ਮੂਨ ਦੀ ਅੱਖ–ਮੋਹਨ ਭੰਡਾਰੀ ਦੀ ਕਹਾਣੀ

by

ਓਦਣ ਸ਼ਨਿਚਰਵਾਰ ਸੀ, ਸ਼ਾਇਦ! ਹਾਂ, ਸ਼ਨਿਚਰਵਾਰ ਹੋਵੇਗਾ। ਛੁੱਟੀ ਸੀ ਨਾ। ਨਹੀਂ ਸੱਚ; ਦਿੱਤੀ ਗਈ ਸੀ। ਨਹੀਂ ਤਾਂ ਇਹ ਘਟਨਾ ਕਿਉਂ ਵਾਪਰਦੀ। ਮੈਨੂੰ ਤਾਂ ਚਿੱਤ ਚੇਤਾ ਵੀ ਨਹੀਂ ਸੀ ਕਿ ਇਉਂ ਹੋ ਜਾਵੇਗਾ। ਮੈਂ ਡਰਿਆ ਨਹੀਂ, ਬੌਂਦਲ ਜ਼ਰੂਰ ਗਿਆ ਸਾਂ। ਤੇ ਬੌਂਦਲੇ ਹੋਏ ਬੰਦੇ ਨੂੰ ਤਿਥ-ਵਾਰ ਦਾ ਚੇਤਾ ਕਿੱਥੇ ਰਹਿੰਦੈ। ਹਾਲਾਤ ਈ ਅਜਿਹੇ ਸਨ। ਦਿਮਾਗ਼ ‘ਚ ਤਣਾਓ ਸੀ ਮੇਰੇ। ਤਣਾਓ ਤੇ ਧੁੰਦਲਾਪਣ। ਮੈਂ ਕੁੱਝ ਹੋਰ ਈ ਸੋਚ ਰਿਹਾ ਸਾਂ। ਕੀ ਸੋਚ ਰਿਹਾ ਸਾਂ? ਕੀ ਦੱਸਾਂ।
ਚੁਪਾਸੇ ਦਹਿਸ਼ਤ ਸੀ। ਮਨ ਭਟਕਿਆ ਹੋਇਆ। ਉਸ ਸਮੇਂ ਜੋ ਮਿਲਦਾ ਇਹੀ ਕਹਿੰਦਾ “ਇਹ ਕੀ ਹੋ ਗਿਆ।” ਕਿੱਕਣ ਹੋ ਗਿਆ, ਇਹ ਕੋਈ ਨਹੀਂ ਸੀ ਕਹਿੰਦਾ। ਬੰਦਾ ਮਾਰਿਆ ਜਾਵੇ ਤਾਂ ਸਬਰ ਕਰ ਲਈਦਾ ਏ। ਸੁਰਤ ਮਾਰੀ ਜਾਵੇ ਤਾਂ ਕੋਈ ਕੀ ਕਰੇ? ਓਦੋਂ ਇਹੀ ਹੋਇਆ। ਮਾਰੀ ਗਈ ਸੁਰਤ। ਮਾਰੀ ਗਈ ਸੁਰਤ! ਤੇ ਤਿਥ – ਵਾਰ ਸਭ ਭੁੱਲ ਗਏ ਮੈਨੂੰ।
ਹੁਣ ਮੁੜ ਰਹੀ ਹੈ, ਸੁਰਤ। ਹੌਲੀ-ਹੌਲੀ। ਘਟਨਾਵਾਂ ਯਾਦ ਆ ਰਹੀਆਂ ਨੇ। ਇੱਕ ਇੱਕ ਕਰਕੇ। ਮਨ ਪੂਰੀ ਤਰ੍ਹਾਂ ਠੀਕ ਨਹੀਂ ਆਖਿਆ ਜਾ ਸਕਦਾ। ਅਸ਼ਾਂਤ ਹੈ ਅਜੇ। ਇੱਕ ਮਿੰਟ………ਇਕ ਮਿੰਟ ਰੁਕੋ! ਅਸਲੀ ਗੱਲ ‘ਤੇ ਆ ਰਿਹਾਂ………। ਅਸਲੀ ਗੱਲ। ਨਵੰਬਰ ਦਾ ਮਹੀਨਾ ਸੀ। ਚੜ੍ਹਿਆ ਹੀ ਸੀ ਅਜੇ। ਪਹਿਲਾ ਹਫ਼ਤਾ। ਹਫ਼ਤੇ ਦਾ ਪਹਿਲਾ ਦਿਨ। ਦੋ ਜਾਂ ਤਿੰਨ ਤਰੀਕ। ਦਿਨ ਸ਼ਨਿਚਰਵਾਰ ਹੀ ਸੀ। ਸ਼ਨਿਚਰ ਦੀ ਰਾਤ। ਜਦੋਂ ਇਹ ਮੰਦਭਾਗੀ ਘਟਨਾ ਵਾਪਰੀ।
ਸ਼ਹਿਰ ‘ਚ ਦੰਗੇ ਭੜਕ ਉੱਠੇ ਸਨ। ਇੱਕ ਔਰਤ ਦਾ ਕਤਲ ਕੀ ਹੋਇਆ! ਕਤਲ, ਕਤਲ, ਕਤਲ……ਕਤਲ ਹੋਣ ਲੱਗ ਪਏ। ਬੱਸ ਹੋ ਗਿਆ, ਕਤਲੇਆਮ ਆਰੰਭ! ਅੰਦਰੂਨੀ ਸੁਰੱਖਿਆ ਦੀ ਜ਼ਿੰਮੇਂਵਾਰੀ ਭਾਵੇਂ ਪੁਲਿਸ ਦੀ ਸੀ ਪਰ ਸਾਨੂੰ ਅਲਰਟ ਰਹਿਣ ਦਾ ਆਦੇਸ਼ ਹੋ ਗਿਆ। ਤੇ ਹੋ ਗਏ ਅਸੀਂ ਅਲੱਰਟ! ਕੀ ਪਤਾ ਕਦੋਂ ਕੀ ਹੁਕਮ ਹੋ ਜਾਵੇ। ਦੋ ਦਿਨ ਬੀਤ ਗਏ। ਕੋਈ ਆਦੇਸ਼ ਨਹੀਂ। ਆਦੇਸ਼ ਨਹੀਂ ਤਾਂ ਕੋਈ ਐਕਸ਼ਨ ਨਹੀਂ। ਐਕਸ਼ਨ ਨਹੀਂ ਤਾਂ ਦੰਗੇ ਜਾਰੀ। ਅਸੀਂ ਜਬਤ ਦੇ ਬੰਨ੍ਹੇ ਹੋਏ ਸਾਂ। ਅਜੀਬ ਆਵਾਜਾਰੀ ਦੇ ਦਿਨ ਸਨ। ਸਾਲਾ! ਦਿਨ ਰਾਤ ਜਗਰਾਤਾ।
ਤੀਜੇ ਦਿਨ ਆਥਣੇ ਕਾਲ ਆਈ। ਆਦੇਸ਼ ਸੀ, “ਜਵਾਨ ਲੋਗ ਬੈਰਕ ਮੇਂ ਰਹੇਗਾ। ਅਫ਼ਸਰ ਸਾਹਿਬਾਨ, ਅਬ ਆਰਾਮ ਕਰੇਂ। ਟਿਲ ਫਰਦਰ ਆਰਡਰਜ਼।” ਇਹ ‘ਟਿਲ ਫਰਦਰ ਆਰਡਰਜ਼’ ਸਾਡੇ ਦਿਮਾਗ਼ਾਂ ‘ਚ ਹਥੌੜੇ ਵਾਂਗ ਵੱਜ ਰਹੇ ਸਨ। ‘ਟਿਲ ਫ਼ਰਦਰ ਆਰਡਰਜ਼……।’
ਮੰੈਂ ‘ਸੁਚੇਤ ਰਹਿ’ ਆਰਾਮ ਕਰਨ ਵਾਸਤੇ ਕੋਠੀ ਚਲਾ ਗਿਆ। ਡੀਫ਼ੈਂਸ ਕਾਲੋਨੀ ‘ਚ। ਇਹ ਇਲਾਕਾ ਖ਼ਤਰੇ ਤੋਂ ਬਾਹਰ ਸੀ। ਸਾਡੇ ਫ਼ੌਜੀਆਂ ਲਈ ‘ਖ਼ਤਰੇ ਤੋਂ ਬਾਹਰ’ ਦੇ ਉਂਝ ਕੋਈ ਅਰਥ ਨਹੀਂ ਹੁੰਦੇ। ‘ਟਿਲ ਫਰਦਰ ਆਰਡਰਜ਼’ ‘ਚ ਆਰਾਮ ਦੇ ਕਿਆ ਮਾਅਨੇ? ਖ਼ੈਰ! ਅਸੀਂ ਅਜਿਹੇ ਆਦੇਸ਼ਾਂ ਦੇ ਆਦੀ ਹੋ ਚੁੱਕੇ ਹਾਂ। ਸੋ ਕਾਹਦਾ ਤਕਰਾਰ ਤੇ ਕੀ ਗਿਲਾ! ਸਾਲੇ! ਇਹ ਸ਼ਬਦ ਨੇ ਨਾ ‘ਕਿਉਂ’ ‘ਕਿਵੇਂ’ ‘ਕਿੰਤੂ’ ‘ਪਰੰਤੂ’। ਇਹ ਸਾਡੀਆਂ ਡਿਕਸ਼ਨਰੀਆਂ ‘ਚ ਹੈ ਈ ਨਹੀਂ।
ਤੀਮੀਂ ਮੇਰੀ ਤੇ ਬੱਚੇ ਬਾਹਰ ਗਏ ਹੋਏ ਸਨ। ਸਭ ਦੇ ਸਭ। ਘਰ ‘ਚ ਮੈਂ ਇਕੱਲਾ। ਪੂਰੇ ਇੱਕ ਮਹੀਨੇ ਤੋਂ। ਖਾਂਦਾ ਪੀਂਦਾ। ਸੌਂ ਜਾਂਦਾ। ਹੋਰ ਕੀ ਕਰਦਾ? ਪਰੇਡ! ਬਥੇਰੀ ਹੋਗੀ। ਟੇਕ ਤਾਂ ਪਹਿਲਾਂ………ਇਹ ਪਹਿਲਾਂ, ਪਿੱਛੋਂ ਦੀਆਂ ਗੱਲਾਂ ਛੱਡੋ। ਬੱਸ ਪੈ ਗਿਆ ਵਿਘਨ। ਪਿਛਲੇ ਦਿਨੀਂ। ਚੰਗੀ ਮਰੀ! ਕਿਤੇ ਵੀ ਟੇਕ ਨਹੀਂ। ਦਿਨ ਰਾਤ ਅਲੱਰਟ। ਤੇ ਉਤੋਂ ਸਾਲਾ! ਇਹ ‘ਟਿਲ ਫ਼ਰਦਰ ਆਰਡਰਜ਼।’
ਮੈਂ ਮੇਜਰ ਵੀ: ਕੇ ਮਲਹੋਤਰਾ ਨੂੰ ਟੈਲੀਫੋਨ ਕੀਤਾ, “ਹੈਲੋ ਮੇਜਰ ਚੱਢਾ, ਦਿਸ ਸਾਈਡ……ਹੈਲੋ! …ਹਾਂ…ਹਾਂ, ਮਾਈ ਸੈਲਫ……ਉਹ ਨੋ! ਕਮ ਆਨ, ਯਾਰ! ਰਾਤ ਕੱਟਣੀ ਐ……ਦੋ ਘੜੀਆਂ ਬੈਠਾਂਗੇ……ਆਹੋ, ਮੇਜਰ ਦੁੱਬੇ ਨੂੰ ਵੀ ਲੈਂਦਾ ਆਵੀਂ……ਬੱਸ, ਤੁਸੀਂ ਆ ਜੋ……ਮੈਂ ਇਕੱਲਾ ਬੋਰ ਹੋ ਰਿਹਾਂ, ਯਾਰ! ਯੈੱਸ……ਟਿਲ ਫ਼ਰਦਰ ਆਰਡਰਜ਼’!”
ਹੱਸਦਿਆਂ ਮੈਂ ਟੈਲੀਫ਼ੋਨ ਦਾ ਚੋਂਗਾ ਰੱਖ ਦਿੱਤਾ।
ਥੋੜ੍ਹੀ ਦੇਰ ਬਾਅਦ ਉਹ ਦੋਵੇਂ ਆ ਗਏ। ਮੇਜਰ ਵੀ: ਕੇ ਮਲਹੋਤਰਾ ਅਤੇ ਪੀ: ਆਰ ਦੁਬੇ। ਦੋਵੇਂ ਮਿੱਤਰ ਨੇ ਇਹ। ਦੋਵੇਂ ਛੜੇ ਛਾਂਟ। ਸਾਡੀ ਤਿੰਨਾਂ ਦੀ ਢਾਣੀ ‘ਤਿਕੜੀ’ ਦੇ ਨਾਂ ਨਾਲ ਮਸ਼ਹੂਰ ਹੈ। ਦੋ ਹੋਰ ਮਿੱਤਰ ਮੈਂ ਆਪਣੇ ਗੁਆਂਢੋਂ ਬੁਲਾ ਲਏ।
ਸ਼ਾਮਾਂ ਤਾਂ ਪਹਿਲਾਂ ਵੀ ਅਕਸਰ ਅਸੀਂ ਤਿੰਨੇ ਪਹਿਲਾਂ ਇਕੱਠੇ ਗੁਜ਼ਾਰਦੇ ਸਾਂ। ਪਰ ਇਹ ਸ਼ਾਮ ਕੁੱਝ ਵੱਖਰੀ ਸੀ। ਘੁੱਟੀ ਵੱਟੀ, ਸਾਲੀ। ਪੰਜ ਜਣੇ ਅਸੀਂ, ਦੋ ਦੋ ਪੈੱਗ ਲੈ, ਕੋਠੇ ਦੀ ਛੱਤ ‘ਤੇ ਚਲੇ ਗਏ। ਅਜੇ ਅਸੀਂ ਖੜੇ ਹੀ ਸਾਂ ਕਿ ਮੈਨੂੰ ਧੱਕਾ ਜਿਹਾ ਲੱਗਿਆ। ਡਿੱਗਣ ਲੱਗਾ ਹੀ ਸਾਂ ਕਿ ਬੰਨੀ ਨੂੰ ਹੱਥ ਪੈ ਗਏ। ਮਲਹੋਤਰਾ ਨੇ ਪੁੱਛਿਆ, “ਕੀ ਹੋਇਆ?” ਮੇਰੇ ਮੂੰਹੋਂ ਨਿਕਲਿਆ, “ਭੁਚਾਲ! ਭੁਚਾਲ ਆ ਗਿਆ।” ਮੈਂਨੂੰ ਕੋਠੀ ਦੀ ਛੱਤ ਅਜੇ ਵੀ ਹਿਲਦੀ ਲੱਗੀ। ਮੇਜਰ ਦੁੱਬੇ ਰੋਣ ਵਾਂਗ ਹੱਸਿਆ; ਬੋਲਿਆ, “ਓ ਨੋ! ਦਿਸ ਕਾਂਟ ਹੈਪਨ! ! ਤੁਮ੍ਹਾਰਾ ਵਹਮ ਹੈ…ਸ਼ੀਅਰ ਇਲੀਯੂਜ਼ਨ! ਬੀ ਸਟੈਡੀ ਮੈਨ, ਡੋਂਟ ਲੂਜ਼ ਹਾਰਟ! !”
ਦੂਜੇ ਉੱਖੜੇ ਉੱਖੜੇ ਸਾਨੂੰ ਦੇਖਦੇ ਰਹੇ।
ਸ਼ਹਿਰ ‘ਚੋਂ ਅੱਗ ਦੇ ਲਾਂਬੂ ਉੱਠ ਰਹੇ ਸਨ।
ਅਸੀਂ ਓਥੇ ਬਹੁਤਾ ਚਿਰ ਖੜੇ ਨਾ ਰਹਿ ਸਕੇ। ਪੌੜੀਆਂ ਉੱਤਰੇ। ਤੇ ਅੰਦਰ ਆ ਕੇ ਬੈਠ ਗਏ। ਹੌਲੀ, ਕਾਹਲੀ ਪੀਣ ਲੱਗੇ। ਸਾਡੇ ਪੰਜਾਂ ‘ਚੋਂ ਕੋਈ ਇੱਕ ਅੱਧ ਗੱਲ ਛੇੜਦਾ ਤਾਂ ਦੂਜੇ ‘ਹੂੰ’ ‘ਹਾਂ’ ਕਹਿ ਫੇਰ ਚੁੱਪ ਹੋ ਜਾਂਦੇ। ਕੋਈ ਢਬ ਸਿਰ ਦੀ ਗੱਲ ਨਹੀਂ ਸੀ ਤੁਰ ਰਹੀ। ਬੱਸ ਚੁੱਪ ਦਾ ਪਹਿਰਾ ਸੀ। ਮੈਨੂੰ ਲੱਗਿਆ ਜਿਵੇਂ ਅਸੀਂ ਵਿਸਕੀ ਨਹੀਂ ‘ਚੁੱਪ’ ਪੀ ਰਹੇ ਹਾਂ। ਇਉਂ ਪਹਿਲੀ ਵੇਰਾਂ ਹੋ ਰਿਹਾ ਸੀ। ਦਾਰੂ ਵੀ ਨਹੀਂ ਸੀ ਚੜ੍ਹ ਰਹੀ, ਸਾਲੀ। ਉਸ ਸਮੇਂ, ਸਮੇਂ ਨੇ ਵੀ ਕੀ ਰੌਲਾ ਪਾਉਣਾ ਸੀ? ਬੱਸ, ਸੂਈਆਂ ਸਰਕਦੀਆਂ ਰਹੀਆਂ………ਦਸ………ਸਾਢੇ ਦਸ………ਗਿਆਰਾਂ। ………। ਅਲਾਰਮ ਲਾ ਦੇਣਾ ਚਾਹੀਦੈ। ਮੈਂ ਸੋਚ ਰਿਹਾ ਸਾਂ।
ਅਚਾਨਕ ਦਰਵਾਜ਼ੇ ਦੀ ਘੰਟੀ ਵੱਜੀ। ਬਹੁਤ ਹੀ ਹੌਲੀ ਜਿਹੀ। ਫੇਰ ਇੱਕ ਪਲ ਸੱਨਾਟਾ। ਘੰਟੀ ਫੇਰ ਵੱਜੀ।
ਮੈਂ  ਘਬਰਾ ਕੇ ਦਰਵਾਜ਼ੇ ਵੱਲ ਵਧਿਆ। ਪੁੱਛਿਆ, “ਕੌਣ?” ਬਾਹਰੋਂ ਕੋਈ ਨਾ ਬੋਲਿਆ। ਮੈਂ  ਫੇਰ ਕਿਹਾ, “ਕੌਣ ਐਂ, ਬਈ?”
“ਮੈਂ ਜੀ, ਮੱਖਣ……ਮੱਖਣ ਸਿਹੁੰ………ਬੂਹਾ ਤਾਂ ਖੋਲ੍ਹੋ, ਸ੍ਹਾਅਬ ਜੀ!” ਆਵਾਜ਼ ਦਬਵੀਂ ਸੀ। ਪਰ ਮੈਂ ਪਛਾਣ ਲਈ। ਸਾਡਾ ਪਹਿਲਾ ਨੌਕਰ ਸੀ। ਮਖਣੀ।
“ਐਸ ਵੇਲੇ!” ਕਹਿ ਮੈਂ ਦਰਵਾਜ਼ਾ ਖੋਲ੍ਹ ਦਿੱਤਾ। ਉਹ ਬਾਹਰ ਖੜ੍ਹਾ ਸੀ। ਨਾਲ ਇੱਕ ਔਰਤ। ਅਧਖੜ ਜਿਹੀ। ਮੈਂ ਇਸ਼ਾਰੇ ਨਾਲ ਉਹਨਾਂ ਨੂੰ ਅੰਦਰ ਬੁਲਾ ਲਿਆ। ਪਹਿਲਾਂ ਮਖਣੀ ਵੜਿਆ ਅੰਦਰ। ਮਗਰ ਮਗਰ ਔਰਤ। ਦੋਵੇਂ ਕੰਬ ਰਹੇ ਸਨ। ਖ਼ਿਆਲ ਆਇਆ, ਬਾਹਰ ਤਾਂ ਹਨੇਰੀ ਝੁੱਲੀ ਹੋਈ ਸੀ। ਕਹਿਰ ਦਾ ਠੱਕਾ। ਤੁਰਤ ਬੂਹਾ ਭੇੜ ਦਿੱਤਾ ਮੈਂ। ਬੂਹਾ ਵੱਜਿਆ ਤਾਂ ਔਰਤ ਤ੍ਰਬਕ ਕੇ ਕੰਧ ਨਾਲ ਜਾ ਲੱਗੀ। ਇੱਕ ਨਜ਼ਰ ਝਾਕੀ ਉਹ ਮੇਰੇ ਵੱਲ। ਫ਼ੇਰ ਨੀਵੀਂ ਪਾਈ ਖੜ੍ਹੀ ਰਹੀ। ਮੇਰੀ ਨਿਗਾਹ ਰਤਾ ਕੁ ਟਿਕੀ ਤਾਂ ਮੈਂ ਦੇਖਿਆ: ਭਰ ਮੁਟਿਆਰ ਸੀ। ਦੇਖਣੀਂ ਪਾਖਣੀਂ ਰੂਪਵਤੀ। ਚਿਹਰਾ ਗੋਲ। ਥੋੜ੍ਹਾ ਲੰਬੂਤਰਾ। ਠੋਡੀ ‘ਤੇ ਤਿਲ। ਰੰਗ ਪੀਲਾ ਭੂਕ। ਫੱਕ ਹੋਇਆ। ਉੱਡਿਆ ਉੱਡਿਆ। ਉਂਝ ਉਹਦੇ ਸਮੁੱਚੇ ਆਪੇ ‘ਚੋਂ ਸਵੈਮਾਣ ਦੀ ਝਲਕ ਪੈ ਰਹੀ ਸੀ ਜੋ ਦਰਮਿਆਨੇ, ਸਾਊ ਤੇ ਭਲੇ ਘਰ ਦੀਆਂ ਸੁਆਣੀਆਂ ‘ਚ ਹੁੰਦੀ ਹੈ।
ਮੱਖਣ ਸਿੰਘ ਮੈਨੂੰ ਇੱਕ ਪਾਸੇ ਲਿਜਾ ਕੇ, ਹੌਲੀ ਜਿਹੀ ਬੋਲਿਆ, “ਸ੍ਹਾਅਬ ਜੀ, ਇਹਦਾ ਘਰ ਆਲਾ ਮਾਰਤਾ……ਨਾਲੇ ਇਹਦਾ ਮੁੰਡਾ। ਬਲਵੱਈਆਂ ਦੀ ਧਾੜ ਪੈਗੀ, ਟੁੱਟ ਕੇ ਸ੍ਹਾਅਬ……। ਇਹ ਕਿਮੇਂ ਨਾ ਕਿਮੇਂ ਬਚ ਕੇ ਆਗੀ, ਮੇਰੇ ਕੋਲ। ਓਥੇ ਖ਼ਤਰੈ ਜੀ……ਅਜੇ…ਪਰ ਮੇਰਾ ਬਚਾਓ ਹੋ ਗਿਆ- ਬੱਸ, ਬਚ ਗਿਆ!” ਉਹਨੇ ਆਪਣੇ ਉਲਝੇ ਪਟਿਆਂ ‘ਚ ਹੱਥ ਫੇਰਿਆ। ਇੱਕ ਬਿੰਦ ਮੁਰਦੇਹਾਣੀ ਪਸਰ ਗਈ……ਟੁੱਟੀ।
“ਮੈਂ ਇਹਨੂੰ ਏਥੇ ਤਾਂ ਲੈ ਆਇਆਂ, ਬਈ ਬਚ ਜੂ ਗੀ………ਥੋਡੇ ਹੁੰਦਿਆਂ ਕਿਸੇ ਦੀ ਹਿੰਮਤ ਈ ਨੀ ਪੈਣੀਂ……।” ਕਹਿੰਦਿਆਂ ਉਹਦਾ ਗੱਚ ਭਰ ਗਿਆ। ਤੇ ਫੇਰ ਅੱਖਾਂ ‘ਚੋਂ ਹੰਝੂ ਆਪ ਮੁਹਾਰੇ ਵਹਿ ਤੁਰੇ।
“ਅੱਛਾ ਕੀਆ, ਅੱਛਾ ਕੀਆ” ਕਹਿਣ ਨੂੰ ਤਾਂ ਮੈਂ ਕਹਿ ਦਿੱਤਾ। ਪਰ ਅੰਦਰੋਂ ਸ਼ਸ਼ੋਪੰਜ ‘ਚ ਪੈ ਗਿਆ। ਮੈਨੂੰ ਆਪਣੇ ਆਪ ‘ਤੇ ਗੌਰਵ ਵੀ ਹੋਇਆ ਕਿ ਮੱਖਣ ਸਿੰਘ ਨੇ ਮੇਰੇ ‘ਤੇ ਵਿਸ਼ਵਾਸ ਕੀਤਾ। ਉਹਦੇ ਇਸ ਵਿਸ਼ਵਾਸ ਨੂੰ ਮੈਂ ਕਿਵੇਂ ਤੋੜ ਦਿੰਦਾ? ਜਦੋਂ ਕੋਈ ਇਉਂ ਸ਼ਰਣ ‘ਚ ਆ ਜਾਏ ਤਾਂ ਖ਼ਤਰਾ ਮੁੱਲ ਲੈ ਕੇ ਵੀ ਆਪਣਾ ਫ਼ਰਜ਼ ਨਿਭਾਉਣਾ ਚਾਹੀਦੈ।
ਮੇਰੇ ਅੰਦਰਲਾ ਫ਼ੌਜੀ ਜਾਗ ਪਿਆ।
“ਮੈਨੂੰ ਵਾਪਸ ਜਾਣਾ ਚਾਹੀਦੈ।” ਕਹਿ, ਕੁੰਡੀ ਖੋਲ੍ਹ, ਉਹ ਪਤਾ ਨਹੀਂ ਕਦੋਂ ਬਾਹਰ ਹੋਇਆ ਤੇ ਚਲਿਆ ਵੀ ਗਿਆ। ਇਸ ਹਾਲਤ ਵਿੱਚ ਮੈਨੂੰ ਮੱਖਣ ਸਿੰਘ ਨੂੰ ਘਰੋਂ ਨਹੀਂ ਸੀ ਤੋਰਨਾ ਚਾਹੀਦਾ। ਪਰ ਕੀ ਕਰਦਾ? ਮੈਂ  ਤਾਂ ਆਪ ਸੋਚਾਂ ਵਿੱਚ ਘਿਰਿਆ ਪਿਆ ਸਾਂ।
ਮੈਂ ਹਿੰਮਤ ਕਰਕੇ ਉਸ ਜਨਾਨੀ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ। ਉਹ ਬੋਲੀ ਨਾ। ਨੀਵੀਂ ਪਾਈ ਖੜ੍ਹੀ ਰਹੀ। ਚੁੱਪ ਚਾਪ। ਚੁੱਪ ਤਾਂ ਪਹਿਲਾਂ ਹੀ ਮੇਰੇ ‘ਤੇ ਭਾਰੂ ਸੀ। ਮੈਨੂੰ ਆਪਣਾ ਆਪ ਕੁੜਿੱਕੀ ‘ਚ ਫਸਿਆ ਜਾਪਿਆ। ਸੁੱਝ ਹੀ ਨਹੀਂ ਰਿਹਾ ਸੀ ਕੁਝ। ਕਰਾਂ ਤਾਂ ਕੀ ਕਰਾਂ?
ਮੈਂ  ਆਪਣੇ ਸਾਥੀਆਂ ਕੋਲ ਗਿਆ। ਗਿਣੇ ਮਿਣੇ ਸ਼ਬਦਾਂ ‘ਚ ਸਾਰੀ ਵਿਥਿਆ ਸੁਣਾਈ ਤੇ ਖੂੰਜੇ ‘ਚ ਖੜ੍ਹੀ ਉਸ ਔਰਤ ਵੱਲ ਇਸ਼ਾਰਾ ਕੀਤਾ। ਉਹ ਤਾਂ ਪਹਿਲਾਂ ਹੀ ਉਸਨੂੰ ਦੇਖ ਰਹੇ ਸਨ। ਅੱਖਾਂ ਪਾੜ ਕੇ। ਓਹਨਾਂ ‘ਚੋਂ ਦੋ ਜਣੇ ਮੇਰੀ ਗੱਲ ਸੁਣ ਕੇ ਮੁਸਕਰਾਏ। ਉਹਨਾਂ ਦੀ ਮੁਸਕਾਣ ਮੈਨੂੰ ਓਪਰੀ-ਓਪਰੀ ਲੱਗੀ। ਅਨੋਭੜ।
ਫੇਰ ਉਹ ਚਾਰੇ ਜਣੇ ਚੁੱਪ ਚਾਪ ਉੱਠੇ। ਦਰਵਾਜ਼ੇ ਵੱਲ ਵਧੇ। ਕੁੰਡੀ ਖੋਲ੍ਹੀ। ਤੇ ਬਾਹਰ ਹੋ ਗਏ। ਇਹ ਸਭ ਕੁੱਝ ਮਕੈਨਕੀ ਢੰਗ ਨਾਲ ਹੋਇਆ। ਜਿਵੇਂ ਉਹ ਤੁਰੇ ਨਾ ਹੋਣ। ਇਹ ਅਹਿਸਾਸ ਹੋਇਆ ਮੈਨੂੰ। ਅਚਾਨਕ। ਤਦੇ ਮੈਂ ਕਾਹਲੀ ਕਾਹਲੀ ਉਹਨਾਂ ਦੇ ਪਿੱਛੇ ਗਿਆ। ਦੋਵੇਂ ਛੜੇ ਦੋਸਤਾਂ ਨੂੰ ਮੈਂ ਬੇਨਤੀ ਦੇ ਲਹਿਜੇ ‘ਚ ਕਿਹਾ, “ਤੁਸੀਂ ਏਥੇ ਰਹੋ ਤਾਂ। ਤੁਹਾਨੂੰ ਕਾਹਦੀ ਕਾਹਲੀ ਐ? ਏਥੇ ਮੈਂ ਇਕੱਲਾ……?” ਬੋਲ ਮੇਰੇ ਬੁੱਲ੍ਹਾਂ ‘ਚ ਲਰਜ਼ ਗਏ।
ਉਹ ਦੋਵੇਂ ਠਹਾਕਾ ਮਾਰ ਕੇ ਹੱਸੇ। ਦੁੱਬੇ ਬੋਲਿਆ, “ਓਹ ਨੋ……ਮੇਜਰ ਚੱਢਾਅ। ਸੋ ………ਗੁੱਡ ਲੱਕ………ਮਾਈ ਚੈਪ!”
ਉਹਦੇ ਬੋਲ ਮੈਨੂੰ ਵਿਹੁ ਵਰਗੇ ਲੱਗੇ। ਉਹ ਚਲੇ ਗਏ।”ਕੀ ਨਾਂ ਏ ਤੁਹਾਡਾ?” ਔਰਤ ਤੋਂ ਮੈਂ ਪੁੱਛਿਆ।
ਉਹ ਕੰਬੀ। ਬੋਲੀ ਕੁੱਝ ਨਾ।
“ਨਾਂ ਦੱਸਣ ‘ਚ ਕੀ ਹਰਜ ਏ? ਮੈਂ ਤੁਹਾਡਾ ਦੋਖੀ ਤਾਂ ਨਹੀਂ!”
ਉਹ ਹਿੱਲੀ। ਉਹਦੇ ਬੁੱਲ੍ਹ ਕੰਬੇ। ਬੋਲਿਆ ਫੇਰ ਵੀ ਨਾ ਗਿਆ ਉਹਤੋਂ।
“ਘਬਰਾਓ ਨਾ ਤੁਸੀਂ………ਦੱਸੋ! ਦੱਸੋ! !” ਮੈਂ ਹੋਰ ਵੀ ਨਰਮੀ ਨਾਲ ਆਖਿਆ।।
“ਨਸੀਬ ……ਨਸੀਬ ਕੁਰ।” ਡਰਦੀ, ਝਿਜਕਦੀ ਨੇ ਆਪਣਾ ਨਾਂ ਦੱਸ ਦਿੱਤਾ।
“ਕੁਝ ਖਾ ਲਓ, ਤੁਸੀਂ। ਭੁੱਖੇ ਹੋਵੋਗੇ।” ਮੈਂ ਉਹਨੂੰ ਸਹਿਜ ਹਾਲਤ ਵਿੱਚ ਲਿਆਉਣਾ ਚਾਹੁੰਦਾ ਸਾਂ। ਉਹਨੇ ਨਾਂਹ ਵਿੱਚ ਸਿਰ ਹਿਲਾਇਆ। ਮੇਰੇ ਅਗਲੇ ਸਵਾਲਾਂ ਦਾ ਉਹਨੇ ਕੋਈ ਉੱਤਰ ਨਾ ਦਿੱਤਾ। ਏਸ ਵੇਲੇ ਇਹਦੀ ਮਾਨਸਿਕ ਹਾਲਤ ਠੀਕ ਨਹੀਂ। ਸਦਮੇਂ ਦੀ ਝੰਜੋੜੀ ਹੋਈ ਐ। ਸਵੇਰੇ ਸਾਰੀ ਗੱਲ ਪੁੱਛ ਲਵਾਂਗਾ। ਇਹ ਸੋਚ ਕੇ, ਉਹਨੂੰ ਮੈਂ ਆਪਣੇ ਬੈਡਰੂਮ ‘ਚ ਭੇਜ ਦਿੱਤਾ। ਕੁੱਝ ਚਿਰ ਪਿੱਛੋਂ ਦੇਖਿਆ। ਉਹ ਦੁਬਕੀ ਪਈ ਸੀ। ਇਕੱਠੀ ਹੋਈ ਹੋਈ। ਗਠੜੀ ਵਾਂਗ। ਗੋਡੇ ਢਿੱਡ ‘ਚ ਦੇ ਕੇ। ਮੈਂ ਅਲਮਾਰੀ ‘ਚੋਂ ਕੱਢ ਕੇ ਦੋ ਕੰਬਲ ਉਹਦੇ ਉੱਤੇ ਪਾ ਦਿੱਤੇ, ਆਪ ਬਾਹਰ ਆ ਗਿਆ।
ਬਾਹਰ ਆ ਅਚਾਨਕ ਮੈਨੂੰ ਖਿਆਲ ਆਇਆ। ਮੇਰਾ ਰਿਵਾਲਵਰ ਅੰਦਰ ਰਹਿ ਗਿਆ ਸੀ। ਇਸ ਹਾਲਤ ਵਿੱਚ ਔਰਤ ਕੁੱਝ ਵੀ ਕਰ ਸਕਦੀ ਏ। ਇਹ ਸੋਚ ਕੇ ਮੈਂ ਇੱਕਦਮ ਉੱਠਿਆ। ਅੰਦਰ ਗਿਆ। ਅਲਮਾਰੀ ਖੋਲ੍ਹੀ। ਰਿਵਾਲਵਰ ਚੁੱਕ ਉਤਾਂਹ ਨੂੰ ਕੀਤਾ। ਮੁੜਿਆ। ਤ੍ਰਬਕ ਗਿਆ।
ਮੇਰੇ ਹੱਥ ‘ਚ ਰਿਵਾਲਵਰ ਦੇਖ ਕੇ ਉਹ ਕੰਬ ਉੱਠੀ। ਮੇਰੇ ਵੱਲ ਡਰੀਆਂ, ਡਰੀਆਂ, ਮੋਟੀਆਂ ਮੋਟੀਆਂ, ਫ਼ੈਲੀਆਂ ਅੱਖਾਂ ਨਾਲ ਝਾਕੀ। ਤੇ ਹੱਥ ਜੋੜ ਮੂੰਹ ‘ਚ ਬੁੜਬੁੜਾਈ। ਜਿਵੇਂ ਕਹਿ ਰਹੀ ਹੋਵੇ, ‘ਨਾ ਮਾਰੋ’।
ਬੱਸ ਏਨੇ ‘ਚ ਕਹਿਰ ਢਹਿ ਪਿਆ ਮੇਰੇ ‘ਤੇ। ਉਹਦੀ ਮੇਰੇ ਵੱਲ ਝਾਕਦੀ ਖੱਬੀ, ਮੋਟੀ, ਫੈਲੀ ਅੱਖ ‘ਚ ਹੰਝੂ ਉਭਰਿਆ ਤੇ ਮਲਕੜੇ ਹੇਠਾਂ ਵੱਲ ਵਹਿ ਤੁਰਿਆ। ਕੇਹੀ ਅੱਖ ਸੀ! ਬੇਬਸ। ਲਾਚਾਰ। ਮੂਨ ਦੀ ਅੱਖ ਵਰਗੀ। ਮੈਂ ਦਰਵਾਜ਼ਾ ਭੇੜ ਕੇ ਬਾਹਰ ਆ ਗਿਆ।
ਮੂਨ ਦੀ ਅੱਖ! ਹੁਣ ਸਿੱਧੀ ਮੇਰੇ ਵੱਲ ਝਾਕ ਰਹੀ ਸੀ। ਮੈਂ ਬਾਹਰ ਬੈਠਾ ਕਿੰਨਾ ਹੀ ਚਿਰ ਸੋਚਦਾ ਰਿਹਾ। ਅੱਖ ਮੇਰੇ ਵੱਲ ਝਾਕਦੀ ਰਹੀ। ਮੇਜ ਤੋਂ। ਛੱਤ ‘ਚੋਂ। ਕੰਧਾਂ ‘ਚੋਂ। ਹਰ ਉਸ ਸ਼ੈ ‘ਚੋਂ, ਜਿਸ ਵੱਲ ਮੈਂ ਦੇਖਦਾ ਸਾਂ।
ਬਚਪਨ ‘ਚ ਵਾਪਰਿਆ ਇੱਕ ਹਾਦਸਾ ਯਾਦ ਆ ਗਿਆ ਮੈਨੂੰ। ਦਸ ਬਾਰ੍ਹਾਂ ਵਰ੍ਹਿਆਂ ਦਾ ਸੀ ਮੈਂ, ਓਦੋਂ। ਇੱਕ ਦਿਨ ਕੁੱਝ ਬੰਦੇ ਸ਼ਿਕਾਰ ਖੇਲ੍ਹਣ ਗਏ। ਪਿੰਡੋਂ ਬਾਹਰ। ਰੋਹੀਆਂ ‘ਚ। ਮੈਂ ਵੀ ਨਾਲ ਹੋ ਤੁਰਿਆ। ਸਾਰਾ ਦਿਨ ਕੋਈ ਸ਼ਿਕਾਰ ਨਾ ਮਿਲਿਆ। ਨਾ ਸੈਹਾ, ਨਾ ਤਿੱਤਰ, ਨਾ ਬਟੇਰਾ। ਬਥੇਰਾ ਸ਼ਿਸ਼ਕੇਰਿਆ ਕੁੱਤਿਆਂ ਨੂੰ। ਕੋਈ ਸ਼ਿਕਾਰ ਨਾ ਨਿਕਲਿਆ ਸਾਹਮਣੇ। ਆਥਣ ਉੱਤਰ ਰਹੀ ਸੀ। ਅਸੀਂ ਥੱਕੇ ਹਾਰੇ ਟਿੱਬਿਆਂ ਉੱਤੋਂ ਦੀ ਪਿੰਡ ਨੂੰ ਮੁੜ ਰਹੇ ਸਾਂ। ਅਚਾਨਕ, ਇੱਕ ਟਿੱਬੇ ਓਹਲਿਓਂ, ਚੁੰਗੀਆਂ ਭਰਦੀ ਇੱਕ ਮੂਨ ਸਾਹਮਣੇ ਆ ਗਈ। ਸ਼ਿਕਾਰੀਆਂ ਦੀਆਂ ਵਾਛਾਂ ਖਿੜ ਗਈਆਂ। ਰਫ਼ਲ ਵਾਲੇ ਨੇ, ਗੋਡਿਆਂ ਭਾਰ ਹੋ ਕੇ, ਸ਼ਿਸ਼ਤ ਬੰਨ੍ਹੀ। ਮੂਨ ਛਾਲ ਮਾਰ ਕੇ ਪਰ੍ਹਾਂ ਹੋ ਗਈ। ਉਹਨੇ ਫੇਰ ਸ਼ਿਸ਼ਤ ਲਾਈ। ਮੂਨ ਫੇਰ ਚੁੰਗੀ ਭਰ ਕੇ ਇੱਕ ਪਾਸੇ ਹੋ ਗਈ। ਜੀਵਨ-ਮੌਤ ਦੀ ਇਹ ਖੇਲ੍ਹ ਕੁੱਝ ਪਲ ਜਾਰੀ ਰਹੀ। ਅਖ਼ੀਰ ਉਹ ਸਾਡੇ ਸਾਹਮਣੇ ਆ ਖੜ੍ਹੀ ਹੋਈ। ਅਣਜਾਣ। ਅਣਭੋਲ। ਤੇ ਠਾਹ ਕਰਕੇ ਗੋਲੀ ਚੱਲੀ। ਸਾਡੇ ਦੇਖਦਿਆਂ ਦੇਖਦਿਆਂ ਉਹ ਟਿੱਬੇ ਉੱਤੇ ਡਿੱਗੀ। ਤੜਫਨ ਲੱਗੀ। ਸ਼ਿਕਾਰੀ ਚਾਂਘਰਾਂ ਮਾਰਦੇ ਉਸ ਵੱਲ ਵਧੇ। ਮੈਂ ਵੀ ਉਹਦੇ ਕੋਲ ਜਾ ਖੜ੍ਹਾ ਹੋਇਆ। ਥੋੜ੍ਹਾ ਹਟ ਕੇ। ਉਹ ਅਜੇ ਵੀ ਤੜਫ਼ ਰਹੀ ਸੀ। ਮੇਰੇ ਵੱਲ ਦੇਖ ਰਹੀ ਸੀ। ਮੋਟੀਆਂ ਮੋਟੀਆਂ ਅੱਖਾਂ ਉਹਦੀਆਂ ਹੋਰ ਵੀ ਫੈਲ ਗਈਆਂ ਸਨ। ਫੇਰ ਮੇਰੇ ਵੱਲ ਦੇਖਦੀ ਉਹਦੀ ਖੱਬੀ, ਮੋਟੀ, ਫੈਲੀ ਹੋਈ ਅੱਖ ‘ਚੋਂ ਹੰਝੂ ਨਿਕਲਿਆ ਤੇ ਉਹਦੀ ਗੱਲ੍ਹ ‘ਤੇ ਵਹਿ ਤੁਰਿਆ।

ਅੱਖ ਹੁਣ ਵੀ ਮੈਨੂੰ ਦੇਖ ਰਹੀ ਸੀ। ਮੇਰੇ ਕਮਰੇ ਦੀ ਹਰ ਸ਼ੈਅ ‘ਚੋਂ। ਬਾਹਰ ਬੈਠਾ ਮੈਂ ਬੜਾ ਕੁੱਝ ਸੋਚਦਾ ਰਿਹਾ। ਮੇਰੀ ਹਾਲਤ ਰਫ਼ਲ ਵਾਲੇ ਉਸ ਸ਼ਿਕਾਰੀ ਵਰਗੀ ਸੀ। ਮੈਂ ਜੋ ਵੀ ਚਾਹੁੰਦਾ, ਕਰ ਸਕਦਾ ਸਾਂ। ਜੋ ਵੀ। ਮੇਰੀ ਕੋਠੀ ਦੇ ਬੈਡਰੂਮ ‘ਚ ਇੱਕ ਔਰਤ ਪਈ ਸੀ। ਅਬਲਾ, ਬੇਬਸ ਤੇ ਲਾਚਾਰ। ਉਸ ਮੂਨ ਵਰਗੀ।
ਕਿੰਨੇ ਹੀ ਖ਼ਿਆਲ ਆਏ ਉਸ ਰਾਤ। ਪਾਪ ਵਰਗੇ। ਪੁੰਨ ਵਰਗੇ। ਸੋਚਦਾ ਸੋਚਦਾ ਪਤਾ ਨਹੀਂ ਕਦੋਂ ਮੈਂ ਸੌਂ ਗਿਆ।
ਸਵੇਰੇ ਦਿਨ ਚੜ੍ਹੇ ਉੱਠਿਆ, ਮੈਂ। ਬੈੱਡਰੂਮ ਦਾ ਦਰਵਾਜ਼ਾ ਬੰਦ ਸੀ। ਨਹਾਤਾ ਧੋਤਾ। ਕਮਰੇ ਦੀਆਂ ਚੀਜ਼ਾਂ ਵਸਤਾਂ ਏਧਰ ਓਧਰ ਸੰਭਾਲਦਾ ਰਿਹਾ। ਬੂਹਾ ਅਜੇ ਵੀ ਬੰਦ ਸੀ। ‘ਪਤਾ ਨਹੀਂ ਕਿੰਨੀਆਂ ਰਾਤਾਂ ਜਾਗਦੀ ਰਹੀ ਹੋਵੇਗੀ। ਹੁਣ ਅੰਦਰ ਘੂਕ ਸੁੱਤੀ ਪਈ ਹੈ। ਉੱਠੇਗੀ ਤਾਂ ਇਕੱਠੇ ਚਾਹ ਪੀਵਾਂਗੇ। ਗੱਲਾਂ ਕਰਾਂਗੇ। ਦੁੱਖ ਸੁੱਖ ਸਾਂਝੇ ਕਰਾਂਗੇ। ਗੱਲ ਸ਼ੁਰੂ ਕਿਵੇਂ ਕਰਾਂਗਾ।’ ਸੋਚਦਾ ਰਿਹਾ।
ਆਖ਼ਰ ਚਾਹ ਬਣਾ ਲਈ।
ਹੌਲੀ ਜਿਹੀ ਦਸਤਕ ਦਿੱਤੀ ਮੈਂ। ਫ਼ੇਰ ਜ਼ੋਰ ਦੀ ਖੜਕਾਇਆ ਬੂਹਾ। ਨਾ ਉਹ ਬੋਲੀ, ਨਾ ਬੂਹਾ ਹੀ ਖੁਲ੍ਹਿਆ। ਮੈਂ ਹੌਲੀ ਜਿਹੀ ਧੱਕਾ ਦੇ ਕੇ ਬੂਹਾ ਖੋਲ੍ਹਿਆ। ਅੰਦਰ ਝਾਕਿਆ। ਉਹ ਲੰਬੀ ਪਈ ਸੀ। ਸਿੱਧੀ ਸਤੋਰ। ਅੱਖਾਂ ਟੱਡੀਆਂ ਹੋਈਆਂ। ਮੈਂ ਬੌਂਦਲ ਗਿਆ।
ਬਾਹਰ ਆ ਕਮਲਿਆਂ ਵਾਂਗ ਕਮਰੇ ‘ਚ ਚੱਕਰ ਕੱਟਣ ਲੱਗ ਪਿਆ। ਫੇਰ ਹਿੰਮਤ ਕਰਕੇ ਮੇਜਰ ਮਲਹੋਤਰਾ ਨੂੰ ਟੈਲੀਫ਼ੋਨ ਕੀਤਾ। ਉਹ ਤੇ ਦੁੱਬੇ ਦੋਵੇਂ ਆ ਗਏ। ਗੁਆਂਢੀ ਵੀ ਬੁਲਾ ਲਏ। ਅੰਦਰ ਗਏ। ਮਲਹੋਤਰਾ ਨੇ ਅੱਗੇ ਵਧ ਕੇ ਉਹਦੀਆਂ ਖੁੱਲ੍ਹੀਆਂ, ਫੈਲੀਆਂ ਅੱਖਾਂ ਬੰਦ ਕਰ ਦਿੱਤੀਆਂ।
ਮੌਤ ਦੀ ਖ਼ਬਰ ਉਸੇ ਵੇਲੇ ਹੈਡਕੁਆਰਟਰ ਨੂੰ ਦੇ ਦਿੱਤੀ ਗਈ।
ਹੁਣ ਉਹ ਸਮਝਦੇ ਨੇ ਇਹ ਗੁਨਾਹ ਮੈਂ ਕੀਤਾ ਏ। ਮੈਂਨੂੰ ਪ੍ਰਵਾਹ ਨਹੀਂ ਕਿ ਉਹ ਮੈਨੂੰ ਸਜ਼ਾ ਦੇਣਗੇ ਕਿ ਬਰੀ ਕਰ ਦੇਣਗੇ। ਪਰ ਇੱਕ ਗੱਲ ਤੋਂ ਮੈਂ ਜਿਊਂਦੇ ਜੀਅ ਕਦੇ ਮੁਕਤ ਨਹੀਂ ਹੋਣਾ। ਆਪਣੇ ਧੁਰ ਅੰਦਰਲੇ ਗੁਨਾਹ ਦੇ ਅਹਿਸਾਸ ਤੋਂ। ਉਹ ਇਹ ਕਿ ਉਸ ਰਾਤ ਮੈਂ ਉਸ ਕੋਲ ਕਿਉਂ ਨਾ ਪਿਆ। ਜੇ ਇਉਂ ਕਰਦਾ ਤਾਂ ਸ਼ਾਇਦ ਉਹ ਬਚ ਜਾਂਦੀ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s


%d bloggers like this: