀ। ਰਸੋਈ ਵਿੱਚ ਉਸਨੇ ਟੋਪੀ ਪਹਿਨੇ ਹੋਏ ਅਲ ਨੂੰ ਇੱਕ ਕੁਰਸੀ ਉੱਤੇ ਬੈਠੇ ਵੇਖਿਆ ਸੀ। ਉਸਦੇ ਬਗ਼ਲ ਵਿੱਚ ਉਸਦਾ ਪਿਸਤੌਲ ਪਿਆ ਹੋਇਆ ਸੀ। ਨਿੱਕ ਅਤੇ ਰਸੋਈਆ ਸੈਮ ਕੋਨੇ ਵਿੱਚ ਪਿੱਠਾਂ ਜੋੜ ਆਪਸ ਵਿੱਚ ਬੰਨ੍ਹੇ ਹੋਏ ਸਨ। ਦੋਨਾਂ ਦੇ ਮੂੰਹ ਵਿੱਚ ਕੱਪੜਾ ਤੁੰਨ ਦਿੱਤਾ ਗਿਆ ਸੀ। ਜਾਰਜ ਨੇ ਜਲਦੀ ਸੈਂਡਵਿਚ ਬਣਾਇਆ, ਉਸਨੂੰ ਕਾਗਜ਼ ਵਿੱਚ ਲਪੇਟਿਆ, ਇੱਕ ਥੈਲੇ ਵਿੱਚ ਪਾਇਆ ਅਤੇ ਬਾਹਰ ਹਾਲ ਵਿੱਚ ਆ ਗਿਆ। ਗਾਹਕ ਨੇ ਪੈਸੇ ਦਿੱਤੇ ਅਤੇ ਖਾਣ ਦਾ ਸਾਮਾਨ ਲੈ ਕੇ ਚਲਾ ਗਿਆ?

“ਇਹ ਹੁਸ਼ਿਆਰ ਮੁੰਡਾ ਸਭ ਕੁੱਝ ਕਰ ਸਕਦਾ ਹੈ,” ਮੈਕਸ ਬੋਲਿਆ। “ਇਹ ਖਾਣਾ ਬਣਾਉਣ ਦੇ ਇਲਾਵਾ ਵੀ ਬਹੁਤ ਕੁੱਝ ਕਰ ਸਕਦਾ ਹੈ। ਤੂੰ ਕਿਸੇ ਕੁੜੀ ਦਾ ਵਧੀਆ ਪਤੀ ਬਣੇਂਗਾ, ਹੁਸ਼ਿਆਰ ਮੁੰਡੇ !”

“ਅੱਛਾ?” ਜਾਰਜ ਨੇ ਕਿਹਾ, “ਤੁਹਾਡਾ ਮਿੱਤਰ, ਓਲ ਐਂਡਰਸਨ ਹੁਣ ਨਹੀਂ ਆਵੇਗਾ।”

“ਚਲੋ, ਉਸਨੂੰ ਦਸ ਮਿੰਟ ਹੋਰ ਦੇਖਦੇ ਹਾਂ,” ਮੈਕਸ ਬੋਲਿਆ।

ਮੈਕਸ ਸ਼ੀਸ਼ੇ ਅਤੇ ਘੜੀ ਦੇ ਵੱਲ ਵੇਖਦਾ ਰਿਹਾ। ਘੜੀ ਨੇ ਸੱਤ ਅਤੇ ਫਿਰ ਸੱਤ ਵਜ ਕੇ ਪੰਜ ਮਿੰਟ ਬਜਾਏ।

“ਚੱਲੋ ਅਲ,” ਮੈਕਸ ਨੇ ਕਿਹਾ। “ਸਾਨੂੰ ਚੱਲਣਾ ਚਾਹੀਦਾ ਹੈ। ਉਹ ਨਹੀਂ ਆਵੇਗਾ।”

“ਓਏ, ਉਸਨੂੰ ਪੰਜ ਮਿੰਟ ਹੋਰ ਦੇਖਦੇ ਹਾਂ,” ਅਲ ਨੇ ਰਸੋਈ ਵਿੱਚੋਂ ਕਿਹਾ।

ਉਨ੍ਹਾਂ ਪੰਜ ਮਿੰਟਾਂ ਵਿੱਚ ਇੱਕ ਹੋਰ ਵਿਅਕਤੀ ਲੰਚਰੂਮ ਵਿੱਚ ਆਇਆ ਅਤੇ ਅਤੇ ਜਾਰਜ ਨੇ ਉਸਨੂੰ ਦੱਸਿਆ ਕਿ ਰਸੋਈਆ ਬੀਮਾਰ ਹੋ ਗਿਆ ਸੀ।

“ਤਾਂ ਤੁਸੀਂ ਦੂਜੇ ਰਸੋਈਏ ਦਾ ਬੰਦੋਬਸਤ ਕਿਉਂ ਨਹੀਂ ਕਰਦੇ?” ਉਸ ਆਦਮੀ ਨੇ ਨਰਾਜ਼ ਹੋ ਕੇ ਕਿਹਾ। ਕੀ ਤੁਸੀਂ ਲੰਚਰੂਮ ਨਹੀਂ ਚਲਾ ਰਹੇ?” ਇਹ ਕਹਿ ਕੇ ਉਹ ਬਾਹਰ ਚਲਾ ਗਿਆ।

“ਚੱਲੋ ਅਲ, ਚੱਲਦੇ ਹਾਂ,” ਮੈਕਸ ਨੇ ਦੁਬਾਰਾ ਕਿਹਾ।

“ਇਨ੍ਹਾਂ ਦੋ ਹੁਸ਼ਿਆਰ ਮੁੰਡਿਆਂ ਦਾ ਅਤੇ ਇਸ ਹਬਸ਼ੀ ਦਾ ਕੀ ਕਰੀਏ?”

“ਇਹ ਠੀਕ ਠਾਕ ਨੇ।”

“ਕੀ ਤੈਨੂੰ ਅਜਿਹਾ ਲੱਗਦਾ ਹੈ?”

“ਹਾਂ, ਹੁਣ ਸਾਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ।”

“ਮੈਨੂੰ ਇਹ ਪਸੰਦ ਨਹੀਂ,” ਅਲ ਬੋਲਿਆ। “ਇਹ ਭੱਦਾ ਤਰੀਕਾ ਹੈ। ਤੂੰ ਬਹੁਤ ਬੋਲਦਾ ਹੈਂ।”

“ਅਬੇ, ਛੱਡ ਯਾਰ। ਅਸੀਂ ਆਪਣਾ ਦਿਲ ਵੀ ਤਾਂ ਲਾਈ ਰੱਖਣਾ ਹੈ, ਹੈ ਕਿ ਨਹੀਂ?”

“ਕੁੱਝ ਵੀ ਹੋ, ਤੂੰ ਬਹੁਤ ਬੋਲਦਾ ਹੈਂ,” ਅਲ ਨੇ ਕਿਹਾ।

ਉਹ ਰਸੋਈ ਵਿੱਚੋਂ ਬਾਹਰ ਹਾਲ ਵਿੱਚ ਆ ਗਿਆ। ਉਸਦੇ ਓਵਰਕੋਟ ਦੀ ਜੇਬ ਵਿੱਚੋਂ ਉਸਦੇ ਪਿਸਤੌਲ ਦਾ ਬੱਟ ਸਾਫ਼ ਨਜ਼ਰ ਆ ਰਿਹਾ ਸੀ। ਉਸਨੇ ਆਪਣੇ ਦਸਤਾਨਿਆਂ ਵਾਲੇ ਹੱਥਾਂ ਨਾਲ ਕੋਟ ਨੂੰ ਠੀਕ ਕੀਤਾ।

“ਫਿਰ ਮਿਲਾਂਗੇ, ਹੁਸ਼ਿਆਰ ਮੁੰਡੇ,” ਉਸਨੇ ਜਾਰਜ ਨੂੰ ਕਿਹਾ। ਤੂੰ ਬੇਹੱਦ ਕਿਸਮਤ ਵਾਲਾ ਹੈਂ।”

“ਹਾਂ, ਇਹ ਸੱਚੀ ਗੱਲ ਹੈ,” ਮੈਕਸ ਬੋਲਿਆ। “ਤੈਨੂੰ ਤਾਂ ਘੁੜਦੌੜ ਵਿੱਚ ਪੈਸਾ ਲਗਾਉਣਾ ਚਾਹੀਦਾ ਹੈ, ਹੁਸ਼ਿਆਰ ਮੁੰਡੇ।”

ਫਿਰ ਦੋਨੋਂ ਲੰਚਰੂਮ ਦੇ ਮੁੱਖ ਬੂਹੇ ਤੋਂ ਬਾਹਰ ਨਿਕਲ ਗਏ। ਜਾਰਜ ਉਨ੍ਹਾਂ ਨੂੰ ਸੜਕ ਪਾਰ ਕਰਦੇ ਹੋਏ ਵੇਖਦਾ ਰਿਹਾ। ਆਪਣੇ ਚੁੱਸਤ ਓਵਰਕੋਟਾਂ ਅਤੇ ਟੋਪੀਆਂ ਵਿੱਚ ਉਹ ਦੋਨੋਂ ਕਿਸੇ ਵੌਦਵਿਲ ਡਰਾਮਾ-ਕੰਪਨੀ ਦੇ ਪਾਤਰਾਂ ਵਰਗੇ ਲੱਗ ਰਹੇ ਸਨ। ਜਾਰਜ ਅੰਦਰ ਰਸੋਈ ਵਿੱਚ ਗਿਆ ਅਤੇ ਉਸਨੇ ਨਿੱਕ ਅਤੇ ਰਸੋਈਏ ਸੈਮ ਨੂੰ ਬੰਨ੍ਹਣ ਵਾਲੀ ਰੱਸੀ ਖੋਲ੍ਹ ਦਿੱਤੀ।

“ਹੁਣ ਮੈਨੂੰ ਇਸ ਸਭ ਨਾਲ ਕੋਈ ਲੈਣਾ-ਦੇਣਾ ਨਹੀਂ,” ਰਸੋਈਆ ਸੈਮ ਬੋਲਿਆ। “ਮੈਨੂੰ ਇਸ ਸਭ ਨਾਲ ਕੋਈ ਲੈਣਾ-ਦੇਣਾ ਨਹੀਂ।”

ਨਿੱਕ ਵੀ ਖੜਾ ਹੋ ਗਿਆ। ਇਸਤੋਂ ਪਹਿਲਾਂ ਕਦੇ ਵੀ ਉਸਦੇ ਮੂੰਹ ਵਿੱਚ ਤੌਲੀਆ ਨਹੀਂ ਤੁੰਨਿਆ ਗਿਆ ਸੀ।

“ਮੈਂ ਕਹਿੰਦਾ ਹਾਂ,” ਉਹ ਬੋਲਿਆ, “ਕੀ ਬੇਹੂਦਗੀ ਸੀ ਇਹ।” ਉਹ ਸ਼ੇਖੀਖ਼ੋਰੀ ਨਾਲ ਇਸ ਘਟਨਾ ਦੇ ਕੌੜੇ ਅਨੁਭਵ ਤੋਂ ਉਭਰਨਾ ਚਾਹੁੰਦਾ ਸੀ।

“ਉਹ ਓਲ ਐਂਡਰਸਨ ਦੀ ਹੱਤਿਆ ਕਰਨ ਵਾਲੇ ਸਨ,” ਜਾਰਜ ਨੇ ਕਿਹਾ। “ਜਦੋਂ ਹੀ ਓਲ ਖਾਣਾ ਖਾਣ ਇੱਥੇ ਆਉਂਦਾ ਤਾਂ ਇਹ ਉਸ ਨੂੰ ਗੋਲੀ ਮਾਰ ਦਿੰਦੇ।”

“ਓਲ ਐਂਡਰਸਨ?”

“ਹਾਂ।”

ਰਸੋਈਆ ਆਪਣੇ ਅੰਗੂਠਿਆਂ ਨਾਲ ਆਪਣੇ ਮੂੰਹ ਦੇ ਕਿਨਾਰਿਆਂ ਨੂੰ ਟੋਹ ਰਿਹਾ ਸੀ।

“ਉਹ ਦੋਨੋਂ ਚਲੇ ਗਏ?” ਉਸਨੇ ਪੁੱਛਿਆ।

“ਹਾਂ,” ਜਾਰਜ ਬੋਲਿਆ। “ਉਹ ਦੋਨੋਂ ਜਾ ਚੁੱਕੇ ਨੇ।”

“ਮੈਨੂੰ ਇਹ ਬਿਲਕੁੱਲ ਅੱਛਾ ਨਹੀਂ ਲੱਗਿਆ,” ਰਸੋਈਏ ਨੇ ਕਿਹਾ। “ਮੈਨੂੰ ਇਹ ਸਭ ਬਿਲਕੁੱਲ ਅੱਛਾ ਨਹੀਂ ਲੱਗਿਆ।”

“ਸੁਣ,” ਜਾਰਜ ਨੇ ਨਿੱਕ ਨੂੰ ਕਿਹਾ, “ਤੈਨੂੰ ਜਾ ਕੇ ਓਲ ਐਂਡਰਸਨ ਨੂੰ ਇਹ ਸਭ ਦੱਸ ਦੇਣਾ ਚਾਹੀਦਾ ਹੈ।”

“ਠੀਕ ਹੈ।”

“ਪਰ ਜੇ ਤੂੰ ਨਹੀਂ ਜਾਣਾ ਚਾਹੁੰਦਾ, ਤਾਂ ਨਾ ਜਾ,” ਜਾਰਜ ਬੋਲਿਆ।

“ਇਸ ਲਫੜੇ ਵਿੱਚ ਪੈਣ ਨਾਲ ਤੇਰਾ ਕੋਈ ਫਾਇਦਾ ਨਹੀਂ ਹੋਵੇਗਾ,” ਰਸੋਈਏ ਸੈਮ ਨੇ ਕਿਹਾ। “ਤੁਸੀਂ ਇਸ ਸਭ ਤੋਂ ਦੂਰ ਹੀ ਰਹੋ।”

“ਮੈਂ ਜਾ ਕੇ ਉਸ ਨੂੰ ਮਿਲਾਂਗਾ,” ਨਿੱਕ ਨੇ ਜਾਰਜ ਨੂੰ ਕਿਹਾ। “ਉਹ ਕਿੱਥੇ ਰਹਿੰਦਾ ਹੈ?”

ਰਸੋਈਆ ਮੁੜ ਗਿਆ।

“ਚੜ੍ਹਦੀ ਜਵਾਨੀ ਵਿੱਚ ਮੁੰਡੇ ਕੀ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਹਮੇਸ਼ਾ ਪਤਾ ਹੁੰਦਾ ਹੈ।” ਉਸਨੇ ਕਿਹਾ।

“ਉਹ ਹਰਸ਼ ਦੇ ਮਕਾਨ ਵਿੱਚ ਰਹਿੰਦਾ ਹੈ,” ਜਾਰਜ ਨੇ ਨਿੱਕ ਨੂੰ ਕਿਹਾ।

“ਮੈਂ ਉੱਥੇ ਜਾਵਾਂਗਾ।”

ਬਾਹਰ ਸੜਕ ਦੀਆਂ ਬੱਤੀਆਂ ਦੀ ਰੋਸ਼ਨੀ ਰੁੱਖਾਂ ਦੀਆਂ ਪੱਤਰ-ਰਹਿਤ ਟਹਿਣੀਆਂ ਦੇ ਵਿੱਚੋਂ ਚਮਕਦੀ ਵਿਖਾਈ ਦੇ ਰਹੀ ਸੀ। ਨਿੱਕ ਕਾਰਾਂ ਦੇ ਪਹੀਆਂ ਦੇ ਨਿਸ਼ਾਨਾਂ ਨਾਲ ਭਰੀ ਸੜਕ ਦੇ ਕੰਢੇ ਕੰਢੇ ਚੱਲਦਾ ਰਿਹਾ। ਅਗਲੀ ਬੱਤੀ ਦੇ ਕੋਲ ਉਹ ਨਾਲ ਵਾਲੀ ਗਲੀ ਵਿੱਚ ਮੁੜ ਗਿਆ। ਤਿੰਨ ਮਕਾਨਾਂ ਦੇ ਬਾਅਦ ਹਰਸ਼ ਦਾ ਮਕਾਨ ਸੀ। ਨਿੱਕ ਨੇ ਦੋ ਪੌੜੀਆਂ ਚੜ੍ਹ ਕੇ ਬੂਹੇ ਉੱਤੇ ਲੱਗੀ ਘੰਟੀ ਵਜਾਈ। ਇੱਕ ਔਰਤ ਨੇ ਬੂਹਾ ਖੋਲ੍ਹਿਆ।

“ਕੀ ਓਲ ਐਂਡਰਸਨ ਘਰ ਹੈ?”

“ਕੀ ਤੂੰ ਉਸ ਨੂੰ ਮਿਲਣਾ ਚਾਹੁੰਦੇ ਹੋ?”

“ਹਾਂ, ਜੇਕਰ ਉਹ ਅੰਦਰ ਹੈ ਤਾਂ।”

ਨਿੱਕ ਉਸ ਔਰਤ ਦੇ ਪਿੱਛੇ ਪਿੱਛੇ ਕੁੱਝ ਹੋਰ ਪੌੜੀਆਂ ਚੜ੍ਹ ਕੇ ਇੱਕ ਗਲਿਆਰੇ ਦੇ ਅੰਤ ਵਿੱਚ ਆ ਗਿਆ। ਔਰਤ ਨੇ ਇੱਕ ਬੂਹਾ ਠਕਠਕਾਇਆ।

“ਕੌਣ ਹੈ?”

“ਕੋਈ ਤੁਹਾਨੂੰ ਮਿਲਣ ਆਇਆ ਹੈ, ਸ਼ਿਰੀਮਾਨ ਐਂਡਰਸਨ।”

“ਮੈਂ ਨਿੱਕ ਐਡਮਸ ਹਾਂ।”

“ਅੰਦਰ ਆ ਜਾਓ।”

ਬੂਹਾ ਖੋਲਕੇ ਨਿੱਕ ਅੰਦਰ ਕਮਰੇ ਵਿੱਚ ਚਲਾ ਗਿਆ। ਓਲ ਐਂਡਰਸਨ ਬਾਹਰ ਜਾਣ ਵਾਲੇ ਕੱਪੜੇ ਪਾਹਿਨ ਕੇ ਬਿਸਤਰ ਤੇ ਲਿਟਿਆ ਹੋਇਆ ਸੀ। ਉਹ ਆਪਣੇ ਜ਼ਮਾਨੇ ਵਿੱਚ ਇੱਕ ਨਾਮੀ ਮੁੱਕੇਬਾਜ਼ ਸੀ ਅਤੇ ਹੁਣ ਵੀ ਬਿਸਤਰੇ ਨਾਲੋਂ ਜ਼ਿਆਦਾ ਲੰਬਾ ਚੌੜਾ ਸੀ। ਉਸ ਨੇ ਆਪਣੇ ਸਿਰ ਦੇ ਹੇਠਾਂ ਦੋ ਸਰ੍ਹਾਣੇ ਲੈ ਰੱਖੇ ਸਨ। ਉਸ ਨੇ ਨਿੱਕ ਦੇ ਵੱਲ ਨਹੀਂ ਵੇਖਿਆ।

“ਕੀ ਗੱਲ ਹੈ?” ਉਸ ਨੇ ਪੁੱਛਿਆ।

“ਮੈਂ ਹੈਨਰੀ ਲੰਚਰੂਮ ਵਿੱਚ ਕੰਮ ਕਰਦਾ ਹਨ,” ਨਿੱਕ ਨੇ ਕਿਹਾ, “ਤੇ ਦੋ ਲੋਕ ਉੱਥੇ ਆਏ। ਉਨ੍ਹਾਂ ਨੇ ਮੈਨੂੰ ਅਤੇ ਰਸੋਈਏ ਨੂੰ ਬੰਨ੍ਹ ਦਿੱਤਾ, ਅਤੇ ਉਨ੍ਹਾਂ ਨੇ ਤੁਹਾਡੀ ਹੱਤਿਆ ਕਰਨੀ ਸੀ।”

ਨਿੱਕ ਨੂੰ ਇਹ ਕਹਿੰਦੇ ਸਮੇਂ ਆਪਣੀ ਗੱਲ ਮੂਰਖਾਂ ਵਾਲੀ ਲੱਗੀ। ਓਲ ਐਂਡਰਸਨ ਨੇ ਕੁੱਝ ਨਹੀਂ ਕਿਹਾ।

“ਉਨ੍ਹਾਂ ਨੇ ਸਾਨੂੰ ਰਸੋਈ ਵਿੱਚ ਲੈ ਜਾਕੇ ਬੰਨ੍ਹ ਦਿੱਤਾ,” ਨਿੱਕ ਬੋਲਦਾ ਰਿਹਾ। “ਉਨ੍ਹਾਂ ਨੇ ਤੁਹਾਨੂੰ ਉਦੋਂ ਮਾਰ ਦੇਣਾ ਸੀ ਜੇ ਤੁਸੀਂ ਰਾਤ ਦਾ ਖਾਣਾ ਖਾਣ ਉੱਥੇ ਆਉਂਦੇ।”

ਓਲ ਐਂਡਰਸਨ ਕੰਧ ਦੇ ਵੱਲ ਵੇਖਦਾ ਰਿਹਾ ਅਤੇ ਚੁੱਪ ਰਿਹਾ।

“ਜਾਰਜ ਨੇ ਸੋਚਿਆ ਕਿ ਮੈਨੂੰ ਇੱਥੇ ਆ ਕੇ ਤੁਹਾਨੂੰ ਸਭ ਕੁੱਝ ਦੱਸ ਦੇਣਾ ਚਾਹੀਦਾ ਹੈ।”

“ਮੈਂ ਇਸ ਬਾਰੇ ਕੁੱਝ ਵੀ ਨਹੀਂ ਕਰ ਸਕਦਾ,” ਓਲ ਐਂਡਰਸਨ ਨੇ ਕਿਹਾ।

“ਮੈਂ ਤੁਹਾਨੂੰ ਉਨ੍ਹਾਂ ਦਾ ਹੁਲੀਆ ਦੱਸਦਾ ਹਾਂ।”

“ਮੈਂ ਉਨ੍ਹਾਂ ਦਾ ਹੁਲੀਆ ਨਹੀਂ ਜਾਨਣਾ ਚਾਹੁੰਦਾ,” ਓਲ ਐਂਡਰਸਨ ਨੇ ਕਿਹਾ। ਉਸ ਨੇ ਕੰਧ ਦੇ ਵੱਲ ਵੇਖਿਆ। ਇੱਥੇ ਆ ਕੇ ਮੈਨੂੰ ਇਹ ਸਭ ਦੱਸਣ ਲਈ ਧੰਨਵਾਦ।”

“ਠੀਕ ਹੈ, ਸ਼ਿਰੀਮਾਨ।”

ਨਿੱਕ ਨੇ ਉਸ ਲੰਬਾ ਚੌੜਾ ਆਦਮੀ ਬਿਸਤਰ ਤੇ ਪਿਆ ਵੇਖਿਆ।

“ਕੀ ਤੁਸੀਂ ਇਸਦੇ ਬਾਰੇ ਪੁਲਿਸ ਨੂੰ ਨਹੀਂ ਦੱਸਣਾ ਚਾਹੁੰਦੇ?”

“ਨਹੀਂ,” ਓਲ ਐਂਡਰਸਨ ਨੇ ਕਿਹਾ। “ਇਸ ਨਾਲ ਕੋਈ ਫਾਇਦਾ ਨਹੀਂ ਹੋਵੇਗਾ।”

“ਕੀ ਮੈਂ ਇਸ ਬਾਰੇ ਵਿੱਚ ਕਿਸੇ ਵੀ ਤਰ੍ਹਾਂ ਤੁਹਾਡੀ ਕੋਈ ਮਦਦ ਕਰ ਸਕਦਾ ਹਾਂ?”

“ਨਹੀਂ। ਤੁਸੀਂ ਮੇਰੀ ਕੋਈ ਮਦਦ ਨਹੀਂ ਕਰ ਸਕਦੇ।”

“ਸ਼ਾਇਦ ਉਹ ਦੋਨੋਂ ਮਜ਼ਾਕ ਕਰ ਰਹੇ ਸਨ।”

“ਨਹੀਂ। ਉਹ ਕੋਈ ਮਜ਼ਾਕ ਨਹੀਂ ਸੀ।”

ਓਲ ਐਂਡਰਸਨ ਨੇ ਕੰਧ ਦੇ ਵੱਲ ਕਰਵਟ ਲੈ ਲਈ।

“ਦਰਅਸਲ ਗੱਲ ਇਹ ਹੈ ਕਿ,” ਉਸ ਨੇ ਕੰਧ ਦੇ ਵੱਲ ਮੂੰਹ ਕੀਤੇ ਹੋਏ ਹੀ ਕਿਹਾ, “ਮੈਂ ਬਾਹਰ ਜਾਣ ਦੇ ਬਾਰੇ ਆਪਣਾ ਮਨ ਨਹੀਂ ਬਣਾ ਪਾ ਰਿਹਾ ਹਾਂ। ਅੱਜ ਮੈਂ ਸਾਰਾ ਦਿਨ ਕਮਰੇ ਵਿੱਚ ਹੀ ਰਿਹਾ ਹਾਂ।”

“ਕੀ ਤੁਸੀਂ ਇਸ ਸ਼ਹਿਰ ਤੋਂ ਬਾਹਰ ਕਿਤੇ ਹੋਰ ਨਹੀਂ ਜਾ ਸਕਦੇ?”

“ਨਹੀਂ,” ਓਲ ਐਂਡਰਸਨ ਨੇ ਕਿਹਾ। “ਹੁਣ ਮੈਂ ਹੋਰ ਨਹੀਂ ਭੱਜ ਸਕਦਾ। ਹੁਣ ਕੁੱਝ ਨਹੀਂ ਕੀਤਾ ਜਾ ਸਕਦਾ।” ਉਸ ਨੇ ਕੰਧ ਵੱਲ ਵੇਖਿਆ।

“ਕੀ ਤੁਸੀਂ ਆਪਣੇ ਬਚਣ ਦਾ ਕੋਈ ਉਪਾਅ ਨਹੀਂ ਕਰ ਸਕਦੇ?”

“ਨਹੀਂ। ਮੈਂ ਗਲਤ ਜਗ੍ਹਾ ਉੱਤੇ ਫਸ ਗਿਆ,” ਉਹ ਉਸੇ ਸਪਾਟ ਅਵਾਜ਼ ਵਿੱਚ ਬੋਲ ਰਿਹਾ ਸੀ। “ਹੁਣ ਕੁਛ ਕਰਨ ਦੀ ਜ਼ਰੂਰਤ ਨਹੀਂ। ਥੋੜ੍ਹੀ ਦੇਰ ਬਾਅਦ ਮੈਂ ਬਾਹਰ ਜਾਣ ਦੇ ਬਾਰੇ ਆਪਣਾ ਮਨ ਬਣਾ ਲਵਾਂਗਾ।”

“ਤਾਂ ਫਿਰ ਮੈਨੂੰ ਜਾਰਜ ਦੇ ਕੋਲ ਪਰਤ ਜਾਣਾ ਚਾਹੀਦਾ ਹੈ,” ਨਿੱਕ ਨੇ ਕਿਹਾ।

“ਫਿਰ ਮਿਲਾਂਗੇ,” ਓਲ ਐਂਡਰਸਨ ਨੇ ਕਿਹਾ। ਉਸ ਨੇ ਨਿੱਕ ਦੇ ਵੱਲ ਨਹੀਂ ਵੇਖਿਆ। “ਆਉਣ ਲਈ ਧੰਨਵਾਦ।”

ਨਿੱਕ ਕਮਰੇ ਵਿੱਚੋਂ ਬਾਹਰ ਨਿਕਲ ਗਿਆ। ਬੂਹਾ ਬੰਦ ਕਰਦੇ ਸਮੇਂ ਉਸਨੇ ਬਾਹਰ ਜਾਣ ਵਾਲੇ ਕੱਪੜੇ ਪਹਿਨ ਕੇ ਬਿਸਤਰ ਉੱਤੇ ਲਿਟੇ ਹੋਏ ਓਲ ਐਂਡਰਸਨ ਨੂੰ ਵੇਖਿਆ ਜੋ ਕੰਧ ਨੂੰ ਘੂਰ ਰਿਹਾ ਸੀ।

“ਇਹ ਸਾਰਾ ਦਿਨ ਕਮਰੇ ਵਿੱਚ ਹੀ ਰਿਹਾ ਹੈ,” ਪੌੜੀਆਂ ਉੱਤਰਨ ਤੇ ਮਕਾਨ ਮਾਲਕਣ ਨੇ ਨਿੱਕ ਨੂੰ ਕਿਹਾ। “”‘ਸ਼੍ਰੀ ਐਂਡਰਸਨ, ਪਤਝੜ ਦੇ ਇੰਨੇ ਖ਼ੂਬਸੂਰਤ ਦਿਨ ਤੁਹਾਨੂੰ ਬਾਹਰ ਘੁੰਮ ਕੇ ਆਉਣਾ ਚਾਹੀਦਾ ਹੈ,’ ਮੈਂ ਉਸ ਨੂੰ ਕਿਹਾ ਵੀ, ਲੇਕਿਨ ਉਨ੍ਹਾਂ ਦਾ ਬਾਹਰ ਜਾਣ ਦਾ ਮਨ ਹੀ ਨਹੀਂ ਸੀ।”

“ਜੀ, ਹਾਂ। ਉਹ ਬਾਹਰ ਨਹੀਂ ਜਾਣਾ ਚਾਹੁੰਦੇ।”

“ਮੈਨੂੰ ਅਫਸੋਸ ਹੈ ਕਿ ਉਹ ਠੀਕ ਮਹਿਸੂਸ ਨਹੀਂ ਕਰ ਰਿਹਾ,” ਔਰਤ ਨੇ ਕਿਹਾ। ਉਹ ਬਹੁਤ ਚੰਗਾ ਆਦਮੀ ਹੈ। ਕੀ ਤੁਸੀਂ ਜਾਣਦੇ ਹੋ, ਉਹ ਪੇਸ਼ੇਵਰ ਮੁੱਕੇਬਾਜ਼ ਸੀ।

“ਹਾਂ, ਮੈਂ ਜਾਣਦਾ ਹਾਂ।”

“ਤੁਸੀਂ ਇਹ ਨਹੀਂ ਜਾਣ ਸਕਦੇ, ਪਰ ਉਨ੍ਹਾਂ ਦੇ ਚਿਹਰੇ ਤੋਂ ਪਤਾ ਚੱਲ ਜਾਂਦਾ ਹੈ,” ਔਰਤ ਨੇ ਕਿਹਾ। ਉਹ ਦੋਨੋਂ ਮੁੱਖ ਬੂਹੇ ਦੇ ਕੋਲ ਖੜੇ ਹੋਕੇ ਗੱਲਾਂ ਕਰਦੇ ਰਹੇ। “ਉਹ ਬੇਹੱਦ ਭੱਦਰ ਹੈ।”

“ਖੈਰ, ਸ਼ੁਭ ਰਾਤ, ਸ਼੍ਰੀਮਤੀ ਹਰਸ਼,” ਨਿੱਕ ਨੇ ਕਿਹਾ।

“ਮੈਂ ਸ਼੍ਰੀਮਤੀ ਹਰਸ਼ ਨਹੀਂ ਹਾਂ,” ਔਰਤ ਨੇ ਜਵਾਬ ਦਿੱਤਾ। ਉਹ ਇਸ ਜਗ੍ਹਾ ਦੀ ਮਾਲਕਣ ਹੈ। ਮੈਂ ਕੇਵਲ ਉਸ ਦੀ ਇਸ ਜਗ੍ਹਾ ਦੀ ਦੇਖਭਾਲ ਕਰਦੀ ਹਾਂ। ਮੈਂ ਸ਼੍ਰੀਮਤੀ ਬੇਲ ਹਾਂ।”

“ਠੀਕ ਹੈ। ਸ਼ੁਭ ਰਾਤ, ਸ਼੍ਰੀਮਤੀ ਬੇਲ।”

“ਸ਼ੁਭ ਰਾਤ,” ਔਰਤ ਨੇ ਜਵਾਬ ਦਿੱਤਾ।

ਨਿੱਕ ਹਨੇਰੀ ਗਲੀ ਨੂੰ ਪਾਰ ਕਰਕੇ ਮੁੱਖ ਸੜਕ ਦੀ ਰੋਸ਼ਨੀ ਵਿੱਚ ਪਰਤ ਆਇਆ। ਫਿਰ ਉਹ ਕਾਰ ਦੇ ਟਾਇਰਾਂ ਦੇ ਨਿਸ਼ਾਨਾਂ ਦੇ ਨਾਲ ਨਾਲ ਚਲਦੇ ਹੋਏ ਹੈਨਰੀ ਲੰਚਰੂਮ ਪਹੁੰਚ ਗਿਆ। ਜਾਰਜ ਅੰਦਰ ਵਾਲੇ ਵੱਡੇ ਹਾਲ ਵਿੱਚ ਮੌਜੂਦ ਸੀ।

“ਕੀ ਤੂੰ ਓਲ ਨੂੰ ਮਿਲਿਆ?”

“ਹਾਂ,” ਨਿੱਕ ਨੇ ਕਿਹਾ। “ਉਹ ਆਪਣੇ ਕਮਰੇ ਵਿੱਚ ਹੈ ਅਤੇ ਉਹ ਬਾਹਰ ਨਹੀਂ ਜਾਵੇਗਾ।”

ਨਿੱਕ ਦੀ ਅਵਾਜ਼ ਸੁਣ ਕੇ ਰਸੋਈਏ ਨੇ ਰਸੋਈ ਅਤੇ ਹਾਲ ਦੇ ਵਿੱਚ ਦੀ ਖਿੜਕੀ ਖੋਲ੍ਹੀ।

“ਮੈਂ ਇਸ ਬਾਰੇ ਕੁੱਝ ਵੀ ਨਹੀਂ ਸੁਣਾਂਗਾ,” ਉਸਨੇ ਕਿਹਾ ਅਤੇ ਵਿੱਚਕਾਰਲੀ ਖਿੜਕੀ ਬੰਦ ਕਰ ਲਈ।

“ਕੀ ਤੂੰ ਉਸ ਨੂੰ ਸਾਰੀ ਗੱਲ ਦੱਸੀ?” ਜਾਰਜ ਨੇ ਪੁੱਛਿਆ।

“ਹਾਂ, ਮੈਂ ਉਸ ਨੂੰ ਦੱਸਿਆ ਪਰ ਉਹ ਇਸ ਬਾਰੇ ਵਿੱਚ ਪਹਿਲਾਂ ਹੀ ਜਾਣਦਾ ਸੀ।”

“ਹੁਣ ਉਹ ਕੀ ਕਰੇਗਾ?”

“ਕੁੱਝ ਨਹੀਂ।”

“ਉਹ ਦੋਨੋਂ ਉਸ ਨੂੰ ਮਾਰ ਦੇਣਗੇ।”

“ਹਾਂ, ਸ਼ਾਇਦ ਇਹੀ ਹੋਵੇਗਾ।”

“ਜ਼ਰੂਰ ਉਸ ਨੇ ਸ਼ਿਕਾਗੋ ਵਿੱਚ ਕਿਸੇ ਨਾਲ ਦੁਸ਼ਮਣੀ ਮੁੱਲ ਲਈ ਹੋਵੇਗੀ।”

“ਹਾਂ, ਸ਼ਾਇਦ ਇਹੀ ਗੱਲ ਹੋਵੇਗੀ।”

“ਇਹ ਬੜੀ ਭਿਆਨਕ ਗੱਲ ਹੈ।”

“ਹਾਂ, ਇਹ ਸੱਚੀਂ ਬੜੀ ਭਿਆਨਕ ਹੈ,” ਨਿੱਕ ਨੇ ਕਿਹਾ।

ਕੁੱਝ ਦੇਰ ਉਹ ਦੋਨੋਂ ਚੁੱਪ ਰਹੇ। ਜਾਰਜ ਨੇ ਇੱਕ ਗਿੱਲਾ ਤੌਲੀਆ ਲੈ ਕੇ ਕਾਊਂਟਰ ਨੂੰ ਪੋਚਾ ਮਾਰ ਦਿੱਤਾ।

“ਪਤਾ ਨਹੀਂ ਉਸ ਨੇ ਕੀ ਕੀਤਾ ਹੋਵੇਗਾ?”

“ਕਿਸੇ ਨੂੰ ਧੋਖਾ ਦਿੱਤਾ ਹੋਵੇਗਾ। ਉਹ ਲੋਕ ਇਸੇ ਲਈ ਹਤਿਆ ਕਰਨਾ ਚਾਹੁੰਦੇ ਹਨ।”

“ਮੈਂ ਇਹ ਸ਼ਹਿਰ ਛੱਡ ਕੇ ਕਿਤੇ ਬਾਹਰ ਚਲਾ ਜਾਵਾਂਗਾ,” ਨਿੱਕ ਨੇ ਕਿਹਾ।

“ਠੀਕ ਹੈ,” ਜਾਰਜ ਨੇ ਕਿਹਾ। “ਅਜਿਹਾ ਕਰਨਾ ਹੀ ਠੀਕ ਰਹੇਗਾ।”

“ਮੈਂ ਤਾਂ ਇਹ ਸੋਚ ਕਰ ਹੀ ਕੰਬ ਜਾਂਦਾ ਹਾਂ ਕਿ ਕਮਰੇ ਵਿੱਚ ਬਿਸਤਰ ਉੱਤੇ ਪਏ ਸ਼੍ਰੀ ਓਲ ਨੂੰ ਸਭ ਪਤਾ ਹੈ ਕਿ ਹਤਿਆਰੇ ਉਸ ਦੀ ਹੱਤਿਆ ਕਰ ਦੇਣਗੇ। ਇਹ ਇੱਕ ਭਿਆਨਕ ਜਾਣਕਾਰੀ ਹੈ।”

“ਖੈਰ,” ਜਾਰਜ ਬੋਲਿਆ। “ਬਿਹਤਰ ਹੋਵੇਗਾ ਕਿ ਤੂੰ ਇਸਦੇ ਬਾਰੇ ਸੋਚੇਂ ਹੀ ਨਾ।”

1927

ਡਾਕੀਆ – ਚੈਖਵ

November 30, 2018 by

(ਚੈਖਵ ਦੀ ਕਹਾਣੀ ਪੋਸਟ ਦਾ ਅਨੁਵਾਦ)

ਰਾਤ ਬਹੁਤ ਬੀਤ ਚੁੱਕੀ ਸੀ। ਤਿੰਨ ਵਜ ਰਹੇ ਸਨ। ਡਾਕੀਆ ਆਪਣੀ ਸਵੇਰ ਦੀ ਡਿਊਟੀ ਤੇ ਜਾਣ ਦੀ ਤਿਆਰੀ ਤਕਰੀਬਨ ਮੁਕੰਮਲ ਕਰ ਚੁੱਕਿਆ ਸੀ। ਹੱਥ ਵਿੱਚ ਜੰਗਾਲੀ ਕਿਰਪਾਨ, ਵਰਦੀ ਦੇ ਉੱਤੇ ਗਰਮ ਓਵਰ ਕੋਟ ਚੜ੍ਹਾਈਂ, ਸਿਰ ਤੇ ਡਾਕਖਾਨੇ ਦੀ ਮੁਹਰ ਲੱਗੀ ਟੋਪੀ ਪਹਿਨ ਉਹ ਉਡੀਕ ਰਿਹਾ ਸੀ ਕਿ ਡਰਾਈਵਰ ਡਾਕ ਦੇ ਸਭ ਥੈਲੇ ਤਿੰਨ ਘੋੜਿਆਂ ਵਾਲੀ ਗੱਡੀ ਵਿੱਚ ਲੱਦ ਲਵੇ, ਜੋ ਹੁਣੇ ਦਰਵਾਜੇ ਉੱਤੇ ਆਕੇ ਖੜੀ ਹੋਈ ਸੀ।

ਉਨੀਂਦਰੇ ਦਾ ਮਾਰਿਆ ਪੋਸਟ ਮਾਸਟਰ ਆਪਣੀ ਕੁਰਸੀ ਉੱਤੇ ਬੈਠਾ ਊਂਘ ਰਿਹਾ ਸੀ। ਉਸਦੀ ਮੇਜ਼ ਕੁਰਸੀ ਦੇ ਨਾਲ ਇਵੇਂ ਰੱਖੀ ਹੋਈ ਸੀ ਜਿਵੇਂ ਉਹ ਕਾਊਂਟਰ ਦੇ ਸਾਹਮਣੇ ਬੈਠਾ ਹੋਵੇ। ਉਹ ਇੱਕ ਫ਼ਾਰਮ ਭਰ ਰਿਹਾ ਸੀ ਅਤੇ ਫ਼ਾਰਮ ਤੋਂ ਨਜ਼ਰ ਉਠਾਏ ਬਿਨਾਂ ਉਸਨੇ ਡਾਕੀਏ ਨੂੰ ਸੰਬੋਧਨ ਕੀਤਾ:

“ਮੇਰੇ ਵਿਦਿਆਰਥੀ ਭਤੀਜੇ ਨੇ ਬਹੁਤ ਜ਼ਰੂਰੀ ਰੇਲਵੇ ਸਟੇਸ਼ਨ ਤੇ ਪੁੱਜਣਾ ਹੈ। ਆਪਣੀ ਮਾਂ ਦੇ ਕੋਲ ਪਿੰਡ ਜਾ ਰਿਹਾ ਹੈ। ਮੈਨੂੰ ਪਤਾ ਹੈ ਕਿ ਕਨੂੰਨੀ ਤੌਰ ਤੇ ਡਾਕਗੱਡੀ ਵਿੱਚ ਕਿਸੇ ਪ੍ਰਾਈਵੇਟ ਸਵਾਰੀ ਨੂੰ ਬਿਠਾਉਣਾ ਮਨ੍ਹਾ ਹੈ, ਪਰ ਕੀ ਕਰੀਏ। ਇਸ ਮੁੰਡੇ ਵਾਸਤੇ ਵੱਖ ਘੋੜਾ ਗੱਡੀ ਕਰਨ ਨਾਲੋਂ ਤਾਂ ਚੰਗਾ ਹੈ, ਤੇਰੇ ਨਾਲ ਬੈਠ ਮੁਫ਼ਤ ਵਿੱਚ ਜਾਵੇ. ਇਗਨਾਤਯੇਵ। ਕੋਈ ਗੱਲ ਹੋਈ ਤਾਂ ਦੇਖਾਂਗੇ।”

“ਗੱਡੀ ਤਿਆਰ ਹੈ।“ ਵਿਹੜੇ ਵਿੱਚੋਂ ਕੋਚਵਾਨ ਦੀ ਆਵਾਜ਼ ਸੁਣਾਈ ਦਿੱਤੀ।

“ਠੀਕ ਹੈ, ਚੱਲ ਫਿਰ,” ਪੋਸਟ ਮਾਸਟਰ ਨੇ ਕਿਹਾ। ‘ਕੌਣ ਹੱਕ ਰਿਹਾ ਹੈ ਗੱਡੀ ਅੱਜ?”

“ਗਲਾਜ਼ੋਵ,” ਡਾਕੀਏ ਨੇ ਜਵਾਬ ਦਿੱਤਾ।

“ਚਲ, ਰਸੀਦ ਉੱਤੇ ਘੁੱਗੀ ਮਾਰ ਅਤੇ ਨਿਕਲ।”

ਡਾਕੀਏ ਨੇ ਰਸੀਦ ਉੱਤੇ ਦਸਤਖਤ ਕੀਤੇ ਅਤੇ ਬਾਹਰ ਚਲਾ ਗਿਆ। ਹਨੇਰੇ ਕਾਰਨ ਚਾਹੇ ਸਾਫ਼ ਨਜ਼ਰ ਨਹੀਂ ਆ ਰਿਹਾ ਸੀ ਪਰ ਇੱਕ ਘੋੜਾ ਗੱਡੀ ਦਾ ਖ਼ਾਕਾ ਜਿਹਾ ਵਿਖਾਈ ਦੇ ਰਿਹਾ ਸੀ। ਤਿੰਨ ਘੋੜੇ ਅਹਿੱਲ ਖੜੇ ਸਨ, ਸਿਵਾਏ ਤੀਜੇ ਟਰੇਸ ਘੋੜੇ ਦੇ ਜਿਸਦੇ ਸਿਰ ਹਿਲਾਣ ਦੀ ਵਜ੍ਹਾ ਨਾਲ ਕਦੇ ਕਦੇ ਟੱਲੀਆਂ ਦੀ ਟੁਣਕਾਰ ਸੁਣਾਈ ਦਿੰਦੀ ਸੀ। ਥੈਲਿਆਂ ਨਾਲ ਲੱਦੀ ਡਾਕਗੱਡੀ ਹਨੇਰੇ ਦਾ ਢੇਰ ਲੱਗ ਰਹੀ ਸੀ। ਗੱਡੀ ਦੇ ਨਜ਼ਦੀਕ ਦੋ ਪਰਛਾਵੇਂ ਨਜ਼ਰ ਆ ਰਹੇ ਸਨ। ਉਨ੍ਹਾਂ ਵਿੱਚ ਇੱਕ ਸਕੂਲੀ ਮੁੰਡੇ ਦਾ ਸੀ ਜਿਸ ਨੇ ਇੱਕ ਬ੍ਰੀਫਕੇਸ ਫੜਿਆ ਹੋਇਆ ਸੀ ਅਤੇ ਦੂਜਾ ਘੋੜਾ ਗੱਡੀ ਦੇ ਕੋਚਵਾਨ ਦਾ ਜੋ ਪਾਈਪ ਪੀ ਰਿਹਾ ਸੀ। ਮਘਦੇ ਤੰਮਾਕੂ ਦੀ ਚਮਕ ਹਨੇਰੇ ਵਿੱਚ ਏਧਰ ਤੋਂ ਉੱਧਰ ਆਉਂਦੀ ਜਾਂਦੀ ਨਜ਼ਰ ਆ ਰਹੀ ਸੀ। ਕਦੇ ਇਹ ਚਮਕ ਬੁਝ ਜਾਂਦੀ ਪਰ ਜਿਵੇਂ ਹੀ ਕੋਚਵਾਨ ਕਸ਼ ਖਿੱਚਦਾ, ਤੰਮਾਕੂ ਦਾ ਅੰਗਿਆਰਾ ਫਿਰ ਮਘਣਾ ਸ਼ੁਰੂ ਕਰ ਦਿੰਦਾ ਅਤੇ ਹਵਾ ਵਿੱਚ ਏਧਰ ਉੱਧਰ ਚਮਕਦਾ ਨਜ਼ਰ ਆਉਂਦਾ। ਸਿਰਫ ਇੱਕ ਪਲ ਲਈ ਜਲਦੇ ਤੰਮਾਕੂ ਦੀ ਰੋਸ਼ਨੀ ਵਿੱਚ ਕੋਚਵਾਨ ਦੀ ਆਸਤੀਨ, ਭੱਦੀਆਂ ਮੁੱਛਾਂ, ਅੱਖਾਂ ਤੇ ਛਤਰੀ ਦੀ ਤਰ੍ਹਾਂ ਭਰਵੱਟਿਆਂ ਦੀ ਇੱਕ ਹਲਕੀ ਜਿਹੀ ਝਲਕ ਨਜ਼ਰ ਆਈ।

ਡਾਕੀਏ ਨੇ ਖ਼ਤਾਂ ਨਾਲ ਭਰੇ ਹੋਏ ਥੈਲਿਆਂ ਨੂੰ ਧੱਕ ਕੇ ਜਰਾ ਹੇਠਾਂ ਕੀਤਾ ਅਤੇ ਆਪਣੀ ਜੰਗਾਲੀ ਪੁਰਾਣੀ ਜੰਗ ਦੀ ਨਿਸ਼ਾਨੀ ਤਲਵਾਰ ਉਨ੍ਹਾਂ ਉੱਤੇ ਰੱਖ ਦਿੱਤੀ ਅਤੇ ਇੱਕ ਤਖ਼ਤੇ ਉੱਤੇ ਜੋ ਬੈਂਚ ਦਾ ਕੰਮ ਦੇ ਰਿਹਾ ਸੀ, ਬੈਠ ਗਿਆ। ਮੁੰਡਾ ਵੀ ਉਸ ਦੇ ਮਗਰ ਅੰਦਰ ਵੜਿਆ ਅਤੇ ਅਤੇ ਅਚਾਨਕ ਉਸ ਦੀ ਕੂਹਣੀ ਉਸ ਨੂੰ ਲੱਗ ਜਾਣ ਕਾਰਨ, ਘਬਰਾਹਟ ਅਤੇ ਨਿਮਰਤਾ ਨਾਲ ਕਿਹਾ: “ਮੈਂ ਤੁਹਾਥੋਂ ਮਾਫ਼ੀ ਮੰਗਦਾ ਹਾਂ।”

ਇੰਨੀ ਦੇਰ ਵਿੱਚ ਪੋਸਟ ਮਾਸਟਰ ਵਰਦੀ ਦੀ ਪਰਵਾਹ ਕੀਤੇ ਬਿਨਾਂ ਰਾਤ ਦੇ ਗਾਊਨ ਅਤੇ ਪੈਰਾਂ ਵਿੱਚ ਸਲੀਪਰ ਪਹਿਨੀਂ ਬਾਹਰ ਨਿਕਲ ਆਇਆ। ਰਾਤ ਦੀ ਨਮੀ ਨਾਲ ਸੁੰਘੜ ਰਿਹਾ ਅਤੇ ਆਪਣੇ ਗਲ਼ੇ ਨੂੰ ਸਾਫ਼ ਕਰਦਾ, ਉਹ ਗੱਡੇ ਦੇ ਨਾਲ ਨਾਲ ਤੁਰ ਪਿਆ ਅਤੇ ਕਿਹਾ:

“ਅੱਛਾ ਬੇਟੇ, ਸ਼ੁਭ ਯਾਤਰਾ, ਆਪਣੀ ਅੰਮਾਂ ਨੂੰ ਮੇਰੀ ਵਲੋਂ ਬਹੁਤ ਪਿਆਰ ਦੇਣਾ। ਅਤੇ ਉਨ੍ਹਾਂ ਸਾਰਿਆਂ ਨੂੰ ਮੇਰੀ ਵਲੋਂ ਪਿਆਰ ਦੇਣਾ ਅਤੇ ਤੂੰ, ਇਗਨਾਤਯੇਵ, ਭੁੱਲ ਨਾ ਜਾਈਂ ਕਿ ਤੂੰ ਬਿਸਤਰੇਤਸੋਵ ਨੂੰ ਪਾਰਸਲ ਦੇਣਾ ਹੈ…ਅੱਛਾ ਫਿਰ।” ਪੋਸਟ ਮਾਸਟਰ ਨੇ ਕਿਹਾ ਅਤੇ ਕੋਚਵਾਨ ਨੂੰ ਇਸ਼ਾਰਾ ਕੀਤਾ ਕਿ ਬਸ ਹੁਣ ਉਹ ਚੱਲ ਪਏ।

ਕੋਚਵਾਨ ਨੇ ਹਲਕੇ ਜਿਹੇ ਲਗਾਮ ਨੂੰ ਝਟਕਾ ਦਿੱਤਾ, ਜੀਭ ਨਾਲ ਟਖ ਟਖ ਦੀ ਆਵਾਜ਼ ਕੱਢੀ ਅਤੇ ਗੱਡੀ ਰੁੜ੍ਹ ਪਈ। ਵੱਡੀ ਟੱਲੀ ਇਵੇਂ ਬੱਜੀ ਜਿਵੇਂ ਛੋਟੀਆਂ ਟੱਲੀਆਂ ਨੂੰ ਬੱਜਣ ਦਾ ਹੁਕਮ ਦੇ ਰਹੀ ਹੋਵੇ। ਛੋਟੀਆਂ ਟੱਲੀਆਂ ਵੀ ਤਾਮੀਲ ਵਿੱਚ ਮਿੱਤਰ-ਭਾਵ ਨਾਲ ਇੱਕ ਜ਼ਬਾਨ ਹੋ ਕੇ ਬੱਜਣ ਲੱਗੀਆਂ। ਕੋਚਵਾਨ ਨੇ ਆਪਣੀ ਸੀਟ ਤੇ ਖੜ ਕੇ ਹਲਕੇ ਜਿਹੇ ਚਾਬੁਕ ਟਰੇਸ ਘੋੜੇ ਦੀ ਪਿੱਠ ਉੱਤੇ ਲਗਾਇਆ ਅਤੇ ਗੱਡੀ ਕੱਚੇ ਪਹੇ ਤੇ ਖੋਖਲੀ ਆਵਾਜ਼ ਕਰਦੀ ਆਪਣੀ ਮੰਜ਼ਿਲ ਦੀ ਤਰਫ਼ ਰਵਾਨਾ ਹੋ ਗਈ। ਸ਼ਹਿਰ ਸੁੱਤਾ ਪਿਆ ਸੀ। ਵੱਡੀ ਸੜਕ ਦੇ ਦੋਵਾਂ ਪਾਸਿਆਂ ਤੇ ਮਕਾਨ ਅਤੇ ਦਰੱਖਤ ਕਾਲੇ ਸੀ ਅਤੇ ਇਕ ਵੀ ਰੋਸ਼ਨੀ ਨਹੀਂ ਦਿਖਾਈ ਦਿੰਦੀ ਸੀ। ਅਸਮਾਨ ਤਾਰਿਆਂ ਨਾਲ ਢੱਕਿਆ ਹੋਇਆ ਸੀ, ਕਿਤੇ ਕਿਤੇ ਬੱਦਲੋਟੀਆਂ ਤੈਰ ਰਹੀਆਂ ਸਨ, ਅਤੇ ਪੂਰਬ ਦੀ ਗੁੱਠ ਵਿੱਚ ਜਲਦੀ ਪਹੁ ਫੁੱਟਣ ਵਾਲੀ ਸੀ, ਉਥੇ ਚੰਦ ਦੀ ਫਾੜੀ ਹਨੇਰੇ ਨੂੰ ਚੀਰ ਰਹੀ ਸੀ; ਪਰ ਨਾ ਤਾਂ ਤਾਰਿਆਂ ਨੇ, ਜੋ ਬਹੁਤ ਸਾਰੇ ਸਨ ਅਤੇ ਨਾ ਹੀ ਚੰਦ ਦੀ ਫਾੜੀ ਨੇ, ਜੋ ਕਿ ਚਿੱਟੀ ਜਿਹੀ ਲੱਗਦੀ ਸੀ, ਕਿਸੇ ਨੇ ਰਾਤ ਦੀ ਹਵਾ ਨੂੰ ਸਾਫ਼ ਨਹੀਂ ਕੀਤਾ ਸੀ। ਇਹ ਠੰਡੀ, ਸਿੱਲੀ ਸੀ ਅਤੇ ਇਸ ਵਿੱਚੋਂ ਪਤਝੜ ਦੀ ਮਹਿਕ ਆਉਂਦੀ ਸੀ।

ਸਕੂਲੀ ਮੁੰਡੇ ਨੇ, ਜੋ ਆਪਣੀ ਮੁਫ਼ਤ ਸਵਾਰੀ ਲਈ ਡਾਕੀਏ ਦਾ ਅਹਿਸਾਨਮੰਦ ਸੀ, ਨਿਹਾਇਤ ਅਦਬ ਨਾਲ ਗੱਲ ਸ਼ੁਰੂ ਕੀਤੀ।

“ਜੇਕਰ ਗਰਮੀ ਦਾ ਮੌਸਮ ਹੁੰਦਾ ਤਾਂ ਹੁਣ ਤੱਕ ਖ਼ਾਸੀ ਰੋਸ਼ਨੀ ਹੋ ਚੁੱਕੀ ਹੁੰਦੀ, ਪਰ ਇਸ ਵਕ਼ਤ ਤਾਂ ਸਵੇਰ ਦੇ ਕੋਈ ਸੰਕੇਤ ਨਹੀਂ। ਗਰਮੀ ਦਾ ਮੌਸਮ ਤਾਂ ਹੁਣ ਗਿਆ।” ਮੁੰਡੇ ਨੇ ਅਸਮਾਨ ਦੀ ਤਰਫ਼ ਵੇਖਿਆ ਅਤੇ ਗੱਲ ਜਾਰੀ ਰੱਖੀ, “ਅਸਮਾਨ ਨੂੰ ਵੇਖਕੇ ਪਤਾ ਚੱਲ ਜਾਂਦਾ ਹੈ ਕਿ ਪੱਤਝੜ ਆ ਗਈ ਹੈ। ਉੱਧਰ ਵੇਖੋ, ਸੱਜੇ ਵੱਲ। ਔਹ ਇੱਕ ਕਤਾਰ ਵਿੱਚ ਤਿੰਨ ਤਾਰੇ ਨਜ਼ਰ ਆ ਰਹੇ ਹਨ ਨਾ, ਇਸਨੂੰ ਸ਼ਿਕਾਰੀ ਤਾਰਾਮੰਡਲ ਕਹਿੰਦੇ ਹਨ, ਜੋ ਸਾਡੇ ਅਰਧਗੋਲੇ ਵਿੱਚ ਸਤੰਬਰ ਦੇ ਮਹੀਨੇ ਵਿੱਚ ਨਜ਼ਰ ਆਉਣ ਲੱਗ ਪੈਂਦਾ ਹੈ।”

ਡਾਕੀਏ ਨੇ ਆਪਣੇ ਹੱਥ ਆਸਤੀਨਾਂ ਵਿੱਚ ਕਰ ਲਏ ਅਤੇ ਆਪਣਾ ਚਿਹਰਾ ਗਰਮ ਕੋਟ ਦੇ ਕਾਲਰ ਨਾਲ ਹੋਰ ਢਕ ਲਿਆ। ਨਾ ਕੋਈ ਹਰਕਤ ਕੀਤੀ ਨਾ ਅਸਮਾਨ ਵੱਲ ਵੇਖਿਆ। ਜ਼ਾਹਿਰ ਸੀ ਉਸਨੂੰ ਸ਼ਿਕਾਰੀ ਤਾਰਾਮੰਡਲ ਤੇ ਕਿਸੇ ਵੀ ਤਾਰੇ ਵਿੱਚ ਕੋਈ ਦਿਲਚਸਪੀ ਨਹੀਂ ਸੀ। ਰਾਤ ਦੇ ਇਹ ਤਾਰੇ ਵੇਖਣਾ ਉਸ ਲਈ ਆਮ ਗੱਲ ਸੀ ਜਿਸ ਤੋਂ ਹੁਣ ਉਹ ਅੱਕ ਚੁੱਕਿਆ ਸੀ।

ਮੁੰਡੇ ਨੇ ਕੁੱਝ ਦੇਰ ਤਾਂ ਗੁਰੇਜ਼ ਕੀਤਾ ਪਰ ਫਿਰ ਬੋਲੇ ਬਿਨਾਂ ਨਾ ਰਹਿ ਸਕਿਆ :

“ਬਹੁਤ ਸਰਦੀ ਹੈ। ਹੁਣ ਸਵੇਰ ਹੋ ਜਾਣੀ ਚਾਹੀਦੀ ਹੈ। ਅੰਕਲ ਤੁਹਾਨੂੰ ਪਤਾ ਹੈ ਸੂਰਜ ਕਿਸ ਵਕ਼ਤ ਨਿਕਲਦਾ ਹੈ?”

“ਕੀ?”  ਡਾਕੀਏ ਨੇ ਪੁੱਛਿਆ

“ਸੂਰਜ ਅੱਜਕੱਲ੍ਹ ਕਿੰਨੇ ਵਜੇ ਨਿਕਲਦਾ ਹੈ?”

ਕੋਚਵਾਨ ਨੇ ਜਵਾਬ ਦਿੱਤਾ, “ਪੰਜ ਅਤੇ ਛੇ ਦੇ ਦਰਮਿਆਨ।”

ਡਾਕਗੱਡੀ ਹੁਣ ਸ਼ਹਿਰ ਬੰਨੇ ਤੋਂ ਬਾਹਰ ਆ ਚੁੱਕੀ ਸੀ। ਸੜਕ ਦੇ ਦੋਨੋਂ ਪਾਸੇ ਜਾਂ ਤਾਂ ਛੋਟੇ ਛੋਟੇ ਘਰਾਂ ਦੇ ਬਾਹਰ ਲੱਗੀਆਂ ਸਬਜੀਆਂ ਦੀਆਂ ਕਿਆਰੀਆਂ ਸਨ ਜਾਂ ਇੱਕ ਅੱਧ ਦਰਖ਼ਤ। ਬਾਕ਼ੀ ਹਰ ਚੀਜ਼ ਕਾਲਖ਼ ਦੇ ਲਿਬਾਦੇ ਵਿੱਚ ਗੁਪਤ ਸੀ। ਖੁੱਲੀ ਫ਼ਿਜ਼ਾ ਵਿੱਚ ਚੰਨ ਵੀ ਕੁੱਝ ਵੱਡਾ ਵੱਡਾ ਜਿਹਾ ਲੱਗ ਰਿਹਾ ਸੀ ਅਤੇ ਤਾਰੇ ਵੀ ਥੋੜੇ ਜ਼ਿਆਦਾ ਰੋਸ਼ਨ ਪਰਤੀਤ ਹੋ ਰਹੇ ਸਨ। ਡਾਕੀਏ ਨੇ ਆਪਣਾ ਚਿਹਰਾ ਹੋਰ ਜ਼ਿਆਦਾ ਕਾਲਰ ਵਿੱਚ ਢਕ ਲਿਆ ਸੀ। ਮੁੰਡੇ ਨੂੰ ਵੀ ਹੁਣ ਸਰਦੀ ਦੀ ਇੱਕ ਲਹਿਰ ਨੇ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਸੀ, ਪਹਿਲਾਂ ਪੈਰ, ਫਿਰ ਉਸ ਦੇ ਹੱਥ ਅਤੇ ਚਿਹਰਾ ਯਖ਼ ਹੋ ਗਿਆ ਸੀ। ਘੋੜਿਆਂ ਦੀ ਰਫਤਾਰ ਘੱਟ ਹੋ ਗਈ ਸੀ ਅਤੇ ਟੱਲੀਆਂ ਇਵੇਂ ਚੁੱਪ ਹੋ ਗਈਆਂ ਸਨ ਜਿਵੇਂ ਸਰਦੀ ਨਾਲ ਜੰਮ ਗਈਆਂ ਹੋਣ। ਪਾਣੀ ਦੀ ਛੱਪ ਛੱਪ ਹੁੰਦੀ ਤੇ ਤਾਰਿਆਂ ਦਾ ਅਕਸ ਇਵੇਂ ਨਜ਼ਰ ਆਉਂਦਾ ਜਿਵੇਂ ਉਹ ਘੋੜਿਆਂ ਦੇ ਸੁੰਮਾਂ ਹੇਠ ਗੱਡੀ ਦੇ ਪਹੀਆਂ ਦੇ ਗਿਰਦ ਨਾਚ ਕਰ ਹੋਣ।

ਸਿਰਫ ਦਸ ਮਿੰਟ ਬਾਅਦ ਫਿਰ ਕਾਲਖ ਇਸ ਕਦਰ ਵੱਧ ਗਈ ਸੀ ਕਿ ਨਾ ਤਾਂ ਚੰਨ ਦੀ ਚਾਨਣੀ, ਨਾ ਸਿਤਾਰਿਆਂ ਦੀ ਚਮਕ ਵਿਖਾਈ ਪੈਂਦੀ। ਡਾਕਗੱਡੀ ਹੁਣ ਜੰਗਲ ਵਿੱਚ ਦਾਖ਼ਿਲ ਹੋ ਚੁੱਕੀ ਸੀ। ਦੇਵਦਾਰ ਦੇ ਦਰਖਤਾਂ ਦੀਆਂ ਨੋਕੀਲੀਆਂ ਟਹਿਣੀਆਂ ਮੁੰਡੇ ਦੀ ਟੋਪੀ ਨਾਲ ਉਲਝ ਰਹੀਆਂ ਸਨ। ਉਹ ਵਾਰ ਵਾਰ ਮੱਕੜੀ ਦੇ ਜਾਲੇ ਆਪਣੇ ਚਿਹਰੇ ਤੋਂ ਹਟਾ ਰਿਹਾ ਸੀ। ਗੱਡੀ ਦੇ ਪਹੀਏ ਅਤੇ ਘੋੜਿਆਂ ਦੇ ਸੁੰਮ ਦਰਖਤਾਂ ਦੀਆਂ ਮੋਟੀਆਂ ਮੋਟੀਆਂ ਜੜਾਂ ਨਾਲ ਟਕਰਾ ਰਹੇ ਸੀ ਅਤੇ ਘੋੜਾਗੱਡੀ ਇੱਕ ਮਖ਼ਮੂਰ ਪਿਅੱਕੜ ਦੀ ਤਰ੍ਹਾਂ ਡਿੱਕਡੋਲੇ ਖਾਂਦੀ ਬਹਿਕਦੀ ਬਹਿਕਦੀ ਜਿਹੀ ਚੱਲ ਰਹੀ ਸੀ।

“ਵੇਖਕੇ ਕਿਉਂ ਨਹੀਂ ਚਲਾਂਦਾ ਗੱਡੀ, ਸੜਕ ਤੇ ਰਹਿ। ਬਿਲਕੁਲ ਕਿਨਾਰੇ ਤੇ ਕਿਉਂ ਚੱਲ ਰਿਹਾ ਹੈਂ।”

ਡਾਕੀਏ ਨੇ ਨਿਹਾਇਤ ਕਰੋਧ ਭਰੀ ਆਵਾਜ਼ ਵਿੱਚ ਕੋਚਵਾਨ ਨੂੰ ਡਾਂਟਿਆ।

“ਮੇਰਾ ਚਿਹਰਾ ਇਨ੍ਹਾਂ ਟਾਹਣੀਆਂ ਨਾਲ ਵਲੂੰਧਰਿਆ ਗਿਆ ਹੈ। ਗੱਡੀ ਨੂੰ ਸੱਜੇ ਰੱਖ।”

ਅਜੇ ਡਾਕੀਏ ਦਾ ਫ਼ਿਕਰਾ ਮੁਕੰਮਲ ਵੀ ਨਹੀਂ ਹੋਇਆ ਸੀ ਕਿ ਗੱਡੀ ਨੂੰ ਅਚਾਨਕ ਅਜਿਹਾ ਝਟਕਾ ਲੱਗਿਆ ਜਿਵੇਂ ਕਿਸੇ ਮਰੀਜ਼ ਨੂੰ ਮਿਰਗੀ ਦਾ ਦੌਰਾ ਪੈ ਰਿਹਾ ਹੋਵੇ। ਗੱਡੀ ਤੇ ਇੱਕ ਕੰਬਣੀ ਜਿਹੀ ਤਾਰੀ ਹੋਈ ਅਤੇ ਉਹ ਪਹਿਲਾਂ ਇੱਕ ਤਰਫ਼ ਅਤੇ ਫਿਰ ਦੂਜੀ ਤਰਫ਼ ਝੁਕੀ ਜਿਵੇਂ ਡਿੱਗਣ ਲੱਗੀ ਹੋਵੇ ਲੇਕਿਨ ਅਚਾਨਕ ਬੇਹੱਦ ਤੇਜ਼ੀ ਨਾਲ ਜੰਗਲ ਦੇ ਕੱਚੇ ਰਸਤੇ ਤੇ ਅੱਗੇ ਵਧੀ। ਲੱਗਦਾ ਸੀ ਜਿਵੇਂ ਘੋੜਿਆਂ ਨੇ ਕਿਸੇ ਡਰਾਉਣੀ ਚੀਜ਼ ਨੂੰ ਵੇਖ ਲਿਆ ਹੋਵੇ ਅਤੇ ਉਸ ਦੇ ਖੌਫ ਤੋਂ ਫ਼ਰਾਰ ਹੋਣਾ ਚਾਹੁੰਦੇ ਹੋਣ।

“ਵਏ ਵਏ,” ਕੋਚਵਾਨ ਚੀਕਿਆ, “ਸ਼ੈਤਾਨ ਦੀ ਔਲਾਦ,” ਉਸਨੇ ਘੋੜਿਆਂ ਨੂੰ ਗਾਲਾਂ ਦੇਣਾ ਸ਼ੁਰੂ ਕਰ ਦਿੱਤਾ।

ਮੁੰਡਾ ਬੁਰੀ ਤਰ੍ਹਾਂ ਡਰ ਗਿਆ ਸੀ। ਉਸਨੇ ਅੱਗੇ ਝੁਕ ਕੇ ਕੋਈ ਸਹਾਰਾ ਢੂੰਢਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਚਮੜੇ ਦੇ ਗਿੱਲੇ ਥੈਲਿਆਂ ਤੋਂ ਉਸ ਦੇ ਹੱਥ ਤਿਲਕ ਰਹੇ ਸਨ। ਉਸਨੇ ਕੋਚਵਾਨ ਦੇ ਕੋਟ ਦੀ ਪੇਟੀ ਫੜਨੀ ਚਾਹੀ ਮਗਰ ਕੋਚਵਾਨ ਖ਼ੁਦ ਇਸ ਤਰ੍ਹਾਂ ਹਿਚਕੋਲੇ ਖਾ ਰਿਹਾ ਸੀ ਕਿ ਲੱਗਦਾ ਸੀ ਹੁਣੇ ਗੱਡੀ ਤੋਂ ਹੇਠਾਂ ਡਿੱਗ ਪਵੇਗਾ। ਪਹੀਆਂ ਦੀ ਗੜਗੜ ਅਤੇ ਗੱਡੀ ਦੀ ਕੜਕੜ ਦੇ ਰੌਲੇ ਵਿੱਚ ਦੋਨਾਂ ਨੇ ਤਲਵਾਰ ਦੇ ਡਿੱਗਣ ਦੀ ਆਵਾਜ਼ ਸੁਣੀ ਅਤੇ ਇਸ ਦੇ ਤੁਰਤ ਬਾਅਦ ਕਿਸੇ ਭਾਰੀ ਜਿਹੀ ਚੀਜ਼ ਦੇ ਜ਼ੋਰ ਨਾਲ ਡਿੱਗਣ ਦੀ ਆਵਾਜ਼ ਆਈ।

“ਰੁਕੋ, ਰੁਕੋ, ਰੁਕੋ।”

ਕੋਚਵਾਨ ਦੀ ਆਵਾਜ਼ ਵਿੱਚ ਖੌਫ ਅਤੇ ਬੇਚੈਨੀ ਦੋਨੋਂ ਸ਼ਾਮਿਲ ਸਨ।

ਗੱਡੀ ਬੁਰੀ ਤਰ੍ਹਾਂ ਹਿਚਕੋਲੇ ਖਾ ਰਹੀ ਸੀ। ਮੁੰਡੇ ਦਾ ਸਿਰ ਕੋਚਵਾਨ ਦੀ ਸੀਟ ਨਾਲ ਟਕਰਾਇਆ ਅਤੇ ਫਿਰ ਦੂਜੇ ਪਲ ਉਸ ਦੀ ਕਮਰ ਗੱਡੀ ਦੇ ਹਿਫ਼ਾਜ਼ਤੀ ਤਖ਼ਤੇ ਉੱਤੇ ਇੰਨੀ ਜ਼ੋਰ ਨਾਲ ਲੱਗੀ ਕਿ ਉਸ ਦੀਆਂ ਚੀਕਾਂ ਨਿਕਲ ਗਈਆਂ। ਮੁੰਡੇ ਨੇ ਦੋਨਾਂ ਹੱਥਾਂ ਨਾਲ ਤਖ਼ਤੇ ਨੂੰ ਫੜਿਆ ਤਾਂਕਿ ਉਹ ਡਿੱਗਣ ਤੋਂ ਬਚਿਆ ਰਹੇ। “ਮੈਂ ਡਿੱਗ ਰਿਹਾ ਹਾਂ!” ਇਹ ਸੋਚ ਸੀ ਜੋ ਉਸ ਦੇ ਦਿਮਾਗ ਵਿਚ ਜਗ ਰਹੀ ਸੀ, ਪਰ ਇਸੇ ਸਮੇਂ ਘੋੜੇ ਇੱਕ ਹੰਭਲੇ ਨਾਲ ਜੰਗਲ ਵਿਚੋਂ ਬਾਹਰ ਨਿਕਲ ਕੇ ਖੁੱਲ੍ਹੀ ਜਗ੍ਹਾ ਵਿੱਚ ਆ ਗਏ, ਸੱਜੇ ਪਾਸੇ ਤਿੱਖਾ ਮੋੜ ਮੁੜ ਗਏ ਅਤੇ ਲੱਕੜ ਦੇ ਇਕ ਪੁਲ ਤੇ ਖੜਖੜ ਕਰਦੇ, ਅਚਾਨਕ ਖਾਮੋਸ਼ ਹੋ ਗਏ, ਅਤੇ ਇਸ ਰੋਕ ਦੀ ਅਚਨਚੇਤੀ ਨੇ ਵਿਦਿਆਰਥੀ ਨੂੰ ਦੁਬਾਰਾ ਅੱਗੇ ਨੂੰ ਸੁੱਟ ਦਿੱਤਾ।

ਕੋਚਵਾਨ ਅਤੇ ਮੁੰਡੇ ਦੇ ਸਾਹ ਬੁਰੀ ਤਰ੍ਹਾਂ ਫੁੱਲੇ ਹੋਏ ਸਨ। ਡਾਕੀਆ ਗੱਡੀ ਵਿੱਚ ਨਹੀਂ ਸੀ। ਉਹ ਆਪਣੀ ਤਲਵਾਰ ਅਤੇ ਇੱਕ ਡਾਕ ਦੇ ਥੈਲੇ ਸਮੇਤ ਗੱਡੀ ਤੋਂ ਹੇਠਾਂ ਡਿੱਗ ਗਿਆ ਸੀ। ਮੁੰਡੇ ਦੇ ਝੋਲੇ ਦਾ ਵੀ ਕੁੱਝ ਪਤਾ ਨਹੀਂ ਸੀ।

“ਰੁੱਕ ਜਾ ਬਦਮਾਸ਼, ਤੇਰਾ ਬੇੜਾ ਗਰਕ ਹੋਵੇ, ਰੁੱਕ ਜਾ।” ਆਵਾਜ਼ ਜੰਗਲ ਵਲੋਂ ਆ ਰਹੀ ਸੀ।

“ਤੈਨੂੰ ਰੱਬ ਦੀ ਮਾਰ, ਤੈਨੂੰ ਮੈਂ ਹੁਣੇ ਪਤਾ ਦਿੰਦਾ ਹਾਂ।”

ਡਾਕੀਆ ਹੁਣ ਜੰਗਲ ਤੋਂ ਬਾਹਰ ਨਿਕਲ ਚੁੱਕਿਆ ਸੀ। ਗੁੱਸੇ ਨਾਲ ਭਖਿਆ ਹੋਇਆ ਸੀ, ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਹਵਾ ਵਿੱਚ ਮੁੱਕਾ ਲਹਿਰਾਉਂਦੇ ਹੋਏ ਉਹ ਕੋਚਵਾਨ ਨੂੰ ਗਾਲਾਂ ਕਢ ਰਿਹਾ ਸੀ।

“ਇਹ ਟਰੇਸ ਘੋੜੀ ਨਹੀਂ ਹਜ਼ੂਰ, ਇਹ ਤਾਂ ਸ਼ੈਤਾਨ ਘੋੜੇ ਦੀ ਸ਼ਕਲ ਵਿੱਚ ਆ ਗਿਆ ਹੈ। ਮੈਂ ਕਰ ਵੀ ਕੀ ਸਕਦਾ ਹਾਂ,” ਕੋਚਵਾਨ ਨੇ ਕਿਹਾ। ਉਂਜ ਇਸ ਨੂੰ ਤਾਂ ਅਜੇ ਜੋੜਨ ਲੱਗਿਆਂ ਹਫਤਾ ਵੀ ਨਹੀਂ ਹੋਇਆ, ਇਸ ਲਈ ਬਹੁਤ ਜਲਦੀ ਬਿਦਕ ਜਾਂਦੀ ਹੈ। ਖਾਸ ਕਰ, ਜੇਕਰ ਢਲਾਨ ਉੱਤਰ ਰਹੀ ਹੋਵੇ ਤਾਂ ਬਿਲਕੁਲ ਕਾਬੂ ਵਿੱਚ ਨਹੀਂ ਰਹਿੰਦੀ। ਹੁਣੇ ਇਸ ਦੀ ਥੂਥਨੀ ਉੱਤੇ ਇੱਕ ਲਗਾਵਾਂਗਾ ਤਾਂ ਠੀਕ ਹੋ ਜਾਵੇਗੀ।”

“ਦਰਰਰ ਦਰਰਰ। ਧੀਰਜ, ਧੀਰਜ, ” ਉਸ ਨੇ ਟਰੇਸ ਘੋੜੀ ਨੂੰ ਕਿਹਾ ਜਿਸਨੇ ਫੇਰ ਬਿਦਕਨਾ ਸ਼ੁਰੂ ਕਰ ਦਿੱਤਾ ਸੀ।

ਜਿੰਨੀ ਦੇਰ ਕੋਚਵਾਨ ਘੋੜਿਆਂ ਨੂੰ ਸੰਭਾਲ ਰਿਹਾ ਸੀ, ਸੜਕ ਤੋਂ ਤਲਵਾਰ, ਮੁੰਡੇ ਦਾ ਝੋਲਾ ਅਤੇ ਖ਼ਤਾਂ ਦਾ ਥੈਲਾ ਲਭ ਕੇ ਦੁਬਾਰਾ ਘੋੜਾ ਗੱਡੀ ਵਿੱਚ ਰੱਖ ਰਿਹਾ ਸੀ, ਡਾਕੀਆ ਗੁੱਸੇ ਨਾਲ ਚੀਕਦੀ ਆਵਾਜ਼ ਵਿਚ ਗਾਲਾਂ ਕਢੀ ਜਾ ਰਿਹਾ ਸੀ। ਕੋਚਵਾਨ ਨੇ ਗੱਡੀ ਤੋਰ ਲਈ ਅਤੇ ਪਤਾ ਨਹੀਂ ਕਿਉਂ ਤਕਰੀਬਨ ਸੌ ਕਦਮ ਪੈਦਲ ਚੱਲਿਆ, ਘੋੜੀ ਨੂੰ ਬੁਰਾ ਭਲਾ ਬੋਲਦਾ ਰਿਹਾ ਫਿਰ ਉਚਕ ਕੇ ਗੱਡੀ ਤੇ ਚੜ੍ਹ ਕਰ ਉੱਤੇ ਬੈਠ ਗਿਆ।

ਹਾਲਾਂ ਕਿ ਅਜੇ ਤੱਕ ਮੁੰਡਾ ਖੌਫ ਨਾਲ ਕੰਬ ਰਿਹਾ ਸੀ ਲੇਕਿਨ ਜਿਵੇਂ ਹੀ ਉਸਨੂੰ ਮਹਿਸੂਸ ਹੋਇਆ ਕਿ ਖ਼ਤਰਾ ਟਲ ਗਿਆ ਹੈ ਅਤੇ ਤਾਂ ਉਸਨੂੰ ਇਹ ਸਾਰੀ ਘਟਨਾ ਏਨੀ ਰੌਚਿਕ ਲੱਗਣ ਲੱਗੀ ਕਿ ਉਸਨੇ ਜ਼ੋਰ ਜ਼ੋਰ ਨਾਲ ਹੱਸਣਾ ਸ਼ੁਰੂ ਕਰ ਦਿੱਤਾ। ਜ਼ਿੰਦਗੀ ਵਿੱਚ ਪਹਿਲੀ ਵਾਰ ਉਸਨੇ ਇੰਨੀ ਰਾਤ ਗਏ ਸਫ਼ਰ ਕੀਤਾ ਸੀ, ਅਤੇ ਉਹ ਵੀ ਇੱਕ ਡਾਕਗੱਡੀ ਵਿੱਚ। ਜਿਨ੍ਹਾਂ ਖ਼ਤਰਿਆਂ ਨਾਲ ਉਹ ਦੋ ਚਾਰ ਹੋਇਆ ਉਸ ਦੇ ਨਤੀਜੇ ਵਜੋਂ ਸਿਵਾਏ ਜਖ਼ਮੀ ਲੱਕ ਅਤੇ ਮੱਥੇ ਉੱਤੇ ਇੱਕ ਛੋਟੇ ਜਿਹੇ ਗੁੰਮੜ ਦੇ ਹੋਰ ਕੋਈ ਖਾਸ ਨੁਕਸਾਨ ਨਹੀਂ ਹੋਇਆ ਸੀ। ਉਸਨੇ ਸਿਗਰਟ ਸੁਲਗਾਈ ਅਤੇ ਹੱਸਦੇ ਹੱਸਦੇ ਕਹਿਣ ਲਗਾ।

“ਜਿਵੇਂ ਤੁਸੀ ਗਿਰੇ ਸੀ, ਸ਼ੁਕਰ ਕਰੋ ਧੌਣ ਨਹੀਂ ਟੁੱਟੀ! ਮੈਂ ਬੱਸ ਡਿੱਗਣ ਹੀ ਵਾਲਾ ਸੀ, ਅਤੇ ਮੈਂਨੂੰ ਪਤਾ ਵੀ ਨਹੀਂ ਲੱਗਿਆ ਕਿ ਤੁਸੀਂ ਬਾਹਰ ਡਿੱਗ ਪਏ ਹੋ। ਮੈਂ ਇਹ ਅੰਦਾਜ਼ਾ ਲਗਾ ਸਕਦਾ ਹਾਂ ਕਿ ਇਹ ਪਤਝੜ ਵਿੱਚ ਗੱਡੀ ਚਲਾਉਣਾ ਕਿਵੇਂ ਦਾ ਹੁੰਦਾ ਹੈ!”

ਡਾਕੀਏ ਨੇ ਇਸ ਦੀ ਗੱਲ ਦਾ ਜਵਾਬ ਨਹੀਂ ਦਿੱਤਾ ਅਤੇ ਰੁੱਸਿਆ ਜਿਹਾ ਬੈਠਾ ਰਿਹਾ।

ਮੁੰਡੇ ਨੇ ਫਿਰ ਪੁੱਛਿਆ, “ਤੁਸੀ ਕਦੋਂ ਤੋਂ ਇਸ ਡਾਕਗੱਡੀ ਦੀ ਡਿਊਟੀ ਦੇ ਰਹੇ ਹੋ?”

“ਗਿਆਰਾਂ ਸਾਲ ਤੋਂ।”

“ਅੱਛਾ..ਹਰ-ਰੋਜ਼!!”

“ਹਾਂ,  ਹਰ-ਰੋਜ਼। ਜਿਵੇਂ ਹੀ ਇਹ ਡਾਕ ਪਹੁੰਚ ਜਾਂਦੀ ਹੈ ਮੈਂ ਇਸ ਗੱਡੀ ਤੇ ਡਾਕ ਲੈ ਕੇ ਵਾਪਸ ਚੱਲ ਪੈਂਦਾ ਹਾਂ ਅਤੇ ਫਿਰ ਰਾਤ ਨੂੰ ਦੁਬਾਰਾ ਇਹੀ ਡਿਊਟੀ ਦਿੰਦਾ ਹਾਂ। ਕਿਉਂ, ਕਿਸ ਲਈ ਪੁੱਛ ਰਹੇ ਹੋ?”

ਮੁੰਡਾ ਸੋਚਾਂ ਵਿੱਚ ਪੈ ਗਿਆ ਸੀ। ਜੇਕਰ ਇਹ ਡਾਕੀਆ ਰੋਜ਼ ਇਹ ਸਫ਼ਰ ਕਰਦਾ ਹੈ ਤਾਂ ਇਸ ਦਾ ਤਾਂ ਹਰ ਦਿਨ ਇੰਜ ਹੀ ਅੱਜ ਦੀ ਤਰ੍ਹਾਂ ਦੀ ਦਿਲਚਸਪ ਅਤੇ ਖਤਰਨਾਕ ਸਾਹਸਬਾਜ਼ੀ ਵਿੱਚ ਗੁਜਰਦਾ ਹੋਵੇਗਾ? ਕਦੇ ਇਹ ਬਰਫ ਦੇ ਤੂਫ਼ਾਨਾਂ ਵਿੱਚ ਘਰ ਜਾਂਦਾ ਹੋਵੇਗਾ? ਕਦੇ ਘੋੜੇ ਬਿਦਕ ਜਾਂਦੇ ਹੋਣਗੇ ਤੇ ਕਦੇ ਡਾਕੂ ਇਸ ਦੀ ਗੱਡੀ ਉੱਤੇ ਹਮਲਾ ਕਰ ਦਿੰਦੇ ਹੋਣਗੇ? ਇਸ ਦੇ ਕੋਲ ਤਾਂ ਅਮੁੱਕ ਕਹਾਣੀਆਂ ਜਮ੍ਹਾਂ ਹੋ ਗਈ ਹੋਣਗੀਆਂ।

“ਤਾਂ ਕੀ ਤੁਹਾਡੇ ਨਾਲ ਅਕਸਰ ਇਸ ਤਰ੍ਹਾਂ ਦੇ ਵਾਕੇ ਵਾਪਰਦੇ ਰਹਿੰਦੇ ਹਨ?”

ਉਸ ਦਾ ਖਿਆਲ ਸੀ ਕਿ ਡਾਕੀਆ ਹੁਣ ਆਪਣੇ ਬਾਰੇ ਉਸ ਦੀ ਦਿਲਚਸਪੀ ਵੇਖਕੇ ਹੱਡਬੀਤੀਆਂ ਸੁਣਾਉਣੀਆਂ ਸ਼ੁਰੂ ਕਰ ਦੇਵੇਗਾ। ਪਰ ਡਾਕੀਏ ਨੇ ਮੁਕੰਮਲ ਖ਼ਾਮੋਸ਼ੀ ਧਾਰੀ ਰੱਖੀ। ਇੰਨੀ ਦੇਰ ਵਿੱਚ ਸਵੇਰ ਦੇ ਸੰਕੇਤ ਉਘੜਨੇ ਸ਼ੁਰੂ ਹੋ ਗਏ ਸਨ, ਚੰਨ ਦੀ ਫਾੜੀ ਬੱਦਲਾਂ ਵਿੱਚ ਘਿਰੀ ਹੋਈ ਸੀ, ਹਲਕੇ ਹਲਕੇ ਚਾਨਣ ਵਿੱਚ ਹੁਣ ਡਾਕੀਏ ਦਾ ਥੱਕਿਆ ਹੋਇਆ ਅਤੇ ਗੁੱਸੇ ਨਾਲ ਆਕੜਿਆ ਚਿਹਰਾ ਨਜ਼ਰ ਆਉਣ ਲਗਾ ਸੀ। ਲੱਗਦਾ ਸੀ ਜਿਵੇਂ ਉਹ ਅਜੇ ਤੱਕ ਕੋਚਵਾਨ ਨਾਲ ਖਫ਼ਾ ਹੋਵੇ।

“ਸ਼ੁਕਰ ਹੈ ਰੋਸ਼ਨੀ ਤਾਂ ਹੋਈ।“ ਮੁੰਡੇ ਨੇ ਕੋਚਵਾਨ ਨੂੰ ਅਤੇ ਡਾਕੀਏ ਦੇ ਗੁੱਸੇ ਅਤੇ ਸਰਦੀ ਨਾਲ ਠਰਦੇ ਚਿਹਰੇ ਨੂੰ ਵੇਖਦੇ ਹੋਏ ਕਿਹਾ:

“ਮੈਨੂੰ ਖ਼ੁਦ ਨੂੰ ਬਹੁਤ ਸਰਦੀ ਲੱਗ ਰਹੀ ਹੈ। ਸਤੰਬਰ ਵਿੱਚ ਰਾਤਾਂ ਕਾਫ਼ੀ ਠੰਡੀਆਂ ਹੋ ਜਾਂਦੀਆਂ ਹਨ, ਲੇਕਿਨ ਸੂਰਜ ਨਿਕਲਣ ਦੇ ਬਾਅਦ ਜਰਾ ਗਰਮੀ ਪੈਣ ਲੱਗਦੀ ਹੈ। ਕੀ ਖਿਆਲ ਹੈ, ਅਸੀ ਕਿੰਨੀ ਦੇਰ ਤੱਕ ਸਟੇਸ਼ਨ ਪਹੁੰਚ ਜਾਵਾਂਗੇ?”

ਡਾਕੀਏ ਦੇ ਮੱਥੇ ਤੇ ਤਿਊੜੀਆਂ ਉਭਰ ਆਈਆਂ ਅਤੇ ਉਸ ਨੇ ਉਕਤਾਹਟ ਨਾਲ ਮੁੰਡੇ ਵੱਲ ਵੇਖਿਆ ਅਤੇ ਡਾਂਟਦੇ ਹੋਏ ਉਸਨੂੰ ਕਿਹਾ, “ਯਾਤਰਾ ਕਰਦੇ ਹੋਏ ਕੀ ਤੂੰ ਚੁੱਪ ਨਹੀਂ ਰਹਿ ਸਕਦਾ? ਤੂੰ ਕੁੱਝ ਜ਼ਿਆਦਾ ਹੀ ਬੋਲਦਾ ਹੈਂ।”

ਮੁੰਡਾ ਮਾਯੂਸ ਹੋ ਕੇ ਚੁੱਪ ਹੋ ਗਿਆ ਅਤੇ ਬਾਕ਼ੀ ਯਾਤਰਾ ਦੇ ਦੌਰਾਨ ਉਸਨੇ ਹੋਰ ਕੋਈ ਗੱਲ ਨਾ ਕੀਤੀ।

ਹੁਣ ਹੋਰ ਰੋਸ਼ਨੀ ਹੋ ਚੁੱਕੀ ਸੀ। ਚੰਨ ਮੱਧਮ ਹੁੰਦੇ ਹੁੰਦੇ ਸੁਰਮਈ ਅਸਮਾਨ ਵਿੱਚ ਲੁੱਕ ਗਿਆ ਸੀ। ਬੱਦਲ ਪੀਲਾ ਪੈ ਗਿਆ, ਤਾਰੇ ਧੁੰਦਲੇ ਹੋ ਗਏ, ਪਰ ਪੂਰਬ ਅਜੇ ਵੀ ਠੰਢਾ ਨਜ਼ਰ ਆ ਰਿਹਾ ਸੀ ਅਤੇ ਰੰਗ ਬਾਕੀ ਦੇ ਆਕਾਸ਼ ਵਰਗਾ,  ਤਾਂ ਜੋ ਕੋਈ ਇਹ ਵਿਸ਼ਵਾਸ ਨਾ ਕਰ ਸਕੇ ਕਿ ਇਸ ਵਿੱਚ ਸੂਰਜ ਛੁਪਿਆ ਹੋਇਆ ਸੀ। ਪਰ ਸਰਦੀ ਹੁਣ ਵੀ ਬਰਦਾਸ਼ਤ ਤੋਂ ਬਾਹਰ ਸੀ, ਉੱਤੋਂ ਡਾਕੀਏ ਦੇ ਰਵਈਏ ਨੇ ਮੁੰਡੇ ਦੀ ਤਬੀਅਤ ਨੂੰ ਦਬੋਚ ਲਿਆ ਸੀ। ਹੁਣ ਉਹ ਪਹਿਲਾਂ ਦੀ ਤਰ੍ਹਾਂ ਚੁਲਬੁਲਾ ਨਹੀਂ ਸੀ ਸਗੋਂ ਖ਼ਾਸਾ ਉਦਾਸ ਹੋ ਗਿਆ ਸੀ। ਇਸ ਉਦਾਸੀ ਦੇ ਆਲਮ ਵਿੱਚ ਉਸਨੇ ਆਪਣੇ ਇਰਦ-ਗਿਰਦ ਵੇਖਿਆ ਤਾਂ ਸੋਚਿਆ ਕਿ ਇਨਸਾਨ ਤਾਂ ਇਨਸਾਨ ਇਹ ਦਰਖ਼ਤ ਅਤੇ ਘਾਹ ਤੱਕ ਵੀ ਇਸ ਸ਼ਦੀਦ ਸਰਦੀ ਦੀਆਂ ਰਾਤਾਂ ਤੋਂ ਤੰਗ ਆ ਗਏ ਹੋਣਗੇ। ਭਾਵੇਂ ਸੂਰਜ ਨਿਕਲ ਆਇਆ ਸੀ ਪਰ ਨਿਘ ਦੀ ਬਜਾਏ ਉਸ ਦੀ ਸੁਸਤੀ ਠੰਡ ਦਾ ਅਹਿਸਾਸ ਵਧੇਰੇ ਕਰਵਾ ਰਹੀ ਸੀ। ਕਹਾਣੀਆਂ ਵਿੱਚ ਪੜ੍ਹੇ  ਹੋਏ ਸੂਰਜ ਉਦੇ ਹੋਣ ਦੇ ਮੰਜ਼ਰ ਦੇ ਉਲਟ ਦਰਖਤਾਂ ਦੀਆਂ ਚੋਟੀਆਂ ਕਿਰਨਾਂ ਨਾਲ ਲਿਸ਼ਕਦੀਆਂ ਨਹੀਂ ਸਨ, ਧਰਤੀ ਤੇ ਧੁੱਪ ਨਹੀਂ ਵਿਛੀ ਸੀ ਅਤੇ ਉਨੀਂਦੇ  ਪਰਿੰਦਿਆਂ ਦੀ ਪਰਵਾਜ਼ ਵਿੱਚ ਕੋਈ ਖੁਸ਼ੀ ਨਹੀਂ ਵਿਖਾਈ ਦੇ ਰਹੀ ਸੀ। ਰੋਸ਼ਨੀ ਦੇ ਬਾਵਜੂਦ ਸਰਦੀ ਰਾਤ ਵਾਂਗ ਹੀ ਕਾਇਮ ਸੀ।

ਆਬਾਦੀ ਸ਼ੁਰੂ ਹੋ ਚੁੱਕੀ ਸੀ। ਨਿਢਾਲ ਜਿਹੇ ਹੋਏ ਮੁੰਡੇ ਨੇ ਇੱਕ ਮਕਾਨ ਦੀਆਂ ਪਰਦੇਦਾਰ ਖਿੜਕੀਆਂ ਨੂੰ ਵੇਖਕੇ ਸੋਚਿਆ ਕਿ ਇਨ੍ਹਾਂ ਪਰਦਿਆਂ ਦੇ ਪਿੱਛੇ ਲੋਕ ਜ਼ਰੂਰ ਟੱਲੀਆਂ ਦੀ ਟੁਣਕਾਰ ਤੋਂ ਬੇਖ਼ਬਰ, ਗੂੜ੍ਹੀ ਨੀਂਦ ਦੇ ਮਜ਼ੇ ਲੈ ਰਹੇ ਹੋਣਗੇ। ਉਹ ਨਾ ਤਾਂ ਸਰਦੀ ਨਾਲ ਠਰ ਰਹੇ ਹੋਣਗੇ ਹਰ ਨਾ ਹੀ ਉਹ ਇਸ ਡਾਕੀਏ ਦੇ ਗੁੱਸੇ ਤੇ ਤਪਾਏ, ਮਨਹੂਸ ਚਿਹਰੇ ਨੂੰ ਵੇਖ ਰਹੇ ਹੋਣਗੇ। ਅਤੇ ਜੇਕਰ ਕੋਈ ਕੁੜੀ ਗੱਡੀ ਦੀਆਂ ਟੱਲੀਆਂ ਦੀ ਆਵਾਜ਼ ਸੁਣਕੇ ਜਾਗ ਵੀ ਗਈ ਤਾਂ ਤੁਰਤ ਇੱਕ ਨੀਂਦ ਭਰੀ ਮੁਸਕੁਰਾਹਟ ਦੇ ਨਾਲ ਕਰਵਟ ਬਦਲ ਕੇ, ਪੈਰ ਸਮੇਟ, ਗੱਲ੍ਹ ਹੇਠ ਹਥ ਰੱਖ ਕੇ ਮੁੜ ਹੁਸੀਨ ਸੁਪਨਿਆਂ ਦੀਆਂ ਵਾਦੀਆਂ ਵਿੱਚ ਗੁੰਮ ਗਈ ਹੋਵੇਗੀ।

ਵਿਦਿਆਰਥੀ ਨੇ ਤਲਾਅ ਵੱਲ ਦੇਖਿਆ ਜੋ ਘਰ ਦੇ ਨੇੜੇ ਚਮਕ ਰਿਹਾ ਸੀ ਅਤੇ ਉਸਨੂੰ ਕਾਰਪ ਅਤੇ ਪਾਈਕ ਦਾ ਖ਼ਿਆਲ ਆਇਆ ਜਿਨ੍ਹਾਂ ਦਾ ਠੰਡੇ ਪਾਣੀ ਵਿਚ ਰਹਿਣਾ ਸੰਭਵ ਹੁੰਦਾ ਹੈ ….।

ਅਜੇ ਉਹ ਇਨ੍ਹਾਂ ਖ਼ਿਆਲਾਂ ਵਿੱਚ ਗੁੰਮ ਸੀ ਕਿ ਡਾਕੀਏ ਦੀ ਆਵਾਜ਼ ਨੇ ਉਸਨੂੰ ਚੌਂਕਾ ਦਿੱਤਾ।

“ਪਤਾ ਹੈ ਕਿ ਡਾਕਗੱਡੀ ਵਿੱਚ ਕਿਸੇ ਦੂਸਰੀ ਸਵਾਰੀ ਨੂੰ ਬੈਠਣ ਦੇਣਾ ਕਾਨੂੰਨੀ ਨਹੀਂ। ਅਤੇ ਕਿਉਂਕਿ ਇਸ ਦੀ ਇਜਾਜ਼ਤ ਨਹੀਂ ਹੈ, ਲੋਕਾਂ ਦਾ ਕੋਈ ਕੰਮ ਨਹੀਂ … ਵਿੱਚ ਵੜਨ ਦਾ  …. ਹਾਂ, ਇਹਦਾ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ, ਇਹ ਸੱਚ ਹੈ, ਬੱਸ ਮੈਨੂੰ ਇਹ ਪਸੰਦ ਨਹੀਂ ਹੈ, ਅਤੇ ਮੈਂ ਇਹ ਨਹੀਂ ਚਾਹੁੰਦਾ।”

“ਪਸੰਦ ਨਹੀਂ, ਤਾਂ ਫਿਰ ਪਹਿਲਾਂ ਕਿਉਂ ਨਹੀਂ ਕਿਹਾ?”  ਮੁੰਡੇ ਨੂੰ ਵੀ ਹੁਣ ਗੁੱਸਾ ਆ ਗਿਆ ਸੀ।

ਡਾਕੀਏ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਪਹਿਲਾਂ ਵਾਂਗ ਮੁੰਡੇ ਨੂੰ ਘੂਰਦਾ ਰਿਹਾ। ਜਦੋਂ ਥੋੜ੍ਹੀ ਦੇਰ ਬਾਅਦ ਗੱਡੀ ਰੇਲਵੇ ਸਟੇਸ਼ਨ ਦੇ ਗੇਟ ਉੱਤੇ ਪਹੁੰਚੀ ਤਾਂ ਮੁੰਡੇ ਨੇ ਤਕੱਲੁਫ ਨਾਲ ਡਾਕੀਏ ਦਾ ਸ਼ੁਕਰੀਆ ਕੀਤਾ ਅਤੇ ਗੱਡੀ ਤੋਂ ਉੱਤਰ ਗਿਆ। ਅਜੇ ਡਾਕ ਵਾਲੀ ਟ੍ਰੇਨ ਨਹੀਂ ਆਈ ਸੀ। ਸਿਰਫ ਇੱਕ ਲੰਮੀ ਮਾਲ-ਗੱਡੀ ਪਟੜੀ ਤੇ ਖੜੀ ਸੀ। ਇੰਜਨ ਵਿੱਚ ਰੇਲ ਦਾ ਡਰਾਈਵਰ ਅਤੇ ਉਸ ਦਾ ਸਹਾਇਕ ਟੀਨ ਦੀ ਗੰਦੀ ਜਿਹੀ ਕੇਤਲੀ ਵਿੱਚੋਂ ਚਾਹ ਪੀ ਰਹੇ ਸਨ। ਉਨ੍ਹਾਂ ਦੇ ਚਿਹਰੇ ਤ੍ਰੇਲ ਨਾਲ ਭਿੱਜੇ ਹੋਏ ਸਨ। ਰੇਲ ਦੀਆਂ ਬੋਗੀਆਂ, ਪਲੇਟਫਾਰਮ ਤੇ ਸੀਟਾਂ ਸਭ ਗਿੱਲੀਆਂ ਅਤੇ ਠੰਡੀਆਂ ਸਨ। ਡਾਕਗੱਡੀ ਦੇ ਆਉਣ ਤੱਕ ਮੁੰਡੇ ਨੇ ਪਲੇਟਫਾਰਮ ਦੇ ਇਕਲੌਤੇ ਸਟਾਲ ਤੋਂ ਚਾਹ ਪੀ ਰਿਹਾ ਸੀ। ਡਾਕੀਆ ਆਸਤੀਨਾਂ ਵਿੱਚ ਹੱਥ ਪਾਈਂ, ਪਲੇਟਫਾਰਮ ਇੱਕ ਸਿਰੇ ਤੋਂ ਦੂਜੇ ਤੱਕ ਜਾਂਦਾ ਅਤੇ ਫਿਰ ਵਾਪਸ ਮੁੜ ਆਉਂਦਾ। ਰੱਬ ਜਾਣੇ ਉਹ ਕਿਨ੍ਹਾਂ ਖ਼ਿਆਲਾਂ ਵਿੱਚ ਖੋਇਆ ਹੋਇਆ ਸੀ, ਪਰ ਉਸ ਦੇ ਚਿਹਰੇ ਉੱਤੇ ਗੁੱਸੇ ਦਾ ਮੁਲੰਮਾ ਉਵੇਂ ਦਾ ਉਵੇਂ ਟਿਕਿਆ ਚੜ੍ਹਿਆ ਹੋਇਆ ਸੀ। ਉਹ ਆਪਣੇ ਪੈਰਾਂ ਥੱਲੇ ਜ਼ਮੀਨ ਨੂੰ ਅਜਿਹੇ ਅੰਦਾਜ਼ ਵਿੱਚ ਘੂਰ ਰਿਹਾ ਸੀ ਜਿਵੇਂ ਉਹ ਦੁਨੀਆ ਵਿੱਚ ਤਨਹਾ ਹੋਵੇ।

ਉਹ ਕਿਸ ਨਾਲ ਗੁੱਸੇ ਸੀ? ਆਪਣੀ ਗ਼ੁਰਬਤ ਨਾਲ? ਲੋਕਾਂ ਨਾਲ? ਜਾਂ ਪੱਤਝੜ ਦੀਆਂ ਰਾਤਾਂ ਨਾਲ?

ਛੱਡ ਪਰ੍ਹਾਂ – ਕਾਫ਼ਕਾ

November 28, 2018 by

 

ਸਵੇਰੇ ਸਵੇਰੇ ਬਹੁਤ ਸਵੇਰੇ, ਸੜਕਾਂ ਸਾਫ਼ ਅਤੇ ਸੁੰਨੀਆਂ ਸਨ, ਮੈਂ ਸਟੇਸ਼ਨ ਵੱਲ ਜਾ ਰਿਹਾ ਸੀ। ਜਿਵੇਂ ਹੀ ਮੈਂ ਆਪਣੀ ਘੜੀ ਦੀ ਘੰਟਾ ਘਰ ਦੀ ਘੜੀ ਨਾਲ ਤੁਲਨਾ ਕੀਤੀ ਮੈਨੂੰ ਅਹਿਸਾਸ ਹੋਇਆ ਕਿ ਜਿੰਨਾ ਮੈਂ ਸੋਚਿਆ ਸੀ ਉਸ ਨਾਲੋਂ ਕਿਤੇ ਵੱਧ ਦੇਰ ਹੋ ਚੁੱਕੀ ਸੀ, ਮੈਨੂੰ ਜਲਦੀ ਕਰਨੀ ਪਈ, ਇਸ ਖ਼ਬਰ ਦੇ ਸਦਮੇ ਨੇ ਰਸਤੇ ਬਾਰੇ ਮੇਰਾ ਯਕੀਨ ਡੁਲਾ ਦਿੱਤਾ ਕਿ ਮੈਂ ਅਜੇ ਇਸ ਸ਼ਹਿਰ ਵਿੱਚ ਆਪਣਾ ਰਸਤਾ ਚੰਗੀ ਤਰ੍ਹਾਂ ਨਹੀਂ ਜਾਣਦਾ ਸੀ` ਖੁਸ਼ਕਿਸਮਤੀ ਨਾਲ, ਇਕ ਪੁਲਸੀਆ ਨਜ਼ਦੀਕ ਹੀ ਸੀ, ਮੈਂ ਦੌੜ ਕੇ ਉਸ ਕੋਲ ਗਿਆ ਅਤੇ ਸਾਹੋ ਸਾਹ ਉਸ ਨੂੰ ਰਾਹ ਪੁੱਛਿਆ।

ਉਹ ਮੁਸਕਰਾਇਆ ਅਤੇ ਕਿਹਾ: “ਹਲਾ, ਤੂੰ ਮੇਰੇ ਕੋਲੋਂ ਰਾਹ ਜਾਣਨਾ ਚਾਹੁੰਦਾ ਹੈਂ?”

“ਹਾਂ,” ਮੈਂ ਕਿਹਾ, “ਕਿਉਂਕਿ ਮੈਂ ਖੁਦ ਰਾਹ ਨਹੀਂ ਲੱਭ ਸਕਦਾ।”

“ਛੱਡ ਪਰ੍ਹਾਂ! ਛੱਡ, ਇਸ ਨੂੰ” ਉਸਨੇ ਕਿਹਾ, ਅਤੇ ਅਚਾਨਕ ਝਟਕੇ ਨਾਲ ਦੂਰ ਹੱਟ ਗਿਆ, ਉਨ੍ਹਾਂ ਲੋਕਾਂ ਵਾਂਗ ਜੋ ਆਪਣੇ ਹਾਸੇ ਦੇ ਨਾਲ ਇਕੱਲੇ ਰਹਿਣਾ ਪਸੰਦ ਕਰਦੇ ਹਨ।

ਗਧੇ ਦਾ ਸੁਪਨਾ – ਫ਼ਰਾਂਜ਼ ਕਾਫ਼ਕਾ ਦੀਆਂ ਡਾਇਰੀਆਂ ਵਿੱਚੋਂ ਇੱਕ ਟੋਟਾ

November 28, 2018 by

ਮੈਂ ਸੁਪਨੇ ਵਿੱਚ ਇੱਕ ਗਧਾ ਵੇਖਿਆ ਜੋ ਭੂਰੇ ਸ਼ਿਕਾਰੀ ਕੁੱਤੇ ਵਰਗਾ ਸੀ। ਉਸਦੀਆਂ ਹਰਕਤਾਂ ਬਹੁਤ ਮੁਹਤਾਤ ਜਾਨਵਰ ਵਾਲ਼ੀਆਂ ਸਨ। ਮੈਂ ਬੜੇ ਗਹੁ ਨਾਲ਼ ਉਸਨੂੰ ਵਾਚਿਆ ਕਿਉਂਜੋ ਮੈਂ ਭਲੀਭਾਂਤ ਜਾਣਦਾ ਸੀ ਕਿ ਇਹ ਇੱਕ ਅਸਲੋਂ ਅਸਾਧਾਰਣ ਵਰਤਾਰਾ ਸੀ। ਮੈਂ ਉਸਨੂੰ ਬਹੁਤ ਨੇੜੇ ਹੋ ਕੇ ਵੇਖਿਆ ਪਰ ਕੇਵਲ ਇਤਨਾ ਚੇਤੇ ਹੈ ਕਿ ਉਸ ਦੇ ਪੈਰ ਪਤਲੇ ਪਤਲੇ ਅਤੇ ਮਨੁੱਖੀ ਪੈਰਾਂ ਨਾਲ ਮਿਲ਼ਦੇ-ਜੁਲ਼ਦੇ ਸਨ ਅਤੇ ਮੈਨੂੰ ਇਹ ਆਪਣੀ ਲੰਬਾਈ ਤੇ ਇੱਕਰੂਪਤਾ ਕਾਰਨ ਚੰਗੇ ਨਾ ਲੱਗੇ। ਮੈਂ ਉਸਨੂੰ ਸਰੂ ਦੇ ਤਾਜ਼ੇ ਅਤੇ ਗੂੜ੍ਹੇ ਹਰੇ ਪੱਤਿਆਂ ਦਾ ਗੁੱਛਾ ਪੇਸ਼ ਕੀਤਾ, ਜਿਹੜਾ ਮੈਨੂੰ ਹੁਣੇ ਹੁਣੇ ਇੱਕ ਬੁਢੀ ਜ਼ਿਊਰਿਖ ਔਰਤ ਕੋਲੋਂ ਮਿਲ਼ਿਆ ਸੀ (ਇਹ ਘਟਨਾ ਜ਼ਿਊਰਿਖ ਦੀ ਹੈ) ਗਧੇ ਨੂੰ ਇਨ੍ਹਾਂ ਦੀ ਹਾਜਤ ਨਹੀਂ ਸੀ, ਇਸਲਈ ਉਸਨੇ ਪੱਤਿਆਂ ਨੂੰ ਹਕਾਰਤ ਨਾਲ ਸੁੰਘਿਆ ਅਤੇ ਛੱਡ ਦਿੱਤਾ। ਪਰ ਜਦੋਂ ਮੈਂ ਪੱਤਿਆਂ ਦਾ ਗੁੱਛਾ ਮੇਜ਼ ਉੱਤੇ ਰੱਖ ਦਿੱਤਾ ਤਾਂ ਉਹ ਸਾਰਾ ਖਾ ਗਿਆ, ਇਥੋਂ ਤੱਕ ਕਿ ਮੇਜ਼ ਉੱਤੇ ਸ਼ਾਹ ਬਲੂਤ ਦੇ ਫਲ ਨਾਲ ਮਿਲ਼ਦੀ-ਜੁਲ਼ਦੀ ਇੱਕ ਬੇਪਛਾਣ ਜਿਹੀ ਗਿਟਕ ਬਾਕੀ ਰਹਿ ਗਈ। ਬਾਅਦ ਵਿੱਚ ਚਰਚਾ ਚੱਲੀ ਕਿ ਇਹ ਗਧਾ ਅੱਜ ਤੱਕ ਆਪਣੀਆਂ ਚਾਰੇ ਟੰਗਾਂ ਭਾਰ ਕਦੇ ਨਹੀਂ ਹੋਇਆ ਸੀ ਸਗੋਂ ਇੱਕ ਇਨਸਾਨ ਦੀ ਤਰ੍ਹਾਂ ਦੋ ਪੈਰਾਂ ਭਾਰ ਸਿੱਧਾ ਖੜ੍ਹਦਾ ਸੀ ਅਤੇ ਇਵੇਂ ਆਉਣ ਜਾਣ ਵਾਲਿਆਂ ਨੂੰ ਇਹ ਆਪਣੀ ਚਾਂਦੀ ਦੀ ਤਰ੍ਹਾਂ ਚਮਕਦੀ ਹੋਈ ਛਾਤੀ ਅਤੇ ਨਿੱਕੀ ਜਿਹੀ ਢਿੱਡੀ ਦਿਖਾਉਂਦਾ ਰਹਿੰਦਾ ਸੀ। ਦਰਅਸਲ ਇਹ ਗੱਲ ਸੱਚੀ ਨਹੀਂ ਸੀ।

ਦੂਸਰੇ ਦੇਸ਼ ਵਿੱਚ – (ਕਹਾਣੀ, ਅਰਨੈਸਟ ਹੈਮਿੰਗਵੇ)

October 20, 2018 by

ਪੱਤਝੜ ਰੁੱਤ ਵਿੱਚ ਵੀ ਉੱਥੇ ਲੜਾਈ ਚੱਲ ਰਹੀ ਸੀ, ਪਰ ਅਸੀਂ ਉੱਥੇ ਫਿਰ ਨਹੀਂ ਗਏ। ਪੱਤਝੜ ਰੁੱਤ ਵਿੱਚ ਮਿਲਾਨ ਬੇਹੱਦ ਠੰਡਾ ਸੀ ਅਤੇ ਹਨੇਰਾ ਬਹੁਤ ਜਲਦੀ ਘਿਰ ਆਇਆ ਸੀ। ਫਿਰ ਬਿਜਲੀ ਦੇ ਬੱਲਬ ਜਗ ਪਏ ਅਤੇ ਸੜਕਾਂ ਦੇ ਕੰਢੇ ਦੀਆਂ ਬਾਰੀਆਂ ਵਿੱਚ ਵੇਖਣਾ ਸੁਖਦਾਈ ਸੀ। ਬਹੁਤ ਸਾਰਾ ਸ਼ਿਕਾਰ ਬਾਰੀਆਂ ਦੇ ਬਾਹਰ ਲਟਕਿਆ ਸੀ ਅਤੇ ਲੂੰਬੜੀਆਂ ਦੀ ਖੱਲ ਉੱਤੇ ਬਰਫ ਦਾ ਚੂਰਾ ਚੜ੍ਹ ਗਿਆ ਸੀ ਅਤੇ ਹਵਾ ਉਨ੍ਹਾਂ ਦੀ ਪੂਛਾਂ ਨੂੰ ਹਿਲਾ ਰਹੀ ਸੀ। ਆਕੜੇ ਹੋਏ, ਭਾਰੀ ਅਤੇ ਖ਼ਾਲੀ ਹਿਰਨ ਲਮਕੇ ਹੋਏ ਸਨ ਅਤੇ ਛੋਟੀਆਂ ਚਿੜੀਆਂ ਹਵਾ ਵਿੱਚ ਉੱਡ ਰਹੀਆਂ ਸਨ ਅਤੇ ਹਵਾ ਉਨ੍ਹਾਂ ਦੇ ਖੰਭਾਂ ਨੂੰ ਉਲਟਾ-ਪਲਟਾ ਰਹੀ ਸੀ। ਇਹ ਬੇਹੱਦ ਠੰਡੀ ਪੱਤਝੜ ਦੀ ਰੁੱਤ ਸੀ ਅਤੇ ਹਵਾ ਪਹਾੜਾਂ ਤੋਂ ਉੱਤਰ ਕੇ ਹੇਠਾਂ ਆ ਰਹੀ ਸੀ।

ਅਸੀਂ ਸਾਰੇ ਹਰ ਰੋਜ਼ ਬਾਅਦ-ਦੁਪਹਿਰ ਹਸਪਤਾਲ ਵਿੱਚ ਹੁੰਦੇ ਅਤੇ ਆਥਣੇ ਸ਼ਹਿਰ ਤੋਂ ਹਸਪਤਾਲ ਤੱਕ ਪੈਦਲ ਜਾਣ ਦੇ ਕਈ ਰਸਤੇ ਸਨ। ਉਨ੍ਹਾਂ ਵਿਚੋਂ ਦੋ ਰਸਤੇ ਨਹਿਰ ਦੇ ਨਾਲ ਨਾਲ ਜਾਂਦੇ ਸਨ, ਪਰ ਉਹ ਲੰਬੇ ਸਨ। ਹਸਪਤਾਲ ਵਿੱਚ ਵੜਣ ਲਈ ਤੁਸੀਂ ਹਮੇਸ਼ਾ ਨਹਿਰ ਉੱਤੇ ਬਣੇ ਇੱਕ ਪੁਲ ਨੂੰ ਪਾਰ ਕਰਦੇ ਸੀ। ਤਿੰਨ ਪੁਲਾਂ ਵਿੱਚੋਂ ਇੱਕ ਚੁਣਨਾ ਹੁੰਦਾ ਸੀ। ਉਨ੍ਹਾਂ ਵਿਚੋਂ ਇੱਕ ਉੱਤੇ ਇੱਕ ਔਰਤ ਭੁੰਨੇ ਹੋਏ ਚੈਸਟਨਟ ਵੇਚਿਆ ਕਰਦੀ ਸੀ। ਉਸਦੇ ਕੋਲ ਕੋਲਿਆਂ ਦੀ ਅੱਗ ਦੇ ਕੋਲ ਖੜਾ ਹੋਣਾ ਨਿਘ ਦਿੰਦਾ ਸੀ ਅਤੇ ਬਾਅਦ ਵਿੱਚ ਤੁਹਾਡੀ ਜੇਬ ਵਿੱਚ ਚੈਸਟਨਟ ਗਰਮ ਰਹਿੰਦੇ ਸਨ। ਹਸਪਤਾਲ ਬਹੁਤ ਪੁਰਾਣਾ ਅਤੇ ਬਹੁਤ ਹੀ ਸੁੰਦਰ ਸੀ ਅਤੇ ਤੁਸੀਂ ਇੱਕ ਫਾਟਕ ਵਲੋਂ ਵੜਦੇ ਅਤੇ ਅਤੇ ਅੱਗੇ ਚੱਲ ਕੇ ਇੱਕ ਵਿਹੜਾ ਪਾਰ ਕਰਦੇ ਅਤੇ ਦੂਜੇ ਫਾਟਕ ਰਾਹੀਂ ਦੂਜੇ ਪਾਸੇ ਬਾਹਰ ਨਿਕਲ ਜਾਂਦੇ। ਅਕਸਰ ਵਿਹੜੇ ਵਲੋਂ ਜਨਾਜ਼ੇ ਸ਼ੁਰੂ ਹੋ ਰਹੇ ਹੁੰਦੇ ਸਨ। ਪੁਰਾਣੇ ਹਸਪਤਾਲ ਦੇ ਪਾਰ ਇੱਟਾਂ ਦੇ ਬਣੇ ਨਵੇਂ ਪੰਡਾਲ ਸਨ ਅਤੇ ਉੱਥੇ ਅਸੀਂ ਹਰ ਰੋਜ਼ ਬਾਅਦ ਦੁਪਹਿਰ ਮਿਲਦੇ। ਅਸੀਂ ਸਾਰੇ ਬੇਹੱਦ ਬਾਅਦਬ ਸਾਂ ਅਤੇ ਜੋ ਵੀ ਮਾਮਲਾ ਹੁੰਦਾ ਉਸ ਵਿੱਚ ਦਿਲਚਸਪੀ ਲੈਂਦੇ ਅਤੇ ਉਨ੍ਹਾਂ ਮਸ਼ੀਨਾਂ ਵਿੱਚ ਵੀ ਬੈਠਦੇ ਜਿਨ੍ਹਾਂ ਨੇ ਇੰਨਾ ਜ਼ਿਆਦਾ ਫ਼ਰਕ ਪਾ ਦੇਣਾ ਹੁੰਦਾ ਸੀ।

ਡਾਕਟਰ ਉਸ ਮਸ਼ੀਨ ਦੇ ਕੋਲ ਆਇਆ ਜਿੱਥੇ ਮੈਂ ਬੈਠਾ ਸੀ ਅਤੇ ਬੋਲਿਆ: “ਲੜਾਈ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਸਭ ਤੋਂ ਵੱਧ ਪਸੰਦ ਸੀ? ਕੀ ਤੁਸੀਂ ਕੋਈ ਖੇਲ ਖੇਡਦੇ ਸੀ?”

ਮੈਂ ਕਿਹਾ: “ਹਾਂ, ਫੁਟਬਾਲ।”

“ਬਹੁਤ ਅੱਛਾ,” ਉਹ ਬੋਲਿਆ। “ਤੁਸੀਂ ਦੁਬਾਰਾ ਫੁਟਬਾਲ ਖੇਡਣ ਦੇ ਲਾਇਕ ਹੋ ਜਾਓਗੇ, ਪਹਿਲਾਂ ਨਾਲੋਂ ਵੀ ਬਿਹਤਰ।”

ਮੇਰਾ ਗੋਡਾ ਨਹੀਂ ਮੁੜਦਾ ਸੀ, ਅਤੇ ਪੈਰ ਗੋਡੇ ਤੋਂ ਗਿੱਟੇ ਤੱਕ ਬਿਨਾਂ ਪਿੰਜਣੀ ਦੇ ਸਿੱਧਾ ਡਿੱਗਦਾ ਸੀ, ਅਤੇ ਮਸ਼ੀਨ ਗੋਡੇ ਨੂੰ ਮੋੜਨ ਅਤੇ ਇਸ ਤਰ੍ਹਾਂ ਚਲਾਣ ਲਈ ਸੀ ਜਿਵੇਂ ਤਿਪਹੀਆ ਸਾਈਕਲ ਚਲਾਣੀ ਹੋਵੇ। ਪਰ ਗੋਡਾ ਹੁਣ ਤੱਕ ਨਹੀਂ ਮੁੜਦਾ ਸੀ ਅਤੇ ਇਸਦੇ ਬਜਾਏ ਮਸ਼ੀਨ ਜਦੋਂ ਮੋੜਨ ਵਾਲੇ ਭਾਗ ਦੇ ਵੱਲ ਆਉਂਦੀ ਸੀ ਤਾਂ ਝਟਕਾ ਖਾਂਦੀ ਸੀ। ਡਾਕਟਰ ਨੇ ਕਿਹਾ: “ਇਹ ਸਭ ਠੀਕ ਹੋ ਜਾਵੇਗਾ। ਤੁਸੀਂ ਭਾਗਸ਼ਾਲੀ ਗਭਰੂ ਹੋ। ਤੁਸੀਂ ਫੇਰ ਚੈਂਪੀਅਨ ਦੀ ਤਰ੍ਹਾਂ ਫੁਟਬਾਲ ਖੇਡੋਗੇ।”

ਦੂਜੀ ਮਸ਼ੀਨ ਵਿੱਚ ਇੱਕ ਮੇਜਰ ਸੀ ਜਿਸਦਾ ਇੱਕ ਹੱਥ ਇੱਕ ਬੱਚੇ ਦੀ ਤਰ੍ਹਾਂ ਛੋਟਾ ਸੀ। ਉਸਦਾ ਹੱਥ ਚਮੜੇ ਦੇ ਦੋ ਫੀਤਿਆਂ ਦੇ ਵਿੱਚ ਸੀ ਜੋ ਉੱਤੇ ਥੱਲੇ ਹੁੰਦੇ ਰਹਿੰਦੇ ਸਨ ਅਤੇ ਉਸਦੀਆਂ ਸਖ਼ਤ ਉਂਗਲੀਆਂ ਨੂੰ ਥਪਥਪਾਉਂਦੇ ਸੀ। ਜਦੋਂ ਡਾਕਟਰ ਨੇ ਉਸਦਾ ਹੱਥ ਦੀ ਜਾਂਚ ਕੀਤੀ ਤਾਂ ਉਸਨੇ ਮੈਨੂੰ ਅੱਖ ਮਾਰੀ ਅਤੇ ਕਿਹਾ: “ਤੇ ਕੀ ਮੈਂ ਵੀ ਫੁਟਬਾਲ ਖੇਲੂੰਗਾ, ਕਪਤਾਨ – ਡਾਕਟਰ?” ਉਹ ਇੱਕ ਮਹਾਨ ਤਲਵਾਰਬਾਜ਼ ਰਿਹਾ ਸੀ, ਅਤੇ ਲੜਾਈ ਤੋਂ ਪਹਿਲਾਂ ਉਹ ਇਟਲੀ ਦਾ ਸਭ ਤੋਂ ਮਹਾਨ ਤਲਵਾਰਬਾਜ਼ ਸੀ।

ਡਾਕਟਰ ਪਿੱਛੇ ਦੇ ਕਮਰੇ ਵਿੱਚ ਆਪਣੇ ਦਫ਼ਤਰ ਵਿੱਚ ਗਿਆ ਅਤੇ ਉੱਥੋਂ ਇੱਕ ਤਸਵੀਰ ਲੈ ਆਇਆ। ਉਸ ਵਿੱਚ ਇੱਕ ਹੱਥ ਵਖਾਇਆ ਗਿਆ ਸੀ ਜੋ ਮਸ਼ੀਨੀ ਇਲਾਜ ਲੈਣ ਤੋਂ ਪਹਿਲਾਂ ਲੱਗਪਗ ਮੇਜਰ ਦੇ ਹੱਥ ਜਿੰਨਾ ਕੁਮਲਾਇਆ ਅਤੇ ਛੋਟਾ ਸੀ ਅਤੇ ਬਾਅਦ ਵਿੱਚ ਥੋੜ੍ਹਾ ਵੱਡਾ ਸੀ। ਮੇਜਰ ਨੇ ਤਸਵੀਰ ਆਪਣੇ ਚੰਗੇ ਹੱਥ ਨਾਲ ਚੁੱਕੀ ਅਤੇ ਉਸਨੂੰ ਬੜੇ ਧਿਆਨ ਨਾਲ ਵੇਖਿਆ। “ਇਹ ਜਖ਼ਮ?” ਉਸਨੇ ਪੁੱਛਿਆ।

“ਇਹ ਉਦਯੋਗਕ ਹਾਦਸ਼ਾ,” ਡਾਕਟਰ ਨੇ ਕਿਹਾ।

“ਕਾਫ਼ੀ ਦਿਲਚਸਪ ਹੈ, ਕਾਫ਼ੀ ਦਿਲਚਸਪ ਹੈ,” ਮੇਜਰ ਬੋਲਿਆ ਅਤੇ ਇਹ ਡਾਕਟਰ ਨੂੰ ਵਾਪਸ ਦੇ ਦਿੱਤੀ।

“ਤੁਹਾਨੂੰ ਵਿਸ਼ਵਾਸ ਹੈ?”

“ਨਹੀਂ,” ਮੇਜਰ ਨੇ ਕਿਹਾ।

ਮੇਰੀ ਹੀ ਉਮਰ ਦੇ ਤਿੰਨ ਹੋਰ ਮੁੰਡੇ ਸਨ ਜੋ ਰੋਜ਼ ਉੱਥੇ ਆਉਂਦੇ ਸਨ। ਉਹ ਤਿੰਨੋਂ ਹੀ ਮਿਲਾਨ ਤੋਂ ਸਨ ਅਤੇ ਉਨ੍ਹਾਂ ਵਿਚੋਂ ਇੱਕ ਨੇ ਵਕੀਲ ਬਨਣਾ ਸੀ, ਇੱਕ ਨੇ ਚਿੱਤਰਕਾਰ ਅਤੇ ਇੱਕ ਨੇ ਸੈਨਿਕ ਬਨਣ ਦਾ ਇਰਾਦਾ ਬਣਾਇਆ ਸੀ। ਜਦੋਂ ਅਸੀਂ ਮਸ਼ੀਨਾਂ ਤੋਂ ਛੁੱਟੀ ਪਾ ਲੈਂਦੇ ਤਾਂ ਕਦੇ ਕਦੇ ਅਸੀਂ ਕੋਵਾ ਕੌਫ਼ੀ-ਹਾਉਸ ਤੱਕ ਨਾਲ ਨਾਲ ਚੱਲਦੇ ਜੋ ਕਿ ਸਕਾਲਾ ਦੇ ਬਗਲ ਵਿੱਚ ਸੀ। ਅਸੀਂ ਕਮਿਊਨਿਸਟ ਬਸਤੀ ਦੇ ਵਿੱਚੋਂ ਹੋ ਕੇ ਛੋਟੇ ਰਾਹ ਜਾਂਦੇ। ਅਸੀਂ ਚਾਰੇ ਇੱਕਠੇ ਰਹਿੰਦੇ। ਉੱਥੋਂ ਦੇ ਲੋਕ ਸਾਨੂੰ ਨਫਰਤ ਕਰਦੇ ਸਨ ਕਿਉਂਕਿ ਅਸੀਂ ਅਫਸਰ ਸਾਂ ਅਤੇ ਜਦੋਂ ਅਸੀਂ ਲੰਘ ਰਹੇ ਹੁੰਦੇ ਤਾਂ ਕਿਸੇ ਸ਼ਰਾਬਖ਼ਾਨੇ ਵਲੋਂ ਕੋਈ ਸਾਨੂੰ ਗਾਲ਼ ਕਢ ਦਿੰਦਾ। ਇੱਕ ਹੋਰ ਮੁੰਡਾ ਜੋ ਕਦੇ ਕਦੇ ਸਾਡੇ ਨਾਲ ਪੈਦਲ ਆਉਂਦਾ ਅਤੇ ਸਾਡੀ ਗਿਣਤੀ ਪੰਜ ਕਰ ਦਿੰਦਾ, ਆਪਣੇ ਚਿਹਰੇ ਉੱਤੇ ਰੇਸ਼ਮ ਦਾ ਕਾਲ਼ਾ ਰੁਮਾਲ ਬੰਨ੍ਹਦਾ ਸੀ ਕਿਉਂਕਿ ਉਸਦੀ ਕੋਈ ਨੱਕ ਨਹੀਂ ਸੀ ਅਤੇ ਉਸਦੇ ਚਿਹਰੇ ਦਾ ਪੁਨਰਨਿਰਮਾਣ ਕੀਤਾ ਜਾਣਾ ਸੀ। ਉਹ ਸੈਨਿਕ ਅਕਾਦਮੀ ਤੋਂ ਸਿੱਧਾ ਮੁਹਾਜ਼ ਉੱਤੇ ਗਿਆ ਸੀ ਅਤੇ ਪਹਿਲੀ ਵਾਰ ਮੁਹਾਜ਼ ਉੱਤੇ ਜਾਣ ਦੇ ਇੱਕ ਘੰਟੇ ਦੇ ਅੰਦਰ ਹੀ ਜਖ਼ਮੀ ਹੋ ਗਿਆ ਸੀ।

ਉਨ੍ਹਾਂ ਨੇ ਉਸਦੇ ਚਿਹਰੇ ਦਾ ਪੁਨਰਨਿਰਮਾਣ ਕਰ ਦਿੱਤਾ, ਲੇਕਿਨ ਉਹ ਇੱਕ ਬੇਹੱਦ ਪ੍ਰਾਚੀਨ ਪਰਵਾਰ ਤੋਂ ਸੀ ਅਤੇ ਉਹ ਉਸਦੇ ਨੱਕ ਨੂੰ ਕਦੇ ਸਹੀ ਨਹੀਂ ਕਰ ਸਕੇ। ਉਹ ਦੱਖਣੀ ਅਮਰੀਕਾ ਚਲਾ ਗਿਆ ਅਤੇ ਇੱਕ ਬੈਂਕ ਵਿੱਚ ਕੰਮ ਕਰਨ ਲੱਗਿਆ। ਪਰ ਇਹ ਚਿਰ ਪਹਿਲਾਂ ਦੀ ਗੱਲ ਸੀ ਅਤੇ ਉਦੋਂ ਸਾਡੇ ਵਿੱਚੋਂ ਕੋਈ ਨਹੀਂ ਜਾਣਦਾ ਸੀ ਕਿ ਬਾਅਦ ਵਿੱਚ ਕੀ ਹੋਣ ਵਾਲਾ ਸੀ। ਉਦੋਂ ਅਸੀਂ ਕੇਵਲ ਇਹੀ ਜਾਣਦੇ ਸਾਂ ਕਿ ਲੜਾਈ ਹਮੇਸ਼ਾ ਰਹਿਣ ਵਾਲੀ ਸੀ ਪਰ ਅਸੀਂ ਹੁਣ ਉੱਥੇ ਮੁੜ ਨਹੀਂ ਸੀ ਜਾਣਾ।

ਸਾਡੇ ਸਾਰਿਆਂ ਦੇ ਕੋਲ ਇੱਕੋ ਜਿਹੇ ਤਮਗ਼ੇ ਸਨ, ਉਸ ਮੁੰਡੇ ਨੂੰ ਛੱਡ ਕੇ ਜੋ ਆਪਣੇ ਚਿਹਰੇ ਉੱਤੇ ਕਾਲ਼ਾ ਰੇਸ਼ਮੀ ਰੁਮਾਲ ਬੰਨ੍ਹਦਾ ਸੀ ਅਤੇ ਉਹ ਮੁਹਾਜ਼ ਉੱਤੇ ਤਮਗ਼ੇ ਲੈ ਸਕਣ ਜਿੰਨੀ ਦੇਰ ਨਹੀਂ ਰਿਹਾ ਸੀ। ਬੁਝੇ ਚਿਹਰੇ ਵਾਲਾ ਲੰਮਾ ਮੁੰਡਾ, ਜਿਸਨੇ ਵਕੀਲ ਬਨਣਾ ਸੀ, ਆਰਦਿਤੀ ਦਾ ਲੈਫਟੀਨੈਂਟ ਰਹਿ ਚੁੱਕਿਆ ਸੀ ਅਤੇ ਉਸਦੇ ਕੋਲ ਉਸ ਵਰਗੇ ਤਿੰਨ ਤਮਗ਼ੇ ਸਨ ਜਿਹੋ ਜਿਹਾ ਸਾਡੇ ਵਿੱਚੋਂ ਹਰੇਕ ਦੇ ਕੋਲ ਕੇਵਲ ਇੱਕ ਇੱਕ ਸੀ। ਉਹ ਮੌਤ ਦੇ ਨਾਲ ਇੱਕ ਬੇਹੱਦ ਲੰਬੇ ਅਰਸੇ ਤੱਕ ਰਿਹਾ ਸੀ ਅਤੇ ਥੋੜ੍ਹਾ ਨਿਰਲੇਪ ਸੀ। ਅਸੀਂ ਸਾਰੇ ਥੋੜ੍ਹੇ ਨਿਰਲੇਪ ਸਾਂ ਅਤੇ ਅਜਿਹਾ ਕੁੱਝ ਨਹੀਂ ਸੀ ਜਿਸਨੇ ਸਾਨੂੰ ਜੋੜ ਰੱਖਿਆ ਹੋਵੇ, ਇਲਾਵਾ ਇਸਦੇ ਕਿ ਅਸੀਂ ਹਰ ਰੋਜ਼ ਬਾਅਦ ਦੁਪਹਿਰ ਹਸਪਤਾਲ ਵਿੱਚ ਮਿਲਦੇ ਸਾਂ। ਹਾਲਾਂਕਿ, ਜਦੋਂ ਅਸੀਂ ਸ਼ਹਿਰ ਦੇ ਮੁਸ਼ਕਿਲ ਇਲਾਕੇ ਦੇ ਵਿੱਚੋਂ ਹਨੇਰੇ ਵਿੱਚ ਕੋਵਾ ਦੇ ਵੱਲ ਜਾ ਰਹੇ ਹੁੰਦੇ, ਅਤੇ ਸ਼ਰਾਬਖ਼ਾਨਿਆਂ ਵਲੋਂ ਗਾਉਣ-ਵਜਾਉਣ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਅਤੇ ਕਦੇ ਕਦੇ ਸੜਕ ਉੱਤੇ ਉਦੋਂ ਚੱਲਣਾ ਪੈਂਦਾ ਜਦੋਂ ਮਰਦਾਂ ਅਤੇ ਔਰਤਾਂ ਦੀ ਭੀੜ ਨਾਲ ਫੁਟਪਾਥ ਖਚਾਖਚ ਭਰ ਜਾਂਦੀ ਤਾਂ ਸਾਨੂੰ ਅੱਗੇ ਨਿਕਲਣ ਲਈ ਉਨ੍ਹਾਂ ਨਾਲ ਖਹਿਣਾ ਪੈਂਦਾ। ਉਦੋਂ ਅਸੀਂ ਆਪਣੇ ਆਪ ਨੂੰ ਕਿਸੇ ਅਜਿਹੀ ਚੀਜ਼ ਦੇ ਕਾਰਨ ਆਪਸ ਵਿੱਚ ਜੁੜਿਆ ਮਹਿਸੂਸ ਕਰਦੇ, ਜੋ ਉਸ ਦਿਨ ਘਟੀ ਹੁੰਦੀ ਅਤੇ ਜਿਸਨੂੰ ਉਹ ਲੋਕ ਨਹੀਂ ਸਮਝਦੇ ਸਨ ਜੋ ਸਾਡੇ ਨਾਲ ਨਫਰਤ ਕਰਦੇ ਸਨ।

ਅਸੀਂ ਸਭ ਆਪ ਕੋਵਾ ਦੇ ਬਾਰੇ ਵਿੱਚ ਜਾਣਦੇ ਸਾਂ ਜਿੱਥੇ ਮਾਹੌਲ ਸ਼ਾਨਦਾਰ ਅਤੇ ਗਰਮ ਸੀ ਅਤੇ ਜ਼ਿਆਦਾ ਚਮਕੀਲੀ ਰੋਸ਼ਨੀ ਨਹੀਂ ਸੀ ਅਤੇ ਕੁਝ ਘੰਟੇ ਰੌਲਾ-ਰੱਪਾ ਅਤੇ ਧੂੰਆਂ ਹੁੰਦਾ ਅਤੇ ਮੇਜ਼ਾਂ ਉੱਤੇ ਹਮੇਸ਼ਾ ਕੁੜੀਆਂ ਹੁੰਦੀਆਂ ਸਨ ਅਤੇ ਕੰਧ ਉੱਤੇ ਬਣੇ ਰੈਕ ਵਿੱਚ ਸਚਿੱਤਰ ਅਖ਼ਬਾਰ ਹੁੰਦੇ ਸਨ। ਕੋਵਾ ਦੀਆਂ ਕੁੜੀਆਂ ਬੇਹੱਦ ਦੇਸ਼ਭਗਤ ਸਨ ਅਤੇ ਮੈਂ ਦੇਖਿਆ ਕਿ ਇਟਲੀ ਵਿੱਚ ਕੌਫ਼ੀ-ਹਾਊਸ ਵਿੱਚ ਕੰਮ ਕਰਨ ਵਾਲੀਆਂ ਕੁੜੀਆਂ ਸਭ ਤੋਂ ਜ਼ਿਆਦਾ ਦੇਸ਼ਭਗਤ ਸਨ…ਅਤੇ ਮੈਂ ਮੰਨਦਾ ਹਾਂ ਕਿ ਉਹ ਹੁਣ ਵੀ ਦੇਸ਼ਭਗਤ ਹਨ।

ਸ਼ੁਰੂ ਸ਼ੁਰੂ ਵਿੱਚ ਮੁੰਡੇ ਮੇਰੇ ਤਮਗ਼ਿਆਂ ਦੇ ਬਾਰੇ ਵਿੱਚ ਬੇਹੱਦ ਭੱਦਰ ਸਨ ਅਤੇ ਮੇਰੇ ਤੋਂ ਪੁੱਛਦੇ ਕਿ ਮੈਂ ਇਨ੍ਹਾਂ ਨੂੰ ਹਾਸਲ ਕਰਨ ਲਈ ਕੀ ਕੀਤਾ ਸੀ। ਮੈਂ ਉਨ੍ਹਾਂ ਨੂੰ ਆਪਣੇ ਕਾਗਜ਼ ਦਿਖਾਏ, ਜੋ ਬੜੀ ਸੁੰਦਰ ਭਾਸ਼ਾ ਵਿੱਚ ਲਿਖੇ ਗਏ ਸਨ, ਭਰਾਤਰੀਪੁਣੇ ਅਤੇ ਸਵੈ-ਕੁਰਬਾਨੀ ਦੀ ਲਫਾਜ਼ੀ ਨਾਲ ਭਰਪੂਰ ਸਨ ਅਤੇ ਇਹ ਵਿਸ਼ੇਸ਼ਣਾਂ ਨੂੰ ਹਟਾ ਦੇਣ ਦੇ ਬਾਅਦ ਦਰਅਸਲ ਇਹ ਕਹਿੰਦੇ ਸਨ ਕਿ ਮੈਨੂੰ ਤਮਗ਼ੇ ਇਸ ਲਈ ਦਿੱਤੇ ਗਏ ਸਨ ਕਿਉਂਕਿ ਮੈਂ ਇੱਕ ਅਮਰੀਕੀ ਸੀ। ਉਸਦੇ ਬਾਅਦ ਉਨ੍ਹਾਂ ਦਾ ਮੇਰੇ ਪ੍ਰਤੀ ਵਤੀਰਾ ਥੋੜ੍ਹਾ ਬਦਲ ਗਿਆ, ਹਾਲਾਂਕਿ ਅਜਨਬੀਆਂ ਦੇ ਟਾਕਰੇ ਮੈਂ ਉਨ੍ਹਾਂ ਦਾ ਮਿੱਤਰ ਸੀ। ਜਦੋਂ ਉਨ੍ਹਾਂ ਨੇ ਪ੍ਰਸ਼ੰਸਾਤਮਕ ਟਿੱਪਣੀਆਂ ਨੂੰ ਪੜ੍ਹਿਆ ਤਾਂ ਉਸ ਦੇ ਬਾਅਦ ਮੈਂ ਇੱਕ ਮਿੱਤਰ ਤਾਂ ਰਿਹਾ ਪਰ ਹੁਣ ਦਰਅਸਲ ਮੈਂ ਉਨ੍ਹਾਂ ਵਿਚੋਂ ਇੱਕ ਹਰਗਿਜ਼ ਨਹੀਂ ਸੀ, ਕਿਉਂਕਿ ਉਨ੍ਹਾਂ ਦੇ ਨਾਲ ਦੂਜੀ ਗੱਲ ਹੋਈ ਸੀ ਅਤੇ ਉਨ੍ਹਾਂ ਨੇ ਆਪਣੇ ਤਮਗ਼ੇ ਪਾਉਣ ਲਈ ਕਾਫ਼ੀ ਵੱਖਰੀ ਤਰ੍ਹਾਂ ਦੇ ਕੰਮ ਕੀਤੇ ਸਨ। ਮੈਂ ਜਖ਼ਮੀ ਹੋਇਆ ਸੀ, ਇਹ ਸੱਚ ਸੀ; ਲੇਕਿਨ ਅਸੀਂ ਸਾਰੇ ਜਾਣਦੇ ਸਾਂ ਕਿ ਜਖ਼ਮੀ ਹੋਣਾ ਆਖ਼ਿਰਕਾਰ ਇੱਕ ਦੁਰਘਟਨਾ ਸੀ। ਹਾਲਾਂਕਿ ਮੈਂ ਫ਼ੀਤੀਆਂ ਲਈ ਕਦੇ ਸ਼ਰਮਿੰਦਾ ਨਹੀਂ ਸੀ ਅਤੇ ਕਦੇ ਕਦੇ ਕਾਕਟੇਲ ਪਾਰਟੀ ਦੇ ਬਾਅਦ ਮੈਂ ਕਲਪਨਾ ਕਰਦਾ ਕਿ ਮੈਂ ਵੀ ਉਹ ਸਾਰੇ ਕੰਮ ਕੀਤੇ ਸਨ ਜੋ ਉਨ੍ਹਾਂ ਨੇ ਆਪਣੇ ਤਮਗ਼ੇ ਲੈਣ ਲਈ ਕੀਤੇ ਸਨ; ਪਰ ਰਾਤ ਨੂੰ ਠੰਡੀ ਹਵਾ ਨਾਲ ਜੂਝਦਾ ਖਾਲੀ ਸੜਕਾਂ ਉੱਤੇ ਜਦੋਂ ਮੈਂ ਘਰ ਆ ਰਿਹਾ ਹੁੰਦਾ ਅਤੇ ਸਾਰੀਆਂ ਦੁਕਾਨਾਂ ਬੰਦ ਹੁੰਦੀਆਂ ਅਤੇ ਮੈਂ ਸੜਕ ਉੱਤੇ ਲੱਗੀਆਂ ਬੱਤੀਆਂ ਦੇ ਕਰੀਬ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ, ਤੱਦ ਮੈਂ ਜਾਣਦਾ ਸੀ ਕਿ ਮੈਂ ਅਜਿਹੇ ਕੰਮ ਕਦੇ ਨਾ ਕਰ ਪਾਉਂਦਾ। ਮੈਂ ਮਰਨ ਤੋਂ ਬੇਹੱਦ ਡਰਦਾ ਸੀ ਅਤੇ ਅਕਸਰ ਰਾਤ ਨੂੰ ਬਿਸਤਰ ਉੱਤੇ ਇਕੱਲਾ ਪਿਆ ਰਹਿੰਦਾ ਸੀ, ਮਰਨ ਤੋਂ ਡਰਦਾ ਅਤੇ ਹੈਰਾਨ ਹੁੰਦਾ ਕਿ ਜਦ ਮੈਂ ਮੁਹਾਜ਼ ਉੱਤੇ ਦੁਬਾਰਾ ਗਿਆ ਤਾਂ ਕੀ ਹੋਵਾਂਗਾ। ਤਮਗ਼ੇ ਵਾਲੇ ਉਹ ਤਿੰਨੋਂ ਸ਼ਿਕਾਰੀ ਬਾਜ਼ ਸਨ ਅਤੇ ਮੈਂ ਬਾਜ਼ ਨਹੀਂ ਸੀ, ਹਾਲਾਂਕਿ ਮੈਂ ਉਨ੍ਹਾਂ ਨੂੰ ਬਾਜ਼ ਲੱਗ ਸਕਦਾ ਸੀ ਜਿਨ੍ਹਾਂ ਨੇ ਕਦੇ ਸ਼ਿਕਾਰ ਨਹੀਂ ਕੀਤਾ ਸੀ। ਉਹ ਤਿੰਨੋਂ ਬਿਹਤਰ ਜਾਣਦੇ ਸਨ ਇਸ ਲਈ ਅਸੀਂ ਵੱਖ ਹੋ ਗਏ। ਪਰ ਮੈਂ ਉਸ ਮੁੰਡੇ ਦਾ ਅੱਛਾ ਮਿੱਤਰ ਬਣਿਆ ਰਿਹਾ ਜੋ ਆਪਣੇ ਪਹਿਲੇ ਦਿਨ ਹੀ ਮੁਹਾਜ਼ ਉੱਤੇ ਜਖ਼ਮੀ ਹੋ ਗਿਆ ਸੀ ਕਿਉਂਕਿ ਹੁਣ ਉਹ ਕਦੇ ਨਹੀਂ ਜਾਣ ਸਕਦਾ ਸੀ ਕਿ ਉਹ ਕਿਹੋ ਜਿਹਾ ਨਿਕਲਦਾ। ਮੈਂ ਉਸਨੂੰ ਚਾਹੁੰਦਾ ਸੀ ਕਿਉਂਕਿ ਮੇਰਾ ਮੰਨਣਾ ਸੀ ਕਿ ਸ਼ਾਇਦ ਉਹ ਵੀ ਬਾਜ਼ ਨਾ ਬਣਦਾ।

ਮੇਜਰ, ਜੋ ਮਹਾਨ ਤਲਵਾਰਬਾਜ਼ ਰਿਹਾ ਸੀ, ਬਹਾਦਰੀ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ ਅਤੇ ਜਦੋਂ ਅਸੀਂ ਮਸ਼ੀਨਾਂ ਵਿੱਚ ਬੈਠੇ ਹੁੰਦੇ ਤਾਂ ਉਹ ਆਪਣਾ ਕਾਫ਼ੀ ਸਮਾਂ ਮੇਰੀ ਵਿਆਕਰਣ ਦਰੁਸਤ ਕਰਨ ਵਿੱਚ ਬਤੀਤ ਕਰਦਾ ਸੀ। ਮੈਂ ਜਿਸ ਤਰ੍ਹਾਂ ਦੀ ਇਤਾਲਵੀ ਬੋਲਦਾ ਸੀ ਉਸਦੇ ਲਈ ਉਸਨੇ ਮੇਰੀ ਪ੍ਰਸ਼ੰਸਾ ਕੀਤੀ ਸੀ ਅਤੇ ਅਸੀਂ ਆਪਸ ਵਿੱਚ ਕਾਫ਼ੀ ਸੌਖ ਨਾਲ ਗੱਲਾਂ ਕਰਦੇ ਸਾਂ। ਇੱਕ ਦਿਨ ਮੈਂ ਕਿਹਾ ਸੀ ਕਿ ਮੈਨੂੰ ਇਤਾਲਵੀ ਇੰਨੀ ਸਰਲ ਭਾਸ਼ਾ ਲੱਗਦੀ ਸੀ ਕਿ ਮੈਂ ਉਸ ਵਿੱਚ ਜ਼ਿਆਦਾ ਰੁਚੀ ਨਹੀਂ ਲੈ ਸਕਦਾ ਸੀ। ਸਭ ਕੁੱਝ ਕਹਿਣ ਵਿੱਚ ਬੇਹੱਦ ਆਸਾਨ ਸੀ। “ਓ, ਸਹੀ ਹੈ,” ਮੇਜਰ ਨੇ ਕਿਹਾ। “ਤਾਂ ਫਿਰ ਤੂੰ ਵਿਆਕਰਣ ਦੇ ਇਸਤੇਮਾਲ ਨੂੰ ਹੱਥ ਕਿਉਂ ਨਹੀਂ ਪਾਉਂਦਾ?” ਇਸ ਲਈ ਅਸੀਂ ਵਿਆਕਰਣ ਦੇ ਇਸਤੇਮਾਲ ਨੂੰ ਹੱਥ ਪਾ ਲਿਆ ਅਤੇ ਜਲਦੀ ਹੀ ਇਤਾਲਵੀ ਇੰਨੀ ਔਖੀ ਭਾਸ਼ਾ ਹੋ ਗਈ ਕਿ ਮੈਂ ਉਦੋਂ ਤੱਕ ਉਸ ਨਾਲ ਗੱਲ ਕਰਨ ਤੋਂ ਡਰਦਾ ਸੀ ਜਦੋਂ ਤੱਕ ਕਿ ਮੇਰੇ ਦਿਮਾਗ਼ ਵਿੱਚ ਵਿਆਕਰਨ ਦੀ ਤਸਵੀਰ ਸਾਫ਼ ਨਹੀਂ ਸੀ ਹੋ ਜਾਂਦੀ।

ਮੇਜਰ ਕਾਫ਼ੀ ਨੇਮ ਨਾਲ ਹਸਪਤਾਲ ਆਉਂਦਾ ਸੀ। ਮੈਨੂੰ ਨਹੀਂ ਲੱਗਦਾ ਕਿ ਉਹ ਇੱਕ ਦਿਨ ਵੀ ਖੁੰਜਿਆ ਹੋਵੇ, ਹਾਲਾਂਕਿ ਮੈਨੂੰ ਪੱਕਾ ਭਰੋਸਾ ਹੈ ਕਿ ਉਸ ਦਾ ਮਸ਼ੀਨਾਂ ਤੇ ਵਿਸ਼ਵਾਸ ਨਹੀਂ ਸੀ। ਇੱਕ ਸਮਾਂ ਸੀ ਜਦੋਂ ਸਾਡੇ ਵਿੱਚੋਂ ਕਿਸੇ ਨੂੰ ਵੀ ਮਸ਼ੀਨਾਂ ਤੇ ਭਰੋਸਾ ਨਹੀਂ ਸੀ ਅਤੇ ਇੱਕ ਦਿਨ ਮੇਜਰ ਨੇ ਕਿਹਾ ਸੀ ਕਿ ਇਹ ਸਭ ਬੇਵਕੂਫ਼ੀ ਸੀ। ਉਦੋਂ ਮਸ਼ੀਨਾਂ ਨਵੀਆਂ ਸਨ ਅਤੇ ਅਸੀਂ ਹੀ ਉਨ੍ਹਾਂ ਦੀ ਉਪਯੋਗਿਤਾ ਨੂੰ ਸਿੱਧ ਕਰਨਾ ਸੀ। ਇਹ ਇੱਕ ਅਹਿਮਕਾਨਾ ਵਿਚਾਰ ਸੀ, ਮੇਜਰ ਨੇ ਕਿਹਾ ਸੀ, ਇੱਕ ਥਿਊਰੀ, ਕਿਸੇ ਦੂਜੀ ਦੀ ਤਰ੍ਹਾਂ। ਮੈਂ ਆਪਣੀ ਵਿਆਕਰਣ ਨਹੀਂ ਸਿੱਖੀ ਸੀ ਅਤੇ ਉਸਨੇ ਕਿਹਾ ਕਿ ਕਿ ਮੈਂ ਇੱਕ ਨਾ ਸੁਧਰਣ ਵਾਲਾ ਮੂਰਖ ਅਤੇ ਕਲੰਕ ਸੀ ਅਤੇ ਉਹ ਆਪ ਮੂਰਖ ਸੀ ਕਿ ਉਸਨੇ ਮੇਰੇ ਲਈ ਖਾਹਮਖਾਹ ਪਰੇਸ਼ਾਨੀ ਮੁੱਲ ਲਈ। ਉਹ ਇੱਕ ਛੋਟੇ ਕੱਦ ਦਾ ਵਿਅਕਤੀ ਸੀ ਅਤੇ ਉਹ ਆਪਣਾ ਚੰਗਾ ਹੱਥ ਮਸ਼ੀਨ ਵਿੱਚ ਘੁਸਾ ਕੇ ਆਪਣੀ ਕੁਰਸੀ ਤੇ ਸਿੱਧਾ ਬੈਠ ਜਾਂਦਾ ਅਤੇ ਸਿੱਧਾ ਅੱਗੇ ਕੰਧ ਵੱਲ ਵੇਖਦਾ ਜਦੋਂ ਕਿ ਫੀਤਿਆਂ ਵਿੱਚ ਉਸਦੀਆਂ ਉਂਗਲੀਆਂ ਉੱਪਰ-ਹੇਠਾਂ ਬੁੜਕਦੀਆਂ।

“ਜੇਕਰ ਲੜਾਈ ਖ਼ਤਮ ਹੋ ਗਈ, ਤਾਂ ਤੂੰ ਕੀ ਕਰੇਂਗਾ?”

“ਮੈਂ ਅਮਰੀਕਾ ਚਲਾ ਜਾਵਾਂਗਾ।”

“ਕੀ ਤੂੰ ਸ਼ਾਦੀ-ਸ਼ੁਦਾ ਹੈਂ?”

“ਨਹੀਂ, ਪਰ ਮੈਨੂੰ ਉਮੀਦ ਹੈ।”

“ਤੂੰ ਹੋਰ ਵੀ ਵੱਡਾ ਮੂਰਖ ਹੈਂ,” ਉਸਨੇ ਕਿਹਾ। ਉਹ ਬਹੁਤ ਨਰਾਜ ਲੱਗਦਾ ਸੀ। “ਆਦਮੀ ਨੂੰ ਕਦੇ ਸ਼ਾਦੀ ਨਹੀਂ ਕਰਾਉਣੀ ਚਾਹੀਦੀ।”

“ਕਿਉਂ ਸਿਗਨਿਓਰ ਮੈਜਯੋਰੇ?”

“ਮੈਨੂੰ ਸਿਗਨਿਓਰ ਮੈਜਯੋਰੇ ਨਾ ਕਹਿ।”

“ ਕਿਉਂ ਆਦਮੀ ਨੂੰ ਸ਼ਾਦੀ ਕਦੇ ਵੀ ਨਹੀਂ ਕਰਾਉਣੀ ਚਾਹੀਦੀ?”

“ਉਹ ਸ਼ਾਦੀ ਨਹੀਂ ਕਰਾ ਸਕਦਾ। ਉਹ ਸ਼ਾਦੀ ਨਹੀਂ ਕਰਾ ਸਕਦਾ,” ਉਸਨੇ ਗ਼ੁੱਸੇ ਨਾਲ ਕਿਹਾ। “ਜੇਕਰ ਉਸਨੇ ਸਭ ਕੁੱਝ ਗੁਆਉਣਾ ਹੈ ਤਾਂ ਉਸਨੂੰ ਆਪਣੇ ਆਪ ਨੂੰ ਸਭ ਕੁੱਝ ਗੁਆ ਦੇਣ ਦੀ ਹਾਲਤ ਵਿੱਚ ਨਹੀਂ ਲਿਆਉਣਾ ਚਾਹੀਦਾ। ਉਸਨੂੰ ਆਪਣੇ ਆਪ ਨੂੰ ਗੁਆਉਣ ਦੀ ਹਾਲਤ ਵਿੱਚ ਕਦੇ ਵੀ ਨਹੀਂ ਲਿਆਉਣਾ ਚਾਹੀਦਾ। ਉਸਨੂੰ ਉਹ ਕੁਝ ਢੂੰਡਣਾ ਚਾਹੀਦਾ ਹੈ ਜੋ ਉਹ ਗੁਆ ਨਹੀਂ ਸਕਦਾ।”

ਉਹ ਬਹੁਤ ਗ਼ੁੱਸੇ ਅਤੇ ਕੁੜੱਤਣ ਨਾਲ ਬੋਲ ਰਿਹਾ ਸੀ ਅਤੇ ਬੋਲਦੇ ਵਕਤ ਸਿੱਧਾ ਸਾਹਮਣੇ ਵੇਖ ਰਿਹਾ ਸੀ।

“ਪਰ ਇਹ ਕਿਉਂ ਹੈ ਕਿ ਉਹ ਉਸ ਨੂੰ ਅਵਸ਼ ਗੁਆ ਦੇਵੇਗਾ?”

“ਉਹ ਉਸ ਨੂੰ ਗੁਆ ਦੇਵੇਗਾ,” ਮੇਜਰ ਨੇ ਕਿਹਾ। ਉਹ ਕੰਧ ਵੱਲ ਵੇਖੀ ਜਾ ਰਿਹਾ ਸੀ। ਫਿਰ ਉਸਨੇ ਹੇਠਾਂ ਮਸ਼ੀਨ ਵੱਲ ਵੇਖਿਆ ਅਤੇ ਝਟਕੇ ਨਾਲ ਆਪਣਾ ਛੋਟਾ ਜਿਹਾ ਹੱਥ ਫੀਤਿਆਂ ਵਿੱਚੋਂ ਕੱਢ ਲਿਆ ਅਤੇ ਉਸਨੂੰ ਆਪਣੇ ਪੱਟ ਉੱਤੇ ਜ਼ੋਰ ਨਾਲ ਦੇ ਮਾਰਿਆ। “ਉਹ ਉਸ ਨੂੰ ਗੁਆ ਦੇਵੇਗਾ,” ਉਹ ਲੱਗਪਗ ਚੀਖਿਆ। “ਮੇਰੇ ਨਾਲ ਬਹਿਸ ਮਤ ਕਰ!” ਫਿਰ ਉਸਨੇ ਨੌਕਰ ਨੂੰ ਹਾਕ ਮਾਰੀ ਜੋ ਮਸ਼ੀਨਾਂ ਨੂੰ ਚਲਾਂਦਾ ਸੀ। “ਆ ਅਤੇ ਇਸ ਕੁਲਹਿਣੀ ਨੂੰ ਬੰਦ ਕਰ।”

ਉਹ ਹਲਕੇ ਇਲਾਜ ਅਤੇ ਮਾਲਿਸ਼ ਲਈ ਵਾਪਸ ਦੂਜੇ ਕਮਰੇ ਵਿੱਚ ਚਲਾ ਗਿਆ। ਫਿਰ ਮੈਂ ਉਸਨੂੰ ਡਾਕਟਰ ਕੋਲੋਂ ਪੁੱਛਦੇ ਸੁਣਿਆ ਕਿ ਕੀ ਉਹ ਉਸਦਾ ਟੈਲੀਫੋਨ ਇਸਤੇਮਾਲ ਕਰ ਸਕਦਾ ਹੈ ਅਤੇ ਫਿਰ ਉਸਨੇ ਬੂਹਾ ਬੰਦ ਕਰ ਦਿੱਤਾ। ਜਦੋਂ ਉਹ ਵਾਪਸ ਕਮਰੇ ਵਿੱਚ ਆਇਆ ਤਾਂ ਮੈਂ ਦੂਜੀ ਮਸ਼ੀਨ ਵਿੱਚ ਬੈਠਾ ਸੀ। ਉਸਨੇ ਆਪਣਾ ਲਬਾਦਾ ਪਾਇਆ ਹੋਇਆ ਸੀ ਅਤੇ ਟੋਪੀ ਲਗਾ ਲਈ ਸੀ ਅਤੇ ਉਹ ਸਿੱਧਾ ਮੇਰੀ ਮਸ਼ੀਨ ਦੇ ਕੋਲ ਆਇਆ ਅਤੇ ਮੇਰੇ ਮੋਢੇ ਉੱਤੇ ਆਪਣੀ ਬਾਂਹ ਰੱਖ ਦਿੱਤੀ।

“ਮੈਨੂੰ ਬੇਹੱਦ ਦੁੱਖ ਹੈ,” ਉਸਨੇ ਕਿਹਾ, ਅਤੇ ਆਪਣੇ ਚੰਗੇ ਹੱਥ ਨਾਲ ਮੇਰੇ ਮੋਢੇ ਨੂੰ ਥਪਥਪਾਇਆ। “ਮੈਨੂੰ ਕੁਰੱਖਤ ਨਹੀਂ ਸੀ ਹੋਣਾ ਚਾਹੀਦਾ। ਮੇਰੀ ਪਤਨੀ ਦੀ ਮੌਤ ਹਾਲ ਹੀ ਵਿੱਚ ਹੋਈ ਹੈ। ਮੈਨੂੰ ਮਾਫ ਕਰ ਦੇ। ”

“ਓਹ!” ਮੈਂ ਉਸਦੇ ਲਈ ਦੁਖੀ ਹੁੰਦੇ ਹੋਏ ਕਿਹਾ। “ਮੈਨੂੰ ਵੀ ਬੇਹੱਦ ਦੁੱਖ ਹੈ।”

ਉਹ ਆਪਣਾ ਹੇਠਲਾ ਬੁੱਲ੍ਹ ਟੁੱਕਦਾ ਉਥੇ ਹੀ ਖੜਾ ਰਿਹਾ। “ਇਹ ਬਹੁਤ ਔਖਾ ਹੈ,” ਉਸਨੇ ਕਿਹਾ। “ਮੈਂ ਇਸਨੂੰ ਨਹੀਂ ਸਹਿ ਸਕਦਾ।”

ਉਹ ਸਿੱਧਾ ਮੇਰੇ ਤੋਂ ਪਾਰ ਅਤੇ ਖਿੜਕੀ ਤੋਂ ਬਾਹਰ ਦੇਖਣ ਲਗਾ। ਫਿਰ ਉਸਨੇ ਰੋਣਾ ਸ਼ੁਰੂ ਕਰ ਦਿੱਤਾ। “ਮੈਂ ਇਸਨੂੰ ਸਹਿਣ ਦੇ ਸਮਰਥ ਨਹੀਂ ਹਾਂ,” ਉਸਨੇ ਕਿਹਾ ਅਤੇ ਉਸਦਾ ਗੱਚ ਭਰ ਆਇਆ। ਅਤੇ ਫਿਰ ਰੋਂਦੇ ਹੋਏ, ਆਪਣੇ ਉੱਪਰ ਨੂੰ ਕੀਤੇ ਹੋਏ ਸਿਰ ਨਾਲ ਖ਼ਾਲੀਪਣ ਵਿੱਚ ਝਾਕਦੇ ਹੋਏ, ਆਪਣੇ ਆਪ ਨੂੰ ਸਿੱਧਾ ਅਤੇ ਫੌਜੀ ਜਵਾਨਾਂ ਦੀ ਤਰ੍ਹਾਂ ਤਕੜਾ ਕਰਦੇ ਹੋਏ, ਦੋਨੋਂ ਗੱਲ੍ਹਾਂ ਉੱਤੇ ਅੱਥਰੂ ਅਟਕਾਈਂ ਅਤੇ ਆਪਣੇ ਬੁਲ੍ਹਾਂ ਨੂੰ ਟੁੱਕਦੇ ਹੋਏ ਉਹ ਮਸ਼ੀਨਾਂ ਤੋਂ ਅੱਗੇ ਨਿਕਲ ਗਿਆ ਅਤੇ ਬੂਹੇ ਤੋਂ ਬਾਹਰ ਹੋ ਗਿਆ।

ਡਾਕਟਰ ਨੇ ਮੈਨੂੰ ਦੱਸਿਆ ਕਿ ਮੇਜਰ ਦੀ ਪਤਨੀ, ਜੋ ਜਵਾਨ ਸੀ ਅਤੇ ਜਿਸਦੇ ਨਾਲ ਉਸਨੇ ਉਦੋਂ ਤੱਕ ਸ਼ਾਦੀ ਨਹੀਂ ਕੀਤੀ ਸੀ ਜਦੋਂ ਤੱਕ ਉਹ ਪੱਕੀ ਤਰ੍ਹਾਂ ਲੜਾਈ ਲਈ ਅਯੋਗ ਨਹੀਂ ਠਹਿਰਾ ਦਿੱਤਾ ਗਿਆ ਸੀ, ਨਿਮੋਨੀਏ ਨਾਲ ਮਰੀ ਸੀ। ਉਹ ਕੇਵਲ ਕੁੱਝ ਦਿਨ ਹੀ ਬੀਮਾਰ ਰਹੀ ਸੀ।

ਕਿਸੇ ਨੂੰ ਉਸਦੀ ਮੌਤ ਦਾ ਅੰਦੇਸ਼ਾ ਨਹੀਂ ਸੀ। ਮੇਜਰ ਤਿੰਨ ਦਿਨ ਹਸਪਤਾਲ ਨਹੀਂ ਆਇਆ। ਜਦੋਂ ਉਹ ਵਾਪਸ ਆਇਆ ਤਾਂ ਕੰਧ ਉੱਤੇ ਚਾਰੇ ਪਾਸੇ ਮਸ਼ੀਨਾਂ ਨਾਲ ਠੀਕ ਕਰ ਦਿੱਤੇ ਜਾਣ ਤੋਂ ਪਹਿਲਾਂ ਅਤੇ ਬਾਅਦ ਦੀਆਂ ਹਰ ਤਰ੍ਹਾਂ ਦੇ ਜਖ਼ਮਾਂ ਦੀਆਂ ਫਰੇਮ ਕੀਤੀਆਂ ਵੱਡੀਆਂ ਵੱਡੀਆਂ ਤਸਵੀਰਾਂ ਲਮਕਦੀਆਂ ਸਨ। ਜੋ ਮਸ਼ੀਨ ਮੇਜਰ ਇਸਤੇਮਾਲ ਕਰਦਾ ਸੀ ਉਸਦੇ ਸਾਹਮਣੇ ਉਸਦੇ ਹੱਥ ਵਰਗੇ ਹੱਥਾਂ ਦੀ ਤਿੰਨ ਤਸਵੀਰਾਂ ਸਨ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਕਰ ਦਿੱਤਾ ਗਿਆ ਸੀ। ਮੈਂ ਨਹੀਂ ਜਾਣਦਾ, ਡਾਕਟਰ ਉਹ ਕਿੱਥੋਂ ਲਿਆਇਆ। ਮੈਂ ਹਮੇਸ਼ਾ ਸਮਝਦਾ ਸੀ ਕਿ ਮਸ਼ੀਨਾਂ ਦਾ ਇਸਤੇਮਾਲ ਕਰਨ ਵਾਲੇ ਅਸੀਂ ਹੀ ਪਹਿਲੇ ਲੋਕ ਸਾਂ। ਤਸਵੀਰਾਂ ਨਾਲ ਮੇਜਰ ਨੂੰ ਕੋਈ ਜ਼ਿਆਦਾ ਫ਼ਰਕ ਨਹੀਂ ਪਿਆ ਕਿਉਂਕਿ ਉਹ ਬੱਸ ਖਿੜਕੀ ਤੋਂ ਬਾਹਰ ਵੇਖਦਾ ਰਹਿੰਦਾ ਸੀ।

ਅਨੁਵਾਦ:- ਚਰਨ ਗਿੱਲ

ਡਾਰਲਿੰਗ – ਕਹਾਣੀ (ਐਂਤਨ ਚੈਖਵ)

September 5, 2018 by

ਪੰਤਾਲੀ ਸਾਲ ਪਹਿਲਾਂ ਪਹਿਲੀ ਵਾਰ ਪੜ੍ਹੀ ਚੈਖਵ ਦੀ ਇੱਕ ਕਹਾਣੀ ਜੋ ਮੇਰੀਆਂ ਮਨਪਸੰਦ ਕਹਾਣੀਆਂ ਵਿੱਚ ਸ਼ਾਮਲ ਹੈ। ਇਸ ਨੂੰ ਅਨੁਵਾਦ ਕਰਦਿਆਂ ਪੰਜ ਦਿਨ ਲੱਗ ਗਏ। ਸ਼ਾਇਦ ਪੰਜਾਬੀ ਵਿੱਚ ਪਹਿਲੀ ਵਾਰ ਇਹ ਅਨੁਵਾਦ ਹੋਈ ਹੈ!

ਡਾਰਲਿੰਗ – ਕਹਾਣੀ (ਐਂਤਨ ਚੈਖਵ)
ਰਿਟਾਇਰ ਕਾਲਜੀਏਟ ਅਸੈਸਰ ਪਲੀਨੀਨੇਕੋਵ ਦੀ ਬੇਟੀ ਓਲੇਂਕਾ ਆਪਣੇ ਘਰ ਦੇ ਵਰਾਂਡੇ ਵਿੱਚ ਬੈਠੀ ਸੀ। ਹਾਲਾਂਕਿ ਉਸਨੂੰ ਮੱਖੀਆਂ ਬਹੁਤ ਸਤਾ ਰਹੀਆਂ ਸਨ ਫਿਰ ਵੀ ਇਹ ਸੋਚਕੇ ਕਿ ਸ਼ਾਮ ਤਾਂ ਹੋ ਹੀ ਗਈ ਉਹ ਬੜੀ ਖੁਸ਼ ਹੋ ਰਹੀ ਸੀ। ਪੂਰਬ ਵੱਲੋਂ ਘਣੇ ਕਾਲੇ ਬੱਦਲ ਘੋਰਦੇ ਆ ਰਹੇ ਸਨ।

ਕੁਕੀਨ, ਜੋ ਓਲੇਂਕਾ ਦੇ ਮਕਾਨ ਵਿੱਚ ਹੀ ਇੱਕ ਕਿਰਾਏ ਦਾ ਕਮਰਾ ਲੈ ਕੇ ਰਹਿੰਦਾ ਸੀ, ਬਾਹਰ ਖੜਾ ਅਕਾਸ਼ ਦੇ ਵੱਲ ਵੇਖ ਰਿਹਾ ਸੀ। ਉਹ ਤਿਵੋਲੀ ਮਨੋਰੰਜਨ ਕੰਪਨੀ ਦਾ ਮੈਨੇਜਰ ਸੀ।

“ਹੂੰ, ਮੀਂਹ, ਨਿੱਤ ਪੈ ਜਾਂਦਾ ਇਹ ਕੁਲਹਿਣਾ ਮੀਂਹ! ਨੱਕ ਵਿੱਚ ਦਮ ਹੋ ਗਿਆ।” ਕੁਕੀਨ ਆਪਣੇ ਆਪ ਨੂੰ ਕਹਿ ਰਿਹਾ ਸੀ – “ਹਰ ਰੋਜ ਕੰਪਨੀ ਦਾ ਨੁਕਸਾਨ ਹੁੰਦਾ ਹੈ। ਬਰਬਾਦ ਹੋ ਗਿਆ ਮੈਂ।” ਫਿਰ ਓਲੇਂਕਾ ਵੱਲ ਮੁੜ ਕੇ ਬੋਲਿਆ, “ਮੇਰੀ ਜ਼ਿੰਦਗੀ ਕਿੰਨੀ ਬੁਰੀ ਹੈ! ਬਿਨਾਂ ਖਾਧੇ ਪੀਤੇ ਰਾਤ ਭਰ ਲੱਗੇ ਰਹਿੰਦੇ ਹਾਂ ਤਾਂ ਜੋ ਨਾਟਕ, ਓਪੇਰੇ ਜਾਂ ਹੋਰ ਕਿਸੇ ਪੇਸ਼ਕਾਰੀ ਵਿੱਚ ਜਰਾ ਜਿੰਨੀ ਕਸਰ ਨਾ ਰਹਿ ਜਾਵੇ। ਸੋਚਦੇ ਸੋਚਦੇ ਮਰ ਜਾਂਦਾ ਹਾਂ ਪਰ ਤੈਨੂੰ ਪਤਾ ਸਿੱਟਾ ਕੀ ਨਿਕਲਦਾ ਹੈ? ਇੰਨੇ ਉੱਚੇ ਦਰਜੇ ਦੀ ਚੀਜ ਕਿਸੇ ਦੇ ਵੀ ਸਮਝ ਨਹੀਂ ਪੈਂਦੀ। ਜਨਤਾ ਬੇਵਕੂਫ਼ੀ ਦੀਆਂ ਗੱਲਾਂ ਨੂੰ, ਖੱਪਖਾਨੇ ਨੂੰ ਬਹੁਤ ਪਸੰਦ ਕਰਦੀ ਹੈ। ਅਤੇ ਫਿਰ ਮੌਸਮ ਦਾ ਇਹ ਹਾਲ ਹੈ! ਵੇਖ ਨਾ ਰੋਜ ਸ਼ਾਮ ਨੂੰ ਪਾਣੀ ਬਰਸਣ ਲੱਗਦਾ ਹੈ। ਮਈ ਦੀ ਦਸ ਤਾਰੀਖ ਤੋਂ ਪਾਣੀ ਸ਼ੁਰੂ ਹੋਇਆ, ਅਤੇ ਸਾਰਾ ਜੂਨ ਬਰਸਦਾ ਰਿਹਾ। ਜੋ ਪਹਿਲਾਂ ਨਾਟਕ ਦੇਖਣ ਆਉਂਦੇ ਵੀ ਸਨ, ਉਹ ਹੁਣ ਇਸ ਪਾਣੀ ਦੇ ਮਾਰੇ ਨਹੀਂ ਆਉਂਦੇ। ਕੁੱਝ ਵੀ ਨਹੀਂ ਮਿਲਦਾ, ਐਕਟਰਾਂ ਨੂੰ ਦੇਣ ਲਈ ਰੁਪਿਆ ਕਿੱਥੋ ਲਿਆਵਾਂ, ਕੁੱਝ ਵੀ ਸਮਝ ਨਹੀਂ ਪੈਂਦਾ।”

ਦੂਜੇ ਦਿਨ ਸ਼ਾਮ ਨੂੰ ਠੀਕ ਸਮੇਂ ਤੇ ਆਕਾਸ਼ ਵਿੱਚ ਫਿਰ ਬੱਦਲ ਘਿਰਨ ਲੱਗੇ। ਕੁਕੀਨ ਲਾਪਰਵਾਹੀ ਨਾਲ ਹਸ ਕੇ ਬੋਲਿਆ – “ਹੂੰ। ਜਾਣ ਵੀ ਦੇ ਭਲੇਮਾਣਸ! ਚਾਹੇ ਮੈਨੂੰ ਅਤੇ ਮੇਰੀ ਕੰਪਨੀ ਨੂੰ ਡੋਬ ਦੇ, ਮੈਨੂੰ ਕੋਈ ਪਰਵਾਹ ਨਹੀਂ। ਕੀ ਹੋਜੂ ਜੇ ਇਸ ਜੀਵਨ ਵਿੱਚ ਮੈਂ ਅਭਾਗਾ ਹੀ ਰਹਾਂ, ਤੇ ਅਗਲੀ ਚ ਵੀ। ਜੇਕਰ ਸਭ ਐਕਟਰ ਮਿਲ ਕੇ ਮੇਰੇ ਉੱਤੇ ਮੁਕੱਦਮਾ ਚਲਾ ਦੇਣ…। ਹਾ… ਹਾ..ਹਾ ..!”

ਤੀਸਰੇ ਦਿਨ ਫਿਰ ਉਹੀ ਪਾਣੀ! ਬੇਚਾਰੇ ਕੁਕੀਨ ਦਾ ਦਿਲ ਰੋ ਰਿਹਾ ਸੀ।

ਓਲੇਂਕਾ ਨੇ ਚੁਪਚਾਪ ਬਹੁਤ ਧਿਆਨ ਨਾਲ ਕੁਕੀਨ ਦੀਆਂ ਗੱਲਾਂ ਸੁਣੀਆਂ। ਕਦੇ ਕਦੇ ਉਸਦੀਆਂ ਅੱਖਾਂ ਵਿੱਚ ਦੋ ਬੂੰਦ ਅੱਥਰੂ ਵੀ ਟਪਕ ਪੈਂਦੇ ਸਨ। ਓਲੇਂਕਾ ਨੂੰ ਕੁਕੀਨ ਨਾਲ ਬਹੁਤ ਹਮਦਰਦੀ ਹੋਣ ਲੱਗੀ ਸੀ। ਕੁਕੀਨ ਇੱਕ ਨਿਕਚੂ ਜਿਹਾ ਪਤਲਾ ਜਿਹਾ ਆਦਮੀ ਸੀ, ਚਿਹਰਾ ਪੀਲਾ ਅਤੇ ਲੰਬੇ ਵਾਲ ਅੱਗੇ ਨੂੰ ਮੱਥੇ ਤੇ ਵਾਹ ਕੇ ਰੱਖਦਾ ਸੀ। ਜਦੋਂ ਉਹ ਗੱਲ ਕਰਦਾ ਤਾਂ ਉਸਦਾ ਮੂੰਹ ਇਕ ਪਾਸੇ ਨੂੰ ਢਿਲਕ ਜਾਂਦਾ ਸੀ ਅਤੇ ਉਸਦੇ ਹਾਵ ਭਾਵ ਉਦਾਸ ਹੁੰਦੇ ਸੀ। ਉਸਦੀ ਅਵਾਜ਼ ਬਹੁਤ ਪਤਲੀ ਅਤੇ ਤਿੱਖੀ ਸੀ। ਫਿਰ ਵੀ ਉਸ ਨੇ ਓਲੇਂਕਾ ਅੰਦਰ ਇਕ ਡੂੰਘਾ ਤੇ ਸੱਚਾ ਪਿਆਰ ਪੈਦਾ ਕਰ ਦਿੱਤਾ ਸੀ। ਓਲੇਂਕਾ ਅੱਜ ਤੱਕ ਕਿਸੇ ਨਾ ਕਿਸੇ ਨੂੰ ਪਿਆਰ ਕਰਦੀ ਆਈ ਸੀ ਤੇ ਪਿਆਰ ਬਿਨਾਂ ਉਹ ਰਹੀ ਨਹੀਂ ਸਕਦੀ ਸੀ। ਪਹਿਲਾਂ ਉਹ ਆਪਣੇ ਬੀਮਾਰ ਬਾਪ ਨੂੰ ਪਿਆਰ ਕਰਦੀ ਸੀ ਜੋ ਹਮੇਸ਼ਾ ਹਨੇਰੇ ਕਮਰੇ ਵਿੱਚ ਆਰਾਮ ਕੁਰਸੀ ਉੱਤੇ ਲੇਟ ਕੇ, ਲੰਮੇ ਲੰਮੇ ਸਾਹ ਲਿਆ ਕਰਦਾ ਸੀ। ਉਹ ਆਪਣੀ ਚਾਚੀ ਨੂੰ ਪਿਆਰ ਕਰ ਚੁੱਕੀ ਸੀ ਜੋ ਸਾਲ ਭਰ ਵਿੱਚ ਇੱਕ ਜਾਂ ਦੋ ਵਾਰ ਬਿਆਤਸਕਾ ਤੋਂ ਓਲੇਂਕਾ ਨੂੰ ਮਿਲਣ ਆਇਆ ਕਰਦੀ ਸੀ। ਹਾਂ ਉਸਦੇ ਪਹਿਲਾਂ ਉਹ ਆਪਣੇ ਫਰਾਂਸੀਸੀ ਦੇ ਅਧਿਆਪਕ ਨੂੰ ਪਿਆਰ ਕਰਦੀ ਸੀ ਅਤੇ ਹੁਣ ਉਹ ਕੁਕੀਨ ਨਾਲ ਪ੍ਰੇਮ ਕਰਨ ਲੱਗੀ ਸੀ। ਉਹ ਇੱਕ ਕੋਮਲ, ਨਰਮ-ਦਿਲ, ਦਿਆਲੂ ਲੜਕੀ ਸੀ, ਜਿਸ ਦੀਆਂ ਹਲਕੀਆਂ, ਕੋਮਲ ਅੱਖਾਂ ਸਨ ਅਤੇ ਵਧੀਆ ਸਿਹਤ ਸੀ। ਉਸ ਦੀਆਂ ਭਰਵੀਆਂ ਗੁਲਾਬੀ ਗੱਲ੍ਹਾਂ, ਉਸ ਦੀ ਕੋਮਲ ਗੋਰੀ ਧੌਣ ਤੇ ਇਕ ਛੋਟਾ ਜਿਹਾ ਕਾਲਾ ਤਿਣ, ਅਤੇ ਜਦੋਂ ਵੀ ਉਹ ਕੁਝ ਵੀ ਸੁਹਾਵਣਾ ਸੁਣਦੀ ਤਾਂ ਉਸ ਦੇ ਚਿਹਰੇ ਤੇ ਆ ਜਾਣ ਵਾਲੀ ਮਿਹਰਬਾਨ ਭਾਵਭਿੰਨੀ ਮੁਸਕਰਾਹਟ ਦੇਖ ਕੇ ਮਰਦ ਲੋਕ ਸੋਚਦੇ, “ਹਾਂ, ਮਾੜੀ ਨਹੀਂ, ” ਅਤੇ ਉਹ ਮੁਸਕਰਾ ਵੀ ਦਿੰਦੇ, ਜਦੋਂ ਕਿ ਔਰਤਾਂ ਗੱਲਬਾਤ ਦੇ ਦੌਰਾਨ ਮੱਲੋਮੱਲੀ ਉਸਦਾ ਹੱਥ ਫੜ ਲੈਦੀਆਂ ਸਨ, ਅਤੇ ਖੁਸ਼ੀ ਦੇ ਮਾਰੇ ਕਹਿ ਉਠਦੀਆਂ,” ਓ ਡਾਰਲਿੰਗ!”

ਉਸਦਾ ਇਹ ਮਕਾਨ ਜੋ ਉਸਦੀ ਜੱਦੀ ਜਾਇਦਾਦ ਸੀ ਅਤੇ ਜਿਸ ਵਿੱਚ ਉਹ ਬਚਪਨ ਤੋਂ ਹੀ ਰਹਿ ਰਹੀ ਸੀ, ਸ਼ਹਿਰ ਦੇ ਬਾਹਰਵਾਰ ਜਿਪਸੀ ਸਲੋਬੋਦਕਾ ਇਲਾਕੇ ਵਿੱਚ ਸੀ ਅਤੇ ਤਿਵੋਲੀ ਨਾਟਕ ਕੰਪਨੀ ਦੇ ਇਥੋਂ ਨੇੜੇ ਹੀ ਸੀ। ਸ਼ਾਮਾਂ ਨੂੰ ਅਤੇ ਰਾਤ ਨੂੰ ਉਹ ਬੈਂਡ ਦੇ ਗਾਣੇ ਅਤੇ ਪਟਾਕਿਆਂ ਦੀਆਂ ਆਵਾਜ਼ਾਂ ਸੁਣ ਸਕਦੀ ਸੀ, ਅਤੇ ਉਸ ਨੂੰ ਲਗਦਾ ਸੀ ਕਿ ਕੁਕੀਨ ਆਪਣੀ ਕਿਸਮਤ ਨਾਲ ਸੰਘਰਸ਼ ਕਰ ਰਿਹਾ ਸੀ, ਆਪਣੇ ਮੁੱਖ ਦੁਸ਼ਮਣ, ਉਦਾਸੀਨ ਜਨਤਾ ਦੇ ਮੋਰਚੇ ਤੋੜ ਰਿਹਾ ਸੀ। ਇਹ ਸਭ ਸੋਚ ਕੇ ਉਸਦਾ ਕੋਮਲ ਹਿਰਦਾ ਪਿਘਲ ਜਾਂਦਾ, ਰਾਤ-ਭਰ ਨੀਂਦ ਉਸਦੇ ਨੇੜੇ ਨਾ ਫੜਕਦੀ। ਜਦੋਂ ਪਹਿਰ ਰਾਤ ਰਹਿੰਦੇ ਕੁਕੀਨ ਘਰ ਪਰਤਦਾ, ਉਹ ਉਸਦੇ ਬੈੱਡਰੂਮ ਦੀ ਖਿੜਕੀ ਤੇ ਹੌਲੀ-ਹੌਲੀ ਠੋਲੇ ਮਾਰਦੀ ਅਤੇ ਪਰਦੇ ਦੀ ਓਟ ਵਿੱਚ ਸਿਰਫ ਆਪਣਾ ਚਿਹਰਾ ਅਤੇ ਇਕ ਮੋਢਾ ਦਿਖਾਉਂਦੇ ਹੋਏ, ਉਸ ਨੂੰ ਇਕ ਦੋਸਤਾਨਾ ਮੁਸਕਰਾਹਟ ਅਦਾ ਕਰਦੀ। 
ਅਖੀਰ ਉਸ ਨੇ ਉਸ ਨਾਲ ਸ਼ਾਦੀ ਦੀ ਗੱਲ ਕੀਤੀ ਅਤੇ ਉਨ੍ਹਾਂ ਦੀ ਸ਼ਾਦੀ ਹੋ ਗਈ। ਅਤੇ ਜਦੋਂ ਉਸਨੇ ਉਸਦੀ ਗਰਦਨ ਅਤੇ ਉਸਦੇ ਭਰਵੇਂ ਸੋਹਣੇ ਮੋਢੇ ਨਜ਼ਦੀਕ ਤੋਂ ਦੇਖੇ ਤਾਂ ਉਸਨੇ ਉਸਨੂੰ ਘੁੱਟ ਲਿਆ ਅਤੇ ਕਿਹਾ:

“ਓ ਡਾਰਲਿੰਗ!!”

ਪਰ.. ਠੀਕ ਵਿਆਹ ਵਾਲੇ ਦਿਨ ਅਤੇ ਸਾਰੀ ਰਾਤ ਮੋਹਲੇਧਾਰ ਵਰਖਾ ਹੋਈ ਅਤੇ ਕੁਕੀਨ ਦੇ ਚਿਹਰੇ ਤੋਂ ਉਦਾਸੀ ਦੇ ਚਿੰਨ੍ਹ ਨਹੀਂ ਮਿਟੇ।

ਉਨ੍ਹਾਂ ਦੇ ਦਿਨ ਚੰਗੀ ਤਰ੍ਹਾਂ ਗੁਜ਼ਰ ਰਹੇ ਸਨ। ਕੰਪਨੀ ਦਾ ਹਿਸਾਬ ਰੱਖਣਾ, ਥੀਏਟਰ ਹਾਲ ਦੀ ਜਾਂਚ ਅਤੇ ਤਨਖ਼ਾਹ ਵੰਡਣਾ, ਹੁਣ ਓਲੇਂਕਾ ਦਾ ਕੰਮ ਸੀ। ਅਤੇ ਉਸ ਦੀਆਂ ਗੁਲਾਬੀ ਗੱਲ੍ਹਾਂ, ਉਸ ਦੀ ਮਿੱਠੀ, ਭਾਵ ਭਰੀ ਮੁਸਕਰਾਹਟ, ਕਦੇ ਆਫਿਸ ਵਿੰਡੋ ਤੇ, ਕਦੇ ਰੀਫਰੈਸ਼ਮੈਂਟ ਬਾਰ ਵਿੱਚ ਜਾਂ ਥੀਏਟਰ ਦੇ ਪਰਦੇ ਦੇ ਪਿੱਛੇ.ਵਿਖਾਈ ਦਿੰਦੀ ਸੀ। ਅਤੇ ਸ਼ੁਰੂ ਤੋਂ ਹੀ ਉਹ ਆਪਣੇ ਜਾਣੂਆਂ ਨੂੰ ਕਹਿਣ ਲੱਗ ਪਈ ਸੀ ਕਿ ਥੀਏਟਰ ਦੀ ਜ਼ਿੰਦਗੀ ਵਿੱਚ ਮੁੱਖ ਅਤੇ ਸਭ ਤੋਂ ਮਹੱਤਵਪੂਰਨ ਚੀਜ਼ ਸੀ ਅਤੇ ਇਹ ਕੇਵਲ ਨਾਟਕ ਦੇ ਰਾਹੀਂ ਸੀ ਕਿ ਕੋਈ ਜ਼ਿੰਦਗੀ ਦਾ ਅਸਲ ਅਨੰਦ ਪ੍ਰਾਪਤ ਕਰ ਸਕਦਾ ਸੀ ਅਤੇ ਸੁਲਝਿਆ ਇਨਸਾਨ ਬਣ ਸਕਦਾ ਸੀ।

“ਪਰ ਕੀ ਤੁਸੀਂ ਸਮਝਦੇ ਹੋ ਕਿ ਜਨਤਾ ਵਿੱਚ ਇਹ ਸਮਝਣ ਦੀ ਸ਼ਕਤੀ ਹੈ?” ਉਸਨੇ ਪੁੱਛਿਆ। ਕੱਲ੍ਹ ਅਸੀਂ ‘ਫਾਸਟ ਅੰਦਰਲਾ ਬਾਹਰ’ ਪੇਸ਼ ਕੀਤਾ ਅਤੇ ਲਗਭਗ ਸਾਰੇ ਬੌਕਸ ਖਾਲੀ ਸਨ, ਪਰ ਜੇ ਵਨਿਤਕਾ ਅਤੇ ਮੈਂ ਕੁਝ ਅਸ਼ਲੀਲ ਚੀਜ਼ ਪੇਸ਼ ਕੀਤੀ ਹੁੰਦੀ ਤਾਂ ਮੈਂ ਯਕੀਨ ਨਾਲ ਕਹਿੰਦੀ ਹਾਂ ਕਿ ਥੀਏਟਰ ਭਰਿਆ ਹੋਣਾ ਸੀ। ਕੱਲ੍ਹ ਨੂੰ.ਵਨਿਤਕਾ ਅਤੇ ਮੈਂ ‘ਓਰਫਿਅਸ ਨਰਕ ਵਿੱਚ’ ਪੇਸ਼ ਕਰ ਰਹੇ ਹਾਂ। ਦੇਖਣ ਆਉਣਾ।”

ਉਹ ਰਿਹਰਸਲ ਦੀ ਵੇਖ – ਭਾਲ ਕਰਦੀ, ਐਕਟਰਾਂ ਦੀਆਂ ਗ਼ਲਤੀਆਂ ਸੁਧਾਰਦੀ, ਗਾਇਕਾਂ ਨੂੰ ਠੀਕ ਕਰਦੀ; ਅਤੇ ਜਦੋਂ ਕਿਸੇ ਪੱਤਰ ਵਿੱਚ ਉਸ ਡਰਾਮੇ ਦੀ ਬੁਰਾਈ ਛਪਦੀ, ਤਾਂ ਉਹ ਘੰਟਿਆਂ ਬਧੀ ਰੋਂਦੀ ਅਤੇ ਉਸ ਪੱਤਰ ਦੇ ਸੰਪਾਦਕ ਨਾਲ ਬਹਿਸ ਕਰ ਉਸਨੂੰ ਗ਼ਲਤ ਸਿੱਧ ਕਰਨ ਲਈ ਦੌੜੀ ਜਾਂਦੀ।

ਥੀਏਟਰ ਦੇ ਐਕਟਰ ਉਸਨੂੰ ਚਾਹੁੰਦੇ ਸਨ ਅਤੇ ਡਾਰਲਿੰਗ ਕਿਹਾ ਕਰਦੇ ਸਨ। ਉਹ ਉਨ੍ਹਾਂ ਦੀ ਚਿੰਤਾਵਾਂ ਤੋਂ ਆਪ ਵੀ ਚਿੰਤਤ ਸੀ ਅਤੇ ਲੋੜ ਪੈਣ ਉੱਤੇ ਉਨ੍ਹਾਂ ਨੂੰ ਕਰਜ ਵੀ ਦੇ ਦਿੰਦੀ ਸੀ। ਅਤੇ ਜੇ ਉਹ ਉਸ ਨੂੰ ਧੋਖਾ ਦੇ ਦਿੰਦੇ, ਤਾਂ ਉਹ ਲੁਕ ਕੇ ਕੁਝ ਹੰਝੂ ਵਹਾ ਲੈਂਦੀ ਸੀ ਪਰ ਆਪਣੇ ਪਤੀ ਕੋਲ ਸ਼ਿਕਾਇਤ ਨਹੀਂ ਸੀ ਕਰਦੀ।

ਸਿਆਲਾਂ ਦੇ ਦਿਨ ਵੀ ਚੰਗੀ ਤਰ੍ਹਾਂ ਨਿਕਲ ਗਏ। ਉਹ ਸਰਦੀਆਂ ਸਰਦੀਆਂ ਥੀਏਟਰ ਸ਼ਹਿਰ ਲੈ ਜਾਂਦੇ ਅਤੇ ਇਸ ਨੂੰ ਕੁਝ ਸਮੇਂ ਲਈ ਛੋਟੀ ਜਿਹੀ ਰੂਸੀ ਕੰਪਨੀ ਨੂੰ, ਜਾਂ ਇਕ ਜਾਦੂਗਰ ਨੂੰ ਜਾਂ ਇੱਕ ਸਥਾਨਕ ਨਾਟਕੀ ਸਭਾ ਨੂੰ ਕਿਰਾਏ ਤੇ ਦੇ ਦਿੰਦੇ। ਓਲੇਂਕਾ ਬਹੁਤ ਖੁਸ਼ ਸੀ, ਅਤੇ ਕੁੱਝ ਕੁੱਝ ਮੋਟੀ ਵੀ ਹੋ ਰਹੀ ਸੀ; ਪਰ ਕੁਕੀਨ ਦਿਨੋ ਦਿਨ ਦੁਬਲਾ ਅਤੇ ਚਿੜਚਿੜਾ ਹੁੰਦਾ ਜਾ ਰਿਹਾ ਸੀ। ਰਾਤ – ਦਿਨ ਉਹ ਕੰਪਨੀ ਨੂੰ ਘਾਟੇ ਦੀ ਸ਼ਿਕਾਇਤ ਕਰਦਾ ਸੀ, ਹਾਲਾਂਕਿ ਸਿਆਲਾਂ ਦੇ ਦਿਨੀਂ ਉਸਨੂੰ ਨੁਕਸਾਨ ਨਹੀਂ ਹੋਇਆ ਸੀ। ਰਾਤ ਨੂੰ ਉਸਨੂੰ ਜੋਰਾਂ ਦੀ ਖੰਘ ਛਿੜਦੀ, ਤਾਂ ਓਲੇਂਕਾ ਉਸ ਨੂੰ ਗਰਮ ਰੈਸਪਬੇਰੀ ਚਾਹ ਜਾਂ ਨਿੰਬੂ ਦੇ ਫੁੱਲਾਂ ਦਾ ਪਾਣੀ ਦਿੰਦੀ, ਯੂ-ਡੀ-ਕੋਲੋਨ ਨਾਲ ਉਸਦੀ ਮਾਲਸ ਕਰਦੀ ਅਤੇ ਉਸਨੂੰ ਆਪਣੇ ਨਿੱਘੇ ਸ਼ਾਲਾਂ ਵਿੱਚ ਲਪੇਟਦੀ ਸੀ।

“ਤੁਸੀਂ ਬੜੇ ਹੀ ਮਿੱਠੇ ਹੋ!” ਉਹ ਉਸ ਦੇ ਵਾਲਾਂ ਨੂੰ ਪਲੋਸਦੀ ਹੋਈ ਪੂਰੀ ਤਰ੍ਹਾਂ ਦਿਲੋਂ ਕਹਿੰਦੀ, “ਤੁਸੀਂ ਬਹੁਤੇ ਹੀ ਸੁਹਣੇ ਮਨਮੋਹਣੇ ਹੋ!”

ਲੈਂਟ ਉਤਸਵ ਦੇ ਦਿਨਾਂ ਲਈ ਕੁਕੀਨ ਆਪਣੀ ਮੰਡਲੀ ਮੁੜ ਜੋੜਨ ਲਈ ਮਾਸਕੋ ਚਲਾ ਗਿਆ। ਉਸਦੇ ਚਲੇ ਜਾਣ ਉੱਤੇ ਓਲੇਂਕਾ ਬਹੁਤ ਦੁਖੀ ਰਹਿਣ ਲੱਗੀ। ਖਿੜਕੀ ਵਿੱਚ ਬੈਠ ਕੇ, ਰਾਤ ਭਰ ਉਹ ਅਕਾਸ਼ ਵੱਲ ਵੇਖਿਆ ਕਰਦੀ। ਅਤੇ ਉਸ ਨੇ ਕੁਕੜੀਆਂ ਦੇ ਨਾਲ ਆਪਣੇ ਆਪ ਦੀ ਤੁਲਨਾ ਕੀਤੀ, ਜੋ ਸਾਰੀ ਰਾਤ ਜਾਗਦੀਆਂ ਅਤੇ ਬੇਚੈਨ ਰਹਿੰਦੀਆਂ ਸਨ ਜਦੋਂ ਕੁੱਕੜ ਖੁੱਡੇ ਵਿੱਚ ਨਹੀਂ ਹੁੰਦਾ। ਕੁਕੀਨ ਨੇ ਲਿਖਿਆ ਕਿ ਕਿਸੇ ਕਾਰਨ ਉਹ ਈਸਟਰ ਤਿਉਹਾਰ ਦੇ ਪਹਿਲੇ ਘਰ ਨਹੀਂ ਪਰਤ ਸਕੇਂਗਾ। ਹੋਰ ਅੱਗੇ ਉਸਦੇ ਖਤ ਵਿੱਚ ਤਿਵੋਲੀ ਬਾਰੇ ਕੁਝ ਨਿਰਦੇਸ਼ ਦਿੱਤੇ ਗਏ ਸਨ।

ਈਸਟਰ ਦੇ ਸੋਮਵਾਰ ਦੇ ਪਹਿਲੇ ਇੱਕ ਦਿਨ ਰਾਤ ਨੂੰ ਖ਼ਬਰ ਨਹੀਂ ਕਿਸਨੇ ਬੂਹਾ ਖਟਖਟਾਇਆ। ਕੁੱਕ ਨੀਂਦ ਵਿੱਚੋਂ ਅੱਭੜਵਾਹੇ ਉਠੀ, ਨੰਗੇ ਪੈਰੀਂ ਡਿੱਗਦੀ-ਪੈਂਦੀ ਦਰਵਾਜਾ ਖੋਲ੍ਹਣ ਗਈ।

“ਤਾਰ ਹੈ, ਛੇਤੀ ਦਰਵਾਜਾ ਖੋਲ੍ਹੋ,” ਕਿਸੇ ਨੇ ਰੁੱਖੀ ਜਿਹੀ ਆਵਾਜ਼ ਵਿੱਚ ਕਿਹਾ।

ਓਲੇਂਕਾ ਨੂੰ ਇਸਦੇ ਪਹਿਲਾਂ ਕੁਕੀਨ ਦੀਆਂ ਤਾਰਾਂ ਮਿਲਦੀਆਂ ਰਹੀਆਂ ਸੀ। ਪਰ ਪਤਾ ਨਹੀਂ ਕਿਉਂ ਇਸ ਵਾਰ ਉਸਦਾ ਅੰਦਰਲਾ ਕਿਸੇ ਅਨਹੋਣੀ ਦੇ ਸੰਦੇਹ ਨਾਲ ਕੰਬ ਰਿਹਾ ਸੀ। ਕੰਬਦੇ ਹੋਏ ਹੱਥਾਂ ਨਾਲ ਉਸਨੇ ਤਾਰ ਖੋਲ੍ਹੀ:

“ਕੁਕੀਨ ਦੀ ਅੱਜ ਅਚਾਨਕ ਮੌਤ ਹੋ ਗਈ। ਆਦੇਸ਼ ਦੀ ਉਡੀਕ ਹੈ। ਸੰਸਕਾਰ ਮੰਗਲ ਨੂੰ।”

ਤਾਰ ਵਿੱਚ ਇਹੀ ਖਬਰ ਸੀ! ਤਾਰ ਉੱਤੇ ਆਪੇਰਾ ਕੰਪਨੀ ਦੇ ਮੈਨੇਜਰ ਦੇ ਹਸਤਾਖਰ ਸੀ।

ਓਲੇਂਕਾ ਫੁੱਟ ਫੁੱਟ ਕੇ ਰੋ ਰਹੀ ਸੀ:”ਵਾਨਕਾ, ਮੇਰੀ ਦੌਲਤ, ਮੇਰੇ ਪਿਆਰੇ! ਮੈਂ ਤੈਨੂੰ ਕਿਉਂ ਮਿਲ਼ੀ! ਮੈਂ ਤੈਨੂੰ ਮੁਹੱਬਤ ਕਿਉਂ ਕਰ ਬੈਠੀ! ਤੇਰੀ ਗਰੀਬ ਓਲੇਂਕਾ ਦਾ ਦਿਲ ਟੁੱਟ ਗਿਆ ਹੈ। ਤੇਰੇ ਬਿਨਾਂ ਉਹ ਇਕੱਲੀ ਹੈ!”

ਕੁਕੀਨ ਦਾ ਮਾਸਕੋ ਵਿੱਚ ਮੰਗਲਵਾਰ ਨੂੰ ਅੰਤਿਮ ਕਿਰਿਆ ਕਰਮ ਕਰ ਦਿੱਤਾ ਗਿਆ। ਬੁੱਧਵਾਰ ਨੂੰ ਓਲੇਂਕਾ ਘਰ ਵਾਪਸ ਆ ਗਈ। ਆਉਂਦੇ ਹੀ ਉਹ ਪਲੰਗ ਉੱਤੇ ਡਿੱਗ ਪਈ, ਅਤੇ ਇੰਨੇ ਜ਼ੋਰ ਨਾਲ ਰੋਣ ਲੱਗੀ ਕਿ ਸੜਕ ਉੱਤੇ ਚਲਣ ਵਾਲੇ ਤੱਕ ਉਸਦਾ ਰੋਣਾ ਸੁਣ ਸਕਦੇ ਸਨ। ਉਸਦੇ ਗੁਆਂਢੀ ਦੇਖਦੇ ਤਾਂ ਕਹਿੰਦੇ, “ਬੇਚਾਰੀ ਡਾਰਲਿੰਗ! ਕਿੰਨੀ ਬਦਹਾਲ ਹੈ!”

ਤਿੰਨ ਮਹੀਨੇ ਬਾਅਦ ਇੱਕ ਦਿਨ ਓਲੇਂਕਾ ਉਦਾਸੀ ਅਤੇ ਡੂੰਘੇ ਸੋਗ ਵਿੱਚ ਡੁੱਬੀ ਚਰਚ ਤੋਂ ਘਰ ਆ ਰਹੀ ਸੀ। ਉਸ ਦਾ ਇੱਕ ਗੁਆਂਢੀ, ਵਸੀਲੀ ਐਂਦਰੀਚ ਪੁਸਤੋਵਾਲੋਵ ਵੀ ਚਰਚ ਤੋਂ ਉਸ ਦੇ ਪਿੱਛੇ ਪਿੱਛੇ ਆ ਰਿਹਾ ਸੀ। ਉਹ ਬਾਬਾਕਾਏ ਵਿੱਚ, ਟਿੰਬਰ ਵਪਾਰੀ ਦੇ ਕਾਰੋਬਾਰ ਦਾ ਮੈਨੇਜਰ ਸੀ। ਉਸਨੇ ਇਕ ਸਟ੍ਰਾਅ ਟੋਪੀ, ਇਕ ਚਿੱਟੀ ਫਤੂਹੀ ਅਤੇ ਇਕ ਸੋਨੇ ਦੀ ਘੜੀ ਦੀ ਚੇਨ ਪਹਿਨੀ ਸੀ, ਅਤੇ ਉਹ ਇੱਕ ਮੁਲਾਜ਼ਮ ਵਿਅਕਤੀ ਨਾਲੋਂ ਵੱਧ ਦਿਹਾਤੀ ਜਾਗੀਰਦਾਰ ਲੱਗਦਾ ਸੀ।

“ਓਲੇਂਕਾ, ਬੜੇ ਦੁੱਖ ਦੀ ਗੱਲ ਹੈ,” ਉਹ ਆਪਣੀ ਆਵਾਜ਼ ਵਿੱਚ ਇੱਕ ਹਮਦਰਦੀ ਦੀ ਸੁਰ ਨਾਲ ਗੰਭੀਰਤਾ ਨਾਲ ਕਹਿ ਰਿਹਾ ਸੀ; “ਜੇਕਰ ਕੋਈ ਮਰ ਜਾਵੇ ਤਾਂ ਰੱਬ ਦੀ ਮਰਜ਼ੀ ਸਮਝ ਕੇ ਭਾਣਾ ਮੰਨ ਲੈਣਾ ਚਾਹੀਦਾ ਹੈ।“

ਓਲੇਂਕਾ ਦੇ ਘਰ ਤੱਕ ਉਹਦੇ ਨਾਲ ਨਾਲ ਚੱਲਿਆ ਅਤੇ ਫਿਰ ਅਲਵਿਦਾ ਕਹਿ ਉਹ ਅੱਗੇ ਨਿਕਲ ਗਿਆ।

ਬਾਅਦ ਨੂੰ ਸਾਰਾ ਦਿਨ ਉਸ ਨੂੰ ਉਸਦੀ ਸੁਸ਼ੀਲ ਆਵਾਜ਼ ਸੁਣਾਈ ਦਿੰਦੀ ਰਹੀ ਅਤੇ ਜਦੋਂ ਵੀ ਉਹ ਆਪਣੀਆਂ ਅੱਖਾਂ ਬੰਦ ਕਰਦੀ ਸੀ ਤਾਂ ਉਸਨੂੰ ਉਸਦੀ ਕਾਲੀ ਦਾੜ੍ਹੀ ਦਿਖਣ ਲੱਗਦੀ। ਉਹ ਉਸ ਨੂੰ ਬਹੁਤ ਪਸੰਦ ਕਰਨ ਲੱਗੀ ਸੀ ਅਤੇ ਸਪਸ਼ਟ ਸੀ ਉਸਨੇ ਉਸ ਤੇ ਵੀ ਚੰਗਾ ਪ੍ਰਭਾਵ ਪਾਇਆ ਸੀ। ਥੋੜੇ ਚਿਰ ਬਾਅਦ ਇੱਕ ਬਜ਼ੁਰਗ ਔਰਤ, ਜਿਸ ਨਾਲ ਉਹਦੀ ਮਾੜੀ ਮੋਟੀ ਹੀ ਜਾਣ ਪਛਾਣ ਸੀ, ਉਸਦੇ ਨਾਲ ਕੌਫ਼ੀ ਪੀਣ ਲਈ ਆਈ, ਅਤੇ ਜਿਵੇਂ ਹੀ ਉਹ ਟੇਬਲ ਤੇ ਬੈਠੀ, ਉਹ ਪੁਸਤੋਵਾਲੋਵ ਬਾਰੇ ਗੱਲ ਕਰਨ ਲੱਗ ਪਈ. ਕਿ ਉਹ ਇਕ ਵਧੀਆ ਆਦਮੀ ਸੀ ਜਿਸ ਤੇ ਕੋਈ ਪੂਰੀ ਤਰ੍ਹਾਂ ਯਕੀਨ ਕਰ ਸਕੇ ਅਤੇ ਕਿਸੇ ਕੁੜੀ ਨੂੰ ਵੀ ਉਸ ਨਾਲ ਵਿਆਹ ਕਰਵਾ ਕੇ ਖੁਸ਼ੀ ਹੋਵੇਗੀ। ਤਿੰਨ ਦਿਨ ਬਾਅਦ ਪੁਸਤੋਵਾਲੋਵ ਖੁਦ ਆਇਆ। ਉਹ ਜ਼ਿਆਦਾ ਦੇਰ ਨਹੀਂ ਠਹਿਰਿਆ, ਕੇਵਲ 10 ਮਿੰਟ ਹੀ ਰਿਹਾ ਅਤੇ ਉਹ ਬਹੁਤ ਕੁਝ ਕਿਹਾ ਵੀ ਨਹੀਂ ਸੀ, ਪਰ ਜਦੋਂ ਉਹ ਗਿਆ ਤਾਂ ਓਲੇਂਕਾ ਉਸ ਨੂੰ ਪਿਆਰ ਕਰਨ ਲੱਗੀ ਸੀ- ਉਸ ਨੂੰ ਇੰਨਾ ਪਿਆਰ ਹੋ ਗਿਆ ਕਿ ਉਹ ਸਾਰੀ ਰਾਤ ਮੁਕੰਮਲ ਬੁਖ਼ਾਰ ਵਿਚ ਭਖਦੀ ਜਾਗਦੀ ਪਈ ਰਹੀ ਅਤੇ ਸਵੇਰ ਨੂੰ ਉਸ ਨੇ ਉਸ ਬਜ਼ੁਰਗ ਔਰਤ ਨੂੰ ਬੁਲਾ ਘੱਲਿਆ ਅਤੇ ਛੇਤੀ ਹੀ ਰਿਸ਼ਤਾ ਤਹਿ ਹੋ ਗਿਆ ਸੀ, ਅਤੇ ਫਿਰ ਵਿਆਹ ਹੋ ਗਿਆ।

ਪੁਸਤੋਵਾਲੋਵ ਅਤੇ ਓਲੇਂਕਾ ਦਾ ਜਦੋਂ ਵਿਆਹ ਹੋ ਗਿਆ, ਉਨ੍ਹਾਂ ਦੀ ਜ਼ਿੰਦਗੀ ਸੁਹਣੀ ਰੁੜ੍ਹ ਪਈ।

ਆਮ ਤੌਰ ਤੇ ਉਹ ਡਿਨਰ ਦੇ ਸਮੇਂ ਤੱਕ ਕਾਰਖਾਨੇ ਵਿੱਚ ਰਹਿੰਦਾ, ਫਿਰ ਬਾਹਰਲੇ ਕੰਮ ਕੰਮਾਂਕਾਰਾਂ ਲਈ ਚਲਾ ਜਾਂਦਾ। ਉਸਦੇ ਜਾਣ ਦੇ ਬਾਅਦ ਓਲੇਂਕਾ ਉਸਦਾ ਸਥਾਨ ਮੱਲ ਲੈਂਦੀ। ਕਾਰਖਾਨੇ ਦਾ ਹਿਸਾਬ ਰੱਖਣਾ, ਆਰਡਰ ਬੁੱਕ ਕਰਨਾ ਹੁਣ ਉਸਦਾ ਕੰਮ ਹੁੰਦਾ।

“ਟਿੰਬਰ ਹਰ ਸਾਲ ਮਹਿੰਗਾ ਹੁੰਦਾ ਜਾਂਦਾ ਹੈ, ਕੀਮਤ 20% ਵਧ ਜਾਂਦੀ ਹੈ,” ਉਹ ਆਪਣੇ ਗਾਹਕਾਂ ਅਤੇ ਸਹੇਲੀਆਂ ਨੂੰ ਦੱਸਦੀ। “ਜਰਾ ਸੋਚੋ ਅਸੀਂ ਸਥਾਨਕ ਟਿੰਬਰ ਵੇਚਿਆ ਕਰਦੇ ਸੀ, ਅਤੇ ਹੁਣ ਵਾਸ਼ਿਕਚਾ ਨੂੰ ਹਮੇਸ਼ਾ ਮੋਗਲੀਵ ਜ਼ਿਲ੍ਹੇ ਵਿਚ ਲੱਕੜ ਲਈ ਜਾਣਾ ਪੈਂਦਾ ਹੈ। ਅਤੇ ਢੋਆ ਢੁਆਈ! ” ਉਹ ਖੌਫ਼ ਵਿੱਚ ਆਪਣੇ ਹੱਥਾਂ ਨਾਲ ਆਪਣੀਆਂ ਗੱਲ੍ਹਾਂ ਨੂੰ ਢੱਕ ਕੇ ਕਹਿੰਦੀ। “ਭਾੜਾ!”

ਹੁਣ ਉਸ ਨੂੰ ਲਗਦਾ ਸੀ ਕਿ ਉਹ ਜੁੱਗਾਂ ਜੁੱਗਾਂ ਤੋਂ ਟਿੰਬਰ ਦੇ ਵਪਾਰ ਵਿਚ ਸੀ ਅਤੇ ਸੰਸਾਰ ਦੀ ਸਭ ਤੋਂ ਮੁੱਖ ਸਭ ਤੋਂ ਮਹਾਨ ਅਤੇ ਸਭ ਤੋਂ ਜ਼ਰੂਰੀ ਚੀਜ਼ ਟਿੰਬਰ ਸੀ। ਅਤੇ “ਗੇਲੀ,” “ਥੰਮੀ,” “ਸ਼ਤੀਰ,” “ਪੋਲ,” “ਗਜ਼,” “ਫੱਟੀ,” “ਗਰਮਾਲਾ,” “ਫੱਟਾ,” ਆਦਿ ਵਰਗੇ ਸ਼ਬਦਾਂ ਦੀ ਆਵਾਜ਼ ਵਿਚ ਉਸ ਨੂੰ ਨੇੜਤਾ ਅਤੇ ਛੂਹ ਲੈਣ ਵਾਲਾ ਕੁਝ ਜਾਪਦਾ ਸੀ।

ਰਾਤ ਨੂੰ ਜਦੋਂ ਉਹ ਸੌਂ ਰਹੀ ਹੁੰਦੀ ਸੀ ਤਾਂ ਉਸ ਨੂੰ ਸੁਪਨਿਆਂ ਵਿੱਚ ਫੱਟਿਆਂ ਅਤੇ ਬੋਰਡਾਂ ਦੇ ਪਹਾੜਾਂ, ਅਤੇ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਦੂਰ ਕਿਤੇ ਟਿੰਬਰ ਢੋਹ ਰਹੀਆਂ ਦਿਖਾਈ ਦਿੰਦੀਆਂ। ਉਸ ਨੂੰ ਸੁਪਨਾ ਆਇਆ ਕਿ ਛੇ ਇੰਚ ਆਧਾਰ ਵਾਲੀਆਂ ਚਾਲੀ ਫੁੱਟ ਉੱਚੀਆਂ ਦੂਰ ਤੱਕ ਖੜ੍ਹੀਆਂ ਸ਼ਤੀਰੀਆਂ ਟਿੰਬਰ-ਵਿਹੜੇ ਵਿੱਚ ਕੂਚ ਕਰ ਰਹੀਆਂ ਸੀ; ਕਿ ਲੱਕੜਾਂ, ਬੀਮ ਅਤੇ ਬੋਰਡ ਸੁੱਕੀਆਂ ਲੱਕੜਾਂ ਦੇ ਖੜਾਕ ਨਾਲ ਡਿੱਗਦੀਆਂ ਰਹਿੰਦੀਆਂ ਸਨ ਅਤੇ ਫਿਰ ਇਕ ਦੂਜੇ ਉੱਤੇ ਆਪਣੇ ਆਪ ਨੂੰ ਟਿਕਾਉਂਦੀਆਂ ਹੋਈਆਂ ਖੜੀਆਂ ਹੋ ਜਾਂਦੀਆਂ ਸਨ। ਓਲੇਂਕਾ ਨੇ ਆਪਣੀ ਨੀਂਦ ਵਿਚ ਉੱਚੀ ਆਵਾਜ਼ ਵਿਚ ਚੀਖ਼ ਮਾਰੀ, ਅਤੇ ਪੁਸਤੋਵਾਲੋਵ ਨੇ ਉਸ ਨੂੰ ਪਿਆਰ ਨਾਲ ਕਿਹਾ: “ਓਲੇਂਕਾ, ਕੀ ਗੱਲ ਹੈ, ਡਾਰਲਿੰਗ? ਪਾਸਾ ਲਓ!”

ਉਸ ਦੇ ਪਤੀ ਦੇ ਵਿਚਾਰ ਉਸ ਦੇ ਸਨ ਜੇ ਉਹ ਸੋਚਦਾ ਸੀ ਕਿ ਕਮਰਾ ਬਹੁਤ ਗਰਮ ਹੈ, ਜਾਂ ਕਿ ਕਾਰੋਬਾਰ ਸੁਸਤ ਸੀ, ਤਾਂ ਉਹ ਵੀ ਇਹੀ ਸੋਚਦੀ। ਉਸ ਦੇ ਪਤੀ ਨੂੰ ਮਨੋਰੰਜਨ ਦਾ ਕੋਈ ਸ਼ੌਕ ਨਹੀਂ ਸੀ ਅਤੇ ਛੁੱਟੀ ਵਾਲੇ ਦਿਨ ਉਹ ਘਰ ਵਿਚ ਹੀ ਰਹਿੰਦਾ। ਉਹ ਵੀ ਇਸੇ ਤਰ੍ਹਾਂ ਕਰਦੀ।

“ਤੁਸੀਂ ਹਮੇਸ਼ਾ ਘਰ ਜਾਂ ਦਫਤਰ ਹੀ ਰਹਿੰਦੇ ਹੋ,” ਉਸਦੀਆਂ ਸਖੀਆਂ ਕਹਿੰਦੀਆਂ, “ਡਾਰਲਿੰਗ, ਤੁਹਾਨੂੰ ਥੀਏਟਰ ਜਾਂ ਸਰਕਸ ਜਾਣਾ ਚਾਹੀਦਾ ਹੈ।”
“ਵਾਸਿਲੀ ਅਤੇ ਮੇਰੇ ਕੋਲ ਥੀਏਟਰ ਲਈ ਕੋਈ ਸਮਾਂ ਨਹੀਂ ਹੈ,” ਉਹ ਬੜੇ ਸ਼ਾਂਤ ਅੰਦਾਜ਼ ਵਿੱਚ ਜਵਾਬ ਦਿੰਦੀ। “ਸਾਡੇ ਕੋਲ ਬਕਵਾਸ ਕੰਮਾਂ ਲਈ ਕੋਈ ਸਮਾਂ ਨਹੀਂ ਹੈ। ਇਨ੍ਹਾਂ ਥੀਏਟਰਾਂ ਦਾ ਕੀ ਫਾਇਦਾ?”

ਸ਼ਨੀਵਾਰਾਂ ਨੂੰ ਪੁਸਤੋਵਾਲੋਵ ਅਤੇ ਉਹ ਸ਼ਾਮ ਦੀ ਅਰਦਾਸ ਲਈ ਜਾਇਆ ਕਰਦੇ ਸਨ; ਛੁੱਟੀਆਂ ਵਾਲੇ ਦਿਨੀਂ ਮਾਸ (ਇੱਕ ਈਸਾਈ ਕਰਮਕਾਂਡ) ਲਈ। ਵਾਪਸ ਪਰਤਦੇ ਤਾਂ ਦੋਨਾਂ ਦੁਆਲੇ ਇਕ ਸੁਹਾਵਣੀ ਸੁਗੰਧ ਹੁੰਦੀ, ਅਤੇ ਉਸ ਦੇ ਰੇਸ਼ਮੀ ਲਿਬਾਸ ਦੀ ਸਰਸਰਾਹਟ ਵੀ ਚੰਗੀ ਚੰਗੀ ਲੱਗਦੀ ਸੀ। ਘਰ ਆ ਉਹ ਚਾਹ ਪੀਂਦੇ, ਕਈ ਕਿਸਮ ਦੇ ਬਰੈੱਡ ਜੈਮ ਨਾਲ ਚੱਖਦੇ, ਅਤੇ ਬਾਅਦ ਵਿਚ ਉਹ ਪਾਈ ਖਾਂਦੇ ਸਨ। ਹਰ ਰੋਜ ਬਾਰਾਂ ਵਜੇ ਉਨ੍ਹਾਂ ਦੇ ਵਿਹੜੇ ਵਿਚ ਚੁਕੰਦਰ ਅਤੇ ਮਟਨ ਜਾਂ ਬਤਖ਼ ਦੇ ਸੂਪ ਦੀ ਸੁਗੰਧੀ ਮੰਡਰਾ ਰਹੀ ਹੁੰਦੀ ਸੀ ਅਤੇ ਵਰਤਾਂ ਦੇ ਦਿਨੀਂ ਮੱਛੀ ਦੇ ਸੂਪ ਦੀ ਸੁਗੰਧ। ਕੋਈ ਵੀ ਲਲਚਾਏ ਬਿਨਾਂ ਬੂਹੇ ਅੱਗੋਂ ਨਹੀਂ ਸੀ ਲੰਘ ਸਕਦਾ। ਦਫਤਰ ਵਿਚ ਸਮੋਵਰ ਹਮੇਸ਼ਾ ਉਬਲਦਾ ਰਹਿੰਦਾ ਸੀ, ਅਤੇ ਗਾਹਕਾਂ ਨੂੰ ਚਾਹ ਦੇ ਨਾਲ ਖਸਤਾ ਬਿਸਕੁਟ ਖੁਆਏ ਜਾਂਦੇ। ਹਫ਼ਤੇ ਵਿਚ ਇਕ ਵਾਰ ਜੋੜੀ ਸਮੂਹਿਕ ਇਸ਼ਨਾਨ ਘਰ ਨਹਾਉਣ ਜਾਂਦੀ ਅਤੇ ਇੱਕ ਦੂਜੇ ਦਾ ਹਥ ਫੜ ਪਰਤਦੀ ਅਤੇ ਚਿਹਰੇ ਦੋਵੇਂ ਲਾਲ ਹੋਏ ਹੁੰਦੇ।

“ਹਾਂ, ਸਾਨੂੰ ਕੋਈ ਗਿਲਾ-ਸ਼ਿਕਵਾ ਨਹੀਂ, ਪਰਮਾਤਮਾ ਦਾ ਸ਼ੁਕਰ ਹੈ,” ਓਲੇਂਕਾ ਆਪਣੇ ਜਾਣੂਆਂ ਨੂੰ ਕਹਿੰਦੀ। “ਮੈਂ ਚਾਹੁੰਦੀ ਹਾਂ ਕਿ ਹਰ ਕੋਈ ਵਾਸਿਲੀ ਅਤੇ ਮੇਰੇ ਵਾਂਗ ਖੁਸ਼ਕਿਸਮਤ ਹੋਵੇ।”

ਜਦੋਂ ਇੱਕ ਵਾਸਿਲੀ ਲੱਕੜੀ ਖਰੀਦਣ ਮਾਲਗੇਵ ਜ਼ਿਲ੍ਹੇ ਵਿੱਚ ਗਿਆ ਹੋਇਆ ਸੀ, ਤਾਂ ਉਹ ਉਸਦੇ ਵਿਛੋੜੇ ਵਿੱਚ ਪਾਗਲ ਜਿਹੀ ਹੋ ਗਈ। ਰੋਂਦੇ ਰੋਂਦੇ ਉਹ ਸਾਰੀ ਰਾਤ ਬਿਤਾ ਦਿੰਦੀ। ਸਮਿਰਨੋਵ ਨਾਮ ਦਾ ਫੌਜ ਵਿਚ ਇਕ ਜਵਾਨ ਵੈਟਰਨਰੀ ਸਰਜਨ, ਜਿਸ ਨੂੰ ਉਨ੍ਹਾਂ ਨੇ ਆਪਣੇ ਘਰ ਦਾ ਇੱਕ ਪੋਰਸ਼ਨ ਕਿਰਾਏ ਤੇ ਦਿੱਤਾ ਹੋਇਆ ਸੀ, ਕਦੇ-ਕਦੇ ਸ਼ਾਮ ਨੂੰ ਆ ਜਾਇਆ ਕਰਦਾ ਸੀ। ਉਹ ਓਲੇਂਕਾ ਨੂੰ ਆਪਣੇ ਜੀਵਨ ਦੀਆਂ ਘਟਨਾਵਾਂ ਸੁਣਾਇਆ ਕਰਦਾ ਜਾਂ ਉਹ ਤਾਸ਼ ਖੇਡਿਆ ਕਰਦੇ। ਉਹ ਵਿਆਹਿਆ ਹੋਇਆ ਸੀ, ਅਤੇ ਇੱਕ ਨਿੱਕਾ ਮੁੰਡਾ ਵੀ ਸੀ; ਪਰ ਹੁਣ ਉਸਨੇ ਆਪਣੀ ਪਤਨੀ ਨੂੰ ਛੱਡ ਦਿੱਤਾ ਹੋਇਆ ਸੀ ਅਤੇ ਆਪਣੇ ਪੁੱਤਰ ਦੀ ਸਾਂਭ ਸੰਭਾਲ ਲਈ ਹਰ ਮਹੀਨੇ ਉਸ ਨੂੰ ਚਾਲੀ ਰੂਬਲ ਭੇਜਿਆ ਕਰਦਾ ਸੀ। ਉਹ ਕਿਹਾ ਕਰਦਾ ਸੀ ਕਿ ਉਸਦੀ ਪਤਨੀ ਵੱਡੀ ਧੋਖੇਬਾਜ ਸੀ ਇਸ ਲਈ ਉਸਨੂੰ ਵੱਖ ਹੋਣਾ ਪਿਆ। ਹੁਣ ਉਹ ਉਸਨੂੰ ਨਫਰਤ ਕਰਦਾ ਸੀ ਅਤੇ ਇਹ ਸਭ ਸੁਣ ਕੇ, ਓਲੇਂਕਾ ਨੇ ਆਪਣਾ ਸਿਰ ਹਿਲਾਇਆ ਅਤੇ ਉਸ ਨਾਲ ਹਮਦਰਦੀ ਦਾ ਪ੍ਰਗਟਾ ਕੀਤਾ।

“ਰੱਬ ਤੈਨੂੰ ਖੁਸ਼ ਰੱਖੇ,” ਓਲੇਂਕਾ ਉਸਨੂੰ ਵਾਪਸ ਜਾਂਦੇ ਹੋਏ ਨੂੰ ਕਿਹਾ ਕਰਦੀ ਸੀ। “ਤੂੰ ਮੇਰੇ ਲਈ ਕਸ਼ਟ ਉਠਾਇਆ। ਮੇਰਾ ਸਮਾਂ ਕਟ ਗਿਆ। ਕਿਨ੍ਹਾਂ ਸ਼ਬਦਾਂ ਵਿੱਚ ਤੇਰਾ ਧੰਨਵਾਦ ਕਰਾਂ? ਮਾਂ ਮਰੀਅਮ ਤੈਨੂੰ ਤਕੜਾਈ ਬਖਸ਼ੇ।”

ਅਤੇ ਉਹ ਹਮੇਸ਼ਾ ਆਪਣੇ ਆਪ ਨੂੰ ਉਸੇ ਸ਼ੀਲਤਾ ਅਤੇ ਮਾਣ ਨਾਲ, ਆਪਣੇ ਪਤੀ ਦੀ ਰੀਸ ਉਸੇ ਤਰਕਸ਼ੀਲਤਾ ਨਾਲ ਪ੍ਰਗਟ ਕਰਦੀ ਸੀ। ਜਦੋਂ ਹੀ ਵੈਟਰਨਰੀ ਸਰਜਨ ਹੇਠਾਂ ਉੱਤਰ ਦਰਵਾਜ਼ੇ ਦੇ ਪਿੱਛੇ ਅਲੋਪ ਹੋ ਜਾਂਦਾ ਸੀ, ਉਹ ਕਹਿੰਦੀ:

“ਤੁਸੀਂ ਜਾਣਦੇ ਹੋ, ਵਲਾਦੀਮੀਰ ਪਲਾਤੀਨਿਚ, ਚੰਗਾ ਹੋਵੇ ਕਿ ਤੁਸੀਂ ਆਪਣੀ ਪਤਨੀ ਨਾਲ ਬਣਾ ਲਵੋ। ਤੁਹਾਨੂੰ ਆਪਣੇ ਪੁੱਤਰ ਦੀ ਖ਼ਾਤਰ ਉਸ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। ਤੁਸੀਂ ਯਕੀਨ ਕਰੋ ਕਿ ਛੋਟੂ ਨੂੰ ਬੜੀ ਲੋੜ ਹੈ।”

ਅਤੇ ਜਦੋਂ ਵਾਸਿਲੀ ਵਾਪਸ ਆ ਗਿਆ, ਉਸਨੇ ਉਸ ਨੂੰ ਵੈਟਰਨਰੀ ਸਰਜਨ ਅਤੇ ਉਸਦੇ ਦੁਖੀ ਘਰੇਲੂ ਜ਼ਿੰਦਗੀ ਬਾਰੇ ਹੌਲੀ ਆਵਾਜ਼ ਵਿੱਚ ਦੱਸਿਆ, ਅਤੇ ਦੋਹਾਂ ਨੇ ਹੌਕਾ ਭਰਿਆ ਅਤੇ ਆਪਣੇ ਸਿਰ ਹਿਲਾਏ ਅਤੇ ਉਸ ਮੁੰਡੇ ਬਾਰੇ ਗੱਲ ਕੀਤੀ, ਜਿਸਨੂੰ ਬਿਨਾਂ ਸ਼ੱਕ ਪਿਤਾ ਦੀ ਕਮੀ ਖਟਕਦੀ ਸੀ, ਅਤੇ ਵਿਚਾਰਾਂ ਦੇ ਇੱਕ ਅਜੀਬ ਮੇਲ ਨਾਲ ਉਹ ਪਵਿੱਤਰ ਧਾਰਮਿਕ ਮੂਰਤੀਆਂ ਵੱਲ ਚਲੇ ਗਏ, ਉਨ੍ਹਾਂ ਦੇ ਅੱਗੇ ਜ਼ਮੀਨ ਤੇ ਝੁਕੇ ਅਤੇ ਪ੍ਰਾਰਥਨਾ ਕੀਤੀ ਕਿ ਰੱਬ ਉਨ੍ਹਾਂ ਨੂੰ ਬੱਚਿਆਂ ਦਾ ਸੁਖ ਦੇਵੇ।

ਅਤੇ ਇਸ ਤਰ੍ਹਾਂ ਉਨ੍ਹਾਂ ਨੇ ਛੇ ਸਾਲ ਸ਼ਾਂਤੀਪੂਰਵਕ ਪਿਆਰ ਅਤੇ ਪੂਰਨ ਸਦਭਾਵਨਾ ਵਿੱਚ ਗੁਜ਼ਾਰੇ।

ਪਰ ਦੇਖੋ! ਸਰਦੀਆਂ ਦੇ ਇੱਕ ਦਿਨ ਦਫਤਰ ਵਿਚ ਗਰਮ ਚਾਹ ਪੀਣ ਤੋਂ ਬਾਅਦ ਵਾਸਿਲੀ ਨੇ ਆਪਣੀ ਟੋਪੀ ਪਹਿਨੇਣ ਤੋਂ ਬਿਨਾਂ ਭੇਜੇ ਜਾਣ ਵਾਲੀ ਕੁਝ ਟਿੰਬਰ ਦੇਖਣ ਲਈ ਵਿਹੜੇ ਵਿੱਚ ਚਲਿਆ ਗਿਆ, ਠੰਡ ਲੱਗ ਗਈ ਅਤੇ ਬੀਮਾਰ ਹੋ ਗਿਆ। ਉਸ ਨੇ ਸਭ ਤੋਂ ਵਧੀਆ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਸਨ, ਪਰ ਉਸ ਦਾ ਰੋਗ ਵਧਦਾ ਗਿਆ ਅਤੇ ਚਾਰ ਮਹੀਨਿਆਂ ਦੀ ਬਿਮਾਰੀ ਦੇ ਬਾਅਦ ਉਸਦੀ ਮੌਤ ਹੋ ਗਈ।

ਤੇ ਓਲੇਂਕਾ ਇਕ ਵਾਰ ਵਿਧਵਾ ਹੋ ਗਈ ਸੀ।

“ਮੇਰਾ ਹੁਣ ਕੋਈ ਨਹੀਂ, ਮੇਰੇ ਪਿਆਰੇ, ਤੂੰ ਮੈਨੂੰ ਛੱਡ ਕੇ ਚਲਿਆ ਗਿਆ ਹੈਂ।”

ਆਪਣੇ ਪਤੀ ਦੇ ਅੰਤਿਮ-ਸੰਸਕਾਰ ਦੇ ਬਾਅਦ ਉਹ ਵਿਰਲਾਪ ਕਰਨ ਲੱਗੀ, “ਮੈਂ ਤੇਰੇ ਬਿਨਾ ਕਿਵੇਂ ਦਿਨ ਕੱਟਾਂਗੀ, ਲਾਚਾਰ ਅਤੇ ਸੰਤਾਪ ਵਿੱਚ ਘਿਰੀ! ਮੇਰੇ ਤੇ ਰਹਿਮ ਕਰੋ, ਭਲਿਓ ਲੋਕੋ, ਭਰੇ ਸੰਸਾਰ ਵਿਚ ਮੈਂ `ਕੱਲੀ!”

ਉਹ ਕਿਤੇ ਵੀ ਜਾਂਦੀ ਲੰਬੇ “ਰੁਦਾਲੀਆਂ” ਵਾਲੇ ਕਾਲੇ ਕੱਪੜੇ ਪਹਿਨ ਕੇ ਜਾਂਦੀ ਅਤੇ ਟੋਪੀ ਅਤੇ ਦਸਤਾਨੇ ਪਹਿਨਣਾ ਉਸਨੇ ਹਮੇਸ਼ਾ ਲਈ ਤਰਕ ਕਰ ਦਿੱਤਾ। ਉਹ ਚਰਚ ਜਾਂ ਆਪਣੇ ਪਤੀ ਦੀ ਕਬਰ ਨੂੰ ਛੱਡ ਹੋਰ ਘੱਟ ਹੀ ਕਿਤੇ ਜਾਂਦੀ ਸੀ, ਅਤੇ ਸਨਿਆਸ ਦੀ ਜ਼ਿੰਦਗੀ ਬਿਤਾਉਣ ਲੱਗੀ। ਛੇ ਮਹੀਨਿਆਂ ਬਾਅਦ ਕਿਤੇ ਉਸ ਨੇ ਰੁਦਾਲੀਆਂ ਨੂੰ ਲਾਹ ਦਿੱਤਾ ਅਤੇ ਬਾਰੀਆਂ ਖੋਲ੍ਹ ਦਿੱਤੀਆਂ। ਉਸ ਨੂੰ ਕਈ ਵਾਰ ਸਵੇਰ ਦੇ ਵਕਤ ਆਪਣੀ ਕੁੱਕ ਨਾਲ ਬਜ਼ਾਰੋਂ ਸਮਾਨ ਲੈਣ ਜਾਂਦੇ ਵੇਖਿਆ ਗਿਆ ਸੀ। ਪਰ ਉਸ ਦੇ ਘਰ ਵਿੱਚ ਕੀ ਹੋਇਆ ਅਤੇ ਹੁਣ ਉਹ ਕਿਵੇਂ ਰਹਿੰਦੀ ਸੀ, ਇਹ ਸਿਰਫ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਸੀ। ਲੋਕ ਉਸਨੂੰ ਆਪਣੇ ਬਗੀਚੇ ਵਿਚ ਵੈਟਰਨਰੀ ਸਰਜਨ, ਜੋ ਉਸ ਨੂੰ ਉੱਚੀ ਆਵਾਜ਼ ਵਿਚ ਅਖ਼ਬਾਰ ਪੜ੍ਹ ਕੇ ਸੁਣਾ ਰਿਹਾ ਹੁੰਦਾ, ਉਸ ਨਾਲ ਚਾਹ ਪੀਂਦਿਆਂ ਦੇਖ ਕੇ ਅੰਦਾਜ਼ੇ ਲਾਉਂਦੇ ਸਨ।

ਪੋਸਟ ਆਫਿਸ ਵਿਚ ਆਪਣੀ ਵਾਕਿਫ਼ ਇਕ ਔਰਤ ਨੂੰ ਮਿਲਣ ਤੇ ਉਸਨੇ ਉਸ ਨੂੰ ਕਿਹਾ:

“ਸਾਡੇ ਕਸਬੇ ਵਿਚ ਕੋਈ ਵੀ ਸਹੀ ਵੈਟਰਨਰੀ ਡਾਕਟਰ ਨਹੀਂ, ਅਤੇ ਇਹ ਸਭਨਾਂ ਤਰ੍ਹਾਂ ਦੀਆਂ ਮਹਾਂਮਾਰੀਆਂ ਦਾ ਕਾਰਨ ਹੈ। ਹਮੇਸ਼ਾ ਲੋਕਾਂ ਨੂੰ ਦੁੱਧ ਦੀ ਸਪਲਾਈ ਤੋਂ ਇਨਫੈਕਸ਼ਨ ਹੋ ਰਹੀ ਹੈ, ਜਾਂ ਘੋੜਿਆਂ ਅਤੇ ਗਾਵਾਂ ਤੋਂ ਬਿਮਾਰੀਆਂ ਲੱਗ ਰਹੀਆਂ ਹਨ। ਪਾਲਤੂ ਡੰਗਰਾਂ ਦੀ ਸਿਹਤ ਦੀ ਵੀ ਮਨੁੱਖੀ ਸਿਹਤ ਦੇ ਵਾਂਗ ਹੀ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ।”

ਹੁਣ ਉਸਨੇ ਸਮਿਰਨੋਵ ਦੀਆਂ ਗੱਲਾਂ ਦੁਹਰਾਈਆਂ ਸਨ ਅਤੇ ਹਰ ਇੱਕ ਮੁੱਦੇ ਦੇ ਬਾਰੇ ਵਿੱਚ ਜੋ ਉਸਦੀ ਰਾਏ ਹੁੰਦੀ ਉਹੀ ਓਲੇਂਕਾ ਦੀ ਵੀ ਹੁੰਦੀ। ਸਪੱਸ਼ਟ ਸੀ ਕਿ ਉਹ ਕਿਸੇ ਨਾਲ ਦਿਲ ਲਗਾਉਣ ਦੇ ਬਿਨਾਂ ਇਕ ਸਾਲ ਵੀ ਨਹੀਂ ਕੱਟ ਸਕਦੀ ਸੀ, ਅਤੇ ਉਸ ਨੂੰ ਘਰ ਵਿੱਚ ਨਵੀਂ ਖੁਸ਼ੀ ਮਿਲ ਗਈ ਸੀ। ਜੇਕਰ ਓਲੇਂਕਾ ਦੇ ਸਥਾਨ ਉੱਤੇ ਕੋਈ ਦੂਜੀ ਇਸਤਰੀ ਹੁੰਦੀ ਤਾਂ ਹੁਣ ਤੱਕ ਸਭ ਦੀ ਨਫ਼ਰਤ ਦਾ ਪਾਤਰ ਬਣ ਗਈ ਹੁੰਦੀ ਪਰ ਓਲੇਂਕਾ ਦੇ ਸੰਬੰਧ ਵਿੱਚ ਕੋਈ ਵੀ ਅਜਿਹਾ ਨਹੀਂ ਸੋਚਦਾ ਸੀ। ਉਹ ਜੋ ਕੁਝ ਕਰਦੀ ਉਹ ਐਨ ਕੁਦਰਤੀ ਲੱਗਦਾ ਸੀ। ਨਾ ਹੀ ਉਸਨੇ ਅਤੇ ਨਾ ਹੀ ਵੈਟਰਨਰੀ ਸਰਜਨ ਨੇ ਆਪਣੇ ਸੰਬੰਧਾਂ ਵਿੱਚ ਬਦਲਾਓ ਦੇ ਸੰਬੰਧ ਵਿੱਚ ਹੋਰ ਲੋਕਾਂ ਨੂੰ ਕੁਝ ਕਿਹਾ, ਅਤੇ ਸੱਚਮੁੱਚ ਇਸ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ, ਪਰ ਸਫਲਤਾ ਨਹੀਂ ਮਿਲੀ, ਕਿਉਂਕਿ ਓਲੇਂਕਾ ਕੋਈ ਗੱਲ ਗੁਪਤ ਨਹੀਂ ਰੱਖ ਸਕਦੀ ਸੀ। ਜਦੋਂ ਪ੍ਰਾਹੁਣੇ ਆਏ ਹੁੰਦੇ ਸਨ, ਉਸਦੀ ਰੈਜਮੈਂਟ ਵਿੱਚ ਸੇਵਾ ਕਰ ਰਹੇ ਉਸਦੇ ਨਾਲ ਦੇ ਲੋਕ, ਅਤੇ ਉਨ੍ਹਾਂ ਨੇ ਚਾਹ ਨੂੰ ਪਿਲਾਉਂਦੀ ਜਾਂ ਰਾਤ ਦਾ ਭੋਜਨ ਪਰੋਸਦੀ, ਤਾਂ ਉਹ ਉਨ੍ਹਾਂ ਨਾਲ ਪਸ਼ੂਆਂ ਦੀ ਪਲੇਗ, ਮੂੰਹ ਖ਼ੁਰ ਦੀ ਬਿਮਾਰੀ, ਅਤੇ ਮਿਊਂਸਪਲ ਬੁੱਚੜਖਾਨਿਆਂ ਦੇ ਬਾਰੇ ਗੱਲਬਾਤ ਸ਼ੁਰੂ ਕਰ ਲੈਂਦੀ। ਉਹ ਬਹੁਤ ਸ਼ਰਮਿੰਦਾ ਹੋ ਜਾਇਆ ਕਰਦਾ ਸੀ, ਅਤੇ ਜਦੋਂ ਮਹਿਮਾਨ ਚਲੇ ਜਾਂਦੇ ਸਨ ਤਾਂ ਉਹ ਉਸਦਾ ਹੱਥ ਫੜ ਲੈਂਦਾ ਅਤੇ ਗੁੱਸੇ ਵਿਚ ਫੁੰਕਾਰਦਾ। “ਮੈਂ ਤੈਨੂੰ ਇਸ ਬਾਰੇ ਗੱਲ ਨਾ ਕਰਨ ਲਈ ਕਿਹਾ ਸੀ ਪਰ ਤੂੰ ਸਮਝਦੀ ਹੀ ਨਹੀਂ। ਜਦ ਅਸੀਂ ਵੈਟਰਨਰੀ ਸਰਜਨ ਆਪਸ ਵਿਚ ਗੱਲ ਕਰ ਰਹੇ ਹੁੰਦੇ ਹਾਂ ਤਾਂ ਕਿਰਪਾ ਕਰਕੇ ਵਿੱਚ ਆਪਣੀਆਂ ਨਾ ਛੱਡਿਆ ਕਰ। ਇਹ ਬੜਾ ਭੈੜਾ ਲੱਗਦਾ ਹੈ।”

ਓਲੇਂਕਾ ਡਰਦੀ ਡਰਦੀ ਉਸ ਵੱਲ ਵੇਖਦੀ ਅਤੇ ਦੁਖੀ ਮਨ ਨਾਲ ਪੁੱਛਦੀ, “ਫਿਰ ਮੈਂ ਕਿਸਦੇ ਬਾਰੇ ਗੱਲਾਂ ਕਰਿਆ ਕਰਾਂ, ਸਮਿਰਨੋਵ?”

ਫਿਰ ਉਹਦੀਆਂ ਅੱਖਾਂ ਅਥਰੂਆਂ ਨਾਲ ਡੱਕੀਆਂ ਹੁੰਦੀਆਂ ਅਤੇ ਉਸ ਦੇ ਨਾਲ ਲਿਪਟ ਜਾਂਦੀ, ਉਸਤੋਂ ਮਾਫੀਆਂ ਮੰਗਦੀ। ਅਤੇ ਫਿਰ ਦੋਨੋਂ ਖੁਸ਼ ਹੋ ਜਾਂਦੇ।

ਓਲੇਂਕਾ ਸਮਿਰਨੋਵ ਦੇ ਨਾਲ ਬਹੁਤ ਦਿਨਾਂ ਤੱਕ ਨਹੀਂ ਰਹਿ ਸਕੀ। ਸਮਿਰਨੋਵ ਦੀ ਬਦਲੀ ਹੋ ਗਈ ਅਤੇ ਉਸਨੂੰ ਬਹੁਤ ਦੂਰ ਜਾਣਾ ਪਿਆ। ਓਲੇਂਕਾ ਫਿਰ ਇਕੱਲੀ ਸੀ।

ਹੁਣ ਓਲੇਂਕਾ ਬਿਲਕੁਲ ਇਕੱਲੀ ਸੀ। ਉਸਦਾ ਪਿਤਾ ਬਹੁਤ ਦਿਨ ਪਹਿਲਾਂ ਮਰ ਚੁੱਕਿਆ ਸੀ। ਅਤੇ ਉਸ ਦੀ ਆਰਾਮ ਕੁਰਸੀ ਚੁਬਾਰੇ ਵਿਚ ਪਈ ਸੀ, ਧੂੜ ਨਾਲ ਅੱਟੀ, ਜਿਸ ਦੀ ਇੱਕ ਲੱਤ ਟੁੱਟੀ ਹੋਈ ਸੀ। ਉਹ ਦਿਨੋ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ। ਅਤੇ ਜਦੋਂ ਲੋਕ ਗਲੀ ਵਿਚ ਉਸ ਨੂੰ ਮਿਲ ਪੈਂਦੇ, ਤਾਂ ਉਹ ਉਸ ਵੱਲ ਉਵੇਂ ਨਹੀਂ ਦੇਖਦੇ ਸਨ ਜਿਵੇਂ ਪਹਿਲਾਂ ਦੇਖਿਆ ਕਰਦੇ ਸਨ, ਅਤੇ ਮੁਸਕੁਰਾਉਂਦੇ ਨਹੀਂ ਸੀ; ਸਪੱਸ਼ਟ ਸੀ ਕਿ ਉਸ ਦੀ ਸਭ ਤੋਂ ਵਧੀਆ ਉਮਰ ਲੰਘ ਚੁੱਕੀ ਸੀ ਅਤੇ ਪਿੱਛੇ ਰਹਿ ਗਈ ਸੀ ਅਤੇ ਹੁਣ ਉਸ ਲਈ ਇਕ ਨਵੀਂ ਕਿਸਮ ਦੀ ਜ਼ਿੰਦਗੀ ਸ਼ੁਰੂ ਹੋ ਗਈ ਸੀ, ਜਿਸ ਬਾਰੇ ਸੋਚਣਾ ਚੰਗਾ ਨਹੀਂ ਸੀ ਲੱਗਦਾ। ਸ਼ਾਮ ਨੂੰ ਓਲੇਂਕਾ ਦਲਾਨ ਵਿਚ ਬੈਠ ਜਾਂਦੀ, ਅਤੇ ਤਿਵੋਲੀ ਵਿੱਚੋਂ ਬੈਂਡ ਵਜਦੇ ਅਤੇ ਆਤਿਸ਼ਬਾਜ਼ੀਆਂ ਦੀ ਸੂੰ ਸੂੰ ਸੁਣਦੀ, ਪਰ ਹੁਣ ਇਹ ਆਵਾਜ਼ ਕੋਈ ਅਸਰ ਨਹੀਂ ਸੀ ਕਰਦੀ। ਉਹ ਬੇਰੁਖੀ ਨਾਲ ਆਪਣੇ ਵਿਹੜੇ ਵਿਚ ਦੇਖਦੀ, ਵਿਚਾਰਹੀਨ, ਕੁਝ ਵੀ ਨਾ ਲੋਚਦੀ, ਅਤੇ ਬਾਅਦ ਵਿਚ, ਜਦੋਂ ਰਾਤ ਪੈਂਦੀ, ਉਹ ਸੌਂ ਜਾਂਦੀ ਅਤੇ ਆਪਣੇ ਖਾਲੀ ਵਿਹੜੇ ਦੇ ਸੁਪਨੇ ਦੇਖਦੀ। ਉਹ ਬੇਦਿਲੀ ਜਿਹੀ ਨਾਲ ਖਾਂਦੀ ਪੀਂਦੀ।

ਅਤੇ ਸਭ ਤੋਂ ਭੈੜੀ ਗੱਲ, ਹੁਣ ਓਲੇਂਕਾ ਕੋਲ ਕਿਸੇ ਕਿਸਮ ਦੀ ਕੋਈ ਰਾਏ ਨਹੀਂ ਸੀ। ਉਹ ਆਪਣੇ ਆਲੇ ਦੁਆਲੇ ਚੀਜ਼ਾਂ ਵੇਖਦੀ ਅਤੇ ਸਮਝ ਲੈਂਦੀ ਕਿ ਉਸ ਨੇ ਕੀ ਦੇਖਿਆ, ਪਰ ਉਨ੍ਹਾਂ ਬਾਰੇ ਕੋਈ ਰਾਏ ਨਹੀਂ ਸੀ ਬਣਾ ਸਕਦੀ, ਅਤੇ ਇਹ ਨਹੀਂ ਸੀ ਪਤਾ ਲੱਗਦਾ ਕਿ ਕਿਸ ਵਿਸ਼ੇ ਬਾਰੇ ਗੱਲ ਕਰਨੀ ਚਾਹੀਦੀ ਹੈ। ਅਤੇ ਇਹ ਕਿੰਨਾ ਭਿਆਨਕ ਹੈ ਇਹ ਕਿ ਕੋਈ ਰਾਏ ਹੀ ਨਾ ਹੋਵੇ! ਮਿਸਾਲ ਲਈ, ਬੰਦਾ ਇਕ ਬੋਤਲ ਦੇਖਦਾ ਹੈ, ਜਾਂ ਬਰਸਾਤ ਜਾਂ ਇੱਕ ਕਿਸਾਨ ਆਪਣਾ ਗੱਡਾ ਲਈ ਜਾ ਰਿਹਾ ਹੈ, ਪਰ ਇਹ ਬੋਤਲ, ਜਾਂ ਬਰਸਾਤ ਜਾਂ ਉਹ ਕਿਸਾਨ ਹੈ ਕੀ, ਅਤੇ ਇਸ ਦਾ ਕੀ ਮਤਲਬ ਹੈ, ਕੁਝ ਕਿਹਾ ਨਹੀ ਜਾ ਸਕਦਾ, ਅਤੇ ਇੱਕ ਹਜ਼ਾਰ ਰੂਬਲ ਲਈ ਵੀ ਨਹੀਂ। ਜਦ ਉਸ ਕੋਲ ਕੁਕੀਨ, ਜਾਂ ਪੁਸਤੋਵਾਲੋਵ, ਜਾਂ ਵੈਟਰਨਰੀ ਸਰਜਨ ਸੀ, ਓਲੇਂਕਾ ਸਭ ਕਾਸੇ ਦੀ ਵਿਆਖਿਆ ਕਰ ਸਕਦੀ ਸੀ, ਅਤੇ ਕਿਸੇ ਵੀ ਚੀਜ਼ ਦੇ ਬਾਰੇ ਆਪਣੇ ਵਿਚਾਰ ਦੇ ਸਕਦੀ ਸੀ, ਪਰ ਹੁਣ ਉਸ ਦੇ ਦਿਮਾਗ ਵਿੱਚ ਅਤੇ ਉਸ ਦੇ ਦਿਲ ਵਿੱਚ ਉਸੇ ਤਰ੍ਹਾਂ ਦਾ ਖ਼ਾਲੀਪਣ ਸੀ ਜਿਸ ਤਰ੍ਹਾਂ ਦਾ ਬਾਹਰ ਉਸ ਦੇ ਵਿਹੜੇ ਵਿਚ ਸੀ। ਅਤੇ ਇਹ ਉਸੇ ਤਰ੍ਹਾਂ ਖਰਵਾ ਅਤੇ ਕੌੜਾ ਸੀ.ਜਿਵੇਂ ਮੂੰਹ ਵਿੱਚ ਕੌੜਾ ਘੁੱਟ ਭਰਿਆ ਹੋਵੇ।

ਹੌਲੀ ਹੌਲੀ ਸ਼ਹਿਰ ਵਿੱਚ ਸਭ ਦਿਸ਼ਾਵਾਂ ਵਿੱਚ ਫੈਲ ਗਿਆ। ਸੜਕ ਇੱਕ ਗਲੀ ਬਣ ਗਈ, ਅਤੇ ਜਿੱਥੇ ਤਿਵੋਲੀ ਅਤੇ ਟਿੰਬਰ ਯਾਰਡ ਸੀ, ਉਥੇ ਨਵੇਂ ਮੋੜ ਅਤੇ ਘਰ ਉਸਰ ਆਏ ਸਨ। ਕਿੰਨੀ ਤੇਜ਼ੀ ਸਮਾਂ ਬੀਤ ਜਾਂਦਾ ਹੈ! ਓਲੇਂਕਾ ਦਾ ਘਰ ਪੁਰਾਣਾ ਹੋ ਗਿਆ, ਛੱਤ ਜੰਗ਼ਾਲੀ ਗਈ, ਸ਼ੈੱਡ ਇਕ ਪਾਸੇ ਨੂੰ ਧੱਸ ਗਿਆ, ਅਤੇ ਵਿਹੜਾ ਕੰਡਿਆਲੇ ਘਾਹ ਅਤੇ ਬਾਥੂ ਬਗੈਰ ਨਾਲ ਭਰ ਗਿਆ। ਓਲੇਕਾ ਬੁੱਢੀ ਹੋ ਰਹੀ ਸੀ; ਗਰਮੀ ਵਿਚ ਉਹ ਪੋਰਚ ਵਿਚ ਬੈਠ ਜਾਂਦੀ ਅਤੇ ਉਸ ਦੀ ਰੂਹ ਪਹਿਲਾਂ ਵਾਂਗ ਖਾਲੀ ਖਾਲੀ, ਉਦਾਸ ਅਤੇ ਕੁੜੱਤਣ ਨਾਲ ਭਰੀ ਹੋਈ। ਸਰਦੀਆਂ ਵਿਚ ਉਹ ਆਪਣੀ ਬਾਰੀ ਵਿੱਚ ਬੈਠ ਕੇ ਬਰਫ ਵੱਲ ਦੇਖਿਆ ਕਰਦੀ। ਜਦੋਂ ਉਸਨੂੰ ਬਸੰਤ ਦੀ ਸੁਗੰਧ ਆਉਂਦੀ, ਜਾਂ ਚਰਚ ਦੀਆਂ ਘੰਟੀਆਂ ਦੀ ਆਵਾਜ਼ ਸੁਣਦੀ, ਅਤੀਤ ਦੀਆਂ ਯਾਦਾਂ ਅਚਾਨਕ ਉਮਡ ਆਉਂਦੀਆਂ, ਉਸ ਦੇ ਦਿਲ ਵਿੱਚ ਇੱਕ ਮੱਠਾ ਮੱਠਾ ਦਰਦ ਹੋਣ ਲੱਗਦਾ, ਅਤੇ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ; ਪਰ ਇਹ ਕੇਵਲ ਇੱਕ ਮਿੰਟ ਲਈ ਹੁੰਦਾ ਸੀ, ਅਤੇ ਫੇਰ ਦੁਬਾਰਾ ਖਾਲੀਪਣ ਆ ਜਾਂਦਾ ਅਤੇ ਜੀਵਨ ਦੀ ਵਿਅਰਥਤਾ ਦੀ ਭਾਵਨਾ ਹਾਵੀ ਹੋ ਜਾਂਦੀ। ਕਾਲੀ ਬਿੱਲੀ, ਬ੍ਰਿਸਕਾ, ਉਸ ਦੇ ਨਾਲ ਖਹਿਣ ਲੱਗ ਪਈ ਅਤੇ ਹੌਲੀ ਹੌਲੀ ਆਵਾਜ਼ ਕਰਨ ਲੱਗ ਪਈ, ਪਰ ਓਲੇਂਕਾ ਨੂੰ ਇਹ ਜਨੌਰਾਂ ਦਾ ਪਿਆਰ ਨਹੀਂ ਸੀ ਪੋਂਹਦਾ। ਇਹ ਉਹ ਚੀਜ਼ ਨਹੀਂ ਸੀ ਜਿਸ ਦੀ ਉਸ ਨੂੰ ਲੋੜ ਸੀ। ਉਸ ਨੂੰ ਐਸੇ ਪਿਆਰ ਦੀ ਲੋੜ ਸੀ ਜੋ ਉਸ ਦੀ ਪੂਰੀ ਜ਼ਿੰਦਗੀ, ਉਸ ਦੀ ਪੂਰੀ ਰੂਹ ਅਤੇ ਅਕਲ ਨੂੰ ਜਜ਼ਬ ਕਰ ਸਕਦਾ – ਜੋ ਉਸ ਨੂੰ ਵਿਚਾਰਾਂ ਨਾਲ ਮਾਲੋਮਾਲ ਦਿੰਦਾ ਅਤੇ ਜ਼ਿੰਦਗੀ ਦਾ ਇੱਕ ਮਕਸਦ ਬਣ ਜਾਂਦਾ ਅਤੇ ਉਸ ਦੇ ਬੁਢੇ ਖੂਨ ਨੂੰ ਗਰਮਾ ਦਿੰਦਾ। .ਅਤੇ ਉਸ ਨੇ ਆਪਣੀ ਸਕਰਟ ਤੋਂ ਬਲੂੰਗੜੇ ਨੂੰ ਛਿਣਕ ਦਿੱਤਾ ਅਤੇ ਗੁੱਸੇ ਨਾਲ ਕਿਹਾ:

“ਚੱਲਦੀ ਬਣ, ਮੈਨੂੰ ਨਹੀਂ ਤੇਰੀ ਲੋੜ!”

ਅਤੇ ਇਸ ਤਰ੍ਹਾਂ ਦਿਨ ਤੋਂ ਬਾਅਦ ਦਿਨ ਸਾਲ ਬਾਅਦ ਸਾਲ ਬੀਤਦੇ ਰਹੇ, ਅਤੇ ਉਸਦੇ ਪੱਲੇ ਕੋਈ ਖੁਸ਼ੀ ਨਹੀਂ ਸੀ ਅਤੇ ਨਾ ਹੀ ਕੋਈ ਰਾਏ. ਜੋ ਵੀ ਮਾਰਵਾ ਕੁੱਕ ਨੇ ਕਿਹਾ ਉਸਨੇ ਸਵੀਕਾਰ ਕਰ ਲਿਆ।

ਇਕ ਜੁਲਾਈ ਦਾ ਗਰਮ ਦਿਨ, ਸ਼ਾਮ ਦੇ ਵਕਤ, ਪਸ਼ੂਆਂ ਨੂੰ ਲਿਜਾਇਆ ਜਾ ਰਿਹਾ ਸੀ ਅਤੇ ਸਾਰਾ ਵਿਹੜਾ ਮਿੱਟੀ ਘੱਟੇ ਨਾਲ ਭਰਿਆ ਗਿਆ ਸੀ, ਕਿਸੇ ਨੇ ਅਚਾਨਕ ਬੂਹੇ ਤੇ ਦਸਤਕ ਦਿੱਤੀ। ਓਲੇਂਕਾ ਖ਼ੁਦ ਖੋਲ੍ਹਣ ਲਈ ਗਈ ਅਤੇ ਜਦੋਂ ਉਹ ਬਾਹਰ ਝਾਕੀ ਤਾਂ ਹੱਕੀਬੱਕੀ ਰਹਿ ਗਈ: ਉਸਨੇ ਦੇਖਿਆ ਸਮਿਰਨੋਵ, ਵੈਟਰਨਰੀ ਸਰਜਨ ਖੜਾ ਸੀ, ਧੌਲਾ ਸਿਰ ਅਤੇ ਇਕ ਸ਼ਿਵਲ ਪਹਿਰਵਾ। ਉਸ ਨੂੰ ਅਚਾਨਕ ਸਭ ਕੁਝ ਯਾਦ ਆ ਗਿਆ। ਉਹ ਰੋਣ ਨਾ ਰੋਕ ਸਕੀ ਅਤੇ ਇਕ ਵੀ ਸ਼ਬਦ ਉਚਾਰੇ ਦੇ ਬਗੈਰ ਉਸ ਦੀ ਛਾਤੀ ਤੇ ਸਿਰ ਸੁੱਟ ਦਿੱਤਾ ਅਤੇ ਆਪਣੀ ਭਾਵਨਾ ਦੇ ਜ਼ੋਰ ਵਿਚ ਉਸ ਨੂੰ ਖ਼ਬਰ ਤੱਕ ਨਹੀਂ ਸੀ ਕਿ ਉਹ ਦੋਵੇਂ ਕਦੋਂ ਘਰ ਅੰਦਰ ਚਲੇ ਗਏ ਅਤੇ ਚਾਹ ਪੀਣ ਬੈਠ ਗਏ। 
ਉਹ ਬਹੁਤ ਕੁੱਝ ਕਹਿਣਾ ਚਾਹ ਰਹੀ ਸੀ ਪਰ ਮੂੰਹੋਂ ਇੱਕ ਸ਼ਬਦ ਵੀ ਨਹੀਂ ਨਿਕਲ ਰਿਹਾ ਸੀ। ਅਖੀਰ ਵਿੱਚ ਬੜੇ ਕਸ਼ਟ ਨਾਲ ਉਹ ਬੋਲੀ, “ ਮੇਰੇ ਪਿਆਰੇ ਸਮਿਰਨੋਵ, ਤੁਸੀਂ ਅਚਾਨਕ ਕਿਵੇਂ ਟਪਕ ਪਏ?”

“ਮੈਂ ਨੌਕਰੀ ਛੱਡ ਦਿੱਤੀ ਹੈ।” ਸਮਿਰਨੋਵ ਨੇ ਕਿਹਾ, “ਅਤੇ ਹੁਣ ਮੈਂ ਆਪਣੀ ਗ੍ਰਹਿਸਥੀ ਇੱਥੇ ਵਸਾਉਣਾ ਚਾਹੁੰਦਾ ਹਾਂ। ਮੇਰੇ ਮੁੰਡੇ ਦੀ ਉਮਰ ਹੁਣ ਸਕੂਲ ਜਾਣ ਲਾਇਕ ਹੋ ਗਈ ਹੈ। ਉਸਨੂੰ ਸਕੂਲ ਵੀ ਭੇਜਣਾ ਹੈ। ਅਤੇ ਹੋਰ ਦੱਸਾਂ, ਮੇਰੀ ਨਾਰ ਨਾਲ ਮੇਰੀ ਸੁਲਹ ਹੋ ਗਈ ਹੈ।”

“ਉਹ ਕਿੱਥੇ ਹੈ?” ਓਲੇਂਕਾ ਨੇ ਪੁੱਛਿਆ।

“ਉਹ ਅਤੇ ਮੁੰਡਾ ਦੋਨੋਂ ਅਜੇ ਹੋਟਲ ਵਿੱਚ ਹਨ। ਅਜੇ ਮੈਂ ਘਰ ਲਭਣਾ ਹੈ।”

“ਹੇ ਭਗਵਾਂਨ ! ਤੂੰ ਇੰਨੀ ਤਕਲੀਫ ਕਿਉਂ ਕਰੇਂਗਾ! ਮੇਰੇ ਘਰ ਕਿਉਂ ਨਹੀਂ ਰਹਿੰਦੇ? ਕੀ ਇਹ ਘਰ ਤੈਨੂੰ ਪਸੰਦ ਨਹੀਂ? ਓਏ ਨਹੀਂ? ਡਰ ਮਤ, ਮੈਂ ਇੱਕ ਪੈਸਾ ਵੀ ਕਿਰਾਇਆ ਨਹੀਂ ਲਵਾਂਗੀ। ਮੇਰੇ ਲਈ ਤਾਂ ਇੱਕ ਕੋਨਾ ਕਾਫ਼ੀ ਹੋਵੇਂਗਾ, ਬਾਕੀ ਸਭ ਤੁਸੀਂ ਲੈ ਲਓ। ਵੇਖ ਨਾ, ਕਾਫ਼ੀ ਵੱਡਾ ਮਕਾਨ ਹੈ। ਮੇਰੇ ਲਈ ਇਸਤੋਂ ਵਧਕੇ ਸੁਭਾਗ ਦੀ ਗੱਲ ਹੋਰ ਕੀ ਹੋ ਸਕਦੀ ਹੈ?” ਕਹਿੰਦੇ ਕਹਿੰਦੇ ਉਹ ਫਿਰ ਫਿੱਸ ਪਈ।

ਦੂਜੇ ਦਿਨ ਤੜਕੇ ਘਰ ਦੀ ਸਫਾਈ ਸ਼ੁਰੂ ਹੋਣ ਲੱਗੀ। ਛੱਤ ਤੇ ਰੰਗ ਹੋਣ ਲੱਗਿਆ। ਕੰਧਾਂ ਦੀ ਲਿਪਾਈ ਹੋਣ ਲੱਗੀ। ਓਲੇਂਕਾ ਬਾਹਾਂ ਟੁੰਗੀ ਬੜੀ ਉਮੰਗ ਨਾਲ ਚਾਰੇ ਪਾਸੇ ਘੁੰਮ ਘੁੰਮ ਵੇਖ ਭਾਲ ਕਰ ਰਹੀ ਸੀ। ਉਸ ਦਾ ਚਿਹਰਾ ਉਸ ਦੀ ਪੁਰਾਣੀ ਮੁਸਕਰਾਹਟ ਨਾਲ ਟਹਿਕ ਰਿਹਾ ਸੀ, ਅਤੇ ਉਹ ਤਰੋਤਾਜ਼ਾ ਅਤੇ ਚੇਤੰਨ ਸੀ ਜਿਵੇਂ ਲੰਬੀ ਨੀਂਦ ਤੋਂ ਜਾਗੀ ਹੋਵੇ। ਥੋੜ੍ਹੀ ਦੇਰ ਵਿੱਚ ਸਮਿਰਨੋਵ ਨਾਲ ਉਸਦੀ ਪਤਨੀ ਅਤੇ ਮੁੰਡਾ ਵੀ ਆ ਗਏ। ਸਮਿਰਨੋਵ ਦੀ ਪਤਨੀ ਇੱਕ ਲੰਬੀ ਅਤੇ ਦੁਬਲੀ ਇਸਤਰੀ ਸੀ। ਸਮਿਰਨੋਵ ਦਾ ਮੁੰਡਾ ਸਾਸ਼ਾ, ਆਪਣੀ ਉਮਰ ਦੇ ਹਿਸਾਬ ਨਾਲ ਬਹੁਤ ਮਧਰਾ ਸੀ। ਉਹ ਬਹੁਤ ਗਾਲੜੀ ਅਤੇ ਸ਼ਰਾਰਤੀ ਸੀ। ਮੁੰਡੇ ਨੇ ਵਿਹੜੇ ਵਿਚ ਪੈਰ ਪਾਇਆ ਹੀ ਸੀ ਕਿ ਉਹ ਬਿੱਲੀ ਦੇ ਪਿੱਛੇ ਭੱਜ ਲਿਆ ਅਤੇ ਤੁਰਤ ਉਸ ਦੇ ਖ਼ੁਸ਼ੀ ਖ਼ੁਸ਼ੀ ਹੱਸਣ ਦੀ ਆਵਾਜ਼ ਗੂੰਜ ਉਠੀ।

“ਆਂਟੀ, ਇਹ ਤੁਹਾਡੀ ਬਿੱਲੀ ਹੈ?” ਉਸਨੇ ਓਲੇਂਕਾ ਕੋਲੋਂ ਪੁੱਛਿਆ, “ਅੱਛਾ ਆਂਟੀ, ਜਦੋਂ ਇਸ ਨੇ ਬੱਚੇ ਦਿੱਤੇ, ਸਾਨੂੰ ਇੱਕ ਬਲੂੰਗੜਾ ਦੇ ਦੇਣਾ। ਮਾਂ ਚੂਹਿਆਂ ਤੋਂ ਬਹੁਤ ਡਰਦੀ ਹੈ।” ਕਹਿਕੇ ਉਹ ਉੱਚੀ ਉੱਚੀ ਹੱਸਣ ਲਗਾ।

ਓਲੇਂਕਾ ਨੇ ਉਸ ਨਾਲ ਗੱਲਾਂ ਕੀਤੀਆਂ, ਅਤੇ ਉਸਨੂੰ ਚਾਹ ਪਿਲਾਈ। ਉਸ ਦਾ ਦਿਲ ਗਰਮਾ ਗਿਆ ਅਤੇ ਉਸ ਦੀ ਛਾਤੀ ਵਿਚ ਮਿੱਠਾ ਮਿੱਠਾ ਦਰਦ ਹੋ ਰਿਹਾ ਸੀ, ਜਿਵੇਂ ਕਿ ਇਹ ਬੱਚਾ ਉਸ ਦਾ ਆਪਣਾ ਬੱਚਾ ਹੋਵੇ। ਅਤੇ ਜਦੋਂ ਉਹ ਸ਼ਾਮ ਦੇ ਮੇਜ਼ ਤੇ ਬੈਠਾ ਸੀ, ਆਪਣੇ ਸਬਕ ਯਾਦ ਕਰ ਰਿਹਾ ਸੀ, ਉਸ ਨੇ ਡੂੰਘੇ ਮੋਹ ਅਤੇ ਤਰਸ ਨਾਲ ਉਸਨੂੰ ਵੇਖਿਆ ਅਤੇ ਉਹ ਹੌਲੀ ਹੌਲੀ ਬੋਲੀ, “ਪੁੱਤਰ …ਤੂੰ ਵੱਡਾ ਹੋ, ਹੋਸ਼ਿਆਰ ਹੋ, ਮੇਰੇ ਸੋਹਣੇ ਲਾਲ …”

“‘ਟਾਪੂ ਧਰਤੀ ਦਾ ਇਕ ਟੁਕੜਾ ਹੁੰਦਾ ਹੈ ਜੋ ਪੂਰੀ ਤਰ੍ਹਾਂ ਪਾਣੀ ਨਾਲ ਘਿਰਿਆ ਹੁੰਦਾ ਹੈ,'” ਉਸ ਨੇ ਉੱਚੀ ਆਵਾਜ਼ ਵਿਚ ਪੜ੍ਹਿਆ।

“ਟਾਪੂ ਧਰਤੀ ਦਾ ਇੱਕ ਟੁਕੜਾ ਹੁੰਦਾ ਹੈ,” ਓਲੇਂਕਾ ਨੇ ਦੁਹਰਾਇਆ ਅਤੇ ਇਹ ਉਹ ਪਹਿਲੀ ਰਾਏ ਸੀ ਜਿਹੜੀ ਉਸਨੇ ਕਈ ਸਾਲਾਂ ਦੀ ਚੁੱਪ ਅਤੇ ਵਿਚਾਰਾਂ ਦੀ ਔੜ ਦੇ ਬਾਅਦ ਸਕਾਰਾਤਮਕ ਵਿਸ਼ਵਾਸ ਦੇ ਨਾਲ ਆਵਾਜ਼ ਦਿੱਤੀ।

ਹੁਣ ਉਸ ਦੇ ਆਪਣੇ ਬਾਰੇ ਵਿਚਾਰ ਸਨ, ਅਤੇ ਰਾਤ ਦੇ ਖਾਣੇ ਤੇ ਉਸਨੇ ਸਾਸ਼ਾ ਦੇ ਮਾਪਿਆਂ ਨਾਲ ਗੱਲ ਕੀਤੀ, ਇਹ ਕਹਿੰਦਿਆਂ ਕਿ ਹਾਈ ਸਕੂਲਾਂ ਵਿਚ ਇਹ ਸਬਕ ਕਿੰਨੇ ਮੁਸ਼ਕਲ ਸਨ, ਪਰ ਫਿਰ ਵੀ ਹਾਈ ਸਕੂਲ ਕਿਸੇ ਵਪਾਰਕ ਸਕੂਲ ਨਾਲੋਂ ਬਿਹਤਰ ਸੀ, ਕਿਉਂਕਿ ਹਾਈ ਸਕੂਲ ਸਿੱਖਿਆ ਨਾਲ ਸਾਰੇ ਕੈਰੀਅਰ ਬੰਦੇ ਲਈ ਖੁੱਲ੍ਹ ਜਾਂਦੇ ਸਨ, ਜਿਵੇਂ ਕਿ ਇੱਕ ਡਾਕਟਰ ਜਾਂ ਇੰਜੀਨੀਅਰ ਬਣਨਾ।

ਸਾਸ਼ਾ ਹੁਣ ਸਕੂਲ ਜਾਣ ਲੱਗ ਪਿਆ। ਉਸਦੀ ਮਾਂ ਇੱਕ ਵਾਰ ਖੇਰਕਾਵ ਵਿੱਚ ਆਪਣੀ ਭੈਣ ਨੂੰ ਦੇਖਣ ਗਈ, ਫਿਰ ਉਥੇ ਹੀ ਰਹਿ ਗਈ। ਬਾਪ ਪਸ਼ੂ ਦੇਖਣ ਜਾਂਦਾ ਅਤੇ ਬਹੁਤ ਸਮਾਂ ਬਾਹਰ ਰਹਿੰਦਾ। ਕਈ ਵਾਰ ਤਿੰਨ ਤਿੰਨ ਦਿਨ ਘਰ ਨਾ ਵੜਦਾ। ਅਤੇ ਓਲੇਂਕਾ ਨੂੰ ਲੱਗ ਰਿਹਾ ਸੀ ਜਿਵੇਂ ਕਿ ਸਾਸ਼ਾ ਪੂਰੀ ਤਰ੍ਹਾਂ ਤਿਆਗਿਆ ਹੋਇਆ ਸੀ, ਕਿ ਘਰ ਵਿਚ ਉਹਨੂੰ ਕੋਈ ਨਹੀਂ ਚਾਹੁੰਦਾ ਸੀ, ਕਿ ਉਹ ਭੁੱਖਾ ਮਾਰਿਆ ਜਾ ਰਿਹਾ ਸੀ, ਅਤੇ ਉਹ ਉਸ ਨੂੰ ਆਪਣੇ ਘਰ ਲੈ ਗਈ ਅਤੇ ਉਥੇ ਉਸ ਨੂੰ ਇੱਕ ਨਿੱਕਾ ਜਿਹਾ ਕਮਰਾ ਦੇ ਦਿੱਤਾ।

ਅਤੇ ਛੇ ਮਹੀਨਿਆਂ ਤੋਂ ਸਾਸ਼ਾ ਉਸਦੇ ਨਾਲ ਰਹਿੰਦਾ ਸੀ। ਰੋਜ ਸਵੇਰੇ ਉਹ ਸਾਸ਼ਾ ਦੇ ਕਮਰੇ ਵਿੱਚ ਜਾਂਦੀ। ਉਹ ਗੱਲ੍ਹ ਦੇ ਹੇਠਾਂ ਆਪਣਾ ਹੱਥ ਰੱਖ ਘੂਕ ਸੁੱਤਾ ਹੁੰਦਾ। ਉਸਨੂੰ ਜਗਾਉਂਦਿਆਂ ਉਸਨੂੰ ਬਹੁਤ ਦੁਖ ਹੁੰਦਾ ਪਰ ਉਸਨੂੰ ਮਜ਼ਬੂਰ ਹੋਕੇ ਜਗਾਉਣਾ ਹੀ ਪੈਂਦਾ ਸੀ।

“ਸਾਸ਼ੇਂਕਾ,” ਉਹ ਉਦਾਸ ਆਵਾਜ਼ ਵਿੱਚ ਆਖਦੀ, “ਉੱਠ, ਪਿਆਰੇ ਬੱਚੂ, ਸਕੂਲ ਦਾ ਸਮਾਂ ਹੋ ਗਿਆ ਹੈ।”

ਉਹ ਉੱਠਦਾ, ਕੱਪੜੇ ਪਹਿਨਦਾ ਅਤੇ ਅਰਦਾਸ ਕਰਦਾ, ਅਤੇ ਫਿਰ ਨਾਸ਼ਤਾ ਕਰਦਾ, ਚਾਹ ਦੇ ਤਿੰਨ ਗਲਾਸ ਅਤੇ ਦੋ ਵੱਡੇ ਬਿਸਕੁਟ ਅਤੇ ਅੱਧਾ ਮੱਖਣ ਵਾਲਾ ਰੋਲ। ਇਹ ਸਾਰਾ ਸਮਾਂ ਉਹ ਊਂਘਲਾ ਰਿਹਾ ਹੁੰਦਾ ਅਤੇ ਇਸੇ ਕਰਕੇ ਥੋੜਾ ਥੋੜਾ ਨਿਰਾਸ਼ ਜਿਹਾ ਲੱਗਦਾ।

“ਤੈਨੂੰ ਆਪਣੀ ਕਹਾਣੀ ਚੰਗੀ ਤਰ੍ਹਾਂ ਨਹੀਂ ਆਉਂਦੀ, ਸਾਸ਼ੇਂਕਾ,” ਓਲੇਂਕਾ ਕਹਿੰਦੀ, ਉਸ ਵੱਲ ਇਉਂ ਦੇਖਦੀ ਜਿਵੇਂ ਉਹ ਲੰਮੇ ਸਫ਼ਰ ਤੇ ਜਾਣ ਵਾਲਾ ਹੋਵੇ। “ਮੈਂ ਤੇਰੇ ਲਈ ਕਿੰਨੀ ਮੁਸੀਬਤ ਝੱਲਦੀ ਹਾਂ! ਤੈਨੂੰ ਕੰਮ ਕਰਨਾ ਚਾਹੀਦਾ ਹੈ ਅਤੇ ਆਪਣਾ ਪੂਰਾ ਤਾਣ ਲਾ ਦੇਣਾ ਚਾਹੀਦਾ ਹੈ, ਪਿਆਰੇ ਅਤੇ ਆਪਣੇ ਅਧਿਆਪਕਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ।”

“ਓ, ਮੇਰੀ ਫਿਕਰ ਨਾ ਕਰੋ!” ਸਾਸ਼ਾ ਕਹਿੰਦਾ।

ਫਿਰ ਉਹ ਸਕੂਲ ਲਈ ਚੱਲ ਪੈਂਦਾ, ਨਿੱਕੂ ਜਿਹਾ, ਵੱਡੀ ਟੋਪੀ ਪਹਿਨ ਕੇ ਅਤੇ ਆਪਣੇ ਮੋਢੇ ਤੇ ਇਕ ਬੈਗ ਲਟਕਾਈ। ਤਾਂ ਉਹ ਥੋੜ੍ਹੀ ਦੂਰ ਤੱਕ ਚੁੱਪ ਚੁੱਪੀਤੇ ਉਸਦੇ ਪਿੱਛੇ ਪਿੱਛੇ ਜਾਂਦੀ।

” ਸਾਸ਼ੇਂਕਾ!” ਉਹ ਉਸ ਨੂੰ ਪੁਕਾਰਦੀ, ਅਤੇ ਉਸਦੇ ਹੱਥ ਵਿੱਚ ਇੱਕ ਖਜੂਰ ਜਾਂ ਇੱਕ ਚਾਕਲੇਟ ਥਮਾ ਦਿੰਦੀ।

ਜਦੋਂ ਉਹ ਸਕੂਲ ਵਾਲੀ ਗਲੀ ਵਿਚ ਪਹੁੰਚ ਜਾਂਦਾ, ਉਹ ਸ਼ਰਮ ਮਹਿਸੂਸ ਕਰਦਾ ਕਿ ਇੱਕ ਲੰਮੀ, ਚੌੜੀ ਔਰਤ ਉਸ ਦੇ ਮਗਰ ਆ ਰਹੀ ਸੀ। ਉਹ ਮੁੜ ਕੇ ਕਹਿੰਦਾ: 
“ਆਂਟੀ, ਹੁਣ ਤੁਸੀਂ ਘਰ ਨੂੰ ਮੁੜ ਜਾਓ, ਅੱਗੇ ਮੈਂ ਇਕੱਲਾ ਜਾ ਸਕਦਾ ਹਾਂ।”

ਉਹ ਰੁਕ ਜਾਂਦੀ ਅਤੇ ਸਕੂਲ ਗੇਟ ਤੇ ਸਾਸ਼ਾ ਦੇ ਗਾਇਬ ਹੋਣ ਤੱਕ ਉਸ ਵੱਲ ਨਜ਼ਰਾਂ ਜਮਾ ਕੇ ਤੱਕਦੀ ਰਹਿੰਦੀ।

ਸਾਸ਼ਾ ਨੂੰ ਛੱਡ ਕੇ ਉਹ ਹੌਲੀ ਹੌਲੀ ਘਰ ਪਰਤਦੀ। ਸੰਤੁਸ਼ਟ ਅਤੇ ਸ਼ਾਂਤ, ਪਿਆਰ ਨਾਲ ਡੁੱਲ ਡੁੱਲ ਪੈ ਰਹੀ; ਉਸ ਦਾ ਚਿਹਰਾ ਪਿਛਲੇ ਛੇ ਮਹੀਨਿਆਂ ਦੌਰਾਨ ਪਹਿਲਾਂ ਨਾਲੋਂ ਛੋਟੀ ਉਮਰ ਦਾ ਲੱਗਣ ਲੱਗਾ ਸੀ, ਖਿੜਿਆ ਖਿੜਿਆ ਰਹਿਣ ਲੱਗ ਪਿਆ ਸੀ; ਉਸ ਨੂੰ ਮਿਲਣ ਵਾਲੇ ਲੋਕ ਉਸ ਨੂੰ ਦੇਖਣਾ ਪਸੰਦ ਕਰਨ ਲੱਗੇ ਸਨ।

ਰਸਤੇ ਵਿੱਚ ਜੇਕਰ ਕੋਈ ਮਿਲਦਾ ਅਤੇ ਹਾਲ ਚਾਲ ਪੁੱਛਦਾ, “ਸ਼ੁਭ ਸਵੇਰ, ਓਲਗਾ ਸੇਮਿਓਨੋਵਨਾ, ਡਾਰਲਿੰਗ. ਕੀ ਹਾਲ ਨੇ, ਡਾਰਲਿੰਗ?”

ਤਾਂ ਉਹ ਕਹਿੰਦੀ, “ਹਾਈ ਸਕੂਲ ਦੇ ਸਬਕ ਹੁਣ ਬਹੁਤ ਮੁਸ਼ਕਲ ਹਨ। ਇਹ ਤਾਂ ਹੱਦ ਹੈ: ਕੱਲ੍ਹ ਪਹਿਲੀ ਕਲਾਸ ਦੇ ਬਾਲਕਾਂ ਨੂੰ ਉਨ੍ਹਾਂ ਨੇ ਜਬਾਨੀ ਯਾਦ ਕਰਨ ਲਈ ਇੱਕ ਕਹਾਣੀ ਦੇ ਦਿੱਤੀ, ਅਤੇ ਇਕ ਲਾਤੀਨੀ ਅਨੁਵਾਦ ਅਤੇ ਫਿਰ ਸਵਾਲ। ਤੁਸੀਂ ਜਾਣਦੇ ਹੋ ਕਿ ਇਹ ਨਿੱਕੇ ਮੁੰਡੇ ਦੇ ਲਈ ਬਹੁਤ ਜ਼ਿਆਦਾ ਕੰਮ ਹੈ।”

ਅਤੇ ਉਹ ਅਧਿਆਪਕਾਂ, ਪਾਠਾਂ ਅਤੇ ਸਕੂਲ ਦੀਆਂ ਕਿਤਾਬਾਂ ਬਾਰੇ ਗੱਲ ਕਰਨਾ ਸ਼ੁਰੂ ਕਰ ਦਿੰਦੀ, ਉਹੀ ਗੱਲਾਂ ਜੋ ਸਾਸ਼ਾ ਨੇ ਕਹੀਆਂ ਹੁੰਦੀਆਂ।

ਆਹ, ਉਹ ਉਸਨੂੰ ਕਿੰਨਾ ਪਿਆਰ ਕਰਦੀ! ਉਸਦੇ ਪਹਿਲੇ ਪਿਆਰਾਂ ਵਿਚੋਂ ਕੋਈ ਇੰਨਾ ਡੂੰਘਾ ਨਹੀਂ ਸੀ; ਕਦੇ ਵੀ ਉਸ ਦੀ ਰੂਹ ਨੇ ਕਿਸੇ ਭਾਵਨਾ ਨੂੰ ਵੀ ਏਨੀ ਆਪ ਮੁਹਾਰਤਾ, ਏਨੀ ਬੇਗਰਜ਼ੀ ਨਾਲ ਆਤਮ-ਸਮਰਪਣ ਨਹੀਂ ਸੀ ਕੀਤਾ, ਅਤੇ ਇੰਨੀ ਖ਼ੁਸ਼ੀ ਕਿਉਂਜੋ ਹੁਣ ਉਸ ਦੀ ਮਮਤਾ ਜਾਗ ਪਈ ਸੀ। ਇਸ ਛੋਟੇ ਜਿਹੇ ਮੁੰਡੇ ਲਈ ਜਿਸ ਦੀ ਗੱਲ੍ਹ ਵਿੱਚ ਡੁੰਘ ਸੀ ਅਤੇ ਵੱਡੀ ਸਕੂਲੀ ਟੋਪੀ ਪਹਿਨੀ ਹੋਈ ਸੀ, ਉਸ ਨੂੰ ਉਹ ਆਪਣੀ ਪੂਰੀ ਜ਼ਿੰਦਗੀ ਦੇ ਸਕਦੀ ਸੀ, ਉਹ ਇਸ ਨੂੰ ਖ਼ੁਸ਼ੀ ਖ਼ੁਸ਼ੀ ਅਤੇ ਮੁਹੱਬਤ ਦੇ ਹੰਝੂਆਂ ਨਾਲ ਨਿਸ਼ਾਵਰ ਕਰ ਸਕਦੀ ਸੀ। ਕਿਉਂ? ਕੌਣ ਦੱਸ ਸਕਦਾ ਸੀ ਕਿ ਕਿਉਂ?

ਤਿੰਨ ਵਜੇ ਉਹ ਇਕੱਠੇ ਖਾਣਾ ਖਾਂਦੇ: ਸ਼ਾਮ ਨੂੰ ਉਹ ਇਕੱਠੇ ਸਬਕ ਯਾਦ ਕਰਦੇ ਅਤੇ ਚੀਖਾਂ ਮਾਰਦੇ। ਜਦੋਂ ਉਸ ਨੇ ਉਸ ਨੂੰ ਸੁਲਾ ਦਿੱਤਾ, ਤਾਂ ਉਹ ਲੰਮੇ ਸਮੇਂ ਤੱਕ ਉਸ ਉੱਤੇ ਸਲੀਬ ਬਣਾਉਂਦੀ ਅਤੇ ਅਰਦਾਸ ਕਰਦੀ; ਫਿਰ ਉਹ ਸੌਣ ਲਈ ਚਲੀ ਜਾਂਦੀ ਅਤੇ ਉਹ ਦੂਰ ਦੇ ਧੁੰਦਲੇ ਭਵਿੱਖ ਦੇ ਸੁਪਨੇ ਦੇਖਦੀ ਜਦੋਂ ਸਾਸ਼ਾ ਆਪਣੀ ਪੜ੍ਹਾਈ ਪੂਰੀ ਕਰ ਲਵੇਗਾ ਅਤੇ ਡਾਕਟਰ ਜਾਂ ਇੰਜੀਨੀਅਰ ਬਣ ਜਾਏਗਾ, ਉਸ ਕੋਲ ਘੋੜੇ ਅਤੇ ਘੋੜਾ ਗੱਡੀ ਹੋਵੇਗੀ, ਆਪਣਾ ਵੱਡਾ ਘਰ ਹੋਵੇਗਾ, ਵਿਆਹ ਕਰਵਾ ਲਵੇਗਾ ਅਤੇ ਉਸਦੇ ਬੱਚੇ ਹੋਣਗੇ. .. ਉਹ ਉਸੇ ਚੀਜ਼ ਬਾਰੇ ਸੋਚਦੀ ਸੋਚਦੀ ਸੌਂ ਜਾਂਦੀ, ਅਤੇ ਉਸ ਦੀਆਂ ਬੰਦ ਅੱਖਾਂ ਵਿਚੋਂ ਅੱਥਰੂ ਉਹਦੀਆਂ ਗੱਲ੍ਹਾਂ ਤੇ ਵਹਿ ਤੁਰਦੇ, ਜਦੋਂ ਕਿ ਕਾਲੀ ਬਿੱਲੀ ਉਸ ਦੇ ਕੋਲ ਪਈ ਹੁੰਦੀ “ਮਰਰ, ਮਰਰ, ਮਰਰ” ਕਰਦੀ।

ਅਚਾਨਕ ਬੂਹੇ ਤੇ ਜ਼ੋਰ ਨਾਲ ਦਸਤਕ ਹੁੰਦੀ। ਓਲੇਂਕਾ ਝਟਕੇ ਨਾਲ ਉਠ ਖੜਦੀ, ਉਸਦਾ ਦਿਲ ਜ਼ੋਰ ਜ਼ੋਰ ਨਾਲ ਧੜਕਣ ਲੱਗਦਾ। ਅੱਧਾ ਮਿੰਟ ਬਾਅਦ ਇਕ ਵਾਰ ਫੇਰ ਦਸਤਕ ਹੁੰਦੀ।

“ਇਹ ਤਾਰ ਖਾਰਕੋਵ ਤੋਂ ਹੋਣੀ ਹੈ,” ਉਹ ਸੋਚਦੀ, ਸਿਰ ਤੋਂ ਪੈਰਾਂ ਤੱਕ ਕੰਬਣ ਸ਼ੁਰੂ ਲੱਗਦੀ। “ਸਾਸ਼ਾ ਦੀ ਮਾਂ ਉਸ ਨੂੰ ਖਾਰਕੋਵ ਬੁਲਾ ਰਹੀ ਹੈ … ਓ, ਮਿਹਰ ਕਰੀਂ ਰੱਬਾ!”
ਉਹ ਉਦਾਸ ਹੋ ਜਾਂਦੀ। ਉਸ ਦਾ ਸਿਰ, ਉਸ ਦੇ ਹੱਥ, ਅਤੇ ਉਸ ਦੇ ਪੈਰਾਂ ਵਿਚ ਠੰਢ ਚੜ੍ਹ ਜਾਂਦੀ, ਅਤੇ ਉਹ ਮਹਿਸੂਸ ਕਰਦੀ ਕਿ ਉਹ ਦੁਨੀਆ ਵਿਚ ਸਭ ਤੋਂ ਦੁਖੀ ਔਰਤ ਸੀ। ਪਰ ਇਕ ਹੋਰ ਮਿੰਟ ਲੰਘ ਜਾਂਦਾ, ਆਵਾਜ਼ਾਂ ਸੁਣਾਈ ਦਿੰਦੀਆਂ: ਕਲੱਬ ਤੋਂ ਘਰ ਆਇਆ ਵੈਟਰਨਰੀ ਸਰਜਨ ਸਾਹਮਣੇ ਖੜਾ ਹੁੰਦਾ।

“ਓ, ਸ਼ੁਕਰ ਰੱਬ ਦਾ,” ਉਹ ਸੋਚਦੀ ਹੈ। ਹੌਲੀ ਹੌਲੀ ਭਾਰ ਉੱਤਰ ਜਾਂਦਾ ਹੈ, ਫਿਰ ਚੈਨ ਆ ਜਾਂਦਾ; ਉਹ ਸਾਸ਼ਾ ਦੇ ਬਾਰੇ ਸੋਚਦੀ ਹੈ, ਜੋ ਅਗਲੇ ਕਮਰੇ ਵਿੱਚ ਘੂਕ ਸੁੱਤਾ ਪਿਆ ਹੈ ਅਤੇ ਕਦੇ-ਕਦਾਈਂ ਬੇਹੋਸ਼ੀ ਵਿਚ ਬੁੜਬੜਾਉਂਦਾ ਹੈ:
“ਮੈਂ ਤੈਨੂੰ ਦੇ ਦਿਆਂਗਾ! ਦਫ਼ਾ ਹੋਜਾ! ਜ਼ਬਾਨ ਸੰਭਾਲ!”

ਕਿਰਤੀ ਮਾਂ ਦੀ ਲੋਰੀ – ਬ੍ਰੈਖ਼ਤ

August 23, 2018 by

ਬੀਤੀ ਸਦੀ ਦੇ ਤੀਸਰੇ ਦਹਾਕੇ ਵਿੱਚ ਐਡੋਲਫ਼ ਹਿਟਲਰ ਜਰਮਨੀ ਦੇ ਚਾਂਸਲਰ ਬਣਿਆ ਅਤੇ ਉਸਨੇ ਜਰਮਨੀ ਨੂੰ ਦੁਨੀਆਂ ਦੀ ਵਾਹਦ ਸੁਪਰ ਪਾਵਰ ਬਨਾਉਣ ਲਈ ਪੂਰੀ ਦੁਨੀਆਂ ਤੇ ਕਬਜ਼ਾ ਕਰਨ ਦਾ ਫ਼ੈਸਲਾ ਕੀਤਾ ਤਾਂ ਜਰਮਨੀ ਦੇ ਅਜ਼ੀਮ ਰੰਗਕਰਮੀ ਤੇ ਇਸ ਤੋਂ ਭੀ ਬੜੇ ਸ਼ਾਇਰ ਬਰਤੋਲਤ ਬ੍ਰੈਖ਼ਤ ਨੇ ਆਪਣੇ ਮੁਲਕ ਨੂੰ ਖ਼ੈਰ ਬਾਦ ਕਹਿਣ ਅਤੇ ਜਲਾਵਤਨੀ ਇਖ਼ਤਿਆਰ ਕਰਨ ਤੋਂ ਪਹਿਲਾਂ ਇਕ ਲੋਰੀ ਲਿਖੀ ਸੀ। ਇਕ ਗ਼ਰੀਬ ਮਿਹਨਤਕਸ਼ ਮਾਂ ਦੀ ਲੋਰੀ ਆਪਣੇ ਨਵਜਨਮੇ ਬੱਚੇ ਦੇ ਲਈ :

ਜਦੋਂ ਮੈਂ ਤੈਨੂੰ ਜਨਮ ਦਿੱਤਾ

ਤੇਰੇ ਭਾਈ ਸ਼ੋਰਬੇ ਲਈ ਰੋ ਰਹੇ ਸਨ

ਤੇ ਘਰ ‘ਚ ਖਾਣ ਨੂੰ ਕੁਛ ਭੀ ਨਹੀਂ ਸੀ

ਤੂੰ ਅੰਧੇਰੇ ‘ਚ ਇਸ ਦੁਨੀਆਂ ‘ਚ ਆਇਆ ਸੀ

ਕਿਉਂਕਿ ਅਸੀਂ ਰੌਸ਼ਨੀ ਦਾ ਬਿਲ ਅਦਾ ਨਹੀਂ ਕਰ ਸਕਦੇ ਸੀ

ਜਦੋਂ ਤੂੰ ਮੇਰੇ ਪੇਟ ‘ਚ ਸੀ

ਮੈਂ ਤੇਰੇ ਬਾਪ ਨੂੰ ਕਈ ਮਰਤਬਾ ਕਿਹਾ

ਮਗਰ ਡਾਕਟਰ ਦੇ ਮਸ਼ਵਰੇ ਦੀ ਫ਼ੀਸ ਖਾਣੇ ਤੇ ਖ਼ਰਚ ਹੋ ਚੁੱਕੀ ਸੀ

ਜਦੋਂ ਤੂੰ ਮੇਰੇ ਅੰਦਰ ਵਜੂਦ ਧਾਰਿਆ

ਅਸੀਂ ਰੋਜ਼ੀ ਰੋਟੀ ਤੋਂ ਮੁਕੰਮਲ ਤੌਰ ਤੇ ਮਾਯੂਸ ਹੋ ਚੁੱਕੇ ਸਾਂ

ਸਿਰਫ਼ ਕਾਰਲ ਮਾਰਕਸ ਤੇ ਲੈਨਿਨ ਤੋਂ ਕੁਛ ਤਵੱਕੋ ਸੀ

ਜ਼ਿੰਦਗੀ ਅੱਗੇ ਤੋਰਨ ਦੀ

ਜਦੋਂ ਮੈਂ ਤੈਨੂੰ ਪੇਟ ‘ਚ ਉਠਾਈਂ ਫਿਰਦੀ ਸੀ

ਦੂਰ ਦੂਰ ਤਕ ਕੋਈ ਤਵੱਕੋ ਦਿਖਾਈ ਨਹੀਂ ਦਿੰਦੀ ਸੀ

ਅਕਸਰ ਸੋਚਦੀ ਸੀ ਕਿਸ ਕਦਰ ਬੁਰੀ ਦੁਨੀਆਂ ਹੈ

ਜੋ ਮੇਰੇ ਬੱਚੇ ਦਾ ਇੰਤਜ਼ਾਰ ਕਰ ਰਹੀ ਹੈ

ਮੈਂ ਫ਼ੈਸਲਾ ਕੀਤਾ ਕਿ ਤੈਨੂੰ ਪੈਦਾ ਹੋਣ ਨਾ ਦੇਵਾਂ

ਤੂੰ ਜਿਸ ਨੂੰ ਮੈਂ ਉਠਾਈਂ ਫਿਰਦੀ ਸਾਂ

ਸ਼ਾਇਦ ਅੱਛੇ ਬਿਹਤਰ ਦਿਨ ਦੇਖਣ ਵਾਲ਼ਾ ਬਣ ਸਕੇਂ

ਕੋਲੇ ਦੇ ਪਹਾੜ ਨੂੰ ਪੁਲਾਂਘਦੇ ਹੋਏ ਮੈਂ ਸੋਚਦੀ ਸੀ

ਕਿ ਜਿਸ ਕੋਲੇ ਤੇ ਮਲਕੀਤਾਂ ਦੇ ਪਹਿਰੇ ਲੱਗੇ ਹੋਏ ਹਨ

ਉਹ ਜਿਸ ਨੂੰ ਮੈਂ ਉਠਾਈਂ ਫਿਰਦੀ ਹਾਂ ਉਸ ਦੀ ਅੱਗ ਸੇਕੇਗਾ

ਤੇ ਰੌਸ਼ਨੀ ਦੇਖੇਗਾ

ਤੇ ਫਿਰ ਜਦੋਂ ਮੈਂ ਖਿੜਕੀਆਂ ‘ਚ ਸਜੀਆਂ ਰੋਟੀਆਂ ਦੇ ਮੂਹਰਿਉਂ

ਭੁੱਖੇ ਮਿਹਨਤਕਸ਼ਾਂ ਨੂੰ ਗੁਜ਼ਰਦੇ ਦੇਖਿਆ

ਤਾਂ ਸੋਚਿਆ ਕਿ ਉਹ ਜੋ ਮੇਰੇ ਪੇਟ ‘ਚ ਹੈ

ਪੇਟ ਭਰ ਕੇ ਖਾਣ ਦੇ ਕਾਬਲ ਹੋਏਗਾ

ਫਿਰ ਉਹ ਆਏ ਤੇ ਤੇਰੇ ਬਾਪ ਨੂੰ ਲੈ ਗਏ

ਫ਼ੌਜੀ ਵਰਦੀ ‘ਚ ਜੰਗ ‘ਚ ਮਾਰੇ ਜਾਣ ਲਈ

ਮੈਂ ਕਿਹਾ ਉਹ ਜੋ ਮੇਰੇ ਪੇਟ ‘ਚ ਹੈ ਇਹ ਨਹੀਂ ਦੇਖੇਗਾ

ਕਿ ਕੋਈ ਉਸ ਨੂੰ ਜ਼ਬਰਦਸਤੀ ਲੈ ਜਾਏ ਤੇ ਮਾਰ ਦੇਵੇ

ਆਪਣੇ ਪੇਟ ਤੇ ਹੱਥ ਫੇਰਦਿਆਂ ਮੈਂ ਤੈਨੂੰ ਤਸੱਲੀ ਦਿੰਦੀ

ਕਿ ਕੋਈ ਤੇਰਾ ਰਸਤਾ ਨਹੀਂ ਰੋਕੇਗਾ

ਮੈਂ ਤੈਨੂੰ ਪੈਦਾ ਕੀਤਾ ਜਦੋਂ ਜਨਮ ਦੇਣਾ ਇਕ ਖ਼ਤਰਨਾਕ ਅਮਲ ਸੀ

ਬਹੁਤ ਜੁਰਅਤ ਦਾ ਕੰਮ ਸੀ ਕਿਸੇ ਨੂੰ ਪਾਲਣਾ

ਤੇ ਹਾਲਾਤ ਨਾਲ ਕਦੇ ਨਾ ਖ਼ਤਮ ਹੋਣ ਵਾਲ਼ੀ ਲੜਾਈ ਜਾਰੀ ਰੱਖਣਾ

ਬੁਢੇ ਕਸਾਈ ਤੇ ਉਸ ਦੇ ਸਾਰੇ ਕਪਤਾਨਾਂ ਨੇ ਨਾਕਾਮੀ ਦਾ ਮੂੰਹ ਦੇਖਿਆ ਹੋਏਗਾ

ਜਦੋਂ ਆਲਿੰਗਨੀ ਤੇ ਚੰਦ ਚਿੜੀਆਂ ਸੁੱਕ ਰਹੀਆਂ ਹੋਣਗੀਆਂ

ਤੇ ਜਿੱਤਣ ਵਾਲੇ ਜਿੱਤ ਗਏ ਹੋਣਗੇ

ਹਾਂ ਰੋਟੀ ਤੇ ਦੁੱਧ ਹਾਸਲ ਕਰਨਾ ਫ਼ਤੂਹਾਤ ‘ਚ ਸ਼ਾਮਿਲ ਹੈ

ਤੇ ਠੰਢੇ ਯਖ਼ ਕਮਰਿਆਂ ‘ਚ ਥੋੜੀ ਜਿਹੀ ਗਰਮੀ ਭੀ

ਤੈਨੂੰ ਪੂਰਾ ਮਰਦ ਬਨਾਉਣ ਲਈ ਮੇਰੀ ਜ਼ਿੰਦਗੀ ਦੇ ਸਾਰੇ ਦਿਨ ਰਾਤ ਖ਼ਰਚ ਹੋਣਗੇ

ਰੋਟੀ ਦੀ ਇੱਕ ਬੁਰਕੀ ਤੇਰੇ ਮੂੰਹ ‘ਚ ਪਾਉਣ ਲਈ

ਦੁਸ਼ਮਣਾਂ ਦੀਆਂ ਸਫਾਂ ਨੂੰ ਚੀਰਨਾ ਹੋਏਗਾ

ਜਰਨੈਲਾਂ ਨੂੰ ਸ਼ਿਕਸਤ ਦੇਣੀ ਹੋਏਗੀ

ਉਹਨਾਂ ਦੇ ਟੈਂਕਾਂ ਤੇ ਬੰਦੂਕਾਂ ਤੋਂ ਬਚਣਾ ਹੋਏਗਾ

ਜਦੋਂ ਤੂੰ ਵੱਡਾ ਹੋਇਆ ਤਾਂ ਮੈਂ ਇਕ ਹੋਰ ਬੱਚੇ ਦਾ ਖ਼ਿਆਲ ਕੀਤਾ

ਜੋ ਤੇਰੀ ਜੱਦੋ ਜਹਿਦ ‘ਚ ਸ਼ਾਮਿਲ ਹੋਏਗਾ

ਤੇ ਫ਼ਤਿਹ ਦਾ ਪ੍ਰਚਮ ਲਹਿਰਾਏਗਾ

ਮੇਰੇ ਬੱਚੇ ਤੂੰ ਜੋ ਕੁਛ ਕਰਨਾ ਹੈ ਜਾਂ ਕਰਨਾ ਚਾਹੇਂਗਾ

ਉਹਨਾਂ ਦੀਆਂ ਲੰਮੀਆਂ ਕਤਾਰਾਂ ਹੋਣਗੀਆਂ ਉਹਨਾਂ ਕੰਮਾਂ ਨੂੰ ਰੁਕਵਾਉਣ ਲਈ

ਕਿਉਂਕਿ ਸਾਰੀ ਦੁਨੀਆਂ ‘ਚ ਤੇਰੀ ਜਗ੍ਹਾ ਬਹੁਤ ਥੋੜੀ ਜਿਹੀ ਹੋਏਗੀ

ਜਿੱਥੇ ਕਚਰਾ ਸੁੱਟਿਆ ਜਾਂਦਾ ਹੈ? ਉਹ ਭੀ ਕਿਸੇ ਨੂੰ ਦੇ ਦਿੱਤੀ ਗਈ ਹੋਏਗੀ

ਮੇਰੇ ਬੱਚੇ ਸੁਣ ਤੇਰੀ ਮਾਂ ਤੈਨੂੰ ਕੀ ਕਹਿੰਦੀ ਹੈ

ਜ਼ਿੰਦਗੀ ਨੇ ਤੇਰੇ ਲਈ ਜੋ ਜਗ੍ਹਾ ਰੱਖੀ ਹੈ ਉਹ ਪਲੇਗ ਤੋਂ ਭੀ ਬੁਰੀ ਹੈ

ਮਗਰ ਇਹ ਨਾ ਸਮਝਣਾ ਕਿ ਮੈਂ ਤੈਨੂੰ ਇਸ ਲਈ ਜਨਮ ਦਿੱਤਾ ਹੈ

ਕਿ ਤੂੰ ਸਭ ਕੁਛ ਬਰਦਾਸ਼ਤ ਕਰੇਂ ਤੇ ਹੋਰ ਦੁੱਖ ਮੰਗੇਂ

ਮੈਂ ਨਹੀਂ ਕਹਿੰਦੀ ਕਿ ਤੂੰ ਕਿਸੇ ਖ਼ਾਸ ਚੀਜ਼ ਦਾ ਬਣਿਆ ਹੈਂ

ਮੈਂ ਤੇਰੀ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੀ

ਮਗਰ ਉਮੀਦ ਕਰਦੀ ਹਾਂ ਤੇ ਇਹ ਉਮੀਦ ਤੇਰੇ ਨਾਲ ਵਾਬਸਤਾ ਹੈ

ਕਿ ਤੂੰ ਰੋਜ਼ਗਾਰ ਦਫ਼ਤਰ ਦੇ ਬਾਹਰ ਬੁਢਾ ਨਹੀਂ ਹੋ ਜਾਏਂਗਾ

ਰਾਤ ਨੂੰ ਜਦੋਂ ਲੇਟਦੀ ਹਾਂ ਤਾਂ ਨੀਂਦ ਨਹੀਂ ਆਉਂਦੀ

ਕਰਵਟ ਬਦਲ ਕੇ ਤੇਰਾ ਹੱਥ ਛੂੰਹਦੀ ਹਾਂ

ਸਮਝ ਨਹੀਂ ਆਉਂਦਾ ਕਿ ਤੈਨੂੰ ਝੂਠ ਦੇ ਅੰਦਰੋਂ ਸੱਚ ਕਿਵੇਂ ਦਿਖਾਵਾਂ

ਜਾਣਦੀ ਹਾਂ ਉਹਨਾਂ ਨੇ ਜੰਗ ‘ਚ ਮਾਰੇ ਜਾਣ ਵਾਲਿਆਂ ਵਿੱਚ

ਤੇਰਾ ਨੰਬਰ ਵੀ ਲਿਖ ਰਖਿਆ ਹੋਏਗਾ

ਤੇਰੀ ਮਾਂ ਨੇ ਮੇਰੇ ਬੱਚੇ ਕਦੇ ਦਾਵਾ ਨਹੀਂ ਕੀਤਾ ਕਿ

ਤੂੰ ਕਿਸੇ ਖ਼ਾਸ ਧੀ ਦਾ ਖ਼ਾਸ ਬੇਟਾ ਹੈਂ

ਮਗਰ ਉਸ ਨੇ ਤੇਰੀ ਪੈਦਾਇਸ਼ ਦਾ ਦੁੱਖ ਇਸ ਲਈ ਭੀ ਬਰਦਾਸ਼ਤ ਨਹੀਂ ਕੀਤਾ

ਕਿ ਤੂੰ ਪਿਆਸਾ ਰੋਂਦਾ ਪਾਣੀ ਲਈ ਕੰਡੇਦਾਰ ਤਾਰ ਤੇ ਲਟਕ ਜਾਏਂ

ਮੇਰੇ ਬੱਚੇ ਆਪਣੇ ਲੋਕਾਂ ਦੇ ਕਰੀਬ, ਉਹਨਾਂ ਦੇ ਨਾਲ ਰਹੀਂ

ਤਾਕਿ ਤੇਰੀ ਤਾਕਤ, ਧੂੜ ਵਾਕੁਰਾਂ ਦੂਰ ਦੂਰ ਫੈਲ ਸਕੇ

ਤੂੰ ਮੇਰੇ ਬੱਚੇ ਤੇ ਸਭ ਲੋਕੋ ਹਮੇਸ਼ਾ ਇਕੱਠੇ ਰਹਿਣਾ ਉਸ ਵਕਤ ਤੱਕ

ਜਦੋਂ ਤੱਕ ਇਨਸਾਨੀ ਨਸਲ ਨੂੰ ਜਮਾਤਾਂ ‘ਚ ਤਬਦੀਲ ਕਰਨ ਵਾਲ਼ਾ ਨਿਜ਼ਾਮ ਖ਼ਤਮ ਨਹੀਂ ਹੋ ਜਾਂਦਾ। 

***

ਕੁੱਤੇ ਦੀ ਦੁਆ (ਕਹਾਣੀ) ~ ਸਆਦਤ ਹਸਨ ਮੰਟੋ

March 20, 2018 by

“ਤੁਸੀਂ ਯਕੀਨ ਨਹੀਂ ਕਰੋਗੇ। ਮਗਰ ਇਹ ਵਾਕਿਆ ਜੋ ਮੈਂ ਤੁਹਾਨੂੰ ਸੁਨਾਣ ਵਾਲਾ ਹਾਂ, ਬਿਲਕੁਲ ਠੀਕ ਹੈ।” ਇਹ ਕਹਿ ਕੇ ਸ਼ੇਖ ਸਾਹਿਬ ਨੇ ਬੀੜੀ ਸੁਲਗਾਈ। ਦੋ ਤਿੰਨ ਜ਼ੋਰ ਦੇ ਕਸ਼ ਲਾ ਕੇ ਉਸਨੂੰ ਸੁੱਟ ਦਿੱਤਾ ਅਤੇ ਆਪਣੀ ਦਾਸਤਾਨ ਸੁਣਾਉਣੀ ਸ਼ੁਰੂ ਕੀਤੀ। ਸ਼ੇਖ ਸਾਹਿਬ ਦੇ ਸੁਭਾ ਤੋਂ ਅਸੀਂ ਵਾਕਿਫ ਸਾਂ, ਇਸ ਲਈ ਅਸੀਂ ਖ਼ਾਮੋਸ਼ੀ ਨਾਲ ਸੁਣਦੇ ਰਹੇ। ਦਰਮਿਆਨ ਵਿੱਚ ਉਨ੍ਹਾਂ ਨੂੰ ਕਿਤੇ ਵੀ ਨਹੀਂ ਟੋਕਿਆ।

ਆਪ ਨੇ ਵਾਕਿਆ ਇਵੇਂ ਬਿਆਨ ਕਰਨਾ ਸ਼ੁਰੂ ਕੀਤਾ:
“ਗੋਲਡੀ ਮੇਰੇ ਕੋਲ ਪੰਦਰਾਂ ਬਰਸ ਤੋਂ ਸੀ। ਜਿਵੇਂ ਕਿਰ ਨਾਮ ਤੋਂ ਜ਼ਾਹਰ ਹੈ…..ਉਸ ਦਾ ਰੰਗ ਸੁਨਹਰੀ ਮਾਇਲ ਭੂਸਲਾ ਸੀ। ਬਹੁਤ ਹੀ ਹਸੀਨ ਕੁੱਤਾ ਸੀ। ਜਦੋਂ ਮੈਂ ਸਵੇਰੇ ਉਸ ਦੇ ਨਾਲ ਬਾਗ ਦੀ ਸੈਰ ਨੂੰ ਨਿਕਲਦਾ ਤਾਂ ਲੋਕ ਉਸਨੂੰ ਦੇਖਣ ਲਈ ਖੜੇ ਹੋ ਜਾਂਦੇ ਸਨ। ਲਾਰੈਂਸ ਗਾਰਡਨ ਦੇ ਬਾਹਰ ਮੈਂ ਉਸਨੂੰ ਖੜਾ ਕਰ ਦਿੰਦਾ। “ਗੋਲਡੀ ਖੜੇ ਰਹਿਣਾ ਇੱਥੇ। ਮੈਂ ਅਜੇਹੁਣੇ ਆਉਂਦਾ ਹਾਂ।” ਇਹ ਕਹਿ ਕੇ ਮੈਂ ਬਾਗ ਦੇ ਅੰਦਰ ਚਲਾ ਜਾਂਦਾ। ਘੁੰਮ ਫਿਰ ਕੇ ਅੱਧੇ ਘੰਟੇ ਦੇ ਬਾਅਦ ਵਾਪਸ ਆਉਂਦਾ ਤਾਂ ਗੋਲਡੀ ਉਥੇ ਹੀ ਆਪਣੇ ਲੰਬੇ ਲੰਬੇ ਕੰਨ ਲਟਕਾਈ ਖੜਾ ਹੁੰਦਾ।

ਸਪੇਨੀਅਲ ਜ਼ਾਤ ਦੇ ਕੁੱਤੇ ਆਮ ਤੌਰ ਉੱਤੇ ਵੱਡੇ ਵਫ਼ਾਦਾਰ ਅਤੇ ਫ਼ਰਮਾਂਬਰਦਾਰ ਹੁੰਦੇ ਹਨ। ਮਗਰ ਮੇਰੇ ਗੋਲਡੀ ਵਿੱਚ ਇਹ ਸਿਫ਼ਤਾਂ ਬਹੁਤ ਨੁਮਾਇਆਂ ਸਨ। ਜਦੋਂ ਤੱਕ ਉਹਨੂੰ ਆਪਣੇ ਹੱਥ ਨਾਲ ਖਾਣਾ ਨਾ ਦਿੰਦਾ ਨਹੀਂ ਖਾਂਦਾ ਸੀ। ਦੋਸਤ ਯਾਰਾਂ ਨੇ ਮੇਰਾ ਮਨ ਤੋੜਨ ਲਈ ਲੱਖਾਂ ਜਤਨ ਕੀਤੇ ਮਗਰ ਗੋਲਡੀ ਨੇ ਉਨ੍ਹਾਂ ਦੇ ਹੱਥੋਂ ਇੱਕ ਦਾਣਾ ਤੱਕ ਨਹੀਂ ਖਾਧਾ।

ਇੱਕ ਰੋਜ਼ ਇੱਤਫਾਕ ਦੀ ਗੱਲ ਹੈ ਕਿ ਮੈਂ ਲਾਰੈਂਸ ਦੇ ਬਾਹਰ ਉਸਨੂੰ ਛੱਡਕੇ ਅੰਦਰ ਗਿਆ ਤਾਂ ਇੱਕ ਦੋਸਤ ਮਿਲ ਗਿਆ। ਘੁੰਮਦੇ ਘੁੰਮਦੇ ਕਾਫ਼ੀ ਦੇਰ ਹੋ ਗਈ। ਇਸ ਦੇ ਬਾਅਦ ਉਹ ਮੈਨੂੰ ਆਪਣੀ ਕੋਠੀ ਲੈ ਗਿਆ। ਮੈਨੂੰ ਸ਼ਤਰੰਜ ਖੇਡਣ ਦੀ ਮਰਜ਼ ਸੀ। ਸ਼ੁਰੂ ਹੋਈ ਤਾਂ ਮੈਂ ਦੁਨੀਆ ਦਾ ਸਭ ਕੁਝ ਭੁੱਲ ਗਿਆ। ਕਈ ਘੰਟੇ ਗੁਜ਼ਰ ਗਏ। ਅਚਾਨਕ ਮੈਨੂੰ ਗੋਲਡੀ ਦਾ ਖਿਆਲ ਆਇਆ। ਬਾਜ਼ੀ ਛੱਡਕੇ ਲਾਰੈਂਸ ਦੇ ਗੇਟ ਦੀ ਤਰਫ਼ ਭੱਜਿਆ। ਗੋਲਡੀ ਉਥੇ ਹੀ ਆਪਣੇ ਲੰਬੇ ਲੰਬੇ ਕੰਨ ਲਟਕਾਏ ਖੜਾ ਸੀ। ਮੈਨੂੰ ਉਸ ਨੇ ਅਜੀਬ ਨਜਰਾਂ ਨਾਲ ਵੇਖਿਆ ਜਿਵੇਂ ਕਹਿ ਰਿਹਾ ਹੈ “ਦੋਸਤ, ਤੁਸੀਂ ਅੱਜ ਅੱਛਾ ਸੁਲੂਕ ਕੀਤਾ ਮੇਰੇ ਨਾਲ!”

ਮੈਂ ਬੇਹੱਦ ਪਛਤਾਇਆ। ਇਸਲਈ ਤੁਸੀਂ ਯਕੀਨ ਕਰਨਾ ਮੈਂ ਸ਼ਤਰੰਜ ਖੇਡਣੀ ਛੱਡ ਦਿੱਤੀ….. ਮੁਆਫ਼ ਕਰਨਾ। ਮੈਂ ਅਸਲ ਵਾਕੇ ਦੀ ਤਰਫ਼ ਅਜੇ ਤੱਕ ਨਹੀਂ ਆਇਆ। ਦਰਅਸਲ ਗੋਲਡੀ ਦੀ ਗੱਲ ਸ਼ੁਰੂ ਹੋਈ ਤਾਂ ਮੈਂ ਚਾਹੁੰਦਾ ਹਾਂ ਕਿ ਉਸਦੇ ਸੰਬੰਧ ਵਿੱਚ ਮੈਨੂੰ ਜਿੰਨੀਆਂ ਗੱਲਾਂ ਯਾਦ ਹਨ ਤੁਹਾਨੂੰ ਸੁਣਾ ਦੇਵਾਂ…. ਮੈਨੂੰ ਉਸ ਨਾਲ ਬੇਹੱਦ ਮੁਹੱਬਤ ਸੀ। ਮੇਰੇ ਮੁਜੱਰਦ ਰਹਿਣ ਦਾ ਇੱਕ ਸਬੱਬ ਉਸਦੀ ਮੁਹੱਬਤ ਵੀ ਸੀ ਜਦੋਂ ਮੈਂ ਵਿਆਹ ਨਾ ਕਰਨ ਦਾ ਤਹਈਆ ਕੀਤਾ ਤਾਂ ਉਸ ਨੂੰ ਖ਼ੱਸੀ ਕਰਾ ਦਿੱਤਾ….. ਤੁਸੀਂ ਸ਼ਾਇਦ ਕਹੋ ਕਿ ਮੈਂ ਜੁਲਮ ਕੀਤਾ, ਲੇਕਿਨ ਮੈਂ ਸਮਝਦਾ ਹਾਂ। ਮੁਹੱਬਤ ਵਿੱਚ ਹਰ ਚੀਜ਼ ਰਵਾ ਹੈ….. ਮੈਂ ਉਸਦੀ ਜ਼ਾਤ ਦੇ ਸਿਵਾ ਹੋਰ ਕਿਸੇ ਨੂੰ ਵਾਬਸਤਾ ਵੇਖਣਾ ਨਹੀਂ ਚਾਹੁੰਦਾ ਸੀ।

ਕਈ ਵਾਰ ਮੈਂ ਸੋਚਿਆ ਜੇਕਰ ਮੈਂ ਮਰ ਗਿਆ ਤਾਂ ਇਹ ਕਿਸੇ ਹੋਰ ਦੇ ਕੋਲ ਚਲਾ ਜਾਵੇਗਾ। ਕੁੱਝ ਦੇਰ ਮੇਰੀ ਮੌਤ ਦਾ ਅਸਰ ਇਸ ਉੱਤੇ ਰਹੇਗਾ। ਉਸ ਦੇ ਬਾਅਦ ਮੈਨੂੰ ਭੁੱਲ ਕੇ ਆਪਣੇ ਨਵੇਂ ਆਕਾ ਨਾਲ ਮੁਹੱਬਤ ਕਰਨਾ ਸ਼ੁਰੂ ਕਰ ਦੇਵੇਗਾ। ਜਦੋਂ ਮੈਂ ਇਹ ਸੋਚਦਾ ਤਾਂ ਮੈਨੂੰ ਬਹੁਤ ਦੁੱਖ ਹੁੰਦਾ। ਲੇਕਿਨ ਮੈਂ ਇਹ ਤਹਈਆ ਕਰ ਲਿਆ ਸੀ ਕਿ ਜੇਕਰ ਮੈਨੂੰ ਆਪਣੀ ਮੌਤ ਦੀ ਆਮਦ ਦਾ ਪੂਰਾ ਯਕੀਨ ਹੋ ਗਿਆ ਤਾਂ ਮੈਂ ਗੋਲਡੀ ਨੂੰ ਹਲਾਕ ਕਰ ਦੇਵਾਂਗਾ। ਅੱਖਾਂ ਬੰਦ ਕਰਕੇ ਉਸਨੂੰ ਗੋਲੀ ਦਾ ਨਿਸ਼ਾਨਾ ਬਣਾ ਦੇਵਾਂਗਾ।

ਗੋਲਡੀ ਕਦੇ ਇੱਕ ਪਲ ਲਈ ਮੈਥੋਂ ਜੁਦਾ ਨਹੀਂ ਹੋਇਆ ਸੀ। ਰਾਤ ਨੂੰ ਹਮੇਸ਼ਾ ਮੇਰੇ ਨਾਲ ਸੌਂਦਾ। ਮੇਰੀ ਤਨਹਾ ਜ਼ਿੰਦਗੀ ਵਿੱਚ ਉਹ ਇੱਕ ਰੋਸ਼ਨੀ ਸੀ। ਮੇਰੀ ਬੇਹੱਦ ਫਿੱਕੀ ਜ਼ਿੰਦਗੀ ਵਿੱਚ ਉਸਦਾ ਵਜੂਦ ਇੱਕ ਸ਼ੀਰਨੀ ਸੀ। ਉਸ ਨਾਲ ਮੇਰੀ ਗ਼ੈਰਮਾਮੂਲੀ ਮੁਹੱਬਤ ਵੇਖ ਕੇ ਕਈ ਦੋਸਤ ਮਜ਼ਾਕ ਉੜਾਂਦੇ ਸਨ। “ਸ਼ੇਖ ਸਾਹਿਬ ਗੋਲਡੀ ਕੁੱਤੀ ਹੁੰਦੀ ਤਾਂ ਤੁਸੀਂ ਜ਼ਰੂਰ ਉਸ ਨਾਲ ਸ਼ਾਦੀ ਕਰ ਲਈ ਹੁੰਦੀ।”

ਇੰਜ ਹੀ ਕਈ ਹੋਰ ਫ਼ਿਕਰੇ ਕਸੇ ਜਾਂਦੇ ਲੇਕਿਨ ਮੈਂ ਮੁਸਕਰਾ ਦਿੰਦਾ। ਗੋਲਡੀ ਬਹੁਤ ਜ਼ਹੀਨ ਸੀ ਉਸ ਦੇ ਸੰਬੰਧ ਵਿੱਚ ਜਦੋਂ ਕੋਈ ਗੱਲ ਹੋਈ ਹੁੰਦੀ ਤਾਂ ਫ਼ੌਰਨ ਉਸ ਦੇ ਕੰਨ ਖੜੇ ਹੋ ਜਾਂਦੇ ਸਨ। ਮੇਰੇ ਹਲਕੇ ਤੋਂ ਹਲਕੇ ਇਸ਼ਾਰੇ ਨੂੰ ਵੀ ਉਹ ਸਮਝ ਲੈਂਦਾ ਸੀ। ਮੇਰੇ ਮੂਡ ਦੇ ਸਾਰੇ ਉਤਾਰ ਚੜ੍ਹਾਓ ਉਸਨੂੰ ਪਤਾ ਹੁੰਦੇ। ਜੇਕਰ ਕਿਸੇ ਵਜ੍ਹਾ ਨਾਲ ਰੰਜੀਦਾ ਹੁੰਦਾ ਤਾਂ ਉਹ ਮੇਰੇ ਨਾਲ ਚੁਹਲਾਂ ਸ਼ੁਰੂ ਕਰ ਦਿੰਦਾ ਮੈਨੂੰ ਖ਼ੁਸ਼ ਕਰਨ ਲਈ ਹਰ ਮੁਮਕਿਨ ਕੋਸ਼ਿਸ਼ ਕਰਦਾ।

ਅਜੇ ਉਸ ਨੇ ਟੰਗ ਉਠਾ ਕੇ ਪੇਸ਼ਾਬ ਕਰਨਾ ਨਹੀਂ ਸਿੱਖਿਆ ਸੀ ਯਾਨੀ ਅਜੇ ਨਿਆਣਾ ਸੀ ਕਿ ਉਸ ਨੇ ਇੱਕ ਬਰਤਨ ਨੂੰ ਜੋ ਕਿ ਖ਼ਾਲੀ ਸੀ, ਥੂਥਨੀ ਵਧਾ ਕੇ ਸੁੰਘਿਆ। ਮੈਂ ਉਸਨੂੰ ਝਿੜਕਿਆ ਤਾਂ ਦੁਮ ਦਬਾ ਕੇ ਉਥੇ ਹੀ ਬੈਠ ਗਿਆ….. ਪਹਿਲਾਂ ਉਸ ਦੇ ਚਿਹਰੇ ਉੱਤੇ ਹੈਰਤ ਜਿਹੀ ਪੈਦਾ ਹੋਈ ਸੀ ਕਿ ਹਾਂ ਇਹ ਮੈਥੋਂ ਕੀ ਹੋ ਗਿਆ। ਦੇਰ ਤੱਕ ਗਰਦਨ ਸੁੱਟੀ ਬੈਠਾ ਰਿਹਾ, ਜਿਵੇਂ ਨਦਾਮਤ ਦੇ ਸਮੁੰਦਰ ਵਿੱਚ ਗਰਕ ਹੋਵੇ। ਮੈਂ ਉੱਠਿਆ। ਉਠ ਕੇ ਉਸਨੂੰ ਗੋਦ ਵਿੱਚ ਲਿਆ, ਪਿਆਰਿਆ ਪੁਚਕਾਰਿਆ। ਬੜੀ ਦੇਰ ਦੇ ਬਾਅਦ ਜਾ ਕੇ ਉਸਦੀ ਦੁਮ ਹਿਲੀ…. ਮੈਨੂੰ ਬਹੁਤ ਤਰਸ ਆਇਆ ਕਿ ਮੈਂ ਖ਼ਾਹ – ਮਖ਼ਾਹ ਉਸਨੂੰ ਡਾਂਟਿਆ ਕਿਉਂਕਿ ਉਸ ਰੋਜ਼ ਰਾਤ ਨੂੰ ਗਰੀਬ ਨੇ ਖਾਣ ਨੂੰ ਮੂੰਹ ਨਹੀਂ ਲਗਾਇਆ। ਉਹ ਬਹੁਤ ਸੰਵੇਦਨਸ਼ੀਲ ਕੁੱਤਾ ਸੀ।

ਮੈਂ ਬਹੁਤ ਬੇਪਰਵਾਹ ਆਦਮੀ ਹਾਂ। ਮੇਰੀ ਗ਼ਫ਼ਲਤ ਨਾਲ ਉਸ ਨੂੰ ਇੱਕ ਵਾਰ ਨਿਮੋਨੀਆ ਹੋ ਗਿਆ ਮੇਰੇ ਹੋਸ਼ ਉੱਡ ਗਏ। ਡਾਕਟਰਾਂ ਦੇ ਕੋਲ ਭੱਜਿਆ। ਇਲਾਜ ਸ਼ੁਰੂ ਹੋਇਆ। ਮਗਰ ਅਸਰ ਨਦਾਰਦ। ਲਗਾਤਾਰ ਸੱਤ ਰਾਤਾਂ ਜਾਗਦਾ ਰਿਹਾ। ਉਸਨੂੰ ਬਹੁਤ ਤਕਲੀਫ਼ ਸੀ। ਸਾਹ ਬੜੀ ਮੁਸ਼ਕਲ ਨਾਲ ਆਉਂਦਾ ਸੀ। ਜਦੋਂ ਸੀਨੇ ਵਿੱਚ ਦਰਦ ਉੱਠਦਾ ਤਾਂ ਉਹ ਮੇਰੀ ਤਰਫ਼ ਵੇਖਦਾ ਜਿਵੇਂ ਇਹ ਕਹਿ ਰਿਹਾ ਹੋਵੇ, “ਫ਼ਿਕਰ ਦੀ ਕੋਈ ਗੱਲ ਨਹੀਂ, ਮੈਂ ਠੀਕ ਹੋ ਜਾਵਾਂਗਾ।”

ਕਈ ਵਾਰ ਮੈਂ ਮਹਿਸੂਸ ਕੀਤਾ ਕਿ ਸਿਰਫ ਮੇਰੇ ਆਰਾਮ ਦੀ ਖ਼ਾਤਰ ਉਸ ਨੇ ਇਹ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿ ਉਸਦੀ ਤਕਲੀਫ ਕੁੱਝ ਘੱਟ ਹੈ ਉਹ ਅੱਖਾਂ ਮੀਚ ਲੈਂਦਾ, ਤਾਂਕਿ ਮੈਂ ਥੋੜ੍ਹੀ ਦੇਰ ਅੱਖ ਲਗਾ ਲਵਾਂ। ਅਠਵੀਂ ਰੋਜ਼ ਖ਼ੁਦਾ ਖ਼ੁਦਾ ਕਰਕੇ ਉਸ ਦਾ ਬੁਖਾਰ ਹਲਕਾ ਹੋਇਆ ਅਤੇ ਆਹਿਸਤਾ ਆਹਿਸਤਾ ਉੱਤਰ ਗਿਆ। ਮੈਂ ਪਿਆਰ ਨਾਲ ਉਸ ਦੇ ਸਿਰ ਉੱਤੇ ਹੱਥ ਫੇਰਿਆ ਤਾਂ ਮੈਨੂੰ ਇੱਕ ਥੱਕੀ ਥੱਕੀ ਜਿਹੀ ਮੁਸਕਾਣ ਉਸਦੀਆਂ ਅੱਖਾਂ ਵਿੱਚ ਤੈਰਦੀ ਨਜ਼ਰ ਆਈ।

ਨਮੋਨੀਏ ਦੇ ਜਾਲਿਮ ਹਮਲੇ ਦੇ ਬਾਅਦ ਦੇਰ ਤੱਕ ਉਸ ਨੂੰ ਕਮਜ਼ੋਰੀ ਰਹੀ। ਲੇਕਿਨ ਤਾਕਤਵਰ ਦਵਾਵਾਂ ਨੇ ਉਸਨੂੰ ਠੀਕ ਠਾਕ ਕਰ ਦਿੱਤਾ। ਇੱਕ ਲੰਮੀ ਗ਼ੈਰ ਹਾਜ਼ਰੀ ਦੇ ਬਾਅਦ ਲੋਕਾਂ ਨੇ ਮੈਨੂੰ ਉਸਦੇ ਨਾਲ ਵੇਖਿਆ ਤਾਂ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨੇ ਸ਼ੁਰੂ ਕੀਤੇ “ਆਸ਼ਿਕ ਮਾਸ਼ੂਕ ਕਿੱਥੇ ਗਾਇਬ ਸਨ ਇਤਨੇ ਦਿਨ?”

“ਆਪਸ ਵਿੱਚ ਕਿਤੇ ਲੜਾਈ ਤਾਂ ਨਹੀਂ ਹੋ ਗਈ ਸੀ?”

“ਕਿਸੇ ਹੋਰ ਨਾਲ ਤਾਂ ਨਜ਼ਰ ਨਹੀਂ ਲੜ ਗਈ ਸੀ ਗੋਲਡੀ ਦੀ?”

ਮੈਂ ਖ਼ਾਮੋਸ਼ ਰਿਹਾ। ਗੋਲਡੀ ਇਹ ਗੱਲਾਂ ਸੁਣਦਾ ਤਾਂ ਇੱਕ ਨਜ਼ਰ ਮੇਰੀ ਤਰਫ਼ ਵੇਖ ਕੇ ਖ਼ਾਮੋਸ਼ ਹੋ ਜਾਂਦਾ ਕਿ ਭੌਂਕਣ ਦਿਓ ਕੁੱਤਿਆਂ ਨੂੰ।

ਇਹ ਕਹਾਵਤ ਮਸ਼ਹੂਰ ਹੈ। ਕੁਨਦ ਹਮਜਿਨਸ ਬਾਹਮ ਜਿਨਸ ਪਰਵਾਜ਼। ਕਬੂਤਰ ਬਾ ਕਬੂਤਰ ਬਾਜ਼ ਬਾ ਬਾਜ਼।

ਲੇਕਿਨ ਗੋਲਡੀ ਨੂੰ ਆਪਣੇ ਹਮਜਿਨਸਾਂ ਨਾਲ ਕੋਈ ਦਿਲਚਸਪੀ ਨਹੀਂ ਸੀ। ਉਸਦੀ ਦੁਨੀਆ ਸਿਰਫ਼ ਮੇਰੀ ਜ਼ਾਤ ਸੀ। ਇਸ ਤੋਂ ਬਾਹਰ ਉਹ ਕਦੇ ਨਿਕਲਦਾ ਹੀ ਨਹੀਂ ਸੀ।

ਗੋਲਡੀ ਮੇਰੇ ਕੋਲ ਨਹੀਂ ਸੀ। ਜਦੋਂ ਇੱਕ ਦੋਸਤ ਨੇ ਮੈਨੂੰ ਅਖ਼ਬਾਰ ਪੜ੍ਹ ਕੇ ਸੁਣਾਇਆ। ਇਸ ਵਿੱਚ ਇੱਕ ਵਾਕਿਆ ਲਿਖਿਆ ਸੀ। ਤੁਸੀਂ ਸੁਣੋ ਬਹੁਤ ਦਿਲਚਸਪ ਹੈ। ਅਮਰੀਕਾ ਜਾਂ ਇੰਗਲਿਸਤਾਨ ਮੈਨੂੰ ਯਾਦ ਨਹੀਂ ਕਿੱਥੇ। ਇੱਕ ਸ਼ਖਸ ਦੇ ਕੋਲ ਕੁੱਤਾ ਸੀ। ਪਤਾ ਨਹੀਂ ਕਿਸ ਜ਼ਾਤ ਦਾ। ਉਸ ਸ਼ਖਸ ਦਾ ਆਪ੍ਰੇਸ਼ਨ ਹੋਣਾ ਸੀ। ਉਹਨੂੰ ਹਸਪਤਾਲ ਲੈ ਗਏ ਤਾਂ ਕੁੱਤਾ ਵੀ ਨਾਲ ਹੋ ਲਿਆ। ਸਟਰੈਚਰ ਉੱਤੇ ਪਾ ਕੇ ਉਸ ਨੂੰ ਆਪ੍ਰੇਸ਼ਨ ਰੁਮ ਵਿੱਚ ਲੈ ਜਾਣ ਲੱਗੇ ਤਾਂ ਕੁੱਤੇ ਨੇ ਅੰਦਰ ਜਾਣਾ ਚਾਹਿਆ। ਮਾਲਿਕ ਨੇ ਉਸ ਨੂੰ ਰੋਕਿਆ ਅਤੇ ਕਿਹਾ, ਬਾਹਰ ਖੜੇ ਰਹੋ। ਮੈਂ ਹੁਣੇ ਆਉਂਦਾ ਹਾਂ….. ਕੁੱਤਾ ਹੁਕਮ ਸੁਣ ਕੇ ਬਾਹਰ ਖੜਾ ਹੋ ਗਿਆ। ਅੰਦਰ ਮਾਲਿਕ ਦਾ ਆਪ੍ਰੇਸ਼ਨ ਹੋਇਆ। ਜੋ ਨਾਕਾਮ ਸਾਬਤ ਹੋਇਆ….. ਉਸਦੀ ਲਾਸ਼ ਦੂਜੇ ਦਰਵਾਜੇ ਤੋਂ ਬਾਹਰ ਕੱਢ ਦਿੱਤੀ ਗਈ….. ਕੁੱਤਾ ਬਾਰਾਂ ਬਰਸ ਤੱਕ ਉਥੇ ਹੀ ਖੜਾ ਆਪਣੇ ਮਾਲਿਕ ਦਾ ਇੰਤਜ਼ਾਰ ਕਰਦਾ ਰਿਹਾ। ਪੇਸ਼ਾਬ, ਪਾਖ਼ਾਨੇ ਲਈ ਕੁੱਝ ਉੱਥੇ ਵਲੋਂ ਹਟਦਾ….. ਫਿਰ ਉਥੇ ਹੀ ਖੜਾ ਹੋ ਜਾਂਦਾ….. ਆਖਿਰ ਇੱਕ ਰੋਜ਼ ਮੋਟਰ ਦੀ ਲਪੇਟ ਵਿੱਚ ਆ ਗਿਆ। ਅਤੇ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਮਗਰ ਇਸ ਹਾਲਤ ਵਿੱਚ ਵੀ ਉਹ ਖ਼ੁਦ ਨੂੰ ਘਸੀਟਦਾ ਹੋਇਆ ਉੱਥੇ ਪਹੁੰਚਿਆ, ਜਿੱਥੇ ਉਸ ਦੇ ਮਾਲਿਕ ਨੇ ਉਸਨੂੰ ਇੰਤਜ਼ਾਰ ਕਰਨ ਲਈ ਕਿਹਾ ਸੀ। ਆਖ਼ਰੀ ਸਾਹ ਉਸ ਨੇ ਉਸੇ ਜਗ੍ਹਾ ਲਿਆ….. ਇਹ ਵੀ ਲਿਖਿਆ ਸੀ….. ਕਿ ਹਸਪਤਾਲ ਵਾਲਿਆਂ ਨੇ ਉਸ ਦੀ ਲਾਸ਼ ਵਿੱਚ ਤੂੜੀ ਭਰ ਕੇ ਉਸਨੂੰ ਉਥੇ ਹੀ ਰੱਖ ਦਿੱਤਾ ਜਿਵੇਂ ਉਹ ਹੁਣ ਵੀ ਆਪਣੇ ਆਕਾ ਦੇ ਇੰਤਜ਼ਾਰ ਵਿੱਚ ਖੜਾ ਹੋਵੇ।

ਮੈਂ ਇਹ ਦਾਸਤਾਨ ਸੁਣੀ ਤਾਂ ਮੇਰੇ ਉੱਤੇ ਕੋਈ ਖ਼ਾਸ ਅਸਰ ਨਹੀਂ ਹੋਇਆ। ਅੱਵਲ ਤਾਂ ਮੈਨੂੰ ਉਸਦੀ ਸਿਹਤ ਹੀ ਦਾ ਯਕੀਨ ਨਹੀਂ ਆਇਆ, ਲੇਕਿਨ ਜਦੋਂ ਗੋਲਡੀ ਮੇਰੇ ਕੋਲ ਆਇਆ ਅਤੇ ਮੈਨੂੰ ਉਸਦੀਆਂ ਸਿਫ਼ਤਾਂ ਦਾ ਇਲਮ ਹੋਇਆ ਤਾਂ ਬਹੁਤ ਵਰ੍ਹਿਆਂ ਦੇ ਬਾਅਦ ਮੈਂ ਇਹ ਦਾਸਤਾਨ ਕਈ ਦੋਸਤਾਂ ਨੂੰ ਸੁਣਾਈ। ਸੁਣਾਉਂਦੇ ਵਕ਼ਤ ਮੇਰੇ ਉੱਤੇ ਇੱਕ ਤਰਲਤਾ ਤਾਰੀ ਹੋ ਜਾਂਦੀ ਸੀ ਅਤੇ ਮੈਂ ਸੋਚਣ ਲੱਗਦਾ ਸੀ, “ਮੇਰੇ ਗੋਲਡੀ ਨਾਲ ਵੀ ਕੋਈ ਅਜਿਹਾ ਕਾਰਨਾਮਾ ਵਾਬਸਤਾ ਹੋਣਾ ਚਾਹੀਦਾ ਹੈ….. ਗੋਲਡੀ ਮਾਮੂਲੀ ਹਸਤੀ ਨਹੀਂ ਹੈ।”

ਗੋਲਡੀ ਬਹੁਤ ਸਰਲ ਅਤੇ ਗੰਭੀਰ ਸੀ। ਬਚਪਨ ਵਿੱਚ ਉਸ ਨੇ ਥੋੜ੍ਹੀਆਂ ਸ਼ਰਾਰਤਾਂ ਕੀਤੀਆਂ ਮਗਰ ਜਦੋਂ ਉਸ ਨੇ ਵੇਖਿਆ ਕਿ ਮੈਨੂੰ ਪਸੰਦ ਨਹੀਂ ਤਾਂ ਉਨ੍ਹਾਂ ਨੂੰ ਤਰਕ ਕਰ ਦਿੱਤੀਆਂ। ਆਹਿਸਤਾ ਆਹਿਸਤਾ ਗੰਭੀਰਤਾ ਇਖ਼ਤਿਆਰ ਕਰ ਲਈ ਜੋ ਤਾ ਦਮ-ਏ-ਮਰਗ (ਮੌਤ ਦੇ ਦਮ ਤੱਕ) ਕਾਇਮ ਰਹੀ।

ਮੈਂ ‘ਤਾ ਦਮ-ਏ-ਮਰਗ’ ਕਿਹਾ ਹੈ ਤਾਂ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ ਹਨ।

ਸ਼ੇਖ ਸਾਹਿਬ ਰੁਕ ਗਏ ਉਨ੍ਹਾਂ ਦੀ ਅੱਖਾਂ ਗਿੱਲੀਆਂ ਹੋ ਗਈਆਂ ਸਨ। ਅਸੀਂ ਖ਼ਾਮੋਸ਼ ਰਹੇ ਥੋੜ੍ਹੇ ਅਰਸੇ ਦੇ ਬਾਅਦ ਉਨ੍ਹਾਂ ਨੇ ਰੂਮਾਲ ਕੱਢ ਕੇ ਆਪਣੇ ਅੱਥਰੂ ਪੂੰਝੇ ਅਤੇ ਕਹਿਣਾ ਸ਼ੁਰੂ ਕੀਤਾ।

“ਇਹੀ ਮੇਰੀ ਜ਼ਿਆਦਤੀ ਹੈ ਕਿ ਮੈਂ ਜ਼ਿੰਦਾ ਹਾਂ….. ਲੇਕਿਨ ਸ਼ਾਇਦ ਇਸ ਲਈ ਜ਼ਿੰਦਾ ਹਾਂ ਕਿ ਇਨਸਾਨ ਹਾਂ….. ਮਰ ਜਾਂਦਾ ਤਾਂ ਸ਼ਾਇਦ ਗੋਲਡੀ ਦੀ ਤੌਹੀਨ ਹੁੰਦੀ….. ਜਦੋਂ ਉਹ ਮਰਿਆ ਤਾਂ ਰੋ ਰੋ ਕੇ ਮੇਰਾ ਬੁਰਾ ਹਾਲ ਸੀ….. ਲੇਕਿਨ ਉਹ ਮਰਿਆ ਨਹੀਂ ਸੀ। ਮੈਂ ਉਸ ਨੂੰ ਮਰਵਾ ਦਿੱਤਾ ਸੀ। ਇਸ ਲਈ ਨਹੀਂ ਕਿ ਮੈਨੂੰ ਆਪਣੀ ਮੌਤ ਦੀ ਆਮਦ ਦਾ ਯਕੀਨ ਹੋ ਗਿਆ ਸੀ….. ਉਹ ਪਾਗਲ ਹੋ ਗਿਆ ਸੀ। ਅਜਿਹਾ ਪਾਗਲ ਨਹੀਂ ਜਿਵੇਂ ਕਿ ਆਮ ਪਾਗਲ ਕੁੱਤੇ ਹੁੰਦੇ ਹਨ। ਉਸਦੇ ਮਰਜ਼ ਦਾ ਕੁੱਝ ਪਤਾ ਹੀ ਨਹੀਂ ਚੱਲਦਾ ਸੀ। ਉਸ ਨੂੰ ਸਖ਼ਤ ਤਕਲੀਫ ਸੀ। ਜਾਂਕਨੀ (ਭਿਅੰਕਰ ਖੌਫ਼) ਵਰਗਾ ਆਲਮ ਉਸ ਉੱਤੇ ਤਾਰੀ ਸੀ। ਡਾਕਟਰਾਂ ਨੇ ਕਿਹਾ ਇਸ ਦਾ ਵਾਹਿਦ ਇਲਾਜ ਇਹੀ ਹੈ ਕਿ ਇਸਨੂੰ ਮਰਵਾ ਦਿਓ। ਮੈਂ ਪਹਿਲਾਂ ਸੋਚਿਆ ਨਹੀਂ। ਲੇਕਿਨ ਉਹ ਜਿਸ ਅਜ਼ੀਅਤ ਵਿੱਚ ਗਿਰਫਤਾਰ ਸੀ, ਮੈਥੋਂ ਵੇਖੀ ਨਹੀਂ ਜਾਂਦੀ ਸੀ। ਮੈਂ ਮੰਨ ਗਿਆ ਅਤੇ ਉਹ ਉਸਨੂੰ ਇੱਕ ਕਮਰਾ ਵਿੱਚ ਲੈ ਗਏ ਜਿੱਥੇ ਬਰਕੀ ਝੱਟਕਾ ਪਹੁੰਚਾ ਕੇ ਹਲਾਕ ਕਰਨ ਵਾਲੀ ਮਸ਼ੀਨ ਸੀ। ਮੈਂ ਅਜੇ ਆਪਣੇ ਤੁਛ ਜਿਹੇ ਦਿਮਾਗ਼ ਵਿੱਚ ਚੰਗੀ ਤਰ੍ਹਾਂ ਕੁੱਝ ਸੋਚ ਵੀ ਨਹੀਂ ਸਕਿਆ ਸੀ ਕਿ ਉਹ ਉਸਦੀ ਲਾਸ਼ ਲੈ ਆਏ….. ਮੇਰੇ ਗੋਲਡੀ ਦੀ ਲਾਸ਼। ਜਦੋਂ ਮੈਂ ਉਸਨੂੰ ਆਪਣੀਆਂ ਬਾਹਵਾਂ ਵਿੱਚ ਚੁੱਕਿਆ ਤਾਂ ਮੇਰੇ ਅੱਥਰੂ ਟਪ ਟਪ ਉਸ ਦੇ ਸੁਨਹਿਰੇ ਵਾਲਾਂ ਉੱਤੇ ਡਿੱਗਣ ਲੱਗੇ, ਜੋ ਪਹਿਲਾਂ ਕਦੇ ਗਰਦ ਆਲੂਦ ਨਹੀਂ ਹੋਏ ਸਨ….. ਟਾਂਗੇ ਵਿੱਚ ਉਸਨੂੰ ਘਰ ਲਿਆਇਆ। ਦੇਰ ਤੱਕ ਉਸ ਨੂੰ ਵੇਖਿਆ ਕੀ। ਪੰਦਰਾਂ ਸਾਲ ਦੀ ਦੋਸਤੀ ਦੀ ਲਾਸ਼ ਮੇਰੇ ਬਿਸਤਰ ਉੱਤੇ ਪਈ ਸੀ….. ਕੁਰਬਾਨੀ ਦਾ ਮੁਜੱਸਮਾ ਟੁੱਟ ਗਿਆ ਸੀ। ਮੈਂ ਉਸ ਨੂੰ ਨਹਾਇਆ….. ਕਫ਼ਨ ਪੁਆਇਆ। ਬਹੁਤ ਦੇਰ ਤੱਕ ਸੋਚਦਾ ਰਿਹਾ ਕਿ ਹੁਣ ਕੀ ਕਰਾਂ….. ਜ਼ਮੀਨ ਵਿੱਚ ਦਫਨ ਕਰਾਂ ਜਾਂ ਜਲਾ ਦੇਵਾਂ।

ਜ਼ਮੀਨ ਵਿੱਚ ਦਫਨ ਕਰਦਾ ਤਾਂ ਉਸਦੀ ਮੌਤ ਦਾ ਇੱਕ ਨਿਸ਼ਾਨ ਰਹਿ ਜਾਂਦਾ। ਇਹ ਮੈਨੂੰ ਪਸੰਦ ਨਹੀਂ ਸੀ। ਪਤਾ ਨਹੀਂ ਕਿਉਂ। ਇਹ ਵੀ ਪਤਾ ਨਹੀਂ ਕਿ ਮੈਂ ਕਿਉਂ ਉਸ ਨੂੰ ਦਰਿਆ ਵਿੱਚ ਗ਼ਰਕ ਕਰਨਾ ਚਾਹਿਆ। ਮੈਂ ਇਸ ਦੇ ਸੰਬੰਧ ਵਿੱਚ ਹੁਣ ਵੀ ਕਈ ਵਾਰ ਸੋਚਿਆ ਹੈ। ਮਗਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ….. ਖੈਰ ਮੈਂ ਇੱਕ ਨਵੀਂ ਬੋਰੀ ਵਿੱਚ ਉਸਦੀ ਕਫ਼ਨਾਈ ਹੋਈ ਲਾਸ਼ ਪਾਈ….. ਧੋ ਧਾ ਕੇ ਵੱਟੇ ਉਸ ਵਿੱਚ ਪਾਏ ਅਤੇ ਦਰਿਆ ਦੀ ਤਰਫ਼ ਰਵਾਨਾ ਹੋ ਗਿਆ।

ਜਦੋਂ ਬੇੜੀ ਦਰਿਆ ਦੇ ਦਰਮਿਆਨ ਪਹੁੰਚੀ। ਅਤੇ ਮੈਂ ਬੋਰੀ ਦੀ ਤਰਫ਼ ਵੇਖਿਆ ਤਾਂ ਗੋਲਡੀ ਨਾਲ ਪੰਦਰਾਂ ਬਰਸ ਦੀ ਦੋਸਤੀ ਅਤੇ ਮੁਹੱਬਤ ਇੱਕ ਬਹੁਤ ਹੀ ਤੇਜ਼ ਤਲਖੀ ਬਣ ਕੇ ਮੇਰੇ ਹਲਕ ਵਿੱਚ ਅਟਕ ਗਈ। ਮੈਂ ਹੁਣ ਜ਼ਿਆਦਾ ਦੇਰ ਕਰਨਾ ਮੁਨਾਸਿਬ ਨਾ ਸਮਝਿਆ। ਕੰਬਦੇ ਹੋਏ ਹੱਥਾਂ ਨਾਲ ਬੋਰੀ ਚੁੱਕੀ ਅਤੇ ਦਰਿਆ ਵਿੱਚ ਸੁੱਟ ਦਿੱਤੀ। ਵਗਦੇ ਹੋਏ ਪਾਣੀ ਦੀ ਚਾਦਰ ਉੱਤੇ ਕੁੱਝ ਬੁਲਬੁਲੇ ਉੱਠੇ ਅਤੇ ਹਵਾ ਵਿੱਚ ਹੱਲ ਹੋ ਗਏ।

ਬੇੜੀ ਵਾਪਸ ਸਾਹਲ ਉੱਤੇ ਆਈ। ਮੈਂ ਉੱਤਰ ਕੇ ਦੇਰ ਤੱਕ ਉਸ ਤਰਫ਼ ਵੇਖਦਾ ਰਿਹਾ ਜਿੱਥੇ ਮੈਂ ਗੋਲਡੀ ਨੂੰ ਪਾਣੀ ਵਿੱਚ ਗ਼ਰਕ ਕੀਤਾ ਸੀ….. ਸ਼ਾਮ ਦਾ ਧੁੰਦਲਕਾ ਛਾਇਆ ਹੋਇਆ ਸੀ। ਪਾਣੀ ਬੜੀ ਖ਼ਾਮੋਸ਼ੀ ਨਾਲ ਵਗ ਰਿਹਾ ਸੀ ਜਿਵੇਂ ਉਹ ਗੋਲਡੀ ਨੂੰ ਆਪਣੀ ਗੋਦ ਵਿੱਚ ਸੁਲਾ ਰਿਹਾ ਹੋਵੇ।”

ਇਹ ਕਹਿ ਕੇ ਸ਼ੇਖ ਸਾਹਿਬ ਖ਼ਾਮੋਸ਼ ਹੋ ਗਏ। ਕੁਝ ਲਮ੍ਹਿਆਂ ਦੇ ਬਾਅਦ ਸਾਡੇ ਵਿੱਚੋਂ ਇੱਕ ਨੇ ਉਨ੍ਹਾਂ ਕੋਲੋਂ ਪੁੱਛਿਆ। “ਲੇਕਿਨ ਸ਼ੇਖ ਸਾਹਿਬ ਤੁਸੀਂ ਤਾਂ ਖ਼ਾਸ ਵਾਕਿਆ ਸੁਨਾਣ ਵਾਲੇ ਸੋ।”

ਸ਼ੇਖ ਸਾਹਿਬ ਚੋਂਕੇ….. “ਓਹ ਮੁਆਫ਼ ਕਰਿਓਰਨਾ। ਮੈਂ ਆਪਣੀ ਰੌ ਵਿੱਚ ਪਤਾ ਨਹੀਂ ਕਿੱਥੋਂ ਕਿੱਥੇ ਪਹੁੰਚ ਗਿਆ….. ਵਾਕਿਆ ਇਹ ਸੀ ਕਿ….. ਮੈਂ ਹੁਣ ਅਰਜ ਕਰਦਾ ਹਾਂ….. ਪੰਦਰਾਂ ਬਰਸ ਹੋ ਗਏ ਸਨ ਸਾਡੀ ਦੋਸਤੀ ਨੂੰ। ਇਸ ਦੌਰਾਨ ਮੈਂ ਕਦੇ ਬੀਮਾਰ ਨਹੀਂ ਹੋਇਆ ਸੀ। ਮੇਰੀ ਸਿਹਤ ਮਾਸ਼ਾ ਅੱਲ੍ਹਾ ਬਹੁਤ ਚੰਗੀ ਸੀ, ਲੇਕਿਨ ਜਿਸ ਦਿਨ ਮੈਂ ਗੋਲਡੀ ਦੀ ਪੰਦਰਵੀਂ ਵਰ੍ਹੇਗੰਢ ਮਨਾਈ, ਉਸ ਦੇ ਦੂਜੇ ਦਿਨ ਮੈਂ ਹੱਡਭੰਨਣੀ ਮਹਿਸੂਸ ਕੀਤੀ। ਸ਼ਾਮ ਨੂੰ ਇਹ ਹੱਡਭੰਨਣੀ ਤੇਜ਼ ਬੁਖਾਰ ਵਿੱਚ ਤਬਦੀਲ ਹੋ ਗਈ। ਰਾਤ ਨੂੰ ਸਖ਼ਤ ਬੇਚੈਨ ਰਿਹਾ। ਗੋਲਡੀ ਜਾਗਦਾ ਰਿਹਾ। ਇੱਕ ਅੱਖ ਬੰਦ ਕਰਕੇ ਦੂਜੀ ਅੱਖ ਨਾਲ ਮੈਨੂੰ ਵੇਖਦਾ ਰਿਹਾ। ਪਲੰਗ ਤੋਂ ਉੱਤਰ ਕੇ ਹੇਠਾਂ ਜਾਂਦਾ। ਫਿਰ ਆਕੇ ਬੈਠ ਜਾਂਦਾ।

ਜ਼ਿਆਦਾ ਉਮਰ ਹੋ ਜਾਣ ਦੇ ਸਬੱਬ ਉਸ ਦੀ ਨਿਗਾਹ ਅਤੇ ਸੁਣਨ-ਸ਼ਕਤੀ ਕਮਜ਼ੋਰ ਹੋ ਗਈ ਸੀ ਲੇਕਿਨ ਜਰਾ ਜਿੰਨੀ ਆਹਟ ਹੁੰਦੀ ਤਾਂ ਉਹ ਚੌਂਕ ਪੈਂਦਾ ਅਤੇ ਆਪਣੀਆਂ ਧੁੰਦਲੀਆਂ ਅੱਖਾਂ ਨਾਲ ਮੇਰੀ ਤਰਫ਼ ਵੇਖਦਾ ਅਤੇ ਜਿਵੇਂ ਇਹ ਪੁੱਛਦਾ….. “ਇਹ ਕੀ ਹੋ ਗਿਆ ਹੈ ਤੈਨੂੰ?”

ਉਸ ਨੂੰ ਹੈਰਤ ਸੀ ਕਿ ਮੈਂ ਇੰਨੀ ਦੇਰ ਤੱਕ ਪਲੰਗ ਉੱਤੇ ਕਿਉਂ ਪਿਆ ਹਾਂ, ਲੇਕਿਨ ਉਹ ਜਲਦੀ ਹੀ ਸਾਰੀ ਗੱਲ ਸਮਝ ਗਿਆ। ਜਦੋਂ ਮੈਨੂੰ ਬਿਸਤਰ ਉੱਤੇ ਲਿਟੇ ਕਈ ਦਿਨ ਬੀਤ ਗਏ ਤਾਂ ਉਸ ਦੇ ਬੁਢੇ ਚਿਹਰੇ ਉੱਤੇ ਮਾਯੂਸੀ ਛਾ ਗਈ। ਮੈਂ ਉਸ ਨੂੰ ਆਪਣੇ ਹੱਥਾਂ ਖਿਲਾਇਆ ਕਰਦਾ ਸੀ। ਰੋਗ ਦੇ ਆਗਾਜ਼ ਵਿੱਚ ਤਾਂ ਮੈਂ ਉਸ ਨੂੰ ਖਾਣਾ ਦਿੰਦਾ ਰਿਹਾ। ਜਦੋਂ ਕਮਜ਼ੋਰੀ ਵੱਧ ਗਈ ਤਾਂ ਮੈਂ ਇੱਕ ਦੋਸਤ ਨੂੰ ਕਿਹਾ ਕਿ ਉਹ ਸਵੇਰੇ ਸ਼ਾਮ ਗੋਲਡੀ ਨੂੰ ਖਾਣਾ ਖਿਲਾਉਣ ਆ ਜਾਇਆ ਕਰੇ। ਉਹ ਆਉਂਦਾ ਰਿਹਾ। ਮਗਰ ਗੋਲਡੀ ਨੇ ਉਸ ਦੀ ਪਲੇਟ ਦੀ ਤਰਫ਼ ਮੂੰਹ ਨਹੀਂ ਕੀਤਾ। ਮੈਂ ਬਹੁਤ ਕਿਹਾ। ਲੇਕਿਨ ਉਹ ਨਹੀਂ ਮੰਨਿਆ। ਇੱਕ ਮੈਨੂੰ ਆਪਣੇ ਮਰਜ਼ ਦੀ ਤਕਲੀਫ ਸੀ ਜੋ ਦੂਰ ਹੋਣ ਹੀ ਵਿੱਚ ਨਹੀਂ ਆਉਂਦਾ ਸੀ। ਦੂਜੇ ਮੈਨੂੰ ਗੋਲਡੀ ਦੀ ਫ਼ਿਕਰ ਸੀ ਜਿਸ ਨੇ ਖਾਣਾ ਪੀਣਾ ਬਿਲਕੁਲ ਬੰਦ ਕਰ ਦਿੱਤਾ ਸੀ।

ਹੁਣ ਉਸ ਨੇ ਪਲੰਗ ਉੱਤੇ ਬੈਠਣਾ ਵੀ ਛੱਡ ਦਿੱਤਾ। ਸਾਹਮਣੇ ਦੀਵਾਰ ਦੇ ਕੋਲ ਸਾਰਾ ਦਿਨ ਅਤੇ ਸਾਰੀ ਰਾਤ ਖ਼ਾਮੋਸ਼ ਬੈਠਾ ਆਪਣੀ ਧੁੰਦਲੀਆਂ ਅੱਖਾਂ ਨਾਲ ਮੈਨੂੰ ਵੇਖਦਾ ਰਹਿੰਦਾ। ਇਸ ਨਾਲ ਮੈਨੂੰ ਹੋਰ ਵੀ ਦੁੱਖ ਹੋਇਆ। ਉਹ ਕਦੇ ਨੰਗੀ ਜ਼ਮੀਨ ਉੱਤੇ ਨਹੀਂ ਬੈਠਾ ਸੀ। ਮੈਂ ਉਸ ਨੂੰ ਬਹੁਤ ਕਿਹਾ। ਲੇਕਿਨ ਉਹ ਨਹੀਂ ਮੰਨਿਆ।

ਉਹ ਬਹੁਤ ਜ਼ਿਆਦਾ ਖ਼ਾਮੋਸ਼ ਹੋ ਗਿਆ ਸੀ। ਅਜਿਹਾ ਲੱਗਦਾ ਸੀ ਕਿ ਉਹ ਗ਼ਮ ਅਤੇ ਦੁੱਖ ਵਿੱਚ ਗਰਕ ਹੈ। ਕਦੇ ਕਦੇ ਉਠ ਕੇ ਪਲੰਗ ਦੇ ਕੋਲ ਆਉਂਦਾ। ਅਜੀਬ ਹਸਰਤ ਭਰੀਆਂ ਨਜਰਾਂ ਨਾਲ ਮੇਰੀ ਤਰਫ਼ ਵੇਖਦਾ ਅਤੇ ਗਰਦਨ ਝੁੱਕਾ ਕੇ ਵਾਪਸ ਦੀਵਾਰ ਦੇ ਕੋਲ ਚਲਾ ਜਾਂਦਾ।

ਇੱਕ ਰਾਤ ਲੈੰਪ ਦੀ ਰੋਸ਼ਨੀ ਵਿੱਚ ਮੈਂ ਵੇਖਿਆ, ਕਿ ਗੋਲਡੀ ਦੀਆਂ ਧੁੰਦਲੀਆਂ ਅੱਖਾਂ ਵਿੱਚ ਅੱਥਰੂ ਚਮਕ ਰਹੇ ਹਨ। ਉਸ ਦੇ ਚਿਹਰੇ ਤੋਂ ਦੁੱਖ ਅਤੇ ਦਰਦ ਬਰਸ ਰਿਹਾ ਸੀ। ਮੈਨੂੰ ਬਹੁਤ ਦੁੱਖ ਹੋਇਆ। ਮੈਂ ਉਸਨੂੰ ਹੱਥ ਦੇ ਇਸ਼ਾਰੇ ਨਾਲ ਬੁਲਾਇਆ। ਲੰਬੇ ਲੰਬੇ ਸੁਨਹਿਰੇ ਕੰਨ ਹਿਲਾਂਦਾ ਉਹ ਮੇਰੇ ਕੋਲ ਆਇਆ। ਮੈਂ ਬੜੇ ਪਿਆਰ ਨਾਲ ਕਿਹਾ। “ਗੋਲਡੀ ਮੈਂ ਅੱਛਾ ਹੋ ਜਾਵਾਂਗਾ। ਤੂੰ ਦੁਆ ਮੰਗ….. ਤੇਰੀ ਦੁਆ ਜ਼ਰੂਰ ਕਬੂਲ ਹੋਵੇਂਗੀ।”

ਇਹ ਸੁਣ ਕੇ ਉਸ ਨੇ ਬੜੀਆਂ ਉਦਾਸ ਅੱਖਾਂ ਨਾਲ ਮੈਨੂੰ ਵੇਖਿਆ, ਫਿਰ ਸਿਰ ਉੱਪਰ ਉਠਾ ਕੇ ਛੱਤ ਦੀ ਤਰਫ਼ ਦੇਖਣ ਲਗਾ, ਜਿਵੇਂ ਦੁਆ ਮੰਗ ਰਿਹਾ ਹੋਵੇ….. ਕੁੱਝ ਦੇਰ ਉਹ ਇਸ ਤਰ੍ਹਾਂ ਖੜਾ ਰਿਹਾ। ਮੇਰੇ ਜਿਸਮ ਉੱਤੇ ਕੰਬਣੀ ਸੀ ਤਾਰੀ ਹੋ ਗਈ। ਇੱਕ ਅਜੀਬੋ ਗਰੀਬ ਤਸਵੀਰ ਮੇਰੀਆਂ ਅੱਖਾਂ ਦੇ ਸਾਹਮਣੇ ਸੀ। ਗੋਲਡੀ ਸਚਮੁੱਚ ਦੁਆ ਮੰਗ ਰਿਹਾ ਸੀ….. ਮੈਂ ਸੱਚ ਅਰਜ ਕਰਦਾ ਹਾਂ ਉਹ ਸਿਰ ਤੋਂ ਪੈਰਾਂ ਤੱਕ ਦੁਆ ਸੀ। ਮੈਂ ਕਹਿਣਾ ਨਹੀਂ ਚਾਹੁੰਦਾ। ਲੇਕਿਨ ਉਸ ਵਕ਼ਤ ਮੈਂ ਮਹਿਸੂਸ ਕੀਤਾ ਕਿ ਉਸਦੀ ਰੂਹ ਖ਼ੁਦਾ ਦੇ ਹੁਜ਼ੂਰ ਪਹੁੰਚ ਕੇ ਗਿੜਗੜਾ ਰਹੀ ਹੈ।

ਮੈਂ ਕੁਝ ਹੀ ਦਿਨਾਂ ਵਿੱਚ ਅੱਛਾ ਹੋ ਗਿਆ। ਲੇਕਿਨ ਗੋਲਡੀ ਦੀ ਹਾਲਤ ਪਤਲੀ ਹੋ ਗਈ। ਜਦੋਂ ਤੱਕ ਮੈਂ ਬਿਸਤਰ ਉੱਤੇ ਸੀ ਉਹ ਅੱਖਾਂ ਬੰਦ ਕੀਤੇ ਦੀਵਾਰ ਦੇ ਨਾਲ ਖ਼ਾਮੋਸ਼ ਬੈਠਾ ਰਿਹਾ। ਮੈਂ ਹਿਲਣ ਜੁਲਣ ਦੇ ਕਾਬਿਲ ਹੋਇਆ ਤਾਂ ਮੈਂ ਉਹਨੂੰ ਖਿਲਾਉਣ ਪਿਲਾਣ ਦੀ ਕੋਸ਼ਿਸ਼ ਕੀਤੀ ਮਗਰ ਬੇਸੂਦ। ਉਸਨੂੰ ਹੁਣ ਕਿਸੇ ਚੀਜ਼ ਵਿੱਚ ਦਿਲਚਸਪੀ ਨਹੀਂ ਸੀ। ਦੁਆ ਮੰਗਣ ਦੇ ਬਾਅਦ ਜਿਵੇਂ ਉਸਦੀ ਸਾਰੀ ਤਾਕਤ ਚਲੀ ਗਈ ਸੀ।

ਮੈਂ ਉਸ ਨੂੰ ਕਹਿੰਦਾ, “ਮੇਰੀ ਤਰਫ਼ ਵੇਖ ਗੋਲਡੀ….. ਮੈਂ ਅੱਛਾ ਹੋ ਗਿਆ ਹਾਂ….. ਖ਼ੁਦਾ ਨੇ ਤੇਰੀ ਦੁਆ ਕਬੂਲ ਕਰ ਲਈ ਹੈ,” ਲੇਕਿਨ ਉਹ ਅੱਖਾਂ ਨਾ ਖੋਲ੍ਹਦਾ। ਮੈਂ ਦੋ ਤਿੰਨ ਦਫਾ ਡਾਕਟਰ ਬੁਲਾਇਆ। ਉਸ ਨੇ ਇੰਜੈਕਸ਼ਨ ਲਗਾਏ ਪਰ ਕੁੱਝ ਨਾ ਹੋਇਆ। ਇੱਕ ਦਿਨ ਮੈਂ ਡਾਕਟਰ ਲੈ ਕੇ ਆਇਆ ਤਾਂ ਉਸ ਦਾ ਦਿਮਾਗ਼ ਚੱਲ ਚੁੱਕਿਆ ਸੀ।

ਮੈਂ ਉਠਾ ਕੇ ਉਸਨੂੰ ਵੱਡੇ ਡਾਕਟਰ ਦੇ ਕੋਲ ਲੈ ਗਿਆ ਅਤੇ ਉਸ ਨੂੰ ਬਿਜਲੀ ਦੇ ਝਟਕੇ ਨਾਲ ਹਲਾਕ ਕਰਾ ਦਿੱਤਾ।

ਮੈਨੂੰ ਪਤਾ ਨਹੀਂ ਬਾਬਰ ਅਤੇ ਹੁਮਾਯੂੰ ਵਾਲਾ ਕ਼ਿੱਸਾ ਕਿੱਥੇ ਤੱਕ ਸਹੀ ਹੈ….. ਲੇਕਿਨ ਇਹ ਵਾਕਿਆ ਅੱਖਰ ਅੱਖਰ ਦੁਰੁਸਤ ਹੈ।

6 ਜੂਨ 1950

ਇਸ਼ਕ ਹਕੀਕੀ (ਕਹਾਣੀ) – ਸਆਦਤ ਹਸਨ ਮੰਟੋ

March 20, 2018 by

ਇਸ਼ਕ ਮੁਹੱਬਤ ਦੇ ਬਾਰੇ ਵਿੱਚ ਅਖ਼ਲਾਕ ਦਾ ਨਜ਼ਰੀਆ ਉਹੀ ਸੀ ਜੋ ਅਕਸਰ ਆਸ਼ਿਕਾਂ ਅਤੇ ਮੁਹੱਬਤ ਕਰਨ ਵਾਲਿਆਂ ਦਾ ਹੁੰਦਾ ਹੈ। ਉਹ ਰਾਂਝੇ ਪੀਰ ਦਾ ਚੇਲਾ ਸੀ। ਇਸ਼ਕ ਵਿੱਚ ਮਰ ਜਾਣਾ ਉਸਦੇ ਨਜ਼ਦੀਕ ਇੱਕ ਮਹਾਨ ਅਤੇ ਸ਼ਾਨ ਦੀ ਮੌਤ ਮਰਨਾ ਸੀ।

ਅਖ਼ਲਾਕ ਤੀਹ ਸਾਲ ਦਾ ਹੋ ਗਿਆ। ਮਗਰ ਬਾਵਜੂਦ ਕੋਸ਼ਿਸ਼ਾਂ ਦੇ ਉਸ ਨੂੰ ਕਿਸੇ ਨਾਲ ਇਸ਼ਕ ਨਹੀਂ ਹੋਇਆ ਲੇਕਿਨ ਇੱਕ ਦਿਨ ਇੰਗਰਿਡ ਬਰਗਮੈਨ ਦੀ ਪਿਕਚਰ “ਫ਼ੌਰ ਹੂਮ ਦ ਬੈੱਲ ਟੌਲਜ਼” ਦਾ ਮੈਟਨੀ (ਤੀਜੇ ਪਹਿਰ ਦਾ) ਸ਼ੋ ਦੇਖਣ ਦੇ ਦੌਰਾਨ ਉਸ ਨੇ ਮਹਿਸੂਸ ਕੀਤਾ ਕਿ ਉਸ ਦਾ ਦਿਲ ਉਸ ਬੁਰਕਾਪੋਸ਼ ਕੁੜੀ ਨਾਲ ਵਾਬਸਤਾ ਹੋ ਗਿਆ ਹੈ, ਜੋ ਉਸ ਦੇ ਨਾਲ ਵਾਲੀ ਸੀਟ ਉੱਤੇ ਬੈਠੀ ਸੀ ਅਤੇ ਸਾਰਾ ਵਕਤ ਆਪਣੀ ਲੱਤ ਹਿਲਾਂਦੀ ਰਹੀ ਸੀ।

ਪਰਦੇ ਉੱਤੇ ਜਦੋਂ ਸਿਆਹੀ ਘੱਟ ਅਤੇ ਰੋਸ਼ਨੀ ਜ਼ਿਆਦਾ ਹੋਈ ਤਾਂ ਅਖ਼ਲਾਕ ਨੇ ਉਸ ਕੁੜੀ ਨੂੰ ਇੱਕ ਨਜ਼ਰ ਵੇਖਿਆ। ਉਸ ਦੇ ਮੱਥੇ ਉੱਤੇ ਮੁੜ੍ਹਕੇ ਦੇ ਨੰਨ੍ਹੇ ਨੰਨ੍ਹੇ ਕਤਰੇ ਸਨ। ਨੱਕ ਦੀ ਫ਼ਿਨਿੰਗ ਉੱਤੇ ਕੁਝ ਬੂੰਦਾਂ ਸਨ ਜਦੋਂ ਅਖ਼ਲਾਕ ਨੇ ਉਸਦੀ ਤਰਫ਼ ਵੇਖਿਆ ਤਾਂ ਉਸਦੀ ਲੱਤ ਹਿਲਣੀ ਬੰਦ ਹੋ ਗਈ। ਇੱਕ ਅਦਾ ਦੇ ਨਾਲ ਉਸ ਨੇ ਆਪਣੇ ਸਿਆਹ ਬੁਰਕੇ ਦੀ ਜਾਲੀ ਨਾਲ ਆਪਣਾ ਚਿਹਰਾ ਢਕ ਲਿਆ। ਇਹ ਹਰਕਤ ਕੁੱਝ ਅਜਿਹੀ ਸੀ ਕਿ ਅਖ਼ਲਾਕ ਨੂੰ ਮੱਲੋਮੱਲੀ ਹਾਸੀ ਆ ਗਈ।

ਉਸ ਕੁੜੀ ਨੇ ਆਪਣੀ ਸਹੇਲੀ ਦੇ ਕੰਨ ਵਿੱਚ ਕੁੱਝ ਕਿਹਾ। ਦੋਨੋਂ ਹੌਲੀ ਹੌਲੀ ਹਸੀਆਂ। ਇਸ ਦੇ ਬਾਅਦ ਉਸ ਕੁੜੀ ਨੇ ਨਕਾਬ ਆਪਣੇ ਚਿਹਰੇ ਤੋਂ ਹਟਾ ਲਿਆ। ਅਖ਼ਲਾਕ ਦੀ ਤਰਫ਼ ਤਿੱਖੀਆਂ ਤਿੱਖੀਆਂ ਨਜ਼ਰਾਂ ਨਾਲ ਵੇਖਿਆ ਅਤੇ ਲੱਤ ਹਿੱਲਾ ਕੇ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਹੋ ਗਈ।

ਅਖ਼ਲਾਕ ਸਿਗਰਟ ਪੀ ਰਿਹਾ ਸੀ। ਇੰਗਰਿਡ ਬਰਗਮੈਨ ਉਸਦੀ ਮਹਿਬੂਬ ਐਕਟਰਸ ਸੀ। “ਫ਼ੌਰ ਹੂਮ ਦ ਬੈੱਲ ਟੌਲਜ਼” ਵਿੱਚ ਉਸ ਦੇ ਵਾਲ਼ ਕਟੇ ਹੋਏ ਸਨ। ਫ਼ਿਲਮ ਦੇ ਆਰੰਭ ਵਿੱਚ ਜਦੋਂ ਅਖ਼ਲਾਕ ਨੇ ਉਸਨੂੰ ਵੇਖਿਆ ਤਾਂ ਉਹ ਬਹੁਤ ਹੀ ਪਿਆਰੀ ਲੱਗੀ। ਲੇਕਿਨ ਨਾਲ ਵਾਲੀ ਸੀਟ ਉੱਤੇ ਬੈਠੀ ਹੋਈ ਕੁੜੀ ਦੇਖਣ ਦੇ ਬਾਅਦ ਉਹ ਇੰਗਰਿਡ ਬਰਗਮੈਨ ਨੂੰ ਭੁੱਲ ਗਿਆ। ਇਵੇਂ ਤਾਂ ਕਰੀਬ ਕਰੀਬ ਸਾਰੀ ਫ਼ਿਲਮ ਉਸ ਦੀਆਂ ਨਿਗਾਹਾਂ ਦੇ ਸਾਹਮਣੇ ਚਲੀ ਮਗਰ ਉਸ ਨੇ ਬਹੁਤ ਹੀ ਘੱਟ ਵੇਖੀ।

ਸਾਰਾ ਵਕਤ ਉਹ ਕੁੜੀ ਇਸ ਦੇ ਦਿਲ ਦਿਮਾਗ਼ ਉੱਤੇ ਛਾਈ ਰਹੀ।

ਅਖ਼ਲਾਕ ਸਿਗਰਟ ਤੇ ਸਿਗਰਟ ਪੀਂਦਾ ਰਿਹਾ। ਇੱਕ ਵਾਰ ਉਸ ਨੇ ਰਾਖ ਝਾੜੀ। ਤਾਂ ਉਸਦੀ ਸਿਗਰਟ ਉਂਗਲੀਆਂ ਵਿੱਚੋਂ ਨਿਕਲ ਕੇ ਉਸ ਕੁੜੀ ਦੀ ਗੋਦ ਵਿੱਚ ਜਾ ਪਈ। ਕੁੜੀ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਸੀ ਇਸ ਲਈ ਉਸ ਨੂੰ ਸਿਗਰਟ ਡਿੱਗਣ ਦਾ ਕੁੱਝ ਪਤਾ ਨਹੀਂ ਸੀ। ਅਖ਼ਲਾਕ ਬਹੁਤ ਘਬਰਾਇਆ। ਇਸ ਘਬਰਾਹਟ ਵਿੱਚ ਉਸ ਨੇ ਹੱਥ ਵਧਾ ਕੇ ਸਿਗਰਟ ਉਸ ਦੇ ਬੁਰਕੇ ਤੋਂ ਚੁੱਕਿਆ ਅਤੇ ਫ਼ਰਸ਼ ਉੱਤੇ ਸੁੱਟ ਦਿੱਤਾ। ਕੁੜੀ ਹੜਬੜਾ ਕੇ ਉਠ ਖੜੀ ਹੋਈ। ਅਖ਼ਲਾਕ ਨੇ ਫ਼ੌਰਨ ਕਿਹਾ, “ਮੁਆਫ਼ੀ ਚਾਹੁੰਦਾ ਹਾਂ ਤੁਹਾਡੇ ਉੱਤੇ ਸਿਗਰਟ ਡਿੱਗ ਗਈ ਸੀ। ”

ਕੁੜੀ ਨੇ ਤਿੱਖੀਆਂ ਤਿੱਖੀਆਂ ਨਜ਼ਰਾਂ ਨਾਲ ਅਖ਼ਲਾਕ ਦੀ ਤਰਫ਼ ਵੇਖਿਆ ਅਤੇ ਬੈਠ ਗਈ। ਬੈਠ ਕੇ ਉਸ ਨੇ ਆਪਣੀ ਸਹੇਲੀ ਦੇ ਕੰਨ ਵਿੱਚ ਕੁੱਝ ਕਿਹਾ। “ਦੋਨਾਂ ਹੌਲੇ ਹੌਲੇ ਹਸੀਆਂ ਅਤੇ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਹੋ ਗਈਆਂ। ”

ਫ਼ਿਲਮ ਦੇ ਖ਼ਾਤਮੇ ਉੱਤੇ ਜਦੋਂ ਕਾਇਦ-ਏ-ਆਜ਼ਮ ਦੀ ਤਸਵੀਰ ਨਮੂਦਾਰ ਹੋਈ ਤਾਂ ਅਖ਼ਲਾਕ ਉੱਠਿਆ। ਖ਼ੁਦਾ ਜਾਣੇ ਕੀ ਹੋਇਆ ਕਿ ਉਸ ਦਾ ਪੈਰ ਕੁੜੀ ਦੇ ਪੈਰ ਦੇ ਨਾਲ ਟਕਰਾਇਆ। ਅਖ਼ਲਾਕ ਇੱਕ ਵਾਰ ਫਿਰ ਸਿਰ ਤੋਂ ਪੈਰਾਂ ਤੱਕ ਸੁੰਨ ਹੋ ਗਿਆ। “ਮੁਆਫ਼ੀ ਚਾਹੁੰਦਾ ਹਾਂ ……ਪਤਾ ਨਹੀਂ ਅੱਜ ਕੀ ਹੋ ਗਿਆ ਹੈ।”

ਦੋਨੋਂ ਸਹੇਲੀਆਂ ਹੌਲੀ ਜਿਹੇ ਹੱਸੀਆਂ। ਜਦੋਂ ਭੀੜ ਦੇ ਨਾਲ ਬਾਹਰ ਨਿਕਲੀਆਂ ਤਾਂ ਅਖ਼ਲਾਕ ਉਨ੍ਹਾਂ ਦੇ ਪਿੱਛੇ ਪਿੱਛੇ ਹੋ ਲਿਆ। ਉਹ ਕੁੜੀ ਜਿਸ ਨਾਲ ਉਸ ਨੂੰ ਪਹਿਲੀ ਨਜ਼ਰ ਦਾ ਇਸ਼ਕ ਹੋਇਆ ਸੀ ਮੁੜ ਮੁੜ ਕੇ ਵੇਖਦੀ ਰਹੀ। ਅਖ਼ਲਾਕ ਨੇ ਇਸਦੀ ਪਰਵਾਹ ਨਹੀਂ ਕੀਤੀ। ਅਤੇ ਉਨ੍ਹਾਂ ਦੇ ਪਿੱਛੇ ਪਿੱਛੇ ਚੱਲਦਾ ਰਿਹਾ। ਉਸ ਨੇ ਤਹੱਈਆ ਕਰ ਲਿਆ ਸੀ ਕਿ ਉਹ ਉਸ ਕੁੜੀ ਦਾ ਘਰ ਵੇਖ ਕੇ ਰਹੇਗਾ।

ਮਾਲ ਰੋਡ ਦੇ ਫੁਟਪਾਥ ਉੱਤੇ ਵਾਈ ਐਮ ਸੀ ਏ ਦੇ ਸਾਹਮਣੇ ਉਸ ਕੁੜੀ ਨੇ ਮੁੜ ਕੇ ਅਖ਼ਲਾਕ ਦੀ ਤਰਫ਼ ਵੇਖਿਆ ਅਤੇ ਆਪਣੀ ਸਹੇਲੀ ਦਾ ਹੱਥ ਫੜ ਕੇ ਰੁਕ ਗਈ। ਅਖ਼ਲਾਕ ਨੇ ਅੱਗੇ ਨਿਕਲਣਾ ਚਾਹਿਆ ਤਾਂ ਉਹ ਕੁੜੀ ਇਸ ਨੂੰ ਮੁਖ਼ਾਤਬ ਹੋਈ, “ਤੁਸੀਂ ਸਾਡੇ ਪਿੱਛੇ ਪਿੱਛੇ ਕਿਉਂ ਆ ਰਹੇ ਹੋ?”

ਅਖ਼ਲਾਕ ਨੇ ਇੱਕ ਛਿਣ ਸੋਚ ਕੇ ਜਵਾਬ ਦਿੱਤਾ, “ਤੁਸੀਂ ਮੇਰੇ ਅੱਗੇ ਅੱਗੇ ਕਿਉਂ ਜਾ ਰਹੀਆਂ ਹੋ।”

ਕੁੜੀ ਖਿਲਖਲਾ ਕੇ ਹਸ ਪਈ। ਇਸ ਦੇ ਬਾਅਦ ਉਸ ਨੇ ਆਪਣੀ ਸਹੇਲੀ ਨੂੰ ਕੁੱਝ ਕਿਹਾ। ਫਿਰ ਦੋਨੋਂ ਚੱਲ ਪਈਆਂ। ਬਸ ਸਟੈਂਡ ਦੇ ਕੋਲ ਉਸ ਕੁੜੀ ਨੇ ਜਦੋਂ ਮੁੜ ਕੇ ਵੇਖਿਆ ਤਾਂ ਅਖ਼ਲਾਕ ਨੇ ਕਿਹਾ। “ਤੁਸੀਂ ਪਿੱਛੇ ਆ ਜਾਓ। ਮੈਂ ਅੱਗੇ ਵੱਧ ਜਾਂਦਾ ਹਾਂ। ”

ਕੁੜੀ ਨੇ ਮੂੰਹ ਮੋੜ ਲਿਆ।

ਅਨਾਰਕਲੀ ਦਾ ਮੋੜ ਆਇਆ ਤਾਂ ਦੋਨਾਂ ਸਹੇਲੀਆਂ ਰੁੱਕ ਗਈਆਂ। ਅਖ਼ਲਾਕ ਕੋਲੋਂ ਲੰਘਣ ਲੱਗਿਆ ਤਾਂ ਉਸ ਕੁੜੀ ਨੇ ਉਸ ਨੂੰ ਕਿਹਾ। “ਤੁਸੀਂ ਸਾਡੇ ਪਿੱਛੇ ਨਾ ਆਓ। ਇਹ ਬਹੁਤ ਬੁਰੀ ਗੱਲ ਹੈ। ”

ਲਹਿਜੇ ਵਿੱਚ ਬੜੀ ਗੰਭੀਰਤਾ ਸੀ। ਅਖ਼ਲਾਕ ਨੇ “ਬਹੁਤ ਬਿਹਤਰ” ਕਿਹਾ ਅਤੇ ਵਾਪਸ ਚੱਲ ਪਿਆ। ਉਸ ਨੇ ਮੁੜ ਕੇ ਵੀ ਉਨ੍ਹਾਂ ਨੂੰ ਨਹੀਂ ਵੇਖਿਆ। ਲੇਕਿਨ ਦਿਲ ਵਿੱਚ ਉਹਨੂੰ ਅਫ਼ਸੋਸ ਸੀ ਕਿ ਉਹ ਕਿਉਂ ਉਸ ਦੇ ਪਿੱਛੇ ਨਹੀਂ ਗਿਆ। ਇੰਨੀ ਦੇਰ ਦੇ ਬਾਅਦ ਉਸ ਨੂੰ ਇੰਨੀ ਸ਼ਿੱਦਤ ਨਾਲ ਮਹਿਸੂਸ ਹੋਇਆ ਸੀ ਕਿ ਉਸ ਨੂੰ ਕਿਸੇ ਨਾਲ ਮੁਹੱਬਤ ਹੋਈ ਹੈ। ਲੇਕਿਨ ਉਸ ਨੇ ਮੌਕਾ ਹੱਥੋਂ ਜਾਣ ਦਿੱਤਾ। ਹੁਣ ਖ਼ੁਦਾ ਜਾਣੇ ਫਿਰ ਉਸ ਕੁੜੀ ਨਾਲ ਮੁਲਾਕਾਤ ਹੋਵੇ ਜਾਂ ਨਾ ਹੋਵੇ।

ਜਦੋਂ ਵਾਈ ਐਮ ਸੀ ਦੇ ਕੋਲ ਪਹੁੰਚਿਆ ਤਾਂ ਰੁੱਕ ਕੇ ਉਸ ਨੇ ਅਨਾਰਕਲੀ ਦੇ ਮੋੜ ਦੀ ਤਰਫ਼ ਵੇਖਿਆ। ਮਗਰ ਹੁਣ ਉੱਥੇ ਕੀ ਸੀ। ਉਹ ਤਾਂ ਉਸੇ ਵਕਤ ਅਨਾਰਕਲੀ ਦੀ ਤਰਫ਼ ਚਲੀਆਂ ਗਈਆਂ ਸਨ।

ਕੁੜੀ ਦੇ ਨਕਸ਼ ਵੱਡੇ ਪਤਲੇ ਪਤਲੇ ਸਨ। ਬਰੀਕ ਨੱਕ, ਛੋਟੀ ਜਿਹੀ ਠੋਡੀ, ਫੁਲ ਦੀਆਂ ਪੱਤੀਆਂ ਵਰਗੇ ਹੋਠ। ਜਦੋਂ ਪਰਦੇ ਉੱਤੇ ਕਾਲਖ ਘੱਟ ਅਤੇ ਰੋਸ਼ਨੀ ਜ਼ਿਆਦਾ ਹੁੰਦੀ ਸੀ ਤਾਂ ਉਸ ਨੇ ਉਸਦੇ ਉਪਰਲੇ ਹੋਠ ਉੱਤੇ ਇੱਕ ਤਿਲ ਵੇਖਿਆ ਸੀ ਜੋ ਬੇਹੱਦ ਪਿਆਰਾ ਲੱਗਦਾ ਸੀ। ਅਖ਼ਲਾਕ ਨੇ ਸੋਚਿਆ ਸੀ ਕਿ ਜੇਕਰ ਇਹ ਤਿਲ ਨਾ ਹੁੰਦਾ ਤਾਂ ਸ਼ਾਇਦ ਉਹ ਕੁੜੀ ਨਾਮੁਕੰਮਲ ਰਹਿੰਦੀ। ਇਸ ਦਾ ਉੱਥੇ ਹੋਣਾ ਅਤਿ ਜ਼ਰੂਰੀ ਸੀ।

ਛੋਟੇ ਛੋਟੇ ਕਦਮ ਸਨ ਜਿਨ੍ਹਾਂ ਵਿੱਚ ਕੰਵਾਰਪਣ ਸੀ। ਹਾਲਾਂਕਿ ਉਸ ਨੂੰ ਪਤਾ ਸੀ ਕਿ ਇੱਕ ਮਰਦ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ। ਇਸ ਲਈ ਉस ਦੇ ਇਨ੍ਹਾਂ ਛੋਟੇ ਛੋਟੇ ਕਦਮਾਂ ਵਿੱਚ ਇੱਕ ਵੱਡੀ ਪਿਆਰੀ ਲੜਖੜਾਹਟ ਜਿਹੀ ਪੈਦਾ ਹੋ ਗਈ ਸੀ। ਉਸ ਦਾ ਮੁੜ ਮੁੜ ਕੇ ਵੇਖਣਾ ਤਾਂ ਗ਼ਜ਼ਬ ਸੀ। ਗਰਦਨ ਨੂੰ ਇੱਕ ਹਲਕਾ ਜਿਹਾ ਝੱਟਕਾ ਦੇਕੇ ਉਹ ਪਿੱਛੇ ਅਖ਼ਲਾਕ ਦੀ ਤਰਫ਼ ਵੇਖਦੀ ਅਤੇ ਤੇਜ਼ੀ ਨਾਲ ਮੂੰਹ ਮੋੜ ਲੈਂਦੀ।

ਦੂਜੇ ਦਿਨ ਉਹ ਇੰਗਰਿਡ ਬਰਗਮੈਨ ਦੀ ਫ਼ਿਲਮ ਫਿਰ ਦੇਖਣ ਗਿਆ। ਸ਼ੋ ਸ਼ੁਰੂ ਹੋ ਚੁੱਕਾ ਸੀ। ਵਾਲਟ ਡਿਜ਼ਨੀ ਦਾ ਕਾਰਟੂਨ ਚੱਲ ਰਿਹਾ ਸੀ ਕਿ ਉਹ ਅੰਦਰ ਹਾਲ ਵਿੱਚ ਦਾਖ਼ਲ ਹੋਇਆ। ਹੱਥ ਨੂੰ ਹੱਥ ਵਿਖਾਈ ਨਹੀਂ ਦਿੰਦਾ ਸੀ।

ਗੇਟ ਕੀਪਰ ਦੀ ਬੈਟਰੀ ਦੀ ਅੰਨ੍ਹੀ ਰੋਸ਼ਨੀ ਦੇ ਸਹਾਰੇ ਇਸ ਨੇ ਟਟੋਲ ਟਟੋਲ ਕੇ ਇੱਕ ਖ਼ਾਲੀ ਸੀਟ ਦੀ ਭਾਲ ਕੀਤੀ ਅਤੇ ਉਸ ਉੱਪਰ ਬੈਠ ਗਿਆ।

ਡਿਜ਼ਨੀ ਦਾ ਕਾਰਟੂਨ ਬਹੁਤ ਮਜ਼ਾਹੀਆ ਸੀ। ਏਧਰ ਏਧਰ ਕਈ ਤਮਾਸ਼ਾਈ ਹਸ ਰਹੇ ਸਨ। ਕਦੇ ਕਦੇ ਬਹੁਤ ਹੀ ਕਰੀਬ ਤੋਂ ਅਖ਼ਲਾਕ ਨੂੰ ਅਜਿਹੀ ਹਾਸੀ ਸੁਣਾਈ ਦਿੱਤੀ ਜਿਸ ਨੂੰ ਉਹ ਸਿਆਣਦਾ ਸੀ। ਮੁੜ ਕੇ ਉਸ ਨੇ ਪਿੱਛੇ ਵੇਖਿਆ ਤਾਂ ਉਹੀ ਕੁੜੀ ਬੈਠੀ ਸੀ।

ਅਖ਼ਲਾਕ ਦਾ ਦਿਲ ਧੱਕ ਧੱਕ ਕਰਨ ਲੱਗਿਆ। ਕੁੜੀ ਦੇ ਨਾਲ ਇੱਕ ਨੌਜਵਾਨ ਮੁੰਡਾ ਬੈਠਾ ਸੀ। ਸ਼ਕਲ ਸੂਰਤ ਦੇ ਪੱਖ ਤੋਂ ਉਹ ਇਸ ਦਾ ਭਾਈ ਲੱਗਦਾ ਸੀ। ਉਸਦੀ ਹਾਜ਼ਰੀ ਵਿੱਚ ਉਹ ਕਿਸ ਤਰ੍ਹਾਂ ਵਾਰ ਵਾਰ ਮੁੜ ਕੇ ਵੇਖ ਸਕਦਾ ਸੀ।

ਇੰਟਰਵਲ ਹੋ ਗਿਆ। ਅਖ਼ਲਾਕ ਕੋਸ਼ਿਸ਼ ਦੇ ਬਾਵਜੂਦ ਫ਼ਿਲਮ ਚੰਗੀ ਤਰ੍ਹਾਂ ਨਹੀਂ ਵੇਖ ਸਕਿਆ। ਰੋਸ਼ਨੀ ਹੋਈ ਤਾਂ ਉਹ ਉੱਠਿਆ। ਕੁੜੀ ਦੇ ਚਿਹਰੇ ਉੱਤੇ ਨਕਾਬ ਸੀ। ਮਗਰ ਉਸ ਮਹੀਨ ਪਰਦੇ ਦੇ ਪਿੱਛੇ ਉਸਦੀਆਂ ਅੱਖਾਂ ਅਖ਼ਲਾਕ ਨੂੰ ਨਜ਼ਰ ਆਈਆਂ ਜਿਨ੍ਹਾਂ ਵਿੱਚ ਮੁਸਕੁਰਾਹਟ ਦੀ ਚਮਕ ਸੀ।

ਕੁੜੀ ਦੇ ਭਰਾ ਨੇ ਸਿਗਰਟ ਕੱਢ ਕੇ ਸੁਲਗਾਈ। ਅਖ਼ਲਾਕ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਅਤੇ ਉਸ ਨੂੰ ਮੁਖ਼ਾਤਬ ਹੋਇਆ, “ਜਰਾ ਮਾਚਿਸ ਮਿਹਰ ਫ਼ਰਮਾਓ।”

ਕੁੜੀ ਦੇ ਭਰਾ ਨੇ ਉਸ ਨੂੰ ਮਾਚਿਸ ਦੇ ਦਿੱਤੀ। ਅਖ਼ਲਾਕ ਨੇ ਆਪਣੀ ਸਿਗਰਟ ਸੁਲਗਾਈ ਅਤੇ ਮਾਚਿਸ ਉਸ ਨੂੰ ਵਾਪਸ ਦੇ ਦਿੱਤੀ, “ਧੰਨਵਾਦ ! ”

ਕੁੜੀ ਦੀ ਲੱਤ ਹਿੱਲ ਰਹੀ ਸੀ। ਅਖ਼ਲਾਕ ਆਪਣੀ ਸੀਟ ਉੱਤੇ ਬੈਠ ਗਿਆ। ਫ਼ਿਲਮ ਦਾ ਬਕਾਇਆ ਹਿੱਸਾ ਸ਼ੁਰੂ ਹੋਇਆ। ਇੱਕ ਦੋ ਵਾਰ ਉਸ ਨੇ ਮੁੜ ਕੇ ਕੁੜੀ ਦੀ ਤਰਫ਼ ਵੇਖਿਆ। ਇਸ ਤੋਂ ਜ਼ਿਆਦਾ ਉਹ ਕੁੱਝ ਨਹੀਂ ਕਰ ਸਕਿਆ।

ਫ਼ਿਲਮ ਖ਼ਤਮ ਹੋਈ। ਲੋਕ ਬਾਹਰ ਨਿਕਲਣਾ ਸ਼ੁਰੂ ਹੋਏ। ਕੁੜੀ ਅਤੇ ਉਸ ਦਾ ਭਾਈ ਨਾਲ ਸਨ। ਅਖ਼ਲਾਕ ਉਨ੍ਹਾਂ ਤੋਂ ਹੱਟ ਕੇ ਪਿੱਛੇ ਪਿੱਛੇ ਚਲਣ ਲਗਾ।

ਸਟੈਂਡ ਦੇ ਕੋਲ ਭਰਾ ਨੇ ਆਪਣੀ ਭੈਣ ਨੂੰ ਕੁੱਝ ਕਿਹਾ। ਇੱਕ ਟਾਂਗੇ ਵਾਲੇ ਨੂੰ ਬੁਲਾਇਆ ਕੁੜੀ ਉਸ ਵਿੱਚ ਬੈਠ ਗਈ। ਮੁੰਡਾ ਸਟੈਂਡ ਵਿੱਚ ਚਲਾ ਗਿਆ। ਕੁੜੀ ਨੇ ਨਕਾਬ ਵਿੱਚੋਂ ਅਖ਼ਲਾਕ ਦੀ ਤਰਫ਼ ਵੇਖਿਆ। ਉਸ ਦਾ ਦਿਲ ਧੱਕ ਧੱਕ ਕਰਨ ਲਗਾ। ਟਾਂਗਾ ਚੱਲ ਪਿਆ। ਸਟੈਂਡ ਦੇ ਬਾਹਰ ਇਸ ਦੇ ਤਿੰਨ ਚਾਰ ਦੋਸਤ ਖੜੇ ਸਨ। ਇਹਨਾਂ ਵਿਚੋਂ ਇੱਕ ਦੀ ਸਾਈਕਲ ਉਸ ਨੇ ਜਲਦੀ ਜਲਦੀ ਫੜੀ ਅਤੇ ਟਾਂਗੇ ਦੇ ਪਿੱਛੇ ਰਵਾਨਾ ਹੋ ਗਿਆ।

ਇਹ ਪਿੱਛੇ ਜਾਣਾ ਬਹੁਤ ਦਿਲਚਸਪ ਰਿਹਾ। ਜ਼ੋਰ ਦੀ ਹਵਾ ਚੱਲ ਰਹੀ ਸੀ ਕੁੜੀ ਦੇ ਚਿਹਰੇ ਉੱਤੋਂ ਨਕਾਬ ਉਠ ਉਠ ਜਾਂਦਾ। ਸਿਆਹ ਜਾਰਜਤ ਦਾ ਪਰਦਾ ਫੜਫੜਾਕੇ ਉਸਦੇ ਸਫੈਦ ਚਿਹਰੇ ਦੀਆਂ ਝਲਕੀਆਂ ਦਿਖਾਂਦਾ ਸੀ। ਕੰਨਾਂ ਵਿੱਚ ਸੋਨੇ ਦੇ ਵੱਡੇ ਵੱਡੇ ਝੂਮਰ ਸਨ। ਪਤਲੇ ਪਤਲੇ ਹੋਠਾਂ ਉੱਤੇ ਮੱਸ ਮਾਇਲ ਸੁਰਖੀ ਸੀ ……ਅਤੇ ਉਪਰਲੇ ਹੋਠ ਉੱਤੇ ਤਿਲ ……ਉਹ ਅਤਿ ਜ਼ਰੂਰੀ ਤਿਲ।

ਬੜੇ ਜ਼ੋਰ ਦਾ ਬੁੱਲਾ ਆਇਆ ਤਾਂ ਅਖ਼ਲਾਕ ਦੇ ਸਿਰ ਉੱਤੋਂ ਹੈਟ ਉੱਤਰ ਗਿਆ ਅਤੇ ਸੜਕ ਤੇ ਦੌੜਨ ਲਗਾ। ਇੱਕ ਟਰੱਕ ਲੰਘ ਰਿਹਾ ਸੀ। ਉਸ ਦੇ ਵਜ਼ਨੀ ਪਹੀਏ ਦੇ ਹੇਠਾਂ ਆਇਆ ਅਤੇ ਉਥੇ ਹੀ ਚਿੱਤ ਗਿਆ।

ਕੁੜੀ ਹਸੀ ਅਖ਼ਲਾਕ ਨੇ ਮੁਸਕਰਾ ਦਿੱਤਾ। ਗਰਦਨ ਮੋੜ ਕੇ ਹੈਟ ਦੀ ਲਾਸ਼ ਵੇਖੀ ਜੋ ਬਹੁਤ ਪਿੱਛੇ ਰਹਿ ਗਈ ਸੀ ਅਤੇ ਕੁੜੀ ਨੂੰ ਮੁਖ਼ਾਤਬ ਹੋ ਕੇ ਕਿਹਾ। “ਉਸ ਨੂੰ ਤਾਂ ਸ਼ਹਾਦਤ ਦਾ ਰੁਤਬ ਮਿਲ ਗਿਆ।”

ਕੁੜੀ ਨੇ ਮੂੰਹ ਦੂਜੀ ਤਰਫ਼ ਮੋੜ ਲਿਆ।

ਅਖ਼ਲਾਕ ਥੋੜ੍ਹੀ ਦੇਰ ਦੇ ਬਾਅਦ ਫਿਰ ਉਸਨੂੰ ਮੁਖ਼ਾਤਬ ਹੋਇਆ। “ਤੁਹਾਨੂੰ ਇਤਰਾਜ਼ ਹੈ ਤਾਂ ਵਾਪਸ ਚਲੇ ਜਾਂਦਾ ਹਾਂ। ”

ਕੁੜੀ ਨੇ ਉਸ ਦੀ ਤਰਫ਼ ਵੇਖਿਆ ਮਗਰ ਕੋਈ ਜਵਾਬ ਨਹੀਂ ਦਿੱਤਾ।

ਅਨਾਰਕਲੀ ਦੀ ਇੱਕ ਗਲੀ ਵਿੱਚ ਟਾਂਗਾ ਰੁਕਿਆ ਅਤੇ ਉਹ ਕੁੜੀ ਉੱਤਰ ਕੇ ਅਖ਼ਲਾਕ ਦੀ ਤਰਫ਼ ਵਾਰ ਵਾਰ ਵੇਖਦੀ ਨਕਾਬ ਉਠਾ ਕੇ ਇੱਕ ਮਕਾਨ ਵਿੱਚ ਦਾਖ਼ਲ ਹੋ ਗਈ। ਅਖ਼ਲਾਕ ਇੱਕ ਪੈਰ ਸਾਈਕਲ ਦੇ ਪੈਡਲ ਉੱਤੇ ਅਤੇ ਦੂਜਾ ਪੈਰ ਦੁਕਾਨ ਦੇ ਥੜੇ ਉੱਤੇ ਰੱਖੇ ਥੋੜ੍ਹੀ ਦੇਰ ਖੜਾ ਰਿਹਾ। ਸਾਈਕਲ ਚਲਾਣ ਹੀ ਵਾਲਾ ਸੀ ਕਿ ਇਸ ਮਕਾਨ ਦੀ ਪਹਿਲੀ ਮੰਜ਼ਿਲ ਉੱਤੇ ਇੱਕ ਖਿੜਕੀ ਖੁੱਲੀ। ਕੁੜੀ ਨੇ ਝਾਕ ਕੇ ਅਖ਼ਲਾਕ ਨੂੰ ਵੇਖਿਆ। ਮਗਰ ਫ਼ੌਰਨ ਹੀ ਸ਼ਰਮਾ ਕੇ ਪਿੱਛੇ ਹੱਟ ਗਈ। ਅਖ਼ਲਾਕ ਤਕਰੀਬਨ ਅੱਧ ਘੰਟਾ ਉੱਥੇ ਖੜਾ ਰਿਹਾ। ਮਗਰ ਉਹ ਫਿਰ ਖਿੜਕੀ ਵਿੱਚ ਨਮੂਦਾਰ ਨਹੀਂ ਹੋਈ।

ਅਗਲੇ ਦਿਨ ਅਖ਼ਲਾਕ ਸਵੇਰੇ ਸਵੇਰੇ ਅਨਾਰਕਲੀ ਦੀ ਉਸ ਗਲੀ ਵਿੱਚ ਪਹੁੰਚਿਆ। ਪੰਦਰਾਂ ਵੀਹ ਮਿੰਟ ਤੱਕ ਏਧਰ ਉੱਧਰ ਘੁੰਮਦਾ ਰਿਹਾ। ਖਿੜਕੀ ਬੰਦ ਸੀ। ਮਾਯੂਸ ਹੋ ਕੇ ਪਰਤਣ ਵਾਲਾ ਸੀ ਕਿ ਇੱਕ ਫ਼ਾਲਸੇ ਵੇਚਣ ਵਾਲਾ ਆਵਾਜ਼ ਲਗਾਉਂਦਾ ਆਇਆ। ਖਿੜਕੀ ਖੁੱਲੀ, ਕੁੜੀ ਸਿਰ ਤੋਂ ਨੰਗੀ ਨਮੂਦਾਰ ਹੋਈ। ਇਸ ਨੇ ਫ਼ਾਲਸੇ ਵਾਲੇ ਨੂੰ ਆਵਾਜ਼ ਦਿੱਤੀ।

“ਭਾਈ ਫ਼ਾਲਸੇ ਵਾਲੇ, ਜਰਾ ਠਹਿਰਨਾ,” ਫਿਰ ਉਸਦੀਆਂ ਨਜ਼ਰਾਂ ਇੱਕ ਦਮ ਅਖ਼ਲਾਕ ਤੇ ਪਈਆਂ। ਚੌਂਕ ਕੇ ਉਹ ਪਿੱਛੇ ਹੱਟ ਗਈ। ਫ਼ਾਲਸੇ ਵਾਲੇ ਨੇ ਸਿਰ ਤੋਂ ਛਾਬੜੀ ਉਤਾਰੀ ਅਤੇ ਬੈਠ ਗਿਆ। ਥੋੜ੍ਹੀ ਦੇਰ ਦੇ ਬਾਅਦ ਉਹ ਕੁੜੀ ਸਿਰ ਉੱਤੇ ਦੁਪੱਟਾ ਲਈ ਹੇਠਾਂ ਆਈ। ਅਖ਼ਲਾਕ ਨੂੰ ਉਸ ਨੇ ਕਨਖੀਆਂ ਨਾਲ ਵੇਖਿਆ। ਸ਼ਰਮਾਈ ਅਤੇ ਫ਼ਾਲਸੇ ਲਏ ਬਿਨਾਂ ਵਾਪਸ ਚੱਲੀ ਗਈ।

ਅਖ਼ਲਾਕ ਨੂੰ ਇਹ ਅਦਾ ਬਹੁਤ ਪਸੰਦ ਆਈ। ਥੋੜ੍ਹਾ ਜਿਹਾ ਤਰਸ ਵੀ ਆਇਆ। ਫ਼ਾਲਸੇ ਵਾਲੇ ਨੇ ਜਦੋਂ ਉਸ ਨੂੰ ਘੂਰ ਕੇ ਵੇਖਿਆ ਤਾਂ ਉਹ ਉੱਥੋਂ ਚੱਲ ਪਿਆ। “ਚਲੋ ਅੱਜ ਇੰਨਾ ਹੀ ਕਾਫ਼ੀ ਹੈ।”

ਕੁਝ ਦਿਨ ਹੀ ਵਿੱਚ ਅਖ਼ਲਾਕ ਅਤੇ ਉਸ ਕੁੜੀ ਵਿੱਚ ਇਸ਼ਾਰੇ ਸ਼ੁਰੂ ਹੋ ਗਏ। ਹਰ ਰੋਜ ਸਵੇਰੇ ਨੌਂ ਵਜੇ ਉਹ ਅਨਾਰਕਲੀ ਦੀ ਇਸ ਗਲੀ ਵਿੱਚ ਪੁੱਜਦਾ। ਖਿੜਕੀ ਖੁਲਦੀ ਉਹ ਸਲਾਮ ਕਰਦਾ ਉਹ ਜਵਾਬ ਦਿੰਦੀ, ਮੁਸਕਰਾਉਂਦੀ। ਹੱਥ ਦੇ ਇਸ਼ਾਰਿਆਂ ਨਾਲ ਕੁੱਝ ਗੱਲਾਂ ਹੁੰਦੀਆਂ। ਇਸਦੇ ਬਾਅਦ ਉਹ ਚੱਲੀ ਜਾਂਦੀ।

ਇੱਕ ਰੋਜ ਉਂਗਲੀਆਂ ਘੁਮਾ ਕੇ ਉਸ ਨੇ ਅਖ਼ਲਾਕ ਨੂੰ ਦੱਸਿਆ ਕਿ ਉਹ ਸ਼ਾਮ ਦੇ ਛੇ ਵਜੇ ਦੇ ਸ਼ੋ ਸਿਨੇਮਾ ਦੇਖਣ ਜਾ ਰਹੀ ਹੈ। ਅਖ਼ਲਾਕ ਨੇ ਇਸ਼ਾਰਿਆਂ ਦੇ ਜ਼ਰੀਏ ਪੁੱਛਿਆ। “ਕਿਸ ਸਿਨੇਮਾ ਹਾਊਸ ਵਿੱਚ?”

ਉਸ ਨੇ ਜਵਾਬ ਵਿੱਚ ਕੁੱਝ ਇਸ਼ਾਰੇ ਕੀਤੇ। ਮਗਰ ਅਖ਼ਲਾਕ ਨਹੀਂ ਸਮਝਿਆ। ਆਖ਼ਰ ਵਿੱਚ ਉਸ ਨੇ ਇਸ਼ਾਰਿਆਂ ਵਿੱਚ ਕਿਹਾ। “ਕਾਗ਼ਜ਼ ਉੱਤੇ ਲਿਖ ਕੇ ਹੇਠਾਂ ਸੁੱਟ ਦੇ। ”

ਕੁੜੀ ਖਿੜਕੀ ਕੋਲੋਂ ਹੱਟ ਗਈ। ਕੁਝ ਲਮਹਿਆਂ ਦੇ ਬਾਅਦ ਉਸ ਨੇ ਏਧਰ ਉੱਧਰ ਵੇਖ ਕੇ ਕਾਗ਼ਜ਼ ਦੀ ਇੱਕ ਮੜੋਰੀ ਜਿਹੀ ਹੇਠਾਂ ਸੁੱਟ ਦਿੱਤੀ। ਅਖ਼ਲਾਕ ਨੇ ਉਸਨੂੰ ਖੋਲਿਆ, ਲਿਖਿਆ ਸੀ।

“ਪਲਾਜ਼ਾ ……ਪਰਵੀਣ। ”

ਸ਼ਾਮ ਨੂੰ ਪਲਾਜ਼ਾ ਵਿੱਚ ਉਸਦੀ ਮੁਲਾਕਾਤ ਪਰਵੀਣ ਨਾਲ ਹੋਈ। ਉਸ ਦੇ ਨਾਲ ਉਸਦੀ ਸਹੇਲੀ ਸੀ। ਅਖ਼ਲਾਕ ਉਸਦੇ ਨਾਲ ਵਾਲੀ ਸੀਟ ਉੱਤੇ ਬੈਠ ਗਿਆ। ਫ਼ਿਲਮ ਸ਼ੁਰੂ ਹੋਈ ਤਾਂ ਪਰਵੀਣ ਨੇ ਨਕਾਬ ਉਠਾ ਲਿਆ। ਅਖ਼ਲਾਕ ਸਾਰਾ ਵਕਤ ਉਸ ਨੂੰ ਵੇਖਦਾ ਰਿਹਾ। ਉਸ ਦਾ ਦਿਲ ਧੱਕ ਧੱਕ ਕਰਦਾ ਸੀ। ਇੰਟਰਵਲ ਤੋਂ ਕੁੱਝ ਪਹਿਲਾਂ ਉਸ ਨੇ ਆਹਿਸਤਾ ਜਿਹੇ ਆਪਣਾ ਹੱਥ ਵਧਾਇਆ ਅਤੇ ਉਸ ਦੇ ਹੱਥ ਉੱਤੇ ਰੱਖ ਦਿੱਤਾ। ਉਹ ਕੰਬ ਉੱਠੀ। ਅਖ਼ਲਾਕ ਨੇ ਫ਼ੌਰਨ ਹੱਥ ਉਠਾ ਲਿਆ।

ਦਰਅਸਲ ਉਹ ਉਸ ਨੂੰ ਅੰਗੂਠੀ ਦੇਣਾ ਚਾਹੁੰਦਾ ਸੀ, ਸਗੋਂ ਖ਼ੁਦ ਪਹਿਨਾਉਣਾ ਚਾਹੁੰਦਾ ਸੀ ਜੋ ਉਸ ਨੇ ਉਸੇ ਦਿਨ ਖ਼ਰੀਦੀ ਸੀ। ਇੰਟਰਵਲ ਖ਼ਤਮ ਹੋਇਆ ਤਾਂ ਉਸ ਨੇ ਫਿਰ ਆਪਣਾ ਹੱਥ ਵਧਾਇਆ ਅਤੇ ਉਸ ਦੇ ਹੱਥ ਉੱਤੇ ਰੱਖ ਦਿੱਤਾ। ਉਹ ਕੰਬੀ ਲੇਕਿਨ ਅਖ਼ਲਾਕ ਨੇ ਹੱਥ ਨਹੀਂ ਹਟਾਇਆ। ਥੋੜ੍ਹੀ ਦੇਰ ਦੇ ਬਾਅਦ ਉਸ ਨੇ ਅੰਗੂਠੀ ਕੱਢੀ ਅਤੇ ਉਸਦੀ ਇੱਕ ਉਂਗਲ ਵਿੱਚ ਚੜ੍ਹਾ ਦਿੱਤੀ ……ਉਹ ਬਿਲਕੁਲ ਖ਼ਾਮੋਸ਼ ਰਹੀ। ਅਖ਼ਲਾਕ ਨੇ ਉਸਦੀ ਤਰਫ਼ ਵੇਖਿਆ। ਮਥੇ ਅਤੇ ਨੱਕ ਉੱਤੇ ਮੁੜ੍ਹਕੇ ਦੇ ਨੰਨ੍ਹੇ ਨੰਨ੍ਹੇ ਕਤਰੇ ਥਰਥਰਾ ਰਹੇ ਸਨ।

ਫ਼ਿਲਮ ਖ਼ਤਮ ਹੋਈ ਤਾਂ ਅਖ਼ਲਾਕ ਅਤੇ ਪਰਵੀਣ ਦੀ ਇਹ ਮੁਲਾਕਾਤ ਵੀ ਖ਼ਤਮ ਹੋ ਗਈ। ਬਾਹਰ ਨਿਕਲ ਕੇ ਕੋਈ ਗੱਲ ਨਹੀਂ ਹੋ ਸਕੀ। ਦੋਨੋਂ ਸਹੇਲੀਆਂ ਟਾਂਗੇ ਵਿੱਚ ਬੈਠੀਆਂ। ਅਖ਼ਲਾਕ ਨੂੰ ਦੋਸਤ ਮਿਲ ਗਏ। ਉਨ੍ਹਾਂ ਨੇ ਉਸਨੂੰ ਰੋਕ ਲਿਆ ਲੇਕਿਨ ਉਹ ਬਹੁਤ ਖ਼ੁਸ਼ ਸੀ। ਇਸ ਲਈ ਕਿ ਪਰਵੀਣ ਨੇ ਉਸ ਦਾ ਤੋਹਫ਼ਾ ਕਬੂਲ ਕਰ ਲਿਆ ਸੀ।

ਦੂਜੇ ਦਿਨ ਮੁਕੱਰਰ ਵਕਤ ਤੇ ਜਦੋਂ ਅਖ਼ਲਾਕ ਪਰਵੀਣ ਦੇ ਘਰ ਦੇ ਕੋਲ ਪਹੁੰਚਿਆ ਤਾਂ ਖਿੜਕੀ ਖੁੱਲੀ ਸੀ। ਅਖ਼ਲਾਕ ਨੇ ਸਲਾਮ ਕੀਤਾ। ਪਰਵੀਣ ਨੇ ਜਵਾਬ ਦਿੱਤਾ। ਉਸ ਦੇ ਸੱਜੇ ਹੱਥ ਦੀ ਉਂਗਲ ਵਿੱਚ ਉਸਦੀ ਪਹਿਨਾਈ ਹੋਈ ਅੰਗੂਠੀ ਚਮਕ ਰਹੀ ਸੀ।

ਥੋੜ੍ਹੀ ਦੇਰ ਇਸ਼ਾਰੇ ਹੁੰਦੇ ਰਹੇ ਇਸ ਦੇ ਬਾਅਦ ਪਰਵੀਣ ਨੇ ਏਧਰ ਉੱਧਰ ਵੇਖ ਕੇ ਇੱਕ ਲਿਫਾਫਾ ਹੇਠਾਂ ਸੁੱਟ ਦਿੱਤਾ। ਅਖ਼ਲਾਕ ਨੇ ਚੁੱਕਿਆ। ਖੋਲ੍ਹਿਆ ਤਾਂ ਇਸ ਵਿੱਚ ਇੱਕ ਖ਼ਤ ਸੀ। ਅੰਗੂਠੀ ਦੇ ਸ਼ੁਕਰੀਏ ਦਾ।

ਘਰ ਪਹੁੰਚ ਕੇ ਅਖ਼ਲਾਕ ਨੇ ਇੱਕ ਲੰਮਾ ਜਵਾਬ ਲਿਖਿਆ। ਆਪਣਾ ਦਿਲ ਕੱਢ ਕੇ ਕਾਗਜ਼ਾਂ ਵਿੱਚ ਰੱਖ ਦਿੱਤਾ। ਇਸ ਖ਼ਤ ਨੂੰ ਉਸ ਨੇ ਫੁੱਲਦਾਰ ਲਿਫਾਫੇ ਵਿੱਚ ਬੰਦ ਕੀਤਾ। ਉਸ ਉੱਤੇ ਸੈਂਟ ਲਗਾਇਆ ਅਤੇ ਦੂਜੇ ਦਿਨ ਸਵੇਰੇ ਨੌਂ ਵਜੇ ਪਰਵੀਣ ਨੂੰ ਵਿਖਾ ਕੇ ਹੇਠਾਂ ਲੈਟਰ ਬਾਕਸ ਵਿੱਚ ਪਾ ਦਿੱਤਾ।

ਹੁਣ ਉਨ੍ਹਾਂ ਵਿੱਚ ਬਾਕਾਇਦਾ ਖ਼ਤੋ-ਕਿਤਾਬਤ ਸ਼ੁਰੂ ਹੋ ਗਈ। ਹਰ ਖ਼ਤ ਇਸ਼ਕ ਮੁਹੱਬਤ ਦਾ ਇੱਕ ਦਫਤਰ ਸੀ। ਇੱਕ ਖ਼ਤ ਅਖ਼ਲਾਕ ਨੇ ਆਪਣੇ ਖ਼ੂਨ ਨਾਲ ਲਿਖਿਆ ਜਿਸ ਵਿੱਚ ਉਸ ਨੇ ਕਸਮ ਖਾਈ ਕਿ ਉਹ ਹਮੇਸ਼ਾ ਆਪਣੀ ਮੁਹੱਬਤ ਵਿੱਚ ਸਾਬਤ ਕਦਮ ਰਹੇਗਾ। ਇਸ ਦੇ ਜਵਾਬ ਵਿੱਚ ਖ਼ੂਨੀ ਤਹਰੀਰ ਹੀ ਆਈ। ਪਰਵੀਣ ਨੇ ਵੀ ਹਲਫ ਚੁੱਕਿਆ ਕਿ ਉਹ ਮਰ ਜਾਵੇਗੀ ਲੇਕਿਨ ਅਖ਼ਲਾਕ ਦੇ ਸਿਵਾ ਹੋਰ ਕਿਸੇ ਨੂੰ ਸ਼ਰੀਕ-ਏ-ਹਯਾਤ ਨਹੀਂ ਬਣਾਏਗੀ।

ਮਹੀਨੇ ਬੀਤ ਗਏ। ਇਸ ਦੌਰਾਨ ਕਦੇ ਕਦੇ ਕਿਸੇ ਸਿਨੇਮਾ ਵਿੱਚ ਦੋਨਾਂ ਦੀ ਮੁਲਾਕਾਤ ਹੋ ਜਾਂਦੀ ਸੀ। ਮਿਲ ਕੇ ਬੈਠਣ ਦਾ ਮੌਕਾ ਉਨ੍ਹਾਂ ਨੂੰ ਨਹੀਂ ਮਿਲਦਾ ਸੀ। ਪਰਵੀਣ ਉੱਤੇ ਘਰ ਦੀ ਤਰਫ਼ ਤੋਂ ……ਬਹੁਤ ਕਰੜੀਆਂ ਪਾਬੰਦੀਆਂ ਆਇਦ ਸਨ। ਉਹ ਬਾਹਰ ਨਿਕਲਦੀ ਸੀ ਜਾਂ ਤਾਂ ਆਪਣੇ ਭਾਈ ਦੇ ਨਾਲ ਜਾਂ ਆਪਣੀ ਸਹੇਲੀ ਜ਼ੁਹਰਾ ਦੇ ਨਾਲ। ਇਨ੍ਹਾਂ ਦੋ ਦੇ ਇਲਾਵਾ ਉਸ ਨੂੰ ਹੋਰ ਕਿਸੇ ਦੇ ਨਾਲ ਬਾਹਰ ਜਾਣ ਦੀ ਇਜਾਜਤ ਨਹੀਂ ਸੀ। ਅਖ਼ਲਾਕ ਨੇ ਉਸਨੂੰ ਕਈ ਵਾਰ ਲਿਖਿਆ ਕਿ ਜ਼ੁਹਰਾ ਦੇ ਨਾਲ ਉਹ ਕਦੇ ਉਸਨੂੰ ਬਾਰਾਂਦਰੀ ਵਿੱਚ ਜਹਾਂਗੀਰ ਦੇ ਮਕਬਰੇ ਵਿੱਚ ਮਿਲੇ। ਮਗਰ ਉਹ ਨਹੀਂ ਮੰਨੀ। ਉਸਨ੍ਹੂੰ ਡਰ ਸੀ ਕਿ ਕੋਈ ਵੇਖ ਲਵੇਗਾ।

ਇਸ ਅਰਸੇ ਦੌਰਾਨ ਅਖ਼ਲਾਕ ਦੇ ਮਾਪਿਆਂ ਨੇ ਉਸਦੇ ਵਿਆਹ ਦੀ ਗੱਲਬਾਤ ਸ਼ੁਰੂ ਕਰਦੀ। ਅਖ਼ਲਾਕ ਟਾਲਦਾ ਰਿਹਾ ਜਦੋਂ ਉਨ੍ਹਾਂ ਨੇ ਤੰਗ ਆਕੇ ਇੱਕ ਜਗ੍ਹਾ ਗੱਲ ਕਰ ਦਿੱਤੀ ਤਾਂ ਅਖ਼ਲਾਕ ਵਿਗੜ ਗਿਆ, ਬਹੁਤ ਹੰਗਾਮਾ ਹੋਇਆ।

ਇੱਥੇ ਤੱਕ ਕਿ ਅਖ਼ਲਾਕ ਨੂੰ ਘਰ ਤੋਂ ਨਿਕਲ ਕੇ ਇੱਕ ਰਾਤ ਇਸਲਾਮੀਆ ਕਾਲਜ ਦੀ ਗਰਾਂਊਡ ਵਿੱਚ ਸੌਣਾ ਪਿਆ। ਏਧਰ ਪਰਵੀਣ ਰੋਦੀ ਰਹੀ। ਖਾਣੇ ਨੂੰ ਹੱਥ ਤੱਕ ਨਹੀਂ ਲਗਾਇਆ।

ਅਖ਼ਲਾਕ ਧੁਨ ਦਾ ਬਹੁਤ ਪੱਕਾ ਸੀ। ਜ਼ਿੱਦੀ ਵੀ ਪਰਲੇ ਦਰਜੇ ਦਾ ਸੀ। ਘਰ ਤੋਂ ਬਾਹਰ ਕਦਮ ਕੱਢਿਆ ਤਾਂ ਫਿਰ ਉੱਧਰ ਰੁਖ ਤੱਕ ਨਹੀਂ ਕੀਤਾ। ਉਸ ਦੇ ਬਾਪ ਨੇ ਉਸ ਨੂੰ ਬਹੁਤ ਸਮਝਾਇਆ ਮਗਰ ਉਹ ਨਹੀਂ ਮੰਨਿਆ। ਇੱਕ ਦਫਤਰ ਵਿੱਚ ਸੌ ਰੁਪਏ ਮਹੀਨਾਵਾਰ ਉੱਤੇ ਨੌਕਰੀ ਕਰ ਲਈ ਅਤੇ ਇੱਕ ਛੋਟਾ ਜਿਹਾ ਮਕਾਨ ਕਿਰਾਏ ਤੇ ਲੈ ਕੇ ਰਹਿਣ ਲੱਗਿਆ। ਜਿਸ ਵਿੱਚ ਨਲ ਸੀ ਨਾ ਬਿਜਲੀ।

ਏਧਰ ਪਰਵੀਣ ਅਖ਼ਲਾਕ ਦੀਆਂ ਤਕਲੀਫਾਂ ਦੇ ਦੁੱਖ ਵਿੱਚ ਘੁਲ ਰਹੀ ਸੀ। ਘਰ ਵਿੱਚ ਜਦੋਂ ਅਚਾਨਕ ਉਸ ਦੇ ਵਿਆਹ ਦੀ ਗੱਲਬਾਤ ਸ਼ੁਰੂ ਹੋਈ ਤਾਂ ਉਸ ਉੱਤੇ ਬਿਜਲੀ ਜਿਹੀ ਡਿੱਗੀ। ਉਸ ਨੇ ਅਖ਼ਲਾਕ ਨੂੰ ਲਿਖਿਆ। ਉਹ ਬਹੁਤ ਪਰੇਸ਼ਾਨ ਹੋਇਆ। ਲੇਕਿਨ ਪਰਵੀਣ ਨੂੰ ਉਸ ਨੇ ਤਸੱਲੀ ਦਿੱਤੀ ਕਿ ਉਹ ਘਬਰਾਏ ਨਹੀਂ। ਸਾਬਤ ਕਦਮ ਰਹੇ। ਇਸ਼ਕ ਉਨ੍ਹਾਂ ਦਾ ਇਮਤਿਹਾਨ ਲੈ ਰਿਹਾ ਹੈ।

ਬਾਰਾਂ ਦਿਨ ਬੀਤ ਗਏ। ਅਖ਼ਲਾਕ ਕਈ ਵਾਰ ਗਿਆ। ਮਗਰ ਪਰਵੀਣ ਖਿੜਕੀ ਵਿੱਚ ਨਜ਼ਰ ਨਹੀਂ ਆਈ। ਉਹ ਧੀਰਜ ਕਰਾਰ ਖੋਹ ਬੈਠਾ ਨੀਂਦ ਉਸਦੀ ਗਾਇਬ ਹੋ ਗਈ। ਉਸ ਨੇ ਦਫਤਰ ਜਾਣਾ ਛੱਡ ਦਿੱਤਾ। ਜ਼ਿਆਦਾ ਨਾਗੇ ਹੋਏ ਤਾਂ ਉਸ ਨੂੰ ਮੁਲਾਜ਼ਮਤ ਤੋਂ ਬਰਤਰਫ਼ ਕਰ ਦਿੱਤਾ ਗਿਆ। ਉਸ ਨੂੰ ਕੁੱਝ ਹੋਸ਼ ਨਹੀਂ ਸੀ। ਬਰਤਰਫ਼ੀ ਦਾ ਨੋਟਿਸ ਮਿਲਿਆ ਤਾਂ ਉਹ ਸਿੱਧਾ ਪਰਵੀਣ ਦੇ ਮਕਾਨ ਦੀ ਤਰਫ ਚੱਲ ਪਿਆ। ਪੰਦਰਾਂ ਦਿਨਾਂ ਦੇ ਲੰਮੇ ਅਰਸੇ ਦੇ ਬਾਅਦ ਉਸਨੂੰ ਪਰਵੀਣ ਨਜ਼ਰ ਆਈ ਉਹ ਵੀ ਇੱਕ ਛਿਣ ਦੇ ਲਈ। ਜਲਦੀ ਨਾਲ ਲਿਫਾਫਾ ਸੁੱਟ ਕੇ ਉਹ ਚੱਲੀ ਗਈ।

ਖ਼ਤ ਬਹੁਤ ਲੰਮਾ ਸੀ। ਪਰਵੀਣ ਦੀ ਗ਼ੈਰ ਹਾਜ਼ਰੀ ਦਾ ਸਬੱਬ ਇਹ ਸੀ ਕਿ ਉਸ ਦਾ ਬਾਪ ਉਹਨੂੰ ਨਾਲ ਗੁਜਰਾਂਵਾਲਾ ਲੈ ਗਿਆ ਸੀ ਜਿੱਥੇ ਉਸਦੀ ਵੱਡੀ ਭੈਣ ਰਹਿੰਦੀ ਸੀ। ਪੰਦਰਾਂ ਦਿਨ ਉਹ ਖ਼ੂਨ ਦੇ ਅੱਥਰੂ ਰੋਂਦੀ ਰਹੀ। ਉਸ ਦਾ ਦਹੇਜ ਤਿਆਰ ਕੀਤਾ ਜਾ ਰਿਹਾ ਸੀ ਲੇਕਿਨ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਸ ਲਈ ਰੰਗ ਬਿਰੰਗੇ ਕਫ਼ਨ ਬਣ ਰਹੇ ਹਨ। ਖ਼ਤ ਦੇ ਆਖਿਰ ਵਿੱਚ ਲਿਖਿਆ। ਤਾਰੀਖ ਮੁਕੱਰਰ ਹੋ ਚੁੱਕੀ ਹੈ ……ਮੇਰੀ ਮੌਤ ਦੀ ਤਾਰੀਖ ਮੁਕੱਰਰ ਹੋ ਚੁੱਕੀ ਹੈ। ਮੈਂ ਮਰ ਜਾਵਾਂਗੀ ……ਮੈਂ ਜ਼ਰੂਰ ਕੁੱਝ ਖਾ ਕੇ ਮਰ ਜਾਵਾਂਗੀ। ਇਸ ਦੇ ਸਿਵਾ ਹੋਰ ਕੋਈ ਰਸਤਾ ਮੈਨੂੰ ਵਿਖਾਈ ਨਹੀਂ ਦਿੰਦਾ ……ਨਹੀਂ ਨਹੀਂ ਇੱਕ ਹੋਰ ਰਸਤਾ ਵੀ ਹੈ ……ਲੇਕਿਨ ਮੈਂ ਕੀ ਇੰਨੀ ਹਿੰਮਤ ਕਰ ਸਕਾਂਗੀ। ਤੂੰ ਵੀ ਇੰਨੀ ਹਿੰਮਤ ਕਰ ਸਕੇਂਗਾ ……ਮੈਂ ਤੁਹਾਡੇ ਕੋਲ ਚੱਲੀ ਆਵਾਂਗੀ ……ਮੈਨੂੰ ਤੁਹਾਡੇ ਕੋਲ ਆਉਣਾ ਹੀ ਪਵੇਗਾ। ਤੁਸੀਂ ਮੇਰੇ ਲਈ ਘਰ ਵਾਰ ਛੱਡਿਆ। ਮੈਂ ਤੁਹਾਡੇ ਲਈ ਇਹ ਘਰ ਨਹੀਂ ਛੱਡ ਸਕਦੀ, ਜਿੱਥੇ ਮੇਰੀ ਮੌਤ ਦੇ ਸਾਮਾਨ ਹੋ ਰਹੇ ਹੋਣ ……ਲੇਕਿਨ ਮੈਂ ਪਤਨੀ ਬਣ ਕੇ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ। ਤੁਸੀਂ ਵਿਆਹ ਦਾ ਬੰਦੋਬਸਤ ਕਰ ਲਓ। ਮੈਂ ਸਿਰਫ ਤਿੰਨ ਕੱਪੜਿਆਂ ਵਿੱਚ ਆਵਾਂਗੀ। ਜੇਵਰ ਵਗ਼ੈਰਾ ਸਭ ਉਤਾਰ ਕੇ ਇੱਥੇ ਸੁੱਟ ਦੇਵਾਂਗੀ।

……ਜਵਾਬ ਜਲਦੀ ਦਿਓ, ਹਮੇਸ਼ਾ ਤੁਹਾਡੀ। ਪਰਵੀਣ।

ਅਖ਼ਲਾਕ ਨੇ ਕੁੱਝ ਨਹੀਂ ਸੋਚਿਆ, ਫ਼ੌਰਨ ਉਸ ਨੂੰ ਲਿਖਿਆ ਮੇਰੀ ਬਾਹਾਂ ਤੈਨੂੰ ਆਪਣੇ ਆਗ਼ੋਸ਼ ਵਿੱਚ ਲੈਣ ਲਈ ਤੜਫ਼ ਰਹੀਆਂ ਹਨ। ਮੈਂ ਤੁਹਾਡੀ ਇੱਜ਼ਤ ਇਸਮਤ ਉੱਤੇ ਕੋਈ ਹਰਫ ਨਹੀਂ ਆਉਣ ਦੇਵਾਂਗਾ। ਤੂੰ ਮੇਰੀ ਜੀਵਨ ਸਾਥਣ ਬਣ ਕੇ ਰਹੋਗੀ। ਜ਼ਿੰਦਗੀ ਭਰ ਮੈਂ ਤੈਨੂੰ ਖ਼ੁਸ਼ ਰੱਖਾਂਗਾ।

ਇੱਕ ਦੋ ਖ਼ਤ ਹੋਰ ਲਿਖੇ ਗਏ ਇਸ ਦੇ ਬਾਅਦ ਤੈਅ ਕੀਤਾ ਕਿ ਪਰਵੀਣ ਬੁੱਧ ਨੂੰ ਸਵੇਰੇ ਸਵੇਰੇ ਘਰ ਤੋਂ ਨਿਕਲੇਗੀ। ਅਖ਼ਲਾਕ ਟਾਂਗਾ ਲੈ ਕੇ ਗਲੀ ਦੀ ਨੁੱਕੜ ਉੱਤੇ ਉਸ ਦਾ ਇੰਤਜ਼ਾਰ ਕਰੇ।

ਬੁੱਧ ਨੂੰ ਮੂੰਹ ਹਨ੍ਹੇਰੇ ਅਖ਼ਲਾਕ ਟਾਂਗੇ ਵਿੱਚ ਉੱਥੇ ਪਹੁੰਚ ਕੇ ਪਰਵੀਣ ਦਾ ਇੰਤਜ਼ਾਰ ਕਰਨ ਲਗਾ। ਪੰਦਰਾਂ ਵੀਹ ਮਿੰਟ ਬੀਤ ਗਏ। ਅਖ਼ਲਾਕ ਦੀ ਬੇਚੈਨੀ ਵੱਧ ਗਈ। ਲੇਕਿਨ ਉਹ ਆ ਗਈ। ਛੋਟੇ ਛੋਟੇ ਕਦਮ ਚੁਕਦਿਆਂ ਉਹ ਗਲੀ ਵਿੱਚ ਨਮੂਦਾਰ ਹੋਈ। ਚਾਲ ਵਿੱਚ ਲੜਖੜਾਹਟ ਸੀ। ਜਦੋਂ ਉਹ ਟਾਂਗੇ ਵਿੱਚ ਅਖ਼ਲਾਕ ਦੇ ਨਾਲ ਬੈਠੀ ਤਾਂ ਸਿਰ ਤੋਂ ਪੈਰਾਂ ਤੱਕ ਕੰਬ ਰਹੀ ਸੀ। ਅਖ਼ਲਾਕ ਖ਼ੁਦ ਵੀ ਕੰਬਣ ਲਗਾ।

ਘਰ ਪੁੱਜੇ ਤਾਂ ਅਖ਼ਲਾਕ ਨੇ ਬੜੇ ਪਿਆਰ ਨਾਲ ਉਸ ਦੇ ਬੁਰਕੇ ਦਾ ਨਕਾਬ ਚੁੱਕਿਆ ਅਤੇ ਕਿਹਾ “ਮੇਰੀ ਦੁਲਹਨ ਕਦੋਂ ਤੱਕ ਮੇਰੇ ਤੋਂ ਪਰਦੇ ਕਰੇਗੀ। ”

ਪਰਵੀਣ ਨੇ ਸ਼ਰਮਾ ਕੇ ਅੱਖਾਂ ਝੁੱਕਾ ਲਿੱਤੀਆਂ। ਉਸ ਦਾ ਰੰਗ ਜ਼ਰਦ ਸੀ ਜਿਸਮ ਅਜੇ ਤੱਕ ਕੰਬ ਰਿਹਾ ਸੀ। ਅਖ਼ਲਾਕ ਨੇ ਉੱਪਰਲੇ ਹੋਠ ਦੇ ਤਿਲ ਦੀ ਤਰਫ਼ ਵੇਖਿਆ ਤਾਂ ਉਸ ਦੇ ਹੋਠਾਂ ਵਿੱਚ ਇੱਕ ਚੁੰਮਣ ਤੜਪਨ ਲੱਗਿਆ। ਉਸ ਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਥੰਮ ਕੇ ਉਸ ਨੇ ਤਿਲ ਵਾਲੀ ਜਗ੍ਹਾ ਨੂੰ ਚੁੰਮਿਆ। ਪਰਵੀਣ ਨੇ ਨਾਂਹ ਕੀਤੀ। ਉਸ ਦੇ ਹੋਠ ਖੁੱਲ੍ਹੇ। ਦੰਦਾਂ ਵਿੱਚ ਗੋਸ਼ਤ ਖ਼ੋਰਾ ਸੀ। ਮਸੂੜੇ ਡੂੰਘੇ ਨੀਲੇ ਰੰਗ ਦੇ ਸਨ। ਗਲ਼ੇ ਹੋਏ। ਸੜਾਂਦ ਦਾ ਇੱਕ ਭਬਕਾ ਅਖ਼ਲਾਕ ਦੀ ਨੱਕ ਵਿੱਚ ਵੜ ਗਿਆ। ਇੱਕ ਧੱਕਾ ਜਿਹਾ ਉਸ ਨੂੰ ਲੱਗਿਆ। ਇੱਕ ਹੋਰ ਭਬਕਾ ਪਰਵੀਣ ਦੇ ਮੂੰਹ ਵਿੱਚੋਂ ਨਿਕਲਿਆ ਤਾਂ ਉਹ ਇੱਕ ਦਮ ਪਿੱਛੇ ਹੱਟ ਗਿਆ।

ਪਰਵੀਣ ਨੇ ਹਿਆ ਭਿੱਜੀ ਆਵਾਜ ਵਿੱਚ ਕਿਹਾ, “ਵਿਆਹ ਤੋਂ ਪਹਿਲਾਂ ਤੁਹਾਨੂੰ ਅਜਿਹੀਆਂ ਗੱਲਾਂ ਦਾ ਹੱਕ ਨਹੀਂ ਪੁੱਜਦਾ।”

ਇਹ ਕਹਿੰਦੇ ਹੋਏ ਉਸਦੇ ਗਲ਼ੇ ਹੋਏ ਮਸੂੜੇ ਨੁਮਾਇਆਂ ਹੋਏ। ਅਖ਼ਲਾਕ ਦੇ ਹੋਸ਼ ਹਵਾਸ ਗਾਇਬ ਸਨ ਦਿਮਾਗ਼ ਸੁੰਨ ਹੋ ਗਿਆ। ਦੇਰ ਤੱਕ ਉਹ ਦੋਨੋਂ ਕੋਲ ਬੈਠੇ ਰਹੇ। ਅਖ਼ਲਾਕ ਨੂੰ ਕੋਈ ਗੱਲ ਨਹੀਂ ਸੁੱਝਦੀ ਸੀ। ਪਰਵੀਣ ਦੀਆਂ ਅੱਖਾਂ ਝੁਕੀਆਂ ਹੋਈਆਂ ਸਨ। ਜਦੋਂ ਉਸ ਨੇ ਉਂਗਲ ਦਾ ਨਹੁੰ ਕੱਟਣ ਲਈ ਹੋਠ ਖੋਲ੍ਹੇ ਤਾਂ ਫਿਰ ਉਨ੍ਹਾਂ ਗਲ਼ੇ ਹੋਏ ਮਸੂੜਿਆਂ ਦੀ ਨੁਮਾਇਸ਼ ਹੋਈ। ਬਦਬੂ ਦਾ ਇੱਕ ਭਬਕਾ ਨਿਕਲਿਆ। ਅਖ਼ਲਾਕ ਨੂੰ ਮਤਲੀ ਆਉਣ ਲੱਗੀ। ਉਠਿਆ ਅਤੇ “ਹੁਣੇ ਆਇਆ” ਕਹਿ ਕੇ ਬਾਹਰ ਨਿਕਲ ਗਿਆ। ਇੱਕ ਥੜੇ ਉੱਤੇ ਬੈਠ ਕੇ ਉਸ ਨੇ ਬਹੁਤ ਦੇਰ ਸੋਚਿਆ। ਜਦੋਂ ਕੁੱਝ ਸਮਝ ਵਿੱਚ ਨਹੀਂ ਆਇਆ ਤਾਂ ਲਾਇਲਪੁਰ ਰਵਾਨਾ ਹੋ ਗਿਆ। ਜਿੱਥੇ ਉਸ ਦਾ ਇੱਕ ਦੋਸਤ ਰਹਿੰਦਾ ਸੀ। ਅਖ਼ਲਾਕ ਨੇ ਸਾਰਾ ਵਾਪਰਿਆ ਸੁਣਾਇਆ ਤਾਂ ਉਸ ਨੇ ਬਹੁਤ ਲਾਨ ਤਾਨ ਕੀਤੀ ਅਤੇ ਇਸ ਨੂੰਕਿਹਾ। “ਫ਼ੌਰਨ ਵਾਪਸ ਜਾ। ਕਿਤੇ ਬੇਚਾਰੀ ਖੁਦਕੁਸ਼ੀ ਨਾ ਕਰ ਲਵੇ। ”

ਅਖ਼ਲਾਕ ਰਾਤ ਨੂੰ ਵਾਪਸ ਲਾਹੌਰ ਆਇਆ। ਘਰ ਵਿੱਚ ਦਾਖ਼ਲ ਹੋਇਆ ਤਾਂ ਪਰਵੀਣ ਮੌਜੂਦ ਨਹੀਂ ਸੀ ……ਪਲੰਗ ਉੱਤੇ ਤਕੀਆ ਪਿਆ ਸੀ। ਇਸ ਉੱਤੇ ਦੋ ਗੋਲ ਗੋਲ ਨਿਸ਼ਾਨ ਸਨ। ਗਿੱਲੇ !

ਇਸ ਦੇ ਬਾਅਦ ਅਖ਼ਲਾਕ ਨੂੰ ਪਰਵੀਣ ਕਿਤੇ ਨਜ਼ਰ ਨਹੀਂ ਆਈ।

(5 ਜੂਨ 1950)