ਜਦੋਂ ਮੇਰੀ ਮਾਂ ਵੱਡੀ ਹੋ ਰਹੀ ਸੀ ਤਾਂ ਉਹ ਅਤੇ ਉਸ ਦਾ ਪਰਿਵਾਰ ਨਾਚ ਦੀਆਂ ਮਹਿਫ਼ਲਾਂ ਵਿੱਚ ਜਾਇਆ ਕਰਦੇ ਸਨ। ਇਹ ਮਹਿਫਲਾਂ ਜਾਂ ਤਾਂ ਸਕੂਲ ਵਿੱਚ ਹੁੰਦੀਆਂ ਜਾਂ ਫਿਰ ਕਿਸੇ ਅਜਿਹੇ ਫ਼ਾਰਮ ਹਾਊਸ ਉੱਤੇ ਜਿਸ ਦਾ ਹਾਲ ਕਮਰਾ ਕਾਫ਼ੀ ਵੱਡਾ ਹੁੰਦਾ। ਬੱਚੇ ਅਤੇ ਬੁੱਢੇ ਬੈਠ ਕੇ ਨਾਚ ਵੇਖਦੇ। ਕੋਈ ਜਣਾ ਪਿਆਨੋ ਵਜਾਉਂਦਾ … ਉਸ ਘਰ ਵਿੱਚ ਰੱਖਿਆ ਪਿਆਨੋ, ਜਿਸ ਵਿੱਚ ਇਹ ਮਹਿਫ਼ਲ ਸਜਦੀ ਜਾਂ ਫਿਰ ਸਕੂਲ ਵਾਲਾ ਪਿਆਨੋ ਇਸਤੇਮਾਲ ਹੁੰਦਾ। ਕੋਈ ਜਣਾ ਇੱਕ ਵਾਇਲਨ ਲੈ ਆਉਂਦਾ। ਵਰਗ ਨਾਚ ਵਿੱਚ ਅੱਡ ਅੱਡ ਪੈਟਰਨ ਹੁੰਦੇ ਅਤੇ ਇਸ ਵਿੱਚ ਪੈਰ ਚੁੱਕਣ ਦੇ ਵੀ ਕਈ ਤਰੀਕੇ ਸਨ। ਉਨ੍ਹਾਂ ਦਾ ਐਲਾਨ ਇੱਕ ਖ਼ਾਸ ਬੰਦਾ (ਇਹ ਹਮੇਸ਼ਾ ਮਰਦ ਹੀ ਹੁੰਦਾ ਸੀ) ਆਪਣੀ ਬੁਲੰਦ ਅਵਾਜ਼ ਵਿੱਚ ਅਜੀਬ ਜਿਹੀ ਕਾਹਲੀ ਦੇ ਨਾਲ ਕਰਦਾ। ਅਜਿਹੇ ਐਲਾਨ ਦੀ ਕੋਈ ਜ਼ਰੂਰਤ ਨਾ ਹੁੰਦੀ ਜੇਕਰ ਨਾਚ ਕਰਨ ਵਾਲੇ ਨਾਚ ਨਾ ਜਾਣਦੇ ਹੁੰਦੇ। ਉੱਥੇ ਹਰ ਕਿਸੇ ਨੂੰ ਪਤਾ ਸੀ ਕਿ ਉਨ੍ਹਾਂ ਨੇ ਵਰਗ ਨਾਚ ਕਿਵੇਂ ਨੱਚਣਾ ਸੀ, ਅਜਿਹਾ ਕਰਨਾ ਉਨ੍ਹਾਂ ਨੇ ਦਸ ਜਾਂ ਬਾਰਾਂ ਸਾਲ ਦੀ ਉਮਰ ਤੱਕ ਹੀ ਸਿਖ ਲਿਆ ਹੁੰਦਾ ਸੀ।
ਮੇਰੀ ਮਾਂ, ਭਾਵੇਂ ਹੁਣ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਤਿੰਨ ਬੱਚੇ ਸਨ ਐਪਰ ਉਹ ਅਜੇ ਵੀ ਅਜਿਹੇ ਨਾਚ ਪਸੰਦ ਕਰਦੀ ਸੀ। ਉਸ ਦੀ ਉਮਰ ਅਤੇ ਸੁਭਾਅ ਵੀ ਕੁੱਝ ਅਜਿਹਾ ਹੀ ਸੀ ਕਿ ਜੇਕਰ ਉਹ ਦਿਹਾਤ ਵਿੱਚ ਕਿਸੇ ਅਸਲੀ ਫ਼ਾਰਮ ਹਾਊਸ ਉੱਤੇ ਰਹਿ ਰਹੀ ਹੁੰਦੀ ਜਿੱਥੇ ਇਸ ਨਾਚ ਦਾ ਅਜੇ ਵੀ ਰਿਵਾਜ ਸੀ ਤਾਂ ਉਸਨੇ ਜੋੜਿਆਂ ਦਾ ਰਾਊਂਡ ਨਾਚ ਵੀ ਪਸੰਦ ਕਰਨਾ ਸੀ, ਜਿਸਦੀ ਨੁਹਾਰ ਹੁਣ ਖ਼ਾਸੀ ਬਦਲ ਰਹੀ ਸੀ। ਪਰ ਉਸ ਨੂੰ ਇੱਕ ਮੁਸ਼ਕਲ ਦਰਪੇਸ਼ ਸੀ ਸਗੋਂ ਅਸੀਂ ਸਭ ਹੀ ਇਸ ਦਾ ਸ਼ਿਕਾਰ ਸਾਂ। ਸਾਡਾ ਟੱਬਰ ਕਸਬੇ ਤੋਂ ਬਾਹਰ ਤਾਂ ਸੀ ਪਰ ਅਸੀਂ, ਹਕੀਕੀ ਤੌਰ ਉੱਤੇ, ਦਿਹਾਤ ਵਿੱਚ ਨਹੀਂ ਰਹਿੰਦੇ ਸਾਂ।
ਮੇਰਾ ਬਾਪ, ਮੇਰੀ ਮਾਂ ਦੇ ਮੁਕ਼ਾਬਲੇ ਕਿਤੇ ਬਿਹਤਰ ਸੀ ਅਤੇ ਉਹ ਖ਼ੁਦ ਨੂੰ ਉਸ ਮਾਹੌਲ ਵਿੱਚ ਢਾਲ ਲੈਂਦਾ ਜਿਸਦੇ ਨਾਲ ਉਸ ਦਾ ਕੰਮ ਜੁੜਿਆ ਹੁੰਦਾ। ਮੇਰੀ ਮਾਂ ਅਜਿਹੀ ਨਹੀਂ ਸੀ। ਉਹ ਇੱਕ ਦਿਹਾਤੀ ਫ਼ਾਰਮ ਉੱਤੇ ਪਲੀ ਵੱਡੀ ਹੋਈ ਸੀ ਅਤੇ ਫਿਰ ਉਹ ਸਕੂਲ ਦੀ ਮਾਸਟਰਨੀ ਬਣ ਗਈ, ਐਪਰ ਇਸ ਪੇਸ਼ੇ ਨੇ ਉਸਨੂੰ ਉਹੋ ਜਿਹਾ ਖਾਸ ਮੁਕਾਮ ਨਹੀਂ ਦਵਾਇਆ ਜਿਸਦੀ ਉਹ ਇੱਛਕ ਸੀ ਜਾਂ ਜਿਸਦੀ ਵਜ੍ਹਾ ਨਾਲ ਕਸਬੇ ਵਿੱਚ ਉਸ ਦੇ ਦੋਸਤ ਬਣ ਸਕਦੇ। ਉਹ ਇੱਕ ਗ਼ਲਤ ਜਗ੍ਹਾ ਉੱਤੇ ਰਹਿ ਰਹੀ ਸੀ ਅਤੇ ਉਸ ਦੇ ਕੋਲ ਪੈਸੇ ਵੀ ਕੁੱਝ ਜ਼ਿਆਦਾ ਨਹੀਂ ਹੁੰਦੇ ਸਨ। ਅਤੇ ਉਹ ਕਿਸੇ ਵੀ ਤਰ੍ਹਾਂ ਗੁਣੀ ਨਹੀਂ ਸੀ। ਉਹ ਈਚਰੇ ਖੇਡ ਸਕਦੀ ਸੀ ਪਰ ਬ੍ਰਿਜ ਨਹੀਂ ਅਤੇ ਉਸਨੂੰ ਸਾਹਮਣੇ ਬੈਠੀ ਸਿਗਰਟ ਪੀਂਦੀ ਔਰਤ ਦੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ। ਮੇਰਾ ਖ਼ਿਆਲ ਹੈ ਕਿ ਲੋਕ ਉਸਨੂੰ ਕੁੱਝ ਜ਼ਿਆਦਾ ਹੀ ਧੱਕੜ ਅਤੇ ਗਰਾਮਰ ਦਾ ਲੋੜੋਂ ਵੱਧ ਇਸਤੇਮਾਲ ਕਰਨ ਵਾਲੀ ਔਰਤ ਸਮਝਦੇ ਸਨ। ਉਹ ਅਜਿਹੇ ਲਫ਼ਜ਼, ਜਿਵੇਂ ਕਿ ‘ਤੱਤਪਰ’ ਅਤੇ ‘ਸੱਚਮੁੱਚ’ ਆਦਿ ਦਾ ਇਸਤੇਮਾਲ ਆਮ ਕਰਦੀ ਸੀ। ਅਜਿਹਾ ਕਹਿੰਦੇ ਹੋਏ, ਉਹ ਇਵੇਂ ਲੱਗਦੀ ਜਿਵੇਂ ਉਹ ਕਿਸੇ ਅਨੋਖੇ ਟੱਬਰ ਵਿੱਚ ਪਲੀ ਵੱਡੀ ਹੋਵੇ ਜਿੱਥੇ ਅਜਿਹੇ ਅੰਦਾਜ਼ ਵਿੱਚ ਗੱਲਬਾਤ ਹੁੰਦੀ ਹੋਵੇਗੀ। ਐਪਰ ਇਹ ਗੱਲ ਨਹੀਂ ਸੀ, ਉਸ ਦੇ ਘਰ ਵਾਲੇ ਇਸ ਤਰ੍ਹਾਂ ਗੱਲ ਨਹੀਂ ਕਰਦੇ ਸਨ। ਮੇਰੀਆਂ ਮਾਸੀਆਂ ਅਤੇ ਮਾਮੇ, ਆਪਣੇ ਫ਼ਾਰਮਾਂ ਉੱਤੇ, ਉਸੇ ਤਰ੍ਹਾਂ ਗੱਲਬਾਤ ਕਰਦੇ ਜਿਵੇਂ ਦੂਜੇ ਆਮ ਲੋਕ ਕਰਦੇ ਸਨ। ਉਹ ਖ਼ੁਦ ਮੇਰੀ ਮਾਂ ਨੂੰ ਬਹੁਤਾ ਪਸੰਦ ਵੀ ਨਹੀਂ ਕਰਦੇ ਸਨ।
ਮੇਰਾ ਕਹਿਣ ਦਾ ਮਤਲਬ ਹਰਗਿਜ਼ ਨਹੀਂ ਕਿ ਉਹ ਹਮੇਸ਼ਾ ਇਹ ਚਾਹੁੰਦੀ ਸੀ ਕਿ ਚੀਜ਼ਾਂ ਉਸ ਤਰ੍ਹਾਂ ਦੀਆਂ ਨਾ ਹੋਣ ਜਿਵੇਂ ਕਿ ਉਹ ਸਨ। ਉਸਨੂੰ, ਕਿਸੇ ਵੀ ਦੂਜੀ ਔਰਤ ਦੀ ਤਰ੍ਹਾਂ, ਰਸੋਈ ਵਿੱਚ ਪਾਣੀ ਭਰ ਕੇ ਲਿਆਉਣਾ ਪੈਂਦਾ ਸੀ ਕਿਉਂਕਿ ਉੱਥੇ ਪਾਣੀ ਦਾ ਕੋਈ ਵਸੀਲਾ ਨਹੀਂ ਸੀ। ਉਸ ਨੂੰ ਵੀ ਗਰਮੀਆਂ ਵਿੱਚ ਅਜਿਹੇ ਭੋਜਨ ਤਿਆਰ ਕਰਨੇ ਪੈਂਦੇ ਸਨ ਜਿਨ੍ਹਾਂ ਨੂੰ ਸਰਦੀਆਂ ਵਿੱਚ ਇਸਤੇਮਾਲ ਕੀਤਾ ਜਾ ਸਕੇ ਅਤੇ ਇਸ ਤਰ੍ਹਾਂ ਦੇ ਕੰਮ ਉਸਨੂੰ ਉਲਝਾਈ ਰੱਖਦੇ। ਉਸਨੂੰ ਇੰਨਾ ਵਕਤ ਕਦੇ ਨਾ ਮਿਲਦਾ ਕਿ ਉਹ ਅਜਿਹੀਆਂ ਗੱਲਾਂ ਤੇ ਧਿਆਨ ਦੇ ਸਕੇ ਜਿਵੇਂ, ਉਹ ਇਸ ਗੱਲ ਉੱਤੇ ਮਾਯੂਸ ਹੋ ਸਕੇ ਕਿ ਮੈਂ ਸਹੀ ਕਿਸਮ ਦੇ ਜਾਂ ਫਿਰ ਆਪਣੇ ਟਾਊਨ ਸਕੂਲ ਤੋਂ ਕੋਈ ਵੀ ਦੋਸਤ ਘਰ ਕਿਉਂ ਨਹੀਂ ਲਿਆਉਂਦੀ। ਜਾਂ ਇਹ ਕਿ ਮੈਂ ਸੰਡੇ ਸਕੂਲ ਕਵਿਤਾਵਾਂ ਉਚਾਰਨ ਤੋਂ ਕਿਉਂ ਕਤਰਾਉਂਦੀ ਸੀ ਹਾਲਾਂਕਿ ਮੈਨੂੰ ਇਸ ਦਾ ਲੋਹੜੇ ਦਾ ਸ਼ੌਕ ਸੀ। ਜਾਂ ਇਹ ਕਿ ਸਕੂਲ ਤੋਂ ਵਾਪਸ ਆਉਣ ਸਮੇਂ ਮੇਰੇ ਵਾਲ ਉਲਝੇ ਕਿਉਂ ਹੁੰਦੇ ਸਨ ਜਿਵੇਂ ਉਨ੍ਹਾਂ ਨੂੰ ਕਿਸੇ ਨੇ ਖਿੱਚ ਖਿੱਚ ਕੇ ਬਿਗਾੜਿਆ ਹੋਵੇ – ਅਜਿਹਾ ਸਭ ਉਦੋਂ ਵੀ ਹੁੰਦਾ ਜਦੋਂ ਮੈਂ ਅਜੇ ਸਕੂਲ ਜਾਣਾ ਵੀ ਨਹੀਂ ਸ਼ੁਰੂ ਕੀਤਾ ਸੀ, ਮੈਂ ਉਨ੍ਹਾਂ ਨੂੰ ਖ਼ੁਦ ਹੀ ਉਲਝਾ ਲੈਂਦੀ ਸੀ, ਕਿਉਂਕਿ ਕਿਸੇ ਨੇ ਵੀ ਆਪਣੇ ਵਾਲ ਉਸ ਤਰ੍ਹਾਂ ਨਹੀਂ ਗੁੰਦੇ ਹੋਏ ਸਨ ਜਿਸ ਤਰੀਕੇ ਨਾਲ ਉਹ ਮੇਰੇ ਗੁੰਦਿਆ ਕਰਦੀ ਸੀ। ਅਤੇ ਕੁੱਝ ਅਜਿਹੀਆਂ ਹੀ ਗੱਲਾਂ ਕਰਕੇ ਮੈਂ ਕਵਿਤਾਵਾਂ ਪੜ੍ਹਨ ਲਈ ਆਪਣੀ ਵਚਿੱਤਰ ਯਾਦਾਸ਼ਤ ਦੇ ਬਾਵਜੂਦ ਭੁੱਲ ਜਾਣਾ ਸਿੱਖ ਗਈ ਸੀ ਕਿ ਮੈਂ ਅਜਿਹਾ ਸ਼ੇਖ਼ੀਖ਼ੋਰ ਕੰਮ ਕਦੇ ਨਾ ਕਰਨ ਲਈ ਆਪਣੇ ਨੂੰ ਤਿਆਰ ਕਰ ਲਿਆ ਸੀ।
ਫਿਰ ਵੀ, ਮੈਂ ਹਰ ਵਕਤ ਡੁਸਕਦੀ ਨਹੀਂ ਸੀ ਰਹਿੰਦੀ ਅਤੇ ਨਾ ਹੀ ਕੁੱਝ ਜ਼ਿਆਦਾ ਝਗੜੇ ਕਰਦੀ ਸੀ ਅਤੇ ਮੈਂ, ਜਦੋਂ ਦਸ ਸਾਲ ਦੀ ਸੀ, ਤਾਂ ਮੈਨੂੰ ਸ਼ੌਕ ਹੁੰਦਾ ਸੀ ਕਿ ਮੈਂ ਚੰਗੇ ਕੱਪੜੇ ਪਹਿਨ ਕੇ ਮਾਂ ਦੇ ਨਾਲ ਨਾਚ ਦੀਆਂ ਇਨ੍ਹਾਂ ਮਹਿਫ਼ਲਾਂ ਵਿੱਚ ਜਾਵਾਂ।
ਨਾਚ ਦੀ ਇੱਕ ਮਹਿਫ਼ਲ, ਸਾਡੀ ਗਲੀ ਦੇ ਨਫ਼ੀਸ ਪਰ ਖੁਸ਼ਹਾਲ ਨਾ ਲੱਗਣ ਵਾਲੇ ਘਰਾਂ ਵਿਚੋਂ ਇੱਕ ਵਿੱਚ ਸੀ। ਇਹ ਇੱਕ ਲੱਕੜੀ ਦਾ ਬਣਿਆ ਵੱਡਾ ਘਰ ਸੀ ਜਿਸ ਵਿੱਚ ਰਹਿਣ ਵਾਲਿਆਂ ਦੇ ਬਾਰੇ ਮੈਨੂੰ ਕੁੱਝ ਪਤਾ ਨਹੀਂ ਸੀ, ਸਿਵਾਏ ਇਸ ਦੇ ਕਿ ਇਸ ਵਿੱਚ ਰਹਿਣ ਵਾਲੇ ਟੱਬਰ ਦਾ ਮੁਖੀ ਫ਼ਾਊਂਡਰੀ ਵਿੱਚ ਕੰਮ ਕਰਦਾ ਸੀ ਅਤੇ ਉਮਰ ਪੱਖੋਂ ਮੇਰੇ ਦਾਦੇ ਦੇ ਬਰਾਬਰ ਸੀ। ਉਸ ਜ਼ਮਾਨੇ ਵਿੱਚ ਬੰਦੇ ਫ਼ਾਊਂਡਰੀ ਨਹੀਂ ਛੱਡਦੇ ਸਨ ਅਤੇ ਜਦੋਂ ਤੱਕ ਕੰਮ ਕਰਨ ਦੀ ਹਿੰਮਤ ਹੁੰਦੀ, ਉਹ ਕੰਮ ਕਰਦੇ ਰਹਿੰਦੇ ਅਤੇ ਉਸ ਸਮੇਂ ਲਈ ਪੈਸੇ ਵੀ ਬਚਾਉਣ ਦੀ ਕੋਸ਼ਿਸ਼ ਕਰਦੇ, ਜਦੋਂ ਉਹ ਕੰਮ ਕਰਨ ਤੋਂ ਰਹਿ ਜਾਣਗੇ। ਮੈਨੂੰ ਬਾਅਦ ਵਿੱਚ ਪਤਾ ਚਲਿਆ ਕਿ ਮਹਾਂ-ਮੰਦਵਾੜੇ ਦੇ ਜ਼ਮਾਨੇ ਵਿੱਚ ਵੀ ਲੋਕ ਬੁਢੇਪੇ ਦੀ ਪੈਨਸ਼ਨ ਨੂੰ ਕਬੂਲ ਕਰਨਾ ਆਪਣੀ ਹੱਤਕ ਸਮਝਦੇ ਸਨ। ਇਹ ਗੱਲ ਉਨ੍ਹਾਂ ਦੇ ਜਵਾਨ ਬੱਚਿਆਂ ਲਈ ਵੀ ਹੱਤਕ ਦਾ ਸਬੱਬ ਹੁੰਦੀ ਸੀ ਕਿ ਉਨ੍ਹਾਂ ਦੇ ਵੱਡੇ ਪੈਨਸ਼ਨ ਲੈਂਦੇ ਹੋਣ, ਚਾਹੇ ਉਹ ਖ਼ੁਦ ਕਿੰਨੀਆਂ ਹੀ ਮਾਲੀ ਮੁਸ਼ਕਿਲਾਂ ਦਾ ਸ਼ਿਕਾਰ ਕਿਉਂ ਨਾ ਹੋਣ। ਹੁਣ ਮੇਰੇ ਜ਼ੇਹਨ ਵਿੱਚ ਕੁੱਝ ਸਵਾਲ ਉਠਦੇ ਹਨ ਜੋ ਉਸ ਵਕਤ ਨਹੀਂ ਉੱਠੇ ਸਨ।
ਕੀ ਇਸ ਘਰ ਦੇ ਬਾਸ਼ਿੰਦਿਆਂ ਨੇ ਉਸ ਨਾਚ ਦਾ ਬੰਦੋਬਸਤ ਮਾਤਰ ਇੱਕ ਮਹਿਫ਼ਲ ਸਜਾਉਣ ਲਈ ਕੀਤਾ ਸੀ? ਜਾਂ ਉਹ ਉਸ ਦੇ ਇਵਜ ਵਿੱਚ ਪੈਸਾ ਲੈ ਰਹੇ ਸਨ? ਮੁਮਕਿਨ ਸੀ ਕਿ ਉਨ੍ਹਾਂ ਨੂੰ ਮਾਲੀ ਮੁਸ਼ਕਲਾਂ ਦਰਪੇਸ਼ ਹੋਣ, ਭਾਵੇਂ ਘਰ ਦਾ ਮੁਖੀ ਨੌਕਰੀ ਕਰਦਾ ਸੀ। ਹੋ ਸਕਦਾ ਸੀ ਕਿ ਡਾਕਟਰ ਦੇ ਬਿਲ ਜਾਂ ਕੁੱਝ ਹੋਰ ਮੁਸ਼ਕਲਾਂ ਸਾਹਮਣੇ ਹੋਣ। ਮੈਨੂੰ ਅੰਦਾਜ਼ਾ ਸੀ ਕਿ ਜੇਕਰ ਕਿਸੇ ਟੱਬਰ ਨੂੰ ਅਜਿਹੀਆਂ ਹਾਲਤਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਇਹ ਖੌਫ਼ਨਾਕ ਹੋ ਸਕਦਾ ਸੀ। ਮੇਰੀ ਛੋਟੀ ਭੈਣ ਬਹੁਤ ਕਮਜ਼ੋਰ ਸੀ, ਜਿਵੇਂ ਕਿ ਲੋਕ ਕਹਿੰਦੇ ਸਨ ਅਤੇ ਉਸ ਦੇ ਗਲੇ ਦੇ ਗ਼ਦੂਦ ਪਹਿਲਾਂ ਹੀ ਕੱਢੇ ਜਾ ਚੁੱਕੇ ਸਨ। ਮੈਨੂੰ ਅਤੇ ਮੇਰੇ ਭਰਾ ਨੂੰ ਹਰ ਸਾਲ ਸਰਦੀਆਂ ਵਿੱਚ ਤੀਖਣ ਬ੍ਰੋਂਕਾਈਟਸ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸਦੇ ਨਤੀਜੇ ਵਜੋਂ ਡਾਕਟਰਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਹਿੰਦਾ ਅਤੇ ਡਾਕਟਰਾਂ ਨਾਲ ਮੁਲਾਕਾਤਾਂ ਦਾ ਮਤਲਬ ਪੈਸਿਆਂ ਦਾ ਵਾਹਵਾ ਖ਼ਰਚਾ ਹੁੰਦਾ।
ਇੱਕ ਹੋਰ ਚੀਜ਼ ਜੋ ਮੈਨੂੰ ਹੈਰਾਨ ਕਰਦੀ, ਉਹ ਇਹ ਸੀ ਕਿ ਮੈਨੂੰ ਹੀ ਕਿਉਂ ਮਾਂ ਦੇ ਨਾਲ ਜਾਣ ਲਈ ਚੁਣਿਆ ਜਾਂਦਾ ਸੀ, ਮੇਰਾ ਬਾਪ ਕਿਉਂ ਮਾਂ ਦੇ ਨਾਲ ਨਹੀਂ ਸੀ ਜਾਂਦਾ। ਐਪਰ ਇਹ ਕੋਈ ਵੱਡੀ ਬੁਝਾਰਤ ਨਹੀਂ। ਸੰਭਵ ਸੀ ਕਿ ਮੇਰੇ ਬਾਪ ਨੂੰ ਨਾਚ ਪਸੰਦ ਨਾ ਹੋਵੇ ਜਦੋਂ ਕਿ ਮੇਰੀ ਮਾਂ ਨੂੰ ਸੀ। ਇਹ ਵੀ ਵਜ੍ਹਾ ਹੋ ਸਕਦੀ ਸੀ ਕਿ ਘਰ ਵਿੱਚ ਦੋ ਛੋਟੇ ਬੱਚਿਆਂ ਦੀ ਦੇਖਭਾਲ ਦਾ ਮਸਲਾ ਵੀ ਅਹਿਮ ਸੀ ਅਤੇ ਮੈਂ ਇੰਨੀ ਵੱਡੀ ਨਹੀਂ ਸੀ ਕਿ ਇਹ ਫ਼ਰਜ਼ ਨਿਭਾ ਸਕਦੀ। ਮੈਨੂੰ ਯਾਦ ਨਹੀਂ ਕਿ ਮੇਰੇ ਮਾਂ ਬਾਪ ਨੇ ਕਦੇ ਬੱਚਿਆਂ ਦੀ ਦੇਖਭਾਲ ਲਈ ਕਿਸੇ ਬੇਬੀ ਸਿਟਰ ਨੂੰ ਰੱਖਿਆ ਹੋਵੇ। ਮੈਨੂੰ ਇਹ ਵੀ ਪੱਕਾ ਪਤਾ ਨਹੀਂ ਕਿ ਉਨ੍ਹਾਂ ਦਿਨਾਂ ਵਿੱਚ ਬੇਬੀ ਸਿਟਰ ਦੀ ਧਾਰਨਾ ਪ੍ਰਚਲਿਤ ਵੀ ਸੀ। ਹਾਂ ਮੈਂ ਆਪਣੀ ਉਮਰ ਦੇ ਦੂਜੇ ਦਹਾਕੇ ਵਿੱਚ ਇੱਕ ਅਜਿਹੀ ਨੌਕਰੀ ਜ਼ਰੂਰ ਕੀਤੀ ਸੀ, ਪਰ ਉਦੋਂ ਵਕਤ ਬਦਲ ਚੁੱਕਿਆ ਸੀ।
ਅਸੀਂ ਨਾਚ-ਮਹਿਫ਼ਲ ਵਿੱਚ ਜਾਣ ਲਈ ਤਿਆਰ ਹੋ ਗਈਆਂ। ਮੇਰੀ ਮਾਂ ਨੂੰ ਯਾਦ ਸੀ ਕਿ ਨਾਚ ਦੀਆਂ ਇਨ੍ਹਾਂ ਦਿਹਾਤੀ ਮਹਿਫ਼ਲਾਂ ਦੇ ਵਿੱਚ ਲੋਕ ਵਰਗ-ਨਾਚ ਦੌਰਾਨ ਉਵੇਂ ਭੜਕੀਲੇ ਕੱਪੜੇ ਨਹੀਂ ਪਾਓਂਦੇ ਸਨ ਜਿਵੇਂ ਬਾਅਦ ਨੂੰ ਟੈਲੀਵਿਜ਼ਨ ਉੱਤੇ ਦੇਖਣ ਨੂੰ ਮਿਲਣ ਲੱਗੇ ਸੀ। ਹਰ ਕੋਈ ਆਪਣੇ ਵਧੀਆ ਕੱਪੜੇ ਪਹਿਨਦਾ ਅਤੇ ਅਜਿਹਾ ਕਦੇ ਨਾ ਹੁੰਦਾ ਕਿ ਲੋਕ ਫੂੰਦਿਆਂ ਨਾਲ ਸਜੇ ਅਤੇ ਗੁਲੂਬੰਦ ਵਾਲੇ ਦਿਹਾਤੀ ਪਹਿਰਾਵੇ ਵਿੱਚ ਹੀ ਉੱਥੇ ਆ ਜਾਂਦੇ। ਜੇਕਰ ਅਜਿਹਾ ਹੁੰਦਾ ਤਾਂ ਮੇਜ਼ਬਾਨ ਅਤੇ ਉੱਥੇ ਮੌਜੂਦ ਦੂਜੇ ਉਸ ਨੂੰ ਆਪਣੀ ਹੱਤਕ ਸਮਝਦੇ। ਮੈਂ ਉਹ ਲਿਬਾਸ ਪਹਿਨ ਰੱਖਿਆ ਸੀ ਜੋ ਮੇਰੀ ਮਾਂ ਨੇ, ਨਰਮ ਨਰਮ ਉੱਨ ਤੋਂ ਮੇਰੇ ਲਈ ਬਣਾਇਆ ਸੀ। ਸਕਰਟ ਗੁਲਾਬੀ ਰੰਗ ਦੀ ਸੀ ਜਦੋਂ ਕਿ ਟੌਪ ਪੀਲੀ ਸੀ ਜਿਸ ਉੱਤੇ ਗੁਲਾਬੀ ਰੰਗ ਦਾ ਇੱਕ ਦਿਲ ਐਨ ਉਸ ਜਗ੍ਹਾ ਉੱਤੇ ਟਾਂਕਿਆ ਗਿਆ ਸੀ ਜਿੱਥੇ ਬਾਅਦ ਵਿੱਚ ਇੱਕ ਦਿਨ ਮੇਰੀ ਖੱਬੀ ਛਾਤੀ ਨੇ ਉੱਭਰਨਾ ਸੀ। ਮੇਰੇ ਵਾਲ਼ਾਂ ਨੂੰ ਗਿੱਲਾ ਕਰਕੇ ਇਸ ਤਰ੍ਹਾਂ ਵਾਹਿਆ ਗੁੰਦਿਆ ਜਾਂਦਾ ਕਿ ਉਹ ਲੰਬੀਆਂ ਮੋਟੀਆਂ ਮੀਢੀਆਂ ਦਾ ਰੂਪ ਧਾਰ ਜਾਂਦੇ ਜਿਨ੍ਹਾਂ ਤੋਂ ਮੈਂ ਹਰ ਰੋਜ਼ ਸਕੂਲ ਜਾਂਦੇ ਹੋਏ ਛੁਟਕਾਰਾ ਹਾਸਲ ਕਰਦੀ ਸੀ। ਮੈਂ ਉਨ੍ਹਾਂ ਮੀਢੀਆਂ ਉੱਤੇ ਇਤਰਾਜ਼ ਕੀਤਾ ਕਿ ਡਾਂਸ ਦੀ ਮਹਿਫ਼ਲ ਵਿੱਚ ਹੋਰ ਕਿਸੇ ਨੇ ਇਹ ਨਹੀਂ ਬਣਾਈਆਂ ਹੋਣੀਆਂ। ਮੇਰੀ ਮਾਂ ਦਾ ਜਵਾਬ ਸੀ ਕਿ ਉੱਥੇ ਮੇਰੇ ਵਰਗਾ ਖ਼ੁਸ਼ਕ਼ਿਸਮਤ ਵੀ ਹੋਰ ਕੋਈ ਨਹੀਂ ਹੋਣਾ … ਮੈਂ ਹੋਰ ਕੁੱਝ ਕਹਿਣਾ ਠੀਕ ਨਾ ਸਮਝਿਆ ਕਿਉਂਕਿ ਮੈਂ ਇਸ ਮਹਿਫ਼ਲ ਵਿੱਚ ਜ਼ਰੂਰ ਜਾਣਾ ਚਾਹੁੰਦੀ ਸੀ। ਜਾਂ ਇਹ ਵਜ੍ਹਾ ਸੀ ਕਿ ਮੈਂ ਸੋਚਿਆ ਕਿ ਉੱਥੇ ਸਕੂਲ ਵਲੋਂ ਕੋਈ ਨਹੀਂ ਆਇਆ ਹੋਣਾ, ਇਸ ਲਈ ਅਜਿਹੇ ਵਾਲ਼ਾਂ ਦੀ ਕੋਈ ਅਹਿਮੀਅਤ ਨਹੀਂ ਸੀ। ਮੈਂ ਸਕੂਲ ਦੇ ਸਾਥੀਆਂ ਦੇ ਹੱਥੋਂ ਮਜ਼ਾਕ ਉੜਾਏ ਜਾਣ ਤੋਂ ਜ਼ਿਆਦਾ ਡਰਦੀ ਸੀ।
ਮੇਰੀ ਮਾਂ ਕੱਪੜੇ ਘਰ ਦੇ ਸਿਲੇ ਹੋਏ ਨਹੀਂ ਸੀ। ਇਹ ਉਸ ਦੇ ਸਭ ਤੋਂ ਵਧੀਆ ਕੱਪੜੇ ਸੀ। ਇਹ ਗਿਰਜਾ ਘਰ ਜਾਣ ਲਈ ਤਾਂ ਸ਼ਾਨਦਾਰ ਸੀ ਪਰ ਕਿਸੇ ਨੜੋਏ ਦੇ ਮੌਕੇ ਮੁਤਾਬਕ ਬਹੁਤ ਭੜਕੀਲੇ ਸੀ। ਇਹ ਘੱਟ ਹੀ ਕਦੇ ਪਹਿਨੇ ਗਏ ਸੀ। ਝੱਗਾ ਕਾਲ਼ੀ ਮਲਮਲ ਦਾ ਬਣਿਆ ਸੀ ਅਤੇ ਇਸ ਦੀਆਂ ਬਾਹਾਂ ਕੂਹਣੀਆਂ ਤੱਕ ਸਨ ਅਤੇ ਇਸ ਨੇ ਧੌਣ ਨੂੰ ਵੱਡੀ ਹੱਦ ਤੱਕ ਢਕਿਆ ਹੋਇਆ ਸੀ। ਇਸ ਝੱਗੇ ਬਾਰੇ ਇੱਕ ਸ਼ਾਨਦਾਰ ਗੱਲ ਇਹ ਸੀ ਕਿ ਇਸ ਦੇ ਸੀਨੇ ਵਾਲੇ ਹਿੱਸੇ ਵਿੱਚ ਛੋਟੇ ਛੋਟੇ ਸੁਨਹਿਰੇ, ਚਾਂਦੀਰੰਗੇ ਅਤੇ ਹੋਰ ਰੰਗਾਂ ਦੇ ਮੋਤੀ ਜੜੇ ਹੋਏ ਸਨ ਜੋ ਉਸਦੇ ਹਿੱਲਣ ਜੁੱਲਣ ਸਮੇਂ ਚਮਕਦੇ, ਇੱਥੋਂ ਤੱਕ ਕਿ ਜਦੋਂ ਉਹ ਸਾਹ ਵੀ ਲੈਂਦੀ ਤਾਂ ਇਹ ਜਗਮਗਾ ਉਠਦੇ। ਉਸਨੇ ਆਪਣੇ ਵਾਲ਼ ਗੁੰਦੇ ਹੋਏ ਸਨ, ਜੋ ਅਜੇ ਵੀ ਜ਼ਿਆਦਾਤਰ ਕਾਲ਼ੇ ਸਨ ਅਤੇ ਉਸ ਨੇ ਉਨ੍ਹਾਂ ਨੂੰ ਸੂਈਆਂ ਦੇ ਨਾਲ ਸਿਰ ਦੇ ਉੱਤੇ ਤਾਜ ਦੀ ਤਰ੍ਹਾਂ ਕਸ ਕੇ ਬੰਨ੍ਹ ਰੱਖਿਆ ਸੀ। ਜੇਕਰ ਉਹ ਮੇਰੀ ਮਾਂ ਨਾ ਹੁੰਦੀ, ਕੋਈ ਹੋਰ ਹੁੰਦੀ ਤਾਂ ਉਹ ਮੈਨੂੰ ਇੰਨੀ ਖ਼ੂਬਸੂਰਤ ਲੱਗਦੀ ਕਿ ਮੈਂ ਗਦਗਦ ਹੋ ਜਾਂਦੀ। ਮੇਰਾ ਖ਼ਿਆਲ ਹੈ ਕਿ ਉਹ ਮੈਨੂੰ ਅਜਿਹੀ ਹੀ ਲਗਣੀ ਸੀ। ਪਰ, ਜਦੋਂ ਅਸੀਂ ਇਸ ਅਜਨਬੀ ਘਰ ਵਿੱਚ ਦਾਖ਼ਲ ਹੋਏ ਤਾਂ ਮੈਂ ਨੋਟ ਕੀਤਾ ਕਿ ਉਸ ਦਾ ਵਧੀਆ ਲਿਬਾਸ ਦੂਜੀਆਂ ਔਰਤਾਂ ਦੇ ਲਿਬਾਸ ਦੇ ਸਾਹਮਣੇ ਕੁਝ ਵੀ ਨਹੀਂ ਸੀ, ਕਿਉਂਜੋ ਉਨ੍ਹਾਂ ਨੇ ਵੀ ਆਪਣੇ ਸਭ ਤੋਂ ਕੀਮਤੀ ਕੱਪੜੇ ਪਹਿਨੇ ਹੋਏ ਸੀ।
ਦੂਜੀਆਂ ਔਰਤਾਂ, ਜਿਨ੍ਹਾਂ ਦੀ ਮੈਂ ਗੱਲ ਕਰ ਰਹੀ ਹਾਂ, ਰਸੋਈ ਵਿੱਚ ਸਨ। ਅਸੀਂ ਉੱਥੇ ਰੁਕੀਆਂ ਅਤੇ ਇੱਕ ਵੱਡੀ ਮੇਜ਼ ਉੱਤੇ ਸਜੀਆਂ ਚੀਜ਼ਾਂ ਤੇ ਇੱਕ ਨਜ਼ਰ ਮਾਰੀ। ਉੱਥੇ ਹਰ ਤਰ੍ਹਾਂ ਦੇ ਖੱਟੇ ਮਿੱਠੇ ਸਮੋਸੇ, ਬਿਸਕੁਟ, ਪਾਈਆਂ ਅਤੇ ਕੇਕ ਸਨ। ਮੇਰੀ ਮਾਂ ਨੇ ਵੀ ਉਹ ਫੈਂਸੀ ਚੀਜ਼, ਜੋ ਉਹ ਬਣਾ ਕੇ ਨਾਲ ਲਿਆਈ ਸੀ, ਉੱਥੇ ਰੱਖੀ ਅਤੇ ਉਸ ਨੂੰ ਤਰ੍ਹਾਂ ਤਰ੍ਹਾਂ ਟਿਕਾ ਕੇ ਦੇਖਣ ਲੱਗੀ ਤਾਂ ਜੋ ਇਹ ਸੁਹਣੀ ਲੱਗੇ। ਉਸ ਨੇ ਕਿਹਾ ਕਿ ਸਭ ਚੀਜ਼ਾਂ ਅਜਿਹੀਆਂ ਲੱਗ ਰਹੀਆਂ ਸਨ ਕਿ ਮੂੰਹ ਵਿੱਚ ਪਾਣੀ ਭਰ ਆਏ।
ਕੀ ਮੈਨੂੰ ਪੱਕਾ ਯਕੀਨ ਹੈ ਕਿ ਉਸਨੇ ਇਹੀ ਕਿਹਾ ਸੀ… ਮੂੰਹ ਵਿੱਚ ਪਾਣੀ ਭਰ ਆਏ? ਖੈਰ, ਉਸਨੇ ਜੋ ਵੀ ਕਿਹਾ, ਉਹ ਸੁਣਨ ਵਿੱਚ ਕੁੱਝ ਜ਼ਿਆਦਾ ਜਚਦਾ ਨਹੀਂ ਸੀ। ਉਸ ਸਮੇਂ ਮੇਰਾ ਦਿਲ ਕੀਤਾ ਕਿ ਕਾਸ਼ ਮੇਰਾ ਬਾਪ ਉੱਥੇ ਹੁੰਦਾ ਜੋ ਮੌਕੇ ਅਨੁਸਾਰ ਐਨ ਸਹੀ ਗੱਲ ਕਰਦਾ ਸੀ, ਚਾਹੇ ਉਹ ਗਰਾਮਰ ਦਾ ਵਧੇਰੇ ਹੀ ਖ਼ਿਆਲ ਰੱਖਦਾ ਸੀ। ਉਹ ਘਰ ਵਿੱਚ ਇੰਜ ਕਰਦਾ ਸੀ ਪਰ ਬਾਹਰ ਸ਼ਾਇਦ ਉਹ ਅਜਿਹਾ ਘੱਟ ਹੀ ਕਰਦਾ। ਉਹ ਹਰ ਤਰ੍ਹਾਂ ਦੀ ਬਾਤਚੀਤ ਵਿੱਚ ਸ਼ਾਮਿਲ ਹੋ ਜਾਂਦਾ… ਛੇਤੀ ਹੀ ਗੱਲ ਦੀ ਤਹਿ ਤੱਕ ਪਹੁੰਚ ਜਾਂਦਾ ਕਿ ਕਰਨ ਵਾਲੀ ਗੱਲ ਕੋਈ ਵੀ ਖ਼ਾਸ ਗੱਲ ਕਰਨ ਤੋਂ ਗੁਰੇਜ਼ ਕਰਨਾ ਸੀ। ਮੇਰੀ ਮਾਂ ਉਸ ਦੇ ਬਿਲਕੁਲ ਉਲਟ ਸੀ। ਉਸ ਦੀ ਹਰ ਗੱਲ ਸਾਫ਼ ਹੁੰਦੀ ਅਤੇ ਫ਼ਿਜ਼ਾ ਵਿੱਚ ਇਵੇਂ ਗੂੰਜਦੀ ਜਿਵੇਂ ਉਹ ਸਭ ਦਾ ਧਿਆਨ ਚਾਹੁੰਦੀ ਹੋਵੇ।
ਅਤੇ ਉਦੋਂ ਵੀ ਅਜਿਹਾ ਹੀ ਕੁੱਝ ਹੋ ਰਿਹਾ ਸੀ ਅਤੇ ਫਿਰ ਮੈਂ ਉਸ ਦੇ ਖ਼ੁਸ਼ੀ ਭਰੇ ਠਹਾਕੇ ਦੀ ਅਵਾਜ਼ ਸੁਣੀ। ਉਹ ਖ਼ੁਦ ਨਾਲ ਕਿਸੇ ਨੂੰ ਗੱਲਾਂ ਨਾ ਕਰਦੇ ਵੇਖਕੇ ਅਜਿਹਾ ਕਰ ਰਹੀ ਸੀ। ਉਹ ਪੁੱਛ ਰਹੀ ਸੀ ਕਿ ਅਸੀਂ ਆਪਣੇ ਕੋਟ ਕਿੱਥੇ ਰੱਖ ਸਕਦੇ ਸਾਂ। ਪਤਾ ਇਹ ਚਲਿਆ ਕਿ ਅਸੀਂ ਇਹ ਕਿਤੇ ਵੀ ਰੱਖ ਸਕਦੇ ਸੀ ਅਤੇ ਜੇਕਰ ਅਸੀਂ ਚਾਹੀਏ, ਕਿਸੇ ਨੇ ਕਿਹਾ, ਤਾਂ ਇਹ ਉਪਰਲੀ ਮੰਜ਼ਲ ਤੇ ਕਿਸੇ ਸੌਣ ਵਾਲੇ ਕਮਰੇ ਵਿੱਚ ਬਿਸਤਰ ਉੱਤੇ ਵੀ ਰੱਖੇ ਜਾ ਸਕਦੇ ਸੀ। ਇਸ ਲਈ ਤੁਹਾਨੂੰ ਦੀਵਾਰ ਵਿੱਚ ਜੜੀਆਂ ਪੌੜੀਆਂ ਦੇ ਜ਼ਰੀਏ ਉੱਤੇ ਜਾਣਾ ਪਵੇਗਾ, ਜਿੱਥੇ ਕੋਈ ਬੱਤੀ ਨਹੀਂ ਸੀ ਸਿਵਾਏ ਇੱਕ ਦੇ, ਜੋ ਸਭ ਤੋਂ ਉੱਪਰ ਲੱਗੀ ਹੋਈ ਸੀ। ਮੇਰੀ ਮਾਂ ਨੇ ਮੈਨੂੰ ਉੱਪਰ ਜਾਣ ਨੂੰ ਕਿਹਾ ਅਤੇ ਇਹ ਵੀ ਕਿ ਉਸਨੇ ਮੇਰੇ ਪਿੱਛੇ ਪਿੱਛੇ ਉੱਪਰ ਆਉਣਾ ਸੀ, ਇਸ ਲਈ ਮੈਂ ਉੱਪਰ ਚੜ੍ਹਨ ਲੱਗੀ।
ਇੱਥੇ ਇੱਕ ਸੁਭਾਵਿਕ ਸਵਾਲ ਉੱਠਦਾ ਹੈ ਕਿ ਕੀ ਇਸ ਨਾਚ-ਮਹਿਫ਼ਲ ਵਿੱਚ ਸ਼ਿਰਕਤ ਕਰਨ ਲਈ ਕੋਈ ਅਦਾਇਗੀ ਕਰਨਾ ਜ਼ਰੂਰੀ ਸੀ। ਅਤੇ ਮੇਰੀ ਮਾਂ ਪਿੱਛੇ ਇਸ ਲਈ ਰੁਕ ਗਈ ਸੀ ਕਿ ਉਹ ਇਹ ਅਦਾ ਕਰ ਸਕੇ। ਦੂਜਾ, ਇਹ ਸਵਾਲ ਵੀ ਬਣਦਾ ਹੈ ਕਿ ਜੇਕਰ ਅਦਾਇਗੀ ਜ਼ਰੂਰੀ ਸੀ ਤਾਂ ਲੋਕ ਖਾਣ ਪੀਣ ਦੀਆਂ ਚੀਜ਼ਾਂ ਨਾਲ ਕਿਉਂ ਲਿਆਏ ਸਨ? ਅਤੇ ਕੀ ਖਾਣ ਪੀਣ ਦੀਆਂ ਇਹ ਚੀਜ਼ਾਂ ਸਚਮੁਚ ਇੰਨੀਆਂ ਮਹਿੰਗੀਆਂ ਸਨ ਜਿੰਨੀਆਂ ਕਿ ਮੈਂ ਉਸ ਵਕਤ ਸੋਚਿਆ ਸੀ। ਜਦ ਕਿ ਲੋਕ ਗ਼ਰੀਬ ਵੀ ਸਨ? ਪਰ ਸ਼ਾਇਦ ਉਹ ਖ਼ੁਦ ਨੂੰ ਇੰਨਾ ਗ਼ਰੀਬ ਵੀ ਨਹੀਂ ਸਮਝਦੇ ਸਨ ਕਿਉਂਕਿ ਜੰਗ ਕਰਕੇ ਬਹੁਤ ਜਣੇ, ਜੰਗ ਨਾਲ ਜੁੜੀਆਂ ਨੌਕਰੀਆਂ ਕਰ ਰਹੇ ਸਨ ਅਤੇ ਉਨ੍ਹਾਂ ਦੇ ਕੋਲ ਉਹ ਪੈਸਾ ਵੀ ਸੀ ਜੋ ਸਿਪਾਹੀ ਘਰ ਭੇਜ ਰਹੇ ਸਨ। ਜੇਕਰ ਮੈਂ ਇਸ ਸਮੇਂ ਦਸ ਸਾਲ ਦੀ ਸੀ, ਜਿਵੇਂ ਕਿ ਮੇਰਾ ਖ਼ਿਆਲ ਹੈ ਕਿ ਮੈਂ ਸੀ, ਤਾਂ ਇਹ ਤਬਦੀਲੀਆਂ ਦੋ ਸਾਲ ਪਹਿਲਾਂ ਤੋਂ ਹੁੰਦੀਆਂ ਆ ਰਹੀਆਂ ਸਨ।
ਪੌੜੀਆਂ ਰਸੋਈ ਵਲੋਂ ਉੱਪਰ ਜਾਂਦੀਆਂ ਸਨ ਅਤੇ ਸਾਹਮਣੇ ਵਾਲੇ ਕਮਰੇ ਤੋਂ ਵੀ ਚੜ੍ਹਦੀਆਂ ਸਨ ਅਤੇ ਦਰਮਿਆਨ ਵਿੱਚ ਜਾ ਕੇ ਇਹ ਇੱਕ ਅੱਡੇ ਉੱਤੇ ਇੱਕ ਦੂਜੇ ਨਾਲ ਮਿਲ ਜਾਂਦੀਆਂ ਸਨ ਅਤੇ ਫਿਰ ਇੱਕ ਬਣ ਕੇ ਸੌਣ ਵਾਲੇ ਕਮਰਿਆਂ ਤੱਕ ਜਾਂਦੀਆਂ ਸਨ। ਜਦੋਂ ਮੈਂ ਸਾਹਮਣੇ ਵਾਲੇ ਸਾਫ਼ ਸੁਥਰੇ ਸੌਣ ਦੇ ਕਮਰੇ ਵਿੱਚ ਆਪਣੇ ਜੁੱਤੇ ਅਤੇ ਕੋਟ ਉਤਾਰੇ, ਮੈਨੂੰ, ਤੱਦ ਵੀ ਆਪਣੀ ਮਾਂ ਦੀ ਅਵਾਜ਼ ਰਸੋਈ ਵਿੱਚ ਗੂੰਜਦੀ ਸੁਣਾਈ ਦਿੱਤੀ। ਨਾਲ ਹੀ ਮੈਨੂੰ, ਹੇਠਾਂ ਦੇ ਸਾਹਮਣੇ ਕਮਰੇ ਤੋਂ ਸੰਗੀਤ ਦੀ ਅਵਾਜ਼ ਵੀ ਆ ਰਹੀ ਸੀ, ਇਸ ਲਈ ਮੈਂ ਓਧਰ ਦੇ ਪਾਸਿਉਂ ਹੇਠਾਂ ਉੱਤਰੀ ਸੀ।
ਇਸ ਕਮਰੇ ਵਿੱਚੋਂ ਪਿਆਨੋ ਦੇ ਸਿਵਾ ਹਰ ਚੀਜ਼ ਉਠਾ ਲਈ ਗਈ ਸੀ। ਕਮਰੇ ਦੀਆਂ ਬਾਰੀਆਂ ਉੱਤੇ ਗੂੜ੍ਹੇ ਹਰੇ ਪਰਦੇ, ਜਿਨ੍ਹਾਂ ਨੂੰ ਮੈਂ ਉਦਾਸੀ ਦੀ ਖ਼ਾਸ ਨਿਸ਼ਾਨੀ ਮੰਨਦੀ ਸੀ, ਗਿਰੇ ਹੋਏ ਸਨ, ਪਰ ਕਮਰੇ ਵਿੱਚ ਉਦਾਸੀ ਵਾਲਾ ਮਾਹੌਲ ਨਹੀਂ ਸੀ। ਬਹੁਤ ਸਾਰੇ ਲੋਕ ਭੱਦਰ ਤਰੀਕੇ ਨਾਲ ਇੱਕ ਦੂਜੇ ਨੂੰ ਸਹਾਰਾ ਦੇ ਕੇ ਤੰਗ ਦਾਇਰਿਆਂ ਵਿੱਚ ਜਗ੍ਹਾ ਬਦਲਦੇ ਅਤੇ ਬਾਹਾਂ ਲਹਿਰਾਉਂਦੇ ਹੋਏ ਨੱਚ ਰਹੇ ਸਨ। ਦੋ ਕੁੜੀਆਂ ਜੋ ਅਜੇ ਸਕੂਲ ਵਿੱਚ ਪੜ੍ਹ ਰਹੀਆਂ ਸਨ, ਇਸ ਤਰੀਕੇ ਨਾਚ ਕਰ ਰਹੀਆਂ ਸਨ ਜੋ ਉਨ੍ਹੀਂ ਦਿਨੀਂ ਮਕਬੂਲ ਹੋ ਰਿਹਾ ਸੀ…ਇੱਕ ਦੂਜੇ ਦੇ ਉਲਟ ਹਰਕਤ ਕਰਦੇ ਹੋਏ, ਕਦੇ ਹੱਥ ਫੜਕੇ ਅਤੇ ਕਦੇ ਹੱਥ ਛੱਡਕੇ। ਉਨ੍ਹਾਂ ਨੇ ਮੈਨੂੰ ਵੇਖ ਕੇ ਇੱਕ ਸਲਾਮ ਕਹਿ ਰਹੀ ਮੁਸਕਰਾਹਟ ਮੇਰੇ ਵੱਲ ਵਗਾਹੀ ਅਤੇ ਮੈਂ ਖੁਸ਼ੀ ਨਾਲ ਉਵੇਂ ਨਿਹਾਲ ਹੋ ਗਈ ਜਿਵੇਂ ਮੈਂ ਉਸ ਵਕਤ ਹੋ ਜਾਇਆ ਕਰਦੀ ਜਦੋਂ ਸਕੂਲ ਦੀ ਕੋਈ ਵੀ ਮੈਥੋਂ ਵੱਡੀ ਸੁਘੜ ਸਿਆਣੀ ਕੁੜੀ ਮੇਰੇ ਵੱਲ ਧਿਆਨ ਦਿਆ ਕਰਦੀ ਸੀ।
ਇਸ ਕਮਰੇ ਵਿੱਚ ਇੱਕ ਅਜਿਹੀ ਔਰਤ ਵੀ ਸੀ ਜਿਸ ਨੂੰ ਬੰਦਾ ਨਜ਼ਰਅੰਦਾਜ਼ ਨਹੀਂ ਕਰ ਸਕਦਾ ਸੀ। ਉਹ ਅਜਿਹੇ ਲਿਬਾਸ ਵਿੱਚ ਸਜੀ ਸੀ ਜਿਸਦੇ ਸਾਹਮਣੇ ਮੇਰੀ ਮਾਂ ਦਾ ਲਿਬਾਸ ਹੇਚ ਸੀ। ਉਹ ਮੇਰੀ ਮਾਂ ਨਾਲੋਂ ਉਮਰ ਵਿੱਚ ਕਾਫ਼ੀ ਵੱਡੀ ਸੀ… ਉਸ ਦੇ ਵਾਲ ਬੱਗੇ ਸਨ ਅਤੇ ਇਸ ਤਰ੍ਹਾਂ ਵਾਹੇ ਸੰਵਾਰੇ ਗਏ ਸਨ ਜਿਸ ਨੂੰ ਘੁੰਗਰਾਲੇ ਲਹਿਰੀਆ ਕਹਿੰਦੇ ਹਨ। ਉਹ ਇੱਕ ਲੰਮੀ ਚੌੜੀ ਔਰਤ ਸੀ। ਉਸ ਦੇ ਕੁੱਲ੍ਹੇ ਚੌੜੇ ਅਤੇ ਮੋਢੇ ਢੈਲੇ ਸਨ। ਉਸਨੇ ਸੋਨੇ-ਰੰਗਾ ਸੰਤਰੀ ਟੈਫ਼ਟਾ ਦਾ ਲਿਬਾਸ ਪਹਿਨਿਆ ਹੋਇਆ ਸੀ। ਟੌਪ ਦਾ ਗਲਾ ਖ਼ਾਸਾ ਨੀਵਾਂ ਅਤੇ ਚੌਰਸ ਸ਼ਕਲ ਵਿੱਚ ਕਟਿਆ ਹੋਇਆ ਸੀ ਅਤੇ ਸਕਰਟ ਉਸ ਦੇ ਗੋਡਿਆਂ ਤੱਕ ਆਉਂਦਾ ਸੀ। ਛੋਟੀਆਂ ਆਸਤੀਨਾਂ ਘੁੱਟਵੀਆਂ ਸਨ ਜਿਨ੍ਹਾਂ ਵਿੱਚ ਫਸੀਆਂ ਉਸ ਦੀਆਂ ਬਾਹਾਂ ਭਾਰੀਆਂ ਲੱਗ ਰਹੀਆਂ ਸਨ, ਉਂਜ ਇਹ ਰੰਗਤ ਵਿੱਚ ਗੋਰੀਆਂ ਅਤੇ ਕੂਲੀਆਂ ਸਨ।
ਇਹ ਚੌਂਕਾ ਦੇਣ ਵਾਲਾ ਨਜ਼ਾਰਾ ਸੀ। ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਬੰਦਾ ਬੁੱਢਾ ਹੋਣ ਦੇ ਨਾਲ ਨਾਲ ਇੰਨਾ ਨਫ਼ੀਸ ਵੀ ਹੋ ਸਕਦਾ ਸੀ, ਭਾਰੀ ਅਤੇ ਸੁਨੱਖਾ, ਪਿੱਤਲ ਵਰਗੀ ਚਮਕ ਅਤੇ ਜਬ੍ਹੇਦਾਰ। ਤੁਸੀਂ ਉਸਨੂੰ ਪਿੱਤਲ ਵਿੱਚੋਂ ਘੜੀ ਬੇਸ਼ਰਮ ਮੂਰਤ ਕਹਿ ਸਕਦੇ ਸੀ, ਜਿਵੇਂ ਕਿ ਮੇਰੀ ਮਾਂ ਨੇ ਬਾਅਦ ਵਿੱਚ ਉਸ ਲਈ ਕੁੱਝ ਅਜਿਹਾ ਹੀ ਕਲਾਮ ਵਰਤਿਆ ਵੀ ਸੀ। ਕੋਈ, ਜੋ ਉਸਨੂੰ ਬਿਹਤਰ ਜਾਣਦਾ ਹੁੰਦਾ ਤਾਂ ਖੁੱਲ੍ਹ ਕੇ ਉਸ ਬਾਰੇ ਗੱਲ ਕਰ ਸਕਦਾ ਸੀ। ਇਸ ਔਰਤ ਵਿੱਚ, ਸਿਵਾਏ ਉਸ ਦੇ ਕੱਪੜਿਆਂ ਦੇ ਰੰਗ ਅਤੇ ਉਨ੍ਹਾਂ ਦੇ ਸਟਾਈਲ ਦੇ, ਦਿਖਾਵੇ ਵਾਲੀ ਕੋਈ ਗੱਲ ਨਹੀਂ ਸੀ। ਉਹ ਅਤੇ ਉਸ ਦੇ ਨਾਲ ਦਾ ਮਰਦ ਸਾਊ ਤਰੀਕੇ ਨਾਲ, ਸਗੋਂ ਗੁੰਮਨਾਮੀ ਦੇ ਆਲਮ ਵਿੱਚ, ਪਤੀ ਪਤਨੀ ਦੀ ਤਰ੍ਹਾਂ ਨਾਚ ਕਰਦੇ ਰਹੇ।
ਮੈਨੂੰ ਉਸ ਦਾ ਨਾਮ ਪਤਾ ਨਹੀਂ ਸੀ। ਮੈਂ ਉਸਨੂੰ ਪਹਿਲਾਂ ਕਦੇ ਨਹੀਂ ਵੇਖਿਆ ਸੀ। ਮੈਨੂੰ ਇਹ ਵੀ ਪਤਾ ਨਹੀਂ ਸੀ ਕਿ ਉਹ ਕਸਬੇ ਵਿੱਚ ਜਾਂ ਮੇਰੀ ਜਾਣਕਾਰੀ ਦੇ ਹੋਰ ਦੂਰ ਵਾਲੇ ਅਗਲੇ ਇਲਾਕਿਆਂ ਵਿੱਚ ਵੀ ਬਦਨਾਮ ਸੀ। ਮੇਰਾ ਖ਼ਿਆਲ ਹੈ ਕਿ ਜੇਕਰ ਮੈਂ ਅਜਿਹੀ ਯਾਦਾਸ਼ਤ ਦੀ ਥਾਂ ਗਲਪ ਲਿਖ ਰਹੀ ਹੁੰਦੀ, ਤਾਂ ਮੈਂ ਉਸਨੂੰ ਇਹ ਵਾਲਾ ਲਿਬਾਸ ਨਾ ਪੁਆਉਂਦੀ ਜੋ ਇੱਕ ਇਸ਼ਤਿਹਾਰ ਦੀ ਤਰ੍ਹਾਂ ਸੀ, ਜਿਸਦੀ ਉਸਨੂੰ ਕੋਈ ਜ਼ਰੂਰਤ ਨਹੀਂ ਸੀ।
ਹਾਂ ਅਜਿਹਾ ਯਕੀਨੀ ਤੌਰ ਉੱਤੇ ਹੁੰਦਾ, ਜੇਕਰ ਮੈਂ ਕਸਬੇ ਵਿੱਚ ਰਹਿੰਦੀ ਹੁੰਦੀ ਅਤੇ ਮੇਰਾ ਉੱਥੇ ਆਉਣਾ ਜਾਣਾ ਦਿਨ ਵਿੱਚ ਦੋ ਵਾਰ ਤੱਕ ਹੀ ਸੀਮਤ ਨਾ ਹੁੰਦਾ ਤਾਂ ਮੈਨੂੰ ਇਹ ਪਤਾ ਹੁੰਦਾ ਕਿ ਉਹ ਇੱਕ ਮਸ਼ਹੂਰ ਤਵਾਇਫ਼ ਸੀ। ਮੈਂ ਉਸਨੂੰ ਕਦੇ ਨਾ ਕਦੇ ਜ਼ਰੂਰ ਵੇਖਿਆ ਹੁੰਦਾ ਚਾਹੇ ਉਹ ਇਸ ਸੰਤਰੀ ਰੰਗ ਦੇ ਲਿਬਾਸ ਵਿੱਚ ਨਾ ਵੀ ਹੁੰਦੀ। ਅਤੇ ਮੈਂ ਉਸ ਲਈ ਸ਼ਬਦ ਤਵਾਇਫ਼ ਵੀ ਨਹੀਂ ਵਰਤਣਾ ਸੀ। ਸ਼ਾਇਦ ਮੈਂ ਉਸ ਨੂੰ ਇੱਕ ਬੁਰੀ ਔਰਤ ਹੀ ਕਹਿ ਲੈਂਦੀ। ਮੈਨੂੰ ਉਸ ਬਾਰੇ ਕੁੱਝ ਬੁਰੀਆਂ, ਕੁੱਝ ਖਤਰਨਾਕ, ਕੁੱਝ ਜੋਸ਼ੀਲੀਆਂ ਅਤੇ ਕੁੱਝ ਬੇ-ਬਾਕ ਗੱਲਾਂ ਪਤਾ ਹੁੰਦੀਆਂ, ਇਹ ਜਾਣੇ ਬਿਨਾਂ ਕਿ ਅਸਲ ਵਿੱਚ ਉਹ ਕੀ ਸੀ। ਜੇਕਰ ਲੋਕ ਮੈਨੂੰ ਕੁੱਝ ਦੱਸਣ ਦੀ ਕੋਸ਼ਿਸ਼ ਵੀ ਕਰਦੇ ਤਾਂ ਮੇਰਾ ਖ਼ਿਆਲ ਹੈ ਕਿ ਮੈਂ ਉਨ੍ਹਾਂ ਦੀਆਂ ਗੱਲਾਂ ਉੱਤੇ ਭਰੋਸਾ ਵੀ ਨਾ ਕਰਦੀ।
ਕਸਬੇ ਵਿੱਚ ਕਈ ਲੋਕ ਅਜਿਹੇ ਸਨ ਜੋ ਅਲੱਗ ਵਿਖਾਈ ਦਿੰਦੇ ਸਨ, ਸ਼ਾਇਦ ਉਹ ਵੀ ਮੈਨੂੰ ਉਨ੍ਹਾਂ ਵਰਗੀ ਹੀ ਇੱਕ ਲੱਗਦੀ। ਉੱਥੇ ਇੱਕ ਕੁੱਬਾ ਆਦਮੀ ਸੀ ਜੋ ਹਰ ਰੋਜ ਟਾਊਨਹਾਲ ਦੇ ਦਰਵਾਜ਼ੇ ਪਾਲਿਸ਼ ਕਰਦਾ ਅਤੇ ਜਿੱਥੋਂ ਤੱਕ ਮੈਨੂੰ ਪਤਾ ਹੈ ਉਹ ਉਸ ਦੇ ਸਿਵਾ ਹੋਰ ਕੁੱਝ ਨਹੀਂ ਕਰਦਾ ਸੀ। ਉੱਥੇ ਇੱਕ ਅਜਿਹੀ ਔਰਤ ਵੀ ਸੀ ਜੋ ਦੇਖਣ ਵਿੱਚ ਆਮ ਔਰਤ ਲੱਗਦੀ ਸੀ ਪਰ ਉਹ ਉੱਚੀ ਅਵਾਜ਼ ਵਿੱਚ, ਖ਼ੁਦ ਨਾਲ ਗੱਲਾਂ ਕਰਦੀ ਰਹਿੰਦੀ ਅਤੇ ਲੋਕਾਂ ਨੂੰ ਡਾਂਟਦੀ ਹਾਲਾਂਕਿ ਉਸ ਦੇ ਇਰਦ-ਗਿਰਦ ਕੋਈ ਵੀ ਨਾ ਹੁੰਦਾ। ਵਕਤ ਬੀਤਣ ਦੇ ਨਾਲ ਨਾਲ ਮੈਨੂੰ ਉਸ ਦਾ ਨਾਮ ਪਤਾ ਚੱਲ ਗਿਆ ਅਤੇ ਆਖ਼ਰ ਇਹ ਵੀ ਕਿ ਉਹ ਅਸਲ ਵਿੱਚ ਉਹੀ ਕੁੱਝ ਕਰਦੀ ਸੀ ਜਿਸ ਬਾਰੇ ਮੈਨੂੰ ਭਰੋਸਾ ਸੀ ਕਿ ਉਹ ਅਜਿਹਾ ਨਹੀਂ ਕਰਦੀ ਹੋਵੇਗੀ। ਅਤੇ ਉਹ ਆਦਮੀ ਜਿਸਨੂੰ ਮੈਂ ਉਸ ਦੇ ਨਾਲ ਨੱਚਦੇ ਹੋਏ ਵੇਖਿਆ ਸੀ ਅਤੇ ਜਿਸਦਾ ਨਾਮ ਮੈਨੂੰ ਕਦੇ ਪਤਾ ਨਾ ਚੱਲ ਸਕਿਆ, ਕਸਬੇ ਦੇ ਪੂਲਰੂਮ ਦਾ ਮਾਲਿਕ ਸੀ। ਇੱਕ ਦਿਨ, ਜਦੋਂ ਮੈਂ ਹਾਈ ਸਕੂਲ ਵਿੱਚ ਸੀ, ਮੇਰੇ ਨਾਲ ਦੀਆਂ ਦੋ ਕੁੜੀਆਂ ਨੇ, ਜਦੋਂ ਅਸੀਂ ਪੂਲਰੂਮ ਦੇ ਕੋਲੋਂ ਲੰਘ ਰਹੀਆਂ ਸਾਂ, ਕਿਹਾ ਸੀ ਕਿ ਜ਼ਰਾ ਅੰਦਰ ਜਾ ਕੇ ਤਾਂ ਵਿਖਾ ਅਤੇ ਮੈਂ ਅੰਦਰ ਚਲੀ ਗਈ ਸੀ। ਉੱਥੇ ਉਹੀ ਆਦਮੀ ਬੈਠਾ ਸੀ, ਭਾਵੇਂ ਹੁਣ ਉਹ ਮੋਟਾ ਹੋਣ ਦੇ ਨਾਲ ਨਾਲ ਗੰਜਾ ਵੀ ਹੋ ਚੁੱਕਿਆ ਸੀ ਅਤੇ ਉਸ ਦੇ ਕੱਪੜੇ ਵੀ ਮੈਲ਼ੇ ਸਨ। ਮੈਨੂੰ ਯਾਦ ਨਹੀਂ ਕਿ ਉਸਨੇ ਮੈਨੂੰ ਕੁੱਝ ਕਿਹਾ ਸੀ ਜਾਂ ਨਹੀਂ, ਅਤੇ ਉਸਨੂੰ ਕੁੱਝ ਕਹਿਣ ਦੀ ਜ਼ਰੂਰਤ ਵੀ ਨਹੀਂ ਸੀ। ਮੈਂ ਆਪਣੀਆਂ ਦੋਸਤ ਕੁੜੀਆਂ, ਜੋ ਮੇਰੀਆਂ ਸੱਚੀਆਂ ਦੋਸਤ ਨਹੀਂ ਸਨ, ਕੋਲ ਵਾਪਸ ਆ ਗਈ ਅਤੇ ਮੈਂ ਉਨ੍ਹਾਂ ਨੂੰ ਕੁੱਝ ਵੀ ਨਾ ਦੱਸਿਆ।
ਮੈਂ ਜਦੋਂ ਪੂਲਰੂਮ ਦੇ ਮਾਲਿਕ ਨੂੰ ਵੇਖਿਆ ਤਾਂ ਨਾਚ ਦੀ ਮਹਿਫ਼ਲ ਦਾ ਸਾਰਾ ਨਜ਼ਾਰਾ; ਭਾਰੀ ਪਿਆਨੋ, ਬੰਸਰੀ ਸੰਗੀਤ, ਅਤੇ ਸੰਤਰੀ ਲਿਬਾਸ, ਜੋ ਉਦੋਂ ਮੈਨੂੰ ਬੇਹੂਦਾ ਲੱਗਾ, ਅਤੇ ਮੇਰੀ ਮਾਂ ਦਾ ਇਸ ਕਮਰੇ ਵਿੱਚ ਕੋਟ ਪਹਿਨੇ, ਜੋ ਸ਼ਾਇਦ ਉਸਨੇ ਉਤਾਰਿਆ ਹੀ ਨਹੀਂ ਸੀ, ਇੱਕਦਮ ਪਰਗਟ ਹੋਣਾ, ਮੇਰੀਆਂ ਅੱਖਾਂ ਦੇ ਸਾਹਮਣੇ ਆ ਗਿਆ।
ਉਹ ਉੱਥੇ ਮੌਜੂਦ ਸੀ ਅਤੇ ਬਜਦੇ ਸੰਗੀਤ ਵਿੱਚ ਹੀ ਮੇਰਾ ਨਾਮ ਪੁਕਾਰ ਰਹੀ ਸੀ ਉਸ ਅੰਦਾਜ਼ ਵਿੱਚ ਜੋ ਮੈਨੂੰ ਕਦੇ ਪਸੰਦ ਨਹੀਂ ਸੀ। ਉਸ ਦਾ ਇਹੀ ਅੰਦਾਜ਼ ਸੀ ਜੋ ਮੈਨੂੰ ਖ਼ਾਸ ਕਰ ਯਾਦ ਕਰਾਉਂਦਾ ਸੀ ਕਿ ਉਸਦੇ ਸਦਕਾ ਹੀ ਤਾਂ ਮੈਂ ਇਸ ਦੁਨੀਆ ਉੱਤੇ ਮੌਜੂਦ ਸੀ।
ਉਹ ਬੋਲੀ, “ਤੇਰਾ ਕੋਟ ਕਿੱਧਰ ਹੈ?”
“ਉੱਪਰ ਸੌਣ ਵਾਲੇ ਕਮਰੇ ਵਿੱਚ।”
“ਠੀਕ ਹੈ। ਜਾ, ਉਸਨੂੰ ਲੈ ਕੇ ਆ।”
ਜੇਕਰ ਉਹ ਖ਼ੁਦ ਉੱਤੇ ਗਈ ਹੁੰਦੀ ਤਾਂ ਉਸਨੇ ਮੇਰਾ ਕੋਟ ਉੱਥੇ ਵੇਖ ਲਿਆ ਹੁੰਦਾ, ਪਰ ਲੱਗਦਾ ਸੀ ਕਿ ਉਹ ਤਾਂ ਰਸੋਈ ਤੋਂ ਬਾਹਰ ਹੀ ਨਹੀਂ ਨਿਕਲੀ ਸੀ ਅਤੇ ਉਹ ਕੋਟ ਉਤਾਰੇ ਬਿਨਾਂ, ਉਸ ਦੇ ਬਟਨ ਖੋਲ੍ਹੇ ਬਿਨਾਂ ਉਥੇ ਹੀ ਖਾਣੇ ਦੁਆਲੇ ਫਿਰਦੀ ਰਹੀ ਹੋਵੇਗੀ ਕਿ ਉਸਨੇ ਨਾਚ ਵਾਲੇ ਕਮਰੇ ਵਿੱਚ ਨਜ਼ਰ ਮਾਰੀ ਹੋਵੇਗੀ ਅਤੇ ਉਸਨੂੰ ਉੱਥੇ ਸੰਤਰੀ ਰੰਗੇ ਲਿਬਾਸ ਵਿੱਚ ਨੱਚਦੀ ਔਰਤ ਨਜ਼ਰ ਆਈ ਹੋਵੇਗੀ, ਜਿਸ ਨੂੰ ਉਹ ਜਾਣਦੀ ਸੀ ਕਿ ਉਹ ਕੌਣ ਸੀ।
“ਦੇਰ ਨਾ ਲਾਉਣਾ,” ਉਸਨੇ ਕਿਹਾ ਸੀ।
ਮੈਂ ਅਜਿਹਾ ਕਰਨਾ ਵੀ ਨਹੀਂ ਚਾਹੁੰਦੀ ਸੀ। ਮੈਂ ਪੌੜੀਆਂ ਵੱਲ ਦਾ ਦਰਵਾਜ਼ਾ ਖੋਲ੍ਹਿਆ ਅਤੇ ਪਹਿਲੇ ਕੁੱਝ ਟੱਪੇ ਪਾਰ ਕਰ ਲਏ ਅਤੇ ਜਦੋਂ ਮੈਂ ਉਸ ਥਾਂ ਪਹੁੰਚੀ ਜਿੱਥੇ ਪੌੜੀਆਂ ਮੋੜ ਕੱਟ ਕੇ ਸੌਣ ਵਾਲੇ ਕਮਰਿਆਂ ਵੱਲ ਜਾਂਦੀਆਂ ਸਨ, ਤਾਂ ਮੈਂ ਉਥੇ ਕੁੱਝ ਲੋਕਾਂ ਨੂੰ ਬੈਠੇ ਵੇਖਿਆ। ਉਨ੍ਹਾਂ ਨੇ ਮੇਰਾ ਰਸਤਾ ਰੋਕ ਰੱਖਿਆ ਸੀ। ਉਨ੍ਹਾਂ ਨੇ ਮੈਨੂੰ ਆਉਂਦੇ ਨਹੀਂ ਵੇਖਿਆ ਸੀ ਅਤੇ … ਅਜਿਹਾ ਲੱਗਦਾ ਸੀ ਕਿ ਉਹ ਮੈਨੂੰ ਉੱਥੇ ਵੇਖ ਕੇ ਘਬਰਾ ਗਏ ਸਨ … ਕੋਈ ਗੰਭੀਰ ਮਾਮਲਾ ਸੀ। ਕੋਈ ਤਿੱਖੀ ਬਹਿਸ ਨਹੀਂ ਸੀ। ਪਰ ਕੋਈ ਅਹਿਮ ਵਿਚਾਰ ਵਟਾਂਦਰਾ ਜਾਰੀ ਸੀ।
ਉਨ੍ਹਾਂ ਵਿੱਚ ਦੋ ਮਰਦ ਸਨ। ਇਹ ਜਵਾਨ ਏਅਰ ਫੋਰਸ ਦੀ ਵਰਦੀ ਵਿੱਚ ਸਨ। ਉਨ੍ਹਾਂ ਵਿਚੋਂ ਇੱਕ, ਉਪਰਲੇ ਟੱਪੇ ਉੱਤੇ ਬੈਠਾ ਸੀ ਅਤੇ ਇੱਕ ਹੇਠਲੇ ਟੱਪੇ ਉੱਤੇ ਆਪਣੇ ਗੋਡਿਆਂ ਉੱਤੇ ਹੱਥ ਧਰ ਕੇ ਝੁੱਕਿਆ ਹੋਇਆ ਸੀ। ਉਨ੍ਹਾਂ ਤੋਂ ਉਪਰਲੇ ਟੱਪੇ ਉੱਤੇ ਇੱਕ ਕੁੜੀ ਵੀ ਬੈਠੀ ਸੀ ਅਤੇ ਉਹ ਮਰਦ ਜੋ ਉਸ ਦੇ ਨਜ਼ਦੀਕ ਬੈਠਾ ਸੀ ਉਸ ਦੀ ਲੱਤ ਨੂੰ ਹੱਥ ਨਾਲ ਸਹਿਲਾ ਰਿਹਾ ਸੀ। ਮੈਂ ਇਹ ਸਮਝਿਆ ਕਿ ਇਹ ਕੁੜੀ ਇਨ੍ਹਾਂ ਤੰਗ ਪੌੜੀਆਂ ਤੇ ਡਿੱਗ ਗਈ ਹੋਵੇਗੀ ਅਤੇ ਸੱਟ ਖਾ ਬੈਠੀ ਹੋਵੇਗੀ ਜਿਸ ਕਰਕੇ ਉਹ ਰੋ ਰਹੀ ਸੀ।
ਪੇਗੀ। ਉਸ ਦਾ ਨਾਮ ਪੇਗੀ ਸੀ। “ਪੇਗੀ, ਪੇਗੀ”, ਉਹ ਨੌਜਵਾਨ ਜਲਦੀ ਜਲਦੀ ਅਤੇ ਕੋਮਲ ਅਵਾਜ਼ ਵਿੱਚ ਉਸ ਦਾ ਨਾਮ ਲੈ ਰਹੇ ਸਨ।
ਉਹ ਕੁੱਝ ਕਹਿ ਰਹੀ ਸੀ ਜਿਸ ਨੂੰ ਮੈਂ ਸਮਝ ਨਾ ਸਕੀ। ਉਹ ਬੱਚਿਆਂ ਵਰਗੀ ਅਵਾਜ਼ ਵਿੱਚ ਬੋਲ ਰਹੀ ਸੀ। ਉਸ ਦਾ ਲਹਿਜ਼ਾ ਸ਼ਿਕਾਇਤੀ ਸੀ ਜਿਵੇਂ ਉਹ ਕਹਿ ਰਹੀ ਹੋਵੇ ਕਿ ਉਸ ਦੇ ਨਾਲ ਜੋ ਹੋਇਆ ਉਹ ਠੀਕ ਨਹੀਂ ਸੀ। ਜਿਵੇਂ ਬੰਦਾ ਵਾਰ ਵਾਰ ਕਹਿੰਦਾ ਹੈ ਕਿ ਇਹ ਠੀਕ ਨਹੀਂ ਹੈ। ਜਿਵੇਂ ਉਸ ਦੀ ਅਵਾਜ਼ ਵਿੱਚ ਨਿਰਾਸਾ ਵਸੀ ਹੋਵੇ, ਜਿਵੇਂ ਜੋ ਗ਼ਲਤ ਹੋਇਆ ਉਸ ਦਾ ਸੁਧਾਰ ਮੁਮਕਿਨ ਨਾ ਹੋਵੇ। ਅਜਿਹੀਆਂ ਹਾਲਤਾਂ ਲਈ ਸ਼ਬਦ ਘਟੀਆ ਵੀ ਵਰਤਿਆ ਜਾਂਦਾ ਹੈ। ਇਹ ਬਹੁਤ ਘਟੀਆ ਹੈ ਜਾਂ ਕਿਸੇ ਦੀ ਕਿੰਨੀ ਘਟੀਆ ਹਰਕਤ ਹੈ।
ਜਦੋਂ ਅਸੀਂ ਘਰ ਆ ਗਏ ਤਾਂ ਮੈਂ ਆਪਣੀ ਮਾਂ ਨੂੰ ਬਾਪ ਨਾਲ ਗੱਲਾਂ ਕਰਦੇ ਸੁਣਿਆ ਜਿਸਦੇ ਨਾਲ ਮੈਨੂੰ ਕੁੱਝ ਅੰਦਾਜ਼ਾ ਹੋਇਆ ਕਿ ਉੱਥੇ ਕੀ ਹੋਇਆ ਸੀ, ਪਰ ਮੈਂ ਸਪਸ਼ਟ ਭਾਂਤ ਫਿਰ ਵੀ ਕੁੱਝ ਨਾ ਸਮਝ ਸਕੀ। ਮਿਸਿਜ ਹਚਿਸਨ ਇਸ ਨਾਚ ਦੀ ਮਹਿਫ਼ਲ ਵਿੱਚ ਆ ਪਹੁੰਚੀ ਸੀ ਅਤੇ ਉਸਨੂੰ ਪੂਲਰੂਮ ਦਾ ਮਾਲਿਕ ਆਪਣੀ ਕਾਰ ਵਿੱਚ ਲਿਆਇਆ ਸੀ, ਮੈਂ ਉਸਨੂੰ ਪੂਲਰੂਮ ਦੇ ਮਾਲਿਕ ਦੇ ਤੌਰ ਤੇ ਨਹੀਂ ਜਾਣਦੀ ਸੀ। ਮੈਨੂੰ ਪਤਾ ਨਹੀਂ ਕਿ ਮੇਰੀ ਮਾਂ ਨੇ ਉਸਨੂੰ ਕਿਸ ਨਾਮ ਨਾਲ ਬੁਲਾਇਆ ਸੀ, ਪਰ ਉਹ ਉਸ ਦੇ ਰਵਈਏ ਤੋਂ ਬੁਰੀ ਤਰ੍ਹਾਂ ਉਦਾਸ ਸੀ … ਨਾਚ ਦੀ ਮਹਿਫ਼ਲ ਦੀ ਖ਼ਬਰ ਹਰ ਤਰਫ਼ ਫੈਲ ਗਈ ਸੀ ਅਤੇ ਪੋਰਟ ਇਲਬਰਟ … ਮਤਲਬ ਜਿੱਥੇ ਹਵਾਈ ਫ਼ੌਜ ਦਾ ਅੱਡਾ ਸੀ… ਕੁੱਝ ਮੁੰਡੇ ਵੀ ਇਸ ਮਹਿਫ਼ਲ ਵਿੱਚ ਆਉਣ ਦਾ ਫੈਸਲਾ ਕਰਕੇ ਉੱਥੇ ਆ ਪੁੱਜੇ ਸਨ। ਚਲੋ ਇਹ ਵੀ ਠੀਕ ਸੀ। ਏਅਰ ਫੋਰਸ ਦੇ ਇਹ ਮੁੰਡੇ ਠੀਕ ਸਨ। ਮਿਸਿਜ ਹਚਿਸਨ ਅਤੇ ਉਹ ਕੁੜੀ ਸ਼ਰਮਿੰਦਗੀ ਦਾ ਕਰਨ ਬਣੀਆਂ ਸਨ।
ਉਹ ਆਪਣੇ ਨਾਲ ਇੱਕ ਕੁੜੀ ਲਿਆਈ ਸੀ।
“ਸ਼ਾਇਦ, ਉਹ ਉਸਨੂੰ ਬਾਹਰ ਦੀ ਸੈਰ ਕਰਾਉਣ ਲਈ ਲਿਆਈ ਹੋਵੇ,” ਮੇਰੇ ਬਾਪ ਨੇ ਕਿਹਾ, “ਸ਼ਾਇਦ, ਨਾਚ ਵਿੱਚ ਸ਼ਿਰਕਤ ਲਈ ਹੀ ਲਿਆਈ ਹੋਵੇ।”
ਮੇਰੀ ਮਾਂ ਨੇ ਇਹ ਸ਼ਾਇਦ ਸੁਣਿਆ ਹੀ ਨਹੀਂ ਸੀ। ਉਸਨੇ ਜਵਾਬ ਦਿੱਤਾ ਕਿ ਇਹ ਸ਼ਰਮਨਾਕ ਸੀ। ਬੰਦਾ ਅੱਛਾ ਵਕਤ ਗੁਜ਼ਾਰਨ ਦੀ ਝਾਕ ਕਰਦਾ ਹੈ, ਇੱਕ ਉਮਦਾ ਅਤੇ ਸੁਹਣੇ ਨਾਚ ਦੀ ਮਹਿਫ਼ਲ ਜੋ ਤੁਹਾਡੇ ਘਰ ਦੇ ਇਰਦ ਗਿਰਦ ਕਿਤੇ ਹੋ ਰਹੀ ਹੋਵੇ ਅਤੇ ਕੋਈ ਇਸ ਤਰ੍ਹਾਂ ਆਕੇ ਇਸਨੂੰ ਤਬਾਹ ਕਰ ਦੇਵੇ।
ਮੈਨੂੰ ਆਦਤ ਸੀ ਕਿ ਮੈਂ ਆਪਣੇ ਤੋਂ ਵੱਡੀ ਉਮਰ ਦੀਆਂ ਕੁੜੀਆਂ ਦੀਆਂ ਹਰਕਤਾਂ ਤੋਂ ਉਨ੍ਹਾਂ ਨੂੰ ਪਰਖਦੀ ਸੀ। ਮੈਂ ਨਹੀਂ ਸੀ ਸੋਚਦੀ ਕਿ ਪੇਗੀ ਖ਼ਾਸ ਖ਼ੂਬਸੂਰਤ ਸੀ। ਰੋਣ ਨਾਲ ਸ਼ਾਇਦ ਉਸ ਦਾ ਮੇਕਅੱਪ ਖ਼ਰਾਬ ਹੋ ਗਿਆ ਸੀ। ਉਸ ਦੇ ਉੱਪਰ ਵੱਲ ਉਠਾ ਕੇ ਸੰਵਾਰੇ ਗਏ, ਚੂਹੇ ਰੰਗੇ ਵਾਲ਼, ਬਿਖਰੇ ਹੋਏ ਸਨ ਅਤੇ ਵਾਲ਼ਾਂ ਦੀਆਂ ਕੁੱਝ ਲਿਟਾਂ ਸੂਈਆਂ ਤੋਂ ਮੁਕਤ ਹੋ ਕੇ ਉਸ ਦੇ ਮੋਢਿਆਂ ਉੱਪਰ ਮੇਲ੍ਹ ਰਹੀਆਂ ਸਨ। ਉਸ ਦੀਆਂ ਉਂਗਲੀਆਂ ਦੇ ਨਹੁੰਆਂ ਉੱਤੇ ਪਾਲਿਸ਼ ਲੱਗੀ ਸੀ ਪਰ ਅਜਿਹਾ ਲੱਗਦਾ ਸੀ ਜਿਵੇਂ ਉਸ ਨੇ ਉਨ੍ਹਾਂ ਨੂੰ ਚਿਥਿਆ ਹੋਇਆ ਸੀ। ਉਹ ਕੁੱਝ ਜ਼ਿਆਦਾ ਵੱਡੀ ਨਹੀਂ ਸੀ, ਜਿਵੇਂ ਕਿ ਮੈਂ ਕੁੱਝ ਵੱਡੀ ਉਮਰ ਦੀਆਂ ਕੁੜੀਆਂ ਨੂੰ ਜਾਣਦੀ ਸੀ ਜੋ ਰੋਂਦੂ, ਡਰਪੋਕ ਅਤੇ ਹਰ ਵਕਤ ਸ਼ਿਕਾਇਤਾਂ ਕਰਦੀਆਂ ਰਹਿੰਦੀਆਂ ਸਨ। ਫਿਰ ਵੀ ਨੌਜਵਾਨਾਂ ਨੇ ਉਸ ਨਾਲ ਅਜਿਹਾ ਸਲੂਕ ਕੀਤਾ ਜਿਵੇਂ ਉਹ ਕੋਈ ਅਜਿਹੀ ਹਸਤੀ ਸੀ ਜਿਸ ਨੂੰ ਕਦੇ ਕਿਸੇ ਮੁਸ਼ਕਲ ਦਾ ਸਾਹਮਣਾ ਨਹੀਂ ਹੋਣਾ ਚਾਹੀਦਾ ਸੀ, ਜਿਸ ਨੂੰ ਸਹੀ ਢੰਗ ਨਾਲ ਸਹਿਲਾਉਣਾ ਅਤੇ ਪ੍ਰਸੰਨ ਕਰਨਾ ਅਤੇ ਉਸ ਸਾਹਮਣੇ ਸਿਰ ਝੁਕਾਉਣਾ ਬਣਦਾ ਸੀ।
ਇੱਕ ਨੇ ਤਾਂ ਉਸਨੂੰ ਇੱਕ ਤਿਆਰ ਬਰ ਤਿਆਰ ਸਿਗਰਟ ਵੀ ਪੇਸ਼ ਕੀਤੀ ਸੀ। ਉਸ ਦੀ ਇਹ ਹਰਕਤ ਮੈਨੂੰ ਇੱਕ ਤਰ੍ਹਾਂ ਦੀ ਮਹਿੰਗੀ ਸੁਗਾਤ ਲੱਗੀ ਸੀ ਕਿਉਂਕਿ ਮੈਂ ਆਪਣੇ ਬਾਪ ਨੂੰ ਹਮੇਸ਼ਾ ਆਪਣੇ ਸਿਗਰਟ ਖ਼ੁਦ ਬਣਾਉਂਦੇ ਹੋਏ ਵੇਖਿਆ ਸੀ ਅਤੇ ਅਜਿਹਾ ਹੋਰ ਸਾਰੇ ਮਰਦ ਕਰਿਆ ਕਰਦੇ ਸਨ। ਪਰ ਪੇਗੀ ਨੇ ਆਪਣਾ ਸਿਰ ਨਾਂਹ ਵਿੱਚ ਹਿਲਾਂਦੇ ਹੋਏ, ਜਖ਼ਮੀ ਅਤੇ ਸ਼ਿਕਾਇਤੀ ਅਵਾਜ਼ ਵਿੱਚ ਕਿਹਾ ਸੀ ਕਿ ਉਹ ਸਿਗਰਟ ਨਹੀਂ ਪੀਂਦੀ। ਤਾਂ ਦੂਜੇ ਆਦਮੀ ਨੇ ਉਸਨੂੰ ਚਿਊਇੰਗਮ ਦਿੱਤੀ ਜਿਸਨੂੰ ਉਸਨੇ ਕਬੂਲ ਕਰ ਲਿਆ ਸੀ।
ਉੱਥੇ ਕੀ ਹੋ ਰਿਹਾ ਸੀ? ਮੇਰੇ ਲਈ ਇਹ ਜਾਣ ਲੈਣਾ ਮੁਮਕਿਨ ਨਹੀਂ ਸੀ। ਉਸ ਮੁੰਡੇ ਨੇ, ਜਿਸ ਨੇ ਚਿਊਇੰਗਮ ਦਿੱਤੀ ਸੀ, ਆਪਣੀ ਜੇਬ ਵਿੱਚ ਕੁੱਝ ਢੂੰਡਦੇ ਹੋਏ ਕਿਹਾ।
“ਪੇਗੀ, ਪੇਗੀ, ਐਹ ਇੱਕ ਛੋਟੀ ਬੱਚੀ ਹੈ ਜੋ ਸ਼ਾਇਦ ਉੱਪਰ ਜਾਣਾ ਚਾਹੁੰਦੀ ਹੈ।”
ਉਸਨੇ ਆਪਣਾ ਮੂੰਹ ਹੇਠਾਂ ਕਰ ਲਿਆ ਤਾਂ ਜੋ ਮੈਂ ਉਸ ਦਾ ਚਿਹਰਾ ਨਾ ਵੇਖ ਸਕਾਂ। ਜਿਵੇਂ ਹੀ ਮੈਂ ਉਸ ਦੇ ਕੋਲੋਂ ਲੰਘੀ, ਮੇਰੇ ਨੱਕ ਨਾਲ ਉਸ ਦੀ ਖ਼ੁਸ਼ਬੂ ਟਕਰਾਈ। ਜਵਾਨਾਂ ਦੀਆਂ ਊਨੀ ਯੂਨੀਫਾਰਮਾਂ ਅਤੇ ਚਮਕਦੇ ਬੂਟਾਂ ਅਤੇ ਸਿਗਰਟਾਂ ਦੀ ਬਾਸ ਵੀ ਮੇਰੇ ਨੱਕ ਨੂੰ ਚੜ੍ਹੀ।
ਮੈਂ, ਜਦੋਂ, ਆਪਣਾ ਕੋਟ ਪਹਿਨ ਕੇ ਹੇਠਾਂ ਉੱਤਰੀ ਤਾਂ ਉਹ ਉਥੇ ਹੀ ਬੈਠੇ ਸਨ, ਪਰ ਇਸ ਵਾਰ ਉਹ ਮੇਰੇ ਆਉਣ ਬਾਰੇ ਜਾਣਦੇ ਸਨ, ਇਸ ਲਈ ਉਹ ਖ਼ਾਮੋਸ਼ ਸਨ, ਪਰ ਪੇਗੀ ਨੇ ਜ਼ੋਰ ਨਾਲ ਨਿੱਛ ਮਾਰੀ, ਜਿਸ ਉੱਤੇ ਇੱਕ ਆਦਮੀ ਨੇ ਉਸ ਦੇ ਪੱਟ ਨੂੰ ਫਿਰ ਸਹਿਲਾਇਆ। ਉਸ ਦਾ ਸਕਰਟ ਉੱਪਰ ਉਠਾਇਆ ਹੋਇਆ ਸੀ ਅਤੇ ਮੈਨੂੰ ਉਸ ਦੀ ਸਟਾਕਿੰਗ ਦੀ ਹੁਕ ਨਜ਼ਰ ਆ ਰਹੀ ਸੀ। ਮੈਂ ਉਨ੍ਹਾਂ ਦੇ ਕੋਲੋਂ ਲੰਘ ਹੇਠਾਂ ਉੱਤਰ ਗਈ।
ਅਵਾਜ਼ਾਂ, ਇੱਕ ਲੰਬੇ ਅਰਸੇ ਤੱਕ ਮੇਰੇ ਜ਼ਹਨ ਵਿੱਚ ਘੁੰਮਦੀਆਂ ਰਹੀਆਂ ਅਤੇ ਮੈਂ ਉਨ੍ਹਾਂ ਬਾਰੇ ਸੋਚਦੀ ਰਹੀ। ਇਹ ਪੇਗੀ ਦੀਆਂ ਨਹੀਂ ਸਨ, ਮਰਦਾਂ ਦੀਆਂ ਸਨ। ਹੁਣ ਮੈਨੂੰ ਪਤਾ ਹੈ ਕਿ ਪੋਰਟ ਇਲਬਰਟ ਉੱਤੇ ਜੰਗ ਦੇ ਮੁਢਲੇ ਦਿਨਾਂ ਵਿੱਚ, ਬਰਤਾਨੀਆ ਵਲੋਂ ਆਏ ਕੁੱਝ ਫ਼ੌਜੀ, ਤਾਇਨਾਤ ਸਨ ਅਤੇ ਉੱਥੇ ਜਰਮਨੀ ਦੇ ਖਿਲਾਫ਼ ਲੜਾਈ ਲੜਨ ਲਈ ਸਿਖਲਾਈ ਲੈ ਰਹੇ ਸਨ। ਮੈਨੂੰ ਹੈਰਾਨੀ ਹੈ ਕਿ ਕੀ ਇਹ ਬਰਤਾਨੀਆ ਦੇ ਕਿਸੇ ਇਲਾਕੇ ਦਾ ਲਹਿਜ਼ਾ ਸੀ ਜੋ ਮੈਨੂੰ ਹਲਕਾ ਅਤੇ ਦਿਲਕਸ਼ ਜਿਹਾ ਲੱਗਿਆ ਸੀ। ਇਹ ਗੱਲ ਆਪਣੀ ਜਗ੍ਹਾ ਦਰੁਸਤ ਹੈ ਕਿ ਮੈਂ ਕਿਸੇ ਮਰਦ ਨੂੰ ਇਸ ਲਹਿਜ਼ੇ ਵਿੱਚ ਕਿਸੇ ਔਰਤ ਦੇ ਨਾਲ ਗੱਲ ਕਰਦੇ ਨਹੀਂ ਸੁਣਿਆ ਸੀ ਅਤੇ ਨਾ ਕਿਸੇ ਮਰਦ ਨੂੰ ਇਸ ਅੰਦਾਜ਼ ਵਿੱਚ ਔਰਤ ਨਾਲ ਵਿਹਾਰ ਕਰਦੇ ਵੇਖਿਆ ਸੀ ਜੋ ਉਸਨੂੰ ਬਹੁਤ ਕੀਮਤੀ ਜਾਂ ਕੁੱਝ ਇਸੇ ਤਰ੍ਹਾਂ ਦੀ ਸ਼ੈ ਸਮਝਦਾ ਹੋਏ, ਕਿ ਜੇਕਰ ਪੇਗੀ ਨੂੰ ਕੁਝ ਨਾਗਵਾਰਾ ਕਿਹਾ ਗਿਆ, ਕੋਈ ਠੇਸ ਪਹੁੰਚ ਗਈ ਤਾਂ ਸ਼ਾਇਦ ਇਹ ਗੁਨਾਹ, ਇੱਕ ਪਾਪ ਹੋਵੇਗਾ।
ਮੈਂ ਉਸ ਵੇਲੇ ਕੀ ਸੋਚਿਆ ਕਿ ਪੇਗੀ ਨੂੰ ਕਿਸ ਗੱਲ ਨੇ ਰੁਆਇਆ ਸੀ? ਉਸ ਵਕਤ ਮੈਨੂੰ ਇਸ ਸਵਾਲ ਵਿੱਚ ਕੋਈ ਦਿਲਚਸਪੀ ਨਹੀਂ ਸੀ। ਮੈਂ ਆਪ ਇੱਕ ਬਹਾਦੁਰ ਕੁੜੀ ਨਹੀਂ ਸੀ। ਜਦੋਂ, ਸਕੂਲ ਜਾਣ ਦੇ ਪਹਿਲੇ ਦਿਨ ਮੇਰਾ ਪਿੱਛਾ ਕੀਤਾ ਗਿਆ ਸੀ ਅਤੇ ਮੈਨੂੰ ਮਾਰਿਆ ਗਿਆ ਸੀ, ਮੈਂ, ਬੁਰੀ ਤਰ੍ਹਾਂ ਰੋਈ ਸੀ। ਮੈਂ ਉਦੋਂ ਵੀ ਰੋਈ ਸੀ, ਜਦੋਂ, ਕਸਬੇ ਦੇ ਸਕੂਲ ਵਿੱਚ ਮੇਰੀ ਮਾਸਟਰਨੀ ਨੇ ਮੈਨੂੰ ਬਾਕੀ ਜਮਾਤੀਆਂ ਨਾਲੋਂ ਵੱਖ ਕਰਕੇ, ਸਭ ਦੇ ਸਾਹਮਣੇ, ਮੇਰੇ ਡੈਸਕ ਦੀ ਬੁਰੀ ਹਾਲਤ ਹੋਣ ਕਾਰਨ ਸਜ਼ਾ ਦਿੱਤੀ ਸੀ। ਅਤੇ ਜਦੋਂ ਉਸਨੇ ਫੋਨ ਕਰਕੇ ਮੇਰੀ ਮਾਂ ਨੂੰ ਇਸ ਬਾਰੇ ਦੱਸਿਆ ਸੀ ਤਾਂ ਮੇਰੀ ਮਾਂ ਵੀ ਫੋਨ ਰੱਖ ਕੇ ਰੋਈ ਸੀ, ਕਿਉਂਕਿ ਉਸਨੂੰ ਇਸ ਗੱਲ ਦਾ ਦੁੱਖ ਬਰਦਾਸ਼ਤ ਕਰਨਾ ਪਿਆ ਕਿ ਮੈਂ ਉਸ ਲਈ ਭਰੋਸੇਯੋਗ ਨਹੀਂ ਸੀ। ਅਜਿਹਾ ਲੱਗਦਾ ਸੀ ਕਿ ਕੁੱਝ ਲੋਕ ਕੁਦਰਤੀ ਤੌਰ ਉੱਤੇ ਬਹਾਦੁਰ ਹੁੰਦੇ ਸਨ ਜਦੋਂ ਕਿ ਕੁੱਝ ਨਹੀਂ। ਕਿਸੇ ਨੇ ਪੇਗੀ ਨੂੰ ਕੁੱਝ ਕਿਹਾ ਹੋਵੇਗਾ ਜਿਸ ਉੱਤੇ ਉਹ ਨੱਕ ਸੁੜਕ ਸੁੜਕ ਕੇ ਰੋ ਰਹੀ ਸੀ, ਇਸ ਲਈ ਕਿ ਸ਼ਾਇਦ ਉਹ ਮੇਰੇ ਵਰਗੀ ਮੋਟੀ ਚਮੜੀ ਵਾਲੀ ਨਹੀਂ ਸੀ।
ਯਕੀਨਨ ਇਹ ਉਸ ਸੰਤਰੀ ਪਹਿਰਾਵੇ ਵਾਲੀ ਔਰਤ ਦਾ ਘਟੀਆਪਣ ਸੀ, ਮੈਂ ਕਿਸੇ ਖ਼ਾਸ ਕਾਰਨ ਦੇ ਬਿਨਾਂ ਅਜਿਹਾ ਸੋਚਿਆ। ਅਜਿਹਾ ਕਿਸੇ ਔਰਤ ਨੇ ਹੀ ਕੀਤਾ ਹੋਵੇਗਾ, ਵਰਨਾ, ਏਅਰ ਫੋਰਸ ਵਾਲਿਆਂ, ਜੋ ਉਸਨੂੰ ਤਸੱਲੀਆਂ ਦੇ ਰਹੇ ਸਨ, ਨੇ ਉਸ ਮਰਦ ਨੂੰ ਸਜ਼ਾ ਦਿੱਤੀ ਹੁੰਦੀ, ਜਿਸ ਨੇ ਪੇਗੀ ਨੂੰ ਰੁਲਾਇਆ ਸੀ। ਉਸਨੂੰ ਕਿਹਾ ਹੁੰਦਾ ਕਿ ਉਹ ਆਪਣਾ ਮੂੰਹ ਸੰਭਾਲੇ। ਉਹ ਸ਼ਾਇਦ ਉਸਨੂੰ ਬਾਹਰ ਲੈ ਗਏ ਹੁੰਦੇ ਅਤੇ ਉਸ ਦੀ ਮਾਰ ਕੁਟਾਈ ਵੀ ਕਰਦੇ।
ਇਸ ਲਈ, ਇਹ ਪੇਗੀ ਨਹੀਂ ਸੀ, ਨਾ ਉਸ ਦੇ ਅੱਥਰੂ ਸਨ ਨਾ ਹੀ ਉਸ ਦੀ ਬਿਖਰੀ ਬਿਖਰੀ ਸੂਰਤ ਜਿਸ ਵਿੱਚ ਮੈਨੂੰ ਦਿਲਚਸਪੀ ਹੁੰਦੀ। ਉਹ ਤਾਂ ਮੈਨੂੰ ਵਾਰ ਵਾਰ ਖ਼ੁਦ ਆਪਣੀ ਹੀ ਯਾਦ ਕਰਾਉਂਦੀ ਸੀ। ਹੈਰਾਨੀ ਤਾਂ ਮੈਨੂੰ ਉਸਨੂੰ ਤਸੱਲੀਆਂ ਦੇਣ ਵਾਲਿਆਂ ਉੱਤੇ ਹੋ ਰਹੀ ਸੀ। ਉਹ ਕਿਵੇਂ, ਉਸ ਦੇ ਸਾਹਮਣੇ ਸਿਰ ਝੁਕਾਈਂ ਨਿਮਰਤਾ ਨਾਲ ਖੜੇ ਉਸਨੂੰ ਕੁਝ ਕਹਿ ਰਹੇ ਸਨ। ਕੀ ਕਹਿ ਰਹੇ ਸਨ? ਕੁੱਝ ਵੀ ਖ਼ਾਸ ਨਹੀਂ। ‘ਠੀਕ ਹੈ’, ਉਨ੍ਹਾਂ ਨੇ ਕਿਹਾ ਸੀ, ‘ਸਭ ਠੀਕ ਹੈ, ਪੇਗੀ,’ ਉਹ ਇਹ ਵੀ ਬੋਲੇ ਸਨ, “ਪੇਗੀ। ਸਭ ਠੀਕ ਹੈ, ਸਭ ਠੀਕ ਹੈ।”
ਅਜਿਹੀ ਕੋਮਲਤਾ। ਕੀ ਕੋਈ ਇੰਨਾ ਵੀ ਕੋਮਲ-ਚਿੱਤ ਅਤੇ ਦਿਆਲੂ ਹੋ ਸਕਦਾ ਸੀ।
ਇਹ ਠੀਕ ਹੈ ਕਿ ਇਹ ਨੌਜਵਾਨ, ਜਿਨ੍ਹਾਂ ਨੂੰ ਸਾਡੇ ਇਲਾਕ਼ੇ ਵਿੱਚ ਬੰਬਾਰੀ ਦੀ ਸਿਖਲਾਈ ਲਈ ਲਿਆਂਦਾ ਗਿਆ ਸੀ ਅਤੇ ਅਜਿਹੀਆਂ ਮੁਹਿੰਮਾਂ ਵਿੱਚ ਬਹੁਤ ਸਾਰਿਆਂ ਨੇ ਮਾਰਿਆ ਵੀ ਜਾਣਾ ਸੀ, ਸ਼ਾਇਦ ਕੋਰਨਵਾਲ ਜਾਂ ਕੈਂਟ ਜਾਂ ਹੁਲ ਜਾਂ ਸਕਾਟਲੈਂਡ ਦੇ ਲਹਿਜ਼ੇ ਵਿੱਚ ਗੱਲ ਕਰ ਰਹੇ ਸਨ। ਪਰ ਮੈਨੂੰ ਉਸ ਵਕਤ ਲੱਗਾ ਸੀ ਕਿ ਉਹ ਮਿਹਰਬਾਨ ਸ਼ਬਦਾਂ ਦੇ ਇਲਾਵਾ ਹੋਰ ਕੋਈ ਸ਼ਬਦ ਅਦਾ ਹੀ ਨਹੀਂ ਕਰ ਰਹੇ ਸਨ। ਮੈਨੂੰ ਇਹ ਅਹਿਸਾਸ ਹੀ ਨਾ ਹੋਇਆ ਸੀ ਕਿ ਉਨ੍ਹਾਂ ਦੇ ਭਵਿੱਖ ਤਬਾਹੀ ਨਾਲ ਨੱਥੀ ਸਨ ਜਾਂ ਇਹ ਕਿ ਉਨ੍ਹਾਂ ਦੀਆਂ ਆਮ ਜ਼ਿੰਦਗੀਆਂ ਖਿੜਕੀ ਤੋਂ ਬਾਹਰ ਉਡਾਰੀ ਮਾਰ ਗਈਆਂ ਸਨ ਅਤੇ ਧੜੰਮ ਦੇਣੀਂ ਜ਼ਮੀਨ ਉੱਤੇ ਡਿੱਗ ਕੇ ਚਕਨਾਚੂਰ ਹੋ ਚੁੱਕੀਆਂ ਸਨ। ਮੈਨੂੰ ਤਾਂ ਬਸ ਉਨ੍ਹਾਂ ਦੇ ਮਿਹਰਬਾਨ ਸਲੀਕੇ ਨਾਲ ਗ਼ਰਜ਼ ਸੀ, ਖ਼ਾਸਕਰ ਜਦੋਂ ਬੰਦਾ ਉਸ ਨੂੰ ਵਸੂਲ ਕਰਨ ਵਾਲਾ ਹੋਵੇ। ਪੇਗੀ ਹੈਰਾਨਕੁਨ ਹੱਦ ਤੱਕ ਖ਼ੁਸ਼-ਕ਼ਿਸਮਤ ਸੀ ਜਿਸਦੀ ਉਹ ਸ਼ਾਇਦ ਹੱਕਦਾਰ ਵੀ ਨਹੀਂ ਸੀ।
ਅਤੇ ਮੈਨੂੰ ਯਾਦ ਵੀ ਨਹੀਂ ਕਿ ਮੈਂ ਕਿੰਨਾ ਅਰਸਾ ਉਨ੍ਹਾਂ ਦੇ ਬਾਰੇ ਵਿੱਚ ਸੋਚਦੀ ਰਹੀ। ਆਪਣੇ ਹਨੇਰੇ ਅਤੇ ਠੰਡੇ ਸੌਣ ਵਾਲੇ ਕਮਰੇ ਵਿੱਚ, ਉਹ ਮੈਨੂੰ ਨੀਂਦ ਦੇ ਹੁਲਾਰੇ ਦਿੰਦੇ ਰਹੇ। ਮੈਂ ਉਨ੍ਹਾਂ ਨੂੰ ਯਾਦ ਕਰ ਸਕਦੀ ਸੀ, ਉਨ੍ਹਾਂ ਦੇ ਚੇਹਰਿਆਂ ਅਤੇ ਅਵਾਜ਼ਾਂ ਨੂੰ ਤਲਬ ਕਰ ਸਕਦੀ ਸੀ … ਪਰ ਓਹ, ਇਸ ਨਾਲੋਂ ਵੀ ਕੁੱਝ ਅੱਗੇ ਹੁਣ ਉਨ੍ਹਾਂ ਦੀਆਂ ਅਵਾਜ਼ਾਂ, ਕਿਸੇ ਹੋਰ ਐਰੇ-ਗੈਰੇ ਨੂੰ ਨਹੀਂ, ਮੈਨੂੰ ਮੁਖ਼ਾਤਬ ਸਨ। ਅਤੇ ਉਨ੍ਹਾਂ ਦੇ ਹੱਥ ਮੇਰੇ ਪਤਲੇ ਪੱਟਾਂ ਨੂੰ ਸਹਿਲਾ ਰਹੇ ਸਨ ਅਤੇ ਉਨ੍ਹਾਂ ਦੀ ਅਵਾਜ਼ਾਂ ਮੈਨੂੰ ਭਰੋਸਾ ਦਿਵਾ ਰਹੀਆਂ ਸੀ ਕਿ ਮੈਂ ਵੀ ਪਿਆਰੇ ਜਾਣ ਦੇ ਯੋਗ ਸੀ।
ਅਤੇ ਜਦੋਂ ਅਜੇ ਉਹ ਲੱਜ਼ਤ ਦੀ ਸਿਖਰ ਦੀਆਂ ਮੇਰੀਆਂ ਖ਼ਿਆਲ ਉਡਾਰੀਆਂ ਤੋਂ ਪਹਿਲਾਂ ਦੇ ਆਲਮ ਦੇ ਹੀ ਵਾਸੀ ਸਨ ਕਿ ਉਹ ਚਲੇ ਗਏ। ਕੁੱਝ…ਸ਼ਾਇਦ ਨਹੀਂ… ਬਹੁਤ ਸਾਰੇ…ਹਮੇਸ਼ਾ ਹਮੇਸ਼ਾ ਲਈ ਦੁਨੀਆ ਤੋਂ ਹੀ ਚਲੇ ਗਏ ਸਨ।
– ਅਨੁਵਾਦ: ਚਰਨ ਗਿੱਲ
Leave a Reply