‘ਨਵਾਂ ਜ਼ਮਾਨਾ’ ਦੀ ਜਿੰਦ ਜਾਨ ਸੁਰਜਨ ਜ਼ੀਰਵੀ -ਸ਼ੰਗਾਰਾ ਸਿੰਘ ਭੁੱਲਰ

by

ਸੁਰਜਨ ਜ਼ੀਰਵੀ ਨੂੰ ਜਦੋਂ ਮੈਂ ਪਹਿਲੀ ਵਾਰ ਦੇਖਿਆ ਸੀ ਬੜਾ ਅਟਪਟਾ ਜਿਹਾ ਲੱਗਾ। ਉਹਨੇ ਪੈਂਟ ਕਮੀਜ਼ ਪਾਈ ਹੋਈ ਸੀ ਅਤੇ ਠਾਠੀ ਬੰਨ੍ਹੀ ਹੋਈ ਸੀ ਪਰ ਸਿਰ ਤੇ ਪੱਗ ਨਹੀਂ ਬੰਨ੍ਹੀ ਹੋਈ ਸੀ।ਸਿਰੋਂ ਨੰਗਾ ਤੇ ਚਪਲਾਂ ਪਾਈਆਂ ਹੋਈਆਂ ਸਨ।ਮੈਂ ਨਵਾਂ ਜ਼ਮਾਨਾ ਦੇ ਸਮਾਚਾਰ ਡੈਸਕ ਤੇ ਕੁਝ ਹੋਰ ਸਾਥੀਆਂ ਨਾਲ ਬੈਠਾ ਹੋਇਆ ਸੀ। ਜਿਥੇ ਜ਼ੀਰਵੀ ਆ ਕੇ ਬੈਠਿਆ ਉਹ ਕੁਰਸੀ ਖਾਲੀ ਸੀ ਅਤੇ ਮੇਜ ਦੇ ਵਿਚਕਾਰ ਜਿਹੇ ਲੱਗੀ ਹੋਈ ਸੀ। ਦਰਅਸਲ  ਮੈਨੂੰ ਉਦੋਂ ਹੀ ਪਤਾ ਲੱਗਾ ਕਿ ਇਹ ਸੁਰਜਨ ਜ਼ੀਰਵੀ ਹੈ ਜੋ ‘ਨਵਾਂ ਜ਼ਮਾਨਾ’ ਦਾ ਹੈ ਤਾਂ ਸੰਪਾਦਕ ਪਰ ਸਮਝੋ ਜਿੰਦਜਾਨ ਹੀ ਹੈ।

ਮੇਰਾ ਇਹ ‘ਨਵਾਂ ਜ਼ਮਾਨਾ’ ਦੇ ਸਮਾਚਾਰ ਸੈਕਸ਼ਨ ਵਿੱਚ ਪਹਿਲਾ ਦਿਨ ਸੀ ।ਮੈਨੂੰ ਇੱਥੇ ਪ੍ਰੋ- ਚਰਨ ਸਿੰਘ ਨੇ ਬਾਬਾ ਬੰਨੂਆਣਾ ਦੇ  ਜਰੀਏ ਲਿਆ ਬਿਠਾਇਆ ਸੀ। ਮੈਂ ਅਸਲ ਵਿੱਚ ਉਸ ਵੇਲੇ ਆਰੀਆ ਕਾਲਜ ਲੁਧਿਆਣਾ ਵਿਖੇ ਪੰਜਾਬੀ ਦਾ ਪਾਰਟ ਟਾਈਮ ਲੈਕਚਰਾਰ ਲੱਗਾ ਹੋਇਆ ਸੀ। ਤਨਖਾਹ ਬੜੀ ਮਾਮੂਲੀ ਜਿਹੀ ਸੀ ਤੇ ਫਿਰ ਦਿਨ ਵਿੱਚ ਇੱਕ ਦੋ ਪੀਰੀਅਡ ਪੜ੍ਹਾਉਣ ਤੋਂ ਬਾਅਦ ਵਿਹਲ ਵੀ ਬੜੀ ਸੀ।ਇਸ ਲਈ ਪ੍ਰੋ- ਚਰਨ ਸਿੰਘ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਆਪਣੇ ਵਿਹਲੇ ਸਮੇਂ ਵਿੱਚ ਪਤਰਕਾਰੀ ਦਾ ਕੰਮ ਸਿਖ ਲਵਾਂ।ਜੇਕਰ ਇਧਰ ਮਨ ਟਿਕ ਗਿਆ ਤਾਂ ਸੱਤੇ ਖੈਰਾਂ ਹਨ ਨਹੀਂ ਤਾਂ ਕਿਸੇ ਹੋਰ ਕਾਲਜ ਵਿੱਚ ਲੈਕਚਰਾਰ ਦੀ ਨੌਕਰੀ ਦੇਖੀ ਜਾ ਸਕਦੀ ਹੈ। ਰਹਿੰਦਾ ਵੀ ਮੈ ਪ੍ਰੋ- ਚਰਨ ਸਿੰਘ ਕੋਲ ਹੀ ਸੀ ਜਲੰਧਰ ਛਾਉਣੀ ਵਿਖੇ । ਉੱਥੇ ਪ੍ਰੋ- ਚਰਨ ਸਿੰਘ ਨੂੰ ਸਰਕਾਰੀ ਰਹਾਇਸ਼ ਮਿਲੀ ਹੋਈ ਸੀ ਦੋ ਤਿੰਨ ਕਮਰਿਆਂ ਵਾਲੀ । ਉਦੋਂ ਅਜੇ ਪ੍ਰੋ- ਚਰਨ ਸਿੰਘ ਦਾ ਵਿਆਹ ਨਹੀਂ ਸੀ ਹੋਇਆ ਤੇ ਉਸ ਦਾ ਬੜਾ ਹੀ ਸ਼ੌਕੀਨ ਭਰਾ,ਅਜੀਤ ਵੀ ਉਹਨਾਂ ਕੋਲ ਹੀ ਰਹਿੰਦਾ ਹੁੰਦਾ ਸੀ ਅਤੇ ਲਾਇਲਪੁਰ ਖਾਲਸਾ ਕਾਲਜ ਪੜ੍ਹਦਾ ਸੀ।

ਮੈਨੂੰ ਤਾਂ ਸ਼੍ਰੀ ਬੰਨੂਆਣਾ ਨੇ ਉਸੇ ਦਿਨ ‘ਨਵਾਂ ਜ਼ਮਾਨਾ ‘ਦੇ ਸਮਾਚਾਰ ਸੈਕਸ਼ਨ ਵਿੱਚ ਲਿਆ ਬਿਠਾਇਆ ਸੀ। ਇਹ ਸੈਕਸ਼ਨ ਵੀ ਕਾਹਦਾ ਸੀ ਦਫਤਰ ਨੂੰ ਉੱਪਰ ਜਾਂਦੀਆਂ ਪੌੜੀਆਂ ਦੇ ਬਿਲਕੁਲ ਹੇਠਾਂ ਇੱਕ ਲੰਬੀ ਜਿਹੀ ਚੁਰ ਸੀ ਜਿਸ ਵਿੱਚ ਇੱਕ ਲੰਬਾ ਜਿਹਾ ਮੇਜ ਡੱਠਾ ਹੋਇਆ ਸੀ ਜਿਸ ਦੇ ਉੱਪਰ ,ਅੱਜ ਚਾਰ ਦਹਾਕਿਆਂ ਬਾਅਦ ਵੀ ਮੈਨੂੰ ਚੰਗੀ ਤਰ੍ਹਾਂ ਚੇਤੇ  ਹੈ ,ਹਰੇ ਰੰਗ ਦੀ ਰੈਕਸੀਨ ਲੱਗੀ ਹੁੰਦੀ ਸੀ।ਮੇਜ ਦੇ ਆਲੇ ਦੁਆਲੇ ਕੁਰਸੀਆਂ ਲਗੀਆਂ ਹੋਈਆਂ ਸਨ ।ਇਹ ਕੁਰਸੀਆਂ ਸਮੇਂ ਮੁਤਾਬਕ ਹੌਲੀ ਹੌਲੀ ਭਰਦੀਆਂ ਸਨ ਤੇ ਹੌਲੀ ਹੌਲੀ ਹੀ ਖਾਲੀ ਹੁੰਦੀਆਂ ਸਨ । ਬਣੀ  ਸਮਾਚਾਰ ਡੈਸਕ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਤਰਕਾਰ ਆਉਂਦੇ ਅਤੇ ਇਸੇ ਤਰ੍ਹਾਂ ਜਿਹੜਾ ਪਹਿਲਾਂ ਆਉਂਦਾ ਛੇ ਸੱਤ ਘੰਟੇ ਡਿਊਟੀ ਕਰ ਕੇ ਪਹਿਲਾਂ ਚਲਾ ਜਾਂਦਾ ਸੀ ।ਸਭ ਤੋਂ ਲੇਟ ਦੁਪਹਿਰੇ ਜਿਹੇ ਢਾਈ ਤਿੰਨ ਵਜੇ ਸੁਰਜਨ ਜ਼ੀਰਵੀ ਹੀ ਆਉਂਦਾ ਅਤੇ ਸਭ ਤੋਂ ਪਿੱਛੋਂ ਹੀ ਉਹ ਜਾਂਦਾ ਸੀ।ਉਂਜ ਵੀ ਸਮਾਚਾਰ ਸੰਪਾਦਕ ਆਪਣੇ ਸਾਥੀ ਪਤਰਕਾਰਾਂ ਨੂੰ ਤੋਰ ਕੇ ਅਤੇ ਪਹਿਲੀ ਐਡੀਸ਼ਨ ਦੀ ਮੁਖ ਖਬਰ ਦੇ ਕੇ ਅਤੇ ਇੱਥੋਂ ਤੱਕ ਕਿ ਉਸਨੂੰ ਪੜ੍ਹ ਕੇ ਅਤੇ ਪ੍ਰਿੰਟ ਆਰਡਰ ਦੇ ਕੇ ਹੀ ਜਾਂਦਾ ਹੈ।

ਇਸ ਲੰਬੇ ਤੇ ਹਰੇ ਰੈਕਸੀਨ ਵਾਲੀ ਮੇਜ ਤੇ ਮੈਂ ਜਦੋਂ ਪਹਿਲੇ ਦਿਨ ਜਾ ਕੇ ਬੈਠਾ ਸੀ ਤਾਂ ਉਸ ਵੇਲੇ ਉਥੇ ਦਲਬੀਰ ਸਿੰਘ,ਬਲਜੀਤ ਪੰਨੂ, ਕਾਮਰੇਡ ਸਰਵਣ ਸਿੰਘ ਜਫਰ  ਬੈਠੇ ਹੋਏ ਸਨ। ਮੈਂ ਇਹਨਾਂ ਤਿੰਨਾਂ ਨੂੰ ਪਹਿਲਾਂ ਨਹੀਂ ਜਾਣਦਾ ਸੀ।ਦਲਬੀਰ ਉਦੋਂ ਸਬ ਐਡੀਟਰ ਵਜੋਂ ਕੰਮ ਕਰ ਰਿਹਾ ਸੀ ਅਤੇ ਨਾਲ ਹੀ ਪੜ੍ਹ ਰਿਹਾ ਸੀ। ਮਗਰੋਂ ਇਹੀਉ ਦਲਬੀਰ ਪੰਜਾਬੀ ਟ੍ਰਿਬਿਊਨ ਦਾ ਡਿਪਟੀ ਐਡੀਟਰ ਬਣਿਆ।ਉਸ ਵੇਲੇ ਮੈਂ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਸਾਂ । ਅਫ਼ਸੋਸ ਇਸ ਵੇਲੇ ਦਲਬੀਰ ਸਾਡੇ ਵਿੱਚਕਾਰ ਨਹੀਂ । ਕੁਝ ਸਾਲ ਹੋਏ ਉਹ ਸਾਡੇ ਕੋਲੋਂ ਹਮੇਸ਼ਾ ਲਈ ਵਿੱਛੜ ਗਿਆ ਹੈ ਪਰ ਉਹ ਬੜਾ ਤਕੜਾ ਪਤਰਕਾਰ ਸੀ। ਉਹਦਾ ਅਨੁਵਾਦ ਵੀ ਬੜਾ ਚੰਗਾ ਸੀ ਅਤੇ ਮੌਲਿਕ ਲਿਖਤਾਂ ਵੀ। ਉਸ ਦੀਆਂ ਕਈ ਕਿਤਾਬਾਂ ਵੀ ਹਨ । ਬਲਜੀਤ ਪੰਨੂ ਪ੍ਰਸਿਧ ਪੰਜਾਬੀ ਲੇਖਕ ਸੰਤੋਖ ਸਿੰਘ ਧੀਰ ਦਾ ਜਵਾਈ ਸੀ।ਉਹ ਬਹੁਤ ਹੀ ਖੂਬਸੂਰਤ ਅਤੇ ਚੰਗੇ ਕੱਦ ਕਾਠ  ਵਾਲਾ ਗਭਰੂ ਸੀ। ਐਨ ਅੰਗ੍ਰੇਜ਼ ਲੱਗਦਾ ਸੀ ਅਤੇ ਹਰ ਵੇਲੇ ਹੰਸੂ ਹੰਸੂ ਕਰਦਾ ਰਹਿੰਦਾ ਸੀ।ਅਫ਼ਸੋਸ ਹੈ ਇਸ ਵੇਲੇ ਨਾ ਬਲਜੀਤ ਪੰਨੂ ਰਿਹਾ ਹੈ ਨਾ ਹੀ ਉਹਦਾ ਸਹੁਰਾ ਸਾਹਿਬ ਸੰਤੋਖ ਸਿੰਘ ਧੀਰ। ਬਲਜੀਤ ਪੰਨੂ ਦਾ ਅਨੁਵਾਦ ਵੀ ਬੜਾ ਕਮਾਲ ਦਾ ਸੀ ਅਤੇ ਪਤਰਕਾਰੀ ਦੇ ਕੰਮ ਵਿੱਚ ਉਹ ਬੜਾ ਪੁਖਤਾ ਸੀ। ਕਾਮਰੇਡ ਸਰਵਣ ਮਸਤ ਚਾਲੇ ਚੱਲਣ ਵਾਲਾ ਆਦਮੀ ਸੀ ਅਤੇ ਹਰ ਵੇਲੇ ਮੁਸਕਰਾਉਂਦਾ ਚਿਹਰਾ। ਪਰ ਉਹਦੀ ਜਿਹੜੀ ਕਮਾਲ ਦੀ ਗੱਲ ਸੀ ਉਹ ਇਹ ਕਿ ਉਹਦੀ ਲਿਖਤ ਲਿਖੇ ਮੂਸਾ ਪੜ੍ਹੇ ਖੁਦਾ ਵਾਲੀ ਸੀ।ਉਹਦੀ ਲਿਖਤ ਇਉਂ ਹੁੰਦੀ ਸੀ ਜਿਵੇਂ ਕਾਗਜ਼ ਉੱਤੇ ਕੀੜੀ ਤੇਲ ਵਿੱਚ  ਭਿਉਂ ਕੇ ਛੱਡ ਦਿੱਤੀ ਹੋਵੇ।ਪਰ ਅਸਲ ਕਮਾਲ ਤਾਂ ਕੰਪੋਜੀਟਰਾਂ ਦਾ ਸੀ ਜਿਹੜੇ ਉਹਦੀ ਲਿਖਤ ਉਸੇ ਤਰ੍ਹਾਂ ਹੀ ਠੀਕ ਪੜ੍ਹ ਲੈਂਦੇ ਸਨ ਜਿਵੇ ਡਾਕਟਰ ਦੀ ਦਵਾਈ ਵਾਲੀ ਸਲਿਪ ਕੈਮਿਸਟ ਪੜ੍ਹ ਲੈਂਦਾ ਹੈ।ਇਹਨਾਂ ਬਾਰੇ ਇਹ ਜਾਣਕਾਰੀ ਮੈਨੂੰ ਹਾਲੀ ਹੌਲੀ ਮਿਲਦੀ ਰਹੀ।

ਮੇਰੇ ਉਸ ਪਹਿਲੇ ਦਿਨ ਜਿਉਂ ਜਿਉਂ ਦੁਪਹਿਰ ਚੜਦੀ ਗਈ ਤਿਉਂ ਤਿਉਂ ਉੱਥੇ ਹੋਰ ਸਬ ਐਡੀਟਰ ਆਉਂਦੇ ਗਏ। ਇਹਨਾਂ ਵਿੱਚ  ਸ਼ੁਕੀਨ ਸਿੰਘ ,ਭੁਪਿੰਦਰ ਸਾਂਬਰ ਅਤੇ ਬੀਬੀ ਅੰਮ੍ਰਿਤ ਕੌਰ ਸੀ। ਸ਼ੁਕੀਨ ਉਦੋਂ ਪੱਗ ਬੰਨਦਾ ਹੁੰਦਾ ਸੀ ਅਤੇ ਕੰਮ ਵਿੱਚ ਬੜਾ ਹੀ ਛੁਹਲਾ ਸੀ। ਮੇਜ ਤੇ ਬੈਠੇ ਹਰ ਪਤਰਕਾਰ ਨੂੰ ਲਗਪਗ ਇੱਕ ਸਫੇ ਦੀਆਂ ਖਬਰਾਂ ਬਨਾਉਣੀਆਂ ਪੈਂਦੀਆਂ ਸੀ ਅਤੇ ਫਿਰ ਪ੍ਰੂਫ਼ ਵੀ ਆਪ ਪੜ੍ਹਨੇ ਪੈਂਦੇ ਸਨ । ਸ਼ੁਕੀਨ ਕੋਲ ਪਤਾ ਨਹੀਂ ਐਸੀ ਕਿਹੜੀ ਗਿੱਦੜ ਸਿੰਗੀ ਸੀ ਕਿ ਉਹਦਾ ਸਫਾ ਲਗਪਗ ਸਭ ਤੋਂ ਪਹਿਲਾਂ ਤਿਆਰ ਹੁੰਦਾ। ਸ਼ੁਕੀਨ ਕੁਝ ਸਮੇਂ ਪਿੱਛੋਂ ਚੰਡੀਗੜ ਆ ਗਿਆ ਸੀ ਅਤੇ ਦਿੱਲੀ ਤੋਂ ਛਪਦੇ ਅੰਗਰੇਜ਼ੀ ਦੀ ਰੋਜਾਨਾ ਅਖਬਾਰ ਪੈਟ੍ਰੀਆਟ ਦਾ ਪ੍ਰਤੀਨਿਧ ਬਣ ਕੰਮ ਕਰਨ ਲੱਗਾ ਸੀ। ਚੰਡੀਗੜ ਵਿੱਚ ਇੱਕ ਪਤਰਕਾਰ ਵਜੋਂ ਉਹਦੀ ਚੰਗੀ ਧਾਂਕ ਸੀ ਪਰ ਦੁੱਖ ਦੀ ਗੱਲ ਇਹ ਕਿ ਇੱਕ ਦਿਨ ਚੰਗਾ ਭਲਾ ਕੂਲਰ ਵਿੱਚ ਪਾਣੀ ਪਾਉਂਦਾ ਬਿਜਲੀ ਹਾਦਸੇ ਦਾ ਸ਼ਿਕਾਰ ਹੋ ਗਿਆ।ਭੁਪਿੰਦਰ ਸਾਂਬਰ ਸਾਡੇ ਵਿੱਚੋਂ ਕਾਫੀ ਗੰਭੀਰ ਸੀ ਅਤੇ ਉਹ ਚੋਣਵੀਆਂ ਤੇ ਸਿਧਾਂਤਕ ਖਬਰਾਂ ਹੀ ਤਿਆਰ ਕਰਦਾ ਤੇ ਉਹ ਵੀ ਸੁਰਜਨ ਜ਼ੀਰਵੀ ਦੀ ਸਲਾਹ ਨਾਲ। ਅੰਮ੍ਰਿਤ ਕੌਰ ਡੈਸਕ ਉੱਤੇ ਸਭ ਦੀ ਮਦਦ ਕਰਦੀ ।ਜਿਸਦਾ ਕੰਮ ਘੱਟ ਹੁੰਦਾ ਉਹਦੇ ਲਈ ਸਮਗਰੀ ਤਿਆਰ ਕਰ ਦਿੰਦੀ।ਕਿਸੇ ਲਈ ਖਬਰ ਘੜ ਦਿੰਦੀ ਕਿਸੇ ਲਈ ਪ੍ਰੂਫ਼ ਪੜ੍ਹ ਦਿੰਦੀ ਅਤੇ ਨਾਲ ਹੀ ਮੇਜ ਤੇ ਸੁਖਾਵੇਂ ਮਾਹੌਲ ਨੂੰ ਮਘਾਈ ਰਖਦੀ।

ਕਦੀ ਕਦੀ ਇਸ ਮੇਜ ਤੇ ਬਾਬਾ ਬੰਨੂਆਣਾ ਆ ਕੇ ਬੈਠ ਜਾਂਦੇ । ਉਹ ਨਾਲੇ ਲੱਤ ਹਿਲਾਈ ਜਾਂਦੇ ਨਾਲੇ ਗੱਲਾਂ ਕਰੀ  ਜਾਂਦੇ।ਕਦੀ ਕਦੀ ਜਗਜੀਤ ਸਿੰਘ ਅਨੰਦ ਵੀ ਗੇੜਾ ਮਾਰ ਲੈਂਦੇ ਪਰ ਬਹੁਤ ਘੱਟ।ਉਹ ਉਸ ਵੇਲੇ ‘ਨਵਾਂ ਜ਼ਮਾਨਾ’ਦੇ ਸੰਪਾਦਕ ਸਨ। ਇਸ ਮੇਜ ਤੇ ਪੰਜਾਬ ਭਰ ਦੀਆਂ ਮਜਦੂਰ ਜਥੇਬੰਦੀਆਂ ,ਕਿਸਾਨ ਯੂਨੀਅਨਾਂ ਅਤੇ ਮਾਸਟਰਾਂ ਦੀਆਂ ਅਸੋਸੀਏਸ਼ਨਾਂ ਦੇ ਪ੍ਰਧਾਨ ,ਜਨਰਲ ਸਕੱਤਰ ਤੇ ਹੋਰ ਅਹੁਦੇਦਾਰ ਆਉਂਦੇ ਰਹਿੰਦੇ।ਉਹ ਪ੍ਰੈੱਸ ਨੋਟ ਲਿਆਉਂਦੇ। ਵਿਚਾਰ ਚਰਚਾ ਹੁੰਦੀ ਜਿਸ ਵਿੱਚ ਸਾਰੇ ਹੀ ਖੁਲ੍ਹ ਕੇ ਹਿੱਸਾ ਲੈਂਦੇ। ਕਈ ਵਾਰ ਤਾਂ ਇਉਂ ਲੱਗਣ ਲੱਗ ਪੈਂਦਾ ਕਿ ਇਹ ‘ਨਵਾਂ ਜ਼ਮਾਨਾ’ਦਾ ਸਮਾਚਾਰ ਡੈਸਕ ਨਹੀਂ ਸਗੋਂ ਵਾਦ ਵਿਵਾਦ ਕਰਨ ਵਾਲਾ ਇੱਕ ਖੁਲ੍ਹਾ ਮੰਚ ਹੈ।ਜਿਸ ਤੇ ਹਰ ਕੋਈ ਆਪਣੇ ਵਿਚਾਰ ਰੱਖ ਸਕਦਾ ਹੈ। ਕਹਿਣ ਤੇ ਭਾਵ ਇਹ ਹੈ ਕਿ ਆਮ ਅਖਬਾਰਾਂ ਦੇ ਸਮਾਚਾਰ ਡੈਸਕਾਂ ਤੇ ਜਿੱਥੇ ਅਕਸਰ ਖਾਮੋਸ਼ੀ ਦਾ ਮਾਹੌਲ ਤਾਰੀ ਹੁੰਦਾ ਹੈ ਉੱਥੇ ‘ਨਵਾਂ ਜ਼ਮਾਨਾ’ਵਿੱਚ ਮਾਹੌਲ ਬੜਾ ਖੁਲ੍ਹਾ ਡੁਲਾ ਸੀ ।ਬਲਕਿ ਬਿਲਕੁਲ ਹੀ ਪਰਿਵਾਰਕ। ਇਹ ਅਖਬਾਰ ਚੂੰਕਿ ਮਜਦੂਰਾਂ ,ਮੁਲਾਜਮਾਂ ਅਤੇ ਹੋਰ ਲਤਾੜੇ ਲੋਕਾਂ ਨਾਲ ਖੜਦਾ ਸੀ ਇਸ ਲਈ ਇਥੇ ਇਸੇ ਤਰ੍ਹਾਂ ਦੀਆਂ ਖਬਰਾਂ ਅਤੇ ਪ੍ਰੈੱਸ ਨੋਟ ਤੇ ਹੋਰ ਸਮਗਰੀ ਵਧੇਰੇ ਆਉਂਦੀ ਸੀ ਅਤੇ ਲਗਪਗ ਤਰਜੀਹ ਵੀ ਇਸੇ ਤਰ੍ਹਾਂ ਦੀ ਸਮਗਰੀ ਨੂੰ ਦਿੱਤੀ ਜਾਂਦੀ ਸੀ।

ਤਾਂ ਵੀ ਇਸ ਡੈਸਕ ਤੇ ਜਿਹੜਾ ਪਤਰਕਾਰ ਸਭ ਤੋਂ ਲੇਟ ਆਉਂਦਾ ਸੀ ਉਹੀਓ ਸੁਰਜਨ ਜ਼ੀਰਵੀ ਸੀ। ਜਿਵੇਂ ਪਹਿਲਾਂ ਜਿਕਰ ਹੈ ਜਦੋਂ ਉਹ ਆਇਆ ਤਾਂ ਦਾੜੀ ਤਾਂ ਬੰਨੀ ਹੋਈ ਸੀ ਪਰ ਪੱਗ ਨਹੀ ਸੀ। ਕਿਸੇ ਦਫਤਰ ਵਿਚ ਨੰਗੇ ਸਿਰ ਆ ਬੈਠਣਾ ਹਰ ਕਿਸੇ ਨੂੰ ਹੈਰਾਨ ਕਰ ਸਕਦਾ ਹੈ ਅਤੇ ਮੈਂ ਵੀ ਹੋਇਆ ਸਾਂ ਪਰ ਉਸ ਵੇਲੇ ਮੇਰੇ ਸੱਜੇ ਖੱਬੇ ਆ ਚੁੱਕੇ ਸਾਰੇ ਪਤਰਕਾਰ ਬਿਲਕੁਲ ਹੈਰਾਨ ਨਹੀ ਸਨ ਹੋਏ। ਸੁਰਜਨ ਜ਼ੀਰਵੀ ਕਹੇ ਕੁਰਸੀ ਤੇ ਬੈਠਾ ਤਾਂ ਇਕ ਨਾਂ ਸਭ ਨੂੰ ਸਲਾਮ ਆਖੀ ਅਤੇ ਫਿਰ ਮੇਰੇ ਵੱਲ ਨਜ਼ਰਾਂ ਗੱਡ ਕੇ ਕਹਿਣ ਲੱਗੇ  ਕਿ ਲਗਦਾ ਨਵਾਂ ਰੰਗਰੂਟ ਆਇਐ ਅਤੇ ਨਾਲ ਹੀ ਉਸਨੇ ਕੋਈ ਅਜਿਹੀ ਗੱਲ ਕੀਤੀ ਕਿ ਸਾਰੇ ਹੀ ਹੱਸਣ ਲੱਗ ਪਏ।ਰਹਿ ਮੈਥੋਂ ਵੀ ਨਾ ਹੋਇਆ। ਗੱਲ ਬੜੀ ਦਿਲਚਸਪ ਹੋਏਗੀ ਪਰ ਇਹ ਚਾਲੀ ਬਿਆਲੀ ਵਰਿਆਂ ਪਿਛੋਂ ਉਸ ਦਾ ਚੇਤਾ ਨਹੀ ਆ ਰਿਹਾ। ਸੁਰਜਨ ਜ਼ੀਰਵੀ ਆਮ ਪਤਰਕਾਰਾਂ ਵਾਂਗ ਬਾਲ ਪੈਨ ਨਾਲ ਖਬਰਾਂ ਨਹੀ ਸੀ ਲਿਖਦਾ ਸਗੋਂ ਸਿਆਹੀ ਦੇ ਡੋਬੇ ਲੈਣ ਵਾਲੇ ਨਿੱਬ ਵਾਲੇ ਹੋਲਡਰ ਨਾਲ ਲਿਖਦਾ ਸੀ। ਉਸਨੇ ਕਾਗਜ਼ ਲਈ ਅਤੇ ਖਬਰ ਲਿਖਣ ਲੱਗਾ। ਖਬਰ ਬਣਾਉਂਦਿਆ ਕਾਫੀ ਸਮਾਂ ਲੱਗਾ ਅਤੇ ਇਸ ਸਮੇਂ ਵਿਚ ਉਹ ਹਾਸਾ ਮਜਾਕ ਵੀ ਕਰਦਾ ਰਿਹਾ। ਕਦੇ ਕਿਸੇ ਨਾਲ ਕਦੇ ਕਿਸੇ ਨਾਲ ਤੇ ਜਦੇ ਹੀ ਕਹਿਣ ਲੱਗਾ ਪਈ ਸੋਹਨ ਲਾਲ ਕਿਥੇ ਹੈ? ਸੋਹਨ ਲਾਲ ਸਮਾਚਾਰ ਡੈਸਕ ਲਈ

ਸੇਵਾਦਾਰੀ ਕਰਦਾ ਸੀ ਉਸ ਦਾ ਕੰਮ ਡੈਸਕ ਤੇ ਕੰਮ ਕਰਨ ਵਾਲਿਆਂ ਨੂੰ ਚਾਹ ਪਾਣੀ ਪਿਲਾਉਣਾ ਅਤੇ ਅਨੁਵਾਦ ਕੀਤੀਆਂ ਖਬਰਾਂ ਕੰਪੋਜੀਟਰਾਂ ਕੋਲੇ ਪਹੁੰਚਾਣੀਆਂ ਅਤੇ ਅੱਗੋਂ ਉਹਨਾ ਕੋਲੋਂ ਫਿਰ ਪਰੂਫ ਲਿਆ ਕੇ ਮੇਜ  ਤੇ ਦੇਣੇ। ਸੋਹਨ ਲਾਲ ਮਧਰੇ ਜਿਹੇ ਕਦ ਦਾ ੫੦-੫੫ ਸਾਲ ਦਾ ਸੀ ਅਤੇ ਕਾਫੀ ਗੱਲਾਂ ਕਰਦਾ ਸੀ ਜਦੋਂ ਇਸ ਮੇਜ ਤੇ ਸਾਰੇ ਸਿਰ ਸੁੱਟ ਕੇ ਕੰਮ ਕਰ ਰਹੇ ਹੁੰਦੇ ਅਤੇ ਖਾਮੋਸ਼ੀ ਛਾਈ ਹੁੰਦੀ ਤਾਂ ਸੋਹਨ ਲਾਲ ਕੋਈ ਨਾ ਕੋਈ ਛੁਰਲੀ ਛੱਡ ਦਿੰਦਾ। ਇਓਂ ਮੇਜ ਉਤੇ ਰੌਣਕ ਪਰਤ ਆਓਂਦੀ ਸੀ।ਤਦੇ ਕੁਝ ਮਿੰਟ ਪਿਛੋਂ ਸੋਹਨ ਲਾਲ ਪ੍ਰਗਟ ਹੋਇਆ। ਜ਼ੀਰਵੀ

ਨੇ ਹੁਕਮ ਚਾੜਿਆ ਲਿਆ ਪਈ ਸੋਹਨ ਲਾਲ ਚਾਹ ਪਿਆ। ਦੇਖ ਆਪਣੇ ਇਥੇ ਨਵੇਂ ਰੰਗਰੂਟ ਆਏ ਆ । ਸੋਹਨ ਲਾਲ ਵਲ ਉਸ ਵੇਲੇ ਮੇਰੀ ਪਿੱਠ ਸੀ।ਜਦੋਂ ਮੈਂ ਧੋਣ ਪਿਛਾਂਹ ਕਰਕੇ ਵੇਖਿਆ ਤਾਂ ਸੋਹਨ ਲਾਲ ਜ਼ੀਰਵੀ ਦੇ ਸਾਹਮਣੇ ਖੜਾ ਸੀ। ਦੋ ਚਾਰ ਮਿੰਟਾਂ ਵਿਚ ਚਾਹ ਆਉਣ ਵਾਲੀ ਸੀ ਸਾਰੇ ਚਾਹ ਦੀਆਂ ਚੁਸਕੀਆਂ ਲੈਣ ਲੱਗੇ। ਵਿੱਚ ਵਿੱਚ ਗਲਬਾਤ ਤੇ ਕੰਮ ਵੀ।ਇਸੇ ਦੌਰਾਨ ਸੁਰਜਨ ਜ਼ੀਰਵੀ  ਨੇ ਜਿਹੜੀ ਖਬਰ ਤਿਆਰ ਕੀਤੀ ਸੀ ਉਹ ਮੈਨੂੰ ਫੜਾ ਕੇ ਆਖਿਆ ਕਾਮਰੇਡ ਜ਼ਰਾ ਪੜ੍ਹੋ ਤੇ ਠੀਕ ਠਾਕ ਕਰਕੇ ਕੇ ਅੰਦਰ ਭੇਜ ਦਿਓ।ਉਸ ਖਬਰ ਦੇ ਪਹਿਲੇ ਹੀ ਸ਼ਬਦ ਤੇ  ਜਦੋਂ ਮੈਂ ਨਜਰ ਟਿਕਾਈ ਤਾਂ ਕੁਝ ਵੀ ਸਮਝ ਨਹੀ ਆਇਆ। ਜ਼ੀਰਵੀ ਦੀ ਲਿਖਾਈ ਬੜੀ ਹੀ ਵਖਰੀ ਜਿਹੀ ਸੀ ਅਤੇ ਉਸਨੂੰ ਦਫਤਰ ਦੇ ਕੁਝ ਹੀ ਬੰਦੇ ਖਾਸ ਕਰਕੇ ਕੰਪੋਜੀਟਰ ਪੜ੍ਹ ਸਕਦੇ ਸਨ। ਇਥੋਂ ਤਕ ਕਿ ਸੁਰਜਨ ਜ਼ੀਰਵੀ ਦੀ ਘਰਵਾਲੀ ਅੰਮ੍ਰਿਤ ਕੌਰ ਤੋਂ ਵੀ  ਸ਼ੁਰੂ     ਸ਼ੁਰੂ    ਵਿਚ ਨਹੀ ਸੀ ਪੜ੍ਹੀ ਜਾਂਦੀ। ਅੰਮ੍ਰਿਤ ਦਾ ਕਿਉਂ ਕਿ ਸੁਰਜਨ ਜ਼ੀਰਵੀ ਨਾਲ ਸਾਰੀ ਉਮਰ ਦਾ ਵਾਹ ਸੀ ਇਸ ਲਈ ਉਸਨੇ ਔਖਿਆਂ-ਸੌਖਿਆਂ ਹੋ ਕੇ ਪੜ੍ਹਨੀ ਸਿਖ ਲਈ ਸੀ ਖਬਰ ਮੇਰੇ ਹੱਥ ਵਿੱਚ ਸੀ ਤੇ ਮੈਂ ਕਾਫੀ ਛੈਂਬਰਿਆ ਹੋਇਆ ਸਾਂ।ਸਮਝ ਨਹੀ ਸੀ ਆਓਂਦੀ ਕਿ ਕੀ ਕਹਾਂ ਕਿ ਮੈਨੂੰ ਇਹ ਲਿਖਾਈ ਪੜ੍ਹਨੀ ਨਹੀ ਆਉਂਦੀ।ਤਦੇ ਹੀ ਮੈਂ ਵੇਖਿਆ ਕਿ ਡੈਸਕ ਤੇ ਬੈਠੇ ਕਾਫੀ ਸਾਥੀ ਮੇਰੇ ਵੱਲ ਵੇਖ ਰਹੇ ਸਨ। ਉਹਨਾ ਨੂੰ ਸ਼ਾਇਦ ਸੁਰਜਨ ਜ਼ੀਰਵੀ ਵਲੋਂ ਲਈ ਗਈ ਇਸ ਪ੍ਰੀਖਿਆ ਦਾ ਪਤਾ ਸੀ। ਉਨ੍ਹਾਂ ਵਿਚੋਂ ਇਕ ਦੋ  ਮੁਸਕੁਰਾਏ ਵੀ ਅਤੇ ਫਿਰ ਭੁਪਿੰਦਰ ਸਾਂਬਰ ਮੇਰੇ ਬਚਾਅ ਲਈ ਅੱਗੇ ਆਇਆ। ਜਦੋਂ ਖਬਰ ਉਸਨੇ ਮੇਰੇ ਹਥੋਂ ਫੜ ਲਈ। ਪਰ ਸੁਰਜਨ ਜ਼ੀਰਵੀ ਰੱਤਾ ਕੁ ਗੰਭੀਰ ਹੋਇਆ ਅਤੇ ਕਹਿਣ ਲੱਗਾ ਕਾਮਰੇਡ ਇਥੇ ਕੰਮ ਕਰਨ ਲਈ ਇਸ ਤਰ੍ਹਾਂ ਦੀ ਲਿਖਾਈ ਪੜ੍ਹਨੀ ਬੜੀ ਜਰੂਰੀ ਹੈ ਅਤੇ ਉਹ ਇਕਦਮ ਉੱਚੀ-ਉੱਚੀ ਹਸਿਆ। ਉਸਦੇ ਹਾਸੇ ਵਿਚ ਇਕ ਵਖਰੀ ਤਰ੍ਹਾਂ ਦਾ ਛਣਕਾਟਾ ਪੈਂਦਾ ਸੀ ਜਿਸਦਾ ਭਾਵ ਅਰਥ ਬਿਆਨ ਕਰਨਾ ਬੜਾ ਔਖਾ ਹੈ ਪਰ ਇਹ ਹਾਸਾ ਹੈ ਸੀ  ਬੜਾ ਅਪਣਤ ਭਰਿਆ। ਇਹ ਅਸਲ ਵਿਚ ਉਹ ਹਾਸਾ ਸੀ ਜਿਹੜਾ ਆਪਣਿਆਂ  ਵਿਚ ਹੱਸਿਆ ਜਾਂਦਾ ਹੈ ਤਦੇ ਹੀ ਸੁਰਜਨ ਜ਼ੀਰਵੀ ਮੈਨੂੰ ਮੁਖਾਤਬ ਹੋਇਆ : ਇਹੋਂ ਜਿਹੀਆਂ ਅਨੇਕਾਂ ਵਿੰਗੀ ਟੇਡੀ ਲਿਖਾਈ ਵਾਲੀਆਂ ਖਬਰਾਂ ਇਥੇ ਆਉਣਗੀਆਂ ਪਰ ਘਬਰਾਉਣ ਦੀ ਕੋਈ ਲੋੜ ਨਹੀਂ । ਹਫਤੇ ਵਿਚ ਬੰਦਾ ਇਥੇ ਟਰੇਂਡ ਹੋ ਜਾਂਦਾ ਹੈ। ਸਾਹਿਤ ਦਾ ਕੋਈ ਵਿਦਿਆਰਥੀ ਜਦੋਂ ਪੜ੍ਹਨ ਲਿਖਣ ਵਿਚ ਪੈਂਦਾ ਹੈ ਤਾਂ ਉਸਨੂੰ  ਸ਼ੁਰੂ  ਸ਼ੁਰੂ    ਵਿਚ ਬੜਾ ਮਜਾ ਆਉਂਦਾ ਹੈ ਮੈਂ ਵੀ ਪੰਜਾਬੀ ਐਮ ਏ ਕਰਕੇ ਇਕ ਦੋ ਸਾਲ ਕਾਲਜਾਂ ਵਿਚ ਪੜ੍ਹਾ ਕੇ ਇੱਧਰ ਆਇਆ ਸਾਂ। ਇਸ ਲਈ ਕੰਮ ਕਰਨ ਲਗਿਆਂ ਬੜਾ ਸੁਆਦ ਆਉਂਦਾ ਸੀ। ਮੈਨੂੰ ਜਿਹੜਾ ਫਾਇਦਾ ਹੋਇਆ ਕਿ ਮੈਂ ਪੰਜਾਬੀ ਵਿਚ ਅਨੁਵਾਦ ਹੋਇਆ ਰੂਸੀ ਸਾਹਿਤ ਬੜਾ ਪੜ੍ਹਿਆ ਹੋਇਆ ਸੀ ਜੋ ਇਥੇ ਬੜਾ ਕੰਮ ਆਇਆ। ਬੜਾ ਖੁੱਲਾ ਡੁੱਲਾ ਮਾਹੌਲ ਸੀ ਦਫਤਰ ਦਾ।  ਖਬਰਾਂ ਦਾ ਅਨੁਵਾਦ ਕਰੋ। ਖਬਰਾਂ ਦੀ ਸੰਪਾਦਨਾ ਕਰੋ ਜਾਂ ਖਬਰ ਖੁਦ ਬਣਾਓ ਹਰ ਲਿਹਾਜ਼ ਨਾਲ ਖੁੱਲ ਸੀ ਪਰ ਮੈਂ ਖਬਰਾਂ ਦੇ ਨਾਲ ਨਾਲ ਹਰ ਛੋਟੇ ਛੋਟੇ ਫੀਚਰ ਅਤੇ ਲੇਖ ਵੀ ਲਿਖਣ ਲੱਗ ਪਿਆ ਸਾਂ। ਲੇਖ ਆਦਿ ਦੇ ਇੰਚਾਰਜ ਵੀ ਬੰਨੋਆਣਾ ਸਨ, ਇਸ ਲਈ ਉਹ ਵੀ ਬੜਾ ਉਤਸਾਹਿਤ ਕਰਦੇ ਸਨ। ਦਫ਼ਤਰ ਵਿਚ ਕੰਮ ਕਰਦਿਆਂ ਰੁਟੀਨ ਮੁਤਾਬਕ ਬੰਦਾ ੬-੭ਘੰਟੇ ਪਿਛੋਂ ਘਰ ਜਾਣ ਦੀ ਕਾਹਲੀ ਕਰਦਾ ਹੈ ਪਰ ਇਹ ਦਫਤਰ ਬੜਾ ਨਿਵੇਕਲਾ ਸੀ ਇਥੇ ਹਰ ਕੋਈ ਵੱਧ ਤੋ ਵੱਧ ਸਮੇਂ ਲਈ ਬੈਠਣ ਦਾ ਯਤਨ ਕਰਦਾ ਸੀ , ਕਿਉਂ ਕਿ ਇਕ ਦੋ ਨੂੰ ਛੱਡ ਕੇ ਬਾਕੀ ਸਾਰੇ ਨੇੜੇ ਨੇੜੇ ਰਹਿੰਦੇ ਸਨ ।ਸੁਰਜਨ ਜ਼ੀਰਵੀ ਤਾਂ ਨਵਾਂ ਜਮਾਨਾ ਵਾਲੀ ਬਿਲਡਿੰਗ ਉਪਰ ਹੀ ਇਕ ਵੱਖਰੇ ਜਿਹੇ ਬਣਾਏ ਗਏ ਹਿਸੇ ਵਿਚ ਰਹਿੰਦਾ ਸੀ, ਆਪਣੀ ਪਤਨੀ ਅੰਮ੍ਰਿਤ ਅਤੇ ਬੇਟੀ ਪੂਪੀ ਨਾਲ । ਬਲਜੀਤ ਪੰਨੂ ਵੀ ਦਫਤਰੋਂ ਮੁਸ਼ਕਿਲ ਨਾਲ ਹਜਾਰ ਗਜ ਦੀ ਦੂਰੀ ਤੇ ਰਹਿੰਦਾ ਸੀ ਅਤੇ ਭੁਪਿੰਦਰ ਸਾਂਬਰ ਵੀ। ਕਾਮਰੇਡ ਸਰਵਣ ਸਿੰਘ ਦਾ ਘਰ ਲਗਪਗ ਇਕ ਕਿਲੋਮੀਟਰ ਦੂਰ ਸੀ ਅਤੇ ਸ਼ੁਕੀਨ ਦਾ ਵੀ ਨੇੜੇ ਹੀ ਸੀ। ਇੱਕਲਾ ਮੈਂ ਹੀ ਸਾਂ ਜੋ ਜਲੰਧਰ ਛਾਉਣੀ ਤੋ ਆਉਂਦਾ ਜਾਂਦਾ ਸਾਂ। ਦਲਬੀਰ ਦਾ ਨੇੜੇ ਹੀ ਪਿੰਡ ਸੀ ਨੰਗਲ ਸਾਮਾਂ।

ਇਕ ਹਫਤੇ ਦੇ ਵਿਚ ਵਿਚ ਮੈਂ ਉਸ ਦਫਤਰ ਵਿਚ ਪੂਰੀ ਤਰ੍ਹਾਂ ਰਮ ਗਿਆ ਸਾਂ ਅਤੇ ਇਹ ਸੋਚ ਲਿਆ ਸੀ ਕਿ ਭਵਿਖ ਵਿਚ ਪਤਰਕਾਰੀ ਹੀ ਕਰਨੀ ਹੈ , ਪੜਾਉਣ ਦਾ ਖੈੜਾ ਛਡਿਆ ਜਾਵੇ। ਸਰਕਾਰੀ ਗੈਰ ਸਰਕਾਰੀ ਕਾਲਜਾਂ ਵਿਚ ਲੈਕਚਰਾਰ ਦੀ ਥਾਂ ਤਾਂ ਅਸਾਨੀ ਨਾਲ ਮਿਲ ਜਾਂਦੀ ਸੀ ਪਰ ਸਭ ਤੋਂ ਵਡੀ ਮੁਸਕਿਲ ਇਹ ਸੀ ਕਿ ਇਹ ਇਕੱਤੀ ਮਾਰਚ ਨੂੰ ਰਿਲੀਵ ਕਰ ਦਿੰਦੇ ਸਨ ਤਾਂ ਕਿ ਅਗਲੇ ਤਿੰਨ ਚਾਰ ਮਹੀਨਿਆਂ ਦੀ ਤਨਖਾਹ ਬਚਾਈ ਜਾ ਸਕੇ। ਇਹ ਕੰਮ ਸੀ ਤਾਂ ਬੜਾ ਵਧੀਆ। ਕਾਲਜ ਵਿਚ ਤਿੰਨ ਚਾਰ ਪੀਰੀਅਡ ਪੜ੍ਹਾਉ  ਤੇ ਬਸ ਫੇਰ ਵਿਹਲੇ ਪਰ ਇੱਕਤੀ ਮਾਰਚ ਪਿਛੋਂ ਜਦੋਂ ਵਿਹਲੇ ਹੋ ਜਾਂਦੇ ਤਾਂ ਬੜਾ ਔਖਾ ਹੋ ਜਾਂਦਾ ਅਤੇ ਘਰੋਂ ਵੀ ਲੈ ਕੇ ਖਰਚ ਹੁੰਦੇ ਇਸ ਲਈ ਇਹ ਫੈਸਲਾ ਕਰ ਲਿਆ ਕਿ ਤਨਖਾਹ ਭਾਵੇਂ ਘੱਟ ਹੈ ਘੱਟੋ ਘੱਟ ਕੰਮ ਤਾਂ ਸਾਰਾ ਸਾਲ ਕਰਦੇ ਰਹਾਂਗੇ। ਇਸ ਪਿਛੋਂ ਮੈਂ ਕਿਸੇ ਵੀ ਕਾਲਜ ਲੇਕਚਰਰ ਦੇ ਇੰਟਰਵਿਊ ਲਈ ਨਹੀਂ ਗਿਆ ਅਤੇ ਨਵਾਂ ਜ਼ਮਾਨਾ ਵਿਚ ਡੱਟ ਕੇ ਕੰਮ ਕਰਨ ਲੱਗਾ ਹਾਲਾਂਕਿ ਮੇਰੇ ਘਰ ਦੇ ਵੀ ਕਹਿੰਦੇ ਅਤੇ ਕੁਝ ਦੋਸਤ ਮਿੱਤਰ ਵੀ ਕਿ ਮੈਂ ਕਿਹੜੇ ਰਾਹ ਪੈ ਗਿਆ ਹਾਂ ਉਹ ਮੈਨੂੰ ਪ੍ਰੋਫੈਸਰੀ ਕਰਨ ਨੂੰ ਹੀ ਜੋਰ ਲਾਉਂਦੇ ਪਰ ਪਤਰਕਾਰੀ ਵਿਚ ਮੈਨੂੰ ਇੰਨਾ ਅਨੰਦ ਆਉਣ ਲੱਗਾ ਅਤੇ ਉਹ ਵੀ ਨਵਾਂ ਜ਼ਮਾਨਾ ਦੇ ਸਾਥੀਆਂ ਖਾਸ ਕਰਕੇ ਸੁਰਜਨ ਜ਼ੀਰਵੀ ਦੀ ਅਗਵਾਈ ਹੇਠ ਕਿ ਮੈਂ ਪਤਰਕਾਰੀ ਨੂੰ  ਹੀ ਅਪਣਾ ਲਿਆ। ਨਵਾਂ ਜ਼ਮਾਨਾ ਐਸਾ ਅਖਬਾਰ ਸੀ  ਜਿਥੇ ਕੰਮ ਕਰਨ ਵਾਲੇ ਹਰ ਸ਼ਖਸ ਦੀ ਵੱਖਰੀ ਹੋਂਦ ਸੀ ਤੇ ਵੱਖਰਾ ਨਾਂ। ਪਰ ਸੁਰਜਨ ਜ਼ੀਰਵੀ ਦਾ ਨਾਂ ਬੜਾ ਵੱਡਾ ਸੀ ਉਹ ਨਵਾਂ ਜ਼ਮਾਨਾ ਨੂੰ ਪੂਰੀ ਤਰ੍ਹਾਂ ਪ੍ਰਣਾਇਆ ਹੋਇਆ ਸੀ। ਉਥੇ ਮੇਰੇ ਵਰਗੇ ਪਤਰਕਾਰ ਆਉਂਦੇ ਕੁਝ ਸਮਾਂ ਕੰਮ ਕਰਦੇ ਸਿਖਲਾਈ ਲੈਂਦੇ ਅਤੇ ਚਲੇ ਜਾਂਦੇ ਪਰ ਸੁਰਜਨ ਜ਼ੀਰਵੀ ਨਵਾਂ ਜ਼ਮਾਨਾ ਦਾ ਐਸਾ ਥੰਮ ਸੀ ਜਿਹੜਾ ਜਿੰਨਾ ਚਿਰ ਉਥੇ ਰਿਹਾ ਰੱਤਾ ਵੀ ਨਹੀ ਝੰਵਿਆਂ । ਬੜਾ ਲੰਬਾ ਅਰਸ਼ਾ ਨਵਾਂ ਜ਼ਮਾਨਾ ਲਈ ?? ਬਣਿਆ ਰਿਹਾ ਅਤੇ ਕੈਨੇਡਾ ਆ ਵਸਿਆ ਪਰਿਵਾਰ ਸਣੇ।ਪਰਿਵਾਰ ਵੀ ਕਾਹਦਾ ਹੈ ਆਪ ਪਤਨੀ ਅਤੇ ਧੀ।ਹੁਣ ਤਾਂ ਧੀ ਵਿਹਾਈ ਹੋਈ ਹੈ ਤੇ ਆਪਣੇ ਘਰ ਰਹਿੰਦੀ ਹੈ ਇਸ ਵੇਲੇ ਮੀਆਂ ਬੀਵੀ ਇਕ ਘਰ ਵਿਚ ਰਹਿ ਰਹੇ ਹਨ। ਜਦੋਂ ਪਹਿਲੇ ਦਿਨ ਸੁਰਜਨ ਜ਼ੀਰਵੀ ਨੂੰ ਮੈਂ ਦਫਤਰ ਵਿਚ ਦਾੜੀ ਬੰਨ ਕੇ ਆਏ ਨੂੰ ਵੇਖਿਆ ਤਾਂ ਆਪਣੇ ਸੱਜੇ ਹਥ ਬੈਠੇ ਦਲਬੀਰ ਨੂੰ ਪੁੱਛਿਆ ਕਿ ਜ਼ੀਰਵੀ ਭਲਾ ਨੰਗੇ ਸਿਰ ਕਿਉਂ   ਆ ਗਿਆ ਹੈ? ਪੱਗ ਕਿਉਂ  ਨਹੀ ਹੈ ?ਪੱਗ ਇਹ ਇਕ ਵਾਰ ਬੰਨ ਲੈਂਦਾ ਹੈ ਜੋ ਇਕ ਹਫਤਾ ਕੁ ਚੱਲ ਜਾਂਦੀ ਹੈ ਅਸਲ ਵਿਚ ਮਾਵਾ ਲੱਗੀ ਪੱਗ ਇਕ ਵਾਰ ਬਝੀ ਕਾਫੀ ਦਿਨ ਤਕ ਚਲ ਜਾਂਦੀ ਹੈ। ਜਾਪਦੇ ਇੰਝ ਕਿ ਜ਼ੀਰਵੀ ਨੇ ਨਹਾਉਣ ਤੋਂ ਪਿਛੋਂ ਕਪੜੇ ਤਾਂ ਪਾ ਲਏ ਅਤੇ ਦਾੜੀ ਵੀ ਬੰਨ ਲਈ ਪਰ ਸੀਸਾ ਨਹੀ ਵੇਖਿਆ। ਬਸ ਉਪਰੋਂ ਪੌੜੀਆਂ ਉੱਤਰ ਕੇ ਹੇਠਾਂ ਦਫਤਰ ਵਿਚ ਆ ਗਿਆ ਹੈ। ਜੇ ਸੀਸਾ ਵੇਖਦਾ ਤਾਂ ਪੱਗ ਸਿਰ ਤੇ ਰੱਖ ਲਿਆਓਦਾਂ। ਤੇ ਕਮਾਲ ਦੀ ਗੱਲ ਇਹ ਕਿ ਦੋ ਤਿੰਨ ਘੰਟੇ ਉਸੇ ਤਰ੍ਹਾਂ ਬੈਠਾ ਖਬਰਾਂ ਘੜਦਾ ਰਿਹਾ, ਸਾਥੀ ਪਤਰਕਾਰਾਂ ਨਾਲ ਚੋਹਲ ਮੋਹਲ ਕਰਦਾ ਰਿਹਾ। ਉਸਨੇ ਚਾਹ ਵੀ ਉਸ ਦੌਰਾਨ ਪੀਤੀ ਪਰ ਉਹ ਸਾਰਾ ਸਮਾਂ ਨਾ ਹੀ ਦਾੜੀ  ਖੋਲੀ ਤੇ ਨਾ ਹੀ ਇਸ ਤਰ੍ਹਾਂ ਦਾ ਕੋਈ ਸੰਕੇਤ ਕੀਤਾ ਕਿ ਉਹ ਸਿਰ ਤੇ ਪੱਗ ਰੱਖਣੀ ਭੁਲ ਆਇਆ ਹੈ ।

ਉਹ ਤਾਂ ਹੋਰ ਵੀ ਦੇਰ ਨਾਲ ਜਦੋਂ  ਅੰਮ੍ਰਿਤ ਕੌਰ ਸਮਾਚਾਰ ਕਮਰੇ ਵਿਚ ਆਈ ਤਾਂ ਜ਼ੀਰਵੀ ਨੂੰ ਨੰਗੇ ਸਿਰ ਦੇਖ ਕੇ ਪਹਿਲਾਂ ਤਾਂ ਮੁਸਕਰਾਈ ਅਤੇ ਫਿਰ ਰੱਤਾ ਖੁੱਲ ਕੇ ਹੱਸੀ ਅਤੇ ਕਹਿਣ ਲੱਗੀ ਜ਼ੀਰਵੀ ਸਾਹਿਬ ਜ਼ਰਾ ਸੀਸਾ ਤਾਂ ਵੇਖੋ। ਅੰਮ੍ਰਿਤ ਕੌਰ ਬੜੀ ਹੀ ਦਲੇਰ ਅਤੇ ਸੁਘੜ ਸਿਆਣੀ ਔਰਤ ਸੀ ਅਤੇ ਨਵੇਂ ਵਿਚਾਰਾਂ ਵਾਲੀ ਉਹ ਆਪਣੇ ਪਤੀਆਂ ਨੂੰ ਜੀ ਜੀ ਕਹਿਣ ਵਾਲੀ ਪਤਨੀਆਂ ਵਿਚੋਂ ਭਾਵੇਂ ਨਹੀ ਸੀ ਪਰ ਦੋਹਾਂ ਜੀਆਂ ਵਿਚ ਆਪਸੀ ਸੂਝਬੂਝ ਰਖਣ ਵਾਲੀ ਸੀ। ਉਹ ਸੁਰਜਨ ਜ਼ੀਰਵੀ ਨੂੰ ਜ਼ੀਰਵੀ ਜੀ ਕਹਿ ਕੇ ਸੰਬੋਧਨ ਕਰਦੀ ਸੀ। ਜ਼ੀਰਵੀ ਨੂੰ ਇਸ ਦੌਰਾਨ ਪਤਾ ਤਾਂ ਚਲ ਗਿਆ ਸੀ। ਪਰ ਉਸਨੇ ਆਪਣੇ ਵਿਚ ਕਿਸੇ ਤਰ੍ਹਾਂ ਕਮਤਰੀ ਅਹਿਸਾਸ ਨਹੀ ਸੀ ਆਉਣ ਦਿੱਤਾ ਸਗੋਂ ਅੰਮ੍ਰਿਤ ਨੂੰ ਕਹਿਣ ਲੱਗਾ ਕਿ ਅਜੇ ਪਰਸਾਦਾ ਪਾਣੀ ਬਣਿਆ ਹੈ ਜਾਂ ਨਹੀ। ਅੰਮ੍ਰਿਤ ਨੇ ਜਦੋਂ ਕਿਹਾ ਕਿ ਜਾਓ ਜਾ ਕੇ ਰੋਟੀ ਖਾ ਆਓ ਤਾਂ ਜ਼ੀਰਵੀ ਖਿਸਿਆਨੀ ਜਿਹਾ ਹਾਸਾ ਹਸਿਆ ਅਤੇ ਉਪਰ ਚਲਾ ਗਿਆ। ਬਸ ਉਪਰ  ਉਹਨੇ ਜਾਣ ਆਉਣ ਹੀ ਕੀਤਾ ਸੀ । ਉਹ ਛੇਤੀ ਹੀ ਵਾਪਸ ਆਗਿਆ ਸੀ ਅਤੇ ਹੁਣ ਉਸਦੇ ਸਿਰ ਤੇ ਕਾਲੀ ਪੱਗ ਧਰੀ ਹੋਈ ਸੀ ਅਤੇ ਦਾੜੀ ਚੰਗੀ ਤਰ੍ਹਾਂ ਬਝੀ ਹੋਈ ਸੀ ਕਿਉਂਕਿ ਠਾਠੀ ਉਸਨੇ ਕਾਫੀ ਦੇਰ ਤਕ ਬੰਨ ਕੇ ਰਖੀ ਹੋਈ ਸੀ। ਉਸਦੀ ਚਿੱਟੀ ਕਮੀਜ ਤੇ ਕਾਲੀ ਪੱਗ ਬੜੀ ਜਚ ਰਹੀ ਸੀ ਅਤੇ ਹੁਣ ਉਹਦਾ ਚੇਹਰਾ ਮੋਹਰਾ ਵੀ ਸਾਫ਼ ਦਿਸ ਰਿਹਾ ਸੀ।

ਬਸ ਉਥੇ ਲਗਪਗ ਇਹੀਓ ਰੁਟੀਨ ਸੀ। ਅਸੀਂ ਸਾਰੇ ਬਾਰੀ ਸਿਰ ਆਉਂਦੇ ਅਤੇ ਬਾਰੀ ਸਿਰ ਚਲੇ ਜਾਂਦੇ ਪਰ ਜੇ ਕੋਈ ਉਸ ਇਮਾਰਤ ਵਿਚੋਂ ਬਾਹਰ ਪੈਰ ਨਹੀ ਸੀ ਪਾਉਂਦਾ ਤਾਂ ਉਹ ਸੁਰਜਨ ਜ਼ੀਰਵੀ ਸੀ ਅਤੇ ਅੰਮ੍ਰਿਤ ਜ਼ੀਰਵੀ।

ਉਹ ਇਸ ਇਮਾਰਤ ਦੇ ਐਨ ਉਪਰ ਜਿਹੇ ਇਕ ਕੋਨੇ ਵਿਚ ਰਹਿੰਦੇ ਸਨ। ਅਸਲ ਵਿਚ ਰਹਿੰਦੇ ਕਾਹਦੇ ਸਨ ਬਲਕਿ ਉਹ ਉਹਨਾਂ ਦੀ ਪਾਰਟੀ  ਨੂੰ ਅਤੇ ਨਵਾਂ ਜ਼ਮਾਨਾ ਨੂੰ ਸਮਰਪਣ ਦੀ ਭਾਵਨਾ ਸੀ। ਪਰ ਜਿਹੜਾ ਵੀ ਵਿਅਕਤੀ ਉਹਨਾ ਦੇ ਇਕੋ ਇਕ ਕਮਰਾ ਨੁਮਾ ਘਰ ਵਿਚ ਕਦੀ ਗਿਆ ਸੀ ਉਹ ਉਹਨਾ ਦੋਨਾਂ ਦੀ ਸਿਰਜਣਾ ਨੂੰ ਨਤਮਸਤਕ ਸੀ ਇਕ ਤਾਂ ਚਾਰ ਦੀਵਾਰੀਆਂ ਵਾਲਾਂ ਕਮਰਾ ਹੁੰਦਾ ਹੈ ਇਸ ਵਿਚ ਅਲਮਾਰੀ ਵਗੈਰਾ ਹੁੰਦੀ ਹੈ ਪਰ ਇਥੇ ਤਾਂ ਇਕ ਪੁਰਾਣੇ ਜਿਹੇ ਢੰਗ ਦਾ ਬਣਿਆ ਇਕ ਆਲਾ ਜਿਹਾ ਸੀ ਅਤੇ ਬਸ ਇਕ ਪਲੰਗ ਅਤੇ ਦੋ ਕੁਰਸੀਆਂ। ਰੋਟੀ ਲਈ ਨਾਲ ਹੀ ਤਖਤੇ ਖੜੇ ਕਰਕੇ ਇਕ ਛੋਟਾ ਜਹਿਆ ਕੇਬਿਨ ਬਣਾਇਆ ਗਿਆ ਸੀ। ਇਸ ਕੇਬਿਨ ਦੇ ਦੋਹੇਂ ਪਾਸੇ ਲਾਂਘਾ ਸੀ ਜਿਹੜਾ ਮਰਜੀ ਆਵੇ ਅਤੇ ਜਾਵੇ ਕਿਸੇ ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀ ਸੀ ਕਿਉਂਕਿ ਉਸ ਕਮਰੇ ਨੂੰ ਕਿਹੜਾ ਤਾਲਾ ਲਾਉਣਾ ਹੁੰਦਾ ਸੀ। ਜ਼ੀਰਵੀ ਪਰੀਵਾਰ ਨੇ ਸ਼ਾਇਦ ਹੀ ਕਦੀ ਉਥੇ ਰੋਟੀ ਬਣਾਈ ਹੋਵੇ।ਹਾਂ , ਸਵੇਰ ਸ਼ਾਮ ਚਾਹ ਜਰੂਰ ਬਣਾਈ ਜਾਂਦੀ ਸੀ ਬਾਕੀ ਰੋਟੀ ਤਾਂ ਸ਼ਾਂਤੀ ਦੇ ਢਾਬਿਓਂ ਜਾਂ ਇੱਕ ਕਿਸੇ ਹੋਰ ਥਾਂ ਤੋਂ  ਆ ਜਾਂਦੀ ਸੀ ਮੇਰੇ ਚੰਗੀ ਤਰ੍ਹਾਂ ਚੇਤੇ ਹੈ ਕਿ ਸਾਡੇ ਸਾਰਿਆਂ ਦੀ ਦੁਪਹਿਰ ਦੀ ਰੋਟੀ ਸ਼ਾਂਤੀ ਦੇ ਢਾਬੇ ਤੋਂ ਹੀ ਆਉਂਦੀ ਸੀ ਬੜੇ ਭਲੇ ਦਿਨ ਸਨ।ਡੇਢ ਸੌ ਰੁਪਏ  ਵਿਚ ਦੋ ਬੰਦਿਆਂ ਦੇ ਖਾਣ ਜੋਗੀ ਰੋਟੀ ਅਤੇ ਦਾਲ ਸ਼ਬਜੀ ਆ ਜਾਂਦੀ ਸੀ ਸੋ ਦੁਪਹਿਰੇ ਸਾਰੇ ਜਣੇ ਰਲ ਕੇ ਖਾਣਾ ਖਾਂਦੇ ਬਿਲਕੁਲ ਉਸ ਤਰ੍ਹਾਂ ਦਾ ਮਾਹੌਲ ਹੁੰਦਾ ਜਿਸ ਤਰ੍ਹਾਂ ਦਾ ਪਰਿਵਾਰ ਦਾ ਹੁੰਦਾ ਹੈ। ਕਿਸੇ ਅਦਾਰੇ  ਵਿਚ ਸ਼ਾਇਦ ਹੀ ਇੰਨਾ ਸੁਖਾਵਾਂ ਮਾਹੌਲ ਹੋਵੇ ਜਿਸ ਤਰ੍ਹਾਂ ਦਾ ਉਨ੍ਹੀ ਦਿਨਾ ਵਿਚ ਨਵਾਂ ਜ਼ਮਾਨਾ ਵਿਚ ਸੀ। ਅੱਜ ਤਾਂ ਪੰਜਾਬ ਦੀਆਂ ਲਗਪਗ ਸਾਰੀਆਂ ਯੂਨੀਵਰਸਿਟੀਆਂ ਤੋਂ ਬਿਨਾ ਕੁਝ ਨਿਜੀ ਯੂਨੀਵਰਸਿਟੀਆਂ  ਅਤੇ ਭਾਰਤੀ ਵਿਦਿਆ ਭਾਵਨ ਵਰਗੇ ਅਦਾਰਿਆਂ ਨੇ ਪਤਰਕਾਰੀ ਸੰਬੰਧੀ ਡਿਪਲੋਮੇ ਅਤੇ ਡਿਗਰੀਆਂ ਸ਼ੁਰੂ  ਕੀਤੀਆਂ ਹੋਈਆਂ ਸਨ ਪਰ ਉਹਦੇ ਸ਼ਾਇਦ ਹੀ ਕਿਸੇ ਅਦਾਰੇ ਵਿਚ ਪੱਤਰਕਾਰ ਤਿਆਰ ਕੀਤੇ ਜਾਂਦੇ । ਇਹ ਨਵਾਂ ਜਮਾਨਾ ਹੀ ਸੀ ਜੋ ਪੱਤਰਕਾਰਾਂ ਨੂੰ ਸਿਖਲਾਈ ਦਿੰਦਾ ਸੀ ਅਤੇ ਸਿਖਲਾਈ ਵੀ ਬੜੀ ਢੁਕਵੀਂ।ਹੁਣ ਤੱਕ ਵੀ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਨਵਾਂ ਜਮਾਨਾ ਪੱਤਰਕਾਰਾਂ ਦੀ ਨਰਸਰੀ ਸੀ। ਸਾਡੇ ਵੇਲੇ ਸੰਚਾਰ ਸੈਕਸ਼ਨ ਵਿਚ ਜਿਹੜੀ ਪੱਤਰਕਾਰਾਂ ਦੀ ਟੀਮ ਸੀ, ਜਿਸਦਾ ਜਿਕਰ ਉਪਰ ਕੀਤਾ ਗਿਆ ਹੈ,ਉਹੋ ਜਿਹੀ ਕਿਤੇ ਵੀ ਨਹੀ ਸੀ। ਇਹ ਟੀਮ ਘੱਟ ਖਾ ਕੇ ਵਧੀਆ ਕਰਨ ਵਾਲੀ ਸੀ। ਘੱਟ ਤੋਂ ਭਾਵ ਤਨਖਾਹਾਂ ਤਾਂ ਨਵਾਂ ਜਮਾਨਾ ਵਿਚ ਬਸ ਸੇਵਾ ਭਾਵ ਵਾਲੀਆਂ ਸਨ। ਮੇਰੀ ਆਪਣੀ ਤਨਖਾਹ ਉਸ ਸਮੇਂ ਪੌਣੇ ਤਿੰਨ ਸੌ ਰੁਪਏ ਸੀ। ਕਿਸੇ ਨੂੰ ਦੋ ਸੌ, ਕਿਸੇ ਨੂੰ ਢਾਈ ਸੌ, ਤੇ ਕਿਸੇ ਕਿਸੇ ਨੂੰ ਇਸ ਤੋਂ ਵਧ ਮਿਲਦੇ ਸਨ ਅਤੇ ਦਿਲਚਸਪ ਗੱਲ ਇਹ ਵੀ ਹੈ ਕਿ  ਸ਼ਾਇਦ ਹੀ ਕਦੀ ਕਿਸੇ ਪੱਤਰਕਾਰ ਨੇ ਆਪਣੀ ਤਨਖਾਹ ਪੂਰੀ ਲਈ ਹੋਵੇ। ਉਸ ਸਮੇਂ ਸ਼੍ਰੀ ਕ੍ਰਿਸ਼ਨ ਭਾਰਦਵਾਜ ਨਵਾਂ ਜਮਾਨਾ ਦੇ ਜਨਰਲ ਮੈਨੇਜਰ ਸਨ। ਬੜੇ ਹਸਮੁੱਖ ਅਤੇ ਖੁਲ-ਦਿਲੇ ਇਨਸਾਨ। ਬਸ ਲੋੜ ਪਈ ਤਾਂ ਉਹਨਾ ਕੋਲ ਜਾ ਬੈਠਣਾ ਅਤੇ ਵੀਹ ਤੀਹ ਰੁਪਏ ਲੈ ਲੈਣੇ। ਭਾਰਦਵਾਜ ਨੂੰ ਵੀ ਇਹ ਕੰਮ ਵਧੇਰੇ ਸੂਤ ਬੈਠਦਾ ਸੀ ਭਾਵੇਂ ਵੋਚਰ ਵਧੇਰੇ ਤਿਆਰ ਕਰਕੇ ਦੇਣੇ ਪੈਂਦੇ ਸਨ ਪਰ ਉਨ੍ਹਾ ਨੂੰ ਇਸ ਗੱਲ ਦੀ ਬੜੀ ਰਾਹਤ ਮਿਲਦੀ ਸੀ ਕਿ ਇਕੱਠੀ ਤਨਖਾਹ ਨਹੀ ਸੀ ਦੇਣੀ ਪੈਂਦੀ।ਤਨਖਾਹ ਦੇ ਪਖੋਂ ਤਾਂ ਜ਼ੀਰਵੀ ਸਾਹਿਬ ਦਾ ਹੋਰ ਵੀ ਕਮਾਲ ਸੀ। ਉਨ੍ਹਾ ਹੇਠੋਂ ਸ਼੍ਰੀ ਭਾਰਦਵਾਜ ਨੂੰ ਇੰਟਰਕਾਮ ਤੇ ਫੋਨ ਕਰਨਾ ਕਿ ਕੁਝ ਪੈਸੇ ਭੇਜ ਦਿਓ। ਪੈਸੇ ਭੇਜਣ ਭਿਜਵਾਉਣ ਵਿਚ ਦੋਹਾਂ ਵਿਚ ਕਾਫੀ ਹਾਸਾ ਠੱਠਾ ਹੁੰਦਾ। ਜ਼ੀਰਵੀ ਬੜਾ ਜਿਹਨ ਜਹੀਨ ਤਾਂ ਸੀ ਹੀ ਅਤੇ ਉਸਨੂੰ ਮੌਕੇ ਦੀ ਬੜੀ ਫੁਰਦੀ ਸੀ। ਇਸ ਵਿਚ ਉਹ ਕਦੀ ਕਦਾਈ ਲਤੀਫਾ ਵੀ ਸੁਣਾ ਦਿੰਦਾ ਸੀ। ਭਾਵੇਂ ਲਤੀਫਾ ਉਹ ਆਪ ਹੀ ਘੜਦਾ ਸੀ। ਸਮਾਚਾਰ ਮੇਜ ਉੱਤੇ ਕਦੇ ਚੁੱਪ ਚਾਂ ਹੁੰਦੀ ਤਾਂ ਉਹ ਕੋਈ ਨਾ ਕੋਈ ਬਹਾਨਾ ਲੱਭ ਕੇ ਇਕ ਹਲਕਾ ਫੁਲਕਾ ਜਿਹਾ ਲਤੀਫਾ ਸੁਣਾ ਕੇ ਮਾਹੌਲ ਨੂੰ ਬਹੁਤ ਸੁਖਾਵਾਂ ਬਣਾ ਦਿੰਦਾ ਸੀ। ਉਂਝ ਉਹ ਆਪਣਾ ਕੰਮ ਬੜਾ ਖੁਭ ਕੇ ਕਰਦਾ ਪਰ ਉਹ ਪੜ੍ਹਦਾ ਵੀ ਬੜਾ ਸੀ। ਮੈਂ ਉਸ ਨੂੰ ਡਿਉਟੀ ਤੋਂ ਖਾਲੀ ਸਮੇਂ ਹਮੇਸ਼ਾ ਪੜ੍ਹਦੇ ਹੀ ਦੇਖਿਆ ਹੈ। ਕਈ ਵਾਰੀ ਜੇ ਨੇੜੇ ਤੇੜੇ ਕਿਸੇ ਪ੍ਰੋਗਰਾਮ ਵਿਚ ਵੀ ਜਾਂਦਾ ਸੀ ਤਾਂ ਉਸ ਦੇ ਹੱਥ ਵਿਚ ਕੋਈ ਨਾ ਕੋਈ ਕਿਤਾਬ ਜਰੂਰ ਹੁੰਦੀ। ਤਰਜਮਾ ਵੀ ਉਹਦਾ ਬੜਾ ਤਕੜਾ ਹੁੰਦਾ ਸੀ। ਨਵਾਂ ਜਮਾਨਾ ਵਿਚ ਕੰਮ ਕਰਦੇ ਸਾਰੇ ਪੱਤਰਕਾਰਾਂ ਨੂੰ ਜਗਜੀਤ ਆਨੰਦ ਤਰਜਮੇ ਦਾ ਕੋਈ ਨਾ ਕੋਈ ਕੰਮ ਦੇਈ ਰਖਦੇ ਸਨ। ਉਸ ਨਾਲ ਪੱਤਰਕਾਰਾਂ ਦੀ ਕੋਈ ਨਾ ਕੋਈ ਮਾਲੀ ਸਹਾਇਤਾ ਹੋ ਜਾਂਦੀ ਸੀ। ਮੈਂ ਲਗਪਗ ਦੋ ਕੁ ਵਰ੍ਹੇ ਨਵਾਂ ਜਮਾਨਾ ਵਿਚ ਰਿਹਾ ਅਤੇ ਕਹਿ ਸਕਦਾ ਹਾਂ ਕੀ ਮੈਂ ਉਥੇ ਇੰਨਾ ਕੁਝ ਸਿਖਿਆ ਹੈ ਜਿਹੜਾ ਹੁਣ ਤੱਕ ਵੀ ਮੇਰੇ ਕੰਮ ਆ ਰਿਹਾ ਹੈ। ਇਹ ਕਹਿਣ ਵਿਚ ਕੋਈ ਝਿਜਕ ਨਹੀ ਕਿ ਇਹ  ਮੇਰੀ ਨਵਾਂ ਜਮਾਨਾ ਦੀ ਸਿਖਲਾਈ ਸੀ ਜਿਸਨੇ ਮੈਨੂੰ ਪੰਜਾਬੀ ਟ੍ਰਿਬਿਊਨ ਵਰਗੀ ਅਖਬਾਰ ਦਾ ਸੰਪਾਦਕ ਹੋਣ ਦਾ ਮੌਕਾ ਦਿੱਤਾ ਸੀ। ਮੈਂ ਹੀ ਨਹੀ ਮੇਰੇ ਵਰਗੇ ਕਈ ਹੋਰ ਪੱਤਰਕਾਰ ਜਿੰਦਗੀ ਵਿਚ ਵੱਖ ਵੱਖ ਥਾਂ ਬੜੇ ਕਾਮਯਾਬ ਹੋਏ ਸਨ।ਨਵਾਂ ਜਮਾਨਾ ਵਿਚ ਪੈਸੇ ਪਖੋਂ ਥੋੜੀ ਬਹੁਤੀ ਤੰਗੀ ਰਹਿੰਦੀ ਸੀ ਪਰ ਇਕ ਗੱਲ ਮੈਂ ਮਹਿਸੂਸ ਕੀਤੀ ਸੀ ਕਿ ਜਿਹੜਾ ਵੀ ਪੱਤਰਕਾਰ ਬਣ ਕੇ ਇਸ ਪੁਰਾਨੀ ਇਮਾਰਤ ਦੀਆਂ ਪੌੜੀਆਂ ਚੜ ਆਇਆ ਸੀ ਉਹ ਮੁੜ ਲਗਦੀ ਵਾਹੇ ਕਿਸੇ ਦੂਸਰੇ ਅਖਬਾਰ ਵਿਚ ਜਾਣ ਲਈ ਪੌੜੀਆਂ ਨਹੀ ਸੀ ਉਤਰਿਆ। ਸ਼ਾਇਦ ਹੀ ਕੋਈ ਇਕ ਅੱਧਾ ਗਿਆ ਵੀ ਹੋਵੇ ਪਿਛੋਂ ਪਰ ਮੋਟੇ ਤੌਰ ਤੇ ਇਥੇ ਦੇ ਸੁਖਾਵੇਂ, ਇਕ ਦੂਜੇ ਦੀ ਮਦਦ ਕਰਨ ਅਤੇ ਕੰਮ ਦੀ ਤਾਰੀਫ਼ ਕਰਨ ਅਤੇ ਘੁਲ ਮਿਲ ਕੇ  ਰਹਿਣ ਵਾਲੇ ਮਾਹੌਲ ਕਰਕੇ ਕੋਈ ਕਿਸੇ ਦੂਜੇ ਅਖਬਾਰ ਵਿਚ ਨਹੀ ਸੀ ਜਾਂਦਾ।ਅਖਬਾਰ ਵਾਲਿਆਂ ਨੂੰ ਬਹੁਤੀਆਂ  ਛੁਟੀਆਂ ਨਹੀ ਸੀ ਹੁੰਦੀਆਂ ਅਤੇ ਛੱਬੀ ਜਨਵਰੀ ਜਾਂ ੧੫ ਅਗਸਤ ਦੀ ਪੂਰੀ ਛੁੱਟੀ ਹੁੰਦੀ ਤਾਂ ਅਸੀਂ ਰਲ ਮਿਲ ਕੇ ਛੋਟਾ ਮੋਟਾ ਪ੍ਰੋਗਰਾਮ ਬਣਾ ਲੈਂਦੇ। ਇਹ ਐਵੇਂ ਦਫਤਰੀ ਮਾਹੌਲ ਤੋਂ ਲਾਂਭੇ ਮਿਲ ਬੈਠਣ ਦਾ ਬਹਾਨਾ ਹੀ ਸੀ। ਅਜਿਹੀ ਇਕ ਛੁੱਟੀ ਵਾਲੇ ਦਿਨ ਸ਼ਾਮ ਨੂੰ ਅਸੀਂ ਸਾਰਿਆ ਨੇ ਨਵਾਂ ਜਮਾਨਾ ਦੇ ਪਿਛਲੇ ਪਾਸੇ ਹੀ ਇਕੋ ਇਮਾਰਤ ਵਿਚ ਰਹਿ ਰਹੇ ਬਲਜੀਤ ਪਨੂੰ ਅਤੇ ਭੁਪਿੰਦਰ ਸਾਂਬਰ ਦੇ ਘਰ ਬੈਠਣ ਦਾ ਪ੍ਰੋਗਰਾਮ ਬਣਾਇਆ। ਪ੍ਰੋਗਰਾਮ ਕੱਲ ਸੀ।ਮੈਂ ਅਤੇ ਦਲਬੀਰ ਨੇ ਜਲੰਧਰ ਛਾਉਣੀ ਜਾ ਕੇ ਪ੍ਰੋ- ਚਰਨ ਸਿੰਘ ਨੂੰ ਕਹਿ ਕੇ ਫੌਜੀ ਕੰਟੀਨ ਤੇ ਕਹਿ ਕੇ ਰਮ ਦੀ ਇਕ ਬੋਤਲ ਲੈ ਆਂਦੀ ਸੀ। ਉਨ੍ਹਾਂ ਦਿਨਾ ਵਿਚ ਅੱਜ ਵਾਂਗ ਪੰਜਾਬ ਵਿਚ ਸ਼ਰਾਬ ਦੇ ਦਰਿਆ ਨਹੀ ਸਨ ਵਗਦੇ।ਠੇਕੇ ਵੀ ਗਿਣਤੀ ਦੇ ਹੀ ਹੁੰਦੇ ਸਨ।ਅਸੀਂ ਸਾਰੇ ਭੁਪਿੰਦਰ ਸਾਂਬਰ ਦੇ ਘਰ ਬੈਠ ਗਏ। ਉਥੇ ਇਕ ਵੱਡਾ ਪਲੰਘ ਡੱਠਾ ਹੋਇਆ ਸੀ ਅਤੇ ਕੁਝ ਕੁਰਸੀਆਂ ਵੀ ਸਨ। ਇਕ ਮੇਜ ਵੀ ਸੀ ਜਿਸ ਨੂੰ ਪਲੰਗ ਦੇ ਨਾਲ ਜੋੜ ਲਿਆ ਗਿਆ। ਰਮ ਦੀ ਬੋਤਲ ਅਸੀਂ ਆਪਣੇ ਵੱਲੋਂ ਸਂਭਾਲ ਕੇ ਮੇਜ ਦੀ ਇਕ ਲੱਤ ਨਾਲ ਲਾ ਦਿਤੀ। ਬਸ ਮੇਜ ਤੇ ਗਿਲਾਸ ਅਤੇ ਪਾਣੀ ਆਉਣ ਦਾ ਇੰਤਜਾਰ ਸੀ ਅਤੇ ਇਸ ਲਈ  ਬਲਜੀਤ ਪਨੂੰ ਲੱਗਾ ਹੋਇਆ ਸੀ। ਅਸੀਂ ਇਸ ਮਾਹੌਲ ਨੂੰ ਇਕ ਜਸ਼ਨ ਵਜੋਂ ਵੇਖ ਰਹੇ ਸਾਂ ਤਦੇ ਜ਼ੀਰਵੀ ਜੀ ਕਮਰੇ ਵਿਚ ਪਹੁੰਚ ਗਏ। ਉਨ੍ਹਾ ਦੀ ਉਡੀਕ ਵੀ ਕੀਤੀ ਜਾ ਰਹੀ ਸੀ। ਜ਼ੀਰਵੀ ਜੀ ਮੇਜ ਦੇ ਨਾਲ ਪਈ ਕੁਰਸੀ ਤੇ ਬੈਠ ਗਏ ਅਤੇ ਅਤੇ ਉਨ੍ਹਾ ਨੇ ਸੁਭਾਵਿਕ ਹੀ ਆਪਣੇ ਇਕ ਪੈਰ ਨਾਲ ਮੇਜ ਨੂੰ ਹਿਲਾਉਣਾ  ਸ਼ੁਰੂ  ਕਰ ਦਿਤਾ। ਇਸ ਤੋਂ ਪਹਿਲਾਂ ਕਿ ਇਸ ਦਾ ਕੋਈ ਖਿਆਲ ਕਰੇ ਹੇਠੋਂ ਤੜਕ ਦੀ ਆਵਾਜ ਆਈ। ਅਗਲੇ ਪਲ ਸ਼ਰਾਬ ਦੀ ਬੋਤਲ ਟੁੱਟੀ  ਪਈ ਸੀ ਅਤੇ ਸ਼ਰਾਬ ਫਰਸ਼ ਉਤੇ ਖਿਲਰ ਗਈ ਸੀ। ਸਾਰੇ ਜਣੇ ਚਾਣਚੱਕ ਉਠ ਖੜੇ ਹੋਏ ਅਤੇ ਕਦੇ ਟੁੱਟੀ ਹੋਈ ਬੋਤਲ ਵੱਲ ਅਤੇ ਕਦੇ ਫਰਸ਼ ਤੇ ਫੈਲ ਰਹੀ ਸ਼ਰਾਬ ਵੱਲ ਵੇਖਣ ਲੱਗੇ। ਉਧਰੋਂ ਬਲਜੀਤ ਪੰਨੂ ਇਕ ਟਰੇ ਵਿਚ ਇਕ ਖਾਲੀ ਗਿਲਾਸ ਅਤੇ ਪਾਣੀ ਲਿਆ ਰਿਹਾ ਸੀ ਪਰ ਜਦੋਂ ਉਸਨੇ ਵੀ ਫਰਸ਼ ਉਤੇ ਸ਼ਰਾਬ ਦਾ ਛੱਪੜ੍ਹ ਲੱਗਾ ਵੇਖਿਆ ਤਾਂ ਬੜਾ ਹੈਰਾਨ ਜਿਹਾ ਹੋਇਆ। ਕੁਝ ਪਲ ਛਿਣ ਪਹਿਲਾਂ ਅਸੀਂ ਜਿਹੜੇ ਦੋ ਦੋ ਹਾੜੇ ਲਾ ਕੇ ਕੌਮੀ ਛੁੱਟੀ ਦਾ ਜਸ਼ਨ ਮਨਾਉਣਾ ਚਾਹੁੰਦੇ ਸਾਂ ਉਹ ਵਿਚ ਦਾ ਵਿਚ ਰਹਿ ਗਿਆ।ਜ਼ੀਰਵੀ ਖੁਦ ਹੱਕਾ ਬੱਕਾ ਰਹਿ ਗਿਆ ਕਿ ਕੀ ਹੋਇਆ ਪਰ ਜੋ ਹੋਣਾ ਸੀ ਉਹ ਤਾਂ ਹੋ ਗਿਆ ਸੀ ਅਤੇ ਸਾਰੇ ਜਣੇ ਖਾਮੋਸ਼ ਜਿਹੇ ਹੋ ਗਏ ਸਨ ਅਤੇ ਇਕ ਚੁੱਪ ਕਰਕੇ ਵਾਰੀ ਵਾਰੀ ਕਮਰਿਓਂ ਬਾਹਰ ਹੋ ਗਏ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s


%d bloggers like this: