ਇਨਸਾਨਾਂ ਵਿੱਚ ਮੇਰੀ ਦਿਲਚਸਪੀ ਖ਼ਤਮ ਹੋ ਰਹੀ ਹੈ, ਉਨ੍ਹਾਂ ਦੀ ਜ਼ਿੰਦਗੀਆਂ ਅਤੇ ਉਨ੍ਹਾਂ ਦੇ ਅਮਲਾਂ ਦੀ ਅਹਿਮੀਅਤ ਮੇਰੇ ਲਈ ਬੇਮਾਨੀ ਹੋ ਰਹੀ ਹੈ। ਕਿਸੇ ਨੇ ਕਯਾ ਖ਼ੂਬ ਕਿਹਾ ਹੈ ਕਿ ਦਸ ਕਿਤਾਬਾਂ ਪੜ੍ਹਨ ਨਾਲੋਂ ਬਿਹਤਰ ਹੈ ਇੱਕ ਇਨਸਾਨ ਨੂੰ ਪੜ੍ਹਿਆ ਜਾਵੇ। ਮੈਨੂੰ ਨਾ ਇਨਸਾਨ ਦੀ ਲੋੜ ਹੈ ਨਾ ਕਿਤਾਬਾਂ ਦੀ; ਦੋਨੋਂ ਮੈਨੂੰ ਤਕਲੀਫ ਦਿੰਦੇ ਹਨ। ਕੀ ਉਨ੍ਹਾਂ ਵਿਚੋਂ ਇੱਕ ਵੀ ਮੇਰੇ ਨਾਲ ਇਸ ਤਰ੍ਹਾਂ ਗੱਲ ਕਰ ਸਕਦਾ ਹੈ ਜਿਵੇਂ ਗਰਮੀਆਂ ਦੀ ਰਾਤ ਕਰਦੀ ਹੈ? ਜਿਵੇਂ ਤਾਰੇ ਕਰਦੇ ਹਨ ਜਾਂ ਫਿਰ ਮੁਹੱਬਤ ਭਰਪੂਰ ਹਵਾਵਾਂ ਦੇ ਝੋਕੇ ਕਰਦੇ ਹਨ।
ਜਦੋਂ ਮੈਂ ਮੈਪਲ ਦੇ ਦਰਖ਼ਤ ਦੇ ਹੇਠਾਂ ਲੇਟ ਜਾਂਦੀ ਹਾਂ ਤਾਂ ਰਾਤ ਆਹਿਸਤਾ-ਆਹਿਸਤਾ ਮਲਕੜੇ ਜਿਹੇ ਉੱਤਰਦੀ ਹੈ। ਇਹ ਇਸ ਤਰ੍ਹਾਂ ਰੀਂਗਦੀ ਹੋਈ ਚੁਪਕੇ ਚੁਪਕੇ ਵਾਦੀ ਵਿੱਚ ਉਤਰਦੀ ਹੈ ਜਿਵੇਂ ਕਿ ਮੈਂ ਇਸ ਤੋਂ ਬੇਖ਼ਬਰ ਹੋਵਾਂ। ਅਤੇ ਜਦੋਂ ਇਰਦ-ਗਿਰਦ ਦੇ ਰੁੱਖਾਂ ਦੇ ਆਕਾਰ ਅਤੇ ਪੱਤੇ ਗੂੜ੍ਹੀ ਸਿਆਹੀ ਵਿੱਚ ਘੁਲ ਜਾਂਦੇ ਹਨ ਤਾਂ ਰਾਤ ਤੇਜ਼ੀ ਨਾਲ ਉਨ੍ਹਾਂ ਵਿਚੋਂ ਵੀ ਬਾਹਰ ਨਿਕਲਦੀ ਹੈ, ਪੂਰਬ ਅਤੇ ਪੱਛਮ ਵਲੋਂ ਵੀ, ਜਦੋਂ ਤੱਕ ਰੋਸ਼ਨੀ ਸਿਰਫ ਅਸਮਾਨ ਤੇ ਰਹਿ ਜਾਂਦੀ ਹੈ, ਮੈਪਲ ਦਰਖ਼ਤ ਦੇ ਪੱਤਿਆਂ ਵਿੱਚੋਂ ਨਿਕਲ ਕੇ ਜ਼ਮੀਨ ਤੇ ਟਪਕਦੀ ਅਤੇ ਹਰੇਕ ਦਰਾੜ ਵਿੱਚੋਂ ਇੱਕ ਤਾਰਾ ਝਾਤੀ ਮਾਰ ਰਹੀ।
ਰਾਤ ਗੰਭੀਰ ਅਤੇ ਰਹੱਸਮਈ ਹੁੰਦੀ ਹੈ।
ਇਨਸਾਨੀ ਸ਼ਕਲਾਂ ਗ਼ੈਰ-ਪਦਾਰਥਕ ਵਸਤਾਂ ਦੀ ਤਰ੍ਹਾਂ ਆਹਿਸਤਾ-ਆਹਿਸਤਾ ਹਰਕਤ ਕਰਦੀਆਂ ਹਨ। ਕੁੱਝ ਨਿੱਕੇ ਜਿਹੇ ਚੂਹੇ ਦੀ ਤਰ੍ਹਾਂ ਝਾਤੀ ਮਾਰ ਮੈਨੂੰ ਡਰਾ ਦਿੰਦੇ ਹਨ, ਪਰ ਮੈਂ ਬੁਰਾ ਨਹੀਂ ਮਨਾਉਂਦੀ। ਮੇਰੀ ਸਮੁੱਚੀ ਹਸਤੀ ਚੈਨ-ਬਖ਼ਸ਼ ਰਾਤ ਦੀ ਆਮਦ ਦੀ ਖ਼ੂਬਸੂਰਤੀ ਵਿੱਚ ਖੋ ਚੁੱਕੀ ਹੈ।
ਟਿੱਡਿਆਂ ਨੇ ਨੀਂਦ ਦੇ ਗੀਤ ਗਉਣੇ ਸ਼ੁਰੂ ਕਰ ਦਿੱਤੇ ਹਨ: ਕਿੰਨੇ ਅਕਲਮੰਦ ਹਨ ਉਹ, ਇਨਸਾਨਾਂ ਦੀ ਤਰ੍ਹਾਂ ਬਕ ਬਕ ਨਹੀਂ ਕਰਦੇ। ਬਸ ਮੈਨੂੰ ਸਿਰਫ ਇੰਨਾ ਕਹਿੰਦੇ ਹਨ “ਸੌਂ ਜਾਓ ਸੌਂ ਜਾਓ ਸੌਂ ਜਾਓ।” ਹਵਾਵਾਂ ਮੈਪਲ ਦੇ ਪੱਤਿਆਂ ਨੂੰ ਮੁਹੱਬਤ ਭਰੀਆਂ ਕੁਤਕੁਤਾਰੀਆਂ ਕਰਦੇ ਝੁਲਾਉਂਦੀਆਂ ਹਨ।
ਬੇਵਕੂਫ ਕਿਉਂ ਜ਼ਮੀਨ ਤੇ ਬੋਝ ਬਣਦੇ ਹਨ! ਇਹ ਇੱਕ ਆਦਮੀ ਹੀ ਦੀ ਆਵਾਜ਼ ਸੀ ਜਿਸਨੇ ਜਾਦੂਗਰ ਦੇ ਤਲਿਸਮ ਨੂੰ ਤੋੜਿਆ। ਅੱਜ ਬਾਈਬਲ ਦੇ ਸਬਕ ਲਈ ਇੱਕ ਆਦਮੀ ਆਇਆ, ਉਹ ਆਪਣੀਆਂ ਸੁਰਖ਼ ਗੱਲ੍ਹਾਂ, ਬੇਖੌਫ ਅੱਖਾਂ ਅਤੇ ਬਿਆਨ ਦੇ ਖਰਵੇ ਅੰਦਾਜ਼ ਦੀ ਵਜ੍ਹਾ ਘ੍ਰਿਣਾ-ਯੋਗ ਸੀ। ਇਹ ਕੀ ਜਾਣਦਾ ਹੈ ਈਸਾ ਦੇ ਸੰਬੰਧ ਵਿੱਚ? ਕੀ ਮੈਨੂੰ ਇੱਕ ਬੇਵਕੂਫ ਨੌਜਵਾਨ, ਜੋ ਕੱਲ੍ਹ ਪੈਦਾ ਹੋਇਆ ਸੀ ਅਤੇ ਭਲਕ ਨੂੰ ਮਰ ਜਾਵੇਗਾ, ਕੋਲੋਂ ਈਸਾ ਦੇ ਬਾਰੇ ਪੁੱਛਣ ਦੀ ਲੋੜ ਹੈ? ਇਸ ਨਾਲੋਂ ਬਿਹਤਰ ਹੈ ਮੈਂ ਤਾਰਿਆਂ ਕੋਲੋਂ ਪੁੱਛਾਂ: ਉਹ ਉਸ ਨੂੰ ਵੇਖ ਚੁੱਕੇ ਹਨ।
Leave a Reply