ਬੰਦੇ ਨੂੰ ਕਿੰਨੀ ਜ਼ਮੀਨ ਦੀ ਲੋੜ? ਤਾਲਸਤਾਏ ਦੀ ਅਮਰ ਕਹਾਣੀ

by

(ਇਸ ਕਹਾਣੀ ਤੋਂ ਮਹਾਤਮਾ ਗਾਂਧੀ ਬਹੁਤ ਪ੍ਰਭਾਵਿਤ ਹੋਏ ਸਨ। ਉਨ੍ਹਾਂ ਨੇ ਇਸਦਾ ਅਨੁਵਾਦ ਗੁਜਰਾਤੀ ਵਿੱਚ ਕੀਤਾ ਸੀ ਅਤੇ ਇਸਦੀਆਂ ਬਹੁਤ-ਸਾਰੀਆਂ ਕਾਪੀਆਂ ਪਾਠਕਾਂ ਵਿੱਚ ਵੰਡਵਾ ਦਿੱਤੀਆਂ ਸਨ। ਇੱਥੇ ਹਿੰਦੀ ਲੇਖਕ ਸ਼੍ਰੀ ਜੈਨੇਂਦਰ ਕੁਮਾਰ ਜੀ ਦੁਆਰਾ ਕੀਤੇ ਹਿੰਦੀ ਭਾਵਾਨੁਵਾਦ ਦਾ ਪੰਜਾਬੀ ਰੂਪ ਹਾਜ਼ਰ ਹੈ। ਇਸ ਵਿੱਚ ਉਨ੍ਹਾਂ ਨੇ ਪਾਤਰਾਂ ਦੇ ਨਾਮ ਬਦਲ ਦਿੱਤੇ ਹਨ ਅਤੇ ਰੂਸੀ ਦੀ ਜਗ੍ਹਾ ਰੰਗ ਵੀ ਭਾਰਤੀ ਕਰ ਦਿੱਤਾ ਹੈ।)

ਦੋ ਭੈਣਾਂ ਸਨ। ਵੱਡੀ ਦਾ ਕਸਬੇ ਵਿੱਚ ਇੱਕ ਸੌਦਾਗਰ ਨਾਲ ਵਿਆਹ ਹੋਇਆ ਸੀ। ਛੋਟੀ ਪਿੰਡ ਵਿੱਚ ਕਿਸਾਨ ਦੇ ਘਰ ਵਿਆਹੀ ਸੀ।

ਵੱਡੀ ਦਾ ਆਪਣੀ ਛੋਟੀ ਭੈਣ ਦੇ ਆਣਾ ਹੋਇਆ। ਕੰਮ ਮੁਕਾ ਕੇ ਦੋਨੋਂ ਜਣੀਆਂ ਬੈਠੀਆਂ ਤਾਂ ਗੱਲਾਂ ਦਾ ਸਿਲਸਲਾ ਚੱਲ ਪਿਆ। ਵੱਡੀ ਆਪਣੇ ਸ਼ਹਿਰ ਦੇ ਜੀਵਨ ਦੀ ਤਾਰੀਫ਼ ਕਰਨ ਲੱਗੀ, ‘‘ਵੇਖੋ, ਕਿਵੇਂ ਆਰਾਮ ਨਾਲ ਅਸੀਂ ਰਹਿੰਦੇ ਹਾਂ। ਫੈਂਸੀ ਕੱਪੜੇ ਹੋਰ ਠਾਠ ਦੇ ਸਾਮਾਨ! ਤਰ੍ਹਾਂ ਤਰ੍ਹਾਂ ਦੀਆਂ ਸੁਆਦਲੀਆਂ ਚੀਜਾਂ ਖਾਣ-ਪੀਣ ਨੂੰ, ਅਤੇ ਫਿਰ ਖੇਲ ਤਮਾਸ਼ੇ -ਥੀਏਟਰ, ਬਾਗ਼-ਬਗੀਚੇ! ’’

ਛੋਟੀ ਭੈਣ ਨੂੰ ਗੱਲ ਲੱਗ ਗਈ। ਆਪਣੀ ਵਾਰੀ ਤੇ ਉਸਨੇ ਸੌਦਾਗਰ ਦੀ ਜ਼ਿੰਦਗੀ ਨੂੰ ਨੀਵਾਂ ਦੱਸਿਆ ਅਤੇ ਕਿਸਾਨ ਦਾ ਪੱਖ ਲਿਆ। ਕਿਹਾ, ‘‘ਮੈਂ ਤਾਂ ਆਪਣੀ ਜ਼ਿੰਦਗੀ ਦਾ ਤੁਹਾਡੇ ਨਾਲ ਅਦਲਾ-ਬਦਲੀ ਕਦੇ ਨਾ ਕਰਾਂ। ਅਸੀਂ ਸਿੱਧਾ ਸਾਦਾ ਅਤੇ ਰੁੱਖੀ ਸੁੱਖੀ ਨਾਲ ਜੀਵਨ ਬਤੀਤ ਕਰਦੇ ਹਨ ਤਾਂ ਕੀ, ਚਿੰਤਾ-ਫ਼ਿਕਰ ਤੋਂ ਤਾਂ ਛੁੱਟੇ ਹਾਂ। ਤੁਸੀਂ ਲੋਕ ਸਜ-ਧਜ ਕੇ ਰਹਿੰਦੇ ਹੋ, ਤੁਹਾਡੀ ਆਮਦਨੀ ਬਹੁਤ ਹੈ, ਲੇਕਿਨ ਇੱਕ ਰੋਜ਼ ਉਹ ਸਭ ਹਵਾ ਵੀ ਹੋ ਸਕਦਾ ਹੈ, ਦੀਦੀ। ਕਹਾਵਤ ਹੈ ਹੀ: ‘ਨਫ਼ਾ ਨੁਕਸਾਨ ਦੋਵੇਂ ਜੁੜਵੇਂ ਭਰਾ।’ ਅਕਸਰ ਹੁੰਦਾ ਹੈ ਕਿ ਜੋ ਅੱਜ ਤਾਂ ਅਮੀਰ ਹੈ ਕੱਲ ਉਹੀ ਟੁਕੜੇ ਨੂੰ ਮੁਹਤਾਜ ਹੋ ਜਾਂਦਾ ਹੈ। ਤੇ ਸਾਡੇ ਪਿੰਡ ਦੇ ਜੀਵਨ ਵਿੱਚ ਇਹ ਜੋਖ਼ਮ ਨਹੀਂ ਹੈ। ਕਿਸਾਨੀ ਜ਼ਿੰਦਗੀ ਚਮਕ ਦਮਕ ਵਾਲੀ ਨਹੀਂ ਤਾਂ ਕੀ, ਉਮਰ ਲੰਮੀ ਹੁੰਦੀ ਹੈ ਅਤੇ ਮਿਹਨਤ ਨਾਲ ਤੰਦੁਰੁਸਤੀ ਵੀ ਬਣੀ ਰਹਿੰਦੀ ਹੈ। ਅਸੀਂ  ਮਾਲਦਾਰ ਨਹੀਂ ਕਹਾਵਾਂਗੇ: ਪਰ ਸਾਡੇ ਕੋਲ ਖਾਣ ਦੀ ਕਮੀ ਵੀ ਕਦੇ ਨਹੀਂ ਹੋਵੇਗੀ।’’

ਵੱਡੀ ਭੈਣ ਨੇ ਤਾਣ ਨਾਲ ਕਿਹਾ, ‘‘ਬਸ-ਬਸ, ਢਿੱਡ ਤਾਂ ਬੈਲ ਤੇ ਕੁੱਤਾ ਵੀ ਭਰ ਲੈਂਦੇ ਨੇ। ਤੇ ਇਹ ਵੀ ਕੋਈ ਜ਼ਿੰਦਗੀ ਹੈ? ਤੈਨੂੰ ਜੀਵਨ ਦੇ ਆਰਾਮ, ਅਦਬ ਅਤੇ ਖੁਸ਼ੀ ਦਾ ਕੀ ਪਤਾ? ਤੇਰਾ ਮਰਦ ਜਿੰਨੀ ਮਰਜ਼ੀ ਮਿਹਨਤ ਕਰੇ, ਜਿਸ ਹਾਲਤ ਵਿੱਚ ਤੁਸੀਂ ਜੰਮੇ ਹੋ, ਉਸੀ ਹਾਲਤ ਵਿੱਚ ਮਰੋਗੇ। ਉਹੀ ਸਾਰੇ ਪਾਸੇ ਗੋਬਰ ਗੋਹਾ, ਤੂੜੀ, ਮਿੱਟੀ! ਅਤੇ ਇਹੀ ਕੁਝ ਤੁਹਾਡੇ ਬੱਚਿਆਂ ਦੀ ਕਿਸਮਤ ਵਿੱਚ ਲਿਖਿਆ ਹੈ।’’

ਛੋਟੀ ਨੇ ਕਿਹਾ, ‘‘ਤਾਂ ਕੀ ਹੋਇਆ! ਹਾਂ, ਸਾਡਾ ਕੰਮ ਚਮਕ ਦਮਕ ਵਾਲਾ ਨਹੀਂ; ਲੇਕਿਨ ਸਾਨੂੰ ਕਿਸੇ ਦੇ ਅੱਗੇ ਝੁਕਣ ਦੀ ਵੀ ਲੋੜ ਨਹੀਂ। ਸ਼ਹਿਰ ਵਿੱਚ ਤੁਸੀਂ ਹਜ਼ਾਰ ਲਾਲਚਾਂ ਵਿੱਚ ਘਿਰੇ ਰਹਿੰਦੇ ਹੋ। ਅੱਜ ਨਹੀਂ ਤਾਂ ਕੱਲ ਦੀ ਕੀ ਖ਼ਬਰ ਹੈ! ਕੱਲ ਤੁਹਾਡੇ ਆਦਮੀ ਪਾਪ ਲੋਭ-ਜੂਏ, ਸ਼ਰਾਬ ਅਤੇ ਦੂਜੀ ਬੁਰਾਈਆਂ ਵਿੱਚ ਫਸ ਸਕਦੇ ਹਨ, ਤਦ ਘੜੀ ਭਰ ਵਿੱਚ ਸਭ ਬਰਬਾਦ ਹੋ ਜਾਏਗਾ। ਕੀ ਅਕਸਰ ਅਜਿਹੀਆਂ ਗੱਲਾਂ ਨਹੀਂ ਹੁੰਦੀਆਂ?’’

ਘਰ ਦਾ ਮਾਲਿਕ ਦੀਨਾ ਦੁਆਸਮੇ ਵਿੱਚ ਪਿਆ ਔਰਤਾਂ ਦੀ ਇਹ ਗੱਲ ਸੁਣ ਰਿਹਾ ਸੀ। ਉਸਨੇ ਸੋਚਿਆ ਕਿ ਗੱਲ ਤਾਂ ਖਰੀ ਹੈ। ਬਚਪਨ ਤੋਂ ਮਾਂ ਧਰਤੀ ਦੀ ਸੇਵਾ ਵਿੱਚ ਅਸੀਂ ਏਨੇ ਲੱਗੇ ਰਹਿੰਦੇ ਹਾਂ ਕਿ ਕੋਈ ਵਿਅਰਥ ਦੀ ਗੱਲ ਸਾਡੇ ਮਨ ਵਿੱਚ ਘਰ ਨਹੀਂ ਕਰਦੀ। ਬਸ, ਮੁਸ਼ਕਲ ਇੱਕ ਹੈ ਕਿ ਸਾਡੇ ਕੋਲ ਜ਼ਮੀਨ ਕਾਫ਼ੀ ਨਹੀਂ ਹੈ। ਜ਼ਮੀਨ ਖ਼ੂਬ ਹੋਵੇ ਤਾਂ ਮੈ ਕਿਸੇ ਦੀ ਭੋਰਾ ਪਰਵਾਹ ਨਾ ਕਰਾਂ, ਚਾਹੇ ਸ਼ੈਤਾਨ ਹੀ ਕਿਉਂ ਨਾ ਹੋਵੇ!

ਉਥੇ ਹੀ ਕੋਨੇ ਵਿੱਚ ਸ਼ੈਤਾਨ ਦੁਬਕਿਆ ਬੈਠਾ ਸੀ। ਉਸਨੇ ਸਭ ਕੁੱਝ ਸੁਣਿਆ। ਉਹ ਖ਼ੁਸ਼ ਸੀ ਕਿਸਾਨ ਦੀ ਪਤਨੀ ਨੇ ਪਿੰਡ ਦੀ ਤਾਰੀਫ਼ ਕਰਕੇ ਆਪਣੇ ਆਦਮੀ ਨੂੰ ਡੀਂਗ ਤੇ ਚੜ੍ਹਾ ਦਿੱਤਾ। ਵੇਖੋ ਨਾ, ਕਹਿੰਦਾ ਸੀ ਕਿ ਜ਼ਮੀਨ ਖ਼ੂਬ ਹੋਵੇ ਤਾਂ ਫਿਰ ਚਾਹੇ ਸ਼ੈਤਾਨ ਵੀ ਆ ਜਾਵੇ, ਤਾਂ ਪਰਵਾਹ ਨਹੀਂ।

ਸ਼ੈਤਾਨ ਨੇ ਮਨ ਵਿੱਚ ਕਿਹਾ ਕਿ ਅੱਛਾ ਹਜ਼ਰਤ, ਇਹੀ ਫੈਸਲਾ ਠੀਕ। ਮੈਂ ਤੁਹਾਨੂੰ ਕਾਫ਼ੀ ਜ਼ਮੀਨ ਦੇਵਾਂਗਾ ਤੇ ਵੇਖਣਾ ਕਿ ਉਸ ਨਾਲ ਤੂੰ ਮੇਰੇ ਚੁੰਗਲ ਵਿੱਚ ਫਸਦਾ ਹੈਂ ਕਿ ਨਹੀਂ।

ਪਿੰਡ ਦੇ ਕੋਲ ਹੀ ਜ਼ਿਮੀਂਦਾਰੀ ਦੀ ਮਾਲਕਨ ਦੀ ਕੋਠੀ ਸੀ। ਕੋਈ ਤਿੰਨ ਸੌ ਏਕੜ  ਉਸਦੀ ਜ਼ਮੀਨ ਸੀ। ਉਨ੍ਹਾਂ ਦੇ ਆਪਣੀਆਂ ਆਸਾਮੀਆਂ ਦੇ ਨਾਲ ਸੋਹਣੇ ਵਧੀਆ ਸੰਬੰਧ ਰਹੇ ਸਨ; ਲੇਕਿਨ ਉਨ੍ਹਾਂ ਨੇ ਇੱਕ ਕਾਰਿੰਦਾ ਰੱਖਿਆ, ਜੋ ਪਹਿਲਾਂ ਫੌਜ ਵਿੱਚ ਰਿਹਾ ਸੀ। ਉਸਨੇ ਆ ਕੇ ਲੋਕਾਂ ਤੇ ਜੁਰਮਾਨੇ ਠੋਕਣੇ ਸ਼ੁਰੂ ਕਰ ਦਿੱਤੇ।

ਦੀਨੇ ਦਾ ਇਹ ਹਾਲ ਸੀ ਕਿ ਉਹ ਬਹੁਤਾ ਧਿਆਨ ਰੱਖਦਾ, ਫਿਰ ਵੀ ਕਦੇ ਤਾਂ ਉਸਦਾ ਬੈਲ ਜ਼ਿਮੀਂਦਾਰਨ ਦੀ ਚਰੀ ਵਿੱਚ ਪਹੁੰਚ ਜਾਂਦਾ, ਕਦੇ ਗਾਂ ਬਗੀਚੀ ਵਿੱਚ ਚਰਦੀ ਫੜੀ ਜਾਂਦੀ। ਹੋਰ ਨਹੀਂ ਤਾਂ ਉਨ੍ਹਾਂ ਦੀ ਰੱਖੀ ਹੋਈ ਘਾਹ ਵਿੱਚ ਵਛੇਰੀ-ਬੱਛੜਾ ਹੀ ਜਾ ਮੂੰਹ ਮਾਰਦੇ। ਹਰ ਵਾਰ ਦੀਨੇ ਨੂੰ ਜੁਰਮਾਨਾ ਦੇਣਾ ਪੈਂਦਾ। ਜੁਰਮਾਨਾ ਤਾਂ ਉਹ ਦੇ ਦਿੰਦਾ, ਪਰ ਮਨ ਬਹੁਤ ਦੁਖੀ ਹੁੰਦਾ। ਉਹ ਖਿਝਦਾ ਕ੍ਰਿਝਦਾ ਘਰ ਪੁੱਜਦਾ ਅਤੇ ਆਪਣੀ ਸਾਰੀ ਚਿੜ ਘਰ ਵਿੱਚ ਉਤਾਰਦਾ। ਸਾਰਾ ਸਿਆਲ ਕਾਰਿੰਦੇ ਦੀ ਵਜ੍ਹਾ ਕਰਕੇ ਉਸਨੂੰ ਅਜਿਹਾ ਤਰਾਸ ਭੁਗਤਣਾ ਪਿਆ।

ਅਗਲੇ ਸਿਆਲ ਵਿੱਚ ਪਿੰਡ ਵਿੱਚ ਖ਼ਬਰ ਹੋਈ ਕਿ ਮਾਲਕਨ ਆਪਣੀ ਜ਼ਮੀਨ ਵੇਚ ਰਹੀ ਹੈ ਅਤੇ ਮੁਨਸ਼ੀ ਅਕਰਮ ਅਲੀ ਨਾਲ ਸੌਦੇ ਦੀ ਗੱਲਬਾਤ ਚੱਲ ਰਹੀ ਹੈ। ਕਿਸਾਨ ਸੁਣਕੇ ਚੌਕਤਰੇ ਹੋਏ। ਉਨ੍ਹਾਂ ਨੇ ਸੋਚਿਆ ਕਿ ਮੁਨਸ਼ੀ ਜੀ ਦੀ ਜ਼ਮੀਨ ਹੋਵੇਗੀ ਤਾਂ ਉਹ ਜ਼ਿਮੀਦਾਰਨ ਦੇ ਕਾਰਿੰਦੇ ਤੋਂ ਵੀ ਜ਼ਿਆਦਾ ਸਖਤੀ ਕਰਨਗੇ ਅਤੇ ਜੁਰਮਾਨੇ ਲਾਉਣਗੇ ਅਤੇ ਸਾਡੀ ਤਾਂ ਗੁਜ਼ਰ-ਬਸਰ ਇਸ ਜ਼ਮੀਨ ਦੇ ਸਿਰ ਤੇ ਹੈ।

ਇਹ ਸੋਚ ਕੇ ਕਿਸਾਨ ਮਾਲਕਨ ਦੇ ਕੋਲ ਗਏ। ਕਿਹਾ ਕਿ ਮੁਨਸ਼ੀ ਜੀ ਨੂੰ ਜ਼ਮੀਨ ਨਾ ਦਿਓ। ਅਸੀਂ  ਉਸ ਤੋਂ ਵੱਧਦੀ ਕੀਮਤ ਤੇ ਲੈਣ ਨੂੰ ਤਿਆਰ ਹਾਂ। ਮਾਲਕਨ ਰਾਜੀ ਹੋ ਗਈ।

ਤਦ ਕਿਸਾਨਾਂ ਨੇ ਕੋਸ਼ਿਸ਼ ਕੀਤੀ ਕਿ ਮਿਲਕੇ ਪਿੰਡ ਦੀ ਪੰਚਾਇਤ ਵੱਲੋਂ ਉਹ ਸਭ ਜ਼ਮੀਨ ਲੈ ਲਵੇ ਤਾਂ ਕਿ ਉਹ ਸਾਰਿਆਂ ਦੀ ਬਣੀ ਰਹੇ। ਦੋ ਵਾਰ ਇਸ ਤੇ ਵਿਚਾਰ ਕਰਨ ਲਈ ਪੰਚਾਇਤ ਜੁੜੀ ਪਰ ਫੈਸਲਾ ਨਹੀਂ ਹੋ ਸਕਿਆ। ਅਸਲ ਵਿੱਚ ਇਹ ਸਭ ਸ਼ੈਤਾਨ ਦੀ ਕਰਤੂਤ ਸੀ। ਉਸਨੇ ਉਨ੍ਹਾਂ ਦੇ ਵਿੱਚ ਫੁੱਟ ਪਾ ਦਿੱਤੀ ਸੀ। ਬਸ, ਤਦ ਉਹ ਮਿਲਕੇ ਕਿਸੇ ਇੱਕ ਮਤ ਤੇ ਆ ਹੀ ਨਹੀਂ ਸਕੇ। ਤੈਅ ਹੋਇਆ ਕਿ ਵੱਖ-ਵੱਖ ਕਰਕੇ ਹੀ ਉਹ ਜ਼ਮੀਨ ਲੈ ਲਈ ਜਾਵੇ। ਹਰ ਕੋਈ ਆਪਣੇ ਬੁੱਤੇ ਦੇ ਹਿਸਾਬ ਲੈ ਲਵੇ। ਮਾਲਕਨ ਪਹਿਲਾਂ ਦੀ ਤਰ੍ਹਾਂ ਇਸ ਗੱਲ ਤੇ ਵੀ ਰਾਜੀ ਹੋ ਗਈ।

ਏਨੇ ਵਿੱਚ ਦੀਨੇ ਨੂੰ ਪਤਾ ਲਗਿਆ ਕਿ ਇੱਕ ਗੁਆਂਢੀ ਇਕੱਠੀ ਪੰਜਾਹ ਏਕੜ  ਜ਼ਮੀਨ ਲੈ ਰਿਹਾ ਹੈ ਅਤੇ ਜ਼ਿਮੀਦਾਰਨ ਰਾਜੀ ਹੋ ਗਈ ਹੈ ਕਿ ਅੱਧਾ ਰੁਪਿਆ ਹੁਣੇ ਨਕਦ ਲੈ ਲਵੇ, ਬਾਕੀ ਸਾਲ ਭਰ ਬਾਅਦ ਚੁਕਦਾ ਹੋ ਜਾਏਗਾ। ਦੀਨੇ ਨੇ ਆਪਣੀ ਇਸਤਰੀ ਨੂੰ ਕਿਹਾ ਕਿ ਦੂਜੇ ਜ਼ਮੀਨ ਖਰੀਦ ਰਹੇ ਹਨ। ਸਾਨੂੰ ਵੀ ਵੀਹ ਤੀਹ ਏਕੜ ਜ਼ਮੀਨ ਲੈ ਲੈਣੀ ਚਾਹੀਦੀ ਹੈ। ਜੀਣਾ ਤਾਂ ਉਂਜ ਹੀ ਦੁਭਰ ਹੋ ਰਿਹਾ ਹੈ ਅਤੇ ਉਹ ਕਰਿੰਦਾ ਜੁਰਮਾਨੇ-ਤੇ-ਜੁਰਮਾਨੇ ਠੋਕ ਕੇ ਸਾਨੂੰ ਬਰਬਾਦ ਹੀ ਕਰ ਦੇਵੇਗਾ।

ਉਨ੍ਹਾਂ ਦੋਨਾਂ ਨੇ ਮਿਲਕੇ ਵਿਚਾਰ ਕੀਤਾ ਕਿ ਕਿਸ ਤਰਕੀਬ ਜ਼ਮੀਨ ਖਰੀਦੀ ਜਾਵੇ। ਸੌ ਕਲਦਾਰ ਤਾਂ ਉਨ੍ਹਾਂ ਦੇ ਕੋਲ ਬਚੇ ਹੋਏ ਰੱਖੇ ਸਨ। ਇੱਕ ਉਨ੍ਹਾਂ ਨੇ ਪਲਿਆ ਹੋਇਆ ਆਪਣਾ ਬੱਛੜਾ ਵੇਚ ਦਿੱਤਾ। ਕੁੱਝ ਮਾਲ ਗਹਿਣੇ ਰੱਖਿਆ। ਆਪਣੇ ਵੱਡੇ ਬੇਟੇ ਨੂੰ ਮਜ਼ਦੂਰੀ ਤੇ ਲਾ ਕੇ ਉਸਦੀ ਨੌਕਰੀ ਦੇ ਬਦਲੇ ਕੁੱਝ ਰੁਪਿਆ ਪੇਸ਼ਗੀ ਲੈ ਲਿਆ। ਬਾਕੀ ਰਹਿੰਦਾ ਆਪਣੀ ਘਰਵਾਲੀ ਦੇ ਭਾਈ ਤੋਂ ਉਧਾਰ ਲੈ ਲਿਆ। ਇਸ ਤਰ੍ਹਾਂ ਕੋਈ ਅੱਧੀ ਰਕਮ ਉਨ੍ਹਾਂ ਨੇ ਇਕੱਠੀ ਕਰ ਲਈ।

ਕਰ ਕਰਾਕੇ ਦੀਨੇ ਨੇ ਇੱਕ ਚਾਲ੍ਹੀ ਏਕੜ ਜ਼ਮੀਨ ਦਾ ਟੁਕੜਾ ਪਸੰਦ ਕੀਤਾ, ਜਿਸ ਦੇ ਕੁੱਝ ਹਿੱਸੇ ਵਿੱਚ ਦਰਖ਼ਤ ਵੀ ਖੜੇ ਸਨ। ਮਾਲਕਨ ਦੇ ਕੋਲ ਉਸਦਾ ਸੌਦਾ ਕਰਨ ਅੱਪੜਿਆ। ਸੌਦਾ ਸਿਰੇ ਚੜ੍ਹ ਗਿਆ ਤੇ ਮੌਕੇ ਤੇ ਹੀ ਉਸਨੇ ਸਾਈ ਵੀ ਦੇ ਦਿੱਤੀ। ਫਿਰ ਕਸਬੇ ਵਿੱਚ ਜਾਕੇ ਲਿਖਾ-ਪੜ੍ਹੀ ਪੱਕੀ ਕਰ ਲਈ।

ਹੁਣ ਦੀਨੇ ਦੇ ਕੋਲ ਆਪਣੀ ਨਿਜੀ ਜ਼ਮੀਨ ਸੀ। ਉਸਨੇ ਬੀਜ ਖਰੀਦਿਆ ਅਤੇ ਆਪਣੀ ਜ਼ਮੀਨ ਤੇ ਬੀਜਿਆ, ਇਸ ਤਰ੍ਹਾਂ ਉਹ ਹੁਣ ਆਪ ਜ਼ਿਮੀਦਾਰ ਹੋ ਗਿਆ।

ਇਸ ਤਰ੍ਹਾਂ ਦੀਨਾ ਕਾਫ਼ੀ ਖੁਸ਼ਹਾਲ ਹੋ ਗਿਆ ਸੀ। ਉਸਦੇ ਸੰਤੋਖ ਵਿੱਚ ਕੋਈ ਕਮੀ ਨਹੀਂ ਸੀ ਰਹਿਣੀ ਜੇਕਰ ਬਸ ਗੁਆਂਢੀਆਂ ਵੱਲੋਂ ਉਸਨੂੰ ਪੂਰਾ ਚੈਨ ਮਿਲ ਜਾਂਦਾ। ਕਦੇ-ਕਦੇ ਉਸ ਦੇ ਖੇਤਾਂ ਵਿੱਚ ਗੁਆਂਢੀਆਂ ਦੇ ਮਵੇਸ਼ੀ ਆ ਚਰਦੇ। ਦੀਨੇ ਨੇ ਬਹੁਤ ਬੇਨਤੀਆਂ ਕੀਤੀਆਂ, ਪਿਆਰ ਨਾਲ ਸਮਝਾਇਆ, ਲੇਕਿਨ ਕੋਈ ਫਰਕ ਨਹੀਂ ਪਿਆ। ਉਸਦੇ ਬਾਅਦ ਹੋਰ-ਤਾਂ-ਹੋਰ, ਅਹੀਰ ਛੋਕਰੇ ਪਿੰਡ ਦੀਆਂ ਗਊਆਂ ਨੂੰ ਦਿਨ ਦਿਹਾੜੇ ਉਸਦੀ ਜ਼ਮੀਨ ਵਿੱਚ ਛੱਡਣ ਲੱਗ ਪਏ। ਰਾਤ ਨੂੰ ਬੈਲ ਖੇਤਾਂ ਦਾ ਨੁਕਸਾਨ ਕਰਦੇ। ਦੀਨੇ ਨੇ ਉਨ੍ਹਾਂ ਨੂੰ ਵਾਰ ਵਾਰ ਨਿਕਲਵਾਇਆ ਅਤੇ ਵਾਰ ਵਾਰ ਉਸਨੇ ਉਨ੍ਹਾਂ ਦੇ ਮਾਲਿਕਾਂ ਨੂੰ ਮਾਫ਼ ਕੀਤਾ। ਇੱਕ ਅਰਸੇ ਤੱਕ ਉਹਨੇ ਸਬਰ ਰੱਖਿਆ ਅਤੇ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਕੀਤੀ। ਪਰ ਕਦੋਂ ਤੱਕ? ਆਖ਼ਰ ਉਸਦਾ ਸਬਰ ਮੁੱਕ ਗਿਆ ਅਤੇ ਉਸਨੇ ਅਦਾਲਤ ਵਿੱਚ ਦਰਖ਼ਾਸਤ ਦਿੱਤੀ। ਮਨ ਵਿੱਚ ਜਾਣਦਾ ਤਾਂ ਸੀ ਕਿ ਮੁਸੀਬਤ ਦੀ ਵਜ੍ਹਾ ਅਸਲੀ ਇਹ ਹੈ ਕਿ ਹੋਰਨਾਂ ਲੋਕਾਂ ਕੋਲ ਜ਼ਮੀਨ ਦੀ ਕਮੀ ਹੈ, ਜਾਣ-ਬੁੱਝਕੇ ਦੀਨੇ ਨੂੰ ਪਰੇਸ਼ਾਨ ਕਰਨ ਦੀ ਮੰਸ਼ਾ ਕਿਸੇ ਦੀ ਨਹੀਂ ਸੀ। ਪਰ ਉਸਨੇ ਸੋਚਿਆ ਕਿ ਇਸ ਤਰ੍ਹਾਂ ਮੈਂ ਨਰਮਾਈ ਦਿਖਾਂਦਾ ਜਾਵਾਂਗਾ, ਤਾਂ ਉਹਨਾਂ ਲੋਕਾ ਨੂੰ ਸ਼ਹਿ ਮਿਲਦੀ ਜਾਏਗੀ ਅਤੇ ਮੇਰੇ ਕੋਲ ਜੋ ਹੈ ਉਹ ਸਭ ਬਰਬਾਦ ਕਰ ਦੇਣਗੇ। ਨਹੀਂ,ਉਨ੍ਹਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ।

ਸੋ ਉਸਨੇ ਠਾਨ ਲਈ। ਇੱਕ ਸਬਕ ਦਿੱਤਾ, ਦੂਜਾ ਦਿੱਤਾ। ਨਤੀਜਾ ਇਹ ਕਿ ਦੋ ਤਿੰਨ ਕਿਸਾਨਾਂ ਨੂੰ ਅਦਾਲਤ ਨੇ ਜੁਰਮਾਨਾ ਕਰ ਦਿੱਤਾ। ਬਸ ਫਿਰ ਕੀ! ਆਂਢ-ਗੁਆਂਢ ਦੇ ਲੋਕ ਦੀਨੇ ਨਾਲ ਖੁੰਦਕ ਰੱਖਣ ਲੱਗ ਪਏ। ਹੁਣ ਕਦੇ ਕਦੇ ਜਾਣ-ਬੁੱਝ ਕੇ ਵੀ ਤੰਗ ਕਰਨ ਲਈ ਆਪਣੇ ਮਵੇਸ਼ੀ ਉਸਦੇ ਖੇਤਾਂ ਵਿੱਚ ਛੱਡ ਦਿੰਦੇ। ਇੱਕ ਆਦਮੀ ਗਿਆ ਅਤੇ ਉਸਨੂੰ ਲੋੜ ਜੇਕਰ ਘਰ ਵਿੱਚ ਬਾਲਣ ਦੀ ਸੀ, ਤਾਂ ਉਸਨੇ ਰਾਤ ਨੂੰ ਜਾਣ ਕੇ ਪੂਰੇ ਸੱਤ ਟਾਹਲੀ ਦੇ ਦਰਖ਼ਤ ਕੱਟ ਗਿਰਾਏ। ਦੀਨੇ ਨੇ ਸਵੇਰੇ ਘੁੰਮਦੇ ਹੋਏ ਵੇਖਿਆ ਕਿ ਦਰਖ਼ਤ ਕੱਟੇ ਪਏ ਹਨ। ਉਹ ਧਰਤੀ ਤੇ ਲੰਮੇ ਪਏ ਹਨ ਅਤੇ ਉਨ੍ਹਾਂ ਦੀ ਜਗ੍ਹਾ ਖੜੇ ਡੁੰਡ ਜਾਣੋ ਦੀਨੇ ਨੂੰ ਚਿੜ੍ਹਾ ਰਹੇ ਹੋਣ। ਵੇਖਕੇ ਉਹਨੂੰ ਤੈਸ਼ ਆ ਗਿਆ।

ਉਸਨੇ ਸੋਚਿਆ ਕਿ ਜੇਕਰ ਦੁਸ਼ਟ ਨੇ ਇੱਕ ਦਰਖ਼ਤ ਏਥੋਂ ਤੇ ਦੂਜਾ ਪਰ੍ਹਾਂ ਤੋਂ ਕੱਟਿਆ ਹੁੰਦਾ ਤਾਂ ਵੀ ਗ਼ਨੀਮਤ ਸੀ। ਲੇਕਿਨ ਕਮਬਖ਼ਤ ਨੇ ਆਸਪਾਸ ਦੇ ਸਭ ਦਰਖ਼ਤ ਕੱਟ ਕੇ ਬਾਗ਼ ਹੀ ਉਜਾੜ ਦਿੱਤਾ। ਪਤਾ ਲੱਗੇ ਤਾਂ ਖ਼ਬਰ ਲਏ ਬਿਨਾਂ ਨਹੀਂ ਛਡੂੰਗਾ। ਉਸਨੇ ਇਹ ਜਾਣਨ ਲਈ ਸਿਰ ਖੁਰਕਿਆ ਕਿ ਇਹ ਕਰਤੂਤ ਕਿਸਦੀ ਹੋ ਸਕਦੀ ਹੈ। ਅਖ਼ੀਰ ਤੈਅ ਕੀਤਾ ਕਿ ਹੋ-ਨਾ-ਹੋ, ਇਹ ਧੁੰਨੂ ਹੋਵੇਗਾ। ਹੋਰ ਕੋਈ ਅਜਿਹਾ ਨਹੀਂ ਕਰ ਸਕਦਾ। ਇਹ ਸੋਚ ਕੇ ਉਹ ਧੁੰਨੂ ਦੀ ਤਰਫ਼ ਗਿਆ ਕਿ ਸ਼ਾਇਦ ਕੋਈ ਸਬੂਤ ਮਿਲ ਜਾਵੇ, ਪਰ ਓਥੇ ਚੋਰੀ ਦਾ ਕੋਈ ਸਬੂਤ ਨਹੀਂ ਮਿਲਿਆ ਅਤੇ ਆਪਸ ਵਿੱਚ ਬੋਲ ਬੁਲਾਰੇ ਅਤੇ ਵਧੋ ਵਧੀ ਦੇ ਸਿਵਾ ਕੁੱਝ ਨਤੀਜਾ ਨਾ ਨਿਕਲਿਆ। ਤਾਂ ਵੀ ਉਸਨੂੰ ਮਨ ਵਿੱਚ ਪੱਕਾ ਵਿਸ਼ਵਾਸ ਹੋ ਗਿਆ ਕਿ ਧੁੰਨੂ ਨੇ ਹੀ ਇਹ ਕੰਮ ਕੀਤਾ ਹੈ ਅਤੇ ਜਾਕੇ ਰਪਟ ਲਿਖਾ ਦਿੱਤੀ। ਧੁੰਨੂ ਦੀ ਪੇਸ਼ੀ ਹੋਈ, ਮਾਮਲਾ ਚੱਲਿਆ। ਇੱਕ ਅਦਾਲਤ ਤੋਂ ਦੂਜੀ ਅਦਾਲਤ ਹੋਈ। ਅਖ਼ੀਰ ਵਿੱਚ ਧੁੰਨੂ ਬਰੀ ਹੋ ਗਿਆ, ਕਿਉਂਕਿ ਕੋਈ ਸਬੂਤ ਅਤੇ ਗਵਾਹ ਹੀ ਨਹੀਂ ਸਨ। ਦੀਨਾ ਇਸ ਗੱਲ ਤੇ ਹੋਰ ਵੀ ਪਰੇਸ਼ਾਨ ਹੋ ਗਿਆ ਅਤੇ ਆਪਣਾ ਗੁੱਸਾ ਮਜਿਸਟਰੇਟ ਤੇ ਉਤਾਰਨ ਲੱਗਾ।

ਇਸ ਤਰ੍ਹਾਂ ਦੀਨੇ ਦਾ ਆਪਣੇ ਗੁਆਂਢੀਂਆਂ ਅਤੇ ਅਫਸਰਾਂ ਨਾਲ ਮਨ ਮੁਟਾਓ ਵਧਣ ਲੱਗਾ, ਇਥੋਂ ਤਕ ਕਿ ਉਸਦੇ ਘਰ ਨੂੰ ਵੀ ਅੱਗ ਲਗਾਉਣ ਦੀਆਂ ਗੱਲਾਂ ਵੀ ਸੁਣਨ ਵਿੱਚ ਆਉਣ ਲੱਗੀਆਂ। ਹਾਲਾਂਕਿ ਦੀਨੇ ਦੇ ਕੋਲ ਹੁਣ ਜ਼ਮੀਨ ਜ਼ਿਆਦਾ ਸੀ ਅਤੇ ਜ਼ਿਮੀਦਾਰਾਂ ਵਿੱਚ ਉਸ ਦੀ ਗਿਣਤੀ ਸੀ, ਪਰ ਪਿੰਡ ਵਿੱਚ ਅਤੇ ਪੰਚਾਂ ਵਿੱਚ ਉਸਦਾ ਪਹਿਲਾਂ-ਵਰਗਾ ਇੱਜਤ ਮਾਣ ਨਹੀਂ ਰਹਿ ਗਿਆ ਸੀ।

ਇਸੇ ਦੌਰਾਨ ਅਫ਼ਵਾਹ ਉੜੀ ਕਿ ਕੁੱਝ ਲੋਕ ਪਿੰਡ ਛੱਡ-ਛੱਡਾ ਕੇ ਕਿਤੇ ਜਾ ਰਹੇ ਹਨ।

ਦੀਨੇ ਨੇ ਸੋਚਿਆ ਕਿ ਮੈਨੂੰ ਤਾਂ ਆਪਣੀ ਜ਼ਮੀਨ ਛੱਡਣ ਦੀ ਲੋੜ ਹੈ ਹੀ ਨਹੀਂ। ਪਰ ਹੋਰ ਕੁੱਝ ਲੋਕ ਜੇਕਰ ਪਿੰਡ ਛੱਡਣਾ ਚਾਹੁੰਦੇ ਹਨ ਤਾਂ ਛੱਡ ਦੇਣ, ਪਿੰਡ ਵਿੱਚ ਭੀੜ ਹੀ ਘੱਟ ਹੋਵੇਗੀ। ਮੈਂ ਉਨ੍ਹਾਂ ਦੀ ਜ਼ਮੀਨ ਆਪ ਲੈ ਲਵਾਂਗਾ। ਤਦ ਜ਼ਿਆਦਾ ਠੀਕ ਰਹੇਗਾ। ਹੁਣ ਤਾਂ ਜ਼ਮੀਨ ਦੀ ਕੁੱਝ ਤੰਗੀ ਮਹਿਸੂਸ ਹੁੰਦੀ ਹੈ।

ਇੱਕ ਦਿਨ ਦੀਨਾ ਘਰ ਦੇ ਦੁਆਸਮੇ ਵਿੱਚ ਬੈਠਾ ਹੋਇਆ ਸੀ ਕਿ ਇੱਕ ਪਰਦੇਸੀ ਕਿਸਾਨ ਉੱਧਰੋਂ ਲੰਘਦਾ ਹੋਇਆ ਉਸਦੇ ਘਰ ਉਤਰਿਆ। ਉਹ  ਰਾਤ ਠਹਰਿਆ ਅਤੇ ਖਾਣੇ ਤੋਂ ਬਾਅਦ ਗੱਲਬਾਤ ਚਲੀ ਕਿ ਭਰਾਵਾ, ਕਿੱਥੋ ਆ ਰਿਹਾ ਹੈਂ? ਉਸਨੇ ਕਿਹਾ ਸਤਲੁਜ ਪਾਰੋਂ ਆ ਰਿਹਾ ਹਾਂ। ਓਥੇ ਬਹੁਤ ਕੰਮ ਹੈ। ਫਿਰ ਗੱਲ ਵਿੱਚੋਂ ਗੱਲ ਨਿਕਲੀ ਅਤੇ ਆਦਮੀ ਨੇ ਦੱਸਿਆ ਕਿ ਉਧਰ ਜ਼ਮੀਨ ਆਬਾਦ ਹੋ ਰਹੀ ਹੈ। ਉਸਦੇ ਆਪਣੇ ਪਿੰਡ ਦੇ ਕਈ ਹੋਰ ਲੋਕ ਉਥੇ ਗਾਏ ਹਨ। ਉਹਨਾਂ ਨੇ ਸੋਸਾਇਟੀ ਬਣਾ ਲਈ ਹੈ ਅਤੇ ਹਰੇਕ ਨੂੰ ਵੀਹ ਏਕੜ ਜ਼ਮੀਨ ਮੁਫਤ ਮਿਲੀ ਹੈ। ਜ਼ਮੀਨ ਵੀ ਅਜਿਹੀ ਤਕੜੀ ਹੈ ਕਿ ਉਸ ਤੇ ਕਣਕ ਦੀ ਪਹਿਲੀ ਫਸਲ ਲੋਹੜੇ ਦੀ ਮੱਲੀ ਤੇ ਬੱਲੀਆਂ ਗਿਠ ਗਿਠ ਲੰਮੀਆਂ ਅਤੇ ਫੈੜ੍ਹ ਏਨਾ ਕਿ ਦਾਤੀ ਦੇ ਇੱਕ ਕੱਟ ਨਾਲ ਰੁੱਗ ਪੂਰਾ। ਇੱਕ ਆਦਮੀ ਦੇ ਕੋਲ ਖਾਣ ਨੂੰ ਦਾਣੇ ਨਹੀਂ ਸਨ। ਖਾਲੀ ਹੱਥ ਓਥੇ ਗਿਆ ਸੀ। ਹੁਣ ਉਸਦੇ ਕੋਲ ਦੋ ਗਾਵਾਂ, ਛੇ ਬੈਲ ਅਤੇ ਦਾਣਿਆਂ ਨਾਲ ਭਰੇ ਭੜੋਲੇ ਵੱਖ।

ਦੀਨੇ ਦੇ ਮਨ ਵਿੱਚ ਵੀ ਇੱਛਾ ਪੈਦਾ ਹੋਈ। ਉਸਨੇ ਸੋਚਿਆ ਕਿ ਮੈਂ ਇੱਥੇ ਤੰਗ ਤੁਰਸ ਜਿਹੀ ਜਗ੍ਹਾ ਵਿੱਚ ਪਿਆ ਕੀ ਕਰ ਰਿਹਾ ਹਾਂ, ਜਦੋਂ ਕਿ ਦੂਜੀ ਜਗ੍ਹਾ ਮੌਕਾ ਖੁੱਲ੍ਹਮ ਖੁੱਲ੍ਹਾ ਪਿਆ ਹੈ। ਇੱਥੇ ਦੀ ਜ਼ਮੀਨ, ਘਰ-ਵਾਰ ਵੇਚ-ਵੂਚ ਕੇ ਨਗਦੀ ਬਣਾ ਉਥੇ ਹੀ ਕਿਉਂ ਚਲਿਆ ਜਾਵਾਂ ਅਤੇ ਨਵੇਂ ਸਿਰਿਓਂ ਸ਼ੁਰੂ ਕਰਕੇ ਦੇਖਾਂ? ਇੱਥੇ ਲੋਕਾਂ ਦੀ ਗਿਚਪਿਤ ਹੋਈ ਜਾਂਦੀ ਹੈ। ਉਸ ਨਾਲ ਮੁਸ਼ਕਿਲ ਹੁੰਦੀ ਹੈ ਅਤੇ ਤਰੱਕੀ ਰੁਕਦੀ ਹੈ, ਪਰ ਪਹਿਲਾਂ ਆਪ ਜਾਕੇ ਪਤਾ ਕਰ ਆਉਣਾ ਚਾਹੀਦਾ ਹੈ ਕਿ ਕੀ ਗੱਲ ਹੈ। ਸੋ ਵਰਖਾ ਦੇ ਬਾਅਦ ਤਿਆਰੀ ਕਰਕੇ ਉਹ ਚੱਲ ਪਿਆ। ਪਹਿਲਾਂ ਰੇਲ ਵਿੱਚ ਗਿਆ। ਫਿਰ ਸੈਕੜੇ ਮੀਲ ਬੈਲ ਗੱਡੀ ਤੇ ਅਤੇ ਪੈਦਲ ਸਫਰ ਕਰਦਾ ਹੋਇਆ ਸਤਲੁਜ ਨਦੀ ਦੇ ਪਾਰ ਵਾਲੀ ਜਗ੍ਹਾ ਤੇ ਪੁੱਜ ਗਿਆ। ਓਥੇ ਵੇਖਿਆ ਕਿ ਜੋ ਉਸ ਆਦਮੀ ਨੇ ਕਿਹਾ ਸੀ, ਸਭ ਸੱਚ ਹੈ। ਸਭ ਦੇ ਕੋਲ ਖ਼ੂਬ ਜ਼ਮੀਨ ਹੈ। ਹਰੇਕ ਨੂੰ ਸਰਕਾਰ ਵੱਲੋਂ ਵੀਹ-ਵੀਹ ਏਕੜ ਜ਼ਮੀਨ ਮਿਲੀ ਹੋਈ ਹੈ, ਜਾਂ ਜੋ ਚਾਹੇ ਖਰੀਦ ਸਕਦਾ ਹੈ। ਹੋਰ ਖ਼ੂਬੀ ਇਹ ਕਿ ਕੌਡੀਆਂ ਦੇ ਮੁੱਲ ਜਿੰਨੀ ਚਾਹੇ, ਜ਼ਮੀਨ ਹੋਰ ਵੀ ਲੈ ਸਕਦਾ ਹੈ।

ਸਭ ਜ਼ਰੂਰੀ ਗੱਲਾਂ ਪਤਾ ਕਰਕੇ ਦੀਨਾ ਸਿਆਲ ਤੋਂ ਪਹਿਲਾਂ-ਪਹਿਲ ਘਰ ਪਰਤ ਆਇਆ। ਆਕੇ ਦੇਸ਼-ਛੱਡਣ ਦੀ ਗੱਲ ਸੋਚਣ ਲੱਗਾ। ਉਸਦੀ ਸਾਰੀ ਜ਼ਮੀਨ ਸੋਹਣੇ ਭਾ ਵਿਕ ਗਈ। ਘਰ-ਮਕਾਨ, ਮਵੇਸ਼ੀ-ਡੰਗਰ ਸਭ ਦੀ ਨਗਦੀ ਬਣਾ ਲਈ ਅਤੇ ਪੰਚਾਇਤ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਸਾਰੇ ਟੱਬਰ ਨੂੰ ਨਾਲ ਲੈ ਸਤਲੁਜ ਨਦੀ-ਪਾਰ ਲਈ ਰਵਾਨਾ ਹੋ ਗਿਆ। ਬਾਰ ਦੇ ਇਲਾਕੇ ਦੇ ਇੱਕ ਪਿੰਡ ਪਹੁੰਚਦਿਆਂ ਹੀ ਪਿੰਡ ਦੀ ਪੰਚਾਇਤ ਵਿੱਚ ਸ਼ਾਮਿਲ ਹੋਣ ਦੀ ਅਰਜੀ ਦਿੱਤੀ। ਮੈਂਬਰਾਂ ਦੀ ਉਸਨੇ ਖ਼ੂਬ ਖਾਤਰ ਸੇਵਾ ਕੀਤੀ ਅਤੇ ਦਾਹਵਤਾਂ ਦਿੱਤੀਆਂ। ਜ਼ਮੀਨ ਦਾ ਪਟਾ ਉਸਨੂੰ ਸਹਿਜੇ ਹੀ ਮਿਲ ਗਿਆ। ਮਿਲੀ-ਜੁਲੀ ਜ਼ਮੀਨ ਵਿੱਚੋਂ ਉਸਨੂੰ ਅਤੇ ਉਸਦੇ ਬਾਲ-ਬੱਚਿਆਂ ਦੇ ਇਸਤੇਮਾਲ ਲਈ ਪੰਜ ਹਿੱਸੇ ਯਾਨੀ ਸੌ ਏਕੜ ਜ਼ਮੀਨ ਉਹਨੂੰ ਮਿਲ ਗਈ। ਉਹ ਸਭ ਇਕੱਠੀ ਨਹੀਂ ਸੀ, ਕਈ ਜਗ੍ਹਾ ਟੁਕੜੇ ਸਨ। ਇਲਾਵਾ ਇਸਦੇ ਪੰਚਾਇਤੀ ਚਾਰਾਗਾਹ ਵੀ ਉਸਦੇ ਲਈ ਖੁੱਲ੍ਹਮ ਖੁੱਲ੍ਹਾ ਕਰ ਦਿੱਤਾ ਗਿਆ। ਦੀਨੇ ਨੇ ਜ਼ਰੂਰੀ ਕੋਠਾ ਛੱਤ ਲਿਆ,ਹਲ ਪੰਜਾਲੀ ਬਣਾ ਲਈ ਅਤੇ ਡੰਗਰ ਵੱਛਾ ਖਰੀਦ ਲਿਆ। ਸ਼ਾਮਲਾਤ ਜ਼ਮੀਨ ਵਿੱਚੋਂ ਹੀ ਹੁਣ ਉਨ੍ਹਾਂ ਨੂੰ ਏਨਾ ਮਿਲ ਗਿਆ ਸੀ ਕਿ ਪਹਿਲਾਂ ਤੋਂ ਤਿਗੁਣੀ ਜ਼ਮੀਨ ਹੋ ਗਈ ਅਤੇ ਉਹ ਵੀ ਲੋਹੜੇ ਦੀ ਉਪਜਾਊ। ਉਹ ਪਹਿਲਾਂ ਤੋਂ ਕਈ ਗੁਣਾ ਖੁਸ਼ਹਾਲ ਹੋ ਗਿਆ। ਉਸ ਕੋਲ ਚਰਾਈ ਲਈ ਖੁੱਲ੍ਹਮ ਖੁੱਲ੍ਹਾ ਮੈਦਾਨ-ਦਾ-ਮੈਦਾਨ ਪਿਆ ਸੀ ਅਤੇ ਜਿੰਨੇ ਚਾਹੇ ਉਹ ਪਸ਼ੂ ਰੱਖ ਸਕਦਾ ਸੀ।

ਪਹਿਲਾਂ ਤਾਂ ਉਥੇ ਪੈਰ ਲਾਉਣ ਅਤੇ ਘਰ ਕੋਠਾ ਬਣਾਉਣ ਵਿੱਚ ਉਹਦਾ ਖ਼ੂਬ ਮਨ ਰਚਿਆ ਰਿਹਾ। ਉਹਦਾ ਮਨ ਖ਼ੁਸ਼ ਸੀ ਅਤੇ ਉਸਨੂੰ ਗਰਵ ਮਹਿਸੂਸ ਹੁੰਦਾ ਸੀ। ਤੇ ਜਦੋਂ ਉਹ ਇਸ ਖ਼ੁਸ਼ਹਾਲੀ ਦਾ ਆਦੀ ਹੋ ਗਿਆ ਤਾਂ ਉਸਨੂੰ ਲੱਗਣ ਲੱਗਾ ਕਿ ਇੱਥੇ ਵੀ ਜ਼ਮੀਨ ਕਾਫ਼ੀ ਨਹੀਂ ਹੈ; ਹੋਰ ਅੱਗੇ ਜੰਗਲ ਵੱਲ ਹੁੰਦੀ ਤਾਂ ਅੱਛਾ ਸੀ। ਪਹਿਲੇ ਸਾਲ ਉਸਨੇ ਕਣਕ ਬੀਜੀ ਤਾਂ ਜ਼ਮੀਨ ਨੇ ਚੰਗੀ ਫਸਲ ਦਿੱਤੀ। ਉਹ ਫਿਰ ਕਣਕ ਹੀ ਬੀਜਦੇ ਰਹਿਣਾ ਚਾਹੁੰਦਾ ਸੀ, ਤੇ ਏਸ ਲਈ ਏਨੀ ਕੁ ਜ਼ਮੀਨ ਕਾਫ਼ੀ ਨਹੀਂ ਸੀ। ਜਿਥੇ ਇੱਕ ਵਾਰ ਕਣਕ ਦੀ ਫਸਲ ਲੈ ਲਈ, ਉਥੋਂ ਅਗਲੀ ਵਾਰ ਓਨਾ ਝਾੜ ਨਹੀਂ ਨਿਕਲਦਾ ਸੀ। ਤੀਸਰੇ ਸਾਲ ਤਾਂ ਆਸ ਹੀ ਨਹੀਂ ਸੀ ਰਹਿੰਦੀ, ਸੋ ਜ਼ਰੂਰੀ ਹੁੰਦਾ ਸੀ ਕਿ ਧਰਤੀ ਨੂੰ ਆਰਾਮ ਦਿੱਤਾ ਜਾਵੇ। ਹੋਰ ਵੀ ਬਹੁਤ ਸਾਰੇ ਲੋਕ ਜ਼ਮੀਨ ਦੀ ਕਿੱਲਤ ਮਹਿਸੂਸ ਕਰਨ ਲੱਗ ਪਏ ਸਨ, ਪਰ ਸਭ ਦੇ ਲਈ ਆਉਂਦੀ ਕਿਥੋਂ? ਜ਼ਮੀਨ ਦੀ ਭੁੱਖ ਵਧਦੀ ਜਾਂਦੀ ਸੀ। ਜੋ ਮਾਲਦਾਰ ਸਨ, ਉਹ ਕਣਕ ਉਗਾਉਣ ਲਈ ਹੋਰ ਜ਼ਮੀਨ ਚਾਹੁੰਦੇ ਸਨ। ਜੋ ਗ਼ਰੀਬ ਸਨ, ਉਹ ਤਾਂ ਆਪਣੀ ਜ਼ਮੀਨ ਤੋਂ ਜਿਵੇਂ-ਤਿਵੇਂ ਪੈਸਾ ਵਸੂਲ ਕਰਨਾ ਚਾਹੁੰਦੇ ਸਨ, ਤਾਂ ਕਿ ਮਾਲੀਆ ਵਗੈਰਾ ਤਾਰ ਸਕਣ। ਦੀਨਾ ਹੋਰ ਕਣਕ ਬੀਜਣਾ ਚਾਹੁੰਦਾ ਸੀ। ਇਸ ਲਈ ਇੱਕ ਸਾਲ ਲਈ ਉਸਨੇ ਠੇਕੇ ਤੇ ਹੋਰ ਜ਼ਮੀਨ ਲੈ ਲਈ। ਖ਼ੂਬ ਕਣਕ ਬੀਜੀ ਅਤੇ ਫਸਲ ਵੀ ਖ਼ੂਬ ਹੋਈ। ਲੇਕਿਨ ਜ਼ਮੀਨ ਪਿੰਡ ਤੋਂ ਦੂਰ ਪੈਂਦੀ ਸੀ ਅਤੇ ਦਾਣਾ ਫੱਕਾ ਤੇ ਤੂੜੀ ਟਾਂਡੇ ਮੀਲਾਂ ਦੂਰੋਂ ਗੱਡੇ ਭਰ-ਭਰ ਕੇ ਢੋਹਣੇ ਪੈਂਦੇ ਸੀ। ਕੁੱਝ ਦਿਨਾਂ ਬਾਅਦ ਦੀਨੇ ਨੇ ਵੇਖਿਆ ਕਿ ਕੁੱਝ ਵੱਡੇ-ਵੱਡੇ ਲੋਕ ਫਾਰਮ ਹਾਊਸਾਂ ਵਿੱਚ ਰਹਿੰਦੇ ਸਨ ਅਤੇ ਉਹ ਖ਼ੂਬ ਪੈਸਾ ਕਮਾ ਰਹੇ ਸਨ। ਉਸਨੇ ਸੋਚਿਆ ਕਿ ਅਗਰ ਮੈਂ ਵੀ ਇਕੱਠੀ ਕਾਇਮੀ ਜ਼ਮੀਨ ਲੈ ਲਵਾਂ ਅਤੇ ਉਥੇ ਹੀ ਘਰ ਬਸਾ ਕੇ ਰਹਾਂ ਤਾਂ ਗੱਲ ਹੀ ਹੋਰ ਹੋ ਜਾਵੇ।

ਇਸ ਤਰ੍ਹਾਂ ਇਕੱਠੀ ਅਤੇ ਕਾਇਮੀ ਜ਼ਮੀਨ ਖਰੀਦਣ ਦਾ ਸਵਾਲ ਵਾਰ-ਵਾਰ ਉਸਦੇ ਮਨ ਵਿੱਚ ਉੱਠਣ ਲੱਗਾ।

ਤਿੰਨ ਸਾਲ ਇਸ ਤਰ੍ਹਾਂ ਨਿੱਕਲ ਗਏ। ਦੀਨਾ ਜ਼ਮੀਨ ਕਿਰਾਏ ਤੇ ਲੈਂਦਾ ਅਤੇ ਕਣਕ ਬੀਜ ਛੱਡਦਾ। ਮੌਸਮ ਠੀਕ ਗਏ, ਝਾੜ ਸੋਹਣਾ ਨਿਕਲਿਆ ਅਤੇ ਉਸ ਕੋਲ ਮਾਲ ਜਮ੍ਹਾ ਹੋਣ ਲੱਗਾ। ਉਹ ਇਸੇ ਤਰ੍ਹਾਂ ਸਬਰ ਨਾਲ ਵਧਦਾ ਜਾ ਸਕਦਾ ਸੀ, ਪਰ ਹਰ ਸਾਲ ਅਤੇ ਲੋਕਾਂ ਤੋਂ ਜ਼ਮੀਨ ਕਿਰਾਏ ਤੇ ਲੈਣ ਅਤੇ ਉਸਦੇ ਲਈ ਭੱਜ-ਦੌੜ ਅਤੇ ਸਿਰਦਰਦੀ ਕਾਰਨ ਉਹ ਅੱਕ ਥੱਕ ਗਿਆ ਸੀ। ਜਿੱਥੇ ਜ਼ਮੀਨ ਚੰਗੀ ਹੁੰਦੀ, ਉਥੇ ਹੀ ਲੈਣ ਵਾਲੇ ਦੌੜ ਪੈਂਦੇ। ਜੇ ਬੰਦਾ ਬਹੁਤ ਚੌਕਸ-ਚੌਕੰਨਾ ਅਤੇ ਹੋਸ਼ਿਆਰ ਨਾ ਹੁੰਦਾ ਤਾਂ ਜ਼ਮੀਨ ਮਿਲਣਾ ਅਸੰਭਵ ਹੁੰਦਾ ਸੀ। ਇਹ ਬੜੀ ਪਰੇਸ਼ਾਨੀ ਭਰੀ ਗੱਲ ਸੀ। ਇਸ ਤਰ੍ਹਾਂ ਤੀਸਰੇ ਸਾਲ ਅਜਿਹਾ ਹੋਇਆ ਕਿ ਦੀਨੇ ਨੇ ਇੱਕ ਮਹਾਜਨ ਨਾਲ ਮਿਲ ਕੇ ਕੁੱਝ ਕਾਸ਼ਤਕਾਰਾਂ ਤੋਂ ਜ਼ਮੀਨ ਠੇਕੇ ਤੇ ਲੈ ਲਈ। ਜ਼ਮੀਨ ਵਾਹ ਸੁਹਾਗ ਕੇ ਤਿਆਰ ਹੋ ਚੁੱਕੀ ਸੀ ਕਿ ਕੁੱਝ ਆਪਸ ਵਿੱਚ ਕਸ਼ਮਕਸ਼ ਹੋ ਗਈ ਅਤੇ ਮਾਮਲਾ ਕੋਟ ਕਚਹਿਰੀ ਤੱਕ ਪਹੁੰਚ ਗਿਆ। ਅਦਾਲਤ ਵਿੱਚ ਮਾਮਲਾ ਹੋਰ ਵਿਗੜ ਗਿਆ ਅਤੇ ਕੀਤੀ-ਕਰਾਈ ਮਿਹਨਤ ਭੰਗ ਦੇ ਭਾਣੇ ਚਲੀ ਗਈ।

ਦੀਨੇ ਨੇ ਸੋਚਿਆ ਕਿ ਜੇਕਰ ਕਿਤੇ ਜ਼ਮੀਨ ਮੇਰੀ ਕਾਇਮੀ ਮਲਕੀਅਤ ਦੀ ਹੁੰਦੀ ਤਾਂ ਮੈਂ ਆਜ਼ਾਦ ਹੁੰਦਾ ਅਤੇ ਕਿਉਂ ਇਹ ਪਰਪੰਚ ਬਣਦਾ, ਹੋਰ ਬਖੇੜ ਵਧਦਾ ?

ਉਸ ਦਿਨ ਤੋਂ ਉਹ ਜ਼ਮੀਨ ਲਈ ਨਜ਼ਰ ਰੱਖਣ ਲੱਗਾ। ਅਖ਼ੀਰ ਇੱਕ ਕਿਸਾਨ ਮਿਲਿਆ, ਜਿਹਨੇ ਇੱਕ ਹਜਾਰ ਘੁਮਾਂ ਜ਼ਮੀਨ ਖਰੀਦੀ ਸੀ, ਲੇਕਿਨ ਬਾਅਦ ਵਿੱਚ ਉਸਦੀ ਹਾਲਤ ਸੰਭਲ ਨਹੀਂ ਸਕੀ। ਹੁਣ ਮੁਸੀਬਤ ਵਿੱਚ ਫਸਿਆ ਹੋਣ ਕਰਕੇ ਉਹ ਉਸਨੂੰ ਸਸਤੇ ਵਿੱਚ ਦੇਣ ਨੂੰ ਤਿਆਰ ਸੀ। ਦੀਨੇ ਨੇ ਉਸ ਨਾਲ ਗੱਲ ਚਲਾਈ ਅਤੇ ਸੌਦਾ ਕਰਨਾ ਸ਼ੁਰੂ ਕੀਤਾ। ਆਦਮੀ ਮੁਸੀਬਤ ਵਿੱਚ ਸੀ, ਇਸ ਕਰਕੇ ਦੀਨਾ ਕੀਮਤ ਘਟਾਉਣ ਲਈ ਜ਼ੋਰ ਮਾਰਨ ਲੱਗਾ। ਅਖ਼ੀਰ ਕੀਮਤ ਇੱਕ ਹਜ਼ਾਰ ਰੁਪਏ ਤੈਅ ਹੋਈ। ਕੁੱਝ ਨਗਦ ਦੇਣੇ ਸਨ, ਬਾਕੀ ਫਿਰ। ਸੌਦਾ ਪੱਕਾ ਹੋ ਗਿਆ ਸੀ ਕਿ ਇੱਕ ਸੌਦਾਗਰ ਆਪਣੇ ਘੋੜੇ ਦੇ ਦਾਣੇ-ਪਾਣੀ ਲਈ ਉਸਦੇ ਘਰ ਦੇ ਕੋਲ ਠਹਰਿਆ। ਉਸ ਨਾਲ ਦੀਨੇ ਦੀ ਗੱਲਬਾਤ ਜੋ ਹੋਈ ਤਾਂ ਸੌਦਾਗਰ ਨੇ ਕਿਹਾ ਕਿ ਮੈਂ ਨਰਮਦਾ ਨਦੀ ਦੇ ਉਸ ਪਾਰ ਤੋਂ ਆ ਰਿਹਾ ਹਾਂ। ਓਥੇ 1500 ਏਕੜ  ਉਮਦਾ ਜ਼ਮੀਨ ਕੁਲ ਪੰਜ ਸੌ ਰੁਪਏ ਵਿੱਚ ਮੈਂ ਖਰੀਦੀ ਸੀ। ਸੁਣਕੇ ਦੀਨੇ ਨੇ ਉਸ ਤੋਂ ਹੋਰ ਸਵਾਲ ਪੁੱਛੇ। ਸੌਦਾਗਰ ਨੇ ਕਿਹਾ:

‘‘ਗੱਲ ਇਹ ਹੈ ਕਿ ਅਫਸਰ-ਚੌਧਰੀ ਨਾਲ ਮੇਲ-ਮੁਲਾਕਾਤ ਕਰਨ ਦਾ ਹੁਨਰ ਚਾਹੀਦਾ ਹੈ। ਸੌ ਤੋਂ ਜਿਆਦਾ ਰੁਪਏ ਤਾਂ ਮੈਂ ਰੇਸ਼ਮੀ ਕੱਪੜੇ ਅਤੇ ਗਲੀਚੇ ਦੇਣ ਵਿੱਚ ਖਰਚ ਕੀਤੇ ਹੋਣਗੇ। ਫਿਰ ਸ਼ਰਾਬ, ਫਲ-ਮੇਵਿਆਂ ਦੀਆਂ ਪੇਟੀਆਂ, ਡਿਨਰ-ਸੈੱਟ ਵਗੈਰਾ ਦੇ ਤੋਹਫ਼ੇ ਵੱਖ। ਨਤੀਜਾ ਇਹ ਕਿ ਫੀ ਏਕੜ ਮੈਨੂੰ ਜ਼ਮੀਨ ਕੌਡੀਆਂ ਦੇ ਭਾ ਪੈ ਗਈ।” ਕਹਿਕੇ ਸੌਦਾਗਰ ਨੇ ਆਪਣੇ ਦਸਤਾਵੇਜ਼ ਸਭ ਦੀਨੇ ਦੇ ਸਾਹਮਣੇ ਕਰ ਦਿੱਤੇ।

ਫਿਰ ਕਿਹਾ, ‘‘ਜ਼ਮੀਨ ਐਨ ਨਦੀ ਦੇ ਕਿਨਾਰੇ ਹੈ ਅਤੇ ਸਾਰੇ-ਦਾ-ਸਾਰਾ ਟੱਕ ਇਕੱਠਾ ਹੈ। ਉਪਜਾਊ ਏਨੀ ਕਿ ਪੁੱਛੋ ਨਾ।’’

ਦੀਨੇ ਨੇ ਉਤਸੁਕਤਾ-ਪੂਰਵਕ ਸੌਦਾਗਰ ਤੋਂ ਸਵਾਲ-ਤੇ-ਸਵਾਲ ਪੁੱਛੇ। ਉਸਨੇ ਦੱਸਿਆ:

‘‘ਓਥੇ ਏਨੀ ਜ਼ਮੀਨ ਹੈ, ਏਨੀ ਕਿ ਤੂੰ ਮਹੀਨਿਆਂ ਚਲੀਂ ਚਲੇਂ ਤਾਂ ਪੂਰੀ ਨਾ ਹੋਵੇ। ਓਥੇ ਦੇ ਲੋਕ ਜਮ੍ਹਾ ਸਿੱਧੇ ਹਨ, ਮੁੱਕਦੀ ਗੱਲ ਜ਼ਮੀਨ ਸਮਝੋ, ਮੁਫਤ ਦੇ ਭਾਵ ਲੈ ਸਕਦੇ ਹੋ।’’

ਦੀਨੇ ਨੇ ਸੋਚਿਆ, ਇਹ ਠੀਕ ਰਹੇਗਾ। ਭਲਾ ਮੈਂ ਹੁਣ ਹਜ਼ਾਰ ਏਕੜ  ਲਈ ਹਜ਼ਾਰ ਰੁਪਿਆ ਕਿਉਂ ਫੂਕਾਂ?

ਜੇਕਰ ਓਥੇ ਜਾਕੇ ਇੰਨਾ ਰੁਪਿਆ ਜ਼ਮੀਨ ਵਿੱਚ ਲਾਵਾਂ, ਤਾਂ ਇੱਥੇ ਨਾਲੋਂ ਕਈ ਗੁਣਾ ਜਿਆਦਾ ਜ਼ਮੀਨ ਮੈਨੂੰ ਮਿਲ ਜਾਇਗੀ।

ਦੀਨੇ ਨੇ ਪੁੱਛਗਿਛ ਕੀਤੀ ਕਿ ਉਸ ਜਗ੍ਹਾ ਕਿਵੇਂ ਜਾਇਆ ਜਾਵੇ? ਸੌਦਾਗਰ ਨੇ ਸਭ ਦੱਸ ਦਿੱਤਾ। ਉਹ ਚਲਾ ਗਿਆ ਤਾਂ ਦੀਨੇ ਨੇ ਵੀ ਆਪਣੀ ਤਿਆਰੀ ਖਿਚ ਲਈ। ਪਤਨੀ ਨੂੰ ਕਿਹਾ ਕਿ ਘਰ ਦੀ ਸਾਂਭ ਸੰਭਾਲ ਰੱਖੇ ਅਤੇ ਆਪ ਇੱਕ ਆਦਮੀ ਨਾਲ ਲੈ, ਯਾਤਰਾ ਤੇ ਨਿਕਲ ਪਿਆ। ਰਸਤੇ ਵਿੱਚ ਇੱਕ ਸ਼ਹਿਰ ਵਿੱਚ ਠਹਿਰ ਕੇ, ਉਥੋਂ ਚਾਹ ਦੇ ਡੱਬੇ, ਸ਼ਰਾਬ ਅਤੇ ਇਸੇ ਤਰ੍ਹਾਂ ਹੋਰ ਉਪਹਾਰ ਦੀਆਂ ਚੀਜਾਂ, ਜੋ ਸੌਦਾਗਰ ਨੇ ਦੱਸੀਆਂ ਸਨ, ਲੈ ਲਈਆਂ। ਫਿਰ ਦੋਨੋਂ ਚਲੋ ਚਾਲ ਚਲਦੇ ਗਏ। ਚਲਦੇ-ਚਲਦੇ ਅਖ਼ੀਰ ਸੱਤਵੇਂ ਰੋਜ਼ ਓਥੇ ਪੁੱਜੇ, ਜਿੱਥੋਂ ਕੋਲ ਲੋਕਾਂ ਦੀ ਬਸਤੀ ਸ਼ੁਰੂ ਹੁੰਦੀ ਸੀ। ਉਸਨੇ ਵੇਖਿਆ ਕਿ ਸੌਦਾਗਰ ਨੇ ਜੋ ਗੱਲ ਦੱਸੀ ਸੀ, ਉਹ ਠੀਕ ਸੀ। ਦਰਿਆ ਦੇ ਕੋਲ ਜ਼ਮੀਨ-ਹੀ-ਜ਼ਮੀਨ ਸੀ। ਸਭ ਖਾਲੀ। ਇਹ ਲੋਕ ਉਸ ਤੋਂ ਕੰਮ ਨਹੀਂ ਲੈਂਦੇ ਸਨ। ਕੱਪੜੇ ਜਾਂ ਸਿਰਕੀ ਦੇ ਤੰਬੂ ਵਿੱਚ ਰਹਿੰਦੇ, ਸ਼ਿਕਾਰ ਕਰਦੇ, ਮਵੇਸ਼ੀ ਪਾਲਦੇ ਅਤੇ ਇੰਜ ਹੀ ਮੌਜ ਕਰਦੇ ਸਨ। ਨਾ ਰੋਟੀ ਬਣਾਉਣਾ ਜਾਣਦੇ ਸਨ, ਨਾ ਹੀ ਅਨਾਜ ਉਗਾਉਣਾ ਸਿੱਖਿਆ ਸੀ। ਦੁੱਧ ਦਾ ਛਾਛ-ਮੱਠਾ ਬਣਾਉਂਦੇ, ਪਨੀਰ ਬਣਾਉਂਦੇ ਅਤੇ ਉਸ ਤੋਂ ਇੱਕ ਤਰ੍ਹਾਂ ਦੀ ਸ਼ਰਾਬ ਵੀ ਤਿਆਰ ਕਰ ਲੈਂਦੇ ਸਨ। ਇਹ ਸਭ ਕੰਮ ਔਰਤਾਂ ਕਰਦੀਆਂ। ਮਰਦ ਖਾਣ-ਪੀਣ ਤੋਂ ਵਿਹਲੇ ਹੋ ਢੋਲੇ ਦੀਆਂ ਲਾਉਣ ਵਿੱਚ ਮਸਤ ਰਹਿੰਦੇ। ਉਹ ਲੋਕ ਮਜਬੂਤ ਅਤੇ ਸਵਸਥ ਸਨ ਅਤੇ ਕਾਮ-ਧਾਮ ਦੇ ਨਾਮ ਬਿਨਾਂ ਕੁੱਝ ਕੀਤੇ ਮਗਨ ਰਹਿੰਦੇ ਸਨ। ਆਪਣੇ ਤੋਂ ਬਾਹਰ ਉਨ੍ਹਾਂ ਨੂੰ ਕੁੱਝ ਪਤਾ ਨਹੀਂ ਸੀ। ਪੜ੍ਹਨਾ-ਲਿਖਣਾ ਜਾਣਦੇ ਨਹੀਂ ਸਨ ਅਤੇ ਹਿੰਦੀ ਤੱਕ ਨਹੀਂ ਜਾਣਦੇ ਸਨ ਤੇ ਸਨ ਭਲੇ ਮਾਣਸ ਸਿੱਧੇ ਸੁਭਾਅ ਦੇ। ਦੀਨੇ ਨੂੰ ਵੇਖਦੇ ਹੀ ਉਹ ਆਪਣੇ ਤੰਬੂਆਂ ਵਿੱਚੋਂ ਨਿਕਲ ਆਏ ਅਤੇ ਉਸਦੇ ਚਾਰੇ ਪਾਸੇ ਜਮਘਟ ਲਗਾਕੇ ਖੜੇ ਹੋ ਗਏ। ਉਨ੍ਹਾਂ ਵਿਚੋਂ ਇੱਕ ਦੁਭਾਸ਼ੀਏ ਦੀ ਮਾਰਫ਼ਤ ਦੀਨੇ ਨੇ ਦੱਸਿਆ ਕਿ ਮੈਂ ਜ਼ਮੀਨ ਦੀ ਖਾਤਰ ਆਇਆ ਹਾਂ। ਉਹ ਲੋਕ ਬੜੇ ਖੁਸ਼ ਹੋ ਗਏ। ਵੱਡੀ ਆਉਭਗਤ ਦੇ ਨਾਲ ਉਹ ਉਸਨੂੰ ਆਪਣੇ ਸਭ ਤੋਂ ਵਧੀਆ ਡੇਰੇ ਵਿੱਚ ਲੈ ਗਏ। ਓਥੇ ਕਾਲੀਨ ਤੇ ਗੱਦੇ ਉਤੇ ਬਿਠਾਇਆ ਅਤੇ ਆਪ ਉਹਦੇ ਆਲੇ ਦੁਆਲੇ ਭੁੰਜੇ ਬੈਠ ਗਏ। ਉਸਨੂੰ ਪੀਣ ਨੂੰ ਚਾਹ ਦਿੱਤੀ ਅਤੇ ਦਾਰੂ ਵੀ। ਉਸਦੀ ਮਹਿਮਾਨ-ਨਿਵਾਜੀ ਵਿੱਚ ਬੜੀ ਫੰਨੇ ਦਾਹਵਤ ਹੋਈ। ਦੀਨੇ ਨੇ ਵੀ ਗੱਡੀ ਵਿੱਚੋਂ ਭੇਂਟ ਕਰਨ ਲਈ ਲਿਆਂਦੀਆਂ ਚੀਜ਼ਾਂ ਕੱਢੀਆਂ ਅਤੇ ਸਾਰਿਆਂ ਨੂੰ ਥੋੜ੍ਹੀ-ਥੋੜ੍ਹੀ ਚਾਹ ਵੰਡੀ। ਕੋਲ ਲੋਕ ਬੜੇ ਖੁਸ਼ ਸਨ। ਉਨ੍ਹਾਂ ਨੇ ਆਪਸ ਵਿੱਚ ਏਸ ਅਜਨਬੀ ਬਾਰੇ ਖ਼ੂਬ ਚਰਚਾ ਕੀਤੀ। ਫਿਰ ਦੁਭਾਸ਼ੀਏ ਨੂੰ ਕਿਹਾ ਕਿ ਮਹਿਮਾਨ ਨੂੰ ਸਭ ਸਮਝਾ ਦੇਵੇ।

ਦੁਭਾਸ਼ੀਏ ਨੇ ਕਿਹਾ ਕਿ ਇਹ ਲੋਕ ਕਹਿਣਾ ਚਾਹੁੰਦੇ ਹਨ ਕਿ ਅਸੀਂ ਤੁਹਾਡੇ ਆਉਣੋਂ ਖੁਸ਼ ਹਾਂ। ਸਾਡੇ ਇੱਥੇ ਦਾ ਕਾਇਦਾ ਹੈ ਕਿ ਮਹਿਮਾਨ ਦੀ ਖਾਤਰ ਜੋ ਸਾਡੇ ਤੋਂ ਬਣ ਸਕੇ, ਕਰੀਏ। ਤੁਹਾਡੀ ਕ੍ਰਿਪਾ ਦੇ ਅਸੀਂ ਕ੍ਰਿਤਗ ਹਾਂ। ਦੱਸੋ ਕਿ ਸਾਡੇ ਕੋਲ ਕਿਹੜੀ ਚੀਜ਼ ਹੈ, ਜੋ ਤੁਹਾਨੂੰ ਸਭ ਤੋਂ ਪਸੰਦ ਹਾਂ, ਤਾਂ ਕਿ ਅਸੀਂ ਉਸ ਨਾਲ ਤੁਹਾਡੀ ਖਾਤਰ ਕਰ ਸਕੀਏ। ਦੀਨੇ ਨੇ ਜਵਾਬ ਦਿੱਤਾ ਕਿ ਜਿਸ ਚੀਜ਼ ਨੂੰ ਵੇਖਕੇ ਮੈਂ ਬਹੁਤ ਖੁਸ਼ ਹਾਂ, ਉਹ ਤੁਹਾਡੀ ਜ਼ਮੀਨ ਹੈ। ਸਾਡੇ ਉਥੇ ਜ਼ਮੀਨ ਦੀ ਕਮੀ ਹੈ ਅਤੇ ਉਹ ਉਪਜਾਊ ਵੀ ਬਹੁਤੀ ਨਹੀਂ ਹੁੰਦੀ, ਪਰ ਇੱਥੇ ਉਸਦਾ ਕੋਈ ਪਾਰਾਬਾਰ ਨਹੀਂ ਹੈ ਅਤੇ ਇਹ ਜ਼ਮੀਨ ਉਪਜਾਊ ਵੀ ਖ਼ੂਬ ਹੈ। ਮੈਂ ਤਾਂ ਆਪਣੀ ਅੱਖਾਂ ਨਾਲ ਇੱਥੇ-ਵਰਗੀ ਧਰਤੀ ਹੋਰ ਕਿਤੇ ਵੇਖੀ ਨਹੀਂ।

ਦੁਭਾਸ਼ੀਏ ਨੇ ਦੀਨੇ ਦੀ ਗੱਲ ਆਪਣੇ ਲੋਕਾਂ ਨੂੰ ਸਮਝਾ ਦਿੱਤੀ। ਕੁੱਝ ਦੇਰ ਉਹ ਆਪਸ ਵਿੱਚ ਸਲਾਹ ਕਰਦੇ ਰਹੇ। ਦੀਨਾ ਸਮਝ ਨਹੀਂ ਸੀ ਸਕਦਾ ਕਿ ਉਹ ਕੀ ਕਹਿ ਰਹੇ ਸਨ। ਲੇਕਿਨ ਉਸਨੇ ਵੇਖਿਆ ਕਿ ਉਹ ਬਹੁਤ ਖ਼ੁਸ਼ ਲਗਦੇ ਸਨ, ਖ਼ੂਬ ਹੱਸ ਰਹੇ ਸਨ ਅਤੇ ਉੱਚੀ ਉੱਚੀ ਬੋਲ ਰਹੇ ਸਨ। ਫਿਰ ਉਹ ਚੁੱਪ ਹੋ ਗਏ ਅਤੇ ਦੀਨੇ ਵੱਲ ਦੇਖਣ ਲੱਗੇ।

ਫਿਰ ਆਪਸ ਵਿੱਚ ਗੱਲ ਕਰਨ ਲੱਗੇ। ਉਸ ਨੂੰ ਲਗਿਆ ਜਿਵੇਂ ਉਨ੍ਹਾਂ ਵਿੱਚ ਕੁੱਝ ਦੁਵਿਧਾ ਹੋਵੇ। ਦੀਨੇ ਨੇ ਪੁੱਛਿਆ ਕਿ ਉਨ੍ਹਾਂ ਲੋਕਾਂ ਵਿੱਚ ਹੁਣ ਕਿਸ ਗੱਲ ਦੀ ਅਟਕ ਹੈ। ਦੁਭਾਸ਼ੀਏ ਨੇ ਦੱਸਿਆ ਕਿ ਉਨ੍ਹਾਂ ਵਿੱਚ ਕੁੱਝ ਦੀ ਰਾਇ ਹੈ ਕਿ ਸਰਦਾਰ ਤੋਂ ਜ਼ਮੀਨ ਦੇਣ ਬਾਰੇ ਪੁੱਛ ਲੈਣਾ ਚਾਹੀਦਾ ਹੈ, ਉਹਦੀ ਗੈਰ-ਹਾਜ਼ਰੀ ਵਿੱਚ ਫੈਸਲਾ ਕਰਨਾ ਠੀਕ ਨਹੀਂ। ਦੂਸਰਿਆਂ ਦਾ ਖ਼ਿਆਲ ਹੈ ਕਿ ਇਸ ਗੱਲ ਵਿੱਚ ਸਰਦਾਰ ਦੇ ਪਰਤਣ ਦਾ ਰਾਹ ਦੇਖਣ ਦੀ ਲੋੜ ਨਹੀਂ ਹੈ, ਜ਼ਰਾ-ਜਿੰਨੀ ਤਾਂ ਗੱਲ ਹੈ।

ਇਹ ਵਿਵਾਦ ਚੱਲ ਰਿਹਾ ਸੀ ਕਿ ਇੱਕ ਆਦਮੀ ਵੱਡੀ-ਜਿਹੀ ਜੱਤਦਾਰ ਟੋਪੀ ਪਹਿਨੀ ਓਥੇ ਆ ਪਹੁੰਚਿਆ। ਸਭ ਚੁਪ ਹੋ ਗਏ ਅਤੇ ਉਸਦੇ ਮਨ ਸਤਕਾਰ ਵਿੱਚ ਖੜੇ ਹੋ ਗਏ। ਦੁਭਾਸ਼ੀਏ ਨੇ ਕਿਹਾ ਕਿ ਇਹੀ ਸਾਡਾ ਸਰਦਾਰ ਹੈ।

ਦੀਨੇ ਨੇ ਝੱਟਪੱਟ ਆਪਣੇ ਸਾਮਾਨ ਵਿੱਚੋਂ ਇੱਕ ਵਧੀਆ ਲਬਾਦ ਕੱਢਿਆ ਅਤੇ ਚਾਹ ਦਾ ਇੱਕ ਵੱਡਾ ਡਿੱਬਾ, ਅਤੇ ਹੋਰ ਚੀਜ਼ਾਂ ਸਰਦਾਰ ਨੂੰ ਭੇਂਟ ਕੀਤੀਆਂ। ਸਰਦਾਰ ਨੇ ਭੇਂਟ ਸਵੀਕਾਰ ਕੀਤੀ ਅਤੇ ਆਪਣੇ ਆਸਨ ਤੇ ਜਾ ਬੈਠਾ। ਬੈਠਦੇ ਹੀ ਕੋਲ ਲੋਕਾਂ ਨੇ ਉਸਨੂੰ ਕੁੱਝ ਕਹਿਣਾ ਸ਼ੁਰੂ ਕੀਤਾ। ਸਰਦਾਰ ਕੁੱਝ ਦੇਰ ਸੁਣਦਾ ਰਿਹਾ, ਫਿਰ ਉਸਨੇ ਉਨ੍ਹਾਂ ਨੂੰ ਚੁਪ ਰਹਿਣ ਦਾ ਇਸ਼ਾਰਾ ਕੀਤਾ। ਉਸ ਤੋਂ ਬਾਅਦ ਦੀਨੇ ਨੂੰ ਮੁਖਾਤਿਬ ਹੋ ਕੇ ਹਿੰਦੁਸਤਾਨੀ ਵਿੱਚ ਕਿਹਾ:

‘‘ਇਨ੍ਹਾਂ ਭਰਾਵਾਂ ਨੇ ਜੋ ਕਿਹਾ, ਠੀਕ ਹੈ। ਜਿੰਨੀ ਜ਼ਮੀਨ ਚਾਹੋ ਛਾਂਟ ਲਓ। ਸਾਡੇ ਕੋਲ ਇਸਦਾ ਕੋਈ ਘਾਟਾ ਨਹੀਂ।’’

ਦੀਨੇ ਨੇ ਸੋਚਿਆ ਕਿ ਮੈਂ ਮਨਚਾਹੇ ਜਿੰਨੀ ਜ਼ਮੀਨ ਕਿਵੇਂ ਲੈ ਸਕਦਾ ਹਾਂ। ਪੱਕਾ ਕਰਨ ਲਈ ਦਸਤਾਵੇਜ਼ ਵਗੈਰਾ ਵੀ ਤਾਂ ਚਾਹੀਦੇ ਹਨ, ਨਹੀਂ ਤਾਂ ਜਿਵੇਂ ਅੱਜ ਇਨ੍ਹਾਂ ਨੇ ਕਹਿ ਦਿੱਤਾ ਕਿ ਇਹ ਤੁਹਾਡੀ ਹੈ, ਪਿੱਛੋਂ  ਉਂਜ ਹੀ ਉਸਨੂੰ ਵਾਪਸ ਵੀ ਲੈ ਸਕਦੇ ਹਨ।

ਜ਼ਾਹਰਾ ਤੌਰ ਤੇ ਉਸਨੇ ਕਿਹਾ, ‘‘ਤੁਹਾਡੀ ਮਿਹਰਬਾਨੀ ਲਈ ਮੈਂ ਧੰਨਵਾਦੀ ਹਾਂ। ਤੁਹਾਡੇ ਪਾਸ ਬਹੁਤ ਧਰਤੀ ਹੈ ਅਤੇ ਮੈਨੂੰ ਥੋੜ੍ਹੀ -ਜਿਹੀ ਚਾਹੀਦੀ ਹੈ। ਲੇਕਿਨ ਮੈਨੂੰ ਪੱਕਾ ਪਤਾ ਹੋਣਾ ਚਾਹੀਦਾ ਹੈ ਕਿ ਮੇਰਾ ਆਪਣਾ ਨਿੱਕਾ ਜਿਹਾ ਟੁਕੜਾ ਕਿਹੜਾ ਹੈ ਅਤੇ ਇਹ ਵੀ ਕਿ ਉਹ ਮੇਰਾ ਹੀ ਹੈ। ਕੀ ਅਜਿਹਾ ਨਹੀਂ ਹੋ ਸਕਦਾ ਕਿ ਜ਼ਮੀਨ ਨੂੰ ਮਾਪ ਲਿਆ ਜਾਵੇ ਅਤੇ ਓਨਾ ਟੁਕੜਾ ਫਿਰ ਮੇਰੇ ਹਵਾਲੇ ਕਰ ਦਿੱਤਾ ਜਾਵੇ? ਮਰਨਾ-ਜੀਣਾ ਰੱਬ ਦੇ ਹੱਥ ਹੈ ਅਤੇ ਸੰਸਾਰ ਵਿੱਚ ਇਹੀ ਚੱਕਰ ਚੱਲਦਾ ਹੈ। ਤੁਸੀ ਦਯਾਵਾਨ ਲੋਕ ਹੋ ਤਾਂ ਹੀ ਮੈਨੂੰ ਇਹ ਦਿੰਦੇ ਹੋ, ਤੇ ਹੋ ਸਕਦਾ ਹੈ ਕਿ ਤੁਹਾਥੋਂ ਬਾਅਦ ਤੁਹਾਡੀ ਔਲਾਦ ਉਸ ਨੂੰ ਵਾਪਸ ਲੈ ਲੈਣਾ ਚਾਹੇ ਤਦ?’’

ਸਰਦਾਰ ਨੇ ਕਿਹਾ, ‘‘ਤੁਹਾਡੀ ਗੱਲ ਠੀਕ ਹੈ। ਜ਼ਮੀਨ ਤੁਹਾਡੇ ਹਵਾਲੇ ਕਰ ਦਿੱਤੀ ਜਾਏਗੀ।’’

ਦੀਨੇ ਨੇ ਕਿਹਾ, ‘‘ਸੁਣਿਆ ਹੈ, ਇੱਥੇ ਇੱਕ ਸੌਦਾਗਰ ਆਇਆ ਸੀ। ਉਸ ਨੂੰ ਵੀ ਤੁਸੀਂ ਜ਼ਮੀਨ ਦਿੱਤੀ ਸੀ ਅਤੇ ਇਸ ਸੰਬੰਧ ਵਿੱਚ ਕਾਗ਼ਜ਼ ਪੱਕਾ ਕਰ ਦਿੱਤਾ ਸੀ। ਉਂਜ ਹੀ ਮੈਂ ਚਾਹੁੰਦਾ ਹਾਂ ਕਿ ਕਾਗ਼ਜ਼ ਪੱਕਾ ਹੋ ਜਾਵੇ।’’

ਸਰਦਾਰ ਸਮਝ ਗਿਆ।

ਬੋਲਿਆ, ‘‘ਹਾਂ, ਜ਼ਰੂਰ। ਇਹ ਤਾਂ ਸੌਖਿਆਂ ਹੀ ਹੋ ਸਕਦਾ ਹੈ। ਸਾਡੇ ਇੱਥੇ ਇੱਕ ਮੁਨਸ਼ੀ ਹੈ, ਕਸਬੇ ਵਿੱਚ ਚਲਕੇ ਲਿਖ-ਲਿਖਾ ਕਰ ਲਈ ਜਾਏਗੀ ਅਤੇ ਰਜਿਸਟਰੀ ਹੋ ਜਾਏਗੀ।’’

ਦੀਨੇ ਨੇ ਪੁੱਛਿਆ, ‘‘ਦਰ ਕੀ ਹੋਵੇਗੀ?’’

‘‘ਸਾਡੀ ਦਰ ਤਾਂ ਇੱਕ ਹੀ ਹੈ। ਇੱਕ ਦਿਨ ਦੇ ਇੱਕ ਹਜਾਰ ਰੁਪਏ।’’

ਦੀਨਾ ਸਮਝਿਆ ਨਹੀਂ। ਬੋਲਿਆ, ‘‘ਦਿਨ! ਦਿਨ ਦਾ ਹਿਸਾਬ ਇਹ ਕਿਵੇਂ ਹੈ? ਇਹ ਦੱਸੋ ਕਿੰਨੇ ਏਕੜ?’’

ਸਰਦਾਰ ਨੇ ਕਿਹਾ, ‘‘ਇਹ ਸਭ ਗਿਣਨਾ-ਗਿਣਾਉਣਾ ਸਾਡੇ ਤੋਂ ਨਹੀ ਹੁੰਦਾ। ਅਸੀਂ ਤਾਂ ਦਿਨ ਦੇ ਹਿਸਾਬ ਵੇਚਦੇ ਹਾਂ, ਜਿੰਨੀ ਜ਼ਮੀਨ ਇੱਕ ਦਿਨ ਵਿੱਚ ਪੈਦਲ ਚਲਕੇ ਤੂੰ ਵਲ ਲਏਂਗਾ, ਉਹੀ ਤੇਰੀ। ਤੇ ਕੀਮਤ ਹੈ ਹੀ ਦਿਨ ਭਰ ਦੀ ਇੱਕ ਹਜਾਰ।’’

ਦੀਨਾ ਅਚਰਜ ਵਿੱਚ ਪੈ ਗਿਆ ਕਿਹਾ, ‘‘ਇੱਕ ਦਿਨ ਵਿੱਚ ਤਾਂ ਬਹੁਤ-ਸਾਰੀ ਜ਼ਮੀਨ ਵਲੀ ਜਾ ਸਕਦੀ ਹੈ।’’

ਸਰਦਾਰ ਹੱਸਿਆ। ਬੋਲਿਆ, ‘‘ਹਾਂ, ਕਿਉਂ ਨਹੀ। ਬਸ, ਉਹ ਸਭ ਤੁਹਾਡੀ। ਪਰ ਇੱਕ ਸ਼ਰਤ ਹੈ। ਜੇਕਰ ਤੂੰ ਉਸੇ ਦਿਨ, ਉਸੇ ਜਗ੍ਹਾ ਨਾ ਆ ਗਏ, ਜਿੱਥੋਂ ਚਲੋਗੇ, ਤਾਂ ਕੀਮਤ ਜਬਤ ਸਮਝੀ ਜਾਏਗੀ।’’

‘‘ਲੇਕਿਨ ਮੈਨੂੰ ਪਤਾ ਕਿਵੇਂ ਚੱਲੇਗਾ ਕਿ ਮੈਂ ਇਸ ਜਗ੍ਹਾ ਤੋਂ ਚੱਲਿਆ ਸੀ।’’

‘‘ਕਿਉਂ, ਅਸੀਂ ਸਭ ਨਾਲ ਚੱਲਾਂਗੇ ਅਤੇ ਜਿੱਥੇ ਠਹਿਰਨ ਨੂੰ ਕਹੋਗੇ, ਠਹਿਰੇ ਰਹਾਂਗੇ। ਉਸ ਜਗ੍ਹਾ ਤੋਂ ਸ਼ੁਰੂ ਕਰਨਾ ਅਤੇ ਉਥੇ ਹੀ ਪਰਤ ਆਉਣਾ। ਨਾਲ ਕਹੀ ਲੈ ਲੈਣਾ। ਜਿੱਥੇ ਜ਼ਰੂਰੀ ਸਮਝਿਆ, ਨਿਸ਼ਾਨ ਲਗਾ ਦਿੱਤਾ। ਹਰ ਮੋੜ ਤੇ ਮਿੱਟੀ ਦੀ ਇੱਕ ਢੇਰੀ ਦੀ ਨਿਸਾਨੀ ਲਾ ਦਿੱਤੀ। ਪਿੱਛੇ ਫਿਰ ਅਸੀਂ ਲੋਕ ਚੱਲਾਂਗੇ ਅਤੇ ਹੱਲ ਨਾਲ ਇੱਕ ਨਿਸ਼ਾਨ ਨੂੰ ਦੂਜੇ ਨਾਲ ਮਿਲਾ ਕੇ ਹਦਬੰਦੀ ਦੀ ਲਕੀਰ ਖਿੱਚ ਦੇਵਾਂਗੇ। ਹੁਣ ਦਿਨ ਭਰ ਵਿੱਚ ਜਿੰਨਾ ਚਾਹੋ, ਵੱਡੇ-ਤੋਂ-ਵੱਡਾ ਚੱਕਰ ਤੁਸੀਂ ਲਗਾ ਸਕਦੇ ਹੋ। ਤੇ ਸੂਰਜ ਛਿਪਣ ਤੋਂ ਪਹਿਲਾਂ ਜਿੱਥੋਂ ਚਲੇ ਸੀ, ਓਥੇ ਆ ਜਾਣਾ। ਜਿੰਨੀ ਜ਼ਮੀਨ ਤੁਸੀਂ ਇਸ ਤਰ੍ਹਾਂ ਵੱਲ ਲਓਗੇ, ਉਹ ਤੁਹਾਡੀ ਹੋ ਜਾਏਗੀ।’’

ਦੀਨਾ ਖੁਸ਼ ਹੋਇਆ। ਤੈਅ ਹੋਇਆ ਕਿ ਅਗਲੇ ਸਵੇਰੇ ਹੀ ਚਲਣ ਸ਼ੁਰੂ ਕਰ ਦਿੱਤਾ ਜਾਏਗਾ। ਫਿਰ ਕੁੱਝ ਗੱਪਸ਼ੱਪ ਹੋਈ, ਖਾਣਾ-ਪੀਣਾ ਹੋਇਆ। ਇੰਜ ਹੀ ਕਰਦੇ-ਕਰਾਂਦੇ ਰਾਤ ਹੋ ਗਈ। ਦੀਨੇ ਲਈ ਉਨ੍ਹਾਂ ਨੇ ਖ਼ੂਬ ਆਰਾਮਦੇਹ ਖੰਭਾਂ ਦਾ ਬਿਸਤਰ ਲਗਾ ਦਿੱਤਾ ਅਤੇ ਉਹ ਲੋਕ ਰਾਤ ਭਰ ਲਈ ਵਿਦਾ ਹੋ ਗਏ। ਕਹਿ ਗਏ ਕਿ ਪਹੁ ਫਟਣ ਤੋਂ ਪਹਿਲਾਂ ਹੀ ਉਹ ਆ ਜਾਣਗੇ, ਤਾਂਕਿ ਸੂਰਜ ਨਿਕਲਣ ਤੋਂ ਪਹਿਲਾਂ-ਪਹਿਲਾਂ ਮੁਕਾਮ ਤੇ ਪਹੁੰਚ ਜਾਇਆ ਜਾਵੇ।

ਦੀਨਾ ਆਪਣੇ ਖੰਭਾਂ ਦੇ ਬਿਸਤਰ ਤੇ ਲਿਟਿਆ ਤਾਂ ਰਿਹਾ, ਪਰ ਉਸਨੂੰ ਨੀਂਦ ਨਾ ਆਈ। ਰਹਿ-ਰਹਿਕੇ ਉਹ ਜ਼ਮੀਨ ਬਾਰੇ ਸੋਚਣ ਲੱਗਦਾ ਸੀ:

‘‘ਤੁਰ ਕੇ ਮੈਂ ਕਿੰਨੀ ਜ਼ਮੀਨ ਮਿਣ ਲਵਾਂਗਾ ਕੁੱਝ ਠਿਕਾਣਾ ਹੈ! ਇੱਕ ਦਿਨ ਵਿੱਚ ਪੈਂਤੀ ਮੀਲ ਤਾਂ ਮਾਮੂਲੀ ਗੱਲ ਹੈ। ਦਿਨ ਅੱਜ ਕੱਲ੍ਹ ਲੰਬੇ ਹੁੰਦੇ ਹਨ ਅਤੇ ਪੈਂਤੀ ਮੀਲ! – ਕਿੰਨੀ ਜ਼ਮੀਨ ਉਸ ਵਿੱਚ ਆ ਜਾਏਗੀ! ਉਸ ਵਿੱਚੋਂ ਘੱਟੀਆ ਵਾਲੀ ਤਾਂ ਵੇਚ ਦੇਵਾਂਗਾ ਜਾਂ ਠੇਕੇ ਤੇ ਚਾੜ੍ਹ ਦੇਵਾਂਗਾ, ਲੇਕਿਨ ਜੋ ਵਧੀਆ ਹੋਵੇਗੀ ਓਥੇ ਆਪਣਾ ਫਾਰਮ ਹਾਊਸ ਬਣਾਵਾਂਗਾ। ਦੋ ਦਰਜਨ ਬੈਲ ਤਾਂ ਫਿਲਹਾਲ ਕਾਫ਼ੀ ਹੋਣਗੇ। ਦੋ ਆਦਮੀ ਵੀ ਰੱਖਣੇ ਹੋਣਗੇ। ਕੋਈ ਡੇਢ ਸੌ ਏਕੜ ਵਿੱਚ ਤਾਂ ਕਾਸ਼ਤ ਕਰਾਂਗਾਂ। ਬਾਕੀ ਚਰਾਈ ਦੇ ਲਈ।’’

ਦੀਨਾ ਰਾਤ ਭਰ ਪਿਆ ਜ਼ਮੀਨ-ਅਸਮਾਨ ਦੇ ਕੁਲਾਬੇ ਮਿਲਾਉਂਦਾ ਰਿਹਾ। ਦੇਰ-ਰਾਤ ਕਿਤੇ ਥੋੜ੍ਹੀ ਜਿਹੀ ਨੀਂਦ ਆਈ। ਅੱਖ ਝਪਕੀ ਹੋਵੇਗੀ ਕਿਸੇ ਦੇ ਬਾਹਰ ਤੋਂ ਖਿੜ ਖਿੜ ਹੱਸਣ ਦੀ ਅਵਾਜ ਉਸਦੇ ਕੰਨਾਂ ਵਿੱਚ ਆਈ। ਅਚਰਜ ਹੋਇਆ ਕਿ ਇਹ ਕੌਣ ਹੋ ਸਕਦਾ ਹੈ? ਉੱਠਕੇ ਬਾਹਰ ਆਕੇ ਵੇਖਿਆ ਕਿ ਕੋਲ ਲੋਕਾਂ ਦਾ ਉਹ ਸਰਦਾਰ ਹੀ ਬਾਹਰ ਬੈਠਾ ਜ਼ੋਰ-ਜ਼ੋਰ ਨਾਲ ਹੱਸ ਰਿਹਾ ਸੀ। ਹਾਸੇ ਦੇ ਮਾਰੇ ਆਪਣਾ ਢਿੱਡ ਫੜ ਰੱਖਿਆ ਸੀ। ਕੋਲ ਜਾ ਕੇ ਦੀਨੇ ਨੇ ਪੁੱਛਣਾ ਚਾਹਿਆ, ‘‘ਤੁਸੀ ਏਸ ਤਰਾਂ ਹੱਸ ਕਿਉਂ ਰਹੇ ਹੋ?’’ ਲੇਕਿਨ ਅਜੇ ਪੁੱਛਿਆ ਵੀ ਨਹੀਂ ਸੀ ਕਿ ਵੇਖਦਾ ਕੀ ਹੈ ਕਿ ਓਥੇ ਸਰਦਾਰ ਤਾਂ ਹੈ ਨਹੀਂ, ਸਗੋਂ ਉਹ ਸੌਦਾਗਰ ਬੈਠਾ ਹੈ, ਜੋ ਅਜੇ ਕੁੱਝ ਦਿਨ ਪਹਿਲਾਂ ਉਸਨੂੰ ਆਪਣੇ ਦੇਸ਼ ਵਿੱਚ ਮਿਲਿਆ ਸੀ ਅਤੇ ਜੀਹਨੇ ਇਸ ਜ਼ਮੀਨ ਦੀ ਗੱਲ ਦੱਸੀ ਸੀ। ਤਦ ਦੀਨਾ ਉਸ ਤੋਂ ਪੁੱਛਣ ਹੀ ਲੱਗਿਆ ਸੀ ਕਿ ਇੱਥੇ ਤੁਸੀਂ ਕਿਵੇਂ ਅਤੇ ਕਦੋਂ ਆਏ? ਪਰ ਵੇਖਿਆ ਤਾਂ ਉਹ ਸੌਦਾਗਰ ਵੀ ਉਥੇ ਨਹੀਂ, ਸਗੋਂ ਉਹੀ ਪੁਰਾਣਾ ਕਿਸਾਨ ਸੀ ਜਿਸਨੇ ਮੁੱਦਤ ਹੋਈ ਸਤਲੁਜ ਪਾਰ ਦੀ ਜ਼ਮੀਨ ਦਾ ਪਤਾ ਦਿੱਤਾ ਸੀ। ਲੇਕਿਨ ਫਿਰ ਵੇਖਿਆ ਕਿ ਉਹ ਕਿਸਾਨ ਵੀ ਨਹੀਂ, ਸਗੋਂ ਆਪ ਸ਼ੈਤਾਨ ਸੀ, ਜਿਸਦੇ ਖੁਰ ਵੀ ਸਨ ਅਤੇ ਸਿੰਗ ਵੀ। ਉਹ ਓਥੇ ਬੈਠਾ ਠਹਾਕੇ ਮਾਰ ਮਾਰ ਹੱਸ ਰਿਹਾ ਸੀ। ਸਾਹਮਣੇ ਉਸਦੇ ਇੱਕ ਆਦਮੀ ਪਿਆ ਹੋਇਆ ਸੀ – ਨੰਗੇ ਪੈਰ, ਸ਼ਰੀਰ ਤੇ ਬਸ ਇੱਕ ਕੁੜਤਾ-ਧੋਤੀ। ਜ਼ਮੀਨ ਤੇ ਉਹ ਆਦਮੀ ਮੂਧੇ ਮੂੰਹ ਬੇਹਾਲ ਪਿਆ ਸੀ। ਦੀਨੇ ਨੇ ਸੁਪਨੇ ਵਿੱਚ ਹੀ ਧਿਆਨ ਨਾਲ ਵੇਖਿਆ ਕਿ ਇਹ ਪਿਆ ਹੋਇਆ ਆਦਮੀ ਕੌਣ ਸੀ ਅਤੇ ਕਿਵੇਂ? ਵੇਖਦਾ ਕੀ ਹੈ ਕਿ ਉਹ ਆਦਮੀ ਦੂਜਾ ਕੋਈ ਨਹੀਂ, ਖੁਦ ਦੀਨਾ ਹੀ ਸੀ ਅਤੇ ਉਸਦੀ ਜਾਨ ਨਿਕਲ ਚੁੱਕੀ ਸੀ। ਇਹ ਵੇਖਕੇ ਮਾਰੇ ਡਰ ਦੇ ਉਹ ਘਬਰਾ ਗਿਆ। ਇੰਨੇ ਵਿੱਚ ਉਸੀ ਅੱਖ ਖੁੱਲ੍ਹ ਗਈ।

ਉੱਠਕੇ ਸੋਚਿਆ ਕਿ ਸੁਪਨੇ ਵਿੱਚ ਆਦਮੀ ਨਾ ਜਾਣੇ ਕੀ ਕੀ ਬੇਹੂਦਾ ਗੱਲਾਂ ਵੇਖ ਜਾਂਦਾ ਹੈ। ਅੰਹ! ਇਹ ਸੋਚਕੇ ਮੂੰਹ ਮੋੜ ਦਰਵਾਜ਼ੇ ਦੇ ਬਾਹਰ ਝਾਕ ਕੇ ਵੇਖਿਆ ਤਾਂ ਸਵੇਰਾ ਹੋਣ ਵਾਲਾ ਸੀ। ਸੋਚਿਆ, ਸਮਾਂ ਹੋ ਗਿਆ। ਉਨ੍ਹਾਂ ਨੂੰ ਹੁਣ ਜਗਾ ਦੇਣਾ ਚਾਹੀਦਾ ਹੈ। ਚੱਲਣ ਵਿੱਚ ਦੇਰ ਠੀਕ ਨਹੀਂ।

ਉਹ ਖੜਾ ਹੋ ਗਿਆ ਅਤੇ ਗੱਡੀ ਵਿੱਚ ਸੁੱਤੇ ਹੋਏ ਆਪਣੇ ਆਦਮੀ ਨੂੰ ਜਗਾਇਆ। ਕਿਹਾ ਕਿ ਗੱਡੀ ਤਿਆਰ ਕਰੇ। ਆਪ ਕੋਲ ਲੋਕਾਂ ਨੂੰ ਬੁਲਾਣ ਚੱਲ ਪਿਆ।

ਜਾਕੇ ਕਿਹਾ, ‘‘ਸਵੇਰਾ ਹੋ ਗਿਆ ਹੈ। ਜ਼ਮੀਨ ਨਾਪਣ ਚੱਲ ਪੈਣਾ ਚਾਹੀਦਾ ਹੈ।’’ ਕੋਲ ਲੋਕ ਸਭ ਉੱਠੇ ਅਤੇ ਇੱਕਠੇ ਹੋਏ। ਸਰਦਾਰ ਵੀ ਆ ਗਿਆ। ਚੱਲਣ ਤੋਂ ਪਹਿਲਾਂ ਉਨ੍ਹਾਂ ਨੇ ਚਾਹ ਦੀ ਤਿਆਰੀ ਕੀਤੀ ਅਤੇ ਦੀਨੇ ਨੂੰ ਚਾਹ ਲਈ ਪੁੱਛਿਆ। ਲੇਕਿਨ ਚਾਹ ਕਾਰਨ ਦੇਰ ਹੋਣ ਬਾਰੇ ਸੋਚ ਕੇ ਉਸਨੇ ਕਿਹਾ, ‘‘ਆਪਾਂ ਹੁਣ ਚੱਲੀਏ। ਵਕਤ ਬਹੁਤ ਹੋ ਗਿਆ।’’

ਕੋਲ ਤਿਆਰ ਹੋਏ ਅਤੇ ਸਭ ਚੱਲ ਪਏ। ਕੁੱਝ ਘੋੜੇ ਤੇ, ਕੁੱਝ ਗੱਡੀ ਵਿੱਚ। ਦੀਨਾ ਨੌਕਰ ਦੇ ਨਾਲ ਆਪਣੀ ਛੋਟੀ ਬੈਲ-ਗੱਡੀ ਵਿੱਚ ਸਵਾਰ ਸੀ। ਕਹੀ ਉਸਨੇ ਨਾਲ ਰੱਖ ਲਈ ਸੀ। ਖੁੱਲ੍ਹੇ ਮੈਦਾਨ ਵਿੱਚ ਜਦੋਂ ਪੁੱਜੇ, ਪਹੁ ਅਜੇ ਫੁੱਟ ਹੀ ਰਹੀ ਸੀ। ਨੇੜੇ ਇੱਕ ਉੱਚੀ ਥੜੀ ਸੀ, ਪਾਰ ਖੁੱਲ੍ਹਮ ਖੁੱਲ੍ਹਾ ਵਿਛਿਆ ਮੈਦਾਨ। ਥੜੀ ਤੇ ਪਹੁੰਚਕੇ ਗੱਡੀਆਂ-ਘੋੜਿਆਂ ਤੋਂ ਸਭ ਉੱਤਰ ਆਏ ਅਤੇ ਇੱਕ ਜਗ੍ਹਾ ਜਮ੍ਹਾ ਹੋ ਗਏ। ਸਰਦਾਰ ਨੇ ਫਿਰ ਅੱਗੇ ਜਾ ਕੇ ਕਿੰਨੀ ਦੂਰ ਤੱਕ ਫੈਲੇ ਮੈਦਾਨ ਦੀ ਤਰਫ਼ ਹੱਥ ਚੁੱਕ ਕੇ ਦੀਨੇ ਨੂੰ ਕਿਹਾ,”ਵੇਖਦੇ ਹੋ, ਜਿਥੇ ਤਕ ਨਜ਼ਰ ਜਾਂਦੀ ਹੈ ਉਥੇ ਤਕ, ਸਾਡੀ ਜ਼ਮੀਨ ਹੈ। ਉਸ ਵਿੱਚ ਜਿੰਨੀ ਤੁਸੀਂ ਚਾਹੋ, ਲੈ ਲਓ।”

ਦੀਨੇ ਦੀਆਂ ਅੱਖਾਂ ਚਮਕ ਉਠੀਆਂ। ਧਰਤੀ ਇੱਕ ਦਮ ਅਛੂਤੀ ਪਈ ਸੀ। ਹਥੇਲੀ ਦੀ ਤਰ੍ਹਾਂ ਹਮਵਾਰ ਅਤੇ ਮੁਲਾਇਮ ਕੁਆਰੀ ਧਰਤੀ। ਵੜੇਵਿਆਂ ਵਰਗੀ ਕਾਲੀ। ਅਤੇ ਜਿੱਥੇ ਕਿਤੇ ਜਰਾ ਨਿਵਾਣ ਸੀ, ਓਥੇ ਛਾਤੀ-ਛਾਤੀ ਜਿੰਨੀ ਤਰ੍ਹਾਂ-ਤਰ੍ਹਾਂ ਦੀ ਹਰਿਆਲੀ ਛਾਈ ਸੀ।

ਸਰਦਾਰ ਨੇ ਆਪਣੇ ਸਿਰ ਤੋਂ ਜੱਤਦਾਰ ਟੋਪੀ ਉਤਾਰੀ ਅਤੇ ਧਰਤੀ ਤੇ ਰੱਖ ਦਿੱਤੀ। ਕਿਹਾ ‘‘ਇਹ ਨਿਸ਼ਾਨ ਰਿਹਾ। ਇੱਥੋਂ ਚੱਲੋ ਅਤੇ ਇੱਥੇ ਆ ਜਾਣਾ। ਜਿੰਨੀ ਜ਼ਮੀਨ ਵਲ਼ ਲਓਗੇ, ਉਨੀ ਤੁਹਾਡੀ।’’

ਦੀਨਾ ਨੇ ਵੀ ਰੁਪਏ ਕੱਢੇ ਅਤੇ ਗਿਣ ਕੇ ਟੋਪੀ ਵਿੱਚ ਰੱਖ ਦਿੱਤੇ। ਫਿਰ ਉਸਨੇ ਆਪਣਾ ਕੋਟ ਉਤਾਰਿਆ ਅਤੇ ਲੰਗੋਟੀ ਕਸ ਲਈ। ਅੰਗੋਛੇ ਵਿੱਚ ਰੋਟੀ ਰੱਖੀ, ਬਾਹਾਂ ਚੜ੍ਹਾਈਆਂ, ਪਾਣੀ ਦਾ ਬੰਦੋਬਸਤ ਕੀਤਾ, ਆਪਣੇ ਆਦਮੀ ਤੋਂ ਕਹੀ ਲਈ, ਅਤੇ ਚੱਲਣ ਲਈ ਤਿਆਰ ਹੋ ਗਿਆ। ਕੁੱਝ ਪਲ ਸੋਚਦਾ ਰਹਿ ਗਿਆ ਕਿ ਕਿਸ ਪਾਸੇ ਜਾਣਾ ਬਿਹਤਰ ਰਹੇਗਾ। ਹਰ ਪਾਸੇ ਲਲਚਾਈਆਂ ਨਜ਼ਰਾਂ ਦੌੜਾ ਰਿਹਾ ਸੀ।

ਉਸਨੇ ਤੈਅ ਕੀਤਾ ਕਿ ਅੱਗੇ ਵੇਖਿਆ ਜਾਏਗਾ। ਪਹਿਲਾਂ ਤਾਂ ਸਾਹਮਣੇ ਸੂਰਜ ਦੀ ਤਰਫ਼ ਹੀ ਚੱਲਾਂ। ਇੱਕ ਵਾਰ ਪੂਰਬ ਦੇ ਵੱਲ ਮੁੰਹ ਕਰਕੇ ਖੜ੍ਹਾ ਹੋ ਗਿਆ, ਅੰਗੜਾਈ ਲੈ ਕੇ ਸੁਸਤੀ ਹਟਾਈ ਅਤੇ ਦੂਰ ਦੁਮੇਲ ਤੇ ਨਿਗਾਹ ਟਿਕਾ ਸੂਰਜ ਦਾ ਮੂੰਹ ਚਮਕਣ ਦੀ  ਉਡੀਕ ਕਰਨ ਲੱਗਾ।

ਸੋਚਣ ਲੱਗਾ ਕਿ ਮੈਨੂੰ ਵਕਤ ਨਹੀਂ ਗੁਆਉਣਾ ਚਾਹੀਦਾ ਹੈ ਅਤੇ ਠੰਡੇ ਠੰਡੇ ਵਾਧੂ ਪੰਧ ਮੁਕਾ ਲਵਾਂਗਾ। ਸੂਰਜ ਦੀ ਪਹਿਲੀ ਕਿਰਨ ਆਉਂਦਿਆਂ ਹੀ ਦੀਨਾ ਮੋਢੇ ਤੇ ਕਹੀ ਸੰਭਾਲ ਵੱਡੀਆਂ ਵੱਡੀਆਂ ਪੁਲਾਘਾਂ ਭਰਦਾ ਖੁੱਲ੍ਹੇ ਮੈਦਾਨ ਵਿੱਚ ਠਿਲ੍ਹ ਪਿਆ।

ਸ਼ੁਰੂ ਵਿੱਚ ਉਹ ਹੌਲੀ ਚੱਲਿਆ ਨਾ ਹੀ ਬਹੁਤਾ ਤੇਜ਼। ਹਜ਼ਾਰ ਕੁ ਗਜ ਚਲਣ ਤੋਂ ਬਾਅਦ ਉਹ ਠਹਰਿਆ। ਓਥੇ ਇੱਕ ਢੇਰੀ ਬਣਾਈ ਤੇ ਉਤੇ ਦੱਭ ਗੱਡ ਦਿੱਤੀ ਤਾਂ ਜੋ ਸੌਖ ਨਾਲ ਦਿਖ ਸਕੇ। ਫਿਰ ਅੱਗੇ ਵਧਿਆ। ਉਸ ਦੇ ਬਦਨ ਵਿੱਚ ਫੁਰਤੀ ਆ ਗਈ। ਉਸਨੇ ਚਾਲ ਤੇਜ਼ ਕਰ ਦਿੱਤੀ। ਕੁੱਝ ਦੇਰ ਬਾਅਦ ਦੂਜੀ ਨਿਸ਼ਾਨੀ ਲਾਈ।

ਹੁਣ ਪਿੱਛੇ ਮੁੜ ਕੇ ਵੇਖਿਆ। ਧੁੱਪ ਵਿੱਚ ਥੇੜੀ ਸਾਫ਼ ਦਿਖਦੀ ਸੀ। ਉਸ ਤੇ ਆਦਮੀ ਖੜੇ ਸਨ ਅਤੇ ਗੱਡੀ ਦੇ ਪਹੀਆਂ ਦੇ ਆਰੇ ਤੱਕ ਚਮਕਦੇ ਦਿਖਦੇ ਸਨ। ਅੰਦਾਜ਼ਨ ਤਿੰਨ ਮੀਲ ਤਾਂ ਉਹ ਆ ਗਿਆ ਹੋਵੇਗਾ। ਧੁੱਪ ਤਿੱਖੀ ਹੋ ਗਈ ਸੀ। ਬਾਸਕਟ ਉਤਾਰਕੇ ਉਸਨੇ ਮੋਢੇ ਤੇ ਰੱਖ ਲਈ ਅਤੇ ਫਿਰ ਚੱਲ ਪਿਆ। ਹੁਣ ਖਾਸੀ ਗਰਮੀ ਹੋਣ ਲੱਗੀ ਸੀ। ਉਸਨੇ ਸੂਰਜ ਦੀ ਤਰਫ਼ ਵੇਖਿਆ। ਵਕਤ ਹੋ ਗਿਆ ਸੀ ਕਿ ਕੁੱਝ ਖਾਣ-ਪੀਣ ਦਾ ਵੀ ਸੋਚਿਆ ਜਾਂਦਾ।

‘‘ਇੱਕ ਪਹਿਰ ਤਾਂ ਗੁਜ਼ਰ ਗਿਆ। ਲੇਕਿਨ ਦਿਨ ਵਿੱਚ ਚਾਰ ਪਹਿਰ ਹੁੰਦੇ ਹਨ। ਹੂੰ, ਅਜੇ ਜਲਦੀ ਹੈ। ਪਰ ਜੁੱਤੇ ਉਤਾਰ ਲਵਾਂ।’’ ਇਹ ਸੋਚ ਉਸਨੇ ਜੁੱਤੇ ਉਤਾਰ ਕੇ ਆਪਣੀ ਲੰਗੋਟੀ ਵਿੱਚ ਅੜੁੰਗ ਲਏ ਅਤੇ ਰਵਾਂ ਹੋ ਗਿਆ।

ਸੋਚਿਆ, ‘‘ਅਜੇ ਤਿੰਨ ਕੁ ਮੀਲ ਹੋਰ ਵੀ ਚਲਿਆ ਚੱਲਾਂ। ਤਦ ਦੂਜੀ ਦਿਸ਼ਾ ਵੱਲ ਮੁੜਾਂਗਾ। ਕੈਸੀ ਉਮਦਾ ਜਗਾਹ ਹੈ। ਇਸਨੂੰ ਹੱਥੋਂ ਜਾਣ ਦੇਣਾ ਹਿਮਾਕਤ ਹੈ; ਪਰ ਕਿੰਨੀ ਅਜਬ ਗੱਲ ਹੈ ਕਿ ਜਿਨ੍ਹਾਂ ਅੱਗੇ ਵਧੋ, ਓਨੀ ਜ਼ਮੀਨ ਹੋਰ ਚੱਕਵੀਂ ਮਿਲਦੀ ਹੈ।’’

ਕੁੱਝ ਦੇਰ ਹੋਰ ਉਹ ਸਿੱਧਾ ਅੱਗੇ ਵੱਲ ਚੱਲਿਆ। ਫਿਰ ਪਿੱਛੇ ਮੁੜ ਕੇ ਵੇਖਿਆ ਤਾਂ ਥੇੜੀ ਮੁਸ਼ਕਲ ਨਾਲ ਦਿਖਾਈ ਦਿੰਦੀ ਸੀ ਅਤੇ ਉਸ ਉੱਤੇ ਆਦਮੀ ਰੀਂਗਦੀ ਕੀੜੀ ਵਰਗੇ ਲੱਗਦੇ ਸਨ …। ਦੀਨੇ ਨੇ ਸੋਚਿਆ, ‘‘ਓਹ, ਮੈਂ ਏਧਰ ਕਾਫ਼ੀ ਅੱਗੇ ਵੱਧ ਆਇਆ ਹਾਂ। ਹੁਣ ਪਰਤਣਾ ਚਾਹੀਦਾ ਹੈ।’’ ਮੁੜ੍ਹਕਾ ਬੇਹੱਦ ਆ ਰਿਹਾ ਸੀ ਅਤੇ ਪਿਆਸ ਵੀ ਲੱਗ ਆਈ ਸੀ।

ਇੱਥੇ ਠਹਿਰਕੇ ਉਸਨੇ ਢੇਰੀ ਬਣਾਈ, ਉੱਪਰ ਘਾਹ ਰੱਖ ਦਿੱਤਾ। ਉਸਦੇ ਬਾਅਦ ਪਾਣੀ ਪੀਕੇ ਸਿੱਧਾ ਖੱਬੇ ਮੁੜ ਪਿਆ। ਚੱਲਦਾ ਚਲਾ ਗਿਆ, ਚੱਲਦਾ ਚਲਾ ਗਿਆ। ਦੱਭ ਕਾਈ ਉੱਚੀ ਸੀ ਅਤੇ ਗਰਮੀ ਵੱਧ ਰਹੀ ਸੀ। ਉਹਨੂੰ ਥਕਾਵਟ ਹੋਣ ਲੱਗੀ। ਉਸਨੇ ਸੂਰਜ ਵੱਲ ਵੇਖਿਆ। ਸਿਖਰ ਦੁਪਹਿਰ ਹੋ ਆਈ ਸੀ।

ਸੋਚਿਆ, ਹੁਣ ਜ਼ਰਾ ਆਰਾਮ ਕਰ ਲੈਣਾ ਚਾਹੀਦਾ ਹੈ। ਉਹ ਬੈਠ ਗਿਆ। ਰੋਟੀ ਕੱਢਕੇ ਖਾਧੀ ਅਤੇ ਕੁੱਝ ਪਾਣੀ ਪੀਤਾ। ਲਿਟਿਆ ਨਹੀਂ ਕਿ ਕਿਤੇ ਨੀਂਦ ਹੀ ਨਾ ਆ ਜਾਵੇ। ਇਸ ਤਰ੍ਹਾਂ ਕੁੱਝ ਦੇਰ ਬੈਠ, ਫਿਰ ਅੱਗੇ ਚੱਲ ਪਿਆ।

ਪਹਿਲਾਂ ਨਾਲੋਂ ਚੱਲਣਾ ਹੁਣ ਆਸਾਨ ਹੋ ਗਿਆ ਸੀ। ਖਾਣੇ ਨਾਲ ਉਸ ਵਿੱਚ ਕੁਝ ਦਮ ਆ ਗਿਆ ਸੀ। ਲੇਕਿਨ ਗਰਮੀ ਤਿੱਖੀ ਹੋ ਚੱਲੀ ਅਤੇ ਅੱਖਾਂ ਵਿੱਚ ਉਸਦੇ ਊਂਘ ਜਿਹੀ ਆਉਣ ਲੱਗੀ। ਤਾਂ ਵੀ ਉਹ ਚੱਲਦਾ ਹੀ ਗਿਆ। ਸੋਚਿਆ ਕਿ ਤਕਲੀਫ ਘੜੀ ਦੋ ਘੜੀ ਦੀ ਹੋਣੀ ਹੈ, ਆਰਾਮ ਜ਼ਿੰਦਗੀ ਭਰ ਦਾ ਹੋ ਜਾਏਗਾ।

ਇਧਰ ਨੂੰ ਵੀ ਉਸਨੇ ਕਾਫ਼ੀ ਲੰਬੀ ਵਾਟ ਕੀਤੀ। ਉਹ ਸੱਜੇ ਪਾਸੇ ਮੁੜਣ ਵਾਲਾ ਹੀ ਸੀ ਕਿ ਅੱਗੇ ਜ਼ਮੀਨ ਉਪਜਾਊ ਵਿਖਾਈ ਦਿੱਤੀ। ਉਸਨੇ ਸੋਚਿਆ ਕਿ ਇਸ ਟੁਕੜੇ ਨੂੰ ਛੱਡਣਾ ਤਾਂ ਮੂਰਖਤਾ ਹੋਵੇਗੀ। ਇੱਥੇ ਫਸਲ ਅਜਿਹੀ ਉੱਗੇਗੀ ਕਿ ਕੀ ਕਹਿਣਾ! ਇਹ ਸੋਚ ਉਸਨੇ ਉਸ ਟੁਕੜੇ ਨੂੰ ਵੀ ਵਲ਼ ਲਿਆ ਅਤੇ ਪਾਰ ਆਕੇ ਢੇਰੀ ਦੀ ਨਿਸ਼ਾਨੀ ਲਾ ਦਿੱਤੀ। ਫਿਰ ਦੂਜੇ ਪਾਸੇ ਮੁੜਿਆ। ਜਦੋਂ ਥੇੜੀ ਦੀ ਤਰਫ਼ ਵੇਖਿਆ ਤਾਂ ਤਪਸ ਦੇ ਮਾਰੇ ਹਵਾ ਕੰਬਦੀ ਜਿਹੀ ਲੱਗੀ। ਉਸ ਕਾਂਬੇ ਦੇ ਧੁੰਦਕਾਰੇ ਵਿੱਚੋਂ ਉਹ ਥੇੜੀ ਦੀ ਜਗ੍ਹਾ ਮੁਸ਼ਕਲ ਦਿਖਦੀ ਸੀ।

ਦੀਨੇ ਨੇ ਸੋਚਿਆ ਕਿ ਖੇਤ ਦੀਆਂ ਇਹ ਦੋ ਭੁਜਾਵਾਂ ਮੈਂ ਜਿਆਦਾ ਵਲ਼ ਲਈਆਂ ਹਨ। ਹੁਣ ਏਧਰ ਕੁੱਝ ਘੱਟ ਹੀ ਰਹਿਣ ਦੇਵਾਂ। ਉਹ ਤੇਜ਼ ਕਦਮੀਂ ਤੀਜੀ ਤਰਫ਼ ਵਧਿਆ। ਉਸਨੇ ਸੂਰਜ ਨੂੰ ਵੇਖਿਆ। ਸੂਰਜ ਕੋਈ ਦੋ ਤਿਹਾਈ ਆਪਣਾ ਚੱਕਰ ਕੱਟ ਚੁੱਕਾ ਸੀ। ਮੁਕਾਮ ਤੋਂ ਅਜੇ ਉਹ ਦਸ ਮੀਲ ਦੂਰ ਸੀ। ਉਸਨੇ ਸੋਚਿਆ ਕਿ ਹੁਣ ਜਾਣ ਹੀ ਦੇਵਾਂ। ਮੇਰੀ ਜ਼ਮੀਨ ਦੀ ਇੱਕ ਬਾਹੀ ਛੋਟੀ ਰਹਿ ਜਾਇਗੀ ਤਾਂ ਛੋਟੀ ਹੀ ਸਹੀ। ਪਰ ਹੁਣ ਸਿੱਧੀ ਲਕੀਰ ਵਿੱਚ ਮੈਨੂੰ ਵਾਪਸ ਚਲਣਾ ਚਾਹੀਦਾ ਹੈ। ਜੇ ਕਿਤੇ ਦੂਰ ਨਿਕਲ ਗਿਆ ਤਾਂ ਬਾਜ਼ੀ ਹੱਥੋਂ  ਗਈ। ਓਏ, ਐਨੀ ਹੀ ਜ਼ਮੀਨ ਕੀ ਥੋੜ੍ਹੀ ਹੈ!

ਇਹ ਸੋਚ ਦੀਨੇ ਨੇ ਓਥੇ ਇੱਕ ਹੋਰ ਨਿਸ਼ਾਨੀ ਲਾ ਦਿੱਤੀ ਅਤੇ ਥੇੜੀ ਦੀ ਤਰਫ਼ ਮੂੰਹ ਕਰਕੇ ਠੀਕ ਨੱਕ ਦੀ ਸੇਧ ਵਿੱਚ ਚੱਲ ਪਿਆ।

ਪਰ ਹੁਣ ਚੱਲਣਾ ਮੁਸ਼ਕਲ ਹੁੰਦਾ ਜਾਂਦਾ ਸੀ। ਧੁੱਪ ਨੇ ਉਹਦੀ ਨਾਂਹ ਕਰਾਈ ਪਈ ਸੀ। ਨੰਗੇ ਪੈਰ ਜਗ੍ਹਾ-ਜਗ੍ਹਾ ਚੀਰੇ ਅਤੇ ਛਾਲੇ ਪੈ ਗਏ ਸਨ ਅਤੇ ਲੱਤਾਂ ਜਵਾਬ ਦੇ ਰਹੀਆਂ ਸਨ। ਜ਼ਰਾ ਆਰਾਮ ਕਰਨ ਲਈ ਉਸਦਾ ਜੀ ਕੀਤਾ, ਪਰ ਇਹ ਕਿਵੇਂ ਹੋ ਸਕਦਾ ਸੀ? ਸੂਰਜ ਛਿਪਣ ਤੋਂ ਪਹਿਲਾਂ ਉਸਨੇ ਓਥੇ ਪਹੁੰਚਣਾ ਸੀ। ਸੂਰਜ ਕਿਸੇ ਦੀ ਬਾਟ ਵੇਖਦਾ ਨਹੀਂ ਰਹਿੰਦਾ! ਉਹ ਪਲ-ਪਲ ਹੇਠਾਂ ਢਲਦਾ ਜਾ ਰਿਹਾ ਸੀ।

ਉਸਨੂੰ  ਸੋਚ ਘੇਰਨ ਲੱਗੀ ਕਿ ਮੈਥੋਂ ਵੱਡੀ ਭੁੱਲ ਹੋ ਗਈ। ਮੈਂ ਏਨੇ ਪੈਰ ਪਸਾਰੇ ਕਿਉਂ? ਜੇਕਰ ਕਿਤੇ ਵਕਤ ਨਾਲ ਨਾ ਪਹੁੰਚ ਹੋਇਆ ਤਾਂ?

ਉਸਨੇ ਫਿਰ ਥੇੜੀ ਦੀ ਤਰਫ਼ ਵੇਖਿਆ, ਫਿਰ ਸੂਰਜ ਦੀ ਤਰਫ਼। ਮੁਕਾਮ ਤੋਂ ਅਜੇ ਉਹ ਦੂਰ ਸੀ ਅਤੇ ਸੂਰਜ ਧਰਤੀ ਦੇ ਕੋਲ ਝੁਕ ਰਿਹਾ ਸੀ।

ਦੀਨਾ ਜੀ ਤੋੜ ਚੱਲਣ ਲੱਗਾ। ਪਰ ਸਾਹ ਫੁੱਲ ਲੱਗ ਪਿਆ ਤੇ ਕਠਿਨਾਈ ਵਧ ਗਈ ਸੀ; ਲੇਕਿਨ ਤੇਜ਼ ਹੋਰ ਤੇਜ਼ ਕਦਮ ਉਹ ਰੱਖਦਾ ਗਿਆ। ਪਰ ਮੰਜ਼ਲ ਅਜੇ ਵੀ ਦੂਰ ਸੀ। ਇਹ ਵੇਖ ਕੇ ਉਸਨੇ ਭੱਜਣਾ ਸ਼ੁਰੂ ਕਰ ਦਿੱਤਾ। ਮੋਢੇ ਤੋਂ ਵਾਸਕਟ ਲਾਹ ਕੇ ਸੁੱਟ ਦਿੱਤੀ, ਜੁੱਤੀ ਵਗਾਹ ਮਾਰੀ ਤੇ ਟੋਪੀ ਵੀ, ਬਸ ਨਿਸ਼ਾਨੀ ਲਗਾਉਣ ਲਈ ਕਹੀ ਰਹਿਣ ਦਿੱਤੀ।

ਰਹਿ-ਰਹਿ ਕੇ ਸੋਚੇ ਕਿ ਮੈਂ ਕੀ ਕਰਾਂ? ਮੈਂ ਪਹੁੰਚ ਤੋਂ ਬਾਹਰ ਚੀਜ਼ ਹਥਿਆਉਣੀ ਚਾਹੀ।

ਹੁਣ ਬਣਿਆ ਬਣਾਇਆ ਕੰਮ ਵਿਗੜਿਆ ਜਾ ਰਿਹਾ ਹੈ। ਹੁਣ ਛਿਪਣ ਤੋਂ ਪਹਿਲਾਂ ਮੈਂ ਓਥੇ ਕਿਵੇਂ ਪਹੁੰਚਾਂਗਾ ?

ਇਸ ਸੋਚ ਅਤੇ ਡਰ ਦੇ ਕਾਰਨ ਉਹ ਹੋਰ ਵੀ ਵਧ ਹੌਂਕਣ ਲੱਗ ਪਿਆ। ਉਹ ਮੁੜ੍ਹਕੋ-ਮੁੜ੍ਹਕੀ ਹੋ ਰਿਹਾ ਸੀ, ਲੰਗੋਟੀ ਗਿੱਲੀ ਹੋਕੇ ਚਿਪਕੀ ਜਾ ਰਹੀ ਸੀ ਅਤੇ ਮੂੰਹ ਸੁੱਕ ਗਿਆ ਸੀ। ਲੇਕਿਨ ਫਿਰ ਵੀ ਉਹ ਭੱਜਦਾ ਹੀ ਜਾਂਦਾ ਸੀ। ਛਾਤੀ ਉਸਦੀ ਲੁਹਾਰ ਦੀ ਧੌੰਕਣੀ ਦੀ ਤਰ੍ਹਾਂ ਚੱਲ ਉੱਠੀ, ਦਿਲ ਅੰਦਰ ਹਥੌੜੇ ਦੀਆਂ ਸੱਟਾਂਵਰਗੀ ਠੱਕ ਠੱਕ ਹੋਣ ਲੱਗੀ। ਉੱਧਰ ਲੱਤਾਂ ਜਵਾਬ ਦੇ ਰਹੀਆਂ ਸਨ। ਦੀਨੇ ਨੂੰ ਡਰ ਲਗਿਆ ਕਿ ਥਕਾਣ ਦੇ ਮਾਰੇ ਕਿਤੇ ਡਿੱਗ ਕੇ ਢੇਰ ਹੀ ਨਾ ਹੋ ਜਾਵੇ।

ਹਾਲ ਇਹ ਸੀ, ਤੇ ਰੁਕ ਉਹ ਨਹੀਂ ਸਕਿਆ। ਏਨਾ ਭੱਜਕੇ ਵੀ ਜੇਕਰ ਮੈਂ ਰੁਕਾਂਗਾ ਤਾਂ ਉਹ ਸਭ ਲੋਕ ਮੇਰੇ ਤੇ ਹੱਸਣਗੇ ਅਤੇ ਮੈਨੂੰ ਮੂਰਖ ਬਣਾਉਣਗੇ, ਇਸ ਲਈ ਉਸਨੇ ਦੌੜਨਾ ਨਹੀਂ ਛੱਡਿਆ। ਭੱਜਦਾ ਹੀ ਗਿਆ। ਅੱਗੇ ਕੋਲ ਲੋਕਾਂ ਦੀਆਂ ਅਵਾਜ਼ਾਂ ਸੁਣਾਈ ਪੈਂਦੀਆਂ ਸੀ। ਉਹ ਉਹਨੂੰ ਉੱਚੀ ਹਾਕਾਂ ਮਾਰ ਰਹੇ ਸਨ। ਇਹਨਾਂ ਹਾਕਾਂ ਨਾਲ ਉਸਦਾ ਦਿਲ ਹੋਰ ਸੁਲਘ ਉੱਠਿਆ। ਆਪਣੀ ਆਖ਼ਰੀ ਤਾਕਤ ਸਮੇਟ ਉਹ ਭੱਜਿਆ।

ਸੂਰਜ ਧਰਤੀ ਨਾਲ ਲੱਗਦਾ ਜਾ ਰਿਹਾ ਸੀ। ਤਿਰਛੀ ਰੋਸ਼ਨੀ ਦੇ ਕਾਰਨ ਉਹ ਖ਼ੂਬ ਵੱਡਾ ਅਤੇ ਲਹੂ ਵਰਗਾ ਲਾਲ ਦਿਖਾਈ ਦੇ ਰਿਹਾ ਸੀ। ਉਹ ਹੁਣ ਡੁੱਬਿਆ, ਹੁਣ ਡੁੱਬਿਆ। ਸੂਰਜ ਬਹੁਤ ਹੇਠਾਂ ਪਹੁੰਚ ਗਿਆ ਸੀ। ਲੇਕਿਨ ਦੀਨਾ ਵੀ ਮੰਜ਼ਲ ਦੇ ਬਿਲਕੁੱਲ ਕਿਨਾਰੇ ਆ ਲੱਗਾ ਸੀ। ਥੇੜੀ ਤੇ ਹੱਥ ਹਿਲਾ-ਹਿਲਾਕੇ ਹੌਸਲਾ ਅਫਜਾਈ ਕਰਦੇ ਕੋਲ ਲੋਕ ਉਸਨੂੰ ਸਾਹਮਣੇ ਵਿਖਾਈ ਦਿੰਦੇ ਸਨ। ਹੁਣ ਤਾਂ ਜ਼ਮੀਨ ਤੇ ਰੱਖੀ ਉਹ ਟੋਪੀ ਵੀ ਦਿਖਣ ਲੱਗ ਪਈ ਸੀ, ਜਿਸ ਵਿੱਚ ਉਸਦੀ ਰਕਮ ਵੀ ਰੱਖੀ ਸੀ। ਓਥੇ ਬੈਠਾ ਸਰਦਾਰ ਵੀ ਵਿਖਾਈ ਦਿੱਤਾ। ਉਹ ਢਿੱਡ ਫੜੀਂ ਹੱਸ ਰਿਹਾ ਸੀ।

ਦੀਨੇ ਨੂੰ ਸੁਪਨੇ ਦੀ ਯਾਦ ਹੋ ਆਈ।

ਉਸਨੇ ਸੋਚਿਆ ਕਿ ਹਾਏ, ਜ਼ਮੀਨ ਤਾਂ ਕਾਫ਼ੀ ਵਲ਼ ਲਈ ਹੈ, ਲੇਕਿਨ ਕੀ ਰੱਬ ਮੈਨੂੰ ਉਹਨੂੰ ਭੋਗਣ ਲਈ ਜ਼ਿੰਦਾ ਵੀ ਰਹਿਣ ਦੇਵੇਗਾ? ਮੇਰੀ ਜਾਨ ਤਾਂ ਨਿਕਲਦੀ ਲੱਗਦੀ ਹੈ। ਮੈਂ ਮੁਕਾਮ ਤੱਕ ਹੁਣ ਨਹੀਂ ਪਹੁੰਚ ਸਕਾਂਗਾ। ਦੀਨੇ ਨੇ ਹਸਰਤ-ਭਰੀ ਨਜ਼ਰ ਨਾਲ ਸੂਰਜ ਦੀ ਤਰਫ਼ ਵੇਖਿਆ ਸੂਰਜ ਧਰਤੀ ਨੂੰ ਛੂ ਚੁਕਾ ਸੀ। ਉਹ ਬਚੀ -ਖੁਚੀ ਆਪਣੀ ਸ਼ਕਤੀ ਨਾਲ ਅੱਗੇ ਵਧਿਆ। ਕਮਰ ਝੁਕਾ ਕੇ ਭੱਜਿਆ, ਜਿਵੇਂ ਕਿ ਲੱਤਾਂ ਸਾਥ ਨਾ ਦਿੰਦੀਆਂ ਹੋਣ। ਥੇੜੀ ਤੇ ਪੁੱਜਦੇ-ਪੁੱਜਦੇ ਹਨੇਰਾ ਉੱਤਰ ਆਇਆ ਸੀ। ਉਸਨੇ ਉੱਤੇ ਵੇਖਿਆ-ਸੂਰਜ ਲੁੱਕ ਚੁਕਾ ਸੀ। ਉਸਦੇ ਮੁੰਹ ਤੋਂ ਇੱਕ ਚੀਖ਼ ਜਿਹੀ ਨਿਕਲ ਗਈ, “ਹਾਏ ਮੇਰੀ ਸਾਰੀ ਮਿਹਨਤ ਬੇਕਾਰ ਗਈ!” ਪਰ ਉਸਨੂੰ ਸੁਣਾਈ ਪਿਆ ਕਿ ਹੰਭਲਾ ਮਾਰ ਅਤੇ ਉਨ੍ਹਾਂ ਨੂੰ ਸੂਰਜ ਅਜੇ ਵੀ ਦਿਖ ਰਿਹਾ ਹੋਵੇਗਾ। ਸੂਰਜ ਛਿਪਿਆ ਨਹੀਂ ਹੈ, ਬਸ ਮੈਨੂੰ ਨਹੀਂ ਦਿਖਦਾ। ਇਹ ਸੋਚਕੇ ਉਸਨੇ ਲੰਮੀ ਸਾਹ ਖਿੱਚੀ ਅਤੇ ਅੱਖਾਂ ਮੀਚ ਕੇ ਥੇੜੀ ਵੱਲ ਭੱਜਿਆ। ਸਿੱਖਰ ਤੇ ਅਜੇ ਧੁੱਪ ਸੀ। ਨੇੜੇ  ਪੁੱਜਿਆ ਅਤੇ ਸਾਹਮਣੇ ਟੋਪੀ ਵੇਖੀ। ਬਰਾਬਰ ਸਰਦਾਰ ਬੈਠਾ ਅਜੇ ਵੀ ਢਿੱਡ ਫੜੀਂ ਹੱਸ ਰਿਹਾ ਸੀ। ਦੀਨੇ ਨੂੰ ਫਿਰ ਆਪਣਾ ਸੁਫ਼ਨਾ ਯਾਦ ਆਇਆ ਅਤੇ ਉਸਦੇ ਮੂੰਹੋਂ ਚੀਖ਼ ਨਿਕਲ ਪਈ। ਲੱਤਾਂ ਉੱਕਾ ਜਵਾਬ ਦੇ ਗਈਆਂ।

ਉਹ ਮੂੰਹ ਦੇ ਜ਼ੋਰ ਅੱਗੇ ਨੂੰ ਡਿਗਿਆ ਅਤੇ ਉਸਦੇ ਹੱਥ ਟੋਪੀ ਤੱਕ ਜਾ ਪੁੱਜੇ।

“ਖ਼ੂਬ! ਖ਼ੂਬ!” ਸਰਦਾਰ ਨੇ ਕਿਹਾ, “ਵੇਖੋ, ਇਸਨੇ ਕਿੰਨੀ ਜ਼ਮੀਨ ਮਾਰ ਲਈ!”

ਦੀਨੇ ਦਾ ਨੌਕਰ ਭੱਜਿਆ ਆਇਆ ਅਤੇ ਉਸਨੇ ਮਾਲਿਕ ਨੂੰ ਚੁੱਕਣਾ ਚਾਹਿਆ। ਲੇਕਿਨ ਵੇਖਦਾ ਕੀ ਹੈ ਕਿ ਮਾਲਿਕ ਦੇ ਮੂੰਹ ਤੋਂ ਖ਼ੂਨ ਨਿਕਲ ਰਿਹਾ ਹੈ।

ਦੀਨਾ ਮਰ ਚੁਕਾ ਸੀ। ਕੋਲ ਲੋਕ ਤਰਸ ਨਾਲ ਅਤੇ ਵਿਅੰਗ ਨਾਲ ਹੱਸਣ ਲੱਗੇ। ਨੌਕਰ ਨੇ ਕਹੀ ਫੜੀ ਅਤੇ ਦੀਨੇ ਲਈ ਕਬਰ ਪੁੱਟੀ ਅਤੇ ਉਸ ਵਿੱਚ ਲਿਟਾ ਦਿੱਤਾ। ਸਿਰ ਤੋਂ ਪੈਰ ਤੱਕ ਕੁਲ ਛੇ ਫੁੱਟ ਜ਼ਮੀਨ ਉਸ ਲਈ ਵਾਧੂ ਸੀ।

ਅਨੁਵਾਦ: ਚਰਨ ਗਿੱਲ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s


%d bloggers like this: