- ਕਾਰ ਸੇਵਾ
ਆਉ ਆਪਣੇ ਆਪਣੇ ਮੱਥਿਆਂ ਦੀ
ਕਾਰ ਸੇਵਾ ਕਰੀਏ
ਬੜੀ ਗਾੜ੍ਹੀ ਗਾਰ
ਜੰਮ ਗਈ ਏ
ਸੋਚਾਂ ਤੇ ਸ਼ਬਦਾਂ ਅੰਦਰ,
ਗੰਧਲੇ ਮੱਥਿਆਂ ਅੰਦਰ
ਚਿੱਬ ਖੜਿੱਬੀਆਂ ਇੱਲਤਾਂ
ਸਾਜ਼ਸ਼ੀ ਸ਼ਰਾਰਤਾਂ
ਮਸਤਕ ਝਿਲ-ਮਿਲ ਕਰਦੇ ਸਰੋਵਰ ਨਹੀਂ ਰਹੇ
ਹਿੰਸਾ ਦੇ ਭਿਆਨਕ ਤਹਿਖਾਨੇ ਬਣ ਚੁੱਕੇ ਨੇ
ਇਸ ਤੋਂ ਪਹਿਲਾਂ ਕਿ ਅਸੀਂ ਸਦਾ ਲਈ
ਭਟਕਦੀਆਂ ਪੌਣਾਂ ਬਣ ਜਾਈਏ
ਆਉ ਆਪਣੇ ਆਪਣੇ ਮੱਥਿਆਂ ਦੀ
ਕਾਰ ਸੇਵਾ ਕਰੀਏ
~~~~~~~~
2.
ਅੰਨ੍ਹੇ ਹਨ੍ਹੇਰਿਆਂ ਅੰਦਰ
ਸਭ ਕੁਝ ਹਾਰ ਗਿਆ ਹਾਂ ਮੈਂ
ਦੇਸ਼ : ਸ਼ਬਦ : ਘਰ
ਅਜੇ ਬਾਕੀ ਹੈ ਪਰ ਮੇਰੇ ਕੋਲ
ਸਫ਼ਰ
ਸੁਪਨਾ
ਚਿੱਟਾ ਖੰਭ
ਸਭ ਜਾ ਚੁੱਕੇ ਨੇ
ਕੁਝ ਇਸਪਾਤੀ ਪਰਾਂ ‘ਤੇ ਬੈਠਕੇ
ਕੁਝ ਆਪਣੇ ਹੀ ਸਾਹਾਂ ਦੇ ਸਰੋਵਰਾਂ ਦੀ ਤਲਾਸ਼ ਵੱਲ ਨੂੰ
ਮਾਤਮੀ ਗੂੰਜਾ ‘ਚ ਘਿਰਿਆ ਘੁਸਮੁਸੇ ਹਨ੍ਹੇਰੇ ਅੰਦਰ
ਉਨ੍ਹਾਂ ਖ਼ਤਾਂ ਨੂੰ ਪੜ੍ਹ ਰਿਹਾਂ ਜੋ ਯਾਦਾਂ ਦੀ ਅੱਗ ਨਾਲ ਰਾਖ ਹੋਏ
ਹੇਰਵੇ ਦੇ ਹਨ੍ਹੇਰਿਆਂ ‘ਚ
ਟੁੱਟੇ ਸੁਪਨਿਆਂ ਦੀਆਂ
ਰੰਗ ਬਰੰਗੀਆਂ ਕੰਕਰਾਂ
ਹੰਝੂ ਲਿੱਪੀਆਂ
ਖੋਦ ਰਿਹਾ ਹਾਂ ਚਿਰਾਂ ਤੋਂ ਗੁਲਾਬ ਦੀ ਕਬਰ
ਦਿਲ ਪਰ ਅਜੇ ਰਜ਼ਾਮੰਦ ਨਹੀਂ ਗੁਲਾਬ ਦਾ ਤਾਬੂਤ ਬਨਣ ਲਈ
ਸਭ ਕੁਝ ਹਾਰ ਗਿਆ ਹਾਂ ਮੈਂ
ਪਰ ਬਾਕੀ ਹੈ ਮੇਰੇ ਕੋਲ
ਕਵਿਤਾ
ਇਕੱਲ
ਤੇ ਅੰਨ੍ਹੇ ਹਨ੍ਹੇਰਿਆਂ ਅੰਦਰ
ਕੱਲ੍ਹ ਉੱਗਣ ਵਾਲੇ ਸੂਰਜ ਦੀ ਜਾਦੂਗਰੀ….
~~~~~~~~~~~~~~~~~~~~~~~~~
3.
ਅਰਦਾਸ ਉਦਾਸ ਹੈ
ਅਰਦਾਸ ਉਦਾਸ ਹੈ
ਆਰਤੀ ਲਾਪਤਾ
“ਦੋਸਤ” ਇਕ ਵਾਰ ਤੂੰ ਗਜ਼ਨਵੀ ਦੇ ਖਿਲਾਫ
ਪੰਜਾਂ-ਪਾਣੀਆਂ ਨੂੰ
ਕਿਵੇਂ ਇਕ-ਸੁਰ ਕਰ ਲਿਆ ਸੀ
ਸਾਰੀਆਂ ਸਾਜ਼ਸ਼ਾਂ ਦੇ ਸਮੇਤ
ਰੋੜ੍ਹ ਦਿੱਤਾ ਸੀ ਉਸਨੂੰ
ਆਪਣੀਆਂ ਹੱਦਾਂ ਤੋਂ ਪਾਰ
ਅੱਜ ਅਸੀਂ ਆਪਣੀਆਂ ਹੀ ਸਰਦਲਾਂ ਅੰਦਰ
ਉਜੜੇ ਹੋਏ ਬੇਘਰੇ
ਭੈਅ ਬਣ ਗਏ ਹਾਂ
ਧੁਰ ਅੰਦਰੋਂ ਟੁੱਟ ਰਹੇ ਹਾਂ
ਕਿਸ਼ਤ ਕਿਸ਼ਤ
ਪੰਜਾਬ ਅੱਜ ਤੂੰ ਖ਼ੁਦ ਹੀ ਹਮਲਾਵਰ
ਆਪਣੇ ਹੀ ਘਰ ਦੀਆਂ ਨੀਂਹਾਂ ਤੇ ਇੱਟਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਨੇ
ਇਸ ਤਰ੍ਹਾਂ ਦੀ ” ਹਾਲਤ ” ਵਿਚ
“ਆਪਾਂ” ਕਿਥੇ ਜਾਵਾਂਗੇ
ਅਸੀਂ ਜੋ ਹਲਕਾਏ ਹੋਏ
ਹੋ ਨਿਬੜੇ ਹਾਂ
ਕਿੰਨੀ “ਦੂਰ” ਚਲੇ ਗਏ ਹਾਂ
ਅਰਦਾਸ ਤੋਂ
~~~~~~~~~~
4.
ਨਵਾਂ ਸਾਲ
ਧੁੱਪ ਨਾਲ ਭਿੱਜੇ
ਜਾਗਦੇ ਸ਼ੀਸ਼ੇ ਤੇ ਇੰਦਰਧਨੁਸ਼ੀ ਖੰਭਾਂ ਦੀ ਇਬਾਰਤ
ਨਵੇਂ ਸਾਲ ਦੀ ਪਰਵਾਜ਼…
ਸਾਡੀ ਉਸ ”ਆਦਤ” ਨੂੰ ਤੋੜ ਦੇਵੇ ਜੋ ਅਸੀਂ ਸ਼ੁਰੂ ਕਰਦੇ ਹਾਂ
ਰਵਾਇਤੀ ਫਿਕਰਿਆਂ ਦੀਆਂ ਘਸਮੈਲੀਆਂ ਮੁਬਾਰਕਾਂ ਨਾਲ…
ਨਵੇਂ ਸਾਲ ਨੂੰ ਕਹਿਣਾ
ਜਮਾਂ ਹੋ ਗਈ ਜ਼ਹਿਰ ਪੀ ਲਵੇ…
ਨਵੇਂ ਸਾਲ ਨੂੰ ਕਹਿਣਾ
ਦੁਚਿਤੀ, ਬਦਸ਼ਗਨੀ ਦੀਆਂ ਛਿਲਤਰਾਂ
ਸਾਡੀ ਡਰੀ ਹੋਈ ਨੀਂਦ ‘ਚੋਂ ਪੂੰਝ ਦੇਵੇ…
ਨਵੇਂ ਸਾਲ ਨੂੰ ਕਹਿਣਾ
ਸਾਡੇ ਹਾੜ ਬੋਲਦੇ ਪਿੰਡਿਆਂ ਅੰਦਰ
ਸੱਜਰੇ ਪਾਣੀਆਂ ਦਾ ਜਸ਼ਨ ਜਗਾਵੇ
ਤਰੇਹ ਨਾਲ ਗੁੱਛਾ-ਮੁੱਛਾ ਸਾਡੇ ਬੱਚੇ
ਆਪਣੀਆਂ ਕੋਸੀਆਂ-ਕੋਸੀਆਂ
ਤੋਤਲੀਆਂ ਮੁਸਕਾਣਾਂ ਨਾਲ
ਸਾਡੇ ”ਬੰਦ ਬੂਹੇ” ਖੋਲ੍ਹ ਦੇਣ…
ਨਵੇਂ ਸਾਲ ਨੂੰ ਕਹਿਣਾ
ਸਾਨੂੰ ਭੀੜ ਬਣਨ ਤੋਂ ਬਚਾਵੇ
ਹੱਥਾਂ ‘ਤੇ ਕਵਿਤਾ ਦੀ ਨਕਾਸ਼ੀ
ਰੁਸੇ ਹੋਇਆਂ ਦੇ ਵਿਚਕਾਰ ”ਪੁਲ” ਦਾ ਸੁਪਨਾ ਉਸਾਰੇ…
ਨਵਾਂ ਸਾਲ ਸਾਡੀ ਨਜ਼ਰ ਨੂੰ
ਹਲ਼ਕਾਈਆਂ ਦੁਰਸੀਸਾਂ ਤੋਂ ਕੋਹਾਂ-ਕੋਹਾਂ ਦੂਰ ਰੱਖੇ
ਆਪਣੇ ਆਪ ਦੇ ਸਨਮੁੱਖ
ਸਾਲਮ-ਸਬੂਤਾ ”ਖੜ੍ਹਨ” ਦਾ ਇਲਮ ਸਿਖਾਵੇ
ਤੇ ਸਾਰਾ ਸਾਲ ਸਾਡੇ ਪੈਰ
ਧੁੱਪ ਦੀ ਅਸੀਸ ਨਾਲ ਭਿੱਜਦੇ ਰਹਿਣ…!!
(ਨਾਗਮਣੀ, ਫਰਵਰੀ 1989, ਅੰਕ – 273)
~~~~~~~~~~~~~~~~~~~~~~
5.
ਤੇਰੇ ਤੇ ਮੇਰੇ ਵਿਚਕਾਰ
ਹੁੰਦੀਆਂ ਸਨ ਮੇਰੇ ਤੇ ਤੇਰੇ ਵਿਚਕਾਰ
ਤਰ੍ਹਾਂ ਤਰ੍ਹਾਂ ਦੀਆਂ ਅਨੇਕਾਂ
ਖਾਮੋਸ਼ੀਆਂ
ਖੂਬਸੂਰਤ
ਤੇ ਹੁਣ ਬੁਣ ਰਹੇ ਹਾਂ ਇਕ ਦੂਸਰੇ ਦੇ ਖਿਲਾਫ : ਸਾਜ਼ਸ਼ਾਂ
ਦੇ ਰਹੇ ਹਾਂ ਤੋਹਮਤਾਂ ਤੇ ਜ਼ਰਬਾਂ
ਮੈਂ ਮੈਂ ਤੂੰ ਤੂੰ ਦੀਆਂ,
ਤੂੰ ਵਾਰਤਕ ‘ਚ ਬਦਲ ਚੁੱਕੀਂ ਏਂ
ਮੈਂ ਵਰਜਿਤ ਫਲ ਦੇ ਜ਼ਹਿਰ ਅੰਦਰ,
ਜਮ੍ਹਾਂ ਹੋ ਰਹੇ ਨੇ ਸ਼ਿਕਵੇ
ਜ਼ਿੱਲਤ ਬਣ ਕੇ ਜਿਲਦ ਅੰਦਰ,
ਕਿੰਨੇ ਖੁਸ਼ ਹੁੰਦੇ ਸੀ ਅਸੀਂ
ਅੱਜ ਇਹ ਕਿੰਨੀ ਦੂਰੀ ਦੀ ਗੱਲ,
ਸੁੱਤੇ ਹੋਏ ਹਾਂ : ਜਾਗਦੇ ਹੋਣ ਦਾ ਭਰਮ ਪਹਿਨ ਕੇ
ਸਾਡੇ ਰਿਸ਼ਤਿਆਂ ਦੀ ਇਸ ਜ਼ਿੱਲਤ ਨੂੰ
ਨਾ ਕੋਈ ਕਬਰ ਪੜ੍ਹੇਗੀ
ਨਾ ਹੀ ਸੁਨਹਿਰੀ ਜਿਲਦ ਦੀ
ਚੁੱਪ
“ਧੁੱਪ” ਹੁੰਦੀ ਸੀ ਭਰਮ ਨਾਲ ਪਲਦੇ ਤੇ ਪਾਲਦੇ ਦਿਨਾਂ ਅੰਦਰ
ਸਿਆਲ ਦੀ ਦੁਪਹਿਰ ਨੂੰ ਉਡੀਕਦੇ
ਕਦੋਂ ਦੇ ਸੰਧਿਆ ਕਾਲ ਹੋ ਚੁੱਕੇ ਹਾਂ
~~~~~~~~~~~~
6.
ਮੈਂ ਸੂਰਜ ਨੂੰ ਸੰਨ੍ਹ ਲਾਉਣ ਕਰਕੇ ਨਹੀਂ
ਨੀਲੀ ਖ਼ਾਮੋਸ਼ੀ
ਸਮਿਆਂ ਦੇ ਸ਼ੋਰ ਤੋਂ ਚੁਰਾ ਲੈਣ ਦੀ
ਮਨਹੂਸ ਹਰਕਤ ਕੀਤੀ ਹੈ…
ਮੈਂ ਅਰਥਾਂ ਦੇ ਰੌਲਿਆਂ ਤੋਂ ਅੱਕ ਚੁੱਕਾਂ ਹਾਂ
ਅਰਥ ਆਪਣੀ ‘ਹਉਂ ‘ ਲਈ
ਅੱਖਰਾਂ ਨੂੰ ਲਗਾਤਾਰ ਖਰੋਚੀ ਜਾ ਰਹੇ ਨੇਂ
ਸ਼ਬਦ ਮੇਰੇ ਲਈ
ਨੀਲੀ ਖਮੋਸ਼ੀ ਨੂੰ ਤੱਕਣ ਦਾ ਰਹੱਸ ਹੈ
ਸਾਡੇ ਸਮੇਂ ਟੀਰ ਵਾਲੀਆਂ ਨਜ਼ਰਾਂ ਦੀ ਭੀੜ ਹੈ
ਸ਼ਬਦਾਂ ਨਾਲ ਇਸ਼ਕ- ਸੰਧੀ
ਆਪਣੀ ‘ਮਾਸੂਮੀਅਤ ‘ ਦਾ ਵਲੀ ਹੋਣਾ ਹੈ
~~~~~~~~~~~~~~~~~~~~
7.
ਉਹ ਪੂਰਾ ‘ਸੰਸਾਰ’
ਫੁੱਲ, ਅਕਾਸ਼ ਤੇ
ਦਸਤਕ
ਚੁੱਪ ਵਾਂਗ ਆਈ ਉਹ
ਹਵਾ ਬਣ
ਵਾਹੋ ਦਾਹੀ
ਪਰਤ ਦਰ ਪਰਤ ਉਤਰ ਗਈ
ਮੇਰੇ ਅੰਦਰ
ਮੇਰੀਆਂ ਤਲੀਆਂ ‘ਤੇ
ਦੋ ਨੀਲੀਆਂ ਅੱਖਾਂ ਬੀਜ ਕੇ ਕਹਿਣ ਲੱਗੀ
ਆਪਣੇ ਚਿਹਰੇ ਤੋਂ
ਐਨਕ ਜ਼ਰਾ ਕੁ ਪਰੇ ਹਟਾ ਦੇ
ਮੈਂ ‘ਸਮੁੰਦਰ’ ਵੇਖਣਾ ਚਾਹੁੰਦੀ ਹਾਂ।
ਹੁਣ ਮੈਂ
ਕਦੋਂ ਦਾ
‘ਸ਼ਾਂਤ’ ਹਾਂ…!!!
~~~~~~~~~~~
8. ਸਵੇਰ / ਸ਼ਾਮ
ਸਵੇਰ ਇੱਕਲੀ
ਸ਼ਾਮ ਉਦਾਸ
ਰਿਸ਼ਤਿਆਂ ਦੇ ਪਰਛਾਵੇਂ
ਕੀ ਨੇੜੇ ਕੀ ਦੂਰ
ਆਪਣੇ ਹੀ ਦਰ ਅੰਦਰ
ਆਪਣਾ ਪਰਵਾਸ
ਸੈਆਂ ਵਾਵਰੋਲੇ ਸ਼ੇਸ਼ਨਾਗੀ
ਏਧਰ ਉਧਰ ਦੇ ਵਿਚਕਾਰ
ਤੂੰ ਇਕ ਇੱਕਲਾ ਰਾਹੀ
ਸਦਾ ਦੁਚਿੱਤੀ ਮਚਦੀ ਰਹਿੰਦੀ
ਕੀ ਹੋਵੇਗਾ ਪੁਲ ਦੇ ਪਾਰ ?
ਹੋਵੇਗੀ ਪੁਲ ਦੇ ਪਾਰ
ਫਿਰ ਨਵੇਂ ਭਰਮ ਦੀ ਸ਼ੁਰੁਆਤ
ਪੈਰਾਂ ‘ਚ ਜਗਾ ਕੇ ਦੀਵੇ
“ਕਿਥੇ” ਜਾਏਂਗਾ ?
ਪੈਰ ਖੜ੍ਹੇ ਨੇ ਜਿਥੇ ਤੇਰੇ
ਕੀ ਇਹ ਹੀ ਤਾਂ ਨਹੀਂ
ਉਹ ਮੁਕਾਮ
ਚਿਰਾਂ ਤੋਂ ਜਿਸਦੀ ਤੈਨੂੰ
ਤਲਾਸ਼
ਇੰਦਰ – ਜਾਲੀ ਪੰਧ
ਕੱਚ ਦੀ ਕੱਚੀ ਕੰਧ
ਸਵੇਰ ਇੱਕਲੀ ਤੇ ਸ਼ਾਮ ਉਦਾਸ
ਉਡਦੇ ਖੰਭਾਂ ਦਾ ਮਿਟਦਾ
ਇਤਿਹਾਸ
Leave a Reply