ਵਾਰਿਸ ਸ਼ਾਹ ਸੁਖ਼ਨ ਦਾ ਵਾਰਿਸ- ਸੁਰਜੀਤ ਪਾਤਰ

by

(ਵਾਰਿਸ ਸ਼ਾਹ ਦੀ ਤੀਸਰੀ ਜਨਮ-ਸ਼ਤਾਬਦੀ ਤੇ ਉਸ ਨੂੰ ਯਾਦ ਕਰਦਿਆਂ )


ਮੀਆਂ ਮੁਹੰਮਦ ਬਖ਼ਸ਼ ਜਿਹੜੇ ਆਪ ਓੜਕਾਂ ਦੀ ਸ਼ਿੱਦਤ ਅਤੇ ਉਸ ਸ਼ਿੱਦਤ ਨੂੰ ਸਾਂਭਣ ਜੋਗੀ ਕਮਾਲ ਦੀ ਸ਼ਿਲਪ ਵਾਲੇ ਬਹੁਤ ਹੁਨਰਮੰਦ ,ਅਹਿਸਾਸਾਂ ਭਰੇ ਉਚੇ ਸੁੱਚੇ ਸ਼ਾਇਰ ਹਨ ,ਵਾਰਿਸ ਸ਼ਾਹ ਬਾਰੇ ਲਿਖਦੇ ਹਨ :

ਵਾਰਸ ਸ਼ਾਹ ਸੁਖ਼ਨ ਦਾ ਵਾਰਿਸ ,ਨਿੰਦੇ ਕੌਣ ਉਨ੍ਹਾਂ ਨੂੰ
ਸ਼ੇਅਰ ਉਹਦੇ ਤੇ ਉਗਲੀ ਧਰਨੀ ਨਾਹੀਂ ਕਦਰ ਅਸਾਂ ਨੂੰ

ਜਿਹੜੀ ਉਸ ਚਹੁਰੇਟੀ ਆਖੀ ਜੇ ਸਮਝੇ ਕੋਈ ਸਾਰੀ
ਹਿਕ ਹਿਕ ਸੁਖ਼ਨ ਅੰਦਰ ਖੁਸ਼ਬੂ ਏ ,ਵਾਂਗ ਫੁੱਲਾਂ ਦੀ ਖਾਰੀ

ਚੁਹਰੇਟੀ ਦਾ ਭਾਵ ਸ਼ਾਇਦ ਚਹੁਰੀ ਯਾਨੀ ਚਹੁੰ ਤਹਿਆਂ ਵਾਲੀ ਗੱਲ ।ਇਸ ਚਹੁਰੀ ਤੋਂ ਮੈਨੂੰ ਵਾਰਿਸ ਸ਼ਾਹ ਦੀ ਹੀ ਇਕ ਸਤਰ ਯਾਦ ਆਈ ਜਿਸ ਵਿਚ ਉਹ ਕਹਿੰਦਾ ਹੈ ਕਿ ਜੱਟੀ ਇੱਕੋ ਸਮੇਂ ਚਾਰ ਕੰਮ ਕਰਦੀ ਹੈ :

ਇਹ ਮਿਸਲ ਮਸ਼ਹੂਰ ਜਹਾਨ ਸਾਰੇ
ਜੱਟੀ ਚਾਰੇ ਹੀ ਕਾਜ ਸਵਾਰਦੀ ਏ
ਚਿੜੀਆਂ ਹਾਕਰੇ ਮਣੇ ਤੇ ਬਾਲ ਲੇੜ੍ਹੇ
ਉਨ ਤੁੰਬਦੀ ਤੇ ਲੇਲੇ ਚਾਰਦੀ ਏ

ਵਾਰਿਸ ਸ਼ਾਹ ਵੀ ਏਸ ਜੱਟੀ ਵਾਂਗ ਚਹੁਰੀ ਗੱਲ ਕਰਦਾ ਹੈ ,ਉਹ ਇਸ਼ਕ ਮਜਾਜ਼ੀ ਦਾ ਕਿੱਸਾ ਲਿਖ ਰਿਹਾ ਹੈ ,ਇਕ ਪੀ੍ਰਤ ਕਥਾ ।ਉਹ ਉਸ ਦੇ ਬਹਾਨੇ ਆਪਣੇ ਸਾਰੇ ਸਮਾਜ ਦੀਆਂ ਬਾਹਰੀ ਸਰਗਰਮੀਆਂ ਦਾ ਚਿਤ੍ਰਣ ਕਰ ਦਿੰਦਾ ਹੈ ।ਯਾਨੀ ਸਮਾਜ ਦਾ ਅਕਸਬੰਦੀ ਕਰਦਾ ਹੈ ,ਪਰ ਨਾਲ ਹੀ ਉਹ ਉਸ ਸਮਾਜ ਦਾ ਅੰਦਰ ਚਿਤਰ ਜਾਂਦਾ ਹੈ ਜੋ ਕਿ ਬਾਹਰ ਤੋਂ ਬਹੁਤ ਵੱਖਰਾ ਹੈ ,ਜਿਵੇਂ ਕਿ ਬਾਹਰ ਛਲਾਵਾ ਹੋਵੇ ਤੇ ਅੰਦਰ ਅਸਲੀਅਤ ।ਇਸ ਛਲ ਤੇ ਅਸਲੀਅਤ ਦੀ ਗੱਲ ਨਜਮ ਹੁਸੈਨ ਸਈਅਦ ਹੋਰਾਂ ਨੇ ਡਾਢੀ ਚੰਗੀ ਤਰਾਂ ਕੀਤੀ ਹੈ ।ਉਹ ਇਸ਼ਕ ਤੇ ਸ਼ਰ੍ਹਾ ਦੀ ਬਾਜ਼ੀ ਵਿਚ ਇਸ਼ਕ ਦੇ ਨਾਲ ਖਲੋਦਾ ਹੈ ।ਉਸ ਨੂੰ ਰੀਤ ਨਾਲੋਂ ਪੀ੍ਰਤ ਪਿਆਰੀ ਹੈ ।ਰੀਤ ਜਿਸ ਨੂੰ ਡਾਢੇ ਤੇ ਖ਼ੁਦਗਰਜ਼ ਲੋਕ ਆਪਣੇ ਆਪ ਨੂੰ ਕਾਇਮ ਰੱਖਣ ਲਈ ਵਰਤਦੇ ਹਨ ।ਇਸ ਸਭ ਦੇ ਨਾਲ ਨਾਲ ਉਹ ਇਕ ਸੂਫ਼ੀਆਨਾ ਤੜਪ ਇਕ ਆਦਿ ਜੁੁਗਾਦੀ ਤਰੰਗ ਦੀ ਤਰਬ ਵੀ ਗੁੰਜਾਈ ਜਾ ਰਿਹਾ ਹੈ ਜਿਵੇਂ :

ਇਸ਼ਕ ਬੋਲਦਾ ਨੱਢੀ ਦੇ ਥਾਂਉਂ ਥਾਂਈਂ ,ਰਾਗ ਨਿਕਲੇ ਜ਼ੀਲ ਦੀ ਤਾਰ ਵਿਚੋ

ਏਸੇ ਕਰਕੇ ਆਮ ਲੋਕ ਹੀ ਨਹੀਂ ਸ਼ਾਇਰ ਵੀ ਉਸ ਦੇ ਬਲਿਹਾਰ ਜਾਂਦੇ ਹਨ ।ਸਟੇਜੀ ਸ਼ਾਇਰੀ ਦਾ ਸ਼ਾਹ ਸਵਾਰ ਵਿਧਾਤਾ ਸਿੰਘ ਤੀਰ ਲਿਖਦੇ ਹਨ :

ਮਿੱਠੀ ਬੋਲੀ ਦੇ ਵਾਰਸਾ ਸੱਚ ਮੰਨੀਂ ,ਮੰਨਾਂ ਮੈਂ ਪੰਜਾਬੀ ਦਾ ਪੀਰ ਮੈਨੂੰ
ਦਿੱਤੀ ਜਿੰਦ ਤੂੰ ਹੀਰ ਸਲੇਟੜੀ ਨੂੰ ,ਦੇ ਗਈ ਸਦਾ ਜ਼ਿੰਦਗੀ ਹੀਰ ਮੈਨੂੰ

ਮੋਹਨ ਸਿੰਘ ਲਿਖਦੇ ਹਨ :

ਤੇਰੇ ਹੁਸਨ ਦੇ ਨਾਲ ਜੇ ਜੱਗ ਰੌਸ਼ਨ ਮੇਰੇ ਇਸ਼ਕ ਹੈ ਜੱਗ ਚਲਾਉਣ ਵਾਲਾ
ਹੋਇਆ ਕੀ ਜੇ ਹੀਰ ਤੋਂ ਘੱਟ ਨਾ ਤੂੰ ,ਤੈਨੂੰ ਮਹੀਏਂ ਆਂ ਹੀਰ ਬਣਾਉਣ ਵਾਲਾ
ਕਦੀ ਦੇਊ ਸਾਂ ਇਸ਼ਕ ਨੂੰ ਹੁਸਨ ਬਦਲੇ ,ਹੁਣ ਇਹ ਇਸ਼ਕ ਨਾ ਹੁਸਨੋਂ ਵਟਾਉਣ ਵਾਲਾ
ਏਨਾ ਥੋੜ੍ਹਾ ਏ ਹੋ ਗਿਆਂ ਇਸ਼ਕ ਸਦਕਾ ,ਵਾਰੇ ਸ਼ਾਹ ਦੇ ਰੰਗ ਵਿਚ ਗਾਉਣ ਵਾਲਾ

ਮੋਹਨ ਸਿੰਘ ਹੋਰਾਂ ਤਾਂ ਵਾਰਿਸ ਸ਼ਾਹ ਦੇ ਰੰਗ ਵਿਚ ਇਕ ਵਾਰ ਹੀਰ ਵੀ ਲਿਖਣੀ ਸ਼ੁਰੂ ਕੀਤੀ ਪਰ ਸ਼ੁਰੂ ਹੀ ਕੀਤੀ ਤੇ ਫਿਰ ਛੱਡ ਦਿੱਤੀ ।ਪਰ ਉਸ ਦੇ ਇਕ ਦੋ ਟੁਕੜੇ ਕੱਚ ਸੱਚ ਵਿਚ ਪ੍ਰਕਾਸ਼ਿਤ ਕੀਤੇ :

ਉਜ ਤਾਂ ਵਸਦਾ ਪਿਆ ਜਹਾਨ ਸਾਰਾ ਦੇਸ਼ਾਂ ਵਿਚੋਂ ਪਰ ਦੇਸ਼ ਝਨਾਉਂ ਦਾ ਏ
ਡਾਹਢੀ ਭਰਵੀਂ ਦਰਿਆ ਦੀ ਲਹਿਰ ਪੈਦੀ ਘਾਹਾਂ ਪੱਠਿਆਂ ਅੰਤ ਨਾ ਆਉਦਾ ਏ
ਬੇਲੇ ਸੰਘਣੇ ਤ੍ਰੰਘਣੇ ਬਹੁਤ ਔਖੇ ਸੱਪ ਲੰਘਦਾ ਕੁੰਜ ਲਹਾਉਦਾ ਏ
ਸਾਰਾ ਦੇਸ਼ ਖੁਸ਼ਹਾਲ ਤੇ ਲੋਕ ਰਾਜੀ ਸਿੱਕਾ ਚੱਲਦਾ ਅਕਬਰ ਦੇ ਨਾਉਂ ਦਾ ਏ
ਏਸੇ ਸੋਹਣੇ ਦੇਸ਼ ਦੀ ਇਕ ਗੁੱਠੇ ਪਿੰਡ ਇਕ ਤਖ਼ਤ ਹਜ਼ਾਰੇ ਦੇ ਨਾਉਂ ਦਾ ਏ
ਧੀਦੋ ਰਾਂਝਣੇ ਦਾ ਜਿੱਥੇ ਜਨਮ ਹੋਇਆ ,ਮੱਕਾ ਇਸ਼ਕ ਦਾ ਜਿਹੜਾ ਸਦਾਉਦਾ ਏ

ਆਈ ਰੁੱਤ ਜਵਾਨੀ ਦੀ ਰਾਂਝਣੇ ਤੇ ਨੱਢਾ ਹੋ ਗਿਆ ਹੋਰ ਦਾ ਹੋਰ ਮੀਆਂ
ਛੱਤੇ ਕੱਕਿਆਂ ਤੋਂ ਕਾਲੇ ਸ਼ਾਹ ਹੋਏ ,ਨਿੱਕੀ ਮੱਸ ਫੁੱਟੀ ਪਹਿਲੀ ਤੋਰ ਮੀਆਂ
ਭਰੇ ਮਾਖਿਓਂ ਨੈਣ ਕਟੋਰਿਆਂ ਵਿਚ ,ਦਾਰੂ ਕਿਸੇ ਉਲੱਦਿਆ ਹੋਰ ਮੀਆਂ
ਚੱਲੀ ਭੱਠੀਆਂ ਉਤੇ ਗੱਲ ਉਹਦੀ ,ਪਿਆ ਪਨਘਟਾਂ ਦੇ ਉਤੇ ਸ਼ੋਰ ਮੀਆਂ
ਚੱਕੀ-ਹਾਨਿਆਂ ਤੇ ਉਹਦਾ ਜ਼ਿਕਰ ਹੋਇਆ ,ਵਧੀ ਤਿੰ੍ਰਝਣੀਂ ਘੋਰ ਮਸੋਰ ਮੀਆਂ
ਕੰਨੀ ਬੁੰਦੜੇ ਵੰਝਲੀ ਕੱਛ ਉਹਦੀ ,ਗਲੀਆਂ ਵਿਚ ਨਂਿਤ ਫਿਰਦਾ ਲਟੋਰ ਮੀਆਂ
ਘਰ – ਪੁੱਟਣੇ ਓਸ ਦੇ ਤੌਰ ਹੋਏ ,ਬਲਦ-ਮੂਤਣੀ ਓਸ ਦੀ ਤੋਰ ਮੀਆਂ
ਟੋਟਾ ਕਾਲਜੇ ਦਾ ,ਚਾਨਣ ਅੱਖੀਆਂ ਦਾ ,ਨਹੀਂ ਸੀ ਭਾਬੀਆਂ ਦਾ ਨਿਰਾ ਦਿਓਰ ਮੀਆਂ

( ਮੋਹਨ ਸਿੰਘ ਵਾਰਿਸ ਸ਼ਾਹ ਵਾਂਗ ਸ਼ਿਸ਼ਟ ਤੇ ਅਸ਼ਿਸ਼ਟ ਦਾ ਮਿਸ਼੍ਰਣ ਕਰਦਾ ਹੈ ।ਬੈਤ ਛੰਦ ਚੁਣਦਾ ਹੈ )

੧੯੮੫-੮੬ ਦੀ ਗੱਲ ਹੈ ।ਪੰਜਾਬ ਸੰਤਾਪ ਦੇ ਦਿਨ ਸਨ ।ਪੰਜਾਬੀ ਭਵਨ ਲੁਧਿਆਣਾ ਦੇ ਖੁੱਲ੍ਹੇ ਰੰਗਮੰਚ ਵਿਚ ਸਮਾਗਮ ਦੀ ਸ਼ਾਮ ਸੀ ।ਮਸ਼ਹੂਰ ਉਰਦੂ ਸ਼ਾਇਰ ਜਨਾਬ ਕੈਫ਼ੀ ਆਜ਼ਮੀ ਦੀ ਬੀਵੀ ਮੁਹਤਰਮਾ ਸ਼ੌਕਤ ਆਜ਼ਮੀ ਹੋਰੀਂ ਵੀ ਹਾਜ਼ਰ ਸਨ ।ਪੰਜਾਬੀ ਗਾਇਕ ਅਮਰਜੀਤ ਸਿੰਘ ਗੁਰਦਾਸਪੁਰੀ ਨੂੰ ਹੀਰ ਵਾਰਿਸ ਸੁਣਾਉਣ ਦੀ ਬੇਨਤੀ ਕੀਤੀ ਗਈ । ਗੁਰਦਾਸਪੁਰੀ ਹੋਰਾਂ ਦੀ ਜ਼ਬਾਨ ਤੇ ਹੀਰ ਵਾਰਿਸ ਦਾ ਜਿਹੜਾ ਬੰਦ ਆਇਆ ,ਉਸ ਦੀ ਉਨ੍ਹਾਂ ਸਮਿਆਂ ਨਾਲ ਸਾਂਝ ਕਾਰਣ , ਵਾਰਿਸ ਦੇ ਬਿਆਨ ਅਤੇ ਗਾਇਕ ਕੀ ਸੋਜ਼ਭਰੀ ਆਵਾਜ਼ ਸਦਕਾ ਕਿੰਨੀਆਂ ਅੱਖਾਂ ਨਮ ਹੋ ਗਈਆਂ ।ਉਹ ਹਿਜਰਤਾਂ ਦੇ ਦਿਨ ਸਨ ।ਹਿੰਦੂ ਪੰਜਾਬ ਵਿਚੋਂ ਤੇ ਸਿੱਖ ਪੰਜਾਬ ਵੱਲ ਨੂੰ ਹਿਜਰਤ ਕਰ ਰਹੇ ਸਨ ।ਉਹ ਬੰਦ ਇਉਂ ਲੱਗਾ ਜਿਵੇਂ ਵਾਰਿਸ ਨੇ ਇਨ੍ਹਾਂ ਹਿਜਰਤਾਂ ਬਾਰੇ ਹੀ ਲਿਖਿਆ ਹੋਵੇ :
ਆਖ ਰਾਂਝਿਆ ਭਾਇ ਕੀ ਬਣੀ ਤੇਰੇ ,ਦੇਸ ਆਪਣਾ ਛੱਡ ਸਿਧਾਰ ਨਾਹੀਂ
ਵੀਰਾ ਅੰਮੜੀ ਜਾਇਆ ਜਾਹਿ ਨਾਹੀਂ ,ਸਾਨੂੰ ਨਾਲ ਫ਼ਿਰਾਕ ਦੇ ਮਾਰ ਨਾਹੀਂ
ਭਾਈਆਂ ਬਾਝ ਨਾ ਮਜਲਿਸਾਂ ਸੋਹਦੀਆਂ ਨੇ ,ਅਤੇ ਭਾਈਆਂ ਬਾਝ ਬਹਾਰ ਨਾਹੀਂ
ਭਾਈ ਮਰਨ ਤਾਂ ਪੈਦੀਆਂ ਭੱਜ ਬਾਂਹੀਂ ,ਬਿਨਾ ਭਾਈਆਂ ਦੇ ਘਰ ਬਾਰ ਨਾਹੀ
ਲੱਖ ਓਟ ਹੈ ਭਾਈਆਂ ਵਸਦਿਆਂ ਦੀ ,ਭਾਈਆਂ ਗਿਆਂ ਜੇਡੀ ਕੋਈ ਹਾਰ ਨਾਹੀਂ
ਭਾਈ ਢਾਹੁੰਦੇ ਤੇ ਭਾਈ ਉਸਾਰਦੇ ਨੇ ,ਵਾਰਿਸ ਭਾਈਆਂ ਬਿਨ ਸੋਭ ਸੰਸਾਰ ਨਾਹੀਂ
ਕਿੰਨੀਆਂ ਸਦੀਆਂ ਚੀਰ ਕੇ ਵਾਰਿਸ ਸਾਡੇ ਕੋਲ ਆ ਬੈਠਾ ਸੀ ।
ਦੁੱਖ ਦੀ ਘੜੀ ਸਾਡੇ ਸਦੀਆਂ ਦੇ ਵਿਛੜੇ ਸ਼ਾਇਰ ਸਾਡੇ ਕੋਲ ਆ ਬੈਠਦੇ ਹਨ ।
ਸ਼ਾਇਰੀ ਉਹ ਜੋ ਦੁੱਖ ਦੀ ਘੜੀ ਵਿਚ ਯਾਦ ਆਵੇ ਤੇ ਦੁੱਖ ਵਿਚ ਸਾਡੀ ਸਹਾਈ ਹੋਵੇ ।

੧੯੪੭ ਵਿਚ ਹੋਈਆਂ ਅਣਹੋਣੀਆਂ ਵੇਲੇ ਮੋਹਨ ਸਿੰਘ ਗੁਰੂ ਨਾਨਕ ਜੀ ਨੂੰ ਯਾਦ ਕਰਦਾ ਹੈ :

ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਅ

ਕੁਝ ਐਸਾ ਕੁਫ਼ਰ ਤੋਲਿਆ ਈਮਾਨ ਵਾਲਿਆਂ
ਕਿ ਕੁਫ਼ਰ ਤੋਂ ਵੀ ਹੌਲਾ ਈਮਾਨ ਹੋ ਗਿਆ

ਅੰਮ੍ਰਿਤਾ ਪ੍ਰੀਤਮ ਨੇ ਵਾਰਿਸ ਸ਼ਾਹ ਨੂੰ ਪੁਕਾਰਿਆ :

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿਚੋਂ ਬੋਲ
ਤੇ ਅੱIਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ

੧੯੮੪ ਵਿਚ ਮੈਨੂੰ ਵੀ ਵਾਰਿਸ ਸ਼ਾਹ ਯਾਦ ਆਇਆ ਪੰਜਾਬੀ ਮੁਸਲਮਾਨਾਂ ਦਾ ਪ੍ਰਤਿਨਿਧ ਬਣ ਕੇ ਸ਼ਿਵ ਕੁਮਾਰ ਪੰਜਾਬੀ ਹਿੰਦੂਆਂ ਦਾ ਪ੍ਰਤਿਨਿਧ ਬਣ ਕੇ ਤੇ ਨਾਨਕ :ਨਾ ਕੋਈ ਹਿੰਦੂ ਨਾ ਮੁਸਲਮਾਨ ਦਾ ਪੈਗ਼ੰਬਰ ਬਣ ਕੇ :

ਓਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ
ਹੁਣ ਸ਼ਿਵ ਕੁਮਾਰ ਦੀ ਵਾਰੀ ਏ
ਉਹ ਜ਼ਖ਼ਮ ਤੁਹਾਨੂੰ ਭੁੱਲ ਵੀ ਗਏ
ਨਵਿਆਂ ਦੀ ਜੋ ਫੇਰ ਤਿਆਰੀ ਏ

ਅਸਮਾਨ ਜਿਦੇ ਲਈ ਥਾਲ ਜਿਹਾ
ਸੂਰਜ ਤੇ ਚੰਦ ਚਿਰਾਗ਼ ਧਰੇ
ਤਾਰੇ ਜਿਸ ਖ਼ਾਤਰ ਮੋਤੀ ਸਨ
ਤੇ ਪਵਨ ਚਵਰ ਦਿਨ ਰਾਤ ਕਰੇ

ਉਸ ਸ਼ਾਇਰ ਦੀ ਕਵਿਤਾ ਦੇ ਵਿਚ
ਇਹ ਲੀਕ ਜਿਹੀ ਕਿਸ ਮਾਰੀ ਹੈ

ਵਾਰਿਸ ਦੀ ਵਡਿਆਈ ਵਿਚ ਹੀਰ ਰਾਂਝੇ ਦੇ ਕਿਰਦਾਰਾਂ ਦੀ ਵਡਿਆਈ ਵੀ ਸ਼ਾਮਲ ਹੈ ।ਭਾਵ ਉਨ੍ਹਾਂ ਕਲਾਧਾਰੀ ਕਿੱਸਾਕਾਰਾਂ ਦੀ ਵਡਿਆਈ ,ਜਿਨ੍ਹਾਂ ਨੇ ਵਾਰਿਸ ਸ਼ਾਹ ਤੋਂ ਪਹਿਲਾਂ ਹੀਰ ਰਾਂਝੇ ਦੇ ਕਿਰਦਾਰ ਏਨੇ ਪਿਆਰ ਨਾਲ ਚਿਤਰੇ ਕਿ ਉਹ ਪੰਜਾਬ ਨੂੰ ਏਨੇ ਪਿਆਰੇ ਹੋ ਗਏ ।ਇਨ੍ਹਾਂ ਵਿਚ ਜੋ ਦਿਨ ਰਾਂਝਣ ਬਾਝੋਂ ਗੁਜ਼ਰੇ ਮੈਨੂੰ ਪੱਛੋਤਾਓ ਤਿਨ੍ਹਾਂ ਦਾ ਕਹਿਣ ਵਾਲਾ ਪਹਿਰਾ ਹੀਰਕਾਰ ਦਮੋਦਰ ਵੀ ਸ਼ਾਮਿਲ ਹੈ ਤੇ ਮੁਕਬਲ ਵੀ ਜਿਸ ਦੀਆਂ ਕਿੰਨੀਆਂ ਹੀ ਸਤਰਾਂ ਵਾਰਿਸ ਦੀ ਹੀਰ ਵਿਚ ਸਾਹ ਲੈਦੀਆਂ ਹਨ ।ਹੀਰ ਤੇ ਰਾਂਝੇ ਨੂੰ ਏਨੇ ਮੁਲਵਾਨ ਬਣਾਉਣ ਵਿਚ ਪੂਰਵ – ਵਾਰਿਸ ਕਾਲ ਵੀ ਸ਼ਾਮਿਲ ਹੈ ਤੇ ਵਾਰਿਸ ਵੀ ।

ਹੀਰ ਤੇ ਰਾਂਝਾ ਪੰਜਾਬੀਆਂ ਲਈ ਦੋ ਐਸੇ ਸ਼ਬਦ ਹਨ ਜਿਵੇਂ ਹਵਾ ਤੇ ਪਾਣੀ ।ਇਨ੍ਹਾਂ ਬਿਨਾ ਪੰਜਾਬੀਆਂ ਨੂੰ ਸਾਹ ਨਹੀਂ ਆਉਦਾ ,ਉਨ੍ਹਾਂ ਦੀ ਪਿਆਸ ਨਹੀਂ ਮਿਟਦੀ ।ਗੱਲ ਨਾਰ ਤੇ ਪੁਰਖ ਦੀ ਹੋਵੇ ,ਰੂਹ ਤੇ ਕਲਬੂਤ ਦੀ ਜਾਂ ਸੂਫ਼ੀਆਂ ਦੇ ਮੁਰੀਦ ਤੇ ਮੁਰਸ਼ਦ ਦੀ ,ਸੱਭਿਆਚਾਰ ਦੀ ਜਾਂ ਰਾਜਨੀਤੀ ਦੀ ,ਗੱਲ ਅਜੋਕੀ ਹੋਵੇ ਜਾਂ ਪੁਰਾਣੀ ,ਇਨ੍ਹਾਂ ਬਿਨਾ ਮੁਕੰਮਲ ਨਹੀਂ ਹੁੰਦੀ ।ਜਦ ਤੋਂ ਝਨਾਂ ਦੇ ਕੰਢੇ ਇਹ ਦੋ ਜਿੰਦਾਂ ਇਸਤਰਾਂ ਮਿਲੀਆਂ ਜਿਵੇਂ ਪਾਣੀ ਨੂੰ ਪਾਣੀ ਮਿਲਦਾ ਹੈ ,ਇਨ੍ਹਾਂ ਨੂੰ ਕੋਈ ਨਿਖੇੜ ਨਹੀਂ ਸਕਿਆ ।ਇਨ੍ਹਾਂ ਦੇ ਨਿਖੜਨ ਦੀ ਗੱਲ ਪੰਜਾਬੀਆਂ ਦੀ ਰੂਹ ਨੂੰ ਕੰਬਾ ਜਾਂਦੀ ਹੈ ।ਦਮੋਦਰ ,ਮੁਕਬਲ ,ਵਾਰਿਸ ਤੇ ਭਗਵਾਨ ਸਿੰਘ ਹੀ ਨਹੀਂ ,ਭਾਈ ਗੁਰਦਾਸ ,ਸ਼ਾਹ ਹੁਸੈਨ ਤੇ ਬੁੱਲ੍ਹੇ ਸ਼ਾਹ ਤੇ ਹੋਰ ਅਨੇਕ ਕਵੀ ਆਪਣੀਆਂ ਰਚਨਾਵਾਂ ਵਿਚ ਇਨ੍ਹਾਂ ਨੂੰ ਸਤਿਕਾਰ ਭਰੀ ਥਾਂ ਦਿੰਦੇ ਹਨ ।ਹੀਰ ਰਾਂਝੇ ਦੀ ਪ੍ਰੇਮ ਕਥਾ ਦਾ ਮਾਣ ਓਦੋਂ ਅਦੁੱਤੀ ਉਚਾਈ ਨੂੰ ਛੁਹ ਲੈਦਾ ਹੈ ਜਦੋਂ ਇਸ ਦਾ ਸੂਖ਼ਮ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਸ਼ਬਦ ਵਿਚ ਸਥਾਨ ਪ੍ਰਾਪਤ ਕਰ ਲੈਦਾ ਹੈ ਜੋ ,ਜਿਹੜਾ ਸ਼ਬਦ ਉਨ੍ਹਾਂ ਨੇ ਓਦੋਂ ਉਚਾਰਿਆ ਜਦੋਂ ਉਹ ਆਪਣਾ ਸਰਬੰਸ ਵਾਰ ਕੇ ਇਕੱਲੇ ਮਾਛੀਵਾੜੇ ਦੇ ਜੰਗਲ ਵਿਚ ਬੈਠੇ ਸਨ :
ਮਿੱਤਰ ਪਿਆਰੇ ਨੂੰ
ਹਾਲ ਮੁਰੀਦਾਂ ਦਾ ਕਹਿਣਾ
ਤੁਧ ਬਿਨ ਰੋਗ ਰਜਾਈਆਂ ਦਾ ਓਢਣ
ਨਾਗ ਨਿਵਾਸਾਂ ਦੇ ਰਹਿਣਾ
ਸੂਲ ਸੁਰਾਹੀ ਖ਼ੰਜਰ ਪਿਆਲਾ
ਬਿੰਗ ਕਸਾਈਆਂ ਦਾ ਸਹਿਣਾ
ਯਾਰੜੇ ਦਾ ਸਾਨੂੰ ਸੱਥਰ ਚੰਗਾ
ਭੱਠ ਖੇੜਿਆਂ ਦਾ ਰਹਿਣਾ
ਵੀਹਵੀਂ ਸਦੀ ਦੀ ਆਧੁਨਿਕਤਾ ਵੀ ਹੀਰ ਰਾਂਝੇ ਦੀ ਪ੍ਰਾਸੰਗਿਕਤਾ ਨੂੰ ਖ਼ਤਮ ਨਹੀਂ ਕਰ ਸਕੀ ।ਪੰਜਾਬੀਅਤ ਦੀ ਆਤਮਾ ਨੂੰ ਪਰਿਭਾਸ਼ਿਤ ਕਰਨ ਵਾਲਾ ਮਹਾਕਵੀ ਪੂਰਨ ਸਿੰਘ ਹੀਰ ਨੂੰ ਭੈਣ ਤੇ ਰਾਂਝੇ ਨੂੰ ਵੀਰ ਕਹਿ ਕੇ ਪੁਕਾਰਦਾ ਹੈ :
ਆ ਵੀਰਾ ਰਾਂਝਿਆ
ਆ ਭੈਣੇ ਹੀਰੇ
ਸਾਨੂੰ ਛੋੜ ਨਾ ਜਾਵੋ
ਬਿਨ ਤੁਸਾਂ ਅਸੀਂ ਸੱਖਣੇ
ਰਾਂਝਾ ਤਾਂ ਪੂਰਨ ਸਿੰਘ ਲਈ ਸਤਿਗੁਰੂ ਦਾ ਸਿੱਖ ਹੈ ।ਉਹ ਲਿਖਦੇ ਹਨ :
ਬਾਲ ਨਾਥ ਪਛਤਾਇਆ ਰਾਂਝੇ ਨੂੰ ਜੋਗ ਦੇ ਕੇ
ਸਤਿਗੁਰਾਂ ਦੇ ਸਿੱਖ ਨੂੰ ਹੱਥ ਪਾ ਰੋਇਆ
ਇਸ ਜੱਟ-ਮੱਤ ਵਿਚ ਜ਼ੋਰਾਂ ਦਾ ਜੋਗ ਸੀ
ਦੇਖ ਹੈਰਾਨ ਪਸ਼ੇਮਾਨ ਹੋਇਆ,ਬਖਸ਼ਿਆ
ਟੋਰਿਆ ਟਿੱਲੇ ਥੀਂ ਅਸੀਸ ਦੇ ਹਾਰਿਆ
ਤੇ ਮਚਲਾ ਜੱਟ ਆਖੇ :
ਮੁੰਦਰਾਂ ਲੈ ਆਪਣੀਆਂ ਮੋੜ ਬਾਵਾ
ਤੇ ਕੰਨ ਮੇਰੇ ਮੁੜ ਸਬੂਤ ਕਰ ਭਲੇਮਾਣਸਾ
ਕੰਨਾਂ ਨੂੰ ਕਾਹਨੂੰ ਚਾ ਪਾੜਿਆ ?
ਜੋਗ ਦੀ ਮੈਨੂੰ ਕੀ ਲੋੜ ਸੀ ?
ਜੋਗ ਦੀ ਮੈਨੂੰ ਕੀ ਲੋੜ ਸੀ ?ਨਾਥਾ ਦੱਸ ਖਾਂ ?
ਮੈਂ ਸਿੱਖਿਆ ਸੀ ਨਾਮ ਪਿਆਰ ਦਾ
ਤੇ ਹੱਡਾਂ ਵਿਚ ਪਿਆਰ ਪਿਆ ਖੜਕਦਾ
ਨਾਮ ਪਿਆ ਵੱਜਦਾ ।

ਪਰ ਵਾਰਿਸ ਸ਼ਾਹ ਲਈ ਹੀਰ ਤੇ ਰਾਂਝਾ ਚੰਦ ਤੇ ਸੂਰਜ ਹਨ ,ਜਿਨ੍ਹਾਂ ਦੀ ਲੋਏ ਸੁੱਤਾ ਜਾਗਦਾ ,ਅੰਦਰੋਂ ਬਾਹਰੋ ,ਇੰਜਰ ਪਿੰਜਰ ਉਸ ਦੇ ਸਮੇ ਦਾ ਸਾਰਾ ਪੰਜਾਬ ਦਿਸਦਾ ਹੈ ।ਬੇਸ਼ਕ ਇਹ ਰੋਮਾਂਸ ਦੀ ਕਹਾਣੀ ਹੈ ਪਰ ਇਸ ਕਹਾਣੀ ਦੇ ਪੈਰ ਪੂਰੀ ਤਰਾਂ ਜ਼ਮੀਨ ਉਤੇ ਹਨ ਤੇ ਗੱਲ ਜ਼ਮੀਨ ਵੰਡਣ ਤੋਂ ਹੀ ਸ਼ੁਰੂ ਹੁੰਦੀ ਹੈ ।ਜ਼ਮੀਨ ਜਿਸ ਚੋਂ ਫੁੱਲ ਖਿੜਦੇ ਹਨ ,ਫਸਲਾਂ ਉਗਦੀਆਂ ਹਨ ,ਪਰ ਜਿਸ ਨੂੰ ਵੰਡਣ ਵੇਲੇ ਬੰਦੇ ਇਕ ਦੂਜੇ ਦਾ ਖ਼ੂਨ ਡੋਲ੍ਹਣ ਤੱਕ ਜਾਂਦੇ ਹਨ ।ਅੱਠ ਪੁੱਤਰਾਂ ਤੇ ਦੋ ਧੀਆਂ ਦਾ ਪਿਤਾ ਮੌਜੂ ਜਦੋਂ ਫੌਤ ਹੋਇਆ ਤਾਂ ਸਭ ਤੋਂ ਛੋਟੇ ਤਾਂ ਸਭ ਤੋਂ ਛੋਟੇ ,ਕੁਆਰੇ ਤੇ ਲਾਡਲੇ ਬੇਟੇ ਧੀਦੋ ਦੇ ਸਿਰ ਮੁਸੀਬਤਾਂ ਦਾ ਪਹਾੜ ਟੁੱਟ ਪਿਆ ।ਜ਼ਮੀਨ ਦਾ ਵੰਡ ਵੰਡਈਆ ਹੋਣ ਵੇਲੇ ਵੱਡੇ ਭਾਈਆਂ ਨੇ ਪੈਚ ਤੇ ਭਾਈ ਕਾਣੇ ਕਰ ਲਏ ਤੇ ਵੰਝਲੀ ਵਜਾਉਣ ਵਾਲੇ ਰਾਂਝੇ ਦੇ ਵੰਡੇ ਬੰਜਰ ਜ਼ਮੀਨ ਆ ਗਈ :

ਹਜ਼ਰਤ ਕਾਜ਼ੀ ਤੇ ਪੈਚ ਸਦਾਇ ਸਾਰੇ ,ਭਾਈਆਂ ਜ਼ਿਮੀਂ ਨੂੰ ਕੱਛ ਪਵਾਈਆ ਈ
ਵੱਢੀ ਦੇਇ ਕੇ ਭੁਇੰ ਦੇ ਬਣੇ ਵਾਰਿਸ ,ਬੰਜਰ ਜ਼ਿਮੀਂ ਰੰਝੇਟੇ ਨੂੰ ਆਈਆ ਈ
ਗੱਲ ਬੰਜਰ ਜ਼ਮੀਨ ਦੀ ਵੀ ਸੀ ਤੇ ਉਨ੍ਹਾਂ ਭਾਬੀਆਂ ਭਰਾਵਾਂ ਦੇ ਬੰਜਰ ਮਨਾਂ ਦੀ ਵੀ ,ਜਿਨ੍ਹਾਂ ਵਿਚ ਗਰਜ਼ ਤੋਂ ਬਿਨਾ ਕੁਝ ਨਹੀਂ ਉਗਦਾ ।ਵਾਰਿਸ ਜ਼ਮੀਨ ਤੇ ਵਾਪਰ ਰਹੀਆਂ ਘਟਨਾਵਾਂ ਦਾ ਵੀ ਸ਼ਾਇਰ ਹੈ ਤੇ ਮਨ ਵਿਚ ਵਾਪਰ ਰਹੀਆਂ ਗੱਲਾਂ ਦਾ ਵੀ ।

ਵਾਰਿਸ ਛੱਲ ਦਾ ਸ਼ਾਇਰ ਨਹੀ ,ਯਥਾਰਥ ਦਾ ਸ਼ਾਇਰ ਹੈ ।ਜਦੋਂ ਉਹ ਭੇਸ ਬਦਲ ਕੇ ਜੋਗੀ ਬਣ ਕੇ ਰੰਗ ਪੁਰ ਖੇੜੇ ਜਾਂਦਾ ਹੈ ਤਾਂ ਉਸ ਨੂੰ ਅਯਾਲੀ ਪਛਾਣ ਲੈਦਾ ਹੈ ।ਰਾਂਝਾ ਛਲ ਕਰਨ ਲਈ ਆਪਣੀ ਬੋਲੀ ਬਦਲਣ ਦੀ ਕੋਸ਼ਸ਼ ਕਰਦਾ ਹੈ ,ਪਰ ਰਾਹ ਵਿਚ ਹੀ ਫੇਰ ਠੇਠ ਪੰਜਾਬੀ ਬੋਲਣ ਲੱਗ ਪੈਦਾ ਹੈ :

ਸੱਤ ਜਰਮ ਕੇ ਹਮੀਂ ਫ਼ਕੀਰ ਜੋਗੀ ,ਨਹੀਂ ਨਾਲ ਜਹਾਨ ਦੇ ਸੀਰ ਮੀਆਂ
ਅਸਾਂ ਸੇਲ੍ਹੀਆਂ ਖੱਪਰਾਂ ਨਾਲ ਵਰਤਣ ਭੀਖ ਖਾਇ ਕੇ ਹੋਣਾ ਵਹੀਰ ਮੀਆਂ
ਭਲਾ ਜਾਹਿ ਪਰੇ੍ਹ ਕਹੇਂ ਚਾਕ ਸਾਨੂੰ ,ਅਸੀਂ ਫੱਕਰ ਹਾਂ ਜ਼ਾਹਰਾ ਪੀਰ ਮੀਆਂ
ਨਾਂਉਂ ਮਹਿਰੀਆਂ ਦੇ ਸੁਣ ਡਰਨ ਆਵੇ ,ਰਾਂਝਾ ਕੌਣ ਅਤੇ ਕਿਹੜੀ ਹੀਰ ਮੀਆਂ
ਅਖ਼ੀਰ ਰਾਂਝੇ ਦਾ ਛੱਲ ਅਯਾਲੀ ਅੱਗੇ ਹਾਰ ਜਾਂਦਾ ਹੈ ਤੇ ਅਯਾਲੀ ਨੂੰ ਬੇਨਤੀ ਕਰਦਾ ਹੈ :

ਤੁਸੀਂ ਅਕਲ ਦੇ ਕੋਟ ਅਯਾਲ ਬੰਦੇ ,ਲੁਕਮਾਨ ਹਕੀਮ ਦਸਤੂਰ ਹੈ ਜੀ
ਕਿਸੇ ਪਾਸ ਨਾ ਖੋਲ੍ਹਣਾ ਭੇਤ ਭਾਈ ,ਜੋ ਕੁਝ ਆਖਿਓ ਸਭ ਮਨਜ਼ੂ ਹੈ ਜੀ
ਆ ਪਿਆ ਪਰਦੇਸ ਵਿਚ ਕੰਮ ਮੇਰਾ ,ਲਈਏ ਹੀਰ ਇੱਕੇ ਸਿਰ ਦੂਰ ਹੈ ਜੀ
ਵਾਰਿਸ ਸ਼ਾਹ ਹੁਣ ਬਣੀ ਹੈ ਬਹੁਤ ਔਖੀ ,ਅੱਗੇ ਸੁੱਝਦਾ ਕਹਿਰ ਕਹਿਲੂਰ ਹੈ ਜੀ

ਇਕ ਗੱਲ ਬੈਤ ਛੰਦ ਬਾਰੇ ।ਪੰਜਾਬੀ ਦੀ ਸਭ ਤੋਂ ਵੱਧ ਸ਼ਾਇਰੀ ਦਵੱਈਏ ਛੰਦ ਵਿਚ ਲਿਖੀ ਗਈ ਹੈ ।ਬੈਤ ਦੂਜੀ ਥਾਂ ਤੇ ਆਉਦਾ ਹੈ ।ਗੁਰੂ ਗ੍ਰੰਥ ਸਾਹਿਬ ਵਿਚ ਬੈਤ ਕਿਤੇ ਨਹੀਂ ।ਭਾਈ ਗੁਰਦਾਸ ਵਿਚ ਵੀ ਨਹੀਂ ।ਲੋਕ ਗੀਤਾਂ ਵਿਚ ਵੀ ਨਹੀਂ ।ਅਜੋਕੀ ਸ਼ਾਇਰੀ ਤੇ ਗੀਤਾਂ ਵਿਚ ਦਵੱਈਆ ਬਹੁਤ ਹੈ ,ਬੈਤ ਕਿਤੇ ਕਿਤੇ ।ਵਾਰਿਸ ਬੈਤ ਲਿਖਣ ਵਾਲਾ ਸ਼ਾਇਦ ਤੀਜਾ ਸ਼ਾਇਰ ਹੈ ।ਵਾਰਿਸ ਨੇ ਬੈਤ ਦੀ ਹਰਮਨਪਿਆਰਤਾ ਨੂੰ ਸਿਖ਼ਰ ਤੇ ਪਹੁੰਚਾ ਦਿੱਤਾ ।ਬੈਤ ਵਿਚ ਪੰਜਾਬੀ ਦੇ ਨਵੀਨਤਮ ਸ੍ਰੇਸ਼ਟ ਰਚਨਾ ਸ਼ਾਹ ਮੁਹੰਮਦ ਦਾ ਰਚਿਆ ਜੰਗਨਾਮਾ ਹੈ ਤੇ ਕਾਦਰਯਾਰ ਦਾ ਪੂਰਨ ਭਗਤ।ਪੰਜਾਬੀ ਮੰਚ ਦੇ ਕਵੀਆਂ ਨੇ ਕਾਫ਼ੀ ਬੈਤ ਲਿਖੇ ।ਮੋਹਨ ਸਿੰਘ ਦੇ ਸਾਵੇ ਪੱਤਰਾਂ ਦੀਆਂ ਰਚਨਾਵਾਂ ਵਿਚੋਂ ਰੱਬ ,ਬਸੰਤ ,ਅਨਾਰਕਲੀ ,ਸਿਪਾਹੀ ਦਾ ਦਿਲ ਆਦਿ ਬੈਤ ਵਿਚ ਹਨ ।ਉਸ ਤੋਂ ਬਾਅਦ ਦੇ ਸੰਗ੍ਰਹਿਆਂ ਵਿਚ ਬੱਸ ਇਕ ਦੋ ਬੈਤ ਹਨ ।ਅੰਮ੍ਰਿਤਾ ਨੇ ਸੁਨੇਹੜੇ ਵਿਚ ਬੈਤ ਲਿਖਿਆ ।ਡਾ ਹਰਿਭਜਨ ਸਿੰਘ ਦੀ ਇਕ ਕਵਿਤਾ ਬੈਤ ਵਿਚ ਹੈ ।ਮੇਰੀ ਵੀ ਇਕ ।ਸ਼ਿਵ ਕੁਮਾਰ ਦੀ ਲੂਣਾ ਵਿਚ ਕਈ ਬੈਤ ਹਨ ।ਦਵੱਈਆ ਤਾਂ ਬਾਕੀ ਭਾਰਤੀ ਭਾਸ਼ਾਵਾਂ ਵਿਚ ਵੀ ਮਿਲ ਜਾਂਦਾ ਹੈ ਪਰ ਬੈਤ ਸਿਰਫ਼ ਅਰਬੀ ,ਫ਼ਾਰਸੀ ਤੇ ਪੰਜਾਬੀ ਵਿਚ ਹੀ ਹੈ ।ਪੰਜਾਬੀ ਬੈਤ ਦੀ ਛੰਦ-ਚਾਲ ਅਰਬੀ ਫ਼ਾਰਸੀ ਤੋਂ ਅਲੱਗ ਹੈ ।
ਜ਼ਫ਼ਰਨਾਮਾ ਵਿਚ ਫ਼ਾਰਸੀ ਬੈਤ ਦੋ ਚਰਣਾਂ ਦਾ ਹੈ ,ਹਰ ਚਰਣ ਵਿਚ ੧੮ ਮਾਤਰਾਂ ਹਨ ( ੧੦ ,੮ )
ਚੁੰਕਾਰ ਅਜ਼ਹਮਾ ਹੀਲਤੇ ਦਰਗੁਜ਼ਸ਼ਤ
ਹਲਾਲ ਅਸਤ ਬੁਰਦਨ ਬਸ਼ਮਸ਼ੀਰੇ ਦਸਤ
ਜ਼ਿੰਦਗੀਨਾਮਾ ਵਿਚ ਦੋ ਚਰਣ ( ੧੯ ਮਾਤਰਾਂ ੧੨ , ੭ )
ਗਰ ਤੁਰਾ ਯਾਦੇ ਖ਼ੁਦਾ ,ਹਾਸਿਲ ਸ਼ਵਦ
ਹੱਲ ਹਰ ਮੁਸ਼ਕਿਲ ਤੁਰਾ ,ਐ ਦਿਲ ਸ਼ਵਦ

ਪੰਜਾਬੀ ਬੈਤ ਦੇ ਹਰ ਚਰਣ ਵਿਚ ੪੦ ਮਾਤਰਾਂ ਹੁੰਦੀਆਂ ਹਨ ,੨੦ ,੨੦ ਤੇ ਵਿਸ਼ਰਾਮ ਹੁੰਦਾ ਹੈ ।ਹਰ ਚਰਣ ਦੇ ਅੰਤ ਤੇ ਦੋ ਗੁਰੂ ਹੁੰਦੇ ਹਨ ।
ਵਾਰਿਸ ਨੇ ਬੈਤ ਨੂੰ ਸਿਖ਼ਰ ਤੇ ਪਹੁੰਚਾਇਆ ।ਵਾਰਿਸ ਦੇ ਬੈਤ ਦੀ ਖ਼ਾਸ ਤਰਜ਼ ਸਦਕਾ ਹੀਰ ਹੁਣ ਸਿਰਫ਼ ਇਕ ਨਾਇਕਾ ਹੀ ਨਹੀਂ ਭੈਰਵੀ ਰਾਗ ਦੀ ਇਕ ਦਿਲ-ਟੁੰਬਵੀਂ ਤਰਜ਼ ਵੀ ਹੈ ।

੧੦
ਵਾਰਿਸ ਬਿਆਨ ਦਾ ਬਾਦਸ਼ਾਹ ਹੈ ।ਉਹ ਕਿਸੇ ਥਾਂਓਂ ਵੀ ਕਾਹਲੀ ਕਾਹਲੀ ਨਹੀਂ ਲੰਘਦਾ ।ਹਰ ਭੌਤਿਕ ਤੇ ਮਾਨਸਿਕ ਮੰਜ਼ਰ ਕੋਲ ਇੱਕੋ ਜਿਹੀ ਗਹਿਰੀ ਸੰਵੇਦਨਾ ਨਾਲ ਠਹਿਰਦਾ ਹੈ ।ਜਗਤ ਤਮਾਸ਼ੇ ਦਾ ਉਹ ਬਹੁਤ ਵਿਵੇਕੀ ,ਵਿਨੋਦੀ ,ਰਸੀਲਾ ਬਿਆਨਕਾਰ ਹੈ ।ਇਸ ਕਰਕੇ ਹੀ ਉਹ ਪੰਜਾਬੀ ਰਹਿਤਲ ਨੂੰ ਮੂਰਤੀਮਾਨ ਕਰ ਸਕਿਆ ਤੇ ਸਾਂਭ ਸਕਿਆ ।ਇਕ ਵਾਰ ਫੇਰ ਆਪਣੀ ਓਹੀ ਗੱਲ ਦੁਹਰਾਉਣੀ ਚਾਹੁੰਦਾ ਹਾਂ ਕਿ ਵਾਰਿਸ ਦੇ ਹੀਰ ਤੇ ਰਾਂਝਾ ਉਹ ਚੰਦ ਸੂਰਜ ਹਨ ਜਿਨ੍ਹਾਂ ਦੀ ਲੋਏ ਸਾਰਾ ਪੰਜਾਬ ਜਾਗਦਾ ਸੁੱਤਾ ,ਹੱਸਦਾ ਰੋਦਾ ,ਕੱਜਿਆ ਨਗਨ ਨਜ਼ਰ ਆਉਦਾ ਹੈ ।
੧੧
ਪ੍ਰੋ. ਪੂਰਨ ਸਿੰਘ ਹੋਰਾਂ ਨੇ ਲਿਖਿਆ ਹੈ ,ਪੰਜਾਬ ਵੱਡੇ ਵਿਛੋੜਿਆਂ ਤੇ ਵੱਡੇ ਮਿਲਾਪਾਂ ਦਾ ਦੇਸ ਹੈ ।
ਸ਼ਾਇਦ ਏਸੇ ਲਈ ਪੰਜਾਬੀਆਂ ਨੇ ਵਾਰਿਸ ਦੀ ਹੀਰ ਦਾ ਜਿਹੜਾ ਬੰਦ ਸਭ ਤੋਂ ਵੱਧ ਗਾਇਆ ਹੈ ,ਉਹ ਵਿਛੋੜੇ ਦੇ ਦਰਦ ਨੂੰ ਬਿਆਨ ਕਰਦਾ ਹੈ ।ਬਹੁਤ ਬੇਆਸ ਹੋ ਕੇ ਹੀਰ ਕਹਿ ਰਹੀ ਹੈ ਕਿ ਮੋਏ ਤੇ ਵਿਛੜੇ ਕਦੋਂ ਮਿਲਦੇ ਹਨ ।ਪਰ ਉਸ ਨੂੰ ਪਤਾ ਨਹੀਂ ਕਿ ਉਸ ਦੀ ਦਹਿਲੀਜ਼ ਤੇ ਕਿੱਡੇ ਵੱਡੇ ਮਿਲਾਪ ਦੇ ਪਹਿਰ ਖੜੋਤੇ ਹਨ :

ਹੀਰ ਆਖਦੀ ਜੋਗੀਆ ਝੂਠ ਆਖੇਂ ,ਕੌਣ ਰੁੱਠੜੇ ਯਾਰ ਮਿਲਾਉਦਾ ਈ
ਏਹਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ ,ਜਿਹੜੇ ਗਿਆਂ ਨੂੰ ਮੋੜ ਲਿਆਉਦਾ ਈ
ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ ਜਿਹੜਾ ਜੀਉ ਦਾ ਰੋਗ ਗਵਾਉਦਾ ਈ
ਭਲਾ ਦੱਸ ਖਾਂ ਚਿਰੀਂ ਵਿਛੁੰਨਿਆਂ ਨੂੰ ਕਦੋਂ ਰੱਬ ਸੱਚਾ ਘਰੀਂ ਲਿਆਉਦਾ ਈ
ਭਲਾ ਮੋਏ ਤੇ ਵਿੱਛੜੇ ਕੌਣ ਮੇਲੇ ਐਵੇਂ ਜੀਊੜਾ ਲੋਕ ਵਲਾਂਉਦਾ ਈ
ਇਕ ਬਾਜ਼ ਥੋਂ ਕਾਉਂ ਨੇ ਕੂੰਜ ਕੋਹੀ ,ਵੇਖਾਂ ਚੁਪ ਹੈ ਕਿ ਕੁਰਲਾਉਦਾ ਈ
ਇਕ ਜੱਟ ਦੇ ਖੇਤ ਨੂੰ ਅੱਗ ਲੱਗੀ ,ਵੇਖਾਂ ਆਣ ਕੇ ਕਦੋਂ ਬੁਝਾਉਦਾ ਈ
ਦੇਵਾਂ ਚੂਰੀਆਂ ਘਿਉ ਦੇ ਬਾਲ ਦੀਵੇ ,ਵਾਰਸ ਸ਼ਾਹ ਜੇ ਸੁਣਾਂ ਮੈਂ ਆਉਦਾ ਈ ।।

ਸ੍ਰੋਤ-ਪੰਜਪੀਡੀਆ

One Response to “ਵਾਰਿਸ ਸ਼ਾਹ ਸੁਖ਼ਨ ਦਾ ਵਾਰਿਸ- ਸੁਰਜੀਤ ਪਾਤਰ”

  1. Baljit Basi Says:

    ਸੁਰਜੀਤ ਪਾਤਰ ਨੇ ਮੀਆਂ ਮੁਹੰਮਦ ਬਖਸ਼ ਦੀਆਂ ਜੋ ਸਤਰਾਂ ਦਿੱਤੀਆਂ ਹਨ, ਮੇਰੇ ਗਿਆਨ ਅਨੁਸਾਰ ਉਹ ਅਹਿਮਦ ਯਾਰ (ਸੈਫ਼ਲ ਮਲੂਕ ਪੰਨਾ 318) ਦੀਆਂ ਹਨ। ਨਾਲੇ ਇਸ ਵਿਚ ਆਇਆ ਸ਼ਬਦ ḔਚਹੁਰੇਟੀḔ ਸ਼ਾਇਦ ਅਸਲ ਵਿਚ Ḕਚੜ੍ਹੇਟੀḔ ਹੈ। ਕਿਹਾ ਜਾਂਦਾ ਹੈ ਕਿ ਵਾਰਿਸ ਸ਼ਾਹ ਨੇ ਹੀਰ ਤੋਂ ਬਿਨਾ ਹੋਰ ਵੀ ਰਚਨਾਵਾਂ ਲਿਖੀਆਂ ਜਿਨ੍ਹਾਂ ਵਿਚੋਂ ḔਮਿਅਰਾਜਨਾਮਾḔ ਤੇ ḔਚੁੜਹੇਟੜੀਨਾਮਾḔ ਦਾ ਜ਼ਿਕਰ ਆਉਂਦਾ ਹੈ। ਉਦਰਿਤ ਸਤਰਾਂ ਵਿਚ ਇਸ ḔਚੁੜਹੇਟੜੀਨਾਮਾḔ ਵੱਲ ਸੰਕੇਤ ਹੈ ਨਾ ਕਿ ਚਹੁਰੀ ਜਾਂ ਚਾਰ ਤਹਿਆਂ ਵਾਲੀ ਗੱਲ । ਜੱਟੀ ਦੇ ਇਕੋ ਵੇਲੇ ਚਾਰ ਕੰਮ ਕਰਦੀ ਹੋਣ ਦਾ ਵਾਰਿਸ ਸ਼ਾਹ ਦੇ ਕਾਵਿ ਗੁਣਾਂ ਨਾਲ ਕੀ ਸਬੰਧ ਜੁੜਦਾ ਹੈ। Ḕਚੜ੍ਹੇਟੀḔ ਜਿਹੇ ਸ਼ਬਦਾਂ ਦਾ ਅਰਥ Ḕਚੂਹੜਾ Ḕਹੈ
    ਬਲਜੀਤ ਬਾਸੀ

Leave a reply to Baljit Basi Cancel reply